Tuesday, May 26, 2009

ਦਹਿਸ਼ਤ :: ਲੇਖਕ : ਜਫ਼ਰ ਪਿਆਮੀ

ਉਰਦੂ ਕਹਾਣੀ : ਦਹਿਸ਼ਤ :: ਲੇਖਕ : ਜਫ਼ਰ ਪਿਆਮੀ
ਅਨੁਵਾਦ : ਮਹਿੰਦਰ ਬੇਦੀ ਜੈਤੋ Í ਮੁਬਾਇਲ : 94177-30600.


ਜ਼ਿੰਦਗੀ ਸਿਰਫ ਇਤਫ਼ਾਕ ਹੈ ਤੇ ਮੌਤ ਇਕ ਅਟੱਲ ਸਚਾਈ---ਫੇਰ ਮੌਤ ਤੋਂ ਡਰਨਾ ਕੀ ?...ਡਰ ਤਾਂ ਸਿਰਫ ਇਸ ਗੱਲ ਦਾ ਸੀ ਕਿ ਕਿਤੇ ਅੱਡੀਆਂ ਰਗੜ-ਰਗੜ ਹੀ ਨਾ ਮਰਨਾ ਪਏ। ਜੇ ਮੌਤ ਝੱਟ ਮੰਗਣੀ, ਪੱਟ ਵਿਆਹ ਵਾਂਗ ਵਾਪਰ ਜਾਏ, ਤਾਂ ਕਹਿਣਾ ਈ ਕੀ ! ਹਵਾਈ ਹਾਦਸੇ ਦੀ ਮੌਤ ਨੂੰ ਉਹ ਬਿਹਤਰ ਸਮਝਦਾ ਸੀ---ਬਿੰਦ-ਝੱਟ ਦੀ ਪ੍ਰੇਸ਼ਾਨੀ ਤੇ ਸਦਾ-ਸਦਾ ਦੀ ਛੁੱਟੀ। ਗ਼ਾਲਿਬ ਵਿਚਾਰੇ ਹਵਾਈ ਦੌਰ ਤੋਂ ਪਹਿਲਾਂ ਪੈਦਾ ਹੋਏ ਸਨ…ਏਸੇ ਕਰਕੇ ਗਰਕ-ਦਰਿਆ ਹੋਣ ਦੀ ਹਸਰਤ ਵਿਚ ਮਰ ਕੇ ਸ਼ਰਮਿੰਦਾ ਹੋਏ। ਹਵਾਈ ਹਾਦਸੇ ਨਾਲ ਪ੍ਰੀਤ ਜੋੜਦੇ ਤਾਂ ਸ਼ਰਮਿੰਦਿਆਂ ਤਾਂ ਨਾ ਹੋਣਾ ਪੈਂਦਾ---ਨਾ ਕੋਈ ਜਨਾਜ਼ਾ ਉਠਦਾ, ਨਾ ਕੋਈ ਮਜ਼ਾਰ ਹੁੰਦਾ। ਜੇ ਕਿਤੇ ਕਿਸਮਤ ਸਾਥ ਦੇਂਦੀ ਤਾਂ ਮੌਜ ਨਾਲ ਗਰਕ-ਦਰਿਆ ਵੀ ਹੋ ਜਾਂਦੇ…ਅਕਸਰ ਹਵਾਈ ਹਾਦਸੇ (ਸ਼ਾਇਦ ਉਹਨਾਂ ਦੇ ਹੁਕਮ ਨਾਲ ਹੀ) ਸਮੁੰਦਰ ਉੱਤੇ ਹੁੰਦੇ ਨੇ।

ਇਕ ਹੋਰ ਚੰਗੀ ਮੌਤ ਇਹ ਵੀ ਹੋ ਸਕਦੀ ਹੈ ਕਿ ਕੋਈ ਸਰਪਟ ਦੌੜਦੀ ਹੋਈ ਕਾਰ ਕਿਸੇ ਉੱਚੀ ਪਹਾੜੀ ਉਪਰੋਂ ਸੈਂਕੜੇ ਫੁੱਟ ਹੇਠਾਂ ਵਗਦੀ ਕਿਸੇ ਨਦੀ ਵਿਚ ਇੰਜ ਜਾ ਡਿੱਗੇ ਕਿ ਨਾ ਕਾਰ ਦਾ ਹੀ ਕੋਈ ਪਤਾ ਲੱਗੇ ਤੇ ਨਾ ਹੀ ਕਾਰ ਵਾਲੇ ਦਾ।

ਮੌਤ ਵੱਲੋਂ ਏਨਾ ਬੇਪ੍ਰਵਾਹ ਹੁੰਦਾ ਹੋਇਆ ਵੀ ਉਹ ਖਾਸਾ ਭੈ-ਭੀਤ ਸੀ। ਭਾਵੇਂ ਕਾਰ ਸਾਧਾਰਨ ਰਫ਼ਤਾਰ ਨਾਲ ਦੌੜ ਰਹੀ ਸੀ ਤੇ ਰਸਤਾ ਵੀ ਬਿਲਕੁਲ ਪੱਧਰਾ ਸੀ। ਹਰ ਪਾਸੇ ਲੋਕ ਤੁਰੇ ਫਿਰਦੇ ਸਨ ਤੇ ਚੱਪਾ-ਚੱਪਾ ਉਸਦਾ ਜਾਣਿਆ-ਪਛਾਣਿਆ ਸੀ---ਫੇਰ ਵੀ ਪਤਾ ਨਹੀਂ ਕਿਉਂ ਉਸਨੂੰ ਡਰ ਲੱਗ ਰਿਹਾ ਸੀ। ਸ਼ਾਇਦ ਅਗਲੇ ਮੋੜ ਉੱਤੇ ਜਾਂ ਇੱਥੇ ਕਿਤੇ ਹੀ, ਹੁਣੇ ਤੇ ਇਸੇ ਪਲ, ਜ਼ਿੰਦਗੀ ਖ਼ਤਮ ਹੋ ਜਾਵੇਗੀ।

ਇਕ ਵਾਰੀ ਨਹੀਂ ਅਨੇਕਾਂ ਵਾਰੀ ਉਹ ਇਹਨਾਂ ਰਾਹਾਂ ਉੱਤੇ ਮਿਲਣ-ਵਿਛੜਨ ਦੀ ਖੇਡ, ਖੇਡ ਚੁੱਕਿਆ ਸੀ। ਉਸਨੂੰ ਉਹ ਦਿਨ ਯਾਦ ਆਇਆ ਜਦ ਉਹਨਾਂ ਦੀ ਨਵੀਂ ਨਵੀਂ ਸ਼ਾਦੀ ਹੋਈ ਸੀ---ਉਹ ਤੇ 'ਉਹ' ਏਸੇ ਰਾਸਤੇ ਉੱਤੇ ਡਰਾਈਵ ਕਰਦੇ ਹੋਏ ਇਕ ਦਿਨ ਏਦਾਂ ਮਸਤ ਹੋ ਗਏ ਸਨ ਕਿ ਇਕ ਰਾਹ ਜਾਂਦੇ ਰਾਹੀ ਨੇ ਕਿਹਾ ਸੀ, 'ਬੱਲੇ, ਬੱਲੇ ਬਾਊ ਜੀ…ਕਹੋ ਤਾਂ ਅਸੀਂ ਓ ਖੇਸ ਪਾ ਦੇਈਏ ਸ਼ੀਸ਼ਿਆਂ ਉੱਪਰ…'

ਫੇਰ ਉਸ ਸਰਪਟ ਕਾਰ ਦੌੜਾ ਦਿੱਤੀ ਸੀ, ਜਿਵੇਂ ਹਵੇਲੀ ਵਾਲਿਆਂ ਦੀ ਵੱਡੀ ਬੇਰੀ ਦੇ 'ਗਲਘੋਟੂ' ਬੇਰ ਤੋੜਦੇ ਹੋਏ ਉੱਤੋਂ ਫੜ੍ਹੇ ਗਏ ਹੋਣ---ਹੋਸ਼ ਓਦੋਂ ਵੀ ਨਹੀਂ ਸੀ ਹੁੰਦੀ ਤੇ ਨਾ ਹੀ ਓਦੋਂ ਈ ਸੀ। ਫਰਕ ਸਿਰਫ ਏਨਾ ਸੀ ਕਿ ਉਦੋਂ ਜ਼ਿੰਦਗੀ ਆਪਣੇ ਪੂਰੇ ਹੁਸਨ ਸਮੇਤ ਉਹਨਾਂ ਦੇ ਕਲਾਵੇ ਵਿਚ ਸੀ ਤੇ ਅੱਜ ਪੈਰ-ਪੈਰ ਉੱਤੇ ਹਰੇਕ ਰੁੱਖ, ਹਰੇਕ ਤੰਬੂ, ਹਰੇਕ ਝਾੜੀ ਤੇ ਹਰੇਕ ਚਿਹਰੇ ਦੇ ਪਿੱਛੇ ਮੌਤ ਲੁਕੀ ਖੜ੍ਹੀ ਦਿਖਾਈ ਦੇਂਦੀ ਸੀ।

ਉਸਨੂੰ ਯਕੀਨ ਸੀ ਮੌਤ ਕੋਈ ਵੱਡਾ ਮਰਹਲਾ ਨਹੀਂ…ਪਤਾ ਨਹੀਂ ਕਿਉਂ ਫੇਰ ਵੀ ਮੌਤ ਤੋਂ ਡਰ ਰਿਹਾ ਸੀ ਉਹ ! ਸ਼ਾਇਦ ਇਸ ਕਰਕੇ ਕਿ ਉਸਨੂੰ ਸੱਦਾ ਦੇਣ ਵਿਚ ਵੀ ਉਸਦੇ ਰਵਾਇਤੀ ਦੱਬੂਪਣ ਤੇ ਬੇਵਕੂਫ਼ੀ ਦਾ ਵੱਡਾ ਹੱਥ ਸੀ। ਸਭਿਅਤਾ ਤੇ ਸ਼ਰਾਫਤ, ਯਾਨੀਕਿ ਮੂਰਖਤਾ ਦਾ ਇਹ 'ਕ੍ਰਮ' ਪਿਛਲੀ ਰਾਤ ਹੀ ਸ਼ੁਰੂ ਹੋ ਗਿਆ ਸੀ : ਕੱਲ੍ਹ ਰਾਤੀਂ ਜਦੋਂ ਉਹ ਖਾਣਾ ਵਗ਼ੈਰਾ ਖਾ ਕੇ ਬੈਠੇ, ਦੇਸ਼ ਵਿਦੇਸ਼ ਵਿਚ ਵੱਸਦੇ ਆਪਣੇ ਮਿੱਤਰਾਂ-ਰਿਸ਼ਤੇਦਾਰਾਂ ਦੇ ਹਾਲ-ਚਾਲ, ਪੁੱਛ-ਦੱਸ ਰਹੇ ਸਨ ਤਾਂ ਅਚਾਨਕ ਬਾਹਰਲੇ ਦਰਵਾਜ਼ੇ ਦਾ ਕੁੰਡਾ ਖੜਕਿਆ ਸੀ। ਹਾਲਾਤ ਨੇ ਸਿਖਾਅ ਦਿੱਤਾ ਸੀ ਕਿ ਬੂਹਾ ਖੋਹਲਣ ਤੋਂ ਪਹਿਲਾਂ ਕਿਸੇ ਚੋਰ ਮੋਰੀ ਥਾਣੀ ਇਹ ਜ਼ਰੂਰ ਦੇਖ ਲੈਣਾ ਚਾਹੀਦਾ ਹੈ ਕਿ ਕੁੰਡਾ ਖੜਕਾਉਣ ਵਾਲਾ 'ਠੀਕ ਆਦਮੀ' ਹੈ ? ਉਸਦੇ ਜੀਜੇ ਨੇ ਬਾਹਰ ਖੜ੍ਹੇ ਲੋਕਾਂ ਨੂੰ ਦੇਖਿਆ ਤੇ ਦੀਵਾਨਖਾਨੇ ਦੀ ਚੁਟਕਨੀ ਅੰਦਰੋਂ ਅੜਾਉਣ ਲੱਗ ਪਿਆ। ਉਦੋਂ ਹੀ ਕਾਲਬੈੱਲ ਦੀ ਘੰਟੀ ਕੰਨਾਂ ਵਿਚ ਚੀਰ ਪਾ ਗਈ। ਪੋਰਟਿਕੋ ਤੋਂ ਥੋੜ੍ਹੀ ਦੂਰ ਇਕ ਚਿੱਟੀ ਕਾਰ ਖੜ੍ਹੀ ਹੋਈ ਸੀ---ਮਾਮਲਾ ਖਤਰਨਾਕ ਹੀ ਜਾਪਦਾ ਸੀ। ਬਾਹਰਲਾ ਬੂਹਾ ਲਗਾਤਾਰ ਖੜਕਾਇਆ ਜਾ ਰਿਹਾ ਸੀ।

ਡਰਦਿਆਂ ਡਰਦਿਆਂ ਨੌਕਰ ਨੂੰ ਬਾਹਰ ਭੇਜ ਦਿੱਤਾ ਗਿਆ। ਨੌਕਰ ਦਾ ਕੀ ਹੁੰਦੈ, ਇਕ ਗਿਆ ਦੂਜਾ ਆ ਜਾਏਗਾ। ਨੌਕਰ ਪਿਛਲੇ ਦਰਵਾਜ਼ੇ ਵੱਲੋਂ ਗਿਆ ਸੀ…ਤੇ ਆਉਣ ਵਾਲਿਆਂ ਤੋਂ ਕੁਝ ਪੁੱਛ ਕੇ ਝੱਟ ਵਾਪਸ ਨੱਸ ਆਇਆ ਸੀ।

'ਤੀਨ ਸਰਦਾਰ ਬਾਹਰ ਖੜੇ ਹੈਂ ਜੀ…ਫਾਰਨ ਵਾਲੇ ਸਾ'ਬ ਕੋ ਪੂਛ ਰਹੇ ਹੈਂ। ਇਨਹੋਂ ਨੇ ਕਲ੍ਹ ਕੇ ਲੀਏ ਕੋਈ ਟੈਕਸੀ ਬੁਕ ਕਰਵਾਈ ਥੀ।'

ਉਸਦੀ ਚੋਰੀ ਫੜ੍ਹੀ ਗਈ ਸੀ।

ਕੱਲ੍ਹ ਸਵੇਰ ਦੀ ਫਲਾਈਟ 'ਤੇ ਲੰਦਨ ਤੋਂ ਦਿੱਲੀ ਤੇ ਦਿੱਲੀ ਤੋਂ ਇਸ ਸ਼ਹਿਰ ਵਿਚ ਪਹੁੰਚਦਿਆਂ ਹੀ ਉਸਨੇ ਹਮੇਸ਼ਾ ਵਾਂਗ ਟੈਕਸੀ ਸਟੈਂਡ 'ਤੇ ਫ਼ੋਨ ਕੀਤਾ ਸੀ, ਜਿੱਥੋਂ ਉਹ ਹਮੇਸ਼ਾ ਟੈਕਸੀ ਕਰਵਾ ਕੇ 'ਆਪਣੇ ਪਿੰਡਾਂ ਵੱਲ' ਘੁੰਮਣ ਜਾਂਦਾ ਹੁੰਦਾ ਸੀ। ਫ਼ੋਨ ਉੱਤੇ ਹੀ ਕਿਰਾਏ ਵਗ਼ੈਰਾ ਦੀ ਸੈਟਲਮੈਂਟ ਕਰਕੇ ਉਸਨੇ ਇੱਥੋਂ ਦਾ ਪਤਾ ਦੇ ਦਿੱਤਾ ਸੀ।

ਤਾਂ ਇਹ ਲੋਕ ਮੈਨੂੰ ਮਿਲਣ ਆਏ ਸਨ ?
ਪਰ ਏਸ ਵੇਲੇ ਕਿਉਂ ?
ਇਹ ਸੋਚਣ ਦਾ ਮੌਕਾ ਨਹੀਂ ਸੀ---ਜੇ ਉਹ ਲੋਕ ਬਾਹਰ ਖੜ੍ਹੇ ਸਨ ਤਾਂ ਉਸਨੂੰ ਮਿਲਣਾ ਹੀ ਪੈਣਾ ਸੀ।
ਉੱਠ ਕੇ ਉਹ ਨੌਕਰ ਵਾਲੇ ਰਸਤੇ ਤੋਂ ਬਾਹਰ ਚਲਾ ਗਿਆ।
'ਸਾਹਿਬ ਜੀ, ਤੁਸਾਂ ਨੇ ਟੈਕਸੀ ਬੁੱਕ ਕਰਵਾਈ ਸੀ ਨਾ…ਪਟਿਆਲਾ, ਜਲੰਧਰ, ਅੰਮ੍ਰਿਤਸਰ ਵਗ਼ੈਰਾ ਵਾਸਤੇ ?'
'ਕਰਵਾਈ ਤਾਂ ਸੀ---ਪਰ ਸਵੇਰੇ ਜਾਣ ਲਈ, ਇਸ ਵੇਲੇ ਲਈ ਨਹੀਂ।' ਉਸਦੀ ਆਵਾਜ਼ ਵਿਚੋਂ ਘਬਰਾਹਟ ਝਲਕ ਰਹੀ ਸੀ।
'ਅਸੀਂ ਇਹੀ ਪੱਕਾ ਕਰਨ ਆਏ ਆਂ ਜੀ। ਲੰਮਾ ਸਫ਼ਰ ਏ…ਤੁਹਾਨੂੰ ਕੋਈ ਕਸ਼ਟ ਨਾ ਹੋਏ। ਬਾਈ ਦੀ ਵੇ…ਕਿੰਨੇ ਜਣੇ ਹੋਣਗੇ ?'
'ਸਿਰਫ ਮੈਂ…' ਤੇ ਤੁਰੰਤ ਹੀ ਉਸਨੂੰ ਅਹਿਸਾਸ ਹੋਇਆ ਸੀ ਕਿ ਇਹ ਦੱਸ ਕੇ ਉਸਨੇ ਬੜੀ ਵੱਡੀ ਬੇਵਕੂਫ਼ੀ ਕੀਤੀ ਹੈ।
'ਫੇਰ ਤਾਂ ਸਾਹਬ ਜੀ ਨਵੀਂ ਫੀਅਟ 'ਚ ਲੈ ਚੱਲਾਂਗੇ। ਸੀ ਐੱਚ ਜੈੱਡ - 112 ਯਾਦ ਰੱਖਿਓ।'
'ਅੱਛਾ।' ਮੁਰਦਲੀ ਜਿਹੀ ਆਵਾਜ਼ ਵਿਚ ਉਸਨੇ ਜਵਾਬ ਦਿੱਤਾ।
'ਗੁੱਡ ਨਾਈਟ ਸਰ।'
'ਸਤਸ੍ਰੀਆਕਾਲ।' ਆਦਤਨ ਉਸਦੇ ਮੂੰਹੋਂ ਨਿਕਲਿਆ। ਪਤਾ ਨਹੀਂ ਉਹਨਾਂ ਨੂੰ ਸੁਣਿਆਂ ਵੀ ਸੀ ਜਾਂ ਨਹੀਂ---ਪਰ ਸਵਾਲ ਇਹ ਸੀ ਕਿ ਉਹ ਏਨੀ ਰਾਤ ਨੂੰ ਘਰ ਕਿਉਂ ਆਏ ਸਨ ?

ਸ਼ਾਇਦ ਗੱਲ ਪੱਕੀ ਕਰਨਾ ਚਾਹੁੰਦੇ ਹੋਣ---ਪਰ ਇਹ ਤਾਂ ਉਹ ਟੈਲੀਫ਼ੋਨ 'ਤੇ ਵੀ ਪੱਕਾ ਕਰ ਸਕਦੇ ਸਨ, ਉਹਨਾਂ ਕੋਲ ਇੱਥੋਂ ਦਾ ਨੰਬਰ ਵੀ ਸੀ।

ਸ਼ਾਇਦ ਉਹ ਰਸਤਾ ਦੇਖਣਾ ਚਾਹੁੰਦੇ ਹੋਣ ?

ਪਰ ਜਿਹੜਾ ਰਸਤਾ ਅੱਧੀ ਰਾਤ ਨੂੰ ਦੇਖਣਾ ਸੀ, ਉਹ ਸਵੇਰੇ ਵੀ ਤਾਂ ਦੇਖਿਆ ਜਾ ਸਕਦਾ ਸੀ।

ਇਹ ਸ਼ੰਕੇ ਹਰੇਕ ਦੇ ਦਿਲ ਵਿਚ ਉੱਠ ਰਹੇ ਸਨ ਪਰ ਕਿਸੇ ਦੀ ਜ਼ੁਬਾਨ ਉੱਤੇ ਨਹੀਂ ਸਨ ਆ ਰਹੇ। ਉਹਨਾਂ ਲੋਕਾਂ ਦੇ ਚਲੇ ਜਾਣ ਪਿੱਛੋਂ, ਉਹ ਸਾਰੇ ਚੁੱਪ ਜਿਹੇ ਹੋ ਗਏ ਸਨ…ਜਿਵੇਂ ਕੋਈ ਖਬਰ ਦੇ ਗਿਆ ਹੋਏ ਕਿ ਕੱਲ੍ਹ ਤੁਹਾਡੇ ਫਲਾਨੇ ਅਜੀਜ਼ (ਮਿੱਤਰ-ਪਿਆਰੇ) ਨੂੰ ਫਾਂਸੀ ਲੱਗੇਗੀ।

'ਟੈਕਸੀ ਵਾਸਤੇ ਫ਼ੋਨ ਕਰਨ ਤੋਂ ਪਹਿਲਾਂ ਇਹਨਾਂ ਨੂੰ ਪੁੱਛ ਤਾਂ ਲੈਂਦੇ ਭਾਈ ਸਾਹਬ।' ਉਸਦੀ ਮੇਜ਼ਬਾਨ ਭੈਣ ਨੇ ਡਰਦਿਆਂ ਡਰਦਿਆਂ ਕਿਹਾ।

'ਹਾਂ, ਭਾਪਾ ਜੀ।' ਉਸਦਾ ਜੀਜਾ ਬੋਲਿਆ, 'ਵੈਸੇ ਤਾਂ ਸਭ ਠੀਕ ਠਾਕ ਏ, ਪਰ ਕੌਣ ਜਾਣਦੈ ਕਦ ਕਿਸਦੀ ਨੀਅਤ…'

'ਜੀਵਨ ਕਹਿੰਦਾ ਪਿਆ ਸੀ,' ਪੰਦਰਾਂ ਸਾਲਾ ਵਿੱਕੀ ਨੇ ਨੌਕਰ ਦਾ ਹਵਾਲਾ ਦਿੰਦਿਆਂ ਕਿਹਾ, 'ਉਹਨਾਂ ਵਿਚੋਂ ਇਕ ਨੇ ਤਾਂ ਪੈਂਟ ਦੀ ਫੁੱਲੀ ਹੋਈ ਜੇਬ ਵਿਚੋਂ ਹੱਥ ਹੀ ਨਹੀਂ ਸੀ ਕੱਢਿਆ।'

ਤੇ ਫੇਰ ਕਿੱਸੇ ਸ਼ੁਰੂ ਹੋ ਗਏ ਸਨ : ਕਿਵੇਂ ਕਿਸ ਪ੍ਰੋਫ਼ੈਸਰ ਦੇ ਘਰ, ਸਵੇਰੇ ਸਵੇਰੇ, ਦੋ ਬੰਦੇ ਆਏ---ਇਕ ਨੇ ਪੀਣ ਲਈ ਪਾਣੀ ਮੰਗਿਆ ਤੇ ਫੇਰ…

'ਵਿਚਾਰਾ ਪ੍ਰੋਫ਼ੈਸਰ ਪਾਂਡੇ।'

'ਪਿਛਲੇ ਹਫ਼ਤੇ ਹੀ ਹਾਈ ਵੇ 'ਤੇ ਕਈ ਮੁਸਾਫ਼ਰ ਕਤਲ ਕਰ ਦਿੱਤੇ ਗਏ ਨੇ ਜੀ।'

'ਬੜਾ ਮਾੜਾ ਜ਼ਮਾਨਾਂ ਆ ਗਿਆ ਜੇ। ਕੋਈ ਪਤਾ ਨਹੀਂ ਕਿਹੜਾ ਸੱਜਨ ਜੇ, ਕਿਹੜਾ ਵੈਰੀ।'

ਉਸਦਾ ਜੀਜਾ ਦੱਬਵੀਂ ਜਿਹੀ ਜ਼ੁਬਾਨ ਵਿਚ ਏਦਾਂ ਰਸਮੀਂ ਜਿਹੀਆਂ ਗੱਲਾਂ ਕਰ ਰਿਹਾ ਸੀ, ਜਿਵੇਂ ਕੋਈ ਝੂਠ ਬੋਲ ਰਿਹਾ ਹੋਏ। ਸ਼ਾਇਦ ਇਸ ਲਈ ਕਿ ਉਸਦੇ ਪਿਓ ਦਾ ਨਾਂ ਵੀ ਸਰਦਾਰ ਆਲੀ ਸਰਦਾਰ ਪਿਆਰਾ ਸਿੰਘ ਆਫ ਗੁਜਰਾਂਵਾਲਾ ਸੀ।

ਸਰਦਾਰ ਪਿਆਰਾ ਸਿੰਘ ਨੇ ਖਾਨਦਾਨ ਦੀ ਰਵਾਇਤ ਅਨੁਸਾਰ ਆਪਣੇ ਵੱਡੇ ਪੁੱਤਰ ਨੂੰ ਸਿੰਘ ਸਜਾਇਆ ਸੀ ਤੇ ਛੋਟੇ ਨੂੰ ਮੋਨਾ ਹੀ ਰਹਿਣ ਦਿੱਤਾ ਸੀ। ਇਹ ਕੋਈ ਖਾਸ ਗੱਲ ਵੀ ਨਹੀਂ ਸੀ---ਘਰ ਘਰ ਦੀ ਕਹਾਣੀ ਸੀ। ਪਰ ਹੁਣ ਇਹ ਸਭ ਕੁਝ ਵਾਕਈ 'ਖਾਸ-ਗੱਲ' ਹੋ ਗਈ ਲੱਗਦੀ ਸੀ।

ਉਸਦੇ ਜੀਜੇ ਨੂੰ ਇਹ ਸੋਚਣਾ ਮੁਸ਼ਕਿਲ ਜਿਹਾ ਲੱਗ ਰਿਹਾ ਸੀ ਕਿ ਅਜਿਹੀਆਂ ਹਾਲਤਾਂ ਵਿਚ ਕੀ ਕਹੇ ! ਇਕ ਅਣਲਿਖੇ ਤੇ ਅਣਕਹੇ ਸਮਝੌਤੇ ਅਨੁਸਾਰ ਘਰ ਵਿਚ ਉਹ ਲੋਕ 'ਸਿਆਸਤ' ਦੀ ਗੱਲ ਹੀ ਬੜੀ ਘੱਟ ਕਰਦੇ ਸਨ।

ਇਸ ਵੇਲੇ ਸਵਾਲ ਸਿਰਫ ਇਹ ਸੀ ਕਿ ਉਸਨੇ 'ਉਹਨਾਂ ਲੋਕਾਂ' (ਹੋਰ ਕਿਸ ਨਾਂ ਨਾਲ ਬੁਲਾਇਆ ਜਾਵੇ ਉਹਨਾਂ ਨੂੰ) ਨਾਲ ਸਵੇਰੇ ਜਾਣ ਲਈ ਹਾਂ ਕਰਕੇ ਚੰਗਾ ਕੀਤਾ ਹੈ ਜਾਂ ਮਾੜਾ ? ਪਰ ਇਹ ਸਵਾਲ ਸਿਰਫ ਉਸਦੀ ਭੈਣ ਨੇ ਹੀ, ਦੱਬਵੀਂ ਜ਼ੁਬਾਨ ਵਿਚ ਕੀਤਾ…ਤੇ ਫੇਰ ਜਵਾਬ ਦੀ ਉਡੀਕ ਕੀਤੇ ਬਗ਼ੈਰ ਹੀ ਚੁੱਪ ਹੋ ਗਈ। ਕਿਸੇ ਨੇ ਕੁਝ ਨਾ ਆਖਿਆ…ਸਾਰੇ ਜਾਣਦੇ ਸਨ ਕਿ ਸਿਆਸਤ ਉੱਪਰ ਬਹਿਸ ਫਜ਼ੂਲ ਹੀ ਨਹੀਂ ਹੁੰਦੀ, ਖਤਰਨਾਕ ਵੀ ਹੁੰਦੀ ਹੈ।
***
ਸਾਰੀ ਰਾਤ ਉਹ ਸੋਚਦਾ ਰਿਹਾ ਕਿ ਜਾਵਾਂ ਕਿ ਨਾ ਜਾਵਾਂ ? ਸਵੇਰੇ ਟੈਕਸੀ ਆਈ ਤਾਂ ਬਹਾਨਾ ਕਰਕੇ ਮੁਆਫ਼ੀ ਮੰਗ ਲਵਾਂਗਾ---ਹਰਜਾਨੇ ਦੇ ਤੌਰ ਤੇ ਸੌ-ਪੰਜਾਹ ਰੁਪਏ ਦੇ ਕੇ ਖਹਿੜਾ ਛੁਡਾਇਆ ਜਾ ਸਕਦਾ ਹੈ।

ਪਰ ਕਿਉਂ ?

ਇਸ ਕਰਕੇ ਕਿ ਹੋ ਸਕਦਾ ਹੈ ਕਿ ਉਹਨਾਂ ਲੋਕਾਂ ਨੇ ਤੈਨੂੰ 'ਸਾਫ' ਕਰਨ ਦਾ ਪ੍ਰੋਗਰਾਮ ਬਣਾ ਲਿਆ ਹੋਏ, ਹੁਣ ਤੱਕ। ਇਹ ਵੀ ਹੋ ਸਕਦਾ ਹੈ ਕਿ ਇਹ ਕੰਮ ਉਹ ਆਪ ਨਾ ਕਰਨ, ਸਵੇਰ ਦੀ ਰਵਾਨਗੀ ਦੀ ਪੁਸ਼ਟੀ ਕਰਕੇ, ਉਹਨਾਂ ਨੇ ਕਿਸੇ ਹੋਰ ਨੂੰ ਫ਼ੋਨ ਕਰ ਦਿੱਤਾ ਹੋਏ। ਹੋ ਸਕਦਾ ਹੈ, ਉਹਨਾਂ ਵਿਚੋਂ ਕੋਈ ਆਪ, ਕਿਸੇ ਵੀਰਾਨ ਜਗ੍ਹਾ ਮੇਰਾ ਇੰਤਜ਼ਾਰ ਕਰ ਰਿਹਾ ਹੋਏ…

ਪਰ ਉਹ ਮਾਰਦੇ ਕਿੰਜ ਨੇ ?

ਇਸ ਨਾਲ ਕੀ ਫਰਕ ਪੈ ਜਾਣਾ ਏਂ---ਪਿਸਤੌਲ ਹੋਏ, ਭਾਵੇਂ ਬੰਦੂਕ ਜਾਂ ਸਟੇਨਗੰਨ। ਮਾਰਿਆ ਤਾਂ ਤੂੰ ਈ ਜਾਏਂਗਾ…ਤੇ ਉਹ ਵੀ ਬਿਲਕੁਲ ਅਜਾਈਂ ਮੌਤ---ਅਜਿਹੀ ਮੌਤ ਜਿਸਦੀ ਕੋਈ ਕਲਪਣਾ ਤਕ ਨਹੀਂ ਕਰ ਸਕਦਾ। ਤੂੰ ਦੇਸ਼ਾਂ-ਵਿਦੇਸ਼ਾਂ ਵਿਚ ਜਾਣਿਆ-ਪਛਾਣਿਆ ਪ੍ਰੈਸ ਰਿਪੋਰਟਰ ਏਂ, ਤੇਰੀ ਆਪਣੀ ਕੋਈ ਤਸਵੀਰ ਨਹੀਂ ਖਿੱਚੇਗਾ, ਉਦੋਂ। ਤੈਨੂੰ ਜਾਣਾ ਨਹੀਂ ਚਾਹੀਦਾ, ਐਵੇਂ ਕਿਸੇ ਝਾੜੀ ਵਿਚ ਢੇਰ ਹੋਇਆ ਲੱਭੇਂਗਾ।

ਇਹ ਤੂੰ ਕੀ ਸੋਚ ਰਿਹੈ ? ਤੂੰ ਜਿਹੜਾ ਪੱਕਾ ਨਾਸਤਕ ਹੁੰਦਾ ਹੋਇਆ ਵੀ ਅੰਦਰ ਕਿਤੋਂ ਆਪਣੇ ਆਪ ਨੂੰ ਉਹਨਾਂ ਲੋਕਾਂ ਵਿਚੋਂ ਹੀ ਸਮਝਦਾ ਹੈਂ---ਤੂੰ ਹੈਂ ਕੌਣ, ਤੂੰ ਇਹ ਵੀ ਫੈਸਲਾ ਨਹੀਂ ਕਰ ਸਕਿਆ ! ਤੂੰ ਜਿਹੜਾ ਹਮੇਸ਼ਾ ਆਪਣਿਆ ਦੇ ਤਾਹਨੇ-ਮਿਹਣੇ ਸੁਣਦਾ ਰਿਹੈਂ ਕਿ ਤੇਰੇ ਮੂੰਹ 'ਤੇ ਨਹੀਂ ਢਿੱਡ 'ਚ ਦਾੜ੍ਹੀ ਹੈ।

ਤੂੰ ਹੀ ਡਰ ਰਿਹੈਂ, ਲਾਹਣਤ ਹੈ ਤੇਰੇ ਉੱਤੇ।

ਨੀਂਦ ਦੀਆਂ ਤਿੰਨ ਗੋਲੀਆਂ ਦਾ ਅਸਰ ਸਵੇਰ ਤਕ ਗਾਇਬ ਹੀ ਰਿਹਾ ਸੀ। ਭਾਰੇ ਸਿਰ ਤੇ ਸੁੱਜੀਆਂ ਜਿਹੀਆਂ ਅੱਖਾਂ ਨਾਲ ਉਸਨੇ ਅਟੈਚੀ ਬੰਦ ਕੀਤਾ। ਸ਼ਾਇਦ ਇਹ ਆਖ਼ਰੀ ਮੁਲਾਕਾਤ ਹੋਏ---ਜੀਜੇ, ਭੈਣ ਤੇ ਉਸਦੇ ਸਹੁਰਿਆਂ ਨਾਲ।

ਭੈਣ ਦੀ ਸੱਸ, ਬੇ-ਜੀ 'ਅੰਮ੍ਰਿਤ ਵੇਲੇ' ਉਠ ਕੇ ਨੇੜੇ ਦੇ ਗੁਰਦੁਆਰੇ ਵਿਚ ਮੱਥਾ ਟੇਕ ਕੇ ਵਾਪਸ ਆ ਗਈ ਸੀ। ਹੁਣ ਉਸਨੇ ਸੁਖਮਣੀ ਸਾਹਿਬ ਦਾ ਪਾਠ ਵੀ ਕਰ ਲਿਆ ਸੀ। ਦੱਬਵੀਂ ਜ਼ੁਬਾਨ ਵਿਚ ਉਸਦੀ ਭੈਣ ਨੂੰ ਕਹਿਣ ਲੱਗੀ, 'ਵਹੁਟੀਏ, ਜੇ ਆਪਣੇ ਵੀ ਨੂੰ ਅੱਜ ਦਾ ਦਿਨ ਰੋਕ ਲਏਂ ਤਾਂ…' ਫੇਰ ਉਸਨੇ ਗੱਲ ਵਿਚਾਲੇ ਹੀ ਛੱਡ ਦਿੱਤੀ, 'ਜੋ ਕਰੇ ਵਾਹਿਗੁਰੂ ਚੰਗਾ ਕਰੇ।'

ਉਸ ਮੱਥਾ ਟੇਕਿਆ। ਉਹਨਾਂ ਹੱਥ ਚੁੱਕ ਕੇ ਅਸ਼ੀਰਵਾਦ ਦਿੱਤਾ, 'ਵਾਹਿਗੁਰੂ ਭਲਾ ਕਰੇ। ਜੁਆਨੀਆਂ ਮਾਣੋ।' ਫੇਰ ਉਹਨਾਂ ਦੂਜੇ ਪਾਸੇ ਮੂੰਹ ਫੇਰ ਲਿਆ---ਜਿਵੇਂ ਕਿਸੇ ਅਣਦੇਖੇ, ਅਣਚਾਹੇ ਪਾਪ ਵਿਚ ਸਾਂਝੀਦਾਰ ਬਣਨ ਵਾਸਤੇ ਤਿਆਰ ਨਹੀਂ ਸਨ ਉਹ।

ਤੁਰਨ ਵੇਲੇ ਰਸਮੀਂ ਜਿਹੀਆਂ ਗੱਲਾਂ ਹੋਈਆਂ। ਨੌਕਰ ਅਟੈਚੀ ਟੈਕਸੀ ਦੀ ਡਿੱਕੀ ਵਿਚ ਰੱਖ ਆਇਆ। ਉਸਨੇ ਹਮੇਸ਼ਾ ਵਾਂਗ ਨੌਕਰ ਨੂੰ ਟਿੱਪ ਦਿੱਤੀ। ਏਨਾ ਥੋੜ੍ਹਾ ਚਿਰ ਰਹਿਣ ਦੀਆਂ ਸ਼ਿਕਾਇਤਾਂ ਵੀ ਕੀਤੀਆਂ ਗਈਆਂ ਤੇ ਅਗਲੀ ਵੇਰ ਜ਼ਿਆਦਾ ਦਿਨ ਠਹਿਰਣ ਦਾ ਵਾਅਦਾ ਵੀ। ਫੇਰ ਸਾਰੇ ਚੁੱਪ ਹੋ ਗਏ, ਜਿਵੇਂ ਕੋਈ ਝੂਠ ਬੋਲਦੇ ਹੋਏ ਫੜੇ ਗਏ ਹੋਣ।

ਜ਼ਿੰਦਗੀ ਵਿਚ ਅਨੇਕਾਂ ਖਤਰਨਾਕ ਸਫ਼ਰ ਸ਼ੁਰੂ ਕਰਨ ਤੋਂ ਪਹਿਲਾਂ ਉਸ ਨਾਸਤਕ ਨੇ ਕਦੀ ਰੱਬ ਦਾ ਨਾਂ ਨਹੀਂ ਸੀ ਲਿਆ। ਉਦੋਂ ਵੀ ਨਹੀਂ ਜਦੋਂ ਉਹ ਕੈਮਰੇ ਨਾਲ 'ਜੰਗ ਸ਼ੂਟ' ਕਰਨ ਵਾਸਤੇ ਉਸ ਮੈਦਾਨੇ-ਜੰਗ ਵਿਚ ਗਿਆ ਸੀ, ਜਿੱਥੇ ਚਾਰੇ ਪਾਸੇ ਮੌਤ ਦਾ ਵਪਾਰ ਹੋ ਰਿਹਾ ਸੀ। ਉਦੋਂ ਵੀ ਨਹੀਂ ਜਦੋਂ ਜ਼ਮੀਨ ਤੋਂ ਹਜ਼ਾਰਾ ਮੀਟਰ ਉਤਾਂਹ ਉੱਡਦਾ ਹੋਇਆ ਹਵਾਈ ਜਹਾਜ਼ ਫੁੱਟਬਾਲ ਵਾਂਗ ਹਵਾ ਵਿਚ ਉੱਛਲਨ ਲੱਗ ਪਿਆ ਸੀ। ਪਰ ਪਤਾ ਨਹੀਂ ਕਿਉਂ ਅੱਜ ਅਚਾਨਕ ਉਸਦੇ ਮੂੰਹੋਂ ਨਿਕਲਿਆ ਸੀ 'ਸਤਿਗੁਰ ਤੇਰੀ ਓਟ।'
***
'ਸਤਿਗੁਰ ਤੇਰੀ ਓਟ' ਇਕਬਾਲ ਵੀ ਬੁੱਲ੍ਹਾਂ ਵਿਚ ਬਰੜਾਇਆ। ਹੁਣ ਉਹ ਫਰੰਟ ਸੀਟ ਉੱਤੇ ਇਕੱਲਾ ਸੀ, ਉਸਦੇ ਨਾਲ ਦਾ ਸਾਥੀ ਸ਼ਹਿਰ ਖਤਮ ਹੋਣ ਸਾਰ, ਕੁਝ ਕਹੇ-ਸੁਣੇ ਬਗ਼ੈਰ ਹੀ, ਗੱਡੀ ਰੁਕਾਅ ਕੇ ਉਤਰ ਗਿਆ ਸੀ। ਕੀ ਇਹ ਗੱਲ ਰਹੱਸਮਈ ਨਹੀਂ ਸੀ ?...ਇਕ ਸ਼ਖ਼ਸ ਜਿਸਨੇ ਸਵੇਰੇ ਮੂੰਹ ਹਨੇਰੇ ਹੀ ਤੁਹਾਡੇ ਨਾਲ ਸਫ਼ਰ ਜਾਰੀ ਕੀਤਾ ਸੀ, ਤੁਸੀਂ ਠੀਕ ਤਰ੍ਹਾਂ ਉਸਦੀ ਸ਼ਕਲ ਵੀ ਨਹੀਂ ਦੇਖ ਸਕੇ ਸੌ, ਤੇ ਉਹ ਕਿਸੇ ਸੁੰਨਸਾਨ ਜਗ੍ਹਾ ਉਤਰ ਗਿਆ ਸੀ ? ਨਾਲੇ ਫੇਰ ਆਪਣੇ ਸਾਥੀ ਨੂੰ ਕੁਝ ਕਹੇ-ਸੁਣੇ ਬਗ਼ੈਰ…ਕੋਈ ਚੁਭਦੀ ਹੋਈ ਸ਼ੈ…ਸ਼ਾਇਦ ਇਕ ਗੋਲੀ ਉਸਨੂੰ ਆਪਣੀ ਰੀੜ੍ਹ ਦੀ ਹੱਡੀ ਕੋਲ ਪਹੁੰਚ ਗਈ ਜਾਪੀ। ਇਕ ਕੈਦੀ ਇਕ ਫਾਇਰੰਗ ਸਕੁਆਇਡ ਸਾਹਮਣੇ ਜਾਂਦਿਆਂ ਹੋਇਆਂ ਮੁਸਕਰਾ ਪਿਆ ਸੀ। ਤਸਵੀਰਾਂ ਵਿਚ ਕੈਦੀਆਂ ਨੂੰ, ਫਾਇਰਿੰਗ ਸਕੁਆਇਡ ਸਾਹਮਣੇ ਅਕਸਰ ਮੁਸਕਰਾਂਉਂਦਿਆਂ ਹੀ ਦੇਖਿਆ ਸੀ ਉਸਨੇ।

ਇਕਬਾਲ ਸਿੰਘ ਨੇ ਐਕਸੀਲੇਟਰ ਉੱਤੇ ਪੈਰ ਧਰਿਆ ਤੇ ਕਾਰ ਹਵਾ ਨਾਲ ਗੱਲਾਂ ਕਰਨ ਲੱਗ ਪਈ। ਚੰਗਾ ਸੀ। ਤੇਜ਼ ਰਫ਼ਤਾਰ ਗੱਡੀ ਉੱਤੇ ਅਸਾਨੀ ਨਾਲ ਨਿਸ਼ਾਨਾ ਨਹੀਂ ਲੱਗ ਸਕਦਾ। ਉਸਦਾ ਧਿਆਨ ਕਿਸੇ ਹੋਰ ਵਿਸ਼ੇ ਵੱਲ ਮੁੜ ਹੀ ਨਹੀਂ ਸੀ ਰਿਹਾ।

ਗੋਲੀ ਹੁਣ ਰੀੜ੍ਹ ਦੀ ਹੱਡੀ ਵਿਚ ਧਸ ਚੁੱਕੀ ਸੀ। ਇਹ ਬੜੀ ਮਾੜੀ ਗੱਲ ਹੋਏਗੀ---ਗੋਲੀ ਖਾਓ, ਮਰ ਜਾਓ ਤੇ ਛੁੱਟੀ ਕਰੋ। ਏਨਾ ਤਾਂ ਠੀਕ ਹੈ ਪਰ…ਜੇ ਗੋਲੀ ਰੀੜ੍ਹ ਦੀ ਹੱਡੀ ਵਿਚ ਵੱਜੇ ਤੇ ਬੰਦਾ ਹਮੇਸ਼ਾ-ਹਮੇਸ਼ਾ ਲਈ ਵਹੀਲ-ਚੇਅਰ ਉੱਤੇ ਜਾ ਬੈਠੇ ਤਾਂ ਬਰਦਾਸ਼ਤ ਨਹੀਂ ਹੋਣਾ। ਇੰਜ ਗੋਲੀ ਖਾਣ ਦੇ ਬਾਵਜੂਦ ਵੀ ਕਈ ਬੰਦੇ ਮੁਰਦਿਆਂ ਨਾਲੋਂ ਭੈੜੇ ਹੋ ਕੇ ਰਹਿ ਜਾਂਦੇ ਨੇ। ਯਾਦ ਰੱਖਣ ਵਾਲੀ ਗੱਲ ਇਹ ਹੈ ਕਿ ਗੋਲੀ ਵੀ ਹਮੇਸ਼ਾ ਸਬਰ ਤੇ ਸੰਤੋਖ ਨਾਲ ਹੀ ਖਾਣੀ ਚਾਹੀਦੀ ਹੈ ਤਾਂ ਕਿ ਅੱਖ ਦੇ ਫੋਰੇ ਵਿਚ ਗੋਲੀ ਅੰਦਰ ਤੇ ਦਮ ਬਾਹਰ ਹੋ ਜਾਵੇ। ਪਰ ਇਕਬਾਲ ਏਨੀ ਤੇਜ਼ ਗੱਡੀ ਦੌੜਾ ਕੇ ਕਿਹੜੀ ਖੇਡ ਖੇਡਣੀ ਚਾਹ ਰਿਹਾ ਏ ?

ਕਾਰ ਦੀ ਰਫ਼ਤਾਰ ਅਚਾਨਕ ਘੱਟ ਹੋ ਗਈ ਤੇ ਬਾਜ਼ਾਰ ਦੇ ਇਕ ਚੁਰਸਤੇ ਕੋਲ ਰੋਕਦਿਆਂ, 'ਕੋਈ ਚਾਹ-ਸ਼ਾਹ, ਬਿਸਕੁਟ-ਬੁਸਕਟ ਸਰ ?'

'ਚਾਹ-ਸ਼ਾਹ' ਤੇ 'ਬਿਸਕੁਟ-ਬੁਸਕਟ' ਕਹਿ ਕੇ ਇਕਬਾਲ ਸ਼ਾਇਦ ਇਹੀ ਦੱਸਣਾ ਚਾਹੁੰਦਾ ਸੀ ਕਿ ਉਹ ਪੱਕਾ ਪੰਜਾਬੀ ਹੈ। ਉਸ ਵਾਂਗ ਹੀ ਪੱਕਾ ਪੰਜਾਬੀ ਤੇ ਹਰੇਕ ਸ਼ਬਦ ਨੂੰ ਜਿਹੜਾ ਖਾਸ ਤੌਰ 'ਤੇ ਖਾਣ-ਪੀਣ ਵਾਲੀਆਂ ਚੀਜ਼ਾਂ ਨਾਲ ਸੰਬੰਧਤ ਹੋਵੇ, ਇਕਹਿਰਾ ਨਹੀਂ ਬੋਲਦਾ---ਜਿਵੇਂ ਚਾਹ-ਸ਼ਾਹ, ਬਿਸਕੁਟ-ਬੁਸਕਟ, ਕੇਕ-ਸ਼ੇਕ, ਦਾਰੂ-ਸ਼ਾਰੂ ਤੇ ਗੋਲੀ-ਗਾਲੀ…ਜਿਵੇਂ ਗੋਲੀ ਵੀ ਇਕੱਲੀ ਨਹੀਂ, ਗਾਲੀ ਨਾਲ ਹੀ ਖਾਣੀ ਠੀਕ ਰਹਿੰਦੀ ਹੋਏ।

ਕੁਝ ਕਹੇ ਸੁਣੇ ਬਗ਼ੈਰ ਉਹ ਉਤਰ ਗਿਆ। ਆਪਣੇ ਆਪ ਨੂੰ ਨਾਰਮਲ ਸਿੱਧ ਕਰਨ ਵਾਸਤੇ, ਲੱਤਾਂ ਨੂੰ ਜ਼ਰਾ ਕੁ ਝਟਕਾ ਦੇ ਕੇ ਸਿੱਧਿਆਂ ਕਰਦਾ ਹੋਇਆ ਮੈਂ ਵੀ ਇਕਬਾਲ ਸਿੰਘ ਦੇ ਪਿੱਛੇ-ਪਿੱਛੇ 'ਸ਼ਾਨੇ ਪੰਜਾਬ ਹੋਟਲ ਐਂਡ ਰੈਸਟੋਰੈਂਟ' ਉਰਫ਼ ਢਾਬੇ ਵਿਚ ਵੜ ਗਿਆ।

ਸ਼ਾਨੇ ਪੰਜਾਬ ਵਿਚ ਇਸ ਸਮੇਂ ਉਸਦੇ ਅੱਧਖੜ ਉਮਰ ਦੇ ਮਾਲਕ ਤੇ ਨਿੱਕੇ ਜਿਹੇ 'ਮੁੰਡੂ' ਦੇ ਸਿਵਾਏ ਹੋਰ ਕੋਈ ਨਹੀਂ ਸੀ। ਮਾਲਕ ਤੇ ਮੁੰਡੂ ਵਿਚ ਉਮਰ ਤੋਂ ਬਿਨਾਂ ਇਕ ਖਾਸ ਫਰਕ ਇਹ ਵੀ ਸੀ ਕਿ ਮਾਲਕ ਨੇ ਲਾਲ ਰੰਗ ਦਾ ਕੱਛਾ ਤੇ ਇਕ ਕਰੋਸ਼ੀਏ ਦੀ ਬੁਣੀ ਜਾਕਟ ਜਿਹੀ ਪਾਈ ਹੋਈ ਸੀ ਤੇ ਮੁੰਡੂ ਦੇ ਤਨ 'ਤੇ ਸਿਰਫ ਕੱਛਾ ਹੀ ਸੀ। ਇਕ ਹੀ ਕਤਾਰ ਵਿਚ ਖੜ੍ਹੇ ਸਨ ਰਾਜਾ ਤੇ ਰੰਕ, ਦੋਹੇਂ।

ਇਕਬਾਲ ਲਈ ਪਾਈਆ ਦੁੱਧ ਵਿਚ ਪੱਤੀ ਤੇ ਉਸ ਲਈ ਕਾਲੀ ਚਾਹ ਬਣਾਵਾਈ ਗਈ। ਮਿੱਠਾ ਘੱਟ---ਯਾਨੀ ਸਿਰਫ ਦੋ ਚਮਚੇ ਪਾਉਣ ਦਾ ਹੁਕਮ ਦਿੱਤਾ ਗਿਆ। ਦੇਖਦਿਆਂ ਦੇਖਦਿਆਂ ਹੀ ਕਈ ਜਣੇ ਹੋਰ ਅੰਦਰ ਆ ਵੜੇ---ਇਕ ਬੱਸ ਆ ਕੇ ਰੁਕੀ ਸੀ, ਡਰਾਈਵਰ ਤੇ ਕੰਡਕਟਰ ਸਵਾਰੀਆਂ ਨੂੰ 'ਬਸ ਦਸ ਮਿੰਟ' ਰੁਕਣ ਦਾ ਹੁਕਮ ਸੁਣਾ ਕੇ ਅੰਦਰ ਆ ਬੈਠੇ ਸਨ। ਚਾਹ ਦਾ ਦੌਰ ਸ਼ੁਰੂ ਹੋ ਗਿਆ---ਪਰ ਕੋਈ ਕਿਸੇ ਨਾਲ ਗੱਲ ਨਹੀਂ ਸੀ ਕਰ ਰਿਹਾ---ਜਿਵੇਂ ਲੋਕ ਸ਼ਾਨੇ ਪੰਜਾਬ ਵਿਚ ਨਹੀਂ, ਗੋਰਿਆਂ ਦੇ ਕਬਰਸਤਾਨ ਵਿਚ ਬੈਠੇ ਹੋਏ ਹੋਣ। ਹਰੇਕ ਸ਼ਖ਼ਸ ਚੁੱਪਚਾਪ ਆਉਂਦਾ, ਚਾਹ-ਸ਼ਾਹ, ਕੇਕ-ਸ਼ੇਕ ਜਾਂ ਪਰਾਂਠਾ-ਸ਼ਰਾਂਠਾ ਖਾਂਦਾ, ਪੈਸੇ ਦਿੰਦਾ ਤੇ ਚੁੱਪਚਾਪ ਆਪਣੀ ਸੀਟ ਉੱਤੇ ਜਾ ਬੈਠਦਾ। ਕਮਾਲ ਦੀ ਗੱਲ ਇਹ ਹੋਈ ਸੀ ਕਿ ਬੱਸ ਤੋਰਨ ਤੋਂ ਪਹਿਲਾਂ ਕੰਡਕਟਰ ਨੂੰ ਇਕ ਵਾਰੀ ਵੀ ਸੀਟੀ ਨਹੀਂ ਸੀ ਵਜਾਉਣੀ ਪਈ---ਹਰ ਬੰਦਾ ਪਹਿਲਾਂ ਹੀ ਆਪਣੀ ਸੀਟ ਉੱਤੇ ਮੌਜ਼ੂਦ ਸੀ। ਉਸਦੇ ਦੇਸ਼ ਦੇ ਲੋਕ ਹੌਲੀ-ਹੌਲੀ ਸਭਿਅਤ ਤੇ ਡਸਿਪਲਨ ਦੇ ਪੁਜਾਰੀ ਹੋ ਰਹੇ ਸਨ, ਤੇ ਉਹ ਡਰ ਰਿਹਾ ਸੀ।

ਸਾਹਮਣੇ 'ਸ਼ੇਰੇ ਪੰਜਾਬ ਹੋਟਲ' ਵਾਲੇ ਨੇ ਜਦੋਂ 'ਸ਼ਾਨੇ ਪੰਜਾਬ' ਦੇ ਸਾਹਮਣੇ ਆਪਣੀ ਗਾਹਕੀ ਕੁਝ ਮੱਠੀ ਦੇਖੀ ਤਾਂ ਦੂਜੀ ਬੱਸ ਦੇ ਮੁਸਾਫ਼ਰਾਂ ਦਾ ਧਿਆਨ ਖਿੱਚਣ ਵਾਸਤੇ ਫਿਲਮੀ ਡਾਇਲਾਗਾਂ ਦੀ ਕੈਸਟ ਲਾ ਦਿੱਤੀ :

'ਤੇਰਾ ਕਿਆ ਹੋਗਾ ਕਾਲੀਆ…' ਘਿਸੀ ਕੈਸਟ ਵਿਚੋਂ ਅਮਜਦ ਖ਼ਾਨ ਦੀ ਤਿੱਖੀ ਆਵਾਜ਼ ਆਈ ਜਿਵੇਂ ਕਿਸੇ ਡੂੰਘੇ ਖੂਹ ਵਿਚੋਂ ਕੋਈ ਦੁਸ਼ਟ ਪ੍ਰੇਤ ਆਦਮਾ ਬੋਲ ਰਹੀ ਹੋਏ।

ਗੁੰਮਸੁੰਮ ਜਿਹੇ ਹੋਏ ਲੋਕ ਕੁਝ ਸ਼ੇਰੇ ਪੰਜਾਬ ਵੱਲ ਤੁਰ ਗਏ ਤੇ ਕੁਝ ਸ਼ਾਨੇ ਪੰਜਾਬ ਵਿਚ ਵੜ ਗਏ। ਦੋਏ ਪਾਸੇ ਪੂਰਬੀਏ ਮੁੰਡੂ ਆਪਣੇ ਰਲਗੱਡ ਜਿਹੇ ਪੰਜਾਬੀ ਲਹਿਜੇ ਵਿਚ---ਆਓ ਜੀ, ਚਾਏ ਗਰਮ, ਠੰਡੀ ਲੱਸੀ, ਅੰਡਾ-ਆਮਲੇਟ, ਆਲੂ-ਪਰਾਂਠਾ ਦੀ ਰਟ ਲਾ ਕੇ ਗਾਹਕ ਬੁਲਾਅ ਰਹੇ ਸਨ। ਗਾਹਕ ਚੁੱਪਚਾਪ ਇਧਰ ਜਾਂ ਉਧਰ ਚਲੇ ਜਾਂਦੇ। ਜਿਵੇਂ ਹਰੇਕ ਸ਼ਖ਼ਸ ਸੋਚ ਰਿਹਾ ਸੀ---'ਤੇਰਾ ਕਿਆ ਹੋਗਾ ਕਾਲੀਆ ?' ਘਿਸੀ ਕੈਸਟ ਵਿਚੋਂ ਫੇਰ ਆਵਾਜ਼ ਆਈ---'ਜੋ ਡਰ ਗਿਆ, ਵੋ ਮਰ ਗਿਆ…ਹਾ-ਹਾ-ਹਾ।' ਲੋਕ ਆਵਾਜ਼ ਨੂੰ ਭਾਵੇਂ ਅਣਸੁਣੀ ਕਰ ਰਹੇ ਸਨ---ਪਰ ਹਰ ਸ਼ਖ਼ਸ ਡਰਿਆ ਹੋਇਆ ਸੀ, ਤੇ ਅੰਦਰੇ-ਅੰਦਰ ਮਰਿਆ ਹੋਇਆ ਸੀ।

'ਚੱਲੀਏ ਸਰ ?'

'ਚੱਲੋ !'

ਇਕਬਾਲ ਨੇ ਕਾਰ ਫੇਰ ਦੌੜਾਅ ਦਿੱਤੀ। ਗਿੱਲੀ ਸੜਕ ਪਿਛਲੀ ਰਾਤ ਪਏ ਮੀਂਹ ਦੀਆਂ ਚੁਗਲੀਆਂ ਕਰ ਰਹੀ ਸੀ। ਯੁਕਲਪਟੱਸ ਦੇ ਰੁੱਖ ਸਿਰ ਝੁਕਾਈ ਖੜ੍ਹੇ ਸਨ---ਸਿਰ ਤੋਂ ਪੈਰਾਂ ਤੀਕ ਹੰਝੂਆਂ ਵਿਚ ਡੁੱਬੇ ਹੋਏ। ਸਮਾਂ ਚੰਗਾ ਹੁੰਦਾ ਤਾਂ ਉਹ ਲਾਜ਼ਮੀ ਰੁਕਦਾ, ਕੁਝ ਚਿਰ ਭਿੱਜੇ ਪੱਤਿਆਂ ਵਾਲੇ ਰੁੱਖਾਂ ਹੇਠ ਬਿਤਾਉਂਦਾ। ਬਰਸਾਤ ਦੇ ਮੌਸਮ ਦੀ ਪਹਿਲੀ ਬਾਰਿਸ਼ ਪਿੱਛੋਂ ਉਠਦੀ ਹੋਈ ਮਿੱਟੀ ਦੀ ਖ਼ੁਸ਼ਬੂ ਨਾਲ ਦਿਮਾਗ਼ ਦੇ ਭੁੱਲੇ-ਵਿਸਰੇ ਕੋਨਿਆਂ ਨੂੰ ਰੁਸ਼ਲਾਉਂਦਾ। ਆਪਣੇ ਦੇਸ਼ ਦੀ ਧਰਤੀ ਨੂੰ ਸੁਰਮੇਂ ਵਾਂਗ ਅੱਖਾਂ ਵਿਚ ਸਜਾਉਂਦਾ---ਪਰ ਹੁਣ ਤਾਂ ਹੰਝੂਆਂ ਧੋਤੇ ਰੁੱਖਾਂ ਤੋਂ ਡਰ ਲੱਗ ਰਿਹਾ ਹੈ। ਧਰਤੀ ਖਾਸੀ ਤਰ ਹੋਈ ਹੋਈ ਸੀ---ਬਾਰਿਸ਼ ਨਾਲ, ਲਹੂ ਨਾਲ। ਬੇ-ਜੀ ਨੇ ਠੀਕ ਹੀ ਆਖਿਆ ਸੀ---'ਲਹੂ ਤਾਂ ਖ਼ੈਰ ਪਾਣੀ ਵਾਂਗ ਵਹਿ ਰਿਹਾ ਜੇ, ਪਰ ਪਾਣੀ ਵੀ ਬੜਾ ਮਹਿੰਗਾ ਹੋ ਗਿਆ ਜੇ ਪੁੱਤਰ।'

ਇਕਬਾਲ ਨੇ ਅਚਾਨਕ ਕੱਚੇ ਲਾਹ ਕੇ ਗੱਡੀ ਰੋਕ ਦਿੱਤੀ, ਕੁਝ ਕਹੇ ਬਗ਼ੈਰ ਹੇਠਾਂ ਉਤਰਿਆ ਤੇ---'ਦੋ ਮਿੰਟ ਸਰ' ਕਹਿੰਦਾ ਹੋਇਆ ਝਾੜੀਆਂ ਦੀ ਓਟ ਵਿਚ ਚਲਾ ਗਿਆ।

ਇਸੇ ਗੱਲ ਦਾ ਤਾਂ ਡਰ ਸੀ, ਇਸੇ ਕਰਕੇ ਤਾਂ ਰਾਤੀਂ ਆਪਣਾ ਪ੍ਰੋਗ਼ਰਾਮ ਨਹੀਂ ਸੀ ਦੱਸਣਾ ਚਾਹੁੰਦਾ ਤੈਨੂੰ।

ਦੂਰ ਸਾਹਮਣੇ ਤਿੰਨ ਚਾਰ ਨੌਜ਼ਵਾਨ ਸਾਈਕਲਾਂ ਤੇ ਆ ਰਹੇ ਸਨ। ਉਹਨਾਂ ਦੇ ਪੱਗਾਂ ਬੰਨ੍ਹੀਆਂ ਹੋਈਆਂ ਸਨ। ਹੱਥ ਵਿਚ ਕੀ ਸੀ ? ਦਿਖਾਈ ਨਹੀਂ ਸੀ ਦੇ ਦਿੱਤਾ। ਸ਼ਾਇਦ ਪਿੱਛੇ ਬੈਠੇ ਬੰਦਿਆਂ ਕੋਲ ਹੋਏ।…ਜਾਂ ਫੇਰ ਹੋ ਸਕਦਾ ਹੈ ਸਾਈਕਲਾਂ ਨਾਲ ਟੰਗੇ ਝੋਲਿਆਂ ਵਿਚ। ਸਾਰੀ ਗੱਲ ਸਪਸ਼ਟ ਹੋ ਚੁੱਕੀ ਸੀ---ਇਕਬਾਲ ਸ਼ਿਕਾਰ ਨੁੰ ਸ਼ਿਕਾਰੀਆਂ ਦੇ ਹਵਾਲੇ ਕਰਕੇ ਆਪ ਟਿਭ ਗਿਆ ਸੀ।

ਅੱਜ ਕਿਸੇ ਕੁਆਰੇ ਗ਼ਮ ਤੋਂ ਬਿਨਾਂ ਹੀ ਖ਼ੁਦਾ ਯਾਦ ਆ ਰਿਹਾ ਸੀ---ਬਿਨਾਂ ਗੱਲੋਂ ਹੀ। ਅੱਜ ਕੱਲ੍ਹ ਸਾਰੇ ਕੰਮ ਬਿਨਾਂ ਗੱਲੋਂ ਹੀ ਹੋ ਰਹੇ ਸਨ। ਕੁਝ ਸੋਚਣ, ਕੁਝ ਬੋਲਣ, ਕੁਝ ਕਰਨ ਦਾ ਮੌਕਾ ਵੀ ਨਹੀਂ ਸੀ ਰਿਹਾ। ਜ਼ਿੰਦਗੀ ਮਜ਼ੇ ਵਿਚ ਬੀਤੀ ਸੀ, ਮੌਤ ਵੀ ਮਜ਼ੇਦਾਰ ਹੀ ਹੋਏਗੀ।

ਸਾਈਕਲ ਸਵਾਰ ਖਾਸੀ ਨੇੜੇ ਆ ਗਏ ਸਨ। ਉਸਨੇ ਕਾਰ ਦੇ ਸ਼ੀਸ਼ਿਆਂ ਉਤਲੇ ਪਰਦੇ ਖਿੱਚ ਕੇ ਅਖ਼ਬਾਰ ਦੇ ਪਿੱਛੇ ਮੂੰਹ ਲਕੋ ਲਿਆ।

ਪਰ ਜਿਹੜੇ ਲੋਕ ਤੇਰੇ ਸਵਾਗਤ ਲਈ ਰਾਤ ਭਰ ਇੰਤਜ਼ਾਰ ਕਰਦੇ ਰਹੇ ਨੇ, ਉਹਨਾਂ ਕੋਲੋਂ ਪਰਦਾ ਕਾਹਦਾ ? ਆਪਣੀ ਬੇਵਕੂਫ਼ੀ ਉੱਤੇ ਉਸਨੂੰ ਖਿਝ ਚੜ੍ਹਨ ਲੱਗੀ। ਮੌਤ ਦੇ ਦੂਤ ਸਾਹਮਣੇ ਸਨ। ਫੇਰ ਉਹਨਾਂ ਟੈਕਸੀ ਦੇ ਐਨ ਕੋਲ ਆ ਕੇ ਕੁਝ ਕਿਹਾ। ਕਿਸੇ ਨੇ ਪਿਸਤੌਲ ਉਸਦੀ ਪੁੜਪੁੜੀ ਨਾਲ ਲਾ ਦਿੱਤੀ। ਸ਼ਾਇਦ ਫੇਰ ਕਿਸੇ ਨੇ ਕਿਹਾ, 'ਓ, ਇੱਥੇ ਨਹੀਂ…ਬਾਲੇ ਦੀ ਟੈਕਸੀ ਕਿਉਂ ਖਰਾਬ ਕਰਦਾ ਏਂ…' ਸ਼ਿਕਾਰ ਬਾਹਰ ਜਾ ਡਿੱਗਿਆ---ਉਹਨਾਂ ਖਿੱਚ ਲਿਆ ਜਾਂ ਸ਼ਾਇਦ ਆਪਣੇ ਆਪ ਭੁੜਕ ਕੇ…ਕੋਈ ਵਿਰੋਧ ਨਹੀਂ, ਕੋਈ ਮਿੰਨਤ-ਤਰਲਾ ਨਹੀਂ। ਕੋਈ ਆਵਾਜ਼ ਨਹੀਂ ਤੇ ਫੇਰ ਇਕ---ਠਾਹ-ਹ---ਤੇ ਫੇਰ ਜਿਵੇਂ ਗੋਡੇ ਨਿਕਲ ਗਏ ਹੋਣ, ਉਹ ਮੂਧੜੇ-ਮੂੰਹ ਜਾ ਪਿਆ, ਢੇਰ ਹੋ ਗਿਆ। ਬਸ, ਏਨੀ ਗੱਲ ਸੀ---ਜ਼ਿੰਦਗੀ ਦੇ ਵਰ੍ਹਿਆਂ ਦੇ ਝੰਜਟ ਤੋਂ ਮੌਤ ਨੇ ਇਕੋ ਪਲ ਮੁਕਤ ਕਰ ਦਿੱਤਾ।

ਅਚਾਨਕ ਉਹ ਤ੍ਰਬਕ ਕੇ ਆਪਣੇ ਆਪ ਵਿਚ ਆ ਗਿਆ। ਇਕਬਾਲ ਝਾੜੀਆਂ ਦੀ ਓਟ ਵਿਚੋਂ ਨਿਕਲਿਆ ਆ ਰਿਹਾ ਸੀ।
'ਰੋਪੜ ਵੱਲੋਂ ਆ ਰਹੇ ਓ ਸਰਦਾਰ ਜੀ ?' ਸਾਈਕਲ ਸਵਾਰਾਂ ਵਿਚੋਂ ਕਿਸੇ ਨੇ ਪੁੱਛਿਆ।
'ਹਾਂ।'
'ਡੀਜ਼ਲ ਦਾ ਟਰੱਕ ਦੇਖਿਆ ਸੀ ?'
'ਦੇਖਿਆ ਸੀ।'
'ਤੇਲ ਵੰਡ ਰਹੇ ਸੀ ?'
'ਸ਼ਾਇਦ।'
'ਚੱਲ ਓਇ ਬੰਤਾ ਸਿਆਂ ਛੇਤੀ ਕਰ, ਛੇਤੀ---ਕਿਤੇ ਮੁੱਕ ਈ ਨਾ ਜਾਏ ਫੇਰ।'
'ਮਾ'ਫ਼ ਕਰਨਾ ਸਾਹਬ ਜੀ, ਢਿੱਡ ਵਿਚ ਲੀਹ ਜਿਹੀ ਉੱਠੀ ਸੀ---ਜਾਪਦਾ ਏ, ਖੱਟੀ ਲੱਸੀ ਤੇ ਚਾਹ ਨੇ ਗੜਬੜ ਕਰ ਦਿੱਤੀ ਏ।'...ਤੇ ਇਕਬਾਲ ਸਿੰਘ ਨੇ ਫੇਰ ਕਾਰ ਸਟਾਰਟ ਕਰ ਲਈ।

ਤਿੰਨੇ ਸਾਈਕਲ ਸਵਾਰ ਬੜੀ ਤੇਜ਼ੀ ਨਾਲ ਪੈਡਲ ਮਾਰਦੇ ਹੋਏ ਸਾਈਕਲਾਂ ਭਜਾਈ ਲਈ ਜਾ ਰਹੇ ਸਨ। ਉਹਨਾਂ ਦੇ ਪਿੱਛੇ ਲਟਕਦੀਆਂ ਹੋਈਆਂ ਖਾਲੀ ਕੇਨੀਆਂ ਅਜੀਬ ਆਵਾਜ਼ ਵਿਚ ਖੜਖੜਾਅ ਰਹੀਆਂ ਸਨ, ਜਿਵੇਂ ਖਾਲਸ ਪੰਜਾਬੀ ਠਹਾਕੇ ਲਾ ਰਹੀਆਂ ਹੋਣ।

ਇਕਬਾਲ ਨੇ ਚੁੱਪ ਨੂੰ ਤੋੜਦਿਆਂ ਹੋਇਆਂ ਪੁੱਛਿਆ, 'ਆਪਣਾ ਬਿਜਨਸ ਕੀ ਏ ਸਰ ?' ਆਮ ਸ਼ਬਦਾਂ ਵਿਚ ਇਸਦੇ ਅਰਥ ਨੇ 'ਤੁਸੀਂ ਕੀ ਕਰਦੇ ਹੋ ?' ਪੰਜਾਬੀ ਲੋਕ ਅਜੀਬ ਹੁੰਦੇ ਨੇ…ਜੇ ਕਿਸੇ ਦੇ ਕੰਮ-ਧੰਦੇ, ਠਿਕਾਣੇ ਤੇ ਰੁਤਬੇ-ਅਹੁਦੇ ਬਾਰੇ ਪੁੱਛਣਾ ਹੋਏ ਤਾਂ ਸਿੱਧਾ ਨਹੀਂ ਪੁੱਛਣਗੇ ਕਿ 'ਤਸੀਂ ਕੀ ਕਰਦੇ ਹੋ ?' ਬਲਿਕੇ ਇਹ ਪੁੱਛਣਗੇ ਕਿ 'ਆਪਾਂ ਕੀ ਕਰਦੇ ਹਾਂ ?' ਤੇ ਜਦ ਆਪਣਾ ਜ਼ਿਕਰ ਕਰਨਗੇ ਤਾਂ ਕਹਿਣਗੇ---'ਓ-ਜੀ, ਕੱਲ੍ਹ ਤੁਹਾਡੇ ਵੱਡੇ ਪੁੱਤਰ ਨੂੰ ਵਲੈਤ ਘੱਲਿਆ ਜੇ। ਤੁਹਾਡੀ ਭਾਬੀ ਰੋਵੇ-ਰੋਵੇ, ਪਾਗਲ ਕਿਤੋਂ ਦੀ। ਤੁਹਾਡਾ ਛੋਟਾ ਮੁੰਡਾ ਤਾਂ ਕੋਲ ਈ ਏ ਸਹੁਰੀ ਦੇ।'

ਹਾਂ, ਤਾਂ ਇਕਬਾਲ ਪੁੱਛ ਰਿਹਾ ਸੀ, ਮੈਂ ਕੀ ਕਰਦਾ ਸਾਂ ? ਕੀ ਉਸਨੂੰ ਦੱਸਣਾ ਠੀਕ ਹੋਏਗਾ ਕਿ ਮੈਂ ਪ੍ਰੈੱਸ ਰਿਪੋਰਟਰ ਹਾਂ ? ਜਿਸ ਨੇ ਹਰੇਕ ਵੱਡੀ ਜੰਗ, ਕਾਲ, ਹੜ੍ਹ, ਭੁਚਾਲ ਤੇ ਮਾਹਾਂਮਾਰੀ ਦੀਆਂ ਤਸਵੀਰਾਂ ਖਿੱਚੀਆਂ ਨੇ। ਖਾਸਾ ਨਾਂ ਖੱਟਿਆ ਏ ਤੇ ਪੈਸਾ ਵੀ ਕਮਾਇਆ ਏ। ਨਹੀਂ ਇਹ ਨਹੀਂ ਦੱਸਣਾ ਚਾਹੀਦਾ, ਖਾਹਮਖਾਹ ਗੜਬੜ ਹੋ ਜਾਏਗੀ। ਸੁਣਿਆ ਏਂ, ਉਹ ਲੋਕ ਮਸ਼ਹੂਰ ਆਦਮੀ ਨੂੰ ਭਾਲਦੇ ਰਹਿੰਦੇ ਨੇ---ਆਪਣੇ ਜ਼ੁਰਮ ਨੂੰ ਵੱਧ ਤੋਂ ਵੱਧ ਪਬਲੀਸਿਟੀ ਦੇਣ ਖਾਤਰ।

ਪਰ ਕੋਈ ਝੂਠ ਘੜਨ ਤੋ ਪਹਿਲਾਂ ਹੀ ਮੂੰਹੋਂ ਨਿੱਕਲ ਗਿਆ, 'ਫ਼ੋਟੇਗ੍ਰਾਫਰ…'

ਇਕਬਾਲ ਨੇ ਪਰਤ ਕੇ ਇੰਜ ਦੇਖਿਆ ਜਿਵੇਂ ਕਹਿ ਰਿਹਾ ਹੋਏ ਕਿ 'ਹੈਂ ਤਾਂ ਫ਼ੋਟੋਗ੍ਰਾਫਰ ਪਰ ਮਾਲ ਖ਼ੂਬ ਮਾਰਿਆ ਲੱਗਦਾ ਜੇ ਬੰਦਿਆ।'

'ਵੀਡੀਓ-ਸ਼ੀਡੀਓ ਦਾ ਕੰਮ ਵੀ ਹੋਏਗਾ ?'

'ਹਾਂ, ਹੈ…'

'ਮੇਰਾ ਜੀਜਾ ਵੀ ਫ਼ੋਟੋਗ੍ਰਾਫੀ ਕਰਦਾ ਜੇ ਜੀ। ਵੀਡੀਓ ਦਾ ਕੰਮ ਖਾਸਾ ਵਧਾਅ ਲਿਐ। ਹਰ ਕਿਸਮ ਦੇ ਸ਼ਾਦੀ-ਵਿਆਹ, ਮੁੰਨਣ, ਨਾਮਕਰਣ---ਅੱਛੀ ਲਾਈਨ ਜੇ।' ਇਕਬਾਲ ਸਿੰਘ ਬੜੇ ਮਾਣ ਨਾਲ ਆਪਣੇ ਭਨੋਈਏ ਬਾਰੇ ਦੱਸ ਰਿਹਾ ਸੀ। ਉਹ 'ਹਾਂ-ਹਾਂ' ਕਰਦਾ ਰਿਹਾ, ਏਸੇ ਵਿਚ ਭਲਾ ਵੀ ਸੀ।

ਫੇਰ ਇਕਬਾਲ ਸਿੰਘ ਨੇ ਆਪਣੇ ਬਾਰੇ ਦੱਸਣਾ ਸ਼ੁਰੂ ਕਰ ਦਿੱਤਾ : 'ਚਾਚਾ ਜੀ, ਤਾਇਆ ਜੀ ਟੈਕਸੀ ਲਾਈਨ ਵਿਚ ਨੇ…ਬਾਪੂ ਜੀ ਪਿੰਡ ਰਹਿੰਦੇ ਨੇ। ਮੈਂ ਬਾਰਾਂ ਜਮਾਤਾਂ ਕੀਤੀਆਂ, ਕਾਲਜ ਵਿਚ ਹੋਰ ਦਿਲ ਨਹੀਂ ਲੱਗਿਆ---ਇਹੋ ਲਾਈਨ ਫੜ੍ਹ ਲਈ। ਪਿਛਲੀ ਫਸਲ 'ਤੇ ਬਾਪੂ ਜੀ ਨੇ ਕੁਝ ਜ਼ਮੀਨ ਤੇ ਇਕ ਮੱਝ ਵੇਚ ਕੇ ਇਹ ਫੀਅਟ ਲੈ ਦਿੱਤੀ। ਕੀ ਬੁਰਾ ਜੇ ਸਰ…ਸਵਾਰੀ ਦੀ ਸਵਾਰੀ ਜੇ, ਤੇ ਕੰਮ ਦਾ ਕੰਮ।' ਇਕਬਾਲ ਸਿੰਘ ਅਜੇ ਤਕ ਉਸ ਉਮਰ ਵਿਚੋਂ ਨਹੀਂ ਸੀ ਨਿਕਲਿਆ, ਜਦ ਮੁੰਡੇ ਕਾਲਜਾਂ ਵਿਚ ਪੜ੍ਹਨ ਨਹੀਂ, ਸੈਰ-ਸਪਾਟਾ ਕਰਨ ਤੇ ਹਵਾ ਪਾਣੀ ਬਦਲਣ ਜਾਂਦੇ ਹਨ।

'ਪਰ ਬਿਜਨਸ ਖਰਾਬ ਹੋ ਰਿਹਾ ਜੇ ਸਰ।'

ਉਹ ਸਿਰਫ ਸੁਣਦਾ ਰਿਹਾ---ਖਾਹਮਖਾਹ ਉਲਟੀਆਂ-ਪੁਲਟੀਆਂ ਗੱਲਾਂ ਵਿਚ ਉਲਝਣ ਦਾ ਫਾਇਦਾ ਵੀ ਕੀ ਸੀ ?

'ਜਦੋਂ ਦੀ ਇਹ ਗੜਬੜ ਸ਼ੁਰੂ ਹੋਈ ਜੇ ਜੀ, ਬਿਜਨਸ ਠੱਪ ਹੋ ਗਿਆ ਜੇ। ਸਿਰਫ ਯੂ.ਕੇ. ਤੇ ਦੁਬਈ ਦੇ ਪੈਸੇਂਜਰ ਮਿਲਦੇ ਨੇ। ਬੱਸਾਂ ਤੇ ਟਰੇਨਾਂ ਵਿਚ ਖਤਰਾ ਵਧ ਗਿਐ। ਡਰਦੇ-ਮਾਰੇ ਲੋਕ ਟੈਕਸੀ ਕਰ ਲੈਂਦੇ ਨੇ---ਖਾਸ ਕਰ ਸਾਮਾਨ ਵਾਲੇ।…ਪਰ ਦਿਨੇ ਦਿਨੇ, ਰਾਤ ਨੂੰ ਤਾਂ ਚੋਰ ਵੀ ਡਰਦੇ ਘਰੋਂ ਬਾਹਰ ਨਹੀਂ ਨਿਕਲਦੇ।' ਇਕਬਾਲ ਸਿੰਘ ਇਕ ਵਹਿਸ਼ੀ ਜਿਹਾ ਹਾਸਾ ਹੱਸਿਆ। ਸ਼ਾਇਦ ਬੜੀ ਢਿਠਾਈ ਨਾਲ ਆਉਣ ਵਾਲੇ ਖਤਰੇ ਵੱਲ ਇਸ਼ਾਰਾ ਕਰ ਰਿਹਾ ਸੀ।
***
ਕੁਝ ਚਿਰ ਬਾਅਦ ਉਹ ਆਪਣੇ ਪਿਤਰੀ-ਸ਼ਹਿਰ ਪਹੁੰਚ ਗਿਆ।

'ਉਂਜ ਤਾਂ ਸਭ ਠੀਕ-ਠਾਕ ਏ ਪੁੱਤਰਾ ਪਰ…' ਰਿਸ਼ਤੇਦਾਰੀ ਵਿਚੋਂ ਲੱਗਦੇ ਚਾਚਾ ਜੀ ਘਰ ਪਹੁੰਚਦੇ ਹੀ ਗਲੇ ਨਾਲ ਲਾ ਕੇ ਕਹਿਣ ਲੱਗੇ, ਪਰ ਇਕਬਾਲ ਵੱਲ ਦੇਖ ਕੇ ਚੁੱਪ ਹੋ ਗਏ। ਕੁਝ ਚਿਰ ਪਿੱਛੋਂ ਤਸੱਲੀ ਕਰਕੇ ਕਿ ਇਕਬਾਲ ਕਾਰ ਦਾ ਬੋਨਟ ਖੋਲ੍ਹੀ ਦੂਰ ਖੜ੍ਹਾ ਹੈ ਤੇ ਉਹਨਾਂ ਦੀ ਆਵਾਜ਼ ਉਸ ਤਕ ਨਹੀਂ ਪਹੁੰਚ ਸਕਦੀ, ਬੋਲੇ, 'ਪਰ ਇਕ ਮੁਸ਼ਕਿਲ ਖੜ੍ਹੀ ਹੋ ਗਈ ਏ, ਅੱਜ ਕੱਲ੍ਹ।'

'ਕੀ ਚਾਚਾ ਜੀ ?'

'ਸਵੇਰੇ ਜਦੋਂ ਤੇਰਾ ਛੋਟਾ ਭਰਾ ਤੇ ਮੈਂ ਕੰਮ 'ਤੇ ਜਾਣ ਲਈ ਘਰੋਂ ਨਿਕਲਦੇ ਆਂ ਤਾਂ ਇਹ ਭਰੋਸਾ ਨਹੀਂ ਹੁੰਦਾ ਕਿ ਵਾਪਸ ਪੈਰੀਂ ਚੱਲ ਕੇ ਆਵਾਂਗੇ ਜਾਂ ਲੋਕਾਂ ਦੇ ਮੋਢਿਆਂ 'ਤੇ ? ਬਸ, ਇਹੀ ਇਕ ਤਕਲੀਫ਼ ਹੈ, ਬਾਕੀ ਸਭ ਠੀਕ-ਠਾਕ ਏ।'

ਚਾਚਾ ਗੁਰਾਂ ਦਿੱਤਾ ਖਾਲਸ ਪੰਜਾਬੀ ਹੈ। ਉਹੀ ਪੰਜਾਬੀ ਜਿਹੜਾ ਆਪਣੇ ਪੁੱਤਰ ਨੂੰ ਖ਼ਤ ਲਿਖਦਾ ਹੈ ਤਾਂ ਇਹੀ ਲਿਖਦਾ ਹੈ : 'ਏਥੇ ਸਭ ਖ਼ੈਰੀਅਤ ਹੈ, ਤੇਰੀ ਖ਼ੈਰੀਅਤ ਗੁਰੂ ਮਹਾਰਾਜ ਪਾਸੋਂ ਨੇਕ ਚਾਹੁੰਦੇ ਹਾਂ। ਅੱਗੇ ਸਮਾਚਾਰ ਇਹ ਹੈ ਬਈ ਕਿ ਪਰਸੋਂ ਤੇਰੀ ਮਾਸੀ ਸੁੱਖੀ ਪਰਲੋਕ ਸਿਧਾਰ ਗਈ ਹੈ। ਵਿਚਾਰੀ ਆਪਣੀ ਛੋਟੀ ਬਹੂ ਦੀ ਜੁਦਾਈ ਬਰਦਾਸ਼ਤ ਨਹੀਂ ਕਰ ਸਕੀ, ਜਿਹੜੀ ਉਸਦੇ ਵੱਡੇ ਭਤੀਜੇ ਨਾਲ ਨੱਸ ਗਈ ਹੈ। ਆਪਣੀ ਤੇ ਤੇਰੇ ਚਾਚੇ ਕੀ ਜਿਹੜੀ ਕੰਧ ਸਾਂਝੀ ਸੀ ਨਾ, ਉਹ ਮੀਹਾਂ ਨਾਲ ਢਹਿ ਗਈ ਹੈ।…ਤੇ ਬੂਰੀ ਮਹਿੰ ਨੂੰ ਪਰਸੋਂ ਦਾ ਅਫਾਰਾ ਹੋਇਆ ਪਿਆ ਹੈ।…ਤੇ ਬਾਕੀ ਸਭ ਖ਼ੈਰੀਅਤ ਹੈ।'

'ਤਾਂ ਅੱਜ ਕੱਲ੍ਹ ਆਪਣੇ ਦੇਸ਼ ਵਿਚ ਬਸ ਇਸੇ ਤਰ੍ਹਾਂ ਦੀ ਖ਼ੈਰੀਅਤ ਤਾਂ ਹੈ ਚਾਚਾ ਜੀ…?'

'ਹਾਂ, ਹੈ-ਤਾਂ-ਹੈ ਨਾ ਖ਼ੈਰੀਅਤ---ਸਾਰੇ ਕੰਮ-ਧੰਦੇ ਹੋ ਰਹੇ ਐ…ਸ਼ਾਦੀ-ਵਿਆਹ, ਜਾਪੇ-ਸਿਆਪੇ ਸਾਰੇ ਈ। ਪਰ ਦਿਨੇ ਦਿਨੇ, ਚੁੱਪਚਾਪ---ਜਿਵੇਂ ਹੱਸਣ-ਬੋਲਣ, ਰੋਣ-ਪਿੱਟਣ ਦੀ ਵੀ ਰਾਸ਼ਨਿੰਗ ਹੋ ਗਈ ਹੋਏ। ਪੁੱਤਰ ਵੇਲਾ ਬੜਾ ਖਰਾਬ ਆ ਗਿਐ ਤੇ ਤੂੰ ਵੀ ਕਿੰਨ੍ਹੀ-ਵੇਲੀਂ ਨਿਕਲ ਤੁਰਿਐਂ…ਤੇ ਉਹ ਵੀ 'ਏਸ' ਨਾਲ।'

ਚਾਚੇ ਗੁਰਾਂ ਦਿੱਤੇ ਨੇ ਵੀ 'ਏਸ' ਸ਼ਬਦ ਤੋਂ ਪਰਹੇਜ਼ ਨਹੀਂ ਸੀ ਕੀਤਾ ਹਾਲਾਂਕਿ ਉਸਦੀਆਂ ਦੋਏ ਨੂੰਹਾਂ ਸਿੱਖ ਪਰਵਾਰਾਂ ਵਿਚੋਂ ਨੇ ਤੇ ਜਵਾਈ ਵੀ ਸਿੱਖ ਨੇ।

'ਵੇਲਾ ਈ ਅਜਿਹਾ ਆ ਗਿਐ ਪੁੱਤਰਾ, ਆਪਣੇ ਪਰਛਾਵੇਂ ਤੋਂ ਭੈ ਆਉਣ ਲੱਗ ਪਿਐ। ਤੂੰ ਜ਼ਰਾ ਹੁਸ਼ਿਆਰ ਹੋ ਕੇ ਰਹੀਂ, ਮੈਨੂੰ ਤਾਂ ਡਰ ਲਗਦੈ, ਹਾਂ।'

ਚਾਚਾ ਗੁਰਾਂ ਦਿੱਤਾ ਵੀ ਡਰ ਰਿਹਾ ਹੈ। ਉਸਨੇ ਤਾਂ ਬਚਪਨ ਵਿਚ ਕੁੱਟ-ਕੁੱਟ ਕੇ ਸਾਨੂੰ ਜਪੁਜੀ ਸਾਹਿਬ ਯਾਦ ਕਰਵਾਇਆ ਸੀ। ਜਿਸ ਦੀਆਂ ਕੁਝ ਪੌੜੀਆਂ ਮੈਨੂੰ ਅੱਜ ਤਕ ਯਾਦ ਨੇ।

ਉਸ ਕਰਤਾਰ ਵਿਚ ਯਕੀਨ ਰੱਖਣ ਵਾਲਾ---ਜਿਹੜਾ ਕਰਤਾ ਪੁਰਖੁ ਹੈ, ਨਿਰਭਉ ਹੈ, ਨਿਰਵੈਰੁ ਹੈ, ਅਕਾਲ ਮੂਰਤਿ ਹੈ, ਸੈਭੰ ਹੈ ਯਾਨੀ ਅਮਰ ਮੂਰਤ ਹੈ, ਮੌਤ ਤੇ ਡਰ ਦੋਹਾਂ ਤੋਂ ਬੇਪ੍ਰਵਾਹ ਹੈ---ਚਾਚਾ ਗੁਰਾਂ ਦਿੱਤਾ ਵੀ ਡਰ ਰਿਹਾ ਹੈ ਤੇ ਮੈਨੂੰ ਵੀ ਡਰਾ ਰਿਹਾ ਹੈ।

'ਹਵੇਲੀ ਜਾ ਰਿਹੈਂ ਨਾ…? ਜਰਾ ਸੰਭਲ ਕੇ ਜਾਈਂ। ਵੈਸੇ ਹਰੀ ਸਿੰਘ ਤਾਂ ਠੀਕ ਬੰਦੈ, ਪਰ ਤੂੰ ਤਾਂ ਜਾਣਦੈਂ ਉਹਨਾਂ ਲੋਕਾਂ ਦਾ ਮੁਹੱਲਾ ਐ, ਉਹ ਕੀ ਪਤੈ ਕਦ ਕੀ ਕਰ ਬੈਠਣ ? ਅਜੇ ਪਰਸੋਂ ਦੀ ਗੱਲ ਐ---ਸਕੂਟਰ ਉੱਤੇ ਤਿੰਨ ਬੰਦੇ ਆਏ ਤੇ ਇਕ ਲਾਲੇ ਤੇ ਇਕ ਪੂਰਬੀਏ ਭਈਏ ਨੂੰ ਗੋਲੀ ਮਾਰ ਕੇ ਤੁਰਦੇ ਹੋਏ।'

ਆਉਣ ਵਾਲੀ ਮੌਤ ਦਾ ਸੁਨੇਹਾ ਸੁਣਾ ਕੇ ਚਾਚਾ ਗੁਰਾਂ ਦਿੱਤਾ ਕਾਹਲ ਨਾਲ ਅੰਦਰ ਚਲਾ ਗਿਆ। ਨਾ ਕੋਈ ਲੱਸੀ-ਪਾੜੀ ਪੁੱਛਿਆ, ਨਾ ਹੀ ਰਾਤ ਦੀ ਰੋਟੀ ਦੀ ਸੁਲਾਹ ਮਾਰੀ। ਚਾਚਾ ਤਾਂ ਇਹੋ ਜਿਹਾ ਨਹੀਂ ਸੀ ਹੁੰਦਾ ! ਉਸਦਾ ਦਿਲ ਤਾਂ ਉਸਦੇ ਵਿਹੜੇ ਨਾਲੋਂ ਵੀ ਵੱਡਾ ਸੀ, ਜਿਸ ਵਿਚ ਪੂਰੀ ਬਾਰਾਤ ਦੀਆਂ ਮੰਜੀਆਂ ਡਾਹੀਆਂ ਜਾ ਸਕਦੀਆਂ ਸਨ। ਕਸੂਰ ਚਾਚਾ ਗੁਰਾਂ ਦਿੱਤਾ ਮੱਲਾ ਤੇਰਾ ਨਹੀਂ, ਜ਼ਮਾਨਾ ਹੀ ਅਜਿਹਾ ਆ ਗਿਐ ਸ਼ਾਇਦ !
***
'ਤੇ ਬੇਟਾ ਜੀ ਤੁਸੀਂ ਪਰਸੋਂ ਵਲਾਇਤੋਂ ਪਰਤੇ ਹੋ…ਤਬੀਅਤਾਂ ਪ੍ਰਸੰਨ ਹੋ ਗਈਆਂ, ਤੁਹਾਡੇ ਦਰਸ਼ਨ ਕਰਕੇ।' ਮਾਸਟਰ ਹਰਨਾਮ ਸਿੰਘ ਜੀ ਡਿਊਢੀ ਦੇ ਵੱਡੇ ਦਰਵਾਜ਼ੇ ਕੋਲ ਹੀ ਮੰਜਾ ਡਾਹੀ ਬੈਠੇ ਸਨ। ਮੈਂ ਮਾਸਟਰ ਹਰਨਾਮ ਸਿੰਘ ਹੁਰਾਂ ਦਾ ਮੰਜਾ ਤੇ ਉਹਨਾਂ ਦੇ ਦੋਸਤਾਂ ਦੀਆਂ ਦੋ-ਚਾਰ ਕੁਰਸੀਆਂ ਪਹਿਲੀ ਵੇਰ ਡਿਊਢੀ ਦੇ ਬਾਹਰ, ਚਬੂਤਰੇ ਉਪਰ ਨਹੀਂ, ਬਲਿਕੇ ਦਰਵਾਜ਼ੇ ਵਿਚ ਡੱਠੀਆਂ ਦੇਖੀਆਂ ਸੀ…ਤੇ ਆਪਣੀ ਉਮਰ ਵਿਚ ਪਹਿਲੀ ਵੇਰ ਹੀ ਡਿਊਢੀ ਦਾ ਦਰਵਾਜ਼ਾ ਬੰਦ ਦੇਖਿਆ ਸੀ। ਇੰਜ ਪਹਿਲਾਂ ਕਦੇ ਨਹੀਂ ਸੀ ਹੋਇਆ---ਜਦ ਦੇ ਮਾਸਟਰ ਜੀ ਉਸਦੇ ਪਿਤਰੀ ਪਿੰਡ ਦੇ ਹਾਈ ਸਕੂਲ ਵਿਚੋਂ ਰਿਟਾਇਰ ਹੋਏ ਸਨ, ਆਪਣੀ 'ਮਾਸਟਰਨੀ' ਨਾਲ ਇਸੇ ਹਵੇਲੀ ਵਿਚ ਰਹਿ ਰਹੇ ਸਨ। ਜਦ ਤਕ ਸਾਡੇ ਬਾਪੂ ਜੀ ਜਿਊਂਦੇ ਰਹੇ, ਮਾਸਟਰ ਹੁਰੀਂ ਹਵੇਲੀ ਦੇ ਪਿਛਲੇ ਹਿੱਸੇ ਵਿਚ ਰਹਿੰਦੇ ਰਹੇ। ਉਹਨਾਂ ਦੀ ਮੌਤ ਤੋਂ ਪਿੱਛੋਂ ਸਾਰੇ ਭਰਾਵਾਂ ਨੇ ਹਵੇਲੀ ਮਾਸਟਰ ਜੀ ਦੇ ਹਵਾਲੇ ਕੀਤੀ ਤੇ ਆਪ ਦੂਰ ਸ਼ਹਿਰੀਂ ਜਾ ਕੇ ਬਸਤੀਆਂ ਵਸਾਅ ਲਈਆਂ…ਉਦੋਂ ਹਵੇਲੀ ਨੂੰ ਆਬਾਦ ਰੱਖਣ ਵਾਸਤੇ ਕੋਈ ਤਾਂ ਚਾਹੀਦਾ ਹੀ ਸੀ ਨਾ। ਪਿਓ-ਦਾਦੇ ਦੀ ਉਸ ਹਵੇਲੀ ਦੇ ਜਹਾਜ਼ ਜਿੱਡੇ ਜਿੱਡੇ ਕਮਰਿਆਂ, ਦਲਾਲਾਂ, ਤੇ ਆਸਮਾਨ ਜਿੰਨੀਆਂ ਉੱਚੀਆਂ ਛੱਤਾਂ ਦੀ ਦੇਖ ਭਾਲ ਮਾਸਟਰ ਜੀ ਨੇ ਇਸ ਅਪਣੱਤ ਨਾਲ ਕੀਤੀ ਸੀ ਕਿ ਹਵੇਲੀ ਆਪਣੇ ਮਾਲਕਾਂ ਦੀ ਜੁਦਾਈ ਦਾ ਗ਼ਮ ਭੁੱਲ ਗਈ ਹੋਏਗੀ। ਉਹਨਾਂ ਦਾ ਇਹੀ ਵਤੀਰਾ ਹਵੇਲੀ ਦੇ ਬੱਚਿਆਂ (ਵਾਰਸਾਂ) ਨਾਲ ਵੀ ਰਿਹਾ। ਕੋਈ ਭਰਾ ਉੱਥੇ ਆਉਂਦਾ, ਮਾਸਟਰ ਹਰਨਾਮ ਸਿੰਘ ਆਪਣੀ ਮਾਸਟਰਨੀ ਤਾਂ ਕੀ, ਗਲੀ-ਮੁਹੱਲੇ ਵਾਲਿਆਂ ਦਾ ਟਿਕ ਕੇ ਬਹਿਣਾ ਹਰਾਮ ਕਰ ਦਿੰਦੇ---ਕੋਈ ਠੰਡੀਆਂ ਬੋਤਲਾਂ ਲਿਆ ਰਿਹਾ ਹੈ ਤੇ ਕੋਈ ਗਰਮਾ-ਗਰਮ ਗੁਲਾਬ ਜਾਮਨਾਂ ! ਕਦੀ ਖਾਲਸ ਦੇਸੀ ਘਿਓ ਦੇ ਲੱਡੂਆਂ ਦਾ ਆਡਰ ਦਿੱਤਾ ਜਾ ਰਿਹਾ ਹੁੰਦਾ ਤੇ ਕਦੀ ਸਮੋਸੇ ਮੰਗਵਾਏ ਜਾ ਰਹੇ ਹੁੰਦੇ। ਆਂਢ-ਗੁਆਂਢ ਦੀ ਕੋਈ ਬਹੂ ਉਹਨਾਂ ਦੀ ਰਸੋਈ ਵਿਚ ਬੈਠੀ ਪੂਰੀਆਂ ਕੱਢ ਰਹੀ ਹੁੰਦੀ---ਕਿਉਂ ਮਾਸਟਰਨੀ ਨੁੰ ਹੁਣ ਦਿਨੇ ਵੀ ਘੱਟ ਦਿਸਣ ਲੱਗ ਪਿਆ ਸੀ। ਫੇਰ ਵੀ ਏਨੀ ਖਾਤਰ ਕੀਤੀ ਜਾਂਦੀ ਕਿ ਦੋ ਦਿਨਾਂ ਵਿਚ ਹੀ ਉਹਨਾਂ ਦੇ ਕਿਰਾਏਦਾਰ 'ਨਿਊ ਮੈਡੀਕਲ ਸਟੋਰ' ਵਾਲੇ ਦਾ 'ਪੇਟ ਦੀਆਂ ਦਵਾਈਆਂ' ਦਾ ਸਾਰਾ ਸਟਾਕ ਖਤਮ ਹੋ ਜਾਂਦਾ। ਮਾਸਟਰ ਜੀ ਇਸ ਦਾ ਉਲਾਂਭਾ ਆਪਣੀ ਪ੍ਰਾਹੁਣਾਚਾਰੀ ਨੂੰ ਨਹੀਂ ਬਲਿਕੇ ਵਲਾਇਤ ਵਿਚ ਰਹਿਣ ਕਰਕੇ ਹੋਈ ਮਿਹਦੇ ਦੀ ਕਮਜ਼ੋਰੀ ਨੂੰ ਦਿੰਦੇ---'ਖਾਣ-ਪੀਣ ਨਾਲ ਕੋਈ ਬਿਮਾਰ ਨਹੀਂ ਹੁੰਦਾ ਬੇਟਾ ਜੀ।' ਮਾਸਟਰ ਜੀ ਦੀ ਇਹ ਗੱਲ ਸੈਂਕੜੇ ਵਾਰੀ ਸੁਣੀ ਹੋਣ ਕਰਕੇ ਸਾਰਿਆਂ ਨੂੰ ਜ਼ੁਬਾਨੀ ਯਾਦ ਹੋ ਗਈ ਸੀ।

ਉਸਨੇ ਓਵੇਂ ਹੀ ਮੱਥਾ ਟੇਕਿਆ, ਉਹਨਾਂ ਵੀ ਓਵੇਂ ਹੀ ਪਿਆਰ ਨਾਲ ਗਲੇ ਲਾ ਲਿਆ। ਫੇਰ ਅੰਦਰ ਜਾ ਕੇ ਮਾਸਟਰਨੀ ਨੂੰ ਖਬਰ ਕੀਤੀ ਕਿ 'ਨਿੱਕਾ' ਆਇਆ ਹੈ। ਨਿੱਕਾ---ਯਾਨੀ ਛੋਟਾ। ਉਸ ਉਮਰ ਵਿਚ ਆਪਣੇ ਲਈ ਨਿੱਕਾ ਸੁਣਨਾ ਕਿੰਨਾਂ ਚੰਗਾ ਲੱਗਦਾ ਹੈ !

ਉਹਨਾਂ ਦੀ ਮਾਸਟਰਨੀ, ਜਿਸ ਨੇ ਮਮਤਾ ਦੀ ਕਿਤਾਬ ਤੋਂ ਬਿਨਾਂ ਪੜ੍ਹਾਈ ਦਾ ਇਕ ਅੱਖਰ ਵੀ ਕਦੇ ਨਹੀਂ ਸੀ ਪੜ੍ਹਿਆ---'ਸਦਕੇ ਜਾਵਾਂ, ਜਿਊਂਦੇ ਰਹੋ…' ਅਸ਼ੀਰਵਾਦ ਦੇਣ ਲੱਗ ਪਈ। ਉਵੇਂ ਹੀ ਬਹੂ ਤੇ ਬਾਲ-ਬੱਚੇ ਦੀ ਸੁੱਖ-ਸਾਂਦ ਪੁੱਛੀ ਤੇ ਚਾਹ ਦਾ ਪਾਣੀ ਚੁੱਲ੍ਹੇ ਉੱਤੇ ਰੱਖ ਦਿੱਤਾ।

ਪਰ, ਐਤਕੀ ਮਾਸਟਰ ਹਰਨਾਮ ਸਿੰਘ ਜੀ ਕੁਝ ਗੁੰਮਸੁੰਮ ਜਿਹੇ ਲੱਗ ਰਹੇ ਸਨ, ਜਿਵੇਂ ਉਹਨਾਂ ਦਾ ਇਹ 'ਬੇਟਾ' ਚੋਰੀ ਕਰਕੇ ਘਰ ਲੁਕਣ ਵਾਸਤੇ ਆਇਆ ਹੋਏ---ਮੂੜ੍ਹੇ ਦੀ ਇਕ ਕੁਰਸੀ ਉੱਪਰ ਉਸਨੂੰ ਬਿਠਾਅ ਕੇ ਉਹ ਆਪ ਵੀ ਚੁੱਪਚਾਪ ਜਿਹੇ ਬੈਠ ਗਏ। ਕੁਰਸੀ ਵਰਗੇ ਮੂੜ੍ਹੇ ਉੱਤੇ ਜੰਮੀ ਮਿੱਟੀ ਦੀ ਪਤਲੀ ਤੈਹ ਦੱਸ ਰਹੀ ਸੀ ਕਿ ਉਸ ਉੱਪਰ ਕਈ ਦਿਨਾਂ ਤੋਂ ਕੋਈ ਨਹੀਂ ਸੀ ਬੈਠਿਆ।

ਮਾਸਟਰ ਹਰਨਾਮ ਸਿੰਘ ਨੇ ਏਧਰ-ਉਧਰ ਦੇਖ ਕੇ ਕਿਸੇ ਦੇ ਨੇੜੇ ਨਾ ਹੋਣ ਦੀ ਤਸੱਲੀ ਕਰ ਲਈ ਤਾਂ ਕਹਿਣ ਲੱਗੇ, 'ਅੱਛਾ ਤਾਂ ਤੂੰ ਹਵੇਲੀ ਦਾ ਸੌਦਾ ਕਰਨ ਆਇਆ ਏਂ…ਮੈਨੂੰ ਵੱਡੇ ਨੇ ਲਿਖਿਆ ਸੀ ਕਿ ਕੋਈ ਗਾਹਕ-ਵਾਹਕ ਲੱਭਾਂ। ਠੀਕ ਈ ਏ,ਹੁਣ ਅਸੀਂ ਭਲਾ ਕਿੰਨੇ ਕੁ ਦਿਨਾਂ ਦੇ ਮਹਿਮਾਨ ਆਂ ! ਮੈਂ ਤਾਂ ਚਿਰੋਕਣਾ ਕਹਿੰਦਾ ਪਿਆ ਸਾਂ ਕਿ ਚੰਗੇ ਪੈਸੇ ਵੱਟੇ ਜਾਣਗੇ---ਹਵੇਲੀ ਵੇਚ ਦਿਓ। ਪਰ ਓਦੋਂ ਤੁਸੀਂ ਲੋਕ ਮੰਨੇ ਈ ਨਹੀਂ। ਤੇ ਹੁਣ ਤਾਂ ਤੂੰ ਜਾਣਦਾ ਈ ਏਂ, ਇਹਨਾਂ ਹਵੇਲੀਆਂ ਦੇ ਗਾਹਕ ਕਿੱਥੇ ? ਉਂਜ ਮੈਂ ਆਖਿਆ ਹੋਇਆ ਏ ਦੋ-ਚਾਰ ਵੱਡੇ-ਵੱਡੇ ਦਲਾਲਾਂ ਨੂੰ, ਪਰ ਉਹ ਵੀ ਏਧਰ ਘੱਟ ਈ ਦਿਖਾਈ ਦਿੰਦੇ ਨੇ। ਸੱਚੇ ਨੇ, ਇਸ ਮੁਹੱਲੇ ਵਿਚ ਆਉਂਦੇ ਹੋਏ ਡਰਦੇ ਹੋਣਗੇ 'ਉਹ'।' ਮਾਸਟਰ ਹਰਨਾਮ ਸਿੰਘ ਨੀਵੀਂਆਂ ਅੱਖਾਂ ਕਰੀ ਬੋਲਦੇ ਰਹੇ, 'ਪਰ ਤੇਰੇ ਲਈ ਡਰਨ ਵਾਲੀ ਕੋਈ ਗੱਲ ਨਹੀਂ। ਏਥੇ ਸਭ ਕੁਝ ਠੀਕ-ਠਾਕ ਏ। ਤੂੰ ਚਾਹੇ ਜਿੰਨੀ ਦੇਰ ਮਰਜ਼ੀ ਰਹਿ, ਤੇਰਾ ਆਪਣਾ ਘਰ ਹੈ।'

ਫੇਰ ਉਹ ਰਜਿਸਟਰ ਕੱਢ ਲਿਆਏ ਸਨ, ਜਿਸ ਵਿਚ ਉਸ ਇਕ ਇਕ ਪਾਈ ਦਾ ਹਿਸਾਬ ਸੀ, ਜਿਹੜਾ ਉਹਨਾਂ ਕਿਰਾਏਦਾਰ ਦੁਕਾਨਦਾਰਾਂ ਤੋਂ ਵਸੂਲ ਕੀਤਾ ਸੀ।

'ਮੇਰੀ ਫਿਕਰ ਨਾ ਕਰਿਓ ਬੇਟਾ---ਜਦ ਚਾਹੋ ਮੈਂ ਤੁਹਾਡੀ ਮਾਸਟਰਨੀ ਨੂੰ ਲੈ ਕੇ ਪਿੰਡ ਚਲਾ ਜਾਵਾਂਗਾ। ਕੁਲਤਾਰ ਕੋਲ।' ਮਾਸਟਰ ਜੀ ਨੇ ਆਪਣੀ ਦੁੱਧ-ਚਿੱਟੀ, ਮੱਖਣ ਵਰਗੀ ਮੁਲਾਇਮ ਦਾੜ੍ਹੀ ਦੇ ਬਚੇ-ਖੁਚੇ ਵਾਲਾਂ ਉੱਪਰ ਹੱਥ ਫੇਰਦਿਆਂ ਕਿਹਾ।

ਫੇਰ ਉਹਨਾਂ ਨੇ ਉੱਠ ਕੇ ਡਿਊਢੀ ਦਾ ਕੁੰਡਾ ਅੰਦਰੋਂ ਲਾ ਦਿੱਤਾ ਤੇ ਕੁੰਡੇ ਵਿਚ ਲੋਹੇ ਦੀ ਇਕ ਵੱਡੀ ਸਾਰੀ ਮੇਖ ਅੜਾ ਦਿੱਤੀ। ਮੇਰੇ ਵੱਲ ਪਰਤੇ ਤਾਂ ਕਾਫੀ ਘਬਰਾਏ ਹੋਏ ਸਨ। ਜਿਵੇਂ ਚੋਰੀ ਕਰਦੇ ਫੜ੍ਹੇ ਗਏ ਹੋਣ…'ਡਰ ਵਾਲੀ ਕੋਈ ਗੱਲ ਨਹੀਂ ਪਰ…' ਵਾਕ ਪੂਰਾ ਕਰਨ ਦੀ ਜ਼ਰੂਰਤ ਵੀ ਨਹੀਂ ਸੀ ਰਹੀ।

ਉਸ ਪਿੱਛੋਂ ਚਾਹ ਵਾਲੇ ਗਲਾਸ ਹੱਥਾਂ ਵਿਚ ਫੜ੍ਹੀ ਉਹਨਾਂ ਦੋਹਾਂ ਨੇ ਕੋਈ ਗੱਲ ਨਹੀਂ ਸੀ ਕੀਤੀ, ਕਰਨ ਵਾਸਤੇ ਕੋਈ ਗੱਲ ਹੈ ਹੀ ਨਹੀਂ ਸੀ।

ਜਦੋਂ ਉਸਨੇ ਮਾਸਟਰ ਜੀ ਦੇ ਗੋਡੀਂ ਹੱਥ ਲਾ ਕੇ 'ਪੈਰੀਂ-ਪੈਣਾ' ਕੀਤਾ ਤੇ ਉਹਨਾਂ ਹੱਥ ਚੁੱਕ ਕੇ 'ਗੁਰੂ ਭਲਾ ਕਰੇ' ਦੀ ਅਸੀਸ ਦਿੱਤੀ ਤਾਂ ਮਾਸਟਰਨੀ ਜੀ ਨੇ ਰੋਕਿਆ ਕਿ ਰੋਟੀ ਤਿਆਰ ਹੈ, ਖਾ ਕੇ ਜਾਵੀਂ---ਪਰ ਉਹ ਮੱਥਾ ਟੇਕ ਕੇ ਤੁਰ ਆਇਆ ਕਿਉਂਕਿ ਮਾਸਟਰ ਜੀ ਨੇ ਸਿਫਾਰਸ਼ ਕਰ ਦਿੱਤੀ ਸੀ, 'ਏਸ ਨੂੰ ਜਾਣ ਦੇ ਭਾਗਵਾਨੇ, ਕੰਮ ਵਾਲਾ ਮੁੰਡਾ ਹੈ, ਛੇਤੀ ਪਹੁੰਚਣਾ ਹੋਏਗਾ ਕੰਮ 'ਤੇ, ਤੇ ਏਥੇ ਵੀ ਤਾਂ…'

ਉਹਨਾਂ ਕਾਹਲ ਨਾਲ ਡਿਊਢੀ ਦਾ ਕੁੰਡਾ ਖੋਲ੍ਹਿਆ ਤੇ ਇਹ ਦੇਖ ਕੇ ਕਿ ਗਲੀ ਵਿਚ ਕੋਈ ਓਪਰਾ ਜਾਂ ਗਲਤ ਬੰਦਾ ਤਾਂ ਨਹੀਂ, ਸੁਖ ਦਾ ਸਾਹ ਲਿਆ। ਫੇਰ ਅਚਾਨਕ ਜਿਵੇਂ ਉਹਨਾਂ ਨੂੰ ਕੋਈ ਜ਼ਰੂਰੀ ਗੱਲ ਚੇਤੇ ਆ ਗਈ ਸੀ---ਜਾਂਦੇ ਨੂੰ ਬੁਲਾਇਆ, 'ਜ਼ਰਾ ਰੁਕੀਂ ਤਾਂ ਨਿੱਕਿਆ---ਆਪਣਾ ਸ਼ਗਨ ਤਾਂ ਲੈਂਦਾ ਜਾਹ।' ਮੈਲੀ ਜਿਹੀ ਵਾਸਕਟ ਦੀ ਜੇਬ ਵਿਚੋਂ ਉਹਨਾਂ ਦੋ ਰੁਪਏ ਦਾ ਇਕ ਮੁੜਿਆ-ਤੁੜਿਆ ਨੋਟ ਕੱਢਿਆ, ਖੰਡ ਦੀ ਇਕ ਚੂੰਢੀ ਉਸਦੇ ਮੂੰਹ ਵਿਚ ਪਾਈ ਤੇ ਨੋਟ ਉਸਦੇ ਹੱਥ ਵਿਚ ਫੜਾ ਦਿੱਤਾ। ਇਸ ਹਵੇਲੀ ਦੀ ਜਿਹੜੀ ਸੰਤਾਨ ਉੱਥੇ ਆਉਂਦੀ, ਜਾਣ ਸਮੇਂ ਸਗਨ ਦੇਂਦੇ ਸਨ ਮਾਸਟਰ ਜੀ ਉਸਨੂੰ।

ਉਹ ਇਕ ਵਾਰੀ ਫੇਰ ਝੁਕਿਆ, ਪੈਰੀਂ ਪੈਣਾ ਕਰਨ ਖਾਤਰ…ਪਰ ਉਹਨਾਂ ਉਠਾਲ ਕੇ ਗਲ ਨਾਲ ਲਾ ਲਿਆ, 'ਅੱਛਾ ਬੇਟਾ ਜੀ ਜਾਓ। ਰੱਬ ਰਾਖਾ ਤੁਹਾਡਾ। ਜ਼ਰਾ ਜਲਦੀ ਨਿਕਲ ਜਾਣਾ, ਸੂਰਜ ਦੇ ਛਿਪਾਅ ਤੋਂ ਪਹਿਲਾਂ ਹੀ।'

ਇਕਬਾਲ ਠੀਕ ਹੀ ਕਹਿੰਦਾ ਸੀ---'ਸੂਰਜ ਛਿਪਣ ਤੋਂ ਬਾਅਦ ਅੱਜਕੱਲ੍ਹ ਚੰਦ ਵੀ ਨਹੀਂ ਨਿਕਲਦਾ। ਹੁਣ ਤਾਂ ਜੀ ਚੋਰ ਵੀ ਹਨੇਰੇ ਤੋਂ ਡਰਦੇ ਨੇ।'
***
ਇਕਬਾਲ ਸਿੰਘ ਗੱਡੀ ਬੜੀ ਤੇਜ਼ ਰਫ਼ਤਾਰ ਨਾਲ ਦੌੜਾ ਰਿਹਾ ਹੈ---ਹਾਲਾਂਕਿ ਉਹ ਜਾਣਦਾ ਹੈ ਕਿ ਹਵਾਈ ਅੱਡੇ ਤਕ ਉਹ ਜ਼ਿਆਦਾ ਤੋਂ ਜ਼ਿਆਦਾ ਇਕ ਘੰਟੇ ਵਿਚ ਪਹੁੰਚ ਸਕਦੇ ਸਨ ਤੇ ਹਵਾਈ ਜਹਾਜ਼ ਦੀ ਉਡਾਨ ਵਿਚ ਅਜੇ ਪੰਜ ਘੰਟੇ ਬਾਕੀ ਹਨ।

ਹਵਾਈ ਅੱਡੇ ਤੋਂ ਇਕ ਦੋ ਮੀਲ ਏਧਰ ਹੀ ਇਕਬਾਲ ਨੇ ਟੈਕਸੀ ਰੋਕ ਲਈ---'ਸਾਹਬ ਜੀ, ਏਥੇ ਕੱਪ-ਕੱਪ ਚਾਹ ਈ ਹੋ ਜਾਏ। ਸਰਦਾਰੇ ਪਹਿਲਵਾਨ ਦੀ 'ਲਾਚੀਆਂ ਵਾਲੀ ਚਾਹ' ਦੂਰ ਦੂਰ ਤੀਕ ਮਸ਼ਹੂਰ ਜੇ ਜੀ।' ਕਈ ਦਿਨਾਂ ਤਕ ਨਾਲ ਰਹਿਣ, ਨਾਲ ਨਾਲ ਘੁੰਮਣ-ਫਿਰਨ ਤੇ ਕਈ ਲੋਕਾਂ ਨੂੰ ਮਿਲਨ-ਮਿਲਾਣ ਕਰਕੇ ਇਕਬਾਲ ਸਿੰਘ ਮੇਰੀ ਚਾਹ ਪ੍ਰਤੀ ਖਿੱਚ ਨੂੰ ਪਛਾਣ ਗਿਆ ਸੀ। ਮੈਂ ਸਿਰ ਹਿਲਾਅ ਕੇ ਹਾਂ ਕਹਿ ਦਿੱਤੀ, ਇਹ ਸੋਚ ਕੇ ਕਿ ਭੈ ਨਾਲ ਸ਼ਾਇਦ ਇਹ ਆਖ਼ਰੀ ਸਾਹਮਣਾ ਹੋਏਗਾ। ਇਕਬਾਲ ਸਿੰਘ ਨੇ ਆਦਤ ਅਨੁਸਾਰ ਗੱਡੀ ਦਾ ਬੋਨਟ ਚੁੱਕ ਦਿੱਤਾ, ਰੇਡਏਟਰ ਵਿਚ ਕੁਝ ਤਾਜ਼ਾ ਪਾਣੀ ਪਾਇਆ ਤੇ ਆਪ ਗਾਇਬ ਹੋ ਗਿਆ।

ਇਕਬਾਲ ਦੀ ਇਹ ਆਦਤ ਬੁਰੀ ਸੀ ਕਿ ਕੁਝ ਦੱਸੇ-ਪੁੱਛੇ ਬਿਨਾਂ ਹੀ ਅਲੋਪ ਹੋ ਜਾਂਦਾ ਸੀ। ਸ਼ਾਇਦ ਨੇੜੇ-ਤੇੜੇ ਹੀ ਹੋਏਗਾ ਕਿਤੇ !...ਫੇਰ ਚਾਹ ਆ ਗਈ, ਪਿਆਜ਼ ਤੇ ਹਰੀ ਮਿਰਚ ਦੇ ਪਕੌੜੇ ਵੀ, ਪਰ ਇਕਬਾਲ ਦਾ ਕਿਧਰੇ ਕੋਈ ਪਤਾ ਨਹੀਂ ਸੀ…ਦੇਖਿਆ, ਕਾਰ ਵੀ ਗਾਇਬ ਸੀ।

'ਤੁਸੀਂ ਪੀਓ ਸਾਹਬ ਜੀ---ਡਰਾਈਵਰ ਸਾਹਬ ਵਾਸਤੇ ਫੇਰ ਬਣਾ ਦਿਆਂਗੇ।' ਹਾਈ ਕਲਾਸ ਹੋਸਟਲ ਦੇ ਮੋਟੇ ਮਾਲਕ ਸਰਦਾਰੇ ਪਹਿਲਵਾਨ ਨੇ ਗੱਦੀ ਰੂਪੀ ਲੱਕੜ ਦੇ ਫੱਟੇ ਉੱਤੇ ਬੈਠੇ-ਬੈਠੇ ਹੀ ਕਿਹਾ। ਕੁਝ ਚਿਰ ਬਾਅਦ ਹਾਈ ਕਲਾਸ ਹੋਟਲ ਦਾ ਪ੍ਰੋਪਰਾਈਟਰ ਸਰਦਾਰ ਸਰਦਾਰਾ ਸਿੰਘ ਕੁਝ ਹੋਰ ਗਾਹਕਾਂ ਵਾਸਤੇ ਸਪੈਸ਼ਲ ਚਾਹ ਦਾ ਹੁਕਮ ਦੇ ਕੇ 'ਕਾਰੀਗਰ' ਨੂੰ ਆਈਸ ਬਾਕਸ ਵਿਚੋਂ ਮੱਖਣ ਦੀਆਂ ਟਿੱਕੀਆਂ ਕੱਢ-ਕੱਢ ਦੇਣ ਲੱਗਾ।

ਹੁਣ ਫੇਰ ਉਸਦੇ ਪ੍ਰਾਣ ਖੁਸ਼ਕ ਹੋਣ ਲੱਗ ਪਏ ਸਨ। ਲਗਭਗ ਅੱਧਾ ਘੰਟਾ ਬੀਤ ਚੁੱਕਿਆ ਸੀ, ਪਰ ਇਕਬਾਲ ਸਿੰਘ ਤੇ ਟੈਕਸੀ ਦਾ ਕਿਤੇ ਵੀ ਪਤਾ ਨਹੀਂ ਸੀ। ਡਰਦੇ ਮਾਰੇ ਦੀ ਚਾਹ ਓਵੇਂ ਦੀ ਜਿਵੇਂ ਪਈ ਸੀ। ਹਵਾ ਵਿਚ ਘੂਰਦਾ ਹੋਇਆ ਉਹ ਆਉਣ ਵਾਲੇ ਪਲਾਂ ਬਾਰੇ ਸੋਚਣ ਲੱਗਾ। ਅਚਾਨਕ ਸੜਕ ਉੱਤੇ ਟੈਕਸੀ ਆ ਰਹੀ ਨਜ਼ਰ ਆਈ। ਇਕਬਾਲ ਸਿੰਘ ਨੇ ਹੁਣ ਪੱਗ ਖਾਸੀ ਜਚਾ ਕੇ ਬੰਨ੍ਹੀ ਹੋਈ ਸੀ। ਮੂੰਹ ਵੀ ਧੋਤਾ ਹੋਇਆ ਸੀ---ਏਨੇ ਲੰਮੇ ਸਫ਼ਰ ਵਿਚ ਪਹਿਲੀ ਵੇਰ ਉਸਦੇ ਚਿਹਰੇ ਉੱਤੇ ਰੌਣਕ ਨਜ਼ਰ ਆਈ ਸੀ।

'ਮਾ'ਫ਼ ਕਰਨਾ ਸਰ, ਜ਼ਰਾ ਦੇਰ ਹੋ ਗਈ ਗੁਰਦਵਾਰੇ 'ਚ।'

'ਤਾਂ ਤੂੰ ਗੁਰਦਵਾਰੇ ਚਲਾ ਗਿਆ ਸੈਂ ?'

ਉਸਨੂੰ ਪਤਾ ਸੀ ਨੇੜੇ ਹੀ ਇਕ ਮਸ਼ਹੂਰ ਗੁਰਦਵਾਰਾ ਵੀ ਹੈ।

'ਹਾਂ ਸਰ, ਗੁਰੂ ਘਰ ਗਿਆ ਸਾਂ---ਮੱਥਾ ਟੇਕਣ। ਤੁਰਨ ਵੇਲੇ ਸੁੱਖਿਆ ਜੋ ਸੀ ਕਿ…'

'ਕਿ…ਕੀ ਬਈ ?'

ਬਿੰਦ ਦਾ ਬਿੰਦ ਇਕਬਾਲ ਸਿੰਘ ਨੇ ਕੋਈ ਉਤਰ ਨਹੀਂ ਦਿੱਤਾ।

'ਕੀ ਸੁੱਖਿਆ ਸੀ ਬਈ ਇਕਬਾਲ ਸਿਆਂ ? ਕਿਸੇ ਲਗਨ-ਵਗਨ ਦਾ ਚੱਕਰ ਤਾਂ ਨਹੀਂ ?'

ਇਕਬਾਲ ਸ਼ਰਮਾਅ ਗਿਆ। ਉਸਦੇ ਗੱਲ੍ਹਾਂ ਦੀ ਲਾਲੀ ਉਸਦੀ ਸੱਜਰੀ ਫੁੱਟੀ ਦਾੜ੍ਹੀ ਵਿਚੋਂ ਫੁੱਟ ਨਿਕਲੀ।

'ਨਹੀਂ ਜੀ---ਐਸੀ ਕੋਈ ਗੱਲ ਨਹੀਂ।'

'ਹੋਰ ਫੇਰ ?'

'ਗੱਲ ਇਹ ਸੀ ਸਰ ਕਿ ਇਸ ਟ੍ਰਿਪ 'ਤੇ ਜਾਣ ਤੋਂ ਪਹਿਲਾਂ ਚਾਚੇ ਤੇ ਤਾਏ ਹੁਰਾਂ ਦੋਹਾਂ ਨੇ ਬੜਾ ਮਨ੍ਹਾਂ ਕੀਤਾ ਸੀ। ਏਸੇ ਕਰਕੇ ਉਹ ਉਸ ਰਾਤੀਂ ਮੌਕਾ ਦੇਖਣ ਆਏ ਸਨ। ਤੁਹਾਨੂੰ ਮਿਲ ਲੈਣ ਪਿੱਛੋਂ ਉਹਨਾਂ ਕਿਹਾ ਸੀ, 'ਸਵਾਰੀ ਤਾਂ ਠੀਕ ਏ ਬਾਲੇ ਪੁੱਤਰ…ਪਰ ਕੀ ਪਤੈ ਕਿੱਥੇ-ਕਿੱਥੇ ਘਸੀਟੀ ਫਿਰੇ…ਕੌਣ ਜਾਣਦਾ ਏ ਕਿਹੜਾ ਮੁਹੱਲਾ ਕਿਹੜੀ ਗਲੀ ਕਿਹੋ ਜਿਹੀ ਏ ? ਉਹ ਲੋਕ ਪਤਾ ਨਹੀਂ ਕੀ ਕਰ ਬਹਿਣ ?' '

'ਫੇਰ ਤੂੰ ਕੀ ਕਿਹਾ ਸੀ ਭਲਾ ?'

'ਕੁਝ ਨਹੀਂ, ਬਸ ਮੈਂ ਕਿਹਾ ਸੀ ਸਰ ਕਿ ਏਨਾ ਲੰਮਾ ਟ੍ਰਿਪ ਮੈਨੂੰ ਅੱਜ ਤੀਕ ਕਦੀ ਨਹੀਂ ਮਿਲਿਆ---ਜ਼ਰੂਰ ਜਾਵਾਂਗਾ। ਪਰ ਸਰ, ਹੁਣ ਤੁਹਾਥੋਂ ਕੀ ਲਕੋਅ, ਡਰ ਈ ਲੱਗਦਾ ਰਿਹਾ ਜੇ। ਅੱਜਕੱਲ੍ਹ ਦੇ…।' ਇਕਬਾਲ ਨੇ ਵਾਕ ਅਧੂਰਾ ਛੱਡ ਦਿੱਤਾ। ਸ਼ਾਇਦ ਉਹ ਜਾਣ ਚੁੱਕਿਆ ਸੀ ਕਿ ਗੱਲ ਅੱਗੇ ਵਧਾਈ ਤਾਂ ਉਲਝ ਵੀ ਸਕਦੀ ਹੈ। 'ਉਦੋਂ ਸਰ ਮੈਂ ਸੁਖਣਾ ਸੁੱਖੀ…ਹੇ ਵਾਹਿਗੁਰੂ ਮਹਾਰਾਜ, ਜੇ ਬਾਲਾ ਸਹੀ ਸਲਾਮਤ ਪਰਤ ਆਇਆ ਤਾਂ ਤੇਰੀ ਹਜ਼ੂਰੀ ਵਿਚ ਗਿਆਰਾਂ ਰੁਪਏ ਦਾ ਪ੍ਰਸਾਦ ਚੜ੍ਹਾਏਗਾ।'

ਤੇ ਬਾਲੇ ਨੇ ਲਾਲ ਰੁਮਾਲ ਵਿਚ ਲਪੇਟੇ ਡੂਨੇ ਵਿਚੋਂ ਅਰਦਾਸ ਦਾ ਪ੍ਰਸ਼ਾਦ ਉਸਦੇ ਦੋਏ ਹੱਥਾਂ ਵਿਚ ਫੜਾ ਦਿੱਤਾ। ਹੱਥ ਜਿਹੜੇ ਆਦਤ ਅਨੁਸਾਰ ਆਪ ਮੁਹਾਰੇ ਬੁੱਕ ਦੀ ਸ਼ਕਲ ਵਿਚ ਖੁੱਲ੍ਹੇ ਹੋਏ ਸਨ।

'ਕੋਈ ਗਲਤੀ ਹੋ ਗਈ ਹੋਏ ਤਾਂ ਮੁਆਫ਼ ਕਰ ਦੇਣਾ ਸਰ ਆਪਣਾ ਬੱਚਾ ਸਮਝ ਕੇ। ਸ਼ਾਇਦ ਘਬਰਾਹਟ ਵਿਚ ਕੋਈ ਭੱਲ-ਚੁੱਕ ਹੋ ਗਈ ਹੋਏ।'

ਇਕ ਦੂਜੇ ਦੀਆਂ ਨਜ਼ਰਾਂ ਵਿਚ ਚੋਰ ਬਣੇ ਅਸੀਂ ਇਧਰ ਉਧਰ ਦੇਖਣ ਲੱਗੇ---ਸ਼ਾਇਦ ਉਹਨਾਂ ਪ੍ਰਛਾਵਿਆਂ ਵੱਲ ਜਿਹੜੇ ਸ਼ਾਮ ਢਲਣ ਦੇ ਨਾਲ ਲੰਮੇਂ, ਗੂੜ੍ਹੇ ਤੇ ਡਰਾਵਨੇ ਹੁੰਦੇ ਜਾ ਰਹੇ ਸਨ।

No comments:

Post a Comment