Wednesday, June 24, 2009

ਗੋਲੇ ਕਬੂਤਰ :: ਲੇਖਕ : ਸ਼ਰਵਨ ਕੁਮਾਰ ਵਰਮਾ

ਉਰਦੂ ਕਹਾਣੀ : ਗੋਲੇ ਕਬੂਤਰ :: ਲੇਖਕ : ਸ਼ਰਵਨ ਕੁਮਾਰ ਵਰਮਾ : ਸੰਪਰਕ :-01832555580
ਅਨੁਵਾਦ : ਮਹਿੰਦਰ ਬੇਦੀ ਜੈਤੋ Í ਮੁਬਾਇਲ : 94177-30600.


ਲਗਭਗ ਪਿਛਲੇ ਬਹੱਤਰ ਘੰਟਿਆਂ ਦਾ ਮੈਂ ਆਪਣੇ ਕਮਰੇ ਵਿਚ ਹਾਂ---ਨਾ ਬਿਮਾਰ ਹਾਂ, ਨਾ ਕਰਜ਼ਦਾਰ। ਸ਼ਹਿਰ ਵਿਚ ਕਰਫ਼ਿਊ ਲੱਗਿਆ ਹੋਇਆ ਹੈ। ਚਾਰੇ ਪਾਸੇ ਇਕ ਰਹੱਸਮਈ ਚੁੱਪ ਪਸਰੀ ਹੋਈ ਹੈ। ਕਦੀ ਕਦੀ ਐਲ.ਐਮ.ਜੀ. ਤੇ ਏ.ਕੇ. ਸੰਤਾਲੀ ਰਾਈਫਲਾਂ ਦੇ ਠਹਾਕੇ ਇਸ ਭੇਦਭਰੀ ਚੁੱਪ ਨੂੰ ਛਲਣੀ ਕਰ ਦੇਂਦੇ ਨੇ। ਗੋਲੇ ਕਬੂਤਰਾਂ ਦਾ ਇਕ ਵੀ ਝੁੰਡ ਹੁਣ ਸਵਰਨ ਮੰਦਰ ਪਰੀਸਰ ਵੱਲ ਨਹੀਂ ਜਾਂਦਾ---ਉਹ ਮਹੰਤਾਂ ਦੇ ਡੇਰੇ ਵਿਚ ਬਣੀ ਸਮਾਧ ਦੇ ਗੁੰਬਦ ਦਾ ਚੱਕਰ ਲਾ ਕੇ ਪੁਰਾਣੇ ਮਕਾਨਾਂ ਪਿੱਛੋਂ ਜਾ ਅਲੋਪ ਹੁੰਦੇ ਨੇ। ਮੇਰੇ ਕਮਰੇ ਦੇ ਰੋਸ਼ਨਦਾਨ ਦੇ ਵਧਾਰੇ ਵਿਚ ਆਲ੍ਹਣਾ ਬਣਾਈ ਬੈਠਾ ਜੋੜਾ ਦੋ ਦਿਨਾਂ ਦਾ ਪਰਤ ਕੇ ਘਰ ਵਾਪਸ ਨਹੀਂ ਆਇਆ। ਮੇਰੀ ਬੱਚੀ ਪੁੱਛਦੀ ਹੈ :

"ਪਾਪਾ ਕਿਤੇ ਉਹਨਾਂ ਵਿਚਾਰਿਆਂ ਦੇ ਵੀ ਤਾਂ ਗੋਲੀਆਂ ਨਹੀਂ ਵੱਜ ਗਈਆਂ ?"

ਮੈਂ ਸੋਚਿਆ ਸੀ---'ਹੋ ਸਕਦਾ ਹੈ।' ਫਾਇਰਿੰਗ ਦੌਰਾਨ, ਮੈਂ ਕਈ ਕਬੂਤਰਾਂ ਨੂੰ ਡਿੱਗਦਿਆਂ ਦੇਖਿਆ ਸੀ।…ਇਹ ਜੋੜਾ ਬਿੱਠਾਂ ਕਰ-ਕਰ ਕੇ ਫ਼ਰਸ਼ ਗੰਦਾ ਕਰ ਦੇਂਦਾ ਸੀ ; ਬਾਲਕੋਨੀ ਤੇ ਕਮਰੇ ਵਿਚ ਡੱਕੇ, ਖੰਭ ਤੇ ਹੋਰ ਨਿੱਕੜ-ਸੁੱਕੜ ਖਿਲਾਰਦਾ ਰਹਿੰਦਾ ਸੀ। ਫੇਰ ਵੀ ਅਸੀਂ ਉਸਨੂੰ ਉਡਾਉਂਦੇ ਨਹੀਂ ਸੀ ਹੁੰਦੇ। ਮੇਰੀ ਪਤਨੀ ਉਹਨਾਂ ਖਾਤਰ ਦਾਣੇ ਖਿਲਾਰ ਦੇਂਦੀ ਤੇ ਬੇਟੀ ਪਾਣੀ ਦਾ ਭਾਂਡਾ ਭਰ ਕੇ ਰੱਖ ਦੇਂਦੀ---ਉਹ ਗੁਟਰ-ਗੂੰ, ਗੁਟਰ-ਗੂੰ ਕਰਦੇ ਤਾਂ ਮੇਰੀ ਬੇਟੀ ਪੂਰੇ ਧਿਆਨ ਨਾਲ ਸੁਣਦੀ, ਜਿਵੇਂ ਸੱਚਮੁੱਚ ਉਹਨਾਂ ਦੀਆਂ ਗੱਲਾਂ, ਉਸਦੀ ਸਮਝ ਵਿਚ ਆ ਰਹੀਆਂ ਹੋਣ।

"ਪਾਪਾ ਇਹ ਗੱਲਾਂ ਕਰ ਰਹੇ ਨੇ ਨਾ ?"

ਪਰ ਉਹ ਪਿਛਲੇ ਦੋ ਦਿਨਾਂ ਦੇ ਘਰ ਵਾਪਸ ਨਹੀਂ ਸੀ ਆਏ। ਪਾਣੀ ਵਾਲਾ ਭਾਂਡਾ ਜਿਵੇਂ ਦਾ ਤਿਵੇਂ ਭਰਿਆ ਪਿਆ ਸੀ। ਮੇਰੀ ਪਤਨੀ ਦੋ ਵਾਰ ਦਾਣੇ ਖਿਲਾਰ ਕੇ ਬੁਹਾਰ ਚੁੱਕੀ ਸੀ। ਕਮਰਾ ਤੇ ਬਾਲਕੋਨੀ ਸਾਫ-ਸੁਥਰੇ ਪਏ ਨੇ---ਨਾ ਬਿੱਠਾਂ ਨੇ, ਨਾ ਡੱਕੇ, ਨਾ ਖੰਭ। ਜੇ ਉਹ ਜੋੜਾ ਰੋਸ਼ਨਦਾਨ ਵਿਚ ਹੁੰਦਾ ਤਾਂ ਇਹ ਚੁੱਪ ਏਨੀ ਓਪਰੀ ਨਹੀਂ ਸੀ ਲੱਗਣੀ---ਉਹ ਗੱਲਾਂ ਕਰ ਰਹੇ ਹੁੰਦੇ, ਅਸੀਂ ਸੁਣ ਰਹੇ ਹੁੰਦੇ।

ਮੈਂ ਖਿੜਕੀ ਰਾਹੇ ਆਸਮਾਨ ਵੱਲ ਤੱਕਣ ਲੱਗ ਪਿਆ ਹਾਂ। ਉਹ ਸਦੀਆਂ ਪੁਰਾਣੀ ਬੇਪ੍ਰਵਾਹੀ ਨਾਲ ਦੂਰ-ਦੂਰ ਤਕ ਪਸਰਿਆ ਹੋਇਆ ਹੈ। ਉਸਦੇ ਪਿੱਛੇ ਕੋਈ ਹੈ ਜਾਂ ਨਹੀਂ ? ਸਦੀਆਂ ਤੋਂ ਲੋਕ ਕਹਿ ਰਹੇ ਨੇ, ਹੈ ! ਮੈਂ ਬਹੱਤਰ ਘੰਟੇ ਪਹਿਲਾਂ ਵੀ ਇਸ ਨੂੰ ਦੇਖਿਆ ਸੀ, ਰੋਜ਼ ਹੀ ਦੇਖਦਾ ਹਾਂ---ਪਰ ਹੁਣ ਇਹ ਸੁੰਨਾ, ਸੱਖਣਾ ਤੇ ਅਜਨਬੀ ਜਿਹਾ ਲੱਗ ਰਿਹਾ ਹੈ। ਮੇਰੀਆਂ ਅੱਖਾਂ ਵੀ ਉਹੀ ਨੇ, ਇਹ ਆਕਾਸ਼ ਵੀ ਉਹੀ ਹੈ---ਪਰ ਇਹਨਾਂ ਵਿਚਕਾਰ ਕੀ ਆ ਗਿਆ ਹੈ !

'ਤਰੜ-ਤਰੜ, ਤੜਾਖ਼-ਤੜਾਖ਼…'

ਅੱਧ ਮਈ ਦਾ ਖਾਲੀ-ਖਾਲੀ ਆਸਮਾਨ। ਉਦਾਸ ਸਵਰਨ ਮੰਦਰ ਵਿਚ ਧੌਣ ਚੁੱਕੀ ਖੜ੍ਹੀ ਪਾਣੀ ਦੀ ਟੈਂਕੀ ਉੱਤੇ ਖਾਲਿਸਤਾਨੀ ਝੰਡਾ ਲਹਿਰਾ ਰਿਹਾ ਹੈ…ਦੋਹਾਂ ਬੁਰਜੀਆਂ ਉੱਤੇ ਰੇਤੇ ਦੀਆਂ ਬੋਰੀਆਂ ਰੱਖ ਕੇ ਮੋਰਚੇ ਬਣਾਏ ਗਏ ਨੇ ; ਉਹਨਾਂ ਉੱਤੇ ਖਾਲਿਸਤਾਨੀ ਝੰਡੇ ਲਹਿਰਾ ਰਹੇ ਨੇ। ਅੰਦਰੋਂ ਆਉਣ ਵਾਲੀ ਇਕ ਗੋਲੀ ਨੇ, ਇਕ ਬਨੇਰੇ ਦੀ, ਇਕ ਚਿੱਪੜ ਲਾਹ ਦਿੱਤੀ ਹੈ, 'ਅਸੀਂ ਪਰੀਸਰ ਵਿਚ ਹਥਿਆਰ ਲਿਜਾਅ ਸਕਦੇ ਹਾਂ…ਕਤਲ ਤੇ ਰੇਪ ਕਰ ਸਕਦੇ ਹਾਂ, ਸਰਕਾਰ ਦਖ਼ਲ ਨਹੀਂ ਦੇ ਸਕਦੀ। ਜਦੋਂ ਅੰਦਰੋਂ ਆਉਣ ਵਾਲੀਆਂ ਗੋਲੀਆਂ ਨਾਲ ਪੁਲਿਸ ਦਾ ਇਕ ਵੱਡਾ ਅਫ਼ਸਰ ਜ਼ਖ਼ਮੀ ਹੋ ਗਿਆ ਸੀ, ਅਚਾਨਕ ਉਹਨਾਂ ਗੋਲੀਆਂ ਨੇ ਕਿਹਾ ਸੀ, 'ਸਾਡਾ ਧਰਮ ਸਿਆਸਤ ਨਾਲੋਂ ਵੱਖਰਾ ਨਹੀਂ।'

'ਇਕ ਲੱਖ ਰੁਪਈਏ ਲੈ ਕੇ ਕਮਰਾ ਨੰ. …ਵਿਚ ਆ ਜਾਓ, ਵਰਨਾ'

'ਤੇਰੀ ਕੁੜੀ ਸਾਡੇ ਜਰਨੈਲ ਨੂੰ ਪਸੰਦ ਆ ਗਈ ਹੈ।'

'ਇਸ ਮਲਬੇ ਹੇਠ ਕੋਈ ਲਾਸ਼ ਨਹੀਂ।'

'ਕਸ਼ਮੀਰ, ਪਾਕਿਸਤਾਨ ਦਾ ਹਿੱਸਾ ਹੈ। ਦਿੱਲੀ ਦਾ ਨਾਂ ਸਤਵੰਤ ਨਗਰ ਹੋਵੇਗਾ।'

'ਪਰੀਸਰ ਵਿਚ ਹਥਿਆਰ ਜਾਂ ਗੋਲਾ-ਬਾਰੂਦ, ਕੁਝ ਵੀ ਨਹੀਂ।'

'ਮੰਦਰ ਵਿਚ ਆਉਣ ਵਾਲਿਆਂ ਦੀ ਜਾਮਾ-ਤਲਾਸ਼ੀ ਲੈਣਾ, ਸਿੱਖ ਪ੍ਰੰਪਰਾ ਨੂੰ ਚੈਲਿੰਜ ਕਰਨਾ ਹੈ।'

ਮੈਂ ਅਖ਼ਬਾਰ ਪੜ੍ਹਨਾ ਚਾਹੁੰਦਾ ਹਾਂ, ਪਰ ਅੱਕ ਕੇ ਸੁੱਟ ਦੇਂਦਾ ਹਾਂ। ਅਖ਼ਬਾਰ ਬਿਨਾਂ ਨਾਗਾ ਆ ਰਹੇ ਨੇ। ਇਕ ਪੰਜਾਬੀ ਅਖ਼ਬਾਰ ਲਿਖਦਾ ਹੈ :

'ਜਿਸਮ ਵਿਚ ਲਹੂ ਦੀ ਆਖ਼ਰੀ ਬੂੰਦ ਤੱਕ ਲੜਾਈ ਜਾਰੀ ਰਹੇਗੀ---ਖਾੜਕੂਆਂ ਦੀ ਪ੍ਰਤਿਗਿਆ।' ਇਹ ਅਖ਼ਬਾਰ ਉਹਨਾਂ ਨੂੰ ਕਦੀ ਦਹਿਸ਼ਤ-ਗਰਦ ਨਹੀਂ ਲਿਖਦਾ।

ਇਕ ਹਿੰਦੀ ਅਖ਼ਬਾਰ ਦੀ ਮੋਟੀ ਸੁਰਖੀ ਹੈ---'ਆਤੰਕਵਾਦੀਆਂ ਨੇ ਇਕ ਪਰਿਵਾਰ ਦੇ ਨੌਂ ਜੀਆਂ ਦੀ ਨਿਰਮਰਮ ਹੱਤਿਆ ਕਰ ਦਿੱਤੀ। ਮਰਨ ਵਾਲਿਆਂ ਵਿਚ ਦੋ ਸਾਲ ਦੀ ਇਕ ਮਾਸੂਮ ਬੱਚੀ ਵੀ ਸ਼ਾਮਿਲ। ਪਿੰਡ ਵਿਚੋਂ ਹਿੰਦੂ ਪਰਿਵਾਰ ਪਲਾਇਨ ਕਰ ਗਏ।'

ਵਧੇਰੇ ਸਭਿਅ ਲੋਕਾਂ ਲਈ ਦੇਸ਼ ਦਾ ਇਕ ਕਰੋੜ ਪਤੀ, ਅੰਗਰੇਜ਼ੀ ਅਖ਼ਬਾਰ ਛਾਪਦਾ ਹੈ---ਉਸਨੇ ਜਰਮਨ ਤੋਂ ਅਧੁਨਿਕ ਤਕਨੀਕ ਦੀ ਮਸ਼ੀਨਰੀ ਮੰਗਵਾਈ ਹੋਈ ਹੈ। ਉਸਦਾ ਹਰੇਕ ਪਰਚਾ ਇਸ ਪੱਖ ਤੋਂ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਕਹਿ ਰਿਹਾ ਹੈ।

ਸਾਰੇ ਅਖ਼ਬਾਰ ਹੱਥੋ-ਹੱਥੀ ਵਿਚ ਜਾਂਦੇ ਹਨ।

ਅਸੀਂ ਸੈਕੂਲਰ ਹਾਂ।

ਅਸੀਂ ਜਨਵਾਦੀ ਹਾਂ।

ਅਸੀਂ ਅਮਨ ਪਸੰਦ ਹਾਂ।

ਇਸ ਦੇਸ਼ ਵਿਚ ਹਰੇਕ ਨੂੰ ਸੰਵਿਧਾਨ ਦੇ ਦਾਇਰੇ ਵਿਚ ਰਹਿ ਕੇ ਬੋਲਣ, ਲਿਖਣ, ਘੁੰਮਣ-ਫਿਰਨ ਤੇ ਰਹਿਣ ਦੀ ਆਜ਼ਾਦੀ ਹੈ।

ਮੈਂ ਪਿਛਲੇ 72 ਘੰਟਿਆਂ ਦਾ ਆਪਣੇ ਹੀ ਘਰ ਵਿਚ ਕੈਦ ਕੀਤਾ ਹੋਇਆ ਹਾਂ। ਇਹ ਉਮੀਦ ਵੀ ਨਹੀਂ ਕਿ ਇਸ 'ਹਾਊਸ-ਅਰੈਸਟ' ਪਿੱਛੋਂ ਕੋਈ ਇਲੈਕਸ਼ਨ ਜਿੱਤਣ ਯੋਗ ਹੋ ਜਾਵਾਂਗਾ। ਗਲੀ ਦੇ ਬਾਹਰਲਾ ਦਰਵਾਜ਼ਾ ਬੰਦਾ ਹੈ। ਬਾਹਰ ਪੁਲਿਸ ਦਾ ਪਹਿਰਾ ਹੈ। ਸਰਕਾਰੀ ਵੈਨ ਐਲਾਨ ਕਰਦੀ ਫਿਰ ਰਹੀ ਹੈ ਕਿ ਕਰਫ਼ਿਊ ਦੀ ਉਲੰਘਣਾ ਕਰਨ ਵਾਲੇ ਨਾਲ ਸਖ਼ਤੀ ਨਾਲ ਨਿਬੜਿਆ ਜਾਵੇਗਾ।

"ਸੁਣਦੇ ਓ, ਘਰੇ ਸਿਰਫ ਸ਼ਾਮ ਜੋਗੀ ਸਬਜ਼ੀ ਰਹਿ ਗਈ ਏ---ਆਲੂ ਤੇ ਪਿਆਜ਼ ਵੀ ਮੁੱਕ ਗਏ ਨੇ।" ਮੇਰੀ ਪਤਨੀ ਨੇ ਇਤਲਾਹ ਦਿੱਤੀ ਹੈ।

ਮੈਂ ਟੈਂਕੀ ਉੱਤੇ ਲਹਿਰਾ ਰਹੇ ਖਾਲਿਸਤਾਨੀ ਝੰਡੇ ਵੱਲ ਦੇਖਣ ਲੱਗ ਪਿਆ ਹਾਂ।

ਉਹ ਮੇਰੀ ਚੁੱਪ ਤੇ ਮੈਥੋਂ ਉਕਤਾਅ ਕੇ ਬਾਹਰ ਚਲੀ ਗਈ ਹੈ। ਮੈਂ ਉਸਦੇ ਪਿੱਛੇ-ਪਿੱਛੇ ਹੋ ਲਿਆ ਹਾਂ। ਉਹ ਫ਼ਰਸ਼ ਉੱਤੇ ਲੇਟ ਗਈ ਹੈ। ਸਾਡੀ ਬੱਚੀ ਕੰਧ ਨਾਲ ਢੋਅ ਲਾਈ ਬੈਠੀ ਕੋਈ ਕਿਤਾਬ ਪੜ੍ਹ ਰਹੀ ਹੈ। ਮੈਂ ਕਿਹਾ…

"ਪਿੰਕੀ ਬੱਤੀ ਤਾਂ ਜਗਾ ਲੈ।"

"ਮੈਂ ਪੜ੍ਹ ਨਹੀਂ ਰਹੀ ਪਾਪਾ…"

ਮੈਂ ਬਾਲਕੋਨੀ ਵਿਚ ਗਿਆ ਹਾਂ। ਮੇਰੀ ਪਤਨੀ ਨੇ ਅੰਦਰੋਂ ਹੀ ਉੱਚੀ ਆਵਾਜ਼ ਵਿਚ ਟਾਈਮ ਪੁੱਛਿਆ, ਮੈਂ ਅਕੇਵੇਂ ਜਿਹੇ ਨਾਲ ਕਿਹਾ ਕਿ 'ਉਸਨੇ ਕਿਹੜੀ ਗੱਡੀ ਫੜ੍ਹਨੀਂ ਏਂ।' ਉਹ ਚੁੱਪ ਰਹੀ, ਪਰ ਮੈਂ ਆਪਣੇ ਲਹਿਜੇ ਦੇ ਖੁਰਦਰੇਪਣ ਉੱਤੇ ਹੈਰਾਨ-ਪ੍ਰੇਸ਼ਾਨ ਹੋ ਗਿਆ ਹਾਂ। ਮੈਂ ਟਾਈਮ ਦਸ ਦਿੱਤਾ, ਸ਼ਾਇਦ ਉਸਨੂੰ ਟਾਈਮ ਨਾ ਪਾਸ ਹੋਣ ਦਾ ਅਹਿਸਾਸ ਹੋ ਰਿਹਾ ਹੈ। ਘੜੀ ਦੀਆਂ ਸੂਈਆਂ ਆਪਣੀ ਰਿਫ਼ਤਾਰ ਨਾਲ ਚੱਕਰ ਕੱਟ ਰਹੀਆਂ ਨੇ। ਯਾਨੀ, ਟਾਈਮ ਤਾਂ ਆਪਣੀ ਤੋਰ ਤੁਰਦਾ ਹੀ ਜਾ ਰਿਹਾ ਏ।

ਗਲੀ ਵਿਚ ਪਹਿਲਵਾਨ ਦੀ ਮੱਝ ਬੋਲੀ ਹੈ। ਕਾਲੀ ਕੁੱਤੀ ਤੇ ਉਸਦੇ ਕਤੂਰੇ ਬੂਥੀਆਂ ਚੁੱਕ-ਚੁੱਕ ਭੌਂਕਣ ਲੱਗ ਪਏ ਨੇ---ਭੌਂਕੀ ਹੀ ਜਾ ਰਹੇ ਨੇ। ਇਕ ਡਲਾ ਕੁੱਤੀ ਦੇ ਵੱਜਦਾ ਹੈ, ਉਹ ਦਰਦ ਨਾਲ ਚਿਆਂ-ਚਿਆਂ ਕਰਦੀ ਨੱਸ ਜਾਂਦੀ ਹੈ, ਪਿੱਛੇ-ਪਿੱਛੇ ਉਸਦੇ ਕਤੂਰੇ ਵੀ। ਠੇਕੇਦਾਰ ਸੁਰਜਨ ਸਿੰਘ ਦੀ ਆਵਾਜ਼ ਗੂੰਜਦੀ ਹੈ…

"ਚੁੱਪ ਕਰੋ ਓਇ, ਹਰਾਮਜ਼ਾਦਿਓ…"

"ਸੁਰਜਨ ਸਿਆਂ, ਜਾਨਵਰਾਂ ਵਿਚ ਕੋਈ ਹਰਾਮਜ਼ਾਦਾ ਨਹੀਂ ਹੁੰਦਾ…ਇਹ ਤਾਂ ਇਨਸਾਨਾਂ 'ਚ…" ਖ਼ੂਹ ਦੇ ਠੰਡੇ ਚਬੂਤਰੇ ਤੋਂ ਥੱਲੇ ਉਤਰਦਿਆਂ ਹੋਇਆਂ ਰੱਖੀ ਦਾਦੀ ਨੇ ਕਿਹਾ ਹੈ। ਉਹ ਵੀ ਇਸ ਚੁੱਪ ਤੋਂ ਤੰਗ ਆਈ ਜਾਪਦੀ ਹੈ।

"ਬੀਬੀ, ਕੁੱਤਿਆਂ ਦੀ ਫੈਮਿਲੀ ਪਲੇਨਿੰਗ ਨਹੀਂ ਹੋ ਸਕਦੀ ਕਿ…!"

ਰੱਖੀ ਪੁਰਾਣੇ ਵੇਲਿਆਂ ਦੀ ਦਾਈ ਹੈ। ਸ਼ਾਇਦ ਇਸ ਨੂੰ ਪਤਾ ਨਹੀਂ ਕਿ ਇਸ ਕਿਸਮ ਦੇ ਤਜ਼ੁਰਬੇ ਹੁਣ ਕੁੱਤਿਆਂ ਉੱਤੇ ਵੀ ਕੀਤੇ ਜਾ ਰਹੇ ਨੇ। ਕੁੱਤੀ ਤੇ ਉਸਦੇ ਕਤੂਰਿਆਂ ਨੇ ਫੇਰ ਆਪੋ-ਆਪਣੇ ਮੋਰਚੇ ਸੰਭਾਲ ਲਏ ਨੇ ਤੇ ਠੇਕੇਦਾਰ ਦੇ ਮਕਾਨ ਵੱਲ ਮੂੰਹ ਕਰਕੇ ਉੱਚੀ-ਉੱਚੀ ਭੌਂਕ ਰਹੇ ਨੇ। ਇਸ ਵਾਰੀ ਉਹ ਉਹਨਾਂ ਨੂੰ ਗਾਲ੍ਹ ਤਾਂ ਨਹੀਂ ਕੱਢਦਾ, ਪਰ ਤਾੜਦਾ ਹੈ, "ਦਰੋਗਾ ਮੇਰਾ ਵਾਕਿਫ਼ ਆਦਮੀ ਏਂ, ਸਾਰਿਆਂ ਨੂੰ ਗੋਲੀਆਂ ਪੁਆ ਦਿਆਂਗਾ।"

"ਅੱਗੇ ਥੋੜ੍ਹੀਆਂ ਗੋਲੀਆਂ ਚੱਲ ਰਹੀਆਂ ਨੇ !" ਰੱਖੀ ਦਾਈ ਕਹਿੰਦੀ ਹੈ ਤੇ ਇਕ ਕਤੂਰੇ ਦੇ ਸਿਰ ਉੱਤੇ ਹੱਥ ਫੇਰਨ ਲੱਗ ਪੈਂਦੀ ਹੈ। ਫੇਰ ਬੜੇ ਪਿਆਰ ਨਾਲ ਪੁੱਛਦੀ ਹੈ, "ਭੁੱਖ ਲੱਗੀ ਹੋਈ ਏ ? ਬਿਸ਼ਨ ਕੌਰ ਨਹੀਂ ਆਈ ਨਾ…ਉਹੀ ਤੁਹਾਨੂੰ ਰੋਟੀ ਖਵਾਂਦੀ ਸੀ।" ਫੇਰ ਅਚਾਨਕ ਜਿਵੇਂ ਉਸਨੂੰ ਕੁਝ ਯਾਦ ਆ ਗਿਆ ਹੈ ਤੇ ਉਸਨੇ ਠੇਕੇਦਾਰ ਵੱਲ ਭੌਂ ਕੇ ਪੁੱਛਿਆ ਹੈ, "ਸੁਰਜਨ ਸਿਆਂ, ਕੋਈ ਪਤਾ ਲੱਗਿਆ ਬਿਸ਼ਨ ਕੌਰ ਦਾ…?"

"ਦਰਬਾਰ ਸਾਹਬ 'ਚ ਈ ਨਾ ਫਸ ਗਈ ਹੋਏ..."

"ਮਨ੍ਹਾਂ ਕੀਤਾ ਸੀ, ਨਾ ਜਾਇਆ ਕਰ ਅੱਜ-ਕੱਲ੍ਹ ਮੱਥਾ ਟੇਕਣ। ਕਹਿਣ ਲੱਗੀ, 'ਨਾ ਜਾਵਾਂ ਤਾਂ ਮਨ ਨੂੰ ਸ਼ਾਂਤੀ ਨਹੀਂ ਮਿਲਦੀ'---ਮੈਨੂੰ ਡਰ ਐ ਕਿਤੇ…"

ਮੇਰੀ ਪਤਨੀ ਦੋ ਬੇਹੀਆਂ ਰੋਟੀਆਂ ਲਿਆ ਕੇ ਗਲੀ ਵਿਚ ਸੁੱਟ ਗਈ ਹੈ। ਦਰਅਸਲ ਇਹ ਰੋਟੀਆਂ ਉਸਨੇ ਛਾਣ-ਸੂੜ੍ਹੇ ਬਦਲੇ ਆਲੂ-ਪਿਆਜ਼ ਦੇਣ ਵਾਲੇ ਲਈ ਰੱਖੀਆਂ ਸਨ। ਹੁਣ ਸ਼ਾਇਦ ਉਸਦੇ ਆਉਣ ਦੀ ਉਡੀਕ ਤੋਂ ਨਾ ਉਮੀਦ ਹੋ ਕੇ ਪੁੰਨ-ਖੱਟਣ ਦਾ ਖ਼ਿਆਲ ਆ ਗਿਆ ਸੀ, ਉਸਨੂੰ ! ਆਦਮੀ ਕਿੰਨਾ ਚਲਾਕ ਜੀਵ ਹੁੰਦਾ ਹੈ…ਹਰੇਕ ਕੰਮ ਵਿਚੋਂ ਲਾਭ ਖੱਟਣਾ ਚਾਹੁੰਦਾ ਹੈ।

ਕੁੱਤੀ ਰੋਟੀਆਂ ਚੁੱਕ ਕੇ ਕਸ਼ਮੀਰੀ ਲਾਲ ਦੀ ਰੇੜ੍ਹੀ ਹੇਠ ਬੱਝੀ ਬੋਰੀ ਦੇ ਝੂਲੇ ਵਿਚ ਜਾ ਬੈਠੀ ਹੈ, ਕਤੂਰੇ ਵੀ ਉਸਦੇ ਪਿੱਛੇ-ਪਿੱਛੇ ਚਲੇ ਗਏ ਨੇ। ਕਸ਼ਮੀਰੀ ਲਾਲ ਦੀ ਰੇੜ੍ਹੀ, ਜਿਸ ਉੱਤੇ ਉਹ ਸਬਜ਼ੀ ਤੇ ਫਲ ਵੇਚਣ ਜਾਂਦਾ ਹੈ, ਪਿੱਛਲੇ ਬਹੱਤਰ ਘੰਟਿਆਂ ਦੀ ਵਿਹਲੀ ਖੜ੍ਹੀ ਹੈ। ਉਹ ਕੁੱਤੀ ਤੇ ਕਤੂਰਿਆਂ ਨੂੰ ਭਜਾਉਣ ਵਾਸਤੇ ਬਾਹਰ ਆਇਆ ਹੈ, ਪਰ ਫੇਰ ਕੁਝ ਸੋਚ ਕੇ ਅੰਦਰ ਚਲਾ ਗਿਆ ਹੈ---ਸ਼ਾਇਦ ਉਸੇ ਪੂੰਨ-ਖੱਟਣ ਦੀ ਇੱਛਾ ਨਾਲ !

ਮੇਰੀ ਪਤਨੀ ਕਹਿੰਦੀ ਹੈ, "ਕਸ਼ਮੀਰੀ ਲਾਲ ਕਿਓਂ ਆਲੂ-ਪਿਆਜ਼ ਈ ਲੈ ਆਓ…ਉਹਨਾਂ ਦੇ ਪਏ ਹੋਣਗੇ।" ਮੈਂ ਹੇਠਾਂ ਚਲਾ ਜਾਂਦਾ ਹਾਂ। ਉਹ ਆਪਣੇ ਘਰ ਦੀ ਡਿਊਢੀ ਵਿਚ ਉਦਾਸ, ਪ੍ਰੇਸ਼ਾਨ-ਜਿਹਾ ਲੇਟਿਆ ਹੋਇਆ ਹੈ। ਉਸਦੀ ਪਤਨੀ ਸ਼ਾਂਤੀ ਪਾਟੀਆਂ ਬੋਰੀਆਂ ਸਿਊਂ ਰਹੀ ਹੈ।

"ਆਓ ਵਕੀਲ ਸਾਹਬ…" ਉਹ ਉੱਠ ਕੇ ਬੈਠ ਜਾਂਦਾ ਹੈ।

"ਆਲੂ-ਪਿਆਜ਼ ਹੋਣਗੇ ?"

"ਉਹ ਤਾਂ ਗਲੀ ਵਾਲੇ ਪਰਸੋਂ ਈ ਲੈ ਗਏ ਸੀ-ਜੀ ਸਾਰੇ। ਤੁਸੀਂ ਆਖਿਆ ਈ ਨਹੀਂ, ਨਹੀਂ ਤਾਂ ਰੱਖ ਲੈਂਦੇ।"

ਮੇਰੇ ਅੰਦਰ ਬਹੱਤਰ ਘੰਟਿਆਂ ਤੋਂ ਸੁੱਤਾ ਹੋਇਆ ਵਕੀਲ ਜਾਗ ਪਿਆ ਹੈ---'ਇਹ ਆਦਮੀ ਸਾਡੀ ਮਜ਼ਬੂਰੀ ਦਾ ਨਾਜਾਇਜ਼ ਫਾਇਦਾ ਉਠਾਉਣਾ ਚਾਹੁੰਦਾ ਹੈ, ਵੱਧ ਪੈਸੇ ਭਾਲਦਾ ਹੋਵੇਗਾ।' ਮੈਂ ਧੀਮੀ ਪਰ ਜ਼ਰਾ ਕੁਸੈਲੀ ਆਵਾਜ਼ ਵਿਚ ਕਿਹਾ, "ਭਾਅ ਕੁਝ ਵੱਧ ਲਾ-ਲੈ…"

"ਕਿਹੋ ਜਿਹੀਆਂ ਗੱਲਾਂ ਕਰਦੇ ਪਏ ਓ ਜੀ, ਵਕੀਲ ਸਾਹਬ-ਜੀ ! ਨਾਲੇ ਇਹੋ ਜਿਹੇ ਹਾਲਾਤ ਵਿਚ ਕਿਸੇ ਤੋਂ ਵੱਧ ਪੈਸੇ ਲਵਾਂ ਤਾਂ ਰੱਬ ਦੀ ਮਾਰ ਨਾ ਪਵੇਗੀ ਮੇਰੇ ਉੱਤੇ…ਤੁਸੀਂ ਤਾਂ ਫੇਰ ਵੀ ਸਾਡੇ ਗੁਆਂਢੀ ਓ। ਆਓ, ਆਪ ਅੰਦਰ ਆ ਕੇ ਦੇਖ ਲਓ।"

ਮੈਂ ਅੰਦਰ ਨਹੀਂ ਜਾਂਦਾ। ਲੋਕ, ਲੋਕਾਂ ਦੀਆਂ ਮਜ਼ਬੂਰੀਆਂ ਦਾ ਲਾਭ ਹੀ ਤਾਂ ਉਠਾਉਂਦੇ ਹੁੰਦੇ ਨੇ। ਕਸ਼ਮੀਰੀ ਲਾਲ ਕਿਹੜਾ ਕੋਈ ਫ਼ਰਿਸ਼ਤਾ ਹੈ। ਨਹੀਂ ਦੇਣੇ ਚਾਹੁੰਦਾ, ਨਾ ਸਹੀ---ਦਾਲ ਤੇ ਅਚਾਰ ਤਾਂ ਹੈ ਹੀ ਨੇ। ਮਰਨ ਨਹੀਂ ਲੱਗੇ ਅਸੀਂ ਆਲੂ-ਪਿਆਜ਼ਾਂ ਬਿਨਾਂ।

ਮੈਂ ਆਪਣੇ ਮਕਾਨ ਵਿਚ ਵੜਨ ਲੱਗਿਆ ਤਾਂ ਦਰਸ਼ਨ ਸਿੰਘ ਨੇ ਆਵਾਜ਼ ਮਾਰ ਲਈ। ਮੈ ਉਸ ਕੋਲ ਜਾ ਬੈਠਾ ਹਾਂ। ਉਸਦੇ ਹੱਥ ਵਿਚ ਪੁਰਾਣੀ ਤਾਸ਼ ਦੀ ਗੁੱਟੀ ਹੈ। ਉਹ ਬਿਨਾਂ ਪੁੱਛੇ ਪੱਤੇ ਵੰਡਣ ਲੱਗ ਪਿਆ ਹੈ, ਮੈਂ ਵੀ ਬਿਨਾਂ ਕੁਝ ਆਖੇ ਪੱਤੇ ਚੁੱਕ ਲਏ ਨੇ। ਉਂਜ ਮੈਂ ਤਾਸ਼ ਜਾਂ ਸ਼ਤਰੰਜ ਵਿਚ ਸਮਾਂ ਬਰਬਾਦ ਕਰਨ ਨੂੰ ਠੀਕ ਨਹੀਂ ਸਮਝਦਾ। ਮੇਰੇ ਖ਼ਿਆਲ ਵਿਚ ਇਹ ਖੇਡਾਂ ਹਸਪਤਾਲਾਂ ਜਾਂ ਬੋਰਡਿੰਗਜ਼ ਲਈ ਬਣੀਆਂ ਨੇ, ਘਰਾਂ ਵਿਚ ਖੇਡਣ ਲਈ ਨਹੀਂ। ਜਿਸ ਆਦਮੀ ਦੀਆਂ ਜੜਾਂ ਪੁੱਟਣੀਆਂ ਹੋਣ, ਉਸਨੂੰ ਇਹਨਾਂ ਦਾ ਭੁਸ ਪਾ ਦਿਓ।

"ਸੋਮਵਾਦ ਦਾ ਦੁਕਾਨ ਤੋਂ ਨੱਠਿਆ ਹੋਇਆਂ, ਬੰਦ ਵੀ ਨਹੀਂ ਸੀ ਕੀਤੀ…ਨੌਕਰ ਨੂੰ ਕਹਿ ਆਇਆ ਸਾਂ, ਪਤਾ ਨਹੀਂ ਕੀ ਕੀਤਾ-ਕਰਾਇਆ ਈ ! ਆਦਮੀ ਤਾਂ ਬੁਰਾ ਨਹੀਂ, ਫੇਰ ਵੀ ਕਿਸੇ ਦੀ ਨੀਅਤ ਦਾ ਕੀ ਪਤਾ ਲੱਗਦਾ ਜੇ ਜੀ…ਕਿ ਕਦੋਂ ਬਦਲ ਜਾਏ ? ਮੈਨੂੰ ਤਾਂ ਸੋਚ-ਸੋਚ ਕੇ ਨੀਂਦ ਨਹੀਂ ਆਂਦੀ।"

"ਕਾਮਪੋਜ਼ ਤੇ ਵਾਲੀਅਮ ਦੀਆਂ ਗੋਲੀਆਂ ਖਾਂਦੇ ਨੇ ਜੀ, ਰੋਜ਼।" ਉਸਦੀ ਪਤਨੀ ਨੇ ਦੱਸਿਆ। " ਅਖੇ ਜੇ ਦੁਕਾਨ ਵਿਚ ਕੋਈ ਹੇਰਾਫੇਰੀ ਹੋ ਗਈ, ਫੇਰ…"

"ਕੁਛ ਨਹੀਂ ਹੁੰਦਾ।" ਦਰਸ਼ਨ ਸਿੰਘ ਕਹਿੰਦਾ ਹੈ, ਜਿਵੇਂ ਪਤਨੀ ਨਾਲੋਂ ਵੱਧ ਆਪਣੇ ਮਨ ਨੂੰ ਸਮਝਾ ਰਿਹਾ ਹੋਏ, "ਵਾਹਿਗੁਰੂ ਸਭ ਭਲੀ ਕਰੇਗਾ।"

ਮੈਂ ਮਹਿਸੂਸ ਕੀਤਾ, ਉਸਨੂੰ ਖ਼ੁਦ ਆਪਣੇ ਰੱਬ ਉੱਤੇ ਯਕੀਨ ਨਹੀਂ ਰਿਹਾ ਹੈ।

"ਭਾ-ਜੀ ਚਾਹ ਲਿਆਵਾਂ…"

"ਨਹੀਂ, ਚਾਹ ਪੀ-ਪੀ ਕੇ ਮੂੰਹ ਪੱਕਿਆ ਪਿਆ ਏ। ਗਰਮੀ ਬੜੀ ਏ।" ਮੈਂ ਪੱਤੇ ਰੱਖ ਦਿੱਤੇ ਨੇ।

ਦਰਸ਼ਨ ਸਿੰਘ ਨਾ ਇਤਰਾਜ਼ ਕਰਦਾ ਹੈ, ਨਾ ਹੋਰ ਕੁਝ ਕਹਿੰਦਾ ਹੈ…ਉਹ ਵੀ ਪੱਤੇ ਸੁੱਟ ਦੇਂਦਾ ਹੈ।

"ਮੈਂ ਤਾਂ ਕਹਿਣਾ, ਅੱਗ ਲੱਗ ਜਾਏ ਸਾਰੇ ਸ਼ਹਿਰ ਨੂੰ, ਬੇੜਾ ਈ ਗਰਕ ਹੋ ਜਾਏ…ਇਹ ਸਿਫਤੀ ਦਾ ਘਰ ਏ ਕੋਈ…ਹੁਣ ਗੁਰੂ ਦੀ ਨਗਰੀ ਰਹਿ ਗਈ ਏ ! ਸਾਲੀ ਜ਼ਿੰਦਗੀ ਹੈ ਇੱਥੇ ਕੋਈ…ਚੌਥੇ ਦਿਨ ਕਰਫ਼ਿਊ…"

"ਭਾ-ਜੀ ਸਾਲ ਭਰ ਤੋਂ ਉੱਤੇ ਹੋ ਗਿਆ ਏ ਸਾਨੂੰ ਹਰਿਮੰਦਰ ਸਾਹਬ ਜਾ ਕੇ ਮੱਥਾ ਟੇਕਿਆਂ…ਇਹ ਤਾਂ ਇਕ ਦਿਨ ਰੋ ਈ ਪਏ ਸੀ। ਸਾਰਿਆਂ ਨੇ ਕਿਹਾ, 'ਚੱਲੋ, ਦੇਖਿਆ ਜਾਏਗਾ, ਜੋ ਹੋਏਗਾ।' ਪਰ ਇਹ ਨਹੀਂ ਗਏ…ਅੰਦਰ ਤਾਂ ਉਹ ਬੁਰਛੇ ਬੰਦੂਕਾਂ ਚੁੱਕੀ ਫਿਰਦੇ ਨੇ…"

ਮੈਨੂੰ ਯਾਦ ਆਇਆ ਕਿ ਦੋ-ਚਾਰ ਮਹੀਨੇ ਪਹਿਲਾਂ ਇਕ ਗੱਲ ਸੁਣੀ ਸੀ ਕਿ ਆਤੰਕਵਾਦੀਆਂ ਨੇ ਦਰਸ਼ਨ ਸਿੰਘ ਤੋਂ ਪੱਚੀ ਹਜ਼ਾਰ ਰੁਪਏ ਦੀ ਮੰਗ ਕੀਤੀ ਹੈ ਕਿ---'ਅਸੀ ਜੋ ਸਿੱਖ ਧਰਮ, ਸਿੱਖ ਪੰਥ ਦੀ ਖਾਤਰ ਲੜ ਰਹੇ ਹਾਂ, ਸਾਡੀ ਸਹਾਇਤਾ ਕਰੋ।' ਅਖ਼ੀਰ ਦਸ ਹਜ਼ਾਰ ਉੱਤੇ ਮੁੱਕ-ਮੁਕਾਅ ਹੋਇਆ ਸੀ।

ਗੁੱਡੂ ਰਿਕਸ਼ਾ-ਵਾਲਾ ਬਾਹਾਂ ਲਟਕਾਈ, ਨੀਵੀਂ ਪਾਈ ਤੁਰਿਆ ਆ ਰਿਹਾ ਸੀ। ਇਹ ਕਿੱਧਰ ਚੱਲਿਆ ਹੋਇਆ ! ਗਲੀ ਦਾ ਗੇਟ ਤਾਂ ਬੰਦ ਹੈ। ਉਹ ਠੇਕੇਦਾਰ ਦੇ ਮਕਾਨ ਕੋਲ ਖੜ੍ਹੀ ਆਪਣੀ ਰਿਕਸ਼ਾ ਕੋਲ ਜਾ ਕੇ ਖਲੋ ਗਿਆ ਤੇ ਕਾਠੀ ਹੇਠੋਂ ਲੀਰ ਕੱਢ ਕੇ ਉਸਨੂੰ ਝਾੜਨ-ਪੂੰਝਣ ਲੱਗਿਆ। ਰਿੱਮ, ਤਾਰਾਂ ਗੱਦੀ ਉੱਤੇ ਕੱਪੜਾ ਮਾਰਿਆ ਤੇ ਬਰੇਕਾਂ ਨੂੰ ਨੱਪ ਕੇ ਦੇਖਿਆ। ਫੇਰ ਪਿਛਲੀ ਗੱਦੀ ਹੇਠੋਂ ਮੋਬਲ-ਆਇਲ ਵਾਲੀ ਪੁਰਾਣੀ ਕੁੱਪੀ ਕੱਢ ਕੇ ਤੇਲ ਦੇਣ ਲੱਗ ਪਿਆ ਹੈ। ਕੁੱਪੀ ਥਾਵੇਂ ਸੰਭਾਲ ਕੇ ਕਾਠੀ ਉੱਤੇ ਬੈਠ ਗਿਆ ਹੈ ਤੇ ਆਪਣੀਆਂ ਜੇਬਾਂ ਵਿਚ ਹੱਥ ਪਾ ਕੇ ਕੁਝ ਟਟੋਲਨ ਲੱਗ ਪਿਆ ਹੈ…ਸ਼ਾਇਦ ਕੋਈ ਬੀੜੀ-ਸਿਗਰੇਟ ! ਪਰ ਜੇਬਾਂ ਵਿਚੋਂ ਕੁਝ ਨਹੀਂ ਨਿਕਲਦਾ। ਉਹ ਆਪਣੇ ਖਾਲੀ ਹੱਥਾਂ ਵੱਲ ਦੇਖਦਾ ਹੈ ਤੇ ਅੱਖਾਂ ਬੰਦ ਕਰ ਲੈਂਦਾ ਹੈ।

"ਇਹਨਾਂ ਰੋਜ਼, ਰੋਜ਼ੀ ਕਮਾਉਣ ਵਾਲਿਆਂ ਦਾ ਕੀ ਬਣੇਗਾ..." ਦਰਸ਼ਨ ਸਿੰਘ ਹਮਦਰਦੀ ਨਾਲ ਕਹਿੰਦਾ ਹੈ।

ਮੈਂ ਕੋਈ ਜਵਾਬ ਨਹੀਂ ਦੇਂਦਾ ; ਜਵਾਬ ਮੇਰੇ ਕੋਲ ਹੈ ਵੀ ਨਹੀਂ। ਮੈਂ ਸੋਚਦਾ ਹਾਂ, ਕੀ ਅਸੀਂ ਗੁੱਡੂ ਨੂੰ ਇਹ ਵੀ ਨਹੀਂ ਪੁੱਛ ਸਕਦੇ ਕਿ ਉਸਨੂੰ ਕਿਸੇ ਚੀਜ਼ ਦੀ ਜਾਂ ਪੈਸੇ-ਧੇਲੇ ਦੀ ਲੋੜ ਤਾਂ ਨਹੀਂ ਹੈ ! ਮੈਂ ਦਰਸ਼ਨ ਸਿੰਘ ਵੱਲ ਦੇਖ ਰਿਹਾ ਹਾਂ। ਉਹ ਵੀ ਮੇਰੇ ਵਾਂਗ ਕੁਝ ਸੋਚ ਰਿਹਾ ਹੈ…ਸ਼ਾਇਦ ਆਪਣੇ ਦਸ ਹਜ਼ਾਰ ਬਾਰੇ, ਦੁਕਾਨ ਵਿਚ ਪਏ ਸਾਮਾਨ ਬਾਰੇ, ਹਰਿਮੰਦਰ ਸਾਹਬ ਜਾ ਕੇ ਮੱਥਾ ਟੇਕਣ ਬਾਰੇ ਜਾਂ ਫੇਰ ਗੁੱਡੂ ਦੀ ਮਦਦ ਕਰਨ ਬਾਰੇ ! ਮੈਂ ਉਸਨੂੰ ਕੁਰੇਦਦਾ ਹਾਂ…

"ਕੀ ਸੋਚ ਰਹੇ ਹੋ ਸਰਦਾਰ ਜੀ ?"

"ਕੁਛ ਨਹੀਂ…"

ਗੁੱਡੂ ਇਕ ਰੋੜਾ ਚੁੱਕੇ ਕੇ ਬਿਜਲੀ ਦੇ ਖੰਭੇ ਉੱਤੇ ਮਾਰਨ ਲੱਗ ਪਿਆ ਹੈ। ਆਵਾਜ਼ ਗੂੰਜਦੀ ਹੈ ਤਾਂ ਝੂਲੇ ਵਿਚੋਂ ਨਿਕਲ ਕੇ ਕੁੱਤੀ ਤੇ ਉਸਦੇ ਕਤੂਰੇ ਭੌਂਕਣ ਲੱਗ ਪੈਂਦੇ ਹਨ। ਦਾਦੀ ਰੱਖੀ ਉਹਨਾਂ ਨੂੰ ਪੁਚਕਾਰਦੀ ਹੋਈ ਪਿਆਰ ਨਾਲ ਸਮਝਾਉਂਦੀ ਹੈ ਕਿ ਠੇਕੇਦਾਰ ਗੁੱਸੇ ਹੋ ਜਾਵੇਗਾ। ਉਹ ਉਸਦੇ ਪਿਆਰ ਦੀ ਭਾਸ਼ਾ ਸਮਝ ਕੇ ਚੁੱਪ ਹੋ ਜਾਂਦੇ ਨੇ। ਕੁੱਤੀ ਗੇਟ ਨੂੰ ਸੁੰਘਦੀ ਤੇ ਪੰਜੇ ਨਾਲ ਖੋਹਲਣ ਦੀ ਅਸਫਲ ਕੋਸ਼ਿਸ਼ ਕਰਦੀ ਹੈ। ਫੇਰ ਆਪਣੇ ਕਤੂਰਿਆਂ ਨਾਲ ਵਾਪਸ ਪਰਤ ਆਉਂਦੀ ਹੈ ਤੇ ਗਲੀ ਦੇ ਦੂਜੇ ਸਿਰੇ ਨਿੰਮ ਦੀ ਛਾਂ ਹੇਠ ਜਾ ਬੈਠਦੀ ਹੈ।

'ਚਟਖ-ਚਟਖ-ਚਟਖ ! ਤਰੜ-ਤਰੜ-ਤਰੜ !!'

ਚੁੱਪ ਦੀ ਚਾਦਰ ਪਾਟ ਗਈ ਹੈ ਤੇ ਜ਼ੋਰਦਾਰ ਧਮਾਕੇ ਹੋਣੇ ਸ਼ੁਰੂ ਹੋ ਗਏ ਨੇ। ਗਿਆਨੀ ਦੀ ਪਤਨੀ ਘਬਰਾਈ ਹੋਈ ਘਰੋਂ ਬਾਹਰ ਨਿਕਲ ਕੇ ਗਲੀ ਵਿਚ ਆ ਗਈ ਹੈ।

"ਰਾਮਗੜ੍ਹੀ ਵਾਲੇ ਬੁੰਗੇ ਉੱਤੇ ਹਮਲਾ ਹੋਇਆ ਏ..." ਉਹ ਦੁੱਖ ਤੇ ਕੁਸੈਲ ਪਰੁੱਚੀ ਆਵਾਜ਼ ਵਿਚ ਕਹਿੰਦੀ ਹੈ, "ਸਿੱਖ ਇਹ ਵੀ ਬਰਦਾਸ਼ਤ ਨਹੀਂ ਕਰਨਗੇ।"

ਕੋਈ ਉਸਦੀ ਗੱਲ ਦਾ ਜਵਾਬ ਨਹੀਂ ਦੇਂਦਾ, ਉਹ ਅੱਗੇ ਤੁਰ ਜਾਂਦੀ ਹੈ।

"ਹੁਣ ਇਹ ਸਾਰੀ ਗਲੀ ਨੂੰ ਦੱਸਦੀ ਫਿਰੇਗੀ।" ਦਰਸ਼ਨ ਸਿੰਘ ਦੀ ਪਤਨੀ ਕਹਿੰਦੀ ਹੈ, "ਇਸ ਦਾ ਕੋਈ ਰਿਸ਼ਤੇਦਾਰ 84 ਦੇ ਦੰਗਿਆਂ ਵਿਚ, ਦਿੱਲੀ ਵਿਚ, ਮਾਰਿਆ ਗਿਆ ਸੀ।"

"ਓਇ ਭੱਈਆਂ, ਅੱਜ ਇਹ ਗਲੀ ਸਾਫ ਨਹੀਂ ਕੀਤੀ ? ਥਾਂ-ਥਾਂ ਗੋਹਾ ਖਿਲਰਿਆ ਪਿਆ ਏ। ਕੀ ਗੰਦ ਮਾਰ ਰੱਖਿਆ ਏ ਤੂੰ ਇੱਥੇ…?" ਗਿਆਨੀ ਦੀ ਪਤਨੀ ਪਹਿਲਵਾਨ ਡੇਅਰੀ ਵਾਲੇ ਦੇ ਪੂਰਬੀਏ ਨੌਕਰ ਨਾਲ ਉਲਝ ਪਈ ਹੈ। ਉਹ ਚੁੱਪਚਾਪ ਬੈਠਾ ਬੀੜੀ ਪੀ ਰਿਹਾ ਹੈ।

"ਸੁਣਿਆਂ ਨਹੀਂ ਤੈਨੂੰ, ਸੁੱਟ ਇਹ ਬੀੜੀ। ਬੀੜੀਆਂ ਪੀਣੀਆਂ ਹੋਣ ਤਾਂ ਉੱਡ ਜਾ ਆਪਣੇ ਦੇਸ ਨੂੰ…ਆ ਜਾਂਦੇ ਨੇ ਇੱਥੇ, ਸਾਨੂੰ ਖਾਣ..."

"ਇਹ ਕੀ ਗੱਲ ਹੋਈ ਬਚਨੋਂ ?" ਰੱਖੀ ਦਾਦੀ ਵੀ ਉਹਨਾਂ ਕੋਲ ਜਾ ਪਹੁੰਚੀ ਹੈ, "ਇਹ ਲੋਕ ਏਥੇ ਮਜੂਰੀ ਕਰਨ ਆ ਗਏ ਤਾਂ ਕੀ ਹੋ ਗਿਆ, ਤੇਰੇ ਦੋਵੇਂ ਮੂੰਡੇ ਵੀ ਤਾਂ ਦੁਬਈ ਗਏ ਹੋਏ ਨੇ ! ਮਜੂਰੀ ਈ ਕਰਦੇ ਨੇ ਨਾ…ਨਾ ਐਵੇਂ ਇਸ ਵਿਚਾਰੇ ਦੇ ਪਿੱਛੇ ਪਈ ਰਿਹਾ ਕਰ, ਕੀ ਕਹਿੰਦਾ ਏ ਤੈਨੂੰ…"

"ਗਲੀ ਨਹੀਂ ਸਾਫ ਕੀਤੀ ਅੱਜ ਇਸਨੇ।"

"ਕਰਦੇ ਪੁੱਤ, ਬੋ ਫੈਲਦੀ ਏ…ਤਿੰਨ ਦਿਨਾਂ ਦਾ ਸਫਾਈ ਕਰਨ ਵਾਲਾ ਵੀ ਤਾਂ ਨਹੀਂ ਆਇਆ। ਉੱਠ ਮਾਂ ਸਦਕੇ, ਕਰਦੇ ਮੇਰਾ ਬੀਬਾ ਪੁੱਤ..."

"ਤੂੰ ਸਾਰਿਆਂ ਦੀ ਹਿਮਾਇਤਨ ਬਣ ਕੇ ਆ ਜਾਂਦੀ ਏਂ।" ਬਚਨੋਂ ਸ਼ਾਇਦ ਹੁਣ ਉਸ ਨਾਲ ਪੈਂਤਰਾ ਲੈਣਾ ਚਾਹੁੰਦੀ ਸੀ, "ਮੈਂ ਇਸਨੂੰ ਬੀੜੀਆਂ-ਬੂੜੀਆਂ ਨਹੀਂ ਪੀਣ ਦੇਣੀਆਂ…"

ਰਾਮ ਅਵਤਾਰ ਬੀੜੀ ਸੁੱਟ ਕੇ, ਉੱਠ ਕੇ ਖੜ੍ਹਾ ਹੋ ਜਾਂਦਾ ਹੈ।

"ਹਮ ਚਲੇ ਜਾਏਂਗੇ, ਕੋਈ ਮੁਫ਼ਤ ਕੀ ਨਹੀਂ ਖਾਤੇ, ਜਾਨਵਰੋਂ ਕੇ ਸਾਥ ਜਾਨਵਰ ਹੋਨਾ ਪੜਤਾ ਹੈ। ਚਲੇ ਜਾਏਂਗੇ ਹਮ। ਹਮ ਤੋ ਮਜੂਰੀ ਕਰਤੇ ਹੈਂ, ਵਹਾਂ ਸਰਦਾਰ ਲੋਗੋਂ ਕੇ ਬੜੇ ਬੜੇ ਫਾਰਮ ਹੈਂ, ਬਿਲਡਿੰਗੇਂ ਹੈਂ, ਟਰੱਕ ਔਰ ਮੋਟਰੇਂ ਹੈਂ…ਯਦਿ ਉਨ੍ਹੇਂ ਆਨਾ ਪੜਾ ਤੋ…" ਉਹ ਇਕ ਮੱਝ ਦੀ ਪੂਛ ਮਰੋੜ ਦੇਂਦਾ ਹੈ। ਕੱਟੇ ਨੂੰ ਗਾਲ੍ਹ ਕੱਢਦਾ ਹੈ ਤੇ ਛੱਪਰ ਹੇਠੋਂ ਫੌੜ੍ਹਾ ਚੁੱਕ ਲਿਆਉਂਦਾ ਹੈ।

ਯਕਦਮ ਫ਼ਾਇਰੰਗ ਫੇਰ ਸ਼ੁਰੂ ਹੋ ਜਾਂਦੀ ਹੈ। ਗਿਆਨੀ ਦੇ ਘਰਵਾਲੀ ਆਪਣੇ ਘਰ ਚਲੀ ਜਾਂਦੀ ਹੈ। ਰਾਮ ਅਵਤਾਰ ਫੌੜ੍ਹਾ ਚੁੱਕੀ ਖੜ੍ਹਾ, ਗਲੀ ਵਿਚ ਖਿੱਲਰੇ ਗੋਹੇ ਵੱਲ ਦੇਖ ਰਿਹਾ ਹੈ।

"ਮਾਤਾ ਜੀ ਸੁਬਹਾ ਸੇ ਬਿਜਲੀ ਪਾਣੀ ਨਹੀਂ ਹੈ, ਤੋ ਹਮ ਕਾ-ਸੇ ਗਲੀ ਧੋਵੇਂ…"

ਮੈਂ ਘਰ ਆ ਜਾਂਦਾ ਹਾਂ। ਫਾਇਰਿੰਗ ਤੇਜ ਹੋ ਗਈ ਹੈ। ਮਹੰਤਾਂ ਦੇ ਡੇਰੇ ਵਿਚ ਯੂਕਲਿਪਟੇਸ ਦੀ ਇਕ ਸ਼ਾਖ ਉੱਤੇ ਇਕ ਕਾਲੀ ਚਿੜੀ ਆ ਬੈਠੀ ਹੈ। ਕਸ਼ਮੀਰੀ ਲਾਲ ਦੀ ਪਤਨੀ ਸਾਡੇ ਘਰ ਆਉਂਦੀ ਹੈ। ਉਹ ਉਦਾਸ ਤੇ ਪ੍ਰੇਸ਼ਾਨ ਜਿਹੀ ਲੱਗ ਰਹੀ ਹੈ। ਜਾਪਦਾ ਹੈ, ਕੁਝ ਕਹਿਣਾ ਚਾਹੁੰਦੀ ਹੈ…ਪਰ ਝਿਜਕ ਰਹੀ ਹੈ। ਮੇਰੀ ਪਤਨੀ ਉਸਦੇ ਮੂੰਹ ਵੱਲ ਦੇਖ ਰਹੀ ਹੈ।

"ਕੀ ਗੱਲ ਏ ?" ਮੇਰੀ ਪਤਨੀ ਨੇ ਪੁੱਛਿਆ।

"ਭੈਣ ਜੀ ਥੋੜ੍ਹੀ ਕੁ ਚਾਹ ਪੱਤੀ ਤੇ ਖੰਡ ਹੋਵੇ ਤਾਂ ਦੇ ਦਿਓ…ਬੱਚੇ ਚਾਹ ਲਈ ਜਿੱਦ ਕਰ ਰਹੇ ਨੇ। ਕਰਫ਼ਿਊ ਖੁੱਲ੍ਹਦਿਆਂ ਹੀ ਵਾਪਸ ਕਰ ਦਿਆਂਗੇ।"

ਮੇਰੀ ਪਤਨੀ ਮੇਰੇ ਵੱਲ ਦੇਖਦੀ ਹੈ ਤੇ ਮੈਨੂੰ ਚੁੱਪ ਦੇਖ ਕੇ ਕਹਿੰਦੀ ਹੈ, ਸਾਡੇ ਤਾਂ ਆਪ ਕੱਲ੍ਹ ਦੀ ਚਾਹ-ਖੰਡ ਮੁੱਕੀ ਹੋਈ ਏ…।

ਮੈਂ ਸੋਚਦਾ ਹਾਂ ਕਿ ਇਹ ਕਮੀਨਪੁਣਾ ਹੈ। ਸਾਡੇ ਘਰ ਅਜਿਹੀਆਂ ਚੀਜ਼ਾਂ ਦੀ ਕਦੀ ਵੀ ਕਮੀ ਨਹੀਂ ਰਹੀ। ਪਰ ਮੇਰੀ ਪਤਨੀ ਨੇ ਠੀਕ ਕੀਤਾ ਹੈ। ਕਸ਼ਮੀਰੀ ਲਾਲ ਨੇ ਆਲੂ-ਪਿਆਜ਼ ਨਹੀਂ ਦਿੱਤੇ ਸੀ। ਹੋ ਸਕਦਾ ਹੈ ਕਰਫ਼ਿਊ ਦੀ ਮਿਆਦ ਵਧਾਅ ਦਿੱਤੀ ਜਾਏ। ਫੇਰ ਅਸੀਂ ਕਿੱਥੋਂ ਲਿਆਵਾਂਗੇ, ਇਹ ਵਸਤਾਂ ?...ਨਹੀਂ ਇਹ ਕਮੀਨਗੀ ਨਹੀਂ ; ਦੂਰ-ਅੰਦੇਸ਼ੀ ਹੈ।

ਕਸ਼ਮੀਰੀ ਲਾਲ ਦੀ ਪਤਨੀ ਜਾਣ ਲਈ ਮੁੜੀ ਤਾਂ ਮੇਰੀ ਪਤਨੀ ਨੇ ਠੰਡੀ ਯਖ਼ ਆਵਾਜ਼ ਵਿਚ ਕਿਹਾ, "ਕੁਝ ਹੋਰ ਚਾਹੀਦਾ ਏ ਤਾਂ ਲੈ ਜਾਓ।"

"ਬਸ ਜੀ…" ਉਹ ਚਲੀ ਗਈ।

ਉਹ ਚਿੜੀ ਉੱਡ ਕੇ ਸਾਡੇ ਰੋਸ਼ਨਦਾਨ ਦੇ ਵਾਧਰੇ ਉੱਤੇ ਆ ਬੈਠੀ ਹੈ। ਪਤਾ ਨਹੀਂ ਕਿਉਂ ਮੈ ਕਹਿੰਦਾ ਹਾਂ…

"ਅੰਦਰ ਆ ਜਾ…"

"ਕਿਸ ਨਾਲ ਗੱਲਾਂ ਕਰ ਰਹੇ ਓ ?" ਮੇਰੀ ਪਤਨੀ ਵੀ ਅੰਦਰ ਆ ਗਈ ਹੈ। ਉਹ ਬਾਲਕੋਨੀ ਤੇ ਗਲੀ ਵਿਚ ਇਧਰ-ਉਧਰ ਦੇਖਦੀ ਹੈ---ਫੇਰ ਹੈਰਾਨ ਹੋ ਕੇ ਮੇਰੇ ਵੱਲ ਤੱਕਣ ਲੱਗ ਪੈਂਦੀ ਹੈ। ਮੈਂ ਮੁਸਕਰਾ ਪੈਂਦਾ ਹਾਂ।

Wednesday, June 10, 2009

ਅੰਤਿਮ ਪਾਠ :: ਲੇਖਕ :ਜੋਗਿੰਦਰ ਪਾਲ

ਉਰਦੂ ਕਹਾਣੀ : ਅੰਤਿਮ ਪਾਠ :: ਲੇਖਕ : ਜੋਗਿੰਦਰ ਪਾਲ
ਅਨੁਵਾਦ : ਮਹਿੰਦਰ ਬੇਦੀ ਜੈਤੋ Í ਮੁਬਾਇਲ : 94177-30600.


ਕਿੱਕ ਵੱਜਦਿਆਂ ਹੀ ਮੋਟਰ ਸਾਈਕਲ ਨੇ ਦਹਾੜ-ਦਹਾੜ ਕੇ ਧੂੰਆਂ ਛੱਡਣਾ ਸ਼ੁਰੂ ਕਰ ਦਿੱਤਾ…ਉਹ ਅਜੇ ਨਿੱਠ ਕੇ ਬੈਠਾ ਵੀ ਨਹੀਂ ਸੀ ਕਿ ਯਕਦਮ ਭੁੜਕੀ ਤੇ ਹਵਾ ਨਾਲ ਗੱਲਾਂ ਕਰਨ ਲੱਗ ਪਈ :

"ਚੱਲਣ ਤੋਂ ਪਹਿਲਾਂ ਬੈਠ ਤਾਂ ਲੈਣ ਦਿਆ ਕਰ ਠੀਕ ਹੋ ਕੇ…।" ਸੰਤੇ ਨੇ ਜ਼ਰਾ ਕੁਸੈਲ ਜਿਹੀ ਨਾਲ ਕਿਹਾ।

"ਬੈਠ ਗਿਆ ਸੰਤਿਆ, ਤਾਂ ਪਹੁੰਚੇਗਾ ਕਿੱਦਾਂ ?"

ਸੰਤੇ ਦਾ ਇਕ ਹੱਥ ਅਜੇ ਤੀਕ ਆਪਣੀ ਪੱਗ ਉੱਤੇ ਸੀ। "ਉਸ ਕਿਹਾ, "ਕਿਸੇ ਦੀ ਮੌਤ ਆ ਜਾਏ ਬੰਤਿਆ, ਤਾਂ ਯਮਰਾਜ ਬੈਠਾ-ਬੈਠਾ ਈ ਜਾ ਪਹੁੰਚਦਾ ਏ, ਸਿੱਧਾ।"

ਤੇ ਬੰਤਾ ਉਸਨੂੰ ਹੱਸ-ਹੱਸ ਦੱਸਣ ਲੱਗ ਪਿਆ ਕਿ ਸਿੱਧਾ ਰਸਤਾ ਏ, ਪਹੂ ਫੁੱਟਣ ਤੋਂ ਪਹਿਲਾਂ ਹੀ ਜਾ ਪਹੁੰਚਾਂਗੇ।

ਅਚਾਨਕ ਸੰਤੇ ਦੀ ਨਿਗਾਹ ਬੰਤੇ ਦੇ ਮੋਢੇ ਉੱਤੇ ਟੰਗੀ ਉਸਦੀ ਸਟੇਨਗਨ ਉੱਤੇ ਆ ਪਈ, ਜਿਸਦੀ ਨਾਲੀ ਦਾ ਮੂੰਹ ਉਸਦੀ ਛਾਤੀ ਵੱਲ ਹੋਇਆ ਹੋਇਆ ਸੀ---ਉਸਨੇ ਘਬਰਾਅ ਕੇ ਕਾਹਲ ਨਾਲ ਗਨ ਦੇ ਬਜਾਏ, ਕੁੜਤੇ ਦੇ ਅੰਦਰੇ-ਅੰਦਰ, ਆਪਣੀ ਪੁਜੀਸ਼ਨ ਬਦਲ ਲਈ…ਪਰ ਬੰਤੇ ਦੀ ਗਨ ਦਾ ਮੂੰਹ ਓਵੇਂ ਦੀ ਜਿਵੇਂ ਆਪਣੀ ਛਾਤੀ ਵੱਲ ਉੱਠਿਆ ਦੇਖ ਕੇ, ਰਤਾ ਪ੍ਰੇਸ਼ਾਨੀ ਜਿਹੀ ਨਾਲ ਕਿਹਾ ਕਿ 'ਇਸ ਮਾਂ ਨੂੰ ਮੇਰੀ ਛਾਤੀ ਵੱਲ ਕਿਉਂ ਕੀਤਾ ਹੋਇਆ ਏ ?'

ਬੰਤੇ ਨੇ ਆਪਣਾ ਸੱਜਾ ਹੱਥ ਮੋਟਰ ਸਾਈਕਲ ਦੇ ਹੈਂਡਲ ਤੋਂ ਚੁੱਕ ਕੇ ਗਨ ਦੀ ਨਾਲੀ ਦਾ ਮੂੰਹ ਆਪਣੇ ਅੱਗੇ ਵੱਲ ਕਰ ਲਿਆ :

"ਡਰਦਾ ਕਿਉਂ ਪਿਐਂ ਸੰਤਿਆ, ਮਾਵਾਂ ਡੈਣਾ ਵੀ ਹੋਣ ਤਾਂ ਵੀ ਆਪਣੀ ਔਲਾਦ ਨੂੰ ਨਹੀਂ ਖਾਂਦੀਆਂ।"

ਸੰਤੇ ਨੇ ਲਿੱਸੀ-ਜਿਹੀ ਆਵਾਜ਼ ਵਿਚ ਉਸਨੂੰ ਦੱਸਿਆ ਕਿ 'ਡੈਣਾ ਬੇ-ਔਲਾਦ ਹੁੰਦੀਆਂ ਨੇ। ਉਹ ਮਾਵਾਂ ਹੋਣ, ਤਾਂ ਡੈਣਾ ਕਿੰਜ ਹੋ ਸਕਦੀਆਂ ਨੇ ?' ਉਸਨੇ ਸੁਣਿਆ ਸੀ ਕਿ ਉਸਦੇ ਜਨਮ ਸਮੇਂ ਜਾਂ ਤਾਂ ਉਸਨੂੰ ਬਚਾਇਆ ਜਾ ਸਕਦਾ ਸੀ, ਜਾਂ ਫੇਰ ਉਸਦੀ ਮਾਂ ਨੂੰ, ਤੇ ਉਸਦੀ ਮਾਂ ਨੇ ਹੱਥ ਜੋੜ-ਜੋੜ ਕੇ ਇਹ ਫਰਿਆਦ ਕਰਦਿਆਂ ਹੋਇਆਂ ਪ੍ਰਾਣ ਤਿਆਗ ਦਿੱਤੇ ਸਨ, ਕਿ 'ਮੇਰੀ ਫਿਕਰ ਨਾ ਕਰੋ, ਕਿਸੇ ਤਰ੍ਹਾਂ ਮੇਰੇ ਬੱਚੇ ਨੂੰ ਬਚਾਅ ਲਓ।' ਆਪਣੀ ਮਾਂ ਵੱਲ ਧਿਆਨ ਜਾਂਦਿਆਂ ਹੀ ਛੇ ਫੁੱਟਾ ਸੰਤਾ, ਅੰਦਰੇ-ਅੰਦਰ, ਨਿੱਕਾ ਜਿਹਾ ਬਾਲ ਬਣ ਗਿਆ ਤੇ ਨਿੱਕੇ-ਨਿੱਕੇ ਹੱਥ-ਪੈਰ ਮਾਰਦਾ ਹੋਇਆ ਉੱਚੀ ਉੱਚੀ ਰੋਣ ਲੱਗ ਪਿਆ, ਜਾਂ ਫੇਰ ਮਾਂ ਦੇ ਹੱਥਾਂ ਵਿਚ ਉੱਛਲ-ਉੱਛਲ ਹੱਸਣ ਲੱਗ ਪਿਆ---ਨਹੀਂ, ਉਹਨੂੰ ਆਪਣੀ ਮਾਂ ਦੀ ਸ਼ਕਲ ਜਾਂ ਮੁਹਾਂਦਰਾ ਉੱਕਾ ਹੀ ਚੇਤਾ ਨਹੀਂ ਸੀ, ਚੇਤੇ ਹੁੰਦਾ ਵੀ ਕਿੰਜ ? ਘਰੇ ਉਸਦੀ ਕੋਈ ਤਸਵੀਰ ਹੀ ਨਹੀਂ ਸੀ। ਉਹ ਆਪਣੇ ਬਾਪੂ ਤੋਂ ਸਮਝਣ ਦੀ ਕੋਸ਼ਿਸ਼ ਕਰਦਾ ਪਰ ਹਰ ਵਾਰੀ ਆਪਣੇ ਬਾਪੂ ਦੇ ਇਕ ਵੱਖੋ ਵੱਖਰੇ ਬਿਆਨਾਂ ਸਦਕਾ, ਉਸਦੀ ਮਾਂ ਦੀ ਇਕ ਨਵੀਂ ਨੁਹਾਰ ਬਣ ਜਾਂਦੀ।

"ਹਦ ਏ ਬਾਪੂ ! ਤੇਰੀਆਂ ਗੱਲਾਂ ਸੁਣ-ਸੁਣ ਕੇ ਤਾਂ ਭਾਬੋ ਹਰ ਵਾਰੀ ਹੋਰ ਦੀ ਹੋਰ ਈ ਲੱਗਣ ਲੱਗ ਪੈਂਦੀ ਆ"

"ਤੈਨੂੰ ਕੀ ਦੱਸਾਂ ਪੁੱਤਰਾ !" ਉਸਦਾ ਰੰਡਾ-ਪਿਓ ਉਸਨੂੰ ਉਤਰ ਦੇਂਦਾ ਕਿ 'ਉਸਦੀ ਭਾਬੋ ਇਕ ਅਜੀਬ ਸ਼ੈ ਸੀ। ਜਿਹੜੀ ਔਰਤ ਵੀ ਸੋਚ ਲਓ, ਉਹ ਉਹੋ ਜਿਹੀ ਲੱਗਣ ਲੱਗ ਪੈਂਦੀ ਸੀ।'

ਸੋ ਸੁਣਦਿਆਂ-ਸੁਣਦਿਆਂ ਸੰਤੇ ਨੂੰ ਵੀ ਹਰੇਕ ਔਰਤ ਆਪਣੀ ਮਾਂ ਹੀ ਲੱਗਣ ਲੱਗ ਪਈ ਸੀ---ਇੱਥੋਂ ਤਕ ਕਿ ਆਪਣੇ ਪਤਨੀ ਨੂੰ ਗਲ ਲਾਉਣ ਲੱਗਿਆਂ ਵੀ ਕਈ ਵਾਰੀ ਉਹ ਇੰਜ ਬਿਲਕ-ਬਿਲਕ ਕੇ ਰੋਣ ਲੱਗ ਪੈਂਦਾ ਸੀ, ਜਿਵੇਂ ਆਪਣੀ ਗਵਾਚੀ ਹੋਈ ਮਾਂ ਦੀਆਂ ਛਾਤੀਆਂ 'ਤੇ ਆਪਣਾ ਅੱਡਿਆ ਹੋਇਆ ਮੂੰਹ ਰੱਖਿਆ ਹੋਇਆ ਹੋਵੇ।

ਗੱਡੀ ਸਿੱਧੀ ਸੜਕ 'ਤੇ ਸਰਪਟ ਦੌੜੀ ਜਾ ਰਹੀ ਸੀ ਕਿ ਬੰਤੇ ਨੇ ਅਚਾਨਕ ਅੱਗੋਂ ਆਪਣੇ ਸਾਥੀ ਨੂੰ ਆਵਾਜ਼ ਮਾਰੀ ਤੇ ਕੋਈ ਉਤਰ ਨਾ ਮਿਲਣ ਤੇ ਹੋਰ ਉੱਚੀ ਕੂਕਿਆ, "ਓਇ ਸੰਤਿਆ!---"

"ਹਾਂ ? -ਹ-ਹਾਂ---!"

"ਸੌਂ ਗਿਆ ਸੈਂ ?---ਹੁਣੇ ਏਥੇ ਰੋ ਕੌਣ ਰਿਹਾ ਸੀ ?"

"ਹੋਰ ਕੋਈ ਨਹੀਂ, ਤਾਂ ਮੈਂ ਈ ਰੋ ਰਿਹਾ ਹੋਵਾਂਗਾ।"

"ਪਰ ਤੂੰ ਤਾਂ ਸੌਂ ਰਿਹਾ ਸੈਂ, ਸੰਤ ਸਿਆਂ !"

"ਤਾਂ ਕੀ ਸੁਪਨਿਆਂ 'ਚ ਰੋਣ ਵਾਸਤੇ ਵੀ ਤੇਰੇ ਹੁਕਮ ਦੀ ਲੋੜ ਪਿਆ ਕਰੇਗੀ ਹੁਣ ?"

ਬੰਤਾ ਚਿੜ ਗਿਆ ਤੇ ਕਹਿਣ ਲੱਗਾ ਕਿ 'ਮੈਨੂੰ ਕੀ ? ਸੁਪਨਿਆਂ ਵਿਚ ਰੋ ਭਾਵੇਂ ਦੀ ਜਾਗਦਾ ਹੋਇਆ---ਮੈਂ ਤਾਂ ਉਜ ਈ ਪੁੱਛ ਰਿਹਾ ਸਾਂ ਬਈ ਏਥੇ ਰੋ ਕੌਣ ਰਿਹਾ ਸੀ ?'

ਓਦੋਂ ਹੀ ਮੋਟਰ ਸਾਈਕਲ ਨੇ ਪਟਾਖ਼ਾ ਜਿਹਾ ਮਾਰਿਆ ਤੇ ਸੰਤੇ ਨੂੰ ਲੱਗਿਆ ਕਿ ਉਸਦੇ ਕੁੜਤੇ ਦੇ ਹੇਠ ਉਸਦੀ ਗਨ ਆਪਣੇ ਆਪ ਚੱਲ ਗਈ ਹੈ ਤੇ ਉਹ ਠਠੰਬਰ ਗਿਆ---

"ਮੈਨੂੰ ਲੱਗਿਆ, ਮੇਰੀ ਗਨ ਚੱਲ ਗਈ ਏ।" ਉਹ ਆਪਣੇ ਉੱਖੜੇ ਹੋਏ ਸਾਹਾਂ ਨੂੰ ਕਾਬੂ ਕਰਨ ਲੱਗਾ।

"ਗਨਾਂ ਆਪਣੇ ਆਪ ਥੋੜ੍ਹਾ ਈ ਚਲਦੀਆਂ ਨੇ ਕਮਲਿਆ !"

"ਕੁਝ ਵੀ ਕਹਿ ਲੈ ਸਾਊਆ, ਚੱਲਦੀਆਂ ਤਾਂ ਆਪਣੇ ਈ ਨੇ।" ਸੰਤਾ ਜ਼ਰਾ ਰੁਕਿਆ ਕਿ ਆਪਣੇ ਸਾਥੀ ਨੂੰ ਕਿੰਜ ਸਮਝਾਵੇ ਤੇ ਫੇਰ ਉਸੇ ਨੂੰ ਪੁੱਛਣ ਲੱਗਾ, "ਸੱਚ-ਸੱਚ ਦੱਸ, ਕੀ ਅਸੀਂ ਆਪਣੀ ਮਰਜ਼ੀ ਨਾਲ ਗਨਾਂ ਚਲਾਉਣ ਨਿਕਲ ਪਏ ਆਂ ?"

"ਤੂੰ ਬੜਾ ਗੁੱਝਾ ਬੰਦਾ ਐਂ, ਓਇ ਸੰਤ ਸਿਆਂ," ਬੰਤਾ ਕਹਿਣ ਲੱਗਾ---

"ਏਸੇ ਲਈ ਕਿਸੇ ਕੰਮ ਦਾ ਨਹੀਂ। ਸਿੱਧੀ ਗੱਲ ਏ, ਜੱਲਾਦ, ਹੁਕਮ ਅਦੂਲੀ ਕਰੇਗਾ, ਤਾਂ ਖ਼ੁਦ ਫਾਂਸੀ ਚੜ੍ਹੇਗਾ।"

"ਹਾਂ, ਬੰਤਿਆ, ਏਸੇ ਲਈ ਮੈਂ ਕਹਿਣੈ, ਤੂੰ ਮੈਂ ਕੌਣ ਆਂ ਜੋ ਵਾਹੇਗੁਰੂ ਦੀ ਮਰਜ਼ੀ ਨੂੰ ਟਾਲ ਜਾਈਏ ?" ਪ੍ਰੇਸ਼ਾਨ ਜਿਹਾ ਹੋ ਕੇ ਉਹ ਸੁਭਾਅ ਅਨੁਸਾਰ ਆਪਣੀ ਦਾੜ੍ਹੀ ਖੁਰਕਣ ਲੱਗ ਪਿਆ ਸੀ। ਤੇ ਫੇਰ ਜਿਵੇਂ ਆਪਣੇ ਆਪ ਨੂੰ ਹੀ ਸਮਝਾਉਣ ਖਾਤਰ ਗੱਲ ਨੂੰ ਇੰਜ ਮੋੜਿਆ ਸੀ ਕਿ 'ਆਪਣੀ ਗਨ ਦਾ ਮੂੰਹ ਖੋਲ੍ਹਦਿਆਂ ਹੋਇਆਂ ਮੈਨੂੰ ਤਾਂ ਪਤਾ ਹੁੰਦਾ ਏ, ਮੇਰੀ ਆਪਣੀ ਕੋਈ ਇੱਛਾ ਨਹੀਂ, ਜਿਵੇਂ ਮੇਰੀ ਗਨ ਦੀ ਇੱਛਾ ਹੀ ਮੇਰੀ ਇੱਛਾ ਬਣ ਗਈ ਹੈ।'

"ਤੇਰੇ ਬੱਚੇ ਜਿਊਂਦੇ ਰਹਿਣ," ਬੰਤੇ ਨੇ ਖੁਸ਼ ਹੋ ਕੇ ਕਿਹਾ, "ਤੂੰ ਮੈਨੂੰ ਸੁਰਖਰੂ ਕਰ ਦਿੱਤੈ, ਨਹੀਂ ਤਾਂ ਮੈਂ ਤਾਂ ਸਮਝਦਾ ਸਾਂ, ਜਿਹਨਾਂ ਨੂੰ ਮਾਰਨਾਂ, ਮੈਂ ਈ ਮਾਰਨਾਂ ਵਾਂ।"

ਪਰ ਉਸਦੀ ਗੱਲ ਸੁਣ ਕੇ ਸੰਤੇ ਨੇ ਇਹ ਸ਼ੰਕਾ ਪ੍ਰਗਟ ਕੀਤੀ ਕਿ 'ਜੇ ਕਿਤੇ ਸਾਡੀਆਂ ਬੰਦੂਕਾਂ ਨੇ ਸਾਡੇ ਹੀ ਬੱਚਿਆਂ ਵੱਲ ਆਪਣੇ ਮੂੰਹ ਭੁਆਂ ਲਏ ਫੇਰ ?'

"ਅਹਿ ਕਿਵੇਂ ਹੋ ਸਕਦੈ ?" ਬੰਤੇ ਨੇ ਭੰਵਤਰ ਕੇ ਮੋਟਰ ਸਾਈਕਲ ਦੀ ਗਤੀ ਹੋਰ ਵਧਾ ਦਿੱਤੀ, "ਤੂੰ ਬੜਾ ਔਖਾ ਆਦਮੀ ਏਂ ਓਇ !"

ਔਖੇ ਆਦਮੀ ਨੇ ਉਤਰ ਵਿਚ ਏਡਾ ਉੱਚਾ ਠਹਾਕਾ ਲਾਇਆ ਕਿ ਸੜਕ ਦੇ ਦੋਹੇਂ ਪਾਸੇ ਹਨੇਰੇ ਰੁੱਖਾਂ ਦੀਆਂ ਟਾਹਣੀਆਂ ਉੱਤੇ ਸੁੱਤੇ ਹੋਏ ਪਰਿੰਦੇ, ਆਪਣੇ ਖੰਭ ਫੜਫੜਾਉਣ ਲੱਗ ਪਏ।

ਠਹਾਕੇ ਪਿੱਛੋਂ ਸੰਤਾ ਹਲਕਾ ਜਿਹਾ ਹੋ ਗਿਆ ਤੇ ਬੜੀ ਸ਼ਰਧਾ ਨਾਲ ਜਪੁਜੀ ਸਾਹਿਬ ਦੀ ਅਠਾਰ੍ਹਵੀਂ ਪੌੜੀ ਉੱਚੀ-ਉੱਚੀ ਪੜ੍ਹਨ ਲੱਗਾ :

"ਅਸੰਖ ਮੂਰਖ, ਅੰਧ ਘੋਰ ।
ਅਸੰਖ ਚੋਰ ਹਰਾਮਖੋਰ ।
ਅਸੰਖ ਅਮਰ ਕਰਿ ਜਾਹਿ ਜੋਰ।
ਅਸੰਖ ਗਲਵਢ ਹਤਿਆ ਕਮਾਹਿ---"

"ਸੰਤਿਆ---" ਬੰਤੇ ਨੇ ਪਤਾ ਨਹੀਂ ਕੀ ਕਹਿਣ ਲਈ ਮੂੰਹ ਖੋਲ੍ਹਿਆ, ਪਰ ਇਸ ਡਰ ਨਾਲ ਕਿ ਗੁਰਬਾਣੀ ਜਪਦੇ ਬੰਦੇ ਨੂੰ ਟੋਕਣਾ ਪਾਪ ਹੁੰਦਾ ਹੈ, ਉਹ ਸਤਿਨਾਮ ਵਾਹਿਗੁਰੂ ਕਹਿ ਕੇ ਚੁੱਪ ਹੋ ਗਿਆ।

"ਅਸੰਖ ਪਾਪੀ ਪਾਪੁ ਕਰ ਜਾਹਿ ।।
ਅਸੰਖ ਕੁੜਿਆਰ ਕੂੜੇ ਫਿਰਾਹਿ ।
ਅਸੰਖ ਮਲੇਛ ਮਲੁ ਭਖਿ ਖਾਹਿ ।
ਅਸੰਖ ਨਿੰਦਕ ਸਿਰਿ ਕਰਹਿ ਭਾਰੁ ।
ਨਾਨਕ ਨੀਚੁ ਕਹੈ ਵੀਚਾਰੂ ।
ਵਾਰਿਆ ਨ ਜਾਵਾ ਏਕ ਵਾਰ ।
ਜੋ ਤੁਧੁ ਭਾਵੈ ਸਾਈ ਭਲੀ ਕਾਰ ।
ਤੂ ਸਦਾ ਸਲਾਮਤਿ ਨਿਰੰਕਾਰ ।"

"ਸਤਿਨਾਮ ਸਿਰੀ ਵਾਹਿਗੁਰੂ !"

"ਬੰਤਿਆ, ਸੱਚਾ ਪਾਦਸ਼ਾਹ ਸਾਨੂੰ ਜ਼ਰੂਰ ਬਖ਼ਸ਼ ਦਏਗਾ।"

"ਪਰ ਅਸੀਂ ਕੀਤਾ ਕੀ ਏ ਸੰਤਿਆ ?"

ਸੰਤੇ ਨੂੰ ਬੰਤੇ ਤੇ ਤਰਸ ਆਉਣ ਲੱਗ ਪਿਆ ਕਿ ਵਿਚਾਰਾ ਆਪਣਾ ਦੁੱਖ ਵੀ ਨਹੀਂ ਸਮਝ ਰਿਹਾ। ਉਹ ਮਨ ਹੀ ਮਨ ਵਿਚ ਪ੍ਰਾਰਥਨਾਂ ਕਰਨ ਲੱਗਾ ਕਿ ਸੱਚੇ ਪਾਦਸ਼ਾਹ ਉਹਨਾਂ ਦੋਹਾਂ ਨੂੰ ਬਖ਼ਸ਼ ਦੇ, ਕਿ ਉਹ ਮਾੜੇ ਕੰਮ ਤਾਂ ਜ਼ਰੂਰ ਕਰਦੇ ਨੇ ਪਰ ਸੱਚਾ ਪਾਦਸ਼ਾਹ ਤਾਂ ਜਾਣਾ ਹੀ ਹੈ ਕਿ ਉਹ ਮਾੜੇ ਬੰਦੇ ਨਹੀਂ---ਤੂੰ ਨਹੀਂ ਵੀ ਜਾਣਦਾ ਸੱਚੇ ਪਾਦਸ਼ਾਹ, ਫੇਰ ਵੀ ਬਖ਼ਸ਼ ਦੇਅ। ਤੇਰੀ ਬਖ਼ਸ਼ਿਸ਼ ਬੇਹਿਸਾਬ ਹੈ---ਉਹ ਦੋਹੇਂ ਹੱਥ ਜੋੜ ਕੇ ਸਿਰ ਝੁਕਾ ਰਿਹਾ ਸੀ ਕਿ ਬੰਤੇ ਨੇ ਮੋਟਰ ਸਾਈਕਲ ਦੀ ਗਤੀ ਹੋਰ ਤੇਜ਼ ਕਰ ਦਿੱਤੀ ਤੇ ਉਹ ਝਟਕਾ ਖਾ ਕੇ ਡਿੱਗਣੋਂ ਮਸਾਂ ਹੀ ਬਚਿਆ, "ਤੂੰ ਮੈਨੂੰ ਲੈ ਡੁੱਬੇਂਗਾ।"

"ਨਹੀਂ, ਸੰਤਿਆ ਤੇਰੇ ਕਰਕੇ ਮੈਂ ਵੀ ਤਰ ਜਾਵਾਂਗਾ।"

ਸੰਤਾ ਸੋਚਣ ਲੱਗਿਆ ਕਿ ਉਸਦਾ ਯਾਰ ਬੰਤਾ ਉੱਪਰੋਂ ਸੰਘੜੇ ਵਾਂਗਰ ਕੰਡੇਦਾਰ ਤੇ ਕਾਲਾ ਹੈ ਪਰ ਉਸਨੂੰ ਜ਼ਰਾ ਛਿੱਲ ਲਿਆ ਜਾਏ ਤਾਂ ਸੰਘਾੜੇ ਵਾਂਗ ਹੀ ਮਿਠਾਸ ਤੇ ਚਿੱਟੀ ਦੁੱਧ ਗਿਰੀ ਨਿਕਲ ਆਉਂਦੀ ਏ, ਜਿਸ ਨੂੰ ਖਾ ਲੈਣ ਪਿੱਛੋਂ ਵੀ ਉਸਦਾ ਸਵਾਦ ਮੂੰਹ ਵਿਚੋਂ ਨਹੀਂ ਜਾਂਦਾ। ਉਸਦੀ ਨਾਨੀ ਉਸਦੇ ਸਾਹਮਣੇ ਸੰਘਾੜਿਆਂ ਦੇ ਢੇਰ ਲਾ ਦੇਂਦੀ ਸੀ---'ਖਾਹ ਪੁੱਤਰ, ਖ਼ੂਬ ਢਿੱਡ ਭਰ ਕੇ ਖਾਹ !' ਨਾਨੀ ਨੇ ਉਸਨੂੰ ਦੱਸਿਆ ਸੀ ਕਿ 'ਉਸਦੀ ਮਾਂ ਵੀ ਸੰਘਾੜੇ ਖਾਂਦੀ, ਕਦੀ ਨਹੀਂ ਸੀ ਰੱਜਦੀ।---ਪੁੱਤਰ, ਕੱਲ੍ਹ ਤੂੰ ਧੁੱਪ 'ਚ ਵਾਲ ਖੋਲ੍ਹ ਕੇ ਬੈਠਾ ਸੰਘਾੜੇ ਖਾ ਰਿਹਾ ਸੀ, ਮੈਨੂੰ ਲੱਗਿਆ, ਸਾਕਸ਼ਾਤ ਮੇਰੀ ਅਮਰਕੌਰ ਆ ਗਈ ਏ'---ਨਾਨੀ ਨੇ ਉਸਨੂੰ ਘੁੱਟ ਕੇ ਜੱਫੀ ਪਾ ਲਈ ਸੀ ਤੇ ਉਸਨੂੰ ਇਕ ਮਾਸੂਮ ਜਿਹਾ ਖ਼ਿਆਲ ਆਇਆ ਕਿ 'ਕੀ ਪਤਾ---ਹਾਂ, ਕੀ ਪਤੈ, ਕਿ ਉਸਨੂੰ ਜਨਮ ਦੇਂਦੀ ਹੋਈ ਭਾਬੋ ਇਸੇ ਲਈ ਮਰੀ ਹੋਏ ਕਿ ਉਸਦੀ ਜਾਨ ਉਸ ਵਿਚ ਆ ਪਏ---' ਉਹ ਸ਼ੀਸ਼ੇ ਸਾਹਮਣੇ ਖਲੋ ਕੇ ਆਪਣੇ ਆਪ ਨੂੰ ਇਕ ਭਰਪੂਰ ਔਰਤ ਦੇ ਰੂਪ ਵਿਚ ਦੇਖਣ ਲੱਗਦਾ---'ਤਾਂ ਇਹ ਹੈ ਮੇਰੀ ਭਾਬੋ ! ਭਾਬੋ !'---ਰਾਤ ਨੂੰ ਨਾਨੀ ਉਸਨੂੰ ਜੱਫੀ ਪਾ ਕੇ ਸੌਂਦੀ, ਜਿਵੇਂ ਬੁੱਢੀ ਨੂੰ ਡਰ ਹੋਏ ਕਿ ਉਹ ਆਪਣੇ ਸੁਪਨਿਆਂ ਵਿਚ ਖੇਡਦਾ-ਖੇਡਦਾ ਹੀ ਕਿਸੇ ਪਾਸ ਨਿਕਲ ਜਾਏਗਾ, ਗਵਾਚ ਜਾਏਗਾ, ਹਾਲਾਂਕਿ ਸੁੱਤੇ ਹੋਏ ਦੀ ਉਸਦੀ ਸਾਰੀ ਸਾਰੀ ਦੁਨੀਆਂ ਉਸੇ ਮੰਜੇ ਉੱਤੇ ਸਿਮਟ ਆਈ ਹੁੰਦੀ ਸੀ ਤੇ ਉਹ ਆਪ ਹੀ ਆਪਣੀ ਮਾਂ ਬਣਿਆ, ਆਪ ਹੀ ਮਾਂ ਦੇ ਹੱਥਾਂ ਵਿਚ ਉੱਛਲ-ਉੱਛਲ ਬੇਕਾਬੂ ਹੁੰਦਾ ਰਹਿੰਦਾ ਸੀ ਤੇ ਖਿੜਖਿੜ ਹੱਸੀ ਜਾ ਰਿਹਾ ਹੁੰਦਾ ਸੀ।

"ਸੰਤਿਆ !---ਓਇ ਸੰਤਿਆ !---"

"ਹਾਂ---ਆਂ !"

"ਫੇਰ ਸੌਂ ਗਿਆ ਸੈਂ ?" ਬੰਤਾ ਹੱਸਿਆ, "ਹੁਣੇ-ਹੁਣੇ ਐਥੇ ਹੱਸ ਕੌਣ ਰਿਹਾ ਸੀ ?"

ਸੰਤੇ ਨੇ ਉਤਰ ਦਿੱਤਾ, "ਜੇ ਤੂੰ ਨਹੀਂ ਹੱਸਿਆ ਤਾਂ ਮੈਂ ਹੀ ਹੱਸ ਰਿਹਾ ਹੋਵਾਂਗਾ, ਹੋਰ ਐਥੇ ਹੈ ਕੌਣ ?"

"ਨਹੀਂ ਸੰਤਿਆ," ਉਹ ਬੜੀ ਗੰਭੀਰਤਾ ਨਾਲ ਉਸਨੂੰ ਪੁੱਛਣ ਲੱਗਾ, "ਕੀ ਪਤਾ ਕੋਈ ਛਲੇਡਾ ਸਾਡੇ ਪਿੱਛੇ ਲੱਗ ਗਿਆ ਹੋਏ ?"

"ਛਲੇਡਾ ਪਿੱਛੇ ਨਹੀ ਲੱਗਦਾ," ਸੰਤਾ ਬੰਤੇ ਨੂੰ ਦੱਸਣ ਲੱਗਾ, "ਲੋਕ ਹੀ ਉਸਦੇ ਪਿੱਛੇ ਲੱਗ ਜਾਂਦੇ ਨੇ।" ਉਹ ਹੈਰਾਨ ਸੀ ਕਿ ਇਹ ਪੱਕਾ ਰਸਤਾ ਖਤਮ ਕਿਉਂ ਨਹੀਂ ਸੀ ਹੋ ਰਿਹਾ ! ਉਹਨਾਂ ਇਸ ਰਸਤੇ 'ਤੇ ਸਿੱਧੇ ਹੀ ਜਾਣਾ ਸੀ। ਕੁਝ ਕੋਹ ਅੱਗੇ ਜਾ ਕੇ ਤਾਰਕੋਲ ਦੀ ਸੜਕ ਵਿਚੋਂ ਹੀ ਉਹ ਸਿੱਧਾ ਕੱਚਾ ਰਸਤਾ ਸ਼ੁਰੂ ਹੋਣਾ ਸੀ। ਜਿਸ ਉੱਤੇ ਸਿੱਧੇ ਜਾ ਕੇ ਸਹਿਜੇ ਹੀ ਉਹਨਾਂ ਉਸ ਪਿੰਡ ਪਹੁੰਚ ਜਾਣਾ ਸੀ। ਤੇ ਉਹਨਾਂ ਦੋਹਾਂ ਨੇ ਇੱਥੋਂ ਦੇ ਨੰਬਰਦਾਰ ਦੇ ਪੂਰੇ ਪੂਰੇ ਕੁਣਬੇ ਨੂੰ ਆਪਣੀਆਂ ਸਨੇਟਗਨਾਂ ਦੀਆਂ ਗੋਲੀਆਂ ਨਾਲ ਫੁੰਡ ਸੁੱਟਣਾ ਸੀ। ਸੰਤਾ ਬੰਤੇ ਨੂੰ ਪੁੱਛਣਾ ਚਾਹੁੰਦਾ ਸੀ ਕਿ 'ਕੀ ਨੰਬਰਦਾਰ ਗਰੀਬ ਦਾ ਪੱਤਾ ਕੱਟਣਾ ਜ਼ਰੂਰੀ ਹੈ ? ਉਹ ਉਸਦੇ ਸਾਰੇ ਕੁਣਬੇ ਦਾ ਮਲੀਆ ਮੇਟ ਕਰਨ ਜਾ ਰਹੇ ਨੇ, ਪਰ ਕਿਉਂ ? ਉਸ ਵਿਚਾਰੇ ਨੇ ਉਹਨਾਂ ਦਾ ਕੀ ਵਿਗਾੜਿਆ ਹੈ ?

ਇਸੇ ਦੌਰਾਨ ਮੋਟਰ ਸਾਈਕਲ ਵਿਚ ਬੁੱਢੇ ਕੁੱਤੇ ਨੂੰ ਦੜਦੀ ਹੋਈ ਅੱਗੇ ਲੰਘ ਗਈ।

"ਸੰਭਲ ਕੇ ਬੰਤਿਆ, ਖਾਹਮਖਾਹ ਬੇ-ਜ਼ੁਬਾਨ ਦੀ ਜਾਨ ਲੈ ਲਈ ਆ।"

"ਜਾਨ ਪਿਆਰੀ ਸੀ ਤਾਂ ਸੜਕ ਦੇ ਵਿਚਕਾਰ, ਰਸਤਾ ਕਿਉਂ ਰੋਕੀ ਖੜ੍ਹਾ ਸੀ ?"

ਸੰਤੇ ਦੀ ਸਮਝ ਵਿਚ ਆਉਣ ਲੱਗਾ ਕਿ ਯਾਰ-ਮਿੱਤਰ ਉਸਨੂੰ ਦੂਰੋਂ ਆਉਂਦਾ ਦੇਖ ਕੇ ਹੀ ਏਧਰ-ਉੱਧਰ ਕਿਉਂ ਹੋ ਜਾਂਦੇ ਨੇ। ਜਾਣਦੇ ਨੇ, ਸਪੀਡ ਵਿਚ ਅੰਨ੍ਹੇਵਾਹ ਭਜਾਈ ਤੁਰਿਆ ਆ ਰਿਹਾ ਹੈ। ਉਸਦਾ ਰਸਤਾ ਖਾਲੀ ਹੀ ਛੱਡ ਦਿਓ, ਜਿੱਥੇ ਜਾਣਾ ਏਂ ਜਾਵੇ ਪਿਆ, ਸਾਨੂੰ ਕੀ ?---ਹੋਰ ਤਾਂ ਹੋਰ ਉਸਦਾ ਜਿਗਰੀ ਯਾਰ ਬਚਨਾ ਵੀ ਹੁਣ ਉਸ ਤੋਂ ਕੰਨੀ ਬਚਾਉਣ ਲੱਗ ਪਿਆ ਸੀ। ਇਕ ਜ਼ਮਾਨਾ ਹੁੰਦਾ ਸੀ ਕਿ ਰੋਜ਼ ਦੇ ਖਾਧੇ-ਪੀਤੇ ਬਾਰੇ ਵੀ, ਸਿਰ ਜੋੜ ਕੇ, ਇੰਜ ਗੱਲਾਂ ਕੀਤੀਆਂ ਜਾਂਦੀਆਂ ਸਨ ਜਿਵੇ ਕੋਈ ਆਪਣੇ ਗੂੜ੍ਹੇ ਭੇਦ ਉਗਲ ਕੇ ਮਨ ਨੂੰ ਚੈਨ ਆ ਰਿਹਾ ਹੋਏ।

"ਓਇ ਬਚਨਿਆਂ !"
"ਹਾਂ, ਬਈ ਸੰਤਿਆ !"
"ਪਤਾ ਈ ਫੇਰ ਕੀ ਹੋਇਆ ?"
"ਬਚਨੇ ਦੇ ਕੰਨ ਖੜ੍ਹੇ ਹੋ ਜਾਂਦੇ, ਕੀ ਹੋਇਆ ?"
"ਫੇਰ ਮੈਂ ਮੱਖਨ ਵਾਲੀ ਲੱਸੀ ਦੇ ਦੋ ਵੱਡੇ ਗਲਾਸ ਚੜ੍ਹਾ ਗਿਆ।
"ਅੱਛਾ ?
"ਹਾਂ, ਫੇਰ ਵੀ ਜੀਅ ਨਾ ਭਰਿਆ ਤਾਂ ਭਰਿਆ ਤਾਂ ਮੈਂ ਚਾਚੀ ਦਾ ਹਿੱਸਾ ਵੀ ਚੋਰੀਓਂ ਅੰਦਰ ਰੋੜ੍ਹ ਲਿਆ---"
"ਅੱਛਾ !" ਉਸਨੇ ਪੁੱਛਿਆ, "ਫੇਰ ਤਾਂ ਚਾਚੀ ਭੁੱਖੀ ਰਹਿ ਗਈ ਹੋਊ ?"
"ਨਹੀਂ...ਚਾਚੀ, ਚਾਚੇ ਦੇ ਮਾਲ ਤੇ ਹੱਥ ਸਾਫ ਕਰ ਲੈਂਦੀ ਆ।"
"ਹਾ-ਹਾ-ਹਾ !---"
ਉਹਨਾਂ ਦੋਹਾਂ ਦੇ ਠਹਾਕੇ ਇੰਜ ਘੁਲਮਿਲ ਜਾਂਦੇ ਜਿਵੇਂ ਦੋਹਾਂ ਦੇ ਬਜਾਏ ਕੋਈ ਇਕੋ ਠਹਾਕੇ ਲਾ ਰਿਹਾ ਹੋਏ।

"ਹਾਏ ਏਨੀ ਧੁੱਪ ਵਿਚ ਬੱਦਲ ਕਿੱਥੇ ਗੱਜਣ ਪਿਆ ਏ ਨੀਂ ?" ਉਸਦੀ ਚਾਚੀ ਦੌੜ ਕੇ ਵਿਹੜੇ ਵਿਚ ਆਉਂਦੀ, "ਕਿਧਰੇ ਮੇਰੇ ਦਾਣੇ ਨਾ ਭਿੱਜ ਜਾਣ।" ਤੇ ਉੱਥੇ ਉਹਨਾਂ ਦੋਹਾਂ ਨੂੰ ਹਾਸਿਆਂ ਦੇ ਠਹਾਕੇ ਲਾਉਂਦਿਆਂ ਦੇਖਦੀ ਤਾਂ ਹਿਰਖ ਜਾਂਦੀ, "ਐਨੇ ਜ਼ੋਰ ਨਾਲ ਹੱਸੋਗੇ ਗਰਕ ਜਾਣਿਓਂ ਤਾਂ ਰਸਤਾ ਭੁੱਲ ਜਾਓਗੇ।"

ਉਹ ਦੋਹੇਂ ਹੋਰ ਉੱਚੀ ਉੱਚੀ ਹਸ ਕੇ ਚਾਚੀ ਨੂੰ ਦੱਸਦੇ ਕਿ ਅਸੀਂ ਕਿਤੇ ਜਾਣਾ ਈ ਨਹੀਂ, ਫੇਰ ਰਸਤਾ ਕਿੰਜ ਭੁੱਲ ਜਾਵਾਂਗੇ ?

"ਓਇ ਪਾਗਲ ਦਿਆ ਪੁੱਤਰਾ," ਬੰਤਾ ਬੈਠਾ-ਬੈਠਾ ਤ੍ਰਬਕਿਆ ਤੇ ਸੰਤੇ ਨੂੰ ਪੁੱਛਣ ਲੱਗਾ, "ਯਕਦਮ ਠਹਾਕੇ ਕਿਉਂ ਲਾਉਣ ਲੱਗ ਪਿਐਂ ?" ਤੇ ਫੇਰ ਸੰਤੇ ਦਾ ਕੋਈ ਜਵਾਬ ਸੁਣੇ ਬਿਨਾਂ ਉਸਨੇ ਵੀ ਹੱਸਣਾ ਸ਼ੁਰੂ ਕਰ ਦਿੱਤਾ ਤੇ ਸੋਚਣ ਲੱਗਿਆ ਕਿ 'ਕੁਛ ਵੀ ਕਹਿ ਲਓ, ਅਸਲ ਮਜ਼ਾ ਤਾਂ ਬਿਨਾਂ ਗੱਲੋਂ ਠਹਾਕਾ ਮਾਰ ਕੇ ਹੱਸਣ ਦਾ ਈ ਆਉਂਦਾ ਏ।'

ਉਹਨਾਂ ਦੇ ਠਹਾਕੇ ਠਾ-ਠਾ ਗੋਲੀਆਂ ਵਾਂਗ ਵਰ੍ਹਦੇ ਮੋਟਰ ਸਾਈਕਲ ਦੀ ਰੌਸ਼ਨੀ ਦੀ ਲਕੀਰ ਤੋਂ ਅੱਗੇ ਨਿਕਲ ਗਏ ਤੇ ਪਹੁ ਫੁੱਟਦਿਆਂ-ਫੁੱਟਦਿਆਂ ਫੇਰ ਭੈਅ ਸਦਕਾ ਆਸਪਾਸ ਦੇ ਜੰਗਲ ਵਿਚ ਛਿਪ ਗਏ।

'"ਬੰਤਿਆ, ਮੈਨੂੰ ਲਗਦੈ, ਅਸੀਂ ਰਸਤਾ ਭੁੱਲ ਗਏ ਆਂ," ਸੰਤੇ ਨੂੰ ਉਸਦੀ ਗਨ ਫੇਰ ਚੁਭਣ ਲੱਗ ਪਈ ਤੇ ਉਸਨੇ ਕਪੜਿਆਂ ਹੇਠ ਹੱਥ ਪਾ ਕੇ ਉਸਨੂੰ ਪਿੱਠ ਪਿੱਛੇ ਦਰੁਸਤ ਕੀਤਾ, "ਹਾਲੇ ਤਕ ਕੱਚਾ ਰਸਤਾ ਈ ਨਹੀਂ ਆਇਆ।"

ਬੰਤੇ ਨੇ ਉਸਨੂੰ ਉਤਰ ਦਿੱਤਾ ਕਿ 'ਆ ਜਾਏਗਾ, ਸੜਕ ਤਾਂ ਅਜੇ ਸਿੱਧੀ ਓ ਤੁਰੀ ਜਾਂਦੀ ਐ।'

ਪਰ ਸੰਤੇ ਨੂੰ ਡਰ ਸੀ ਕਿ ਭੁੱਲ-ਭੱਟਕ ਜਾਏ ਤਾਂ ਬੰਦਾ ਸਿੱਧਾ ਰਸਤੇ ਤੇ ਵੀ ਭੱਟਕ ਜਾਂਦਾ ਏ। ਉਹ ਸੋਚ ਰਿਹਾ ਸੀ, ਉਹ ਤਾਂ ਇਹਨਾਂ ਭਲੇ ਲੋਕਾਂ ਦੀ ਟੋਲੀ ਵਿਚ ਇਸ ਲਈ ਸ਼ਾਮਲ ਹੋਇਆ ਸੀ ਕਿ ਦਸ ਭਰਾ ਇਕੋ ਗੱਲ ਕਰ ਰਹੇ ਨੇ, ਝੂਠ ਥੋੜ੍ਹਾ ਈ ਬੋਲ ਰਹੇ ਹੋਣਗੇ। ਸੋ ਜਦੋਂ ਉਹਨਾਂ ਨੇ ਜੈਕਾਰਾ ਛੱਡਿਆ, 'ਜੋ ਬੋਲੇ ਸੋ ਨਿਹਾਲ', ਉਹ ਸਭ ਤੋਂ ਉੱਚੀ ਆਵਾਜ਼ ਵਿਚ ਬੋਲ ਪਿਆ, 'ਸਤਸਿਰੀ ਅਕਾਲ !' ਪਰ ਇਸ ਜੈਕਾਰੇ ਦਾ ਭਾਵ ਤਾਂ ਇਹ ਹੈ ਕਿ ਸਭ ਦਾ ਭਲਾ ਮੰਗੋ, ਸਾਰਿਆਂ ਦੇ ਦੁਖ ਨੂੰ ਆਪਣਾ ਦੁੱਖ ਸਮਝੋ, ਸੱਚੇ ਪਾਦਸ਼ਾਹ ਨੂੰ ਮੰਨਣ ਵਾਲਿਆਂ ਵਿਚ ਕੋਈ ਨਹੀਂ ਜੋ ਗੈਰ ਹੋਏ, ਜਿਹਨਾਂ ਨੂੰ ਤੁਸੀਂ ਨਹੀਂ ਜਾਣਦੇ ਉਹ ਵੀ ਤੁਹਾਡੇ ਆਪਣੇ ਨੇ। ਸੰਤੇ ਨੇ ਆਪਣੇ ਦੋਹੇਂ ਹੱਥ ਜੋੜ ਕੇ ਅੱਖਾਂ ਮੀਚ ਲਈਆਂ ਤੇ ਲਹਿਰਾ-ਲਹਿਰਾ ਕੇ ਜੈਕਾਰੇ ਛੱਡਣ ਲੱਗਿਆ, 'ਜੋ ਬੋਲੇ ਸੋ ਨਿਹਾਲ, ਸਤਸਿਰੀ ਅਕਾਲ !'

"ਸਬਰ ਕਰ ਸੰਤਿਆ," ਬੰਤੇ ਨੇ ਹੱਸ ਕੇ ਉਸਨੂੰ ਕਿਹਾ, "ਪਹਿਲਾਂ ਨੰਬਰਦਾਰ ਦਾ ਅਤਾ-ਪਤਾ ਤਾਂ ਲੱਗ ਲੈਣ ਦੇ।"

"ਨਹੀਂ ਬੰਤਿਆ, ਜ਼ਰਾ ਗੌਰ ਕਰ---"

"ਓਇ ਪਹਿਲਾਂ ਜੋ ਕਰਨੈਂ ਕਰ ਲਈਏ, ਫੇਰ ਗੌਰ ਕਰਾਂਗੇ।"

ਪਰ ਸੰਤੇ ਨੇ ਮੂੰਹ ਵਿਚ ਆਈ ਹੋਈ ਇਹ ਗੱਲ ਉਗਲ ਹੀ ਦਿੱਤੀ ਕਿ 'ਥੋਡੇ ਟੋਲੇ ਵਿਚ ਸ਼ਾਮਲ ਹੋਣ ਤੋਂ ਪਹਿਲਾਂ ਸਾਰੇ ਲੋਕ ਮੈਨੂੰ ਆਪਣੇ ਹੀ ਲੱਗਦੇ ਸੀ, ਪਰ ਹੁਣ---'

"ਏਸ ਫਾਨੀ ਦੁਨੀਆਂ 'ਚ ਕਿਸੇ ਦਾ ਆਪਣਾ ਕੌਣ ਏਂ ? ਤੂੰ ਆਪਣੀ ਖੈਰ ਮੰਗ।"

"ਆਪਣੀ ਖੈਰ ਸਵਾਹ ਤੇ ਖੇਹ ਮੰਗਾਂ, ਬੰਤਿਆ"---ਸੰਤੇ ਦੀ ਆਵਾਜ਼ ਗੁੱਸੇ ਤੇ ਦੁੱਖ ਵਿਚ ਭਿੱਜੀ ਹੋਈ ਸੀ, "ਜਿਹਨਾਂ ਖਾਲਸੇ ਪੁੱਤਰਾਂ ਵਾਸਤੇ ਖੈਰ ਮੰਗਣੀ ਚਾਹੁੰਦਾਂ, ਹੈਂ, ਉਹ ਵੀ ਗੈਰ ਬਣ ਗਏ ਨੇ।" ਉਹ ਸਿਰ ਮਾਰ ਰਿਹਾ ਸੀ ਕਿ 'ਇਹ ਵੀ ਕੋਈ ਜ਼ਿੰਦਗੀ ਹੈ, ਆਪਣੇ ਹੀ ਲੋਕ ਏਨੇ ਗੈਰ ਹੋ ਗਏ ਨੇ, ਕੋਈ ਰਤਾ ਸਮਝਾਉਣ-ਬੁਝਾਉਣ ਲਈ ਵੀ ਅੱਗੇ ਨਹੀਂ ਆਉਂਦਾ ਪਿਆ।'

"ਓਇ ਐਨਾ ਦੁਖੀ ਕਿਉਂ ਹੁੰਦਾ ਪਿਐਂ ਸੰਤਿਆਂ ?"

"ਦੁਖੀ ਹੋਣ ਵਾਲੀ ਗੱਲ ਜੋ ਹੋਈ। ਮੇਰਾ ਯਾਰ ਬਚਨਾ ਵੀ ਡਰਦਾ ਏ ਕਿ ਸੰਤੇ ਨੂੰ ਸਮਝਾਇਆ ਤਾਂ ਉਹ ਗੋਲੀ ਮਾਰ ਦਏਗਾ। ਪੁੱਛੋ ਮੈਂ ਕੋਈ ਰਾਕਸ਼ ਆਂ---ਓਹੋਈ ਤੇਰਾ ਯਾਰ ਸੰਤਾਂ ਆਂ ਯਾਰਾ। ਥੋੜ੍ਹਾ ਭੁੱਲ-ਭੱਟਕ ਗਿਆਂ ਤਾਂ ਪਿਆਰ ਨਾਲ ਰਾਹ ਤੇ ਲੈ ਆ---ਪਰ ਤੂੰ ਠੀਕ ਕਹਿਣਾ ਐਂ ਬੰਤਿਆ, ਏਸ ਫਾਨੀ ਸੰਸਾਰ ਵਿਚ ਕੋਈ ਕਿਸੇ ਦਾ ਨਹੀਂ।" ਮੋਟਰ ਸਾਈਕਲ ਕਿਸੇ ਟੋਏ ਵਿਚੋਂ ਲੰਘੀ ਤਾਂ ਉਹ ਸੰਭਲ ਕੇ ਆਪਣੀ ਪੱਗ ਸੰਭਾਲਣ ਲੱਗਾ, "ਤੂੰ ਵੀ ਤੇ ਕੋਈ ਗੈਰ ਨਹੀਂ ਬੰਤਿਆ, ਤੂੰ ਹੀ ਕੋਈ ਰਾਹ ਲੱਭ ਦੇ ਵੀਰਾ !"

"ਰਾਹ ਤੇ ਲੱਭ ਪਈ ਏ ਸ਼ੇਰਾ !" ਬੰਤੇ ਨੇ ਉਸਨੂੰ ਬੜੀ ਟੁਣਕਵੀਂ ਆਵਾਜ਼ ਵਿਚ ਦੱਸਿਆ ਕਿ ਅਗਲਾ ਕੱਚਾ ਰਾਹ ਕੁਝ ਹੀ ਗਜ ਤੇ ਸ਼ੁਰੂ ਹੋ ਰਿਹਾ ਹੈ।

ਸੰਤਾ ਵੀ ਹੁਣ ਸਭ ਕੁਝ ਭੁੱਲ ਕੇ ਚੁੱਪ ਹੋ ਗਿਆ ਸੀ ਕਿ ਚਲੋ ਰਾਹ ਤਾਂ ਮਿਲੀ। ਉਸਦੀ ਛੋਹਰ ਅਵਸਥਾ ਵਿਚ ਉਸਦਾ ਬਾਪੂ ਰੋਜ਼ ਘਰ ਦੇਰ ਨਾਲ ਆਉਂਦਾ ਹੁੰਦਾ ਸੀ। ਇਕ ਵਾਰੀ ਉਹ ਦੂਜੇ ਦਿਨ ਸਵੇਰ ਤਕ ਵੀ ਘਰ ਨਾ ਆਇਆ ਤਾਂ ਸੰਤਾ ਰੋਣ ਲੱਗ ਪਿਆ। ਉਸਦੀ ਨਾਨੀ ਉਸਨੂੰ ਛਾਤੀ ਨਾਲ ਲਾ ਕੇ ਸਮਝਾਉਣ ਲੱਗੀ, 'ਰੋਂਦਾ ਕਿਉਂ ਐ ? ਤੇਰਾ ਪਿਓ ਰਸਤਾ ਭੁੱਲ ਗਿਆ ਹੋਊਗਾ। ਜਾਹ ਹੱਥ ਜੋੜ ਕੇ ਸੱਚੇ ਪਾਦਸ਼ਾਹ ਦੇ ਹਜ਼ੂਰ ਵਿਚ ਖੜ੍ਹਾ ਹੋ ਜਾ ਤੇ ਅਰਦਾਸ ਕਰ ਕਿ ਉਹ ਤੇਰੇ ਪਿਓ ਨੂੰ ਘਰ ਦੇ ਰਸਤੇ ਲਾ ਦਏ।' ਨਾਨੀ ਉਸ ਨੂੰ ਕੋਲ ਬਿਠਾਅ ਕੇ ਅਕਸਰ ਘੰਟਿਆਂ ਬੱਧੀ ਸਮਝਾਉਂਦੀ ਹੁੰਦੀ ਸੀ ਕਿ 'ਹਮੇਸ਼ਾ ਸਿੱਧੇ ਰਸਤੇ ਚੱਲੋ, ਸਿੱਧਾ ਰਸਤਾ ਸਿੱਧਾ ਬੈਕੁੰਠ ਨੂੰ ਜਾਂਦਾ ਹੈ।'

"ਸਿੱਧਾ ਰਸਤਾ ਸਿੱਧਾ ਬੈਕੁੰਠ ਨੂੰ ਜਾਂਦਾ ਏ, ਬੰਤਿਆ।" ਉਸਨੇ ਨਾਨੀ ਵਾਂਗਰ ਹੀ ਆਪਣੇ ਸਾਥੀ ਨੂੰ ਸਮਝਾਇਆ।

"ਹਾਂ, ਤਿਆਰ ਹੋ ਜਾ ਸ਼ੇਰਾ ! ਲੰਬਰਦਾਰ ਕੇ ਸਾਰੇ ਕੁਣਬੇ ਨੂੰ ਅਸਾਂ ਓਧਰ ਈ ਭੇਜ ਦੇਣੈ।"

ਪਰ ਬੈਕੁੰਠ ਦੀ ਕਲਪਨਾ ਦੇ ਨਾਲ ਹੀ ਸੰਤਾ ਆਪਣੀ ਮਾਂ ਕੋਲ ਜਾ ਪਹੁੰਚਿਆ ਸੀ, ਜਿਹੜੀ ਸੱਚੇ ਪਾਦਸ਼ਾਹ ਦੇ ਮਹਿਲਾਂ ਵਿਚ ਉਸਦੇ ਜੂਠੇ ਭਾਂਡਿਆਂ ਦਾ ਇਕ ਵੱਡਾ ਸਾਰਾ ਢੇਰ ਮਾਂਜੀ ਜਾ ਰਹੀ ਸੀ। ਸੰਤੇ ਨੂੰ ਸੱਚੇ ਪਾਦਸ਼ਾਹ ਤੇ ਗੁੱਸਾ ਆ ਰਿਹਾ ਸੀ ਕਿ ਹਰ ਰੋਜ਼ ਖਾਹਮਖਾਹ ਦੇਵੀ-ਦੇਵਤਿਆਂ ਦਾ ਲੰਗਰ ਖੋਲ੍ਹੀ ਰੱਖਦਾ ਏ।

"ਨਹੀਂ ਪੁੱਤਰ ਸੰਤਿਆ, ਐਸੇ ਬੋਲ ਬੋਲਨਾਂ ਪਾਪਾ ਏ। ਮੇਰੇ ਤੇ ਧੰਨਭਾਗ ਐ ਕਿ ਮਹਾਪੁਰਖਾਂ ਦੇ ਜੂਠੇ ਬਰਤਨ ਚਮਕਾਉਣ ਦਾ ਕੰਮ ਕਰਦੀ ਆਂ।"

"ਪਰ ਭਾਬੋ---"

"ਨਹੀਂ, ਭਾਬੋ ਦਿਆ ਪੁੱਤਰਾ, ਬਰਤਨ ਭਾਂਡੇ ਨਾ ਚਮਕਣ ਤਾਂ ਭੁੱਖਿਆਂ ਦੀ ਭੁੱਖ ਮਰ ਜਾਂਦੀ ਐ।"

ਸੰਤਾ ਆਪਣੀ ਸਵਰਗੀ ਮਾਂ ਦੇ ਨਾਲ ਜੁੜ ਕੇ ਬੈਠਾ ਹੈ ਤੇ ਬਿਲਕੁਲ ਜੁੜ ਕੇ ਵੀ ਹੋਰ ਉਸ ਵੱਲ ਸਰਕਦਾ ਜਾ ਰਿਹਾ ਹੈ ਤੇ ਸਰਕਦਾ-ਸਰਕਦਾ ਉਸਦੇ ਐਨ ਦਿਲ ਵਿਚ ਜਾ ਵੜਿਆ ਤੇ ਏਥੋਂ ਉਹ ਆਪਣੀ ਮਾਂ ਦੀ ਕੁੱਖ ਵਿਚ ਉਤਰ ਗਿਆ ਹੈ ਤੇ ਕੁੱਖ 'ਚੋਂ ਜਨਮ ਲੈਂਦਾ ਹੋਇਆ ਰੋਣ ਲੱਗ ਪਿਆ ਹੈ।

"ਸੰਤਿਆ, ਓਇ ਸੰਤਿਆ !---"

"ਹਾਂ-ਆਂ---!"

"ਹੁਣੇ ਏਥੇ ਰੋ ਕੌਣ ਰਿਹਾ ਸੀ ?"

ਪਰ ਸੰਤਾ ਤਾਂ ਹਾਲੇ ਤਕ ਵਿਲਕੀ ਜਾ ਰਿਹਾ ਸੀ, ਕਿਉਂਕਿ ਪੈਦਾ ਹੁੰਦਿਆਂ ਹੀ ਉਸਦੀ ਮਾਂ ਮਰ ਗਈ ਸੀ।

ਆਸੇ-ਪਾਸੇ ਦੇ ਜੰਗਲ ਵਿਚ ਛੁਪੀ ਹੋਈ ਪਹੁ, ਹੁਣ ਆਪਣੀ ਉਤਸੁਕਤਾ ਹੱਥੋਂ ਬੇਵੱਸ ਹੋ ਕੇ ਰੁੱਖਾਂ ਪਿੱਛੋਂ ਬਾਹਰ ਨਿਕਲ ਆਈ ਸੀ ਤੇ ਉਹਨਾਂ ਦੇ ਇਰਾਦਿਆਂ ਨੂੰ ਤਾੜ ਕੇ ਉਹਨਾਂ ਦੀ ਮੋਟਰ ਸਾਈਕਲ ਦੇ ਅੱਗੇ-ਅੱਗੇ ਦੌੜਨ ਲੱਗ ਪਈ ਸੀ ਕਿ ਉਹਨਾਂ ਤੋਂ ਪਹਿਲਾਂ ਪਿੰਡ ਵਿਚ ਜਾ ਕੇ ਨੰਬਰਦਾਰ ਨੂੰ ਖਬਰਦਾਰ ਕਰ ਦਏ। ਤੇ ਮੋਟਰ ਸਾਈਕਲ ਏਨੀ ਤੇਜ਼ ਰਫ਼ਤਾਰ ਨਾਲ ਦੌੜ ਰਹੀ ਸੀ ਕਿ ਲੱਗਦਾ ਸੀ ਜਿਵੇਂ ਸਵਾਰਾਂ ਨੂੰ ਕਿਤੇ ਪਹੁੰਚਾਉਣਾ ਨਾ ਹੋਵੇ, ਬਸ ਪਹੁ ਦਾ ਪਿੱਛਾ ਕਰਨ ਲਈ ਹੀ ਅੰਨ੍ਹੇ ਵਾਹ ਦੌੜ ਰਹੀ ਹੋਏ।

"ਬੰਤਿਆ !" ਕੱਚੇ ਰਸਤੇ ਉੱਤੇ ਦੌੜਦੀ ਹੋਈ ਗੱਡੀ ਬੜੀ ਧੂੜ ਉਡਾਉਣ ਲੱਗੀ, ਇਸ ਲਈ ਸੰਤਾ ਆਪਣੀ ਪੱਗ ਦਾ ਲੜ ਮੂੰਹ ਅੱਗੇ ਕਰਨ ਲਈ ਜ਼ਰਾ ਰੁਕਿਆ, "ਲੰਬਰਦਾਰ ਨੇ ਸਾਡਾ ਕੀ ਵਿਗਾੜਿਆ ਏ ?"

"ਓਇ ਸੰਤਿਆ, ਓਹ ਵਿਚਾਰਾ ਸਾਡਾ ਕੀ ਵਿਗਾੜ ਸਕਦਾ ਈ ?"

ਪਰ ਸੰਤੇ ਦੀ ਉਲਝਣ ਵਧਦੀ ਹੀ ਜਾ ਰਹੀ ਸੀ ਕਿ ਉਹ ਨੰਬਰਦਾਰ ਦਾ ਸਫਾਇਆ ਕਰਨ ਕਿਉਂ ਜਾ ਰਹੇ ਨੇ, "ਨਹੀਂ ਬੰਤਿਆ, ਜ਼ਰਾ ਗੌਰ ਕਰ---"

"ਤੂੰ ਗੌਰ ਬੜਾ ਕਰਦਾ ਏਂ, ਏਸੇ ਕਰਕੇ ਤੇਰੇ ਕੋਲੋਂ ਕੁਝ ਹੋਰ ਨਹੀਂ ਹੁੰਦਾ।" ਬੰਤੇ ਨੁੰ ਆਪਣੇ ਸਾਹਮਣੇ ਸਵੇਰ ਦੇ ਕੁਝ ਪੰਛੀ ਉਡਦੇ ਹੋਏ ਦਿਖਾਈ ਦਿੱਤੇ ਤਾਂ ਉਸਨੂੰ ਪਤਾ ਨਹੀਂ ਕੀ ਸੁੱਝੀ ਕਿ ਉਸਨੇ ਖੱਬੇ ਹੱਥ ਨਾਲ ਮੋਟਰ ਸਾਈਕਲ ਸੰਭਾਲਦਿਆਂ, ਸੱਜੇ ਹੱਥ ਨਾਲ ਗਨ ਲਾਹ ਕੇ---'ਡਸ-ਠਾਹ-ਤੜ-ੜ-ੜ !' ਦੇਖਦੇ ਹੀ ਦੇਖਦੇ ਕਈ ਪੰਛੀ ਫੁੰਡ ਸੁੱਟੇ ਤੇ ਮੋਟਰ ਸਾਈਕਲ ਧੂੜ ਉਡਾਉਂਦੀ ਹੋਈ ਅੱਗੇ ਲੰਘ ਗਈ।

"ਇਹਨਾਂ ਨੂੰ ਕਿਉਂ ਫੁੰਡ ਛੱਡਿਆ ਬਸੰਤਿਆ ?"

ਬੰਤੇ ਨੇ ਜੈਤੂ ਠਹਾਕੇ ਲਾਉਂਦਿਆਂ ਦੱਸਿਆ ਕਿ ਬਸ ਜ਼ਰਾ ਨਿਸ਼ਾਨਾ ਸੋਧਣ ਲਈ, ਹੋਰ ਕਿਸ ਲਈ ?

"ਨਹੀਂ ਰਤਾ ਸਮਝ-ਸੋਚ ਕੇ ਜਵਾਬ ਦੇਅ।"

ਬੰਤਾ ਉਸਨੂੰ ਚਿਤਾਵਨੀ ਦੇਣਾ ਚਾਹੁੰਦਾ ਸੀ ਕਿ 'ਜ਼ਿਆਦਾ ਸਮਝਣ-ਸੋਚਣ ਵਾਲੇ ਹੀ ਸਭ ਤੋਂ ਪਹਿਲਾਂ ਨਿਸ਼ਾਨੇ ਦੀ ਜੱਦ ਤੇ ਆਉਂਦੇ ਨੇ।' ਉਸਨੇ ਸਿਰ ਭੁਆਂ ਕੇ ਆਪਣੀ ਗੱਲ ਕਹਿਣੀ ਚਾਹੀ ਪਰ ਮੋਟਰ ਸਾਈਕਲ ਦੀ ਅਤਿ ਤੇਜ਼ ਰਫ਼ਤਾਰ ਕਰਕੇ ਅੱਗੇ ਹੀ ਦੇਖਦਾ ਰਿਹਾ।

"ਇਹ ਲੰਬਰਦਾਰ ਵੀ ਤੇਰੇ ਵਾਂਗਰ ਬੜਾ ਸਮਝਦਾਰ ਈ ਸੰਤਿਆ, ਏਸੇ ਲਈ ਤੈਂ ਉਹਨੂੰ ਗੋਲੀ ਨਾਲ ਉਡਾਣ ਜਾ ਰਿਹੈਂ।"

ਪਰ ਸੰਤਾ ਸੋਚ ਰਿਹਾ ਸੀ ਕਿ ਨੰਬਰਦਾਰ ਉਸਦੇ ਨਾਨੇ ਵਾਂਗ ਗੁਰੂ ਦਾ ਸਿੱਖ ਬੰਦਾ ਏ। ਏਨਾ ਸੱਜਨ ਪੁਰਸ਼ ਏ ਕਿ ਉਸ ਦੇ ਸਾਹਮਣੇ ਹੱਥ ਜੋੜ ਕੇ ਖੜ੍ਹੇ ਹੋਣ ਨੂੰ ਜੀਅ ਕਰਦਾ ਏ। ਬਸ ਉਸਦਾ ਦੋਸ਼ ਇਹੀ ਹੈ ਕਿ ਆਪਣੇ ਸਾਰੇ ਕੰਮ ਛੱਡ ਕੇ ਵਿਗੜਿਆਂ ਹੋਇਆਂ ਨੂੰ ਸਮਝਾਉਂਦਾ ਰਹਿੰਦਾ ਹੈ। ਉਸ ਦਾ ਨਾਨਾ ਤੇ ਨਾਨੀ ਵੀ ਤਾਂ ਹਰ ਵੇਲੇ ਉਸਨੂੰ ਸਮਝਾਉਂਦੇ ਰਹਿੰਦੇ ਸੀ, ਸਾਰਿਆਂ ਨੂੰ ਬੜੇ ਚਾਅ ਨਾਲ ਸਮਝਾਉਂਦੇ ਸੀ। ਉਹਨਾਂ ਦੇ ਰਸਤੇ ਤੋਂ ਲੰਘ ਕੇ ਹਰੇਕ ਨੂੰ ਛਾਨਣੀ 'ਚੋਂ ਛਣੇ ਜਾਣ ਵਰਗਾ ਅਹਿਸਾਸ ਹੁੰਦਾ, ਜਿਵੇਂ ਸਾਰਾ ਕੂੜ ਛਣ ਗਿਆ ਹੋਵੇ। ਉਹਨਾਂ ਦੀਆਂ ਗੱਲਾਂ ਸੁਣ ਸੁਣ ਕੇ ਮੈਂ ਤਾਂ ਛੋਹਰ ਅਵਸਥਾ ਵਿਚ ਹੀ ਭਗਵਾਂ ਚੋਲਾ ਪਾ ਲੈਣ ਦੀ ਧਾਰ ਲਈ ਸੀ। ਅੱਜ ਜੇ ਉਹ ਜਿਊਂਦੇ ਹੁੰਦੇ ਤਾਂ ਕੀ ਮੈਂ ਉਹਨਾਂ ਨੂੰ ਵੀ ਆਪਣੀਆਂ ਗੋਲੀਆਂ ਨਾਲ ਫੁੰਡ ਸੁੱਟਦਾ ?

"ਨਹੀਂ, ਬੰਤਿਆ, ਚੱਲ ਮੁੜ ਚੱਲੀਏ। ਮੈਂ ਲੰਬਰਦਾਰ 'ਤੇ ਹੱਥ ਨਹੀਂ ਚੁੱਕ ਸਕਦਾ।"

"ਕੋਈ ਚਿੰਤਾ ਨਹੀਂ ਮੂਰਖਾ," ਬੰਤੇ ਨੇ ਹੱਸ ਕੇ ਕਿਹਾ, "ਤੂੰ ਏਧਰ-ਉਧਰ ਨਿਗਾਹ ਰੱਖ ਲਵੀਂ। ਮੈਂ ਆਪੁ, 'ਕੱਲਾ ਓ ਕੰਮ ਨਿਬੇੜ ਲਵਾਂਗਾ। ਪੰਜ ਤਾਂ ਜਣੇ ਨੇ---ਲੰਬਰਦਾਰ, ਓਹਦੀ ਜ਼ਨਾਨੀ, ਪੂੱਤ, ਨੂੰਹ, ਪੋਤੀ---ਤੇ ਬਸ !"

ਸੰਤੇ ਨੇ ਉਹਨੂੰ ਚੇਤਾ ਕਰਾਇਆ ਕਿ ਨੰਬਰਦਾਰ ਦੀ ਬਹੂ ਦੇ ਪੇਟ 'ਚ ਵੀ ਇਕ ਜੀਵ ਪਲ ਰਿਹਾ ਹੈ।

"ਓਹਨੂੰ ਛੱਡ, ਉਹ ਆਪਣੀ ਮਾਂ ਦੇ ਪੇਟ 'ਚ ਈ ਰੋ-ਰੋ ਕੇ ਮਰ ਜਾਏਗਾ।"

"ਧਰਮ ਨਾਲ, ਤੂੰ ਬੜਾ ਜਾਲਮ ਬੰਦਾ ਏਂ ਬੰਤਿਆ।"

"ਅਸੀਂ ਜਾਲਮ ਕਿਉਂ ਆਂ ਬਈ ? ਅਸੀਂ ਤਾਂ ਰੱਬ ਦੀ ਰਜ਼ਾ ਦਾ ਪਾਲਣ ਕਰਨ ਜਾ ਰਹੇ ਆਂ।"

ਸੰਤੇ ਨੇ ਜਦੋਂ ਬੰਤੇ ਤੋਂ ਪੁੱਛਿਆ, 'ਉਹ ਕਿਵੇਂ ?' ਤਾਂ ਬੰਤੇ ਨੇ ਉਸਨੂੰ ਦੱਸਿਆ, 'ਇੰਜ ਕਿ ਜੋ ਸਾਰੇ ਟੋਲੇ ਦੀ ਇੱਛਾ, ਉਹੀ ਰੱਬ ਦੀ ਇੱਛਾ।' ਇਸ ਤੇ ਸੰਤੇ ਨੇ ਇਤਰਾਜ਼ ਕੀਤਾ ਕਿ 'ਰੱਬ ਤਾਂ ਸਾਰਿਆਂ ਦਾ ਰਾਖਾ ਏ। ਉਹ ਕਿਸੇ ਨੂੰ ਮਾਰਨ ਦੀ ਇੱਛਾ ਕਿਵੇਂ ਕਰ ਸਕਦਾ ਏ ?' ਬੰਤਾ ਹਿਰਖ ਗਿਆ ਤੇ ਬੋਲਿਆ ਕਿ 'ਹੁਣ ਆਪਣਾ ਇਹ ਕੀਰਤਨ ਬੰਦ ਕਰ ਤੇ ਚੁੱਪ-ਚਾਪ ਹੁਕਮ ਦਾ ਪਾਲਣ ਕਰ, ਨਹੀਂ ਤਾਂ ਤੂੰ ਜਾਣਦਾ ਈ ਏਂ, ਕੀ ਨਤੀਜਾ ਹੋਏਗਾ ?'

ਸੰਤਾ ਵਾਕਈ ਡਰ ਗਿਆ ਪਰ ਕੁਝ ਇਸ ਤਰ੍ਹਾਂ ਕਿ ਉਸਨੂੰ ਪਤਾ ਹੀ ਨਹੀਂ ਲੱਗਿਆ ਕਿ ਉਹ ਡਰ ਗਿਆ ਏ, ਵਰਨਾ ਉਹ ਆਪਣੇ ਆਪ ਨੂੰ ਤਾੜ-ਝਾੜ ਕੇ ਸਿੱਧਾ ਕਰ ਲੈਂਦਾ। ਕੁਝ ਚਿਰ ਉਹ ਦੋਹੇਂ ਚੁੱਪ ਰਹੇ। ਇਸੇ ਦੌਰਾਨ ਉਹਨਾਂ ਦੀ ਮੋਟਰ ਸਾਈਕਲ ਧੂੜ ਉਡਾਉਂਦੀ ਹੋਈ ਇਕ ਗੁਰਦਵਾਰੇ ਦੇ ਅਗਿਓਂ ਲੰਘੀ ਜਿਹੜਾ ਨੰਬਰਦਾਰ ਦੇ ਪਿੰਡ ਤੋਂ ਜ਼ਰਾ ਫਾਸਲੇ 'ਤੇ ਸੀ। ਗੁਰਦਵਾਰੇ ਵਿਚ ਕੀਰਤਨ ਹੋ ਰਿਹਾ ਸੀ :

'ਪਹੂ ਫਟੀ ਤੇ ਚਾਨਣ ਹੋਇਆ---ਪਹੂ ਫਟੀ ਤੇ ਚਾਨਣ ਹੋਇਆ---'

ਆਪਣੇ ਆਸੇ-ਪਾਸੇ ਫੈਲੇ ਹਲਕੇ ਚਾਨਣ ਵਿਚ ਸੰਤੇ ਨੂੰ ਅਚਾਨਕ ਪਤਾ ਨਹੀਂ ਕੀ ਨਜ਼ਰ ਆਇਆ ਕਿ ਉਹ ਫੇਰ ਤਣ ਕੇ ਬੈਠ ਗਿਆ ਤੇ ਬੰਤੇ ਨੂੰ ਸੁਣਾ ਕੇ ਸਾਫ-ਸਾਫ ਕਹਿਣ ਲੱਗਾ ਕਿ ਉਹ ਨੰਬਰਦਾਰ ਦਾ ਵਾਲ ਵੀ ਵਿੰਗਾ ਨਹੀਂ ਹੋਣ ਦਏਗਾ।

ਬੰਤੇ ਦੇ ਕੰਨ ਲੰਮੇ ਹੋ ਕੇ ਸੰਤੇ ਦੀ ਦਾੜ੍ਹੀ ਛੁਹਣ ਲੱਗੇ ਤੇ ਉਸਨੇ ਐਤਕੀ ਬੜੀ ਗੁਸੈਲੀ ਆਵਾਜ਼ ਵਿਚ ਜਵਾਬ ਦਿੱਤਾ, "ਸੁਣ ਓਇ ਜ਼ਨਾਨਿਆਂ, ਆਪਣੀ ਬਕਵਾਸ ਬੰਦ ਕਰ, ਨਹੀਂ ਤਾਂ ਲੰਬਰਦਾਰ ਤੋਂ ਪਹਿਲਾਂ ਮੈਨੂੰ ਤੇਰਾ ਮੰਤਰ ਪੜ੍ਹਨਾ ਪੈ ਜਾਣੈ।"

ਬੰਤੇ ਦੀ ਕੌੜ ਨੇ ਸੰਤੇ ਦਾ ਪਾਰਾ ਯਕਦਮ ਸੱਤਵੇਂ ਆਸਮਾਨ ਤੇ ਚੜ੍ਹਾ ਦਿੱਤਾ। ਉਸਦੀ ਮੱਤ ਈ ਮਾਰੀ ਗਈ ਤੇ ਉਸਨੇ ਅੱਗਾ-ਪਿੱਛਾ ਵਿਚਾਰੇ ਬਿਨਾਂ, ਆਪਣੀ ਗਨ ਲਾਹੀ ਤੇ ਬੰਤੇ ਉੱਤੇ ਪਿੱਛੋਂ ਹੀ ਫਾਇਰਿੰਗ ਸ਼ੁਰੂ ਕਰ ਦਿੱਤੀ ਤੇ ਉਹ ਦੋਹੇਂ ਉੱਡੀ ਜਾ ਰਹੀ ਗੱਡੀ ਤੇ ਹੀ ਗੁੱਥਮ-ਗੁੱਥਾ ਹੋ ਗਏ ਤੇ ਭੋਇੰ ਡਿੱਗ ਪਏ ਤੇ ਉਹਨਾਂ ਨੂੰ ਆਪੋ ਆਪਣੀ ਜਗ੍ਹਾ ਤੋਂ ਹਿੱਲਣ ਤੋਂ ਆਹਰੀ ਵੇਖ ਕੇ ਐਨ ਉਸੇ ਸਮੇਂ ਕਿਸੇ ਰੁੱਖ ਤੇ ਬੈਠੇ ਬਾਂਦਰ ਨੂੰ ਪਤਾ ਨਹੀਂ ਕੀ ਸੁੱਝੀ ਕਿ ਉਹ ਰੁੱਖ ਤੋਂ ਉਤਰਿਆ ਤੇ ਉਹਨਾਂ ਦੀਆਂ ਬੰਦੂਕਾਂ ਨੂੰ ਕੱਚੇ ਰਸਤੇ ਤੋਂ ਚੁੱਕ ਕੇ, ਕਿਸੇ ਭੂਤ-ਪ੍ਰੇਤ ਵਾਂਗ ਅਛੋਪਲੇ ਹੀ ਤੁਰਦਾ ਹੋਇਆ ਸੰਘਣੇ ਜੰਗਲ ਵਿਚ ਗਾਇਬ ਹੋ ਗਿਆ।

"ਨਹੀਂ, ਬੰਤਿਆ ਨਹੀਂ !---"

ਸੰਤਾ ਆਪਣੀਆਂ ਟੁੱਟੀਆਂ-ਭੱਜੀਆਂ ਹੱਡੀਆਂ ਨਾਲ ਆਪਣੇ ਸਾਥੀ ਵੱਲ ਘਿਸਟਨ ਦੀ ਕੋਸ਼ਿਸ਼ ਕਰ ਰਿਹਾ ਸੀ ਤੇ ਹੁਣ ਵੀ ਉਸਨੂੰ ਸਮਝਾ ਰਿਹਾ ਸੀ ਕਿ ਉਹ ਸਿੱਧੇ ਰਸਤੇ ਨਹੀਂ---"ਰੱਬ ਤਾਂ ਇਕੋ ਹੀ ਰੱਬ ਏ ਬੰਤਿਆ, ਇਕ ਹੀ ਸਭ ਤੋਂ ਵੱਡਾ ਰੱਬ, ਸਾਰੀ ਦਾ ਦੁਨੀਆਂ ਦਾ ਰੱਬ---ਨਹੀਂ, ਬੋਲ ਨਾ, ਬਸ ਗੌਰ ਕਰ---"

ਤੇ ਜਦੋਂ ਗੌਰ ਕਰਦੇ ਕਰਦੇ ਬੰਤੇ ਦੇ ਦਮਾਂ ਦੀ ਡੋਰ ਟੁੱਟਣ ਲੱਗੀ ਤਾਂ ਸੰਤੇ ਨੇ ਬੜੀ ਮੁਸ਼ਕਲ ਨਾਲ ਆਪਣੇ ਉੱਖੜੇ ਹੋਏ ਸਾਹਾਂ ਨੂੰ ਸਮੇਟਦਿਆਂ ਉਸਦੇ ਕੰਨ ਵਿਚ ਇਹ ਗੱਲ ਫੂਕ ਦਿੱਤੀ---"ਬੰਤਿਆ, ਬਹੁਤ ਸਾਰੇ ਰੱਬਾਂ ਨੇ ਤਾਂ ਆਦਮ ਜਾਤ ਨੂੰ ਉਲਟੀ ਰਹੇ ਪਾਇਆ ਹੋਇਆ ਏ !"