Wednesday, July 6, 2011

ਅਵਸਾਨ / ਅੰਤ...:: ਲੇਖਕਾ : ਸੁਸ਼ਮ ਬੇਦੀ



ਪ੍ਰਵਾਸੀ ਹਿੰਦੀ ਕਹਾਣੀ :
       

       ਅਨੁਵਾਦ : ਮਹਿੰਦਰ ਬੇਦੀ, ਜੈਤੋ




ਜਿਸ ਤਰ੍ਹਾਂ ਦਿਵਾਕਰ ਜਿਊਂ ਰਿਹਾ ਸੀ, ਉਸਨੂੰ ਬਿਲਕੁਲ ਹੀ ਅੰਦਾਜ਼ਾ ਨਹੀਂ ਸੀ ਕਿ ਕਲ੍ਹ ਨੂੰ ਉਹ ਇਸ ਦੁਨੀਆਂ ਵਿਚ ਨਹੀਂ ਹੋਵੇਗਾ। ਉਂਜ ਤਾਂ ਆਪਣੇ ਤੁਰ ਜਾਣ ਦੀ ਖ਼ਬਰ ਕਿਸੇ ਨੂੰ ਨਹੀਂ ਹੁੰਦੀ, ਪਰ ਉਸਨੂੰ ਤਾਂ ਕਤਈ ਨਹੀਂ ਸੀ। ਇਸਦੀ ਜਾਇਜ਼ ਵਜਾਹ ਵੀ ਸੀ ਉਸ ਕੋਲ। ਪਹਿਲੀ ਗੱਲ ਤਾਂ ਇਹ ਕਿ ਸੰਸਾਰ ਦੇ ਜਿਸ ਸਰਬ-ਉੱਤਮ ਦੇਸ਼ ਵਿਚ ਰਹਿ ਰਿਹਾ ਸੀ ਉਹ—ਉੱਥੇ ਛਪੰਜਾ-ਸਤਵੰਜਾ ਸਾਲ ਦੀ ਉਮਰ ਨੂੰ ਜੀਵਨ ਦਾ ਅੱਧ ਮੰਨਿਆਂ ਜਾਂਦਾ ਹੈ, ਅੰਤ ਦਾ ਸੂਚਕ ਨਹੀਂ। ਫੇਰ ਆਮ ਤੌਰ 'ਤੇ ਉਸਦੀ ਸਿਹਤ ਵੀ ਠੀਕ-ਠਾਕ ਰਹਿੰਦੀ ਸੀ। ਦੂਜਿਆਂ ਦੀਆਂ ਬਿਮਾਰੀਆਂ ਦਾ ਇਲਾਜ਼ ਕਰਦਿਆਂ ਹੋਇਆਂ ਆਪਣੇ ਫਾਨੀ (ਨਾਸ਼ਵਾਨ) ਹੋਣ ਦੀ ਚਿੰਤਾ ਕਰਨ ਦੀ ਵਿਹਲ ਵੀ ਨਹੀਂ ਸੀ ਉਸ ਕੋਲ। ਇਹੀ ਗੱਲ ਮੰਨ ਕੇ ਉਸਨੇ ਪੰਜਾਹਵੇਂ ਵਰ੍ਹੇ ਵਿਚ ਪੈਰ ਰੱਖਦਿਆਂ ਹੀ ਤੀਜੀ ਸ਼ਾਦੀ ਕਰ ਲਈ ਸੀ। ਉਂਜ ਤਾਂ ਸ਼ਾਦੀ ਤਲਾਕ ਆਮ ਗੱਲਾਂ ਨੇ ਇਸ ਦੇਸ਼ ਵਿਚ, ਪਰ ਉਹ ਇੱਥੋਂ ਦੇ ਅਣ ਲਿਖੇ ਨਿਯਮਾਂ ਅਨੁਸਾਰ ਹਰ ਸੱਤ ਸਾਲ ਬਾਅਦ ਤਲਾਕ ਦੇ ਦੇਂਦਾ ਸੀ, ਤੇ ਤਲਾਕ ਤੋਂ ਪੰਜ ਸਾਲ ਬਾਅਦ ਹੀ ਅਗਲੀ ਸ਼ਾਦੀ ਕਰ ਲੈਂਦਾ ਸੀ। ਇਸ ਤਰ੍ਹਾਂ ਉਸਦੇ ਪੰਜ ਬੱਚੇ ਵੀ ਪੈਦਾ ਹੋ ਚੁੱਕੇ ਸਨ, ਜਿਹਨਾਂ ਵਿਚੋਂ ਚਾਰ ਆਪੋ-ਆਪਣੀ ਦੁਨੀਆਂ ਵਿਚ ਮਸਤ ਸਨ ਤੇ ਛੇ ਸਾਲ ਦਾ ਛੋਟਾ ਬੇਟਾ ਉਸਦੀ ਤੀਜੀ ਪਤਨੀ ਹੈਲਨ ਨਾਲ ਸੀ।

ਸ਼ਹਿਰ ਦੇ ਪ੍ਰਮੁੱਖ ਚਰਚ ਵਿਚ ਹੋ ਰਹੀ ਇਸ ਅੰਤਿਮ-ਕ੍ਰਿਆ ਵਿਚ ਸ਼ਹਿਰ ਭਰ ਦੇ ਕਾਫੀ ਲੋਕ ਜਮ੍ਹਾਂ ਸਨ। ਫੁੱਲਾਂ ਦੇ ਗੁਲਦਸਤਿਆਂ ਦਾ ਢੇਰ ਲੱਗ ਗਿਆ ਸੀ ਤੇ ਪੂਰੇ ਹਾਲ ਨੂੰ ਮਹਿਕਾ ਰਿਹਾ ਸੀ। ਜਿਹਨਾਂ ਫੁੱਲਾਂ ਦੀ ਤਾਜ਼ਗੀ ਤੇ ਮਹਿਕ ਨਾਲ ਮੌਤ ਦਾ ਸਵਾਗਤ ਕੀਤਾ ਜਾ ਰਿਹਾ ਸੀ, ਉਹਨਾਂ ਦੀ ਟਹਿਕ ਦੇਖਦੇ ਆਦਮੀ ਦਾ ਧਿਆਨ ਕੁਝ ਪਲਾਂ ਲਈ ਮੌਤ ਵੱਲੋਂ ਹਟ ਜਾਂਦਾ ਸੀ—ਪਰ ਫੇਰ ਉਹਨਾਂ ਫੁੱਲਾਂ ਦੀ ਹੋਂਦ ਹੀ ਯਕਦਮ ਉਸਨੂੰ ਉਸ ਮਾਹੌਲ ਵਿਚ ਵਾਪਸ ਲੈ ਆਉਂਦੀ ਸੀ। ਇਕ ਵੱਡੇ ਸਾਰੇ ਲੱਕੜੀ ਦੇ ਬਕਸੇ ਵਿਚ ਫੁੱਲਾਂ ਨਾਲ ਹੀ ਸਜਿਆ, ਢਕਿਆ, ਦਿਵਾਕਰ ਦਾ ਜੀਵਨ-ਰਹਿਤ ਸ਼ਰੀਰ ਮੌਤ ਦੇ ਵਾਪਰੇ ਹੋਣ ਨੂੰ ਭੁਲੇਖਾ ਕਿੰਜ ਦੇ ਸਕਦਾ ਸੀ?
ਪਾਦਰੀ ਬਾਈਬਲ ਦੇ ਸਫਿਆਂ ਤੋਂ ਡੇਵਿਡ ਦਾ ਸਲਾਮ ਪੜ੍ਹ ਰਿਹਾ ਸੀ—“ਪ੍ਰਭੂ ਮੇਰਾ ਚਰਵਾਹਾ ਹੈ ਤਾਂ ਮੈਨੂੰ ਕੀ ਕਮੀ ਹੈ, ਉਹ ਮੈਨੂੰ ਹਰਿਆਲੇ ਮੈਦਾਨਾਂ ਵਿਚ ਲੇਟਾਉਂਦਾ ਹੈ, ਸ਼ਾਂਤ ਜਲ ਵਾਲੇ ਪਾਸੇ ਲੈ ਜਾਂਦਾ ਹੈ...ਉਹੀ ਮੇਰੀ ਆਤਮਾਂ ਦੀ ਰੱਖਿਆ ਕਰਦਾ ਹੈ ਤੇ ਮੈਨੂੰ ਸਹੀ ਰਸਤਾ ਦਿਖਾਉਂਦਾ ਹੈ।”
ਪਾਦਰੀ ਦੀ ਆਵਾਜ਼ ਵਿਚ ਸ਼ਾਂਤੀ ਹੈ, ਸਥਿਰ ਜਲ ਵਾਂਗ। ਆਵਾਜ਼ ਵਿਚ ਦਿਲਾਸਾ ਹੈ—'ਕਿਆਮਤ ਦਾ ਦਿਨ ਸਵਰਗ ਦੀ ਕਾਮਨਾ : ਮੁਕਤੀ ਲਈ ਇਤਰਲੋਕ ਦੇ ਸੁੱਖਾਂ ਦੀ ਕਾਮਨਾ, ਜਿਊਦਿਆਂ ਲਈ ਇਕ ਲਚਰ ਜਿਹੀ ਤਸੱਲੀ ਹੈ।'
ਲੋਕ ਮੌਤ ਰੂਪੀ ਅਟੱਲ ਸੱਚਾਈ ਤੋਂ ਡਰੇ, ਚੁੱਪਚਾਪ, ਆਪੋ-ਆਪਣੀਆਂ ਕੁਰਸੀਆਂ ਉੱਤੇ ਸਿੱਥਲ ਬੈਠੇ ਹੋਏ ਸਨ।
ਸ਼ੰਕਰ ਨੂੰ ਅਜੀਬ ਜਿਹਾ ਲੱਗ ਰਿਹਾ ਸੀ। ਸਿਰਫ ਉਹੀ ਇਕ ਹਿੰਦੁਸਤਾਨੀ ਸੀ—ਬਾਕੀ ਸਾਰੇ ਦਿਵਾਕਰ ਦੇ ਡਾਕਟਰੀ ਪੇਸ਼ੇ ਨਾਲ ਜੁੜੇ ਲੋਕ ਸਨ—ਹਸਪਤਾਲ ਦੇ ਸਾਥੀ ਕਰਮਚਾਰੀ, ਡਾਕਟਰ, ਨਰਸ, ਮਰੀਜ਼। ਇਹਨਾਂ ਵਿਚ ਕਾਲੇ, ਹਿਸਪੈਨਿਕ ਤੇ ਗੋਰੇ ਸਾਰੀਆਂ ਕਿਸਮਾਂ ਦੇ ਲੋਕ ਸਨ। ਪਿਛਲੇ ਤੀਹ ਵਰ੍ਹਿਆਂ ਦਾ ਉਹ ਇੱਥੇ ਕੰਮ ਕਰ ਰਿਹਾ ਸੀ। ਇਸੇ ਸ਼ਹਿਰ ਦੇ ਸਭ ਤੋਂ ਵੱਡੇ ਹਸਪਤਾਲ ਦਾ ਪ੍ਰਮੁੱਖ ਡਾਕਟਰ ਸੀ। ਕਿੰਨੇ ਹੀ ਮਰੀਜ਼ਾਂ ਨੇ ਇਸ ਤੋਂ ਜੀਵਨ ਪਾਇਆ ਸੀ, ਜਿਹੜੇ ਹਮੇਸ਼ਾ ਲਈ ਉਸਦੇ ਸ਼ੁਕਰਗੁਜ਼ਾਰ ਸਨ।
ਉਸਦੀਆਂ ਤਿੰਨਾਂ ਪਤਨੀਆਂ ਦੇ ਪਰਿਵਾਰ ਵੀ ਮੌਜ਼ੂਦ ਸਨ।
ਦਰਅਸਲ ਪਹਿਲਾਂ ਵਾਲੀਆਂ ਦੋਹਾਂ ਪਤਨੀਆਂ ਤੇ ਉਹਨਾਂ 'ਚੋਂ ਜਨਮੇ ਆਪਣੇ ਬੱਚਿਆਂ ਨਾਲ ਹੁਣ ਵੀ ਉਸਦਾ ਰਿਸ਼ਤਾ ਬਣਿਆ ਹੋਇਆ ਸੀ।...ਹੁਣ ਵੀ ਉਹ ਉਹਨਾਂ ਬੱਚਿਆਂ ਦੇ ਕਾਲਜ ਦੀ ਫੀਸ ਦੇ ਰਿਹਾ ਸੀ। ਉਹਨਾਂ ਦੇ ਜਨਮ ਦਿਨ 'ਤੇ ਤੋਹਫ਼ੇ ਭੇਜਦਾ ਸੀ ਤੇ ਉਹਨਾਂ ਨੂੰ ਖਾਣੇ 'ਤੇ ਬਾਹਰ ਰੇਸਤਰਾਂ ਵਿਚ ਲੈ ਜਾਂਦਾ ਹੁੰਦਾ ਸੀ, ਪਰ ਬੱਚੇ ਫੇਰ ਵੀ ਉਸ 'ਤੇ ਨਹੀਂ ਸੀ ਧਿਜਦੇ। ਉਹ, ਉਹਨਾਂ ਦੇ ਜੀਵਨ ਦਾ ਇਕ ਬਾਹਰੀ ਤੱਤ ਸੀ ਜਿਹੜਾ ਕਿਸੇ ਦੇਣਦਾਰ-ਰਿਸ਼ਤੇਦਾਰ ਵਾਂਗ ਆਪਣੀ ਭਲਮਾਣਸਤ ਸਦਕਾ ਮਦਦ ਕਰ ਰਿਹਾ ਸੀ। ਇਸਦੇ ਬਦਲੇ ਉਸਨੂੰ ਉਹਨਾਂ ਬੱਚਿਆਂ ਤੋਂ ਪਿਆਰ ਨਹੀਂ ਸੀ ਮਿਲਦਾ, ਪਰ ਸ਼ੱਕ ਨਹੀਂ ਕਿ ਉਹ ਉਸਦਾ ਥੋੜ੍ਹਾ-ਬਹੁਤ ਅਹਿਸਾਨ ਜ਼ਰੂਰ ਮੰਨਦੇ ਹੋਣਗੇ। ਤਦੇ ਤਾਂ ਉਸਦੇ ਜਨਮ ਦਿਨ ਜਾਂ ਕ੍ਰਿਸਮਿਸ ਮੌਕੇ ਉਹ ਉਸਨੂੰ ਸ਼ੁਭਕਾਮਨਾਵਾਂ ਦਾ ਕਾਰਡ ਜ਼ਰੂਰ ਭੇਜ ਦੇਂਦੇ ਸਨ। ਅੱਜ ਵੀ ਉਹ ਸਾਰੇ ਬੱਚੇ ਆਪਣੀਆਂ ਮਾਵਾਂ ਦੇ ਪਰਿਵਾਰ ਨਾਲ ਅੰਤਮ-ਕ੍ਰਿਆ ਵਿਚ ਸ਼ਾਮਲ ਸਨ।
ਪਰ ਉਸਦੇ ਆਪਣੇ ਪਰਿਵਾਰ ਦਾ ਕੋਈ ਵੀ ਉਸਦੇ ਮੌਤ ਸਮਾਗਮ ਵਿਚ ਮੌਜ਼ੂਦ ਨਹੀਂ ਸੀ। ਰਿਸ਼ਤੇਦਾਰ ਭਾਰਤ ਵਿਚ ਸਨ। ਉਂਜ ਉਹਨਾਂ ਵਿਚ ਹੁਣ ਉਸਦੀ ਮਾਂ ਤੇ ਭੈਣ ਹੀ ਸਨ। ਇੱਥੇ ਕੁਝ ਮਿੱਤਰ ਸਨ, ਜਿਹਨਾਂ ਨਾਲ ਮੇਲ-ਮੁਲਾਕਾਤ ਹੁੰਦੀ ਰਹਿੰਦਾ ਸੀ।
ਉਹ ਹਿੰਦੁਸਤਾਨੀਆਂ ਨਾਲ ਬਹੁਤਾ ਨਹੀਂ ਸੀ ਮਿਲਦਾ ਹੁੰਦਾ। ਪਤਨੀ ਅਮਰੀਕੀ ਸੀ ਤਾਂ ਦੋਸਤਾਂ ਦੀ ਜੁੰਡਲੀ ਵੀ ਵੈਸੀ ਹੀ ਸੀ। ਸ਼ੰਕਰ ਹੀ ਉਸਦਾ ਨਜ਼ਦੀਕੀ ਹਿੰਦੁਸਤਾਨੀ ਮੂਲ ਦਾ ਦੋਸਤ ਸੀ। ਦੋਹੇਂ ਮੌਲਾਨਾ ਆਜ਼ਾਦ ਮੈਡੀਕਲ ਸਕੂਲ ਦੇ ਦਿਨਾਂ ਤੋਂ ਹੀ ਇਕ ਦੂਜੇ ਨੂੰ ਜਾਣਦੇ ਸਨ। ਉਹਨਾਂ ਦੀ ਦੋਸਤੀ ਦੇ ਅੱਜ ਤਕ ਬਣੀ ਰਹਿਣ ਦਾ ਕਾਰਣ ਸ਼ਾਇਦ ਇਹ ਵੀ ਸੀ ਕਿ ਸ਼ੰਕਰ ਦੀ ਅਮਰੀਕੀ ਪਤਨੀ ਦੇ ਨਾਲ ਉਸਦੀ ਪਤਨੀ ਦੀ ਖਾਸੀ ਨੇੜਤਾ ਸੀ। ਗੋਰਿਆਂ ਵਿਚ ਆਉਣ-ਜਾਣ ਵੀ ਸੀ ਤੇ ਬੱਚਿਆਂ ਦਾ ਵੀ ਆਪਸ ਵਿਚ ਮਿਲਣਾ-ਜੁਲਣਾ ਸੀ।
ਹਸਪਤਾਲ ਵਿਚੋਂ ਲਾਸ਼ ਸਿੱਧੀ ਫਿਊਨਰਲ ਹੀ ਲੈ ਆਂਦੀ ਗਈ ਸੀ—ਤੇ ਅੱਜ ਗਿਰਜਾ ਘਰ ਵਿਚ ਸਰਵਿਸ ਸੀ। ਨਾਸਤਕ ਸੀ, ਇਸ ਲਈ ਉਸਦੀ ਈਸਾਈ ਪਤਨੀ ਨੂੰ ਅਜਿਹਾ ਕਰਨ ਵਿਚ ਕੁਝ ਵੀ ਗ਼ਲਤ ਨਹੀਂ ਸੀ ਲੱਗਿਆ। ਦੋਹਾਂ ਦੀ ਸ਼ਾਦੀ ਵੀ ਕੋਰਟ ਵਿਚ ਹੀ ਹੋਈ ਸੀ। ਉਂਜ ਵੀ ਉਹ ਕਿੱਥੇ, ਕਿਸੇ ਮੰਦਰ ਦੇ ਪੁਜਾਰੀ ਨੂੰ ਲੱਭ ਕੇ ਕ੍ਰਿਆ-ਕਰਮ ਕਰਵਾਉਂਦੀ ਫਿਰਦੀ। ਸ਼ੰਕਰ ਨੇ ਕਿਹਾ ਤਾਂ ਸੀ ਕਿ 'ਉਹ ਪੰਡਿਤ ਦਾ ਇੰਤਜ਼ਾਮ ਕਰ ਦਏਗਾ। ਹੁਣ ਤਾਂ ਇੱਥੇ ਖਾਸੇ ਲੋਕ ਆ ਵੱਸੇ ਨੇ। ਚੰਗਾ ਪੰਡਿਤ ਲੱਭਿਆ ਜਾ ਸਕਦਾ ਹੈ।'
ਪਰ ਹੈਲਨ ਯਕਦਮ ਨਰਵਸ ਹੋ ਕੇ ਬੋਲੀ ਸੀ—“ਪਲੀਜ਼ ਸ਼ੰਕਰ, ਉਸ ਝੰਜਟ 'ਚ ਨਾ ਪਾਓ ਮੈਨੂੰ। ਜਿਹੜਾ ਜਿਊਂਦਾ ਹੋਇਆ ਕਦੀ ਹਿੰਦੂ ਨਹੀਂ ਬਣਿਆ, ਹੁਣ ਉਸ ਉੱਤੇ ਇਹ ਸਭ ਇੰਜ ਲੱਦਣਾ ਜ਼ਰੂਰੀ ਨਹੀਂ।”
“ਪਰ...” ਤੇ ਸ਼ੰਕਰ ਕੁਝ ਹੋਰ ਨਹੀਂ ਸੀ ਕਹਿ ਸਕਿਆ। ਬਹਿਸ ਕਰਨ ਦਾ ਮੌਕਾ ਵੀ ਨਹੀਂ ਸੀ। ਉਹ ਦੋਸਤ ਦੀ ਪਤਨੀ ਲਈ ਚੀਜ਼ਾਂ ਨੂੰ ਆਸਾਨ ਬਣਾਉਣਾ ਚਾਹੁੰਦਾ ਸੀ। ਪਹਿਲਾਂ ਹੀ ਦੁਖ ਦੀ ਮਾਰੀ ਔਰਤ ਨੂੰ ਹੋਰ ਮੁਸੀਬਤ ਵਿਚ ਨਹੀਂ ਸੀ ਪਾਉਣਾ ਚਾਹੁੰਦਾ। ਮੁਸ਼ਕਿਲ ਨਾਲ ਸੱਤ ਸਾਲ ਤਾਂ ਹੋਏ ਸਨ ਉਸਦੀ ਸ਼ਾਦੀ ਨੂੰ। ਦੋਹਾਂ ਦਾ ਪ੍ਰੇਮ ਵਿਆਹ ਸੀ। ਹੈਲਨ ਦਿਵਾਕਰ ਨਾਲੋਂ ਲਗਭਗ ਵੀਹ ਸਾਲ ਛੋਟੀ ਹੋਏਗੀ। ਕੀ ਪਤਾ ਸੀ ਏਨੀ ਘੱਟ ਦੇਰ ਜਿਊਣਾ ਸੀ ਉਸਨੇ? ਅਚਾਨਕ ਉਸਦੀ ਜ਼ਿੰਦਗੀ ਵਿਚ ਤੂਫ਼ਾਨ ਆ ਗਿਆ ਸੀ।
ਪਰ ਸ਼ੰਕਰ ਨੂੰ ਮਨ ਵਿਚ ਲੱਗਿਆ ਸੀ ਕਿ ਬ੍ਰਾਹਮਣ ਪਰਿਵਾਰ ਵਿਚ ਪੈਦਾ ਹੋਣ ਵਾਲਾ ਉਸਦਾ ਦੋਸਤ ਦਿਵਾਕਰ ਕੀ ਇਸ ਇੰਤਜ਼ਾਮ ਤੋਂ ਸੰਤੁਸ਼ਟ ਹੋਏਗਾ। ਸ਼ੰਕਰ ਖ਼ੁਦ ਵੀ ਨਾਸਤਕ ਸੀ ਪਰ ਫੇਰ ਵੀ ਉਹ ਮੰਨਦਾ ਸੀ ਕਿ ਜਿਹੜਾ ਹਿੰਦੂ ਪੈਦਾ ਹੋਇਆ ਹੈ, ਉਹ ਹਿੰਦੂ ਹੀ ਰਹਿੰਦਾ ਹੈ। ਸੋ ਦੇਹ ਸੰਸਕਾਰ ਕਿਸੇ ਵੀ ਦੂਜੇ ਤਰੀਕੇ ਨਾਲ ਕਿਉਂ?
ਪਰ ਉਸਦੀ ਪਤਨੀ ਨੇ ਵੀ ਹੈਲਨ ਦੀ ਹਾਂ ਵਿਚ ਹਾਂ ਮਿਲਾਉਂਦਿਆਂ ਹੋਇਆਂ ਕਹਿ ਦਿੱਤਾ ਸੀ ਕਿ 'ਇਹ ਤਾਂ ਜੀ ਬਸ ਸੌਖ ਦੀ ਗੱਲ ਏ। ਚਰਚ ਦਾ ਸਾਰਾ ਇੰਤਜ਼ਾਮ ਸਾਫ਼-ਸੁਥਰਾ ਤੇ ਟਿਚਨ ਹੁੰਦਾ ਏ। ਇੱਥੇ ਤਾਂ ਆਏ ਦਿਨ ਫਿਊਨੇਰਲ ਸਰਵਿਸ ਹੁੰਦੀ ਈ ਏ। ਆਉਣ ਵਾਲਿਆਂ ਨੂੰ ਵੀ ਸੌਖ ਰਹੇਗੀ। ਜਾਣੀ ਪਛਾਣੀ ਥਾਂ ਹੈ ਤੇ ਫੇਰ ਮੰਦਰ ਕਿਹੜਾ ਇਸ ਤਰ੍ਹਾਂ ਦੇ ਕੰਮਾਂ ਦੇ ਅਨੁਭਵੀ ਹੈਨ...ਫ਼ਾਲਤੂ ਦੀ ਘਚਮਚ ਹੋ ਜਾਏਗੀ। ਹਵਨ ਵਗ਼ੈਰਾ ਦੀ ਕਿਸੇ ਨੂੰ ਸਮਝ ਵੀ ਨਹੀਂ। ਫੇਰ ਉਸਦੇ ਮਿੱਤਰ ਵੀ ਤਾਂ ਵਧੇਰੇ ਕਰਕੇ ਅਮਰੀਕੀ ਹੀ ਨੇ। ਕਿਸਨੂੰ ਸਮਝ ਆਉਣਗੇ ਸੰਸਕ੍ਰਿਤ ਦੇ ਸ਼ਲੋਕ?'
ਮਨ ਹੀ ਮਨ ਸ਼ੰਕਰ ਨੂੰ ਦਿਵਾਕਰ ਉੱਤੇ ਗੁੱਸਾ ਵੀ ਆ ਰਿਹਾ ਸੀ। ਐਵੇਂ ਹੀ ਅਚਾਨਕ ਬਿਨਾਂ ਦੱਸੇ ਤੁਰ ਗਿਆ—ਇਹ ਸਭ ਤਾਂ ਉਸ ਨਾਲ ਡਿਸਕਸ ਕਰਕੇ ਜਾਂਦਾ। ਹੁਣ ਸ਼ੰਕਰ ਨਾ ਤਾਂ ਉਸਦੀ ਪਤਨੀ ਉੱਤੇ ਕਿਸੇ ਤਰ੍ਹਾਂ ਦਾ ਜ਼ੋਰ ਪਾਉਣਾ ਚਾਹੁੰਦਾ ਸੀ ਤੇ ਨਾ ਹੀ ਦੋਸਤ ਨਾਲ ਦਗ਼ਾਬਾਜ਼ੀ ਕਰਨਾ ਚਾਹੁੰਦਾ ਸੀ।
ਉਂਜ ਨਾਸਤਕ ਹੁੰਦਿਆਂ ਹੋਇਆਂ ਵੀ ਦੋਹਾਂ ਨੇ ਗੀਤਾ, ਮਹਾਭਾਰਤ, ਰਾਮਾਇਣ ਸਭ ਪੜ੍ਹੇ ਹੋਏ ਸਨ। ਗੀਤਾ ਦੇ ਤਾਂ ਕਈ ਸ਼ਲੋਕ ਦੋਹਾਂ ਨੇ ਜ਼ਬਾਨੀ ਰਟੇ ਹੋਏ ਸਨ।
ਬਲਕਿ ਆਪਣੀ ਜ਼ਿੰਦਗੀ ਵਿਚ ਸੰਤੁਲਨ ਬਣਾਈ ਰੱਖਣ ਲਈ ਕਦੀ-ਕਦੀ ਉਹ ਇਕ ਦੂਜੇ ਦੇ ਵਿਹਾਰ ਉੱਤੇ ਸ਼ਲੋਕਾਂ ਜ਼ਰੀਏ ਹੀ ਟਿੱਪਣੀ ਕਰਦੇ ਰਹਿੰਦੇ ਸਨ, ਜਿਵੇਂ ਕਿ ਸ਼ੰਕਰ ਉਸਨੂੰ ਕਹਿੰਦਾ ਸੀ—'ਭਰਾ, ਇਹ ਸਾਰੇ ਬੱਚਿਆਂ ਦੀ ਕਾਲਜ ਤੇ ਸਕੂਲ ਦੀ ਪੜ੍ਹਾਈ ਦਾ ਏਨਾ ਭਾਰੀ ਖਰਚ ਤੇਰਾ ਸੱਚਾ ਤੇ ਨਿਸ਼ਕਾਮ ਕਰਮ ਹੀ ਮੰਨਣਾ ਚਾਹੀਦਾ ਏ। ਵਰਨਾ ਘਰਵਾਲੀ ਨੂੰ ਛੱਡਣ ਦੇਣ ਪਿੱਛੋਂ ਬੱਚਿਆਂ ਨੂੰ ਏਨਾ ਸਿਰ ਚੜ੍ਹਾਉਣ ਦੀ ਕੀ ਲੋੜ ਪਈ ਏ ਭਲਾ! ਤੂੰ ਤਾਂ ਅੱਜ ਵੀ ਪੂਰੀ ਨਿਹਚਾ ਨਾਲ ਜੁਟਿਆ ਹੋਇਆ ਏਂ।'
ਦਿਵਾਕਰ ਹੱਸਿਆ ਸੀ—'ਸਭ ਦੇ ਆਪੋ-ਆਪਣੇ ਕਰਮਾਂ ਦਾ ਫਲ ਏ। ਉਹ ਆਪਣੇ ਹੱਕ ਦਾ ਲੈ ਰਹੇ ਨੇ ਤੇ ਮੈਂ ਆਪਣਾ ਧਰਮ ਨਿਭਾ ਰਿਹਾਂ। ਫੇਰ ਜਦੋਂ ਸੱਤ ਸਮੁੰਦਰ ਪਾਰ ਆ ਕੇ ਮੇਰਾ ਧਰਮ ਤਾਂ ਭਰਿਸ਼ਟ ਹੋ ਹੀ ਗਿਐ। ਉਸ ਬਦਲੇ ਏਨੀ ਦੌਲਤ ਆ ਰਹੀ ਏ ਤਾਂ ਉਹ ਵੀ ਕਿਉਂ ਨਾ ਉਸਦਾ ਸੁਖ ਭੋਗਣ। ਸ਼ਾਇਦ ਇਹੀ ਪੁੰਨ ਖੱਟ ਕੇ ਆਪਣਾ ਅੱਗਾ ਸੁਧਾ ਲਵਾਂ।'
ਇਕ ਵਾਰੀ ਕਿਸੇ ਗੱਲ ਕਰਕੇ ਡਾਢਾ ਗੁੱਸੇ ਸੀ ਸ਼ੰਕਰ ਤਾਂ ਦਿਵਾਕਰ ਗੀਤਾ ਦੇ ਦੂਸਰੇ ਅਧਿਆਏ ਦਾ ਬਾਹਟਵਾਂ ਸ਼ਲੋਕ ਗਾਉਣ ਲੱਗ ਪਿਆ ਸੀ, 'ਕਰੋਧ ਸੇ ਸੰਮੋਹ ਹੋਤਾ ਹੈ, ਔਰ ਸੰਮੋਹ ਸੇ ਸਮਰਿਤੀ ਨਾਸ਼, ਸਮਰਿਤੀ ਨ ਰਹਨੇ ਸੇ ਵਿਚਾਰਸ਼ਕਤੀ ਕਾ ਨਾਸ਼ ਹੋਤਾ ਹੈ ਔਰ ਬੁੱਧੀਨਾਸ਼ ਸੇ ਸਰਵਨਾਸ਼...।' ਸ਼ੰਕਰ ਦਾ ਗੁੱਸਾ ਦੂਰ ਕਰਨ ਲਈ ਹੀ ਇਸ ਬਾਣ ਦਾ ਪ੍ਰਯੋਗ ਕੀਤਾ ਗਿਆ ਸੀ ਤੇ ਇਸਦਾ ਅਸਰ ਵੀ ਹੋਇਆ ਸੀ।
ਪਰ ਇਹ ਸਭ ਭੌਤਿਕ ਯਤਨ ਹੀ ਸਨ। ਕਿਸੇ ਆਸਥਾ ਦਾ ਸਬੂਤ ਨਹੀਂ। ਬਸ ਅਜੀਬ ਗੱਲ ਇਹ ਸੀ ਕਿ ਖ਼ੁਦ ਨੂੰ ਨਾਸਤਕ ਕਹਿ ਕੇ ਵੀ ਉਹਨਾਂ ਦੀ ਸ਼ਬਦਾਵਲੀ, ਸੰਦਰਭ, ਸਭ ਹਿੰਦੂ ਸ਼ਾਸਤਰਾਂ ਨਾਲ ਹੀ ਜੁੜੇ ਹੋਏ ਸਨ ਤੇ ਇਹ ਸਭ ਅਚੇਤ ਹੀ ਹੁੰਦਾ ਹੈ।
ਮੂਲ ਗੱਲ ਇਹ ਸੀ ਕਿ ਦਿਵਾਕਰ ਦੇ ਸਮੁੱਚੇ ਵਿਅਕਤੀਤਵ ਵਿਚ ਇਕ ਉਦਾਰਤਾ ਸੀ—ਸਭ ਕੁਝ ਵੰਡ ਦੇਣ ਦਾ ਖੁੱਲ੍ਹਾਪਨ। ਪਿਆਰ, ਪੈਸਾ, ਸਲਾਹ—ਇਹ ਹੋਰ ਗੱਲ ਹੈ ਕਿ ਅਮਰੀਕੀ ਪਤਨੀਆਂ ਹੋਣ ਕਰਕੇ ਉਹ ਆਪਣੇ ਹਿੰਦੁਸਤਾਨ ਵਿਚ ਵੱਸਦੇ ਘਰਵਾਲਿਆਂ ਨੂੰ ਆਪਣੇ ਇੱਥੇ ਬਹੁਤਾ ਨਹੀਂ ਸੀ ਬੁਲਾਉਂਦਾ ਹੁੰਦਾ। ਪਰ ਮੌਕੇ, ਬੇਮੌਕੇ ਪੈਸੇ ਦੀ ਖੁੱਲ੍ਹੀ ਮਦਦ ਜ਼ਰੂਰ ਕਰ ਦਿੰਦਾ ਸੀ। ਖ਼ੁਦ ਜਾ ਕੇ ਉਹਨਾਂ ਨੂੰ ਮਿਲ ਵੀ ਆਉਂਦਾ ਸੀ।
ਸ਼ੰਕਰ ਨੇ ਹੈਲਨ ਨੇ ਵਿਸ਼ੇਸ਼ ਤੌਰ 'ਤੇ ਕਿਹਾ ਸੀ, 'ਕੀ ਤੁਸੀਂ ਉਸਦੀ ਮਾਂ-ਭੈਣ ਨੂੰ ਆਉਣ ਤੋਂ ਰੋਕ ਸਕਦੇ ਓ? ਮੇਰੇ ਉੱਤੇ ਸਭ ਤੋਂ ਵੱਡਾ ਅਹਿਸਾਨ ਇਹੀ ਹੋਏਗਾ।'
ਸ਼ੰਕਰ ਨੂੰ ਇਕਦਮ ਧੱਕਾ ਜਿਹਾ ਲੱਗਾ ਸੀ। ਸ਼ਾਇਦ ਇਹਨੂੰ ਸਮਝ ਕੇ ਹੀ ਹੈਲਨ ਨੇ ਕਿਹਾ ਸੀ—'ਦੇਖੋ ਸ਼ੰਕਰ, ਇਕ ਤਾਂ ਇੱਥੋਂ ਦਾ ਸਭ ਕੁਝ ਮੈਨੂੰ ਇਕੱਲੀ ਨੂੰ ਸੰਭਾਲਣਾ ਪੈ ਰਿਹਾ ਏ, ਉਪਰੋਂ ਮਾਂ, ਭੈਣ ਦੇ ਆਉਣ 'ਤੇ ਮੈਨੂੰ ਉਹਨਾਂ ਦੀ ਸੇਵਾ, ਸੰਭਾਲ 'ਚ ਲੱਗਣਾ ਪਏਗਾ। ਮੈਂ ਇਸ ਸਮੇਂ ਤਨ ਤੇ ਮਨ ਦੋਵੇਂ ਪੱਖੋਂ ਬੜੀ ਕਮਜ਼ੋਰ ਮਹਿਸੂਸ ਕਰ ਰਹੀ ਆਂ—ਤੇ ਫੇਰ ਜਦ ਕਿ ਦਿਵਾਕਰ ਹੀ ਨਹੀਂ ਰਿਹਾ ਤਾਂ ਮੈਥੋਂ ਉਹਨਾਂ ਸਾਰਿਆਂ ਦੀ ਦੇਖਭਾਲ ਦਾ ਬੋਝ ਨਹੀਂ ਉਠਾਇਆ ਜਾਣਾ। ਉਂਜ ਵੀ ਕਿਹੜਾ ਬਹੁਤਾ ਜ਼ਿਆਦਾ ਮਿਲਣਾ-ਜੁਲਣਾ ਸੀ। ਪੰਜ-ਪੰਜ ਸਾਲ ਬਾਅਦ ਤਾਂ ਉਹ ਮੁਸ਼ਕਿਲ ਨਾਲ ਘਰ ਜਾਂਦਾ ਸੀ ਤੇ ਨਿੱਜੀ ਤੌਰ 'ਤੇ ਮੇਰਾ ਤਾਂ ਉਹਨਾਂ ਨਾਲ ਕੋਈ ਲੈਣ-ਦੇਣ ਵੀ ਹੈ ਨਹੀਂ। ਮੈਂ ਤਾਂ ਇਕ ਵਾਰੀ ਨਾਲੋਂ ਵੱਧ ਉਹਨਾਂ ਨੂੰ ਮਿਲੀ ਵੀ ਨਹੀਂ।'
ਸ਼ੰਕਰ ਨੇ ਕਿਹਾ, 'ਉਹ ਤਾਂ ਤੁਸੀਂ ਸਹੀ ਕਹਿ ਰਹੇ ਓ ਹੈਲਨ ਪਰ ਉਹ ਜ਼ੋਰ ਤਾਂ ਮਾਰਨਗੀਆਂ ਹੀ। ਆਖ਼ਰ ਪੁੱਤਰ ਜਾਂ ਭਰਾ ਦਾ ਚਲੇ ਜਾਣਾ...ਮੌਤ 'ਤੇ ਉਹ ਆਉਣਾ ਤਾਂ ਚਾਹੁਣਗੀਆਂ ਹੀ। ਸਕੇ ਤਾਂ ਅਜਿਹੇ ਮੌਕੇ 'ਤੇ ਆਉਂਦੇ ਹੀ ਨੇ।'
ਹੈਲਨ ਬੋਲੀ, 'ਮੇਰੇ ਕੋਲ ਪੈਸੇ ਨਹੀਂ, ਉਹਨਾਂ ਨੂੰ ਟਿਕਟ ਭੇਜਣ ਲਈ।'
'ਉਹ ਮੈਂ ਦੇ ਦਿਆਂਗਾ। ਉਹ ਸ਼ਾਇਦ ਮੰਗਣ ਵੀ ਨਾ, ਪੈਸੇ ਉਹਨਾਂ ਕੋਲ ਵੀ ਕਾਫੀ ਨੇ। ਨਾਲੇ ਕੋਈ ਪੈਸਿਆਂ ਦੀ ਪ੍ਰਵਾਹ ਨਹੀਂ ਕਰਦਾ ਹੁੰਦਾ, ਅਜਿਹੇ ਮੌਕਿਆਂ 'ਤੇ।'
'ਤਦੇ ਤਾਂ ਤੁਹਾਨੂੰ ਕਹਿ ਰਹੀ ਆਂ, ਉਹ ਤਾਂ ਆਉਣ ਲਈ ਤਿਆਰ ਬੈਠੀਆਂ ਨੇ। ਤੁਸੀਂ ਉਹਨਾਂ ਦੇ ਕਰੀਬੀ ਦੋਸਤ ਸਓ। ਤੁਹਾਡੀ ਗੱਲ ਸਮਝ ਲੈਣਗੀਆਂ। ਮੈਂ ਵਾਰ-ਵਾਰ ਉਹਨਾਂ ਨੂੰ ਨਾ ਆਉਣ ਲਈ ਕਿਹਾ ਏ ਪਰ ਉਹ ਸੋਚਦੀਆਂ ਨੇ ਕਿ ਮੈਂ ਫਾਰਮੈਲਿਟੀ ਨਿਭਾ ਰਹੀ ਆਂ। ਕਿਵੇਂ ਸਮਝਾਵਾਂ, ਉਹਨਾਂ ਦੀ ਸਮਝ 'ਚ ਈ ਨਹੀਂ ਆਉਂਦਾ ਪਿਆ।'
'ਹੈਲਨ, ਉਹ ਲੋਕ ਭਾਵੇਂ ਤੈਨੂੰ ਨਾ ਵੀ ਮਿਲਣਾ ਚਾਹੁੰਦੇ ਹੋਣ, ਪਰ ਆਪਣੇ ਪੋਤੇ-ਪੋਤੀਆਂ ਨੂੰ ਮਿਲਣਾ ਤਾਂ ਚਾਹੁਣਗੇ ਹੀ ਨਾ...'
'ਵੈਸੇ ਮੈਂ ਉਸਨੂੰ ਛੁੱਟੀਆਂ ਵਿਚ ਭਾਰਤ ਭੇਜ ਦਿਆਂਗੀ। ਉਸਦੀਆਂ ਪਹਿਲੀਆਂ ਬੀਵੀਆਂ ਜੋ ਕਰਨਾ ਚਾਹੁਣ ਕਰਨ, ਮੈਂ ਆਪਣੇ ਬੇਟੇ ਦਾ ਤਾਂ ਵਚਨ ਦੇਂਦੀ ਆਂ, ਉਹਨਾਂ ਨੂੰ ਮਿਲਣ ਜ਼ਰੂਰ ਭੇਜ ਦਿਆਂਗੀ। ਪਰ ਤੁਸੀਂ ਕਿਸੇ ਤਰ੍ਹਾਂ ਹੁਣ ਉਹਨਾਂ ਨੂੰ ਆਉਣ ਤੋਂ ਰੋਕ ਦਿਓ।'
ਤੇ ਸ਼ੰਕਰ ਨੇ ਫ਼ੋਨ ਉੱਤੇ ਕਹਾਣੀਆਂ ਘੜ ਕੇ ਉਹਨਾਂ ਨੂੰ ਆਉਣ ਤੋਂ ਰੋਕ ਦਿੱਤਾ ਸੀ।
'ਹੈਲਨ ਨੂੰ ਰੋਜ਼ ਕੰਮ 'ਤੇ ਜਾਣਾ ਪਏਗਾ। ਉਸਦੀ ਤਬੀਅਤ ਵੀ ਠੀਕ ਨਹੀਂ ਰਹਿੰਦੀ। ਵਿਚਾਰੀ ਬੜੀ 'ਕੱਲੀ ਜਿਹੀ ਪੈ ਗਈ ਏ।'
'ਬੱਚਿਆਂ ਦੇ ਵੀ ਸਕੂਲ ਖੁੱਲ੍ਹੇ ਨੇ। ਉਹਨਾਂ ਦੀ ਜ਼ਿੰਦਗੀ ਵਿਚ ਖਲਲ਼ ਪਾਉਣਾ ਠੀਕ ਨਹੀਂ।'
ਤੁਸੀਂ ਲੋਕ ਏਥੇ ਆ ਕੇ ਕਰੋਗੇ ਕੀ? ਸਾਰੇ ਤਾਂ ਆਪੋ-ਆਪਣੇ ਕੰਮਾਂ ਵਿਚ ਬਿਜੀ ਹੋਣਗੇ। ਫੇਰ ਹਵਾਈ ਅੱਡੇ ਤੋਂ ਲਿਆਉ-ਕਰਣ, ਖੁਆਉਣ-ਪਿਆਉਣ ਦੇ ਸਾਰੇ ਬੰਦੋਬਸਤ ਵੀ ਤਾਂ ਹੈਲਨ ਨੂੰ ਈ ਕਰਨੇ ਪੈਣਗੇ। ਅਜਿਹੀ ਹਾਲਤ ਵਿਚ ਕਿੰਜ ਕਰੇਗੀ ਵਿਚਾਰੀ।...ਪਹਿਲਾਂ ਹੀ ਉਸਦਾ ਆਪਣਾ ਹਾਲ ਬੁਰਾ ਏ। ਆਖ਼ਰ ਉਸਦਾ ਵੀ ਤਾਂ ਭਰੀ ਜਵਾਨੀ ਵਿਚ ਪਤੀ ਚਲਾ ਗਿਐ। ਪਹਿਲਾਂ ਖ਼ੁਦ ਨੂੰ ਤਾਂ ਸੰਭਾਲ ਲਏ...ਹੋਰਾਂ ਦੀ ਜ਼ਿੰਮੇਵਾਰੀ ਕਿੰਜ ਚੁੱਕ ਸਕੇਗੀ।'
'ਦਿਵਾਕਰ ਤਾਂ ਚਲਾ ਗਿਆ—ਜਿਸਦੇ ਨਾਲ ਰਿਸ਼ਤਾ ਸੀ, ਉਠਣਾ-ਬੈਠਣਾ ਸੀ, ਹੁਣ ਇੱਥੇ ਕਿਸ ਲਈ ਆਓਗੇ?'
'ਬੱਚੇ ਤੁਹਾਨੂੰ ਮਿਲਣ ਆਉਣਗੇ ਛੁੱਟੀਆਂ ਵਿਚ, ਤਾਂ ਚਾਰ ਗੱਲਾਂ ਕਰਨ ਦਾ ਮੌਕਾ ਵੀ ਮਿਲ ਜਾਏਗਾ। ਰਤਾ ਹੌਸਲੇ ਤੋਂ ਕੰਮ ਲਓ। ਜੋ ਗਿਆ, ਉਹ ਤਾਂ ਵਾਪਸ ਆਉਣ ਤੋਂ ਰਿਹਾ।'
ਮਨ ਨੂੰ ਬੜਾ ਦੁੱਖ ਹੋਇਆ ਸੀ ਸ਼ੰਕਰ ਦੇ। ਪਰ ਉਹ ਹੈਲਨ ਦਾ ਨਜ਼ਰੀਆ ਵੀ ਸਮਝਦਾ ਸੀ। ਵਿਚਾਰੀ ਕਿੰਜ ਸੰਭਾਲੇਗੀ ਉਸ ਠੇਠ ਹਿੰਦੁਸਤਾਨੀ ਸੱਸ, ਨਨਾਣ ਨੂੰ। ਛੂਤਛਾਤ, ਸੂਤਕ-ਪਾਤਕ, ਸ਼ਾਕਾਹਾਰੀ-ਮਾਸਾਹਾਰੀ, ਪਤਾ ਨਹੀਂ ਕਿੰਨੇ ਝਮੇਲੇ ਹੋਣਗੇ। ਉਸਦੀ ਆਪਣੀ ਪਤਨੀ ਜੈਕੀ ਵੀ ਤਾਂ ਕਿੰਨੀ ਨਰਵਸ ਹੁੰਦੀ ਹੈ, ਉਸਦੇ ਘਰਵਾਲਿਆਂ ਨੂੰ ਮਿਲ ਕੇ। ਲੱਖ ਧਿਆਨ ਰੱਖਣ 'ਤੇ ਵੀ ਉਸ ਤੋਂ ਕੋਈ ਨਾ ਕੋਈ ਗ਼ਲਤੀ ਹੋ ਹੀ ਜਾਂਦੀ ਹੈ। ਕਦੀ ਪੱਲਾ ਠੀਕ ਨਹੀਂ ਲਿਆ ਤੇ ਕਦੀ ਪੈਰੀਂ-ਹੱਥ ਨਹੀਂ ਲਾਏ। ਉਹ ਖ਼ੁਦ ਇਹਨਾਂ ਚੱਕਰਾਂ ਤੋਂ ਪ੍ਰੇਸ਼ਾਨ ਹੋ ਕੇ ਇਕੱਲਾ ਹੀ ਜਾ ਕੇ ਮਿਲ ਆਉਂਦਾ ਹੈ ਮਾਂ ਨੂੰ। ਸ਼ੁਰੂ ਵਿਚ ਜੈਕੀ ਵੀ ਗਈ ਸੀ ਉਸਦੇ ਨਾਲ। ਹੁਣ ਉਹ ਵੀ ਆਪਣੇ ਕੰਮਾਂ ਵਿਚ ਉਲਝੀ ਰਹਿੰਦੀ ਹੈ ਤੇ ਉਹ ਦੋਵੇਂ ਆਪੋ-ਆਪਣੀਆਂ ਛੁੱਟੀਆਂ, ਆਪੋ-ਆਪਣੀ ਮਰਜ਼ੀ ਨਾਲ ਬਿਤਾਉਂਦੇ ਸਨ। ਸਾਲ ਦੋ ਸਾਲ ਵਿਚ ਇਕ ਵਾਰੀ ਬੱਚਿਆਂ ਨਾਲ ਪਰਿਵਾਰਕ ਛੁੱਟੀਆਂ ਉੱਥੇ ਅਮਰੀਕਾ ਜਾਂ ਯੂਰਪ ਵਗ਼ੈਰਾ ਵਿਚ ਹੀ ਮਨਾ ਲਈਆਂ ਜਾਂਦੀਆਂ ਸਨ। ਪਿਛਲੀ ਵਾਰੀ ਉਹ ਬੇਟੀ ਨੂੰ ਨਾਲ ਲੈ ਗਿਆ ਸੀ, ਦਾਦੀ ਨੂੰ ਮਿਲਾਉਣ ਲਈ। ਪਰ ਬੱਚੇ ਹਰ ਵਾਰੀ ਨਾਲ ਜਾਣਾ ਵੀ ਨਹੀਂ ਚਾਹੁੰਦੇ। ਉਹਨਾਂ ਦੇ ਹਮ-ਉਮਰ ਸਾਥੀ ਨਾ ਹੋਣ ਤਾਂ ਉਹਨਾਂ ਨੂੰ ਕਿਧਰੇ ਵੀ ਜਾਣਾ ਚੰਗਾ ਨਹੀਂ ਲੱਗਦਾ।
ਸ਼ੰਕਰ ਨੇ ਦੁਬਾਰਾ ਗੌਰ ਕੀਤਾ ਉਸਦੇ ਦੋਸਤ ਦੇ ਅੰਤਮ ਸੰਸਕਾਰ ਵਿਚ ਇਕ ਵੀ ਹਿੰਦੁਸਤਾਨੀ ਨਹੀਂ ਸੀ ਤੇ ਸ਼ੰਕਰ ਨੂੰ ਬੜਾ ਅਜੀਬ ਜਿਹਾ ਲੱਗ ਰਿਹਾ ਸੀ। ਉਸਦੇ ਕੰਨ ਮੰਤਰ-ਉਚਾਰਣ ਸੁਣਨ ਲਈ ਖੁੱਲ੍ਹੇ ਹੋਏ ਸਨ ਤੇ ਅੱਖਾਂ ਜਿਵੇਂ ਅੱਗ ਦੀਆਂ ਲਪਟਾਂ ਦੀ ਉਡੀਕ ਵਿਚ ਅੱਡੀਆਂ ਹੋਈਆਂ ਸਨ। ਨਸਾਂ ਘਿਓ ਤੇ ਸਮਗਰੀ ਦੀ ਥੰਦੀ ਹਵਾ ਨੂੰ ਤਰਸ ਗਈਆਂ ਸਨ।
ਪਰ ਗਿਰਜਾਘਰ ਦੇ ਇਸ ਹਾਲ ਵਿਚ ਤਾਂ ਪਾਦਰੀ ਦੀ ਆਵਾਜ਼ ਗੂੰਜ ਰਹੀ ਸੀ...
ਸ਼ੰਕਰ ਇਸ ਸਾਰੇ ਮਾਹੌਲ ਤੋਂ ਬੜਾ ਉਚਾਟ ਜਿਹਾ ਹੋਇਆ ਹੋਇਆ ਸੀ। ਉਸ ਦੇ ਮਨ ਦੀ ਗਾਥਾ ਕੋਈ ਨਹੀਂ ਸੀ ਬੁੱਝ ਸਕਦਾ। ਉਹ ਉਸ ਸਾਰੇ ਮਾਹੌਲ ਵਿਚ ਇਕ ਦ੍ਰਿਸ਼ਟਾ ਹੀ ਤਾਂ ਸੀ। ਕਿਸੇ ਨਾਲ ਕੁਝ ਸਾਂਝਾ ਨਹੀਂ ਸੀ ਕਰ ਸਕਦਾ। ਕਿੰਨਾ ਹੀ ਕੁਝ ਅਜਿਹਾ ਸੀ ਉਹਨਾਂ ਦੋਵਾਂ ਵਿਚਕਾਰ ਜਿਹੜਾ ਹਾਲੇ ਵੀ ਖ਼ਤਮ ਨਹੀਂ ਸੀ ਹੋਇਆ। ਸ਼ੰਕਰ ਦੀਆਂ ਅੱਖਾਂ ਸਾਹਵੇਂ ਉਹ ਦ੍ਰਿਸ਼ ਘੁੰਮ ਗਿਆ—ਜਦੋਂ ਉਹ ਇਸ ਸ਼ਹਿਰ ਦੀ ਜ਼ਮੀਨ ਉੱਤੇ ਹਵਾਈ ਜਹਾਜ਼ ਵਿਚੋਂ ਪਹਿਲੀ ਵਾਰੀ ਉਤਰਿਆ ਸੀ। ਦਿਵਾਕਰ ਉਸਨੂੰ ਹਵਾਈ ਅੱਡੇ ਤੋਂ ਲੈ-ਆਉਣ ਲਈ ਪਹੁੰਚਿਆ ਹੋਇਆ ਸੀ। ਸ਼ੁਰੂ ਦੇ ਕੁਝ ਦਿਨ ਉਸਦੇ ਘਰ ਹੀ ਟਿਕਿਆ ਸੀ ਉਹ। ਉੱਥੇ ਹੀ ਉਸਦੀ ਅਮਰੀਕੀ ਗਰਲ ਫਰੈਂਡ ਨਾਲ ਮੁਲਾਕਾਤ ਹੋਈ ਸੀ। ਓਹਨੀਂ ਦਿਨੀ ਸ਼ਹਿਰ ਵਿਚ ਕੋਈ ਵੀ ਹਿੰਦੁਸਤਾਨੀ ਰੇਸਤਰਾਂ ਨਹੀਂ ਸੀ ਹੁੰਦਾ। ਭਾਰਤੀ ਖਾਣੇ ਦੀ ਲਲਕ ਉਠਦੀ ਤਾਂ ਖ਼ੁਦ ਹੀ ਜੁਗਾੜ ਕਰਨਾ ਪੈਂਦਾ। ਬਸ, ਦੋਹੇਂ ਛੜੇ-ਛਾਂਟ, ਤਰ੍ਹਾਂ-ਤਰ੍ਹਾਂ ਦੇ ਖਾਣੇ ਬਣਾਉਣ ਦਾ ਪ੍ਰਯੋਗ ਕਰਨ ਵਿਚ ਜੁਟ ਜਾਂਦੇ। ਹਿੰਦੁਸਤਾਨੀ ਖਾਣੇ ਬਣਾਉਣ ਤੇ ਹਸਪਤਾਲ ਦੇ ਕਰਮਚਾਰੀਆਂ ਨਾਲ ਵਿਹਾਰ ਦੇ ਤੌਰ ਤਰੀਕੇ ਤੋਂ ਲੈ ਕੇ ਕੁੜੀਆਂ ਨਾਲ ਡੇਟਿੰਗ ਤਕ ਹਰ ਗੱਲ ਵਿਚ ਉਹੀ ਸ਼ੰਕਰ ਦਾ ਗੁਰੂ ਸੀ। ਉਂਜ ਉਹ ਸੀ ਤਾਂ ਸ਼ੰਕਰ ਨਾਲੋਂ ਇਕ ਸਾਲ ਵੱਡਾ ਹੀ ਪਰ ਹਰ ਗੱਲ ਵਿਚ ਉਸ ਨਾਲੋਂ ਕਾਫੀ ਅੱਗੇ ਸੀ। ਓਹਨੀਂ ਦਿਨੀ ਇਸ ਸ਼ਹਿਰ ਵਿਚ ਗਿਣਤੀ ਦੇ ਹਿੰਦੁਸਤਾਨੀ ਰਹਿੰਦੇ ਸਨ। ਇਸ ਲਈ ਇਕ ਦੂਜੇ ਦਾ ਸਹਿਚਾਰ ਹੋਰ ਵੀ ਵਧ ਕੀਮਤੀ ਸੀ। ਹਰ ਗੱਲ ਵਿਚ ਇਕ ਦੂਜੇ ਦੀ ਸਲਾਹ, ਇਕ ਦੂਜੇ ਦੀ ਚਾਹ। ਕਾਲਜ ਦੇ ਦਿਨਾਂ ਦੀ ਦੋਸਤੀ ਆਪਣੀਆਂ ਜੜਾਂ ਹੋਰ ਡੂੰਘੀਆਂ ਕਰਦੀ ਗਈ।
ਸ਼ਹਿਰ ਦੀਆਂ ਯਾਦਾਂ ਉਸਨੂੰ ਹੋਰ ਵੀ ਦੂਰ, ਬੜੀ ਪਿੱਛੇ ਲੈ ਜਾ ਰਹੀਆਂ ਸਨ। ਦਿੱਲੀ ਦੇ ਤਾਲਕਟੋਰਾ ਗਰਾਊਂਡ ਵਿਚ ਯੂਥ ਫੈਸਟੀਵਲ ਹੋ ਰਿਹਾ ਸੀ। ਉਨੀਂ ਵਰ੍ਹਿਆਂ ਦੇ ਸ਼ੰਕਰ ਨੇ ਜ਼ਿੰਦਗੀ ਵਿਚ ਪਹਿਲੀ ਵਾਰੀ ਇਕ ਕੁੜੀ ਨੂੰ ਚੁੰਮਿਆਂ ਸੀ ਤੇ ਆਸਮਾਨ ਵਿਚ ਉਡਦਾ ਹੋਇਆ ਧਰਤੀ 'ਤੇ ਉਤਰ ਹੀ ਨਹੀਂ ਸੀ ਰਿਹਾ। ਉਦੋਂ ਦਿਵਾਕਰ ਨੇ ਕੱਥੇ-ਚੂਨੇ ਵਾਲਾ ਪਾਨ ਉਸਦੇ ਮੂੰਹ ਵਿਚ ਪਾ ਕੇ ਕਿਹਾ ਸੀ, 'ਲੈ ਖਾ ਲੈ, ਨਸ਼ਾ ਕੁਝ ਹੇਠ ਉਤਰੇਗਾ।'
ਦਿਵਾਕਰ ਨੇ ਹੀ ਉਸਨੂੰ ਕਵਿਤਾ ਤੇ ਸੰਗੀਤ ਵੱਲ ਖਿੱਚਿਆ ਸੀ। ਡਾਕਟਰੀ ਦੀ ਦੁਨੀਆਂ ਵਿਚ ਉਲਝੇ ਸ਼ੰਕਰ ਨੂੰ ਕਤਈ ਇਹਨਾਂ ਦੀ ਸੁੱਧ ਨਹੀਂ ਸੀ ਰਹਿੰਦੀ। ਦਿਵਾਕਰ ਨੇ ਉਸਨੂੰ ਗ਼ਾਲਿਬ ਪੜ੍ਹਾਇਆ ਸੀ, ਟੈਗਰ ਦੀਆਂ ਕਵਿਤਾਵਾਂ ਦੀ ਖ਼ੂਬਸੂਰਤੀ ਦੀ ਪਹਿਚਾਨ ਕਰਨੀ ਸਿਖਾਈ ਸੀ ਤੇ ਰਵਿੰਦਰ ਸੰਗੀਤ ਦੀ ਕੋਈ ਵੀ ਕੰਪੋਜ਼ੀਸ਼ਨ ਉਹ ਦਿਵਾਕਰ ਨੂੰ ਯਾਦ ਕੀਤੇ ਬਿਨਾਂ ਸੁਣਾ ਨਹੀਂ ਸੀ ਸਕਦਾ। ਉਸਦੇ ਐਤਵਾਰਾਂ ਦੀਆਂ ਦੁਪਹਿਰਾਂ ਤੇ ਸ਼ਾਮਾਂ ਵਧੇਰੇ ਕਰਕੇ ਹਿੰਦੁਸਤਾਨੀ ਸੰਗੀਤ ਸੁਣਦਿਆਂ ਹੀ ਬੀਤਦੀਆਂ ਸਨ।
ਤੇ ਸ਼ੰਕਰ ਦੇ ਅੰਦਰ ਇਹੀ ਸਭ ਕੁਝ ਕਸਮਸਾ ਰਿਹਾ ਸੀ।
ਪਾਦਰੀ ਓਲਡ ਟੇਸਟਾਮੈਂਟ ਦੀਆਂ ਸਤਰਾਂ ਪੜ੍ਹ ਰਿਹਾ ਸੀ—“ਰਾਖ ਨੇ ਰਾਖ ਵਿਚ, ਧੂੜ ਨੇ ਧੂੜ ਵਿਚ—ਜਿਸ ਮਿੱਟੀ ਵਿਚੋਂ ਉਪਜੇ ਹਾਂ, ਉਸੇ ਵਿਚ ਰਲ ਜਾਣਾ ਹੈ।”
ਅਚਾਨਕ ਸ਼ੰਕਰ ਦੀ ਰੀੜ੍ਹ ਉਪਰ ਸੱਪ ਵਾਂਗਰ ਕੁਝ ਸਰਕਿਆ। ਜਿਵੇਂ ਉਸਨੂੰ ਮਣਾਮੂੰਹੀਂ ਮਿੱਟੀ ਹੇਠ ਦਫ਼ਨ ਕੀਤਾ ਜਾ ਰਿਹਾ ਹੋਵੇ। ਅਜ਼ੀਬ ਘੁਟਣ ਜਿਹੀ ਮਹਿਸੂਸ ਹੋਈ ਉਸਨੂੰ।
ਹਾਲ ਵਿਚ ਚੁੱਪ ਭਰੀ ਹੋਈ ਸੀ—ਜਿਸ ਵਿਚ ਤੈਰਦੇ ਪਾਦਰੀ ਦੇ ਸ਼ਬਦ ਕੰਨਾਂ ਦੇ ਪਰਦਿਆਂ ਨਾਲ ਟਕਰਾ ਰਹੇ ਸਨ।
ਕੁਝ ਗੂੰਜ ਰਿਹਾ ਸੀ ਸ਼ੰਕਰ ਦੇ ਅੰਦਰ...ਖੌਰੂ ਪਾ ਰਿਹਾ ਸੀ ਉਸਦੀਆਂ ਨਸਾਂ ਦੇ ਵਿਚ—ਇਕ ਅਰਸੇ ਤੋਂ ਗੁੰਨ੍ਹਿਆਂ-ਗੁੱਝਿਆ ਹੋਇਆ ਤੇ ਕਿਸੇ ਨੁੱਕਰੇ ਸੁਸਤ-ਨਿਢਾਲ ਪਿਆ ਕੁਝ!
ਪਾਦਰੀ ਆਮੇਨ ਕਰਕੇ ਡਾਯਸ ਤੋਂ ਹੇਠ ਉਤਰਣ ਹੀ ਵਾਲਾ ਸੀ ਕਿ ਸ਼ੰਕਰ ਅਚਾਨਕ ਖੜ੍ਹਾ ਹੋ ਗਿਆ ਤੇ ਕਾਹਲੇ, ਸਿੱਧੇ ਕਦਮਾਂ ਨਾਲ ਤੁਰਨ ਲੱਗਾ। ਲੋਕ ਉਸ ਵੱਲ ਦੇਖ ਰਹੇ ਸਨ। ਹਲਕੀ ਜਿਹੀ ਹਲਚਲ ਹੋਈ। ਲੋਕ ਹੈਰਾਨ ਪਰ ਚੁੱਪ ਸਨ। ਬੜੀ ਸੰਜਮੀਂ ਆਵਾਜ਼ ਵਿਚ ਸੰਕਰ ਨੇ ਕਿਹਾ—“ਆਪਣੇ ਦੋਸਤ ਲਈ ਕੁਝ ਗੀਤਾ ਦੇ ਸ਼ਲੋਕ,” ਤੇ ਉਸਨੇ ਸੰਸਕ੍ਰਿਤ ਦੇ ਨਾਲ ਨਾਲ ਅੰਗਰੇਜ਼ੀ ਅਨੁਵਾਦ ਕਰਦਿਆਂ ਹੋਇਆਂ ਇਕ ਪਿੱਛੋਂ ਇਕ ਸ਼ਲੋਕ ਉਚਾਰਣੇ ਸ਼ੁਰੂ ਕਰ ਦਿੱਤੇ। ਗੀਤਾ ਦੇ ਦੂਜੇ ਅਧਿਆਏ ਦੇ ਸ਼ਲੋਕ ਸਨ ਇਹ—“ਇਹ ਨਾ ਕਦੀ ਹੱਤਿਆਰਾ ਹੁੰਦਾ ਹੈ ਨਾ ਹਤ, ਕਦੀ ਜੰਮਦਾ ਹੈ ਨਾ ਮਰਦਾ ਹੈ, ਜਨਮ ਮਰਨ ਤੋਂ ਪਰ੍ਹੇ—ਦੇਹ ਨਾਸ਼ ਹੋਣ 'ਤੇ ਵੀ ਨਸ਼ਟ ਨਹੀਂ ਹੁੰਦਾ...ਜਿਸ ਤਰ੍ਹਾਂ ਘਸੇ-ਪੁਰਾਣੇ ਕੱਪੜਿਆਂ ਨੂੰ ਤਿਆਗ ਕੇ ਆਦਮੀ ਨਵੇਂ ਪਾ ਲੈਂਦਾ ਹੈ, ਉਸੇ ਤਰ੍ਹਾਂ ਘਸੀ-ਪੁਰਾਣੀ ਹੋ ਚੁੱਕੀ ਦੇਹ ਦਾ ਤਿਆਗ ਕਰਕੇ ਨਵੀਂ ਦੇਹੀ ਅਪਣਾਅ ਲੈਂਦਾ ਹੈ।”
ਸਾਰੇ ਉਸੇ ਤਰ੍ਹਾਂ ਚੁੱਪਚਾਪ ਸੁਣ ਰਹੇ ਸਨ, ਜਿਵੇਂ ਪਾਦਰੀ ਨੂੰ ਸੁਣਿਆ ਸੀ। ਸ਼ੰਕਰ ਦਾ ਸੰਸਕ੍ਰਿਤ ਦਾ ਉਚਾਰਣ ਵੀ ਬੜਾ ਸ਼ੁੱਧ ਤੇ ਮਿੱਠਾ ਸੀ। ਪਰ ਫੇਰ ਵੀ ਲੋਕ ਓਨੇ ਸਹਿਜ ਨਹੀਂ ਸਨ ਜਿੰਨੇ ਹੁਣ ਤੀਕ ਸਨ। ਸ਼ਾਇਦ ਉਹਨਾਂ ਸ਼ਬਦਾਂ ਦੀ ਧੁਨੀ ਉਹਨਾਂ ਨੂੰ ਓਪਰੀ ਲੱਗ ਰਹੀ ਹੋਵੇ। ਪਰ ਫੇਰ ਵੀ ਉਸ ਧੁਨੀ ਵਿਚ ਸੱਚਾ ਸੀ, ਇਕ ਸਦੀਵੀ ਸੱਚ। ਸਭ ਨੇ ਸੁਣਿਆ ਤੇ ਚੁੱਪਚਾਪ ਆਪਣੀ ਥਾਵੇਂ ਖੜ੍ਹੇ ਸੁਣਦੇ ਰਹੇ।
ਸ਼ੰਕਰ ਦੀ ਨਿਗਾਹ ਆਪਣੀ ਪਤਨੀ ਨਾਲ ਮਿਲੀ। ਹੈਰਾਨ-ਪ੍ਰੇਸ਼ਾਨ ਜਿਹੀ ਹੋਈ ਉਹ ਉਸ ਵੱਲ ਦੇਖ ਰਹੀ ਸੀ। ਸ਼ਾਇਦ ਸਮਝ ਨਹੀਂ ਸਕੀ ਸੀ ਕਿ ਦਾਦ ਦਏ ਜਾਂ ਹੈਰਾਨ ਹੋਏ। ਉਸਨੂੰ ਸ਼ਾਬਾਸ਼ੀ ਦਏ ਜਾਂ ਉਸਦੇ ਇਸ ਬੇਤੁਕੇ ਵਿਹਾਰ 'ਤੇ ਝਾੜ-ਝੰਬ ਕਰੇ। ਸ਼ੰਕਰ ਨੂੰ ਲੱਗਿਆ ਕਿ ਉੱਥੇ ਜੈਕੀ ਨਹੀਂ...ਹੈਲਨ ਹੀ ਖੜ੍ਹੀ ਹੈ।
ਇਕ ਡਰਾਵਨਾ ਜਿਹਾ ਕਾਲਾ ਪ੍ਰਛਾਵਾਂ ਉਸਦੇ ਜਿਸਮ ਨੂੰ ਦੋ ਹਿੱਸਿਆਂ ਵਿਚ ਕੱਟ ਕੇ ਨਿਕਲ ਗਿਆ। ਸਾਹਮਣੇ ਕੁਝ ਵੀ ਦਿਖਾਈ ਨਹੀਂ ਸੀ ਦੇ ਰਿਹਾ ਹੁਣ। ਬਸ ਹਨੇਰੇ ਦਾ ਗੂੜ੍ਹਾ ਕਾਲਾ ਚੱਕਰ ਸੀ।
ਪਤਾ ਨਹੀਂ ਕਿੰਨੀਆਂ ਕੁ ਪ੍ਰਛਾਵਿਆਂ ਨਾਲ ਲੜ ਰਿਹਾ ਸੀ ਉਸ ਦਾ ਅਵਚੇਤਨ।
ਸ਼ੰਕਰ ਨੂੰ ਲੱਗਿਆ ਉਸਦੀ ਆਵਾਜ਼ ਡੁੱਬਦੀ ਜਾ ਰਹੀ ਹੈ। ਉਸਦੇ ਕੰਨਾਂ ਵਿਚ ਫੇਰ ਪਾਦਰੀ ਦੀ ਆਵਾਜ਼ ਗੂੰਜਣ ਲੱਗੀ...“ਰਾਖ ਨੇ ਰਾਖ ਵਿਚ, ਧੂੜ ਨੇ ਧੂੜ ਵਿਚ—ਜਿਸ ਮਿੱਟੀ ਵਿਚੋਂ ਉਪਜੇ ਹਾਂ, ਉਸੇ ਵਿਚ ਰਲ ਜਾਣਾ ਹੈ।”...ਉਸਨੂੰ ਲੱਗਿਆ ਜਿਵੇਂ ਉਹ ਆਪਣਾ ਅਵਸਾਨ/ਅੰਤ ਦੇਖ ਰਿਹਾ ਹੈ...ਇਸੇ ਤਰ੍ਹਾਂ...ਬਿਲਕੁਲ ਇਹੋ ਦ੍ਰਿਸ਼ ...ਉਸਦੀ ਪਤਨੀ...ਗਿਰਜਾਘਰ ਦੀਆਂ ਕੰਧਾਂ...ਲੰਮੀਆਂ ਰੰਗੀਨ ਖਿੜਕੀਆਂ...ਬਾਈਬਲ ਦੀਆਂ ਸਤਰਾਂ...ਅਣਜਾਣ ਚਿਹਰਿਆਂ ਦਾ ਹੜ੍ਹ...ਡਰੇ ਹੋਏ...ਸਹਿਮੇ ਹੋਏ ਚਿਹਰੇ...ਧੂੜ ਤੇ ਮਿੱਟੀ ਦੇ ਅੰਤਹੀਣ ਢੇਰ।
ਤੇ ਉਸਨੇ ਫੇਰ ਜ਼ੋਰ ਲਾਇਆ...ਉਸ ਪਲ ਉਸਨੂੰ ਕੁਝ ਹੋਰ ਦਿਖਾਈ ਜਾਂ ਸੁਣਾਈ ਨਹੀਂ ਸੀ ਦੇ ਰਿਹਾ...ਫੇਰ ਅਚਾਨਕ ਜਿਵੇਂ ਪਾਣੀ ਨੂੰ ਚੀਰਦੀ ਹੋਈ ਕੋਈ ਬੇੜੀ ਉਸ ਕੋਲ ਆਣ ਖਲੋਤੀ...ਉਸਦੇ ਬੁੱਲ੍ਹਾਂ ਵਿਚੋਂ ਫੇਰ ਫੁੱਟ ਨਿਕਲੇ ਇਹ ਸ਼ਬਦ—'ਕੱਟ ਨਹੀਂ ਸਕਦਾ ਕੋਈ ਸ਼ਸਤਰ ਆਤਮਾ ਨੂੰ...ਕੋਈ ਅੱਗ ਨਹੀਂ ਜਲਾ ਸਕਦੀ...ਦੋਸ਼ ਰਹਿਤ ਹੈ, ਅਟਲ ਹੈ ਆਤਮਾ...ਨਿੱਤ ਜਨਮਨਾ ਹੈ ਤੇ ਮਰਨਾਂ ਵੀ ਨਿੱਤ ਹੈ...'
ਅਚਾਨਕ ਉਸਨੂੰ ਲੱਗਿਆ ਤਾਬੂਤ ਵਿਚ ਚੁੱਪ-ਗੜੂੱਪ ਲੇਟੇ ਦਿਵਾਕਰ ਦਾ ਚਿਹਰਾ ਉਸ ਵੱਲ ਦੇਖ ਕੇ ਮੁਸਕੁਰਾਇਆ ਹੈ। ਸ਼ੰਕਰ ਦਾ ਲੂੰ-ਕੰਡਾ ਖੜ੍ਹਾ ਹੋ ਗਿਆ। ਬਿੰਦ ਦਾ ਬਿੰਦ ਉਸਨੂੰ ਮਹਿਸੂਸ ਹੋਇਆ ਕਿ ਦਿਵਾਕਰ ਕਿਤੇ ਨਹੀਂ ਗਿਆ, ਇੱਥੇ ਹੀ ਹੈ, ਉਸਦੇ ਆਸਪਾਸ। ਪਰ ਉਹ ਮੁਸਕਾਨ ਸੀ ਜਾਂ ਵਿਅੰਗ-ਬਾਣ—ਸ਼ੰਕਰ ਇਸ ਦਾ ਫੈਸਲਾ ਨਹੀਂ ਕਰ ਸਕਿਆ।
ਹਾਲ ਵਿਚ ਹੁਣ ਵਾਪਸ ਜਾਣ ਵਾਲਿਆਂ ਦੇ ਪੈਰਾਂ ਤੇ ਧੀਮੀ ਆਵਾਜ਼ ਵਿਚ ਗੱਲਾਂ ਕਰਨ ਦਾ ਸ਼ੋਰ ਸ਼ੁਰੂ ਹੋ ਗਿਆ ਸੀ। ਸ਼ੰਕਰ ਦੀ ਆਵਾਜ਼ ਉਸ ਸ਼ੋਰ ਵਿਚ ਡੁੱਬ ਚੁੱਕੀ ਸੀ, ਪਰ ਉਸਨੂੰ ਲੱਗ ਰਿਹਾ ਸੀ ਕਿ ਆਪਣੀ ਆਵਾਜ਼ ਉਹ ਅਜੇ ਵੀ ਸੁਣ ਰਿਹਾ ਹੈ।
   ---- ---- ----