Saturday, March 14, 2009

ਬਾਬਾ ਸੀਟੀਆਂ ਵਾਲਾ :: ਲੇਖਕ : ਜਫ਼ਰ ਪਿਆਮੀ

ਉਰਦੂ ਕਹਾਣੀ : ਬਾਬਾ ਸੀਟੀਆਂ ਵਾਲਾ... :: ਲੇਖਕ : ਜਫ਼ਰ ਪਿਆਮੀ
ਅਨੁਵਾਦ : ਮਹਿੰਦਰ ਬੇਦੀ ਜੈਤੋ Í ਮੁਬਾਇਲ : 94177-30600.


ਸ਼ਹਿਰ ਦਾ ਬੁਰਾ ਹਾਲ ਸੀ ਉਹਨੀਂ ਦਿਨੀਂ…ਸੂਰਜ ਦੇ ਛਿਪਾਅ ਨਾਲ ਹੀ ਗਲੀਆਂ, ਮੁਹੱਲੇ, ਬਾਜ਼ਾਰ ਤੇ ਸੜਕਾਂ ਸੁੰਨਸਾਨ ਹੋ ਜਾਂਦੀਆਂ ਸੀ। ਬਿਨਾਂ ਕਿਸੇ ਦੇ ਕਹੇ ਲੋਕ ਖਿੜਕੀਆਂ ਤੇ ਦਰਵਾਜ਼ਿਆਂ ਨੂੰ ਛੂਹ-ਟੋਹ ਕੇ ਦੇਖ ਲੈਂਦੇ ਸੀ ਕਿ ਚਿਟਕਨੀਆਂ ਤੇ ਕੁੰਡੇ ਤਾਂ ਸਲਾਮਤ ਨੇ ਨਾ?...ਫੇਰ ਉਹਨਾਂ ਵਿਚ ਜਿੰਦਰੇ ਫਸਾਂਦੇ, ਜਿੰਦਰਿਆਂ ਨੂੰ ਵਾਰੀ-ਵਾਰੀ ਖਿੱਚ ਕੇ ਦੇਖਦੇ ਕਿ ਵਾਕਈ ਬੰਦ ਤਾਂ ਹੋ ਗਏ ਨੇ ਨਾ? ਤੇ ਫੇਰ ਆਪੁ-ਆਪਣੇ ਕੈਦ-ਖ਼ਾਨਿਆਂ ਦੀਆਂ ਚਾਬੀਆਂ ਕਿਤੇ ਲਕੋਅ ਕੇ ਰੱਖ ਦੇਂਦੇ ਤੇ ਅੱਖਾਂ ਉੱਪਰ ਮਣਾ-ਮੂੰਹੀ ਭਾਰੇ ਭੈ ਦੀ ਚਾਦਰ ਤਾਣ ਕੇ ਗਰਮੀਆਂ ਦੀ ਘੁਟਣ ਤੇ ਬਰਸਾਤਾਂ ਦੀਆਂ ਹੁੰਮਸ ਭਰੀਆਂ ਰਾਤਾਂ ਵਿਚ ਆਪੋ-ਆਪਣੇ ਕਬਰਾਂ-ਰੂਪੀ ਕਮਰਿਆਂ ਵਿਚ ਤੜ ਕੇ ਛਾਪਲ ਜਾਂਦੇ ਸੀ…ਜਿਵੇਂ ਜਾਗਣ ਤੇ ਸੌਣ ਦਾ ਨਾਟਕ ਕਰ ਰਹੇ ਹੋਣ। ਉਦੋਂ ਹੀ ਇਕ ਖੌਫ਼ਨਾਕ ਆਵਾਜ਼ ਕੰਨਾਂ ਥਾਈਂ ਹੁੰਦੀ ਹੋਈ ਦਿਲ ਤੇ ਦਿਮਾਗ਼ ਨੂੰ ਵਿੰਨ੍ਹ ਜਾਂਦੀ…
"ਲੈਫ਼ਟ-ਰਾਈਟ, ਲੈਫ਼ਟ-ਰਾਈਟ…ਢਿੰਬਰੀ ਟਾਈਟ…।
"ਸ਼ਟਰ-ਅੱਪ, ਸ਼ਟਰ-ਡਾਊਨ…ਸ਼ਟਰ-ਅੱਪ, ਸ਼ਟਰ-ਡਾਊਨ...ਨਾ ਕੋਈ ਵਿੰਡੋ, ਨਾ ਕੋਈ ਡੋਰ---ਨਾ ਕੋਈ ਸਾਧੂ, ਨਾ ਕੋਈ ਚੋਰ…ਸ਼ਟਰ-ਅੱਪ, ਸ਼ਟਰ-ਡਾਊਨ.."
ਤੇ ਪੂਰੇ ਜ਼ੋਰ ਨਾਲ ਇਕ ਸੀਟੀ ਕੂਕਦੀ---ਬਾਬੇ ਸੀਟੀਆਂ ਵਾਲੇ ਦੀ ਸੀਟੀ।…ਤੇ ਇਕ ਨੰਗ-ਧੜ ਬੁੱਢਾ, ਨੰਗੀ-ਬੁੱਚੀ ਤੇ ਬੇਸ਼ਰਮ ਸੜਕ ਉੱਪਰ ਪਰੇਡ ਕਰਦਾ ਹੋਇਆ, ਇਕ ਸਿਰੇ ਤੋਂ ਦੁਜੇ ਸਿਰੇ ਤਕ ਤੁਰਿਆ ਫਿਰਦਾ---ਬੰਦ ਬਾਜ਼ਾਰਾਂ ਦੇ ਸ਼ਟਰ-ਅੱਪ, ਸ਼ਟਰ-ਡਾਊਨ ਕਰਵਾਉਂਦਾ ਤੇ ਸੀਟੀ ਵਜਾਉਂਦਾ ਹੋਇਆ…
ਇਸ ਬਾਬੇ ਸੀਟੀ ਵਾਲੇ ਨੂੰ ਇਸ ਸ਼ਹਿਰ ਦੇ ਲੋਕ ਉਸ ਦਿਨ ਦੇ ਜਾਣਦੇ ਸਨ, ਜਦੋਂ ਉਹ ਸਿਰਫ ਭਾਈ ਸਲੇਟੀਆਂ ਵਾਲਾ ਹੁੰਦਾ ਸੀ ਤੇ ਬੱਚਿਆਂ ਦੀ ਲੋੜ ਤੇ ਪਸੰਦ ਦੀਆਂ ਚੀਜ਼ਾਂ ਦਾ ਛਾਬਾ ਲਾ ਕੇ ਸਕੂਲ ਦੇ ਸਾਹਮਣੇ ਬੈਠਾ ਹੁੰਦਾ ਸੀ। ਪੈਨਸਲਾਂ, ਨਿੱਬ, ਦਵਾਤਾਂ, ਸਲੇਟ-ਸਲੇਟੀਆਂ, ਰੰਗ-ਬਰੰਗੇ ਚਾਕਾਂ ਤੇ ਛੋਟੇ-ਛੋਟੇ ਚਾਕੂਆਂ ਤੋਂ ਬਿਨਾਂ ਉਸ ਕੋਲ ਭਾਂਤ-ਭਾਂਤ ਦੀਆਂ ਮਿੱਠੀਆਂ ਗੋਲੀਆਂ ਤੇ 'ਅੱਗ ਵਾਲਾ ਚੂਰਨ' ਵੀ ਹੁੰਦਾ ਸੀ। ਕੁਝ ਵੱਡੇ ਬਜ਼ੁਰਗਾਂ ਦਾ ਕਹਿਣਾ ਸੀ ਕਿ ਪੈਨਸਲਾਂ ਤੇ ਸਲੇਟੀਆਂ ਸਿਰਫ 'ਸ਼ੋਅ' ਖਾਤਰ ਹੀ ਸਨ, ਉਸਦਾ ਅਸਲ ਧੰਦਾ ਤਾਂ ਖੱਟੀਆਂ-ਮਿੱਠੀਆਂ ਗੋਲੀਆਂ ਤੇ 'ਖਾਂਸੀ ਵਾਲੇ ਚੂਰਨ' ਦਾ ਸੀ। ਇਸੇ ਕਰਕੇ ਉਹ ਤੇਜ਼ਾਬ ਬੁਝਿਆ ਚੂਰਨ, ਹਮੇਸ਼ਾ ਓਹਲੇ ਨਾਲ, ਦੇਂਦਾ ਹੁੰਦਾ ਸੀ। ਜਦੋਂ ਉਸਦੇ ਗਾਹਕ ਪ੍ਰਾਇਮਰੀ ਤੋਂ ਹਾਈ ਸਕੂਲ ਚਲੇ ਗਏ ਤਾਂ ਭਾਈ ਸਲੇਟੀਆਂ ਵਾਲੇ ਨੇ ਵੀ ਗੌਰਮਿੰਟ ਹਾਈ ਸਕੂਲ ਦੇ ਸਾਹਮਣੇ, ਇਕ ਚਬੂਤਰੇ ਉੱਤੇ ਆਪਣਾ ਸਾਮਾਨ ਜਚਾ ਲਿਆ---
ਸਮੇਂ ਦੇ ਨਾਲ ਨਾਲ ਹਾਈ ਸਕੂਲ ਦੇ ਗਾਹਕ ਨੌਵੀਂ-ਦਸਵੀਂ ਪਾਸ ਕਰਕੇ ਆਪਣੇ ਪੈਰਾਂ ਉੱਪਰ ਖੜ੍ਹੇ ਹੋਣ ਲੱਗੇ---ਭਾਈ ਸਲੇਟੀਆਂ ਵਾਲੇ ਨੇ ਵੀ ਕਾਲੂ ਹਲਵਾਈ ਦੇ ਪਿਛਲੇ ਪਾਸੇ ਆਪਣਾ ਕਾਰੋਬਾਰ ਸਜਾ ਲਿਆ। ਦੁਕਾਨ ਉੱਤੇ ਇਕ ਵੱਡਾ ਸਾਰਾ ਬੋਰਡ ਵੀ ਲਾ ਦਿੱਤਾ :
"ਸਾਡਾ ਆਦਰਸ਼---ਘੱਟ ਖਰਚ, ਵਧੀਆ ਮਾਲ।
ਸਾਰੇ ਭਰਾਵਾਂ ਦੀ ਦੁਕਾਨ।।
ਹਰੇਕ ਭੈਣ-ਭਰਾ ਦੀ ਲੋੜ ਦਾ ਸਾਮਾਨ ਘੱਟ ਰੇਟਾਂ 'ਤੇ ਮਿਲਦਾ ਹੈ।
ਸਾਡਾ ਅਸੂਲ, ਵਧੀਆ ਤੇ ਸਸਤਾ ਮਾਲ।।"
ਬੋਰਡ ਲਾਉਣ ਦੀ ਕੋਈ ਖਾਸ ਜ਼ਰੂਰਤ ਨਹੀਂ ਸੀ…ਵੱਡੀਆਂ-ਵੱਡੀਆਂ ਦੁਕਾਨਾਂ ਬਿਨਾਂ ਬੋਰਡ ਦੇ ਚੱਲ ਰਹੀਆਂ ਸਨ, ਪਰ ਜਦੋਂ ਦਾ ਉਸਦਾ ਇਕ ਪੁਰਾਣਾ ਗਾਹਕ ਭੋਲੂ, ਅੱਠਵੀਂ ਵਿਚੋਂ ਹਟ ਕੇ, 'ਅੰਬਰਸਰੋਂ' ਪੇਂਟਿੰਗ ਦਾ ਕੰਮ ਸਿੱਖ ਕੇ ਆਇਆ ਸੀ---ਉਸ ਕੋਲ ਇਕ ਵੀ ਗਾਹਕ ਨਹੀਂ ਸੀ ਆਇਆ ਤੇ ਜਦੋਂ ਭਾਈ ਸੀਟੀਆਂ ਵਾਲੇ ਨੇ ਦੁਕਾਨ ਕਰ ਲਈ ਤਾਂ ਭੋਲੂ ਨੇ ਆਪਣੇ ਵੱਲੋਂ ਹੀ ਇਹ ਬੋਰਡ ਲਿਖ ਕੇ ਲਾ ਦਿੱਤਾ। ਹੇਠਾਂ ਕੋਨੇ ਵਿਚ ਹਰੇ ਰੰਗ ਨਾਲ ਲਿਖਿਆ---'ਭੋਲੂ ਪੇਂਟਰ ਐਂਡ ਆਰਟਿਸਟ, ਬਾਜ਼ਾਰ ਹਕੀਮਾਂ।'
ਬੋਰਡ ਦੀ ਇਬਾਰਤ ਤੇ ਖਾਸ ਕਰਕੇ ਗਾਹਕਾਂ ਨੂੰ ਘੱਟ ਖਰਚੇ ਤੇ ਵਧੀਆ ਮਾਲ ਦੇਣ ਦੀ ਗਰੰਟੀ ਮੁਨਸ਼ੀ ਖ਼ੁਸ਼ੀ ਰਾਮ ਦਿਲਗੀਰ ਦੇ ਦਿਮਾਗ਼ ਦੀ ਦੇਣ ਸੀ। ਭਾਈ ਦੇ ਜਾਣ-ਪਛਾਣ ਵਾਲਿਆਂ ਵਿਚ ਮੁਨਸ਼ੀ ਖ਼ੁਸ਼ੀ ਰਾਮ ਦਿਲਗੀਰ ਹੀ ਸਭ ਤੋਂ ਵੱਧ ਪੜ੍ਹਿਆ-ਲਿਖਿਆ ਬੰਦਾ ਸੀ। ਸ਼ਾਇਰ ਤਾਂ ਐਨਾਂ ਵੱਡਾ ਸੀ ਕਿ ਮਾਲ-ਮੰਡੀ ਤੋਂ ਲੈ ਕੇ ਵੱਡੇ-ਵੱਡੇ ਜ਼ਿਮੀਂਦਾਰਾਂ ਦੇ ਮੁੰਡਿਆਂ ਦੇ ਵਿਆਹਾਂ ਵਿਚ ਉਸ ਦੀ ਮੰਗ ਰਹਿੰਦੀ ਸੀ।
ਇੰਜ ਭਾਈ ਦੀ ਦੁਕਾਨ ਦਾ ਮੁੱਢ, ਭੋਲੂ ਦੇ ਆਰਟ ਤੇ ਮੁਨਸ਼ੀ ਖ਼ੁਸ਼ੀ ਰਾਮ ਦਿਲਗੀਰ ਦੇ ਅਦਬ ਨਾ ਬੱਝਿਆ। ਦੁਕਾਨ ਹੌਲੀ-ਹੌਲੀ ਹਰ ਕਿਸਮ ਦੇ ਮਾਲ ਨਾਲ ਭਰਨ ਲੱਗੀ---ਹੁਣ ਇਹ ਸਿਰਫ ਬੱਚਿਆਂ ਦਾ ਸਟੋਰ ਹੀ ਨਹੀਂ ਸੀ ਰਿਹਾ ਬਲਿਕੇ ਸਟੇਸ਼ਨਰੀ ਯਾਨੀ ਸਲੇਟੀਆਂ ਤੇ ਕਲਮਾਂ-ਦਵਾਤਾਂ ਤੋਂ ਬਿਨਾਂ ਇਸ ਵਿਚ ਕਨਫ਼ਿਕਸ਼ਨਰੀ ਯਾਨੀ ਗੋਲੀਆਂ-ਟਾਫ਼ੀਆਂ,ਚੂਰਨ, ਰੰਗੀਨ-ਪੈਨਸਲਾਂ, ਪੈਕਟ-ਬੰਦ ਬਿਸਕੁਟ ਤੇ ਤਾਜੀ ਡਬਲ-ਰੋਟੀ ਵੀ ਮਿਲਣ ਲੱਗੀ। ਫੇਰ ਭਾਈ ਨੇ ਮੁਨਸ਼ੀ ਖ਼ੁਸ਼ੀ ਰਾਮ ਦਿਲਗੀਰ ਦੀ ਸਲਾਹ ਉੱਤੇ ਹੀ ਵੱਖ-ਵੱਖ ਤਰ੍ਹਾਂ ਦੇ ਕਲੰਡਰ ਵੀ ਵੇਚਣੇ ਸ਼ੁਰੂ ਕਰ ਦਿੱਤੇ ਸਨ। ਉੱਤੇ ਗੁਰੂਆਂ, ਦੇਵੀ-ਦੇਵਤਿਆਂ ਤੇ ਨੇਤਾਵਾਂ ਦੀਆਂ ਤਸਵੀਰਾਂ ਹੁੰਦੀਆਂ ਸਨ ਤੇ ਹੇਠਾਂ ਮਸ਼ਹੂਰ ਫਿਲਮੀ ਐਕਟਰ-ਐਕਟਰਸਾਂ ਦੀਆਂ। ਕਲੰਡਰਾਂ ਦੇ ਨਾਲ-ਨਾਲ ਜੰਤਰੀਆਂ ਵੀ ਆਈਆਂ, ਜਿਹਨਾਂ ਵਿਚ ਸਰਕਾਰੀ ਛੁੱਟੀਆਂ ਦੇ ਨਾਲ-ਨਾਲ ਮਹੂਰਤ ਕੱਢਣ ਦੇ ਤਰੀਕੇ, ਆਮ ਬਿਮਾਰੀਆਂ ਦੇ ਇਲਾਜ਼ਾਂ ਦੇ ਨੁਸਖੇ ਅਤੇ ਬੀਰਬਲ ਤੇ ਅਕਬਰ ਦੇ ਚੁਟਕਲੇ ਵੀ ਹੁੰਦੇ ਸਨ।
ਫੇਰ ਭਾਈ ਦੀ ਦੁਕਾਨ ਵਿਚ ਮੁਨਿਆਰੀ ਦਾ ਸਾਮਾਨ ਵੀ ਆ ਗਿਆ---ਰੁਮਾਲ, ਰੁਮਾਲੇ, ਜਾਂਘੀਏ, ਬਨੈਣਾ, ਬਿੰਦੀਆਂ, ਸੁਰਖ਼ੀਆਂ, ਟੁੱਥ-ਪੇਸਟ, ਜੁਰਾਬਾਂ, ਨਸਵਾਰ ਤੇ ਖਿਜਾਬ ਵਗ਼ੈਰਾ-ਵਗ਼ੈਰਾ। ਉਹ ਇਕ ਅਲਮਾਰੀ ਵਿਚ ਲਿਪਸਟਿਕ, ਪਾਊਡ ਤੇ ਨਵੇਂ-ਨਵੇਂ ਡਿਜ਼ਾਇਨਾਂ ਦੀਆਂ ਅੰਗੀਆਂ ਵੀ ਰੱਖਣ ਲੱਗ ਪਿਆ। ਇਹ ਅਖ਼ੀਰਲੀ ਆਈਟਮ ਉਹ ਜ਼ਰਾ ਸਾਵਧਾਨੀ ਨਾਲ ਵੇਚਦਾ ਕਿਉਂਕਿ ਵੱਡੇ ਬਜ਼ੁਰਗਾਂ ਵਿਚ 'ਬੁੜ-ਬੁੜ' ਹੋਣ ਲੱਗ ਪਈ ਸੀ ਕਿ ਭਾਈ ਨੇ ਕੁੜੀਆਂ ਨੂੰ 'ਚੌੜ-ਚਪੱਟ' ਕਰ ਦਿੱਤਾ ਏ। ਸ਼ਹਿਰ ਵਿਚ ਫੈਸ਼ਨ ਦਾ ਦਾਖਲਾ ਭਾਈ ਸਲੇਟੀਆਂ ਵਾਲੇ ਦੀ ਦੁਕਾਨ ਰਾਹੀਂ ਹੋਇਆ ਸੀ। ਮਿਡਲ ਪਾਸ ਸਾਰੀਆਂ ਅੱਪ-ਟੂ-ਡੇਟ ਕੁੜੀਆਂ ਭਾਈ ਦੀ ਹੱਟੀ 'ਤੇ ਹੀ ਆਉਂਦੀਆਂ ਸਨ ਕਿਉਂਕਿ ਉਹ ਪ੍ਰਾਇਰਮੀ ਸਕੂਲ ਦੇ ਜ਼ਮਾਨੇ ਤੋਂ ਇਸ ਦੀਆਂ ਗਾਹਕ ਰਹਿ ਚੁੱਕੀਆਂ ਸਨ ਤੇ ਜਾਣਦੀਆਂ ਸਨ ਕਿ ਭਾਈ ਪੇਟ ਦਾ ਹਲਕਾ ਨਹੀਂ---ਉਸਨੂੰ ਗਾਹਕਾਂ ਦੇ ਭੇਦ, ਪਚਾਉਣੇ ਆਉਂਦੇ ਸਨ, ਭਾਵੇਂ ਉਹ ਤੇਜ਼ਾਬੀ ਚੂਰਨ ਦਾ ਭੇਦ ਹੋਵੇ ਜਾਂ ਉਸ ਖਿਜਾਬ ਦਾ ਜਿਹੜਾ ਸਰਦਾਰ ਲਾਭ ਸਿੰਘ, ਸਾਬਕਾ ਰਾਈਸ, ਚੱਕ ਝੁਮਰਾਅ, ਸਾਬਕ ਕੁਰਸੀ ਨਸ਼ੀਨ ਦਰਬਾਰ ਡਿਪਟੀ ਕਮਿਸ਼ਨਰ ਸਾਹਬ ਬਹਾਦਰ, ਉਸ ਤੋਂ ਖਾਸ ਤੌਰ 'ਤੇ ਮੰਗਵਾਉਂਦੇ ਹੁੰਦੇ ਸਨ ਤੇ ਜਿਸਨੂੰ ਰਾਤੀਂ ਦੁਕਾਨ ਬੰਦ ਕਰਨ ਤੋਂ ਪਿੱਛੋਂ ਉਹ ਚੁੱਪਚਾਪ ਉਹਨਾਂ ਦੇ ਘਰ ਡਲਿਵਰ ਕਰ ਆਉਂਦਾ ਹੁੰਦਾ ਸੀ।
ਪਰ ਇਹ ਪੁਰਾਣੇ ਜ਼ਮਾਨੇ ਦੀਆਂ ਗੱਲਾਂ ਹਨ ਜਦੋਂ ਦਾੜ੍ਹੀ ਨੂੰ ਖਿਜਾਬ ਲਾਉਣ ਲੱਗਿਆ ਲੋਕ ਘਰਾਂ ਦੀਆਂ ਖਿੜਕੀਆਂ ਤੇ ਦਰਵਾਜ਼ੇ ਇੰਜ ਬੰਦ ਕਰ ਲੈਂਦੇ ਹੁੰਦੇ ਸਨ ਜਿਵੇਂ ਕੋਈ ਬੰਬ ਬਣਾ ਰਹੇ ਹੋਣ…ਹੁਣ ਜਦਕਿ ਬੰਬ ਵੀ ਖੁੱਲ੍ਹੇਆਮ ਬਣਨ ਲੱਗ ਪਏ ਸਨ, ਖਿਜਾਬ ਲਾਉਣ ਵਿਚ ਚੋਰੀ ਕਾਹਦੀ ?
ਭਾਈ ਦੀ ਦੁਕਾਨ ਹੁਣ ਵੱਡੀ ਹੋ ਗਈ ਸੀ---ਦੁਕਾਨ ਉੱਪਰਲਾ ਚੁਬਾਰਾ ਵੀ ਉਸੇ ਕੋਲ ਸੀ। ਆਪਣਾ ਘਰ ਉਹ ਕਦੇ ਨਾ ਬਣਾ ਸਕਿਆ, ਪਰ ਉਸਦੇ ਚੁਬਾਰੇ ਦੇ ਬਲ-ਬੂਤੇ ਉੱਤੇ ਮਿੱਤਰਾਂ-ਯਾਰਾਂ ਨੇ ਪੂਰੀ ਐਸ਼ ਕੀਤੀ। ਮੁਨਸ਼ੀ ਖ਼ੁਸ਼ੀ ਰਾਮ ਦਿਲਗੀਰ ਵਾਰੀ-ਵਾਰੀ 'ਆਪਣਾ' ਸ਼ਿਅਰ ਸੁਣਾਉਂਦਾ : 'ਜੋ ਐਸ਼ ਭਾਈ ਦੇ ਚੁਬਾਰੇ, ਨਾ ਬਲਖ਼ ਨਾ ਬੁਖਾਰੇ।' ਕੁਆਰਿਆਂ ਯਾਨੀ ਛੜਿਆਂ ਦੀ ਮਹਿਫਲ ਇੱਥੇ ਹੀ ਲੱਗਦੀ…ਕੁਝ ਆਸ਼ਕੀ-ਮਾਸ਼ੂਕੀ ਦੇ ਸ਼ਿਅਰ ਤੇ ਫੇਰ ਚਿੱਟੇ-ਨੰਗੇ ਚੁਟਕਲੇ ਉਗਲ-ਉਗਲ ਕੇ ਮੁਨਸ਼ੀ ਖ਼ੁਸ਼ੀ ਰਾਮ ਦਿਲਗੀਰ ਮਹਿਫਲ ਨੂੰ 'ਰੰਗ-ਭਾਗ' ਲਾਈ ਰੱਖਦੇ। ਉਹ ਵਾਕਈ ਉਹਨਾਂ ਸਾਰਿਆਂ ਨਾਲੋਂ ਵੱਧ ਪੜ੍ਹਿਆ-ਲਿਖਿਆ ਬੰਦਾ ਸੀ…ਤਖ਼ਲੁਸ ਦਿਲਗੀਰ ਵੀ ਉਸਨੇ ਇਸੇ ਕਰਕੇ ਰੱਖਿਆ ਸੀ ਕਿ ਇਸ ਨਾਲ ਚੀਰ, ਤੀਰ, ਪੀਰ ਤੇ ਖੀਰ ਵਰਗੇ ਅਨੇਕਾਂ ਖੂਬਸੂਰਤ ਕਾਫੀਏ ਭਿੜ ਜਾਂਦੇ ਸਨ, ਜਿਹੜੇ ਗਜ਼ਲ ਦੀ ਜਾਨ ਹੁੰਦੇ ਨੇ…ਜਿਵੇਂ ਸਬਜੀ-ਭਾਜੀ ਦੀ ਜਾਨ ਦੇਸੀ ਘਿਓ…
ਫੇਰ ਕਾਲੂ ਹਲਵਾਈ ਦੀ ਨਿਗਰਾਨੀ ਹੇਠ ਢੇਰ ਸਾਰੇ ਪਿਆਜ਼ ਤੇ ਢੇਰ ਸਾਰੇ ਲਸਨ ਵਿਚ ਮੋਰਾਂ ਜਿੱਡੇ-ਜਿੱਡੇ ਮੁਰਗੇ ਤੜਕੇ ਜਾਂਦੇ---ਜਿਹੜੇ ਏਨੇ ਮਜ਼ਬੂਤ ਹੁੰਦੇ ਸਨ ਕਿ ਪਪੀਤੇ ਦੇ ਖੁੱਲ੍ਹ-ਦਿਲੀ ਨਾਲ ਇਸਤੇਮਾਲ ਕੀਤੇ ਜਾਣ ਦੇ ਬਾਵਜੂਦ ਵੀ ਦੁਪਹਿਰ ਤੋਂ ਸ਼ਾਮ ਤਕ ਨਹੀਂ ਸਨ ਗਲਦੇ। ਕਦੀ ਕਦੀ ਭੰਗ ਵੀ ਘੋਟ ਲਈ ਜਾਂਦੀ ਤੇ ਕੁਝ ਲੋਕ ਅਫ਼ੀਮ ਦੀ ਲਹਿਰ ਨੂੰ ਵੀ ਮਾਣ ਲੈਂਦੇ। ਪਰ ਦੋ ਚੀਜ਼ਾਂ, ਕਦੀ ਵੀ, ਭਾਈ ਨੇ ਆਪਣੀ ਦੁਕਾਨ ਵਿਚ ਨਹੀਂ ਸਨ ਵੜਨ ਦਿੱਤੀਆਂ ਤੇ ਨਾ ਹੀ ਚੁਬਾਰੇ ਵਿਚ…ਸਿਗਰੇਟ ਤੇ ਸ਼ਰਾਬ। ਸਾਰਾ ਸ਼ਹਿਰ ਇਸ ਪੱਖੋਂ ਭਾਈ ਦੇ ਕਰੈਕਟਰ ਨੂੰ ਮੰਨਦਾ ਸੀ। ਲੋਕ ਜਾਣਦੇ ਸਨ---ਭਾਈ ਜ਼ੁਬਾਨ ਦਾ ਕੁਸੈਲਾ ਹੈ, ਤੋਲ ਦਾ ਹਲਕਾ ਤੇ ਭਾਅ ਪੱਖੋਂ ਤੇਜ਼ ਹੈ, ਪਰ ਗਾਹਕੀ ਉਸਦੀ ਜ਼ਿਆਦਾ ਸੀ। ਉਸਨੇ ਅੱਜ ਤਕ ਸਿਗਰਟ, ਸ਼ਰਾਬ ਤੇ ਔਰਤ ਨੂੰ ਹੱਥ ਨਹੀਂ ਸੀ ਲਾਇਆ…ਸਿਵਾਏ ਉਸ ਇਕੋ-ਇਕ ਦੇ ਜਿਹੜੀ ਵਿਆਹ ਤੋਂ ਤਿੰਨਾਂ ਮਹੀਨਿਆਂ ਪਿੱਛੋਂ ਹੀ, ਮਿਆਦੀ ਬੁਖ਼ਾਰ ਦਾ ਸ਼ਿਕਾਰ ਹੋ ਕੇ, ਉਸਨੂੰ, ਹਮੇਸ਼ਾ-ਹਮੇਸ਼ਾ ਵਾਸਤੇ ਛੱਡ ਗਈ ਸੀ।
ਤੇ ਭਾਈ ਦੀ ਦੁਕਾਨ ਦੇ ਨਾਲ ਨਾਲ ਹੀ ਉਸਦੀ ਕਮੀਜ਼ ਦਾ ਘੇਰਾ ਵੀ ਵਧਦਾ ਗਿਆ। ਸਿਹਤ ਏਨੀ ਚੰਗੀ ਹੋ ਗਈ ਕਿ ਚੁਬਾਰਾ ਮਿੱਤਰਾਂ ਲਈ ਛੱਡ ਦਿੱਤਾ ਗਿਆ ਤੇ ਆਪ ਦੁਕਾਨ ਵਿਚ ਹੀ ਸੌਣ ਲੱਗੇ। ਇਸ ਦੇ ਦੋ ਫਾਇਦੇ ਸਨ---ਚੌਕੀਦਾਰੇ ਦਾ ਕੰਮ ਤੇ ਪੌੜੀਆਂ ਚੜ੍ਹਨ-ਉਤਰਨ ਦੇ ਝੰਜਟ ਤੋਂ ਮੁਕਤੀ।
ਭੋਲੂ ਆਪਣੀ ਮਰਜ਼ੀ ਨਾਲ ਜਦੋਂ ਦਿਲ ਚਾਹੇ ਬੋਰਡ ਬਦਲ ਦੇਂਦਾ। ਕਈ 'ਰੂਪ' ਬਦਲਨ ਤੋਂ ਬਾਅਦ ਹੁਣ ਦੁਕਾਨ ਦਾ ਨਾਂ 'ਭਾਈ ਡਿਪਾਰਟਮੈਂਟ ਸਟੋਰ' ਹੋ ਗਿਆ ਸੀ। ਉਹ ਇਸ ਕਰਕੇ ਕਿ ਬਰਮਿੰਘਮ ਤੋਂ ਆਏ ਮੁਨਸ਼ੀ ਖ਼ੁਸ਼ੀ ਰਾਮ ਦਿਲਗੀਰ ਦੇ ਵੱਡੇ ਮੁੰਡੇ ਨੇ ਦੱਸਿਆ ਸੀ, "ਚਾਚਾ ਜੀ ਸਾਡੇ ਇੰਗਲੈਂਡ ਵਿਚ ਹੁਣ ਦੁਕਾਨਾ ਨਹੀਂ ਹੁੰਦੀਆਂ, ਵੱਡੇ-ਵੱਡੇ ਸਟੋਰ ਹੁੰਦੇ ਨੇ---'ਡਿਪਾਰਟਮੈਂਟ ਸਟੋਰ'।…ਤੇ ਉੱਥੇ ਹਰੇਕ ਚੀਜ਼ ਮਿਲਦੀ ਹੈ---ਮੀਟ, ਮੱਛੀ, ਮੁਰਗੇ ਤੋਂ ਲੈ ਕੇ ਆਸੀਸ-ਕਰੀਮ, ਕੋਟ-ਪਤਲੂਨ, ਸਿਗਰਟ, ਸ਼ਰਾਬ ਤੇ ਸਾਬਨ-ਪਾਊਡਰ ਤੋਂ ਲੈ ਕੇ ਮੋਟਰ-ਕਾਰ ਤੇ ਹਵਾਈ ਜਹਾਜ਼ ਤੱਕ, ਸਭ ਕੁਝ।"
ਭਾਈ ਉੱਤੇ ਉਦੋਂ ਦਾ ਡਿਪਾਰਟਮੈਂਟ (ਇਹ ਸ਼ਬਦ ਉਸਨੇ ਬੜੀ ਮੁਸ਼ਕਿਲ ਨਾ ਬੋਲਣਾ ਸਿਖਿਆ, ਕਿਉਂਕਿ ਜੀਭ ਨੂੰ ਕਈ ਵਾਰੀ ਉੱਤੇ-ਹੇਠ ਝੱਟਕੇ ਦੇਣੇ ਪੈਂਦੇ ਸਨ) ਸਟੋਰ ਦਾ ਭੂਤ ਸਵਾਰ ਹੋਇਆ ਹੋਇਆ ਸੀ।
"ਪੁੱਤਰ ਜੀ ਆਪਣੇ ਏਥੇ ਵੀ ਸਭ ਕੁਛ ਮਿਲਦਾ ਈ…ਸਿਰਫ ਮਠਿਆਈ, ਹਲਵਾਈ ਤੇ ਨਾਨਬਾਈ ਦਾ ਸਮਾਨ ਮੈਂ ਨਹੀਂ ਰੱਖਿਆ ਤੇ ਸਿਗਰਟ, ਸ਼ਰਾਬ ਵਰਗੀਆਂ ਚੰਦਰੀਆਂ ਚੀਜ਼ਾਂ ਬੰਦੇ ਦੇ ਕਰੈਕਟਰ ਨੂੰ ਖਰਾਬ ਕਰ ਦੇਂਦੀਆਂ ਨੇ। ਹਾਂ, ਬਜਾਜ਼ੀ ਦਾ ਕੰਮ ਵਧਾਉਣ ਦਾ ਇਰਾਦਾ ਏ---ਅਗਲੇ ਸੀਜਨ ਤੋਂ ਕੁੜੀਆਂ ਦੇ ਨਵੇਂ-ਨਵੇਂ ਫੈਸ਼ਨ ਦੇ ਦੁਪੱਟੇ ਤੇ ਮੁੰਡਿਆਂ ਦੀਆਂ ਪੈਟਾਂ-ਕਮੀਜ਼ਾਂ ਦਾ ਕੰਮ ਵੀ ਸ਼ੁਰੂ ਕਰ ਲਵਾਂਗੇ ਆਪਾਂ। ਟਰੈਕਟਰ ਤੇ ਮੋਟਰਾਂ ਦਾ ਕੰਮ ਵੀ ਸੁਥਰਾ ਈ---ਵਾਹਿਗੁਰੂ ਦੀ ਕਿਰਪਾ ਨਾਲ ਕੁਝ ਸਾਲਾਂ ਤੀਕ ਇਹ 'ਲੈਨ' ਫੜ੍ਹਨ ਦਾ ਵੀ ਇਰਾਦਾ ਏ ਮੇਰਾ। ਕੀ ਪਤੈ ਉਦੋਂ ਤੀਕ ਹਵਾਈ ਜਹਾਜ਼ ਵੀ…"
"ਹਾਂ ਚਾਚਾ ਜੀ ! ਤੁਹਾਡਾ ਵੀ ਤਾਂ ਡਿਪਾਰਟਮੈਂਟ ਸਟੋਰ ਈ ਆ। ਦੁਨੀਆਂ ਦੇ ਸਭ ਤੋਂ ਵੱਡੇ ਸਟੋਰ 'ਮਾਰਕਸ ਐਂਡ ਸ਼ਪਰ' ਦੇ ਮਾਲਕ ਨੇ ਵੀ ਏਦਾਂ ਈ ਕੰਮ ਸ਼ੁਰੂ ਕੀਤਾ ਸੀ…ਬਿਲਕੁਲ ਤੁਹਾਡੇ ਵਾਂਗਰ। ਉਹ ਜਰਮਨੀ ਤੋਂ ਲੁੱਟਿਆ-ਪੁੱਟਿਆ ਆਇਆ ਸੀ ਤੇ ਸਾਰੀ ਦੁਨੀਆਂ ਉੱਤੇ ਛਾ ਗਿਆ।"
ਭਾਈ ਜੀ ਜਰਮਨੀ ਤੋਂ ਨਾ ਸਹੀ ਪਾਕਿਸਤਾਨ ਤੋਂ ਆਏ ਸਨ---ਪਾਕਿਸਤਾਨ ਜਿੱਥੋਂ ਦੀ ਹਰੇਕ ਚੀਜ਼ ਖਾਲਸ ਹੁੰਦੀ ਸੀ। ਡਾਕਟਰ ਕੁਲਦੀਪ ਕਹਿੰਦੇ ਹੁੰਦੇ ਸਨ---"ਏਥੇ ਉਹਨਾਂ ਦੀ ਦਵਾਈ ਪਹਿਲਾਂ ਜਿੰਨਾ ਅਸਰ ਨਹੀਂ ਕਰਦੀ। ਇਸ ਦਾ ਕਾਰਨ ਇਹ ਸੀ ਕਿ ਪਾਕਿਸਤਾਨ ਦੇ ਪਾਣੀ ਵਿਚ ਹੀ ਅਸਲ ਤਾਕਤ ਸੀ ਤੇ ਇੱਥੋਂ ਦਾ ਪਾਣੀ ਭਾਖੜਾ ਵਿਚ ਬਿਜਲੀ ਕੱਢ ਲਏ ਜਾਣ ਪਿੱਛੋਂ ਬਿਲਕੁਲ ਫੋਕਾ ਰਹਿ ਗਿਆ ਏ। ਇਹੋ ਹਾਲ ਸੰਤਰਿਆਂ, ਮਾਲ੍ਹਟਿਆਂ ਤੇ ਬੰਦਿਆਂਦਾ ਈ।" ਇਹਨਾਂ ਵਿਸਥਾਰਾਂ ਵਿਚ ਕੁਝ ਵਾਧੇ ਭਾਈ ਜੀ ਨੇ ਖ਼ੁਦ ਆਪਣੇ ਗਾਹਕਾਂ ਨੂੰ ਦੁਕਾਨਦਾਰਾਂ ਦਾ ਮਹੱਤਵ ਸਮਝਾਉਣ ਲਈ ਕਰ ਲਏ ਸਨ।
ਡਾਕਟਰ ਕੁਲਦੀਪ ਹਰ ਬਿਮਾਰੀ ਦੇ ਮਾਹਰ ਸਨ। ਭੋਲੂ ਪੇਂਟਰ ਨੇ ਉਚੇਚਾ ਉਹਨਾਂ ਦਾ ਬੋਰਡ ਬਣਾਇਆ---'ਡਾਕਟਰ ਕੁਲਦੀਪ, ਸਾਬਕ ਅਸਿਸਟੈਂਟ 'ਸਰਜਨ', ਤਹਿਸੀਲ ਹਸਪਤਾਲ ਚੂਨੀਆਂ, 'ਲਾਹੌਰ', ਪਾਕਿਸਤਾਨ।' ਉਸ ਵਿਚ 'ਸਰਜਨ' ਤੇ 'ਲਾਹੌਰ' ਨੂੰ ਲਾਲ ਰੰਗ ਵਿਚ ਹੋਰਾਂ ਅੱਖਰਾਂ ਨਾਲੋਂ ਮੋਟਾ ਕਰਕੇ ਲਿਖਿਆ। ਬੋਰਡ ਦੇ ਇਕ ਪਾਸੇ ਇਕ ਮੋਟਾ-ਤਾਜਾ, ਸਿਹਤਮੰਦ ਆਦਮੀ ਬਣਾਇਆ ਗਿਆ, ਜਿਹੜਾ ਪਸਤੌਲ ਗਲ ਵਿਚ ਪਾਈ, ਮੁੱਛਾਂ ਨੂੰ ਤਾਅ ਦੇ ਰਿਹਾ ਸੀ ਤੇ ਦੂਜੇ ਪਾਸੇ ਇਕ ਹੋਰ ਆਦਮੀ ਦੀ ਤਸਵੀਰ ਬਣਾਈ ਗਈ ਸੀ ਜਿਹੜਾ ਖੱਲ ਵਿਚ ਮੜ੍ਹਿਆ ਹੱਡੀਆਂ ਦਾ ਢਾਂਚਾ ਹੀ ਦਿਸਦਾ ਸੀ। ਉਸਦੇ ਉਪਰ ਕਰਕੇ ਲਿਖਆ ਸੀ, 'ਇਲਾਜ਼ ਤੋਂ ਪਹਿਲਾਂ' ਤੇ ਦੂਜੇ ਪਾਸੇ ਲਿਖਿਆ ਸੀ, 'ਇਲਾਜ਼ ਤੋਂ ਬਾਅਦ'।
ਬੋਰਡ ਐਨਾ ਵੱਡਾ ਸੀ ਕਿ ਕੋਈ ਮਾਈ ਦਾ ਲਾਲ ਹੀ ਉਸਦੀ ਪੂਰੀ ਇਬਾਰਤ ਪੜ੍ਹਦਾ ਸੀ---ਫੇਰ ਵੀ ਡਾਕਟਰ ਸਾਹਬ ਏਨੇ ਮਸ਼ਹੂਰ ਹੋ ਗਏ ਸਨ ਕਿ ਦੂਰ ਦੂਰ ਦੇ ਪਿੰਡਾਂ ਵਿਚੋਂ ਲੋਕ ਉੱਥੇ ਆਉਂਦੇ ਸਨ। ਕਈ ਵਾਰੀ ਤਾਂ ਇਹ ਵੀ ਦੇਖਿਆ ਜਾਂਦਾ ਸੀ ਕਿ ਪੂਰੇ ਦਾ ਪੂਰਾ ਖਾਨਦਾਨ ਹੀ ਟਰਾਲੀ-ਟਰੈਕਟਰ ਵਿਚ ਸਵਾਰ ਹੋ ਕੇ ਉੱਥੇ ਆਉਂਦਾ ਤੇ ਡਾਕਟਰ ਸਾਹਬ ਦੀ ਕਿਸਮਤ ਖੋਲ੍ਹ ਕੇ, ਤੇ ਘੰਟਿਆਂ ਬੱਧੀ ਬਾਜ਼ਾਰ ਦਾ ਟਰੈਫਕ ਰੋਕ ਕੇ ਮੁੜਦਾ। ਇਸ ਵਿਚ ਭਾਈ ਜੀ ਦਾ ਵੀ ਫਾਇਦਾ ਸੀ---ਜਦੋਂ ਤਕ ਪਰਵਾਰ ਦਾ 'ਕੱਲਾ-'ਕੱਲਾ ਜੀਅ ਆਪਣੀ ਨਬਜ਼ ਦਿਖਾਉਂਦਾ ਜਾਂ ਛਾਤੀ ਉੱਤੇ ਸਟੈਥਸਕੋਪ ਲਗਵਉਂਦਾ (ਸਟੈਥਸਕੋਪ ਡਾਕਟਰ ਕੁਲਦੀਪ ਉਸ ਮਰੀਜ਼ ਦੇ ਵੀ ਲਾਉਂਦੇ ਸਨ ਜਿਸਦੀ ਉਂਗਲ ਪੱਠੇ ਕੁਤਰਨ ਵਾਲੀ ਮਸ਼ੀਨ ਵਿਚ ਆ ਕੇ ਕੱਟੀ ਗਈ ਹੁੰਦੀ ਸੀ।) ਬਾਕੀ ਲੋਕ ਭਾਈ ਜੀ ਦੇ ਡਿਪਾਰਟਮੈਂਟ ਸਟੋਰ ਤੋਂ ਬਿਸਕੁਟ, ਡਬਲ ਰੋਟੀ ਤੇ ਚਾਹ ਦੇ ਕੱਪਾਂ ਤੋਂ ਲੈ ਕੇ ਪਲਾਸਟਿਕ ਦੇ ਚਮਕੀਲੇ ਡੱਬਿਆਂ ਤੇ ਬਾਲਟੀਆਂ ਤਕ ਨੂੰ ਸਮੇਟ ਲੈ ਜਾਂਦੇ ਸਨ।
ਇਕ ਵਾਰੀ ਕਿਸੇ ਪੇਂਡੂ ਬੁੱਢੜੇ ਨੇ ਇਹ 'ਅਫ਼ਵਾਹ' ਫੈਲਾਅ ਦਿੱਤੀ ਕਿ ਓਧਰ ਪਾਕਿਸਤਾਨ ਵਿਚ ਤਾਂ ਇਹ ਡਾਕਟਰ ਕੁਲਦੀਪ ਡੰਗਰਾਂ ਦਾ ਡਾਕਟਰ ਹੁੰਦਾ ਸੀ, ਬੰਦਿਆਂ ਦਾ ਨਹੀਂ। ਉਸਨੇ ਖ਼ੁਦ ਆਪਣੇ ਬਲ੍ਹਦ ਦਾ ਅਫ਼ਾਰਾ ਠੀਕ ਕਰਵਾਇਆ ਸੀ, ਉਸ ਤੋਂ। ਕਈ ਹੋਰ ਲੋਕਾਂ ਨੇ ਵੀ ਉਸਦੀ ਤਸਦੀਕ ਕੀਤੀ। ਪਹਿਲਾਂ ਤਾਂ ਭਾਈ ਜੀ ਨੇ ਇਸ 'ਅਫ਼ਵਾਹ' ਦੀ ਜ਼ੋਰਦਾਰ ਨਿੰਦਿਆ ਕੀਤੀ, ਪਰ ਜਦੋਂ ਚਸ਼ਮਦੀਦੀ ਗਵਾਹਾਂ ਦੀ ਗਿਣਤੀ ਵਧਣ ਲੱਗੀ ਤੇ ਗੱਲ ਫੈਲਣਲੱਗੀ ਤਾਂ ਉਹਨਾਂ ਓਹ ਪੱਤਾ ਮਾਰਿਆ ਕਿ ਡਾਕਟਰ ਦੀ ਕਾਮਯਾਬੀ ਤੋਂ ਸੜਨ ਵਾਲੇ, ਇੱਟ ਦੀ ਦੁੱਕੀ ਬਣ ਕੇ ਰਹਿ ਗਏ।
"ਗਧੇ ਓ ਤੁਸੀਂ ਲੋਕ ਵੀ, ਏਨਾ ਵੀ ਨਹੀਂ ਜਾਣਦੇ ਕਿ ਜਿਹੜਾ ਡਾਕਟਰ ਏਡੇ ਵੱਡੇ ਬਲ੍ਹਦ ਨੂੰ ਠੀਕ-ਠਾਕ ਕਰ ਸਕਦਾ ਏ, ਉਹ ਇਕ ਫੁੱਲ ਜਿਹੇ ਬੱਚੇ ਦਾ ਇਲਾਜ਼ ਕਿੰਜ ਨਹੀਂ ਕਰ ਸਕਦਾ?" ਏਦਾਂ ਵੀ ਕਹਿੰਦੇ, "ਪਤਾ ਈ, ਬਾਰ ਦੀ ਭੂਰੀ ਮੱਝ ਕੇਡੀ ਅੜੀਅਲ ਹੁੰਦੀ ਏ?...ਲੱਖ ਯਤਨ ਕਰੋ, ਮਰਜ਼ੀ ਨਾ ਹੋਵੇ ਤਾਂ ਆਸ ਹੋਣ 'ਚ ਓ ਨੀਂ ਆਉਂਦੀ…ਜੇ ਡਾਕਟਰ ਸਾਹਬ ਉਸਨੂੰ ਮਰੀਅਲ ਤੋਂ ਮਰੀਅਲ ਸਾਨ੍ਹ ਤੋਂ ਆਸ ਕਰਵਾ ਸਕਦੇ ਨੇ ਤਾਂ ਤੁਹਾਡੀ ਗੋਦ ਹਰੀ ਕਿਓਂ ਨਾ ਕਰਵਾ ਸਕਣਗੇ ਭਲਾ? ਜ਼ਰਾ ਸੋਚੋ, ਪਰ ਤੁਸੀਂ ਲੋਕ ਅਕਲ ਤਾਂ ਛੱਡ ਆਏ ਓ ਝੰਗ-ਮੰਗ ਵਿਚ…।"
ਤੇ ਗੱਲ ਲੋਕਾਂ ਦੇ 'ਖਾਨੇ' ਵਿਚ ਪੈ ਜਾਂਦੀ। ਫੇਰ ਕੋਈ ਵੀ ਡਾਕਟਰ ਕੁਲਦੀਪ ਨੂੰ ਡੰਗਰ ਡਾਕਟਰ ਦਾ ਮਿਹਣਾ ਨਾ ਮਾਰਦਾ।
ਅਮਰੀਕਾ, ਕੈਨੇਡਾ ਤੇ ਜਰਮਨੀ ਤੋਂ ਮੰਗਵਾਈਆਂ ਮਸ਼ੀਨਾ ਦੇ ਇਲਾਜ ਨਾਲ ਪਤਾ ਨਹੀਂ ਕਿੰਨੀਆਂ ਝੋਲੀਆਂ ਭਰੀਆਂ ਗਈਆਂ ਤੇ ਸ਼ਹਿਰ ਦੇ ਬਾਹਰ-ਵਾਰ ਬਣੀ ਡਾਕਟਰ ਕੁਲਦੀਪ ਦੀ ਕੋਠੀ, 'ਕੁਲਦੀਪ ਕਾਟੇਜ' ਤੋਂ 'ਕੁਲਦੀਪ ਪੈਲੇਸ' ਵਿਚ ਬਦਲ ਗਈ।
ਹੌਲੀ-ਹੌਲੀ ਭਾਈ ਜੀ ਦਾ ਚੁਬਾਰਾ ਵੀ ਜਿਹੜਾ ਕਦੀ ਮੁੰਡਿਆਂ-ਖੁੰਡਿਆਂ ਦਾ ਗੜ੍ਹ ਹੁੰਦਾ ਸੀ, ਉਹਨਾਂ ਵੱਡੇ ਬਜ਼ੁਰਗਾਂ ਦੀ ਮਹਿਫਲ ਵਿਚ ਬਦਲ ਰਿਹਾ ਸੀ, ਜਿਹਨਾਂ ਦੀ ਵੈਸੇ ਤਾਂ ਉਮਰ ਜ਼ਿਆਦ ਨਹੀਂ ਸੀ, ਪਰ ਕੁਝ ਕੁ ਦੇ ਵਾਲ ਨਜ਼ਲੇ ਕਰਕੇ ਸਫੇਦ ਹੋ ਗਏ ਸਨ, ਉਹਨਾਂ ਦੀਆਂ ਅੱਖਾਂ ਮੂੰਹ-ਹਨੇਰੇ ਉਠ ਕੇ ਪਾਠ-ਪੂਜਾ ਤੇ ਭਜਨ-ਕੀਰਤਨ ਦੀਆਂ ਕਿਤਾਬਾਂ ਪੜ੍ਹਨ ਕਰਕੇ, ਜ਼ਰਾ ਕਮਜ਼ੋਰ ਹੋ ਗਈਆਂ ਸਨ ਤੇ ਕਿਸੇ ਜ਼ਮਾਨੇ ਵਿਚ ਲੋਹੇ ਦੇ ਚਣੇ ਚਬਾਉਣ ਵਾਲੇ ਦੰਦ, ਗੋਦੀ ਵਿਚ ਖੇਡਦੇ ਕਿਸੇ ਪੋਤੇ-ਪੋਤੀ ਦੇ ਸਿਰ ਦੀ ਟੱਕਰ ਨਾਲ ਨਿਕਲ ਗਏ ਸਨ---ਮੁੱਕਦੀ ਗੱਲ ਇਹ ਕਿ ਚੁਬਾਰੇ ਦੀਆਂ ਰੌਣਕਾਂ ਬਹਾਲ ਸਨ। ਹੁਣ
ਕਈ ਮਹੀਨਿਆਂ ਤੋਂ ਚੁਬਾਰੇ ਦੀ ਰੌਣਕ ਵੀ ਘਟਣ ਲੱਗ ਪਈ ਸੀ---ਸਭ ਤੋਂ ਪਹਿਲਾਂ ਮੁਨਸ਼ੀ ਖ਼ੁਸ਼ੀ ਰਾਮ ਦਿਲਗੀਰ ਨੇ ਆਉਣਾ ਬੰਦ ਕੀਤਾ…ਉਸਦੀ 'ਵਾਅ' ਹੁਣ ਗੋਡਿਆਂ ਦੇ ਦਰਦ ਤਕ ਜਾ ਪਹੁੰਚੀ ਸੀ, ਜਿਸ ਦਾ ਇਲਾਜ਼ ਡਾਕਟਰ ਕੁਲਦੀਪ ਵੀ ਨਹੀਂ ਸੀ ਕਰ ਸਕੇ। ਕਾਲੂ ਹਲਵਾਈ ਦਾ ਆਉਣਾ ਘੱਟ ਹੋ ਗਿਆ ਕਿਉਂਕਿ ਮੁੰਡਿਆਂ ਦੀ ਗ਼ੈਰ-ਮੌਜ਼ੂਦਗੀ ਵਿਚ ਘਰੇ ਨੂੰਹਾਂ-ਧੀਆਂ ਤੇ ਬੱਚਿਆਂ ਨੂੰ ਇਕੱਲਿਆਂ ਨਹੀਂ ਸੀ ਛੱਡਿਆ ਜਾ ਸਕਦਾ। ਡਾਕਟਰ ਲਹਿਣਾ ਸਿੰਘ ਮਾਹਰ ਡੈਂਟਿਸਟ ਸਰਜਨ ਨੂੰ ਅਚਾਨਕ ਅੰਧਰਾਤਾ ਹੋ ਗਿਆ ਸੀ---ਸ਼ਾਮ ਹੋਣ ਸਾਰ ਦਿਸਨੋਂ ਬੰਦ ਹੋ ਜਾਂਦਾ ਸੀ। ਇਸ ਕਰਕੇ ਉਹ ਸੂਰਜ ਦੇ ਛਿਪਾਅ ਤੋਂ ਪਹਿਲਾਂ ਹੀ ਦੁਕਾਨ ਬੰਦ ਕਰਕੇ ਘਰੇ ਚਲੇ ਜਾਂਦੇ ਸਨ। ਕੁਲਦੀਪ ਪੈਲੇਸ ਪਹਿਲਾਂ ਹੀ ਸ਼ਹਿਰੋਂ ਬਾਹਰ ਸੀ---ਲਾਜ਼ਮੀ ਸੀ ਡਾਕਟਰ ਸਾਹਬ ਛੇਤੀ ਚਲੇ ਜਾਣ। ਉਹਨਾਂ ਦੀ ਦੁਕਨ ਯਾਨੀ 'ਕੁਲਦੀਪ ਹੈਲਥ ਕਲੀਨਿਕ ਐਂਡ ਹਾਸਪੀਟਲ' ਹੁਣ ਉਹਨਾਂ ਦੇ ਚਿਹਰੇ ਵਾਂਗ ਹੀ ਬੇਰੌਣਕ ਹੁੰਦੀ ਜਾ ਰਹੀ ਸੀ। ਮਰੀਜ਼ ਦਿਨੋ-ਦਿਨ ਘਟਦੇ ਜਾ ਰਹੇ ਸਨ---ਮਜ਼ਬੂਰੀ ਦੇ ਮਾਰੇ ਮਰੀਜ਼ ਤਾਂ ਹੁਣ ਵੀ ਆਉਂਦੇ ਸਨ, ਪਰ ਡਾਕਟਰੀ ਉਹਨਾਂ ਮਰੀਜ਼ਾਂ ਦੇ ਆਸਰੇ ਤਾਂ ਨਹੀਂ ਚੱਲ ਸਕਦੀ…ਡਾਕਟਰੀ ਤਾਂ ਸ਼ੌਕੀਨ ਮਰੀਜ਼ਾਂ ਦੇ ਬਲ-ਬੂਤੇ ਉੱਤੇ ਚੱਲਦੀ ਹੁੰਦੀ ਹੈ। ਕਦੀ ਉਹ ਦਿਨ ਵੀ ਹੁੰਦੇ ਸਨ, ਜਦੋਂ ਪਿੰਡ-ਪਿੰਡ। ਕਸਬੇ-ਕਸਬੇ ਵਿਚ ਵੱਸਦੇ ਅਜਿਹੇ ਸ਼ੌਕੀਨ ਮਰੀਜ਼, ਡਾਕਟਰ ਕੁਲਦੀਪ ਕੋਲ ਆਣ ਕੇ ਕਹਿੰਦੇ ਸਨ---"ਵੈਸੇ ਤਾਂ ਸਭ ਠੀਕ-ਠਾਕ ਐ ਜੀ ਡਾਕਟਰ ਸਾਹਬ…ਮੁਕੱਦਮੇਂ ਦੀ ਪੇਸ਼ੀ ਸੀ ਅੱਜ, ਸੋਚਿਆ, ਡਾਕਟਰ ਸਾਹਬ ਹੁਰਾਂ ਤੋਂ ਤਾਕਤ ਦੀ ਬੋਤਲ ਈ ਲੁਆ ਚੱਲੀਏ। ਵੈਸੇ ਜੀ ਜ਼ਰਾ ਕਮਜ਼ੋਰੀ ਜਿਹੀ ਮਹਿਸੂਸ ਹੁੰਦੀ ਰਹਿੰਦੀ ਐ।" ਤੇ ਕਈ ਹੋਰ ਸ਼ੌਕੀਨ ਆਉਂਦੇ ਤੇ 'ਵੈਸੇ ਹੀ' ਦਿਮਾਗ਼ ਤੇਜ਼ ਕਰਨ ਵਾਲੀ ਅਮਰੀਕੀ ਬਿਜਲੀ ਦੀ ਮਸ਼ੀਨ ਦਾ ਝੱਟਕਾ ਲਾਉਣ ਦੀ ਫਰਮਾਇਸ਼ ਕਰਦੇ…ਇੰਜ ਦਿਮਾਗ਼ ਦੀ ਥਕਾਵਟ ਲੱਥ ਜਾਂਦੀ ਜਿਹੜੀ ਪਿੰਡਾਂ ਵਿਚ ਟਰੈਕਟਰ, ਟਿਊਬਵੈੱਲ ਤੇ ਟੈਨੀਵਿਜ਼ਨ ਆਉਣ ਤੋਂ ਪਿੱਛੋਂ ਅਕਸਰ ਸ਼ੌਕੀਆ ਮਰੀਜ਼ਾਂ ਨੂੰ ਰਹਿੰਦੀ ਸੀ, ਦੂਜਾ ਇਹ ਕਿ ਆਮ ਲੋਕਾਂ ਤੇ ਖਾਸ ਕਰਕੇ ਰਿਸ਼ਤੇ ਦੇ ਭਰਾਵਾਂ ਨੂੰ ਪਤਾ ਲੱਗ ਜਾਂਦਾ ਕਿ ਉਹ ਐਨਾ ਵੱਧ ਦਿਮਾਗ਼ੀ ਕੰਮ ਕਰਦੇ ਨੇ ਕਿ ਮਹੀਨੇ ਵਿਚ ਘੱਟੋਘੱਟ ਇਕ ਵਾਰੀ 'ਸ਼ਾਕ' ਜ਼ਰੂਰ ਲਗਵਾਉਣਾ ਪੈਂਦਾ ਹੈ ਤੇ ਤੀਜਾ ਇਹ ਕਿ ਉਹਨਾਂ ਨੂੰ ਇੰਜ ਲੱਗੇ ਕਿ ਸ਼ਹਿਰ ਦੇ ਵੱਡੇ ਡਾਕਟਰ ਨਾਲ ਉਹਨਾਂ ਦੀ ਜਾਣ-ਪਛਾਣ ਹੈ…ਸੋ ਇਕ ਪੰਥ ਤਿੰਨ ਕਾਜ ਹੋ ਜਾਂਦੇ। ਡਾਕਟਰ ਕੁਲਦੀਪ ਦੀ ਪ੍ਰੈਕਟਿਸ ਦਾ ਸਾਰਾ ਦਾਰੋਮਦਾਰ ਇਸੇ ਦਿਮਾਗ਼ੀ ਕਮਜ਼ੋਰੀ ਦੇ ਵਧ ਰਹੇ ਫੈਸ਼ਨ ਤੇ ਤਾਕਤ ਦੀਆਂ ਬੋਤਲਾਂ ਦੇ ਵਧਦੇ ਹੋਏ ਸ਼ੌਕ ਉੱਤੇ ਨਿਰਭਰ ਸੀ। ਹੁਣ ਇਹ ਮਰੀਜ਼ ਘਰੋਂ ਹੀ ਘੱਟ ਨਿਕਲਦੇ ਸਨ, ਫੇਰ ਦੁਕਾਨ ਯਾਨੀ ਹੈਲਥ ਕਲੀਨਿਕ ਵਿਚ ਕਿੱਦਾਂ ਪਹੁੰਚਦੇ? ਸੋ ਡਾਕਟਰ ਕੁਲਦੀਪ ਵੀ ਚੁਬਾਰੇ ਵਿਚ ਆਉਣਾ ਛੱਡ ਗਏ।
ਭੋਲੂ ਪੈਂਟਰ ਦੀ ਘਰਵਾਲੀ ਨੂੰ ਹਰ ਵੇਲੇ ਪਤਾ ਨਹੀਂ ਕਿਹੜਾ ਭੈ ਚੰਬੜਿਆ ਰਹਿੰਦਾ ਸੀ ਕਿ ਦਿਨ ਵੇਲੇ ਵੀ ਗੁਦਾਮ ਵਿਚੋਂ ਬਾਹਰ ਨਹੀਂ ਸੀ ਨਿਕਲਦੀ---ਸੋ ਭੋਲੂ ਹੁਰੀਂ ਵੀ ਸਾਰਾ ਦਿਨ ਘਰੇ ਹੀ ਬੈਠੇ ਰਹਿੰਦੇ ਤੇ ਪੁਰਾਣੇ ਕਲੰਡਰਾਂ ਨੂੰ ਸਾਹਮਣੇ ਰੱਖ ਕੇ ਦੇਵੀ-ਦੇਵਤਿਆਂ, ਗੁਰੂਆਂ-ਪੀਰਾਂ, ਸੰਤਾਂ ਤੇ ਮਹਾਤਮਾਵਾਂ ਦੀਆਂ ਤਸਵੀਰਾਂ ਬਣਾਉਂਦਾ ਰਹਿੰਦੇ।
ਸਾਈਨ ਬੋਰਡ ਲਿਖਵਾਉਣ ਦਾ ਧੰਦਾ ਬੜਾ ਮੰਦਾ ਹੋ ਗਿਆ ਸੀ…ਭਾਈ ਜੀ ਦੇ ਚੁਬਾਰੇ ਦੀ ਮਹਿਫਲ ਵਾਂਗ ਠੱਪ ਹੀ ਸਮਝੋ।
'ਭਾਈ ਡਿਪਾਰਟਮੈਂਟ ਸਟੋਰ' ਯਾਨੀ 'ਭਾਈ ਸਲੇਟੀਆਂ' ਵਾਲੇ ਦੀ 'ਨਿੱਕੀ ਗਾਹਕੀ' ਵੀ ਹੁਣ ਖਤਮ ਹੋ ਚੁੱਕੀ ਸੀ…ਸਕੂਲ ਵਿਚ ਨਾ ਟੀਚਰ ਆਉਂਦੇ ਸਨ, ਨਾ ਬੱਚੇ ! ਫੇਰ ਟਾਫ਼ੀਆਂ, ਚਿਊਂਗਮ, ਸਲੇਟੀਆਂ, ਪੈਨਸਲਾਂ ਤੇ ਚਾਕ ਕੌਣ ਖਰੀਦਦਾ ?
ਹੱਦ ਤਾਂ ਇਹ ਹੋ ਗਈ ਸੀ ਨਿੱਤ ਟੈਲੀਵਿਜ਼ਨ ਉੱਤੇ ਕਈ ਕਈ ਦਿਨ ਕ੍ਰਿਕਟ ਮੈਚ ਦਿਖਾਏ ਜਾ ਰਹੇ ਸਨ, ਪਰ ਭਾਈ ਜੀ ਦੀ ਦੁਕਾਨ ਵਿਚ ਬੱਚਿਆਂ ਦੇ ਕ੍ਰਿਕਟ ਬੈਟ ਧਰੇ ਦੇ ਧਰੇ ਰਹਿ ਗਏ ਸਨ। ਜਿਸਦਾ ਅਰਥ ਸੀ---ਨਾ ਰਬੜ ਦੇ ਬਾਲ ਵਿਕਦੇ ਸਨ, ਨਾ ਪਲਾਸਟਿਕ ਦੇ ਬੈਟ…ਗਲੀਆਂ, ਪਾਰਕ ਤੇ ਮੈਦਾਨ ਸੁੰਨੇ ਨਜ਼ਰ ਆਉਂਦੇ, ਕਿਸੇ ਬਾਂਝ ਬੇਵਾ ਦੀ ਸੁੰਨੀ ਗੋਦ ਵਾਂਗ ਹੀ।
ਹੁਣ ਤਾਂ ਸਿਰਫ ਤਾਸ਼ ਦੇ ਪੈਕਟਾਂ ਤੇ ਸੱਪ-ਸੀੜ੍ਹੀਆਂ ਦੀ ਹੀ ਗਾਹਕੀ ਰਹਿ ਗਈ ਸੀ, ਥੋੜ੍ਹੀ-ਬਹੁਤੀ। ਸੱਪ-ਸੀੜ੍ਹੀਆਂ ਦੀ ਮੰਗ ਵਧੇਰੇ ਸੀ ਕਿਉਂਕਿ ਬੱਚੇ, ਬੁੱਢੇ ਤੇ ਜਵਾਨ ਸਾਰੇ ਹੀ ਇਹ ਖੇਡ ਜਾਣਦੇ ਸਨ---ਇਕ-ਇਕ, ਦੋ-ਦੋ, ਤਿੰਨ-ਤਿੰਨ ਕਰਕੇ ਅੱਗੇ ਵਧਦੇ ਰਹੋ, ਨਿੱਕੀਆਂ-ਵੱਡੀਆਂ ਪੌੜੀਆਂ ਚੜ੍ਹਦੇ ਜਾਓ ਤੇ ਸੌ ਦੇ ਨੇੜੇ ਪਹੁੰਚ ਕੇ 98 ਦੇ ਅੰਕ 'ਤੇ ਪਹੁੰਚੇ ਤੇ ਸੱਪ ਦੇ ਮੂੰਹ ਵਿਚ…ਤੇ ਫੇਰ ਵਾਪਸ ਦੋ ਉੱਤੇ---ਹੈਤ ਤੇਰੀ ਦੀ---ਫੇਰ ਉਹੀ ਪੌੜੀਆਂ ਦੀ ਚੜ੍ਹਾਈ ਤੇ ਸੱਪਾਂ ਨਾਲ ਪੈਂਤਰੇ ਬਾਜੀ ਸ਼ੁਰੂ। ਪਿਛਲੇ ਛੇ ਸਾਲ ਤੋਂ ਇਹ ਖੇਡ ਜਾਰੀ ਹੈ, ਇਸੇ ਕਰਕੇ ਅੱਜ-ਕੱਲ੍ਹ ਇਸੇ ਖੇਡ ਦਾ ਚਸਕਾ ਹਰੇਕ ਨੂੰ ਸੀ…ਪਰ ਭਾਈ ਜੀ ਦੀ ਦੁਕਾਨ 'ਤੇ ਸੱਪ-ਸੀੜ੍ਹੀਆਂ ਖਤਮ ਹੋ ਚੁੱਕੀਆਂ ਸਨ। ਹੁਣ ਕੁੜੀਆਂ ਤਾਂ ਕੀ ਮੁੰਡੇ ਵੀ ਬਾਹਰ ਘੁੰਮਣ ਦੇ ਸ਼ੌਕ ਨੂੰ ਛੱਡਦੇ ਜਾ ਰਹੇ ਸਨ ਤੇ ਫੈਸ਼ਨ ਦੇ ਸਾਮਾਨ ਦਾ ਬੇੜਾ ਗਰਕ ਹੋ ਰਿਹਾ ਸੀ। ਲੈ ਦੇ ਕੇ ਕੋਈ ਮੰਗ ਸੀ ਤਾਂ 'ਪੌਡਰ ਵਾਲੇ ਸੁੱਕੇ ਦੁੱਧ' ਦੇ ਡੱਬਿਆਂ ਦੀ, ਪੈਕਟ ਬੰਦ ਬਿਸਕੁਟਾਂ ਦੀ, ਡਬਲ-ਰੋਟੀਆਂ, ਜੇਬੀ-ਟਾਰਚਾਂ ਤੇ ਮੋਮਬੱਤੀਆਂ ਦੀ ਕਿਉਂਕਿ ਫਲਡ ਲਈਟਾਂ ਵਿਚ ਕੈਦ ਰੌਸ਼ਨ ਰਾਤਾਂ ਤੇ ਕਰਫ਼ਿਊ ਵਿਚ ਬੰਦ ਹਨੇਰੇ ਦਿਨਾਂ ਵਿਚ ਇਹੋ ਜਿਹੀਆਂ ਚੀਜ਼ਾਂ ਦੀ ਲੋੜ ਹੀ ਪੈਂਦੀ ਹੈ। ਸਭ ਤੋਂ ਵੱਧ ਵਿਕਰੀ ਸੀ, ਸਿਰ ਦਰਦ ਦੀਆਂ ਗੋਲੀਆਂ ਦੀ ਤੇ ਅਜਿਹੀਆਂ ਹੀ ਹੋਰ ਨਿੱਕੀਆਂ-ਮੋਟੀਆਂ ਦਵਾਈਆਂ ਦੀ…ਘੇਰਲੂ ਡਾਕਟਰ ਤੇ ਆਪਣਾ ਇਲਾਜ਼ ਆਪ ਵਰਗੀਆਂ ਕਿਤਾਬਚੀਆਂ ਪੜ੍ਹ-ਪੜ੍ਹ ਕੇ ਹਰੇਕ ਸਖ਼ਸ਼ ਬੜੀ ਤੇਜ਼ੀ ਨਾਲ ਡਾਕਟਰ ਬਣਦਾ ਜਾ ਰਿਹਾ ਸੀ, ਕਿਉਂਕਿ ਲੋੜ ਪੈਣ ਸਮੇਂ ਬੜੀ ਮੁਸ਼ਕਿਲ ਨਾਲ ਡਾਕਟਰ ਮਿਲਦੇ ਸਨ, ਹੁਣ।
ਲੋਕ ਸੜਕਾਂ ਉੱਪਰ ਬੜੀ ਸਭਿਅਤਾ ਤੇ ਖ਼ਾਮੋਸ਼ੀ ਨਾਲ ਮਿਲਦੇ ਜਿਵੇਂ ਬਾਜ਼ਾਰ ਵਿਚ ਨਹੀਂ ਹਸਪਤਾਲ ਵਿਚ ਤੁਰੇ ਫਿਰਦੇ ਹੋਣ…ਤੇ ਕਿਸੇ ਪਿਆਰੇ ਨੂੰ ਆਖ਼ਰੀ ਵਾਰ ਦੇਖਣ ਆਏ ਹੋਣ, ਜਿਸਨੂੰ ਡਾਕਟਰ ਨੇ ਜਵਾਬ ਦੇ ਦਿੱਤਾ ਹੋਏ। ਜਿਸ ਦਿਨ ਕਰਫ਼ਿਊ ਦਾ ਸਾਇਰਨ ਨਾ ਵੀ ਵੱਜਦਾ, ਸਮੇਂ ਸਿਰ ਲੋਕਾਂ ਨੂੰ ਉਹੀ ਗੂੰਜ ਸੁਣਾਈ ਦਿੰਦੀ---ਉਹ ਲੰਮੀਆਂ-ਲੰਮੀਆ ਪਲਾਂਘਾਂ ਭਰਦੇ, ਆਪਣੇ ਘੁਰਨਿਆਂ ਵੱਲ ਨੱਸ ਤੁਰਦੇ।
ਕਿਸੇ ਕੋਲ ਫਾਲਤੂ ਗੱਲਾਂ ਕਰਨ ਦੀ ਵਿਹਲ ਹੀ ਨਹੀਂ ਸੀ ਹੁੰਦੀ---ਉਂਜ ਬੋਲੀ ਸਾਰੇ ਇਕੋ ਹੀ ਬੋਲਦੇ ਸਨ, ਪਰ ਸਾਰੇ ਚੁੱਪ ਸਨ। ਜਿਵੇਂ ਗੂੰਗਿਆਂ ਦੀ ਨਗਰੀ ਵਿਚ ਕੋਈ ਕਿਸੇ ਦੀ ਭਾਸ਼ਾ ਨਾ ਸਮਝਦਾ ਹੋਏ। 'ਗੂੰਗੇ ਦੀ ਬੋਲੀ ਜਾਂ ਉਸਦੀ ਮਾਂ ਜਾਣੇ ਜਾਂ ਰੱਬ' ਵਾਲੀ ਕਹਾਵਤ ਗਲਤ ਸਿੱਧ ਹੋ ਚੁੱਕੀ ਸੀ---ਸਭ ਦੀਆਂ ਮਾਵਾਂ ਤੇ ਸਭ ਦੇ ਰੱਬ ਪਤਾ ਨਹੀਂ ਕਿੱਥੇ ਚਲੇ ਗਏ ਸਨ, ਪਤਾ ਨਹੀਂ ਕਿਉਂ ਛਿਪਣ ਹੋਏ ਬੈਠੇ ਸਨ ? ਸਾਧਾਂ-ਸੰਤਾਂ ਨੇ ਹੀ ਨਹੀਂ ਹੁਣ ਤਾਂ ਸ਼ਰਾਬੀਆਂ ਨੇ ਵੀ ਮੋਨ-ਵਰਤ ਧਾਰ ਲਏ ਸਨ---ਸ਼ਰਾਬ ਦੇ ਠੇਕੇ ਤੇ ਅਹਾਤੇ ਕਿਸੇ ਵਿਧਵਾ ਆਸ਼ਰਮ ਵਾਂਗ ਸੁੰਨੇ ਤੇ ਬੇਜਾਨ ਜਿਹੇ ਚੁੱਪ ਦੀ ਚਾਦਰ ਵਿਚ ਲਿਪਟੇ ਨਜ਼ਰ ਆਉਂਦੇ।
'ਚਾਨਣ ਸ਼ਾਹ ਫਿਸ਼-ਵਰਾਈ ਸਪੈਸ਼ਲ, ਖਰੌੜੇ ਤੇ ਟਿੱਕਾ-ਕਲੇਜੀ' ਦਾ ਬੋਰਡ ਭੋਲੂ ਆਰਟਿਸਟ ਨੇ ਬੜੇ ਹੀ ਚਾਵਾਂ ਨਾਲ ਬਣਾਇਆ ਸੀ---ਹੁਣ 'ਮੀਟ ਵਾਲਾ ਚਬੂਤਰਾ' ਬਿਲਕੁਲ ਵੀਰਾਨ ਰਹਿਣ ਲੱਗ ਪਿਆ ਸੀ। ਚਾਨਣ ਸ਼ਾਹ ਦੀ ਭੱਠੀ ਨੂੰ ਗਲੀ ਹਕੀਮਾਂ ਦੀ ਕੁੱਤੀ, ਮੁਸ਼ਕੀ ਨੇ ਆਪਣਾ ਅੱਡਾ ਬਣਾ ਲਿਆ ਸੀ। ਉਸ ਵਿਚਾਰੀ ਦੇ ਭਾਗ ਵੀ ਫੁੱਟ ਗਏ ਸਨ। ਕਦੀ ਉਹ ਆਪਣੇ 'ਯਾਰਾਂ-ਬੇਲੀਆਂ' ਨਾਲ 'ਭਰਪੂਰ ਪਾਵਰ ਵਾਲੇ ਖਰੌੜੇ' ਯਾਨੀ ਗੋਡਿਆਂ ਤੋਂ ਹੇਠਲੇ ਹੱਡ ਤੇ ਗਾਹਕਾਂ ਦੀ ਛੱਡੀ ਹੋਈ 'ਟਿੱਕਾ-ਕਲੇਜੀ' ਤੇ ਲਿੱਬੜੀਆਂ ਸਲਾਖਾਂ ਚੱਟ-ਚੱਟ ਕੇ ਏਨੇ ਮੋਟੇ ਹੋ ਜਾਂਦੇ ਸਨ ਕਿ ਚਾਨਣ ਸ਼ਾਹ ਵਾਂਗ ਹੀ ਉਹਨਾਂ ਦਾ ਚੱਲਣਾ-ਫਿਰਨਾਂ ਮੁਸ਼ਕਲ ਹੋ ਜਾਂਦਾ ਸਾਂ---ਹੁਣ ਵਿਚਾਰੇ ਸਾਰੇ ਹੀ ਹੱਡੀਆਂ ਦੇ ਪਿੰਜਰ ਉੱਤੇ ਢਿੱਲੀ ਖੱਲ ਲਮਕਾਈ, ਮੰਗਵੇਂ ਕੱਪੜਿਆਂ ਵਾਲੇ ਮੰਗਤਿਆਂ ਵਾਂਗ, ਗਲੀਆਂ ਦੀ ਧੂੜ ਫੱਕਦੇ ਫਿਰਦੇ ਸਨ ਤੇ ਰਾਤ ਨੂੰ 'ਚਾਨਣ ਫਿਸ਼, ਮੀਟ, ਚਿਕਨ ਕਾਰਨਰ' ਦੇ ਫੱਟਿਆਂ ਹੇਠਾਂ ਵੜ ਕੇ ਇਕ ਦੂਜੇ ਉੱਤੇ ਢੇਰੀ ਹੋ ਜਾਂਦੇ ਸਨ। ਕਦੀ ਕਦੀ ਚਾਨਣ ਸ਼ਾਹ ਦੀ ਭੱਠੀ ਕੋਲ ਪਈ ਮੁਸ਼ਕੀ ਕੁੱਤੀ, ਸਵਾਹ ਵਿਚ ਬੂਥੀ ਰਗੜਦਿਆਂ ਅਜੀਬ-ਅਜੀਬ ਆਵਾਜ਼ਾਂ ਕੱਢਦੀ। ਪਰ ਲੋਕ ਹੁਣ ਰਾਤ ਨੂੰ ਕੁੱਤਿਆਂ ਦਾ ਰੋਣ ਸੁਣ ਕੇ ਡਰਦੇ ਨਹੀਂ ਸਨ ਹੁੰਦੇ…ਰੋਣ-ਧੋਣ ਦੀ ਸਭਨਾਂ ਨੂੰ ਆਦਤ ਪੈ ਗਈ ਸੀ, ਕੀ ਆਦਮੀ, ਤੇ ਕੀ ਕੁੱਤਾ !
ਭਾਈ ਜੀ ਦੇ ਕਹਿਣੇ, ਹਰ ਆਦਮੀ ਆਪਣਾ ਟਾਈਮ ਪਾਸ ਕਰ ਰਿਹਾ ਸੀ---ਚੁੱਪਚਾਪ ਆਉਣ ਵਾਲੇ ਚੰਗੇ ਦਿਨਾਂ ਦੀ ਉਡੀਕ ਵਿਚ। ਕਈ ਦਿਨ ਬੀਤ ਜਾਣ ਬਾਅਦ ਚੁੱਪਚਾਪ ਟਾਈਮ ਪਾਸ ਕਰਨਾ ਵੀ ਮੁਸ਼ਕਲ ਹੋ ਗਿਆ। ਚੁੱਪ ਵਿਚ ਤਰੇੜਾਂ ਪੈ ਗਈਆਂ…ਸੜਕਾਂ ਉੱਤੇ ਅਜੀਬ-ਅਜੀਬ ਇਕੱਠ ਘੁੰਮਦੇ ਨਜ਼ਰ ਆਉਂਦੇ। ਆਪਣੇ ਹੱਥੀਂ ਖਿਡਾਏ ਬੱਚੇ ਭਾਈ ਜੀ ਨੂੰ ਕਿਸੇ ਬਾਹਰਲੀ ਦੁਨੀਆਂ ਦੇ ਰਾਕਸ਼ਸ ਨਜ਼ਰ ਆਉਂਦੇ। ਉਹ ਰਾਕਸ਼ਸ ਇਕੋ ਆਵਾਜ਼ ਵਿਚ ਚਿੰਘਾੜਦੇ---ਨਾ ਉਹਨਾਂ ਦਾ ਕੋਈ ਮਤਲਬ ਸਮਝ ਆਉਂਦਾ, ਨਾ ਮਕਸਦ।
ਤਲਵਾਰਾਂ ਤੇ ਤ੍ਰਿਸ਼ੂਲ, ਪੀਲੀਆਂ ਪੱਗਾਂ ਤੇ ਲਾਲ ਟੋਪੀਆਂ---ਆਦਮ-ਖੋਰ, ਆਦਮ-ਜਾਤ ਦੀ ਭਾਲ ਵਿਚ ਗਲੀ-ਕੁਚਿਆਂ ਵਿਚ ਘੁੰਮਦੇ ਨਜ਼ਰ ਆਉਂਦੇ। ਕਦੀ ਕ੍ਰਿਪਾਨ ਨੁਮਾ ਭੂਤ ਆ ਕੇ ਹੁਕਮ ਦਿੰਦੇ---"ਦੁਕਾਨਾ ਬੰਦ ਕਰੋ, ਸ਼ਟਰ-ਡਾਊਨ।" ਕਦੀ ਤ੍ਰਿਸ਼ੂਲ ਇਹੀ ਹੁਕਮ ਦੁਹਰਾਉਂਦੇ---"ਸ਼ਟਰ-ਡਾਊਨ, ਦੁਕਾਨਾ ਬੰਦ।" ਜੇ ਇਕ ਦੀ ਖੁਸ਼ੀ ਵਿਚ ਕੱਲ੍ਹ ਹੜਤਾਲ ਸੀ ਤਾਂ ਦੂਜੇ ਦੀ ਖੁਸ਼ੀ ਨਾਲ ਅੱਜ ਹੜਤਾਲ ਹੈ। ਜਿਵੇਂ-ਜਿਵੇਂ ਤਲਵਾਰਾਂ ਤੇ ਤ੍ਰਿਸ਼ੁਲਾਂ ਦੀਆਂ ਖੁਸ਼ੀਆਂ ਵਧਦੀਆਂ ਗਈਆਂ, ਦੁਕਾਨਾ ਦੀ ਰੌਣਕ ਘੱਟ ਹੁੰਦੀ ਗਈ।
ਕਦੀ ਤ੍ਰਿਸ਼ੂਲ ਰੂਪੀ ਪ੍ਰੇਤ ਆ ਕੇ ਕੜਕਦਾ, "ਦੁਕਾਨਾਂ ਬੰਦ ਕਰ ਦਿਓ---ਪਤਾ ਨਹੀਂ ਅੱਜ ਦੀ ਹੜਤਾਲ ਦਾ ਸੱਦਾ ਸੀ ? ਸ਼ਟਰ-ਡਾਊਨ।"
"ਪਰ ਕਿਉਂ ?"
"ਚਾਰ ਪਗੜੀਆਂ ਨੇ ਨੌਂ ਟੋਪੀਆਂ ਨੂੰ ਮਾਰ ਦਿੱਤੈ…ਸ਼ਟਰ-ਡਾਊਨ।" ਤੇ ਸ਼ਟਰ-ਡਾਊਨ ਹੋ ਜਾਂਦੇ।
ਫੇਰ ਤਲਵਾਰਾਂ ਰੂਪੀ ਪ੍ਰੇਤ ਆਉਂਦੇ, "ਖਬਰਦਾਰ ਦੁਕਾਨਾਂ ਬੰਦ ਨਹੀਂ ਹੋਣਗੀਆਂ---ਬਾਜ਼ਾਰ ਖੁੱਲ੍ਹਾ ਰਹੇਗਾ। ਸ਼ਟਰ-ਅੱਪ।"
ਤੇ ਸ਼ਟਰ-ਅੱਪ ਤੇ ਸ਼ਟਰ-ਡਾਊਨ ਦਾ ਇਹ ਤਮਾਸ਼ਾ ਏਨਾ ਆਮ ਹੋ ਗਿਆ ਕਿ ਭਾਈ ਜੀ ਦੀ ਜਾਨ ਕੁੜਿੱਕੀ ਵਿਚ ਆ ਗਈ। ਇਕ ਤਾਂ ਉਂਜ ਵੀ ਸਿਹਤ ਠੀਕ ਨਹੀਂ ਸੀ ਰਹਿੰਦੀ ਉੱਪਰੋਂ ਮੁਸੀਬਤ ਇਹ ਹੁੰਦੀ ਕਿ ਭਾਵੇਂ ਕਰਫ਼ਿਊ ਲੱਗੇ ਜਾਂ ਸ਼ਟਰ-ਡਾਊਨ ਹੋਣ ਉਹਨਾਂ ਨੂੰ ਡੱਬੇ ਦਾ ਦੁੱਧ, ਕਈ ਕਈ ਦਿਨਾਂ ਦੀ ਬਾਸੀ ਡਬਲ-ਰੋਟੀ ਤੇ ਆਪਣੀ ਹੀ ਦੁਕਾਨ ਦੇ ਮਰਤਬਾਨ ਵਿਚ ਸਜਾਏ ਹੋਏ ਬਿਸਕੁਟਾਂ ਤੇ ਟਾਫ਼ੀਆਂ ਉੱਪਰ ਗੁਜਾਰਾ ਕਰਨਾ ਪੈਂਦਾ। ਕੁਝ ਤਾਂ ਰੁੱਖੀ-ਮਿੱਸੀ ਦਾ ਅਸਰ ਸੀ ਦੇ ਕੁਝ ਦਿਨ ਵਿਚ ਕਈ ਕਈ ਵਾਰੀ ਸ਼ਟਰ-ਅੱਪ ਤੇ ਸ਼ਟਰ-ਡਾਊਨ ਕਰਾਉਣ ਵਲਿਆਂ ਦੀ ਪਰੇਡ ਦਾ ਨਤੀਜਾ ਕਿ ਭਾਈ ਜੀ ਦੀ 'ਹੈਲਥ' ਬਿਲਕੁਲ ਹੀ ਡਾਊਨ ਹੋ ਗਈ ਸੀ। ਕਦੀ ਇਹ ਹਾਲ ਹੁੰਦੇ ਸਨ ਕਿ ਤੋਂਦ (ਮੋਟੇ ਢਿੱਡ) ਨੂੰ ਸੰਭਾਲ ਕੇ ਚੁਬਾਰੇ ਚੜ੍ਹਨਾ ਮੁਸ਼ਕਲ ਹੋ ਗਿਆ ਸੀ ਤੇ ਹੁਣ ਇਹ ਹਾਲ ਸਨ ਕਿ ਗੌਰਮਿੰਟ ਹਾਈ ਸਕੂਲ ਦੇ ਮੁੰਡਿਆਂ ਦੀ ਵਰਦੀ ਵੀ ਮੇਚ ਆਉਣ ਲੱਗ ਪਈ ਸੀ। ਹੋਰ ਉਹ ਕਰਦੇ ਵੀ ਕੀ ? 'ਭੱਈਆ' ਰਾਮ ਅਵਤਾਰ ਆਪਣੀ ਫੈਕਟਰੀ ਯਾਨੀ ਲਾਂਡਰੀ ਬੰਦ ਕਰਕੇ 'ਆਪਣੇ ਦੇਸ' ਨੱਸ ਗਿਆ ਸੀ---ਸੋ ਭਾਈ ਜੀ ਨੂੰ ਜਿਹੜੀ ਵਰਦੀ ਫਿੱਟ ਆਉਂਦੀ ਪਾ ਬਹਿੰਦੇ।
ਇਸ 'ਪ੍ਰੋਗਰਾਮ' (ਭਾਈ ਜੀ ਇਸ ਹੁਲੜ ਨੂੰ ਪ੍ਰੋਗਰਾਮ ਹੀ ਆਖਦੇ ਹੁੰਦੇ ਸਨ) ਦੇ ਸ਼ੁਰੂ-ਸੂਰੂ ਵਿਚ ਤਾਂ ਜਿਹੜਾ ਵੀ ਆਉਂਦਾ, ਜੋ ਵੀ ਹੁਕਮ ਦਿੰਦਾ ਭਾਈ ਜੀ 'ਸਤ ਬਚਨ' ਕਹਿ ਕੇ ਮੰਨ ਲੈਂਦੇ। ਜੋ ਕੋਈ ਸ਼ਟਰ-ਡਾਊਨ ਕਰਨ ਲਈ ਆਖਦਾ, ਉਹ 'ਚੰਗਾ ਪੁੱਤਰ ਜੀ' ਕਹਿ ਕੇ ਇਸ਼ਾਰਾ ਕਰ ਦਿੰਦੇ ਕਿ ਤੁਸੀਂ ਹੀ ਹੇਠਾਂ ਕਰਦੇ ਜਾਓ। ਜੇ ਸ਼ਟਰ-ਅੱਪ ਕਰਵਾਉਣ ਵਾਲੇ ਆ ਜਾਂਦੇ ਤਾਂ 'ਅੱਛਾ ਬੇਟਾ ਜੀ' ਕਹਿ ਕੇ ਉਹਨਾਂ ਨੂੰ ਇਸ਼ਾਰਾ ਕਰਦੇ ਕਿ ਆਪੁ ਹੀ ਚੁੱਕ ਦਿਓ।
ਹੌਲੀ-ਹੌਲੀ ਇਸ ਸ਼ਟਰ-ਸੁੱਟੋ ਤੇ ਸ਼ਟਰ-ਚੁੱਕੋ ਦੇ ਤਮਾਸ਼ੇ ਜਿਹੇ ਤੋਂ ਭਾਈ ਜੀ ਤੰਗ ਆ ਗਏ, ਅੱਪ-ਡਾਊਨ ਕਰਵਾਉਣ ਵਾਲਿਆਂ ਨੂੰ ਦੁਲਾਰਨ ਦੀ ਬਜਾਏ ਫਿਟਕਾਰਨ ਲੱਗੇ, "ਓਇ ਸੂਰ ਦਿਓ ਸ਼ਾਗਿਰਦੋ…ਅੱਪ-ਡਾਊਨ ਈ ਕਰਵਾਉਂਦੇ ਰਹੋਗੇ ਜਾਂ ਕੋਈ ਕੰਮ ਵੀ ਕਰਨ ਦਿਓਗੇ?' ਪਰ ਅੱਪ-ਡਾਊਨ ਕਰਵਾਉਣ ਵਾਲੇ ਉਹਨਾਂ ਦੀ ਸੁਣਦੇ ਹੀ ਕਦੋਂ ਸਨ?...ਉਹ ਤਾਂ ਇਕ ਮਹਾਨ ਧਰਮ-ਯੁੱਧ ਲੜ ਰਹੇ ਸਨ---ਧਰਮ, ਜਿਹੜਾ ਇਹ ਨਹੀਂ ਦੇਖਦਾ ਕਿ ਕੌਣ ਸੱਚਾ ਹੈ ਤੇ ਕੌਣ ਝੂਠਾ…ਬਲਿਕੇ ਸਿਰਫ ਇਹ ਦੇਖਦਾ ਹੈ, ਕਿਸ ਨੇ ਪੱਗ ਬੰਨ੍ਹੀ ਹੋਈ ਹੈ, ਕਿਸ ਨੇ ਟੋਪੀ ਲਈ ਹੋਈ ਹੈ ?
ਜੇ ਭਾਈ ਜੀ ਦੇ ਜਿਸਮ ਦਾ ਕੋਈ ਹਿੱਸਾ ਚੱਲਦਾ ਸੀ ਤਾਂ ਉਹ ਸੀ ਉਹਨਾਂ ਦੀ ਜ਼ੁਬਾਨ…ਉਹਨਾਂ ਦਾ ਦਿਲ, ਦਿਮਾਗ਼, ਹੱਥ-ਪੈਰ ਤੇ ਹੋਰ ਸਭ ਕੁਝ, ਉਹਨਾਂ ਦੀ ਜ਼ੁਬਾਨ ਹੀ ਸੀ---ਜਦੋਂ ਚੱਲਦੀ ਸੀ ਤਾਂ ਅੱਗਾ ਦੇਖਦੀ ਸੀ, ਨਾ ਪਿੱਛਾ, ਬਸ ਦਾਤਰੀ ਵਾਂਗ ਚੱਲੀ ਹੀ ਜਾਂਦੀ ਸੀ, "ਖੋਤੀ ਦੇ ਖੁਰ…ਓ ਗਧੀ ਦੇ ਖੁਰੜਿਓ (ਇਹ ਭਾਈ ਜੀ ਦੀਆਂ ਫੇਵਰੇਟ ਗਾਲ੍ਹਾਂ ਸਨ) ਉੱਲੂ ਦੇ ਜਾਮਨੋਂ (ਗਵਾਹ) ਤੇ ਸੂਰ ਦਿਓ ਹੱਡੋ।" ਇਹਨਾਂ ਗਾਲ੍ਹਾਂ ਦਾ ਉਹ ਬੇਧੜਕ ਇਸਤੇਮਾਲ ਕਰਦੇ। ਕਿਸੇ ਜ਼ਮਾਨੇ ਵਿਚ ਬੱਚੇ ਉਹਨਾਂ ਦੀਆਂ ਇਹਨਾਂ ਗਾਲ੍ਹਾਂ ਨੂੰ 'ਰੂੰਗਾ-ਝੂੰਗਾ' ਸਮਝਦੇ ਹੁੰਦੇ ਸਨ। ਉਸ 'ਰੂੰਗੇ-ਝੂੰਗੇ' ਦਾ ਅਨੁਵਾਦ ਅੱਜ-ਕੱਲ੍ਹ 'ਬੋਨਸ' ਵਜੋਂ ਕੀਤਾ ਜਾ ਸਕਦਾ ਹੈ। ਜਾਂ 'ਡਿਸਕਾਊਂਟ' ਵਜੋਂ। ਉਹਨੀਂ ਦਿਨੀਂ ਇਸ ਦੇ ਅਰਥ ਇਹ ਹੁੰਦੇ ਸਨ ਕਿ ਇਕ ਗਾਲ੍ਹ ਖਾਓ ਤੇ ਇਸ ਦੇ ਵੱਟੇ ਦੋਗੋਲੀਆਂ ਲੈ ਜਾਓ।
ਹੁਣ ਜ਼ਮਾਨਾ ਹੀ ਬਦਲ ਗਿਆ ਸੀ। ਡਾਕਟਰ ਕੁਲਦੀਪ ਵੀ ਕਹਿਣ ਲੱਗ ਪਏ ਸਨ ਕਿ 'ਅਸੀਂ ਟਾਈਮ ਪਾਸ ਨਹੀਂ ਕਰ ਰਹੇ, ਟਾਈਮ ਫੇਲ੍ਹ ਕਰ ਰਹੇ ਆਂ।' ਕੌਣ ਜਾਣਦਾ ਹੈ ਕਿ ਉਹ ਟਾਈਮ ਨੂੰ ਫੇਲ੍ਹ ਕਰ ਰਹੇ ਸਨ, ਜਾਂ ਟਾਈਮ ਉਹਨਾਂ ਨੂੰ ਫੇਲ੍ਹ ਕਰ ਰਿਹਾ ਸੀ ? ਮੁੱਕਦੀ ਗੱਲ ਕਿ ਸਾਰੇ ਬਾਜ਼ਾਰ ਵਾਲੇ ਭਾਈ ਜੀ ਦੀ ਜ਼ੁਬਾਨ ਤੋਂ ਡਰੇ ਹੋਏ ਸਨ…'ਆਵਦਾ ਤਾਂ ਕੁਛ ਜਾਣਾ ਨੀਂ ਇਹਦਾ, ਨਾ ਰੰਨ, ਨਾ ਕੰਨ---ਸਾਨੂੰ ਮਰਵਾਊ ਸਾਲਾ, ਬਾਲ-ਬੱਚੜਦਾਰਾਂ ਨੂੰ।' ਕਾਲੂ ਹਲਵਾਈ ਤਾਂ ਹਰ ਵੇਲੇ ਭਾਈ ਜੀ 'ਤੇ ਖਿਝਿਆ ਰਹਿੰਦਾ। ਦੁੱਖ ਦੀ ਗੱਲ ਤਾਂ ਇਹ ਸੀ ਕਿ ਬਾਕੀ ਸਾਰੇ ਕਾਲੂ ਹਲਵਾਈ ਦਾ---ਇੱਥੋਂ ਤਕ ਕਿ ਡਾਕਟਰ ਕੁਲਦੀਪ ਵੀ, ਉਸੇ ਦਾ ਸਾਥ ਦੇਂਦੇ ਕਿਉਂਕਿ ਉਹ ਜਾਣਦੇ ਸਨ ਕਿ ਅੱਪ ਜਾਂ ਡਾਊਨ ਨਾ ਕਰਨ ਦਾ ਹਸ਼ਰ ਕੀ ਹੋ ਸਕਦਾ ਹੈ। ਨਾਲ ਵਾਲੇ ਬਾਜ਼ਾਰ ਦੀਆਂ ਲੁੱਟੀਆਂ ਤੇ ਸੜੀਆਂ ਹੋਈਆਂ ਦੁਕਾਨਾਂ, ਤੇ ਲਹੂ ਵਿਚ ਲੱਥ-ਪੱਥ ਉਹਨਾਂ ਦੇ ਮਾਲਕਾਂ ਦੀ ਕਹਾਣੀ ਨੂੰ ਕੋਈ ਵੀ ਦੁਹਰਾਉਣਾ ਨਹੀਂ ਸੀ ਚਾਹੁੰਦਾ। 'ਜਾਨ ਹੈ ਤਾਂ ਦੁਕਾਨ ਹੈ' ਦੇ ਅਸੂਲ ਉੱਤੇ ਹਰ ਸਖ਼ਸ਼ ਅਮਲ ਕਰ ਰਿਹਾ ਸੀ…ਪਰ ਭਾਈ ਜੀ ਨੂੰ ਇਹ ਅਸੂਲ ਕੌਣ ਸਮਝਾਏ ?
ਉਸ ਦਿਨ ਵੀ ਪੰਜ ਵਾਰੀ ਕ੍ਰਿਪਾਨਾ ਵਾਲੇ ਆਏ ਸਨ ਤੇ ਏਨੀ ਵਾਰੀ ਹੀ ਤ੍ਰਿਸ਼ੂਲਾਂ ਵਾਲੇ ਵੀ---ਪੰਜ ਵਾਰੀ ਸ਼ਟਰ-ਡਾਊਨ ਹੋਏ ਸਨ ਤੇ ਪੰਜ ਵਾਰੀ ਅੱਪ। ਦਸੇ ਵਾਰੀ ਭਾਈ ਸਲੇਟੀਆਂ ਵਾਲੇ ਨੇ ਆਉਣ ਵਾਲਿਆਂ ਨੂੰ ਗਾਲ੍ਹਾਂ ਦਿੱਤੀਆਂ ਤੇ ਦਸੇ ਵਾਰੀ ਜਾਣ ਵਾਲਿਆਂ ਨੇ ਭਾਈ ਨੂੰ ਧਮਕੀਆਂ…ਤੇ ਫੇਰ ਸਾਇਰਨ ਦੀ ਆਵਾਜ਼ ਦੇ ਨਾਲ ਹੀ ਸਾਰੇ ਸ਼ਹਿਰ ਦੇ ਮੁਰਦੇ ਆਪੋ ਆਪਣੀਆਂ ਕਬਰਾਂ ਵਿਚ ਜਾ ਕੇ 'ਲੰਮ-ਲੇਟ' ਹੋ ਗਏ ਸਨ। ਪਰ ਭਾਈ ਜੀ ਕੰਨਾਂ ਵਿਚ 'ਸ਼ਟਰ-ਅੱਪ' ਅਤੇ 'ਸ਼ਟਰ-ਡਾਊਨ' ਦੀਆਂ ਆਵਾਜ਼ਾਂ ਹੀ ਗੂੰਜਦੀਆਂ ਰਹੀਆਂ। ਉਸ ਰਾਤ ਇਕ ਵਾਰੀ---ਸਿਰਫ ਇਕੋ ਵਾਰੀ, ਭਾਈ ਜੀ ਆਪਣੇ ਗਾਊ ਸਿਰਹਾਣੇ ਤੇ ਪੱਲੇ ਵਾਲੇ ਤਖ਼ਤਪੋਸ਼ ਤੋਂ ਉਠੇ ਤੇ ਦੇਖਦਿਆਂ ਹੀ ਦੇਖਿਦਆਂ ਉਹਨਾਂ ਨੇ ਦੁਕਾਨ ਦੇ ਸ਼ਟਰ ਬਿਲਕੁਲ ਅੱਪ ਕਰ ਦਿੱਤੇ। ਫੇਰ ਜਦੋਂ ਉਹਨਾਂ ਨੂੰ ਛੇਵੀਂ ਵਾਰ ਸ਼ਟਰ-ਡਾਊਨ ਕਰਨ ਦਾ ਹੁਕਮ ਦਿੱਤਾ ਗਿਆ, ਉਹਨਾਂ ਝਟਕੇ ਨਾਲ ਅਲਮਾਰੀਆਂ ਦੇ ਬੂਹੇ ਖੋਲ੍ਹ ਦਿੱਤੇ---ਧੜਧੜ ਡਿੱਗੇ ਕਲੰਡਰਾਂ ਤੇ ਕਾਪੀਆਂ ਨਾਲ ਫਰਸ਼ ਭਰ ਗਿਆ, ਫੇਰ ਉਹਨਾਂ ਗਾਊ ਸਿਰਹਾਣਾ ਤੇ ਗੱਦਾ ਉਸ ਢੇਰ ਉੱਤੇ ਵਗਾਹ ਮਾਰਿਆ ; ਟਾਫ਼ੀਆਂ, ਖੱਟੀਆਂ-ਮਿੱਠੀਆਂ ਗੋਲੀਆਂ, ਪੈਨਸਲਾਂ, ਸਲੇਟੀਆਂ ਵਾਲੇ ਮਰਤਬਾਨਾਂ ਨੂੰ ਬਾਹਾਰਲੇ ਚਬੂਤਰੇ ਉੱਤੇ ਸੁੱਟਣਾ ਸ਼ੁਰੂ ਕਰ ਦਿੱਤਾ। ਮੁਨਸ਼ੀ ਖ਼ੁਸ਼ੀ ਰਾਮ ਦਿਲਗੀਰ ਦੇ ਮੁੰਡੇ ਦੀ ਸਲਾਹ ਅਨੁਸਾਰ ਖਾਲਸ ਵਿਦੇਸ਼ੀ ਡਿਜ਼ਾਇਨ ਦੇ ਬਣਾਏ ਹੋਏ ਸ਼ੋ-ਕੇਸ ਉਲਟਣੇ ਸ਼ੁਰੂ ਕਰ ਦਿੱਤੇ ਤਾਂਕਿ ਉਹ ਆਸਾਨੀ ਨਾਲ, ਉਹ ਸਭ ਕੁਝ ਉਗਲੱਛ ਦੇਣ, ਜੋ ਉਹ ਆਪਣੇ ਅੰਦਰ ਸਮੇਟੀ ਬੈਠੇ ਸਨ। ਦੇਖਦਿਆਂ-ਦੇਖਦਿਆਂ ਫਰਸ਼ ਤੋਂ ਛੱਤ ਤਕ ਚਿਣਿਆਂ ਹੋਇਆ ਸਾਮਾਨ, ਕਿਸੇ ਦੈਂਤ ਦੀ ਕੈ ਵਾਂਗ, ਫਰਸ਼ ਉੱਤੇ ਖਿੰਡ-ਪੁੰਡ ਗਿਆ। ਭਾਈ ਸਲੇਟੀਆਂ ਵਾਲੇ ਨੇ ਭਾਂਤ-ਭਾਂਤ ਦੀਆਂ ਨਹੂੰ-ਪਾਲਸ਼ਾਂ, ਲਵੈਂਡਰਾਂ, ਸੈਂਟਾਂ ਤੇ ਆਫਟਰ-ਸ਼ੇਵ ਸਲਿਊਸ਼ਨਾਂ ਵਾਲੀਆਂ ਸਾਰੀਆਂ ਸ਼ੀਸ਼ੀਆਂ ਉਸ ਢੇਰ ਉੱਤੇ ਡੋਲ੍ਹ ਦਿੱਤੀਆਂ…ਫੇਰ ਕਾਗਜ਼ ਦੇ ਦਸਤਿਆਂ, ਸਕੂਲ ਦੀਆਂ ਕਾਪੀਆਂ, ਪਲਾਸਟਕ ਦੀਆਂ ਬਾਲਾਂ, ਕ੍ਰਿਕਟ ਬੈਟ, ਗੇਂਦਾਂ ਤੇ ਜਨਤੀਆਂ ਦੀ ਵਾਰੀ ਆਈ। ਉਹਨਾਂ ਦੇ ਚਾਰੇ ਪਾਸੇ ਮੋਮਬੱਤੀਆਂ, ਪਟਾਕਿਆਂ ਦਾ ਖਿਲਾਰ ਪਾ ਦਿੱਤਾ, ਸਭ ਤੋਂ ਉੱਪਰ ਮਾਚਸਾਂ ਦੇ ਡੱਬੇ---ਤੇ ਫੇਰ, ਬਸ ਇਕੋ ਤੀਲੀ ਦੀ ਕਸਰ ਸੀ। ਆਖ਼ਰ ਭਾਈ ਜੀ ਨੇ ਮਾਚਸ ਦੀ ਉਹ ਤੀਲੀ ਵੀ ਕੱਢੀ ਤੇ ਬਾਲ ਕੇ ਚੀਜ਼ਾਂ ਦੇ ਢੇਰ ਉੱਤੇ ਸੁੱਟ ਦਿੱਤੀ। ਦੀਵੇ ਨਾਲ ਦੀਵਾ ਬਲਣ ਲੱਗਾ ਤੇ ਮੱਸਿਆ ਦੀ ਕਾਲੀ ਬੋਲੀ ਰਾਤ ਵਿਚ ਸਿਰਫ ਇਕ ਦੁਕਾਨ ਦੇ ਸੜਨ ਸਦਕਾ ਪੂਰੇ ਬਾਜ਼ਾਰ ਵਿਚ ਦੀਵਾਲੀ ਵਰਗਾ ਚਾਨਣ ਹੋ ਗਿਆ।
ਸਾਰੀ ਰਾਤ ਭਾਈ ਦੇ ਲਲਕਾਰੇ ਜਿਹੇ ਲੋਕਾਂ ਨੂੰ ਸੁਣਾਈ ਦਿੰਦੇ ਰਹੇ---"ਖੋਤੀ ਦੇ ਖੁਰੋ…ਹੁਣ ਕਰਾਓ ਸ਼ਟਰ-ਡਾਊਨ, ਸ਼ਟਰ-ਅੱਪ। ਸੂਰ ਦਿਓ ਪੁੱਤਰੋ…ਹੁਣ ਕਰਾਓ ਸ਼ਟਰ-ਅੱਪ, ਸ਼ਟਰ-ਡਾਊਨ।"
…ਤੇ ਅੱਜ ਤੀਕ ਬਾਬਾ ਸੀਟੀਆਂ ਵਾਲਾ, ਸੀਟੀ ਵਜਾਅ-ਵਜਾਅ ਕੇ ਸੜਕਾਂ ਉੱਤੇ ਕੂਕਦਾ ਫਿਰਦਾ ਹੈ। "ਸ਼ਟਰ-ਡਾਊਨ, ਸ਼ਟਰ-ਅੱਪ…ਵਨ-ਟੂ-ਥਰੀ-ਫੋਰ---ਨਾ ਕੋਈ ਮੁਰਗਾ, ਨਾ ਕੋਈ ਮੋਰ…ਨਾ ਕੋਈ ਸੰਤ, ਨਾ ਕੋਈ ਚੋਰ…ਨਾ ਕੋਈ ਵਿੰਡੋ, ਨਾ ਕੋਈ ਡੋਰ…ਸ਼ਟਰ-ਅੱਪ, ਸ਼ਟਰ-ਡਾਊਨ---ਲੈਫ਼ਟ-ਰਾਈਟ, ਢਿੰਬਰੀ-ਟਾਈਟ…ਸ਼ਟਰ-ਅੱਪ, ਸ਼ਟਰ-ਡਾਊਨ।"

No comments:

Post a Comment