Wednesday, April 22, 2009

ਚੌਕ ਵਿਚ ਦਿਸਦਾ ਸ਼ਹਿਰ :: ਲੇਖਕ : ਬਲਦੇਵ ਸਿੰਘ


ਪੰਜਾਬੀ ਕਹਾਣੀ : ਚੌਕ ਵਿਚ ਦਿਸਦਾ ਸ਼ਹਿਰ... :: ਲੇਖਕ : ਬਲਦੇਵ ਸਿੰਘ : ਸੰਪਰਕ :- 98147-83069.
ਪੋਸਟਿੰਗ : ਮਹਿੰਦਰ ਬੇਦੀ ਜੈਤੋ Í ਮੁਬਾਇਲ : 94177-30600.


ਆਪਣੇ ਨਗਰ ਦੀ ਹੱਦ 'ਤੇ ਆ ਕੇ, ਅਚਾਨਕ ਉਹਦੇ ਪੈਰ ਰੁਕ ਗਏ। ਜਿਵੇਂ ਅੰਗਿਆਰਾਂ 'ਤੇ ਪੈਰ ਰੱਖਣੋਂ ਤ੍ਰਹਿ ਜਾਂਦਾ ਹੈ। ਜਿਵੇਂ ਕੋਈ ਵਰ੍ਹਿਆਂ ਬਾਅਦ ਪਰਤਿਆ, ਆਪਣੇ ਘਰ ਦੀਆਂ ਬਰੂਹਾਂ ਲੰਘਣੋਂ ਝਿਜਕ ਜਾਂਦਾ। ਆਪਣਿਆਂ ਦੇ ਸਨਮੁੱਖ ਕਿਵੇਂ ਹੋਵੇਗਾ ਉਹ ? ਮਨ ਦੀ ਸਹਿਜ ਅਵਸਥਾ ਉਲਾਰ ਹੋ ਜਾਂਦੀ ਹੈ। ਭਾਵੁਕਤਾ-ਵਸ ਅੱਖਾਂ ਦੇ ਸਮੁੰਦਰ ਛਲਕਦੇ ਹਨ। ਗਲ ਭਰ ਆਉਂਦਾ ਹੈ।

ਅਜਿਹੇ ਮਨੋਵੇਗ ਵਿਚ ਹੀ, ਉਸਨੇ ਆਪਣੇ ਵਤਨ ਦੀ ਮਿੱਟੀ ਨੂੰ ਚੁੰਮ ਕੇ ਮੱਥੇ ਨਾਲ ਲਾਇਆ। ਜਿਸ ਦੀ ਮਹਿਕ ਲਈ ਉਹ ਸਦੀਆਂ ਤੋਂ ਤਰਸ ਰਿਹਾ ਸੀ। ਪਰ ਹੈਰਾਨ ਹੋਇਆ…ਮਿੱਟੀ ਦੀ ਮਹਿਕ ਵਿਚੋਂ ਇਹ ਕੇਹੀ ਸੜਿਆਂਦ ਆ ਰਹੀ ਹੈ ?

ਸ਼ਾਹਮਾਰਗ ਦੇ ਦੋਹੀਂ ਪਾਸੀਂ ਦੇਖਿਆ…ਬ੍ਰਿਛਾਂ ਦੇ ਉਦਾਸ ਝੁੰਡ ਸਿਰ ਝੁਕਾਈ ਖੜ੍ਹੇ ਹਨ। ਟਾਹਣੀਆਂ ਰੁੰਡ ਮਰੁੰਡ ਹਨ। ਦਰਖ਼ਤਾਂ ਦੇ ਪੀਲੇ ਹੋਏ ਪੱਤੇ, ਬੀਮਾਰਾਂ ਵਾਂਗ ਸੋਗ 'ਚ ਡੁੱਬੇ ਹੋਏ ਹਨ। ਪੌਣ, ਥੱਕੀ-ਹਾਰੀ ਕਿਸੇ ਬੇਵਾ ਵਾਂਗ, ਹੌਲੀ ਹੌਲੀ ਸਿਸਕ ਰਹੀ ਹੈ। ਇਹ ਉਹੀ ਨਗਰ ਹੈ ? ਭੈ-ਭੀਤ ਹੋ ਕੇ ਉਹਨੇ ਇਧਰ ਉਧਰ ਦੇਖਿਆ, ਦੂਰ ਤੀਕਰ ਦਮ ਘੋਟੂ ਧੂੰਆਂ ਅਸਮਾਨ ਵੱਲ ਉੱਡ ਰਿਹਾ ਪ੍ਰਤੀਤ ਹੁੰਦਾ ਹੈ। ਸ਼ਾਇਦ, ਨਗਰ ਦੇ ਗਰਭ ਵਿਚ ਕੋਈ ਜੁਆਲਾ-ਮੁਖੀ ਪਿਘਲ ਰਿਹਾ ਹੈ, ਉਸ ਨੂੰ ਜਾਪਿਆ।

ਪ੍ਰਵਾਸੀ ਜੂਨ ਹੰਢਾ ਕੇ, ਵਰ੍ਹਿਆਂ ਬਾਅਦ ਉਹ ਪਰਤਿਆ ਹੈ। ਇਕ ਆਸ ਨਾਲ, ਇਹ ਧਰਤੀ ਆਪਣੀਆਂ ਬਾਹਾਂ ਖੋਲ੍ਹ ਕੇ, ਮਾਂ ਵਾਂਗ, ਉਸਨੂੰ ਆਪਣੀ ਗਲਵੱਕੜੀ ਵਿਚ ਲੈ ਲਏਗੀ। ਇਸ ਨਗਰ ਦੀਆਂ ਗਲੀਆਂ, ਬਾਜ਼ਾਰ ਸਕੇ ਭੈਣ-ਭਰਾਵਾਂ ਵਾਂਗ, ਉਸਦਾ ਸਵਾਗਤ ਕਰਨਗੇ ਤੇ ਇਹ ਨਗਰ ਇਕ ਪਿਉ ਵਾਂਗ, ਉਸਦੇ ਸਿਰ 'ਤੇ ਆਪਣਾ ਹੱਥ ਰੱਖੇਗਾ।

ਪਰ ਮਨ ਵਿਚ ਬੀਜੇ ਚਾਅ ਕਰੰਡ ਹੋ ਗਏ। ਇਹ ਕੇਹਾ ਛਲਾਵਾ ਹੈ ? ਧੁੱਪਾਂ ਨਿੱਘ ਨਹੀਂ ਦੇਂਦੀਆਂ। ਛਾਵਾਂ ਵਿਚੋਂ ਸੇਕ ਆਉਂਦਾ ਹੈ। ਜਿਨ੍ਹਾਂ ਬੁੱਢੇ ਬ੍ਰਿਛਾਂ 'ਤੇ ਚੜ੍ਹ ਕੇ ਉਹ ਖੇਡਿਆ ਕਰਦਾ ਸੀ, ਅੱਜ ਜਾਂ ਉਸ ਨੂੰ ਪਹਿਚਾਣਦੇ ਨਹੀਂ ਜਾਂ ਉਸ ਦੇ ਮੁੜ ਘਰ ਆਉਣ ਦੀਆਂ ਉਡੀਕਾਂ ਵਿਚ ਸੜ ਸੁੱਕ ਗਏ ਨੇ। ਸਮੇਂ ਗੁਜ਼ਰ ਗਏ ਹਨ, ਨਵੀਆਂ ਕਰੂੰਬਲਾਂ ਨਹੀਂ ਫੁੱਟਦੀਆਂ…ਟਾਹਣੀਆਂ 'ਤੇ ਫੁੱਲ ਨਹੀਂ ਖਿੜਦੇ।

ਮਨ ਅੰਦਰ ਚੁਭਨ ਜਿਹੀ ਮਹਿਸੂਸ ਹੋਈ। ਕੀ ਉਹ, ਇਸ ਨਗਰ ਲਈ ਅਜਨਬੀ ਹੋ ਗਿਆ ਹੈ ? ਜਦੋਂ ਮੈਂ ਇਸ ਦੀਆਂ ਦਹਿਲੀਜ਼ਾਂ 'ਤੇ ਦਸਤਕ ਦਿੱਤੀ ਤਾਂ ਮੈਨੂੰ ਜੀਅ ਆਇਆਂ ਕਹਿਣ ਲਈ ਕੋਈ ਨਹੀਂ ਆਇਆ।

ਆਪਣੇ ਮਨ ਅੰਦਰ, ਉਹਦੇ ਅਜਿਹੇ ਵਿਚਾਰਾਂ ਲਈ, ਉਸਨੂੰ ਆਪਣੇ ਆਪ 'ਤੇ ਗਿਲਾਨੀ ਆਈ। ਇਹ ਆਪਣਿਆਂ ਦੇ ਮੋਹ ਦਾ ਤ੍ਰਿਸਕਾਰ ਸੀ। ਇਹ ਆਪਣੇ ਵਤਨ ਦੀ ਮਿੱਟੀ ਦੀ ਤੌਹੀਨ ਸੀ। ਉਮਡਦੇ ਪਿਆਰ ਨਾਲ ਉਹ ਨਗਰ ਵੱਲ ਅਗਾਂਹ ਤੁਰਿਆ ਤਾਂ ਅਚਾਨਕ, ਸਾਵੀਆਂ ਟੋਪੀਆਂ, ਕਾਲੇ ਚਿਹਰਿਆਂ ਤੇ ਸੰਗੀਨਾਂ ਦੀ ਵਾੜ ਉਹਦੇ ਮੂਹਰੇ ਉੱਗ ਖਲੋਤੀ :

---ਕੌਣ ਹੈ ?
---ਕਿਥੋਂ ਆਇਆ ਹੈ ?
---ਕਿਥੇ ਜਾਣਾ ਹੈ ?
---ਕਿਉਂ ਆਇਆ ਹੈ ?

ਐਕਸਰੇ ਵਰਗੀਆਂ ਨਜ਼ਰਾਂ ਉਸ ਵਿਚੋਂ ਦੀ ਆਰ ਪਾਰ ਹੋਈਆਂ, ਤਾਂ ਉਸ ਨੇ ਮਹਿਸੂਸ ਕੀਤਾ---ਜਿਵੇਂ, ਉਸ ਨੂੰ ਚੀਰਿਆ ਰਿਹਾ ਹੈ। ਆਪਣੇ ਹੀ ਘਰ ਵਿਚ, ਆਪਣਿਆਂ ਦੇ ਸਾਹਮਣੇ, ਅਲਫ਼ ਨੰਗਾ ਕਰ ਦਿੱਤਾ ਗਿਆ ਹੈ। ਉਸਦਾ ਨਾਂ, ਵਲਦੀਅਤ, ਟਿਕਾਣਾ, ਕਿੱਤਾ, ਧਰਮ, ਸਭ ਕੁਝ ਨੋਟ ਕਰ ਲਿਆ ਗਿਆ ਹੈ, ਜਿਵੇਂ ਕਿਸੇ ਠਾਣੇ ਵਿਚ ਕਿਸੇ ਮੁਜਰਮ ਜਾਂ ਦਸ-ਨੰਬਰੀਏ ਬਦਮਾਸ਼ ਦਾ ਹੁਲੀਆ ਦਰਜ ਕੀਤਾ ਜਾਂਦਾ ਹੈ।

…ਸਾਵੀਆਂ ਟੋਪੀਆਂ ਤੇ ਸੰਗੀਨਾਂ ਉਸ ਨੂੰ ਨਗਰ ਵਿਚ ਪ੍ਰਵੇਸ਼ ਕਰਨ ਦਾ ਪਾਸ ਦਿੰਦੀਆਂ ਹਨ। ਆਤਮਾ ਨੇ ਵਿਦਰੋਹ ਕੀਤਾ---ਇਹ ਤਾਂ ਹੱਤਕ ਹੈ। ਆਪਣੀ ਮਾਂ ਦੀ ਗਲਵੱਕੜੀ ਵਿਚ ਜਾਣ ਲਈ, ਪੜੋਸੀਆਂ ਤੋਂ ਆਦੇਸ਼ ਲੈਣਾ ਹੋਵੇਗਾ ?

ਅਜਿਹੀ ਮਨੋਦਸ਼ਾ ਤੇ ਥਿੜਕਦੇ ਹੋਏ ਦਿਲ ਨਾਲ ਉਹ ਆਪਣੇ ਨਗਰ ਵਿਚ ਡਰਦਾ ਡਰਦਾ ਸ਼ਾਮਿਲ ਹੋਇਆ।…ਹੈਂਅ…! ਸਭ ਕੁਝ ਓਪਰਾ…ਤੇ ਬੇਪਛਾਣ। ਹਰ ਮੋੜ, ਹਰ ਚੌਕ, ਹਰ ਮੁੱਹਲਾ ਹਰ ਗਲੀ ਉਸ ਨੂੰ ਇਕ ਸ਼ੱਕ ਨਾਲ ਵੇਖਦੇ ਹਨ। ਕੁੱਤਿਆਂ ਵਾਂਗੂੰ ਉਸ ਨੂੰ ਸੁੰਘਣੇ ਹਨ ਤੇ ਕੁਝ ਪਰ੍ਹਾਂ ਜਾ ਕੇ ਬਦ-ਤਮੀਜੀ ਕਰਦੇ ਹਨ।

…ਲੋਕ ਹਰਲ ਹਰਲ ਕਰਦੇ, ਇਧਰ ਉਧਰ ਭੱਜ ਰਹੇ ਹਨ। ਕਿਸੇ ਵੱਡੇ ਰੇਲਵੇ ਸਟੇਸ਼ਨ ਦੇ ਪਲੈਟਫਾਰਮ ਜਿਹਾ ਸ਼ੋਰ ਹੈ।…ਕਾਰਾਂ ਦੇ ਹਾਰਨ, ਰਿਕਸ਼ਿਆਂ ਦੀਆਂ ਘੰਟੀਆਂ, ਲਾਲ ਟੋਪੀਆਂ ਦੀਆਂ ਵਿਸਲਾਂ, ਰੇੜ੍ਹਿਆਂ ਦੀ ਖਟ ਖਟ, ਰੇਲਵੇ ਇੰਜਣਾਂ ਦੀ ਦਹਾੜ। ਹਰ ਕੋਈ ਇਕ ਦੂਜੇ ਵਿਚ ਵੱਜ ਰਿਹਾ ਹੈ, ਉਲਝ ਰਿਹਾ ਹੈ, ਲੜ ਰਿਹਾ ਹੈ, ਹੱਥੋਪਾਈ ਹੋ ਰਿਹਾ ਹੈ। ਹਰ ਕੋਈ ਪਾਗਲ ਜਾਪਦਾ ਹੈ। ਕਾਹਲ ਵਿਚ ਹੈ, ਜਿਵੇਂ ਕਿਧਰੇ ਅੱਗ ਲੱਗੀ ਹੈ, ਤੇ ਉਸ ਨੇ ਬੁਝਉਣ ਜਾਣਾ ਹੈ।

ਅਚਾਨਕ ਉਸ ਦੀਆਂ ਅੱਖਾਂ ਸੁੰਗੜੀਆਂ, ਫੈਲੀਆਂ…ਤੇ ਫਿਰ ਫੈਲੀਆਂ ਦੀਆਂ ਫੈਲੀਆਂ ਰਹਿ ਗਈਆਂ।

ਅੱਗੇ ਚੌਕ ਵਿਚ ਇਕ ਦੋ ਪੈਰਾਂ ਵਾਲੇ ਜੀਵ ਦੀ ਲਾਸ਼ ਪਈ ਹੈ।

ਭੀੜ, ਇਕ ਦੂਜੇ ਵਲ ਦੇਖੇ ਬਿਨਾਂ, ਪਹਿਚਾਣੇ ਬਿਨਾਂ, ਇਕ ਦੂਸਰੇ ਦੇ ਮੋਢਿਆਂ ਉਪਰੋਂ ਦੀ ਝਾਕਦੀ ਹੈ। ਉਹਨਾਂ ਨਾਲ ਘਸਰਦੀ ਹੈ। ਹਰ ਨਿਗਾਹ, ਦੂਸਰੀ ਨਿਗਾਹ ਨੂੰ ਸ਼ੱਕ ਨਾਲ ਦੇਖਦੀ ਹੈ ; ਕਤਲ ਦੀ ਬੂਅ ਸੁੰਘਦੀ ਹੈ ; ਤੇ ਸਹਿਮ ਨਾਲ ਸਲ੍ਹਾਬੀ ਹਵਾ ਵਿਚ ਅਫਵਾਹਾਂ ਦਾ ਘੁਸਰ-ਮੁਸਰ ਉਭਰਦੀ ਹੈ।

ਕੌਣ ਹੈ ?
ਪਤਾ ਨਹੀਂ ?
ਹਿੰਦੂ ਹੈ ?
ਹਿੰਦੂ ਨਹੀਂ ਹੈ।
ਸਿੱਖ ਹੈ ?
ਸਿੱਖ ਵਰਗਾ ਤਾਂ ਲਗਦਾ ਨਹੀਂ।
ਮੁਸਲਮਾਨ ਹੈ ?
ਅਤਿਵਾਦੀ ਹੈ ?

ਅਫ਼ਵਾਹਾਂ ਦੀ ਧੁੰਦ ਹੋਰ ਸੰਘਣੀ ਹੋ ਜਾਂਦੀ ਹੈ। ਭੀੜ ਦੀਆਂ ਅੱਖਾਂ ਵਿੱਚ ਸਹਿਮੀ ਜਿਹੀ ਉਤੇਜਨਾ ਹੈ।

ਉਸ ਨੇ ਦੇਖਿਆ, ਇਕ ਪਾਸੇ ਸਾਵੀਆਂ ਟੋਪੀਆਂ ਦੀ ਕੰਧ ਮੱਥੇ 'ਚ ਸੰਗੀਨਾਂ ਦੀ ਤਿਉੜੀ ਪਾਈ ਖੜੀ ਹੈ।

ਜਦੋਂ ਉਹ ਘੂਰਦੀਆਂ ਅੱਖਾਂ ਉਸ ਵਲ ਉਠੀਆਂ ਤਾਂ ਉਹ ਚੌਕ ਤੋਂ ਇਕ ਪਾਸੇ ਵੱਲ ਖਿਸਕਣ ਲੱਗਾ। ਉਥੇ ਸੜਕ ਕਿਨਾਰੇ ਇਕ ਕੁੱਤੇ ਦੀ ਲਾਸ਼ ਪਈ ਸੀ। ਸ਼ਾਇਦ ਕੋਈ ਵਾਹਨ ਕੁਚਲ ਗਿਆ ਹੈ। ਕੁੱਤੇ ਦੇ ਗਲ ਵਿਚ ਪਟਾ ਹੈ। ਨਗਰ ਦਾ ਇਕ ਕਾਲਾ ਕੋਟ ਇਸ ਦਾ ਮਾਲਕ ਹੋਣ ਦਾ ਦਾਅਵਾ ਕਰ ਰਿਹਾ ਹੈ। ਸਬੱਬ ਨਾਲ ਹਾਦਸੇ ਵੇਲੇ ਉਸ ਨੇ ਵਾਹਨ ਦਾ ਨੰਬਰ ਨੋਟ ਕਰ ਲਿਆ ਸੀ ਤੇ ਹੁਣ ਹਰਜਾਨੇ ਲਈ ਨਗਰ ਦੇ ਵੱਡੇ ਹਾਕਮ ਕੋਲ ਸ਼ਿਕਾਇਤ ਕਰਨ ਦੀ ਉਸਨੇ ਧਮਕੀ ਦਿੱਤੀ ਹੈ। ਦੋ ਪੈਰਾਂ ਵਾਲੇ ਜੀਵ ਨੂੰ ਤਾਂ ਕੋਈ ਅਣਪਛਾਤਾ ਮਨੁੱਖ ਹੀ ਮਾਰ ਗਿਆ ਹੈ। ਤਫਤੀਸ਼ ਨਹੀਂ ਹੋ ਸਕਦੀ। ਇਸ ਲਈ, ਦੋ ਪੈਰਾਂ ਵਾਲੇ ਜੀਵ ਦੀ ਲਾਸ਼ ਨੂੰ ਲਾਵਾਰਿਸ ਕਰਾਰ ਦੇ ਦਿੱਤਾ ਗਿਆ ਹੈ। ਉਧਰ, ਕਾਲੇ ਕੋਟ ਤੋਂ ਡਰਦਿਆਂ, ਕੁੱਤੇ ਦੇ ਕਾਤਲਾਂ ਦੀ ਖੋਜ ਦਾ ਹੁਕਮ ਜਾਰੀ ਹੋ ਗਿਆ ਹੈ।

ਕੁਝ ਪਲ ਖੜ੍ਹਾ, ਉਹ ਦੋਹਾਂ ਲਾਸ਼ਾਂ ਵੱਲ ਤੱਕਦਾ ਰਿਹਾ, ਫਿਰ ਉਸਨੇ ਦੇਖਿਆ, ਚੌਕ ਦੀ ਭੀੜ ਗਲੀਆਂ ਬਜ਼ਾਰਾਂ ਵੱਲ ਵਹਿਣ ਲੱਗੀ ਹੈ; ਜਿਵੇਂਇਕ ਥਾਂ ਇਕੱਠਾ ਹੋਇਆ ਗੰਦਾ ਪਾਣੀ ਨੀਵੇਂ ਛੱਪੜ ਵੱਲ ਤੁਰ ਪੈਂਦਾ ਹੈ।

ਕੁਰਬਲ ਕੁਰਬਲ ਕਰਦੇ ਕੀੜਿਆਂ ਵਾਂਗ, ਸੁਰਲ ਸੁਰਲ ਕਰਦੇ ਲੋਕਾਂ ਵਿਚ ਉਹ ਅਗਾਂਹ ਜਾਣੋਂ ਡਰ ਗਿਆ, ਜਿਵੇਂ ਮੱਚਦੀ ਅੱਗ ਵਿਚ ਪ੍ਰਵੇਸ਼ ਕਰਨ ਤੋਂ ਉਹ ਝਿਜਕਦਾ ਹੋਵੇ।

ਉਸਨੇ ਦੇਖਿਆ, ਨਗਰ ਦੇ ਵਿਚਕਾਰ ਕੂੜੇ ਦਾ ਢੇਰ ਹੈ। ਛੋਟੀਆਂ ਛੋਟੀਆਂ ਹੱਥ ਗੱਡੀਆਂ ਆ ਰਹੀਆਂ ਹਨ। ਕੂੜੇ ਦੀਆਂ ਉਲਟੀਆਂ ਕਰਦੀਆਂ ਹਨ। ਫਿਰ ਕੂੜਾ ਖਾਣ ਚਲੀਆਂ ਜਾਂਦੀਆਂ ਹਨ। ਤਿੱਖੀ, ਖੱਟੀ ਬੂਅ ਆ ਰਹੀ ਹੈ। ਉਸ ਨੇ ਆਪਣਾ ਨੱਕ ਬੰਦ ਕਰਨਾ ਚਾਹਿਆ, ਪਰ ਇਹ ਕੀ ਵੇਖਦਾ ਹੈ ? ਕੂੜੇ ਦੇ ਢੇਰ 'ਤੇ ਕੁਝ ਨੰਗ-ਧੜੰਗੇ, ਕਾਲੇ ਕਲੂਟੇ, ਵੀਹਵੀਂ ਸਦੀ ਦੇ ਬਾਲ, ਗੁਥਮਗੁੱਥਾ ਹੋ ਰਹੇ ਹਨ। ਪਲਾਸਟਿਕ ਦੇ ਲਿਫ਼ਾਫ਼ੇ, ਕਾਗਜ਼ਾਂ ਦੇ ਟੁਕੜੇ, ਟੁੱਟੇ ਕੱਚ ਦੀਆਂ ਕਿਰਚਾਂ ਦਾ ਖ਼ਜਾਨਾ ਉਹ ਫਰੋਲ ਰਹੇ ਹਨ। ਅਨੀਮੀਆ ਕਾਰਨ ਸੁੱਜੇ ਪੈਰ, ਬੇਢੰਗੇ ਵਧੇ ਪੇਟ ਤੇ ਵਗਦੇ ਨੱਕ ਲਈ, ਉਹ ਹੱਸ ਰਹੇ ਹਨ। ਨਾ ਉਹਨਾਂ ਨੂੰ ਚੌਕ ਵਿਚ ਪਈ ਲਾਸ਼ ਦਾ ਫ਼ਿਕਰ ਹੈ, ਨਾ ਉਹਨਾਂ ਨੂੰ ਸਾਵੀਆਂ ਟੋਪੀਆਂ ਤੋਂ ਡਰ ਆਉਂਦਾ ਹੈ। ਲੱਗਦਾ ਹੈ, ਇਹ ਨਿੱਕੇ ਬਾਲ ਕੂੜੇ ਦੇ ਢੇਰ ਵਿਚੋਂ ਇੱਕੀਵੀਂ ਸਦੀ ਦੇ ਨਕਸ਼ ਤਰਾਸ਼ਣ ਵਿਚ ਰੁੱਝੇ ਹੋਏ ਹਨ। ਠੀਕ, ਕੂੜੇ ਦੇ ਢੇਰ ਦੇ ਉਧਰ ਵਲ ਉਸਦੀ ਨਿਗਾਹ ਉੱਠੀ। ਇਕ ਪੋਸਟਰ ਪੜ੍ਹਦਿਆਂ ਉਹਦੇ ਬੁੱਲ੍ਹਾਂ 'ਤੇ ਮੁਸਕਰਾਹਟ ਫੈਲ ਗਈ।

'ਸਫੇਦ ਚਮਕਾਰ…ਬਾਰ ਬਾਰ…।…ਲਗਾਤਾਰ।'

ਬਦਬੂ ਭਰੀ ਧੂੜ, ਚੁਫੇਰੇ ਫੈਲੀ ਹੋਈ ਹੈ। ਮੁਖ ਸੜਕ 'ਤੇ, ਬਜ਼ਾਰਾਂ ਵਿਚ, ਗਲੀਆਂ ਵਿਚ, ਘਰਾਂ ਦੀਆਂ ਕੰਧਾਂ 'ਤੇ, ਬ੍ਰਿਛਾਂ ਤੇ, ਫੁੱਲਾਂ 'ਤੇ, ਪੀਲੇ ਪੱਤਿਆਂ 'ਤੇ, ਨਗਰ ਵਾਸੀਆਂ ਦੇ ਮਨਾਂ ਅੰਦਰ ਜੰਮ ਰਹੀ ਹੈ, ਬਾਰ ਬਾਰ…ਲਗਾਤਾਰ।

ਉਹ ਪ੍ਰੇਸ਼ਾਨ ਹੋ ਉਠਿਆ, ਇਹ ਕਿਹੇ ਮਕਾਨ ? ਆਪਣਿਆਂ ਨੂੰ ਜੀਅ ਆਇਆਂ ਨਹੀ ਆਖਦੇ। ਇਹ ਕਿਹੀ ਧਰਤੀ ਹੈ ? ਪੈਰਾਂ ਹੇਠੋਂ ਫਿਸਲਦੀ ਜਾ ਰਹੀ ਹੈ ; ਇਹ ਕੇਹਾ ਅਸਮਾਨ ਹੈ ? ਪਰ ਪਲ ਦੂਰ, ਹੋਰ ਦੂਰ, ਹੁੰਦਾ ਜਾ ਰਿਹਾ ਹੈ।

ਉਦਾਸ ਤੇ ਨਿਰਾਦਰਿਆ ਜਿਹਾ, ਉਹ ਨਗਰ ਦੀ ਇਕ ਪਾਰਕ ਵਿਚ ਆ ਖਲੋਤਾ। ਸੋਚਿਆ, ਕਿਸੇ ਬੈਂਚ ਉਪਰ ਬੈਠ ਕੇ ਆਰਾਮ ਕਰੇਗਾ। ਉਥਲ ਪੁਥਲ ਹੋਏ ਮਨ ਨੂੰ ਸ਼ਾਂਤ ਕਰੇਗਾ। ਪਰ ਪਾਰਕ ਵਿਚ ਖਲੋਤੇ ਬੁੱਤਾਂ ਵੱਲ ਵੇਖ ਕੇ, ਉਹ ਹੋਰ ਵੀ ਪ੍ਰੇਸ਼ਾਨ ਹੋ ਉਠਿਆ। ਕੋਈ ਰਾਜਨੀਤਕ ਨੇਤਾ ਹੈ। ਕੋਈ ਸਮਾਜ ਸੁਧਾਰਕ ਹੈ। ਕਿਸੇ ਨੇ ਯੁੱਧ ਵਿਚ ਨਾਮਣਾ ਖੱਟਿਆ ਹੈ। ਇਹਨਾਂ ਸਾਰਿਆਂ ਨੇ ਕਦੇ, ਇਸ ਮੁਲਕ ਲਈ ਮਹਾਨ ਕੁਰਬਾਨੀਆਂ ਕੀਤੀਆਂ ਸਨ। ਇਹਨਾਂ ਦੀਆਂ ਅੱਖਾਂ, ਜਿਹਨਾਂ ਵਿਚ ਕਦੇ ਕੁਰਬਾਨੀ ਦਾ ਨੂਰ ਡਲ੍ਹਕਦਾ ਸੀ, ਅੱਜ ਬਦਬੂ ਮਾਰਦੀ ਧੂੜ ਨੇ ਨਿਰਜਿੰਦ ਬਣਾ ਦਿੱਤੀਆਂ ਹਨ। ਇਹਨਾਂ ਦਾ ਲਹੂ, ਜਿਹੜਾ ਕਦੇ ਜੋਸ਼ ਵਿਚ ਉਬਾਲੇ ਖਾਂਦਾ ਸੀ, ਅੱਜ ਪਹਾੜਾਂ ਦੀਆਂ ਉੱਚੀਆਂ ਚੋਟੀਆਂ 'ਤੇ ਪਈ ਬਰਫ਼ ਵਾਂਗ, ਪੱਥਰਾਂ ਤੇ ਤਾਂਬੇ ਦੀਆਂ ਨਾੜਾਂ ਵਿਚ ਜੰਮ ਗਿਆ ਹੈ।

ਸਾਰੇ ਦੇ ਸਾਰੇ ਬੁੱਤ ਨੀਵੀਆਂ ਪਾਈ ਸ਼ਰਮਸਾਰ ਹੋਏ ਖੜ੍ਹੇ ਹਨ। ਕਿਸੇ ਦਾ ਸਿਰ ਧੜ ਨਾਲੋਂ ਵੱਖ ਕਰ ਦਿੱਤਾ ਗਿਆ ਹੈ। ਕਿਸੇ ਦੇ ਚਿਹਰੇ ਉਪਰ ਲੁੱਕ ਮਲੀ ਹੋਈ ਹੈ। ਕਿਸੇ ਦੇ ਹੱਥ ਕੱਟੇ ਹੋਏ ਹਨ। ਕਿਸੇ ਦੀਆਂ ਬਹਾਦਰੀਆਂ 'ਤੇ ਕਿੰਤੂ ਕੀਤਾ ਹੋਇਆ ਹੈ। ਕਿਸੇ ਦੇ ਨਾਮ ਥੱਲੇ ਅਪਮਾਨ ਭਰੇ ਸ਼ਬਦ ਲਿਖੇ ਹੋਏ ਹਨ।

ਇਸ ਦੇਸ਼ ਵੱਲੋਂ, ਇਹਨਾਂ ਮਹਾਂਪੁਰਸ਼ਾਂ ਨੂੰ ਇਹ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ ਹਨ।

ਉਸ ਦੀਆਂ ਅੱਖਾਂ ਵਿਚ ਨਮੀ ਆ ਗਈ ਤੇ ਚਿਹਰੇ ਉਪਰ ਉਦਾਸ ਮੁਸਕਰਾਹਟ ਉੱਭਰ ਆਈ।

ਅਚਾਨਕ ਉਹ ਡਰ ਗਿਆ। ਲੋਕ ਅੰਨ੍ਹੇਵਾਹ ਦੌੜਨ ਲੱਗੇ ਹਨ। ਚੁਫੇਰੇ ਭਗਦੜ ਮਚ ਗਈ ਹੈ। ਫ਼ਿਜ਼ਾ ਵਿਚ ਭਿਆਨਕ ਕੁਰਲਾਹਟ ਹੈ। ਦੁਕਾਨਾਂ ਦੇ ਸ਼ਟਰ ਹੇਠਾਂ ਡਿੱਗਣੇ ਸ਼ੁਰੂ ਹੋ ਗਏ ਹਨ। ਹਰ ਕੋਈ ਆਪਣੀਆਂ ਆਪਣੀਆਂ ਕੰਧਾਂ ਦੀ ਹਿਫ਼ਾਜਤ ਵੱਲ ਭੱਜਿਆ ਜਾ ਰਿਹਾ ਹੈ।

ਬਾਜ਼ਾਰ ਵਿਚ ਸਟੇਨਗੰਨਾਂ ਨੇ ਮੌਤ ਦੀ ਉਲਟੀ ਕੀਤੀ ਹੈ।

ਬੁੱਤਾਂ ਦੀ ਓਟ ਲੈਂਦਿਆਂ, ਉਸ ਨੇ ਦੇਖਿਆ, ਵੇਲੇ ਦਾ ਪ੍ਰਬੰਧ, ਗੂੰਗਾ, ਬੋਲਾ ਤੇ ਅੰਨ੍ਹਾਂ ਹੋਣ ਦਾ ਨਾਟਕ ਕਰਦਾ ਹੈ। ਸਾਵੀਆਂ ਟੋਪੀਆਂ ਨੇ ਕੰਨਾਂ ਵਿਚ ਸਿੱਕਾ ਢਾਲ ਲਿਆ ਹੈ। ਸੰਗੀਨਾਂ ਦੀਆਂ ਅੱਖਾਂ ਵਿਚ ਕਾਲਾ ਮੋਤੀਆ ਉਤਰ ਆਇਆ ਹੈ।

ਜਾਪਿਆ, ਇਹਨਾਂ ਵਿਚਕਾਰ ਇਕ ਸੰਧੀ ਹੈ। ਜਦੋਂ ਇਹ ਹੁੰਦੇ ਹਨ, ਤਾਂ ਉਹ ਨਹੀਂ ਹੁੰਦੇ। ਤੇ ਜਦੋਂ ਉਹ ਹੁੰਦੇ ਹਨ ਤਾਂ ਇਹ ਨਹੀਂ ਹੁੰਦੇ।

ਜਦੋਂ ਖਤਰਾ ਟਲ ਗਿਆ ਤਾਂ ਟੋਪੀਆਂ ਤੇ ਬੂਟ ਹਰਕਤ ਵਿਚ ਆ ਗਏ। ਵਾਇਰਲੈਸਾਂ 'ਤੇ ਸੰਦੇਸ਼ ਭੇਜੇ ਜਾਣ ਲੱਗੇ। ਜੰਗ ਖਾਧੀ ਸਰਕਾਰੀ ਮਸ਼ੀਨਰੀ ਹਰਕਤ ਵਿਚ ਆ ਗਈ ਹੈ। ਹੋਰ ਫੋਰਸ ਮੰਗਵਾਈ ਜਾ ਰਹੀ ਹੈ। ਹੇਠਾਂ ਤੋਂ ਉਪਰ, ਉਪਰ ਤੋਂ ਹੇਠਾਂ ਤਕ ਸੰਦੇਸ਼ ਆਉਣ ਲੱਗੇ ਹਨ, ਜਾਣ ਲੱਗੇ ਹਨ। ਇਲਾਕੇ ਦੀ ਨਾਕਾਬੰਦੀ ਕਰ ਲਈ ਗਈ ਹੈ। ਦਰਖ਼ਤਾਂ ਦੇ ਪੀਲੇ ਪੱਤੇ ਵੀ ਡਿੱਗਦੇ ਹਨ ਤਾਂ ਛਾਣ ਬੀਣ ਹੁੰਦੀ ਹੈ। ਮੁਹੱਲਿਆਂ ਤੇ ਘਰਾਂ ਦੀ ਤਲਾਸ਼ੀ ਲਈ ਜਾ ਰਹੀ ਹੈ। ਸ਼ੱਕ ਵਿਚ ਹੋਰਾਂ ਦੇ ਨਾਲ ਨਾਲ ਉਸ ਅਜਨਬੀ ਨੂੰ ਵੀ ਹਿਰਾਸਤ ਵਿਚ ਲੈ ਲਿਆ ਗਿਆ ਹੈ।

ਲੰਘ ਗਏ ਸੱਪ ਦੀ ਲਕੀਰ ਨੂੰ ਪਿੱਟਦਿਆਂ ਧਰਤੀ ਤੇ ਨੀਲ ਉਭਰ ਆਏ ਹਨ। ਨਗਰ ਦਾ ਚੌਕ, ਬਾਜ਼ਾਰ ਖ਼ਾਲੀ ਹੋ ਗਏ ਹਨ। ਹਾਲਾਤ ਮਾਮੂਲ 'ਤੇ ਨਹੀਂ ਹਨ।

ਹਿਰਾਸਤ ਵਿਚ ਬੈਠਿਆਂ ਹੀ ਉਸਨੇ ਸੁਣਿਆਂ, ਧਾਰਮਿਕ ਗ੍ਰੰਥਾਂ ਦਾ ਜਲੂਸ ਬਾਜ਼ਾਰ ਵਿਚ ਫੁੰਕਾਰੇ ਮਾਰ ਰਿਹਾ ਹੈ। ਮਰਿਆਦਾ ਦੇ ਸੱਪਾਂ ਨੇ ਨਗਰ ਨੂੰ ਡੰਗ ਲਿਆ ਹੈ ਤੇ ਜ਼ਹਿਰ ਹੌਲੀ ਹੌਲੀ ਫੈਲਦਾ ਜਾ ਰਿਹਾ ਹੈ। ਸੰਗੀਨਾਂ ਦੀ ਸ਼ਹਿ 'ਤੇ ਗਿੱਦੜਾਂ ਨੇ ਸ਼ੇਰਾਂ ਦੇ ਮੁਖੌਟੇ ਪਹਿਨ ਕੇ ਸੁੰਨੇ ਹੋਏ ਬਾਜ਼ਾਰ ਤੋਂ ਸਲਾਮੀ ਲਈ। ਆਦਮ-ਬੋ, ਆਦਮ-ਬੋ ਦਾ ਕੁਰਲਾਹਟ ਲਹੂ ਦੀ ਲਾਲੀ ਚੂਸ ਗਿਆ। ਭੇਡਾਂ, ਬਕਰੀਆਂ ਤੇ ਖਰਗੋਸ਼ਾਂ ਦੀ ਫਸਲ ਸੜ ਰਹੇ ਪੁਰਾਣੇ ਟਾਇਰਾਂ ਦੀ ਅੱਗ ਵਿਚ ਝੁਲਸ ਗਈ।

ਬੇਨਿਯਮੇ, ਪਖੰਡੀ ਸੈਕਲਰਇਜ਼ਮ ਦੇ ਨਾਅਰੇ ਬਾਜ਼ਾਰਾਂ ਵਿਚ ਹਵਾਂਕਣ ਲੱਗੇ। ਬੇਰੁਜ਼ਗਾਰੀ ਨੇ ਅੱਤਵਾਦ ਦਾ ਚੋਲਾ ਪਹਿਨਿਆ ਤੇ ਹਨੇਰੀਆਂ ਤੰਗ ਗਲੀਆਂ ਵੱਲ ਭੱਜ ਤੁਰੀ। ਫ਼ਿਰਕਾਪ੍ਰਸਤੀ ਤਾਂਡਵ ਨਾਚ ਨੱਚਣ ਲੱਗੀ ਤੇ ਉਸ ਨੇ ਹਾਕਮਾਂ ਲਈ ਵੋਟ ਬੈਂਕਾਂ ਦੇ ਖਾਤੇ ਖੋਹਲਣ ਦਾ ਐਲਾਨ ਕੀਤਾ।

ਰੋਹ ਵਿਚ ਆਈ ਤੇ ਭੜਕੀ ਹੋਈ ਭੀੜ ਵਿਚ ਉਹ ਨੌਜਵਾਨ ਵੀ ਹਨ, ਜਿਨ੍ਹਾਂ ਦੀਆਂ ਕੱਛਾਂ ਵਿਚ ਡਿਗਰੀਆਂ ਹਨ। ਉਹ ਵੀ ਹਨ, ਜਿਹੜੇ ਕਲ੍ਹ ਖੇਤਾਂ ਦੇ ਮਾਲਕ ਸਨ, ਪਰ ਅੱਜ ਬੇਜ਼ਮੀਨੇ ਹੋਏ ਸੜਕਾਂ 'ਤੇ ਭਟਕ ਰਹੇ ਹਨ। ਨੌਕਰੀਆਂ ਨਹੀਂ ਹਨ, ਕੰਮ ਨਹੀਂ ਹੈ। ਰੋਟੀ ਨਹੀਂ ਹੈ। ਭੀੜ ਉਤੇਜਿਤ ਹੋਣ ਲੱਗੀ ਤਾਂ, ਕਰਫਿਊ ਦਾ ਵੱਡਾ ਜਬਾੜਾ ਖੁੱਲ੍ਹਿਆ ਤੇ ਉਸ ਅੰਦਰ ਭੀੜਾਂ…ਰੌਣਕਾਂ…ਜਲਸੇ…ਸਬਜ਼ੀਆਂ…ਦੁੱਧ…ਦਵਾਈਆਂ…ਆਸਾਂ, ਉਮੀਦਾਂ…ਸੁਪਨੇ…ਲੋਕਾਂ ਦੇ ਮਨ ਦਾ ਅਕਰੋਸ਼ ਸਭ ਬੰਦ ਹੋ ਗਏ ਤੇ ਕਰਫਿਊ ਕਿਸੇ ਆਫ਼ਰੇ ਪਸ਼ੂ ਵਾਂਗ ਉਸਲਵੱਟੇ ਲੈਣ ਲੱਗਾ।

ਸ਼ਾਂਤ ਸਥਿਤੀ ਲਈ, ਹਾਕਮਾਂ ਕੋਲ ਅਜਿਹੇ ਬੜੇ ਸਾਧਨ ਹਨ।

ਸਮੁੱਚਾ ਨਗਰ, ਮਕਾਨਾਂ ਦਾ ਕਬਰਸਤਾਨ ਬਣ ਗਿਆ। ਕੇਵਲ ਸਾਵੀਆਂ ਟੋਪੀਆਂ ਜਾਗਦੀਆਂ ਹਨ। ਬੂਟ ਜਾਗਦੇ ਹਨ। ਬੰਦੂਕਾਂ ਜਾਗਦੀਆਂ ਹਨ। ਚੌਕ ਵਿਚ ਪਈ ਲਾਸ਼ ਦੀ ਲਗਾਤਾਰ ਰਖਵਾਲੀ ਕੀਤੀ ਜਾ ਰਹੀ ਹੈ। ਜਦੋਂ ਇਹ ਮਨੂੱਖ ਲਾਸ਼ ਨਹੀਂ ਸੀ ਬਣਿਆ, ਉਦੋਂ ਇਸ ਦੀ ਹਿਫ਼ਾਜਤ ਕਰਨ ਵਾਲਾ ਕੋਈ ਨਹੀਂ ਸੀ।

ਸੰਗੀਨਾਂ ਦੇ ਪਹਿਰੇ ਵਿਚ ਘਿਰਿਆ, ਉਹ ਸੋਚ ਰਿਹਾ ਹੈ, ਆਪਣੀ ਰਖਵਾਲੀ ਕਰਾਉਣ ਲਈ ਹਰੇਕ ਨੂੰ ਚੌਕ ਜਾਂ ਬਾਜ਼ਾਰ ਵਿਚ ਮਰਨਾ ਪੈਣਾ ਹੈ। ਜਿਹੜੀ ਬਸ 'ਤੇ ਸਫ਼ਰ ਕਰਕੇ ਇਸ ਨਗਰ ਤੱਕ ਪਹੁੰਚਿਆ ਸੀ, ਉਸ ਵਿਚ ਲਿਖਿਆ ਸੀ, 'ਸਵਾਰੀ ਆਪਣੇ ਸਾਮਾਨ ਤੇ ਆਪਣੀ ਜਾਨ ਦੀ ਖ਼ੁਦ ਜੁੰਮੇਵਰ ਹੈ।'

ਹਨੇਰੀ ਰਾਤ ਜਿਹਾ ਹੀ, ਉਦਾਸ ਕਾਲਾ ਦਿਨ ਚੜ੍ਹਿਆ। ਇਕ ਭਿਆਨ ਆਵਾਜ਼ ਨਾਲ ਕਰਫਿਊ ਦੇ ਆਫ਼ਰੇ ਪਸ਼ੂ ਨੇ ਸਾਰਾ ਕੁਝ ਜਿਉਂ ਦਾ ਤਿਉਂ ਉਗਲ ਦਿੱਤਾ। ਜਿਵੇਂ ਕੋਈ ਸ਼ਰਾਬੀ ਖਾਧਾ ਪੀਤਾ, ਅਣਪਚਿਆ ਬਾਹਰ ਕੱਢਦਾ ਹੈ।

ਅਖ਼ਬਾਰਾਂ ਵਿਚੋਂ, ਕੂੜੇ ਦੇ ਢੇਰ ਜਿਹੀ ਸੜਿਆਂਦ ਮਾਰਦੀ ਹੈ। ਸੁਰਖ਼ੀਆਂ ਡੰਗ ਮਾਰਦੀਆਂ ਹਨ। ਕਿੰਨੇ ਫੜੇ ਗਏ, ਕਿੰਨੇ ਮਾਰੇ ਗਏ, ਕਿੰਨੀਆਂ ਸੰਧੀਆਂ ਹੋਣ ਜਾ ਰਹੀਆਂ ਹਨ।…ਖੋਹਾਂ---ਬੈਂਕ ਡਕੈਤੀਆਂ---ਪੁਲਿਸ ਮੁਕਾਬਲੇ।

'ਗ਼ੈਰ ਸਰਕਾਰੀ ਸੂਤਰਾਂ ਤੋਂ ਪਤਾ ਲੱਗਿਆ ਹੈ, ਕੱਲ ਬਾਜ਼ਾਰ ਵਿਚ, ਸਟੇਨਗੰਨਾਂ ਨੇ ਮੌਤ ਦੀ ਵਾਛੜ ਕੀਤੀ ਸੀ---ਉਹ ਨਗਰ ਦੀਆਂ ਉੱਚੀਆਂ ਕੰਧਾਂ ਦੀ ਸ਼ਹਿ 'ਤੇ ਆਈਆਂ ਸਨ। ਫੇਰ ਉਹਨਾਂ ਦੀ ਹਿਫ਼ਾਜਤ ਵਿਚ ਹੀ ਚਲੀਆਂ ਗਈਆਂ ਸਨ। ਉੱਚ ਪੱਧਰੀ ਜਾਂਚ ਹੋ ਰਹੀ ਹੈ। ਜਲਦੀ ਜਲਦੀ ਹੀ ਤੱਥ ਸਾਹਮਣੇ ਆ ਜਾਣਗੇ।'

ਰੋਹ ਵਿਚ ਆਈਆਂ ਉੱਚੀਆਂ ਕੰਧਾਂ ਨੇ ਹੰਗਾਮੀ ਮੀਟਿੰਗ ਕੀਤੀ ਤੇ ਰੋਸ ਕਰਨ ਲਈ ਚੌਕ ਵੱਲ ਤੁਰ ਪਈਆਂ।

ਨਗਰ ਦੇ ਹਾਕਮਾਂ ਨੂੰ ਕੁਰਸੀਆਂ ਹੇਠ ਭੁਚਾਲ ਮਹਿਸੂਸ ਹੋਇਆ। ਭੱਜ ਨੱਠ ਹੋਣ ਲੱਗੀ। ਅਖ਼ਬਾਰਾਂ ਤੋਂ ਮਾਫ਼ੀਨਾਮੇ ਦੇ ਹਲਫ਼ੀਆ ਬਿਆਨ ਲਏ ਜਾਣ ਲੱਗੇ। ਉੱਚੀਆਂ ਕੰਧਾਂ ਦੀ ਤਿਊੜੀ ਹੌਲੀ ਹੌਲੀ ਤਿਲਕ ਦਾ ਰੂਪ ਵਟਾਉਣ ਲੱਗੀ।

ਹੁਣ, ਚੌਕ ਵਿਚ ਪਈ ਲਾਸ਼ ਦੇ ਦੁਆਲੇ, ਉਹਨਾਂ ਇਕ ਸ਼ੋਕ ਸਭਾ ਤੇ ਜਸ਼ਨ ਮਨਾਉਣ ਦਾ ਆਯੋਜਨ ਕੀਤਾ। ਭਾਸ਼ਣ ਹੋਏ। ਵਿਸਫੋਟਕ ਸਥਿਤੀ ਤੇ ਚਿੰਤਾ ਪ੍ਰਗਟ ਕੀਤੀ ਗਈ। ਸ਼ਾਂਤੀ ਭੰਗ ਕਰਨ ਵਾਲਿਆਂ ਨੂੰ ਸਬਕ ਸਿਖਾਉਣ ਦੇ ਸੰਕਲਪ ਲਏ ਗਏ ਤੇ ਅੰਤ ਵਿਚ 'ਸਾਰੇ ਜਹਾਂ ਸੇ ਅੱਛਾ ਹਿੰਦੋਸਤਾਂ ਹਮਾਰਾ…' ਗੀਤ ਗਾਇਆ ਜਾਣ ਲੱਗਾ।

ਪਰ, ਚੌਕ ਵਿਚ ਅਚਾਨਕ ਰੌਲਾ ਪੈ ਗਿਆ। ਗੀਤ ਭੰਗ ਹੋ ਗਿਆ। 'ਨਗਰ ਦੀ ਭੁੱਖ, ਟਿੱਡੀ ਦਲ ਵਾਂਗ ਚੌਕ ਵੱਲ ਵਧਦੀ ਆ ਰਹੀ ਹੈ।' ਕਿਸੇ ਸ਼ੁਭਚਿੰਤਕ ਨੇ ਖ਼ਬਰਦਾਰ ਕੀਤਾ।

ਕਾਲੇ ਕਲੂਟੇ ਮੂੰਹ---ਖਿਲਰੇ ਵਾਲ---ਲੀਰਾਂ ਹੋਏ ਕਪੜ੍ਹੇ, ਲਮਕਦੀਆਂ ਛਾਤੀਆਂ---ਨਿਰਜੋਤ ਅੱਖਾਂ ਦਾ ਇਕ ਵਾ-ਵਰੋਲਾ ਉਠਿਆ ਤੇ ਪੂਰੇ ਚੌਕ ਨੂੰ ਆਪਣੀ ਲਪੇਟ ਵਿਚ ਲੈ ਲਿਆ।

'ਅਸੀਂ ਇਸ ਨਗਰ ਦਾ ਅੱਜ ਹਾਂ ?'

'ਅਸੀਂ ਇਸ ਨਗਰ ਦਾ ਕਲ੍ਹ ਸਾਂ ।'

'ਅਸੀਂ ਇਸ ਨਗਰ ਦਾ ਭਲਕ ਹਾਂ।'

ਉੱਚੀਆਂ ਕੰਧਾਂ ਦੇ ਚਿਹਰਿਆਂ 'ਤੇ ਘ੍ਰਿਣਾ ਉਭਰੀ। ਸਾਵੀਆਂ ਟੋਪੀਆਂ ਵੱਲ ਆਦੇਸ਼ ਉਠੇ, ਬੂਟ ਖੜਕੇ ਤੇ ਸੰਗੀਨਾਂ ਨੇ ਭੁੱਖ ਨੂੰ ਹੋਰ ਅੱਗੇ ਵਧਣੋਂ ਰੋਕ ਲਿਆ।

ਅੱਧ ਵਿਚਕਾਰੋਂ ਟੁੱਟਾ ਗੀਤ---'ਸਾਰੇ ਜਹਾਂ ਸੇ ਅੱਛਾ ਹਿੰਦੋਸਤਾਂ…' ਪੂਰਾ ਕੀਤਾ ਗਿਆ।

'ਅਸੀਂ ਇਹਨਾਂ ਬੱਚਿਆਂ ਦੇ ਬਾਪ ਲੱਭਣ ਆਏ ਹਾਂ।' ਗੀਤ ਖ਼ਤਮ ਹੁੰਦਿਆਂ ਹੀ, ਆਪਣੀਆਂ ਉਂਗਲੀਆਂ ਨਾਲ ਲਾਏ ਨਿੱਕੇ ਬਾਲਾਂ ਵੱਲ ਤੱਕ ਕੇ ਭੁੱਖੀਆਂ ਅੱਖਾਂ ਨੇ ਤਰਲਾ ਕੀਤਾ।

ਦੋ ਲੱਤਾਂ ਤੇ ਖੜ੍ਹੇ ਕਾਨੂੰਨ ਨੇ ਕਮੰਧਾਂ ਦੀ ਸ਼ਹਿ ਤੇ ਡੰਡਾ ਦਿਖਾਇਆ ਤੇ ਗਰਜਿਆ, 'ਇਸ ਤੋਂ ਅੱਗੇ ਜਾਣ ਦੀ ਮਨਾਹੀ ਹੈ।'…'ਬੱਚਿਆਂ ਦੇ ਬਾਪ ਆਪਣੀਆਂ ਕੁੱਲੀਆਂ ਵਿਚੋਂ ਲੱਭੋ।'

'ਨਹੀਂ ਉਹ ਤਾਂ ਇਸ ਨਗਰ ਵੱਲੋਂ ਹੀ ਆਉਂਦੇ ਹਨ।' ਲਮਕਦੀਆਂ ਛਾਤੀਆਂ ਨੇ ਜਿਰਾਹ ਕੀਤੀ।

'ਬੋਲਣ 'ਤੇ ਜ਼ੁਬਾਨ ਕੱਟ ਦੇਣ ਦੀ ਸਜ਼ਾ ਹੈ।' ਕਾਨੂੰਨ ਨੇ ਡਰਾਵੇ ਦਾ ਡੰਗ ਮਾਰਿਆ।

'ਤੂੰ ਹੀ ਏਂ, ਮੇਰੇ ਬੱਚਿਆਂ ਦਾ ਬਾਪ।' ਲੀਰਾਂ ਹੋਏ ਕਪੜਿਆਂ ਨੇ ਉਸਨੂੰ ਪਹਿਚਾਣ ਲਿਆ।

'ਜਦੋਂ ਤੂੰ ਭੁੱਖਾ ਸੈਂ---ਤਾਂ ਸਾਡੇ ਨਾਲ ਹੀ ਰਹਿੰਦਾ ਸੈਂ। ਸਾਡੇ ਦੁੱਖਾਂ ਸੁੱਖਾਂ ਦਾ ਭਾਈਵਾਲ। ਸਾਡੀਆਂ ਇਜ਼ੱਤਾਂ ਦਾ ਸਾਂਝੀ। ਅੱਜ ਜੇ ਪੇਟ ਵਿਚ ਰੋਟੀਆਂ ਹਨ ਤਾਂ ਸਾਨੂੰ ਪਹਿਚਾਣਦਾ ਵੀ ਨਹੀਂ। ਇਹਨਾਂ ਲਮਕਦੀਆਂ ਛਾਤੀਆਂ ਵਿਚੋਂ ਹੀ ਤੂੰ ਦੁੱਧ ਚੁੰਘਿਆ ਏ। ਅਸੀਂ ਤੇਰੀਆਂ ਮਾਵਾਂ ਹਾਂ। ਇਹ ਤੇਰੇ ਬੱਚੇਹਨ।'

ਸਾਵੀਆਂ ਟੋਪੀਆਂ ਨੇ ਸ਼ਰਮ ਨਾਲ ਨੀਵੀਂ ਪਾ ਲਈ। ਪਰ ਉੱਚੀਆਂ ਕੰਧਾਂ ਤੋਂ ਡਰਦਿਆਂ, ਮਜਬੂਰ ਸੰਗੀਨਾਂ ਹਰਕਤ ਵਿਚ ਆਈਆਂ---ਤੇ ਭੁੱਖੀਆਂ ਅੱਖਾਂ ਰੋਹ ਨਾਲ ਬੋਲੀਆਂ---

'ਅੱਜ ਤੇਰੇ ਵਰਦੀ ਪਾਈ ਏ।'

'ਕੱਲ੍ਹ ਤੂੰ ਕਾਲਾ ਕੋਟ ਪਾ ਕੇ ਆਇਆ ਸੀ।'

'ਪਰਸੋਂ ਤੇਰੇ ਸੋਨੇ ਦੇ ਦੰਦ ਚਮਕਦੇ ਸਨ।'

'ਉਸ ਤੋਂ ਪਹਿਲਾਂ ਤੂੰ ਤਿਲਕ ਲਾ ਕੇ ਆਇਆ ਸੀ।'

'ਉਸ ਤੋਂ ਪਹਿਲਾਂ ਤੇਰੇ ਦਸਤਾਰ ਸਜਾਈ ਸੀ।'

'ਉਸ ਤੋਂ ਪਹਿਲਾਂ, ਉਸ ਤੋਂ ਪਹਿਲਾਂ, ਉਸ ਤੋਂ ਪਹਿਲਾਂ…।'

ਤੁਫ਼ਾਨੀ ਲਹਿਰਾਂ ਨਾਲ ਡਗਮਗਾਉਂਦੇ ਜਹਾਜ਼ ਵਾਂਗ ਕੰਧਾਂ ਕੰਬੀਆਂ ਤੇ ਡਰ ਕੇ ਅਚਾਨਕ ਪਿੱਛੇ ਭੱਜਣ ਲੱਗੀਆਂ। ਆਪਸ ਵਿਚ ਟਕਰਾਈਆਂ ਤੇ ਢਹਿੰਦੀਆਂ, ਉਠਦੀਆਂ ਆਪਣੇ ਤੋਂ ਉੱਚੀਆਂ ਕੰਧਾਂ ਦੇ ਪੈਰੀਂ ਜਾ ਵਿਛੀਆਂ।

ਹੁਣ ਉਹ ਸੁਰੱਖਿਅਤ ਹਨ।

ਚੌਕ ਵਿਚ, ਭੁੱਖੀ ਭੀੜ ਅਸਮਤ ਲੁਟਾਈ ਖੜ੍ਹੀ ਹੈ।

ਸਾਵੀਆਂ ਟੋਪੀਆਂ, ਬੂਟਾਂ ਤੇ ਸੰਗੀਨਾਂ ਨੇ ਆਪਣੀ ਹੱਤਕ ਮਹਿਸੂਸ ਕੀਤੀ। ਵਕਾਰ ਦੀ ਗੱਲ ਸੀ। ਉੱਚੀਆਂ ਕੰਧਾਂ ਦਾ ਉਲ੍ਹਾਮਾ ਬੜਾ ਮਹਿੰਗਾ ਪੈਣਾ ਸੀ। ਸੰਗੀਨਾਂ ਭੁੱਖੀ ਭੀੜ ਦਾ ਪੋਸਟ-ਮਾਰਟਮ ਕਰਨ ਲੱਗੀਆਂ। ਚੀਕ ਚਿਹਾੜਾ ਮਚਿਆ ਤਾਂ ਮਹਿਸੂਸ ਹੋਇਆ ਜਿਵੇਂ ਇਕ ਪੁੱਤਰ ਆਪਣੀ ਮਾਂ ਨਾਲ ਬਲਾਤਕਾਰ ਕਰ ਰਿਹਾ ਹੋਵੇ। ਅੰਬਰ ਵੱਲ ਸੰਧੂਰੀ ਧੂੜ ਉੱਡੀ। ਬੱਚੇ ਮਾਂਵਾਂ ਨੂੰ ਪੁਕਾਰਨ ਲੱਗੇ ਤੇ ਸੰਗੀਨਾਂ ਤੋਂ ਡਰਦੇ ਭੁੱਖੇ ਢਿੱਡੀ ਔੜ ਮਾਰੀਆਂ ਫ਼ਸਲਾਂ ਵੱਲ ਭੱਜਣ ਲੱਗੇ।

ਪਹਿਲਾਂ ਉਹਨਾਂ ਕੋਲ ਬਾਪੂ ਨਹੀਂ ਸਨ। ਹੁਣ ਉਹਨਾਂ ਕੋਲ ਮਾਂਵਾਂ ਨਹੀਂ ਹਨ।

ਬੱਚੇ ਲਾਵਾਰਿਸ ਹਨ।

ਇਹ ਇਸ ਨਗਰ ਦੀ ਹੋਣੀ ਹੈ। ਨਗਰ ਦੇ ਭਵਿੱਖ ਨੂੰ ਤੇ ਹਾਕਮਾਂ ਨੂੰ ਹਰਾਮੀ ਹੋਣ ਦਾ ਸਰਾਪ ਮਿਲਿਆ ਹੋਇਆ ਹੈ।

ਪਾਰਕ ਵਿਚ ਖੜ੍ਹੇ ਬੁੱਤ, ਇਕ ਦੂਸਰੇ ਉਪਰ ਤੁਹਮਤਾਂ ਦੀ ਵਾਛੜ ਕਰਨ ਲੱਗੇ।…ਤੇ…'ਅਸੀਂ ਇਸ ਦੇਸ਼ ਲਈ ਕੁਰਬਾਨ ਹੋਏ ਹਾਂ।' ਸੋਚ ਕੇ ਪ੍ਰਾਸ਼ਚਿਤ ਕਰਨ ਲੱਗੇ।

***
ਰਾਤ ਦੇ ਹਨੇਰੇ ਵਿਚ, ਉਹ ਸੰਗੀਨਾਂ ਦੀ ਹਿਰਾਸਤ ਵਿਚੋਂ ਭੱਜ ਨਿਕਲਿਆ। ਪਰ ਬਾਹਾਰ ਫਿਰਦੀਆਂ ਕੁਝ ਅਵਾਰਾ ਸੰਗੀਨਾਂ ਨੇ ਉਸ ਨੂੰ ਘੇਰ ਲਿਆ। 'ਤੂੰ ਟਾਊਟ ਹੈਂ।' ਉਧਰ ਵੀ ਮੌਤ ਹੈ, ਇਧਰ ਵੀ ਮੌਤ ਹੈ। ਆਪਣੇ ਜਾਣੇ ਪਹਿਚਾਣੇ ਨਗਰ ਦੀਆਂ ਗਲੀਆਂ ਵਿਚੋਂ ਦੀ, ਮੁਹੱਲਿਆਂ ਵਿਚੋਂ ਦੀ, ਬਜ਼ਾਰਾਂ ਵਿਚੋਂ ਦੀ, ਉਹ ਅੰਨ੍ਹੇ ਵਾਹ ਦੌੜਿਆ, ਮੌਤ ਦੀ ਭਿਆਨਕ ਵਾਦੀ ਵਿਚੋਂ ਨਿਕਲਣ ਲਈ। ਫੜ ਲਓ, ਫੜ ਲਓ, ਫੜ ਲਓ, ਮਾਰੋ, ਮਾਰ ਦਿਓ…ਦੀਆਂ ਆਵਾਜ਼ਾਂ ਪ੍ਰਛਾਵਿਆਂ ਵਾਂਗ ਉਸ ਦੇ ਨਾਲ ਚਿੰਬੜ ਗਈਆਂ।

ਉਸ ਚੌਕ ਵਿਚ ਜਿੱਥੇ, ਪਹਿਲਾਂ ਵੀ ਇਕ ਲਾਵਾਰਸ ਲਾਸ਼ ਪਈ ਸੀ, ਉਸ ਨੂੰ ਘੇਰ ਲਿਆ ਗਿਆ। ਨੋਚਿਆ ਗਿਆ, ਤੋੜਿਆ ਗਿਆ ਤੇ ਪੈਰਾਂ ਹੇਠ ਲਿਤਾੜਿਆ ਗਿਆ।

ਜਦੋਂ ਉਹ ਨੀਮ-ਬੇਹੋਸ਼ੀ ਦੀ ਅਵਸਥਾ ਤੋਂ ਅਗਾਂਹ ਵੱਲ ਪਲ ਪਲ ਵਧ ਰਿਹਾ ਸੀ ਤਾਂ ਨਗਰ ਦਾ ਸਰਕਾਰੀ ਧੂਤੂ ਐਲਾਨ ਕਰਦਾ ਲੰਘਿਆ :

'ਹਰ ਪ੍ਰਾਣੀ ਦੀ ਜਾਨ ਤੇ ਮਾਲ ਦੀ ਰਖਸ਼ਾ ਕਰਨਾ ਸਾਡਾ ਧਰਮ ਹੈ।'

'ਜਲਦੀ ਹੀ ਅਮਨ ਮਾਰਚਾਂ ਦਾ ਆਯੋਜਨ ਕੀਤਾ ਜਾਏਗਾ।'

ਨਗਰ ਵਾਸੀਆਂ ਨੂੰ ਜਨ ਸੰਪਰਕ ਮੁਹਿੰਮਾਂ ਤੇ ਲੋਕ ਸ਼ਕਤੀ ਸਮਾਗਮਾਂ ਵਿੱਚ ਸ਼ਾਮਲ ਹੋ ਕੇ ਦੇਸ਼ ਦੇ ਵਿਕਾਸ ਵਿਚ ਹਿੱਸਾ ਪਾਉਣਾ ਚਾਹੀਦਾ ਹੈ।'

ਚਾਂਭਲੀ ਭੀੜ ਨੇ ਤਾਂਡਵ ਨਾਚ ਨੱਚਿਆ। ਉਹ ਅਰਧ ਚੇਤਨ ਮਨ ਨਾਲ ਸੋਚਣ ਲੱਗਾ : 'ਪਹਿਲਾਂ ਅਮਨ ਭੰਗ ਹੋਣਾ ਚਾਹੀਦਾ ਹੈ, ਫਿਰ ਅਮਨ ਮਾਰਚਾਂ ਦਾ ਆਯੋਜਨ ਹੋਣਾ ਚਾਹੀਦਾ ਹੈ। ਪਹਿਲਾਂ ਵਿਕਾਸ ਰੁਕਣਾ ਚਾਹੀਦਾ ਹੈ, ਫਿਰ ਵਿਕਾਸ ਕਮੇਟੀਆਂ ਬਨਣੀਆਂ ਚਾਹੀਦੀਆਂ ਹਨ। ਪਹਿਲਾਂ ਜ਼ਖ਼ਮ ਲਾਉਣੇ ਚਹੀਦੇ ਹਨ, ਫਿਰਕ ਮਲ੍ਹਮ ਕਹਿ ਕੇ ਉਹਨਾਂ ਉਪਰ ਲੁਣ ਭੁੱਕਣਾ ਚਾਹੀਦਾ ਹੈ।…ਆਓ ਕਾਨੂੰਨ ਤੋੜੋ…ਤੇ ਫਿਰ ਸਾਡੀਆਂ ਦੁਕਾਨਾਂ ਤੇ ਆ ਕੇ ਸਜ਼ਾ ਖਰੀਦੋ…।'

ਸਾਵੀਆਂ ਟੋਪੀਆਂ ਤੇ ਸੰਗੀਨਾਂ ਸਭ ਕੁਝ ਵੇਖ ਕੇ, ਨਾ ਵੇਖਣ ਦਾ ਅਭਿਨੇ ਕਰਦੀਆਂ ਰਹੀਆਂ।

ਚੌਕ ਵਿਚ ਪਈ ਲਾਸ਼, ਬੇਸੁਧ ਹੋਏ ਨਗਰ ਵਾਸੀਆਂ ਵੱਲ ਹੌਲੀ ਹੌਲੀ ਸਰਕਣ ਲੱਗੀ, 'ਨਗਰ ਦੀ ਹੱਦ 'ਤੇ ਕੋਈ ਉਪੱਦਰ ਹੋ ਗਿਆ ਹੈ। ਸੈਂਕੜੇ ਲੋਕ ਮਾਰੇ ਗਏ ਨੇ। ਨਗਰ ਦੇ ਹਾਕਮ ਹਮਦਰਦੀ ਦੇ ਸੰਦੇਸ਼ ਭੇਜ ਰਹੇ ਨੇ। ਮਨੁੱਖੀ ਅਧਿਕਾਰਾਂ ਦੀਆਂ ਸੰਸਥਾਵਾਂ, ਹਰਕਤ ਵਿਚ ਆ ਰਹੀਆਂ ਨੇ। ਚੰਗਾ ਹੋਵੇ ਤੂੰ ਇੱਥੋਂ ਭੱਜ ਜਾਵੇਂ, ਉਹਨਾਂ ਨੇ ਇਸ ਕਾਂਡ ਦਾ ਦੋਸ਼ੀ, ਤੈਨੂੰ ਸਾਬਤ ਕਰ ਦੇਣੈ…।' ਲਾਸ਼ ਬੇਸੁੱਧ ਆਦਮੀ ਨੂੰ ਝੰਜੋੜਨ ਲੱਗੀ।

'…ਪਰ ਮੈਂ ਤਾਂ ਏਥੇ ਪਿਆ ਵਾਂ। ਸਰਹੱਦ 'ਤੇ ਵਾਰਦਾਤ ਕਿਵੇਂ ਕਰ ਸਕਦਾ ਹਾਂ ?' ਪੀੜਾਂ ਸਹਾਰਦਾ ਉਹ ਬੜੀ ਔਖ ਨਾਲ ਬੋਲਿਆ, 'ਏਸ ਮੁਲਕ ਵਿਚ ਇਹੀ ਰਿਵਾਜ ਐ, ਤੂੰ ਚਲਿਆ ਜਾ ਏਥੋਂ।'

ਉਹ ਉਠਿਆ ਤੇ ਨਗਰ ਤੋਂ ਬਾਹਰ ਜਾਣ ਵਾਲੇ ਮਾਰਗ ਵੱਲ ਲੜਖੜਾਉਂਦਾ ਹੋਇਆ ਤੁਰ ਪਿਆ।

ਸਾਵੀਆਂ ਟੋਪੀਆਂ ਤੇ ਸੰਗੀਨਾਂ ਫਿਰ ਘੇਰਦੀਆਂ ਹਨ।

'ਨਗਰ ਵਿਚੋਂ ਕੋਈ ਬਾਹਰ ਨਹੀਂ ਜਾ ਸਕਦਾ।'

'ਮੈਂ ਇਸ ਨਗਰ ਦੀ ਆਤਮਾ ਹਾਂ।' ਉਹ ਸਫ਼ਾਈ ਦਿੰਦਾ ਹੈ। ਉਹ ਆਪਣਾ ਸ਼ਨਾਖ਼ਤੀ ਕਾਰਡ ਵਿਖਾਉਂਦਾ ਹੈ। ਤੇ ਆਖਦਾ ਹੈ, 'ਮੈਂ ਜਾ ਰਿਹਾ ਹਾਂ, ਮ੍ਰਿਤ ਸ਼ਰੀਰ ਵਿਚ ਆਤਮਾ ਨਹੀਂ ਰਹਿ ਸਕਦੀ।'

ਪਰ ਕੁਝ ਹੀ ਦੂਰ ਜਾ ਕੇ ਉਹ ਸੋਚਣ ਲੱਗਾ, 'ਇਹ ਤਾਂ ਮਿਹਣਾ ਹੋਵੇਗਾ। ਇਕ ਮਨੁੱਖ ਦੀ ਭਾਂਜ ਹੋਏਗੀ, ਆਪਣਿਆਂ ਦੇ ਮੱਥੇ 'ਤੇ ਕਲੰਕ ਹੋਏਗਾ। ਇਹ ਨਗਰ ਕਿਸੇ ਦੇ ਪਿਉ ਦੀ ਜਾਗੀਰ ਨਹੀਂ ਹੈ। ਇਸ ਲਈ ਮੇਰੇ ਪੁਰਖਿਆਂ ਨੇ ਵੀ ਕੁਰਬਾਨੀਆਂ ਦਿੱਤੀਆਂ ਹਨ। ਇਸ ਦੀਆਂ ਜ਼ੰਜੀਰਾਂ ਤੋੜਨ ਲਈ ਸਾਡਾ ਵੀ ਲਹੂ ਡੁੱਲਿਆ ਹੈ। ਮੇਰਾ ਵੀ ਇੱਥੇ ਰਹਿਣ ਦਾ ਦੂਸਰਿਆਂ ਜਿੰਨਾ ਅਧਿਕਾਰ ਹੈ।

'…ਮੈਂ ਬੁੱਤਾਂ ਦੇ ਧੜਾਂ 'ਤੇ ਸਿਰ ਰੱਖਾਂਗਾ। ਉਹਨਾਂ ਦੇ ਚਿਹਰਿਆਂ 'ਤੇ ਮਲੀ ਲੁੱਕ ਪੂੰਝਾਂਗਾ। ਲਾਵਾਰਸ ਬੱਚਿਆਂ ਦੇ ਬਾਪ ਲੱਭਾਂਗਾ। ਲਾਸ਼ ਦੇ ਕਾਤਲਾਂ ਦੀ ਪਹਿਚਾਣ ਕਰਾਂਗਾ।'

ਤੇ ਉਹ ਸਾਵੀਆਂ ਟੋਪੀਆਂ ਤੇ ਸੰਗੀਨਾਂ ਕੋਲੋਂ ਦੀ ਲੰਘ ਕੇ ਨਗਰ ਵੱਲ ਵਾਪਿਸ ਪਰਤ ਪਿਆ। ਕਮਜ਼ੋਰ ਨਜ਼ਰ ਵਾਲੀ ਬੁੱਢੀ ਮਾਂ ਦੇ ਹੌਲੀ ਹੌਲੀ ਪਛਾਨਣ ਤੋਂ ਬਾਅਦ, ਆਪਣੇ ਪੁੱਤਰ ਨੂੰ ਪਿਆਰ ਦੇਣ ਲਈ, ਉੱ ਠੇ ਕੰਬਦੇ ਹੱਥਾਂ ਵਾਂਗ, ਨਗਰ ਦੀਆਂ ਬਾਹਵਾਂ ਉੱ ਠੀਆਂ ਤੇ ਖੁਸ਼ੀ ਵਿਚ ਅੱਖਾਂ ਛਲਕ ਪਈਆਂ।

ਸੰਪਰਕ : 19/274, ਕਰਿਸ਼ਨਾ ਨਗਰ,
ਮੋਗਾ-142001.

No comments:

Post a Comment