Tuesday, April 19, 2011

ਦੁੰਬੇ ! :: ਗੁਲਜ਼ਾਰ




ਇਕ ਵਿਸ਼ੇਸ਼ ਲਿਖਤ :

ਦੁੰਬੇ !
ਲੇਖਕ : ਗੁਲਜ਼ਾਰ


ਹਿੰਦੀ ਤੋਂ ਅਨੁਵਾਦ : ਮਹਿੰਦਰ ਬੇਦੀ, ਜੈਤੋ


ਸੁਚੀਤਗੜ੍ਹ,  ਇਕ ਛੋਟਾ-ਜਿਹਾ ਪਿੰਡ ਹੈ—ਇਸ ਪਾਸੇ; ਹਿੰਦੁਸਤਾਨ ਵਿਚ। ਸਿਆਲਕੋਟ ਇਕ ਵੱਡੀ ਜਗ੍ਹਾ ਹੈ—ਉਸ ਪਾਸੇ; ਪਾਕਿਸਤਾਨ ਵਿਚ।
ਕੈਪਟਨ ਸ਼ਾਹੀਨ, ਇਕ ਹੈਂਡਸਮ ਰਿਟਾਇਰਡ ਫ਼ੌਜੀ ਨੇ—ਨਿਊਯਾਰਕ ਵਿਚ। 'ਕਸ਼ਮੀਰ' ਨਾਂ ਦਾ ਇਕ ਰੈਸਟੋਰੈਂਟ ਚਲਾਉਂਦੇ ਨੇ। ਉਹਨਾਂ ਦੇ ਦਫ਼ਤਰ ਦੀ ਸ਼ਕਲ ਮੁਹਾਜ਼ ਦੇ ਕਿਸੇ 'ਬੰਕਰ' ਵਰਗੀ ਲੱਗਦੀ ਹੈ। ਛੱਤ 'ਤੇ ਵੀ ਪਲਾਸਟਿਕ ਦੀਆਂ ਹਰੀਆਂ ਪੱਤੀਆਂ ਦੀ ਬਣਵਾਈ ਹੋਈ ਜਾਲੀ ਲਾ ਰੱਖੀ ਹੈ। ਇਕ ਪਾਸੇ ਬਹੁਤ ਸਾਰੀਆਂ ਟੋਪੀਆਂ ਟੰਗੀਆਂ ਹੋਈਆਂ ਨੇ—ਫੌਜੀ ਬੂਟ ਰੱਖੇ ਨੇ ਤੇ ਇਕ ਵਰਦੀ ਵੀ ਟੰਗੀ ਹੋਈ ਹੈ।
ਅਮਜਦ ਇਸਲਾਮ 'ਅਮਜਦ' ਨੇ ਦੁਪਹਿਰ ਦੇ ਖਾਣੇ ਦਾ ਸੱਦਾ ਦਿੱਤਾ ਸੀ...ਤੇ ਵਕੀਲ ਅੰਸਾਰੀ ਆ ਕੇ ਮੈਨੂੰ ਉੱਥੇ ਲੈ ਗਏ ਸਨ। ਉਹ ਉਸ ਪਾਸੇ ਦੇ ਨੇ, ਪਰ ਇਸ ਪਾਸੇ ਦੀਆਂ ਸਾਰੀਆਂ ਉਰਦੂ ਹਸਤੀਆਂ ਤੇ ਲੇਖਕਾਂ-ਸ਼ਾਇਰਾਂ ਨੂੰ ਆਪਣੇ ਉੱਥੇ ਆਉਣ ਦਾ ਸੱਦਾ ਤੇ ਆਪਣੇ ਉਰਦੂ ਦੇ ਸ਼ੌਕ ਨੂੰ ਥਾਪੜਾ ਦੇਂਦੇ ਰਹਿੰਦੇ ਨੇ।
'ਜਸ਼ਨੇ ਗੋਪੀ ਚੰਦ ਨਾਰੰਗ', ਅਮਰੀਕਾ ਵਿਚ ਕਈ ਜਗ੍ਹਾ ਮਨਾ ਚੁੱਕੇ ਨੇ। ਆਪਣਾ ਇਕ ਹੋਟਲ ਹੈ, ਉਹਨਾਂ ਦਾ। ਉਹੀ ਰੋਜ਼ਗਾਰ ਦਾ ਜ਼ਰੀਆ ਹੈ। ਸਰਦਾਰ ਜਾਫ਼ਰੀ, ਇਸ ਪਾਸੇ ਦੇ, ਤੇ ਅਹਿਮਦ ਫ਼ਰਾਜ ਉਸ ਪਾਸੇ ਦੇ, ਅਕਸਰ ਉਹਨਾਂ ਦੇ ਘਰ ਹੀ ਠਹਿਰਦੇ ਨੇ। ਵਕੀਲ ਅੰਸਾਰੀ ਦਾ ਦਿਲ ਲੱਗਾ ਵਾਕ ਹੈ, “ਜ਼ਿੰਦਗੀ ਤਿੱਤਰ-ਬਟੇਰਾ ਬਣ ਕੇ ਰਹਿ ਗਈ ਏ-ਜੀ।” ਜਾਂ ਕਦੀ-ਕਦੀ, “ਅਸੀਂ ਲੋਕ ਤਾਂ ਜੀ, ਤਿੱਤਰ-ਬਟੇਰੇ ਬਣ ਗਏ ਆਂ।” ਬੜੀ ਖਰੀ ਗੱਲ ਹੈ। ਪਹਿਲਾਂ ਕਦੀ ਸੁਣੀ ਜਾਂ ਪੜ੍ਹੀ ਨਹੀਂ—ਨਾ ਇਸ ਪਾਸੇ, ਨਾ ਉਸ ਪਾਸੇ।
ਕੈਪਟਨ ਸ਼ਾਹੀਨ ਦੇ ਰੈਸਟੋਰੈਂਟ ਵਿਚ ਖਾਣਾ ਖਾਂਦਿਆਂ ਹੋਇਆਂ ਅਮਜਦ ਭਾਈ ਨੇ ਕਿਹਾ, “ਨਿਊਯਾਰਕ 'ਚ ਜੇ ਈਸਟਰਨ ਖਾਣਾ, ਖਾਣਾ ਹੋਏ ਤਾਂ ਇਸ ਨਾਲੋਂ ਬਿਹਤਰ ਜਗ੍ਹਾ ਹੋਰ ਕੋਈ ਨਹੀਂ ਮਿਲ ਸਕਦੀ।” ਜਦੋਂ ਹਿੰਦੁਸਤਾਨੀ ਖਾਣਾ ਕਹਿਣਾ ਹੋਏ ਜਾਂ ਪਾਕਿਸਤਾਨੀ ਤਾਂ ਅਮਜਦ ਭਾਈ ਬੜੀ ਸੋਚ-ਵਿਚਾਰ ਤੋਂ ਕੰਮ ਲੈਂਦੇ ਨੇ ਤੇ ਉਸਨੂੰ ਪੰਜਾਬੀ ਵੀ ਨਹੀਂ—'ਈਸਟਰਨ' ਕਹਿੰਦੇ ਨੇ। ਤੇ ਕਸ਼ਮੀਰ ਦਾ ਤਾਂ ਨਾਂਅ ਵੀ ਨਹੀਂ ਲੈਂਦੇ।
ਪਰ ਕੈਪਟਨ ਸ਼ਾਹੀਨ, ਫ਼ੌਜੀਆਂ ਵਾਂਗ ਹੀ ਬੜੇ ਦਿਲਦਾਰ ਆਦਮੀ ਨੇ। ਹੱਸ ਕੇ ਕਹਿੰਦੇ ਨੇ, “ਓ-ਜੀ ਕਸ਼ਮੀਰ 'ਤੇ ਤਾਂ ਦੋਵੇਂ ਈ ਆਪਣਾ ਹੱਕ ਸਮਝਦੇ ਨੇ-ਜੀ—ਇਸ ਲਈ ਸਾਡਾ ਰੈਸਟੋਰੈਂਟ ਬੜਾ ਅੱਛਾ ਚੱਲ ਰਿਹਾ ਏ।”
ਫ਼ੌਜ ਵਿਚੋਂ ਕਿਸੇ ਗੱਲ 'ਤੇ ਨਾਰਾਜ਼ ਹੋ ਕੇ ਅਸਤੀਫਾ ਦੇ ਦਿੱਤਾ ਸੀ। ਪਰ ਫ਼ੌਜੀ ਹੋਣ ਦਾ ਮਾਣ ਹੁਣ ਵੀ ਓਵੇਂ ਦੀ ਜਿਵੇਂ ਹੈ। ਕਹਿੰਦੇ ਨੇ, “ਇਕ ਮਹੀਨਾ ਹੋਰ ਠਹਿਰ ਜਾਂਦਾ ਤਾਂ 'ਮੇਜਰ' ਬਣ ਕੇ ਰਿਟਾਇਰਡ ਹੁੰਦਾ, ਪਰ ਜੀ ਆਪਾਂ-ਨੂੰ ਨਾਂਅ ਦੇ ਨਾਲ ਕੈਪਟਨ ਅਖਵਾਉਣਾ ਵਧੇਰੇ ਚੰਗਾ ਲੱਗਦਾ ਸੀ।”
ਸਨ 1971 ਦੀ ਜੰਗ ਵਿਚ ਹਿੱਸਾ ਲਿਆ ਸੀ ਤੇ ਦੱਸ ਰਹੇ ਸਨ ਕਿ ਉਸ ਜੰਗ ਵਿਚ 'ਸਾਰਾ ਐਕਸ਼ਨ ਬੰਗਾਲ ਵੱਲ ਈ ਹੋਇਆ ਸੀ। ਪੰਜਾਬ ਵੱਲ ਛੋਟੀਆਂ-ਮੋਟੀਆਂ ਝੜਪਾਂ ਹੋਈਆਂ।' ਤੇ ਓਦੋਂ ਉਹ 'ਸਿਆਲਕੋਟ ਸੈਕਸ਼ਨ' ਦੇ ਇਕ ਮੋਰਚੇ ਉੱਤੇ ਇਕ ਐਕਸ਼ਨ ਵਿਚ ਸ਼ਾਮਲ ਸਨ।
ਹੁਣ ਹਲਕੀ ਜਿਹੀ ਦਾੜ੍ਹੀ ਰੱਖ ਲਈ ਹੈ ਤੇ ਗੱਲ ਕਰਦੇ ਹੋਏ ਮੁੱਛਾਂ ਉੱਤੇ ਵਾਰ-ਵਾਰ ਹੱਥ ਫੇਰਦੇ ਰਹਿੰਦੇ ਨੇ। ਮੈਂ ਪੁੱਛਿਆ ਸੀ ਕਿ 'ਉਹ ਕਿਹੜਾ ਜਜ਼ਬਾ ਹੁੰਦਾ ਏ, ਜਿਹੜਾ ਆਦਮੀ ਨੂੰ ਸੋਲਜਰ ਬਣਾਉਂਦਾ ਏ?'
“ਉਹ ਜੀ ਜਿਹੜੀ ਇਕ ਠੁੱਕ ਵਾਲੀ ਗੱਲ ਹੁੰਦੀ ਏ—ਵਰਦੀ ਦੀ ਸ਼ਾਨ, ਤੇ ਰੁਤਬੇ ਦੀ ਟੋਪੀ, ਇਕ ਸ਼ਖ਼ਸੀਅਤ ਬਣਾ ਦੇਂਦੀ ਏ ਆਦਮੀ ਨੂੰ ਜੀ।...ਤੇ ਉਸਦੇ ਇਲਾਵਾ ਮਰਨ-ਮਾਰਨ ਦੀ ਕੋਈ ਤਮੰਨਾ ਨਹੀਂ ਹੁੰਦੀ।” ਤੇ ਫੇਰ ਖ਼ੁਦ ਹੀ ਹੱਸ ਪਏ, “ਸਾਡੀ ਲੜਾਈ ਵੀ ਕੋਈ ਲੜਾਈ ਹੁੰਦੀ ਏ? ਹਿੰਦੁਸਤਾਨ, ਪਾਕਿਸਤਾਨ ਦੀ ਲੜਾਈ! ਐਵਈਂ ਸਕੂਲ ਦੇ ਬੱਚਿਆਂ ਵਾਂਗ ਲੜਦੇ ਰਹਿੰਦੇ ਨੇ। ਇਸਦੀ ਬਾਂਹ ਮਰੋੜ, ਉਸਦੇ ਗੋਡਾ ਮਾਰ; ਇਸਦੀ ਸਲੇਟੀ ਖੋਹ, ਉਸਦੀ ਫੱਟੀ ਤੋੜ; ਕਦੀ ਨਿੱਭ ਚੁਭੋ ਦਿੱਤੀ, ਕਦੀ ਚੋਭਾ ਲੈ ਲਿਆ ਜੀ; ਸਿਆਹੀ ਡੋਲ੍ਹ ਦਿੱਤੀ ਜੀ। ਯਾਦ ਏ ਸਕੂਲ ਵਿਚ ਹੁੰਦੇ ਸਾਂ ਤਾਂ ਦੁੰਬਿਆਂ ਦੀ ਲੜਾਈ ਵੇਖਣ ਜਾਂਦੇ ਹੁੰਦੇ ਸਾਂ। ਤੁਸੀਂ ਵੀ ਜਾਂਦੇ ਹੋਵੋਗੇ!”
ਉਹ ਬੜੇ 'ਡਾਊਨ ਟੂ ਅਰਥ' ਇਨਸਾਨ ਲੱਗੇ। ਲਹਿਜੇ ਵਿਚ ਕਮਾਲ ਦੀ ਈਮਾਨਦਾਰੀ ਸੀ। ਮੈਂ ਕੁਛ ਪੁੱਛਿਆ ਜਿਸ ਦੇ ਜਵਾਬ 'ਚ ਕਹਿਣ ਲੱਗੇ, “ਫ਼ੌਜੀ ਨੂੰ ਵੀ ਪਹਿਲੋਂ-ਪਹਿਲ ਡਰ ਜ਼ਰੂਰ ਲੱਗਦਾ ਏ। ਪਰ ਤਿੰਨ ਚਾਰ ਗੋਲੀਆਂ ਚਲਾ ਲੈਣ ਪਿੱਛੋਂ ਖ਼ੁਸ਼ਬੂ ਉਡਦੀ ਏ। ਫਰੰਟ 'ਤੇ ਗੋਲੀਆਂ ਚਲਾਉਂਦਿਆਂ ਹੋਇਆਂ ਉਸੇ ਦਾ ਨਸ਼ਾ ਹੋ ਜਾਂਦਾ ਏ। ਥੋੜ੍ਹੀ ਦੇਰ ਗੋਲੀਆਂ ਨਾ ਚੱਲਣ ਤਾਂ ਕਦੀ-ਕਦੀ ਨਸ਼ਾ ਟੁੱਟਣ ਵੀ ਲੱਗ ਪੈਂਦਾ ਏ। ਕਿਸੇ ਦੇ ਲੱਗਣੀ-ਲਗਾਉਣੀ ਜ਼ਰੂਰੀ ਨਹੀਂ ਹੁੰਦੀ!” ਫੇਰ ਬੋਲੇ, “ਆਦਮੀ ਖ਼ੌਫ਼ ਦਾ ਸਿਆਣੂ ਹੋ ਜਾਵੇ ਤਾਂ ਖ਼ੌਫ਼ ਨਹੀਂ ਰਹਿੰਦਾ।”
ਮੈਨੂੰ ਲੱਗਿਆ ਜਿਵੇਂ ਕਹਿ ਰਹੇ ਸਨ—ਫਰੰਟ 'ਤੇ ਮੌਤ ਦੇ ਸਿਆਣੂ ਹੋ ਜਾਣ ਵਾਲੀ ਗੱਲ ਹੈ—ਆ ਜਾਏਗੀ, ਜਦੋਂ ਆਉਣਾ ਹੋਏਗਾ।
ਉਹ ਦੱਸ ਰਹੇ ਸਨ, “ਸ਼ੁਰੂ-ਸ਼ੁਰੂ ਵਿਚ ਜਦੋਂ ਟਰੇਨਿੰਗ ਹੁੰਦੀ ਏ...ਤੇ ਜ਼ਮੀਨ 'ਤੇ ਲੇਟ ਕੇ ਘਿਸੜਦਿਆਂ ਦੀਆਂ ਕੁਹਣੀਆਂ-ਗੋਡੇ ਰਗੜੇ ਜਾਂਦੇ ਨੇ, ਤਾਂ ਕਈ ਵਾਰ ਖ਼ਿਆਲ ਆਉਂਦਾ ਏ ਕਿ ਅਹਿ ਨੌਕਰੀ ਜਾਰੀ ਰੱਖੀਏ ਜਾਂ ਛੱਡ ਦੇਈਏ...
“...ਪਰ ਜਦੋਂ ਕਿਸੇ ਗ਼ਲਤੀ 'ਤੇ ਆਪਣਾ 'ਬ੍ਰਿਗੇਡਰ' ਤੁਹਾਨੂੰ ਚੀਕ ਕੇ ਖੜ੍ਹਾ ਕਰਦਾ ਏ ਤੇ ਪੁੱਛਦਾ ਏ,'ਕੁੱਥੋਂ ਦਾ ਐਂ ਓਇ ਜਵਾਨ?...ਰਤਾ ਜ਼ੋਰ ਨਾਲ ਬੋਲ!' ਤਾਂ ਸਾਹਬ ਯਕੀਨ ਮੰਨਿਓਂ ਆਪਣੇ ਪਿੰਡ, ਜਾਂ ਇਲਾਕੇ ਦਾ ਨਾਂਅ ਮੂੰਹੋਂ ਨਹੀਂ ਨਿਕਲਦਾ।...ਬੜੀ ਸ਼ਰਮਿੰਦਗੀ ਮਹਿਸੂਸ ਹੁੰਦੀ ਏ!”
ਸ਼ਾਇਦ ਇਹੋ ਗੱਲ ਅੱਗੇ ਚੱਲ ਕੇ ਫ਼ੌਜੀ ਲਈ ਆਪਣੇ ਮੁਲਕ ਦੀ ਇੱਜ਼ਤ ਬਣ ਜਾਂਦੀ ਹੈ।
ਕੈਪਟਨ ਸ਼ਾਹੀਨ ਨੇ ਦੱਸਿਆ, “ਸੁਚੀਤਗੜ੍ਹ ਇਕ ਛੋਟਾ ਜਿਹਾ ਪਿੰਡ ਏ, ਉਸ ਪਾਸੇ! ਗਿਣੇ-ਚੁਣੇ ਘਰਾਂ ਦਾ। ਕੁਛ ਤਾਂ ਪਹਿਲਾਂ ਈ ਖਾਲੀ ਹੋ ਚੁੱਕਿਆ ਸੀ ਕਿਉਂਕਿ ਮੁਹਾਜ਼ ਦੇ ਬੜਾ ਲਾਗੇ ਸੀ, ਕੁਛ ਸਾਡੇ ਪਹੁੰਚਣ 'ਤੇ ਖਾਲੀ ਹੋ ਗਿਆ। ਇਕ ਇਕ ਘਰ ਦਾ ਮੁਆਇਨਾ ਕਰ ਲੈਣਾ ਜ਼ਰੂਰੀ ਸੀ। ਕਿਉਂਕਿ ਕੋਈ ਵੀ ਇਲਾਕਾ ਬਿਨਾਂ ਕਿਸੇ ਮੁਕਾਬਲੇ ਦੇ ਫ਼ਤਹਿ ਹੋ ਜਾਵੇ ਤਾਂ ਉਸ ਵਿਚ ਦੁਸ਼ਮਣ ਦੀ ਕਿਸੇ ਚਾਲ ਦਾ ਸ਼ੱਕ ਹੋਣ ਲੱਗਦਾ ਏ।”
ਕੈਪਟਨ ਸ਼ਾਹੀਨ ਦਾ ਕਹਿਣਾ ਇਹ ਵੀ ਸੀ ਕਿ, ਇਸ ਪਾਸੇ ਤੇ ਉਸ ਪਾਸੇ ਦੇ ਲੋਕਾਂ ਤੇ ਫ਼ੋਜੀਆਂ ਦੇ ਮਿਜਾਜ਼ ਵਿਚ ਵੀ ਕਾਫ਼ੀ ਫ਼ਰਕ ਹੈ—“ਹੈ ਉਹੀ ਪੰਜਾਬ, ਪਰ ਇਸ ਪਾਸੇ ਦੇ ਫ਼ੌਜੀ ਵੀ ਤੇ ਲੋਕ ਵੀ ਅਗ੍ਰੇਸਿਵ ਨੇ...ਤੇ ਉਸ ਪਾਸੇ ਦੇ ਲੋਕ ਜ਼ਰਾ ਠੰਡੇ ਸੁਭਾਅ ਦੇ ਨੇ। ਇਸ ਪਾਸੇ ਦੀ ਖੇਤੀਬਾੜੀ ਤੇ ਖ਼ੂਹ, ਸਰਹੱਦ ਦੀ ਲਕੀਰ ਤਕ ਆਂਦੇ ਨੇ। ਸਾਡੇ ਇਸ ਪਾਸੇ ਦੇ ਬਾਰਡਰ ਤੋਂ ਦੋ ਤਿੰਨ ਸੌ ਗਜ ਛੱਡ ਕੇ ਚੌਂਕੀਆਂ ਬਣਾਦੇ ਨੇ, ਤੇ ਘਰ ਵਸਾਂਦੇ ਨੇ, ਅਜਿਹੀ ਜਗਾਹ 'ਤੇ ਇੰਜ ਵੀ ਹੁੰਦਾ ਏ ਕਿ ਦੋਵੇ ਪਾਸੇ ਪੰਜ-ਪੰਜ ਸੱਤ-ਸੱਤ ਸਿਪਾਹੀਆਂ ਦੇ ਛੋਟੇ-ਛੋਟੇ ਦਸਤੇ ਗਸ਼ਤ ਕਰਦੇ ਰਹਿੰਦੇ ਨੇ। ਤੇ ਅਕਸਰ ਏਨੇ ਨੇੜੇ ਹੁੰਦੇ ਨੇ ਕਿ ਇਕ ਦੂਜੇ ਦਾ ਸਿਗਰਟ ਵੀ ਸੁਲਗਾ ਸਕਦੇ ਨੇ।”
ਇਸ ਪਾਸੇ ਦੇ ਫ਼ੌਜੀ ਅਮੂਮਨ (ਆਮ ਤੌਰ 'ਤੇ) ਪੰਜਾਬੀ ਹੁੰਦੇ ਨੇ ਤੇ ਉਸ ਪਾਸੇ ਅਕਸਰ ਗ਼ੈਰ-ਪੰਜਾਬੀ ਨਜ਼ਰ ਆਉਂਦੇ ਨੇ। ਪਰ ਇਸ ਪਾਸੇ ਵਾਲੇ ਬੁਲਾ ਵੀ ਲੈਂਦੇ ਨੇ। 'ਕਿਉਂ, ਭਾਅ ਕੁੱਥੂੰ ਦਾ ਏਂ?'
“ਕੋਈ ਮਦਰਾਸੀ ਹੋਏ ਤਾਂ ਅੰਗਰੇਜ਼ੀ 'ਚ ਜਵਾਬ ਦੇਂਦਾ ਏ, ਵਰਨਾ ਆਮ ਤੌਰ 'ਤੇ ਉਰਦੂ ਨੁਮਾ ਹਿੰਦੀ ਈ ਸੁਣਾਈ ਦੇਂਦੀ ਏ। ਸੁਜੀਤਗੜ੍ਹ ਫ਼ਤਹਿ ਕਰਨ ਪਿੱਛੋਂ ਮੈਂ ਚਾਰ ਪੰਜ ਸਿਪਾਹੀਆਂ ਨੂੰ ਨਾਲ ਲੈ ਕੇ ਘਰਾਂ ਦੀ ਤਲਾਸ਼ੀ ਲੈ ਰਿਹਾ ਸਾਂ ਕਿ ਇਕ ਕੋਠੜੀ ਦਾ ਦਰਵਾਜ਼ਾ ਧਰੀਕਿਆ ਤਾਂ ਸਹਿਮਿਆਂ ਹੋਇਆ ਇਕ ਮੁੰਡਾ ਕੋਨੇ ਵਿਚ ਦੁਬਕਿਆ ਬੈਠਾ ਨਜ਼ਰ ਆਇਆ। ਸਿਪਾਹੀਆਂ ਨੇ ਭੌਂ ਕੇ ਮੈਨੂੰ ਆਵਾਜ਼ ਦਿੱਤੀ, 'ਸਰ ਜੀ!'
“ਮੈਂ ਆਇਆ ਤਾਂ ਅਚਾਨਕ ਹੀ ਉਹ ਮੁੰਡਾ ਉਠਿਆ ਤੇ ਮੇਰੇ ਨਾਲ ਲਿਪਟ ਗਿਆ—ਸਿਪਾਹੀਆਂ ਨੇ ਵੱਖ ਕੀਤਾ ਉਸ ਨੂੰ...ਤੇ ਮੈਨੂੰ ਸਮਝ ਨਹੀਂ ਆਇਆ, ਕੀ ਕਰਾਂ?
“ਉਸਦੇ ਮਾਂ-ਬਾਪ ਬਾਰੇ ਪੁੱਛਿਆ ਤਾਂ ਕੋਈ ਜਵਾਬ ਨਹੀਂ ਦੇ ਸਕਿਆ। ਬੜਾ ਡਰਿਆ ਹੋਇਆ ਸੀ। । ਕੰਬ ਰਿਹਾ ਸੀ। ਮੈਂ ਉਸਨੂੰ ਨੱਠ ਜਾਣ ਲਈ ਵੀ ਕਿਹਾ, ਪਰ ਉਹ ਨਹੀਂ ਗਿਆ, ਮੈਂ ਉਸਨੂੰ ਜੀਪ ਵਿਚ ਬਿਠਾਅ ਕੇ ਪਿਛਲੀ ਚੌਕੀ ਤਕ ਲੈ ਆਇਆ। ਰੋਟੀ-ਸ਼ੋਟੀ ਦਿੱਤੀ ਤੇ ਇਕ ਕੋਨੇ 'ਚ ਬਿਸਤਰਾ ਲਾ ਕੇ ਸੌਂ ਜਾਣ ਲਈ ਕਹਿ ਦਿੱਤਾ। ਜਵਾਨਾਂ ਨੂੰ ਕਹਿ ਦਿੱਤਾ, ਕਿਸੇ ਨਾਲ ਜ਼ਿਕਰ ਨਾ ਕਰਨਾ। ਉਸੂਲਨ ਉਹ ਸਾਡਾ ਪ੍ਰਿਜ਼ਨਰ ਆੱਫ ਵਾੱਰ ਸੀ ਤੇ ਮੇਰਾ ਫ਼ਰਜ਼ ਬਣਦਾ ਸੀ ਕਿ ਹੈਡ-ਕਵਾਰਟਰ' 'ਚ ਖ਼ਬਰ ਕਰ ਦਿਆਂ ਤੇ ਦੂਜੇ 'ਪ੍ਰਿਜ਼ਨਰ' ਦੇ ਨਾਲ ਉਸਨੂੰ ਜੇਲ੍ਹ 'ਚ ਡੱਕ ਦਿਆਂ।
“ਪਤਾ ਨਹੀਂ ਕਿਉਂ ਉਸਦੀਆਂ ਮਾਸੂਮ-ਜਿਹੀਆਂ ਅੱਖਾਂ ਵੇਖ ਕੇ ਜੀਅ ਨਹੀਂ ਕੀਤਾ ਕਿ ਉਹ ਇਸ ਤਰ੍ਹਾਂ ਦੀ ਆਫ਼ਤ 'ਚੋਂ ਲੰਘੇ।
“ਅਗਲੇ ਦਿਨ ਦਫ਼ਤਰ ਦੇ ਸਮੇਂ ਮੈਂ ਆਪਣੇ ਬਿੱਲੇ-ਸ਼ਿੱਲੇ ਲਾਹ ਕੇ ਉਸੇ ਬਾਰਡਰ ਵਾਲੇ ਪਿੰਡ ਗਸ਼ਤ ਕਰਨ ਚਲਾ ਗਿਆ। ਪਿੰਡ ਤੋਂ ਜ਼ਰਾ ਹਟ ਕੇ ਇਕ ਖੇਤ ਸੀ। ਦੂਰ 'ਟਿਊਬਵੈੱਲ' 'ਤੇ ਇਕ ਬਜ਼ੁਰਗ ਸਰਦਾਰ ਨੂੰ ਮੂੰਹ-ਹੱਥ ਧੋਂਦਿਆਂ ਵੇਖਿਆ ਤਾਂ ਆਵਾਜ਼ ਮਾਰੀ, 'ਸਰਦਾਰ ਜੀ, ਓਇ ਏਧਰ ਆਓ!' ਹੱਥ ਦੇ ਇਸ਼ਾਰੇ ਨਾਲ ਕੋਲ ਬੁਲਾਇਆ ਤਾਂ ਉਹ ਆਪਣੀ ਪੱਗ ਦੇ ਲੜ ਨਾਲ ਮੂੰਹ ਪੂੰਝਦਾ ਹੋਇਆ ਆਇਆ, ਮੈਂ ਪੁੱਛਿਆ, 'ਤੁਸੀਂ ਗਏ ਨਹੀਂ?'
“ਬੜੀ ਹੈਰਾਨੀ ਨਾਲ ਉਸਨੇ ਪੁੱਛਿਆ, 'ਕਿੱਥੇ?'
“'ਸਾਰੇ ਪਿੰਡ ਛੱਡ ਕੇ ਚਲੇ ਗਏ ਆ। ਤੁਸੀਂ ਕਿਉਂ ਨਹੀਂ ਗਏ?'
“ਉਸਨੇ ਹੱਥ ਚੁੱਕ ਕੇ ਮਿਹਣਾ ਜਿਹਾ ਮਾਰਿਆ।
“'ਲੈ! ਪਿੰਡ ਤਾਂ ਉਸ ਪਾਸੇ ਛੱਡ ਆਇਆ ਸਾਂ, ਤੇਰੇ ਪਾਸੇ! ਹੁਣ ਖੇਤ ਤੂੰ ਲੈਣ ਆਇਆ ਐਂ ਕਿ?'
“ਸਰਦਾਰ ਗੁੱਸੇ ਵਿਚ ਲੱਗ ਰਿਹਾ ਸੀ। ਮੈਂ ਠੰਡਾ ਕਰਨ ਦੀ ਕੋਸ਼ਿਸ਼ ਕੀਤੀ ਕਿ, 'ਸੁਚੀਤਗੜ੍ਹ ਤੋਂ ਸੱਤ-ਅੱਠ ਵਰ੍ਹਿਆਂ ਦਾ ਇਕ ਮੁੰਡਾ ਉਸ ਪਾਸੇ ਆ ਗਿਆ ਏ। ਉਸਦੇ ਮਾਂ-ਬਾਪ ਸ਼ਾਇਦ ਪਿੰਡ ਛੱਡ ਕੇ ਚਲੇ ਗਏ ਨੇ।'
“'ਫੇਰ?'
“'ਉਸਨੂੰ ਲੈ ਆਵਾਂ ਤਾਂ ਉਸਦੇ ਮਾਂ-ਬਾਪ ਕੋਲ ਪਹੁੰਚਾ ਦਿਓਗੇ?'
“ਸਰਦਾਰ ਸੋਚੀਂ ਪੈ ਗਿਆ। ਬੜੀ ਦੇਰ ਬਾਅਦ, ਉਸਨੇ ਸਿਰ ਹਿਲਾਇਆ, 'ਠੀਕ ਐ।'
“ਮੈਂ ਕਿਹਾ, 'ਸ਼ਾਮ ਨੂੰ ਪੰਜ ਵਜੇ ਆ ਜਾਣਾ। ਮੈਂ ਲੈ ਕੇ ਆਵਾਂਗਾ ਉਸਨੂੰ।'”
ਕੈਪਟਨ ਸ਼ਾਹੀਨ ਨੇ ਕਿਹਾ, “ਪੀਲੇ ਪੀਲੇ ਦੰਦਾਂ ਦੀ ਅਜਿਹੀ ਹਾਸੀ ਮੈਂ ਪਹਿਲਾਂ ਕਦੀ ਨਹੀਂ ਸੀ ਦੇਖੀ।” ਸਰਦਾਰ ਨੇ ਹੱਸ ਕੇ ਕਿਹਾ, 'ਉਸਨੂੰ ਛੱਡ ਦੇ ਮੈਨੂੰ ਲੈ ਚੱਲ। ਮੇਰਾ ਪਿੰਡ ਉਸ ਪਾਸੇ ਆ। ਸਿਆਲਕੋਟ ਤੋਂ ਅੱਗੇ। ਛਜਰਾ!' ਤੇ ਝੂੰਮਦਾ ਹੋਇਆ ਵਾਪਸ ਚਲਾ ਗਿਆ। ਪਿੰਡ ਦੇ ਨਾਂਅ 'ਤੇ ਹੀ ਮਸਤ ਹੋ ਗਿਆ ਜਾਪਦਾ ਸੀ।
“ਉਸ ਸ਼ਾਮ ਮੈਂ ਜਾ ਨਹੀਂ ਸੀ ਸਕਿਆ। ਸਾਡਾ ਕਮਾਂਡਰ ਦੌਰੇ 'ਤੇ ਆ ਗਿਆ ਸੀ ਤੇ ਉਸ ਮੁੰਡੇ ਨੂੰ ਲਕੋਅ ਕੇ ਰੱਖਣ ਕਰਕੇ, ਸਮਝੌ, ਬਸ, ਜਾਨ ਹੀ ਨਿਕਲ ਗਈ ਸੀ ਸਾਡੀ। ਖੁਆ-ਪਿਆ ਕੇ ਉਸਨੂੰ ਕੰਟ੍ਰੋਲ-ਰੂਮ ਦੀ ਪਰਛੱਤੀ 'ਤੇ ਲਕੋਅ ਰੱਖਿਆ ਸੀ। ਕਾਹਲ ਨਾਲ ਕੱਢਿਆ ਤੇ ਪਿੱਛੇ ਟੱਟੀ ਵਿਚ ਲੁਕਾਅ ਦਿੱਤਾ। ਕੰਮਾਂਡਰ ਜਦੋਂ ਕੰਟਰੋਲ-ਰੂਮ 'ਚ ਆਇਆ ਤਾਂ ਉੱਥੋਂ ਕੱਢ ਕੇ ਸਟੋਰ ਰੂਮ ਦੀਆਂ ਬੋਰੀਆਂ ਪਿੱਛੇ ਲੁਕਾਅ ਦਿੱਤਾ। ਸਾਰਿਆਂ ਦੀ ਜਾਨ 'ਤੇ ਬਣੀ ਹੋਈ ਸੀ, ਕਿਉਂਕਿ ਕਾਨੂੰਨਨ ਇਹ ਸਰਾਸਰ ਜੁਰਮ ਸੀ ਤੇ ਪਤਾ ਲੱਗ ਜਾਣ 'ਤੇ ਸਾਡੇ ਵਿਚੋਂ ਕਈ ਅਫ਼ਸਰ ਸਸਪੈਂਡ ਕੀਤੇ ਜਾ ਸਕਦੇ ਸੀ। ਇਕ ਵਾਰੀ ਤਾਂ ਜੀਅ ਚਾਹਿਆ ਦੋ ਸਿਪਾਹੀਆਂ ਨੂੰ ਕਹਾਂ ਕਿ ਇਕ ਬੋਰੀ 'ਚ ਪਾ ਕੇ, ਸਰਦਾਰ ਦੇ ਖੇਤ 'ਚ ਸੁੱਟ ਆਉਣ। ਜਦੋਂ ਤਕ ਕਮਾਂਡਰ ਰਿਹਾ, ਸਾਡੀ ਜਾਨ 'ਤੇ ਬਣੀ ਰਹੀ।
“ਬੰਗਲਾ ਦੇਸ਼ ਦੇ ਐਕਸ਼ਨ ਦੀਆਂ ਖ਼ਬਰਾਂ ਆ ਰਹੀਆਂ ਸਨ। ਜਿਹੜੀਆਂ ਅਤਿ ਨਿਰਾਸ਼ਾ ਭਰੀਆਂ ਸਨ। ਭਾਰਤੀ ਫ਼ੌਜਾਂ ਮੁਕਤੀ ਵਾਹਿਨੀ ਦਾ ਸਾਥ ਦੇ ਰਹੀਆਂ ਸਨ ਤੇ ਯਾਹੀਯਾ ਖ਼ਾਨ...ਖ਼ੈਰ ਛੱਡੋ।” ਉਹ ਚੁੱਪ ਹੋ ਗਏ।
ਕੁਝ ਪਲ ਚੁੱਪ ਵਿਚ ਬੀਤੇ, ਕੈਪਟਨ ਦੀਆਂ ਅੱਖਾਂ ਸਿੱਜਲ ਹੋਣ ਲੱਗੀਆਂ। ਬੋਲੇ...:
“ਅਗਲੇ ਦਿਨ ਵੀ ਫ਼ੌਜੀ ਟੁਕੜੀਆਂ ਦੀ ਬੜੀ ਮੋਮੈਂਟ ਰਹੀ। ਸਾਰਾ ਦਿਨ ਨਿਕਲ ਗਿਆ। ਸ਼ਾਮ ਦਾ ਵੇਲਾ ਸੀ ਤੇ ਸੂਰਜ ਡੁੱਬਣ ਵਾਲਾ ਸੀ ਜਦੋਂ ਉਸ ਮੁੰਡੇ ਨੂੰ ਨਾਲ ਲੈ ਕੇ ਬਾਰਡਰ ਲਾਈਨ 'ਤੇ ਪਹੁੰਚਿਆ। ਮੈਨੂੰ ਹੈਰਾਨੀ ਹੋਈ। ਸਰਦਾਰ ਮੇਰੀ ਉਡੀਕ ਕਰ ਰਿਹਾ ਸੀ। ਚਾਰ ਪੰਜ ਸਿਪਾਹੀਆਂ ਦੀ ਇਕ ਟੁਕੜੀ ਵੀ ਉਸਦੇ ਨਾਲ ਸੀ। ਉਸੇ ਵਿਚੋਂ ਇਕ ਨੇ ਪੁੱਛਿਆ, 'ਕੈਪਟਲ ਓ ਕਿ ਮੇਜਰ?' ਫਰੰਟ 'ਤੇ ਸਾਡੇ ਫੀਤੇ ਨਹੀਂ ਲੱਗੇ ਹੁੰਦੇ, ਫੇਰ ਵੀ ਕੋਈ ਵੱਡਾ ਅਫ਼ਸਰ ਹੋਏ ਤਾਂ ਪਛਾਣਿਆਂ ਜਾਂਦਾ ਏ। ਉਹ ਵੀ ਕੋਈ ਕੈਪਟਨ, ਮੇਜਰ ਹੀ ਸੀ। ਮੈਂ ਅੱਗੇ ਵਧ ਕੇ ਹੱਥ ਮਿਲਾਇਆ। ਤੇ ਮੁੰਡੇ ਨੂੰ ਉਹਨਾਂ ਦੇ ਹਵਾਲੇ ਕੀਤਾ।”
“ਅਫ਼ਸਰ ਨੇ ਜ਼ਰਾ ਸਖ਼ਤੀ ਨਾਲ ਪੁੱਛਿਆ, 'ਕਿਓਂ ਓਇ? ਕਿੱਥੋਂ ਦਾ ਏਂ? ਮਾਂ-ਬਾਪ ਕਿੱਥੇ ਨੇ ਤੇਰੇ?'
“ਮੁੰਡਾ ਫੇਰ ਸਹਿਮ ਗਿਆ ਸੀ। ਅੱਖਾਂ ਚੁੱਕ ਕੇ ਮੇਰੇ ਵੱਲ ਦੇਖਿਆ ਤੇ ਬੋਲਿਆ, 'ਚਾਚਾ, ਮੈਂ ਇੱਥੋਂ ਦਾ ਨਹੀਂ, ਉਸ ਪਾਸੇ ਦਾ ਆਂ!'
“ਉਸਨੇ ਸਾਡੇ ਵੱਲ ਇਸ਼ਾਰਾ ਕੀਤਾ, 'ਸਿਆਲਕੋਟ ਤੋਂ ਅੱਗੇ, ਛਜਰਾ ਦਾ!'
“ਸਾਰੇ ਹੈਰਾਨ ਰਹਿ ਗਏ।
“ਮੈਂ ਸਰਦਾਰ ਵੱਲ ਦੇਖਿਆ। ਉਸਦੇ ਪੀਲੇ-ਪੀਲੇ ਦੰਦ ਨਿਕਲ ਆਏ। ਉਸਨੇ ਅੱਗੇ ਵਧ ਕੇ ਉਸਦੇ ਸਿਰ 'ਤੇ ਹੱਥ ਰੱਖ ਦਿੱਤਾ। ਤੇ ਛਲਨੀ ਬਣੀਆਂ ਅੱਖਾਂ ਨਾਲ ਪੁੱਛਿਆ, 'ਅੱਛਾ? ਛਜਰਾ ਦਾ ਐਂ ਤੂੰ?'
“ਮੈਂ ਕੜਕ ਕੇ ਪੁੱਛਿਆ, 'ਤਾਂ ਏਥੇ ਕੀ ਕਰ ਰਿਹਾ ਸੈਂ?'
“ਮੁੰਡੇ ਦਾ ਰੋਣ ਨਿਕਲ ਗਿਆ, ਬੋਲਿਆ, 'ਸਕੂਲੋਂ ਭੱਜ ਕੇ ਆਇਆ ਸੀ, ਲੜਾਈ ਵੇਖਣ!'”
ਕੈਪਟਲ ਸ਼ਾਹੀਨ ਕਹਿ ਰਹੇ ਸਨ।
“ਯਕੀਨ ਮੰਨਣਾ, ਅਸੀਂ ਦੋਵੇਂ ਫ਼ੌਜੀ ਉਸਦੇ ਸਾਹਵੇਂ, ਦੋ ਬੇਵਕੂਫ ਮਾਸਟਰਾਂ ਵਾਂਗ ਖੜ੍ਹੇ ਸਾਂ।...ਤੇ ਸਾਡੀਆਂ ਸ਼ਕਲਾਂ ਦੁੰਬਿਆਂ ਵਰਗੀਆਂ ਲੱਗ ਰਹੀਆਂ ਸਨ।”
-----------------------

No comments:

Post a Comment