Sunday, May 10, 2009

ਅਰਥੀ :: ਲੇਖਕ : ਬੀਰ ਰਾਜਾ

ਉਰਦੂ ਕਹਾਣੀ : ਅਰਥੀ :: ਲੇਖਕ : ਬੀਰ ਰਾਜਾ
ਅਨੁਵਾਦ : ਮਹਿੰਦਰ ਬੇਦੀ ਜੈਤੋ Í ਮੁਬਾਇਲ : 94177-30600.


ਉਸਦਾ ਖ਼ਿਆਲ ਸੀ, ਸਟੇਸ਼ਨ ਹਮੇਸ਼ਾ ਵਰਗਾ ਨਹੀਂ ਹੋਏਗਾ…ਪਰ ਇੰਜ ਉਸਨੂੰ ਲੱਗਿਆ ਨਹੀਂ ਸੀ ! ਉਸਦਾ ਵਿਸ਼ਵਾਸ ਸੀ, ਹਰੇਕ ਜਗ੍ਹਾ ਦੀ ਇਕ ਆਤਮਾ ਹੁੰਦੀ ਹੈ…ਓਹ ਹੁਣ ਓਹੋ-ਜਿਹੀ ਨਹੀਂ ਰਹੀ ਹੋਣੀ, ਪਰ ਸਟੇਸ਼ਨ ਦੀ ਸਮੁੱਚੀ ਦੁਨੀਆਂ ਹਮੇਸ਼ਾ ਵਾਂਗਰ ਹੀ ਸੀ !...ਉਹੀ ਭੀੜ-ਭੜਕਾ, ਉਹੀ ਪਲੇਟ-ਫਾਰਮ ਤੇ ਪੁਲ; ਹਰੇਕ ਪਲੇਟ ਫਾਰਮ ਉੱਤੇ ਖੜ੍ਹੀ ਹੋਈ ਕੋਈ ਨਾ ਕੋਈ ਗੱਡੀ ਜਾਂ ਕਿਸੇ ਗੱਡੀ ਨੂੰ ਉਡੀਕ ਰਹੇ ਲੋਕ ! ਉਹ ਖਾਸ ਕਿਸਮ ਦੀ ਬੋਅ ਵੀ ਸੀ ਜਿਹੜੀ ਸਿਰਫ ਭਾਰਤੀ ਰੇਲਵੇ ਸਨੇਸ਼ਨਾਂ ਉੱਤੇ ਹੀ ਹੁੰਦੀ ਹੈ ਤੇ ਜਿਸ ਕਰਕੇ ਉੱਥੇ ਖੜ੍ਹਾ ਹੋਣਾ ਦੁੱਭਰ ਹੋ ਜਾਂਦਾ ਹੈ। ਕਿੰਨੀ ਅਜੀਬ ਗੱਲ ਸੀ ਕਿ ਜਿਸ ਸਟੇਸ਼ਨ ਉੱਤੇ ਹੱਤਿਆਵਾਂ ਹੋਈਆਂ ਸਨ ਤੇ ਹਿੰਸਾ ਵਾਪਰੀ ਸੀ, ਉਸ ਵਿਚ ਕੋਈ ਫ਼ਰਕ ਨਹੀਂ ਸੀ ਆਇਆ ! ਉਸਨੂੰ ਕੁਝ ਸਰਦਾਰ ਵੀ ਦਿਖਾਈ ਦਿੱਤੇ ਤਾਂ ਦਿਲ ਕੁਝ ਥਾਵੇਂ ਆਇਆ…ਉਂਜ ਗੱਡੀ ਵਿਚ ਹੋ ਰਹੀਆਂ ਬਹਿਸਾਂ ਨੇ ਤਾਂ ਉਸਨੂੰ ਡਰਾ ਹੀ ਦਿੱਤਾ ਸੀ। ਉਹਨਾਂ ਬਹਿਸਾਂ ਵਿਚ ਇਕ ਭਿਆਨਕ ਚੁੱਪ ਛਿਪੀ ਹੋਈ ਸੀ ਜਿਹੜੀ ਉੱਚੀਆਂ ਆਵਾਜ਼ਾਂ ਕਰਕੇ ਪ੍ਰਤੱਖ ਨਹੀਂ ਸੀ ਹੋ ਰਹੀ। ਇਕ ਖ਼ੂੰ-ਖ਼ਾਰ ਦ੍ਰਿਸ਼ ਦੀ ਤਸਵੀਰ ਉਸਦੇ ਮਨ ਉੱਤੇ ਉੱਕਰੀ ਹੋਈ ਸੀ।

ਇਮਾਰਤ 'ਚੋਂ ਬਾਹਰ ਆ ਕੇ ਉਹ ਤੇ ਉਸਦਾ ਪਰਿਵਾਰ ਦੋ ਰਿਕਸ਼ਿਆਂ ਉੱਤੇ ਸਵਾਰ ਹੋਏ ਤੇ ਬਾਹਰ ਸੜਕ ਉੱਤੇ ਆ ਗਏ। ਉਸਨੇ ਇਕ ਨਜ਼ਰ ਸੜਕ ਉੱਤੇ ਮਾਰੀ…ਸਾਹਮਣੇ ਰੰਗ-ਮੰਚ ਦੀ ਇਮਾਰਤ ਪੂਰੇ ਠਾਠ ਨਾਲ ਖੜ੍ਹੀ ਸੀ। ਸ਼ਾਮੀਂ ਹੋਣ ਵਾਲੇ ਨਾਟਕ ਦੇ ਬੈਨਰ ਹਵਾ ਵਿਚ ਲਹਿਰਾ ਰਹੇ ਸਨ।…ਸਕੂਟਰ ਦੇ ਨਾਲ ਬਲਦੇ ਹੋਏ ਨੌਜਵਾਨ ਦੀ ਤਸਵੀਰ ਇਸੇ ਥਾਂ ਦੀ ਸੀ। ਉਸਨੂੰ ਇਸੇ ਗੱਲ ਦਾ ਝੋਰਾ ਲੱਗਿਆ ਹੋਇਆ ਸੀ ਕਿ ਜਦੋਂ ਕੋਈ ਮਾੜੀ ਘਟਨਾ ਵਾਪਰਦੀ ਹੈ ਜਾਂ ਲੋਕ ਕਤਲ ਕੀਤੇ ਜਾਂਦੇ ਹਨ ਤਾਂ ਸਭ ਕੁਝ ਜਿਵੇਂ ਦਾ ਤਿਵੇਂ ਕਿੰਜ ਰਹਿੰਦਾ ਹੈ ? ਸਾਰੇ ਰਸਤੇ ਬਾਊ ਈਸ਼ਵਰ ਦਾਸ ਨੇ ਆਪਣੀ ਪਤਨੀ ਤੇ ਬੱਚਿਆਂ ਨਾਲ ਕੋਈ ਗੱਲ ਨਾ ਕੀਤੀ…ਉਹ ਸੋਚ ਰਿਹਾ ਸੀ, ਕਾਸ਼ ! ਕੁਝ ਤਾਂ ਬਦਲਿਆ ਹੁੰਦਾ ! ਅਜਿਹੇ ਮੌਕਿਆਂ ਉੱਤੇ ਉਹ ਹਮੇਸ਼ਾ ਅੰਦਰੇ-ਅੰਦਰ ਟੁੱਟ-ਭੱਜ ਜਾਂਦਾ ਸੀ। ਬਸਤੀ ਵੀ ਹਮੇਸ਼ਾ ਵਰਗੀ ਹੀ ਦਿਸੀ। ਲੋਕ ਦੁੱਧ ਦੀਆਂ ਬੋਤਲਾਂ, ਅਖ਼ਬਾਰ ਤੇ ਬਰੈੱਡ ਵਗ਼ੈਰਾ ਚੁੱਕੀ ਜਾ ਰਹੇ ਸਨ। ਆਂਡਿਆਂ ਵਾਲੇ ਦੀ ਝੁੱਗੀ ਸਾਹਮਣੇ ਅਖ਼ਬਾਰ ਪੜ੍ਹਨ ਵਾਲਿਆਂ ਦੀ ਭੀੜ ਲੱਗੀ ਹੋਈ ਸੀ। ਡੇਅਰੀ ਦੇ ਅਹਾਤੇ ਵਿਚੋਂ ਦੁੱਧ ਲੈਣ ਆਏ ਲੋਕਾਂ ਦੀਆਂ ਆਵਾਜ਼ਾਂ ਆ ਰਹੀਆਂ ਸਨ।

"ਮੈਂ ਕਿਹਾ ਜੀ ਸਾਡੇ ਵਾਸਤੇ ਵੀ ਦੁੱਧ ਰੱਖ ਲਈਓ…" ਉਸਦੀ ਆਵਾਜ਼ ਸੁਣ ਕੇ ਉੱਥੇ ਖਲਬਲੀ-ਜਿਹੀ ਮੱਚ ਗਈ ਸੀ…ਪਰ ਕਿਸੇ ਨੇ ਉਹਨਾਂ ਨਾਲ ਗੱਲ ਨਹੀਂ ਸੀ ਕੀਤੀ, ਲੋਕ ਉੱਥੋਂ ਖਿਸਕਣ ਲੱਗ ਪਏ ਸਨ ਤੇ ਫੇਰ ਘਰਾਂ ਦੀਆਂ ਖਿੜਕੀਆਂ ਤੇ ਦਰਵਾਜ਼ੇ ਬੰਦ ਹੋਣ ਲੱਗੇ ਸਨ। ਉਹਨਾਂ ਦੀ ਸਮਝ ਵਿਚ ਨਹੀਂ ਆ ਰਿਹਾ ਸੀ ਕਿ ਮਾਮਲਾ ਕੀ ਹੈ ? ਉਹ ਸ਼ੱਕੀ ਜਿਹੀਆਂ ਨਜ਼ਰਾਂ ਨਾਲ ਇਧਰ-ਉਧਰ ਦੇਖਦੇ ਰਹੇ…।

"ਏ ਭਾਈ ਸਾਹਬ, ਅੱਜ ਤੋਂ ਦਿੱਲੀ ਦਾ ਪੇਪਰ ਵੀ ਚਾਲੂ ਕਰ ਦੇਈਓ..."

"ਕਿੱਥੇ ਜੀ ?"

"ਸਾਡੇ ਘਰ, ਹੋਰ ਕਿੱਥੇ ?"

ਹਾਕਰ ਹੈਰਾਨੀ ਨਾਲ ਉਸ ਵੱਲ ਦੇਖਦਾ ਹੋਇਆ ਅੱਗੇ ਤੁਰ ਗਿਆ। ਉਸਨੂੰ ਲੱਗਿਆ ਕਿਤੇ ਨਾ ਕਿਤੇ ਕੋਈ ਫ਼ਰਕ ਜ਼ਰੂਰ ਹੈ। ਸਭ ਕੁਝ ਓਵੇਂ ਨਹੀਂ, ਜਿਵੇਂ ਉਹ ਛੱਡ ਕੇ ਗਏ ਸਨ। ਨਾਲ ਹੀ ਸ਼ੰਕਾ ਵੀ ਹੋਇਆ ਕਿ ਕਿਤੇ ਕੁਝ ਉਹਨਾਂ ਪ੍ਰਤੀ ਹੀ ਤਾਂ ਨਹੀਂ ਬਦਲ ਗਿਆ ? ਉਸਦੀ ਪਤਨੀ ਘਬਰਾਈਆਂ ਜਿਹੀਆਂ ਨਜ਼ਰਾਂ ਨਾਲ ਉਸ ਵੱਲ ਦੇਖ ਕੇ ਪੁੱਛਣ ਲੱਗੀ : "ਗੱਲ ਕੀ ਏ ? ਲੋਕੀ ਸਾਥੋਂ ਕਤਰਾਉਂਦੇ ਕਿਉਂ ਪਏ ਨੇ ?"

ਉਦੋਂ ਹੀ ਉਸਦੀ ਨਜ਼ਰ ਆਪਣੇ ਮਕਾਨ ਉੱਤੇ ਜਾ ਪਈ…ਸਾਹਮਣੇ ਇਕ ਅੱਧ-ਸੜਿਆ, ਲੁੱਟਿਆ-ਖਸੁੱਟਿਆ ਮਕਾਨ ਖੜ੍ਹਾ ਸੀ।…ਤੇ ਖੜ੍ਹਾ ਵੀ ਸ਼ਾਇਦ ਇਸ ਕਰਕੇ ਸੀ ਕਿ ਪੂਰਾ ਸਾੜ ਦਿੱਤੇ ਜਾਣ ਦੇ ਅਰਥ ਹੁੰਦੇ : ਆਸੇ-ਪਾਸੇ ਦੇ ਮਕਾਨਾਂ ਦੀ ਤਬਾਹੀ। ਕਿਸੇ ਘਰ ਵਿਚੋਂ ਕੋਈ ਆਵਾਜ਼ ਨਹੀਂ ਆ ਰਹੀ ਸੀ, ਜਿਵੇਂ ਉੱਥੇ ਕੋਈ ਵੱਸਦਾ ਹੀ ਨਾ ਹੋਵੇ।

ਈਸ਼ਵਰ ਦਾਸ ਭੁੜਕ ਕੇ ਰਿਕਸ਼ੇ ਵਿਚੋਂ ਉਤਰਿਆ ਤੇ ਨੱਸਦਾ ਹੋਇਆ ਮਕਾਨ ਦੇ ਅੰਦਰ ਜਾ ਵੜਿਆ। ਉੱਥੇ ਧੁੰਆਂਖੀਆਂ ਹੋਈਆਂ ਕੱਧਾਂ ਤੋਂ ਬਿਨਾਂ ਕੁਝ ਵੀ ਨਹੀਂ ਸੀ। ਉਹ ਉਸ ਕਮਰੇ ਵੱਲ ਅਹੁਲਿਆ ਜਿਸ ਵਿਚ ਉਸਦੇ ਪਿਤਾ ਜੀ ਦਾ ਮੰਜਾ ਡੱਠਾ ਹੁੰਦਾ ਸੀ, ਇਹ ਕਮਰਾ ਉਹਨਾਂ ਸ਼ਾਇਦ ਇਸੇ ਕਰਕੇ ਚੁਣਿਆ ਸੀ ਕਿ ਇੱਥੇ ਕਿਤਾਬਾਂ ਵਾਲੀਆਂ ਦੋ ਅਲਮਾਰੀਆਂ ਪਈਆਂ ਹੁੰਦੀਆਂ ਸਨ। ਇਹ ਗੱਲ ਅਚਾਨਕ ਹੀ ਉਸਦੀ ਸਮਝ ਵਿਚ ਆ ਗਈ ਸੀ, ਜਿਸਦੀ ਕਦੀ ਉਸਨੇ ਕਲਪਨਾ ਵੀ ਨਹੀਂ ਸੀ ਕੀਤੀ ਤੇ ਏਨੀ ਬਾਰੀਕੀ ਨਾਲ ਸੋਚਣ ਦਾ ਆਦੀ ਵੀ ਨਹੀਂ ਸੀ ਉਹ। ਫੇਰ ਉਸਨੂੰ ਪਛਤਾਵਾ ਜਿਹਾ ਹੋਣ ਲੱਗਾ ਕਿ ਉਹਨਾਂ ਹਿੰਸਕ ਦਿਨਾਂ ਵਿਚ ਉਸਨੇ ਖ਼ਿਆਲ ਕਿਉਂ ਨਹੀਂ ਕੀਤਾ ਕਿ ਉਸਦੇ ਪਿਤਾ ਜੀ ਦੇ ਵੀ ਦਾੜ੍ਹੀ-ਕੇਸ ਹਨ। ਇਹ ਉਹਨਾਂ ਦੇ ਖਾਨਦਾਨ ਦੀ ਰੀਤ ਸੀ ਕਿ ਪਰਿਵਾਰ ਦਾ ਵੱਡਾ ਲੜਕਾ, ਦਾੜ੍ਹੀ-ਕੇਸ ਰੱਖੇਗਾ ਤੇ ਪੱਗ ਬੰਨ੍ਹਿਆਂ ਕਰੇਗਾ---ਈਸ਼ਵਰ ਦਾਸ ਦਾ ਵੱਡਾ ਭਰਾ ਵੀ ਸਰਦਾਰ ਸੀ।

ਉਸਨੁੰ ਲੱਗਿਆ ਪਿਤਾ ਜੀ ਏਥੇ ਕਿਤੇ ਹੀ ਨੇ, ਹੁਣੇ ਸਾਹਮਣੇ ਆ ਖਲੋਣਗੇ। ਵਿਹੜੇ ਵਿਚ ਕੁਝ ਖੜਾਕ ਹੋਇਆ, ਉਸਨੇ ਤੁਰੰਤ ਭੌਂ ਕੇ ਦੇਖਿਆ, ਇਕ ਬਿੱਲੀ ਬਾਹਰ ਵੱਲ ਨੱਸੀ ਜਾ ਰਹੀ ਸੀ। ਉਹ ਉੱਥੇ ਹੀ ਖੜ੍ਹਾ ਰਿਹਾ। ਸ਼ਾਇਦ ਸਮਝ ਗਿਆ ਸੀ, ਉਹ ਹੁਣ ਨਹੀਂ ਰਹੇ ਜਾਂ ਸ਼ਾਇਦ ਸੋਚ ਰਿਹਾ ਸੀ…ਇੱਥੋਂ ਕਿਧਰੇ ਹੋਰ ਚਲੇ ਗਏ ਨੇ ਜਾਂ ਫੇਰ ਉਹ ਕੁਝ ਵੀ ਨਹੀਂ ਸੀ ਸੋਚ ਰਿਹਾ।

ਪਲਾਂ ਵਿਚ ਅਣਗਿਣਤ ਗੱਲਾਂ ਉਸਦੇ ਦਿਮਾਗ ਵਿਚ ਆਈਆਂ ਜਿਹਨਾਂ ਦਾ ਸੰਬੰਧ ਬਚਪਨ ਤੋਂ ਲੈ ਕੇ ਹੁਣ ਤਕ ਉਹਨਾਂ ਨਾਲ ਰਿਹਾ ਸੀ।

"ਪਿਤਾ ਜੀ ਕਿੱਥੇ ਨੇ ?" ਉਦੋਂ ਹੀ ਉਸਦੀ ਪਤਨੀ ਨੇ ਅੰਦਰ ਆ ਕੇ ਪੁੱਛਿਆ।

"ਏਥੇ ਤਾਂ ਹੈ ਨਹੀਂ..."

"ਪਿਤਾ ਜੀ…" ਉਹ ਏਨੇ ਜ਼ੋਰ ਨਾਲ ਕੁਰਲਾਈ ਕਿ ਆਂਢ-ਗੁਆਂਢ ਦੇ ਘਰਾਂ ਦੇ ਦਰਵਾਜ਼ੇ ਖੁੱਲ੍ਹ ਜਾਣ, ਪਰ ਕੋਈ ਵੀ ਦਰਵਾਜ਼ਾ ਨਹੀਂ ਸੀ ਖੁੱਲ੍ਹਿਆ ਤੇ ਨਾ ਹੀ ਕੋਈ ਬਾਹਰ ਆਇਆ ਸੀ, ਜਿਹੜਾ ਲਾਜਵੰਤੀ ਨੂੰ ਦੱਸੇ ਕਿ ਉਸਦਾ ਸਹੁਰਾ ਕਿੱਥੇ ਚਲਾ ਗਿਆ ਸੀ ? ਘਰ ਨੂੰ ਅੱਗ ਕਿਵੇਂ ਲੱਗੀ ਸੀ ? ਸਾਰਾ ਸਾਮਾਨ ਕੌਣ ਚੁੱਕ ਕੇ ਲੈ ਗਿਆ ਸੀ ?---ਤੇ ਏਸ ਸਦਮੇਂ ਨੇ ਉਸਨੂੰ ਹੋਰ ਵੀ ਭੈ-ਭੀਤ ਕਰ ਦਿੱਤਾ।

ਮਾਂ ਨੂੰ ਰੋਂਦਿਆਂ ਦੇਖ ਕੇ ਦੋਏ ਕੁੜੀਆਂ ਵੀ ਉੱਚੀ-ਉੱਚੀ ਰੋਣ ਲੱਗ ਪਈਆਂ…ਉਹ ਉਸਨੂੰ ਚੰਬੜ ਹੀ ਗਈਆਂ ਸਨ। ਤਿੰਨੇ ਜਣੀਆਂ ਰੋਂਦਿਆਂ ਹੋਇਆਂ ਕਦੀ ਜਲੇ ਹੋਏ ਮਕਾਨ ਤੇ ਕਦੇ ਗੁਆਂਢੀਆਂ ਦੇ ਬੰਦ ਬੂਹਿਆਂ ਵੱਲ ਦੇਖ ਲੈਂਦੀਆਂ ਸਨ।

"ਭਗਵਾਨ ਦਾਸਾ…ਓਇ ਭਗਵਾਨ ਦਾਸਾ," ਈਸ਼ਵਰ ਦਾਸ ਲਗਾਤਾਰ ਭਗਵਾਨ ਦਾਸ ਕਾ ਦਰਵਾਜ਼ਾ ਖੜਕਾ ਰਿਹਾ ਸੀ ਤੇ ਉਸਨੂੰ ਹਾਕਾਂ ਮਾਰੀ ਜਾ ਰਿਹਾ ਸੀ। ਉਸ ਦਰਵਾਜ਼ੇ ਦੇ ਬੰਦ ਹੋਣ ਕੇ ਕਈ ਅਰਥ ਹੋ ਸਕਦੇ ਸਨ…ਉਸ ਲਈ ਖੁਸ਼ੀ ਜਾਂ ਚਿੰਤਾ ਭਿੱਜੇ ਅਰਥ। ਜ਼ਿੰਦਗੀ ਵਿਚ ਪਹਿਲੀ ਵਾਰੀ ਉਸਨੇ ਇਕੱਲੇ ਹੋਣ ਦਾ ਡਰ ਮਹਿਸੂਸ ਕੀਤਾ ਸੀ। ਉਸਨੇ ਮਾਯੂਸੀ ਜਿਹੀ ਨਾਲ ਆਸੇ ਪਾਸੇ ਦੇ ਘਰਾਂ ਵਾਲਿਆਂ ਨੂੰ ਵੀ ਆਵਾਜ਼ਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ।

ਇਕੋ ਝਟਕੇ ਨਾਲ ਭਗਵਾਨ ਦਾਸ ਦਾ ਬੂਹਾ ਖੁੱਲ੍ਹਿਆ ਸੀ, ਉਸਦੀਆਂ ਅੱਖਾਂ ਵਿਚੋਂ ਪਰਲ-ਪਰਲ ਹੰਝੂ ਵਗ ਰਹੇ ਸਨ। ਉਹ ਤਾਂ ਬੜੀ ਦੇਰ ਪਹਿਲਾਂ ਬਾਹਰ ਆ ਜਾਣਾ ਚਾਹੁੰਦਾ ਸੀ ਪਰ ਇਕ ਗੱਲ ਨੇ ਉਸਨੂੰ ਰੋਕਿਆ ਹੋਇਆ ਸੀ ਕਿ ਕਿਸ ਮੂੰਹ ਨਾਲ ਈਸ਼ਵਰ ਦਾਸ ਦੇ ਸਾਹਮਣੇ ਹੋਵਾਂਗਾ ! ਬਾਹਰ ਆਉਣ ਤੋਂ ਪਹਿਲਾਂ ਹੀ ਉਸਦੀਆਂ ਭੁੱਬਾਂ ਨਿਕਲ ਗਈਆਂ ਸਨ।

ਉਸਦੇ ਪਿੱਛੇ-ਪਿੱਛੇ ਉਸਦੀ ਪਤਨੀ ਵੀ ਬਾਹਰ ਨਿਕਲ ਆਈ…ਘਬਰਾਹਟ ਤੇ ਭੈ ਦੇ ਰਲਗਡ ਜਿਹੇ ਭਾਵ ਉਸਦੀਆਂ ਅੱਖਾਂ ਵਿਚ ਅਟਕੇ ਹੋਏ ਸਨ। ਇਹ ਹਾਲਤ ਉਸੇ ਦਿਨ ਦੀ ਸੀ ਜਿਸ ਦਿਨ ਸਭ ਕੁਝ ਉਹਨਾਂ ਦੀਆਂ ਅੱਖਾਂ ਸਾਹਮਣੇ ਵਾਪਰਿਆ ਸੀ। ਉਹ ਦੋਸ਼ੀਆਂ ਵਾਂਗ ਉਹਨਾਂ ਦੇ ਰੋਂਦੇ-ਕੁਰਲਾਉਂਦੇ ਪਰਿਵਾਰ ਵੱਲ ਤੱਕਦੀ ਰਹੀ। ਉਸਦੀ ਚੇਤਨਾ ਵਿਚ ਇਕ ਗੱਲ ਲਟਕ ਰਹੀ ਸੀ ਕਿ ਉਸ ਦਿਨ ਈਸ਼ਵਰ ਦਾਸ ਦੇ ਪਿਤਾ ਜੀ ਬਚ ਜਾਂਦੇ, ਜੇ ਉਹ ਆਪਣੇ ਪਤੀ ਨੁੰ ਨਾ ਰੋਕਦੀ…ਪਰ ਉਸ ਦਿਨ ਦਹਿਸ਼ਤ ਸਦਕਾ ਉਸਨੂੰ ਉਸ ਮਰ ਰਹੇ ਬਜ਼ੁਰਗ ਦੀ ਕੁਰਲਾਹਟ ਵੀ ਸੁਣਾਈ ਨਹੀਂ ਸੀ ਦਿੱਤੀ। ਬਸ ਉਹ ਆਵਾਜ਼ਾਂ…ਚਾਕੂ-ਛੁਰੀਆਂ, ਬਰਛੀਆਂ ਤੇ ਡਾਂਗਾਂ ਵਾਂਗ ਉਸਦੀ ਆਤਮਾ ਉੱਤੇ ਵਰ੍ਹਦੀਆਂ ਰਹੀਆਂ ਸਨ ਤੇ ਉਹ ਅੰਦਰੇ-ਅੰਦਰ ਲਹੂ-ਲੁਹਾਨ ਹੋ ਕੇ ਚੀਕਦੀ ਰਹੀ ਸੀ। ਅਚਾਨਕ ਉਹਨਾਂ ਆਵਾਜ਼ਾਂ ਵਿਚ ਉਸਦੇ ਪਤੀ ਦੀ ਆਵਾਜ਼ ਗੂੰਜੀ, 'ਐਸ ਬਜ਼ੁਰਗ ਨੇ ਤੁਹਾਡਾ ਕੀ ਵਿਗਾੜਿਆ ਏ ?' ਉਦੋਂ ਹੀ ਕਿਸੇ ਦੀ ਬਰਛੇ ਵਰਗੀ ਤਿੱਖੀ ਆਵਾਜ਼ ਗੂੰਜੀ, 'ਇਹਨਾਂ ਨੂੰ ਠੀਕ ਤਾਂ ਕਰਨਾ ਈ ਹੋਇਆ---ਦਿਸਦਾ ਨਹੀਂ, ਮੂੰਹ ਵਿਚ ਦੰਦ ਨਹੀਂ ਤੇ ਕਿੱਦਾਂ ਚਪੜ-ਚਪੜ ਕਰਨ ਡਿਹਾ ਏ…।'

'ਤੁਸੀਂ ਸਾਰੇ ਅਗਲੇ ਦੇ ਘਰੇ ਵੜੀ ਫਿਰਦੇ ਓ, ਕੋਈ ਚੰਗੀ ਗੱਲ ਜੇ ਇਹ ? ਬੋਲੇ ਨਾ ਤਾਂ ਹੋਰ ਕੀ ਕਰੇ ? ਹੱਥ ਵਿਚ ਕੁਝ ਆ ਗਿਆ ਤਾਂ ਮਾਰਨ ਤਕ ਜਾਊ।'

'ਏਸ ਹਰਾਮੀ ਨੂੰ ਵੀ ਫੁੰਡ ਸੁੱਟੋ।'

'ਬਦਲਾ ਤਾਂ ਲੈਣਾ ਈ ਹੋਇਆ।'

'ਇਸ ਦਾ ਕਸੂਰ ਤਾਂ ਦੱਸੋ ?'

ਨੱਸ ਕੇ ਉਹ ਇਹਨਾਂ ਆਵਾਜ਼ਾਂ ਵਿਚਕਾਰ ਆ ਖੜ੍ਹੀ ਹੋਈ ਸੀ…ਈਸ਼ਵਰ ਦਾਸ ਦੇ ਪਿਤਾ ਦੀ ਜਾਨ ਬਚਾਉਣ ਖਾਤਰ ਨਹੀਂ, ਬਲਿਕੇ ਆਪਣੇ ਪਤੀ ਦੀ ਫਿਕਰ ਵਿਚ।…ਤੇ ਉਸਦੇ ਪਹੁੰਚਣ ਤੋਂ ਪਹਿਲਾਂ ਹੀ ਉਹ ਸਭ ਕੁਝ ਵਾਪਰ ਗਿਆ ਸੀ।

ਭਗਵਾਨ ਦਾਸ ਦੀ ਪਤਨੀ ਨੇ ਅੱਖਾਂ ਬੰਦ ਕਰ ਲਈਆਂ ਜਿਵੇਂ ਸਭ ਕੁਝ ਹੁਣੇ ਵਾਪਰਿਆ ਹੋਏ। ਅੱਖਾਂ ਖੋਲ੍ਹੇਗੀ ਤਾਂ ਉਹੀ ਵੀਭਤਸ ਦ੍ਰਿਸ਼ ਸਾਹਮਣੇ ਹੋਏਗਾ। ਉਸ ਦਿਨ ਵਾਂਗ ਹੀ ਉਹ ਡਰ ਗਈ ਸੀ ਤੇ ਅੱਖਾਂ ਆਪ ਮੁਹਾਰੇ ਹੀ ਖੁੱਲ੍ਹ ਗਈਆਂ ਸਨ। ਪ੍ਰੇਮਾ ਦੇਵੀ ਦੀਆਂ ਅੱਖਾਂ ਵਿਚੋਂ ਵਗ ਰਹੇ ਪਾਣੀ ਨੂੰ ਦੇਖ ਕੇ ਲਾਜਵੰਤੀ ਤੇ ਉਸਦੀਆਂ ਦੋਹੇਂ ਕੁੜੀਆਂ ਹੋਰ ਉੱਚੀ ਉੱਚੀ ਰੋਣ ਲੱਗ ਪਈਆਂ।

"ਈਸ਼ਵਰ ਦਾਸ ਜੀ ਮੈਂ ਬੜਾ ਸ਼ਰਿਮੰਦਾ ਹਾਂ। ਅਸੀਂ ਕੁਝ ਵੀ ਨਹੀਂ ਕਰ ਸਕੇ, ਬਾਊ ਜੀ ਨੂੰ ਬਚਾਅ ਨਹੀਂ ਸਕੇ।"

ਭਗਵਾਨ ਦਾਸ ਨੇ ਬੜੇ ਧੀਰਜ ਨਾਲ ਇਹ ਗੱਲ ਕਹੀ ਸੀ ਪਰ ਈਸ਼ਵਰ ਦਾਸ ਉੱਤੇ ਕਿਸੇ ਪੈਟਰੌਲ ਭਰੇ ਗੁਬਾਰੇ ਵਾਂਗ ਹੀ ਡਿੱਗੀ ਸੀ ਤੇ ਬਿਨਾਂ ਮਾਚਿਸ ਦੀ ਤੀਲੀ ਤੋਂ ਭੜਕ ਉੱਠੀ ਸੀ। ਭਗਵਾਨ ਦਾਸ ਦੀਆਂ ਗਿੱਲੀਆਂ ਅੱਖਾਂ ਹੇਠਾਂ, ਹੋਰ ਹੇਠਾਂ ਝੁਕ ਗਈਆਂ ਸਨ ਜਿਵੇਂ ਉਹਨਾਂ ਚਾਰ ਦਿਨਾਂ ਵਿਚ ਵਾਪਰੀ ਹਿੰਸਾ ਦਾ ਅਸਲ ਅਪਰਾਧੀ ਉਹੀ ਹੋਵੇ, ਜਦੋਂ ਕਿ ਬਚਾਉਣ ਵਾਲਿਆਂ ਵਿਚ ਉਹ ਸਭ ਤੋਂ ਅੱਗੇ ਸੀ।

"ਇਹ ਹੋ ਕਿੰਜ ਗਿਆ ?"

ਇਸ ਦਾ ਜਵਾਬ ਭਗਵਾਨ ਦਾਸ ਕੋਲ ਨਹੀਂ ਸੀ। ਜਿੰਨਾ ਉਹ ਜਾਣਦਾ ਸੀ, ਉਸ ਨਾਲੋਂ ਕਿਤੇ ਵੱਧ ਈਸ਼ਵਰ ਦਾਸ ਆਪ ਸਮਝਦਾ ਸੀ। ਈਸ਼ਵਰ ਬੱਚਿਆਂ ਵਾਂਗ ਵਿਲਕਣ ਲੱਗਾ---ਉਸਨੂੰ ਯਕੀਨ ਹੀ ਨਹੀਂ ਆ ਰਿਹਾ ਸੀ ਕਿ ਉਸਦੇ ਪਿਤਾ ਜੀ ਵੀ ਮਾਰੇ ਜਾ ਸਕਦੇ ਸਨ। ਉਸਦੇ ਅੰਦਰਲਾ ਉਸਨੂੰ ਫਿਟਕਾਰਾਂ ਪਾਉਣ ਲੱਗਾ, ਮੈਂ ਕਿਉਂ ਗੂੰਗਾ ਦਰਸ਼ਕ ਬਣ ਗਿਆ ਸਾਂ ? ਹਿੰਮਤ ਹਾਰ ਬੈਠਾ ਸਾਂ ਮੈਂ ਜਾਂ ਕੁਝ ਕਰਨ ਯੋਗ ਹੀ ਨਹੀਂ ਸਾਂ ? ਜਦੋਂ ਉਸ ਦੀਆਂ ਅੱਖਾਂ ਸਾਹਮਣੇ ਸੜਕ ਉੱਤੇ ਤੁਰੇ ਜਾ ਰਹੇ ਸਰਦਾਰਾਂ ਨੂੰ ਮਾਰਿਆ ਜਾ ਰਿਹਾ ਸੀ ਤਾਂ ਗੁੱਸੇ ਵਿਚ ਆ ਕੇ ਉਹ ਅੱਗੇ ਵਧਿਆ ਸੀ, ਹਿੰਸਕ ਲੋਕਾਂ ਨੇ ਚੁੱਕ ਕੇ ਉਸਨੂੰ ਭੀੜ ਵੱਲ ਉਛਾਲ ਦਿੱਤਾ ਸੀ। ਉਸਨੇ ਭੀੜ ਵੱਲ ਦੇਖਿਆ ਸੀ, ਪਰ ਸੈਂਕੜੇ ਲੋਕਾਂ ਵਿਚੋਂ ਕੋਈ ਵੀ ਉਸਦੀ ਮਦਦ 'ਤੇ ਨਹੀਂ ਸੀ ਆਇਆ। ਉਹ ਇਸੇ ਗੱਲ ਕਰਕੇ ਡਰ ਗਿਆ ਸੀ। ਮਾਰਨ ਵਾਲੇ ਕੁੱਲ ਵੀ ਕੁ ਸਨ। ਉਸਨੇ ਖਿਝ ਕੇ ਭੀੜ ਵੱਲ ਦੇਖਿਆ ਕੀ ਕਿਸੇ ਦੇ ਮਨ ਵਿਚ ਮਰਨ ਵਾਲਿਆਂ ਦੇ ਪ੍ਰਤੀ ਕੋਈ ਹਮਦਰਦੀ ਨਹੀਂ ? ਉਸਨੂੰ ਏਸ ਗੱਲ ਉੱਤੇ ਵੀ ਹੈਰਾਨੀ ਹੋਈ ਕਿ ਪੂਰੇ ਸੁਰੱਖਿਆ ਪ੍ਰਬੰਧਾਂ ਦੇ ਹੁੰਦਿਆਂ ਹੋਇਆਂ, ਇਹ ਇਕ-ਵੱਲਾ ਤਾਂਡਵ ਨਾਚ ਕਿੰਜ ਹੋ ਰਿਹਾ ਹੈ ?
***
ਭਗਵਾਨ ਦਾਸ ਕਿਸੇ ਅਪਰਾਧੀ ਵਾਂਗ ਹੱਥ ਜੋੜੀ ਖੜ੍ਹਾ ਸੀ---"ਬੜੇ ਯਤਨ ਕੀਤੇ, ਕੋਈ ਪੇਸ਼ ਨਹੀਂ ਗਈ। ਬੜਾ ਕਿਹਾ ਬਈ ਤੇਰੇ ਪਿਤਾ ਜੀ ਨੇ…" ਉਸਦੇ ਟੁੱਟਵੇਂ ਜਿਹੇ ਵਾਕ ਸੁਣ ਕੇ ਈਸ਼ਵਰ ਦਾਸ ਦੀ ਆਵਾਜ਼ ਭਰੜਾਅ ਗਈ। ਉਸਨੇ ਕੁਝ ਕਹਿਣਾ ਚਾਹਿਆ ਪਰ ਸ਼ਬਦ ਉਸਦੇ ਗਲੇ ਵਿਚ ਹੀ ਅਟਕ ਗਏ। ਸਿਸਕੀਆਂ ਸੁਣਾਈ ਦੇਣ ਲੱਗ ਪਈਆਂ। ਭਗਵਾਨ ਦਾਸ ਦੀਆਂ ਗੱਲਾਂ ਨਾਲ ਉਸਦਾ ਦੁੱਖ ਵਧ ਗਿਆ ਸੀ। ਸਾਰੀ ਉਮਰ ਪਿਤਾ ਜੀ ਲਈ ਕੁਝ ਨਾ ਕਰ ਸਕਣ ਦਾ ਬੋਝ ਤਾਂ ਮਨ ਉੱਤੇ ਸੀ ਹੀ, ਇਕ ਹੋਰ ਦੁੱਖ ਵਧ ਗਿਆ ਸੀ ਕਿ ਪਿਤਾ ਜੀ ਉਸਦੇ ਘਰ ਵਿਚ ਹੀ ਮਾਰੇ ਗਏ ਸਨ…ਉਹਨਾਂ ਨਾਲ ਜੁੜੀਆਂ ਯਾਦਾਂ ਦੀ ਕੜੀ ਲੰਮੀ ਹੋਣ ਲੱਗੀ।

ਈਸ਼ਵਰ ਦਾਸ ਨੇ ਚਾਰੇ ਪਾਸੇ ਦੇਖਿਆ…ਬੰਦ ਖਿੜਕੀਆਂ ਪਿੱਛੋਂ ਝਾਕਦੀਆਂ ਅੱਖਾਂ, ਨੇੜੇ ਖੜ੍ਹਾ ਭਗਵਾਨ ਦਾਸ ਤੇ ਉਸਦਾ ਪਰਿਵਾਰ ਤੇ ਉਸਦਾ ਆਪਣਾ ਪਰਿਵਾਰ…ਲੱਗਿਆ, ਹੋਰ ਕਿਤੇ ਕੁਝ ਬਦਲਿਆ ਹੋਵੇ ਜਾਂ ਨਾ, ਪਰ ਬਸਤੀ ਜ਼ਰੂਰ ਬਦਲ ਗਈ ਹੈ।

ਭਗਵਾਨ ਦਾਸ ਈਸ਼ਵਰ ਦਾਸ ਨੂੰ ਛੂਹੰਦਿਆਂ ਹੀ ਭਾਵਕ ਹੋ ਗਿਆ। ਉਸਦੀਆਂ ਅੱਖਾਂ ਵਿਚੋਂ ਫੇਰ ਅੱਥਰੂ ਵਗ ਤੁਰੇ। ਉਹਨਾਂ ਦੀ ਦੋਸਤੀ ਬੜੀ ਪੱਕੀ ਸੀ---ਦੋਏ ਕਿਤਾਬੀ ਕੀੜੇ ਸਨ, ਸਵੇਰ ਦੀ ਸੈਰ ਇਕੱਠੇ ਕਰਦੇ। ਬਾਜ਼ਾਰ ਸੌਦਾ ਪੱਤਾ ਲੈਣ ਜਾਂਦੇ ਤੇ ਇਕੱਠੇ ਦਫ਼ਤਰ ਜਾਂਦੇ---ਉਦੋਂ ਉਹਨਾਂ ਦੀਆਂ ਲੰਮੀਆਂ, ਕਦੇ ਨਾ ਖ਼ਤਮ ਹੋਣ ਵਾਲੀਆਂ, ਬਹਿਸਾਂ ਛਿੜੀਆਂ ਹੁੰਦੀਆਂ। ਉਹ ਸੋਚਦੇ ਸਨ, ਸਾਰੇ ਲੋਕ ਉਹਨਾਂ ਵਾਂਗ ਹੀ ਕਿਉਂ ਨਹੀਂ ਸੋਚਦੇ ? ਪਰ ਉਸ ਸਮੇਂ ਭਗਵਾਨ ਦਾ ਇਹ ਗੱਲ ਨਹੀਂ ਸੋਚ ਰਿਹਾ ਸੀ---ਉਹ ਈਸ਼ਵਰ ਦੇ ਪਿਤਾ ਬਾਰੇ ਸੋਚ ਰਿਹਾ ਸੀ। ਉਸ ਘਟਨਾ ਤੋਂ ਬਾਅਦ ਕੋਈ ਅਜਿਹੀ ਰਾਤ ਨਹੀਂ ਸੀ ਆਈ, ਜਿਹੜੀ ਉਸਨੇ ਸੌਂ ਕੇ ਬਿਤਾਈ ਹੋਏ। ਉਹਨਾਂ ਦੀਆਂ ਸੋਚਾਂ ਵਿਚ ਉਹ ਇਕੱਲਾ ਭਟਕਦਾ ਰਹਿੰਦਾ ਸੀ।

ਉਸ ਦਿਨ ਵਾਲਾ ਹੌਸਲਾ ਵੀ ਉਸ ਵਿਚ ਨਹੀਂ ਸੀ ਰਿਹਾ। ਉਸ ਦਿਨ ਈਸ਼ਵਰ ਦੇ ਪਿਤਾ ਨੂੰ ਬਚਾਉਣ ਦੀ ਬੜੀ ਕੋਸ਼ਿਸ਼ ਕੀਤੀ ਸੀ ਉਸਨੇ ਤੇ ਉਸੇ ਦਿਨ ਉਸਦੀ ਸਮਝ ਵਿਚ ਇਹ ਗੱਲ ਆਈ ਸੀ ਕਿ ਭੀੜ ਦੇ ਜੋਸ਼ ਸਾਹਮਣੇ ਦਲੇਰੀ ਦਿਖਾਉਣ ਦੇ ਨਤੀਜੇ ਕੀ ਹੁੰਦੇ ਹਨ ? ਉਹ ਉਹਨਾਂ ਨਾਲ ਭਿੜ ਵੀ ਜਾਂਦਾ ਤਾਂ ਕੀ ਖੱਟ ਲੈਂਦਾ ? ਮਾਰਨ ਵਾਲ ਪੰਜਾ ਤਾਂ ਕਿਤੇ ਸੀ ਨਹੀਂ ਉੱਥੇ। ਇਕ ਵਾਰੀ ਉਸਦੇ ਮਨ ਵਿਚ ਆਇਆ ਕਿ ਚੀਕ-ਚੀਕ ਕੇ ਉਹਨਾਂ ਨੂੰ ਸਮਝਾਵਾਂ ਪਰ ਉਦੋਂ ਧਮਾਕੇ ਵਰਗੀ ਆਵਾਜ਼ ਗੂੰਜੀ :

"ਦੇਖਦੇ ਕੀ ਪਏ ਓ---ਮਾਰੋ ਸਾਲੇ ਪੰਜਾਬੀ ਨੂੰ।"

"ਕਰ ਦਿਓ ਠੀਕ।"

"ਇਸ ਨੂੰ ਮਾਰ ਧੱਕਾ ਪਰ੍ਹੇ।"

"ਇਹ ਵੀ ਸਾਲਾ ਪੰਜਾਬੀ ਐ।"

ਕੁਝ ਹੱਥਾਂ ਨੇ ਚੁੱਕ ਕੇ ਉਸਨੂੰ ਪਰ੍ਹੇ ਸੁੱਟ ਦਿੱਤਾ। ਪਾਗਲਪਣ ਦੇ ਗਿਲਾਫ਼ ਵਿਚ ਲਿਪਟੀਆਂ ਹੋਈਆਂ ਇਹ ਆਵਾਜ਼ਾਂ ਤਾਂ ਉਹ ਬਰਦਾਸ਼ਤ ਕਰ ਰਿਹਾ ਸੀ ਪਰ ਰਾਮ ਦੇਵ ਦੇ ਮੂੰਹੋਂ ਨਿਕਲਿਆ ਸ਼ਬਦ 'ਪੰਜਾਬੀ' ਉਸਦੇ ਹੌਸਲੇ ਤੋੜ ਗਿਆ। ਉਸਦੇ ਅਰਥ ਕਿੰਨੇ ਛੋਟੇ, ਕਿੰਨੇ ਤੰਗ-ਦਿਲ ਤੇ ਕਿੰਨੇ ਹਿੰਸਕ ਸਨ ! ਜਦੋਂ ਕਿ ਨਾ ਰਾਮ ਦੇਵ ਤੰਗ-ਦਿਲ ਸੀ, ਨਾ ਸੌੜੀ ਸੋਚ ਵਾਲਾ ਤੇ ਨਾ ਹੀ ਹਿੰਸਕ। ਉਹ ਪੜ੍ਹਿਆ-ਲਿਖਿਆ ਅਮਨ-ਪਸੰਦ ਆਦਮੀ ਸੀ। ਉਸਨੂੰ ਲੱਗਿਆ ਜਿਵੇਂ ਤੇਜ ਹਥਿਆਰ ਦੇ ਇਕੋ ਵਾਰ ਨਾਲ ਕਿਸੇ ਨੇ ਉਸਦੀ ਘੰਡੀ ਵੱਢ ਦਿੱਤੀ ਹੋਏ। ਰਾਮ ਦੇਵ ਸੂਬਾਈ ਪ੍ਰੇਮ ਤਾਂ ਕੀ, ਦੇਸ਼ ਪ੍ਰੇਮ ਤੋਂ ਵੀ ਉੱਚਾ ਉੱਠਿਆ ਹੋਇਆ ਸੀ---ਫੇਰ ਇਹ ਸ਼ਬਦ ਉਸਦੇ ਅੰਦਰ ਕਿੱਥੋਂ ਆ ਗਿਆ !

ਉਸ ਸਮੇਂ ਉਸਨੂੰ ਈਸ਼ਵਰ ਦਾਸ ਦੀਆਂ ਗੱਲਾਂ ਯਾਦ ਆਈਆਂ ਸਨ। ਇਕ ਦਿਨ ਅਖ਼ਬਾਰ ਦਾ ਮੁੱਖ ਸਫਾ ਪੰਜਾਬ ਖ਼ਬਰਾਂ ਦੀਆਂ ਨਾਲ ਭਰਿਆ ਹੋਇਆ ਸੀ---ਪੰਜਾਬ 'ਚ ਇਕ ਵਾਰਦਾਤ ਹੋ ਗਈ ਸੀ। ਉਧਰ ਨਾਗਾਲੈਂਡ ਤੇ ਅਸਾਮ ਵਿਚ ਅਨੇਕਾਂ ਲੋਕ ਹਿੰਸਾ ਦਾ ਸ਼ਿਕਾਰ ਹੋਏ ਸਨ ; ਇਹ ਖ਼ਬਰ ਚਾਰ ਕੁ ਲਾਈਨਾ ਦੀ ਸੀ। ਈਸ਼ਵਰ ਦਾਸ ਸੋਚਾਂ ਵਿਚ ਗਵਾਚਿਆ ਹੋਇਆ ਸੀ। ਕਾਫੀ ਦੇਰ ਬਾਅਦ ਬੋਲਿਆ ਕਿ 'ਕਿੰਨੇ ਦੁੱਖ ਦੀ ਗੱਲ ਹੈ ਸਾਡੇ ਤਖ਼ਤਾਂ ਦੀ ਨੀਂਹ, ਟੁਕੜਿਆਂ ਉੱਪਰ ਰੱਖੀ ਗਈ। ਹੁਣ ਏਕਤਾ ਦੇ ਨਾਂ 'ਤੇ ਵੱਖ-ਵੱਖ ਕਰਨ ਦਾ ਕੰਮ ਹੋ ਰਿਹਾ ਹੈ। ਅਸੀਂ ਵੱਖ-ਵੱਖ ਹੋਈਏ ਤੇ ਹੋਈਏ ਵੱਖ ਕਰਨ ਵਾਲਿਆਂ ਦੇ ਪਿੱਛੇ…!'

'ਐਨੇ ਸਾਲ ਇਹਨਾਂ ਵਿਚ ਰਹਿ ਕੇ ਮੈਂ ਆਪਣੇ ਆਪ ਨੂੰ ਇਹਨਾਂ ਵਿਚੋਂ ਸਮਝਦਾ ਰਿਹਾ। ਕੀ ਉਹ ਗਲਤ ਸੀ ?' ਉਹਨਾਂ ਪਲਾਂ ਵਿਚ ਉਸਨੂੰ ਲੱਗਿਆ ਸੀ ਉਹਨਾਂ ਚਿਹਰਿਆਂ ਵਾਲੇ ਹੁੰਦੇ ਹੋਏ ਵੀ ਉਹ---ਉਹ ਨਹੀਂ ਸਨ।

ਕੀ ਇਕ ਮਰਦੇ ਹੋਏ ਆਦਮੀ ਨੂੰ ਮੈਂ ਬਚਾਅ ਨਹੀਂ ਸਕਦਾ ? ਜਦੋਂ ਕਿਸੇ ਨੇ ਠੁੱਡ ਮਾਰ ਕੇ ਉਸਨੂੰ ਵਾਰਨਿੰਗ ਦਿੱਤੀ ਸੀ ਉਦੋਂ ਵੀ ਉਸ ਆਦਮੀ ਦੇ ਮੂੰਹੋਂ ਇਕ ਗਾਲ੍ਹ ਦੇ ਨਾਲ ਉਹੀ ਬਡਰੂਪ ਸ਼ਬਦ ਨਿਕਲਿਆ ਸੀ। ਉਹ ਉੱਠ ਕੇ ਈਸ਼ਵਰ ਦਾਸ ਦੇ ਘਰ ਵੱਲ ਨੱਸ ਤੁਰਿਆ ਸੀ ਪਰ ਰਾਹ ਵਿਚ ਹੀ ਹਿੰਸਕ ਭੀੜ ਨੇ ਉਸਨੂੰ ਚੁੱਕ ਕੇ ਭੌਇੰ 'ਤੇ ਪਟਕ ਦਿੱਤਾ ਸੀ। ਉਸਨੇ ਹੱਥ ਬੰਨ੍ਹ ਕੇ ਸਭ ਦੀ ਮਿੰਨਤ ਜਿਹੀ ਕੀਤੀ ਸੀ ਕਿ ਇਹ ਈਸ਼ਵਰ ਦਾਸ ਦੇ ਪਿਤਾ ਹਨ।

"ਫੇਰ ਇਸਦੇ ਵਾਲ ਕਿਉਂ ਰੱਖੇ ਹੋਏ ਨੇ ?"

ਭਗਵਾਨ ਦਾਸ ਨੇ ਆਸ-ਪੜੋਸ ਅੱਗੇ ਵਾਸਤੇ ਪਾਏ, ਪਰ ਕੋਈ ਹਿੱਕ ਥਾਪੜ ਕੇ ਅੱਗੇ ਨਹੀਂ ਸੀ ਆਇਆ। ਉਦੋਂ ਉਸ ਕੋਲ ਚੀਕਣ-ਕੂਕਣ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਸੀ ਰਿਹਾ ਤੇ ਉਹ ਚੀਕਦਾ ਹੋਇਆ ਬੇਹੋਸ਼ ਹੋ ਗਿਆ ਸੀ।
***
ਕੁਝ ਦਿਨ ਪਹਿਲਾਂ ਈਸ਼ਵਰ ਬਾਬੂ ਆਪਣੇ ਪਰਿਵਾਰ ਸਮੇਤ ਦੱਖਣ ਦੀ ਯਾਤਰਾ 'ਤੇ ਗਏ ਸਨ---ਬੁਲਾਇਆ ਤਾਂ ਪਿਤਾ ਜੀ ਨੂੰ ਵੀ ਯਾਤਰਾ ਲਈ ਸੀ, ਪਰ ਮੰਨੇ ਨਹੀਂ ਸਨ ਤੇ ਪਿੱਛੇ ਘਰ ਦੀ ਰੱਖਵਾਲੀ ਲਈ ਰਹਿ ਪਏ ਸਨ। ਉਹਨਾਂ ਦੀ ਦੇਖਭਾਲ ਦੀ ਜਿੰਮੇਂਵਾਰੀ ਭਗਵਾਨ ਦਾਸ ਤੇ ਉਸ ਦੇ ਪਰਿਵਾਰ ਨੇ ਲੈ ਲਈ ਸੀ। ਉਹ ਸਵੇਰੇ ਸਵਖਤੇ ਉੱਠ ਕੇ ਖੂੰਡੀ ਟੇਕਦੇ ਹੋਏ ਬਸਤੀ ਵਿਚੋਂ ਬਾਹਰ ਨਿਕਲ ਜਾਂਦੇ। ਰਸਤੇ ਵਿਚ ਜੋ ਵੀ ਮਿਲਦਾ ਸਿਰ ਨਿਵਾਅ ਕੇ ਸਤਿਕਾਰ ਕਰਦੇ। ਵਾਪਸ ਆ ਕੇ ਆਰਾਮ ਕੁਰਸੀ ਉੱਤੇ ਬੈਠ ਜਾਂਦੇ। ਕਿਤਾਬ ਪੜ੍ਹਦੇ, ਆਪਣੀਆਂ ਸੋਚਾਂ ਵਿਚ ਮਸਤ ਹੁੰਦੇ ਜਾਂ ਉਂਘ ਰਹੇ ਹੁੰਦੇ।

ਪ੍ਰਧਾਨ ਮੰਤਰੀ ਦੀ ਹੱਤਿਆ ਤੋਂ ਬਾਅਦ ਬਸਤੀ ਵਿਚ, ਹੋਰਨਾਂ ਨਗਰਾਂ ਜਾਂ ਇਲਾਕਿਆਂ ਵਾਂਗ ਕੋਈ ਮਾੜੀ ਘਟਨਾ ਨਹੀਂ ਹੋਈ---ਉਂਜ ਵੀ ਇੱਥੇ ਕੋਈ ਸਿੱਖ ਪਰਿਵਾਰ ਨਹੀਂ ਸੀ। ਲੋਕਾਂ ਨੇ ਪਹਿਲੀ ਵਾਰ ਇਕ ਦਾੜ੍ਹੀ ਦੇਸ ਧਾਰੀ ਬੰਦਾ ਦੇਖਿਆ ਤੇ ਉਹ ਵੀ ਈਸ਼ਵਰ ਦਾਸ ਦਾ ਪਿਤਾ ਸੀ ਜਿਸ ਦੇ ਪ੍ਰਤੀ ਕਿਸੇ ਦੇ ਮਨ ਵਿਚ ਕੋਈ ਮੰਦੀ ਭਾਵਨਾਂ ਨਹੀਂ ਸੀ ਉੱਠੀ।

ਉਂਜ ਬਸਤੀ ਵਿਚ ਅਫਵਾਹਾਂ ਅੱਗ ਤੇ ਫੂਸ ਨਾਲ ਲੈ ਕੇ ਆਉਂਦੀਆਂ ਸਨ---ਜਿਹਨਾਂ ਨੂੰ ਸੁਣ ਕੇ ਕਦੇ ਕਦੇ ਕੋਈ ਜੋਸ਼ ਵਿਚ ਚੀਕਣ ਵੀ ਲੱਗ ਪੈਂਦਾ ਸੀ। ਹਵਾਵਾਂ ਤਪ ਜਾਂਦੀਆਂ ਸਨ ਤੇ ਚਿਹਰੇ ਕੱਸੇ ਜਾਂਦੇ ਸਨ। ਸ਼ਹਿਰ ਵਿਚ ਹੋ ਰਹੀਆਂ ਵਾਰਦਾਤਾਂ ਉੱਤੇ ਭਗਵਾਨ ਦਾਸ ਹੈਰਾਨ ਹੁੰਦਾ ਕਿ ਲੁੱਟ-ਮਾਰ, ਸਾੜ-ਫੂਕ ਤੇ ਹੱਤਿਆਵਾਂ ਕਿੰਜ ਹੋ ਰਹੀਆਂ ਹਨ ? ਸੰਤਾਲੀ ਦੀ ਵੰਡ ਸਮੇਂ ਸਭ ਕੁਝ ਦੋ ਤਰਫਾ ਹੁੰਦਾ ਸੀ, ਨਾ ਸੁਰੱਖਿਆ ਪ੍ਰਬੰਧ ਸਨ ਤੇ ਨਾ ਹੀ ਪੁਲਿਸ। ਹੁਣ ਪੁਲਿਸ ਵੀ ਹੈ, ਸਰਕਾਰ ਵੀ ਹੈ ਹਰੇਕ ਕਿਸਮ ਦੇ ਸੁਰੱਖਿਆ ਪ੍ਰਬੰਧ ਵੀ ਹੋ ਸਕਦੇ ਹਨ, ਫੇਰ ਵੀ ਸਭ ਕੁਝ ਹੋ ਰਿਹਾ ਹੈ…ਤੇ ਉਹ ਵੀ ਇਕ ਤਰਫਾ !

ਅਖ਼ਬਾਰ, ਟੈਲੀਵੀਜ਼ਨ ਤੇ ਰੇਡੀਓ, ਸਭ ਸੋਗ ਵਿਚ ਡੁੱਬੇ ਹੋਏ ਸਨ। ਜਦੋਂ ਮਾਰਕਾਟ ਦਾ ਪਹਿਲਾ ਸਮਾਚਾਰ ਆਇਆ ਸੀ, ਲੋਕ ਡੌਰ-ਭੌਰ ਜਿਹੇ ਹੋ ਗਏ ਸਨ। ਦਿਮਾਗ਼ ਉੱਤੇ ਸੋਗ ਭਾਰੂ ਸੀ, ਕੋਈ ਹੋਰ ਕੁਝ ਸੋਚ ਹੀ ਨਹੀਂ ਰਿਹਾ ਤੇ ਜਿਸ ਦਿਨ ਈਸ਼ਵਰ ਦੇ ਪਿਤਾ ਦੀ ਹੱਤਿਆ ਹੋਈ ਸੀ, ਭਗਵਾਨ ਦਾਸ ਬਾਰੀ ਕੋਲ ਖੜ੍ਹਾ ਬਾਹਰ ਘੁੰਮ ਰਹੇ ਸਿਪਾਹੀਆਂ ਦੀਆਂ ਗੱਲਾਂ ਸੁਣ ਰਿਹਾ ਸੀ। ਉਦੋਂ ਹੀ ਉਸਨੂੰ ਤੂਫ਼ਾਨ ਵਾਂਗ ਵਧਦਾ ਆ ਰਿਹਾ ਰੌਲਾ ਜਿਹਾ ਸੁਣਾਈ ਦਿੱਤਾ, ਉਸਨੇ ਤ੍ਰਬਕ ਕੇ ਇਧਰ ਉਧਰ ਦੇਖਿਆ। ਸੈਂਕੜੇ ਲੋਕਾਂ ਦੀ ਹਿੰਸਕ ਭੀੜ, ਚੀਕਦੀ-ਕੂਕਦੀ ਆ ਰਹੀ ਸੀ---ਡਾਂਗਾਂ, ਬਰਛੇ ਤੇ ਹੋਰ ਹਥਿਆਰ ਖਾਸੇ ਨੇੜੇ ਆ ਗਏ ਸਨ।

"ਅਹਿ ਕੀ ? ਈਸ਼ਵਰ ਦੇ ਬਾਬੂ ਜੀ---" ਤੇ ਉਹ ਕੂਕਦਾ ਹੋਇਆ ਕਮਰੇ ਵਿਚੋਂ ਬਾਹਰ ਨਿਕਲਿਆ ਸੀ।

"ਰਸਤਾ ਛੱਡ ਦੇਅ," ਉਹ ਕੜਕਿਆ। ਉਸ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਸ ਦੀ ਪਤਨੀ ਵੀ ਕਦੀ ਉਸਦਾ ਰਸਤਾ ਰੋਕ ਸਕਦੀ ਹੈ। ਕਿਸੇ ਦੀ ਬਿਪਤਾ ਸਮੇਂ ਐਸਾ ਨੀਚ ਕਰਮ ਕਰ ਸਕਦੀ ਹੈ ! ਉਸਨੂੰ ਯਕੀਨ ਨਹੀਂ ਸੀ ਆ ਰਿਹਾ, ਪਰ ਉਸਦੀ ਪਤਨੀ ਉਸਨੂੰ ਜੱਫਾ ਪਾਈ ਖੜ੍ਹੀ ਥਰ-ਥਰ ਕੰਬ ਰਹੀ ਸੀ।

"ਪੇਪਰ ਨਹੀਂ ਪੜ੍ਹਿਆ ਤੁਸੀਂ ?"

ਅਚਾਨਕ ਸਭ ਕੁਝ ਉਸਦੀ ਸਮਝ ਵਿਚ ਆ ਗਿਆ ਤੇ ਉਸਨੂੰ ਇਸ ਗੱਲ ਦਾ ਅਫਸੋਸ ਵੀ ਹੋਇਆ ਕਿ ਗਰਮ ਹਵਾਵਾਂ ਨੇ ਉਹਨਾਂ ਦੇ ਘਰ ਨੂੰ ਏਨਾ ਕਮਜ਼ੋਰ ਕਰ ਦਿੱਤਾ ਹੈ ਤੇ ਉਸਨੂੰ ਪਤਾ ਵੀ ਨਹੀਂ !

"ਸੰਕਟ ਵਿਚ ਦੂਸਰਿਆਂ ਦੀ ਮਦਦ ਕਰਨੀ ਚਾਹੀਦੀ ਐ।"

"ਪਰ ਭੀੜ ਦਾ ਮੁਕਾਬਲਾ ਨਹੀਂ।"

ਭੀੜ ਦੇ ਨਾਅਰੇ ਉਸਦੇ ਕੰਨਾਂ ਵਿਚ ਰਿੱਝਦੇ ਹੋਏ ਲਾਵੇ ਵਾਂਗ ਪੈ ਰਹੇ ਸਨ।

"ਖ਼ੂਨ ਦਾ ਬਦਲਾ…" ਉਸਨੂੰ ਹੈਰਾਨੀ ਹੋਈ ਕਿ ਦਿੱਲੀ ਵਿਚ ਇਹ ਆਵਾਜ਼ ਭੀੜ ਦੇ ਮੂੰਹ ਵਿਚ ਕਿਸ ਨੇ ਪਾ ਦਿੱਤੀ ਹੈ ?

"ਤੋੜ ਦਿਓ ਦਰਵਾਜ਼ਾ…"

"ਮਾਰੋ…"

ਸ਼ਬਦ ਮਾਰੋ ਇਕ ਖੰਜਰ ਵਾਂਗ ਹੀ ਉਸਦੀ ਹਸਤੀ ਵਿਚ ਪੁਰ ਗਿਆ ਸੀ। ਉਸਨੇ ਪਤਨੀ ਨੂੰ ਧਰੀਕ ਕੇ ਪਰ੍ਹਾਂ ਸੁੱਟਿਆ ਤੇ ਬਾਹਰ ਵੱਲ ਨੱਸ ਪਿਆ। ਉੱਥੇ ਉਸਦੀ ਸੁਣਨ ਵਾਲਾ ਕੋਈ ਨਹੀਂ ਸੀ। ਲੋਕ ਦੂਜੀ ਧਿਰ ਦੀਆਂ ਆਵਾਜ਼ਾਂ ਸੁਣ ਰਹੇ ਸਨ। ਦੇਖਦੇ ਹੀ ਦੇਖਦੇ ਈਸ਼ਵਰ ਦਾਸ ਦਾ ਘਰ ਲੁੱਟ ਲਿਆ ਗਿਆ। ਉਹ ਬੇਵੱਸੀ ਹੱਥੋਂ ਪ੍ਰੇਸ਼ਾਨ ਹੋ ਕੇ ਚੀਕਦਾ ਰਿਹਾ। ਜਦੋਂ ਅੱਗੇ ਵਧਨ ਦੀ ਕੋਸ਼ਿਸ਼ ਕਰਦਾ, ਭੀੜ ਉਸਨੂੰ ਧਕੇਲ ਕੇ ਪਿਛਾਂਹ ਸੁੱਟ ਦਿੰਦੀ। ਕਿਤੋਂ ਪੈਟਰੋਲ ਦਾ ਗੁਬਾਰਾ ਈਸ਼ਵਰ ਦੇ ਪਿਤਾ ਉੱਤੇ ਡਿੱਗਿਆ, ਜਦੋਂ ਤਕ ਭਗਵਾਨ ਦਾਸ ਨੂੰ ਸਮਝ ਆਈ ਕਿ ਕੀ ਹੋ ਗਿਆ ਹੈ…ਉਹ ਧੂੰ-ਧੂੰ ਕਰਦੇ ਲਾਂਬੂਆਂ ਵਿਚ ਤੜਫਦੇ ਨਜ਼ਰ ਆਏ। ਭੀੜ ਖੁਸ਼ੀ ਨਾਲ ਹਿੰਸਕ ਨਾਚ ਨੱਚ ਰਹੀ ਸੀ।
***
ਭਗਵਾਨ ਦਾਸ ਦੇ ਘਰੋਂ, ਈਸ਼ਵਰ ਦਾਸ ਹੁਰਾਂ ਲਈ ਚਾਹ ਆ ਗਈ। ਦੇਖਦਿਆਂ ਹੀ ਲਾਜਵੰਤੀ ਕੂਕੀ, "ਕੋਈ ਕਿਸੇ ਚੀਜ਼ ਨੂੰ ਹੱਥ ਨਹੀਂ ਲਾਏਗਾ…ਅਜੇ ਉਹਨਾਂ ਦਾ ਅੰਤਮ ਸੰਸਕਾਰ ਨਹੀਂ ਹੋਇਆ। ਪਹਿਲਾਂ ਅਰਥੀ ਉੱਠੇਗੀ।"

"ਇਹ ਕਿਵੇਂ ਹੋ ਸਕਦਾ ਏ ?" ਈਸ਼ਵਰ ਦਾਸ ਲਾਜਵੰਤੀ ਦੀ ਗੱਲ ਸੁਣ ਕੇ ਤ੍ਰਬਕਿਆ ਤੇ ਰੋਣਾ ਭੁੱਲ ਗਿਆ। ਜਦੋਂ ਸਭ ਕੁਝ ਖਤਮ ਹੋ ਗਿਆ ਸੀ ਤਾਂ ਇਸ ਦੇ ਕੀ ਅਰਥ ਸਨ ?

"ਕਿਉਂ ਨਹੀਂ ਹੋ ਸਕਦਾ ?"

"ਭਾਬੀ ਸਭ ਕੁਝ ਤਾਂ ਰਾਖ ਹੋ ਗਿਆ, ਅਰਥੀ ਕਾਸ ਦੀ ਉੱਠੇਗੀ ?"

"ਜੋ ਹੈ, ਉਸੇ ਦੀ ਉੱਠੇਗੀ।"

ਅਜਿਹਾ ਨਾ ਕਦੇ ਕਿਸੇ ਨੇ ਦੇਖਿਆ ਸੀ ਤੇ ਨਾ ਹੀ ਸੁਣਿਆ ਸੀ। ਲਾਜਵੰਤੀ ਜਿਹਨਾਂ ਸੰਸਕਾਰਾਂ ਦੀ ਮੰਗ ਕਰ ਰਹੀ ਸੀ, ਉਹਨਾਂ ਨੂੰ ਪੂਰੇ ਕਰਨ ਲਈ ਆਸ-ਪੜੋਸ ਦੇ ਸਹਿਯੋਗ ਦੀ ਲੋੜ ਹੁੰਦੀ ਹੈ ਤੇ ਇਹ ਗੱਲ ਦਰਵਾਜ਼ਿਆਂ ਪਿੱਛੇ ਪਤਾ ਨਹੀਂ ਕਿੰਜ ਪਹੁੰਚ ਗਈ ਕਿ ਦਰਵਾਜ਼ੇ ਖੁੱਲ੍ਹਣ ਲੱਗ ਪਏ। ਆਪੋ ਵਿਚ ਗੱਲਾਂ ਹੋਣ ਲੱਗੀਆਂ। ਹਰੇਕ ਉੱਥੇ ਪਹੁੰਚਣਾ ਚਾਹੁੰਦਾ ਸੀ, ਪਰ ਉਹ ਇਕ ਅਪਰਾਧ ਭਾਵਨਾ ਹੇਠ ਦੱਬੇ ਹੋਏ ਸਨ ਤੇ ਚਾਹੁੰਦੇ ਹੋਏ ਵੀ ਬਾਹਰ ਨਹੀਂ ਸਨ ਨਿਕਲ ਰਹੇ।

ਦੁਹੱਥੜੀਂ ਪਿੱਟ-ਪਿੱਟ ਰੋਂਦੀ ਤੇ ਧਰਤੀ 'ਤੇ ਸਿਰ ਮਾਰ-ਮਾਰ ਵੈਣ ਪਾਉਂਦੀ ਲਾਜਵੰਤੀ ਨੂੰ ਦੇਖ ਕੇ ਲੋਕਾਂ ਦੇ ਦਿਲ ਹਿੱਲ ਗਏ। ਹੌਲੀ-ਹੌਲੀ ਆਸ-ਪੜੋਸ ਦੀਆਂ ਔਰਤਾਂ ਵੀ ਸਿਆਪੇ ਵਿਚ ਸ਼ਾਮਿਲ ਹੋਣ ਲੱਗੀਆਂ। ਦੇਖਦਿਆਂ ਦੇਖਦਿਆਂ ਪੂਰਾ ਇਕੱਠ ਹੋ ਗਿਆ। ਜਿੱਧਰੋਂ ਉਸ ਦਿਨ ਫਸਾਦੀ ਆਏ ਸਨ, ਉੱਧਰੋਂ ਵੀ ਲੋਕ ਆ ਰਹੇ ਸਨ। ਹਰੇਕ ਆਉਂਦਾ ਹੀ ਸਵਾਲ ਪੁੱਛਦਾ, "ਅਰਥੀ ਕਿਸ ਦੀ ਉੱਠੇਗੀ ?" ਤੇ ਇਸ ਸਵਾਲ ਦਾ ਜਵਾਬ ਉੱਥੇ ਕਿਸੇ ਕੋਲ ਵੀ ਨਹੀਂ ਸੀ। ਅਕਸਰ ਕਿਸੇ ਦੇ ਮੂੰਹੋਂ ਨਿਕਲ ਜਾਂਦਾ, "ਇਹ ਅਰਥੀ ਵੀ ਆਪਣੇ ਆਪ ਵਿਚ ਇਕ ਵੱਖਰੀ ਮਿਸਾਲ ਹੋਵੇਗੀ।"

ਬਾਊ ਈਸ਼ਵਰ ਦਾਸ ਨਾ ਸਿਰਫ ਬੰਦ ਦਰਵਾਜ਼ਿਆਂ ਦੇ ਖੁੱਲ੍ਹ ਜਾਣ ਉੱਤੇ ਹੈਰਾਨ ਸੀ ਬਲਿਕੇ ਇਸ ਗੱਲ ਉੱਤੇ ਵੀ ਹੈਰਾਨ ਸੀ ਕਿ ਉਹਨਾਂ ਦੇ ਘਰੋਂ ਲੁੱਟੀਆਂ ਗਈਆਂ ਚੀਜ਼ਾਂ ਦਾ ਢੇਰ ਲੱਗ ਗਿਆ ਸੀ। ਲੋਕ ਸਾਮਾਨ ਰੱਖਦੇ, ਥੋੜ੍ਹੀ ਜਿਹੀ ਸਫਾਈ ਪੇਸ਼ ਕਰਦੇ ਤੇ ਭੀੜ ਵਿਚ ਰਲ ਜਾਂਦੇ।

"ਭਾਈ ਸਾਹਬ ਇਹ ਕਿਸ ਦੀ ਅਰਥੀ ਐ ?"

ਈਸ਼ਵਰ ਦਾਸ ਨੇ ਸੋਚਿਆ ਕਹਿ ਦੇਵਾਂ ਇਹ ਮੇਰੇ ਪਿਓ ਦੀ ਅਰਥੀ ਹੈ। ਉਦੋਂ ਹੀ ਦਿਲ ਨੇ ਕਿਹਾ, 'ਇਹ ਅਰਥੀ ਤੇਰੇ ਪਿਤਾ ਜੀ ਦੀ ਨਹੀਂ।…' ਤਾਂ ਫੇਰ ਕਿਸ ਦੀ ਅਰਥੀ ਸੀ ਇਹ ? ਉਸਨੂੰ ਲੱਗਿਆ ਜਿਵੇਂ ਇਹ ਉਹਨਾਂ ਆਦਰਸ਼ਾਂ ਦੀ ਅਰਥੀ ਹੋਏ ਜਿਹਨਾਂ ਵਿਚ ਉਸਦੇ ਪਿਤਾ ਜੀ ਦਾ ਵਿਸ਼ਵਾਸ ਸੀ। 'ਨਹੀਂ---ਇਕ ਕਿਵੇਂ ਹੋ ਸਕਦਾ ਹੈ…ਉਹ ਸਾਰੀ ਜ਼ਿੰਦਗੀ ਆਪਣੇ ਆਦਰਸ਼ਾਂ ਦੀ ਖਾਤਰ ਜਿਊਂਦੇ ਰਹੇ ਹਨ।' ਮਨ ਵਿਚ ਆਇਆ ਚੀਕ-ਚੀਕ ਕੇ ਕਹੇ, 'ਇਹ ਅਰਥੀ ਉਹਨਾਂ ਲੋਕਾਂ ਦੀ ਹੈ ਜੋ ਜਿਊਂਦੇ ਹਨ, ਪਰ ਇੱਥੋਂ ਬੜੀ ਦੂਰ ਹਨ'…ਪਰ ਚੀਕਣਾ ਵੀ ਤਾਂ ਉਸਦੇ ਪਿਤਾ ਜੀ ਦੇ ਅਸੂਲਾਂ ਵਿਚ ਸ਼ਾਮਿਲ ਨਹੀਂ ਸੀ।

ਫੇਰ ਉਸਨੂੰ ਆਪਣੇ ਪਿਤਾ ਦੀ ਯਾਦ ਸਤਾਉਣ ਲੱਗ ਪਈ। ਯਾਦਾਂ ਦੇ ਗਲੋਟੇ ਵਿਚੋਂ ਸੋਚਾਂ ਦਾ ਤੰਦ ਉਧੜਨਾ ਸ਼ੁਰੂ ਹੋ ਗਿਆ। ਕਈ ਸਾਲ ਪਹਿਲਾਂ ਜਦੋਂ ਪੰਜਾਬ ਦਾ ਇਕੋ ਇਕ ਪ੍ਰਗਤੀਸ਼ੀਲ ਦੈਨਿਕ ਅਖ਼ਬਾਰ ਬੰਦ ਕਰ ਦਿੱਤਾ ਗਿਆ ਸੀ ਤਾਂ ਉਹ ਕਈ ਦਿਨ ਬੇਚੈਨ ਰਹੇ ਸਨ। ਦੂਜੇ ਦੈਨਿਕ ਅਖ਼ਬਾਰ ਉਹਨਾਂ ਦੇ ਹੱਥੋਂ ਛੁੱਟ ਜਾਂਦੇ ਸਨ ਤੇ ਉਹ ਬੜੇ ਦੁੱਖ ਨਾਲ ਆਖਦੇ ਹੁੰਦੇ ਸਨ, 'ਹੁਣ ਪੰਜਾਬ ਦੀ ਪ੍ਰੈਸ ਫਿਰਕਾਪ੍ਰਸਤਾਂ ਦੇ ਹੱਥ ਵਿਚ ਚਲੀ ਗਈ ਹੈ…ਹੈਰਾਨੀ ਹੈ ਕਿ ਇਹ ਜ਼ਹਿਰ ਸਰਕਾਰੀ ਵਿਗਿਆਪਨਾਂ ਨਾਲ ਭਰੇ ਹੋਏ ਨੇ'…ਕਹਿ ਕੇ ਉਹ ਆਉਣ ਵਾਲੇ ਦਿਨਾਂ ਵੱਲ ਸੰਕੇਤ ਕਰਦੇ।

ਪਹਿਲੀ ਮਰਦਮ ਸ਼ੁਮਾਰੀ ਸਮੇਂ ਘਰ ਵਿਚ ਝਗੜਾ ਹੋ ਗਿਆ ਸੀ, ਉਹਨਾਂ ਕਿਹਾ ਸੀ, 'ਸਾਡੀ ਮਾਤ ਭਾਸ਼ਾ ਪੰਜਾਬੀ ਹੈ, ਹਿੰਦੀ ਤਾਂ ਰਾਸ਼ਟਰੀ ਭਾਸ਼ਾ ਹੈ।' ਪ੍ਰਵਾਰ ਦਾ ਕੋਈ ਮੈਂਬਰ ਪੰਜਾਬੀ ਲਿਖਵਾਉਣ ਲਈ ਤਿਆਰ ਨਾ ਹੋਇਆ ਤਾਂ ਉਹਨਾਂ ਲਲਕਾਰ ਕੇ ਪੁੱਛਿਆ, 'ਚੱਜ ਨਾਲ ਹਿੰਦੀ ਬੋਲਣੀ ਆਉਂਦੀ ਜੇ ਕਿਸੇ ਨੂੰ ?' ਸਾਡੇ ਪਰਿਵਾਰ ਨੂੰ ਕੀ, ਸੂਬੇ ਵਿਚ ਬੜੇ ਥੋੜ੍ਹੇ ਲੋਕਾਂ ਨੂੰ ਹਿੰਦੀ ਬੋਲਣੀ ਆਉਂਦੀ ਸੀ---ਹਿੰਦੀ ਦਾ ਪ੍ਰਚਾਰ ਵੀ ਉਰਦੂ ਵਿਚ ਕੀਤਾ ਜਾਂਦਾ ਸੀ।

ਪਹਿਲੀਆਂ ਚੋਣਾ ਤੋਂ ਬਾਅਦ ਉਹਨਾਂ ਕਿਹਾ ਸੀ, 'ਸ਼ੁਰੂਆਤ ਹੀ ਗ਼ਲਤ ਹੈ। ਜੇ ਲੋਕ ਜਾਤ, ਵਰਗ, ਧਰਮ ਤੇ ਇਲਾਕੇ ਦੀ ਓਟ ਲੈ ਕੇ ਚੋਣ ਲੜਨਗੇ ਤਾਂ ਤੇ ਅਸੀਂ ਤਿੰਨ ਚਾਰ ਇਲੈਕਸ਼ਨਾਂ ਬਾਅਦ ਹੋਰ ਵੀ ਦੂਰ ਹੋ ਜਾਵਾਂਗੇ…।'

"ਭਾਈ ਸਾਹਬ ਕਿਸ ਦੀ ਅਰਥੀ ਹੈ ?"

ਉਹ ਤ੍ਰਬਕ ਕੇ ਪੁੱਛਣ ਵਾਲੇ ਦੇ ਮੂੰਹ ਵੱਲ ਤੱਕਣ ਲੱਗਾ, ਪਰ ਮੂੰਹੋਂ ਕੁਝ ਨਹੀਂ ਬੋਲਿਆ। ਉਸਨੇ ਫੁੱਲਾਂ ਲੱਦੀ ਅਰਥੀ ਵੱਲ ਦੇਖਿਆ…ਕਮਰੇ ਵਿਚਲੀ ਬਚੀ-ਖੁਚੀ ਸਵਾਹ ਨੂੰ ਇਕੱਠਾ ਕਰਕੇ ਅਰਥੀ ਦਾ ਰੂਪ ਦੇ ਦਿੱਤਾ ਗਿਆ ਸੀ। ਉਸਦੇ ਜੀਅ ਵਿਚ ਆਇਆ ਕਹਿ ਦਏ, ਫੁੱਲਾਂ ਦੀ ਅਰਥੀ ਹੈ।
***
ਭਗਵਾਨ ਦਾਸ ਭੀੜ ਵੱਲ ਵੇਖਦਾ ਹੋਇਆ ਉਹਨਾਂ ਚਿਹਰਿਆਂ ਨੂੰ ਪਛਾਣਨ ਦੀ ਕੋਸ਼ਿਸ਼ ਕਰ ਰਿਹਾ ਸੀ ਜਿਹੜੇ ਉਸ ਦਿਨ ਖ਼ੂੰ-ਖ਼ਾਰ, ਹਿੰਸਕ ਤੇ ਖਰੂਦੀ ਹੋਏ ਹੋਏ ਸਨ ਤੇ ਕੁਝ ਵੀ ਸੁਣਨ ਲਈ ਤਿਆਰ ਨਹੀਂ ਸਨ। ਭੀੜ ਦੇ ਮਨੋਵਿਗਿਆਨ ਨੂੰ ਸਮਝਣ ਵਾਲਾ ਭਗਵਾਨ ਦਾਸ ਅੱਜ ਦੀ ਭੀੜ ਦੇ ਬਦਲੇ ਹੋਏ ਚਿਹਰੇ ਨੂੰ ਦੇਖ ਕੇ ਵੀ ਪ੍ਰੇਸ਼ਾਨ ਹੋ ਗਿਆ ਸੀ। ਇਕ ਰੌ ਹੈ ਜਿਸ ਵਿਚ ਸਭ ਵਹਿ ਜਾਂਦੇ ਹਨ। ਅੱਜ ਭੜਕਾਉਣ ਤੇ ਉਕਸਾਉਣ ਵਾਲਾ ਕੋਈ ਨਹੀਂ ਸੀ। ਕੋਈ ਯਕੀਨ ਕਰ ਸਕਦਾ ਹੈ ਕਿ ਇਹ ਉਹੀ ਲੋਕ ਹਨ ! ਉਸਨੇ ਭਰਤ ਮੁਨੀ ਵੱਲ ਦੇਖਿਆ, ਜਿਸ ਦੇ ਮੱਥੇ 'ਤੇ ਅੱਜ ਵੀ ਪੱਟੀ ਬੱਧੀ ਹੋਈ ਸੀ। ਉਹ ਹਮੇਸ਼ਾ ਕਹਿੰਦਾ ਹੁੰਦਾ ਸੀ ਕਿ 'ਇਹ ਸਰਕਾਰ ਦੀਆਂ ਆਪਣੀਆਂ ਚਾਲਾਂ ਨੇ ਜਿਹੜੀਆਂ ਫਿਰਕਾਪ੍ਰਸਤੀ ਤੇ ਭੇਦਭਾਵ ਨੂੰ ਉਕਸਾਉਂਦੀਆਂ ਨੇ। ਜਦੋਂ ਸਰਕਾਰ ਸੰਪਰਦਾਇਕ ਭਾਵਨਾ ਦੇ ਨਾਂ 'ਤੇ ਘੱਟ ਗਿਣਤੀ ਦੇ ਲੋਕਾਂ ਨੂੰ ਖੁਸ਼ ਕਰਕੇ ਵੋਟਾਂ ਬਟੋਰਨ ਦੀ ਨੀਤੀ 'ਤੇ ਚਲਦੀ ਏ…ਤਾਂ ਵੱਧ ਗਿਣਤੀ ਦੇ ਲੋਕਾਂ ਦੇ ਦਿਲਾਂ ਵਿਚ ਇਹ ਬੀਜ ਵੀ ਪੌਂਦੀ ਰਹਿੰਦੀ ਏ ਕਿ ਉਹਨਾਂ ਨਾਲ ਬੇਇਨਸਾਫੀ ਹੋ ਰਹੀ ਹੈ। ਹੁਣ ਉਹਨਾਂ ਦੇ ਪਰਾਂ ਹੇਠੋਂ ਘੱਟ ਗਿਣਤੀ ਵਾਲੇ ਨਿਕਲਦੇ ਜਾ ਰਹੇ ਨੇ ਸੋ ਉਹ ਇਕ ਅਜਿਹੀ ਚਾਲ ਚੱਲ ਰਹੀ ਹੈ ਕਿ ਵੱਧ ਗਿਣਤੀ ਵਾਲੇ ਉਸਦੇ ਪਿੱਛੇ ਲੱਗ ਤੁਰਨ…।'

ਉਸ ਦਿਨ ਸਭ ਤੋਂ ਪਹਿਲੀ ਡਾਂਗ ਉਸੇ ਦੇ ਵੱਜੀ ਸੀ। ਉਸਨੇ ਵੀ ਸਭ ਨੂੰ ਲਲਕਾਰਿਆ ਸੀ ਕਿ ਇਸ ਨਿਰਦੋਸ਼ ਨੇ ਤੁਹਾਡਾ ਕੀ ਵਿਗਾੜਿਆ ਹੈ ?

ਇਕ ਪਾਸੇ ਰਾਮ ਦੇਵ ਖੜ੍ਹਾ ਸੀ। ਉਹ ਉਸ ਦਿਨ ਪਿੱਛੋਂ ਹਰ ਰੋਜ਼ ਉਸ ਤੋਂ ਮੁਆਫੀ ਮੰਗਣ ਆਉਂਦਾ ਤੇ ਇਕੋ ਗੱਲ ਕਹਿੰਦਾ, 'ਪਤਾ ਨਹੀਂ ਉਸ ਦਿਨ ਮੈਨੂੰ ਕੀ ਹੋ ਗਿਆ ਸੀ---ਪੂਰੇ ਤਿੰਨ ਦਿਨ, ਤਿੰਨ ਰਾਤਾਂ ਟੈਲੀਵੀਜ਼ਨ ਦੇਖਦਾ ਰਿਹਾ ਤੇ ਜਦੋਂ ਘਰੋਂ ਬਾਹਰ ਨਿਕਲਿਆ ਤਾਂ ਭੀੜ ਦੇ ਉਬਾਲ ਵਿਚ ਵਹਿ ਗਿਆ।

ਸ਼ਾਸਤਰੀ ਜੀ ਇਕ ਕੋਨੇ ਵਿਚ ਖੜ੍ਹੇ ਅੱਜ ਵੀ ਲੋਕਾਂ ਨੂੰ ਸਮਝਾ ਰਹੇ ਸਨ, ਉਸ ਦਿਨ ਵੀ ਲੋਕਾਂ ਨੂੰ ਸਮਝਾਉਣ ਦੇ ਚੱਕਰ ਵਿਚ ਐਨਕ ਤੁੜਵਾ ਬੈਠੇ ਸਨ। ਅੱਜ ਵੀ ਦੁਖੀ ਤੇ ਅਫ਼ਸੋਸ ਗਰੱਸੇ ਦਿਸ ਰਹੇ ਸਨ, "ਜਦੋਂ ਅਸੀਂ ਆਪ ਹੀ ਜਾਤਾਂ-ਪਾਤਾਂ ਵਿਚ ਵੰਡੇ ਹੋਏ ਹਾਂ ਤਾਂ ਦੂਜੇ ਸਾਡੇ ਨਾਲ ਮਿਲ ਕੇ ਕਿਵੇਂ ਰਹਿ ਸਕਦੇ ਨੇ---" ਅੱਜ ਲੋਕ ਉਹਨਾਂ ਦੀਆਂ ਗੱਲਾਂ ਸੁਣ ਰਹੇ ਸਨ, ਕੋਈ ਉਹਨਾਂ ਨੂੰ ਝਾੜ ਨਹੀਂ ਸੀ ਪਾ ਰਿਹਾ। ਭੀੜ ਵਿਚੋਂ ਕੋਈ ਵਾਕ ਅਜਿਹਾ ਵੀ ਸੁਣਾਈ ਦੇ ਜਾਂਦਾ ਜਿਹੜਾ ਬਰਛੇ ਵਾਂਗ ਵਿੰਨ੍ਹਦਾ ਚਲਾ ਜਾਂਦਾ। ਭਗਵਾਨ ਦਾਸ ਦੇ ਮਨ ਵਿਚ ਆਇਆ ਅਜਿਹੀਆਂ ਆਵਾਜ਼ਾਂ ਦਾ ਵਿਰੋਧ ਕਰੇ, ਪਰ ਮਾਤਮੀ ਮਾਹੌਲ ਵਿਚ ਇੰਜ ਕਰਨਾ ਉਸਦੇ ਵੱਸ ਦੀ ਗੱਲ ਨਹੀਂ ਸੀ। ਇਕ ਗੱਲ ਦੀ ਤਸੱਲੀ ਜਿਹੀ ਹੋਈ ਸੀ ਕਿ ਚੰਗੀਆਂ ਆਵਾਜ਼ਾਂ ਹੀ ਵਧੇਰੇ ਸੁਣਾਈ ਦੇ ਰਹੀਆਂ ਸਨ। ਉਹ ਇਸ ਗੱਲ ਉੱਤੇ ਵੀ ਹੈਰਾਨ ਸੀ ਕਿ ਕੋਈ ਕਿਸੇ ਨੂੰ ਸੱਦਣ ਨਹੀਂ ਸੀ ਗਿਆ, ਨਾ ਹੀ ਕਿਸੇ ਨੂੰ ਸੁਨੇਹਾ ਭੇਜਿਆ ਗਿਆ ਸੀ। ਫੇਰ ਵੀ ਉਸਦੇ ਤੇ ਈਸ਼ਵਰ ਦਾਸ ਦੇ ਦਫ਼ਤਰ ਦੇ ਲੋਕ ਆਣ ਪਹੁੰਚੇ ਸਨ। ਅੱਜ ਸਾਰੇ ਹਰ ਰੋਜ਼ ਵਾਂਗ ਖ਼ਬਰਾਂ ਦੀ ਜੁਗਾਲੀ ਵੀ ਨਹੀਂ ਸੀ ਕਰ ਰਹੇ। ਹਰੇਕ ਬੰਦਾ ਜ਼ਰਾ ਵੱਖਰੀਆਂ ਗੱਲਾਂ ਕਰ ਰਿਹਾ ਸੀ।

ਹਜ਼ੂਰ ਸਿੰਘ, ਸੰਤੋਖ ਸਿੰਘ, ਤੇਜਪਾਲ ਸਿੰਘ, ਸਰਦਾਰ ਨਰੂਲਾ, ਕ੍ਰਿਪਾਲ ਸਿੰਘ, ਪ੍ਰੀਤਮ ਸਿੰਘ, ਗੁਰਵਿੰਦਰ ਸਿੰਘ ਤੇ ਹੋਰ ਸਾਰੇ ਸਿਰ ਝੁਕਾਈ ਖੜ੍ਹੇ ਸਨ। ਕੋਈ ਹੋਰ ਮੌਕਾ ਹੁੰਦਾ ਤਾਂ ਹਜ਼ੂਰ ਸਿੰਘ ਨੇ ਹਸਾ-ਹਸਾ ਕੇ ਢਿੱਡੀਂ ਵੱਟ ਪੁਆਏ ਹੁੰਦੇ। ਹਜ਼ੂਰ ਸਿੰਘ ਉੱਥੇ ਹੀ ਸੀ, ਪਰ ਉੱਥੇ ਹੈ ਨਹੀਂ ਸੀ---ਉਹ ਕਦੀ ਈਸ਼ਵਰ ਵੱਲ ਤੇ ਕਦੇ ਭੀੜ ਵੱਲ ਦੇਖਦਾ ਤੇ ਫੇਰ ਪਤਾ ਨਹੀਂ ਕਿੱਥੇ ਗਵਾਚ ਜਾਂਦਾ ਸੀ---ਉਸਦੀਆਂ ਅੱਖਾਂ ਭਰ ਆਉਂਦੀਆਂ ਸਨ। ਕੁਝ ਦਿਨਾਂ ਵਿਚ ਹੀ ਉਸਦੇ ਕੱਪੜੇ ਕਿਸੇ ਹੋਰ ਦੇ ਕੱਪੜੇ ਲੱਗਣ ਲੱਗ ਪਏ ਸਨ। ਉਹ ਹੱਸਣ ਹਾਉਣ ਵਾਲਾ ਮਿਹਨਤੀ ਆਦਮੀ ਕਿੱਦਾਂ ਅੰਦਰੇ ਅੰਦਰ ਖੁਰ ਰਿਹਾ ਸੀ---ਉਸਦਾ ਵੱਡਾ ਲੜਕਾ ਸਕੂਟਰ 'ਤੇ ਗਿਆ ਸੀ ਤੇ ਫੇਰ ਘਰ ਵਾਪਸ ਨਹੀਂ ਸੀ ਆਇਆ। ਉਹ ਤੇ ਸਕੂਟਰ ਇਕੋ ਅੱਗ ਦੇ ਸ਼ਿਕਾਰ ਹੋ ਗਏ ਸਨ, ਚਾਰ ਪੰਜ ਦਿਨ ਪਹਿਲਾਂ ਹੀ ਹਜ਼ੂਰ ਸਿੰਘ ਨੇ ਭਗਵਾਨ ਦਾਸ ਨੂੰ ਪੁੱਛਿਆ ਸੀ, "ਸਾਡਾ ਕਸੂਰ ਕੀ ਹੈ ? ਹੋਰਾਂ ਦੀ ਸਜਾ ਸਾਨੂੰ ਕਿਉਂ ਮਿਲ ਰਹੀ ਹੈ ? ਸਿਰਫ ਏਸ ਕਰਕੇ ਕਿ ਸਾਡੇ ਕੇਸ ਰੱਖੇ ਹੋਏ ਨੇ ? ਹੋਰ ਅਸੀਂ ਕਿੱਥੇ ਜਾਈਏ, ਕਿੰਜ ਜਾਈਏ---ਕਿਊਂ ਜਾਈਏ---ਕੀ ਇੱਥੇ ਸਾਨੂੰ ਇੰਜ ਈ ਰਹਿਣਾ ਪਏਗਾ ?"

ਉਸਨੂੰ ਦੇਖ ਕੇ ਭਗਵਾਨ ਦਾਸ ਦੀਆਂ ਅੱਖਾਂ ਭਰ ਆਈਆਂ, ਉਸਦੇ ਮੁੰਡੇ ਦਾ ਮੁਸਕਰਾਉਂਦਾ ਹੋਇਆ ਚਿਹਰਾ ਉਸ ਦੀਆਂ ਅੱਖਾਂ ਸਾਹਮਣੇ ਘੁੰਮਣ ਲੱਗਾ। ਜਦੋਂ ਉਸਨੇ ਪ੍ਰੀਤਮ ਸਿੰਘ ਵੱਲ ਦੇਖਿਆ ਤਾਂ ਉਸਦਾ ਮਨ ਹੋਰ ਵੀ ਉਦਾਸ ਹੋ ਗਿਆ। ਉਸਦੇ ਪਰਿਵਾਰ ਵਿਚ ਉਸਦੀ ਪਤਨੀ ਦੇ ਸਿਵਾਏ ਕੋਈ ਨਹੀਂ ਸੀ ਬਚਿਆ---ਪਿਤਾ ਕਾਨ੍ਹਪੁਰ ਸਾਮਾਨ ਲੈਣ ਗਏ ਸਨ, ਵਾਪਸ ਨਹੀਂ ਮੁੜੇ। ਘਰ ਦਾ ਹੋਰ ਕੋਈ ਜੀਅ ਨਹੀਂ ਬਚਿਆ---ਦੁਕਾਨ ਲੁੱਟ ਦੀ ਨਜ਼ਰ ਹੋ ਗਈ।

ਜਗਦੇਵ ਸਿੰਘ, ਜਸਵੰਤ ਸਿੰਘ ਤੇ ਕਈ ਹੋਰ ਇਸ ਦੁਨੀਆਂ ਵਿਚ ਨਹੀਂ ਸੀ ਰਹੇ। ਚਾਰ ਦਿਨਾਂ ਵਿਚ ਹੀ ਉਹ ਸਭ ਕੁਝ ਨਹੀਂ ਸੀ ਰਿਹਾ, ਜੋ ਪਹਿਲਾਂ ਹੁੰਦਾ ਸੀ। ਆਪਣੀ ਹੀ ਜਗ੍ਹਾ ਵਿਚ ਆਦਮੀ ਬਿਗਾਨਾ ਹੋ ਗਿਆ ਸੀ। ਆਪਣੇ ਕਾਰਨ ਨਹੀਂ ਦੂਜਿਆਂ ਦੇ ਕਾਰਨ। ਕਿੱਡੀ ਮਜ਼ਾਕ ਵਾਲੀ ਗੱਲ ਹੈ ਕਿ ਆਦਮੀ ਆਪਣੇ ਆਪ ਨੂੰ ਪਹਿਚਾਣ ਤੋਂ ਡਰ ਮਹਿਸੂਸ ਕਰ ਰਿਹਾ ਹੈ।

ਜਦੋਂ ਕਿਸੇ ਨੇ ਕਿਹਾ ਸੀ ਕਿ ਜਿੰਮੇਵਾਰ ਤਾਂ ਇਹ ਆਪ ਹੀ ਹਨ ਤਾਂ ਈਸ਼ਵਰ ਦਾਸ ਚੀਕ ਪਿਆ ਸੀ---"ਇਹ ਕਿੰਜ ਜਿੰਮੇਵਾਰ ਨੇ ?" ਫੇਰ ਉਸਦੀ ਆਵਾਜ਼ ਭਰੜਾਅ ਗਈ ਸੀ, ਉਸਦੇ ਮੂੰਹੋਂ ਸਿਰਫ ਏਨਾ ਹੀ ਨਿਕਲਿਆ ਸੀ, "ਅਸੀਂ ਉਹਨਾਂ ਉੱਤੇ ਕਿਉਂ ਯਕੀਨ ਕਰਦੇ ਹਾਂ ਜੋ ਹਵਾ ਦੇ ਰੁਖ਼ ਅਨੁਸਾਰ ਬੋਲਦੇ ਨੇ ? ਕੀ ਮੇਰੇ ਪਿਤਾ ਨੂੰ ਉਹਨਾਂ ਨੇ ਮਾਰਿਆ ਹੈ, ਜਿਹਨਾਂ ਨੇ ਉਹਨਾਂ ਦੀ ਹੱਤਿਆ ਕੀਤੀ ਹੈ ? ਇਹ ਸੱਚ ਨਹੀਂ ।"

ਉਹ ਹਜ਼ੂਰਾ ਸਿੰਘ ਕੋਲ ਜਾ ਕੇ ਖੜ੍ਹਾ ਹੋ ਗਿਆ।

ਪ੍ਰੀਤਮ ਸਿੰਘ ਤੇ ਹਜ਼ੂਰਾ ਸਿੰਘ ਦੀਆਂ ਘਰਵਾਲੀਆਂ ਉਸਦੀ ਜ਼ਨਾਨੀ ਕੋਲ ਬੈਠੀਆਂ ਰੋ ਰਹੀਆਂ ਸਨ। ਉਹਨਾਂ ਤਿੰਨਾਂ ਤੀਵੀਆਂ ਦੀ ਆਵਾਜ਼ ਹੀ ਨਹੀਂ, ਸਾਰੀਆਂ ਵੈਣ ਪਾ ਰਹੀਆਂ ਤੀਵੀਆਂ ਦੀ ਆਵਾਜ਼ ਇਕੋ ਜਿਹੀ ਲੱਗੀ ਸੀ, ਉਸਨੂੰ।
***
ਅਰਥੀ ਚੁੱਕੀ ਗਈ ਤਾਂ ਸਾਰੇ ਪਾਸੇ ਇਕ ਭਗਦੜ ਤੇ ਰੌਲਾ ਜਿਹਾ ਮੱਚ ਗਿਆ। ਹਰੇਕ ਦਿਸ਼ਾ ਵੱਲੋਂ ਲੋਕ ਨੱਸੇ ਆ ਰਹੇ ਸਨ। ਸੜਕ ਦੇ ਦੋਹੇਂ ਪਾਸੀਂ ਸੈਂਕੜੇ ਲੋਕ ਖੜ੍ਹੇ ਸਨ। ਅਰਥੀ ਦੇ ਮਗਰ ਭੀੜ ਵਧਦੀ ਹੀ ਜਾ ਰਹੀ ਸੀ।

"ਕਿਸਦੀ ਅਰਥੀ ਹੈ ?"

"ਮਿੱਟੀ ਕਿੱਥੇ ਹੈ ?"

"ਜਿਸਦੀ ਅਰਥੀ ਹੈ, ਉਸਦਾ ਸਰੀਰ ਕਿੱਥੇ ਹੈ ?"

ਲੋਕ ਆਉਣ ਸਾਰ ਇਸੇ ਕਿਸਮ ਦੇ ਸਵਾਲ ਪੁੱਛਦੇ। ਜਦੋਂ ਪਤਾ ਲੱਗਦਾ ਅਰਥੀ ਨੂੰ ਮੋਢਾ ਦੇਣ ਲਈ ਅਗਾਂਹ ਵਧ ਜਾਂਦੇ ਤੇ ਉਤਰ ਦੇਣ ਵਾਲਿਆਂ ਵਿਚ ਸ਼ਾਮਲ ਹੋ ਜਾਂਦੇ ਜਾਂ ਆਪਣੇ ਦਿਲ ਦੀਆਂ ਗੱਲਾਂ ਉੱਚੀਆਂ ਆਵਾਜਾਂ ਵਿਚ ਕਰਨ ਲੱਗ ਪੈਂਦੇ। ਕੁਝ ਜਜ਼ਬਾਤੀ ਹੋ ਕੇ ਲੀਡਰਾਂ ਨੂੰ ਗਾਲ੍ਹਾਂ ਦੇਣ ਲੱਗ ਪੈਂਦੇ। ਆਵਾਜ਼ ਦੇ ਇਸ ਜੰਗਲ ਵਿਚ ਇਕ ਆਵਾਜ਼ ਨੂੰ ਦੂਜੀ ਨਾਲੋਂ ਨਿਖੇੜ ਕੇ ਸੁਣਨਾ ਜਾਂ ਸਮਝਣਾ ਸੰਭਵ ਨਹੀਂ ਸੀ। ਨਾ ਹੀ ਇਹ ਪਤਾ ਲਾਇਆ ਜਾ ਸਕਦਾ ਸੀ ਕਿ ਕਿਹੜੀ ਆਵਾਜ਼ ਕਿਸ ਪਸਿਓਂ ਆ ਰਹੀ ਹੈ---ਸਿਰਫ ਅੰਦਾਜ਼ਾ ਹੀ ਲਾਇਆ ਜਾ ਸਕਦਾ ਸੀ ਕਿ ਬੋਲਣ ਵਾਲਾ ਕਿਸ ਰੌ ਵਿਚ ਹੈ।

"ਸਭ ਕੁਝ ਏਨੀ ਛੇਤੀ ਕਿਵੇਂ ਵਾਪਰ ਸਕਦਾ ਐ ? ਕੀ ਇਸ ਲਈ ਹਾਲਾਤ ਬੜੀ ਪਹਿਲਾਂ ਨਹੀਂ ਤਿਆਰ ਹੋ ਗਏ ਸਨ।"

"ਮਾਮਲੇ ਨੂੰ ਲਮਕਾਉਣਾ ਹੀ ਅਸਲ ਕਾਰਨ ਹੈ।"

"ਸਾਰੇ ਝਗੜੇ ਪਾਵਰ ਹਥਿਆਉਣ ਦੇ ਨੇ ਜੀ।"

"ਅਸੀਂ ਮੁਫ਼ਤ ਵਿਚ ਬੇਵਕੂਫ਼ ਬਣ ਗਏ---ਜਿਵੇਂ ਲੜਾਈ ਸਾਡੀ ਆਪਣੀ ਹੋਵੇ।"

"ਉਹ ਸਾਨੂੰ ਵੱਖ-ਵੱਖ ਕਰਨਾ ਚਾਹੁੰਦੇ ਨੇ।"

ਇਹ ਉਹੀ ਲੋਕ ਸਨ ਜਿਹੜੇ ਪਹਿਲਾਂ ਕਿਸੇ ਦੂਸਰੀ ਬੋਲੀ ਵਿਚ ਗੱਲਾਂ ਕਰ ਰਹੇ ਸਨ ਤੇ ਅੱਜ ਬਿਲਕੁਲ ਵੱਖਰੀ ਭਾਸ਼ਾ ਬੋਲ ਰਹੇ ਸਨ।

ਜਦੋਂ ਕਿਸੇ ਨੇ ਕਿਹਾ ਕਿ ਉਹ ਵੱਖਵਾਦੀ ਹਨ ਤਾਂ ਹੀ ਇਹ ਸਭ ਕੁਝ ਹੋਇਆ ਹੈ, ਨਾਲੇ ਇਹਨਾਂ ਵੀ ਹੱਤਿਆਵਾਂ ਕੀਤੀ ਹਨ।

"ਇਹ ਝੂਠ ਹੈ," ਸ਼ਾਸਤਰੀ ਜੀ ਥਰ-ਥਰ ਕੰਬਣ ਲੱਗੇ। ਕੋਈ ਗੱਲ ਉਹਨਾਂ ਦੇ ਅੰਦਰ ਸੀ, ਭੜਕ ਉਠੀ, "ਫੇਰ ਤਾਂ ਆਪਣੇ ਦੋ ਸੂਬਿਆਂ ਨੂੰ ਛੱਡ ਕੇ ਸਾਰੇ ਹੀ ਵੱਖਵਾਦੀ ਹੋਏ। ਸਾਡੇ ਇਹ ਸੂਬੇ ਵੀ ਤਾਂ ਜਾਤੀਵਾਦ ਵਿਚ ਏਨੇ ਉਲਝੇ ਹੋਏ ਨੇ ਕਿ ਸਾਡਾ ਹੱਕ ਹੀ ਨਹੀਂ ਬਣਦਾ ਕਿਸੇ ਨੂੰ ਨਸੀਹਤਾਂ ਦੇਈਏ। ਸਬਕ ਸਿਖਾਈਏ।" ਸ਼ਾਸਤਰੀ ਜੀ ਦੇ ਬਿਨਾਂ ਇਹੀ ਗੱਲ ਕਿਸੇ ਨੇ ਹੋਰ ਕਹੀ ਹੁੰਦੀ ਤਾਂ ਕੁੱਟ ਖਾ ਲੈਣੀ ਸੀ।

ਉਦੋਂ ਹੀ ਪੁਲਿਸ ਤੇ ਉਸਦੇ ਅਧਿਕਾਰੀਆਂ ਦੀਆਂ ਜੀਪਾਂ ਆ ਗਈਆਂ, ਦੇਖਦਿਆਂ ਹੀ ਦੇਖਦਿਆਂ ਇਕੱਠ ਦਾ ਰੋਸ ਵਧਣ ਲੱਗਾ।

"ਕਿਸਦੀ ਅਰਥੀ ਹੈ ?"

"ਕਿਸ ਨੂੰ ਮੋਢਾ ਦੇ ਰਹੇ ਓ ?"

ਇਹੀ ਸਵਾਲ ਸੁਣਦੇ ਸੁਣਦੇ ਸਾਰੇ ਤੰਗ ਆ ਗਏ ਸਨ। ਫੇਰ ਵੀ ਇਹਨਾਂ ਦੇ ਜਵਾਬ ਉਹਨਾਂ ਦੇ ਅੰਦਰਲੀ ਕਿਸੇ ਖਾਸ ਪਰਤ ਨੂੰ ਛੂਹ ਲੈਂਦੇ ਸਨ। ਪੂਰੀ ਗੱਲ ਭਾਵੇਂ ਕਿਸੇ ਦੀ ਸਮਝ ਵਿਚ ਆਈ ਸੀ ਜਾਂ ਨਹੀਂ, ਫੇਰ ਵੀ ਦੂਜੇ ਨੂੰ ਕੁਝ ਨਾ ਕੁਝ ਤਾਂ ਦੱਸ ਹੀ ਦਿੱਤਾ ਜਾਂਦਾ ਸੀ। ਪਰ ਹੁਣ ਵਿਚਾਲੇ ਕਾਨੂੰਨ ਵਿਵਸਥਾ ਤੇ ਪਤਾ ਨਹੀਂ ਕੀ ਕੀ ਆ ਪਹੁੰਚਿਆ ਸੀ।

"ਦਸਦੇ ਕਿਉਂ ਨਹੀਂ, ਕਿਸ ਦੀ ਅਰਥੀ ਹੈ ਇਹ ?"

"ਐਨੇ ਲੋਕ ਕਿਉਂ ਇਸਦੇ ਨਾਲ ਨੇ ?"

"ਜਲਦੀ ਦੱਸੋ, ਕਿਸ ਦੀ ਅਰਥੀ ਹੈ ?"

"ਅਸਾਡੀ ਹੈ---ਅਸਾਂ ਸਾਰਿਆਂ ਦੀ।"

"ਨਹੀਂ, ਇਹ ਸਾਡੀ ਅਰਥੀ ਨਹੀਂ, ਉਹਨਾਂ ਦੀ ਹੈ ਜੋ ਦਿਖਾਈ ਨਹੀਂ ਦਿੰਦੇ।"

"ਉਹ ਕੌਣ ਨੇ ?"

"ਸੁਣੋ ਬਈ, ਇਹ, ਇਹੀ ਨਹੀਂ ਜਾਦੇ ਕਿ ਉਹ ਕੌਣ ਨੇ ?"

"ਜਾਣਦੇ ਨਹੀਂ, ਇਹਨਾਂ ਗੱਲਾਂ ਨਾਲ ਸ਼ਾਂਤੀ ਭੰਗ ਹੁੰਦੀ ਏ, ਲੋਕ ਭੜਕ ਉੱਠਦੇ ਨੇ ?"

"ਸਾਰਾ ਸ਼ਹਿਰ ਤਾਂ ਅਰਥੀ ਦੇ ਨਾਲ ਐ---ਭੜਕੂਗਾ ਕੌਣ ?"

"ਉਹਨਾਂ ਚਾਰ ਦਿਨਾਂ ਵਿਚ ਕਿੱਥੇ ਸੀ ਤੁਸੀਂ ਲੋਕ ?"

"ਦਿਖਾਈ ਦਿੰਦੇ ਤਾਂ ਇਹ ਅਰਥੀ ਵੀ ਨਾ ਹੁੰਦੀ ਅੱਜ…"

"ਜਾਂਚ ਈ ਕਰਵਾਉਣ ਆ ਜਾਂਦੇ…"

ਬਾਬੂ ਈਸ਼ਵਰ ਦਾਸ ਚੁੱਪਚਾਪ ਭੀੜ ਵਿਚਾਲੇ ਘਿਰਿਆ ਤੁਰਦਾ ਜਾ ਰਿਹਾ ਸੀ। ਅਰਥੀ ਮਰਗ ਆਈ ਭੀੜ ਦੀਆਂ ਗੱਲਾਂ ਸੁਣ ਸੁਣ ਕੇ ਉਸ ਦੀਆਂ ਸੋਚਾਂ ਨੇ ਨਵਾਂ ਮੋੜ ਲਿਆ। ਉਸ ਨੂੰ ਇਹ ਅਹਿਸਾਸ ਵੀ ਨਹੀਂ ਸੀ ਰਿਹਾ ਕੇ ਉਹ ਆਪਣੇ ਪਿਤਾ ਦੀ ਅਰਥੀ ਨਾਲ ਜਾ ਰਿਹਾ ਹੈ। ਜਦੋਂ ਅੰਤਮ ਯਾਤਰਾ ਸ਼ੁਰੂ ਹੋਣ ਲੱਗੀ ਸੀ, ਉਸਨੇ ਹੱਥ ਜੋੜ ਕੇ ਸਾਰੇ ਸਰਦਾਰ ਮਿੱਤਰਾਂ ਨੂੰ ਬੇਨਤੀ ਕੀਤੀ ਸੀ ਕਿ ਉਹ ਅਰਥੀ ਨਾਲ ਨਾ ਜਾਣ, ਘਰੋ-ਘਰੀਂ ਪਰਤ ਜਾਣ। ਪਰ ਸੁਣਦਿਆਂ ਹੀ ਲੋਕ ਸਰਦਾਰਾਂ ਦੇ ਇਰਦ-ਗਿਰਦ ਇਕੱਠੇ ਹੋ ਗਏ ਸਨ। ਚਾਰੇ ਪਾਸੇ ਇਕ ਤੂਫ਼ਾਨ ਜਿਹਾ ਉੱਠ ਖੜ੍ਹਾ ਹੋਇਆ ਸੀ---'ਨਹੀਂ, ਸਾਰੇ ਸਾਡੇ ਨਾਲ ਜਾਣਗੇ।' ਈਸ਼ਵਰ ਬਾਬੂ ਦੀਆਂ ਅੱਖਾਂ ਭਰ ਆਈਆਂ ਸਨ, ਹੰਝੂ ਵਹਿ ਤੁਰੇ ਸਨ ਤੇ ਮੂੰਹੋ ਇਕ ਸ਼ਬਦ ਵੀ ਨਹੀਂ ਸੀ ਨਿਕਲਿਆ। ਉਸਨੇ ਸੋਚਿਆ ਸੀ, ਕਿਤੇ ਕੋਈ ਐਸੀ-ਵੈਸੀ ਘਟਨਾ ਨਾ ਵਾਪਰ ਜਾਏ---'ਇਕੱਠ ਦਾ ਕੀ ਪਤਾ ਲੱਗਦੈ, ਇਕੋ ਨਾਅਰੇ ਨਾਲ ਭੂਸਰ ਜਾਂਦੇ।' ਉਸਨੂੰ ਇਸ ਗੱਲ ਦਾ ਅਹਿਸਾਸ ਵੀ ਹੋਇਆ ਕਿ ਪਤਨੀ ਦੇ ਅੰਧ-ਵਿਸ਼ਵਾਸ ਦੇ ਸਾਹਮਣੇ ਉਸਨੂੰ ਝੁਕਣਾ ਨਹੀਂ ਸੀ ਚਾਹੀਦਾ। ਇਹਨਾਂ ਸੋਚਾਂ ਵਿਚਕਾਰ ਘਿਰਿਆ ਉਹ ਤੁਰਦਾ ਜਾ ਰਿਹਾ ਸੀ ਤੇ ਕਈ ਗੱਲਾਂ ਬਾਰੇ ਸਪਸ਼ਟ ਵੀ ਹੋ ਗਿਆ ਸੀ ਕਿ ਲੋਕ ਖ਼ੂੰ-ਖਾਰ ਕਿੰਜ ਹੋ ਜਾਂਦੇ ਹਨ ? ਉਹਨਾਂ ਨੂੰ ਕੋਈ ਭੜਕਾਉਂਦਾ ਕਿਵੇਂ ਹੈ ? ਕੋਈ ਹੈ ਜੋ ਇਹਨਾਂ ਵਿਚ ਰਲ ਕੇ ਇਹਨਾਂ ਨੂੰ ਹੋਰ ਦਾ ਹੋਰ ਬਣਾ ਦਿੰਦਾ ਹੈ। ਕੱਲ੍ਹ ਫੇਰ ਇਹਨਾਂ ਨੂੰ ਵਰਗਲਾਅ ਕੇ, ਬਹਿਕਾਅ ਕੇ ਦੂਜੇ ਪਾਸੇ ਲੈ ਜਾਇਆ ਜਾ ਸਕਦਾ ਹੈ। ਕੀ ਇਹ ਹਮੇਸ਼ਾ ਇੰਜ ਨਹੀਂ ਰਹਿ ਸਕਦੇ ?

ਪੁਲਿਸ ਅਧਿਕਾਰੀਆਂ ਦੀਆਂ ਆਵਾਜ਼ਾਂ ਨੇ ਉਸ ਨੂੰ ਇਹਨਾਂ ਸੋਚਾਂ ਵਿਚੋਂ ਬਾਹਰ ਘਸੀਟ ਲਿਆ ਸੀ ਤੇ ਉਹ ਭੀੜ ਨੂੰ ਚੀਰਦਾ ਹੋਇਆ ਅੱਗੇ ਵਧਣ ਲੱਗਾ ਸੀ। ਭੀੜ ਬੇਕਾਬੂ ਹੋ ਕੇ ਨਾਅਰੇ ਲਾਉਣ ਲੱਗ ਪਈ ਸੀ। ਉਹ ਫੇਰ ਡਰਨ ਲੱਗਾ, ਕਿਤੇ ਕੁਝ ਹੋ ਹੀ ਨਾ ਜਾਏ। ਉਸਨੇ ਇਕ ਵਾਰੀ ਉਤੇਜਤ ਭੀੜ ਵੱਲ ਦੇਖਿਆ, ਜਿਹੜੀ ਇਕੋ ਹੱਲੇ ਨਾਲ ਪੁਲਿਸ ਤੇ ਉਸਦੇ ਅਧਿਕਾਰੀਆਂ ਨੂੰ ਭਸਮ ਕਰ ਸਕਦੀ ਸੀ। ਉਸਦੀ ਸਮਝ ਵਿਚ ਇਕ ਗੱਲ ਹੋਰ ਆ ਗਈ ਸੀ ਕਿ ਜਦੋਂ ਅਖ਼ਬਾਰ ਦੇ ਮੁੱਖ ਪੰਨਿਆਂ ਉੱਤੇ ਹੋਰ ਵਿਸ਼ਿਆਂ ਨੂੰ ਛੱਡ ਕੇ ਸਿਰਫ ਪੰਜਾਬ ਹੀ ਹੋਏਗਾ ਤਾਂ ਅਜਿਹੀ ਭੀੜ ਹਰ ਜਗਾਹ ਭੜਕਾਈ ਜਾ ਸਕੇਗੀ। ਪਰ ਉਸਦੀ ਸਮਝ ਵਿਚ ਨਹੀਂ ਆ ਰਿਹਾ ਸੀ ਕਿ ਲੋਕ ਇਹ ਕਿੰਜ ਸਮਝ ਸਕਦੇ ਨੇ ਕਿ ਇਹਨਾਂ ਅਖ਼ਬਾਰਾਂ ਲਈ ਵੀ ਕੋਈ ਖ਼ਬਰਾਂ ਤਿਆਰ ਕਰ ਰਿਹਾ ਹੈ।

"ਇਹ ਅਰਥੀ ਤੁਹਾਡੇ ਪਿਤਾ ਜੀ ਦੀ ਹੈ ?"

"ਨਹੀਂ।"

"ਫੇਰ ਕਿਸਦੀ ਹੈ ?"

"ਇਹੀ ਮੈਂ ਸੋਚ ਰਿਹਾਂ ਕਿ ਇਹ ਅਰਥੀ ਕਿਸ ਦੀ ਹੈ ?"

ਉਹ ਫੇਰ ਸੋਚਾਂ ਵਿਚ ਗਵਾਚ ਗਿਆ। ਕਾਫੀ ਕੁਝ ਉਸਦੀ ਸਮਝ ਵਿਚ ਆ ਚੁੱਕਿਆ ਸੀ।

ਉਸਨੇ ਅਧਿਕਾਰੀਆਂ ਵੱਲ ਦੇਖਿਆ---ਪਰ ਇਸ ਤੋਂ ਪਹਿਲਾਂ ਕਿ ਉਹ ਕੁਝ ਕਹਿੰਦਾ, ਜੀਪਾਂ ਉੱਥੋਂ ਜਾ ਚੁੱਕੀਆਂ ਸਨ।

ਮਜਲਸ ਖਾਸੀ ਦੂਰ ਨਿਕਲ ਗਈ ਸੀ। ਉਦੋਂ ਹੀ ਭਗਵਾਨ ਦਾਸ ਨੇ ਉਸਦੇ ਮੋਢੇ ਉੱਤੇ ਹੱਥ ਰੱਖਿਆ। ਭਗਵਾਨ ਦਾਸ ਦੀਆਂ ਅੱਖਾਂ ਵਿਚੋਂ ਕਿਰਦੇ ਹੰਝੂ ਹਜ਼ੁਰਾ ਸਿੰਘ ਨੇ ਆਪਣੇ ਰੁਮਾਲ ਵਿਚ ਸਮੇਟ ਲਏ---ਉਹ ਆਪ ਵੀ ਸਿਸਕ ਰਿਹਾ ਸੀ।

"ਕਿਉਂ ਰੋ ਰਹੇ ਓ ?"

"ਅਸੀਂ ਸੋਚ ਰਹੇ ਹਾਂ---ਇਹ ਅਰਥੀ ਕਿਸਦੀ ਹੈ ?" ਇਕੱਠਿਆਂ ਦੇ ਮੂੰਹੋਂ ਨਿਕਲਿਆ ਸੀ। ਫੇਰ ਦੋਹਾਂ ਨੇ ਹੇਠਾਂ ਡਿੱਗੇ ਫੁੱਲ ਚੁੱਕ ਕੇ ਈਸ਼ਵਰ ਦੀ ਹਥੇਲੀ ਉੱਤੇ ਰੱਖ ਦਿੱਤੇ ਸਨ।

1 comment:

  1. ਪੰਜਾਬੀ ਦੇ ਵਿਚ ਲਿਖਣ ਵਾਲੀਆ ਨੂੰ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਇਸ ਕਰਕੇ ਤੁਹਾਡਾ ਬਲੋਗ , ਪੰਜਾਬੀ ਮੇਰੀ ਆਵਾਜ ਨਾਲ ਜੋੜ ਦਿਤਾ ਗਿਆ ਹੈ ਉਮੀਦ ਹੈ ਕੀ ਤੁਸੀ ਵੀ ਇਸ ਬਲਾਗ ਦਾ ਲਿੰਕ http://punjabirajpura.blogspot.com/ ਨੂੰ ਆਪਣੇ ਬਲਾਗ ਨਾਲ ਜੋੜੋਗੇ ਤੇ ਸਾਡੇ ਬਲਾਗ ਤੇ ਵੀ ਦਰਸ਼ਨ ਦੇਵੋਗੇ
    ਧੰਨਵਾਦ

    ਤੁਹਾਡੇ ਬਲਾਗ ਨੂੰ ਪੜਨ ਵਾਲਾ ਤੇ ਤੁਹਾਡਾ ਦੋਸਤ

    ਵਿਨੋਦ ਕੁਮਾਰ

    ReplyDelete