Wednesday, April 22, 2009

ਚੌਕ ਵਿਚ ਦਿਸਦਾ ਸ਼ਹਿਰ :: ਲੇਖਕ : ਬਲਦੇਵ ਸਿੰਘ


ਪੰਜਾਬੀ ਕਹਾਣੀ : ਚੌਕ ਵਿਚ ਦਿਸਦਾ ਸ਼ਹਿਰ... :: ਲੇਖਕ : ਬਲਦੇਵ ਸਿੰਘ : ਸੰਪਰਕ :- 98147-83069.
ਪੋਸਟਿੰਗ : ਮਹਿੰਦਰ ਬੇਦੀ ਜੈਤੋ Í ਮੁਬਾਇਲ : 94177-30600.


ਆਪਣੇ ਨਗਰ ਦੀ ਹੱਦ 'ਤੇ ਆ ਕੇ, ਅਚਾਨਕ ਉਹਦੇ ਪੈਰ ਰੁਕ ਗਏ। ਜਿਵੇਂ ਅੰਗਿਆਰਾਂ 'ਤੇ ਪੈਰ ਰੱਖਣੋਂ ਤ੍ਰਹਿ ਜਾਂਦਾ ਹੈ। ਜਿਵੇਂ ਕੋਈ ਵਰ੍ਹਿਆਂ ਬਾਅਦ ਪਰਤਿਆ, ਆਪਣੇ ਘਰ ਦੀਆਂ ਬਰੂਹਾਂ ਲੰਘਣੋਂ ਝਿਜਕ ਜਾਂਦਾ। ਆਪਣਿਆਂ ਦੇ ਸਨਮੁੱਖ ਕਿਵੇਂ ਹੋਵੇਗਾ ਉਹ ? ਮਨ ਦੀ ਸਹਿਜ ਅਵਸਥਾ ਉਲਾਰ ਹੋ ਜਾਂਦੀ ਹੈ। ਭਾਵੁਕਤਾ-ਵਸ ਅੱਖਾਂ ਦੇ ਸਮੁੰਦਰ ਛਲਕਦੇ ਹਨ। ਗਲ ਭਰ ਆਉਂਦਾ ਹੈ।

ਅਜਿਹੇ ਮਨੋਵੇਗ ਵਿਚ ਹੀ, ਉਸਨੇ ਆਪਣੇ ਵਤਨ ਦੀ ਮਿੱਟੀ ਨੂੰ ਚੁੰਮ ਕੇ ਮੱਥੇ ਨਾਲ ਲਾਇਆ। ਜਿਸ ਦੀ ਮਹਿਕ ਲਈ ਉਹ ਸਦੀਆਂ ਤੋਂ ਤਰਸ ਰਿਹਾ ਸੀ। ਪਰ ਹੈਰਾਨ ਹੋਇਆ…ਮਿੱਟੀ ਦੀ ਮਹਿਕ ਵਿਚੋਂ ਇਹ ਕੇਹੀ ਸੜਿਆਂਦ ਆ ਰਹੀ ਹੈ ?

ਸ਼ਾਹਮਾਰਗ ਦੇ ਦੋਹੀਂ ਪਾਸੀਂ ਦੇਖਿਆ…ਬ੍ਰਿਛਾਂ ਦੇ ਉਦਾਸ ਝੁੰਡ ਸਿਰ ਝੁਕਾਈ ਖੜ੍ਹੇ ਹਨ। ਟਾਹਣੀਆਂ ਰੁੰਡ ਮਰੁੰਡ ਹਨ। ਦਰਖ਼ਤਾਂ ਦੇ ਪੀਲੇ ਹੋਏ ਪੱਤੇ, ਬੀਮਾਰਾਂ ਵਾਂਗ ਸੋਗ 'ਚ ਡੁੱਬੇ ਹੋਏ ਹਨ। ਪੌਣ, ਥੱਕੀ-ਹਾਰੀ ਕਿਸੇ ਬੇਵਾ ਵਾਂਗ, ਹੌਲੀ ਹੌਲੀ ਸਿਸਕ ਰਹੀ ਹੈ। ਇਹ ਉਹੀ ਨਗਰ ਹੈ ? ਭੈ-ਭੀਤ ਹੋ ਕੇ ਉਹਨੇ ਇਧਰ ਉਧਰ ਦੇਖਿਆ, ਦੂਰ ਤੀਕਰ ਦਮ ਘੋਟੂ ਧੂੰਆਂ ਅਸਮਾਨ ਵੱਲ ਉੱਡ ਰਿਹਾ ਪ੍ਰਤੀਤ ਹੁੰਦਾ ਹੈ। ਸ਼ਾਇਦ, ਨਗਰ ਦੇ ਗਰਭ ਵਿਚ ਕੋਈ ਜੁਆਲਾ-ਮੁਖੀ ਪਿਘਲ ਰਿਹਾ ਹੈ, ਉਸ ਨੂੰ ਜਾਪਿਆ।

ਪ੍ਰਵਾਸੀ ਜੂਨ ਹੰਢਾ ਕੇ, ਵਰ੍ਹਿਆਂ ਬਾਅਦ ਉਹ ਪਰਤਿਆ ਹੈ। ਇਕ ਆਸ ਨਾਲ, ਇਹ ਧਰਤੀ ਆਪਣੀਆਂ ਬਾਹਾਂ ਖੋਲ੍ਹ ਕੇ, ਮਾਂ ਵਾਂਗ, ਉਸਨੂੰ ਆਪਣੀ ਗਲਵੱਕੜੀ ਵਿਚ ਲੈ ਲਏਗੀ। ਇਸ ਨਗਰ ਦੀਆਂ ਗਲੀਆਂ, ਬਾਜ਼ਾਰ ਸਕੇ ਭੈਣ-ਭਰਾਵਾਂ ਵਾਂਗ, ਉਸਦਾ ਸਵਾਗਤ ਕਰਨਗੇ ਤੇ ਇਹ ਨਗਰ ਇਕ ਪਿਉ ਵਾਂਗ, ਉਸਦੇ ਸਿਰ 'ਤੇ ਆਪਣਾ ਹੱਥ ਰੱਖੇਗਾ।

ਪਰ ਮਨ ਵਿਚ ਬੀਜੇ ਚਾਅ ਕਰੰਡ ਹੋ ਗਏ। ਇਹ ਕੇਹਾ ਛਲਾਵਾ ਹੈ ? ਧੁੱਪਾਂ ਨਿੱਘ ਨਹੀਂ ਦੇਂਦੀਆਂ। ਛਾਵਾਂ ਵਿਚੋਂ ਸੇਕ ਆਉਂਦਾ ਹੈ। ਜਿਨ੍ਹਾਂ ਬੁੱਢੇ ਬ੍ਰਿਛਾਂ 'ਤੇ ਚੜ੍ਹ ਕੇ ਉਹ ਖੇਡਿਆ ਕਰਦਾ ਸੀ, ਅੱਜ ਜਾਂ ਉਸ ਨੂੰ ਪਹਿਚਾਣਦੇ ਨਹੀਂ ਜਾਂ ਉਸ ਦੇ ਮੁੜ ਘਰ ਆਉਣ ਦੀਆਂ ਉਡੀਕਾਂ ਵਿਚ ਸੜ ਸੁੱਕ ਗਏ ਨੇ। ਸਮੇਂ ਗੁਜ਼ਰ ਗਏ ਹਨ, ਨਵੀਆਂ ਕਰੂੰਬਲਾਂ ਨਹੀਂ ਫੁੱਟਦੀਆਂ…ਟਾਹਣੀਆਂ 'ਤੇ ਫੁੱਲ ਨਹੀਂ ਖਿੜਦੇ।

ਮਨ ਅੰਦਰ ਚੁਭਨ ਜਿਹੀ ਮਹਿਸੂਸ ਹੋਈ। ਕੀ ਉਹ, ਇਸ ਨਗਰ ਲਈ ਅਜਨਬੀ ਹੋ ਗਿਆ ਹੈ ? ਜਦੋਂ ਮੈਂ ਇਸ ਦੀਆਂ ਦਹਿਲੀਜ਼ਾਂ 'ਤੇ ਦਸਤਕ ਦਿੱਤੀ ਤਾਂ ਮੈਨੂੰ ਜੀਅ ਆਇਆਂ ਕਹਿਣ ਲਈ ਕੋਈ ਨਹੀਂ ਆਇਆ।

ਆਪਣੇ ਮਨ ਅੰਦਰ, ਉਹਦੇ ਅਜਿਹੇ ਵਿਚਾਰਾਂ ਲਈ, ਉਸਨੂੰ ਆਪਣੇ ਆਪ 'ਤੇ ਗਿਲਾਨੀ ਆਈ। ਇਹ ਆਪਣਿਆਂ ਦੇ ਮੋਹ ਦਾ ਤ੍ਰਿਸਕਾਰ ਸੀ। ਇਹ ਆਪਣੇ ਵਤਨ ਦੀ ਮਿੱਟੀ ਦੀ ਤੌਹੀਨ ਸੀ। ਉਮਡਦੇ ਪਿਆਰ ਨਾਲ ਉਹ ਨਗਰ ਵੱਲ ਅਗਾਂਹ ਤੁਰਿਆ ਤਾਂ ਅਚਾਨਕ, ਸਾਵੀਆਂ ਟੋਪੀਆਂ, ਕਾਲੇ ਚਿਹਰਿਆਂ ਤੇ ਸੰਗੀਨਾਂ ਦੀ ਵਾੜ ਉਹਦੇ ਮੂਹਰੇ ਉੱਗ ਖਲੋਤੀ :

---ਕੌਣ ਹੈ ?
---ਕਿਥੋਂ ਆਇਆ ਹੈ ?
---ਕਿਥੇ ਜਾਣਾ ਹੈ ?
---ਕਿਉਂ ਆਇਆ ਹੈ ?

ਐਕਸਰੇ ਵਰਗੀਆਂ ਨਜ਼ਰਾਂ ਉਸ ਵਿਚੋਂ ਦੀ ਆਰ ਪਾਰ ਹੋਈਆਂ, ਤਾਂ ਉਸ ਨੇ ਮਹਿਸੂਸ ਕੀਤਾ---ਜਿਵੇਂ, ਉਸ ਨੂੰ ਚੀਰਿਆ ਰਿਹਾ ਹੈ। ਆਪਣੇ ਹੀ ਘਰ ਵਿਚ, ਆਪਣਿਆਂ ਦੇ ਸਾਹਮਣੇ, ਅਲਫ਼ ਨੰਗਾ ਕਰ ਦਿੱਤਾ ਗਿਆ ਹੈ। ਉਸਦਾ ਨਾਂ, ਵਲਦੀਅਤ, ਟਿਕਾਣਾ, ਕਿੱਤਾ, ਧਰਮ, ਸਭ ਕੁਝ ਨੋਟ ਕਰ ਲਿਆ ਗਿਆ ਹੈ, ਜਿਵੇਂ ਕਿਸੇ ਠਾਣੇ ਵਿਚ ਕਿਸੇ ਮੁਜਰਮ ਜਾਂ ਦਸ-ਨੰਬਰੀਏ ਬਦਮਾਸ਼ ਦਾ ਹੁਲੀਆ ਦਰਜ ਕੀਤਾ ਜਾਂਦਾ ਹੈ।

…ਸਾਵੀਆਂ ਟੋਪੀਆਂ ਤੇ ਸੰਗੀਨਾਂ ਉਸ ਨੂੰ ਨਗਰ ਵਿਚ ਪ੍ਰਵੇਸ਼ ਕਰਨ ਦਾ ਪਾਸ ਦਿੰਦੀਆਂ ਹਨ। ਆਤਮਾ ਨੇ ਵਿਦਰੋਹ ਕੀਤਾ---ਇਹ ਤਾਂ ਹੱਤਕ ਹੈ। ਆਪਣੀ ਮਾਂ ਦੀ ਗਲਵੱਕੜੀ ਵਿਚ ਜਾਣ ਲਈ, ਪੜੋਸੀਆਂ ਤੋਂ ਆਦੇਸ਼ ਲੈਣਾ ਹੋਵੇਗਾ ?

ਅਜਿਹੀ ਮਨੋਦਸ਼ਾ ਤੇ ਥਿੜਕਦੇ ਹੋਏ ਦਿਲ ਨਾਲ ਉਹ ਆਪਣੇ ਨਗਰ ਵਿਚ ਡਰਦਾ ਡਰਦਾ ਸ਼ਾਮਿਲ ਹੋਇਆ।…ਹੈਂਅ…! ਸਭ ਕੁਝ ਓਪਰਾ…ਤੇ ਬੇਪਛਾਣ। ਹਰ ਮੋੜ, ਹਰ ਚੌਕ, ਹਰ ਮੁੱਹਲਾ ਹਰ ਗਲੀ ਉਸ ਨੂੰ ਇਕ ਸ਼ੱਕ ਨਾਲ ਵੇਖਦੇ ਹਨ। ਕੁੱਤਿਆਂ ਵਾਂਗੂੰ ਉਸ ਨੂੰ ਸੁੰਘਣੇ ਹਨ ਤੇ ਕੁਝ ਪਰ੍ਹਾਂ ਜਾ ਕੇ ਬਦ-ਤਮੀਜੀ ਕਰਦੇ ਹਨ।

…ਲੋਕ ਹਰਲ ਹਰਲ ਕਰਦੇ, ਇਧਰ ਉਧਰ ਭੱਜ ਰਹੇ ਹਨ। ਕਿਸੇ ਵੱਡੇ ਰੇਲਵੇ ਸਟੇਸ਼ਨ ਦੇ ਪਲੈਟਫਾਰਮ ਜਿਹਾ ਸ਼ੋਰ ਹੈ।…ਕਾਰਾਂ ਦੇ ਹਾਰਨ, ਰਿਕਸ਼ਿਆਂ ਦੀਆਂ ਘੰਟੀਆਂ, ਲਾਲ ਟੋਪੀਆਂ ਦੀਆਂ ਵਿਸਲਾਂ, ਰੇੜ੍ਹਿਆਂ ਦੀ ਖਟ ਖਟ, ਰੇਲਵੇ ਇੰਜਣਾਂ ਦੀ ਦਹਾੜ। ਹਰ ਕੋਈ ਇਕ ਦੂਜੇ ਵਿਚ ਵੱਜ ਰਿਹਾ ਹੈ, ਉਲਝ ਰਿਹਾ ਹੈ, ਲੜ ਰਿਹਾ ਹੈ, ਹੱਥੋਪਾਈ ਹੋ ਰਿਹਾ ਹੈ। ਹਰ ਕੋਈ ਪਾਗਲ ਜਾਪਦਾ ਹੈ। ਕਾਹਲ ਵਿਚ ਹੈ, ਜਿਵੇਂ ਕਿਧਰੇ ਅੱਗ ਲੱਗੀ ਹੈ, ਤੇ ਉਸ ਨੇ ਬੁਝਉਣ ਜਾਣਾ ਹੈ।

ਅਚਾਨਕ ਉਸ ਦੀਆਂ ਅੱਖਾਂ ਸੁੰਗੜੀਆਂ, ਫੈਲੀਆਂ…ਤੇ ਫਿਰ ਫੈਲੀਆਂ ਦੀਆਂ ਫੈਲੀਆਂ ਰਹਿ ਗਈਆਂ।

ਅੱਗੇ ਚੌਕ ਵਿਚ ਇਕ ਦੋ ਪੈਰਾਂ ਵਾਲੇ ਜੀਵ ਦੀ ਲਾਸ਼ ਪਈ ਹੈ।

ਭੀੜ, ਇਕ ਦੂਜੇ ਵਲ ਦੇਖੇ ਬਿਨਾਂ, ਪਹਿਚਾਣੇ ਬਿਨਾਂ, ਇਕ ਦੂਸਰੇ ਦੇ ਮੋਢਿਆਂ ਉਪਰੋਂ ਦੀ ਝਾਕਦੀ ਹੈ। ਉਹਨਾਂ ਨਾਲ ਘਸਰਦੀ ਹੈ। ਹਰ ਨਿਗਾਹ, ਦੂਸਰੀ ਨਿਗਾਹ ਨੂੰ ਸ਼ੱਕ ਨਾਲ ਦੇਖਦੀ ਹੈ ; ਕਤਲ ਦੀ ਬੂਅ ਸੁੰਘਦੀ ਹੈ ; ਤੇ ਸਹਿਮ ਨਾਲ ਸਲ੍ਹਾਬੀ ਹਵਾ ਵਿਚ ਅਫਵਾਹਾਂ ਦਾ ਘੁਸਰ-ਮੁਸਰ ਉਭਰਦੀ ਹੈ।

ਕੌਣ ਹੈ ?
ਪਤਾ ਨਹੀਂ ?
ਹਿੰਦੂ ਹੈ ?
ਹਿੰਦੂ ਨਹੀਂ ਹੈ।
ਸਿੱਖ ਹੈ ?
ਸਿੱਖ ਵਰਗਾ ਤਾਂ ਲਗਦਾ ਨਹੀਂ।
ਮੁਸਲਮਾਨ ਹੈ ?
ਅਤਿਵਾਦੀ ਹੈ ?

ਅਫ਼ਵਾਹਾਂ ਦੀ ਧੁੰਦ ਹੋਰ ਸੰਘਣੀ ਹੋ ਜਾਂਦੀ ਹੈ। ਭੀੜ ਦੀਆਂ ਅੱਖਾਂ ਵਿੱਚ ਸਹਿਮੀ ਜਿਹੀ ਉਤੇਜਨਾ ਹੈ।

ਉਸ ਨੇ ਦੇਖਿਆ, ਇਕ ਪਾਸੇ ਸਾਵੀਆਂ ਟੋਪੀਆਂ ਦੀ ਕੰਧ ਮੱਥੇ 'ਚ ਸੰਗੀਨਾਂ ਦੀ ਤਿਉੜੀ ਪਾਈ ਖੜੀ ਹੈ।

ਜਦੋਂ ਉਹ ਘੂਰਦੀਆਂ ਅੱਖਾਂ ਉਸ ਵਲ ਉਠੀਆਂ ਤਾਂ ਉਹ ਚੌਕ ਤੋਂ ਇਕ ਪਾਸੇ ਵੱਲ ਖਿਸਕਣ ਲੱਗਾ। ਉਥੇ ਸੜਕ ਕਿਨਾਰੇ ਇਕ ਕੁੱਤੇ ਦੀ ਲਾਸ਼ ਪਈ ਸੀ। ਸ਼ਾਇਦ ਕੋਈ ਵਾਹਨ ਕੁਚਲ ਗਿਆ ਹੈ। ਕੁੱਤੇ ਦੇ ਗਲ ਵਿਚ ਪਟਾ ਹੈ। ਨਗਰ ਦਾ ਇਕ ਕਾਲਾ ਕੋਟ ਇਸ ਦਾ ਮਾਲਕ ਹੋਣ ਦਾ ਦਾਅਵਾ ਕਰ ਰਿਹਾ ਹੈ। ਸਬੱਬ ਨਾਲ ਹਾਦਸੇ ਵੇਲੇ ਉਸ ਨੇ ਵਾਹਨ ਦਾ ਨੰਬਰ ਨੋਟ ਕਰ ਲਿਆ ਸੀ ਤੇ ਹੁਣ ਹਰਜਾਨੇ ਲਈ ਨਗਰ ਦੇ ਵੱਡੇ ਹਾਕਮ ਕੋਲ ਸ਼ਿਕਾਇਤ ਕਰਨ ਦੀ ਉਸਨੇ ਧਮਕੀ ਦਿੱਤੀ ਹੈ। ਦੋ ਪੈਰਾਂ ਵਾਲੇ ਜੀਵ ਨੂੰ ਤਾਂ ਕੋਈ ਅਣਪਛਾਤਾ ਮਨੁੱਖ ਹੀ ਮਾਰ ਗਿਆ ਹੈ। ਤਫਤੀਸ਼ ਨਹੀਂ ਹੋ ਸਕਦੀ। ਇਸ ਲਈ, ਦੋ ਪੈਰਾਂ ਵਾਲੇ ਜੀਵ ਦੀ ਲਾਸ਼ ਨੂੰ ਲਾਵਾਰਿਸ ਕਰਾਰ ਦੇ ਦਿੱਤਾ ਗਿਆ ਹੈ। ਉਧਰ, ਕਾਲੇ ਕੋਟ ਤੋਂ ਡਰਦਿਆਂ, ਕੁੱਤੇ ਦੇ ਕਾਤਲਾਂ ਦੀ ਖੋਜ ਦਾ ਹੁਕਮ ਜਾਰੀ ਹੋ ਗਿਆ ਹੈ।

ਕੁਝ ਪਲ ਖੜ੍ਹਾ, ਉਹ ਦੋਹਾਂ ਲਾਸ਼ਾਂ ਵੱਲ ਤੱਕਦਾ ਰਿਹਾ, ਫਿਰ ਉਸਨੇ ਦੇਖਿਆ, ਚੌਕ ਦੀ ਭੀੜ ਗਲੀਆਂ ਬਜ਼ਾਰਾਂ ਵੱਲ ਵਹਿਣ ਲੱਗੀ ਹੈ; ਜਿਵੇਂਇਕ ਥਾਂ ਇਕੱਠਾ ਹੋਇਆ ਗੰਦਾ ਪਾਣੀ ਨੀਵੇਂ ਛੱਪੜ ਵੱਲ ਤੁਰ ਪੈਂਦਾ ਹੈ।

ਕੁਰਬਲ ਕੁਰਬਲ ਕਰਦੇ ਕੀੜਿਆਂ ਵਾਂਗ, ਸੁਰਲ ਸੁਰਲ ਕਰਦੇ ਲੋਕਾਂ ਵਿਚ ਉਹ ਅਗਾਂਹ ਜਾਣੋਂ ਡਰ ਗਿਆ, ਜਿਵੇਂ ਮੱਚਦੀ ਅੱਗ ਵਿਚ ਪ੍ਰਵੇਸ਼ ਕਰਨ ਤੋਂ ਉਹ ਝਿਜਕਦਾ ਹੋਵੇ।

ਉਸਨੇ ਦੇਖਿਆ, ਨਗਰ ਦੇ ਵਿਚਕਾਰ ਕੂੜੇ ਦਾ ਢੇਰ ਹੈ। ਛੋਟੀਆਂ ਛੋਟੀਆਂ ਹੱਥ ਗੱਡੀਆਂ ਆ ਰਹੀਆਂ ਹਨ। ਕੂੜੇ ਦੀਆਂ ਉਲਟੀਆਂ ਕਰਦੀਆਂ ਹਨ। ਫਿਰ ਕੂੜਾ ਖਾਣ ਚਲੀਆਂ ਜਾਂਦੀਆਂ ਹਨ। ਤਿੱਖੀ, ਖੱਟੀ ਬੂਅ ਆ ਰਹੀ ਹੈ। ਉਸ ਨੇ ਆਪਣਾ ਨੱਕ ਬੰਦ ਕਰਨਾ ਚਾਹਿਆ, ਪਰ ਇਹ ਕੀ ਵੇਖਦਾ ਹੈ ? ਕੂੜੇ ਦੇ ਢੇਰ 'ਤੇ ਕੁਝ ਨੰਗ-ਧੜੰਗੇ, ਕਾਲੇ ਕਲੂਟੇ, ਵੀਹਵੀਂ ਸਦੀ ਦੇ ਬਾਲ, ਗੁਥਮਗੁੱਥਾ ਹੋ ਰਹੇ ਹਨ। ਪਲਾਸਟਿਕ ਦੇ ਲਿਫ਼ਾਫ਼ੇ, ਕਾਗਜ਼ਾਂ ਦੇ ਟੁਕੜੇ, ਟੁੱਟੇ ਕੱਚ ਦੀਆਂ ਕਿਰਚਾਂ ਦਾ ਖ਼ਜਾਨਾ ਉਹ ਫਰੋਲ ਰਹੇ ਹਨ। ਅਨੀਮੀਆ ਕਾਰਨ ਸੁੱਜੇ ਪੈਰ, ਬੇਢੰਗੇ ਵਧੇ ਪੇਟ ਤੇ ਵਗਦੇ ਨੱਕ ਲਈ, ਉਹ ਹੱਸ ਰਹੇ ਹਨ। ਨਾ ਉਹਨਾਂ ਨੂੰ ਚੌਕ ਵਿਚ ਪਈ ਲਾਸ਼ ਦਾ ਫ਼ਿਕਰ ਹੈ, ਨਾ ਉਹਨਾਂ ਨੂੰ ਸਾਵੀਆਂ ਟੋਪੀਆਂ ਤੋਂ ਡਰ ਆਉਂਦਾ ਹੈ। ਲੱਗਦਾ ਹੈ, ਇਹ ਨਿੱਕੇ ਬਾਲ ਕੂੜੇ ਦੇ ਢੇਰ ਵਿਚੋਂ ਇੱਕੀਵੀਂ ਸਦੀ ਦੇ ਨਕਸ਼ ਤਰਾਸ਼ਣ ਵਿਚ ਰੁੱਝੇ ਹੋਏ ਹਨ। ਠੀਕ, ਕੂੜੇ ਦੇ ਢੇਰ ਦੇ ਉਧਰ ਵਲ ਉਸਦੀ ਨਿਗਾਹ ਉੱਠੀ। ਇਕ ਪੋਸਟਰ ਪੜ੍ਹਦਿਆਂ ਉਹਦੇ ਬੁੱਲ੍ਹਾਂ 'ਤੇ ਮੁਸਕਰਾਹਟ ਫੈਲ ਗਈ।

'ਸਫੇਦ ਚਮਕਾਰ…ਬਾਰ ਬਾਰ…।…ਲਗਾਤਾਰ।'

ਬਦਬੂ ਭਰੀ ਧੂੜ, ਚੁਫੇਰੇ ਫੈਲੀ ਹੋਈ ਹੈ। ਮੁਖ ਸੜਕ 'ਤੇ, ਬਜ਼ਾਰਾਂ ਵਿਚ, ਗਲੀਆਂ ਵਿਚ, ਘਰਾਂ ਦੀਆਂ ਕੰਧਾਂ 'ਤੇ, ਬ੍ਰਿਛਾਂ ਤੇ, ਫੁੱਲਾਂ 'ਤੇ, ਪੀਲੇ ਪੱਤਿਆਂ 'ਤੇ, ਨਗਰ ਵਾਸੀਆਂ ਦੇ ਮਨਾਂ ਅੰਦਰ ਜੰਮ ਰਹੀ ਹੈ, ਬਾਰ ਬਾਰ…ਲਗਾਤਾਰ।

ਉਹ ਪ੍ਰੇਸ਼ਾਨ ਹੋ ਉਠਿਆ, ਇਹ ਕਿਹੇ ਮਕਾਨ ? ਆਪਣਿਆਂ ਨੂੰ ਜੀਅ ਆਇਆਂ ਨਹੀ ਆਖਦੇ। ਇਹ ਕਿਹੀ ਧਰਤੀ ਹੈ ? ਪੈਰਾਂ ਹੇਠੋਂ ਫਿਸਲਦੀ ਜਾ ਰਹੀ ਹੈ ; ਇਹ ਕੇਹਾ ਅਸਮਾਨ ਹੈ ? ਪਰ ਪਲ ਦੂਰ, ਹੋਰ ਦੂਰ, ਹੁੰਦਾ ਜਾ ਰਿਹਾ ਹੈ।

ਉਦਾਸ ਤੇ ਨਿਰਾਦਰਿਆ ਜਿਹਾ, ਉਹ ਨਗਰ ਦੀ ਇਕ ਪਾਰਕ ਵਿਚ ਆ ਖਲੋਤਾ। ਸੋਚਿਆ, ਕਿਸੇ ਬੈਂਚ ਉਪਰ ਬੈਠ ਕੇ ਆਰਾਮ ਕਰੇਗਾ। ਉਥਲ ਪੁਥਲ ਹੋਏ ਮਨ ਨੂੰ ਸ਼ਾਂਤ ਕਰੇਗਾ। ਪਰ ਪਾਰਕ ਵਿਚ ਖਲੋਤੇ ਬੁੱਤਾਂ ਵੱਲ ਵੇਖ ਕੇ, ਉਹ ਹੋਰ ਵੀ ਪ੍ਰੇਸ਼ਾਨ ਹੋ ਉਠਿਆ। ਕੋਈ ਰਾਜਨੀਤਕ ਨੇਤਾ ਹੈ। ਕੋਈ ਸਮਾਜ ਸੁਧਾਰਕ ਹੈ। ਕਿਸੇ ਨੇ ਯੁੱਧ ਵਿਚ ਨਾਮਣਾ ਖੱਟਿਆ ਹੈ। ਇਹਨਾਂ ਸਾਰਿਆਂ ਨੇ ਕਦੇ, ਇਸ ਮੁਲਕ ਲਈ ਮਹਾਨ ਕੁਰਬਾਨੀਆਂ ਕੀਤੀਆਂ ਸਨ। ਇਹਨਾਂ ਦੀਆਂ ਅੱਖਾਂ, ਜਿਹਨਾਂ ਵਿਚ ਕਦੇ ਕੁਰਬਾਨੀ ਦਾ ਨੂਰ ਡਲ੍ਹਕਦਾ ਸੀ, ਅੱਜ ਬਦਬੂ ਮਾਰਦੀ ਧੂੜ ਨੇ ਨਿਰਜਿੰਦ ਬਣਾ ਦਿੱਤੀਆਂ ਹਨ। ਇਹਨਾਂ ਦਾ ਲਹੂ, ਜਿਹੜਾ ਕਦੇ ਜੋਸ਼ ਵਿਚ ਉਬਾਲੇ ਖਾਂਦਾ ਸੀ, ਅੱਜ ਪਹਾੜਾਂ ਦੀਆਂ ਉੱਚੀਆਂ ਚੋਟੀਆਂ 'ਤੇ ਪਈ ਬਰਫ਼ ਵਾਂਗ, ਪੱਥਰਾਂ ਤੇ ਤਾਂਬੇ ਦੀਆਂ ਨਾੜਾਂ ਵਿਚ ਜੰਮ ਗਿਆ ਹੈ।

ਸਾਰੇ ਦੇ ਸਾਰੇ ਬੁੱਤ ਨੀਵੀਆਂ ਪਾਈ ਸ਼ਰਮਸਾਰ ਹੋਏ ਖੜ੍ਹੇ ਹਨ। ਕਿਸੇ ਦਾ ਸਿਰ ਧੜ ਨਾਲੋਂ ਵੱਖ ਕਰ ਦਿੱਤਾ ਗਿਆ ਹੈ। ਕਿਸੇ ਦੇ ਚਿਹਰੇ ਉਪਰ ਲੁੱਕ ਮਲੀ ਹੋਈ ਹੈ। ਕਿਸੇ ਦੇ ਹੱਥ ਕੱਟੇ ਹੋਏ ਹਨ। ਕਿਸੇ ਦੀਆਂ ਬਹਾਦਰੀਆਂ 'ਤੇ ਕਿੰਤੂ ਕੀਤਾ ਹੋਇਆ ਹੈ। ਕਿਸੇ ਦੇ ਨਾਮ ਥੱਲੇ ਅਪਮਾਨ ਭਰੇ ਸ਼ਬਦ ਲਿਖੇ ਹੋਏ ਹਨ।

ਇਸ ਦੇਸ਼ ਵੱਲੋਂ, ਇਹਨਾਂ ਮਹਾਂਪੁਰਸ਼ਾਂ ਨੂੰ ਇਹ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ ਹਨ।

ਉਸ ਦੀਆਂ ਅੱਖਾਂ ਵਿਚ ਨਮੀ ਆ ਗਈ ਤੇ ਚਿਹਰੇ ਉਪਰ ਉਦਾਸ ਮੁਸਕਰਾਹਟ ਉੱਭਰ ਆਈ।

ਅਚਾਨਕ ਉਹ ਡਰ ਗਿਆ। ਲੋਕ ਅੰਨ੍ਹੇਵਾਹ ਦੌੜਨ ਲੱਗੇ ਹਨ। ਚੁਫੇਰੇ ਭਗਦੜ ਮਚ ਗਈ ਹੈ। ਫ਼ਿਜ਼ਾ ਵਿਚ ਭਿਆਨਕ ਕੁਰਲਾਹਟ ਹੈ। ਦੁਕਾਨਾਂ ਦੇ ਸ਼ਟਰ ਹੇਠਾਂ ਡਿੱਗਣੇ ਸ਼ੁਰੂ ਹੋ ਗਏ ਹਨ। ਹਰ ਕੋਈ ਆਪਣੀਆਂ ਆਪਣੀਆਂ ਕੰਧਾਂ ਦੀ ਹਿਫ਼ਾਜਤ ਵੱਲ ਭੱਜਿਆ ਜਾ ਰਿਹਾ ਹੈ।

ਬਾਜ਼ਾਰ ਵਿਚ ਸਟੇਨਗੰਨਾਂ ਨੇ ਮੌਤ ਦੀ ਉਲਟੀ ਕੀਤੀ ਹੈ।

ਬੁੱਤਾਂ ਦੀ ਓਟ ਲੈਂਦਿਆਂ, ਉਸ ਨੇ ਦੇਖਿਆ, ਵੇਲੇ ਦਾ ਪ੍ਰਬੰਧ, ਗੂੰਗਾ, ਬੋਲਾ ਤੇ ਅੰਨ੍ਹਾਂ ਹੋਣ ਦਾ ਨਾਟਕ ਕਰਦਾ ਹੈ। ਸਾਵੀਆਂ ਟੋਪੀਆਂ ਨੇ ਕੰਨਾਂ ਵਿਚ ਸਿੱਕਾ ਢਾਲ ਲਿਆ ਹੈ। ਸੰਗੀਨਾਂ ਦੀਆਂ ਅੱਖਾਂ ਵਿਚ ਕਾਲਾ ਮੋਤੀਆ ਉਤਰ ਆਇਆ ਹੈ।

ਜਾਪਿਆ, ਇਹਨਾਂ ਵਿਚਕਾਰ ਇਕ ਸੰਧੀ ਹੈ। ਜਦੋਂ ਇਹ ਹੁੰਦੇ ਹਨ, ਤਾਂ ਉਹ ਨਹੀਂ ਹੁੰਦੇ। ਤੇ ਜਦੋਂ ਉਹ ਹੁੰਦੇ ਹਨ ਤਾਂ ਇਹ ਨਹੀਂ ਹੁੰਦੇ।

ਜਦੋਂ ਖਤਰਾ ਟਲ ਗਿਆ ਤਾਂ ਟੋਪੀਆਂ ਤੇ ਬੂਟ ਹਰਕਤ ਵਿਚ ਆ ਗਏ। ਵਾਇਰਲੈਸਾਂ 'ਤੇ ਸੰਦੇਸ਼ ਭੇਜੇ ਜਾਣ ਲੱਗੇ। ਜੰਗ ਖਾਧੀ ਸਰਕਾਰੀ ਮਸ਼ੀਨਰੀ ਹਰਕਤ ਵਿਚ ਆ ਗਈ ਹੈ। ਹੋਰ ਫੋਰਸ ਮੰਗਵਾਈ ਜਾ ਰਹੀ ਹੈ। ਹੇਠਾਂ ਤੋਂ ਉਪਰ, ਉਪਰ ਤੋਂ ਹੇਠਾਂ ਤਕ ਸੰਦੇਸ਼ ਆਉਣ ਲੱਗੇ ਹਨ, ਜਾਣ ਲੱਗੇ ਹਨ। ਇਲਾਕੇ ਦੀ ਨਾਕਾਬੰਦੀ ਕਰ ਲਈ ਗਈ ਹੈ। ਦਰਖ਼ਤਾਂ ਦੇ ਪੀਲੇ ਪੱਤੇ ਵੀ ਡਿੱਗਦੇ ਹਨ ਤਾਂ ਛਾਣ ਬੀਣ ਹੁੰਦੀ ਹੈ। ਮੁਹੱਲਿਆਂ ਤੇ ਘਰਾਂ ਦੀ ਤਲਾਸ਼ੀ ਲਈ ਜਾ ਰਹੀ ਹੈ। ਸ਼ੱਕ ਵਿਚ ਹੋਰਾਂ ਦੇ ਨਾਲ ਨਾਲ ਉਸ ਅਜਨਬੀ ਨੂੰ ਵੀ ਹਿਰਾਸਤ ਵਿਚ ਲੈ ਲਿਆ ਗਿਆ ਹੈ।

ਲੰਘ ਗਏ ਸੱਪ ਦੀ ਲਕੀਰ ਨੂੰ ਪਿੱਟਦਿਆਂ ਧਰਤੀ ਤੇ ਨੀਲ ਉਭਰ ਆਏ ਹਨ। ਨਗਰ ਦਾ ਚੌਕ, ਬਾਜ਼ਾਰ ਖ਼ਾਲੀ ਹੋ ਗਏ ਹਨ। ਹਾਲਾਤ ਮਾਮੂਲ 'ਤੇ ਨਹੀਂ ਹਨ।

ਹਿਰਾਸਤ ਵਿਚ ਬੈਠਿਆਂ ਹੀ ਉਸਨੇ ਸੁਣਿਆਂ, ਧਾਰਮਿਕ ਗ੍ਰੰਥਾਂ ਦਾ ਜਲੂਸ ਬਾਜ਼ਾਰ ਵਿਚ ਫੁੰਕਾਰੇ ਮਾਰ ਰਿਹਾ ਹੈ। ਮਰਿਆਦਾ ਦੇ ਸੱਪਾਂ ਨੇ ਨਗਰ ਨੂੰ ਡੰਗ ਲਿਆ ਹੈ ਤੇ ਜ਼ਹਿਰ ਹੌਲੀ ਹੌਲੀ ਫੈਲਦਾ ਜਾ ਰਿਹਾ ਹੈ। ਸੰਗੀਨਾਂ ਦੀ ਸ਼ਹਿ 'ਤੇ ਗਿੱਦੜਾਂ ਨੇ ਸ਼ੇਰਾਂ ਦੇ ਮੁਖੌਟੇ ਪਹਿਨ ਕੇ ਸੁੰਨੇ ਹੋਏ ਬਾਜ਼ਾਰ ਤੋਂ ਸਲਾਮੀ ਲਈ। ਆਦਮ-ਬੋ, ਆਦਮ-ਬੋ ਦਾ ਕੁਰਲਾਹਟ ਲਹੂ ਦੀ ਲਾਲੀ ਚੂਸ ਗਿਆ। ਭੇਡਾਂ, ਬਕਰੀਆਂ ਤੇ ਖਰਗੋਸ਼ਾਂ ਦੀ ਫਸਲ ਸੜ ਰਹੇ ਪੁਰਾਣੇ ਟਾਇਰਾਂ ਦੀ ਅੱਗ ਵਿਚ ਝੁਲਸ ਗਈ।

ਬੇਨਿਯਮੇ, ਪਖੰਡੀ ਸੈਕਲਰਇਜ਼ਮ ਦੇ ਨਾਅਰੇ ਬਾਜ਼ਾਰਾਂ ਵਿਚ ਹਵਾਂਕਣ ਲੱਗੇ। ਬੇਰੁਜ਼ਗਾਰੀ ਨੇ ਅੱਤਵਾਦ ਦਾ ਚੋਲਾ ਪਹਿਨਿਆ ਤੇ ਹਨੇਰੀਆਂ ਤੰਗ ਗਲੀਆਂ ਵੱਲ ਭੱਜ ਤੁਰੀ। ਫ਼ਿਰਕਾਪ੍ਰਸਤੀ ਤਾਂਡਵ ਨਾਚ ਨੱਚਣ ਲੱਗੀ ਤੇ ਉਸ ਨੇ ਹਾਕਮਾਂ ਲਈ ਵੋਟ ਬੈਂਕਾਂ ਦੇ ਖਾਤੇ ਖੋਹਲਣ ਦਾ ਐਲਾਨ ਕੀਤਾ।

ਰੋਹ ਵਿਚ ਆਈ ਤੇ ਭੜਕੀ ਹੋਈ ਭੀੜ ਵਿਚ ਉਹ ਨੌਜਵਾਨ ਵੀ ਹਨ, ਜਿਨ੍ਹਾਂ ਦੀਆਂ ਕੱਛਾਂ ਵਿਚ ਡਿਗਰੀਆਂ ਹਨ। ਉਹ ਵੀ ਹਨ, ਜਿਹੜੇ ਕਲ੍ਹ ਖੇਤਾਂ ਦੇ ਮਾਲਕ ਸਨ, ਪਰ ਅੱਜ ਬੇਜ਼ਮੀਨੇ ਹੋਏ ਸੜਕਾਂ 'ਤੇ ਭਟਕ ਰਹੇ ਹਨ। ਨੌਕਰੀਆਂ ਨਹੀਂ ਹਨ, ਕੰਮ ਨਹੀਂ ਹੈ। ਰੋਟੀ ਨਹੀਂ ਹੈ। ਭੀੜ ਉਤੇਜਿਤ ਹੋਣ ਲੱਗੀ ਤਾਂ, ਕਰਫਿਊ ਦਾ ਵੱਡਾ ਜਬਾੜਾ ਖੁੱਲ੍ਹਿਆ ਤੇ ਉਸ ਅੰਦਰ ਭੀੜਾਂ…ਰੌਣਕਾਂ…ਜਲਸੇ…ਸਬਜ਼ੀਆਂ…ਦੁੱਧ…ਦਵਾਈਆਂ…ਆਸਾਂ, ਉਮੀਦਾਂ…ਸੁਪਨੇ…ਲੋਕਾਂ ਦੇ ਮਨ ਦਾ ਅਕਰੋਸ਼ ਸਭ ਬੰਦ ਹੋ ਗਏ ਤੇ ਕਰਫਿਊ ਕਿਸੇ ਆਫ਼ਰੇ ਪਸ਼ੂ ਵਾਂਗ ਉਸਲਵੱਟੇ ਲੈਣ ਲੱਗਾ।

ਸ਼ਾਂਤ ਸਥਿਤੀ ਲਈ, ਹਾਕਮਾਂ ਕੋਲ ਅਜਿਹੇ ਬੜੇ ਸਾਧਨ ਹਨ।

ਸਮੁੱਚਾ ਨਗਰ, ਮਕਾਨਾਂ ਦਾ ਕਬਰਸਤਾਨ ਬਣ ਗਿਆ। ਕੇਵਲ ਸਾਵੀਆਂ ਟੋਪੀਆਂ ਜਾਗਦੀਆਂ ਹਨ। ਬੂਟ ਜਾਗਦੇ ਹਨ। ਬੰਦੂਕਾਂ ਜਾਗਦੀਆਂ ਹਨ। ਚੌਕ ਵਿਚ ਪਈ ਲਾਸ਼ ਦੀ ਲਗਾਤਾਰ ਰਖਵਾਲੀ ਕੀਤੀ ਜਾ ਰਹੀ ਹੈ। ਜਦੋਂ ਇਹ ਮਨੂੱਖ ਲਾਸ਼ ਨਹੀਂ ਸੀ ਬਣਿਆ, ਉਦੋਂ ਇਸ ਦੀ ਹਿਫ਼ਾਜਤ ਕਰਨ ਵਾਲਾ ਕੋਈ ਨਹੀਂ ਸੀ।

ਸੰਗੀਨਾਂ ਦੇ ਪਹਿਰੇ ਵਿਚ ਘਿਰਿਆ, ਉਹ ਸੋਚ ਰਿਹਾ ਹੈ, ਆਪਣੀ ਰਖਵਾਲੀ ਕਰਾਉਣ ਲਈ ਹਰੇਕ ਨੂੰ ਚੌਕ ਜਾਂ ਬਾਜ਼ਾਰ ਵਿਚ ਮਰਨਾ ਪੈਣਾ ਹੈ। ਜਿਹੜੀ ਬਸ 'ਤੇ ਸਫ਼ਰ ਕਰਕੇ ਇਸ ਨਗਰ ਤੱਕ ਪਹੁੰਚਿਆ ਸੀ, ਉਸ ਵਿਚ ਲਿਖਿਆ ਸੀ, 'ਸਵਾਰੀ ਆਪਣੇ ਸਾਮਾਨ ਤੇ ਆਪਣੀ ਜਾਨ ਦੀ ਖ਼ੁਦ ਜੁੰਮੇਵਰ ਹੈ।'

ਹਨੇਰੀ ਰਾਤ ਜਿਹਾ ਹੀ, ਉਦਾਸ ਕਾਲਾ ਦਿਨ ਚੜ੍ਹਿਆ। ਇਕ ਭਿਆਨ ਆਵਾਜ਼ ਨਾਲ ਕਰਫਿਊ ਦੇ ਆਫ਼ਰੇ ਪਸ਼ੂ ਨੇ ਸਾਰਾ ਕੁਝ ਜਿਉਂ ਦਾ ਤਿਉਂ ਉਗਲ ਦਿੱਤਾ। ਜਿਵੇਂ ਕੋਈ ਸ਼ਰਾਬੀ ਖਾਧਾ ਪੀਤਾ, ਅਣਪਚਿਆ ਬਾਹਰ ਕੱਢਦਾ ਹੈ।

ਅਖ਼ਬਾਰਾਂ ਵਿਚੋਂ, ਕੂੜੇ ਦੇ ਢੇਰ ਜਿਹੀ ਸੜਿਆਂਦ ਮਾਰਦੀ ਹੈ। ਸੁਰਖ਼ੀਆਂ ਡੰਗ ਮਾਰਦੀਆਂ ਹਨ। ਕਿੰਨੇ ਫੜੇ ਗਏ, ਕਿੰਨੇ ਮਾਰੇ ਗਏ, ਕਿੰਨੀਆਂ ਸੰਧੀਆਂ ਹੋਣ ਜਾ ਰਹੀਆਂ ਹਨ।…ਖੋਹਾਂ---ਬੈਂਕ ਡਕੈਤੀਆਂ---ਪੁਲਿਸ ਮੁਕਾਬਲੇ।

'ਗ਼ੈਰ ਸਰਕਾਰੀ ਸੂਤਰਾਂ ਤੋਂ ਪਤਾ ਲੱਗਿਆ ਹੈ, ਕੱਲ ਬਾਜ਼ਾਰ ਵਿਚ, ਸਟੇਨਗੰਨਾਂ ਨੇ ਮੌਤ ਦੀ ਵਾਛੜ ਕੀਤੀ ਸੀ---ਉਹ ਨਗਰ ਦੀਆਂ ਉੱਚੀਆਂ ਕੰਧਾਂ ਦੀ ਸ਼ਹਿ 'ਤੇ ਆਈਆਂ ਸਨ। ਫੇਰ ਉਹਨਾਂ ਦੀ ਹਿਫ਼ਾਜਤ ਵਿਚ ਹੀ ਚਲੀਆਂ ਗਈਆਂ ਸਨ। ਉੱਚ ਪੱਧਰੀ ਜਾਂਚ ਹੋ ਰਹੀ ਹੈ। ਜਲਦੀ ਜਲਦੀ ਹੀ ਤੱਥ ਸਾਹਮਣੇ ਆ ਜਾਣਗੇ।'

ਰੋਹ ਵਿਚ ਆਈਆਂ ਉੱਚੀਆਂ ਕੰਧਾਂ ਨੇ ਹੰਗਾਮੀ ਮੀਟਿੰਗ ਕੀਤੀ ਤੇ ਰੋਸ ਕਰਨ ਲਈ ਚੌਕ ਵੱਲ ਤੁਰ ਪਈਆਂ।

ਨਗਰ ਦੇ ਹਾਕਮਾਂ ਨੂੰ ਕੁਰਸੀਆਂ ਹੇਠ ਭੁਚਾਲ ਮਹਿਸੂਸ ਹੋਇਆ। ਭੱਜ ਨੱਠ ਹੋਣ ਲੱਗੀ। ਅਖ਼ਬਾਰਾਂ ਤੋਂ ਮਾਫ਼ੀਨਾਮੇ ਦੇ ਹਲਫ਼ੀਆ ਬਿਆਨ ਲਏ ਜਾਣ ਲੱਗੇ। ਉੱਚੀਆਂ ਕੰਧਾਂ ਦੀ ਤਿਊੜੀ ਹੌਲੀ ਹੌਲੀ ਤਿਲਕ ਦਾ ਰੂਪ ਵਟਾਉਣ ਲੱਗੀ।

ਹੁਣ, ਚੌਕ ਵਿਚ ਪਈ ਲਾਸ਼ ਦੇ ਦੁਆਲੇ, ਉਹਨਾਂ ਇਕ ਸ਼ੋਕ ਸਭਾ ਤੇ ਜਸ਼ਨ ਮਨਾਉਣ ਦਾ ਆਯੋਜਨ ਕੀਤਾ। ਭਾਸ਼ਣ ਹੋਏ। ਵਿਸਫੋਟਕ ਸਥਿਤੀ ਤੇ ਚਿੰਤਾ ਪ੍ਰਗਟ ਕੀਤੀ ਗਈ। ਸ਼ਾਂਤੀ ਭੰਗ ਕਰਨ ਵਾਲਿਆਂ ਨੂੰ ਸਬਕ ਸਿਖਾਉਣ ਦੇ ਸੰਕਲਪ ਲਏ ਗਏ ਤੇ ਅੰਤ ਵਿਚ 'ਸਾਰੇ ਜਹਾਂ ਸੇ ਅੱਛਾ ਹਿੰਦੋਸਤਾਂ ਹਮਾਰਾ…' ਗੀਤ ਗਾਇਆ ਜਾਣ ਲੱਗਾ।

ਪਰ, ਚੌਕ ਵਿਚ ਅਚਾਨਕ ਰੌਲਾ ਪੈ ਗਿਆ। ਗੀਤ ਭੰਗ ਹੋ ਗਿਆ। 'ਨਗਰ ਦੀ ਭੁੱਖ, ਟਿੱਡੀ ਦਲ ਵਾਂਗ ਚੌਕ ਵੱਲ ਵਧਦੀ ਆ ਰਹੀ ਹੈ।' ਕਿਸੇ ਸ਼ੁਭਚਿੰਤਕ ਨੇ ਖ਼ਬਰਦਾਰ ਕੀਤਾ।

ਕਾਲੇ ਕਲੂਟੇ ਮੂੰਹ---ਖਿਲਰੇ ਵਾਲ---ਲੀਰਾਂ ਹੋਏ ਕਪੜ੍ਹੇ, ਲਮਕਦੀਆਂ ਛਾਤੀਆਂ---ਨਿਰਜੋਤ ਅੱਖਾਂ ਦਾ ਇਕ ਵਾ-ਵਰੋਲਾ ਉਠਿਆ ਤੇ ਪੂਰੇ ਚੌਕ ਨੂੰ ਆਪਣੀ ਲਪੇਟ ਵਿਚ ਲੈ ਲਿਆ।

'ਅਸੀਂ ਇਸ ਨਗਰ ਦਾ ਅੱਜ ਹਾਂ ?'

'ਅਸੀਂ ਇਸ ਨਗਰ ਦਾ ਕਲ੍ਹ ਸਾਂ ।'

'ਅਸੀਂ ਇਸ ਨਗਰ ਦਾ ਭਲਕ ਹਾਂ।'

ਉੱਚੀਆਂ ਕੰਧਾਂ ਦੇ ਚਿਹਰਿਆਂ 'ਤੇ ਘ੍ਰਿਣਾ ਉਭਰੀ। ਸਾਵੀਆਂ ਟੋਪੀਆਂ ਵੱਲ ਆਦੇਸ਼ ਉਠੇ, ਬੂਟ ਖੜਕੇ ਤੇ ਸੰਗੀਨਾਂ ਨੇ ਭੁੱਖ ਨੂੰ ਹੋਰ ਅੱਗੇ ਵਧਣੋਂ ਰੋਕ ਲਿਆ।

ਅੱਧ ਵਿਚਕਾਰੋਂ ਟੁੱਟਾ ਗੀਤ---'ਸਾਰੇ ਜਹਾਂ ਸੇ ਅੱਛਾ ਹਿੰਦੋਸਤਾਂ…' ਪੂਰਾ ਕੀਤਾ ਗਿਆ।

'ਅਸੀਂ ਇਹਨਾਂ ਬੱਚਿਆਂ ਦੇ ਬਾਪ ਲੱਭਣ ਆਏ ਹਾਂ।' ਗੀਤ ਖ਼ਤਮ ਹੁੰਦਿਆਂ ਹੀ, ਆਪਣੀਆਂ ਉਂਗਲੀਆਂ ਨਾਲ ਲਾਏ ਨਿੱਕੇ ਬਾਲਾਂ ਵੱਲ ਤੱਕ ਕੇ ਭੁੱਖੀਆਂ ਅੱਖਾਂ ਨੇ ਤਰਲਾ ਕੀਤਾ।

ਦੋ ਲੱਤਾਂ ਤੇ ਖੜ੍ਹੇ ਕਾਨੂੰਨ ਨੇ ਕਮੰਧਾਂ ਦੀ ਸ਼ਹਿ ਤੇ ਡੰਡਾ ਦਿਖਾਇਆ ਤੇ ਗਰਜਿਆ, 'ਇਸ ਤੋਂ ਅੱਗੇ ਜਾਣ ਦੀ ਮਨਾਹੀ ਹੈ।'…'ਬੱਚਿਆਂ ਦੇ ਬਾਪ ਆਪਣੀਆਂ ਕੁੱਲੀਆਂ ਵਿਚੋਂ ਲੱਭੋ।'

'ਨਹੀਂ ਉਹ ਤਾਂ ਇਸ ਨਗਰ ਵੱਲੋਂ ਹੀ ਆਉਂਦੇ ਹਨ।' ਲਮਕਦੀਆਂ ਛਾਤੀਆਂ ਨੇ ਜਿਰਾਹ ਕੀਤੀ।

'ਬੋਲਣ 'ਤੇ ਜ਼ੁਬਾਨ ਕੱਟ ਦੇਣ ਦੀ ਸਜ਼ਾ ਹੈ।' ਕਾਨੂੰਨ ਨੇ ਡਰਾਵੇ ਦਾ ਡੰਗ ਮਾਰਿਆ।

'ਤੂੰ ਹੀ ਏਂ, ਮੇਰੇ ਬੱਚਿਆਂ ਦਾ ਬਾਪ।' ਲੀਰਾਂ ਹੋਏ ਕਪੜਿਆਂ ਨੇ ਉਸਨੂੰ ਪਹਿਚਾਣ ਲਿਆ।

'ਜਦੋਂ ਤੂੰ ਭੁੱਖਾ ਸੈਂ---ਤਾਂ ਸਾਡੇ ਨਾਲ ਹੀ ਰਹਿੰਦਾ ਸੈਂ। ਸਾਡੇ ਦੁੱਖਾਂ ਸੁੱਖਾਂ ਦਾ ਭਾਈਵਾਲ। ਸਾਡੀਆਂ ਇਜ਼ੱਤਾਂ ਦਾ ਸਾਂਝੀ। ਅੱਜ ਜੇ ਪੇਟ ਵਿਚ ਰੋਟੀਆਂ ਹਨ ਤਾਂ ਸਾਨੂੰ ਪਹਿਚਾਣਦਾ ਵੀ ਨਹੀਂ। ਇਹਨਾਂ ਲਮਕਦੀਆਂ ਛਾਤੀਆਂ ਵਿਚੋਂ ਹੀ ਤੂੰ ਦੁੱਧ ਚੁੰਘਿਆ ਏ। ਅਸੀਂ ਤੇਰੀਆਂ ਮਾਵਾਂ ਹਾਂ। ਇਹ ਤੇਰੇ ਬੱਚੇਹਨ।'

ਸਾਵੀਆਂ ਟੋਪੀਆਂ ਨੇ ਸ਼ਰਮ ਨਾਲ ਨੀਵੀਂ ਪਾ ਲਈ। ਪਰ ਉੱਚੀਆਂ ਕੰਧਾਂ ਤੋਂ ਡਰਦਿਆਂ, ਮਜਬੂਰ ਸੰਗੀਨਾਂ ਹਰਕਤ ਵਿਚ ਆਈਆਂ---ਤੇ ਭੁੱਖੀਆਂ ਅੱਖਾਂ ਰੋਹ ਨਾਲ ਬੋਲੀਆਂ---

'ਅੱਜ ਤੇਰੇ ਵਰਦੀ ਪਾਈ ਏ।'

'ਕੱਲ੍ਹ ਤੂੰ ਕਾਲਾ ਕੋਟ ਪਾ ਕੇ ਆਇਆ ਸੀ।'

'ਪਰਸੋਂ ਤੇਰੇ ਸੋਨੇ ਦੇ ਦੰਦ ਚਮਕਦੇ ਸਨ।'

'ਉਸ ਤੋਂ ਪਹਿਲਾਂ ਤੂੰ ਤਿਲਕ ਲਾ ਕੇ ਆਇਆ ਸੀ।'

'ਉਸ ਤੋਂ ਪਹਿਲਾਂ ਤੇਰੇ ਦਸਤਾਰ ਸਜਾਈ ਸੀ।'

'ਉਸ ਤੋਂ ਪਹਿਲਾਂ, ਉਸ ਤੋਂ ਪਹਿਲਾਂ, ਉਸ ਤੋਂ ਪਹਿਲਾਂ…।'

ਤੁਫ਼ਾਨੀ ਲਹਿਰਾਂ ਨਾਲ ਡਗਮਗਾਉਂਦੇ ਜਹਾਜ਼ ਵਾਂਗ ਕੰਧਾਂ ਕੰਬੀਆਂ ਤੇ ਡਰ ਕੇ ਅਚਾਨਕ ਪਿੱਛੇ ਭੱਜਣ ਲੱਗੀਆਂ। ਆਪਸ ਵਿਚ ਟਕਰਾਈਆਂ ਤੇ ਢਹਿੰਦੀਆਂ, ਉਠਦੀਆਂ ਆਪਣੇ ਤੋਂ ਉੱਚੀਆਂ ਕੰਧਾਂ ਦੇ ਪੈਰੀਂ ਜਾ ਵਿਛੀਆਂ।

ਹੁਣ ਉਹ ਸੁਰੱਖਿਅਤ ਹਨ।

ਚੌਕ ਵਿਚ, ਭੁੱਖੀ ਭੀੜ ਅਸਮਤ ਲੁਟਾਈ ਖੜ੍ਹੀ ਹੈ।

ਸਾਵੀਆਂ ਟੋਪੀਆਂ, ਬੂਟਾਂ ਤੇ ਸੰਗੀਨਾਂ ਨੇ ਆਪਣੀ ਹੱਤਕ ਮਹਿਸੂਸ ਕੀਤੀ। ਵਕਾਰ ਦੀ ਗੱਲ ਸੀ। ਉੱਚੀਆਂ ਕੰਧਾਂ ਦਾ ਉਲ੍ਹਾਮਾ ਬੜਾ ਮਹਿੰਗਾ ਪੈਣਾ ਸੀ। ਸੰਗੀਨਾਂ ਭੁੱਖੀ ਭੀੜ ਦਾ ਪੋਸਟ-ਮਾਰਟਮ ਕਰਨ ਲੱਗੀਆਂ। ਚੀਕ ਚਿਹਾੜਾ ਮਚਿਆ ਤਾਂ ਮਹਿਸੂਸ ਹੋਇਆ ਜਿਵੇਂ ਇਕ ਪੁੱਤਰ ਆਪਣੀ ਮਾਂ ਨਾਲ ਬਲਾਤਕਾਰ ਕਰ ਰਿਹਾ ਹੋਵੇ। ਅੰਬਰ ਵੱਲ ਸੰਧੂਰੀ ਧੂੜ ਉੱਡੀ। ਬੱਚੇ ਮਾਂਵਾਂ ਨੂੰ ਪੁਕਾਰਨ ਲੱਗੇ ਤੇ ਸੰਗੀਨਾਂ ਤੋਂ ਡਰਦੇ ਭੁੱਖੇ ਢਿੱਡੀ ਔੜ ਮਾਰੀਆਂ ਫ਼ਸਲਾਂ ਵੱਲ ਭੱਜਣ ਲੱਗੇ।

ਪਹਿਲਾਂ ਉਹਨਾਂ ਕੋਲ ਬਾਪੂ ਨਹੀਂ ਸਨ। ਹੁਣ ਉਹਨਾਂ ਕੋਲ ਮਾਂਵਾਂ ਨਹੀਂ ਹਨ।

ਬੱਚੇ ਲਾਵਾਰਿਸ ਹਨ।

ਇਹ ਇਸ ਨਗਰ ਦੀ ਹੋਣੀ ਹੈ। ਨਗਰ ਦੇ ਭਵਿੱਖ ਨੂੰ ਤੇ ਹਾਕਮਾਂ ਨੂੰ ਹਰਾਮੀ ਹੋਣ ਦਾ ਸਰਾਪ ਮਿਲਿਆ ਹੋਇਆ ਹੈ।

ਪਾਰਕ ਵਿਚ ਖੜ੍ਹੇ ਬੁੱਤ, ਇਕ ਦੂਸਰੇ ਉਪਰ ਤੁਹਮਤਾਂ ਦੀ ਵਾਛੜ ਕਰਨ ਲੱਗੇ।…ਤੇ…'ਅਸੀਂ ਇਸ ਦੇਸ਼ ਲਈ ਕੁਰਬਾਨ ਹੋਏ ਹਾਂ।' ਸੋਚ ਕੇ ਪ੍ਰਾਸ਼ਚਿਤ ਕਰਨ ਲੱਗੇ।

***
ਰਾਤ ਦੇ ਹਨੇਰੇ ਵਿਚ, ਉਹ ਸੰਗੀਨਾਂ ਦੀ ਹਿਰਾਸਤ ਵਿਚੋਂ ਭੱਜ ਨਿਕਲਿਆ। ਪਰ ਬਾਹਾਰ ਫਿਰਦੀਆਂ ਕੁਝ ਅਵਾਰਾ ਸੰਗੀਨਾਂ ਨੇ ਉਸ ਨੂੰ ਘੇਰ ਲਿਆ। 'ਤੂੰ ਟਾਊਟ ਹੈਂ।' ਉਧਰ ਵੀ ਮੌਤ ਹੈ, ਇਧਰ ਵੀ ਮੌਤ ਹੈ। ਆਪਣੇ ਜਾਣੇ ਪਹਿਚਾਣੇ ਨਗਰ ਦੀਆਂ ਗਲੀਆਂ ਵਿਚੋਂ ਦੀ, ਮੁਹੱਲਿਆਂ ਵਿਚੋਂ ਦੀ, ਬਜ਼ਾਰਾਂ ਵਿਚੋਂ ਦੀ, ਉਹ ਅੰਨ੍ਹੇ ਵਾਹ ਦੌੜਿਆ, ਮੌਤ ਦੀ ਭਿਆਨਕ ਵਾਦੀ ਵਿਚੋਂ ਨਿਕਲਣ ਲਈ। ਫੜ ਲਓ, ਫੜ ਲਓ, ਫੜ ਲਓ, ਮਾਰੋ, ਮਾਰ ਦਿਓ…ਦੀਆਂ ਆਵਾਜ਼ਾਂ ਪ੍ਰਛਾਵਿਆਂ ਵਾਂਗ ਉਸ ਦੇ ਨਾਲ ਚਿੰਬੜ ਗਈਆਂ।

ਉਸ ਚੌਕ ਵਿਚ ਜਿੱਥੇ, ਪਹਿਲਾਂ ਵੀ ਇਕ ਲਾਵਾਰਸ ਲਾਸ਼ ਪਈ ਸੀ, ਉਸ ਨੂੰ ਘੇਰ ਲਿਆ ਗਿਆ। ਨੋਚਿਆ ਗਿਆ, ਤੋੜਿਆ ਗਿਆ ਤੇ ਪੈਰਾਂ ਹੇਠ ਲਿਤਾੜਿਆ ਗਿਆ।

ਜਦੋਂ ਉਹ ਨੀਮ-ਬੇਹੋਸ਼ੀ ਦੀ ਅਵਸਥਾ ਤੋਂ ਅਗਾਂਹ ਵੱਲ ਪਲ ਪਲ ਵਧ ਰਿਹਾ ਸੀ ਤਾਂ ਨਗਰ ਦਾ ਸਰਕਾਰੀ ਧੂਤੂ ਐਲਾਨ ਕਰਦਾ ਲੰਘਿਆ :

'ਹਰ ਪ੍ਰਾਣੀ ਦੀ ਜਾਨ ਤੇ ਮਾਲ ਦੀ ਰਖਸ਼ਾ ਕਰਨਾ ਸਾਡਾ ਧਰਮ ਹੈ।'

'ਜਲਦੀ ਹੀ ਅਮਨ ਮਾਰਚਾਂ ਦਾ ਆਯੋਜਨ ਕੀਤਾ ਜਾਏਗਾ।'

ਨਗਰ ਵਾਸੀਆਂ ਨੂੰ ਜਨ ਸੰਪਰਕ ਮੁਹਿੰਮਾਂ ਤੇ ਲੋਕ ਸ਼ਕਤੀ ਸਮਾਗਮਾਂ ਵਿੱਚ ਸ਼ਾਮਲ ਹੋ ਕੇ ਦੇਸ਼ ਦੇ ਵਿਕਾਸ ਵਿਚ ਹਿੱਸਾ ਪਾਉਣਾ ਚਾਹੀਦਾ ਹੈ।'

ਚਾਂਭਲੀ ਭੀੜ ਨੇ ਤਾਂਡਵ ਨਾਚ ਨੱਚਿਆ। ਉਹ ਅਰਧ ਚੇਤਨ ਮਨ ਨਾਲ ਸੋਚਣ ਲੱਗਾ : 'ਪਹਿਲਾਂ ਅਮਨ ਭੰਗ ਹੋਣਾ ਚਾਹੀਦਾ ਹੈ, ਫਿਰ ਅਮਨ ਮਾਰਚਾਂ ਦਾ ਆਯੋਜਨ ਹੋਣਾ ਚਾਹੀਦਾ ਹੈ। ਪਹਿਲਾਂ ਵਿਕਾਸ ਰੁਕਣਾ ਚਾਹੀਦਾ ਹੈ, ਫਿਰ ਵਿਕਾਸ ਕਮੇਟੀਆਂ ਬਨਣੀਆਂ ਚਾਹੀਦੀਆਂ ਹਨ। ਪਹਿਲਾਂ ਜ਼ਖ਼ਮ ਲਾਉਣੇ ਚਹੀਦੇ ਹਨ, ਫਿਰਕ ਮਲ੍ਹਮ ਕਹਿ ਕੇ ਉਹਨਾਂ ਉਪਰ ਲੁਣ ਭੁੱਕਣਾ ਚਾਹੀਦਾ ਹੈ।…ਆਓ ਕਾਨੂੰਨ ਤੋੜੋ…ਤੇ ਫਿਰ ਸਾਡੀਆਂ ਦੁਕਾਨਾਂ ਤੇ ਆ ਕੇ ਸਜ਼ਾ ਖਰੀਦੋ…।'

ਸਾਵੀਆਂ ਟੋਪੀਆਂ ਤੇ ਸੰਗੀਨਾਂ ਸਭ ਕੁਝ ਵੇਖ ਕੇ, ਨਾ ਵੇਖਣ ਦਾ ਅਭਿਨੇ ਕਰਦੀਆਂ ਰਹੀਆਂ।

ਚੌਕ ਵਿਚ ਪਈ ਲਾਸ਼, ਬੇਸੁਧ ਹੋਏ ਨਗਰ ਵਾਸੀਆਂ ਵੱਲ ਹੌਲੀ ਹੌਲੀ ਸਰਕਣ ਲੱਗੀ, 'ਨਗਰ ਦੀ ਹੱਦ 'ਤੇ ਕੋਈ ਉਪੱਦਰ ਹੋ ਗਿਆ ਹੈ। ਸੈਂਕੜੇ ਲੋਕ ਮਾਰੇ ਗਏ ਨੇ। ਨਗਰ ਦੇ ਹਾਕਮ ਹਮਦਰਦੀ ਦੇ ਸੰਦੇਸ਼ ਭੇਜ ਰਹੇ ਨੇ। ਮਨੁੱਖੀ ਅਧਿਕਾਰਾਂ ਦੀਆਂ ਸੰਸਥਾਵਾਂ, ਹਰਕਤ ਵਿਚ ਆ ਰਹੀਆਂ ਨੇ। ਚੰਗਾ ਹੋਵੇ ਤੂੰ ਇੱਥੋਂ ਭੱਜ ਜਾਵੇਂ, ਉਹਨਾਂ ਨੇ ਇਸ ਕਾਂਡ ਦਾ ਦੋਸ਼ੀ, ਤੈਨੂੰ ਸਾਬਤ ਕਰ ਦੇਣੈ…।' ਲਾਸ਼ ਬੇਸੁੱਧ ਆਦਮੀ ਨੂੰ ਝੰਜੋੜਨ ਲੱਗੀ।

'…ਪਰ ਮੈਂ ਤਾਂ ਏਥੇ ਪਿਆ ਵਾਂ। ਸਰਹੱਦ 'ਤੇ ਵਾਰਦਾਤ ਕਿਵੇਂ ਕਰ ਸਕਦਾ ਹਾਂ ?' ਪੀੜਾਂ ਸਹਾਰਦਾ ਉਹ ਬੜੀ ਔਖ ਨਾਲ ਬੋਲਿਆ, 'ਏਸ ਮੁਲਕ ਵਿਚ ਇਹੀ ਰਿਵਾਜ ਐ, ਤੂੰ ਚਲਿਆ ਜਾ ਏਥੋਂ।'

ਉਹ ਉਠਿਆ ਤੇ ਨਗਰ ਤੋਂ ਬਾਹਰ ਜਾਣ ਵਾਲੇ ਮਾਰਗ ਵੱਲ ਲੜਖੜਾਉਂਦਾ ਹੋਇਆ ਤੁਰ ਪਿਆ।

ਸਾਵੀਆਂ ਟੋਪੀਆਂ ਤੇ ਸੰਗੀਨਾਂ ਫਿਰ ਘੇਰਦੀਆਂ ਹਨ।

'ਨਗਰ ਵਿਚੋਂ ਕੋਈ ਬਾਹਰ ਨਹੀਂ ਜਾ ਸਕਦਾ।'

'ਮੈਂ ਇਸ ਨਗਰ ਦੀ ਆਤਮਾ ਹਾਂ।' ਉਹ ਸਫ਼ਾਈ ਦਿੰਦਾ ਹੈ। ਉਹ ਆਪਣਾ ਸ਼ਨਾਖ਼ਤੀ ਕਾਰਡ ਵਿਖਾਉਂਦਾ ਹੈ। ਤੇ ਆਖਦਾ ਹੈ, 'ਮੈਂ ਜਾ ਰਿਹਾ ਹਾਂ, ਮ੍ਰਿਤ ਸ਼ਰੀਰ ਵਿਚ ਆਤਮਾ ਨਹੀਂ ਰਹਿ ਸਕਦੀ।'

ਪਰ ਕੁਝ ਹੀ ਦੂਰ ਜਾ ਕੇ ਉਹ ਸੋਚਣ ਲੱਗਾ, 'ਇਹ ਤਾਂ ਮਿਹਣਾ ਹੋਵੇਗਾ। ਇਕ ਮਨੁੱਖ ਦੀ ਭਾਂਜ ਹੋਏਗੀ, ਆਪਣਿਆਂ ਦੇ ਮੱਥੇ 'ਤੇ ਕਲੰਕ ਹੋਏਗਾ। ਇਹ ਨਗਰ ਕਿਸੇ ਦੇ ਪਿਉ ਦੀ ਜਾਗੀਰ ਨਹੀਂ ਹੈ। ਇਸ ਲਈ ਮੇਰੇ ਪੁਰਖਿਆਂ ਨੇ ਵੀ ਕੁਰਬਾਨੀਆਂ ਦਿੱਤੀਆਂ ਹਨ। ਇਸ ਦੀਆਂ ਜ਼ੰਜੀਰਾਂ ਤੋੜਨ ਲਈ ਸਾਡਾ ਵੀ ਲਹੂ ਡੁੱਲਿਆ ਹੈ। ਮੇਰਾ ਵੀ ਇੱਥੇ ਰਹਿਣ ਦਾ ਦੂਸਰਿਆਂ ਜਿੰਨਾ ਅਧਿਕਾਰ ਹੈ।

'…ਮੈਂ ਬੁੱਤਾਂ ਦੇ ਧੜਾਂ 'ਤੇ ਸਿਰ ਰੱਖਾਂਗਾ। ਉਹਨਾਂ ਦੇ ਚਿਹਰਿਆਂ 'ਤੇ ਮਲੀ ਲੁੱਕ ਪੂੰਝਾਂਗਾ। ਲਾਵਾਰਸ ਬੱਚਿਆਂ ਦੇ ਬਾਪ ਲੱਭਾਂਗਾ। ਲਾਸ਼ ਦੇ ਕਾਤਲਾਂ ਦੀ ਪਹਿਚਾਣ ਕਰਾਂਗਾ।'

ਤੇ ਉਹ ਸਾਵੀਆਂ ਟੋਪੀਆਂ ਤੇ ਸੰਗੀਨਾਂ ਕੋਲੋਂ ਦੀ ਲੰਘ ਕੇ ਨਗਰ ਵੱਲ ਵਾਪਿਸ ਪਰਤ ਪਿਆ। ਕਮਜ਼ੋਰ ਨਜ਼ਰ ਵਾਲੀ ਬੁੱਢੀ ਮਾਂ ਦੇ ਹੌਲੀ ਹੌਲੀ ਪਛਾਨਣ ਤੋਂ ਬਾਅਦ, ਆਪਣੇ ਪੁੱਤਰ ਨੂੰ ਪਿਆਰ ਦੇਣ ਲਈ, ਉੱ ਠੇ ਕੰਬਦੇ ਹੱਥਾਂ ਵਾਂਗ, ਨਗਰ ਦੀਆਂ ਬਾਹਵਾਂ ਉੱ ਠੀਆਂ ਤੇ ਖੁਸ਼ੀ ਵਿਚ ਅੱਖਾਂ ਛਲਕ ਪਈਆਂ।

ਸੰਪਰਕ : 19/274, ਕਰਿਸ਼ਨਾ ਨਗਰ,
ਮੋਗਾ-142001.

Thursday, April 2, 2009

ਗੁਮਨਾਮ :: ਲੇਖਕ : ਬੀਰ ਰਾਜਾ

ਉਰਦੂ ਕਹਾਣੀ : ਗੁਮਨਾਮ... :: ਲੇਖਕ : ਬੀਰ ਰਾਜਾ
ਅਨੁਵਾਦ : ਮਹਿੰਦਰ ਬੇਦੀ ਜੈਤੋ Í ਮੁਬਾਇਲ : 94177-30600.


ਦਰਸ਼ਨੀ ਗੁਰੂਦੁਆਰੇ ਦੀ ਸਫ਼ੈਦ ਇਮਾਰਤ ਦਿਖਾਈ ਦਿੱਤੀ। ਉਹੀ ਇਮਾਰਤ ਸੀ। ਬਿਲਕੁਲ ਉਹੀ---ਲਿਸ਼ਕਦਾ ਹੋਇਆ ਗੋਲ ਸੁਨਹਿਰੀ ਕਲਸ਼, ਆਸਮਾਨ ਨੂੰ ਛੂੰਹਦਾ ਹੋਇਆ ਨਿਸ਼ਾਨ ਸਾਹਿਬ। ਚਾਰੇ ਪਾਸੇ ਫੈਲੇ ਖੇਤਾਂ ਤੇ ਦਰਖ਼ਤਾਂ ਦੇ ਵਿਚਕਾਰ ਕਿਸੇ ਜਾਦੂ ਮਹਿਲ ਵਾਂਗ ਘਿਰਿਆ ਹੋਇਆ…ਇਮਾਰਤ ਨੂੰ ਦੇਖਦਿਆਂ ਹੀ ਜਿਹੜੀ ਪਹਿਲੀ ਗੱਲ ਮਨ ਵਿਚ ਆਉਂਦੀ ਸੀ, ਉਹ ਸੀ ਕਿ ਇੱਥੇ ਮੀਲਾਂ ਤੱਕ ਆਬਾਦੀ ਨਹੀਂ, ਫੇਰ ਏਨੀ ਵੱਡੀ ਇਮਾਰਤ ਕਿੰਜ ਤਾਮੀਰ ਹੋਈ ਹੋਵੇਗੀ !

ਸਭ ਕੁਝ ਉਹੀ ਹੁੰਦਾ ਹੋਇਆ ਵੀ ਪਹਿਲਾਂ ਨਾਲੋਂ ਬਦਲਿਆ ਜਿਹਾ ਮਹਿਸੂਸ ਹੋਇਆ---ਸ਼ਾਇਦ ਨਵੀਂ ਸੜਕ ਰਾਹੀਂ ਛੇਤੀ ਪਹੁੰਚ ਜਾਣ ਕਰਕੇ। ਪਰ ਫੇਰ ਇਕ ਵਾਰੀ ਸਭ ਕੁਝ ਪਿਛਲੀ ਵਾਰੀ ਵਰਗਾ ਹੀ ਦਿਖਾਈ ਦੇਣ ਲੱਗਿਆ। ਕੁਝ ਬਾਬੇ ਦੀ ਬਾਣੀ ਗਾਉਣ ਲੱਗ ਪਏ...ਕੁਝ ਪੁਲ, ਨਵੀਂ ਸੜਕ ਤੇ ਬੰਨ੍ਹ ਦੀਆਂ ਤਾਰੀਫ਼ਾਂ ਕਰਨ ਲੱਗੇ। ਸਾਹਮਣੇ ਦਰਿਆ ਸੀ ਤੇ ਪੁਲ ਵੀ। ਹਵੇਲੀਆਂ ਵੀ ਦਿਖਾਈ ਦਿੱਤੀਆਂ, ਜਿਹਨਾਂ ਨੂੰ ਦਰਖ਼ਤਾਂ ਨੇ ਆਪਣੀ ਓਟ ਵਿਚ ਲਿਆ ਹੋਇਆ ਸੀ। ਉਹਨਾਂ ਦੇ ਪਿੱਛੇ ਬਣੀਆ ਝੁੱਗੀਆਂ ਦਿਖਾਈ ਨਹੀਂ ਦਿੱਤੀਆਂ ਸਨ…ਕੁਦਰਤ ਵੀ ਉਹਨਾਂ ਨੂੰ ਹਮੇਸ਼ਾ ਢੱਕੀ ਰੱਖਣਾ ਚਾਹੁੰਦੀ ਹੈ ਸ਼ਾਇਦ !...ਬੱਸ, ਪੁਲ ਉੱਤੇ ਰੁਕੀ। ਮੈਂ ਆਪਣਾ ਝੋਲਾ ਤੇ ਕੈਮਰਾ ਚੁੱਕਿਆ ਤੇ ਹੇਠਾਂ ਉਤਰ ਗਿਆ। ਹੁਣ ਮੈਂ ਪੁਲ ਦੇ ਬਨੇਰੇ ਕੋਲ ਖੜ੍ਹਾ ਸਾਂ…ਹੇਠਾਂ ਵਗਦੇ ਪਾਣੀ ਵੱਲ ਝਾਕਦਾ ਹੋਇਆ। ਜਲ ਉਹੀ ਸੀ, ਪਰ ਅੱਜ ਬੜਾ ਸ਼ਾਂਤ ਸੀ। ਸਿਰਫ਼ ਪੁਲ ਦੇ ਖੰਭਿਆਂ ਨਾਲ ਟਕਰਾਉਣ ਦਾ ਸ਼ੋਰ ਹੀ ਇਹ ਅਹਿਸਾਸ ਕਰਵਾ ਰਿਹਾ ਸੀ ਕਿ ਦਰਿਆ ਖ਼ਤਰਨਾਕ ਵੀ ਹੁੰਦੇ ਨੇ। ਕਿਸੇ ਦੀ ਉੱਚੀ, ਤਿੱਖੀ ਆਵਾਜ਼ ਸੁਣਾਈ ਦਿੱਤੀ। ਕੋਈ ਗਾਲ੍ਹਾਂ ਬਕਦਾ ਤੇ ਡਰਾਈਵਰ ਨੂੰ ਇਸ਼ਾਰੇ ਕਰਦਾ ਹੋਇਆ ਦੌੜਿਆ ਆ ਰਿਹਾ ਸੀ। ਡਰਾਈਵਰ ਵੀ ਗਾਲ੍ਹਾਂ ਦੇਂਦਾ, ਹਾਰਨ ਵਜਾ ਰਿਹਾ ਸੀ। ਉਹ ਭੱਜਦਾ-ਭੱਜਦਾ ਰੁਕ ਗਿਆ ਤੇ ਇਕ ਹਲਕੀ ਜਿਹੀ ਆਵਾਜ਼ ਦੇ ਨਾਲ ਥਾਵੇਂ ਜਾਮ ਹੋ ਗਿਆ। ਉਹ ਮੈਨੂੰ ਦੇਖ ਚੁੱਕਿਆ ਸੀ। ਅੱਜ ਉਸਦੀਆਂ ਅੱਖਾਂ ਬੰਦ ਨਹੀਂ ਸਨ ਹੋਈਆਂ…ਪੂਰੀਆਂ ਖੁੱਲ੍ਹੀਆਂ ਹੋਈਆਂ ਸਨ ਤੇ ਹੈਰਾਨੀ ਨਾਲ ਭਰੀਆਂ ਚਮਕ ਰਹੀਆਂ ਸਨ…

"ਤੂੰ ਚੱਲਣਾ ਏਂ ਕਿ ਨਹੀਂ ਕੰਜਰਾ ?" ਕੰਡਕਟਰ ਗਾਲ੍ਹਾਂ ਕੱਢ ਰਿਹਾ ਸੀ।

"ਨਹੀਂ ਜਾਣਾ ਬਾਦਸ਼ਾਹੋ…ਦੌੜੌ..."

"ਪੁੱਤ ਦਿਨੇਂ ਈ ਚੜ੍ਹਾਈ ਫਿਰਦੈਂ, ਅੱਜ ?"

ਸਵਾਰੀਆਂ ਹੱਸ ਰਹੀਆਂ ਸਨ। ਡਰਾਈਵਰ ਹਾਰਨ ਵਜਾਉਂਦਾ ਬੱਸ ਲੈ ਉੱਡਿਆ ਜਿਵੇਂ ਉਸਨੇ ਸਿਰਫ਼ ਮੈਨੂੰ ਫ਼ੌਜੀ ਨਾਲ ਮਿਲਾਉਣ ਖਤਾਰ ਹੀ ਬੱਸ ਰੋਕੀ ਹੋਵੇ। ਉਸ ਲਈ ਮੇਰਾ ਸਾਹਮਣੇ ਹੋਣਾ ਕਿਸੇ ਚਮਤਕਾਰ ਨਾਲੋਂ ਘੱਟ ਨਹੀਂ ਸੀ। ਮੈਂ ਉਹਨਾਂ ਵਿਚੋਂ ਵੀ ਨਹੀਂ ਸਾਂ ਜਿਹੜੇ ਕਦੀ, ਯੱਗ ਵਾਲੇ ਦਿਨਾਂ ਵਿਚ ਹੀ ਉੱਥੇ ਆ ਜਾਂਦੇ ਹੋਣ। ਇਕ ਕਾਹਲੀ ਹਲਚਲ ਉਸਦੀਆਂ ਅੱਖਾਂ ਵਿਚ ਸੀ। ਉਸਦੀ ਸਮਝ ਵਿਚ ਨਹੀਂ ਆ ਰਿਹਾ ਸੀ ਕਿ ਮੈਨੂੰ ਕਿੰਜ ਸੰਬੋਧਨ ਕਰੇ। ਅਚਾਨਕ ਉਹ ਤ੍ਰਬਕਿਆ ਤੇ ਮੇਰੇ ਪੈਰੀਂ ਹੱਥ ਲਾਉਣ ਲਈ ਝੁਕਿਆ। ਉਦੋਂ ਹੀ ਉਸਨੂੰ ਕੁਝ ਯਾਦ ਆ ਗਿਆ…ਝਿਜਕਿਆ, ਝੁਕੇ ਹੋਏ ਹੱਥ ਵਾਪਸ ਚਲੇ ਗਏ।

ਮੈਂ ਆਪਣਾ ਹੱਥ ਵਧਾ ਦਿੱਤਾ, ਜਿਸਨੂੰ ਉਸਨੇ ਤੁਰੰਤ ਦਬੋਚ ਲਿਆ, ਜਿਵੇਂ ਉਸਨੂੰ ਇਸੇ ਦੀ ਲੋੜ ਸੀ। ਉਸਦੀਆਂ ਅੱਖਾਂ ਵਿਚ ਚਮਕ ਖਿੜ ਗਈ, ਜਿਹੜੀ ਕਿਸੇ ਸ਼ੰਕੇ ਦੇ ਖ਼ਤਮ ਹੋਣ ਸਾਰ ਆਪ-ਮੁਹਾਰੇ ਹੀ ਖਿੜ-ਪੁੜ ਜਾਂਦੀ ਹੈ। ਚਿਹਰਾ ਭਖਣ ਲੱਗਾ, ਉਹ ਸਾਰੀ ਖਿਸਿਆਹਟ ਰਫ਼ੂਚੱਕਰ ਹੋ ਗਈ ਜਿਹੜੀ ਉਸਦੇ ਚਿਹਰੇ ਉੱਤੇ ਹੁਣੇ ਹੁਣੇ ਦਿਖਾਈ ਦਿੱਤੀ ਸੀ। ਪੈਰਾਂ ਵੱਲ ਹੱਥ ਵਧਾਉਂਦਾ ਹੋਇਆ ਉਹ ਕਿਧਰੇ ਗਵਾਚ ਗਿਆ ਸੀ। ਬੜੀ ਪਿੱਛੇ ਕਿਸੇ ਗੱਲ ਨੂੰ ਯਾਦ ਕਰਦਾ ਹੋਇਆ, ਉਹ ਉਹੀ ਹੈ। ਇਸਦਾ ਅੰਦਾਜ਼ਾ ਉਦੋਂ ਹੀ ਲੱਗ ਗਿਆ ਸੀ ਜਦੋਂ ਉਸਦੇ ਹੱਥ ਰੁਕੇ ਸਨ। ਮੈਂ ਵੀ ਉਸੇ ਧੂੜ ਭਰੀ ਸੜਕ ਉੱਤੇ ਸਾਂ।…ਪੰਜ ਸਾਲ ਪਹਿਲਾਂ, ਉਹ ਮੇਰੇ ਨਾਲ ਨਾਲ ਤੁਰ ਰਿਹਾ ਸੀ…ਉਸਦੀਆਂ ਗੱਪਾਂ ਸੁਣਦਿਆਂ, ਖੇਤਾਂ ਵਿਚ ਕੰਮ ਕਰਦੇ ਲੋਕਾਂ, ਸੜਕ ਉੱਤੇ ਤੁਰੇ ਜਾਂਦੇ ਕਿਸਾਨਾਂ ਦੀਆਂ ਗੱਲਾਂ ਸੁਣਦਿਆਂ, ਮੈਂ ਸੋਚਿਆ ਸੀ ਕਿ 'ਘੱਟੋ-ਘੱਟ ਇਹਨਾਂ ਕੋਲ ਏਨਾ ਸਮਾਂ ਤਾਂ ਹੈ ਕਿ ਘੰਟਿਆਂ ਬੱਧੀ ਗੱਲਾਂ ਤਾਂ ਕਰ ਸਕਦੇ ਨੇ…'

ਉਸ ਦਿਨ ਅਸੀਂ ਤੜਕੇ ਹੀ ਇੱਥੇ ਪਹੁੰਚੇ ਸਾਂ। ਮੇਰੇ ਸਹੁਰਿਆਂ ਦੀ ਇਹ ਸੁੱਖਣਾ ਤੇ ਰੀਤ ਸੀ ਕਿ ਉਹ ਆਪਣੇ ਹਰ ਜਵਾਈ ਨੂੰ ਇੱਥੇ ਲੈ ਕੇ ਆਉਣਗੇ ਤੇ ਗੁਰੂ ਦੇ ਦਰਬਾਰ ਵਿਚ ਮੱਥਾ ਟਿਕਾਉਣਗੇ। ਸਿਰਫ਼ ਮੈਂ ਹੀ ਇੱਥੇ ਨਹੀਂ ਸਾਂ ਆਇਆ ਤੇ ਮੇਰੇ ਮਾਰਕਸਵਾਦੀ ਵਿਚਾਰਾਂ ਸਦਕਾ ਉਹਨਾਂ ਦਾ ਮੈਨੂੰ ਕੁਝ ਕਹਿਣ ਦਾ ਹੌਸਲਾ ਵੀ ਨਹੀਂ ਸੀ ਹੋਇਆ। ਸ਼ਾਦੀ ਦੇ ਵੀਹ ਵਰ੍ਹਿਆਂ ਬਾਅਦ ਉਹਨਾਂ ਦੀ ਮੁਰਾਦ ਪੂਰੀ ਹੋਈ। ਕਦੀ ਉਹ ਇੱਥੋਂ ਦੇ ਹਾਕਮ ਹੁੰਦੇ ਸਨ, ਪੱਕੀਆਂ ਹਵੇਲੀਆਂ ਵਾਲੇ, ਹੁਣ ਹਵੇਲੀਆਂ ਵਿਚ ਕੋਈ ਨਹੀਂ ਰਹਿੰਦਾ। ਸਾਰੇ ਸ਼ਹਿਰ ਜਾ ਕੇ ਵੱਸ ਗਏ ਨੇ। ਸਿਰਫ਼ ਇਕ ਪਰਿਵਾਰ ਰਹਿੰਦਾ ਹੈ, ਉਹ ਵੀ ਆਪਣੇ ਫ਼ਾਰਮ ਵਿਚ।

ਇੱਥੇ ਪਹੁੰਚਦਿਆਂ ਹੀ ਲੋਕਾਂ ਦੀ ਇਕ ਕਤਾਰ ਦਿਖਾਈ ਦਿੱਤੀ ਸੀ। ਸਾਰੇ ਵਾਰੀ-ਵਾਰੀ ਸਾਡੇ ਸਾਰਿਆਂ ਦੇ ਪੈਰ ਛੁਹਣ ਲੱਗੇ। ਮੇਰੀ ਸੱਸ ਪੈਰ ਛੂਹਣ ਵਾਲੇ ਨੂੰ ਕੁਝ ਰੁਪਈਏ ਦੇਂਦੀ, ਉਹਨਾਂ ਦੀ ਰਾਜੀ-ਖੁਸ਼ੀ ਪੁੱਛਦੀ, ਵਿਚ ਵਿਚ ਕਦੀ ਕਦੀ ਕਿਸੇ ਦਾ ਨਾਂਅ ਵੀ ਲੈ ਲੈਂਦੀ।

ਜਦੋਂ ਪਹਿਲਾ ਆਦਮੀ ਮੇਰੇ ਪੈਰ ਛੂਹਣ ਲਈ ਝੁਕਿਆ ਸੀ ਤਾਂ ਮੈਂ ਤਾੜ ਦਿੱਤਾ ਸੀ ਕਿ 'ਖ਼ਬਰਦਾਰ ਜੇ ਕਿਸੇ ਨੇ ਮੇਰੇ ਪੈਰੀਂ ਲਾਏ।'

"ਲਾ ਪੈਰੀਂ ਹੱਥ, ਕੁੱਤਿਆ ਜਵਾਈ ਏ ਸਾਡਾ। ਨਹੀਂ ਤਾਂ ਛਿੱਤਰੌਲ ਹੋਵੇਗੀ।" ਕਿਸੇ ਨੇ ਲਲਕਰਿਆ ਸੀ, ਉਸਨੂੰ।

ਮੈਂ ਸਖ਼ਤੀ ਨਾਲ ਫ਼ੌਜੀ ਦੀ ਬਾਂਹ ਫੜ੍ਹ ਲਈ ਸੀ---ਕਤਾਰ ਵਿਚ ਚੁੱਪ ਵਾਪਰ ਗਈ ਸੀ, ਸਾਰੇ ਸਹਿਮ ਗਏ ਸਨ ਤੇ ਫ਼ੌਜੀ ਵੱਲ ਦੇਖਣ ਲੱਗ ਪਏ ਸਨ…

ਇਹ ਇਕ ਅਣਹੋਣੀ ਸੀ ਉਹਨਾਂ ਲਈ…ਪਰ ਮੇਰੇ ਲਈ ਨਹੀਂ।

"ਓਹ ਕੁੱਤਿਆ…"
"… … …"
"ਆਪਣੀ ਇਸ ਪਰਜਾ 'ਤੇ ਵੀ ਨਜ਼ਰੇ-ਮਿਹਰ ਕਰੋ, ਤੇ ਉਹਨਾਂ 'ਤੇ ਵੀ…।" ਮੇਰਾ ਇਸ਼ਾਰਾ ਵਹਿੰਦੇ ਹੋਏ ਦਰਿਆ ਤੇ ਦਰਸ਼ਨੀ ਗੁਰੂਦੁਆਰੇ ਵੱਲ ਸੀ।

ਮੇਰੀਆਂ ਗੱਲਾਂ ਕਿਸੇ ਨੂੰ ਚੰਗੀਆਂ ਨਹੀਂ ਸੀ ਲੱਗੀਆਂ…ਗੁਰੂਦੁਆਰੇ ਦੇ ਪ੍ਰਬੰਧਕਾਂ ਨੂੰ ਵੀ ਨਹੀਂ। ਉਹ ਵੀ ਉਹਨਾਂ 'ਤੇ ਚਿੜੇ ਹੋਏ ਸਨ। ਮੇਰੀ ਪਤਨੀ ਨੂੰ ਵੀ ਮੇਰੀ ਗੱਲ ਬੁਰੀ ਲੱਗੀ ਸੀ ਤੇ ਉਸਨੇ ਤੁੜਕ ਕੇ ਕਿਹਾ ਕਿ 'ਤੁਸੀਂ ਹਰ ਜਗ੍ਹਾ ਆਪਣੀ ਲੀਡਰੀ ਚਲਾਂਦੇ ਓ। ਹੁਣ ਇਹ ਲੋਕ ਸਾਡੇ ਸਾਹਮਣੇ ਵੀ ਮੂੰਹ ਖੋਹਲਣਗੇ'…'ਸਾਡੇ' ਸ਼ਬਦ ਵਿਚ ਉਸਨੇ ਮੈਨੂੰ ਸ਼ਾਮਿਲ ਨਹੀਂ ਸੀ ਕੀਤਾ…ਉਹ ਵੀਹ ਵਰ੍ਹਿਆਂ ਬਾਅਦ ਵੀ ਉਹਨਾਂ ਦੀ ਸੀ, ਯਾਨੀ ਆਪਣੇ ਵਰਗ ਦੀ…

"ਕੁਛ ਨਹੀਂ ਹੋਵੇਗਾ…ਸਿਰਫ਼ ਤੁਸੀਂ ਇੱਥੇ ਇੰਜ ਨਹੀਂ ਆ ਸਕੋਗੇ।" ਮੇਰੀ ਇਹ ਗੱਲ ਕਿੱਲ ਵਾਂਗ ਚੁਭੀ ਸੀ, ਉਹਨਾਂ ਨੂੰ। ਉਸਨੇ ਮੂੰਹ ਫੁਲਾ ਲਿਆ…ਸ਼ਾਇਦ ਉਸ ਵਿਚ ਉਹ ਵਿਹੂ ਵੀ ਸ਼ਾਮਿਲ ਸੀ ਜਿਹੜੀ ਮੇਰੇ ਨਾਲ ਵੱਝ ਜਾਣ ਪਿੱਛੋਂ ਉਹ ਅੰਦਰੇ-ਅੰਦਰ ਘੋਲਦੀ ਰਹਿੰਦੀ ਸੀ। ਉਸ ਦਿਨ ਪਹੁੰਚਦਿਆਂ ਹੀ ਬੱਚੇ ਤਾਂ ਕਾਰ ਲੈ ਕੇ ਉੱਧਰ ਚਲੇ ਗਏ ਸਨ, ਜਿੱਧਰ ਧਰਤੀ ਉੱਤੇ ਦੂਰ-ਦੂਰ ਤੱਕ ਪਾਣੀ ਖੜ੍ਹਾ ਸੀ, ਜਿਹੜਾ ਆਏ ਸਾਲ ਹੜ੍ਹ ਪਿੱਛੋਂ ਇੱਥੇ ਜਮ੍ਹਾਂ ਹੋ ਜਾਂਦਾ ਸੀ ਤੇ ਉਸਦੇ ਪੂਰੀ ਤਰ੍ਹਾਂ ਸੁੱਕਣ ਤੋਂ ਪਹਿਲਾਂ ਹੀ ਹੜ੍ਹ ਫੇਰ ਆ ਜਾਂਦਾ ਸੀ। ਉਸ ਪਾਣੀ ਉੱਤੇ ਪ੍ਰਵਾਸੀ ਪਰਿੰਦੇ ਹਰ ਸਾਲ ਆਪਣਾ ਅਧਿਕਾਰ ਜਮਾ ਲੈਂਦੇ ਸਨ…ਪਾਣੀ ਉਪਰ ਕਲੋਲਾਂ ਕਰਦੇ, ਸੈਂਕੜੇ-ਹਜ਼ਾਰਾਂ ਪਰਿੰਦੇ ਬੜੇ ਸੁੰਦਰ ਲੱਗਦੇ। ਜਿਹੜਾ ਵੀ ਇੱਥੇ ਆਉਂਦਾ, ਸਭ ਤੋਂ ਪਹਿਲਾਂ ਉੱਧਰ ਹੀ ਨੱਠਦਾ…ਕਿਸੇ ਕੋਲ ਇਹ ਗੱਲ ਸੋਚਣ ਦੀ ਫ਼ੁਰਸਤ ਨਹੀਂ ਸੀ ਹੁੰਦੀ ਕਿ ਉਸ ਧਰਤੀ ਦੇ ਕਿਸਾਨਾਂ ਦਾ ਕੀ ਬਣਿਆ ਹੋਵੇਗਾ ਜਾਂ ਉਹ ਕਿੱਥੇ ਪ੍ਰਵਾਸ ਕਰ ਗਏ ਸਨ ?

ਮੇਰੇ ਛੋਟੇ ਮੁੰਡੇ ਦੇ ਸਿਰ ਵਿਚ ਸੱਟ ਲੱਗੀ ਸੀ…ਮੈਨੂੰ ਕਾਰ ਦੀ ਜ਼ਰੂਰਤ ਸੀ, ਕਾਰ ਹੈ ਨਹੀਂ ਸੀ…ਦਵਾਈ ਦਸ ਕੋਹ ਤੋਂ ਉਰੇ ਨਹੀਂ ਸੀ ਮਿਲਣੀ, ਫ਼ੌਜੀ ਨੇ ਕੁਝ ਪੱਤਿਆਂ ਦਾ ਰਸ ਨਿਚੋੜ ਕੇ ਜ਼ਖ਼ਮ ਉੱਤੇ ਪਾ ਦਿੱਤਾ।

"ਫਿਕਰ ਨਾ ਕਰੋ ਜੀ, ਬਿਲਕੁਲ ਠੀਕ-ਠਾਕ ਹੋ ਜਾਊਗਾ।"

ਮੈਂ ਦਵਾਈ ਲੈ ਆਉਣ ਖਾਤਰ ਪੈਦਲ ਹੀ ਤੁਰ ਪਿਆ। ਥੋੜ੍ਹੀ ਦੂਰ ਜਾਣ ਪਿੱਛੋਂ ਮਹਿਸੂਸ ਹੋਇਆ ਕਿ ਕੋਈ ਮੇਰੇ ਪਿੱਛੇ ਪਿੱਛੇ ਆ ਰਿਹਾ ਹੈ। ਪਿੱਛੇ ਫ਼ੌਜੀ ਸੀ, ਉਹ ਰੁਕ ਗਿਆ ਤੇ ਉਸਨੇ ਅੱਖਾਂ ਮੀਚ ਲਈਆਂ। ਤਣ ਕੇ ਖੜ੍ਹਾ ਹੋ ਗਿਆ…ਐਨ ਉਹਨਾਂ ਬੁੱਤਾਂ ਵਾਂਗ ਜਿਹੜੇ ਸ਼ਹਿਰਾਂ ਵਿਚ ਸੜਕਾਂ ਦੇ ਚੌਕਾਂ ਵਿਚ ਖੜ੍ਹੇ ਹੁੰਦੇ ਨੇ, ਪਰ ਪਿੰਡਾਂ ਵਿਚ ਬੁੱਤ ਨਹੀਂ ਹੁੰਦੇ ਸਿਰਫ ਲੋਕ ਹੁੰਦੇ ਨੇ ਜਿਹਨਾਂ ਦੇ ਬੁੱਤ ਕਦੀ ਨਹੀਂ ਬਣਦੇ।

"ਚੱਲਣਾ ਏਂ ਤਾਂ ਭਰਾ, ਮੇਰੇ ਨਾਲ-ਨਾਲ ਚੱਲ ਫੇਰ।" ਉਹ ਨੇੜੇ ਨਹੀਂ ਆਇਆ। ਇਕ ਝਿਜਕ, ਡਰ ਤੇ ਹੈਰਾਨੀ ਉਸਦੇ ਚਿਹਰੇ ਉੱਪਰ ਸੀ, ਜਿਸਨੂੰ ਉਸਦੀਆਂ ਬੰਦ ਅੱਖਾਂ ਵੀ ਨਹੀਂ ਸੀ ਛਿਪਾ ਸਕੀਆਂ।

"ਯਾਰ ਪੈਂਡਾ ਲੰਮਾਂ ਏਂ, ਕੁਝ ਗੱਪਸ਼ੱਪ ਈ ਹੋ ਜਾਏਗਾ।" ਮੈਂ ਜਾਣਦਾ ਸੀ, ਮੇਰੇ ਪਿੱਛੇ ਆਉਣ ਵਿਚ ਇਕ ਕਸ਼ਿਸ਼ ਸੀ…ਝਿਜਕ ਵੀ ਸੀ ਤੇ ਉਸ ਝਿਜਕ ਵਿਚ, ਇਕ ਡਰ ਵੀ ਸ਼ਾਮਿਲ ਸੀ…ਤਕੜੀ ਸਜ਼ਾ ਦਾ ਡਰ।

ਝਿਜਕ ਕੁਝ ਘੱਟ ਜ਼ਰੂਰ ਹੋਈ ਪਰ ਵਿਚਕਾਰਲਾ ਫ਼ਾਸਲਾ ਓਵੇਂ ਦੀ ਜਿਵੇਂ ਰਿਹਾ। ਇਹ ਫ਼ਾਸਲਾ ਅੱਜ ਦਾ ਨਹੀਂ ਸੀ, ਸੈਂਕੜੇ ਵਰ੍ਹਿਆਂ ਦਾ ਸੀ ਜਦੋਂ ਦੇ ਉਸਦੇ ਪੁਰਖ਼ੇ ਮੇਰੇ ਸਹੁਰਿਆਂ ਦੇ ਪੁਰਖ਼ਿਆਂ ਦੀ ਸੇਵਾ ਤੇ ਰਾਖੀ ਕਰ ਰਹੇ ਹਨ। ਸ਼ਾਇਦ ਇਸ ਤੋਂ ਵੀ ਪੁਰਾਣਾ ਜਦ ਕਿਸੇ ਜਾਬਰ ਨੇ ਉਹਨਾਂ ਤੋਂ ਉਹਨਾਂ ਦੀ ਧਰਤੀ ਖੋਹੀ ਹੋਵੇਗੀ। ਉਸ ਫ਼ਾਸਲੇ ਨੂੰ ਖ਼ਤਮ ਕਰਨ ਲਈ ਉਹਨਾਂ ਵਿਚ ਕੁਝ ਭਰਨਾ ਜ਼ਰੂਰੀ ਸੀ।

ਮੈਨੂੰ ਸ਼ੁਰੂ ਦੇ ਉਹ ਦਿਨ ਯਾਦ ਆ ਗਏ ਜਦ ਦੂਸਰਿਆਂ ਨੂੰ ਬਦਲਣ ਖ਼ਾਤਰ, ਦੀਵਾਨਗੀ ਦੀਆਂ ਹੱਦਾਂ ਨੂੰ ਪਾਰ ਕਰਦਾ ਹੋਇਆ, ਇਕ ਜਨੂੰਨ ਮੇਰੇ ਸਿਰ ਉੱਤੇ ਸਵਾਰ ਹੋ ਜਾਂਦਾ ਹੁੰਦਾ ਸੀ। ਹੁਣ ਨਾ ਉਹ ਦਿਨ ਸਨ, ਨਾ ਹੀ ਉਹ ਮਾਹੌਲ। ਨਾ ਹੀ ਉਹ ਉਤਸ਼ਾਹ ਤੇ ਲਗਨ ਰਹਿ ਗਈ ਸੀ, ਮੇਰੇ ਵਿਚ। ਉਸ ਜਨੂੰਨ ਤੇ ਜ਼ਿਦ ਦੀ ਦੁਨੀਆਂ ਤੋਂ ਕਿੰਨਾ ਦੂਰ ਨਿਕਲ ਆਇਆ ਸਾਂ ਮੈਂ…ਜਿੱਥੇ ਅੱਜ ਸਾਂ, ਇੰਜ ਕਿੰਜ ਆ ਪਹੁੰਚਿਆ ਹਾਂ ਮੈਂ ?

ਇਸ ਸਵਾਲ ਤੇ ਇਸਦੇ ਜਵਾਬ ਤੋਂ ਬਚਨਾ ਚਾਹੁੰਦਾ ਹੋਇਆ ਮੈਂ ਸੀਟੀ ਵਜਾਉਣ ਲੱਗ ਪਿਆ। ਸੀਟੀ ਅਜਿਹੇ ਪਲਾਂ ਵਿਚ ਆਪਣੇ ਆਪ ਹੀ ਵੱਜਣ ਲੱਗਦੀ ਹੈ…ਜਦ ਮੈਂ ਬਚਨਾ ਚਾਹੁੰਦਾ ਹਾਂ, ਦੂਸਰਿਆਂ ਤੋਂ ਨਹੀਂ, ਖ਼ੁਦ ਆਪਣੇ ਆਪ ਤੋਂ। ਮੈਂ ਤੁਰੰਤ ਇਕ ਜਨੂੰਨ ਆਪਣੇ ਉੱਪਰ ਤਾਣ ਲਿਆ, ਤੇ ਪੁਰਾਣੇ ਦਿਨਾਂ ਵਿਚ ਪਹੁੰਚ ਗਿਆ…ਕਿਤੇ ਮੇਰੀ ਉਹ ਤਾਕਤ ਖ਼ਤਮ ਤਾਂ ਨਹੀਂ ਹੋ ਰਹੀ…

…ਤੇ ਮੇਰਾ ਖੇਲ ਸ਼ੁਰੂ ਹੋ ਗਿਆ ਸੀ। ਮੈਂ ਉਸਨੂੰ ਬੁਲਾਇਆ, "ਓ ਭਰਾ, ਜ਼ਰਾ ਨੇੜੇ ਆ।" ਉਹ ਸੱਜਿਓਂ ਕੁਝ ਖੱਬੇ ਜ਼ਰੂਰ ਹੋਇਆ ਪਰ ਦੂਰੀ ਘੱਟ ਨਹੀਂ ਹੋਈ। "ਕਿੰਨੇ ਨਿਆਣੇ ਨੇ ਤੇਰੇ ?", "ਦੋ...", "ਕਮਾਲ ਐ, ਤੇਰੇ ਵੀ ਦੋ ਤੇ ਮੇਰੇ ਵੀ ਦੋ…ਤੇ ਪਿੰਡ ਦੀਆਂ ਕੰਧਾਂ 'ਤੇ ਵੀ ਦੋ ਮੂਰਤਾਂ ਬਣੀਆ ਹੋਈਆਂ ਨੇ।…ਮਾਚਿਸ ਹੈ ਤੇਰੇ ਕੋਲ ?...ਲੈ ਤੂੰ ਵੀ ਲਾ ਲੈ ਯਾਰ।" ਉਸਨੇ ਸਿਗਰੇਟ ਸੁਲਗਾਇਆ ਜ਼ਰੂਰ ਪਰ ਚੁੱਪਚਾਪ ਮਸਲ ਕੇ ਬੁਝਾ ਦਿੱਤਾ ਤੇ ਕੰਨ 'ਚ ਟੁੰਗ ਲਿਆ। ਸਿਗਰੇਟ ਪੀਣਾ ਹਕਮਾਂ ਦੀ ਨਜ਼ਰ ਵਿਚ ਬੇਅਦਬੀ ਸੀ। "ਓਇ ਆਪਣੇ ਦੋਹਾਂ ਦੇ ਸਿਗਰੇਟ ਬੁਝ ਗਏ।" ਏਨਾ ਸੁਣਦਿਆਂ ਹੀ ਉਹ ਹੱਸ ਪਿਆ।

"ਮੈਂ ਵੀ ਤੇਰੇ ਵਰਗਾ ਬੰਦਾ ਆਂ…ਤੇਰੇ ਵਾਂਗਰ ਪੈਦਾ ਹੋਇਆ ਸਾਂ, ਫੇਰ ਤੂੰ ਇਹ ਤਮਾਸ਼ਾ ਕਿਉਂ ਕਰ ਰਿਹੈਂ ?"

'ਖੀਂ-ਖੀਂ' ਕਰਦਾ ਹੋਇਆ ਉਹ ਜ਼ਰਾ ਕੁ ਹੋਰ ਖੱਬੇ ਖਿਸਕ ਗਿਆ। ਮੈਂ ਵੀ ਉਸਦੇ ਨਾਲ ਚਿਪਕ ਗਿਆ। ਉਹ ਟੋਏ ਵਿਚ ਡਿੱਗਿਆ, ਨਾਲ ਮੈਂ ਵੀ ਸਾਂ।

"ਦੂਰ ਰਹੋ ਜੀ, ਸੌਂਹ ਰੱਬ ਦੀ, ਅਸੀਂ ਕਮੀਨ ਹੁੰਦੇ ਆਂ ਜੀ..."

"ਜਦੋਂ ਅੱਜ ਤੀਕ ਪੈਰ ਛੂਹਣ ਨਾਲ ਕੁਝ ਨਹੀਂ ਵਿਗੜਿਆ ਕਿਸੇ ਦਾ, ਫੇਰ ਹੱਥ ਛੂਹ ਜਾਣ ਨਾਲ ਕੀ ਹੋ ਜਾਏਗਾ ?"

ਮੈਨੂੰ ਲੱਗਿਆ ਉਹ ਹਜ਼ਾਰਾਂ ਵਰ੍ਹਿਆਂ ਦਾ ਪਾੜਾ ਪੂਰ ਕੇ ਮੇਰੇ ਕੋਲ ਆਣ ਖੜ੍ਹਾ ਹੋਇਆ ਹੈ…ਤੇ ਪੁੱਛ ਰਿਹਾ ਹੈ ਕਿ ਮੈਂ ਅੱਜ ਤੱਕ ਕਿੱਥੇ ਗਵਾਚਿਆ ਰਿਹਾਂ ? ਮੈਨੂੰ ਲੱਗਿਆ, ਸੱਚਮੁੱਚ ਮੈਂ ਗਵਾਚਿਆ ਹੀ ਰਿਹਾ ਹਾਂ। ਮੈਂ ਆਪਣੇ ਆਪ ਨੂੰ ਉਸ ਨਾਲੋਂ ਛੋਟਾ ਮਹਿਸੂਸ ਕੀਤਾ। ਉਸਨੇ ਮੈਨੂੰ ਉਪਰੋਂ ਹੇਠਾਂ ਤੱਕ ਦੇਖਿਆ ਤੇ ਕੁਝ ਸੋਚਣ ਲੱਗਾ। ਅਚਾਨਕ ਉਹ ਮੁਸਕਰਾਇਆ। ਉਸਨੇ ਆਪਣੇ ਤੇ ਮੇਰੇ ਕੱਪੜਿਆਂ ਦੀ ਧੂੜ ਝਾੜੀ…ਮੇਰੀ ਦਲੀਲ ਕੰਮ ਕਰ ਗਈ ਸੀ। ਉਸਦੇ ਚਿਹਰੇ ਤੇ ਅੱਖਾਂ ਦੀ ਚਮਕ ਵਿਚ ਕੋਈ ਨਵੀਂ ਚੀਜ਼ ਸ਼ਾਮਿਲ ਹੋ ਚੁੱਕੀ ਸੀ।

"ਹੋ ਜਾਏ ਫੇਰ ਸੂਟਾ…ਤੁਸੀਂ ਵੀ ਕੀ ਯਾਦ ਕਰੋਗੇ ਜੀ…"

ਹੁਣ ਅਸੀਂ ਨਾਲ ਨਾਲ ਤੁਰ ਰਹੇ ਸਾਂ। ਸੂਟੇ ਤੇ ਸੂਟਾ ਲਾਉਂਦਾ ਹੋਇਆ ਉਹ ਉਸ ਭੋਲੇ ਬੱਚੇ ਵਰਗਾ ਲੱਗ ਰਿਹਾ ਸੀ ਜਿਸਨੂੰ ਪਹਿਲੀ ਵੇਰ ਖੁੱਲ੍ਹੀ ਛੁੱਟੀ ਮਿਲੀ ਹੋਵੇ। ਮੈਂ ਉਸਨੂੰ ਦੂਜਾ ਸਿਗਰੇਟ ਦਿੱਤਾ ਤੇ ਨਾਲ ਹੀ ਪੈਕੇਟ ਵੀ ਫੜਾ ਦਿੱਤਾ।

"ਮਜ਼ਾ ਆ ਗਿਆ।"

ਹੁਣ ਮੇਰਾ ਖੇਲ ਸਮਾਪਤ ਹੋ ਚੁੱਕਿਆ ਸੀ---ਮੈਂ ਉਸ ਨਾਲ, ਉਸਦੇ ਮਨ ਨਾਲ, ਜੁੜਨ ਲੱਗ ਪਿਆ ਸਾਂ ਜਿਸ ਤਰ੍ਹਾਂ ਸ਼ੁਰੂ ਦੇ ਦਿਨਾਂ ਵਿਚ ਲੋਕਾਂ ਨਾਲ ਜੁੜਦਾ ਹੁੰਦਾ ਸਾਂ।

"ਗੰਨਾਂ ਚੂਪੋਗੇ ?"

ਮੈਂ ਤ੍ਰਬਕਿਆ ਤੇ ਤੁਰੰਤ ਕਿਤੋਂ ਪਰਤ ਆਇਆ। ਮੇਰੇ ਸਾਹਮਣੇ ਦੂਰ ਦੂਰ ਤੱਕ ਫੈਲੇ ਹੋਏ ਖੇਤ ਸਨ, ਦਰਖ਼ਤ ਸਨ, ਖੜ੍ਹੀਆਂ ਫਸਲਾਂ ਸਨ, ਸਰੋਂ ਉੱਤੇ ਥਿਰਕਦੀਆਂ ਤਿੱਤਲੀਆਂ ਸਨ। ਸਭ ਕੁਝ ਸੀ ਪਰ ਇਹ ਸਭ ਸਿਰਫ਼ ਇਕ ਦ੍ਰਿਸ਼ ਨਹੀਂ ਸੀ, ਇਕ ਦੂਸਰੀ ਹੀ ਤਸਵੀਰ ਸੀ। ਉੱਥੋਂ ਆਉਣ ਦਾ ਕਾਰਨ ਸਿਰਫ਼ ਦਵਈ ਹੀ ਨਹੀਂ ਸੀ…ਉਹਨਾਂ ਦੀ ਦੁਨੀਆਂ ਤੋਂ ਭੱਜ ਕੇ ਕੁਦਰਤ ਦੀ ਅਨੋਖੀ ਖ਼ੂਬਸੂਰਤੀ ਦਾ ਆਨੰਦ ਮਾਣਨਾ ਵੀ ਸੀ।

ਹੁਣ ਉਸ ਵਿਚ ਇਕ ਅਦਭੁਤ ਭੁੱਖ ਤੇ ਸਾਹਸ ਜਾਗ ਪਿਆ ਸੀ। ਖੇਤਾਂ ਵਿਚੋਂ ਗੰਨੇ, ਮੂਲੀਆਂ, ਗਾਜਰਾਂ ਤੇ ਪਤਾ ਨਹੀਂ ਕੀ ਕੀ ਤੋੜਦਾ ਰਿਹਾ। ਰਸਤੇ ਵਿਚ ਜਿਹੜਾ ਵੀ ਮਿਲਦਾ, ਰੋਕ ਕੇ ਦੱਸਦਾ ਕਿ ਮੈਂ ਉਹੀ ਜਵਾਈ ਹਾਂ ਜਿਹੜਾ ਅੱਜ ਤੱਕ ਇੱਥੇ ਨਹੀਂ ਸੀ ਆਇਆ। ਮੈਂ ਉਹਨਾਂ ਵਿਚ ਨਾਸਤਿਕ ਦੇ ਨਾਂਅ ਨਾਲ ਮਸ਼ਹੂਰ ਸਾਂ। ਪਿੰਡ ਦੇ ਕਿਸਾਨਾਂ ਦੀ ਬੋਲੀ ਤੇ ਉਹਨਾਂ ਦੇ ਸਵਾਲਾਂ ਦੇ ਜਵਾਬ ਦੇਂਦਾ ਥੱਕ ਜਾਂਦਾ। ਪਿੰਡਾਂ ਵਾਲੇ ਦੂਜਿਆਂ ਨੂੰ ਅੰਦਰ ਤੱਕ ਤਾੜ ਲੈਂਦੇ ਨੇ, ਇਸੇ ਡਰ ਸਦਕਾ ਥੋੜ੍ਹਾ ਬੇਚੈਨ ਹੋ ਜਾਂਦਾ ਸਾਂ। ਪਹਿਲਾਂ ਪਹਿਲਾਂ ਇੰਜ ਲੱਗਦਾ ਹੁੰਦਾ ਸੀ ਕਿ ਜਦ ਇਹ ਸਾਰੇ ਸਾਡੇ ਲਈ ਏਨੇ ਅਜਨਬੀ ਨੇ ਤੇ ਖਿਝ ਦਾ ਕਾਰਨ ਵੀ ਬਣ ਜਾਂਦੇ ਨੇ ਤਾਂ ਇਹ ਸਾਡੇ ਨੇੜੇ ਕਿੰਜ ਆ ਸਕਦੇ ਨੇ ?

"ਦੇਖੋ ਹਜ਼ੂਰ…ਜਿੱਥੋਂ ਤਾਈਂ ਨਜ਼ਰ ਜਾਂਦੀ ਐ, ਇਕੋ ਵਾਰੀ ਦੇਖ ਲਓ, ਸਾਰੀ ਧਰਤੀ ਕਦੀ ਹਾਕਮਾਂ ਦੀ ਹੁੰਦੀ ਸੀ, ਹੁਣ ਨਹੀਂ ਰਹੀ…ਜਿਹੜੀ ਹੈ, ਉਹ ਵੀ ਘੱਟ ਨਹੀਂ। ਆਉਣ ਵਾਲੀਆਂ ਪੁਸ਼ਤਾਂ ਵੀ ਖ਼ਤਮ ਨਹੀਂ ਕਰ ਸਕਦੀਆਂ…ਬੜੇ ਦੂਰ ਅੰਦੇਸ਼ ਲੋਕ ਨੇ ਹਾਕਮ…" ਜਿਹੜੀਆਂ ਗੱਲਾਂ ਸਹੁਰਿਆਂ ਤੇ ਪਤਨੀ ਤੋਂ ਕਦੀ ਪਤਾ ਨਹੀਂ ਸੀ ਲੱਗੀਆਂ, ਉਹ ਦੱਸਣ ਲੱਗਾ। ਚਾਰ ਪੰਜ ਸੌ ਵਰ੍ਹੇ ਪਹਿਲਾਂ ਉੱਥੇ ਹਾਕਮਾਂ ਦਾ ਵੱਡਾ ਕਾਰੋਬਾਰ ਤੇ ਜ਼ਿਮੀਂਦਾਰਾ ਸੀ। ਮੱਧ ਏਸ਼ੀਆ ਤੋਂ ਤਿਜਾਰਤ ਦਾ ਇਹੀ ਮਾਰਗ ਹੁੰਦਾ ਸੀ, ਕਦੀ। ਦਰਬਾਰ ਵਿਚ ਰਸੂਖ਼ ਵਾਲੇ ਲੋਕ, ਚਾਰ ਸੌ ਸਾਲ ਪਹਿਲਾਂ ਸੱਠ ਮੀਲ ਦੂਰ, ਇਸ ਸ਼ਹਿਰ ਦੇ ਜਨਮ ਦੇ ਨਾਲ ਹੀ, ਹਾਕਮ ਉੱਥੇ ਆ ਵੱਸੇ ਸਨ।...ਉਹਨਾਂ ਦੀਆਂ ਹਵੇਲੀਆਂ ਨਾਲ ਈ ਇਹ ਧਰਤੀ ਆਬਾਦ ਹੋਈ। ਅੰਗਰੇਜ਼ੀ ਰਾਜ ਵਿਚ ਉਹ ਵੱਡੇ ਵੱਡੇ ਸ਼ਹਿਰਾਂ ਵਿਚ ਚਲੇ ਗਏ। ਉਹਨਾਂ ਦਾ ਵਪਾਰ ਨਵੇਂ ਦੇਸ਼ਾਂ ਤਕ ਫੈਲ ਗਿਆ। ਉਹਨਾਂ ਕਈ ਅਧੁਨਿਕ ਧੰਦੇ ਤੋਰ ਲਏ। ਸਮਾਂ ਲੰਘਣ ਦੇ ਨਾਲ ਨਾਲ ਉਹਨਾਂ ਦੀਆਂ ਹਵੇਲੀਆਂ ਵੀਰਾਨ ਹੋਣ ਲੱਗੀਆਂ। ਪੱਕੀਆਂ ਹਵੇਲੀਆਂ ਵਾਲਾ ਪਿੰਡ, ਖੰਡਰ ਬਣ ਗਿਆ।

ਮੈਂ ਉਸ ਵੱਲ ਦੇਖਿਆ। ਉਹ ਬੈਠਾ ਤਾਂ ਕੰਡਿਆਲੀ ਕਿੱਕਰ ਦੀ ਛਾਂ ਹੇਠ ਸੀ, ਪਰ ਸੀ ਉਸ ਇਤਿਹਾਸ ਵਿਚ ਜਿਸਨੂੰ ਕੱਚੀਆਂ ਝੌਂਪੜੀਆਂ ਵਿਚ ਰਹਿਣ ਵਾਲੇ ਆਪਣੇ ਵੱਡੇ-ਵਡੇਰਿਆਂ ਤੋਂ ਸੁਣਦੇ ਆ ਰਹੇ ਹਨ। ਠੰਡੀ ਹਵਾ ਦੀ ਠਾਰੀ ਕਿੱਕਰ ਦੀਆਂ ਸੂਲਾਂ ਵਾਂਗ ਚੁਭ ਰਹੀ ਸੀ, ਪਰ ਸਾਨੂੰ ਉਸਦਾ ਅਹਿਸਾਸ ਨਹੀਂ ਸੀ।

"ਸਾਡੇ ਹਾਕਮ ਕਦੀ ਬੇਰਹਿਮ ਨਹੀਂ ਰਹੇ, ਹੱਥ ਜੋੜ ਕੇ ਗੱਲਾਂ ਕਰਨ ਵਾਲੇ। ਹੁਣ ਉਹ ਗੱਲਾਂ ਨਹੀਂ ਰਹੀਆਂ। ਖ਼ੂਨ ਤਾਂ ਉਹੀ ਐ ਜੀ ਹਜ਼ੂਰ। ਵਿਆਹ-ਸ਼ਾਦੀਆਂ ਵਿਚ ਦਿਲ ਖੋਲ੍ਹ ਕੇ ਦਿੰਦੇ ਨੇ ਸਾਨੂੰ…ਇਹ ਨਾ ਹੋਣ ਤਾਂ ਅਸੀਂ ਭੁੱਖੇ ਮਰ ਜਾਈਏ…" ਉਸ ਸਵੇਰ ਉੱਥੇ ਪਹੁੰਚਦਿਆਂ ਹੀ ਜਦ ਕਾਰਾਂ ਹਵੇਲੀਆਂ ਦੇ ਸਾਹਮਣੇ ਰੁਕੀਆਂ ਸਨ ਤਾਂ ਸਭ ਕਿਸੇ ਸੁਪਨ-ਲੋਕ ਵਰਗਾ ਲੱਗਿਆ ਸੀ। ਇਕ ਅਜਿਹੀ ਹਕੀਕਤ ਜਿਸਨੂੰ ਦੇਖ ਕੇ ਵੀ ਸੁਪਨੇ ਦਾ ਗੁਮਾਨ ਹੋਵੇ। ਲਾਲ ਛੋਟੀਆਂ, ਪੱਕੀਆਂ ਇੱਟਾਂ ਦੀਆਂ ਬਣੀਆ ਦੋ ਮੰਜ਼ਿਲਾ ਹਵੇਲੀਆਂ ਜਿਹਨਾਂ ਦੇ ਵੱਡੇ ਵੱਡੇ ਫਾਟਕਾਂ ਵਿਚ ਕਦੀ ਊਠ, ਹਾਥੀ ਤੇ ਘੋੜੇ ਸਮਾਅ ਜਾਂਦੇ ਹੋਣਗੇ। ਖੰਡਰ ਬਣੀਆ ਖੜ੍ਹੀਆਂ ਸਨ। ਕਿਸੇ ਇਕ ਹਵੇਲੀ ਵਿਚ ਵੀ ਜ਼ਿੰਦਗੀ ਦੇ ਆਸਾਰ ਨਹੀਂ ਸਨ। ਇੱਟਾਂ ਦੇ ਢੇਰ, ਢੱਠਾ ਹੋਇਆ ਮਲਬਾ, ਦਰਵਾਜ਼ੇ, ਬੁਰਜੀਆਂ ਤੇ ਦੂਰ ਦੂਰ ਤੱਕ ਫੈਲੇ ਖੇਤ। ਖੁੱਲ੍ਹੀਆਂ ਅੱਖਾਂ ਨਾਲ ਆਸਮਾਨ ਦੀ ਨੀਲੀ ਛੱਤ ਹੇਠ ਇਹ ਸਭ ਕੁਝ ਦੇਖਣਾ ਕਿਸੇ ਤਿਲਸਮ ਨਾਲੋਂ ਘੱਟ ਨਹੀਂ ਸੀ, ਜਿਵੇਂ ਕਿਸੇ ਗਵਾਚੀ ਦੁਨੀਆਂ ਦੀ ਕੋਈ ਯਾਦਗਾਰ। ਸਮੇਂ ਨਾਲੋਂ ਕਿੰਨਾ ਅੱਗੇ ਤੇ ਵਿਕਸਿਤ ਹੋਣਗੇ, ਇਹਨਾਂ ਹਵੇਲੀਆਂ ਦੇ ਲੋਕ…ਉਦੋਂ ਵੀ ਅੱਗੇ ਤੇ ਅੱਜ ਵੀ ਅੱਗੇ। ਨਹੀਂ ਤਾਂ ਇਹਨਾਂ ਹਵੇਲੀਆਂ ਵਿਚ ਹੁੰਦੇ। ਉਹਨਾਂ ਦਾ ਮੋਹ ਕੁਝ ਹੋਰ ਹੈ, ਨਾ ਧਰਤੀ ਨਾ ਹਵੇਲੀਆਂ…ਬੁੱਢੀ ਬੇਬੇ ਸਾਰਿਆਂ ਨੂੰ ਦੱਸ ਰਹੀ ਸੀ ਕਿ 'ਜਦੋਂ ਉਹ ਵਿਆਹੀ ਆਈ ਸੀ, ਉਸਨੂੰ ਸਭ ਤੋਂ ਪਹਿਲਾਂ ਹਵੇਲੀਆਂ ਦਿਖਾਉਣ ਲਿਆਂਦਾ ਗਿਆ ਸੀ…ਤੇ ਇੱਥੇ ਹੀ ਰਾਤ ਪੈ ਗਈ ਸੀ…' ਤੇ ਉਹ ਕਿਸੇ ਨੱਪੇ ਹੋਏ ਖ਼ਜ਼ਾਨੇ ਦੀਆਂ ਗੱਲਾਂ ਵੀ ਕਰ ਰਹੀ ਸੀ।

ਫ਼ੌਜੀ ਦੀਆਂ ਗੱਲਾਂ ਸੁਣਨ ਪਿੱਛੋਂ ਲੱਗਿਆ ਸੀ ਕਿ ਹਵੇਲੀਆਂ ਦੇ ਵਾਸੀ ਦੂਰ-ਅੰਦੇਸ਼ ਤਾਂ ਸੀ ਹੀ, ਚੁਸਤ ਵੀ ਬੜੇ ਸੀ। ਉਹਨਾਂ ਆਪਣੀ ਧਰਤੀ ਦੀ ਸੀਮਾ ਉੱਤੇ ਪਿੰਡ ਵਸਾਏ…ਸਿਰਫ਼ ਆਪਣੀ ਹਿਫ਼ਾਜ਼ਤ ਲਈ, ਨਾਕਾਬੰਦੀ ਵਜੋਂ।
***
ਬਾਜ਼ਾਰ ਵਿਚ ਭਰਪੂਰ ਰੌਣਕ ਦਿਖਾਈ ਦਿੱਤੀ। ਜ਼ਰੂਰਤ ਦੀਆਂ ਚੀਜ਼ਾਂ, ਟ੍ਰੈਕਟਰ, ਵਰਕਸ਼ਾਪ, ਕੱਪੜੇ ਦੀਆਂ ਦੁਕਾਨਾਂ, ਪੱਠੇ ਕੁਤਰਨ ਵਾਲੀਆਂ ਮਸ਼ੀਨਾ, ਖੇਤੀ ਦੇ ਸੰਦਾਂ ਦੀਆਂ ਦੁਕਾਨਾਂ, ਹਲਵਾਈ, ਚਾਹ ਦੇ ਸਟਾਲ, ਹਕੀਮ ਤੇ ਡਾਕਟਰ, ਸਾਰੇ ਹੀ ਸਨ ਉਸ ਬਾਜ਼ਾਰ ਵਿਚ। ਪਰ ਇਹ ਸਾਰੇ ਉੱਥੇ ਨਹੀਂ ਸਨ, ਉੱਥੇ ਸਨ ਸਿਰਫ਼ ਹਵੇਲੀਆਂ ਜਿਹਨਾਂ ਦੀ ਸੁਰੱਖਿਆ ਤੇ ਰਖਵਾਲੀ ਲਈ ਕਦੀ ਅਜਿਹੇ ਪਿੰਡ ਵਜੂਦ ਵਿਚ ਆਏ ਹੋਣਗੇ। ਪਿੰਡ ਵਿਚ ਜ਼ਿੰਦਗੀ ਸਿਰਫ਼ ਇਸ ਲਈ ਨਜ਼ਰ ਆਉਂਦੀ ਸੀ ਕਿ ਉੱਥੋਂ ਦੇ ਲੋਕ ਕਿਸੇ ਬਖ਼ਸ਼ੀਸ਼ ਉੱਤੇ ਨਹੀਂ ਬਲਿਕੇ ਆਪਣੀ ਮਿਹਨਤ ਦੇ ਬੂਤੇ ਜਿਊਂ ਰਹੇ ਸਨ।

ਦਵਾਈ ਖਰੀਦਿਆਂ ਹੋਇਆਂ ਅਜਿਹੀਆਂ ਗੱਲਾਂ ਦਾ ਧਿਆਨ ਆਉਣਾ ਮੇਰੀ ਆਦਤ ਦੇ ਮੁਤਾਬਕ ਸੀ। ਨਾਲ ਹੀ ਦਵਾਈ ਦੀ ਕੌੜੀ ਗੋਲੀ ਵਾਂਗ ਇਹ ਗੱਲ ਮਨ ਵਿਚ ਕੁਸੈਲ ਭਰ ਗਈ ਕਿ ਬੀਮਾਰੀ ਵਿਚ ਫ਼ੌਜੀ ਦੇ ਪਿੰਡ ਦੇ ਲੋਕ ਕੀ ਕਰਦੇ ਹੋਣਗੇ ? ਗੁਰੂਦੁਆਰੇ ਦੀ ਡਿਸਪੈਂਸਰੀ ਸਿਰਫ਼ ਯੱਗ ਦੇ ਦਿਨਾਂ ਵਿਚ ਖੁੱਲ੍ਹਦੀ ਹੈ। ਇਸ ਗੱਲ ਉੱਤੇ ਸ਼ਰਮ ਮਹਿਸੂਸ ਹੋਈ ਕਿ ਹਵੇਲੀਆਂ ਦੇਖਦੇ ਹੋਏ ਝੌਂਪੜੀਆਂ ਤੇ ਉਹਨਾਂ ਨਾਲ ਜੁੜੇ ਇਤਿਹਾਸ ਦਾ ਧਿਆਨ ਕਿਉਂ ਨਹੀਂ ਆਇਆ ? ਸਦੀਆਂ ਬਾਅਦ ਵੀ ਇਹਨਾਂ ਦੀ ਹਾਲਤ ਕਿਉਂ ਨਹੀਂ ਬਦਲੀ ? ਹਰ ਦਿਸ਼ਾ ਤੇ ਦਸ਼ਾ ਪੱਖੋਂ, ਏਨੇ ਓਹਲੇ ਤੇ ਪੋਲੇ ਕਿੰਜ ਰਹਿ ਗਏ ਸਨ ਇਹ ਲੋਕ ? ਕੀ ਅੱਜ ਵੀ ਸਮਾਂ ਇਹਨਾਂ ਨੂੰ ਖ਼ਿਦਮਤਗਾਰ ਹੀ ਸਮਝਦਾ ਹੈ ? ਜਿੱਧਰ ਧਿਆਨ ਪਹਿਲਾਂ ਦੇਣਾ ਚਾਹੀਦਾ ਸੀ, ਕਿਉਂ ਨਹੀਂ ਸੀ ਦਿੱਤਾ ਗਿਆ ? ਹਵੇਲੀਆਂ ਨੂੰ ਦੇਖਣ ਵਾਲੇ, ਝੌਂਪੜੀਆਂ, ਗਾਵਾਂ, ਮੱਝਾਂ, ਬੱਕਰੀਆਂ, ਸੂਰ, ਮੁਰਗੀਆਂ, ਭੌਂਕਦੇ ਕੁੱਤੇ, ਗੋਹੇ ਤੇ ਚਿੱਕੜ ਦੀ ਬੂ ਵਿਚ ਸਭ ਕੁਝ ਦੇਖਦੇ ਹੋਏ ਵੀ ਕੋਈ ਇਹ ਮਹਿਸੂਸ ਕਿਉਂ ਨਹੀਂ ਕਰ ਸਕਿਆ ਸੀ ?

ਪਿਛਲੇ ਸਮੇਂ ਵਿਚ ਦਿੱਤੀ ਗਈ ਸਰਕਾਰੀ ਸਹਾਇਤਾ ਤੇ ਰਾਹਤ ਕਾਰਜਾਂ ਦੀਆਂ ਕਾਰਗੁਜ਼ਾਰੀਆਂ ਦੀ ਨੁਮਾਇਸ਼ ਕਰਨ ਲਈ ਫ਼ੌਜੀ ਦੇ ਪਿੰਡ ਵਿਚ ਕੋਈ ਪੱਕੀ ਜਗ੍ਹਾ ਨਹੀਂ ਹੋਣੀ। ਤਦੇ ਤਾਂ ਗੁਰੂਦੁਆਰੇ ਦੀ ਕੰਧ ਉੱਪਰ ਉਹ ਪੱਥਰ ਲੱਗਿਆ ਸੀ ਜਿਸ ਵਿਚ ਤਿੰਨ ਮੰਤਰੀਆਂ ਦੇ ਨਾਂਅ ਖੁਦੇ ਸਨ, ਜਿਹੜੇ ਉੱਥੇ ਹਰੀਜਨ ਉਦਾਰ ਲਈ ਆਏ ਸਨ। ਪੱਥਰ ਹੇਠ ਗੁਰੂਦੁਆਰੇ ਦਾ ਕੁੜਾ ਪਿਆ ਸੀ।

ਆਪਣੀ ਉਦਾਸੀਨਤਾ ਉੱਪਰ ਦੁੱਖ ਹੋਇਆ। ਮਾਮੂਲੀ ਸੌਖਾਂ ਤੇ ਆਰਾਮ ਪ੍ਰਾਪਤ ਹੁੰਦਿਆਂ ਹੀ ਅਸੀਂ ਦੂਜਿਆਂ ਨੂੰ ਕਿਉਂ ਭੁੱਲ ਜਾਂਦੇ ਹਾਂ ? ਆਪਣੀ ਉਂਗਲ ਵਿਚੋਂ ਖ਼ੂਨ ਟਪਕਣ 'ਤੇ ਹੀ ਪੀੜ ਕਿਉਂ ਹੁੰਦੀ ਹੈ…ਕੀ ਮੈਂ ਵੀ ਇਸੇ ਬਿਮਾਰੀ ਦਾ ਸ਼ਿਕਾਰ ਹੋ ਚੁੱਕਿਆ ਹਾਂ ?

ਆਮ ਬਿਮਾਰੀਆਂ ਵਿਚ ਕੰਮ ਆਉਣ ਵਾਲੀਆਂ ਦਵਾਈਆਂ ਦਾ ਬੰਡਲ ਖਰੀਦ ਕੇ ਉਸਨੂੰ ਫੜਾ ਦਿੱਤਾ। ਉਸ ਨਾਲ ਉਹ ਏਨਾ ਭਾਵੁਕ ਹੋਇਆ ਕਿ ਉਸਦੀਆਂ ਅੱਖਾਂ ਸਿੱਜਲ ਹੋ ਗਈਆਂ। ਪਹਿਲੀ ਵਾਰ ਉਸਨੂੰ ਭੀਖ ਤੇ ਦੋਸਤੀ ਦੇ ਜਜ਼ਬੇ ਵਿਚ ਫ਼ਰਕ ਦਾ ਅਹਿਸਾਸ ਹੋਇਆ ਸੀ ਸ਼ਾਇਦ ! ਸਟਾਲ ਉੱਤੇ ਪਕੌੜੇ ਖਾਂਦਾ ਹੋਇਆ ਉਹ ਵਾਰੀ ਵਾਰੀ ਮੇਰੇ ਵੱਲ ਦੇਖ ਲੈਂਦਾ ਸੀ ਤੇ ਫੇਰ ਪਕੌੜਿਆਂ ਉੱਪਰ ਟੁੱਟ ਪੈਂਦਾ ਸੀ। ਕਦੀ ਫੇਰ ਝਿਜਕ ਕੇ ਰੁਕ ਜਾਂਦਾ ਸੀ। ਉਸਦੇ ਅੰਦਰਲੇ ਡਰ ਨੂੰ ਮੈਂ ਸਮਝ ਰਿਹਾ ਸਾਂ। ਮੇਰੇ ਨਾਲ ਖਾਣਾ ਉਸਦੇ ਨਾਸ਼ ਦਾ ਕਾਰਨ ਵੀ ਬਣ ਸਕਦਾ ਸੀ। ਪਕੌੜਿਆਂ ਤੇ ਜਲੇਬੀਆਂ ਦੀ ਵੀ ਆਪਣੀ ਵੱਖਰੀ ਲਾਲਸਾ ਹੁੰਦੀ ਹੈ, ਜਿਹੜੀ ਮੈਂ ਉਹਨਾਂ ਦਿਨਾਂ ਵਿਚ ਚੱਖੀ ਹੈ, ਜਦ ਦੋ ਦੋ ਦਿਨ ਖਾਣ ਲਈ ਕੁਝ ਨਹੀਂ ਸੀ ਮਿਲਦਾ।

ਸਾਡੇ ਆਲੇ ਦੁਆਲੇ ਖੁਸਰ-ਫੁਸਰ ਹੋ ਰਹੀ ਸੀ। ਸਾਰੇ ਫ਼ੌਜੀ ਉੱਪਰ ਤਾਅਨੇ ਕੱਸ ਰਹੇ ਸਨ। ਕੋਈ ਉਸ ਉੱਤੇ ਤਰਸ ਖਾ ਰਿਹਾ ਸੀ।

"ਡਰ ਨਾ, ਕਿਸੇ ਸਾਲੇ ਦੀ ਹਿੰਮਤ ਨਹੀਂ ਤੈਨੂੰ ਕੁਛ ਆਖੇ। ਉਹ ਸਾਰੇ ਇੱਥੇ ਹੀ ਆ ਕੇ ਸੁੱਚਮ ਦਿਖਾਉਂਦੇ ਨੇ। ਹੋਟਲਾਂ ਵਿਚ ਸਭ ਦੇ ਹੱਥ ਦਾ ਬਣਿਆ ਖਾ ਲੈਂਦੇ ਨੇ।"

"ਕੀ ?"

ਪਕੌੜਾ ਉਸਦੇ ਹੱਥੋਂ ਡਿੱਗ ਪਿਆ। ਉਸਦਾ ਮੂੰਹ ਖੁੱਲ੍ਹਾ ਰਹਿ ਗਿਆ। ਉਸਨੇ ਅਵਿਸ਼ਵਾਸ ਤੇ ਹੈਰਾਨੀ ਨਾਲ ਮੇਰੇ ਮੂੰਹ ਵੱਲ ਤੱਕਿਆ। ਮੇਰੇ ਮੂੰਹੋਂ ਹਾਕਮਾਂ ਲਈ ਗਾਲ੍ਹਾਂ ਸੁਣਨਾ ਉਸ ਲਈ ਕਿਸੇ ਹੋਰ ਦੁਨੀਆਂ ਦੀ ਗੱਲ ਸੀ। ਉਸਨੇ ਮੇਰੇ ਦੋਹੇਂ ਹੱਥ ਆਪਣੇ ਹੱਥਾਂ ਵਿਚ ਜਕੜ ਲਏ।

"ਤੇਰੀ ਝੌਂਪੜੀ ਕੱਚੀ ਐ ਜਾਂ ਪੱਕੀ ?"

"ਆਪਣੀ ਕਿਸਮਤ ਈ ਕਾਣੀ ਐਂ ਜੀ।"

"ਓਹ ਕਿਉਂ ਬਈ ?"

ਉਹ ਚੁੱਪ ਸੀ। ਉਸਦਾ ਚਿਹਰਾ ਬੁਝ ਗਿਆ। ਅੱਖਾਂ ਬੰਦ ਹੋ ਗਈਆਂ। ਪਰ ਉਸਦੀ ਪਕੜ ਪਹਿਲਾਂ ਨਾਲੋਂ ਵੱਧ ਮਜ਼ਬੂਤ ਹੋ ਗਈ। ਗਰਮਜੋਸ਼ੀ ਨਾਲ ਭਰਪੂਰ।

"ਉਹਨਾਂ ਦੀ ਭੀਖ ਤੈਨੂੰ ਮਿਹਰ ਤੇ ਇਨਾਮ ਲੱਗ ਰਹੀ ਏ। ਜਿਹੜੀ ਗ਼ਲਤੀ ਕਿਸੇ ਮਜ਼ਬੂਰੀ ਵਿਚ ਤੇਰੇ ਬਜ਼ੁਰਗਾਂ ਨੇ ਕੀਤੀ ਹੋਵੇਗੀ, ਕੀ ਉਹ ਰੀਤ ਮੰਨੀ ਜਾਵੇਗੀ ? ਕਦੀ ਉਹਨਾਂ ਨੂੰ ਵੀ ਇਹ ਜ਼ਮੀਨਾਂ ਕਿਸੇ ਵੱਡੇ ਹਾਕਮ ਨੂੰ ਖੁਸ਼ ਕਰਕੇ ਭੀਖ ਵਿਚ ਮਿਲੀਆਂ ਹੋਣਗੀਆਂ। ਕੀ ਪਤਾ ਇਸ ਲਈ ਉਹਨਾਂ ਕੀ ਕੀ ਨੀਚ ਕਰਮ ਕੀਤੇ ਹੋਣਗੇ…"

ਤੁਰਦਿਆਂ ਤੁਰਦਿਆਂ ਉਸਦੀਆਂ ਨਜ਼ਰਾਂ ਦੂਰ ਖੇਤਾਂ ਵਿਚਲੇ ਤਿੰਨ ਚਾਰ ਮਿੱਟੀ ਦੇ ਉੱਚੇ ਟਿੱਬਿਆਂ ਉੱਤੇ ਟਿੱਕ ਗਈਆਂ। ਡੁੱਬਦਾ ਸੂਰਜ ਹਰ ਚੀਜ਼ ਉੱਤੇ ਲਾਲ-ਸੁਨਹਿਰੀ ਰੰਗ ਬਰੂਰ ਰਿਹਾ ਸੀ। ਫ਼ੌਜੀ ਦਾ ਚਿਹਰਾ, ਖੇਤ, ਦਰਖ਼ਤ, ਆਕਾਸ਼ ਸਾਰੇ ਉਸੇ ਰੰਗ ਵਿਚ ਦਹਿਕ ਰਹੇ ਸਨ।

"ਤੇਰੀ ਜਗ੍ਹਾ ਜੇ ਮੈਂ ਹੁੰਦਾ ਤਾਂ, ਉਹਨਾਂ ਦੀਆਂ ਹਵੇਲੀਆਂ ਦੀਆਂ ਇੱਟਾਂ ਨਾਲ, ਆਪਣਾ ਪੱਕਾ ਘਰ ਬਣਾ ਲੈਂਦਾ।"

ਉਹ ਅਟਕ ਕੇ ਖੁਸ਼ੀ ਨਾਲ ਮੇਰੇ ਵੱਲ ਦੇਖਣ ਲੱਗ ਪਿਆ, ਜਿਵੇਂ ਲੰਮੀ ਯਾਤਰਾ ਤੋਂ ਬਾਅਦ ਉਸਨੇ ਕੋਈ ਪੜਾਅ ਦੇਖਿਆ ਹੋਵੇ, ਮੇਰੇ ਚਿਹਰੇ ਉੱਤੇ। ਪਰ ਮੈਂ ਤਿਲ੍ਹਕ ਕੇ ਬਹੁਤ ਦੂਰ ਜਾ ਨਿਕਲਿਆ ਸਾਂ। ਜਦ ਮੈਂ ਬਾਰ੍ਹਾਂ ਸਾਲ ਦਾ ਸਾਂ, ਆਪਣੀ ਤੜਪ ਸਦਕਾ ਛੋਟੀ ਉਮਰ ਵਿਚ ਹੀ ਰਾਜਨੀਤੀ ਵਿਚ ਕੁੱਦ ਪਿਆ ਸਾਂ। ਇਸ ਦੁਨੀਆਂ ਨੂੰ ਬਦਲਣ ਖਾਤਰ।

ਉਸ ਦੁਨੀਆਂ ਨਾਲੋਂ ਕੱਟ ਕੇ ਕਿਸ ਨੇ ਮੈਨੂੰ ਵੱਖ ਕੀਤਾ ਹੈ ? ਇਸ ਦਾ ਜਵਾਬ ਮੁਸ਼ਕਿਲ ਸੀ। ਸ਼ੁਰੂਆਤ ਓਹਨੀਂ ਦਿਨੀਂ ਹੋਈ ਜਦ ਸਾਰੇ ਚੁਣ ਕੇ ਉੱਪਰ ਚਲੇ ਗਏ। ਖਤਰੇ ਖ਼ਤਮ ਹੋ ਗਏ…ਮੇਰੀ ਆਵਾਜ਼ ਜਿਹੜੀ ਸੱਤਾ ਤੇ ਅਨਿਆਂ ਦਾ ਵਿਰੋਧ ਕਰਦੀ ਸੀ, ਹੁਣ ਆਪਣਿਆਂ ਦਾ ਵਿਰੋਧ ਕਰਨ ਲੱਗ ਪਈ। ਆਪਣੀ ਦੁਨੀਆਂ ਵਿਚ ਹੀ ਅਸੀਂ ਓਪਰੇ-ਪਰਾਏ ਹੋ ਗਏ ਸਾਂ।
*** ਉਹੀ ਫ਼ੌਜੀ ਅੱਜ ਸਾਹਮਣੇ ਸੀ।

ਅੱਖਾਂ ਵਿਚ ਚੀਤੇ ਵਰਗੀ ਚਮਕ, ਮਜ਼ਬੂਤ ਹੱਥ ਵਿਚ ਮਦਾਰੀਆਂ ਵਾਂਗਰ ਡੰਡਾ। ਕਮੀਜ਼ ਪਤਲੂਨ, ਪੈਰਾਂ ਵਿਚ ਬੂਟ।

"ਪੁਲ ਪਿਛਲੇ ਸਾਲ ਬਣਿਆ ਐਂ ਜੀ…ਬੰਨ੍ਹ ਚਾਰ ਸਾਲ ਪਹਿਲਾਂ ਖੜ੍ਹਾ ਹੋ ਗਿਆ ਸੀ।" ਉਹ ਪਿਛਲੇ ਸਾਲਾਂ ਵਿਚ ਹੋਏ ਪਰਿਵਰਤਨ ਗਿਣਾਉਣ ਲੱਗਾ।

ਬੰਨ੍ਹ ਤੋਂ ਅੱਗੇ ਸੜਕ ਤੋਂ ਪਿੱਛੇ ਦੂਰ ਤੱਕ ਫੈਲੇ ਪਾਣੀ ਉੱਪਰ ਪਰਿੰਦੇ ਹੀ ਪਰਿੰਦੇ ਸਨ…ਅਕਾਸ਼ ਵਿਚ ਉੱਡਦੇ ਹੋਏ ਪਰਿੰਦੇ, ਪਰਿੰਦਿਆਂ ਨਾਲ ਢੱਕੇ ਦਰਖ਼ਤ, ਪਾਣੀ ਉੱਪਰ ਤੈਰਦੇ ਪਰਿੰਦੇ।

ਅਸੀਂ ਬੰਨ੍ਹ ਉੱਤੇ ਰੁਕ ਗਏ। ਪੱਥਰਾਂ ਨੇ ਉਸ ਧਾਰ ਨੂੰ ਰੋਕ ਦਿੱਤਾ ਸੀ ਜਿਹੜੀ ਕਦੀ ਇਕ ਖ਼ੂੰਖ਼ਾਰ ਦਰਿਆ ਵਾਂਗ ਵਹਿੰਦੀ ਪਿੰਡਾਂ ਦੇ ਪਿੰਡ ਤਬਾਹ ਕਰ ਜਾਂਦੀ ਸੀ। ਧਾਰ ਝੀਲ ਬਣ ਚੁੱਕੀ ਸੀ। ਕਿੰਨਾਂ ਸੱਚ ਕਿਹਾ ਸੀ ਮੇਰੀ ਕਹਾਣੀ ਦੇ ਇਕ ਪਾਤਰ ਨੇ ਕਿ 'ਇਹ ਧਾਰ ਇਕ ਦਿਨ ਝੀਲ ਬਣ ਜਾਏਗੀ।'

ਅੱਜ ਉਸੇ ਝੀਲ ਨੂੰ ਦੇਖਣਾ ਇਕ ਬੜੀ ਵੱਡੀ ਗੱਲ ਸੀ ਮੇਰੇ ਲਈ। ਪਾਣੀ ਉੱਪਰ ਤੈਰਦੇ ਪਰਿੰਦੇ, ਸਮਾਧੀ ਲਾਈ ਬੈਠੇ ਬਗਲੇ, ਗੁਰੂਦੁਆਰੇ ਦੀ ਇਮਾਰਤ ਦਾ ਡੋਲਦਾ ਹੋਇਆ ਅਕਸ, ਦਰਖ਼ਤਾਂ ਦੀ ਛਾਂ, ਹਵੇਲੀਆਂ ਤੇ ਹੋਰ ਚੀਜ਼ਾਂ ਦੇ ਪ੍ਰਤੀਬਿੰਬ ਡੋਲ ਰਹੇ ਸਨ, ਪਰ ਮੈਂ ਕਿਤੇ ਹੋਰ ਸਾਂ।

"ਕੁਛ ਕਿਹੈ, ਤੁਸੀਂ ?"

ਮੈਂ ਸ਼ਾਇਦ ਬੜਬੜਾਇਆ ਸਾਂ, "ਹਾਂ, ਇੱਥੇ ਤਾਂ ਸਭ ਕੁਛ ਬਦਲ ਗਿਐ।"

…ਮੈਂ ਵਾਪਸ ਪਰਤ ਆਇਆ। ਜਿੱਥੇ ਪਹਿਲਾਂ ਕੋਈ ਆਦਮੀ ਦਿਖਾਈ ਨਹੀਂ ਦਿੰਦਾ ਸੀ, ਉੱਥੇ ਵੀ ਜ਼ਿੰਦਗੀ ਦੇ ਆਸਾਰ ਦਿਖਾਈ ਦੇ ਰਹੇ ਸਨ।

ਮੈਂ ਉੱਥੇ ਕਦੀ ਨਾ ਆਉਂਦਾ। ਕੱਲ੍ਹ ਮੇਰੇ ਸਹੁਰੇ ਨੇ ਦੱਸਿਆ ਕਿ ਬੰਨ੍ਹ ਬਣਨ ਪਿੱਛੋਂ ਪਾਣੀ ਦੀ ਧਾਰ ਝੀਲ ਬਣ ਗਈ ਹੈ। ਉਜਾੜ ਜਗ੍ਹਾ ਇਕ ਉਦਯੋਗਿਕ ਕੇਂਦਰ ਬਣ ਗਿਆ ਹੈ। ਏਨੀ ਕੁ ਗੱਲ ਸੁਣਨ ਪਿੱਛੋਂ ਮੈਂ ਸਾਰੀ ਰਾਤ ਸੌਂ ਨਹੀਂ ਸੀ ਸਕਿਆ, ਸਵੇਰੇ ਪਹਿਲੀ ਬੱਸੇ ਇੱਥੇ ਪਹੁੰਚ ਗਿਆ ਸਾਂ। ਪਿਛਲੀ ਵੇਰ ਇੱਥੋਂ ਜਾਣ ਪਿੱਛੋਂ ਮੈਂ ਦੋ ਕਹਾਣੀਆਂ ਲਿਖੀਆਂ ਸਨ। ਇਕ ਕਹਾਣੀ ਇੱਥੋਂ ਦੀ ਖ਼ੂੰਖ਼ਾਰ ਧਾਰ ਉੱਪਰ ਸੀ, ਜਿਸਦੀ ਤੇਜ਼ ਮਾਰ ਸਦਕਾ ਛੋਟੇ ਛੋਟੇ ਕਿਸਾਨਾਂ ਦੀਆਂ ਜ਼ਮੀਨਾਂ, ਰੇਤਲੀਆਂ ਤੇ ਬੰਜਰ ਹੋ ਚੁੱਕੀਆਂ ਸਨ। ਸਾਰੇ ਆਪਣੀ ਧਰਤੀ ਵੇਚ ਕੇ ਇਕ ਅਮੀਰ ਕਿਸਾਨ ਦੇ ਜਾਲ ਵਿਚ ਫਸ ਰਹੇ ਸਨ। ਉਸ ਕਹਾਣੀ ਵਿਚ ਇਕ ਕੁੜੀ ਨੇ ਗੁੱਸੇ ਵਿਚ ਕਿਹਾ ਸੀ ਕਿ 'ਹੁਣ ਇੱਥੋਂ ਪਾਣੀ ਖ਼ਤਮ ਨਹੀਂ ਹੋ ਸਕਦਾ…ਇੱਥੇ ਝੀਲ ਬਣੇਗੀ ਤੇ ਸਾਡੇ ਜਾਨਵਰ ਇੱਥੇ ਪਾਣੀ ਪੀਆ ਕਰਨਗੇ…।'

ਦੂਜੀ ਕਹਾਣੀ ਹਵੇਲੀਆਂ ਦੇ ਹਾਕਮਾਂ ਉੱਤੇ ਸੀ, ਜਿਸਦੇ ਅੰਤ ਵਿਚ ਮੈਂ ਕਿਹਾ ਸੀ ਕਿ 'ਜੇ ਉਹਨਾਂ ਨੂੰ ਪਤਾ ਲੱਗ ਜਾਏ ਕਿ ਇੱਥੇ ਪਰਤ ਆਉਣ ਦਾ ਉਹਨਾਂ ਨੂੰ ਸ਼ਹਿਰ ਨਾਲੋਂ ਵੱਧ ਲਾਭ ਹੋਏਗਾ ਤਾਂ ਉਹ ਫੇਰ ਇੱਥੇ ਪਰਤ ਆਉਣਗੇ…ਪਰ ਉਹ ਹਵੇਲੀਆਂ ਵਿਚ ਨਾ ਰਹਿ ਕੇ ਆਧੁਨਿਕ ਮਕਾਨਾਂ ਵਿਚ ਰਹਿਣਗੇ…'

ਹੁਣ ਅਸੀਂ ਦੋਹੇਂ ਕਿਸ਼ਤੀ ਵਿਚ ਸਾਂ। ਸਰਕਦੀ ਹੋਈ ਕਿਸ਼ਤੀ ਸਾਨੂੰ ਉੱਥੇ ਲੈ ਗਈ ਜਿੱਥੇ ਅਸੀਂ ਉਤਰਨਾ ਸੀ। ਪਿਛਲੀ ਵਾਰੀ ਉੱਥੇ ਕਿਸ਼ਤੀਆਂ ਦਾ ਪੁਲ ਹੁੰਦਾ ਸੀ। ਹੁਣ ਨਾ ਪੁਲ ਸੀ, ਨਾ ਧਾਰ। ਪੁਲ ਦੀਆਂ ਕਿਸ਼ਤੀਆਂ ਰੇਤ ਵਿਚ ਧਸੀਆਂ ਪਈਆਂ ਸਨ। ਫੱਟੇ ਉੱਖੜੇ, ਖਿੱਲਰੇ ਪਏ ਸਨ। ਕਿਨਾਰੇ ਦੇ ਨਾਲ ਨਾਲ ਟੁੱਟੀਆਂ ਟਾਹਣੀਆਂ, ਕਿਸੇ ਬੱਚੇ ਦਾ ਖਿਡੌਣਾ, ਰਬੜ ਦੀ ਚੱਪਲ…ਨਿੱਕੀਆਂ ਨਿੱਕੀਆਂ ਲਹਿਰਾਂ ਵਿਚ ਟੁੱਭੀਆਂ ਲਾ ਰਹੇ ਸਨ।

"ਛੇਤੀ ਕਰੋ ਜੀ, ਕੁਸ਼ ਦਿਖਾਉਣਾ ਐਂ।" ਉਸਦੀ ਬੜਬੜਾਹਟ ਵਿਚ ਕੋਈ ਹਲਚਲ ਮਚਲ ਰਹੀ ਸੀ।

ਮੈਂ ਉਸ ਵੱਲ ਤੱਕਣ ਲੱਗ ਪਿਆ।

"ਮੈਂ ਚਿੱਠੀਆਂ ਪਾਈਆਂ, ਤੁਸੀਂ ਜਵਾਬ ਨਹੀਂ ਦਿੱਤਾ ?"

"ਚਿੱਠੀਆਂ ?" ਮੈਂ ਤ੍ਰਬਕਿਆ। ਉਹ ਗੱਲ ਮੈਨੂੰ ਅੰਦਰ ਤੱਕ ਛੂਹ ਗਈ। ਮੈਨੂੰ ਉਸਦੀ ਇਕ ਵੀ ਚਿੱਠੀ ਨਹੀਂ ਸੀ ਮਿਲੀ। ਮੈਂ ਕਾਹਲ ਨਾਲ ਉਸਦੇ ਨਾਲ ਨਾਲ ਤੁਰਨ ਲੱਗਾ। ਅੰਦਰ ਇਕ ਹੈਰਾਨੀ ਭਰ ਗਈ। ਪਤਾ ਨਹੀਂ ਹੁਣ ਕੀ ਦੇਖਣ ਜਾ ਰਿਹਾ ਹਾਂ ਮੈਂ ! ਸਾਹਮਣੇ ਸੜਕਾਂ ਦਾ ਜਾਲ, ਬਾਜ਼ਾਰ, ਦੁਕਾਨਾਂ, ਚਾਹ ਦੇ ਸਟਾਲ, ਅਖ਼ਬਾਰ ਵੇਚਦੇ ਹਾਕਰ, ਦੌੜਦੇ ਹੋਏ ਟਰੱਕ, ਜੀਪਾਂ, ਟੈਕਸੀਆਂ, ਟਰੈਕਟਰ, ਬੱਸਾਂ ਦਾ ਅੱਡਾ, ਖੜ੍ਹੀਆਂ ਬੱਸਾਂ ਗਿਰਦ ਮੰਡਲਾਉਂਦੇ ਛਾਪੜੀਆਂ ਵਾਲੇ। ਸਾਈਕਲ ਪਿੱਛੇ ਦੋ ਡਰੰਮ ਬੰਨ੍ਹ ਕੇ ਡੀਜ਼ਲ ਵੇਚਦਾ ਹੋਇਆ ਆਦਮੀ…ਇਕ ਉੱਚੇ ਬੋਰਡ ਉੱਪਰ ਉਹਨਾਂ ਉਦਯੋਗਾਂ ਦੀ ਸੂਚੀ ਸੀ ਜਿਹੜੇ ਇੱਥੇ ਲਾਏ ਜਾ ਰਹੇ ਸਨ। ਤੀਰ ਦਾ ਨਿਸ਼ਾਨ ਉੱਧਰ ਸੰਕੇਤ ਕਰ ਰਿਹਾ ਸੀ, ਜਿੱਧਰ ਫੈਕਟਰੀਆਂ ਦੇ ਸ਼ੈੱਡ ਉੱਚੇ ਉੱਠ ਰਹੇ ਸਨ। ਉੱਧਰ ਚਹਿਲ-ਪਹਿਲ ਤੇ ਸ਼ੋਰ ਵੀ ਸੀ। ਗਤੀ ਸੀ। ਇੱਥੇ ਸਭ ਬਦਲ ਜਾਏਗਾ, ਚਿਮਨੀਆਂ 'ਚੋਂ ਧੂੰਆਂ ਉੱਠੇਗਾ। ਉਹ ਸਭ ਇੱਥੇ ਵੀ ਹੋਏਗਾ ਜਿਹੜਾ ਇੱਥੋਂ ਦੀ ਧੂੜ ਤੋਂ ਅਜੇ ਦੂਰ ਹੈ। ਇਕ ਨਵੀ ਤਰ੍ਹਾਂ ਦਾ ਫ਼ਰੇਬ ਇੱਥੇ ਵੀ ਹਾਵੀ ਹੋ ਜਾਵੇਗਾ।

ਦੋ ਕਾਰਾਂ ਧੂੜ ਉਡਾਉਂਦੀਆਂ ਹੋਈਆਂ ਕੋਲੋਂ ਲੰਘ ਗਈਆਂ। ਉਹਨਾਂ ਦੇ ਪਿੱਛੇ ਕਿਸੇ ਪੁਲਿਸ ਅਫ਼ਸਰ ਦੀ ਜੀਪ ਵੀ ਫੁਰੱਰ ਕਰਦੀ ਨਿਕਲੀ।

"ਆਪਣੀਆਂ ਮੌਜਾਂ ਨੇ ਹੁਣ। ਕਈ ਵਾਰ ਕਾਰ ਦੀ ਸੈਰ ਵੀ ਕੀਤੀ ਐ ਜੀ।"

ਫ਼ੈਕਟਰੀਆਂ ਦੇ ਸਾਰੇ ਵੱਡੇ ਪਲਾਟ ਹਾਕਮਾਂ ਦੇ ਪਰਿਵਾਰਾਂ ਨੇ ਖ਼ਰੀਦ ਲਏ ਸਨ। ਜ਼ਮੀਨਾਂ ਸਸਤੀਆਂ ਵਿਕੀਆਂ ਸਨ। ਇਮਾਰਤ ਤੇ ਮਸ਼ੀਨਰੀ ਲਈ ਸਹਾਇਤਾ ਵਜੋਂ ਬਿਨਾਂ ਵਿਆਜ਼ ਦਾ ਕਰਜਾ ਮਿਲ ਜਾਣਾ ਸੀ। ਬਿਜਲੀ ਤੇ ਹੋਰ ਸੁਵਿਧਾਵਾਂ ਸਰਹੱਦੀ ਏਰੀਆ ਹੋਣ ਕਰਕੇ ਦੂਜੀਆਂ ਜਗਾਹਾਂ ਨਾਲੋਂ ਵੱਧ ਤੇ ਸਸਤੀਆਂ ਸਨ।

ਹੈਰਾਨ ਕਰ ਦੇਣ ਵਾਲੀ ਗੱਲ ਇਹ ਸੀ ਕਿ ਇੰਡਸਟ੍ਰੀਅਲ ਏਰੀਏ ਦੇ ਸਾਰੇ ਪਲਾਟ ਹਾਕਮਾਂ ਦੀ ਜ਼ਮੀਨ ਦੀ ਹੱਦ ਤੋਂ ਬਾਹਰ ਸਨ---ਇਸ ਦਾ ਇਹੋ ਅਰਥ ਸੀ ਕਿ ਬਾਅਦ ਵਿਚ ਉਹਨਾਂ ਦੀਆਂ ਜ਼ਮੀਨਾਂ ਮਹਿੰਗੇ ਭਾਅ ਵਿਕਣਗੀਆਂ। ਹਵੇਲੀਆਂ ਨੂੰ ਦੇਖ ਕੇ ਉਹ ਰੋਮਾਂਚ ਨਹੀਂ ਹੋਇਆ ਜਿਹੜਾ ਪਿੱਛਲੀ ਵਾਰੀ ਭਾਰੂ ਹੋਇਆ ਸੀ। ਉਹਨਾਂ ਵਿਚ ਇਸ ਵਾਰੀ ਜ਼ਿੰਦਗੀ ਸੀ। ਮੁਰੰਮਤ ਦੀਆਂ ਟਾਕੀਆਂ ਹਰੇਕ ਕੰਧ-ਕੌਲੇ ਉੱਤੇ ਨਜ਼ਰ ਆਈਆਂ ਸਨ। ਛੋਟੀਆਂ ਇੱਟਾਂ ਵਿਚ ਵੱਡੀਆਂ ਇੱਟਾਂ ਫੋੜਿਆਂ ਵਾਂਗ ਦਿਖਾਈ ਦਿੱਤੀਆਂ। ਹਰੇਕ ਹਵੇਲੀ ਉੱਪਰ ਟੀ.ਵੀ. ਦਾ ਉੱਚਾ ਐਂਟੀਨਾ ਕਾਵਾਂ ਦੀ ਸਭਾ ਬਣਿਆ ਹੋਇਆ ਸੀ। ਹਰ ਹਵੇਲੀ ਵਿਚੋਂ ਆਉਂਦੀਆਂ ਫ਼ਿਲਮੀ ਗਾਣਿਆਂ ਦੀਆਂ ਆਵਾਜ਼ਾਂ ਦੂਰੋਂ ਹੀ ਸੁਣੀਆ ਜਾ ਸਕਦੀਆਂ ਸਨ। ਠੇਕੇਦਾਰਾਂ ਦੇ ਕਰਮਚਾਰੀ, ਵੱਡੇ ਬਾਬੂ, ਛੋਟੇ ਇੰਜਨੀਅਰ ਆਦਿ ਹਵੇਲੀਆਂ ਵਿਚ ਵੱਸ ਚੁੱਕੇ ਸਨ। ਹੁਣ ਅਸੀਂ ਉੱਥੇ ਸਾਂ, ਜਿੱਥੇ ਮੈਨੂੰ ਲਿਆਉਣ ਲਈ ਉਹ ਝੱਲਾ ਹੋਇਆ ਹੋਇਆ ਸੀ।

ਜੋ ਮੇਰੀਆਂ ਅੱਖਾਂ ਸਾਹਮਣੇ ਸੀ ਉਸ ਉੱਤੇ ਯਕੀਨ ਨਹੀਂ ਸੀ ਹੋ ਰਿਹਾ। ਪਰ ਸੱਚ ਇਕ ਠੋਕ ਹਕੀਕਤ ਵਾਂਗਰ ਅੱਖਾ ਸਾਹਮਣੇ ਸੀ। ਤੈਸ਼ ਤੇ ਕਰੋਧ ਵਿਚ ਕਹੀ ਹੋਈ ਗੱਲ, ਇਕ ਸ਼ਕਲ ਅਖ਼ਤਿਆਰ ਕਰ ਚੁੱਕੀ ਸੀ। ਜਿਸ ਪਿੱਛੇ ਕੁਝ ਕਰ ਦੇਣ ਦੀ ਅੱਗ ਵੀ ਦਿਖਾਈ ਦਿੱਤੀ। ਇਕ ਡੂੰਘੇ ਅਸਰ ਵਾਂਗ, ਸਾਰੀਆਂ ਝੌਂਪੜੀਆਂ ਹਵੇਲੀਆਂ ਦੀਆਂ ਛੋਟੀਆਂ ਇੱਟਾਂ ਨਾਲ ਪੱਕੇ ਕਮਰਿਆਂ ਵਿਚ ਬਦਲ ਚੁੱਕੀਆਂ ਸਨ।

"ਕੁਸ਼ ਯਾਦ ਆਇਆ ? ਖੁਸ਼ੀ ਵਿਚ ਉਸਦੀਆਂ ਅੱਖਾਂ ਛਲਛਲ ਕਰਨ ਲੱਗੀਆਂ। ਸਾਰਿਆਂ ਨੇ ਇਕ ਦੀਵਾਨੀ ਖੁਸ਼ੀ ਨਾਲ ਮੈਨੂੰ ਘੇਰ ਲਿਆ। ਮੈਂ ਉਹਨਾਂ ਵਿਚ ਉਹਨਾਂ ਦੇ ਕਿਸੇ ਘਰ ਤੇ ਆਦਮੀ ਵਾਂਗ ਆਪਣਾ ਤੇ ਜਾਣਿਆ ਮਾਣਿਆ ਸਾਂ। ਹਮੇਸ਼ਾ ਉਹਨਾਂ ਵਿਚ ਰਹਿਣ ਵਾਲਾ।

ਸਾਡੇ ਵਿਚਾਰਾਂ ਦੀ ਇਕ ਛੋਟੀ ਜਿਹੀ ਲੌ ਨੇ ਇਸ ਗੁਮਨਾਮ ਪਿੰਡ ਨੂੰ ਬਦਲ ਕੇ ਹਵੇਲੀਆਂ ਨਾਲੋਂ ਵੱਖ ਕਰ ਦਿੱਤਾ। ਉਹ ਪਾੜਾ ਜਿਹੜਾ ਸਮਾਂ ਨਹੀਂ ਪੈਦਾ ਕਰ ਸਕਿਆ, ਇਕ ਛੋਟੀ ਜਿਹੀ ਚੰਗਿਆੜੀ ਨੇ ਪੈਦਾ ਕਰ ਦਿੱਤਾ ਸੀ। ਫੇਰ ਸਾਡੇ ਵਿਚਾਰ ਅਜਿਹੇ ਲੋਕਾਂ ਦੇ ਦਿਲ ਦੀ ਧੜਕਨ ਕਿਉਂ ਨਹੀਂ ਬਣ ਸਕੇ ?

ਮੈਨੂੰ ਲੱਗਿਆ ਇਹ ਪਿੰਡ ਸਾਡਾ ਹੈ। ਇਸ ਦਾ ਜਨਮ ਸਾਡੇ ਵਿਚਾਰਾਂ ਦੀ ਸ਼ਕਤੀ ਨਾਲ ਹੋਇਆ ਹੈ। ਹੁਣ ਇਹ ਕਿਤੇ ਵੀ ਹੋਣ, ਲੜ ਸਕਦੇ ਨੇ ਭਾਵੇਂ ਇਹਨਾਂ ਦੀਆਂ ਝੌਂਪੜੀਆਂ ਹੀ ਕਿਉਂ ਨਾ ਢਾਹ ਦਿੱਤੀਆਂ ਜਾਣ…

"ਤੁਹਾਡੇ ਬਾਰੂਦ ਨੇ ਮਸਾਲੇ ਦਾ ਕੰਮ ਕੀਤੈ ਜੀ।" ਉਸਨੇ ਠੇਠ ਪੰਜਾਬੀ ਵਿਚ ਕਿਹਾ, ਪਰ ਅਰਥ ਉਹੀ ਸਨ ਜੋ ਮੈਂ ਮਹਿਸੂਸ ਕਰ ਰਿਹਾ ਸਾਂ।

"ਮਕਾਨ ਵੱਡੀਆਂ ਇੱਟਾਂ ਦੇ ਕਿਉਂ ਨਹੀਂ ਬਣੇ?"

"ਵੱਡੀਆਂ ਇੱਟਾਂ…?"

"ਹੁਣ ਉਹਨਾਂ ਨੂੰ ਛੋਟੀਆਂ ਇੱਟਾਂ ਦੀ ਜ਼ਰੂਰਤ ਨਹੀਂ…ਦੇਖਦੇ ਨਹੀਂ, ਹਵੇਲੀਆਂ ਦੀ ਮੁਰੰਮਤ ਵੀ ਵੱਡੀਆਂ ਇੱਟਾਂ ਨਾਲ ਹੋ ਰਹੀ ਐ..."

ਮੇਰੀ ਗੱਲ ਦੇ ਨਾਲ ਹੀ ਉਹ ਕੋਈ ਸੰਕੇਤ ਵੀ ਲੈ ਗਏ। ਉੱਥੇ ਆਪੋ ਵਿਚ ਖੁਸਰ ਫੁਸਰ ਹੋਣ ਲੱਗੀ।ਅਸਲ ਵਿਚ ਇਹ ਗੱਲ ਮੈਂ ਇਕ ਉਦਾਸੀਨਤਾ ਵਿਚ ਡੁੱਬ ਕੇ ਕਹੀ ਸੀ। ਵਾਰੀ ਵਾਰੀ ਮੇਰੀ ਨਿਗਾਹ ਪੂਰੇ ਪਿੰਡ ਉੱਤੇ ਟਿੱਕ ਜਾਂਦੀ। ਇਕ ਮਾਣ ਨਾਲ ਮੇਰਾ ਅੰਦਰ-ਬਾਹਰ ਭਰ ਜਾਂਦਾ ਤੇ ਮੈਂ ਭਖ਼ ਉਠਦਾ। ਪਿਛਲਾ ਜੋਸ਼ ਫੇਰ ਪਰਤ ਆਇਆ। ਅਜੇ ਲੋਹੇ ਨੂੰ ਹੋਰ ਗਰਮ ਕਰਨ ਦੀ ਲੋੜ ਹੈ…ਮੈਂ ਉਸਨੂੰ ਗਰਮ ਕਰਨਾ ਸ਼ੁਰੂ ਕਰ ਦਿੱਤਾ। ਸਾਰਾ ਦਿਨ ਉਹ ਮੇਰੇ ਨਾਲ ਚਿਪਕਿਆ, ਮੇਰੀਆਂ ਗੱਲਾਂ ਸੁਣਦਾ ਰਿਹਾ।
***
ਇਕ ਕਾਰ ਮੈਨੂੰ ਲੱਭਦੀ ਫਿਰ ਰਹੀ ਸੀ। ਉਹਨਾਂ ਨੂੰ ਮੇਰੇ ਆਉਣ ਦੀ ਖ਼ਬਰ ਮਿਲ ਚੁੱਕੀ ਸੀ। ਉਹ ਜਾਣਦੇ ਸਨ ਮੈਂ ਕਈ ਵਰ੍ਹੇ ਮਜ਼ਦੂਰਾਂ ਵਿਚ ਬਿਤਾਏ ਨੇ ਤੇ ਕਈ ਵਾਰੀ ਅੰਦਰ ਵੀ ਹੋਇਆ ਹਾਂ। ਉਹ ਕਿਉਂ ਮੈਨੂੰ ਲੱਭ ਰਹੇ ਨੇ, ਮੈਂ ਇਹ ਵੀ ਸਮਝਦਾ ਹਾਂ।

ਉਹ ਦੋ ਸਾਲ ਪਹਿਲਾਂ ਇੱਥੇ ਆਏ ਸਨ। ਖ਼ੂਬ ਦਾਨ ਕੀਤਾ। ਲੰਗਰ ਲਈ ਗੁਰੂਦੁਆਰੇ ਦੇ ਭੰਡਾਰੇ ਭਰ ਦਿੱਤੇ। ਫ਼ੌਜੀ ਦੇ ਪਿੰਡ ਵਿਚ ਕੰਬਲ ਤੇ ਕੱਪੜੇ ਵੰਡੇ। ਹਸਪਤਾਲ ਤੇ ਸਕੂਲ ਦੇ ਉਦਘਾਟਨ ਲਈ ਮੰਤਰੀ ਜੀ ਬੁਲਾਏ। ਉਹਨਾਂ ਆਉਂਦਿਆਂ ਹੀ ਇਸ ਨਿੱਸਲ ਹੋਏ ਇਲਾਕੇ ਵਿਚ ਹਿੱਲ-ਜੁੱਲ ਪੈਦਾ ਕਰ ਦਿੱਤੀ ਸੀ।

ਉਹ ਆਪਸ ਵਿਚ ਖ਼ੂਬ ਲੜਦੇ ਹਨ, ਪਰ ਜਦੋਂ ਆਪਣੀਆਂ ਜ਼ਮੀਨਾਂ 'ਤੇ ਆਉਂਦੇ ਹਨ ਤਾਂ ਇਕ ਮੁੱਠ ਹੁੰਦੇ ਹਨ ਤੇ ਪਹਿਲਾਂ ਨਾਲੋਂ ਵਧੇਰੇ ਨੇਕ ਤੇ ਸਾਊ ਬਣ ਕੇ ਆਉਂਦੇ ਹਨ। ਇਸ ਵਾਰੀ ਉਹ ਪਰਤਨ ਲਈ ਨਹੀਂ ਬਲਿਕੇ ਆਪਣੀਆਂ ਜੜਾਂ ਹਰੀਆਂ ਭਰੀਆਂ ਕਰਨ ਲਈ ਆਏ ਸਨ। ਉਹਨਾਂ ਨੇ ਆਉਂਦਿਆਂ ਹੀ ਇਕ ਅਜਿਹੀ ਦੁਨੀਆਂ ਬਣਾ ਦਿੱਤੀ ਜਿੱਥੇ ਉਹਨਾਂ ਦੇ ਸਾਰੇ ਕੰਮ ਆਪਣੇ ਆਪ ਹੋ ਗਏ। ਉਹ ਸ਼ੁਰੂ ਤੋਂ ਹੀ ਹਰ ਜਗ੍ਹਾ ਮੌਜ਼ੂਦ ਹਨ…ਬੜਾ ਪਹਿਲਾਂ ਤੋਂ। ਹਰ ਛੋਟਾ ਆਦਮੀ ਉਹਨਾਂ ਦਾ ਹੁਕਮ ਮੰਨਣ ਲਈ ਤਿਆਰ ਰਹਿੰਦਾ ਹੈ। ਫ਼ੌਜੀ ਦੇ ਪਿੰਡ ਦੇ ਲੋਕਾਂ ਨੇ ਖੁਸ਼ੀ ਖੁਸ਼ੀ ਸਟਾਂਪ ਲੱਗੇ ਕਾਗਜ਼ ਉੱਤੇ ਇਕ ਇਕ ਰੁਪਏ ਦੀ ਕਿਰਾਏਦਾਰੀ ਦੇ ਇਕਰਾਰ ਨਾਮੇ ਕਰ ਲਏ ਸਨ। ਬਿਨਾਂ ਕਿਸੇ ਝਗੜੇ, ਕਚਿਹਰੀ ਦੇ ਉਹ ਆਪਣੀਆਂ ਜ਼ਮੀਨਾਂ ਪ੍ਰਾਪਤ ਕਰ ਚੁੱਕੇ ਸਨ। ਉਦਯੋਗਿਕ ਨਗਰ ਦੇ ਉਦਘਾਟਨ ਵਾਲੇ ਦਿਨ ਜਦੋਂ ਕਰਮਚਾਰੀਆਂ ਦੀ ਫ਼ੌਜ ਨੇ ਉਜਾੜ ਹਵੇਲੀਆਂ ਦੀ ਸਫ਼ਈ ਸ਼ੁਰੂ ਕਰ ਦਿੱਤੀ ਸੀ, ਤਦ ਇਲਾਕੇ ਦੇ ਲੋਕਾਂ ਨੂੰ ਪਤਾ ਲੱਗਿਆ ਸੀ ਕਿ ਕੀ ਹੋਣ ਵਾਲਾ ਹੈ।
***
ਸਵੇਰੇ ਅਸੀਂ ਬੱਸ ਸਟੈਂਡ ਉੱਤੇ ਸਾਂ।

ਉਸਨੇ ਮੈਨੂੰ ਬੱਸ ਨਹੀਂ ਸੀ ਚੜ੍ਹਨ ਦਿੱਤਾ। ਇਹ ਸੁਣ ਕੇ ਉਹ ਹੈਰਾਨ ਸੀ ਕਿ ਕੁਝ ਵਰ੍ਹਿਆਂ ਵਿਚ ਇੱਥੋਂ ਦੀ ਸੈਂਕੜੇ ਵਰ੍ਹੇ ਪੁਰਾਣੀ ਜ਼ਿੰਦਗੀ ਕਿੰਜ ਬਦਲ ਜਾਏਗੀ। ਉਹ ਖਾਸਾ ਉਲਝ ਚੁੱਕਿਆ ਸੀ…ਹਰ ਗੱਲ ਨੂੰ ਸੁਲਝਾ ਲੈਣ ਉੱਤੇ ਅੜਿੰਗ ਸੀ। ਇਹ ਮੇਰੀ ਉਲਝਣ ਵੀ ਸੀ ਕਿ ਕੁਝ ਵਰ੍ਹਿਆਂ ਵਿਚ ਇੱਥੇ ਏਨੇ ਝੰਡੇ, ਦਫ਼ਤਰ ਤੇ ਨਾਅਰੇ ਆ ਜਾਣਗੇ ਤੇ ਫ਼ੌਜੀ ਵੀ ਇਸ ਗੋਰਖ਼ ਧੰਦੇ ਵਿਚ ਫਸ ਜਾਵੇਗਾ…

ਉਸਨੂੰ ਫ਼ੈਕਟਰੀਆਂ ਵਿਚ ਮਜ਼ਦੂਰ ਸਪਲਾਈ ਕਰਨ ਦਾ ਕੰਮ ਸੌਂਪਿਆ ਸੀ, ਹਾਕਮਾਂ ਨੇ। ਜਿਸਦੇ ਬਦਲੇ ਪ੍ਰਤੀ ਮਜ਼ਦੂਰ ਉਸਨੂੰ ਕੁਝ ਰੁਪਏ ਮਿਲਣੇ ਸਨ। ਉਸਨੇ ਗਰੀਬ ਕਿਸਾਨਾਂ ਤੇ ਮਜ਼ਦੂਰਾਂ ਦੀ ਇਕ ਫ਼ੌਜ ਤਿਆਰ ਕਰ ਲਈ ਸੀ। ਭਰਤੀ ਪਿੱਛੋਂ ਉਹਨਾਂ ਨੂੰ ਵਰਦੀ ਤੇ ਬੰਦੂਕ ਮਿਲ ਜਾਵੇਗੀ ਤੇ ਫੇਰ ਉਹ ਕਿਸੇ ਇਕ ਫਾਟਕ ਦੇ ਪਹਿਰੇਦਾਰ ਬਣ ਜਾਣਗੇ।

"ਇਹ ਗਲਤ ਕਿਵੇਂ ਐਂ ਜੀ ?"

"ਗ਼ਲਤ ਨਹੀਂ। ਢਿੱਡ ਤਾਂ ਭਰਨਾਂ ਈ ਏ, ਸੋ ਕੁਛ ਕਰਨਾ ਵੀ ਹੈ। ਪਰ ਹੋਵੇਗੀ ਤਾਂ ਇਹ ਵੀ ਰਾਖੀ ਹੀ…ਪਹਿਲਾਂ ਹਵੇਲੀਆਂ ਦੀ ਹੁੰਦੀ ਸੀ, ਹੁਣ ਮਿੱਲਾਂ ਦੀ ਹੋਵੇਗੀ।"

"ਕੀ…?" ਉਸਦੀਆਂ ਅੱਖਾਂ ਸੁਲਗਣ ਲੱਗੀਆਂ। "ਰਾਖੀ ਨਹੀਂ ਕਰਨੀ ਅਸਾਂ।"

"ਜੇ ਤੁਸੀਂ ਸਾਰੇ ਇਕ ਮੁੱਠ ਹੋ ਜਾਓ ਤੇ ਸੰਗਠਨ ਬਣਾ ਲਓ ਤਾਂ ਹੀ ਤੁਹਾਡੀ ਕੋਈ ਤਾਕਤ ਹੋ ਸਕਦੀ ਹੈ। ਉਹ ਤੁਹਾਨੂੰ ਲਾਲਚ ਦੇਣਗੇ, ਤੋੜਨ-ਪਾੜਨਗੇ, ਖਰੀਦਣਗੇ…ਈਮਾਨਦਾਰ ਰਹੇ ਤਾਂ ਭੁੱਖ, ਪਿਆਸ ਤੇ ਜ਼ੁਲਮ…ਬੇਈਮਾਨ ਹੋ ਗਏ ਤਾਂ ਮੌਜਾਂ ਤੇ ਧਨ ਮਿਲੇਗਾ..."

"ਪੱਲੇ ਕੁਸ਼ ਨਹੀਂ ਪੈ ਰਿਹਾ।"

ਪਹਿਲੀ ਬੱਸ ਪਿੱਛੋਂ ਦੂਜੀ, ਤੀਜੀ ਤੇ ਚੌਥੀ, ਕਈ ਬੱਸਾਂ ਲੰਘ ਗਈਆਂ। ਹੁਣ ਸਾਹਮਣੇ ਆਖ਼ਰੀ ਬੱਸ ਸੀ। ਮੈਂ ਚੜ੍ਹ ਗਿਆ।

"ਰੁਕ ਜਾਓ। ਅਜੇ ਬੜਾ ਕੁਸ਼ ਪੁੱਛਣਾ ਐਂ ਜੀ। ਮੈਂ ਹੁਣ ਚੁੱਪ ਨਹੀਂ ਰਹਿ ਸਕਦਾ…ਪਰ ਦੇਖਾਂ ਕਿਸ ਵੱਲ ?" ਉਸ ਨੇ ਗਰਮਜੋਸ਼ੀ ਨਾਲ ਮੇਰਾ ਹੱਥ ਫੜ੍ਹ ਲਿਆ। ਮੇਰੇ ਮਨ ਵਿਚ ਆਇਆ, ਰੁਕ ਕੇ ਇਸਨੂੰ ਨਾਲ ਲੈ ਜਾ ਕੇ ਆਪਣੇ ਪੁਰਾਣੇ ਸਾਥੀਆਂ ਦੇ ਹਵਾਲੇ ਕਰ ਦੇਵਾਂ। ਨਹੀਂ ਤਾਂ ਉੱਥੇ ਹੀ ਕੋਈ ਚਲਾਕ ਇਸਨੂੰ ਖ਼ਤਮ ਨਾ ਕਰ ਦੇਵੇ। ਕਿਸ ਕੋਲ ਜਾਵਾਂ ? ਇਕ ਅਰਸੇ ਤੋਂ ਉਹਨਾਂ ਕੋਲ ਅਜਿਹੀਆਂ ਗੱਲਾਂ ਲਈ ਫ਼ੁਰਸਤ ਹੀ ਨਹੀਂ। ਉਹ ਤਾਂ ਆਪਸੀ ਲੜਾਈ ਵਿਚ ਵਿਆਸਤ ਹਨ…ਇਕ ਦਲ ਦੇ ਕਈ ਦਲ। ਉਹਨਾਂ ਵਿਚ ਵੀ ਗੁੱਟ। ਮੈਨੂੰ ਆਪਣੇ ਬਹੁਤ ਸਾਰੇ ਸਾਥੀਆਂ ਦੇ ਵਹੇ ਲਹੂ ਦੀ ਯਾਦ ਆਈ…ਕਿੱਥੇ ਗਈਆਂ ਉਹਨਾਂ ਦੀਆਂ ਕੁਰਬਾਨੀਆਂ ? ਫੇਰ ਕੌਣ ਕਰੇਗਾ ਫ਼ੌਜੀ ਦੀ ਮਦਦ ? ਜੇ ਹੁਣ ਫ਼ੌਜੀ ਵਰਗੇ ਲੋਕ ਕਿਸੇ ਪਰਿਵਰਤਨ ਲਈ ਉੱਪਰ ਬੈਠਿਆਂ ਵੱਲ ਦੇਖਣ ਤਾਂ ਇਸ ਵਿਚ ਉਹਨਾਂ ਦਾ ਕੀ ਕਸੂਰ ?

ਬੱਸ ਚੱਲ ਪਈ। ਮੈਂ ਪਛਤਾਵੇ ਤੇ ਉਦਾਸੀ ਵਿਚ ਭੌਂ ਕੇ ਪਿੱਛੇ ਦੇਖਿਆ। ਦੂਰ ਖੇਤਾਂ ਵਿਚ ਉੱਚੇ ਟਿੱਬਿਆਂ ਨੂੰ ਬੁਲਡੋਜ਼ਰ ਕੱਟ ਰਹੇ ਸਨ। ਪਿੰਡ, ਹਵੇਲੀਆਂ ਤੇ ਹੋਰ ਸਭ ਬੱਸ ਦੀ ਉਡਾਈ ਧੂੜ ਵਿਚ ਧੁੰਦਲਾ ਦਿਖਾਈ ਦਿੱਤਾ। ਫ਼ੌਜੀ ਬੱਸ ਦੇ ਪਿੱਛੇ ਪਿੱਛੇ ਚੀਕਦਾ ਹੋਇਆ ਦੌੜ ਰਿਹਾ ਸੀ। "ਅਜੇ ਬਹੁਤ ਕੁਸ਼ ਪੁੱਛਣਾ ਐਂ ਜੀ…" ਜ਼ਰੂਰ ਕੋਈ ਗੁੱਥੀ ਉਸਦੇ ਅੰਦਰ ਉਲਝੀ ਰਹਿ ਗਈ ਸੀ।