Saturday, July 17, 2010

ਟੇਪਚੂ...::ਲੇਖਕ : ਉਦੈ ਪ੍ਰਕਾਸ਼



ਹਿੰਦੀ ਕਹਾਣੀ : ਟੇਪਚੂ...::ਲੇਖਕ : ਉਦੈ ਪ੍ਰਕਾਸ਼
ਅਨੁਵਾਦ : ਮਹਿੰਦਰ ਬੇਦੀ, ਜੈਤੋ


ਇੱਥੇ ਜੋ ਕੁਝ ਲਿਖਿਆ ਹੋਇਆ ਏ, ਇਹ ਕੋਈ ਕਹਾਣੀ ਨਹੀਂ—ਕਦੀ-ਕਦੀ ਸੱਚਾਈ, ਕਹਾਣੀ ਨਾਲੋਂ ਵੱਧ ਹੈਰਾਨੀ ਭਰੀ ਹੁੰਦੀ ਏ—ਟੇਪਚੂ ਬਾਰੇ ਸਭ ਕੁਝ ਜਾਣ ਲੈਣ ਪਿੱਛੋਂ ਤੁਹਾਨੂੰ ਵੀ ਇਵੇਂ ਈ ਲੱਗੇਗਾ।
ਟੇਪਚੂ ਨੂੰ ਮੈਂ ਬਿਲਕੁਲ ਨੇੜਿਓਂ ਵੇਖਿਆ ਏ ਤੇ ਚੰਗੀ ਤਰ੍ਹਾਂ ਜਾਣਦਾ ਆਂ। ਸਾਡਾ ਪਿੰਡ ਮਡਰ ਸੋਨ ਨਦੀ ਦੇ ਕੰਢੇ, ਕੋਈ ਦੋ ਕੁ ਫਰਲਾਂਗ ਦੇ ਫਾਸਲੇ ਉੱਤੇ, ਵੱਸਿਆ ਹੋਇਆ ਏ। ਦੂਰੀ ਸ਼ਾਇਦ ਕੁਝ ਹੋਰ ਵੀ ਘੱਟ ਹੋਵੇ, ਕਿਉਂਕਿ ਪਿੰਡ ਦੀਆਂ ਸੁਆਣੀਆਂ ਸਵੇਰੇ ਖੇਤਾਂ ਨੂੰ ਜਾਣ ਤੋਂ ਪਹਿਲਾਂ ਤੇ ਸ਼ਾਮੀਂ ਉੱਥੋਂ ਵਾਪਸ ਆਉਣ ਪਿੱਛੋਂ ਸੋਨ ਨਦੀ ਤੋਂ ਈ ਘਰ ਦੇ ਕੰਮ-ਧੰਦਿਆਂ ਲਈ ਪਾਣੀ ਭਰ ਕੇ ਲਿਆਉਂਦੀਆਂ ਨੇ। ਇਹ ਸੁਆਣੀਆਂ ਕੁਝ ਅਜਿਹੀਆਂ ਔਰਤਾਂ ਨੇ, ਜਿਹਨਾਂ ਨੂੰ ਮੈਂ ਕਦੀ ਥੱਕਿਆਂ ਨਹੀਂ ਵੇਖਿਆ—ਉਹ ਲਗਾਤਾਰ ਕੰਮ ਕਰਦੀਆਂ ਰਹਿੰਦੀਆਂ ਨੇ।
ਪਿੰਡ ਦੇ ਲੋਕ ਸੋਨ ਨਦੀ ਵਿਚ ਟੁੱਭੀਆਂ ਮਾਰ-ਮਾਰ ਨਹਾਉਂਦੇ ਨੇ। ਟੁੱਭੀਆਂ ਮਾਰਨ ਜੋਗਾ ਪਾਣੀ ਡੁੰਘਾ ਕਰਨ ਲਈ ਨਦੀ ਵਿਚ ਖੂਹੀਆਂ ਪੁੱਟਣੀਆਂ ਪੈਂਦੀਆਂ ਨੇ। ਨਦੀ ਦੀ ਵਹਿੰਦੀ ਹੋਈ ਧਾਰ ਦੇ ਹੋਠੋਂ ਬਰੇਤੀ ਨੂੰ ਪੰਜਿਆਂ ਨਾਲ ਸਰਕਾ ਦਿੱਤਾ ਜਾਵੇ ਤਾਂ ਖੂਹੀ ਬਣ ਜਾਂਦੀ ਏ। ਗਰਮੀ ਦੇ ਦਿਨਾਂ ਵਿਚ ਸੋਨ ਨਦੀ ਵਿਚ ਪਾਣੀ ਏਨਾ ਘੱਟ ਹੁੰਦਾ ਏ ਕਿ ਬਿਨਾਂ ਖੂਹੀ ਪੁੱਟਿਆਂ ਆਦਮੀ ਦਾ ਧੜ ਹੀ ਨਹੀਂ ਭਿੱਜਦਾ। ਇਹੀ ਸੋਨ ਨਦੀ ਬਿਹਾਰ ਪਹੁੰਚਦੀ-ਪਹੁੰਚਦੀ ਕੇਡੀ ਵੱਡੀ ਹੋ ਗਈ ਏ—ਇਸ ਦਾ ਅੰਦਾਜ਼ਾ ਸਾਡੇ ਪਿੰਡ ਦੇ ਘਾਟ 'ਤੇ ਖਲੋ ਕੇ ਨਹੀਂ ਲਾਇਆ ਜਾ ਸਕਦਾ।
ਸਾਡੇ ਪਿੰਡ ਵਿਚ ਦਸ ਗਿਆਰਾਂ ਸਾਲ ਪਹਿਲਾਂ ਅਬੀ ਨਾਂਅ ਦਾ ਇਕ ਮੁਸਲਮਾਨ ਰਹਿੰਦਾ ਹੁੰਦਾ ਸੀ। ਪਿੰਡ ਦੇ ਬਾਹਰ-ਵਾਰ ਜਿੱਥੇ ਚਮਿਆਰਾਂ ਦੀ ਬਸਤੀ ਏ, ਉਸ ਤੋਂ ਜ਼ਰਾ ਕੁ ਹਟ ਕੇ, ਤਿੰਨ ਚਾਰ ਘਰ ਮੁਸਲਮਾਨਾ ਦੇ ਹੁੰਦੇ ਸੀ। ਮੁਸਲਮਾਨ, ਮੁਰਗੀਆਂ, ਬੱਕਰੀਆਂ ਪਾਲਦੇ ਸੀ। ਲੋਕੀ ਉਹਨਾਂ ਨੂੰ ਚਿਕਵਾ ਜਾਂ ਕਸਾਈ ਕਹਿੰਦੇ ਸਨ। ਉਹ ਬੱਕਰੇ-ਬੱਕਰੀ ਦੇ ਮੀਟ ਦਾ ਧੰਦਾ ਵੀ ਕਰਦੇ ਸਨ। ਥੋੜ੍ਹੀ-ਬਹੁਤ ਜ਼ਮੀਨ ਵੀ ਹੁੰਦੀ ਸੀ ਉਹਨਾਂ ਕੋਲ।
ਅਬੀ ਆਵਾਰਾ ਤੇ ਫੱਕੜ ਕਿਸਮ ਦਾ ਆਦਮੀ ਸੀ। ਦੋ–ਦੋ ਔਰਤਾਂ ਨਾਲ ਸ਼ਾਦੀ ਕਰਵਾਈ ਹੋਈ ਸੀ ਉਸਨੇ। ਪਿੱਛੋਂ ਇਕ ਔਰਤ ਜਿਹੜੀ ਕੁਝ ਵਧੇਰੇ ਹੁਸੀਨ ਸੀ, ਕਸਬੇ ਦੇ ਇਕ ਦਰਜੀ ਦੇ ਘਰ ਜਾ ਬੈਠੀ। ਅਬੀ ਨੇ ਕੋਈ ਗ਼ਮ ਜਾਂ ਗੁੱਸਾ ਨਹੀਂ ਕੀਤਾ। ਪੰਚਾਇਤ ਨੇ ਦਰਜੀ ਨੂੰ ਜਿੰਨੀ ਰਕਮ ਭਰਨ ਲਈ ਕਿਹਾ, ਉਸਨੇ ਭਰ ਦਿੱਤੀ। ਅਬੀ ਨੇ ਉਹਨਾਂ ਰੁਪਈਆਂ ਨਾਲ ਕੁਝ ਦਿਨ ਐਸ਼ ਕੀਤੀ ਤੇ ਫੇਰ ਇਕ ਹਰਮੋਨੀਅਮ ਖ਼ਰੀਦ ਲਿਆਂਦਾ। ਅਬੀ ਜਦੋਂ ਵੀ ਮੰਡੀ ਜਾਂਦਾ, ਉਸੇ ਦਰਜੀ ਦੇ ਘਰ ਠਹਿਰਦਾ। ਖਾਂਦਾ-ਪੀਂਦਾ, ਜਸ਼ਨ ਮਨਾਉਂਦਾ; ਆਪਣੀ ਪੁਰਾਣੀ ਪਤਨੀ ਨੂੰ ਮੱਖਣ ਲਾ ਕੇ ਕੁਝ ਰੁਪਈਏ ਮਾਂਠਦਾ ਲੈਂਦਾ ਤੇ ਫੇਰ ਖ਼ਰੀਦਾਰੀ ਕਰਕੇ ਘਰ ਪਰਤ ਆਉਂਦਾ।
ਕਹਿੰਦੇ ਨੇ, ਅਬੀ ਵੀ ਸੋਹਣਾ ਸੀ। ਉਸਦੇ ਚਿਹਰੇ ਉੱਤੇ ਹਲਕੀ ਜਿਹੀ ਲੁਈਂ ਸੀ। ਜੁੱਸਾ ਪਤਲਾ ਸੀ। ਬਚਪਨ ਵਿਚ ਬਿਮਾਰ ਰਹਿਣ ਤੇ ਪਿੱਛੋਂ ਢੰਗ ਸਿਰ ਦੀ ਖ਼ੁਰਾਕ ਨਾ ਮਿਲਣ ਕਰਕੇ ਉਸਦਾ ਰੰਗ ਹਲਕਾ ਹਲਦੀਆ ਹੋ ਗਿਆ ਸੀ। ਉਂਜ ਉਹ ਗੋਰਾ ਦਿਸਦਾ ਸੀ। ਲੱਗਦਾ ਸੀ, ਉਸਦੇ ਸਰੀਰ ਨੇ ਜਿਵੇਂ ਕਦੀ ਧੁੱਪ ਨਾ ਸੇਕੀ ਹੋਵੇ। ਹਨੇਰੇ ਵਿਚ, ਧੁੱਪ ਤੇ ਹਵਾ ਤੋਂ ਦੂਰ ਉਗਣ ਵਾਲੇ ਕਣਕ ਦੇ ਪੀਲੇ ਬੂਟੇ ਵਰਗਾ ਸੀ ਉਸਦਾ ਰੰਗ। ਫੇਰ ਵੀ ਉਸ ਵਿਚ ਪਤਾ ਨਹੀਂ ਕੀ ਗੁਣ ਸੀ ਕਿ ਕੁੜੀਆਂ ਉਸ ਉੱਤੇ ਫਿਦਾਅ ਹੋ ਜਾਂਦੀਆਂ ਸਨ। ਸ਼ਾਇਦ ਇਸਦਾ ਇਕ ਕਾਰਣ ਇਹ ਹੋਵੇ ਕਿ ਦੂਰ-ਦੁਰੇਡੇ ਦੇ ਸ਼ਹਿਰਾਂ ਵਿਚ ਚੱਲਣ ਵਾਲੇ ਫੈਸ਼ਨ, ਸਭ ਤੋਂ ਪਹਿਲਾਂ ਉਸੇ ਨਾਲ ਪਿੰਡ ਵਿਚ ਪਹੁੰਚਦੇ ਸਨ। ਜੇਬੀ ਕੰਘੀ, ਧੁੱਪ ਵਾਲੀ ਐਨਕ, ਜਿਹੜੀ ਬਾਹਰੋਂ ਸ਼ੀਸ਼ੇ ਵਾਂਗ ਚਮਕਦੀ ਸੀ, ਪਰ ਅੰਦਰੋਂ ਆਰ-ਪਾਰ ਦਿਖਾਈ ਦੇਂਦਾ ਸੀ, ਤੌਲੀਏ ਵਰਗੇ ਕਪੜੇ ਦੀ ਨੰਬਰਾਂ ਵਾਲੀ ਬਨੈਣ, ਪੰਜਾਬੀਆਂ ਦਾ ਅੱਠਾਂ ਧਾਤਾਂ ਵਾਲਾ ਕੜਾ, ਰਬੜ ਦਾ ਹੰਟਰ ਵਗ਼ੈਰਾ ਅਜਿਹੀਆਂ ਵਸਤਾਂ ਸਨ, ਜਿਹੜੀਆਂ ਅਬੀ ਸ਼ਹਿਰੋਂ ਪਿੰਡ ਲਿਆਇਆ ਸੀ।
ਜਦੋਂ ਦਾ ਅਬੀ ਨੇ ਹਰਮੋਨੀਅਮ ਖ਼ਰੀਦਿਆ ਸੀ, ਉਦੋਂ ਦਾ ਉਹ ਸਾਰਾ ਦਿਨ ਚੀਂਪੌਂ–ਚੀਂਪੌਂ ਕਰਦਾ ਰਹਿੰਦਾ ਸੀ। ਉਸਦੀ ਜੇਬ ਵਿਚ ਇਕ-ਇਕ ਆਨੇ ਵਾਲੀਆਂ ਫਿਲਮੀਂ ਗੀਤਾਂ ਦੀਆਂ ਕਿਤਾਬਾਂ ਹੁੰਦੀਆਂ। ਉਸਨੇ ਸ਼ਹਿਰ ਵਿਚ ਕਵਾਲਾਂ ਨੂੰ ਦੇਖਿਆ ਸੀ ਤੇ ਉਸਦੀ ਦਿਲੀ ਇੱਛਾ ਸੀ ਕਿ ਉਹ ਕਵਾਲ ਬਣ ਜਾਵੇ, ਪਰ ਜੀਅ ਤੋੜ ਕੋਸ਼ਿਸ਼ ਕਰਨ ਪਿੱਛੋਂ ਵੀ...“ਹਮੇਂ ਤੋ ਲੂਟ ਲੀਆ ਮਿਲਕੇ ਹੁਸਨ ਵਾਲੋਂ ਨੇ” ਦੇ ਇਲਾਵਾ ਹੋਰ ਕੋਈ ਸੁਰ ਉਸ ਤੋਂ ਸੂਤ ਨਹੀਂ ਸੀ ਆਈ।
ਬਾਅਦ ਵਿਚ ਅਬੀ ਨੇ ਆਪਣੀ ਦਾੜ੍ਹੀ, ਮੁੱਛਾਂ ਬਿਲਕੁਲ ਸਫਾਚੱਟ ਕਰਵਾ ਦਿੱਤੀਆਂ ਤੇ ਵਾਲ ਵਧਾ ਲਏ। ਚਿਹਰੇ ਉਪਰ ਗੀਆ ਭਾਠਾ ਮਰਲਣ ਲੱਗ ਪਿਆ। ਪਿੰਡ ਦੇ ਧੋਬੀ ਦਾ ਮੁੰਡਾ ਜਿਆਵਨ ਉਸਦੇ ਨਾਲ-ਨਾਲ ਭੌਂਣ ਲੱਗਿਆ ਤੇ ਦੋਵੇਂ ਪਿੰਡੋ-ਪਿੰਡ ਜਾ ਕੇ ਗਾਉਣ-ਵਜਾਉਣ ਲੱਗ ਪਏ। ਅਬੀ ਇਸ ਕੰਮ ਨੂੰ ਆਰਟ ਕਹਿੰਦਾ ਸੀ, ਪਰ ਪਿੰਡ ਦੇ ਲੋਕੀ ਕਹਿੰਦੇ ਸਨ, “ਸਹੁਰੇ ਭੰਡ, ਕਰਦੇ ਕੀ ਫਿਰਦੇ ਐ।” ਅਬੀ ਏਨੀ ਕਮਾਈ ਕਰ ਲੈਂਦਾ ਸੀ ਕਿ ਉਸਦੀ ਘਰਵਾਲੀ ਖੁੱਲ੍ਹਾ ਖਾ-ਪੀ ਸਕੇ।
ਟੇਪਚੂ ਇਸੇ ਅਬੀ ਦਾ ਮੁੰਡਾ ਸੀ।
ਟੇਪਚੂ ਜਦੋਂ ਦੋ ਸਾਲ ਦਾ ਸੀ, ਅਬੀ ਦੀ ਅਚਾਣਕ ਮੌਤ ਹੋ ਗਈ।
ਅਬੀ ਦੀ ਮੌਤ ਵੀ ਬੜੀ ਅਜੀਬੋ-ਗਰੀਬ ਦੁਰਘਟਨਾ ਵਿਚ ਹੋਈ। ਹਾੜ ਦੇ ਦਿਨ ਸਨ। ਸੋਨ ਚੜ੍ਹੀ ਹੋਈ ਸੀ। ਸਫ਼ੇਦ ਝੱਗ ਤੇ ਲੱਕੜ ਦੇ ਗਲ਼ੇ-ਸੜੇ ਫੱਟੇ ਤੇ ਟਾਹਣੇ ਧਾਰ ਵਿਚ ਤੈਰਦੇ ਨਜ਼ਰ ਆਉਂਦੇ—ਪਾਣੀ ਮਿਟਮੈਲਾ ਹੋ ਗਿਆ ਸੀ; ਚਾਹ-ਰੰਗਾ ਤੇ ਉਸ ਵਿਚ ਬੇਲੋੜਾ ਘਾਹ ਫੂਸ ਤੇ ਕਾਈ ਤੈਰਦੇ ਰਹਿੰਦੇ ਸਨ। ਇਹ ਹੜ੍ਹ ਦੀ ਅਗਾਊ ਸੂਚਨਾ ਸੀ। ਘੰਟੇ ਦੋ ਘੰਟਿਆਂ ਵਿਚ ਹੀ ਨਦੀ ਦਾ ਪਾਣੀ ਚੜ੍ਹ ਜਾਣਾ ਸੀ। ਅਬੀ ਤੇ ਜਿਆਵਨ ਨੂੰ ਜਲਦੀ ਸੀ, ਇਸ ਲਈ ਉਹ ਹੜ੍ਹ ਤੋਂ ਪਹਿਲਾਂ ਨਦੀ ਪਾਰ ਕਰ ਲੈਣੀ ਚਾਹੁੰਦੇ ਸਨ। ਜਦੋਂ ਤਕ ਉਹਨਾਂ ਪਾਰ ਜਾਣ ਦਾ ਫੈਸਲਾ ਕੀਤਾ ਤੇ ਪਾਣੀ ਵਿਚ ਪੈਰ ਧਰਿਆ, ਸੋਨ ਵਿਚ ਲੱਕ-ਲੱਕ ਪਾਣੀ ਹੋ ਗਿਆ। ਜਿੱਥੇ ਕਿਤੇ ਪਿੰਡ ਦੇ ਲੋਕਾਂ ਖੂਹੀਆਂ ਬਣਾਈਆਂ ਸਨ, ਪਾਣੀ ਛਾਤੀ ਤਕ ਪਹੁੰਚ ਜਾਂਦਾ। ਕਹਿੰਦੇ ਨੇ ਕਿ ਜਿਆਵਨ ਤੇ ਅਬੀ ਬੜੇ ਆਰਾਮ ਨਾਲ ਨਦੀ ਪਾਰ ਕਰ ਰਹੇ ਸਨ। ਨਦੀ ਦੇ ਦੂਜੇ ਕਿਨਾਰੇ ਉਪਰ ਪਿੰਡ ਦੀਆਂ ਔਰਤਾਂ ਘੜੇ ਚੁੱਕੀ ਖੜ੍ਹੀਆਂ ਸਨ। ਅਬੀ ਉਹਨਾਂ ਨੂੰ ਵੇਖ ਕੇ ਮੌਜ਼ ਵਿਚ ਆ ਗਿਆ। ਜਿਆਵਨ ਨੇ ਪ੍ਰਦੇਸੀਆ ਦੀ ਲੰਮੀ ਤਾਣ ਛੇੜੀ; ਅਬੀ ਵੀ ਸੁਰ ਮਿਲਾਉਣ ਲੱਗ ਪਿਆ। ਗੀਤ ਸੁੱਤੇ-ਸੁਰ ਜਗਾਉਣ ਵਾਲਾ ਸੀ। ਔਰਤਾਂ ਖੁਸ਼ ਸਨ ਤੇ ਖਿੜ-ਖਿੜ ਹੱਸ ਰਹੀਆਂ ਸਨ। ਅਬੀ ਕੁਝ ਹੋਰ ਮਸਤੀ ਵਿਚ ਆ ਗਿਆ। ਜਿਆਵਨ ਦੇ ਗਲ਼ ਵਿਚ ਪਰਨੇ ਨਾਲ ਬੱਧਾ ਹਰਮੋਨੀਅਮ ਝੂਲ ਰਿਹਾ ਸੀ। ਅਬੀ ਨੇ ਹਰਮੋਨੀਅਮ ਉਸ ਤੋਂ ਲੈ ਕੇ ਆਪਣੇ ਗਲ਼ ਵਿਚ ਲਟਕਾਅ ਲਿਆ ਤੇ ਰਸਦਾਰ ਸਾਲਹੋ ਗਾਉਣ ਲੱਗ ਪਿਆ। ਦੂਜੇ ਕਿਨਾਰੇ ਖੜ੍ਹੀਆਂ ਔਰਤ ਖਿੜ-ਖਿੜ ਕਰ ਰਹੀਆਂ ਸਨ ਕਿ ਕਈਆਂ ਦੇ ਮੂੰਹੋਂ ਚੀਕ ਨਿਕਲ ਗਈ। ਜਿਆਵਨ ਮੂੰਹ ਅੱਡੀ ਖੜ੍ਹਾ ਰਹਿ ਗਿਆ। ਅਬੀ ਦਾ ਪੈਰ ਕਿਸੇ ਖੂਹੀ ਜਾਂ ਟੋਏ ਵਿਚ ਜਾ ਪਿਆ ਸੀ। ਉਹ ਧਾਰ ਦੇ ਐਨ ਵਿਚਕਾਰ ਜਾ ਡਿੱਗਿਆ। ਗਲ਼ ਵਿਚ ਲਟਕੇ ਹੋਏ ਹਰਮੋਨੀਅਮ ਨੇ ਉਸਨੂੰ ਹੱਥ-ਪੈਰ ਮਾਰਨ ਦਾ ਮੌਕਾ ਵੀ ਸੀ ਨਹੀਂ ਦਿੱਤਾ। ਹੋਇਆ ਇਹ ਸੀ ਕਿ ਅਬੀ ਕਿਸੇ ਫਿਲਮ ਵਿਚ ਦੇਖੇ ਹੋਏ ਵੈਜੰਤੀਮਾਲਾ ਦੇ ਡਾਂਸ ਦੀ ਨਕਲ ਕਰਨ ਲੱਗਿਆ ਸੀ ਤੇ ਇਸੇ ਦੌਰਾਨ ਉਸਦਾ ਪੈਰ ਕਿਸੇ ਖੂਹੀ ਵਿਚ ਜਾ ਪਿਆ ਸੀ। ਕੁਝ ਲੋਕ ਕਹਿੰਦੇ ਨੇ ਕਿ ਨਦੀ ਵਿਚ 'ਚੋਰ ਬਾਲੂ' ਵੀ ਹੁੰਦਾ ਏ। ਉਪਰੋਂ ਦੇਖਣ 'ਤੇ ਰੇਤ ਦੀ ਤਹਿ ਬਰਾਬਰ ਲੱਗਦੀ ਏ, ਪਰ ਉਸਦੇ ਹੇਠਾਂ ਅਥਾਹ ਗਹਿਰਾਈ ਹੁੰਦੀ ਏ...ਪੈਰ ਰੱਖਦਿਆਂ ਹੀ ਆਦਮੀ ਉਸ ਵਿਚ ਸਮਾਅ ਜਾਂਦਾ ਏ।
ਅਬੀ ਦੀ ਲਾਸ਼ ਤੇ ਹਰਮੋਨੀਅਮ, ਦੋਵਾਂ ਨੂੰ ਲੱਭਣ ਦੀ ਬੜੀ ਕੋਸ਼ਿਸ਼ ਕੀਤੀ ਗਈ। ਮਲੰਗੂ ਵਰਗਾ ਮਸ਼ਹੂਰ ਮਲਾਹ ਗੋਤੇ ਲਾਉਂਦਾ ਰਿਹਾ, ਪਰ ਸਭ ਬੇਕਾਰ। ਕੁਝ ਥਹੁ ਹੀ ਨਹੀਂ ਸੀ ਲੱਗਿਆ।
ਅਬੀ ਦੀ ਘਰਵਾਲੀ ਫਿਰੋਜ਼ਾ ਜਵਾਨ ਸੀ। ਅਬੀ ਦੇ ਮਰ ਜਾਣ ਪਿੱਛੋਂ ਫਿਰੋਜ਼ਾ ਦੇ ਸਿਰ 'ਤੇ ਮੁਸੀਬਤਾਂ ਦੇ ਪਹਾੜ ਟੁੱਟ ਪਏ। ਉਹ ਘਰ-ਘਰ ਜਾ ਕੇ ਦਾਲ, ਚੌਲ ਛੱਟਦੀ, ਖੇਤਾਂ ਵਿਚ ਮਜ਼ਦੂਰੀ ਕਰਦੀ, ਬਾਗਾਂ ਦੀ ਰਖਵਾਲੀ ਦਾ ਕੰਮ ਕਰਦੀ, ਤਾਂ ਕਿਤੇ ਜਾ ਕੇ ਰੋਟੀ ਨਸੀਬ ਹੁੰਦੀ। ਸਾਰਾ ਦਿਨ ਧਾਈਂ ਕੁੱਟਦੀ, ਸੋਨ ਨਦੀ ਤੋਂ ਘੜੇ ਭਰ-ਭਰ ਪਾਣੀ ਢੋਂਦੀ, ਘਰ ਦਾ ਸਾਰਾ ਕੰਮ ਕਾਜ ਕਰਨਾ ਪੈਂਦਾ, ਰਾਤ ਨੂੰ ਖੇਤ ਦੀ ਰਾਖੀ ਲਈ ਨਿਕਲ ਜਾਂਦੀ। ਘਰੇ ਇਕ ਬੱਕਰੀ ਸੀ, ਜਿਸਦੀ ਦੇਖਭਾਲ ਵੀ ਉਸੇ ਨੂੰ ਕਰਨੀਂ ਪੈਂਦੀ ਸੀ। ਇਹਨਾਂ ਸਾਰੇ ਕੰਮਾਂ ਦੌਰਾਨ, ਇਕ ਪੁਰਾਣੀ ਸਾੜ੍ਹੀ ਵਿਚ ਵੱਝਿਆ, ਟੇਪਚੂ ਉਸਦੇ ਢਿੱਡ ਉੱਤੇ ਚਮਗਿੱਦੜ ਵਾਂਗ ਝੂਲਦਾ ਰਹਿੰਦਾ।
ਫਿਰੋਜ਼ਾ ਨੂੰ ਇਕੱਲੀ ਸਮਝ ਕੇ ਪਿੰਡ ਦੇ ਕਈ ਖਾਂਦੇ-ਪੀਂਦੇ ਘਰਾਣਿਆਂ ਦੇ ਮੁੰਡਿਆਂ ਉਸਨੂੰ ਫਾਹੁਣ ਦੀ ਕੋਸ਼ਿਸ਼ ਕੀਤੀ, ਪਰ ਟੇਪਚੂ ਹਰ ਸਮੇਂ ਆਪਣੀ ਮਾਂ ਕੋਲ ਕਵਚ ਵਾਂਗ ਹੁੰਦਾ। ਦੂਜੀ ਗੱਲ ਉਹ ਏਨਾ ਘਿਣਾਉਣਾ ਸੀ ਕਿ ਫਿਰੋਜ਼ਾ ਦੀ ਜਵਾਨੀ ਉੱਤੇ ਗੋਹੇ ਵਾਂਗ ਲਿੱਪਿਆ ਲੱਗਦਾ ਸੀ। ਪਤਲੇ-ਪਤਲੇ ਸੁੱਕੜ ਜਿਹੇ ਝੁਰੜੀਆਂ ਭਰੇ ਹੱਥ-ਪੈਰ, ਕੱਦੂ ਵਾਂਗ ਫੁੱਲਿਆ ਹੋਇਆ ਢਿੱਡ, ਫੋੜਿਆਂ ਨਾਲ ਭਰਿਆ ਪਿੰਡਾ। ਲੋਕ ਟੇਪਚੂ ਦੇ ਮਰਨ ਦੀ ਉਡੀਕ ਕਰਦੇ ਰਹੇ। ਇਕ ਸਾਲ ਬੀਤਦਿਆਂ-ਬੀਤਦਿਆਂ ਹੱਡ-ਭੰਨਵੀਂ ਮਿਹਨਤ ਨੇ ਫਿਰੋਜ਼ਾ ਦੀ ਦੇਹ ਨੂੰ ਨਿਚੋੜ ਕੇ ਰੱਖ ਦਿੱਤਾ। ਉਸਦੇ ਵਾਲ ਉਲਝੇ ਹੋਏ, ਰੁੱਖੇ ਤੇ ਗੰਦੇ ਰਹਿੰਦੇ। ਕੱਪੜਿਆਂ ਵਿਚੋਂ ਬੋ ਆਉਂਦੀ। ਸਰੀਰ ਪਸੀਨੇ, ਮੈਲ ਤੇ ਮਿੱਟੀ ਦੀਆਂ ਤੈਹਾਂ ਵਿਚ ਲਿਪਟਿਆ ਰਹਿੰਦਾ। ਉਹ ਲਗਾਤਾਰ ਕੰਮ ਕਰਦੀ ਰਹੀ। ਲੋਕਾਂ ਨੂੰ ਉਸ ਤੋਂ ਘਿਣ ਆਉਣ ਲੱਗ ਪਈ।
ਟੇਪਚੂ ਜਦੋਂ ਸੱਤ ਸਾਲ ਦਾ ਹੋਇਆ, ਪਿੰਡ ਦੇ ਲੋਕਾਂ ਦੀ ਦਿਲਚਸਪੀ ਉਸ ਵਿਚ ਪੈਦਾ ਹੋਣ ਲੱਗੀ।
ਸਾਡੇ ਪਿੰਡ ਦੇ ਬਾਹਰ, ਦੂਰ ਤਕ ਫੈਲੇ ਧਾਨ ਦੇ ਖੇਤਾਂ ਦੇ ਪਾਰ ਅੰਬਾਂ ਦਾ ਇਕ ਵੱਡਾ ਬਗ਼ੀਚਾ ਸੀ। ਕਿਹਾ ਜਾਂਦਾ ਏ ਕਿ ਪਿੰਡ ਦੇ ਰੱਜੇ-ਪੁਜੇ ਕਿਸਾਨ ਘਰਾਣਿਆਂ, ਠਾਕੁਰਾਂ–ਬ੍ਰਾਹਮਣਾ ਦੀਆਂ ਖ਼ਾਨਦਾਨੀ ਕੰਨਿਆਵਾਂ ਉਸੇ ਬਗ਼ੀਚੇ ਦੇ ਹਨੇਰੇ ਕੋਨੇ ਵਿਚ ਆਪਣੇ ਯਾਰਾਂ ਨੂੰ ਮਿਲਦੀਆਂ ਸੀ। ਹਰ ਤੀਜੇ-ਚੌਥੇ ਸਾਲ ਉਸ ਬਗ਼ੀਚੇ ਦੇ ਕਿਸੇ ਕੋਨੇ ਵਿਚ ਚੜ੍ਹਦੀ ਸਵੇਰ ਕੋਈ ਨਵਾਂ ਜੰਮਿਆਂ ਬਾਲ, ਰੋਂਦਾ ਹੋਇਆ, ਲਾਵਾਰਿਸ ਪਿਆ, ਮਿਲਦਾ। ਇਸ ਕਿਸਮ ਕੇ ਵਧੇਰੇ ਬੱਚੇ ਸਿਹਤਮੰਦ, ਸੁੰਦਰ ਤੇ ਗੋਰੇ-ਚਿੱਟੇ ਹੁੰਦੇ। ਪੱਕਾ ਸੀ ਕਿ ਪਿੰਡ ਦੇ ਆਦੀ-ਵਾਸੀਆਂ, ਕੋਲ-ਗੋਂਡਾਂ ਦੇ ਬੱਚੇ ਨਹੀਂ ਸੀ ਕਹੇ ਜਾ ਸਕਦੇ। ਹਰ ਵਾਰੀ ਪੁਲਿਸ ਆਉਂਦੀ। ਦਰੋਗਾ, ਠਾਕੁਰ ਸਾਹਿਬ ਦੇ ਘਰ ਬੈਠਾ ਰਹਿੰਦਾ। ਪੂਰੀ ਪੁਲਿਸ ਪਲਟਨ ਦਾ ਖਾਣਾ ਉੱਥੇ ਪੱਕਦਾ। ਮੁਰਗੇ ਪਿੰਡੋਂ ਫੜਵਾ ਲਏ ਜਾਂਦੇ। ਸ਼ਰਾਬ ਆਉਂਦੀ। ਸ਼ਾਮ ਨੂੰ ਪਾਨ ਚੰਬਦੇ, ਮੁਸਕਰਾਉਂਦੇ ਤੇ ਪਿੰਡ ਦੀਆਂ ਕੁੜੀਆਂ ਨਾਲ ਕਲੋਲ਼ ਕਰਦੇ ਪੁਲਿਸ ਵਾਲੇ ਚਲੇ ਜਾਂਦੇ। ਮਾਮਲਾ ਹਮੇਸ਼ਾ ਰਫ਼ਾ-ਦਫ਼ਾ ਹੋ ਜਾਂਦਾ।
ਇਸ ਬਗ਼ੀਚੇ ਦਾ ਪੁਰਾਣਾ ਨਾਂ ਮੁਖੀਆ ਜੀ ਦਾ ਬਗ਼ੀਚਾ ਸੀ। ਵਰ੍ਹਿਆਂ ਪਹਿਲਾਂ ਚੌਧਰੀ ਬਾਲ ਕਿਸ਼ਨ ਨੇ ਇਹ ਬਗ਼ੀਚਾ ਲਾਇਆ ਸੀ। ਮੰਸ਼ਾ ਇਹ ਸੀ ਕਿ ਖ਼ਾਲੀ ਪਈ ਸਰਕਾਰੀ ਜ਼ਮੀਨ ਉੱਤੇ ਹੌਲੀ-ਹੌਲੀ ਕਬਜ਼ਾ ਕਰ ਲਿਆ ਜਾਵੇ। ਹੁਣ ਤਾਂ ਇੱਥੇ ਅੰਬਾਂ ਦੇ ਦੋ ਢਾਈ ਸੌ ਰੁਖ ਸਨ, ਪਰ ਇਸ ਬਗ਼ੀਚੇ ਦਾ ਨਾਂ ਹੁਣ ਬਦਲ ਗਿਆ ਸੀ। ਇਸ ਨੂੰ ਲੋਕ ਭੂਤਾਂ ਵਾਲਾ ਬਗ਼ੀਚਾ ਕਹਿੰਦੇ ਸਨ, ਕਿਉਂਕਿ ਮੁਖੀਏ ਬਾਲ ਕਿਸ਼ਨ ਸਿੰਘ ਦਾ ਭੂਤ ਉਸ ਵਿਚ ਵੱਸਣ ਲੱਗ ਪਿਆ ਸੀ। ਰਾਤ-ਬਰਾਤੇ ਉਧਰ ਜਾਣ ਵਾਲੇ ਲੋਕਾਂ ਦੀ ਘਿਘਗੀ ਵੱਝ ਜਾਂਦੀ। ਬਾਲ ਕਿਸ਼ਨ ਸਿੰਘ ਦੇ ਵੱਡੇ ਪੁੱਤਰ ਚੌਧਰੀ ਕਿਸ਼ਨ ਪਾਲ ਸਿੰਘ ਇਕ ਵਾਰੀ ਉਧਰੋਂ ਲੰਘ ਰਹੇ ਸਨ ਉਹਨਾਂ ਨੂੰ ਕਿਸੇ ਜ਼ਨਾਨੀ ਦੇ ਰੋਣ ਦੀ ਆਵਾਜ਼ ਸੁਣਾਈ ਦਿੱਤੀ। ਜਾ ਕੇ ਦੇਖਿਆ...ਝਾਫਿਆਂ-ਸਰਕੜਿਆਂ ਵਿਚ ਨਿਗਾਹ ਮਾਰੀ ਤਾਂ ਕੋਈ ਵੀ ਨਹੀਂ ਸੀ। ਉਹਨਾਂ ਦੇ ਸਿਰ ਦੇ ਵਾਲ ਖੜ੍ਹੇ ਹੋ ਗਏ। ਧੋਤੀ ਦਾ ਲਾਂਗੜ ਖੁੱਲ੍ਹ ਗਿਆ ਤੇ ਉਹ 'ਜੈ-ਹਨੁਮਾਨ—ਜੈ-ਹਨੁਮਾਨ' ਕਰਦੇ ਭੱਜ ਆਏ।
ਉਦੋਂ ਤੋਂ ਅਕਸਰ ਉੱਥੇ ਕਿਸੇ ਜ਼ਨਾਨੀ ਦੇ ਕਰਾਹੁਣ ਜਾਂ ਰੋਣ ਦੀਆਂ ਆਵਾਜ਼ਾਂ ਸੁਣੀਆਂ ਜਾਣ ਲੱਗ ਪਈਆਂ। ਦਿਨੇ ਜਾਨਵਰਾਂ ਦੀਆਂ ਹੱਡੀਆਂ, ਜਬਾੜੇ ਜਾਂ ਚੂੜੀਆਂ ਦੇ ਟੋਟੇ ਖਿੱਲਰੇ ਲੱਭਦੇ। ਪਿੰਡ ਦੇ ਕੁਝ ਲਫੰਗਿਆਂ ਦਾ ਕਹਿਣਾ ਸੀ ਕਿ 'ਉਸ ਬਗ਼ੀਚੇ ਵਿਚ ਭੂਤ-ਵੂਤ ਕੁਝ ਨਹੀਂ—ਸਾਰੀਆਂ ਮੁਖੀਆ ਘਰਾਣੇ ਦੀਆਂ ਫੈਲੀਆਂ ਹੋਈਆਂ ਅਫਵਾਹਾਂ ਨੇ। ਸਾਲਿਆਂ ਨੇ ਉਸ ਬਗ਼ੀਚੇ ਨੂੰ ਐਸ਼-ਗਾਹ ਬਣਾਇਆ ਹੋਇਆ ਏ।'
ਇਕ ਵਾਰੀ ਮੈਂ ਨਾਲ ਦੇ ਪਿੰਡ ਵਿਚ ਕਿਸੇ ਸ਼ਾਦੀ ਵਿਚ ਗਿਆ ਸਾਂ। ਮੁੜਦਿਆਂ ਹੋਇਆਂ ਰਾਤ ਪੈ ਗਈ। ਬਾਰਾਂ ਵੱਜੇ ਹੋਣਗੇ। ਨਾਲ ਰਾਧੇ, ਸੰਭਾਰੂ ਤੇ ਬਲਦੇਵ ਸਨ। ਰਸਤਾ ਬਗ਼ੀਚੇ ਵਿਚੋਂ ਹੋ ਕੇ ਲੰਘਦਾ ਸੀ। ਸਾਡੇ ਹੱਥਾਂ ਵਿਚ ਸੋਟੀਆਂ ਸਨ। ਅਚਾਨਕ ਇਕ ਪਾਸਿਓਂ ਸੁੱਕੇ ਪੱਤਿਆਂ ਦੀ ਖੜਖੜਾਹਟ ਸੁਣਾਈ ਦਿੱਤੀ। ਲੱਗਿਆ, ਜਿਵੇਂ ਕੋਈ ਜੰਗਲੀ ਸੂਰ ਬੇਫਿਕਰੀ ਨਾਲ ਪੱਤਿਆਂ ਨੂੰ ਮਿਧਦਾ ਹੋਇਆ ਸਾਡੇ ਵੱਲ ਆ ਰਿਹਾ ਏ। ਅਸੀਂ ਸਾਰੇ ਖਲੋ ਕੇ ਬਿੜਕ ਲੈਣ ਲੱਗ ਪਏ। ਗਰਮੀਆਂ ਦੀ ਰਾਤ ਸੀ। ਜੇਠ ਦਾ ਮਹੀਨਾ। ਅਚਾਨਕ ਆਵਾਜ਼ ਜਿਵੇਂ ਠਿਠਕ ਗਈ। ਚੁੱਪ ਵਾਪਰ ਗਈ। ਅਸੀਂ ਟੋਹ ਲੈਣ ਲੱਗੇ। ਅੰਦਰੋਂ ਡਰ ਵੀ ਲੱਗ ਰਿਹਾ ਸੀ। ਬਲਦੇਵ ਅੱਗੇ ਵਧਿਆ, “ਕਿਹੜਾ ਐਂ ਓਇ, ਖੜ੍ਹ ਤੇਰੀ ਦੀ।” ਉਸਨੇ ਜ਼ਮੀਨ ਉੱਤੇ ਸੋਟੀ ਮਾਰੀ ਹਾਲਾਂਕਿ ਉਸਦੀਆਂ ਨਸਾਂ ਢਿੱਲੀਆਂ ਪੈ ਗਈਆਂ ਸਨ; ਜੇ ਕਿਤੇ ਮੁਖੀਏ ਦਾ ਭੂਤ ਹੋਇਆ ਫੇਰ? ਮੈਂ ਕਿਸੇ ਤਰ੍ਹਾਂ ਹਿੰਮਤ ਕੀਤੀ, “ਕਿਹੜੈ, ਬਈ ਓਇ।” ਬਲਦੇਵ ਨੂੰ ਅੱਗੇ ਵਧਦਾ ਵੇਖ ਕੇ ਸੰਭਾਰੂ ਵੀ ਤੜ ਫੜ੍ਹ ਗਿਆ। ਪਾਗਲਾਂ ਵਾਂਗ ਸੱਜੇ-ਖੱਬੇ, ਉਪਰ–ਹੇਠਾਂ ਸੋਟੀ ਘੁਮਾਉਂਦਾ ਹੋਇਆ ਉਸੇ ਪਾਸੇ ਵਧਿਆ।
ਉਦੋਂ ਹੀ ਇਕ ਬਰੀਕ ਤੇ ਫੁਸਫੁਸੀ ਜਿਹੀ ਆਵਾਜ਼ ਸੁਣਾਈ ਦਿੱਤੀ, “ਮੈਂ ਆਂ ਜੀ, ਚਾ'ਜੀ।”
“ਮੈਂ ਕਿਹਾੜਾ ਓਇ?” ਬਲਦੇਵ ਕੜਕਿਆ।
ਹਨੇਰੇ ਵਿਚੋਂ ਟੇਪਚੂ ਬਾਹਰ ਨਿਕਲ ਆਇਆ, “ਚਾ'ਜੀ, ਮੈਂ ਐਂ ਟੇਪਚੂ।” ਉਹ ਬਗ਼ੀਚੇ ਦੇ ਹਨੇਰੇ ਵਿਚ ਲੁਕਦਾ-ਦਿਸਦਾ ਜਿਹਾ ਖੜ੍ਹਾ ਸੀ। ਹੱਥ ਵਿਚ ਥੈਲਾ ਸੀ। ਮੈਨੂੰ ਹੈਰਾਨੀ ਹੋਈ। “ਏਨੀ ਰਾਤ ਨੂੰ ਏਧਰ ਕੀ ਕਰ ਰਿਹੈਂ ਓਇ ਕਟੁਏ?”
ਕੁਝ ਚਿਰ ਟੇਪਚੂ ਚੁੱਪ ਰਿਹਾ। ਫੇਰ ਡਰਦਾ ਹੋਇਆ ਬੋਲਿਆ, “ਅੰਮਾਂ ਨੂੰ ਲੂ ਲੱਗ ਗਈ ਸੀ। ਦੁਪਹਿਰੇ ਮੁਖੀਏ ਦੇ ਖੇਤ ਦੀ ਰਾਖੀ ਕਰਨ ਗਈ ਸੀ, ਤਾਅ ਖਾ ਗਈ। ਉਸਨੇ ਕਿਹਾ ਕਿ ਕੱਚੀਆਂ ਅੰਬੀਆਂ ਦਾ ਛਿੱਛਾ ਮਿਲ ਜਾਏ ਤਾਂ ਠੀਕ ਹੋ ਜਾਏਗੀ। ਬੜਾ ਤੇਜ਼ ਬੁਖਾਰ ਏ।”
“ਭੂਤਾਂ ਡੈਣਾ ਤੋਂ ਡਰ ਨਹੀਂ ਲੱਗਦਾ ਤੈਨੂੰ ਮੋਇਆ? ਕਿਸੇ ਦਿਨ ਸਾਲੇ ਦੀ ਲਾਸ਼ ਮਿਲੂਗੀ ਕਿਸੇ ਝਾੜੀ 'ਚ ਪਈ।” ਰਾਧੇ ਨੇ ਕਿਹਾ। ਟੇਪਚੂ ਸਾਡੇ ਨਾਲ ਹੀ ਪਿੰਡ ਪਰਤ ਆਇਆ। ਸਾਰੇ ਰਸਤੇ ਚੁੱਪਚਾਪ ਚਲਦਾ ਰਿਹਾ। ਜਦੋਂ ਉਸਦੇ ਘਰ ਜਾਣ ਵਾਲੀ ਗਲੀ ਦਾ ਮੋੜ ਆਇਆ ਤਾਂ ਬੋਲਿਆ, “ਚਾ'ਜੀ, ਮੁਖੀਏ ਨੂੰ ਨਾ ਦੱਸਣਾ ਇਹ ਗੱਲ, ਨਹੀਂ ਤਾਂ ਮਾਰ-ਮਾਰ ਕੇ ਭੁੜਥਾ ਬਣਾ ਦਵੇਗਾ ਮੇਰਾ।”
ਟੇਪਚੂ ਦੀ ਉਮਰ ਉਦੋਂ ਮਸੀਂ ਸਤ-ਅੱਠ ਸਾਲ ਦੀ ਹੋਵੇਗੀ।
ਦੂਜੀ ਵਾਰੀ ਇੰਜ ਹੋਇਆ ਕਿ ਟੇਪਚੂ ਆਪਣੀ ਅੰਮਾਂ ਫਿਰੋਜ਼ਾ ਨਾਲ ਲੜ ਕੇ ਘਰੋਂ ਭੱਜ ਗਿਆ। ਫਿਰੋਜ਼ਾ ਨੇ ਉਸਨੂੰ ਬਲਦੀ ਹੋਈ ਚੁੱਲ੍ਹੇ ਦੀ ਲੱਕੜ ਨਾਲ ਕੁੱਟਿਆ ਸੀ। ਸਾਰੀ ਦੁਪਹਿਰ, ਤਿੱਖੜ ਧੁੱਪ ਵਿਚ ਟੇਪਚੂ ਜੰਗਲ ਵਿਚ ਪਸ਼ੂਆਂ ਡੰਗਰਾਂ ਨਾਲ ਭੌਂਦਾ ਫਿਰਿਆ। ਫੇਰ ਕਿਸੇ ਰੁੱਖ ਹੇਠ, ਛਾਂ ਵਿਚ, ਲੇਟ ਗਿਆ। ਥੱਕਿਆ ਹੋਇਆ ਸੀ। ਅੱਖ ਲੱਗ ਗਈ। ਨੀਂਦ ਖੁੱਲ੍ਹੀ ਤਾਂ ਢਿੱਡ ਵਿਚ ਚੂਹੇ ਨੱਚ ਰਹੇ ਸਨ। ਭੁੱਖ ਦਾ ਭਾਂਬੜ ਮੱਚ ਰਿਹਾ ਸੀ। ਬੜੀ ਦੇਰ ਤਕ ਓਵੇਂ ਹੀ ਪਿਆ ਰਿਹਾ, ਬਿਟਬਿਟ ਆਸਮਾਨ ਵੱਲ ਵਿਹੰਦਾ ਰਿਹਾ। ਫੇਰ ਭੁੱਖ ਦੀ ਅੱਗ ਨਾਲ ਜਦੋਂ ਕੰਨਾਂ ਦੀ ਲੋਲਾਂ ਤਕ ਗਰਮ ਹੋਣ ਲੱਗੀਆਂ ਤਾਂ ਸੁਸਤ ਜਿਹਾ ਉਠ ਕੇ ਸੋਚਣ ਲੱਗਿਆ ਕਿ ਹੁਣ ਕੀ ਜੁਗਾੜ ਕੀਤਾ ਜਾਵੇ। ਉਸਨੂੰ ਯਾਦ ਆਇਆ ਕਿ ਸਰਈ ਦੇ ਰੁਖਾਂ ਦੇ ਪਾਰ ਜੰਗਲ ਵਿਚ ਇਕ ਮੈਦਾਨ ਏਂ। ਉੱਥੇ ਹੀ ਪੁਰਨਿਹਾ ਦਾ ਛੱਪੜ।
ਉਹ ਛੱਪੜ 'ਤੇ ਜਾ ਪਹੁੰਚਿਆ। ਇਸ ਛੱਪੜ ਵਿਚ ਦਿਨੇ ਪਿੰਡ ਦੀਆਂ ਮੱਝਾਂ ਤੇ ਰਾਤ ਨੂੰ ਜੰਗਲੀ ਸੂਰ ਟੁੱਭੀਆਂ ਲਾਉਂਦੇ ਸਨ। ਪਾਣੀ ਕਾਲਾ-ਹਰਾ ਜਿਹਾ ਦਿਖਾਈ ਦੇ ਰਿਹਾ ਸੀ। ਸਾਰੀ ਸਤਿਹ ਉਪਰ ਕਮਲ ਤੇ ਪੁਰਈਨ ਦੇ ਬੂਟੇ ਫੈਲੇ ਹੋਏ ਸਨ। ਵਿਚਕਾਰ ਕਾਈ ਦੀ ਮੋਟੀ ਤੈਹ ਸੀ। ਟੇਪਚੂ ਛੱਪੜ ਵਿਚ ਵੜ ਗਿਆ। ਉਹ ਕਮਲ ਦੀਆਂ ਕੁਕੜੀਆਂ ਤੇ ਪੁਰਈਨ ਦੇ ਟੂਸੇ ਕੱਢ ਲਿਆਉਣਾ ਚਾਹੁੰਦਾ ਸੀ। ਤੈਰਨਾ ਉਹ ਜਾਣਦਾ ਸੀ।
ਛੱਪੜ ਦੇ ਵਿਚਕਾਰ ਪਹੁੰਚ ਕੇ ਉਹ ਕਮਲ ਦੀਆਂ ਕੁਕੜੀਆਂ ਤੋੜਨ ਲੱਗ ਪਿਆ। ਇਕ ਹੱਥ ਵਿਚ ਕਾਫੀ ਸਾਰੀਆਂ ਕਮਲ-ਕੁਕੜੀਆਂ ਤੇ ਪੁਰਈਨ ਦੇ ਟੂਸੇ ਉਸਨੇ ਫੜ੍ਹ ਲਏ। ਵਾਪਸ ਬਾਹਰ ਆਉਣ ਲਈ ਮੁੜਿਆ, ਤਾਂ ਤੈਰਨ ਵਿਚ ਦਿੱਕਤ ਹੋਣ ਲੱਗੀ। ਜਿਸ ਰਸਤੇ ਪਾਣੀ ਨੂੰ ਕੱਟਦਾ ਹੋਇਆ ਉਹ ਵਾਪਸ ਆਉਣਾ ਚਾਹੁੰਦਾ ਸੀ, ਉੱਥੇ ਕਮਲ ਤੇ ਪੁਰਈਨ ਦੇ ਸੰਘਣੇ ਨੜੇ ਆਪਸ ਵਿਚ ਉਲਝੇ ਹੋਏ ਸਨ। ਉਸਦਾ ਪੈਰ ਨੜਿਆਂ ਵਿਚ ਫਸ ਗਿਆ ਤੇ ਛੱਪੜ ਦੇ ਐਨ ਵਿਚਕਾਰ ਉਹ 'ਘਪ-ਘਪ' ਕਰਨ ਲੱਗ ਪਿਆ।
ਪਰਮੇਸਰਾ ਜਦੋਂ ਮੱਝ ਨੂੰ ਪਾਣੀ ਪਿਆਉਣ ਛੱਪੜ 'ਤੇ ਆਇਆ ਤਾਂ ਉਸਨੇ ਗੜਪ-ਗੜਪ ਦੀਆਂ ਆਵਾਜ਼ਾਂ ਸੁਣੀਆਂ। ਉਸਨੂੰ ਲੱਗਿਆ, ਕੋਈ ਵੱਡੀ ਮੱਛੀ ਮਸਤੀ ਵਿਚ ਆ ਕੇ ਜਲ-ਮਸਤੀਆਂ ਕਰ ਰਹੀ ਏ। ਜੇਠ ਦੇ ਮਹੀਨੇ ਵਿਚ ਵੈਸੇ ਵੀ ਮੱਛੀਆਂ ਨੂੰ ਗਰਮੀ ਚੜ੍ਹ ਜਾਂਦੀ ਏ। ਉਸਨੇ ਕੱਪੜੇ ਲਾਹੇ ਤੇ ਪਾਣੀ ਵਿਚ ਉਤਰ ਗਿਆ। ਜਿੱਥੇ ਉਹ ਮੱਛੀ ਭੁੜਕ ਰਹੀ ਸੀ ਉੱਥੇ ਉਸਨੇ ਗੋਤਾ ਮਾਰ ਕੇ ਮੱਛੀ ਨੂੰ ਗਲਫੜਿਆਂ ਤੋਂ ਆਪਣੇ ਪੰਜੇ ਵਿਚ ਦਬੋਚ ਲੈਣਾ ਚਾਹਿਆ ਤਾਂ ਉਸਦੇ ਹੱਥ ਵਿਚ ਟੇਪਚੂ ਦੀ ਗਰਦਨ ਆ ਗਈ। ਉਹ ਪਹਿਲਾਂ ਤਾਂ ਡਰਿਆ, ਫੇਰ ਉਸਨੂੰ ਖਿੱਚ ਕੇ ਬਾਹਰ ਕੱਢ ਲਿਆਇਆ। ਟੇਪਚੂ ਹੁਣ ਮਰਿਆਂ ਵਾਂਗ ਪਿਆ ਸੀ। ਢਿੱਡ ਗੁਬਾਰੇ ਵਾਂਗ ਫੁੱਲਿਆ ਹੋਇਆ ਸੀ ਤੇ ਨੱਕ ਕੰਨ ਵਿਚੋਂ ਪਾਣੀ ਦੀ ਧਾਰ ਵਹਿ ਰਹੀ ਸੀ। ਟੇਪਚੂ ਨੰਗਾ ਸੀ ਤੇ ਉਸਦਾ ਪਿਸ਼ਾਬ ਨਿਕਲ ਰਿਹਾ ਸੀ। ਪਰਮੇਸਰੇ ਨੇ ਉਸਨੂੰ ਲੱਤਾਂ ਤੋਂ ਫੜ੍ਹ ਕੇ ਪੁੱਠਾ ਲਮਕਾਇਆ ਤੇ ਢਿੱਡ ਨੱਪ ਦਿੱਤਾ ਤਾਂ 'ਗੜ-ਗੜ' ਕਰਦਾ ਖਾਸਾ ਪਾਣੀ ਮੂੰਹ ਵਿਚੋਂ ਨਿਕਲਿਆ।
ਇਕ ਬਾਲ੍ਹਟੀ ਪਾਣੀ ਦੀ ਉਲਟੀ ਕਰਨ ਪਿੱਛੋਂ ਟੇਪਚੂ ਮੁਸਕਰਾਇਆ। ਉਠਿਆ ਤੇ ਬੋਲਿਆ, “ਚਾ'ਜੀ, ਥੋੜ੍ਹੇ ਕੁ ਕਮਲ-ਗੱਟੇ ਈ ਕੱਢ ਦੇ ਛੱਪੜ 'ਚੋਂ...ਮੈਂ ਵਾਹਵਾ ਸਾਰੇ ਤੋੜ ਲਏ ਸੀ, ਸਾਲੇ ਸਾਰੇ ਈ ਛੁੱਟ-ਗੇ। ਬੜੀ ਭੁੱਖ ਲੱਗੀ ਹੋਈ ਆ।”
ਪਰਮੇਸਰੇ ਨੇ ਮੱਝ ਹੱਕਣ ਵਾਲੇ ਡੰਡੇ ਨਾਲ ਚਾਰ-ਪੰਜ ਟੇਪਚੂ ਦੇ ਚਿੱਤੜਾਂ 'ਤੇ ਲਾਈਆਂ ਤੇ ਗਾਲ੍ਹਾਂ ਕੱਢਦਾ ਹੋਇਆ ਤੁਰ ਗਿਆ।
ਪਿੰਡ ਦੇ ਬਾਹਰ-ਵਾਰ, ਕਸਬੇ ਵੱਲ ਜਾਣ ਵਾਲੀ ਸੜਕ ਉੱਤੇ ਸਰਕਾਰੀ ਨਰਸਰੀ ਸੀ। ਉੱਥੇ ਪਲਾਂਟੇਸ਼ਨ ਦਾ ਕੰਮ ਚੱਲ ਰਿਹਾ ਸੀ। ਬਿੜਲਾ ਦੇ ਪੇਪਰ ਮਿੱਲ ਵਿਚ ਬਾਂਸ, ਸਾਗਵਾਨ ਤੇ ਯੂਕਲਿਪਟਸ ਦੇ ਰੁੱਖ ਲਾਏ ਗਏ ਸਨ। ਉਸੇ ਨਰਸਰੀ ਵਿਚ, ਖਾਸੀ ਅੰਦਰ ਜਾ ਕੇ, ਤਾੜ ਦੇ ਵੀ ਕਈ ਰੁੱਖ ਸਨ। ਪਿੰਡ ਵਿਚ ਤਾੜੀ ਪੀਣ ਵਾਲਿਆਂ ਦੀ ਵੱਡੀ ਗਿਣਤੀ ਸੀ। ਵਧੇਰੇ ਆਦੀ ਵਾਸੀ ਮਜ਼ਦੂਰ, ਜਿਹੜੇ ਪੀ.ਡਬਲਿਊ.ਡੀ ਵਿਚ ਸੜਕ ਬਣਾਉਣ ਤੇ ਰਾਖੜ ਮਿੱਟੀ ਵਿਛਾਉਣ ਦਾ ਕੰਮ ਕਰਦੇ ਸਨ, ਦਿਨ ਭਰ ਦੀ ਥਕਾਣ ਪਿੱਛੋਂ ਰਾਤ ਨੂੰ ਤਾੜੀ ਪੀ ਕੇ ਗੁੱਟ ਹੋ ਜਾਂਦੇ ਸਨ। ਪਹਿਲਾਂ ਉਹ ਲੋਕ ਸ਼ਾਮ ਦਾ ਘੁਸਮੁਸਾ ਹੁੰਦਿਆਂ ਹੀ ਕੁੱਜੇ ਲਿਜਾਅ ਕੇ ਰੁੱਖਾਂ ਉੱਤੇ ਬੰਨ੍ਹ ਆਉਂਦੇ। ਤਾੜ ਦਾ ਰੁੱਖ ਬਿਲਕੁਲ ਸਿੱਧਾ ਹੁੰਦਾ ਏ। ਉਸ ਉੱਤੇ ਚੜ੍ਹਨ ਦੀ ਹਿੰਮਤ ਜਾਂ ਤਾਂ ਕਿਰਲੀ ਕਰ ਸਕਦੀ ਏ ਜਾਂ ਫੇਰ ਮਜ਼ਦੂਰ। ਸਵੇਰ ਤਕ ਮਟਕੇ ਵਿਚ ਤਾੜੀ ਇਕੱਠੀ ਹੋ ਜਾਂਦੀ। ਲੋਕ ਉਸਨੂੰ ਲਾਹ ਲਿਆਉਂਦੇ।
ਤਾੜ ਉੱਤੇ ਚੜ੍ਹਨ ਲਈ ਲੋਕ ਬਾਂਸ ਦੀਆਂ ਕਿੱਲੀਆਂ ਬਣਾਉਦੇ ਸਨ ਤੇ ਉਸ ਉੱਤੇ ਪੈਰ ਧਰ ਕੇ ਚੜ੍ਹਦੇ ਸਨ। ਇਸ ਤਰ੍ਹਾਂ ਡਿੱਗਣ ਦਾ ਖ਼ਤਰਾ ਘਟ ਜਾਂਦਾ। ਜੇ ਏਨੀ ਉਚਾਈ ਤੋਂ ਕੋਈ ਆਦਮੀ ਡਿੱਗ ਪਵੇ ਤਾਂ ਉਸ ਦੀਆਂ ਹੱਡੀਆਂ ਖਿੱਲਰ ਸਕਦੀਆਂ ਸਨ।
ਹੁਣ ਤਾੜ ਦੇ ਇਹਨਾਂ ਰੁੱਖਾਂ ਉਪਰ ਕਿਸ਼ਨ ਪਾਲ ਦੀ ਮਾਲਕੀ ਹੋ ਗਈ ਸੀ। ਪਟਵਾਰੀ ਨੇ ਉਸ ਸਰਕਾਰੀ ਨਰਸਰੀ ਦੀ ਉਸ ਜ਼ਮੀਨ ਨੂੰ ਵੀ ਕਿਸ਼ਨਪਾਲ ਦੇ ਪਟੇ ਵਿਚ ਕੱਢ ਦਿੱਤਾ ਸੀ। ਹੁਣ ਤਾੜੀ ਕੱਢਣ ਦਾ ਕੰਮ ਉਹੀ ਕਰਦੇ ਸਨ। ਗ੍ਰਾਮ ਪੰਚਾਇਤ ਭਵਨ ਦੇ ਦਫ਼ਤਰ ਵਿਚ, ਜਿੱਥੇ ਮਹਾਤਮਾ ਗਾਂਧੀ ਦੀ ਤਸਵੀਰ ਟੰਗੀ ਹੋਈ ਸੀ, ਉਸ ਹੇਠਾਂ ਬੈਠ ਕੇ ਤਾੜੀ ਵੰਡੀ ਜਾਂਦੀ। ਕਮਰੇ ਦੇ ਅੰਦਰ ਤੇ ਬਾਹਰ ਤਾੜੀ-ਖੋਰ ਮਜ਼ਦੂਰਾਂ ਦੀ ਖਾਸੀ ਭੀੜ ਇਕੱਠੀ ਹੋ ਜਾਂਦੀ। ਕਿਸ਼ਨ ਪਾਲ ਨੂੰ ਚੰਗੀ ਆਮਦਨ ਹੁੰਦੀ।
ਇਕ ਵਾਰ ਟੇਪਚੂ ਨੇ ਵੀ ਤਾੜੀ ਚੱਖਣੀ ਚਾਹੀ। ਉਸਨੇ ਦੇਖਿਆ ਸੀ ਕਿ ਜਦੋਂ ਪਿੰਡ ਦੇ ਲੋਕ ਤਾੜੀ ਪੀਂਦੇ ਨੇ ਤਾਂ ਉਹਨਾਂ ਦੀਆਂ ਅੱਖਾਂ ਵਿਚ ਚਮਕ ਆ ਜਾਂਦੀ ਏ; ਚਿਹਰੇ ਟਹਿਕਣ ਲੱਗ ਪੈਂਦੇ ਨੇ ਤੇ ਮਿੰਨੀ-ਮਿੰਨੀ ਮੁਸਕਾਨ ਕੰਨਾਂ ਤਕ ਫੈਲ ਜਾਂਦੀ ਏ। ਆਨੰਦ ਤੇ ਮਸਤੀ ਵਿਚ ਡੁੱਬੇ ਲੋਕ ਸਾਲਹੋ-ਦਾਦਰ ਗਾਉਂਦੇ, ਠਹਾਕੇ ਲਾਉਂਦੇ ਤੇ ਇਕ ਦੂਜੇ ਦੀ ਮਾਂ-ਭੈਣ ਦੀ ਐਸੀ-ਤੈਸੀ ਕਰਦੇ—ਕੋਈ ਬੁਰਾ ਨਾ ਮੰਨਦਾ। ਲੱਗਦਾ ਜਿਵੇਂ ਸਾਰੇ ਲੋਕ ਪਿਆਰ ਦੇ ਅਥਾਹ ਸਮੁੰਦਰ ਵਿਚ ਤੈਰ ਰਹੇ ਹੋਣ।
ਟੇਪਚੂ ਨੂੰ ਲੱਗਿਆ ਜਿਵੇਂ ਤਾੜੀ ਜ਼ਰੂਰ ਕੋਈ ਚੰਗੀ ਚੀਜ਼ ਹੋਵੇ। ਸਵਾਲ ਇਹ ਸੀ ਕਿ ਤਾੜੀ ਪੀਤੀ ਕਿਵੇਂ ਜਾਵੇ। ਚਾਚਿਆਂ ਤਾਊਆਂ ਤੋਂ ਮੰਗਣ ਤਾ ਮਤਲਬ ਸੀ, ਮਾਰ-ਖਾਣੀ। ਮਾਰ-ਖਾਣ ਤੋਂ ਟੇਪਚੂ ਨੂੰ ਬੜੀ ਨਫ਼ਰਤ ਸੀ। ਉਸਨੇ ਜੁਗਤ ਲੜਾਈ ਤੇ ਇਕ ਦਿਨ ਤੜਕੇ, ਮੂੰਹ ਹਨੇਰੇ, ਜਦੋਂ ਅਜੇ ਸਵੇਰ ਠੀਕ ਤਰ੍ਹਾਂ ਨਹੀਂ ਸੀ ਹੋਈ, ਆਸਮਾਨ ਵਿਚ ਤਾਰੇ ਨਜ਼ਰ ਆ ਰਹੇ ਸਨ, ਉਹ ਟੱਟੀ ਫਿਰਨ ਦੇ ਬਹਾਨੇ ਘਰੋਂ ਨਿਕਲ ਪਿਆ।
ਤਾੜ ਦੀ ਉਚਾਈ ਤੇ ਉਸ ਉਚਾਈ 'ਤੇ ਟੰਗੇ ਹੋਏ ਪੱਕੇ ਨਿੰਬੂ ਦੇ ਆਕਾਰ ਦੇ ਮਟਕੇ ਉਸਨੂੰ ਡਰਾ ਨਹੀਂ ਸੀ ਰਹੇ, ਸਗੋਂ ਅਦ੍ਰਿਸ਼ ਉਂਗਲਾਂ ਨਾਲ ਇਸ਼ਾਰੇ ਕਰਦੇ, ਆਪਣੇ ਕੋਲ ਬੁਲਾਅ ਰਹੇ ਸਨ। ਤਾੜ ਦੇ ਝੂੰਮਦੇ ਹੋਏ ਟਾਹਣੇ ਤਾੜੀ ਦੇ ਸਵਾਦ ਬਾਰੇ ਸਿਰ ਹਿਲਾਅ-ਹਿਲਾਅ ਕੇ ਦਸ ਰਹੇ ਸਨ। ਟੇਪਚੂ ਨੂੰ ਪਤਾ ਸੀ ਕਿ ਛਪਰਾ ਜਿਲ੍ਹੇ ਦਾ ਲਠੈਤ ਮਦਨਾ ਸਿੰਘ ਤਾੜੀ ਦੀ ਰਖਵਾਲੀ ਕਰਦਾ ਸੀ। ਉਹ ਜਾਣਦਾ ਸੀ ਕਿ ਮਦਨਾ ਸਿੰਘ ਅਜੇ ਤਾੜੀ ਦੀ ਖੁਮਾਰੀ ਵਿਚ ਪਿਆ ਘੁਰਾੜੇ ਮਾਰ ਰਿਹਾ ਹੋਵੇਗਾ। ਟੇਪਚੂ ਦੇ ਦਿਮਾਗ਼ ਵਿਚ ਡਰ ਦਾ ਹਲਕਾ ਜਿਹਾ ਅਹਿਸਾਸ ਤਕ ਨਹੀਂ ਸੀ।
ਉਹ ਕਾਟੋ ਵਾਂਗ ਤਾੜ ਦੇ ਇਕਸਾਰ ਸਿੱਧੇ ਤਣੇ ਨਾਲ ਚਿਪਕ ਗਿਆ ਤੇ ਉਪਰ ਸਰਕਣ ਲੱਗਾ। ਪੈਰਾਂ ਨਾਲ ਨਾ ਤਾਂ ਬਾਂਸ-ਫੱਟੀਆਂ ਬੱਧੀਆਂ ਸਨ ਤੇ ਨਾ ਹੀ ਕੋਈ ਰੱਸੀ ਸੀ। ਪੰਜਿਆਂ ਦੇ ਸਾਹਰੇ ਉਹ ਉਪਰ ਸਰਕਦਾ ਰਿਹਾ। ਉਸਨੇ ਦੇਖਿਆ, ਮਦਨਾ ਸਿੰਘ ਦੂਰ ਇਕ ਅੰਬ ਦੇ ਰੁੱਖ ਹੇਠ, ਹੇਠਾਂ ਮੂਕਾ ਵਿਛਾਈ, ਸੁੱਤਾ ਪਿਆ ਏ। ਟੇਪਚੂ ਹੁਣ ਕਾਫੀ ਉਚਾਈ 'ਤੇ ਸੀ। ਅੰਬ, ਮਹੂਏ, ਬਹੇੜੇ ਤੇ ਸਾਗਵਾਨ ਦੇ ਰੁੱਖ ਉਸਨੂੰ ਬੌਣੇ-ਜਿਹੇ ਦਿਖਾਈ ਦੇ ਰਹੇ ਸਨ। 'ਕਾਸ਼ ਮੈਂ ਇੱਲ੍ਹ ਵਾਂਗਰ ਉੱਡ ਸਕਦਾ ਹੁੰਦਾ ਤਾਂ ਕਿੰਨਾਂ ਮਜ਼ਾ ਆਉਂਦਾ!' ਟੇਪਚੂ ਨੇ ਸੋਚਿਆ। ਉਸਨੇ ਦੇਖਿਆ ਉਸਦੀ ਕੁਹਣੀ ਕੋਲ ਇਕ ਲਾਲ ਸੁੰਡੀ ਰੀਂਘ ਰਹੀ ਰਹੀ ਸੀ, “ਸਹੁਰੀ” ਉਸਨੇ ਇਕ ਗੰਦੀ ਗਾਲ੍ਹ ਬਕੀ ਤੇ ਕੁੱਜੇ ਵੱਲ ਸਰਕਣ ਲੱਗਾ।
ਮਦਨਾ ਸਿੰਘ ਪਾਸੇ ਪਰਤਦਾ, ਅੰਗੜਾਈਆਂ ਭੰਨਣ ਲੱਗਾ। ਉਸਦੀ ਅੱਖ ਖੁੱਲ੍ਹ ਗਈ ਸੀ। ਹਨੇਰਾ ਵੀ ਹੁਣ ਓਨਾਂ ਨਹੀਂ ਸੀ ਰਿਹਾ। ਸਾਰਾ ਕੰਮ ਫੁਰਤੀ ਨਾਲ ਕਰਨਾ ਪਵੇਗਾ। ਟੇਪਚੂ ਨੇ ਕੁੱਜੇ ਨੂੰ ਹਿਲਾਇਆ। ਤਾੜੀ ਇਕ ਚੌਥਾਈ ਹਿੱਸੇ ਵਿਚ ਭਰੀ ਜਾਪਦੀ ਸੀ। ਉਸਨੇ ਕੁੱਜੇ ਵਿਚ ਹੱਥ ਪਾ ਕੇ ਤਾੜੀ ਦਾ ਅੰਦਾਜ਼ਾ ਲਾਉਣਾ ਚਾਹਿਆ...
ਤੇ ਬਸ, ਇੱਥੇ ਸਾਰੀ ਗੜਬੜ ਹੋ ਗਈ।
ਕੁੱਜੇ ਵਿਚ ਫਨੀਅਰ ਕਰੈਤ ਸੱਪ ਵੜਿਆ ਬੈਠਾ ਸੀ। ਅਸਲ ਨਾਗ। ਤਾੜੀ ਪੀ ਕੇ ਉਹ ਵੀ ਧੁੱਤ ਸੀ। ਟੇਪਚੂ ਦਾ ਹੱਥ ਅੰਦਰ ਗਿਆ ਤਾਂ ਉਹ ਉਸ ਨਾਲ ਲਿਪਟ ਗਿਆ। ਟੇਪਚੂ ਦਾ ਰੰਗ ਉੱਡ ਗਿਆ, ਚਿਹਰਾ ਬੱਗਾ ਫੂਸ ਹੋ ਗਿਆ। ਇੱਲ੍ਹ ਵਾਂਗ ਉਡਨ ਵਰਗੀ ਹਰਕਤ ਉਸਨੇ ਕੀਤੀ। ਫੇਰ ਕੀ ਸੀ-ਤਾੜ ਦਾ ਰੁੱਖ ਇਕ ਪਾਸੇ ਹੋ ਗਿਆ ਤੇ ਉਸਦੇ ਸਮਾਨਅੰਤਰ ਟੇਪਚੂ ਕਿਸੇ ਭਾਰੀ ਪੱਥਰ ਵਾਂਗ ਹੇਠਾਂ ਨੂੰ ਜਾ ਰਿਹਾ ਸੀ। ਕੁੱਜਾ ਉਸਦੇ ਪਿੱਛੇ ਸੀ।
ਜ਼ਮੀਨ ਉੱਤੇ ਟੇਪਚੂ ਡਿੱਗਿਆ ਤਾਂ ਘੜਮ ਦੀ ਆਵਾਜ਼ ਦੇ ਨਾਲ ਇਕ ਮਰਦੇ ਹੋਏ ਆਦਮੀ ਦੀ ਅੰਤਮ ਚੀਕ ਵੀ ਸੀ। ਉਸ ਪਿੱਛੋਂ ਕੁੱਜਾ ਡਿੱਗਿਆ ਤੇ ਉਹ ਠੀਕਰੀ-ਠੀਕਰੀ ਹੋ ਗਿਆ। ਕਾਲਾ ਸੱਪ ਇਕ ਪਾਸੇ ਪਿਆ ਤੜਫ ਰਿਹਾ ਸੀ, ਉਸਦੀ ਰੀੜ੍ਹ ਦੀ ਹੱਡੀ ਟੁੱਟ ਗਈ ਜਾਪਦੀ ਸੀ।
ਮਦਨਾ ਸਿੰਘ ਦੌੜਿਆ ਆਇਆ। ਉਸਨੇ ਦੇਖਿਆ ਤਾਂ ਉਸਦਾ ਤਰਾਹ ਨਿਕਲ ਗਿਆ। ਉਸਨੇ ਤਾੜੀ ਦੇ ਕੁੱਜੇ ਸਮੇਤ ਟੇਪਚੂ ਨੂੰ ਹੇਠਾਂ ਵੱਲ ਡਿੱਗਦਿਆਂ ਦੇਖਿਆ ਸੀ। ਬਚਣ ਦੀ ਕੋਈ ਸੰਭਾਵਨਾ ਨਹੀਂ ਸੀ। ਉਸਨੇ ਇਕ ਦੋ ਵਾਰੀ ਟੇਪਚੂ ਨੂੰ ਹਿਲਾਇਆ। ਫੇਰ ਪਿੰਡ ਵਾਲਿਆਂ ਨੂੰ ਹਾਦਸੇ ਦੀ ਖ਼ਬਰ ਕਰਨ ਲਈ ਦੌੜ ਗਿਆ।
ਧਾਹਾਂ ਮਾਰ-ਮਾਰ ਰੋਂਦੀ, ਛਾਤੀ ਪਿੱਟਦੀ ਫਿਰੋਜ਼ਾ ਲਗਭਗ ਸਾਰੇ ਪਿੰਡ ਨਾਲ ਉੱਥੇ ਆ ਪਹੁੰਚੀ। ਮਦਨਾ ਸਿੰਘ ਉਹਨਾਂ ਨੂੰ ਹਾਦਸੇ ਵਾਲੇ ਥਾਂ 'ਤੇ ਲੈ ਗਿਆ; ਪਰ ਉਹ ਹੱਕਾ ਬੱਕਾ ਰਹਿ ਗਿਆ। ਇੰਜ ਨਹੀਂ ਹੋ ਸਕਦਾ—ਇਹੀ ਤਾੜ ਦਾ ਰੁੱਖ ਸੀ, ਇਸੇ ਹੇਠ ਟੇਪਚੂ ਦੀ ਲਾਸ਼ ਪਈ ਸੀ। ਉਸਨੇ ਤਾੜੀ ਦੇ ਨਸ਼ੇ ਵਿਚ ਸੁਪਨਾ ਤਾਂ ਨਹੀਂ ਦੇਖਿਆ? ਪਰ ਫੁੱਟਿਆ ਹੋਇਆ ਕੁੱਜਾ ਹੁਣ ਵੀ ਉੱਥੇ ਹੀ ਪਿਆ ਸੀ। ਸੱਪ ਦਾ ਸਿਰ ਕਿਸੇ ਨੇ ਪੱਥਰ ਨਾਲ ਚੰਗੀ ਤਰ੍ਹਾਂ ਕੁਚਲ ਦਿੱਤਾ ਸੀ। ਪਰ ਟੇਪਚੂ ਦਾ ਕਿਤੇ ਪਤਾ ਨਹੀਂ ਸੀ। ਆਸੇ-ਪਾਸੇ ਲੱਭਿਆ ਗਿਆ, ਪਰ ਟੇਪਚੂ ਮੀਆਂ ਗਾਇਬ ਸਨ।
ਪਿੰਡ ਵਾਲਿਆਂ ਨੂੰ ਉਸੇ ਦਿਨ ਵਿਸ਼ਵਾਸ ਹੋ ਗਿਆ ਕਿ 'ਹੋਏ ਨਾ ਹੋਏ ਟੇਪਚੂ ਸਾਲਾ ਜਿੰਨ ਏਂ, ਉਹ ਕਦੀ ਮਰ ਨਹੀਂ ਸਕਦਾ।'
ਫਿਰੋਜ਼ਾ ਦੀ ਸਿਹਤ ਦਿਨੋ ਦਿਨ ਵਿਗੜ ਰਹੀ ਸੀ। ਗਲ਼ ਦੇ ਦੋਵੇਂ ਪਾਸੇ ਹੱਡੀਆਂ ਉਭਰ ਆਈਆਂ ਸਨ। ਛਾਤੀਆਂ ਸੁੱਕ ਕੇ ਖ਼ਾਲੀ ਪੋਟਲੀਆਂ ਵਾਂਗ ਲਟਕ ਗਈਆਂ ਸਨ। ਪਸਲੀਆਂ ਗਿਣੀਆ ਜਾਂ ਸਕਦੀਆਂ ਸਨ। ਟੇਪਚੂ ਨੂੰ ਉਹ ਬੜਾ ਪਿਆਰ ਕਰਦੀ ਸੀ। ਉਸੇ ਕਰਕੇ ਉਸਨੇ ਦੂਜਾ ਨਿਕਾਹ ਨਹੀਂ ਸੀ ਕਰਵਾਇਆ।
ਟੇਪਚੂ ਦੀਆਂ ਹਰਕਤਾਂ ਤੋਂ ਫਿਰੋਜ਼ਾ ਨੂੰ ਇੰਜ ਲੱਗਦਾ ਕਿ ਉਹ ਕਿਤੇ ਆਵਾਰਾ ਤੇ ਵੈਲੀ ਨਾ ਬਣ ਜਾਏ। ਇਸ ਲਈ ਉਸਨੇ ਇਕ ਦਿਨ ਪਿੰਡ ਦੇ ਪੰਡਤ ਭਗਵਾਨਦੀਨ ਦੇ ਪੈਰ ਫੜ੍ਹ ਲਏ। ਪੰਡਤ ਭਗਵਾਨਦੀਨ ਦੇ ਘਰ ਦੋ ਮੱਝਾਂ ਸਨ ਤੇ ਖੇਤੀ-ਪਾਣੀ ਵੇਚਣ ਦੇ ਇਲਾਵਾ ਦੁੱਧ-ਪਾਣੀ ਵੇਚਣ ਦਾ ਧੰਦਾ ਵੀ ਕਰਦਾ ਸੀ ਉਹ। ਉਸਨੂੰ ਚਰਵਾਹੇ ਦੀ ਲੋੜ ਸੀ ਇਸ ਲਈ ਪੰਦਰਾਂ ਰੁਪਏ ਮਹੀਨਾ ਤੇ ਰੋਟੀ 'ਤੇ ਟੋਪਚੂ ਨੂੰ ਰੱਖ ਲਿਆ ਗਿਆ। ਭਗਵਾਨਦੀਨ ਅਸਲੀ ਕੰਜੂਸ ਸੀ। ਖਾਣੇ ਦੇ ਨਾਂਅ 'ਤੇ ਰਾਤ ਦਾ ਬਚਿਆ ਖੁਚਿਆ ਖਾਣਾ ਜਾਂ ਮੱਕੀ ਦੀ ਮੱਚੀ-ਸੜੀ ਰੋਟੀ ਟੋਪਚੂ ਨੂੰ ਮਿਲਦੀ। ਕਰਾਰ ਤਾਂ ਇਹ ਸੀ ਕਿ ਟੇਪਚੂ ਨੂੰ ਸਿਰਫ ਮੱਝਾਂ ਦੀ ਦੇਖਭਾਲ ਕਰਨੀ ਪਏਗੀ, ਪਰ ਅਸਲ ਵਿਚ ਮੱਝਾਂ ਦੇ ਇਲਾਵਾ ਟੇਪਚੂ ਨੂੰ ਪੰਡਤ ਦੇ ਘਰ ਤੋਂ ਲੈ ਕੇ ਖੇਤ-ਖਾਲੇ ਤਕ ਦੇ ਸਾਰੇ ਹੀ ਕੰਮ ਕਰਨੇ ਪੈਂਦੇ। ਸਵੇਰੇ ਚਾਰ ਵਜੇ ਉਸਨੂੰ ਜਗਾ ਦਿੱਤਾ ਜਾਂਦਾ ਤੇ ਰਾਤੀਂ ਸੌਂਦਿਆਂ-ਸੌਂਦਿਆਂ ਬਾਰਾਂ ਵੱਜ ਜਾਂਦੇ। ਇਕ ਮਹੀਨੇ ਵਿਚ ਹੀ ਟੇਪਚੂ ਦੀ ਹਾਲਤ ਵੇਖ ਕੇ ਫਿਰੋਜ਼ਾ ਪਿਘਲ ਗਈ। ਅੰਦਰੇ-ਅੰਦਰ ਹੁਭਕੀਂ-ਹੌਂਕੀ ਰੋਈ। ਉਸਨੇ ਟੇਪਚੂ ਨੂੰ ਕਿਹਾ ਵੀ ਕਿ 'ਪੁੱਤ ਇਸ ਪੰਡਤ ਦਾ ਦੁਆਰਾ ਛੱਡ ਦੇ। ਕਿਤੇ ਹੋਰ ਦੇਖ ਲਵਾਂਗੇ। ਇਹ ਤਾਂ ਮੋਇਆ ਕਸਾਈ ਏ ਪੂਰਾ।' ਪਰ ਟੇਪਚੂ ਨੇ ਨਾਂਹ ਕਰ ਦਿੱਤੀ।
ਟੇਪਚੂ ਨੇ ਇੱਥੇ ਵੀ ਜੁਗਾੜ ਕਰ ਲਿਆ ਸੀ। ਮੱਝਾਂ ਨੂੰ ਚਰਾਂਦ ਵਿਚ ਲਿਜਾਅ ਕੇ ਉਹ ਖੁੱਲ੍ਹਾ ਛੱਡ ਦੇਂਦਾ ਤੇ ਕਿਸੇ ਰੁੱਖ ਹੇਠ ਰਾਤ ਦੀ ਨੀਂਦ ਪੂਰੀ ਕਰਦਾ। ਇਸ ਪਿੱਛੋਂ ਉਠਦਾ। ਸੋਨ ਨਦੀ ਵਿਚ ਮੱਝਾਂ ਨੂੰ ਨੁਹਾਉਂਦਾ, ਕੁਰਲੀ ਵਗ਼ੈਰਾ ਕਰਦਾ। ਫੇਰ ਇਧਰ ਉਧਰ ਚੰਗੀ ਤਰ੍ਹਾਂ ਦੇਖ ਕੇ ਡਾਲਡੇ ਦੇ ਖ਼ਾਲੀ ਡੱਬੇ ਵਿਚ ਮੱਝ ਦਾ ਕਿੱਲੋ ਕੁ ਤਾਜ਼ਾ ਦੁੱਧ ਚੋਂਦਾ ਤੇ ਚੜ੍ਹਾ ਜਾਂਦਾ। ਉਸਦੀ ਸਿਹਤ ਸੁਧਰਨ ਲੱਗੀ।
ਇਕ ਵਾਰੀ ਪੰਡਤਾਣੀ ਨੇ ਕਿਸੇ ਕੰਮ ਪਿੱਛੇ ਉਸਨੂੰ ਗਾਲ੍ਹਾਂ ਕੱਢੀਆਂ ਤੇ ਖਾਣ ਲਈ ਹੇਠਾਂ ਲੱਗੇ, ਬੇਹੇ, ਚੌਲ ਦੇ ਦਿੱਤੇ। ਉਸ ਦਿਨ ਟੇਪਚੂ ਨੂੰ ਪੰਡਤ ਦੇ ਖੇਤ ਵਿਚੋਂ ਘਾਹ ਵੀ ਕੱਢਣੀ ਪਈ ਸੀ ਤੇ ਥਕਾਣ ਤੇ ਭੁੱਖ ਨਾਲ ਉਸਦਾ ਬੁਰਾ ਹਾਲ ਸੀ। ਚੌਲਾਂ ਦੀ ਪਹਿਲੀ ਗਰਾਹੀ ਮੂੰਹ ਵਿਚ ਪਾਉਂਦਿਆਂ ਹੀ ਪਹਿਲਾਂ ਤਾਂ ਖਟਾਸ ਦਾ ਸਵਾਦ ਆਇਆ ਫੇਰ ਉਲਟੀ ਆ ਗਈ। ਉਸਨੇ ਸਾਰਾ ਖਾਣਾ ਮੱਝਾਂ ਦੀ ਖੁਰਲੀ ਵਿਚ ਸੁੱਟ ਦਿੱਤਾ ਤੇ ਉਹਨਾਂ ਨੂੰ ਹੱਕ ਕੇ ਚਰਾਂਦ ਵੱਲ ਲੈ ਤੁਰਿਆ।
ਸ਼ਾਮ ਨੂੰ ਜਦੋਂ ਮੱਝਾਂ ਚੋਈਆਂ ਜਾਣ ਲੱਗੀਆਂ ਤਾਂ ਹੇਠੋਂ ਇਕ ਛਟਾਂਕ ਦੁੱਧ ਨਹੀਂ ਸੀ ਨਿਕਲਿਆ। ਪੰਡਤ ਭਗਵਾਨਦੀਨ ਨੂੰ ਸ਼ੱਕ ਹੋ ਗਿਆ ਤੇ ਉਸਨੇ ਟੇਪਚੂ ਦੀ ਜੁੱਤੀ ਨਾਲ ਝੰਡ ਸੰਵਾਰੀ। ਦੇਰ ਤਕ ਮੁਰਗਾ ਬਣਾਇਆ, ਕੰਧ ਉੱਤੇ ਉਕੜੂ ਬਿਠਾਈ ਰੱਖਿਆ, ਥੱਪੜ ਮਾਰੇ ਤੇ ਕੰਮ ਤੋਂ ਹਟਾਅ ਦਿੱਤਾ।
ਇਸ ਪਿੱਛੋਂ ਟੇਪਚੂ ਪੀ.ਡਬਲਿਊ.ਡੀ ਵਿਚ ਕੰਮ ਕਰਨ ਲੱਗ ਪਿਆ। ਵੱਟੇ, ਰੋੜੀ ਤੇ ਬੱਜਰੀ ਵਿਛਾਉਣ ਦਾ ਕੰਮ। ਸੜਕਾਂ ਉੱਤੇ ਪ੍ਰੀਮੈਕਸ ਵਿਛਾਉਣ ਦਾ ਕੰਮ। ਵੱਡੇ ਬੰਦਿਆਂ ਵਾਲੇ ਕੰਮ। ਤਿੱਖੜ ਧੁੱਪ ਵਿਚ। ਫਿਰੋਜ਼ਾ ਮੱਕੀ ਦੇ ਆਟੇ ਵਿਚ ਲੂਣ ਪਾ ਕੇ ਰੋਟੀਆਂ ਲਾਹ ਦੇਂਦੀ। ਟੇਪਚੂ ਕੰਮ ਦੌਰਾਨ, ਦੁਪਹਿਰੇ ਉਹਨਾਂ ਨੂੰ ਖਾ ਕੇ ਦੋ ਡੱਬੇ ਪਾਣੀ ਪੀ ਲੈਂਦਾ।
ਹੈਰਾਨੀ ਵਾਲੀ ਗੱਲ ਇਹ ਕਿ ਏਨੀ ਸਖ਼ਤ ਮਿਹਨਤ ਦੇ ਬਾਵਜੂਦ ਟੇਪਚੂ ਸਿਝ-ਪੱਕ ਕੇ ਮਜ਼ਬੂਤ ਹੁੰਦਾ ਜਾ ਰਿਹਾ ਸੀ। ਕਾਠੀ-ਕੱਢਣ ਲੱਗ ਪਿਆ ਸੀ। ਉਸਦੀਆਂ ਵੀਣੀਆਂ ਦੀਆਂ ਹੱਡੀਆਂ ਚੌੜੀਆਂ ਹੋਣ ਲਗੀਆਂ, ਮਾਸ ਪੇਸ਼ੀਆਂ ਕੱਸੀਆਂ ਗਈਆਂ। ਅੱਖਾਂ ਵਿਚ ਅੱਖੜਪਨ, ਰੋਅਬ ਤੇ ਗੁੱਸਾ ਝਲਕਣ ਲੱਗਾ। ਪੰਜੇ ਦੀ ਪਕੜ ਲੋਹੇ ਵਾਂਗਰ ਮਜ਼ਬੂਤ ਹੋ ਗਈ।
ਇਕ ਦਿਨ ਟੇਪਚੂ ਭਰਪੂਰ ਜਵਾਨ ਹੋ ਗਿਆ।
ਪਸੀਨੇ, ਮਿਹਨਤ, ਭੁੱਖ, ਨਿਰਾਦਰ, ਦੁਰਘਟਨਾਵਾਂ ਤੇ ਮੁਸੀਬਤਾਂ ਦੀ ਤਿੱਖੀ ਮਾਰ ਝੱਲਦਾ ਹੋਇਆ ਪੂਰਾ ਆਦਮੀ ਬਣ ਗਿਆ—ਕਦੀ ਉਸਦੇ ਚਿਹਰੇ ਉੱਤੇ ਹਾਰੇ ਹੋਣ ਜਾਂ ਟੁੱਟ ਜਾਣ ਦੀ ਨਮੋਸ਼ੀ ਨਹੀਂ ਉਭਰੀ।
ਉਸਦੇ ਭਰਵੱਟਿਆਂ ਵਿਚਕਾਰ ਇਕ ਚੀਜ਼ ਹਮੇਸ਼ਾ ਬਿਰਾਜਮਾਨ ਰਹਿਣ ਲੱਗੀ—ਉਹ ਸੀ ਗੁੱਸੇ ਜਾਂ ਸ਼ਾਇਦ ਨਫ਼ਰਤ ਦੀ ਗੂੜ੍ਹੀ ਲਕੀਰ।
ਮੈਂ ਇਸ ਦੌਰਾਨ ਪਿੰਡ ਛੱਡ ਦਿੱਤਾ ਸੀ ਤੇ ਬੈਲਾਡਿਲਾ ਦੀ ਆਇਰਨ ਮਿੱਲ ਵਿਚ ਨੌਕਰੀ ਕਰਨ ਲੱਗ ਪਿਆ ਸਾਂ। ਇਸੇ ਦੌਰਾਨ ਫਿਰੋਜ਼ਾ ਦੀ ਮੌਤ ਹੋ ਗਈ। ਬਲਦੇਵ, ਸੰਭਾਰੂ ਤੇ ਰਾਧੇ ਦੇ ਇਲਾਵਾ ਪਿੰਡ ਦੇ ਕਈ ਹੋਰ ਲੋਕ ਵੀ ਬੈਲਾਡਿਲਾ ਵਿਚ ਮਜ਼ਦੂਰੀ ਕਰਨ ਲੱਗ ਪਏ। ਪੰਡਤ ਭਗਵਾਨਦੀਨ ਨੂੰ ਹੈਜਾ ਹੋ ਗਿਆ ਤੇ ਉਹ ਮਰ ਗਏ। ਹਾਂ, ਕਿਸ਼ਨ ਪਾਲ ਉਸੇ ਤਰ੍ਹਾਂ ਤਾੜੀ ਦਾ ਧੰਦਾ ਕਰਦੇ ਰਹੇ। ਉਹ ਕਈ ਸਾਲ ਤੋਂ ਲਗਾਤਾਰ ਸਰਪੰਚ ਬਣ ਰਹੇ ਸਨ। ਕਸਬੇ ਵਿਚ ਉਹਨਾਂ ਦੀ ਪੱਕੀ ਹਵੇਲੀ ਖੜ੍ਹੀ ਹੋ ਗਈ ਸੀ ਤੇ ਬਾਅਦ ਵਿਚ ਉਹ ਐਮ.ਐਲ.ਏ. ਬਣ ਗਏ।
ਲੰਮਾਂ ਸਮਾਂ ਬੀਤ ਗਿਆ। ਬੜੇ ਦਿਨਾਂ ਤਕ ਮੈਨੂੰ ਟੇਪਚੂ ਦੀ ਕੋਈ ਖ਼ਬਰ ਨਹੀਂ ਮਿਲੀ, ਪਰ ਇਹ ਪੱਕਾ ਸੀ ਕਿ ਜਿਹਨਾਂ ਹਾਲਤਾਂ ਵਿਚ ਟੇਪਚੂ ਕੰਮ ਕਰ ਰਿਹਾ ਸੀ, ਆਪਣਾ ਖ਼ੂਨ-ਪਸੀਨਾ ਵਹਾਅ ਰਿਹਾ ਸੀ, ਆਪਣੀਆਂ ਨਸਾਂ ਦੀ ਤਾਕਤ ਇੱਟਾਂ ਵੱਟਿਆਂ ਵਿਚ ਡਾਹ ਰਿਹਾ ਸੀ, ਉਹ ਹਾਲਤਾਂ ਕਿਸੇ ਲਈ ਵੀ ਜਾਨ ਲੈਣੀਆਂ ਸਾਬਤ ਹੋ ਸਕਦੀਆਂ ਸੀ।
ਟੇਪਚੂ ਨਾਲ ਮੇਰੀ ਮੁਲਾਕਾਤ ਉਦੋਂ ਹੋਈ, ਜਦੋਂ ਉਹ ਬੈਲਾਡਿਲਾ ਆਇਆ। ਪਤਾ ਲੱਗਿਆ ਕਿ ਕਿਸ਼ਨ ਪਾਲ ਨੇ ਗੁੰਡਿਆਂ ਕੋਲੋਂ ਉਸਦੀ ਡਾਢੀ ਖੜਕਾਈ ਕਰਵਾਈ ਸੀ। ਗੁੰਡਿਆਂ ਨੇ ਉਸਨੂੰ ਮੋਇਆ ਸਮਝ ਕੇ ਸੋਨ ਨਦੀ ਵਿਚ ਸੁੱਟ ਦਿੱਤਾ ਸੀ, ਪਰ ਉਹ ਸਹੀ ਸਲਾਮਤ ਬਚ ਗਿਆ ਤੇ ਉਸੇ ਰਾਤ ਕਿਸ਼ਨ ਪਾਲ ਦੀ ਪੁਆਲ ਵਿਚ ਅੱਗ ਲਾ ਕੇ ਬੈਲਾਡਿਲਾ ਆ ਗਿਆ। ਮੈਂ ਉਸਦੀ ਸਿਫਾਰਿਸ਼ ਕੀਤੀ ਤੇ ਉਹ ਮਜ਼ਦੂਰਾਂ ਵਿਚ ਭਰਤੀ ਕਰ ਲਿਆ ਗਿਆ।
ਉਹ ਸਨ ਅੱਠਤਰ ਦਾ ਸਾਲ ਸੀ।
ਸਾਡਾ ਕਾਰਖ਼ਾਨਾ ਜਾਪਾਨ ਦੀ ਮਦਦ ਨਾਲ ਚੱਲ ਰਿਹਾ ਸੀ। ਅਸੀਂ ਜਿੰਨਾਂ ਕੱਚਾ ਮਾਲ ਤਿਆਰ ਕਰਦੇ, ਉਸਦਾ ਬਹੁਤ ਵੱਡਾ ਹਿੱਸਾ ਜਾਪਾਨ ਭੇਜ ਦਿੱਤਾ ਜਾਂਦਾ। ਮਜ਼ਦੂਰਾਂ ਨੂੰ ਦਿਨ ਰਾਤ ਖਦਾਨ ਵਿਚ ਕੰਮ ਕਰਨਾ ਪੈਂਦਾ।
ਟੇਪਚੂ ਇਸ ਦੌਰਾਨ ਆਪਣੇ ਸਾਥੀਆਂ ਨਾਲ ਪੂਰੀ ਤਰ੍ਹਾਂ ਘੁਲਮਿਲ ਗਿਆ ਸੀ। ਲੋਕ ਉਸਨੂੰ ਪਿਆਰ ਕਰਦੇ। ਮੈਂ ਉਸ ਵਰਗਾ ਨਿਧੜਕ, ਨਿੱਡਰ ਤੇ ਮੂੰਹ-ਫੱਟ ਬੰਦਾ ਹੋਰ ਕੋਈ ਨਹੀਂ ਦੇਖਿਆ। ਇਕ ਦਿਨ ਉਸਨੇ ਕਿਹਾ ਸੀ, “ਚਾ'ਜੀ, ਮੈਂ 'ਕੱਲਿਆਂ ਕਈ ਲੜਾਈਆਂ ਲੜੀਆਂ ਨੇ। ਹਰ ਵਾਰੀ ਮਾਰ ਖਾਧੀ ਏ। ਹਰ ਵਾਰੀ ਹਾਰਿਆ ਆਂ। ਹੁਣ 'ਕੱਲਾ ਨਹੀਂ, ਸਾਰਿਆਂ ਨਾਲ ਮਿਲ ਕੇ ਦੇਖਾਂਗਾ ਕਿ ਸਾਲਿਆਂ ਵਿਚ ਕਿੰਨਾਂ ਕੁ ਦਮ ਐਂ।”
ਇਹਨੀਂ ਦਿਨੀ ਇਕ ਘਟਨਾ ਵਾਪਰੀ। ਜਾਪਾਨ ਨੇ ਸਾਡੇ ਕਾਰਖ਼ਾਨੇ ਤੋਂ ਲੋਹਾ ਖ਼ਰੀਦਨਾ ਬੰਦ ਕਰ ਦਿੱਤਾ, ਜਿਸ ਕਰਕੇ ਸਰਕਾਰੀ ਹੁਕਮ ਮਿਲਿਆ ਕਿ 'ਹੁਣ ਸਾਨੂੰ ਕੱਚੇ ਲੋਹੇ ਦਾ ਉਤਪਾਦਨ ਘੱਟ ਕਰ ਦੇਣਾ ਚਾਹੀਦਾ ਹੈ।' ਮਜ਼ਦੂਰਾਂ ਨੂੰ ਵੱਡੀ ਗਿਣਤੀ ਵਿਚ ਛਾਂਟੀ ਕਰ ਦੇਣ ਦਾ ਸਰਕਾਰੀ ਫੁਰਮਾਨ ਜਾਰੀ ਹੋਇਆ। ਮਜ਼ਦੂਰਾਂ ਵੱਲੋਂ ਮੰਗ ਕੀਤੀ ਗਈ ਕਿ ਪਹਿਲਾਂ ਉਹਨਾਂ ਦੀ ਨੌਕਰੀ ਦਾ ਕੋਈ ਹੋਰ ਬੰਦੋਬਸਤ ਕੀਤਾ ਜਾਵੇ ਫੇਰ ਉਹਨਾਂ ਦੀ ਛਾਂਟੀ ਕੀਤੀ ਜਾਵੇ। ਇਸ ਮੰਗ ਉਪਰ ਬਿਨਾਂ ਕੋਈ ਧਿਆਨ ਦਿੱਤਿਆਂ ਮੈਨੇਜ਼ਮੈਂਟ ਨੇ ਫੌਰਨ ਛਾਂਟੀ ਦੇ ਹੁਕਮ ਉੱਤੇ ਅਮਲ ਸ਼ੁਰੂ ਕਰ ਦਿੱਤਾ। ਮਜ਼ਦੂਰ ਯੂਨੀਅਨ ਨੇ ਵਿਰੋਧ ਵਿਚ ਹੜਤਾਲ ਦਾ ਸੱਦਾ ਦਿੱਤਾ। ਸਾਰੇ ਮਜ਼ਦੂਰ ਆਪਣੀਆਂ ਝੁੱਗੀਆਂ ਵਿਚ ਬੈਠ ਗਏ; ਕੋਈ ਕੰਮ 'ਤੇ ਨਹੀਂ ਗਿਆ।
ਚਾਰੇ ਪਾਸੇ ਪੁਲਸ ਤੈਨਾਤ ਕਰ ਦਿੱਤੀ ਗਈ। ਕੁਝ ਗਸ਼ਤੀ ਟੁਕੜੀਆਂ ਵੀ ਲਾਈਆਂ ਗਈਆਂ, ਜਿਹੜੀਆਂ ਘੁੰਮ ਘੁੰਮ ਕੇ, ਕੁੱਤਿਆਂ ਵਾਂਗ ਸਥਿਤੀ ਨੂੰ ਸੁੰਘਣ ਦਾ ਕੰਮ ਕਰਦੀਆਂ ਸਨ। ਟੇਪਚੂ ਨਾਲ ਮੇਰੀ ਮੁਲਾਕਾਤ ਉਹਨੀਂ ਦਿਨੀ ਸ਼ੇਰੇ ਪੰਜਾਬ ਢਾਬੇ ਦੇ ਸਾਹਮਣੇ ਪਈ ਲੱਕੜ ਦੀ ਬੈਂਚ ਉੱਤੇ ਬੈਠਿਆਂ ਹੋਈ। ਉਹ ਬੀੜੀ ਪੀ ਰਿਹਾ ਸੀ। ਕਾਲੇ ਰੰਗ ਦੀ ਨਿੱਕਰ ਉੱਤੇ ਖ਼ੱਦਰ ਦਾ ਕੁੜਤਾ ਪਾਇਆ ਹੋਇਆ ਸੀ ਉਸਨੇ।
ਮੈਨੂੰ ਦੇਖ ਕੇ ਉਹ ਮੁਸਕਰਾਇਆ, “ਸਲਾਮ ਚਾ'ਜੀ, ਲਾਲ ਸਲਾਮ।” ਫੇਰ ਆਪਣੇ ਕੱਥੇ-ਚੂਨੇ ਰੰਗੇ ਮੈਲੇ ਦੰਦ ਕੱਢ ਕੇ ਹੱਸ ਪਿਆ, “ਮਨੇਜਮੈਂਟ ਦੀ ਗਾਂੜ 'ਚ ਅਸੀਂ ਮੋਟਾ ਡੰਡਾ ਘੁਸੇੜ ਦਿੱਤੈ। ਸਾਲੇ ਚਾਂਘਾਂ ਮਰ ਰਹੇ ਐ ਹੁਣ, ਪਰ ਕੱਢਿਆਂ ਨਹੀਂ ਨਿਕਲਦਾ ਚਾ'ਜੀ, ਦਸ ਹਜ਼ਾਰ ਮਜ਼ਦੂਰਾਂ ਨੂੰ ਫੱਕੜ ਬਣਾ ਕੇ ਡੰਗਰਾਂ ਵਾਂਗ ਹੱਕ ਦੇਣਾ ਕੋਈ ਹਾਸਾ-ਠੱਠਾ ਐ। ਛਾਂਟੀ ਉਪਰੋਂ ਹੋਣੀ ਚਾਹੀਦੀ ਆ। ਜਿਹੜਾ ਪੰਜਾਹ ਮਜ਼ਦੂਰਾਂ ਜਿੰਨੀ ਤਨਖ਼ਾਹ ਲੈਂਦਾ ਹੋਵੇ, ਕੱਢੋ ਸਭ ਤੋਂ ਪਹਿਲਾਂ ਉਸਨੂੰ, ਛਾਂਟੋ ਅਜਮਾਨੀ ਸਾ'ਬ ਨੂੰ ਪਹਿਲਾਂ।”
ਟੇਪਚੂ ਬੜਾ ਬਦਲ ਗਿਆ ਸੀ। ਮੈਂ ਗੌਰ ਨਾਲ ਦੇਖਿਆ ਉਸਦੇ ਹਾਸੇ ਵਿਚ ਕੁਸੈਲ, ਨਫ਼ਰਤ ਤੇ ਗੁੱਸੇ ਦਾ ਵਿਸ਼ਾਲ ਸਮੁੰਦਰ ਠਾਠਾਂ ਮਾਰ ਰਿਹਾ ਸੀ। ਉਸਦੀ ਛਾਤੀ ਤਣੀ ਹੋਈ ਸੀ। ਕੁੜਤੇ ਦੇ ਬਟਨ ਟੁੱਟੇ ਹੋਏ ਸਨ। ਕਾਰਖ਼ਾਨੇ ਦੇ ਵੱਡੇ ਫਾਟਕ ਵਾਂਗ ਖੁੱਲ੍ਹੇ ਗਲ਼ਮੇਂ ਵਿਚੋਂ ਛਾਤੀ ਦੇ ਵਾਲ ਹਿੱਲਦੇ ਦਿਖਾਈ ਦੇ ਰਹੇ ਸਨ—ਕਾਰਖ਼ਾਨੇ ਦੇ ਮੇਨ ਗੇਟ 'ਤੇ ਬੈਠੀ ਮਜ਼ਦੂਰਾਂ ਦੀ ਭੀੜ ਵਾਂਗ। ਟੇਪਚੂ ਨੇ ਆਪਣੇ ਮੋਢੇ 'ਤੇ ਲਟਕ ਰਹੇ ਝੋਲੇ ਵਿਚੋਂ ਪਰਚੇ ਕੱਢੇ ਤੇ ਮੈਨੂੰ ਫੜਾ ਕੇ ਤੁਰ ਗਿਆ।
ਕਹਿੰਦੇ ਨੇ ਤੀਜੀ ਰਾਤ ਯੂਨੀਅਨ ਦਫ਼ਤਰ ਉੱਤੇ ਪੁਲਸ ਨੇ ਛਾਪਾ ਮਾਰਿਆ। ਟੇਪਚੂ ਉੱਥੇ ਹੀ ਸੀ। ਨਾਲ ਹੋਰ ਵੀ ਕਈ ਮਜ਼ਦੂਰ ਸਨ। ਯੂਨੀਅਨ ਦਫ਼ਤਰ ਸ਼ਹਿਰ ਦੇ ਐਨ ਬਾਹਰ-ਵਾਰ ਦੂਜੇ ਸਿਰੇ ਉੱਤੇ ਸੀ। ਆਸੇ-ਪਾਸੇ ਕੋਈ ਆਬਾਦੀ ਨਹੀਂ ਸੀ। ਇਸ ਤੋਂ ਅੱਗੇ ਜੰਗਲ ਸ਼ੁਰੂ ਹੋ ਜਾਂਦਾ ਸੀ। ਜੰਗਲ ਲਗਭਗ ਦਸ ਮੀਲ ਦੇ ਰਕਬੇ ਵਿਚ ਫੈਲਿਆ ਹੋਇਆ ਸੀ।
ਮਜ਼ਦੂਰਾਂ ਨੇ ਪੁਲਸ ਨੂੰ ਰੋਕਿਆ, ਪਰ ਦਰੋਗਾ ਕਰੀਮ ਬਖ਼ਸ਼ ਤਿੰਨ ਚਾਰ ਕਾਂਸਟੇਬਲਾਂ ਨਾਲ ਜਬਰਦਸਤੀ ਅੰਦਰ ਘੁਸ ਗਿਆ। ਉਸਨੇ ਫਾਇਲਾਂ, ਰਜਿਸਟਰ, ਪਰਚੇ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ। ਉਦੋਂ ਹੀ ਟੇਪਚੂ ਸਿਪਾਹੀਆਂ ਨੂੰ ਧਰੀਕਦਾ ਹੋਇਆ ਅੰਦਰ ਵੜਿਆ ਤੇ ਚੀਕਿਆ, “ਕਾਗਜ਼ਾਂ–ਪਰਚਿਆਂ ਨੂੰ ਹੱਥ ਨਾ ਲਾਉਣਾ ਦਰੋਗਾ ਜੀ, ਸਾਡੀ ਡਿਊਟੀ ਅੱਜ ਯੂਨੀਅਨ ਦਫ਼ਤਰ ਦੀ ਨਿਗਰਾਨੀ ਦੀ ਐ। ਮੈਂ ਕਹਿ ਰਿਹਾਂ, ਅੱਗਾ ਪਿੱਛਾ ਮੈਂ ਨਹੀਂ ਸੋਚਣਾ, ਪਰ ਤੁਸੀਂ ਲੋਕ ਸੋਚ ਲਓ, ਚੰਗੀ ਤਰ੍ਹਾਂ।”
ਦਰੋਗਾ ਹੈਰਾਨੀ ਵੱਸ ਥਾਵੇਂ ਗੱਡਿਆ ਗਿਆ। ਫੇਰ ਗੁੱਸੇ ਵਿਚ ਉਸਦੀਆਂ ਅੱਖਾਂ ਗੋਲ ਹੋ ਗਈਆਂ, ਤੇ ਨੱਕ ਸਾਨ੍ਹ ਵਾਂਗ ਫੁਕਾਰੇ ਛਡਣ ਲੱਗ ਪਈ, “ਕਿਹੜੈ ਓਇ ਮਾਦਰ...ਤੁਫ਼ਾਨੀ ਸਿੰਘ, ਲਾਓ ਸਾਲੇ ਦੇ ਦਸ ਡੰਡੇ।”
ਤੁਫਾਨੀ ਸਿੰਘ ਅੱਗੇ ਵਧਿਆ ਤਾਂ ਟੇਪਚੂ ਨੇ ਲੰਗੜੀ ਮਾਰ ਕੇ ਉਸਨੂੰ ਦਰਵਾਜ਼ੇ ਦੇ ਅੱਧਾ ਬਾਹਰ ਤੇ ਅੱਧਾ ਅੰਦਰ ਮੁਰਦਾ ਕਿਰਲੀ ਵਾਂਗ ਜ਼ਮੀਨ 'ਤੇ ਪਸਾਰ ਦਿੱਤਾ। ਦਰੋਗੇ ਕਰੀਮ ਬਖ਼ਸ਼ ਨੇ ਇਧਰ ਉਧਰ ਦੇਖਿਆ। ਸਿਪਾਹੀ ਮੁਸ਼ਤੈਦ ਸਨ, ਪਰ ਝਿੱਜਕ ਰਹੇ ਸਨ। ਉਹਨਾਂ ਨੂੰ ਇਸ਼ਾਰਾ ਕੀਤਾ, ਉਦੋਂ ਤਕ ਉਹਨਾਂ ਦੀਆਂ ਧੌਣਾ ਟੇਪਚੂ ਦੀਆਂ ਬਾਹਾਂ ਵਿਚ ਫਸ ਚੁੱਕੀਆਂ ਸੀ।
ਮਜ਼ਦੂਰਾਂ ਦਾ ਜੱਥਾ ਅੰਦਰ ਆ ਗਿਆ ਤੇ ਤਾੜ–ਤਾੜ ਡਾਂਗਾਂ ਚੱਲਣ ਲੱਗ ਪਈਆਂ। ਕਈ ਸਿਪਾਹੀਆਂ ਦੇ ਸਿਰ ਪਾਟ ਗਏ। ਉਹ ਚੀਕ ਰਹੇ ਸਨ ਤੇ ਬਹੂੜੀਆਂ ਘੱਤ ਕਰ ਰਹੇ ਸਨ। ਟੇਪਚੂ ਨੇ ਦਰੋਗੇ ਨੂੰ ਨੰਗਾ ਕਰ ਦਿੱਤਾ।
ਹਾਰੀ ਹੋਈ ਪੁਲਸ ਪਾਰਟੀ ਦਾ ਜਲੂਸ ਨਿਕਲ ਗਿਆ। ਅੱਗੇ-ਅੱਗੇ ਦਰੋਗਾਜੀ, ਫੇਰ ਤੁਫਾਨੀ ਸਿੰਘ, ਪਿੱਛੇ ਇਕ ਲਾਈਨ ਵਿਚ ਪੰਜ ਸਿਪਾਹੀ...ਤੇ ਪਿੱਛੇ-ਪਿੱਛੇ ਮਜ਼ਦੂਰਾਂ ਦੀ ਠਹਾਕੇ ਲਾਉਂਦੀ ਹੋਈ ਭੀੜ। ਪੁਲਸ ਵਾਲਿਆਂ ਦੀ ਬੁਰੀ ਗਤ ਬਣੀ ਸੀ। ਯੂਨੀਅਨ ਦਫ਼ਤਰ ਵਿਚੋਂ ਨਿਕਲ ਕੇ ਜਲੂਸ ਕਾਰਖ਼ਾਨੇ ਦੇ ਗੇਟ ਤਕ ਗਿਆ, ਫੇਰ ਸਿਪਾਹੀਆਂ ਨੂੰ ਛੱਡ ਕੇ ਮਸਤੀ ਤੇ ਹੌਸਲੇ ਵਿਚ ਮਸਤ ਲੋਕ ਵਾਪਸ ਪਰਤ ਗਏ। ਟੇਪਚੂ ਦੀ ਧੌਣ ਆਕੜੀ ਹੋਈ ਸੀ ਤੇ ਉਹ ਸਾਲਹੋ-ਦਾਦਰ ਗਾਉਣ ਲੱਗ ਪਿਆ ਸੀ।
ਅਗਲੇ ਦਿਨ ਸਵੇਰੇ ਟੇਪਚੂ ਝੁੱਗੀ ਵਿਚੋਂ ਨਿਕਲ ਕੇ ਟੱਟੀ ਫਿਰਨ ਜਾ ਰਿਹਾ ਸੀ ਕਿ ਪੁਲਸ ਨੇ ਉਸਨੂੰ ਗ੍ਰਿਫ਼ਤਾਰ ਕਰ ਲਿਆ। ਹੋਰ ਵੀ ਬੜੇ ਲੋਕ ਫੜ੍ਹੇ ਗਏ ਸਨ। ਚਾਰੇ ਪਾਸੇ ਗ੍ਰਿਫ਼ਤਾਰੀਆਂ ਹੋ ਰਹੀਆਂ ਸਨ।
ਟੇਪਚੂ ਨੂੰ ਜਦੋਂ ਫੜ੍ਹਿਆ ਗਿਆ ਤਾਂ ਉਸਨੇ ਟੱਟੀ ਵਾਲੀ ਗੜਵੀ ਖਿੱਚ ਕੇ ਤੁਫਾਨੀ ਸਿੰਘ ਦੇ ਮਾਰੀ। ਗੜਵੀ ਮੱਥੇ ਦੇ ਐਨ ਵਿਚਕਾਰ ਵੱਜੀ ਤੇ ਗਾੜ੍ਹਾ ਗੰਦਾ ਖ਼ੂਨ ਨਿਕਲ ਆਇਆ। ਟੇਪਚੂ ਨੇ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਉਹ ਘੇਰ ਲਿਆ ਗਿਆ। ਗੁੱਸੇ ਵਿਚ ਪਾਗਲ ਹੋਏ ਤੁਫਾਨੀ ਸਿੰਘ ਨੇ ਤੜਾ-ਤੜ ਡੰਡੇ ਵਰ੍ਹਾਏ। ਉਸਦੇ ਮੂੰਹੋਂ ਬੇਤਹਾਸ਼ਾ ਗਾਲ੍ਹਾਂ ਫੁੱਟ ਰਹੀਆਂ ਸਨ।
ਸਿਪਾਹੀਆਂ ਨੇ ਉਸਨੂੰ ਬੂਟਾਂ ਦੇ ਠੁੱਡ ਮਾਰੇ। ਲੱਤਾਂ ਮੁੱਕੀਆਂ ਨਾਲ ਕੁੱਟਿਆ। ਦਰੋਗਾ ਕਰੀਮ ਬਖ਼ਸ਼ ਵੀ ਜੀਪ ਵਿਚੋਂ ਉਤਰ ਆਇਆ। ਯੂਨੀਅਨ ਦਫ਼ਤਰ ਵਿਚ ਕੀਤੀ ਗਈ ਆਪਣੀ ਬੇਇੱਜ਼ਤੀ ਉਸਨੂੰ ਭੁੱਲੀ ਨਹੀਂ ਸੀ।
ਦਰੋਗੇ ਕਰੀਮ ਬਖ਼ਸ਼ ਨੇ ਤੁਫਾਨੀ ਸਿੰਘ ਨੂੰ ਕਿਹਾ ਕਿ 'ਟੇਪਚੂ ਨੂੰ ਨੰਗਾ ਕੀਤਾ ਜਾਵੇ ਤੇ ਗਾਂਡ ਵਿਚ ਡੰਡਾ ਤੁੰਨ ਦਿੱਤਾ ਜਾਵੇ।' ਤੁਫਾਨੀ ਸਿੰਘ ਨੇ ਇਹ ਕੰਮ ਸਿਪਾਹੀ ਗਜਾਧਰ ਸ਼ਰਮਾ ਦੇ ਸਪੁਰਦ ਕਰ ਦਿੱਤਾ।
ਗਜਾਧਰ ਸ਼ਰਮੇ ਨੇ ਟੇਪਚੂ ਦਾ ਕੱਛਾ ਖਿੱਚਿਆ ਤਾਂ ਦਰੋਗੇ ਕਰੀਮ ਬਖ਼ਸ਼ ਦਾ ਚਿਹਰਾ ਫੱਕ ਹੋ ਗਿਆ। ਫਿਰੋਜ਼ਾ ਨੇ ਟੇਪਚੂ ਦੀ ਬਾਕਾਇਦਾ ਖ਼ਤਨੀ ਕਰਵਾਈ ਹੋਈ ਸੀ। ਟੇਪਚੂ ਦਰੋਗੇ ਦਾ ਨਾਂ ਤਾਂ ਨਹੀਂ ਸੀ ਜਾਣਦਾ, ਪਰ ਉਸਦਾ ਚਿਹਰਾ ਦੇਖ ਕੇ ਜਾਤ ਜ਼ਰੂਰ ਬੁੱਝ ਗਿਆ ਸੀ। ਦਰੋਗੇ ਕਰੀਮ ਬਖ਼ਸ਼ ਨੇ ਟੇਪਚੂ ਦੀ ਪੁੜਪੁੜੀ ਉੱਤੇ ਡੰਡਾ ਮਾਰਿਆ, “ਮਾਦਰ...ਨਾਂਅ ਕੀ ਏ ਤੇਰਾ?”
ਟੇਪਚੂ ਨੇ ਕੁੜਤਾ ਵੀ ਲਾਹ ਕੇ ਸੁੱਟ ਦਿੱਤਾ ਤੇ ਅਲਫ਼ਨੰਗਾ ਹੋ ਗਿਆ, “ਅੱਲਾ ਬਖ਼ਸ਼, ਵਲਦ ਅਬਦੁੱਲਾ ਬਖ਼ਸ਼, ਸਾਕਿਨ ਮਡਰ ਮੌਜਾ ਪੌਂਡੀ, ਤਹਿਸੀਲ ਸੋਹਾਗਪੁਰ, ਥਾਨਾ ਜੈਤਹਰੀ, ਪੇਸ਼ਾ ਮਜ਼ਦੂਰੀ—” ਇਸ ਪਿੱਛੋਂ ਉਸਨੇ ਲੱਤਾਂ ਚੌੜੀਆਂ ਕੀਤੀਆਂ, ਘੁੰਮਿਆਂ ਤੇ ਗਜਾਧਰ ਸ਼ਰਮਾ, ਜਿਹੜਾ ਹੇਠਾਂ ਵੱਲ ਝੁਕਿਆ ਹੋਇਆ ਸੀ, ਉਸਦੇ ਮੋਢੇ ਉੱਤੇ ਪਿਸ਼ਾਬ ਦੀ ਧਾਰ ਛੱਡ ਦਿੱਤੀ, “ਜਿਲਾ ਸ਼ਹਿਡੋਲ, ਹਾਲ ਬਾਸਿੰਦਾ ਬੇਲਾਡਿਲਾ...”
ਟੇਪਚੂ ਨੂੰ ਜੀਪ ਪਿੱਛੇ ਰੱਸੀ ਨਾਲ ਬੰਨ੍ਹ ਕੇ ਡੇਢ ਮੀਲ ਤਕ ਘਸੀਟਿਆ ਗਿਆ। ਸੜਕ ਉੱਤੇ ਵਿਛੀ ਬੱਜਰੀ ਤੇ ਕੰਕਰੀਟ ਨੇ ਉਸਦੀ ਪਿੱਠ ਦੀਆਂ ਤੈਹਾਂ ਛਿੱਲ ਸੁੱਟੀਆਂ। ਜਗ੍ਹਾ-ਜਗ੍ਹਾ ਤੋਂ ਉਚੜਿਆ ਮਾਸ ਲਾਲ ਟਮਾਟਰ ਵਾਂਗ ਦਿਖਾਈ ਦੇਣ ਲੱਗ ਪਿਆ।
ਜੀਪ ਕਸਬੇ ਦੇ ਪਾਰ ਆਖ਼ਰੀ ਚੁੰਗੀ ਨਾਕੇ 'ਤੇ ਰੁਕੀ। ਪੁਲਸ ਪਲਟਨ ਦੇ ਚਿਹਰੇ, ਖ਼ੂੰਖਾਰ ਜਾਨਵਰਾਂ ਵਾਂਗ ਦਗ ਰਹੇ ਸੀ। ਚੁੰਗੀ ਨਾਕੇ 'ਤੇ ਇਕ ਢਾਬਾ ਸੀ। ਪੁਲਸ ਵਾਲੇ ਉੱਥੇ ਚਾਹ ਪੀਣ ਬੈਠ ਗਏ।
ਟੇਪਚੂ ਨੂੰ ਵੀ ਚਾਹ ਦੀ ਤਲਬ ਮਹਿਸੂਸ ਹੋਈ, “ਇਕ ਚਾਹ ਏਧਰ ਮੁੰਡਿਆ, ਕੜਕ।” ਉਹ ਕੂਕਿਆ। ਪੁਲਸ ਵਾਲੇ ਇਕ ਦੂਜੇ ਵੱਲ ਚੋਰ ਅੱਖਾਂ ਨਾਲ ਦੇਖ ਕੇ ਮੁਸਕਰਾਏ। ਟੇਪਚੂ ਨੂੰ ਚਾਹ ਪਿਆਈ ਗਈ। ਉਸਦੀ ਪੁੜਪੁੜੀ ਉੱਤੇ ਗਮੋੜਾ ਨਜ਼ਰ  ਆ ਰਿਹਾ ਸੀ ਤੇ ਪੂਰਾ ਸਰੀਰ ਆਲੂ ਵਾਂਗ ਝਿਰੜਿਆ ਪਿਆ ਸੀ। ਜਗ੍ਹਾ ਜਗ੍ਹਾ ਤੋਂ ਲਹੂ ਸਿਮ ਰਿਹਾ ਸੀ।
ਜੀਪ ਲਗਭਗ ਦਸ ਮਿੰਟ ਬਾਅਦ ਜੰਗਲ ਵਿਚ ਜਾ ਕੇ ਰੁਕੀ। ਚੁਫੇਰੇ ਬਿਲਕੁਲ ਸੁੰਨਸਾਨ ਸੀ। ਟੇਪਚੂ ਨੂੰ ਹੇਠਾਂ ਲਾਹਿਆ ਗਿਆ। ਗਜਾਧਰ ਸ਼ਰਮੇ ਨੇ ਇਕ ਦੋ ਡੰਡੇ ਹੋਰ ਚਲਾਏ। ਦਰੋਗਾ ਕਰੀਮ ਬਖ਼ਸ਼ ਹੁਰੀਂ ਵੀ ਜੀਪ ਵਿਚੋਂ ਉਤਰੇ ਤੇ ਉਹਨਾਂ ਟੇਪਚੂ ਨੂੰ ਕਿਹਾ, “ਅੱਲਾ ਬਖ਼ਸ਼ ਉਰਫ਼ ਟੇਪਚੂ, ਤੈਨੂੰ ਦਸ ਸੈਕਿੰਟ ਦਾ ਟਾਈਮ ਦਿੱਤਾ ਜਾਂਦਾ ਏ। ਸਰਕਾਰੀ ਹੁਕਮ ਮਿਲਿਆ ਏ ਕਿ ਤੇਰਾ ਜ਼ਿਲਾ ਬਦਲ ਕਰ ਦਿੱਤਾ ਜਾਵੇ। ਸਾਹਮਣੇ ਵੱਲ ਸੜਕ ਉੱਤੇ ਤੂੰ ਜਿੰਨੀ ਜਲਦੀ, ਜਿੰਨੀ ਦੂਰ ਤੋਂ ਦੂਰ, ਭੱਜ ਸਕਦਾ ਏਂ, ਭੱਜ ਜਾਹ। ਅਸੀਂ ਦਸ ਤਕ ਗਿਣਤੀ ਗਿਣਾਗੇ।”
ਟੇਪਚੂ ਲੜਖੜਾਉਂਦਾ ਡੋਲਦਾ ਤੁਰ ਪਿਆ। ਕਰੀਮ ਬਖ਼ਸ਼ ਖ਼ੁਦ ਗਿਣਤੀ ਗਿਣ ਰਹੇ ਸਨ—'ਇਕ-ਦੋ-ਤਿੰਨ-ਚਾਰ-ਪੰਜ…'
ਲੰਗੜੇ, ਬੁੱਢੇ, ਬਿਮਾਰ ਬਲ੍ਹਦ ਵਾਂਗ ਖ਼ੂਨ ਵਿਚ ਨਹਾਤਾ ਹੋਇਆ ਟੇਪਚੂ ਆਪਣੇ ਸਰੀਰ ਨੂੰ ਘਸੀਟ ਰਿਹਾ ਸੀ। ਉਸ ਤੋਂ ਖਲੋਤਾ ਵੀ ਨਹੀਂ ਸੀ ਜਾ ਰਿਹਾ, ਤੁਰਨ ਤੇ ਭੱਜਣ ਦੀ ਗੱਲ ਤਾਂ ਦੂਰ ਦੀ ਸੀ।
ਅਚਾਨਕ ਦਸ ਦੀ ਗਿਣਤੀ ਖ਼ਤਮ ਹੋ ਗਈ। ਤੁਫਾਨੀ ਸਿੰਘ ਨੇ ਨਿਸ਼ਾਨਾ ਸਿੰਨ੍ਹਿਆਂ, ਪਹਿਲਾ ਫਾਇਰ ਕੀਤਾ—'ਠਾਹ…'
ਗੋਲੀ ਟੇਪਚੂ ਦੀ ਪਿੱਠ ਵਿਚ ਵੱਜੀ ਤੇ ਉਹ ਰੇਤ ਦੇ ਬੋਰੇ ਵਾਂਗ ਥਾਵੇਂ ਡਿੱਗ ਪਿਆ। ਕੁਝ ਸਿਪਾਈ ਉਸ ਕੋਲ ਪਹੁੰਚੇ। ਸਿਰ ਵਿਚ ਬੂਟਾਂ ਦੇ ਠੁੱਡ ਮਾਰੇ। ਟੇਪਚੂ ਕਰਾਹ ਰਿਹਾ ਸੀ, “ਹਰਾਮਜਾਦਿਓ।”
ਗਜਾਧਰ ਸ਼ਰਮਾ ਨੇ ਦਰੋਗੇ ਨੂੰ ਕਿਹਾ, “ਸਾ'ਬ, ਅਜੇ ਥੋੜ੍ਹਾ ਬਹੁਤ ਬਾਕੀ ਆ।” ਦਰੋਗੇ ਕਰੀਮ ਬਖ਼ਸ਼ ਨੇ ਤੁਫਾਨੀ ਸਿੰਘ ਨੂੰ ਇਸ਼ਾਰਾ ਕੀਤਾ। ਤੁਫਾਨੀ ਸਿੰਘ ਨੇ ਨੇੜੇ ਜਾ ਕੇ ਟੋਪਚੂ ਦੇ ਦੋਵਾਂ ਮੋਢਿਆਂ ਕੋਲ, ਦੋ-ਦੋ ਇੰਚ ਹੇਠਾਂ, ਦੋ-ਦੋ ਗੋਲੀਆਂ ਹੋਰ ਠੋਕ ਦਿੱਤੀਆਂ—ਬੰਦੂਕ ਦੀ ਨਾਲੀ ਬਿਲਕੁਲ ਨਾਲ ਲਾ ਕੇ—ਹੇਠਲੀ ਜ਼ਮੀਨ ਤਕ ਉੱਧੜ ਗਈ।
ਟੇਪਚੂ ਹੌਲੀ-ਹੌਲੀ ਫੜਫੜਾਇਆ। ਮੂੰਹ ਵਿਚੋਂ ਖ਼ੂਨ ਤੇ ਝੱਗ ਦੇ ਬੁਲਬੁਲੇ ਨਿਕਲੇ। ਜੀਭ ਬਾਹਰ ਨਿਕਲ ਆਈ। ਅੱਖਾਂ ਪਥਰਾਅ ਗਈਆਂ। ਫੇਰ ਉਹ ਠੰਡਾ ਹੋ ਗਿਆ।
ਉਸਦੀ ਲਾਸ਼ ਨੂੰ ਜੰਗਲ ਵਿਚ ਮਹੂਏ ਦੇ ਇਕ ਟਾਹਣ ਨਾਲ ਬੰਨ੍ਹ ਕੇ ਲਮਕਾਅ ਦਿੱਤਾ ਗਿਆ। ਮੌਕੇ ਦੀ ਤਸਵੀਰ ਲਈ ਗਈ। ਪੁਲਸ ਨੇ ਦਰਜ ਕੀਤਾ ਕਿ 'ਮਜ਼ਦੂਰਾਂ ਦੇ ਦੋ ਗੁੱਟਾਂ ਵਿਚ ਹਥਿਆਰ ਬੰਦ ਲੜਾਈ ਹੋਈ। ਟੇਪਚੂ ਉਰਫ਼ ਅੱਲਾ ਬਖ਼ਸ਼ ਨੂੰ ਮਾਰ ਕੇ ਰੁੱਖ ਨਾਲ ਲਟਕਾਅ ਦਿੱਤਾ ਗਿਆ ਸੀ। ਪੁਲਸ ਨੇ ਲਾਸ਼ ਬਰਾਮਦ ਕੀਤੀ। ਮੁਜਰਮਾਂ ਦੀ ਭਾਲ ਜਾਰੀ ਹੈ।'
ਇਸ ਪਿੱਛੋਂ ਟੇਪਚੂ ਦੀ ਲਾਸ਼ ਨੂੰ ਚਿੱਟੀ ਚਾਦਰ ਨਾਲ ਢਕ ਕੇ ਸੰਦੂਕ ਵਿਚ ਬੰਦ ਕਰ ਦਿੱਤਾ ਗਿਆ ਤੇ ਜੀਪ ਵਿਚ ਲੱਦ ਕੇ ਪੁਲਸ ਚੌਕੀ ਲਿਆਂਦਾ ਗਿਆ।
ਰਾਏਗੜ੍ਹ ਬਸਤਰ, ਭੋਪਾਲ ਸਭ ਜਗ੍ਹਾ ਤੋਂ ਪੁਲਸ ਦੀਆਂ ਟੁਕੜੀਆਂ ਆ ਗਈਆਂ ਸਨ। ਸੀ.ਆਰ.ਪੀ. ਵਾਲੇ ਗਸ਼ਤ ਲਾ ਰਹੇ ਸਨ। ਚਾਰੇ ਪਾਸੇ ਧੁੰਆਂ ਉਠ ਰਿਹਾ ਸੀ। ਝੁੱਗੀਆਂ ਸਾੜ ਦਿੱਤੀਆਂ ਗਈਆਂ ਸਨ। ਪੰਜਾਹ ਤੋਂ ਵੱਧ ਮਜ਼ਦੂਰ ਮਾਰੇ ਗਏ ਸਨ। ਪਤਾ ਨਹੀਂ ਕੀ ਕੀ ਹੋਇਆ ਸੀ।
ਟੇਪਚੂ ਦੀ ਲਾਸ਼ ਨੂੰ ਪੋਸਟਮਾਰਟਮ ਲਈ ਜ਼ਿਲਾ ਹਸਪਤਾਲ ਭੇਜ ਦਿੱਤਾ ਗਿਆ। ਡਾਕਟਰ ਐਡਵਿਨ ਵਰਗਿਸ ਓਪਰੇਸ਼ਨ ਥਿਏਟਰ ਵਿਚ ਸਨ। ਉਹ ਬੜੇ ਧਾਰਮਕ ਕਿਸਮ ਦੇ ਈਸਾਈ ਸਨ। ਟ੍ਰਾਲੀ ਸਟਰੇਚਰ ਉੱਤੇ ਟੇਪਚੂ ਦੀ ਲਾਸ਼ ਅੰਦਰ ਲਿਆਂਦੀ ਗਈ। ਡਾ. ਵਰਗਿਸ ਨੇ ਲਾਸ਼ ਦੀ ਹਾਲਤ ਦੇਖੀ। ਜਗ੍ਹਾ-ਜਗ੍ਹਾ ਥਰੀ-ਨਾਟ-ਥਰੀ ਦੀਆਂ ਗੋਲੀਆਂ ਧਸੀਆਂ ਹੋਈਆਂ ਸਨ। ਪੂਰੀ ਲਾਸ਼ ਉੱਤੇ ਇਕ ਸੂਤ ਜਗ੍ਹਾ ਅਜਿਹੀ ਨਹੀਂ ਸੀ, ਜਿਸ ਉੱਤੇ ਸੱਟ-ਫੇਟ ਦਾ ਨਿਸ਼ਾਨ ਨਾ ਹੋਵੇ।
ਉਹਨਾਂ ਆਪਣਾ ਮਾਸਕ ਠੀਕ ਕੀਤਾ, ਫੇਰ ਉਸਤਰਾ ਚੁੱਕਿਆ। ਝੁਕੇ ਤੇ ਉਦੋਂ ਹੀ ਟੇਪਚੂ ਨੇ ਆਪਣੀਆਂ ਅੱਖਾਂ ਖੋਹਲ ਲਈਆਂ। ਹੌਲੀ ਜਿਹੀ ਕਰਾਹਿਆ ਤੇ ਬੋਲਿਆ, “ਡਾਕਟਰ ਸਾਹਬ, ਇਹ ਸਾਰੀਆਂ ਗੋਲੀਆਂ ਕੱਢ ਦਿਓ। ਮੈਨੂੰ ਬਚਾਅ ਲਓ। ਮੈਨੂੰ ਇਹਨਾਂ ਕੁੱਤਿਆਂ ਨੇ ਮਾਰਨ ਦੀ ਕੋਸ਼ਿਸ਼ ਕੀਤੀ ਐ।”
ਡਾਕਟਰ ਵਰਗਿਸ ਦੇ ਹੱਥੋਂ ਉਸਤਰਾ ਛੁੱਟ ਕੇ ਹੇਠਾਂ ਡਿੱਗ ਪਿਆ। ਇਕ ਭਿਚੀ ਜਿਹੀ ਚੀਕ ਉਹਨਾਂ ਦੇ ਗਲ਼ ਵਿਚੋਂ ਨਿਕਲੀ ਤੇ ਉਹ ਓਪਰੇਸ਼ਨ-ਰੂਮ ਵਿਚੋਂ ਬਾਹਰ ਵੱਲ ਦੌੜੇ।

ਤੁਸੀਂ ਕਹੋਗੇ ਕਿ ਅਜਿਹੀਆਂ ਅਣਹੋਣੀਆਂ ਤੇ ਅਸੰਭਵ ਗੱਲਾਂ ਸੁਣਾ ਕੇ ਮੈਂ ਤੁਹਾਡਾ ਸਮਾਂ ਬਰਬਾਦ ਕਰ ਰਿਹਾਂ। ਤੁਸੀਂ ਕਹਿ ਸਕਦੇ ਓ ਕਿ ਇਹ ਸਾਰੀ ਕਹਾਣੀ ਕੋਰੇ-ਝੂਠ ਦੇ ਸਿਵਾਏ ਹੋਰ ਕੁਝ ਵੀ ਨਹੀਂ...
ਮੈਂ ਵੀ ਪਹਿਲਾਂ ਹੀ ਅਰਜ਼ ਕਰ ਦਿੱਤਾ ਸੀ ਕਿ ਇਹ ਕਹਾਣੀ ਨਹੀਂ, ਸੱਚਾਈ ਏ। ਤੁਸੀਂ ਸਵਿਕਾਰ ਕਿਉਂ ਨਹੀਂ ਕਰ ਲੈਂਦੇ ਕਿ ਜੀਵਨ ਦੀ ਅਸਲੀਅਤ ਕਿਸੇ ਵੀ ਕਲਪਿਤ ਸਾਹਿਤਕ ਕਹਾਣੀ ਨਾਲੋਂ ਵੱਧ ਹੈਰਾਨ ਕਰ ਦੇਣ ਵਾਲੀ ਹੁੰਦੀ ਏ। ਤੇ ਫੇਰ ਉਹ ਅਸਲੀਅਤ ਜਿਹੜੀ ਕਿਸੇ ਮਜ਼ਦੂਰ ਦੇ ਜੀਵਨ ਨਾਲ ਜੁੜੀ ਹੋਈ ਹੋਵੇ।
ਸਾਡੇ ਪਿੰਡ ਮਡਰ ਦੇ ਇਲਾਵਾ ਜਿੰਨੇ ਵੀ ਲੋਕ ਟੇਪਚੂ ਨੂੰ ਜਾਣਦੇ ਨੇ ਉਹ ਸਾਰੇ ਮੰਨਦੇ ਨੇ ਕਿ 'ਟੇਪਚੂ ਕਦੀ ਮਰੇਗਾ ਨਹੀਂ—ਸਾਲਾ ਜਿੰਨ ਏਂ।'
ਤੁਹਾਨੂੰ ਹੁਣ ਵੀ ਵਿਸ਼ਵਾਸ ਨਾ ਹੁੰਦਾ ਹੋਵੇ ਤਾਂ ਜਿੱਥੇ, ਜਦੋਂ, ਜਿਸ ਸਮੇਂ ਤੁਸੀਂ ਚਾਹੋ, ਮੈਂ ਤੁਹਾਨੂੰ ਟੇਪਚੂ ਨਾਲ ਮਿਲਵਾ ਸਕਦਾ ਆਂ।
      ੦੦੦ ੦੦੦ ੦੦੦