Thursday, February 26, 2009

ਜ਼ਖ਼ਮੀ ਗੁਲਾਬ : ਸ਼ਾਹ ਚਮਨ

ਦੁਖਾਂਤ ਪੰਜਾਬ 1984 ਉੱਪਰ ਸ਼ਾਹ ਚਮਨ ਦਾ ਬਹੁ ਚਰਚਿਤ ਨਾਵਲ :
-------------------------------------

ਜ਼ਖ਼ਮੀ ਗੁਲਾਬ
( ਪੰਜਾਬੀ ਨਾਵਲ) : ਪੋਸਟਿੰਗ : ਅਨੁ. : ਮਹਿੰਦਰ ਬੇਦੀ, ਜੈਤੋ

ਸ਼ਾਹ ਚਮਨ
ਚੇਤਨਾ ਪ੍ਰਕਾਸ਼ਨ, ਕਿਲਾ ਰੋਡ, ਬੱਸ ਅੱਡੇ ਦੇ ਸਾਹਮਣੇ, ਕੋਟਕਪੂਰਾ
ਸੰਪਰਕ ਨੰ. : 01635-222651.
***
ਕਲਿ ਕਾਤੀ ਰਾਜੇ ਕਾਸਾਈ
ਧਰਮੁ ਪੰਖ ਕਰ ਉਡਰਿਆ।।
ਕੂੜੁ ਅਮਾਵਸ ਸਚੁ ਚੰਦ੍ਰਮਾ
ਦੀਸੈ ਨਾਹੀ ਕਹ ਚੜਿਆ
(ਗੁਰੂ ਨਾਨਕ)

***
ਛਾਪਕ :
ਚੇਤਨਾ ਪ੍ਰਕਾਸ਼ਨ ਪੰਜਾਬੀ ਭਵਨ, ਲੁਧਿਆਣਾ
ਸੰਪਰਕ ਨੰ. : 0161-2413613, 2404928.

ਪਿਆਰੇ ਪੰਜਾਬ ਨੂੰ…

ਭਾਗ ਪਹਿਲਾ
************* ਇਕ :-


ਪਿਛਲਾ ਵਰ੍ਹਾ ਸਾਡੇ ਲਈ ਕਿਆਮਤ ਦਾ ਵਰ੍ਹਾ ਸੀ। ਅਰਾਜਕਤਾ ਨੇ ਪਹਿਲਾਂ ਹੀ ਗੋਡੇ ਹੇਠਾਂ ਨੱਪਿਆ ਹੋਇਆ ਸੀ। ਨਿੱਤ-ਦਿਹਾੜੇ ਦੇ ਬੰਦ ਅਤੇ ਕਰਫ਼ਿਊ ਰੱਜਵਾਂ ਲਹੂ ਪੀ ਰਹੇ ਸਨ। ਕੁਦਰਤ ਵੀ ਮਿੱਤਰ ਦੀ ਥਾਂ ਵੈਰੀ ਬਣੀ ਬੈਠੀ ਸੀ। ਮੀਂਹ ਬਿੱਜੂ ਵਾਂਗ ਸਾਡੇ 'ਤੇ ਟੁੱਟ ਪਿਆ। ਹਫ਼ਤੇ ਭਰ ਦੀ ਝੜੀ ਨੇ ਜਲ-ਪਰਲੋ ਦਾ ਰੂਪ ਧਾਰ ਲਿਆ। ਦੂਰ ਦੂਰ ਤੋਂ ਵਾਹਣਾਂ-ਖੇਤਾਂ ਦਾ ਪਾਣੀ ਸ਼ਹਿਰ 'ਚ ਆ ਵੜਿਆ। ਨਗਰ ਦੇ ਉੱਗੜ-ਦੁੱਘੜੇ ਵਿਕਾਸ ਕਾਰਨ ਬਾਰਸ਼ ਸਦਕੇ ਜਲ-ਥਲ ਇਕ ਹੋ ਗਿਆ। ਰਹਿੰਦੀ ਕਸਰ ਨੇੜੇ ਵਗਦੀ ਨਹਿਰ 'ਚ ਪਏ ਪਾੜ ਨੇ ਪੂਰੀ ਕਰ ਦਿੱਤੀ। ਅਧਿਓਂ ਵਧ ਸ਼ਹਿਰ ਹੜ੍ਹ ਨੇ ਨਿਗਲ ਲਿਆ। ਬਾਕੀ 'ਚ ਸੀਵਰੇਜ ਉੱਛਲ ਜਾਣ 'ਤੇ ਥਾਂ ਪੁਰ ਥਾਂ ਗੰਦੇ ਛੱਪੜ ਉੱਗ ਪਏ ਸਨ। ਮੁਸ਼ਕ ਮੋਹਤਬਰ ਬਣ ਬੈਠੀ ਸੀ। ਮੀਲਾਂ ਤਕ ਝੀਲ ਬਣ ਗਏ ਇਲਾਕੇ 'ਚੋਂ ਲੋਕ ਜਾਨ ਬਚਾ ਕੇ ਸੁਰੱਖਿਅਤ ਥਾਵਾਂ 'ਤੇ ਮਸਾਂ ਪਹੁੰਚੇ। ਬਹੁਤਾ ਸਾਮਾਨ ਤਾਂ ਪਾਣੀ 'ਚ ਗ਼ਰਕ ਹੋ ਗਿਆ। ਖ਼ਵਾਜਾ-ਖਿਰਜ ਬਹੁਤਿਆਂ ਘਰਾਂ ਦੇ ਮਾਲ-ਡੰਗਰਾਂ ਦੀ ਜਬਰੀ ਭੇਟਾ ਲੈ ਗਿਆ। ਰੂੜ੍ਹੀਆਂ-ਰੁੱਖਾਂ ਨੇ ਸਿਰਫ ਆਦਮੀਆਂ ਨੂੰ ਹੀ ਪਨਾਹ ਦਿੱਤੀ ਸੀ। ਬੰਦਾ-ਡੋਬੂ ਪਾਣੀ ਤੋਂ ਬਚਾ ਲਈ ਤੀਜੇ ਕਿ ਚੌਥੇ ਦਿਨ ਇਕ ਬੇੜੀ ਨੇ ਨਗਰ ਦੇ ਦਰ 'ਤੇ ਦਸਤਕ ਦਿੱਤੀ ਸੀ। ਪਾਣੀ 'ਚ ਘਿਰੀ ਖ਼ਲਕਤ ਨੂੰ ਬੁੱਢੀ ਕਿਸ਼ਤੀ ਕੋਈ ਠੋਸ ਮਦਦ ਨਹੀਂ ਸੀ ਪਹੁੰਚਾ ਸਕੀ। ਨਿਖਸਮੀ ਖ਼ੁਦ ਨੂੰ ਤਾਂ ਸੰਭਾਲਣ 'ਚ ਅਸਮਰਥ ਸੀ, ਉਹ ਦੂਜਿਆਂ ਨੂੰ ਕੀ ਬਚਾਉਂਦੀ। ਹਰ ਘਰ ਦੇ ਸੰਦੂਕ-ਸ਼ਤੀਰ ਆਦਿ ਲਾਈਫ਼-ਬੋਟਾਂ 'ਚ ਵਟ ਗਏ ਸਨ। ਲੋਕਾਂ ਨੇ ਹੀ ਹਿੰਮਤ ਕਰਕੇ ਖ਼ੁਦ ਨੂੰ ਅਤੇ ਬਾਕੀ ਨਗਰ ਨੂੰ ਬਚਾਇਆ ਸੀ। ਮੀਲ ਲੰਬਾ ਬੰਨ੍ਹ ਮਾਰ ਹੜ ਠੱਲਿਆ ਸੀ। ਆਪਣੀ ਹੋਂਦ ਬਰਕਰਾਰ ਰੱਖਣ ਲਈ ਹਰ ਕੋਈ ਮੈਦਾਨ 'ਚ ਨਿਤਰ ਪਿਆ ਸੀ।

ਬਰੀਕ-ਕਣੀ ਦੇ ਮੀਂਹ ਨੇ ਮਕਾਨਾਂ ਦੀ ਸੱਤਿਆ ਕੱਢ ਦਿੱਤੀ ਸੀ। ਕੱਚਿਆਂ ਨੇ ਤਾਂ ਢਹਿਣਾ ਹੀ ਸੀ ; ਪੱਕਿਆਂ ਨੂੰ ਵੀ ਖਾਸੀ ਜ਼ਰਬ ਪਹੁੰਚੀ। ਧੜੈਂ-ਧੜੈਂ ਡਿੱਗਦੇ ਕੋਠਿਆਂ ਨੇ ਬੜਾ ਜਾਨੀ ਅਤੇ ਮਾਲੀ ਨੁਕਸਾਨ ਕੀਤਾ। ਬਥੇਰਿਆਂ ਨੂੰ ਜ਼ਖ਼ਮੀ ਕਰਕੇ ਹਸਪਤਾਲਾਂ ਵੱਲ ਤੋਰਿਆ। ਮਲੇਰੀਏ-ਫੁਲੇਰੀਏ ਨੇ ਵੀ ਜਲਵਾ ਦਿਖਾਇਆ ਸੀ। ਦਸਤਾਂ, ਦਹਿਸਰਾਂ ਨੇ ਵੀ ਜ਼ਿੰਦਗੀ ਦੋਜ਼ਖ ਬਣਾਈ ਰੱਖੀ। ਸਰਕਾਰੀ ਅਤੇ ਗ਼ੈਰ ਸਰਕਾਰੀ ਦਵਾਖਾਨੇ ਮਰੀਜ਼ਾਂ ਨਾਲ ਤੂਸੇ ਗਏ ਸਨ। ਪਾਣੀ 'ਚ ਘਿਰੇ ਸ਼ਹਿਰ ਦਾ ਬਾਕੀ ਸੰਸਾਰ ਨਾਲ ਜ਼ਮੀਨੀ ਰਾਬਤਾ ਨਾਂ-ਮਾਤਰ ਰਹਿ ਗਿਆ ਸੀ। 'ਕੇਰਾਂ ਤਾਂ ਸਰਕਾਰ ਨੇ ਸਾਡੇ ਸ਼ਹਿਰ 'ਤੇ ਵੀ ਜਹਾਜ਼ ਰਾਹੀ ਜ਼ਰੂਰੀ ਰਸਦ ਗਿਰਾਉਣ ਦੀ ਸਕੀਮ ਬਣਾਈ ਸੀ, ਭਾਵੇਂ ਕਿ ਉਹ ਅਮਲ 'ਚ ਲਿਆਂਦੀ ਨਾ ਗਈ। ਹਰੇਕ ਸ਼ੈਅ ਦੀ ਥੁੜ੍ਹ ਪੈਦਾ ਹੋ ਗਈ ਸੀ। ਕਈ ਵਸਤਾਂ ਦੇ ਭਾਅ ਤਾਂ ਤੀਣੇ-ਚੌਣੇ ਹੋ ਗਏ ਸਨ। ਸਿਰ ਲੁਕਾਉਣ ਦੀ ਆਫ਼ਤ ਦੇ ਨਾਲ ਨਾਲ ਨਾਗਰਿਕਾਂ ਦੀ ਬਹੁ-ਗਿਣਤੀ ਅੰਨ-ਪਾਣੀ ਦੀ ਘਾਟ ਮਹਿਸੂਸ ਕਰਨ ਲੱਗੀ ਸੀ। ਸਾਡੇ ਹੀ ਨਹੀਂ; ਸਮੁੱਚੇ ਪੰਜਾਬ ਤੇ ਸਾੜਸਤੀ ਦਾ ਪ੍ਰਛਾਵਾਂ ਸੀ। 'ਇੰਦਰ ਦੇਵ' ਨੇ ਆਪਣੀ ਹੈਂਕੜ ਦਾ ਜਬਰਦਸਤ ਮੁਜ਼ਾਹਰਾ ਜੁ ਕੀਤਾ ਸੀ।

ਦੇਵਤਿਆਂ ਕੋਲ ਦੁੱਖ ਤਕਲੀਫ ਵੰਡਣ ਤੋਂ ਸਿਵਾ ਹੋਰ ਹੈ ਵੀ ਕੀ ? ਪੀੜ-ਹਰਣ ਦੀ ਕਲਾ ਤੋਂ ਇਹ ਪੱਥਰ-ਪੋਥੇ, ਜਨਮ-ਸਿੱਧ ਕੋਰੇ ਸਾਬਤ ਹੋ ਚੁੱਕੇ ਹਨ। ਧਾਰਮਿਕ ਅਸਥਾਨਾਂ 'ਚ ਕੀਤੀਆਂ ਅਰਦਾਸਾਂ-ਮਨੌਤਾਂ ਨੂੰ ਠੁਕਰਾ, ਬੱਦਲਵਾਈ ਢੇਰ ਚਿਰ ਖ਼ਲਕਤ ਨੂੰ ਡਰਾਉਂਦੀ ਰਹੀ ਸੀ। ਲੋਕਾਂ ਨੇ ਕੰਧਾਂ ਤੱਕ ਨੂੰ ਕੱਪੜੇ ਪਹਿਲਾਉਣ ਦੀ ਕੋਸ਼ਿਸ਼ ਕੀਤੀ ਸੀ। ਸ਼ਹਿਰ ਦੀਆਂ ਹੱਟਾਂ ਤੋਂ ਤਿਰਪਾਲਾਂ ਮੁੱਕ ਗਈਆਂ ਸਨ। ਅੰਧ-ਵਿਸ਼ਵਾਸ ਦੇ ਅਮਲ ਦੇ ਨਾਲ ਨਾਲ ਲੋਕਾਂ ਇਧਰ-ਉਧਰ ਵੀ ਹੱਥ ਪੈਰ-ਹਿਲਾ, ਆਪਾ ਬਚਾਉਣ ਦਾ ਜਤਨ ਕੀਤਾ ਸੀ। ਗਿਆਨ-ਅਗਿਆਨ ਤੋਂ ਇਲਾਵਾ ਅਜੋਕੇ ਪੀੜਾ-ਹਰ ਦਾਤਿਆਂ ਤੱਕ ਵੀ ਪਹੁੰਚ ਕੀਤੀ ਗਈ ਸੀ। ਖ਼ੁਦ ਮੈਂ ਉਸ ਭੀੜ 'ਚ ਸ਼ਾਮਿਲ ਹੋਇਆ ਸੀ ਜਿਸ ਨੇ ਨਗਰ-ਪਾਲਿਕਾ ਦੇ ਗੜੂੰਦੇ ਐਡਮਨਿਸਟਰੇਟਰ ਅੱਗੇ, ਰੜੇ-ਮੈਦਾਨ 'ਚ ਭਿੱਜ ਰਹੇ ਟੱਬਰਾਂ ਲਈ ਦੁਹਾਈ ਪਾਈ ਸੀ। ਤੰਬੂਆਂ ਦੀ ਲੜਾਈ ਜਿੱਤੀ ਸੀ। ਟੈਂਟ ਤਾਂ ਖ਼ੈਰ ਕੁਝ ਕੁ ਨੂੰ ਹਾਸਲ ਹੋ ਗਏ ਸਨ ਪਰ ਸਾਡੇ 'ਚੋਂ ਕਈਆਂ ਦੇ ਤਾਂ ਮੌਰ ਹੀ ਸੇਕੇ ਗਏ ਸਨ। ਅਧਿਕਾਰੀਆਂ ਦੀ ਰਾਖੀ ਕਰਦੀ ਪੁਲਿਸ ਨੂੰ ਔਕੜਾਂ ਮਾਰੇ ਲੋਕ ਵੀ ਅਮਨ-ਕਾਨੂੰਨ ਲਈ ਖ਼ਤਰਾ ਨਜ਼ਰ ਆਏ ਸਨ।

ਮੈਂ ਇਹ ਨਹੀਂ ਕਹਿੰਦਾ ਕਿ ਖ਼ਲਕਤ ਦੀ ਚੀਖ-ਪੁਕਾਰ ਵੱਲ ਉਪਰ ਵਾਲਿਆਂ ਉੱਕਾ ਹੀ ਬੇਧਿਆਨੀ ਦਾ ਵਤੀਰਾ ਅਪਨਾਇਆ ਹੋਇਆ ਸੀ। ਮੁਸ਼ਕਲ ਨਾਲ ਹੀ ਕੋਈ ਦਿਨ ਖ਼ਾਲੀ ਗਿਆ ਹੋਵੇਗਾ ਜਦੋਂ ਕਿਸੇ ਨਾ ਕਿਸੇ ਰਾਜਨੇਤਾ ਜਾਂ ਉੱਚ ਅਫਸਰ ਨੂੰ ਹੜ੍ਹ-ਦਰਸ਼ਨ ਦਾ ਦੌਰਾ ਨਾ ਪਿਆ ਹੋਵੇ। ਮੁਕਾਮੀ ਅਹਿਲਕਾਰ ਟੈਲੀਫ਼ੋਨ ਅਤੇ ਬੇਤਾਰ ਸੁਨੇਹਿਆਂ ਦੀ ਡਾਰ ਵਾਚਣ 'ਚ ਹੀ ਹੱਫ਼ ਕੇ ਰਹਿ ਗਏ ਸਨ। ਸ਼ਾਹੀ-ਸੰਦੇਸ਼ਾਂ 'ਚ ਪੀੜਤਾਂ ਨਾਲ ਹਮਦਰਦੀ ਜਤਾਈ ਜਾਂਦੀ, ਜ਼ਖ਼ਮੀਆਂ ਤੇ ਫੌਤ ਹੋਇਆਂ ਲਈ ਅਫ਼ਸੋਸ ਪ੍ਰਗਟ ਕੀਤਾ ਜਾਂਦਾ, ਜਾਨੀ-ਮਾਲੀ ਹੋਈ ਹਾਨੀ ਦੇ ਵੇਰਵੇ ਪੁੱਛੇ ਜਾਂਦੇ ਅਤੇ ਰਾਹਤ ਕਾਰਜ ਲਈ ਵਸਤਾਂ, ਬੰਦੇ ਆਦਿ ਭੇਜਣ ਦੇ ਵਾਅਦੇ ਬਾਰ-ਬਾਰ ਦੁਹਰਾਏ ਜਾਂਦੇ ਸਨ। ਜਨਤਕ ਲੀਡਰਾਂ ਦੀ ਬਹੁਸੰਮਤੀ ਦੇ ਵੀ ਲੋਕਾਂ ਵੱਲ ਕੰਨ ਸਨ। ਹਰ ਨੇਤਾ ਦੀ ਹੜ੍ਹ ਨਾਲ ਸੰਬੰਧਤ ਕੋਈ ਨਾ ਕੋਈ ਸਟੇਟਮੇਂਟ ਰੇਡੀਓ ਜਾਂ ਪਰੈਸ ਨੂੰ ਜਾ ਰਹੀ ਹੁੰਦੀ। ਨਾਮਾ ਨਿਗਾਰਾਂ ਦੀ ਸਹਾਇਤਾ ਨਾਲ ਕੁਝ ਇਕ ਸਿਆਸਤਦਾਨਾਂ ਨੇ ਪਾਣੀ ਦੀ ਮਾਰ ਹੇਠ ਆਏ ਇਲਾਕੇ ਦੀ ਫਿਲਮ ਬਣਾ ਕੇ ਦੇਸੀ-ਬਦੇਸੀ ਦੂਰਦਰਸ਼ਨ ਤੋਂ ਵਾਹਵਾ ਵੱਟਕ ਕੀਤੀ ਸੀ। 'ਜਨ-ਪ੍ਰਤੀਨਿਧਾਂ' ਨੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕਰਨੀ ਆਰੰਭ ਦਿੱਤੀ ਸੀ। ਲੋੜਵੰਦ ਸਰਕਾਰੀ ਮਦਦ, ਰਿਲੀਫ਼, ਗਰਾਂਟਾਂ ਵਗੈਰ-ਵਗੈਰਾ ਲਈ ਦਫ਼ਤਰਾਂ ਦੇ ਗੇੜੇ ਮਾਰਨ ਲੱਗ ਪਏ ਸਨ। ਪਰਉਪਕਾਰੀ ਸੰਸਥਾਵਾਂ ਨੇ ਜਨਤਕ-ਚੰਦਿਆਂ ਦੀ ਉਗਰਾਹੀ ਵੱਲ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਸੀ। ਵਾਲੰਟੀਅਰ ਜਥੇਬੱਦੀਆਂ ਖ਼ੁਦ-ਬਖ਼ੁਦ ਉਗਮ ਪਈਆਂ ਸਨ। ਹੇਠੋਂ ਉਤੋਂ ਰਾਸ਼ਨ-ਪਾਣੀ, ਕੱਪੜਾ-ਲੱਤਾ ਆਦਿ ਵੰਡਣ ਦੇ ਪੁੰਨ ਕਾਰਜ 'ਚ ਨੇਕ ਉਲਾਦਾਂ ਨੇ ਯਥਾਯੋਗ ਹੱਥ ਵਟਾਇਆ ਸੀ। ਦੁਖਿਆਰਿਆਂ ਲਈ ਹਰ ਪੱਧਰ ਤੇ ਹਿਲਜੁਲ ਹੋਈ ਸੀ।

ਹਰ ਵਰਗ ਦੇ ਲੋਕ ਸੇਵਕ ਦੌੜੇ। ਆਪਣੀਆਂ ਮੁਸੀਬਤਾਂ ਨੂੰ ਅੱਖੋਂ ਪਰੋਖੇ ਕਰ ਲੀਡਰ ਸਾਹਿਬਾਨ ਜਨ-ਹਿਤ ਲਈ ਭੱਜ-ਨੱਠ ਕਰਦੇ ਰਹੇ। ਆਗੂਆਂ ਨੂੰ ਬਹੁਤ ਔਖੇ ਹੋ ਕੇ ਮਾਮੂਲੀ ਗੱਲਾਂ ਲਈ ਸਮਾਂ ਕੱਢਣਾ ਪਿਆ। ਦੇਸ਼ ਸੰਕਟ 'ਚ ਸੀ। ਮੰਡੀਆਂ ਦੀ ਲਾਲਸਾ ਵਿਚ ਬਉਰੇ ਹੋਏ ਸਾਮਰਾਜੀ ਪੁਰਾਣੇ ਹੱਥ-ਕੰਡੇ ਵਰਤਣ ਤੋਂ ਬਾਜ਼ ਨਹੀਂ ਸਨ ਆ ਰਹੇ। 'ਨੀਲੇ ਤਾਰੇ' ਦੇ ਸ਼ੋਅਲੇ ਕਮਜ਼ੋਰ ਸਾਬਤ ਹੋਏ। ਸੱਤਾ ਦੀ ਰਾਜਨੀਤੀ ਨੂੰ ਉਸ ਹੜਬੜਾ ਦਿੱਤਾ ਸੀ। ਦੇਸੀ ਟੱਟੂਆਂ ਤੇ ਸਵਾਰ ਪਾਪ ਦੀ ਜੰਞ ਖ਼ਤਮ ਨਹੀਂ ਸੀ ਕੀਤੀ ਜਾ ਸਕੀ। ਉਲਟਾ ਹਿੰਸਾ ਦਾ ਪ੍ਰਛਾਵਾਂ ਪਰਦੇਸ਼ ਦੀਆਂ ਹੱਦਾਂ ਟੱਪ ਪੂਰੇ ਮੁਲਖ ਤੇ ਛਾ ਗਿਆ। ਫੱਟੜ ਆਦਮਖੋਰਾਂ ਦੇ ਦਹਿਸ਼ਤੀ ਕਾਂਬੇ ਨੂੰ ਰੋਕਣ ਲਈ ਜੋਧਪੁਰ-ਤਿਹਾੜ ਦੀਆਂ ਜੇਲਾਂ ਨਾਕਾਫ਼ੀ ਸਨ। ਗਾਂਧੀ ਟੋਪੀ ਦੀ ਥਾਂ ਬੁਲਟ ਪਰੂਫ਼ ਜੈਕਟ ਜੰਤਾ ਦੇ ਸੇਵਕਾਂ ਦੇ ਪਹਿਰਾਵੇ ਵਿਚ ਸ਼ਾਮਲ ਹੋ ਗਈ। ਖੱਦਰਧਾਰੀਆਂ, ਅੰਮ੍ਰਿਤਧਾਰੀਆਂ, ਤਿਲਕ-ਅਤਿਲਕਧਾਰੀਆਂ ਸਭਨਾਂ ਨੂੰ ਸਟੇਨੀ-ਛੱਤਰੀ ਦੀ ਛਾਂ 'ਚ ਤੁਰਨ ਦੀ ਮਜ਼ਬੂਰੀ ਆ ਪਈ। ਰਾਜਪੀੜ ਦਾ ਰੋਗ ਲੋਕ-ਘੁਲਾਟੀਆਂ ਨੂੰ ਘਰ ਟਿਕਣ ਨਹੀਂ ਸੀ ਦਿੰਦਾ। ਦਵਾਈ ਖ਼ਾਤਰ ਨਿਤ-ਨਿਤ ਬੋਤਲਾਂ-ਚਮਚਿਆਂ ਨੂੰ ਛਣਕਾਉਂਦੇ ਹੋਏ ਪੰਜ ਸਟਾਰਾਂ 'ਚ ਘਿਸਟਣਾ ਪੈਂਦਾ ਸੀ, ਰਾਜ-ਭਵਨਾਂ ਦੇ ਮਾਲੀਆਂ-ਮੁਸਾਹਿਬਾਂ ਦੀਆਂ ਝਿੜਕਾਂ ਸਹਿਣੀਆਂ ਪੈਂਦੀਆਂ, ਨਫ਼ਰਾਂ-ਨਾਇਬਾਂ ਦੀਆਂ ਜੁੱਤੀਆਂ ਝਾੜਣੀਆਂ ਅਤੇ 'ਭਵਾਨੀ' ਦੇ ਦਰ ਅੱਠੇ ਪਹਿਰ ਨਤਮਸਤਕ ਹੋਣਾ ਪੈਂਦਾ। ਫਿਰ ਵੀ ਆਸ਼ੀਰਵਾਦ ਦੀ ਥਾਂ 'ਮਾਈ' ਦੇ ਚਿਮਟੇ ਹੀ ਨਸੀਬ ਹੁੰਦੇ ਸਨ।

ਖ਼ੈਰ ! ਹਰ ਛੋਟੇ-ਵੱਡੇ ਨੇਤਾ ਨੇ ਹੜ੍ਹ-ਪੀੜਤਾਂ ਦੀ ਸਹਾਇਤਾ ਖ਼ਾਤਰ ਆਪਣਾ ਬਹੁਮੁੱਲਾ ਸਮਾਂ ਅਰਪਤ ਕੀਤਾ ਸੀ। ਲੀਡਰਾਂ ਦੀ ਅਪਾਰ ਕ੍ਰਿਪਾ ਨਾਲ ਸਰਕਾਰੀ ਰਿਲੀਫ਼ ਥੱਲੇ-ਉਤਰੀ। ਜ਼ਖ਼ਮੀਆਂ ਦੀ ਸੇਵਾ-ਸੰਭਾਲ ਦੀ ਗੱਲ ਤੁਰੀ। ਤਬਾਹ-ਹਾਲਾਂ ਲਈ ਦਾਨ-ਘਰ ਖੁੱਲ੍ਹੇ। ਖਿਦਮਤਗਾਰਾਂ 'ਚ ਹੌਂਸਲਾ ਪੈਦਾ ਹੋਇਆ। ਧਰਮਸ਼ਾਲਾਵਾਂ-ਸਰਾਵਾਂ ਦਾ ਭਾਰ ਵੰਡਾਵੁਣ ਲਈ ਖ਼ਾਲੀ ਥਾਵਾਂ ਤੇ ਤੰਬੂਆਂ ਦੇ ਰੂਪ ਵਿਚ ਦੁਖੀਆਂ ਨੂੰ ਠਾਹਰ ਦੇ ਹੋਰ ਅੱਡੇ ਪ੍ਰਾਪਤ ਹੋਏ। ਲੋਕ ਸੇਵਾ ਦਾ ਸਿਲਸਿਲਾ ਅਸਮਾਨ ਨਿਖ਼ਰ ਜਾਣ ਤੋਂ ਬਾਅਦ ਤੱਕ ਜਾਰੀ ਰਿਹਾ ਸੀ। ਰਿਲੀਫ਼-ਗਰਾਂਟਾਂ ਰੂਪੀ ਦਿਉਤੇ ਆਪਣੇ ਸ਼ਰਧਾਲੂਆਂ ਨਾਲ ਲੁਕਨਮੀਟੀ ਖੇਡਦੇ ਰਹੇ। ਵਾਲੰਟੀਅਰਾਂ ਦੀਆਂ ਟੋਲੀਆਂ ਚੱਤੇ-ਪਹਿਰ ਮੁਹੱਲਿਆਂ 'ਚੋਂ ਦਾਲ-ਰੋਟੀ ਤੇ ਭਾਂਤ-ਸੁਭਾਂਤ ਦਾ ਮਾਲ-ਮੱਤਾ ਰੈਡ-ਕਰਾਸ ਨਾਲ ਸਾਂਝਾ ਕਰਦੀਆਂ ਰਹੀਆਂ। ਲੰਗਰ ਧੁਖਦੇ ਰਹੇ ਦਿਲ ਦੁਖਦੇ ਰਹੇ ; ਕਿਉਂ ਜੋ ਚੀਜ਼ਾਂ ਦੀ ਘਾਟ ਸੀ। ਆਇਆ ਮਾਲ ਪੂਰਾ ਨਾ ਪੈਂਦਾ। ਕਮੀ ਦੀ ਪ੍ਰੇਸ਼ਾਨੀ ਸਿਰ ਉਠਾਈ ਰੱਖਦੀ। ਭੁੱਖ ਵਰਤੀ ਰਹਿੰਦੀ। ਸਮਿਆਨ ਦੇ ਵੰਡ-ਵੱਡਾਰੇ 'ਤੇ ਖੋਹ-ਖਿੰਡ ਹੋ ਜਾਂਦੀ। ਲੜਾਈ ਪੈ ਜਾਂਦੀ, ਧੱਕਾ-ਮੁੱਕੀ ਅਤੇ ਗਾਲ੍ਹਾਂ-ਘਸੁੰਨ ਤਕ ਚੱਲ ਜਾਂਦੇ ਸਨ। ਇੰਜ ਅਕਸਰ ਹੁੰਦਾ ਸੀ। ਲੋੜ ਜ਼ਿਆਦਾ ਸੀ ; ਪ੍ਰਾਪਤੀ ਨਾਂ ਮਾਤਰ ਸੀ। ਜੋ ਮਿਲਦਾ, ਜੋ ਆਉਂਦਾ : ਇਕ ਤਾਂ ਉਂਜ ਹੀ ਘੱਟ ਹੁੰਦਾ ; ਉਸ 'ਚੋਂ ਵੀ ਰਸਤੇ 'ਚ ਘੁਸ ਜਾਂਦਾ। ਗੁੰਮ ਮਾਲ ਕਿਥੇ ਜਾਂਦਾ ਹੈ ? ਕੌਣ ਹੜੱਪ ਕਰ ਜਾਂਦਾ ਹੈ ? ਗੋਲ ਮਾਲ ਕਿਵੇਂ ਹੁੰਦੇ ਨੇ ? ਇਹ ਵੀ ਭਲਾ ਪੁੱਛਣ ਵਾਲੀ ਰਹੀ ਹੈ ! ਅੱਜ ਕੱਲ ਤਾਂ ਨਿੱਕਾ ਨਿਆਣਾ ਵੀ ਦੱਸ ਸਕਦਾ ਹੈ, ਇਸ ਠੇਠ ਸਰਮਾਈਦਾਰੀ ਦੇ ਮੁਨਾਫ਼ਾਵਾਦ ਹਰ ਸ਼ੈਅ ਦੀ ਪਰਿਭਾਸ਼ਾ ਹੀ ਬਦਲ ਕੇ ਰੱਖ ਦਿੱਤੀ ਹੈ। ਲੋਕ-ਸੇਵਾ ਦੇ ਅਰਥ ਵੀ ਹੁਣ ਪਹਿਲਾਂ ਵਾਲੇ ਨਹੀਂ ਰਹੇ…ਹੈ ਨਾ ?
**********************

Tuesday, February 24, 2009

ਭਗਤ ਸਿੰਘ (ਇਕ ਮਘਦਾ ਇਤਿਹਾਸ) : ਲੇਖਕ : ਹੰਸਰਾਜ ਰਹਿਬਰ

ਹੰਸਰਾਜ ਰਹਿਬਰ ਦੀ ਬਹੂ ਚਰਚਿਤ ਪੁਸਤਕ :
ਭਗਤ ਸਿੰਘ : ਇਕ ਮਘਦਾ ਇਤਿਹਾਸ