Monday, October 26, 2009

ਵਿੱਥਾਂ ਤੇ ਪਾੜੇ... ਲੇਖਕ : ਬੀਰ ਰਾਜਾ




ਉਰਦੂ ਕਹਾਣੀ : ਵਿੱਥਾਂ ਤੇ ਪਾੜੇ... ਲੇਖਕ : ਬੀਰ ਰਾਜਾ
ਅਨੁਵਾਦ : ਮਹਿੰਦਰ ਬੇਦੀ, ਜੈਤੋ


ਉਹ ਮੈਨੂੰ ਕਨਾਟ ਪਲੇਸ ਦੇ ਪਾਰਕ ਵਿਚ ਮਿਲੀ ਸੀ...ਇਹ ਸੱਚ ਨਹੀਂ, ਬਲਿਕੇ ਉਸਨੇ ਮੈਨੂੰ ਆਣ ਘੇਰਿਆ ਸੀ। ਉਦੋਂ ਮੈਂ ਭੁੱਖਾ ਲੇਟਿਆ ਹੋਇਆ ਸਾਂ ਤੇ ਆਪਣੇ ਅਤੇ ਆਸਮਾਨ ਦੇ ਵਿਚਕਾਰ, ਭਖ਼ ਰਹੇ ਗੁਲਮੋਹਰ ਦੇ ਫੁੱਲਾਂ ਵੱਲ ਵੇਖ ਰਿਹਾ ਸਾਂ। ਚਿੜੀਆਂ ਦੀ ਚਹਿਚਹਾਟ, ਟਰੈਫ਼ਿਕ ਦੀ ਗਰਗਰਾਹਟ ਨਾਲੋਂ ਉੱਚੀ ਜਾਪਦੀ ਸੀ ਤੇ ਉਸ ਵਿਚ ਆਸ-ਪਾਸ ਤਾਸ਼ ਖੇਡ ਰਹੀਆਂ ਟੋਲੀਆਂ ਦਾ ਰੌਲਾ-ਰੱਪਾ ਵੀ ਘੁਲ-ਮਿਲ ਰਿਹਾ ਸੀ।...ਭੁੱਖ ਦੇ ਅਜਿਹੇ ਪਲਾਂ ਵਿਚ ਜਦੋਂ ਦੂਜੇ ਆਪਣੀ ਖਿਝ ਮਿਆਉਣ ਵਾਸਤੇ ਕਿਸੇ ਨਾ ਕਿਸੇ ਸ਼ੈ ਨੂੰ ਦੋਸ਼ੀ ਠਹਿਰਾਉਂਦੇ ਨੇ, ਪਤਾ ਨਹੀਂ ਕਿਉਂ ਮੈਂ ਅਜੀਬ ਅਜੀਬ ਹਰਕਤਾਂ ਕਰਨ ਲੱਗ ਪੈਂਦਾ ਹਾਂ। ਭੁੱਖ ਵੀ ਕਈ ਕਿਸਮ ਦੀ ਹੁੰਦੀ ਹੈ; ਮੇਰੀ ਭੁੱਖ ਅਜਿਹੀ ਹੈ, ਜਿਸਦਾ ਅਹਿਸਾਸ ਮੈਨੂੰ ਆਪ ਨੂੰ ਕਦੀ ਨਹੀਂ ਹੋਇਆ।
ਗਰਮ ਲੂ ਦੀ ਮਾਰ ਸਦਕਾ ਪਿੰਡਾ ਤਪ ਰਿਹਾ ਸੀ; ਕੱਪੜੇ ਪਸੀਨੇ ਨਾਲ ਭਿੱਜੇ ਹੋਏ ਸਨ। ਆਸੇ-ਪਾਸੇ ਦੇ ਲੋਕਾਂ ਦੀਆਂ ਨਜ਼ਰਾਂ ਉਸ ਉੱਤੇ ਟਿਕ ਗਈਆਂ ਸਨ; ਦੂਹਰੇ ਅਰਥਾਂ ਵਾਲੇ ਸ਼ਬਦ ਤੇ ਮਜ਼ਾਕੀਆ ਵਾਕ ਹਵਾ ਵਿਚ ਉਛਾਲੇ ਜਾ ਰਹੇ ਸਨ; ਇਸ਼ਾਰੇ ਬਾਜ਼ੀ ਸ਼ੁਰੂ ਹੋ ਚੁੱਕੀ ਸੀ ਤੇ ਉਹ ਸਭ ਪਾਸਿਓਂ ਲਾਪ੍ਰਵਾਹ ਤੇ ਅਵੇਸਲੀ-ਜਿਹੀ ਹੋ ਕੇ ਮੇਰੇ ਉੱਪਰ ਝੁਕੀ ਹੋਈ ਸੀ।
ਉਸਦਾ ਮਿਲਣਾ ਮੈਨੂੰ ਰੜਕ ਰਿਹਾ ਸੀ, ਜਦੋਂ ਕਿ ਮੈਨੂੰ ਕੋਈ ਕੰਮ ਨਹੀਂ ਸੀ ਤੇ ਨਾ ਹੀ ਇਹ ਕਿਤੇ ਜਾਣ ਦੇ ਦਿਨ ਸਨ। ਦਿਨ ਵੀ ਕਈ ਤਰ੍ਹਾਂ ਦੇ ਹੁੰਦੇ ਨੇ ; ਛੋਟੇ ਦਿਨ, ਵੱਡੇ ਦਿਨ, ਡਰਾਵਣੇ ਦਿਨ, ਇਕੱਲ ਦਾ ਅਹਿਸਾਸ ਕਰਵਾਉਂਦੇ ਰਹਿਣ ਵਾਲੇ ਦਿਨ, ਕਈ ਦਿਨ ਭੁੱਲ ਜਾਣ ਵਾਲੇ ਹੁੰਦੇ ਨੇ ਤੇ ਕਈ-ਕਈ ਹਮੇਸ਼ਾ ਚੇਤੇ ਰੱਖਣ ਵਾਲੇ। ਪਰ ਇਹ ਬੜਾ ਹੀ ਵਾਧੂ ਜਿਹਾ ਦਿਨ ਸੀ...ਆਪਣੀ ਹੀਣਤਾ ਦਾ ਅਹਿਸਾਸ ਕਰਵਾਉਣ ਵਾਲਾ ਦਿਨ, ਜਾਂ ਫੇਰ ਕਿਸੇ ਪਾਰਕ ਦੇ ਕੋਨੇ ਵਿਚ ਗੁਲਮੋਹਰ ਹੇਠ ਪਏ ਰਹਿਣ ਵਾਲਾ ਦਿਨ। ਉਸਨੂੰ ਵੇਖ ਕੇ ਇੰਜ ਮਹਿਸੂਸ ਹੋਇਆ ਸੀ, ਜਿਵੇਂ ਉਸਨੇ ਮੈਨੂੰ ਚੋਰੀ ਕਰਦੇ ਨੂੰ ਫੜ ਲਿਆ ਹੈ। ਦੂਜਿਆਂ ਤੋਂ ਨੱਸ ਕੇ ਅਜਿਹੀਆਂ ਗੱਲਾਂ ਬਾਰੇ ਸੋਚਣਾ, ਜਿਹੜੀਆਂ ਹਕੀਕਤ ਵਿਚ ਕਦੀ-ਕਿਤੇ ਹੀ ਵਾਪਰਦੀਆਂ ਨੇ, ਵੀ ਇਕ ਚੋਰੀ ਹੀ ਹੁੰਦਾ ਹੈ...ਚੋਰੀ ਨਾ ਕਰਨ ਦੀ ਚੋਰੀ, ਜਿਵੇਂ ਮੈਂ ਉਸਦਾ ਕੁਝ ਵੀ ਨਹੀਂ ਸੀ ਚੁਰਾਇਆ।
ਉਸ ਵੇਲੇ ਨਵੀਂ ਦਿੱਲੀ ਦੀਆਂ ਰੌਣਕਾਂ ਵਿਚਕਾਰ ਮੈਨੂੰ ਆਪਣੀ ਯਤੀਮੀ ਦਾ ਡੂੰਘਾ ਅਹਿਸਾਸ ਹੋ ਰਿਹਾ ਸੀ। ਇੱਛਾ ਸੀ, ਕੋਈ ਦਿਸ ਪਏ। ਪਰ ਉਹ!...ਉਹਦਾ ਮਿਲਣਾ ਤਾਂ ਉਂਜ ਹੀ ਮੇਰੇ ਉੱਪਰ ਕਿਸੇ ਬੋਝ ਵਾਂਗ ਲੱÎਦਿਆ ਜਾਂਦਾ ਸੀ। ਹਾਲਾਂਕਿ ਉਹਨੇ ਮੈਨੂੰ ਕਦੀ ਪ੍ਰੇਸ਼ਾਨ ਨਹੀਂ ਸੀ ਕੀਤਾ, ਸਗੋਂ ਮੈਂ ਉਸਨੂੰ ਤੰਗ ਕਰਦਾ ਰਹਿੰਦਾ ਸਾਂ। ਨਾ ਉਹ ਕਦੇ ਕੋਈ ਫਰਮਾਇਸ਼ ਕਰਦੀ ਤੇ ਨਾ ਹੀ ਕਿਸੇ ਚੀਜ਼ ਖਾਤਰ ਜ਼ਿੱਦ। ਪਰ ਕਦੀ ਕਦੀ ਕੁਝ ਮਾਮੂਲੀ ਜਿਹੀਆਂ ਗੱਲਾਂ ਵੀ ਪ੍ਰੇਸ਼ਾਨ ਕਰਨ ਲੱਗ ਪੈਂਦੀਆਂ ਨੇ, ਜਿਵੇਂ ਉਸਦੀ ਚੁੱਪ ਤੇ ਕੱਛੂ ਵਰਗੀ ਤੋਰ। ਉਹ ਹਮੇਸ਼ਾ ਹੌਲੀ-ਹੌਲੀ, ਮੇਰੇ ਪਿੱਛੇ ਪਿੱਛੇ ਤੁਰੀ ਆਉਂਦੀ। ਜਦੋਂ ਚੰਗਾ ਖਿਝ ਜਾਂਦਾ, ਕਾਹਲੀ-ਕਾਹਲੀ ਟੁਰਨ ਲੱਗ ਪੈਂਦਾ ਤੇ ਉਹ ਹਫਦੀ-ਹੌÎਂਕਦੀ ਹੋਈ ਮਗਰੇ-ਮਗਰ ਨੱਸੀ ਆਉਂਦੀ। ਸਿਰਫ ਉਸਨੂੰ ਤੰਗ ਕਰਨ ਵਾਸਤੇ ਕਿਸੇ ਰਾਹ ਜਾਂਦੇ ਨੂੰ ਰੋਕ ਕੇ ਫਜ਼ੂਲ ਜਿਹੀਆਂ ਗੱਲਾਂ ਪੁੱਛਣ ਲੱਗ ਪੈਂਦਾ। ਉਹ ਕੁਝ ਵਿੱਥ ਪਾ ਕੇ ਚੁੱਪਚਾਪ ਖੜ੍ਹੀ ਮੈਨੂੰ ਘੂਰਦੀ ਰਹਿੰਦੀ। ਮੁੜ ਮੈਂ ਟੁਰ ਪੈਂਦਾ ਤੇ ਉਹ ਵੀ ਪਿੱਛੇ-ਪਿੱਛੇ ਲੱਗ ਟੁਰਦੀ। ਬੜੀ ਵਾਰੀ ਇੰਜ ਹੀ ਸਾਰਾ ਦਿਨ ਘੁੰਮਦੇ-ਘੁਮਾਂਦੇ ਰਾਤ ਨੂੰ ਮੁੜਦੇ, ਪਰ ਆਪਸ ਵਿਚ ਕੋਈ ਗੱਲ ਨਹੀਂ ਸਾਂ ਕਰਦੇ। ਅਜਿਹੀ ਚੁੱਪ ਵਿਚੋਂ ਉਸਨੂੰ ਪਤਾ ਨਹੀਂ ਕੀ ਲੱਭਦਾ ਸੀ ਤੇ ਮੈਨੂੰ ਵੀ...
ਅਖ਼ੀਰ ਥੱਕ-ਹਾਰ ਕੇ ਹਮੇਸ਼ਾ ਕਾਫੀ-ਹਾਊਸ ਵਿਚ ਆ ਬੈਠਦੇ ਸਾਂ। ਹੋਰ ਕੋਈ ਜਗ੍ਹਾ ਵੀ ਨਹੀਂ ਸੀ ਜਿੱਥੇ ਬਗ਼ੈਰ ਪੈਸਿਆਂ ਤੋਂ ਜਾਂ ਥੋੜ੍ਹੇ ਜਿਹੇ ਖਰਚੇ ਵਿਚ ਏਨੇ ਸਾਰੇ ਲੋਕਾਂ ਵਿਚਕਾਰ, ਪੂਰੇ ਅਧਿਕਾਰ ਨਾਲ ਬੈਠ ਸਕੀਏ। ਉੱਥੇ ਪਹੁੰਚਦੇ ਤੇ ਬਹੁਤ ਸਾਰੀਆਂ ਨਜ਼ਰਾਂ ਸਾਡੇ ਉੱਪਰ ਚਿਪਕ ਜਾਂਦੀਆਂ। ਲੋਕ ਮੈਨੂੰ ਇੰਜ ਘੂਰ-ਘੂਰ ਕੇ ਵੇਂਹਦੇ, ਜਿਵੇਂ ਮੈਂ ਉਹਨਾਂ ਦੀ ਕੋਈ ਪਿਆਰੀ ਸ਼ੈਅ ਚੁਰਾਅ ਲਈ ਹੋਵੇ। ਉਹਨਾਂ ਅੱਖਾਂ ਵਿਚ ਚਲਾਕੀ, ਹੁਸ਼ਿਆਰੀ ਤੇ ਸਸਤਾ ਜਿਹਾ ਹਾਸਾ ਹੁੰਦਾ ਸੀ। ਉਹ ਬਿਨਾਂ ਕਿਸੇ ਦੀ ਪ੍ਰਵਾਹ ਕੀਤਿਆਂ, ਕੋਈ ਖਾਲੀ ਕੁਰਸੀ ਮੱਲ ਬਹਿੰਦੀ ਤੇ ਆਪਣਾ ਬੈਗ਼ ਮੇਜ਼ ਉੱਤੇ ਟਿਕਾਅ ਦੇਂਦੀ। ਮੈਂ ਸ਼ਰਾਰਤੀ ਨਜ਼ਰਾਂ ਨਾਲ ਸਭ ਦੀਆਂ ਸ਼ਕਲਾਂ ਵੇਂਹਦਾ ਰਹਿੰਦਾ।
'ਫਰੀ ਲਵਰਜ਼'...'ਖਾਮੋਸ਼ ਪਰਿੰਦੇ'...'ਗੂੰਗਾ ਜੋੜਾ' ਚਾਰੇ ਪਾਸੇ ਹੋ ਰਹੀ ਖੁਸਰ-ਫੁਸਰ ਵਿਚੋਂ ਛਣ-ਛਣ ਆਉਂਦੇ ਇਹਨਾਂ ਸ਼ਬਦਾਂ ਨੂੰ ਸੁਣਦਾ ਤੇ ਅੰਦਰੇ-ਅੰਦਰ ਦੁਹਰਾਉਂਦਾ ਰਹਿੰਦਾ।
ਭੁੱਖੀਆਂ ਨਜ਼ਰਾਂ ਉਸਨੂੰ ਚੂੰਡਣ ਵਿਚ ਰੁੱਝ ਜਾਂਦੀਆਂ। ਉਹ ਬੜੀ ਬੇਪ੍ਰਵਾਹੀ ਨਾਲ ਮੇਰੇ ਥੈਲੇ ਵਿਚੋਂ ਕੋਈ ਕਿਤਾਬ ਕੱਢ ਕੇ ਪੜ੍ਹਨ ਦਾ ਨਾਟਕ ਕਰਦੀ ਰਹਿੰਦੀ।
ਹਮੇਸ਼ਾ ਇਹੀ ਸਿਲਸਿਲਾ ਚੱਲਦਾ ਸੀ। ਅਜਿਹੇ ਹੀ ਇਕ ਦਿਨ ਜਦੋਂ ਰਾਤੀਂ ਮੈਂ ਆਪਣੇ ਥੈਲੇ ਵਿਚੋਂ ਕਿਤਾਬ ਕੱਢੀ ਤਾਂ ਹੈਰਾਨ ਰਹਿ ਗਿਆ। ਹਾਸ਼ੀਏ ਉੱਤੇ ਇਕ ਜਗ੍ਹਾਂ ਲਿਖਿਆ ਸੀ : 'ਉਹ ਨਜ਼ਰਾਂ ਮੇਜੇ ਕੱਪੜੇ ਲਾਹ ਸੁੱਟਣਾ ਚਾਹੁੰਦੀਆਂ ਨੇ। ਲੋਕ ਕੱਪੜਿਆਂ ਦੇ ਅੰਦਰ ਹੀ ਕਿਉਂ ਝਾਕਦੇ ਨੇ? ਕੀ ਇਕ ਔਰਤ ਤੇ ਇਕ ਮਰਦ ਦਾ ਬਿਸਤਰੇ ਤੋਂ ਬਿਨਾਂ ਕੋਈ ਹੋਰ ਰਿਸ਼ਤਾ ਨਹੀਂ ਹੋ ਸਕਦਾ? ਕੀ ਸਾਡੀ ਦੋਸਤੀ ਮਾਨਸਿਕ ਪੱਧਰ ਦੀ ਨਹੀਂ ਹੋ ਸਕਦੀ? ਲੋਕ ਕਮੀਨਗੀ ਨਾਲ, ਅਜਿਹੇ ਸੰਬੰਧਾਂ ਦੇ ਦੂਜੇ ਹੀ ਅਰਥ ਕਿਉਂ ਕੱਢ ਬਹਿੰਦੇ ਨੇ? ਉਹ ਕਿਸੇ ਕੁੜੀ ਨੂੰ ਇਕ ਮੂੰਡੇ ਨਾਲ ਜਾਂਦੀ ਵੇਖ ਕੇ ਇੰਜ ਕਿਉਂ ਸੋਚਦੇ ਨੇ?'
ਮੈਂ ਕਿਤਾਬ ਬੰਦ ਕਰ ਦਿੱਤੀ, ਉਸ ਰਾਤ ਪੜ੍ਹਨ ਨੂੰ ਮਨ ਨਹੀਂ ਸੀ ਮੰਨਿਆਂ। ਉਹ ਕਦੀ ਕਦੀ ਅਜਿਹੀਆਂ ਚੁਭਵੀਆਂ ਤੇ ਸਪਸ਼ਟ ਗੱਲਾਂ ਵੀ ਲਿਖ ਦੇਂਦੀ ਹੈ...ਜਿਹਨਾਂ ਨੂੰ ਅਸੀਂ ਕੁੜੀਆਂ ਦੇ ਮੂੰਹੋਂ ਸੁਣਨ ਦੇ ਆਦੀ ਨਹੀਂ ਹੁੰੁੁੁੁੁੁੁੁੁੁਦੇ। ਇਕ ਵੇਰ ਅਸੀਂ ਕਿਸੇ ਮੀਟਿੰਗ ਵਿਚ ਗਏ ਸਾਂ। ਉੱਥੇ ਮੇਰੇ ਇਕ ਦੋਸਤ ਨੇ ਔਰਤ ਦੀ ਆਜ਼ਾਦੀ ਦੀ ਬਰਾਬਰੀ ਦੇ ਵਿਸ਼ੇ 'ਤੇ ਇਕ ਲੰਮਾਂ ਚੌੜਾ ਭਾਸ਼ਣ ਦਿੱਤਾ ਸੀ। ਉਸ ਰਾਤ ਵੀ ਮੇਰੇ ਥੈਲੇ ਵਿਚੋਂ ਇਕ ਪਰਚੀ ਨਿੱਕਲੀ ਸੀ : 'ਤੇਰਾ ਉਹ ਭਾਸ਼ਣਬਾਜ਼ ਦੋਸਤ, ਸਵੇਰ ਤੋਂ ਸ਼ਾਮ ਤਕ ਇਕ ਕਾਫੀ ਹਾਊਸ ਵਿਚ ਬੈਠਣ ਤੇ ਉਸਦੇ ਬੰਦ ਹੋਣ ਤੋਂ ਬਾਅਦ ਕਿਤੋਂ ਪੀ-ਪੂ ਕੇ ਘਰੇ ਵੜਦਾ ਹੈ। ਉਸਦੀ ਪਤਨੀ ਨੂੰ ਆਜ਼ਾਦੀ ਕੌਣ ਦਵੇਗਾ? ਕੀ ਉਹ ਉਸਦੀ ਜ਼ਾਇਦਾਦ ਹੈ?'
ਦੂਜੇ ਦਿਨ ਮੈਂ ਵੀ ਇਕ ਪਰਚੀ ਲਿਖ ਕੇ ਉਸਦੀ ਕਿਤਾਬ ਵਿਚ ਪਾ ਦਿੱਤੀ ਸੀ, ਜਿਸ ਉੱਤੇ ਲਿਖਿਆ ਸੀ : 'ਉਂਜ ਤਾਂ ਸਾਰੇ ਵਿਚਾਰਾਂ ਦੀ ਬਰਾਬਰੀ ਚਾਹੁੰਦੇ ਨੇ, ਪਰ ਉਹਨਾਂ ਦੇ ਅਚੇਤ ਮਨ, ਇਹ ਗੱਲ ਬਰਦਾਸ਼ਤ ਨਹੀਂ ਕਰ ਸਕਦੇ ਕਿ ਕੋਈ ਔਰਤ, ਉਹਨਾਂ ਦੇ ਆਸ-ਪਾਸ, ਉਹਨਾਂ ਦੀ ਬਣਾਈ ਦੁਨੀਆਂ ਵਿਚ, ਉਹਨਾਂ ਵਾਂਗਰ ਹੀ, ਬਿਨਾਂ ਉਹਨਾਂ ਉੱਤੇ ਨਿਰਭਰ ਹੋਇਆਂ, ਰਹਿ ਰਹੀ ਹੋਵੇ। ਅਜਿਹੇ ਲੋਕਾਂ ਨੂੰ ਮੁਆਫ਼ ਕਰ ਦਿਆ ਕਰ। ਇਹਨਾਂ ਗੱਲਾਂ ਲਈ ਉਹ ਜ਼ਿੰਮੇਵਾਰ ਨਹੀਂ, ਵਿਚਾਰੇ। ਇਹ ਤਾਂ ਉਹ ਨੇ ਜਿਹਨਾਂ ਦਾ ਭਾਰ ਉਹ ਢੋ ਰਹੇ ਨੇ। ਸ਼ਾਇਦ ਹੁਣ ਉਹਨਾਂ ਦੀ ਤੱਕਣੀ ਤੇ ਉਹਨਾਂ ਅੱਖਾਂ ਵਿਚ ਵੱਸੀ ਹੋਈ ਹਵਸ ਤੈਨੂੰ ਓਨੀਂ ਬੁਰੀ ਨਹੀਂ ਲੱਗੇਗੀ...'
ਪਰਚੀ ਪੜ੍ਹਨ ਪਿੱਛੋਂ ਉਸਨੇ ਮੈਨੂੰ ਹੋਰ ਤਰ੍ਹਾਂ ਹੀ ਵੇਖਿਆ ਸੀ। ਸ਼ਾਇਦ ਉਸਨੂੰ ਯਕੀਨ ਨਹੀਂ ਸੀ ਆਇਆ ਕਿ ਮੈਂ ਇੰਜ ਵੀ ਸੋਚ ਸਕਦਾ ਹਾਂ। ਉਸ ਰਾਤ ਜਿਹੜੀ ਪਰਚੀ ਮੈਨੂੰ ਮਿਲੀ ਸੀ, ਉਸ ਉੱਤੇ ਮੇਰੀਆਂ ਆਖ਼ਰੀ ਸਤਰਾਂ ਲਿਖੀਆਂ ਸਨ...'ਉਦੋਂ ਉਹ ਕਿਸੇ ਔਰਤ ਨੂੰ ਨਹੀਂ, ਬਲਿਕੇ ਆਪਣੀ ਭੁੱਖ ਨੂੰ ਵੇਖ ਰਹੇ ਹੁੰਦੇ ਨੇ'...'ਤੇਰੀ ਇਹ ਗੱਲ ਮੈਨੂੰ ਜਚ ਗਈ ਏ।'
''ਅੱਜ ਆਪਾਂ ਸ਼ਹਿਰੋਂ ਬਾਹਰਵਾਰ ਚੱਲਾਂਗੇ।'' ਉਸਦੀ ਇਸ ਗੱਲ ਨੇ ਮੈਨੂੰ ਡਰਾ ਦਿੱਤਾ ਸੀ।
ਸ਼ਹਿਰੋਂ ਬਾਹਰਵਾਰ ; ਜਿੱਥੇ ਅਸੀਂ, ਅਸੀਂ ਨਹੀਂ ਹੁੰਦੇ। ਜਿੱਥੇ ਸਿਰਫ ਡਿੱਗੇ-ਢੱਠੇ ਖੰਡਰ, ਪੁਰਾਣੇ ਕਿਲੇ, ਮਕਬਰੇ, ਪੁਰਾਣੀਆਂ ਇਮਾਰਤਾਂ, ਉਜਾੜ-ਉਦਾਸ ਮੈਦਾਨ ਹੀ ਹੁੰਦੇ ਨੇ। ਉੱਥੇ ਪਹੁੰਚ ਕੇ ਅਸੀਂ ਆਪਣੀ ਹੋਂਦ, ਅਣਹੋਂਦ ਦੇ ਅਹਿਸਾਸ ਦੀ ਸੁੰਨ-ਸਮਾਧ ਵਿਚ ਲਟਕ ਜਾਂਦੇ ਹਾਂ...ਭਾਵੇਂ ਕੁਝ ਪਲਾਂ ਵਾਸਤੇ ਹੀ ਸਹੀ।
ਉਸ ਦਿਨ ਏਨੀ ਦੂਰ ਜਾ ਕੇ, ਸਿਰਫ ਅਜਿਹਾ ਕੁਝ ਪ੍ਰਾਪਤ ਕਰਨਾ ਜਾਂ ਮਹਿਸੂਸ ਕਰਨਾ ਬੜਾ ਹੀ ਮੁਸ਼ਕਿਲ ਜਾਪਦਾ ਸੀ। ਹਾਲਾਂਕਿ ਉਸਨੇ ਪਹਿਲੀ ਵਾਰ, ਕਿਧਰੇ ਚੱਲਣ ਵਾਸਤੇ ਆਪ ਕਿਹਾ ਸੀ, ਉਂਜ ਜਿੱਧਰ ਮੈਂ ਜਾਂਦਾ ਸਾਂ, ਉਹ ਵੀ ਉਧਰੇ ਟੁਰ ਪੈਂਦੀ ਸੀ...ਮੇਰਾ ਧਿਆਨ ਗੁਲਮੋਹਰ ਦੇ ਫੁੱਲਾਂ ਵੱਲੋਂ ਆਪਣੇ ਪਸੀਨੇ-ਭਿੱਜੇ ਕਪੜਿਆਂ, ਭੁੱਖ ਨਾਲ ਪਿਚਕੇ ਹੋਏ ਢਿੱਡ ਤੇ ਖ਼ਾਲੀ ਜੇਬਾਂ ਵੱਲ ਚਲਾ ਗਿਆ। ਮੈਨੂੰ ਇੰਜ ਲੱÎਗਿਆ ਜਿਵੇਂ ਉਸਨੇ ਮੈਨੂੰ ਆਪਣੀਆਂ ਖ਼ਾਲੀ ਜੇਬਾਂ ਵਿਚ ਝਾਕਦੇ ਨੂੰ ਉੱਤੋਂ ਫੜ੍ਹ ਲਿਆ ਹੋਵੇ...ਹਾਲਾਂਕਿ ਮੈਂ ਅਜੇ ਇੰਜ ਸੋਚਿਆ ਹੀ ਸੀ।
ਪਤਾ ਨਹੀਂ ਇੰਜ ਕਿਉਂ ਹੁੰਦਾ ਹੈ? ਮੈਂ ਕਦੇ ਵੀ ਆਪਣੀਆਂ ਮਜ਼ਬੂਰੀਆਂ ਕਰਕੇ ਆਪਣੇ ਆਪ ਨੂੰ ਹੀਣ ਨਹੀਂ ਸਮਝਿਆ ਤੇ ਫੇਰ ਵੀ ਇੰਜ ਵਾਪਰ ਜਾਂਦਾ ਹੈ। ਕਿਉਂ? ਮੈਂ ਉੱਠ ਕੇ ਖੜ੍ਹਾ ਹੋ ਗਿਆ ਸਾਂ ਤੇ ਉਸ ਵੱਲ ਵੇਖਣ ਦੀ ਬਜਾਏ, ਉਂਜ ਹੀ ਏਧਰ ਉਧਰ ਝਾਕਣ ਲੱਗ ਪਿਆ ਸਾਂ, ਜਿਵੇਂ ਕਿਸੇ ਨੂੰ ਲੱਭ ਰਿਹਾ ਹੋਵਾਂ। ਨੇੜੇ ਦੂਰ ਕੋਈ ਸਿਆਣੂੰ ਬੰਦਾ ਨਹੀਂ ਸੀ ਦਿਸਿਆ। ਕਨਾਟਪਲੇਸ ਦੀ ਗੋਲ ਸੜਕ ਉੱਤੇ ਕਾਰਾਂ ਨੱਸੀਆਂ ਜਾ ਰਹੀਆਂ ਸਨ। ਫੁਹਾਰਿਆਂ ਵਿਚੋਂ ਪਾਣੀ ਅਤਿਸ਼ਬਾਜ਼ੀ ਦੇ ਅਨਾਰ ਵਾਂਗਰ ਉਤਾਂਹ ਉੱਠ ਰਿਹਾ ਸੀ। ਪਾਣੀ ਦੀ ਫੁਹਾਰ ਦੇ ਪਰਲੇ ਪਾਸੇ ਕਈ ਕਈ ਮੰਜ਼ਿਲਾ ਇਮਾਰਤਾਂ ਸਨ। ਉਹਨਾਂ ਦੀਆਂ ਬਾਰੀਆਂ ਅਕਸਰ ਰਾਤ ਦੇ ਹਨੇਰੇ ਵਿਚ ਮੜ੍ਹੀਆਂ ਵਾਂਗ ਚਮਕਦੀਆਂ ਨੇ। ਗੋਲ ਵਰਾਂਡਿਆਂ ਵਿਚ ਸਦੀਵੀਂ ਚਹਿਲ ਪਹਿਲ ਸੀ।
''ਕੀ ਸੋਚਣ ਲੱਗ ਪਿਆ ਏਂ?''
ਉਸਦੇ ਹੁਸੀਨ ਚਿਹਰੇ ਉੱਤੇ ਹਮੇਸ਼ਾ ਵਾਂਗ ਹੀ, ਲੰਮੇ ਰੇਸ਼ਮੀ ਵਾਲਾਂ ਦੀ ਇਕ ਲਿਟ ਝੂਲ ਰਹੀ ਸੀ। ਉਸਦੀਆਂ ਸਿਪ ਦੇ ਆਕਾਰ ਦੀਆਂ ਕਿਸ਼ਤੀਆਂ ਵਰਗੀਆਂ ਅੱਖਾਂ ਵਿਚ ਆਪਣੀ ਖਾਸ ਚਮਕ ਦੇ ਨਾਲ ਨਾਲ ਇਕ ਉਦਾਸ ਜਿਹੀ ਸਿਲ੍ਹ ਵੱਸੀ ਹੋਈ ਸੀ। ਉਹ ਅੱਖਾਂ ਜਿਧਰ ਵੇਖਦੀਆਂ ਸਨ, ਸਾਰੇ ਉਹਨਾਂ ਨੂੰ ਵੇਖਦੇ ਰਹਿ ਜਾਂਦੇ ਸਨ। ਉਦੋਂ ਇੰਜ ਮਹਿਸੂਸ ਹੁੰਦਾ ਸੀ, ਜਿਵੇਂ ਉਹ ਦੂਜਿਆਂ ਦਾ ਹਾਲ-ਚਾਲ ਧੁਰ-ਅੰਦਰ ਤਕ ਪੜ੍ਹ ਸਕਦੀ ਹੈ। ਹੁਣ ਉਹੀ ਅੱਖਾਂ ਮੇਰੇ ਉੱਤੇ ਟਿਕੀਆਂ ਹੋਈਆਂ ਸਨ। ਸ਼ਾਇਦ ਇਸੇ ਕਰਕੇ ਮੇਰਾ ਧਿਆਨ ਕਦੇ ਉਸਦੀ ਖ਼ੂਬਸੂਰਤੀ ਵੱਲ ਨਹੀਂ ਸੀ ਗਿਆ। ਉਹ ਮੇਰੇ ਨਾਲ ਢੁੱਕ ਕੇ ਖੜ੍ਹੀ ਸੀ। ਉਸਦੇ ਜਿਸਮ ਤੇ ਅੱਖਾਂ ਦੀ ਤਪਸ਼ ਕੋਲੋਂ ਮੈਨੂੰ ਭੈਅ ਆਉਣ ਲੱਗ ਪਿਆ। ਉਸਦੀਆਂ ਚੱਪਲਾਂ ਉੱਤੇ ਖਾਸੀ ਧੂੜ ਜੰਮੀ ਹੋਈ ਸੀ। ਇਕ ਗੱਲ ਸਾਫ ਹੋ ਗਈ ਸੀ ਕਿ ਉਹ ਮੈਨੂੰ ਮੇਰੇ ਸਾਰੇ ਠਿਕਾਣਿਆਂ ਉੱਤੇ ਵੇਖ ਆਈ ਸੀ।
''ਕਹੇਂ ਤਾਂ ਸ਼ਿਵਾਜੀ ਪਾਰਕ ਸਟੇਡੀਅਮ ਨੇੜੇ ਕਲਾਕ-ਟਾਵਰ ਚੱਲੀਏ ?''
ਉਹ ਉਸਦਾ ਮਨਪਸੰਦ ਰੇਸਤਰਾਂ ਸੀ।
''ਨਹੀਂ, ਜਾਂ ਛੱਤ ਵਾਲੇ ਕਾਫੀ-ਹਾਊਸ...ਜਾਂ ਫੇਰ ਉਸਦੇ ਸਾਹਮਣੇ ਓਪਨ-ਏਅਰ ?''
ਮੈਂ ਉਸਦੀ ਆਵਾਜ਼ ਤਕ ਨਹੀਂ ਸੁਣਨਾ ਚਾਹੁੰਦਾ ਸਾਂ। ਕਈ ਆਵਾਜ਼ਾਂ ਭੈੜੀਆਂ ਨਹੀਂ ਹੁੰਦੀਆਂ, ਖਾਸ-ਖਾਸ ਮੌਕਿਆਂ ਉੱਤੇ ਹੀ ਬੁਰੀਆਂ ਲੱਗਦੀਆਂ ਨੇ। ਤੇ ਇਸ ਦਾ ਕਾਰਨ, ਆਪਣੇ ਅੰਦਰਲਾ ਕੋਈ ਪ੍ਰੇਤ ਹੀ ਹੁੰਦਾ ਹੈ, ਸ਼ਾਇਦ। ਉਹ ਪਹਿਲੀ ਵਾਰੀ ਮੇਰ ਜਿਹੀ ਨਾਲ ਬੋਲ ਰਹੀ ਸੀ, ਕਿੰਨਾਂ ਚੰਗਾ ਹੁੰਦਾ ਜੇ ਕਿਸੇ ਹੋਰ ਮੌਕੇ ਬੋਲੀ ਹੁੰਦੀ।
''ਸੇਲਰ ਚੱਲੀਏ?''
ਰੀਗਲ ਵੱਲ ਇਸ਼ਾਰਾ ਕਰਕੇ ਉਹ ਖਿੜ-ਖਿੜ ਕਰਕੇ ਹੱਸ ਪਈ। ਸ਼ਰਾਰਤ ਵਜੋਂ ਉਸਦੀਆਂ ਅੱਖਾਂ ਮਿਚ ਗਈਆਂ ਤੇ ਗੱਲ੍ਹਾਂ ਵਿਚ ਟੋਏ ਪੈਣ ਲੱਗ ਪਏ।
''ਤੂੰ ਜ਼ਰਾ ਏਥੇ ਖਲੋ, ਮੈਂ ਹੁਣੇ ਆਇਆ।''
''ਨਹੀਂ! ਮੈਂ ਵੀ ਤੇਰੇ ਨਾਲ ਈ ਚੱਲਾਂਗੀ।''
ਉਸਦੀ ਆਵਾਜ਼ ਵਿਚ ਪੂਰਾ ਅਧਿਕਾਰ ਸੀ। ਸ਼ਾਇਦ ਉਹ ਮੇਰੀ ਖੇਡ ਤਾੜ ਚੁੱਕੀ ਸੀ। ਹੁਣ ਨੱਸ ਕੇ ਕਿਤੋਂ ਉਧਾਰ ਫੜ੍ਹ ਲਿਆਉਣ ਦਾ ਤਾਂ ਸਵਾਲੀ ਹੀ ਨਹੀਂ ਸੀ ਪੈਦਾ ਹੁੰਦਾ।
''ਮੈਂ ਤੈਥੋਂ ਕੁਛ ਪੁੱਛਣਾ ਏਂ...'' ਉਸਦੀ ਆਵਾਜ਼ ਵਿਚ ਝੂਠ ਨਹੀਂ, ਇਕ ਖਾਸ ਕਿਸਮ ਦੀ ਦ੍ਰਿੜਤਾ ਸੀ।
''ਕਿਸੇ ਰੇਸਤਰਾਂ ਵਿਚ ਬੈਠਣ ਦਾ ਅੱਜ ਮੇਰਾ ਮੂਡ ਨਹੀਂ, ਆਪਾਂ ਕਿਧਰੇ ਬਾਹਰ ਹੀ ਚੱਲਾਂਗੇ।''
ਮੈਂ ਫੜ ਮਾਰ ਦਿੱਤੀ, ਪਰ ਅੰਦਰੇ-ਅੰਦਰ ਸਹਿਮ ਗਿਆ ਕਿ ਅੱਜ ਭੁੱਖੇ-ਪੇਟ, ਏਨੀ ਦੂਰ ਤੱਕ ਟੁਰ ਕਿੰਜ ਸਕਾਂਗਾ? ਨਾਲੇ ਉਹ ਉੱਥੇ ਪਹੁੰਚਦਿਆਂ ਹੀ ਸਭ ਕੁਝ ਭੁੱਲ ਜਾਏਗੀ। ਕਿਸੇ ਕੋਨੇ ਵਿਚ ਬੈਠ ਕੇ, ਖੁੱਲ੍ਹੇ ਅਸਮਾਨ ਵਿਚ ਉੱਡਦੇ ਪੰਛੀਆਂ ਨੂੰ ਵੇਂਹਦੀ-ਨਿਰਖਦੀ, ਨਿੱਕੀਆਂ-ਨਿੱਕੀਆਂ ਡਲੀਆਂ ਚੁੱਕ-ਚੁੱਕ ਕੇ, ਏਧਰ-ਉਧਰ ਸੁੱਟਦੀ ਰਹੇਗੀ। ਵਿਚਾਲਿਓਂ ਕੁਝ ਯਾਦ ਆਉਣ ਸਾਰ ਛੋਟੀਆਂ-ਛੋਟੀਆਂ ਪਰਚੀਆਂ ਉੱਤੇ ਲਿਖ-ਲਿਖ ਕੇ ਆਪਣੇ ਬੈਗ ਵਿਚ ਪਾਉਂਦੀ ਰਹੇਗੀ, ਜਿਵੇਂ ਸਾਰੀਆਂ ਗੱਲਾਂ ਉਸਨੂੰ ਸ਼ਹਿਰੋਂ ਬਾਹਰ, ਕਬਰਾਂ ਤੇ ਖੰਡਰਾਂ ਦੀ ਚੁੱਪ ਵਿਚਕਾਰ ਪਹੁੰਚ ਕੇ ਹੀ ਚੇਤੇ ਆਉਂਦੀਆਂ ਸਨ। ਜਿਹੜੇ ਸਕੈੱਚ ਉਹ ਇਹੋ-ਜਿਹੀਆਂ ਥਾਵਾਂ ਉੱਤੇ ਬੈਠ ਕੇ ਆਪਣੀ ਕਾਪੀ ਵਿਚ ਬਣਾਉਂਦੀ ਹੈ, ਉਹਨਾਂ ਦਾ ਸੰਬੰਧ ਉਹਨਾਂ ਥਾਵਾਂ ਦੇ ਮਾਹੌਲ ਨਾਲ ਬਿਲਕੁਲ ਨਹੀਂ ਹੁੰਦਾ ਬਲਿਕੇ ਉਸ ਮਾਹੌਲ ਤੋਂ ਪੈਦਾ ਹੋਏ ਦਿਮਾਗ਼ੀ ਮਾਹੌਲ ਨਾਲ ਹੁੰਦਾ ਹੈ।
ਪਹਿਲੀ ਵਾਰ ਉਹ ਮੈਨੂੰ ਬਚਨ ਨਾਲ ਕਾਫੀ-ਹਾਊਸ ਵਿਚ ਮਿਲੀ ਸੀ। ਉਹ ਕੋਈ ਬਹਾਨਾ ਕਰਕੇ ਖਿਸਕ ਗਿਆ ਸੀ। ਅਸੀਂ ਬੜੀ ਦੇਰ ਤੱਕ ਉਸਨੂੰ ਉਡੀਕਦੇ ਰਹੇ...
''ਤੁਹਾਡੇ ਕੋਲ ਕੁਝ ਪੈਸੇ ਹੈਨ ?'' ਉਹ ਸਮਝ ਗਈ ਬਚਨ ਹੁਣ ਵਾਪਸ ਨਹੀਂ ਆਏਗਾ। ਉਸਨੂੰ ਮੰਦਾ-ਚੰਗਾ ਆਖਦੀ ਰਹੀ। ਮੈਂ ਵੀ ਸਮਝ ਗਿਆ ਸਾਂ ਕਿ ਉਹ ਨਹੀਂ ਆਏਗਾ। ਸੋ ਉਸਦੀ ਬੁਜ਼ਦਿਲੀ ਉੱਤੇ ਪਰਦਾ ਪਾਉਣ ਵਾਸਤੇ ਚੁੱਪਚਾਪ ਬਿੱਲ ਦੇ ਆਇਆ ਸਾਂ।
''ਤੁਸੀਂ ਮੇਰੇ ਨਾਲ ਤੁਗ਼ਲਕ ਆਬਾਦ ਫੋਰਟ ਤੱਕ ਚੱਲ ਸਕਦੇ ਓ ?'' ਕਾਫੀ-ਹਾਊਸ ਤੋਂ ਬਾਹਰ ਆ ਕੇ ਉਸਨੇ ਪੁੱÎਛਿਆ ਸੀ। ਉੱਥੋਂ ਅਸੀਂ ਸਿੱਧੇ ਤੁਗ਼ਲਕ ਆਬਾਦ ਦੇ ਕਿਲੇ ਵਿਚ ਜਾ ਪਹੁੰਚੇ ਸਾਂ। ਕਿਲੇ ਉੱਪਰ, ਚਾਰੇ ਪਾਸੇ ਪਸਰੀ ਹੋਈ ਚੁੱਪ ਵਿਚਕਾਰ ਇਕ ਚਾਲੂ ਸਟੋਨ-ਕਰੈਸ਼ਰ ਦੀ ਆਵਾਜ਼, ਦੂਰ ਵੱਜਦੀ ਹੋਈ ਕਿਸੇ ਮਿੱਠੀ ਧੁਨ ਵਾਂਗ ਹੀ ਭਲੀ ਲੱਗ ਰਹੀ ਸੀ। ਉਸਨੇ ਦੂਰ ਤੱਕ ਦਿਸ ਰਹੀ ਹਰ ਸ਼ੈ ਨੂੰ ਵੇਖਿਆ। ਏਧਰ-ਉਧਰ ਘੁੰਮ-ਫਿਰ ਕੇ ਇਕ ਕੋਨੇ ਵਿਚ ਜਾ ਬੈਠੀ ਤੇ ਕਾਪੀ ਕੱਢ ਕੇ ਉਸ ਉੱਤੇ ਸਕੈੱਚ ਬਣਾਉਣ ਲੱਗ ਪਈ। ਅਖ਼ੀਰ ਮੈਂ ਖਿਝ ਕੇ ਪੁੱÎਛਿਆ ਸੀ, ''ਵਾਪਸ ਜਾਣ ਦਾ ਇਰਾਦਾ ਹੈ ਕਿ ਨਹੀਂ...?''
ਉਸਦੀਆਂ ਨਜ਼ਰਾਂ, ਸਾਹਮਣੇ, ਡੁੱਬ ਰਹੇ ਸੂਰਜ ਦੀ ਲਾਲੀ ਵਿਚ ਉਲਝੀਆਂ ਹੋਈਆਂ ਸਨ, ਜਿਹੜੀ ਦਰਖ਼ਤਾਂ ਉੱਤੇ ਟਿਕੀ ਹੋਈ ਜਾਪਦੀ ਸੀ। ਉਹ ਉਸੇ ਵਿਚ ਕਿਤੇ ਗਵਾਚੀ ਹੋਈ ਸੀ। ਲੱਗਦਾ ਸੀ, ਉਸਨੇ ਮੇਰੀ ਆਵਾਜ਼ ਹੀ ਨਹੀਂ ਸੁਣੀ। ਸ਼ਾਇਦ ਉਸੇ ਦਿਨ ਤੋਂ, ਨਾ ਚਾਹੁੰਦਿਆਂ ਹੋਇਆਂ ਵੀ, ਮੈਨੂੰ ਉਸ ਨਾਲ ਚਿੜ ਜਿਹੀ ਹੋ ਗਈ ਸੀ। ਜਦੋਂ ਕਿ ਜੇ ਉਸ ਦਿਨ ਮੈਂ ਉਸ ਨਾਲ ਨਾ ਜਾਂਦਾ ਤਾਂ ਸਾਡੀ ਦੋਸਤੀ ਵੀ ਨਹੀਂ ਸੀ ਹੋਈ ਹੋਣੀ ਤੇ ਅਸੀਂ ਇਕ ਦੂਜੇ ਤੋਂ ਜੋ ਕੁਝ ਸਿੱÎਖੇ ਹਾਂ, ਉਹ ਅਧੂਰਾ ਹੀ ਰਹਿ ਜਾਣਾ ਸੀ...
''ਨਹੀਂ, ਆਪਾਂ ਬਹੁਤੀ ਦੂਰ ਨਹੀਓਂ ਜਾਣਾ।'' ਉਸਨੇ ਮੈਨੂੰ ਸਿਰ ਤੋਂ ਪੈਰਾਂ ਤੱਕ ਵੇਂਹਦਿਆਂ ਆਖਿਆ। ਮੇਰੀਆਂ ਲੱਤਾਂ ਵਿਚ ਵੱਸੀ ਥਕਾਵਟ ਤੇ ਕਮਜ਼ੋਰੀ ਨੂੰ ਉਸ ਤਾੜ ਲਿਆ ਸੀ ਸ਼ਾਇਦ।
ਉਸ ਦਿਨ ਮੈਥੋਂ ਉਸ ਨਾਲੋਂ ਅੱਗੇ ਤਾਂ ਕੀ, ਉਸਦੇ ਬਰਾਬਰ ਵੀ ਨਹੀਂ ਸੀ ਤੁਰਿਆ ਜਾ ਰਿਹਾ। ਸਾਡਾ ਆਪਸੀ ਸਮਝੌਤਾ ਜਿਹੜਾ ਕਦੇ ਹੋਇਆ ਹੀ ਨਹੀਂ ਸੀ, ਮੈਨੂੰ ਪਹਿਲੀ ਵਾਰੀ ਟੁੱਟਦਾ ਦਿਸਿਆ। ਮੇਰੀਆਂ ਲੱਤਾਂ ਕੰਬ ਰਹੀਆਂ ਸਨ। ਗਰਮ ਜ਼ਮੀਨ ਦੀ ਤਪਸ਼ ਪੈਰਾਂ ਵੱਲੋਂ ਹੋ ਕੇ ਸਾਰੇ ਪਿੰਡੇ ਵਿਚ ਫਿਰਦੀ ਜਾ ਰਹੀ ਸੀ।
''ਅੱਜ ਆਪਾਂ ਕੁਤਬ ਤੋਂ ਪਰ੍ਹਾਂ ਤੱਕ ਚੱਲਾਂਗੇ।'' ਮੈਂ ਆਪਣੀ ਸਾਰੀ ਤਾਕਤ ਸਮੇਟਦਿਆਂ ਕਿਹਾ। ਉਸ ਤੋਂ ਹਾਰ ਜਾਣ ਦੇ ਮੂਡ ਵਿਚ ਨਹੀਂ ਸਾਂ। ਮੇਰੀ ਆਵਾਜ਼ ਵਿਚ ਗੜ੍ਹਕਾ ਸੀ ਤੇ ਮਰਦਾਨਗੀ ਵੀ, ਜਿਹੜੀ ਅਕਸਰ ਕੁੜੀਆਂ ਸਾਹਵੇਂ ਆਪਣੇ ਆਪ ਆ ਜਾਂਦੀ ਹੈ। ਉਦੋਂ ਅਸੀਂ ਜਨਪਥ ਉੱਤੇ ਖੜ੍ਹੇ ਸਾਂ।
''ਤੂੰ ਹੋਸ਼ ਵਿਚ ਤਾਂ ਹੈਂ ਨਾ ?'' ਉਸਨੇ ਇਸ਼ਾਰੇ ਨਾਲ ਸਕੂਟਰ ਰੁਕਵਾ ਲਿਆ। ਉਸਦੀ ਆਵਾਜ਼ ਵਿਚ ਅਪਣੱਤ ਸੀ, ਮੇਰੀ ਹੇਠੀ ਕਰਨ ਦੀ ਇੱਛਾ ਨਹੀਂ।
''ਨਹੀਂ ਆਪਾਂ ਪੈਦਲ ਹੀ ਚੱਲਾਂਗੇ।'' ਮੈਂ ਹਿਰਖ ਕੇ ਕੂਕਿਆ।
''ਪਹਿਲਾਂ ਬੈਠ ਜਾ, ਸੜਕ ਉੱਤੇ ਤਮਾਸ਼ਾ ਨਾ ਕਰ।'' ਉਸਨੇ ਰਤਾ ਕਰੜੀ ਆਵਾਜ਼ ਵਿਚ ਮੈਨੂੰ ਝਿੜਕ ਦਿੱਤਾ ਸੀ। ਉਂਜ ਵੀ ਪਹਿਲਾਂ ਕਦੇ ਇੰਜ ਨਹੀਂ ਸੀ ਹੋਇਆ ਕਿ ਪਹਿਲਾਂ ਉਹ ਬੈਠੀ ਹੋਏ ਤੇ ਪਿੱਛੋਂ ਮੈਂ...ਇੰਜ ਉਸਦੀ ਹਿਫ਼ਾਜ਼ਤ ਵਾਸਤੇ ਇਕ ਆਦਤ ਜਿਹੀ ਬਣੀ ਹੋਈ ਸੀ, ਸਾਡੀ। ਨਾਲੇ ਰਾਜਧਾਨੀ ਦੇ ਕਿਸੇ ਸਕੂਟਰ ਜਾਂ ਟੈਕਸੀ ਵਿਚ ਬੈਠਣ ਦੇ ਇਹੋ ਆਦਾਬ ਵੀ ਨੇ ਸ਼ਾਇਦ।
''ਅਸੀਂ ਉਸ ਤੋਂ ਅਗਾਂਹ ਨਹੀਂ ਜਾਣਾ।''
''ਕਿਉਂ?''
ਉਸਨੇ ਝੱਟ ਬੈਗ਼ ਵਿਚੋਂ ਪੈਸੇ ਕੱਢ ਕੇ ਡਰਾਈਵਰ ਨੂੰ ਦੇ ਦਿੱਤੇ ਸਨ...ਏਨੀ ਫੁਰਤੀ ਨਾਲ ਕਿ ਉਸਨੂੰ ਮੇਰੇ ਵੱਲ ਵੇਖਣ ਦਾ ਮੌਕਾ ਹੀ ਨਹੀਂ ਸੀ ਮਿਲਿਆ। ਉਹ ਜ਼ਰੂਰ ਤਾੜ ਗਈ ਸੀ। ਨਹੀਂ ਤਾਂ ਪੈਸੇ ਕਿਉਂ ਦੇਂਦੀ? ਹਮੇਸ਼ਾ ਮੈਂ ਹੀ ਪੈਸੇ ਦੇਂਦਾ ਸਾਂ। ਉਹ ਨੱਸ ਕੇ ਸਾਹਮਣੇ ਖੋਖਿਆਂ ਵਿਚੋਂ ਦੋ ਪੱਤੇ ਤੇ ਇਕ ਡਬਲਰੋਟੀ ਵੀ ਫੜ੍ਹ ਲਿਆਈ, ਜਿਵੇਂ ਮੈਂ ਲੈ ਆਉਂਦਾ ਹੁੰਦਾ ਸਾਂ।
ਉਹ ਅਸ਼ੋਕ ਪਿੱਲਰ ਤੋਂ ਅੱਗੇ ਲੰਘ ਕੇ ਖੰਡਰ ਦੇ ਪਿਛਲੇ ਪਾਸੇ ਜਾ ਬੈਠੀ ਸੀ। ਫੇਰ ਉਸਨੇ ਇਕ ਪੱਤਾ ਤੇ ਅੱਧੀ ਡਬਲਰੋਟੀ ਮੇਰੇ ਸਾਹਮਣੇ ਰੱਖ ਦਿੱਤੀ, ਜਿਵੇਂ ਮੈਂ ਉਸਦੇ ਸਾਹਮਣੇ ਰੱਖਦਾ ਹੁੰਦਾ ਸਾਂ। ਮੈਨੂੰ ਸ਼ਰਮ ਜਿਹੀ ਮਹਿਸੂਸ ਹੋਈ ਕਿ ਅਸੀਂ ਦੋਏ ਇੱਕੋ ਪੱਤੇ ਵਿਚ ਕਿਉਂ ਨਹੀਂ ਖਾ ਸਕਦੇ? ਏਨੀ ਗੱਲ ਨੇ ਇਕ ਵਾਰ ਫੇਰ ਮੈਨੂੰ ਆਪਣੀ ਹੀਣਤਾ ਦਾ ਅਹਿਸਾਸ ਕਰਵਾ ਦਿੱਤਾ। ਜੇ ਇਸ ਦੀ ਜਗ੍ਹਾ ਮੇਰਾ ਕੋਈ ਮਰਦ ਦੋਸਤ ਹੁੰਦਾ, ਕੀ ਫੇਰ ਵੀ ਅਸੀਂ ਵੱਖੋ-ਵੱਖਰੇ ਪੱÎਤਿਆਂ ਵਿਚ ਖਾਂਦੇ...
ਸ਼ਾਮ ਤਕ ਉੱਥੇ ਬੈਠੇ ਕੁਤਬ ਮੀਨਾਰ ਉੱਤੇ ਤੁਰੇ ਫਿਰਦੇ ਲੋਕਾਂ ਨੂੰ ਵੇਖਦੇ ਰਹੇ। ਉਹ ਬੌਣਿਆਂ ਵਰਗੇ ਦਿਸ ਰਹੇ ਸਨ। ਉੱਤੋਂ, ਉਹ ਕਾਗਜ਼ ਦੇ ਨਿੱਕੇ ਨਿੱਕੇ ਟੁਕੜੇ ਹੇਠਾਂ ਸੁੱਟਦੇ, ਜਿਹੜੇ ਹਵਾ ਵਿਚ ਖਿੱਲਰ ਕੇ ਇਧਰ ਉਧਰ ਉੱਡੇ ਫਿਰਦੇ। ਉਸਦੀਆਂ ਅੱਖਾਂ ਹਵਾ ਵਿਚ ਤੈਰਦੇ ਹੋਏ ਉਹਨਾਂ ਖੰਭਾਂ ਵਰਗੇ ਕਿਸੇ ਕਾਗਜ਼ ਦੇ ਟੁਕੜੇ ਦਾ ਪਿੱਛਾ ਕਰਦੀਆਂ ਤੇ ਮੁੜ ਕਿਸੇ ਹੋਰ ਟੁਕੜੇ ਉੱਤੇ ਟਿਕ ਜਾਂਦੀਆਂ, ਜਿਵੇਂ ਉਹ ਇਹਨਾਂ ਉੱਡਦੀਆਂ ਹੋਈਆਂ ਪਰਚੀਆਂ ਦਾ ਨਜ਼ਾਰਾ ਵੇਖਣ ਵਾਸਤੇ ਹੀ ਏਥੇ ਆਈ ਸੀ ਤੇ ਓਸੇ ਖੇਡ ਵਿਚ ਮਸਤ ਹੋ ਗਈ ਸੀ। ਕਈ ਪ੍ਰੇਮੀ ਜੋੜੇ, ਇਕਾਂਤ ਦਾ ਫਾਇਦਾ ਉਠਾਉਣ ਵਾਸਤੇ ਉਧਰ ਚਲੇ ਜਾਂਦੇ ਨੇ, ਜਿਧਰ ਕੰਧਾਂ ਦੇ ਪ੍ਰਛਾਵੇਂ ਕੁਝ ਸੰਘਣੇ ਹੋ ਚੁੱਕੇ ਸਨ। ਉਹ ਇਕ ਦੂਜੇ ਨੂੰ ਚੁੰਮਦੇ ਤੇ ਝੱਟ ਵੱਖ ਹੋ ਜਾਂਦੇ, ਚਾਰੇ ਪਾਸੇ ਪ੍ਰਛਾਵੇਂ ਲੰਮੇ ਹੋ ਰਹੇ ਸਨ। ਘੁਸਮੁਸੇ ਜਿਹੇ ਵਿਚਕਾਰ ਆਕਾਸ਼ ਉੱਤੇ ਪਰਿੰਦਿਆਂ ਦੇ ਝੁੰਡ ਉੱਡੇ ਜਾ ਰਹੇ ਸਨ।
''ਤੂੰ ਮੈਥੋਂ ਕੁਝ ਪੁੱਛਣਾ ਸੀ !''
ਉਸਨੇ ਉੱਚੀ ਮੀਨਾਰ ਵੱਲ ਵੇਖਿਆ। ਉਸ ਉਪਰੋਂ ਪਰਿੰਦਿਆਂ ਦੀ ਇਕ ਡਾਰ ਉੱਡੀ ਜਾ ਰਹੀ ਸੀ। ਕਦੇ ਕਦੇ ਉਹਨਾਂ ਦੇ ਖੰਭਾਂ ਉੱਤੇ ਸੂਰਜ ਦੀ ਰੌਸ਼ਨੀ ਇੰਜ ਪੈਂਦੀ ਕਿ ਇਕ ਸੁਨਹਿਰੀ ਜਿਹੀ ਲਿਸ਼ਕ ਸਿੱਧੀ ਅੱਖਾਂ ਵਿਚ ਆ ਵੱਜਦੀ ਸੀ।...
''ਬੜੀ ਦੇਰ ਹੋ ਗਈ।''
ਜਿਵੇਂ ਪਰਿੰਦਿਆਂ ਨੇ ਆਉਣ ਵਿਚ ਦੇਰ ਕਰ ਦਿੱਤੀ ਹੋਏ। ਉਸਦੀ ਆਵਾਜ਼ ਪਰਿੰਦਿਆਂ ਦੀ ਚਹਿਚਹਾਟ ਵਿਚ ਹੀ ਗਵਾਚ ਗਈ ਸੀ। ਉਸਨੇ ਹੈਰਾਨੀ ਨਾਲ ਚਾਰ ਚੁਫੇਰੇ ਤੱਕਿਆ। ਹਵਾ ਰੁਕ ਗਈ ਸੀ ਤੇ ਝੂਮਦੀ ਹੋਏ ਦਰਖ਼ਤ, ਪੱਥਰ ਦੀਆਂ ਮੂਰਤੀਆਂ ਵਾਂਗ ਅਹਿੱਲ-ਅਡੋਲ ਖੜ੍ਹੇ ਸਨ। ਪੁਰਾਣੀਆਂ ਕੰਧਾਂ ਅਤੇ ਮੀਨਾਰ ਉੱਤੇ ਸੁਨਹਿਰੀ ਧੁੱਪ ਦੀ ਲਾਲੀ ਸਰਕਦੀ ਹੋਈ ਮਹਿਸੂਸ ਹੋ ਰਹੀ ਸੀ। ਖੰਡਰਾਂ ਵਿਚੋਂ ਇਕ ਹੂਕ ਜਿਹੀ ਉਠਦੀ ਮਹਿਸੂਸ ਹੁੰਦੀ ਸੀ ਜਾਂ ਇਹ ਉਹ ਭਰਮ ਸੀ, ਜਿਹੜਾ ਅਕਸਰ ਅਜਿਹੀਆਂ ਥਾਵਾਂ ਉੱਤੇ ਹੋਣ ਲੱਗ ਪੈਂਦਾ ਹੈ।
''ਤੂੰ ਉਹ ਕਵਿਤਾ ਪੜ੍ਹੀ ਏ ਨਾ, ਜਿਸ ਵਿਚ ਉਹ ਦੋਏ ਸਾਰਾ ਦਿਨ ਸ਼ਹਿਰ ਦੀਆਂ ਗਲੀਆਂ, ਬਾਜ਼ਾਰਾਂ ਤੇ ਉਜਾੜ ਥਾਵਾਂ ਵਿਚ ਘੁੰਮਦੇ ਹੋਏ ਅਖ਼ੀਰ ਗੂੰਗਿਆਂ ਵਾਂਗ ਈ ਇਕ ਦੂਜੇ ਤੋਂ ਵਿਦਾਅ ਹੋ ਜਾਂਦੇ ਨੇ...ਕੋਈ ਖ਼ਾਮੋਸ਼ ਗਵਾਹ ਗਰੀਬੀ ਵੰਡਣ ਵਾਲਾ...ਉਸਦੀ ਆਵਾਜ਼ ਏਨੀ ਮਧੱਮ ਸੀ ਕਿ ਉੱਤੇ ਉੱਡੇ ਜਾ ਰਹੇ ਪਰਿੰਦਿਆਂ ਦੀ ਆਵਾਜ਼ ਤਾਂ ਸੁਣੀ ਜਾ ਸਕਦੀ ਸੀ, ਪਰ ਉਸਦੀ ਨਹੀਂ।
''ਹਰੇਕ ਚੀਜ਼ ਨੂੰ ਮਹਿਸੂਸ ਕਰਨ ਦਾ ਇਕ ਖਾਸ ਵਕਤ ਹੁੰਦਾ ਏ।''
''ਤੂੰ ਮੈਥੋਂ ਕੁਝ ਪੁੱਛਣਾ ਚਾਹੁੰਦੀ ਸੈਂ...''
''ਉਸ ਕਵੀ ਨੇ ਜ਼ਰੂਰ ਕੌੜਾ ਜੀਵਨ ਹੰਢਾਇਆ ਹੋਏਗਾ, ਤਾਂ ਹੀ ਤਾਂ ਚੁੱਪ ਨੂੰ ਏਨੀ ਚੰਗੀ ਤਰ੍ਹਾਂ ਸਮਝ ਸਕਿਆ ਏ ਉਹ! ਮੈਂ ਤੈਨੂੰ ਪੂਰੀ ਕਵਿਤਾ ਸੁਣਾਦੀ ਹਾਂ...''
“ਤੂੰ ਮੇਰਾ ਅਪਮਾਨ ਕਰ ਰਹੀ ਏਂ।”
''ਅਪ...ਮਾਨ...।'' ਉਹ ਬੌÎਂਦਲ ਗਈ ਤੇ ਭੁੜਕ ਕੇ ਉਠ ਖੜ੍ਹੀ ਹੋਈ, ''ਨਹੀਂ !'' ਉਸਦੀ ਆਵਾਜ਼ ਬਿਲਕੁਲ ਖਰੀ ਸੀ, ਉਸ ਵਿਚ ਝੂਠ ਦੀ ਮਿਲਾਵਟ ਨਹੀਂ ਸੀ, ਬਲਿਕੇ ਉਹ ਮੇਰੇ ਵੱਲ ਇੰਜ ਵੇਖ ਰਹੀ ਸੀ, ਜਿਵੇਂ ਮੈਂ ਉਸਦੀ ਬੇਇੱਜ਼ਤੀ ਕੀਤੀ ਹੋਵੇ। ਉਸਦੀਆਂ ਅੱਖਾਂ ਭਰ ਆਈਆਂ ਤੇ ਫੇਰ ਉਸਨੇ ਦੂਜੇ ਪਾਸੇ ਮੂੰਹ ਭੂਆਂ ਲਿਆ।
ਸਾਹਮਣੇ ਮੈਦਾਨ ਵਿਚ ਟੂਰਿਸਟ ਕੁੜੀਆਂ ਦੀਆਂ ਦੋ ਟੋਲੀਆਂ ਵਿਚਕਾਰ ਫਿਲਮੀ ਗੀਤਾਂ ਦਾ ਮੁਕਾਬਲਾ ਹੋ ਰਿਹਾ ਸੀ। ਰੇਸਤਰਾਂ ਦੀਆਂ ਸਾਰੀਆਂ ਮੇਜ਼ਾਂ ਦੁਆਲੇ ਲੋਕ ਬੈਠੇ ਸਨ। ਕੁਝ ਮੁੰਡੇ, ਕੁੜੀਆਂ ਅਜੇ ਵੀ ਰਿੰਗ ਖੇਡ ਰਹੇ ਸਨ। ਉਹ ਬੜੀ ਤੇਜ਼ੀ ਨਾਲ ਫਾਟਕ ਵੱਲ ਨੱਸਦੀ ਜਾ ਰਹੀ ਸੀ...
੦ ੦ ੦
ਸਕੂਟਰ ਵਿਚ ਅਸੀਂ ਦੋਏ ਚੁੱਪ ਸਾਂ। ਮਰਕਰੀ ਟਿਊਬਾਂ ਦੀ ਨੀਲੀ-ਦੁਧੀਆ ਰੌਸ਼ਨੀ ਸਾਰੀ ਸੜਕ ਉੱਤੇ ਫੈਲੀ ਹੋਈ ਸੀ। ਸਾਹਮਣਿਓਂ ਆ ਰਹੀਆਂ ਕਾਰਾਂ ਦੀ ਰੌਸ਼ਨੀ ਅੱਖਾਂ ਨੂੰ ਚੁੰਧਿਆ ਦੇਂਦੀ ਤੇ ਬਿੰਦ ਦਾ ਬਿੰਦ ਅੰਨ੍ਹਿਆਂ ਕਰ ਦੇਂਦੀ। ਜਿਓਂ ਹੀ ਕਾਰ ਲੰਘ ਜਾਂਦੀ, ਫੇਰ ਪਹਿਲਾਂ ਵਾਂਗ ਦਿਸਣ ਲੱਗ ਪੈਂਦਾ। ਸਫ਼ਦਰ ਜੰਗ ਓਵਰ ਬਰਿਜ ਤੋਂ ਹਵਾਈ ਅੱਡੇ ਦੀ ਪਟੜੀ ਦੀਆਂ ਬੱਤੀਆਂ ਜੁਗਨੂੰਆਂ ਵਾਂਗ ਟਿਮਟਿਮਾਂਦੀਆਂ ਦਿਸ ਰਹੀਆਂ ਸਨ। ਪੁਲ ਦੇ ਵਿਚਕਾਰ ਪਹੁੰਚੇ ਤਾਂ ਉਹ ਧਰਤੀ ਨਾਲ ਲੱਗ ਗਈਆਂ, ਪਰ ਉਹਨਾਂ ਬੱਤੀਆਂ ਦੀ ਰੌਸ਼ਨੀ ਜਗਬੁਝ ਕਰਦੀ ਤੇ ਲੁਕਣ ਮੀਟੀ ਖੇਡਦੀ ਰਹੀ। ਇੰਜ ਜਾਪਦਾ ਸੀ ਜਿਵੇਂ ਇਕ ਪਿੱਛੋਂ ਦੂਜੀ ਤੇ ਫੇਰ ਤੀਜੀ ਸਾਨੂੰ ਵੇਖ ਕੇ ਅੱਖਾਂ ਖੋਹਲ ਰਹੀਆਂ ਨੇ।
ਮੇਨ ਬਾਜ਼ਾਰ ਕੋਲ ਉਸਨੇ ਸਕੂਟਰ ਰੁਕਵਾ ਲਿਆ। ਕਹਿਣ ਲੱਗੀ, 'ਆਪਾਂ ਬਾਜ਼ਾਰ ਵਿਚੋਂ ਹੁੰਦੇ ਹੋਏ ਘਰ ਚੱਲਾਂਗੇ।' ਮੈਨੂੰ ਘਰ ਦਾ ਨਾਂ ਸੁਣ ਕੇ ਹਾਸਾ ਆ ਗਿਆ ਸੀ, ਓਵੇਂ ਮਹਿਸੂਸ ਹੋਇਆ ਸੀ, ਜਿਵੇਂ ਗੋਰਕੀ ਦੇ ਇਕ ਪਾਤਰ ਨੂੰ ਇਹ ਸ਼ਬਦ ਸੁਣ ਕੇ ਹੁੰਦਾ ਹੈ।
ਲੋਕ ਸਾਰੀ ਉਮਰ ਘਰ ਬਣਾਉਂਦੇ ਮਰ ਜਾਂਦੇ ਨੇ, ਪਰ ਉਹਨਾਂ ਨੂੰ ਅਖ਼ੀਰ ਤਕ ਘਰ ਦੀ ਸਹੀ ਸਮਝ ਨਹੀਂ ਹੁੰਦੀ। ਮੈਂ ਵੀ ਅਜੇ ਤਕ ਉਸਦੇ ਸਹੀ ਅਰਥ ਨਹੀਂ ਸਮਝ ਸਕਿਆ। ਜਿੱਥੇ ਆਪਣੀ ਅਟੈਚੀ, ਉਹੀ ਆਪਣਾ ਘਰ ! ਇਕ ਪਿੱਛੋਂ ਦੂਜਾ, ਦੂਜੇ ਪਿੱਛੋਂ ਤੀਜਾ, ਇੰਜ ਹੀ ਘਰਾਂ ਦੀ ਇਕ ਲੰਮੀ ਕਤਾਰ ਲੱਗੀ ਹੋਈ ਹੈ। ਭਲਾ ਇਕ ਸੈਲਾਨੀ (ਘੁੱਕੜ) ਦੇ ਘਰਾਂ ਦੀ ਗਿਣਤੀ ਕਿੰਜ ਕੀਤੀ ਜਾ ਸਕਦੀ ਹੈ। ਘਰ ਦੇ ਨਾਂ ਨਾਲ ਅਣਗਿਣਤ ਘਰ ਯਾਦ ਆ ਗਏ ਸਨ...ਜਿੱਥੇ ਕਦੀ ਨਿੱਘੇ ਪਲ ਬਿਤਾਏ ਸਨ। ਕੁਝ ਘਰ ਉਦਾਸ ਹੁੰਦੇ ਨੇ, ਸੁੰਨੇ-ਸੱਖਣੇ। ਕੁਝ ਘਰਾਂ ਦੀਆਂ ਬਾਰੀਆਂ ਹਮੇਸ਼ਾ ਅੰਦਰ ਵੱਲ ਖੁੱਲ੍ਹਦੀਆਂ ਨੇ, ਜਿੱਥੋਂ ਕੋਈ ਵੀ ਰੱਸਤਾ ਬਾਹਰ ਵੱਲ ਨਹੀਂ ਜਾਂਦਾ। ਕੁਝ ਘਰ ਮੋਟੀਆਂ ਕੰਧਾਂ ਤੇ ਉੱਚੀਆਂ ਛੱਤਾਂ ਵਾਲੇ ਹੁੰਦੇ ਨੇ ਤੇ ਦਰਵਾਜ਼ਿਆਂ ਉੱਤੇ ਮੋਟੇ ਪਰਦੇ ਲਟਕ ਰਹੇ ਹੁੰਦੇ ਨੇ, ਉਹਨਾਂ ਦੀ ਹਰੇਕ ਗੱਲ ਭੇਦ ਭਰੀ ਹੁੰਦੀ ਹੈ। ਕੁਝ ਘਰ ਅਜਿਹੇ ਵੀ ਸਨ, ਜਿੱਥੇ ਮੈਂ ਸੁਖ-ਚੈਨ ਤੇ ਸ਼ਾਂਤੀ ਮਹਿਸੂਸ ਕੀਤੀ...ਅਜਿਹੇ ਘਰਾਂ ਅੰਦਰ ਜਾ ਕੇ ਮੈਨੂੰ ਉਹ ਗੱਲਾਂ ਯਾਦ ਆਉਣ ਲੱਗ ਪੈਂਦੀਆਂ ਨੇ, ਜਿਹਨਾਂ ਨੂੰ ਮੈਂ ਅਜੇ ਪੂਰਾ ਕਰਨਾ ਹੈ ਜਾਂ ਉਹ ਗੱਲਾਂ ਜਿਹਨਾਂ ਨੂੰ ਭੁੱਲਦਾ ਜਾ ਰਿਹਾ ਹਾਂ। ਅਜਿਹੇ ਘਰਾਂ ਦੇ ਦਰਵਾਜ਼ੇ ਤੇ ਬਾਰੀਆਂ ਹਮੇਸ਼ਾ ਅੰਦਰ ਵੱਲ ਖੁੱਲ੍ਹਦੇ ਨੇ। ਅੰਦਰ ਜਾ ਕੇ ਉਹਨਾਂ ਵਿਚ ਰਹਿਣ ਵਾਲਿਆਂ ਪ੍ਰਤੀ ਹਮਦਰਦੀ ਪੈਦਾ ਹੋ ਜਾਂਦੀ ਹੈ। ਉਹ ਨਸ਼ੇ ਵਿਚ ਚੂਰ ਆਪਣੇ ਹਨੇਰੇ ਕਮਰਿਆਂ ਵਿਚ ਬੈਠੇ ਰੌਸ਼ਨੀ ਨੂੰ ਉਡੀਕ ਰਹੇ ਹੁੰਦੇ ਨੇ।
ਅਜਿਹੇ ਘਰਾਂ ਦਾ ਮੇਰੀ ਜ਼ਿੰਦਗੀ ਵਿਚ ਬੜਾ ਲੰਮਾਂ ਸਿਲਸਿਲਾ ਹੈ ਤੇ ਉਸ ਵਿਚ ਮੇਰੇ ਬਚਪਨ ਦੇ ਇਕ ਨਿੱਕੇ ਜਿਹੇ ਘਰ ਦੀ ਤਸਵੀਰ ਵੀ ਹੈ। ਜਿੱਥੇ ਹਰ ਵੇਲੇ ਸਿੱਲ੍ਹ ਦੀ ਹਵਾੜ, ਅਚਾਰਾਂ ਤੇ ਸਬਜ਼ੀਆਂ ਦੀ ਮਹਿਕ ਪੱਸਰੀ ਹੁੰਦੀ ਸੀ। ਮੰਜੇ ਉੱਤੇ ਪਈ ਮਾਂ ਬਰੜਾਉਂਦੀ ਸੀ, 'ਮੈਂ ਠੀਕ ਹਾਂ, ਮੈਨੂੰ ਕੋਈ ਤਕਲੀਫ਼ ਨਹੀਂ।' ਜਦੋਂ ਤਕ ਉਹ ਜਿਊਂਦੀ ਰਹੀ, ਮੈਂ ਉਸ ਘਰ ਨਾਲ ਬੱÎਝਿਆ ਰਿਹਾ। ਮਾਂ ਤੋਂ ਬਾਅਦ ਇਕ ਲੰਮਾਂ, ਵਿੰਗਾ-ਟੇਢਾ ਸਿਲਸਿਲਾ ਹੈ...ਉੱਥੋਂ ਤੋਂ ਏਥੋਂ ਤਕ। ਘਰ ਦੇ ਨਾਂ ਉੱਤੇ ਮੇਰਾ ਹੱਸਣਾ ਤੇ ਬਹਿਕ ਜਾਣਾ ਵਾਜਬ ਗੱਲ ਹੀ ਹੈ।
''ਕਿਉਂ ਹੱਸ ਕਿਉਂ ਰਿਹਾ ਏਂ?'' ਉਸਨੇ ਬਾਜ਼ਾਰ ਵੱਲ ਮੁੜਦਿਆਂ ਪੁੱÎਛਿਆ।
''ਮੈਂ ਏਧਰ ਦੀ ਨਹੀਂ ਜਾਵਾਂਗਾ...ਲੋਕਾਂ ਦੇ ਪੈਸੇ ਦੇਣੇ ਨੇ, ਮੈਂ।'' ਮੈਂ ਸਪਸ਼ਟ ਹੀ ਕਹਿ ਦਿੱਤਾ ਸੀ।
''ਆਪਾਂ ਉਹਨਾਂ ਨੂੰ 'ਫੇਸ' ਕਰਾਂਗੇ...ਕੀ ਖਾਸ ਗੱਲ ਏ ਭਲਾ?''
ਅਸੀਂ ਚੁੱਪਚਾਪ ਟੁਰਦੇ ਰਹੇ। ਮੈਨੂੰ ਕਿਸੇ ਨੇ ਵੀ ਟੋਕਿਆ ਜਾਂ ਰੋਕਿਆ ਨਹੀਂ ਤੇ ਨਾ ਹੀ ਕਿਸੇ ਕੋਈ ਮੰਗ ਕੀਤੀ। ਆਪਣੇ ਵੰਨੀਓਂ ਮੈਂ ਹਰੇਕ ਆਉਣ ਵਾਲੇ ਖ਼ਤਰੇ ਤੇ ਬੇਪਤੀ ਨੂੰ 'ਫੇਸ' ਕਰਨ ਵਾਸਤੇ ਤਿਆਰ ਸਾਂ। ਢਾਬੇ ਸਾਹਮਣੇ ਰੁਕਣਾ ਜ਼ਰਾ ਮੁਸ਼ਕਿਲ ਸੀ। ਉਹ ਕਦੇ ਕਦੇ ਮੇਰੇ ਨਾਲ ਇੱਥੇ ਆ ਜਾਂਦੀ ਸੀ। ਢਾਬੇ ਅੰਦਰ ਪੈਰ ਧਰਦਿਆਂ ਹੀ ਏਥੋਂ ਦੀ ਹਰੇਕ ਸ਼ੈ ਹਰਕਤ ਵਿਚ ਆ ਜਾਂਦੀ ਸੀ। ਪਹਿਲਾਂ ਚਿਹਰਿਆਂ ਉੱਤੇ ਰੌ ਆਉਂਦੀ।...ਕੰਮ ਕਰਨ ਵਾਲੇ ਮੁੰਡੇ ਚਹਿਕਣ ਲੱਗ ਪੈਂਦੇ ਤੇ ਇਕ ਦੂਜੇ ਨੂੰ ਸੈਨਤਾਂ ਨਾਲ ਦੱਸਦੇ ਬਈ 'ਮਾਲ' ਆ ਗਿਆ। ਗਾਹਕਾਂ ਦੀਆਂ ਨਿਗਾਹਾਂ ਉਸਦੇ ਜਿਸਮ ਨੂੰ ਟੋਹਣ-ਟਟੋਲਣ ਲੱਗ ਪੈਂਦੀਆਂ। ਇੱਥੋਂ ਦੇ ਉਧਾਰ ਖਾਤੇ ਦੀ ਹਰੇਕ ਸਹੂਲਤ ਉਸਦੇ ਪ੍ਰਤਾਪ ਨਾਲ ਹੀ ਸੀ। ਪਰ ਉਸ ਉੱਤੇ ਕਿਸੇ ਗੱਲ ਦਾ ਵੀ ਅਸਰ ਨਹੀਂ ਸੀ ਹੁੰਦਾ। ਇਹੀ ਗੱਲ ਮੈਨੂੰ ਪ੍ਰੇਸ਼ਾਨ ਕਰ ਦੇਂਦੀ ਸੀ। ਮੂੰਹ ਦਾ ਸਵਾਦ ਕੁਸੈਲਾ ਜਿਹਾ ਹੋ ਜਾਂਦਾ ਸੀ। ਸਾਡੇ ਪਹੁੰਚਣ ਸਾਰ ਇਕ ਖਲਬਲੀ ਜਿਹੀ ਮੱਚ ਗਈ। ਉਹ ਖਾਣਾ ਪੈਕ ਕਰਵਾਉਣ ਲੱਗੀ।
''ਸ਼ਾਹ ਜੀ, ਕਿੱਧਰ ਹੋ ਆਏ? ਕੋਈ ਚੀਜ਼ ਘੱਟ ਤੇ ਨਹੀਂ ਨਾ?'' ਢਾਬੇ ਦਾ ਮਾਲਕ ਖੜ੍ਹਾ ਦੰਦੀਆਂ ਕੱਢਦਾ ਰਿਹਾ। ਉਸਦੇ ਸੋਨੇ ਦੇ ਤਿੰਨੇ ਦੰਦ ਕੁਝ ਵਧੇਰੇ ਹੀ ਹੱਸ ਰਹੇ ਸਨ, ਪਰ ਮੇਰੀ ਖਾਤਰ ਨਹੀਂ...
''ਇਹ ਤੂੰ ਠੀਕ ਨਹੀਂ ਕੀਤਾ।''
ਉਹ ਮੇਰੇ ਵੱਲ ਝਾਕੀ ਹੀ ਨਹੀਂ।
ਉਦੋਂ ਮੈਨੂੰ ਉਹ ਦਿਨ ਯਾਦ ਆ ਗਿਆ, ਜਿਸ ਦਿਨ ਪਹਿਲੀ ਵਾਰੀ ਉਸਨੇ ਕਲਾਕ-ਟਾਵਰ ਵਿਚ ਮੇਰਾ ਹੱਥ ਰੋਕ ਕੇ ਇਕ ਬਰਾਬਰ ਦੇ ਦੋਸਤ-ਮਿੱਤਰ ਵਾਂਗ ਬਿੱਲ ਦਿੱਤਾ ਸੀ। ਮੈਨੂੰ ਅੰਦਰੇ-ਅੰਦਰ ਬੜੀ ਖੁਸ਼ੀ ਮਹਿਸੂਸ ਹੋਈ ਸੀ ਕਿ ਕੁੜੀ ਨੇ ਪਹਿਲੀ ਵਾਰ ਪੂਰੇ ਅਧਿਕਾਰ ਨਾਲ ਆਪਣਾ ਪਰਸ ਖੋਲ੍ਹ ਕੇ ਉਸ ਵਿਚੋਂ ਪੈਸੇ ਕੱਢੇ ਸਨ। ਉਹ ਮੈਨੂੰ ਬੜੀ ਚੰਗੀ ਲੱਗੀ ਸੀ ਤੇ ਮੈਂ ਪਹਿਲੀ ਵਾਰ ਉਸ ਵੱਲ ਗਹੁ ਨਾਲ ਤੱÎਕਿਆ ਸੀ।...ਫੇਰ, ਅੱਜ ਕਿਉਂ ਬਰਦਾਸ਼ਤ ਨਹੀਂ ਸੀ ਹੋ ਰਿਹਾ!
''ਮੈਂ ਸਾਰੇ ਬਿੱਲ ਭੁਗਤਾਅ ਦਿੱਤੇ ਨੇ, ਤੇਰਾ ਸਾਮਾਨ ਵੀ ਢਾਬੇ 'ਚੋਂ ਚੁਕਾਅ ਲਗਈ ਆਂ।'' ਉਸਨੇ ਖਾਣੇ ਦਾ ਪੈਕੇਟ ਮੈਨੂੰ ਫੜਾ ਦਿੱਤਾ।
''ਨਾਲੇ ਤੂੰ ਝੂਠ ਵੀ ਬੋਲਿਆ ਸੀ ਕਿ ਮੈਂ ਬਾਹਰ ਗਿਆ ਹੋਇਆ ਆਂ। ਤੂੰ ਮੈਨੂੰ ਜ਼ਲੀਲ ਕਰ ਦਿੱਤਾ ਏ। ਤੈਨੂੰ ਨਹੀਂ ਪਤਾ ਸ਼ਾਇਦ ਕਿ ਮੈਂ ਸਾਰੀ ਜ਼ਿੰਦਗੀ ਕਿਸੇ ਹੱਥ ਅੱਗੇ ਨਹੀਂ ਅੱÎਡਿਆ। ਮੇਰਾ ਸਾਮਾਨ ਵੇਚ ਕੇ ਆਪਣੇ ਪੈਸੇ ਵਸੂਲ ਕਰ ਲਵੀਂ, ਤੂੰ ਮੇਰੇ 'ਤੇ ਤਰਸ ਕੀਤਾ ਏ ਨਾ !''...ਮੈਂ ਮੱਧ ਸ਼੍ਰੇਣੀ ਵਾਲੀ ਆਪਣੀ ਸ਼ਾਨ ਤੇ ਗੁੱਸੇ ਵਿਚ ਉਸਨੂੰ ਖਾਸਾ ਮਧੋਲਿਆ ਸੀ।
''ਬਸ, ਚਲਾ ਜਾਹ। ਮੁੜ ਕਦੀ ਸੂਰਤ ਨਾ ਵਿਖਾਵੀਂ ਆਪਣੀ।'' ਉਸਨੇ ਅੰਗਰੇਜ਼ੀ ਵਿਚ ਕਿਹਾ ਤੇ ਮੂੰਹ ਦੂਜੇ ਪਾਸੇ ਕਰ ਲਿਆ। ਉਹ ਬੜੀ ਦੇਰ ਤਕ ਰਸਤੇ ਵਿਚ ਹੀ ਖੜ੍ਹੀ ਰਹੀ ਸੀ।
''ਤੇਰੇ ਤੇ ਹੋਰਾਂ ਵਿਚ ਫ਼ਰਕ ਈ ਕੀ ਏ?''
'ਫ਼ਰਕ' ਸ਼ਬਦ ਕਿਸੇ ਗਾਲ੍ਹ ਵਰਗਾ ਹੀ ਲੱÎਗਿਆ ਸੀ, ਮੈਨੂੰ...ਤੇ ਅੰਦਰ ਤਕ ਚੀਰਦਾ ਚਲਾ ਗਿਆ ਸੀ। ਉਸਨੂੰ ਯਕੀਨ ਹੀ ਨਹੀਂ ਸੀ ਕਿ ਮੈਂ ਕਦੇ ਅਜਿਹੀ ਗੱਲ ਵੀ ਆਖ ਸਕਦਾ ਹਾਂ। ਮੈਂ ਆਪ ਹੈਰਾਨ ਸਾਂ ਕਿ ਮੈਂ ਕਦੇ ਇੰਜ ਸੋਚਿਆ ਵੀ ਨਹੀਂ ਸੀ, ਫੇਰ ਇੰਜ ਕਿੰਜ ਹੋ ਗਿਆ ! ਖ਼ੈਰ ਮੇਰੀ ਜ਼ਿੰਦਗੀ ਵਿਚ ਅਜਿਹੀਆਂ ਕਈ ਘਟਨਾਵਾਂ ਵਾਪਰੀਆਂ ਨੇ, ਜਿਹਨਾਂ ਨਾਲ ਮੇਰੀ ਸਾਂਝ ਹੁੰਦੀ ਹੈ...ਉਹਨਾਂ ਨਾਲ ਗੱਲਾਂ ਕਰਦਿਆਂ ਕਰਦਿਆਂ ਮੈਨੂੰ ਤਾਅ ਆ ਜਾਂਦਾ ਹੈ ਤੇ ਮੈਂ ਕਿਸੇ ਹੋਛੇ ਆਦਮੀ ਵਾਂਗ ਹੀ ਸਲੂਕ ਕਰਨ ਲੱਗ ਪੈਂਦਾ ਹਾਂ। ਉਦੋਂ ਅਸਲ ਵਿਚ ਮੇਰੇ ਆਪਣੇ ਹੀ ਹੱਥ ਵੱਸ ਨਹੀਂ ਰਹਿੰਦਾ ; ਕਈ ਘਟੀਆ ਗੱਲਾਂ ਮੂੰਹੋਂ ਨਿਕਲ ਜਾਂਦੀਆਂ ਨੇ, ਜਿਹੜੀਆਂ ਦਰਅਸਲ ਮੇਰੀਆਂ ਨਹੀਂ ਹੁੰਦੀਆਂ। ਜਾਪਦਾ ਹੈ ਮੈਂ ਉਹ ਬਣ ਜਾਂਦਾ ਹਾਂ ਜੋ ਅਸਲ ਵਿਚ ਮੈਂ ਹਾਂ ਨਹੀਂ।...ਰਾਹ ਵਿਚ ਖਲੋਤਿਆਂ ਨੂੰ ਵੇਖ ਕੇ ਲੋਕ ਸਾਨੂੰ ਘੂਰ ਕੇ ਵੇਂਹਦੇ ਤੇ ਅੱਗੇ ਲੰਘ ਜਾਂਦੇ...
ਮੈਨੂੰ ਇਹ ਚੰਗਾ ਨਹੀਂ ਲੱਗ ਰਿਹਾ ਕਿ ਕੋਈ ਸਾਨੂੰ ਮੰਗਤੇ ਸਮਝੇ। ਉਸਦੀ ਆਵਾਜ਼ ਭਰੜਾਈ ਹੋਈ ਸੀ। ਉਸਨੇ ਗਾਲ੍ਹ ਨਾਲੋਂ ਵੱਡੀ ਗਾਲ੍ਹ ਕੱਢ ਦਿੱਤੀ। ਉਹ, ਉਹੀ ਸੀ। ਪਰ ਮੈਨੂੰ ਬਦਲੀ ਬਦਲੀ ਲੱਗੀ ਸੀ। ਉਸਦੇ ਤਾਂ ਜਿਵੇਂ ਸਾਰੇ ਅਰਥ ਹੀ ਬਦਲ ਗਏ ਸਨ। ਮੇਰੇ ਅੰਦਰ ਗੁਨਾਹ ਦਾ ਅਹਿਸਾਸ ਜਾਗ ਪਿਆ। ਕਿਤੇ ਉਸਨੂੰ ਸਿਰਫ ਇਕ ਕੁੜੀ ਸਮਝ ਕੇ ਹੀ ਤਾਂ ਮੈਂ ਅਜਿਹਾ ਸਲੂਕ ਨਹੀਂ ਸੀ ਕਰ ਬੈਠਾ! ਜੇ ਨਹੀਂ ਤਾਂ ਫੇਰ ਇਕ ਕੁੜੀ ਦੀ ਮਦਦ ਓਵੇਂ ਕਬੂਲ ਕਿਉਂ ਨਹੀਂ ਸੀ ਕੀਤੀ, ਜਿਵੇਂ ਕਿਸੇ ਮਰਦ ਦੋਸਤ ਦੀ ਕਰ ਸਕਦਾ ਸਾਂ? ਜੇ ਉਸਨੇ ਮੇਰੀ ਬੇਇੱਜ਼ਤੀ ਕੀਤੀ ਸੀ ਤਾਂ ਮੈਂ ਕੀ ਕਰਦਾ ਰਿਹਾ ਸਾਂ, ਅੱਜ ਤੱਕ...?
''ਨਹੀਂ, ਤੇਰਾ ਕੀ ਕਸੂਰ ਏ ? ਤੇਰੇ ਵਾਸਤੇ ਤਾਂ ਮੈਂ ਅਜਨਬੀ ਹਾਂ,''
''ਅਜਨਬੀ...'' ਉਸਨੇ ਘੂਰ ਕੇ ਮੇਰੇ ਵੱਲ ਦੇਖਿਆ, ''ਇਹ ਤੂੰ ਕਹਿ ਰਿਹਾ ਏਂ ?''
''ਨਹੀਂ ਅਸੀਂ ਦੋਏ ਈ,'' ਮੈਂ ਜੋਸ਼ ਵਿਚ ਆ ਕੇ ਉਸਦਾ ਹੱਥ ਫੜ ਲਿਆ।
''ਸੱਚ ?''
ਉਹ ਮੇਰੇ ਨਾਲ ਜੁੜ ਕੇ ਖਲੋ ਗਈ। ਉਸਦੇ ਤੇਜ਼ ਸਾਹਾਂ ਦੀ ਗਰਮੀ, ਮੈਂ ਆਪਣੇ ਚਿਹਰੇ ਉੱਤੇ ਮਹਿਸੂਸ ਕੀਤੀ। ਉਸਨੇ ਮੇਰੀਆਂ ਅੱਖਾਂ ਵਿਚ ਅੱਖਾਂ ਪਾ ਕੇ ਮੁਸਕਰਾਂਦਿਆਂ ਹੋਇਆਂ ਕਿਹਾ, ''ਮੈਂ ਲਗਾਤਾਰ ਤੈਨੂੰ ਲੱਭਦੀ ਰਹੀ। ਸੋਚਦੀ ਸਾਂ, ਤੂੰ ਕਿੱਥੇ ਰਹਿੰਦਾ ਹੋਏਂਗਾ ? ਕਿੱਥੇ ਸੌÎਂਦਾ ਹੋਏਂਗਾ? ਪੜ੍ਹਦਾ-ਲਿਖਦਾ ਕਿੱਥੇ ਹੋਏਂਗਾ? ਜਦ ਕਮਰਾ ਖੁਸ ਗਿਆ ਸੀ ਤਾਂ ਤੂੰ ਮੈਨੂੰ ਕਿਉਂ ਨਾ ਦੱÎਸਿਆ ?''
''ਮਾ'ਫ਼ ਕਰ ਦੇਅ।'' ਮੈਂ ਜਜ਼ਬਾਤਾਂ ਵਿਚ ਵਹਿ ਗਿਆ।
''ਪਤਾ ਨਹੀਂ ਕਿਉਂ, ਤੂੰ ਮੈਨੂੰ ਏਨਾ ਚੰਗਾ ਲੱਗਦਾ ਏਂ...ਤੇਰੇ ਨਾਲ ਰਹਿ ਕੇ ਕੁੜੀ ਹੁੰਦੀ ਹੋਈ ਵੀ ਮੈਂ, ਇਕ ਦੋਸਤ ਵਾਂਗ ਆਜ਼ਾਦ ਹੁੰਦੀ ਹਾਂ...ਦੂਜੇ ਦੋ ਗੱਲਾਂ ਪਿੱਛੋਂ ਹੀ, ਫਿੱਟ ਕੇ ਨੰਗੇ ਹੋ ਜਾਂਦੇ ਨੇ ਤੇ ਉਸੇ ਥਾਂ ਆ ਜਾਂਦੇ ਨੇ, ਜਿੱਥੇ ਮਰਦ ਨੇ ਆਉਣਾ ਹੁੰਦਾ ਏ। ਮੈਨਰਜ਼ ਵਜ਼ੋਂ ਕੀਤੀਆਂ ਗੱਲਾਂ ਦੇ ਦੂਜੇ ਅਰਥ ਹੀ ਕੱਢ ਬਹਿੰਦੇ ਨੇ।''
ਉਸਨੇ ਬੈਗ਼ ਵਿਚੋਂ ਸਿਗਰੇਟ ਪੈਕੇਟ ਕੱਢ ਕੇ ਦਿੱਤਾ, ਮੈਂ ਇਕ ਸਿਗਰੇਟ ਸੁਲਗਾ ਲਈ ਤੇ ਬੀਤੀਆਂ, ਪਹਿਲੀਆਂ ਖ਼ਾਮੋਸ਼ ਮੁਲਾਕਾਤਾਂ ਵੱਲ ਪਹਿਲੀ ਵੇਰ ਧਿਆਨ ਦਿੱਤਾ, ਪਰ ਦੂਜੇ ਅਰਥਾਂ ਵਿਚ!
''ਪਹਿਲੀ ਵਾਰੀ ਤੈਨੂੰ ਇਹ ਆਖਦਿਆਂ ਸੁਣਿਆਂ ਸੀ ਕਿ ਤੂੰ ਆਪਣੇ ਮਿਸ਼ਨ ਵਾਸਤੇ ਬਿਨਾਂ ਹੌਸਲਾ ਛੱਡੇ, ਲਗਾਤਾਰ ਭੁੱਖ ਬਰਦਾਸ਼ਤ ਕਰ ਸਕਦਾ ਏਂ।''
ਉਸ ਦਿਨ ਮੈਂ ਦੋਸਤਾਂ ਵਿਚਕਾਰ ਘਿਰਿਆ ਹੋਇਆ ਸਾਂ ਤੇ ਕਿਸੇ ਨੇ ਮੇਰੀ ਬੇਇੱਜ਼ਤੀ ਵੀ ਕੀਤੀ ਸੀ। ਸ਼ਾਇਦ ਤਦੇ ਫੁੱਟ ਪਿਆ ਸਾਂ।
''ਸੱਚ ਪੁੱਛੇਂ ਤਾਂ ਮੈਂ ਵੀ ਏਸੇ ਕਰਕੇ ਜਿਊਂ ਰਹੀ ਹਾਂ। ਬੜੀਆਂ ਈ ਗੱਲਾਂ ਅੰਦਰ ਭਰੀਆਂ ਪਈਆਂ ਨੇ, ਪਰ ਕੋਈ ਸੁਣਨ ਵਾਲਾ ਈ ਨਹੀਂ...ਦੂਜਿਆਂ ਦੀ ਬਣਾਈ ਹੋਈ ਦੁਨੀਆਂ ਵਿਚ ਅਸੀਂ ਕਿਉਂ ਬਰਬਾਦ ਹੋਈਏ ! ਇਸ ਵਿਚ ਰਹਿਣਾ ਮਜ਼ਬੂਰੀ ਏ ਤਾਂ ਕੀ ਅਸੀਂ ਦੁਨੀਆਂ ਛੱਡ ਦੇਈਏ ?''
ਇਹ ਇਕ ਚਪੇੜ ਸੀ, ਮੇਰੇ ਮੂੰਹ ਉੱਤੇ। ਬਿਨਾਂ ਕਾਰਨ ਆਪਣੀ ਫੌਕੀ ਸ਼ਾਨ ਕਾਇਮ ਰੱਖਣ ਵਾਸਤੇ ਸਭ ਤੋਂ ਛਿਪਦਾ ਜੋ ਰਿਹਾ ਸਾਂ, ਪਰ ਉਸਨੂੰ ਏਸ ਚਪੇੜ ਦਾ ਅਹਿਸਾਸ ਨਹੀਂ ਸੀ ਹੋਇਆ।
''ਜਿਹੜੇ ਆਪਣੇ ਸਮਿਆਂ ਵਿਚ ਬਗ਼ਾਵਤਾਂ ਕਰਕੇ ਕੁਝ ਪ੍ਰਾਪਤ ਕਰ ਲੈਂਦੇ ਨੇ, ਉਹ ਦੂਜਿਆਂ ਨੂੰ ਉਹੀ ਅਧਿਕਾਰ ਕਿਉਂ ਨਹੀਂ ਦਿੰਦੇ ?...ਮਾਂ ਤੇ ਪਿਤਾ ਜੀ ਦਾ ਵਿਆਹ ਵੀ ਅਜਿਹੀ ਹੀ ਇਕ ਬਗ਼ਾਵਤ ਸੀ ਤੇ ਹੁਣ ਆਪਣੀ ਔਲਾਦ ਦੀਆਂ ਉਹੀ ਗੱਲਾਂ ਉਹਨਾਂ ਨੂੰ ਗਲਤ ਲੱਗਦੀਆਂ ਨੇ...''
''ਕਿਤੇ ਤੂੰ ਘਰੋਂ ਲੜ ਕੇ ਤਾਂ ਨਹੀਂ ਆਈ?'' ਮੈਂ ਉਸਨੂੰ ਟੋਕਿਆ।
''ਤੂੰ ਤਾਂ ਇੰਜ ਪੁੱਛ ਰਿਹਾ ਏਂ, ਜਿਵੇਂ ਮੈਂ ਕੋਈ ਜੁਆਕੜੀ ਹੋਵਾਂ। ਮੈਂ ਆਪਣੇ ਫੈਸਲੇ ਆਪ ਕਰਦੀ ਹਾਂ।''
'ਆਪ' ਸ਼ਬਦ ਉੱਤੇ ਉਸਨੇ ਖਾਸਾ ਜ਼ੋਰ ਦਿੱਤਾ ਸੀ ; ਪਤਾ ਨਹੀਂ ਉਹ ਕੁਸੈਲ ਘਰ ਵਾਲਿਆਂ ਪ੍ਰਤੀ ਸੀ ਜਾਂ ਮੇਰੇ ਪ੍ਰਤੀ।
''ਮੈਨੂੰ ਉਹ ਮੁੰਡਾ ਪਸੰਦ ਨਹੀਂ ਤੇ ਨਾ ਹੀ ਉਹ ਪੁਰਾਣੇ ਰਸਮ-ਰਿਵਾਜ਼, ਜਿਹੜੇ ਉਹ ਦੁਬਾਰਾ ਦੁਹਰਾਉਣਾ ਚਾਹੁੰਦੇ ਸਨ। ਪਿਤਾ ਜੀ ਮੈਨੂੰ ਆਪਣੇ ਇਕ ਦੋਸਤ ਦੇ ਮੁੰਡੇ ਨਾਲ ਵਸਾਉਣਾ ਚਾਹੁੰਦੇ ਨੇ।'' ਮੈਂ ਹੈਰਾਨੀ ਨਾਲ ਉਸ ਵੱਲ ਤੱÎਕਿਆ, ਇਹ ਕੁੜੀ ਅੱਜ ਤਕ ਚੁੱਪ ਕਿੰਜ ਰਹੀ?
''ਹਾਂ-ਹਾਂ, ਉਹੀ ਦੇਣ ਲੈਣ ਦੀਆਂ ਗੱਲਾਂ ਵੀ...'' ਉਹ ਹੱਸ ਪਈ। ਉਸਨੇ ਇੰਜ ਕਿਹਾ ਸੀ, ਜਿਵੇਂ ਮੇਰੀ ਕਿਸੇ ਗੱਲ ਦਾ ਜੁਆਬ ਦਿੱਤਾ ਹੋਵੇ।
''ਪਿਤਾ ਜੀ 'ਸੈਲਫ ਮੇਡ' ਆਦਮੀ ਨੇ। ਉਹਨਾਂ ਨੂੰ ਦੂਜਿਆਂ ਦੀ ਹਰੇਕ ਗੱਲ ਗਲਤ ਲੱਗਦੀ ਏ। ਸਾਰਿਆਂ 'ਤੇ ਆਪਣੀ ਧਾਕ ਜਮਾਉਣਾ ਚਾਹੁੰਦੇ ਨੇ। ਉਹਨਾਂ ਨੂੰ ਦੇਖ ਕੇ ਇੰਜ ਮਹਿਸੂਸ ਹੋਇਆ ਜਿਵੇਂ ਉਹ ਕੁਝ ਅਗਾਂਹ ਏਸ ਵਾਸਤੇ ਵਧੇ ਸੀ ਕਿ ਫੇਰ ਪਿਛਾਂਹ ਪਰਤ ਆਉਣ...ਜਿੱਥੋਂ ਜ਼ਿੰਦਗੀ ਸ਼ੁਰੂ ਕੀਤੀ ਸੀ, ਉੱਥੇ ਹੀ ਖ਼ਤਮ ਕਰ ਲਈ ਜਾਵੇ। ਸਾਡੇ ਵੰਨੀ ਵੀ ਪ੍ਰੇਮ ਵਿਆਹਾਂ ਦਾ ਅੰਤ ਇੰਜ ਹੀ ਹੁੰਦੈ...ਤੇ ਉਹਨਾਂ ਨੂੰ ਮੇਰੀ ਪੇਟਿੰਗ ਵੀ ਫ਼ਜ਼ੂਲ ਹੀ ਜਾਪਦੀ ਹੈ।''
ਉਸਦੀ ਆਵਾਜ਼ ਹੋਰਾਂ ਨਾਲੋਂ ਅਲੱਗ-ਥਲੱਗ ਤੇ ਵੱਖਰੀ ਜਿਹੀ ਸੀ; ਕਿਸੇ ਅਨੋਖੇ ਸਵਾਦ ਵਰਗੀ! ਉਹਨਾਂ ਬਾਲਾਂ ਵਰਗੀ ਜਿਹੜੇ ਇਕ ਮਾਹੌਲ ਤੋਂ ਨੱਸ ਕੇ, ਥੋੜ੍ਹੀ ਦੂਰੀ 'ਤੇ ਹੀ ਆਪੋ ਵਿਚ ਕੁਝ ਵੰਡਣ ਬਹਿ ਜਾਂਦੇ ਨੇ। ਆਪਣੇ ਨਿੱਕੇ ਨਿੱਕੇ ਤਜ਼ੁਰਬਿਆਂ ਨੂੰ ਅੱਤ ਹੁਸੀਨ ਮੰਨ ਕੇ ਆਪਣੀ ਪੁਰਾਣੀ ਦੁਨੀਆਂ ਵਿਚ ਪਰਤ ਜਾਂਦੇ ਨੇ...ਅਜਿਹੇ ਲੋਕ ਤੇ ਅਜਿਹੀਆਂ ਆਵਾਜ਼ਾਂ ਹੋਰਾਂ ਵਾਸਤੇ ਖਿੱਚ ਭਰਪੂਰ ਹੋ ਸਕਦੀਆਂ ਨੇ; ਹੁੰਦੀਆਂ ਵੀ ਨੇ, ਪਰ ਇਹਨਾਂ ਨੂੰ ਛਿਪਾਉਣ ਵਿਚ ਹੀ ਇਕ ਖਾਸ ਕਿਸਮ ਦਾ ਆਨੰਦ ਹੁੰਦਾ ਹੈ!...ਉਹ ਲੋਕ ਸਦਾ ਅਧੂਰੇ ਹੁੰਦੇ ਨੇ।
ਕਈ ਵਾਰੀ ਉਸਨੂੰ ਕੁਝ ਹੋਰ ਪੁੱਛਣ ਦੀ ਇੱਛਾ ਹੋਈ, ਪਰ ਆਪਣੇ ਆਪ ਨੂੰ ਰੋਕੀ ਰੱÎਖਿਆ...ਕਿਤੇ ਉਹ ਇੰਜ ਹੀ ਨਾ ਸਮਝ ਬੈਠੇ ਕਿ ਮੈਂ ਵੀ ਓਹੋ ਜਿਹੀਆਂ ਗੱਲਾਂ ਪੁੱਛਣ ਲੱਗ ਪਿਆ ਹਾਂ ਜਿਹੋ ਜਿਹੀਆਂ ਲੋਕ ਸਿਰਫ ਮਜ਼ਾ ਲੈਣ ਖਾਤਰ ਭਗੌੜਿਆਂ ਤੋਂ ਤੇ ਖਾਸ ਕਰਕੇ ਕੁੜੀਆਂ ਤੋਂ ਪੁੱਛਦੇ ਨੇ।
''ਪਿੱਛੇ ਜਿਹੇ ਮਾਂ ਆਈ ਸੀ।'' ਤ੍ਰਬਕ ਕੇ ਉਹ ਇੰਜ ਬੋਲਣ ਲੱਗ ਪਈ, ਜਿਵੇਂ ਕੋਈ ਭੁੱਲੀ ਗੱਲ ਅਚਾਨਕ ਹੀ ਚੇਤੇ ਆ ਗਈ ਹੋਵੇ। ''ਕਹਿਣ ਲੱਗੀ, 'ਜੇ ਪਿਤਾ ਕੋਲੋਂ ਮਾ'ਫ਼ੀ ਮੰਗ ਲਵੇਂ ਤਾਂ ਵਾਪਸ ਘਰ ਆ ਸਕਦੀ ਏਂ।' ਸੁਣ ਕੇ ਮੇਰਾ ਹਾਸਾ ਨਿਕਲ ਗਿਆ ਸੀ; ਉਸਦਾ ਆਖਣ ਦਾ ਢੰਗ ਹੀ ਕੁਝ ਇਹੋ ਜਿਹਾ ਸੀ, ਜਿਵੇਂ ਮੈਂ ਘਰ ਜਾਣ ਵਾਸਤੇ ਮਿੰਨਤਾਂ ਕੀਤੀਆਂ ਹੋਣ।'' ਤੇ ਫੇਰ ਉਹ ਇੰਜ ਹੱਸੀ ਸੀ, ਜਿਵੇਂ ਮਾਂ ਹੁਣ ਵੀ ਉਸਦੇ ਸਾਹਮਣੇ ਖੜ੍ਹੀ ਹੋਵੇ। ਉਸਨੇ ਦੱÎਸਿਆ ਕਿ ਉਸਦੀ ਮਾਂ ਬੜੀ ਸਮਝਦਾਰ ਹੈ, ਪਰ ਵਿਆਹ ਤੋਂ ਬਾਅਦ ਹੋਰਾਂ ਔਰਤਾਂ ਵਾਂਗ ਹੀ ਉਹ ਆਪਦੇ ਪਤੀ ਦੀ ਮਰਜ਼ੀ ਅਨੁਸਾਰ ਚਲਦੀ ਰਹੀ। ਉਹ ਸਹੂਲਤਾਂ ਦੀ ਭੁੱਖੀ ਨਹੀਂ; ਫੇਰ ਵੀ ਉਸ ਵਿਚ ਆਪਣਾ ਕੁਝ ਵੀ ਬਾਕੀ ਨਹੀਂ ਰਿਹਾ।
''ਮਾਂ ਚਲੀ ਗਈ ?''
''ਹੋਰ ਕੀ ਇੱਥੇ ਈ ਰਹਿਣ ਵਾਸਤੇ ਆਈ ਸੀ? ਉਹ ਸਾਰੀ ਉਮਰ ਕੁਝ ਛਿਪਾਉਂਦੀ ਰਹੀ ਹੈ, ਆਪਣਿਆਂ ਕੋਲੋਂ ਵੀ ਤੇ ਬਿਗਾਨਿਆਂ ਕੋਲੋਂ ਵੀ। ਜਾਂਦੀ ਹੋਈ ਇਹ ਪੈਸੇ ਤੇ ਅਹਿ ਖ਼ਤ ਮੇਰੇ ਬੈਗ਼ ਵਿਚ ਰੱਖ ਗਈ ਸੀ।'' ਉਸਨੇ ਇਕ ਮੁੜਿਆ-ਤੁੜਿਆ ਖ਼ਤ ਮੇਰੇ ਵੱਲ ਵਧਾਅ ਦਿੱਤਾ।
ਸੱਚਮੁਚ ਉਸਦੀ ਮਾਂ ਅਜਿਹੀ ਹੀ ਹੈ...ਜਾਂ ਫੇਰ ਉਹ ਆਪ ਹਰੇਕ ਗੱਲ ਦੀ ਡੂੰਘਿਆਈ ਤਕ ਪਹੁੰਚ ਜਾਂਦੀ ਹੈ? ਖ਼ਤ ਵਿਚ ਪਤਾ ਨਹੀਂ ਕੀ ਰਹੱਸ ਹੈ? ਗਰਮ ਹਵਾ ਦਾ ਕੋਈ ਕੋਈ ਥੱਪੜ ਪਿੰਡੇ ਉੱਤੇ ਪੈਂਦਾ...ਸੜਕ ਅਜੇ ਵੀ ਤਪਦੀ ਪਈ ਸੀ। ਬਿਜਲੀ ਦੇ ਖੰਭਿਆਂ ਹੇਠ ਪਤਲੇ ਚਾਨਣ-ਦਾਇਰੇ ਬਣੇ ਹੋਏ ਸਨ। ਆਵਾਜਾਈ ਜ਼ੋਰਾਂ ਉੱਤੇ ਸੀ। ਅਸੀਂ ਦੋਏ ਚੁੱਪਚਾਪ ਟੁਰਦੇ ਰਹੇ। ਮੇਰੇ ਅੰਦਰਲੀਆਂ ਕੁਝ ਪਰਤਾਂ ਆਪਣੇ ਆਪ ਉੱਖੜਨ ਲੱਗ ਪਈਆਂ, ਜਿਵੇਂ ਕੋਈ ਉਹਨਾਂ ਨੂੰ ਉਪਰੋਂ ਖੁਰਚਣ ਲੱਗ ਪਿਆ ਹੋਵੇ। ਕੁਝ ਗੱਲਾਂ ਅਜਿਹੀਆਂ ਹੁੰਦੀਆਂ ਨੇ, ਜਿਹੜੀਆਂ ਆਦਮੀ ਨੂੰ ਮੱÎਲੋਮੱÎਲੀ ਜਜ਼ਬਾਤੀ ਬਣਾ ਦੇਂਦੀਆਂ ਨੇ। ਉਦੋਂ ਮੇਰੇ ਦਿਮਾਗ਼ ਅੰਦਰ ਸੋਚਾਂ ਦਾ ਹੜ੍ਹ ਜਿਹਾ ਆ ਜਾਂਦਾ ਹੈ। ਪਰ ਰਿਸ਼ਤਿਆਂ ਦੇ ਮਾਮਲੇ ਵਿਚ ਇੰਜ ਕਦੇ ਨਹੀਂ ਹੁੰਦਾ, ਕਿਉਂਕਿ, ਮੈਂ ਕਦੇ ਵੀ ਨਾਪ ਤੋਲ ਕੇ ਰਿਸ਼ਤਾ ਨਹੀਂ ਜੋੜਿਆ...ਉਹ ਤਾਂ ਹੌਲੀ ਹੌਲੀ ਆਪ-ਮੁਹਾਰੇ, ਅਣਜਾਣਪੁਨੇ ਵਿਚ ਪੀਢੇ ਹੋ ਜਾਂਦੇ ਨੇ ਤੇ ਜਦੋਂ ਉਹਨਾਂ ਦਾ ਅਹਿਸਾਸ ਹੁੰਦਾ ਹੈ ਤਾਂ ਕੋਈ ਹੈਰਾਨੀ ਵੀ ਨਹੀਂ ਹੁੰਦੀ। ਪਿੱਛਲੀਆਂ ਗੱਲਾਂ ਆਪਣੇ ਆਪ ਖੁੱਲ੍ਹਣ ਲੱਗ ਪੈਂਦੀਆਂ ਨੇ। ਇਹਨਾਂ ਗੱਲਾਂ ਨੂੰ ਅਸੀਂ ਸਹਿਜ-ਸੁਭਾਏ ਕਬੂਲ ਨਹੀਂ ਕਰਦੇ। ਮੈਂ ਨਵੇਂ ਰਿਸ਼ਤਿਆਂ ਦੇ, ਜਿਹੜੇ ਅਸਲ ਵਿਚ ਪੁਰਾਣੇ ਹੀ ਹੁੰਦੇ ਨੇ ਤੇ ਸਿਰਫ ਮੇਰੇ ਵਾਸਤੇ, ਮੇਰੇ ਆਪਣੇ ਅਰਥਾਂ ਵਿਚ, ਨਵੇਂ ਹੁੰਦੇ ਨੇ, ਉਸ ਲੰਮੇ ਸਿਲਸਿਲੇ ਨੂੰ ਫੜ੍ਹਨ ਦੀ ਕੋਸ਼ਿਸ਼ ਕਰਨ ਲੱਗ ਪਿਆ।
ਬੜੀ ਹੈਰਾਨੀ ਹੋਈ...ਕੀ ਰਿਸ਼ਤਿਆਂ ਦੀ ਕੋਈ ਅਸਲੀਅਤ ਵੀ ਹੁੰਦੀ ਹੈ? ਉਹ ਤਾਂ ਹਮੇਸ਼ਾ ਬਦਲਦੇ ਰਹਿੰਦੇ ਨੇ। ਅਸੀਂ ਆਪਣੀ ਆਪਣੀ ਗਰਜ਼ ਅਨੁਸਾਰ ਉਹਨਾਂ ਨੂੰ ਮਹਿਸੂਸ ਕਰਦੇ ਹਾਂ।
ਪਿਛਲੇ ਦਿਨਾਂ ਵਿਚ ਜੋ ਹਾਲਤ ਮੇਰੀ ਸੀ, ਉਸਦਾ ਜ਼ਿੰਮੇਂਵਾਰ ਮੈਂ ਆਪ ਹੀ ਸਾਂ। ਮੇਰੇ ਉੱਤੇ ਕਿਸੇ ਦਾ ਕੋਈ ਦਬਾਅ ਨਹੀਂ ਸੀ ਤੇ ਨਾ ਹੀ ਕਿਸੇ ਦਾ ਕੋਈ ਡਰ। ਫੇਰ ਕਿਉਂ ਛਿਪਦਾ, ਝਿਜਕਦਾ ਰਹਿੰਦਾ ਸਾਂ? ਦੂਜਿਆਂ ਤੋਂ ਕੰਨੀ ਕਤਰਾਉਂਦਾ ਰਿਹਾ ਹਾਂ ਮੈਂ। ਜਦੋਂ ਕਿ ਮੈਨੂੰ ਆਪਣੇ ਬੇਰੁਜ਼ਗਾਰ ਹੋਣ ਦੀ ਕਦੇ ਵੀ ਚਿੰਤਾ ਨਹੀਂ ਸੀ ਹੋਈ ਤੇ ਨਾ ਹੀ ਕਦੇ ਬੇਰੁਜ਼ਗਾਰ ਅਖਵਾਉਣ ਦਾ ਸ਼ੌਕ ਜਾਗਿਆ ਸੀ। ਮੈਨੂੰ ਆਪਣੇ ਅਸੂਲ ਪਿਆਰੇ ਸਨ। ਤੇ ਅਸੂਲ...?...ਸਭ ਕੁਝ ਥੋਥਾ ਮਹਿਸੂਸ ਹੋਇਆ। ਮੈਂ ਉੱਥੇ ਕਿਉਂ ਨਹੀਂ ਗਿਆ, ਜਿੱਥੇ ਮੈਨੂੰ ਆਪਣਾ ਮਨਪਸੰਦ ਕੰਮ ਮਿਲ ਸਕਦਾ ਸੀ? ਕਿਉਂ?
ਮੇਰੇ ਅੰਦਰਲੇ ਦਾ ਇਸ਼ਾਰਾ ਉਸ ਬਿੰਦੂ ਵੱਲ ਹੈ, ਜਿੱਥੇ ਅਜਿਹੀਆਂ ਗੱਲਾਂ ਦਾ ਮੁੱਢ ਬੱÎਝਿਆ ਹੁੰਦਾ ਹੈ; ਜਿੱਥੇ ਜ਼ਰੂਰਤਾਂ ਤੇ ਜ਼ਿੰਮੇਂਵਾਰੀਆਂ ਨੂੰ ਰਵਾਇਤੀ ਲੀਹਾਂ ਉੱਤੇ ਤੋਰਨ ਲੱÎਗਿਆਂ ਚਿੜ ਹੋ ਜਾਂਦੀ ਹੈ।
''ਮਾਂ ਨੇ ਸਾਡੇ ਸਬੰਧਾਂ ਨੂੰ ਵੀ ਚੰਗੀ ਨਜ਼ਰ ਨਾਲ ਨਹੀਂ ਸੀ ਵੇਖਿਆ ; ਜਿੰਨੇ ਦਿਨ ਰਹੀ ਇੱਕੋ ਸ਼ੰਕਾ ਪਾਲੀ ਰੱਖਿਆ। ਉਸਦੀ ਸਮਝ 'ਚ ਹੀ ਨਹੀਂ ਸੀ ਆ ਰਿਹਾ ਕਿ ਕੋਈ ਲੰਮੇਂ ਸਮੇਂ ਤਕ ਬਿਨਾਂ ਸਰੀਰਕ ਸਬੰਧ ਜੋੜੇ ਕਿੰਜ ਰਹਿ ਸਕਦਾ ਹੈ? ਉਸਨੇ ਮਿਹਣਾ ਜਿਹਾ ਮਾਰਿਆ ਸੀ, 'ਚੱਲ ਠੀਕ ਏ, ਤੂੰ ਕੋਈ ਲੱਭ ਤਾਂ ਲਿਆ ਏ ਨਾ'...ਲਹਿਜ਼ਾ ਉਹੀ ਹੀ ਸੀ...'ਪਿੱਛੋਂ ਪਛਤਾਏਂਗੀ।' ਜਾਂਦੀ ਹੋਈ ਇੰਜ ਵੀ ਆਖ ਗਈ ਸੀ, 'ਇਕ ਡਰ ਤਾਂ ਮੁੱÎਕਿਆ, ਬਈ ਤੂੰ ਬਹੁਤ ਸਾਰੇ ਲੋਕਾਂ ਦੀ ਮਹਿਬੂਬਾ ਨਹੀਂ...' ਤੇ ਮੇਰੇ ਮੂੰਹੋਂ ਮਾਂ ਨੂੰ ਗਾਲ੍ਹ ਨਿਕਲ ਗਈ ਸੀ।''
ਉਹ ਚੁੱਪ ਕਰ ਗਈ; ਅਸੀਂ ਟੁਰਦੇ ਰਹੇ। ਅਚਾਨਕ ਉਸਦੇ ਚਿਹਰੇ ਉੱਤੇ ਡਰ ਦੇ ਪ੍ਰਛਾਵੇਂ ਥਿਰਕਨ ਲੱਗੇ। ਉਹ ਰਤਾ ਠਿਠਕਦੀ ਤੇ ਮੇਰੇ ਮੂੰਹ ਵੱਲ ਤੱਕਦੀ ਹੋਈ ਬੋਲੀ, ''ਮਾਂ ਦੇ ਹੁੰਦਿਆਂ, ਬਿਪਨ ਇਕ ਦਿਨ ਪੀ ਕੇ ਆ ਵੜਿਆ ਸੀ। ਮੇਰੀ ਤੇ ਉਸਦੀ ਹੱਥਾਪਾਈ ਵੀ ਹੋ ਪਈ ਸੀ।''
''ਤੂੰ ਮੈਨੂੰ ਕਿਉਂ ਨਹੀਂ ਦੱÎਸਿਆ?''
ਮੈਨੂੰ ਆਪਣੀ ਏਸ ਗੱਲ ਉੱਤੇ ਸ਼ਰਮਿੰਦਗੀ ਜਿਹੀ ਮਹਿਸੂਸ ਹੋਈ ਤੇ ਫੇਰ ਅੰਦਰ ਉਠਦਾ ਗੁੱਸਾ ਆਪਣੇ ਆਪ ਦਬ ਗਿਆ।
''ਹੁਣ ਕਦੀ ਆਉਣ ਦੀ ਹਿੰਮਤ ਨਹੀਂ ਕਰੇਗਾ ਉਹ।'' ਉਸਨੇ ਲਿਸ਼ਕਦੀਆਂ ਅੱਖਾਂ ਨਾਲ ਮੇਰੇ ਤੱÎਕਿਆ ਤੇ ਮੁਸਕਰਾ ਪਈ।
''ਜਾਣ ਤੋਂ ਪਹਿਲਾਂ ਮਾਂ ਨੇ ਮੈਥੋਂ ਮਾ'ਫ਼ੀ ਮੰਗੀ ਸੀ। ਉਸਨੂੰ ਯਕੀਨ ਆ ਗਿਆ ਸੀ ਕਿ ਇਕ ਔਰਤ ਤੇ ਇਕ ਮਰਦ ਦਾ ਰਿਸ਼ਤਾ ਇੰਜ ਵੀ ਹੋ ਸਕਦਾ ਹੈ। ਮੈਂ ਸਾਫ ਸ਼ਬਦਾਂ ਵਿਚ ਕਹਿ ਦਿੱਤਾ ਸੀ, ਜਦੋਂ ਕੋਈ ਮੈਨੂੰ ਪਸੰਦ ਆਏਗਾ, ਮੈਂ ਉਸ ਨਾਲ ਸਰੀਰਕ ਸਬੰਧ ਵੀ ਜੋੜ ਲਵਾਂਗੀ। ਲਕੋਅ ਨਹੀਂ ਰੱਖਾਂਗੀ।''
ਮੇਰਾ ਹੱਥ ਜੇਬ ਵਿਚ ਚਲਾ ਗਿਆ। ਖ਼ਤ ਵਿਚਲੇ ਰਹੱਸ ਨੂੰ ਜਾਣਨ ਦੀ ਇੱਛਾ ਤੀਬਰ ਹੋ ਗਈ।
''ਮਾਂ ਨੇ ਮੇਰੀਆਂ ਸਾਰੀਆਂ ਡਾਇਰੀਆ ਪੜ੍ਹ ਲਈਆਂ...ਜੋ ਉਹ ਮੇਰੇ ਬਾਰੇ ਸੋਚਦੀ ਸੀ, ਸਭ ਗ਼ਲਤ ਨਿਕਲਿਆ। ਜੋ ਉਸਦੇ ਪ੍ਰਤੀ ਮੇਰੇ ਮਨ ਵਿਚ ਸੀ, ਉਸਨੂੰ ਪੜ੍ਹ ਦੇ ਉਸਨੂੰ ਇੰਜ ਜਾਪਿਆ ਸੀ, ਜਿਵੇਂ ਉਸਨੂੰ ਚਾਨਣ ਹੋ ਗਿਆ ਹੋਵੇ...ਤੇ ਉਸਨੂੰ ਸਪਸ਼ਟ ਹੋ ਗਿਆ ਕਿ ਉਹ ਸੱਚਮੁੱਚ ਆਪਣੇ ਆਪ ਤੋਂ ਦੂਰ ਤੇ ਵੱਖ-ਵੱਖ ਰਹੀ ਹੈ...ਉਹ ਖਾਸੀ ਦੇਰ ਤੱਕ ਰੋਂਦੀ ਰਹੀ। ਫੇਰ ਉਸਨੇ ਕਿਹਾ ਕਿ ਹੁਣ ਕਦੇ ਵੀ ਉਹ ਮੈਨੂੰ ਘਰ ਵਾਪਸ ਚੱਲਣ ਵਾਸਤੇ ਨਹੀਂ ਕਹੇਗੀ। ਇਹੋ ਸਭ ਉਸਨੇ ਖ਼ਤ ਵਿਚ ਲਿਖਿਆ ਏ। ਉਹ ਹੈਰਾਨ ਸੀ ਕਿ ਜਿਹੜੀਆਂ ਗੱਲਾਂ ਉਸਨੇ ਕਦੀ ਕਿਸੇ ਨੂੰ ਨਹੀਂ ਸਨ ਦੱਸੀਆਂ, ਤੇ ਨਾ ਹੀ ਆਪ ਸੋਚੀਆਂ ਸਨ, ਉਹਨਾਂ ਦਾ ਮੈਨੂੰ ਕਿੰਜ ਪਤਾ ਲੱਗ ਗਿਆ ਸੀ ?''
ਕਮਰਾ ਸਾਡੇ ਸਾਮਾਨ ਨਾਲ ਦੋ ਹਿੱÎਸਿਆਂ ਵਿਚ ਵੰਡਿਆ ਗਿਆ; ਹਰੇਕ ਚੀਜ਼ ਬੜੇ ਸੁਚੱਜੇ ਢੰਗ ਨਾਲ ਸਜਾ ਕੇ ਰੱਖੀ ਗਈ ਸੀ। ਪਰ ਵੇਖਣ ਨੂੰ ਇਕੋ ਕਮਰਾ ਸੀ। ਇਕ ਪਾਸੇ ਉਸਦਾ ਸਾਮਾਨ...ਇਕ ਟਰੰਕ, ਜਿਸਦਾ ਦੀਵਾਨ ਬਣਾਇਆ ਹੋਇਆ ਸੀ; ਸੂਟਕੇਸ, ਕਿਤਾਬਾਂ ਵਾਲਾ ਰੈਕ, ਬੁਰਸ਼, ਰੰਗਾਂ ਦੇ ਡੱਬੇ, ਟ੍ਰੇ, ਤੇਲ ਦੇ ਡੱਬੇ ਤੇ ਪਲੇਟਾਂ ਪਈਆਂ ਸਨ। ਕੰਧਾਂ ਉੱਤੇ ਉਸਦੀਆਂ ਪੇਂਟਿੰਗਜ਼ ਟੰਗੀਆਂ ਸਨ। ਬਾਰੀ ਕੋਲ ਸਟੈਂਡ ਉੱਤੇ ਇਕ ਅਧੂਰੀ ਪੇਂਟਿੰਗ ਪਈ ਸੀ।
ਉਸਦੀਆਂ ਏਨੀਆਂ ਸਾਰੀਆਂ ਪੇਂਟਿੰਗਜ਼ ਵੇਖ ਕੇ ਮੈਂ ਹੈਰਾਨ ਰਹਿ ਗਿਆ। ਏਨਾਂ ਕੰਮ ਕਦੋਂ ਕਰ ਲੈਂਦੀ ਹੈ, ਉਹ? ਕੰਧਾਂ ਉੱਤੇ ਜਿੱਥੇਂ ਵੀ ਜਗ੍ਹਾ ਸੀ, ਉਸਦੀ ਬਣਾਈ ਕੋਈ ਨਾ ਕੋਈ ਤਸਵੀਰ ਲੱਗੀ ਹੋਈ ਸੀ। ਫ਼ਰਸ਼ ਉੱਤੇ ਵੀ ਕਈ ਫਰੇਮ ਪਏ ਸਨ। ਉਸਦੀ ਪੇਂਟਿੰਗ ਮੇਰੇ ਸਾਹਮਣੇ ਸੀ; ਸ਼ਕਲਾਂ ਦੀ ਬਜਾਏ ਗੈਰ-ਕੁਦਰਤੀ ਤੇ ਅਦਿੱਖ ਅਹਿਸਾਸਾਂ ਦਾ ਸਮੂਹ! ਉਸਦੀ ਸਕੈੱਚ-ਬੁੱਕ ਵੇਖੀ ਤਾਂ ਹੱਦ ਤੋਂ ਵੱਧ ਹੈਰਾਨੀ ਹੋਈ। ਇਕ ਇਕ ਪੇਂਟਿਗ ਦੀ ਖੋਜ ਵਿਚ ਕਈ ਕਈ ਸਕੈੱਚ, ਉਹ ਉਹਨਾਂ ਥਾਵਾਂ ਉੱਤੇ ਬੈਠੀ ਬਣਾਉਂਦੀ ਹੁੰਦੀ ਸੀ, ਜਿੱਥੇ ਅਸੀਂ ਦੋਏ ਅਕਸਰ ਜਾਂਦੇ ਹੁੰਦੇ ਸਾਂ। ਦੂਜੇ ਪਾਸੇ ਮੇਰੀ 'ਕੁੱਲ-ਦੁਨੀਆਂ' ਸੀ...ਇਕ ਛੋਟੀ ਮੇਜ਼, ਰੈਕ ਵਿਚ ਕਿਤਾਬਾਂ, ਡਾਇਰੀਆਂ, ਨੋਟਿਸ ਪੈਡ, ਕਾਪੀਆਂ, ਫਾਇਲਾਂ; ਪੁਰਾਣੇ ਰਸਾਲਿਆਂ ਦੇ ਬੰਡਲ ਇਕ ਕੋਨੇ ਵਿਚ ਰੱਖੇ ਹੋਏ ਸਨ। ਮੇਰੇ ਕਪੜੇ ਜਿਹੜੇ ਅੱਜ ਤਕ ਕਦੇ ਵੀ ਠੀਕ ਢੰਗ ਨਾਲ ਨਹੀਂ ਪਾਏ ਗਏ; ਧੋਤੇ ਹੋਏ ਸਨ ਤੇ ਹੈਂਗਰਾਂ ਉੱਤੇ ਲਟਕ ਰਹੇ ਸਨ। ਮੇਜ਼ ਉੱਤੇ ਇਕ ਟਾਈਪ ਮਸ਼ੀਨ ਰੱਖ ਹੋਈ ਸੀ...ਜਿਹੜੀ, ਅੱਜ ਤੋਂ ਪਹਿਲਾਂ, ਲੱਖ ਇੱਛਾਵਾਂ ਦੇ ਬਾਵਜ਼ੂਦ ਵੀ ਮੈਨੂੰ ਨਸੀਬ ਨਹੀਂ ਸੀ ਹੋਈ।
''ਇਹ ਟਾਈਪ-ਰਾਈਟਰ ਤੂੰ ਲਿਆਂਦਾ ਏ?'' ਅੰਦਰ ਜ਼ਖ਼ਮ ਸੀ ਕਿ ਕਿੰਨੀਆਂ ਜ਼ਰੂਰੀ ਚੀਜ਼ਾਂ ਵੀ ਅਸੀਂ ਹਾਸਿਲ ਨਹੀਂ ਦਰ ਸਕਦੇ।
''ਪਤਾ ਏ, ਜਦੋਂ ਮੈਂ ਮਾਂ ਨੂੰ ਦੱÎਸਿਆ ਕਿ ਤੂੰ ਤੁਰਦਾ ਹੋਇਆ, ਲੇਟਿਆ ਹੋਇਆ, ਦੂਜਿਆਂ ਦੇ ਘਰ ਅੰਦਰ ਪਹੁੰਚਦਾ ਹੀ ਸੋਚਣ ਲੱਗ ਪੈਂਦਾ ਏਂ ਤੇ ਹਮੇਸ਼ਾ ਕੁਝ ਦਿਨਾਂ ਵਿਚ ਹੀ ਸਭ ਕੁਝ ਭੁੱਲ ਜਾਂਦਾ ਏਂ ਤੇ ਤੈਨੂੰ ਏਨਾ ਵੀ ਚੇਤੇ ਨਹੀਂ ਰਹਿੰਦਾ ਕਿ ਤੂੰ ਉਹ ਗੱਲਾਂ ਕਦੇ ਸੋਚੀਆਂ ਸਨ, ਤਾਂ ਸੁਣ ਕੇ ਮਾਂ ਹੱਸ ਪਈ ਸੀ ਤੇ ਉਸਨੇ ਮੇਰੀ ਗੱਲ ਨੂੰ ਦੂਜੇ ਰੁਖ਼ ਮੋੜ ਦਿੱਤਾ ਸੀ, ਜਿਵੇਂ ਕੋਈ ਚਲਾਕ ਬੱਚਾ ਕਿਸੇ ਡਰ ਸਦਕਾ ਸਾਰਿਆਂ ਦਾ ਧਿਆਨ ਹੋਰ ਪਾਸੇ ਕਰ ਦੇਂਦਾ ਹੈ...ਪਤੈ, ਮਾਂ ਨੇ ਕੀ ਕਿਹਾ ਸੀ? 'ਉਸ ਵਾਸਤੇ ਇਕ ਟਾਈਪ-ਰਾਈਟਰ ਖ਼ਰੀਦ ਲਵੀਂ'...''
''ਨਹੀਂ, ਇਹਦੀ ਕੋਈ ਲੋੜ ਨਹੀਂ, ਮੈਨੂੰ ਨਿੱਕੀਆਂ ਨਿੱਕੀਆਂ ਪਰਚੀਆਂ ਉੱਤੇ ਲਿਖਣ ਦੀ ਤੇਰੀ ਆਦਤ ਬੜੀ ਚੰਗੀ ਲੱਗੀ ਏ।...ਤੇ ਮੈਂ ਵੀ ਇਹੀ ਆਦਤ ਪਾ ਲਈ ਏ। ਬਾਹਰੀ ਸਲੂਕ ਦੇ ਪ੍ਰਤੀਕਰਮ ਵਜੋਂ ਜੋ ਵੀ ਅਸੀਂ ਅੰਦਰੇ-ਅੰਦਰ ਸੋਚਦੇ ਜਾਂ ਮਹਿਸੂਸ ਕਰਦੇ ਹਾਂ, ਉਸਨੂੰ ਯਾਦ ਰੱਖਣ ਦਾ ਇਸ ਤੋਂ ਵਧੀਆਂ ਤਰੀਕਾ ਹੋਰ ਕੋਈ ਨਹੀਂ ਹੋ ਸਕਦਾ। ਪਰ ਤੈਨੂੰ ਮੇਰੇ ਬਾਰੇ ਇਹ ਸਭ ਕੁਝ ਕਿਸ ਨੇ ਦੱÎਸਿਆ?''
''ਮੈਂ ਪੈਸੇ ਮਾਂ ਨੂੰ ਵਾਪਸ ਭੇਜ ਦਿੱਤੇ ਸਨ...ਤੇ ਲਿਖ ਦਿੱਤਾ ਸੀ ਕਿ ਅੱਗੇ ਤੋਂ ਕਦੀ ਪੈਸੇ ਨਾ ਭੇਜੇ।''
ਉਸਨੇ ਮੇਰੀ ਗੱਲ ਦਾ ਕੋਈ ਜਵਾਬ ਨਹੀਂ ਸੀ ਦਿੱਤਾ। ਦੱਸਦੀ ਰਹੀ ਕਿ ਮਾਂ ਨੇ ਘਰ ਜਾ ਕੇ ਪੈਸੇ ਭੇਜੇ ਸਨ, ਤਾਂਕਿ ਉਹ ਮੇਰੇ ਵਾਸਤੇ ਸਭ ਲੋੜੀਂਦੀਆਂ ਵਸਤਾਂ ਖ਼ਰੀਦ ਲਏ।
''ਖਾਣਾ ਕੱਢ, ਖਾਈਏ, ਮੈਨੂੰ ਭੁੱਖ ਲਈ ਹੋਈ ਏ...'' ਕੋਈ ਭੇਦ ਉਸਦੇ ਅੰਦਰ ਜ਼ਰੂਰ ਸੀ; ਜਾਂ ਫੇਰ ਉਸਦੀ ਕਲਪਨਾ ਵਿਚ ਕੋਈ ਗੱਲ ਅਟਕ ਗਈ ਸੀ। ਕੋਨੇ ਵਿਚ ਪਈ ਟੋਕਰੀ ਵਿਚੋਂ ਪਲੇਟਾਂ ਕੱਢਦੀ ਹੋਈ ਬੋਲੀ :
''ਪਤੈ, ਮਾਂ ਨੇ ਤੇਰੀਆਂ ਡਾਇਰੀਆਂ ਵੀ ਪੜ੍ਹੀਆਂ ਸੀ। ਦੂਜਿਆਂ ਦੀ ਹੱਡਬੀਤੀ ਪੜ੍ਹਨਾ ਉਸਦੀ ਕਮਜ਼ੋਰੀ ਹੈ।''
ਮੇਜ਼ ਖ਼ਾਲੀ ਕਰਕੇ ਉਸ ਕੋਲ ਮੂੜ੍ਹੇ ਰੱਖ ਦਿੱਤੇ...ਪਰਦਾ ਖਿੱਚ ਕੇ ਕੰਧ ਨਾਲ ਲਾ ਦਿੱਤਾ। ਉਹ ਦੋ ਪੁਰਾਣੀਆਂ ਸਾੜ੍ਹੀਆਂ ਨੂੰ ਜੋੜ ਕੇ ਬਣਾਇਆ ਹੋਇਆ ਸੀ। ਹੇਠਲੇ ਪਾਸੇ ਨਿੱਕੇ ਨਿੱਕੇ ਘੁੰਗਰੂ ਲੱਗੇ ਸਨ ; ਜਿਹੜੇ ਕਮਰੇ ਦੀ ਚੁੱਪ ਵਿਚਕਾਰ ਹੌਲੀ ਹੌਲੀ ਖੜਕਣ ਲੱਗੇ।
''ਤੇਰੀ ਮਾਂ ਦੂਜਿਆਂ ਦੀ ਜ਼ਿੰਦਗੀ ਵਿਚ ਆਪਣੇ ਆਪ ਨੂੰ ਭਾਲਦੀ ਰਹਿੰਦੀ ਹੈ ਤੇ ਉਹਨੂੰ ਆਪਣੀਆਂ ਭੁੱਲੀਆਂ ਹੋਈਆਂ ਯਾਦਾਂ, ਦੂਜਿਆਂ ਨਾਲ ਵਾਪਰੀਆਂ ਘਟਨਾਵਾਂ ਨੂੰ ਪੜ੍ਹ ਕੇ ਮੁੜ ਯਾਦ ਆ ਜਾਂਦੀਆਂ ਨੇ।''
ਉਹ ਸੁਰਾਹੀ ਵਿਚੋਂ ਗਲਾਸ ਵਿਚ ਪਾਣੀ ਉਲੱਦ ਰਹੀ ਸੀ; ਅਟਕ ਗਈ। ਬਿੰਦ ਦਾ ਬਿੰਦ ਉਸਦੀਆਂ ਅੱਖਾਂ ਦੀ ਲਿਸ਼ਕ ਮਧੱਮ ਪੈ ਗਈ...ਤੇ ਫੇਰ ਉਸਦੀਆਂ ਉਦਾਸ ਸਿੱਲ੍ਹੀਆਂ ਅੱਖਾਂ ਵਿਚ ਖ਼ੁਸ਼ੀ ਟਹਿਕਣ ਲੱਗ ਪਈ।
''ਤੇਰੇ ਵਿਚ ਏਨਾ ਆਜ਼ਾਦ ਰਹਿਣ ਦੀ ਜ਼ਿੱਦ ਕਿੱਥੋਂ ਆਈ ਏ?''
''ਜ਼ਿੱਦ !''
ਉਸਨੇ ਤ੍ਰਬਕ ਕੇ ਮੇਰੇ ਵੱਲ ਵੇਖਿਆ, ਜਿਵੇਂ ਜ਼ਿੰਦਗੀ ਵਿਚ ਪਹਿਲੀ ਵਾਰ ਕੁਝ ਯਾਦ ਕਰਨ ਦੀ ਕੋਸ਼ਿਸ਼ ਕਰ ਰਹੀ ਹੋਵੇ।
''ਮਾਂ ਪ੍ਰਤੀ ਪਿਆਰ ਤੇ ਹਮਦਰਦੀ ਨੇ ਹੀ ਸ਼ਾਇਦ ਮੈਨੂੰ ਪ੍ਰੇਰਿਆ ਏ। ਪਿਤਾ ਜੀ ਗੱਲ ਗੱਲ 'ਤੇ ਮਾਂ ਨੂੰ ਝਿੜਕਾਂ ਦੇਣ ਲੱਗ ਪੈਂਦੇ ਸਨ, ਕਦੀ ਕਦੀ ਮਾਰਨ-ਕੁੱਟਣ ਵੀ ਲੱਗ ਪੈਂਦੇ ਸਨ। ਜਿਵੇਂ ਮਾਂ ਉਹਨਾਂ ਦੇ ਰਾਹ ਦਾ ਰੋੜਾ ਸੀ। ਸ਼ੁਰੂ ਸ਼ੁਰੂ ਵਿਚ ਉਹ ਵੀ ਅੱਗੋਂ ਬੋਲਦੀ, ਪਰ ਫੇਰ ਚੁੱਪ ਰਹਿਣ ਲੱਗ ਪਈ; ਦੂਜਿਆਂ ਦੇ ਸਾਹਮਣੇ ਆਪਣੀ ਬੇਇੱਜ਼ਤੀ ਬਰਦਾਸ਼ਤ ਕਰਨ ਲੱਗ ਪਈ...ਕੁਝ ਅਜਿਹੇ ਹੀ ਕਾਰਨ ਹੋ ਸਕਦੇ ਨੇ।''
ਪਰ ਮੈਂ ਕਿਧਰੇ ਹੋਰ ਗਵਾਚਿਆ ਹੋਇਆ ਸਾਂ। ਉਹਨਾਂ ਗੱਲਾਂ ਤੇ ਜ਼ਰੂਰਤਾਂ ਵਿਚਕਾਰ ਮਨ ਭਟਕ ਰਿਹਾ ਸੀ, ਜਿਹੜੀਆਂ ਹੁਣ ਤੋਂ ਬਾਅਦ ਸ਼ੁਰੂ ਹੋ ਜਾਣੀਆਂ ਸਨ। ਸਾਰੀ ਉਮਰ ਇਕੱਲਾ ਰਹਿੰਦਾ ਰਿਹਾ ਸਾਂ, ਇਸ ਕਰਕੇ ਇਹ ਡਰ ਵਾਜਵ ਵੀ ਸੀ। ਉਂਜ ਦੂਜਿਆਂ ਕੋਲ ਪਹੁੰਚਦਿਆਂ ਸਾਰ ਮੇਰੀ ਆਪਣੀ ਕੋਈ ਜ਼ਰੂਰਤ ਨਹੀਂ ਰਹਿੰਦੀ। ਇਹ ਵਿੰਗੇ-ਟੇਢੇ ਚੱਕਰਦਾਰ ਰੱਸਤਿਆਂ ਉੱਤੇ ਭਟਕਦੇ ਰਹਿਣ ਤੋਂ ਬਾਅਦ ਦੀ ਆਦਤ ਹੈ।...ਏਨੇ ਛੋਟੇ ਕਮਰੇ ਵਿਚ ਉਹ ਆਪਣਾ ਕੰਮ ਕਿੰਜ ਕਰਿਆ ਕਰੇਗੀ? ਤੇ ਸਾਡੀ ਗੱਡੀ ਬਿਨਾਂ ਕੰਮ ਕੀਤਿਆਂ ਕਿਵੇਂ ਰੁੜ੍ਹੇਗੀ?
''ਤੂੰ ਖੁਸ਼ ਨਹੀ ਜਾਪਦਾ।'' ਮੈਨੂੰ ਇੰਜ ਲੱÎਗਿਆ ਜਿਵੇਂ ਉਹ ਖਾਸੀ ਦੇਰ ਬਾਅਦ ਬੋਲੀ ਹੋਵੇ। ਮੈਂ ਪੰਘਰ ਗਿਆ।
''ਨਹੀਂ ਮੈਂ ਹਮੇਸ਼ਾ ਇਕੱਲਾ ਰਿਹਾ ਹਾਂ ਨਾ...ਮੈਨੂੰ...''
''ਤੂੰ ਇਕ ਵਾਰੀ ਵੀ ਨਹੀਂ ਪੁੱÎਛਿਆ, ਮੈਂ ਤੈਥੋਂ ਕੀ ਪੁੱਛਣਾ ਸੀ?'' ਉਸਨੇ ਟੋਕਿਆ।
''ਮੈਨੂੰ ਪਤਾ ਏ...।''
ਸੁਣ ਕੇ ਉਹ ਬੱÎਚਿਆਂ ਵਾਂਗ ਖਿੜਪੁੜ ਗਈ। ਕੁਝ ਚਿਰ ਪਹਿਲਾਂ ਉਸਦੀਆਂ ਗੱਲਾਂ ਜ਼ਹਿਰ ਲੱਗ ਰਹੀਆਂ ਸਨ, ਹੁਣ ਉਹਨਾਂ ਵਿਚ ਰਸ ਆਉਂਣ ਲੱਗ ਪਿਆ, ਉਸਦੀ ਹੋਂਦ ਖੁਸ਼ੀ ਦਾ ਕਾਰਨ ਲੱਗ ਰਹੀ ਸੀ। ਉਸਦੇ ਨਾਲ ਖਾਣਾ ਖਾਂਦੇ ਨੂੰ ਓਵੇਂ ਹੀ ਮਹਿਸੂਸ ਹੋਇਆ, ਜਿਵੇਂ ਕਲਾਕ ਟਾਵਰ ਵਿਚ ਉਸਨੂੰ ਬਿੱਲ ਦੇਂਦਿਆਂ ਵੇਖ ਕੇ ਹੋਇਆ ਸੀ। ਤੇ ਨਾਲ ਵਾਲੀ ਮੇਜ਼ ਉੱਤੇ ਬੈਠੀ ਕੁੜੀ ਨੇ ਆਪਣੇ ਪ੍ਰੇਮੀ ਨੂੰ ਅੱਖ ਦਾ ਇਸ਼ਾਰਾ ਕੀਤਾ ਸੀ। ਅਸੀਂ ਦੋਏ ਬੜੀ ਦੇਰ ਤੱਕ ਹੱਸਦੇ ਰਹੇ ਸਾਂ, ਉਸ ਦਿਨ। ਉਹ ਅੱਜ ਵੀ ਓਵੇਂ ਹੀ ਹੱਸ ਰਹੀ ਸੀ। ਮੈਨੂੰ ਯਕੀਨ ਹੀ ਨਹੀਂ ਸੀ ਆ ਰਿਹਾ ਕਿ ਮੈਂ ਉਸਨੂੰ ਬੜੇ ਲੰਮੇਂ ਅਰਸੇ ਤੋਂ ਜਾਣਦਾ ਹਾਂ। ਕਦੇ ਉਸਦੇ ਬੀਤੇ ; ਘਰ ਪਰਿਵਾਰ ਤੇ ਹੋਰਾਂ ਗੱਲਾਂ ਬਾਰੇ ਜਾਣਨ ਦੀ ਖੇਚਲ ਹੀ ਨਹੀਂ ਸੀ ਕੀਤੀ। ਮੇਰੇ ਅੰਦਰ ਨਵੀਆਂ ਨਵੀਆਂ ਗੱਲਾਂ ਸਿਰ ਚੁੱਕਣ ਲੱਗ ਪਈਆਂ : ਕੱਲ੍ਹ ਤੋਂ ਲੋਕ ਸਾਡੀ ਨਵੀਂ ਜ਼ਿੰਦਗੀ ਬਾਰੇ ਕੀ ਕੀ ਗੱਲਾਂ ਕਰਿਆ ਕਰਨਗੇ? ਹਰੇਕ ਗੱਲ ਦੇ ਦੂਜੇ ਅਰਥ ਕੱਢੇ ਜਾਣਗੇ। ਗੱਲ ਨਿੱਕੀ-ਮੋਟੀ ਵੀ ਨਹੀਂ ਸੀ...ਜਦੋਂ ਉਸਦੀ ਨੇੜਤਾ ਵਿਚ ਏਨਾ ਆਨੰਦ ਸੀ ਤਾਂ ਕੀ ਇੱਕੋ ਕਮਰੇ ਵਿਚ ਅਸਾਂ ਦੋਹਾਂ ਦਾ ਰਹਿਣਾ ਮਨ ਤੋਂ ਸਰੀਰ ਤੱਕ ਨਹੀਂ ਪਹੁੰਚ ਸਕਦਾ?
''ਮੈਂ ਤੈਨੂੰ ਉਹੀ ਕਵਿਤਾ ਸੁਣਾਂਦੀ ਹਾਂ।''
''ਕੀ ਤੂੰ ਮੇਰੀਆਂ ਸਭ ਡਾਇਰੀਆਂ ਪੜ੍ਹ ਲਈਆਂ ਨੇ?'' ਹਾਲਾਂਕਿ ਮੈਨੂੰ ਪਤਾ ਸੀ ਕਿ ਉਹ ਪੜ੍ਹ ਚੁੱਕੀ ਹੈ। ਉਹ ਕਾਹਲ ਨਾਲ ਉਠ ਕੇ ਮੇਰੀ ਇਕ ਡਾਇਰੀ ਚੁੱਕ ਲਿਆਈ; ਜਿਸ ਵਿਚ ਲਿਖਿਆ ਹੋਇਆ ਮੈਨੂੰ ਆਪ ਨੂੰ ਵੀ, ਕੁਝ ਵੀ, ਯਾਦ ਨਹੀਂ ਸੀ। ਉਹ ਮੁੱਢਲੇ ਦਿਨਾਂ ਦੀਆਂ ਅਲ੍ਹੜ ਸੋਚਾਂ ਦੀ ਡਾਇਰੀ ਸੀ।
''ਤੂੰ ਜ਼ਰਾ ਇਹਨੂੰ ਪੜ੍ਹ ਕੇ ਤਾਂ ਸੁਣਾ।''
''ਨਹੀਂ, ਮੈਂ ਨਹੀਂ ਪੜ੍ਹ ਸਕਾਂਗਾ।''
''ਕਿਉਂ ?''
''ਫੇਰ ਮੈਨੂੰ ਕਈ ਦਿਨ ਨੀਂਦ ਨਹੀਂ ਆਉਣੀ।''
ਉਹ ਉਦਾਸੀਆਂ ਭਰੇ ਦਿਨ ਸਨ। ਮੈਂ ਉਹਨਾਂ ਵਿਚਕਾਰ ਵਾਪਸ ਨਹੀਂ ਜਾਣਾ ਚਾਹੁੰਦਾ ਸਾਂ।
ਉਸਨੇ ਡਾਇਰੀ ਮੇਜ਼ ਉੱਤੇ ਰੱਖ ਦਿੱਤੀ। ਅਸੀਂ ਚੁੱਪ ਸਾਂ। ਵਿਚਕਾਰ ਕੋਈ ਪਾੜਾ ਨਹੀਂ ਸੀ; ਜਿਹੜਾ ਹਕੀਕਤ ਵਿਚ ਕਿਤੇ ਹੁੰਦਾ ਵੀ ਨਹੀਂ, ਕੁਝ ਕਾਰਨਾਂ ਕਰਕੇ ਅਸੀਂ ਮਹਿਸੂਸ ਕਰਨ ਲੱਗ ਪੈਂਦੇ ਹਾਂ...ਜਾਂ ਮਿਥ ਬਹਿੰਦੇ ਹਾਂ। ਮੇਰੇ ਮਨ ਵਿਚ ਉਹ ਖ਼ਤ ਪੜ੍ਹਨ ਦੀ ਇੱਛਾ ਸੀ, ਜਿਹੜਾ ਕਿਸੇ ਰਹੱਸ ਵਾਂਗ ਹੀ ਮੇਰੀ ਜੇਬ ਵਿਚ ਪਿਆ ਸੀ।
-------

Thursday, October 1, 2009

ਕੀ ਗਾਂਧੀ ਸ਼ਹੀਦ ਹੈ ?...




ਸੁਪ੍ਰਸਿੱਧ ਲੇਖਕ ਹੰਸਰਾਜ ਰਹਿਬਰ ਦੀ ਬਹੁਚਰਚਿਤ ਪੁਸਤਕ 'ਗਾਂਧੀ ਬੇ-ਨਕਾਬ' ਵਿਚੋਂ : ਅਨੁਵਾਦ : ਮਹਿੰਦਰ ਬੇਦੀ, ਜੈਤੋ

[ਰਹਿਬਰ ਨੂੰ ਐਂਮਰਜੈਂਸੀ ਦੌਰਾਨ ਗਿਰਫਤਾਰ ਕਰਕੇ ਅੰਬਾਲਾ ਜੇਲ੍ਹ ਵਿਚ ਭੇਜ ਦਿੱਤਾ ਗਿਆ ਸੀ। ਉੱਥੋਂ ਉਹਨਾਂ ਹਾਈ ਕੋਰਟ ਵਿਚ ਰਿਟ ਕੀਤੀ ਤਾਂ ਸਰਕਾਰੀ ਵਕੀਲ ਨੇ ਗਿਰਫਤਾਰੀ ਦਾ ਕਾਰਨ ਇਹ ਦੱਸਿਆ ਕਿ 'ਉਹਨਾਂ ਗਾਂਧੀ ਬੇ-ਨਕਾਬ ਤੇ ਨਹਿਰੂ ਬੇ-ਨਕਾਬ ਜਿਹੀਆਂ ਕਿਤਾਬਾਂ ਲਿਖ ਕੇ ਹਿੰਸਾ ਦਾ ਪ੍ਰਚਾਰ ਕੀਤਾ ਹੈ।'...ਲੇਖਕ ਨੇ ਜੱਜ ਨੂੰ ਕਿਹਾ ਕਿ 'ਮੇਰੀਆਂ ਜਿਹਨਾਂ ਕਿਤਾਬਾਂ ਨਾਲ ਹਿੰਸਾ ਦਾ ਪ੍ਰਚਾਰ ਹੋ ਰਿਹਾ ਹੈ, ਉਹ ਤਾਂ ਬਾਜ਼ਾਰ ਵਿਚ ਖੁੱਲ੍ਹੇ ਆਮ ਵਿਕ ਰਹੀਆਂ ਨੇ। ਸਰਕਾਰ ਦੀ ਹਿੰਮਤ ਕਿਉਂ ਨਹੀਂ ਪੈ ਰਹੀ ਕਿ ਉਹਨਾਂ ਨੂੰ ਜਬਤ ਕਰ ਲਏ, ਕਿਉਂਕਿ ਉਹਨਾਂ ਵਿਚ ਕੁਝ ਵੀ ਗਲਤ ਨਹੀਂ ਹੈ। ਇਹ ਕਿੱਥੋਂ ਦਾ ਇਨਸਾਫ ਹੈ ਕਿ ਮੈਨੂੰ ਫੜ੍ਹ ਕੇ ਬੰਦ ਕਰ ਦਿੱਤਾ ਗਿਆ ਹੈ ?'...ਜੱਜ ਕੋਲ ਇਸ ਗੱਲ ਦਾ ਕੋਈ ਜਵਾਬ ਨਹੀਂ ਸੀ, ਪਰ ਉਹਨੇ ਉਹਨਾਂ ਨੂੰ ਰਿਹਾਅ ਵੀ ਨਹੀਂ ਸੀ ਕੀਤਾ। ਉਹ 21 ਮਹੀਨੇ ਜੇਲ੍ਹ ਵਿਚ ਰਹੇ। ਐਮਰਜੈਂਸੀ ਟੁੱਟੀ ਤਾਂ ਬਾਹਰ ਆਏ ਤੇ ਲਿਖਿਆ-ਅਨੁ.ਬੇਦੀ]

ਮੇਰੇ ਉੱਤੇ ਹਿੰਸਾ ਦੇ ਪ੍ਰਚਾਰ ਦਾ ਇਲਜ਼ਾਮ ਗਲਤ ਸੀ। ਮੇਰਾ ਗੁਨਾਹ ਇਹ ਹੈ ਕਿ ਮੈਂ ਗਾਂਧੀ ਨੂੰ ਨਾ 'ਮਹਾਤਮਾਂ' ਮੰਨਦਾ ਹਾਂ ਤੇ ਨਾ 'ਸ਼ਹੀਦ'। ਜੋ ਮੰਨਦਾ ਹਾਂ ਉਹ ਕੋਰਾ ਤੇ ਕਈਆਂ ਲਈ ਕੌੜਾ ਸੱਚ ਹੈ। ਮੈਂ ਆਪਣੀ ਕਿਤਾਬ ਵਿਚ ਤੱਥਾਂ ਦੇ ਆਧਾਰ 'ਤੇ ਉਸ ਸੱਚ ਨੂੰ ਪ੍ਰਗਟ ਕੀਤਾ ਹੈ। ਉਹ ਤੱਥ ਕੀ ਹਨ, ਤੁਸੀਂ ਵੀ ਵੇਖ ਲਵੋ ਤੇ ਫੇਰ ਆਪ ਹੀ ਫੈਸਲਾ ਕਰ ਲਵੋ ਕਿ 'ਕੀ ਗਾਂਧੀ ਸ਼ਹੀਦ ਹੈ ?'
ਪਹਿਲੇ ਸੰਸਾਰ ਯੁੱਧ ਦੌਰਾਨ ਗਾਂਧੀ ਨੂੰ ਦੱਖਣੀ ਅਫ਼ਰੀਕਾ ਵਿਚੋਂ ਲਿਆ ਕੇ, ਜਨਵਰੀ ਸਨ 15 ਵਿਚ ਰਾਜਨੀਤੀ ਵਿਚ ਉਤਾਰਿਆ ਗਿਆ। ਗਾਂਧੀ ਨੇ ਯੁੱਧ ਵਿਚ ਅੰਗਰੇਜ਼ਾਂ ਦੀ ਮਦਦ ਕੀਤੀ। ਉਸਦਾ ਨਾਅਰਾ ਸੀ ---'ਭਰਤੀ ਹੋਵੋ, ਆਜ਼ਾਦੀ ਲਵੋ'। ਲੋਕ ਨਾਇਕ ਤਿਲਕ ਦੀ ਇਹ ਸ਼ਰਤ ਸੀ ਕਿ 'ਪਹਿਲਾਂ ਸਾਨੂੰ ਆਜ਼ਾਦੀ ਦਿਓ, ਫੇਰ ਅਸੀਂ ਭਰਤੀ ਹੋਵਾਂਗੇ।' ਸੂਰਤ ਵਿਚ ਭਾਸ਼ਣ ਦੇਂਦਿਆਂ ਹੋਇਆਂ ਗਾਂਧੀ ਨੇ ਇਸਦਾ ਉਤਰ ਇੰਜ ਦਿੱਤਾ :
''ਆਜ਼ਾਦੀ ਪ੍ਰਾਪਤ ਕਰਨ ਪ੍ਰਤੀ ਮੈਂ ਪਿੱਛੜੇ ਵਿਚਾਰਾਂ ਦਾ ਵਿਅੱਕਤੀ ਨਹੀਂ ਹਾਂ। ਜੇ ਅਸੀਂ ਸਾਮਰਾਜ ਵਿਚ ਬਰਾਬਰੀ ਦੇ ਅਧਿਕਾਰਾਂ ਦੀ ਮੰਗ ਕਰਦੇ ਹਾਂ ਤਾਂ ਸਾਨੂੰ ਉਸਨੂੰ ਵਰਤਮਾਨ ਸੰਕਟ ਤੋਂ ਉਭਾਰਨਾ ਚਾਹੀਦਾ ਹੈ ਤੇ ਤਦ ਹੀ ਅਸੀਂ ਬਰਾਬਰ ਦੇ ਹੱਕ ਲੈਣ ਯੋਗ ਮੰਨੇ ਜਾਵਾਂਗੇ।''
1917 ਵਿਚ ਵਾਇਸਰਾਏ ਨੇ ਯੁੱਧ ਪਰੀਸ਼ਦ ਦੀ ਬੈਠਕ ਬੁਲਾਈ ਤਾਂਕਿ ਹਿੰਦੁਸਤਾਨ ਵਿਚੋਂ ਵਧੇਰੇ ਮਦਦ ਭੇਜੀ ਜਾ ਸਕੇ। ਉਸ ਵਿਚ ਗਾਂਧੀ ਤੋਂ ਬਿਨਾਂ ਕੋਈ ਹੋਰ ਲੋਕ ਨੇਤਾ ਸ਼ਾਮਲ ਨਹੀਂ ਸੀ ਹੋਇਆ। ਗਾਂਧੀ ਗਿਆ ਤੇ ਉਸਨੇ ਯੁੱਧ ਸੰਬੰਧੀ ਮਤੇ ਦਾ ਸਮਰਥਣ ਕੀਤਾ। ਪਰੀਸ਼ਦ ਦੀ ਬੈਠਕ ਪਿੱਛੋਂ ਵਾਇਸਰਾਏ ਤੁਰੰਤ ਸ਼ਿਮਲੇ ਚਲਾ ਗਿਆ। ਗਾਂਧੀ ਨੇ ਉਸਦੇ ਨਾਂ ਇਕ ਲੰਮਾ ਖ਼ਤ ਲਿਖਿਆ, ਜਿਸ ਵਿਚ ਦਰਜ ਸੀ :

'ਮੇਰੇ ਵੱਸ ਦੀ ਗੱਲ ਹੁੰਦੀ ਤਾਂ ਮੈਂ ਅਜਿਹੇ ਮੌਕੇ ਹੋਮਰੁਲ ਵਗੈਰਾ ਦਾ ਨਾਮ ਤਕ ਨਾ ਲੈਂਦਾ, ਬਲਿਕੇ ਸਾਮਰਾਜ ਦੀ ਇਸ ਔਖੀ ਘੜੀ ਵਿਚ ਸਾਰੇ ਸ਼ਕਤੀਸ਼ਾਲੀ ਹਿੰਦੁਸਤਾਨੀਆਂ ਨੂੰ ਉਸਦੀ ਸੈਨਾ ਵਿਚ ਚੁੱਪਚਾਪ ਬਲਿਦਾਨ ਹੋ ਜਾਣ ਲਈ ਪ੍ਰੇਰਦਾ।' ਦੱਖਣੀ ਅਫ਼ਰੀਕਾ ਵਿਚ ਉਸਨੇ ਸਾਮਰਾਜ ਦੀ ਜਿਹੜੀ ਸੇਵਾ ਕੀਤੀ ਸੀ ਉਸਦਾ ਵੇਰਵਾ ਵੀ ਇਸੇ ਖ਼ਤ ਵਿਚ ਸੀ।
ਗਾਂਧੀ ਰੰਗਰੂਟ ਭਰਤੀ ਕਰਵਾਉਣ ਲਈ ਰਾਜ-ਭਗਤੀ ਦੀ ਡੁਗਡੁਗੀ ਲੈ ਕੇ ਨਾਦਯਾਦ ਪਹੁੰਚਿਆ। ਕਿਸਾਨਾ ਨੇ ਉਸਦਾ ਭਾਸ਼ਣ ਸੁਣ ਕੇ ਪੁੱਛਿਆ, ''ਤੁਸੀਂ ਤਾਂ ਅਹਿੰਸਾਵਾਦੀ ਹੋ, ਫੇਰ ਸਾਨੂੰ ਹਥਿਆਰ ਚੁੱਕਣ ਲਈ ਕਿਉਂ ਕਹਿ ਰਹੇ ਹੋ ?'' ਤੇ ਉੱਥੋਂ ਇਕ ਵੀ ਰੰਗਰੂਟ ਭਰਤੀ ਨਹੀਂ ਸੀ ਹੋਇਆ।
ਲੁਈ ਫਿਸ਼ਰ ਨੇ ਇਸ ਸਿਲਸਿਲੇ ਵਿਚ ਇਕ ਘਟਨਾ ਦਾ ਜ਼ਿਕਰ ਕੀਤਾ ਹੈ, ਜਿਹੜੀ ਗਾਂਧੀ ਦੀ ਰਾਜ-ਭਗਤੀ ਉਪਰ ਤਿਲਕ ਦਾ ਤਿੱਖਾ ਵਿਅੰਗ ਹੈ। ਲਿਖਿਆ ਹੈ :
'ਤਿਲਕ ਦਾ ਵਿਚਾਰ ਸੀ ਕਿ ਕਦੀ-ਕਦੀ ਸਰਕਾਰੀ-ਮਸ਼ੀਨਰੀ ਵਿਚ ਵੱਡੇ ਅਹੁਦੇ ਲੈ ਲੈਣੇ ਵੀ ਜ਼ਰੂਰੀ ਹੁੰਦੇ ਹਨ। ਉਹਨਾਂ ਗਾਂਧੀ ਜੀ ਨੂੰ ਪੰਜਾਹ ਹਜ਼ਾਰ ਰੁਪੈ ਦਾ ਚੈੱਕ ਭੇਜ ਕੇ ਸ਼ਰਤ ਲਾਈ ਕਿ ਜੇ ਵਾਇਸਰਾਏ ਤੋਂ ਇਹ ਵਚਨ ਲੈ ਸਕਣ ਕਿ ਫੌਜ ਵਿਚ ਭਰਤੀ ਹੋਣ ਵਾਲਿਆਂ ਵਿਚੋਂ ਕੁਝ ਨੂੰ ਅਫ਼ਸਰਾਂ ਦੇ ਪਦ ਵੀ ਦਿੱਤੇ ਜਾਣਗੇ ਤਾਂ ਉਹ ਬ੍ਰਿਟਿਸ਼ ਸਰਕਾਰ ਲਈ ਪੰਜ ਹਜ਼ਾਰ ਮਰਾਠੇ ਭਰਤੀ ਕਰ ਸਕਦਾ ਹੈ।' ਗਾਂਧੀ ਜੀ ਨੇ ਚੈੱਕ ਵਾਪਸ ਕਰ ਦਿੱਤਾ। ਸ਼ਰਤ ਲਾਉਣਾ ਉਹਨਾਂ ਨੂੰ ਪਸੰਦ ਨਹੀਂ ਸੀ। ਉਹ ਤਾਂ ਇਹ ਮਹਿਸੂਸ ਕਰਦੇ ਸਨ ਕਿ 'ਆਦਮੀ ਜੋ ਵੀ ਕੰਮ ਕਰਦਾ ਹੈ, ਇਸ ਲਈ ਕਰਦਾ ਹੈ ਕਿ ਉਸ ਵਿਚ ਉਸਦਾ ਵਿਸ਼ਵਾਸ ਹੈ, ਇਸ ਲਈ ਨਹੀਂ ਕਿ ਉਸ ਤੋਂ ਉਹਨੂੰ ਕੋਈ ਲਾਭ ਹੋਏਗਾ।' ( ਗਾਂਧੀ ਕੀ ਕਹਾਣੀ, ਸਫਾ 98.)
ਗਾਂਧੀ ਨੇ ਆਪਣੀ ਆਤਮ ਕਥਾ 'ਸਤਯ ਕੇ ਪ੍ਰਯੋਗ' ਵਿਚ ਲਿਖਿਆ ਹੈ ਕਿ 'ਮੈਨੂੰ ਰਾਜਨਿਸ਼ਠਾ ਤੇ ਧਰਮਨਿਸ਼ਠਾ ( ਰਾਜੇ ਤੇ ਧਰਮ ਪ੍ਰਤੀ ਵਿਸ਼ਵਾਸ. ਅਨੁ :) ਘੁੱਟੀ ਵਿਚ ਮਿਲੀ ਹੈ'। ਘਣਸ਼ਾਮ ਦਾਸ ਬਿਰਲਾ ਨੇ ਆਪਣੀ 'ਬਾਪੂ' ਨਾਮਕ ਕਿਤਾਬ ਵਿਚ ਇਸ ਰਾਜਨਿਸ਼ਠਾ ਤੇ ਧਰਮਨਿਸ਼ਠਾ ਨਾਲ ਮਿਲਦੇ ਜੁਲਦੇ ਰੂਪ ਦੀ ਵਿਆਖਿਆ ਇੰਜ ਕੀਤੀ ਹੈ :
'ਇਹ ਉਹਨਾਂ ਦੀ ਬ੍ਰਿਟਿਸ਼ ਰਾਜ ਦੀ ਨੇਕ ਨੀਤੀ ਵਿਚ ਸ਼ਰਧਾ ਹੀ ਸੀ, ਜਿਸ ਕਰਕੇ ਉਹਨਾਂ ਉਸ-ਯੁੱਧ ਸਮੇਂ ਸਹਾਇਤਾ ਕੀਤੀ। ਉਹਨਾਂ ਦੀ ਇਹ ਦਲੀਲ ਤਾਂ ਫੈਸਲੇ ਤੋਂ ਬਾਅਦ ਬਣੀ ਹੈ, ਇਸ ਲਈ ਪਿੰਗਲੀ ਜਿਹੀ ਲੱਗਦੀ ਹੈ। ਪਰ ਕਿਉਂਕਿ ਲੜਾਈ ਸਮੇਂ ਸਰਕਾਰ ਦੀ ਸਹਾਇਤਾ ਕਰਨਾ ਗਾਂਧੀ ਜੀ ਨੂੰ ਉਸ ਸਮੇਂ ਆਪਣਾ ਧਰਮ ਜਾਪਿਆ, ਇਸ ਲਈ ਉਹਨਾਂ ਮਰਿਆਦਾ ਬੱਧ ਸਹਾਇਤਾ ਦੇਣ ਦਾ ਫੈਸਲਾ ਕੀਤਾ। ਬੋਅਰ ਲੜਾਈ ਵਿਚ ਅਤੇ ਜੁਲੂ ਵਿਦਰੋਹ ਸਮੇਂ ਗਾਂਧੀ ਜੀ ਨੇ, ਹਮਦਰਦੀ ਬੋਅਰ ਤੇ ਜੁਲੂ ਲੋਕਾਂ ਨਾਲ ਹੁੰਦਿਆਂ ਹੋਇਆਂ ਵੀ, ਇਹ ਮੰਨਿਆਂ ਕਿ ਅੰਗਰੇਜਾਂ ਦੀ ਸਹਾਇਤਾ ਕਰਨਾ ਉਹਨਾਂ ਦਾ ਧਰਮ ਸੀ। ਇਸ ਲਈ ਸਹਾਇਤਾ ਅੰਗਰੇਜਾਂ ਦੀ ਕੀਤੀ। ਇਹ ਕੋਈ ਵੱਖਰੀ ਹੈਰਾਨੀ ਵਾਲੀ ਗੱਲ ਨਹੀਂ। ਇਕ ਕਰਮ ਜਿਹੜਾ ਇਕ ਸਮੇਂ ਧਰਮ ਹੁੰਦਾ ਹੈ, ਉਹੀ ਕਰਮ ਕਿਸੇ ਹੋਰ ਸਮੇਂ ਅਧਰਮ ਹੋ ਸਕਦਾ ਹੈ। ਇਸੇ ਲਈ ਕਿਹਾ ਗਿਆ ਹੈ ਕਿ 'ਧਰਮ ਦੀ ਗਤੀ ਨਿਰਾਲੀ ਹੈ'।' ( ਸਫਾ 112.)
ਬਿਰਲੇ ਨਾਲ ਗਾਂਧੀ ਦੇ ਸੰਬੰਧ ਕਿਸੇ ਤੋਂ ਲੁਕੇ-ਛੁਪੇ ਨਹੀਂ ਹੋਏ---ਅਖ਼ੀਰ ਬਿਰਲਾ ਭਵਨ ਵਿਚ ਹੀ ਉਸਦੀ ਮੌਤ ਹੋਈ ਸੀ। ਹੁਣ ਇਕ ਦੂਸਰੇ ਸੇਠ ਜਮਨਾਲਾਲ ਬਜਾਜ ਦੀ ਗੱਲ ਕਰੀਏ। ਉਸ ਨੂੰ ਉਹ ਆਪਣਾ ਜੇਠਾ ਪੁੱਤਰ ਆਖਦਾ ਹੁੰਦਾ ਸੀ। ਉਸ ਦੇ ਨਾਂ 25-10-22 ਦੇ ਆਪਣੇ ਇਕ ਖ਼ਤ ਵਿਚ ਲਿਖਿਆ ਹੈ---'ਤੂੰ ਆਪਣੀ ਇੱਛਾ ਨਾਲ ਦੂਸਰਾ ਦੇਵਦਾਸ ਬਣਿਆਂ ਹੈਂ। ਹੁਣ ਦੇਖੋ ਕਿ ਇਹ ਕਿੰਨਾਂ ਕੁ ਮੁਸ਼ਕਿਲ ਹੋ ਸਕਦਾ ਹੈ। ਸਾਰੇ ਮੁੰਡਿਆਂ ਦੀਆਂ ਇੱਛਾਵਾਂ ਤੂੰ ਹੀ ਪੂਰੀਆਂ ਕਰਨੀਆਂ ਹਨ। ਈਸ਼ਵਰ ਤੇਰੀ ਸਹਾਇਤਾ ਕਰੇ। ਮੈਂ ਤੇਰੇ ਪ੍ਰੇਮ ਦੇ ਲਾਇਕ ਬਣਨ ਦੀ ਕੋਸ਼ਿਸ਼ ਕਰਦਾ ਰਹਿੰਦਾ ਹਾਂ।'
ਸੇਠਾਂ ਦੇ ਪ੍ਰੇਮ ਦੇ ਲਾਇਕ ਬਣਨ ਦੇ ਜੋ ਅਰਥ ਹੁੰਦੇ ਹਨ, ਉਹਨਾਂ ਨੂੰ ਹਰੇਕ ਬੰਦਾ ਸਮਝ ਸਕਦਾ ਹੈ। 'ਬਜਾਜ਼ ਪਰਿਵਾਰ ਸੇ ਬਾਪੂ ਕਾ ਪੱਤਰ ਵਿਯਵਹਾਰ' ਨਾਂ ਦੀ ਜਮਨਾਲਾਲ ਨੇ ਇਕ ਕਿਤਾਬ ਪ੍ਰਕਾਸ਼ਤ ਕੀਤੀ ਹੈ। ਉਸ ਵਿਚੋਂ ਗਾਂਧੀ ਦੇ ਨਾਂ ਜਮਨਾਲਾਲ ਦਾ ਇਕ ਖ਼ਤ ਮੈਂ ਇੱਥੇ ਛਾਪ ਰਿਹਾ ਹਾਂ। ਉਸ ਤੋਂ ਪਤਾ ਲੱਗਦਾ ਹੈ ਕਿ ਦਲਾਲ ਪੂੰਜੀਵਾਦ, ਸਾਮੰਤਵਾਦ ਤੇ ਬ੍ਰਿਟਿਸ਼ ਸਾਮਰਾਜਵਾਦ ਵਿਚਕਾਰ ਕਿੰਨੇ ਪੀਢੇ ਸੰਬੰਧ ਸਨ ਤੇ ਗਾਂਧੀ ਇਹਨਾਂ ਲੋਕਾਂ ਨਾਲ ਕਿੰਜ ਜੁੜਿਆ ਹੋਇਆ ਸੀ। ਉਹ ਖ਼ਤ ਇਹ ਹੈ :

ਜੈ ਪੁਰ 2-9-39
ਪੂ.ਬਾਪੂਜੀ,

ਕੱਲ੍ਹ ਖ਼ਤ ਲਿਖਿਆ। ਉਹ ਮਿਲ ਗਿਆ ਹੋਏਗਾ। ਸ਼੍ਰੀ ਜੈਪੁਰ ਮਹਾਰਾਜਾ ਨਾਲ ਕੱਲ੍ਹ ਗੱਲ ਬਾਤ ਹੋਈ। ਜਿਸ ਤੋਂ ਇਹ ਪਤਾ ਲੱਗਿਆ ਕਿ ਉਹ ਕਿਸੇ ਉੱਚੇ ਦਰਜੇ ਦੇ ਹਿੰਦੁਸਤਾਨੀ ਨੂੰ ਦੀਵਾਨ ਬਨਾਉਣ ਦੇ ਇੱਛੁਕ ਹਨ। ਉਹਨਾਂ ਆਪਣੀ ਇੱਛਾ ਵਾਇਸਰਾਏ ਨੂੰ ਵੀ ਦੱਸੀ ਹੈ। ਕੀ ਤੁਸੀਂ ਵੀ ਵਾਇਸਰਾਏ ਨੂੰ ਦੱਸ ਦੇਣ ਨੂੰ ਠੀਕ ਸਮਝਦੇ ਹੋ। ਨਹੀਂ ਤਾਂ ਮੇਰੀ ਇਹ ਇੱਛਾ ਹੈ ਕਿ ਮੈਂ ਇਕ ਵਾਰੀ ਵਾਇਸਰਾਏ ਨੂੰ ਮਿਲ ਕੇ ਇਹ ਕਹਾਂ ਕਿ ਜੈਪੁਰ ਦੀ ਸਥਿਤੀ ਵਿਚ ਯੋਗ ਹਿੰਦੁਸਤਾਨੀ ਦੀਵਾਨ ਹੀ ਸਫਲ ਹੋ ਸਕੇਗਾ, ਜੇ ਇਹ ਠੀਕ ਨਾ ਸਮਝਿਆ ਜਾਏ ਜਾਂ ਸੰਭਵ ਨਾ ਹੋ ਸਕੇ ਤਾਂ ਖ਼ਤ ਲਿਖਣਾ ਚਾਹਾਂਗਾ, ਕਿਉਂਕਿ ਅਜੇ ਤੱਕ ਦੀਵਾਨ ਦੀ ਨਿਯੁਕਤੀ ਦਾ ਫੈਸਲਾ ਨਹੀਂ ਹੋਇਆ ਹੈ। ਇਕ ਵਾਰੀ ਹੋ ਗਿਆ ਤਾਂ ਮੁਸ਼ਕਿਲ ਹੋ ਜਾਏਗੀ। ਤੁਸੀਂ ਆਪਣੀ ਰਾਏ ਲਿਖ ਭੇਜਣਾ। ਮੈਂ ਵੀ ਸੋਚਾਂਗਾ।
ਹਿੰਦੁਸਤਾਨੀ ਦੀਵਾਨਾ ਵਿਚੋਂ ਤੁਸੀਂ ਕੋਈ ਖਾਸ ਨਾਂ ਦੱਸ ਸਕਦੇ ਹੋ, ਜਿਸ ਉੱਤੇ ਵਾਇਸਰਾਏ ਇਤਰਾਜ਼ ਨਾ ਕਰਕੇ ਮੰਜ਼ੂਰ ਕਰ ਲੈਣ। ਮੈਂ ਕੱਲ੍ਹ ਮਹਾਰਾਜ ਨੂੰ ਕੁਝ ਨਾਂ ਨੋਟ ਕਰਵਾਏ ਹਨ, ਜਿੰਨ੍ਹਾਂ ਵਿਚ ਵਿਸ਼ੇਸ਼ ਤੌਰ 'ਤੇ ਕੁੰਵਰ ਸਰ ਮਹਾਰਾਜ ਸਿੰਘ ਜੀ ਦਾ ਹੈ। ਤੁਸੀਂ ਵੀ ਰਾਜਕੁਮਾਰੀ ਭੈਣਜੀ ਤੋਂ ਪੁੱਛ ਕੇ ਲਿਖਣਾ ਕਿ ਉਹ ਕਦ ਤੱਕ ਭਾਰਤ ਆਉਣ ਵਾਲੇ ਹਨ। ਉਹਨਾਂ ਨੂੰ ਇਹ ਜਗ੍ਹਾ ਆਫਰ ਕੀਤੀ ਜਾਏ ਤਾਂ ਉਹ ਸਵਿਕਾਰ ਕਰ ਲੈਣਗੇ ਨਾ? ਸਰ ਸ਼ਾਦੀ ਲਾਲ ਦਾ ਨਾਂ ਵੀ ਮੈਂ ਲਿਆ ਹੈ। ਅੱਜ ਸ਼ਾਇਦ ਫੇਰ ਮਹਾਰਾਜ ਨੂੰ ਮਿਲਣਾ ਪਵੇ।
ਜਮਨਾਲਾਲ ਬਜਾਜ ਦਾ ਪ੍ਰਣਾਮ।

ਸਰ ਬੀਚਮ ਤੋਂ ਬਾਅਦ ਰਾਜਾ ਗਿਆਨ ਚੰਦ ਨੂੰ ਦੀਵਾਨ ਬਣਾਇਆ ਗਿਆ। ਜਮਨਾਲਾਲ ਬਜਾਜ ਤੇ ਸ਼੍ਰੀਨਿਵਾਸ ਸ਼ਾਸਤਰੀ ਨੇ ਪਰਜਾ ਮੰਡਲ ਅੰਦੋਲਨ ਬਾਰੇ ਵੀ ਉਸ ਨਾਲ ਸਮਝੌਤਾ ਕੀਤਾ, ਜਿਸ ਵਿਚ ਮਹਾਰਾਜ ਦੇ ਪ੍ਰਤੀ ਭਗਤੀ ਅਤੇ ਪਰਜਾ ਦੀਆਂ ਸ਼ਿਕਾਇਤਾਂ ਨੂੰ ਦੂਰ ਕਰਨ ਲਈ ਕਾਨੂੰਨੀ ਢੰਗ-ਤਰੀਕੇ ਵਰਤੋਂ ਵਿਚ ਲਿਆਉਣ ਦੀ ਸ਼ਰਤ ਸੀ। ਗਾਂਧੀ ਨੂੰ ਇਸਦੀ ਸੂਚਨਾਂ ਦਿੱਤੀ ਗਈ ਤਾਂ ਉਹਨੇ ਲਿਖਿਆ---'ਤੁਹਾਡਾ ਖ਼ਤ ਮਿਲਿਆ / ਕਾਟਜੂ ਨੇ ਮੈਨੂੰ ਲਿਖਿਆ ਸੀ। ਜੈਪੁਰ ਦਾ ਤਾਂ ਖਰਾ ਹੋ ਗਿਆ ਮੰਨਿਆ ਜਾਏਗਾ। ਸਾਡਾ ਕੋਈ ਕਾਰੀਆ-ਕਰਤਾ ਜਲਦਬਾਜੀ ਨਾ ਕਰੇ। ਭਾਸ਼ਣ ਦੇਣਾ ਹੀ ਪਏ ਤਾਂ ਖਾਦੀ ਵਗੈਰਾ ਉਪਰ ਦੇਣ। ਆਰਥਿਕ, ਸਮਾਜਿਕ ਸੁਧਾਰਾਂ ਲਈ ਕਾਫੀ ਸਮਾਂ ਪਿਆ ਹੈ।' ( ਸਫਾ : 115.)
ਕੀ ਇਸ ਤੋਂ ਬਾਅਦ ਵੀ ਰਾਸ਼ਟਰੀ ਅੰਦੋਲਨ ਵਿਚ ਖਾਦੀ 'ਵਗੈਰਾ' ਦੀ ਭੂਮਿਕਾ ਵਿਚ ਤੇ ਗਾਂਧੀ ਦੀ ਨੇਕ ਨੀਤੀ ਉਪਰ ਕਿਸੇ ਸ਼ੱਕ ਦੀ ਗੁੰਜਾਇਸ਼ ਰਹਿ ਜਾਂਦੀ ਹੈ ? ਵਾਇਸਰਾਏ ਹਿੰਦੁਸਤਾਨ ਵਿਚ ਬ੍ਰਿਟਿਸ਼ ਸਾਮਰਾਜਵਾਦ ਦਾ ਸਭ ਤੋਂ ਵੱਡਾ ਪ੍ਰਤੀਨਿਧ, ਜਮਨਾਦਾਸ ਬਜਾਜ ਦਲਾਲ ਪੂੰਜੀਵਾਦ ਦਾ ਪ੍ਰਤੀਨਿਧ ਤੇ ਮਹਾਰਾਜਾ ਜੈਪੁਰ ਸਾਮੰਤਵਾਦ ਦਾ ਪ੍ਰਤੀਨਿਧ ਸੀ---ਕੀ ਅਜੇ ਵੀ ਗਾਂਧੀ ਦੇ ਇਹਨਾ ਤਿੰਨਾਂ ਕਰਾਂਤੀ-ਵਿਰੋਧੀ ਸ਼ਕਤੀਆਂ ਦਾ ਦਲਾਲ ਹੋਣ ਵਿਚ ਕਿਸੇ ਕਿਸਮ ਦੇ ਸ਼ੱਕ ਦੀ ਗੁੰਜਾਇਸ਼ ਰਹਿ ਜਾਂਦੀ ਹੈ ?
ਹੋਰ ਦੇਖੋ। 1939 ਵਿਚ ਗਾਂਧੀ ਦੀ ਸਤਰਵੀਂ ਵਰ੍ਹੇ ਗੰਢ ਉਤੇ ਉਸਨੂੰ ਅਭਿਨੰਦਨ ਗ੍ਰੰਥ ਭੇਂਟ ਕੀਤਾ ਗਿਆ ਸੀ, ਜਿਸ ਦਾ ਸੰਪਾਦਨ ਸਰ ( ਬਾਅਦ ਵਿਚ ਰਾਸ਼ਟਰਪਤੀ ) ਸਰਵਪੱਲੀ ਰਾਧਾਕ੍ਰਿਸ਼ਣਨ ਨੇ ਕੀਤਾ ਸੀ। ਉਸ ਵਿਚ 'ਗਾਂਧੀ ਕੀ ਰਾਜਨੀਤਿਕ ਪਦਧਤੀ' ( ਦਿਸ਼ਾ/ਮਾਰਗ ) ਦੇ ਨਾਂ ਦਾ ਇਕ ਲੇਖ ਸਮਟਸ ਦਾ ਵੀ ਸ਼ਾਮਲ ਹੈ। ਲਿਖਿਆ ਹੈ :
''ਉਹ ਭਾਰਤ ਦਾ ਭਾਗੀਰਥ ਕਾਰਜ ਹੱਥ ਵਿਚ ਲੈਣ ਲਈ ਦੱਖਣੀ-ਅਫਰੀਕਾ ਤੋਂ ਭਾਰਤ ਰਵਾਨਾ ਹੋ ਗਏ ਤੇ ਇਸ ਸਾਰੇ ਅਰਸੇ ਵਿਚ ਵਧੇਰੇ ਉਹੀ ਉਪਾਅ ਅਜਮਾ ਰਹੇ ਹਨ ਜਿਹੜੇ ਉਹਨਾਂ ਭਾਰਤੀ ਦੇ ਸਵਾਲ ਉਪਰ ਸਾਡੇ ਨਾਲ ਹੋਏ ਸੰਘਰਸ਼ ਵਿਚੋਂ ਸਿੱਖੇ ਸਨ। ਸੱਚਮੁੱਚ ਦੱਖਣੀ ਅਫਰੀਕਾ ਉਹਨਾਂ ਲਈ ਬੜਾ ਵਧੀਆ ਸਿੱਖਿਆ ਕੇਂਦਰ ਸਿੱਧ ਹੋਇਆ।''
ਲੋਕਾਂ ਵਿਚ ਇਹ ਭਰਮ ਬਣਿਆਂ ਹੋਇਆ ਹੈ ਕਿ ਗਾਂਧੀ ਨੇ ਦੱਖਣੀ ਅਫਰੀਕਾ ਵਿਚ ਭਾਰਤੀਆਂ ਲਈ ਬੜਾ ਕੁਝ ਕੀਤਾ, ਪਰ ਉੱਥੇ ਵੀ ਗਾਂਧੀ ਦੀ ਰਾਜਨੀਤਕ ਦਿਸ਼ਾ ਇਹੀ ਸੀ ਕਿ ਉਹ ਸਤਿਆਗ੍ਰਹਿ ਸ਼ੁਰੂ ਕਰਕੇ ਦੂਸਰਿਆਂ ਨੂੰ ਮੁਸੀਬਤ ਵਿਚ ਪਾ ਦਿੰਦਾ ਸੀ ਤੇ ਆਪ ਸਮਝੌਤਾ ਕਰਕੇ ਜੇਲ੍ਹ ਵਿਚੋਂ ਬਾਹਰ ਆ ਜਾਂਦਾ ਸੀ। ਸਮਝੌਤਾ ਕਰਵਾਉਣ ਵਿਚ ਇੰਗਲੈਂਡ ਤੇ ਹਿੰਦੁਸਤਾਨ ਦੀ ਬ੍ਰਿਟਿਸ਼ ਸਰਕਾਰ ਦਾ ਹੱਥ ਹੁੰਦਾ ਸੀ। ਉਧਾਰਨ ਵਜੋਂ 1913 ਵਿਚ ਗਾਂਧੀ ਨੇ ਦੂਸਰੀ ਵਾਰੀ ਸਤਿਆਗ੍ਰਹਿ ਸ਼ੁਰੂ ਕੀਤਾ ਤਾਂ ਉਸਦੇ ਰਾਜਨੀਤਕ ਗੁਰੂ ਗੋਪਾਲ ਕ੍ਰਿਸ਼ਨ ਗੋਖਲੇ ਨੇ ਜਿਹੜਾ ਵਾਇਸਰਾਏ ਦੀ ਕੌਂਸਲ ਦਾ ਮੈਂਬਰ ਸੀ, ਸਮਟਸ ਨਾਲ ਸਮਝੌਤੇ ਵਿਚ ਗਾਂਧੀ ਦੀ ਮਦਦ ਕਰਨ ਲਈ ਸੀ.ਐਫ. ਏਂਡਰੂਜ਼ ਤੇ ਉਹਨਾਂ ਦੇ ਹੀ ਇਕ ਹੋਰ ਸਾਥੀ ਪਰੀਸਨ ਨੂੰ ਦੱਖਣੀ ਅਫ਼ਰੀਕਾ ਭੇਜਿਆ। ਖ਼ੁਦ ਵਾਇਸਰਾਏ ਲਾਰਡ ਹਾਰਿਡਂਗ ਨੇ ਉਤਰ ਪ੍ਰਦੇਸ਼ ਦੇ ਗਵਰਨਰ ਬੈਂਜਮਨ ਨੂੰ ਆਪਣਾ ਦੂਤ ਬਣਾ ਕੇ ਭੇਜਿਆ। ਇਹਨਾਂ ਦੀਆਂ ਕੋਸ਼ਿਸ਼ਾਂ ਤੇ ਵਾਈਟ ਹਾਲ ਦੇ ਬ੍ਰਿਇਸ਼ ਅਧਿਕਾਰੀਆਂ ਦੇ ਦਬਾਅ ਸਦਕਾ ਸਮਝੌਤਾ ਇਹ ਹੋਇਆ ਕਿ ਪ੍ਰਵਾਸੀ ਭਾਰਤੀਆਂ ਦੀਆਂ ਸ਼ਕਾਇਤਾਂ ਦੀ ਜਾਂਚ ਕਰਨ ਲਈ ਸਮਟਸ ਸਰਕਾਰ ਨੇ ਤਿੰਨ ਆਦਮੀਆਂ ਦਾ ਕਮਿਸ਼ਨ ਨਿਯੁਕਤ ਕਰਨਾ ਮੰਨ ਲਿਆ।
ਇਸ ਸਮਝੌਤੇ ਤੋਂ ਪਿੱਛੋਂ ਗਾਂਧੀ ਨੂੰ ਜੇਲ੍ਹ ਵਿਚੋਂ ਰਿਹਾਅ ਕਰ ਦਿੱਤਾ ਗਿਆ। ਉਸ ਨੇ ਬਾਹਰ ਆ ਕੇ ਮੰਗ ਕੀਤੀ ਕਿ 'ਕਮਿਸ਼ਨ ਵਿਚ ਕਿਸੇ ਇਕ ਭਾਰਤੀ ਨੂੰ ਵੀ ਲਿਆ ਜਾਏ, ਜੇ ਇੰਜ ਨਾ ਹੋ ਸਕਦਾ ਹੋਏ ਤਾਂ ਘੱਟੋਘੱਟ ਭਾਰਤੀਆਂ ਨਾਲ ਹਮਦਰਦੀ ਰੱਖਣ ਵਾਲੇ ਕਿਸੇ ਗੋਰੇ ਨੂੰ ਹੀ ਲੈ ਲਿਆ ਜਾਏ' ਪਰ ਸਮਟਸ ਨੇ ਇਹ ਮੰਗ ਠੁਕਰਾਅ ਦਿੱਤੀ।
ਤਦ ਗਾਂਧੀ ਨੇ ਐਲਾਨ ਕੀਤਾ ਕਿ ਉਹ ਤੇ ਪੋਲਕ ਸਤਿਆਗ੍ਰਹੀਆਂ ਦਾ ਇਕ ਜੱਥਾ ਪਹਿਲੀ ਜਨਵਰੀ 1914 ਨੂੰ ਗਿਰਫਤਾਰੀ ਦੇਣ ਲਈ ਡਰਬਨ ਤੋਂ ਕੂਚ ਕਰਨਗੇ।
ਇਸੇ ਦੌਰਾਨ ਰੇਲਵੇ ਦੇ ਸਾਰੇ ਗੋਰੇ ਕਰਮਚਾਰੀਆਂ ਨੇ ਹੜਤਾਲ ਕਰ ਦਿੱਤੀ। ਇਹ ਹੜਤਾਲ ਬੜੀ ਜਬਰਦਸਤ ਸੀ। ਹੜਤਾਲੀਆਂ ਨੇ ਤੋੜਫੋੜ ਤੇ ਹਿੰਸਕ ਕਾਰਵਾਈਆਂ ਵੀ ਕੀਤੀਆਂ।
ਗਾਂਧੀ ਨੇ ਆਪਣਾ ਕੂਚ ਮੁਲਤਵੀ ਕਰ ਦਿੱਤਾ। ਉਸਨੇ ਕਿਹਾ ਕਿ 'ਪ੍ਰਤੀਦਵੰਧੀ ਨੂੰ ਨਸ਼ਟ ਕਰਨਾ, ਕਸ਼ਟ ਪਹੁਚਾਉਣਾ, ਨੀਚਾ ਦਿਖਾਉਣਾ ਤੇ ਸੰਕਟ ਸਮੇਂ ਉਸਦੀ ਕਮਜ਼ੋਰੀ ਦਾ ਲਾਭ ਉਠਾਉਣਾ ਸਤਿਆਗ੍ਰਹੀ ਦਾ ਧਰਮ ਨਹੀਂ ਹੈ।'
ਦੱਖਣੀ ਅਫਰੀਕਾ ਵਿਚ ਗਾਂਧੀ ਨੇ ਸਤਿਆਗ੍ਰਹੀ ਦੇ ਇਸ ਧਰਮ ਦਾ ਸਿੱਧਾ ਸਾਦਾ ਇਹ ਤਜ਼ਰਬਾ ਪ੍ਰਾਪਤ ਕੀਤਾ ਸੀ ਕਿ 'ਆਪਣੇ ਆਕਾਵਾਂ ਨੂੰ ਨਸ਼ਟ ਨਾ ਕੀਤਾ ਜਾਵੇ, ਕਸ਼ਟ ਨਾ ਦਿੱਤਾ ਜਾਵੇ ਤੇ ਉਹਨਾਂ ਦੇ ਸੰਕਟ ਤੋਂ ਲਾਭ ਉਠਾਉਣ ਦੀ ਬਜਾਏ ਸੰਕਟ ਸਮੇਂ ਉਹਨਾਂ ਦੀ ਮਦਦ ਕੀਤੀ ਜਾਵੇ'। ਹਿੰਦੁਸਤਾਨ ਵਿਚ ਵੀ ਗਾਂਧੀ ਦੇ ਸਤਿਆਗ੍ਰਹਿ ਦੀ ਮਾਰਗ ਦਿਸ਼ਾ / ਮੰਸ਼ਾ ਇਹੀ ਰਹੀ।
ਸਤੰਬਰ 1919 ਵਿਚ ਕਾਂਗਰਸ ਦਾ ਵਿਸ਼ੇਸ਼ ਅਧਿਵੇਸ਼ਨ ਕਲਕੱਤੇ ਵਿਚ ਹੋਇਆ। ਉਦੇਸ਼ ਯੁੱਧ ਤੋਂ ਬਾਅਦ ਦੀ ਸਥਿਤੀ ਦਾ ਜਾਇਜ਼ਾ ਲੈਣਾ ਸੀ। ਲਾਜਪਤ ਰਾਏ ਪ੍ਰਧਾਨ ਸਨ। ਉਹਨਾਂ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਕਿਹਾ, ''ਦੇਸ਼ ਹੁਣ ਕਰਾਂਤੀ ਦੇ ਸਿਰੇ ਉਪਰ ਖੜ੍ਹਾ ਹੈ, ਪਰ ਕਰਾਂਤੀ ਸਾਡੇ ਸੰਸਕਾਰਾਂ ਅਨੁਸਾਰ ਨਹੀਂ। ਸਾਡਾ ਹੌਲੀ ਤੁਰਨ ਵਾਲਾ ਰਾਸ਼ਟਰ ਹੈ। ਪਰ ਜਦੋਂ ਅਸੀਂ ਤੁਰ ਪੈਂਦੇ ਹਾਂ ਲੰਮੀਆਂ ਪਲਾਂਘਾਂ ਵੀ ਪੁੱਟ ਲੈਂਦੇ ਹਾਂ। ਕਰਾਂਤੀ ਕਿਸੇ ਵੀ ਜੀਵੰਤ ਰਾਸ਼ਟਰ ਲਈ ਜ਼ਰੂਰੀ ਹੈ।''
ਇਸੇ ਅਧਿਵੇਸ਼ਨ ਵਿਚ ਗਾਂਧੀ ਨੇ ਵਿਰੋਧੀ ਗੁੱਟ ਦੀ ਮਦਦ ਨਾਲ ਕਾਂਗਰਸ ਦਾ ਨੇਤਰਤੱਵ ਹਥਿਆ ਲਿਆ। ਇਸ ਲਈ ਜਿਹੜੇ ਹੱਥਕੰਡੇ ਵਰਤੇ ਗਏ ( ਉਹਨਾਂ ਦਾ ਵਿਸਥਾਰ 'ਗਾਂਧੀ ਬੇ-ਨਕਾਬ' ਕਿਤਾਬ ਵਿਚ ਦੇਖੋ। ) ਤੇ ਇਹ ਕਹਿ ਕੇ ਕਿ ਮੈਂ ਇਕ ਸਾਲ ਵਿਚ ਆਜ਼ਾਦੀ ਦਿਵਾਅ ਦਿਆਂਗਾ ਵਰਨਾ ਮੇਰੀ ਲਾਸ਼ ਸਮੁੰਦਰ ਵਿਚ ਤੈਰਦੀ ਹੋਈ ਨਜ਼ਰ ਆਏਗੀ, ਸਤਿਆਗ੍ਰਹਿ ਸ਼ੁਰੂ ਕਰ ਦਿੱਤਾ। ਪਰ ਨਾ ਆਜ਼ਾਦੀ ਮਿਲੀ ਤੇ ਨਾ ਹੀ ਗਾਂਧੀ ਦੀ ਲਾਸ਼ ਸਮੁੰਦਰ ਵਿਚ ਤੈਰੀ। ਹੋਇਆ ਇਹ ਕਿ ਚੋਰੀ-ਚੋਰਾ ਦੀ ਘਟਨਾ ਨੂੰ, ਜਿਹੜੀ ਕਿਸਾਨਾ ਦੇ ਕਰਾਂਤੀਕਾਰੀ ਅਮਲ ਦੀ ਸ਼ੁਰੂਆਤ ਸੀ, ਅਹਿੰਸਾ ਦੱਸ ਕੇ ਅੰਦੋਲਨ ਵਾਪਸ ਲੈ ਲਿਆ ਗਿਆ ਯਾਨੀ ਸਾਮਰਾਜਵਾਦੀਆਂ ਅੱਗੇ ਆਤਮ ਸਮਰਪਣ ਕਰ ਦਿੱਤਾ।
ਫੇਰ 1928 ਤੇ 1929 ਦੋ ਕਰਾਂਤੀਕਾਰੀ ਉਭਾਰ ਦੇ ਵਰ੍ਹੇ ਸਨ। ਸਾਮਰਾਜਵਾਦ ਆਪਣੇ ਆਰਥਕ ਸੰਕਟ ਵਿਚ ਫਸਿਆ ਹੋਇਆ ਸੀ ਤੇ ਮਿਹਨਤਕਸ਼ ਜਨਤਾ ਲੜਨ ਲਈ ਤਿਆਰ ਸੀ। ਪਰ ਗਾਂਧੀ ਪਹਿਲਾਂ ਤਾਂ ਸੰਘਰਸ਼ ਨੂੰ ਟਾਲਦਾ ਰਿਹਾ ; ਅਖ਼ੀਰ ਨਮਕ ਸਮਿਆਗ੍ਰਹਿ ਸ਼ੁਰੂ ਕੀਤਾ ਤੇ ਉਸਦਾ ਅੰਤ ਵੀ ਗਾਂਧੀ-ਇਰਵਿਨ ਸਮਝੌਤੇ ਉਤੇ ਜਾ ਹੋਇਆ।
1939 ਨੂੰ ਸੁਭਾਸ਼ ਨੂੰ ਪ੍ਰਧਾਨਗੀ ਪਦ ਤੋਂ ਹਟਾਉਣ ਲਈ ਜਿਹੜੀ ਧਾਂਦਲੀ ਵਰਤੀ ਗਈ, ਉਸ ਦਾ ਉਦੇਸ਼ ਵੀ ਯੁੱਧ-ਸੰਕਟ ਵਿਚ ਘਿਰੇ ਬ੍ਰਿਟਿਸ਼ ਸਾਮਰਾਜ ਦੀ ਸਹਾਇਤਾ ਤੇ ਸੁਰੱਖਿਆ ਕਰਨਾ ਸੀ। ਗਾਂਧੀ ਨੇ ਵਿਅਕਤੀਗਤ ਸਤਿਆਗ੍ਰਹਿ ਦਾ ਨਾਟਕ ਰਚ ਕੇ ਕਰਾਂਤੀ ਦਾ ਸਾਰਾ ਜੋਸ਼ ਠੰਡਾ ਕਰ ਦਿੱਤਾ।
ਸਾਡੇ ਲੋਹੀਆਵਾਦੀ ਸੋਸ਼ਲਿਸਟ ਮਿੱਤਰ, ਜਿੰਨ੍ਹਾਂ ਗਾਂਧੀ, ਜੈਪ੍ਰਕਾਸ਼ ਤੇ ਰਾਮਮਨੋਹਰ ਲੋਹੀਆ ਦੀ ਤ੍ਰਿਮੂਰਤੀ ਬਣਾਈ ਹੋਈ ਹੈ, ਅਗਸਤ 1942 ਦੇ 'ਭਾਰਤ ਛੋੜੋ' ਅੰਦੋਲਨ ਨੂੰ ਬੜਾ ਮਹੱਤਵ ਦਿੰਦੇ ਹਨ। ਉਹਨਾਂ ਬਾਰੇ ਗਾਂਧੀ ਦੇ ਵਿਚਾਰ ਖ਼ੁਦ ਦੋਖੋ :
ਸੁਸ਼ੀਲਾ ਨਈਅਰ ਨੇ 'ਬਾਪੂ ਕੀ ਕਾਰਾਵਾਸ ਕਹਾਣੀ' ਨਾਂਅ ਹੇਠ ਜਿਹੜੀ ਡਾਇਰੀ ਲਿਖੀ ਹੈ, ਉਸ ਵਿਚ ਦਰਜ ਹੈ ਕਿ 30 ਅਗਸਤ, 1942 ਦੀ ਸ਼ਾਮ ਨੂੰ ਸੈਰ ਕਰਦਿਆਂ ਹੋਇਆਂ ਗਾਂਧੀ ਨੇ ਸੁਸ਼ੀਲਾ ਨਈਅਰ ਨੂੰ ਕਿਹਾ---''ਮੈਂ ਹੁਣ ਛੇ ਮਹੀਨਿਆਂ ਅੰਦਰ ਜੇਲ੍ਹ 'ਚੋਂ ਬਾਹਰ ਨਿਕਲ ਆਉਣਾ ਹੈ---ਸਾਡੀ ਲੜਾਈ ਸਫਲ ਹੋਈ ਤਾਂ ਵੀ ਤੇ ਜੇ ਲੋਕ ਹਾਰ ਕੇ ਬੈਠ ਗਏ ਤਾਂ ਵੀ। ਮੈਂ ਨਹੀਂ ਜਾਣਦਾ ਲੋਕ ਕੀ ਕਰਨਗੇ। ਪਰ ਮੈਂ ਇਹ ਜਾਣਦਾ ਹਾਂ ਕਿ ਲੋਕ ਲੜਾਈ ਲਈ ਤਿਆਰ ਨਹੀਂ ਸਨ। ਅਸੀਂ ਵੀ ਤਿਆਰੀ ਨਹੀਂ ਸੀ ਕੀਤੀ। ਪਰ ਅਹਿੰਸਾ ਦੇ ਕੰਮ ਕਰਨ ਦਾ ਰਾਸਤਾ ਦੂਸਰਾ ਹੀ ਹੁੰਦਾ ਹੈ। ਇਸ ਲਈ ਸਾਡਾ ਨਿਰਾਸ਼ ਹੋਣ ਦਾ ਕੋਈ ਕਾਰਨ ਨਹੀਂ। ਅਸੀਂ ਨਹੀਂ ਜਾਣਦੇ ਕਿ ਈਸ਼ਵਰ ਨੇ ਕੀ ਸੋਚਿਆ ਹੋਇਆ ਹੈ। ਜੋ ਵੀ ਹੋਏ, ਉਹਨਾਂ ਦੀ ਮਰ-ਮਿਟਣ ਦੀ ਤਿਆਰੀ ਹੋਣੀ ਹੀ ਚਾਹੀਦੀ ਹੈ। ਉਹ ਆਜ਼ਾਦ ਹੋਏ ਬਿਨਾਂ ਚੈਨ ਨਹੀਂ ਲੈਣਗੇ। ਜੇ ਆਜ਼ਾਦੀ ਲਈ ਲੜਦੇ ਲੜਦੇ ਉਹ ਖ਼ਤਮ ਹੋ ਗਏ ਤਾਂ ਖ਼ੁਦ ਤਾਂ ਆਜ਼ਾਦ ਹੋ ਹੀ ਜਾਣਗੇ।'' ( ਸਫਾ 109)
ਸੋਚੋ ਕਿ ਜਦੋਂ ਲੋਕ ਲੜਨ ਲਈ ਤਿਆਰ ਨਹੀਂ ਸਨ ਤੇ ਨੇਤਾਵਾਂ ਨੇ ਵੀ ਕੋਈ ਤਿਆਰੀ ਨਹੀਂ ਸੀ ਕੀਤੀ ਹੋਈ, ਤਾਂ ਫੇਰ ਲੜਾਈ ਸ਼ੁਰੂ ਕਰਨ ਦਾ ਕੀ ਅਰਥ ਸੀ ? ਤੇ ਇਹ ਕੇਹੀ 'ਅਹਿੰਸਾ' ਤੇ ਕਿਹੜਾ 'ਦਰਸ਼ਨ' ਹੈ ਕਿ ਜਿਸ ਵਿਚ ਅੰਗਰੇਜ ਦੀ ਗੋਲੀ ਨਾਲ ਮਰਨ ਵਾਲੇ ਨੂੰ ਆਜ਼ਾਦੀ ਘੁਲਾਟੀਆ ਤੇ ਅੰਗਰੇਜ ਨੂੰ ਗੋਲੀ ਮਾਰ ਵਾਲੇ ਨੂੰ ਹਿੰਸਾਵਾਦੀ ਦਾ ਨਾਂਅ ਦੇ ਦਿੱਤਾ ਜਾਂਦਾ ਸੀ?
ਲੋਕ ਮਰਨ ਜਾਂ ਜਿਉਂਣ ਗਾਂਧੀ ਨੂੰ ਇਸ ਨਾਲ ਕੋਈ ਸਰੋਕਾਰ ਨਹੀਂ ਸੀ, ਉਸਨੇ ਤਾਂ ਹਰ ਹਾਲ ਵਿਚ ਛੇ ਮਹੀਨੇ ਬਾਅਦ ਜੇਲ੍ਹ 'ਚੋਂ ਬਾਹਰ ਆਉਣਾ ਸੀ। ਬਾਹਰ ਆਉਣ ਲਈ ਉਸਨੇ ਤਿੰਨ ਹਫ਼ਤੇ ਦੀ ਭੁੱਖ-ਹੜਤਾਲ ਕੀਤੀ। ਸਰਕਾਰ ਨੇ ਡਾਕਟਰਾਂ ਦੀ ਟੀਮ ਬਿਠਾਅ ਦਿੱਤੀ ਤੇ ਵੱਡੇ ਪੈਮਾਨੇ ਉਪਰ ਇਸ ਭੁੱਖ-ਹੜਤਾਲ ਦਾ ਪ੍ਰਚਾਰ ਕੀਤਾ ਗਿਆ। ਭੁੱਖ-ਹੜਤਾਲ ਦੀ ਓਟ ਵਿਚ ਅੰਦੋਲਨ ਚਲਾਉਣ ਵਾਲਿਆਂ ਨੂੰ ਇਹ ਸਿਖਿਆ ਦਿੱਤੀ ਗਈ ਕਿ ਜੇ ਤਾਰ ਕੱਟਣ ਜਾਣ, ਤਾਂ ਵੀ ਪਹਿਲਾਂ ਸਰਕਾਰ ਨੂੰ ਸੂਚਿਤ ਕਰਕੇ ਜਾਣ ਕਿਉਂਕਿ ਅਹਿੰਸਾ ਦੀ ਲੜਾਈ ਵਿਚ ਕੁਝ ਵੀ ਛੁਪ ਕੇ ਕਰਨਾ ਪਾਪ ਹੈ। ਜੇ ਉਹ ਸਜ਼ਾ ਦਾ ਜੋਖ਼ਮ ਉਠਾਉਣ ਦਾ ਹੌਸਲਾ ਰੱਖਦੇ ਹੋਣ ਤਾਂ ਆਪਣੇ ਆਪ ਨੂੰ ਸਰਕਾਰ ਦੇ ਹਵਾਲੇ ਕਰ ਦੇਣ।
ਸੋਚੋ ਕੀ ਇਹ ਅਹਿੰਸਾ ਦੇ ਨਾਂ ਉੱਤੇ ਅੰਦੋਲਨ ਦੀ ਹੱਤਿਆ ਨਹੀਂ ਸੀ ?
ਇਸ ਭੁੱਖ-ਹੜਤਾਲ ਨੂੰ 'ਅਗਨੀ ਪ੍ਰੀਖਿਆ' ਦਾ ਨਾਂ ਦਿੱਤਾ ਗਿਆ। ਇਹ ਭੁੱਖ-ਹੜਤਾਲ 10 ਫਰਬਰੀ 1943 ਨੂੰ ਸ਼ੁਰੂ ਹੋਈ ਸੀ। ਇਸ ਭੁੱਖ ਹੜਤਾਲ ਦੇ ਗਿਆਰਵੇਂ ਦਿਨ ਯਾਨੀ ਕਿ 21 ਫਰਬਰੀ ਨੂੰ ਲਿਖੀ ਡਾਇਰੀ ਵੱਲ ਧਿਆਨ ਦੇਣਾ। ਲਿਖਿਆ ਹੈ :
''ਸ਼ਾਮ ਦੇ ਕਰੀਬ ਬਾਪੂ ਦੀ ਹਾਲਤ ਯਕਦਮ ਵਿਗੜ ਗਈੀ। ਉਸ ਸਮੇਂ ਉਹਨਾਂ ਦੇ ਕਮਰੇ ਵਿਚ ਮੈਂ ਇਕੱਲੀ ਬੈਠੀ ਸਾਂ। ਉਹਨਾਂ ਪਾਣੀ ਪੀਣ ਦਾ ਯਤਨ ਕੀਤਾ। ਪਾਈਪ ਰਾਹੀਂ ਖਿੱਚ ਕੇ ਪੀਂਦੇ ਹੋਏ ਹਫ ਗਏ। ਮੁਸ਼ਕਿਲ ਨਾਲ ਇਕ ਦੋ ਘੁੱਟ ਹੀ ਪੀ ਸਕੇ। ਥੱਕ ਕੇ ਲੇਟ ਗਏ। ਇਕਦਮ ਜ਼ੋਰਦਾਰ ਉਲਟੀ ਆਈ। ਤੜਫਨ ਲੱਗ ਪਏ, ਬੇਚੈਨੀ ਨਾਲ ਹੱਥ ਪੈਰ ਮਾਰਨ ਲੱਗੇ। ਅੱਖਾਂ ਲਗਭਗ ਅੱਧੀਆਂ ਬੰਦ ਸਨ। ਮੈਨੂੰ ਇੰਜ ਲੱਗਿਆ ਜਿਵੇਂ ਬੇਸੁੱਧ ਹੋ ਗਏ ਹਨ। ਨਬਜ਼ ਉੱਤੇ ਹੱਥ ਰੱਖਿਆ ਤਾਂ ਏਨੀ ਸੁਸਤ ਸੀ ਕਿ ਮੁਸ਼ਕਿਲ ਨਾਲ ਹੱਥ ਆਉਂਦੀ ਸੀ। ਮੇਰਾ ਦਿਲ ਧੜਕਨ ਲੱਗਾ...ਹਿੰਮਤ ਕਰਕੇ ਪੁੱਛਿਆ, 'ਬਾਪੂ ਕੀ ਉਹ ਸਮਾਂ ਨਹੀਂ ਆ ਗਿਆ ਹੁਣ, ਪਾਣੀ ਵਿਚ ਮੌਸਮੀ ਦਾ ਰਸ ਮਿਲਾਅ ਕੇ ਤੁਹਾਨੂੰ ਦਿੱਤਾ ਜਾਏ ?' ਕੁਝ ਚਿਰ ਉਹਨਾਂ ਕੋਈ ਉਤਰ ਨਹੀਂ ਦਿੱਤਾ। ਅਖ਼ੀਰ ਹੌਲੀ ਜਿਹੀ ਸਿਰ ਹਿਲਾਅ ਕੇ 'ਹਾਂ' ਕਿਹਾ। ਮੈਂ ਡਾਕਟਰ ਗਿਲਡਰ ਨੂੰ ਬੁਲਾਇਆ। ਉਹ ਆ ਗਏ। ਬਾਪੂ ਨਾਲ ਜੋ ਹੋਇਆ ਸੀ, ਉਹ ਸਭ ਸਮਝਾ ਕੇ ਮੈਂ ਦੋ ਔਂਸ ਮੌਸਮੀਂ ਦਾ ਰਸ ਕੱਢਿਆ ਤੇ ਦੋ ਔਂਸ ਪਾਣੀ ਮਿਲਾਅ ਕੇ ਔਂਸਾਂ ਵਾਲੇ ਗਿਲਾਸ ਨਾਲ ਹੌਲੀ ਹੌਲੀ ਬਾਪੂ ਦੇ ਮੂੰਹ ਵਿਚ ਪਾ ਦਿੱਤਾ। ਇਸਦਾ ਅਸਰ ਬਲਦੇ ਕੋਇਲੇ ਉੱਤੇ ਪਾਣੀ ਪੈਣ ਵਰਗਾ ਹੋਇਆ। ਬੇਚੈਨੀ ਘੱਟ ਹੋਣ ਲੱਗੀ। ਏਨੇ ਵਿਚ ਬਾ ਕਮਰੇ ਵਿਚ ਆਈ। ਮੈਨੂੰ ਲੱਗਿਆ ਕਿ ਸ਼ਾਇਦ ਬਾ ਦੀ ਪ੍ਰਾਥਨਾ ਸੁਣ ਕੇ ਹੀ ਈਸ਼ਵਰ ਨੇ ਬਾਪੂ ਨੂੰ ਬਚਾਅ ਲਿਆ ਹੈ। ਬਾ ਜਦੋਂ ਕਮਰੇ ਵਿਚ ਨਹੀਂ ਹੁੰਦੀ ਸੀ ਤਾਂ ਅਕਸਰ ਬਾਲਕ੍ਰਿਸ਼ਨ ਜਾਂ ਤੁਲਸੀ ਦੇ ਸਾਹਮਣੇ ਬੈਠੀ ਪ੍ਰਾਰਥਨਾ ਕਰ ਰਹੀ ਹੁੰਦੀ ਸੀ। ਜਦੋਂ ਬਾਪੂ ਦੀ ਸਥਿਤੀ ਵਿਗੜ ਰਹੀ ਸੀ, ਬਾ ਇਹ ਸਭ ਕੁਝ ਨਾ ਜਾਣਦੀ ਹੋਈ ਪ੍ਰਾਰਥਨਾ ਵਿਚ ਬੈਠੀ ਸੀ।''
ਸ਼ਰਧਾ ਤੇ ਅੰਧਵਿਸ਼ਵਾਸ ਸ਼ੈਤਾਨ ਦੇ ਭੈਣ-ਭਰਾ ਹੁੰਦੇ ਨੇ। ਇਸ ਭੁੱਖ-ਹੜਤਾਲ ਦੇ ਬਾਕੀ ਦਸ ਦਿਨ ਗਾਂਧੀ ਨੇ ਮੌਸਮੀਂ ਦਾ ਰਸ ਪੀ ਕੇ ਬਿਤਾਏ ਤੇ ਇਸ ਭੁੱਖ-ਹੜਤਾਲ ਦਾ ਸਮਾਂ ਪੂਰਾ ਹੋਣ ਸਾਰ ਗਾਂਧੀ ਨੂੰ ਜੇਲ੍ਹ 'ਚੋਂ ਰਿਹਾਅ ਕਰ ਦਿੱਤਾ ਗਿਆ।
'ਭਾਰਤ ਛੋੜੋ ਅੰਦੋਲਨ' ਵਿਚ ਮੈਂ ਵੀ ਗਿਰਫਤਾਰ ਹੋਇਆ ਸਾਂ ਤੇ ਦੋ ਸਾਲ ਨਜ਼ਰ ਬੰਦ ਰਿਹਾ ਸਾਂ। ਜੇਲ੍ਹ ਵਿਚ ਗਾਂਧੀਵਾਦੀ ਨੇਤਾਵਾਂ ਦਾ ਵਤੀਰਾ ਦੇਖ ਕੇ ਤੇ ਭੁੱਖ-ਹੜਤਾਲ ਆਦਿ ਦੀਆਂ ਖ਼ਬਰਾਂ ਪੜ੍ਹ ਕੇ ਮੈਂ ਕਿਹਾ ਸੀ, ''ਹਿੱਪੋਕਰੇਸੀ ਦਾ ਨੇਮ ਇਜ਼ ਗਾਂਧੀਵਾਦ' ( ਸ਼ੈਤਾਨੀਅਤ ਤੇਰਾ ਦੂਜਾ ਨਾਂ ਗਾਂਧੀਵਾਦ ਹੈ )।''
ਇਹਨਾਂ ਸ਼ੈਤਾਨੀਆਂ ਦੀ ਟਰੇਨਿੰਗ ਵੀ ਉਸਨੂੰ ਦੱਖਣੀ ਅਫ਼ਰੀਕਾ ਵਿਚ ਮਿਲੀ ਸੀ। ਬੋਅਰ ਯੁੱਧ ਵਾਂਗ ਹੀ ਜੁਲੂ ਵਿਦਰੋਹ ਸਮੇਂ ਵੀ ਗਾਂਧੀ ਨੇ ਬ੍ਰਿਟਿਸ਼ ਸਰਕਾਰ ਪ੍ਰਤੀ ਵਫ਼ਾਦਾਰੀ ਜਤਾਈ ਤੇ ਉਹ 23 ਆਦਮੀਆਂ ਦੀ ਟੁਕੜੀ ਲੈ ਕੇ ਉਹਨਾਂ ਦੀ ਮਦਦ ਲਈ ਗਿਆ। ਲਿਖਿਆ ਹੈ : ''ਅੰਗਰੇਜ ਸਲਤਨਤ ਨੂੰ ਉਸ ਸਮੇਂ ਮੈਂ ਜਗਤ ਦਾ ਕਲਿਆਣ ਕਰਨ ਵਾਲਾ ਸਾਮਰਾਜ ਮੰਨਦਾ ਸਾਂ। ਮੇਰੀ ਵਫ਼ਾਦਾਰੀ ਦਿਲੋਂ ਸੀ।'' ਜਗਤ ਦਾ ਕਲਿਆਣ ਕਰਨ ਵਾਲੇ ਬ੍ਰਿਟਿਸ਼ ਸਾਮਰਾਜ ਦੇ ਜੁਲੂ ਆਦੀਵਾਸੀਆਂ ਉੱਤੇ ਚੜ੍ਹ ਦੌੜਨ ਦਾ ਕਾਰਣ ਇਹ ਸੀ ਕਿ ਅੰਗਰੇਜਾਂ ਨੂੰ ਨੇਟਾਲ ਦੀ ਸੋਨੇ ਦੀ ਖਾਨ ਵਿਚ ਕੰਮ ਕਰਨ ਲਈ ਮਜ਼ਦੂਰਾਂ ਦੀ ਲੋੜ ਸੀ, ਇਸ ਲਈ ਜੁਲੂ ਲੋਕਾਂ ਨੂੰ ਖੇਤਾਂ ਵਿਚੋਂ ਉਜਾੜ ਕੇ ਖਾਨ ਵਿਚ ਮਜ਼ਦੂਰੀ ਕਰਵਾਉਣ ਲਈ ਖੇਤੀ ਉੱਤੇ ਭਾਰੀ ਟੈਕਸ ਲਾ ਦਿੱਤਾ ਗਿਆ ਸੀ। ਜੁਲੂ ਲੋਕਾਂ ਨੇ ਟੈਕਸ ਦੇਣ ਤੋਂ ਇਨਕਾਰ ਕੀਤਾ ਤੇ ਟੈਕਸ ਉਗਰਾਉਣ ਵਾਲੇ ਇੰਸਪੈਕਟਰ ਦੀ ਹੱਤਿਆ ਕਰ ਦਿੱਤੀ। ਇਸ ਨੂੰ ਵਿਦਰੋਹ ਕਹਿ ਕੇ ਅੰਗਰੇਜਾਂ ਨੇ ਉਹਨਾਂ ਉਪਰ ਚੜ੍ਹਾਈ ਕਰ ਦਿੱਤੀ। ਗਾਂਧੀ ਨੇ ਲਿਖਿਆ ਹੇੈ ਕਿ 'ਦੰਗਾ ਖੇਤਰ ਵਿਚ ਪਹੁੰਚ ਕੇ ਮੈਂ ਦੇਖਿਆ ਕਿ ਦੰਗਾ ਕਹਿਣ ਵਾਲੀ ਕੋਈ ਗੱਲ ਨਹੀਂ ਸੀ।'
ਜੁਲੂ ਲੋਕਾਂ ਉਪਰ ਗੋਰੇ ਉਪਨਿਵੇਸ਼ਵਾਦੀਆਂ ਨੇ ਜਿਹੜੇ ਜੁਲਮ ਢਾਏ ਉਹਨਾਂ ਨੂੰ ਦੇਖ ਕੇ ਇਸ ਵਫ਼ਾਦਾਰੀ ਲਈ ਗਾਂਧੀ ਦੀ ਆਤਮਾਂ ਉਸਨੂੰ ਫਿਟਕਾਰਨ ਲੱਗੀ। ਇਸ ਫਿਟਕਾਰ ਤੋਂ ਬਚਣ ਲਈ ਉਸਨੇ ਪ੍ਰਾਸਚਿਤ ਦੇ ਰੂਪ ਵਿਚ ਬ੍ਰਹਮਚਰੀਆ ਪਾਲਨ ਦਾ ਵਰਤ ਰੱਖ ਲਿਆ, ਕਿਉਂਕਿ ਉਸਦੀ ਸਮਝ ਵਿਚ 'ਬ੍ਰਹਮਚਰੀਆ ਈਸ਼ਵਰ ਦਰਸ਼ਨ ਲਈ ਜ਼ਰੂਰੀ ਵਸਤੂ ਹੈ।'
ਮੰਨ ਲਓ ਕਿ ਗਾਂਧੀ ਬ੍ਰਹਮਚਰੀਆ ਪਾਲਨ ਦੇ ਵਰਤ ਉਪਰ ਕਾਇਮ ਰਿਹਾ ਤੇ ਉਸਨੂੰ ਈਸ਼ਵਰ ਦੇ ਦਰਸ਼ਨ ਵੀ ਹੋਏ, ਪਰ ਸਵਾਲ ਇਹ ਹੈ ਕਿ ਇਸ ਨਾਲ ਜੁਲੂ ਲੋਕਾਂ ਨੂੰ ਕੀ ਲਾਭ ਹੋਇਆ ਤੇ ਬ੍ਰਿਟਿਸ਼ ਸਾਮਰਾਜ ਦਾ ਕੀ ਵਿਗੜ ਗਿਆ ? ਦਰਅਸਲ ਇਹ ਆਤਮਾਂ ਦਾ ਹਨਨ ਸੀ। ਆਤਮਾਂ ਦਾ ਹਨਨ ਕਰਨ ਲਈ ਹੀ ਮਨੁੱਖ ਮੀਸਨਾ ਤੇ ਮੱਕਾਰ ਬਣਦਾ ਹੈ। ਗਾਂਧੀ ਵਫਾਦਾਰੀ ਨਿਭਾਉਣ ਲਈ ਆਤਮਾਂ ਦਾ ਹਨਨ ਕਰਦਾ ਕਰਦਾ ਦੱਖਣੀ ਅਫ਼ਰੀਕਾ ਵਿਚ ਹੀ ਮਹਾਂ ਮੀਸਨਾ ਮਨੁੱਖ ਬਣ ਗਿਆ ਸੀ। ਬ੍ਰਹਮਚਰੀਏ ਦਾ ਵਰਤ ਸਿਰਫ ਇਕ ਢੋਂਗ ਸੀ।
ਇਸੇ ਤਰ੍ਹਾਂ ਜਦੋਂ ਗਾਂਧੀ ਨੇ ਚੋਰਾ-ਚੋਰੀ ਕਾਂਢ ਨੂੰ ਲੈ ਕੇ ਆਤਮ ਸਮਰਪਨ ਕੀਤਾ ਤਾਂ ਖਿਲਾਫ਼ਤ ਦੇ ਨਾਲ ਜੋ ਆਦਰਸ਼ਹੀਣ ਤੇ ਅਵਸਰਵਾਦੀ ਸਮਝੌਤਾ ਹੋਇਆ ਸੀ, ਉਹ ਟੁੱਟ ਗਿਆ। ਸਿੱਟਾ ਇਹ ਕਿ ਜਨਤਾ ਵਿਚ ਅੰਗਰੇਜ ਦੇ ਵਿਰੁੱਧ ਜਿਹੜਾ ਗੁੱਸਾ ਸੀ, ਉਹ ਆਪਸੀ ਸਿਰ ਪਾੜ-ਪੜਾਈ ਵਿਚ ਬਦਲ ਗਿਆ। ਦਿੱਲੀ, ਕਾਨਪੁਰ, ਕਲਕੱਤਾ ਤੇ ਕੋਹਾਟ ਵਿਚ ਜਬਰਦਸਤ ਸੰਪਰਦਾਇਕ ਦੰਗੇ ਹੋਏ। ਦੰਗਿਆਂ ਲਈ ਜ਼ਿਮੇਂਵਾਰ ਕੌਣ ਹੈ, ਇਹ ਜਾਂਚ ਕਰਨ ਲਈ ਕਾਂਗਰਸ ਨੇ ਗਾਂਧੀ ਤੇ ਮੁਹੰਮਦ ਅਲੀ ਦੀ ਇਕ ਕਮੇਟੀ ਬਣਾਈ। ਉਹ ਦੋਵੇਂ ਆਪਸ ਵਿਚ ਸਹਿਮਤ ਨਹੀਂ ਹੋ ਸਕੇ ਤਾਂ ਗਾਂਧੀ ਨੇ ਇਹ ਕਹਿਕੇ ਕਿ ਦੰਗਿਆਂ ਲਈ ਜ਼ਿਮੇਂਵਾਰ ਮੈਂ ਹਾਂ, ਪ੍ਰਾਸ਼ਚਿਤ ਦੇ ਤੌਰ 'ਤੇ 21 ਦਿਨਾਂ ਲਈ ਭੁੱਖ-ਹੜਤਾਲ ਸ਼ੁਰੂ ਕਰ ਦਿੱਤੀ। ਸੋਚਣ ਵਾਲੀ ਗੱਲ ਇਹ ਹੈ ਕਿ ਕੀ ਏਡੇ ਵੱਡੇ ਗੁਨਾਹ ਦਾ 21 ਦਿਨਾਂ ਦੀ ਭੁੱਖ-ਹੜਤਾਲ ਨਾਲ ਪ੍ਰਾਸ਼ਚਿਤ ਹੋ ਗਿਆ ? ਕੀ ਉਸ ਨਾਲ ਸੰਪਰਦਾਇਕਤਾ ਖ਼ਤਮ ਹੋ ਗਈ ? ਉਹ ਤਾਂ ਉਲਟੇ ਹੋਰ ਵਧ ਗਈ। ਅਸਲ ਵਿਚ ਇਹ ਭੁੱਖ-ਹੜਤਾਲਾਂ ਗਾਂਧੀ ਨੂੰ ਰਾਜਨੀਤੀ ਵਿਚ ਵਾਪਸ ਲਿਆਉਣ ਤੇ ਉਸਦੀ ਗਵਾਚੀ ਹੋਈ ਪੜਤ ਬਹਾਲ ਕਰਨ ਲਈ ਸਿਰਫ ਪੈਂਤਰੇਬਾਜੀ ਹੀ ਸਨ।
ਗਾਂਧੀ ਦਾ ਇਹ ਨਾਅਰਾ, ''ਹਿੰਦੂ, ਮੁਸਲਿਮ, ਸਿੱਖ, ਈਸਾਈ---ਸਭ ਆਪਸ ਵਿਚ ਭਾਈ-ਭਾਈ।'' ਏਕਤਾ ਦਾ ਨਹੀਂ, ਫੁੱਟ ਦਾ ਪ੍ਰਤੀਕ ਨਾਅਰਾ ਹੈ। ਸਾਰੇ ਹਿੰਦੂ ਜਾਂ ਸਾਰੇ ਮੁਸਲਮਾਨ ਹੀ ਆਪਸ ਵਿਚ ਭਾਈ-ਭਾਈ ਨਹੀਂ ਹਨ। ਉਹ ਸ਼ੋਸ਼ਕ, ਸ਼ੋਸ਼ਿਤ ( ਲੋਟੂ ਤੇ ਲੁੱਟੇ ਜਾ ਰਹੇ ) ਤੇ ਉਤਪੀੜਕ, ਉਤਪੀੜਤ ( ਜ਼ਾਲਿਮ ਤੇ ਜ਼ੁਲਮ ਝੱਲਣ ਵਾਲੇ ) ਵਿਚ ਵੰਡੇ ਹੋਏ ਹਨ। ਗਾਂਧੀ ਨੇ ਇਸ ਵਰਗ-ਭੇਦ ਨੂੰ ਭੁਲਾਅ ਕੇ ਦੇਸ਼ ਦੀ ਜਨਤਾ ਨੂੰ ਧਰਮ ਦੇ ਅਧਾਰ 'ਤੇ ਹਿੰਦੂ, ਮੁਸਲਮਾਨ, ਸਿੱਖ, ਈਸਾਈ ਵਿਚ ਵੰਡ ਦਿੱਤਾ। ਇਹੀ ਫਿਰਕਾਪ੍ਰਸਤੀ ਦੀ ਬੁਨਿਆਦ ਹੈ। ਸਿੱਟਾ ਇਹ ਹੋਇਆ ਕਿ ਇਸ ਪਿੱਛੋਂ ਕੋਈ ਇਕ ਰਾਸ਼ਟਰੀ ਨੇਤਾ ਨਹੀਂ ਰਿਹਾ। ਹਿੰਦੂਆਂ, ਮੁਸਲਮਾਨਾ, ਸਿੱਖਾਂ, ਈਸਾਈਆਂ ਤੇ ਅਛੂਤਾਂ ਦੇ ਵੱਖੋ-ਵੱਖਰੇ ਸੰਗਠਨ ਬਣ ਗਏ। ਸੰਪਰਦਾਇਕਤਾ ਆਪਣੇ ਆਪ ਵਿਚ ਕੋਈ ਚੀਜ਼ ਨਹੀਂ ਹੁੰਦੀ, ਉਹ ਲੁੱਟ-ਖਸੁਟ ਦੀ ਫੁੱਟ-ਪਾਊ ਰਾਜਨੀਤੀ ਦਾ ਅਭਿੰਨ ਅੰਗ ਹੈ। ਸੰਪਰਦਾਇਕਤਾ ਦਾ ਇਕੋ ਇਕ ਇਲਾਜ਼ ਵਰਗ-ਸੰਘਰਸ਼ ਤੇ ਵਰਗ-ਚੇਤਨਾ ਦਾ ਵਿਕਸਿਤ ਕਰਨਾ ਹੈ। ਪਰ ਗਾਂਧੀ ਨੇ ਵਰਗ ਸੰਘਰਸ਼ ਤੇ ਵਰਗ ਚੇਤਨਾ ਦਾ ਵਿਕਸਿਤ ਕਰਨ ਨੂੰ ਨਫਰਤ ਫੈਲਾਉਣਾ ਦੱਸ ਕੇ ਦੇਸੀ-ਵਿਦੇਸ਼ੀ ਸ਼ੋਸ਼ਕਾਂ ਦੀ ਰੱਖਿਆ ਦੇ ਲਈ ਕਰਾਂਤੀ ਵਿਰੋਧੀ ਭੂਮਿਕਾ ਅਦਾ ਕੀਤੀ।
ਕਰਾਂਤੀਕਾਰੀ ਕਰਮ ਜਿੰਨਾਂ ਉੱਚਾ ਉਠਦਾ ਹੈ, ਵਿਚਾਰ ਵੀ ਓਨਾ ਹੀ ਉੱਚਾ ਉਠਦਾ ਹੈ ਤੇ ਉਸ ਨਾਲ ਰਾਸ਼ਟਰ ਦੇ ਚਰਿੱਤਰ ਦਾ ਨਿਰਮਾਣ ਹੁੰਦਾ ਹੈ। ਪਰ ਗਾਂਧੀ ਨੇ ਸਾਡੇ ਕਰਾਂਤੀਕਾਰੀ ਕਰਮ ਨੂੰ ਚਰਖੇ ਨਾਲ ਬੰਨ੍ਹੀ ਰੱÎਖਿਆ। ਸਿੱਟਾ ਇਹ ਹੋਇਆ ਕਿ ਸੋਚ ਬੌਣੀ ਹੋ ਗਈ। ਜਿਸ ਰਾਸ਼ਟਰ ਦੀ ਵਿਚਾਰਧਾਰਾ ਬੌਣੀ ਹੋ ਜਾਏ, ਉਹ ਰਾਸ਼ਟਰ ਬੋਣਾ ਹੋ ਜਾਂਦਾ ਹੈ। ਰਾਸ਼ਟਰ ਦਾ ਵਰਤਮਾਨ ਸੰਕਟ ਇਸ ਬੌਣੇਪਨ ਦਾ ਪ੍ਰਤੱਖ ਪ੍ਰਮਾਣ ਹੈ। ਅੱਜ ਜੋ ਨਜ਼ਰੀਏ ਤੇ ਦਿਸ਼ਾਹੀਣਤਾ ਦੀ ਸਥਿਤੀ ਹੈ, ਇਸ ਲਈ ਗਾਂਧੀ ਜ਼ਿੰਮੇਵਾਰ ਹੈ। ਇਸ ਨਾਲ ਰਾਸ਼ਟਰ ਦੀ ਜੋ ਹਾਨੀ ਹੋਈ ਉਹ ਅਕੱਥ ਹੈ। ਸਾਹਿਤ ਤੇ ਸੰਸਕ੍ਰਿਤੀ ਦਾ ਸਤਰ ਡਿੱਗਿਆ ਹੈ ਤੇ ਡਿੱਗਦਾ ਹੀ ਜਾ ਰਿਹਾ ਹੈ। ਮਨੁੱਖੀ ਕਦਰਾਂ ਕੀਮਤਾਂ ਖ਼ਤਮ ਹੋ ਰਹੀਆਂ ਹਨ ਤੇ ਭਰਿਸ਼ਟਾਚਾਰ ਵਧ ਰਿਹਾ ਹੈ।
ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਨੇ ਜੇਲ੍ਹ ਵਿਚ ਲੰਮੀ ਭੁੱਖ-ਹੜਤਾਲ ਕੀਤੀ। ਉਹਨਾਂ ਨੂੰ ਅਦਾਲਤ ਵਿਚ ਸਭ ਦੇ ਸਾਹਮਣੇ ਤੇ ਫੇਰ ਜੇਲ੍ਹ ਵਿਚ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਜਾਂਦੀ ਰਹੀ ਸੀ। ਜਤੇਂਦਰਨਾਥ ਦਾਸ 63 ਦਿਨ ਭੁੱਖੇ ਰਹਿ ਕੇ ਸ਼ਹੀਦ ਹੋਏ। ਉਹਨਾਂ ਦੀ ਸ਼ਹਾਦਤ ਉੱਤੇ ਸਾਰਾ ਦੇਸ਼ ਹਿੱਲ ਗਿਆ। ਗਾਂਧੀ ਨੇ ਅੰਗਰੇਜਾਂ ਦੀ ਇਸ ਨਿਰਦਈ ਹਿੰਸਾ ਦੇ ਖ਼ਿਲਾਫ ਤੇ ਇਸ ਮਹਾਨ ਸ਼ਹਾਦਤ ਦੇ ਹੱਕ ਵਿਚ ਇਕ ਸ਼ਬਦ ਵੀ ਨਹੀਂ ਕਿਹਾ। ਕਰਾਂਤੀਕਾਰੀਆਂ ਦਾ ਇਹ ਸੰਘਰਸ਼ ਆਪਣੇ ਲਈ ਨਹੀਂ ਸਾਰੇ ਰਾਜਨੀਤਕ ਕੈਦੀਆਂ ਲਈ ਸੀ। ਉਹਨਾਂ ਦੀ ਮੰਗ ਇਹ ਸੀ ਕਿ ਜੇਲ੍ਹ ਵਿਚ ਰਾਜਨੀਤਕ ਕੈਦੀਆਂ ਨਾਲ ਚੰਗਾ ਸਲੂਕ ਹੋਏ, ਚੰਗਾ ਖਾਣਾ ਮਿਲੇ ਤੇ ਉਹਨਾਂ ਨੂੰ ਪੜ੍ਹਨ-ਲਿਖਣ ਦੀ ਸਹੂਲਤ ਪ੍ਰਾਪਤ ਹੋਏ।
ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਦੀ ਫਾਂਸੀ ਦੀ ਸਜਾ ਨੂੰ ਰੱਦ ਕਰਨ ਦੀ ਮੰਗ ਰਾਸ਼ਟਰ-ਵਿਆਪੀ ਮੰਗ ਬਣ ਗਈ ਸੀ ਤੇ ਲੋਕਾਂ ਵਿਚ ਜਬਰਦਸਤ ਜੋਸ਼ ਸੀ। ਅੰਗਰੇਜ ਸਰਕਾਰ ਡਰ ਗਈ ਸੀ ਕਿ ਉਹਨਾਂ ਨੂੰ ਫਾਂਸੀ ਦੇਣ ਨਾਲ ਗੜਬੜੀ ਫੈਲ ਜਾਏਗੀ। ਕਿਹਾ ਜਾਂਦਾ ਹੈ ਕਿ ਗਾਂਧੀ ਨੇ ਗਾਂਧੀ-ਇਰਿਵਨ ਸਮਝੌਤੇ ਦੌਰਾਨ ਉਹਨਾਂ ਦੀ ਰਿਹਾਈ ਦੀ ਮੰਗ ਕੀਤੀ, ਪਰ ਵਾਇਸਰਾਏ ਨੇ ਉਸਦੀ ਇਹ ਗੱਲ ਨਹੀਂ ਮੰਨੀ। ਇਹ ਨਿਰਾ ਝੂਠ ਹੈ। ਇਸ ਦੇ ਉਲਟ ਸੱਚ ਇਹ ਹੈ ਕਿ ਗਾਂਧੀ ਨੇ ਤਸੱਲੀ ਦਿੱਤੀ ਕਿ ਗੜਬੜੀ ਰੋਕਣ ਵਿਚ ਸਰਕਾਰ ਦੀ ਮਦਦ ਕਰਾਂਗਾ।
ਵਾਇਸਰਾਏ ਲਾਰਡ ਇਰਿਵਨ ਨੇ ਆਪਣੇ ਰੋਜ਼ਨਾਮਚੇ ਵਿਚ ਲਿਖਿਆ ਹੈ 'ਦਿੱਲੀ ਵਿਚ ਜੋ ਸਮਝੌਤਾ ਹੋਇਆ, ਉਸ ਤੋਂ ਵੱਖ ਤੇ ਅੰਤ ਵਿਚ ਮਿਸਟਰ ਗਾਂਧੀ ਨੇ ਭਗਤ ਸਿੰਘ ਦਾ ਜ਼ਿਕਰ ਕੀਤਾ, ਉਹਨਾਂ ਨੇ ਫਾਂਸੀ ਦੀ ਸਜ਼ਾ ਰੱਦ ਕਰ ਦੇਣ ਲਈ ਕੋਈ ਪੈਰਵੀ ਨਹੀਂ ਕੀਤੀ। ਪਰ ਨਾਲ ਹੀ ਉਹਨਾਂ ਵਰਤਮਾਨ ਪ੍ਰਸਥਿਤੀਆਂ ਵਿਚ ਫਾਂਸੀ ਨੂੰ ਮੁਲਤਵੀ ਕਰਨ ਦੇ ਸਬੰਧ ਵਿਚ ਵੀ ਕੁਝ ਨਹੀਂ ਕਿਹਾ।'' ਫਾਇਲ ਨੰ : (5-45/1931 ਦੇ ਡਬਲਿਊ 2 ਗ੍ਰਹਿ ਵਿਭਾਗ ਰਾਜਨੀਤੀ ਸ਼ਾਖਾ )।
20 ਮਾਰਚ ਨੂੰ ਗਾਂਧੀ ਵਾਇਸਰਾਏ ਦੀ ਕੌਂਸਲ ਦੇ ਗ੍ਰਹਿ ਸਦਸ ਹਰਬਰਟ ਹਿਮਰਸਨ ਨੂੰ ਮਿਲਿਆ, ਇਮਰਸਨ ਨੇ ਆਪਣੇ ਰੋਜ਼ਨਾਮਚੇ ਵਿਚ ਲਿਖਿਆ ਹੈ---''ਮਿਸਟਰ ਗਾਂਧੀ ਦੀ ਇਸ ਮਾਮਲੇ ਵਿਚ ਵਧੇਰੇ ਦਿਲਚਸਪੀ ਨਹੀਂ ਜਾਪਦੀ। ਮੈਂ ਉਹਨਾਂ ਨੂੰ ਕਿਹਾ ਸੀ ਕਿ ਜੇ ਫਾਂਸੀ ਦੇ ਸਿੱਟੇ ਵਜੋਂ ਹਿੱਲਜੁੱਲ ਨਾ ਹੋਈ ਤਾਂ ਇਹ ਬੜੀ ਵੱਡੀ ਗੱਲ ਹੋਏਗੀ। ਮੈਂ ਉਹਨਾਂ ਨੂੰ ਕਿਹਾ ਕਿ ਉਹ, ਉਹ ਸਭ ਕੁਝ ਕਰਨ ਤਾਂਕਿ ਅਗਲੇ ਦਿਨ ਸਭਾਵਾਂ ਨਾ ਹੋਣ ਤੇ ਲੋਕਾਂ ਦੇ ਭੜਕਾਊ ਭਾਸ਼ਣਾ ਨੂੰ ਰੋਕਣ। ਇਸ ਉੱਤੇ ਉਹਨਾਂ ਆਪਣੀ ਸਹਿਮਤੀ ਦੇ ਦਿੱਤੀ ਤੇ ਕਿਹਾ---'ਜੋ ਕੁਝ ਵੀ ਹੋ ਸਕੇਗਾ ਕਰਾਂਗਾ'।'' ਫਾਇਲ ਨੰ : ( 53/1/1931)।
ਗਾਂਧੀ ਨੇ ਸਿਰਫ ਕਿਹਾ ਹੀ ਨਹੀਂ, ਕੀਤਾ ਵੀ। ਉਸਦਾ ਸਬੂਤ ਇਹ ਹੈ ਉਸੇ 20 ਦੀ ਸ਼ਾਮ ਨੂੰ ਗਾਂਧੀ ਗਰਾਉਂਡ ਵਿਚ ਇਕ ਸਭਾ ਕੀਤੀ ਜਾ ਰਹੀ ਸੀ, ਜਿਹੜੀ ਏਲਫਰੇਡ ਪਾਰਕ ਇਲਾਹਾਬਾਦ ਵਿਚ ਚੰਦਰਸ਼ੇਖ਼ਰ ਆਜ਼ਾਦ ਦੀ ਸ਼ਹਾਦਤ ਬਾਰੇ ਸੀ ਤੇ ਉਹ ਵਿਚ ਸੁਭਾਸ਼ ਚੰਦਰ ਬੋਸ ਨੇ ਵੀ ਬੋਲਣਾ ਸੀ। ਇਸ ਸਿਲਸਿਲੇ ਵਿਚ ਗਾਂਧੀ ਨੇ ਇਮਰਸਨ ਦੇ ਖ਼ਤ ਦਾ ਹੇਠ ਲਿਖਿਆ ਉਤਰ ਦਿੱਤਾ:
''ਪਿਆਰੇ ਇਮਰਸਨ,
ਹੁਣੇ ਹੁਣੇ ਤੁਹਾਡਾ ਪੱਤਰ ਮਿਲਿਆ, ਉਸ ਲਈ ਤੁਹਾਡਾ ਧਨਵਾਦ। ਤੁਸੀਂ ਜਿਸ ਸਭਾ ਦਾ ਉਲੇਖ ਕੀਤਾ ਹੈ, ਉਸਦਾ ਮੈਨੂੰ ਪਤਾ ਹੈ। ਹਰ ਤਰ੍ਹਾਂ ਦੀ ਅਹਿਤਿਆਤ ਵਰਤੀ ਗਈ ਹੈ ਤੇ ਆਸ ਕਰਦਾ ਹਾਂ ਕਿ ਕੋਈ ਗੜਬੜ ਨਹੀਂ ਹੋਏਗੀ। ਮੇਰਾ ਮਸ਼ਵਰਾ ਹੈ ਕਿ ਪੁਲਸ ਬਲ ਦਾ ਕੋਈ ਪ੍ਰਦਰਸ਼ਨ ਨਾ ਕੀਤਾ ਜਾਏ ਤੇ ਸਭਾ ਵਿਚ ਕਿਸੇ ਕਿਸਮ ਦਾ ਦਖ਼ਲ ਨਾ ਦਿੱਤਾ ਜਾਵੇ। ਰਹੀ ਉਤੇਜਨਾ, ਸੋ ਤਾਂ ਹੋਏਗੀ ਹੀ। ਇਸ ਉਤੇਜਨਾ ਨੂੰ ਸਭਾਵਾਂ ਦੇ ਜ਼ਰੀਏ ਨਿਕਲ ਜਾਣ ਦੇਣਾ ਠੀਕ ਹੋਏਗਾ।'' ( ਫਾਇਲ ਨੰ : 4/21/1931)।
ਦਸੰਬਰ 1929 ਦੀ ਲਾਹੌਰ ਕਾਂਗਰਸ ਵਿਚ ਭਗਤ ਸਿੰਘ ਤੇ ਚੰਦਰਸ਼ੇਖ਼ਰ ਦੇ ਕਰਾਂਤੀਕਾਰੀ ਸਾਥੀਆਂ ਨੇ ''ਹਿੰਦੁਸਤਾਨ ਸਮਾਜਵਾਦੀ ਪ੍ਰਜਾਤੰਤਰ ਸੰਘ'' ਦਾ ਘੋਸ਼ਨਾ ਪੱਤਰ ਵੰਡਿਆ ਸੀ। ਉਸ ਵਿਚ ਉਹਨਾਂ ਕਿਹਾ ਸੀ ਕਿ 'ਸਾਡੀ ਲੜਾਈ ਦੋ ਤਰਫਾ ਹੈ ; ਅੰਦਰੂਨੀ ਦੁਸ਼ਮਣ ਨਾਲ ਤੇ ਬਾਹਰੀ ਦੁਸ਼ਮਣ ਨਾਲ।'
ਗਾਂਧੀ ਨੂੰ ਉਹ ਕਰਾਂਤੀ ਦਾ ਅੰਦਰੂਨੀ ਦੁਸ਼ਮਣ ਮੰਨਦੇ ਸਨ। ਇਮਰਸਨ ਦੇ ਨਾਂ ਲਿਖੇ ਗਾਂਧੀ ਦੇ ਉਪਰੋਕਤ ਖ਼ਤ ਤੋਂ ਕੀ ਇਹ ਗੱਲ ਸਿੱਧ ਨਹੀਂ ਹੋ ਜਾਂਦੀ ?
ਜਰਾ ਸੋਚੋ, ਗਾਂਧੀ ਦੇ ਜਿਹੜੇ ਆਦਰਸ਼ਾਂ ਦੀ ਦੁਹਾਈ ਦਿੱਤੀ ਜਾ ਰਹੀ ਹੈ, ਉਹ ਆਦਰਸ਼ ਆਖ਼ਰ ਸੀ ਕੀ? ਸਿੱਧੀ-ਸੱਚੀ ਗੱਲ ਇਹ ਹੈ ਕਿ ਗਾਂਧੀ ਪਰਿਵਾਰ ਰਾਜ-ਭਗਤ ਪਰਿਵਾਰ ਸੀ ਤੇ ਮੋਹਨਦਾਸ ਕਰਮਚੰਦ ਗਾਂਧੀ ਨੂੰ ਵੀ ਆਪਣੇ ਇਸ ਪਰਿਵਾਰ ਤੋਂ ਰਾਜ-ਭਗਤੀ, ਘੁੱਟੀ ਵਿਚ ਮਿਲੀ ਸੀ। ਬ੍ਰਿਟਿਸ਼ ਸਰਕਾਰ ਦੇ ਪ੍ਰਤੀ ਉਸਦੀ ਵਫ਼ਾਦਾਰੀ ਆਖ਼ਰੀ ਦਮ ਤਕ ਬਣੀ ਰਹੀ। ਪਹਿਲਾਂ ਦੱਖਣੀ ਅਫ਼ਰੀਕਾ ਵਿਚ ਤੇ ਫੇਰ ਹਿੰਦੁਸਤਾਨ ਵਿਚ ਉਸਨੇ ਬ੍ਰਿਟਿਸ਼ ਸਾਮਰਾਜ ਦੀ ਮਦਦ ਕਰਕੇ ਰਾਸ਼ਟਰ ਵਿਰੋਧੀ ਅਤੇ ਸ਼ਾਂਤੀ ਵਿਰੋਧੀ ਭੂਮਿਕਾ ਅਦਾ ਕੀਤੀ। ਦੇਸੀ ਵਿਦੇਸ਼ੀ ਸਵਾਰਥੀਆਂ ਦੇ ਝੂਠੇ ਪ੍ਰਚਾਰ ਨੇ ਉਸਨੂੰ 'ਪ੍ਰਮਾਤਮਾਂ' ਤੇ 'ਸ਼ਹੀਦ' ਬਣਾ ਕੇ ਇਤਿਹਾਸ ਦੇ ਇਸ ਸੱਚ ਨੂੰ ਛੁਪਾਇਆ।
ਗਾਂਧੀ ਦੀ ਇਸ ਰਾਸ਼ਟਰ ਵਿਰੋਧੀ ਤੇ ਕਰਾਂਤੀ ਵਿਰੋਧੀ ਭੂਮਿਕਾ ਦੇ ਕਾਰਣ ਦੇਸ਼ ਦੀ ਵੰਡ ਹੋਈ। ਅੱਜ ਸਾਰੇ ਮਹਿਸੂਸ ਕਰ ਰਹੇ ਹਨ ਕਿ ਦੇਸ਼ ਦੀ ਵੰਡ ਇਕ ਘਿਰਣਤ ਅਪਰਾਧ ਸੀ। ਨਾਥੂਰਾਮ ਗੌਡਸੇ ਨੇ ਵੰਡ ਤੋਂ ਪੰਜ ਸਾਢੇ ਪੰਜ ਮਹੀਨੇ ਬਾਅਦ 30 ਜਨਵਰੀ 1948 ਨੂੰ ਬਿਰਲਾ ਭਵਨ ਵਿਚ ਗਾਂਧੀ ਦੀ ਹੱਤਿਆ ਕਰਕੇ ਉਸਨੂੰ ਇਸ ਅਪਰਾਧ ਦੀ ਸਜ਼ਾ ਦਿੱਤੀ ਤੇ ਫਿਰ ਅਦਾਲਤ ਵਿਚ ਦਲੇਰੀ ਨਾਲ ਕਿਹਾ ''ਮੈਂ ਨਹੀਂ ਚਾਹੁੰਦਾ ਸੀ ਕਿ ਉਹ ਵਿਅੱਕਤੀ ਸੁਭਾਵਿਕ ਮੌਤ ਮਰੇ, ਮੈਂ ਉਸਦੀ ਹੱਤਿਆ ਕਰਕੇ ਇਤਿਹਾਸ ਵਿਚ ਪ੍ਰਸ਼ਨ ਚਿੰਨ੍ਹ ਲਾਉਣਾ ਚਾਹੁੰਦਾ ਹਾਂ।''

ਗੌਡਸੇ ਨੇ ਜਾਨ 'ਤੇ ਖੇਡ ਕੇ ਇਤਿਹਾਸ ਵਿਚ ਪ੍ਰਸ਼ਨ ਚਿੰਨ੍ਹ ਲਾਇਆ ਤੇ ਅੰਗਰੇਜ ਦੇ ਦਲਾਲ ਮੋਹਨਦਾਸ ਕਰਮਚੰਦ ਗਾਂਧੀ ਦੀ ਹੱਤਿਆ ਕਰਕੇ ਹੱਸਦਾ ਹੱਸਦਾ ਫਾਂਸੀ ਚੜ੍ਹ ਗਿਆ। ਇਤਿਹਾਸ ਦਾ ਮੂੰਹ ਕਦੋਂ ਤੀਕ ਬੰਦ ਰੱਖਿਆ ਜਾ ਸਕਦਾ ਹੈ। ਆਖ਼ਰ ਉਹ ਬੋਲੇਗਾ ਤੇ ਜਦੋਂ ਉਹ ਬੋਲੇਗਾ, ਤਾਂ ਇਹੀ ਸਵਾਲ ਕਰੇਗਾ---ਕੀ ਗਾਂਧੀ ਸ਼ਹੀਦ ਹੈ ?...
੦੦੦ ੦੦੦ ੦੦੦