Thursday, October 1, 2009

ਕੀ ਗਾਂਧੀ ਸ਼ਹੀਦ ਹੈ ?...




ਸੁਪ੍ਰਸਿੱਧ ਲੇਖਕ ਹੰਸਰਾਜ ਰਹਿਬਰ ਦੀ ਬਹੁਚਰਚਿਤ ਪੁਸਤਕ 'ਗਾਂਧੀ ਬੇ-ਨਕਾਬ' ਵਿਚੋਂ : ਅਨੁਵਾਦ : ਮਹਿੰਦਰ ਬੇਦੀ, ਜੈਤੋ

[ਰਹਿਬਰ ਨੂੰ ਐਂਮਰਜੈਂਸੀ ਦੌਰਾਨ ਗਿਰਫਤਾਰ ਕਰਕੇ ਅੰਬਾਲਾ ਜੇਲ੍ਹ ਵਿਚ ਭੇਜ ਦਿੱਤਾ ਗਿਆ ਸੀ। ਉੱਥੋਂ ਉਹਨਾਂ ਹਾਈ ਕੋਰਟ ਵਿਚ ਰਿਟ ਕੀਤੀ ਤਾਂ ਸਰਕਾਰੀ ਵਕੀਲ ਨੇ ਗਿਰਫਤਾਰੀ ਦਾ ਕਾਰਨ ਇਹ ਦੱਸਿਆ ਕਿ 'ਉਹਨਾਂ ਗਾਂਧੀ ਬੇ-ਨਕਾਬ ਤੇ ਨਹਿਰੂ ਬੇ-ਨਕਾਬ ਜਿਹੀਆਂ ਕਿਤਾਬਾਂ ਲਿਖ ਕੇ ਹਿੰਸਾ ਦਾ ਪ੍ਰਚਾਰ ਕੀਤਾ ਹੈ।'...ਲੇਖਕ ਨੇ ਜੱਜ ਨੂੰ ਕਿਹਾ ਕਿ 'ਮੇਰੀਆਂ ਜਿਹਨਾਂ ਕਿਤਾਬਾਂ ਨਾਲ ਹਿੰਸਾ ਦਾ ਪ੍ਰਚਾਰ ਹੋ ਰਿਹਾ ਹੈ, ਉਹ ਤਾਂ ਬਾਜ਼ਾਰ ਵਿਚ ਖੁੱਲ੍ਹੇ ਆਮ ਵਿਕ ਰਹੀਆਂ ਨੇ। ਸਰਕਾਰ ਦੀ ਹਿੰਮਤ ਕਿਉਂ ਨਹੀਂ ਪੈ ਰਹੀ ਕਿ ਉਹਨਾਂ ਨੂੰ ਜਬਤ ਕਰ ਲਏ, ਕਿਉਂਕਿ ਉਹਨਾਂ ਵਿਚ ਕੁਝ ਵੀ ਗਲਤ ਨਹੀਂ ਹੈ। ਇਹ ਕਿੱਥੋਂ ਦਾ ਇਨਸਾਫ ਹੈ ਕਿ ਮੈਨੂੰ ਫੜ੍ਹ ਕੇ ਬੰਦ ਕਰ ਦਿੱਤਾ ਗਿਆ ਹੈ ?'...ਜੱਜ ਕੋਲ ਇਸ ਗੱਲ ਦਾ ਕੋਈ ਜਵਾਬ ਨਹੀਂ ਸੀ, ਪਰ ਉਹਨੇ ਉਹਨਾਂ ਨੂੰ ਰਿਹਾਅ ਵੀ ਨਹੀਂ ਸੀ ਕੀਤਾ। ਉਹ 21 ਮਹੀਨੇ ਜੇਲ੍ਹ ਵਿਚ ਰਹੇ। ਐਮਰਜੈਂਸੀ ਟੁੱਟੀ ਤਾਂ ਬਾਹਰ ਆਏ ਤੇ ਲਿਖਿਆ-ਅਨੁ.ਬੇਦੀ]

ਮੇਰੇ ਉੱਤੇ ਹਿੰਸਾ ਦੇ ਪ੍ਰਚਾਰ ਦਾ ਇਲਜ਼ਾਮ ਗਲਤ ਸੀ। ਮੇਰਾ ਗੁਨਾਹ ਇਹ ਹੈ ਕਿ ਮੈਂ ਗਾਂਧੀ ਨੂੰ ਨਾ 'ਮਹਾਤਮਾਂ' ਮੰਨਦਾ ਹਾਂ ਤੇ ਨਾ 'ਸ਼ਹੀਦ'। ਜੋ ਮੰਨਦਾ ਹਾਂ ਉਹ ਕੋਰਾ ਤੇ ਕਈਆਂ ਲਈ ਕੌੜਾ ਸੱਚ ਹੈ। ਮੈਂ ਆਪਣੀ ਕਿਤਾਬ ਵਿਚ ਤੱਥਾਂ ਦੇ ਆਧਾਰ 'ਤੇ ਉਸ ਸੱਚ ਨੂੰ ਪ੍ਰਗਟ ਕੀਤਾ ਹੈ। ਉਹ ਤੱਥ ਕੀ ਹਨ, ਤੁਸੀਂ ਵੀ ਵੇਖ ਲਵੋ ਤੇ ਫੇਰ ਆਪ ਹੀ ਫੈਸਲਾ ਕਰ ਲਵੋ ਕਿ 'ਕੀ ਗਾਂਧੀ ਸ਼ਹੀਦ ਹੈ ?'
ਪਹਿਲੇ ਸੰਸਾਰ ਯੁੱਧ ਦੌਰਾਨ ਗਾਂਧੀ ਨੂੰ ਦੱਖਣੀ ਅਫ਼ਰੀਕਾ ਵਿਚੋਂ ਲਿਆ ਕੇ, ਜਨਵਰੀ ਸਨ 15 ਵਿਚ ਰਾਜਨੀਤੀ ਵਿਚ ਉਤਾਰਿਆ ਗਿਆ। ਗਾਂਧੀ ਨੇ ਯੁੱਧ ਵਿਚ ਅੰਗਰੇਜ਼ਾਂ ਦੀ ਮਦਦ ਕੀਤੀ। ਉਸਦਾ ਨਾਅਰਾ ਸੀ ---'ਭਰਤੀ ਹੋਵੋ, ਆਜ਼ਾਦੀ ਲਵੋ'। ਲੋਕ ਨਾਇਕ ਤਿਲਕ ਦੀ ਇਹ ਸ਼ਰਤ ਸੀ ਕਿ 'ਪਹਿਲਾਂ ਸਾਨੂੰ ਆਜ਼ਾਦੀ ਦਿਓ, ਫੇਰ ਅਸੀਂ ਭਰਤੀ ਹੋਵਾਂਗੇ।' ਸੂਰਤ ਵਿਚ ਭਾਸ਼ਣ ਦੇਂਦਿਆਂ ਹੋਇਆਂ ਗਾਂਧੀ ਨੇ ਇਸਦਾ ਉਤਰ ਇੰਜ ਦਿੱਤਾ :
''ਆਜ਼ਾਦੀ ਪ੍ਰਾਪਤ ਕਰਨ ਪ੍ਰਤੀ ਮੈਂ ਪਿੱਛੜੇ ਵਿਚਾਰਾਂ ਦਾ ਵਿਅੱਕਤੀ ਨਹੀਂ ਹਾਂ। ਜੇ ਅਸੀਂ ਸਾਮਰਾਜ ਵਿਚ ਬਰਾਬਰੀ ਦੇ ਅਧਿਕਾਰਾਂ ਦੀ ਮੰਗ ਕਰਦੇ ਹਾਂ ਤਾਂ ਸਾਨੂੰ ਉਸਨੂੰ ਵਰਤਮਾਨ ਸੰਕਟ ਤੋਂ ਉਭਾਰਨਾ ਚਾਹੀਦਾ ਹੈ ਤੇ ਤਦ ਹੀ ਅਸੀਂ ਬਰਾਬਰ ਦੇ ਹੱਕ ਲੈਣ ਯੋਗ ਮੰਨੇ ਜਾਵਾਂਗੇ।''
1917 ਵਿਚ ਵਾਇਸਰਾਏ ਨੇ ਯੁੱਧ ਪਰੀਸ਼ਦ ਦੀ ਬੈਠਕ ਬੁਲਾਈ ਤਾਂਕਿ ਹਿੰਦੁਸਤਾਨ ਵਿਚੋਂ ਵਧੇਰੇ ਮਦਦ ਭੇਜੀ ਜਾ ਸਕੇ। ਉਸ ਵਿਚ ਗਾਂਧੀ ਤੋਂ ਬਿਨਾਂ ਕੋਈ ਹੋਰ ਲੋਕ ਨੇਤਾ ਸ਼ਾਮਲ ਨਹੀਂ ਸੀ ਹੋਇਆ। ਗਾਂਧੀ ਗਿਆ ਤੇ ਉਸਨੇ ਯੁੱਧ ਸੰਬੰਧੀ ਮਤੇ ਦਾ ਸਮਰਥਣ ਕੀਤਾ। ਪਰੀਸ਼ਦ ਦੀ ਬੈਠਕ ਪਿੱਛੋਂ ਵਾਇਸਰਾਏ ਤੁਰੰਤ ਸ਼ਿਮਲੇ ਚਲਾ ਗਿਆ। ਗਾਂਧੀ ਨੇ ਉਸਦੇ ਨਾਂ ਇਕ ਲੰਮਾ ਖ਼ਤ ਲਿਖਿਆ, ਜਿਸ ਵਿਚ ਦਰਜ ਸੀ :

'ਮੇਰੇ ਵੱਸ ਦੀ ਗੱਲ ਹੁੰਦੀ ਤਾਂ ਮੈਂ ਅਜਿਹੇ ਮੌਕੇ ਹੋਮਰੁਲ ਵਗੈਰਾ ਦਾ ਨਾਮ ਤਕ ਨਾ ਲੈਂਦਾ, ਬਲਿਕੇ ਸਾਮਰਾਜ ਦੀ ਇਸ ਔਖੀ ਘੜੀ ਵਿਚ ਸਾਰੇ ਸ਼ਕਤੀਸ਼ਾਲੀ ਹਿੰਦੁਸਤਾਨੀਆਂ ਨੂੰ ਉਸਦੀ ਸੈਨਾ ਵਿਚ ਚੁੱਪਚਾਪ ਬਲਿਦਾਨ ਹੋ ਜਾਣ ਲਈ ਪ੍ਰੇਰਦਾ।' ਦੱਖਣੀ ਅਫ਼ਰੀਕਾ ਵਿਚ ਉਸਨੇ ਸਾਮਰਾਜ ਦੀ ਜਿਹੜੀ ਸੇਵਾ ਕੀਤੀ ਸੀ ਉਸਦਾ ਵੇਰਵਾ ਵੀ ਇਸੇ ਖ਼ਤ ਵਿਚ ਸੀ।
ਗਾਂਧੀ ਰੰਗਰੂਟ ਭਰਤੀ ਕਰਵਾਉਣ ਲਈ ਰਾਜ-ਭਗਤੀ ਦੀ ਡੁਗਡੁਗੀ ਲੈ ਕੇ ਨਾਦਯਾਦ ਪਹੁੰਚਿਆ। ਕਿਸਾਨਾ ਨੇ ਉਸਦਾ ਭਾਸ਼ਣ ਸੁਣ ਕੇ ਪੁੱਛਿਆ, ''ਤੁਸੀਂ ਤਾਂ ਅਹਿੰਸਾਵਾਦੀ ਹੋ, ਫੇਰ ਸਾਨੂੰ ਹਥਿਆਰ ਚੁੱਕਣ ਲਈ ਕਿਉਂ ਕਹਿ ਰਹੇ ਹੋ ?'' ਤੇ ਉੱਥੋਂ ਇਕ ਵੀ ਰੰਗਰੂਟ ਭਰਤੀ ਨਹੀਂ ਸੀ ਹੋਇਆ।
ਲੁਈ ਫਿਸ਼ਰ ਨੇ ਇਸ ਸਿਲਸਿਲੇ ਵਿਚ ਇਕ ਘਟਨਾ ਦਾ ਜ਼ਿਕਰ ਕੀਤਾ ਹੈ, ਜਿਹੜੀ ਗਾਂਧੀ ਦੀ ਰਾਜ-ਭਗਤੀ ਉਪਰ ਤਿਲਕ ਦਾ ਤਿੱਖਾ ਵਿਅੰਗ ਹੈ। ਲਿਖਿਆ ਹੈ :
'ਤਿਲਕ ਦਾ ਵਿਚਾਰ ਸੀ ਕਿ ਕਦੀ-ਕਦੀ ਸਰਕਾਰੀ-ਮਸ਼ੀਨਰੀ ਵਿਚ ਵੱਡੇ ਅਹੁਦੇ ਲੈ ਲੈਣੇ ਵੀ ਜ਼ਰੂਰੀ ਹੁੰਦੇ ਹਨ। ਉਹਨਾਂ ਗਾਂਧੀ ਜੀ ਨੂੰ ਪੰਜਾਹ ਹਜ਼ਾਰ ਰੁਪੈ ਦਾ ਚੈੱਕ ਭੇਜ ਕੇ ਸ਼ਰਤ ਲਾਈ ਕਿ ਜੇ ਵਾਇਸਰਾਏ ਤੋਂ ਇਹ ਵਚਨ ਲੈ ਸਕਣ ਕਿ ਫੌਜ ਵਿਚ ਭਰਤੀ ਹੋਣ ਵਾਲਿਆਂ ਵਿਚੋਂ ਕੁਝ ਨੂੰ ਅਫ਼ਸਰਾਂ ਦੇ ਪਦ ਵੀ ਦਿੱਤੇ ਜਾਣਗੇ ਤਾਂ ਉਹ ਬ੍ਰਿਟਿਸ਼ ਸਰਕਾਰ ਲਈ ਪੰਜ ਹਜ਼ਾਰ ਮਰਾਠੇ ਭਰਤੀ ਕਰ ਸਕਦਾ ਹੈ।' ਗਾਂਧੀ ਜੀ ਨੇ ਚੈੱਕ ਵਾਪਸ ਕਰ ਦਿੱਤਾ। ਸ਼ਰਤ ਲਾਉਣਾ ਉਹਨਾਂ ਨੂੰ ਪਸੰਦ ਨਹੀਂ ਸੀ। ਉਹ ਤਾਂ ਇਹ ਮਹਿਸੂਸ ਕਰਦੇ ਸਨ ਕਿ 'ਆਦਮੀ ਜੋ ਵੀ ਕੰਮ ਕਰਦਾ ਹੈ, ਇਸ ਲਈ ਕਰਦਾ ਹੈ ਕਿ ਉਸ ਵਿਚ ਉਸਦਾ ਵਿਸ਼ਵਾਸ ਹੈ, ਇਸ ਲਈ ਨਹੀਂ ਕਿ ਉਸ ਤੋਂ ਉਹਨੂੰ ਕੋਈ ਲਾਭ ਹੋਏਗਾ।' ( ਗਾਂਧੀ ਕੀ ਕਹਾਣੀ, ਸਫਾ 98.)
ਗਾਂਧੀ ਨੇ ਆਪਣੀ ਆਤਮ ਕਥਾ 'ਸਤਯ ਕੇ ਪ੍ਰਯੋਗ' ਵਿਚ ਲਿਖਿਆ ਹੈ ਕਿ 'ਮੈਨੂੰ ਰਾਜਨਿਸ਼ਠਾ ਤੇ ਧਰਮਨਿਸ਼ਠਾ ( ਰਾਜੇ ਤੇ ਧਰਮ ਪ੍ਰਤੀ ਵਿਸ਼ਵਾਸ. ਅਨੁ :) ਘੁੱਟੀ ਵਿਚ ਮਿਲੀ ਹੈ'। ਘਣਸ਼ਾਮ ਦਾਸ ਬਿਰਲਾ ਨੇ ਆਪਣੀ 'ਬਾਪੂ' ਨਾਮਕ ਕਿਤਾਬ ਵਿਚ ਇਸ ਰਾਜਨਿਸ਼ਠਾ ਤੇ ਧਰਮਨਿਸ਼ਠਾ ਨਾਲ ਮਿਲਦੇ ਜੁਲਦੇ ਰੂਪ ਦੀ ਵਿਆਖਿਆ ਇੰਜ ਕੀਤੀ ਹੈ :
'ਇਹ ਉਹਨਾਂ ਦੀ ਬ੍ਰਿਟਿਸ਼ ਰਾਜ ਦੀ ਨੇਕ ਨੀਤੀ ਵਿਚ ਸ਼ਰਧਾ ਹੀ ਸੀ, ਜਿਸ ਕਰਕੇ ਉਹਨਾਂ ਉਸ-ਯੁੱਧ ਸਮੇਂ ਸਹਾਇਤਾ ਕੀਤੀ। ਉਹਨਾਂ ਦੀ ਇਹ ਦਲੀਲ ਤਾਂ ਫੈਸਲੇ ਤੋਂ ਬਾਅਦ ਬਣੀ ਹੈ, ਇਸ ਲਈ ਪਿੰਗਲੀ ਜਿਹੀ ਲੱਗਦੀ ਹੈ। ਪਰ ਕਿਉਂਕਿ ਲੜਾਈ ਸਮੇਂ ਸਰਕਾਰ ਦੀ ਸਹਾਇਤਾ ਕਰਨਾ ਗਾਂਧੀ ਜੀ ਨੂੰ ਉਸ ਸਮੇਂ ਆਪਣਾ ਧਰਮ ਜਾਪਿਆ, ਇਸ ਲਈ ਉਹਨਾਂ ਮਰਿਆਦਾ ਬੱਧ ਸਹਾਇਤਾ ਦੇਣ ਦਾ ਫੈਸਲਾ ਕੀਤਾ। ਬੋਅਰ ਲੜਾਈ ਵਿਚ ਅਤੇ ਜੁਲੂ ਵਿਦਰੋਹ ਸਮੇਂ ਗਾਂਧੀ ਜੀ ਨੇ, ਹਮਦਰਦੀ ਬੋਅਰ ਤੇ ਜੁਲੂ ਲੋਕਾਂ ਨਾਲ ਹੁੰਦਿਆਂ ਹੋਇਆਂ ਵੀ, ਇਹ ਮੰਨਿਆਂ ਕਿ ਅੰਗਰੇਜਾਂ ਦੀ ਸਹਾਇਤਾ ਕਰਨਾ ਉਹਨਾਂ ਦਾ ਧਰਮ ਸੀ। ਇਸ ਲਈ ਸਹਾਇਤਾ ਅੰਗਰੇਜਾਂ ਦੀ ਕੀਤੀ। ਇਹ ਕੋਈ ਵੱਖਰੀ ਹੈਰਾਨੀ ਵਾਲੀ ਗੱਲ ਨਹੀਂ। ਇਕ ਕਰਮ ਜਿਹੜਾ ਇਕ ਸਮੇਂ ਧਰਮ ਹੁੰਦਾ ਹੈ, ਉਹੀ ਕਰਮ ਕਿਸੇ ਹੋਰ ਸਮੇਂ ਅਧਰਮ ਹੋ ਸਕਦਾ ਹੈ। ਇਸੇ ਲਈ ਕਿਹਾ ਗਿਆ ਹੈ ਕਿ 'ਧਰਮ ਦੀ ਗਤੀ ਨਿਰਾਲੀ ਹੈ'।' ( ਸਫਾ 112.)
ਬਿਰਲੇ ਨਾਲ ਗਾਂਧੀ ਦੇ ਸੰਬੰਧ ਕਿਸੇ ਤੋਂ ਲੁਕੇ-ਛੁਪੇ ਨਹੀਂ ਹੋਏ---ਅਖ਼ੀਰ ਬਿਰਲਾ ਭਵਨ ਵਿਚ ਹੀ ਉਸਦੀ ਮੌਤ ਹੋਈ ਸੀ। ਹੁਣ ਇਕ ਦੂਸਰੇ ਸੇਠ ਜਮਨਾਲਾਲ ਬਜਾਜ ਦੀ ਗੱਲ ਕਰੀਏ। ਉਸ ਨੂੰ ਉਹ ਆਪਣਾ ਜੇਠਾ ਪੁੱਤਰ ਆਖਦਾ ਹੁੰਦਾ ਸੀ। ਉਸ ਦੇ ਨਾਂ 25-10-22 ਦੇ ਆਪਣੇ ਇਕ ਖ਼ਤ ਵਿਚ ਲਿਖਿਆ ਹੈ---'ਤੂੰ ਆਪਣੀ ਇੱਛਾ ਨਾਲ ਦੂਸਰਾ ਦੇਵਦਾਸ ਬਣਿਆਂ ਹੈਂ। ਹੁਣ ਦੇਖੋ ਕਿ ਇਹ ਕਿੰਨਾਂ ਕੁ ਮੁਸ਼ਕਿਲ ਹੋ ਸਕਦਾ ਹੈ। ਸਾਰੇ ਮੁੰਡਿਆਂ ਦੀਆਂ ਇੱਛਾਵਾਂ ਤੂੰ ਹੀ ਪੂਰੀਆਂ ਕਰਨੀਆਂ ਹਨ। ਈਸ਼ਵਰ ਤੇਰੀ ਸਹਾਇਤਾ ਕਰੇ। ਮੈਂ ਤੇਰੇ ਪ੍ਰੇਮ ਦੇ ਲਾਇਕ ਬਣਨ ਦੀ ਕੋਸ਼ਿਸ਼ ਕਰਦਾ ਰਹਿੰਦਾ ਹਾਂ।'
ਸੇਠਾਂ ਦੇ ਪ੍ਰੇਮ ਦੇ ਲਾਇਕ ਬਣਨ ਦੇ ਜੋ ਅਰਥ ਹੁੰਦੇ ਹਨ, ਉਹਨਾਂ ਨੂੰ ਹਰੇਕ ਬੰਦਾ ਸਮਝ ਸਕਦਾ ਹੈ। 'ਬਜਾਜ਼ ਪਰਿਵਾਰ ਸੇ ਬਾਪੂ ਕਾ ਪੱਤਰ ਵਿਯਵਹਾਰ' ਨਾਂ ਦੀ ਜਮਨਾਲਾਲ ਨੇ ਇਕ ਕਿਤਾਬ ਪ੍ਰਕਾਸ਼ਤ ਕੀਤੀ ਹੈ। ਉਸ ਵਿਚੋਂ ਗਾਂਧੀ ਦੇ ਨਾਂ ਜਮਨਾਲਾਲ ਦਾ ਇਕ ਖ਼ਤ ਮੈਂ ਇੱਥੇ ਛਾਪ ਰਿਹਾ ਹਾਂ। ਉਸ ਤੋਂ ਪਤਾ ਲੱਗਦਾ ਹੈ ਕਿ ਦਲਾਲ ਪੂੰਜੀਵਾਦ, ਸਾਮੰਤਵਾਦ ਤੇ ਬ੍ਰਿਟਿਸ਼ ਸਾਮਰਾਜਵਾਦ ਵਿਚਕਾਰ ਕਿੰਨੇ ਪੀਢੇ ਸੰਬੰਧ ਸਨ ਤੇ ਗਾਂਧੀ ਇਹਨਾਂ ਲੋਕਾਂ ਨਾਲ ਕਿੰਜ ਜੁੜਿਆ ਹੋਇਆ ਸੀ। ਉਹ ਖ਼ਤ ਇਹ ਹੈ :

ਜੈ ਪੁਰ 2-9-39
ਪੂ.ਬਾਪੂਜੀ,

ਕੱਲ੍ਹ ਖ਼ਤ ਲਿਖਿਆ। ਉਹ ਮਿਲ ਗਿਆ ਹੋਏਗਾ। ਸ਼੍ਰੀ ਜੈਪੁਰ ਮਹਾਰਾਜਾ ਨਾਲ ਕੱਲ੍ਹ ਗੱਲ ਬਾਤ ਹੋਈ। ਜਿਸ ਤੋਂ ਇਹ ਪਤਾ ਲੱਗਿਆ ਕਿ ਉਹ ਕਿਸੇ ਉੱਚੇ ਦਰਜੇ ਦੇ ਹਿੰਦੁਸਤਾਨੀ ਨੂੰ ਦੀਵਾਨ ਬਨਾਉਣ ਦੇ ਇੱਛੁਕ ਹਨ। ਉਹਨਾਂ ਆਪਣੀ ਇੱਛਾ ਵਾਇਸਰਾਏ ਨੂੰ ਵੀ ਦੱਸੀ ਹੈ। ਕੀ ਤੁਸੀਂ ਵੀ ਵਾਇਸਰਾਏ ਨੂੰ ਦੱਸ ਦੇਣ ਨੂੰ ਠੀਕ ਸਮਝਦੇ ਹੋ। ਨਹੀਂ ਤਾਂ ਮੇਰੀ ਇਹ ਇੱਛਾ ਹੈ ਕਿ ਮੈਂ ਇਕ ਵਾਰੀ ਵਾਇਸਰਾਏ ਨੂੰ ਮਿਲ ਕੇ ਇਹ ਕਹਾਂ ਕਿ ਜੈਪੁਰ ਦੀ ਸਥਿਤੀ ਵਿਚ ਯੋਗ ਹਿੰਦੁਸਤਾਨੀ ਦੀਵਾਨ ਹੀ ਸਫਲ ਹੋ ਸਕੇਗਾ, ਜੇ ਇਹ ਠੀਕ ਨਾ ਸਮਝਿਆ ਜਾਏ ਜਾਂ ਸੰਭਵ ਨਾ ਹੋ ਸਕੇ ਤਾਂ ਖ਼ਤ ਲਿਖਣਾ ਚਾਹਾਂਗਾ, ਕਿਉਂਕਿ ਅਜੇ ਤੱਕ ਦੀਵਾਨ ਦੀ ਨਿਯੁਕਤੀ ਦਾ ਫੈਸਲਾ ਨਹੀਂ ਹੋਇਆ ਹੈ। ਇਕ ਵਾਰੀ ਹੋ ਗਿਆ ਤਾਂ ਮੁਸ਼ਕਿਲ ਹੋ ਜਾਏਗੀ। ਤੁਸੀਂ ਆਪਣੀ ਰਾਏ ਲਿਖ ਭੇਜਣਾ। ਮੈਂ ਵੀ ਸੋਚਾਂਗਾ।
ਹਿੰਦੁਸਤਾਨੀ ਦੀਵਾਨਾ ਵਿਚੋਂ ਤੁਸੀਂ ਕੋਈ ਖਾਸ ਨਾਂ ਦੱਸ ਸਕਦੇ ਹੋ, ਜਿਸ ਉੱਤੇ ਵਾਇਸਰਾਏ ਇਤਰਾਜ਼ ਨਾ ਕਰਕੇ ਮੰਜ਼ੂਰ ਕਰ ਲੈਣ। ਮੈਂ ਕੱਲ੍ਹ ਮਹਾਰਾਜ ਨੂੰ ਕੁਝ ਨਾਂ ਨੋਟ ਕਰਵਾਏ ਹਨ, ਜਿੰਨ੍ਹਾਂ ਵਿਚ ਵਿਸ਼ੇਸ਼ ਤੌਰ 'ਤੇ ਕੁੰਵਰ ਸਰ ਮਹਾਰਾਜ ਸਿੰਘ ਜੀ ਦਾ ਹੈ। ਤੁਸੀਂ ਵੀ ਰਾਜਕੁਮਾਰੀ ਭੈਣਜੀ ਤੋਂ ਪੁੱਛ ਕੇ ਲਿਖਣਾ ਕਿ ਉਹ ਕਦ ਤੱਕ ਭਾਰਤ ਆਉਣ ਵਾਲੇ ਹਨ। ਉਹਨਾਂ ਨੂੰ ਇਹ ਜਗ੍ਹਾ ਆਫਰ ਕੀਤੀ ਜਾਏ ਤਾਂ ਉਹ ਸਵਿਕਾਰ ਕਰ ਲੈਣਗੇ ਨਾ? ਸਰ ਸ਼ਾਦੀ ਲਾਲ ਦਾ ਨਾਂ ਵੀ ਮੈਂ ਲਿਆ ਹੈ। ਅੱਜ ਸ਼ਾਇਦ ਫੇਰ ਮਹਾਰਾਜ ਨੂੰ ਮਿਲਣਾ ਪਵੇ।
ਜਮਨਾਲਾਲ ਬਜਾਜ ਦਾ ਪ੍ਰਣਾਮ।

ਸਰ ਬੀਚਮ ਤੋਂ ਬਾਅਦ ਰਾਜਾ ਗਿਆਨ ਚੰਦ ਨੂੰ ਦੀਵਾਨ ਬਣਾਇਆ ਗਿਆ। ਜਮਨਾਲਾਲ ਬਜਾਜ ਤੇ ਸ਼੍ਰੀਨਿਵਾਸ ਸ਼ਾਸਤਰੀ ਨੇ ਪਰਜਾ ਮੰਡਲ ਅੰਦੋਲਨ ਬਾਰੇ ਵੀ ਉਸ ਨਾਲ ਸਮਝੌਤਾ ਕੀਤਾ, ਜਿਸ ਵਿਚ ਮਹਾਰਾਜ ਦੇ ਪ੍ਰਤੀ ਭਗਤੀ ਅਤੇ ਪਰਜਾ ਦੀਆਂ ਸ਼ਿਕਾਇਤਾਂ ਨੂੰ ਦੂਰ ਕਰਨ ਲਈ ਕਾਨੂੰਨੀ ਢੰਗ-ਤਰੀਕੇ ਵਰਤੋਂ ਵਿਚ ਲਿਆਉਣ ਦੀ ਸ਼ਰਤ ਸੀ। ਗਾਂਧੀ ਨੂੰ ਇਸਦੀ ਸੂਚਨਾਂ ਦਿੱਤੀ ਗਈ ਤਾਂ ਉਹਨੇ ਲਿਖਿਆ---'ਤੁਹਾਡਾ ਖ਼ਤ ਮਿਲਿਆ / ਕਾਟਜੂ ਨੇ ਮੈਨੂੰ ਲਿਖਿਆ ਸੀ। ਜੈਪੁਰ ਦਾ ਤਾਂ ਖਰਾ ਹੋ ਗਿਆ ਮੰਨਿਆ ਜਾਏਗਾ। ਸਾਡਾ ਕੋਈ ਕਾਰੀਆ-ਕਰਤਾ ਜਲਦਬਾਜੀ ਨਾ ਕਰੇ। ਭਾਸ਼ਣ ਦੇਣਾ ਹੀ ਪਏ ਤਾਂ ਖਾਦੀ ਵਗੈਰਾ ਉਪਰ ਦੇਣ। ਆਰਥਿਕ, ਸਮਾਜਿਕ ਸੁਧਾਰਾਂ ਲਈ ਕਾਫੀ ਸਮਾਂ ਪਿਆ ਹੈ।' ( ਸਫਾ : 115.)
ਕੀ ਇਸ ਤੋਂ ਬਾਅਦ ਵੀ ਰਾਸ਼ਟਰੀ ਅੰਦੋਲਨ ਵਿਚ ਖਾਦੀ 'ਵਗੈਰਾ' ਦੀ ਭੂਮਿਕਾ ਵਿਚ ਤੇ ਗਾਂਧੀ ਦੀ ਨੇਕ ਨੀਤੀ ਉਪਰ ਕਿਸੇ ਸ਼ੱਕ ਦੀ ਗੁੰਜਾਇਸ਼ ਰਹਿ ਜਾਂਦੀ ਹੈ ? ਵਾਇਸਰਾਏ ਹਿੰਦੁਸਤਾਨ ਵਿਚ ਬ੍ਰਿਟਿਸ਼ ਸਾਮਰਾਜਵਾਦ ਦਾ ਸਭ ਤੋਂ ਵੱਡਾ ਪ੍ਰਤੀਨਿਧ, ਜਮਨਾਦਾਸ ਬਜਾਜ ਦਲਾਲ ਪੂੰਜੀਵਾਦ ਦਾ ਪ੍ਰਤੀਨਿਧ ਤੇ ਮਹਾਰਾਜਾ ਜੈਪੁਰ ਸਾਮੰਤਵਾਦ ਦਾ ਪ੍ਰਤੀਨਿਧ ਸੀ---ਕੀ ਅਜੇ ਵੀ ਗਾਂਧੀ ਦੇ ਇਹਨਾ ਤਿੰਨਾਂ ਕਰਾਂਤੀ-ਵਿਰੋਧੀ ਸ਼ਕਤੀਆਂ ਦਾ ਦਲਾਲ ਹੋਣ ਵਿਚ ਕਿਸੇ ਕਿਸਮ ਦੇ ਸ਼ੱਕ ਦੀ ਗੁੰਜਾਇਸ਼ ਰਹਿ ਜਾਂਦੀ ਹੈ ?
ਹੋਰ ਦੇਖੋ। 1939 ਵਿਚ ਗਾਂਧੀ ਦੀ ਸਤਰਵੀਂ ਵਰ੍ਹੇ ਗੰਢ ਉਤੇ ਉਸਨੂੰ ਅਭਿਨੰਦਨ ਗ੍ਰੰਥ ਭੇਂਟ ਕੀਤਾ ਗਿਆ ਸੀ, ਜਿਸ ਦਾ ਸੰਪਾਦਨ ਸਰ ( ਬਾਅਦ ਵਿਚ ਰਾਸ਼ਟਰਪਤੀ ) ਸਰਵਪੱਲੀ ਰਾਧਾਕ੍ਰਿਸ਼ਣਨ ਨੇ ਕੀਤਾ ਸੀ। ਉਸ ਵਿਚ 'ਗਾਂਧੀ ਕੀ ਰਾਜਨੀਤਿਕ ਪਦਧਤੀ' ( ਦਿਸ਼ਾ/ਮਾਰਗ ) ਦੇ ਨਾਂ ਦਾ ਇਕ ਲੇਖ ਸਮਟਸ ਦਾ ਵੀ ਸ਼ਾਮਲ ਹੈ। ਲਿਖਿਆ ਹੈ :
''ਉਹ ਭਾਰਤ ਦਾ ਭਾਗੀਰਥ ਕਾਰਜ ਹੱਥ ਵਿਚ ਲੈਣ ਲਈ ਦੱਖਣੀ-ਅਫਰੀਕਾ ਤੋਂ ਭਾਰਤ ਰਵਾਨਾ ਹੋ ਗਏ ਤੇ ਇਸ ਸਾਰੇ ਅਰਸੇ ਵਿਚ ਵਧੇਰੇ ਉਹੀ ਉਪਾਅ ਅਜਮਾ ਰਹੇ ਹਨ ਜਿਹੜੇ ਉਹਨਾਂ ਭਾਰਤੀ ਦੇ ਸਵਾਲ ਉਪਰ ਸਾਡੇ ਨਾਲ ਹੋਏ ਸੰਘਰਸ਼ ਵਿਚੋਂ ਸਿੱਖੇ ਸਨ। ਸੱਚਮੁੱਚ ਦੱਖਣੀ ਅਫਰੀਕਾ ਉਹਨਾਂ ਲਈ ਬੜਾ ਵਧੀਆ ਸਿੱਖਿਆ ਕੇਂਦਰ ਸਿੱਧ ਹੋਇਆ।''
ਲੋਕਾਂ ਵਿਚ ਇਹ ਭਰਮ ਬਣਿਆਂ ਹੋਇਆ ਹੈ ਕਿ ਗਾਂਧੀ ਨੇ ਦੱਖਣੀ ਅਫਰੀਕਾ ਵਿਚ ਭਾਰਤੀਆਂ ਲਈ ਬੜਾ ਕੁਝ ਕੀਤਾ, ਪਰ ਉੱਥੇ ਵੀ ਗਾਂਧੀ ਦੀ ਰਾਜਨੀਤਕ ਦਿਸ਼ਾ ਇਹੀ ਸੀ ਕਿ ਉਹ ਸਤਿਆਗ੍ਰਹਿ ਸ਼ੁਰੂ ਕਰਕੇ ਦੂਸਰਿਆਂ ਨੂੰ ਮੁਸੀਬਤ ਵਿਚ ਪਾ ਦਿੰਦਾ ਸੀ ਤੇ ਆਪ ਸਮਝੌਤਾ ਕਰਕੇ ਜੇਲ੍ਹ ਵਿਚੋਂ ਬਾਹਰ ਆ ਜਾਂਦਾ ਸੀ। ਸਮਝੌਤਾ ਕਰਵਾਉਣ ਵਿਚ ਇੰਗਲੈਂਡ ਤੇ ਹਿੰਦੁਸਤਾਨ ਦੀ ਬ੍ਰਿਟਿਸ਼ ਸਰਕਾਰ ਦਾ ਹੱਥ ਹੁੰਦਾ ਸੀ। ਉਧਾਰਨ ਵਜੋਂ 1913 ਵਿਚ ਗਾਂਧੀ ਨੇ ਦੂਸਰੀ ਵਾਰੀ ਸਤਿਆਗ੍ਰਹਿ ਸ਼ੁਰੂ ਕੀਤਾ ਤਾਂ ਉਸਦੇ ਰਾਜਨੀਤਕ ਗੁਰੂ ਗੋਪਾਲ ਕ੍ਰਿਸ਼ਨ ਗੋਖਲੇ ਨੇ ਜਿਹੜਾ ਵਾਇਸਰਾਏ ਦੀ ਕੌਂਸਲ ਦਾ ਮੈਂਬਰ ਸੀ, ਸਮਟਸ ਨਾਲ ਸਮਝੌਤੇ ਵਿਚ ਗਾਂਧੀ ਦੀ ਮਦਦ ਕਰਨ ਲਈ ਸੀ.ਐਫ. ਏਂਡਰੂਜ਼ ਤੇ ਉਹਨਾਂ ਦੇ ਹੀ ਇਕ ਹੋਰ ਸਾਥੀ ਪਰੀਸਨ ਨੂੰ ਦੱਖਣੀ ਅਫ਼ਰੀਕਾ ਭੇਜਿਆ। ਖ਼ੁਦ ਵਾਇਸਰਾਏ ਲਾਰਡ ਹਾਰਿਡਂਗ ਨੇ ਉਤਰ ਪ੍ਰਦੇਸ਼ ਦੇ ਗਵਰਨਰ ਬੈਂਜਮਨ ਨੂੰ ਆਪਣਾ ਦੂਤ ਬਣਾ ਕੇ ਭੇਜਿਆ। ਇਹਨਾਂ ਦੀਆਂ ਕੋਸ਼ਿਸ਼ਾਂ ਤੇ ਵਾਈਟ ਹਾਲ ਦੇ ਬ੍ਰਿਇਸ਼ ਅਧਿਕਾਰੀਆਂ ਦੇ ਦਬਾਅ ਸਦਕਾ ਸਮਝੌਤਾ ਇਹ ਹੋਇਆ ਕਿ ਪ੍ਰਵਾਸੀ ਭਾਰਤੀਆਂ ਦੀਆਂ ਸ਼ਕਾਇਤਾਂ ਦੀ ਜਾਂਚ ਕਰਨ ਲਈ ਸਮਟਸ ਸਰਕਾਰ ਨੇ ਤਿੰਨ ਆਦਮੀਆਂ ਦਾ ਕਮਿਸ਼ਨ ਨਿਯੁਕਤ ਕਰਨਾ ਮੰਨ ਲਿਆ।
ਇਸ ਸਮਝੌਤੇ ਤੋਂ ਪਿੱਛੋਂ ਗਾਂਧੀ ਨੂੰ ਜੇਲ੍ਹ ਵਿਚੋਂ ਰਿਹਾਅ ਕਰ ਦਿੱਤਾ ਗਿਆ। ਉਸ ਨੇ ਬਾਹਰ ਆ ਕੇ ਮੰਗ ਕੀਤੀ ਕਿ 'ਕਮਿਸ਼ਨ ਵਿਚ ਕਿਸੇ ਇਕ ਭਾਰਤੀ ਨੂੰ ਵੀ ਲਿਆ ਜਾਏ, ਜੇ ਇੰਜ ਨਾ ਹੋ ਸਕਦਾ ਹੋਏ ਤਾਂ ਘੱਟੋਘੱਟ ਭਾਰਤੀਆਂ ਨਾਲ ਹਮਦਰਦੀ ਰੱਖਣ ਵਾਲੇ ਕਿਸੇ ਗੋਰੇ ਨੂੰ ਹੀ ਲੈ ਲਿਆ ਜਾਏ' ਪਰ ਸਮਟਸ ਨੇ ਇਹ ਮੰਗ ਠੁਕਰਾਅ ਦਿੱਤੀ।
ਤਦ ਗਾਂਧੀ ਨੇ ਐਲਾਨ ਕੀਤਾ ਕਿ ਉਹ ਤੇ ਪੋਲਕ ਸਤਿਆਗ੍ਰਹੀਆਂ ਦਾ ਇਕ ਜੱਥਾ ਪਹਿਲੀ ਜਨਵਰੀ 1914 ਨੂੰ ਗਿਰਫਤਾਰੀ ਦੇਣ ਲਈ ਡਰਬਨ ਤੋਂ ਕੂਚ ਕਰਨਗੇ।
ਇਸੇ ਦੌਰਾਨ ਰੇਲਵੇ ਦੇ ਸਾਰੇ ਗੋਰੇ ਕਰਮਚਾਰੀਆਂ ਨੇ ਹੜਤਾਲ ਕਰ ਦਿੱਤੀ। ਇਹ ਹੜਤਾਲ ਬੜੀ ਜਬਰਦਸਤ ਸੀ। ਹੜਤਾਲੀਆਂ ਨੇ ਤੋੜਫੋੜ ਤੇ ਹਿੰਸਕ ਕਾਰਵਾਈਆਂ ਵੀ ਕੀਤੀਆਂ।
ਗਾਂਧੀ ਨੇ ਆਪਣਾ ਕੂਚ ਮੁਲਤਵੀ ਕਰ ਦਿੱਤਾ। ਉਸਨੇ ਕਿਹਾ ਕਿ 'ਪ੍ਰਤੀਦਵੰਧੀ ਨੂੰ ਨਸ਼ਟ ਕਰਨਾ, ਕਸ਼ਟ ਪਹੁਚਾਉਣਾ, ਨੀਚਾ ਦਿਖਾਉਣਾ ਤੇ ਸੰਕਟ ਸਮੇਂ ਉਸਦੀ ਕਮਜ਼ੋਰੀ ਦਾ ਲਾਭ ਉਠਾਉਣਾ ਸਤਿਆਗ੍ਰਹੀ ਦਾ ਧਰਮ ਨਹੀਂ ਹੈ।'
ਦੱਖਣੀ ਅਫਰੀਕਾ ਵਿਚ ਗਾਂਧੀ ਨੇ ਸਤਿਆਗ੍ਰਹੀ ਦੇ ਇਸ ਧਰਮ ਦਾ ਸਿੱਧਾ ਸਾਦਾ ਇਹ ਤਜ਼ਰਬਾ ਪ੍ਰਾਪਤ ਕੀਤਾ ਸੀ ਕਿ 'ਆਪਣੇ ਆਕਾਵਾਂ ਨੂੰ ਨਸ਼ਟ ਨਾ ਕੀਤਾ ਜਾਵੇ, ਕਸ਼ਟ ਨਾ ਦਿੱਤਾ ਜਾਵੇ ਤੇ ਉਹਨਾਂ ਦੇ ਸੰਕਟ ਤੋਂ ਲਾਭ ਉਠਾਉਣ ਦੀ ਬਜਾਏ ਸੰਕਟ ਸਮੇਂ ਉਹਨਾਂ ਦੀ ਮਦਦ ਕੀਤੀ ਜਾਵੇ'। ਹਿੰਦੁਸਤਾਨ ਵਿਚ ਵੀ ਗਾਂਧੀ ਦੇ ਸਤਿਆਗ੍ਰਹਿ ਦੀ ਮਾਰਗ ਦਿਸ਼ਾ / ਮੰਸ਼ਾ ਇਹੀ ਰਹੀ।
ਸਤੰਬਰ 1919 ਵਿਚ ਕਾਂਗਰਸ ਦਾ ਵਿਸ਼ੇਸ਼ ਅਧਿਵੇਸ਼ਨ ਕਲਕੱਤੇ ਵਿਚ ਹੋਇਆ। ਉਦੇਸ਼ ਯੁੱਧ ਤੋਂ ਬਾਅਦ ਦੀ ਸਥਿਤੀ ਦਾ ਜਾਇਜ਼ਾ ਲੈਣਾ ਸੀ। ਲਾਜਪਤ ਰਾਏ ਪ੍ਰਧਾਨ ਸਨ। ਉਹਨਾਂ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਕਿਹਾ, ''ਦੇਸ਼ ਹੁਣ ਕਰਾਂਤੀ ਦੇ ਸਿਰੇ ਉਪਰ ਖੜ੍ਹਾ ਹੈ, ਪਰ ਕਰਾਂਤੀ ਸਾਡੇ ਸੰਸਕਾਰਾਂ ਅਨੁਸਾਰ ਨਹੀਂ। ਸਾਡਾ ਹੌਲੀ ਤੁਰਨ ਵਾਲਾ ਰਾਸ਼ਟਰ ਹੈ। ਪਰ ਜਦੋਂ ਅਸੀਂ ਤੁਰ ਪੈਂਦੇ ਹਾਂ ਲੰਮੀਆਂ ਪਲਾਂਘਾਂ ਵੀ ਪੁੱਟ ਲੈਂਦੇ ਹਾਂ। ਕਰਾਂਤੀ ਕਿਸੇ ਵੀ ਜੀਵੰਤ ਰਾਸ਼ਟਰ ਲਈ ਜ਼ਰੂਰੀ ਹੈ।''
ਇਸੇ ਅਧਿਵੇਸ਼ਨ ਵਿਚ ਗਾਂਧੀ ਨੇ ਵਿਰੋਧੀ ਗੁੱਟ ਦੀ ਮਦਦ ਨਾਲ ਕਾਂਗਰਸ ਦਾ ਨੇਤਰਤੱਵ ਹਥਿਆ ਲਿਆ। ਇਸ ਲਈ ਜਿਹੜੇ ਹੱਥਕੰਡੇ ਵਰਤੇ ਗਏ ( ਉਹਨਾਂ ਦਾ ਵਿਸਥਾਰ 'ਗਾਂਧੀ ਬੇ-ਨਕਾਬ' ਕਿਤਾਬ ਵਿਚ ਦੇਖੋ। ) ਤੇ ਇਹ ਕਹਿ ਕੇ ਕਿ ਮੈਂ ਇਕ ਸਾਲ ਵਿਚ ਆਜ਼ਾਦੀ ਦਿਵਾਅ ਦਿਆਂਗਾ ਵਰਨਾ ਮੇਰੀ ਲਾਸ਼ ਸਮੁੰਦਰ ਵਿਚ ਤੈਰਦੀ ਹੋਈ ਨਜ਼ਰ ਆਏਗੀ, ਸਤਿਆਗ੍ਰਹਿ ਸ਼ੁਰੂ ਕਰ ਦਿੱਤਾ। ਪਰ ਨਾ ਆਜ਼ਾਦੀ ਮਿਲੀ ਤੇ ਨਾ ਹੀ ਗਾਂਧੀ ਦੀ ਲਾਸ਼ ਸਮੁੰਦਰ ਵਿਚ ਤੈਰੀ। ਹੋਇਆ ਇਹ ਕਿ ਚੋਰੀ-ਚੋਰਾ ਦੀ ਘਟਨਾ ਨੂੰ, ਜਿਹੜੀ ਕਿਸਾਨਾ ਦੇ ਕਰਾਂਤੀਕਾਰੀ ਅਮਲ ਦੀ ਸ਼ੁਰੂਆਤ ਸੀ, ਅਹਿੰਸਾ ਦੱਸ ਕੇ ਅੰਦੋਲਨ ਵਾਪਸ ਲੈ ਲਿਆ ਗਿਆ ਯਾਨੀ ਸਾਮਰਾਜਵਾਦੀਆਂ ਅੱਗੇ ਆਤਮ ਸਮਰਪਣ ਕਰ ਦਿੱਤਾ।
ਫੇਰ 1928 ਤੇ 1929 ਦੋ ਕਰਾਂਤੀਕਾਰੀ ਉਭਾਰ ਦੇ ਵਰ੍ਹੇ ਸਨ। ਸਾਮਰਾਜਵਾਦ ਆਪਣੇ ਆਰਥਕ ਸੰਕਟ ਵਿਚ ਫਸਿਆ ਹੋਇਆ ਸੀ ਤੇ ਮਿਹਨਤਕਸ਼ ਜਨਤਾ ਲੜਨ ਲਈ ਤਿਆਰ ਸੀ। ਪਰ ਗਾਂਧੀ ਪਹਿਲਾਂ ਤਾਂ ਸੰਘਰਸ਼ ਨੂੰ ਟਾਲਦਾ ਰਿਹਾ ; ਅਖ਼ੀਰ ਨਮਕ ਸਮਿਆਗ੍ਰਹਿ ਸ਼ੁਰੂ ਕੀਤਾ ਤੇ ਉਸਦਾ ਅੰਤ ਵੀ ਗਾਂਧੀ-ਇਰਵਿਨ ਸਮਝੌਤੇ ਉਤੇ ਜਾ ਹੋਇਆ।
1939 ਨੂੰ ਸੁਭਾਸ਼ ਨੂੰ ਪ੍ਰਧਾਨਗੀ ਪਦ ਤੋਂ ਹਟਾਉਣ ਲਈ ਜਿਹੜੀ ਧਾਂਦਲੀ ਵਰਤੀ ਗਈ, ਉਸ ਦਾ ਉਦੇਸ਼ ਵੀ ਯੁੱਧ-ਸੰਕਟ ਵਿਚ ਘਿਰੇ ਬ੍ਰਿਟਿਸ਼ ਸਾਮਰਾਜ ਦੀ ਸਹਾਇਤਾ ਤੇ ਸੁਰੱਖਿਆ ਕਰਨਾ ਸੀ। ਗਾਂਧੀ ਨੇ ਵਿਅਕਤੀਗਤ ਸਤਿਆਗ੍ਰਹਿ ਦਾ ਨਾਟਕ ਰਚ ਕੇ ਕਰਾਂਤੀ ਦਾ ਸਾਰਾ ਜੋਸ਼ ਠੰਡਾ ਕਰ ਦਿੱਤਾ।
ਸਾਡੇ ਲੋਹੀਆਵਾਦੀ ਸੋਸ਼ਲਿਸਟ ਮਿੱਤਰ, ਜਿੰਨ੍ਹਾਂ ਗਾਂਧੀ, ਜੈਪ੍ਰਕਾਸ਼ ਤੇ ਰਾਮਮਨੋਹਰ ਲੋਹੀਆ ਦੀ ਤ੍ਰਿਮੂਰਤੀ ਬਣਾਈ ਹੋਈ ਹੈ, ਅਗਸਤ 1942 ਦੇ 'ਭਾਰਤ ਛੋੜੋ' ਅੰਦੋਲਨ ਨੂੰ ਬੜਾ ਮਹੱਤਵ ਦਿੰਦੇ ਹਨ। ਉਹਨਾਂ ਬਾਰੇ ਗਾਂਧੀ ਦੇ ਵਿਚਾਰ ਖ਼ੁਦ ਦੋਖੋ :
ਸੁਸ਼ੀਲਾ ਨਈਅਰ ਨੇ 'ਬਾਪੂ ਕੀ ਕਾਰਾਵਾਸ ਕਹਾਣੀ' ਨਾਂਅ ਹੇਠ ਜਿਹੜੀ ਡਾਇਰੀ ਲਿਖੀ ਹੈ, ਉਸ ਵਿਚ ਦਰਜ ਹੈ ਕਿ 30 ਅਗਸਤ, 1942 ਦੀ ਸ਼ਾਮ ਨੂੰ ਸੈਰ ਕਰਦਿਆਂ ਹੋਇਆਂ ਗਾਂਧੀ ਨੇ ਸੁਸ਼ੀਲਾ ਨਈਅਰ ਨੂੰ ਕਿਹਾ---''ਮੈਂ ਹੁਣ ਛੇ ਮਹੀਨਿਆਂ ਅੰਦਰ ਜੇਲ੍ਹ 'ਚੋਂ ਬਾਹਰ ਨਿਕਲ ਆਉਣਾ ਹੈ---ਸਾਡੀ ਲੜਾਈ ਸਫਲ ਹੋਈ ਤਾਂ ਵੀ ਤੇ ਜੇ ਲੋਕ ਹਾਰ ਕੇ ਬੈਠ ਗਏ ਤਾਂ ਵੀ। ਮੈਂ ਨਹੀਂ ਜਾਣਦਾ ਲੋਕ ਕੀ ਕਰਨਗੇ। ਪਰ ਮੈਂ ਇਹ ਜਾਣਦਾ ਹਾਂ ਕਿ ਲੋਕ ਲੜਾਈ ਲਈ ਤਿਆਰ ਨਹੀਂ ਸਨ। ਅਸੀਂ ਵੀ ਤਿਆਰੀ ਨਹੀਂ ਸੀ ਕੀਤੀ। ਪਰ ਅਹਿੰਸਾ ਦੇ ਕੰਮ ਕਰਨ ਦਾ ਰਾਸਤਾ ਦੂਸਰਾ ਹੀ ਹੁੰਦਾ ਹੈ। ਇਸ ਲਈ ਸਾਡਾ ਨਿਰਾਸ਼ ਹੋਣ ਦਾ ਕੋਈ ਕਾਰਨ ਨਹੀਂ। ਅਸੀਂ ਨਹੀਂ ਜਾਣਦੇ ਕਿ ਈਸ਼ਵਰ ਨੇ ਕੀ ਸੋਚਿਆ ਹੋਇਆ ਹੈ। ਜੋ ਵੀ ਹੋਏ, ਉਹਨਾਂ ਦੀ ਮਰ-ਮਿਟਣ ਦੀ ਤਿਆਰੀ ਹੋਣੀ ਹੀ ਚਾਹੀਦੀ ਹੈ। ਉਹ ਆਜ਼ਾਦ ਹੋਏ ਬਿਨਾਂ ਚੈਨ ਨਹੀਂ ਲੈਣਗੇ। ਜੇ ਆਜ਼ਾਦੀ ਲਈ ਲੜਦੇ ਲੜਦੇ ਉਹ ਖ਼ਤਮ ਹੋ ਗਏ ਤਾਂ ਖ਼ੁਦ ਤਾਂ ਆਜ਼ਾਦ ਹੋ ਹੀ ਜਾਣਗੇ।'' ( ਸਫਾ 109)
ਸੋਚੋ ਕਿ ਜਦੋਂ ਲੋਕ ਲੜਨ ਲਈ ਤਿਆਰ ਨਹੀਂ ਸਨ ਤੇ ਨੇਤਾਵਾਂ ਨੇ ਵੀ ਕੋਈ ਤਿਆਰੀ ਨਹੀਂ ਸੀ ਕੀਤੀ ਹੋਈ, ਤਾਂ ਫੇਰ ਲੜਾਈ ਸ਼ੁਰੂ ਕਰਨ ਦਾ ਕੀ ਅਰਥ ਸੀ ? ਤੇ ਇਹ ਕੇਹੀ 'ਅਹਿੰਸਾ' ਤੇ ਕਿਹੜਾ 'ਦਰਸ਼ਨ' ਹੈ ਕਿ ਜਿਸ ਵਿਚ ਅੰਗਰੇਜ ਦੀ ਗੋਲੀ ਨਾਲ ਮਰਨ ਵਾਲੇ ਨੂੰ ਆਜ਼ਾਦੀ ਘੁਲਾਟੀਆ ਤੇ ਅੰਗਰੇਜ ਨੂੰ ਗੋਲੀ ਮਾਰ ਵਾਲੇ ਨੂੰ ਹਿੰਸਾਵਾਦੀ ਦਾ ਨਾਂਅ ਦੇ ਦਿੱਤਾ ਜਾਂਦਾ ਸੀ?
ਲੋਕ ਮਰਨ ਜਾਂ ਜਿਉਂਣ ਗਾਂਧੀ ਨੂੰ ਇਸ ਨਾਲ ਕੋਈ ਸਰੋਕਾਰ ਨਹੀਂ ਸੀ, ਉਸਨੇ ਤਾਂ ਹਰ ਹਾਲ ਵਿਚ ਛੇ ਮਹੀਨੇ ਬਾਅਦ ਜੇਲ੍ਹ 'ਚੋਂ ਬਾਹਰ ਆਉਣਾ ਸੀ। ਬਾਹਰ ਆਉਣ ਲਈ ਉਸਨੇ ਤਿੰਨ ਹਫ਼ਤੇ ਦੀ ਭੁੱਖ-ਹੜਤਾਲ ਕੀਤੀ। ਸਰਕਾਰ ਨੇ ਡਾਕਟਰਾਂ ਦੀ ਟੀਮ ਬਿਠਾਅ ਦਿੱਤੀ ਤੇ ਵੱਡੇ ਪੈਮਾਨੇ ਉਪਰ ਇਸ ਭੁੱਖ-ਹੜਤਾਲ ਦਾ ਪ੍ਰਚਾਰ ਕੀਤਾ ਗਿਆ। ਭੁੱਖ-ਹੜਤਾਲ ਦੀ ਓਟ ਵਿਚ ਅੰਦੋਲਨ ਚਲਾਉਣ ਵਾਲਿਆਂ ਨੂੰ ਇਹ ਸਿਖਿਆ ਦਿੱਤੀ ਗਈ ਕਿ ਜੇ ਤਾਰ ਕੱਟਣ ਜਾਣ, ਤਾਂ ਵੀ ਪਹਿਲਾਂ ਸਰਕਾਰ ਨੂੰ ਸੂਚਿਤ ਕਰਕੇ ਜਾਣ ਕਿਉਂਕਿ ਅਹਿੰਸਾ ਦੀ ਲੜਾਈ ਵਿਚ ਕੁਝ ਵੀ ਛੁਪ ਕੇ ਕਰਨਾ ਪਾਪ ਹੈ। ਜੇ ਉਹ ਸਜ਼ਾ ਦਾ ਜੋਖ਼ਮ ਉਠਾਉਣ ਦਾ ਹੌਸਲਾ ਰੱਖਦੇ ਹੋਣ ਤਾਂ ਆਪਣੇ ਆਪ ਨੂੰ ਸਰਕਾਰ ਦੇ ਹਵਾਲੇ ਕਰ ਦੇਣ।
ਸੋਚੋ ਕੀ ਇਹ ਅਹਿੰਸਾ ਦੇ ਨਾਂ ਉੱਤੇ ਅੰਦੋਲਨ ਦੀ ਹੱਤਿਆ ਨਹੀਂ ਸੀ ?
ਇਸ ਭੁੱਖ-ਹੜਤਾਲ ਨੂੰ 'ਅਗਨੀ ਪ੍ਰੀਖਿਆ' ਦਾ ਨਾਂ ਦਿੱਤਾ ਗਿਆ। ਇਹ ਭੁੱਖ-ਹੜਤਾਲ 10 ਫਰਬਰੀ 1943 ਨੂੰ ਸ਼ੁਰੂ ਹੋਈ ਸੀ। ਇਸ ਭੁੱਖ ਹੜਤਾਲ ਦੇ ਗਿਆਰਵੇਂ ਦਿਨ ਯਾਨੀ ਕਿ 21 ਫਰਬਰੀ ਨੂੰ ਲਿਖੀ ਡਾਇਰੀ ਵੱਲ ਧਿਆਨ ਦੇਣਾ। ਲਿਖਿਆ ਹੈ :
''ਸ਼ਾਮ ਦੇ ਕਰੀਬ ਬਾਪੂ ਦੀ ਹਾਲਤ ਯਕਦਮ ਵਿਗੜ ਗਈੀ। ਉਸ ਸਮੇਂ ਉਹਨਾਂ ਦੇ ਕਮਰੇ ਵਿਚ ਮੈਂ ਇਕੱਲੀ ਬੈਠੀ ਸਾਂ। ਉਹਨਾਂ ਪਾਣੀ ਪੀਣ ਦਾ ਯਤਨ ਕੀਤਾ। ਪਾਈਪ ਰਾਹੀਂ ਖਿੱਚ ਕੇ ਪੀਂਦੇ ਹੋਏ ਹਫ ਗਏ। ਮੁਸ਼ਕਿਲ ਨਾਲ ਇਕ ਦੋ ਘੁੱਟ ਹੀ ਪੀ ਸਕੇ। ਥੱਕ ਕੇ ਲੇਟ ਗਏ। ਇਕਦਮ ਜ਼ੋਰਦਾਰ ਉਲਟੀ ਆਈ। ਤੜਫਨ ਲੱਗ ਪਏ, ਬੇਚੈਨੀ ਨਾਲ ਹੱਥ ਪੈਰ ਮਾਰਨ ਲੱਗੇ। ਅੱਖਾਂ ਲਗਭਗ ਅੱਧੀਆਂ ਬੰਦ ਸਨ। ਮੈਨੂੰ ਇੰਜ ਲੱਗਿਆ ਜਿਵੇਂ ਬੇਸੁੱਧ ਹੋ ਗਏ ਹਨ। ਨਬਜ਼ ਉੱਤੇ ਹੱਥ ਰੱਖਿਆ ਤਾਂ ਏਨੀ ਸੁਸਤ ਸੀ ਕਿ ਮੁਸ਼ਕਿਲ ਨਾਲ ਹੱਥ ਆਉਂਦੀ ਸੀ। ਮੇਰਾ ਦਿਲ ਧੜਕਨ ਲੱਗਾ...ਹਿੰਮਤ ਕਰਕੇ ਪੁੱਛਿਆ, 'ਬਾਪੂ ਕੀ ਉਹ ਸਮਾਂ ਨਹੀਂ ਆ ਗਿਆ ਹੁਣ, ਪਾਣੀ ਵਿਚ ਮੌਸਮੀ ਦਾ ਰਸ ਮਿਲਾਅ ਕੇ ਤੁਹਾਨੂੰ ਦਿੱਤਾ ਜਾਏ ?' ਕੁਝ ਚਿਰ ਉਹਨਾਂ ਕੋਈ ਉਤਰ ਨਹੀਂ ਦਿੱਤਾ। ਅਖ਼ੀਰ ਹੌਲੀ ਜਿਹੀ ਸਿਰ ਹਿਲਾਅ ਕੇ 'ਹਾਂ' ਕਿਹਾ। ਮੈਂ ਡਾਕਟਰ ਗਿਲਡਰ ਨੂੰ ਬੁਲਾਇਆ। ਉਹ ਆ ਗਏ। ਬਾਪੂ ਨਾਲ ਜੋ ਹੋਇਆ ਸੀ, ਉਹ ਸਭ ਸਮਝਾ ਕੇ ਮੈਂ ਦੋ ਔਂਸ ਮੌਸਮੀਂ ਦਾ ਰਸ ਕੱਢਿਆ ਤੇ ਦੋ ਔਂਸ ਪਾਣੀ ਮਿਲਾਅ ਕੇ ਔਂਸਾਂ ਵਾਲੇ ਗਿਲਾਸ ਨਾਲ ਹੌਲੀ ਹੌਲੀ ਬਾਪੂ ਦੇ ਮੂੰਹ ਵਿਚ ਪਾ ਦਿੱਤਾ। ਇਸਦਾ ਅਸਰ ਬਲਦੇ ਕੋਇਲੇ ਉੱਤੇ ਪਾਣੀ ਪੈਣ ਵਰਗਾ ਹੋਇਆ। ਬੇਚੈਨੀ ਘੱਟ ਹੋਣ ਲੱਗੀ। ਏਨੇ ਵਿਚ ਬਾ ਕਮਰੇ ਵਿਚ ਆਈ। ਮੈਨੂੰ ਲੱਗਿਆ ਕਿ ਸ਼ਾਇਦ ਬਾ ਦੀ ਪ੍ਰਾਥਨਾ ਸੁਣ ਕੇ ਹੀ ਈਸ਼ਵਰ ਨੇ ਬਾਪੂ ਨੂੰ ਬਚਾਅ ਲਿਆ ਹੈ। ਬਾ ਜਦੋਂ ਕਮਰੇ ਵਿਚ ਨਹੀਂ ਹੁੰਦੀ ਸੀ ਤਾਂ ਅਕਸਰ ਬਾਲਕ੍ਰਿਸ਼ਨ ਜਾਂ ਤੁਲਸੀ ਦੇ ਸਾਹਮਣੇ ਬੈਠੀ ਪ੍ਰਾਰਥਨਾ ਕਰ ਰਹੀ ਹੁੰਦੀ ਸੀ। ਜਦੋਂ ਬਾਪੂ ਦੀ ਸਥਿਤੀ ਵਿਗੜ ਰਹੀ ਸੀ, ਬਾ ਇਹ ਸਭ ਕੁਝ ਨਾ ਜਾਣਦੀ ਹੋਈ ਪ੍ਰਾਰਥਨਾ ਵਿਚ ਬੈਠੀ ਸੀ।''
ਸ਼ਰਧਾ ਤੇ ਅੰਧਵਿਸ਼ਵਾਸ ਸ਼ੈਤਾਨ ਦੇ ਭੈਣ-ਭਰਾ ਹੁੰਦੇ ਨੇ। ਇਸ ਭੁੱਖ-ਹੜਤਾਲ ਦੇ ਬਾਕੀ ਦਸ ਦਿਨ ਗਾਂਧੀ ਨੇ ਮੌਸਮੀਂ ਦਾ ਰਸ ਪੀ ਕੇ ਬਿਤਾਏ ਤੇ ਇਸ ਭੁੱਖ-ਹੜਤਾਲ ਦਾ ਸਮਾਂ ਪੂਰਾ ਹੋਣ ਸਾਰ ਗਾਂਧੀ ਨੂੰ ਜੇਲ੍ਹ 'ਚੋਂ ਰਿਹਾਅ ਕਰ ਦਿੱਤਾ ਗਿਆ।
'ਭਾਰਤ ਛੋੜੋ ਅੰਦੋਲਨ' ਵਿਚ ਮੈਂ ਵੀ ਗਿਰਫਤਾਰ ਹੋਇਆ ਸਾਂ ਤੇ ਦੋ ਸਾਲ ਨਜ਼ਰ ਬੰਦ ਰਿਹਾ ਸਾਂ। ਜੇਲ੍ਹ ਵਿਚ ਗਾਂਧੀਵਾਦੀ ਨੇਤਾਵਾਂ ਦਾ ਵਤੀਰਾ ਦੇਖ ਕੇ ਤੇ ਭੁੱਖ-ਹੜਤਾਲ ਆਦਿ ਦੀਆਂ ਖ਼ਬਰਾਂ ਪੜ੍ਹ ਕੇ ਮੈਂ ਕਿਹਾ ਸੀ, ''ਹਿੱਪੋਕਰੇਸੀ ਦਾ ਨੇਮ ਇਜ਼ ਗਾਂਧੀਵਾਦ' ( ਸ਼ੈਤਾਨੀਅਤ ਤੇਰਾ ਦੂਜਾ ਨਾਂ ਗਾਂਧੀਵਾਦ ਹੈ )।''
ਇਹਨਾਂ ਸ਼ੈਤਾਨੀਆਂ ਦੀ ਟਰੇਨਿੰਗ ਵੀ ਉਸਨੂੰ ਦੱਖਣੀ ਅਫ਼ਰੀਕਾ ਵਿਚ ਮਿਲੀ ਸੀ। ਬੋਅਰ ਯੁੱਧ ਵਾਂਗ ਹੀ ਜੁਲੂ ਵਿਦਰੋਹ ਸਮੇਂ ਵੀ ਗਾਂਧੀ ਨੇ ਬ੍ਰਿਟਿਸ਼ ਸਰਕਾਰ ਪ੍ਰਤੀ ਵਫ਼ਾਦਾਰੀ ਜਤਾਈ ਤੇ ਉਹ 23 ਆਦਮੀਆਂ ਦੀ ਟੁਕੜੀ ਲੈ ਕੇ ਉਹਨਾਂ ਦੀ ਮਦਦ ਲਈ ਗਿਆ। ਲਿਖਿਆ ਹੈ : ''ਅੰਗਰੇਜ ਸਲਤਨਤ ਨੂੰ ਉਸ ਸਮੇਂ ਮੈਂ ਜਗਤ ਦਾ ਕਲਿਆਣ ਕਰਨ ਵਾਲਾ ਸਾਮਰਾਜ ਮੰਨਦਾ ਸਾਂ। ਮੇਰੀ ਵਫ਼ਾਦਾਰੀ ਦਿਲੋਂ ਸੀ।'' ਜਗਤ ਦਾ ਕਲਿਆਣ ਕਰਨ ਵਾਲੇ ਬ੍ਰਿਟਿਸ਼ ਸਾਮਰਾਜ ਦੇ ਜੁਲੂ ਆਦੀਵਾਸੀਆਂ ਉੱਤੇ ਚੜ੍ਹ ਦੌੜਨ ਦਾ ਕਾਰਣ ਇਹ ਸੀ ਕਿ ਅੰਗਰੇਜਾਂ ਨੂੰ ਨੇਟਾਲ ਦੀ ਸੋਨੇ ਦੀ ਖਾਨ ਵਿਚ ਕੰਮ ਕਰਨ ਲਈ ਮਜ਼ਦੂਰਾਂ ਦੀ ਲੋੜ ਸੀ, ਇਸ ਲਈ ਜੁਲੂ ਲੋਕਾਂ ਨੂੰ ਖੇਤਾਂ ਵਿਚੋਂ ਉਜਾੜ ਕੇ ਖਾਨ ਵਿਚ ਮਜ਼ਦੂਰੀ ਕਰਵਾਉਣ ਲਈ ਖੇਤੀ ਉੱਤੇ ਭਾਰੀ ਟੈਕਸ ਲਾ ਦਿੱਤਾ ਗਿਆ ਸੀ। ਜੁਲੂ ਲੋਕਾਂ ਨੇ ਟੈਕਸ ਦੇਣ ਤੋਂ ਇਨਕਾਰ ਕੀਤਾ ਤੇ ਟੈਕਸ ਉਗਰਾਉਣ ਵਾਲੇ ਇੰਸਪੈਕਟਰ ਦੀ ਹੱਤਿਆ ਕਰ ਦਿੱਤੀ। ਇਸ ਨੂੰ ਵਿਦਰੋਹ ਕਹਿ ਕੇ ਅੰਗਰੇਜਾਂ ਨੇ ਉਹਨਾਂ ਉਪਰ ਚੜ੍ਹਾਈ ਕਰ ਦਿੱਤੀ। ਗਾਂਧੀ ਨੇ ਲਿਖਿਆ ਹੇੈ ਕਿ 'ਦੰਗਾ ਖੇਤਰ ਵਿਚ ਪਹੁੰਚ ਕੇ ਮੈਂ ਦੇਖਿਆ ਕਿ ਦੰਗਾ ਕਹਿਣ ਵਾਲੀ ਕੋਈ ਗੱਲ ਨਹੀਂ ਸੀ।'
ਜੁਲੂ ਲੋਕਾਂ ਉਪਰ ਗੋਰੇ ਉਪਨਿਵੇਸ਼ਵਾਦੀਆਂ ਨੇ ਜਿਹੜੇ ਜੁਲਮ ਢਾਏ ਉਹਨਾਂ ਨੂੰ ਦੇਖ ਕੇ ਇਸ ਵਫ਼ਾਦਾਰੀ ਲਈ ਗਾਂਧੀ ਦੀ ਆਤਮਾਂ ਉਸਨੂੰ ਫਿਟਕਾਰਨ ਲੱਗੀ। ਇਸ ਫਿਟਕਾਰ ਤੋਂ ਬਚਣ ਲਈ ਉਸਨੇ ਪ੍ਰਾਸਚਿਤ ਦੇ ਰੂਪ ਵਿਚ ਬ੍ਰਹਮਚਰੀਆ ਪਾਲਨ ਦਾ ਵਰਤ ਰੱਖ ਲਿਆ, ਕਿਉਂਕਿ ਉਸਦੀ ਸਮਝ ਵਿਚ 'ਬ੍ਰਹਮਚਰੀਆ ਈਸ਼ਵਰ ਦਰਸ਼ਨ ਲਈ ਜ਼ਰੂਰੀ ਵਸਤੂ ਹੈ।'
ਮੰਨ ਲਓ ਕਿ ਗਾਂਧੀ ਬ੍ਰਹਮਚਰੀਆ ਪਾਲਨ ਦੇ ਵਰਤ ਉਪਰ ਕਾਇਮ ਰਿਹਾ ਤੇ ਉਸਨੂੰ ਈਸ਼ਵਰ ਦੇ ਦਰਸ਼ਨ ਵੀ ਹੋਏ, ਪਰ ਸਵਾਲ ਇਹ ਹੈ ਕਿ ਇਸ ਨਾਲ ਜੁਲੂ ਲੋਕਾਂ ਨੂੰ ਕੀ ਲਾਭ ਹੋਇਆ ਤੇ ਬ੍ਰਿਟਿਸ਼ ਸਾਮਰਾਜ ਦਾ ਕੀ ਵਿਗੜ ਗਿਆ ? ਦਰਅਸਲ ਇਹ ਆਤਮਾਂ ਦਾ ਹਨਨ ਸੀ। ਆਤਮਾਂ ਦਾ ਹਨਨ ਕਰਨ ਲਈ ਹੀ ਮਨੁੱਖ ਮੀਸਨਾ ਤੇ ਮੱਕਾਰ ਬਣਦਾ ਹੈ। ਗਾਂਧੀ ਵਫਾਦਾਰੀ ਨਿਭਾਉਣ ਲਈ ਆਤਮਾਂ ਦਾ ਹਨਨ ਕਰਦਾ ਕਰਦਾ ਦੱਖਣੀ ਅਫ਼ਰੀਕਾ ਵਿਚ ਹੀ ਮਹਾਂ ਮੀਸਨਾ ਮਨੁੱਖ ਬਣ ਗਿਆ ਸੀ। ਬ੍ਰਹਮਚਰੀਏ ਦਾ ਵਰਤ ਸਿਰਫ ਇਕ ਢੋਂਗ ਸੀ।
ਇਸੇ ਤਰ੍ਹਾਂ ਜਦੋਂ ਗਾਂਧੀ ਨੇ ਚੋਰਾ-ਚੋਰੀ ਕਾਂਢ ਨੂੰ ਲੈ ਕੇ ਆਤਮ ਸਮਰਪਨ ਕੀਤਾ ਤਾਂ ਖਿਲਾਫ਼ਤ ਦੇ ਨਾਲ ਜੋ ਆਦਰਸ਼ਹੀਣ ਤੇ ਅਵਸਰਵਾਦੀ ਸਮਝੌਤਾ ਹੋਇਆ ਸੀ, ਉਹ ਟੁੱਟ ਗਿਆ। ਸਿੱਟਾ ਇਹ ਕਿ ਜਨਤਾ ਵਿਚ ਅੰਗਰੇਜ ਦੇ ਵਿਰੁੱਧ ਜਿਹੜਾ ਗੁੱਸਾ ਸੀ, ਉਹ ਆਪਸੀ ਸਿਰ ਪਾੜ-ਪੜਾਈ ਵਿਚ ਬਦਲ ਗਿਆ। ਦਿੱਲੀ, ਕਾਨਪੁਰ, ਕਲਕੱਤਾ ਤੇ ਕੋਹਾਟ ਵਿਚ ਜਬਰਦਸਤ ਸੰਪਰਦਾਇਕ ਦੰਗੇ ਹੋਏ। ਦੰਗਿਆਂ ਲਈ ਜ਼ਿਮੇਂਵਾਰ ਕੌਣ ਹੈ, ਇਹ ਜਾਂਚ ਕਰਨ ਲਈ ਕਾਂਗਰਸ ਨੇ ਗਾਂਧੀ ਤੇ ਮੁਹੰਮਦ ਅਲੀ ਦੀ ਇਕ ਕਮੇਟੀ ਬਣਾਈ। ਉਹ ਦੋਵੇਂ ਆਪਸ ਵਿਚ ਸਹਿਮਤ ਨਹੀਂ ਹੋ ਸਕੇ ਤਾਂ ਗਾਂਧੀ ਨੇ ਇਹ ਕਹਿਕੇ ਕਿ ਦੰਗਿਆਂ ਲਈ ਜ਼ਿਮੇਂਵਾਰ ਮੈਂ ਹਾਂ, ਪ੍ਰਾਸ਼ਚਿਤ ਦੇ ਤੌਰ 'ਤੇ 21 ਦਿਨਾਂ ਲਈ ਭੁੱਖ-ਹੜਤਾਲ ਸ਼ੁਰੂ ਕਰ ਦਿੱਤੀ। ਸੋਚਣ ਵਾਲੀ ਗੱਲ ਇਹ ਹੈ ਕਿ ਕੀ ਏਡੇ ਵੱਡੇ ਗੁਨਾਹ ਦਾ 21 ਦਿਨਾਂ ਦੀ ਭੁੱਖ-ਹੜਤਾਲ ਨਾਲ ਪ੍ਰਾਸ਼ਚਿਤ ਹੋ ਗਿਆ ? ਕੀ ਉਸ ਨਾਲ ਸੰਪਰਦਾਇਕਤਾ ਖ਼ਤਮ ਹੋ ਗਈ ? ਉਹ ਤਾਂ ਉਲਟੇ ਹੋਰ ਵਧ ਗਈ। ਅਸਲ ਵਿਚ ਇਹ ਭੁੱਖ-ਹੜਤਾਲਾਂ ਗਾਂਧੀ ਨੂੰ ਰਾਜਨੀਤੀ ਵਿਚ ਵਾਪਸ ਲਿਆਉਣ ਤੇ ਉਸਦੀ ਗਵਾਚੀ ਹੋਈ ਪੜਤ ਬਹਾਲ ਕਰਨ ਲਈ ਸਿਰਫ ਪੈਂਤਰੇਬਾਜੀ ਹੀ ਸਨ।
ਗਾਂਧੀ ਦਾ ਇਹ ਨਾਅਰਾ, ''ਹਿੰਦੂ, ਮੁਸਲਿਮ, ਸਿੱਖ, ਈਸਾਈ---ਸਭ ਆਪਸ ਵਿਚ ਭਾਈ-ਭਾਈ।'' ਏਕਤਾ ਦਾ ਨਹੀਂ, ਫੁੱਟ ਦਾ ਪ੍ਰਤੀਕ ਨਾਅਰਾ ਹੈ। ਸਾਰੇ ਹਿੰਦੂ ਜਾਂ ਸਾਰੇ ਮੁਸਲਮਾਨ ਹੀ ਆਪਸ ਵਿਚ ਭਾਈ-ਭਾਈ ਨਹੀਂ ਹਨ। ਉਹ ਸ਼ੋਸ਼ਕ, ਸ਼ੋਸ਼ਿਤ ( ਲੋਟੂ ਤੇ ਲੁੱਟੇ ਜਾ ਰਹੇ ) ਤੇ ਉਤਪੀੜਕ, ਉਤਪੀੜਤ ( ਜ਼ਾਲਿਮ ਤੇ ਜ਼ੁਲਮ ਝੱਲਣ ਵਾਲੇ ) ਵਿਚ ਵੰਡੇ ਹੋਏ ਹਨ। ਗਾਂਧੀ ਨੇ ਇਸ ਵਰਗ-ਭੇਦ ਨੂੰ ਭੁਲਾਅ ਕੇ ਦੇਸ਼ ਦੀ ਜਨਤਾ ਨੂੰ ਧਰਮ ਦੇ ਅਧਾਰ 'ਤੇ ਹਿੰਦੂ, ਮੁਸਲਮਾਨ, ਸਿੱਖ, ਈਸਾਈ ਵਿਚ ਵੰਡ ਦਿੱਤਾ। ਇਹੀ ਫਿਰਕਾਪ੍ਰਸਤੀ ਦੀ ਬੁਨਿਆਦ ਹੈ। ਸਿੱਟਾ ਇਹ ਹੋਇਆ ਕਿ ਇਸ ਪਿੱਛੋਂ ਕੋਈ ਇਕ ਰਾਸ਼ਟਰੀ ਨੇਤਾ ਨਹੀਂ ਰਿਹਾ। ਹਿੰਦੂਆਂ, ਮੁਸਲਮਾਨਾ, ਸਿੱਖਾਂ, ਈਸਾਈਆਂ ਤੇ ਅਛੂਤਾਂ ਦੇ ਵੱਖੋ-ਵੱਖਰੇ ਸੰਗਠਨ ਬਣ ਗਏ। ਸੰਪਰਦਾਇਕਤਾ ਆਪਣੇ ਆਪ ਵਿਚ ਕੋਈ ਚੀਜ਼ ਨਹੀਂ ਹੁੰਦੀ, ਉਹ ਲੁੱਟ-ਖਸੁਟ ਦੀ ਫੁੱਟ-ਪਾਊ ਰਾਜਨੀਤੀ ਦਾ ਅਭਿੰਨ ਅੰਗ ਹੈ। ਸੰਪਰਦਾਇਕਤਾ ਦਾ ਇਕੋ ਇਕ ਇਲਾਜ਼ ਵਰਗ-ਸੰਘਰਸ਼ ਤੇ ਵਰਗ-ਚੇਤਨਾ ਦਾ ਵਿਕਸਿਤ ਕਰਨਾ ਹੈ। ਪਰ ਗਾਂਧੀ ਨੇ ਵਰਗ ਸੰਘਰਸ਼ ਤੇ ਵਰਗ ਚੇਤਨਾ ਦਾ ਵਿਕਸਿਤ ਕਰਨ ਨੂੰ ਨਫਰਤ ਫੈਲਾਉਣਾ ਦੱਸ ਕੇ ਦੇਸੀ-ਵਿਦੇਸ਼ੀ ਸ਼ੋਸ਼ਕਾਂ ਦੀ ਰੱਖਿਆ ਦੇ ਲਈ ਕਰਾਂਤੀ ਵਿਰੋਧੀ ਭੂਮਿਕਾ ਅਦਾ ਕੀਤੀ।
ਕਰਾਂਤੀਕਾਰੀ ਕਰਮ ਜਿੰਨਾਂ ਉੱਚਾ ਉਠਦਾ ਹੈ, ਵਿਚਾਰ ਵੀ ਓਨਾ ਹੀ ਉੱਚਾ ਉਠਦਾ ਹੈ ਤੇ ਉਸ ਨਾਲ ਰਾਸ਼ਟਰ ਦੇ ਚਰਿੱਤਰ ਦਾ ਨਿਰਮਾਣ ਹੁੰਦਾ ਹੈ। ਪਰ ਗਾਂਧੀ ਨੇ ਸਾਡੇ ਕਰਾਂਤੀਕਾਰੀ ਕਰਮ ਨੂੰ ਚਰਖੇ ਨਾਲ ਬੰਨ੍ਹੀ ਰੱÎਖਿਆ। ਸਿੱਟਾ ਇਹ ਹੋਇਆ ਕਿ ਸੋਚ ਬੌਣੀ ਹੋ ਗਈ। ਜਿਸ ਰਾਸ਼ਟਰ ਦੀ ਵਿਚਾਰਧਾਰਾ ਬੌਣੀ ਹੋ ਜਾਏ, ਉਹ ਰਾਸ਼ਟਰ ਬੋਣਾ ਹੋ ਜਾਂਦਾ ਹੈ। ਰਾਸ਼ਟਰ ਦਾ ਵਰਤਮਾਨ ਸੰਕਟ ਇਸ ਬੌਣੇਪਨ ਦਾ ਪ੍ਰਤੱਖ ਪ੍ਰਮਾਣ ਹੈ। ਅੱਜ ਜੋ ਨਜ਼ਰੀਏ ਤੇ ਦਿਸ਼ਾਹੀਣਤਾ ਦੀ ਸਥਿਤੀ ਹੈ, ਇਸ ਲਈ ਗਾਂਧੀ ਜ਼ਿੰਮੇਵਾਰ ਹੈ। ਇਸ ਨਾਲ ਰਾਸ਼ਟਰ ਦੀ ਜੋ ਹਾਨੀ ਹੋਈ ਉਹ ਅਕੱਥ ਹੈ। ਸਾਹਿਤ ਤੇ ਸੰਸਕ੍ਰਿਤੀ ਦਾ ਸਤਰ ਡਿੱਗਿਆ ਹੈ ਤੇ ਡਿੱਗਦਾ ਹੀ ਜਾ ਰਿਹਾ ਹੈ। ਮਨੁੱਖੀ ਕਦਰਾਂ ਕੀਮਤਾਂ ਖ਼ਤਮ ਹੋ ਰਹੀਆਂ ਹਨ ਤੇ ਭਰਿਸ਼ਟਾਚਾਰ ਵਧ ਰਿਹਾ ਹੈ।
ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਨੇ ਜੇਲ੍ਹ ਵਿਚ ਲੰਮੀ ਭੁੱਖ-ਹੜਤਾਲ ਕੀਤੀ। ਉਹਨਾਂ ਨੂੰ ਅਦਾਲਤ ਵਿਚ ਸਭ ਦੇ ਸਾਹਮਣੇ ਤੇ ਫੇਰ ਜੇਲ੍ਹ ਵਿਚ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਜਾਂਦੀ ਰਹੀ ਸੀ। ਜਤੇਂਦਰਨਾਥ ਦਾਸ 63 ਦਿਨ ਭੁੱਖੇ ਰਹਿ ਕੇ ਸ਼ਹੀਦ ਹੋਏ। ਉਹਨਾਂ ਦੀ ਸ਼ਹਾਦਤ ਉੱਤੇ ਸਾਰਾ ਦੇਸ਼ ਹਿੱਲ ਗਿਆ। ਗਾਂਧੀ ਨੇ ਅੰਗਰੇਜਾਂ ਦੀ ਇਸ ਨਿਰਦਈ ਹਿੰਸਾ ਦੇ ਖ਼ਿਲਾਫ ਤੇ ਇਸ ਮਹਾਨ ਸ਼ਹਾਦਤ ਦੇ ਹੱਕ ਵਿਚ ਇਕ ਸ਼ਬਦ ਵੀ ਨਹੀਂ ਕਿਹਾ। ਕਰਾਂਤੀਕਾਰੀਆਂ ਦਾ ਇਹ ਸੰਘਰਸ਼ ਆਪਣੇ ਲਈ ਨਹੀਂ ਸਾਰੇ ਰਾਜਨੀਤਕ ਕੈਦੀਆਂ ਲਈ ਸੀ। ਉਹਨਾਂ ਦੀ ਮੰਗ ਇਹ ਸੀ ਕਿ ਜੇਲ੍ਹ ਵਿਚ ਰਾਜਨੀਤਕ ਕੈਦੀਆਂ ਨਾਲ ਚੰਗਾ ਸਲੂਕ ਹੋਏ, ਚੰਗਾ ਖਾਣਾ ਮਿਲੇ ਤੇ ਉਹਨਾਂ ਨੂੰ ਪੜ੍ਹਨ-ਲਿਖਣ ਦੀ ਸਹੂਲਤ ਪ੍ਰਾਪਤ ਹੋਏ।
ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਦੀ ਫਾਂਸੀ ਦੀ ਸਜਾ ਨੂੰ ਰੱਦ ਕਰਨ ਦੀ ਮੰਗ ਰਾਸ਼ਟਰ-ਵਿਆਪੀ ਮੰਗ ਬਣ ਗਈ ਸੀ ਤੇ ਲੋਕਾਂ ਵਿਚ ਜਬਰਦਸਤ ਜੋਸ਼ ਸੀ। ਅੰਗਰੇਜ ਸਰਕਾਰ ਡਰ ਗਈ ਸੀ ਕਿ ਉਹਨਾਂ ਨੂੰ ਫਾਂਸੀ ਦੇਣ ਨਾਲ ਗੜਬੜੀ ਫੈਲ ਜਾਏਗੀ। ਕਿਹਾ ਜਾਂਦਾ ਹੈ ਕਿ ਗਾਂਧੀ ਨੇ ਗਾਂਧੀ-ਇਰਿਵਨ ਸਮਝੌਤੇ ਦੌਰਾਨ ਉਹਨਾਂ ਦੀ ਰਿਹਾਈ ਦੀ ਮੰਗ ਕੀਤੀ, ਪਰ ਵਾਇਸਰਾਏ ਨੇ ਉਸਦੀ ਇਹ ਗੱਲ ਨਹੀਂ ਮੰਨੀ। ਇਹ ਨਿਰਾ ਝੂਠ ਹੈ। ਇਸ ਦੇ ਉਲਟ ਸੱਚ ਇਹ ਹੈ ਕਿ ਗਾਂਧੀ ਨੇ ਤਸੱਲੀ ਦਿੱਤੀ ਕਿ ਗੜਬੜੀ ਰੋਕਣ ਵਿਚ ਸਰਕਾਰ ਦੀ ਮਦਦ ਕਰਾਂਗਾ।
ਵਾਇਸਰਾਏ ਲਾਰਡ ਇਰਿਵਨ ਨੇ ਆਪਣੇ ਰੋਜ਼ਨਾਮਚੇ ਵਿਚ ਲਿਖਿਆ ਹੈ 'ਦਿੱਲੀ ਵਿਚ ਜੋ ਸਮਝੌਤਾ ਹੋਇਆ, ਉਸ ਤੋਂ ਵੱਖ ਤੇ ਅੰਤ ਵਿਚ ਮਿਸਟਰ ਗਾਂਧੀ ਨੇ ਭਗਤ ਸਿੰਘ ਦਾ ਜ਼ਿਕਰ ਕੀਤਾ, ਉਹਨਾਂ ਨੇ ਫਾਂਸੀ ਦੀ ਸਜ਼ਾ ਰੱਦ ਕਰ ਦੇਣ ਲਈ ਕੋਈ ਪੈਰਵੀ ਨਹੀਂ ਕੀਤੀ। ਪਰ ਨਾਲ ਹੀ ਉਹਨਾਂ ਵਰਤਮਾਨ ਪ੍ਰਸਥਿਤੀਆਂ ਵਿਚ ਫਾਂਸੀ ਨੂੰ ਮੁਲਤਵੀ ਕਰਨ ਦੇ ਸਬੰਧ ਵਿਚ ਵੀ ਕੁਝ ਨਹੀਂ ਕਿਹਾ।'' ਫਾਇਲ ਨੰ : (5-45/1931 ਦੇ ਡਬਲਿਊ 2 ਗ੍ਰਹਿ ਵਿਭਾਗ ਰਾਜਨੀਤੀ ਸ਼ਾਖਾ )।
20 ਮਾਰਚ ਨੂੰ ਗਾਂਧੀ ਵਾਇਸਰਾਏ ਦੀ ਕੌਂਸਲ ਦੇ ਗ੍ਰਹਿ ਸਦਸ ਹਰਬਰਟ ਹਿਮਰਸਨ ਨੂੰ ਮਿਲਿਆ, ਇਮਰਸਨ ਨੇ ਆਪਣੇ ਰੋਜ਼ਨਾਮਚੇ ਵਿਚ ਲਿਖਿਆ ਹੈ---''ਮਿਸਟਰ ਗਾਂਧੀ ਦੀ ਇਸ ਮਾਮਲੇ ਵਿਚ ਵਧੇਰੇ ਦਿਲਚਸਪੀ ਨਹੀਂ ਜਾਪਦੀ। ਮੈਂ ਉਹਨਾਂ ਨੂੰ ਕਿਹਾ ਸੀ ਕਿ ਜੇ ਫਾਂਸੀ ਦੇ ਸਿੱਟੇ ਵਜੋਂ ਹਿੱਲਜੁੱਲ ਨਾ ਹੋਈ ਤਾਂ ਇਹ ਬੜੀ ਵੱਡੀ ਗੱਲ ਹੋਏਗੀ। ਮੈਂ ਉਹਨਾਂ ਨੂੰ ਕਿਹਾ ਕਿ ਉਹ, ਉਹ ਸਭ ਕੁਝ ਕਰਨ ਤਾਂਕਿ ਅਗਲੇ ਦਿਨ ਸਭਾਵਾਂ ਨਾ ਹੋਣ ਤੇ ਲੋਕਾਂ ਦੇ ਭੜਕਾਊ ਭਾਸ਼ਣਾ ਨੂੰ ਰੋਕਣ। ਇਸ ਉੱਤੇ ਉਹਨਾਂ ਆਪਣੀ ਸਹਿਮਤੀ ਦੇ ਦਿੱਤੀ ਤੇ ਕਿਹਾ---'ਜੋ ਕੁਝ ਵੀ ਹੋ ਸਕੇਗਾ ਕਰਾਂਗਾ'।'' ਫਾਇਲ ਨੰ : ( 53/1/1931)।
ਗਾਂਧੀ ਨੇ ਸਿਰਫ ਕਿਹਾ ਹੀ ਨਹੀਂ, ਕੀਤਾ ਵੀ। ਉਸਦਾ ਸਬੂਤ ਇਹ ਹੈ ਉਸੇ 20 ਦੀ ਸ਼ਾਮ ਨੂੰ ਗਾਂਧੀ ਗਰਾਉਂਡ ਵਿਚ ਇਕ ਸਭਾ ਕੀਤੀ ਜਾ ਰਹੀ ਸੀ, ਜਿਹੜੀ ਏਲਫਰੇਡ ਪਾਰਕ ਇਲਾਹਾਬਾਦ ਵਿਚ ਚੰਦਰਸ਼ੇਖ਼ਰ ਆਜ਼ਾਦ ਦੀ ਸ਼ਹਾਦਤ ਬਾਰੇ ਸੀ ਤੇ ਉਹ ਵਿਚ ਸੁਭਾਸ਼ ਚੰਦਰ ਬੋਸ ਨੇ ਵੀ ਬੋਲਣਾ ਸੀ। ਇਸ ਸਿਲਸਿਲੇ ਵਿਚ ਗਾਂਧੀ ਨੇ ਇਮਰਸਨ ਦੇ ਖ਼ਤ ਦਾ ਹੇਠ ਲਿਖਿਆ ਉਤਰ ਦਿੱਤਾ:
''ਪਿਆਰੇ ਇਮਰਸਨ,
ਹੁਣੇ ਹੁਣੇ ਤੁਹਾਡਾ ਪੱਤਰ ਮਿਲਿਆ, ਉਸ ਲਈ ਤੁਹਾਡਾ ਧਨਵਾਦ। ਤੁਸੀਂ ਜਿਸ ਸਭਾ ਦਾ ਉਲੇਖ ਕੀਤਾ ਹੈ, ਉਸਦਾ ਮੈਨੂੰ ਪਤਾ ਹੈ। ਹਰ ਤਰ੍ਹਾਂ ਦੀ ਅਹਿਤਿਆਤ ਵਰਤੀ ਗਈ ਹੈ ਤੇ ਆਸ ਕਰਦਾ ਹਾਂ ਕਿ ਕੋਈ ਗੜਬੜ ਨਹੀਂ ਹੋਏਗੀ। ਮੇਰਾ ਮਸ਼ਵਰਾ ਹੈ ਕਿ ਪੁਲਸ ਬਲ ਦਾ ਕੋਈ ਪ੍ਰਦਰਸ਼ਨ ਨਾ ਕੀਤਾ ਜਾਏ ਤੇ ਸਭਾ ਵਿਚ ਕਿਸੇ ਕਿਸਮ ਦਾ ਦਖ਼ਲ ਨਾ ਦਿੱਤਾ ਜਾਵੇ। ਰਹੀ ਉਤੇਜਨਾ, ਸੋ ਤਾਂ ਹੋਏਗੀ ਹੀ। ਇਸ ਉਤੇਜਨਾ ਨੂੰ ਸਭਾਵਾਂ ਦੇ ਜ਼ਰੀਏ ਨਿਕਲ ਜਾਣ ਦੇਣਾ ਠੀਕ ਹੋਏਗਾ।'' ( ਫਾਇਲ ਨੰ : 4/21/1931)।
ਦਸੰਬਰ 1929 ਦੀ ਲਾਹੌਰ ਕਾਂਗਰਸ ਵਿਚ ਭਗਤ ਸਿੰਘ ਤੇ ਚੰਦਰਸ਼ੇਖ਼ਰ ਦੇ ਕਰਾਂਤੀਕਾਰੀ ਸਾਥੀਆਂ ਨੇ ''ਹਿੰਦੁਸਤਾਨ ਸਮਾਜਵਾਦੀ ਪ੍ਰਜਾਤੰਤਰ ਸੰਘ'' ਦਾ ਘੋਸ਼ਨਾ ਪੱਤਰ ਵੰਡਿਆ ਸੀ। ਉਸ ਵਿਚ ਉਹਨਾਂ ਕਿਹਾ ਸੀ ਕਿ 'ਸਾਡੀ ਲੜਾਈ ਦੋ ਤਰਫਾ ਹੈ ; ਅੰਦਰੂਨੀ ਦੁਸ਼ਮਣ ਨਾਲ ਤੇ ਬਾਹਰੀ ਦੁਸ਼ਮਣ ਨਾਲ।'
ਗਾਂਧੀ ਨੂੰ ਉਹ ਕਰਾਂਤੀ ਦਾ ਅੰਦਰੂਨੀ ਦੁਸ਼ਮਣ ਮੰਨਦੇ ਸਨ। ਇਮਰਸਨ ਦੇ ਨਾਂ ਲਿਖੇ ਗਾਂਧੀ ਦੇ ਉਪਰੋਕਤ ਖ਼ਤ ਤੋਂ ਕੀ ਇਹ ਗੱਲ ਸਿੱਧ ਨਹੀਂ ਹੋ ਜਾਂਦੀ ?
ਜਰਾ ਸੋਚੋ, ਗਾਂਧੀ ਦੇ ਜਿਹੜੇ ਆਦਰਸ਼ਾਂ ਦੀ ਦੁਹਾਈ ਦਿੱਤੀ ਜਾ ਰਹੀ ਹੈ, ਉਹ ਆਦਰਸ਼ ਆਖ਼ਰ ਸੀ ਕੀ? ਸਿੱਧੀ-ਸੱਚੀ ਗੱਲ ਇਹ ਹੈ ਕਿ ਗਾਂਧੀ ਪਰਿਵਾਰ ਰਾਜ-ਭਗਤ ਪਰਿਵਾਰ ਸੀ ਤੇ ਮੋਹਨਦਾਸ ਕਰਮਚੰਦ ਗਾਂਧੀ ਨੂੰ ਵੀ ਆਪਣੇ ਇਸ ਪਰਿਵਾਰ ਤੋਂ ਰਾਜ-ਭਗਤੀ, ਘੁੱਟੀ ਵਿਚ ਮਿਲੀ ਸੀ। ਬ੍ਰਿਟਿਸ਼ ਸਰਕਾਰ ਦੇ ਪ੍ਰਤੀ ਉਸਦੀ ਵਫ਼ਾਦਾਰੀ ਆਖ਼ਰੀ ਦਮ ਤਕ ਬਣੀ ਰਹੀ। ਪਹਿਲਾਂ ਦੱਖਣੀ ਅਫ਼ਰੀਕਾ ਵਿਚ ਤੇ ਫੇਰ ਹਿੰਦੁਸਤਾਨ ਵਿਚ ਉਸਨੇ ਬ੍ਰਿਟਿਸ਼ ਸਾਮਰਾਜ ਦੀ ਮਦਦ ਕਰਕੇ ਰਾਸ਼ਟਰ ਵਿਰੋਧੀ ਅਤੇ ਸ਼ਾਂਤੀ ਵਿਰੋਧੀ ਭੂਮਿਕਾ ਅਦਾ ਕੀਤੀ। ਦੇਸੀ ਵਿਦੇਸ਼ੀ ਸਵਾਰਥੀਆਂ ਦੇ ਝੂਠੇ ਪ੍ਰਚਾਰ ਨੇ ਉਸਨੂੰ 'ਪ੍ਰਮਾਤਮਾਂ' ਤੇ 'ਸ਼ਹੀਦ' ਬਣਾ ਕੇ ਇਤਿਹਾਸ ਦੇ ਇਸ ਸੱਚ ਨੂੰ ਛੁਪਾਇਆ।
ਗਾਂਧੀ ਦੀ ਇਸ ਰਾਸ਼ਟਰ ਵਿਰੋਧੀ ਤੇ ਕਰਾਂਤੀ ਵਿਰੋਧੀ ਭੂਮਿਕਾ ਦੇ ਕਾਰਣ ਦੇਸ਼ ਦੀ ਵੰਡ ਹੋਈ। ਅੱਜ ਸਾਰੇ ਮਹਿਸੂਸ ਕਰ ਰਹੇ ਹਨ ਕਿ ਦੇਸ਼ ਦੀ ਵੰਡ ਇਕ ਘਿਰਣਤ ਅਪਰਾਧ ਸੀ। ਨਾਥੂਰਾਮ ਗੌਡਸੇ ਨੇ ਵੰਡ ਤੋਂ ਪੰਜ ਸਾਢੇ ਪੰਜ ਮਹੀਨੇ ਬਾਅਦ 30 ਜਨਵਰੀ 1948 ਨੂੰ ਬਿਰਲਾ ਭਵਨ ਵਿਚ ਗਾਂਧੀ ਦੀ ਹੱਤਿਆ ਕਰਕੇ ਉਸਨੂੰ ਇਸ ਅਪਰਾਧ ਦੀ ਸਜ਼ਾ ਦਿੱਤੀ ਤੇ ਫਿਰ ਅਦਾਲਤ ਵਿਚ ਦਲੇਰੀ ਨਾਲ ਕਿਹਾ ''ਮੈਂ ਨਹੀਂ ਚਾਹੁੰਦਾ ਸੀ ਕਿ ਉਹ ਵਿਅੱਕਤੀ ਸੁਭਾਵਿਕ ਮੌਤ ਮਰੇ, ਮੈਂ ਉਸਦੀ ਹੱਤਿਆ ਕਰਕੇ ਇਤਿਹਾਸ ਵਿਚ ਪ੍ਰਸ਼ਨ ਚਿੰਨ੍ਹ ਲਾਉਣਾ ਚਾਹੁੰਦਾ ਹਾਂ।''

ਗੌਡਸੇ ਨੇ ਜਾਨ 'ਤੇ ਖੇਡ ਕੇ ਇਤਿਹਾਸ ਵਿਚ ਪ੍ਰਸ਼ਨ ਚਿੰਨ੍ਹ ਲਾਇਆ ਤੇ ਅੰਗਰੇਜ ਦੇ ਦਲਾਲ ਮੋਹਨਦਾਸ ਕਰਮਚੰਦ ਗਾਂਧੀ ਦੀ ਹੱਤਿਆ ਕਰਕੇ ਹੱਸਦਾ ਹੱਸਦਾ ਫਾਂਸੀ ਚੜ੍ਹ ਗਿਆ। ਇਤਿਹਾਸ ਦਾ ਮੂੰਹ ਕਦੋਂ ਤੀਕ ਬੰਦ ਰੱਖਿਆ ਜਾ ਸਕਦਾ ਹੈ। ਆਖ਼ਰ ਉਹ ਬੋਲੇਗਾ ਤੇ ਜਦੋਂ ਉਹ ਬੋਲੇਗਾ, ਤਾਂ ਇਹੀ ਸਵਾਲ ਕਰੇਗਾ---ਕੀ ਗਾਂਧੀ ਸ਼ਹੀਦ ਹੈ ?...
੦੦੦ ੦੦੦ ੦੦੦

No comments:

Post a Comment