Tuesday, April 19, 2011

ਦੁੰਬੇ ! :: ਗੁਲਜ਼ਾਰ




ਇਕ ਵਿਸ਼ੇਸ਼ ਲਿਖਤ :

ਦੁੰਬੇ !
ਲੇਖਕ : ਗੁਲਜ਼ਾਰ


ਹਿੰਦੀ ਤੋਂ ਅਨੁਵਾਦ : ਮਹਿੰਦਰ ਬੇਦੀ, ਜੈਤੋ


ਸੁਚੀਤਗੜ੍ਹ,  ਇਕ ਛੋਟਾ-ਜਿਹਾ ਪਿੰਡ ਹੈ—ਇਸ ਪਾਸੇ; ਹਿੰਦੁਸਤਾਨ ਵਿਚ। ਸਿਆਲਕੋਟ ਇਕ ਵੱਡੀ ਜਗ੍ਹਾ ਹੈ—ਉਸ ਪਾਸੇ; ਪਾਕਿਸਤਾਨ ਵਿਚ।
ਕੈਪਟਨ ਸ਼ਾਹੀਨ, ਇਕ ਹੈਂਡਸਮ ਰਿਟਾਇਰਡ ਫ਼ੌਜੀ ਨੇ—ਨਿਊਯਾਰਕ ਵਿਚ। 'ਕਸ਼ਮੀਰ' ਨਾਂ ਦਾ ਇਕ ਰੈਸਟੋਰੈਂਟ ਚਲਾਉਂਦੇ ਨੇ। ਉਹਨਾਂ ਦੇ ਦਫ਼ਤਰ ਦੀ ਸ਼ਕਲ ਮੁਹਾਜ਼ ਦੇ ਕਿਸੇ 'ਬੰਕਰ' ਵਰਗੀ ਲੱਗਦੀ ਹੈ। ਛੱਤ 'ਤੇ ਵੀ ਪਲਾਸਟਿਕ ਦੀਆਂ ਹਰੀਆਂ ਪੱਤੀਆਂ ਦੀ ਬਣਵਾਈ ਹੋਈ ਜਾਲੀ ਲਾ ਰੱਖੀ ਹੈ। ਇਕ ਪਾਸੇ ਬਹੁਤ ਸਾਰੀਆਂ ਟੋਪੀਆਂ ਟੰਗੀਆਂ ਹੋਈਆਂ ਨੇ—ਫੌਜੀ ਬੂਟ ਰੱਖੇ ਨੇ ਤੇ ਇਕ ਵਰਦੀ ਵੀ ਟੰਗੀ ਹੋਈ ਹੈ।
ਅਮਜਦ ਇਸਲਾਮ 'ਅਮਜਦ' ਨੇ ਦੁਪਹਿਰ ਦੇ ਖਾਣੇ ਦਾ ਸੱਦਾ ਦਿੱਤਾ ਸੀ...ਤੇ ਵਕੀਲ ਅੰਸਾਰੀ ਆ ਕੇ ਮੈਨੂੰ ਉੱਥੇ ਲੈ ਗਏ ਸਨ। ਉਹ ਉਸ ਪਾਸੇ ਦੇ ਨੇ, ਪਰ ਇਸ ਪਾਸੇ ਦੀਆਂ ਸਾਰੀਆਂ ਉਰਦੂ ਹਸਤੀਆਂ ਤੇ ਲੇਖਕਾਂ-ਸ਼ਾਇਰਾਂ ਨੂੰ ਆਪਣੇ ਉੱਥੇ ਆਉਣ ਦਾ ਸੱਦਾ ਤੇ ਆਪਣੇ ਉਰਦੂ ਦੇ ਸ਼ੌਕ ਨੂੰ ਥਾਪੜਾ ਦੇਂਦੇ ਰਹਿੰਦੇ ਨੇ।
'ਜਸ਼ਨੇ ਗੋਪੀ ਚੰਦ ਨਾਰੰਗ', ਅਮਰੀਕਾ ਵਿਚ ਕਈ ਜਗ੍ਹਾ ਮਨਾ ਚੁੱਕੇ ਨੇ। ਆਪਣਾ ਇਕ ਹੋਟਲ ਹੈ, ਉਹਨਾਂ ਦਾ। ਉਹੀ ਰੋਜ਼ਗਾਰ ਦਾ ਜ਼ਰੀਆ ਹੈ। ਸਰਦਾਰ ਜਾਫ਼ਰੀ, ਇਸ ਪਾਸੇ ਦੇ, ਤੇ ਅਹਿਮਦ ਫ਼ਰਾਜ ਉਸ ਪਾਸੇ ਦੇ, ਅਕਸਰ ਉਹਨਾਂ ਦੇ ਘਰ ਹੀ ਠਹਿਰਦੇ ਨੇ। ਵਕੀਲ ਅੰਸਾਰੀ ਦਾ ਦਿਲ ਲੱਗਾ ਵਾਕ ਹੈ, “ਜ਼ਿੰਦਗੀ ਤਿੱਤਰ-ਬਟੇਰਾ ਬਣ ਕੇ ਰਹਿ ਗਈ ਏ-ਜੀ।” ਜਾਂ ਕਦੀ-ਕਦੀ, “ਅਸੀਂ ਲੋਕ ਤਾਂ ਜੀ, ਤਿੱਤਰ-ਬਟੇਰੇ ਬਣ ਗਏ ਆਂ।” ਬੜੀ ਖਰੀ ਗੱਲ ਹੈ। ਪਹਿਲਾਂ ਕਦੀ ਸੁਣੀ ਜਾਂ ਪੜ੍ਹੀ ਨਹੀਂ—ਨਾ ਇਸ ਪਾਸੇ, ਨਾ ਉਸ ਪਾਸੇ।
ਕੈਪਟਨ ਸ਼ਾਹੀਨ ਦੇ ਰੈਸਟੋਰੈਂਟ ਵਿਚ ਖਾਣਾ ਖਾਂਦਿਆਂ ਹੋਇਆਂ ਅਮਜਦ ਭਾਈ ਨੇ ਕਿਹਾ, “ਨਿਊਯਾਰਕ 'ਚ ਜੇ ਈਸਟਰਨ ਖਾਣਾ, ਖਾਣਾ ਹੋਏ ਤਾਂ ਇਸ ਨਾਲੋਂ ਬਿਹਤਰ ਜਗ੍ਹਾ ਹੋਰ ਕੋਈ ਨਹੀਂ ਮਿਲ ਸਕਦੀ।” ਜਦੋਂ ਹਿੰਦੁਸਤਾਨੀ ਖਾਣਾ ਕਹਿਣਾ ਹੋਏ ਜਾਂ ਪਾਕਿਸਤਾਨੀ ਤਾਂ ਅਮਜਦ ਭਾਈ ਬੜੀ ਸੋਚ-ਵਿਚਾਰ ਤੋਂ ਕੰਮ ਲੈਂਦੇ ਨੇ ਤੇ ਉਸਨੂੰ ਪੰਜਾਬੀ ਵੀ ਨਹੀਂ—'ਈਸਟਰਨ' ਕਹਿੰਦੇ ਨੇ। ਤੇ ਕਸ਼ਮੀਰ ਦਾ ਤਾਂ ਨਾਂਅ ਵੀ ਨਹੀਂ ਲੈਂਦੇ।
ਪਰ ਕੈਪਟਨ ਸ਼ਾਹੀਨ, ਫ਼ੌਜੀਆਂ ਵਾਂਗ ਹੀ ਬੜੇ ਦਿਲਦਾਰ ਆਦਮੀ ਨੇ। ਹੱਸ ਕੇ ਕਹਿੰਦੇ ਨੇ, “ਓ-ਜੀ ਕਸ਼ਮੀਰ 'ਤੇ ਤਾਂ ਦੋਵੇਂ ਈ ਆਪਣਾ ਹੱਕ ਸਮਝਦੇ ਨੇ-ਜੀ—ਇਸ ਲਈ ਸਾਡਾ ਰੈਸਟੋਰੈਂਟ ਬੜਾ ਅੱਛਾ ਚੱਲ ਰਿਹਾ ਏ।”
ਫ਼ੌਜ ਵਿਚੋਂ ਕਿਸੇ ਗੱਲ 'ਤੇ ਨਾਰਾਜ਼ ਹੋ ਕੇ ਅਸਤੀਫਾ ਦੇ ਦਿੱਤਾ ਸੀ। ਪਰ ਫ਼ੌਜੀ ਹੋਣ ਦਾ ਮਾਣ ਹੁਣ ਵੀ ਓਵੇਂ ਦੀ ਜਿਵੇਂ ਹੈ। ਕਹਿੰਦੇ ਨੇ, “ਇਕ ਮਹੀਨਾ ਹੋਰ ਠਹਿਰ ਜਾਂਦਾ ਤਾਂ 'ਮੇਜਰ' ਬਣ ਕੇ ਰਿਟਾਇਰਡ ਹੁੰਦਾ, ਪਰ ਜੀ ਆਪਾਂ-ਨੂੰ ਨਾਂਅ ਦੇ ਨਾਲ ਕੈਪਟਨ ਅਖਵਾਉਣਾ ਵਧੇਰੇ ਚੰਗਾ ਲੱਗਦਾ ਸੀ।”
ਸਨ 1971 ਦੀ ਜੰਗ ਵਿਚ ਹਿੱਸਾ ਲਿਆ ਸੀ ਤੇ ਦੱਸ ਰਹੇ ਸਨ ਕਿ ਉਸ ਜੰਗ ਵਿਚ 'ਸਾਰਾ ਐਕਸ਼ਨ ਬੰਗਾਲ ਵੱਲ ਈ ਹੋਇਆ ਸੀ। ਪੰਜਾਬ ਵੱਲ ਛੋਟੀਆਂ-ਮੋਟੀਆਂ ਝੜਪਾਂ ਹੋਈਆਂ।' ਤੇ ਓਦੋਂ ਉਹ 'ਸਿਆਲਕੋਟ ਸੈਕਸ਼ਨ' ਦੇ ਇਕ ਮੋਰਚੇ ਉੱਤੇ ਇਕ ਐਕਸ਼ਨ ਵਿਚ ਸ਼ਾਮਲ ਸਨ।
ਹੁਣ ਹਲਕੀ ਜਿਹੀ ਦਾੜ੍ਹੀ ਰੱਖ ਲਈ ਹੈ ਤੇ ਗੱਲ ਕਰਦੇ ਹੋਏ ਮੁੱਛਾਂ ਉੱਤੇ ਵਾਰ-ਵਾਰ ਹੱਥ ਫੇਰਦੇ ਰਹਿੰਦੇ ਨੇ। ਮੈਂ ਪੁੱਛਿਆ ਸੀ ਕਿ 'ਉਹ ਕਿਹੜਾ ਜਜ਼ਬਾ ਹੁੰਦਾ ਏ, ਜਿਹੜਾ ਆਦਮੀ ਨੂੰ ਸੋਲਜਰ ਬਣਾਉਂਦਾ ਏ?'
“ਉਹ ਜੀ ਜਿਹੜੀ ਇਕ ਠੁੱਕ ਵਾਲੀ ਗੱਲ ਹੁੰਦੀ ਏ—ਵਰਦੀ ਦੀ ਸ਼ਾਨ, ਤੇ ਰੁਤਬੇ ਦੀ ਟੋਪੀ, ਇਕ ਸ਼ਖ਼ਸੀਅਤ ਬਣਾ ਦੇਂਦੀ ਏ ਆਦਮੀ ਨੂੰ ਜੀ।...ਤੇ ਉਸਦੇ ਇਲਾਵਾ ਮਰਨ-ਮਾਰਨ ਦੀ ਕੋਈ ਤਮੰਨਾ ਨਹੀਂ ਹੁੰਦੀ।” ਤੇ ਫੇਰ ਖ਼ੁਦ ਹੀ ਹੱਸ ਪਏ, “ਸਾਡੀ ਲੜਾਈ ਵੀ ਕੋਈ ਲੜਾਈ ਹੁੰਦੀ ਏ? ਹਿੰਦੁਸਤਾਨ, ਪਾਕਿਸਤਾਨ ਦੀ ਲੜਾਈ! ਐਵਈਂ ਸਕੂਲ ਦੇ ਬੱਚਿਆਂ ਵਾਂਗ ਲੜਦੇ ਰਹਿੰਦੇ ਨੇ। ਇਸਦੀ ਬਾਂਹ ਮਰੋੜ, ਉਸਦੇ ਗੋਡਾ ਮਾਰ; ਇਸਦੀ ਸਲੇਟੀ ਖੋਹ, ਉਸਦੀ ਫੱਟੀ ਤੋੜ; ਕਦੀ ਨਿੱਭ ਚੁਭੋ ਦਿੱਤੀ, ਕਦੀ ਚੋਭਾ ਲੈ ਲਿਆ ਜੀ; ਸਿਆਹੀ ਡੋਲ੍ਹ ਦਿੱਤੀ ਜੀ। ਯਾਦ ਏ ਸਕੂਲ ਵਿਚ ਹੁੰਦੇ ਸਾਂ ਤਾਂ ਦੁੰਬਿਆਂ ਦੀ ਲੜਾਈ ਵੇਖਣ ਜਾਂਦੇ ਹੁੰਦੇ ਸਾਂ। ਤੁਸੀਂ ਵੀ ਜਾਂਦੇ ਹੋਵੋਗੇ!”
ਉਹ ਬੜੇ 'ਡਾਊਨ ਟੂ ਅਰਥ' ਇਨਸਾਨ ਲੱਗੇ। ਲਹਿਜੇ ਵਿਚ ਕਮਾਲ ਦੀ ਈਮਾਨਦਾਰੀ ਸੀ। ਮੈਂ ਕੁਛ ਪੁੱਛਿਆ ਜਿਸ ਦੇ ਜਵਾਬ 'ਚ ਕਹਿਣ ਲੱਗੇ, “ਫ਼ੌਜੀ ਨੂੰ ਵੀ ਪਹਿਲੋਂ-ਪਹਿਲ ਡਰ ਜ਼ਰੂਰ ਲੱਗਦਾ ਏ। ਪਰ ਤਿੰਨ ਚਾਰ ਗੋਲੀਆਂ ਚਲਾ ਲੈਣ ਪਿੱਛੋਂ ਖ਼ੁਸ਼ਬੂ ਉਡਦੀ ਏ। ਫਰੰਟ 'ਤੇ ਗੋਲੀਆਂ ਚਲਾਉਂਦਿਆਂ ਹੋਇਆਂ ਉਸੇ ਦਾ ਨਸ਼ਾ ਹੋ ਜਾਂਦਾ ਏ। ਥੋੜ੍ਹੀ ਦੇਰ ਗੋਲੀਆਂ ਨਾ ਚੱਲਣ ਤਾਂ ਕਦੀ-ਕਦੀ ਨਸ਼ਾ ਟੁੱਟਣ ਵੀ ਲੱਗ ਪੈਂਦਾ ਏ। ਕਿਸੇ ਦੇ ਲੱਗਣੀ-ਲਗਾਉਣੀ ਜ਼ਰੂਰੀ ਨਹੀਂ ਹੁੰਦੀ!” ਫੇਰ ਬੋਲੇ, “ਆਦਮੀ ਖ਼ੌਫ਼ ਦਾ ਸਿਆਣੂ ਹੋ ਜਾਵੇ ਤਾਂ ਖ਼ੌਫ਼ ਨਹੀਂ ਰਹਿੰਦਾ।”
ਮੈਨੂੰ ਲੱਗਿਆ ਜਿਵੇਂ ਕਹਿ ਰਹੇ ਸਨ—ਫਰੰਟ 'ਤੇ ਮੌਤ ਦੇ ਸਿਆਣੂ ਹੋ ਜਾਣ ਵਾਲੀ ਗੱਲ ਹੈ—ਆ ਜਾਏਗੀ, ਜਦੋਂ ਆਉਣਾ ਹੋਏਗਾ।
ਉਹ ਦੱਸ ਰਹੇ ਸਨ, “ਸ਼ੁਰੂ-ਸ਼ੁਰੂ ਵਿਚ ਜਦੋਂ ਟਰੇਨਿੰਗ ਹੁੰਦੀ ਏ...ਤੇ ਜ਼ਮੀਨ 'ਤੇ ਲੇਟ ਕੇ ਘਿਸੜਦਿਆਂ ਦੀਆਂ ਕੁਹਣੀਆਂ-ਗੋਡੇ ਰਗੜੇ ਜਾਂਦੇ ਨੇ, ਤਾਂ ਕਈ ਵਾਰ ਖ਼ਿਆਲ ਆਉਂਦਾ ਏ ਕਿ ਅਹਿ ਨੌਕਰੀ ਜਾਰੀ ਰੱਖੀਏ ਜਾਂ ਛੱਡ ਦੇਈਏ...
“...ਪਰ ਜਦੋਂ ਕਿਸੇ ਗ਼ਲਤੀ 'ਤੇ ਆਪਣਾ 'ਬ੍ਰਿਗੇਡਰ' ਤੁਹਾਨੂੰ ਚੀਕ ਕੇ ਖੜ੍ਹਾ ਕਰਦਾ ਏ ਤੇ ਪੁੱਛਦਾ ਏ,'ਕੁੱਥੋਂ ਦਾ ਐਂ ਓਇ ਜਵਾਨ?...ਰਤਾ ਜ਼ੋਰ ਨਾਲ ਬੋਲ!' ਤਾਂ ਸਾਹਬ ਯਕੀਨ ਮੰਨਿਓਂ ਆਪਣੇ ਪਿੰਡ, ਜਾਂ ਇਲਾਕੇ ਦਾ ਨਾਂਅ ਮੂੰਹੋਂ ਨਹੀਂ ਨਿਕਲਦਾ।...ਬੜੀ ਸ਼ਰਮਿੰਦਗੀ ਮਹਿਸੂਸ ਹੁੰਦੀ ਏ!”
ਸ਼ਾਇਦ ਇਹੋ ਗੱਲ ਅੱਗੇ ਚੱਲ ਕੇ ਫ਼ੌਜੀ ਲਈ ਆਪਣੇ ਮੁਲਕ ਦੀ ਇੱਜ਼ਤ ਬਣ ਜਾਂਦੀ ਹੈ।
ਕੈਪਟਨ ਸ਼ਾਹੀਨ ਨੇ ਦੱਸਿਆ, “ਸੁਚੀਤਗੜ੍ਹ ਇਕ ਛੋਟਾ ਜਿਹਾ ਪਿੰਡ ਏ, ਉਸ ਪਾਸੇ! ਗਿਣੇ-ਚੁਣੇ ਘਰਾਂ ਦਾ। ਕੁਛ ਤਾਂ ਪਹਿਲਾਂ ਈ ਖਾਲੀ ਹੋ ਚੁੱਕਿਆ ਸੀ ਕਿਉਂਕਿ ਮੁਹਾਜ਼ ਦੇ ਬੜਾ ਲਾਗੇ ਸੀ, ਕੁਛ ਸਾਡੇ ਪਹੁੰਚਣ 'ਤੇ ਖਾਲੀ ਹੋ ਗਿਆ। ਇਕ ਇਕ ਘਰ ਦਾ ਮੁਆਇਨਾ ਕਰ ਲੈਣਾ ਜ਼ਰੂਰੀ ਸੀ। ਕਿਉਂਕਿ ਕੋਈ ਵੀ ਇਲਾਕਾ ਬਿਨਾਂ ਕਿਸੇ ਮੁਕਾਬਲੇ ਦੇ ਫ਼ਤਹਿ ਹੋ ਜਾਵੇ ਤਾਂ ਉਸ ਵਿਚ ਦੁਸ਼ਮਣ ਦੀ ਕਿਸੇ ਚਾਲ ਦਾ ਸ਼ੱਕ ਹੋਣ ਲੱਗਦਾ ਏ।”
ਕੈਪਟਨ ਸ਼ਾਹੀਨ ਦਾ ਕਹਿਣਾ ਇਹ ਵੀ ਸੀ ਕਿ, ਇਸ ਪਾਸੇ ਤੇ ਉਸ ਪਾਸੇ ਦੇ ਲੋਕਾਂ ਤੇ ਫ਼ੋਜੀਆਂ ਦੇ ਮਿਜਾਜ਼ ਵਿਚ ਵੀ ਕਾਫ਼ੀ ਫ਼ਰਕ ਹੈ—“ਹੈ ਉਹੀ ਪੰਜਾਬ, ਪਰ ਇਸ ਪਾਸੇ ਦੇ ਫ਼ੌਜੀ ਵੀ ਤੇ ਲੋਕ ਵੀ ਅਗ੍ਰੇਸਿਵ ਨੇ...ਤੇ ਉਸ ਪਾਸੇ ਦੇ ਲੋਕ ਜ਼ਰਾ ਠੰਡੇ ਸੁਭਾਅ ਦੇ ਨੇ। ਇਸ ਪਾਸੇ ਦੀ ਖੇਤੀਬਾੜੀ ਤੇ ਖ਼ੂਹ, ਸਰਹੱਦ ਦੀ ਲਕੀਰ ਤਕ ਆਂਦੇ ਨੇ। ਸਾਡੇ ਇਸ ਪਾਸੇ ਦੇ ਬਾਰਡਰ ਤੋਂ ਦੋ ਤਿੰਨ ਸੌ ਗਜ ਛੱਡ ਕੇ ਚੌਂਕੀਆਂ ਬਣਾਦੇ ਨੇ, ਤੇ ਘਰ ਵਸਾਂਦੇ ਨੇ, ਅਜਿਹੀ ਜਗਾਹ 'ਤੇ ਇੰਜ ਵੀ ਹੁੰਦਾ ਏ ਕਿ ਦੋਵੇ ਪਾਸੇ ਪੰਜ-ਪੰਜ ਸੱਤ-ਸੱਤ ਸਿਪਾਹੀਆਂ ਦੇ ਛੋਟੇ-ਛੋਟੇ ਦਸਤੇ ਗਸ਼ਤ ਕਰਦੇ ਰਹਿੰਦੇ ਨੇ। ਤੇ ਅਕਸਰ ਏਨੇ ਨੇੜੇ ਹੁੰਦੇ ਨੇ ਕਿ ਇਕ ਦੂਜੇ ਦਾ ਸਿਗਰਟ ਵੀ ਸੁਲਗਾ ਸਕਦੇ ਨੇ।”
ਇਸ ਪਾਸੇ ਦੇ ਫ਼ੌਜੀ ਅਮੂਮਨ (ਆਮ ਤੌਰ 'ਤੇ) ਪੰਜਾਬੀ ਹੁੰਦੇ ਨੇ ਤੇ ਉਸ ਪਾਸੇ ਅਕਸਰ ਗ਼ੈਰ-ਪੰਜਾਬੀ ਨਜ਼ਰ ਆਉਂਦੇ ਨੇ। ਪਰ ਇਸ ਪਾਸੇ ਵਾਲੇ ਬੁਲਾ ਵੀ ਲੈਂਦੇ ਨੇ। 'ਕਿਉਂ, ਭਾਅ ਕੁੱਥੂੰ ਦਾ ਏਂ?'
“ਕੋਈ ਮਦਰਾਸੀ ਹੋਏ ਤਾਂ ਅੰਗਰੇਜ਼ੀ 'ਚ ਜਵਾਬ ਦੇਂਦਾ ਏ, ਵਰਨਾ ਆਮ ਤੌਰ 'ਤੇ ਉਰਦੂ ਨੁਮਾ ਹਿੰਦੀ ਈ ਸੁਣਾਈ ਦੇਂਦੀ ਏ। ਸੁਜੀਤਗੜ੍ਹ ਫ਼ਤਹਿ ਕਰਨ ਪਿੱਛੋਂ ਮੈਂ ਚਾਰ ਪੰਜ ਸਿਪਾਹੀਆਂ ਨੂੰ ਨਾਲ ਲੈ ਕੇ ਘਰਾਂ ਦੀ ਤਲਾਸ਼ੀ ਲੈ ਰਿਹਾ ਸਾਂ ਕਿ ਇਕ ਕੋਠੜੀ ਦਾ ਦਰਵਾਜ਼ਾ ਧਰੀਕਿਆ ਤਾਂ ਸਹਿਮਿਆਂ ਹੋਇਆ ਇਕ ਮੁੰਡਾ ਕੋਨੇ ਵਿਚ ਦੁਬਕਿਆ ਬੈਠਾ ਨਜ਼ਰ ਆਇਆ। ਸਿਪਾਹੀਆਂ ਨੇ ਭੌਂ ਕੇ ਮੈਨੂੰ ਆਵਾਜ਼ ਦਿੱਤੀ, 'ਸਰ ਜੀ!'
“ਮੈਂ ਆਇਆ ਤਾਂ ਅਚਾਨਕ ਹੀ ਉਹ ਮੁੰਡਾ ਉਠਿਆ ਤੇ ਮੇਰੇ ਨਾਲ ਲਿਪਟ ਗਿਆ—ਸਿਪਾਹੀਆਂ ਨੇ ਵੱਖ ਕੀਤਾ ਉਸ ਨੂੰ...ਤੇ ਮੈਨੂੰ ਸਮਝ ਨਹੀਂ ਆਇਆ, ਕੀ ਕਰਾਂ?
“ਉਸਦੇ ਮਾਂ-ਬਾਪ ਬਾਰੇ ਪੁੱਛਿਆ ਤਾਂ ਕੋਈ ਜਵਾਬ ਨਹੀਂ ਦੇ ਸਕਿਆ। ਬੜਾ ਡਰਿਆ ਹੋਇਆ ਸੀ। । ਕੰਬ ਰਿਹਾ ਸੀ। ਮੈਂ ਉਸਨੂੰ ਨੱਠ ਜਾਣ ਲਈ ਵੀ ਕਿਹਾ, ਪਰ ਉਹ ਨਹੀਂ ਗਿਆ, ਮੈਂ ਉਸਨੂੰ ਜੀਪ ਵਿਚ ਬਿਠਾਅ ਕੇ ਪਿਛਲੀ ਚੌਕੀ ਤਕ ਲੈ ਆਇਆ। ਰੋਟੀ-ਸ਼ੋਟੀ ਦਿੱਤੀ ਤੇ ਇਕ ਕੋਨੇ 'ਚ ਬਿਸਤਰਾ ਲਾ ਕੇ ਸੌਂ ਜਾਣ ਲਈ ਕਹਿ ਦਿੱਤਾ। ਜਵਾਨਾਂ ਨੂੰ ਕਹਿ ਦਿੱਤਾ, ਕਿਸੇ ਨਾਲ ਜ਼ਿਕਰ ਨਾ ਕਰਨਾ। ਉਸੂਲਨ ਉਹ ਸਾਡਾ ਪ੍ਰਿਜ਼ਨਰ ਆੱਫ ਵਾੱਰ ਸੀ ਤੇ ਮੇਰਾ ਫ਼ਰਜ਼ ਬਣਦਾ ਸੀ ਕਿ ਹੈਡ-ਕਵਾਰਟਰ' 'ਚ ਖ਼ਬਰ ਕਰ ਦਿਆਂ ਤੇ ਦੂਜੇ 'ਪ੍ਰਿਜ਼ਨਰ' ਦੇ ਨਾਲ ਉਸਨੂੰ ਜੇਲ੍ਹ 'ਚ ਡੱਕ ਦਿਆਂ।
“ਪਤਾ ਨਹੀਂ ਕਿਉਂ ਉਸਦੀਆਂ ਮਾਸੂਮ-ਜਿਹੀਆਂ ਅੱਖਾਂ ਵੇਖ ਕੇ ਜੀਅ ਨਹੀਂ ਕੀਤਾ ਕਿ ਉਹ ਇਸ ਤਰ੍ਹਾਂ ਦੀ ਆਫ਼ਤ 'ਚੋਂ ਲੰਘੇ।
“ਅਗਲੇ ਦਿਨ ਦਫ਼ਤਰ ਦੇ ਸਮੇਂ ਮੈਂ ਆਪਣੇ ਬਿੱਲੇ-ਸ਼ਿੱਲੇ ਲਾਹ ਕੇ ਉਸੇ ਬਾਰਡਰ ਵਾਲੇ ਪਿੰਡ ਗਸ਼ਤ ਕਰਨ ਚਲਾ ਗਿਆ। ਪਿੰਡ ਤੋਂ ਜ਼ਰਾ ਹਟ ਕੇ ਇਕ ਖੇਤ ਸੀ। ਦੂਰ 'ਟਿਊਬਵੈੱਲ' 'ਤੇ ਇਕ ਬਜ਼ੁਰਗ ਸਰਦਾਰ ਨੂੰ ਮੂੰਹ-ਹੱਥ ਧੋਂਦਿਆਂ ਵੇਖਿਆ ਤਾਂ ਆਵਾਜ਼ ਮਾਰੀ, 'ਸਰਦਾਰ ਜੀ, ਓਇ ਏਧਰ ਆਓ!' ਹੱਥ ਦੇ ਇਸ਼ਾਰੇ ਨਾਲ ਕੋਲ ਬੁਲਾਇਆ ਤਾਂ ਉਹ ਆਪਣੀ ਪੱਗ ਦੇ ਲੜ ਨਾਲ ਮੂੰਹ ਪੂੰਝਦਾ ਹੋਇਆ ਆਇਆ, ਮੈਂ ਪੁੱਛਿਆ, 'ਤੁਸੀਂ ਗਏ ਨਹੀਂ?'
“ਬੜੀ ਹੈਰਾਨੀ ਨਾਲ ਉਸਨੇ ਪੁੱਛਿਆ, 'ਕਿੱਥੇ?'
“'ਸਾਰੇ ਪਿੰਡ ਛੱਡ ਕੇ ਚਲੇ ਗਏ ਆ। ਤੁਸੀਂ ਕਿਉਂ ਨਹੀਂ ਗਏ?'
“ਉਸਨੇ ਹੱਥ ਚੁੱਕ ਕੇ ਮਿਹਣਾ ਜਿਹਾ ਮਾਰਿਆ।
“'ਲੈ! ਪਿੰਡ ਤਾਂ ਉਸ ਪਾਸੇ ਛੱਡ ਆਇਆ ਸਾਂ, ਤੇਰੇ ਪਾਸੇ! ਹੁਣ ਖੇਤ ਤੂੰ ਲੈਣ ਆਇਆ ਐਂ ਕਿ?'
“ਸਰਦਾਰ ਗੁੱਸੇ ਵਿਚ ਲੱਗ ਰਿਹਾ ਸੀ। ਮੈਂ ਠੰਡਾ ਕਰਨ ਦੀ ਕੋਸ਼ਿਸ਼ ਕੀਤੀ ਕਿ, 'ਸੁਚੀਤਗੜ੍ਹ ਤੋਂ ਸੱਤ-ਅੱਠ ਵਰ੍ਹਿਆਂ ਦਾ ਇਕ ਮੁੰਡਾ ਉਸ ਪਾਸੇ ਆ ਗਿਆ ਏ। ਉਸਦੇ ਮਾਂ-ਬਾਪ ਸ਼ਾਇਦ ਪਿੰਡ ਛੱਡ ਕੇ ਚਲੇ ਗਏ ਨੇ।'
“'ਫੇਰ?'
“'ਉਸਨੂੰ ਲੈ ਆਵਾਂ ਤਾਂ ਉਸਦੇ ਮਾਂ-ਬਾਪ ਕੋਲ ਪਹੁੰਚਾ ਦਿਓਗੇ?'
“ਸਰਦਾਰ ਸੋਚੀਂ ਪੈ ਗਿਆ। ਬੜੀ ਦੇਰ ਬਾਅਦ, ਉਸਨੇ ਸਿਰ ਹਿਲਾਇਆ, 'ਠੀਕ ਐ।'
“ਮੈਂ ਕਿਹਾ, 'ਸ਼ਾਮ ਨੂੰ ਪੰਜ ਵਜੇ ਆ ਜਾਣਾ। ਮੈਂ ਲੈ ਕੇ ਆਵਾਂਗਾ ਉਸਨੂੰ।'”
ਕੈਪਟਨ ਸ਼ਾਹੀਨ ਨੇ ਕਿਹਾ, “ਪੀਲੇ ਪੀਲੇ ਦੰਦਾਂ ਦੀ ਅਜਿਹੀ ਹਾਸੀ ਮੈਂ ਪਹਿਲਾਂ ਕਦੀ ਨਹੀਂ ਸੀ ਦੇਖੀ।” ਸਰਦਾਰ ਨੇ ਹੱਸ ਕੇ ਕਿਹਾ, 'ਉਸਨੂੰ ਛੱਡ ਦੇ ਮੈਨੂੰ ਲੈ ਚੱਲ। ਮੇਰਾ ਪਿੰਡ ਉਸ ਪਾਸੇ ਆ। ਸਿਆਲਕੋਟ ਤੋਂ ਅੱਗੇ। ਛਜਰਾ!' ਤੇ ਝੂੰਮਦਾ ਹੋਇਆ ਵਾਪਸ ਚਲਾ ਗਿਆ। ਪਿੰਡ ਦੇ ਨਾਂਅ 'ਤੇ ਹੀ ਮਸਤ ਹੋ ਗਿਆ ਜਾਪਦਾ ਸੀ।
“ਉਸ ਸ਼ਾਮ ਮੈਂ ਜਾ ਨਹੀਂ ਸੀ ਸਕਿਆ। ਸਾਡਾ ਕਮਾਂਡਰ ਦੌਰੇ 'ਤੇ ਆ ਗਿਆ ਸੀ ਤੇ ਉਸ ਮੁੰਡੇ ਨੂੰ ਲਕੋਅ ਕੇ ਰੱਖਣ ਕਰਕੇ, ਸਮਝੌ, ਬਸ, ਜਾਨ ਹੀ ਨਿਕਲ ਗਈ ਸੀ ਸਾਡੀ। ਖੁਆ-ਪਿਆ ਕੇ ਉਸਨੂੰ ਕੰਟ੍ਰੋਲ-ਰੂਮ ਦੀ ਪਰਛੱਤੀ 'ਤੇ ਲਕੋਅ ਰੱਖਿਆ ਸੀ। ਕਾਹਲ ਨਾਲ ਕੱਢਿਆ ਤੇ ਪਿੱਛੇ ਟੱਟੀ ਵਿਚ ਲੁਕਾਅ ਦਿੱਤਾ। ਕੰਮਾਂਡਰ ਜਦੋਂ ਕੰਟਰੋਲ-ਰੂਮ 'ਚ ਆਇਆ ਤਾਂ ਉੱਥੋਂ ਕੱਢ ਕੇ ਸਟੋਰ ਰੂਮ ਦੀਆਂ ਬੋਰੀਆਂ ਪਿੱਛੇ ਲੁਕਾਅ ਦਿੱਤਾ। ਸਾਰਿਆਂ ਦੀ ਜਾਨ 'ਤੇ ਬਣੀ ਹੋਈ ਸੀ, ਕਿਉਂਕਿ ਕਾਨੂੰਨਨ ਇਹ ਸਰਾਸਰ ਜੁਰਮ ਸੀ ਤੇ ਪਤਾ ਲੱਗ ਜਾਣ 'ਤੇ ਸਾਡੇ ਵਿਚੋਂ ਕਈ ਅਫ਼ਸਰ ਸਸਪੈਂਡ ਕੀਤੇ ਜਾ ਸਕਦੇ ਸੀ। ਇਕ ਵਾਰੀ ਤਾਂ ਜੀਅ ਚਾਹਿਆ ਦੋ ਸਿਪਾਹੀਆਂ ਨੂੰ ਕਹਾਂ ਕਿ ਇਕ ਬੋਰੀ 'ਚ ਪਾ ਕੇ, ਸਰਦਾਰ ਦੇ ਖੇਤ 'ਚ ਸੁੱਟ ਆਉਣ। ਜਦੋਂ ਤਕ ਕਮਾਂਡਰ ਰਿਹਾ, ਸਾਡੀ ਜਾਨ 'ਤੇ ਬਣੀ ਰਹੀ।
“ਬੰਗਲਾ ਦੇਸ਼ ਦੇ ਐਕਸ਼ਨ ਦੀਆਂ ਖ਼ਬਰਾਂ ਆ ਰਹੀਆਂ ਸਨ। ਜਿਹੜੀਆਂ ਅਤਿ ਨਿਰਾਸ਼ਾ ਭਰੀਆਂ ਸਨ। ਭਾਰਤੀ ਫ਼ੌਜਾਂ ਮੁਕਤੀ ਵਾਹਿਨੀ ਦਾ ਸਾਥ ਦੇ ਰਹੀਆਂ ਸਨ ਤੇ ਯਾਹੀਯਾ ਖ਼ਾਨ...ਖ਼ੈਰ ਛੱਡੋ।” ਉਹ ਚੁੱਪ ਹੋ ਗਏ।
ਕੁਝ ਪਲ ਚੁੱਪ ਵਿਚ ਬੀਤੇ, ਕੈਪਟਨ ਦੀਆਂ ਅੱਖਾਂ ਸਿੱਜਲ ਹੋਣ ਲੱਗੀਆਂ। ਬੋਲੇ...:
“ਅਗਲੇ ਦਿਨ ਵੀ ਫ਼ੌਜੀ ਟੁਕੜੀਆਂ ਦੀ ਬੜੀ ਮੋਮੈਂਟ ਰਹੀ। ਸਾਰਾ ਦਿਨ ਨਿਕਲ ਗਿਆ। ਸ਼ਾਮ ਦਾ ਵੇਲਾ ਸੀ ਤੇ ਸੂਰਜ ਡੁੱਬਣ ਵਾਲਾ ਸੀ ਜਦੋਂ ਉਸ ਮੁੰਡੇ ਨੂੰ ਨਾਲ ਲੈ ਕੇ ਬਾਰਡਰ ਲਾਈਨ 'ਤੇ ਪਹੁੰਚਿਆ। ਮੈਨੂੰ ਹੈਰਾਨੀ ਹੋਈ। ਸਰਦਾਰ ਮੇਰੀ ਉਡੀਕ ਕਰ ਰਿਹਾ ਸੀ। ਚਾਰ ਪੰਜ ਸਿਪਾਹੀਆਂ ਦੀ ਇਕ ਟੁਕੜੀ ਵੀ ਉਸਦੇ ਨਾਲ ਸੀ। ਉਸੇ ਵਿਚੋਂ ਇਕ ਨੇ ਪੁੱਛਿਆ, 'ਕੈਪਟਲ ਓ ਕਿ ਮੇਜਰ?' ਫਰੰਟ 'ਤੇ ਸਾਡੇ ਫੀਤੇ ਨਹੀਂ ਲੱਗੇ ਹੁੰਦੇ, ਫੇਰ ਵੀ ਕੋਈ ਵੱਡਾ ਅਫ਼ਸਰ ਹੋਏ ਤਾਂ ਪਛਾਣਿਆਂ ਜਾਂਦਾ ਏ। ਉਹ ਵੀ ਕੋਈ ਕੈਪਟਨ, ਮੇਜਰ ਹੀ ਸੀ। ਮੈਂ ਅੱਗੇ ਵਧ ਕੇ ਹੱਥ ਮਿਲਾਇਆ। ਤੇ ਮੁੰਡੇ ਨੂੰ ਉਹਨਾਂ ਦੇ ਹਵਾਲੇ ਕੀਤਾ।”
“ਅਫ਼ਸਰ ਨੇ ਜ਼ਰਾ ਸਖ਼ਤੀ ਨਾਲ ਪੁੱਛਿਆ, 'ਕਿਓਂ ਓਇ? ਕਿੱਥੋਂ ਦਾ ਏਂ? ਮਾਂ-ਬਾਪ ਕਿੱਥੇ ਨੇ ਤੇਰੇ?'
“ਮੁੰਡਾ ਫੇਰ ਸਹਿਮ ਗਿਆ ਸੀ। ਅੱਖਾਂ ਚੁੱਕ ਕੇ ਮੇਰੇ ਵੱਲ ਦੇਖਿਆ ਤੇ ਬੋਲਿਆ, 'ਚਾਚਾ, ਮੈਂ ਇੱਥੋਂ ਦਾ ਨਹੀਂ, ਉਸ ਪਾਸੇ ਦਾ ਆਂ!'
“ਉਸਨੇ ਸਾਡੇ ਵੱਲ ਇਸ਼ਾਰਾ ਕੀਤਾ, 'ਸਿਆਲਕੋਟ ਤੋਂ ਅੱਗੇ, ਛਜਰਾ ਦਾ!'
“ਸਾਰੇ ਹੈਰਾਨ ਰਹਿ ਗਏ।
“ਮੈਂ ਸਰਦਾਰ ਵੱਲ ਦੇਖਿਆ। ਉਸਦੇ ਪੀਲੇ-ਪੀਲੇ ਦੰਦ ਨਿਕਲ ਆਏ। ਉਸਨੇ ਅੱਗੇ ਵਧ ਕੇ ਉਸਦੇ ਸਿਰ 'ਤੇ ਹੱਥ ਰੱਖ ਦਿੱਤਾ। ਤੇ ਛਲਨੀ ਬਣੀਆਂ ਅੱਖਾਂ ਨਾਲ ਪੁੱਛਿਆ, 'ਅੱਛਾ? ਛਜਰਾ ਦਾ ਐਂ ਤੂੰ?'
“ਮੈਂ ਕੜਕ ਕੇ ਪੁੱਛਿਆ, 'ਤਾਂ ਏਥੇ ਕੀ ਕਰ ਰਿਹਾ ਸੈਂ?'
“ਮੁੰਡੇ ਦਾ ਰੋਣ ਨਿਕਲ ਗਿਆ, ਬੋਲਿਆ, 'ਸਕੂਲੋਂ ਭੱਜ ਕੇ ਆਇਆ ਸੀ, ਲੜਾਈ ਵੇਖਣ!'”
ਕੈਪਟਲ ਸ਼ਾਹੀਨ ਕਹਿ ਰਹੇ ਸਨ।
“ਯਕੀਨ ਮੰਨਣਾ, ਅਸੀਂ ਦੋਵੇਂ ਫ਼ੌਜੀ ਉਸਦੇ ਸਾਹਵੇਂ, ਦੋ ਬੇਵਕੂਫ ਮਾਸਟਰਾਂ ਵਾਂਗ ਖੜ੍ਹੇ ਸਾਂ।...ਤੇ ਸਾਡੀਆਂ ਸ਼ਕਲਾਂ ਦੁੰਬਿਆਂ ਵਰਗੀਆਂ ਲੱਗ ਰਹੀਆਂ ਸਨ।”
-----------------------

Wednesday, April 6, 2011

ਮੀਂਗਣਾਂ ਗਿਣਨ ਵਾਲਾ ਪੰਡਤ : ਰਾਮ ਸਰੂਪ ਅਣਖੀ :: ਪ੍ਰੇਮ ਪ੍ਰਕਾਸ਼



ਲੇਖਕ :: ਪ੍ਰੇਮ ਪ੍ਰਕਾਸ਼  

ਪਤਾ : 593 ਮੋਤਾ ਸਿੰਘ ਨਗਰ ,ਜਲੰਧਰ   144001-ਪੰਜਾਬ -ਭਾਰਤ  ...
ਫੋਨ : 0181-2231941; ਮੋਬਾਇਲ : 94632-20319.

ਪੋਸਟਿੰਗ : ਮਹਿੰਦਰ ਬੇਦੀ ਜੈਤੋ



ਪੰਜਾਬੀ ਦਾ ਬਹੁਤੇ ਪਾਠਕਾਂ ਵਾਲਾ ਨਾਵਲਕਾਰ ਰਾਮ ਸਰੂਪ ਅਣਖੀ ਮੇਰੇ ਦੋਸਤਾਂ ਦੇ ਘੇਰੇ 'ਚ ਦੂਰ ਦੇ ਦਾਇਰੇ 'ਚ ਸੀ। ਨੇੜੇ ਤਾਂ ਨਾ ਹੋ ਸਕਿਆ ਕਿ ਮੇਰੇ ਤੇ ਉਹਦੇ ਸੁਭਾਵਾਂ ਤੇ ਸੋਚਾਂ 'ਚ ਕਾਫੀ ਫਾਸਲਾ ਸੀ। ਸਾਹਿਤਕਾਰੀ ਦੇ ਸ਼ੁਰੂ ਦੇ ਦਿਨਾਂ 'ਚ ਮੇਰੇ ਮਨ 'ਚ ਅਣਖੀ ਦੀ ਸ਼ਖਸੀਅਤ ਨਾ ਚੰਗੀ ਸੀ ਤੇ ਨਾ ਮਾੜੀ। ਅਸਲ 'ਚ ਮੈਨੂੰ ਉਹ ਗੌਲ਼ਿਆ ਜਾਣ ਵਾਲਾ ਲੇਖਕ ਲੱਗਦਾ ਹੀ ਨਹੀਂ ਸੀ। ਅਸੀਂ ਆਮ ਜਿਹੇ ਦੋਸਤਾਂ ਵਾਂਗ ਮਿਲਦੇ ਸੀ, ਜਿਵੇਂ ਪੰਜਾਬੀ ਦੇ ਏਸ ਨਿੱਕੇ ਜਿਹੇ ਘੇਰੇ 'ਚ ਅਸੀਂ ਥੋੜੇ ਜਿਹੇ ਤਾਂ ਹਾਂ।
ਅਣਖੀ ਦੇ ਤੁਰ ਜਾਣ ਤੋਂ ਪਹਿਲਾਂ ਦੇ ਕੁਝ ਸਾਲਾਂ 'ਚ ਸਾਡੇ ਵਿਚਕਾਰ ਕਾਫੀ ਨੇੜਤਾ ਆ ਗਈ ਸੀ। ਅਸੀਂ ਇਕ ਦੂਜੇ ਨੂੰ ਜਾਨਣ ਲੱਗ ਪਏ ਸੀ। ਤੇ ਹੁਣ ਉਹਦੇ ਤੁਰ ਜਾਣ ਦੇ ਮਹੀਨਾ ਕੁ ਬਾਅਦ ਮੈਂ ਉਹਦਾ ਵਿਅਕਤੀ ਚਿਤਰ ਲਿਖਣ ਲੱਗਿਆ ਤਾਂ ਮੇਰੇ ਸਾਹਮਣੇ ਉਹਦੇ ਮਾੜੇ ਪਹਿਲੂ ਬਹੁਤੇ ਉਜਾਗਰ ਹੋਏ। ਮੈਂ ਲਿਖਣੋਂ ਰੁਕ ਗਿਆ। ਸੋਚਾਂ ਕਿ ਮੈਂ ਪਿਛਲੇ ਛੇ ਕੁ ਵਰ੍ਹਿਆਂ ਤੋਂ ਕਿਸੇ ਵੀ ਲੇਖਕ ਤੇ ਉਹਦੀ ਰਚਨਾ ਨੂੰ ਮਾੜਾ ਨਾ ਲਿਖਣ ਦਾ ਫੈਸਲਾ ਕੀਤਾ ਹੋਇਆ ਏ। ਫੇਰ ਮੈਂ ਅਣਖੀ ਨੂੰ ਮਾੜਾ ਕਿਉਂ ਲਿਖਾਂ?
ਫੇਰ ਪੰਦਰਾਂ ਕੁ ਦਿਨਾਂ ਬਾਅਦ ਖਿਆਲ ਆਇਆ ਕਿ ਜੇ ਅਣਖੀ ਹਜ਼ਾਰਾਂ ਪਾਠਕਾਂ ਦਾ ਨਾਇਕ ਏ ਤੇ ਜੇ ਉਹ ਸਿਰਫ ਘਰਦਿਆਂ ਦਾ ਹੀ ਨਹੀਂ, ਸਗੋਂ ਸਾਰੇ ਪੰਜਾਬੀਆਂ ਦਾ ਏ ਤਾਂ ਉਹਦਾ ਨਿੱਜ ਵੀ ਸਭ ਲਈ ਏ। ਸਾਰੇ ਪੰਜਾਬੀ ਭਾਈਚਾਰੇ ਦਾ ਏ। ਉਹਦੇ ਬਾਰੇ ਚੰਗੀਆਂ ਮਾੜੀਆਂ ਸਾਰੀਆਂ ਗੱਲਾਂ ਦੱਸਣੀਆਂ ਤੇ ਲਿਖਣੀਆਂ ਚਾਹੀਦੀਆਂ ਨੇ।
1970 'ਚ ਜਦ ਮੈਂ 'ਲਕੀਰ' ਕੱਢਿਆ ਤਾਂ ਰਾਮ ਸਰੂਪ ਅਣਖੀ ਇਕ ਸ਼ਾਮ ਮੇਰੇ ਆਦਰਸ਼ ਨਗਰ ਵਾਲੇ ਕਿਰਾਏ ਦੇ ਘਰ 'ਚ ਆ ਗਿਆ। ਆਪਣੇ ਸੰਸਕਾਰਾਂ ਦੇ ਹਿਸਾਬ ਨਾਲ ਮੈਂ ਉਹਨੂੰ ਆਦਰ ਮਾਣ ਨਾਲ ਰਾਤ ਰੱਖ ਲਿਆ। ਰਾਤ ਨੂੰ ਦੇਰ ਤਕ ਗੱਲਾਂ ਕਰਦਿਆਂ ਮੈਨੂੰ ਲੱਗਿਆ ਕਿ ਬਰਨਾਲੇ ਦੇ ਪੇਂਡੂ ਮਾਹੌਲ ਦੀ ਸੋਚ ਵਾਲਾ ਇਹ ਸਿੱਧਾ ਤੇ ਸਧਾਰਨ ਜਿਹਾ ਬੰਦਾ ਏ। ਮੈਂ ਉਹਨਾਂ ਦਿਨਾਂ 'ਚ ਨਕਸਲੀ ਲਹਿਰ 'ਚ ਹਮਦਰਦਾਂ ਵਾਂਗ ਸਰਗਰਮ ਸੀ। ਬਹੁਤੇ ਨੌਜਵਾਨ ਕ੍ਰਾਂਤੀ ਦੀ ਅੱਗ 'ਚ ਮੱਚ ਰਹੇ ਸੀ। ਮੈਂ ਸਾਹਿਤਕਾਰਾਂ ਦੀ ਵਿੰਗੀ ਜਿਹੀ ਹਓਮੈ ਕਰ ਕੇ ਆਪਣੇ ਵਰਗਾ ਕਹਾਣੀਕਾਰ ਕਿਸੇ ਨੂੰ ਸਮਝਦਾ ਹੀ ਨਹੀਂ ਸੀ। ਜਦ ਮੈਂ ਅਣਖੀ ਨੂੰ ਪੁੱਛਿਆ ਕਿ ਤੂੰ ਕਿਉਂ ਲਿਖਦੈਂ, ਤਾਂ ਉਹ ਕਹਿੰਦਾ, ''ਬਸ, ਮਾੜੀ ਮੋਟੀ ਸ਼ੁਹਰਤ ਹੋ ਜਾਂਦੀ ਐ। ਚਾਰ ਪੈਸੇ ਮਿਲ ਜਾਂਦੇ ਨੇ।''
ਅਣਖੀ ਦੀ ਗੱਲ ਸੁਣ ਕੇ ਮੈਨੂੰ ਕਹਾਣੀਕਾਰ ਦੇਵਿੰਦਰ ਯਾਦ ਆ ਗਿਆ। ਉਹ ਉਹਨਾਂ ਦਿਨਾਂ 'ਚ ਰੇਡਿਓ ਸਟੇਸ਼ਨ, ਜਲੰਧਰ 'ਤੇ ਪ੍ਰੋਡਿਓਸਰ ਜਾਂ ਪੈਕਸ ਸੀ। ਉਹ ਜਦ ਵੀ ਮਿਲਦਾ, ਮੈਨੂੰ ਕਹਿੰਦਾ, ''ਖੰਨਵੀ ਯਾਰ ਰੇਡਿਓ ਵਾਸਤੇ ਵੀ ਕੁਝ ਲਿਖ ਦਿਆ ਕਰ। ਚਾਰ ਪੈਸੇ ਈ ਮਿਲ ਜਾਂਦੇ ਨੇ। ਬੱਚਿਆਂ ਦੇ ਬੂਟ ਸ਼ੂਟ ਆ ਜਾਂਦੇ ਨੇ।''...ਮੈਂ ਉਹਦੀ ਏਸ ਬੂਟ ਸ਼ੂਟ ਵਾਲੀ ਗੱਲ ਦਾ ਮਖੌਲ ਉਡਾਇਆ ਕਰਦਾ ਸੀ। ਸੋ, ਮੈਨੂੰ ਅਣਖੀ ਤੇ ਦੇਵਿੰਦਰ ਇੱਕੋ ਜਿਹੀ ਸੋਚ ਵਾਲੇ ਗਰੀਬੜੇ ਤੇ ਹੌਲੇ ਲੇਖਕ ਲੱਗੇ। ਉਹਨਾਂ ਦਿਨਾਂ 'ਚ ਅਣਖੀ ਆਮ ਜਿਹੇ ਅਖਬਾਰਾਂ ਤੇ ਆਮ ਜਿਹੇ ਰਸਾਲਿਆਂ 'ਚ ਛਪਦਾ ਹੁੰਦਾ ਸੀ। ਮੈਨੂੰ ਉਹਦੀ ਲਿਖਤ ਸਧਾਰਨ ਸੋਚ ਤੇ ਸ਼ੈਲੀ ਵਾਲੀ ਲੱਗਦੀ। ਕਿਤੇ ਗਹਿਰਾਈ ਨਹੀਂ ਸੀ ਲੱਭਦੀ। ਉਹ ਕਵਿਤਾ ਵੀ ਲਿਖਦਾ ਸੀ। ਉਹ ਵੀ ਆਮ ਜਿਹੀ।
ਮੈਂ ਵੀ ਖੰਨੇ ਵਰਗੇ ਛੋਟੇ ਸ਼ਹਿਰ ਦਾ ਬੰਦਾ ਸੀ। ਮੈਨੂੰ ਵੀ ਮਹਿਮਾਨ ਨਵਾਜ਼ੀ ਦਾ ਖਿਆਲ ਸੀ। ਏਸ ਲਈ ਮੈਂ ਅਣਖੀ ਦੀ ਕਿਸੇ ਵੀ ਗੱਲ ਦਾ ਚੁਭਵਾਂ ਜਵਾਬ ਨਹੀਂ ਦਿੱਤਾ। ਜੇ ਕੋਈ ਸ਼ਹਿਰ ਦਾ ਬੰਦਾ ਹੁੰਦਾ ਤਾਂ ਮੈਂ ਚੋਭਾਂ ਮਾਰ ਕੇ ਈ ਭਜਾ ਦੇਂਦਾ।
ਮੈਨੂੰ ਅਣਖੀ ਦੇ ਕਵੀ ਹੋਣ ਬਾਰੇ ਉਦੋਂ ਪਤਾ ਲੱਗਿਆ, ਜਦ ਉਹ ਬਹੁਤ ਸ਼ੁਰੂ ਦੇ ਦਿਨਾਂ 'ਚ ਪਟਿਆਲੇ ਦੀ ਸਰਕਾਰੀ ਲਾਇਬ੍ਰੇਰੀ 'ਚ ਹੋਏ ਸਾਹਿਤਕ ਸਮਾਗਮ ਦੇ ਵਿਚਕਾਰ ਬਾਹਰ ਲਾਅਨ 'ਚ ਮੇਰੇ ਕੋਲ ਆ ਬੈਠਿਆ ਸੀ। ਉਹਨੇ ਮੈਨੂੰ ਆਪਣੀ ਕਵਿਤਾ ਸੁਣਾਈ। ਫੇਰ ਅਸੀਂ ਲੁੱਚੀਆਂ ਬੋਲੀਆਂ ਦੀਆਂ ਗੱਲਾਂ ਕਰਨ ਲੱਗੇ ਤਾਂ ਉਹਨੇ ਖਜ਼ਾਨਾ ਈ ਲੁਟਾਓਣਾ ਸ਼ੁਰੂ ਕਰ ਦਿੱਤਾ। ਇਕ ਲੰਮੀ ਬੋਲੀ...'ਪਤੀਲਾ ਭਰਿਆ… ...ਵਿਚ ਸਿੱਟੀ ਨੂਣ ਦੀ ਡਲੀ'...ਵਾਲੀ ਮੈਂ ਉਹਦੇ ਹੱਥੋਂ ਆਪਣੀ ਡਾਇਰੀ 'ਚ ਲਿਖਵਾ ਲਈ।
ਉਹਦੀਆਂ ਕਈ ਕਿਤਾਬਾਂ ਛਪ ਚੁੱਕੀਆਂ ਸਨ, ਪਰ ਉਹਦੀ ਪਛਾਣ ਨਹੀਂ ਸੀ ਬਣੀ। ਪਛਾਣ ਉਦੋਂ ਬਣੀ ਜਦ ਕਿੰਨੇ ਈ ਵਰ੍ਹਿਆਂ ਬਾਅਦ ਜਸਵੰਤ ਸਿੰਘ ਵਿਰਦੀ ਤੇ ਰਾਮ ਸਰੂਪ ਅਣਖੀ ਹਿੰਦੀ ਦੇ ਨਵੀਂ ਕਹਾਣੀ ਦੇ ਇਕ ਚੰਗੇ ਗਰੁੱਪ ਦੇ ਲੀਡਰ ਕਮਲੇਸ਼ਵਰ ਦੀ ਸਮਾਨਾਂਤਰ ਕਹਾਣੀ ਨਾਂ ਦੇ ਕਿਸੇ ਗਰੁੱਪ 'ਚ ਸ਼ਾਮਲ ਹੋ ਗਏ। ਜੀਹਦੇ ਨਾਲ ਇਹਨਾਂ ਦੋਹਾਂ ਲੇਖਕਾਂ ਦੀਆਂ ਕਹਾਣੀਆਂ ਦੇ ਹਿੰਦੀ ਅਨੁਵਾਦ ਧੜਾਧੜ ਹਿੰਦੀ ਦੇ ਉਹਨਾਂ ਪਰਚਿਆਂ 'ਚ ਛਪਣ ਲੱਗੇ, ਜਿਨਾਂ ਦੇ ਸੰਪਾਦਕ ਕਮਲੇਸ਼ਵਰ ਆਪ ਤੇ ਜਾਂ ਉਹਦੇ ਗਰੁੱਪ ਦਾ ਕੋਈ ਕਹਾਣੀਕਾਰ ਸੀ। ਨੌਂ ਦਸ ਕੁ ਸਾਲ ਚੱਲੇ ਏਸ ਸਿਲਸਿਲੇ ਤੋਂ ਹਿੰਦੀ ਵਾਲਿਆਂ ਅਤੇ ਵਿਰਦੀ ਤੇ ਅਣਖੀ ਨੂੰ ਆਪਣੇ ਆਪ ਨੂੰ ਇਹ ਲੱਗਣ ਲੱਗ ਪਿਆ ਸੀ ਕਿ ਉਹੀ ਦੋ ਜਣੇ ਸਾਰੇ ਭਾਰਤ ਵਾਸਤੇ ਪੰਜਾਬੀ ਕਹਾਣੀ ਦੀ ਨੁਮਾਇੰਦਗੀ ਕਰਦੇ ਨੇ। ਹਿੰਦੀ ਵਾਲੇ ਵੀ ਇਹੀ ਸਮਝਦੇ ਰਹੇ ਕਿ ਪੰਜਾਬੀ ਕਹਾਣੀ ਇਹੋ ਈ ਏ। ਜਦਕਿ ਸਚਾਈ ਇਹ ਸੀ ਕਿ ਵਿਰਦੀ ਦੀ ਪੁੱਛ ਪੰਜ ਛੇ ਕਹਾਣੀਆਂ ਕਰ ਕੇ ਥੋੜੀ ਜਿਹੀ ਪਈ ਹੋਈ ਸੀ, ਪਰ ਅਣਖੀ ਸਿਰਫ ਆਪਣੇ ਬਰਨਾਲੇ ਦੇ ਇਲਾਕੇ ਤਕ ਸੀਮਤ ਸੀ।
ਅਣਖੀ ਆਪਣੀ ਹੈਸੀਅਤ ਨੂੰ ਪੰਜਾਬੀ 'ਚ ਫੈਲਾਓਣ ਵਾਸਤੇ ਅਖ਼ਬਾਰਾਂ ਤੇ ਸਾਹਿਤਕ ਪਰਚਿਆਂ ਦੇ ਸੰਪਾਦਕਾਂ ਨੂੰ ਮਿਲਦਾ ਰਹਿੰਦਾ ਸੀ। ਏਸ ਸੰਪਰਕ ਲਈ ਉਹ ਅਖਬਾਰਾਂ 'ਚ ਲੇਖ ਵੀ ਲਿਖਦਾ ਸੀ। ਉਹ ਆਪਣੇ ਅਖਬਾਰਾਂ ਦੇ ਏਸ ਸਿਲਸਿਲੇ 'ਚ 'ਮੈਂ ਤਾਂ ਬੋਲੂੰਗੀ' ਨਾਂ ਦੇ ਕਾਲਮ ਲਈ ਸਾਹਿਤਕਾਰਾਂ ਦੀਆਂ ਪਤਨੀਆਂ ਨਾਲ ਇੰਟਰਵਿਊ ਕਰਦਾ ਰਹਿੰਦਾ ਸੀ। ਉਹ ਮੇਰੇ ਘਰ ਵੀ ਆਇਆ, ਜਦ ਮੈਂ ਦਫਤਰ ਗਿਆ ਹੋਇਆ ਸੀ। ਫੇਰ ਉਹ 'ਸਾਡੇ ਕਹਾਣੀਕਾਰ' ਨਾਂ ਦੇ ਕਾਲਮ ਲਈ ਲੇਖਕਾਂ ਬਾਰੇ ਲਿਖਦਾ ਰਹਿੰਦਾ ਸੀ। ਜਦ ਉਹਨੇ ਮੇਰੇ ਬਾਰੇ ਲਿਖਿਆ ਤਾਂ ਮੈਨੂੰ ਲੱਗਿਆ ਕਿ ਏਸ ਬੰਦੇ ਨੇ ਨਾ ਮੇਰੀਆਂ ਕਹਾਣੀਆਂ ਪੜ੍ਹੀਆਂ ਨੇ ਤੇ ਨਾ ਈ ਉਹਨਾਂ ਨੂੰ ਸਮਝਿਆ ਏ। ਬਸ ਵਿਸ਼ੇਸ਼ਣਾਂ ਦੇ ਆਸਰੇ ਤੇ ਇੰਟਰਵਿਊ ਕਰ ਕੇ ਏਡਾ ਲੇਖ ਲਿਖ ਦਿੱਤਾ ਏ। ਅਜਿਹੇ ਲੇਖਾਂ ਤੋਂ ਉਹਨੂੰ ਉਦੋਂ ਪੰਜਾਹ ਜਾਂ ਸੱਠ ਰੁਪਏ ਮਿਲਦੇ ਹੋਣਗੇ। ਜਿਨ੍ਹਾਂ ਨਾਲ ਉਹਦੀ ਸ਼ੁਹਰਤ ਤੇ ਚਾਰ ਪੈਸਿਆਂ ਦੀ ਭੁੱਖ ਜ਼ਰੂਰ ਪੂਰੀ ਹੁੰਦੀ ਹੋਵੇਗੀ।
ਫੇਰ ਜਦ ਅਣਖੀ ਨੂੰ ਉਹਦੇ ਨਾਵਲ 'ਕੋਠੇ ਖੜਕ ਸਿੰਘ' 'ਤੇ ਸਾਹਿਤ ਅਕਾਦਮੀ ਦਾ ਐਵਾਰਡ ਮਿਲਿਆ ਤਾਂ ਮੈਨੂੰ ਬੜੀ ਜਲਣ ਹੋਈ। ਪਰ ਮੈਂ ਇਹ ਮੰਨਦਾ ਸੀ ਕਿ ਅਣਖੀ ਏਨਾ ਜੁਗਾੜੀ ਨਹੀਂ ਕਿ ਦਿੱਲੀ ਦੇ ਸਾਹਿਤਕ ਲੀਡਰਾਂ ਤਕ ਪਹੁੰਚ ਕਰ ਸਕਿਆ ਹੋਵੇ। ਇਹਦੇ ਪਿੱਛੇ ਉਹਦੇ ਨਾਵਲ ਦੇ ਗੁਣ ਵੀ ਹੋ ਸਕਦੇ ਨੇ ਤੇ ਤੀਰ ਤੁੱਕਾ ਵੀ। ਫੇਰ ਉਹਨੇ ਅੱਗਾ ਪਿੱਛਾ ਦੇਖੇ ਬਿਨਾਂ ਨਾਵਲ ਤੇ ਨਾਵਲ ਲਿਖਣੇ ਸ਼ੁਰੂ ਕਰ ਦਿੱਤੇ। ਜਿਹੜੇ ਪੜ੍ਹੇ ਤੇ ਵਿਕਣ ਲੱਗ ਪਏ। ਫੇਰ ਉਹਨੂੰ ਸ਼ੁਹਰਤ ਵੀ ਬੜੀ ਮਿਲੀ ਤੇ ਪੈਸਾ ਵੀ। ਉਹ ਰਿਟਾਇਰ ਹੋਇਆ ਤਾਂ ਬਰਨਾਲੇ ਵੱਡਾ ਫੰਕਸ਼ਨ ਹੋਇਆ। ਉਹ ਸੱਤਰਾਂ ਜਾਂ ਪੰਝੱਤਰਾਂ ਦਾ ਹੋਇਆ ਤਾਂ ਵੀ ਫੰਕਸ਼ਨ ਕੀਤਾ ਬਰਨਾਲੇ ਵਾਲਿਆਂ ਨੇ। ਇਹ ਪਿੰਡਾਂ ਦੇ ਇਲਾਕੇ ਦੀ ਚੰਗੀ ਰੀਤ ਏ ਕਿ ਜਦ ਵੀ ਉਥੋਂ ਕੋਈ ਭਲਵਾਨ ਉੱਠਦਾ ਏ ਤਾਂ ਉਹਨੂੰ ਆਪਣਾ ਸਮਝ ਕੇ ਵਡਿਆਉਂਦੇ ਤੇ ਸਹਾਇਤਾ ਦੇ ਥਾਪੜੇ ਦੇਂਦੇ ਨੇ।
ਏਸ ਦੌਰਾਨ 'ਚ ਜਸਵੰਤ ਸਿੰਘ ਵਿਰਦੀ ਨੇ ਛੇ ਸੌ ਕਹਾਣੀਆਂ ਲਿਖੀਆਂ ਤੇ ਅਣਖੀ ਨੇ ਲੱਗਭਗ ਚਾਰ ਸੌ। ਜਿਨ੍ਹਾਂ ਵਿਚੋਂ ਢਾਈ ਸੌ ਹਿੰਦੀ ਦੇ ਪਰਚਿਆਂ 'ਚ ਛਪ ਚੁੱਕੀਆਂ ਨੇ। ਪਰ ਪੰਜਾਬੀ 'ਚ ਇਹਨਾਂ ਦੋਹਾਂ ਕਹਾਣੀਕਾਰਾਂ ਨੂੰ ਕਹਾਣੀ ਦੀ ਵਿਧਾ 'ਚ ਏਨੀ ਵਡਿਆਈ ਨਹੀਂ ਮਿਲੀ।
ਮੈਂ ਅਣਖੀ ਦੀਆਂ ਕੁਝ ਕਹਾਣੀਆਂ ਪੜ੍ਹੀਆਂ ਸਨ। ਮੈਨੂੰ ਲੱਗਦਾ ਕਿ ਇਹਦੇ 'ਚ ਇਕ ਵੱਡਾ ਗੁਣ ਸਾਦਗੀ ਏ। ਉਹ ਆਮ ਜਿਹੇ ਸੁਣੇ ਕਿੱਸਿਆਂ ਨੂੰ ਲਿਖ ਦੇਂਦਾ ਏ। ਪਰ ਮੈਂ ਉਹਦਾ ਕੋਈ ਨਾਵਲ ਨਹੀਂ ਸੀ ਪੜ੍ਹਿਆ। ਜਦ ਮੈਂ ਲੋਕਗੀਤ ਪ੍ਰਕਾਸ਼ਨ ਲਈ ਪ੍ਰਤੀਨਿਧ ਕਹਾਣੀਆਂ ਦਾ ਸੰਗ੍ਰਹਿ ਤਿਆਰ ਕਰ ਰਿਹਾ ਸੀ ਤਾਂ ਮੈਨੂੰ ਅਣਖੀ ਦਾ ਖਿਆਲ ਆਇਆ। ਮੈਂ ਉਹਨੂੰ ਉਹਦੀਆਂ ਕੁਝ ਚੰਗੀਆਂ ਕਹਾਣੀਆਂ ਦੇ ਨਾਂ ਪੁੱਛੇ। ਉਹਨੇ ਆਪਣੀਆਂ ਚੋਣਵੀਆਂ ਕਹਾਣੀਆਂ ਦੀ ਪੁਸਤਕ 'ਚਿੱਟੀ ਕਬੂਤਰੀ' ਭੇਜ ਦਿੱਤੀ। ਮੈਂ ਸੱਠ ਕੁ ਕਹਾਣੀਆਂ ਪੜ੍ਹੀਆਂ, ਪਰ ਕੋਈ ਜਚੀ ਨਾ। ਅੰਤ ਨੂੰ ਸਾਢੇ ਚਾਰ ਸੌ ਕਹਾਣੀ ਲਿਖਣ ਵਾਲੇ ਤੇ ਆਪਣੇ ਨਾਵਲ 'ਕੋਠੇ ਖੜਕ ਸਿੰਘ' 'ਤੇ ਸਾਹਿਤਯ ਅਕਾਦਮੀ ਐਵਾਰਡ ਲੈਣ ਵਾਲੇ ਲੇਖਕ ਦੀ ਉਹ ਕਹਾਣੀ ਲੈ ਲਈ, ਜਿਹੜੀ ਉਹਨੇ ਆਪਣੀ ਪਤਨੀ ਦੇ ਗੁਜ਼ਰਨ 'ਤੇ 'ਔਰਤ ਦੇ ਵਿਗੋਚੇ ਦੇ ਦਰਦ' ਬਾਰੇ ਲਿਖੀ ਸੀ।
ਉਹਦੀਆਂ ਕਹਾਣੀਆਂ ਪੜ੍ਹ ਕੇ ਮੈਨੂੰ ਏਸ ਗੱਲ ਨੇ ਹੈਰਾਨ ਕੀਤਾ ਕਿ ਉਹਦਾ ਇਕ ਵੀ ਪਾਤਰ ਬ੍ਰਾਹਮਣ ਨਹੀਂ ਸੀ, ਜਿਹੜਾ ਹਿੰਦੂ ਸੰਸਕਾਰਾਂ ਤੇ ਸ਼ਾਸਤਰਾਂ ਬਾਰੇ ਥੋੜ੍ਹਾ ਬਹੁਤਾ ਵੀ ਜਾਣਦਾ ਹੁੰਦਾ। ਕਿਸੇ ਕਰਮਕਾਂਡੀ ਬ੍ਰਾਹਮਣ ਪਾਤਰ ਦੇ ਹੋਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਹਾਂ, ਉਂਜ ਅਜਿਹੇ ਪਾਤਰ ਮਿਲੇ, ਜਿਨ੍ਹਾਂ ਨੂੰ ਪਿੰਡ ਦੇ ਲੋਕ 'ਬਾਹਮਣ' ਕਹਿੰਦੇ ਨੇ ਤੇ ਜਿਹੜੇ ਜੱਟਾਂ ਤੇ ਹੋਰ ਖੱਤਰੀਆਂ ਬਾਣੀਆਂ ਦੇ ਘਰੋਂ ਹੰਧੇ ਲੈਂਦੇ ਤੇ ਸ਼ਰਾਧ ਖਾਂਦੇ ਨੇ। ਉਹ ਪਾਤਰ ਗਰੀਬ ਜੱਟਾਂ ਵਰਗੇ ਨੇ। ਉਂਜ ਵੀ ਪੰਜਾਬ 'ਚ ਸਿੱਖ ਧਰਮ ਤੇ ਆਰੀਆ ਸਮਾਜ ਦੇ ਪਰਚਾਰ ਕਰ ਕੇ ਬ੍ਰਾਹਮਣ ਉੱਚੀ ਜਾਤ ਨਹੀਂ ਰਹੀ। ਉਹਨੂੰ ਜੱਟ ਜ਼ਲੀਲ ਕਰਨ ਲਈ 'ਮੰਗ-ਖਾਣੀ ਜਾਤ' ਕਹਿਣ ਲੱਗ ਪਏ ਨੇ। ਮੈਂ ਕਿਸੇ ਨੂੰ ਕਹਿ ਕੇ ਇੰਟਰਵਿਊ 'ਚ ਅਣਖੀ ਕੋਲੋਂ ਇਹ ਸਵਾਲ ਪੁੱਛਿਆ ਤਾਂ ਉਹ ਕਹਿੰਦਾ ਕਿ ਉਹਦੇ ਬ੍ਰਾਹਮਣ ਪਾਤਰ ਵੀ ਜੱਟ ਸੱਭਿਆਚਾਰ ਵਾਲੇ ਨੇ। ਉਹਨਾਂ ਦਾ ਆਪਣਾ ਕੋਈ ਜੁਦਾ ਸੱਭਿਆਚਾਰ ਨਹੀਂ। ਮੈਂ ਅਣਖੀ ਦੇ ਬਾਪ ਦੀ ਫੋਟੋ ਦੇਖੀ ਤਾਂ ਉਹ ਬੇਹੱਦ ਗਰੀਬੜਾ ਜਿਹਾ ਬ੍ਰਾਹਮਣ ਦਿਸਦਾ ਸੀ। ਮਾਲਵੇ ਦੇ ਇਲਾਕੇ 'ਚ ਬਹੁਤੀਆਂ ਜ਼ਮੀਨਾਂ ਵਾਲੇ ਜੱਟ ਮਾਮਲਾ ਤਾਰਨ ਤੋਂ ਡਰਦੇ ਬਰਾਨੀ ਜ਼ਮੀਨ ਬ੍ਰਾਹਮਣ ਨੂੰ ਦਾਨ ਕਰ ਦੇਂਦੇ ਸੀ। ਜਿਸ 'ਤੇ ਮਾਮਲਾ ਨਹੀਂ ਸੀ ਲੱਗਦਾ।
 ਇਕ ਟੀ. ਵੀ. ਇੰਟਰਵਿਊ 'ਚ ਅਣਖੀ ਆਤਮ ਵਿਸ਼ਵਾਸ ਨਾਲ ਭਰਿਆ ਆਪਣੇ ਪੂਰੇ ਜਲੌਅ 'ਚ ਬੋਲਦਾ ਸੀ। ਉਹ ਬੋਲਣ ਵੇਲੇ ਝਿਜਕਦਾ ਨਹੀਂ ਸੀ। ਏਸੇ ਲਈ ਉਹਨੇ ਕਿਹਾ ਸੀ ਕਿ ਆਦਮੀ ਤੀਵੀਂ ਦੇ ਵਿਚਕਾਰ ਸਿਰਫ ਸੈਕਸ ਦਾ ਰਿਸ਼ਤਾ ਹੁੰਦਾ ਏ। ਇਹ ਪਿਆਰ ਪਿਊਰ ਕੁਝ ਨਹੀਂ ਹੁੰਦਾ। ਮਾਨਾਂ ਸਨਮਾਨਾਂ ਬਾਰੇ ਬੋਲਦਿਆਂ ਉਹਨੇ ਲੋਈ ਦੇਣ ਵਾਲਿਆਂ ਦੀ ਨਿੰਦਿਆ ਕਰਦਿਆਂ ਕਿਹਾ ਸੀ ਕਿ ਮੇਰਾ ਘਰ ਭਰ ਗਿਐ ਲੋਈਆਂ ਨਾਲ। ਹੁਣ ਮੇਰਾ ਦਿਲ ਕਰਦੈ ਬਈ ਇਹ ਲੋਈਆਂ ਦੇਣ ਵਾਲਿਆਂ ਦੀ ਮੌਤ ਵੇਲੇ ਉੱਤੇ ਪਾ ਆਇਆ ਕਰਾਂ। ਇਹ ਸ਼ੀਲਡਾਂ, ਟਊਏ ਜਿਹੇ ਮੈਂ ਚੁਲ੍ਹੇ 'ਚ ਪਾ ਕੇ ਫੂਕ ਦੇਂਦਾ ਹਾਂ। ਮੈਨੂੰ ਤਾਂ ਪੈਸਿਆਂ ਵਾਲਾ ਸਨਮਾਨ ਹੀ ਚੰਗਾ ਲੱਗਦਾ ਹੈ।
ਆਪਣੀ ਏਸੇ ਭੁੱਖ ਦੀ ਪੂਰਤੀ ਲਈ ਉਹਨੇ ਪਹਿਲਾਂ ਆਪਣੀ ਰਿਟਾਇਰਮੈਂਟ ਦਾ ਦਿਨ ਤੇ ਫੇਰ ਆਪਣਾ 75ਵਾਂ ਜਨਮ ਦਿਨ ਬਹੁਤ ਭਾਰੀ ਕੱਠ ਕਰਾ ਕੇ ਮਨਾਇਆ। ਉਹ ਆਪਣੇ ਪਰਚੇ ਵਾਸਤੇ ਏਨੇ ਪੈਸੇ ਕੱਠੇ ਕਰ ਲੈਂਦਾ ਸੀ ਕਿ ਉਹਦਾ ਮੋਟੇ ਵਿਆਜ 'ਤੇ ਦਿੱਤਾ ਸਵਾ ਦੋ ਲੱਖ ਰੁਪਿਆ ਲੈ ਕੇ ਕੋਈ ਬੰਦਾ ਨੱਠ ਗਿਆ ਸੀ। ਉਹ ਸਾਧਾਂ ਤੇ ਮਹੰਤਾਂ ਕੋਲੋਂ ਵੀ ਪੈਸਾ ਮੰਗ ਲਿਆਉਂਦਾ ਸੀ। ਉਹ ਪੈਸੇ ਮੰਗਣ ਲੱਗਿਆਂ ਕਿਸੇ ਤੋਂ ਸ਼ਰਮ ਨਹੀਂ ਸੀ ਕਰਦਾ। ਮੈਨੂੰ ਮੋਹਨ ਭੰਡਾਰੀ ਨੇ ਦੱਸਿਆ ਕਿ ਇਕ ਵਾਰ ਮੈਂ ਉਹਦਾ ਪਰਚਾ ਨਾ ਮਿਲਣ ਦੀ ਸ਼ਿਕਾਇਤ ਕੀਤੀ ਤਾਂ ਕਹਿੰਦਾ ਕਿ ਚੰਦਾ ਭੇਜ ਦਿਓ, ਪਰਚਾ ਮਿਲ ਜਾਊਗਾ। ਅਸਲ 'ਚ ਅਣਖੀ ਸਾਡੀ ਓਸ ਪੁਰਾਣੀ ਪੀੜ੍ਹੀ ਦੀ ਮਾਨਸਿਕਤਾ ਵਾਲਾ ਬੰਦਾ ਸੀ, ਜਿਹੜੀ ਸਾਰੀ ਉਮਰ ਭੁੱਖ ਨੰਗ ਨਾਲ ਹੀ ਲੜਦੀ ਰਹੀ। ਹਾਲਾਂ ਕਿ ਉਹਨੇ ਨਵੀਂ ਕਾਰ ਲੈ ਲਈ ਸੀ, ਪਰ ਦਿਲ ਦੀ ਗਰੀਬੀ ਨਹੀਂ ਸੀ ਗਈ।
ਅਣਖੀ ਅਖੀਰਲੀ ਉਮਰ 'ਚ ਮੇਰੇ ਘਰ ਦੋ ਰਾਤਾਂ ਰਹਿ ਕੇ ਗਿਆ। ਜਨਾਨੀਆਂ ਦੀਆਂ ਗੱਲਾਂ ਕਰਨ 'ਚ ਬਦਨਾਮ ਹੋਣ ਕਰ ਕੇ ਉਹ ਰਾਤ ਨੂੰ ਮੇਰੇ ਨਾਲ ਇਹ ਗੱਲਾਂ ਕਰਦਾ ਰਿਹਾ। ਮੈਂ ਉਹਨੂੰ ਬਲਿਊ ਫਿਲਮ ਵਿਖਾਈ। ਉਹ ਬਾਗੋ ਬਾਗ ਹੋ ਗਿਆ। ਜਾ ਕੇ ਉਹਨੇ ਮੈਨੂੰ ਫੋਨ ਕੀਤਾ, ''ਤੈਂ ਇਕ ਰਾਤ 'ਚ ਹੀ ਮੈਨੂੰ ਜਵਾਨ ਕਰ 'ਤਾ। ਹੁਣ ਤਾਂ ਜਦ ਕਮਜ਼ੋਰੀ ਮਹਿਸੂਸ ਹੋਈ ਤਾਂ ਮੈਂ ਤੇਰੇ ਕੋਲ ਆ ਜਾਇਆ ਕਰੂੰਗਾ।''
ਉਹ ਮੈਨੂੰ ਮਿਲਣ ਹਿੰਦ ਸਮਾਚਾਰ ਦੇ ਦਫਤਰ 'ਚ ਕਈ ਵਾਰ ਆਇਆ। ਮੈਨੂੰ ਕਿਸੇ ਸਾਹਿਤਕਾਰ ਦਾ ਅਖਬਾਰ ਦੇ ਦਫਤਰ 'ਚ ਆਓਣਾ ਚੰਗਾ ਨਹੀਂ ਸੀ ਲੱਗਦਾ। ਮੈਂ ਇਕ ਵਾਰ ਉਹਨੂੰ ਖੁਸ਼ ਕਰਨ ਨੂੰ ਇਕ ਲਿਫਾਫਾ ਫੜਾ ਕੇ ਕਿਹਾ, ''ਇਹਨੂੰ ਝੋਲੇ 'ਚ ਲਕੋ ਲੈ। ਇਹ ਬੜੇ ਸਿਆਣੇ ਹਕੀਮ ਦਾ ਤਿਆਰ ਕੀਤਾ ਨੁਸਖਾ ਏ।...ਅਸਲ 'ਚ ਇਕ ਇਸ਼ਤਿਹਾਰ ਮਾਲਵੇ ਦੇ ਇਲਾਕੇ ਤੋਂ ਕਿਸੇ ਹਕੀਮ ਜੀ ਦਾ ਛਪਦਾ ਸੀ। ਉਹ ਹਕੀਮ ਦੂਜੇ ਤੀਜੇ ਮਹੀਨੇ ਹਿੰਦ ਸਮਾਚਾਰ ਦੇ ਦਫਤਰ 'ਚ ਆ ਕੇ ਉਰਦੂ ਡੈਸਕ ਦੇ ਪਿਛਲੇ ਪਾਸੇ ਕਾਤਿਬ ਸਾਹਿਬਾਨ ਦੇ ਨਾਲ ਬੈਠ ਕੇ ਗੱਲਾਂ ਕਰਦਾ ਰਹਿੰਦਾ ਸੀ। ਉਰਦੂ ਦੇ ਸਾਰੇ ਐਡੀਟਰ ਤੇ ਕਾਤਿਬ ਪੰਜਾਹੋਂ ਟੱਪੇ ਹੋਏ ਸਨ। ਸਭ ਨੂੰ ਉਹਦੀ ਦਵਾਈ ਦੀ ਲੋੜ ਸੀ। ਓਸ ਹਕੀਮ ਦੇ ਇਸ਼ਤਿਹਾਰ 'ਚ ਤਿੰਨ ਕੋਰਸਾਂ ਦਾ ਜ਼ਿਕਰ ਹੁੰਦਾ ਸੀ। ਚਾਂਦੀ ਵਾਲਾ, ਸੋਨੇ ਵਾਲਾ ਤੇ ਹੀਰੇ ਮੋਤੀਆਂ ਵਾਲਾ। ਅਸੀਂ ਮਖੌਲ 'ਚ ਪੁੱਛਦੇ ਕਿ ਇਹਨਾਂ ਦੇ ਕੰਮ 'ਚ ਕੀ ਫਰਕ ਏ? ਹਕੀਮ ਵੀ ਮਖੌਲ 'ਚ ਗੱਲਾਂ ਕਰਦਾ ਰਹਿੰਦਾ। ਇਕ ਵਾਰ ਉਹ ਸੱਚੀਂ ਮੁੱਚੀਂ ਆਪਣੇ ਝੋਲੇ 'ਚ ਕੋਰਸਾਂ ਦੀਆਂ ਪੁੜੀਆਂ ਲੈ ਆਇਆ ਤੇ ਪ੍ਰਸ਼ਾਦ ਵਜੋਂ ਸਭ ਨੂੰ ਇਕ-ਇਕ ਪੁੜੀ ਚਾਂਦੀ ਜਾਂ ਸੋਨੇ ਵਾਲੇ ਕੋਰਸ ਦੀ ਦਿੱਤੀ। ਅਣਖੀ ਨੂੰ ਮੈਂ ਉਹੀ ਸੋਨੇ ਵਾਲਾ ਕੋਰਸ ਦੇ ਦਿੱਤਾ ਸੀ। ਉਹਨੇ ਮਲਕ ਦੇਣੀ ਆਪਣੇ ਝੋਲੇ 'ਚ ਪਾ ਲਿਆ। ਹੁਣ ਸਾਡੇ ਵਿਚਕਾਰ ਓਸ ਕੋਰਸ ਦੇ ਅਸਰ ਬਾਰੇ ਮਖੌਲ ਕਈ ਸਾਲ ਚੱਲਦਾ ਰਿਹਾ।
ਉਹਨੂੰ ਆਪਣੇ ਨਵੇਂ ਵਿਆਹ ਦੇ ਸੁਖ ਦਾ ਵੀ ਅਹਿਸਾਸ ਸੀ ਤੇ ਪਛਤਾਵਾ ਵੀ ਸੀ। ਉਹਨੂੰ ਲੱਗਾ ਸੀ ਕਿ ਐਵੇਂ ਪੰਗਾ ਲੈ ਹੋ ਗਿਆ। ਸ਼ਾਇਦ ਉਹ ਧੀਆਂ ਦੀ ਕਬੀਲਦਾਰੀ ਤੋਂ ਦੁਖੀ ਸੀ। ਇਕ ਵਾਰੀ ਮੈਂ ਉਹਦੇ ਘਰ ਫੋਨ ਕੀਤਾ ਤਾਂ ਉਹਦੀ ਬੇਟੀ ਨੇ ਰਿਸੀਵਰ ਚੱਕ ਲਿਆ। ਉਹ ਐਮ.ਏ. ਤੇ ਮਾਸ ਕਮਿਊਨੀਕੇਸ਼ਨ ਦਾ ਕੋਰਸ ਤੇ ਬੀਐਡ ਕਰ ਕੇ ਘਰ ਹੀ ਬੈਠੀ ਸੀ। ਜਦ ਮੈਂ ਪੁੱਛਿਆ ਕਿ ਕੋਈ ਕੰਮ ਕਿਉਂ ਨਹੀਂ ਕਰਦੀ ਤਾਂ ਉਹਦਾ ਜਵਾਬ ਸੀ ਕਿ ਭਾਪਾ ਜੀ ਕਰਨ ਨਹੀਂ ਦੇਂਦੇ। ਮੈਂ ਉਹਨੂੰ ਜਲੰਧਰ ਬੁਲਾ ਕੇ ਕਿਸੇ ਅਖਬਾਰ ਦੇ ਨਿਊਜ਼ ਡੈਸਕ 'ਤੇ ਬਹਾਣਾ ਚਾਹੁੰਦਾ ਸੀ। ਜਿਥੇ ਕੰਮ ਕਰ ਕੇ ਭਾਵੇਂ ਬਹੁਤਾ ਪੈਸਾ ਨਾ ਮਿਲੇ, ਪਰ ਜ਼ਿੰਦਗੀ ਦਾ ਤਜਰਬਾ ਜ਼ਰੂਰ ਮਿਲੇ। ਇਹ ਬੜੀ  ਕੀਮਤੀ ਚੀਜ਼ ਹੁੰਦੀ ਏ। ਉਹਦਾ ਉਹੀ ਇਕ ਜਵਾਬ ਕਿ ਭਾਪਾ ਜੀ ਕੁਸ਼ ਕਰਨ ਏ ਨਹੀਂ ਦੇਂਦੇ। ਮੈਂ ਕਿਹਾ ਕਿ ਤੂੰ ਬਰਨਾਲੇ ਬੂਟਾ ਸਿੰਘ ਚੌਹਾਨ ਦੇ ਅਖਬਾਰੀ ਦਫਤਰ ਜਾ ਕੇ ਖਬਰਾਂ ਠੀਕ ਕਰਨ ਦਾ ਕੰਮ ਹੀ ਕਰਨ ਲੱਗ ਜਾਹ। ਤਾਂ ਉਹ ਚੁੱਪ ਹੀ ਕਰ ਗਈ। ਪੁੱਛਣ ਤੇ ਫੇਰ ਕਿਹਾ ਕਿ ਭਾਪਾ ਜੀ ਘਰੋਂ ਹੀ ਨਹੀਂ ਜਾਣ ਦੇਂਦੇ।
ਅਸਲ 'ਚ ਅਣਖੀ ਪੱਛੜੇ ਇਲਾਕੇ ਦਾ ਪੱਛੜੀ ਸੋਚ ਵਾਲਾ ਬੰਦਾ ਈ ਸੀ। ਉਹਦਾ ਹਰੇਕ ਵਿਹਾਰ ਪੇਂਡੂ ਤੇ ਅਣਪੜ੍ਹਾਂ ਵਾਲਾ ਸੀ। ਜਦ ਉਹਨੇ ਮੈਨੂੰ ਪੇਸ਼ਾਬ 'ਚ ਰੁਕਾਵਟ ਦੀ ਗੱਲ ਦੱਸੀ ਤਾਂ ਮੈਂ ਉਹਨੂੰ ਪ੍ਰੋਸਟ੍ਰੇਟ ਗਲੈਂਡ ਦਾ ਔਪ੍ਰੇਸ਼ਨ ਕਰਾਓਣ ਦਾ ਆਪਣਾ ਅਨੁਭਵ ਦੱਸਿਆ। ਉਹ ਬਰਨਾਲੇ ਦੇ ਹਕੀਮਾਂ ਤੇ ਡਾਕਟਰਾਂ ਤੋਂ ਗੋਲੀਆਂ ਲੈ ਕੇ ਵਕਤ ਟਪਾਉਂਦਾ ਰਿਹਾ। ਜਦ ਹਾਲਤ ਜ਼ਿਆਦਾ ਖਰਾਬ ਹੋ ਗਈ ਤਾਂ ਮੇਰੇ ਕਹਿਣ 'ਤੇ ਔਪ੍ਰੇਸ਼ਨ ਕਰਾਓਣ ਨੂੰ ਤਿਆਰ ਹੋ ਗਿਆ। ਮੈਂ ਕਿਹਾ ਕਿ ਅਪ੍ਰੇਸ਼ਨ ਲੁਧਿਆਣੇ ਜਾਂ ਪਟਿਆਲੇ ਤੋਂ ਕਰਾਈਂ। ਪਰ ਉਹ ਇਹ ਕਹਿ ਕੇ ਬਰਨਾਲੇ ਦੇ ਹਸਪਤਾਲ ਚਲਿਆ ਗਿਆ ਕਿ ਏਥੇ ਵੀ ਡਾਕਟਰ ਲੁਧਿਆਣੇ ਤੋਂ ਈ ਆਉਂਦਾ ਹੈ। ਜਿਸ ਦਾ ਨਤੀਜਾ ਇਹ ਹੋਇਆ ਕਿ ਉਹਨੂੰ ਤਿੰਨ ਮਹੀਨੇ ਪੇਸ਼ਾਬ ਜਲਣ ਨਾਲ ਆਉਂਦਾ ਰਿਹਾ। ਉਹ ਪਹਿਲਾਂ ਅੰਗ੍ਰੇਜ਼ੀ ਦਵਾਈਆਂ ਤੇ ਫੇਰ ਦੇਸੀ ਤੇ ਹੋਮਿਓਪੈਥੀ ਦੀਆਂ ਗੋਲੀਆਂ ਖਾ ਕੇ ਗੁਜ਼ਾਰਾ ਕਰਦਾ ਰਿਹਾ। ਤਕਲੀਫ ਫੇਰ ਵੀ ਰਹੀ।
ਫੇਰ ਉਹਨੇ ਮੈਨੂੰ ਦੱਸਿਆ ਕਿ ਉਹਦੇ ਦਰਦ ਜਿਹਾ ਹੁੰਦਾ ਰਹਿੰਦਾ ਏ, ਕਦੇ ਪੇਟ 'ਚ ਤੇ ਕਦੇ ਵੱਖੀ ਵਿਚ ਨੂੰ। ਇਹ ਪਤਾ ਨਹੀਂ ਕਾਹਦਾ ਏ। ਮੈਂ ਕਿਹਾ ਕਿ ਇਹਦੇ ਲਈ ਤਾਂ ਸੀ. ਟੀ. ਸਕੈਨ ਕਰਾਓਣਾ ਪੈਂਦਾ ਏ। ਕਰਾ ਕੇ ਪਤਾ ਕਰ ਲੈ। ਪਰ ਏਸ ਤੋਂ ਮੈਂ ਵੀ ਡਰਦਾ ਹਾਂ। ਪਤਾ ਨਹੀਂ ਇਹ ਕਿਥੇ-ਕਿਥੇ ਕਿਸੇ ਬਿਮਾਰੀ ਦੀ ਸੂਚਨਾ ਦੇ ਦੇਵੇ। ਮੈਂ ਉਹਨੂੰ ਕਿਹਾ ਕਿ ਇਹ ਟੈਸਟ ਤਾਂ ਬੇਸ਼ਕ ਨਾ ਕਰਾ, ਪਰ ਕਿਸੇ ਸਿਆਣੇ ਡਾਕਟਰ ਤੋਂ ਚੈਕ-ਅੱਪ ਜ਼ਰੂਰ ਕਰਾ ਲੈ। ਪਰ ਉਹ ਪੇਂਡੂ ਮਾਨਸਿਕਤਾ ਦਾ ਬੰਦਾ ਕਿਸੇ ਡਾਕਟਰ ਕੋਲ ਜਾਣ ਦੀ ਬਜਾਏ ਬਰਨਾਲੇ ਦੇ ਕਿਸੇ ਹਕੀਮ ਜਾਂ ਹੋਮਿਓਪੈਥ ਦੀਆਂ ਸਸਤੀਆਂ ਗੋਲੀਆਂ ਖਾਣਾ ਪਸੰਦ ਕਰਦਾ ਸੀ।
 ਅਣਖੀ ਨੇ ਮੈਨੂੰ ਇਕ ਵਾਰ ਰਾਤ ਨੂੰ ਗੱਲਾਂ ਕਰਦੇ ਨੇ ਦੱਸਿਆ ਕਿ ਉਹਤੋਂ ਕਿਸੇ ਦੀ ਚੁਭਵੀਂ ਕਹੀ ਗੱਲ ਭੁੱਲਦੀ ਹੀ ਨਹੀਂ। ਉਹ ਕਦੇ ਨਾ ਕਦੇ ਬਦਲਾ ਲੈਣ ਦਾ ਮੌਕਾ ਲੱਭਦਾ ਏ।...ਉਹ ਆਪਣੇ ਪਰਚੇ 'ਕਹਾਣੀ ਪੰਜਾਬ' 'ਚ ਅਜਿਹੀਆਂ ਚਿੱਠੀਆਂ ਛਾਪਦਾ ਰਹਿੰਦਾ ਸੀ, ਜਿਨ੍ਹਾਂ ਦਾ ਪਰਚੇ ਦੇ ਮੈਟਰ ਨਾਲ ਕੋਈ ਸੰਬੰਧ ਹੀ ਨਹੀਂ ਸੀ ਹੁੰਦਾ। ਜਿਵੇਂ ਉਹਦੇ ਨਾਵਲ ਪੜ੍ਹ ਕੇ ਆਈ ਕਿਸੇ ਪਾਠਕ ਦੀ ਚਿੱਠੀ। ਜਦ ਉਹਦੇ ਨਾਲ ਗੁਰਬਚਨ ਸਿੰਘ ਭੁੱਲਰ ਕੰਮ ਕਰਦਾ ਸੀ ਤਾਂ ਉਹ ਵੀ ਅਜਿਹੀਆਂ ਚਿੱਠੀਆਂ ਛਪਵਾਂਦਾ ਰਹਿੰਦਾ ਸੀ। ਇਕ ਵਾਰ ਉਹਨੇ ਮੇਰੀ ਇਕ ਚਿੱਠੀ ਛਪਵਾ ਲਈ, ਜਿਹੜੀ ਕੋਈ ਵੀਹ ਪੱਚੀ ਸਾਲ ਪਹਿਲਾਂ ਮੈਂ ਉਹਦੀ ਕਹਾਣੀ ਦੀ ਤਾਰੀਫ 'ਚ ਲਿਖੀ ਸੀ।
ਇਵੇਂ ਅਣਖੀ ਨੇ ਇਕ ਵਾਰ ਸਾਡੇ ਹਾਣ ਦੇ ਇਕ ਲੇਖਕ, ਜਿਹੜਾ ਕਦੇ ਮੇਰਾ ਵੀ ਦੋਸਤ ਸੀ ਪਰ ਹੁਣ ਵਿੱਟਰਿਆ ਹੋਇਆ ਸੀ, ਦੀ ਚਿੱਠੀ ਛਾਪ ਦਿੱਤੀ। ਜਿਹੜੀ ਉਹਨੇ ਸੜ ਕੇ ਮੇਰੇ ਖਿਲਾਫ ਲਿਖੀ ਸੀ। ਜਦ ਮੈਂ ਅਣਖੀ ਨੂੰ ਫੋਨ ਕੀਤਾ ਤਾਂ ਉਹ ਮੇਰੇ ਪੁੱਛਣ ਤੋਂ ਪਹਿਲਾਂ ਆਪ ਈ ਕਹਿਣ ਲੱਗ ਪਿਆ, ''ਪ੍ਰੇਮ ਪ੍ਰਕਾਸ਼ ਤੂੰ ਵੱਡਾ ਸਾਹਿਤਕਾਰ ਹੈਂ। ਗੁੱਸਾ ਨਾ ਕਰੀਂ। ਕੁੱਤੇ ਭੌਂਕਦੇ ਈ ਰਹਿੰਦੇ ਨੇ, ਹਾਥੀ ਚੱਲਦੇ ਰਹਿੰਦੇ ਨੇ।''
ਮੈਨੂੰ ਬੜਾ ਬੁਰਾ ਲੱਗਿਆ ਕਿ ਉਹਨੇ ਮੇਰੀ ਤਾਂ ਨਿੰਦਿਆ ਕਰ ਦਿੱਤੀ, ਹੁਣ ਆਪਣੇ ਦੋਸਤ ਨੂੰ ਕੁੱਤਾ ਕਹਿੰਦਾ ਏ। ਮੈਂ ਕਿਹਾ,'' ਪਰ ਇਹ ਕੁੱਤਾ ਤੇਰੇ ਵਿਹੜੇ 'ਚ ਖੜ੍ਹ ਕੇ ਕਾਹਤੇ ਭੌਂਕਦੈ?''
ਫੇਰ ਉਹਨੇ 'ਗੁਸਤਾਖੀ ਮੁਆਫ' 'ਚ ਮੇਰੇ ਬਾਰੇ ਕੋਈ ਲਤੀਫਾ ਛਾਪ ਦਿੱਤਾ। ਮੈਨੂੰ ਅਜਿਹੀਆਂ ਗੱਲਾਂ ਬੁਰੀਆਂ ਨਹੀਂ ਲੱਗਦੀਆਂ। ਮੈਂ ਕਹਿੰਦਾ ਹੁੰਦਾ ਹਾਂ ਕਿ ਇਹ ਨੋਕ ਝੋਂਕ ਸਾਹਿਤਕਾਰਾਂ 'ਚ ਚੱਲਦੀ ਰਹਿਣੀ ਚਾਹੀਦੀ ਏ। ਇਹ ਜ਼ਿੰਦਗੀ ਦਾ ਨੂਣ ਮਿਰਚ ਏ। ਓਸ ਲਤੀਫੇ ਦੇ ਬਾਅਦ ਮੈਂ ਐਂਵੇਂ ਹਾਲ ਚਾਲ ਪੁੱਛਣ ਲਈ ਅਣਖੀ ਨੂੰ ਫੋਨ ਕੀਤਾ ਤਾਂ ਉਹ ਫੇਰ ਆਪ ਈ ਬੋਲ ਪਿਆ। ਕਹਿੰਦਾ, ''ਇਹ ਜਿਹੜਾ ਚੁਟਕਲਾ ਜਿਹਾ ਮੈਂ ਛਾਪਿਆ ਏ। ਉਹ ਮੈਨੂੰ ਜਿੰਦਰ ਨੇ ਲਿਖਾਇਆ ਸੀ।''
ਉਹਦੀ ਗੱਲ 'ਤੇ ਮੈਂ ਦਿਲ 'ਚ ਹੱਸਿਆ ਕਿ ਦੇਖੋ, ਉਹ ਪਹਿਲਾਂ ਬੜ੍ਹਕ ਮਾਰਦਾ ਏ ਕਿ ਉਹ ਢੱਠਾ ਏ। ਫੇਰ ਮੋਕ ਮਾਰਦਾ ਏ ਕਿ ਗਊ ਦਾ ਜਾਇਆ ਏ। ਇਹ ਪੱਤਰਕਾਰ ਬਣੀ ਫਿਰਦਾ ਏ, ਪਰ ਇਹਨੂੰ ਏਨਾ ਨਹੀਂ ਪਤਾ ਕਿ ਪੱਤਰਕਾਰ ਦੀ ਖਬਰ ਦਾ ਸਰੋਤ ਤਾਂ ਸੁਪਰੀਮ ਕੋਰਟ ਵੀ ਨਹੀਂ ਪੁੱਛ ਸਕਦੀ।...ਮੈਨੂੰ ਲੱਗਿਆ ਕਿ ਉਹ ਮੈਥੋਂ ਆਪਣੇ ਖਿਲਾਫ 'ਲਕੀਰ' 'ਚ ਛਪੀਆਂ ਟਿੱਚਰਾਂ ਦਾ ਬਦਲਾ ਲੈ ਰਿਹਾ ਏ। ਏਸ ਲਤੀਫੇ ਨਾਲ ਉਹ ਆਪ ਤਾਂ ਬੇਕਸੂਰਾ ਬਣਦਾ ਏ ਤੇ ਇਹ ਵੀ ਚਾਹੁੰਦਾ ਏ ਕਿ ਮੈਂ ਜਿੰਦਰ ਨੂੰ ਘੂਰਾਂ। ਸਾਡੇ ਵਿਚਕਾਰ ਦੁਸ਼ਮਣੀ ਪੈਦਾ ਹੋ ਜਾਵੇ।...ਇਹ ਬੰਦੇ ਦੇ ਕਪਟੀ ਹੋਣ ਦੀ ਨਿਸ਼ਾਨੀ ਸੀ। ਜਿਹੜੀ ਮੈਂ ਆਈ ਗਈ ਕਰ ਦਿੱਤੀ। ਮੈਂ ਉਹਨੂੰ ਕਹਿੰਦਾ ਹੁੰਦਾ ਸੀ ਕਿ ਬ੍ਰਾਹਮਣ ਚਾਹੇ ਅਣਪੜ੍ਹ ਮੀਂਗਣਾਂ ਗਿਣਨ ਵਾਲਾ ਹੋਵੇ, ਕਾਲਾ ਹੋਵੇ, ਅਸੀਂ ਤਾਂ ਵੀ ਉਹਦੇ ਪੈਰੀਂ ਹੱਥ ਲਾਓਣਾ ਏ। ਇਹ ਸੁਣ ਕੇ ਪਤਾ ਨਹੀਂ ਉਹ ਮੀਸਣਾ ਖੁਸ਼ ਹੁੰਦਾ ਜਾਂ ਦੁਖੀ!
ਕਈ ਸਾਲ ਪਹਿਲਾਂ ਮੈਨੂੰ ਬੂਟਾ ਸਿੰਘ ਚੌਹਾਨ ਨੇ ਬਰਨਾਲੇ ਰੂਬਰੂ ਲਈ ਸੱਦਿਆ। ਜਾ ਕੇ ਪਤਾ ਲੱਗਿਆ ਕਿ ਉਥੇ ਵੀ ਹੋਰਾਂ ਸ਼ਹਿਰਾਂ ਵਾਂਗੂੰ ਲੇਖਕ ਦੋ ਧੜਿਆਂ 'ਚ ਵੰਡੇ ਹੋਏ ਨੇ। ਅਣਖੀ ਮੇਰੇ ਫੰਕਸ਼ਨ 'ਚ ਆਇਆ। ਸ਼ਾਮ ਤਕ ਉਹ ਚੌਹਾਨ ਦੇ ਦਫਤਰ ਵਾਲੇ ਚੁਬਾਰੇ 'ਚ ਬੈਠਾ ਸ਼ਰਾਬ ਪੀਂਦਾ ਰਿਹਾ। ਜਾਣ ਲੱਗਿਆ ਤਾਂ ਕਹਿੰਦਾ, ''ਸਵੇਰ ਨੂੰ ਪ੍ਰੇਮ ਨਾਸ਼ਤਾ ਸਾਡੇ ਘਰ ਖਾ ਲਈਂ।...ਮੈਂ ਰਾਤ ਚੌਹਾਨ ਦੇ ਘਰ ਰਿਹਾ। ਸਵੇਰੇ ਤਿਆਰ ਹੋ ਕੇ ਚੌਹਾਨ ਕਹਿੰਦਾ, ''ਚਲੋ, ਆਪਾਂ ਨਾਸ਼ਤਾ ਅਣਖੀ ਦੇ ਕਰ ਕੇ ਉਧਰੋਂ ਉਧਰੀਂ ਚਲੇ ਜਾਵਾਂਗੇ ਜਲੰਧਰ ਨੂੰ।''
ਰਾਹ 'ਚ ਉਹਨੇ ਅਣਖੀ ਦੇ ਘਰ ਫੋਨ ਕਰ ਕੇ ਕਿਹਾ ਕਿ ਚਾਹ ਧਰ ਲਓ, ਅਸੀਂ ਆ ਰਹੇ ਹਾਂ। ਉਧਰੋਂ ਅਣਖੀ ਦੀ ਤੀਵੀਂ ਦਾ ਜਵਾਬ ਆਇਆ ਕਿ ਉਹ ਤਾਂ ਸਵੇਰੇ  ਈ ਚੰਡੀਗੜ੍ਹ ਨੂੰ ਚਲੇ ਗਏ ਨੇ।...ਇਹ ਗੱਲ ਸੁਣ ਕੇ ਮੈਨੂੰ ਕੋਈ ਹੈਰਾਨੀ ਨਾ ਹੋਈ। ਮੈਨੂੰ ਜਸਵੰਤ ਸਿੰਘ ਵਿਰਦੀ ਦੀ ਯਾਦ ਆਈ, ਜਿਹੜਾ ਘਰ ਬੈਠਾ ਹੁੰਦਾ ਸੀ ਤੇ ਉਹ ਆਪਣੇ ਛੋਟੇ ਭਾਈ ਤੋਂ ਕਹਾ ਦੇਂਦਾ ਸੀ ਕਿ ਭਾਅ ਜੀ ਤਾਂ ਘਰ ਨਹੀਂ। ਅਸੀਂ ਤਾਕੀ ਵਿਚੀਂ ਵਿਰਦੀ ਨੂੰ ਦੇਖ ਲੈਂਦੇ ਸੀ।
ਮੀਂਗਣਾਂ ਗਿਣਨ ਵਾਲਾ ਓਸ ਪੰਡਤ ਨੂੰ ਕਹਿੰਦੇ ਨੇ, ਜਿਹੜਾ ਕੋਰਾ ਅਣਪੜ੍ਹ ਹੋਵੇ ਤੇ ਪਿੰਡ ਦੇ ਲੋਕਾਂ ਨੂੰ ਤਿਥਾਂ ਆਪਣੀ ਬੱਕਰੀ ਦੀਆਂ ਮੀਂਗਣਾਂ ਗਿਣ ਕੇ ਦੱਸਦਾ ਹੋਵੇ। ਕਹਿੰਦੇ ਨੇ ਇਕ ਵਾਰੀ ਉਹਦੇ ਘੜੇ ਦਾ ਚੱਪਣ ਲਹਿ ਗਿਆ। ਬੱਕਰੀ ਨੇ ਘੜੇ 'ਚ ਮੀਂਗਣਾਂ ਦੀ ਬੁੱਕ ਭਰ ਦਿੱਤੀ। ਜਦ ਕਿਸੇ ਨੇ ਆ ਕੇ ਪੰਡਤ ਜੀ ਤੋਂ ਤਿਥ ਪੁੱਛੀ ਤਾਂ ਉਹ ਮੀਂਗਣਾ ਦਾ ਬੁੱਕ ਭਰ ਕੇ ਕਹਿੰਦਾ ਕਿ ਜਜਮਾਨ, ਅੱਜ ਤਾਂ ਤਿਥ ਬੇਅੰਤ ਐ।
ਮੈਂ ਅਣਖੀ ਕੋਲੋਂ ਅਕਸਰ ਫੋਨ ਕਰ ਕੇ ਉਹਦੀ ਸਿਹਤ ਬਾਰੇ ਪੁੱਛਦਾ ਰਹਿੰਦਾ ਸੀ। ਇਕ ਤਾਂ ਉਹਨੂੰ ਪਿਸ਼ਾਬ ਕਰਦਿਆਂ ਜਲਣ ਦੀ ਸ਼ਿਕਾਇਤ ਪੂਰੀ ਤਰ੍ਹਾਂ ਖਤਮ ਨਹੀਂ ਸੀ ਹੋਈ। ਫੇਰ ਉਹਨੇ ਇਕ ਦਿਨ ਮੈਨੂੰ ਦੱਸਿਆ, ''ਯਾਰ, ਮੇਰੇ ਦਰਦ ਜਿਹਾ ਹੁੰਦਾ ਰਹਿੰਦਾ ਐ। ਕਦੇ ਉਹ ਢਿੱਡ ਦੇ ਖੱਬੇ ਸੱਜੇ ਹੁੰਦਾ ਏ ਤੇ ਕਦੇ ਬੱਖੀ 'ਚ ਨੂੰ।''
ਅਜਿਹੀਆਂ ਸ਼ਿਕਾਇਤਾਂ ਸਭ ਬੁੜ੍ਹਿਆਂ ਨੂੰ ਹੁੰਦੀਆਂ ਰਹਿੰਦੀਆਂ ਨੇ। ਉਹ ਇਹਨੂੰ ਭਾਣਾ ਮੰਨ ਕੇ ਤੇ ਫੱਕੀ ਫੁੱਕੀ ਲੈ ਕੇ ਸਾਰੀ ਜਾਂਦੇ ਨੇ। ਜਦ ਅਣਖੀ ਏਸ ਜਹਾਨੋਂ ਤੁਰ ਗਿਆ ਤਾਂ ਹੈਰਾਨੀ ਹੋਈ ਕਿ ਏਡੀ ਛੇਤੀ ਤੇ ਕਾਹਲ ਨਾਲ ਕਿਉਂ ਚਲਿਆ ਗਿਆ।
ਅਣਖੀ ਦੇ ਗੁਜ਼ਰਨ 'ਤੇ ਜਿਹੜੀਆਂ ਖਬਰਾਂ ਤੇ ਇਸ਼ਤਿਹਾਰ ਛਪੇ, ਉਹਨਾਂ ਤੋਂ ਲੱਗਦਾ ਸੀ ਕਿ ਮਰਨ ਵਾਲਾ ਆਪਣੀਆਂ ਰਸਮਾਂ 'ਤੇ ਪੈਸਾ ਖਰਚ ਕਰਨਾ ਨਹੀਂ ਸੀ ਚਾਹੁੰਦਾ। ਬਲਕਿ ਇਹ ਚਾਹੁੰਦਾ ਸੀ ਕਿ ਉਹਦੇ ਮਰਨ 'ਤੇ ਲੋਕਾਂ ਦਾ ਭਾਰੀ ਕੱਠ ਹੋਵੇ ਤੇ ਉਹਦੇ ਗੁਣ ਗਾਏ ਜਾਣ। ਏਸ ਨਾਲ ਮੈਨੂੰ ਲਾਲ ਸਿੰਘ ਦਿਲ ਦੀ ਆਖਰੀ ਸਮੇਂ ਦੀ ਗੱਲ ਯਾਦ ਆ ਗਈ। ਉਹ ਕਹਿੰਦਾ ਹੁੰਦਾ ਸੀ ਕਿ ਉਹਦੇ ਮਰਨ 'ਤੇ ਉਹਨੂੰ ਏਸ ਘਰ ਦੇ ਵਿਹੜੇ 'ਚ ਦਫਨ ਕੀਤਾ ਜਾਵੇ। ਹਰ ਸਾਲ ਉਹਦੇ ਮਜ਼ਾਰ 'ਤੇ ਮੇਲਾ ਲੱਗੇ। ਕੱਵਾਲੀਆਂ ਹੋਣ।
ਇਹ ਅਮਰ ਹੋਣ ਦੀ ਖਾਹਿਸ਼ ਸਾਹਿਤਕਾਰ ਦਾ ਮਰਨ 'ਤੇ ਵੀ ਖਹਿੜਾ ਨਹੀਂ ਛੱਡਦੀ।

ਅਪ੍ਰੈਲ, 2010
* * * *