Thursday, March 4, 2010

ਸੁਭਾਸ਼ਚੰਦਰ ਬੋਸ ਦੀ ਚਿੱਠੀ :: ਅਨੁ. : ਮਹਿੰਦਰ ਬੇਦੀ, ਜੈਤੋ




ਸੁਭਾਸ਼ਚੰਦਰ ਬੋਸ ਦੀ ਚਿੱਠੀ
(ਹੰਸਰਾਜ ਰਹਿਬਰ ਦੇ ਬਹੁਚਰਚਿਤ ਨਾਵਲ 'ਨਹਿਰੂ ਬੇਨਕਾਬ' ਵਿਚੋਂ) : ਮਹਿੰਦਰ ਬੇਦੀ, ਜੈਤੋ।
ਜੀਲਾਗੋਰਾ ਪੋ. ਆ.
ਜਿਲਾ ਮਾਨਭੂਮੀ: ਬਿਹਾਰ
28 ਮਾਰਚ, 1939
ਪਿਆਰੇ ਜਵਾਹਰ,
ਮੈਨੂੰ ਲੱਗਦਾ ਹੈ ਕਿ ਤੂੰ ਕੁਝ ਸਮੇਂ ਤੋਂ ਮੈਨੂੰ ਬਹੁਤ ਜ਼ਿਆਦ ਨਾ–ਪਸੰਦ ਕਰਨ ਲੱਗ ਪਿਆ ਹੈਂ। ਇਹ ਮੈਂ ਇਸ ਲਈ ਕਹਿ ਰਿਹਾ ਹਾਂ ਕਿ ਕੋਈ ਵੀ ਗੱਲ, ਜਿਹੜੀ ਮੇਰੇ ਵਿਰੁੱਧ ਜਾ ਰਹੀ ਹੋਵੇ, ਉਸਨੂੰ ਤੂੰ ਬੜੇ ਉਤਸਾਹ ਨਾਲ ਨੋਟ ਕਰ ਲੈਂਦਾ ਹੈਂ ਤੇ ਮੇਰੇ ਪੱਖ ਵਿਚ ਜਾਣ ਵਾਲੀਆਂ ਗੱਲਾਂ ਨੂੰ ਨਜ਼ਰ–ਅੰਦਾਜ਼ ਕਰ ਦਿੰਦਾ ਹੈਂ। ਮੇਰੇ ਰਾਜਨੀਤਕ ਵਿਰੋਧੀ, ਜੋ ਕੁਝ ਮੇਰੇ ਖ਼ਿਲਾਫ ਕਹਿੰਦੇ ਹਨ, ਉਸਨੂੰ ਤੂੰ ਮੰਨ ਲੈਂਦਾ ਹੈਂ, ਪਰ ਤੂੰ ਆਪਣੇ ਖ਼ਿਲਾਫ ਕਹੀਆਂ ਜਾ ਸਕਣ ਵਾਲੀਆਂ ਗੱਲਾਂ ਦੇ ਪ੍ਰਤੀ ਲੱਗਭਗ ਅੱਖਾਂ ਮੀਚ ਜਾਂਦਾ ਹੈਂ। ਮੈਂ ਕਥਨ ਨੂੰ ਅੱਗੇ ਸਪਸ਼ਟ ਕਰਨ ਦੀ ਕੋਸ਼ਿਸ਼ ਕਰਾਂਗਾ।
ਮੇਰੇ ਲਈ ਇਹ ਇਕ ਬੁਝਾਰਤ ਹੀ ਹੈ ਕਿ ਤੂੰ ਮੈਨੂੰ ਏਨਾ ਜ਼ਿਆਦਾ ਨਾਪੰਸਦ ਕਿਉਂ ਕਰਨ ਲਗ ਪਿਆ ਹੈਂ। ਜਿੱਥੋਂ ਤਕ ਮੇਰਾ ਸੰਬੰਧ ਹੈ, ਜਦ ਦਾ ਮੈਂ 1937 ਦੀ ਨਜ਼ਰਬੰਦੀ ਦੇ ਬਾਅਦ ਛੁੱਟ ਕੇ ਆਇਆ ਹਾਂ, ਨਿੱਜੀ ਤੇ ਜਨਤਕ ਜੀਵਨ ਵਿਚ ਤੇਰਾ ਬੜਾ ਲਿਹਾਜ਼ ਤੇ ਖ਼ਿਆਲ ਰੱਖ ਰਿਹਾ ਹਾਂ। ਰਾਜਨੀਤੀ ਦੇ ਦ੍ਰਿਸ਼ਟੀਕੋਣ ਤੋਂ ਮੈਂ ਤੈਨੂੰ ਆਪਣਾ ਵੱਡਾ ਭਰਾ ਤੇ ਨੇਤਾ ਮੰਨਿਆਂ ਹੋਇਆ ਹੈ ਤੇ ਅਕਸਰ ਤੇਰੀ ਸਲਾਹ ਲੈਂਦਾ ਹਾਂ। ਪਿਛਲੇ ਸਾਲ ਜਦ ਤੂੰ ਯੂਰਪ ਤੋਂ ਵਾਪਸ ਆਇਆ ਸੀ ਤਾਂ ਮੈਂ ਤੇਰੇ ਕੋਲ ਇਲਾਹਾਬਾਦ ਆਇਆ ਤੇ ਪੁੱਛਿਆ ਸੀ ਕਿ ਤੂੰ ਸਾਡਾ ਨੇਤਰਿਤਵ ਕਰੇਂਗਾ ਨਾ? ਆਮ ਤੌਰ 'ਤੇ, ਜਦ ਵੀ ਮੈਂ ਤੇਰੇ ਸਾਹਮਣੇ ਇਸ ਰੂਪ ਵਿਚ ਆਇਆ ਹਾਂ ਤਾਂ ਤੇਰੇ ਜਵਾਬ ਅਸਪਸ਼ਟ ਤੇ ਥਿੱੜਕੇ–ਜਿਹੇ ਰਹੇ। ਉਦਾਹਰਨ ਵਜੋਂ, ਇਸੇ ਵਰ੍ਹੇ ਜਦ ਤੂੰ ਯੂਰਪ ਤੋਂ ਪਰਤਿਆ ਤਾਂ ਤੂੰ ਮੈਨੂੰ ਇਹ ਕਹਿ ਕੇ ਟਾਲ ਦਿਤਾ ਕਿ ਤੂੰ ਗਾਂਧੀਜੀ ਨਾਲ ਸਲਾਹ ਕਰੇਂਗਾ ਤੇ ਉਸ ਦੇ ਪਿੱਛੋਂ ਮੈਨੂੰ ਦਸੇਂਗਾ। ਜਦ ਆਪਾਂ ਵਰਧਾ ਵਿਚ ਮਿਲੇ, ਤਦ ਤਕ ਤੂੰ ਗਾਂਧੀਜੀ ਨੂੰ ਮਿਲ ਚੁੱਕਿਆ ਸੀ, ਤੂੰ ਮੈਨੂੰ ਕੁਝ ਵੀ ਪੱਕਾ ਨਾ ਦੱਸਿਆ। ਬਾਅਦ ਵਿਚ ਤੂੰ ਕਾਰਜ–ਸੰਮਤੀ ਸਾਹਮਣੇ ਕੁਝ ਮਤੇ ਪੇਸ਼ ਕੀਤੇ, ਜਿਹਨਾਂ ਵਿਚ ਨਵਾਂ ਕੁਝ ਵੀ ਨਹੀਂ ਸੀ ਤੇ ਨਾ ਦੇਸ਼ ਨੂੰ ਕੋਈ ਸੇਧ ਦਿਤੀ ਗਈ ਸੀ।
ਪ੍ਰਧਾਨਗੀ ਪਦ ਦੀ ਪਿਛਲੀ ਚੋਣ ਪਿੱਛੋਂ ਇਕ ਤਿੱਖੀ ਬਹਿਸ ਛਿੜ ਗਈ ਸੀ ਤੇ ਉਸਦੇ ਦੌਰਾਨ ਬਹੁਤ ਸਾਰੀਆਂ ਗੱਲਾਂ ਕਹੀਆਂ ਗਈਆਂ ਸਨ-ਕੁਝ ਮੇਰੇ ਹੱਕ ਵਿਚ ਤੇ ਕੁਝ ਮੇਰੇ ਖ਼ਿਲਾਫ। ਤੇਰੇ ਭਾਸ਼ਣਾ ਤੇ ਬਿਆਨਾਂ ਦੇ ਹਰੇਕ ਮੁੱਦੇ ਦਾ ਮੇਰੇ ਵਿਰੁੱਧ ਅਰਥ ਲਿਆ ਗਿਆ। ਦਿੱਲੀ ਦੇ ਇਕ ਭਾਸ਼ਣ ਵਿਚ ਤੂੰ ਕਿੱਥੇ ਦੱਸਿਆ ਕਿ ਮੇਰੇ ਕੀਤੇ ਜਾਂ ਮੇਰੇ ਪੱਖ ਵਿਚ ਹੋਏ ਚੋਣ ਪ੍ਰਚਾਰ ਨੂੰ ਪਸੰਦ ਨਹੀਂ ਕਰਦਾ। ਮੈਂ ਨਹੀਂ ਜਾਣਦਾ ਕਿ ਤੇਰੇ ਮਨ ਵਿਚ ਠੀਕ–ਠੀਕ ਕੀ ਸੀ, ਪਰ ਤੂੰ ਇਸ ਤੱਥ ਨੂੰ ਬਿਲਕੁਲ ਹੀ ਵਿਸਾਰ ਬੈਠਾ ਕਿ ਮੇਰੀ ਚੋਣ ਅਪੀਲ ਡਾ. ਪੱਟਾਭਿ ਦੀ ਅਪੀਲ ਦੇ ਪਰਚਿਆਂ ਵਿਚ ਛਪਣ ਤੋਂ ਬਾਅਦ ਹੀ ਜਾਰੀ ਹੋਈ ਸੀ। ਜਿੱਥੋਂ ਤਕ ਚੋਣ ਪ੍ਰਚਾਰ ਦਾ ਤਾਅਲੁਕ ਹੈ, ਤੂੰ ਜਾਣ–ਬੁੱਝ ਕੇ ਜਾਂ ਅਣਜਾਣੇ ਵਿਚ ਇਸ ਤੱਥ ਨੂੰ ਨਜ਼ਰ–ਅੰਦਾਜ਼ ਕੀਤਾ ਕਿ ਦੂਜੇ ਪੱਖ ਦਾ ਚੋਣ ਪ੍ਰਚਾਰ ਕਿਤੇ ਵੱਧ, ਵਧ–ਚੜ੍ਹ ਕੇ ਸੀ। ਤੇ ਡਾ. ਪੱਟਾਭਿ ਲਈ ਵੋਟ ਪ੍ਰਾਪਤ ਕਰਨ ਲਈ ਕਾਂਗਰਸ ਮੰਤਰੀ ਮੰਡਲਾਂ ਦੀ ਮਸ਼ੀਨਰੀ ਦੀ ਪੂਰੀ ਪੂਰੀ ਵਰਤੋਂ ਕੀਤੀ ਗਈ। ਦੂਜੇ ਪੱਖ ਕੋਲ ਨਿਯਮਬੱਧ ਸੰਗਠਨ ਸੀ (ਗਾਂਧੀ–ਸੇਵਾ–ਸੰਘ, ਕਾਂਗਰਸੀ–ਮੰਤਰੀ–ਮੰਡਲ, ਤੇ ਸ਼ਾਇਦ ਚਰਖਾ–ਸੰਘ ਤੇ ਅਖਿਲ–ਭਾਰਤੀ–ਗ੍ਰਾਮਉਦਯੋਗ–ਸੰਘ ਵੀ) ਜਿਸਨੂੰ ਤੁਰੰਤ ਕੰਮ 'ਤੇ ਲਾ ਦਿਤਾ ਗਿਆ। ਇਸਦੇ ਇਲਾਵਾ, ਸਾਰੇ ਵੱਡੇ–ਵੱਡੇ ਨੇਤਾ ਤੇ ਤੂੰ ਵੀ ਮੇਰੇ ਖ਼ਿਲਾਫ ਸੈਂ-ਮਹਾਤਮਾ ਗਾਂਧੀ ਦਾ ਨਾਂ ਤੇ ਪ੍ਰਤਿਸ਼ਠਾ ਦੂਜੇ ਪੱਖ ਨਾਲ ਸੀ-ਬਹੁਤੀਆਂ ਸੂਬਾਈ ਕਾਂਗਰਸ ਕਮੇਟੀਆਂ ਉਸਦੇ ਹੱਥ ਹੇਠ ਸਨ। ਉਹਨਾਂ ਸਾਰਿਆਂ ਦੇ ਖ਼ਿਲਾਫ ਮੇਰੇ ਕੋਲ ਕੀ ਸੀ? ਮੈਂ ਇਕੱਲਾ ਖੜ੍ਹਾ ਸਾਂ? ਮੈਨੂੰ ਸਾਰਾ ਪਤਾ ਹੈ-ਕੀ ਤੈਨੂੰ ਪਤਾ ਨਹੀਂ ਕਿ ਕਈ ਥਾਵੀਂ ਚੋਣ–ਪ੍ਰਚਾਰ ਡਾ. ਪੱਟਾਭਿ ਲਈ ਨਹੀਂ ਗਾਂਧੀਜੀ ਤੇ ਗਾਂਧੀਵਾਦ ਲਈ ਹੋਇਆ, ਹਾਲਾਂਕਿ ਅਨੇਕਾਂ ਆਦਮੀਆਂ ਨੇ ਇਸ ਮਿਥਿਆ ਪ੍ਰਚਾਰ ਤੋਂ ਪ੍ਰਭਾਵਿਤ ਹੋਣ ਤੋਂ ਇਨਕਾਰ ਕਰ ਦਿਤਾ। ਫੇਰ ਵੀ, ਇਕ ਮਾਰਚ ਦੀ ਜਨਤਕ ਸਭਾ ਵਿਚ ਖੜ੍ਹੇ ਹੋ ਕੇ , ਤੂੰ ਇਸੇ ਆਧਾਰ ਉੱਤੇ ਮੇਰੀ ਨਿੰਦਿਆ ਦੀ ਕੋਸ਼ਿਸ਼ ਕੀਤੀ, ਜਿਹੜੀ ਬਿਲਕੁਲ ਗਲਤ ਲੱਗਦੀ ਹੈ।
ਹੁਣ ਤਿਆਗ–ਪੱਤਰਾਂ ਵਾਲੀ ਗੱਲ ਲੈ ਲੈ। ਬਾਰਾਂ ਮੈਂਬਰਾਂ ਨੇ ਤਿਆਗ–ਪੱਤਰ ਦਿਤੇ। ਉਹਨਾਂ ਇਕ ਸਪਸ਼ਟ ਪੱਤਰ ਲਿਖਿਆ-ਸਭਿਅਕ ਪੱਤਰ ਸੀ ਉਹ, ਜਿਸ ਵਿਚ ਉਹਨਾਂ ਨੇ ਆਪਣੀ ਸਥਿਤੀ ਨੂੰ ਬਿਲਕੁਲ ਸਪਸ਼ਟ ਕਰ ਦਿਤਾ ਸੀ। ਮੇਰੀ ਬਿਮਾਰੀ ਦਾ ਖ਼ਿਆਲ ਕਰਕੇ ਉਹਨਾਂ ਮੇਰੇ ਬਾਰੇ ਇਕ ਵੀ ਕੌੜਾ ਸ਼ਬਦ ਪ੍ਰਯੋਗ ਨਹੀਂ ਕੀਤਾ, ਹਾਲਾਂਕਿ ਉਹ ਚਾਹੁੰਦੇ ਤਾਂ ਮੇਰੀ ਤਿੱਖੀ ਅਲੋਚਨਾ ਕਰ ਸਕਦੇ ਸਨ। ਪਰ ਤੇਰਾ ਬਿਆਨ-ਉਸ ਬਾਰੇ ਮੈਂ ਕੀ ਕਹਾਂ! ਮੈਂ ਕੁਸੈਲੀ–ਭਾਸ਼ਾ ਦਾ ਪ੍ਰਯੋਗ ਨਹੀਂ ਕਰਾਂਗਾ ਤੇ ਸਿਰਫ ਇਹੀ ਕਹਾਂਗਾ ਕਿ ਉਹ ਤੇਰੇ ਲਾਇਕ ਨਹੀਂ ਸੀ (ਮੈਨੂੰ ਦੱਸਿਆ ਗਿਆ ਹੈ ਕਿ ਤੂੰ ਆਪਣੇ ਬਿਆਨ ਨੂੰ ਮੋਟੇ ਰੂਪ ਵਿਚ ਤਿਆਗ ਪੱਤਰ ਵਿਚ ਸ਼ਾਮਿਲ ਕਰਨਾ ਚਾਹੁੰਦਾ ਸੈਂ, ਪਰ ਇਹ ਸਵਿਕਾਰ ਨਹੀਂ ਕੀਤਾ ਗਿਆ) ਤੇਰੇ ਬਿਆਨ ਦਾ ਇਹ ਅਸਰ ਪੈਂਦਾ ਹੈ ਕਿ ਹੋਰਨਾ ਬਾਰਾਂ ਮੈਂਬਰਾਂ ਵਾਂਗ ਹੀ ਤੂੰ ਵੀ ਤਿਆਗ ਪੱਤਰ ਦਿਤਾ ਹੈ, ਪਰ ਇਸ ਸਮੇਂ ਤਕ ਆਮ ਜਨਤਾ ਦੇ ਸਾਹਮਣੇ ਤੇਰੀ ਸਥਿਤੀ ਇਕ ਬੁਝਾਰਤ ਬਣੀ ਹੋਈ ਹੈ। ਜਦ ਕੋਈ ਸੰਕਟ ਪੈਦਾ ਹੁੰਦਾ ਹੈ ਤਾਂ ਅਕਸਰ ਤੂੰ ਇਸ ਪੱਖ ਜਾਂ ਉਸ ਪੱਖ ਬਾਰੇ ਆਪਣੀ ਕੋਈ ਰਾਏ ਨਹੀਂ ਬਣਾ ਸਕਦਾ ਤੇ ਨਤੀਜਾ ਇਹ ਹੁੰਦਾ ਹੈ ਕਿ ਜਨਤਾ ਨੂੰ ਤੂੰ ਦੋ ਘੋੜਿਆਂ ਉੱਤੇ ਸਵਾਰੀ ਕਰਦਾ ਹੋਇਆ ਨਜ਼ਰ ਆਉਂਦਾ ਹੈਂ।
ਮੈਂ ਫੇਰ ਤੇਰੇ 22 ਫਰਬਰੀ ਦੇ ਭਾਸ਼ਣ ਉੱਤੇ ਆ ਰਿਹਾ ਹਾਂ। ਤੇਰਾ ਖ਼ਿਆਲ ਹੈ ਕਿ ਤੂੰ ਜੋ ਕਹਿੰਦਾ ਹੈਂ, ਉਹ ਬੜਾ ਸੋਚਿਆ–ਵਿਚਾਰਿਆ ਤੇ ਸਭਿਅਕ ਹੁੰਦਾ ਹੈ, ਪਰ ਵੱਖ–ਵੱਖ ਮੌਕਿਆਂ ਉਪਰ ਤੇਰਾ ਰੁਖ਼ ਵੇਖ ਕੇ ਲੋਕ ਹੈਰਾਨ–ਪ੍ਰੇਸ਼ਾਨ ਰਹਿ ਜਾਂਦੇ ਹਨ। ਕੁਝ ਉਦਾਹਰਨਾ ਵੇਖ ਲੈ। 22 ਫਰਬਰੀ ਦੇ ਆਪਣੇ ਭਾਸ਼ਣ ਵਿਚ ਤੂੰ ਕੁਝ ਕਾਰਣ ਦੱਸੇ। ਉਹਨਾਂ ਕਾਰਣਾ ਦੀ 26 ਜਨਵਰੀ ਨੂੰ ਅਲਮੋੜਾ ਤੋਂ ਜਾਰੀ ਕੀਤੇ ਆਪਣੇ ਬਿਆਨ ਵਿਚ ਦਿਤੇ ਕਾਰਣਾ ਨਾਲ ਤੁਲਣਾ ਕਰ। ਸਪਸ਼ਟ ਤੌਰ 'ਤੇ ਆਪਣਾ ਆਧਾਰ ਬਦਲਿਆ ਨਜ਼ਰ ਆਏਗਾ। ਫੇਰ ਕੁਝ ਬੰਬਈ ਦੇ ਮਿੱਤਰਾਂ ਨੇ ਮੈਨੂੰ ਕਿਹਾ ਸੀ ਕਿ ਤੈਨੂੰ ਮੇਰੇ ਪ੍ਰਧਾਨਗੀ–ਪਦ ਉੱਤੇ ਖੜ੍ਹੇ ਹੋਣ ਵਿਚ ਕੋਈ ਇਤਰਾਜ਼ ਨਹੀਂ ਹੈ, ਬਸ਼ਰਤੇ ਕਿ ਮੈਂ ਵਾਮ–ਪੱਖ ਦੇ ਉਮੀਦਵਾਰ ਵਜੋਂ ਖੜ੍ਹਾ ਹੋ ਜਾਵਾਂ।
ਅਲਮੋੜਾ ਦੇ ਬਿਆਨ ਨੂੰ ਤੂੰ ਇਹ ਕਹਿ ਕੇ ਖ਼ਤਮ ਕੀਤਾ ਸੀ ਕਿ ਸਾਨੂੰ ਵਿਅਕਤੀਆਂ ਨੂੰ ਭੁੱਲ ਜਾਣਾ ਚਾਹੀਦਾ ਹੈ ਤੇ ਸਿਰਫ ਸਿਧਾਤਾਂ ਤੇ ਆਪਣੇ ਨਿਸ਼ਾਨੇ ਨੂੰ ਯਾਦ ਰਖਣਾ ਚਾਹੀਦਾ ਹੈ। ਤੈਨੂੰ ਕਦੀ ਇਹ ਖ਼ਿਆਲ ਨਹੀਂ ਆਇਆ ਕਿ ਵਿਅਕਤੀਆਂ ਨੂੰ ਭੁੱਲ ਜਾਣ ਵਾਲੀ ਗੱਲ ਤੂੰ ਤਦ ਹੀ ਕਹਿੰਦਾ ਹੈਂ, ਜਦ ਕੁਝ ਖਾਸ ਵਿਆਕਤੀਆਂ ਦਾ ਖ਼ਿਆਲ ਸਾਹਮਣੇ ਹੁੰਦਾ ਹੈ। ਜਦ ਸੁਭਾਸ਼ ਬੋਸ ਦੁਬਾਰਾ ਚੁਣੇ ਜਾਣ ਲਈ ਖੜ੍ਹਾ ਹੁੰਦਾ ਹੈ, ਤਾਂ ਤੂੰ ਵਿਅਕਤੀਆਂ ਨੂੰ ਨਜ਼ਰ–ਅੰਦਾਜ਼ ਕਰਨ ਲੱਗ ਪੈਂਦਾ ਹੈਂ ਤੇ ਸਿਧਾਤਾਂ ਆਦੀ ਦੀ ਦੁਹਾਈ ਦੇਂਦਾ ਹੈਂ। ਜਦ ਮੌਲਾਨਾ ਆਜ਼ਾਦ ਫੇਰ ਚੁਣੇ ਜਾਣ ਲਈ ਖੜ੍ਹੇ ਹੁੰਦੇ ਹਨ ਤਾਂ ਤੈਨੂੰ ਲੰਮਾ ਪ੍ਰਸ਼ੰਸਾਗੀਤ ਲਿਖਣ ਵਿਚ ਕੋਈ ਸੰਕੋਚ ਨਹੀਂ ਹੁੰਦਾ। ਜਦ ਮੁਕਾਬਲਾ ਸੁਭਾਸ਼ ਬੋਸ ਤੇ ਸਰਦਾਰ ਪਟੇਲ ਤੇ ਕਿਸੇ ਦੂਸਰੇ ਦੇ ਵਿਚਕਾਰ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਸੁਭਾਸ਼ ਬੋਸ ਨੂੰ ਆਪਣੇ ਵਿਅਕਤੀਗਤ ਪ੍ਰਸ਼ਨਾ ਦਾ ਖੁਲਾਸਾ ਕਰਨਾ ਚਾਹੀਦਾ ਹੈ। ਜਦ ਸ਼ਰਦ ਬੋਸ ਤ੍ਰਿਪੁਰੀ ਵਿਚ ਕੁਝ ਗੱਲਾਂ ਦੀ ਸ਼ਿਕਾਇਤ ਕਰਦੇ ਹਨ (ਉਹਨਾਂ ਲੋਕਾਂ ਦੇ ਰਵੱਈਏ ਤੇ ਵਰਤਾਰੇ ਦੀ ਸ਼ਿਕਾਇਤ ਕਰਦੇ ਹਨ, ਜਿਹੜੇ ਆਪਣੇ ਆਪ ਨੂੰ ਮਹਾਤਮਾ ਗਾਂਧੀ ਦੇ ਕੱਟੜ ਚੇਲੇ ਕਹਿੰਦੇ ਹਨ) ਤਾਂ ਤੇਰੇ ਖ਼ਿਆਲ ਵਿਚ ਉਹ ਵਿਅਕਤੀਗਤ ਪ੍ਰਸ਼ਨਾਂ ਉਪਰ ਉਤਰ ਆਏ ਹਨ, ਜਦ ਕਿ ਉਹਨਾਂ ਨੂੰ ਸਿਧਾਤਾਂ ਤੇ ਕਾਰਜ–ਕੰਮਾਂ ਤਕ ਹੀ ਸੀਮਿਤ ਰੱਖਣਾ ਚਾਹੀਦਾ ਸੀ। ਮੈਂ ਮੰਨਦਾ ਹਾਂ ਕਿ ਮੇਰਾ ਤੁੱਛ ਦਿਮਾਗ ਤੇਰੀ ਸੰਗਤ ਨੂੰ ਸਮਝਣ ਵਿਚ ਅਸਮਰਥ ਹੈ।
ਹੁਣ ਮੈਂ ਵਿਅਕਤੀਗਤ ਪ੍ਰਸ਼ਨ ਦੀ ਚਰਚਾ ਕਰਾਂਗਾ, ਜੋ ਜਿੱਥੇ ਤਕ ਮੇਰਾ ਸੰਬੰਧ ਹੈ, ਤੇਰੀ ਨਿਗਾਹ ਵਿਚ ਏਨਾ ਮਹੱਤਵਪੂਰਣ ਬਣ ਜਾਂਦਾ ਹੈ। ਤੇਰਾ ਆਰੋਪ ਹੈ ਕਿ ਮੈਂ ਆਪਣੇ ਬਿਆਨਾਂ ਵਿਚ ਆਪਣੇ ਸਹਿਯੋਗੀਆਂ ਦੇ ਨਾਲ ਅਨਿਆਂ ਕੀਤਾ ਹੈ। ਜ਼ਾਹਿਰ ਹੈ ਤੂੰ ਉਹਨਾਂ ਵਿਚ ਨਹੀਂ ਹੈਂ ਤੇ ਜੇ ਹੋਵੇਂ ਤੇ ਮੈਂ ਕੋਈ ਆਰੋਪ ਲਾਇਆ ਸੀ ਤਾਂ ਉਹ ਦੂਜਿਆਂ ਦੇ ਖ਼ਿਲਾਫ ਸੀ-ਸੋ ਤੂੰ ਆਪਣੀ ਨਹੀਂ ਦੂਜਿਆਂ ਦੀ ਵਕਾਲਤ ਕਰ ਰਿਹਾ ਹੈਂ। ਇਕ ਵਕੀਲ ਆਮ ਤੌਰ ਤੇ ਆਪਣੇ ਮੁਵਕਿਲ ਨਾਲੋਂ ਵਧ ਹੁਸ਼ਿਆਰ ਹੁੰਦਾ ਹੈ। ਇਸ ਲਈ ਤੈਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਜਦ ਇਸ ਸਵਾਲ ਉੱਤੇ ਮੈਂ ਤ੍ਰਿਪੁਰੀ ਵਿਚ ਸਰਦਾਰ ਪਟੇਲ ਤੇ ਰਾਜੇਂਦਰ ਬਾਬੂ ਤੇ ਮੌਲਾਨਾ ਆਜ਼ਾਦ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਮੈਨੂੰ ਇਹ ਹੈਰਾਨ ਕਰ ਦੇਣ ਵਾਲੀ ਖ਼ਬਰ ਸੁਣਾਈ ਕਿ ਮੇਰੇ ਵਿਰੁਧ ਉਹਨਾਂ ਦੀ ਸ਼ਿਕਾਇਤ ਕਾਂਗਰਸ ਕਾਰਜ–ਸੰਮਤੀ ਦੀ ਇਸ ਜਨਵਰੀ ਦੀ ਬਾਰਦੋਲੀ ਦੀ ਬੈਠਕ ਤੋਂ ਪਹਿਲਾਂ ਦੇ ਸਮੇਂ ਨਾਲ ਸੰਬੰਧਤ ਸੀ। ਜਵਾਬ ਵਿਚ ਜਦ ਮੈਂ ਇਹ ਕਿਹਾ ਕਿ ਜਨਤਾ ਵਿਚ ਆਮ ਖ਼ਿਆਲ ਇਹ ਹੈ ਕਿ ਮੇਰੇ ਖ਼ਿਲਾਫ ਸ਼ਿਕਾਇਤ ਮੇਰੇ 'ਚੋਣ ਭਾਸ਼ਣਾ' ਨਾਲ ਸੰਬੰਧ ਰਖਦੀ ਹੈ ਤਾਂ ਉਹਨਾਂ ਨੇ ਕਿਹਾ ਕਿ ਇਹ ਤਾਂ ਕੋਈ ਹੋਰ ਆਰੋਪ ਹੈ। ਆਖ਼ਰ ਇਸ ਦਾ ਇਹ ਮਤਲਬ ਹੋਇਆ ਕਿ ਤੇਰੇ ਮੁਵਕਿਲ ਇਲਜ਼ਾਮਾਂ ਦੇ ਮਾਮਲੇ ਨੂੰ ਏਨਾ ਮਹੱਤਵ ਨਹੀਂ ਦਿੰਦੇ, ਜਿੰਨਾ ਤੂੰ ਉਹਨਾਂ ਦੇ ਵਕੀਲ ਦੀ ਹੈਸੀਅਤ ਨਾਲ ਦੇਂਦਾ ਹੈਂ। ਤ੍ਰਿਪੁਰੀ ਵਿਚ ਕਿਉਂਕਿ ਸਰਦਾਰ ਪਟੇਲ ਤੇ ਹੋਰ ਲੋਕ ਕਾਂਗਰਸ ਮਹਾਸੰਮਤੀ ਦੀ ਬੈਠਕ ਵਿਚ ਸ਼ਾਮਿਲ ਹੋਣ ਲਈ ਚਲੇ ਗਏ ਸਨ ਤੇ ਵਾਅਦਾ ਕਰਕੇ ਵੀ ਬੈਠਕ ਪਿੱਛੋਂ ਵਾਪਸ ਨਹੀਂ ਸੀ ਆਏ, ਮੈਂ ਇਸ ਬਾਰੇ ਹੋਰ ਗੱਲਬਾਤ ਨਹੀਂ ਕਰ ਸਕਿਆ, ਤਾਂ ਕਿ ਇਹ ਪਤਾ ਲਾ ਸਕਾਂ ਕਿ ਕਾਰਜ–ਸੰਮਤੀ ਦੀ ਬਾਰਦੋਲੀ ਦੀ ਬੈਠਕ ਪਿੱਛੋ ਹੋਈ ਕਿਹੜੀ ਘਟਨਾ ਵੱਲ ਤੁਹਾਡਾ ਇਸ਼ਾਰਾ ਹੈ। ਪਰ ਮੇਰੇ ਭਰਾ ਸ਼ਰਦ ਨੇ ਇਸ ਬਾਰੇ ਸਰਦਾਰ ਪਟੇਲ ਨਾਲ ਗੱਲ ਕੀਤੀ ਤਾਂ ਉਹਨਾਂ ਦਸਿਆ ਕਿ ਉਹਨਾਂ ਨੂੰ ਮੁੱਖ ਸ਼ਿਕਾਇਤ ਮੇਰੇ ਉਸ ਰਵੱਈਏ ਉਪਰ ਹੈ, ਜਿਹੜਾ ਮੈਂ ਕਾਂਗਰਸ ਮਹਾਸੰਮਤੀ ਦੀ ਦਿੱਲੀ ਦੀ ਬੈਠਕ ਵਿਚ, ਸਤੰਬਰ 1938 ਵਿਚ ਅਪਣਾਇਆ, ਜਦ ਸਮਾਜਵਾਦੀ ਬੈਠਕ ਵਿਚੋਂ ਉੱਠ ਕੇ ਚਲੇ ਗਏ ਸਨ। ਇਸ ਆਰੋਪ ਉਪਰ ਮੈਨੂੰ ਤੇ ਮੇਰੇ ਭਰਾ ਦੋਵਾਂ ਨੂੰ ਬੜੀ ਹੈਰਾਨੀ ਹੋਈ, ਪਰ ਗੱਲਬਾਤ ਵਿਚੋਂ ਇਹ ਵੀ ਪਤਾ ਲੱਗਿਆ ਕਿ ਸਰਦਾਰ ਪਟੇਲ ਤੇ ਦੂਜਿਆਂ ਦੇ ਮਨ ਵਿਚ ਇਲਜ਼ਾਮ ਵਾਲੇ ਮਾਮਲੇ ਦਾ ਓਨਾ ਮਹੱਤਵ ਨਹੀਂ ਹੈ, ਜਿੰਨਾ ਮਹੱਤਵ ਇਸਨੂੰ ਤੂੰ ਦਿਤਾ ਹੈ। ਅਸਲ ਵਿਚ, ਜਦ ਮੈਂ ਤ੍ਰਿਪੁਰੀ ਵਿਚ ਸੀ, ਕਈ ਪ੍ਰਤੀਨਿਧੀਆਂ ਨੇ ਮੈਨੂੰ ਦੱਸਿਆ (ਮੈਂ ਤੈਨੂੰ ਦਸ ਦਿਆਂ ਕਿ ਉਹ ਮੇਰੇ ਸਮਰਥਕ ਨਹੀਂ ਸਨ) ਕਿ ਇਜਲਾਮਾਂ ਵਾਲੇ ਮਾਮਲੇ ਨੂੰ ਉਸ ਸਮੇਂ ਤਕ ਲਗਭਗ ਭੁਲਾਅ ਹੀ ਦਿਤਾ ਗਿਆ ਸੀ, ਜਦ ਤਕ ਤੂੰ ਆਪਣੇ ਬਿਆਨਾ ਤੇ ਮਨ ਦੀ ਹਵਾੜ ਨਾਲ ਇਸ ਬਖੇੜੇ ਨੂੰ ਮੁੜ ਸੰਜੀਵ ਨਹੀਂ ਕਰ ਦਿਤਾ ਸੀ। ਤੇ ਇਸ ਬਾਰੇ ਮੈਂ ਤੈਨੂੰ ਦੱਸਾਂ ਕਿ ਕਾਂਗਰਸ ਪ੍ਰਧਾਨ ਦੀ ਚੋਣ ਪਿੱਛੋਂ ਕਾਂਗਰਸ–ਸੰਮਤੀ ਦੇ ਬਾਰਾਂ ਪਹਿਲੇ ਮੈਂਬਰਾਂ ਨੇ ਜਿੰਨਾ ਇਕੱਠੇ ਮਿਲ ਕੇ ਨਹੀਂ ਕੀਤਾ, ਉਸ ਨਾਲੋਂ ਵੱਧ ਤੂੰ ਮੈਨੂੰ ਜਨਤਾ ਦੀਆਂ ਨਿਗਾਹਾਂ ਵਿਚੋਂ ਡੇਗਣ ਲਈ ਕੀਤਾ ਹੈ। ਸੱਚਮੁੱਚ ਜੇ ਮੈਂ ਏਨਾ ਹੀ ਦੁਸ਼ਟ ਹਾਂ ਤਾਂ ਇਹ ਤੇਰਾ ਅਧਿਕਾਰ ਹੀ ਨਹੀਂ ਫਰਜ਼ ਵੀ ਬਣਦਾ ਹੈ ਕਿ ਤੂੰ ਜਨਤਾ ਸਾਹਮਣੇ ਮੇਰਾ ਪਰਦਾਫਾਸ਼ ਕਰੇਂ। ਪਰ ਸ਼ਾਇਦ ਤੈਨੂੰ ਇਹ ਜਾਪਦਾ ਹੋਵੇਗਾ ਕਿ ਜਿਹੜਾ ਦੁਸ਼ਟ ਵਿਅਕਤੀ ਤੇਰੇ ਸਮੇਤ ਵੱਡੇ–ਵੱਡੇ ਨੇਤਾਵਾਂ, ਮਹਾਤਮਾ ਗਾਂਧੀ ਤੇ ਅੱਠ ਸੂਬਾਈ ਸਰਕਾਰਾਂ ਦੇ ਵਿਰੋਧ ਦੇ ਬਾਵਜੂਦ ਪ੍ਰਧਾਨ ਚੁਣਿਆ ਗਿਆ, ਉਸ ਵਿਚ ਕੋਈ ਤਾਂ ਚੰਗਿਆਈ ਹੋਵੇਗੀ। ਉਸਨੇ ਆਪਣੇ ਪ੍ਰਧਾਨਗੀ ਦੇ ਸਮੇਂ ਦੌਰਾਨ ਦੇਸ਼ ਦੀ ਕੁਛ ਤਾਂ ਸੇਵਾ ਕੀਤੀ ਹੋਵੇਗੀ ਕਿ ਉਸ ਦੀ ਪਿੱਠ ਪਿੱਛੇ ਕੋਈ ਸੰਗਠਨ ਨਾ ਹੋਣ ਦੇ ਬਾਵਜੂਦ ਵੀ ਤੇ ਅਨੇਕਾਂ ਅੜਿੱਕਿਆਂ ਦੇ ਹੁੰਦਿਆਂ ਹੋਇਆਂ ਵੀ ਉਹ ਏਨੀਆਂ ਵੋਟਾਂ ਲੈ ਗਿਆ।
ਤੂੰ ਆਪਣੇ 22 ਫਰਬਰੀ ਦੇ ਬਿਆਨ ਵਿਚ ਅੱਗੇ ਕਿਹਾ ਹੈ : “ਮੈਂ ਕਾਂਗਰਸ ਪ੍ਰਧਾਨ ਨੂੰ ਕਿਹਾ ਵੀ ਇਹ ਸਭ ਤੋਂ ਪਹਿਲਾਂ ਤੇ ਸਭ ਤੋਂ ਜ਼ਰੂਰੀ ਵਿਚਾਰਨ ਯੋਗ ਮੁੱਦਾ ਹੈ, ਪਰ ਹੁਣ ਤਕ ਇਸ ਨਾਲ ਨਜਿੱਠਣ ਕੀ ਕੋਈ ਕੋਸ਼ਿਸ਼ ਨਹੀਂ ਕੀਤੀ ਗਈ।” ਪਰ ਇਹ ਲਾਈਨਾ ਲਿਖਣ ਲੱਗਿਆਂ ਤੈਨੂੰ ਇਹ ਖ਼ਿਆਲ ਕਿਉਂ ਨਹੀਂ ਆਇਆ ਕਿ ਗਲਤ ਫਹਿਮੀ ਨੂੰ ਦੂਰ ਕਰਨ ਲਈ ਮੇਰਾ ਸਰਕਾਰ ਪਟੇਲ ਤੇ ਹੋਰਾਂ ਨਾਲ ਮਿਲਣਾ ਜ਼ਰੂਰੀ ਸੀ ਤੇ ਇਹ ਕਾਰਜ–ਸੰਮਤੀ ਦੀ 22 ਫਰਬਰੀ ਦੀ ਬੈਠਕ ਸਮੇਂ ਹੀ ਹੋ ਸਕਦਾ ਸੀ? ਜਾਂ ਫੇਰ ਤੂੰ ਇਹ ਸੋਚ ਲਿਆ ਕਿ ਮੈਂ ਕਾਰਜ–ਸੰਮਤੀ ਦੀ ਬੈਠਕ ਨੂੰ ਟਾਲਿਆ? ਇਹ ਸਹੀ ਹੈ ਇਲਜਾਮਾ ਵਾਲੇ ਮਾਮਲੇ ਬਾਰੇ ਮੈਂ 15 ਫਰਬਰੀ ਨੂੰ ਮਹਾਤਮਾ ਗਾਂਧੀ ਨਾਲ ਚਰਚਾ ਨਹੀਂ ਕੀਤੀ, ਹਾਲਾਂਕਿ ਉਹਨਾਂ ਨੇ ਇਕ ਵਾਰੀ ਜ਼ਿਕਰ ਵੀ ਤੋਰਿਆ ਸੀ, ਪਰ ਉਸ ਸਮੇਂ ਤੇਰੇ ਹੀ ਇਸ ਨਿਰਦੇਸ਼ ਦਾ ਪਾਲਨ ਕਰ ਰਿਹਾ ਸੀ ਕਿ ਸਾਨੂੰ ਵਿਅਕਤੀਗਤ ਸਵਾਲਾਂ ਦੀ ਬਜਾਏ ਸਿਧਾਂਤ ਤੇ ਕਾਰਜ ਨੂੰ ਵੱਧ ਮਹੱਤਵ ਦੇਣਾ ਚਾਹੀਦਾ ਹੈ। ਮੈਂ ਤੈਨੂੰ ਦੱਸ ਦਿਆਂ ਕਿ ਜਦ ਮਹਾਤਮਾ ਗਾਂਧੀ ਨੇ ਮੈਨੂੰ ਕਿਹਾ ਕਿ ਸਰਦਾਰ ਪਟੇਲ ਤੇ ਦੂਸਰੇ ਇਕੋ ਸੰਮਤੀ ਵਿਚ ਮੇਰੇ ਨਾਲ ਸਹਿਯੋਗ ਨਹੀਂ ਕਰਨਗੇ ਤਾਂ ਮੈਂ ਉਹਨਾਂ ਨੂੰ ਇਹੀ ਕਿਹਾ ਕਿ 22 ਫਰਬਰੀ ਨੂੰ ਜਦ ਅਸੀਂ ਮਿਲਾਂਗੇ ਤਾਂ ਮੈਂ ਉਹਨਾਂ ਲੋਕਾਂ ਨਾਲ ਗੱਲ ਕਰ ਲਵਾਂਗਾ ਤੇ ਉਹਨਾਂ ਦਾ ਸਹਿਯੋਗ ਹਾਸਿਲ ਕਰਨ ਦੀ ਕੋਸ਼ਿਸ਼ ਕਰਾਂਗਾ। ਤੂੰ ਸ਼ਾਇਦ ਮੇਰੇ ਨਾਲ ਸਹਿਮਤ ਹੋਵੇਂ ਕਿ ਇਲਜ਼ਾਮਾਂ ਦਾ-ਜੇ ਕੋਈ ਸਨ ਤਾਂ-ਮਹਾਤਮਾ ਗਾਂਧੀ ਨਾਲ ਨਹੀਂ, ਬਲਿਕੇ ਕਾਰਜ–ਸੰਮਤੀ ਦੇ ਮੈਂਬਰਾਂ ਨਾਲ ਸੰਬੰਧ ਸੀ ਤੇ ਉਹਨਾਂ ਬਾਰੇ ਉਹਨਾਂ ਨਾਲ ਗੱਲ ਕਰਨੀ ਹੀ ਜ਼ਰੂਰੀ ਸੀ।
ਇਸ ਬਿਆਨ ਵਿਚ ਤੂੰ ਮੈਥੋਂ ਇਹ ਚਾਹੁੰਦਾ ਸੀ ਕਿ ਮੈਂ ਲਿਖਤੀ ਰੂਪ ਵਿਚ ਇਨਬਿਨ ਦੱਸਾਂ ਕਿ ਵਾਮ–ਪੱਖ ਤੇ ਦੱਖਣ–ਪੱਖ ਵਰਗੇ ਸ਼ਬਦਾਂ ਤੋਂ ਮੇਰਾ ਕੀ ਭਾਵ ਹੈ? ਮੈਂ ਤਾਂ ਇਹੀ ਸੋਚਿਆ ਸੀ ਕਿ ਘੱਟੋਘੱਟ ਤੂੰ ਅਜਿਹਾ ਸਵਾਲ ਨਹੀਂ ਪੁੱਛੇਂਗਾ। ਕੀ ਤੂੰ ਉਹਨਾਂ ਰਿਪੋਰਟਾਂ ਨੂੰ ਭੁੱਲ ਗਿਆ ਜਿਹੜੀਆਂ ਤੂੰ ਖ਼ੁਦ ਤੇ ਅਚਾਰੀਆ ਕ੍ਰਿਪਲਾਨੀ ਨੇ ਹਰਿਪੁਰਾ ਵਿਚ ਕਾਂਗਰਸ ਮਹਾਸੰਮਤੀ ਨੂੰ ਦਿਤੀਆਂ ਸਨ? ਕੀ ਤੂੰ ਆਪਣੀ ਰਿਪੋਰਟ ਵਿਚ ਇਹ ਨਹੀਂ ਸੀ ਕਿਹਾ ਕਿ ਦੱਖਣ–ਪੱਖ ਵਾਮ–ਪੱਖ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਿਹਾ ਹੈ? ਜੇ ਤੂੰ ਲੋੜ ਪੈਣ ਉੱਤੇ ਦੱਖਣ–ਪੱਖ ਤੇ ਵਾਮ–ਪੱਖ ਵਰਗੇ ਸ਼ਬਦਾਂ ਦਾ ਪ੍ਰਯੋਗ ਕਰ ਸਕਦਾ ਹੈਂ ਤਾਂ ਕੀ ਦੂਸਰੇ ਲੋਕ ਇੰਜ ਨਹੀਂ ਕਰ ਸਕਦੇ?
ਤੂੰ ਮੇਰੇ ਉੱਤੇ ਰਾਸ਼ਟਰੀ ਤੇ ਅੰਤਰ–ਰਾਸ਼ਟਰੀ ਮਾਮਲਿਆਂ ਉਪਰ ਆਪਣੀ ਨੀਤੀ ਸਪਸ਼ਟ ਨਾ ਕਰਨ ਦਾ ਆਰੋਪ ਵੀ ਲਾਇਆ ਹੈ। ਮੇਰਾ ਖ਼ਿਆਲ ਹੈ ਕਿ ਮੇਰੀ ਆਪਣੀ ਨੀਤੀ ਹੈ, ਉਹ ਗਲਤ ਜਾਂ ਸਹੀ ਹੋ ਸਕਦੀ ਹੈ। ਤ੍ਰਿਪੁਰੀ ਵਿਚ ਆਪਣੇ ਸੰਖੇਪ ਜਿਹੇ ਪ੍ਰਧਾਨਗੀ ਭਾਸ਼ਣ ਵਿਚ ਮੈਂ ਉਸਦਾ ਅਤੀ ਸਪਸ਼ਟ ਸ਼ਬਦਾਂ ਵਿਚ ਜ਼ਿਕਰ ਕੀਤਾ ਹੈ। ਮੇਰੀ ਨਿਮਰ ਰਾਏ ਵਿਚ ਭਾਰਤ ਦੀ ਤੇ ਅੰਦਰ–ਰਾਸ਼ਟਰੀ ਸਥਿਤੀ ਨੂੰ ਦੇਖਦਿਆਂ ਹੋਇਆਂ ਸਾਡੇ ਸਾਹਮਣੇ ਇਕੋ ਹੀ ਸਮੱਸਿਆ ਹੈ, ਇਕ ਹੀ ਕਰਤੱਵ ਹੈ-ਕਿ ਬ੍ਰਿਟਿਸ਼ ਸਰਕਾਰ ਸਾਹਮਣੇ ਸਵਰਾਜ ਦਾ ਪ੍ਰਸ਼ਨ ਰੱਖੀਏ। ਇਸ ਦੇ ਨਾਲ ਨਾਲ, ਸਾਰੇ ਦੇਸ਼ ਵਿਚ ਰਿਆਸਤੀ ਜਨਤਾ ਦੇ ਅੰਦੋਲਨ ਦੀ ਰਾਹਨੁਮਾਈ ਦੀ ਵੀ ਇਕ ਵਿਆਪਕ ਯੋਜਨਾ ਬਣਾਈ ਜਾਵੇ। ਮੇਰਾ ਖ਼ਿਆਲ ਹੈ ਕਿ ਤ੍ਰਿਪੁਰੀ ਕਾਂਗਰਸ ਤੋਂ ਪਹਿਲਾਂ ਵੀ ਮੈਂ ਆਪਣੇ ਵਿਚਾਰਾਂ ਦੀ ਇਕ ਸਪਸ਼ਟ ਝਾਕੀ ਤੈਨੂੰ ਉਸ ਸਮੇਂ ਦਿਖਾਈ ਸੀ, ਜਦ ਅਸੀਂ ਸ਼ਾਂਤੀ ਨਿਕੇਤਨ ਵਿਚ ਤੇ ਬਾਅਦ ਵਿਚ ਆਨੰਦ ਭਵਨ ਵਿਚ ਮਿਲੇ ਸੀ। ਮੈਂ ਹੁਣੇ ਹੁਣੇ ਜੋ ਕੁਝ ਲਿਖਿਆ ਹੈ, ਉਹ ਵੀ ਘੱਟੋਘੱਟ ਇਕ ਸਪਸ਼ਟ ਨੀਤੀ ਹੀ ਹੈ? ਹੁਣ ਮੈਂ ਤੈਨੂੰ ਪੁੱਛਦਾ ਹਾਂ ਕਿ ਤੇਰੀ ਕੀ ਨੀਤੀ ਹੈ? ਅਹਿ ਪਿੱਛੇ ਜਿਹੇ ਹੀ ਇਕ ਪੱਤਰ ਵਿਚ ਤ੍ਰਿਪੁਰੀ ਕਾਂਗਰਸ ਦੁਆਰਾ ਸਵਿਕਾਰ ਮੰਗ ਸੰਬੰਧੀ ਮਤੇ ਦਾ ਤੂੰ ਜ਼ਿਕਰ ਕੀਤਾ ਹੈ, ਉਸਨੂੰ ਕਾਫੀ ਮਹੱਤਵ ਦੇਂਦਾ ਲੱਗਦਾ ਹੈਂ। ਮੈਨੂੰ ਅਫਸੋਸ ਹੈ ਇਕ ਇਕਦਮ ਅਜਿਹਾ ਅਸਪਸ਼ਟ ਮਤਾ, ਜਿਸ ਵਿਚ ਭਲੀਆਂ ਲੱਗਣ ਵਾਲੀਆਂ ਆਮ ਗੱਲਾਂ ਕਹੀਆਂ ਗਈਆਂ ਹੋਣ, ਮੈਂ ਪਸੰਦ ਨਹੀਂ ਕਰ ਸਕਦਾ। ਉਹ ਸਾਨੂੰ ਕਿਤੇ ਵੀ ਨਹੀਂ ਲਿਜਾਅ ਸਕਦਾ। ਜੇ ਅਸੀਂ ਸਵਰਾਜ ਲਈ ਬ੍ਰਿਟਿਸ਼ ਸਰਕਾਰ ਨਾਲ ਲੜਨਾਂ ਚਾਹੁੰਦੇ ਹਾਂ ਤੇ ਅਸੀਂ ਮਹਿਸੂਸ ਕਰਦੇ ਹਾਂ ਕਿ ਉਸ ਲਈ ਠੀਕ ਸਮਾਂ ਆ ਗਿਆ ਹੈ ਤਾਂ ਸਾਨੂੰ ਇਹ ਸਾਫ ਸਾਫ ਕਹਿ ਦੇਣਾ ਚਾਹੀਦਾ ਹੈ ਤੇ ਅੱਗੇ ਵੱਲ ਕਦਮ ਵਧਾਉਣਾ ਚਾਹੀਦਾ ਹੈ। ਤੂੰ ਇਕ ਤੋਂ ਵਧ ਵਾਰੀ ਮੈਨੂੰ ਕਿਹਾ ਹੈ ਕਿ ਚੈਲੰਜ ਕਰਨ ਦਾ ਵਿਚਾਰ ਤੈਨੂੰ ਜਚਦਾ ਨਹੀਂ। ਪਿਛਲੇ ਤੀਹ ਵਰ੍ਹਿਆਂ ਤੋਂ ਮਹਾਤਮਾ ਗਾਂਧੀ ਬ੍ਰਿਟਿਸ਼ ਸਰਕਾਰ ਨੂੰ ਵਾਰ ਵਾਰ ਚੈਲੰਜ ਦਿੰਦੇ ਰਹੇ ਹਨ। ਇਹਨਾਂ ਚੈਲੰਜਾਂ ਤੇ ਲੋੜ ਪੈਣ ਉਪਰ ਨਾਲੋ ਨਾਲ ਲੜਾਈ ਦੀ ਤਿਆਰੀ ਕਰਨ ਕਰਕੇ ਹੀ ਉਹ ਬ੍ਰਿਟਿਸ਼ ਸਰਕਾਰ ਤੋਂ ਏਨਾ ਕੁਝ ਪ੍ਰਾਪਤ ਕਰ ਸਕੇ ਹਨ। ਜੇ ਤੂੰ ਸੱਚਮੁੱਚ ਇਹ ਮੰਨਦਾ ਹੈਂ ਕਿ ਰਾਸ਼ਟਰੀ ਮੰਗ ਨੂੰ ਮੰਨਵਾ ਲੈਣ ਦਾ ਸਮਾਂ ਆ ਗਿਆ ਹੈ ਤਾਂ ਚੈਲੰਜ ਕਰਨ ਦੇ ਇਲਾਵਾ ਤੂੰ ਹੋਰ ਕਿਹੜਾ ਰੱਸਤਾ ਅਪਣਾਅ ਸਕਦਾ ਹੈਂ? ਪਿਛਲੇ ਦਿਨੀਂ ਮਹਾਤਮਾ ਗਾਂਧੀ ਨੇ ਰਾਜਕੋਟ ਦੇ ਸਵਾਲ ਉੱਤੇ ਚੈਲੰਜ ਕੀਤਾ ਸੀ। ਕੀ ਤੂੰ ਚੈਲੰਜ ਦੇ ਵਿਚਾਰ ਦਾ ਇਸ ਲਈ ਵਿਰੋਧ ਕਰਦਾ ਹੈਂ ਕਿ ਮੈਂ ਉਸਨੂੰ ਪੇਸ਼ ਕੀਤਾ ਹੈ? ਜੇ ਇਹੀ ਗੱਲ ਹੈ ਤਾਂ ਉਸਨੂੰ ਸਾਫ ਸਾਫ ਤੇ ਬਿਨਾਂ ਕਿਸੇ ਲੁਕ–ਲਪੇਟ ਦੇ ਕਿਉਂ ਨਹੀਂ ਕਹਿੰਦਾ?
ਸੰਖੇਪ ਵਿਚ ਕਹਾਂ ਤਾਂ ਮੈਨੂੰ ਇਹ ਸਮਝ ਨਹੀਂ ਆਇਆ ਕਿ ਦੇਸ਼ ਦੀ ਅੰਦਰੂਨੀ ਰਾਜਨੀਤੀ ਬਾਰੇ ਤੇਰੀ ਕੀ ਨੀਤੀ ਹੈ। ਮੈਨੂੰ ਯਾਦ ਹੈ ਕਿ ਮੈਂ ਤੇਰੇ ਕਿਸੇ ਬਿਆਨ ਵਿਚ ਇਹ ਪੜ੍ਹਿਆ ਸੀ ਕਿ ਤੇਰੇ ਵਿਚਾਰ ਵਿਚ ਰਾਜਕੋਟ ਤੇ ਜੈਪੁਰ, ਦੇਸ਼ ਦੇ ਸਾਰੇ ਰਾਜਨੀਤਕ ਸਵਾਲਾਂ ਨੂੰ ਢਕ ਲੈਣਗੇ। ਮੈਂ ਤੇਰੇ ਵਰਗੇ ਵੱਡੇ ਨੇਤਾ ਦੇ ਮੂੰਹੋਂ ਅਜਿਹੀ ਗੱਲ ਸੁਣ ਕੇ ਹੈਰਾਨ ਰਹਿ ਗਿਆ ਸੀ। ਮੈਂ ਨਹੀਂ ਸਮਝ ਸਕਦਾ ਕਿ ਕੋਈ ਸਵਾਲ ਸਵਰਾਜ (ਆਜ਼ਾਦੀ) ਦੇ ਮੁੱਖ ਸਵਾਲ ਨੂੰ ਕਿਵੇਂ ਢਕ ਸਕਦਾ ਹੈ? ਰਾਜਕੋਟ ਇਸ ਵਿਸ਼ਾਲ ਦੇਸ਼ ਵਿਚ ਇਕ ਛੋਟਾ ਜਿਹਾ ਬਿੰਦੂ ਹੈ। ਜੈਪੁਰ ਦਾ ਖੇਤਰ ਰਾਜਕੋਟ ਨਾਲੋਂ ਕੁਝ ਵੱਡਾ ਹੈ, ਪਰ ਜੈਪੁਰ ਦਾ ਸਵਾਲ ਵੀ ਸਾਡੀ ਬ੍ਰਿਟਿਸ਼ ਸਰਕਾਰ ਨਾਲ ਚੱਲਣ ਵਾਲੀ ਮੁੱਖ ਲੜਾਈ ਵਿਚ ਉੱਠ ਦੇ ਮੂੰਹ ਜੀਰੇ ਬਰਾਬਰ ਹੈ। ਫੇਰ ਅਸੀਂ ਟੁਕੜਿਆਂ ਵਿਚ ਵੰਡੀ ਹੋਈ, ਪੇਬੰਦ ਲਾਉਣ ਵਾਲੀ ਤੇ ਸਮਝੌਤਾ ਪਸੰਦ ਨੀਤੀ ਦਾ ਪਿੱਛਾ ਕਰਦੇ ਰਹਾਂਗੇ ਤੇ ਹੋਰ ਰਾਜਾਂ ਵਿਚ ਲੋਕ–ਸੰਘਰਸ਼ ਮੁਲਤਵੀ ਕਰ ਦਿਆਂਗੇ ਤਾਂ ਰਿਆਸਤਾਂ ਵਿਚ ਨਾਗਰਿਕ ਸੁਤੰਤਰਤਾ ਤੇ ਜਵਾਬਦੇਹੀ ਸ਼ਾਸ਼ਨ ਸਥਾਪਿਤ ਕਰਨ ਲਈ ਸਾਨੂੰ ਢਾਈ ਸੌ ਸਾਲ ਲਗ ਜਾਣਗੇ ਤੇ ਉਸ ਪਿੱਛੋਂ ਅਸੀਂ ਆਜ਼ਾਦੀ ਦੀ ਗੱਲ ਸੋਚਾਂਗੇ।
ਅੰਤਰ–ਰਾਸ਼ਟਰੀ ਮਾਮਲਿਆਂ ਵਿਚ ਤੇਰੀ ਨੀਤੀ ਹੋਰ ਵੀ ਪਿੰਗਲੀ ਹੈ। ਜਦ ਤੂੰ ਕਾਂਗਰਸ ਸੰਮਤੀ ਸਾਹਮਣੇ ਇਹ ਸੁਝਾਅ ਰੱਖਿਆ ਸੀ ਕਿ ਯਹੂਦੀਆਂ ਨੂੰ ਭਾਰਤ ਵਿਚ ਵੱਸਣ ਦਿਤਾ ਜਾਏ ਤਾਂ ਮੈਂ ਹੈਰਾਨ ਹੀ ਰਹਿ ਗਿਆ ਸੀ। ਜਦ ਕਾਰਜ–ਸੰਮਤੀ ਨੇ (ਸ਼ਾਇਦ ਮਹਾਤਮਾ ਗਾਂਧੀ ਦੀ ਸਹਿਮਤੀ ਨਾਲ) ਇਸ ਸੁਝਾਅ ਨੂੰ ਠੁਕਰਾਅ ਦਿਤਾ ਤਾਂ ਤੈਨੂੰ ਬੜੀ ਠੇਸ ਲੱਗ ਸੀ। ਵਿਦੇਸ਼ ਨੀਤੀ ਯਥਾਰਥਵਾਦੀ ਵਿਸ਼ਾ ਹੈ ਤੇ ਉਸਦਾ ਫੈਸਲਾ ਰਾਸ਼ਟਰ ਦੇ ਹਿਤ ਨੂੰ ਮੁੱਖ ਰੱਖ ਕੇ ਹੀ ਹੋਣਾ ਚਾਹੀਦਾ ਹੈ। ਉਦਾਹਰਨ ਲਈ ਰੂਸ ਨੂੰ ਹੀ ਲੈ ਲਓ-ਆਪਣੀ ਅੰਦਰੂਨੀ ਰਾਜਨੀਤੀ ਵਿਚ ਉਹ ਸਮਾਜਵਾਦ ਨੂੰ ਪਹਿਲ ਦੇ ਆਧਾਰ 'ਤੇ ਲਾਗੂ ਕਰਦਾ ਹੈ, ਪਰ ਆਪਣੀ ਵਿਦੇਸ਼ ਨੀਤੀ ਉਪਰ ਕਦੀ ਵੀ ਆਪਣੀ ਭਾਵਨਾ ਨੂੰ ਹਾਵੀ ਨਹੀਂ ਹੋਣ ਦੇਂਦਾ। ਇਹੀ ਕਾਰਣ ਹੈ ਕਿ ਜਦ ਉਸਨੂੰ ਆਪਣਾ ਫਾਇਦਾ ਨਜ਼ਰ ਆਇਆ ਤਾਂ ਉਸਨੇ ਫਰਾਂਸੀਸੀ ਸਾਮਰਾਜਵਾਦ ਨਾਲ ਸਮਝੌਤਾ ਕਰ ਲੈਣ ਵਿਚ ਕੋਈ ਸੰਕੋਚ ਨਹੀਂ ਕੀਤਾ। ਫਰਾਂਸ–ਰੂਸ ਸਮਝੌਤਾ ਤੇ ਚੈਕੋਸਲੋਵਾਕੀਆ–ਰੂਸ ਸਮਝੌਤਾ ਇਸਦੀ ਪੁਸ਼ਟੀ ਕਰਦੇ ਹਨ। ਅਜ ਵੀ ਰੂਸ ਬ੍ਰਿਟਿਸ਼ ਸਾਮਰਾਜ ਨਾਲ ਸਮਝੌਤਾ ਕਰਨ ਲਈ ਉਤਸੁਕ ਹੈ। ਹੁਣ ਦੱਸ, ਤੇਰੀ ਵਿਦੇਸ਼–ਨੀਤੀ ਕੀ ਹੈ? ਭਾਵਨਾਵਾਂ ਦੇ ਬੁਲਬੁਲਿਆਂ ਤੇ ਨੇਕ ਸ਼ਿਸ਼ਟਾਚਾਰਾਂ ਨਾਲ ਵਿਦੇਸ਼–ਨੀਤੀ ਦਾ ਨਿਰਮਾਣ ਨਹੀਂ ਹੁੰਦਾ। ਹਰ ਸਮੇਂ ਹਾਰੇ ਹੋਏ ਉਦੇਸ਼ਾਂ ਦੀ ਵਕਾਲਤ ਕਰਦੇ ਰਹਿਣਾ ਤੇ ਇਕ ਪਾਸੇ ਜਰਮਨੀ ਤੇ ਇਟਲੀ ਵਰਗੇ ਦੇਸ਼ਾਂ ਦੀ ਨਿੰਦਿਆ ਕਰਨਾ ਤੇ ਦੂਜੇ ਪਾਸੇ ਬ੍ਰਿਟਿਸ਼ ਤੇ ਫਰਾਂਸੀਸੀ ਸਾਮਰਾਜਵਾਦ ਨੂੰ ਚੰਗੇ ਆਚਰਨ ਦਾ ਪ੍ਰਮਾਣ ਪੱਤਰ ਦੇਣ ਨਾਲ ਕੋਈ ਕੰਮ ਨਹੀਂ ਹੋਣ ਵਾਲਾ।
ਪਿੱਛਲੇ ਕੁਝ ਸਮੇਂ ਤੋਂ ਤੈਨੂੰ ਤੇ ਮਹਾਤਮਾ ਗਾਂਧੀ ਸਮੇਤ ਹਰ ਸੰਬੰਧਤ ਵਿਅਕਤੀ ਨੂੰ ਮੈਂ ਇਹ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ਕਿ ਸਾਨੂੰ ਅੰਤਰ–ਰਾਸ਼ਟਰੀ ਸਥਿਤੀ ਦਾ ਭਾਰਤ ਦੇ ਹਕ ਵਿਚ ਫਾਇਦਾ ਉਠਾਉਣਾ ਚਾਹੀਦਾ ਹੈ ਤੇ ਇਸ ਉਦੇਸ਼ ਨਾਲ ਆਪਣੀ ਰਾਸ਼ਟਰੀ ਮੰਗ ਨੂੰ ਇਕ ਚੁਨੌਤੀ ਦੇ ਰੂਪ ਵਿਚ ਬ੍ਰਿਟਿਸ਼ ਸਰਕਾਰ ਦੇ ਸਾਹਮਣੇ ਰੱਖਣਾ ਚਾਹੀਦਾ ਹੈ-ਪਰ ਮੈਂ ਤੈਨੂੰ ਤੇ ਮਹਾਤਮਾ ਗਾਂਧੀ ਨੂੰ ਉੱਕਾ ਹੀ ਪ੍ਰਭਾਵਿਤ ਨਹੀਂ ਕਰ ਸਕਿਆ-ਹਾਲਾਂਕਿ ਦੇਸ਼ ਦੀ ਜਨਤਾ ਦੀ ਇਕ ਵੱਡੀ ਗਿਣਤੀ ਮੇਰੇ ਇਸ ਰੁਖ਼ ਨੂੰ ਪਸੰਦ ਕਰਦੀ ਹੈ ਤੇ ਗ੍ਰੇਟ ਬ੍ਰਿਟੇਨ ਦੇ ਭਾਰਤੀ ਵਿਦਿਆਰਥੀਆਂ ਨੇ ਅਨੇਕਾਂ ਦਸਤਖ਼ਤਾਂ ਵਾਲਾ ਇਕ ਦਸਤਾਵੇਜ਼ ਮੈਨੂੰ ਭੇਜਿਆ ਹੈ, ਜਿਸ ਵਿਚ ਮੇਰੀ ਨੀਤੀ ਦਾ ਸਮਰਥਨ ਕੀਤਾ ਗਿਆ ਹੈ। ਅਜ ਜਦ ਤ੍ਰਿਪੁਰੀ ਮਤੇ ਦੀਆਂ ਬੰਧਸ਼ਾਂ ਦੇ ਬਾਵਜੂਦ, ਕਾਰਜ–ਸੰਮਤੀ ਨੂੰ ਤੁਰੰਤ ਨਿਯੁਕਤ ਨਾ ਕਰਨ ਲਈ ਤੂੰ ਮੈਨੂੰ ਦੋਸ਼ ਦੇ ਰਿਹਾ ਹੈਂ ਤਾਂ ਅੰਤਰ–ਰਾਸ਼ਟੀ ਸਥਿਤੀ ਅਚਾਨਕ ਤੇਰੀ ਨਿਗਾਹ ਵਿਚ ਅਸਾਧਾਰਣ ਮਹੱਤਵਪੂਰਨ ਹੋ ਗਈ ਹੈ! ਮੈਂ ਪੁੱਛਦਾ ਹਾਂ, ਯੂਰਪ ਵਿਚ ਅਜ ਅਜਿਹਾ ਕੀ ਹੋ ਗਿਆ ਹੈ, ਜਿਹੜਾ ਪਹਿਲਾਂ ਰਹੱਸ ਸੀ? ਕੀ ਅੰਦਰ–ਰਾਸ਼ਟਰੀ ਰਾਜਨੀਤੀ ਦਾ ਹਰੇਕ ਵਿਦਿਆਰਥੀ ਇਹ ਨਹੀਂ ਜਾਣਦਾ ਸੀ ਕਿ ਬਸੰਤ ਵਿਚ ਯੂਰਪ ਵਿਚ ਘੋਰ ਸੰਕਟ ਪੈਦਾ ਹੋਏਗਾ? ਜਦ ਮੈਂ ਬ੍ਰਿਟਿਸ਼ ਸਰਕਾਰ ਨੂੰ ਖੁੱਲ੍ਹਾ ਚੈਲੰਜ ਦੇਣ ਲਈ ਕਹਿੰਦਾ ਸੀ ਤਾਂ ਕੀ ਮੈਂ ਵਾਰੀ ਵਾਰੀ ਇਸਦਾ ਜ਼ਿਕਰ ਨਹੀਂ ਸੀ ਕੀਤਾ?
ਹੁਣ ਮੈਂ ਤੇਰੇ ਬਿਆਨ ਦੇ ਦੂਜੇ ਹਿੱਸੇ ਉਪਰ ਵਿਚਾਰ ਕਰਾਂਗਾ। ਤੂੰ ਕਹਿੰਦਾ ਹੈਂ : “ਇਹ ਕਾਰਜ–ਸੰਮਤੀ ਤਾਂ ਹੋਂਦ ਵਿਚ ਨਹੀਂ ਹੈ ਤੇ ਪ੍ਰਧਾਨ, ਜਿਵੇਂ ਕਿ ਸ਼ਾਇਦ ਉਹ ਚਾਹੁੰਦੇ ਹਨ, ਆਪਣੇ ਮਤੇ ਤਿਆਰ ਕਰਨ ਤੇ ਕਾਂਗਰਸ ਦੇ ਸਾਹਮਣੇ ਪੇਸ਼ ਕਰਨ ਲਈ ਆਜ਼ਾਦ ਹਨ। ਉਹਨਾਂ ਦੀ ਇੱਛਾ ਦੇ ਅਨੁਸਾਰ ਸਾਧਾਰਣ ਕੰਮ ਕਾਜ ਨਿਪਟਾਉਣ ਲਈ ਵੀ ਕੋਈ ਬੈਠਕ ਨਹੀਂ ਬੁਲਾਈ ਗਈ।” ਮੈਨੂੰ ਹੈਰਾਨੀ ਹੈ ਕਿ ਤੂੰ ਐਸੇ ਅਧੁਰੇ–ਸੱਚ ਜਾਂ ਮੈਂ ਕਹਾਂ ਕੋਰੇ–ਝੂਠ ਦੀ ਓਟ ਕਿੰਜ ਲੈ ਲੈਂਦਾ ਹੈਂ? ਕਾਰਜ–ਸੰਮਤੀ ਦੇ ਬਾਰਾਂ ਮੈਂਬਰ ਅਚਾਨਕ ਤੇ ਬਿਨਾਂ ਕਿਸੇ ਅਗਾਊ ਸੂਚਨਾਂ ਦੇ ਆਪਣੇ ਅਸਤੀਫੇ ਮੇਰੇ ਸਾਹਮਣੇ ਰੱਖ ਦਿੰਦੇ ਹਨ ਤੇ ਫੇਰ ਵੀ ਤੂੰ ਉਹਨਾਂ ਨੂੰ ਨਹੀਂ; ਮੈਨੂੰ ਹੀ ਦੋਸ਼ ਦੇ ਰਿਹਾ ਹੈਂ ਕਿ ਸ਼ਾਇਦ ਮੈਂ ਮਤੇ ਤਿਆਰ ਕਰਨ ਲਈ ਸੁਤੰਤਰ ਹੋਣਾ ਚਾਹੁੰਦਾ ਸੀ? ਫੇਰ ਆਮ ਕੰਮ ਕਾਜ ਨਿਪਟਾਉਣ ਤੋਂ ਮੈਂ ਤੈਨੂੰ ਕਦ ਰੋਕਿਆ ਹੈ? ਕਾਂਗਰਸ ਲਈ ਮਤੇ ਤਿਆਰ ਕਰਨ ਦੇ ਮੁੱਖ ਕਾਰਜ ਬਾਰੇ ਵੀ, ਹਾਲਾਂਕਿ ਮੈਂ ਤ੍ਰਿਪੁਰੀ ਕਾਂਗਰਸ ਤਕ ਕਾਰਜ–ਸੰਮਤੀ ਦੀ ਬੈਠਕ ਮੁਲਤਵੀ ਕਰਨ ਦਾ ਸੁਝਾਅ ਦਿਤਾ ਸੀ, ਪਰ ਕੀ ਮੈਂ ਸਰਦਾਰ ਪਟੇਲ ਨੂੰ ਆਪਣੇ ਤਾਰ ਵਿਚ ਇਹ ਨਹੀਂ ਲਿਖਿਆ ਕਿ ਸੰਮਤੀ ਦੇ ਦੂਜੇ ਮੈਂਬਰਾਂ ਨਾਲ ਮਸ਼ਵਰਾ ਕਰਨ ਤੇ ਉਹਨਾਂ ਦੀ ਰਾਏ ਮੈਨੂੰ ਤਾਰ ਦੁਆਰਾ ਦੱਸਣ? ਜੇ ਤੈਨੂੰ ਇਸ ਬਾਰੇ ਵੀ ਕੋਈ ਸ਼ੱਕ ਹੈ ਤਾਂ ਕ੍ਰਿਪਾ ਕਰਕੇ ਸਰਦਾਰ ਦੇ ਨਾਂ ਮੇਰਾ ਤਾਰ ਦੇਖ ਲਵੀਂ। ਮੈਂ ਤਾਰ ਵਿਚ ਇੰਜ ਲਿਖਿਆ ਸੀ :
“ਸਰਦਾਰ ਪਟੇਲ ਵਰਧਾ।
ਕ੍ਰਿਪਾ ਕਰਕੇ ਮਹਾਤਮਾ ਜੀ ਦੇ ਨਾਂ ਮੇਰਾ ਤਾਰ ਦੇਖੋ। ਬੜੇ ਦੁੱਖ ਨਾਲ ਲਿਖ ਰਿਹਾ ਹਾਂ ਕਿ ਕਾਰਜ–ਸੰਮਤੀ ਕਾਂਗਰਸ ਤਕ ਮੁਲਤਵੀ ਕਰ ਦਿਤੀ ਜਾਏ। ਕ੍ਰਿਪਾ ਕਰਕੇ ਸਾਥੀਆਂ ਨਾਲ ਸਲਾਹ ਕਰਨੀ ਤੇ ਰਾਏ ਤਾਰ ਦੁਆਰਾ ਘੱਲਣੀ।
-ਸੁਭਾਸ਼”
ਤ੍ਰਿਪੁਰੀ ਕਾਂਗਰਸ ਦੇ ਸਮਾਪਤ ਹੋਣ ਤੋਂ ਸੱਤ ਦਿਨ ਬਾਅਦ ਤੂੰ ਮੈਨੂੰ ਇਸ ਵਿਸ਼ੇ ਉਪਰ ਤਾਰ ਭੇਜਿਆ ਕਿ ਕਾਂਗਰਸ ਵਿਚ ਫੁੱਟ ਲਈ ਮੈਂ ਹੀ ਜ਼ਿਮੇਵਾਰ ਹਾਂ। ਆਪਣੀ ਪੂਰੀ ਨਿਆਂ ਭਾਵਨਾ ਦੇ ਬਾਵਜੂਦ ਤੂੰ ਇਹ ਮਹਿਸੂਸ ਨਹੀਂ ਕੀਤਾ ਕਿ ਤ੍ਰਿਪੁਰੀ ਕਾਂਗਰਸ ਨੇ, ਜਦ ਪੰਡਿਤ ਪੰਤ ਦਾ ਮਤਾ ਪਾਸ ਕੀਤਾ ਤਾਂ ਉਹ ਚੰਗੀ ਤਰ੍ਹਾਂ ਜਾਣਦੀ ਸੀ ਕਿ ਮੈਂ ਬਿਮਾਰ ਪਿਆ ਹਾਂ, ਮਹਾਤਮਾ ਗਾਂਧੀ ਤ੍ਰਿਪੁਰੀ ਨਹੀਂ ਆਏ ਹਨ ਤੇ ਸਾਡਾ ਦੋਵਾਂ ਦਾ ਨੇੜੇ ਦੇ ਭਵਿੱਖ ਵਿਚ ਮਿਲਣਾ ਮੁਸ਼ਕਿਲ ਹੋਵੇਗਾ। ਤੂੰ ਇਹ ਵੀ ਨਹੀਂ ਸੋਚਿਆ ਕਿ ਮੇਰੇ ਹੱਥੋਂ ਨਾਜਾਇਜ਼ ਤੇ ਗੈਰ ਕਾਨੂੰਨੀ ਢੰਗ ਨਾਲ ਕਾਰਜ–ਸੰਮਤੀ ਨਿਯੁਕਤ ਕਰਨ ਦਾ ਅਧਿਕਾਰ ਖੋਹ ਕੇ ਕਾਂਗਰਸ ਨੇ ਖ਼ੁਦ ਇਸ ਫੁੱਟ ਦੀ ਜ਼ਿਮੇਂਵਾਰੀ ਆਪਣੇ ਸਿਰ ਲੈ ਲਈ ਹੈ। ਜੇ ਪੰਡਿਤ ਪੰਤ ਤੇ ਮਤੇ ਨੇ ਏਨੇ ਧੱਕੇ ਨਾਲ ਕਾਂਗਰਸ–ਸੰਵਿਧਾਨ ਦੀ ਉਲੰਘਣਾ ਨਾ ਕੀਤੀ ਹੁੰਦੀ ਤਾਂ ਮੈਂ 15 ਮਾਰਚ 1939 ਨੂੰ ਕਾਰਜ–ਸੰਮਤੀ ਬਣਾਅ ਦਿਤੀ ਹੁੰਦੀ। ਤੂੰ ਕਾਂਗਰਸ ਦੇ ਸੱਤ ਦਿਨ ਬਾਅਦ ਹੀ ਮੇਰੇ ਵਿਰੁੱਧ ਜਨਤਕ ਅੰਦੋਲਨ ਸ਼ੁਰੂ ਕਰ ਦਿਤਾ, ਹਾਲਾਂਕਿ ਤੈਨੂੰ ਮੇਰੀ ਸਿਹਤ ਦੀ ਹਾਲਤ ਦਾ ਚੰਗੀ ਤਰ੍ਹਾਂ ਪਤਾ ਸੀ ਤੇ ਮੇਰੇ ਨਾਂ ਭੇਜਿਆ ਹੋਇਆ ਤੇਰਾ ਤਾਰ ਮੈਨੂੰ ਮਿਲਣ ਤੋਂ ਪਹਿਲਾਂ ਹੀ ਅਖ਼ਬਰਾਂ ਵਿਚ ਛਪ ਗਿਆ ਸੀ। ਜਦ ਤ੍ਰਿਪੁਰੀ ਦੇ ਪਹਿਲੇ ਪੂਰੇ ਪੰਦਰਵਾੜੇ ਕਾਰਜ–ਸੰਮਤੀ ਦੇ ਬਾਰਾਂ ਮੈਂਬਰਾਂ ਦੇ ਅਸਤੀਫੇ ਦੇ ਦੇਣ ਕਾਰਣ ਕਾਂਗਰਸ ਦੇ ਮਾਮਲਿਆਂ ਵਿਚ ਮਤਭੇਦ ਚੱਲਦਾ ਰਿਹਾ ਸੀ ਤਾਂ ਕੀ ਤੂੰ ਵਿਰੋਧ ਵਿਚ ਇਕ ਵੀ ਸ਼ਬਦ ਕਿਹਾ? ਕੀ ਤੂੰ ਮੇਰੇ ਪ੍ਰਤੀ ਇਕ ਵੀ ਸ਼ਬਦ ਹਮਦਰਦੀ ਦਾ ਕਿਹਾ? ਤੂੰ ਪਿੱਛੇ ਜਿਹੇ ਇਕ ਪੱਤਰ ਵਿਚ ਲਿਖਿਆ ਹੈ ਕਿ ਤੂੰ ਆਪਣੇ ਵਲੋਂ ਹੀ ਬੋਲਦਾ ਜਾਂ ਕੰਮ ਕਰਦਾ ਹੈਂ ਤੇ ਤੈਨੂੰ ਕਿਸੇ ਹੋਰ ਦਾ ਪ੍ਰਤੀਨਿੱਧ ਨਹੀਂ ਸਮਝਣਾ ਚਾਹੀਦਾ। ਇਹ ਮੇਰੀ ਬਦਕਿਮਤੀ ਹੈ ਕਿ ਤੈਨੂੰ ਇਹ ਕਦੀ ਨਹੀਂ ਸੁਝਿਆ ਕਿ ਤੂੰ ਦੂਸਰਿਆਂ ਨੂੰ ਦੱਖਣ–ਪੱਖੀ ਦੇ ਰੂਪ ਵਿਚ ਨਜ਼ਰ ਆਉਂਦਾ ਹੈਂ। ਉਦਾਹਰਨ ਲਈ ਆਪਣੇ 26 ਮਾਰਚ ਦੇ ਪੱਤਰ ਨੂੰ ਹੀ ਲੈ ਲੈ-ਤੂੰ ਉਸ ਵਿਚ ਕਿਹਾ ਹੈ : “ਮੈਂ ਤੇਰਾ ਬਿਆਨ ਅਜ ਪਰਚਿਆਂ ਵਿਚ ਪੜ੍ਹਿਆ। ਮੈਨੂੰ ਡਰ ਹੈ ਕਿ ਇਸ ਤਰ੍ਹਾਂ ਦੀ ਦਲੀਲਬਾਜ਼ੀ ਭਰੇ ਬਿਆਨ ਸਥਿਤੀ ਨੂੰ ਸੁਧਾਰਨ ਵਿਚ ਸਹਾਈ ਨਹੀਂ ਹੋਣਗੇ।” ਕੀ ਤੂੰ ਕਦੀ ਮੇਰੇ ਰਾਜਨੀਤਕ ਵਿਰੋਧੀਆਂ ਦੇ ਬਿਆਨਾਂ ਉਪਰ ਵੀ ਅਜਿਹੇ ਵਿਸ਼ੇਸ਼ਣਾ ਦਾ ਪ੍ਰਯੋਗ ਕੀਤਾ ਹੈ? ਸ਼ਾਇਦ ਉਹਨਾਂ ਦੀ ਸਲਾਹੁਤ ਕਰਦਾ ਹੋਏਂਗਾ।
ਫੇਰ, ਤੂੰ ਆਪਣੇ 22 ਫਰਬਰੀ ਦੇ ਭਾਸ਼ਣ ਵਿਚ ਕਹਿੰਦਾ ਹੈਂ-“ਸਥਾਨਕ ਕਾਂਗਰਸੀ ਝਗੜਿਆਂ ਨੂੰ ਸਾਧਾਰਨ ਤਰੀਕੇ ਨਾਲ ਨਜਿੱਠਣ ਦੀ ਬਜਾਏ ਸਿੱਧੀ ਮੁੱਢੋਂ ਨਬੇੜ ਦੇਣ ਦੀ ਪ੍ਰਵਿਰਤੀ ਦਿਖਾਈ ਦਿੰਦੀ ਹੈ ਤੇ ਇਸਦਾ ਇਹ ਨਤੀਜਾ ਹੁੰਦਾ ਹੈ ਕਿ ਖਾਸ ਗੁੱਟਾਂ ਤੇ ਪਾਰਟੀਆਂ ਦੇ ਨਾਲ ਰਿਆਇਤ ਹੁੰਦੀ ਹੈ, ਤੁੱਥਮੁੱਥ ਹੋ ਜਾਂਦਾ ਹੈ ਤੇ ਕਾਰਜ ਦੀ ਹਾਨੀ ਹੁੰਦੀ ਹੈ।...ਮੈਨੂੰ ਇਹ ਦੇਖ ਕੇ ਦੁੱਖ ਹੁੰਦਾ ਹੈ ਕਿ ਸਾਡੇ ਸੰਗਠਨ ਦੇ ਹਿਰਦੇ ਵਿਚ ਨਵੇਂ ਢੰਗ ਤਰੀਕੇ ਭਰੇ ਜਾ ਰਹੇ ਹਨ, ਜਿਸ ਨਾਲ ਰਾਜਨੀਤਕ ਝਗੜੇ ਉੱਚੇ ਸਤਰ ਤਕ ਫੈਲ ਜਾਣਗੇ।”
ਇਸ ਕਿਸਮ ਦੇ ਦੋਸ਼ ਤੇ ਆਰੋਪ ਪੜ੍ਹ ਕੇ ਮੈਨੂੰ ਦੁੱਖ ਰਲੀ ਹੈਰਾਨੀ ਹੋਈ, ਜਦ ਕਿ ਤੂੰ ਸਾਰੇ ਤੱਥਾਂ ਦਾ ਪਤਾ ਲਾਉਣ ਦੀ ਪ੍ਰਵਾਹ ਨਹੀਂ ਕੀਤੀ ਹੈ। ਘੱਟੋਘੱਟ ਤੂੰ ਇਹ ਤਾਂ ਕਰ ਸਕਦਾ ਸੀ ਕਿ ਤੱਥਾਂ ਬਾਰੇ, ਜਿਸ ਰੂਪ ਵਿਚ ਉਹ ਮੈਨੂੰ ਪਤਾ ਹਨ, ਪੁੱਛ ਲੈਂਦਾ। ਮੈਂ ਨਹੀਂ ਜਾਣਦਾ ਕਿ ਇਹ ਲਿਖਦਿਆਂ ਹੋਇਆਂ ਤੇਰੇ ਦਿਮਾਗ ਵਿਚ ਕਿਹੜੀਆਂ ਗੱਲਾਂ ਸਨ। ਇਕ ਮਿੱਤਰ ਦਾ ਕਹਿਣਾ ਹੈ ਕਿ ਤੂੰ ਦਿੱਲੀ ਸੂਬਾਈ ਕਾਂਗਰਸ ਕਮੇਟੀ ਬਾਰੇ ਸੋਚ ਰਿਹਾ ਹੈਂ। ਜੇ ਇਹੋ ਗੱਲ ਹੈ ਤਾਂ ਮੈਂ ਤੈਨੂੰ ਸਾਫ ਸਾਫ ਦੱਸ ਦਿਆਂ ਕਿ ਦਿੱਲੀ ਬਾਰੇ ਮੈਂ ਜੋ ਕੁਝ ਕੀਤਾ, ਮੇਰੇ ਲਈ ਉਹੀ ਕਰਨਾ ਠੀਕ ਸੀ।
ਇਸ ਸੰਬੰਧ ਵਿਚ ਮੈਨੂੰ ਇਹ ਕਹਿਣ ਦੀ ਆਗਿਆ ਦੇਅ ਕਿ ਉਪਰੋਂ ਦਖ਼ਲ ਦੇਣ ਦੇ ਮਾਮਲੇ ਵਿਚ ਕੋਈ ਕਾਂਗਰਸ ਪ੍ਰਧਾਨ ਤੈਥੋਂ ਬਾਜੀ ਨਹੀਂ ਮਾਰ ਸਕਦਾ। ਸ਼ਾਇਦ ਤੂੰ ਉਹਨਾਂ ਗੱਲਾਂ ਨੂੰ ਭੁੱਲ ਗਿਆ ਹੈਂ, ਜਿਹੜੀਆਂ ਤੂੰ ਕਾਂਗਰਸ ਪ੍ਰਧਾਨ ਦੀ ਹੈਸੀਅਤ ਵਜੋਂ ਕੀਤੀਆਂ ਹਨ ਜਾਂ ਸ਼ਾਇਦ ਆਪਣੇ ਵੱਲ ਪਾਰਖੂ ਨਜ਼ਰ ਨਾਲ ਦੇਖਣਾ ਮੁਸ਼ਕਿਲ ਹੁੰਦਾ ਹੈ। 22 ਫਰਬਰੀ ਨੂੰ ਤੂੰ ਮੇਰੇ ਉੱਤੇ ਉਪਰੋਂ ਦਖ਼ਲ ਦੇਣ ਦਾ ਦੋਸ਼ ਲਾਉਂਦਾ ਹੈਂ। ਕੀ ਤੂੰ ਇਹ ਭੁੱਲ ਗਿਆ ਕਿ 4 ਫਰਬਰੀ ਨੂੰ ਤੂੰ ਮੈਨੂੰ ਇਕ ਪੱਤਰ ਲਿਖਿਆ ਸੀ, ਜਿਸ ਵਿਚ ਤੂੰ ਮੇਰੇ ਉੱਤੇ ਨਿਕੰਮਾਂ ਤੇ ਠੁੱਸ ਪ੍ਰਧਾਨ ਹੋਣ ਦਾ ਦੋਸ਼ ਲਾਇਆ ਹੈ? ਤੂੰ ਲਿਖਿਆ ਹੈ : “ਸਾਰ ਇਹ ਕਿ ਤੂੰ ਹੁਕਮ ਦੇਣ ਵਾਲੇ ਪ੍ਰਧਾਨ ਦੀ ਬਜਾਏ ਸਪੀਕਰ ਦੀ ਹੈਸੀਅਤ ਵੱਧ ਰੱਖੀ ਹੈ।” ਤੇ ਇਹ ਦੋਸ਼ ਸਭ ਤੋਂ ਵਧ ਇਤਰਾਜ਼ ਯੋਗ ਹੈ ਕਿ ਮੈਂ ਪੱਖਪਾਤੀ ਢੰਗ ਨਾਲ ਕੰਮ ਕਰ ਰਿਹਾ ਹਾਂ ਤੇ ਕਿਸੇ ਖਾਸ ਪਾਰਟੀ ਜਾਂ ਗੁੱਟ ਦੇ ਪ੍ਰਤੀ ਰਿਆਇਤ ਕਰ ਰਿਹਾ ਹਾਂ। ਜੇ ਨਿੱਜੀ ਤੌਰ 'ਤੇ ਮੇਰੇ ਪ੍ਰਤੀ ਨਹੀਂ ਤਾਂ ਕੀ ਕਾਂਗਰਸ ਦੇ ਪ੍ਰਧਾਨ ਦੇ ਪ੍ਰਤੀ ਤੇਰਾ ਇਹ ਫਰਜ਼ ਨਹੀਂ ਸੀ ਕਿ ਉਸ ਦੇ ਵਿਰੁੱਧ ਸਮਾਚਾਰ ਪੱਤਰਾਂ ਵਿਚ ਅਜਿਹਾ ਗੰਭੀਰ ਦੋਸ਼ ਲਾਉਣ ਤੋਂ ਪਹਿਲਾਂ ਯੋਗ ਜਾਂਚ ਕਰ ਲੈਂਦਾ?
ਜੇ ਚੋਣ ਝਗੜੇ ਉਪਰ ਕੋਈ ਸਰਭਪੱਖੀ ਦ੍ਰਿਸ਼ਟੀ ਨਾਲ ਵਿਚਾਰ ਕਰੇ ਤਾਂ ਉਹ ਇਹੀ ਸੋਚੇਗਾ ਚੋਣਾ ਦਾ ਦੰਗਲ ਸਮਾਪਤ ਹੋ ਜਾਣ ਪਿੱਛੋਂ ਇਹ ਸਾਰਾ ਕਿੱਸਾ ਭੁਲਾਅ ਦਿਤਾ ਜਾਵੇਗਾ ਤੇ ਲੜਾਈ ਦੇ ਅਸਤਰਾਂ ਨੂੰ ਦਫ਼ਨਾਅ ਦਿਤਾ ਜਾਵੇਗਾ ਤੇ ਜਿਵੇਂ ਕਿ ਮੁੱਕੇਬਾਜੀ ਦੇ ਦੰਗਲ ਪਿੱਛੋਂ ਹੁੰਦਾ ਹੈ, ਮੁੱਕੇਬਾਜ ਹੱਸਦੇ ਹੋਏ ਹੱਥ ਮਿਲਾਅ ਲੈਣਗੇ। ਪਰ ਸੱਚ ਤੇ ਅਹਿੰਸਾ ਦੇ ਬਾਵਜੂਦ ਇੰਜ ਨਹੀਂ ਹੋਇਆ। ਚੋਣ ਨਤੀਜਿਆਂ ਨੂੰ ਖਿਡਾਰੀ ਦੀ ਭਾਵਨਾ ਨਾਲ ਸਵਿਕਾਰ ਨਹੀਂ ਕੀਤਾ ਗਿਆ, ਮੇਰੇ ਵਿਰੁੱਧ ਮਨ ਵਿਚ ਗੰਢਾਂ ਬੰਨ੍ਹ ਲਈਆਂ ਗਈਆਂ ਤੇ ਬਦਲੇ ਦੀ ਭਾਵਨਾ ਗਤੀਸ਼ੀਲ ਕਰ ਦਿਤੀ ਗਈ। ਤੂੰ ਕਾਰਜ–ਸੰਮਤੀ ਦੇ ਹੋਰ ਮੈਂਬਰਾਂ ਵੱਲੋਂ ਸ਼ਸ਼ਤਰ ਧਾਰਨ ਕਰ ਲਏ। ਤੈਨੂੰ ਇੰਜ ਕਰਨ ਦਾ ਪੂਰਾ ਅਧਿਕਾਰ ਹੈ। ਪਰ ਕੀ ਤੂੰ ਕਦੀ ਇਹ ਨਹੀਂ ਸੋਚਿਆ ਕਿ ਕੁਝ ਮੇਰੇ ਪੱਖ ਵਿਚ ਵੀ ਕਿਹਾ ਜਾ ਸਕਦਾ ਹੈ? ਕੀ ਕਾਰਜ –ਸੰਮਤੀ ਦੇ ਦੂਜੇ ਮੈਂਬਰਾਂ ਲਈ ਇਹ ਕੋਈ ਮਾੜੀ ਗੱਲ ਨਹੀਂ ਕਿ ਉਹ ਮੇਰੀ ਗੈਰਹਾਜ਼ਰੀ ਵਿਚ ਤੇ ਮੇਰੀ ਪਿੱਠ ਪਿੱਛੇ ਇਕੱਠੇ ਹੋ ਕੇ ਤੇ ਡਾ. ਪੱਟਾਭਿ ਨੂੰ ਕਾਂਗਰਸ ਦੀ ਪ੍ਰਧਾਨਗੀ ਲਈ ਖੜ੍ਹੇ ਕਰ ਦੇਣ ਦਾ ਫੈਸਲਾ ਕਰ ਲੇਣ? ਕੀ ਸਰਦਾਰ ਪਟੇਲ ਤੇ ਦੂਜਿਆਂ ਲਈ ਇਹ ਅਯੋਗ ਨਹੀਂ ਸੀ ਕਿ ਕਾਰਜ–ਸੰਮਤੀ ਦੇ ਮੈਂਬਰ ਹੋਣ ਦੇ ਨਾਤੇ ਕਾਂਗਰਸ ਪ੍ਰਤੀਨਿੱਧੀਆਂ ਨੂੰ ਡਾ. ਪੱਟਾਭਿ ਦਾ ਸਮਰਥਨ ਕਰਨ ਦੀ ਅਪੀਲ ਕਰਦੇ? ਕੀ ਚੋਣ ਕਾਰਜ ਲਈ ਸਰਦਾਰ ਪਟੇਲ ਦਾ, ਮਹਾਤਮਾ ਗਾਂਧੀ ਦਾ ਨਾਂ ਤੇ ਉਹਨਾਂ ਦੀ ਤਾਕਤ ਦਾ ਇਸਤੇਮਾਲ ਕਰਨ ਵਿਚ ਵੀ ਕੁਝ ਨਾਜਾਇਜ਼ ਨਹੀਂ ਸੀ? ਕੀ ਸਰਦਾਰ ਪਟੇਲ ਦਾ ਇਹ ਕਹਿਣਾ ਅਯੋਗ ਨਹੀਂ ਸੀ ਕਿ ਮੇਰਾ ਦੁਬਾਰਾ ਚੁਣਿਆ ਜਾਣਾ ਦੇਸ਼ ਦੇ ਹਿੱਤ ਲਈ ਹਾਨੀਕਾਰਕ ਹੋਵੇਗਾ? ਕੀ ਵੱਖ ਵੱਖ ਸੂਬਿਆਂ ਵਿਚ ਵੋਟਾਂ ਪ੍ਰਾਪਤ ਕਰਨ ਲਈ, ਕਾਂਗਰਸ ਮੰਤਰੀ–ਮੰਡਲਾਂ ਨੂੰ ਵਰਤਨਾਂ ਕੋਈ ਗਲਤੀ ਨਹੀਂ ਸੀ?
ਜਿੱਥੋਂ ਤਕ ਕਥਿਤ ਇਲਜਾਮਾਂ ਦਾ ਸੰਬੰਧ ਹੈ, ਮੈਂ ਜੋ ਕੁਝ ਕਹਿਣਾ ਸੀ, ਉਹ ਮੈਂ ਆਪਣੇ ਅਖ਼ਬਾਰੀ ਬਿਆਨਾਂ ਵਿਚ ਤੇ ਤ੍ਰਿਪੁਰੀ ਵਿਚ ਵਿਸ਼ੇਸ਼ ਸੰਮਤੀ ਦੇ ਸਾਹਮਣੇ ਆਪਣੇ ਭਾਸ਼ਣ ਵਿਚ ਪਹਿਲਾਂ ਹੀ ਕਹਿ ਚੁੱਕਿਆ ਹਾਂ। ਪਰ ਮੈਂ ਤੈਥੋਂ ਇਕ ਸਵਾਲ ਪੁੱਛਣਾ ਚਾਹਾਂਗਾ-ਕੀ ਤੂੰ ਇਹ ਭੁੱਲ ਗਿਆ ਕਿ ਜਦ ਲਾਰਡ ਲੋਥੀਅਨ ਭਾਰਤ ਦਾ ਦੌਰਾ ਕਰ ਰਹੇ ਸਨ ਤਾਂ ਉਹਨਾਂ ਨੇ ਜਨਤਕ ਰੂਪ ਵਿਚ ਕਿਹਾ ਸੀ ਕਿ ਸਭ ਕਾਂਗਰਸੀ ਨੇਤਾ ਸੰਘ–ਯੋਜਨਾ ਬਾਰੇ ਪੰ. ਨਹਿਰੂ ਨਾਲ ਸਹਿਮਤ ਨਹੀਂ ਹਨ? ਇਸ ਵਿਚਾਰ ਦਾ ਕੀ ਮੰਤਕ ਤੇ ਅਰਥ ਹੈ?
ਤੂੰ ਆਪਣੇ 22 ਫਰਬਰੀ ਦੇ ਬਿਆਨ ਵਿਚ ਸੰਗਠਨ ਦੇ ਸ਼ਿਖਰ (ਉਤਲੀਆਂ ਸਫਾਂ ਵਿਚ) ਉਪਰ ਪਾਰੰਪਰਿਕ ਸ਼ੱਕ ਦੇ ਵਾਤਾਵਰਨ ਤੇ ਵਿਸ਼ਵਾਸ ਦੀ ਕਮੀ ਦੀ ਸ਼ਿਕਾਇਤ ਕੀਤੀ ਹੈ। ਕੀ ਮੈਂ ਤੈਨੂੰ ਦੱਸ ਦਿਆਂ ਕਿ ਪ੍ਰਧਾਨਗੀ ਦੀ ਚੋਣ ਨਾ ਹੋਣ ਤਕ ਤੇਰੇ ਕਾਰਜ ਸਮੇਂ ਦੀ ਬਨਿਸਬਤ ਮੇਰੇ ਕਾਰਜ ਸਮੇਂ ਵਿਚ ਕਾਰਜ–ਸੰਮਤੀ ਦੇ ਮੈਂਬਰਾਂ ਵਿਚ ਸ਼ੱਕ ਤੇ ਵਿਸ਼ਵਾਸ ਦੀ ਘਾਟ ਕਿਤੇ ਘੱਟ ਸੀ! ਉਸਦੇ ਸਿੱਟੇ ਵਜੋਂ ਮੇਰੇ ਤਿਆਗ ਪੱਤਰ ਦੇਣ ਦੀ ਕਦੀ ਨੌਬਤ ਨਹੀਂ ਆਈ, ਜਿਵੇਂ ਕਿ ਤੇਰੇ ਹੀ ਕਥਨ ਅਨੁਸਾਰ, ਤੈਨੂੰ ਇਕ ਤੋਂ ਵਧ ਵਾਰੀ ਕਹਿਣਾ ਪਿਆ। ਜਿੱਥੋਂ ਤਕ ਮੈਨੂੰ ਪਤਾ ਹੈ, ਝਗੜਾ ਚੋਣ–ਸੰਘਰਸ਼ ਵਿਚ ਮੇਰੀ ਸਫਲਤਾ ਤੋਂ ਬਾਅਦ ਹੀ ਸ਼ੁਰੂ ਹੋਇਆ। ਜੇ ਮੈਂ ਹਾਰ ਗਿਆ ਹੁੰਦਾ ਤਾਂ ਬੜਾ ਸੰਭਵ ਸੀ ਕਿ ਜਨਤਾ ਨੂੰ ਇਲਜਾਮ ਪ੍ਰਤੀਕ੍ਰਿਆ ਸੁਣਨ ਨੂੰ ਨਾ ਮਿਲਦੀ।
ਤੂੰ ਇਹ ਅਕਸਰ ਕਹਿੰਦਾ ਰਹਿੰਦਾ ਹੈਂ ਕਿ ਤੂੰ ਆਪਣਾ ਹੀ ਪ੍ਰਤੀਨਿਧਤਵ ਕਰਦਾ ਹੈਂ, ਹੋਰ ਕਿਸੇ ਦਾ ਨਹੀਂ, ਤੇ ਤੇਰਾ ਕਿਸੇ ਵੀ ਪਾਰਟੀ ਨਾਲ ਸੰਬੰਧ ਨਹੀਂ ਹੈ। ਅਕਸਰ ਇਹ ਗੱਲ ਤੂੰ ਇਸ ਢੰਗ ਨਾਲ ਕਹਿੰਦਾ ਹੈਂ ਜਿਵੇਂ ਇਸ ਗੱਲ ਵਿਚੋਂ ਤੈਨੂੰ ਬੜਾ ਮਾਣ ਜਾਂ ਸੁਖ ਮਹਿਸੂਸ ਹੁੰਦਾ ਹੋਵੇ। ਨਾਲ ਹੀ, ਕਦੀ ਕਦੀ ਤੂੰ ਆਪਣੇ ਆਪ ਨੂੰ ਸਮਾਜਵਾਦੀ-'ਪੱਕਾ ਸਮਾਜਵਾਦੀ' ਵੀ ਕਹਿੰਦਾ ਹੈਂ। ਮੇਰੀ ਸਮਝ ਵਿਚ ਨਹੀਂ ਆਉਂਦਾ ਕਿ ਕੋਈ ਸਮਾਜਵਾਦੀ, ਜਿਵੇਂ ਕਿ ਤੂੰ ਆਪਣੇ ਆਪ ਨੂੰ ਮੰਨਦਾ ਹੈਂ, ਵਿਅਕਤੀਵਾਦੀ ਕਿੰਜ ਹੋ ਸਕਦਾ ਹੈ? ਇਕ ਦੂਜੇ ਨਾਲੋਂ ਬਿਲਕੁਲ ਵੱਖਰਾ ਹੁੰਦਾ ਹੈ। ਮੇਰੇ ਲਈ ਇਹ ਵੀ ਇਕ ਰਹੱਸ ਹੈ ਕਿ ਤੂੰ ਜਿਸ ਵਿਅਕਤੀਵਾਦ ਦਾ ਸਮਰਥਕ ਹੈਂ, ਉਸਦੇ ਜ਼ਰੀਏ ਸਮਾਜਵਾਦ ਕਦੀ ਵੀ ਕਿੰਜ ਲਿਆਂਦਾ ਜਾ ਸਕਦਾ ਹੈ? ਆਪਣੇ ਉਪਰ ਕਿਸੇ ਵੀ ਪਾਰਟੀ ਦਾ ਬਿੱਲਾ ਨਾ ਲਾ ਕੇ ਆਦਮੀ ਸਾਰੀਆਂ ਪਾਰਟੀਆਂ ਦਾ ਪਿਆਰਾ ਹੋ ਸਕਦਾ ਹੈ, ਪਰ ਉਸਦਾ ਲਾਭ ਕੀ? ਜੇ ਇਕ ਆਦਮੀ ਕੈਸੇ ਵੀ ਵਿਚਾਰਾਂ ਜਾਂ ਸਿਧਾਤਾਂ ਵਿਚ ਵਿਸ਼ਵਾਸ ਕਰਦਾ ਹੈ ਤਾਂ ਉਸਨੂੰ ਉਹਨਾਂ ਨੂੰ ਸਾਕਾਰ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਤੇ ਇੰਜ ਕਿਸੇ ਪਾਰਟੀ ਜਾਂ ਸੰਗਠਨ ਦੇ ਜ਼ਰੀਏ ਹੀ ਕੀਤਾ ਜਾ ਸਕਦਾ ਹੈ। ਮੈਂ ਅਜ ਤਕ ਨਹੀਂ ਸੁਣਿਆ ਕਿ ਕਿਸੇ ਦੇਸ਼ ਨੇ ਬਿਨਾਂ ਪਾਰਟੀ ਦੇ ਸਮਾਜਵਾਦ ਦੀ ਸਥਾਪਣਾ ਕੀਤੀ ਹੈ ਜਾਂ ਉਸ ਦਿਸ਼ਾ ਵਿਚ ਕਦਮ ਅੱਗੇ ਵਧਾਇਆ ਹੈ। ਮਹਾਤਮਾ ਗਾਂਧੀ ਦੀ ਵੀ ਆਪਣੀ ਪਾਰਟੀ ਹੈ।
ਇਕ ਹੋਰ ਵਿਚਾਰ ਹੈ, ਜਿਸਦਾ ਤੂੰ ਅਕਸਰ ਰਾਗ ਅਲਾਪਦਾ ਹੈਂ-ਉਸ ਬਾਰੇ ਵੀ ਮੈਂ ਕੁਝ ਕਹਿਣਾ ਚਾਹਾਂਗਾ। ਮੇਰਾ ਮਤਲਬ ਰਾਸ਼ਟਰੀ ਏਕਤਾ ਦੇ ਵਿਚਾਰ ਤੋਂ ਹੈ। ਮੈਂ ਵੀ ਇਸ ਵਿਚਾਰ ਦਾ ਪੂਰਾ ਸਮਰਥਕ ਹਾਂ, ਜਿਵੇਂ ਕਿ ਮੈਂ ਮੰਨਦਾ ਹਾਂ, ਸਾਰਾ ਦੇਸ਼ ਹੀ ਹੈ। ਪਰ ਇਸਦੀ ਇਕ ਪਰਤੱਖ ਸੀਮਾ ਹੈ। ਜਿਸ ਏਕਤਾ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਜਾਂ ਕਾਇਮ ਰੱਖਣਾ ਚਾਹੁੰਦੇ ਹਾਂ, ਉਹ ਕੰਮ ਕਰਨ ਦੀ ਏਕਤਾ ਹੋਣੀ ਚਾਹੀਦੀ ਹੈ, ਹੱਥ 'ਤੇ ਹੱਥ ਧਰਕੇ ਬੈਠੇ ਰਹਿਣ ਦੀ ਨਹੀਂ। ਇਕ ਪਾਰਟੀ ਜੇ ਦੋ ਟੁਕੜਿਆਂ ਵਿਚ ਵੰਡੀ ਜਾਂਦੀ ਹੈ ਤਾਂ ਇਹ ਹਮੇਸ਼ਾ ਹੀ ਬੁਰਾ ਨਹੀਂ ਹੁੰਦਾ। ਅਜਿਹੇ ਮੌਕੇ ਵੀ ਆਉਂਦੇ ਹਨ ਜਦ ਅੱਗੇ ਵਧਣ ਲਈ ਵੱਖਰਾ ਹੋਣਾ ਜ਼ਰੂਰੀ ਹੁੰਦਾ ਹੈ। ਜਦ ਰੂਸ ਦੀ ਸੋਸ਼ਲ ਡੈਮੋਕਰੇਟਕ ਪਾਰਟੀ ਸਨ 1903 ਵਿਚ ਟੁੱਟੀ ਤੇ ਵੋਲਸ਼ੇਵਿਕ ਤੇ ਮੇਨਸ਼ੇਵਿਕ ਹੋਂਦ ਵਿਚ ਆਏ ਤਾਂ ਲੇਨਿਨ ਨੇ ਸੁਖ ਦਾ ਸਾਹ ਲਿਆ ਸੀ। ਮੇਨਸ਼ੇਵਿਕਾਂ ਦਾ ਭਾਰੀ ਬੋਝ ਸਿਰ ਤੋਂ ਲੱਥ ਗਿਆ ਸੀ ਤੇ ਲੇਨਿਨ ਨੇ ਮਹਿਸੂਸ ਕੀਤਾ ਸੀ ਕਿ ਆਖ਼ਰ ਤੇਜ ਤੱਰਕੀ ਦਾ ਰਾਹ ਖੁੱਲ੍ਹ ਗਿਆ ਹੈ। ਭਾਰਤ ਵਿਚ ਜਦ ਮਾਡਰੇਟ (ਨਰਮਦਲੀ) ਕਾਂਗਰਸ ਨਾਲੋਂ ਵੱਖ ਹੋ ਗਏ ਤਾਂ ਕਿਸੇ ਵੀ ਪ੍ਰਗਤੀਸ਼ੀਲ ਵਿਚਾਰਧਾਰਾ ਦੇ ਆਦਮੀ ਨੇ ਇਸ ਅਲਹਿਦਗੀ ਉਪਰ ਅਫ਼ਸੋਸ ਪਰਗਟ ਨਹੀਂ ਕੀਤਾ। ਉਸ ਪਿੱਛੋਂ ਜਦ ਬਹੁਤ ਸਾਰੇ ਕਾਂਗਰਸੀ ਸਨ 1920 ਵਿਚ ਕਾਂਗਰਸ ਵਿਚੋਂ ਨਿਕਲ ਗਏ ਤਾਂ ਬਾਕੀ ਕਾਂਗਰਸੀਆਂ ਨੇ ਉਹਨਾਂ ਦੀ ਜੁਦਾਈ ਉੱਤੇ ਅੱਥਰੂ ਨਹੀਂ ਵਹਾਏ। ਇਸ ਕਿਸਮ ਦੇ ਵੱਖਰੇਵਿਆਂ ਨਾਲ ਅਸਲ ਵਿਚ ਅੱਗੇ ਵਧਣ ਵਿਚ ਮਦਦ ਮਿਲੀ ਹੈ। ਕੁਝ ਸਮੇਂ ਤੋਂ ਅਸੀਂ ਏਕਤਾ ਦੇ ਅੰਨ੍ਹੇ ਪੁਜਾਰੀ ਬਣੇ ਹੋਏ ਹਾਂ। ਇਸ ਵਿਚ ਖ਼ਤਰਾ ਹੀ ਖ਼ਤਰਾ ਹੈ। ਉਸਨੂੰ, ਕਮਜ਼ੋਰੀਆਂ ਛਿਪਾਂਣ ਲਈ ਜਾਂ ਅਜਿਹੇ ਸਮਝੌਤੇ ਕਰਨ ਲਈ ਵਰਤਿਆ ਜਾ ਸਕਦਾ ਹੈ, ਜਿਹੜੇ ਬੁਨਿਆਦੀ ਤੌਰ 'ਤੇ ਪ੍ਰਗਤੀ ਵਿਰੋਧੀ ਹੁੰਦੇ ਹਨ। ਤੂੰ ਆਪਣੀ ਉਦਾਹਰਨ ਹੀ ਲੈ ਲੈ। ਤੂੰ ਗਾਂਧੀ–ਇਰਵਿਨ ਸਮਝੌਤੇ ਦੇ ਖ਼ਿਲਾਫ ਸੀ, ਪਰ ਤੂੰ ਏਕਤਾ ਦੇ ਨਾਂ ਉਪਰ ਉਸਨੂੰ ਸਵਿਕਾਰ ਕਰ ਲਿਆ। ਫੇਰ, ਤੂੰ ਸੂਬਿਆਂ ਵਿਚ ਮੰਤਰੀ–ਪਦ ਸਵਿਕਾਰ ਕਰਨ ਦੇ ਖ਼ਿਲਾਫ ਸੀ, ਪਰ ਜਦ ਪਦ ਲੈ ਲੈਣ ਦਾ ਫੈਸਲਾ ਹੋਇਆ ਤਾਂ ਤੂੰ ਸ਼ਾਇਦ ਉਸੇ ਏਕਤਾ ਦੇ ਨਾਂ ਉੱਤੇ ਇਸ ਫੈਸਲੇ ਨੂੰ ਮੰਨ ਲਿਆ। ਦਲੀਲ ਦੇਣ ਖਾਤਰ ਮੰਨ ਲਓ ਕਿ ਕਿਸੇ ਤਰ੍ਹਾਂ ਕਾਂਗਰਸ ਦਾ ਬਹੁਮਤ ਸੰਘ–ਯੋਜਨਾ ਨੂੰ ਅਮਲੀ ਰੂਪ ਵਿਚ ਲਿਆਉਣਾ ਮੰਨ ਲੈਂਦਾ ਹੈ ਤਾਂ ਉਸਦੇ ਵਿਰੋਧੀ, ਆਪਣੇ ਦ੍ਰਿੜ੍ਹ ਸਿਧਾਤਾਂ ਦੇ ਬਾਵਜੂਦ, ਉਸੇ ਏਕਤਾ ਦੇ ਨਾਂ 'ਤੇ ਆਪਣੇ ਰਾਜਨੀਤਕ ਵਿਸ਼ਵਾਸਾਂ ਦੇ ਵਿਰੁੱਧ ਸੰਘ–ਏਕਤਾ ਨੂੰ ਸਵਿਕਾਰ ਕਰਨ ਲਈ ਪ੍ਰੇਰਿਤ ਹੋ ਸਕਦੇ ਹਨ। ਇਕ ਕਰਾਂਤੀਕਾਰੀ ਅੰਦੋਲਨ ਵਿਚ ਏਕਤਾ ਵੱਝਵੀਂ ਨਹੀਂ ਹੋ ਸਕਦੀ, ਇਕ ਸਾਧਨ ਹੀ ਹੁੰਦੀ ਹੈ। ਉਸਦੀ ਤਦ ਤਕ ਲੋੜ ਹੁੰਦੀ ਹੈ, ਜਦ ਤਕ, ਉਹ ਪ੍ਰਗਤੀ ਵਿਚ ਸਹਾਈ ਹੁੰਦੀ ਹੈ। ਜਿਵੇਂ ਜਿਵੇਂ ਉਹ ਪ੍ਰਗਤੀ ਵਿਚ ਅੜਿੱਕਾ ਬਣਨ ਲੱਗਦੀ ਹੈ, ਉਹ ਇਕ ਬੁਰਾਈ ਬਣ ਜਾਂਦੀ ਹੈ। ਮੈਂ ਪੁੱਛਦਾ ਹਾਂ, ਜੇ ਕਾਂਗਰਸ ਬਹੁਮਤ ਨਾਲ ਸੰਘ–ਯੋਜਨਾ ਨੂੰ ਸਵਿਕਾਰ ਕਰ ਲਏ ਤਾਂ ਤੂੰ ਕੀ ਕਰੇਂਗਾ? ਕੀ ਤੂੰ ਉਸ ਫੈਸਲੇ ਅੱਗੇ ਸਿਰ ਝੁਕਾਅ ਦਏਂਗਾ ਜਾਂ ਉਸਦੇ ਖ਼ਿਲਾਫ ਬਗ਼ਾਵਤ ਕਰੇਂਗਾ?
ਤੇਰਾ ਇਲਾਹਾਬਾਦ ਤੋਂ ਲਿਖਿਆ 4 ਫਰਬਰੀ ਦਾ ਪੱਤਰ ਦਿਲਚਸਪ ਹੈ। ਉਸ ਤੋਂ ਜ਼ਾਹਿਰ ਹੁੰਦਾ ਕਿ ਮੇਰੇ ਪ੍ਰਤੀ ਤੇਰਾ ਰੁਖ਼ ਉਸ ਸਮੇ ਤਕ ਕਰੜਾ ਨਹੀਂ ਹੋਇਆ ਸੀ, ਜਿਵੇਂ ਕਿ ਬਾਅਦ ਵਿਚ ਹੋਇਆ। ਉਦਾਹਰਨ ਲਈ ਤੂੰ ਆਪਣੇ ਪੱਤਰ ਵਿਚ ਲਿਖਿਆ ਹੈ :
“ਜਿਵੇਂ ਕਿ ਮੈਂ ਤੈਨੂੰ ਕਿਹਾ, ਤੇਰੇ ਚੋਣ–ਸੰਘਰਸ਼ ਦਾ ਕੁਛ ਲਾਭ ਹੋਇਆ ਹੈ ਤੇ ਕੁਛ ਹਾਨੀ।” ਬਾਅਦ ਵਿਚ ਤੇਰੀ ਇਹ ਧਾਰਣਾ ਬਣ ਗਈ ਕਿ ਮੇਰਾ ਦੁਬਾਰਾ ਚੁਣੇ ਜਾਣਾ ਬਿਲਕੁਲ ਹੀ ਬੁਰਾ ਹੋਇਆ ਹੈ। ਅੱਗੇ ਤੂੰ ਲਿਖਿਆ ਹੈ : “ਇਸ ਭਵਿੱਖ ਉਪਰ ਸਾਨੂੰ ਵਿਅਕਤੀਆਂ ਦੇ ਅਰਥ ਵਿਚ ਨਹੀਂ, ਬਲਿਕੇ ਵਿਆਪਕ ਦ੍ਰਿਸ਼ਟੀ ਨਾਲ ਵਿਚਾਰ ਕਰਨੀ ਚਾਹੀਦੀ ਹੈ। ਜ਼ਾਹਿਰ ਹੈ ਕਿ ਘਟਨਾ ਚੱਕਰ ਸਾਡੀ ਇੱਛਾ ਅਨੁਸਾਰ ਨਹੀਂ ਘੁੰਮਿਆਂ, ਸਿਰਫ ਇਸੇ ਲਈ ਸਾਡੇ ਵਿਚੋਂ ਕਿਸੇ ਨੂੰ ਰੁੱਸ ਨਹੀਂ ਜਾਣਾ ਚਾਹੀਦਾ। ਕੁਛ ਵੀ ਹੁੰਦਾ ਰਹੇ, ਸਾਨੂੰ ਆਪਣੇ ਨਿਸ਼ਾਨੇ ਦੀ ਪੂਰਤੀ ਲਈ ਭਰਪੂਰ ਤਾਕਤ ਖਰਚ ਕਰਨੀ ਪਏਗੀ।” ਇਹ ਸਪਸ਼ਟ ਹੈ ਕਿ ਤੂੰ 'ਇਲਜਾਮਬਾਜੀ' ਨੂੰ ਉਹ ਮਹੱਤਵ ਨਹੀਂ ਦਿੰਦਾ ਸੀ, ਜਿਹੜਾ ਬਾਅਦ ਵਿਚ ਦੇਣ ਲੱਗ ਪਿਆ। ਇਹੀ ਨਹੀਂ, ਜਿਵੇਂ ਮੈਂ ਪਹਿਲਾਂ ਕਹਿ ਚੁੱਕਿਆ ਹਾਂ, 'ਇਲਜਾਮਬਾਜੀ' ਉਪਰ ਬਾਅਦ ਵਿਚ ਜਿਹੜਾ ਅੰਦੋਲਨ ਹੋਇਆ, ਉਸਦਾ ਮੁੱਖ ਤੌਰ 'ਤੇ ਜਨਕ (ਜਨਮਦਾਤਾ) ਤੂੰ ਹੀ ਸੀ। ਇਸ ਬਾਰੇ ਸ਼ਾਇਦ ਤੈਨੂੰ ਯਾਦ ਹੋਵੇਗਾ ਕਿ ਜਦ ਅਸੀਂ ਸ਼ਾਂਤੀ–ਨਿਕੇਤਨ ਵਿਚ ਮਿਲੇ ਸੀ ਤਾਂ ਮੈਂ ਸੁਝਾਅ ਦਿਤਾ ਕਿ ਜੇ ਸਾਡੀਆਂ ਕੋਸ਼ਿਸ਼ਾਂ ਦੇ ਬਾਵਜੂਦ ਅਸੀਂ ਕਾਰਜ–ਸੰਮਤੀ ਦੇ ਮੈਬਰਾਂ ਦਾ ਸਹਿਯੋਗ ਹਾਸਿਲ ਨਾ ਕਰ ਸਕੇ ਤਾਂ ਸਾਨੂੰ ਕਾਂਗਰਸ ਨੂੰ ਚਲਾਉਣ ਦੀ ਜ਼ਿਮੇਂਵਾਰੀ ਤੋਂ ਮੂੰਹ ਨਹੀਂ ਮੋੜ ਲੈਣਾ ਚਾਹੀਦਾ। ਉਸ ਸਮੇਂ ਤੂੰ ਮੇਰੇ ਨਾਲ ਸਹਿਮਤ ਹੋਇਆ ਸੀ। ਬਾਅਦ ਵਿਚ ਪਤਾ ਨਹੀਂ ਕਿਹੜੇ ਕਾਰਣਾ ਕਰਕੇ ਤੂੰ ਜਿਵੇਂ ਬੜੀ ਬਹਾਦਰੀ ਨਾਲ ਦੂਜੇ ਪੱਖ ਨਾਲ ਜਾ ਰਲਿਆ। ਬੇਸ਼ਕ, ਤੈਨੂੰ ਇੰਜ ਕਰਨ ਦਾ ਹਰੇਕ ਹੱਕ ਹਾਸਿਲ ਸੀ, ਪਰ ਫੇਰ ਤੇਰਾ ਸਮਾਜਵਾਦ ਜਾਂ ਵਾਮਵਾਦ ਕਿੱਥੇ ਗਿਆ?
ਆਪਣੇ 4 ਫਰਬਰੀ ਦੇ ਪੱਤਰ ਵਿਚ ਤੂੰ ਇਕ ਤੋਂ ਵਧ ਵਾਰੀ ਇਹ ਇਲਜਾਮ ਲਾਇਆ ਹੈ ਕਿ ਮੇਰੀ ਪ੍ਰਧਾਨਗੀ ਦੇ ਜ਼ਮਾਨੇ ਵਿਚ ਸੰਘ ਵਰਗੇ ਮਹੱਤਵਪੂਰਣ ਸਵਾਲਾਂ ਉੱਤੇ ਚਰਚਾ ਨਹੀਂ ਹੋਈ। ਇਹ ਇਕ ਅਜੀਬ ਇਲਜਾਮ ਹੈ ਜਦਕਿ ਤੂੰ ਖ਼ੁਦ ਛੇ ਮਹੀਨੇ ਤਕ ਦੇਸ਼ 'ਚੋਂ ਬਾਹਰ ਰਿਹਾ। ਕੀ ਤੈਨੂੰ ਪਤਾ ਹੈ ਕਿ ਜਦ ਸ਼੍ਰੀ ਭੂਲਾਭਾਈ ਦੇਸਾਈ ਦੇ ਕਥਿਤ ਲੰਦਨ ਵਾਲੇ ਬਿਆਨ ਉੱਤੇ ਤੂਫ਼ਾਨ ਉਠ ਖੜ੍ਹਾ ਹੋਇਆ ਸੀ ਤਾਂ ਮੈਂ ਕਾਰਜ–ਸੰਮਤੀ ਨੂੰ ਇਹ ਸੁਝਾਅ ਦਿਤਾ ਸੀ ਕਿ ਸੰਘ ਦੇ ਵਿਰੁੱਧ ਸਾਨੂੰ ਆਪਣਾ ਮਤਾ ਸੋਧਣਾ ਚਾਹੀਦਾ ਹੈ ਤੇ ਦੇਸ਼ ਵਿਚ ਸੰਘ–ਵਿਰੋਧੀ ਪ੍ਰਚਾਰ ਚਲਾਉਣਾ ਚਾਹੀਦਾ ਹੈ, ਪਰ ਮੇਰਾ ਸੁਝਾਅ ਗੈਰ ਜ਼ਰੂਰੀ ਸਮਝਿਆ ਗਿਆ ਸੀ। ਕੀ ਤੈਨੂੰ ਪਤਾ ਹੈ ਕਿ ਬਾਅਦ ਵਿਚ ਜਦ ਕਾਰਜ–ਸੰਮਤੀ ਦੀ ਬੈਠਕ ਸਤੰਬਰ ਵਿਚ ਦਿੱਲੀ ਵਿਚ ਹੋਈ ਤਾਂ ਸੰਘ ਦੀ ਨਿੰਦਿਆ ਕਰਨ ਵਾਲਾ ਸੁਝਾਅ ਜ਼ਰੂਰੀ ਸਮਝਿਆ ਗਿਆ ਤੇ ਕਾਂਗਰਸ ਮਹਾਸੰਮਤੀ ਨੇ ਇਹ ਸੁਝਾਅ ਸਵਿਕਾਰ ਕੀਤਾ।
ਪੱਤਰ ਵਿਚ ਇਕ ਦੋਸ਼ ਤੂੰ ਇਹ ਲਾਇਆ ਹੈ ਕਿ ਕਾਰਜ–ਸੰਮਤੀ ਵਿਚ ਕ੍ਰਿਆਹੀਣ ਰੁਖ਼ ਰੱਖਿਆ ਤੇ ਮੈਂ ਨਿਰਦੇਸ਼ਕ ਪ੍ਰਧਾਨ ਬਣਨ ਦੀ ਬਜਾਏ ਸਪੀਕਰ ਵਾਂਗ ਕੰਮ ਕੀਤਾ। ਇਸ ਕਿਸਮ ਦੇ ਕਥਨ ਕੋਈ ਨਿਆਂਪੂਰਣ ਨਹੀਂ ਹਨ। ਕੀ ਇਹ ਕਹਿਣਾ ਗਲਤ ਹੋਏਗਾ ਕਿ ਆਮ ਤੌਰ 'ਤੇ ਕਾਰਜ–ਸੰਮਤੀ ਦਾ ਬਹੁਤਾ ਸਮਾਂ ਤੂੰ ਖ਼ੁਦ ਹੀ ਲੈ ਲੈਂਦਾ ਹੁੰਦਾ ਸੀ? ਜੇ ਕਾਰਜ–ਸੰਮਤੀ ਵਿਚ ਤੇਰੇ ਵਰਗਾ ਕੋਈ ਹੋਰ ਵੀ ਵਕਤਾ ਹੁੰਦਾ ਤਾਂ ਅਸੀਂ ਆਪਣਾ ਕੰਮ ਕਦੀ ਵੀ ਨਾ ਨਿਪਟਾ ਸਕਦੇ। ਇਸ ਦੇ ਇਲਾਵਾ ਦੂਜੇ ਤੌਰ ਤਰੀਕੇ ਅਜਿਹੇ ਸਨ ਕਿ ਲਗਭਗ ਪ੍ਰਧਾਨ ਦੇ ਸਾਰੇ ਕੰਮ ਆਪਣੇ ਹੱਥ ਲੈ ਲੈਂਦਾ ਸੀ। ਮੈਂ ਤੇਰੀ ਲਗਾਮ ਕਸ ਕੇ ਵੀ ਸੰਮਤੀ ਨੂੰ ਸੰਭਾਲ ਸਕਦਾ ਸੀ, ਪਰ ਉਸਦੇ ਸਿੱਟੇ ਵਜੋਂ ਸਾਡੇ ਵਿਚਕਾਰ ਖੁੱਲ੍ਹਾ ਪਾੜਾ ਪੈ ਜਾਂਦਾ। ਬਹੁਤਾ ਸਾਫ ਕਹਾਂ ਤਾਂ ਤੂੰ ਕਦੀ ਕਦੀ ਕਾਰਜ–ਸੰਮਤੀ ਦੇ ਲਾਡ ਪਿਆਰ ਨਾਲ ਵਿਗੜੇ ਬੇਟੇ ਵਰਗਾ ਵਰਤਾਅ ਕਰਦਾ ਸੀ ਤੇ ਅਕਸਰ ਤੇਰਾ ਪਾਰਾ ਚੜ੍ਹ ਜਾਂਦਾ ਸੀ। ਹੁਣ ਦਸ ਤੂੰ ਆਪਣੀ ਸਾਰੀ 'ਗਰਮਮਿਜਾਜ਼ੀ“ ਤੇ ਉੱਛਲ–ਕੁੱਦ ਦਾ ਕੀ ਨਤੀਜਾ ਹਾਸਿਲ ਕੀਤਾ? ਤੂੰ ਆਮ ਤੌਰ 'ਤੇ ਘੰਟਿਆਂ ਬੱਧੀ ਆਕੜਿਆ ਰਹਿੰਦਾ ਤੇ ਅਖ਼ੀਰ ਗੋਡੇ ਟੇਕ ਦਿੰਦਾ। ਸਰਦਾਰ ਪਟੇਲ ਤੇ ਦੂਜਿਆਂ ਕੋਲ ਤੇਰੇ ਨਾਲ ਨਜਿੱਠਣ ਦੇ ਕੁਝ ਸਫਲ ਤਰੀਕੇ ਹਨ। ਉਹ ਤੈਨੂੰ ਖ਼ੂਬ ਬੋਲਣ ਦੇਣਗੇ ਤੇ ਅੰਤ ਵਿਚ ਤੈਨੂੰ ਕਹਿਣਗੇ, ਅੱਛਾ ਮਤਾ ਪਾ ਦੇ, ਭਾਵੇਂ ਉਹ ਮਤਾ ਕਿਹੋ ਜਿਹਾ ਵੀ ਕਿਉਂ ਨਾ ਹੋਵੇ। ਇਕ ਵਾਰੀ ਤੈਨੂੰ ਮਤਾ ਲਿਖ ਦੇਣ ਦਿਤਾ ਕਿ ਤੂੰ ਖੁਸ਼ ਹੋ ਗਿਆ, ਫੇਰ ਭਾਵੇਂ ਉਸ ਮਤੇ ਦਾ ਕੁਝ ਵੀ ਕਿਓਂ ਨਾ ਹੋਵੇ। ਮੈਂ ਤੈਨੂੰ ਆਪਣੇ ਮੁੱਦੇ ਉੱਤੇ ਆਖ਼ਰ ਤਕ ਡਟੇ ਰਹਿੰਦਿਆਂ ਸ਼ਾਇਦ ਹੀ ਕਦੀ ਦੇਖਿਆ ਹੈ।
ਮੇਰੇ ਖ਼ਿਲਾਫ ਦੂਜਾ ਅਜੀਬ ਇਲਜਾਮ ਇਹ ਹੈ ਕਿ ਪਿਛਲੇ ਵਰ੍ਹੇ ਵਿਚ ਕਾਂਗਰਸ ਮਹਾਸੰਮਤੀ ਦੇ ਦਫ਼ਤਰ ਦੀ ਹਾਲਤ ਬੜੀ ਖਰਾਬ ਹੋ ਗਈ ਹੈ। ਮੈਂ ਨਹੀਂ ਜਾਣਦਾ ਕਿ ਤੇਰੇ ਖ਼ਿਆਲ ਵਿਚ ਉਹ ਕਿਸੇ ਸ਼ਾਨਦਾਰ ਕਰਲਕ ਜਾਂ ਸ਼ਾਨਦਾਰ ਸੈਕਰੇਟਰੀ ਉੱਤੇ ਲਾਇਆ ਜਾਏ ਤਾਂ ਵਧੇਰੇ ਠੀਕ ਹੋਏਗਾ ਜਾਂ ਨਹੀਂ। ਪ੍ਰਧਾਨ ਦੀ ਹੈਸੀਅਤ ਨਾਲ ਤੂੰ ਸੈਕਰੇਟਰੀ ਦੇ ਕੰਮ ਵੀ ਆਪਣੇ ਹੱਥ ਲੈ ਲੈਂਦਾ ਹੁੰਦਾ ਸੀ, ਪਰ ਇਹ ਕੋਈ ਕਾਰਣ ਨਹੀਂ ਕਿ ਦੂਜੇ ਪ੍ਰਧਾਨ ਵੀ ਤੇਰੇ ਵਾਂਗ ਹੀ ਵਰਤਾਅ ਕਰਨ। ਇਸ ਦੇ ਇਲਾਵਾ ਮੇਰੀ ਮੁਸ਼ਕਿਲ ਇਹ ਸੀ ਕਿ ਕਾਂਗਰਸ ਮਹਾਸੰਮਤੀ ਦਾ ਦਫ਼ਤਰ ਕਾਫੀ ਦੂਰ ਸੀ ਤੇ ਜਰਨਲ ਸੈਕਰੇਟਰੀ ਮੇਰੀ ਪਸੰਦ ਦਾ ਨਹੀਂ ਸੀ। ਇਹ ਕਹਿਣਾ ਬਹੁਤਾ ਗਲਤ ਨਹੀਂ ਹੋਵੇਗਾ ਕਿ ਜਿਵੇਂ ਇਕ ਸੈਕਰੇਟਰੀ ਨੂੰ ਆਪਣੇ ਪ੍ਰਧਾਨ ਦਾ ਵਫ਼ਾਦਾਰ ਹੋਣਾ ਚਾਹੀਦਾ ਹੈ, ਉਹ ਜਰਨਲ ਸੈਕਰੇਟਰੀ ਵਫ਼ਾਦਾਰ ਨਹੀਂ ਸੀ (ਮੈਂ ਜਾਣ–ਬੁੱਝ ਕੇ ਬੜੇ ਹੀ ਨਰਮ ਸ਼ਬਦਾਂ ਵਿਚ ਇਹ ਗੱਲ ਕਹਿ ਰਿਹਾ ਹਾਂ।) ਅਸਲ ਵਿਚ ਕ੍ਰਿਪਲਾਨੀਜੀ ਨੂੰ ਮੇਰੀ ਇੱਛਾ ਦੇ ਵਿਰੁੱਧ ਥੋਪਿਆ ਗਿਆ। ਸ਼ਾਇਦ ਤੈਨੂੰ ਯਾਦ ਹੋਵੇਗਾ ਕਿ ਮੈਂ ਕਾਂਗਰਸ ਮਹਾਸੰਮਤੀ ਦੇ ਦਫ਼ਤਰ ਦਾ ਇਕ ਹਿੱਸਾ ਕਲਕੱਤੇ ਲਿਆਉਣ ਦੀ ਕੋਸ਼ਿਸ਼ ਕੀਤੀ, ਤਾਂਕਿ ਮੈਂ ਉਸਦੇ ਕੰਮ ਕਾਜ ਦੀ ਠੀਕ ਤਰ੍ਹਾਂ ਨਾਲ ਦੇਖ ਭਾਲ ਕਰ ਸਕਾਂ। ਪਰ ਤੁਸੀਂ ਸਾਰਿਆਂ ਉਸਦਾ ਵਿਰੋਧ ਕੀਤਾ ਤੇ ਹੁਣ ਉਲਟਾ ਮੈਨੂੰ ਹੀ ਕਾਂਗਰਸ ਮਹਾਸੰਮਤੀ ਦੇ ਦਫ਼ਤਰ ਦੀਆਂ ਕਮੀਆਂ ਲਈ ਦੋਸ਼ ਦੇਂਦਾ ਹੈਂ। ਜੇ ਕਾਂਗਰਸ ਮਹਾਸੰਮਤੀ ਦਾ ਦਫ਼ਤਰ, ਜਿਵੇਂ ਤੂੰ ਕਹਿੰਦਾ ਹੈਂ, ਸੱਚਮੁੱਚ ਵਿਗੜਿਆ ਹੈ ਤਾਂ ਉਸ ਲਈ ਮੈਂ ਨਹੀਂ, ਬਲਿਕੇ ਜਨਰਲ ਸੈਕਰੇਟਰੀ ਜ਼ਿਮੇਂਵਾਰ ਹੈ। ਤੂੰ ਮੇਰੇ ਉੱਤੇ ਇਹੀ ਇਲਜਾਮ ਲਾ ਸਕਦਾ ਹੈਂ ਕਿ ਮੇਰੇ ਪ੍ਰਧਾਨ ਹੁੰਦਿਆਂ ਜਨਰਲ ਸੈਕਰੇਟਰੀ ਦੇ ਕੰਮ ਵਿਚ ਘੱਟ ਤੋਂ ਘੱਟ ਦਖ਼ਲ ਦਿਤਾ ਗਿਆ ਤੇ ਉਸ ਕੋਲ ਪਹਿਲਾਂ ਨਾਲੋਂ ਸੱਚਮੁੱਚ ਵਧ ਅਧਿਕਾਰ ਰਹੇ। ਸਿੱਟੇ ਵਜੋਂ ਜੇ ਸੱਚਮੁੱਚ ਕਾਂਗਰਸ ਮਹਾਸੰਮਤੀ ਦੇ ਦਫ਼ਤਰ ਦੀ ਹਾਲਤ ਖ਼ਰਾਬ ਹੋਈ ਹੈ ਤਾਂ ਉਸਦੀ ਜ਼ਿਮੇਂਵਾਰੀ ਮੇਰੇ ਉੱਤੇ ਨਹੀਂ, ਬਲਿਕੇ ਜਨਰਲ ਸੈਕਰੇਟਰੀ ਉੱਤੇ ਹੈ।
ਮੈਨੂੰ ਹੈਰਾਨੀ ਹੈ ਕਿ ਬਿਨਾਂ ਪੂਰੇ ਤੱਥ ਜਾਣਿਆ ਤੂੰ ਇਹ ਦੋਸ਼ ਲਾਇਆ ਹੈ ਕਿ ਮੈਂ ਸ਼ਰਿਮਿਕ–ਵਿਵਾਦ–ਵਿਧੇਯਕ (ਮਜ਼ਦੂਰਾਂ ਸੰਬੰਧੀ ਬਿੱਲ) ਨੂੰ ਉਸਦੀ ਮੌਜ਼ੂਦਾ ਸ਼ਕਲ ਵਿਚ ਰੋਕਣ ਦੀ ਭਰਪੂਰ ਕੋਸ਼ਿਸ਼ ਨਹੀਂ ਕੀਤੀ। ਅਸਲ ਵਿਚ, ਕੁਝ ਸਮੇਂ ਤੋਂ, ਤੱਥਾਂ ਦਾ ਪਤਾ ਕਰਨ ਦੀ ਚਿੰਤਾ ਕੀਤੇ ਬਿਨਾਂ ਤੂੰ ਮੇਰੇ ਖ਼ਿਲਾਫ ਦੋਸ਼ ਲਾਉਣ ਦੀ, ਕਦੀ ਕਦੀ ਜਨਤਕ ਤੌਰ 'ਤੇ ਲਾਉਣ ਦੀ, ਕਲਾ ਦਾ ਵਿਕਾਸ ਕਰ ਲਿਆ ਹੈ। ਜੇ ਤੂੰ ਜਾਣਨਾ ਚਾਹੇਂ ਕਿ ਮੈਂ ਇਸ ਬਾਰੇ ਵਿਚ ਕੀ ਕੀਤਾ ਤਾਂ ਸਭ ਤੋਂ ਚੰਗੀ ਗੱਲ ਇਹ ਹੋਵੇਗੀ ਕਿ ਸਰਦਾਰ ਪਟੇਲ ਨੂੰ ਪੁੱਛ ਕੇ ਵੇਖੀਂ। ਜਿਹੜੀ ਗੱਲ ਮੈਂ ਨਹੀਂ ਕੀਤੀ, ਉਹ ਇਹੀ ਕਿ ਮੈਂ ਇਸ ਸਵਾਲ ਉੱਤੇ ਉਹਨਾਂ ਨਾਲ ਨਾਤਾ ਨਹੀਂ ਤੋੜਿਆ। ਜੇ ਇਹ ਅਪਰਾਧ ਹੈ ਤਾਂ ਮੈਂ ਇਲਜਾਮ ਨੂੰ ਸਵਿਕਾਰ ਕਰਦਾ ਹਾਂ। ਗੱਲਾਂ ਵਿਚੋਂ ਗੱਲ ਹੈ ਕਿ ਕੀ ਤੈਨੂੰ ਪਤਾ ਹੈ ਕਿ ਬੰਬਈ ਕੀ ਕਾਂਗਰਸ ਸਮਾਜਵਾਦੀ ਪਾਰਟੀ ਨੇ ਬਿੱਲ ਦਾ ਉਸਦੇ ਮੌਜ਼ੂਦਾ ਰੂਪ ਵਿਚ ਸਮਰਥਨ ਕੀਤਾ ਸੀ? ਤੇ ਹੁਣ ਤੇਰੀ ਆਪਣੀ ਗੱਲ ਲੈ ਲੈ-ਕੀ ਮੈਂ ਪੁੱਛ ਸਕਦਾ ਹਾਂ ਕਿ ਤੂੰ ਇਸ ਬਿੱਲ ਨੂੰ ਪਾਸ ਹੋਣ ਤੋਂ ਰੋਕਣ ਲਈ ਕੀ ਕੀਤਾ? ਜਦ ਤੂੰ ਵਾਪਸ ਆ ਹੀ ਗਿਆ ਸੀ ਤਾਂ ਕੁਛ ਨਾ ਕੁਛ ਤਾਂ ਕਰ ਹੀ ਸਕਦਾ ਸੀ। ਮੇਰਾ ਖ਼ਿਆਲ ਹੈ ਕੁਝ ਮਜ਼ਦੂਰ ਕਾਮੇ ਤੈਨੂੰ ਮਿਲੇ ਸਨ ਤੇ ਉਹਨਾਂ ਨੂੰ ਤੂੰ ਕੋਈ ਆਸ ਵੀ ਬੰਨ੍ਹਾਈ ਸੀ। ਮੇਰੇ ਨਾਲੋਂ ਤੂੰ ਚੰਗੀ ਸਥਿਤੀ ਵਿਚ ਸੀ, ਕਾਰਣ, ਤੂੰ ਮੇਰੇ ਨਾਲੋਂ ਕਿਤੇ ਵਧ ਗਾਂਧੀਜੀ ਨੂੰ ਪ੍ਰਭਾਵਿਤ ਕਰ ਸਕਦਾ ਹੈਂ। ਜੇ ਤੂੰ ਜੋਰ ਲਾਇਆ ਹੁੰਦਾ ਤਾਂ ਜਿੱਥੇ ਮੈਂ ਅਸਫ਼ਲ ਰਿਹਾ, ਉੱਥੇ ਤੂੰ ਸਫਲ ਹੋ ਸਕਦਾ ਸੀ। ਕੀ ਤੂੰ ਇੰਜ ਕੀਤਾ?
ਇਕ ਹੋਰ ਮਾਮਲਾ ਹੈ, ਜਿਸ ਬਾਰੇ ਤੂੰ ਅਕਸਰ ਮੇਰੇ ਉੱਤੇ ਤੀਰ ਛੱਡਦਾ ਰਹਿੰਦਾ ਹੈਂ। ਉਹ ਹੈ ਰਲਿਆ–ਮਿਲਿਆ ਮੰਤਰੀ–ਮੰਡਲ ਬਣਾਉਣ ਦਾ ਵਿਚਾਰ। ਸਿਧਾਂਤਵਾਦੀ ਰਾਜਨੀਤਕ ਵਾਂਗ ਤੂੰ ਹਮੇਸ਼ਾ ਲਈ ਇਹ ਤੈਅ ਕਰ ਦਿਤਾ ਕਿ ਰਲਿਆ–ਮਿਲਿਆ ਮੰਤਰੀ–ਮੰਡਲ ਦੱਖਣ–ਪੱਖੀ ਕਦਮ ਹੋਵੇਗਾ। ਇਸ ਸਵਾਲ ਉੱਤੇ ਆਪਣੇ ਫੈਸਲੇ ਦਾ ਐਲਾਨ ਕਰਨ ਤੋਂ ਪਹਿਲਾਂ ਕੀ ਤੂੰ ਇਕ ਪੰਦਰੀ ਲਈ ਅਸਮ ਦਾ ਦੌਰਾ ਕਰੇਂਗਾ ਤੇ ਫੇਰ ਆ ਕੇ ਮੈਨੂੰ ਦੱਸੇਂਗਾ ਕਿ ਕੀ ਵਰਤਮਾਨ ਰਲਿਆ–ਮਿਲਿਆ ਮੰਤਰੀ–ਮੰਡਲ ਪ੍ਰਗਤੀਸ਼ੀਲ ਰਿਹਾ ਜਾਂ ਪ੍ਰਤੀਕ੍ਰਿਆਵਾਦੀ ਹੋ ਗਿਆ ਹੈ? ਇਲਾਹਾਬਾਦ ਵਿਚ ਬੈਠ ਕੇ ਅਜਿਹੇ ਅਕਲਮੰਦੀ ਵਾਲੇ ਮਨ ਦੇ ਵਰੋਲੇ ਛੱਡਣ ਦਾ ਕੀ ਲਾਭ, ਜਿਹਨਾਂ ਦਾ ਅਸਲੀਅਤ ਨਾਲ ਕੋਈ ਸੰਬੰਧ ਹੀ ਨਹੀਂ? ਸਦੁੱਲਾ ਮੰਤਰੀ–ਮੰਡਲ ਦੇ ਪਤਨ ਪਿੱਛੋਂ ਜਦ ਮੈਂ ਅਸਮ ਗਿਆ ਤਾਂ ਮੈਨੂੰ ਇਕ ਵੀ ਅਜਿਹਾ ਕਾਂਗਰਸੀ ਨਹੀਂ ਮਿਲਿਆ, ਜਿਹੜਾ ਰਲਿਆ–ਮਿਲਿਆ–ਮੰਤਰੀ ਮੰਡਲ ਬਣਾਉਣ ਉੱਤੇ ਜੋਰ ਨਾ ਦਿੰਦਾ ਹੋਵੇ। ਤੱਥ ਇਹ ਕਿ ਸੂਬਾ ਪ੍ਰਤੀਕ੍ਰਿਆਵਾਦੀ ਮੰਤਰੀ–ਮੰਡਲ ਦੇ ਬੋਝ ਹੇਠ ਕਰਾਹ ਰਿਹਾ ਸੀ। ਹਾਲਤ ਬਦ ਤੋਂ ਬਦਤਰ ਹੁੰਦੀ ਜਾ ਰਹੀ ਸੀ ਤੇ ਭਰਿਸ਼ਟਾਚਾਰ ਰੋਜ਼ਾਨਾ ਵਧਦਾ ਜਾ ਰਿਹਾ ਸੀ। ਜਦ ਨਵੇਂ ਮੰਤਰੀ–ਮੰਡਲ ਨੇ ਪਦ ਗ੍ਰਹਿਣ ਕੀਤਾ ਤਾਂ ਅਸਮ ਦੀ ਕਾਂਗਰਸ ਵਿਚਾਰਧਾਰਾ ਨੂੰ ਮੰਨਣ ਵਾਲੀ ਸਮੁੱਚੀ ਜਨਤਾ ਨੇ ਸੁਖ ਦਾ ਸਾਹ ਲਿਆ ਤੇ ਨਵਾਂ ਵਿਸ਼ਵਾਸ ਤੇ ਆਸ ਮਹਿਸੂਸ ਕੀਤੀ। ਜੇ ਤੂੰ ਪਦ ਗ੍ਰਹਿਣ ਦੀ ਨੀਤੀ ਨੂੰ ਸਾਰੇ ਦੇਸ਼ ਲਈ ਛੱਡਣ ਲਈ ਤਿਆਰ ਹੈਂ ਤਾਂ ਮੈਂ ਵੀ ਅਸਮ ਤੇ ਬੰਗਾਲ ਵਰਗੇ ਸੂਬਿਆਂ ਦੇ ਕਾਂਗਰਸੀ ਸੱਜਣਾ ਦੇ ਨਾਲ ਨਾਲ ਉਸਦਾ ਸਵਾਗਤ ਕਰਾਂਗਾ। ਪਰ ਜੇ ਕਾਂਗਰਸ ਪਾਰਟੀ ਸੱਤ ਸੂਬਿਆਂ ਵਿਚ ਪਦ ਗ੍ਰਹਿਣ ਕਰਦੀ ਹੈ ਤਾਂ ਇਹ ਜ਼ਰੂਰੀ ਹੈ ਕਿ ਦੂਜੇ ਸੂਬਿਆਂ ਵਿਚ ਮਿਲੇ–ਜੁਲੇ ਮੰਤਰੀ–ਮੰਡਲ ਬਣਨ। ਜੇ ਤੈਨੂੰ ਪਤਾ ਹੋਏ ਕਿ ਮਿਲਿਆ–ਜੁਲਿਆ ਮੰਤਰੀ–ਮੰਡਲ ਬਣਨ ਪਿੱਛੋਂ ਸਾਰੀਆਂ ਔਕੜਾਂ ਤੇ ਅੜਚਣਾ ਦੇ ਬਾਵਜੂਦ, ਸੂਬੇ ਦੀ ਹਾਲਤ ਵਿਚ ਕਿੰਨਾ ਸੁਧਾਰ ਹੋਇਆ ਹੈ ਤਾਂ ਤੂੰ ਆਪਣੀ ਰਾਏ ਬਿਲਕੁਲ ਬਦਲ ਲਵੇਂਗਾ।
ਬੰਗਾਲ ਬਾਰੇ, ਮੈਨੂੰ ਡਰ ਹੈ ਕਿ ਤੂੰ ਕਰੀਬ ਕਰੀਬ ਕੁਝ ਵੀ ਨਹੀਂ ਜਾਣਦਾ। ਆਪਣੀ ਪ੍ਰਧਾਨਗੀ ਦੇ ਦੋ ਵਰ੍ਹਿਆਂ ਵਿਚ ਤੂੰ ਕਦੀ ਇਸ ਸੂਬੇ ਦਾ ਦੌਰਾ ਨਹੀਂ ਕੀਤਾ, ਹਾਲਾਂਕਿ ਇਸ ਸੂਬੇ ਨੂੰ ਜਿਸ ਭਿਅੰਕਰ ਦਮਨ ਵਿਚੋਂ ਲੰਘਣਾ ਪਿਆ ਹੈ, ਉਸਨੂੰ ਦੇਖਦਿਆਂ ਹੋਇਆਂ ਉਸ ਵੱਲ ਹੋਰਨਾਂ ਸੂਬਿਆਂ ਨਾਲੋਂ ਵੱਧ ਧਿਆਨ ਦੇਣ ਦੀ ਲੋੜ ਸੀ। ਕੀ ਤੂੰ ਕਦੀ ਇਹ ਜਾਣਨ ਦੀ ਪ੍ਰਵਾਹ ਕੀਤੀ ਕਿ ਹਕ–ਮੰਤਰੀ–ਮੰਡਲ ਦੇ ਪਦ ਗ੍ਰਹਿਣ ਕਰਨ ਪਿੱਛੋਂ ਇਸ ਸੂਬੇ ਵਿਚ ਕੀ ਹੋਇਆ? ਜੇ ਤੂੰ ਕੀਤੀ ਹੁੰਦੀ ਤਾਂ ਤੂੰ ਮੇਰੇ ਨਾਲ ਸਹਿਮਤ ਹੁੰਦਾ ਕਿ ਜੇ ਇਸ ਸੂਬੇ ਨੂੰ ਬਚਾਉਣਾ ਹੋਵੇ ਤਾਂ ਹਕ–ਮੰਤਰੀ–ਮੰਡਲ ਨੂੰ ਭੰਗ ਹੋਣਾ ਚਾਹੀਦਾ ਹੈ। ਤੇ ਮੌਜੂਦਾ ਪ੍ਰਸਥਿਤੀਆਂ ਵਿਚ ਸਰਵ–ਸ਼ਰੇਟ ਸ਼ਾਸ਼ਨ ਹੀ ਯਾਨੀ ਮਿਲਿਆ–ਜੁਲਿਆ ਮੰਤਰੀ ਮੰਡਲ ਬਣਾਉਣਾ ਚਾਹੀਦਾ ਹੈ। ਪਰ ਇਹ ਸਭ ਕਹਿੰਦਿਆਂ ਹੋਇਆਂ ਮੈਨੂੰ ਇਹ ਵੀ ਕਹਿਣਾ ਚਾਹੀਦਾ ਹੈ ਕਿ ਮਿਲੇ–ਜੁਲੇ ਮੰਤਰੀ ਮੰਡਲ ਦਾ ਸਵਾਲ ਇਸ ਲਈ ਉਠਦਾ ਹੈ ਕਿ ਪੂਰਨ ਸਵਰਾਜ ਦਾ ਗਤੀਸ਼ੀਲ ਸੰਘਰਸ਼ ਰੋਕ ਦਿਤਾ ਗਿਆ ਹੈ। ਇਸ ਲੜਾਈ ਨੂੰ ਕਲ੍ਹ ਸ਼ੁਰੂ ਕਰ ਦਿਓ ਤੇ ਮਿਲੇ–ਜੁਲੇ ਮੰਤਰੀ ਮੰਡਲ ਦੀ ਸਾਰੀ ਚਰਚਾ ਹਵਾ ਵਿਚ ਉੱਡ ਜਾਵੇਗੀ।
ਹੁਣ ਮੈਂ ਤੇਰੇ ਦਿੱਲੀ ਦੇ 20 ਮਾਰਚ ਦੇ ਤਾਰ ਦਾ ਜ਼ਿਕਰ ਕਰਾਂਗਾ। ਉਸ ਵਿਚ ਤੂੰ ਕਿਹਾ : 'ਅੰਤਰ–ਰਾਸ਼ਟਰੀ ਸਥਿਤੀ ਤੇ ਨਾਜ਼ੁਕ ਰਾਸ਼ਟਰੀ ਸਮੱਸਿਆਵਾਂ ਪੱਖੋਂ ਕਾਰਜ–ਸੰਮਤੀ ਦਾ ਗਠਨ ਤੇ ਦਫ਼ਤਰ ਦਾ ਇੰਤਜ਼ਾਮ ਜ਼ਰੂਰੀ ਹੈ।' ਆਦੀ। ਕਾਰਜ–ਸੰਮਤੀ ਦੇ ਤੁਰੰਤ ਗਠਨ ਦੀ ਲੋੜ ਨੂੰ ਤਾਂ ਹਰ ਕੋਈ ਸਮਝ ਸਕਦਾ ਹੈ ਪਰ ਤੇਰੇ ਤਾਰ ਵਿਚ ਮੇਰੀਆਂ ਕਠਿਨਾਈਆਂ ਲਈ ਰਤਾ ਵੀ ਹਮਦਰਦੀ ਨਹੀਂ ਦਰਸਾਈ ਗਈ। ਤੂੰ ਚੰਗੀ ਤਰ੍ਹਾਂ ਜਾਣਦਾ ਹੈਂ ਕਿ ਜੇ ਪੰਤ ਦਾ ਮਤਾ ਪੇਸ਼ ਤੇ ਪਾਸ ਨਾ ਹੋਇਆ ਹੁੰਦਾ ਤਾਂ ਕਾਰਜ–ਸੰਮਤੀ ਦਾ ਐਲਾਨ 13 ਮਾਰਚ ਨੂੰ ਹੋ ਗਿਆ ਹੁੰਦਾ। ਜਦ ਇਹ ਮਤਾ ਪਾਸ ਹੋਇਆ ਤਾਂ ਕਾਂਗਰਸ ਚੰਗੀ ਤਰ੍ਹਾਂ ਜਾਣਦੀ ਸੀ ਕਿ ਮੈਂ ਬੜਾ ਬਿਮਾਰ ਹਾਂ, ਮਹਾਤਮਾ ਗਾਂਧੀ ਤ੍ਰਿਪੁਰੀ ਨਹੀਂ ਆਏ ਹਨ ਤੇ ਮੇਰਾ ਨੇੜੇ ਭਵਿੱਖ ਵਿਚ ਉਹਨਾਂ ਨਾਲ ਮਿਲਣਾ ਮੁਸ਼ਕਿਲ ਹੋਵੇਗਾ। ਮੈਂ ਇਹ ਸਮਝ ਸਕਦਾ ਹਾਂ ਕਿ ਕਾਰਜ–ਸੰਮਤੀ ਦੇ ਗਠਨ ਵਿਚ ਇਕ ਮਹੀਨੇ ਦੀ ਦੇਰ ਹੋ ਜਾਂਦੀ ਹੈ ਤਾਂ ਸੁਭਾਵਕ ਹੀ ਲੋਕਾਂ ਵਿਚ ਬੇਚੈਨੀ ਵਧੀ ਹੋਵੇਗੀ। ਪਰ ਤ੍ਰਿਪੁਰੀ ਕਾਂਗਰਸ ਦੇ ਇਕ ਹਫਤੇ ਬਾਅਦ ਹੀ ਅੰਦੋਲਨ ਸ਼ੁਰੂ ਕਰ ਦਿਤਾ ਗਿਆ ਤੇ ਇਲਜਾਮ ਪ੍ਰਕ੍ਰਿਆ ਵਾਂਗ ਹੀ ਇਸ ਮਾਮਲੇ ਵਿਚ ਵੀ ਤੂੰ ਹੀ ਮੇਰੇ ਖ਼ਿਲਾਫ ਅੰਦੋਲਨ ਸ਼ੁਰੂ ਕੀਤਾ। ਕੀ ਮਹਾਤਮਾ ਗਾਂਧੀ ਨੂੰ ਮਿਲੇ ਬਿਨਾਂ ਕਾਰਜ–ਸੰਮਤੀ ਬਣਾਉਣਾ ਆਸਾਨ ਸੀ? ਮੈਂ ਮਹਾਤਮਾਜੀ ਨੂੰ ਕਿੰਜ ਮਿਲ ਸਕਦਾ ਸੀ? ਤੇ ਕੀ ਤੂੰ ਭੁੱਲ ਗਿਆ ਕਿ ਪਿੱਛਲੇ ਵਰ੍ਹੇ ਹਰਿਪੁਰਾ ਕਾਂਗਰਸ ਦੇ ਛੇ ਹਫਤੇ ਬਾਅਦ ਕਾਰਜ–ਸੰਮਤੀ ਦੀ ਬੈਠਕ ਹੋਈ ਸੀ? ਕੀ ਤੂੰ ਸੋਚਦਾ ਹੈਂ ਕਿ ਤੇਰਾ ਤਾਰ ਅਖ਼ਬਾਰਾਂ ਵਿਚ ਛਪਣ ਪਿੱਛੋਂ ਮੇਰੇ ਖ਼ਿਲਾਫ ਕੁਝ ਲੋਕਾਂ ਨੇ ਤੇ ਅਖ਼ਬਾਰਾਂ ਨੇ ਜਿਹੜਾ ਅੰਦੋਲਨ ਸ਼ੁਰੂ ਕੀਤਾ, ਉਹ ਸਭ ਪਾਸਿਓਂ ਸ਼ੁੱਧ ਹਿੱਤਾਂ ਤੋਂ ਪ੍ਰੇਰਿਤ ਸੀ? ਕੀ ਮੈਂ ਜਾਣ–ਬੁਝ ਕੇ ਕਾਰਜ–ਸੰਮਤੀ ਨਾ ਬਣਾ ਕੇ ਕਾਂਗਰਸ ਦੇ ਮਾਮਲੇ ਵਿਚ ਅੜਿੱਕੇ ਲਾ ਰਿਹਾ ਸੀ? ਜੇ ਅੰਦੋਲਨ ਸਭ ਪੱਖੋਂ ਉਚਿੱਤ ਨਹੀਂ ਸੀ-ਤਾਂ ਕੀ ਇਕ ਜਨਤਕ ਨੇਤਾ ਦੀ ਹੈਸੀਅਤ ਨਾਲ ਤੇਰਾ ਇਹ ਫਰਜ਼ ਨਹੀਂ ਸੀ ਕਿ ਤੂੰ ਮੇਰੇ ਪੱਖ ਵਿਚ ਕੁਝ ਸ਼ਬਦ ਬੋਲਦਾ-ਉਸ ਸਮੇਂ ਜਦ ਕਿ ਮੈਂ ਬਿਸਤਰੇ 'ਤੇ ਪਿਆ ਸੀ?
ਮੈਂ ਤੇਰੇ ਇਸ ਇਲਜ਼ਾਮ ਦੀ ਚਰਚਾ ਕਰ ਚੁੱਕਿਆ ਹਾਂ ਕਿ ਮੇਰੀ ਪ੍ਰਧਾਨਗੀ ਦੇ ਜ਼ਮਾਨੇ ਵਿਚ ਕਾਂਗਰਸ ਮਹਾਸੰਮਤੀ ਦੀ ਹਾਲਤ ਖ਼ਰਾਬ ਹੋਈ ਹੈ। ਇਸ ਬਾਰੇ ਇਹ ਸ਼ਬਦ ਹੋਰ ਕਹਾਂਗਾ। ਕੀ ਤੈਨੂੰ ਇਹ ਖ਼ਿਆਲ ਨਹੀਂ ਆਇਆ ਕਿ ਤੂੰ ਮੇਰੀ ਨਿੰਦਿਆ ਕਰਨ ਦੀ ਕੋਸ਼ਿਸ਼ ਵਿਚ ਜਨਰਲ ਸੈਕਰੇਟਰੀ ਦੀ ਨਿੰਦਿਆ ਕਰਨ ਦੇ ਇਲਾਵਾ ਦਫ਼ਤਰ ਦੇ ਸਾਰੇ ਕਰਮਚਾਰੀਆਂ ਦੀ ਨਿੰਦਿਆ ਵੀ ਕਰ ਰਿਹਾ ਹੈਂ?
ਤੂੰ ਆਪਣੇ ਤਾਰ ਵਿਚ 'ਨਾਜ਼ੁਕ ਰਾਸ਼ਟਰੀ ਸਮੱਸਿਆਵਾਂ' ਦਾ ਜ਼ਿਕਰ ਕੀਤਾ, ਜਿਹਨਾਂ ਲਈ ਤੂੰ ਕਾਰਜ–ਸੰਮਤੀ ਦੇ ਗਠਨ ਦੀ ਮੰਗ ਕਰਦਾ ਹੈਂ, ਹਾਲਾਂਕਿ ਤੂੰ ਕਹਿੰਦਾ ਹੈਂ ਕਿ ਤੂੰ ਕਾਰਜ–ਸੰਮਤੀ ਵਿਚ ਨਹੀਂ ਰਹਿਣਾ ਚਾਹੁੰਦਾ। ਕਿਰਪਾ ਕਰਦੇ ਦੱਸ ਵੀ ਕਿ ਇਹ 'ਨਾਜ਼ੁਕ ਰਾਸ਼ਟਰੀ ਸਮੱਸਿਆਵਾਂ' ਕਿਹੜੀਆਂ ਹਨ? ਤੂੰ ਆਪਣੇ ਇਕ ਪਿੱਛਲੇ ਪੱਤਰ ਵਿਚ ਕਿਹਾ ਸੀ ਕਿ ਰਾਜਕੋਟ ਤੇ ਜੈਪੁਰ ਦੀ ਸਮੱਸਿਆ ਹੀ ਅਤਿ ਨਾਜ਼ੁਕ ਸਮੱਸਿਆ ਹੈ। ਪਰ ਕਿਉਂਕਿ ਮਹਾਤਮਾਜੀ ਇਸ ਮਾਮਲੇ ਨਾਲ ਨਜਿੱਠ ਰਹੇ ਹਨ, ਇਕ ਤਰ੍ਹਾਂ ਨਾਲ ਉਹ ਕਾਰਜ–ਸੰਮਤੀ ਤੇ ਮਹਾਸੰਮਤੀ ਦੇ ਕਾਰਜ–ਖੇਤਰ ਤੋਂ ਬਾਹਰ ਹਨ।
ਆਪਣੇ ਤਾਰ ਵਿਚ ਅੰਤਰ–ਰਾਸ਼ਟਰੀ ਸਥਿਤੀ ਦਾ ਜ਼ਿਕਰ ਵੀ ਕੀਤਾ ਹੈ। ਮੈਂ ਅਖ਼ਬਾਰਾਂ ਵਿਚ ਦੇਖਿਆ ਹੈ ਕਿ ਤੇਰੇ ਦੁਆਰਾ ਇਹ ਜ਼ਿਕਰ ਛੇੜਨ ਪਿੱਛੋਂ ਅਜਿਹੇ ਕਈ ਆਦਮੀ, ਜਿਹਨਾਂ ਨੂੰ ਰਤਾ ਵੀ ਅੰਤਰ–ਰਾਸ਼ਟਰੀ ਸੂਝ ਨਹੀਂ ਤੇ ਉਹ ਅੰਤਰਰਾਸ਼ਟਰੀ ਮਾਮਲਿਆਂ ਨੂੰ ਸਮਝਣ ਦੀ ਇੱਛਾ ਨਹੀਂ ਰੱਖਦੇ ਤੇ ਜਿਹੜੇ ਅੰਤਰ–ਰਾਸ਼ਟਰੀ ਸਥਿਤੀ ਦਾ ਭਾਰਤ ਦੇ ਹਿਤ ਵਿਚ ਵਰਤੋਂ ਵੀ ਨਹੀਂ ਕਰਨੀ ਚਾਹੁੰਦੇ, ਬੋਹੇਮੀਆ ਤੇ ਚੇਕੋਸਲੋਵਾਕੀਆ ਦੀ ਕਿਸਮਤ ਬਾਰੇ ਫਿਕਰਮੰਦ ਹੋ ਗਏ ਹਨ। ਜ਼ਾਹਿਰ ਹੈ ਕਿ ਇਹ ਮੇਰੇ ਉੱਤੇ ਵਾਰ ਕਰਨ ਦਾ ਵਧੀਆ ਹਥਿਆਰ ਮਿਲ ਗਿਆ ਹੈ। ਪਿੱਛਲੇ ਦੋ ਮਹੀਨਿਆਂ ਵਿਚ ਅਜਿਹਾ ਕੁਝ ਨਹੀਂ ਹੋਇਆ, ਜਿਸਦੀ ਆਸ ਨਹੀਂ ਸੀ। ਚੇਕੋਸਲੋਵਾਕੀਆ ਵਿਚ ਪਿੱਛੇ ਜਿਹੇ, ਜੋ ਕੁਝ ਹੋਇਆ, ਉਹ ਮਯੂਨਿਖ–ਸਮਝੌਤੇ ਦਾ ਨਤੀਜਾ ਹੈ। ਅਸਲ ਵਿਚ ਯੂਰਪ ਤੋਂ ਜਿਹੜੀ ਜਾਣਕਾਰੀ ਮੈਨੂੰ ਮਿਲ ਰਹੀ ਹੈ, ਉਸਦੇ ਆਧਾਰ 'ਤੇ ਮੈਂ ਪਿੱਛਲੇ ਛੇ ਮਹੀਨਿਆਂ ਤੋਂ ਕਾਂਗਰਸੀ ਮਿੱਤਰਾਂ ਨੂੰ ਕਹਿ ਰਿਹਾ ਹਾਂ ਕਿ ਬਸੰਤ ਵਿਚ ਯੂਰਪ ਵਿਚ ਸੰਕਟ ਪੈਦਾ ਹੋਵੇਗਾ, ਜਿਹੜਾ ਗਰਮੀਆਂ ਤਕ ਜਾਰੀ ਰਹੇਗਾ। ਇਸ ਲਈ ਮੈਂ ਆਪਣੇ ਵੱਲੋਂ ਗਤੀਵਾਨ ਕਦਮ ਉਠਾਉਣ ਉੱਤੇ ਜ਼ੋਰ ਦਿੰਦਾ ਰਿਹਾ ਹਾਂ-ਉਹ ਇਹ ਕਿ ਬ੍ਰਿਟਿਸ਼ ਸਰਕਾਰ ਨੂੰ ਪੂਰਨ ਸਵਰਾਜ ਦੀ ਮੰਗ ਵਾਲੀ ਚੁਨੌਤੀ ਦਿਤੀ ਜਾਵੇ। ਮੈਨੂੰ ਯਾਦ ਆ ਰਿਹਾ ਹੈ ਕਿ ਜਦ ਮੈਂ ਪਿੱਛਲੇ ਦਿਨੀਂ (ਸ਼ਾਂਤੀ ਨਿਕੇਤਨ ਜਾਂ ਇਲਾਹਾਬਾਦ ਵਿਚ) ਇਕ ਵਾਰੀ ਤੇਰੇ ਨਾਲ ਅੰਤਰ–ਰਾਸ਼ਟਰੀ ਸਥਿਤੀ ਦੀ ਚਰਚਾ ਕੀਤੀ ਸੀ ਤੇ ਉਸਦੇ ਆਧਾਰ 'ਤੇ ਬ੍ਰਿਟਿਸ਼ ਸਰਕਾਰ ਸਾਹਮਣੇ ਰਾਸ਼ਟਰੀ ਮੰਗ ਪੇਸ਼ ਕਰਨ ਦੀ ਦਲੀਲ ਵੀ ਦਿਤੀ ਸੀ ਤਾਂ ਤੂੰ ਠੰਡਾ ਉਤਰ ਦਿਤਾ ਸੀ ਕਿ ਅੰਤਰ–ਰਾਸ਼ਟਰੀ ਤਣਾਅ ਅਜੇ ਕੁਝ ਸਾਲ ਜਾਰੀ ਰਹਿਣ ਵਾਲਾ ਹੈ। ਤੇ ਹੁਣ ਅਚਾਨਕ ਹੀ ਤੂੰ ਅੰਤਰ–ਰਾਸ਼ਟਰੀ ਸਥਿਤੀ ਬਾਰੇ ਖਾਸਾ ਉਤਸਾਹੀ ਹੋ ਗਿਆ ਹੈਂ। ਪਰ ਮੈਂ ਤੈਨੂੰ ਦਸ ਦਿਆਂ ਕਿ ਤੇਰੇ ਵੱਲੋਂ ਜਾਂ ਗਾਂਧੀਵਾਦੀ ਟੋਲੇ ਵੱਲੋਂ ਇਸ ਅੰਤਰ–ਰਾਸ਼ਟਰੀ ਸਥਿਤੀ ਦਾ ਸਾਡੇ ਹਿੱਤਾਂ ਲਈ ਉਪਯੋਗ ਕਰ ਲੈਣਾ ਦਾ ਕੋਈ ਇਰਾਦਾ ਨਹੀਂ ਨਜ਼ਰ ਆ ਰਿਹਾ। ਤੇਰੇ ਤਾਰ ਵਿਚ ਇਹ ਵੀ ਲਿਖਿਆ ਹੈ ਕਿ ਅੰਤਰ–ਰਾਸ਼ਟਰੀ ਸੰਕਟ ਉਪਰ ਵਿਚਾਰ ਕਰਨ ਲਈ ਕਾਂਗਰਸ–ਸੰਮਤੀ ਦੀ ਬੈਠਕ ਜਲਦੀ ਹੋਣੀ ਚਾਹੀਦੀ ਹੈ। ਕਿਸ ਮਕਸਦ ਲਈ? ਇਕ ਲੰਮਾ ਚੌੜਾ ਮਤਾ ਪਾਸ ਕਰਨ ਲਈ, ਜਿਸਦਾ ਕੋਈ ਵਿਹਾਰਕ ਨਤੀਜਾ ਨਾ ਹੋਵੇ? ਜਾਂ ਤੂੰ ਆਪਣੀ ਰਾਏ ਬਦਲ ਲਵੇਂ ਤੇ ਕਾਂਗਰਸ ਸੰਮਤੀ ਨੂੰ ਕਹੇਂ ਕਿ ਹੁਣ ਸਾਨੂੰ ਪੂਰਨ–ਸਵਰਾਜ ਵੱਲ ਕਦਮ ਵਧਾਉਣਾ ਚਾਹੀਦਾ ਹੈ ਤੇ ਚੈਲੰਜ ਦੇ ਰੂਪ ਵਿਚ ਰਾਸ਼ਟਰ ਦੀ ਮੰਗ ਬ੍ਰਿਟਿਸ਼ ਸਰਕਾਰ ਸਾਹਮਣੇ ਪੇਸ਼ ਕਰਨੀ ਚਾਹੀਦੀ ਹੈ? ਨਹੀਂ, ਮੈਂ ਮਹਿਸੂਸ ਕਰਦਾ ਹਾਂ ਕਿ ਜਾਂ ਤਾਂ ਅਸੀਂ ਅੰਤਰ–ਰਾਸ਼ਟਰੀ ਰਾਜਨੀਤੀ ਉੱਤੇ ਗੰਭੀਰਤਾ ਨਾਲ ਵਿਚਾਰ ਕਰੀਏ ਤੇ ਅੰਤਰ–ਰਾਸ਼ਟਰੀ ਸਥਿਤੀ ਦਾ ਆਪਣੇ ਹਿੱਤਾਂ ਲਈ ਲਾਭ ਲਈਏ ਜਾਂ ਫੇਰ ਉਸਦੀ ਗੱਲ ਹੀ ਨਾ ਕਰੀਏ। ਜੇ ਅਸੀਂ ਕੁਝ ਕਰਨਾ ਧਰਨਾ ਹੀ ਨਹੀਂ ਚਾਹੁੰਦੇ ਤਾਂ ਫੋਕਾ ਦਿਖਾਵਾ ਕਰਨਾ ਬੇਕਾਰ ਹੈ।
ਮੈਨੂੰ ਦਸਿਆ ਗਿਆ ਹੈ ਕਿ ਜਦ ਤੂੰ ਦਿੱਲੀ ਵਿਚ ਸੀ ਤਾਂ ਤੂੰ ਮਹਾਤਮਾਜੀ ਨੂੰ ਇਹ ਆਦੇਸ਼ ਦਿਤਾ ਕਿ ਉਹਨਾਂ ਨੂੰ ਮੌਲਾਨਾ ਆਜ਼ਾਦ ਨਾਲ ਮਿਲਣ ਇਲਾਹਾਬਾਦ ਜਾਣ ਚਾਹੀਦਾ ਹੈ। ਇਹ ਜਾਣਕਾਰੀ ਬਿਲਕੁਲ ਗਲਤ ਹੋ ਸਕਦੀ ਹੈ, ਪਰ ਜੇ ਗਲਤ ਨਾ ਹੋਵੇ ਤਾਂ ਕੀ ਤੂੰ ਉਹਨਾਂ ਨੂੰ ਰਾਏ ਨਹੀਂ ਦਿਤੀ ਕਿ ਉਹਨਾਂ ਨੂੰ ਨਾਲ ਦੀ ਨਾਲ ਧਨਬਾਦ ਵੀ ਹੋ ਆਉਣਾ ਚਾਹੀਦਾ ਹੈ। ਜਦ ਮੇਰੇ ਸੈਕਰੇਟਰੀ ਨੇ ਤੈਨੂੰ 24 ਮਾਰਚ ਨੂੰ ਟੈਲੀਫ਼ੋਨ ਕੀਤਾ ਕਿ ਅਖ਼ਬਾਰਾਂ ਵਿਚ ਇਹ ਛਪਿਆ ਹੈ ਕਿ ਡਾਕਟਰ ਦੀ ਮਨਾਹੀ ਕਾਰਣ ਮਹਾਤਮਾਜੀ ਧਨਬਾਦ ਨਹੀਂ ਆ ਸਕਦੇ ਤੇ ਇਸਦਾ ਤੁਸੀਂ ਖੰਡਨ ਕਰੋ ਤਾਂ ਤੂੰ ਅਜਿਹੀ ਕੋਈ ਇੱਛਾ ਪ੍ਰਗਟ ਨਹੀਂ ਕੀਤੀ ਕਿ ਮਹਾਤਮਾਜੀ ਧਨਬਾਦ ਆਉਣ, ਹਾਲਾਂਕਿ ਤੂੰ ਇਸ ਗੱਲ ਲਈ ਬੜਾ ਉਤਸੁਕ ਸੀ ਕਿ ਮੈਨੂੰ ਮਹਾਤਮਾਜੀ ਦੀ ਇੱਛਾ ਅਨੁਸਾਰ ਕਾਰਜ–ਸੰਮਤੀ ਕੇ ਗਠਨ ਦਾ ਐਲਾਨ ਕਰ ਦੇਣਾ ਚਾਹੀਦਾ ਹੈ। ਟੈਲੀਫ਼ੋਨ ਉੱਤੇ ਤੂੰ ਇਹੀ ਕਿਹਾ ਸੀ ਕਿ ਧਨਬਾਦ ਮਹਾਤਮਾਜੀ ਦੇ ਪ੍ਰੋਗ੍ਰਾਮ ਵਿਚ ਸ਼ਾਮਿਲ ਨਹੀਂ ਹੈ। ਕੀ ਤੇਰੇ ਲਈ ਮਹਾਤਮਾਜੀ ਨੂੰ ਨੂੰ ਧਨਬਾਦ ਆਉਣ ਲਈ ਰਜ਼ਾਮੰਦ ਕਰਨਾ ਏਨਾ ਮੁਸ਼ਕਿਲ ਸੀ? ਤੂੰ ਕਹਿ ਸਕਦਾ ਹੈਂ ਕਿ ਉਹਨਾਂ ਰਾਜਕੋਟ ਦੇ ਮਾਮਲੇ ਵਿਚ ਵਾਪਸ ਦਿੱਲੀ ਪਹੁੰਚਣਾ ਸੀ। ਪਰ ਉਹਨਾਂ ਦੀ ਵਾਇਸਰਾਏ ਨਾਲ ਮੁਲਾਕਾਤ ਪੂਰੀ ਹੋ ਚੁੱਕੀ ਸੀ ਤੇ ਜਿੱਥੋਂ ਤਕ ਸਰ ਮਾਰਿਸ ਗਵਾਇਰ ਨੂੰ ਮਿਲਣ ਦੀ ਗੱਲ ਹੈ, ਸਰਦਾਰ ਪਟੇਲ ਨੇ ਮਿਲਣਾ ਸੀ, ਨਾ ਕਿ ਮਹਾਤਮਾ ਜੀ ਨੇ।
ਰਾਜਕੋਟ ਘਟਨਾਂ ਚੱਕਰ ਦੇ ਸੰਬੰਧ ਵਿਚ ਮੈਂ ਕੁਝ ਸ਼ਬਦ ਕਹਿਣਾ ਚਾਹਾਂਗਾ। ਸਮਝੌਤੇ ਦੀਆਂ ਸ਼ਰਤਾਂ ਨੂੰ, ਜਿਹਨਾਂ ਦੇ ਆਧਾਰ ਉੱਤੇ ਮਹਾਤਮਾਜੀ ਦਾ ਵਰਤ ਸਮਾਪਤ ਹੋਇਆ ਸੀ, ਤੂੰ ਕਾਫੀ ਹੱਦ ਤਕ ਸਮਝਦਾ ਹੈਂ। ਕੋਈ ਵੀ ਹਿੰਦੁਸਤਾਨੀ ਅਜਿਹਾ ਨਹੀਂ ਹੋਵੇਗਾ, ਜਿਸਨੇ ਮਹਾਤਮਾਜੀ ਦਾ ਜੀਵਨ ਬਚ ਜਾਣ ਉੱਤੇ ਖੁਸ਼ੀ ਤੇ ਰਾਹਤ ਮਹਿਸੂਸ ਨਹੀਂ ਕੀਤੀ ਹੋਵੇਗੀ। ਪਰ ਜਦ ਅਸੀਂ ਸਮਝੌਤੇ ਦੀਆਂ ਸ਼ਰਤਾਂ ਦੇ ਤਰਕ ਦੀ ਬਾਰੀਕੀ ਨਾਲ ਜਾਂਚ–ਪੜਤਾਲ ਕਰਦੇ ਹਾਂ ਤਾਂ ਸਾਨੂੰ ਕੀ ਲੱਗਦਾ ਹੈ? ਪਹਿਲੀ ਗੱਲ ਤਾਂ ਇਹ ਕਿ ਸਰ ਮਾਰਿਸ ਗਵਾਇਰ ਨੂੰ, ਜਿਹੜਾ ਸੰਘ–ਯੋਜਨਾ ਦਾ ਮੋਹਰੀ ਅੰਗ ਹੈ, ਪੰਚ ਮੰਨ ਲਿਆ ਗਿਆ। ਕੀ ਇਸ ਦਾ ਅਰਥ ਇਹ ਨਹੀਂ ਕਿ ਅਸੀਂ ਪਰਤੱਖ ਰੂਪ ਵਿਚ ਸੰਘ–ਯੋਜਨਾ ਨੂੰ ਸਵਿਕਾਰ ਕਰ ਲਿਆ? ਦੂਜਾ, ਸਰ ਮਾਰਿਸ ਨਾ ਤਾਂ ਸਾਡੇ ਆਦਮੀ ਹਨ, ਤੇ ਨਾ ਸੁਤੰਤਰ ਏਜੰਟ ਹੀ ਹਨ। ਉਹ ਸਿਧੇ ਸਾਦੇ ਰੂਪ ਵਿਚ ਸਰਕਾਰ ਦੇ ਆਦਮੀ ਹਨ। ਬ੍ਰਿਟਿਸ਼ ਸਰਕਾਰ ਨਾਲ ਆਪਣੇ ਕਿਸੇ ਵੀ ਮਤਭੇਦ ਵਿਚ ਜੇ ਅਸੀਂ ਕਿਸੇ ਹਾਈਕੋਰਟ ਜਜ ਜਾਂ ਸੇਸ਼ਨ ਜਜ ਨੂੰ ਪੰਚ ਮਨ ਲਈਏ ਤਾਂ ਬ੍ਰਿਟਿਸ਼ ਸਰਕਾਰ ਇਸ ਲਈ ਖੁਸ਼ੀ ਖੁਸ਼ੀ ਰਾਜ਼ੀ ਹੋ ਜਾਵੇਗੀ। ਉਦਾਹਰਨ ਲਈ ਬਿਨਾਂ ਮੁੱਕਦਮਾ ਚਲਾਏ ਨਜ਼ਰਬੰਦ ਰਾਜ–ਕੈਦੀਆਂ ਦੇ ਮਾਮਲੇ ਵਿਚ ਬ੍ਰਿਟਿਸ਼ ਸਰਕਾਰ ਹਮੇਸ਼ਾ ਮਾਣ ਨਾਲ ਕਹਿੰਦੀ ਰਹੀ ਹੈ ਕਿ ਤੱਤ ਸੰਬੰਧੀ ਕਾਗਜ਼ਾਤ ਦੋ ਹਾਈਕੋਰਟ ਜਾਂ ਸੇਸ਼ਨ ਜਜਾਂ ਸਾਹਮਣੇ ਰਖੇ ਜਾਂਦੇ ਹਨ। ਪਰ ਅਸੀਂ ਇਸ ਵਿਵਸਥਾ ਨੂੰ ਕਦੀ ਤੱਸਲੀਬਖ਼ਸ਼ ਨਹੀਂ ਮੰਨਿਆਂ। ਫੇਰ ਰਾਜਕੋਟ ਦੇ ਮਾਮਲੇ ਵਿਚ ਵੱਖਰਾ ਤਰੀਕਾ ਕਿਉਂ ਮੰਨ ਲਿਆ ਗਿਆ?
ਇਸ ਬਾਰੇ ਇਕ ਹੋਰ ਮੁੱਦਾ ਹੈ, ਜਿਸਨੂੰ ਮੈਂ ਨਹੀਂ ਸਮਝ ਸਕਿਆ ਤੇ ਜਿਸ ਉਪਰ ਤੂੰ ਚਾਨਣਾ ਪਾ ਸਕਦਾ ਹੈਂ। ਮਹਾਤਮਾ ਗਾਂਧੀ ਵਾਇਸਰਾਏ ਨੂੰ ਮਿਲਣ ਗਏ ਤੇ ਉਹਨਾਂ ਦੀ ਮੁਲਾਕਤ ਵੀ ਹੋ ਗਈ। ਹੁਣ ਉਹ ਉੱਥੇ ਬੈਠੇ ਇੰਤਜ਼ਾਰ ਕਿਉਂ ਰਹੇ ਹਨ? ਜੇ ਸਰ ਮਾਰਿਸ ਗਵਾਇਰ ਨੂੰ ਲੋੜ ਹੋਵੇ ਤਾਂ ਸਰਦਾਰ ਪਟੇਲ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ। ਜੇ ਮਹਾਤਮਾਜੀ ਵਇਸਰਾਏ ਨਾਲ ਮੁਲਾਕਾਤ ਕਰ ਲੈਣ ਤੋਂ ਪਿੱਛੋਂ ਵੀ ਦਿੱਲੀ ਵਿਚ ਰੁਕੇ ਰਹਿੰਦੇ ਹਨ ਤਾਂ ਕੀ ਇਸ ਵਿਚ ਅਸਿਧੇ ਤੌਰ 'ਤੇ ਬ੍ਰਿਟਿਸ਼ ਸਰਕਾਰ ਦਾ ਮਾਣ–ਇੱਜ਼ਤ ਨਹੀਂ ਵਧਦਾ? ਤੂੰ ਆਪਣੇ 24 ਮਾਰਚ ਦੇ ਪੱਤਰ ਵਿਚ ਲਿਖਿਆ ਸੀ ਕਿ ਮਹਾਤਮਾਜੀ ਦਾ ਕਈ ਦਿਨ ਤਕ ਦਿੱਲੀ ਵਿਚ ਰੁਕੇ ਰਹਿਣ ਦਾ ਮਨ ਬਣ ਚੁੱਕਿਆ ਹੈ ਤੇ ਉਹ ਬਾਹਰ ਨਹੀਂ ਜਾ ਸਕਦੇ। ਮੈਂ ਤਾਂ ਇੰਜ ਸੋਚਦਾ ਹਾਂ, ਮਹਾਤਮਾਜੀ ਲਈ ਦਿੱਲੀ ਵਿਚ ਇੰਤਜ਼ਾਰ ਕਰਦੇ ਰਹਿਣ ਦੀ ਬਜਾਏ ਹੋਰ ਕਈ ਜ਼ਰੂਰੀ ਕੰਮ ਕਰਨ ਵਾਲੇ ਪਏ ਹਨ। ਜੇ ਮਹਾਤਮਾਜੀ ਥੋੜ੍ਹੀ ਜਿਹੀ ਵੀ ਮਿਹਨਤ ਕਰਨ ਤਾਂ ਜਿਸ ਖੜੋਤ ਤੇ ਅੜਿੱਕੇ ਆਦੀ ਦੀ ਤੂੰ ਸ਼ਿਕਾਇਤ ਕਰਦਾ ਹੈਂ, ਉਸਨੂੰ ਦੇਖਦੇ ਦੇਖਦੇ ਦੂਰ ਕੀਤਾ ਜਾ ਸਕਦਾ ਹੈ। ਪਰ ਇਸ ਬਾਰੇ ਵਿਚ ਤੂੰ ਚੁੱਪ ਹੈਂ ਤੇ ਸਾਰੇ ਦੋਸ਼ ਮੇਰੇ ਲਈ ਸੁਰੱਖਿਅਤ ਰੱਖਦਾ ਹੈਂ।
ਆਪਣੇ 23 ਮਾਰਚ ਦੇ ਪੱਤਰ ਵਿਚ ਤੂੰ ਲਿਖਿਆ ਹੈ : “ਮੈਂ ਬਾਅਦ ਵਿਚ ਦੂਜੇ ਲੋਕਾਂ ਨੂੰ ਇਹ ਗੋਲ–ਮੋਲ ਗੱਲ ਕਰਦੇ ਸੁਣਿਆ ਕਿ ਕਾਂਗਰਸ ਮਹਾਸੰਮਤੀ ਦੀ ਬੈਠਕ ਬੁਲਾਈ ਜਾਏ। ਮੈਂ ਠੀਕ ਠੀਕ ਨਹੀਂ ਜਾਣਦਾ ਕਿ ਇਸ ਆਧਾਰ ਉੱਤੇ ਕੋਣ ਸੋਚ ਰਿਹਾ ਹੈ ਤੇ ਮਹਾਸੰਮਤੀ ਦੀ ਬੈਠਕ ਬੁਲਾਉਣ ਦਾ ਉਸਦਾ ਉਦੇਸ਼ ਕੀ ਹੈ, ਸਿਵਾਏ ਇਸ ਦੇ ਕਿ ਉਸ ਨਾਲ ਸਥਿਤੀ ਹੋਰ ਸਪਸ਼ਟ ਹੋ ਸਕੇ।” ਖ਼ਬਰਾਂ ਖਾਸੀ ਤੇਜੀ ਨਾਲ ਤੇ ਦੂਰ ਦੂਰ ਤਕ ਫੈਲਦੀਆਂ ਹਨ ਤੇ ਮੈਨੂੰ ਸੂਚਨਾ ਮਿਲੀ ਹੈ ਕਿ ਕੁਝ ਕੇਂਦਰੀ ਐਮ. ਐਲ. ਏ. ਮਹਾਸੰਮਤੀ ਦੀ ਬੈਠਕ ਜਲਦੀ ਬੁਲਾਉਣ ਲਈ ਬਿਨੈਪੱਤਰ ਉਪਰ ਮਹਾਸੰਮਤੀ ਦੇ ਮੈਂਬਰਾਂ ਦੇ ਦਸਤਖ਼ਤ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਜਿਵੇਂ ਮੈਂ ਮਹਾਸੰਮਤੀ ਦੀ ਬੈਠਕ ਬੁਲਾਉਣ ਨੂੰ ਟਾਲ ਰਿਹਾ ਹੋਵਾਂ ਤੇ ਜਾਣ–ਬੁਝ ਕੇ ਕਾਂਗਰਸ ਦੇ ਮਾਮਲਿਆਂ ਵਿਚ ਅੜਚਨ ਪੈਦਾ ਕਰ ਰਿਹਾ ਹੋਵਾਂ। ਕੀ ਤੂੰ ਇਸ ਕਿਸਮ ਦੀ ਚਰਚਾ ਦਿੱਲੀ ਵਿਚ ਜਾਂ ਹੋਰ ਕਿਤੇ ਨਹੀਂ ਸੁਣੀ? ਜੇ ਹਾਂ, ਤਾਂ ਕੀ ਤੂੰ ਸਮਝਦਾ ਹੈਂ, ਇਹ ਕਦਮ ਨਿਆਂਪੂਰਨ ਤੇ ਮਾਣ ਵਾਲਾ ਹੈ?
ਇਸੇ 23 ਮਾਰਚ ਦੇ ਪੱਤਰ ਵਿਚ ਤੂੰ ਰਾਸ਼ਟਰੀ ਮੰਗ ਦੇ ਮਤੇ ਤੇ ਸ਼ਰਦ ਰਾਹੀਂ ਉਸਦੇ ਵਿਰੋਧ ਦਾ ਜ਼ਿਕਰ ਕਰਦਾ ਹੈਂ। ਜਿੱਥੋਂ ਤਕ ਸ਼ਰਤ ਦੇ ਰੁਖ਼ ਦਾ ਸੰਬੰਧ ਹੈ, ਉਹ ਸ਼ਾਇਦ ਇਸ ਬਾਰੇ ਕੁਝ ਲਿਖਣ ਵਾਲੇ ਹਨ। ਪਰ ਇਹ ਕਹਿਣਾ ਸਹੀ ਨਹੀਂ ਕਿ ਉਹਨਾਂ ਦੇ ਵਿਰੋਧ ਦੇ ਇਲਾਵਾ ਮਤਾ ਸਰਵਸੰਮਤੀ ਨਾਲ ਪਾਸ ਹੋਇਆ। ਮੈਂ ਕਈ ਲੋਕਾਂ ਤੋਂ ਸੁਣਿਆ ਹੈ ਕਿ ਉਹਨਾਂ ਨੇ ਮਤੇ ਦਾ ਵਿਰੋਧ ਕੀਤਾ, ਇਸ ਲਈ ਨਹੀਂ ਕਿ ਉਸ ਵਿਚ ਕੁਝ ਬੁਨਿਆਦੀ ਖਰਾਬੀਆਂ ਸਨ, ਬਲਿਕੇ ਇਸ ਲਈ ਕਿ ਉਸਦਾ ਕੋਈ ਵਿਹਾਰਕ ਅਰਥ ਨਹੀਂ ਸੀ। ਉਹ ਵੀ ਉਹਨਾਂ ਨਿਰਦੋਸ਼ ਮਤਿਆਂ ਵਰਗਾ ਸੀ, ਜਿਹੜੇ ਹਰ ਕਾਂਗਰਸ ਇਜਲਾਸ ਦੇ ਅੰਤ ਵਿਚ ਪੇਸ਼ ਕੀਤੇ ਜਾਂਦੇ ਹਨ, ਸਮਰਥਨ ਪਹਿਲਾਂ ਮਿਥੇ ਹੁੰਦੇ ਹਨ ਤੇ ਜਾਂ ਤਾਂ ਸਰਵਸੰਮਤੀ ਨਾਲ ਜਾਂ ਮੂਕ ਰੂਪ ਵਿਚ ਪਾਸ ਕੀਤੇ ਜਾਂਦੇ ਹਨ। ਉਹ ਕਿੱਥੋਂ ਦਾ ਅਸਲੀ ਨੇਤਰਿਤਵ ਦਰਸਾਉਂਦਾ ਹੈ?
ਇਸ ਬਾਰੇ ਮੈਂ ਇਹ ਕਹੇ ਬਿਨਾਂ ਨਹੀਂ ਰਹਿ ਸਕਦਾ ਕਿ ਪਿੱਛਲੇ ਵਰ੍ਹੇ ਵਿਚ ਕਾਂਗਰਸ ਦੇ ਮਤੇ ਬਹੁਤ ਜ਼ਿਆਦ ਲੰਮੇਂ ਚੌੜੇ ਰਹੇ ਹਨ। ਉਹਨਾਂ ਨੂੰ 'ਮਤਿਆਂ' ਦੇ ਬਜਾਏ 'ਨਿਬੰਧ' ਕਹਿਣਾ ਵਧੇਰੇ ਠੀਕ ਹੋਵੇਗਾ। ਪਹਿਲਾਂ ਸਾਡੇ ਮਤੇ ਸੰਖੇਪ, ਵਿਸ਼ੇ ਭਰਪੂਰ ਤੇ ਵਿਹਾਰਕ ਹੁੰਦੇ ਸਨ। ਮੇਰਾ ਖ਼ਿਆਲ ਹੈ ਕਿ ਸਾਡੇ ਮਤਿਆਂ ਨੂੰ ਇਹ ਨਵੀਂ ਸ਼ਕਲ ਦੇਣ ਵਿਚ ਤੇਰਾ ਹੱਥ ਹੈ। ਜਿੱਥੋਂ ਤਕ ਮੇਰਾ ਸੰਬੰਧ ਹੈ, ਮੈਂ ਲੰਮੇਂ ਨਿਬੰਧਾਂ ਦੀ ਬਜਾਏ ਅਸਲ ਮੁੱਦੇ ਵਧੇਰੇ ਪਸੰਦ ਕਰਦਾ ਹਾਂ।
ਤੂੰ ਆਪਣੇ ਪੱਤਰਾਂ ਵਿਚ ਇਕ ਤੋਂ ਵਧ ਵਾਰੀ ਅਜ ਦੀ ਕਾਂਗਰਸ ਵਿਚ 'ਦੁਰਸਾਹਸਿਕ ਪ੍ਰਵਿਰਤੀਆਂ' ਦਾ ਜ਼ਿਕਰ ਕੀਤਾ ਹੈ। ਤੇਰਾ ਠੀਕ ਠੀਕ ਮੰਤਕ ਕੀ ਹੈ? ਮੈਨੂੰ ਇੰਜ ਲਗਦਾ ਹੈ ਕਿ ਤੇਰੀ ਨਜ਼ਰ ਵਿਚ ਕੁਝ ਖਾਸ ਵਿਅਕਤੀ ਹਨ। ਕੀ ਤੂੰ ਨਵੇਂ ਆਦਮੀਆਂ ਤੇ ਔਰਤਾਂ ਦੇ ਕਾਂਗਰਸ ਵਿਚ ਆਉਣ ਤੇ ਪ੍ਰਮੁੱਖਤਾ ਪ੍ਰਾਪਤ ਕਰਨ ਦੇ ਵਿਰੁੱਧ ਹੈਂ? ਕੀ ਤੂੰ ਚਾਹੁੰਦਾ ਹੈਂ ਕਿ ਕਾਂਗਰਸ ਦਾ ਮੁੱਖ ਨੇਤਰਿਤਵ ਕੁਝ ਵਿਅਕਤੀਆਂ ਲਈ ਹੀ ਸੁਰੱਖਿਅਤ ਰਹੇ? ਜੇ ਮੇਰੀ ਯਾਦਆਸ਼ਤ ਮੈਨੂੰ ਧੋਖਾ ਨਹੀਂ ਦਿੰਦੀ ਤਾਂ ਸੰਯੂਕਤ ਸੂਬੇ ਦੀ ਸੂਬਾਈ ਕਾਂਗਰਸ ਕਮੇਟੀ ਪਰਿਸ਼ਦ ਨੇ ਇਕ ਵਾਰੀ ਇਸ ਤਰ੍ਹਾਂ ਦਾ ਨਿਯਮ ਪਾਸ ਕੀਤਾ ਸੀ ਕਿ ਕਿਸੇ ਵੀ ਕਾਂਗਰਸ ਸੰਸਥਾ ਵਿਚ ਇਕ ਵਿਅਕਤੀ ਤਿੰਨ ਸਾਲ ਤੋਂ ਵਧ ਅਹੁਦੇਦਾਰ ਨਾ ਰਹੇ। ਸਾਫ ਹੈ, ਇਹ ਨਿਯਮ ਹੇਠਲੀਆਂ ਸੰਸਥਾਵਾਂ ਲਈ ਸੀ ਤੇ ਉਚ ਸੰਸਥਾਵਾਂ ਵਿਚ ਇਕੋ ਵਿਅਕਤੀ ਉਸੇ ਅਹੁਦੇ ਉਪਰ ਦਸ ਸਾਲ ਤਕ ਰਹਿ ਸਕਦਾ ਹੈ। ਤੂੰ ਕੁਝ ਵੀ ਕਹੇਂ, ਅਸੀਂ ਸਾਰੇ, ਇਕ ਅਰਥ ਵਿਚ, ਦੁਰਸਾਹਸੀ ਹਾਂ, ਕਾਰਣ, ਜੀਵਨ ਇਕ ਲੰਮਾਂ ਦੁਰਸਾਹਸ ਹੈ। ਮੈਂ ਤਾਂ ਸੋਚਿਆ ਸੀ ਕਿ ਜਿਹੜੇ ਲੋਕ ਆਪਣੇ ਆਪ ਨੂੰ ਪ੍ਰਗਤੀਸ਼ੀਲ ਕਹਿੰਦੇ ਹਨ, ਉਹ ਕਾਂਗਰਸ ਸੰਗਠਨ ਦੀ ਨਵੀਂ ਸ਼੍ਰੇਣੀ ਵਿਚ ਨਵੇਂ ਖ਼ੂਨ ਦਾ ਸਵਾਗਤ ਕਰਨਗੇ।
ਤੇਰੇ ਲਈ ਇਹ ਸੋਚਣ ਦਾ ਕੋਈ ਕਾਰਣ ਨਹੀਂ ਕਿ ਸ਼ਰਦ ਦਾ ਪੱਤਰ ਮੇਰੇ ਵੱਲੋਂ ਲਿਖਿਆ ਗਿਆ ਸੀ। (ਇੱਥੇ ਮੈਂ ਤੇਰੇ 24 ਮਾਰਚ ਦੇ ਪੱਤਰ ਦਾ ਹਵਾਲਾ ਦੇ ਰਿਹਾ ਹਾਂ) ਉਹਨਾਂ ਦਾ ਆਪਣਾ ਵਿਅਕਤੀਤਵ ਹੈ। ਜਦ ਉੁਹ ਇੱਥੋਂ ਕਲਕੱਤੇ ਪਰਤੇ ਤਾਂ ਉਹਨਾਂ ਨੂੰ ਗਾਂਧੀ ਦਾ ਤਾਰ ਮਿਲਿਆ ਕਿ ਉਹ ਉਹਨਾਂ ਨੂੰ ਪੱਤਰ ਲਿਖਣ। ਜੇ ਗਾਂਧੀਜੀ ਨੇ ਇਸ ਤਰ੍ਹਾਂ ਦਾ ਤਾਰ ਨਾ ਦਿਤਾ ਹੁੰਦਾ ਤਾਂ ਮੈਨੂੰ ਸ਼ੱਕ ਹੈ ਕਿ ਉਹਨਾਂ ਪੱਤਰ ਲਿਖਿਆ ਵੀ ਨਾ ਹੁੰਦਾ। ਪਰ ਮੈਂ ਇਹ ਕਹਿ ਦੇਵਾਂ ਕਿ ਮਹਾਤਮਾਜੀ ਨੂੰ ਲਿਖੇ ਗਏ ਉਹਨਾਂ ਦੇ ਪੱਤਰ ਵਿਚ ਕੁਝ ਅਜਿਹੀਆਂ ਗੱਲਾਂ ਹਨ, ਜਿਹੜੀਆਂ ਮੇਰੀਆਂ ਭਾਵਨਾਵਾਂ ਨੂੰ ਪ੍ਰਗਟ ਕਰਦੀਆਂ ਹਨ।
ਸ਼ਰਦ ਦੇ ਨਾਂ ਤੇਰੇ ਪੱਤਰ ਬਾਰੇ ਵੀ ਮੈਂ ਕੁਝ ਕਹਿਣਾ ਹੈ। ਮੈਂ ਤੇਰੇ ਪੱਤਰ ਦੇ ਇਹ ਅਰਥ ਲੈਂਦਾ ਹਾਂ ਕਿ ਤ੍ਰਿਪੁਰੀ ਵਾਤਾਵਰਨ ਆਦੀ ਦੇ ਬਾਰੇ ਵਿਚ ਉਹਨਾਂ ਜੋ ਕੁਝ ਲਿਖਿਆ, ਉਸ ਉੱਤੇ ਤੈਨੂੰ ਹੈਰਾਨੀ ਹੋਈ। ਇਸ ਉੱਤੇ ਮੈਨੂੰ ਹੈਰਾਨੀ ਹੁੰਦੀ ਹੈ। ਹਾਲਾਂਕਿ ਮੈਂ ਪੂਰੀ ਆਜ਼ਾਦੀ ਨਾਲ ਆ–ਜਾ ਨਹੀਂ ਸਕਦਾ ਸੀ, ਪਰ ਆਜ਼ਾਦ ਤਰੀਕਿਆਂ ਨਾਲ ਇਸ ਜਗ੍ਹਾ ਦੇ ਦੁਸ਼ਿਤ ਵਾਤਾਵਰਨ ਦੀ ਮੈਨੂੰ ਕਾਫੀ ਰਿਪੋਰਟ ਮਿਲੀ ਸੀ। ਮੇਰੀ ਸਮਝ ਵਿਚ ਨਹੀਂ ਆਉਂਦਾ ਕਿ ਤੂੰ ਉਸ ਜਗ੍ਹਾ ਆਇਆ ਗਿਆ ਤੇ ਫੇਰ ਵੀ ਕਿੰਜ ਤੈਨੂੰ ਉਸਦੀ ਗੰਧ ਨਹੀਂ ਆਈ ਜਾਂ ਤੂੰ ਉਸ ਬਾਰੇ ਵਿਚ ਸੁਣਿਆ ਹੀ ਨਹੀਂ?
ਦੂਜਾ ਤੇਰਾ ਇਹ ਕਹਿਣਾ ਹੈ ਕਿ ਤ੍ਰਿਪੁਰੀ ਵਿਚ ਦੂਜੇ ਸਵਾਲਾਂ ਦੇ ਵਿਚਾਰ ਉਪਰ ਵਿਅਕਤੀਗਤ ਪ੍ਰਸ਼ਨਾਂ ਦੀ ਛਾਪ ਪਈ ਹੋਈ ਹੈ। ਤੇਰਾ ਕਹਿਣਾ ਸਹੀ ਹੈ। ਸਿਰਫ ਤੂੰ ਇਹ ਜੋੜਿਆ ਕਿ ਹਾਲਾਂਕਿ ਤੂੰ ਇਸ ਵਿਸ਼ੇ ਉਪਰ ਵਿਸ਼ੇ ਸੰਮਤੀ ਜਾਂ ਖੁੱਲ੍ਹੇ ਇਜਲਾਸ ਵਿਚ ਬੋਲਿਆ ਨਹੀਂ, ਪਰ ਉਹਨਾਂ ਵਿਅਕਤੀਗਤ ਪ੍ਰਸ਼ਨਾਂ ਨੂੰ ਤਿੱਖੇ ਬਣਾਉਣ ਵਿਚ ਤੇ ਉਹਨਾਂ ਨੂੰ ਜਨਤਕ ਦ੍ਰਿਸ਼ਟੀ ਤੋਂ ਪ੍ਰਧਾਨਤਾ ਦਿਵਾਉਣ ਵਿਚ ਤੂੰ ਕਿਸੇ ਵੀ ਵਿਆਕਤੀ ਨਾਲੋਂ ਵਧ ਯੋਗਦਾਨ ਦਿਤਾ।
ਤੂੰ ਸ਼ਰਦ ਦੇ ਨਾਂ ਆਪਣੇ ਪੱਤਰ ਵਿਚ ਕਿਹਾ ਹੈ : “ਕਿਸੇ ਦੇ ਲਈ ਵੀ ਇਹ ਕਹਿਣਾ ਬੇਹੂਦਾ ਗੱਲ ਸੀ ਕਿ ਸੁਭਾਸ਼ ਦੀ ਬਿਮਾਰੀ ਬਨਾਉਟੀ ਹੈ ਤੇ ਮੇਰੇ ਕਿਸੇ ਵੀ ਸਾਥੀ ਨੇ ਮੇਰੀ ਜਾਣਕਾਰੀ ਵਿਚ ਅਜਿਹਾ ਇਸ਼ਾਰਾ ਨਹੀਂ ਕੀਤਾ।” ਜਦ ਤੂੰ ਇੰਜ ਕਹਿੰਦਾ ਹੈਂ ਤਾਂ ਲਗਦਾ ਹੈ ਤੂੰ ਆਪਣੀਆਂ ਅੱਖਾਂ ਉਪਰ ਨਿਰੋਲ ਰੰਗੀਨ ਐਨਕ ਲਾ ਲਈ ਹੈ, ਜਦ ਕਿ ਤ੍ਰਿਪੁਰੀ ਵਿਚ ਤੇ ਉਸ ਤੋਂ ਪਹਿਲਾਂ ਮੇਰੇ ਰਾਜਨੀਤਕ ਵਿਰੋਧੀਆਂ ਨੇ ਸਭ ਜਗ੍ਹਾ ਇਸ ਢੰਗ ਦਾ ਯੋਜਨਾਬੱਧ ਪ੍ਰਚਾਰ ਕੀਤਾ ਸੀ। ਇਹ ਇਕ ਹੋਰ ਵੱਖਰਾ ਸਬੂਤ ਹੈ ਕਿ ਪਿਛਲੇ ਕੁਝ ਸਮੇਂ ਤੋਂ ਤੇਰਾ ਮੇਰੇ ਵਿਰੁੱਧ ਝੁਕਾਅ ਰਹਿਣ ਲੱਗ ਪਿਆ ਹੈ (ਦੇਖ ਇਸ ਪੱਤਰ ਦੀ ਸ਼ੁਰੂਆਤ) ਮੈਂ ਨਹੀਂ ਸੋਚਦਾ ਕਿ ਸ਼ਰਦ ਨੇ ਤ੍ਰਿਪੁਰੀ ਦੇ ਵਾਤਾਵਰਨ ਆਦੀ ਬਾਰੇ ਜੋ ਕੁਝ ਕਿਹਾ ਹੈ, ਉਹ ਜ਼ਰਾ ਵੀ ਵਧਾਅ ਘਟਾਅ ਕੇ ਕਿਹਾ ਗਿਆ ਹੈ।
ਤੂੰ ਤ੍ਰਿਪੁਰੀ ਵਿਚ ਸੁਣੀਆਂ ਕੁਝ ਰੂਚੀਹੀਣ ਰਿਪੋਰਟਾਂ ਦਾ ਜ਼ਿਕਰ ਕੀਤਾ ਹੈ। ਤੇਰੇ ਲਈ ਇਹ ਅਜੀਬ ਤੇ ਕੋਝੀ ਗੱਲ ਹੈ ਕਿ ਤੂੰ ਜਾਣਦਾ ਹੈਂ ਕਿ ਬੰਗਾਲ ਹੀ ਇਕ ਅਜਿਹਾ ਸੂਬਾ ਨਹੀਂ ਹੈ ਜਿਸਦੇ ਪ੍ਰਤੀਨਿਧਾਂ ਦੇ ਟਿਕਟ ਜਾਰੀ ਕਰਨ ਬਾਰੇ ਸ਼ਿਕਾਇਤਾਂ ਕੀਤੀਆਂ ਗਈਆਂ ਹਨ? ਕੀ ਤੂੰ ਜਾਣਾ ਹੈਂ ਕਿ ਇਸੇ ਤਰ੍ਹਾਂ ਦੀਆਂ ਸ਼ਿਕਾਇਤਾਂ ਆਂਧਰ ਵਿਰੁੱਧ ਵੀ ਕੀਤੀਆਂ ਗਈਆਂ ਸਨ? ਪਰ ਤੂੰ ਸਿਰਫ ਬੰਗਾਲ ਦਾ ਜ਼ਿਕਰ ਕਰਦਾ ਹੈਂ। ਫੇਰ ਕੀ ਤੈਨੂੰ ਪਤਾ ਹੈ ਕਿ ਜਦ ਬੰਗਾਲ ਸੂਬਾਈ ਕਾਂਗਰਸ ਕਮੇਟੀ ਦੇ ਦਫ਼ਤਰ ਵਿਚ ਮੂਲ ਰਸੀਦਾਂ ਗਵਾਚ ਜਾਣ ਕਾਰਣ ਦੁਹਰੀਆਂ ਰਸੀਦਾਂ ਜਾਰੀ ਕੀਤੀਆਂ ਤਾਂ ਉਸਨੇ ਇਸ ਸੰਬੰਧ ਵਿਚ ਕਾਂਗਰਸ ਮਹਾਸੰਮਤੀ ਦੇ ਦਫ਼ਤਰ ਨੂੰ ਚਿਤਾਵਨੀ ਦੇ ਦਿਤੀ ਸੀ ਤੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਇਸ ਗਲਤੀ ਲਈ ਜ਼ਿਮੇਂਵਾਰ ਕੌਣ ਹੈ, ਬੰਗਾਲ ਸੂਬਾਈ ਕਾਂਗਰਸ ਕਮੇਟੀ ਜਾਂ ਕਾਂਗਰਸ ਮਹਾਸੰਮਤੀ ਦਾ ਦਫ਼ਤਰ?
ਫੇਰ ਤੂੰ ਪ੍ਰਤੀਨਿਧੀਆਂ ਨੂੰ ਲਿਆਉਣ ਵਾਸਤੇ ਮੋਟੀ ਰਕਮ ਖਰਚ ਕਰਨ ਦਾ ਜ਼ਿਕਰ ਕੀਤਾ ਹੈ। ਕੀ ਤੂੰ ਨਹੀਂ ਜਾਣਦਾ ਕਿ ਪੂੰਜੀਪਤੀ ਤੇ ਪੈਸੇ ਵਾਲੇ ਲੋਕ ਕਿਸ ਪੱਖ ਵਿਚ ਹਨ? ਕੀ ਤੂੰ ਸੁਣਿਆ ਹੈ ਕਿ ਪੰਜਾਬ ਦੇ ਪ੍ਰਤੀਨਿਧੀਆਂ ਨੂੰ ਲਾਰੀ ਭਰ ਕੇ ਲਾਹੌਰ ਤੋਂ ਲਿਆਂਦਾ ਗਿਆ? ਸ਼ਾਇਦ ਡਾ. ਕਿਚਲੂ ਇਸ ਉਪਰ ਚਾਨਣ ਪਾ ਸਕਦੇ ਹਨ। ਪੰਜਾਬ ਦੀ ਇਕ ਪ੍ਰਸਿੱਧ ਮਹਿਲਾ ਕਾਂਗਰਸ ਕਾਰਜਕਾਰੀ ਨੇ, ਜਿਹੜੀ ਮੈਨੂੰ ਪੰਜ ਦਿਨ ਪਹਿਲਾਂ ਮਿਲੀ ਸੀ, ਦੱਸਿਆ ਕਿ ਸਾਨੂੰ ਸਰਦਾਰ ਪਟੇਲ ਦੀ ਹਿਦਾਇਤ ਅਨੁਸਾਰ ਲਿਆਂਦਾ ਗਿਆ ਹੈ। ਮੈਂ ਨਹੀਂ ਜਾਣਦਾ, ਪਰ ਨਿਸ਼ਚਿਤ ਹੀ ਤੈਨੂੰ ਥੋੜ੍ਹੀ ਚੌਕਸੀ ਦੀ ਭਾਵਨਾ ਰੱਖਣੀ ਚਾਹੀਦੀ ਹੈ।
ਤ੍ਰਿਪੁਰੀ ਵਿਚ ਕਾਂਗਰਸ ਮੰਤਰੀਆਂ ਦੇ ਰਵੱਈਏ ਬਾਰੇ ਮੈਂ ਦੋ ਗੱਲਾਂ ਕਹਿਣੀਆਂ ਹਨ। ਮੈਨੂੰ ਮਹਾਸੰਮਤੀ ਦੇ ਬਹੁਤ ਸਾਰੇ ਮੈਂਬਰਾਂ ਨੇ ਬੇਨਤੀ ਕੀਤੀ ਕਿ ਵੋਟਾਂ, ਪਰਚੀਆਂ ਦੇ ਜ਼ਰੀਏ ਪੈਣੀਆਂ ਚਾਹੀਦੀਆਂ ਹਨ। ਜਦ ਮੈਂ ਇਸਦਾ ਕਾਰਣ ਪੁੱਛਿਆ ਤਾਂ ਉਹਨਾਂ ਨੇ ਕਿਹਾ ਕਿ ਜੇ ਖੁੱਲ੍ਹੇ ਰੂਪ ਵਿਚ ਕਾਂਗਰਸ ਮੰਤਰੀਆਂ ਦੇ ਵਿਰੁਧ ਵੋਟ ਦਿਤੀ ਤਾਂ ਉਹਨਾਂ ਨੂੰ ਦਿੱਕਤ ਵਿਚ ਫਸਨਾ ਪਵੇਗਾ। ਇਸਦਾ ਕੀ ਮਤਲਬ? ਦੂਜੇ, ਮੈਂ ਇਸਦੇ ਖ਼ਿਲਾਫ ਹਾਂ ਕਿ ਕਾਂਗਰਸੀ ਮੰਤਰੀ ਇਸ ਤਰ੍ਹਾਂ ਦਲਗਤ (ਢਾਣੀਆਂ ਬਣਾ ਕੇ) ਤਰੀਕੇ ਨਾਲ ਵੋਟਾਂ ਇਕੱਠੀਆਂ ਕਰਨਗੇ। ਇਸ ਵਿਚ ਸ਼ੱਕ ਨਹੀਂ ਕਿ ਉਹਨਾਂ ਨੂੰ ਇੰਜ ਕਰਨ ਦਾ ਵਿਧਾਨਿਕ ਅਧਿਕਾਰ ਹੈ, ਪਰ ਇਸ ਦਾ ਨਤੀਜਾ ਇਹ ਹੋਵੇਗਾ ਕਿ ਹਰ ਸੂਬੇ ਦੀ ਕਾਂਗਰਸ ਪਾਰਲੀਮੈਂਟਰੀ ਪਾਰਟੀ ਵਿਚ ਫੁੱਟ ਪੈ ਜਾਵੇਗੀ। ਜੇ ਕਾਂਗਰਸੀ ਮੰਤਰੀਆਂ ਨੂੰ ਆਪਣੇ ਸੂਬੇ ਦੀਆਂ ਅਸੈਂਬਲੀਆਂ ਤੇ ਪਰੀਸ਼ਦਾਂ ਦੇ ਸਾਰੇ ਕਾਂਗਰਸੀ ਮੈਂਬਰਾਂ ਦਾ ਸਾਂਝਾ ਸਮਰਥਨ ਪ੍ਰਾਪਤ ਨਹੀਂ ਹੁੰਦਾ ਤਾਂ ਉਹ ਕਿੰਜ ਆਪਣਾ ਕੰਮ ਚਲਾ ਸਕਣਗੇ?
ਕੀ ਤੂੰ ਇਸ ਲਾਲ ਸਹਿਮਤ ਨਹੀਂ ਕਿ ਤ੍ਰਿਪੁਰੀ ਕਾਂਗਰਸ ਵਿਚ (ਵਿਸ਼ੇ–ਸੰਮਤੀ ਵਿਚ ਵੀ) ਪੁਰਾਣੇ ਨੇਤਰਿਤਵ ਨੇ ਜਨਤਾ ਦੀ ਨਜ਼ਰ ਵਿਚ ਕ੍ਰਿਆਹੀਣ ਰੁਖ਼ ਰੱਖਿਆ ਹੈ ਤੇ ਮੰਤਰੀ ਰੰਗਮੰਚ ਉਪਰ ਭਾਰੂ ਰਹੇ, ਜਦ ਸ਼ਰਦ ਨੇ ਇਹ ਕਿਹਾ ਤਾਂ ਕੀ ਉਹ ਗਲਤ ਸੀ?
ਇਹ ਜ਼ਖ਼ਮਾਂ ਉੱਤੇ ਲੂਣ ਛਿੜਕਨਾ ਹੋਇਆ-ਜਦ ਤੂੰ ਸ਼ਰਤ ਦੇ ਨਾਂ ਆਪਣੇ ਪੱਤਰ ਵਿਚ ਕਹਿੰਦਾ ਹੈ : “ਤ੍ਰਿਪੁਰੀ ਮਤਾ ਕਾਂਗਰਸ ਪ੍ਰਧਾਨ ਤੇ ਗਾਂਧੀ ਵਿਚਕਾਰ ਸਹਿਯੋਗ ਦੀ ਕਲਪਨਾ ਕਰਦਾ ਹੈ।”
ਤੂੰ ਇਸੇ ਪੱਤਰ ਵਿਚ ਦਾਅਵਾ ਕਰਦਾ ਹੈਂ ਕਿ ਤੂੰ ਤ੍ਰਿਪੁਰੀ ਵਿਚ ਤੇ ਉਸ ਤੋਂ ਪਹਿਲਾਂ ਕਾਂਗਰਸੀਆਂ ਵਿਚਕਾਰ ਸਹਿਯੋਗ ਕਰਵਾਉਣ ਦੀ ਕੋਸ਼ਿਸ਼ ਕੀਤੀ। ਕੀ ਮੈਂ ਤੈਨੂੰ ਇਹ ਕੋਝਾ ਤੱਥ ਦੱਸਾਂ ਕਿ ਦੂਜੇ ਲੋਕਾਂ ਦੀ ਇਸ ਬਾਰੇ ਵਿਚ ਦੂਜੀ ਰਾਏ ਹੈ। ਉਹਨਾਂ ਦੇ ਖ਼ਿਆਲ ਵਿਚ ਤ੍ਰਿਪੁਰੀ ਕਾਂਗਰਸ ਵਿਚ ਕਾਂਗਰਸੀਆਂ ਤੇ ਕਾਂਗਰਸੀਆਂ ਵਿਚ ਜਿਹੜਾ ਪਾੜਾ ਪਿਆ ਹੈ, ਉਸਦੀ ਜ਼ਿਮੇਂਵਾਰੀ ਤੋਂ ਤੂੰ ਬਚ ਨਹੀਂ ਸਕਦਾ। ਹੁਣ ਮੈਂ ਤੈਨੂੰ ਆਪਣੀ ਨੀਤੀ ਤੇ ਕੰਮ ਢੰਗ ਨੂੰ ਸਪਸ਼ਟ ਕਰਨ ਦੀ ਦਾਵਤ ਦੇਂਦਾ ਹਾਂ-ਅਸਪਸ਼ਟ ਆਮ ਗੱਲਾਂ ਨਾਲ ਨਹੀਂ, ਬਲਿਕੇ ਯਥਾਰਥਵਾਦੀ ਵਿਸਥਾਰ ਨਾਲ। ਮੈਂ ਇਹ ਵੀ ਜਾਣਨਾ ਚਾਹਾਂਗਾ ਕਿ ਤੂੰ ਕੀ ਹੈਂ, ਸਮਾਜਵਾਦੀ ਜਾਂ ਵਾਮ–ਪੱਖੀ ਜਾਂ ਮਧਮਾਰਗੀ ਜਾਂ ਗਾਂਧੀਵਾਦੀ ਜਾਂ ਹੋਰ ਕੁਝ?
ਤੇਰੇ ਸ਼ਰਤ ਨੂੰ ਲਿਖੇ ਪੱਤਰ ਵਿਚ ਦੋ ਪ੍ਰਸ਼ੰਸਾ ਯੋਗ ਗੱਲਾਂ ਹਨ, “ਸਾਰੇ ਰਾਜਨੀਤਕ ਪ੍ਰਸ਼ਨਾਂ ਉੱਤੇ ਵਿਅਕਤੀਗਤ ਪੱਖਾਂ ਨੂੰ ਪ੍ਰਧਾਨਤਾ ਮਿਲਦਿਆਂ ਦੇਖ ਕੇ ਮੈਨੂੰ ਸਭ ਤੋਂ ਵਧ ਦੁਖ ਹੋਇਆ। ਜੇ ਕਾਂਗਰਸੀਆਂ ਵਿਚਕਾਰ ਸੰਘਰਸ਼ ਹੁੰਦਾ ਹੈ ਤਾਂ ਮੇਰੀ ਇਹ ਦਿਲੀ ਇੱਛਾ ਹੈ ਕਿ ਉਸਨੂੰ ਉੱਚੇ ਸਤਰ 'ਤੇ ਤੇ ਨੀਤੀ ਤੇ ਸਿਧਾਂਤ ਦੇ ਮਾਮਲੇ ਤਕ ਹੀ ਸੀਮਿਤ ਰੱਖਿਆ ਜਾਏ।” ਜੇ ਤੂੰ ਖ਼ੁਦ ਆਪਣੀ ਗੱਲ ਉਪਰ ਅਮਲ ਕੀਤਾ ਹੁੰਦਾ ਤਾਂ ਕਾਂਗਰਸ ਰਾਜਨੀਤੀ ਦੀ ਦੂਸਰੀ ਸ਼ਕਲ ਹੁੰਦੀ।
ਜਦ ਤੂੰ ਕਹਿੰਦਾ ਹੈਂ, ਤੇਰੀ ਸਮਝ ਵਿਚ ਨਹੀਂ ਆਇਆ ਤ੍ਰਿਪੁਰੀ ਵਿਚ ਕੀ ਰੁਕਾਵਟ ਸੀ ਤਾਂ ਮੈਂ ਤੇਰੇ 'ਸਿੱਧਰੇਪਨ' ਦੀਆਂ ਬਲਾਵਾਂ ਲਏ ਬਿਨਾਂ ਨਹੀਂ ਰਹਿ ਸਕਦਾ। ਤ੍ਰਿਪੁਰੀ ਕਾਂਗਰਸ ਨੇ ਅਸਲ ਵਿਚ ਸਿਰਫ ਇਕ ਮਤਾ ਹੀ ਪਾਸ ਕੀਤਾ ਸੀ ਤੇ ਉਹ ਪੰਤ–ਪ੍ਰਸਤਾਵ ਤੇ ਉਸ ਵਿਚ ਤੁੱਛਤਾ ਤੇ ਬਦਲੇ ਦੀ ਭਾਵਨਾ ਭਰੀ ਹੋਈ ਸੀ। ਸੱਚ ਤੇ ਅਹਿੰਸਾ ਦੇ ਹਮਇਤੀਆਂ ਨੇ ਪ੍ਰਧਾਨ ਦੀ ਚੋਣ ਤੋਂ ਬਾਅਦ ਦੁਨੀਆਂ ਨੂੰ ਦਸਿਆ ਸੀ ਕਿ ਉਹ ਬਹੁਮਤ ਦੀ ਰਾਹ ਵਿਚ ਰੋੜੇ ਨਹੀਂ ਅੜਾਉਣਗੇ ਤੇ ਅੜਿੱਕਾ ਨਾ ਪਾਉਣ ਦੀ ਭਾਵਨਾਂ ਵੱਸ ਉਹਨਾਂ ਕਾਰਜ–ਸੰਮਤੀ ਤੋਂ ਅਸਤੀਫ਼ਾ ਦੇ ਦਿਤਾ ਹੈ। ਤ੍ਰਿਪੁਰੀ ਵਿਚ ਉਹਨਾਂ ਅੜਿੱਕੇ ਲਾਉਣ ਤੋਂ ਬਿਨਾਂ ਹੋਰ ਕੁਝ ਨਹੀਂ ਕੀਤਾ। ਉਹਨਾਂ ਨੂੰ ਇੰਜ ਕਰਨ ਦਾ ਅਧਿਕਾਰ ਸੀ, ਪਰ ਉਹਨਾਂ ਅਜਿਹੇ ਦਾਅਵੇ ਕਿਉਂ ਕੀਤੇ, ਜਿਹਨਾਂ ਨੂੰ ਅਸਲ ਵਿਚ ਉਹਨਾਂ ਨੇ ਝੁਠਿਆਇਆ।
ਮੈਂ ਇਸ ਲੰਮੇਂ ਪੱਤਰ ਨੂੰ ਸਮਾਪਤ ਕਰਨ ਤੋਂ ਪਹਿਲਾਂ ਕੁਝ ਹੋਰ ਗੱਲਾਂ ਦਾ ਜ਼ਿਕਰ ਕਰਾਂਗਾ।
ਤੂੰ ਤ੍ਰਿਪੁਰੀ ਵਿਚ ਬੰਗਾਲ ਦੇ ਪ੍ਰਤੀਨਿਧੀਆਂ ਨੂੰ ਟਿਕਟ ਜਾਰੀ ਕਰਨ ਵਿਚ ਹੋਈ ਦਿੱਕਤ ਦਾ ਜ਼ਿਕਰ ਕੀਤਾ ਹੈ। ਇਕ ਦਿਨ ਮੈਂ ਇਕ ਪਰਚੇ ਵਿਚ ਪੜ੍ਹਿਆ ਕਿ ਕਲਕੱਤੇ ਦੀ ਇਕ ਜਨਤਕ ਸਭਾ ਵਿਚ ਕਾਂਗਰਸ ਮਹਾਸੰਮਤੀ ਦੇ ਇਕ ਮੈਂਬਰ ਨੇ ਕਿਹਾ ਕਿ ਉਸਨੇ ਸੰਯੁਕਤ ਪ੍ਰਾਂਤ ਦੇ ਕੁਝ ਪ੍ਰਤੀਨਿਧੀਆਂ ਤੋਂ ਸੁਣਿਆ ਹੈ ਕਿ ਇਸ ਤਰ੍ਹਾਂ ਦੀ ਦਿੱਕਤ ਸੰਯੁਕਤ ਪ੍ਰਾਂਤ ਵਿਚ ਵੀ ਆਈ ਸੀ?
ਕੀ ਤੂੰ ਇਹ ਨਹੀਂ ਸੋਚਦਾ ਕਿ ਪੰਤ–ਪ੍ਰਸਤਾਵ ਦਾ ਬੁਨਿਆਦੀ ਉਦੇਸ਼ ਮਹਾਤਮਾਜੀ ਨੂੰ ਮੇਰੇ ਵਿਰੁੱਧ ਕਰਨਾ ਸੀ? ਕੀ ਤੂੰ ਅਜਿਹੇ ਕਦਮ ਨੂੰ ਪ੍ਰਮਾਣਿਕ ਸਮਝਦਾ ਹੈਂ, ਜਦ ਕਿ ਮੇਰੇ ਤੇ ਮਹਾਤਮਾਜੀ ਦੇ ਵਿਚਕਾਰ ਘੱਟੋਘੱਟ ਜਿੱਥੋਂ ਤੀਕ ਮੇਰੇ ਵਲ ਦਾ ਸਵਾਲ ਹੈ, ਕੋਈ ਦਰਾੜ ਪੈਦਾ ਨਹੀਂ ਹੋਈ ਸੀ? ਜੇ ਪੁਰਾਣੇ ਨੇਤਾ ਮੇਰੇ ਨਾਲ ਲੜਨਾ ਚਾਹੁੰਦੇ ਸਨ ਤਾਂ ਉਹਨਾਂ ਸਿੱਧੇ ਤਰੀਕੇ ਨਾਲ ਇੰਜ ਕਿਉਂ ਨਹੀਂ ਕੀਤਾ? ਉਹਨਾਂ ਮਹਾਤਮਾ ਗਾਂਧੀ ਨੂੰ ਸਾਡੇ ਵਿਚਾਲੇ ਕਿਉਂ ਪਾਇਆ? ਇਹ ਇਕ ਚਾਤਰ ਵਿਉਂਤ ਬੰਦੀ ਹੈ, ਪਰ ਸਵਾਲ ਇਹ ਹੈ ਕਿ ਕੀ ਇਹ ਕਦਮ ਸੱਚ ਦੇ ਅਹਿੰਸਾ ਦੇ ਅਨੁਕੂਲ ਸੀ?
ਮੈਂ ਤੈਨੂੰ ਇਹ ਪੁੱਛ ਚੁੱਕਿਆ ਹਾਂ ਕਿ ਕੀ ਤੂੰ ਸਰਦਾਰ ਪਟੇਲ ਦੇ ਇਸ ਕਥਨ ਨੂੰ ਠੀਕ ਸਮਝਦਾ ਹੈਂ ਕਿ ਮੇਰਾ ਦੁਬਾਰਾ ਚੁਣੇ ਜਾਣਾ ਦੇਸ਼ ਦੇ ਹਿਤਾਂ ਲਈ ਹਾਨੀਕਾਰਕ ਹੋਵੇਗਾ? ਤੂੰ ਇਸ ਬਾਰੇ ਇਕ ਸ਼ਬਦ ਵੀ ਨਹੀਂ ਕਿਹਾ ਕਿ ਉਹਨਾਂ ਨੂੰ ਆਪਣਾ ਇਹ ਕਥਨ ਵਾਪਸ ਲੈਣਾ ਚਾਹੀਦਾ ਹੈ। ਇੰਜ ਤੂੰ ਅਸਿੱਧੇ ਤੌਰ 'ਤੇ ਉਹਨਾਂ ਦੇ ਕਥਨ ਦਾ ਸਮਰਥਨ ਕੀਤਾ? ਹੁਣ ਮੈਂ ਤੈਨੂੰ ਇਹ ਪੁੱਛਦਾ ਹਾਂ ਕਿ ਤੂੰ ਮਹਾਤਮਾਜੀ ਦੇ ਇਸ ਆਸ ਦੇ ਫੁਰਨੇ ਬਾਰੇ ਕੀ ਸੋਚਦਾ ਹੈਂ ਕਿ ਆਖ਼ਰ ਮੈਂ (ਸੁਭਾਸ਼) ਦੇਸ਼ ਦਾ ਦੁਸ਼ਮਣ ਨਹੀਂ ਹਾਂ। ਕੀ ਤੂੰ ਸੋਚਦਾ ਹੈਂ ਕਿ ਇਸ ਤਰ੍ਹਾਂ ਕਹਿਣਾ ਠੀਕ ਸੀ? ਜੇ ਨਹੀਂ ਤਾਂ ਕੀ ਤੂੰ ਮੇਰੇ ਪੱਖ ਵਿਚ ਮਹਾਤਮਾਜੀ ਨੂੰ ਇਕ ਸ਼ਬਦ ਵੀ ਕਿਹਾ?
ਤੂੰ ਕੁਝ ਲੋਕਾਂ ਦੀ ਇਸ ਚਾਲ ਬਾਰੇ ਕੀ ਸੋਚਦਾ ਹੈਂ ਕਿ ਜਦ ਅਸੀਂ ਤ੍ਰਿਪੁਰੀ ਵਿਚ ਸੀ ਤਾਂ ਰੋਜ਼ਾਨਾ ਪਰਚਿਆਂ ਵਿਚ ਇਹ ਛਪਿਆ ਸੀ ਕਿ ਪੰਤ–ਪ੍ਰਸਤਾਵ ਨੂੰ ਮਹਾਤਮਾਜੀ ਦਾ ਪੂਰਾ ਸਮਰਥਨ ਪ੍ਰਾਪਤ ਹੈ।
ਤੇ ਹੁਣ ਤੂੰ ਪੰਤ–ਪ੍ਰਸਤਾਵ ਦੇ ਬਾਰੇ ਕੀ ਸੋਚਦਾ ਹੈਂ? ਤ੍ਰਿਪੁਰੀ ਵਿਚ ਇਹ ਅਫ਼ਵਾਹ ਸੀ ਕਿ ਤੂੰ ਉਸਨੂੰ ਬਣਾਉਣ ਵਾਲਿਆਂ ਵਿਚੋਂ ਇਕ ਸੀ। ਕੀ ਇਹ ਤੱਥ ਹੈ? ਕੀ ਤੂੰ ਇਸ ਪ੍ਰਸਤਾਵ ਨੂੰ ਪਸੰਦ ਕਰਦਾ ਹੈਂ? ਤੇਰੇ ਖ਼ਿਆਲ ਵਿਚ ਉਹ ਅਵਿਸ਼ਵਾਸ ਦਾ ਮਤਾ ਸੀ?
ਮੈਨੂੰ ਦੁਖ ਹੈ ਕਿ ਮੇਰਾ ਪੱਤਰ ਏਨਾ ਲੰਮਾ ਹੋ ਗਿਆ ਹੈ। ਬੇਸ਼ਕ ਇਸ ਨਾਲ ਤੇਰਾ ਧੀਰਜ ਹਿੱਲ ਜਾਵੇਗਾ, ਪਰ ਮੈਨੂੰ ਲੰਮਾ ਲਿਖਣਾ ਪਿਆ ਕਿਉਂਕਿ ਬਹੁਤ ਸਾਰੀਆਂ ਗੱਲਾਂ ਕਰਨੀਆਂ ਸਨ, ਕਹਿਣੀਆਂ ਸਨ।
ਸੰਭਵ ਹੈ, ਮੈਨੂੰ ਫੇਰ ਲਿਖਣਾ ਪਏ ਜਾਂ ਅਖ਼ਬਾਰ ਵਿਚ ਬਿਆਨ ਦੇਣਾ ਪਵੇ। ਇਹ ਅਸਪਸ਼ਟ ਰਿਪੋਰਟ ਹੈ ਕਿ ਕੁਝ ਲੇਖਾਂ ਵਿਚ ਤੂੰ ਮੇਰੀ ਪ੍ਰਧਾਨਗੀ ਦੀ ਪ੍ਰਤੀਕੂਲ ਅਲੋਚਨਾਂ ਕਰ ਰਿਹਾ ਹੈਂ। ਜਦ ਮੈਂ ਤੇਰੇ ਲੇਖ ਪੜ੍ਹਾਂਗਾ ਤਾਂ ਮੈਂ ਇਸ ਵਿਸ਼ੇ ਵਿਚ ਕੁਝ ਕਹਿ ਸਕਾਂਗਾ ਤੇ ਸਾਡੇ ਕੰਮ ਦੀ ਤੁਲਨਾਂ ਕਰ ਸਕਾਂਗਾ, ਖਾਸ ਕਰਕੇ ਇਸ ਗੱਲ ਦੀ ਕਿ ਵਾਮ–ਪੱਖ ਦੇ ਟੀਚੇ ਨੂੰ ਤੂੰ ਦੋ ਸਾਲ ਵਿਚ ਤੇ ਮੈਂ ਇਕ ਸਾਲ ਵਿਚ ਕਿੰਨਾ ਅੱਗੇ ਵਧਾਇਆ।
ਜੇ ਮੈਂ ਕਰੜੀ ਭਾਸ਼ਾ ਦਾ ਪ੍ਰਯੋਗ ਕੀਤਾ ਹੋਏ ਜਾਂ ਕਿਤੇ ਤੇਰੀਆਂ ਭਾਵਨਾਵਾਂ ਨੂੰ ਠੇਸ ਲੱਗੀ ਹੋਵੇ ਤਾਂ ਮੁਆਫ਼ ਕਰ ਦੇਵੀਂ। ਤੂੰ ਖ਼ੁਦ ਕਹਿੰਦਾ ਹੈਂ ਕਿ ਸਪਸ਼ਟਾ ਸਭ ਤੋਂ ਚੰਗੀ ਚੀਜ ਹੈ ਤੇ ਮੈਂ ਸਪਸ਼ਟ ਹੋਣ ਦੀ ਕੋਸ਼ਿਸ਼ ਕੀਤੀ ਹੈ, ਸ਼ਾਇਦ ਨੰਗੇ ਰੂਪ ਵਿਚ ਸਪਸ਼ਟ।
ਮੇਰੀ ਤਬੀਅਤ ਹੌਲੀ ਹੌਲੀ, ਪਰ ਲਗਾਤਾਰ, ਸੁਧਰ ਰਹੀ ਹੈ। ਉਮੀਦ ਹੈ, ਤੂੰ ਠੀਕ ਠਾਕ ਹੋਏਂਗਾ।
ਸਸਨੇਹ ਤੇਰਾ,
ਸੁਭਾਸ਼