Tuesday, February 28, 2012

ਭਗਤ ਸਿੰਘ ਉੱਤੇ ਫਿਲਮਾਂ


ਵਿਸ਼ੇਸ਼ ਮੁਲਾਕਾਤ :

ਹਿੰਦੀ ਤੋਂ ਅਨੁਵਾਦ : ਮਹਿੰਦਰ ਬੇਦੀ, ਜੈਤੋ

(ਭਗਤ ਸਿੰਘ ਉੱਤੇ ਕਈ ਫਿਲਮਾਂ ਬਣ ਚੁੱਕੀਆਂ ਹਨ। ਇਹਨਾਂ ਵਿਚੋਂ ਜਿਹੜੀਆਂ ਤਿੰਨ ਫਿਲਮਾਂ ਮਹੱਤਵਪੂਰਨ ਹਨ, ਉਹਨਾਂ ਦੇ ਨਾਂ ਹਨ—'ਸ਼ਹੀਦ', '23 ਮਾਰਚ, 1931—ਸ਼ਹੀਦ' ਤੇ 'ਦਿ ਲੀਜੇਂਡ ਆਫ ਭਗਤ ਸਿੰਘ'। ਪਹਿਲੀ ਫਿਲਮ ਮਨੋਜ ਕੁਮਾਰ ਦੀ ਸੀ, ਦੂਜੀ ਫਿਲਮ ਦਾ ਨਿਰਦੇਸ਼ਨ ਗੁੱਡੂ ਧਨੋਆ ਨੇ ਕੀਤਾ ਸੀ ਤੇ ਤੀਜੀ ਫਿਲਮ ਰਾਜ ਕੁਮਾਰ ਸੰਤੋਸ਼ੀ ਦੀ ਨਿਰਦੇਸ਼ਤ ਕੀਤੀ ਹੋਈ ਸੀ। ਇਹਨਾਂ ਤਿੰਨਾ ਫਿਲਮਾਂ ਬਾਰੇ ਵਿਸ਼ਣੂ ਖਰੇ ਨਾਲ ਗੱਲਬਾਤ ਪਾਠਕਾਂ ਨੂੰ ਨਾ ਸਿਰਫ ਇਹਨਾਂ ਬਾਰੇ ਬੜਾ ਕੁਝ ਦੱਸੇਗੀ ਬਲਕਿ ਇਹਨਾਂ ਫਿਲਮਾਂ ਦੇ ਬਹਾਨੇ ਭਗਤ ਸਿੰਘ ਦੇ ਵਿਅਕਤੀਤਵ ਤੇ ਦਰਸ਼ਨ ਉੱਤੇ ਵੀ ਰੌਸ਼ਨੀ ਪਾਏਗੀ—ਸੰਪਾਦਕ, ਉਦਭਾਵਨਾ)



ਸੰ. ਪਹਿਲਾ ਸਵਾਲ ਇਹ ਹੈ ਕਿ ਭਗਤ ਸਿੰਘ ਉੱਤੇ ਬਣੀਆਂ ਇਹ ਤਿੰਨੋਂ ਫਿਲਮਾਂ ਕੀ ਰਾਸ਼ਟਰਵਾਦ ਨੂੰ ਭੁਨਾਉਣ (ਆਮ ਆਦਮੀ ਦੀ ਰਾਸ਼ਟਰ-ਭਗਤੀ ਨੂੰ ਹਲੂਣ ਕੇ ਲਾਹਾ ਖੱਟਣ ਦੀ ਨੀਅਤ ਤੇ ਨੀਤੀ-ਅਨੁ.) ਵਿਚ ਮਦਦ ਕਰਦੀਆਂ ਹਨ?

ਖ. ਇਸ ਵਿਚ ਕੋਈ ਸ਼ੱਕ ਨਹੀਂ ਕਿ ਰਾਸ਼ਟਰਵਾਦ ਇਹਨਾਂ ਤਿੰਨਾ ਫਿਲਮਾਂ ਦੀ ਮੌਲਿਕ ਥੀਮ ਹੈ ਤੇ ਇਹਨਾਂ ਤਿੰਨਾਂ 'ਚ ਵੱਖੋ-ਵੱਖ ਮਾਤਰਾ ਵਿਚ ਰਾਸ਼ਟਰਵਾਦ ਨੂੰ ਭੁਨਾਇਆ ਗਿਆ ਹੈ। ਇਹ ਦੇਖਣਾ ਵੀ ਦਿਲਚਸਪ ਹੋਏਗਾ ਕਿ ਇਹਨਾਂ ਤਿੰਨਾ ਨਿਰਦੇਸ਼ਕਾਂ ਦਾ ਚਿੰਤਨ ਕੀ ਹੈ? ਤੁਸੀਂ ਮਨੋਜ ਕੁਮਾਰ ਦੀ ਫਿਲਮ ਸ਼ਹੀਦ ਨੂੰ ਲਓ ਤਾਂ ਇਹ ਦਰਅਸਲ ਮਨੋਜ ਕੁਮਾਰ ਦੀ ਪਹਿਲੀ ਫਿਲਮ ਹੈ, ਜਿਸ ਤੋਂ ਮਨੋਜ ਕੁਮਾਰ ਨੂੰ ਰਾਸ਼ਟਰਵਾਦ ਦਾ ਚਸਕਾ ਲੱਗਿਆ। ਉਸ ਰਾਸ਼ਟਰਵਾਦ ਦੇ ਬਾਅਦ ਆਉਂਦਾ ਹੈ ਅਵਸਰਵਾਦ। ਕਿਉਂਕਿ ਭਗਤ ਸਿੰਘ ਦੀ ਜਨਮਸ਼ਤੀ ਨੇੜੇ ਸੀ ਤੋ ਜਨਮਸ਼ਤੀ ਨੂੰ ਭੁਨਾਉਣ ਦੀ ਗੱਲ ਆਈ। ਅਸਲ ਵਿਚ ਭਗਤ ਸਿੰਘ ਦਾ ਚਰਿੱਤਰ ਹੀ ਰਾਸ਼ਟਰਵਾਦ ਦੀ ਸਮੱਸਿਆ ਖੜ੍ਹੀ ਕਰਦਾ ਹੈ। ਤੇ ਉਸ ਨਾਲੋਂ ਵੱਧ ਸਮੱਸਿਆ ਖੜ੍ਹੀ ਕੀਤੀ ਹੈ ਖ਼ੁਦ ਭਾਰਤ ਦੇ ਇਤਿਹਾਸਕਾਰਾਂ ਨੇ ਤੇ ਭਾਰਤ ਦੀ So-Calld 'ਮੁਖਧਾਰਾ ਰਾਸ਼ਟਰਵਾਦ' ਨੇ ਜੋ ਅਸਲ ਵਿਚ ਕਾਂਗਰਸੀ ਮੁਖਧਾਰਾ ਹੈ। ਭਗਤ ਸਿੰਘ ਦੀ ਤਸਵੀਰ ਸ਼ੁਰੂ ਤੋਂ ਸਿਰਫ ਇਕ ਰਾਸ਼ਟਰਵਾਦੀ ਦੀ ਬਣਾਈ ਗਈ। ਕਾਂਗਰਸੀਆਂ ਨੂੰ ਇਹ ਡਰ ਸੀ ਕਿ ਕਿਤੇ ਲੋਕ ਭਗਤ ਸਿੰਘ ਨੂੰ ਗਾਂਧੀ ਨਾਲੋਂ ਵੱਖ ਕਰਕੇ ਨਾ ਦੇਖਣ ਲੱਗ ਪੈਣ। ਇਕ ਤਰ੍ਹਾਂ ਨਾਲ ਭਗਤ ਸਿੰਘ ਦੇ ਪੂਰੇ ਜੀਵਨ ਤੇ ਕਾਰਜਕਲਾਪ ਨੂੰ ਕਾਂਗਰਸ ਨੇ ਨਿਗਲਣ ਦੀ ਕੋਸ਼ਿਸ਼ ਕੀਤੀ। ਉਸਨੂੰ Neutralise ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। Neutralise ਦਾ ਭਾਵ ਸਾਕਾਰ ਕਰਨ ਤੋਂ ਨਹੀਂ, ਧੁੰਦਲਾਉਣ ਤੋਂ ਹੈ। ਜਿਸਨੂੰ Neuter Gender ਕਹਿੰਦੇ ਹਨ। ਤੋ ਕੋਸ਼ਿਸ਼ ਇਹ ਰਹੀ ਕਿ ਭਗਤ ਸਿੰਘ ਨੂੰ ਸਿਰਫ ਇਕ ਰਾਸ਼ਟਰਵਾਦੀ ਦੇ ਰੂਪ ਵਿਚ ਹੀ ਪੇਸ਼ ਕੀਤਾ ਜਾਵੇ, ਕਿਸੇ ਹੋਰ ਰੂਪ ਵਿਚ ਨਹੀਂ।
ਇਹਨਾਂ ਤਿੰਨਾਂ ਫਿਲਮਾਂ ਵਿਚ ਤਿੰਨ ਪੱਖ ਨੇ। ਪਹਿਲਾ ਪੱਖ ਸ਼ੁੱਧ ਰਾਸ਼ਟਰਵਾਦੀ ਪੱਖ ਹੈ। ਉਸ ਪਿੱਛੋਂ ਜਿਹੜੀ ਗੁੱਡੂ ਧਨੋਆ ਦੀ ਫਿਲਮ ਹੈ ਉਸ ਵਿਚ ਰਾਸ਼ਟਰਵਾਦ ਤਾਂ ਹੈ ਪਰ ਮਨੋਜ ਕੁਮਾਰ ਦੀ ਫਿਲਮ ਪਿੱਛੋਂ ਭਗਤ ਸਿੰਘ ਬਾਰੇ ਕੁਝ ਨਵੇਂ ਤੱਥ ਸਾਹਮਣੇ ਆਏ ਨੇ, ਉਹਨਾਂ ਦਾ ਥੋੜ੍ਹਾ ਮਿਸ਼ਰਣ ਵੀ ਹੈ। ਰਾਜਕੁਮਾਰ ਸੰਤੋਸ਼ੀ ਇਹਨਾਂ ਦੋਵਾਂ ਨਾਲੋਂ ਅੱਗੇ ਵਧ ਕੇ ਭਗਤ ਸਿੰਘ ਦੇ ਵਧੇਰੇ ਵਿਆਪਕ ਪੱਖ ਨੂੰ ਉਜਾਗਰ ਕਰਨ ਦੀ ਕੋਸ਼ਿਸ਼ ਕਰਦਾ ਹੈ।

ਸੰ. ਅਜਯ ਦੇਵਗਨ ਦੀ ਫਿਲਮ ਵਿਚ ਭਗਤ ਸਿੰਘ ਨਾਲ ਸੰਬੰਧਤ ਕੁਝ ਇਤਿਹਾਸਕ ਤੱਥਾਂ ਨੂੰ ਹੂ-ਬ-ਹੂ ਰੱਖ ਲਿਆ ਗਿਆ ਹੈ, ਜਿਵੇਂ ਗਾਂਧੀ ਦੁਆਰਾ ਵਿਰੋਧ, ਭਗਤ ਸਿੰਘ ਨੂੰ ਮਾਰਕਸਵਾਦੀ ਦਿਖਾਉਣਾ ਆਦਿ। ਇਹ ਇਕ ਵੱਡੇ ਬੱਜਟ ਦੀ ਫਿਲਮ ਸੀ, ਫੇਰ ਵੀ ਸੰਤੋਸ਼ੀ ਨੇ ਇੰਜ ਦਿਖਾਉਣ ਦਾ ਹੌਸਲਾ ਕੀਤਾ। ਸੰਤੋਸ਼ੀ ਕੋਈ ਪ੍ਰਗਤੀਸ਼ੀਲ ਵਿਆਕਤੀ ਤਾਂ ਹੈ ਨਹੀਂ, ਫੇਰ ਵੀ ਉਸਨੇ ਅਜਿਹੀ ਫਿਲਮ ਬਣਾਈ। ਉਸਨੂੰ ਕਿਉਂ ਅਜਿਹੀ ਫਿਲਮ ਬਣਾਉਣ ਦੀ ਲੋੜ ਪਈ?

ਖ. ਸੰਤੋਸ਼ੀ ਫਿਲਮ ਦਾ ਪ੍ਰੋਡਿਊਸਰ ਨਹੀਂ। ਪ੍ਰੋਡਿਊਸਰ ਭਗਤ ਸਿੰਘ ਦੇ ਜੀਵਨ ਵਿਚੋਂ ਜੋ ਪੱਖ ਉਘਾੜਨਾ ਜਾਂ ਛੱਡਣਾ ਚਾਹੁੰਦਾ ਸੀ ਜਾਂ ਜਿੰਨੀ ਉਹ Authenticity ਲਿਆਉਣਾ ਚਾਹੁੰਦਾ ਸੀ, ਉਹ ਲੈ ਆਇਆ। ਅਸਲ ਵਿਚ ਪਟਕਥਾ ਦੀ ਚੋਣ ਪ੍ਰੋਡਿਊਸਰ ਦੀ ਸੀ। ਉਹ ਉਸਨੂੰ ਇਵੇਂ ਚੰਗੀ ਲੱਗੀ ਹੋਏਗੀ। ਜਿਹੜਾ ਲੇਖਕ ਹੈ, ਉਹ ਕਮ ਸੇ ਕਮ ਇਸ ਚਰਿੱਤਰ ਪ੍ਰਤੀ ਏਨਾ ਪ੍ਰਤੀਬੱਧ ਜ਼ਰੂਰ ਹੈ ਕਿ ਉਸਨੇ ਉਸ ਨਾਲ ਖਿਲਵਾੜ ਨਹੀਂ ਕੀਤਾ। ਇਹ ਉਹੀ Syndtome ਸੁਮੇਲ ਹੈ, ਜੋ ਰਾਜ ਕਪੂਰ ਤੇ ਖਵਾਜਾ ਅਹਿਮਦ ਅੱਬਾਸ ਵਿਚਕਾਰ ਹੁੰਦਾ ਸੀ। ਜਦੋਂ ਤਕ ਖਵਾਜਾ ਅਹਿਮਦ ਅੱਬਾਸ ਰਾਜ ਕਪੂਰ ਦੇ ਨਾਲ ਰਹੇ ਰਾਜ ਕਪੂਰ ਇਕ ਪ੍ਰਤੀਬੱਧ ਫਿਲਮ ਨਿਰਮਾਤਾ ਵਾਂਗ ਸਾਹਮਣੇ ਆਇਆ। ਜਦੋਂ ਉਹ ਅਲਗ ਹੁੰਦੇ ਨੇ ਤਾਂ ਰਾਜ ਕਪੂਰ ਫੇਰ ਉਸੇ, ਆਪਣੇ 'ਬਰਸਾਤ' ਵਾਲੇ ਪੁਰਾਣੇ ਢੱਰੇ 'ਤੇ ਆ ਜਾਂਦਾ ਹੈ। ਇਕ ਅੱਛੇ ਪਟਕਥਾ ਲੇਖਕ ਵਿਚ ਜੇ ਨੈਤਿਕਤਾ ਹੈ ਤਾਂ ਫੇਰ ਉਹ ਆਪਣੇ ਨਾਲ ਨਿਰਮਾਤਾ ਤੇ ਨਿਰਦੇਸ਼ਕ ਨੂੰ ਵੀ ਲੈ ਤੁਰਦਾ ਹੈ।
ਜਿਹੜੀ ਦੂਜੀ ਫਿਲਮ ਧਰਮਿੰਦਰ ਵਾਲੀ ਹੈ, ਉਹ ਦਰਅਸਲ ਮਨੋਜ ਕੁਮਾਰ ਦੀ ਫਿਲਮ ਦਾ Remake ਹੈ। ਸਾਰੇ Cradits ਉਹਨਾਂ ਨੇ ਮਨੋਜ ਕੁਮਾਰ ਨੂੰ ਦਿੱਤੇ ਨੇ—ਕਹਾਣੀ ਦੇ, ਸੰਵਾਦ ਦੇ, ਇੱਥੋਂ ਤਕ ਕਿ ਗੀਤਾਂ ਦੇ ਵੀ। ਜਿੱਥੋਂ ਤਕ ਮੇਰਾ ਖ਼ਿਆਲ ਹੈ, ਮਨੋਜ ਕੁਮਾਰ ਦੀ ਫਿਲਮ ਦੇ ਗੀਤ ਤੇ ਸੰਗੀਤ ਪ੍ਰੇਮ ਧਵਨ ਦੇ ਨੇ। ਧਵਨ ਦੇ ਗੀਤਾਂ ਨੂੰ 'ਰੰਗ ਦੇ ਬਸੰਤੀ ਚੋਲਾ' ਜਾਂ 'ਪਗੜੀ ਸੰਭਾਲ ਜੱਟਾ' ਜਿਹੜੇ ਦੇਸ਼ ਭਗਤੀ ਜਾਂ ਕਿਸਾਨ ਭਗਤੀ ਦੇ ਪ੍ਰੰਪਰਿਕ ਗੀਤ ਨੇ, ਆਪਣਾ ਕਹਿ ਦੇਣਾ ਵੀ ਤਾਂ ਗ਼ਲਤ ਹੈ। ਗੁੱਡੂ ਧਨੋਆ ਦੀ ਫਿਲਮ ਬਹੁਤੀ ਮਨੋਜ ਕੁਮਾਰ ਦੀ 'ਸ਼ਹੀਦ' ਦੀ Mirror Image ਹੈ। ਕਿਉਂਕਿ ਮਨੋਜ ਕੁਮਾਰ ਦੀ 'ਸ਼ਹੀਦ' ਨਾ ਸਿਰਫ ਰਾਸ਼ਟਰ ਭਗਤੀ ਭਰੀ ਫਿਲਮ ਹੈ ਬਲਕਿ ਉਸ ਵਿਚ ਦੋ ਚੀਜ਼ਾਂ ਨੂੰ ਸੰਤੁਲਿਤ ਰੱਖਿਆ ਗਿਆ ਹੈ, ਜਿਸ ਕਰਕੇ ਉਹ ਫਿਲਮ ਉਸ ਸਮੇਂ ਬੜੀ ਚੱਲੀ। ਇਕ ਤਾਂ ਉਸਨੇ 'ਰੰਗ ਦੇ ਬਸੰਤੀ ਚੋਲਾ', 'ਪਗੜੀ ਸੰਭਾਲ ਜੱਟਾ' ਜਾਂ 'ਸਰਫ਼ਰੋਸ਼ੀ ਕੀ ਤਮੰਨਾ' ਇਹਨਾਂ ਸਾਰੇ ਗੀਤਾਂ ਨੂੰ ਉਹਨਾਂ ਦੀਆਂ ਜਿਹੜੀਆਂ ਪ੍ਰੰਪਰਿਕ ਧੁਨਾ ਨੇ, ਉਹਨਾਂ ਵਿਚ ਰੱਖਿਆ ਹੈ। ਇਕ ਗੱਲ ਹੋਰ ਕੀਤੀ ਹੈ। ਉਸਨੇ ਉਹਨੂੰ ਇਕ ਪਰਿਵਾਰਕ ਫਿਲਮ ਬਣਾਉਣ ਦੀ ਕੋਸ਼ਿਸ਼ ਵੀ ਕੀਤੀ ਹੈ। ਤੁਸੀਂ ਦੇਖਦੇ ਹੋ ਉਸ ਵਿਚ ਮਾਂ, ਬਾਪ, ਪਰਿਵਾਰ ਦੇ ਦ੍ਰਿਸ਼ ਬਹੁਤ ਨੇ, ਦੁਰਗਾ ਭਾਬੀ ਦੇ ਦ੍ਰਿਸ਼ ਬਹੁਤ ਨੇ। ਮਨੋਜ ਕੁਮਾਰ ਦਾ ਫਾਰਮੂਲਾ ਸੀ—ਰਾਸ਼ਟਰ ਤੇ ਘਰ ਪਰਿਵਾਰ। ਇਸ ਵਿਚ ਜਿਹੜਾ ਅਸਲੀ ਭਗਤ ਸਿੰਘ ਹੈ, ਉਸਦੇ ਲਈ ਜਗ੍ਹਾ ਘੱਟ ਤੋਂ ਘੱਟ ਸੀ। ਉਹ ਲਗਭਗ 1950 ਦੀਆਂ ਫਿਲਮਾਂ ਦਾ ਕੋਈ ਵੀ ਹੀਰੋ ਹੋ ਸਕਦਾ ਹੈ। ਉਹ ਦਲੀਪ ਕੁਮਾਰ ਹੋ ਸਕਦਾ ਹੈ ਜਾਂ ਬਲਰਾਜ ਸਾਹਨੀ ਹੋ ਸਕਦਾ ਹੈ। ਬਲਕਿ ਜਦ ਤੁਸੀਂ ਇਹ ਸ਼ਹੀਦ ਦੇਖਦੇ ਓ ਤਾਂ ਤੁਹਾਨੂੰ ਦਲੀਪ ਕੁਮਾਰ ਵਾਲੀ ਪੁਰਾਣੀ 'ਸ਼ਹੀਦ' ਯਾਦ ਆਉਂਦੀ ਹੈ। ਉਸ ਵਿਚ ਦਲੀਪ ਕੁਮਾਰ ਰਾਸ਼ਟਰਵਾਦੀ ਹੁੰਦਾ ਹੈ, ਪਰ ਉਸਦੇ ਨਾਲ ਉਸਦਾ ਪ੍ਰੇਮ ਵੀ ਹੈ ਤੇ ਪਰਿਵਾਰ ਵੀ। ਮਨੋਜ ਕੁਮਾਰ ਕਿਉਂਕਿ ਭਗਤ ਸਿੰਘ ਦੇ ਰੋਲ ਕਰਕੇ ਮਜਬੂਰ ਹੈ, ਸੋ ਪ੍ਰੇਮ ਤਾਂ ਦਿਖਾਅ ਨਹੀਂ ਸਕਦਾ। ਇਸ ਲਈ ਉਸਨੇ ਪ੍ਰੇਮ ਦਾ ਸਮਾਂ ਪਰਿਵਾਰ ਨੂੰ ਸਮਰਪਤ ਕਰ ਦਿੱਤਾ। ਮਨੋਜ ਕੁਮਾਰ ਦੀ ਫਿਲਮ ਦਾ ਫਾਰਮੂਲਾ 'ਰਾਸ਼ਟਰਵਾਦ ਤੇ ਪਰਿਵਾਰ' ਉਸ ਜ਼ਮਾਨੇ ਲਈ ਬੜਾ ਅੱਛਾ ਸੀ। ਉਹ Click ਕਰ ਗਿਆ। ਇਸ ਲਈ ਤੁਸੀਂ ਦੇਖੋਗੇ ਕਿ ਇਹਨਾਂ ਤਿੰਨਾ ਵਿਚੋਂ ਵਪਾਰਕ ਦ੍ਰਿਸ਼ਟੀ ਨਾਲ ਸਭ ਨਾਲੋਂ ਸਫਲ ਫਿਲਮ ਉਹ ਸੀ।

ਸੰ. ਉਸ ਵਕਤ ਚੀਨ ਨਾਲ ਯੁੱਧ ਹੋ ਕੇ ਹਟਿਆ ਸੀ। ਇਸ ਲਈ ਸ਼ਾਇਦ ਦੇਸ਼ ਵਿਚ ਰਾਸ਼ਟਰਵਾਦੀ ਭਾਵਨਾਵਾਂ ਪਹਿਲਾਂ ਹੀ ਮੌਜ਼ੂਦ ਸਨ, ਜਿਹਨਾਂ ਫਿਲਮ ਨੂੰ ਹਿੱਟ ਕਰਨ ਵਿਚ ਕੋਈ ਭੂਮਿਕਾ ਨਿਭਾਈ ਹੋਵੇ—ਤੁਹਾਨੂੰ ਕੀ ਲੱਗਦਾ ਹੈ?

ਖ. ਅਸੀਂ ਲੋਕ ਚੀਨ ਤੋਂ ਹਾਰ ਚੁੱਕੇ ਸਾਂ। ਇਸ ਲਈ 'ਸ਼ਹੀਦ' ਦਾ ਏਡਾ ਵੱਡਾ ਚਰਿੱਤਰ ਬਣਾ ਕੇ, ਜਿਹੜੀ ਆਪਣੀ ਹਾਰ ਦੀ ਭਾਵਨਾ ਹੈ ਸ਼ਾਇਦ ਉਸ ਉੱਤੇ ਥੋੜ੍ਹੀ ਜਿਹੀ ਮਲ੍ਹਮ ਲਾਉਣ ਦੀ ਕੋਸ਼ਿਸ਼ ਕੀਤੀ ਗਈ ਹੋਵੇਗੀ। ਕਿਉਂਕਿ ਇਹ ਨਾ ਭੁੱਲਣਾ ਕਿ ਮਨੋਜ ਕੁਮਾਰ ਮੂਲੋਂ-ਮੁੱਢੋਂ ਇਕ ਨਹਿਰੂਵਾਦੀ ਆਦਮੀ ਹੈ। ਉਹ ਨਹਿਰੂ ਤੋਂ ਬਾਹਰ ਜਾ ਹੀ ਨਹੀਂ ਸਕਦਾ। ਇਹ ਦੋ ਫਿਲਮਾਂ ਜਿਹੜੀਆਂ 2003-2004 ਵਿਚ ਬਣ ਕੇ ਆਈਆਂ ਨੇ, ਜਦਕਿ ਨਹਿਰੂ ਦੀ ਯਾਦ 40 ਸਾਲ ਪੁਰਾਣੀ ਹੋ ਚੁੱਕੀ ਹੈ, ਇਹ ਨਹਿਰੂ ਦੀ ਵਿਅਕਤੀਗਤ ਪੂਜਾ ਤੋਂ ਆਜ਼ਾਦ ਨੇ।

ਸੰ. ਮੈਂ ਫੇਰ ਆਪਣੇ ਸਵਾਲ 'ਤੇ ਆਉਂਦਾ ਹਾਂ ਕਿ 'ਦਿ ਲੀਜੇਂਡ ਆਫ ਭਗਤ ਸਿੰਘ' ਵਰਗੀ ਪ੍ਰਤੀਬੱਧ ਫਿਲਮ ਬਣਾਉਣ ਦੀ ਕੀ ਮਜ਼ਬੂਰੀ ਸੀ?

ਖ. ਅਵੱਲ ਤਾਂ ਇਹ ਕਿ ਉਸ ਵਿਚ ਪ੍ਰਤੀਬੱਧਤਾ ਦੀ ਛੋਹ ਹੈ, ਪੂਰੇ ਤੌਰ 'ਤੇ ਪ੍ਰਤੀਬੱਧ ਫਿਲਮ ਨਹੀਂ ਹੈ ਉਹ। ਪਰ ਮੈਂ ਹੌਲੀ-ਹੌਲੀ ਇਹ ਮੰਨਣ ਲੱਗਿਆ ਹਾਂ ਕਿ 'ਲੀਜੇਂਡ' ਜਿਹੀ ਕਮੋਬੇਸ਼ ਤਾਕਤਵਰ ਪਟਕਥਾ ਨਿਰਦੇਸ਼ਕ ਤੇ ਪ੍ਰੋਡਿਊਸਰ ਦੋਵਾਂ ਨੂੰ Clonvince ਕਰ ਲੈਂਦੀ ਹੈ। ਉਹ ਉਹਨਾਂ ਨੂੰ ਦੱਸਦੀ ਹੈ ਕਿ ਪੂਰਾ ਭਗਤ ਸਿੰਘ ਇਹ ਹੈ। ਅੱਜ ਉਸ ਨੂੰ ਕੱਟ-ਵੱਢ ਕੇ ਪੇਸ਼ ਕਰੋਗੇ ਤਾਂ ਠੀਕ ਨਹੀਂ ਹੋਵੇਗਾ, ਕਿਉਂਕਿ ਹੁਣ 1960 ਵਾਲਾ ਮਨੋਜ ਕੁਮਾਰ ਵਾਲਾ ਮਾਹੌਲ ਨਹੀਂ ਰਿਹਾ। ਹੁਣ ਭਗਤ ਸਿੰਘ ਬਾਰੇ ਨਵੇਂ ਤੱਥ ਸਾਹਵੇਂ ਆ ਚੁੱਕੇ ਨੇ। ਅੱਜ ਜੇ ਤੁਸੀਂ ਭਗਤ ਸਿੰਘ ਦੇ ਮੂਲ ਮਾਰਕਸਵਾਦੀ ਹੋਣ ਦੇ ਤੱਥ ਨੂੰ ਛਿਪਾਓਗੇ ਤਾਂ ਭਾਵੇਂ ਹੀ ਤੁਸੀਂ ਆਮ ਦਰਸ਼ਕ ਨੂੰ ਗੁਮਰਾਹ ਕਰ ਸਕੋ, ਪਰ ਜਿਹੜੇ ਜਾਗਰੁਕ ਦਰਸ਼ਕ ਜਾਂ Critics ਨੇ ਉਹਨਾਂ ਨੂੰ ਤੁਸੀਂ ਨਹੀਂ 'ਬਣਾ' ਸਕਦੇ। ਉੱਥੇ ਤੁਸੀਂ ਪਿਟ ਕੇ ਨਾ ਰਹਿ ਜਾਇਓ, ਸੰਤੋਸ਼ੀ ਦੀ ਫਿਲਮ ਇਹੋ ਅਹਿਤਿਯਾਤ ਵਰਤਦੀ ਹੈ। ਜਿਹੜੀ ਬਾਬੀ ਦਿਓਲ ਵਾਲੀ ਫਿਲਮ ਹੈ, ਉਸ ਵਿਚ ਸਿਰਫ ਇਕ ਜਗ੍ਹਾ ਇਸ਼ਾਰਾ ਹੈ ਸਮਾਜਵਾਦ ਦਾ। ਇਸ ਵਿਚ ਨਿਰਮਾਤਾ ਦੀ ਮਾਨਸਿਕਤਾ ਨੂੰ ਦੇਖੋ। ਦਿਓਲ ਪਰਿਵਾਰ ਓਨਾ ਜੋਖਿਮ (ਰਿਸਕ) ਨਹੀਂ ਲੈਣਾ ਚਾਹੁੰਦਾ। ਇਹ ਨਾ ਭੁੱਲੋ ਕਿ ਧਰਮਿੰਦਰ ਖ਼ੁਦ ਭਾਜਪਾ ਦਾ ਆਦਮੀ ਹੈ। ਦੂਜੀ ਪਤਨੀ ਸਮੇਤ ਉਸਦਾ ਪੂਰਾ ਪਰਿਵਾਰ ਭਾਜਪਾ 'ਚ ਹੈ। ਉਹ ਮਾਰਕਸਵਾਦ ਦੀ ਗੱਲ ਕਿਉਂ ਕਰੇਗਾ? ਗਾਂਧੀ ਤੇ ਨਹਿਰੂ ਨੂੰ ਤਾਂ ਉਹ Condemn ਕਰਵਾ ਸਕਦਾ ਹੈ, ਆਪਣੀ ਫਿਲਮ ਵਿਚ। ਪਰ ਉਹ ਮਾਰਕਸ ਨੂੰ ਕਿੰਜ ਲੈ ਕੇ ਆਵੇਗਾ? ਉੱਥੇ ਉਸਦਾ ਭਾਜਪਾ ਘਰਾਣਾ ਤੇ ਸੋਚ ਨਿਗਾਹ ਰੱਖ ਰਹੇ ਨੇ Script ਉਪਰ।
ਦੇਵਗਨ ਵਾਲੀ ਫਿਲਮ ਤੌਰਾਨੀ ਨੇ ਪ੍ਰੋਡਿਊਸ ਕੀਤੀ ਹੈ ਤੇ ਮੈਂ ਸਮਝਦਾ ਹਾਂ ਕਿ ਉਸਨੇ ਪਟਕਥਾ ਨਾਲ ਵਿਚਾਰਧਾਰਕ ਛੇੜਛਾੜ ਬਿਲਕੁਲ ਨਹੀਂ ਕੀਤੀ। Script ਵਿਚ ਕਈ ਲੱਛਣ ਪ੍ਰਬੁਧਤਾ ਦੇ ਨੇ। ਇਕ ਤਾਂ ਉਸਦੀ ਹਿੰਦੀ ਬੜੀ ਅੱਛੀ ਹੈ। ਕਰਾਂਤੀ, ਸਮਾਜਵਾਦ, ਰੂਸ ਤੇ ਲੇਨਿਨ ਨੂੰ ਲੈ ਕੇ ਜੋ ਸ਼ਬਦ ਇਸਤੇਮਾਲ ਕੀਤੇ ਨੇ, ਉਹ ਠੇਠ ਨੇ। ਉਹਨਾਂ ਵਿਚ ਕੁਝ ਛੁਪਾਇਆ ਨਹੀਂ ਗਿਆ ਹੈ। ਉਹ ਇਹਨਾਂ ਚੀਜ਼ਾਂ ਬਾਰੇ ਇਕ ਸਾਫ-ਸਾਫ ਗੱਲ ਕਰਦੇ ਨੇ। ਸਭ ਨਾਲੋਂ ਪ੍ਰਾਸੰਗਿਕ ਫਿਲਮ ਇਹੋ ਹੈ। ਪਰ ਕੁਝ ਕਾਰਨ ਨੇ ਕਿ ਇਹ ਦੋਵੇਂ ਫਿਲਮਾਂ, ਜਿਹੜੀਆਂ ਤਕਨੀਕੀ ਤੌਰ 'ਤੇ ਮਨੋਜ ਦੀ ਫਿਲਮ ਨਾਲੋਂ ਬਹੁਤ ਬਿਹਤਰ ਨੇ, ਸਫਲ ਨਹੀਂ ਹੋ ਸਕੀਆਂ।

ਸੰ. ਅੱਜ ਦਾ ਨੌਜਵਾਨ ਤਾਂ ਚਾਹੁੰਦਾ ਹੈ ਕਿ ਬੰਬ ਸੁੱਟਿਆ ਹੈ ਤਾਂ ਨੱਸ ਚੱਲੋ। ਉਹ Surrender ਕਦੀ ਨਹੀਂ ਕਰਨਾ ਚਾਹੁੰਦਾ। ਤੁਸੀਂ ਕੀ ਸੋਚਦੇ ਓ?

ਖ. ਮੈਨੂੰ ਲੱਗਦਾ ਹੈ ਕਿ ਸਾਡੇ ਸੁੰਤਤਰਤਾ ਸੰਗ੍ਰਾਮ ਦਾ ਵੱਖਰੇ ਦ੍ਰਿਸ਼ਟੀਕੋਨਾਂ ਨਾਲ ਅਧਿਅਨ ਨਹੀਂ ਕੀਤੀ ਗਿਆ। ਸਾਨੂੰ ਪਤਾ ਹੀ ਨਹੀਂ ਕਿ 1910-1940 ਦੇ ਵਿਚਕਾਰਲੇ ਭਾਰਤੀ ਨੌਜਵਾਨ ਗਾਂਧੀ-ਖੇਮੇ, ਤੇ ਭਗਤ ਸਿੰਘ-ਖੇਮੇ ਜਾਂ ਸੁਭਾਸ਼-ਖੇਮੇ ਬਾਰੇ ਕੀ ਸੋਚਦੇ ਸਨ। 'ਅਗੇਯ' ਤੇ ਯਸ਼ਪਾਲ ਉਹਨੀਂ ਦਿਨੀ ਨੋਜਵਾਨ ਸਨ ਤੇ ਵਿਪਲਵਵਾਦੀ (ਵਿਦਰੋਹੀ) ਸਨ। ਵਧੇਰੇ ਨੌਜਵਾਨ ਹਰ ਯੁਗ ਵਿਚ ਕਰਾਂਤੀ ਹੀ ਚਾਹੁੰਦੇ ਨੇ। ਇਸ ਲਈ ਅੱਜ ਤੁਸੀਂ ਭਾਵੇਂ ਸਹੀ ਹੀ ਇਹ ਦਿਖਾਉਂਦੇ ਹੋ ਕਿ ਭਗਤ ਸਿੰਘ ਨੇ ਬੰਬ ਸਿਰਫ 'ਬੋਲਿਆਂ ਨੂੰ ਸੁਣਾਉਣ ਖਾਤਰ' ਸੁੱਟਿਆ ਸੀ, ਤੋ ਉਹਨਾਂ ਦਾ ਨਿਰਾਸ਼ਾ ਹੋਣਾ ਅਸੁਭਾਵਿਕ ਨਹੀਂ। ਫੇਰ ਬ੍ਰਿਟਿਸ਼ ਹਕੁਮਤ ਸਾਹਮਣੇ ਸ਼ਾਂਤਮਈ ਆਤਮ-ਸਮਰਪਣ ਕਰ ਦੇਣਾ ਵੀ ਦਰਸ਼ਕਾਂ ਨੂੰ ਭਗਤ ਸਿੰਘ ਦੀ ਪ੍ਰਚਲਤ ਤਸਵੀਰ ਨਾਲੋਂ ਤੋੜਦਾ ਹੈ—ਉਹ ਲਗਭਗ ਗਾਂਧੀਵਾਦੀ ਰਣਨੀਤੀ ਹੀ ਹੋ ਜਾਂਦੀ ਹੈ। ਇਸ ਦੇ ਉਲਟ ਤੁਸੀਂ ਐਡਵਰਡ ਪਾਰਕ ਵਿਚ ਆਜ਼ਾਦ ਨੂੰ ਘੇਰਾ, ਤੇ ਉਸਦੀ ਸੰਘਰਸ਼ਮਈ ਮੌਤ ਦੇਖੋ—ਦੇਵਗਨ ਦੀ ਫਿਲਮ ਵਿਚ ਉਹ ਦੇਸ਼ ਦੀ ਇਕ ਮੁੱਠੀ ਮਿੱਟੀ ਚੁੱਕ ਕੇ ਕਹਿੰਦਾ ਹੈ—'ਮਾਂ, ਮੁਆਫ਼ ਕਰੀਂ, ਤੇਰੀ ਇਸ ਤੋਂ ਵੱਧ ਸੇਵਾ ਨਹੀਂ ਕਰ ਸਕਿਆ।' ਉਹ ਫਿਲਮ ਦੇ ਅਤਿ ਭਾਵੁਕ ਛਿਣ ਸਨ। ਭਗਤ ਸਿੰਘ ਦੀ ਫਾਂਸੀ ਤਕ ਸਾਨੂੰ ਓਨਾ ਬੇਚੈਨ ਨਹੀਂ ਕਰਦੀ। ਦਰਅਸਲ ਤਿੰਨੇ ਫਿਲਮਾਂ ਦੇਸ਼ ਭਗਤੀ ਦੀ ਓਪਰੀ ਭਾਵਨਾ ਨੂੰ ਉਤੇਜਿਤ ਕਰਨ ਦੀ ਕੋਸ਼ਿਸ਼ ਕਰਦੀਆਂ ਨੇ। ਉਸਦੀ ਡੂੰਘੀ ਛਾਪ ਲਾ ਸਕਣ ਵਿਚ ਸਫਲ ਨਹੀਂ ਹੁੰਦੀਆਂ। ਇਕ ਫਿਲਮ ਵਿਚ ਭਗਤ ਸਿੰਘ ਦਾ ਇਹ ਕਹਿਣ ਕਿ ਉਹ ਫੇਰ ਜਨਮ ਲੈਣਗੇ, ਦਰਸ਼ਕਾਂ ਨੂੰ ਆਸ਼ਾਵਾਦੀ ਤਸੱਲੀ ਦੇਣ ਦੀ ਬਜਾਏ ਵਿਅੰਗਮਈ ਢੰਗ ਨਾਲ ਨਿਰਾਸ਼ ਹੀ ਕਰਦਾ ਹੋਏਗਾ। ਅਖੌਤੀ ਆਜ਼ਾਦੀ ਨੂੰ 60 ਵਰ੍ਹੇ ਹੋ ਗਏ, ਭਗਤ ਸਿੰਘ ਨੇ ਮੁੜ ਜਨਮ ਨਹੀਂ ਲਿਆ। ਜੇ ਲਿਆ ਵੀ ਹੈ ਤਾਂ ਉਸ ਛਾਪਾਮਾਰ ਕਰਾਂਤੀ-ਗਤੀਵਿਧੀ ਵਿਚ ਲਿਆ ਹੈ ਜਿਹੜੀ ਫਿਲਮ ਨਿਰਮਾਤਾਵਾਂ, ਬੁਰਜਵਾ ਤੇ ਪੇਤੀ-ਬੁਰਜਵਾ ਤੇ ਲਾਲਚੀ ਲੋਕਾਂ ਵਿਚ ਆਤੰਕ ਤੇ ਬਦਲੇ ਦੀ ਭਾਵਨਾ ਨੂੰ ਜਨਮ ਦੇ ਰਹੀ ਹੈ। ਪਿਛਲੇ ਦਸ ਵਰ੍ਹਿਆਂ ਦਾ ਭਾਰਤ ਵਿਚ ਜੋ ਹੋ ਗਿਆ ਹੈ ਉਸ ਵਿਚ ਭਗਤ ਸਿੰਘ ਦੀ ਲੋੜ ਤਾਂ ਬੜੀ ਵੱਡੀ ਹੈ, ਪਰ ਗੁੰਜਾਇਸ਼ ਸਭ ਨਾਲੋਂ ਘੱਟ ਹੈ—ਅੱਜ ਦਾ ਭਗਤ ਸਿੰਘ ਨਕਲੀ ਐਨਕਾਉਂਟਰਾਂ ਵਿਚ ਮਾਰਿਆ ਜਾਏਗਾ।

ਸੰ. ਗਾਂਧੀ ਨਾਲ ਭਗਤ ਸਿੰਘ ਦਾ ਕੀ ਰਿਸ਼ਤਾ ਸੀ? ਕੀ ਉਹ ਹਮੇਸ਼ਾ ਗਾਂਧੀ ਨੂੰ ਪਛਾੜਣ ਦੀ ਫਿਕਰ ਵਿਚ ਰਹਿੰਦੇ ਸਨ?

ਖ. ਭਗਤ ਸਿੰਘ ਜਦੋਂ ਰਾਜਨੀਤੀ ਦੇ ਮੰਚ ਉੱਤੇ ਕਾਰਜਸ਼ੀਲ ਹੋਏ, ਗਾਂਧੀ ਜੀ ਸੱਠ ਵਰ੍ਹਿਆਂ ਦੇ ਹੋ ਚਲੇ ਸਨ। ਭਗਤ ਸਿੰਘ ਦੀ ਫਾਂਸੀ ਦੇ ਸਮੇਂ ਲਗਭਗ 62 ਵਰ੍ਹਿਆਂ ਦੇ ਸਨ। ਉਹ ਭਾਰਤ ਤੇ ਸੰਸਾਰ ਵਿਚ ਆਪਣਾ ਨਾਂ ਬਣਾ ਚੁੱਕੇ ਸਨ। ਭਗਤ ਸਿੰਘ ਵਰਗੇ ਕਰਾਂਤੀ-ਧਰਮੀ ਨੌਜਵਾਨ ਉਹਨਾਂ ਦਾ ਆਦਰ ਜ਼ਰੂਰ ਕਰਦੇ ਸਨ ਪਰ ਉਹਨਾਂ ਦੇ ਅਹਿੰਸਾਵਾਦੀ ਤੌਰ-ਤਰੀਕਿਆਂ ਤੋਂ ਅਸੰਤੁਸ਼ਟ ਸਨ—ਬਲਕਿ ਦੋਵਾਂ ਦੀ ਵਿਚਾਰਧਾਰਾ ਵਿਚ ਇਹੋ ਮੁੱਢਲਾ ਫਰਕ ਸੀ। ਕਹਿਣਾ ਮੁਸ਼ਕਲ ਹੈ ਹਥਿਆਰਬੰਦ ਕਰਾਂਤੀ ਵਧੇਰੇ ਲੋਕ ਪ੍ਰਸਿੱਧ ਸੀ ਜਾਂ ਅਹਿੰਸਾ, ਪਰ ਕਰਾਂਤੀਕਾਰੀ ਗਤੀ-ਵਿਧੀਆਂ ਜਨਤਾ, ਵਿਸ਼ੇਸ਼ ਤੌਰ 'ਤੇ ਨੌਜਵਾਨਾਂ ਦੀ ਕਲਪਨਾ ਨੂੰ ਵਧੇਰੇ ਉਡਾਨ ਦੇਂਦੀਆਂ ਸਨ। ਭਗਤ ਸਿੰਘ ਦਾ ਕੋਈ ਗਾਂਧੀ ਵਿਰੋਧੀ ਭਾਸ਼ਣ ਨਹੀਂ ਮਿਲਦਾ—ਤੇ ਨਾ ਹੀ ਕੋਈ ਗਾਂਧੀ ਸਮਰਥਕ ਭਾਸ਼ਣ ਮਿਲਦਾ ਹੈ। ਭਗਤ ਸਿੰਘ, ਆਜ਼ਾਦ, ਬਿਸਮਿਲ, ਅਸ਼ਫਾਕਉੱਲਾ ਤੇ ਹੋਰ ਕਰਾਂਤੀਕਾਰੀਆਂ ਨੂੰ ਗਾਂਧੀ ਦੀ ਚਿੰਤਾ ਜਾਂ ਉਹਨਾਂ ਤੋਂ ਕੋਈ ਡਰ ਨਹੀਂ ਸੀ। ਗਾਂਧੀ ਭਾਵੇਂ ਹਥਿਆਰਬੰਦ ਕਰਾਂਤੀਕਾਰੀਆਂ ਤੋਂ ਅਸੁਰਕਸ਼ਾ ਮਹਿਸੂਸ ਕਰਦੇ ਰਹੇ ਹੋਣ।

ਸੰ. ਇਕ ਅਧਿਅਨ ਕਰਤਾ ਦੇ ਰੂਪ ਵਿਚ ਭਗਤ ਦਾ ਚਰਿੱਤਰ ਇਹਨਾਂ ਫਿਲਮਾਂ ਨੇ ਨਹੀਂ ਉਘਾੜਿਆ?

ਖ. ਇਹ ਤਿੰਨੇ ਫਿਲਮਾਂ ਭਗਤ ਸਿੰਘ ਦੇ ਇੰਟੇਲੈਕਟ ਨੂੰ ਜਾਂ ਤਾਂ ਜਾਣਦੀਆਂ ਹੀ ਨਹੀਂ ਜਾਂ ਉਸ ਤੋਂ ਪ੍ਰਹੇਜ ਕਰਦੀਆਂ ਨੇ। ਅਜਿਹੇ ਨਿਰਮਾਤਾ-ਨਿਰਦੇਸ਼ਕਾਂ ਪਟਕਥਾ-ਲੇਖਕਾਂ ਤੋਂ ਤੁਸੀਂ ਉਮੀਦ ਵੀ ਕੀ ਕਰ ਸਕਦੇ ਹੋ? ਜੇ ਤੁਸੀਂ ਭਗਤ ਸਿੰਘ ਦੀ ਜੇਲ੍ਹ ਡਾਇਰੀ ਦੇਖੋ ਤਾਂ ਤੁਹਾਨੂੰ ਉਹਨਾਂ ਦੀ ਰੀਡਿੰਗ-ਲਿਸਟ 'ਤੇ ਹੈਰਾਨੀ ਹੋਏਗੀ। ਉਸ ਵਿਚ ਮਾਰਕਸ, ਏਂਗੇਲਸ, ਲੇਨਿਨ, ਰੂਸੋ, ਬਟ੍ਰੈਂਡ ਰਸੇਲ, ਜਾਰਜ ਬਰਨਾਰਡ ਸ਼ਾ, ਨੀਤਸੇ ਆਦਿ ਦੇ ਉਦਹਾਰਣ ਨੇ। ਅਮਰੀਕਾ ਅਰਥ ਵਿਵਸਥਾ ਉੱਤੇ ਟਿੱਪਣੀਆਂ ਨੇ, ਅਨੇਕਾਂ ਕਾਵਿਕ ਪੰਗਤੀਆਂ ਨੇ। ਸ਼ਾਇਦ ਜਵਾਹਰਲਾਲ ਨਹਿਰੂ ਦੇ ਕੁਝ ਪੱਤਰਾਂ ਵਿਚ ਹੀ ਅਜਿਹੇ ਤੇ ਏਨੇ ਜ਼ਿਕਰ ਨੇ। 1947 ਵਿਚ ਭਗਤ ਸਿੰਘ ਸਿਰਫ 40 ਵਰ੍ਹਿਆਂ ਦੇ ਹੁੰਦੇ, ਪਰ 'ਆਜ਼ਾਦ' ਭਾਰਤ ਦੇ 'ਨੇਤਾਵਾਂ' ਨੂੰ ਕਰੜੀ ਟੱਕਰ ਦੇ ਰਹੇ ਹੁੰਦੇ।
ਦਰਅਸਲ ਬੰਬ ਸੁੱਟ ਕੇ ਗ੍ਰਿਫਤਾਰ ਹੋ ਜਾਣਾ ਭਗਤ ਸਿੰਘ ਦੇ ਮਨੋਵਿਗਿਆਨ ਨੂੰ ਲੈ ਕੇ ਸਾਡੇ ਸਾਹਵੇਂ ਕਈ ਪ੍ਰਸ਼ਨ ਖੜ੍ਹੇ ਕਰਦਾ ਹੈ। ਭਗਤ ਸਿੰਘ ਠੀਕ ਹੀ ਕਹਿੰਦੇ ਸਨ ਕਿ ਫਰਜੀ ਆਜ਼ਾਦੀ ਲੈ ਕੇ ਕੁਝ ਨਹੀਂ ਹੋਵੇਗਾ, ਗੋਰਿਆਂ ਦੀ ਜਗ੍ਹਾ ਭੂਰੇ ਹਾਕਮ ਆ ਜਾਣਗੇ। ਫੇਰ ਉਹਨਾਂ ਨੇ ਸ਼ਹਾਦਤ ਦਿੱਤੀ ਹੀ ਕਿਉਂ? ਉਹਨਾਂ ਨੇ ਇਹ ਕਿਉਂ ਨਹੀਂ ਸੋਚਿਆ ਕਿ ਉਹਨਾਂ ਦੀ ਫਾਂਸੀ ਦੇ ਬਾਅਦ ਦੇਸ਼ ਦੇ ਲੱਖਾਂ ਨੌਜਵਾਨ ਉਹਨਾਂ ਦੇ ਰਸਤੇ ਦੇ ਕਾਯਲ ਹੋ ਜਾਣਗੇ? ਉਹਨਾਂ ਨੇ ਇਤਿਹਾਸ ਨੂੰ ਇਕ ਸਰਲ ਰੇਖਾ ਦੇ ਰੂਪ ਵਿਚ ਲਿਆ। ਬ੍ਰਿਟਿਸ਼ ਸਰਕਾਰ ਇਕ ਪਾਸੇ ਇਹ ਜਾਣਦੀ ਸੀ ਕਿ ਭਾਰਤੀ ਜਨਤਾ ਰੂਸੀ ਜਾਂ ਬੋਲਸ਼ੇਵਿਕ ਕਰਾਂਤੀ ਤੋਂ, ਇੱਥੋਂ ਤਕ ਕਿ ਸਮਾਜਵਾਦੀ ਦਰਸ਼ਨ ਤੋਂ, ਲਗਭਗ ਅਣਜਾਣ ਹੈ ਤੇ ਦੂਜੇ ਪਾਸੇ ਇਹ ਜਾਣਦੀ ਸੀ ਕਿ ਗਾਂਧੀ ਭਾਰਤੀ ਜਨਤਾ ਉੱਤੇ ਕਿਤੇ ਵਧ ਛਾਇਆ ਹੋਇਆ ਹੈ। ਆਪਣੀ ਮੌਤ ਨਾਲ ਜਿਸ ਦੇਸ਼ ਵਿਆਪੀ ਪ੍ਰਭਾਵ ਦੀ ਉਮੀਦ ਭਗਤ ਸਿੰਘ ਨੂੰ ਸੀ ਉਹ ਪੂਰੀ ਨਹੀਂ ਹੋਈ। ਉਲਟਾ ਸ਼ਾਇਦ ਕਰਾਂਤੀਕਾਰੀ ਗਤੀ-ਵਿਧੀਆਂ ਵਿਚ ਉਤਾਰ ਜਿਹਾ ਆ ਗਿਆ। ਜੇ ਫਰਾਂਸੀਸੀ ਰਾਜ-ਕਰਾਂਤੀ ਦੇ ਕਰਾਂਤੀਕਾਰੀ ਜਾਂ ਬੋਲਸ਼ੇਵਿਕ ਕਰਾਂਤੀਕਾਰੀ ਇਸ ਉਮੀਦ ਵਿਚ ਆਤਮ ਸਮਰਪਣ ਕਰ ਦਿੰਦੇ ਕਿ ਉਹਨਾਂ ਦੀ ਫਾਂਸੀ ਨਾਲ ਕਰਾਂਤੀ ਪ੍ਰਚੰਡ ਹੋਵੇਗੀ ਤਾਂ ਉਸ ਨਾਲੋਂ ਗ਼ਲਤ ਸ਼ਾਇਦ ਹੋਰ ਕੁਝ ਨਾ ਹੁੰਦਾ। ਇਕ ਸ਼ਾਕਾਹਾਰੀ ਬੰਬ ਸੁੱਟਣ ਤੇ ਗ੍ਰਿਫਤਾਰੀ ਦੇਣ ਪਿੱਛੇ ਸ਼ਾਇਦ ਭਗਤ ਸਿੰਘ ਉੱਤੇ ਗਾਂਧੀ ਦੀ ਕਾਰਜ-ਸ਼ੈਲੀ ਦਾ ਪ੍ਰਭਾਵ ਸੀ। ਭਗਤ ਸਿੰਘ ਦੀ ਸ਼ਹਾਦਤ ਨੇ ਉਹਨਾਂ ਨੂੰ ਇਕ ਅਮਰ ਬਲਿਦਾਨੀ ਤਾਂ ਬਣਾ ਦਿੱਤਾ, ਪਰ ਉਸਨੇ ਕਿਸੇ ਦੇਸ਼-ਵਿਆਪੀ ਸ਼ਸ਼ਤਰ-ਅੰਦੋਲਨ ਨੂੰ ਜਨਮ ਨਹੀਂ ਦਿੱਤਾ। ਕਮਿਊਨਿਸਟਾਂ ਨੇ ਵੀ ਉਹਨਾਂ ਨੂੰ ਨਹੀਂ ਅਪਣਾਇਆ। ਫੇਰ ਯੂਰਪ ਵਿਚ ਹਿਟਲਰ ਦੇ ਆਉਣ ਪਿੱਛੋਂ ਬ੍ਰਿਟਿਸ਼ ਹੁਕਮਰਾਨਾ, ਕਮਿਊਨਿਸਟਾਂ ਤੇ ਗਾਂਧੀ ਆਦਿ ਵਿਚਕਾਰ ਇਕ ਨਵਾਂ ਤੇ ਵਚਿੱਤਰ ਆਪਸੀ ਸਮਝੌਤਾ ਪੈਦਾ ਹੋ ਗਿਆ। ਗਾਂਧੀ ਦੇ ਸ਼ਾਂਤੀਪੂਰਨ ਅੰਦੋਲਨ ਨੂੰ ਹੀ ਅੱਗੇ ਲਾਉਣਾ ਤੇ ਵਧਾਉਣਾ ਹੀ ਸਭਨਾਂ ਨੇ ਸੁਖਾਲਾ ਤੇ ਲਾਭਵੰਤ ਮੰਨਿਆਂ। ਜਦੋਂ 1947 ਵਿਚ ਆਜ਼ਾਦੀ ਹਾਸਲ ਹੋਈ ਤਾਂ ਉਸਦਾ ਸਿਹਰਾ ਗਾਂਧੀ-ਨਹਿਰੂ ਦੇ ਵੱਝਿਆ। ਭਗਤ ਸਿੰਘ, ਸੁਭਾਸ਼ ਬੋਸ, ਬਿਸਮਿਲ, ਆਜ਼ਾਦ ਤੇ ਹੋਰ ਕਈ ਸ਼ਹੀਦਾਂ ਨੂੰ ਪੂਜਣਯੋਗ ਤਾਂ ਬਣਾ ਦਿੱਤਾ ਗਿਆ, ਪਰ ਉਹਨਾਂ ਨੂੰ ਵੀ ਕਾਂਗਰਸ ਦੀ ਵੱਡੀ ਮੁਹਿੰਮ ਦੀ ਇਕ ਬਾਗ਼ੀ ਟੁਕੜੀ ਦੇ ਰੂਪ ਵਿਚ ਵਿਖਾਲਿਆ ਜਾਂਦਾ ਰਿਹਾ। ਉਹਨਾਂ ਦਾ ਪਾਲਤੂਕਰਣ ਹੋਇਆ, ਕਮਿਊਸਟਾਂ ਦਾ ਵੀ। ਭਗਤ ਸਿੰਘ ਉੱਤੇ ਸਿਰਫ ਇਕ 'ਬਾਯੋਪਿਕ' (ਜੀਵਨ ਚਿੱਤਰ) ਬਣਾਉਣ ਨਾਲ ਕੰਮ ਨਹੀਂ ਚੱਲੇਗਾ, ਉਹਨਾਂ ਉੱਤੇ ਜਿਹੜੀ ਫਿਲਮ ਬਣੇਗੀ ਉਸਨੂੰ 'ਸਾਈਕੇਪਿਕ' (ਮੋਨੋਲੋਕ ਚਿੱਤਰ) ਤੇ 'ਪੋਲਿਇਸਟਰੀਪਿਕ' (ਰਾਜਨੀਤੀਹਾਸਕ ਫਿਲਮ) ਵੀ ਹੋਣਾ ਪਏਗਾ।

ਸੰ. ਕੀ ਸੁਭਾਸ਼ ਚੰਦਰ ਬੋਸ ਦੇ ਉੱਭਰਣ ਨਾਲ ਭਗਤ ਸਿੰਘ ਦਾ ਰੁਤਬਾ ਘੱਟ ਹੋਇਆ?

ਖ. ਨੌਜਵਾਨਾਂ ਉੱਤੇ ਭਗਤ ਸਿੰਘ ਨਾਲੋਂ ਵੱਧ ਬੋਸ ਦਾ ਅਸਰ ਹੋਇਆ। ਅਸਲ ਵਿਚ ਉਹਨਾਂ ਦੇ ਭੱਜਣ ਤੇ ਜਰਮਨੀ ਜਾ ਕੇ ਇਕ ਬੜੇ ਵੱਡੇ ਕਰਾਂਤੀਕਾਰੀ Clamorous figure ਵਿਚ ਤਬਦੀਲ ਹੋ ਜਾਣ ਨੇ ਭਗਤ ਸਿੰਘ ਦੇ ਅਸਰ ਨੂੰ ਘੱਟ ਕੀਤਾ। ਹੁਣ ਤੁਸੀਂ ਦੇਖੋ ਕਿ ਭਾਰਤੀ ਮਾਨਸ ਨੂੰ ਜਦੋਂ ਜਰਮਨੀ ਤੋਂ 'ਨੇਤਾਜੀ' ਦੀ ਆਵਾਜ਼ ਸੁਣਾਈ ਦੇ ਰਹੀ ਹੈ, ਉਹ ਆਦਮੀ ਹਿਟਲਰ ਨਾਲ ਮਿਲਿਆ ਹੋਇਆ ਹੈ, ਹਿਟਲਰ ਜਿਸਨੇ ਕਿ ਅੰਗਰੇਜ਼ਾਂ ਦੀ ਨੱਕ ਵਿਚ ਦਮ ਕੀਤਾ ਹੋਇਆ ਹੈ, ਉਸਨੇ ਉੱਥੇ ਹੀ ਇਕ ਹਿੰਦੁਸਤਾਨੀ ਫੌਜ ਬਣਾ ਲਈ ਹੈ—ਤੋ ਇਸਦਾ ਡੂੰਘਾ ਅਸਰ ਭਾਰਤੀ ਜਨਤਾ 'ਤੇ ਪੈਣਾ ਹੀ ਸੀ। 'ਤੁਸੀਂ ਮੈਨੂੰ ਖ਼ੂਨ ਦਿਓ, ਮੈਂ ਤੁਹਾਨੂੰ ਆਜ਼ਾਦੀ ਦਿਆਂਗਾ'—ਇਹ ਭਗਤ ਸਿੰਘ ਦੀ ਪ੍ਰੰਪਰਾ ਦਾ ਹੀ ਨਾਅਰਾ ਸੀ, ਪਰ ਆਜ਼ਾਦ ਹਿੰਦ ਫੌਜ ਬਣਾਉਣ ਤੇ ਉਸਦੇ ਕਾਰਨਾਮਿਆਂ ਨੇ ਭਗਤ ਸਿੰਘ ਦੇ ਅਕਰਖਣ ਨੂੰ ਅਤਿ ਸੀਮਿਤ ਕਰ ਦਿੱਤਾ।
1931 ਤੋਂ ਬਾਅਦ ਵਾਲਾ ਜਿਹੜਾ ਸ਼ਹੀਦ ਭਗਤ ਸਿੰਘ ਹੈ, ਉਸਨੂੰ ਜਨਤਾ ਦੀ ਕਲਪਨਾ ਵਿਚ ਜਾਣ ਦਾ ਮੌਕਾ ਹੀ ਨਹੀਂ ਮਿਲਿਆ। ਸ਼ਹੀਦ ਹੋਇਆ ਉਹ, ਕੁਬਾਨੀ ਦਿੱਤੀ ਉਸਨੇ—ਪਰ ਉਸਦੇ ਏਜੰਡੇ ਨੂੰ ਜਾਣ-ਅਣਜਾਣੇ ਬੋਸ ਨੇ ਸ਼ਬਦ ਬ ਸ਼ਬਦ ਹਾਈ ਜੈਕ ਕਰ ਲਿਆ—ਕਮਿਊਨਿਸਟਾਂ ਨੇ ਨਹੀਂ ਕੀਤਾ। ਬੋਸ ਕਮਿਊਨਿਸਟ ਨਹੀਂ ਸੀ। ਜਿਸ ਰਾਸ਼ਟਰਵਾਦ ਦੀ ਤੁਸੀਂ ਗੱਲ ਕਰ ਰਹੇ ਸੀ, ਉਸਦਾ ਫਾਇਦਾ ਉਠਾਇਆ ਬੋਸ ਨੇ। ਉਹਨਾਂ ਨੂੰ ਪਤਾ ਸੀ ਕਿ ਕਮਿਊਨਿਜ਼ਮ ਤੋਂ ਫ਼ਿਲਹਾਲ ਭਾਰਤੀ ਜਨਤਾ ਪ੍ਰਭਾਵਿਤ ਨਹੀਂ ਹੋਵੇਗੀ। ਕਮਿਊਨਿਸਟਾਂ ਨੂੰ ਨਾਲ ਲੈਣਾ ਉਹਨਾਂ ਨੂੰ ਇਸ ਲਈ ਵੀ ਬੇਕਾਰ ਲੱਗਿਆ ਕਿ ਉਦੋਂ ਰੂਸੀ ਤੇ ਅੰਗਰੇਜ਼ ਰਲ ਚੁੱਕੇ ਸਨ ਤੇ ਬੋਸ ਨੂੰ ਲੱਗ ਰਿਹਾ ਸੀ ਕਿ ਇਹ ਦੋਵੇਂ ਰਲ ਕੇ ਸਾਡੇ ਰਾਸ਼ਟਰਵਾਦ ਨੂੰ ਦਬਾਉਣਗੇ। ਦੂਜੀ ਸੰਸਾਰ ਜੰਗ ਵੈਸੇ ਵੀ ਸਾਰੀ ਜਨਤਾ ਦਾ ਧਿਆਨ ਵੰਡ ਚੁੱਕੀ ਸੀ। ਇਹ ਜੰਗ ਖਤਮ ਹੋਈ 1945 ਵਿਚ, ਤੇ ਸਾਨੂੰ ਆਜ਼ਾਦੀ ਮਿਲਦੀ ਹੈ ਉਸ ਤੋਂ ਦੋ ਸਾਲ ਬਾਅਦ।
ਇਸ ਦੌਰਾਨ 1942 ਦਾ 'ਭਾਰਤ ਛੱਡੋ ਅੰਦੋਲਨ' ਵੀ ਜਨਤਾ ਨੂੰ ਕਾਫੀ Mobilize ਕਰਦਾ ਹੈ। ਗਾਂਧੀ ਦਾ ਅੰਦੋਲਨ ਕਦੀ ਵੀ ਪੂਰੀ ਤਰ੍ਹਾਂ ਅਹਿੰਸਕ ਨਹੀਂ ਰਿਹਾ, ਬ੍ਰਿਟਿਸ਼ ਲੋਕ ਤਾਂ ਹਿੰਸਾ ਕਰਦੇ ਹੀ ਰਹੇ, ਉਸਦਾ Retaliation ਘੱਟ ਹੋਇਆ ਹੋਵੇਗਾ, ਪਰ ਹਿੰਸਾ ਹਮੇਸ਼ਾ ਹੀ ਰਹੀ। ਛੋਟੀਆਂ-ਮੋਟੀਆਂ ਕਰਾਂਤੀਕਾਰੀ ਗਤੀਵਿਧੀਆਂ ਵੀ ਸਨ। ਪਰ ਕੁਲ ਮਿਲਾ ਕੇ ਅੰਗਰੇਜ਼ ਗਾਂਧੀ ਨੂੰ ਰਿਆਇਤ 'ਤੇ ਰਿਆਇਤ ਦੇਂਦੇ ਰਹੇ ਸਨ। ਉਹ ਦੇਖ ਚੁੱਕੇ ਸਨ ਕਿ ਭਗਤ ਸਿੰਘ ਦੀ ਲੋਕ-ਪ੍ਰਸਿੱਧੀ ਇਕ ਰਾਸ਼ਟਰੀ ਨੇਤਾ ਦੀ ਨਹੀਂ, ਇਕ ਨਾਇਕ ਦੀ ਹੈ।
ਭਗਤ ਸਿੰਘ ਨੂੰ ਇਸ ਦੇਸ਼ ਦੀ ਜਨਤਾ ਇਕ ਮੂਰਤੀ ਜਾਂ ਚਿੱਤਰ ਬਣਾ ਕੇ ਪੂਜਣ ਤਾਂ ਲੱਗ ਪਈ ਹੈ, ਉਸਦੀਆਂ ਲੀਹਾਂ 'ਤੇ ਨਹੀਂ ਚੱਲ ਰਹੀ। ਦੇਸ਼ ਦੀ ਜਨਤਾ ਨੇ ਆਪਣੇ ਮਨੋ-ਲੋਕ ਵਿਚ ਦੋ ਰਖ਼ਣੇ ਬਣਾ ਲਏ ਸਨ—ਜਿਸ ਵਿਚੋਂ ਇਕ ਵਿਚ ਭਗਤ ਸਿੰਘ ਨੂੰ ਸ਼ਹੀਦ, ਤੇ ਦੂਜੇ ਵਿਚ ਗਾਂਧੀ ਨੂੰ ਰਾਸ਼ਟਰ ਪਿਤਾ ਬਣਾ ਕੇ ਬਿਠਾਲ ਲਿਆ ਗਿਆ।

ਸੰ. 1931 ਵਾਲੀ ਫਿਲਮ ਵਿਚ ਤੱਥਾਂ ਨਾਲ ਖਿਲਵਾੜ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਭਗਤ ਸਿੰਘ ਤੋਂ ਅੰਤ ਵਿਚ ਕਹਾਇਆ ਗਿਆ ਹੈ ਕਿ 'ਮੈਂ ਫੇਰ ਜਨਮ ਲਵਾਂਗਾ'! ਦੂਜਾ ਇਕ ਜਗ੍ਹਾ ਪਸਤੌਲ 'ਚੋਂ ਗੋਲੀ ਚਲਾ ਕੇ ਭਗਤ ਸਿੰਘ ਨੂੰ ਰਾਵਣ ਦੇ ਪੁਤਲੇ ਦਾ ਦਹਨ ਕਰਦਿਆਂ ਦਿਖਾਇਆ ਗਿਆ ਹੈ। ਜਿੱਥੋਂ ਤਕ ਮੈਂ ਪੜ੍ਹਿਆ ਹੈ, ਉਸਦੇ ਜੀਵਨ ਵਿਚ ਅਜਿਹੇ ਪ੍ਰਸੰਗ ਨਹੀਂ ਮਿਲਦੇ। ਇੰਜ ਕਿਉਂ ਕੀਤਾ ਗਿਆ ਹੈ? ਜਰਮਨ ਇਤਿਹਾਸਕਾਰ ਵਿਲਹੇਲਮ ਹਿਲਥੇ ਨੇ ਕਿਹਾ ਸੀ ਕਿ ਮਨੁੱਖ ਸਿਰਫ ਆਪਣੇ ਇਤਿਹਾਸ ਦੀ ਪਿੜ ਵਿਚ ਲੱਥ ਕੇ ਹੀ ਖ਼ੁਦ ਨੂੰ ਜਾਣ ਸਕਦਾ ਹੈ। ਇਸ ਲਈ ਅਤੀਤ ਨੂੰ ਤੋੜਨਾ-ਮਰੋੜਨਾ, ਉਹ ਵੀ ਆਰਥਕ ਜਾਂ ਰਾਜਨੀਤਕ ਲਾਭ ਲਈ, ਮਨੁੱਖਤਾ ਦੀ ਨਿਰਾਦਰੀ ਦਾ ਇਕ ਗੰਭੀਰ ਮਸਲਾ ਹੈ। ਕੀ ਤੁਹਾਨੂੰ ਲੱਗਦਾ ਹੈ ਕਿ ਫ਼ਿਲਮ ਵਾਲਿਆਂ ਨੇ ਭਗਤ ਸਿੰਘ ਦੇ ਇਤਿਹਾਸ ਨਾਲ ਅਜਿਹਾ ਹੀ ਸਲੂਕ ਕੀਤਾ ਹੈ?

ਖ. ਅਜਿਹੀ ਫਿਲਮ ਦੀ ਸਮੱਸਿਆ ਹਮੇਸ਼ਾ ਇਹੋ ਹੁੰਦੀ ਹੈ ਕਿ ਤੁਸੀਂ ਕਦੀ ਵੀ ਉਸਨੂੰ ਇਕ ਜ਼ਿੰਦਗੀ ਦੇ ਹੂ-ਬ-ਹੂ ਨਹੀਂ ਬਣਾ ਸਕਦੇ। ਫਿਲਮ ਮਾਧਿਅਮ ਰਾਹੀਂ ਇਹ ਤਵੱਕੋ (ਉਮੀਦ) ਕਰਨਾ ਕਿ ਜਿਹੋ ਜਿਹੀ ਜ਼ਿੰਦਗੀ ਕਿਸੇ ਇਤਿਹਾਸਕ ਕਥਾ ਨਾਇਕ ਦੀ ਸੀ, ਉਸ ਉੱਤੇ ਪੂਰੀ ਫਿਲਮ ਕੋਈ ਬਣਾਏਗਾ, ਇੰਜ ਹੋਣ ਸੰਭਵ ਨਹੀਂ। ਆਖ਼ਰ ਤਾਂ ਫਿਲਮ ਇਕ ਕਲਾ ਕ੍ਰਿਤ ਹੁੰਦੀ ਹੈ ਤੇ ਕਲਾ ਦੀਆਂ ਕੁਝ ਸ਼ਰਤਾਂ ਮੰਨਣੀਆਂ ਪੈਣਗੀਆਂ ਨੇ, ਵਰਨਾ ਡਾਕੂਮੈਂਟਰੀ ਤੇ ਫੀਚਰ ਫਿਲਮ ਵਿਚ ਕੋਈ ਅੰਤਰ ਨਹੀਂ ਰਹਿ ਜਾਏਗਾ। ਤਿੰਨਾਂ ਫਿਲਮਾਂ ਵਿਚ ਬੜੀ Liberty ਲਈ ਗਈ ਹੈ, ਇਤਿਹਾਸ 'ਚੋ। ਪਰ ਸਵਾਲ ਇਤਿਹਾਸ ਦੇ Distortion ਦਾ ਹੀ ਨਹੀਂ ਹੈ। ਇੱਥੇ ਭਗਤ ਸਿੰਘ ਨੂੰ ਇਸ ਦੁਚਿੱਤੀ ਵਿਚ ਪੇਸ਼ ਕੀਤਾ ਜਾ ਰਿਹਾ ਹੈ ਕਿ ਉਹ ਜਨਤਾ ਨੂੰ ਪ੍ਰੇਰਿਤ ਕਰੇ ਜਾਂ ਬਾਕਸ ਆਫਿਸ ਨੂੰ ਪ੍ਰੇਰਿਤ ਕਰੇ। ਜੇ ਬਾਕਸ ਆਫਿਸ ਵੱਲ ਧਿਆਨ ਕਰਾਂਗੇ ਤਾਂ ਤੁਹਾਨੂੰ ਕਈ ਚੀਜ਼ਾਂ ਅਜਿਹੀਆਂ ਪਾਉਣੀਆਂ ਪੈਣਗੀਆਂ ਜਿਹੜੀਆਂ ਇਤਿਹਾਸ ਵਿਚ ਕਿਤੇ ਹੈ ਹੀ ਨਹੀਂ। ਇਤਰਾਜ਼ ਉਦੋਂ ਤੀਕ ਨਹੀਂ ਹੋ ਸਕਦਾ ਜਦੋਂ ਤੀਕ ਕੋਈ ਇਤਿਹਾਸ ਨੂੰ Fundamentally distort ਨਾ ਕਰੇ। ਜੋ ਭਗਤ ਸਿੰਘ ਨੇ ਸੋਚਿਆ ਨਹੀਂ, ਵਿਚਾਰਿਆ ਨਹੀਂ, ਕਿਹਾ ਨਹੀਂ ਉਸਨੂੰ ਜੇ ਉਸਦੇ ਮੂੰਹ ਵਿਚ ਪਾ ਦਿੱਤਾ ਜਾਏ ਤਾਂ ਉਹ Distortion ਹੈ। ਤੁਸੀਂ ਜਿਹੜੀ ਅਗਲੇ ਜਨਮ ਦੀ ਗੱਲ ਆਖੀ, ਤਾਂ ਇਹ Distortion ਹੈ। ਇਸ ਦੇ ਪਿੱਛੇ ਕੀ ਹੈ? ਇਹ ਨਿਰਦੇਸ਼ਕ ਦਾ ਬੜਾ ਸਸਤਾ, ਦਰਸ਼ਕਾਂ ਨੂੰ ਪ੍ਰਚਾਉਣ ਵਾਲਾ ਆਦਰਸ਼ਵਾਦ ਹੈ ਕਿ ਭਗਤ ਸਿੰਘ ਫੇਰ ਆਏਗਾ। ਹੁਣ ਇਹ ਆਦਰਸ਼ਵਾਦ ਫਿਲਮ ਵਿਚ ਤੇ ਫਿਲਮ ਦੇ ਬਾਹਰ ਠੁੱਸ ਹੋ ਜਾਂਦਾ ਹੈ, ਕਿਉਂਕਿ ਜੇ ਸੱਚਾ ਭਗਤ ਸਿੰਘ ਆਏਗਾ ਤਾਂ ਮਾਰਕਸਵਾਦ ਤੇ ਵਾਮਪੰਥ ਨੂੰ ਤੁਹਾਨੂੰ ਲਿਆਉਣਾ ਪਏਗਾ। ਇਸ ਗੱਲ ਦੀ Corollary ਇਹ ਹੈ ਕਿ ਵਾਮਪੰਥ ਹੀ ਇਸ ਦੇਸ਼ ਵਿਚ ਸੱਚੀ ਆਜ਼ਾਦੀ ਲਿਆ ਸਕਦਾ ਹੈ। ਪਰ ਕਿਉਂਕਿ ਇਹ ਕਹਿਣ ਦੀ ਹਿੰਮਤ ਨਹੀਂ ਹੈ, ਇਸ ਲਈ ਭਗਤ ਸਿੰਘ ਨਾਂ ਦੇ ਇਕ ਵਿਅਕਤੀ ਦੀ ਪੂਜਾ, ਇਕ ਰਾਸ਼ਟਰਪ੍ਰੇਮੀ, ਇਕ ਦੇਸ਼ ਭਗਤ ਦੀ ਪੂਜਾ ਵਜੋਂ ਦਿਖਾਉਂਦੇ ਨੇ। ਕੁਲ ਮਿਲਾ ਕੇ ਮੰਤਕ, ਇਕ ਦੇਸ਼ ਭਗਤ ਦੀ ਅਸਲੀ ਵਿਚਾਰਧਾਰਾ ਨੂੰ ਭੁੱਲ ਕੇ ਉਸਦੀ ਦੇਸ਼ ਭਗਤੀ ਨੂੰ ਪੇਸ਼ ਕਰਨਾ। ਇਸ ਦਾ ਵੀ ਕੁਝ ਇਲਾਜ਼ ਦੇਵਗਨ ਕਰਦਾ ਹੈ। ਦੇਵਗਨ ਵਾਲੀ ਫਿਲਮ ਵਿਚ ਕੁਝ ਇਸ ਤਰ੍ਹਾਂ ਦੀ ਗੱਲ ਹੈ।

ਸੰ. ਇਹ ਗੱਲ ਤੁਹਾਡੀ ਬਿਲਕੁਲ ਸਹੀ ਹੈ ਕਿ ਇਹਨਾਂ ਵਿਚ ਭਗਤ ਸਿੰਘ ਦੇ ਅਧਿਅਨ ਬਾਰੇ ਕੁਝ ਵੀ ਨਹੀਂ ਹੈ, ਉਸਦੇ ਪੱਤਰਕਾਰ ਹੋਣ ਦੀ ਸੱਚਾਈ ਨੂੰ ਲਗਭਗ ਛਿਪਾਅ ਦਿੱਤਾ ਗਿਆ ਹੈ। ਦੂਜਾ ਇਹ ਕਿ ਉਸਦੀਆਂ ਜਿਹੜੀਆਂ ਲਿਖਤਾਂ ਨੇ—ਅਛੂਤ ਸਮੱਸਿਆ, ਸਾਂਪ੍ਰਦਾਇਕ ਦੰਗੇ ਤੇ ਉਹਨਾਂ ਦਾ ਇਲਾਜ਼, ਮੈਂ ਨਾਸਤਕ ਕਿਉਂ ਹਾਂ ਆਦਿ ਵਿਚ ਉਸਦਾ ਗੰਭੀਰ ਅਧਿਅਨਕਰਤਾ ਵਾਲਾ ਜੋ ਕਿਰਦਾਰ ਹੈ, ਉਸ ਵਿਚ ਸੀਨੇਮੈਟਿਕ ਵੈਲਯੂ ਲੱਭਣਾ ਮੁਸ਼ਕਲ ਕੰਮ ਹੈ ਪਰ ਇਹ ਦੱਸਣਾ ਨਹੀਂ ਚਾਹੀਦਾ ਸੀ? ਸਿਰਫ ਭਾਸ਼ਣਾ ਦੇ ਜਰੀਏ ਕੁਝ ਦਿਖਾਇਆ ਗਿਆ ਹੁੰਦਾ।

ਖ. ਜਰਮਨ ਵਿਚ ਇਕ ਸ਼ਬਦ ਹੈ 'ਆਉਸਬਿਲਡੁੰਗ' ਯਾਨੀ ਵਿਕਾਸ। ਭਗਤ ਸਿੰਘ ਦਾ ਜੋ ਆਉਸਬਿਲਡੁੰਗ ਹੈ—ਆਤਮ-ਵਿਸ਼ਵਾਸ ਹੈ, ਉਹ ਇਹਨਾਂ ਫਿਲਮਾਂ ਵਿਚ ਨਾਂ ਮਾਤਰ ਹੀ ਹੈ। ਲੋਕ ਪ੍ਰਿਯਤਾ ਦੇ ਨਾਂ ਉੱਤੇ ਕਾਲਜ ਵਿਚ ਉਸਨੂੰ ਭੰਗੜਾ ਪਾਉਂਦਿਆਂ ਦਿਖਾਇਆ ਗਿਆ ਹੈ, ਇਹ ਕਾਲਪਨਿਕ ਐਪੀਸੋਰਡ ਹੈ। ਇਕ ਮੰਗਣੀ ਵਾਲਾ ਪ੍ਰਸੰਗ ਵਾਰ-ਵਾਰ ਲੈ ਆਉਂਦੇ ਨੇ। ਉਹ ਪਿੰਡ ਵਾਲਾ ਡਾਂਸ—ਇੰਜ ਹੋਇਆ ਕਿੱਥੇ? ਇਹ ਤਾਂ ਭਗਤ ਸਿੰਘ ਦੇ ਜੀਵਨ ਨੂੰ ਫੂਹੜ ਦੱਸਣਾ ਹੈ। ਇਹਨਾਂ ਲੋਕਾਂ ਦਾ ਭਰੋਸਾ ਦਰਅਸਲ ਅਸਲੀ ਭਗਤ ਸਿੰਘ ਉੱਤੇ ਨਹੀਂ ਹੈ। ਇਹਨਾਂ ਲੋਕਾਂ ਦਾ ਭਰੋਸਾ ਬਾਕਸ ਆਫਿਸ ਭਗਤ ਸਿੰਘ ਉੱਤੇ ਹੈ। ਦੇਸ਼ ਭਗਤ ਸਿੰਘ ਬਾਰੇ ਤਾਂ ਉਹ ਦੱਸ ਦੇਂਦੇ ਨੇ, ਪਰ ਕਮਿਊਨਿਸਟ ਭਗਤ ਸਿੰਘ ਉਹਨਾਂ ਦੀ ਡਰੀ ਹੋਈ ਸਮਝ ਵਿਚ ਹੀ ਨਹੀਂ ਆਉਂਦਾ। ਉੱਥੇ ਦਿੱਕਤਾਂ ਨੇ। ਉਸਨੂੰ ਸਮਝਣ ਲਈ ਇਕ ਬਿਲਕੁਲ ਵੱਖਰੀ ਕਿਸਮ ਦੀ ਅਵਸਥਾ ਦੀ ਲੋੜ ਹੈ। ਉਹ ਅਸਲ ਵਿਚ ਇਕ ਭਿਆਨਕ ਚੀਕ ਹੈ। 1931 ਵਿਚ ਉਸਦੀ ਮੌਤ ਹੋਈ। 76 ਵਰ੍ਹੇ ਹੋ ਚੁੱਕੇ ਨੇ। ਤੁਸੀਂ ਉਸਦੀ ਵਿਚਾਰਧਾਰਾ ਨੂੰ ਨਕਾਰ ਰਹੇ ਓ। ਅਸਲ ਵਿਚ ਹੋਇਆ ਕੀ ਕਿ ਸੋਵੀਅਤ ਯੁਨੀਅਨ ਦੀ ਕਰਾਂਤੀ ਤੋਂ ਜਿਹੜੇ ਪ੍ਰੇਰਤ ਸਨ, ਉਹ ਸਾਂਚਾ ਹੁਣ ਟੁੱਟ ਚੁੱਕਿਆ ਹੈ। ਹੁਣ ਤੁਹਾਡੇ ਕੋਲ ਇਕ ਮੌਕਾ ਹੈ ਕਿ ਕੋਈ ਅਜਿਹੀ ਫਿਲਮ ਬਣਾਓ ਜਿਸ ਵਿਚ ਅੱਜ ਦੇ ਯੁਗ ਦਾ ਪ੍ਰੇਰਕ ਨਵਾਂ ਵਾਮਪੰਥੀ ਭਗਤ ਸਿੰਘ ਹੋਵੇ।

ਸੰ. ਭਗਤ ਸਿੰਘ ਗ੍ਰਿਫਤਾਰ ਕਿਉਂ ਹੋਏ ਤੇ ਸ਼ਹਾਦਤ ਦੇ ਕੇ ਕੀ ਸੁਨੇਹਾ ਦੇਣਾ ਚਾਹੁੰਦੇ ਸਨ ਤੇ ਇਹ ਫਿਲਮਾ ਕਿੱਥੋਂ ਤਕ ਦਿਖਾਅ ਸਕੀਆਂ ਨੇ?

ਖ. ਇਹ ਇਹਨਾਂ ਨੇ ਥੋੜ੍ਹਾ ਬਹੁਤ ਦਿਖਾਇਆ ਹੈ। ਇਹ ਇਹਨਾਂ ਦੀ ਮਜਬੂਰੀ ਵੀ ਹੈ ਤੇ ਕਮਜ਼ੋਰੀ ਵੀ ਹੈ—ਤੇ ਇਸ ਕਾਰਨੇ ਇਹ ਅਸਫਲ ਵੀ ਹੋਈਆਂ, ਕਿਉਂਕਿ ਬਚਪਨ ਤੋਂ ਅਸੀਂ ਅੰਗਰੇਜ਼ਾਂ ਨੂੰ ਮੌਤ ਦੇ ਘਾਟ ਉਤਾਰਨ ਵਾਲੇ ਇਕ ਦੇਸ਼ ਭਗਤ, ਭਗਤ ਸਿੰਘ ਦਾ ਕਿੱਸਾ ਸੁਣਦੇ ਆ ਰਹੇ ਹਾਂ। ਭਗਤ ਸਿੰਘ ਮਾਰਕਸਵਾਦੀ ਸੀ, ਇਹ ਸਿਰਫ ਵਾਮਪੰਥੀ ਬੁੱਧੀਜੀਵੀਆਂ ਦੇ ਇਲਾਵਾ ਨਾ ਕੋਈ ਜਾਣਦਾ ਹੈ, ਨਾ ਮੰਨਦਾ ਹੈ। ਕਦੀ ਵੀ ਅਸੀਂ ਭਗਤ ਸਿੰਘ ਨੂੰ ਵਾਮਪੰਥੀ ਪਿੜ ਵਿਚ ਖਲੋਤਿਆਂ ਨਹੀਂ ਦੇਖ ਸਕੇ। ਅੱਜ ਭਗਤ ਸਿੰਘ ਹੋਰ ਵੀ ਉਲਝਣਾ ਭਰਿਆ ਹੋ ਗਿਆ ਹੈ। ਕਾਰਨ ਇਹ ਹੈ ਕਿ ਅੱਜ ਉਸਦਾ ਰਾਹ ਨਕਸਵਾਦ ਵੱਲ ਮੋੜ ਕੱਟ ਰਿਹਾ ਹੈ। ਅੱਜ ਭਗਤ ਸਿੰਘ ਨੂੰ Endorse ਕਰਨਾ, ਨਕਸਲਵਾਦ ਨੂੰ Endorse ਕਰਨਾ ਹੈ। ਭਗਤ ਸਿੰਘ ਨੇ ਕਿਸਾਨ-ਮਜਦੂਰਾਂ ਦੀ ਗੱਲ ਕੀਤੀ, ਪੂੰਦੀਵਾਦ ਬਾਰੇ ਗੱਲਾਂ ਕੀਤੀਆਂ, ਦੇਸੀ ਨੇਤਾਵਾਂ ਬਾਰੇ ਜੋ ਕੁਝ ਕਿਹਾ, ਸਭ ਸਹੀ ਨਿਕਲਿਆ। ਅਸਲ ਵਿਚ ਸਿਰਫ ਭਗਤ ਸਿੰਘ ਹੀ ਨਹੀਂ, ਕੋਈ ਵੀ ਪ੍ਰਬੁੱਧ ਵਾਮਪੰਥੀ ਜਾਂ ਜਾਗਰੁਕ ਵਿਅਕਤੀ ਇਹ ਦੇਖ ਰਿਹਾ ਸੀ ਕਿ ਇਹ ਜੋ ਆਜ਼ਾਦੀ ਹੈ, ਉਹ ਨਕਲੀ ਹੈ। ਇਸ ਨਕਲੀ ਆਜ਼ਾਦੀ ਨੂੰ ਅਸਲੀ ਆਜ਼ਾਦੀ ਵਿਚ ਬਦਲਣ ਦੇ ਤਰੀਕੇ ਅਲਗ ਅਲਗ ਸਨ—ਇਕ ਤਰੀਕਾ ਲੋਹੀਏ ਦਾ ਸੀ, ਇਕ ਰਾਜਨਾਰਾਇਣ ਦਾ ਸੀ, ਇਕ ਭਾਜਪਾਈਆਂ ਦਾ ਹੈ, ਇਕ ਕਮਿਊਨਿਸਟ ਪਾਰਟੀਆਂ ਦਾ ਹੈ ਤੇ ਇਕ ਨਕਸਲਵਾਦੀਆਂ ਦਾ ਹੈ। ਭਗਤ ਸਿੰਘ ਨੇ ਗਰਾਸ ਰੂਟ 'ਤੇ ਕੰਮ ਕਰਨ ਦੀ ਗੱਲ 'ਤੇ ਜ਼ੋਰ ਦਿੱਤਾ।
ਤੁਸੀਂ ਢਿੱਲੀ-ਪੋਲੀ ਗੱਲ ਕਰਕੇ ਭਗਤ ਸਿੰਘ ਉੱਤੇ ਇਕ ਯਥਾਰਥਵਾਦੀ ਫਿਲਮ ਨਹੀਂ ਬਣਾ ਸਕਦੇ। ਇਹ ਤਿੰਨੇ ਫਿਲਮਾ ਅਸਲੀ ਭਗਤ ਸਿੰਘ ਦੇ ਨਾਲ ਨਿਆਂ ਨਹੀਂ ਕਰਦੀਆਂ ਤੇ ਨਿਆਂ ਕਰਨ ਵੀ ਕਿੱਦਾਂ? ਕਿਉਂਕਿ ਇਕ ਪਾਸੇ ਭਗਤ ਸਿੰਘ ਦੀ ਅਸਲੀ ਵਿਚਾਰਧਾਰਾ ਹੈ ਤੇ ਹੁਣ ਵਰਤਮਾਨ ਇਤਿਹਾਸ ਏਨਾ ਉਲਝ ਚੁੱਕਿਆ ਹੈ। ਅੱਜ ਜੇ ਤੁਸੀਂ ਉਸ ਭਗਤ ਸਿੰਘ ਦੀ ਗੱਲ ਕਰੋਗੇ ਜਿਹੜਾ ਬੋਲਸ਼ੇਵਿਕ ਕਰਾਂਤੀ ਲਿਆਉਣਾ ਚਾਹੁੰਦਾ ਹੈ ਤਾਂ ਤੁਹਾਨੂੰ ਬਿਲਕੁਲ ਅਲਗ ਫਿਲਮ ਬਣਾਉਣੀ ਪਏਗੀ। ਭਗਤ ਸਿੰਘ ਦੀ Continuity ਤੁਹਾਨੂੰ ਆਜ਼ਾਦੀ ਦੇ ਫ਼ੌਰਨ ਬਾਅਦ ਦੇ ਤੇਲੰਗਾਨਾ ਵਿਚ ਮਿਲਦੀ ਹੈ।

ਸੰ. ਇਹਨਾਂ ਫਿਲਮਾ ਵਿਚ ਜੇਲ੍ਹ ਦੇ ਸੈੱਟਸ ਬੜੇ ਸ਼ਾਨਦਾਰ ਨੇ। ਜਦਕਿ ਭਗਤ ਸਿੰਘ ਜਿਸ ਜੇਲ੍ਹ ਵਿਚ ਸਨ, ਉੱਥੇ ਹਾਲਾਤ ਏਨੇ ਖ਼ਰਾਬ ਸਨ ਕਿ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਮਾਰਚ ਵਿਚ ਉਹਨਾਂ ਨੂੰ ਫਾਂਸੀ ਹੋ ਜਾਏਗੀ ਤਾਂ ਉਹਨਾਂ ਦੀ ਪਹਿਲੀ ਪ੍ਰਤੀਕ੍ਰਿਆ ਸੀ ਕਿ 'ਚੰਗਾ ਹੈ, ਗਰਮੀਆਂ ਆ ਰਹੀਆਂ ਨੇ। ਇਸ ਜੇਲ੍ਹ ਵਿਚ ਭੁੱਜਣ ਨਾਲੋਂ ਤਾਂ ਮਰ ਜਾਣਾ ਚੰਗਾ ਹੈ।' ਭਗਤ ਸਿੰਘ ਦਾ ਸਰੀਰ ਉਸ ਕੋਠੜੀ ਵਿਚ ਮੁਸ਼ਕਿਲ ਨਾਲ ਹੀ ਆਉਂਦਾ ਸੀ, ਕਿਉਂਕਿ ਉਹ ਸੀ ਹੀ ਏਨੀ ਛੋਟੀ। ਦੇਵਗਨ ਦੀ ਫਿਲਮ ਵਿਚ ਭਗਤ ਸਿੰਘ ਵੀ ਮੁੱਛਾਂ ਨੂੰ ਸੈੱਟ ਕਰਕੇ ਤੇ ਚਿੱਟੇ ਦੁੱਧ ਕੱਪੜੇ ਪੁਆ ਕੇ ਸਾਹਵੇਂ ਲਿਆਂਦਾ ਗਿਆ ਹੈ।

ਖ. ਦਰਅਸਲ ਸਾਡੇ ਆਮ ਫਿਲਮ ਨਿਰਮਾਤਾਵਾਂ ਵਿਚ ਨਾ ਤਾਂ ਪ੍ਰਬੁੱਧ ਆਤਮਵਿਸ਼ਵਾਸ ਹੈ ਤੇ ਨਾ ਯਥਾਰਥ ਦੀ ਤਾਕਤ ਵਿਚ ਯਕੀਨ। ਏਨਾ ਰੌਚਕ ਬਣਾ ਕੇ ਪੇਸ਼ ਕਰਨਾ ਤੇ ਦਿਖਾਉਣਾ ਕਿ ਕਰਾਂਤੀਕਾਰੀਆਂ ਤੇ ਬ੍ਰਿਟਿਸ਼ ਪੁਲਿਸ ਦੇ ਵਿਚਕਾਰ ਹਜ਼ਾਰਾਂ ਗੋਲੀਆਂ ਚੱਲ ਰਹੀਆਂ ਨੇ। ਦਿਓਲ ਦੀ ਫਿਲਮ ਵਿਚ ਤਾਂ ਇਹੋ ਹੈ। ਇੰਜ ਲੱਗਦਾ ਹੈ ਜਿਵੇਂ ਮੋਰਚਿਆਂ ਵਿਚ ਲੜਾਈ ਹੋ ਰਹੀ ਹੋਵੇ। ਇਹ ਪੂਰੇ ਦਾ ਪੂਰਾ Glamorized ਮਾਮਲਾ ਹੈ। ਜਿਵੇਂ ਦਿਓਲ ਦੀ ਫਿਲਮ ਵਿਚ ਆਜ਼ਾਦ ਦੀ ਮੌਤ ਦਿਖਾਈ ਗਈ ਹੈ। ਆਜ਼ਾਦ ਨੇ ਕਦੋਂ ਕਿਸ ਗੋਰੇ ਪੁਲਿਸ ਵਾਲੇ ਨੂੰ ਮਾਰਿਆ? ਅਸਲ ਵਿਚ ਸਾਡੇ ਇੱਥੇ ਇਹ ਸਮਝਿਆ ਜਾਂਦਾ ਹੈ ਕਿ ਜਦ ਤਕ ਗਲੈਮਰਾਈਜ਼ਡ, ਸੁਪਰਮੈਨ ਤਰੀਕੇ ਨਾਲ ਨਹੀਂ ਦਿਖਾਵਾਂਗੇ, ਤਦ ਤਕ ਇਹ ਲੋਕ ਮਹਾਨ ਨਹੀਂ ਸਮਝੇ ਜਾਣਗੇ।

ਸੰ. ਦੇਵਗਨ ਦੀ ਫਿਲਮ ਪੰਜਾਬ ਵਿਚ ਵੀ ਨਹੀਂ ਚੱਲੀ। ਇਸਦਾ ਮੈਨੂੰ ਅਫ਼ਸੋਸ ਹੈ। ਕਾਰਨ ਮੈਨੂੰ ਇਕ ਇਹ ਵੀ ਲੱਗਦਾ ਹੈ ਕਿ ਭਗਤ ਸਿੰਘ ਨੂੰ ਸਿੱਖਾਂ ਨੇ ਵੀ ਪੂਰੀ ਤਰ੍ਹਾਂ ਸਵੀਕਾਰ ਨਹੀਂ ਕੀਤਾ। ਅੱਜ ਵੀ ਕਈ ਗੁਰਦੁਆਰੇ ਅਜਿਹੇ ਮਿਲ ਜਾਂਦੇ ਨੇ ਜਿਹਨਾਂ ਵਿਚ ਭਿੰਡਰਾਂ ਵਾਲੇ ਦੀਆਂ ਤਸਵੀਰਾਂ ਹੁੰਦੀਆ ਨੇ ਪਰ ਇਕ ਵੀ ਗੁਰਦੁਆਰਾ ਅਜਿਹਾ ਨਹੀਂ ਜਿਸ ਵਿਚ ਭਗਤ ਸਿੰਘ ਦੀ ਤਸਵੀਰ ਹੋਵੇ। ਇਸ ਤੋਂ ਵੀ ਮੈਨੂੰ ਲੱਗਦਾ ਹੈ ਕਿ ਕੀ ਭਗਤ ਸਿੰਘ ਦੀ ਵਿਚਾਰਧਾਰਾ ਉਹਨਾਂ ਦੇ ਆਪਣੇ ਲੋਕਾਂ ਤਕ ਨਹੀਂ ਪਹੁੰਚੀ?

ਖ. ਇਹ ਸਵਾਲ ਬਣਾ Complicated ਹੈ। ਜਦੋਂ ਇਹ ਫਿਲਮਾ ਰਲੀਜ਼ ਹੋਈਆਂ ਸਨ ਤਾਂ ਭਗਤ ਸਿੰਘ ਦੇ ਪਿੰਡ ਦੀ ਇਕ ਰਿਪੋਰਟ ਅਖ਼ਬਾਰ ਵਿਚ ਆਈ ਸੀ। ਜਿਸ ਦੇ ਅਨੁਸਾਰ ਉਸ ਪਿੰਡ ਦਾ ਇਕ ਇਕ ਘਰ ਢਾਈ ਮੰਜ਼ਿਲਾ ਕੋਠੀ ਵਿਚ ਬਦਲ ਚੁੱਕਿਆ ਹੈ। ਉਸ ਪਿੰਡ ਦੇ ਹਰੇਕ ਵਾਸੀ ਦੇ ਬਹੁਤ ਸਾਰੇ ਨੇੜੇ ਦੇ ਸੰਬੰਧੀ NRIs ਨੇ। ਲੱਖਾਂ ਡਾਲਰ ਉੱਥੇ ਅਮਰੀਕਾ ਤੇ ਕਨੇਡਾ ਤੋਂ ਆਉਂਦੇ ਨੇ।
ਪੰਜਾਬ ਦੇ ਇਤਿਹਾਸ ਵਿਚ ਤਾਂ ਇਹ ਚੀਜ਼ਾਂ ਉਦੋਂ ਵੀ ਪੱਕੇ ਪੈਰੀਂ ਸਨ। ਆਰੀਆ ਸਮਾਜ, ਖਾਲਸਾ ਪੰਥ ਵਗ਼ੈਰਾ। ਅਜਿਹੇ ਕਰਾਂਤੀਕਾਰੀ ਦਾ, ਜਿਸਨੇ ਵਾਲ ਕਟਵਾ ਲਏ ਹੋਣ, ਹੈਟ ਲੈ ਲਿਆ ਹੋਏ, ਪੂਰੀ ਤਰ੍ਹਾਂ ਸੈਕੂਲਰ ਹੋਵੇ ਤੇ ਸਾਫ-ਸਾਫ ਕਹਿ ਰਿਹਾ ਹੋਵੇ ਕਿ ਮੈਂ ਨਾਸਤਕ ਹਾਂ, ਜਿਹੜਾ ਆਖ਼ਰੀ ਸਮੇਂ ਵੀ ਵਾਹੇਗੁਰੂ ਨੂੰ ਨਹੀਂ ਮੰਨਦਾ, ਗ੍ਰੰਥੀ ਨੂੰ ਨਕਾਰ ਦੇਂਦਾ ਹੈ, ਗੁਰੂ ਗ੍ਰੰਥ ਸਾਹਿਬ ਦਾ ਗੁਟਕਾ ਨਹੀਂ ਰੱਖਦਾ—ਕਹਿ ਦੇਂਦਾ ਹੈ ਕਿ ਮੈਨੂੰ ਨਹੀਂ ਚਾਹੀਦਾ, ਉਸਨੂੰ ਪਾਰੰਪਰੀ ਸਿੱਖ ਕਿੰਜ Adopt ਕਰ ਲੈਣ?
ਸਿੱਖਾਂ ਵਿਚ ਕਈ ਹੋਣਗੇ ਜਿਹੜੇ ਸਾਮਵਾਦੀ ਆਸਥਾ ਰੱਖਦੇ ਹੋਣਗੇ। ਪੰਜਾਬ ਵਿਚ ਸਿੱਖਾਂ ਨੂੰ ਭਗਤ ਸਿੰਘ ਜਿਹਾ ਗਲੈਮਰ ਤਾਂ ਚਾਹੀਦਾ ਹੈ ਪਰ ਜਿਹੜਾ ਉਸਦਾ ਮੂਲ ਸੁਨੇਹਾ ਹੈ ਉਹ ਨਹੀਂ ਚਾਹੀਦਾ। ਅੱਜ ਜੋ ਪੰਜਾਬ ਵਿਚ ਵਿਦੇਸ਼ ਵਿਚ ਜਾ ਵੱਸਣ ਦੀ ਕਰੇਜ ਹੈ, ਅੱਜ ਜਿਸ ਨੂੰ 'ਪੰਜਾਬੀਅਤ' ਜਾਂ 'ਪੰਜਾਬੀ ਕਲਚਰ' ਕਿਹਾ ਤੇ ਮੰਨਿਆਂ ਜਾ ਰਿਹਾ ਹੈ, ਭਗਤ ਸਿੰਘ ਉਸ ਨਾਲ ਕਦੀ ਸਹਿਮਤ ਨਾ ਹੁੰਦੇ। ਜਿੰਨੇ ਪੰਜਾਬੀ ਬਾਹਰ ਗਏ ਨੇ, ਉਹ ਭਾਵੇਂ ਲੱਖਾਂ ਡਾਲਰ ਭੇਜ ਰਹੇ ਹੋਣ, ਭਗਤ ਸਿੰਘ ਨੂੰ ਤਾਂ ਨਕਾਰ ਰਹੇ ਨੇ। ਜੋ ਦੇਵਗਨ ਦੀ ਫਿਲਮ ਵਿਚ ਹੈ। ਉਸ ਵਿਚ ਗਾਣਾ Significant ਹੈ 'ਦੇਸ਼ ਨੂੰ ਚੱਲੀਏ'। ਅੱਜ ਦੇ NRIs ਲਈ ਇਸ਼ਾਰਾ ਹੈ ਉਹ। ਉਸ ਪੂਰੇ ਖੇਤਰ ਵਿਚ, ਵਿਦੇਸ਼ ਵਿਚ ਰਹਿਣ ਦਾ ਜਿਹੜਾ ਗਲੈਮਰ ਹੈ, ਉਹ ਭਗਤ ਸਿੰਘ ਦਾ ਇਸਤੇਮਾਲ ਤਾਂ ਕਰ ਰਿਹਾ ਹੈ ਕਿ ਅਸੀਂ ਭਗਤ ਸਿੰਘ ਦੀ ਜ਼ਮੀਨ ਦੇ ਹਾਂ, ਪਰ ਉਸ ਲਈ ਉਹ ਕਰ ਕੀ ਰਹੇ ਨੇ?
ਫੇਰ ਤੁਸੀਂ ਇਹ ਵੀ ਨਾ ਭੁੱਲੋ ਕਿ ਪੰਜਾਬ ਵਿਚ ਤੇ ਸਿੱਖ ਡਾਯਸਪੋਰਾ ਵਿਚ ਖਾਲਿਸਤਾਨਪ੍ਰਸਤ ਤੱਤ ਹੁਣ ਵੀ ਮੌਜ਼ੂਦ ਤੇ ਕ੍ਰਿਆਸ਼ੀਲ ਨੇ। ਭਗਤ ਸਿੰਘ ਕਦੀ ਵੀ ਖਾਲਿਸਤਾਨੀ ਨਹੀਂ ਸੀ ਬਣ ਸਕਦਾ।

ਸੰ. ਕਮਿਊਨਿਸਟ ਜੇ 1946 ਵਿਚ ਹੀ ਭਗਤ ਸਿੰਘ ਨੂੰ Adopt ਕਰ ਲੈਂਦੇ ਤਾਂ ਸਥਿਤੀਆਂ ਕਿੰਨੀਆਂ ਕੁ ਭਿੰਨ ਹੁੰਦੀਆਂ?

ਖ. ਇਹ ਗੱਲ ਸਹੀ ਹੈ ਕਿ ਪਹਿਲੋਂ-ਪਹਿਲ ਜਨਸੰਘ ਨੇ ਭਗਤ ਸਿੰਘ ਨੂੰ ਜੁੱਪ ਲਿਆ ਸੀ ਪਰ ਜਿਵੇਂ-ਜਿਵੇਂ ਕਮਿਊਨਿਸਟਾਂ ਨੇ ਦੱਸਣਾ ਸ਼ੁਰੂ ਕੀਤਾ ਕਿ ਭਗਤ ਸਿੰਘ ਵਾਮ ਵਿਚਾਰਾਂ ਦੇ ਸਨ, ਜਨਸੰਘ ਨੇ ਉਹਨਾਂ ਨੂੰ ਛੱਡ ਦਿੱਤਾ। ਉਹ ਭਗਤ ਸਿੰਘ ਦਾ ਜਨਮ ਤਾਂ ਦਿਹਾੜਾ ਤਾਂ ਮਨਾਉਂਦੇ ਨੇ, ਪਰ ਉਪਚਾਰਕਤਾ ਵੱਸ। ਉਸਦੀ ਵਿਚਾਰਧਾਰਾ ਦਾ ਜ਼ਿਕਰ ਨਹੀਂ ਕਰਦੇ ਉਹ। ਅੱਜ ਜਿਹੜਾ ਵੀ ਆਦਮੀ ਭਗਤ ਸਿੰਘ ਦਾ ਨਾਂ ਲੈਂਦਾ ਹੈ, ਦੇਸ਼ ਭਗਤ ਆਪਣੇ ਆਪ ਹੋ ਜਾਂਦਾ ਹੈ। ਹੁਣ ਲੋਕ ਸਭਾ ਵਿਚ ਉਹਦੀ 14 ਫੁੱਟ ਉੱਚੀ ਮੂਰਤੀ ਲੱਗ ਰਹੀ ਹੈ। ਕੀ ਇਹ ਲੋਕ ਸਭਾ ਭਗਤ ਸਿੰਘ ਨੂੰ ਨਿਗਲ ਸਕਦੀ ਹੈ? ਹੋਰ ਪਾਰਟੀਆਂ ਦੀ ਤਾਂ ਛੱਡੋ, ਕੀ ਕਮਿਊਨਿਸਟ ਪਾਰਟੀਆਂ ਅੱਜ ਆਪਣੇ ਸੰਮੇਲਨਾ ਵਿਚ ਭਗਤ ਸਿੰਘ ਦੇ ਚਿੱਤਰ ਲਾਉਂਦੀਆਂ ਨੇ? ਬਿਸਮਿਲ ਕਿੱਥੇ ਹੈ?...ਤੇ ਕਿੱਥੇ ਹੈ, ਆਜ਼ਾਦ?

ਸੰ. ਕਿਹੜੇ ਕਿਹੜੇ ਜ਼ਰੂਰੀ ਤੱਥ ਨੇ ਜਿਹੜੇ ਇਹਨਾਂ ਫਿਲਮਾ ਵਿਚ ਨਹੀਂ ਦਿਖਾਏ ਗਏ?

ਖ. ਸਾਰਾ ਮੁਕੱਦਮਾ ਲਾਹੌਰ ਵਿਚ ਚੱਲਿਆ ਸੀ। ਸਾਰੇ ਤੱਥ ਪਾਕਿਸਤਾਨ ਦੀਆਂ ਫਾਇਲਾਂ ਵਿਚ ਨੇ। ਉਹ ਤੁਹਾਨੂੰ ਇਹ ਫਾਇਲਾਂ ਦੇਂਦੇ ਨਹੀਂ। ਹੋ ਸਕਦਾ ਹੈ ਉਹਨਾਂ ਨੇ ਨਸ਼ਟ ਕਰ ਦਿੱਤੀਆਂ ਹੋਣ। ਅਫ਼ਸੋਸ ਦੀ ਗੱਲ ਇਹ ਹੈ ਕਿ ਪਾਕਿਸਤਾਨ ਦੇ ਇਤਿਹਾਸ ਵਿਚ ਭਗਤ ਸਿੰਘ ਦਾ ਕੋਈ ਨਾਂ ਨਹੀਂ ਹੈ। ਖ਼ੈਰ ਉਹ ਤਾਂ ਹਿੰਦੁਸਤਾਨ ਵਿਚ ਵੀ ਓਵੇਂ ਹੀ ਹੈ। ਬ੍ਰਿਟਿਸ਼ Archives ਨੂੰ ਵੀ ਖੰਗਾਲਨ ਦੀਆਂ ਕੋਸ਼ਿਸ਼ਾਂ ਓਨੀਆਂ ਨਹੀਂ ਹੋਈਆਂ। ਭਗਤ ਸਿੰਘ ਬਾਰੇ ਅੰਗਰੇਜ਼ਾਂ ਦਾ ਸਹੀ ਮੁੱਲਅੰਕਨ ਕੀ ਸੀ, ਕੋਈ ਨਹੀਂ ਦੱਸਦਾ।
ਦੇਵਗਨ ਦੀ ਫਿਲਮ ਵਿਚ ਤਾਂ ਏਨਾ ਵੱਡਾ Blunder ਹੈ ਕਿ ਉਸ ਵਿਚ ਇਹ ਕਹਿ ਦਿੱਤਾ ਗਿਆ ਹੈ ਕਿ ਰਾਣੀ ਰਾਜ ਕਰ ਰਹੀ ਹੈ, ਜਦਕਿ ਵਿਕਟੋਰੀਆ ਨੂੰ ਮਰੇ ਕਿੰਨੇ ਹੀ ਵਰ੍ਹੇ ਹੋ ਗਏ ਸਨ। ਓਧਰ ਦੇਵਗਨ ਦੀ ਫਿਲਮ ਇਹ ਦੱਸਣ ਵਿਚ ਵੀ ਪਛੜ ਗਈ ਹੈ ਕਿ ਭਗਤ ਸਿੰਘ ਦਾ ਘਰਾਣਾ ਕੇਡਾ ਵੱਡਾ ਦੇਸ਼ ਭਗਤ ਘਰਾਣਾ ਸੀ। ਇਹੋ ਸਨੀ ਦਿਓਲ ਦੱਸਦਾ ਹੈ। ਅਜੀਬ-ਅਜੀਬ ਕਮੀਆਂ ਨੇ, ਇਹਨਾਂ ਤਿੰਨਾਂ ਫਿਲਮਾਂ ਵਿਚ। ਇਹ ਵੀ ਨਹੀਂ ਦੱਸਦੇ ਕਿ ਭਗਤ ਸਿੰਘ ਦਾ ਚਾਚਾ ਰੂਸ ਚਲਾ ਗਿਆ ਸੀ, ਭੱਜ ਕੇ। ਉਸਦਾ ਜ਼ਿਕਰ ਕੋਈ ਨਹੀਂ ਕਰਦਾ। ਇਹ ਲੋਕ ਸਮੁੱਚੇ ਅਸਲੀ ਭਗਤ ਸਿੰਘ ਨੂੰ ਦਿਖਾਉਣ ਵਿਚ ਦਿਲਚਸਪੀ ਜਾਂ ਓਨੀ ਸਲਾਹੀਅਤ ਨਹੀਂ ਰੱਖਦੇ।
ਜਾਰਜ ਬਰਨਾਰਡ ਸ਼ਾਹ ਦੇ ਏਨੇ Quotation ਲਏ ਨੇ ਭਗਤ ਸਿੰਘ ਨੇ ਆਪਣੀ ਡਾਇਰੀ ਵਿਚ; ਏਨੀਆਂ ਕਵਿਤਾਵਾਂ ਨੇ ਦੇਸ਼ ਭਗਤੀ ਦੀਆਂ, ਅੰਗਰੇਜ਼ੀ ਦੀਆਂ, ਚੁਣ-ਚੁਣ ਲਿਖੀਆਂ ਨੇ। ਫਰੈਂਚ ਕਰਾਂਤੀ ਦੇ ਗੀਤ 'ਮਾਰਸਈ' ਨੂੰ ਜਾਣਦਾ ਸੀ ਉਹ। ਏਨਾ ਜਾਗਰੁਕ ਸੀ ਉਹ। ਮੈਨੂੰ ਇਸ ਸਭ ਬੜਾ ਰੋਮਾਂਚਿਤ ਕਰਦਾ ਏ। ਕਦੀ ਕਦੀ ਮੈਨੂੰ ਭਗਤ ਸਿੰਘ ਇਕ ਤਰ੍ਹਾਂ ਦਾ ਆਇਨਸਟਾਇਨ ਲੱਗਦਾ ਹੈ, ਕਦੀ ਆਦਿ ਸ਼ੰਕਰਾਚਾਰੀਆ ਤੇ ਕਦੀ ਈਸਾ ਮਸੀਹ।
ਭਗਤ ਸਿੰਘ ਦੇ ਜੀਵਨ ਵਿਚ ਦੋ ਜਣੇ ਉਸਦੀ ਟੱਕਰ ਦੇ ਨੇ—ਆਜ਼ਾਦ ਤੇ ਬਿਸਮਿਲ! ਮੈਂ ਸੋਚਦਾ ਹਾਂ ਕਿ ਕੋਈ ਅਜਿਹੀ ਫਿਲਮ ਬਣਨੀ ਚਾਹੀਦੀ ਹੈ ਜਿਹੜੀ ਇਹਨਾਂ ਤਿੰਨਾਂ ਵਿਚੋਂ ਇਕ 'ਤੇ ਨਾ ਹੋ ਕੇ ਤਿੰਨਾਂ ਬਾਰੇ ਹੋਵੇ। ਜੇ ਤੁਸੀਂ ਭਗਤ ਸਿੰਘ 'ਤੇ ਫਿਲਮ ਬਣਾਉਂਦੇ ਵੀ ਹੋ ਤਾਂ ਫੇਰ ਤੁਹਾਨੂੰ ਆਜ਼ਾਦ ਤੇ ਬਿਸਮਿਲ 'ਤੇ ਵੀ ਫਿਲਮ ਬਣਾਉਣੀ ਚਾਹੀਦੀ ਹੈ। ਇਹਨਾਂ ਤਿੰਨਾਂ ਨੂੰ ਵੱਖ-ਵੱਖ ਕਰਕੇ ਤੁਸੀਂ ਦੇਖ ਹੀ ਨਹੀਂ ਸਕਦੇ। ਇਹਨਾਂ ਤਿੰਨਾ ਨੂੰ ਉਹਨਾਂ ਦੀ ਵਿਚਾਰਧਾਰਾ ਨਾਲੋਂ ਵੱਖ ਕਰ ਦਿੱਤਾ ਗਿਆ ਹੈ।
ਕੁਲ ਮਿਲਾ ਕੇ ਇਹ ਫਿਲਮਾਂ ਚੰਗੀਆਂ ਹੋ ਸਕਦੀਆਂ ਸਨ ਜੇ ਤੁਸੀਂ ਲੰਮੇ ਕੋਰਟ ਸੀਨਾਂ ਨੂੰ ਕੁਝ ਕੱਟ ਦੇਂਦੇ, ਭੁੱਖ ਹੜਤਾਲ ਕੱਟ ਦੇਂਦੇ, ਇਸ ਨਾਲ Negative ਅਸਰ ਪੈਂਦਾ ਹੈ। ਇਹ ਲੋਕ ਜਾਨ ਦੇ ਚੁੱਕੇ ਨੇ। Already ! ਇਕ ਅਜਿਹੀ ਕਲਾਕ੍ਰਿਤ ਜਿਹੜੀ ਤੁਸੀਂ Masses ਲਈ ਬਣਾ ਰਹੇ ਹੋ, ਉੱਥੇ ਕੁਝ ਚੀਜ਼ਾਂ ਤੁਹਾਨੂੰ Creatively Censor ਕਰਨੀਆਂ ਪੈਣਗੀਆ। ਮਨੋਜ ਕੁਮਾਰ ਨੇ ਭੁੱਖ-ਹੜਤਾਲ ਦੇ ਸੀਨ ਬੜੇ ਘੱਟ ਦਿਖਾਏ ਨੇ।

ਸੰ. ਔਰਤਾਂ ਦੇ ਯੋਗਦਾਨ ਨੂੰ ਇਹਨਾਂ ਫਿਲਮਾਂ ਵਿਚ ਕਿੰਜ ਦਿਖਾਇਆ?

ਖ. ਅਜਯ ਦੇਵਗਨ ਦੀ ਫਿਲਮ ਵਿਚ ਦੁਰਗਾ ਭਾਬੀ ਨੂੰ ਕਿਸੇ ਗਿਣਤੀ ਵਿਚ ਨਹੀਂ ਲਿਆਂਦਾ ਗਿਆ। ਭੇਸ ਬਦਲ ਕੇ ਭਗਤ ਸਿੰਘ ਦਾ ਲਾਹੌਰ 'ਚੋਂ ਨਿਕਲ ਜਾਣ ਵਾਲਾ ਦ੍ਰਿਸ਼ ਬਚਕਾਨਾ ਜਿਹਾ ਹੈ। ਔਰਤ ਪਾਤਰਾਂ ਨੂੰ ਸਭ ਨਾਲੋਂ ਵੱਧ ਮਹੱਤਵ ਮਨੋਜ ਕੁਮਰ ਨੇ 'ਸ਼ਹੀਦ' ਵਿਚ ਦਿੱਤਾ ਹੈ—ਨਿਰੂਪਾ ਰਾਏ ਤੇ ਕਾਮਨੀ ਕੌਸ਼ਲ ਆਪਣੀ ਜਾਣੀ-ਪਛਾਣੀ ਕਲਾ ਸਮੇਤ ਪੇਸ਼ ਕੀਤੀਆਂ ਨੇ। ਦਿਓਲ ਦੀ ਫਿਲਮ ਵਿਚ ਭਗਤ ਸਿੰਘ ਦੀ ਮਾਂ ਦੀ ਭੂਮਿਕਾ ਵਿਚ ਅਮ੍ਰਿਤਾ ਸਿੰਘ ਅੱਛੀ ਹੈ। ਪਰ ਮੈਨੂੰ ਲੱਗਦਾ ਹੈ ਕਿ ਭਗਤ ਸਿੰਘ ਦੇ ਜੀਵਨ ਵਿਚ ਇਹਨਾਂ ਦੋ ਔਰਤਾਂ ਦੀ ਜਿਹੜੀ ਭੂਮਿਕਾ ਸੀ—ਸਿਰਫ ਪਰਿਵਾਰਕ ਭਾਵੁਕਤਾ ਦੇ ਸਤਰ ਤਕ ਹੀ ਨਹੀਂ ਸੀ।

ਸੰ. ਮੁਸਲਮਾਨਾਂ ਨੂੰ ਇਹਨਾਂ ਫਿਲਮਾਂ ਵਿਚ ਕਿੰਜ ਲਿਆ ਗਿਆ ਹੈ?

ਖ. ਤਿੰਨਾ ਫਿਲਮਾਂ ਵਿਚ ਮੁਸਲਮਾਨਾਂ ਦੀ ਭੂਮਿਕਾ ਕਿਸੇ ਗਿਣਤੀ ਵਿਚ ਨਹੀਂ ਆਉਂਦੀ। ਹਾਂ, ਟਾਂਗੇ ਵਾਲੇ ਦੇ ਰੋਲ ਵਿਚ ਮਨੋਜ ਕੁਮਾਰ ਦੀ ਫਿਲਮ ਵਿਚ ਇਕ ਮੁਸਲਮਾਨ ਨੂੰ ਦਿਖਾਇਆ ਗਿਆ ਹੈ। ਜੇ ਕੋਈ ਮੁਸਲਮਾਨ ਸੱਚਮੁੱਚ ਇਹਨਾਂ ਨਾਲ ਨਹੀਂ ਸੀ, ਇਹ ਚਿੰਤਾ ਦੀ ਤੇ ਵਿਚਾਰ ਕਰਨ ਵਾਲੀ ਗੱਲ ਹੈ। ਇਸਦੇ ਕਾਰਨਾ ਨੂੰ ਜਾਣਨਾ ਚਾਹੀਦਾ ਹੈ। ਅਸ਼ਫਾਕਉੱਲਾ ਤਾਂ ਕਾਕੋਰੀ ਦਾ ਹੀਰੋ ਸੀ। ਉਸਨੂੰ ਵੀ ਇਸ ਪਿੜ ਵਿਚ ਨਹੀਂ ਦਿਖਾਇਆ ਗਿਆ। ਸਿਰਫ ਮਨੋਜ ਨੇ ਦਿਖਾਇਆ ਹੈ।
ਅਸਲ ਵਿਚ ਬਾਅਦ ਵਿਚ ਬਣੀਆਂ ਦੋਵਾਂ ਫਿਲਮਾਂ ਦੇ ਨਿਰਦੇਸ਼ਕਾਂ ਉਪਰ ਇਸ ਚੀਜ਼ ਦਾ ਦਬਾਅ ਵੀ ਸੀ ਕਿ ਇਹ ਭਾਜਪਾ ਦੇ ਰਾਜ-ਕਾਲ ਦੌਰਾਨ ਬਣੀਆਂ ਸਨ। ਦੇਵਗਨ ਦੀ ਫਿਲਮ ਦੇ ਇਕ ਸੀਨ ਵਿਚ ਦੋ ਤਸਵੀਰਾਂ ਦਿਖਾਈਆਂ ਗਈਆਂ ਨੇ—ਇਕ ਕਾਰਲ ਮਾਰਕਸ ਦੀ ਹੈ, ਦੂਜੀ ਸ਼ਿਵਾਜੀ ਦੀ। ਅਜਯ ਦੀ ਫਿਲਮ 'ਓਮ' ਦੇ ਸ਼ੁਰੂਆਤੀ ਟਾਈਟਲ ਨਾਲ ਸ਼ੁਰੂ ਹੁੰਦੀ ਹੈ।

ਸੰ. ਦੇਵਗਨ ਦੀ ਫਿਲਮ ਵਿਚ ਕਿਹਾੜਾ ਪਾਤਰ ਅਸਲੀਅਤ ਦੇ ਵਧੇਰੇ ਨੇੜੇ ਲੱਗਦਾ ਹੈ?

ਖ. ਗਾਂਧੀ! ਸੁਰੇਂਦਰ ਰਾਜਨ ਬਣਿਆ ਹੈ ਗਾਂਧੀ। ਗਾਂਧੀ ਦੇ ਪਾਤਰ ਵਿਚ ਉਹ ਲੱਥ ਗਿਆ ਹੈ। ਭਗਤ ਸਿੰਘ ਬਾਰੇ ਗਾਂਧੀ ਦੇ ਦੋ-ਮੂੰਹੇਂਪਨ ਨੂੰ ਉਸਦੇ ਜਰੀਏ ਬੜੀ ਚੰਗੀ ਤਰ੍ਹਾਂ ਉਘਾੜਿਆ ਗਿਆ ਹੈ। ਜੇ ਇਰਵਿਨ ਤੇ ਗਾਂਧੀ ਦੀ ਨਿੱਜੀ ਗੱਲਬਾਤ ਦੇ ਰਿਕਾਰਡ ਮਿਲ ਜਾਣ ਤਾਂ ਇਹ ਜਾਣਨਾ ਬੜਾ ਦਿਲਚਸਪ ਹੋਏਗਾ ਕਿ ਕਿਸ ਹੱਦ ਤਕ ਜਾ ਕੇ ਗਾਂਧੀ ਨੇ ਭਗਤ ਸਿੰਘ ਦਾ ਵਿਰੋਧ ਜਾਂ ਸਮਰਥਣ ਕੀਤਾ। ਦੇਵਗਨ ਦੀ ਫਿਲਮ ਸਾਬਤ ਕਰਨ ਦੀ ਕੋਸ਼ਿਸ਼ ਹੈ ਕਿ ਗਾਂਧੀ ਨੇ ਭਗਤ ਸਿੰਘ ਦੇ ਨਾਲ ਕੋਈ ਹਮਦਰਦੀ ਨਹੀਂ ਵਰਤੀ। ਜਦਕਿ ਗਾਂਧੀ ਨੂੰ ਹਰ ਹਾਲ ਵਿਚ ਭਗਤ ਸਿੰਘ ਨੂੰ ਬਚਾਉਣਾ ਚਾਹੀਦਾ ਸੀ। ਗਾਂਧੀ ਨੇ ਜੋ ਟਰਿਕ ਅੰਬੇਦਕਰ ਤੇ ਸੁਭਾਸ਼ ਚੰਦਰ ਬੋਸ ਨਾਲ ਖੇਡੀ, ਉਹੀ ਟਰਿਕ ਪਹਿਲਾਂ ਉਹਨਾਂ ਭਗਤ ਸਿੰਘ ਨਾਲ ਖੇਡੀ ਸੀ—ਬਾਕਇਦਾ, ਇਕ ਪੈਟਰਨ ਬਣਾ ਕੇ। ਕਦੀ ਇਸ ਉੱਤੇ ਕੋਈ ਕਿਤਾਬ ਲਿਖੀ ਜਾਣੀ ਚਾਹੀਦੀ ਹੈ ਕਿ ਕਿਸ ਤਰ੍ਹਾਂ ਗਾਂਧੀ ਨੇ ਆਪਣੇ Potential Rivals ਨੂੰ ਟੈਕਲ ਕੀਤਾ। ਇਹ ਬੜਾ ਦਿਲਚਸਪ ਵਿਸ਼ਾ ਹੈ।
ਜੇ ਗਾਂਧੀ ਉਹਨਾਂ ਨੂੰ ਬਚਾਅ ਲੈਂਦੇ ਤਾਂ ਸੰਭਵ ਹੈ ਦੋਵੇਂ ਕਿਸੇ ਬਿੰਦੁ 'ਤੇ ਰਲ ਕੇ ਲੜਦੇ ਤੇ ਜਿਹੜੀ ਆਜ਼ਾਦੀ ਸਾਨੂੰ ਸੰਸਾਰ ਜੰਗ ਤੋਂ ਬਾਅਦ ਮਿਲ, ਸ਼ਾਇਦ ਉਸ ਤੋਂ ਪਹਿਲਾਂ ਮਿਲ ਜਾਂਦੀ। ਮੈਨੂੰ ਪੂਰਾ ਯਕੀਨ ਹੈ ਕਿ ਗਾਂਧੀ ਉਹਨਾਂ ਨੂੰ ਬਚਾਅ ਸਕਦੇ ਸਨ। ਭਗਤ ਸਿੰਘ ਦੀ ਹਿੰਸਾ ਚੌਰਾ-ਚੌਰੀ ਦੀ ਹਿੰਸਾ ਨਹੀਂ ਸੀ।
ਕੀ ਚੰਦਰ ਸ਼ੇਖਜਰ ਆਜ਼ਾਦ ਭਗਤ ਸਿੰਘ ਨੂੰ ਛੁਡਵਾ ਨਹੀਂ ਸੀ ਸਕਦੇ? ਕੀ ਭਗਤ ਸਿੰਘ ਨੂੰ ਵਾਕਈ ਉਹਨਾਂ ਇਜਾਜ਼ਤ ਦਿੱਤੀ ਸੀ ਕਿ ਤੂੰ ਇਕ 'ਪੀਸਫੁੱਲ' ਬੰਬ ਅਸੈਂਬਲੀ ਵਿਚ ਸੁੱਟ? ਅਜਿਹੇ ਬਹੁਤ ਸਾਰੇ ਸਵਾਲ ਨੇ। ਭਗਤ ਸਿੰਘ ਦੀ ਟਰਾਇਲ ਦਾ ਇਕ ਇਕ ਵਾਕ ਧਿਆਨ ਨਾਲ ਪੜ੍ਹਿਆ ਜਾਣਾ ਚਾਹੀਦਾ ਹੈ—ਹਾਲੇ ਬੜੀ ਖੋਜ ਕਰਨ ਦੀ ਲੋੜ ਹੈ। ਕਾਕੋਰੀ ਕੇਸ ਤਾਂ ਸਾਰਾ ਸਾਡੇ ਕੋਲ ਮੌਜ਼ੂਦ ਹੈ, ਪਰ ਭਗਤ ਸਿੰਘ ਦੇ ਕਾਗਜ਼ਾਤ ਲਾਹੌਰ ਤੋਂ ਮੰਗਵਾਉਣ ਲਈ ਸਾਡੀ ਸਰਕਾਰ ਵੀ ਕਿੰਨੇ ਕੁ ਯਤਨ ਕਰ ਰਹੀ ਹੈ? ਸਾਡੀ ਸਰਕਾਰ ਲਈ ਵੀ ਤਾਂ ਭਗਤ ਸਿੰਘ ਗਲ਼ੇ ਦੀ ਹੱਡੀ ਹੈ। ਭਗਤ ਸਿੰਘ ਦੀ ਟਰੈਜਡੀ ਵੀ ਅਕਬਰ ਦੀ ਟਰੈਜਡੀ ਵਰਗੀ ਹੀ ਹੈ। ਸੈਕੂਲਰ ਹਿੰਦੂ ਵੀ ਮੁਸਲਮਾਨਾਂ ਦੇ ਡਰ ਸਦਕਾ ਉਸਨੂੰ ਨਕਾਰਦੇ ਨੇ, ਮੁਸਲਮਾਨ ਤਾਂ ਨਕਾਰਦੇ ਹੀ ਨੇ। ਇਹਨਾਂ ਦੋਵਾਂ ਫਿਲਮਾ ਵਿਚ ਇਕ Discerning ਦਰਸ਼ਕ ਲਈ ਦਿਮਾਗ਼ੀ ਕਸਰਤ ਦੇ ਵਾਸਤੇ ਕੁਛ ਮਸਾਲਾ ਦਿੱਤਾ ਹੈ ਕਿ ਤੁਸੀਂ ਸੋਚੋ ਇਸ ਉੱਤੇ। ਇਹਨਾਂ ਦੋਵਾਂ ਫਿਲਮਾਂ ਦਾ ਅਸਫਲ ਹੋਣਾ ਵੀ ਇਕ ਟਰੈਜਡੀ ਹੈ ਭਾਵੇਂ ਭਗਤ ਸਿੰਘ ਉੱਤੇ ਇਕ ਬਿਹਤਰ, ਸਫਲ ਫਿਲਮ ਅੱਜ ਵੀ ਸੰਭਵ ਹੈ।
ਸ਼ਾਮ ਬੇਨੇਗਲ ਨੇ ਨਹਿਰੂ, ਗਾਂਧੀ, ਅੰਬੇਦਕਰ ਆਦਿ 'ਤੇ ਫਿਲਮਾ ਬਣਾਈਆਂ, ਪਰ ਇਹ ਫਿਲਮਾ ਇਕ ਰਾਸ਼ਟਰੀ Dialogue ਸਥਾਪਿਤ ਨਹੀਂ ਕਰ ਸਕੀਆਂ। ਤੇ ਇਹ ਮੈਨੂੰ ਬੜਾ ਭਿਆਨਕ ਲੱਗਦਾ ਹੈ। ਅੱਜ ਦੀ ਜੋ Generation ਹੈ, ਉਹ ਇਹਨਾਂ ਗੱਲਾਂ ਨੂੰ ਯਾਦ ਹੀ ਨਹੀਂ ਕਰਨਾ ਚਾਹੁੰਦੀ। ਮੈਂ ਸਮਝਦਾ ਹਾਂ ਕਿ ਜੇ ਕੋਈ Reactionary ਫਿਲਮ ਸਾਵਰਕਰ ਜਾਂ ਸ਼ਯਾਮਾ ਪਰਸਾਦ ਮੁਖਰਜੀ 'ਤੇ ਵੀ ਬਣਾਦੀ ਹੈ ਤਾਂ ਉਹ ਵੀ ਨਹੀਂ ਚੱਲੇਗੀ। ਇਕ ਪੱਖ ਤੋਂ ਤੁਸੀਂ ਇਸ ਨੂੰ ਚੰਗਾ ਮੰਨ ਸਕਦੇ ਹੋ ਕਿ ਭਾਰਤ ਦੇਸ਼ ਆਪਣੇ Past ਨਾਲ ਏਨਾ Obsessed ਨਹੀਂ ਹੈ। ਪਰ ਸਾਡਾ ਦੇਸ਼ ਆਪਣੇ ਏਨੇ ਨੇੜੇ ਦੇ ਭੂਤਕਾਲ ਨੂੰ ਨਕਾਰ ਰਿਹਾ ਹੈ, ਇਹ ਬੜੀ ਭਿਆਨਕ ਗੱਲ ਹੈ। ਤਾਂ ਕੀ ਉਸਨੂੰ Patriotic (ਦੇਸ਼ ਭਗਤੀ ਦੀਆਂ) ਫਿਲਮK ਦੇ ਨਾਂ 'ਤੇ Sugar coated pills (ਮਿੱਠੀਆਂ ਗੋਲੀਆਂ) ਹੀ ਚਹੀਦੀਆਂ ਨੇ? ਦੋਵਾਂ ਤਾਜ਼ਾ ਫਿਲਮਾਂ ਵਿਚ ਮਨੋਜ ਕੁਮਾਰ ਦੀ ਫਿਲਮ ਵਿਚੋਂ ਬੜਾ ਕੁਝ ਲਿਆ ਗਿਆ ਹੈ। ਯਾਨੀ ਤੁਸੀਂ ਆਪਣੀਆਂ ਡੰਗੋਰੀਆਂ ਨਾਲੋਂ ਆਪਣੇ ਆਪ ਨੂੰ ਵੱਖ ਕਰ ਹੀ ਨਹੀਂ ਸਕੇ। ਕੀ ਕਾਰਨ ਹੈ ਕਿ ਸ਼ਯਾਮ ਬੇਨੇਗਲ ਵਰਗੇ ਵਾਮਪੰਥੀ ਨੇ ਭਗਤ ਸਿੰਘ ਉੱਤੇ ਫਿਲਮ ਬਣਾਉਣ ਦੀ ਗੱਲ ਨਹੀਂ ਸੋਚੀ? ਕੀ ਤੁਸੀਂ ਨਹੀਂ ਸਮਝਦੇ ਕਿ ਇਹ ਇਕ ਬੜੇ ਵੱਡੇ ਸੰਕਟ ਵੱਲ ਉਂਗਲ਼ ਸਿੰਨ੍ਹ ਰਿਹਾ ਹੈ? ਇਕ ਪਾਸੇ ਇਹ ਫਿਲਮਾਂ ਫਲਾਪ ਹੋ ਰਹੀਆਂ ਨੇ, ਦੂਜੇ ਪਾਸੇ ਏਟਨਬਰੋਂ ਦੀ 'ਗਾਂਧੀ' ਆਲ ਟਾਈਮ ਬਾਕਸ ਆਫਿਸ ਹਿੱਟ ਹੈ। ਬੇਨੇਗਲ ਦੀ ਗਾਂਧੀ, ਬੋਸ, ਸਰਦਾਰ ਪਟੇਲ ਨਹੀਂ ਚੱਲੀਆਂ। ਇਸ ਦਾ ਮਤਲਬ ਇਹ ਹੋਇਆ ਕਿ ਭਾਰਤੀ ਨਿਰਮਾਤਾ-ਨਿਰਦੇਸ਼ਕ ਤੋਂ ਜਨਤਾ ਉਹੀ ਚਾਹੁੰਦੀ ਹੈ ਜੋ ਇਹਨਾਂ ਦੀ ਦੇਸੀ ਪਾਪੁਲਰ ਛਵੀ ਹੈ। ਇਹਨਾਂ ਫਿਲਮਾਂ ਦੀ ਲਾਗਤ ਵਸੂਲ ਨਹੀਂ ਹੁੰਦੀ। ਦੇਵਗਨ ਦੀ ਫਿਲਮ ਸਟਾਰ ਟੀ.ਵੀ. 'ਤੇ ਦਿਖਾਈਏ ਤਾਂ ਏਨੇ ਵਿਗਿਆਪਨ ਨਹੀਂ ਮਿਲਦੇ ਜਿੰਨੇ ਵਿਦੇਸ਼ੀ 'ਗਾਂਧੀ' ਨੂੰ ਹੁਣ ਵੀ ਮਿਲਦੇ ਨੇ। ਕੀ ਇਸਦੇ ਪਿੱਛੇ ਸਾਡੀ ਗ਼ੁਲਾਮ ਮਾਨਸਿਕਤਾ ਹੈ ਕਿ ਗੋਰੇ ਨੇ ਫਿਲਮ ਬਣਾਈ ਹੈ?
ਇਕ ਜਗ੍ਹਾ ਹਿੰਦੀ ਦੇ ਆਪਣੇ ਕਰਾਂਤੀਕਾਰੀ ਸਾਹਿਤਕਾਰ ਮੰਮਥਨਾਥ ਦਾ ਜ਼ਿਕਰ ਆਉਂਦਾ ਹੈ। ਉਹ ਉਦੋਂ ਬੜੀ ਛੋਟੀ ਉਮਰ ਦੇ ਸਨ। ਉਹਨਾਂ ਨੂੰ ਕਾਕੋਰੀ ਕੇਸ ਵਿਚ ਇਸੇ ਲਈ ਫਾਂਸੀ ਨਹੀਂ ਸੀ ਹੋਈ। ਭੇਜ ਦਿੱਤੇ ਗਏ, ਅੰਡੇਮਾਨ ਨਿਕੋਬਾਰ। ਮੰਮਥਨਾਥ ਗੁਪਤ ਦੀ ਟਰੈਜਡੀ ਇਹ ਹੋਈ ਕਿ 2000 ਵਿਚ ਉਹ ਮਰੇ, ਕਿਸੇ ਨੇ ਯਾਦ ਨਹੀਂ ਰੱਖਿਆ ਉਹਨਾਂ ਨੂੰ। ਮੈਂ ਮਨੋਂ ਅਪੀਲ ਕਰ ਰਿਹਾ ਹਾਂ ਕਿ ਅਗਲੇ ਸਾਲ ਮੰਮਥਨਾਥ ਗੁਪਤ ਦੀ ਜਨਮਸ਼ਤੀ ਹੈ, ਉਸਨੂੰ ਸਾਨੂੰ ਮਨਾਉਣਾ ਚਾਹੀਦਾ ਹੈ। ਉਹ ਕਰਾਂਤੀਕਾਰੀ ਕਾਲੇ ਪਾਣੀ ਸਜ਼ਾ ਕੱਟ ਕੇ ਆਇਆ ਸੀ। ਉਹ ਇਕ Extra ਦੇ ਰੂਪ ਵਿਚ ਇਹਨਾਂ ਫਿਲਮਾ ਵਿਚ ਹੈ। ਉਹਨਾਂ ਆਪਣੇ ਸੱਚੇ ਅਜ਼ਾਦੀ ਘੁਲਾਟੀਏ ਹੋਣ ਦਾ ਕਦੀ ਲਾਹਾ ਨਹੀਂ ਲਿਆ। ਮਾਮੂਲੀ ਤੋਂ ਮਾਮੂਲੀ ਨੌਕਰੀ ਕਰਦੇ ਰਹੇ। ਵੱਧ ਤੋਂ ਵੱਧ ਉਹ ਸਰਕਾਰੀ ਮਾਸਿਕ 'ਆਜਕਲ' ਦੇ ਸੰਪਾਦਕ ਰਹੇ। ਉਦੋਂ ਆਜਕਲ ਕਿੰਨਾ ਚੰਗਾ ਨਿਕਲਦਾ ਸੀ। ਸਾਨੂੰ ਉਹਨਾਂ ਨੂੰ Extra ਦੀ ਭੂਮਿਕਾ 'ਚੋਂ ਉਭਾਰਨਾ ਪਏਗਾ।

ਸੰ. ਅਸਲ ਵਿਚ ਉਹ ਸਿਰਫ ਇਸ ਮੁੱਦੇ ਨੂੰ Encash ਕਰਨਾ ਚਾਹੁੰਦੇ ਨੇ ਕਿ ਇਕ ਨੌਜਵਾਨ 'ਹੱਸਦਾ-ਹੱਸਦਾ ਫਾਂਸੀ 'ਤੇ ਚੜ੍ਹ ਗਿਆ।'

ਖ. ਭਗਤ ਸਿੰਘ ਦਾ ਨੌਜਵਾਨ ਹੋਣਾ, ਕੁਆਰਾ ਹੋਣਾ ਤੇ ਉਸਦਾ ਸ਼ਾਦੀ ਤੋਂ ਇਨਕਾਰ ਕਰਨਾ, ਪਿਆਰਾ ਪੁੱਤਰ ਹੋਣਾ ਤੇ ਇਕ ਜਿਹੜਾ Subtle Subtext ਤਿੰਨਾਂ ਫਿਲਮਾਂ ਵਿਚ ਹੈ, ਉਹ ਇਕ ਸੀਮਿਤ ਦਾਇਰੇ ਵਿਚ ਪੰਜਾਬੀਅਤ ਦੀ ਪੁੱਠ ਹੈ, ਹਾਲਾਂਕਿ ਭਗਤ ਸਿੰਘ ਦੇ ਆਪਣੇ ਭਾਸ਼ਣ ਉਸਨੂੰ 'ਸਮੁੱਚਾ ਭਾਰਤੀ' ਬਣਾਉਂਦੇ ਨੇ। ਫਿਲਮ ਨਿਰਮਾਤਾਵਾਂ ਨੇ ਉਸਨੂੰ ਉੱਥੇ ਹੀ ਰੋਕਿਆ ਹੋਇਆ ਹੈ। ਇਕੋ ਚੰਗੀ ਗੱਲ ਹੋਈ ਹੈ ਕਿ ਭਗਤ ਸਿੰਘ ਨੂੰ ਉਹਨਾਂ ਇਹ ਨਹੀਂ ਦੱਸਿਆ ਕਿ ਉਹ ਧਾਰਮਿਕ ਵੀ ਸਨ। ਗ਼ਨੀਮਤ ਹੈ ਕਿ ਭਗਤ ਸਿੰਘ ਨੂੰ ਉਹਨਾਂ 'ਸਰਦਾਰ ਜੀ' ਵਿਚ ਤਬਦੀਲ ਨਹੀਂ ਕਰ ਦਿੱਤਾ। ਹਾਲਾਂਕਿ ਬਹੁਤ ਸਾਰੇ ਸਿੱਖ ਧੜੇ ਇਹੀ ਕਹਿੰਦੇ ਨੇ ਕਿ ਉਹ ਸਰਦਾਰ ਹੀ ਰਹੇ ਹਮੇਸ਼ਾ। ਪਰ ਜੇ ਅਸੀਂ ਉਸਨੂੰ ਭੁੱਲ ਵੀ ਜਾਈਏ ਤਾਂ ਵੀ ਇਹ ਜਿਹੜੀਆਂ ਫਿਲਮਾ ਨੇ ਉਹ ਬੜੀ ਵੱਡੀ ਸਮੱਸਿਆ ਪੈਦਾ ਕਰਦੀਆਂ ਨੇ ਜਿਸਦਾ ਮੈਂ ਪਹਿਲਾਂ ਹੀ ਜ਼ਿਕਰ ਕਰ ਚੁੱਕਿਆ ਹਾਂ ਕਿ ਅੱਜ ਅਸੀਂ ਭਗਤ ਸਿੰਘ ਨੂੰ ਕਿਸ ਰੂਪ ਵਿਚ ਲਈਏ? ਕੀ ਅਸੀਂ ਉਸਦੇ ਮਾਰਕਸਵਾਦੀ ਨਹੁੰ ਤੇ ਦੰਦ ਤੋੜ ਦੇਈਏ ਤੇ ਉਸਨੂੰ ਸਿਰਫ ਰਾਸ਼ਟਰ-ਭਗਤ ਕ੍ਰਰਾਂਤੀਕਾਰੀ ਮੰਨ ਲਈਏ? ਜਾਂ ਉਸਨੂੰ ਉਸਦੇ ਪੂਰੇ ਅਸਲੀ ਸੰਦਰਭ ਵਿਚ ਲਈਏ? ਇਸ ਕਰਕੇ ਅੱਜ ਜੋ ਇਹ ਫਿਲਮਾ ਸਮੱਸਿਆ ਪੈਦਾ ਕਰ ਰਹੀਆਂ ਨੇ, ਕੀ ਇਹਨਾਂ ਕੋਲ ਅਜਿਹਾ ਕੋਈ ਹੱਲ ਹੈ? ਘੱਟੋਘੱਟ ਅਜਯ ਦੇਵਗਨ ਦੀ ਫਿਲਮ ਇਸਦਾ ਮੁਕਾਬਲਾ ਕਰਦੀ ਲੱਗਦੀ ਹੈ। ਕਹਿੰਦੀ ਹੈ ਕਿ ਗੋਰੇ ਸਾਹਬ ਚਲੇ ਜਾਣਗੇ ਤਾਂ ਭੂਰੇ ਸਾਹਬ ਆ ਜਾਣਗੇ। ਉੱਥੇ ਇਕ ਮਜਦੂਰ ਹੜਤਾਲ ਦਾ ਵੀ ਜ਼ਿਕਰ ਹੈ, ਕਿਸਾਨ ਦੀ ਦਸ਼ਾ ਦਾ ਵੀ ਦ੍ਰਿਸ਼ ਹੈ। ਪਰ ਜੇ ਤੁਸੀਂ ਉਸਨੂੰ ਪੂਰਾ ਪ੍ਰਤੀਬੱਧ ਮਾਰਕਸਵਾਦੀ ਦਿਖਾਉਂਦੇ ਹੋ ਤਾਂ ਇਸ ਫਿਲਮ ਦੀ ਅਸਫਲਤਾ ਤੈਅ ਹੈ। ਜਦੋਂ ਤਕ ਕਿ ਦਰਸ਼ਕ-ਵਰਗ ਬੌਦਿਕ ਰੂਪ ਵਿਚ ਓਨਾ ਉੱਨਤ ਨਾ ਹੋਵੇ ਕਿ ਗ਼ੈਰ-ਮਾਰਕਸਵਾਦੀ ਹੁੰਦਿਆਂ ਹੋਇਆਂ ਵੀ ਮਾਰਕਸਵਾਦ ਦੀ ਗੱਲ ਸੁਣ ਲਏ। ਅਮਰੀਕਾ ਵਿਚ ਜਦੋਂ ਕਦੀ ਕਿਸੇ Left Leader ਉਪਰ ਫਿਲਮ ਬਣਦੀ ਹੈ, ਮਾਲਕਮ ਐਕਸ ਉੱਤੇ ਬਣੀ, ਦੱਖਣ ਅਮਰੀਕਾ ਦਾ ਕਿਸਾਨ ਨੇਤਾ ਸੀ ਜ਼ਾਪਾਤਾ, ਉਸ 'ਤੇ ਫਿਲਮ ਬਣੀ, ਜਾਂ ਸਿਮੋਨ ਬੋਲੀਵਾਰ 'ਤੇ ਬਣਦੀ ਹੈ ਜਾਂ ਜਰਮਨੀ ਵਿਚ ਸਸੋਫ਼ੀ ਸ਼ੋਲ ਨਾਕਮ ਇਕ ਲੜਕੀ ਉੱਤੇ, ਜਿਸਨੇ ਹਿਟਲਰ ਦੇ ਖ਼ਿਲਾਫ਼ ਬਿਲਕੁਲ ਅਜਿਹੀ ਮੁਹਿੰਮ ਚਲਾਈ ਸੀ ਜਿਹੋ ਜਿਹੀ ਭਗਤ ਸਿੰਘ ਨੇ ਬ੍ਰਿਟਿਸ਼ ਹਕੂਮਤ ਦੇ ਵਿਰੁੱਧ ਚਲਾਈ ਸੀ। ਉਸ ਉੱਤੇ ਇਕ ਫਿਲਮ ਬਣੀ ਤਾਂ ਵਿਚਾਰਧਾਰਾ ਪੱਖੋਂ ਅਸਹਿਮਤੀ ਹੁੰਦਿਆਂ ਹੋਇਆਂ ਵੀ ਉਸਨੂੰ ਸਲਾਹਿਆ ਜਾਂਦਾ ਹੈ। ਪਰ ਜਰਮਨੀ ਵਿਚ ਇਕ ਹਿਟਲਰ ਵਿਰੋਧੀ ਫਿਲਮ ਬਣਾਉਣਾ ਇਕ ਬਿਲਕੁਲ ਅਲਗ ਗੱਲ ਹੈ, ਭਾਰਤ ਵਿਚ ਭਗਤ ਸਿੰਘ ਦੇ ਪੱਖ ਵਿਚ ਜਾਂ ਮਾਰਕਸਵਾਦ ਦੇ ਪੱਖ ਵਿਚ ਫਿਲਮ ਬਣਾਉਣਾ ਬਿਲਕੁਲ ਅਲਗ ਗੱਲ। ਉਸ ਖਤਰੇ ਨੂੰ ਕਲਾਤਮਕ ਜਾਂ ਆਸਥਾਤਮਕ ਰੂਪ ਵਿਚ ਉਠਾਉਣ ਲਈ ਜਿਹੜੇ ਔਜ਼ਾਰ ਨੇ, ਉਹ ਨਾ ਅਜਯ ਦੇਵਗਨ ਕੋਲ ਨੇ, ਨਾ ਸਨੀ ਦਿਓਲ ਕੋਲ। ਅਜਿਹੀ ਫਿਲਮ ਸਿਰਫ ਭਗਤ ਸਿੰਘ ਦੇ ਕਾਰਨਾਮਿਆਂ ਉੱਤੇ ਨਾ ਰਹਿ ਕੇ ਉਸਦੇ ਬੌਦਿਕ ਵਿਕਾਸ, ਮਨੋਵਿਗਿਆਨਕ ਪੇਚੀਦਗੀਆਂ ਤੇ ਉਸਦੇ ਨਾਲ ਉਸਦੀ ਕਰਾਂਤੀਕਾਰਿਤਾ ਦੀ ਸੰਤੁਲਿਤ ਪ੍ਰਸਤੁਤਿ ਹੋਏਗੀ। ਇਹਨਾਂ ਤਿੰਨ ਪੱਖਾਂ ਨੂੰ ਸੰਤੁਲਿਤ ਕਰਕੇ ਕੋਈ ਕਲਪਨਾਸ਼ੀਲ ਫਿਲਮਕਾਰ ਫਿਲਮ ਬਣਾਏ ਤਾਂ ਭਗਤ ਸਿੰਘ ਦਾ ਅਸਲੀ ਸੁਨੇਹਾ ਪਹੁੰਚੇਗਾ। ਅਜੇ ਤਾਂ ਤੁਸੀਂ ਸਿਰਫ ਉਸਨੂੰ ਗਾਉਂਦੇ ਹੋਏ, ਨੱਚਦੇ ਹੋਏ, ਦੋਸਤਾਂ ਨਾਲ ਗਲ਼ੇ ਮਿਲਦੇ ਹੋਏ ਦਿਖਾਉਂਦੇ ਰਹਿੰਦੇ ਹੋ—ਪਰ ਭਗਤ ਸਿੰਘ, ਭਗਤ ਸਿੰਘ ਕਿਵੇਂ ਬਣਿਆ, ਇਹ ਨਹੀਂ ਦੱਸਦੇ।
--- --- ---

Wednesday, July 6, 2011

ਅਵਸਾਨ / ਅੰਤ...:: ਲੇਖਕਾ : ਸੁਸ਼ਮ ਬੇਦੀ



ਪ੍ਰਵਾਸੀ ਹਿੰਦੀ ਕਹਾਣੀ :
       

       ਅਨੁਵਾਦ : ਮਹਿੰਦਰ ਬੇਦੀ, ਜੈਤੋ




ਜਿਸ ਤਰ੍ਹਾਂ ਦਿਵਾਕਰ ਜਿਊਂ ਰਿਹਾ ਸੀ, ਉਸਨੂੰ ਬਿਲਕੁਲ ਹੀ ਅੰਦਾਜ਼ਾ ਨਹੀਂ ਸੀ ਕਿ ਕਲ੍ਹ ਨੂੰ ਉਹ ਇਸ ਦੁਨੀਆਂ ਵਿਚ ਨਹੀਂ ਹੋਵੇਗਾ। ਉਂਜ ਤਾਂ ਆਪਣੇ ਤੁਰ ਜਾਣ ਦੀ ਖ਼ਬਰ ਕਿਸੇ ਨੂੰ ਨਹੀਂ ਹੁੰਦੀ, ਪਰ ਉਸਨੂੰ ਤਾਂ ਕਤਈ ਨਹੀਂ ਸੀ। ਇਸਦੀ ਜਾਇਜ਼ ਵਜਾਹ ਵੀ ਸੀ ਉਸ ਕੋਲ। ਪਹਿਲੀ ਗੱਲ ਤਾਂ ਇਹ ਕਿ ਸੰਸਾਰ ਦੇ ਜਿਸ ਸਰਬ-ਉੱਤਮ ਦੇਸ਼ ਵਿਚ ਰਹਿ ਰਿਹਾ ਸੀ ਉਹ—ਉੱਥੇ ਛਪੰਜਾ-ਸਤਵੰਜਾ ਸਾਲ ਦੀ ਉਮਰ ਨੂੰ ਜੀਵਨ ਦਾ ਅੱਧ ਮੰਨਿਆਂ ਜਾਂਦਾ ਹੈ, ਅੰਤ ਦਾ ਸੂਚਕ ਨਹੀਂ। ਫੇਰ ਆਮ ਤੌਰ 'ਤੇ ਉਸਦੀ ਸਿਹਤ ਵੀ ਠੀਕ-ਠਾਕ ਰਹਿੰਦੀ ਸੀ। ਦੂਜਿਆਂ ਦੀਆਂ ਬਿਮਾਰੀਆਂ ਦਾ ਇਲਾਜ਼ ਕਰਦਿਆਂ ਹੋਇਆਂ ਆਪਣੇ ਫਾਨੀ (ਨਾਸ਼ਵਾਨ) ਹੋਣ ਦੀ ਚਿੰਤਾ ਕਰਨ ਦੀ ਵਿਹਲ ਵੀ ਨਹੀਂ ਸੀ ਉਸ ਕੋਲ। ਇਹੀ ਗੱਲ ਮੰਨ ਕੇ ਉਸਨੇ ਪੰਜਾਹਵੇਂ ਵਰ੍ਹੇ ਵਿਚ ਪੈਰ ਰੱਖਦਿਆਂ ਹੀ ਤੀਜੀ ਸ਼ਾਦੀ ਕਰ ਲਈ ਸੀ। ਉਂਜ ਤਾਂ ਸ਼ਾਦੀ ਤਲਾਕ ਆਮ ਗੱਲਾਂ ਨੇ ਇਸ ਦੇਸ਼ ਵਿਚ, ਪਰ ਉਹ ਇੱਥੋਂ ਦੇ ਅਣ ਲਿਖੇ ਨਿਯਮਾਂ ਅਨੁਸਾਰ ਹਰ ਸੱਤ ਸਾਲ ਬਾਅਦ ਤਲਾਕ ਦੇ ਦੇਂਦਾ ਸੀ, ਤੇ ਤਲਾਕ ਤੋਂ ਪੰਜ ਸਾਲ ਬਾਅਦ ਹੀ ਅਗਲੀ ਸ਼ਾਦੀ ਕਰ ਲੈਂਦਾ ਸੀ। ਇਸ ਤਰ੍ਹਾਂ ਉਸਦੇ ਪੰਜ ਬੱਚੇ ਵੀ ਪੈਦਾ ਹੋ ਚੁੱਕੇ ਸਨ, ਜਿਹਨਾਂ ਵਿਚੋਂ ਚਾਰ ਆਪੋ-ਆਪਣੀ ਦੁਨੀਆਂ ਵਿਚ ਮਸਤ ਸਨ ਤੇ ਛੇ ਸਾਲ ਦਾ ਛੋਟਾ ਬੇਟਾ ਉਸਦੀ ਤੀਜੀ ਪਤਨੀ ਹੈਲਨ ਨਾਲ ਸੀ।

ਸ਼ਹਿਰ ਦੇ ਪ੍ਰਮੁੱਖ ਚਰਚ ਵਿਚ ਹੋ ਰਹੀ ਇਸ ਅੰਤਿਮ-ਕ੍ਰਿਆ ਵਿਚ ਸ਼ਹਿਰ ਭਰ ਦੇ ਕਾਫੀ ਲੋਕ ਜਮ੍ਹਾਂ ਸਨ। ਫੁੱਲਾਂ ਦੇ ਗੁਲਦਸਤਿਆਂ ਦਾ ਢੇਰ ਲੱਗ ਗਿਆ ਸੀ ਤੇ ਪੂਰੇ ਹਾਲ ਨੂੰ ਮਹਿਕਾ ਰਿਹਾ ਸੀ। ਜਿਹਨਾਂ ਫੁੱਲਾਂ ਦੀ ਤਾਜ਼ਗੀ ਤੇ ਮਹਿਕ ਨਾਲ ਮੌਤ ਦਾ ਸਵਾਗਤ ਕੀਤਾ ਜਾ ਰਿਹਾ ਸੀ, ਉਹਨਾਂ ਦੀ ਟਹਿਕ ਦੇਖਦੇ ਆਦਮੀ ਦਾ ਧਿਆਨ ਕੁਝ ਪਲਾਂ ਲਈ ਮੌਤ ਵੱਲੋਂ ਹਟ ਜਾਂਦਾ ਸੀ—ਪਰ ਫੇਰ ਉਹਨਾਂ ਫੁੱਲਾਂ ਦੀ ਹੋਂਦ ਹੀ ਯਕਦਮ ਉਸਨੂੰ ਉਸ ਮਾਹੌਲ ਵਿਚ ਵਾਪਸ ਲੈ ਆਉਂਦੀ ਸੀ। ਇਕ ਵੱਡੇ ਸਾਰੇ ਲੱਕੜੀ ਦੇ ਬਕਸੇ ਵਿਚ ਫੁੱਲਾਂ ਨਾਲ ਹੀ ਸਜਿਆ, ਢਕਿਆ, ਦਿਵਾਕਰ ਦਾ ਜੀਵਨ-ਰਹਿਤ ਸ਼ਰੀਰ ਮੌਤ ਦੇ ਵਾਪਰੇ ਹੋਣ ਨੂੰ ਭੁਲੇਖਾ ਕਿੰਜ ਦੇ ਸਕਦਾ ਸੀ?
ਪਾਦਰੀ ਬਾਈਬਲ ਦੇ ਸਫਿਆਂ ਤੋਂ ਡੇਵਿਡ ਦਾ ਸਲਾਮ ਪੜ੍ਹ ਰਿਹਾ ਸੀ—“ਪ੍ਰਭੂ ਮੇਰਾ ਚਰਵਾਹਾ ਹੈ ਤਾਂ ਮੈਨੂੰ ਕੀ ਕਮੀ ਹੈ, ਉਹ ਮੈਨੂੰ ਹਰਿਆਲੇ ਮੈਦਾਨਾਂ ਵਿਚ ਲੇਟਾਉਂਦਾ ਹੈ, ਸ਼ਾਂਤ ਜਲ ਵਾਲੇ ਪਾਸੇ ਲੈ ਜਾਂਦਾ ਹੈ...ਉਹੀ ਮੇਰੀ ਆਤਮਾਂ ਦੀ ਰੱਖਿਆ ਕਰਦਾ ਹੈ ਤੇ ਮੈਨੂੰ ਸਹੀ ਰਸਤਾ ਦਿਖਾਉਂਦਾ ਹੈ।”
ਪਾਦਰੀ ਦੀ ਆਵਾਜ਼ ਵਿਚ ਸ਼ਾਂਤੀ ਹੈ, ਸਥਿਰ ਜਲ ਵਾਂਗ। ਆਵਾਜ਼ ਵਿਚ ਦਿਲਾਸਾ ਹੈ—'ਕਿਆਮਤ ਦਾ ਦਿਨ ਸਵਰਗ ਦੀ ਕਾਮਨਾ : ਮੁਕਤੀ ਲਈ ਇਤਰਲੋਕ ਦੇ ਸੁੱਖਾਂ ਦੀ ਕਾਮਨਾ, ਜਿਊਦਿਆਂ ਲਈ ਇਕ ਲਚਰ ਜਿਹੀ ਤਸੱਲੀ ਹੈ।'
ਲੋਕ ਮੌਤ ਰੂਪੀ ਅਟੱਲ ਸੱਚਾਈ ਤੋਂ ਡਰੇ, ਚੁੱਪਚਾਪ, ਆਪੋ-ਆਪਣੀਆਂ ਕੁਰਸੀਆਂ ਉੱਤੇ ਸਿੱਥਲ ਬੈਠੇ ਹੋਏ ਸਨ।
ਸ਼ੰਕਰ ਨੂੰ ਅਜੀਬ ਜਿਹਾ ਲੱਗ ਰਿਹਾ ਸੀ। ਸਿਰਫ ਉਹੀ ਇਕ ਹਿੰਦੁਸਤਾਨੀ ਸੀ—ਬਾਕੀ ਸਾਰੇ ਦਿਵਾਕਰ ਦੇ ਡਾਕਟਰੀ ਪੇਸ਼ੇ ਨਾਲ ਜੁੜੇ ਲੋਕ ਸਨ—ਹਸਪਤਾਲ ਦੇ ਸਾਥੀ ਕਰਮਚਾਰੀ, ਡਾਕਟਰ, ਨਰਸ, ਮਰੀਜ਼। ਇਹਨਾਂ ਵਿਚ ਕਾਲੇ, ਹਿਸਪੈਨਿਕ ਤੇ ਗੋਰੇ ਸਾਰੀਆਂ ਕਿਸਮਾਂ ਦੇ ਲੋਕ ਸਨ। ਪਿਛਲੇ ਤੀਹ ਵਰ੍ਹਿਆਂ ਦਾ ਉਹ ਇੱਥੇ ਕੰਮ ਕਰ ਰਿਹਾ ਸੀ। ਇਸੇ ਸ਼ਹਿਰ ਦੇ ਸਭ ਤੋਂ ਵੱਡੇ ਹਸਪਤਾਲ ਦਾ ਪ੍ਰਮੁੱਖ ਡਾਕਟਰ ਸੀ। ਕਿੰਨੇ ਹੀ ਮਰੀਜ਼ਾਂ ਨੇ ਇਸ ਤੋਂ ਜੀਵਨ ਪਾਇਆ ਸੀ, ਜਿਹੜੇ ਹਮੇਸ਼ਾ ਲਈ ਉਸਦੇ ਸ਼ੁਕਰਗੁਜ਼ਾਰ ਸਨ।
ਉਸਦੀਆਂ ਤਿੰਨਾਂ ਪਤਨੀਆਂ ਦੇ ਪਰਿਵਾਰ ਵੀ ਮੌਜ਼ੂਦ ਸਨ।
ਦਰਅਸਲ ਪਹਿਲਾਂ ਵਾਲੀਆਂ ਦੋਹਾਂ ਪਤਨੀਆਂ ਤੇ ਉਹਨਾਂ 'ਚੋਂ ਜਨਮੇ ਆਪਣੇ ਬੱਚਿਆਂ ਨਾਲ ਹੁਣ ਵੀ ਉਸਦਾ ਰਿਸ਼ਤਾ ਬਣਿਆ ਹੋਇਆ ਸੀ।...ਹੁਣ ਵੀ ਉਹ ਉਹਨਾਂ ਬੱਚਿਆਂ ਦੇ ਕਾਲਜ ਦੀ ਫੀਸ ਦੇ ਰਿਹਾ ਸੀ। ਉਹਨਾਂ ਦੇ ਜਨਮ ਦਿਨ 'ਤੇ ਤੋਹਫ਼ੇ ਭੇਜਦਾ ਸੀ ਤੇ ਉਹਨਾਂ ਨੂੰ ਖਾਣੇ 'ਤੇ ਬਾਹਰ ਰੇਸਤਰਾਂ ਵਿਚ ਲੈ ਜਾਂਦਾ ਹੁੰਦਾ ਸੀ, ਪਰ ਬੱਚੇ ਫੇਰ ਵੀ ਉਸ 'ਤੇ ਨਹੀਂ ਸੀ ਧਿਜਦੇ। ਉਹ, ਉਹਨਾਂ ਦੇ ਜੀਵਨ ਦਾ ਇਕ ਬਾਹਰੀ ਤੱਤ ਸੀ ਜਿਹੜਾ ਕਿਸੇ ਦੇਣਦਾਰ-ਰਿਸ਼ਤੇਦਾਰ ਵਾਂਗ ਆਪਣੀ ਭਲਮਾਣਸਤ ਸਦਕਾ ਮਦਦ ਕਰ ਰਿਹਾ ਸੀ। ਇਸਦੇ ਬਦਲੇ ਉਸਨੂੰ ਉਹਨਾਂ ਬੱਚਿਆਂ ਤੋਂ ਪਿਆਰ ਨਹੀਂ ਸੀ ਮਿਲਦਾ, ਪਰ ਸ਼ੱਕ ਨਹੀਂ ਕਿ ਉਹ ਉਸਦਾ ਥੋੜ੍ਹਾ-ਬਹੁਤ ਅਹਿਸਾਨ ਜ਼ਰੂਰ ਮੰਨਦੇ ਹੋਣਗੇ। ਤਦੇ ਤਾਂ ਉਸਦੇ ਜਨਮ ਦਿਨ ਜਾਂ ਕ੍ਰਿਸਮਿਸ ਮੌਕੇ ਉਹ ਉਸਨੂੰ ਸ਼ੁਭਕਾਮਨਾਵਾਂ ਦਾ ਕਾਰਡ ਜ਼ਰੂਰ ਭੇਜ ਦੇਂਦੇ ਸਨ। ਅੱਜ ਵੀ ਉਹ ਸਾਰੇ ਬੱਚੇ ਆਪਣੀਆਂ ਮਾਵਾਂ ਦੇ ਪਰਿਵਾਰ ਨਾਲ ਅੰਤਮ-ਕ੍ਰਿਆ ਵਿਚ ਸ਼ਾਮਲ ਸਨ।
ਪਰ ਉਸਦੇ ਆਪਣੇ ਪਰਿਵਾਰ ਦਾ ਕੋਈ ਵੀ ਉਸਦੇ ਮੌਤ ਸਮਾਗਮ ਵਿਚ ਮੌਜ਼ੂਦ ਨਹੀਂ ਸੀ। ਰਿਸ਼ਤੇਦਾਰ ਭਾਰਤ ਵਿਚ ਸਨ। ਉਂਜ ਉਹਨਾਂ ਵਿਚ ਹੁਣ ਉਸਦੀ ਮਾਂ ਤੇ ਭੈਣ ਹੀ ਸਨ। ਇੱਥੇ ਕੁਝ ਮਿੱਤਰ ਸਨ, ਜਿਹਨਾਂ ਨਾਲ ਮੇਲ-ਮੁਲਾਕਾਤ ਹੁੰਦੀ ਰਹਿੰਦਾ ਸੀ।
ਉਹ ਹਿੰਦੁਸਤਾਨੀਆਂ ਨਾਲ ਬਹੁਤਾ ਨਹੀਂ ਸੀ ਮਿਲਦਾ ਹੁੰਦਾ। ਪਤਨੀ ਅਮਰੀਕੀ ਸੀ ਤਾਂ ਦੋਸਤਾਂ ਦੀ ਜੁੰਡਲੀ ਵੀ ਵੈਸੀ ਹੀ ਸੀ। ਸ਼ੰਕਰ ਹੀ ਉਸਦਾ ਨਜ਼ਦੀਕੀ ਹਿੰਦੁਸਤਾਨੀ ਮੂਲ ਦਾ ਦੋਸਤ ਸੀ। ਦੋਹੇਂ ਮੌਲਾਨਾ ਆਜ਼ਾਦ ਮੈਡੀਕਲ ਸਕੂਲ ਦੇ ਦਿਨਾਂ ਤੋਂ ਹੀ ਇਕ ਦੂਜੇ ਨੂੰ ਜਾਣਦੇ ਸਨ। ਉਹਨਾਂ ਦੀ ਦੋਸਤੀ ਦੇ ਅੱਜ ਤਕ ਬਣੀ ਰਹਿਣ ਦਾ ਕਾਰਣ ਸ਼ਾਇਦ ਇਹ ਵੀ ਸੀ ਕਿ ਸ਼ੰਕਰ ਦੀ ਅਮਰੀਕੀ ਪਤਨੀ ਦੇ ਨਾਲ ਉਸਦੀ ਪਤਨੀ ਦੀ ਖਾਸੀ ਨੇੜਤਾ ਸੀ। ਗੋਰਿਆਂ ਵਿਚ ਆਉਣ-ਜਾਣ ਵੀ ਸੀ ਤੇ ਬੱਚਿਆਂ ਦਾ ਵੀ ਆਪਸ ਵਿਚ ਮਿਲਣਾ-ਜੁਲਣਾ ਸੀ।
ਹਸਪਤਾਲ ਵਿਚੋਂ ਲਾਸ਼ ਸਿੱਧੀ ਫਿਊਨਰਲ ਹੀ ਲੈ ਆਂਦੀ ਗਈ ਸੀ—ਤੇ ਅੱਜ ਗਿਰਜਾ ਘਰ ਵਿਚ ਸਰਵਿਸ ਸੀ। ਨਾਸਤਕ ਸੀ, ਇਸ ਲਈ ਉਸਦੀ ਈਸਾਈ ਪਤਨੀ ਨੂੰ ਅਜਿਹਾ ਕਰਨ ਵਿਚ ਕੁਝ ਵੀ ਗ਼ਲਤ ਨਹੀਂ ਸੀ ਲੱਗਿਆ। ਦੋਹਾਂ ਦੀ ਸ਼ਾਦੀ ਵੀ ਕੋਰਟ ਵਿਚ ਹੀ ਹੋਈ ਸੀ। ਉਂਜ ਵੀ ਉਹ ਕਿੱਥੇ, ਕਿਸੇ ਮੰਦਰ ਦੇ ਪੁਜਾਰੀ ਨੂੰ ਲੱਭ ਕੇ ਕ੍ਰਿਆ-ਕਰਮ ਕਰਵਾਉਂਦੀ ਫਿਰਦੀ। ਸ਼ੰਕਰ ਨੇ ਕਿਹਾ ਤਾਂ ਸੀ ਕਿ 'ਉਹ ਪੰਡਿਤ ਦਾ ਇੰਤਜ਼ਾਮ ਕਰ ਦਏਗਾ। ਹੁਣ ਤਾਂ ਇੱਥੇ ਖਾਸੇ ਲੋਕ ਆ ਵੱਸੇ ਨੇ। ਚੰਗਾ ਪੰਡਿਤ ਲੱਭਿਆ ਜਾ ਸਕਦਾ ਹੈ।'
ਪਰ ਹੈਲਨ ਯਕਦਮ ਨਰਵਸ ਹੋ ਕੇ ਬੋਲੀ ਸੀ—“ਪਲੀਜ਼ ਸ਼ੰਕਰ, ਉਸ ਝੰਜਟ 'ਚ ਨਾ ਪਾਓ ਮੈਨੂੰ। ਜਿਹੜਾ ਜਿਊਂਦਾ ਹੋਇਆ ਕਦੀ ਹਿੰਦੂ ਨਹੀਂ ਬਣਿਆ, ਹੁਣ ਉਸ ਉੱਤੇ ਇਹ ਸਭ ਇੰਜ ਲੱਦਣਾ ਜ਼ਰੂਰੀ ਨਹੀਂ।”
“ਪਰ...” ਤੇ ਸ਼ੰਕਰ ਕੁਝ ਹੋਰ ਨਹੀਂ ਸੀ ਕਹਿ ਸਕਿਆ। ਬਹਿਸ ਕਰਨ ਦਾ ਮੌਕਾ ਵੀ ਨਹੀਂ ਸੀ। ਉਹ ਦੋਸਤ ਦੀ ਪਤਨੀ ਲਈ ਚੀਜ਼ਾਂ ਨੂੰ ਆਸਾਨ ਬਣਾਉਣਾ ਚਾਹੁੰਦਾ ਸੀ। ਪਹਿਲਾਂ ਹੀ ਦੁਖ ਦੀ ਮਾਰੀ ਔਰਤ ਨੂੰ ਹੋਰ ਮੁਸੀਬਤ ਵਿਚ ਨਹੀਂ ਸੀ ਪਾਉਣਾ ਚਾਹੁੰਦਾ। ਮੁਸ਼ਕਿਲ ਨਾਲ ਸੱਤ ਸਾਲ ਤਾਂ ਹੋਏ ਸਨ ਉਸਦੀ ਸ਼ਾਦੀ ਨੂੰ। ਦੋਹਾਂ ਦਾ ਪ੍ਰੇਮ ਵਿਆਹ ਸੀ। ਹੈਲਨ ਦਿਵਾਕਰ ਨਾਲੋਂ ਲਗਭਗ ਵੀਹ ਸਾਲ ਛੋਟੀ ਹੋਏਗੀ। ਕੀ ਪਤਾ ਸੀ ਏਨੀ ਘੱਟ ਦੇਰ ਜਿਊਣਾ ਸੀ ਉਸਨੇ? ਅਚਾਨਕ ਉਸਦੀ ਜ਼ਿੰਦਗੀ ਵਿਚ ਤੂਫ਼ਾਨ ਆ ਗਿਆ ਸੀ।
ਪਰ ਸ਼ੰਕਰ ਨੂੰ ਮਨ ਵਿਚ ਲੱਗਿਆ ਸੀ ਕਿ ਬ੍ਰਾਹਮਣ ਪਰਿਵਾਰ ਵਿਚ ਪੈਦਾ ਹੋਣ ਵਾਲਾ ਉਸਦਾ ਦੋਸਤ ਦਿਵਾਕਰ ਕੀ ਇਸ ਇੰਤਜ਼ਾਮ ਤੋਂ ਸੰਤੁਸ਼ਟ ਹੋਏਗਾ। ਸ਼ੰਕਰ ਖ਼ੁਦ ਵੀ ਨਾਸਤਕ ਸੀ ਪਰ ਫੇਰ ਵੀ ਉਹ ਮੰਨਦਾ ਸੀ ਕਿ ਜਿਹੜਾ ਹਿੰਦੂ ਪੈਦਾ ਹੋਇਆ ਹੈ, ਉਹ ਹਿੰਦੂ ਹੀ ਰਹਿੰਦਾ ਹੈ। ਸੋ ਦੇਹ ਸੰਸਕਾਰ ਕਿਸੇ ਵੀ ਦੂਜੇ ਤਰੀਕੇ ਨਾਲ ਕਿਉਂ?
ਪਰ ਉਸਦੀ ਪਤਨੀ ਨੇ ਵੀ ਹੈਲਨ ਦੀ ਹਾਂ ਵਿਚ ਹਾਂ ਮਿਲਾਉਂਦਿਆਂ ਹੋਇਆਂ ਕਹਿ ਦਿੱਤਾ ਸੀ ਕਿ 'ਇਹ ਤਾਂ ਜੀ ਬਸ ਸੌਖ ਦੀ ਗੱਲ ਏ। ਚਰਚ ਦਾ ਸਾਰਾ ਇੰਤਜ਼ਾਮ ਸਾਫ਼-ਸੁਥਰਾ ਤੇ ਟਿਚਨ ਹੁੰਦਾ ਏ। ਇੱਥੇ ਤਾਂ ਆਏ ਦਿਨ ਫਿਊਨੇਰਲ ਸਰਵਿਸ ਹੁੰਦੀ ਈ ਏ। ਆਉਣ ਵਾਲਿਆਂ ਨੂੰ ਵੀ ਸੌਖ ਰਹੇਗੀ। ਜਾਣੀ ਪਛਾਣੀ ਥਾਂ ਹੈ ਤੇ ਫੇਰ ਮੰਦਰ ਕਿਹੜਾ ਇਸ ਤਰ੍ਹਾਂ ਦੇ ਕੰਮਾਂ ਦੇ ਅਨੁਭਵੀ ਹੈਨ...ਫ਼ਾਲਤੂ ਦੀ ਘਚਮਚ ਹੋ ਜਾਏਗੀ। ਹਵਨ ਵਗ਼ੈਰਾ ਦੀ ਕਿਸੇ ਨੂੰ ਸਮਝ ਵੀ ਨਹੀਂ। ਫੇਰ ਉਸਦੇ ਮਿੱਤਰ ਵੀ ਤਾਂ ਵਧੇਰੇ ਕਰਕੇ ਅਮਰੀਕੀ ਹੀ ਨੇ। ਕਿਸਨੂੰ ਸਮਝ ਆਉਣਗੇ ਸੰਸਕ੍ਰਿਤ ਦੇ ਸ਼ਲੋਕ?'
ਮਨ ਹੀ ਮਨ ਸ਼ੰਕਰ ਨੂੰ ਦਿਵਾਕਰ ਉੱਤੇ ਗੁੱਸਾ ਵੀ ਆ ਰਿਹਾ ਸੀ। ਐਵੇਂ ਹੀ ਅਚਾਨਕ ਬਿਨਾਂ ਦੱਸੇ ਤੁਰ ਗਿਆ—ਇਹ ਸਭ ਤਾਂ ਉਸ ਨਾਲ ਡਿਸਕਸ ਕਰਕੇ ਜਾਂਦਾ। ਹੁਣ ਸ਼ੰਕਰ ਨਾ ਤਾਂ ਉਸਦੀ ਪਤਨੀ ਉੱਤੇ ਕਿਸੇ ਤਰ੍ਹਾਂ ਦਾ ਜ਼ੋਰ ਪਾਉਣਾ ਚਾਹੁੰਦਾ ਸੀ ਤੇ ਨਾ ਹੀ ਦੋਸਤ ਨਾਲ ਦਗ਼ਾਬਾਜ਼ੀ ਕਰਨਾ ਚਾਹੁੰਦਾ ਸੀ।
ਉਂਜ ਨਾਸਤਕ ਹੁੰਦਿਆਂ ਹੋਇਆਂ ਵੀ ਦੋਹਾਂ ਨੇ ਗੀਤਾ, ਮਹਾਭਾਰਤ, ਰਾਮਾਇਣ ਸਭ ਪੜ੍ਹੇ ਹੋਏ ਸਨ। ਗੀਤਾ ਦੇ ਤਾਂ ਕਈ ਸ਼ਲੋਕ ਦੋਹਾਂ ਨੇ ਜ਼ਬਾਨੀ ਰਟੇ ਹੋਏ ਸਨ।
ਬਲਕਿ ਆਪਣੀ ਜ਼ਿੰਦਗੀ ਵਿਚ ਸੰਤੁਲਨ ਬਣਾਈ ਰੱਖਣ ਲਈ ਕਦੀ-ਕਦੀ ਉਹ ਇਕ ਦੂਜੇ ਦੇ ਵਿਹਾਰ ਉੱਤੇ ਸ਼ਲੋਕਾਂ ਜ਼ਰੀਏ ਹੀ ਟਿੱਪਣੀ ਕਰਦੇ ਰਹਿੰਦੇ ਸਨ, ਜਿਵੇਂ ਕਿ ਸ਼ੰਕਰ ਉਸਨੂੰ ਕਹਿੰਦਾ ਸੀ—'ਭਰਾ, ਇਹ ਸਾਰੇ ਬੱਚਿਆਂ ਦੀ ਕਾਲਜ ਤੇ ਸਕੂਲ ਦੀ ਪੜ੍ਹਾਈ ਦਾ ਏਨਾ ਭਾਰੀ ਖਰਚ ਤੇਰਾ ਸੱਚਾ ਤੇ ਨਿਸ਼ਕਾਮ ਕਰਮ ਹੀ ਮੰਨਣਾ ਚਾਹੀਦਾ ਏ। ਵਰਨਾ ਘਰਵਾਲੀ ਨੂੰ ਛੱਡਣ ਦੇਣ ਪਿੱਛੋਂ ਬੱਚਿਆਂ ਨੂੰ ਏਨਾ ਸਿਰ ਚੜ੍ਹਾਉਣ ਦੀ ਕੀ ਲੋੜ ਪਈ ਏ ਭਲਾ! ਤੂੰ ਤਾਂ ਅੱਜ ਵੀ ਪੂਰੀ ਨਿਹਚਾ ਨਾਲ ਜੁਟਿਆ ਹੋਇਆ ਏਂ।'
ਦਿਵਾਕਰ ਹੱਸਿਆ ਸੀ—'ਸਭ ਦੇ ਆਪੋ-ਆਪਣੇ ਕਰਮਾਂ ਦਾ ਫਲ ਏ। ਉਹ ਆਪਣੇ ਹੱਕ ਦਾ ਲੈ ਰਹੇ ਨੇ ਤੇ ਮੈਂ ਆਪਣਾ ਧਰਮ ਨਿਭਾ ਰਿਹਾਂ। ਫੇਰ ਜਦੋਂ ਸੱਤ ਸਮੁੰਦਰ ਪਾਰ ਆ ਕੇ ਮੇਰਾ ਧਰਮ ਤਾਂ ਭਰਿਸ਼ਟ ਹੋ ਹੀ ਗਿਐ। ਉਸ ਬਦਲੇ ਏਨੀ ਦੌਲਤ ਆ ਰਹੀ ਏ ਤਾਂ ਉਹ ਵੀ ਕਿਉਂ ਨਾ ਉਸਦਾ ਸੁਖ ਭੋਗਣ। ਸ਼ਾਇਦ ਇਹੀ ਪੁੰਨ ਖੱਟ ਕੇ ਆਪਣਾ ਅੱਗਾ ਸੁਧਾ ਲਵਾਂ।'
ਇਕ ਵਾਰੀ ਕਿਸੇ ਗੱਲ ਕਰਕੇ ਡਾਢਾ ਗੁੱਸੇ ਸੀ ਸ਼ੰਕਰ ਤਾਂ ਦਿਵਾਕਰ ਗੀਤਾ ਦੇ ਦੂਸਰੇ ਅਧਿਆਏ ਦਾ ਬਾਹਟਵਾਂ ਸ਼ਲੋਕ ਗਾਉਣ ਲੱਗ ਪਿਆ ਸੀ, 'ਕਰੋਧ ਸੇ ਸੰਮੋਹ ਹੋਤਾ ਹੈ, ਔਰ ਸੰਮੋਹ ਸੇ ਸਮਰਿਤੀ ਨਾਸ਼, ਸਮਰਿਤੀ ਨ ਰਹਨੇ ਸੇ ਵਿਚਾਰਸ਼ਕਤੀ ਕਾ ਨਾਸ਼ ਹੋਤਾ ਹੈ ਔਰ ਬੁੱਧੀਨਾਸ਼ ਸੇ ਸਰਵਨਾਸ਼...।' ਸ਼ੰਕਰ ਦਾ ਗੁੱਸਾ ਦੂਰ ਕਰਨ ਲਈ ਹੀ ਇਸ ਬਾਣ ਦਾ ਪ੍ਰਯੋਗ ਕੀਤਾ ਗਿਆ ਸੀ ਤੇ ਇਸਦਾ ਅਸਰ ਵੀ ਹੋਇਆ ਸੀ।
ਪਰ ਇਹ ਸਭ ਭੌਤਿਕ ਯਤਨ ਹੀ ਸਨ। ਕਿਸੇ ਆਸਥਾ ਦਾ ਸਬੂਤ ਨਹੀਂ। ਬਸ ਅਜੀਬ ਗੱਲ ਇਹ ਸੀ ਕਿ ਖ਼ੁਦ ਨੂੰ ਨਾਸਤਕ ਕਹਿ ਕੇ ਵੀ ਉਹਨਾਂ ਦੀ ਸ਼ਬਦਾਵਲੀ, ਸੰਦਰਭ, ਸਭ ਹਿੰਦੂ ਸ਼ਾਸਤਰਾਂ ਨਾਲ ਹੀ ਜੁੜੇ ਹੋਏ ਸਨ ਤੇ ਇਹ ਸਭ ਅਚੇਤ ਹੀ ਹੁੰਦਾ ਹੈ।
ਮੂਲ ਗੱਲ ਇਹ ਸੀ ਕਿ ਦਿਵਾਕਰ ਦੇ ਸਮੁੱਚੇ ਵਿਅਕਤੀਤਵ ਵਿਚ ਇਕ ਉਦਾਰਤਾ ਸੀ—ਸਭ ਕੁਝ ਵੰਡ ਦੇਣ ਦਾ ਖੁੱਲ੍ਹਾਪਨ। ਪਿਆਰ, ਪੈਸਾ, ਸਲਾਹ—ਇਹ ਹੋਰ ਗੱਲ ਹੈ ਕਿ ਅਮਰੀਕੀ ਪਤਨੀਆਂ ਹੋਣ ਕਰਕੇ ਉਹ ਆਪਣੇ ਹਿੰਦੁਸਤਾਨ ਵਿਚ ਵੱਸਦੇ ਘਰਵਾਲਿਆਂ ਨੂੰ ਆਪਣੇ ਇੱਥੇ ਬਹੁਤਾ ਨਹੀਂ ਸੀ ਬੁਲਾਉਂਦਾ ਹੁੰਦਾ। ਪਰ ਮੌਕੇ, ਬੇਮੌਕੇ ਪੈਸੇ ਦੀ ਖੁੱਲ੍ਹੀ ਮਦਦ ਜ਼ਰੂਰ ਕਰ ਦਿੰਦਾ ਸੀ। ਖ਼ੁਦ ਜਾ ਕੇ ਉਹਨਾਂ ਨੂੰ ਮਿਲ ਵੀ ਆਉਂਦਾ ਸੀ।
ਸ਼ੰਕਰ ਨੇ ਹੈਲਨ ਨੇ ਵਿਸ਼ੇਸ਼ ਤੌਰ 'ਤੇ ਕਿਹਾ ਸੀ, 'ਕੀ ਤੁਸੀਂ ਉਸਦੀ ਮਾਂ-ਭੈਣ ਨੂੰ ਆਉਣ ਤੋਂ ਰੋਕ ਸਕਦੇ ਓ? ਮੇਰੇ ਉੱਤੇ ਸਭ ਤੋਂ ਵੱਡਾ ਅਹਿਸਾਨ ਇਹੀ ਹੋਏਗਾ।'
ਸ਼ੰਕਰ ਨੂੰ ਇਕਦਮ ਧੱਕਾ ਜਿਹਾ ਲੱਗਾ ਸੀ। ਸ਼ਾਇਦ ਇਹਨੂੰ ਸਮਝ ਕੇ ਹੀ ਹੈਲਨ ਨੇ ਕਿਹਾ ਸੀ—'ਦੇਖੋ ਸ਼ੰਕਰ, ਇਕ ਤਾਂ ਇੱਥੋਂ ਦਾ ਸਭ ਕੁਝ ਮੈਨੂੰ ਇਕੱਲੀ ਨੂੰ ਸੰਭਾਲਣਾ ਪੈ ਰਿਹਾ ਏ, ਉਪਰੋਂ ਮਾਂ, ਭੈਣ ਦੇ ਆਉਣ 'ਤੇ ਮੈਨੂੰ ਉਹਨਾਂ ਦੀ ਸੇਵਾ, ਸੰਭਾਲ 'ਚ ਲੱਗਣਾ ਪਏਗਾ। ਮੈਂ ਇਸ ਸਮੇਂ ਤਨ ਤੇ ਮਨ ਦੋਵੇਂ ਪੱਖੋਂ ਬੜੀ ਕਮਜ਼ੋਰ ਮਹਿਸੂਸ ਕਰ ਰਹੀ ਆਂ—ਤੇ ਫੇਰ ਜਦ ਕਿ ਦਿਵਾਕਰ ਹੀ ਨਹੀਂ ਰਿਹਾ ਤਾਂ ਮੈਥੋਂ ਉਹਨਾਂ ਸਾਰਿਆਂ ਦੀ ਦੇਖਭਾਲ ਦਾ ਬੋਝ ਨਹੀਂ ਉਠਾਇਆ ਜਾਣਾ। ਉਂਜ ਵੀ ਕਿਹੜਾ ਬਹੁਤਾ ਜ਼ਿਆਦਾ ਮਿਲਣਾ-ਜੁਲਣਾ ਸੀ। ਪੰਜ-ਪੰਜ ਸਾਲ ਬਾਅਦ ਤਾਂ ਉਹ ਮੁਸ਼ਕਿਲ ਨਾਲ ਘਰ ਜਾਂਦਾ ਸੀ ਤੇ ਨਿੱਜੀ ਤੌਰ 'ਤੇ ਮੇਰਾ ਤਾਂ ਉਹਨਾਂ ਨਾਲ ਕੋਈ ਲੈਣ-ਦੇਣ ਵੀ ਹੈ ਨਹੀਂ। ਮੈਂ ਤਾਂ ਇਕ ਵਾਰੀ ਨਾਲੋਂ ਵੱਧ ਉਹਨਾਂ ਨੂੰ ਮਿਲੀ ਵੀ ਨਹੀਂ।'
ਸ਼ੰਕਰ ਨੇ ਕਿਹਾ, 'ਉਹ ਤਾਂ ਤੁਸੀਂ ਸਹੀ ਕਹਿ ਰਹੇ ਓ ਹੈਲਨ ਪਰ ਉਹ ਜ਼ੋਰ ਤਾਂ ਮਾਰਨਗੀਆਂ ਹੀ। ਆਖ਼ਰ ਪੁੱਤਰ ਜਾਂ ਭਰਾ ਦਾ ਚਲੇ ਜਾਣਾ...ਮੌਤ 'ਤੇ ਉਹ ਆਉਣਾ ਤਾਂ ਚਾਹੁਣਗੀਆਂ ਹੀ। ਸਕੇ ਤਾਂ ਅਜਿਹੇ ਮੌਕੇ 'ਤੇ ਆਉਂਦੇ ਹੀ ਨੇ।'
ਹੈਲਨ ਬੋਲੀ, 'ਮੇਰੇ ਕੋਲ ਪੈਸੇ ਨਹੀਂ, ਉਹਨਾਂ ਨੂੰ ਟਿਕਟ ਭੇਜਣ ਲਈ।'
'ਉਹ ਮੈਂ ਦੇ ਦਿਆਂਗਾ। ਉਹ ਸ਼ਾਇਦ ਮੰਗਣ ਵੀ ਨਾ, ਪੈਸੇ ਉਹਨਾਂ ਕੋਲ ਵੀ ਕਾਫੀ ਨੇ। ਨਾਲੇ ਕੋਈ ਪੈਸਿਆਂ ਦੀ ਪ੍ਰਵਾਹ ਨਹੀਂ ਕਰਦਾ ਹੁੰਦਾ, ਅਜਿਹੇ ਮੌਕਿਆਂ 'ਤੇ।'
'ਤਦੇ ਤਾਂ ਤੁਹਾਨੂੰ ਕਹਿ ਰਹੀ ਆਂ, ਉਹ ਤਾਂ ਆਉਣ ਲਈ ਤਿਆਰ ਬੈਠੀਆਂ ਨੇ। ਤੁਸੀਂ ਉਹਨਾਂ ਦੇ ਕਰੀਬੀ ਦੋਸਤ ਸਓ। ਤੁਹਾਡੀ ਗੱਲ ਸਮਝ ਲੈਣਗੀਆਂ। ਮੈਂ ਵਾਰ-ਵਾਰ ਉਹਨਾਂ ਨੂੰ ਨਾ ਆਉਣ ਲਈ ਕਿਹਾ ਏ ਪਰ ਉਹ ਸੋਚਦੀਆਂ ਨੇ ਕਿ ਮੈਂ ਫਾਰਮੈਲਿਟੀ ਨਿਭਾ ਰਹੀ ਆਂ। ਕਿਵੇਂ ਸਮਝਾਵਾਂ, ਉਹਨਾਂ ਦੀ ਸਮਝ 'ਚ ਈ ਨਹੀਂ ਆਉਂਦਾ ਪਿਆ।'
'ਹੈਲਨ, ਉਹ ਲੋਕ ਭਾਵੇਂ ਤੈਨੂੰ ਨਾ ਵੀ ਮਿਲਣਾ ਚਾਹੁੰਦੇ ਹੋਣ, ਪਰ ਆਪਣੇ ਪੋਤੇ-ਪੋਤੀਆਂ ਨੂੰ ਮਿਲਣਾ ਤਾਂ ਚਾਹੁਣਗੇ ਹੀ ਨਾ...'
'ਵੈਸੇ ਮੈਂ ਉਸਨੂੰ ਛੁੱਟੀਆਂ ਵਿਚ ਭਾਰਤ ਭੇਜ ਦਿਆਂਗੀ। ਉਸਦੀਆਂ ਪਹਿਲੀਆਂ ਬੀਵੀਆਂ ਜੋ ਕਰਨਾ ਚਾਹੁਣ ਕਰਨ, ਮੈਂ ਆਪਣੇ ਬੇਟੇ ਦਾ ਤਾਂ ਵਚਨ ਦੇਂਦੀ ਆਂ, ਉਹਨਾਂ ਨੂੰ ਮਿਲਣ ਜ਼ਰੂਰ ਭੇਜ ਦਿਆਂਗੀ। ਪਰ ਤੁਸੀਂ ਕਿਸੇ ਤਰ੍ਹਾਂ ਹੁਣ ਉਹਨਾਂ ਨੂੰ ਆਉਣ ਤੋਂ ਰੋਕ ਦਿਓ।'
ਤੇ ਸ਼ੰਕਰ ਨੇ ਫ਼ੋਨ ਉੱਤੇ ਕਹਾਣੀਆਂ ਘੜ ਕੇ ਉਹਨਾਂ ਨੂੰ ਆਉਣ ਤੋਂ ਰੋਕ ਦਿੱਤਾ ਸੀ।
'ਹੈਲਨ ਨੂੰ ਰੋਜ਼ ਕੰਮ 'ਤੇ ਜਾਣਾ ਪਏਗਾ। ਉਸਦੀ ਤਬੀਅਤ ਵੀ ਠੀਕ ਨਹੀਂ ਰਹਿੰਦੀ। ਵਿਚਾਰੀ ਬੜੀ 'ਕੱਲੀ ਜਿਹੀ ਪੈ ਗਈ ਏ।'
'ਬੱਚਿਆਂ ਦੇ ਵੀ ਸਕੂਲ ਖੁੱਲ੍ਹੇ ਨੇ। ਉਹਨਾਂ ਦੀ ਜ਼ਿੰਦਗੀ ਵਿਚ ਖਲਲ਼ ਪਾਉਣਾ ਠੀਕ ਨਹੀਂ।'
ਤੁਸੀਂ ਲੋਕ ਏਥੇ ਆ ਕੇ ਕਰੋਗੇ ਕੀ? ਸਾਰੇ ਤਾਂ ਆਪੋ-ਆਪਣੇ ਕੰਮਾਂ ਵਿਚ ਬਿਜੀ ਹੋਣਗੇ। ਫੇਰ ਹਵਾਈ ਅੱਡੇ ਤੋਂ ਲਿਆਉ-ਕਰਣ, ਖੁਆਉਣ-ਪਿਆਉਣ ਦੇ ਸਾਰੇ ਬੰਦੋਬਸਤ ਵੀ ਤਾਂ ਹੈਲਨ ਨੂੰ ਈ ਕਰਨੇ ਪੈਣਗੇ। ਅਜਿਹੀ ਹਾਲਤ ਵਿਚ ਕਿੰਜ ਕਰੇਗੀ ਵਿਚਾਰੀ।...ਪਹਿਲਾਂ ਹੀ ਉਸਦਾ ਆਪਣਾ ਹਾਲ ਬੁਰਾ ਏ। ਆਖ਼ਰ ਉਸਦਾ ਵੀ ਤਾਂ ਭਰੀ ਜਵਾਨੀ ਵਿਚ ਪਤੀ ਚਲਾ ਗਿਐ। ਪਹਿਲਾਂ ਖ਼ੁਦ ਨੂੰ ਤਾਂ ਸੰਭਾਲ ਲਏ...ਹੋਰਾਂ ਦੀ ਜ਼ਿੰਮੇਵਾਰੀ ਕਿੰਜ ਚੁੱਕ ਸਕੇਗੀ।'
'ਦਿਵਾਕਰ ਤਾਂ ਚਲਾ ਗਿਆ—ਜਿਸਦੇ ਨਾਲ ਰਿਸ਼ਤਾ ਸੀ, ਉਠਣਾ-ਬੈਠਣਾ ਸੀ, ਹੁਣ ਇੱਥੇ ਕਿਸ ਲਈ ਆਓਗੇ?'
'ਬੱਚੇ ਤੁਹਾਨੂੰ ਮਿਲਣ ਆਉਣਗੇ ਛੁੱਟੀਆਂ ਵਿਚ, ਤਾਂ ਚਾਰ ਗੱਲਾਂ ਕਰਨ ਦਾ ਮੌਕਾ ਵੀ ਮਿਲ ਜਾਏਗਾ। ਰਤਾ ਹੌਸਲੇ ਤੋਂ ਕੰਮ ਲਓ। ਜੋ ਗਿਆ, ਉਹ ਤਾਂ ਵਾਪਸ ਆਉਣ ਤੋਂ ਰਿਹਾ।'
ਮਨ ਨੂੰ ਬੜਾ ਦੁੱਖ ਹੋਇਆ ਸੀ ਸ਼ੰਕਰ ਦੇ। ਪਰ ਉਹ ਹੈਲਨ ਦਾ ਨਜ਼ਰੀਆ ਵੀ ਸਮਝਦਾ ਸੀ। ਵਿਚਾਰੀ ਕਿੰਜ ਸੰਭਾਲੇਗੀ ਉਸ ਠੇਠ ਹਿੰਦੁਸਤਾਨੀ ਸੱਸ, ਨਨਾਣ ਨੂੰ। ਛੂਤਛਾਤ, ਸੂਤਕ-ਪਾਤਕ, ਸ਼ਾਕਾਹਾਰੀ-ਮਾਸਾਹਾਰੀ, ਪਤਾ ਨਹੀਂ ਕਿੰਨੇ ਝਮੇਲੇ ਹੋਣਗੇ। ਉਸਦੀ ਆਪਣੀ ਪਤਨੀ ਜੈਕੀ ਵੀ ਤਾਂ ਕਿੰਨੀ ਨਰਵਸ ਹੁੰਦੀ ਹੈ, ਉਸਦੇ ਘਰਵਾਲਿਆਂ ਨੂੰ ਮਿਲ ਕੇ। ਲੱਖ ਧਿਆਨ ਰੱਖਣ 'ਤੇ ਵੀ ਉਸ ਤੋਂ ਕੋਈ ਨਾ ਕੋਈ ਗ਼ਲਤੀ ਹੋ ਹੀ ਜਾਂਦੀ ਹੈ। ਕਦੀ ਪੱਲਾ ਠੀਕ ਨਹੀਂ ਲਿਆ ਤੇ ਕਦੀ ਪੈਰੀਂ-ਹੱਥ ਨਹੀਂ ਲਾਏ। ਉਹ ਖ਼ੁਦ ਇਹਨਾਂ ਚੱਕਰਾਂ ਤੋਂ ਪ੍ਰੇਸ਼ਾਨ ਹੋ ਕੇ ਇਕੱਲਾ ਹੀ ਜਾ ਕੇ ਮਿਲ ਆਉਂਦਾ ਹੈ ਮਾਂ ਨੂੰ। ਸ਼ੁਰੂ ਵਿਚ ਜੈਕੀ ਵੀ ਗਈ ਸੀ ਉਸਦੇ ਨਾਲ। ਹੁਣ ਉਹ ਵੀ ਆਪਣੇ ਕੰਮਾਂ ਵਿਚ ਉਲਝੀ ਰਹਿੰਦੀ ਹੈ ਤੇ ਉਹ ਦੋਵੇਂ ਆਪੋ-ਆਪਣੀਆਂ ਛੁੱਟੀਆਂ, ਆਪੋ-ਆਪਣੀ ਮਰਜ਼ੀ ਨਾਲ ਬਿਤਾਉਂਦੇ ਸਨ। ਸਾਲ ਦੋ ਸਾਲ ਵਿਚ ਇਕ ਵਾਰੀ ਬੱਚਿਆਂ ਨਾਲ ਪਰਿਵਾਰਕ ਛੁੱਟੀਆਂ ਉੱਥੇ ਅਮਰੀਕਾ ਜਾਂ ਯੂਰਪ ਵਗ਼ੈਰਾ ਵਿਚ ਹੀ ਮਨਾ ਲਈਆਂ ਜਾਂਦੀਆਂ ਸਨ। ਪਿਛਲੀ ਵਾਰੀ ਉਹ ਬੇਟੀ ਨੂੰ ਨਾਲ ਲੈ ਗਿਆ ਸੀ, ਦਾਦੀ ਨੂੰ ਮਿਲਾਉਣ ਲਈ। ਪਰ ਬੱਚੇ ਹਰ ਵਾਰੀ ਨਾਲ ਜਾਣਾ ਵੀ ਨਹੀਂ ਚਾਹੁੰਦੇ। ਉਹਨਾਂ ਦੇ ਹਮ-ਉਮਰ ਸਾਥੀ ਨਾ ਹੋਣ ਤਾਂ ਉਹਨਾਂ ਨੂੰ ਕਿਧਰੇ ਵੀ ਜਾਣਾ ਚੰਗਾ ਨਹੀਂ ਲੱਗਦਾ।
ਸ਼ੰਕਰ ਨੇ ਦੁਬਾਰਾ ਗੌਰ ਕੀਤਾ ਉਸਦੇ ਦੋਸਤ ਦੇ ਅੰਤਮ ਸੰਸਕਾਰ ਵਿਚ ਇਕ ਵੀ ਹਿੰਦੁਸਤਾਨੀ ਨਹੀਂ ਸੀ ਤੇ ਸ਼ੰਕਰ ਨੂੰ ਬੜਾ ਅਜੀਬ ਜਿਹਾ ਲੱਗ ਰਿਹਾ ਸੀ। ਉਸਦੇ ਕੰਨ ਮੰਤਰ-ਉਚਾਰਣ ਸੁਣਨ ਲਈ ਖੁੱਲ੍ਹੇ ਹੋਏ ਸਨ ਤੇ ਅੱਖਾਂ ਜਿਵੇਂ ਅੱਗ ਦੀਆਂ ਲਪਟਾਂ ਦੀ ਉਡੀਕ ਵਿਚ ਅੱਡੀਆਂ ਹੋਈਆਂ ਸਨ। ਨਸਾਂ ਘਿਓ ਤੇ ਸਮਗਰੀ ਦੀ ਥੰਦੀ ਹਵਾ ਨੂੰ ਤਰਸ ਗਈਆਂ ਸਨ।
ਪਰ ਗਿਰਜਾਘਰ ਦੇ ਇਸ ਹਾਲ ਵਿਚ ਤਾਂ ਪਾਦਰੀ ਦੀ ਆਵਾਜ਼ ਗੂੰਜ ਰਹੀ ਸੀ...
ਸ਼ੰਕਰ ਇਸ ਸਾਰੇ ਮਾਹੌਲ ਤੋਂ ਬੜਾ ਉਚਾਟ ਜਿਹਾ ਹੋਇਆ ਹੋਇਆ ਸੀ। ਉਸ ਦੇ ਮਨ ਦੀ ਗਾਥਾ ਕੋਈ ਨਹੀਂ ਸੀ ਬੁੱਝ ਸਕਦਾ। ਉਹ ਉਸ ਸਾਰੇ ਮਾਹੌਲ ਵਿਚ ਇਕ ਦ੍ਰਿਸ਼ਟਾ ਹੀ ਤਾਂ ਸੀ। ਕਿਸੇ ਨਾਲ ਕੁਝ ਸਾਂਝਾ ਨਹੀਂ ਸੀ ਕਰ ਸਕਦਾ। ਕਿੰਨਾ ਹੀ ਕੁਝ ਅਜਿਹਾ ਸੀ ਉਹਨਾਂ ਦੋਵਾਂ ਵਿਚਕਾਰ ਜਿਹੜਾ ਹਾਲੇ ਵੀ ਖ਼ਤਮ ਨਹੀਂ ਸੀ ਹੋਇਆ। ਸ਼ੰਕਰ ਦੀਆਂ ਅੱਖਾਂ ਸਾਹਵੇਂ ਉਹ ਦ੍ਰਿਸ਼ ਘੁੰਮ ਗਿਆ—ਜਦੋਂ ਉਹ ਇਸ ਸ਼ਹਿਰ ਦੀ ਜ਼ਮੀਨ ਉੱਤੇ ਹਵਾਈ ਜਹਾਜ਼ ਵਿਚੋਂ ਪਹਿਲੀ ਵਾਰੀ ਉਤਰਿਆ ਸੀ। ਦਿਵਾਕਰ ਉਸਨੂੰ ਹਵਾਈ ਅੱਡੇ ਤੋਂ ਲੈ-ਆਉਣ ਲਈ ਪਹੁੰਚਿਆ ਹੋਇਆ ਸੀ। ਸ਼ੁਰੂ ਦੇ ਕੁਝ ਦਿਨ ਉਸਦੇ ਘਰ ਹੀ ਟਿਕਿਆ ਸੀ ਉਹ। ਉੱਥੇ ਹੀ ਉਸਦੀ ਅਮਰੀਕੀ ਗਰਲ ਫਰੈਂਡ ਨਾਲ ਮੁਲਾਕਾਤ ਹੋਈ ਸੀ। ਓਹਨੀਂ ਦਿਨੀ ਸ਼ਹਿਰ ਵਿਚ ਕੋਈ ਵੀ ਹਿੰਦੁਸਤਾਨੀ ਰੇਸਤਰਾਂ ਨਹੀਂ ਸੀ ਹੁੰਦਾ। ਭਾਰਤੀ ਖਾਣੇ ਦੀ ਲਲਕ ਉਠਦੀ ਤਾਂ ਖ਼ੁਦ ਹੀ ਜੁਗਾੜ ਕਰਨਾ ਪੈਂਦਾ। ਬਸ, ਦੋਹੇਂ ਛੜੇ-ਛਾਂਟ, ਤਰ੍ਹਾਂ-ਤਰ੍ਹਾਂ ਦੇ ਖਾਣੇ ਬਣਾਉਣ ਦਾ ਪ੍ਰਯੋਗ ਕਰਨ ਵਿਚ ਜੁਟ ਜਾਂਦੇ। ਹਿੰਦੁਸਤਾਨੀ ਖਾਣੇ ਬਣਾਉਣ ਤੇ ਹਸਪਤਾਲ ਦੇ ਕਰਮਚਾਰੀਆਂ ਨਾਲ ਵਿਹਾਰ ਦੇ ਤੌਰ ਤਰੀਕੇ ਤੋਂ ਲੈ ਕੇ ਕੁੜੀਆਂ ਨਾਲ ਡੇਟਿੰਗ ਤਕ ਹਰ ਗੱਲ ਵਿਚ ਉਹੀ ਸ਼ੰਕਰ ਦਾ ਗੁਰੂ ਸੀ। ਉਂਜ ਉਹ ਸੀ ਤਾਂ ਸ਼ੰਕਰ ਨਾਲੋਂ ਇਕ ਸਾਲ ਵੱਡਾ ਹੀ ਪਰ ਹਰ ਗੱਲ ਵਿਚ ਉਸ ਨਾਲੋਂ ਕਾਫੀ ਅੱਗੇ ਸੀ। ਓਹਨੀਂ ਦਿਨੀ ਇਸ ਸ਼ਹਿਰ ਵਿਚ ਗਿਣਤੀ ਦੇ ਹਿੰਦੁਸਤਾਨੀ ਰਹਿੰਦੇ ਸਨ। ਇਸ ਲਈ ਇਕ ਦੂਜੇ ਦਾ ਸਹਿਚਾਰ ਹੋਰ ਵੀ ਵਧ ਕੀਮਤੀ ਸੀ। ਹਰ ਗੱਲ ਵਿਚ ਇਕ ਦੂਜੇ ਦੀ ਸਲਾਹ, ਇਕ ਦੂਜੇ ਦੀ ਚਾਹ। ਕਾਲਜ ਦੇ ਦਿਨਾਂ ਦੀ ਦੋਸਤੀ ਆਪਣੀਆਂ ਜੜਾਂ ਹੋਰ ਡੂੰਘੀਆਂ ਕਰਦੀ ਗਈ।
ਸ਼ਹਿਰ ਦੀਆਂ ਯਾਦਾਂ ਉਸਨੂੰ ਹੋਰ ਵੀ ਦੂਰ, ਬੜੀ ਪਿੱਛੇ ਲੈ ਜਾ ਰਹੀਆਂ ਸਨ। ਦਿੱਲੀ ਦੇ ਤਾਲਕਟੋਰਾ ਗਰਾਊਂਡ ਵਿਚ ਯੂਥ ਫੈਸਟੀਵਲ ਹੋ ਰਿਹਾ ਸੀ। ਉਨੀਂ ਵਰ੍ਹਿਆਂ ਦੇ ਸ਼ੰਕਰ ਨੇ ਜ਼ਿੰਦਗੀ ਵਿਚ ਪਹਿਲੀ ਵਾਰੀ ਇਕ ਕੁੜੀ ਨੂੰ ਚੁੰਮਿਆਂ ਸੀ ਤੇ ਆਸਮਾਨ ਵਿਚ ਉਡਦਾ ਹੋਇਆ ਧਰਤੀ 'ਤੇ ਉਤਰ ਹੀ ਨਹੀਂ ਸੀ ਰਿਹਾ। ਉਦੋਂ ਦਿਵਾਕਰ ਨੇ ਕੱਥੇ-ਚੂਨੇ ਵਾਲਾ ਪਾਨ ਉਸਦੇ ਮੂੰਹ ਵਿਚ ਪਾ ਕੇ ਕਿਹਾ ਸੀ, 'ਲੈ ਖਾ ਲੈ, ਨਸ਼ਾ ਕੁਝ ਹੇਠ ਉਤਰੇਗਾ।'
ਦਿਵਾਕਰ ਨੇ ਹੀ ਉਸਨੂੰ ਕਵਿਤਾ ਤੇ ਸੰਗੀਤ ਵੱਲ ਖਿੱਚਿਆ ਸੀ। ਡਾਕਟਰੀ ਦੀ ਦੁਨੀਆਂ ਵਿਚ ਉਲਝੇ ਸ਼ੰਕਰ ਨੂੰ ਕਤਈ ਇਹਨਾਂ ਦੀ ਸੁੱਧ ਨਹੀਂ ਸੀ ਰਹਿੰਦੀ। ਦਿਵਾਕਰ ਨੇ ਉਸਨੂੰ ਗ਼ਾਲਿਬ ਪੜ੍ਹਾਇਆ ਸੀ, ਟੈਗਰ ਦੀਆਂ ਕਵਿਤਾਵਾਂ ਦੀ ਖ਼ੂਬਸੂਰਤੀ ਦੀ ਪਹਿਚਾਨ ਕਰਨੀ ਸਿਖਾਈ ਸੀ ਤੇ ਰਵਿੰਦਰ ਸੰਗੀਤ ਦੀ ਕੋਈ ਵੀ ਕੰਪੋਜ਼ੀਸ਼ਨ ਉਹ ਦਿਵਾਕਰ ਨੂੰ ਯਾਦ ਕੀਤੇ ਬਿਨਾਂ ਸੁਣਾ ਨਹੀਂ ਸੀ ਸਕਦਾ। ਉਸਦੇ ਐਤਵਾਰਾਂ ਦੀਆਂ ਦੁਪਹਿਰਾਂ ਤੇ ਸ਼ਾਮਾਂ ਵਧੇਰੇ ਕਰਕੇ ਹਿੰਦੁਸਤਾਨੀ ਸੰਗੀਤ ਸੁਣਦਿਆਂ ਹੀ ਬੀਤਦੀਆਂ ਸਨ।
ਤੇ ਸ਼ੰਕਰ ਦੇ ਅੰਦਰ ਇਹੀ ਸਭ ਕੁਝ ਕਸਮਸਾ ਰਿਹਾ ਸੀ।
ਪਾਦਰੀ ਓਲਡ ਟੇਸਟਾਮੈਂਟ ਦੀਆਂ ਸਤਰਾਂ ਪੜ੍ਹ ਰਿਹਾ ਸੀ—“ਰਾਖ ਨੇ ਰਾਖ ਵਿਚ, ਧੂੜ ਨੇ ਧੂੜ ਵਿਚ—ਜਿਸ ਮਿੱਟੀ ਵਿਚੋਂ ਉਪਜੇ ਹਾਂ, ਉਸੇ ਵਿਚ ਰਲ ਜਾਣਾ ਹੈ।”
ਅਚਾਨਕ ਸ਼ੰਕਰ ਦੀ ਰੀੜ੍ਹ ਉਪਰ ਸੱਪ ਵਾਂਗਰ ਕੁਝ ਸਰਕਿਆ। ਜਿਵੇਂ ਉਸਨੂੰ ਮਣਾਮੂੰਹੀਂ ਮਿੱਟੀ ਹੇਠ ਦਫ਼ਨ ਕੀਤਾ ਜਾ ਰਿਹਾ ਹੋਵੇ। ਅਜ਼ੀਬ ਘੁਟਣ ਜਿਹੀ ਮਹਿਸੂਸ ਹੋਈ ਉਸਨੂੰ।
ਹਾਲ ਵਿਚ ਚੁੱਪ ਭਰੀ ਹੋਈ ਸੀ—ਜਿਸ ਵਿਚ ਤੈਰਦੇ ਪਾਦਰੀ ਦੇ ਸ਼ਬਦ ਕੰਨਾਂ ਦੇ ਪਰਦਿਆਂ ਨਾਲ ਟਕਰਾ ਰਹੇ ਸਨ।
ਕੁਝ ਗੂੰਜ ਰਿਹਾ ਸੀ ਸ਼ੰਕਰ ਦੇ ਅੰਦਰ...ਖੌਰੂ ਪਾ ਰਿਹਾ ਸੀ ਉਸਦੀਆਂ ਨਸਾਂ ਦੇ ਵਿਚ—ਇਕ ਅਰਸੇ ਤੋਂ ਗੁੰਨ੍ਹਿਆਂ-ਗੁੱਝਿਆ ਹੋਇਆ ਤੇ ਕਿਸੇ ਨੁੱਕਰੇ ਸੁਸਤ-ਨਿਢਾਲ ਪਿਆ ਕੁਝ!
ਪਾਦਰੀ ਆਮੇਨ ਕਰਕੇ ਡਾਯਸ ਤੋਂ ਹੇਠ ਉਤਰਣ ਹੀ ਵਾਲਾ ਸੀ ਕਿ ਸ਼ੰਕਰ ਅਚਾਨਕ ਖੜ੍ਹਾ ਹੋ ਗਿਆ ਤੇ ਕਾਹਲੇ, ਸਿੱਧੇ ਕਦਮਾਂ ਨਾਲ ਤੁਰਨ ਲੱਗਾ। ਲੋਕ ਉਸ ਵੱਲ ਦੇਖ ਰਹੇ ਸਨ। ਹਲਕੀ ਜਿਹੀ ਹਲਚਲ ਹੋਈ। ਲੋਕ ਹੈਰਾਨ ਪਰ ਚੁੱਪ ਸਨ। ਬੜੀ ਸੰਜਮੀਂ ਆਵਾਜ਼ ਵਿਚ ਸੰਕਰ ਨੇ ਕਿਹਾ—“ਆਪਣੇ ਦੋਸਤ ਲਈ ਕੁਝ ਗੀਤਾ ਦੇ ਸ਼ਲੋਕ,” ਤੇ ਉਸਨੇ ਸੰਸਕ੍ਰਿਤ ਦੇ ਨਾਲ ਨਾਲ ਅੰਗਰੇਜ਼ੀ ਅਨੁਵਾਦ ਕਰਦਿਆਂ ਹੋਇਆਂ ਇਕ ਪਿੱਛੋਂ ਇਕ ਸ਼ਲੋਕ ਉਚਾਰਣੇ ਸ਼ੁਰੂ ਕਰ ਦਿੱਤੇ। ਗੀਤਾ ਦੇ ਦੂਜੇ ਅਧਿਆਏ ਦੇ ਸ਼ਲੋਕ ਸਨ ਇਹ—“ਇਹ ਨਾ ਕਦੀ ਹੱਤਿਆਰਾ ਹੁੰਦਾ ਹੈ ਨਾ ਹਤ, ਕਦੀ ਜੰਮਦਾ ਹੈ ਨਾ ਮਰਦਾ ਹੈ, ਜਨਮ ਮਰਨ ਤੋਂ ਪਰ੍ਹੇ—ਦੇਹ ਨਾਸ਼ ਹੋਣ 'ਤੇ ਵੀ ਨਸ਼ਟ ਨਹੀਂ ਹੁੰਦਾ...ਜਿਸ ਤਰ੍ਹਾਂ ਘਸੇ-ਪੁਰਾਣੇ ਕੱਪੜਿਆਂ ਨੂੰ ਤਿਆਗ ਕੇ ਆਦਮੀ ਨਵੇਂ ਪਾ ਲੈਂਦਾ ਹੈ, ਉਸੇ ਤਰ੍ਹਾਂ ਘਸੀ-ਪੁਰਾਣੀ ਹੋ ਚੁੱਕੀ ਦੇਹ ਦਾ ਤਿਆਗ ਕਰਕੇ ਨਵੀਂ ਦੇਹੀ ਅਪਣਾਅ ਲੈਂਦਾ ਹੈ।”
ਸਾਰੇ ਉਸੇ ਤਰ੍ਹਾਂ ਚੁੱਪਚਾਪ ਸੁਣ ਰਹੇ ਸਨ, ਜਿਵੇਂ ਪਾਦਰੀ ਨੂੰ ਸੁਣਿਆ ਸੀ। ਸ਼ੰਕਰ ਦਾ ਸੰਸਕ੍ਰਿਤ ਦਾ ਉਚਾਰਣ ਵੀ ਬੜਾ ਸ਼ੁੱਧ ਤੇ ਮਿੱਠਾ ਸੀ। ਪਰ ਫੇਰ ਵੀ ਲੋਕ ਓਨੇ ਸਹਿਜ ਨਹੀਂ ਸਨ ਜਿੰਨੇ ਹੁਣ ਤੀਕ ਸਨ। ਸ਼ਾਇਦ ਉਹਨਾਂ ਸ਼ਬਦਾਂ ਦੀ ਧੁਨੀ ਉਹਨਾਂ ਨੂੰ ਓਪਰੀ ਲੱਗ ਰਹੀ ਹੋਵੇ। ਪਰ ਫੇਰ ਵੀ ਉਸ ਧੁਨੀ ਵਿਚ ਸੱਚਾ ਸੀ, ਇਕ ਸਦੀਵੀ ਸੱਚ। ਸਭ ਨੇ ਸੁਣਿਆ ਤੇ ਚੁੱਪਚਾਪ ਆਪਣੀ ਥਾਵੇਂ ਖੜ੍ਹੇ ਸੁਣਦੇ ਰਹੇ।
ਸ਼ੰਕਰ ਦੀ ਨਿਗਾਹ ਆਪਣੀ ਪਤਨੀ ਨਾਲ ਮਿਲੀ। ਹੈਰਾਨ-ਪ੍ਰੇਸ਼ਾਨ ਜਿਹੀ ਹੋਈ ਉਹ ਉਸ ਵੱਲ ਦੇਖ ਰਹੀ ਸੀ। ਸ਼ਾਇਦ ਸਮਝ ਨਹੀਂ ਸਕੀ ਸੀ ਕਿ ਦਾਦ ਦਏ ਜਾਂ ਹੈਰਾਨ ਹੋਏ। ਉਸਨੂੰ ਸ਼ਾਬਾਸ਼ੀ ਦਏ ਜਾਂ ਉਸਦੇ ਇਸ ਬੇਤੁਕੇ ਵਿਹਾਰ 'ਤੇ ਝਾੜ-ਝੰਬ ਕਰੇ। ਸ਼ੰਕਰ ਨੂੰ ਲੱਗਿਆ ਕਿ ਉੱਥੇ ਜੈਕੀ ਨਹੀਂ...ਹੈਲਨ ਹੀ ਖੜ੍ਹੀ ਹੈ।
ਇਕ ਡਰਾਵਨਾ ਜਿਹਾ ਕਾਲਾ ਪ੍ਰਛਾਵਾਂ ਉਸਦੇ ਜਿਸਮ ਨੂੰ ਦੋ ਹਿੱਸਿਆਂ ਵਿਚ ਕੱਟ ਕੇ ਨਿਕਲ ਗਿਆ। ਸਾਹਮਣੇ ਕੁਝ ਵੀ ਦਿਖਾਈ ਨਹੀਂ ਸੀ ਦੇ ਰਿਹਾ ਹੁਣ। ਬਸ ਹਨੇਰੇ ਦਾ ਗੂੜ੍ਹਾ ਕਾਲਾ ਚੱਕਰ ਸੀ।
ਪਤਾ ਨਹੀਂ ਕਿੰਨੀਆਂ ਕੁ ਪ੍ਰਛਾਵਿਆਂ ਨਾਲ ਲੜ ਰਿਹਾ ਸੀ ਉਸ ਦਾ ਅਵਚੇਤਨ।
ਸ਼ੰਕਰ ਨੂੰ ਲੱਗਿਆ ਉਸਦੀ ਆਵਾਜ਼ ਡੁੱਬਦੀ ਜਾ ਰਹੀ ਹੈ। ਉਸਦੇ ਕੰਨਾਂ ਵਿਚ ਫੇਰ ਪਾਦਰੀ ਦੀ ਆਵਾਜ਼ ਗੂੰਜਣ ਲੱਗੀ...“ਰਾਖ ਨੇ ਰਾਖ ਵਿਚ, ਧੂੜ ਨੇ ਧੂੜ ਵਿਚ—ਜਿਸ ਮਿੱਟੀ ਵਿਚੋਂ ਉਪਜੇ ਹਾਂ, ਉਸੇ ਵਿਚ ਰਲ ਜਾਣਾ ਹੈ।”...ਉਸਨੂੰ ਲੱਗਿਆ ਜਿਵੇਂ ਉਹ ਆਪਣਾ ਅਵਸਾਨ/ਅੰਤ ਦੇਖ ਰਿਹਾ ਹੈ...ਇਸੇ ਤਰ੍ਹਾਂ...ਬਿਲਕੁਲ ਇਹੋ ਦ੍ਰਿਸ਼ ...ਉਸਦੀ ਪਤਨੀ...ਗਿਰਜਾਘਰ ਦੀਆਂ ਕੰਧਾਂ...ਲੰਮੀਆਂ ਰੰਗੀਨ ਖਿੜਕੀਆਂ...ਬਾਈਬਲ ਦੀਆਂ ਸਤਰਾਂ...ਅਣਜਾਣ ਚਿਹਰਿਆਂ ਦਾ ਹੜ੍ਹ...ਡਰੇ ਹੋਏ...ਸਹਿਮੇ ਹੋਏ ਚਿਹਰੇ...ਧੂੜ ਤੇ ਮਿੱਟੀ ਦੇ ਅੰਤਹੀਣ ਢੇਰ।
ਤੇ ਉਸਨੇ ਫੇਰ ਜ਼ੋਰ ਲਾਇਆ...ਉਸ ਪਲ ਉਸਨੂੰ ਕੁਝ ਹੋਰ ਦਿਖਾਈ ਜਾਂ ਸੁਣਾਈ ਨਹੀਂ ਸੀ ਦੇ ਰਿਹਾ...ਫੇਰ ਅਚਾਨਕ ਜਿਵੇਂ ਪਾਣੀ ਨੂੰ ਚੀਰਦੀ ਹੋਈ ਕੋਈ ਬੇੜੀ ਉਸ ਕੋਲ ਆਣ ਖਲੋਤੀ...ਉਸਦੇ ਬੁੱਲ੍ਹਾਂ ਵਿਚੋਂ ਫੇਰ ਫੁੱਟ ਨਿਕਲੇ ਇਹ ਸ਼ਬਦ—'ਕੱਟ ਨਹੀਂ ਸਕਦਾ ਕੋਈ ਸ਼ਸਤਰ ਆਤਮਾ ਨੂੰ...ਕੋਈ ਅੱਗ ਨਹੀਂ ਜਲਾ ਸਕਦੀ...ਦੋਸ਼ ਰਹਿਤ ਹੈ, ਅਟਲ ਹੈ ਆਤਮਾ...ਨਿੱਤ ਜਨਮਨਾ ਹੈ ਤੇ ਮਰਨਾਂ ਵੀ ਨਿੱਤ ਹੈ...'
ਅਚਾਨਕ ਉਸਨੂੰ ਲੱਗਿਆ ਤਾਬੂਤ ਵਿਚ ਚੁੱਪ-ਗੜੂੱਪ ਲੇਟੇ ਦਿਵਾਕਰ ਦਾ ਚਿਹਰਾ ਉਸ ਵੱਲ ਦੇਖ ਕੇ ਮੁਸਕੁਰਾਇਆ ਹੈ। ਸ਼ੰਕਰ ਦਾ ਲੂੰ-ਕੰਡਾ ਖੜ੍ਹਾ ਹੋ ਗਿਆ। ਬਿੰਦ ਦਾ ਬਿੰਦ ਉਸਨੂੰ ਮਹਿਸੂਸ ਹੋਇਆ ਕਿ ਦਿਵਾਕਰ ਕਿਤੇ ਨਹੀਂ ਗਿਆ, ਇੱਥੇ ਹੀ ਹੈ, ਉਸਦੇ ਆਸਪਾਸ। ਪਰ ਉਹ ਮੁਸਕਾਨ ਸੀ ਜਾਂ ਵਿਅੰਗ-ਬਾਣ—ਸ਼ੰਕਰ ਇਸ ਦਾ ਫੈਸਲਾ ਨਹੀਂ ਕਰ ਸਕਿਆ।
ਹਾਲ ਵਿਚ ਹੁਣ ਵਾਪਸ ਜਾਣ ਵਾਲਿਆਂ ਦੇ ਪੈਰਾਂ ਤੇ ਧੀਮੀ ਆਵਾਜ਼ ਵਿਚ ਗੱਲਾਂ ਕਰਨ ਦਾ ਸ਼ੋਰ ਸ਼ੁਰੂ ਹੋ ਗਿਆ ਸੀ। ਸ਼ੰਕਰ ਦੀ ਆਵਾਜ਼ ਉਸ ਸ਼ੋਰ ਵਿਚ ਡੁੱਬ ਚੁੱਕੀ ਸੀ, ਪਰ ਉਸਨੂੰ ਲੱਗ ਰਿਹਾ ਸੀ ਕਿ ਆਪਣੀ ਆਵਾਜ਼ ਉਹ ਅਜੇ ਵੀ ਸੁਣ ਰਿਹਾ ਹੈ।
   ---- ---- ----

Saturday, June 18, 2011

ਪਰਦੇ :: ਲੇਖਕ : ਰਾਮਪਾਲ




ਉਰਦੂ ਕਹਾਣੀ :

ਅਨੁਵਾਦ : ਮਹਿੰਦਰ ਬੇਦੀ, ਜੈਤੋ


ਸਾਜ਼ਿਦ ਦਾ ਬਰਮਿੰਗਮ ਵਿਚ ਬੱਸ ਕੰਡਕਟਰੀ ਦਾ ਦੂਜਾ ਦਿਨ ਸੀ। ਜਦੋਂ ਉਹ ਹੋਰ ਮੁਸਾਫਰਾਂ ਦੀਆਂ ਟਿਕਟਾਂ ਕੱਟ ਕੇ ਵਿਹਲਾ ਹੋਇਆ, ਉਹਦੀ ਨਜ਼ਰ ਇਕ ਮੁਸਾਫਰ ਉੱਤੇ ਪਈ! ਜਿਸ ਬਾਰੇ ਉਹਨੇ ਗੱਲਾਂ ਸੁਣੀਆਂ ਹੋਈਆਂ ਸਨ। ਤਸਵੀਰਾਂ ਵੇਖੀਆਂ ਸਨ। ਪਰ ਨੇੜਿਓਂ ਨਹੀਂ ਸੀ ਤੱਕਿਆ। ਉਹ ਬੁੱਲ੍ਹਾਂ 'ਚ ਹੀ ਕੁਝ ਬਰੜਾ ਰਿਹਾ ਸੀ। ਜਦੋਂ ਸਾਜਿਦ ਉਸ ਕੋਲ ਪਹੁੰਚਿਆ, ਉਸ ਆਪਣੀ ਜੇਬ ਵਿਚ ਹੱਥ ਪਾਇਆ। ਮੰਥਲੀ ਪਾਸ ਕੱਢਿਆ। ਤੇ ਉਹਦੇ ਹਵਾਲੇ ਕਰ ਦਿੱਤਾ। ਪਰ ਇਸ ਦੌਰਾਨ ਬੁੱਲ੍ਹ ਉਸ ਦੇ ਓਵੇਂ ਹੀ ਹਿਲਦੇ ਰਹੇ। ਸਾਜਿਦ ਨੇ ਪਾਸ ਉੱਤੇ ਇਕ ਸਰਸਰੀ ਨਜ਼ਰ ਮਾਰੀ। ਨਾਂ ਲਿਖਿਆ ਸੀ 'ਕਰਤਾਰ ਸਿੰਘ ਚੀਮਾ'। ਸਾਜਿਦ ਦੇ ਦਿਲ ਵਿਚ ਨਫ਼ਰਤ ਦੀ ਅੱਗ ਭੜਕ ਉਠੀ, ਜੋ ਉਹਦੇ ਬੁੱਲ੍ਹਾਂ ਤਕ ਆ ਕੇ ਅਟਕ ਗਈ। ਇੰਜ ਲੱਗਦਾ ਸੀ, ਜਿਵੇਂ ਅਜਿਹੇ ਦੁਸ਼ਮਣ ਦੇ ਵਿਰੁੱਧ ਜੋ ਲਾਵਾ ਪਿਛਲੇ ਬਾਈ ਵਰ੍ਹਿਆਂ ਤੋਂ ਉਹਦੀ ਹਿੱਕ ਵਿਚ ਲੁਕਿਆ ਹੋਇਆ ਸੀ, ਉਹ ਇਕੋ ਦਮ ਫੁੱਟ ਪਏਗਾ। ਪਰ ਆਲੇ-ਦੁਆਲੇ ਦੇ ਵਾਤਾਵਰਣ, ਓਪਰੇ ਮੁਲਕ ਤੇ ਨਵੀਂ ਨੌਕਰੀ ਨੇ ਉਹਦੇ ਜਜ਼ਬਿਆਂ ਦੀ ਰੌ ਨੂੰ ਬੰਨ੍ਹ ਮਾਰ ਦਿੱਤਾ। ਜਿਵੇਂ ਇਕ ਤੇਜ਼ ਰਫ਼ਤਾਰ ਵਾਲਾ ਟਰਕ ਸੜਕ ਉੱਤੇ ਇਕ ਮਹਿੰ ਆ ਜਾਣ ਕਾਰਣ ਬਰੇਕ ਲਾ ਦਿੰਦਾ ਹੈ। ਸਾਜਿਦ ਦਾ ਚਿਹਰਾ ਲਾਲ ਹੋ ਗਿਆ। ਉਹਨੇ ਦਿਲ ਹੀ ਦਿਲ ਵਿਚ ਆਪਣੀ ਕੌਮ ਦੇ ਦੁਸ਼ਮਣ ਨੂੰ ਸੈਂਕੜੇ ਸਿਲਵਤਾਂ ਸੁਣਾਈਆਂ। ਜਿਵੇਂ ਸੈਆਂ ਵਰ੍ਹੇ ਪੁਰਾਣੀ ਦੁਸ਼ਮਣੀ ਦਾ ਬਦਲਾ ਲੈ ਰਿਹਾ ਹੋਵੇ। ਉਹਨੂੰ ਆਪਣੀ ਮਜ਼ਬੂਰੀ ਉੱਤੇ ਖਿਝ ਚੜ੍ਹ ਗਈ। ਐਨ ਉਸੇ ਤਰ੍ਹਾਂ ਜਿਵੇਂ ਉਹ ਆਪਣੇ ਪਿਤਰੀ ਪਿੰਡ ਵਿਚ ਇਕ ਟਰੱਕ ਦੀ ਫੇਟ ਵਿਚ ਆ ਜਾਣ ਤੋਂ ਬਚ ਗਿਆ ਸੀ। ਤੇ ਡਰਾਈਵਰ ਉਹਦੀ ਬੇਬਸੀ ਉੱਤੇ ਹੱਸ ਕੇ ਟਰੱਕ ਭਜਾ ਕੇ ਲੈ ਗਿਆ ਸੀ। ਉਹ ਟਰੱਕ ਵਾਲੇ ਨੂੰ ਤਾਂ ਕੁਝ ਨਹੀਂ ਸੀ ਕਹਿ ਸਕਿਆ ਪਰ ਟਰੱਕ ਦੇ ਮਾਲਕ ਦਾ ਨਾਂ ਜਿਹੜਾ ਟਰੱਕ ਦੇ ਇਕ ਪਾਸੇ ਮੋਟੇ ਅੱਖਰਾਂ ਵਿਚ ਲਿਖਿਆ ਹੋਇਆ ਸੀ ਉਸਦੀ ਮਾਂ ਭੈਣ ਦੀ ਸ਼ਾਨ ਵਿਚ, ਠੇਠ ਪੰਜਾਬੀ ਜ਼ਬਾਨ ਵਿਚ, ਕਸੀਦਾ ਕਹਿ ਛੱਡਿਆ ਸੀ। ਭਾਵੇਂ ਏਨੇ ਚਿਰ ਵਿਚ ਟਰੱਕ ਕਈ ਸੌ ਗਜ ਦੂਰ ਆਮ ਵਾਂਗ ਅੱਧ ਕੱਚੀ ਸੜਕ ਉੱਤੇ ਧੂੜ ਉਡਾ ਰਿਹਾ ਸੀ। ਜਿਵੇਂ ਕਹਿ ਰਿਹਾ ਹੋਵੇ, 'ਸ਼ੁਕਰ ਕਰ ਬੱਚੂ, ਬਚ ਗਿਐਂ। ਗਾਲ੍ਹਾਂ ਮੇਰਾ ਕੁਝ ਨਹੀਂ ਵਿਗਾੜ ਸਕਦੀਆਂ।' ਤੇ ਉਦੋਂ ਉਹਨੂੰ ਯਾਦ ਆਇਆ...ਟਰੱਕ ਮਾਲਕ ਦਾ ਨਾਂ ਵੀ ਗੁਲਾਮ ਰਸੂਲ ਚੀਮਾ ਸੀ। ਅੱਜ ਵੀ ਉਹਦਾ ਜੀਅ ਚਾਹਿਆ ਕਿ ਉਹ ਬੱਸ ਵਿਚੋਂ ਸਿਰ ਕੱਢ ਕੇ, ਸੜਕ ਉੱਥੇ ਥੁੱਕ ਕੇ, ਆਪਣੇ ਗ਼ਮ ਤੇ ਗੁੱਸੇ ਨੂੰ ਪ੍ਰਗਟਾਵੇ। ਪਰ ਇਹ ਪਾਕਿਸਤਾਨ ਦੇ ਜ਼ਿਲੇ ਸਿਆਲ ਕੋਟ ਵਿਚ ਉਹਦਾ ਪਿੰਡ ਨਹੀਂ ਸੀ। ਅਜਿਹੀ ਹਰਕਤ ਬਰਮਿੰਗਮ ਵਿਚ ਨੌਕਰੀਓਂ ਹੱਥ ਧੋ ਬਹਿਣ ਬਰਾਬਰ ਸੀ। ਉਸ ਪਾਸ ਉੱਤੇ ਉਸ ਤਾਰੀਖ਼ ਨੂੰ ਕੱਟ ਕੇ ਦਸਤਖ਼ਤ ਕੀਤੇ ਤੇ ਪਾਸ ਨੂੰ ਉਸਦੇ ਮਾਲਕ ਦੇ ਹਵਾਲੇ ਇਸ ਢੰਗ ਨਾਲ ਕੀਤਾ ਜਿਵੇਂ ਇਕ ਸੜਾਂਦ ਮਾਰੇ ਕੁਲਬਲਾਂਦੇ ਕੀੜੇ ਨੂੰ ਡਾਢੀ ਨਫ਼ਰਤ ਨਾਲ ਪਰ੍ਹਾਂ ਸੁੱਟ ਰਿਹਾ ਹੋਵੇ। ਉਹ ਸਿੱਖ ਏਸ ਦੌਰਾਨ ਦੁਨੀਆਂ-ਜਹਾਨ ਤੋਂ ਅਵੇਸਲਾ ਹੋ ਕੇ ਸਿਰਫ ਆਪਣੇ ਬੁੱਲ੍ਹ ਹਿਲਾਂਦਾ ਰਿਹਾ ਸੀ। ਸਾਜਿਦ ਨੇ ਹੈਰਾਨੀ ਨਾਲ ਉਸ ਵੱਲ ਤੱਕਿਆ। ਭਲਾ ਇਸ ਬੰਦੇ ਨੂੰ ਹੋ ਕੀ ਗਿਆ ਸੀ ਜੋ ਆਪ-ਮੂਹਾਰਾ ਹੀ ਬੋਲੀ ਜਾ ਰਿਹਾ ਸੀ! ਉਸ ਧਿਆਨ ਨਾਲ ਸੁਣਿਆ। ਉਹ ਕਹਿ ਰਿਹਾ ਸੀ...:
ੴ ਸਤਿਗੁਰੂ ਪ੍ਰਸਾਦਿ !
ਭਾਵੇਂ ਸ਼ਬਦ ਉਹਦੇ ਕੌਮੀ ਦੁਸ਼ਮਣ ਦੇ ਮੂੰਹੋਂ ਨਿਕਲ ਰਹੇ ਸਨ, ਪਰ ਹੁਣ ਲੱਗਦਾ ਸੀ ਜਿਵੇਂ ਸ਼ਾਜਿਦ ਲਈ ਇਹ ਸ਼ਬਦ ਓਪਰੇ ਨਾ ਹੋਣ। ਉਸ ਬੀਤੇ ਦੀ ਧੁੰਦ ਵਿਚ ਨਜ਼ਰ ਮਾਰੀ ਤਾਂ ਉਹਦੇ ਪਿਤਾ ਮਾਸਟਰ ਆਬਿਦ ਹਸਨ ਦੀਆਂ ਕਿਤਾਬਾਂ ਵਿਚ ਇਕ ਕਿਤਾਬ ਖਵਾਜਾ ਦਿਲ ਮੁਹੰਮਦ ਦੀ ਸੀ, ਤੇ ਉਹਦੇ ਪਿਤਾ ਉਸ ਕਿਤਾਬ ਦਾ ਵੀ ਓਨਾਂ ਹੀ ਸਤਿਕਾਰ ਕਰਦੇ ਸਨ ਜਿੰਨਾ ਹੋਰ ਮਜ਼੍ਹਬੀ ਕਿਤਾਬਾਂ ਦਾ। ਉਸ ਬਚਪਨ ਵਿਚ ਇਕ ਵਾਰੀ ਉਸਨੂੰ ਪੜ੍ਹਨ ਦਾ ਯਤਨ ਵੀ ਕੀਤਾ ਸੀ। ਪਰ ਸਮਝ ਨਹੀਂ ਸੀ ਸਕਿਆ। ਉਹ ਆਪਣੇ ਅੱਬਾ ਦੇ ਏਸ ਵਤੀਰੇ ਉੱਤੇ ਹੈਰਾਨ ਸੀ ਕਿ ਉਹ ਗੁਰੂ ਨਾਨਕ ਦੀ ਕਿਤਾਬ ਦੀ ਕਿਉਂ ਇੱਜ਼ਤ ਕਰਦੇ ਨੇ! ਪਰ ਕੋਈ ਇਕ ਗੱਲ ਹੁੰਦੀ ਤਾਂ ਉਹ ਆਪਣੇ ਪਿਤਾ ਨਾਲ ਬਹਿਸਦਾ ਵੀ—ਉਹਨਾਂ ਦੀ ਹਰ ਗੱਲ ਨਿਰਾਲੀ ਸੀ। ਉਹ ਉਰਦੂ ਨਾਵਲਕਾਰਾਂ ਵਿਚੋਂ ਕਿਸੇ ਪੰਡਤ ਰਤਨ ਨਾਥ ਸਰਸ਼ਾਰ ਨੂੰ ਉਹਦਾ ਬਾਨੀ ਮੰਨਦੇ ਸਨ। ਕਿਸੇ ਮੁਨਸ਼ੀ ਪਰੇਮ ਚੰਦ ਨੂੰ ਕਹਾਣੀਆਂ ਦਾ ਪਿਤਾਮਾਂ ਮੰਨਦੇ ਸਨ। ਨਵੇਂ ਲਿਖਾਰੀਆਂ ਵਿਚੋਂ ਉਹ ਕ੍ਰਿਸ਼ਨ ਚੰਦਰ ਤੇ ਕਿਸੇ ਸਿੱਖ ਰਾਜਿੰਦਰ ਸਿੰਘ ਬੇਦੀ ਨੂੰ ਵਧੀਆ ਮੰਨਦੇ ਸਨ। ਉਸ ਕਈ ਵਾਰ ਉਹਨਾਂ ਨੂੰ ਉਹਨਾਂ ਦੀਆਂ ਗ਼ਲਤੀਆਂ ਦਾ ਅਹਿਸਾਸ ਕਰਵਾਉਣਾ ਚਾਹਿਆ ਪਰ ਉਹ ਬਸ ਮੁਸਕਰਾ ਕੇ ਟਾਲ ਗਏ ਤੇ ਉਸ ਮੁਸਕੁਰਾਹਟ ਦਾ ਉਹਦੀ ਖਿਝ ਉਤਰ ਨਾ ਟੋਲ ਸਕੀ। ਉਸ ਅੱਬਾ ਨੂੰ ਆਪਣੀ ਕਿਸਮ ਦਾ ਆਦਮੀ ਸਮਝ ਕੇ ਉਹਨਾਂ ਦੇ ਹਾਲ 'ਤੇ ਛੱਡ ਦਿੱਤਾ।
ਪਰ ਜਦੋਂ ਇਕ ਦਿਨ ਉਹਦੀ ਅੰਮਾਂ ਕੁਰਾਨ ਸ਼ਰੀਫ ਦੀ ਤਲਾਵਤ ਤੋਂ ਵਿਹਲਿਆਂ ਹੋਈ ਤਾਂ ਉਸ ਖਵਾਜਾ ਦਿਲ ਮੁਹੰਮਦ ਦੀ ਕਿਤਾਬ ਦੀ ਗੱਲ ਤੋਰ ਲਈ। ਤੇ ਉਹਦੀ ਅੰਮਾਂ ਨੇ ਉਸ ਕਿਤਾਬ ਨੂੰ ਬੜੇ ਸਤਿਕਾਰ ਨਾਲ ਚੁੱਕਿਆ ਤੇ ਬਹੁਤ ਸਾਰੀਆਂ ਪਉੜੀਆਂ ਉਹਨੂੰ ਸੁਣਾ ਦਿੱਤੀਆਂ ਤਾਂ ਉਹਦੀ ਹੈਰਾਨੀ ਦਾ ਕੋਈ ਅੰਤ ਨਾ ਰਿਹਾ। ਪਰ ਅੰਮਾਂ ਜਦੋਂ ਇਹ ਸੁਣਾ ਰਹੀ ਸੀ ਤਾਂ ਉਹਦਾ ਦਿਲ ਕਹਿ ਰਿਹਾ ਸੀ ਕਿ ਕੁਰਾਨ ਦੀਆਂ ਆਇਤਾਂ ਤੇ ਜਪੁਜੀ ਸਾਹਿਬ ਦੀਆਂ ਪਉੜੀਆਂ ਇਕੋ-ਜਿਹੀ ਸ਼ਾਂਤੀ ਦਿੰਦੀਆਂ ਹਨ। ਭੋਲੇ-ਭਾ ਉਹਨੇ ਅੰਮਾਂ ਤੋਂ ਪੁੱਛ ਹੀ ਲਿਆ ਕਿ ਉਸ ਇਹ ਕਾਫ਼ਰਾਂ ਵਾਲੀ ਦੁਆ (ਬੰਦਗੀ) ਕਿੱਥੋਂ ਸਿੱਖੀ ਏ? ਤੇ ਉਸ ਦੀ ਅੰਮਾਂ ਨੇ ਓਸ ਦਿਨ ਜਿਹੜੀ ਗੱਲ ਆਖੀ, ਉਹ ਉਹਨੂੰ ਹੁਣ ਤਾਈਂ ਯਾਦ ਸੀ—
“ਬੇਟਾ! ਦੁਆ ਕਾਫ਼ਰਾਂ ਦੀ ਹੋਵੇ ਜਾਂ ਮੋਮਨਾਂ ਦੀ—ਬਾਰਗਾਹੇ-ਆਲੀ ਵਿਚ ਹਰੇਕ ਦੁਖੀ ਦਿਲ ਦੀ ਫ਼ਰਿਆਦ ਸੁਣੀ ਜਾਂਦੀ ਏ।” ਉਹਦੀ ਮਾਂ ਨੇ ਇਹ ਸਾਰਾ ਜਪੁਜੀ ਸਾਹਿਬ ਬਚਪਨ ਵਿਚ ਨੰਬਰਦਾਰ ਸਾਧੂ ਸਿੰਘ ਦੀ ਕੁੜੀ ਜੀਤੋ ਪਾਸੋਂ ਸਿਖਿਆ ਸੀ। ਤੇ ਜੀਤੋ ਨੇ ਕੁਰਾਨ ਸ਼ਰੀਫ ਦੀਆਂ ਬਹੁਤ ਸਰੀਆਂ ਅਇਤਾਂ ਮੂੰਹ ਜ਼ਬਾਨੀ ਪਕਾ ਲਈਆਂ ਸਨ। ਏਨਾ ਕੁਝ ਹੋਣ 'ਤੇ ਵੀ ਉਹਦੀ ਮੁਸਲਮਾਨੀ ਤੇ ਉਹਦੀ ਸਿੱਖੀ ਵਿਚ ਫ਼ਰਕ ਨਹੀਂ ਸੀ ਆਇਆ।
ਸਾਜਿਦ ਨੂੰ ਉਹਨਾਂ ਦੋਵਾਂ 'ਤੇ ਗੁੱਸਾ ਸੀ। ਉਹਦਾ ਨੌਜਵਾਨ ਦਿਮਾਗ਼ ਇਹਨਾਂ ਗੱਲਾਂ ਨੂੰ ਮੰਨਣ ਤੋਂ ਆਕੀ ਸੀ। ਜਦੋਂ ਦੀ ਉਹਨੇ ਸੁਰਤ ਸੰਭਾਲੀ ਸੀ ਉਸ ਆਪਣੇ ਆਲੇ-ਦੁਆਲੇ ਬਸ ਇਕੋ ਗੱਲ ਸੁਣੀ ਸੀ—ਗੁਆਂਢੀ ਹਨ। ਕਾਫ਼ਰ ਹਨ। ਦੁਸ਼ਮਣ ਦੇਸ਼ ਹੈ। ਸਾਡਾ ਹੱਕ ਸਾਨੂੰ ਨਹੀਂ ਦਿੰਦੇ। ਸੰਨ 1965 ਵਿਚ ਉਸ ਦਸਵੀਂ ਕੀਤੀ ਸੀ ਤੇ ਉਹਦਾ ਪਿੰਡ ਜਿਹੜਾ ਸਰਹੱਦ ਦੇ ਲਾਗੇ ਹੀ ਸੀ, ਉੱਥੇ ਉਸ ਕਈ ਬੇਚੈਨ ਰਾਤਾਂ ਜਾਗ ਕੇ ਕੱਟੀਆਂ ਸਨ, ਤੇ ਉਸ ਜੰਗ ਵਿਚ ਉਹਦਾ ਭਰਾ ਇਕ ਲੱਤ ਗੁਆ ਆਇਆ ਸੀ। ਅਖ਼ਬਾਰਾਂ, ਰੇਡੀਓ ਤੇ ਲੀਡਰਾਂ ਨੇ ਗੁਆਂਢੀ ਦੇਸ਼ ਦੀ ਧੋਖਾਦਹੀ ਤੇ ਮੁੱਕਾਰੀ ਦੇ ਪਰਦੇ ਲਾਹ ਸੁੱਟੇ ਸਨ। ਫੇਰ ਵੀ ਉਹਦੇ ਮਾਂ-ਪਿਉ ਅਜੇ ਤੱਕ ਉਹਨਾਂ ਦਰਿਆ-ਦਿਲ ਸਿੱਖਾਂ ਤੇ ਹਿੰਦੂਆਂ ਦੇ ਕਿੱਸੇ ਸੁਣਾਉਂਦੇ ਰਹਿੰਦੇ ਸਨ ਜਿਹਨਾਂ ਨਾਲ ਉਹਨਾਂ ਕਈ ਵਰ੍ਹੇ ਬਿਤਾਏ ਸਨ। ਪਰ ਸਾਜਿਦ ਨੇ ਆਪਣੀ ਬਾਈ ਵਰ੍ਹਿਆਂ ਦੀ ਉਮਰ ਤੀਕ ਨਾ ਕਿਸੇ ਸਿੱਖ ਨਾਲ ਮੁਲਕਾਤ ਕੀਤੀ ਸੀ, ਤੇ ਨਾ ਕਿਸੇ ਹਿੰਦੂ ਦੀ ਸ਼ਕਲ ਵੇਖੀ ਸੀ। ਸਗੋਂ ਉਹ ਤਾਂ ਇਹ ਸਮਝਦਾ ਸੀ ਕਿ ਮੁਸ਼ਕਲਾਂ ਦੀ ਜੜ ਹੀ ਇਹ ਹਿੰਦੂ ਤੇ ਸਿੱਖ ਨੇ। ਤੇ ਸ਼ਇਦ ਉਹਨਾਂ ਦਾ ਹੀ ਕਸੂਰ ਸੀ ਕਿ ਬੀ.ਏ. ਪਾਸ ਕਰ ਲੈਣ ਪਿੱਛੋਂ ਵੀ ਉਹਨੂੰ ਇਕ ਸਾਲ ਤਕ ਨੌਕਰੀ ਨਹੀਂ ਸੀ ਮਿਲੀ। ਤੇ ਉਹਨੂੰ ਲਾਚਾਰ ਹੋ ਕੇ ਜਲਾਵਤਨੀ ਨੂੰ ਅਪਣਾਉਣਾ ਪਿਆ ਸੀ। ਅਣਪੜ੍ਹ ਤੇ ਪੜ੍ਹੇ ਹੋਏ ਸਭ ਬਾਹਰ ਜਾ ਰਹੇ ਸਨ। ਸਾਜਿਦ ਨੇ ਵੀ ਹੱਥ-ਪੈਰ ਮਾਰੇ। ਉਹਦਾ ਇਕ ਦੋਸਤ ਚਾਰ ਸਾਲਾਂ ਤੋਂ ਵਲਾਇਤ ਵਿਚ ਰਹਿ ਰਿਹਾ ਸੀ। ਸਾਜਿਦ ਨੇ ਉਹਨੂੰ ਲਿਖਿਆ। ਉਸ ਨੇ ਆਉਣ ਦੀ ਸਲਾਹ ਦਿੱਤੀ। ਤੇ ਕੁਝ ਦਿਨ ਉਸ ਕੋਲ ਰਹਿ ਕੇ ਅੰਤ ਸਾਜਿਦ ਨੂੰ ਨੌਕਰੀ ਮਿਲ ਹੀ ਗਈ। ਵਤਨ ਵਿਚ ਸ਼ਾਇਦ ਉਹ ਕਦੀ ਵੀ ਬੱਸ-ਕੰਡਕਟਰ ਨਾ ਲੱਗਦਾ। ਕਿਉਂਕਿ ਇਹ ਗਰੈਜੂਏਟ ਨੂੰ ਸ਼ੋਭਦਾ ਨਹੀਂ ਸੀ। ਪਰ ਵਲਾਇਤ ਵਿਚ ਜੋ ਵੀ ਮਿਲ ਜਾਏ ਸੁੱਖ ਹੈ। ਤੇ ਫੇਰ ਇਸ ਵਿਚ ਏਨੇ ਪੈਸੇ ਮਿਲ ਜਾਂਦੇ ਸਨ ਜਿੰਨੇ ਆਪਣੇ ਵਤਨ ਵਿਚ ਕਿਸੇ ਵੱਡੇ ਅਫ਼ਸਰ ਨੂੰ ਵੀ ਨਹੀਂ ਮਿਲਦੇ ਹੋਣੇ। ਤੇ ਫੇਰ ਉਹਦੇ ਆਲੇ-ਦੁਆਲੇ ਸੈਂਕੜੇ ਏਸ਼ੀਆਈ ਸਨ ਜਿਹੜੇ ਉਸ ਨਾਲੋਂ ਵੱਧ ਪੜ੍ਹੇ ਹੋਏ ਸਨ ਤੇ ਉਸ ਨਾਲੋਂ ਘਟੀਆ ਕੰਮ ਕਰਦੇ ਸਨ। ਉਹ ਫੇਰ ਵੀ ਖ਼ੁਸ਼ਕਿਸਮਤ (ਵੱਡਭਾਗੀ) ਸੀ।
ਜਿੰਨੇ ਦਿਨ ਵੀ ਸਾਜਿਦ ਉਸ ਰੂਟ ਉਪਰ ਰਿਹਾ, ਉਹ ਸਿੱਖ ਨੇਮ ਨਾਲ ਉਹਦੀ ਬੱਸ ਵਿਚ ਇਕ ਖਾਸ ਸਟੈਂਡ ਤੋਂ ਚੜ੍ਹਦਾ ਤੇ ਪੰਦਰਾਂ ਮਿੰਟਾਂ ਪਿੱਛੋਂ ਇਕ ਫੈਕਟਰੀ ਸਾਹਮਣੇ ਉਤਰ ਜਾਂਦਾ। ਤੇ ਇਹ ਪੰਦਰਾਂ ਮਿੰਟ ਸਾਜਿਦ ਲਈ ਬੜੇ ਦੁਖਦਾਈ ਹੁੰਦੇ ਸਨ। ਬੱਸ ਦੇ ਸਾਰੇ ਸਵਾਰ ਚੁੱਪ-ਚਾਪ ਸਫ਼ਰ ਕਰਦੇ, ਕੋਈ ਅਖ਼ਬਾਰ ਦੇ ਵਰਕੇ ਫਰੋਲਦਾ ਜਾਂ ਇਕ ਅੱਧੇ ਵਾਕ ਨਾਲ ਮੌਸਮ ਉਲੀਕ ਛੱਡਦਾ। ਪਰ ਕਰਤਾਰ ਸਿੰਘ ਦੇ ਬੁੱਲ੍ਹ ਪੂਰੇ ਪੰਦਰਾਂ ਮਿੰਟ ਲਗਾਤਾਰ ਹਿੱਲਦੇ ਰਹਿੰਦੇ। ਨਾ ਹੀ ਕਦੀ ਉਸ ਕਿਸੇ ਨਾਲ ਗੱਲ ਕੀਤੀ, ਨਾ ਉਹ ਚੁੱਪ ਰਿਹਾ—ਅਜੀਬ ਬੰਦਾ ਸੀ ਇਹ ਆਦਮੀ ਵੀ। ਪਰ ਕੁਝ ਦਿਨਾਂ ਪਿੱਛੋਂ ਸਾਜਿਦ ਇਸ ਵਤੀਰੇਦਾ ਆਦਿ ਜਿਹਾ ਹੋ ਗਿਆ।
ਫੇਰ ਕੁਝ ਦਿਨਾਂ ਪਿੱਛੋਂ ਸਾਜਿਦ ਦਾ ਰੂਟ ਬਦਲ ਗਿਆ। ਹੁਣ ਉਹਦੀ ਮੁਲਾਕਾਤ ਕਰਤਾਰ ਸਿੰਘ ਨਾਲ ਨਹੀਂ ਸੀ ਹੁੰਦੀ ਤੇ ਉਹ ਖੁਸ਼ ਸੀ, ਜਿਵੇਂ ਦਿਮਾਗ਼ ਤੋਂ ਇਕ ਭਾਰ ਲੱਥ ਗਿਆ ਹੋਵੇ। ਉਹਨੇ ਆਪਣੀ ਇਸ ਨਾ-ਪਸੰਦ ਮੁਲਕਾਤਾ ਦਾ ਜ਼ਿਕਰ ਆਪਣੇ ਦੋਸਤ ਨਾਲ ਕੀਤਾ, ਜਿਸਦਾ ਉਹ ਅਜੇ ਤਾਈਂ ਪ੍ਰਾਹੁਣਾ ਹੀ ਸੀ। ਉਸ ਆਖਿਆ, “ਬਰਮਿੰਗਮ ਤਾਂ ਇਹਨਾਂ ਲੋਕਾਂ ਨਾਲ ਭਰਿਆ ਹੋਇਆ ਏ—ਕਿਸ ਕਿਸ ਬਾਰੇ ਸੋਚੇਂਗਾ ਤੇ ਕਿਸ ਕਿਸ ਤੋਂ ਬਚੇਂਗਾ। ਆਪਣੇ ਕੰਮ ਨਾਲ ਕੰਮ ਰੱਖੀਏ ਜੀ। ਤੁਸਾਂ ਤਾਂ ਬੱਸ ਦਾ ਟਿਕਟ ਕੱਟਣੈ...ਮੁਸਾਫਰ ਚਾਹੇ ਹਬਸ਼ੀ ਹੋਏ, ਅੰਗਰੇਜ਼ ਹੋਵੇ ਜਾਂ ਹਿੰਦੁਸਤਾਨੀ, ਤੁਹਾਨੂੰ ਕੀ?” ਪਰ ਸਾਜਿਦ ਦੀ ਇਸ ਉਤਰ ਨਾਲ ਤਸੱਲੀ ਨਾ ਹੋਈ। ਉਸ ਸੋਚਿਆ ਸ਼ਾਇਦ ਪਿਛਲੇ ਚਾਰ ਸਾਲਾਂ ਵਿਚ ਉਹਦੇ ਦੋਸਤ ਦੀ ਦੇਸ਼-ਪਿਆਰ ਵਾਲੀ ਹਿਸ ਮਰ ਚੁੱਕੀ ਹੈ। ਪਰ ਜਦੋਂ ਉਹਦਾ ਦੋਸਤ ਬੜੇ ਮਾਣ ਨਾਲ ਆਪਣੇ-ਆਪ ਨੂੰ ਪਾਕਿਸਤਾਨੀ ਕਹਿੰਦਾ; ਕਾਇਦੇ-ਆਜ਼ਮ ਦੇ ਜੀਵਨ ਤੋਂ ਸਿਖਿਆ ਲੈਣ ਲਈ ਆਖਦਾ। ਪੱਛਮੀ ਸ਼ਾਇਰ ਇਲਾਮਾ ਇਕਬਾਲ ਦੇ ਕਲਾਮ ਉਪਰ ਸਿਰ ਹਿਲਾਉਂਦਾ ਤੇ ਪਾਕਿਸਤਾਨੀ ਅਖ਼ਬਾਰਾਂ ਤੇ ਰਸਾਲਿਆਂ ਨੂੰ ਘੋਖਦਾ ਤਾਂ ਸਾਜਿਦ ਸਮਝਦਾ ਕਿ ਸ਼ਾਇਦ ਉਹਨੇ ਆਪਣੇ ਦੋਸਤ ਨੂੰ ਗ਼ਲਤ ਸਮਝਿਆ ਹੈ।
ਅੱਜ ਛੁੱਟੀ ਸੀ। ਸਾਜਿਦ ਤੇ ਉਹਦਾ ਦੋਸਤ ਦੋਵੇਂ ਸੈਰ-ਸਪਾਟਾ ਕਰਨ ਦੇ ਮੂਡ ਵਿਚ ਸਨ। ਸਾਜਿਦ ਦਾ ਵਿਚਾਰ ਸੀ ਕਿ ਸਮੁੰਦਰ ਦੇ ਕਿਨਾਰੇ ਸੈਰ ਕੀਤੀ ਜਾਏ, ਤੇ ਰੋਟੀ ਵੀ ਉੱਥੇ ਹੀ ਖਾਧੀ ਜਾਏ। ਛੜਿਆਂ ਨੂੰ ਕੌਣ ਉੜੀਕਦਾ ਹੈ। ਬੱਸ ਵਿਚ ਬਹਿ ਕੇ ਪਹਿਲਾਂ ਤਾਂ ਉਹਨਾਂ ਇਧਰ-ਉਧਰ ਦੀਆਂ ਗੱਲਾਂ ਮਾਰੀਆਂ। ਫੇਰ ਉਹ ਪੁਰਾਤਨ ਤੇ ਅਧੁਨਿਕ ਪੰਜਾਬੀ ਸ਼ਾਇਰੀ ਉਪਰ ਬਹਿਸ ਕਰਨ ਲੱਗ ਪਏ। ਪਹਿਲਾਂ ਹੌਲੀ ਹੌਲੀ, ਫੇਰ ਆਮ ਆਵਾਜ਼ਾਂ ਵਿਚ ਧੜਲੇਦਾਰ ਠੇਠ ਪੰਜਾਬੀ ਰੌ ਵਿਚ। ਜਿਵੇਂ ਉਹ ਸਿਆਲਕੋਟ ਤੋਂ ਲਾਹੌਰ ਜਾਣ ਵਾਲੀ ਬੱਸ ਵਿਚ ਬੈਠੇ ਹੋਏ ਹੋਣ। ਤੇ ਫੇਰ ਉਹਨਾਂ ਦੀਆਂ ਆਵਾਜ਼ਾਂ ਨੂੰ ਯਕਦਮ ਕਾਠ ਮਾਰ ਗਿਆ, ਜਦੋਂ ਬੱਸ ਵਿਚੋਂ ਕਿਸੇ ਨੇ ਹੌਲੀ ਜਿਹੀ ਆਖਿਆ, “ਜਾਣ ਦਿਓ ਪਾਤਸ਼ਾਹੋ...ਇਹ ਪਿੰਡ ਨਹੀਂ ਆਪਣਾ।”
ਉਹਨਾਂ ਹੈਰਾਨੀ ਨਾਲ ਛਿੱਥਿਆਂ ਜਿਹੇ ਹੋ ਕੇ ਆਲੇ-ਦੁਆਲੇ ਝਾਕਿਆ ਕਿ ਉਹਨਾਂ ਨੂੰ ਹੋੜਨਾ ਕਰਨ ਵਾਲਾ ਕੌਣ ਹੈ? ਪਰ ਉਸ ਬੱਸ ਵਿਚ ਕੋਈ ਅਜਿਹਾ ਨਜ਼ਰ ਨਾ ਆਇਆ ਜਿਸ ਉੱਤੇ ਸ਼ੱਕ ਵੀ ਕੀਤਾ ਜਾ ਸਕਦਾ ਹੋਏ। ਉਂਜ ਇਕ ਨੌਜਵਾਨ ਉਹਨਾਂ ਵੱਲ ਵੇਖ ਕੇ ਮੁਸਕੜੀਏਂ ਹੱਸ ਰਿਹਾ ਸੀ। ਉਹਨਾਂ ਨੂੰ ਸ਼ੱਕ ਤਾਂ ਹੋਇਆ ਕਿ ਇਹੀ ਹੋ ਸਕਦਾ ਹੈ ਪਰ ਉਸ ਨੌਜਵਾਨ ਦੇ ਚਿਹਰੇ-ਮੋਹਰੇ ਤੋਂ ਕਿਸੇ ਇਤਾਲਵੀ ਜਾਂ ਸਪੇਨੀ ਹੋਣ ਦਾ ਝੋਲਾ ਜਿਹਾ ਤਾਂ ਪੈਂਦਾ ਸੀ ਪਰ ਪੰਜਾਬੀ ਹੋਣ ਦਾ ਨਹੀਂ। ਬੱਸ ਚੁੱਪ ਚੁਪੀਤੇ ਆਪਣਾ ਰਾਹ ਕੱਛਦੀ ਰਹੀ। ਤੇ ਜਦੋਂ ਬੱਸ ਸਮੁੰਦਰ ਕਿਨਾਰੇ ਕੋਲ ਰੁਕੀ ਤਾਂ ਉਹ ਨੌਜਵਾਨ ਵੀ ਉਹਨਾਂ ਨਾਲ ਹੀ ਉਤਰ ਪਿਆ। ਬੱਸ ਸਟੈਂਡ ਉਪਰ ਕੋਈ ਦਸ-ਪੰਦਰਾਂ ਬੰਦੇ-ਤੀਵੀਂਆਂ ਦੀ ਇਕ ਟੋਲੀ ਜਿਹੀ ਖੜ੍ਹੀ ਸੀ। ਜਿਹਨਾਂ ਵਿਚ ਪੰਜ-ਛੇ ਸਿੱਖ ਵੀ ਸਨ। ਉਹਨਾਂ ਵਿਚੋਂ ਕਿਸੇ ਨੇ ਹੋਕਰਾ ਮਾਰਿਆ—
“ਓਇ ਮੀਤਿਆ, ਕਿੱਥੇ ਮਰ ਗਿਆ ਸੈਂ...”
ਤੇ ਉਹ ਨੌਜਵਾਨ ਭੱਜ ਕੇ ਉਹਦੇ ਕਲਾਵੇ ਵਿਚ ਜਾਂਦਾ ਰਿਹਾ। ਸ਼ਾਜਿਦ ਤੇ ਉਹਦਾ ਦੋਸਤ ਕੁੱਣਖਾ-ਜਿਹਾ ਇਕ ਦੂਜੇ ਵੱਲ ਝਾਕੇ ਜਿਵੇਂ ਕਹਿ ਰਹੇ ਹੋਣ, 'ਤੋ ਬੱਸ ਵਿਚ ਟੋਕਣ ਵਾਲੇ ਇਹੋ ਸੱਜਣ ਸਨ।'
ਸਾਜਿਦ ਨੇ ਉਸ ਟੋਲੀ ਵੱਲ ਵੇਖਿਆ ਤਾਂ ਇਕ ਜਾਣਿਆ-ਪਛਾਣਿਆ ਚਿਹਰਾ ਨਜ਼ਰੀਂ ਪਿਆ। ਉਸ ਆਪਣੇ ਦੋਸਤ ਦੀ ਵੱਖੀ ਵਿਚ ਹੁਜ ਮਾਰਦਿਆਂ ਕਿਹਾ, “ਇਹ ਐ ਉਹ ਸਿੱਖ।” ਉਹਦੇ ਦੋਸਤ ਨੇ ਸਰਸਰੀ ਨਜ਼ਰ ਮਾਰੀ। “ਔਹ!” ਉਸ ਕਿਹਾ, “ਮੈਂ ਜਾਣਦਾਂ, ਉਹਨੂੰ। ਫਲਾਣੇ ਕਾਰਖ਼ਾਨੇ ਵਿਚ ਫੋਰਮੈਨ ਏ।” 'ਹੋਣੈ।' ਸਾਜਿਦ ਨੇ ਸੋਚਿਆ। ਤੇ ਉਹਦੇ ਦੋਸਤ ਨੂੰ ਕੁਝ ਸਿਆਣੂ ਮਿਲ ਪਏ। ਫੇਰ ਉਹ ਸਿੱਖ ਤੇ ਨੌਜਵਾਨ ਮੀਤਾ ਉਹਨਾਂ ਦੇ ਦਿਮਾਗ਼ ਵਿਚੋਂ ਨਿਕਲ ਗਏ। ਦੋ-ਇਕ ਘੰਟੇ ਘੁੰਮ-ਫਿਰ ਲੈਣ ਪਿੱਛੋਂ ਉਹ ਇਕ ਉਜਾੜ ਜਿਹੇ ਸਥਾਨ ਵੱਲ ਵਧ ਰਹੇ ਸਨ ਕਿ ਕੁਝ ਚਿਰ ਰੈਸਟ ਮਾਰ ਲੈਣਗੇ ਪਰ ਇਸ ਓਪਰੇ ਦੇਸ਼ ਵਿਚ ਕੁਝ ਜਾਣੀਆਂ-ਪਛਾਣੀਆਂ ਆਵਾਜ਼ਾਂ ਨੇ ਉਹਨਾਂ ਨੂੰ ਹੈਰਾਨ ਕਰ ਦਿੱਤਾ। 'ਬੱਲੇ-ਬੱਲੇ, ਸ਼ਾਵਾ-ਸ਼ਾਵਾਂ' ਦੀਆਂ ਜ਼ਨਾਨੀਆਂ ਤੇ ਮਰਦਾਵੀਆਂ ਆਵਾਜ਼ਾਂ ਦਾ ਰਲਗੱਡ ਜਿਹਾ ਸੀ ਇਹ, ਜਿਵੇਂ ਉਹਨਾਂ ਦੇ ਆਪਣੇ ਦੇਸ਼ ਵਿਚ ਭੰਗੜਾ, ਗਿੱਧਾ ਪਾਉਣ ਸਮੇਂ ਮਰਦ ਤੇ ਤੀਵੀਂਆਂ ਆਪਣੇ ਲੋਕ ਗੀਤਾਂ ਵਿਚ ਖਿੱਚ ਭਰਣ ਲਈ ਕਰਦੇ ਨੇ; ਹੱਲਾ-ਸ਼ੇਰੀ ਦਿੰਦੇ ਨੇ। ਉਹਨਾਂ ਦੇ ਪੈਰ ਮੱਲੋ-ਮੱਲੀ ਉਧਰ ਹੋ ਲਏ। ਬੱਸ ਸਟੈਂਡ ਵਾਲੀ ਟੋਲੀ ਉੱਥੇ ਬਿਰਾਜਮਾਨ ਸੀ। ਕਰਤਾਰ ਸਿੰਘ ਚੀਮਾ ਕੰਨ ਉੱਤੇ ਹੱਥ ਰੱਖ ਕੇ ਉਚੀਆਂ ਹੇਕਾਂ ਵਿਚ ਮਿਰਜ਼ਾ-ਸਾਹਿਬਾ ਗਾ ਰਿਹਾ ਸੀ। ਉਹਦੀ ਆਵਾਜ਼ ਵਿਚ ਲਚਕ ਸੀ, ਦਰਦ ਸੀ, ਨਿਘਾਸ ਸੀ। ਸਾਜਿਦ ਤੇ ਉਹਦੇ ਦੋਸਤ ਨੂੰ ਜਿਵੇਂ ਸੁੱਧ ਨਾ ਰਹੀ। ਵਤਨ ਤੋਂ ਹਜ਼ਾਰਾਂ ਮੀਲ ਦੂਰ, ਇਸ ਓਪਰੇ ਮੁਲਕ ਵਿਚ ਆਪਣੀ ਮਾਂ-ਬੋਲੀ...ਕਿੱਡਾ ਅਲੋਕਾਰ ਦ੍ਰਿਸ਼ ਸੀ! ਤੇ ਜਦੋਂ ਉਸ ਉਹ ਕਲੀ ਛੇੜੀ...:

'ਹੱਸ ਕੇ ਲਾਂਵਦੀਆਂ ਯਾਰੀਆਂ ਤੇ ਰੋ ਕੇ ਦਿੰਦੀਆਂ ਦੱਸ।'

ਉਦੋਂ ਮੀਤੇ ਨੇ ਲਾਗੇ ਬੈਠੀ ਕੁੜੀ ਵੱਲ ਵੇਖ ਕੇ ਮੁਸਕਰਾਂਦਿਆਂ ਹੋਇਆਂ ਕਿਹਾ...:
“ਕਿਓਂ ਅੜੀਏ, ਅਹਿ ਸੱਚ ਏ?”
ਤਾਂ ਸਾਰੀ ਜੁੰਡਲੀ ਖਿੜ-ਖਿੜ ਕਰਕੇ ਹੱਸ ਪਈ। ਤੇ ਉਸ ਕੁੜੀ ਦੇ ਮੂੰਹ ਉਪਰ ਇਕ ਅਜਿਹੀ ਸੰਗਲੂ ਭਾ ਛਾ ਗਈ, ਜਿਸ ਉੱਤੇ ਸਿਰਫ ਪੱਛਮ ਦਾ ਹੱਕ ਹੈ। ਸਾਜਿਦ ਨੇ ਚਾਹਿਆ ਕਿ ਉਹ ਆਪ ਜਾ ਕੇ ਕੁੜੀ ਵੱਲੋਂ ਆਖੇ ਕਿ ਉਹ ਆਪਣੇ ਪਿਆਰੇ ਵਾਸਤੇ ਕੀ ਨਹੀਂ ਕਰ ਸਕਦੀ। ਉਹਨੂੰ ਵੀ ਮਿਰਜ਼ਾ-ਸਾਹਿਬਾਂ ਦਾ ਉਹ ਬੰਦ ਯਾਦ ਸੀ ਜਿਸ ਵਿਚ ਸਾਹਿਬਾਂ ਆਪਣੇ ਮਿਰਜ਼ੇ ਉੱਤੋਂ ਸਭ ਕਝ ਵਾਰ ਦੇਣਾ ਲੋਚਦੀ ਹੈ। ਉਹ ਸੁਤੇ-ਸਿਧ ਗੁਣਗੁਣਾਉਣ ਲੱਗਾ—

'ਗਲੀਆਂ ਹੋਵਣ ਸੁਨੀਆਂ,
ਵਿਚ ਮਿਰਜਾ ਯਾਰ ਫਿਰੇ ।'


ਉਹਦਾ ਦੋਸਤ ਉਹਦੀ ਗੁਣਗੁਣਾਹਟ ਉੱਤੇ ਤੁੜਕਿਆ—“ਕਿਉਂ ਕੀ ਇਰਾਦਾ ਏ?” 'ਇਰਾਦਾ' ਸਾਜਿਦ ਸੋਚੀਂ ਪੈ ਗਿਆ। ਉਹ ਜਾਵੇ ਜਾਂ ਨਾ ਜਾਵੇ! ਇਹ ਲੋਕ ਨੇ ਜਿਹਨਾਂ ਬਾਰੇ ਉਹ ਬਚਪਨ ਤੋਂ ਸੁਣਦਾ ਆਇਆ ਸੀ ਕਿ ਉਹ ਦੁਸ਼ਮਣ ਨੇ। ਪਰ ਉਹਨਾਂ ਦੀ ਬੋਲ-ਚਾਲ, ਪਹਿਣ-ਪਹਿਰਾਵਾ, ਗੀਤ ਤੇ ਨਾਚ ਏਨੇ ਜਾਣੇ-ਪਛਾਣੇ ਹੈਨ ਜਿਵੇਂ ਉਹ ਆਪਣੇ ਘਰ ਵਿਚ ਹੋਵੇ। ਉਹ ਚੁੱਪ-ਜਿਹਾ ਹੋ ਗਿਆ। ਅਜੇ ਉਹ ਸੋਚਾਂ ਵਿਚ ਹੀ ਪਿਆ ਹੋਇਆ ਸੀ ਕਿ ਉਹਨਾਂ ਦੇ ਕੰਨੀਂ ਇਕ ਕੁੜੀ ਦੀ ਆਵਾਜ਼ ਗੂੰਜੀ। ਉਹ ਗਾ ਰਹੀ ਸੀ...:

'ਬਾਰੀ ਬਰਸੀ ਖਟਣ ਗਿਆ
ਤੇ ਕੀ ਖਟ ਲਿਆਂਦਾ...ਛੋਲੇ
ਅਜ ਮੇਰੇ ਵੀਰਾਂ ਦੇ,
ਕੌਣ ਸਾਹਮਣੇ ਬੋਲ।'


ਸਾਜਿਦ ਨੂੰ ਇੰਜ ਜਾਪਿਆ ਜਿਵੇਂ ਉਹ ਉਹਨੂੰ ਸੁਣਾ ਕੇ ਕਹਿ ਰਹੀ ਹੋਵੇ ਕਿ ਅੱਜ ਉਸ ਕੁੜੀ ਦੇ ਬਹਾਦਰ ਭਰਾਵਾਂ ਦਾ ਮੁਕਾਬਲਾ ਕੌਣ ਕਰ ਸਕਦਾ ਹੈ! ਤੇ ਉਸ ਦੇਖਿਆ ਕਿ ਉਹ ਸਾਰੀ ਜੁੰਡਲੀ ਉਸ ਲੋਕ ਗੀਤ ਦੀ ਬੋਲੀ ਉੱਤੇ ਨੱਚ ਰਹੀ ਹੈ। ਕੀ ਇਹ ਉਸ ਲਈ ਚੈਲਿੰਜ ਹੈ? ਉਹਦੇ ਭਰਵੱਟੇ ਖਿੱਚੇ ਗਏ। ਪੱਠੇ-ਫੜਕਣ ਲੱਗੇ। ਉਹ ਉਹਨਾਂ ਨਾਲ ਟਕਰਾ ਜਾਣ ਲਈ ਪਰ ਤੋਲਣ ਲੱਗਾ। ਕੀ ਹੋਇਆ ਉਹ ਕੁਲ ਦੋ ਹੀ ਨੇ ਤੇ ਮੁਕਾਬਲੇ ਵਿਚ ਦਸ-ਬਾਰਾਂ। ਮੁਹੰਮਦ ਬਿਨ ਕਾਸਮ ਤੇ ਬਖ਼ਤਿਆਰ ਖਿਲਜੀ ਨਾਲ ਕਿੰਨੇ ਆਦਮੀ ਸਨ। ਇਤਿਹਾਸਕ ਯੋਧੇ ਉਹਦੀਆਂ ਨਜ਼ਰਾਂ ਅੱਗੇ ਘੁੰਮਣ ਲੱਗੇ ਤੇ ਉਹਦੀ ਬਦਲੀ ਹੋਈ ਹਾਲਤ ਵੇਖ ਕੇ ਉਹਦੇ ਦੋਸਤ ਨੇ ਉਹਦੇ ਜਜ਼ਬਿਆਂ ਦਾ ਅੰਦਾਜ਼ਾ ਕਰ ਲਿਆ। ਤੇ ਉਹਨੂੰ ਤਾੜਨਾ ਕੀਤੀ “ਵਾਹ, ਵਾਹ, ਇਹ ਕੀ ਝੱਲ ਏ!” ਸਾਜਿਦ ਜਦੋਂ ਆਪੇ ਵਿਚ ਆਇਆ ਉਹਨੂੰ ਆਪ ਹੀ ਮਹਿਸੂਸ ਹੋਇਆ ਜਿਵੇਂ ਉਹ ਲੋੜੋਂ ਵਧ ਭਾਵੁਕ ਹੋ ਗਿਆ ਹੋਵੇ।
ਬਹੁਤ ਦਿਨਾਂ ਤਾਈਂ ਸਾਜਿਦ ਦਾ ਮੂਡ ਆਫ ਰਿਹਾ। ਇੱਥੋਂ ਤਕ ਕਿ ਇਕ ਦਿਨ ਉਹਨੇ ਪੜ੍ਹਿਆ ਕਿ ਬਾਰਸਲੋਨਾਂ ਵਿਚ ਪਾਕਿਸਤਾਨ ਦੀ ਹਾਕੀ ਦੀ ਟੀਮ ਨੇ ਹਿੰਦੁਸਤਾਨ ਦੀ ਟੀਮ ਨੂੰ ਭਾਂਜ ਦਿੱਤੀ। ਉਸ ਦਿਨ ਉਹ ਕਿਸੇ ਹਿੰਦੁਸਤਾਨੀ ਨੂੰ ਭਾਲ ਰਿਹਾ ਸੀ ਜਿਸ ਨੂੰ ਉਹ ਆਪਣੀ ਜਿੱਤ ਦੀ ਖ਼ੁਸ਼ਖ਼ਬਰੀ ਸੁਣਾ ਸਕੇ। ਜੇ ਕਿਤੇ ਉਹਨੂੰ ਕਰਤਾਰ ਸਿੰਘ ਲੱਭ ਪਵੇ! ਉਸ ਟੋਲੇ ਦਾ ਕੋਈ ਵੀ ਮੈਂਬਰ ਮਿਲ ਜਾਵੇ ਤਾਂ ਪੁੱਛਾਂ—'ਕਿੱਥੇ ਗਏ, ਤੁਹਾਡੇ ਵੀਰ...' ਪਰ ਉਹਨੂੰ ਕੋਈ ਵੀ ਨਜ਼ਰ ਨਾ ਆਇਆ। ਉਹ ਮਨ ਮਸੌਸ ਕੇ ਰਹਿ ਗਿਆ। ਪਰ ਉਹਦੇ ਦਿਲ ਤੇ ਦਿਮਾਗ਼ ਉਪਰ ਇਕ ਤਰ੍ਹਾਂ ਦਾ ਵੱਡਪਣ ਦਾ ਅਹਿਸਾਸ ਜ਼ਰੂਰ ਛਾ ਗਿਆ। ਤੇ ਫੇਰ ਉਹਨੂੰ ਇਕ ਦਿਨ ਇਕ ਸਿੱਖ ਨਜ਼ਰੀਂ ਪਿਆ। ਜਿਹੜਾ ਸ਼ਕਲ-ਸੂਰਤ ਤੋਂ ਗੰਵਾਰ ਤੇ ਉਜੱਡ ਜਾਪਦਾ ਸੀ। ਸਾਜਿਦ ਜਾਣ-ਬੁੱਝ ਕੇ ਉਸ ਨਾਲ ਜਾ ਟਕਰਾਇਆ, “ਸਰਦਾਰ ਜੀ! ਤੁਹਾਡੀ ਹਾਕੀ ਦੀ ਟੀਮ ਹਾਰ ਗਈ।” ਉਹਨੇ ਮਾਣ ਭਰੇ ਲਹਿਜੇ ਵਿਚ ਕਿਹਾ। “ਔਹ, ਹਾਰ ਗਈ ਹੋਊ ਪਾਦਸ਼ਾਹੋ! ਮੈਨੂੰ ਕਾਰਖਾਨਿਓਂ ਦੇਰ ਗਈ ਏ।” ਤੇ ਉਹ ਕਾਹਲ ਨਾਲ ਤੁਰ ਗਿਆ। ਅਜੀਬ ਬੰਦਾ ਏ!...ਸਾਜਿਦ ਨੇ ਸੋਚਿਆ। ਪਰ ਉਸ ਏਨੀ ਜਲਦੀ ਹਾਰ ਮੰਨ ਲੈਣੀ ਸਵੀਕਾਰ ਨਾ ਕੀਤੀ। ਉਹ ਕਰਤਾਰ ਸਿੰਘ ਨੂੰ ਲੱਭਣਾ ਚਾਹੁੰਦਾ ਸੀ ਤੇ ਇਕ ਦਿਨ ਉਹ ਉਹਨੂੰ ਮਿਲ ਹੀ ਗਿਆ। ਉਸ ਨੇ ਉਹਨੂੰ ਵੀ ਇਹੀ ਕਿਹਾ ਤਾਂ ਕਰਤਾਰ ਸਿੰਘ ਚੀਮੇ ਦੇ ਮੂੰਹੋ ਉਪਰ ਇਕ ਹਲਕੀ ਜਿਹੀ ਸ਼ਰਮਿੰਦਗੀ ਦੀ ਝਲਕ ਨਜ਼ਰ ਆਈ ਤੇ ਕਹਿਣ ਲੱਗਾ, “ਦੋ ਭਲਵਾਨ (ਮੱਲ) ਘੁਲਦੇ ਨੇ, ਇਕ ਦੀ ਪਿੱਠ ਤਾਂ ਲੱਗਦੀ ਈ ਏ।” ਸਾਜਿਦ ਖ਼ੁਸ਼ ਸੀ ਕਿ ਚਲੋ ਉਸ ਹਾਰ ਤਾਂ ਮੰਨ ਲਈ। ਸਾਜਿਦ ਨੇ ਗੱਲ ਵਧਾਉਣੀ ਚਾਹੀ ਪਰ ਚੀਮੇ ਨੇ ਗੋਲਿਆ ਨਾ ਤੇ ਕੰਨੀ ਖਿਸਕਾ ਕੇ ਤੁਰ ਗਿਆ। ਸਾਜਿਦ ਦਾ ਜੀਅ ਚਾਹਿਆ ਕਿ ਉਹ ਜ਼ੋਰ ਨਾਲ 'ਓਇ-ਓਇ' ਕਰੇ ਤੇ ਸ਼ਾਇਦ ਉਹ ਕਰ ਵੀ ਬਹਿੰਦਾ ਕਿ ਉਸ ਦੇ ਮੋਢੇ ਉਪਰ ਕਿਸੇ ਨੇ ਹੱਥ ਨਾ ਰੱਖ ਦਿੱਤਾ ਹੁੰਦਾ। ਇਹ ਮੀਤਾ ਸੀ...
“ਪਾਕਿਸਤਾਨੀ ਟੀਮ ਨੂੰ ਹਾਕੀ ਵਰਡ ਕੱਪ ਜਿੱਤਣ ਲਈ ਵਧਾਈ...” ਅਜੀਬ ਬੰਦਾ ਸੀ ਇਹ ਮੀਤਾ ਵੀ! ਸਾਜਿਦ ਨੇ ਸੋਚਿਆ ਤੇ ਉਹਦਾ ਹੱਥ ਝਟਕ ਦਿੱਤਾ। ਜਿਵੇਂ ਉਹਨੇ ਮੁਬਾਰਕਬਾਦ ਨਹੀਂ ਸੀ ਦਿੱਤੀ ਸਗੋਂ ਵਧਾਈ ਦੇਣ ਦੀ ਪਹਿਲ ਕਰਕੇ ਉਹਨੂੰ ਦਿਮਾਗ਼ੀ ਹਾਰ ਦਿੱਤੀ ਹੋਵੇ। ਮੀਤੇ ਨੇ ਆਪਣਾ ਹੱਥ ਅਗਾਂਹ ਕੱਢ ਕੇ ਆਖਿਆ, “ਮੈਨੂੰ ਗੁਰਮੀਤ ਸਿੰਘ ਮਾਨ ਆਖਦੇ ਨੇ।”
“ਤਾਂ ਤੂੰ ਵੀ ਸਿੱਖ ਏਂ?” ਸਾਜਿਦ ਨੇ ਵਧੇ ਹੋਏ ਹੱਥ ਵੱਲ ਹੱਥ ਨਾ ਵਧਾਇਆ।
“ਫੇਰ ਕੀ ਹੋਇਆ—ਬੰਦਾ ਵੀ ਤਾਂ ਹਾਂ।”
“ਸਿੱਖ ਤੇ ਬੰਦਾ...” ਸਾਜਿਦ ਦੇ ਮੂੰਹੋਂ ਅਚਾਨਕ ਨਿਕਲਿਆ। ਮੀਤਾ ਹੱਸ ਪਿਆ। “ਤੂੰ ਠੀਕ ਆਖਦੈਂ।”
ਸਾਜਿਦ ਨੇ ਗਹੁ ਨਾਲ ਉਸਦੀਆਂ ਅੱਖਾਂ ਵਿਚ ਤੱਕਿਆ। ਉਹਨਾਂ ਵਿਚ ਸ਼ਰਾਫ਼ਤ ਤੇ ਸ਼ਰਾਰਤ ਦੋਵੇਂ ਰਲਗੱਡ ਹੋਈਆਂ ਹੋਈਆਂ ਸਨ। ਮੀਤੇ ਨੇ ਦੋਵਾਂ ਹੱਥਾਂ ਵਿਚ ਉਹਦਾ ਹੱਥ ਫੜ੍ਹ ਲਿਆ ਤੇ ਕਹਿਣ ਲੱਗਾ, “ਆਓ—ਚਾਹ ਪੀਵੀਏ।”
ਸਾਜਿਦ ਦਾ ਚਿੱਤ ਤਾਂ ਨਹੀਂ ਸੀ ਮੰਨਦਾ ਪਰ ਉਹ ਯਕੋਤਕੀ ਜਿਹੀ ਵਿਚ ਨਾਲ ਤੁਰ ਪਿਆ। ਗੁਰਮੀਤ ਨੇ ਉਹਨੂੰ ਉਸ ਦਿਨ ਜੀਅ ਭਰ ਕੇ ਸਿੱਖਾਂ ਦੇ ਚੁਟਕਲੇ ਸੁਣਾਏ, ਤੇ ਸਾਜਿਦ ਹੱਸਦਾ ਰਿਹਾ ਤੇ ਉਸ ਕਿਹਾ—“ਤੂੰ ਸਿੱਖ ਹੋ ਕੇ ਖ਼ੁਦ ਆਪਣਾ ਮਜ਼ਾਕ ਉਡਾਅ ਰਿਹੈਂ?” “ਕੀ ਹਰਜ਼ ਏ?” ਮੀਤੇ ਨੇ ਫਿਲਾਸਫਰਾਂ ਵਾਲੇ ਅੰਦਾਜ਼ ਵਿਚ ਕਿਹਾ, “ਜਿਹੜਾ ਖ਼ੁਦ ਆਵਦੇ 'ਤੇ ਨਹੀਂ ਹੱਸ ਸਕਦਾ, ਉਹਨੂੰ ਦੂਜਿਆਂ ਦਾ ਮਜ਼ਾਕ ਉਡਾਉਣ ਦਾ ਕੋਈ ਹੱਕ ਨਹੀਂ।”
ਤੇ ਸ਼ਾਇਦ ਸਾਜਿਦ ਦੇ ਦਿਲੋਂ ਨਫ਼ਰਤ ਦਾ ਇਹ ਜਜ਼ਬਾ ਖ਼ਤਮ ਹੋ ਜਾਂਦਾ ਪਰ ਸੰਨ 71 ਦੀ ਜੰਗ ਨੇ ਉਹਦੇ ਦੱਬੇ ਹੋਏ ਜਜ਼ਬੇ ਨੂੰ ਭੜਕਾ ਦਿੱਤਾ। ਉਸ ਆਪਣੇ ਪੂਰੇ ਹਫ਼ਤੇ ਦੀ ਤਨਖ਼ਾਹ ਪਾਕਿਸਤਾਨ ਵਾਰ ਫੰਡ ਵਿਚ ਪਾ ਦਿੱਤੀ। ਆਪਣੇ ਸਾਰੇ ਸਿਆਣੁਆਂ ਤੋਂ ਚੰਦਾ ਉਘਰਾ ਕੇ ਦਿੱਤਾ ਤੇ ਇਕ ਦਿਨ ਜਦ ਉਹ ਗੁਰਮੀਤ ਨੂੰ ਮਿਲਿਆ ਤਾਂ ਵਿਅੰਗ ਨਾਲ ਕਹਿਣ ਲੱਗਾ, “ਤੁਹਾਡੇ ਉਸ ਇਨਸਾਨੀਅਤ (ਮਨੁੱਖਤਾ) ਵਾਲੇ ਜਜ਼ਬੇ ਦਾ ਕੀ ਬਣਿਆ ਭਲਾ...” ਗੁਰਮੀਤ ਨੇ ਉਸ ਵੱਲ ਗਹੁ ਨਾਲ ਤੱਕਦਿਆਂ ਆਖਿਆ, “ਮੇਰੇ ਦੋਸਤ—ਜੰਗ ਨਾਲ ਇਨਸਾਨੀਅਤ ਜਖ਼ਮੀ ਹੁੰਦੀ ਏ...ਭਾਵੇਂ ਉਹ ਹਿੰਦੁਸਤਾਨ ਵਿਚ ਹੋਵੇ, ਭਾਵੇਂ ਪਾਕਿਸਤਾਨ ਵਿਚ...” ਸਾਜਿਦ ਇਸ ਤੱਥ ਬਾਰੇ ਸੋਚਣ ਲੱਗਾ।
ਤੇ ਫੇਰ ਇਕ ਦਿਨ ਉਸ ਕੋਲ ਗੁਰਮੀਤ ਆਇਆ ਤੇ ਕਹਿਣ ਲੱਗਾ, “ਸਾਜਿਦ ਸਾਹਬ—ਚੱਲੋ, ਅੱਜ ਸਾਡੀ ਮੀਟਿੰਗ ਏ।”
“ਤੁਹਾਡੀ ਮੀਟਿੰਗ ਤੇ ਮੈਂ...” ਸਾਜਿਦ ਨੇ ਪੁੱਛਿਆ।
“ਜੀ! ਤੁਸੀਂ ਹੀ ਨਹੀਂ...ਹਰ ਉਹ ਇਨਸਾਨ ਜੀਹਨੂੰ ਮਨੁੱਖਤਾ, ਇਨਸਾਨੀਅਤ ਨਾਲ ਪਿਆ ਏ...ਉਸਨੂੰ ਆਉਣ ਦਾ ਸੱਦਾ ਹੈ।”

ਇਕ ਵੱਡੇ ਚੌਕ ਵਿਚ ਸੈਂਕੜੇ ਲੋਕ ਇਕੱਠੇ ਹੋਏ ਸਨ। ਉਹਨਾਂ ਵਿਚ ਬਹੁਤ ਸਾਰੇ ਸਿੱਖ ਵੀ ਸਨ। ਤੇ ਹੋਰ ਹਿੰਦੁਸਤਾਨੀ, ਪਾਕਿਸਤਾਨੀ ਵੀ ਸਨ। ਇਹਨਾਂ ਤੋਂ ਬਿਨਾਂ ਅੰਗਰੇਜ਼ ਵੀ ਸਨ ਤੇ ਹਬਸ਼ੀ ਵੀ। ਇਹ ਮੀਟਿੰਗ ਨਸਲੀ-ਵਿਤਕਰੇ ਦੇ ਵਿਰੁੱਧ ਸੀ।
ਯੋਗੇਂਡਾ ਵਿਚੋਂ ਜਿਹੜੇ ਹਜ਼ਾਰਾਂ ਏਸ਼ੀਆਈ ਆ ਰਹੇ ਸਨ ਉਹਨਾਂ ਵਾਸਤੇ ਕੁਝ ਤਾਂ ਕਰਨਾ ਪੈਣਾ ਸੀ।
ਸਰਦਾਰ ਕਰਤਾਰ ਸਿੰਘ ਹੁਰਾਂ ਦੇਸ਼ ਛੱਡਣ ਵਾਲਿਆਂ ਉਪਰ ਇਕ ਜਜ਼ਬਾਤੀ ਸਪੀਚ ਕੀਤੀ ਤੇ ਉਹ ਸਭ ਦੁਹਰਾਇਆ ਜੋ (1947) ਵਿਚ ਉਹਨਾਂ ਨਾਲ ਵਾਪਰਿਆ ਸੀ। ਇਕ ਹਬਸ਼ੀ ਨੇ ਪੱਛਮੀ ਅਫ਼ਰੀਕਾ ਵਿਚ ਨਸਲੀ-ਵਿਤਕਰੇ ਦੀ ਆਪ-ਬੀਤੀ ਬਿਆਨ ਕੀਤੀ। ਇਕ ਅੰਗਰੇਜ਼ ਨੇ ਆਖਿਆ ਕਿ ਨਸਲੀ ਊਚਤਾ ਤੇ ਨੀਚਤਾ ਦਾ ਜ਼ਹਿਰ ਫੈਲਾਣ ਵਾਲੇ ਗੋਰੇ ਨਹੀਂ ਸਗੋਂ ਉਹ ਹੈਨ ਜਿਹਨਾਂ ਦੇ ਦਿਲ ਕਾਲੇ ਨੇ।
ਤੇ ਜਦੋਂ ਸਾਜਿਦ ਤੋਂ ਨਾ ਰਿਹਾ ਗਿਆ ਤਾਂ ਉਹ ਸਟੇਜ ਉੱਤੇ ਜਾ ਪਹੁੰਚਿਆ ਤੇ ਕਹਿਣ ਲੱਗਾ, “ਮੇਰੇ ਤੰਗ ਦ੍ਰਿਸ਼ਟੀਕੋਨ ਨੇ ਅੱਜ ਤਕ ਮੈਨੂੰ ਸਿਰਫ ਏਨਾ ਸਿਖਇਆ ਸੀ ਕਿ ਇਹ ਮੁਸਲਮਾਨ ਹਨ, ਇਹ ਹਿੰਦੂ ਹਨ...ਪਰ ਮੈਨੂੰ ਪਤਾ ਲੱਗ ਗਿਆ ਏ ਕਿ ਇਨਸਾਨੀਅਤ ਜਦੋਂ ਹਾਰ ਜਾਂਦੀ ਹੈ ਤਾਂ ਕੋਈ ਇਕ ਜਾਤ, ਇਕ ਕੌਮ ਜ਼ਖ਼ਮੀ ਨਹੀਂ ਹੁੰਦੀ—ਸ਼ੈਤਾਨੀ ਤਾਕਤਾਂ ਦੇ ਹੱਥੀਂ ਕੁਝ ਚਿਰ ਲਈ ਰੱਬੀ ਤਾਕਤਾਂ ਨੂੰ ਹਾਰ ਹੁੰਦੀ ਹੈ—ਪਰ ਇਹ ਗੱਲ ਥੋੜ੍ਹ ਦਿਨੀਂ ਹੈ—ਅੰਤ ਵਿਚ ਹਮੇਸ਼ਾ ਹੱਕ ਦੀ ਫਤਿਹ ਹੁੰਦੀ ਹੈ।”
ਕਰਤਾਰ ਸਿੰਘ ਚੀਮੇ ਦੇ ਮਕਾਨ ਵਿਚ ਸਾਜਿਦ ਤੇ ਉਹਦੇ ਦੋਸਤ ਨੇ ਗੁਰਮੀਤ ਨੂੰ ਆਖਿਆ—
“ਸੁਣਿਐ ਤੂੰ ਵਾਪਸ ਹਿੰਦੁਸਤਾਨ ਜਾ ਰਿਹੈਂ।”
“ਸੁਣਿਆ ਤਾਂ ਮੈਂ ਵੀ ਇਸੇ ਤਰ੍ਹਾਂ ਏਂ।” ਮੀਤੇ ਨੇ ਹੱਸ ਕੇ ਉਤਰ ਦਿੱਤਾ।
“ਕਿਉਂ ਇੰਗਲਿਸ਼ਤਾਨੋਂ ਜੀਅ ਭਰ ਗਿਆ ਕਿ?” ਸਾਜਿਦ ਨੇ ਹੱਸ ਕੇ ਪੁੱਛਿਆ।
“ਜੀਅ ਤਾਂ ਨਹੀਂ ਭਰਿਆ—ਪਰ ਹਿੰਦੁਸਤਾਨ ਵੇਖਣ ਨੂੰ ਜੀਅ ਕਰਦੈ।”
“ਕਿਉਂ ਪਹਿਲੋਂ ਨਹੀਂ ਵੇਖਿਆ ਕਦੇ?”
“ਵੇਖਿਆ ਤਾਂ ਹੈ—ਮੁੜ ਵੇਖਣ ਦੀ ਹਿਰਸ ਐ।” ਮੀਤੇ ਨੇ ਹਾਤਮਤਾਈ ਦੇ ਅੰਦਾਜ਼ ਵਿਚ ਆਖਿਆ।
“ਗੱਲ ਕੀ ਏ—ਕੁਝ ਤਾਂ ਹੋਣੈ ਜਿਸਦਾ ਓਹਲਾ ਰੱਖਿਆ ਜਾ ਰਿਹੈ?” ਸਾਜਿਦ ਨੇ ਪੁੱਛਿਆ।
ਉਸੇ ਵੇਲੇ ਕਰਤਾਰ ਸਿੰਘ ਤੇ ਇਕ ਹੋਰ ਨੌਜਵਾਨ ਕਮਰੇ ਵਿਚ ਆਏ। ਚੀਮੇ ਨੇ ਆਉਂਦਿਆਂ ਹੀ ਗੁਰਮੀਤ ਨੂੰ ਕਿਹਾ—
“ਕਾਦਰ ਨੂੰ ਅਪੁੰਆਇੰਟਮੈਂਟ ਲੈਟਰ ਮਿਲ ਗਿਐ। ਅਖੀਰ ਤੇਰੀ ਗੱਲ ਰੱਖ ਈ ਲਈ ਉਹਨਾਂ।”
ਸਾਜਿਦ ਤੇ ਉਹਦਾ ਦੋਸਤ ਹੈਰਾਨੀ ਨਾਲ ਉਸ ਵੱਲ ਤੱਕ ਰਹੇ ਸਲ। ਚੀਮੇ ਨੇ ਵਿਸਥਾਰ ਨਾਲ ਦੱਸਦਿਆਂ ਕਿਹਾ, “ਇਹ ਯੋਗੇਂਡਾ ਦੇ ਰਹਿਣ ਵਾਲੇ ਪਾਕਿਸਤਾਨੀ ਨੇ। ਗੁਰਮੀਤ ਨੇ ਰਜਾਇਨ ਦੇ ਕੇ ਇਹਨਾਂ ਲਈ ਜਗ੍ਹਾ ਖਾਲੀ ਕਰ ਦਿੱਤੀ ਏ। ਕਹਿੰਦੈ, ਮੇਰੇ ਤਾਂ ਜ਼ਮੀਨ ਵੀ ਹੈ, ਜਾਇਦਾਦ ਵੀ। ਇਹ ਜੋ ਸਭ ਕੁਝ ਵੇਚ-ਵੱਟ ਕੇ ਅਫ਼ਰੀਕਾ 'ਚੋਂ ਆਏ ਨੇ, ਇਹਨਾਂ ਦਾ ਕੌਣ ਏਂ? ਨਾ ਇਹਨਾ ਦੀ ਹਿੰਦੁਸਤਾਨ ਵਿਚ ਕੋਈ ਠਾਹਰ, ਨਾ ਪਾਕਿਸਤਾਨ ਵਿਚ। ਬ੍ਰਿਟਿਸ਼ ਪਾਸਪੋਰਟ ਇੰਗਲਿਸਤਾਨ ਵਿਚ ਲਿਆ ਤਾਂ ਸਕਦੈ ਪਰ ਰੋਟੀਆਂ ਦਾ ਹੀਲਾ ਤਾਂ ਆਪ ਹੀ ਕਰਨਾ ਪਏਗਾ।”
ਸਾਜਿਦ ਕੁਝ ਚਿਰ ਸੋਚੀਂ ਪਿਆ ਰਿਹਾ ਤੇ ਫੇਰ ਉਸ ਕਿਹਾ, “ਜੇ ਕੋਈ ਬੱਸ ਕੰਡਕਟਰੀ ਕਰਨਾ ਚਾਹੇ ਤਾਂ ਮੈਨੂੰ ਦੱਸ ਦੇਣਾ ਬਈ।” ਫੇਰ ਗੁਰਮੀਤ ਕੋਲੋਂ ਪਰ੍ਹਾਂ ਹਟਦਿਆਂ ਬੋਲਿਆ, “ਸਿੱਖ ਬੰਦੇ ਨਹੀਂ, ਮਨੁੱਖ ਨੇ ਬਾਈ-ਜੀ! ਅਸਲੀ-ਮਨੁੱਖ।”
--- --- ---

Wednesday, May 25, 2011

ਮੈਂ ਜਿਊਂਦਾ ਰਹਾਂਗਾ...:: ਲੇਖਕ : ਰਾਮ ਲਾਲ




ਉਰਦੂ ਕਹਾਣੀ :

ਅਨੁਵਾਦ : ਮਹਿੰਦਰ ਬੇਦੀ, ਜੈਤੋ

ਇਹ ਇਕ ਛੋਟਾ ਜਿਹਾ ਹਿਲ ਸਟੇਸ਼ਨ ਹੈ। ਸ਼ਾਮ ਹੁੰਦਿਆਂ ਹੀ ਇਸਦੀ ਸਾਰੀ ਚਹਿਲ-ਪਹਿਲ ਅਲੋਪ ਹੋਣ ਲੱਗ ਪੈਂਦੀ ਹੈ। ਉੱਚੀਆਂ-ਨੀਵੀਆਂ ਪਹਾੜੀਆਂ ਉੱਤੇ ਬਣੇ ਲਕੜੀ ਤੇ ਟੀਨ ਦੀਆਂ ਚਾਦਰਾਂ ਦੇ ਮਕਾਨਾਂ ਦੀਆਂ ਖਿੜਕੀਆਂ ਤੇ ਦਰਵਾਜ਼ੇ ਬੰਦ ਹੋ ਜਾਂਦੇ ਨੇ ਤੇ ਵਾਰੀ-ਵਾਰੀ ਉਹ ਸਾਰੀਆਂ ਧੁੰਦਲੀਆਂ ਤੇ ਟਿਮਟਿਮਾਉਂਦੀਆਂ ਹੋਈਆਂ ਬੱਤੀਆਂ ਵੀ ਬੁਝ ਜਾਂਦੀਆਂ ਨੇ, ਜਿਹਨਾਂ ਕਰਕੇ ਕਈ ਕਈ ਮੀਲ ਦੂਰੋਂ ਇਹਨਾਂ ਪਹਾੜੀਆਂ ਨੂੰ ਪਛਾਣਿਆ ਜਾ ਸਕਦਾ ਹੈ। ਪਰ ਉਸ ਦਿਨ ਉਪਰ ਸ਼ਿਮਲੇ ਵਿਚ ਘੰਟਾ ਭਰ ਬਰਫ਼ਬਾਰੀ ਹੁੰਦੀ ਰਹੀ ਸੀ ਤੇ ਉਸਦੇ ਰੁਕਦਿਆਂ ਹੀ ਤੇਜ਼ ਹਵਾਵਾਂ ਚਲ ਪਈਆਂ ਸਨ। ਲੱਗਦਾ ਹੈ ਕੰਡਾਘਾਟ ਦੇ ਲੋਕਾਂ ਨੂੰ ਹੁਣ ਵਧੇਰੇ ਸਰਦੀ ਦਾ ਆਨੰਦ ਮਾਣਨ ਦੀ ਆਦਤ ਨਹੀਂ ਰਹੀ! ਜ਼ਰਾ ਕੁ ਸਰਦੀ ਦਾ ਅਹਿਸਾਸ ਹੁੰਦਿਆਂ ਹੀ ਉਹ ਆਪੋ-ਆਪਣੇ ਖੁੱਡਿਆਂ ਵਿਚ ਜਾ ਵੜਦੇ ਨੇ। ਪਰ ਰਤਨ ਚੰਦ ਮਧੋਕ ਹੱਡੀਆਂ ਵਿਚ ਵੜਦੀ ਜਾ ਰਹੀ ਠੰਡੀ ਹਵਾ ਦੇ ਵਿਰੁੱਧ ਬਗ਼ਾਵਤ ਦਾ ਝੰਡਾ ਚੁੱਕੀ ਹੌਲੀ-ਹੌਲੀ ਕੱਲਬ ਜਾ ਪਹੁੰਚਿਆ। ਉਹ ਹੋਰ ਸਾਰੇ ਕੰਮ ਭੁੱਲ ਸਕਦਾ ਹੈ, ਪਰ ਸ਼ਾਮ ਨੂੰ ਕੱਲਬ ਜਾਣਾ ਨਹੀਂ ਭੁੱਲਦਾ—ਭਾਵੇਂ ਬਰਫ਼ ਪੈ ਰਹੀ ਹੋਏ ਜਾਂ ਬਰਸਾਤ ਦੀ ਝੜੀ ਲੱਗੀ ਹੋਈ ਹੋਏ! ਅਸਲ ਵਿਚ ਉਸਨੂੰ ਆਪਣੇ ਦੋਸਤਾਂ ਨੂੰ ਨਿਰਾਸ਼ ਕਰਨਾ ਠੀਕ ਨਹੀਂ ਲੱਗਦਾ। ਉਸਨੂੰ ਇਹ ਵੀ ਯਕੀਨ ਹੁੰਦਾ ਹੈ ਕਿ ਕੋਈ ਨਾ ਕੋਈ ਉੱਥੇ ਜ਼ਰੂਰ ਉਡੀਕ ਰਿਹਾ ਹੋਏਗਾ—ਦਯਾ ਕ੍ਰਿਸ਼ਨ ਵੈਸ਼ਨੋਈ, ਸਰਸਵਤੀ ਕੁਮਾਰ ਪਰਮਾਰ, ਹਜੂਰਾ ਸਿੰਘ ਲੋਧੀ ਜਾਂ ਮੁਰਾਦਅਲੀ ਜ਼ਾਕਿਰ! ਉਹਨਾਂ ਤੋਂ ਬਿਨਾਂ ਕਈ ਹੋਰ ਵੀ ਸਨ ਜਿਹੜੇ ਕੰਡਾਘਾਟ, ਸ਼ਿਮਲਾ, ਸੋਲਨ, ਜੁਟੋਗ ਵਗ਼ੈਰਾ ਵਿਚ ਵਕਾਲਤ, ਠੇਕੇਦਾਰੀ, ਸਰਕਾਰੀ ਅਫ਼ਸਰੀ, ਪੈਟ੍ਰੋਲ ਦਾ ਜਾਂ ਕੋਈ ਹੋਰ ਧੰਦਾ ਕਰਦੇ ਨੇ। ਉਹ ਸਾਰੇ ਨਵੇਂ-ਨਵੇਂ ਲੋਕ ਨੇ ਜਿਹੜੇ ਪੁਰਾਣਿਆਂ ਦੇ ਮਰ ਜਾਣ ਕਾਰਨ ਜਾਂ ਉਹਨਾਂ ਦੇ ਕਾਰੋਬਾਰੀ ਜੀਵਨ ਤੋਂ ਸਨਿਆਸ ਲੈ ਲੈਣ ਕਾਰਨ ਉਹਨਾਂ ਦੀ ਜਗ੍ਹਾ ਲੈ ਚੁੱਕੇ ਨੇ। ਉਹ ਪੁਰਾਣੇ ਲੋਕਾਂ ਵਾਂਗ ਮੋਹ-ਪ੍ਰੇਮ ਜਾਂ ਰੱਖ-ਰਖਾਅ ਵਿਚ ਵਿਸ਼ਵਾਸ ਨਹੀਂ ਕਰਦੇ, ਫੇਰ ਵੀ ਮਧੋਕ ਸਾਹਬ ਨੂੰ ਉਹਨਾਂ ਨਾਲ ਮਿਲ ਕੇ ਕਦੀ ਨਿਰਾਸ਼ਾ ਨਹੀਂ ਹੋਈ ਕਿਉਂਕਿ ਉਹ ਇਹਨਾਂ ਦੀ ਬੜੀ ਇੱਜ਼ਤ ਕਰਦੇ ਨੇ। ਜਦੋਂ ਇਹ ਉਹਨਾਂ ਨੂੰ ਚੁਟਕਲੇ ਸੁਣਾ ਰਹੇ ਹੁੰਦੇ ਨੇ, ਖਾਸ ਤੌਰ 'ਤੇ ਸੈਕਸੀ ਚੁਟਕਲਿਆਂ ਉੱਤੇ ਤਾਂ ਉਹ ਖ਼ੂਬ ਦਿਲ ਖੋਲ੍ਹ ਕੇ ਹੱਸਦੇ ਨੇ। ਮਧੋਕ ਸਾਹਬ ਤੋਂ ਉਰਦੂ ਦੇ ਸ਼ਿਅਰ ਸੁਣਨ ਲਈ ਵੀ ਉਹ ਹਰ ਸਮੇਂ ਉਤਸੁਕ ਨਜ਼ਰ ਆਉਂਦੇ ਨੇ। ਇਹਨਾਂ ਨੂੰ ਹਜ਼ਾਰਾਂ ਸ਼ਿਅਰ ਜ਼ੁਬਾਨੀ ਯਾਦ ਨੇ—ਇਕਬਾਲ, ਮੀਰ, ਗ਼ਾਲਿਬ, ਜੋਸ਼, ਜਿਗਰ, ਫ਼ੈਜ, ਹਫੀਜ਼, ਅਖ਼ਤਰ ਸ਼ੀਰਾਨੀ ਵਗ਼ੈਰਾ ਸ਼ਾਇਰਾਂ ਦਾ ਕਲਾਮ ਇਹ ਅਕਸਰ ਉਹਨਾਂ ਨੂੰ ਸੁਣਾਉਂਦੇ ਨੇ। ਸ਼ਿਮਲਾ ਕੋਰਟ ਵਿਚ, ਜਿੱਥੇ ਇਹ ਵਕਾਲਤ ਕਰਦੇ ਨੇ, ਵੀ ਇਹਨਾਂ ਦੇ ਕਈ ਸ਼ਰਧਾਲੂ ਨੇ। ਉਹਨਾਂ ਵਿਚ ਜੱਜ, ਮਜਿਸਟ੍ਰੇਟ, ਵਕੀਲ ਤੇ ਮੁਵਕਿਲ ਤਕ ਸ਼ਾਮਲ ਨੇ। ਆਪਣੇ ਨਿੱਘੇ ਤੇ ਮਿੱਠੇ ਸੁਭਾਅ ਸਦਕਾ ਇਹਨਾਂ ਨੇ ਅਨੇਕਾਂ ਮੁਕੱਦਮੇਂ ਹਸਦਿਆਂ-ਹਸਦਿਆਂ ਜਿੱਤ ਲਏ ਨੇ। ਇਸ ਕਰਕੇ ਹੀ ਅਣਗਿਣਤ ਯਾਰ-ਮਿੱਤਰ ਵੀ ਨੇ ਇਹਨਾਂ ਦੇ। ਇਹਨਾਂ ਨੂੰ ਵੱਡੀ ਤੋਂ ਵੱਡੀ ਮਹਿਫ਼ਿਲ ਵਿਚ ਵੀ, ਮਹਿਫ਼ਿਲ ਦੀ ਜਾਨ ਦਾ ਰੁਤਬਾ ਪ੍ਰਾਪਤ ਹੁੰਦਾ ਹੈ। ਇਹਨਾਂ ਦੀ ਪਚਾਸੀ ਸਾਲ ਦੀ ਉਮਰ ਦਾ ਵਧੇਰੇ ਹਿੱਸਾ ਇਵੇਂ ਹੀ ਹੱਸਦਿਆਂ-ਹਸਾਉਂਦਿਆਂ, ਗਾਉਂਦਿਆਂ-ਗੁਣਗੁਣਾਉਂਦਿਆਂ ਤੇ ਸ਼ਿਅਰ ਸੁਣਾਉਂਦਿਆਂ ਹੀ ਬੀਤਿਆ ਹੈ। ਹਮੇਸ਼ਾ ਹੀ ਇਹਨਾਂ ਦੇ ਬੁੱਲ੍ਹ ਹਿਲ ਰਹੇ ਹੁੰਦੇ ਨੇ—ਜਦੋਂ ਕੋਈ ਆਸ-ਪਾਸ ਨਹੀਂ ਹੁੰਦਾ ਉਦੋਂ ਵੀ ਇਹ ਗੁਣਗੁਣਾ ਰਹੇ ਹੁੰਦੇ ਨੇ। ਇਹ ਕਦੇ ਵੀ ਇਕਾਂਤ ਪਸੰਦ ਨਹੀਂ ਰਹੇ—ਜਦੋਂ ਕਦੀ ਇਕਾਂਤ ਦਾ ਅਹਿਸਾਸ ਹੁੰਦਾ ਹੈ, ਇਹ ਗਾਉਣਾ ਸ਼ੁਰੂ ਕਰ ਦਿੰਦੇ ਨੇ।
ਘਰ ਵਿਚ ਇਹਨਾਂ ਨਾਲ ਇਹਨਾਂ ਦੀ ਬੁੱਢੀ ਪਤਨੀ ਰਹਿੰਦੀ ਹੈ। ਕੋਈ ਹੋਰ ਨਹੀਂ ਮਿਲਦਾ ਤਾਂ ਇਹ ਉਸਨੂੰ ਸੁਣਾਉਣ ਬੈਠ ਜਾਂਦੇ ਨੇ। ਸ਼੍ਰੀਮਤੀ ਮਧੋਕ ਨੇ ਆਪਣੇ ਆਪ ਨੂੰ ਇਹਨਾਂ ਦੇ ਅਨੁਸਾਰ ਢਾਲ ਲਿਆ ਹੈ। ਉਹ ਵੀ ਇਹਨਾਂ ਦੀ ਪੂਰੀ ਸ਼ਰਧਾਲੂ ਹੈ। ਜੋ ਕੁਝ ਵੀ ਇਹ ਉਸਨੂੰ ਸੁਣਾਉਂਦੇ ਨੇ, ਉਹ ਬੜੇ ਧਿਆਨ ਨਾਲ ਸੁਣਦੀ ਰਹਿੰਦੀ ਹੈ। ਇਹਨਾਂ ਨੂੰ ਖੁਸ਼ ਰੱਖਣ ਖਾਤਰ ਹੀ ਸਹੀ। ਮਧੋਕ ਸਾਹਬ ਆਪਣੇ ਨਾਲ ਕਿੰਨੇ ਵੀ ਮਹਿਮਾਨ ਘਰ ਲੈ ਆਉਣ, ਸ਼੍ਰੀਮਤੀ ਮਧੋਕ ਉਹਨਾਂ ਨੂੰ ਦਿਲੋਂ ਜੀ-ਆਇਆਂ ਕਹਿੰਦੀ ਹੈ। ਉਹਨਾਂ ਸਭਨਾਂ ਦੀ ਖਾਤਰ ਕਰਨ ਤੋਂ ਉਸਨੇ ਕਦੀ ਵੀ ਕੰਨੀ ਨਹੀਂ ਬਚਾਈ। ਕੁਝ ਮਹਿਮਾਨ ਵੇਲੇ-ਕੁਵੇਲੇ ਜਾਂ ਕਈ-ਕਈ ਵਾਰੀ ਚਾਹ ਜਾਂ ਕਾਫੀ ਮੰਗਦੇ ਨੇ—ਤੇ ਕਈ-ਕਈ ਤਾਂ ਸਿਰਫ ਸ਼ਰਾਬ ਪੀਣ ਦੀ ਲਲਕ ਨਾਲ ਹੀ ਤੁਰ ਆਉਂਦੇ ਨੇ। ਉਪਰ ਸ਼ਿਮਲੇ ਦੇ ਮੁਸ਼ਾਇਰਿਆਂ ਵਿਚ ਸ਼ਾਮਲ ਹੋਣ ਲਈ ਭਾਰਤ ਤੇ ਪਾਕਿਸਤਾਨ ਦੇ ਕਈ ਸ਼ਾਇਰ ਆਉਂਦੇ ਰਹਿੰਦੇ ਨੇ—ਉਹਨਾਂ ਵਿਚੋਂ ਵਧੇਰੇ ਉੱਥੇ ਜਾਣ ਤੋਂ ਪਹਿਲਾਂ ਜਾਂ ਵਾਪਸੀ ਸਮੇਂ ਮਧੋਕ ਸਾਹਬ ਦੇ ਘਰ ਵੀ ਜ਼ਰੂਰ ਠਹਿਰਦੇ ਨੇ। ਇਸ ਪੂਰੇ ਇਲਾਕੇ ਵਿਚ ਉਹਨਾਂ ਨੂੰ ਸਿਰਫ ਰਤਨ ਚੰਦ ਮਧੋਕ ਹੀ ਇਕ ਅਜਿਹਾ ਆਦਮੀ ਨਜ਼ਰ ਆਉਂਦਾ ਹੈ, ਜਿਹੜਾ ਉਹਨਾਂ ਦੇ ਕਲਾਮ ਉੱਤੇ ਦਿਲ ਖੋਲ੍ਹ ਕੇ ਸਹੀ ਤਰੀਕੇ ਨਾਲ ਦਾਦ ਦੇ ਸਕਦਾ ਹੈ ਤੇ ਜਿਹੜਾ ਉਹਨਾਂ ਨੂੰ ਚਾਲ੍ਹੀ ਪੰਤਾਲੀ ਸਾਲ ਪਹਿਲਾਂ ਦੀਆਂ ਸਾਹਿਤਕ ਮਹਿਫ਼ਿਲਾਂ ਦਾ ਇਹੋ ਜਿਹਾ ਦਿਲਚਸਪ ਅੱਖੀਂ ਡਿੱਠਾ ਹਾਲ ਸੁਣਾ ਸਕਦਾ ਹੈ, ਜਿਸਦਾ ਜ਼ਿਕਰ ਕਿਤਾਬਾਂ ਵਿਚ ਵੀ ਸਰਸਰੀ ਤੌਰ 'ਤੇ ਮਿਲਦਾ ਹੈ। ਸੰਗੀਤ ਦੇ ਰਸੀਆ ਵੀ ਇਸੇ ਖਿੱਚ ਸਦਕਾ ਇੱਥੋਂ ਤਕ ਆ ਪਹੁੰਚਦੇ ਨੇ ਕਿ ਮਧੋਕ ਸਾਹਬ ਕਈ ਵੱਡੇ-ਵੱਡੇ ਸੰਗੀਤਕਾਰਾਂ ਨਾਲ ਵੀ ਰਹਿ ਚੁੱਕੇ ਨੇ—ਦਲੀਪ ਚੰਦ ਬੇਦੀ, ਬਰਕਤ ਅਲੀ ਖ਼ਾਂ, ਮੁਹੰਮਦ ਸ਼ਰੀਫ਼ ਪੁੰਛ ਵਾਲੇ, ਸਿਤਾਰ ਨਵਾਜ਼, ਅਲੀ ਬਖ਼ਸ਼ ਤਬਲਾ ਨਵਾਜ਼, ਅਖ਼ਤਰ ਬਾਈ ਵਗ਼ੈਰਾ ਅਜਿਹੀਆਂ ਹਸਤੀਆਂ ਨੇ ਜਿਹਨਾਂ ਦੀਆਂ ਰਚੀਆਂ ਹੋਈਆਂ ਧੁਨਾਂ ਠੁਮਰੀਆਂ, ਖ਼ਿਆਲ ਬਾਗੇਸ਼ਵਰੀ ਤੇ ਟੱਪੇ ਵਗ਼ੈਰਾ ਘੰਟਿਆਂ ਬੱਧੀ ਸੁਣਾ ਸਕਦੇ ਨੇ। ਇਹ ਅਖ਼ਤਰ ਬੇਗ਼ਮ ਤੇ ਆਗਾ ਹਸ਼ਰ ਕਸ਼ਮੀਰੀ ਦੀ ਸੋਹਬਤ ਵਿਚ ਵੀ ਰਹਿ ਚੁੱਕੇ ਨੇ ਜਿਹਨਾਂ ਦੀਆਂ ਪ੍ਰੇਮ ਕਥਾਵਾਂ ਤੇ ਡਰਾਮੇ ਹੁਣ ਇਤਿਹਾਸ ਦੇ ਪੰਨਿਆਂ ਵਿਚ ਗਵਾਚ ਚੁੱਕੇ ਨੇ। ਉਹਨਾਂ ਨਾਲ ਵੀ ਰਤਨ ਚੰਦ ਮਧੋਕ ਦਾ ਇਕ ਵੱਖਰਾ ਨਾਂ ਸੀ। ਵਰਤਮਾਨ ਸਦੀ ਦੇ ਪਹਿਲੇ ਚਾਰ ਦਹਾਕਿਆਂ ਵਿਚ ਨਿਊ ਅਲਫਰਡ ਥਿਏਟਰੀਕਲ ਕੰਪਨੀ ਦੇ ਇਕ ਮਹੱਤਵਪੂਰਨ ਮੁਲਾਜ਼ਮ ਦੀ ਹੈਸੀਅਤ ਵਜੋਂ ਮਧੋਕ ਸਾਹਬ ਨੇ ਵੀ ਲਾਹੌਰ ਵਿਚ ਕਈ ਡਰਾਮੇ ਪੇਸ਼ ਕੀਤੇ ਸਨ। ਤਿੰਨ ਚਾਰ ਫ਼ਿਲਮਾਂ ਵੀ ਬਣਾਈਆਂ ਸਨ। ਇਹਨਾਂ ਨੇ ਕਲਾ ਤੇ ਸੰਗੀਤ ਦੇ ਮੈਦਾਨ ਵਿਚ ਕਈ ਜਣਿਆ ਨੂੰ ਉਛਾਲ ਕੇ ਆਸਮਾਨ ਤਕ ਪਹੁੰਚਾ ਦਿੱਤਾ ਸੀ। ਮਾਇਆ ਬੈਨਰਜੀ, ਮਹਿਤਾਬ, ਮਾਸਟਰ ਨਿਸਾਰ, ਮਾਸਟਰ ਬਸ਼ੀਰ, ਮਾਣਕ ਲਾਲ ਤੇ ਹੋਰ ਵੀ ਕਈ ਜਣੇ ਕਲਾ ਦੇ ਭਿੰਨ-ਭਿੰਨ ਖੇਤਰਾਂ ਵਿਚ ਤੱਰਕੀ ਕਰਦੇ ਹੋਏ ਪ੍ਰਸਿੱਧੀ ਦੀਆਂ ਸਿਖ਼ਰਾਂ ਤੇ ਪਹੁੰਚ ਗਏ। ਹੁਣ ਤਾਂ ਉਹ ਸਾਰੇ ਹੀ ਰਿਟਾਇਰਡ ਹੋ ਕੇ ਗੁਮਨਾਮ ਵੀ ਹੋ ਚੁੱਕੇ ਨੇ। ਉਹਨਾਂ ਅਣਗਿਣਤ ਹੀਰੋ-ਹੀਰੋਇਨਾਂ, ਨਿਰਦੇਸ਼ਕਾਂ ਤੇ ਫ਼ਿਲਮ ਨਿਰਮਾਤਾਵਾਂ ਦੀ ਕਤਾਰ ਵਿਚ ਇਕ ਇਹਨਾਂ ਦਾ ਛੋਟਾ ਭਰਾ ਵੀ ਸੀ, ਜਿਹੜਾ ਫ਼ਿਲਮੀ ਜਗਤ ਵਿਚ ਮਹਾਕਵੀ ਮਧੋਕ ਦੇ ਨਾਂ ਨਾਲ ਚਮਕਿਆ। ਉਹ ਵੀ ਕਦੇ ਕਦਾਰ, ਦੋ ਚਹੁੰ ਸਾਲਾਂ ਬਾਅਦ, ਅਚਾਨਕ ਇਹਨਾਂ ਨੂੰ ਮਿਲਣ ਆ ਜਾਂਦਾ ਹੈ। ਉਸਦਾ ਯੁੱਗ ਵੀ ਹੁਣ ਸਮਾਪਤ ਹੋ ਚੁੱਕਿਆ ਹੈ। ਪਰ ਉਹ ਜਦੋਂ ਵੀ ਆ ਬਹੁੜਦਾ ਹੈ, ਕਵਿਤਾ ਤੇ ਸੰਗੀਤ ਦੀ ਮਹਿਫ਼ਿਲ ਮੁੜ ਜੰਮ ਜਾਂਦੀ ਹੈ। ਆਸ-ਪਾਸ ਦੇ ਪਹਾੜੀ ਖੇਤਰ ਦੇ ਖਾਸ ਖਾਸ ਲੋਕਾਂ ਨੂੰ ਬੁਲਵਾ ਲਿਆ ਜਾਂਦਾ ਹੈ। ਤੇ ਫੇਰ ਕਈ ਕਈ ਹਫ਼ਤੇ ਰਤਨ ਚੰਦ ਮਧੋਕ ਆਪਣੇ ਭਰਾ ਨਾਲ ਰਲ ਕੇ ਇੰਜ ਬੇਖ਼ੁਦ ਹੋ ਕੇ ਗਾਉਂਦੇ ਰਹਿੰਦੇ ਨੇ, ਜਿਵੇਂ ਉਹਨਾਂ ਦਾ ਜ਼ਮਾਨਾ ਕੋਈ ਖਾਸ ਪਿੱਛੇ ਨਾ ਰਹਿ ਗਿਆ ਹੋਏ। ਅਜੇ ਉਸ ਜ਼ਮਾਨੇ ਦਾ ਅੰਤ ਨਹੀਂ ਹੋਇਆ; ਅਜੇ ਉਸ ਵਿਚ ਪ੍ਰਾਣ ਤੰਤੂ ਬਾਕੀ ਹੈ!
ਮਧੋਕ ਸਾਹਬ ਖ਼ੂਬ ਗਰਮ ਕੱਪੜਿਆਂ ਵਿਚ ਲਿਪਟੇ ਕੱਲਬ ਪਹੁੰਚੇ ਤਾਂ ਉੱਥੇ ਉਹਨਾਂ ਨੂੰ ਸਿਵਾਏ ਦੋ ਬੈਰਿਆਂ ਦੇ ਹੋਰ ਕੋਈ ਨਜ਼ਰ ਨਹੀਂ ਆਇਆ। ਉਹ ਇਕ ਛੋਟੇ ਜਿਹੇ ਕੈਬਿਨ ਵਿਚ ਜਾ ਕੇ ਬੈਠ ਗਏ। ਉਹਨਾਂ ਨੂੰ ਪੂਰਾ ਯਕੀਨ ਸੀ, ਥੋੜ੍ਹੀ ਦੇਰ ਵਿਚ ਹੀ ਕੋਈ ਨਾ ਕੋਈ ਜ਼ਰੂਰ ਆ ਜਾਏਗਾ—ਜੇ ਨਾ ਵੀ ਆਇਆ ਤਾਂ ਵੀ ਉਹ ਇੰਤਜ਼ਾਰ ਜ਼ਰੂਰ ਕਰਨਗੇ। ਉਹਨਾਂ ਆਪਣੀ ਮਨ ਪਸੰਦ ਵਿਸਕੀ ਦਾ ਇਕ ਡਬਲ ਪੈਗ ਮੰਗਵਾ ਲਿਆ ਤੇ ਕੁਝ ਘੁੱਟਾਂ ਪੀ ਕੇ ਅੱਖਾਂ ਬੰਦ ਕਰ ਲਈਆਂ। ਕੁਰਸੀ ਦੀ ਢੋਅ ਉੱਤੇ ਸਿਰ ਟਿਕਾਅ ਲਿਆ ਤੇ ਗੁਣਗੁਣਾਉਣ ਲੱਗ ਪਏ...:
(ਅੱਜ ਉਹਨਾਂ ਨੇ ਮੀਆਂ ਦੀ ਤੋੜੀ ਸ਼ੁਰੂ ਕਰ ਦਿੱਤੀ—ਇਕ ਅਰਸੇ ਬਾਅਦ ਇਹ ਬੋਲ ਉਹਨਾਂ ਦੀ ਜ਼ੁਬਾਨ ਉੱਤੇ ਆਏ ਸਨ।)

ਸਾਈਂ ਅੱਲਾ ਜਾਣੇ ਮੌਲਾ ਜਾਣੇ
ਬਾਰੀਂ ਬਰਸੀਂ ਮੇਰਾ ਰਾਂਝਣ ਆਇਆ
ਮੈਂ ਬੋਲਾਂ ਕਿ ਰੁੱਸਾਂ
ਸਹੇਲੜੀਆਂ ਕੋਲੋਂ ਪੁੱਛਣ ਲੱਗੀ-ਆਂ
ਸਾਈਂ ਅੱਲਾ ਜਾਣੇ ਮੌਲਾ ਜਾਣੇ।


ਉਹ ਦੋ ਘੰਟੇ ਤਕ ਲਗਾਤਾਰ ਗਾਉਂਦੇ ਰਹੇ। ਇਸੇ ਦੌਰਾਨ ਤਿੰਨ ਪੈਗ ਹੋਰ ਵੀ ਪੀ ਲਏ ਸਨ ਉਹਨਾਂ ਨੇ। ਦੋਵੇਂ ਬੈਰੇ ਦਰਵਾਜ਼ੇ ਕੋਲ ਖੜ੍ਹੇ ਸੁਣਦੇ ਰਹੇ ਤੇ ਉਹਨਾਂ ਵਲ ਇਕਟਕ ਦੇਖਦੇ ਰਹੇ। ਫੇਰ ਉਹਨਾਂ ਵਿਚੋਂ ਇਕ ਨੇ ਮੌਕਾ ਦੇਖ ਕੇ ਬੜੀ ਸਭਿਅਤਾ ਨਾਲ ਝੁਕ ਕੇ ਕਿਹਾ, “ਹਜੂਰ, ਦਸ ਵੱਜ ਚੁੱਕੇ ਨੇ। ਹੁਣ ਤਾਂ ਕਿਸੇ ਦੇ ਆਉਣ ਦੀ ਕੋਈ ਉਮੀਦ ਨਹੀਂ।”
ਸੁਣ ਕੇ ਮਧੋਕ ਸਾਹਬ ਨੇ ਹੈਰਾਨ ਹੋ ਕੇ ਉਸ ਵਲ ਦੇਖਿਆ। ਫੇਰ ਮੁਸਕੁਰਾ ਪਏ ਤੇ ਹੌਲੀ ਜਿਹੀ ਕੁਰਸੀ ਤੋਂ ਉਠ ਖੜ੍ਹੇ ਹੋਏ। ਮੇਜ਼ ਉੱਤੇ ਲਾਹ ਕੇ ਰੱਖੀ ਹੋਈ ਟੋਪੀ ਨੂੰ ਸਿਰ ਉੱਤੇ ਜਚਾਇਆ। ਓਵਰਕੋਟ ਦੇ ਸਾਰੇ ਬਟਨ ਬੰਦ ਕੀਤੇ। ਮਫ਼ਲਰ ਨੂੰ ਗਰਦਨ ਦੁਆਲੇ ਚੰਗੀ ਤਰ੍ਹਾਂ ਲਪੇਟਿਆ ਤੇ ਸਿਗਾਰ ਸੁਲਗਾ ਕੇ ਬਾਹਰ ਨਿਕਲ ਆਏ।
ਹਵਾ ਕਾਫੀ ਤੇਜ਼ ਚੱਲ ਰਹੀ ਸੀ। ਠਾਰੀ ਵੀ ਵਧ ਗਈ ਸੀ। ਕੋਈ ਦੁਕਾਨ ਖੁੱਲ੍ਹੀ ਸੀ, ਨਾ ਕੋਈ ਮਕਾਨ। ਹਰ ਪਾਸੇ ਚੁੱਪ ਵਰਤੀ ਹੋਈ ਸੀ। ਸਿਰਫ ਬਿਜਲੀ ਦੇ ਖੰਭੇ ਹੀ ਜਗ ਰਹੇ ਸਨ—ਜਿਵੇਂ ਉਹਨਾਂ ਨੂੰ ਹੀ ਉਡੀਕ ਰਹੇ ਹੋਣ ਕਿ ਉਹ ਆਪਣੇ ਘਰ ਜਾਣ ਤਾਂ ਉਹ ਵੀ ਅੱਖਾਂ ਮੀਚ ਕੇ ਸੌਂ ਜਾਣ।
ਮਧੋਕ ਸਾਹਬ ਸੰਭਲ ਸੰਭਲ ਕੇ ਪੈਰ ਧਰਦੇ ਹੋਏ ਇਕ ਪਹਾੜੀ ਦੀ ਢਲਾਣ ਉਤਰ ਕੇ ਦੂਜੀ ਦੀ ਚੜ੍ਹਾਈ ਚੜ੍ਹਨ ਲੱਗ ਪਏ। ਇਸ ਢਲਾਣ ਤੇ ਚੜ੍ਹਾਈ ਦਾ ਸਫ਼ਰ ਕਰਦਿਆਂ ਹੋਇਆਂ ਉਹਨਾਂ ਨੂੰ ਹਮੇਸ਼ਾ ਇੰਜ ਲੱਗਦਾ ਹੈ, ਜਿਵੇਂ ਇਹ ਪਹਾੜੀਆਂ ਦੋ ਭੈਣਾ ਹੋਣ ਜਿਹਨਾਂ ਨੂੰ ਇਕ ਦੂਜੀ ਦੇ ਗੁਆਂਢ ਵਿਚ ਹੀ ਵਿਆਹ ਦਿੱਤਾ ਗਿਆ ਹੋਏ। ਕੱਲਬ ਵਾਲੀ ਪਹਾੜੀ ਨੂੰ ਉਹ ਛੋਟੀ ਭੈਣ ਸਮਝਦੇ ਨੇ ਤੇ ਜਿਸ ਪਹਾੜੀ ਉੱਤੇ ਉਹਨਾਂ ਦਾ ਕਾਟੇਜ ਹੈ, ਉਸਦੀ ਕਲਪਨਾ ਉਹ ਇਸਦੀ ਵੱਡੀ ਭੈਣ ਦੇ ਤੌਰ 'ਤੇ ਕਰਦੇ ਨੇ। ਕਦੀ ਕਦੀ ਉਹ ਮਜ਼ਾਕ ਵਿਚ ਕਹਿ ਵੀ ਦਿੰਦੇ ਨੇ—“ਕੱਲਬ ਵਾਲੀ ਪਹਾੜੀ ਮੇਰੀ ਸਾਲੀ ਏ!”
ਵੱਡੀ ਪਹਾੜੀ ਦੀ ਪਿੱਠ ਉੱਤੇ ਉਹਨਾਂ ਦਾ ਕਾਟੇਜ ਹੈ—ਜਿਸ ਦੇ ਛੇ ਕਮਰੇ, ਇਕ ਲੰਮਾਂ ਵਰਾਂਡਾ ਤੇ ਉਹਨਾਂ ਉੱਤੇ ਟੈਨਿਸ ਕੋਰਟ ਵਰਗੀ ਇਕ ਖੁੱਲ੍ਹੀ, ਸਮਤਲ, ਚੌੜੀ ਛੱਤ ਹੈ। ਉਸਦੇ ਨਾਲ ਦੀ ਸ਼ਿਮਲਾ ਕਾਲਕਾ ਰੋਡ ਲੰਘਦੀ ਹੈ, ਜਿਹੜੀ ਸੱਪ ਵਾਂਗ ਵਲ਼ ਖਾਂਦੀ ਹੋਈ ਕਿਤੋਂ ਤਾਂ ਪਹਾੜੀਆਂ ਦੀ ਓਟ ਵਿਚ ਹੋ ਜਾਂਦੀ ਹੈ ਤੇ ਕਿਤੋਂ ਦਿਖਾਈ ਦੇਣ ਲੱਗ ਪੈਂਦੀ ਹੈ। ਖੱਬੇ ਪਾਸੇ ਇਕ ਡੂੰਘੀ ਢਲਾਣ ਹੈ, ਵਾਦੀਆਂ ਨੇ, ਛੋਟੇ ਛੋਟੇ ਖੇਤ ਨੇ—ਉਹਨਾਂ ਤਕ ਪਹੁਚਣ ਲਈ ਪੌੜੀਆਂ ਹੈਨ। ਖਿਡੌਣਿਆਂ ਵਾਂਗ ਨਜ਼ਰ ਆਉਂਦੇ ਅਣਗਿਣਤ ਛੋਟੇ ਛੋਟੇ, ਰੰਗ-ਬਿਰੰਗੇ ਮਕਾਨ ਤੇ ਉਹਨਾਂ ਤੋਂ ਸੈਂਕੜੇ ਮੀਲ ਦੂਰ ਤਕ ਫੈਲੀਆਂ ਪਹਾੜੀਆਂ ਦੇ ਝੁੰਡ ਆਕਾਸ਼ ਨੂੰ ਛੂੰਹਦੇ ਹੋਏ ਨਜ਼ਰ ਆਉਂਦੇ ਨੇ। ਇਕ ਨਾਲ ਇਕ ਜੁੜੇ ਹੋਏ ਹਰੇ, ਪੀਲੇ ਜਾਂ ਲਾਲ ਪਹਾੜ ਸ਼ਰਮੀਲੇ ਗੱਭਰੂਆਂ ਵਾਂਗ ਆਪਣੀਆਂ ਮਨਪਸੰਦ ਕੁੜੀਆਂ ਵਲ ਚੋਰ ਨਜ਼ਰਾਂ ਨਾਲ ਤੱਕ ਕੇ ਅਚਾਨਕ ਮੂੰਹ ਭੁਆਂ ਕੇ ਖੜ੍ਹੇ ਹੋ ਗਏ ਜਾਪਦੇ ਨੇ।
ਮਧੋਕ ਸਾਹਬ ਆਪਣੇ ਕਾਟੇਜ ਨੇੜੇ ਪਹੁੰਚੇ ਤਾਂ ਉਹਨਾਂ ਨੂੰ ਆਪਣੇ ਕਾਕ ਸਪੇਨੀਅਲ ਰਾਕਸੀ ਦੇ ਭੌਂਕਣ ਦੀ ਆਵਾਜ਼ ਸੁਣਾਈ ਦਿੱਤੀ। ਰਾਕਸੀ ਨੇ ਉਹਨਾਂ ਦੀ ਬੂ ਪਛਾਣ ਲਈ ਸੀ। ਉਹ ਪੌੜੀਆਂ ਉਤਰ ਕੇ ਆਪਣੇ ਛੋਟੇ ਜਿਹੇ ਵਿਹੜੇ ਵਿਚ ਪਹੁੰਚੇ ਤਾਂ ਸ਼੍ਰੀਮਤੀ ਮਧੋਕ ਨੇ ਦਰਵਾਜ਼ਾ ਖੋਲ੍ਹ ਦਿੱਤਾ। ਦਰਵਾਜ਼ਾ ਖੁੱਲ੍ਹਦਿਆਂ ਹੀ ਰਾਕਸੀ ਛਾਲ ਮਾਰ ਕੇ ਬਾਹਰ ਆ ਗਿਆ ਤੇ ਮਧੋਕ ਸਾਹਬ ਦੇ ਉੱਤੇ ਚੜ੍ਹਨ, ਪੈਰਾਂ ਵਿਚ ਲਿਟਣ ਤੇ ਕੂੰ-ਕੂੰ ਦੀਆਂ ਆਵਾਜ਼ਾਂ ਕੱਢਣ ਲੱਗ ਪਿਆ। ਮਧੋਕ ਸਾਹਬ ਨੇ ਝੁਕ ਕੇ ਉਸਨੂੰ ਗੋਦੀ ਵਿਚ ਚੁੱਕ ਲਿਆ ਤੇ ਪਿਆਰ ਕਰਦੇ ਹੋਏ ਅੰਦਰ ਲੰਘ ਗਏ। ਦਰਵਾਜ਼ਾ ਬੰਦ ਕਰਕੇ ਪਿੱਛੇ-ਪਿੱਛੇ ਉਹਨਾਂ ਦੀ ਪਤਨੀ ਵੀ ਆ ਗਈ।
ਰਾਕਸੀ ਨੂੰ ਉਹਨਾਂ ਨੇ ਆਪ ਆਪਣੇ ਹੱਥੀਂ ਇਕ ਸਟੋਰ ਵਿਚ ਬੰਦ ਕੀਤਾ ਤੇ ਬਾਹਰੋਂ ਕੁੰਡਾ ਲਾ ਦਿੱਤਾ। ਰਾਤ ਨੂੰ ਏਡੇ ਛੋਟੇ ਜਾਨਵਰ ਨੂੰ ਖੁੱਲ੍ਹਾ ਛੱਡਣਾ ਖਤਰੇ ਤੋਂ ਖਾਲੀ ਨਹੀਂ ਸੀ—ਕਾਫੀ ਅਰਸਾ ਪਹਿਲਾਂ ਉਹਨਾਂ ਦੇ ਦੋ ਅਜਿਹੇ ਹੀ ਪਿਆਰੇ-ਪਿਆਰੇ ਕੁੱਤੇ ਇਕ ਲੱਕੜਬਗਾ ਚੁੱਕ ਕੇ ਲੈ ਗਿਆ ਸੀ।
ਉਹ ਆਪਣੇ ਕਮਰੇ ਵਿਚ ਪਹੁੰਚੇ ਤਾਂ ਸ਼੍ਰੀਮਤੀ ਮਧੋਕ ਉਹਨਾਂ ਦੇ ਪਲੰਘ ਕੋਲ ਪਈ ਮੇਜ਼ ਉੱਤੇ ਆਮਲੇਟ, ਡਬਲ-ਰੋਟੀ ਦੇ ਦੋ ਸਲਾਈਸ ਤੇ ਟਮੈਟੋ-ਸਾਸ ਵਾਲੀ ਬੋਤਲ ਲਿਆ ਕੇ ਰੱਖ ਚੁੱਕੀ ਸੀ। ਉਸੇ ਮੇਜ਼ ਉੱਤੇ ਕਾਨੂੰਨ ਦੀਆਂ ਕੁਝ ਕਿਤਾਬਾਂ ਤੇ ਸਵੇਰ ਦਾ ਬਾਸੀ ਟ੍ਰਿਬਿਊਨ ਵੀ ਪਿਆ ਹੋਇਆ ਸੀ। ਮਧੋਕ ਸਾਹਬ ਨੇ ਉੱਥੇ ਖੜ੍ਹਿਆਂ-ਖੜ੍ਹਿਆਂ ਹੀ ਓਵਰਕੋਟ ਤੇ ਪੈਂਟ ਲਾਹ ਕੇ ਕੰਧ ਨਾਲ ਟੰਗ ਦਿੱਤੇ। ਉਹਨਾਂ ਦੇ ਸਰੀਰ ਉੱਤੇ ਅਜੇ ਵੀ ਪੂਰੀਆਂ ਬਾਹਾਂ ਦੀ ਜਰਸੀ, ਗਰਮ ਕਮੀਜ਼, ਗਰਮ ਪਾਜਾਮਾ ਤੇ ਗਲ਼ੇ ਦੁਆਲੇ ਮਫ਼ਲਰ ਲਿਪਟਿਆ ਹੋਇਆ ਸੀ। ਉਹ ਪਲੰਘ ਉੱਤੇ ਬੈਠ ਕੇ ਖਾਣਾ ਖਾਣ ਲੱਗ ਪਏ। ਉਹਨਾਂ ਦੀ ਪਤਨੀ ਨਾਲ ਵਾਲੇ ਬਿਸਤਰੇ ਵਿਚ ਰਜਾਈ ਵਿਚ ਵੜ ਕੇ ਬੈਠ ਗਈ ਤੇ ਅਚਾਨਕ ਚੁੱਪ ਹੋਰ ਗੂੜ੍ਹੀ ਹੋ ਗਈ।
ਉਹਨਾਂ ਦੀ ਜ਼ਿੰਦਗੀ ਦੇ ਹਰੇਕ ਦਿਨ ਦੇ ਕੁਝ ਘੰਟੇ ਇਵੇਂ ਚੁੱਪਚਾਪ ਹੀ ਬੀਤਦੇ ਨੇ, ਹਾਲਾਂਕਿ ਉਹ ਦੋਵੇਂ ਜਾਗ ਰਹੇ ਹੁੰਦੇ ਨੇ, ਇਕ ਦੂਜੇ ਦੇ ਕੋਲ ਬੈਠੇ ਹੁੰਦੇ ਨੇ ਤੇ ਇਕ ਦੂਜੇ ਵਲ ਦੇਖ ਵੀ ਰਹੇ ਹੁੰਦੇ ਨੇ। ਪਿਛਲੇ ਪੈਂਠ ਸਾਲ ਦੇ ਗ੍ਰਹਿਸਤੀ ਜੀਵਨ ਵਿਚ ਉਹਨਾਂ ਇਕ ਦੂਜੇ ਨੂੰ ਬੜਾ ਕੁਝ ਕਹਿ ਸੁਣ ਲਿਆ ਹੈ। ਇਕ ਦੂਜੇ ਨਾਲ ਭਾਵੁਕਤਾ ਭਰਿਆ ਪ੍ਰੇਮ ਵੀ ਕਰ ਲਿਆ ਹੈ। ਉਹਨਾਂ ਵਿਚਕਾਰ ਭਾਵੁਕਤਾ ਕਾਰਨ ਜਿਹੜੇ ਮਤਭੇਦ ਪੈਦਾ ਹੁੰਦੇ ਰਹੇ ਨੇ, ਸਮੇਂ ਦੇ ਨਾਲ ਨਾਲ ਉਹ ਵੀ ਹੁਣ ਸਮਾਪਤ ਹੋ ਚੁੱਕੇ ਨੇ। ਉਂਜ ਵੀ ਪਤੀ-ਪਤਨੀ ਦੇ ਬਹੁਤ ਸਾਰੇ ਝਗੜੇ, ਇਸ ਉਮਰ ਵਿਚ ਪਹੁੰਚ ਕੇ, ਆਪਣੇ ਆਪ ਮੁੱਕ ਜਾਂਦੇ ਨੇ—ਜਦੋਂ ਜ਼ਿੰਦਗੀ ਥੱਕ ਜਾਂਦੀ ਹੈ, ਮਨੁੱਖ ਬਿਨਾਂ ਕਿਸੇ ਉਦੇਸ਼ ਦੇ ਤੇ ਬਿਨਾਂ ਕਿਸੇ ਇਰਾਦੇ ਦੇ ਇਕ ਦੂਜੇ ਨਾਲ ਚਿਪਕਿਆ ਰਹਿਣ ਲਈ ਹੀ ਜਿਊਂਦਾ ਰਹਿ ਜਾਂਦਾ ਹੈ! ਉਸਦੀਆਂ ਭਾਵਨਾਵਾਂ ਵਿਚ ਆਪਣੇ ਆਪ ਹੀ ਇਕ ਅਜੀਬ ਜਿਹੀ ਖੜੋਤ ਆ ਜਾਂਦੀ ਹੈ। ਭਾਵਨਾਵਾਂ ਦੇ ਤੂਫ਼ਾਨ ਸ਼ਾਂਤ ਹੋ ਜਾਂਦੇ ਨੇ—ਇਹ ਹੈਰਾਨੀ ਭਰਪੂਰ ਸ਼ਾਂਤੀ ਉਸਦਾ ਟੀਚਾ ਨਹੀਂ ਹੁੰਦੀ, ਇਕ ਪ੍ਰਾਪਤੀ ਹੁੰਦੀ ਹੈ; ਜੀਵਨ ਦੀ ਪ੍ਰਾਪਤੀ!
ਮਧੋਕ ਸਾਹਬ ਨੇ ਆਪਣੇ ਆਪ ਨੂੰ ਬਾਹਰਲੀ ਦੁਨੀਆਂ ਦਾ ਦਿਲਦਾਰ ਬਣਾਈ ਰੱਖਿਆ ਸੀ, ਜਿਹੜੀ ਉਹਨਾਂ ਦੇ ਘਰ ਦੇ ਬਾਹਰਲੇ ਦਰਵਾਜ਼ੇ ਵਿਚੋਂ ਬਾਹਰ ਪੈਰ ਰੱਖਦਿਆਂ ਹੀ ਸ਼ੁਰੂ ਹੋ ਜਾਂਦੀ ਸੀ—ਘਰ ਭਾਵੇਂ ਕਦੀ ਲਾਹੌਰ ਵਿਚ ਸੀ, ਜਾਂ ਰਾਵਲ ਪਿੰਡੀ, ਜਾਂ ਹੁਣ ਕੰਡਾਘਾਟ ਵਿਚ ਹੈ। ਘਰ ਹਰੇਕ ਜਗ੍ਹਾ ਇਕੋ ਕਿਸਮ ਦਾ ਰਿਹਾ ਹੈ—ਜਿਸ ਵਿਚ ਕਮਰੇ ਹੁੰਦੇ ਨੇ,ਕੁਝ ਸਾਮਾਨ ਹੁੰਦਾ ਹੈ, ਪਤਨੀ ਹੁੰਦੀ ਹੈ ਤੇ ਕੁਝ ਬੱਚੇ ਹੁੰਦੇ ਨੇ। ਪਰ ਬਾਹਰ ਤਾਂ ਹਾਸਿਆਂ ਤੇ ਠਹਾਕਿਆਂ, ਖੁਸ਼ੀਆਂ ਦੇ ਖੇੜਿਆਂ, ਰੌਣਕਾਂ, ਕੌਤੁਕਾਂ ਤੇ ਇੱਛਾਵਾਂ ਨਾਲ ਭਰੀ ਇਕ ਵਿਸ਼ਾਲ ਦੁਨੀਆਂ ਹੈ! ਉਸ ਵਿਚ ਅਨੇਕਾਂ ਲੋਕ ਹੁੰਦੇ ਨੇ, ਉਹਨਾਂ ਦੇ ਵੱਖਰੇ-ਵੱਖਰੇ ਸੁਭਾਅ ਹੁੰਦੇ ਨੇ, ਇਸ ਦੇ ਇਲਾਵਾ ਅਨੇਕਾਂ ਛੋਟੇ-ਵੱਡੇ ਸੁੱਖਾਂ ਤੇ ਖੁਸ਼ੀਆਂ ਦੀ ਪ੍ਰਾਪਤੀ ਹੁੰਦੀ ਹੈ। ਕੋਈ ਵੀ ਸੁੱਖ ਰੁਪਏ ਪੈਸੇ ਦੀ ਲੋੜ ਨਾਲੋਂ ਵੱਖਰਾ ਨਹੀਂ ਹੁੰਦਾ। ਮਧੋਕ ਸਾਹਬ ਨੂੰ ਰੁਪਏ-ਪੈਸੇ ਦਾ ਕਦੀ ਘਾਟਾ ਨਹੀਂ ਰਿਹਾ। ਹੁਣ ਵੀ ਕੋਈ ਘਾਟਾ ਨਹੀਂ। ਮਹੀਨੇ ਵਿਚ ਦੋ ਚਾਰ ਮੁਕੱਦਮੇ ਅਜਿਹੇ ਆ ਹੀ ਜਾਂਦੇ ਨੇ, ਜਿਹੜੇ ਮਹੀਨੇ ਭਰ ਦਾ ਖਰਚ ਦੇ ਜਾਂਦੇ ਨੇ। ਰੁਪਏ-ਪੈਸੇ ਨੂੰ ਉਹਨਾਂ ਹਮੇਸ਼ਾ ਹੱਥ ਦੀ ਮੈਲ ਸਮਝਿਆ ਹੈ। ਜਦੋਂ ਵੀ ਉਸਨੂੰ ਲੁਟਾਇਆ, ਜਿਸ ਖਾਤਰ ਵੀ ਲੁਟਾਇਆ—ਕਦੀ ਪਛਤਾਵਾ ਨਹੀਂ ਕੀਤਾ। ਉਹ ਸਮਝਦੇ ਨੇ ਕਿ ਜੇ ਕਿਸੇ ਲੋੜਮੰਦ ਨੇ ਉਹਨਾਂ ਦੇ ਹੱਥੋਂ ਕੁਝ ਲੈ ਕੇ ਜਾਣਾ ਹੈ, ਤਾਂ ਲੈ ਹੀ ਜਾਣਾ ਹੈ। ਕਈ ਵਾਰੀ ਇੰਜ ਵੀ ਹੋਇਆ ਹੈ ਕਿ ਉਹ ਆਪਣੀ ਜ਼ਰੂਰਤ ਦੀ ਕੋਈ ਚੀਜ਼ ਖਰੀਦਨ ਵਾਸਤੇ ਘਰੋਂ ਨਿਕਲੇ ਤੇ ਰਾਹ ਵਿਚ ਕੋਈ ਲੋੜਮੰਦ ਮਿਲ ਗਿਆ ਤੇ ਉਹ ਉਸਨੂੰ ਸਾਰੇ ਪੈਸੇ ਦੇ ਕੇ ਘਰ ਪਰਤ ਆਏ। ਪੂਰੀ ਤਰ੍ਹਾਂ ਸੰਤੁਸ਼ਟ ਤੇ ਮੁਸਕੁਰਾਉਂਦੇ ਹੋਏ ਤੇ ਪਤਨੀ ਨੂੰ ਕਿਹਾ, “ਲੈ ਭਲੀਏ ਲੋਕ, ਜਿਸਦਾ ਹੱਕ ਸੀ, ਆ ਕੇ ਲੈ ਗਿਆ! ਆਪਣਾ ਕੰਮ ਫੇਰ ਕਦੀ ਹੋ ਜਾਏਗਾ।”
ਸ਼੍ਰੀਮਤੀ ਮਧੋਕ ਉਹਨਾਂ ਦਾ ਸੁਭਾਅ ਜਾਣਦੀ ਹੈ, ਕੁਝ ਕਹਿਣ ਸੁਣਨ ਦੀ ਲੋੜ ਹੀ ਮਹਿਸੂਸ ਨਹੀਂ ਕਰਦੀ। ਉਸਨੇ ਆਪਣੇ ਆਪ ਨੂੰ ਸਮਝਾ ਲਿਆ ਹੈ। ਮਧੋਕ ਸਾਹਬ ਨੇ ਜੋ ਕੁਝ ਵੀ ਕੀਤਾ—ਭਾਵੇਂ ਕਿਸੇ ਨਾਲ ਵੀ ਸੰਬੰਧ ਰੱਖੇ, ਬੜੀਆਂ ਮਹਿੰਗੀਆਂ-ਮਹਿੰਗੀਆਂ ਮਹਿਮਾਨ ਨਿਵਾਜ਼ੀਆਂ ਕੀਤੀਆਂ, ਆਪ ਹਫ਼ਤਿਆਂ ਬੱਧੀ ਬਾਹਰ ਰਹੇ ਤੇ ਅਚਾਨਕ ਬਿਨਾਂ ਕਿਸੇ ਨਮੋਸ਼ੀ ਦੇ ਮੁਸਕੁਰਾਉਂਦੇ ਹੋਏ ਘਰ ਪਰਤ ਆਏ ਤਦ ਵੀ ਉਹ ਉਹਨਾਂ ਨੂੰ ਇੰਜ ਸਹਿਜ ਤੇ ਸ਼ਾਂਤ ਹੀ ਮਿਲੀ, ਜਿਵੇਂ ਉਸਦਾ ਪਤੀ ਕਿਧਰੇ ਗਿਆ ਹੀ ਨਾ ਹੋਏ! ਮਧੋਕ ਸਾਹਬ ਵੀ ਆਪਣੀ ਪਤਨੀ ਦੀਆਂ ਇਹਨਾਂ ਭਾਵਨਾਵਾਂ ਨੂੰ ਸਮਝਦੇ ਨੇ। ਉਹਨਾਂ ਨੂੰ ਲੰਮੇ ਸਮੇਂ ਤੋਂ ਚੁੱਪਚਾਪ ਉਸਦੇ ਦੁੱਖ ਭੋਗਦੇ ਰਹਿਣ ਦਾ ਅਹਿਸਾਸ ਵੀ ਹੈ। ਉਹ ਇਹ ਵੀ ਜਾਣੇ ਨੇ ਕਿ ਸ਼੍ਰੀਮਤੀ ਮਧੋਕ ਦੇ ਇਸ ਸਬਰ ਜਾਂ ਸ਼ਾਂਤ ਚੁੱਪ ਪਿੱਛੇ ਅਸੰਖ ਅੱਥਰੂ ਛਿਪੇ ਹੋਏ ਨੇ ਜਿਹੜੇ ਚੁੱਪਚਾਪ ਵਹਿੰਦੇ ਤੇ ਆਪਣੇ ਆਪ ਸੁੱਕ ਜਾਂਦੇ ਨੇ। ਉਹ ਪਤਨੀ ਨੂੰ ਕੁਝ ਨਹੀਂ ਕਹਿੰਦੇ, ਉਸ ਵਲ ਬੜੀ ਹਮਦਰਦੀ ਨਾਲ ਦੇਖਦੇ ਨੇ ਜਾਂ ਕੋਈ ਤਾਣ ਛੇੜ ਦਿੰਦੇ ਨੇ...ਗੌੜ ਸਾਰੰਗ, ਭੈਰਵੀ ਜਾਂ ਮੁਲਤਾਨੀ ਕਾਫੀ, ਜੋ ਵੀ ਉਹਨਾਂ ਪਲਾਂ ਵਿਚ ਸੁੱਝ ਪਏ।
ਖਾਣਾ ਖਾ ਕੇ ਉਹਨਾਂ ਆਪ ਹੀ ਪਲੇਟਾਂ ਪਲੰਘ ਹੇਠ ਰੱਖ ਦਿੱਤੀਆਂ। ਸਿਗਾਰ ਸੁਲਗਾ ਕੇ ਅਖ਼ਬਾਰ ਚੁੱਕ ਲਿਆ। ਪਲੰਘ ਦੀ ਢੋਅ ਨਾਲ ਰੱਖੇ ਸਿਰਹਾਣੇ ਉੱਤੇ ਸਿਰ ਰੱਖ ਕੇ ਪੜ੍ਹਨ ਲੱਗੇ—ਕੋਈ ਵਿਸ਼ੇਸ਼ ਲੇਖ ਉਹ ਆਪ ਹੀ ਜਾਣ-ਬੁੱਝ ਕੇ ਰਾਤ ਨੂੰ ਪੜ੍ਹਨ ਲਈ ਛੱਡ ਦਿੰਦੇ ਨੇ ਤਾਂਕਿ ਪੜ੍ਹਦਿਆਂ-ਪੜ੍ਹਦਿਆਂ ਨੀਂਦ ਆ ਜਾਏ। ਸ਼੍ਰੀਮਤੀ ਮਧੋਕ ਹੀ ਰਾਤ ਨੂੰ ਕਿਸੇ ਵੇਲੇ ਅੱਖ ਖੁੱਲ੍ਹਣ 'ਤੇ ਉਠ ਕੇ ਲਾਈਟ ਆਫ ਕਰ ਦੇਂਦੀ ਹੈ।
ਅਚਾਨਕ ਉਹਨਾਂ ਦੇ ਕੰਨ ਵਿਚ ਪਤਨੀ ਦੀ ਆਵਾਜ਼ ਪਈ। ਉਹ ਰਜਾਈ ਵਿਚੋਂ ਮੂੰਹ ਕੱਢ ਕੇ ਕਹਿ ਰਹੀ ਸੀ, “ਮੈਂ ਤੁਹਾਨੂੰ ਇਹ ਦੱਸਣਾ ਤਾਂ ਭੁੱਲ ਈ ਗਈ, ਬੰਬਈ ਤੋਂ ਪੋਂਟੀ ਦਾ ਖ਼ਤ ਆਇਆ ਏ। ਉਸਨੇ ਤੁਹਾਡਾ ਬੜਾ ਧਨਵਾਦ ਕੀਤਾ ਏ, ਕਿਉਂਕਿ ਤੁਹਡੇ ਵਿਚਾਲੇ ਪੈਣ ਕਰਕੇ ਹੀ ਉਹਨਾਂ ਦਾ ਵਿਆਹ ਪੱਕਾ ਹੋ ਗਿਆ ਏ।”
“ਅੱਛਾ!” ਮਧੋਕ ਸਾਹਬ ਇਹ ਖੁਸ਼ਖਬਰੀ ਸੁਣ ਕੇ ਖਿੜ-ਪੁੜ ਗਏ, “ਤਾਂ ਮਨਮੋਹਨ ਮੰਨ ਈ ਗਿਆ ਆਖ਼ਰ। ਉਹ ਕਿਵੇਂ ਨਾ ਮੰਨਦਾ?—ਨਾ ਮੰਨਦਾ ਤਾਂ ਮੈਂ ਆਪਣੀ ਪੋਤੀ ਦਾ ਵਿਆਹ ਮੱਲੋ-ਜ਼ੋਰੀ ਸੁਰਿੰਦਰ ਨਾਲ ਕਰਵਾ ਦਿੰਦਾ—ਇੱਥੇ ਸੱਦ ਕੇ। ਫੇਰ ਤੂੰ ਦੇਖਦੀ, ਮਨਮੋਹਨ ਉੱਥੇ ਕਨੇਡਾ 'ਚ ਬੈਠਾ ਟੱਪਦਾ ਰਹਿ ਜਾਂਦਾ!”
ਕਹਿ ਕੇ ਉਹ ਆਪੇ ਹੱਸ ਵੀ ਪਏ। ਦੇਰ ਤਕ ਹੱਸਦੇ ਰਹੇ। ਸ਼੍ਰੀਮਤੀ ਮਧੋਕ ਕੁਝ ਨਾ ਬੋਲੀ, ਪਾਸਾ ਪਰਤ ਕੇ ਲੇਟ ਗਈ। ਮਧੋਕ ਸਾਹਬ ਦੀਆਂ ਨਜ਼ਰਾਂ ਅਖ਼ਬਾਰ ਦੀਆਂ ਸਤਰਾਂ ਉਪਰ ਸਨ, ਪਰ ਉਹ ਉਹਨਾਂ ਵਿਚ ਆਪਣੀ ਜਵਾਨ ਪੋਤੀ ਦਾ ਖੂਬਸੂਰਤ ਤੇ ਖਿੜਿਆ ਹੋਇਆ ਚਿਹਰਾ ਦੇਖ ਰਹੇ ਸਨ ਤੇ ਨਿਮ੍ਹਾਂ-ਨਿਮ੍ਹਾਂ ਮੁਸਕੁਰਾ ਰਹੇ ਸਨ।
ਪਿਛਲੇ ਸਾਲ ਪੋਂਟੀ ਨੇ ਉਹਨਾਂ ਨੂੰ ਬੰਬਈ ਤੋਂ ਇਕ ਲੰਮੀ ਚਿੱਠੀ ਲਿਖੀ ਸੀ ਕਿ ਉਹ ਇਕ ਸਪੋਰਟਸ ਮੈਨ ਨਾਲ ਸ਼ਾਦੀ ਕਰਨੀ ਚਾਹੁੰਦੀ ਹੈ। ਜਿਸ ਨਾਲ ਉਸਨੂੰ ਮੁਹੱਬਤ ਹੋ ਗਈ ਸੀ। ਭਾਵੇਂ ਉਹ ਅਜੇ ਪੂਰੇ ਅਠਾਰਾਂ ਸਾਲ ਦੀ ਨਹੀਂ ਸੀ ਹੋਈ, ਤੇ ਉਸਦਾ ਪਿਤਾ ਉਸਨੂੰ ਸੀਨੀਅਰ ਕੈਂਬਰੇਜ ਕਰਵਾ ਲੈਣ ਪਿੱਛੋਂ ਅਗਲੀ ਪੜ੍ਹਾਈ ਲਈ ਆਪਣੇ ਕੋਲ ਕੇਨੈਡਾ ਬੁਲਾ ਲੈਣਾ ਚਾਹੁੰਦਾ ਸੀ। ਉਹ ਉਸਦਾ ਵਿਆਹ ਏਨੀ ਛੋਟੀ ਉਮਰ ਵਿਚ ਕਰ ਦੇਣ ਦੇ ਹੱਕ ਵਿਚ ਨਹੀਂ ਸੀ—ਪਰ ਜਦੋਂ ਪੋਂਟੀ ਨੇ ਆਪਣੇ ਦਾਦਾਜੀ ਨੂੰ ਭਾਵੁਕਤਾ ਭਰੀ ਅਪੀਲ ਕੀਤੀ ਤਾਂ ਮਧੋਕ ਸਾਹਬ ਇਕ ਪੇਸ਼ਾਵਰ ਵਕੀਲ ਵਾਂਗ ਹੀ ਮੁਕੱਦਮੇ ਦੀ ਸਥਿਤੀ ਨੂੰ ਸਮਝ ਕੇ, ਆਪਣੀ ਪੋਤੀ ਦੇ ਹੱਕ ਵਿਚ ਲੜਨ ਲਈ ਤਿਆਰ ਹੋ ਗਏ।
ਪੋਂਟੀ ਨੂੰ ਉਹ ਬੜਾ ਹੀ ਪਿਆਰ ਕਰਦੇ ਸਨ। ਉਹਨਾਂ ਦੇ ਖ਼ਾਨਦਾਨ ਵਿਚ ਉਹ ਪਹਿਲੀ ਕੁੜੀ ਸੀ ਜਿਹੜੀ ਆਲ ਇੰਡੀਆ ਸਕੂਲਜ਼ ਟੂਰਨਾਮੈਂਟ ਵਿਚ ਪਿਛਲੇ ਸਾਲ ਸ਼ਿਮਲੇ ਵਿਚ ਹੋਏ ਬੈਡਮਿੰਟਨ ਦੇ ਮੁਕਾਬਲੇ ਵਿਚ ਚੈਂਪੀਅਨ ਰਹੀ ਸੀ। ਉਸ ਨਾਲ ਉਸਦਾ ਬਵਾਏ-ਫਰੈਂਡ ਸੁਰਿੰਦਰ ਵੀ ਆਇਆ ਸੀ। ਫਾਈਨਲ ਵਿਚ ਦੋਵੇਂ ਪਾਰਟਨਰ ਬਣੇ ਸਨ। ਉਹਨਾਂ ਦੀ ਸਫਲਤਾ ਉੱਤੇ ਮਧੋਕ ਸਾਹਬ ਨੇ ਗੋਇਟੀ ਕੱਲਬ ਵਿਚ ਇਕ ਸ਼ਾਨਦਾਰ ਪਾਰਟੀ ਵੀ ਦਿੱਤੀ ਸੀ, ਜਿਸ ਵਿਚ ਕਈ ਪ੍ਰਮੁੱਖ ਹਸਤੀਆਂ ਸ਼ਾਮਲ ਹੋਈਆਂ ਸਨ। ਉਹ ਏਨੀ ਪ੍ਰਤੀਭਾਸ਼ਾਲੀ ਕੁੜੀ ਨੂੰ ਨਿਰਾਸ਼ ਕਿੰਜ ਕਰ ਸਕਦੇ ਸਨ! ਪੋਂਟੀ ਨੇ ਵੀ ਠੀਕ ਹੀ ਕੀਤਾ ਸੀ ਕਿ ਇਸ ਮੁਹਿੰਮ ਨੂੰ ਸਰ ਕਰਨ ਵਾਸਤੇ ਆਪਣੇ ਦਾਦਾਜੀ ਨੂੰ ਹੀ ਆਪਣਾ ਸਹਾਇਕ ਬਣਾਇਆ ਸੀ...ਤੇ ਮਧੋਕ ਸਾਹਬ ਨੇ ਆਪਣੇ ਪੁੱਤਰ ਨੂੰ ਇਕ ਕਰੜੀ ਜਿਹੀ ਚਿੱਠੀ ਲਿਖੀ ਸੀ। ਉਸਨੇ ਇਤਰਾਜ਼ ਵਿਖਾਇਆ ਤਾਂ ਉਹਨਾਂ ਉਸਨੂੰ ਇਕ ਹੋਰ ਚਿੱਠੀ ਲਿਖੀ ਤੇ ਸ਼ਾਇਦ ਇਹ ਉਸੇ ਦਾ ਅਸਰ ਸੀ ਕਿ ਮਦਨਮੋਹਨ ਨੇ ਆਪਣੀ ਧੀ ਦਾ ਵਿਆਹ ਉਸਦੀ ਪਸੰਦ ਦੇ ਮੁੰਡੇ ਸੁਰਿੰਦਰ ਨਾਲ ਕਰਨਾ ਮੰਨ ਲਿਆ ਸੀ। ਮਧੋਕ ਸਾਹਬ ਨੇ ਅਚਾਨਕ ਹੱਸਦਿਆਂ ਹੋਇਆਂ ਕਿਹਾ, “ਹੁਣ ਮਦਨਮੋਹਨ ਆਪਣਾ ਮੂਵੀ ਕੈਮਰਾ ਚੁੱਕੀ ਧੀ ਦੇ ਵਿਆਹ ਦੀ ਫ਼ਿਲਮ ਬਣਾਉਣ ਲਈ ਬੰਬਈ ਆ ਪਹੁੰਚੇਗਾ। ਕਿਉਂ?”
ਉਹਨਾਂ ਦੇ ਹਾਸੇ ਵਿਚ ਆਪਣੇ ਪੁੱਤਰ ਦੇ ਹਾਰ ਮੰਨ ਜਾਣ 'ਤੇ ਓਹੋ ਜਿਹੀ ਖੁਸ਼ੀ ਹੀ ਸੀ ਜਿਹੋ ਜਿਹੀ ਆਪਣੇ ਮੁਕੱਦਮੇ ਜਿੱਤ ਜਾਣ 'ਤੇ ਹੁੰਦੀ ਸੀ। ਪਰ ਇਸ ਖੁਸ਼ੀ ਵਿਚ ਮੋਹ ਵੀ ਘੁਲਿਆ ਹੋਇਆ ਸੀ—ਜਿਹੜਾ ਪਿਓ-ਧੀ ਦੋਵਾਂ ਲਈ ਹੀ ਸੀ।
ਉਹਨਾਂ ਦੀ ਪਤਨੀ ਨੇ ਕੰਧ ਵਲ ਮੂੰਹ ਕਰਕੇ ਲੇਟਿਆਂ-ਲੇਟਿਆਂ ਹੀ ਉਤਰ ਦਿੱਤਾ, “ਹਾਂ, ਪਹਿਲਾਂ ਤਾਂ ਉਹ ਫ਼ਿਲਮਾਂ ਬਣਾ-ਬਣਾ ਕੇ ਬੜੀਆਂ ਕਮਾਈਆਂ ਕਰ ਰਿਹਾ ਏ!”
ਇਸ ਗੱਲ ਵਿਚ ਮਮਤਾ ਦੀ ਮੂਰਤ ਮਾਂ ਦਾ ਇਕ ਤਿੱਖਾ ਵਿਅੰਗ ਵੀ ਸੀ, ਜਿਹੜੀ ਆਪਣੇ ਪੁੱਤਰ ਦੇ ਪ੍ਰਦੇਸ ਜਾ ਵੱਸਣ ਤੇ ਉੱਥੇ ਉਸਦੇ ਆਰਥਕ ਤੌਰ 'ਤੇ ਸਫਲ ਨਾ ਹੋ ਸਕਣ 'ਤੇ ਦੁਖੀ ਵੀ ਸੀ। ਉੱਥੇ ਉਹ ਆਪਣੀ ਪਤਨੀ ਦੇ ਕਹਿਣ 'ਤੇ ਹੀ ਗਿਆ ਸੀ। ਉਹ ਦੋਵੇਂ ਕਈ ਸਾਲ ਦੇ ਉੱਥੇ ਰਹਿ ਰਹੇ ਸਨ ਤੇ ਉੱਥੋਂ ਦੀ ਸਰਕਾਰ ਤੇ ਟੀ.ਵੀ. ਨਿਗਮ ਲਈ ਡਾਕੂਮੈਂਟਰੀ ਫ਼ਿਲਮਾਂ ਬਣਾਉਂਦੇ ਸਨ। ਜਿਹੜੀਆਂ ਕਦੀ ਵਿਕ ਜਾਂਦੀਆਂ ਸਨ ਤੇ ਕਦੀ ਪਈਆਂ ਰਹਿ ਜਾਂਦੀਆਂ ਸਨ।
ਕੁਝ ਚਿਰ ਚੁੱਪਚਾਪ ਅਖ਼ਬਾਰ ਪੜ੍ਹਦੇ ਰਹਿਣ ਪਿੱਛੋਂ ਅਚਾਨਕ ਮਧੋਕ ਸਾਹਬ ਨੇ ਪੁੱਛਿਆ, “ਸਾਡਾ ਮੰਟੀ ਹੁਣ ਤਕ ਪਾਂਗੀ ਤਾਂ ਪਹੁੰਚ ਚੁੱਕਿਆ ਹੋਏਗਾ?”
“ਨਾ ਪਹੁੰਚਿਆ ਹੋਏਗਾ ਤਾਂ ਕਲ੍ਹ ਸਵੇਰ ਤਕ ਪਹੁੰਚ ਜਾਏਗਾ। ਉਸਨੂੰ ਉੱਥੇ ਪਹੁੰਚਦਿਆਂ ਹੀ ਖ਼ਤ ਪਾ ਦੇਣ ਲਈ ਕਹਿ ਦਿੱਤਾ ਸੀ ਮੈਂ। ਤਿੰਨ ਚਾਰ ਦਿਨਾਂ ਵਿਚ ਖ਼ਤ ਵੀ ਆ ਜਾਏਗਾ।”
“ਪਰ ਉਸ ਨਾਲਾਇਕ ਨੂੰ ਮੈਂ ਕਿੰਨਾ ਰੋਕਿਆ ਸੀ ਬਈ ਅਜੇ ਨਾ ਜਾਹ—ਰੇਡੀਓ ਭਾਰੀ ਸਨੋ-ਫਾਲ ਦੀਆਂ ਚਿਤਾਵਨੀਆਂ ਦੇ ਰਿਹਾ ਏ, ਪਰ ਉਸਨੇ ਮੇਰੀ ਇਕ ਨਹੀਂ ਸੁਣੀ। ਚਲਾ ਗਿਆ!”
“ਨਿਆਣੇ ਆਪਣੇ ਮਾਂ-ਪਿਓ ਨੂੰ ਮਿਲਣ ਲਈ ਬੇਚੈਨ ਹੁੰਦੇ ਨੇ। ਛੁੱਟੀਆਂ ਹੁੰਦਿਆਂ ਹੀ ਹੋਸਟਲਾਂ 'ਚੋਂ ਇੰਜ ਨੱਸਦੇ ਨੇ ਜਿਵੇਂ ਕਿਸੇ ਜੇਲ 'ਚੋਂ ਛੁੱਟੇ ਹੋਣ!”
“ਪਰ ਮੰਟੀ ਤਾਂ ਸਾਡੇ ਨਾਲ ਵੀ ਘੁਲਿਆ ਮਿਲਿਆ ਹੋਇਆ ਏ। ਸਾਡੇ ਕੋਲ ਆ ਕੇ ਵੀ ਤਾਂ ਦੋ ਦੋ ਹਫ਼ਤੇ ਰਹਿ ਜਾਂਦਾ ਏ। ਕੀ ਕਦੀ ਇੰਜ ਵੀ ਹੋਇਆ ਏ ਕਿ ਛੁੱਟੀਆਂ ਪਿੱਛੋਂ ਸਾਨੂੰ ਮਿਲੇ ਬਿਨਾਂ, ਆਪਣੇ ਮਾਂ ਪਿਓ ਕੋਲ ਸਿੱਧਾ ਚਲਾ ਗਿਆ ਹੋਏ?”
ਕੁਝ ਪਲ ਚੁੱਪ ਵਰਤੀ ਰਹੀ। ਫੇਰ ਮਧੋਕ ਸਾਹਬ ਦਾ ਠਹਾਕਾ ਫੇਰ ਗੂੰਜਿਆ।
“ਮੇਰੇ ਨਾਲ ਉਹ ਕਿਸ ਤਰ੍ਹਾਂ ਡਟ ਕੇ ਕੈਰਮ ਖੇਡਦਾ ਏ , ਜਿਵੇਂ ਮੈਨੂੰ ਆਸਾਨੀ ਨਾਲ ਈ ਜਿੱਤ ਲਏਗਾ! ਪਰ ਮੈਂ ਵੀ ਉਸਨੂੰ ਹਰ ਵਾਰੀ ਹਰਾ ਦਿੰਦਾ ਆਂ—ਦੇਖਿਆ ਏ ਨਾ ਤੂੰ?”
“ਤੁਹਾਡਾ ਕੀ ਨਾਂ? ਤੁਸੀਂ ਤਾਂ ਨਿਆਣਿਆਂ ਨਾਲ ਬਿਲਕੁਲ ਨਿਆਣੇ ਈ ਬਣ ਬਹਿੰਦੇ ਓ।” ਸ਼੍ਰੀਮਤੀ ਮਧੋਕ ਦੀ ਆਵਾਜ਼ ਵਿਚ ਬਨਾਉਟੀ ਜਿਹਾ ਗੁੱਸਾ ਵੀ ਸੀ।
“ਹੋਰ ਕੀ ਕਰਾਂ ਫੇਰ? ਆਪਣੇ ਪੋਤੇ-ਪੋਤੀਆਂ ਦੇ ਸਾਹਮਣੇ ਬਿਲਕੁਲ ਬੁੱਢਾ-ਬਾਬਾ ਬਣ ਕੇ ਬੈਠਾ ਰਿਹਾ ਕਰਾਂ?...ਉਹ ਮੇਰੇ ਨੇੜੇ ਵੀ ਢੁੱਕਣਗੇ ਫੇਰ?”
“ਸਰੋਜ ਤਾਂ ਇਹੀ ਚਾਹੁੰਦੀ ਏ,” ਸ਼੍ਰੀਮਤੀ ਮਧੋਕ ਨੇ ਬੇਚੈਨੀ ਜਿਹੀ ਨਾਲ ਪਾਸਾ ਪਰਤਿਦਿਆਂ ਕਿਹਾ, “ਕਿ ਉਸਦੇ ਨਿਆਣੇ ਸਾਡੇ ਲਾਗੇ ਵੀ ਨਾ ਫੜਕਣ। ਕਹਿੰਦੀ ਏ, ਤੁਸੀਂ ਇਹਨਾਂ ਨੂੰ ਵੀ ਆਪਣੇ ਬੱਚਿਆਂ ਵਾਂਗ ਵਿਗਾੜ ਕੇ ਰੱਖ ਦਿਓਗੇ।”
“ਓ ਬਹੂ ਦੀ ਕਿਹੜਾ ਸੁਣਦਾ ਏ? ਮੰਨਦਾ ਵੀ ਏ ਕੋਈ, ਉਸਦੀ? ਬਈ ਸਾਡੇ ਵਿਚ ਕੋਈ ਖਿੱਚ ਹੈ ਤਾਂਹੀਤਾਂ ਉਹਦੇ ਬਾਲ ਸਾਡੇ ਕੋਲ ਆਉਣ ਲਈ ਬੇਚੈਨ ਰਹਿੰਦੇ ਨੇ। ਤੇ ਫੇਰ ਉਸ ਕੋਲ ਇਸ ਗੱਲ ਦਾ ਕੀ ਸਬੂਤ ਏ ਕਿ ਸਾਡੇ ਬੱਚੇ ਵਾਕਈ ਵਿਗੜੇ ਹੋਏ ਨੇ, ਜਾਂ ਬਣੇ ਹੋਏ ਨੇ? ਮੈਂ ਕਦੇ ਵੀ ਆਪਣੇ ਕਿਸੇ ਬੱਚੇ ਨੂੰ ਲੋੜ ਨਾਲੋਂ ਵਧ ਦਬਾਅ ਕੇ ਨਹੀਂ ਰੱਖਿਆ—ਜਿਸ ਆਜ਼ਾਦੀ ਦਾ ਮੈਂ ਆਪ ਇੱਛੁਕ ਆਂ, ਉਹੀ ਮੈਂ ਹਮੇਸ਼ਾ ਉਹਨਾਂ ਨੂੰ ਵੀ ਦਿੱਤੀ ਏ, ਤਾਂਕਿ ਉਹ ਆਪਣੇ ਨੇਚੁਰਲ ਟੇਲੈਂਟ ਦੇ ਬਲ-ਬੂਤੇ ਉੱਤੇ ਅੱਗੇ ਵਧ ਸਕਣ। ਕੀ ਕੋਈ ਕਹਿ ਸਕਦਾ ਏ ਕਿ ਮੇਰਾ ਕੋਈ ਬੱਚਾ ਯੂਨੀਵਰਸਟੀ ਦੀ ਉੱਚ-ਸਿੱਖਿਆ ਤੋਂ ਵਾਂਝਾ ਰਹਿ ਗਿਆ ਏ?...ਮਦਨਮੋਹਨ, ਸ਼ਾਂਤੀ ਸਰੂਪ, ਦਿਨੇਸ਼ ਅੰਮ੍ਰਿਤ, ਸੁਧਾ, ਸਰਨਾ, ਜਾ ਇੰਨੀ? ਸਾਰੇ ਹੀ ਆਪਣੇ ਮਨਪਸੰਦ ਜਾਬਜ਼ ਉਪਰ ਪਹੁੰਚ ਗਏ ਨੇ। ਸਾਡੀਆਂ ਕੁੜੀਆਂ ਨੂੰ ਵੀ ਇਸੇ ਕਰਕੇ ਚੰਗੇ ਘਰ-ਬਾਰ ਮਿਲੇ ਨੇ। ਕੀ ਸਰੋਜ ਇਹ ਕਹਿ ਸਕਦੀ ਏ ਕਿ ਸ਼ਾਂਤੀ ਸਰੂਪ ਦੀ ਫਾਰੇਸਟ ਡਿਪਾਰਟਮੈਂਟ ਦੀ ਸਰਵਿਸ ਮਾਮੂਲੀ ਏ?” ਮਧੋਕ ਸਾਹਬ ਦੀ ਆਵਾਜ਼ ਵਿਚ ਹਲਕੀ ਜਿਹੀ ਕੁਸੈਲ ਘੁਲੀ ਹੋਈ ਸੀ।
ਉਹਨਾਂ ਦੀ ਪਤਨੀ ਨੇ ਉਤਰ ਦਿੱਤਾ, “ਇਹ ਤਾਂ ਉਹ ਨਹੀਂ ਕਹਿ ਸਕਦੀ। ਕਹੇਗੀ ਵੀ ਕਿਵੇਂ? ਉਸਦੇ ਆਪਣੇ ਆਦਮੀ ਨੂੰ ਨੌ ਸੌ ਰੁਪਏ ਤਨਖ਼ਾਹ ਮਿਲਦੀ ਏ! ਹਾਂ, ਉਹ ਤਾਂ ਸਿਰਫ ਇਸ ਗੱਲ 'ਤੇ ਕੁੜ੍ਹਦੀ ਰਹਿੰਦੀ ਏ ਕਿ ਸ਼ਾਂਤੀ ਸਰੂਪ ਨੂੰ ਸ਼ਰਾਬ ਪੀਣ ਦੀ ਲਤ ਤੁਹਾਤੋਂ ਈ ਪਈ ਏ।”
“ਬੜੀ ਮੂਰਖ ਏ ਉਹ, ਜੇ ਉਹ ਇੰਜ ਸੋਚਦੀ ਏ। ਸ਼ਾਂਤੀ ਮੇਰੇ ਨਾਲ ਬੈਠ ਕੇ ਨਾ ਪੀਂਦਾ ਤਾਂ ਕਿਸੇ ਹੋਰ ਨਾਲ ਪੀਂਦਾ। ਮੈਂ ਜਾਣਦਾ ਸਾਂ, ਇਸ ਕਿਸਮ ਦੀ ਸੋਹਬਤ ਤੋਂ ਬਚ ਸਕਣਾ ਬੜਾ ਮੁਸ਼ਕਿਲ ਏ, ਉਸਦੇ ਮਹਿਕਮੇਂ ਵਿਚ। ਹਾਂ ਇਕ ਆਦਤ ਉਸਦੀ ਸੱਚਮੁੱਚ ਬੜੀ ਮਾੜੀ ਹੈ—ਜੂਆ ਖੇਡਣ ਦੀ। ਉਸ ਤੋਂ ਬਾਅਜ ਰੱਖਣ ਲਈ ਮੈਂ ਉਸਨੂੰ ਸਮਝਾਉਂਦਾ ਵੀ ਰਹਿੰਦਾ ਆਂ ਕਿਉਂਕਿ ਜੂਆ ਮੈਨੂੰ ਆਪ ਨੂੰ ਵੀ ਪਸੰਦ ਨਹੀਂ।”
“ਪਰ ਤੁਸੀਂ ਅੱਜ ਤਕ ਜੋ ਵੀ ਕੀਤਾ ਏ—ਕੀ ਉਹ ਕਿਸੇ ਜੂਏ ਨਾਲੋਂ ਘੱਟ ਏ?”
ਮਧੋਕ ਸਾਹਬ ਥੋੜ੍ਹੀ ਦੇਰ ਲਈ ਬਿਲਕੁਲ ਚੁੱਪ ਹੋ ਗਏ। ਅਖ਼ਬਾਰ ਤੋਂ ਨਜ਼ਰਾਂ ਹਟਾਅ ਕੇ ਛੱਤ ਵੱਲ ਦੇਖਣ ਲੱਗ ਪਏ—ਜਿਵੇਂ ਆਪਣੇ ਬੀਤੇ ਹੋਏ ਜੀਵਨ ਦੇ ਪੰਨੇ ਉਲਟ-ਪਲਟ ਰਹੇ ਹੋਣ। ਸ਼੍ਰੀਮਤੀ ਮਧੋਕ ਰਜਾਈ ਵਿਚੋਂ ਮੂੰਹ ਕੱਢੀ, ਅੱਧ ਮਿਚੀਆਂ ਅੱਖਾਂ ਨਾਲ ਉਹਨਾਂ ਵਲ ਦੇਖਦੀ ਰਹੀ। ਫੇਰ ਧੀਮੀ ਆਵਾਜ਼ ਵਿਚ ਬੋਲੀ, “ਇਹ ਤਾਂ ਮੈਂ ਹੀ ਸੀ ਜਿਹੜੀ ਤੁਹਾਡੇ ਹਰੇਕ ਗਲਤ ਪਾਸੇ ਨੂੰ ਪਲਟ ਕੇ ਸਿੱਧਾ ਕਰ ਦੇਂਦੀ ਰਹੀ।”
ਮਧੋਮ ਸਾਹਬ ਫੇਰ ਵੀ ਕੁਝ ਨਾ ਬੋਲੇ ਤਾਂ ਉਸਨੇ ਅੱਗੇ ਕਿਹਾ, “ਆਪਣੀ ਔਲਾਦ ਨੂੰ ਤੁਸੀਂ ਵੱਡੀ ਤੋਂ ਵੱਡੀ ਆਜ਼ਾਦੀ ਦਿੱਤੀ। ਮੈਂ ਕਦੀ ਮਨ੍ਹਾਂ ਨਹੀਂ ਕੀਤਾ। ਪਰ ਜਦੋਂ ਤੁਸੀਂ ਉਹਨਾਂ ਨੂੰ ਆਪਣੇ ਆਪਣੇ ਮਨਪਸੰਦ ਸਾਥੀ ਚੁਣ ਲੈਣ ਤੋਂ ਵੀ ਨਾ ਰੋਕਿਆ ਤਾਂ ਮੈਨੂੰ ਬੜਾ ਧੱਕਾ ਲੱਗਾ। ਆਪਣੇ ਘਰ ਵਿਚ ਮੈਨੂੰ ਵੀ ਤਾਂ ਕੁਝ ਅਧਿਕਾਰ ਹੋਣੇ ਚਾਹੀਦੇ ਸੀ—ਕਿ ਨਹੀਂ? ਮੇਰੇ ਬੇਟੇ ਜਿਹੋ-ਜਿਹੀਆਂ ਵਹੂਟੀਆਂ ਲੈ ਆਏ, ਉਹਨਾਂ ਨਾਲ ਮੇਰਾ ਟਕਰਾ ਨਹੀਂ ਹੋਣਾ ਚਾਹੀਦਾ ਸੀ—ਪਰ ਹੋਇਆ। ਕੀ ਇਹ ਮੇਰੇ ਨਾਲ ਅਨਿਆਂ ਨਹੀਂ ਸੀ? ਇਸ ਉੱਤੇ ਵੀ ਮੈਂ ਤੁਹਾਨੂੰ ਕੁਝ ਨਹੀਂ ਕਿਹਾ। ਮੈਨੂੰ ਹਮੇਸ਼ਾ ਇਹੀ ਲੱਗਦਾ ਰਿਹਾ ਏ ਕਿ ਆਪਣੇ ਘਰ ਮੈਂ ਹੀ ਸਿਰਫ, ਸਿਫ਼ਰ ਹਾਂ—ਬਾਕੀ ਸਭਨਾਂ ਦੀ ਕੁਝ ਨਾ ਕੁਝ ਹਸਤੀ ਹੈ। ਫੇਰ ਵੀ ਮੈਂ ਕਦੀ ਸ਼ਿਕਾਇਤ ਨਹੀਂ ਕੀਤੀ—ਨਹੀਂ ਨਾ ਕੀਤੀ? ਮੈਂ ਆਪਣੀ ਕੋਸ਼ਿਸ਼ ਨਾਲ, ਆਪਣੀ ਅਕਲ ਅਨੁਸਾਰ, ਵਹੂਟੀਆਂ ਨੂੰ ਆਪਣੀ ਮਰਜ਼ੀ ਮੂਜਬ ਢਾਲਣ ਦੀ ਕੋਸ਼ਿਸ਼ ਕੀਤੀ। ਸਰੋਜ ਤੇ ਪ੍ਰਤੀਭਾ ਉੱਤੇ ਅਧਿਕਾਰ ਨਹੀਂ ਜਮਾ ਸਕੀ—ਮੇਰੇ ਪੁੱਤਰਾਂ ਨੂੰ ਹੀ ਮੈਥੋਂ ਖੋਹ ਕੇ ਵੱਖਰੇ ਘਰਾਂ ਵਿਚ ਜਾ ਵੱਸੀਆਂ। ਬਾਹਰਲੇ ਮੁਲਕਾਂ ਵਿਚ ਚਲੀਆਂ ਗਈਆਂ। ਪਰ ਮੈਨੂੰ ਖੁਸ਼ੀ ਏ ਕਿ ਸੁਦੀਪ ਨੂੰ ਮੈਂ ਆਪਣੇ ਰਸਤੇ 'ਤੇ ਲੈ ਆਈ।”
ਸੁਣ ਕੇ ਮਧੋਕ ਸਾਹਬ ਉੱਚੀ-ਉੱਚੀ ਹੱਸ ਪਏ ਤੇ ਗਰਦਨ ਭੁਆਂ ਕੇ ਆਪਣੀ ਪਤਨੀ ਵਲ ਦੇਖਦੇ ਹੋਏ ਬੋਲੇ, “ਤੇ ਆਪਣੀ ਏਸ ਸੁਦੀਪ ਨੂੰ ਘਰ ਲਿਆਉਣ ਲਈ ਤਿਆਰ ਨਹੀਂ ਸੀ ਤੂੰ! ਕਹਿੰਦੀ ਸੀ, ਜੇ ਉਸ ਕੁੜੀ ਨੂੰ ਮੇਰਾ ਪੁੱਤਰ ਬਹੂ ਬਣਾ ਕੇ ਘਰ ਲਿਆਇਆ ਤਾਂ ਮੈਂ ਉਸਨੂੰ ਆਪਣਾ ਦੁੱਧ ਨਹੀਂ ਮੁਆਫ਼ ਕਰਾਂਗੀ।”
“ਤੁਸੀਂ ਤਾਂ ਜਾਣਦੇ ਈ ਓ, ਅੰਮ੍ਰਿਤ ਨੂੰ ਮੈਂ ਕਿੰਨੇ ਚਾਵਾਂ ਨਾਲ ਪਾਲਿਆ ਏ—ਤੇ ਉਸਨੂੰ ਵੀ ਮੇਰੇ ਨਾਲ ਕਿੰਨਾਂ ਪਿਆਰ ਏ! ਅਸਲ ਵਿਚ ਮੈਂ ਡਰ ਰਹੀ ਸਾਂ—ਦੂਜੇ ਧਰਮ ਵਿਚ ਸ਼ਾਦੀ ਕਰਕੇ ਕਿਤੇ ਉਹ ਵੀ ਆਪਣਾ ਧਰਮ ਨਾ ਬਦਲ ਲਏ!”
ਮਧੋਮ ਸਾਹਬ ਪਹਿਲਾਂ ਨਾਲੋਂ ਵੀ ਉੱਚੀ-ਉੱਚੀ ਹੱਸਦੇ ਹੋਏ ਬੋਲੇ, “ਤੂੰ ਸਮਝਦੀ ਸੀ, ਉਹ ਵੀ ਕਿਤੇ ਸਿੱਖ ਨਾ ਬਣ ਜਾਏ! ਬਈ ਵਾਹ! ਵਾਹ! ਭਲੀਏ ਲੋਕੇ ਸਿੱਖ ਧਰਮ ਵੀ ਤਾਂ ਸਾਡਾ ਈ ਏ। ਕੀ ਤੂੰ ਜਪੁਜੀ ਸਾਹਬ ਦਾ ਪਾਠ ਨਹੀਂ ਕਰਦੀ? ਮੇਰੇ ਪਿਤਾ ਜੀ ਤਾਂ ਪੰਥ ਦੇ ਪ੍ਰਚਾਰਕ ਸਨ—ਸਿੱਖ ਧਰਮ ਦੇ ਪ੍ਰਚਾਰ ਲਈ ਰਾਗੀ ਜੱਥਿਆਂ ਨਾਲ ਦੂਰ-ਦੂਰ ਤਕ ਜਾਂਦੇ ਹੁੰਦੇ ਸਨ।...ਤੇ ਮੇਰਾ ਧਰਮ ਤੂੰ ਜਾਣਦੀ ਹੀ ਐਂ, ਮੈਂ ਹਰੇਕ ਧਰਮ ਦਾ ਉਪਾਸਕ ਆਂ। ਲੈ, ਸੁਣੀਂ, ਤੈਨੂੰ ਬੁੱਲ੍ਹੇ ਸ਼ਾਹ ਦੀਆਂ ਕਾਫੀਆਂ ਸੁਣਾਵਾਂ...”
“ਛੱਡੇ—ਮੈਂ ਕਹਿ ਰਹੀ ਸੀ ਸੁਦੀਪ ਮੇਰੀ ਸਭ ਤੋਂ ਚੰਗੀ ਬਹੂ ਸਿੱਧ ਹੋਈ ਏ। ਨਾ ਸਿਰਫ ਉਸਨੇ ਮੈਨੂੰ ਮੁਆਫ਼ ਹੀ ਕਰ ਦਿੱਤਾ,ਬਲਕਿ ਹਮੇਸ਼ਾ ਮੇਰੀ ਇੱਜ਼ਤ ਵੀ ਕੀਤੀ ਏ। ਮੈਂ ਹੋਰ ਚਾਹੁੰਦੀ ਹੀ ਕੀ ਆਂ? ਉਸ ਉੱਤੇ ਮੈਂ ਇਸ ਲਈ ਵੀ ਖੁਸ਼ ਆਂ ਕਿ ਉਸਨੇ ਮੇਰੇ ਪੁੱਤਰ ਦੀ ਜ਼ਿੰਦਗੀ ਵਿਚ ਉੱਚਾ ਉਠਣ ਵਿਚ ਬੜੀ ਮਦਦ ਕੀਤੀ ਏ। ਉਸਨੇ ਉਸਨੂੰ ਐਮ.ਏ. ਕਰ ਲੈਣ ਦੀ ਪ੍ਰੇਰਨਾਂ ਦਿੱਤਾ। ਆਪ ਨੌਕਰੀ ਕਰਕੇ ਉਸਦਾ ਖਰਚਾ ਬਰਦਾਸ਼ਤ ਕੀਤਾ। ਉਸਨੂੰ ਈਰਾਨ ਜਾਣ ਲਈ ਸਕਾਲਰਸ਼ਿਪ ਮਿਲਿਆ ਤਾਂ ਖੁਸ਼ੀ-ਖੁਸ਼ੀ ਉਸਨੂੰ ਵਿਦਾਅ ਕਰ ਦਿੱਤਾ। ਪੂਰਾ ਇਕ ਸਾਲ ਮੇਰੇ ਕੋਲ ਰਹਿ ਕੇ ਬਿਤਾਇਆ। ਉਸਦਾ ਇਹ ਤਿਆਗ ਮੈਂ ਕਦੀ ਨਹੀਂ ਭੁੱਲ ਸਕਦੀ—ਉਸ ਜ਼ਮਾਨੇ ਵਿਚ ਤਾਂ ਉਸਨੇ ਮੇਰਾ ਮਨ ਮੋਹ ਲਿਆ ਸੀ। ਜਦੋਂ ਅੰਮ੍ਰਿਤ ਡੀ.ਲਿਟ ਕਰਕੇ ਉੱਥੇ ਹੀ ਪ੍ਰੋਫ਼ੈਸਰ ਲੱਗ ਗਿਆ ਤਾਂ ਮੈਂ ਸੁਦੀਪ ਨੂੰ ਉਸਦੇ ਕੋਲ ਭੇਜ ਦਿੱਤਾ। ਆਪਣੇ ਆਦਮੀ ਕੋਲ ਰਹਿਣ ਵਾਸਤੇ, ਤੇ ਇਸ ਵਾਸਤੇ ਵੀ ਕਿ ਇਕ ਅੱਧੀ ਡਿਗਰੀ ਉਹ ਆਪ ਵੀ ਕਰ ਲਏ ਉਹਨਾਂ ਦੇ ਬੱਚਿਆਂ ਨੂੰ ਮੈਂ ਖੁਸ਼ੀ-ਖੁਸ਼ੀ ਆਪਣੇ ਕੋਲ ਰੱਖਿਆ।...ਤੇ ਹੁਣ ਸੁੱਖ ਨਾਲ ਉਹਨਾਂ ਦੋਵਾਂ ਕੋਲ ਕਈ ਕਈ ਡਿਗਰੀਆਂ ਨੇ ਤੇ ਆਪਣੇ ਦੇਸ਼ ਵਾਪਸ ਆ ਕੇ ਇਕੋ ਯੂਨੀਵਰਸਟੀ ਵਿਚ ਪੜ੍ਹਾਉਣ ਵੀ ਲੱਗ ਪਏ ਨੇ ਉਹ ਦੋਵੇਂ। ਖ਼ੁਦ ਤਾਂ ਸੁਖੀ ਹੈ ਹੀ ਨੇ, ਸਾਨੂੰ ਵੀ ਸੁੱਖੀ ਕਰ ਦਿੱਤਾ ਏ।”
ਮਧੋਕ ਸਾਹਬ ਉੱਤੇ ਕੁਝ ਤਾਂ ਆਪਣੀ ਪਤਨੀ ਦੀ ਲੰਮੀ ਗੱਲ ਤੇ ਕੁਝ ਵਧ ਗਏ ਨਸ਼ੇ ਦੇ ਪ੍ਰਭਾਵ ਕਾਰਨ ਨੀਂਦ ਭਾਰੂ ਹੋ ਗਈ ਤੇ ਉਹ ਜਾਗੋ ਮੀਚੀ ਜਿਹੀ ਵਿਚ ਬਰੜਾਏ, “ਜਿਹੜੀ ਔਰਤ...ਆਪਣੀ ਗਲਤੀ ਨੂੰ...ਮੰਨ ਲੈਂਦੀ ਏ...ਉਹ ਬੜੀ...ਮਹਾਨ...।”
ਉਹਨਾਂ ਨੂੰ ਨੀਂਦ ਦੀ ਬੁੱਕਲ ਵਿਚ ਗਏ ਦੇਖ ਕੇ, ਸ਼੍ਰੀਮਤੀ ਮਧੋਕ ਵੀ ਬੱਤੀ ਬੰਦ ਕਰਕੇ ਆਪਣੀ ਰਜਾਈ ਵਿਚ ਵੜ ਗਈ ਤੇ ਮਧੋਕ ਸਾਹਬ ਦੇ ਘੁਰਾੜੇ ਸੁਣਨ ਲੱਗੀ। ਉਹ ਹਮੇਸ਼ਾ ਹੀ ਉੱਚੀ-ਉੱਚੀ ਘੁਰਾੜੇ ਮਾਰਦੇ ਨੇ ਤੇ ਉਹਨਾਂ ਨੂੰ ਸੁਣਦੀ, ਸੁਣਦੀ ਹੀ ਉਹ ਵੀ ਸੌਂ ਜਾਂਦੀ ਹੈ।
ਦੋਵਾਂ ਨੂੰ ਸੁੱਤਿਆਂ ਅਜੇ ਅੱਧਾ ਕੁ ਘੰਟਾ ਹੀ ਹੋਇਆ ਹੋਏਗਾ ਕਿ ਅਚਾਨਕ ਕਾਲਬੈਲ ਦੀ ਘੰਟੀ ਗੂੰਜ ਉਠੀ। ਕੁਝ ਜਣਿਆ ਦੀਆਂ ਰਲੀਆਂ ਮਿਲੀਆਂ ਆਵਾਜ਼ਾਂ ਵੀ ਆ ਰਹੀਆਂ ਸਨ। ਦੋਵੇਂ ਜਾਗ ਕੇ ਇਕ ਦੂਜੇ ਨੂੰ ਪੁੱਛਣ ਲੱਗੇ, “ਏਸ ਵੇਲੇ ਕੌਣ ਹੋ ਸਕਦਾ ਏ?”
“ਮੈਨੂੰ ਤਾਂ ਆਪਣੇ ਇੰਨੀ ਦੀ ਆਵਾਜ਼ ਲੱਗਦੀ ਏ।”
“ਤੇ ਮੈਨੂੰ ਆਪਣੇ ਬੇਟੇ ਅੰਮ੍ਰਿਤ ਦੀ...।”
“ਦਰਵਾਜ਼ਾ ਖੋਲ੍ਹਣ ਤੂੰ ਜਾ ਰਹੀ ਏਂ ਕਿ ਮੈਂ ਜਾਵਾਂ?”
“ਤੁਸੀਂ ਪਏ ਰਹੋ, ਮੈਂ ਖੋਲ੍ਹਦੀ ਆਂ।”
ਕੁਝ ਚਿਰ ਪਿੱਛੋਂ ਉਸ ਕਮਰੇ ਵਿਚ ਚਾਰ ਮਰਦ ਦਾਖ਼ਲ ਹੋਏ। ਮੁਸਕੁਰਾਉਂਦੇ ਹੋਏ। ਉਹਨਾਂ ਨੂੰ ਦੇਖ ਕੇ ਮਧੋਕ ਸਾਹਬ ਉਠ ਕੇ ਬੈਠ ਗਏ ਤੇ ਬੋਲੇ, “ਆਓ, ਆਓ ਸਾਹਬੋ...ਤਸ਼ਰੀਫ਼ ਲੈ ਆਓ। ਖੁਸ਼-ਆਮਦੀਦ!!”
“ਪਾਪਾ ਇਹ ਮੇਰੇ ਦੋਸਤ ਨੇ ਮੁਸੱਰਤ ਸਾਹਬ, ਤੇ ਅਹੂਜਾ ਸਾਹਬ...ਮੇਰੇ ਬਨਾਰਸ ਦੇ ਦੋਸਤ!”
“ਓ...ਅੱਛਾ, ਅੱਛਾ! ਬਈ ਬਨਾਰਸ ਵਾਲਿਆਂ ਨੂੰ ਮਿਲਣ ਦੀ ਬੜੀ ਦੇਰ ਦੀ ਇੱਛਾ ਸੀ ਮੇਰੀ। ਇਹ ਤੂੰ ਬੜਾ ਚੰਗਾ ਕੀਤਾ ਜਿਹੜਾ ਇਹਨਾਂ ਨੂੰ ਨਾਲ ਹੀ ਲੈ ਆਇਆ। ਬਨਾਰਸ ਦੇ ਸ਼ਾਇਰਾਂ ਦੀ ਇਕ ਕਿਤਾਬ ਭੇਜੀ ਸੀ ਨਾ ਤੂੰ? ਉਹ ਮੈਨੂੰ ਬੜੀ ਚੰਗੀ ਲੱਗੀ। ਕੁਝ ਲੋਕਾਂ ਦਾ ਕਲਾਮ ਤਾਂ ਮੈਨੂੰ ਜ਼ੁਬਾਨੀ ਯਾਦ ਹੋ ਗਿਆ ਏ...:

ਕਬ ਹਸਾ ਥਾ ਜੋ ਯਹ ਕੇਹਤੇ ਹੋ ਕਿ ਰੋਨਾ ਹੋਗਾ,
ਹੋ ਰਹੇਗਾ ਮੇਰੀ ਕਿਸਮਤ ਮੇਂ ਜੋ ਹੋਣਾ ਹੋਗਾ।
ਇਕ ਤਰਫ਼ ਦੋਸਤ ਕਾ ਇਸਰਾਰ ਕਿ ਆਖੇਂ ਖੋਲੋ,
ਇਕ ਤਰਫ਼ ਮੌਤ ਥਪਕਤੀ ਹੈ ਕਿ ਸੋਨਾ ਹੋਗਾ।
ਸ਼ੌਕ ਸੇ ਆਪ ਨਕਾਬੇ ਰੁਖ਼ ਜੇਬ ਉਲਟੇਂ,
ਹੋ ਰਹੇਗਾ ਜੋ ਮੇਰੀ ਕਿਸਮਤ ਮੇਂ ਹੋਣਾ ਹੋਗਾ।
ਹਮਕੋ ਇਕਬਾਲ ਮੁਸੀਬਤ ਮੇਂ ਮਜ਼ਾ ਮਿਲਤਾ ਹੈ,

ਹਮਤੋ ਯਹ ਸੋਚ ਕੇ ਹਸਤੇ ਹੈਂ ਕਿ ਰੋਣਾ ਹੋਗਾ।”
ਇਕ ਬਜ਼ੁਰਗ ਨਾਲ ਮੁਲਾਕਾਤ ਹੁੰਦਿਆਂ ਹੀ ਉਸਦੇ ਮੂੰਹੋਂ ਫਰ-ਫਰਰ ਸ਼ੇਅਰ ਸੁਣ ਕੇ ਮੁਸੱਰਤ ਤੇ ਅਹੂਜਾ ਦੋਵੇਂ ਦੰਗ ਰਹਿ ਗਏ। ਉਹਨਾਂ ਦੇ ਮੂੰਹੋ ਮੱਲੋਮੱਲੀ ਵਾਹ-ਵਾਹ ਨਿਕਲ ਗਿਆ। ਅੰਮ੍ਰਿਤ ਨੇ ਆਪਣੇ ਪਿਤਾ ਕੋਲ ਬੈਠਦਿਆਂ ਹੋਇਆਂ ਆਪਣੇ ਦੋਸਤਾਂ ਨੂੰ ਬੜੇ ਮਾਣ ਨਾਲ ਦੱਸਿਆ, “ਮੇਰੇ ਪਾਪਾ ਨੂੰ ਹਜ਼ਾਰਾਂ ਸ਼ਿਅਰ ਜ਼ੁਬਾਨੀ ਯਾਦ ਨੇ।”
ਦਰਵਾਜ਼ੇ ਕੋਲ ਸ਼੍ਰੀਮਤੀ ਮਧੋਕ ਆਪਣੇ ਛੋਟੇ ਪੁੱਤਰ ਨਾਲ ਚਿਪਕੀ ਖੜ੍ਹੀ ਸੀ, ਜਿਹੜਾ ਉਸ ਨਾਲੋਂ ਇਕ ਫੁੱਟ ਲੰਮਾਂ ਸੀ। ਉਹ ਬੋਲੀ, “ਵਿਚਾਰਿਆਂ ਦੀ ਆਉਂਦਿਆਂ ਦੀ ਸ਼ਾਇਰੋ-ਸ਼ਾਇਰੀ ਨਾਲ ਖਾਤਰ ਸ਼ੁਰੂ ਕਰ ਦਿੱਤੀ ਏ—ਪਹਿਲਾਂ ਕੁਝ ਖਾ-ਪੀ ਤਾਂ ਲੈਣ ਦੇਂਦੇ!”
ਮਧੋਕ ਸਾਹਬ ਨੇ ਝੱਟ ਕਿਹਾ...:

“ਬਸ ਬੇਤਾਬ ਕਰ ਰੱਖਾ ਥਾ ਜੀ ਨੇ,
ਚਲੇ ਆਏ ਹੈਂ ਮੈਖ਼ਾਨੇ ਮੇਂ ਪੀਣੇ।


ਇਹ ਆਪਣੇ ਰਿੰਦ (ਪਿਅਕੱੜ) ਬਾਪ ਨੂੰ ਮਿਲਣ ਆਏ ਨੇ ਬਈ! ਸ਼ੇਅਰ ਵੀ ਸੁਣਨਗੇ ਤੇ ਕੁਝ ਪੀਣਗੇ ਵੀ।...ਓਧਰ ਮੇਰੀ ਅਲਮਾਰੀ 'ਚ ਦੇਖ ਤਾਂ ਜ਼ਰਾ, ਕੁਝ ਨਾ ਕੁਝ ਜ਼ਰੂਰ ਪਈ ਹੋਏਗੀ।”
ਇੰਨੀ, ਮਾਂ ਦੇ ਕਲਾਵੇ ਵਿਚੋਂ ਨਿਕਲ ਕੇ ਪਿਊ ਕੋਲ ਚਲਾ ਗਿਆ ਤੇ ਉਸਦੇ ਪੈਰੀਂ ਹੱਥ ਲਾ ਕੇ ਬੋਲਿਆ, “ਰਹਿਣ ਦਿਓ ਪਾਪਾ, ਰਸਤੇ 'ਚ ਕਾਫੀ ਪੀ ਲਈ ਏ ਅਸੀਂ—ਚੰਡੀਗੜ੍ਹ, ਕਾਲਕਾ, ਸੋਲਨ, ਹਰੇਕ ਜਗ੍ਹਾ ਥੋੜ੍ਹੀ-ਬਹੁਤੀ ਲਾਉਂਦੇ ਈ ਰਹੇ ਆਂ। ਇਕ ਬੋਤਲ ਤੁਹਾਡੀ ਖਾਤਰ ਵੀ ਲੈ ਆਏ ਆਂ—ਅਹਿ ਲਓ ਫੜੋ।”
“ਤੇ ਫੇਰ ਦੇਰ ਕਿਸ ਗੱਲ ਦੀ ਏ! ਗ਼ਲਾਸ ਲਿਆਓ ਤੇ ਸ਼ੁਰੂ ਹੋ ਜਾਓ ਪੁੱਤਰੋ...”
ਅੰਮ੍ਰਿਤ ਆਪਣੀ ਮਾਂ ਕੋਲ ਜਾ ਕੇ ਬੋਲਿਆ, “ਅੰਮਾਂ ਤੁਹਾਨੂੰ ਸੁਦੀਪ ਤੇ ਬੱਚੇ ਬੜਾ ਯਾਦ ਕਰਦੇ ਨੇ। ਚਾਹੁੰਦੇ ਨੇ, ਇਸ ਵਾਰੀ ਦਸੰਬਰ ਦੀਆਂ ਛੁੱਟੀਆਂ ਵਿਚ ਤੁਸੀਂ ਦੋਵੇਂ ਸਾਡੇ ਕੋਲ ਜ਼ਰੂਰ ਆਓ।”
“ਆਵਾਂਗੇ ਬਈ, ਜ਼ਰੂਰ ਆਵਾਂਗੇ। ਬੱਚਿਆਂ ਨੂੰ ਦੇਖਿਆਂ ਪੂਰਾ ਇਕ ਸਾਲ ਹੋ ਚੱਲਿਆ ਏ। ਮੇਰਾ ਬੜਾ ਜੀਅ ਕਰਦਾ ਏ, ਇਹ ਵੀ ਅਕਸਰ ਯਾਦ ਕਰਦੇ ਰਹਿੰਦੇ ਨੇ। 'ਕੱਲੇ 'ਕੱਲੇ ਦੀਆਂ ਗੱਲਾਂ ਕਰਦੇ ਨੇ...ਖਾਸ ਤੌਰ 'ਤੇ ਬੰਟੀ ਦੀਆਂ ਸ਼ਰਾਰਤਾਂ।” ਆਪਣੇ ਪੋਤੇ ਦੇ ਜ਼ਿਕਰ ਉੱਤੇ ਮਧੋਕ ਸਾਹਬ ਤੁੜਕ ਕੇ ਬੋਲੇ, “ਉਹ! ਓਇ ਉਹ ਤਾਂ ਇਕ ਨੰਬਰ ਦਾ ਕਬੂਤਰ ਮਾਰ ਏ! ਕਬੂਤਰ ਮਾਰ! ਜਦੋਂ ਦੇਖੋ, ਏਅਰ ਗੰਨ ਚੁੱਕੇ ਕੇ ਕਬੂਤਰਾਂ 'ਤੇ ਨਿਸ਼ਾਨੇ ਲਾਉਂਦੇ ਫਿਰਦਾ ਏ।”
“ਅਖ਼ੀਰ ਪੋਤਾ ਕਿਸ ਦਾ ਏ?” ਸ਼੍ਰੀਮਤੀ ਮਧੋਕ ਨੇ ਆਪਣੇ ਪਤੀ ਵਲ ਅਜੀਬ ਜਿਹੀਆਂ ਮਾਣ ਭਰੀਆਂ ਨਜ਼ਰਾਂ ਨਾਲ ਦਖਿਆ। “ਤੁਹਾਡੀਆਂ ਬਹੁਤ ਸਾਰੀਆਂ ਆਦਤਾਂ ਤੁਹਾਡੇ ਪੋਤੇ-ਪੋਤੀਆਂ ਤਕ ਪਹੁੰਚ ਚੁੱਕੀਆਂ ਨੇ।”
“ਮੈਨੂੰ ਇਸ ਗੱਲ ਦਾ ਕੋਈ ਅਫ਼ਸੋਸ ਨਹੀਂ—ਜੇ ਮੇਰੀ ਔਲਾਦ ਤੇ ਔਲਾਦ ਦੀ ਔਲਾਦ ਵਿਚ ਮੇਰੀ ਸਿਆਣਪ, ਮੇਰੀ ਸ਼ਰਾਫ਼ਤ, ਖ਼ੁਦਗਰਜੀ, ਮੱਕਾਰੀ, ਬੁਜਦਿਲੀ ਜਾਂ ਬਹਾਦਰੀ ਦੇ ਕੁਝ ਤੱਤ ਆ ਗਏ ਨੇ। ਇਹੀ ਦੇਖ ਕੇ ਤਾਂ ਮੈਨੂੰ ਦਿਲੀ-ਖੁਸ਼ੀ ਹੁੰਦੀ ਏ ਕਿ ਮੈਂ ਕਿਸੇ ਨਾ ਕਿਸੇ ਰੂਪ ਵਿਚ ਆਪਣੀ ਸੰਤਾਨ ਦੇ ਅੰਦਰ ਹਮੇਸ਼ਾ ਜਿਊਂਦਾ ਰਹਾਂਗਾ!” ਇਹ ਕਹਿ ਕੇ ਉਹ ਉੱਚੀ-ਉੱਚੀ ਹੱਸਣ ਲੱਗ ਪਏ।
ਉਹਨਾਂ ਦੀ ਪਤਨੀ ਬੋਲੀ, “ਅੱਛਾ-ਅੱਛਾ ਤੁਸੀਂ ਇਹ ਸੋਚ-ਸੋਚ ਕੇ ਖੁਸ਼ ਹੁੰਦੇ ਰਹੋ—ਮੈਂ ਜ਼ਰਾ ਬੱਚਿਆਂ ਵਾਸਤੇ ਆਮਲੇਟ ਵਗ਼ੈਰਾ ਬਣਾ ਲਿਆਵਾਂ।”
“ਅੰਮਾਂ, ਤੁਸੀਂ ਬਿਸਤਰੇ 'ਚ ਬਹਿ ਜਾਓ। ਬੜੀ ਠੰਡ ਏ। ਮੈਂ ਆਪੇ ਬਣਾ ਕੇ ਲੈ ਆਵਾਂਗਾ।” ਕਹਿ ਕੇ ਇੰਨੀ ਨੇ ਮੇਜ਼ ਉੱਤੇ ਰੱਖੇ ਗ਼ਲਾਸਾਂ ਵਿਚ ਛੇਤੀ-ਛੇਤੀ ਪੈਗ ਪਾਏ ਤੇ ਆਪਣਾ ਗ਼ਲਾਸ ਚੁੱਕੇ ਕੇ ਕਿਚਨ ਵਿਚ ਚਲਾ ਗਿਆ। ਉਸਦੇ ਪਿੱਛੇ-ਪਿੱਛੇ ਸ਼੍ਰੀਮਤੀ ਮਧੋਕ ਵੀ ਤੁਰ ਗਈ। ਉਹਨਾਂ ਦੇ ਜਾਣ ਪਿੱਛੋਂ ਸਾਰਿਆਂ ਨੇ ਆਪਣੇ-ਆਪਣੇ ਗ਼ਲਾਸ ਚੁੱਕੇ ਤੇ ਮਧੋਕ ਸਾਹਬ ਨੂੰ ਕਿਹਾ, “ਪਾਪਾ, ਤੁਹਾਡੀ ਸਿਹਤ ਦੇ ਨਾਂਅ...”
ਮਧੋਕ ਸਾਹਬ ਨੇ ਮੁਸਕੁਰਾਉਂਦਿਆਂ ਹੋਇਆਂ ਸਭ ਨੂੰ ਸ਼ੁਕਰੀਆ-ਸ਼ੁਕਰੀਆ ਕਿਹਾ ਤੇ ਬੋਲੇ, “ਬਨਾਰਸ ਦਾ ਫ਼ਿਆਜ ਵੀ ਬੜਾ ਜਿੰਦਾ ਦਿਲ ਸ਼ਾਇਰ ਸੀ...ਲਖ਼ਨਊ ਵਾਲਿਆਂ ਵਾਂਗ! ਉਸਦੇ ਕਈ ਅਸ਼ਾਰ ਮੈਂ ਆਪਣੇ ਨੌਜਵਾਨ ਦੋਸਤਾਂ ਨੂੰ ਸੁਣਾਏ ਤਾਂ ਉਹ ਬੜੇ ਖੁਸ਼ ਹੋਏ...:

ਕੰਘੀ ਸੇ ਹਾਥ ਉਠਾ ਕਰ ਸ਼ਬੇ ਵਸਲ ਲੇਟੀਏ,
ਕਬ ਗੇਸੁਓਂ ਸੇ ਆਪ ਕੇ ਹੈਂ ਪੇਚੋ ਖ਼ਮ ਗ਼ਲਤ।
ਚੂੜੀਓਂ ਕਾ ਸ਼ੋਰ ਸੁਨੀਏ ਮੂੰਹ ਕੜੋਂ ਕਾ ਦੇਖੀਏ,
ਆਪ ਕੇ ਜੇਵਰ ਭੀ ਹੈਂ ਐ ਜਾਨ ਹਸਤੇ ਬੋਲਤੇ।
ਉਸ ਪਰੀ ਰੂ ਨੇ ਕਹਾ ਬਾਂਧ ਕੇ ਜੂੜਾ ਸਿਰ ਪਰ,
ਆਜ ਚੋਟੀ ਕੇ ਬਖੇੜੇ ਸੇ ਤੋ ਪੀਛਾ ਛੂਟਾ!”


ਅੰਮ੍ਰਿਤ ਤੇ ਉਸਦੇ ਦੋਵੇਂ ਦੋਸਤ ਹੱਸ-ਹੱਸ ਕੇ ਲੋਟ-ਪੋਟ ਹੋ ਗਏ। ਇਹ ਦੇਖ ਕੇ ਮਧੋਕ ਸਾਹਬ ਜ਼ਰਾ ਹੋਰ ਸਿੱਧੇ ਹੋ ਕੇ ਬੈਠ ਗਏ। ਉਹਨਾਂ ਆਪਣਾ ਖਾਲੀ ਗ਼ਲਾਸ ਅੱਗੇ ਕਰ ਦਿੱਤਾ, ਜਿਸਨੂੰ ਅੰਮ੍ਰਿਤ ਨੇ ਝੱਟ ਭਰ ਦਿੱਤਾ। ਉਹਨਾਂ ਕਿਹਾ, “ਤੁਹਾਡੇ ਬਨਾਰਸ ਨੇ ਗਨੀ ਵੀ ਇਕ ਵਧੀਆ ਸ਼ਾਇਰ ਪੈਦਾ ਕੀਤਾ ਏ...:

ਤੇਰੇ ਦੀਵਾਨੇ ਕਾ ਹੈ ਕੈਸਾ ਮਿਜ਼ਾਜ!”

ਇਹ ਸੁਣਦਿਆਂ ਹੀ ਤਿੰਨੇ ਦੋਸਤ ਇਕੋ ਆਵਾਜ਼ ਵਿਚ ਬੋਲੇ...:

“ਜਬ ਜ਼ਰਾ ਬਦਲੀ ਹਵਾ, ਬਦਲਾ ਮਿਜ਼ਾਜ!”

“ਅੱਛਾ-ਅੱਛਾ, ਤੁਹਾਨੂੰ ਸਾਰਿਆਂ ਨੂੰ ਵੀ ਉਸਦਾ ਕਲਾਮ ਪਸੰਦ ਏ। ਖ਼ੂਬ! ਬਹੁਤ ਅੱਛਾ!”
ਫੇਰ ਮਧੋਕ ਸਾਹਬ ਤੇ ਉਹ ਤਿੰਨੇ ਵਾਰੀ ਨਾਲ ਇਕ ਇਕ ਮਿਸਰਾ ਪੜ੍ਹਨ ਲੱਗੇ...:

“ਸ਼ੇਖ ਜੀ ਸੇ ਝੁਕ ਕਰ ਮਿਲਤਾ ਹੂੰ ਬਹੁਤ”
“ਫਿਰ ਭੀ ਹਜਰਤ ਕਿ ਨਹੀਂ ਮਿਲਤਾ ਮਿਜ਼ਾਜ”
“ਮੇਰੀ ਦੁਨੀਆਂ ਤਕ ਬਦਲ ਦੀ ਆਪ ਨੇ”
“ਆਪ ਕਾ ਲੇਕਿਨ ਨਹੀਂ ਬਦਲਾ ਮਿਜ਼ਾਜ”
“ਹਾਏ ਰੇ ਨਾਜੁਕ ਮਿਜ਼ਾਜੀ ਹੁਸਨ ਕੀ”
“ਇਸ਼ਕ ਨੇ ਦੇਖਾ ਕਿ ਬਸ ਬਦਲਾ ਮਿਜ਼ਾਜ”
“ਦਮ ਮੇਂ ਕੁਛ ਹੈ, ਦਮ ਮੇਂ ਕੁਛ ਹੈ, ਦਮ ਮੇਂ ਕੁਛ”
“ਖ਼ਾਕ ਕੇ ਪੁਤਲੇ ਕਾ ਹੈ ਕੈਸਾ ਮਿਜ਼ਾਜ”
“ਅਬ ਗਨੀ ਕਾ ਹਾਲ ਕੁਛ ਐਸਾ ਨਹੀਂ”
“ਕਹਿਣੇ ਕੋ ਕਹਿਤੇ ਹੈਂ ਹੈ ਅੱਛਾ ਮਿਜ਼ਾਜ”


ਗ਼ਜ਼ਲ ਖਤਮ ਹੋ ਗਈ ਤਾਂ ਸਾਰਿਆਂ ਨੇ ਇਕ ਨਾਰਾਏ-ਮਸਤਾਨਾ ਲਾਇਆ ਤੇ ਆਪਣੇ ਆਪਣੇ ਗ਼ਲਾਸ ਚੁੱਕੇ। ਉਹਨਾਂ ਨੂੰ ਇਸਦੀ ਪ੍ਰਵਾਹ ਨਹੀਂ ਸੀ ਕਿ ਉਹਨਾਂ ਦੀਆਂ ਆਵਾਜ਼ਾਂ ਕਿੰਨੀਆਂ ਉੱਚੀਆਂ ਹੋ ਗਈਆਂ ਨੇ ਜਾਂ ਕਿੰਨੀ ਦੂਰ ਤਕ ਜਾ ਰਹੀਆਂ ਨੇ!
ਇੰਨੀ ਤੇ ਸ਼੍ਰੀਮਤੀ ਮਧੋਕ ਇਕ ਵੱਡੀ ਸਾਰੀ ਟਰੇ ਵਿਚ ਆਂਡੇ, ਡਬਲ-ਰੋਟੀ, ਮੱਖਣ, ਜਾਮ, ਆਚਾਰ, ਸਬਜ਼ੀ ਵਗ਼ੈਰਾ ਲੈ ਆਏ। ਮੇਜ਼ ਉੱਤੋਂ ਕਿਤਾਬਾਂ ਚੁੱਕ ਦਿੱਤੀਆਂ ਗਈਆਂ ਤੇ ਪਲੇਟਾਂ ਸਜ਼ਾ ਦਿੱਤੀਆਂ ਗਈਆਂ। ਮਧੋਕ ਸਾਹਬ ਪਲੰਘ ਤੋਂ ਉਠ ਕੇ ਫਰਸ਼ ਉੱਤੇ ਟਹਿਲਣ ਲੱਗ ਪਏ। ਅਚਾਨਕ ਇੰਨੀ ਦਾ ਮੂਡ ਬਣ ਗਿਆ। ਉਹ ਗੰਭੀਰ ਤੇ ਦਰਦ ਭਿੱਜੀ ਆਵਾਜ਼ ਵਿਚ ਫੈਜ ਦੀ ਇਕ ਤਾਜ਼ਾ ਨਜ਼ਮ ਗਾਉਣ ਲੱਗ ਪਿਆ...:

“ਮੁਝ ਸੇ ਪਹਿਲੀ ਸੀ ਮੁਹੱਬਤ
ਮੇਰੇ ਮਹਿਬੂਬ ਨ ਮਾਂਗ!”


ਸਾਰੇ ਬੜੇ ਧਿਆਨ ਨਾਲ ਸੁਣਦੇ ਰਹੇ। ਮਧੋਕ ਸਾਹਬ ਤਾਂ ਹੱਥ ਵਿਚ ਗ਼ਲਾਸ ਚੁੱਕੀ, ਬਿਨਾਂ ਅੱਖਾਂ ਝਪਕਾਇਆਂ ਆਪਣੇ ਛੋਟੇ ਬੇਟੇ ਵਲ ਹੀ ਦੇਖੀ ਜਾ ਰਹੇ ਸਨ; ਮੁਸਕੁਰਾਈ ਜਾ ਰਹੇ ਸਨ। ਸ਼੍ਰੀਮਤੀ ਮਧੋਕ ਚੁੱਪਚਾਪ ਬੈਠੀ, ਉਹਨਾਂ ਸਾਰਿਆਂ ਵਲ ਦੇਖ ਰਹੀ ਸੀ—ਇਹ ਛੋਟੇ ਵੱਡੇ ਸਾਰੇ ਮਰਦ ਹੀ ਬੜੇ ਅਜੀਬ ਹੁੰਦੇ ਨੇ, ਕਿੰਨੇ ਮਸਤ ਹੋਏ ਹੋਏ ਨੇ! ਪਿਊ, ਪੁੱਤਰਾਂ ਤੇ ਪੁੱਤਰਾਂ ਦੇ ਦੋਸਤਾਂ ਦੀਆਂ ਖੁਸ਼ੀਆਂ ਇਕੋ ਜਿਹੀਆਂ ਨੇ! ਸਭਨਾਂ ਦਾ ਉਤਸਾਹ ਇਕੋ ਜਿਹਾ ਏ। ਇਹਨਾਂ ਵਿਚਕਾਰ ਉਮਰ ਦੀ ਕੋਈ ਸੀਮਾ ਨਹੀਂ। ਸਾਰਿਆਂ ਦੇ ਪੈਰਾਂ ਹੇਠ ਇਕੋ ਧਰਤੀ ਹੈ! ਸਾਰਿਆਂ ਦੇ ਸਿਰਾਂ ਉੱਤੇ ਇਕੋ ਆਕਾਸ਼ ਹੈ!
ਉਹਨਾਂ ਸਾਰਿਆਂ ਨੇ ਕਾਫੀ ਚਿਰ ਤਕ ਹੁੱਲੜ੍ਹ ਮਚਾਇਆ—ਕਦੀ ਵਾਰੀ ਵਾਰੀ ਤੇ ਕਦੀ ਇਕੱਠੇ ਮਿਲ ਕੇ ਜੋਸ਼, ਜਿਗਰ, ਇਕਬਾਲ ਤੇ ਹਫ਼ੀਜ਼ ਦੇ ਅਣਿਗਿਣਤ ਆਸ਼ਾਰ ਸੁਣਾਏ।
ਫੇਰ ਅਚਾਨਕ ਮਧੋਕ ਸਾਹਬ ਉੱਤੇ ਭੈਰਵੀ ਦਾ ਮੂਡ ਸਵਾਰ ਹੋ ਗਿਆ, ਉਹਨਾਂ ਨੇ—

“ਹਟੋ ਕਾਹੇ ਕੋ ਝੂਠੀ ਬਣਾਓ ਬਤੀਆਂ
ਵਹੀਂ ਜਾਏ ਰਹੋ ਰਹੇ ਜਹਾਂ ਸਾਰੀ ਰਤੀਆਂ।”


ਗਾਉਣਾ ਸ਼ੁਰੂ ਕਰ ਦਿੱਤਾ ਤਾਂ ਸਾਰੇ ਉਹਨਾਂ ਦੀ ਸੁਰ ਨਾਲ ਸੁਰ ਮੇਲ ਕੇ ਗਾਉਣ ਲੱਗ ਪਏ...ਕੁਝ ਚਿਰ ਪਿੱਛੋਂ ਨੱਚਣ ਲੱਗ ਪਏ—ਇਕ ਦੂਜੇ ਦੇ ਬੁੱਲ੍ਹਾਂ ਨਾਲ ਆਪਣੇ ਗ਼ਲਾਸ ਲਾਉਂਦੇ ਹੋਏ! ਇੰਜ ਲੱਗਦਾ ਸੀ, ਇਸ ਖੁਸ਼ੀ ਦਾ ਕੋਈ ਅੰਤ ਨਹੀਂ ਹੋਏਗਾ। ਜ਼ਿੰਦਗੀ ਜਿਸ ਧੁਰੀ ਉੱਤੇ ਘੁੰਮ ਰਹੀ ਹੈ, ਹਮੇਸ਼ਾ ਘੁੰਮਦੀ ਰਹੇਗੀ। ਨੱਚਣਾ-ਟੱਪਣਾ, ਹੱਸਣਾ-ਗਾਉਣਾ, ਖਾਣਾ-ਪੀਣਾ ਹੀ ਉਸਦਾ ਸਭ ਤੋਂ ਵੱਡਾ ਉਦੇਸ਼ ਹੈ।...ਤੇ ਇਹੀ ਜਿਊਂਦੇ ਰਹਿਣ ਲਈ ਸਭ ਤੋਂ ਜ਼ਰੂਰੀ ਵੀ ਹੈ।
ਇੰਜ ਗਾਉਂਦਿਆਂ-ਗਾਉਂਦਿਆਂ ਤੇ ਨੱਚਦਿਆਂ-ਨੱਚਦਿਆਂ ਰਾਤ ਹੌਲੀ-ਹੌਲੀ ਫੈਲ ਰਹੇ ਸਵੇਰ ਦੇ ਪੱਲੇ ਹੇਠ ਸਰਕਦੀ ਗਈ ਤੇ ਬਿਲਕੁਲ ਅਲੋਪ ਹੋ ਗਈ। ਸ਼੍ਰੀਮਤੀ ਮਧੋਕ ਥੱਕ ਕੇ ਬਿਸਤਰੇ ਵਿਚ ਵੜ ਗਈ। ਇੰਨੀ ਵੀ ਪੈਂਟ ਸਮੇਤ ਆਪਣੀ ਮਾਂ ਦੇ ਨਾਲ ਹੀ ਇਕ ਪਾਸੇ ਲੇਟ ਗਿਆ। ਸ਼੍ਰੀਮਤੀ ਮਧੋਕ ਨੇ ਆਪ ਹੀ ਖਿੱਚ-ਖੁੱਚ ਕੇ ਉਸਦਾ ਕੋਟ ਲਾਇਆ ਤੇ ਜਦੋਂ ਉਹ ਉਸਨੂੰ ਪਲੰਘ ਦੀ ਢੋਅ ਉਪਰ ਟੰਗਣ ਲਗੀ ਤਾਂ ਅਚਾਨਕ ਉਸਦੀ ਜੇਬ ਵਿਚੋਂ ਨਿਕਲ ਕੇ ਪਰਸ ਬਾਹਰ ਡਿੱਗ ਪਿਆ।
ਮਧੋਕ ਸਾਹਬ ਹੁਣ ਤਕ ਟਹਿਲ ਹੀ ਰਹੇ ਸਨ। ਉਹਨਾਂ ਝੁਕ ਕੇ ਪਰਸ ਚੁੱਕਿਆ...ਪਰਸ ਦੀ ਬਾਹਰਲੀ ਪਲਾਸਟਿਕ ਦੀ ਪਾਰਦਰਸ਼ੀ ਜੇਬ ਵਿਚ ਉਹਨਾਂ ਨੂੰ ਇਕ ਸੋਹਣੀ ਜਿਹੀ ਕੁੜੀ ਦੀ ਫ਼ੋਟੋ ਨਜ਼ਰ ਆਈ। ਇਕ ਪਲ ਲਈ ਮਧੋਕ ਸਾਹਬ ਠਿਠਕ ਕੇ ਰਹਿ ਗਏ। ਫੇਰ ਫ਼ੋਟੋ ਨੂੰ ਗੌਰ ਨਾਲ ਦੇਖਦੇ ਹੋਏ ਬੋਲੇ, “ਲੱਗਦਾ ਏ, ਸਾਡੇ ਬੇਟਾ ਜੀ ਅੱਜ ਕਲ੍ਹ ਏਸ ਕੁੜੀ ਨਾਲ ਇਸ਼ਕ ਫੁਰਮਾਅ ਰਹੇ ਨੇ!”
ਉਹਨਾਂ ਦੀ ਆਵਾਜ਼ ਵਿਚ ਉਹੀ ਸਨੇਹ ਭਿੱਜਿਆ ਵਿਅੰਗ ਸੀ, ਜਿਹੜਾ ਅਕਸਰ ਆਪਣੀ ਔਲਾਦ ਦੀਆਂ ਹਰਕਤਾਂ ਉੱਤੇ ਆ ਜਾਂਦਾ ਹੈ। ਇਹ ਸੁਣ ਕੇ ਸ਼੍ਰੀਮਤੀ ਮਧੋਕ ਹੈਰਾਨੀ ਨਾਲ ਤ੍ਰਬਕੀ ਤੇ ਲੇਟਿਆਂ-ਲੇਟਿਆਂ ਹੀ ਗਰਦਨ ਭੁਆਂ ਕੇ ਮਧੋਕ ਸਾਹਬ ਵਲ ਦੇਖਣ ਲੱਗ ਪਈ। ਤੇ ਉਹਨਾਂ ਨੇ ਕਿਹਾ, “ਲੈ ਭਲੀਏ ਲੋਕੇ, ਤੂੰ ਵੀ ਦਰਸ਼ਨ ਕਰ ਲੈ ਆਪਣੀ ਹੋਣ ਵਾਲੀ ਨੂੰਹ ਦੇ!”
ਸ਼੍ਰੀਮਤੀ ਮਧੋਕ ਹੈਰਾਨ ਹੋ ਕੇ ਕਦੀ ਉਸ ਫ਼ੋਟੋ ਵਲ ਦੇਖਦੀ, ਕਦੀ ਆਪਣੇ ਪੁੱਤਰ ਦੇ ਨੀਂਦ ਵਿਚ ਡੁੱਬੇ ਚਿਹਰੇ ਵਲ। ਪਰ ਅੰਮ੍ਰਿਤ ਬੜੀ ਸੰਜੀਦਗੀ ਨਾਲ ਆਪਣੀ ਮਾਂ ਤੇ ਪਿਤਾ ਜੀ ਦੇ ਚਿਹਰੇ ਵਲ ਬੜੀਆਂ ਘੋਖਵੀਆਂ ਜਿਹੀਆਂ ਨਜ਼ਰਾਂ ਨਾਲ ਦੇਖ ਰਿਹਾ ਸੀ।
ਮਧੋਕ ਸਾਹਬ ਹੁਣ ਗਾ ਜਾਂ ਕੁਝ ਗੁਣਗੁਣਾ ਨਹੀਂ ਰਹੇ ਸਨ; ਗੂੜੀ ਚੁੱਪ ਵਿਚ ਲਿਪਟੇ ਅਹਿਲ ਰਹੇ ਸਨ—ਤੇ ਇਕ ਨਵੇਂ, ਬਿਨਾਂ ਸੁਲਗਾਏ ਸਿਗਾਰ ਨੂੰ ਵਾਰੀ-ਵਾਰੀ ਹੋਠਾਂ ਤਕ ਲਿਜਾਅ ਰਹੇ ਸਨ।
ਸ਼੍ਰੀਮਤੀ ਮਧੋਕ ਨੇ ਉਦਾਸ ਜਿਹੀ ਹੋ ਕੇ ਪਰਸ ਸਿਰਹਾਣੇ ਹੇਠ ਰੱਖ ਦਿੱਤਾ ਤੇ ਅੰਮ੍ਰਿਤ ਨੂੰ ਪੁੱਛਿਆ, “ਪਤਾ ਏ, ਇਹ ਕੁੜੀ ਕੌਣ ਏਂ?”
ਅੰਮ੍ਰਿਤ ਨੇ ਖੰਘੂਰਾ ਜਿਹਾ ਮਾਰ ਕੇ ਗਲ਼ਾ ਸਾਫ ਕਰਦਿਆਂ ਹੋਇਆਂ ਕਿਹਾ, “ਅੰਮਾਂ, ਇਸੇ ਕੁੜੀ ਬਾਰੇ ਤਾਂ ਅਸੀਂ ਤੁਹਾਡੇ ਨਾਲ ਗੱਲ ਕਰਨ ਆਏ ਆਂ—ਇੰਨੀ ਮੈਨੂੰ ਬੁਲਾ ਕੇ ਲਿਆਇਆ ਏ। ਤੁਸੀਂ ਪਛਾਣਿਆ ਨਹੀਂ ਇਸਨੂੰ?—ਪੰਮੀ ਏਂ। ਇੰਨੀ ਨਾਲ ਯੂਨੀਵਰਸਟੀ ਵਿਚ ਪੜ੍ਹਦੀ ਰਹੀ ਏ। ਅੰਮਾਂ! ਤੁਸੀਂ ਇਸਦੇ ਪਾਪਾ ਨੂੰ ਵੀ ਚੰਗੀ ਤਰ੍ਹਾਂ ਜਾਣਦੇ ਓ। ਪਰ ਜੇ ਤੁਸੀਂ ਮੇਰੇ ਮੂੰਹੋਂ ਉਹਨਾਂ ਦਾ ਨਾਂ ਸੁਣ ਕੇ ਨਾਰਾਜ਼ ਨਾ ਹੋਵੋਂ ਤਾਂ ਦੱਸਾਂ?”
ਪਤੀ ਪਤਨੀ ਦੋਵਾਂ ਨੇ ਆਪਣੇ ਪੁੱਤਰ ਵਲ ਸਵਾਲੀਆ ਨਜ਼ਰਾਂ ਨਾਲ ਤੱਕਿਆ ਤੇ ਕੁਝ ਚਿਰ ਚੁੱਪਚਾਪ ਤੱਕਦੇ ਰਹੇ—ਇਸ ਕਰਕੇ ਅੰਮ੍ਰਿਤ ਦਾ ਹੌਸਲਾ ਨਾ ਪਿਆ ਕਿ ਅੱਗੇ ਕੁਝ ਕਹੇ। ਅਚਾਨਕ ਮਧੋਕ ਸਾਹਬ ਬੋਲੇ, “ਮੈਂ ਸਮਝ ਗਿਆ। ਉਹ, ਉਹੀ ਤਸੀਲਦਾਰ ਤਾਂ ਨਹੀਂ, ਜਿਸ ਨਾਲ ਇਸ ਕਾਟੇਜ ਦੀ ਅਲਾਟਮੈਂਟ ਸਮੇਂ ਸਾਡਾ ਝਗੜਾ ਹੋਇਆ ਸੀ?”
ਹੁਣ ਸ਼੍ਰੀਮਤੀ ਮਧੋਕ ਵੀ ਚੁੱਪ ਨਾ ਰਹਿ ਸਕੀ, ਬੋਲੀ, “ਸਿਰਫ ਝਗੜਾ ਹੀ ਕਿਉਂ...ਉਹ ਤਾਂ ਤੁਹਾਨੂੰ ਜੇਲ ਭਿਜਵਾ ਦੇਣ ਉੱਤੇ ਤੁਲ ਗਿਆ ਸੀ, ਪਰ ਉਸਦਾ ਵੱਸ ਹੀ ਨਹੀਂ ਸੀ ਚੱਲਿਆ ਕੋਈ।”
ਕਈ ਪਲ ਮਧੋਕ ਸਾਹਬ ਆਪਣੀ ਜਗ੍ਹਾ ਸਿਲ-ਪੱਥਰ ਹੋਏ ਖੜ੍ਹੇ ਰਹੇ, ਜਿਵੇਂ ਪੁਰਾਣੀਆਂ ਸੋਚਾਂ ਵਿਚ ਗਵਾਚ ਗਏ ਹੋਣ। ਫੇਰ ਉਹਨਾਂ ਨੇ ਹੱਥ ਵਿਚ ਫੜਿਆ ਗ਼ਲਾਸ ਮੂੰਹ ਨਾਲ ਲਾ ਲਿਆ ਤੇ ਉਦੋਂ ਤਕ ਨਹੀਂ ਹਟਾਇਆ, ਜਦੋਂ ਤਕ ਉਸ ਵਿਚਲੀ ਆਖ਼ਰੀ ਬੂੰਦ ਵੀ ਹਲਕ ਤੋਂ ਹੇਠਾਂ ਨਹੀਂ ਉਤਰ ਗਈ। ਅਚਾਨਕ ਉਸੇ ਵੇਲੇ ਕਮਰੇ ਵਿਚ ਸ਼੍ਰੀਮਤੀ ਮਧੋਕ ਦੀਆਂ ਸਿਸਕੀਆਂ ਗੂੰਜਣ ਲੱਗੀਆਂ। ਸਾਰੇ ਜਣੇ ਹੈਰਾਨ ਹੋ ਕੇ ਉਸ ਵਲ ਦੇਖਣ ਲੱਗ ਪਏ। ਉਹ ਪਲੰਘ ਉੱਤੇ ਬੈਠੀ ਰੋ ਰਹੀ ਸੀ। ਉਸੇ ਪਲੰਘ ਉੱਤੇ ਇੰਨੀ ਬੇਸੁੱਧ ਪਿਆ ਸੀ।
“ਮੈਨੂੰ ਕਰਮਾਂ ਸੜੀ ਨੂੰ ਕੋਈ ਪੁੱਛਦਾ ਤਕ ਨਹੀਂ...ਕੀ ਮੈਂ ਉਸ ਦੁਸ਼ਮਣ ਦੀ ਕੁੜੀ ਨਾਲੋਂ ਸੋਹਣੀ ਕੁੜੀ ਲੱਭ ਕੇ ਨਹੀਂ ਲਿਆ ਸਕਦੀ ਸੀ? ਲੋਕ ਰਿਸ਼ਤੇ ਲੈ ਕੇ ਮੇਰੇ ਅੱਗੇ-ਪਿੱਛੇ ਤੁਰੇ ਫਿਰਦੇ ਨੇ। ਉਸ ਨਾਲੋਂ ਇਕ ਤੋਂ ਇਕ ਸੋਹਣੀ ਕੁੜੀ ਪਈ ਏ...ਪੜ੍ਹੀ-ਲਿਖੀ ਤੇ ਸੁਸ਼ੀਲ...”
ਮਾਂ ਦੀਆਂ ਸਿਸਕੀਆਂ ਕਾਰਨ ਇੰਨੀ ਦੀ ਨੀਂਦ ਟੁੱਟ ਗਈ ਸੀ। ਪਰ ਉਸ ਅੱਖਾਂ ਬੰਦ ਕਰੀ, ਮਾਂ ਨੂੰ ਜੱਫੀ ਪਾ ਕੇ ਕਿਹਾ ਹੈ, “ਅੰਮਾ, ਮੇਰੀ ਪਿਆਰੀ ਅੰਮਾਂ! ਸੌਂ ਜਾ ਹੁਣ। ਸਵੇਰੇ ਗੱਲ ਕਰਾਂਗੇ। ਐਵੇਂ ਪ੍ਰੇਸ਼ਾਨ ਨਾ ਹੋ!”
ਸੁਣ ਕੇ ਉਸਦੀ ਮਾਂ ਨੇ ਅੱਥਰੂ ਪੂੰਝ ਲਏ ਤੇ ਕਿਹਾ ਹੈ, “ਮੈਂ ਕਿਉਂ ਪ੍ਰੇਸ਼ਾਨ ਹੋਵਾਂਗੀ—ਹੁਣ ਪ੍ਰੇਸ਼ਾਨ ਹੋਣ ਦੀ ਤਾਂ ਤੇਰੇ ਪਿਓ ਦੀ ਵਾਰੀ ਆਈ ਏ। ਦੇਖਦੀ ਆਂ, ਹੁਣ ਕੀ ਫ਼ੈਸਲਾ ਕਰਦੇ ਨੇ ਇਹ!” ਕਹਿ ਕੇ ਉਸਨੇ ਮਧੋਕ ਸਾਹਬ ਵਲ ਸਵਾਲੀਆ ਨਜ਼ਰਾਂ ਨਾਲ ਤੱਕਿਆ ਤੇ ਕਈ ਪਲ, ਅੱਖਾਂ ਝਪਕਾਏ ਬਿਨਾਂ ਦੇਖਦੀ ਰਹੀ। ਪਰ ਮਧੋਕ ਸਾਹਬ ਨੇ ਕੋਈ ਜਵਾਬ ਨਾ ਦਿੱਤਾ—ਵਰਾਂਡੇ ਵਿਚ ਜਾ ਕੇ ਆਰਾਮ ਕੁਰਸੀ ਉੱਤੇ ਬੈਠ ਗਏ।
ਸਵੇਰ ਹੋਣ ਵਿਚ ਬਹੁਤੀ ਦੇਰ ਨਹੀਂ ਸੀ ਹੁਣ। ਪਹੁ-ਫੁਟ ਚੱਲੀ ਸੀ। ਤਾਜ਼ੀ ਠੰਡੀ ਹਵਾ ਵਗ ਰਹੀ ਸੀ। ਚਿੜੀਆਂ ਵੀ ਬੋਲਣ ਲੱਗ ਪਈਆਂ ਸਨ। ਸਟੋਰ ਵਿਚ ਸਾਰੀ ਰਾਤ ਦਾ ਬੰਦ ਰਾਕਸੀ ਬਾਹਰ ਨਿਕਲਣ ਲਈ ਬੇਚੈਨ ਹੋ ਉਠਿਆ ਸੀ—ਵਾਰੀ ਵਾਰੀ ਪੰਜਿਆਂ ਨਾਲ ਦਰਵਾਜ਼ਾ ਖੁਰਚ ਰਿਹਾ ਸੀ ਤੇ ਕੂੰ ਕੂੰ ਦੀਆਂ ਖੁਸ਼ਾਮਦ ਭਰੀਆਂ ਆਵਾਜ਼ਾਂ ਕੱਢ ਰਿਹਾ ਸੀ।
ਅੱਠ ਵੱਜਦਿਆਂ-ਵੱਜਦਿਆਂ ਸ਼੍ਰੀਮਤੀ ਮਧੋਕ ਨੇ ਸਾਰਿਆਂ ਲਈ ਨਾਸ਼ਤਾ ਤਿਆਰ ਕਰ ਲਿਆਂਦਾ, ਕਿਉਂਕਿ ਬੱਚੇ ਨੌ ਵਜੇ ਤਕ ਵਾਪਸ ਚਲੇ ਜਾਣਾ ਚਾਹੁੰਦੇ ਸਨ। ਮਾਂ ਤੇ ਪਿਤਾ ਦੇ ਵਾਰੀ-ਵਾਰੀ ਕਹਿਣ 'ਤੇ ਵੀ ਇਕ ਦਿਨ ਰੁਕਣ ਲਈ ਤਿਆਰ ਨਹੀਂ ਸਨ। ਅੰਮ੍ਰਿਤ ਨੇ ਇਕ ਕਾਲਜ ਦੇ ਸੈਮੀਨਾਰ ਵਿਚ ਸ਼ਾਮਲ ਹੋਣ ਲਈ ਅੱਜ ਸ਼ਾਮ ਤਕ ਜਲੰਧਰ ਪਹੁੰਚਣਾ ਸੀ। ਇੰਨੀ ਦਾ ਬਾਸ ਅੱਜ ਦੁਪਹਿਰ ਦੇ ਜਹਾਜ਼ ਰਾਹੀਂ ਦਿੱਲੀ ਤੋਂ ਆ ਰਿਹਾ ਸੀ। ਉਹਨਾਂ ਦੇ ਨਾਲ ਹੀ ਉਹਨਾਂ ਦੇ ਦੋਵੇਂ ਦੋਸਤ ਮੁਸੱਰਤ ਤੇ ਅਹੂਜਾ ਵੀ ਜਾ ਰਹੇ ਸਨ।
ਸਾਰੇ ਵਰਾਂਡੇ ਵਿਚ ਲੱਗੇ ਇਸ ਸ਼ੀਸ਼ੇ ਸਾਹਮਣੇ ਖੜ੍ਹੇ ਸ਼ੇਵ ਕਰ ਰਹੇ ਸਨ। ਮਧੋਕ ਸਾਹਬ ਨੇ ਉਹਨਾਂ ਦੇ ਨਹਾਉਣ ਲਈ ਪਾਣੀ ਵੀ ਗਰਮ ਕਰ ਦਿੱਤਾ ਸੀ ਤਾਂਕਿ ਰਾਤ ਦੇ ਜਾਗਰਾਤੇ ਦੀ ਥਕਾਣ ਤੇ ਆਲਸ ਦੂਰ ਹੋ ਜਾਏ। ਉਹ ਆਪ ਹੁਣ ਤਕ ਚਾਰ ਵਾਰੀ ਚਾਹ ਪੀ ਚੁੱਕੇ ਸਨ ਤੇ ਸਿਗਾਰ ਤੇ ਸਿਗਾਰ ਫੂਕੀ ਜਾ ਰਹੇ ਸਨ।
ਰਾਤ ਦੀ ਹਲਚਲ ਪਿੱਛੋਂ ਉਸ ਘਰ ਵਿਚ ਹੁਣ ਤਕ ਇਕ ਅਜੀਬ ਜਿਹੀ ਚੁੱਪ ਛਾਈ ਹੋਈ ਸੀ। ਉਸ ਚੁੱਪ ਦੇ ਆਸਾਰ ਹਰੇਕ ਚਿਹਰੇ ਉੱਤੇ ਚਿਪਕੇ ਹੋਏ ਸਨ। ਇੰਜ ਲੱਗਦਾ ਸੀ, ਹਾਸੇ ਤੇ ਖੁਸ਼ੀਆਂ ਜਿਹੜੇ ਅਚਾਨਕ ਵਿਦਾਅ ਹੋ ਗਏ ਸਨ ਉਹਨਾਂ ਦੇ ਪਰਤ ਆਉਣ ਦੀ ਕੋਈ ਉਮੀਦ ਨਹੀਂ ਸੀ। ਸ਼੍ਰੀਮਤੀ ਮਧੋਕ ਵੀ ਬੇਹੱਦ ਚੁੱਪ-ਚੁੱਪ ਸੀ, ਪਰ ਉਸਦੇ ਚਿਹਰੇ ਉੱਤੇ ਫਤਹਿ ਦੀ ਚਮਕ ਵੀ ਸੀ—ਜਦੋਂ ਉਹ ਆਪਣੇ ਪਤੀ ਵਲ ਦੇਖਦੀ, ਉਸਦੀਆਂ ਅੱਖਾਂ ਵਿਚ ਛਿਪਿਆ ਵਿਅੰਗ ਸਾਫ ਨਜ਼ਰ ਆਉਣ ਲੱਗ ਪੈਂਦਾ। ਅਖ਼ੀਰ ਉਹ ਆਪਣੀ ਤੇ ਆਲੇ-ਦੁਆਲੇ ਪਸਰੀ ਹੋਈ ਚੁੱਪ ਤੋਂ ਅੱਕ ਕੇ ਅਹੂਜਾ ਨੂੰ ਪੁੱਛਣ ਲੱਗੇ, “ਤੁਸੀਂ ਸ਼ਾਇਦ ਮੁਲਤਾਨ ਦੇ ਰਹਿਣ ਵਾਲੇ ਓ?”
“ਹਾਂ-ਜੀ! ਪਰ ਤੁਸੀਂ ਕਿੰਜ ਪਛਾਣਿਆ?”
ਉਹ ਮੁਸਕੁਰਾ ਕੇ ਬੋਲੇ, “ਤੁਹਾਡੀ ਬੋਲੀ ਤੋਂ। ਮੁਲਤਾਨੀਆਂ ਦੀ ਬੋਲ-ਚਾਲ ਉਹਨਾਂ ਨੂੰ ਬਹੁਤੀ ਦੇਰ ਤਕ ਗੁੱਝਾ ਨਹੀਂ ਰਹਿਣ ਦੇਂਦੀ। ਉਹਨਾਂ ਦਾ ਕੁਝ ਸ਼ਬਦਾਂ ਦਾ ਉਚਾਰਣ ਹੀ ਉਹਨਾਂ ਦੇ ਮੁਲਤਾਨੀ ਹੋਣ ਦੀ ਚੁਗਲੀ ਕਰ ਦੇਂਦਾ ਏ ਜਿਵੇਂ ਉਹ 'ਘੋੜੀ' ਨੂੰ 'ਘੋਰੀ' ਹੀ ਕਹਿਣਗੇ। ਤੇ 'ਘੜੀ' ਨੂੰ 'ਘਰੀ' ਹੀ—ਤੁਸੀਂ ਵੀ ਹੁਣੇ ਅੰਮ੍ਰਿਤ ਨਾਲ ਆਪਣੀ 'ਘਰੀ' ਬਾਰੇ ਕੋਈ ਗੱਲ ਕੀਤੀ ਸੀ ਨਾ?”
ਅਹੂਜਾ ਕੱਚਾ ਜਿਹਾ ਹਾਸਾ ਹੱਸਿਆ। ਮਧੋਮ ਸਾਹਬ ਨੇ ਕਿਹਾ, “ਜਦੋਂ ਮੈਂ ਲਾਹੌਰ ਰਹਿੰਦਾ ਸਾਂ, ਸਾਡੇ ਮੁਹੱਲੇ ਸੰਤ ਨਗਰ 'ਚ ਕਈ ਮੁਲਤਾਨੀ ਵੀ ਰਹਿੰਦੇ ਸਨ। ਆਪਣੀ ਮੁਲਤਾਨੀ ਬੋਲੀ ਵਿਚ ਹੀ ਉਹ ਰਾਮ ਲੀਲਾ ਕਰਦੇ ਹੁੰਦੇ ਸਨ। ਉਹਨਾਂ ਦੀ ਬੋਲੀ ਸੁਣ ਕੇ ਸਾਨੂੰ ਬੜਾ ਮਜ਼ਾ ਆਉਂਦਾ। ਜਿਵੇਂ ਰਾਮ ਕਹਿੰਦਾ, 'ਰਾਵਣਾ, ਓ ਰਾਵਣਾ—ਮੈਂਢੀ ਸੀਤਾ ਬਲਾ ਡੇ, ਨਹੀਂ ਤਾਂ ਮੈਂ ਭਿੜ ਪੁ ਸਾਂਈ' ਅੱਗੋਂ ਰਾਵਣ ਕਹਿੰਦਾ, 'ਵੰਝ ਵੰਝ ਓਇ ਰਾਮ ਦਾ ਪੁੱਤਰਾ, ਬਊਂ ਸ਼ੇਖੀ ਨਾ ਪਿਆ ਡਿਖਾ। ਤੈਂ ਜਏ ਛੋਰ ਮੇਂ ਕਈ ਡਿੱਠੇ ਹਿਨ। ਹਿੰਮਤ ਹੈ-ਈ ਤਾਂ ਤੀਰ-ਕਮਾਨ ਚਾ। ਮੈਂ ਵੀ ਆਪਣੇ ਹਥਿਆਰ ਲਭੇਨਾ! ਪਰ ਜ਼ਰਾ ਖਲੋ ਵੰਝ। ਹੁੱਕੇ ਦਾ ਹਿਕ ਦਮ ਮਾਰ ਘਿਨਾਂ। ਇਸ ਬਗ਼ੈਰ ਗੱਲ ਕਰੁਨ ਦਾ ਸਵਾਦ ਈ ਨੀ ਪਿਆ ਆਂਦਾ'।”
ਖਾਸਲ ਨਾਟਕੀ ਅੰਦਾਜ਼ ਵਿਚ ਵਾਰਤਾਲਾਪ ਸੁਣਾ ਕੇ ਮਧੋਕ ਸਾਹਬ ਨੇ ਹਰੇਕ ਨੂੰ ਹਸਾ ਦਿੱਤਾ। ਹੋਰ ਤਾਂ ਹੋਰ ਸ਼੍ਰੀਮਤੀ ਮਧੋਕ ਵੀ ਹੱਸਦੀ ਹੋਈ ਕਿਚਨ ਵਿਚੋਂ ਬਾਹਰ ਆਈ। ਆਪਣੀ ਮਾਂ ਨੂੰ ਖਿੜ-ਖਿੜ ਹੱਸਦਿਆਂ ਦੇਖ ਕੇ ਆਪਣੇ ਮੂੰਹ ਉੱਤੇ ਲੱਗਿਆ ਹੋਇਆ ਸਾਬਨ ਪੂੰਝਦਾ ਹੋਇਆ ਇੰਨੀ ਉਸ ਕੋਲ ਚਲਾ ਗਿਆ ਤੇ ਉਸਨੂੰ ਜੱਫੀ ਪਾ ਕੇ ਬੋਲਿਆ, “ਅੰਮਾਂ ਤੂੰ ਇਸੇ ਤਰ੍ਹਾਂ ਹੱਸਦਿਆਂ-ਹੱਸਦਿਆਂ ਮੇਰੀ ਵਹੁਟੀ ਦਾ ਸਵਾਗਤ ਕਰੇਂਗੀ ਨਾ? ਯਕੀਨ ਮੰਨ, ਉਹ ਆਪਣੇ ਡੈਡੀ ਵਰਗੀ ਬਿਲਕੁਲ ਵੀ ਨਹੀਂ...ਮੈਂ ਪੂਰੇ ਵਿਸ਼ਵਾਸ ਨਾਲ ਕਹਿ ਸਕਦਾ ਆਂ ਕਿ ਪੰਮੀ ਨੂੰ ਤੂੰ ਹਮੇਸ਼ਾ ਆਪਣੀ ਹਿੱਕ ਨਾਲ ਲਾ ਕੇ ਰੱਖਿਆ ਕਰੇਂਗੀ।”
ਸ਼੍ਰੀਮਤੀ ਮਧੋਕ ਨੇ ਆਪਣੇ-ਆਪ ਨੂੰ ਆਪਣੇ ਪੁੱਤਰ ਦੀਆਂ ਮਜ਼ਬੂਤ ਬਾਹਾਂ ਦੇ ਘੇਰੇ ਵਿਚੋਂ ਛੁਡਾਉਂਦਿਆਂ ਹੋਇਆਂ ਕਿਹਾ, “ਚਲ-ਚਲ, ਮੈਨੂੰ ਮੂਰਖ ਨਾ ਬਣਾ! ਤੂੰ ਹੀ ਉਸਨੂੰ ਹਿੱਕ ਨਾਲ ਲਾ ਕੇ ਚੁੰਮੀਂ-ਚੱਟੀਂ...ਵਧੇਰੇ ਖੁਸ਼ਾਮਦ ਨਾ ਕਰ ਪਿਆ।”
ਕਹਿ ਕੇ ਉਹ ਰਸੋਈ ਵਿਚ ਚਲੀ ਗਈ। ਮਧੋਮ ਸਾਹਬ ਉਸਦੀ ਗੱਲ ਉੱਤੇ ਉੱਚੀ-ਉੱਚੀ ਹੱਸਣ ਲੱਗ ਪਏ ਤੇ ਉਹਨਾਂ ਦੇ ਦੰਦਾਂ ਵਿਚ ਨੱਪਿਆ ਸਿਗਾਰ ਹੇਠਾਂ ਡਿੱਗ ਪਿਆ। ਜਿਸਨੂੰ ਚੁੱਕਦੇ ਹੋਏ ਉਹ ਬੋਲੇ, “ਓ ਭਲੀਏ ਲੋਕੇ, ਕਿਹੜਾ ਮਰਦ ਆਪਣੀ ਔਰਤ ਨੂੰ ਚੁੰਮਦਾ ਚੱਟਦਾ ਨਹੀਂ ਆਇਆ—ਇਹ ਕੋਈ ਨਵੀਂ ਗੱਲ ਥੋੜ੍ਹਾ ਈ ਹੋਏਗੀ!”
ਸਾਰਿਆਂ ਨੂੰ ਇੰਜ ਲੱਗਿਆ ਜਿਵੇਂ ਮਧੋਮ ਸਾਹਬ ਨੇ ਆਪਣੇ ਸਦਮੇਂ ਉਪਰ ਕਾਬੂ ਪਾ ਲਿਆ ਹੈ।
ਨਾਸ਼ਤੇ ਤੋਂ ਵਿਹਲੇ ਹੋ ਕੇ ਬੱਚੇ ਸੜਕ ਉੱਤੇ ਖੜ੍ਹੀ ਆਪਣੀ ਮੋਟਰ ਵਿਚ ਜਾ ਬੈਠੇ। ਮਧੋਕ ਸਾਹਬ ਵੀ ਆਪਣੀ ਪਤਨੀ ਨੂੰ ਨਾਲ ਲੈ ਕੇ ਉਹਨਾਂ ਨੂੰ ਵਿਦਾਅ ਕਰਨ ਲਈ ਸੜਕ ਤਕ ਗਏ। ਹਰੇਕ ਬੱਚੇ ਵਲ ਉਹਨਾਂ ਮੋਹ ਭਿੱਜੀ ਮੁਸਕਾਨ ਨਾਲ ਤੱਕਿਆ। ਜਦੋਂ ਸ਼੍ਰੀਮਤੀ ਮਧੋਕ ਨੇ ਕਾਰ ਦੀ ਖਿੜਕੀ ਵਿਚੋਂ ਬਾਹਰ ਨਿਕਲੇ ਇੰਨੀ ਦੇ ਸਿਰ ਨੂੰ ਚੁੰਮਿਆਂ ਤਾਂ ਇੰਨੀ ਨੇ ਅੱਖਾਂ ਭਰ ਕੇ ਬੜੇ ਭੋਲੇਪਨ ਨਾਲ ਕਿਹਾ, “ਮੇਰੀ ਸ਼ਾਦੀ ਦੀ ਪਾਰਟੀ ਵਿਚ ਪਾਪਾ ਨੂੰ ਨਾਲ ਲਿਆਵੀਂ ਅੰਮਾਂ—ਲੈ ਆਏਂਗੀ ਨਾ ਇਹਨਾਂ ਨੂੰ?”
ਤੇ ਉਸਨੇ ਤੁਰੰਤ ਕਾਰ ਤੋਰ ਲਈ। ਸ਼੍ਰੀਮਤੀ ਮਧੋਕ ਨੇ ਪਲਕਾਂ ਹੇਠੋਂ ਖਿਸਕ ਚੱਲੇ ਹੰਝੂਆਂ ਨੂੰ ਪੂੰਝਿਆ। ਮਧੋਕ ਸਾਹਬ ਹੁਣ ਤਕ ਮੁਸਕੁਰਾ ਰਹੇ ਸਨ ਤੇ ਕਾਰ ਨੂੰ ਇਕ ਮੋੜ ਮੁੜਦਿਆਂ ਦੇਖ ਰਹੇ ਸਨ। ਜਦੋਂ ਕਾਰ ਨਜ਼ਰਾਂ ਤੋਂ ਓਹਲੇ ਹੋ ਗਈ, ਉਹ ਆਪਣੇ ਕਾਟੇਜ ਵਿਚ ਜਾਣ ਲਈ ਪੌੜੀਆਂ ਉਤਰਨ ਲੱਗ ਪਏ। ਪੌੜੀਆਂ ਵਿਚ ਅਖ਼ਬਾਰ ਵਾਲਾ ਤਾਜ਼ਾ ਟ੍ਰਿਬਿਊਨ, ਲਾਈਫ਼ ਤੇ ਲਿੰਕ ਆਦਿ ਸੁੱਟ ਗਿਆ ਸੀ। ਮਧੋਕ ਸਾਹਬ ਝੁਕ ਕੇ ਉਹਨਾਂ ਨੂੰ ਚੁੱਕਣ ਲੱਗ ਪਏ। ਲਾਈਫ਼ ਦੇ ਟਾਈਟਲ ਪੇਜ ਉੱਤੇ ਇਕ ਦਿਲਕਸ਼ ਕੁੜੀ ਦੀ ਤਸਵੀਰ ਛਪੀ ਹੋਈ ਸੀ। ਉਹ ਉਸਨੂੰ ਆਪਣੀ ਪਤਨੀ ਨੂੰ ਦਿਖਾਉਂਦੇ ਹੋਏ ਬੋਲੇ, “ਕਿਉਂ ਭਲੀਏ ਲੋਕੇ, ਤੇਰੀ ਹੋਣ ਵਾਲੀ ਨੂੰਹ ਤਾਂ ਇਸ ਨਾਲੋਂ ਵੀ ਸੋਹਣੀ ਏ ਨਾ?”
ਉਹ ਉਹਨਾਂ ਨੂੰ ਕੋਈ ਉਤਰ ਨਾ ਦੇ ਸਕੀ। ਬਸ ਉਹਨਾਂ ਦੀ ਬਾਂਹ ਫੜ ਕੇ ਸਹਾਰਾ ਦੇਂਦੀ ਹੋਈ ਪੌੜੀਆਂ ਉਤਰਣ ਲੱਗੀ।
-------------------------------------------------------------