Monday, September 14, 2009

ਬਲਦਾ ਟਾਇਰ :: ਲੇਖਕ : ਰਾਮਲਾਲ

ਉਰਦੂ ਕਹਾਣੀ : ਬਲਦਾ ਟਾਇਰ :: ਲੇਖਕ : ਰਾਮ ਲਾਲ
ਅਨੁਵਾਦ : ਮਹਿੰਦਰ ਬੇਦੀ ਜੈਤੋ Í ਮੁਬਾਇਲ : 94177-30600.


"ਮੈਂ ਕਿਹਾ, ਸੁਣਦੇ ਓ-ਜੀ…ਟਿਫ਼ਨ ਪੈਕ ਕਰ ਦਿੱਤਾ ਏ…ਹੁਣ ਲੈ ਵੀ ਜਾਓ…।"

ਰਸੋਈ ਵਿਚੋਂ ਆ ਰਹੀ ਸੁਖਵੰਤ ਕੌਰ ਦੀ ਟੁਣਕਵੀਂ ਆਵਾਜ਼ ਦੇ ਹਰੇਕ ਫ਼ਿਕਰੇ ਦੇ ਆਖ਼ਰੀ ਸ਼ਬਦ ਵਿਚ ਅੰਤਾਂ ਦੀ ਲੋਚ ਸੀ ਜਿਵੇਂ ਕੋਈ ਬੱਚਾ ਬੱਬਲ-ਗਮ ਚਬਾਉਂਦਾ ਹੋਇਆ ਵਾਰੀ-ਵਾਰੀ ਉਸਨੂੰ ਬਾਹਰ ਖਿੱਚ ਕੇ ਮਜ਼ਾ ਲੈ ਰਿਹਾ ਹੋਵੇ…

"ਸੁਣ ਲਿਆ ਹਜ਼ੂਰ, ਸੁਣ ਲਿਆ…ਐਵੇਂ ਨਾ ਚੀਕੀ ਜਾਓ ਮਿਹਰਬਾਨੀ ਕਰਕੇ। ਪੈਂਟ ਦੀ ਜਿੱਪ ਅੜ ਗਈ ਏ ਜ਼ਰਾ…ਹੁਣੇ ਆਉਂਦੇ ਆਂ।"

ਇਹ ਸ. ਬੇਅੰਤ ਸਿੰਘ ਭੁੱਲਰ ਹੁਰੀਂ ਸਨ, ਫਿਕਸੋ ਨਾਲ ਤਾਜ਼ੀ ਚੇਪੀ ਹੋਈ ਦਾੜ੍ਹੀ ਉੱਤੇ ਠਾਠਾ ਬੰਨ੍ਹਿਆ ਹੋਇਆ ਹੈ, ਜਿਸ ਦੇ ਦੋਵੇਂ ਸਿਰੇ ਉਸਦੀ ਉਨਾਭੀ ਰੰਗ ਦੀ ਪੱਗ ਦੇ ਐਨ ਉੱਪਰ ਬੰਨ੍ਹੇ ਹੋਏ ਨੇ। ਉਸਦੇ ਮੱਥੇ ਉੱਪਰ ਪੱਗ ਦੀਆਂ ਖੂਬਸੂਰਤ ਤੈਹਾਂ ਹੇਠ ਬੱਧੀ ਪੀਲੇ ਰੰਗ ਦੀ ਫਿਫ਼ਟੀ ਬੜੀ ਸੋਹਣੀ ਲੱਗ ਰਹੀ ਹੈ। ਉਸੇ ਰੰਗ ਦੀ ਅੱਧੀਆਂ ਬਾਹਾਂ ਵਾਲੀ ਜਾਲੀਦਾਰ ਟੀ-ਸ਼ਰਟ ਤੇ ਸਫ਼ੈਦ ਪੈਂਟ, ਜਿਸਦੀ ਜਿੱਪ ਉਸਨੇ ਕਾਹਲ ਵਿਚ ਫਸਾਅ ਲਈ ਹੈ। ਉੱਚੀ ਅੱਡੀ ਵਾਲੇ ਚਿੱਟੇ ਕਾਫ਼ ਦੇ ਬੂਟਾਂ ਨਾਲ ਠੱਪ-ਠੱਪ ਕਰਦਾ ਹੋਇਆ ਉਹ, ਰਸੋਈ ਵਿਚ ਆ ਵੜਿਆ ਹੈ।

"ਹੁਣ ਕੀ ਕਰੀਏ ਬਿੱਲੋ, ਇਸ ਦੇ ਰੱਫ਼ੜ 'ਚ ਹਰ ਰੋਜ਼ ਘਰੋਂ ਨਿਕਲਣ ਵਿਚ ਦੇਰ ਹੋ ਜਾਂਦੀ ਏ…।"

ਸੁਖਵੰਤ ਜ਼ਰਾ ਝੁਕ ਕੇ ਜਾਇਜ਼ਾ ਲੈਂਦੀ ਹੈ ਤੇ ਭੁੱਲਰ ਦਾ ਹੱਥ ਹਟਾਅ ਕੇ ਆਪਣੇ ਹੱਥ ਨਾਲ ਝੱਟ ਜਿੱਪ ਬੰਦ ਕਰਨ ਵਿਚ ਕਾਮਯਾਬ ਹੋ ਜਾਂਦੀ ਹੈ। ਫੇਰ ਨਕਲੀ ਜਿਹੇ ਗੁੱਸੇ ਨਾਲ ਕਹਿੰਦੀ ਹੈ, "ਤੁਹਾਨੂੰ ਤਾਂ ਬੇਮਤਲਬ ਹੀ ਹਰ ਚੀਜ਼ ਨਾਲ ਉਲਝਦੇ ਰਹਿਣ ਦੀ ਆਦਤ ਪੈ ਗਈ ਏ। ਉੱਤੋਂ ਮੈਨੂੰ ਵੀ ਪ੍ਰੇਸ਼ਾਨ ਕਰ ਦਿੰਦੇ ਓ।"

ਅਜੇ ਉਸ ਸਿੱਧੀ ਖੜ੍ਹੀ ਵੀ ਨਹੀਂ ਸੀ ਹੋਈ ਕਿ ਉਸਨੇ ਆਪਣੇ ਆਪ ਨੂੰ ਆਪਣੇ ਮਰਦ ਦੀਆਂ ਮਜ਼ਬੂਤ ਬਾਹਾਂ ਦੀ ਜਕੜ ਵਿਚ ਜਕੜਿਆ ਮਹਿਸੂਸ ਕੀਤਾ।

"ਅਹਿ-ਅਹਿ ਕੀ ਕਰਨ ਡਹੇ ਓ, ਉਫ਼ ਹੁਣ ਤਾਂ ਦੇਰ ਨਹੀਂ ਨਾ ਹੋ ਰਹੀ ਜਾਣ ਨੂੰ ? ਮੈਂ ਕਹਿਣੀ ਆਂ ਹਟੋ ਵੀ…ਨਹੀਂ ਤਾਂ ਬੁਲਾਨੀ ਆਂ ਬੇ…"

ਉਹ ਉਸਦੀ ਆਵਾਜ਼ ਨੂੰ ਸੰਘ ਵਿਚ ਨੱਪ ਦੇਂਦਾ ਹੈ…ਉਸਦੇ ਨਿੱਕੇ ਜਿਹੇ ਦਹਾਨੇ ਉੱਪਰ ਆਪਣਾ ਪੂਰਾ ਵਹਿਸ਼ੀ ਮੂੰਹ ਰੱਖ ਕੇ…"ਬੇਬੇ ਦੀ ਬੱਚੀ, ਭੁੱਲ ਗਈ ਕਿ ਉਹਨਾਂ ਤੈਨੂੰ ਹੀ ਲੱਖਾਂ ਵਿਚੋਂ ਪਸੰਦ ਕਿਉਂ ਕੀਤਾ ਏ…ਇਹੀ ਸੋਚ ਕੇ ਕਿ ਤੂੰ ਉਸਦੇ ਲਾਡਲੇ ਪੁੱਤਰ ਲਈ ਬਰਫ਼ੀ ਦੀ ਮਿੱਠੀ ਡਲੀ ਸਾਬਤ ਹੋਏਂਗੀ।"

"ਮੈਂ ਪੁੱਛਦੀ ਆਂ, ਹੁਣ ਜਾਣ ਏਂ ਕਿ ਨਹੀਂ ?" ਹੱਥ ਵਧਾਅ ਕੇ ਉਸਨੇ ਕੁਕਿੰਗ ਰੇਂਜ ਉੱਤੇ ਪਿਆ ਸਟੀਲ ਦਾ ਵੇਲਣਾ ਚੁੱਕ ਲਿਆ, "ਸੌਂਹ ਗੁਰੂ ਦੀ ਹੁਣ ਮਾਰ ਬੈਠਾਂਗੀ, ਫੇਰ ਨਾ ਕਹਿਣਾ।"

"ਉਇ ਹੋਇ ਮੇਰੀ ਬੁਲਬੁਲ…ਲੈ ਮਾਰ, ਮਾਰ ਨਾ, ਮਾਰਦੀ ਕਿਉਂ ਨਹੀਂ ਹੁਣ ?" ਉਹ ਪਿੱਠ ਭੁਆਂ ਕੇ, ਗਰਦਨ ਘੁਮਾਅ ਕੇ ਉਹ ਵਲ ਬੜੀਆਂ ਸ਼ਰਾਰਤੀ ਜਿਹੀਆਂ ਨਿਗਾਹਾਂ ਨਾਲ ਦੇਖ ਰਿਹਾ ਹੈ ਤੇ ਮੁਸਕਰਾਂਦਾ ਹੋਇਆ ਆਪਣੇ ਹੋਠਾਂ ਉੱਤੇ ਲੱਗੀ ਮਿਠਾਸ ਨੂੰ ਵਾਰੀ-ਵਾਰੀ ਜੀਭ ਫੇਰ ਕੇ ਚੱਟ ਵੀ ਰਿਹਾ ਹੈ।

ਸੁਖਵੰਤ ਬੇਵੱਸ ਜਿਹੀ ਹੋ ਕੇ ਵੇਲਣੇ ਨੂੰ ਵਾਪਸ ਉਸ ਦੀ ਥਾਂ ਉੱਤੇ ਰੱਖ ਦਿੰਦੀ ਹੈ, "ਤੁਹਾਨੂੰ ਤਾਂ ਵਾਹਿਗੁਰੂ ਹੀ ਬਖਸ਼ੇ ਤਾਂ ਬਖਸ਼ੇ। ਮੈਂ ਤਾਂ ਹਾਰ ਗਈ। ਅੱਛਾ ਬਾਬਾ ਹੁਣ ਜਾਓ ਵੀ, ਦਸ ਵੱਜਣ ਵਾਲੇ ਹੋ ਗਏ ਨੇ ਤੇ ਜਨਾਬ ਹੁਰੀਂ ਨੇ ਕਿ ਅਜੇ ਤਕ…।"

ਉਹ ਦਰਵਾਜ਼ੇ ਵੱਲ ਵਧਦਾ ਹੋਇਆ ਅਚਾਨਕ ਫੇਰ ਰੁਕ ਜਾਂਦਾ ਹੈ ਤੇ ਪਲਟ ਕੇ ਉਸ ਵੱਲ ਦੇਖਦਾ ਹੋਇਆ ਅਤਿ ਜਜ਼ਬਾਤੀ ਆਵਾਜ਼ ਵਿਚ ਕਹਿੰਦਾ ਹੈ, "ਜਾਨੇ ਮਨ ਕੀ ਕਰਾਂ, ਤੇਰੀ ਬੇਪਨਾਹ ਖੂਬਸੂਰਤੀ ਦੇਖ ਕੇ ਸਭ ਕੁਝ ਭੁੱਲ-ਭੁਲਾਅ ਜਾਂਦਾ ਏ…।"

"ਮੈਂ ਬੇਪਨਾਹ ਖੂਬਸੂਰਤ ਲੱਗ ਰਹੀ ਆਂ ਤੁਹਾਨੂੰ, ਇਸ ਹਾਲਤ ਵਿਚ ? ਉਹ ਆਪਣੀ ਵੱਟੋ-ਵੱਟ ਸਲਵਾਰ-ਕਮੀਜ਼ ਉੱਤੇ ਨਜ਼ਰ ਮਾਰਦੀ ਹੈ, ਫੇਰ ਚਿਹਰੇ ਦੇ ਇਰਦ-ਗਿਰਦ ਝੂਲਦੀਆਂ ਵਾਲਾਂ ਦੀ ਲਿਟਾਂ ਛੋਹ ਕੇ ਕਹਿੰਦੀ ਹੈ, "ਨਹਾਤੀ ਨਾ ਧੋਤੀ…ਕੰਘੀ ਤੱਕ ਤਾਂ ਕਰ ਨਹੀਂ ਸਕੀ ਅਜੇ…ਤੇ ਸਰਦਾਰ ਹੁਰੀਂ ਕਹਿੰਦੇ ਨੇ (ਭੁੱਲਰ ਦੀ ਆਵਾਜ਼ ਦੀ ਨਕਲ ਕਰਕੇ) ਜਾਨੇ ਮਨ, ਕੀ ਕਰਾਂ ਸਭ ਕੁਝ ਭੁੱਲ-ਭੁਲਾਅ ਜਾਂਦੇ ਐਂ…। ਲਓ ਸਾਂਭੋ ਆਪਣਾ ਟਿਫ਼ਨ ਬਾਕਸ ਤੇ ਚਲਦੇ-ਫਿਰਦੇ ਨਜ਼ਰ ਆਓ…ਮੈਂ ਹੋਰ ਵੀ ਕੰਮ ਕਰਨੇ ਨੇ। ਨੌਕਰ ਕੰਬਖ਼ਤ ਤਾਂ ਕੋਈ ਟਿਕਦਾ ਨਹੀਂ ਅੱਜ ਕੱਲ੍ਹ…।"

"ਤੇਰੀਆਂ ਇਹਨਾਂ ਅਦਾਵਾਂ ਨੇ ਤਾਂ ਸਾਨੂੰ", ਉਹ ਫੇਰ ਵਧਣਾ ਚਾਹੁੰਦਾ ਹੈ, "ਤੂੰ ਹਰ ਹਾਲ ਵਿਚ ਗ਼ਜ਼ਬ ਐਂ।" ਸੁਖਵੰਤ ਆਪਣੇ ਹਾਸੇ ਨੂੰ ਬੜੀ ਮੁਸ਼ਕਿਲ ਨਾਲ ਰੋਕਦੀ ਹੋਈ ਉਸ ਨੂੰ ਦੋਵਾਂ ਹੱਥਾਂ ਨਾਲ ਪਰ੍ਹੇ ਧਰੀਕ ਦੇਂਦੀ ਹੈ ਤੇ ਨਾਲ ਹੀ, "ਆ ਬੇਬੇ ਜੀ…" ਕੂਕਦੀ ਹੈ।

ਭੁੱਲਰ ਆਪਣੀ ਮਾਂ ਦੇ ਡਰ ਕਾਰਨ ਜਲਦੀ ਨਾਲ ਖਿਸਕ ਜਾਂਦਾ ਹੈ। ਜੋ ਦੂਜੇ ਕਮਰੇ ਵਿਚ ਅੱਖਾਂ ਬੰਦ ਕਰੀ ਜਪੁਜੀ ਸਾਹਿਬ ਦਾ ਪਾਠ ਕਰ ਰਹੀ ਹੈ। ਉਹ ਆਪਣੇ ਬਹੂ-ਬੇਟੇ ਦੀ ਇਹ ਪਿਆਰ ਭਰੀ ਤਕਰਾਰ ਰੋਜ਼ ਹੀ ਸੁਣਦੀ ਹੈ ਤੇ ਅੱਜ ਵੀ ਉਸ ਨੇ ਪਹਿਲਾਂ ਵਾਂਗ ਹੀ ਇਸ ਨੂੰ ਸੁਣਿਆ ਅਣ-ਸੁਣਿਆ ਕਰ ਦਿੱਤਾ ਹੈ।

ਬੇਅੰਤ ਦੇ ਘਰੋਂ ਜਾਂਦਿਆਂ ਹੀ ਸੁਖਵੰਤ ਘਰ ਵਿਚ 'ਕਲਾਪੀ ਜਿਹੀ ਮਹਿਸੂਸ ਕਰਨ ਲੱਗਦੀ, ਉਹ ਸਾਰੀ ਹਲਚਲ ਜਿਹੜੀ ਉਸ ਦੇ ਹੁੰਦਿਆਂ ਅੰਦਰ ਤੇ ਬਾਹਰ ਮੱਚੀ ਹੋਈ ਸੀ ਯਕਦਮ ਖਤਮ ਹੋ ਗਈ ਸੀ। ਹੁਣ ਉਹ ਕਿਸ ਕੰਮ ਵੱਲ ਧਿਆਨ ਦੇਵੇ, ਖੜ੍ਹੀ-ਖੜ੍ਹੀ ਇਹੀ ਸੋਚ ਰਹੀ ਹੈ, ਹੇਠਾਂ ਉਸਨੂੰ ਸਕੂਟਰ ਦੇ ਸਟਾਰਟ ਹੋਣ ਦੀ ਆਵਾਜ਼ ਸੁਣਾਈ ਦਿੰਦੀ ਹੈ। ਉਹ ਆਪਣੇ ਵਾਲ ਖੋਹਲ ਕੇ ਜਲਦੀ-ਜਲਦੀ ਉਹਨਾਂ ਦਾ ਜੂੜਾ ਕਰਦੀ ਹੋਈ ਬਾਲਕੋਨੀ ਵਿਚ ਜਾ ਖੜ੍ਹੀ ਹੁੰਦੀ ਹੈ। ਦੋ ਮੰਜ਼ਲਾਂ ਹੇਠਾਂ ਝਾਕ ਕੇ ਦੇਖਦੀ ਹੈ, ਭੂੱਲਰ ਹਮੇਸ਼ਾ ਵਾਂਗ ਉਸ ਦੇ ਅਲਵਿਦਾਈ ਦੀਦਾਰ ਲਈ ਖੜ੍ਹਾ ਹੁੰਦਾ ਹੈ। ਦੋਵੇਂ ਮੁਸਕੁਰਾ ਕੇ ਇਕ ਦੂਜੇ ਨੂੰ ਵਿਦਾਅ ਕਰਦੇ ਹਨ। ਘਰੋਂ ਨਿਕਲਦਿਆਂ ਹੀ ਉਹ ਇਕ ਸ਼ਰੀਫ ਤੇ ਜ਼ਿੰਮੇਵਾਰ ਇਨਸਾਨ ਬਣ ਜਾਂਦਾ ਹੈ। ਸਿਰਫ ਘਰ ਵਿਚ ਤੇ ਉਹ ਵੀ ਜਦੋਂ ਉਹ ਇਕੱਲੀ ਨਜ਼ਰ ਆਵੇ, ਉਹ ਕਿੰਨਾ ਬੇਸਬਰਾ ਹੋਇਆ ਹੁੰਦਾ ਹੈ। ਬਿਲਕੁਲ ਉਹਨਾਂ ਬੱਚਿਆਂ ਵਾਂਗ ਜਿਹਨਾਂ ਦੀ ਨੀਅਤ ਹਰੇਕ ਖੂਬਸੂਰਤ ਸ਼ੈਅ ਨੂੰ ਹਾਸਲ ਕਰ ਲੈਣ ਦੀ ਹੁੰਦੀ ਹੈ।

ਅਚਾਨਕ ਸੁਖਵੰਤ ਦੀ ਨਜ਼ਰ ਨਾਲ ਵਾਲੇ ਫਲੈਟ ਦੀ ਬਾਲਕੋਨੀ ਵਿਚ ਖੜ੍ਹੀ ਅਰਚਨਾ ਸ੍ਰੀ ਨਿਵਾਸ ਉੱਤੇ ਜਾ ਪਈ, ਦੋਹਾਂ ਦੀਆਂ ਨਜ਼ਰਾਂ ਮਿਲੀਆਂ, ਦੋਵੇਂ ਹੀ ਮੁਸਕਰਾ ਪਈਆਂ।

"ਤੁਹਾਡੇ ਉਹ ਚਲੇ ਗਏ ?"

"ਹਾਂ, ਵੋਹ ਤੋ ਨੌਂ ਬਜੇ ਹੀ ਨਿਕਲ ਜਾਤਾ ਹੈ। ਰਾਸਤੇ ਮੇਂ ਬੇਬੀ ਕੋ ਸਕੂਲ ਮੇਂ ਛੋੜਨਾ ਹੋਤਾ ਨਾ।"

ਸੁਖਵੰਤ ਆਪਣੇ ਗੁਆਂਢੀਆਂ ਦੀ ਇਸ ਆਦਤ ਨੂੰ ਜਾਣਦੀ ਹੈ, ਪਰ ਫੇਰ ਵੀ ਅਕਸਰ ਇਹੀ ਸਵਾਲ ਪੁੱਛਦੀ ਹੈ ਤੇ ਕਦੇ ਸ਼ਰਮਿੰਦਗੀ ਮਹਿਸੂਸ ਨਹੀਂ ਕਰਦੀ। ਉਦੋਂ ਵੀ ਉਸਨੇ ਇਸ ਗੱਲ ਉੱਤੇ ਧਿਆਨ ਨਾ ਦਿੱਤਾ ਤੇ ਸੜਕ ਦੇ ਮੋੜ ਤੱਕ ਨਜ਼ਰਾਂ ਦੌੜਾਉਂਦਿਆਂ ਹੋਇਆ ਪੁੱਛਿਆ, "ਅਜੇ ਕੋਈ ਸਬਜ਼ੀ ਵਾਲਾ ਨਹੀਂ ਆਇਆ ?"

"ਆਇਆ ਥਾ, ਕੁਛ ਖਾਸ ਨਹੀਂ ਰਿਹਾ ਉਸਕੇ ਪਾਸ। ਅੱਛਾ ! ਦੂਸਰਾ ਕੋਈ ਆਇਆ ਤੋ ਤੁਮਕੋ ਪੁਕਾਰੇਗਾ।"

"ਚੰਗਾ ਜੀ ਅੱਜ ਰੱਦੀ ਵੀ ਕੱਢਦੀ ਆਂ…ਦੋ ਮਹੀਨਿਆਂ ਦੇ ਅਖ਼ਬਾਰ ਵਗ਼ੈਰਾ ਜਮ੍ਹਾਂ ਹੋਏ ਪਏ ਨੇ।"

"ਹਮੇ ਭੀ ਨਿਕਾਲਨਾ ਹੈ ਰੱਦੀ, ਹਮਾਰੇ ਪਾਸ ਤੋ ਘੀ-ਤੇਲ ਕਾ ਬਹੁਤ ਸਾ ਡਿੱਬਾ ਜਮ੍ਹਾਂ ਹੈ। ਬਲਬ ਔਰ ਪਲਾਸਟਿਕ ਦਾ ਪੁਰਾਨਾ ਚੱਪਲ ਭੀ ਹੈ।"

"ਅੱਛਾ ਜੀ ਤੁਸੀਂ ਉਹ ਜਪਾਨੀ ਜਾਰਜੈਟ ਦੀ ਸਾੜ੍ਹੀ ਲੈ ਆਏ…ਕਹਿ ਰਹੇ ਸੀ ਨਾ ਨਏ ਬਾਜ਼ਾਰ ਵਿਚ ਇਕ ਦੁਕਾਨ ਤੇ ਦੇਖੀ ਸੀ ?"

"ਅਭੀ ਨਾ ਦੋ ਮਹੀਨੇ ਬਾਦ ਇਨ ਕਾ ਸਿਸਟਰ ਕਾ ਸ਼ਾਦੀ ਤੈਅ ਹੋ ਗਿਆ ਹੈ। ਆਂਧਰਾ ਜਾਨਾ ਹੋਗਾ…ਹਨਾਮਕੋਂਡਾ ਮੇ। ਤਭੀ ਕੁਛ ਔਰ ਕੱਪੜਾ ਭੀ ਲੇਗਾ।"

ਅਚਾਨਕ ਸੱਸ ਦੀ ਆਵਾਜ਼ ਸੁਣ ਕੇ ਉਹ 'ਆਈ ਜੀ, ਬੀ-ਜੀ', ਕਹਿੰਦੀ ਹੋਈ ਅੰਦਰ ਚਲੀ ਗਈ ਹੈ। ਉਹ ਪਾਠ-ਪੂਜਾ ਕਰਕੇ ਨਾਸ਼ਤੇ ਦਾ ਇੰਤਜ਼ਾਰ ਕਰ ਰਹੇ ਸਨ। ਸੁਖਵੰਤ ਜਲਦੀ ਜਲਦੀ ਰਸੋਈ ਵਿਚੋਂ ਪਲੇਟਾਂ ਤੇ ਡੌਂਗੇ ਲਿਆ ਲਿਆ ਕੇ ਡਾਇਨਿੰਗ ਟੇਬਲ ਉੱਤੇ ਰੱਖਣ ਲੱਗੀ ਹੈ ਤੇ ਪੁੱਛਦੀ ਵੀ ਜਾ ਰਹੀ ਹੈ, "ਰਾਤ ਵਾਲੀ ਮਾਹਾਂ-ਛੋਲਿਆਂ ਦੀ ਦਾਲ ਵੀ ਕੱਢ ਲਿਆਵਾਂ ਬੇਬੇ ਜੀ ? ਮੱਖਣ ਤੇ ਡਬਲਰੋਟੀ ਤਾਂ ਹੈ ਹੀ ਨੇ। ਸਵੇਰੇ ਥੋੜ੍ਹਾ ਕੁ ਪਨੀਰ ਵੀ ਬਣਾ ਲਿਆ ਸੀ, ਉਹ ਵੀ ਲੈ ਆਵਾਂ ? ਨਾਲ ਕੀ ਪੀਓਗੇ…ਚਾਹ ਕਿ ਲੱਸੀ ?"
***

ਸ਼ਾਮੀ ਚਾਰ ਵਜੇ ਲਗਭਗ ਉਹ ਧੁੱਪ ਵਿਚ ਸੁਕਾਏ ਢੇਰ ਸਾਰੇ ਕੱਪੜੇ ਲਾਹ ਕੇ ਕਮਰੇ ਵਿਚ ਵਾਪਸ ਆਈ ਤਾਂ ਬੇਹੱਦ ਥੱਕੀ ਹੋਈ ਸੀ। ਹੁਣ ਕੋਈ ਹੋਰ ਕੰਮ ਕਰਨ ਦੀ ਉਸ ਵਿਚ ਹਿੰਮਤ ਹੀ ਨਹੀਂ ਸੀ ਰਹੀ। ਉਸ ਦੀ ਸੱਸ ਦੀਵਾਨ ਉੱਤੇ ਗੁੜ੍ਹੀ ਨੀਂਦ ਸੁੱਤੀ ਹੋਈ ਸੀ। ਉਸ ਨੇ ਵੀ ਬੈਠੀ-ਬੈਠੀ ਨੇ ਕੱਪੜਿਆਂ ਦੇ ਢੇਰ ਉੱਤੇ ਸਿਰ ਟਿਕਾਅ ਦਿੱਤਾ। ਪਾਰਕ ਵਿਚ ਕ੍ਰਿਕਟ ਖੇਡ ਰਹੇ ਬੱਚਿਆਂ ਦੇ ਰੌਲੇ-ਰੱਪੇ ਕਾਰਨ ਛੇਤੀ ਹੀ ਉਸ ਦੀ ਅੱਖ ਖੁੱਲ੍ਰ ਗਈ, ਪਰ ਉਹ ਥੋੜ੍ਹੀ ਦੇਰ ਅੱਖ ਲੱਗ ਜਾਣ ਕਰਕੇ ਹੀ ਤਾਜ਼ਾ ਦਮ ਹੋ ਗਈ ਸੀ। ਉਹ ਇਕ ਝਟਕੇ ਨਾਲ ਉੱਠ ਖੜ੍ਹੀ ਹੋਈ ਤੇ ਛੇਤੀ-ਛੇਤੀ ਧੋਤੇ ਹੋਏ ਕੱਪੜੇ ਠੱਪਣ ਲੱਗ ਪਈ। ਬਿਸਤਰਿਆਂ ਦੀਆਂ ਚਾਦਰਾਂ, ਸਿਰਹਾਣਿਆਂ ਅਤੇ ਗੱਦੀਆਂ ਦੇ ਗਿਲਾਫ਼ ਤੇ ਤੌਲੀਏ ਵੱਖ-ਵੱਖ ਕੀਤੇ, ਆਪਣੇ ਤੇ ਸੱਸ ਦੇ ਦੁਪੱਟੇ ਸਲਵਾਰਾਂ ਤੇ ਕਮੀਜ਼ਾਂ ਤੇ ਬੇਅੰਤ ਸਿੰਘ ਦੀਆਂ ਪੈਂਟਾਂ-ਸ਼ਰਟਾਂ ਨੂੰ ਚੁੱਕ ਕੇ ਉਸ ਕੋਨੇ ਵੱਲ ਲੈ ਤੁਰੀ ਜਿੱਥੇ ਬੈਠ ਕੇ ਉਹ ਕੱਪੜੇ ਪ੍ਰੈਸ ਕਰਦੀ ਹੁੰਦੀ ਸੀ। ਇਕ ਘੰਟੇ ਵਿਚ ਇਹ ਸਾਰਾ ਕੰਮ ਮੁਕਾਅ ਲੈਣ ਪਿੱਛੋਂ ਜਲਦੀ-ਜਲਦੀ ਕੱਪੜੇ ਬਦਲੇ, ਵਾਲ ਵੀ ਵਾਹ ਲਏ, ਜਦੋਂ ਉਹ ਸ਼ੀਸ਼ੇ ਸਾਹਮਣੇ ਬੈਠੀ ਮੇਕਅੱਪ ਕਰ ਰਹੀ ਸੀ ਤਾਂ ਵਾਰੀ-ਵਾਰੀ ਉਸਨੂੰ ਇਹੀ ਖ਼ਿਆਲ ਆ ਰਿਹਾ ਸੀ ਕਿ ਉਸਦਾ ਸਾਰਾ ਹਾਰ-ਸ਼ਿੰਗਾਰ ਉਸਦੇ ਪਤੀ ਨੂੰ ਝੱਲਿਆਂ ਕਰ ਦਏਗਾ। ਉਹ ਉਸਨੂੰ ਇਕ ਅਜੀਬ ਨਸ਼ੇ ਨਾਲ ਭਰ ਦਏਗਾ। ਕਿਸੇ ਵੀ ਔਰਤ ਲਈ ਆਪਣੇ ਪਤੀ ਦੇ ਦਿਲ ਵਿਚ ਅਜਿਹੇ ਪਿਆਰ ਤੇ ਤਿੱਖੇ ਜਜ਼ਬਿਆਂ ਨੂੰ ਉਠਾਲ ਦੇਣਾ ਫ਼ਖ਼ਰ ਵਾਲੀ ਗੱਲ ਹੁੰਦੀ ਹੈ। ਪਰ ਉਹ ਆਪਣਾ ਪਿਆਰ ਪਰਗਟ ਕਰਨ ਦੇ ਨਾਲ-ਨਾਲ ਜਿਸ ਕਿਸਮ ਦੇ ਬਾਜ਼ਾਰੂ ਫਿਕਰੇ ਬੋਲਣੇ ਸ਼ੁਰੂ ਕਰ ਦਿੰਦਾ ਹੈ, ਉਹਨਾਂ ਨੂੰ ਸੁਣ ਕੇ ਸੁਖਵੰਤ ਨੂੰ ਖਿਝ ਚੜ੍ਹਨ ਲੱਗ ਪੈਂਦੀ ਸੀ। ਬਲਿਕੇ ਇਕ ਠੇਸ ਜਿਹੀ ਲੱਗਦੀ ਸੀ। ਉਹ ਇਕ ਪੜ੍ਹੀ-ਲਿਖੀ ਔਰਤ ਹੈ, ਉਸਦਾ ਪਤੀ ਵੀ ਫਰਅਲਾਈਜ਼ਰ ਕਾਰਪੋਰੇਸ਼ਨ ਵਿਚ ਇਕ ਜੂਨੀਅਰ ਅਫ਼ਸਰ ਦੇ ਅਹੂਦੇ ਉੱਤੇ ਲੱਗਿਆ ਹੋਇਆ ਹੈ। ਇਕ ਲੰਮਾ-ਝੰਮਾ ਖੂਬਸੂਰਤ ਤੇ ਰੋਅਬ-ਦਾਅਬ ਵਾਲਾ ਆਦਮੀ ਹੈ, ਪਰ ਪਤਾ ਨਹੀਂ ਉਸ ਕੋਲ ਆਉਂਦਿਆਂ ਹੀ ਉਸਨੂੰ ਕੀ ਹੋ ਜਾਂਦਾ ਹੈ, 'ਜਾਨੇ ਮਨ', 'ਮੇਰੀ ਲੈਲਾ', 'ਮੇਰੀ ਹੀਰ', 'ਬਰਫ਼ੀ ਦੀ ਡਲੀ' ਵਰਗੇ ਖ਼ਿਤਾਬ ਦੇਣ ਤੋਂ ਇਲਾਵਾ ਕਦੀ-ਕਦੀ ਉਹ ਇਸ ਕਿਸਮ ਦੀਆਂ ਘਟੀਆ ਗੱਲਾਂ ਕਹਿ ਜਾਂਦਾ ਹੈ, 'ਜੀਅ ਕਰਦੈ ਅੱਜ ਤਾਂ ਤੈਨੂੰ ਕੱਚਿਆਂ ਈ ਚਬਾਅ ਜਾਵਾਂ।', 'ਅੱਜ ਤਾਂ ਤੇਰੇ ਬਦਨ 'ਚੋਂ ਤਾਜ਼ੀ ਭੁੰਨੀ ਮੱਕੀ ਵਰਗੀ ਮਹਿਕ ਆਉਂਦੀ ਪਈ ਏ---ਕਿਉਂ ਨਾ ਮੁਕ-ਮੁਕ ਕਰਕੇ ਖਾ ਜਾਈਏ।'

ਇਹ ਸਭ ਉਸਨੂੰ ਬੜਾ ਓਪਰਾ ਤੇ ਔਖਾ ਲੱਗਦਾ ਹੈ ਤੇ ਬੇਇਜ਼ਤ ਕਰ ਦੇਣ ਵਾਲਾ ਵੀ ਜਿਵੇਂ ਗਲੀ, ਬਾਜ਼ਾਰ ਵਿਚੋਂ ਇਕੱਲਿਆਂ ਲੰਘਦਿਆਂ ਵੇਖ ਕੇ ਕਿਸੇ ਮੁਸ਼ਟੰਡੇ-ਲੋਫਰ ਨੇ ਉਸ ਉੱਤੇ ਫਿਕਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਹੋਵੇ।

ਆਪਣੀ ਸੱਸ ਦੇ ਜਾਗਣ ਦੀ ਆਹਟ ਸੁਣ ਕੇ ਉਹ ਉਸਦੇ ਕਮਰੇ ਵਿਚ ਚਲੀ ਗਈ ਤਾਂ ਉਹ ਵੀ ਉਸ ਵੱਲ ਵੇਖਦੀ ਹੀ ਰਹਿ ਗਈ। ਉਸ ਦੀਆਂ ਬੁੱਢੀਆਂ ਅੱਖਾਂ ਵਿਚ ਆਪਣੀ ਬਹੂ ਦੇ ਹੁਸਨ ਪ੍ਰਤੀ ਅਥਾਹ ਤਾਰੀਫ਼ ਤੇ ਅਪਣੱਤ ਭਰ ਗਈ। ਸੁਖਵੰਤ ਸ਼ਰਮਾਅ ਗਈ। ਫੇਰ ਕਾਹਲ ਨਾਲ ਬੋਲੀ, "ਬੇਬੇ ਜੀ ਚਾਹ ਬਣਾ ਲਿਆਵਾਂ ਤੁਹਾਡੇ ਲਈ।"

"ਮੇਰਾ ਪੁੱਤਰ ਆ ਗਿਆ ਕਿ ?" ਉਹ ਉਸ ਵੱਲ ਅਜੇ ਤੱਕ ਆਪਣੇ ਪੁੱਤਰ ਦੀਆਂ ਨਜ਼ਰਾਂ ਨਾਲ ਹੀ ਤੱਕ ਰਹੇ ਸਨ।

ਆਉਣ ਦਾ ਵੇਲਾ ਤਾਂ ਹੋ ਗਿਆ ਜੀ। ਉਹ ਉਸ ਦੀਆਂ ਨਜ਼ਰਾਂ ਤੋਂ ਬਚਣ ਵਾਸਤੇ ਉੱਥੋਂ ਹਟ ਕੇ ਬਾਲਕੋਨੀ ਵਿਚ ਆ ਗਈ। ਇਹ ਸੋਚਦੀ ਹੋਈ ਕਿ ਇਸ ਮਾਂ ਨੇ ਵਾਕਈ ਉਸਨੂੰ ਕੱਚਾ ਚਬਾਅ ਜਾਣ ਲਈ ਆਪਣੇ ਪੁੱਤਰ ਖਾਤਰ ਅਨੇਕਾਂ ਕੁੜੀਆਂ ਨੂੰ ਵੇਖਣ-ਪਰਖਣ ਪਿੱਛੋਂ ਹੀ ਪਸੰਦ ਕੀਤਾ ਤੇ ਚੁਣਿਆ ਸੀ। ਉਸ ਨੂੰ ਇਸ ਗੱਲ ਦਾ ਜ਼ਰਾ ਵੀ ਅਫ਼ਸੋਸ ਨਹੀਂ ਹੁੰਦਾ ਕਿ ਉਸਦਾ ਪੁੱਤਰ ਉਸ ਵਾਸਤੇ ਕਿੰਨੇ ਗੰਦੇ-ਗੰਦੇ ਲਫ਼ਜ਼ ਜ਼ਬਾਨ ਤੇ ਲੈ ਆਉਂਦਾ ਹੈ। ਉਹ ਸਭ ਕੁਝ ਸੁਣਦੀ, ਸਮਝਦੀ ਹੈ…ਸ਼ਾਇਦ ਅੰਦਰੇ ਅੰਦਰ ਖੁਸ਼ ਵੀ ਹੁੰਦੀ ਹੈ। ਹਰ ਮਾਂ ਆਪਣੇ ਬੇਟੇ ਤੋਂ ਆਪਣੀ ਪਸੰਦ ਦੀ ਹਾਮੀ ਭਰਵਾਉਣੀ ਚਾਹੁੰਦੀ ਹੈ, ਭਾਵੇਂ ਉਹ ਆਪਣੀ ਬੀਵੀ ਦੇ ਨੱਕ ਵਿਚ ਦਮ ਹੀ ਕਰੀ ਰੱਖੇ।

ਬੱਚੇ ਖੜ੍ਹੀਆਂ ਇੱਟਾਂ ਦਾ ਵਿਕਟ ਬਣਾ ਕੇ ਕ੍ਰਿਕਟ ਖੇਡਣ ਵਿਚ ਰੁੱਝੇ ਹੋਏ ਸਨ। ਦਫ਼ਤਰਾਂ ਵਿਚ ਕੰਮ ਕਰਨ ਵਾਲੇ ਘਰੀਂ ਵਾਪਸ ਆਉਣ ਲੱਗ ਪਏ ਸਨ। ਸਾਈਕਲਾਂ, ਸਕੂਟਰਾਂ, ਮੋਟਰ ਸਾਈਕਲਾਂ ਅਤੇ ਹਲਕੀਆਂ-ਫੁਲਕੀਆਂ ਮੋਪਡਾਂ ਉੱਤੇ ਤੇ ਕਈ ਲੋਕਲ ਬੱਸਾਂ ਵਿਚੋਂ ਉਤਰ ਕੇ ਹੌਲੀ-ਹੌਲੀ ਪੈਦਲ ਹੀ ਤੁਰੇ ਆਉਂਦੇ ਦਿਖਾਈ ਦਿੱਤੇ। ਅਰਚਨਾ ਸ੍ਰੀ ਨਿਵਾਸ ਦਾ ਆਦਮੀ ਆਪਣੀ ਨੌਂ ਸਾਲਾ ਬੱਚੀ ਨੂੰ ਸਕੂਟਰ ਪਿੱਛੇ ਬਿਠਾਈ ਪਾਰਕ ਦਾ ਮੋੜ ਮੁੜਿਆ ਅਤੇ ਬੀ ਬਲਾਕ ਦੇ ਫਲੈਟਾਂ ਸਾਹਮਣੇ ਪਹੁੰਚ ਕੇ ਸੜਕ 'ਤੇ ਹੀ ਰੁਕ ਗਿਆ। ਉਸਨੇ ਸਿਰ ਚੁੱਕ ਕੇ ਉੱਪਰ ਦੂਜੀ ਮੰਜ਼ਲ ਵੱਲ ਦੇਖਿਆ, ਅਰਚਨਾ ਆਪਣੇ ਜੂੜੇ ਦੇ ਪਿੰਨ ਨੂੰ ਠੀਕ ਕਰਦੀ ਹੋਈ ਐਨ ਉਸੇ ਵੇਲੇ ਅੰਦਰੋਂ ਨਿਕਲੀ ਸੀ। ਦੋਹਾਂ ਨੇ ਇਕ ਦੂਜੇ ਵੱਲ ਬੜੀਆਂ ਖ਼ਾਮੋਸ਼ ਪਰ ਖੁਸ਼-ਖੁਸ਼ ਨਜ਼ਰਾਂ ਨਾਲ ਤੱਕਿਆ। ਉਹਨਾਂ ਦੀ ਬੇਟੀ ਹੈਲੋ ਮੰਮੀ ਕਹਿੰਦੀ ਅਤੇ ਆਪਣੀਆਂ ਕਿਤਾਬਾਂ ਨਾਲ ਭਰੇ ਹੋਏ ਬਸਤੇ ਦੇ ਬੋਝ ਨੂੰ ਪਿੱਠ ਉੱਤੇ ਲੱਦਦੀ ਹੋਈ ਪੌੜੀਆਂ ਵੱਲ ਟੁਰ ਪਈ। ਆਉਣ-ਜਾਣ ਵਾਲਿਆਂ ਦੀ ਭੀੜ ਵਿਚ ਸੁਖਵੰਤ ਨੂੰ ਵੀ ਆਪਣਾ ਪਤੀ ਆਉਂਦਾ ਹੋਇਆ ਨਜ਼ਰ ਆਇਆ। ਉਸਨੇ ਦੂਰੋਂ ਹੀ ਸੁਖਵੰਤ ਨੁੰ ਆਪਣੀ ਉਡੀਕ ਵਿਚ ਖਲੋਤੀ ਦੇਖਿਆ ਤੇ ਉੱਥੋਂ ਹੀ ਬੁੱਲ੍ਹਾਂ ਨੂੰ ਹੱਥ ਲਾ ਕੇ ਲਹਿਰਾ ਦਿੱਤਾ। ਇਹ ਉਸਦਾ ਹਵਾਈ-ਚੰਮਾਂ ਹੁੰਦਾ ਸੀ। ਉਹੀ ਲੋਫਰਾਂ ਵਾਲਾ ਤਰੀਕਾ। ਪਤਾ ਨਹੀਂ ਕਿਸ ਕਿਸ ਨੇ ਆਪਣੇ ਫਲੈਟ ਵਿਚੋਂ ਇਹ ਹਰਕਤ ਦੇਖੀ ਹੋਣੀ ਏਂ। ਉਹ ਕੁਸੈਲਾ ਜਿਹਾ ਮੂੰਹ ਬਣਾ ਕੇ ਉੱਥੋਂ ਹਟ ਗਈ ਤੇ ਅੰਦਰ ਆ ਕੇ ਸਿੱਧੀ ਰਸੋਈ ਵਿਚ ਚਲੀ ਗਈ। ਗੈਸ ਉੱਪਰ ਉੱਬਲਨ ਲਈ ਪਾਣੀ ਰੱਖ ਕੇ ਫੌਰਨ ਉਸ ਕਮਰੇ ਵਿਚ ਆ ਗਈ, ਜਿਸ ਵਿਚ ਉਸਦੀ ਸੱਸ ਬੈਠੀ ਹੋਈ ਸੀ। ਉਹ ਨਹੀਂ ਸੀ ਚਾਹੁੰਦੀ ਕਿ ਬੇਅੰਤ ਉੱਪਰ ਆ ਕੇ ਉਸਨੂੰ ਲੱਭਦਾ ਹੋਇਆ ਸਿੱਧਾ ਰਸੋਈ ਵਿਚ ਪਹੁੰਚ ਜਾਵੇ ਤੇ ਉਸਦੀ ਉਹ ਗਤ ਬਣਾ ਧਰੇ ਜਿਸ ਦੀ ਕਲਪਨਾ ਨਾਲ ਹੀ ਉਸ ਦੇ ਪੂਰੇ ਪ੍ਰਾਣ ਖੁਸ਼ਕ ਹੋ ਜਾਂਦੇ ਹਨ।

ਉਹ ਅੰਦਰ ਆ ਗਿਆ ਪਰ ਸੁਖਵੰਤ ਉਸ ਵੱਲ ਧਿਆਨ ਦੇਣ ਦੀ ਬਜਾਏ ਡੱਬਿਆਂ ਵਿਚੋਂ ਬਿਸਕੁਟ ਵਗ਼ੈਰਾ ਕੱਢਣ ਵਿਚ ਰੁੱਝ ਗਈ। ਉਸ ਨੇ ਉਸਦੀ ਪੈੜਚਾਲ ਤੋਂ ਹੀ ਅੰਦਾਜ਼ਾ ਲਾ ਲਿਆ ਸੀ ਕਿ ਉਹ ਬੜੀ ਬੇਚੈਨੀ ਨਾਲ ਇਧਰ-ਉਧਰ ਘੁੰਮ ਰਿਹਾ ਹੈ। ਆਪਣੀ ਮਾਂ ਨਾਲ ਤਾਂ ਉਸਨੇ ਰਸਮੀ ਤੌਰ 'ਤੇ ਇਕ ਦੋ ਗੱਲਾਂ ਹੀ ਕੀਤੀਆਂ ਸਨ। ਅਸਲ ਗੱਲ ਤਾਂ ਉਸਨੇ ਇਕਾਂਤ ਵਿਚ ਉਸ ਨਾਲ ਹੀ ਕਰਨੀ ਸੀ। ਇਕ ਦੋ ਵਾਰ ਤਾਂ ਉਸਨੇ ਹੱਥ ਵਧਾਅ ਕੇ ਬਿਸਕੁਟ ਚੁੱਕੇ ਅਤੇ ਸੁਖਵੰਤ ਵੱਲ ਅਤੀ ਡੂੰਘੀਆਂ ਨਜ਼ਰਾਂ ਨਾਲ ਤੱਕਿਆ ਵੀ, ਪਰ ਉਹ ਕਾਹਲ ਨਾਲ ਪਲੇਟਾਂ ਰੱਖ ਕੇ ਰਸੋਈ ਵੱਲ ਜਾਂਦੀ ਹੋਈ ਬੋਲੀ, "ਕੱਪੜੇ ਨਹੀਂ ਬਦਲਣੇ ਅੱਜ ? ਜ਼ਰਾ ਮੂੰਹ ਹੱਥ ਤਾਂ ਧੋ ਲੈਂਦੇ।"

ਉਸਦੇ ਵੱਸ ਹੁੰਦਾ ਤਾਂ ਉਹਨਾਂ ਪਲਾਂ ਵਿਚ ਰਸੋਈ ਵਿਚ ਕਦੀ ਨਾ ਜਾਂਦੀ ਕਿਉਂਕਿ ਉਹ ਜਾਣਦੀ ਸੀ ਕਿ ਉਹ ਉਸਦੇ ਪਿੱਛੇ ਜ਼ਰੂਰ ਆਏਗਾ ਤੇ ਇੰਜ ਹੀ ਹੋਇਆ। ਉਹ ਉਬਲਦੇ ਹੋਏ ਪਾਣੀ ਵਿਚ ਚਾਹ ਦੀ ਪੱਤੀ ਪਾ ਰਹੀ ਸੀ ਕਿ ਉਸਨੇ ਪਿੱਛੋਂ ਦੀ ਆ ਕੇ ਉਸ ਨੂੰ ਆਪਣੀਆਂ ਮਜ਼ਬੂਤ ਬਾਹਾਂ ਵਿਚ ਜਕੜ ਲਿਆ। "ਮੈਂ ਕਿਹਾ ਸੋਹਣਿਓਂ, ਅੱਜ ਤਾਂ ਇੰਜ ਲਗਦੈ ਕਿ ਜੇ ਕਿਤੇ ਤੁਹਾਨੂੰ ਕੋਈ ਹੋਰ ਦੇਖ ਲਏ ਤਾਂ ਅਸੀਂ ਕਿਤੇ ਤੁਹਾਥੋਂ ਹੱਥ ਈ ਨਾ ਧੋ ਬੈਠੀਏ।"

"ਓਹੋ, ਹੁਣ ਹਟੋ ਵੀ। ਮੈਂ ਕਹਿੰਦੀ ਆਂ ਚਾਹ ਡੁੱਲ੍ਹ ਜਾਏਗੀ। ਉੱਤੋਂ ਦੇਖਦੇ ਨਹੀਂ ਪਏ ਕਿੰਨੀ ਗਰਮੀ ਏਂ।"

"ਪਰ ਅੱਜ ਤੂੰ ਬਣ ਸੰਵਰ ਕੇ ਏਧਰ ਜਿਹੜੀ ਗਰਮੀ ਭਰ ਦਿੱਤੀ ਏ, ਉਸ ਦਾ ਕੀ ਕਰੀਏ ?"

ਉਹ ਬੜੇ ਯਤਨਾਂ ਨਾਲ ਚਾਹ ਵਾਲੀ ਕੇਤਲੀ ਚੁੱਕ ਕੇ ਉਸਦੇ ਘੇਰੇ ਵਿਚੋਂ ਨਿਕਲ ਸਕੀ।

ਘੁੱਟ-ਘੁੱਟ ਚਾਹ ਸੁੜਕਦਾ ਹੋਇਆ ਵੀ ਉਹ ਮਾਂ ਦੀਆਂ ਨਜ਼ਰਾਂ ਬਚਾ ਕੇ ਉਸ ਵੱਲ ਤੱਕਦਾ ਰਿਹਾ। ਉਸਦੀ ਮਾਂ ਨੇ ਆਪਣੇ ਦੀਵਾਨ ਕੋਲ ਹੀ ਇਕ ਤਿਪਾਈ ਉੱਤੇ, ਆਪਣੀ ਚਾਹ ਰਖਵਾ ਲਈ ਸੀ। ਪਤਾ ਨਹੀਂ ਉਹ ਉਹਨਾਂ ਵੱਲ ਦੇਖ ਵੀ ਰਹੀ ਸੀ ਜਾਂ ਨਹੀਂ ਪਰ ਸੁਖਵੰਤ ਨੀਵੀਂ ਪਾ ਕੇ ਚਾਹ ਪੀਂਦੀ ਰਹੀ। ਉਸ ਨੂੰ ਆਪਣੀ ਦਿਲਕਸ਼ੀ ਉੱਤੇ ਪੂਰਾ ਭਰੋਸਾ ਸੀ। ਉਹ ਜਾਣਦੀ ਸੀ ਕਿ ਜੇ ਉਹ ਬੇਅੰਤ ਵੱਲ ਧਿਆਨ ਵੀ ਨਾ ਦੇਵੇ ਤਾਂ ਵੀ ਉਹ ਉਸ ਉੱਪਰੋਂ ਨਜ਼ਰਾਂ ਨਹੀਂ ਹਟਾ ਸਕਦਾ।

ਅਚਾਨਕ ਬੇਅੰਤ ਨੇ ਧੀਮੀ ਆਵਾਜ਼ ਵਿਚ ਪੁੱਛਿਆ, "ਅੱਜ ਕਿਤੇ ਬਾਹਰ ਚੱਲੀਏ ? ਕੋਈ ਫ਼ਿਲਮ ਈ ਦੇਖ ਆਈਏ।"

ਉਸਦੇ ਪਤੀ ਦੇ ਸ਼ੌਕ ਬੜੇ ਸੀਮਿਤ ਸਨ। ਘਰ, ਘਰੋਂ ਬਾਹਰ ਪਿਕਚਰ ਹਾਲ ਤੱਕ ਜਾਂ ਕਦੇ-ਕਦਾਈਂ ਕਿਸੇ ਜਾਣ-ਪਛਾਣ ਵਾਲੇ ਦੇ ਘਰ…ਤੇ ਬਸ। ਜਦੋਂ ਉਹ ਚੰਡੀਗੜ ਹੁੰਦੀ ਸੀ ਤਾਂ ਆਰਟਗੇਲਰੀਆਂ, ਸੈਮੀਨਾਰਾਂ ਜਾਂ ਥਿਏਟਰ ਦੇ ਪ੍ਰੋਗ੍ਰਾਮਾਂ ਵਿਚ ਰੁੱਝੀ ਰਹਿੰਦੀ ਸੀ। ਸਵੇਰ ਦਾ ਅਖ਼ਬਾਰ ਦੇਖਦਿਆਂ ਹੀ ਉਹ ਫੈਸਲਾ ਕਰ ਲੈਂਦੀ ਕਿ ਅੱਜ ਦੀ ਸ਼ਾਮ ਕਿੱਥੇ ਬਿਤਾਉਣੀ ਹੈ। ਸੱਦਾ-ਪੱਤਰ ਵਸੁਲ ਕਰਨਾ ਉਸਦੇ ਖੱਬੇ ਹੱਥ ਦੀ ਖੇਡ ਹੁੰਦੀ। ਆਪਣੀਆਂ ਸਹੇਲੀਆਂ ਨੂੰ ਫ਼ੋਨ ਕਰ ਲੈਂਦੀ ਤੇ ਉਹਨਾਂ ਦੇ ਝੁਰਮਟ ਵਿਚ ਚਹਿਕਦੀ ਹੋਈ ਹਰ ਜਗ੍ਹਾ ਪਹੁੰਚ ਜਾਂਦੀ, ਪਰ ਉਸ ਮਰਦ ਨਾਲ ਸ਼ਾਦੀ ਕਰਵਾਉਣ ਪਿੱਛੋਂ ਜਿਵੇਂ ਉਸਦੀ ਹਰ ਪਸੰਦ, ਸ਼ੌਕ ਤੇ ਸਰਗਰਮੀ ਠੁੱਸ ਹੋ ਕੇ ਰਹਿ ਗਈ ਹੋਵੇ। ਇਕ ਚੰਗਾ ਤੇ ਆਜ਼ਾਦ ਖ਼ਿਆਲ ਘਰਾਣਾ ਤਾਂ ਮਿਲ ਗਿਆ ਪਰ ਉਸ ਦੇ ਨਾਲ ਸਿਰਫ ਜਿਸਮ ਤੇ ਸਸਤੀ ਤਾਰੀਫ਼ ਤੋਂ ਬਿਨਾਂ ਹੋਰ ਕੋਈ ਕਲਪਨਾ ਜੁੜੀ ਨਹੀਂ ਸੀ ਹੋਈ। ਪਿਛਲੀ ਵਾਰ ਉਹ ਪੇਕੇ ਗਈ ਸੀ ਤਾਂ ਉੱਥੋਂ ਆਪਣੀ ਪਸੰਦ ਦੀਆਂ ਖਰੀਦੀਆਂ ਹੋਈਆਂ ਕਿਤਾਬਾਂ ਦੇ ਭੰਡਾਰ ਵਿਚੋਂ ਕੁਝ ਕਿਤਾਬਾਂ ਚੁੱਕ ਲਿਆਈ ਸੀ ਜਿਹੜੀਆਂ ਉਹਨਾਂ ਬੈਡਰੂਮ ਵਿਚ ਬਣੇ ਰੈਕ ਵਿਚ ਸਜੀਆਂ ਹੋਈਆਂ ਹਨ। ਘਰ ਵਿਚ ਐਨਾ ਕੰਮ ਰਹਿੰਦਾ ਹੈ ਕਿ ਉਸਨੂੰ ਉਹਨਾਂ ਕਿਤਾਬਾਂ ਨੂੰ ਖੋਹਲ ਕੇ ਦੇਖਣ ਦਾ ਮੌਕਾ ਵੀ ਨਹੀਂ ਮਿਲਦਾ। ਪੜ੍ਹਨ ਦਾ ਥੋੜ੍ਹਾ ਜਿੰਨਾ ਸ਼ੌਕ ਵੀ ਬੇਅੰਤ ਸਿੰਘ ਨੂੰ ਹੁੰਦਾ ਤਾਂ ਉਹ ਉਸ ਨਾਲ ਆਪਣੇ ਵਿਚਾਰ ਸਾਂਝੇ ਕਰਕੇ ਅੱਤ ਦੀ ਖੁਸ਼ੀ ਮਹਿਸੂਸ ਕਰਦੀ…ਪਰ ਉਹ ਤਾਂ ਅਖ਼ਬਾਰ ਵੀ ਬੜੀ ਬੇਦਿਲੀ ਜਿਹੀ ਨਾਲ ਦੇਖਦਾ ਹੈ। ਜਦੋਂ ਟੀ.ਵੀ. ਤੇ ਖ਼ਬਰਾਂ ਆਉਣ ਲੱਗਦੀਆਂ ਹਨ ਅਕਸਰ ਸਵਿੱਚ ਹੀ ਆਫ ਕਰ ਦੇਂਦਾ ਹੈ। ਕਹਿੰਦਾ ਹੈ, 'ਕੀ ਪਿਐ ਦੁਨੀਆਂ ਭਰ ਦੇ ਝਗੜੇ-ਟੰਟਿਆਂ ਵਿਚ ? ਕੁਝ ਵੀ ਬਦਲਣ ਵਾਲਾ ਨਹੀਂ, ਜੇ ਬਦਲ ਵੀ ਗਿਆ ਤਾਂ ਵੀ ਸਾਨੂੰ ਦਾਲ-ਫੁਲਕਾ ਤਾਂ ਮਿਲਦਾ ਹੀ ਰਹੇਗਾ। ਇਹ ਸਾਥੋਂ ਕੋਈ ਨਹੀਂ ਖੋਹ ਸਕਦਾ।'

ਬੇਅੰਤ ਸਿੰਘ ਨੇ ਫੇਰ ਘੁੰਮ-ਫਿਰ ਆਉਣ ਦੀ ਪੇਸ਼ਕਸ਼ ਕੀਤੀ ਤਾਂ ਉਹ ਇਨਕਾਰ ਨਹੀਂ ਸੀ ਕਰ ਸਕੀ। ਥੋੜ੍ਹੀ ਜਿਹੀ ਤਬਦੀਲੀ ਤਾਂ ਮਹਿਸੂਸ ਹੋਏਗੀ। ਉਸ ਨੇ ਹੌਲੀ ਜਿਹੀ 'ਹੂੰ' ਕਹਿ ਕੇ ਆਪਣੀ ਸੱਸ ਵੱਲ ਦੇਖਿਆ ਹੈ। ਬੇਅੰਤ ਸਿੰਘ ਉਸਦਾ ਇਸ਼ਾਰਾ ਸਮਝ ਕੇ ਆਪਣੀ ਮਾਂ ਕੋਲ ਚਲਾ ਗਿਆ ਤੇ ਬੋਲਿਆ, "ਬੇਬੇ ਅਸੀਂ ਕੁਝ ਚਿਰ ਲਈ ਘੁੰਮਣ-ਫਿਰਨ ਲਈ ਚੱਲੇ ਆਂ, ਖਾਣਾ ਖਾ ਕੇ ਹੀ ਆਵਾਂਗੇ, ਤੇਰੇ ਲਈ ਕੀ ਲੈ ਆਈਏ…ਤੰਦੂਰੀ ਰੋਟੀਆਂ ਤੇ ਸੁੰਦਰ ਦਾਸ ਦੀ ਦੁਕਾਨ ਤੋਂ ਮੱਛੀ ? ਤੂੰ ਕਈ ਦਿਨਾਂ ਦੀ ਮੱਛੀ ਨਹੀਂ ਖਾਧੀ…ਛੇਤੀ ਈ ਮੁੜ ਆਵਾਂਗੇ।"

ਉਸਦੀ ਮਾਂ ਨੇ ਹਾਂ ਜਾਂ ਨਾਂਹ ਕੁਝ ਵੀ ਨਾ ਕਿਹਾ। ਕੁਝ ਯਾਦ ਕਰਕੇ ਬੋਲੀ, "ਸਤਿੰਦਰ ਪੁੱਤਰ ਦਾ ਕੋਈ ਖ਼ਤ ਨਹੀਂ ਆਇਆ…ਬੜੇ ਦਿਨਾਂ ਦਾ, ਵਾਹਿਗੁਰੂ ਕਰੇ ਸੁੱਖ ਹੋਵੇ…"

ਅਚਾਨਕ ਆਪਣੇ ਛੋਟੇ ਭਰਾ ਦਾ ਜ਼ਿਕਰ ਸੁਣ ਕੇ ਉਹ ਹੈਰਾਨੀ ਨਾਲ ਤ੍ਰਬਕਿਆ, ਪਰ ਸਹਿਜ ਨਾਲ ਬੋਲਿਆ, "ਉਹ ਠੀਕ ਈ ਹੋਏਗਾ ਬੇਬੇ, ਫਿਕਰ ਵਾਲੀ ਕੋਈ ਗੱਲ ਨਹੀਂ…ਕੱਲ੍ਹ ਈ ਉਸ ਨੂੰ ਚਿੱਠੀ ਪਾ ਦਿਆਂਗਾ ਕਿ ਸਾਨੂੰ ਸਾਰਿਆਂ ਨੂੰ ਆ ਕੇ ਮਿਲ ਜਾਓ, ਕਿਸੇ ਦਿਨ, ਬੇਬੇ ਬੜੀ ਯਾਦ ਕਰਦੀ ਹੈ…।"

ਸੁਖਵੰਤ ਨੇ ਮਹਿਸੂਸ ਕੀਤਾ ਉਸ ਦੀ ਸੱਸ ਨੂੰ ਘਰੇ ਇਕੱਲੀ ਰਹਿ ਜਾਣਾ ਚੰਗਾ ਨਹੀਂ ਲੱਗਦਾ। ਉਹ ਉਹਨਾਂ ਨੂੰ ਹਰ ਪਲ ਅੱਖਾਂ ਸਾਹਮਣੇ ਰੱਖਣਾ ਚਾਹੁੰਦੀ ਹੈ…ਪਰ ਉਹ ਆਪਣੇ ਪਤੀ ਨਾਲ ਬਾਹਰ ਨਿਕਲ ਆਈ। ਬੇਅੰਤ ਨੇ ਸ਼ਹਿਰ ਜਾਣ ਲਈ ਇਕ ਲੰਮਾ ਰਾਹ ਹੀ ਫੜਿਆ। ਚੌੜੀ ਤੇ ਲੰਮੀ ਰਿੰਗ ਰੋਡ ਉੱਤੇ ਹੋਰ ਕਈ ਗੱਡੀਆਂ ਵੀ ਫੁੱਲ ਸਪੀਡ 'ਤੇ ਦੌੜੀਆਂ ਜਾ ਰਹੀਆਂ ਸਨ। ਹਵਾ ਬੜੀ ਚੰਗੀ ਲੱਗੀ। ਖੁਲ੍ਹੀ, ਠੰਡੀ ਤੇ ਤਾਜ਼ੀ ਹਵਾ। ਉਸਨੇ ਸਕੂਟਰ ਪਿੱਛੇ ਬੈਠੀ ਨੇ, ਆਪਣੇ ਉੱਡਦੇ ਹੋਏ ਦੁਪੱਟੇ ਨੂੰ ਚੰਗੀ ਤਰ੍ਹਾਂ ਆਪਣੀ ਧੌਣ ਦੁਆਲੇ ਵਲੇਟ ਲਿਆ। ਬੇਅੰਤ ਨੇ ਸਕੂਟਰ ਦੀ ਰਫ਼ਤਾਰ ਨੂੰ ਹੋਰ ਤੇਜ਼ ਕਰਿਦਆਂ ਹੋਇਆਂ ਗਰਦਨ ਭੁਆਂ ਕੇ ਕਿਹਾ, "ਮੱਖਣੋਂ ਆਪਣੀਆਂ ਬਾਹਾਂ ਸਾਡੇ ਲੱਕ ਦੁਆਲੇ ਕੱਸ ਲਓ, ਕਿਤੇ ਉੱਡ ਈ ਨਾ ਜਾਇਓ…ਦੱਸ ਰਿਹਾਂ।"

ਸੁਖਵੰਤ ਨੇ ਇੰਜ ਹੀ ਕੀਤਾ। ਉਦੋਂ ਉਹ ਬੜੀ ਖੁਸ਼ ਨਜ਼ਰ ਆ ਰਹੀ ਸੀ---ਉਂਜ ਵੀ ਆਪਣੇ ਆਦਮੀ ਦੇ ਪਿੱਛੇ, ਸਕੂਟਰ ਉੱਤੇ ਬੈਠ ਕੇ ਕਿਤੇ ਜਾਣਾ ਉਸਨੂੰ ਬੜਾ ਚੰਗਾ ਲੱਗਦਾ ਸੀ। ਉਸਦੀ ਮਜ਼ਬੂਤ ਕਾਠੀ ਉਸ ਲਈ ਢਾਲ ਜਿਹੀ ਬਣ ਜਾਂਦੀ…ਜਿਸ ਨਾਲ ਚਿਪਕ ਕੇ ਉਸਦੀ ਪਿੱਠ ਉੱਤੇ ਸਿਰ ਟਿਕਾਅ ਦੇਣ ਪਿੱਛੋਂ ਉਸਨੂੰ ਅਥਾਹ ਸ਼ਾਂਤੀ ਪ੍ਰਾਪਤ ਹੁੰਦੀ ਸੀ। ਉਸਨੂੰ ਸਿਰਫ ਉਸਦੀਆਂ ਗੱਲਾਂ ਤੇ ਗੱਲਾਂ ਵਿਚਲੇ ਤੀਜੇ ਦਰਜੇ ਦੇ ਅਲੰਕਾਰ ਕਤਈ ਨਹੀਂ ਸਨ ਭਾਉਂਦੇ, ਪਰ ਉਹਨਾਂ ਅਲੰਕਾਰਾਂ ਤੋਂ ਬਚਿਆ ਵੀ ਤਾਂ ਨਹੀਂ ਜਾ ਸਕਦਾ ਸੀ।

ਸਿਨੇਮਾ ਹਾਲ ਵਿਚ ਵੀ ਬੇਅੰਤ ਭੁੱਲਰ ਹੁਰਾਂ ਦਾ ਉਹੀ ਹਾਲ ਰਹਿੰਦਾ…ਉਹ ਉਪਰਲੇ ਦਰਜੇ ਵਿਚ ਬੈਠ ਕੇ ਵੀ, ਸਸਤੇ ਕਿਸਮ ਦੇ ਦਰਸ਼ਕਾਂ ਵਾਂਗ ਫ਼ਿਲਮ ਦੇਖਦਾ ਸੀ…ਜ਼ੋਰਦਾਰ ਡਾਇਲਾਗ ਸੁਣ ਕੇ ਤਾੜੀਆਂ ਵਜਾਉਣ ਲੱਗਦਾ, ਰੁਮਾਂਟਿਕ ਜਾਂ ਉਤੇਜਨਾਂ ਭਰਪੂਰ ਦ੍ਰਿਸ਼ਾਂ ਨੂੰ ਵੇਖ ਕੇ 'ਹਾਏ-ਹਾਏ' ਕਹਿ ਉੱਠਦਾ। ਇਹ ਉਸਦੇ ਵਿਸ਼ੇਸ਼ ਸ਼ੌਕ ਸਨ। ਉਹ ਮੂਹਰਲੀਆਂ ਸੀਟਾਂ ਉੱਤੇ ਬੈਠੇ ਦਰਸ਼ਕਾਂ ਵਾਂਗ ਨੱਚ-ਨੱਚ ਕੇ ਗਾਉਂਦੀ ਹੋਈ ਹੀਰੋਇਟ ਉੱਤੇ ਭਾਨ ਵੀ ਸੁੱਟ ਸਕਦਾ ਸੀ, ਜੇ ਕਿਤੇ ਉਹ ਸਕਰੀਨ ਦੇ ਨੇੜੇ ਬੈਠਾ ਹੁੰਦਾ…ਹਨੇਰੇ ਦਾ ਲਾਭ ਉਠਾਅ ਕੇ ਉਹ ਕਈ ਵਾਰੀ ਉਸਨੂੰ ਦਬੋਚ ਵੀ ਲੈਂਦਾ।

ਉਸ ਦਿਨ ਸੁਖਵੰਤ ਨੇ ਉਸਨੂੰ ਕਿਸੇ ਗੱਲ ਤੋਂ ਨਾ ਰੋਕਿਆ। ਉਹ ਬੜੇ ਸਬਰ ਨਾਲ ਉਸਦੀ ਹਰੇਕ ਹਰਕਤ ਨੂੰ ਬਰਦਾਸ਼ਤ ਕਰਦੀ ਰਹੀ। ਉਂਜ ਉਹ ਸੋਚ ਰਹੀ ਸੀ ਕਿ ਉਹ ਆਪਣੇ ਆਦਮੀ ਦੀਆਂ ਆਦਤਾਂ ਨੂੰ ਕਿਵੇਂ ਬਦਲ ਸਕਦੀ ਹੈ ? ਉਸ ਵਿਚ ਇਹੋ ਜਿਹੀ ਕੀ ਕਮੀ ਹੈ ਕਿ ਉਹ ਸਾਰੇ ਹੱਦ-ਬੰਨੇ ਟੱਪ ਜਾਂਦਾ ਹੈ। ਠੀਕ ਕਿ ਉਸਦੇ ਪਲਣ-ਪਰਵਾਨ ਚੜ੍ਹਨ ਵਿਚ ਉਹਨਾਂ ਦੇ ਜੱਦੀ ਪਿੰਡ ਦੇ ਮਾਹੌਲ ਦਾ ਬੜਾ ਵੱਡਾ ਹੱਥ ਸੀ ਪਰ ਪਿੰਡਾਂ ਵਿਚ ਜੰਮੇ-ਪਲੇ ਸਾਰੇ ਲੋਕ ਅਜਿਹੇ ਹੀ ਤਾਂ ਨਹੀਂ ਹੁੰਦੇ। ਉਸਨੇ ਆਪਣੀ ਤਾਲੀਮ ਦਾ ਇਕ ਹਿੱਸਾ ਦਿੱਲੀ ਵਰਗੇ ਸ਼ਹਿਰ ਵਿਚ ਰਹਿ ਕੇ ਪੂਰਾ ਕੀਤਾ ਹੈ ਤੇ ਉਸੇ ਸ਼ਹਿਰ ਵਿਚ ਉਸਨੂੰ ਇਕ ਮੁਨਾਸਿਬ ਨੌਕਰੀ ਵੀ ਮਿਲੀ ਹੋਈ ਹੈ। ਫੇਰ ਸ਼ਾਇਦ ਇਸ ਲਈ ਕਿ ਉਸਦੀ ਆਪਣੀ ਕੋਈ ਭੈਣ ਨਹੀਂ। ਉਹਨਾਂ ਦੇ ਖਾਨਦਾਨ ਵਿਚ ਚਾਚੇ-ਜਾਈਆਂ, ਭੂਆ ਜਾਈਆਂ ਤੇ ਮਾਸੀ-ਜਾਈਆਂ ਭੈਣਾ ਦੀ ਵੀ ਕਮੀ ਹੀ ਸੀ। ਇਹ ਕਮੀ ਸੁਖਵੰਤ ਨੇ ਵੀ ਉਸ ਘਰ ਵਿਚ ਆ ਕੇ ਮਹਿਸੂਸ ਕੀਤੀ ਸੀ। ਉਹ ਉਸ ਦੀ ਝੋਲੀ ਵਿਚ ਇਕ ਅਜਿਹੀ ਨਿਹਮਤ ਬਣ ਕੇ ਡਿੱਗੀ ਸੀ ਜਿਸ ਦੀ ਸ਼ਾਇਦ ਉਸਨੂੰ ਉਮੀਦ ਨਹੀਂ ਸੀ। ਉਸਨੇ ਆਪਣੇ ਵਤੀਰੇ ਉੱਪਰ ਵੀ ਗੌਰ ਕੀਤਾ, ਉਹ ਇਕ ਸੁਬਾਈ ਰਾਜਧਾਨੀ ਵਿਚ ਪਲ ਕੇ ਵੱਡੀ ਹੋਈ ਸੀ। ਉਸਦੀ ਤਾਲੀਮ ਅਜਿਹੇ ਮਾਹੌਲ ਵਿਚ ਹੋਈ ਸੀ ਜਿੱਥੇ ਮੁੰਡੇ ਤੇ ਕੁੜੀਆਂ ਦਾ ਇਕ ਦੂਜੇ ਨਾਲ ਮਿਲਣਾ-ਜੁਲਣਾ ਕੋਈ ਅਜੀਬ, ਖਾਸ ਗੱਲ ਨਹੀਂ ਸੀ। ਉਸਦੇ ਡੈਡੀ ਰਿਟਾਇਰਡ ਜੱਜ ਸਨ, ਜਿਹਨਾਂ ਦੇ ਸੁਭਾਅ ਵਿਚ ਸ਼ਾਂਤੀ, ਦ੍ਰਿੜ੍ਹਤਾ, ਸੰਜੀਦਗੀ ਤੇ ਚਿੰਤਨ ਕੁੱਟ-ਕੁੱਟ ਕੇ ਭਰਿਆ ਹੋਇਆ ਸੀ। ਉਹ ਤਿੰਨ ਭਰਾਵਾਂ ਤੇ ਚਾਰ ਭੈਣਾ ਨਾਲੋਂ ਛੋਟੀ ਸੀ। ਆਰਟ ਤੇ ਅਦਬ ਦੇ ਸ਼ੌਕ ਨੇ ਉਸ ਅੰਦਰਲੀ ਉਸ ਸ਼ੋਖ਼ੀ ਨੂੰ ਇਕ ਅਰਸਾ ਪਹਿਲਾਂ ਖਤਮ ਕਰ ਦਿੱਤਾ ਸੀ ਜਿਹੜੀ ਉਸਨੂੰ ਸਭ ਤੋਂ ਨਿੱਕੀ ਤੇ ਸਭ ਤੋਂ ਲਾਡਲੀ ਹੋਣ ਸਦਕਾ ਸਹਿਜ-ਸੁਭਾਅ ਮਿਲ ਗਈ ਸੀ। ਸ਼ਾਦੀ ਪਿੱਛੋਂ ਉਸ ਨੂੰ ਜਿਸ ਤਰ੍ਹਾਂ ਦੇ ਤਜ਼ੁਰਬਿਆਂ ਵਿਚੋਂ ਲੰਘਣਾ ਪੈ ਰਿਹਾ ਸੀ…ਉਹਦੀ ਉਸਨੇ ਪਹਿਲਾਂ ਕਦੀ ਕਲਪਨਾ ਵੀ ਨਹੀਂ ਸੀ ਕੀਤੀ। ਉਸਦੀ ਸਮਝ ਵਿਚ ਨਹੀਂ ਸੀ ਆ ਰਿਹਾ ਕਿ ਉਹ ਆਪਣੇ ਆਪ ਨੂੰ ਉਸ ਨਵੇਂ ਮਾਹੌਲ ਵਿਚ ਕਿੱਦਾਂ ਸੈੱਟ ਕਰੇ ! ਜਿਹੜਾ ਇਸ ਘਰ ਦੀ ਦੇਣ ਹੈ। ਇਹ ਘਰ ਬੜਾ ਆਰਾਮ ਦੇਹ ਹੈ ਪਰ ਹੈਰਤਨਾਕ ਤੌਰ 'ਤੇ ਸੁੰਨਾ-ਸੁੰਨਾ ਜਿਹਾ ਵੀ। ਇਸ ਵਿਚ ਇਕ ਵਿਧਵਾ ਸੱਸ ਹੈ, ਜਿਹੜੀ ਆਪਣੇ ਖੁਸ਼ਹਾਲ ਵਜ਼ੂਦ ਦੇ ਬਾਵਜੂਦ ਵੀ, ਖਤਰਨਾਕ ਬੁਢਾਪੇ ਦੀ ਪਰਛਾਈ ਵਧੇਰੇ ਲੱਗਦੀ ਹੈ। ਉਸਦਾ ਛੋਟਾ ਪੁੱਤਰ ਪੰਜਾਬ ਦੇ ਇਕ ਜਿਲ੍ਹਾ-ਸ਼ਹਿਰ ਵਿਚ ਟਰੱਕਾਂ ਦੇ ਸਪੇਅਰ ਪਾਰਟਸ ਦੀ ਇਕ ਨਿੱਕੀ ਜਿਹੀ ਦੁਕਾਨ ਕਰਦਾ ਹੈ, ਉਸਦਾ ਵੱਡਾ ਪੁੱਤਰ ਸਰਕਾਰੀ ਨੌਕਰ ਹੈ। ਇਕ ਜ਼ਿੰਮੇਵਾਰ ਅਹੁਦੇ ਉੱਪਰ ਲੱਗਿਆ ਹੋਣ ਦੇ ਬਾਵਜੂਦ ਨਿੱਜੀ ਜੀਵਨ ਵਿਚ ਬੜਾ ਹਲਕਾ ਸਿੱਧ ਹੋਇਆ ਹੈ। ਜਿਵੇਂ ਉਸ ਦੇ ਲੜਕਪਨ ਦੀ ਉਮਰ ਲੋੜ ਨਾਲੋਂ ਵੱਧ ਲੰਮੀ ਹੋ ਗਈ ਹੋਵੇ।

ਉਹ ਰਾਤ ਨੂੰ ਘੇਰੇ ਪਹੁੰਚੇ ਤਾਂ ਭੁੱਲਰ ਹਮੇਸ਼ਾ ਵਾਂਗ ਸ਼ੋਖ਼ ਹੋਇਆ ਹੋਇਆ ਸੀ। ਆਪਣੇ ਫਲੈਟ ਦੇ ਦਰਵਾਜ਼ੇ ਉੱਪਰ ਹੀ ਉਸਨੇ ਸੁਖਵੰਤ ਨੂੰ ਦਬੋਚ ਲਿਆ ਸੀ। ਪੀੜ ਨਾਲ ਉਸਦੇ ਅੱਥਰੂ ਨਿਕਲ ਆਏ ਸਨ ਤੇ ਉਸਦੀ ਚੀਕ ਭੁੱਲਰ ਦੀ ਮਾਂ ਨੇ ਵੀ ਜ਼ਰੂਰ ਸੁਣੀ ਹੋਏਗੀ। ਜਦੋਂ ਉਹ ਅੰਦਰ ਪਹੁੰਚੇ ਤਾਂ ਬੇਬੇ ਬਹੁਤ ਉਦਾਸ ਨਜ਼ਰ ਆਈ। ਉਸਦੇ ਹੱਥ ਵਿਚ ਇਕ ਤਾਰ ਫੜੀ ਹੋਈ ਸੀ। ਜਿਸਦਾ ਮਜ਼ਮੂਨ ਉਸਨੇ ਕਿਸੇ ਗੁਆਂਢੀ ਤੋਂ ਪੜ੍ਹਵਾ ਲਿਆ ਸੀ। ਬੇਅੰਤ ਤੇ ਸੁਖਵੰਤ ਤਾਰ ਪੜ੍ਹ ਕੇ ਹੱਕੇ-ਬੱਕੇ ਰਹਿ ਗਏ। ਬੇਅੰਤ ਦੇ ਛੋਟੇ ਭਰਾ ਸਤਵੰਤ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ। ਤਾਰ ਉਸਦੀ ਪਤਨੀ ਬਲਜੀਤ ਕੌਰ ਨੇ ਕੀਤੀ ਸੀ ਕਿ ਬੇਬੇ ਨੂੰ ਫੌਰਨ ਭੇਜ ਦਿੱਤਾ ਜਾਏ।

ਸੁਖਵੰਤ ਜਦੋਂ ਪਿਛਲੀ ਵਾਰ ਜਲੰਧਰ ਗਈ ਸੀ ਤਾਂ ਉਸਨੇ ਆਪਣੇ ਦਿਓਰ ਦੀਆਂ ਸਰਗਰਮੀਆਂ ਨੂੰ ਖਾਸ ਸ਼ੱਕ ਦੀਆਂ ਨਜ਼ਰਾਂ ਨਾਲ ਦੇਖਿਆ ਸੀ…ਇਕ ਤਾਂ ਉਹ ਬਹੁਤ ਸਾਰੇ ਅਖ਼ਬਾਰ, ਰਸਾਲੇ ਪੜ੍ਹਨ ਲੱਗ ਪਿਆ ਸੀ ਤੇ ਦੂਜਾ ਕਈ ਲੋਕ ਉਸਨੂੰ ਰਾਤ ਨੂੰ ਛੁਪ-ਛੁਪ ਮਿਲਣ ਆਉਂਦੇ ਸਨ। ਜਿਹਨਾਂ ਨਾਲ ਉਹ ਲੰਮੀਆਂ ਲੰਮੀਆਂ ਸਿਆਸੀ ਬਹਿਸਾਂ ਵੀ ਕਰਦਾ ਸੀ ਤੇ ਉਹਨਾਂ ਨੂੰ ਚੰਦਾ ਵੀ ਦੇਂਦਾ ਸੀ।

ਜਲੰਧਰ ਲਈ ਆਖ਼ਰੀ ਗੱਡੀ ਨਿਕਲ ਚੁੱਕੀ ਸੀ। ਰਾਤ ਨੂੰ ਕੋਈ ਬੱਸ ਵੀ ਪੰਜਾਬ ਨਹੀਂ ਸੀ ਜਾਂਦੀ। ਆਖ਼ਰ ਫੈਸਲਾ ਹੋਇਆ ਕਿ ਸਵੇਰੇ ਪਹਿਲੀ ਗੱਡੀ ਬੇਅੰਤ ਸਿੰਘ ਬੇਬੇ ਨੂੰ ਲੈ ਕੇ ਚਲਾ ਜਾਏਗਾ।

ਉਹ ਰਾਤ ਬੇਬੇ ਨੇ ਪਾਠ ਕਰਦਿਆਂ ਬਿਤਾਈ। ਬੇਅੰਤ ਵੀ ਪੂਰੀ ਰਾਤ ਸੌਂ ਨਹੀਂ ਸੀ ਸਕਿਆ। ਚੁੱਪਚਾਪ ਲੇਟਿਆ ਛੱਤ ਵੱਲ ਤੱਕਦਾ ਰਿਹਾ ਸੀ। ਸੁਖਵੰਤ ਉਸਦੇ ਨਾਲ ਹੀ ਪਈ ਸੀ, ਉਸੇ ਡਬਲ-ਬੈਡ ਉੱਪਰ। ਉਹ ਹੈਰਾਨ ਸੀ ਕਿ ਉਸਦਾ ਸਾਰਾ ਜੋਸ਼ ਤੇ ਖਰਮਸਤੀਆਂ ਕਿੰਨੀਆਂ ਸ਼ਾਂਤ ਹੋ ਗਈਆਂ ਹਨ। ਉਸਨੇ ਇਕ ਦੋ ਵਾਰ ਪਹਿਲ ਕਰਕੇ ਉਸਦੀ ਬਾਂਹ ਨੂੰ ਛੂਹਿਆ ਤੇ ਉਸ ਨੂੰ ਜੱਫੀ ਵਗ਼ੈਰਾ ਵੀ ਪਾਈ, "ਕੀ ਸੋਚ ਰਹੇ ਓ…"

"ਮੇਰਾ ਖ਼ਿਆਲ ਏ, ਹੁਣ ਉਸ ਦੀ ਜ਼ਮਾਨਤ ਵੀ ਨਹੀਂ ਹੋ ਸਕੇਗੀ। ਸਰਕਾਰ ਮੰਜ਼ੂਰ ਹੀ ਨਹੀਂ ਕਰੇਗੀ। ਮੈਂ ਜਾਣਦਾਂ…ਹੋ ਸਕਦਾ ਏ ਸੀ.ਆਈ.ਡੀ. ਨੇ ਸਾਡਾ ਪਤਾ ਵੀ ਉਸ ਤੋਂ ਲੈ ਲਿਆ ਹੋਵੇ। ਮੇਰੀ ਸਰਵਿਸ ਖਤਰੇ ਵਿਚ ਪੈ ਸਕਦੀ ਐ। ਬੇਬੇ ਨੂੰ ਉੱਥੇ ਨਾ ਪਹੁੰਚਾਉਣਾ ਹੁੰਦਾ ਤਾਂ ਮੈਂ ਉੱਥੇ ਜਾਣ ਹੀ ਨਹੀਂ ਸੀ। ਕੋਸ਼ਿਸ਼ ਕਰਾਂਗਾ ਥੋੜ੍ਹੀ ਦੇਰ ਰੁਕ ਕੇ ਹੀ ਵਾਪਸ ਆ ਜਾਵਾਂ…।"

…ਤੇ ਜਿਸ ਦਿਨ ਬੇਅੰਤ ਸਿੰਘ ਨੇ ਵਾਪਸ ਆਉਣਾ ਸੀ, ਉਸੇ ਦਿਨ ਮਿਸੇਜ਼ ਗਾਂਧੀ ਨੂੰ ਗੋਲੀ ਮਾਰ ਦਿੱਤੀ ਗਈ। ਰਾਤ ਪੈਣ ਤੋਂ ਪਹਿਲਾਂ ਹੀ ਦਿੱਲੀ ਸ਼ਹਿਰ ਫਸਾਦਾਂ ਦੀ ਲਪੇਟ ਵਿਚ ਆ ਗਿਆ। ਅਰਚਨਾ ਸ੍ਰੀ ਨਿਵਾਸ ਭੱਜੀ ਆਈ ਤੇ ਸੁਖਵੰਤ ਨੂੰ ਕਹਿਣ ਲੱਗੀ, "ਤੁਮ ਯਹਾਂ ਅਕੇਲੇ ਮਤ ਰਹੋ, ਬੜਾ ਖਤਰਾ ਹੈ…ਚਲੋ ਹਮਾਰੇ ਘਰ, ਵਹਾਂ ਕੋਈ ਤੁਮਕੋ ਹਾਥ ਤਕ ਨਹੀਂ ਲਗਾ ਸਕਤਾ...।"


ਸੁਖਵੰਤ ਕੌਰ ਨੂੰ ਇਹ ਤਾਂ ਪਤਾ ਸੀ ਕਿ ਪੰਜਾਬ ਵਿਚ ਦਹਿਸ਼ਤਗਰਦਾਂ ਦੇ ਕੁਝ ਗਿਰੋਹ ਖਾਸ ਖਾਸ ਹਿੰਦੂਆਂ ਤੇ ਸਿੱਖਾਂ ਨੂੰ ਗੋਲੀ ਦਾ ਨਿਸ਼ਾਨਾ ਬਣਾ ਦਿੰਦੇ ਹਨ। ਇਹ ਸਿਲਸਿਲਾ ਨਿੱਤ ਦਾ ਕੰਮ ਹੋ ਗਿਆ ਸੀ ਪਰ ਉਸਨੂੰ ਇਹ ਨਹੀਂ ਸੀ ਪਤਾ ਕਿ ਇਕ ਦਿਨ ਅਚਾਨਕ ਸਾਰੇ ਫਿਰਕੇ ਉੱਤੇ ਇਹ ਕਹਿਰ ਟੁੱਟ ਪਵੇਗਾ। ਕਈ ਕਲੋਨੀਆਂ ਨੂੰ ਅੱਗ ਲਾ ਦਿੱਤੀ ਜਾਏਗੀ। ਕਰਫ਼ਿਊ ਲੱਗ ਜਾਵੇਗਾ ਤੇ ਫ਼ੌਜ ਭੇਜ ਦਿੱਤੀ ਜਾਵੇਗੀ। ਰਾਤ ਦੇ ਕਿਸੇ ਪਹਿਰ ਉਸ ਦੇ ਫਲੈਟ ਵਿਚ ਦੰਗਾਈ ਵੜ ਆਏ ਤੇ ਸਾਰਾ ਸਾਮਾਨ ਚੁੱਕ ਕੇ ਲੈ ਗਏ। ਫਰਿਜ, ਟੀ.ਵੀ., ਭਾਂਡੇ ਤੇ ਕੱਪੜਿਆਂ ਦੇ ਭਰੇ ਟਰੰਕ ਤੇ ਹੋਰ ਵੀ ਬੜਾ ਕੁਝ। ਜੋ ਬਚਿਆ ਉਸ ਨੂੰ ਜਾਂਦੇ ਹੋਏ ਮਾਚਸ ਦੀ ਤੀਲੀ ਵਿਖਾਅ ਗਏ।

ਉਦੋਂ ਉਹ ਅਰਚਨਾ ਸ੍ਰੀ ਨਿਵਾਸ ਕੇ ਸਟੋਰ ਵਿਚ ਲੁਕੀ ਬੈਠੀ ਸੀ। ਅਰਚਨਾ ਪਲ ਪਲ ਦੀ ਖ਼ਬਰ ਦੇ ਜਾਂਦੀ। ਇਹ ਵਿਸ਼ਵਾਸ ਵੀ ਦਿਵਾਉਂਦੀ ਕਿ ਤੁਮਾਰੀ ਮੌਜ਼ੂਦਗੀ ਕੀ ਕਿਸੇ ਕੋ ਕੋਈ ਖ਼ਬਰ ਨਹੀਂ…ਯਹ ਅੱਛਾ ਹੁਆ ਤੁਮ ਰਾਤ ਪੜਤੇ ਹੀ ਚਲੀ ਆਈ, ਨਹੀਂ ਤੋ ਵੋਹ ਲੋਕ ਕੁਛ ਭੀ ਕਰ ਦੇਤਾ, ਕਿਆ ਪਤਾ ਆਗ ਮੇਂ ਹੀ ਝੋਂਕ ਦੇਤਾ…।"

ਸ੍ਰੀ ਨਿਵਾਸ ਨੇ ਕਿਹਾ, "ਸੀਨ ਤੋ ਹੂ-ਬ-ਹੂ ਵੈਸਾ ਥਾ ਜੈਸਾ ਪਾਕਿਸਤਾਨ ਬਨਤੇ ਵਕਤ ਦੇਖਾ ਗਿਆ ਥਾ। ਮੈਨੇ ਉਸ ਜ਼ਮਾਨੇ ਕੀ ਹਿਸਟਰੀ ਪੜ੍ਹੀ ਹੈ। ਹਿੰਦੂ, ਮੁਸਲਮਾਨ ਏਕ ਦੂਸਰੇ ਕੋ ਗਾਜਰ-ਮੂਲੀ ਕੀ ਤਰ੍ਹਾ ਕਾਟਤਾ ਰਹਾ। ਕਿਤਨੀ ਗਾਡੀ ਏਕਦਮ ਮੁਸਾਫ਼ਿਰੋਂ ਸੇ ਭਰੀ ਹੂਈ ਖ਼ਤਮ ਕਰ ਦੀਂ। ਸਾਰੇ ਵਰਡ ਮੇਂ ਤਹਲਕਾ ਮਚ ਗਯਾ ਥਾ, ਹਮ ਕੋ ਮਾਲੂਮ ਹੈ…।"

"ਹਮ ਸੇ ਨਹੀਂ ਦੇਖਾ ਜਾਤਾ ਯਹ ਸਬ, ਇਟ ਇਜ਼ ਇਨ-ਹਿਊਮਨ, ਇਟ ਇਜ਼ ਹਾਰੇਬਲ।"

"ਲਗਤਾ ਹੈ ਆਦਮੀ ਲੋਗ ਪਾਗਲ ਹੋ ਗਿਆ…ਬਿਲਕੁਲ ਜੰਗਲੀ ਕੇ ਮਾਫ਼ਿਕ।"

"ਜਬ ਹਮ ਆਜ਼ਾਦ ਹੁਆ ਥਾ, ਲਾਖੋਂ ਲੋਗ ਕੀ ਜਾਨ ਐਸੇ ਹੀ ਗਯਾ ਥਾ। ਪਹਿਲੇ ਇੰਡੀਆ ਚਾਇਨਾ ਵਾਰ, ਫਿਰ ਪਾਕਿਸਤਾਨ ਸੇ ਪੈਂਸਠ ਕੀ ਵਾਰ। ਉਸਕੇ ਬਾਅਦ ਬੰਗਲਾ ਦੇਸ਼ ਅਬ ਪੰਜਾਬ ਕਾ ਨਯਾ ਇਸਤ੍ਰਗਲ।"

"ਔਰ ਭੀ ਤੋ ਰੋਜ਼ ਹੀ ਕਹੀਂ ਨਾ ਕਹੀਂ ਝਗੜਾ-ਫਸਾਦ ਹੋਤਾ। ਹਾਯ, ਤਿਰਪੁਰੀ ਸ਼ਾਂਤੀ ਕਬ ਮਿਲੇਗਾ…"
"ਦੇਖੋ ਅਰਚਨਾ ਤੁਮ ਨੇ ਹਿਸਟਰੀ ਨਹੀਂ ਪੜਾ, ਜਬ ਧਰਤੀ ਪਰ ਇਨਸਾਨ ਆਇਆ, ਉਸੀ ਸਮੇਂ ਸੇ ਉਸਨੇ ਲੜਨਾ ਭੀ ਸੀਖਾ, ਸਬ ਸੇ ਪਹਿਲੇ ਦੂਸਰੇ ਕੇ ਹਾਥ ਸੇ ਨਿਵਾਲਾ ਛੀਨਾ---ਵੋ ਅਭੀ ਤਕ ਨਿਵਾਲਾ ਹੀ ਛੀਣਾ-ਛਪਟੀ ਕਰ ਰਹਾ ਹੈ। ਚਾਹੇ ਉਸਕਾ ਨਾਮ ਬਦਲ ਗਿਆ ਹੈ…ਧਰਮ, ਜ਼ਮੀਨ ਆਈਡਿਆਲੋਜੀ, ਰੰਗ ਭੇਦ, ਯਹ ਸਬ ਬਹਾਨਾ ਹੈ, ਵਹੀ ਰੋਟੀ ਕਾ ਟੁਕੜਾ ਛੀਨਨੇ ਕਾ।"

ਗੋਡਿਆਂ ਉੱਪਰ ਸਿਰ ਰੱਖੀ ਬੈਠੀ ਸੁਖਵੰਤ ਉਹਨਾਂ ਦੀਆਂ ਗੱਲਾਂ ਸੁਣਦੀ ਰਹੀ। ਜਿੰਨੇ ਆਦਮੀ ਹੁਣ ਤਕ ਮਾਰੇ ਜਾ ਚੁੱਕੇ ਹਨ, ਉਹਨਾਂ ਵਿਚ ਉਸ ਦੇ ਆਦਮੀ ਵਾਂਗਰ ਟੁੱਟ ਕੇ ਪਿਆਰ ਕਰਨ ਵਾਲਾ ਵੀ ਕੋਈ ਹੋਵੇਗਾ ? ਉਹ ਉਸ ਲਈ ਕਿੰਨਾ ਭੁੱਖਾ ਤੇ ਦੀਵਾਨਾ ਹੈ। ਜਿੱਚ ਹੋ ਕੇ ਉਹ ਉਸਨੂੰ ਪਰ੍ਹਾਂ ਧਰੀਕ ਦੇਂਦੀ ਸੀ। ਕਦੀ ਕਦੀ ਤਾਂ ਚੱਕ ਵੀ ਵੱਢ ਖਾਂਦੀ ਸੀ ਪਰ ਉਹ ਤਦ ਵੀ ਬਾ'ਜ ਨਹੀਂ ਸੀ ਆਉਂਦਾ ਹੁੰਦਾ। ਉਹ ਹੁਣ ਤਕ ਆਇਆ ਕਿਉਂ ਨਹੀਂ…ਪਹਿਲੇ ਹੀ ਦਿਨ ਦੀ ਉਸਦੇ ਮਨ ਵਿਚ ਇਕ ਗੱਲ ਰੜਕ ਰਹੀ ਹੈ, ਉਹ ਹੁਣ ਜਿਊਂਦਾ ਨਹੀਂ ਹੈ। ਉਹ ਉਹੀ ਸੀ ਜਿਹੜਾ ਗਲੇ ਵਿਚ ਅੱਗ ਦੀ ਮਾਲਾ ਲਟਕਾਈ ਬੇ-ਤਹਾਸ਼ਾ ਨੱਸਿਆ ਫਿਰਦਾ ਸੀ। ਅਰਚਨਾ ਨੇ ਝੂਠ ਕਿਹਾ ਸੀ ਕਿ ਉਹ ਕੋਈ ਹੋਰ ਹੈ। ਮੈਂ ਉਸਨੂੰ ਕਿਉਂ ਨਹੀਂ ਬਚਾਅ ਸਕੀ। ਇਹ ਦੁਖ ਜ਼ਿੰਦਗੀ ਭਰ ਮੇਰਾ ਖਹਿੜਾ ਨਹੀਂ ਛੱਡੇਗਾ।

ਅੱਜ ਤੀਜਾ ਦਿਨ ਹੈ ਹੁਣ ਤਾਂ ਸਾਰੀਆਂ ਖ਼ਬਰਾਂ ਵੀ ਪੁਰਾਣੀਆਂ ਲੱਗਣ ਲੱਗ ਪਈਆਂ ਹਨ। ਜੋ ਹੋਣਾ ਸੀ, ਉਹ ਹੋ ਚੁੱਕਿਆ ਹੈ। ਹੁਣ ਤਾਂ ਥਾਂ-ਥਾਂ ਅਮਨ ਕਮੇਟੀਆਂ ਬਣਾਈਆਂ ਜਾ ਰਹੀਆਂ ਨੇ। ਜਲੂਸ ਨਿਕਲ ਰਹੇ ਨੇ, ਨਾਅਰੇ ਗੂੰਜ ਰਹੇ ਨੇ 'ਹਿੰਦੂ, ਮੁਸਲਿਮ, ਸਿੱਖ, ਇਸਾਈ…ਸਾਰੇ ਲੋਕ ਹੈਂ ਭਾਈ-ਭਾਈ।' ਸਹਾਇਤਾ ਕੈਂਪ ਖੋਲ੍ਹ ਦਿੱਤੇ ਗਏ ਨੇ। ਲੋਕ ਆਪੋ-ਆਪਣੇ ਘਰੀਂ ਪਰਤ ਰਹੇ ਨੇ। ਅੱਜ ਸੁਖਵੰਤ ਵੀ ਗੁਆਂਢੀਆਂ ਦਾ ਫਲੈਟ ਛੱਡ ਕੇ ਆਪਣੇ ਫਲੈਟ ਵਲ ਵਾਪਸ ਆ ਰਹੀ ਹੈ। ਇਹ ਦੇਖਣ ਲਈ ਕਿ ਕੀ ਕੁਝ ਲੁਟ ਚੁੱਕਿਆ ਹੈ ਤੇ ਕੀ ਕੁਝ ਬਾਕੀ ਬਚਿਆ ਹੈ।

ਬਾਹਰਲਾ ਦਰਵਾਜ਼ਾ ਮੂੰਹ ਅੱਡੀ ਖੜ੍ਹਾ ਉਸਨੂੰ ਦੇਖ ਰਿਹਾ ਹੈ। ਉਸਨੇ, ਡਰਦਿਆਂ ਡਰਦਿਆਂ ਪੈਰ ਅੰਦਰ ਰੱਖਿਆ। ਪਿਚਕੀਆਂ ਹੋਈਆਂ ਬਾਲਟੀਆਂ ਤੇ ਟੱਬ, ਕੜਾਹੀਆਂ ਤੇ ਜੱਗ। ਇਕ ਪੁਰਾਣੇ ਬੂਟੇ ਵਿਚੋਂ ਝਾਕਦਾ ਹੋਇਆ ਇਕ ਚਮਚ। ਰਬੜ ਪਲਾਂਟ, ਮਾਰਨਿੰਗ ਕਲੋਰੀ, ਕੋਠਾ, ਇਸ਼ਕ-ਪੇਚਾ, ਪਾਰਚੂਲੇਟਾ ਤੇ ਕੈਲਡਮ ਤੇ ਸਫੈਦ ਗੁਲਾਬ ਦੇ ਟੁੱਟੇ ਹੋਏ ਗਮਲੇ ਤੇ ਤੇਜ਼ ਹਵਾ ਦੇ ਨਾਲ ਵਰਕਾ ਵਰਕਾ ਹੋ ਕੇ ਗੇਲਰੀ ਵਿਚ ਜਗਾਹ-ਜਗਾਹ ਉਡਦੇ ਫਿਰਦੇ ਪੁਰਾਣੇ ਅਖ਼ਬਾਰਾਂ ਨੇ ਉਸਦਾ ਸਵਾਗਤ ਕੀਤਾ।

ਜਿਸ ਰੈਕ ਵਿਚ ਉਸਦੀ ਪਸੰਦ ਦੀਆਂ ਕਿਤਾਬਾਂ ਸਜੀਆਂ ਹੁੰਦੀਆਂ ਸੀ, ਉਹ ਫ਼ਰਸ਼ ਉੱਤੇ ਉਲਟਿਆ ਪਿਆ ਸੀ।

ਏ ਟੇਲ ਆਫ ਟੂ ਸਿਟੀਜ਼, ਡਾਕਟਰ ਜਿਵਾਗੋ, ਗੋਰਕੀ, ਚੈਖ਼ਵ, ਝੂਠਾ ਸੱਚ, ਹੀਰ ਵਾਰਸ਼ ਸ਼ਾਹ, ਪੈਰਾਡਾਈਜ਼ ਲਾਸਟ, ਸਾਰੀਆਂ ਕਿਤਾਬਾਂ ਹੀ ਏਧਰ-ਉਧਰ ਖਿੱਲਰੀਆਂ ਪਈਆਂ ਹਨ ਜਿਵੇਂ ਕੋਈ ਬੜੀ ਬੇਰਹਿਮੀ ਨਾਲ ਉਹਨਾਂ ਨੂੰ ਪੈਰਾਂ ਹੇਠ ਮਿੱਧਦਾ-ਕੁਚਲਦਾ ਰਿਹਾ ਹੋਵੇ।

ਉਹ ਕਿਸੇ ਚੀਜ਼ ਨੁੰ ਵੀ ਨਹੀਂ ਛੂਹ ਰਹੀ। ਕਿਸੇ ਨੂੰ ਉਲਟ-ਪਲਟ ਕੇ ਨਹੀਂ ਦੇਖ ਰਹੀ। ਜਿਵੇਂ ਇੰਜ ਕਰਨ ਦੀ ਹਰ ਖਾਹਿਸ਼ ਮਰ ਗਈ ਹੋਵੇ। ਉਹ ਸਿਰਫ ਦੇਖ ਰਹੀ ਹੈ, ਪਰ ਹੈਰਾਨ ਨਹੀ ਹੈ। ਬਿਲਕੁਲ ਗਵਾਚੀ ਜਿਹੀ, ਹੌਲੀ ਹੌਲੀ ਕਦਮ ਪੁੱਟਦੀ, ਦੂਜੇ ਕਮਰੇ ਵਿਚ ਜਾ ਖੜ੍ਹੀ ਹੋਈ ਹੈ।

ਹਾਂ, ਇਹ ਸਾਡਾ ਡਰਾਇੰਗ ਰੂਮ ਹੀ ਤਾਂ ਸੀ, ਛੋਟਾ ਜਿਹਾ ਖੂਬਸੂਰਤ ਕਾਲੀਨ, ਮੇਰੀ ਮਾਸੀ ਕਨੇਡਾ ਤੋਂ ਲੈ ਕੇ ਆਈ ਸੀ। ਸੋਫਾ, ਡਾਇਨਿੰਗ ਟੇਬਲ, ਕੁਰਸੀਆਂ ਤੇ ਸ਼ੋਅ ਕੇਸ ਮੇਰੇ ਭਰਾਵਾਂ ਨੇ ਮਿਲ ਕੇ ਤੋਹਫੇ ਵਜੋਂ ਦਿੱਤੇ ਸਨ ਤੇ ਉਹ ਨਰਮ ਨਰਮ ਗੱਦਿਆਂ ਵਾਲਾ ਦੀਵਾਨ, ਜਿਸ ਉੱਤੇ ਬੈਠ ਕੇ ਬੇਬੇ ਸਵੇਰੇ ਪਾਠ ਕਰਦੀ ਸੀ ਤੇ ਸੌਂ ਵੀ ਜਾਂਦੀ ਹੁੰਦੀ ਸੀ, ਕੌਣ ਲੈ ਗਿਆ ਉਹ ਸਭ ਕੁਝ…

ਫਰਸ਼ ਉੱਤੇ ਬੁੱਧ ਦੀ ਮੂਰਤੀ ਡਿੱਗੀ ਹੋਈ ਸੀ। ਸਿਰ ਅਲੱਗ, ਧੜ ਅਲੱਗ…ਅਹਿੰਸਾ ਪਰਮੋਧਰਮਾਂ ਦੇ ਖ਼ਿਲਾਫ਼ ਜਿਵੇਂ ਦੂਜੀ ਵੰਡੀ ਜੰਗ ਏਸੇ ਕਮਰੇ ਵਿਚ ਲੜੀ ਗਈ ਹੋਵੇ। ਬੁੱਧ-ਮਤ ਨੂੰ ਕਈ ਸਦੀਆਂ ਬਾਅਦ ਫੇਰ ਆਪਣਾ ਗਵਾਚਿਆ ਹੋਇਆ ਵਕਾਰ ਪ੍ਰਾਪਤ ਹੋਣ ਲੱਗ ਪਿਆ ਸੀ। ਪਰ ਬੁੱਧ ਏਥੇ ਕਦੀ ਨਹੀਂ ਆਏਗਾ ਹੁਣ। ਸਦੀਆਂ ਪਹਿਲਾਂ ਵੀ ਉਸਦੀਆਂ ਮੂਰਤੀਆਂ ਨੂੰ ਤਹਿਸ-ਨਹਿਸ ਕਰਕੇ ਉਸ ਨੂੰ ਇਸੇ ਦੇਸ਼ ਵਿਚ ਜਲੀਲ ਕੀਤਾ ਗਿਆ ਸੀ।

ਅਚਾਨਕ ਉਸਦੀ ਨਿਗਾਹ ਕੰਧ ਉੱਤੇ ਉਲਟੀ ਲਟਕ ਰਹੀ ਇਕ ਫੋਟੋ ਉੱਤੇ ਜਾ ਪਈ ਹੈ। ਉਹ ਕਾਹਲ ਨਾਲ ਅੱਗੇ ਵਧ ਕੇ ਉਸਨੂੰ ਸਿੱਧੀ ਕਰਦੀ ਹੈ ਤੇ ਗੌਰ ਨਾਲ ਦੇਖਣ ਲੱਗ ਪਈ ਹੈ। ਉਹ ਦੋਵੇਂ ਚਿਹਰੇ ਕਿੰਨੇ ਜਾਣੇ-ਪਛਾਣੇ ਲੱਗ ਰਹੇ ਨੇ। ਖੁਸ਼ ਤੇ ਸੰਤੁਸ਼ਟ। ਇਕ ਦੂਜੇ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਮੁਸਕਰਾਉਂਦੇ ਹੋਏ।

"ਸੋਹਣਿਓਂ ਤੱਕੋਗੇ ਕਿ ਮਾਰ ਕੇ ਈ ਛੱਡੋਗੇ…"

ਆਪਣੇ ਪਿੱਛੇ ਇਕ ਆਹਟ ਸੁਣ ਕੇ ਉਸਨੂੰ ਯਾਦ ਆ ਜਾਂਦਾ ਹੈ ਕਿ ਅਰਚਨਾ ਨੇ ਕਿਹਾ ਸੀ, "ਤੁਮ ਚਲੋ ਮੈਂ ਪੀਛੇ ਆਤੀ ਹੂੰ, ਦੋਨੇ ਮਿਲ ਕਰ ਝਾੜੂ ਲਗਾਏਂਗੇ। ਘਰ ਕੋ ਫਿਰ ਸੇ ਚਮਕਾਅ ਦੇਂਗੇ।"

ਸੁਖਵੰਤ ਫੋਟੋ ਵੱਲ ਇਸ਼ਾਰਾ ਕਰਕੇ ਕਹਿੰਦੀ ਹੈ, "ਅਰਚਨਾ ਦੇਖ, ਤਾਂ ਮੇਰੇ ਸਰਦਾਰ ਜੀ ਮੇਰੀ ਤਰਫ਼ ਕਿੰਜ ਮੁਹੱਬਤ ਨਾਲ ਵੇਖ ਰਹੇ ਨੇ।"

ਜੁਆਬ ਨਾ ਮਿਲਣ 'ਤੇ ਗਰਦਨ ਭੁਆਂ ਕੇ ਦੇਖਦੀ ਹੈ ਤੇ ਹੱਕੀ ਬੱਕੀ ਰਹਿ ਜਾਂਦੀ ਹੈ।

ਇਹ ਤਾਂ ਕੋਈ ਹੋਰ ਈ ਏ, ਅਰਚਨਾ ਨੇ ਕਿਸਨੂੰ ਭੇਜ ਦਿੱਤਾ ? ਇਕ ਲੰਮਾ-ਝੰਮਾ ਕਲੀਨ ਸ਼ੇਵਡ ਭਰੇ-ਪੂਰੇ ਜਿਸਮ ਦਾ ਨੌਜਵਾਨ…ਉਹ ਇੰਜ ਚੁੱਪਚਾਪ ਕਿਉਂ ਖੜ੍ਹਾ ਹੈ ? ਏਨੀ ਖ਼ਾਮੋਸ਼ੀ ਨਾਲ ਉਸ ਵੱਲ ਕਿਉਂ ਵੇਖ ਰਿਹਾ ਹੈ ? ਜਿਸ ਦਿਨ ਬੇਅੰਤ ਸਿੰਘ ਭੁੱਲਰ ਜਲੰਧਰ ਗਿਆ ਸੀ, ਉਹ ਵੀ ਇਸ ਤਰ੍ਹਾਂ ਖ਼ਾਮੋਸ਼ ਸੀ। ਕੀ ਦੋ ਆਦਮੀਆਂ ਦੀ ਖ਼ਾਮੋਸ਼ੀ ਇਕੋ ਜਿਹੀ ਹੋ ਸਕਦੀ ਹੈ ?

ਉਸਦੀਆਂ ਦੋਵਾਂ ਬਾਹਵਾਂ ਉੱਤੇ ਪੱਟੀਆਂ ਬੱਧੀਆਂ ਹੋਈਆਂ ਨੇ। ਇਕ ਬਾਂਹ ਗਲੇ ਵਿਚ ਲਟਕਾਏ ਵੰਗਣੇ ਵਿਚ ਝੂਲ ਰਹੀ ਹੈ।

ਉਹ ਉਸਨੂੰ ਘੂਰਦੀ ਹੋਈ ਉਸ ਵੱਲ ਵਧਦੀ ਹੈ ; ਐਨ ਉਸਦੇ ਸਾਹਮਣੇ ਜਾ ਖੜ੍ਹੀ ਹੁੰਦੀ ਹੈ। ਉਸਦੀਆਂ ਗਲ੍ਹਾਂ ਵਿਚ ਪੈਂਦੇ ਹੋਏ ਟੋਇਆਂ ਨੂੰ ਦੇਖਦੀ ਹੋਈ ਅਚਾਨਕ ਰੁਕ ਕੇ ਪੁੱਛਦੀ ਹੈ, "ਇਹ ਸਭ ਕੀ ਹੋ ਗਿਆ ਜੀ ? ਤੁਸੀਂ ਇੰਜ ਕਿਉਂ ਕੀਤਾ ?"

ਉਹ ਬੜੀ ਔਖ ਨਾਲ ਪੱਟੀਆਂ ਵਿਚ ਜਕੜੀ ਹੋਈ ਬਾਂਹ ਨੂੰ ਉੱਤੇ ਚੁੱਕਦਾ ਹੈ ਤੇ ਹੱਥ ਉਸ ਦੇ ਮੋਢੇ ਉੱਤੇ ਰੱਖ ਦੇਂਦਾ ਹੈ।

"ਹੋਰ ਕੋਈ ਚਾਰਾ ਵੀ ਨਹੀਂ ਸੀ ਬੱਲੀਏ। ਤੇਰੀ ਖ਼ੈਰ-ਖ਼ਬਰ ਪਤਾ ਕਰਨ ਲਈ ਜਿਉਂਦੇ ਰਹਿ ਗਏ। ਬਸ ਇਹੀ ਬੜੀ ਕਿਰਪਾ ਮੰਨ ਵਾਹਿਗੁਰੂ ਦੀ।"

ਪਰ ਉਸਨੂੰ ਯਕੀਨ ਹੀ ਨਹੀਂ ਸੀ ਆ ਰਿਹਾ, ਇਸ ਬਾਜ਼ੂ ਵਿਚ ਉਹ ਗਰਮੀ ਕਿਉਂ ਨਹੀਂ ? ਪਹਿਲਾਂ ਵਾਲਾ ਜੋਸ਼ ਕਿੱਥੇ ਗਿਆ ? ਉਸਨੂੰ ਠੀਕ ਤਰ੍ਹਾਂ ਪਛਾਣਨ ਲਈ ਉਹ ਫੇਰ ਸਿਰ ਚੁੱਕ ਕੇ ਦੇਖਦੀ ਹੈ। ਸਿੰਧੀ ਉਸਦੀਆਂ ਅੱਖਾਂ ਵਿਚ ਤੇ ਫੇਰ ਉਸਨੂੰ ਜੱਫੀ ਪਾ ਕੇ ਰੋਣ ਲੱਗ ਪੈਂਦੀ ਹੈ।


ਇਹ ਅਨੁਵਾਦ ਪਹਿਲਾਂ ਨਵਾਂ ਜ਼ਮਾਨਾ ਵਿਚ ਛਪਿਆ ਫੇਰ 31 ਜੁਲਾਈ 1988. ਨੂੰ ਅਜੀਤ ਵਿਚ ।