Tuesday, May 26, 2009

ਦਹਿਸ਼ਤ :: ਲੇਖਕ : ਜਫ਼ਰ ਪਿਆਮੀ

ਉਰਦੂ ਕਹਾਣੀ : ਦਹਿਸ਼ਤ :: ਲੇਖਕ : ਜਫ਼ਰ ਪਿਆਮੀ
ਅਨੁਵਾਦ : ਮਹਿੰਦਰ ਬੇਦੀ ਜੈਤੋ Í ਮੁਬਾਇਲ : 94177-30600.


ਜ਼ਿੰਦਗੀ ਸਿਰਫ ਇਤਫ਼ਾਕ ਹੈ ਤੇ ਮੌਤ ਇਕ ਅਟੱਲ ਸਚਾਈ---ਫੇਰ ਮੌਤ ਤੋਂ ਡਰਨਾ ਕੀ ?...ਡਰ ਤਾਂ ਸਿਰਫ ਇਸ ਗੱਲ ਦਾ ਸੀ ਕਿ ਕਿਤੇ ਅੱਡੀਆਂ ਰਗੜ-ਰਗੜ ਹੀ ਨਾ ਮਰਨਾ ਪਏ। ਜੇ ਮੌਤ ਝੱਟ ਮੰਗਣੀ, ਪੱਟ ਵਿਆਹ ਵਾਂਗ ਵਾਪਰ ਜਾਏ, ਤਾਂ ਕਹਿਣਾ ਈ ਕੀ ! ਹਵਾਈ ਹਾਦਸੇ ਦੀ ਮੌਤ ਨੂੰ ਉਹ ਬਿਹਤਰ ਸਮਝਦਾ ਸੀ---ਬਿੰਦ-ਝੱਟ ਦੀ ਪ੍ਰੇਸ਼ਾਨੀ ਤੇ ਸਦਾ-ਸਦਾ ਦੀ ਛੁੱਟੀ। ਗ਼ਾਲਿਬ ਵਿਚਾਰੇ ਹਵਾਈ ਦੌਰ ਤੋਂ ਪਹਿਲਾਂ ਪੈਦਾ ਹੋਏ ਸਨ…ਏਸੇ ਕਰਕੇ ਗਰਕ-ਦਰਿਆ ਹੋਣ ਦੀ ਹਸਰਤ ਵਿਚ ਮਰ ਕੇ ਸ਼ਰਮਿੰਦਾ ਹੋਏ। ਹਵਾਈ ਹਾਦਸੇ ਨਾਲ ਪ੍ਰੀਤ ਜੋੜਦੇ ਤਾਂ ਸ਼ਰਮਿੰਦਿਆਂ ਤਾਂ ਨਾ ਹੋਣਾ ਪੈਂਦਾ---ਨਾ ਕੋਈ ਜਨਾਜ਼ਾ ਉਠਦਾ, ਨਾ ਕੋਈ ਮਜ਼ਾਰ ਹੁੰਦਾ। ਜੇ ਕਿਤੇ ਕਿਸਮਤ ਸਾਥ ਦੇਂਦੀ ਤਾਂ ਮੌਜ ਨਾਲ ਗਰਕ-ਦਰਿਆ ਵੀ ਹੋ ਜਾਂਦੇ…ਅਕਸਰ ਹਵਾਈ ਹਾਦਸੇ (ਸ਼ਾਇਦ ਉਹਨਾਂ ਦੇ ਹੁਕਮ ਨਾਲ ਹੀ) ਸਮੁੰਦਰ ਉੱਤੇ ਹੁੰਦੇ ਨੇ।

ਇਕ ਹੋਰ ਚੰਗੀ ਮੌਤ ਇਹ ਵੀ ਹੋ ਸਕਦੀ ਹੈ ਕਿ ਕੋਈ ਸਰਪਟ ਦੌੜਦੀ ਹੋਈ ਕਾਰ ਕਿਸੇ ਉੱਚੀ ਪਹਾੜੀ ਉਪਰੋਂ ਸੈਂਕੜੇ ਫੁੱਟ ਹੇਠਾਂ ਵਗਦੀ ਕਿਸੇ ਨਦੀ ਵਿਚ ਇੰਜ ਜਾ ਡਿੱਗੇ ਕਿ ਨਾ ਕਾਰ ਦਾ ਹੀ ਕੋਈ ਪਤਾ ਲੱਗੇ ਤੇ ਨਾ ਹੀ ਕਾਰ ਵਾਲੇ ਦਾ।

ਮੌਤ ਵੱਲੋਂ ਏਨਾ ਬੇਪ੍ਰਵਾਹ ਹੁੰਦਾ ਹੋਇਆ ਵੀ ਉਹ ਖਾਸਾ ਭੈ-ਭੀਤ ਸੀ। ਭਾਵੇਂ ਕਾਰ ਸਾਧਾਰਨ ਰਫ਼ਤਾਰ ਨਾਲ ਦੌੜ ਰਹੀ ਸੀ ਤੇ ਰਸਤਾ ਵੀ ਬਿਲਕੁਲ ਪੱਧਰਾ ਸੀ। ਹਰ ਪਾਸੇ ਲੋਕ ਤੁਰੇ ਫਿਰਦੇ ਸਨ ਤੇ ਚੱਪਾ-ਚੱਪਾ ਉਸਦਾ ਜਾਣਿਆ-ਪਛਾਣਿਆ ਸੀ---ਫੇਰ ਵੀ ਪਤਾ ਨਹੀਂ ਕਿਉਂ ਉਸਨੂੰ ਡਰ ਲੱਗ ਰਿਹਾ ਸੀ। ਸ਼ਾਇਦ ਅਗਲੇ ਮੋੜ ਉੱਤੇ ਜਾਂ ਇੱਥੇ ਕਿਤੇ ਹੀ, ਹੁਣੇ ਤੇ ਇਸੇ ਪਲ, ਜ਼ਿੰਦਗੀ ਖ਼ਤਮ ਹੋ ਜਾਵੇਗੀ।

ਇਕ ਵਾਰੀ ਨਹੀਂ ਅਨੇਕਾਂ ਵਾਰੀ ਉਹ ਇਹਨਾਂ ਰਾਹਾਂ ਉੱਤੇ ਮਿਲਣ-ਵਿਛੜਨ ਦੀ ਖੇਡ, ਖੇਡ ਚੁੱਕਿਆ ਸੀ। ਉਸਨੂੰ ਉਹ ਦਿਨ ਯਾਦ ਆਇਆ ਜਦ ਉਹਨਾਂ ਦੀ ਨਵੀਂ ਨਵੀਂ ਸ਼ਾਦੀ ਹੋਈ ਸੀ---ਉਹ ਤੇ 'ਉਹ' ਏਸੇ ਰਾਸਤੇ ਉੱਤੇ ਡਰਾਈਵ ਕਰਦੇ ਹੋਏ ਇਕ ਦਿਨ ਏਦਾਂ ਮਸਤ ਹੋ ਗਏ ਸਨ ਕਿ ਇਕ ਰਾਹ ਜਾਂਦੇ ਰਾਹੀ ਨੇ ਕਿਹਾ ਸੀ, 'ਬੱਲੇ, ਬੱਲੇ ਬਾਊ ਜੀ…ਕਹੋ ਤਾਂ ਅਸੀਂ ਓ ਖੇਸ ਪਾ ਦੇਈਏ ਸ਼ੀਸ਼ਿਆਂ ਉੱਪਰ…'

ਫੇਰ ਉਸ ਸਰਪਟ ਕਾਰ ਦੌੜਾ ਦਿੱਤੀ ਸੀ, ਜਿਵੇਂ ਹਵੇਲੀ ਵਾਲਿਆਂ ਦੀ ਵੱਡੀ ਬੇਰੀ ਦੇ 'ਗਲਘੋਟੂ' ਬੇਰ ਤੋੜਦੇ ਹੋਏ ਉੱਤੋਂ ਫੜ੍ਹੇ ਗਏ ਹੋਣ---ਹੋਸ਼ ਓਦੋਂ ਵੀ ਨਹੀਂ ਸੀ ਹੁੰਦੀ ਤੇ ਨਾ ਹੀ ਓਦੋਂ ਈ ਸੀ। ਫਰਕ ਸਿਰਫ ਏਨਾ ਸੀ ਕਿ ਉਦੋਂ ਜ਼ਿੰਦਗੀ ਆਪਣੇ ਪੂਰੇ ਹੁਸਨ ਸਮੇਤ ਉਹਨਾਂ ਦੇ ਕਲਾਵੇ ਵਿਚ ਸੀ ਤੇ ਅੱਜ ਪੈਰ-ਪੈਰ ਉੱਤੇ ਹਰੇਕ ਰੁੱਖ, ਹਰੇਕ ਤੰਬੂ, ਹਰੇਕ ਝਾੜੀ ਤੇ ਹਰੇਕ ਚਿਹਰੇ ਦੇ ਪਿੱਛੇ ਮੌਤ ਲੁਕੀ ਖੜ੍ਹੀ ਦਿਖਾਈ ਦੇਂਦੀ ਸੀ।

ਉਸਨੂੰ ਯਕੀਨ ਸੀ ਮੌਤ ਕੋਈ ਵੱਡਾ ਮਰਹਲਾ ਨਹੀਂ…ਪਤਾ ਨਹੀਂ ਕਿਉਂ ਫੇਰ ਵੀ ਮੌਤ ਤੋਂ ਡਰ ਰਿਹਾ ਸੀ ਉਹ ! ਸ਼ਾਇਦ ਇਸ ਕਰਕੇ ਕਿ ਉਸਨੂੰ ਸੱਦਾ ਦੇਣ ਵਿਚ ਵੀ ਉਸਦੇ ਰਵਾਇਤੀ ਦੱਬੂਪਣ ਤੇ ਬੇਵਕੂਫ਼ੀ ਦਾ ਵੱਡਾ ਹੱਥ ਸੀ। ਸਭਿਅਤਾ ਤੇ ਸ਼ਰਾਫਤ, ਯਾਨੀਕਿ ਮੂਰਖਤਾ ਦਾ ਇਹ 'ਕ੍ਰਮ' ਪਿਛਲੀ ਰਾਤ ਹੀ ਸ਼ੁਰੂ ਹੋ ਗਿਆ ਸੀ : ਕੱਲ੍ਹ ਰਾਤੀਂ ਜਦੋਂ ਉਹ ਖਾਣਾ ਵਗ਼ੈਰਾ ਖਾ ਕੇ ਬੈਠੇ, ਦੇਸ਼ ਵਿਦੇਸ਼ ਵਿਚ ਵੱਸਦੇ ਆਪਣੇ ਮਿੱਤਰਾਂ-ਰਿਸ਼ਤੇਦਾਰਾਂ ਦੇ ਹਾਲ-ਚਾਲ, ਪੁੱਛ-ਦੱਸ ਰਹੇ ਸਨ ਤਾਂ ਅਚਾਨਕ ਬਾਹਰਲੇ ਦਰਵਾਜ਼ੇ ਦਾ ਕੁੰਡਾ ਖੜਕਿਆ ਸੀ। ਹਾਲਾਤ ਨੇ ਸਿਖਾਅ ਦਿੱਤਾ ਸੀ ਕਿ ਬੂਹਾ ਖੋਹਲਣ ਤੋਂ ਪਹਿਲਾਂ ਕਿਸੇ ਚੋਰ ਮੋਰੀ ਥਾਣੀ ਇਹ ਜ਼ਰੂਰ ਦੇਖ ਲੈਣਾ ਚਾਹੀਦਾ ਹੈ ਕਿ ਕੁੰਡਾ ਖੜਕਾਉਣ ਵਾਲਾ 'ਠੀਕ ਆਦਮੀ' ਹੈ ? ਉਸਦੇ ਜੀਜੇ ਨੇ ਬਾਹਰ ਖੜ੍ਹੇ ਲੋਕਾਂ ਨੂੰ ਦੇਖਿਆ ਤੇ ਦੀਵਾਨਖਾਨੇ ਦੀ ਚੁਟਕਨੀ ਅੰਦਰੋਂ ਅੜਾਉਣ ਲੱਗ ਪਿਆ। ਉਦੋਂ ਹੀ ਕਾਲਬੈੱਲ ਦੀ ਘੰਟੀ ਕੰਨਾਂ ਵਿਚ ਚੀਰ ਪਾ ਗਈ। ਪੋਰਟਿਕੋ ਤੋਂ ਥੋੜ੍ਹੀ ਦੂਰ ਇਕ ਚਿੱਟੀ ਕਾਰ ਖੜ੍ਹੀ ਹੋਈ ਸੀ---ਮਾਮਲਾ ਖਤਰਨਾਕ ਹੀ ਜਾਪਦਾ ਸੀ। ਬਾਹਰਲਾ ਬੂਹਾ ਲਗਾਤਾਰ ਖੜਕਾਇਆ ਜਾ ਰਿਹਾ ਸੀ।

ਡਰਦਿਆਂ ਡਰਦਿਆਂ ਨੌਕਰ ਨੂੰ ਬਾਹਰ ਭੇਜ ਦਿੱਤਾ ਗਿਆ। ਨੌਕਰ ਦਾ ਕੀ ਹੁੰਦੈ, ਇਕ ਗਿਆ ਦੂਜਾ ਆ ਜਾਏਗਾ। ਨੌਕਰ ਪਿਛਲੇ ਦਰਵਾਜ਼ੇ ਵੱਲੋਂ ਗਿਆ ਸੀ…ਤੇ ਆਉਣ ਵਾਲਿਆਂ ਤੋਂ ਕੁਝ ਪੁੱਛ ਕੇ ਝੱਟ ਵਾਪਸ ਨੱਸ ਆਇਆ ਸੀ।

'ਤੀਨ ਸਰਦਾਰ ਬਾਹਰ ਖੜੇ ਹੈਂ ਜੀ…ਫਾਰਨ ਵਾਲੇ ਸਾ'ਬ ਕੋ ਪੂਛ ਰਹੇ ਹੈਂ। ਇਨਹੋਂ ਨੇ ਕਲ੍ਹ ਕੇ ਲੀਏ ਕੋਈ ਟੈਕਸੀ ਬੁਕ ਕਰਵਾਈ ਥੀ।'

ਉਸਦੀ ਚੋਰੀ ਫੜ੍ਹੀ ਗਈ ਸੀ।

ਕੱਲ੍ਹ ਸਵੇਰ ਦੀ ਫਲਾਈਟ 'ਤੇ ਲੰਦਨ ਤੋਂ ਦਿੱਲੀ ਤੇ ਦਿੱਲੀ ਤੋਂ ਇਸ ਸ਼ਹਿਰ ਵਿਚ ਪਹੁੰਚਦਿਆਂ ਹੀ ਉਸਨੇ ਹਮੇਸ਼ਾ ਵਾਂਗ ਟੈਕਸੀ ਸਟੈਂਡ 'ਤੇ ਫ਼ੋਨ ਕੀਤਾ ਸੀ, ਜਿੱਥੋਂ ਉਹ ਹਮੇਸ਼ਾ ਟੈਕਸੀ ਕਰਵਾ ਕੇ 'ਆਪਣੇ ਪਿੰਡਾਂ ਵੱਲ' ਘੁੰਮਣ ਜਾਂਦਾ ਹੁੰਦਾ ਸੀ। ਫ਼ੋਨ ਉੱਤੇ ਹੀ ਕਿਰਾਏ ਵਗ਼ੈਰਾ ਦੀ ਸੈਟਲਮੈਂਟ ਕਰਕੇ ਉਸਨੇ ਇੱਥੋਂ ਦਾ ਪਤਾ ਦੇ ਦਿੱਤਾ ਸੀ।

ਤਾਂ ਇਹ ਲੋਕ ਮੈਨੂੰ ਮਿਲਣ ਆਏ ਸਨ ?
ਪਰ ਏਸ ਵੇਲੇ ਕਿਉਂ ?
ਇਹ ਸੋਚਣ ਦਾ ਮੌਕਾ ਨਹੀਂ ਸੀ---ਜੇ ਉਹ ਲੋਕ ਬਾਹਰ ਖੜ੍ਹੇ ਸਨ ਤਾਂ ਉਸਨੂੰ ਮਿਲਣਾ ਹੀ ਪੈਣਾ ਸੀ।
ਉੱਠ ਕੇ ਉਹ ਨੌਕਰ ਵਾਲੇ ਰਸਤੇ ਤੋਂ ਬਾਹਰ ਚਲਾ ਗਿਆ।
'ਸਾਹਿਬ ਜੀ, ਤੁਸਾਂ ਨੇ ਟੈਕਸੀ ਬੁੱਕ ਕਰਵਾਈ ਸੀ ਨਾ…ਪਟਿਆਲਾ, ਜਲੰਧਰ, ਅੰਮ੍ਰਿਤਸਰ ਵਗ਼ੈਰਾ ਵਾਸਤੇ ?'
'ਕਰਵਾਈ ਤਾਂ ਸੀ---ਪਰ ਸਵੇਰੇ ਜਾਣ ਲਈ, ਇਸ ਵੇਲੇ ਲਈ ਨਹੀਂ।' ਉਸਦੀ ਆਵਾਜ਼ ਵਿਚੋਂ ਘਬਰਾਹਟ ਝਲਕ ਰਹੀ ਸੀ।
'ਅਸੀਂ ਇਹੀ ਪੱਕਾ ਕਰਨ ਆਏ ਆਂ ਜੀ। ਲੰਮਾ ਸਫ਼ਰ ਏ…ਤੁਹਾਨੂੰ ਕੋਈ ਕਸ਼ਟ ਨਾ ਹੋਏ। ਬਾਈ ਦੀ ਵੇ…ਕਿੰਨੇ ਜਣੇ ਹੋਣਗੇ ?'
'ਸਿਰਫ ਮੈਂ…' ਤੇ ਤੁਰੰਤ ਹੀ ਉਸਨੂੰ ਅਹਿਸਾਸ ਹੋਇਆ ਸੀ ਕਿ ਇਹ ਦੱਸ ਕੇ ਉਸਨੇ ਬੜੀ ਵੱਡੀ ਬੇਵਕੂਫ਼ੀ ਕੀਤੀ ਹੈ।
'ਫੇਰ ਤਾਂ ਸਾਹਬ ਜੀ ਨਵੀਂ ਫੀਅਟ 'ਚ ਲੈ ਚੱਲਾਂਗੇ। ਸੀ ਐੱਚ ਜੈੱਡ - 112 ਯਾਦ ਰੱਖਿਓ।'
'ਅੱਛਾ।' ਮੁਰਦਲੀ ਜਿਹੀ ਆਵਾਜ਼ ਵਿਚ ਉਸਨੇ ਜਵਾਬ ਦਿੱਤਾ।
'ਗੁੱਡ ਨਾਈਟ ਸਰ।'
'ਸਤਸ੍ਰੀਆਕਾਲ।' ਆਦਤਨ ਉਸਦੇ ਮੂੰਹੋਂ ਨਿਕਲਿਆ। ਪਤਾ ਨਹੀਂ ਉਹਨਾਂ ਨੂੰ ਸੁਣਿਆਂ ਵੀ ਸੀ ਜਾਂ ਨਹੀਂ---ਪਰ ਸਵਾਲ ਇਹ ਸੀ ਕਿ ਉਹ ਏਨੀ ਰਾਤ ਨੂੰ ਘਰ ਕਿਉਂ ਆਏ ਸਨ ?

ਸ਼ਾਇਦ ਗੱਲ ਪੱਕੀ ਕਰਨਾ ਚਾਹੁੰਦੇ ਹੋਣ---ਪਰ ਇਹ ਤਾਂ ਉਹ ਟੈਲੀਫ਼ੋਨ 'ਤੇ ਵੀ ਪੱਕਾ ਕਰ ਸਕਦੇ ਸਨ, ਉਹਨਾਂ ਕੋਲ ਇੱਥੋਂ ਦਾ ਨੰਬਰ ਵੀ ਸੀ।

ਸ਼ਾਇਦ ਉਹ ਰਸਤਾ ਦੇਖਣਾ ਚਾਹੁੰਦੇ ਹੋਣ ?

ਪਰ ਜਿਹੜਾ ਰਸਤਾ ਅੱਧੀ ਰਾਤ ਨੂੰ ਦੇਖਣਾ ਸੀ, ਉਹ ਸਵੇਰੇ ਵੀ ਤਾਂ ਦੇਖਿਆ ਜਾ ਸਕਦਾ ਸੀ।

ਇਹ ਸ਼ੰਕੇ ਹਰੇਕ ਦੇ ਦਿਲ ਵਿਚ ਉੱਠ ਰਹੇ ਸਨ ਪਰ ਕਿਸੇ ਦੀ ਜ਼ੁਬਾਨ ਉੱਤੇ ਨਹੀਂ ਸਨ ਆ ਰਹੇ। ਉਹਨਾਂ ਲੋਕਾਂ ਦੇ ਚਲੇ ਜਾਣ ਪਿੱਛੋਂ, ਉਹ ਸਾਰੇ ਚੁੱਪ ਜਿਹੇ ਹੋ ਗਏ ਸਨ…ਜਿਵੇਂ ਕੋਈ ਖਬਰ ਦੇ ਗਿਆ ਹੋਏ ਕਿ ਕੱਲ੍ਹ ਤੁਹਾਡੇ ਫਲਾਨੇ ਅਜੀਜ਼ (ਮਿੱਤਰ-ਪਿਆਰੇ) ਨੂੰ ਫਾਂਸੀ ਲੱਗੇਗੀ।

'ਟੈਕਸੀ ਵਾਸਤੇ ਫ਼ੋਨ ਕਰਨ ਤੋਂ ਪਹਿਲਾਂ ਇਹਨਾਂ ਨੂੰ ਪੁੱਛ ਤਾਂ ਲੈਂਦੇ ਭਾਈ ਸਾਹਬ।' ਉਸਦੀ ਮੇਜ਼ਬਾਨ ਭੈਣ ਨੇ ਡਰਦਿਆਂ ਡਰਦਿਆਂ ਕਿਹਾ।

'ਹਾਂ, ਭਾਪਾ ਜੀ।' ਉਸਦਾ ਜੀਜਾ ਬੋਲਿਆ, 'ਵੈਸੇ ਤਾਂ ਸਭ ਠੀਕ ਠਾਕ ਏ, ਪਰ ਕੌਣ ਜਾਣਦੈ ਕਦ ਕਿਸਦੀ ਨੀਅਤ…'

'ਜੀਵਨ ਕਹਿੰਦਾ ਪਿਆ ਸੀ,' ਪੰਦਰਾਂ ਸਾਲਾ ਵਿੱਕੀ ਨੇ ਨੌਕਰ ਦਾ ਹਵਾਲਾ ਦਿੰਦਿਆਂ ਕਿਹਾ, 'ਉਹਨਾਂ ਵਿਚੋਂ ਇਕ ਨੇ ਤਾਂ ਪੈਂਟ ਦੀ ਫੁੱਲੀ ਹੋਈ ਜੇਬ ਵਿਚੋਂ ਹੱਥ ਹੀ ਨਹੀਂ ਸੀ ਕੱਢਿਆ।'

ਤੇ ਫੇਰ ਕਿੱਸੇ ਸ਼ੁਰੂ ਹੋ ਗਏ ਸਨ : ਕਿਵੇਂ ਕਿਸ ਪ੍ਰੋਫ਼ੈਸਰ ਦੇ ਘਰ, ਸਵੇਰੇ ਸਵੇਰੇ, ਦੋ ਬੰਦੇ ਆਏ---ਇਕ ਨੇ ਪੀਣ ਲਈ ਪਾਣੀ ਮੰਗਿਆ ਤੇ ਫੇਰ…

'ਵਿਚਾਰਾ ਪ੍ਰੋਫ਼ੈਸਰ ਪਾਂਡੇ।'

'ਪਿਛਲੇ ਹਫ਼ਤੇ ਹੀ ਹਾਈ ਵੇ 'ਤੇ ਕਈ ਮੁਸਾਫ਼ਰ ਕਤਲ ਕਰ ਦਿੱਤੇ ਗਏ ਨੇ ਜੀ।'

'ਬੜਾ ਮਾੜਾ ਜ਼ਮਾਨਾਂ ਆ ਗਿਆ ਜੇ। ਕੋਈ ਪਤਾ ਨਹੀਂ ਕਿਹੜਾ ਸੱਜਨ ਜੇ, ਕਿਹੜਾ ਵੈਰੀ।'

ਉਸਦਾ ਜੀਜਾ ਦੱਬਵੀਂ ਜਿਹੀ ਜ਼ੁਬਾਨ ਵਿਚ ਏਦਾਂ ਰਸਮੀਂ ਜਿਹੀਆਂ ਗੱਲਾਂ ਕਰ ਰਿਹਾ ਸੀ, ਜਿਵੇਂ ਕੋਈ ਝੂਠ ਬੋਲ ਰਿਹਾ ਹੋਏ। ਸ਼ਾਇਦ ਇਸ ਲਈ ਕਿ ਉਸਦੇ ਪਿਓ ਦਾ ਨਾਂ ਵੀ ਸਰਦਾਰ ਆਲੀ ਸਰਦਾਰ ਪਿਆਰਾ ਸਿੰਘ ਆਫ ਗੁਜਰਾਂਵਾਲਾ ਸੀ।

ਸਰਦਾਰ ਪਿਆਰਾ ਸਿੰਘ ਨੇ ਖਾਨਦਾਨ ਦੀ ਰਵਾਇਤ ਅਨੁਸਾਰ ਆਪਣੇ ਵੱਡੇ ਪੁੱਤਰ ਨੂੰ ਸਿੰਘ ਸਜਾਇਆ ਸੀ ਤੇ ਛੋਟੇ ਨੂੰ ਮੋਨਾ ਹੀ ਰਹਿਣ ਦਿੱਤਾ ਸੀ। ਇਹ ਕੋਈ ਖਾਸ ਗੱਲ ਵੀ ਨਹੀਂ ਸੀ---ਘਰ ਘਰ ਦੀ ਕਹਾਣੀ ਸੀ। ਪਰ ਹੁਣ ਇਹ ਸਭ ਕੁਝ ਵਾਕਈ 'ਖਾਸ-ਗੱਲ' ਹੋ ਗਈ ਲੱਗਦੀ ਸੀ।

ਉਸਦੇ ਜੀਜੇ ਨੂੰ ਇਹ ਸੋਚਣਾ ਮੁਸ਼ਕਿਲ ਜਿਹਾ ਲੱਗ ਰਿਹਾ ਸੀ ਕਿ ਅਜਿਹੀਆਂ ਹਾਲਤਾਂ ਵਿਚ ਕੀ ਕਹੇ ! ਇਕ ਅਣਲਿਖੇ ਤੇ ਅਣਕਹੇ ਸਮਝੌਤੇ ਅਨੁਸਾਰ ਘਰ ਵਿਚ ਉਹ ਲੋਕ 'ਸਿਆਸਤ' ਦੀ ਗੱਲ ਹੀ ਬੜੀ ਘੱਟ ਕਰਦੇ ਸਨ।

ਇਸ ਵੇਲੇ ਸਵਾਲ ਸਿਰਫ ਇਹ ਸੀ ਕਿ ਉਸਨੇ 'ਉਹਨਾਂ ਲੋਕਾਂ' (ਹੋਰ ਕਿਸ ਨਾਂ ਨਾਲ ਬੁਲਾਇਆ ਜਾਵੇ ਉਹਨਾਂ ਨੂੰ) ਨਾਲ ਸਵੇਰੇ ਜਾਣ ਲਈ ਹਾਂ ਕਰਕੇ ਚੰਗਾ ਕੀਤਾ ਹੈ ਜਾਂ ਮਾੜਾ ? ਪਰ ਇਹ ਸਵਾਲ ਸਿਰਫ ਉਸਦੀ ਭੈਣ ਨੇ ਹੀ, ਦੱਬਵੀਂ ਜ਼ੁਬਾਨ ਵਿਚ ਕੀਤਾ…ਤੇ ਫੇਰ ਜਵਾਬ ਦੀ ਉਡੀਕ ਕੀਤੇ ਬਗ਼ੈਰ ਹੀ ਚੁੱਪ ਹੋ ਗਈ। ਕਿਸੇ ਨੇ ਕੁਝ ਨਾ ਆਖਿਆ…ਸਾਰੇ ਜਾਣਦੇ ਸਨ ਕਿ ਸਿਆਸਤ ਉੱਪਰ ਬਹਿਸ ਫਜ਼ੂਲ ਹੀ ਨਹੀਂ ਹੁੰਦੀ, ਖਤਰਨਾਕ ਵੀ ਹੁੰਦੀ ਹੈ।
***
ਸਾਰੀ ਰਾਤ ਉਹ ਸੋਚਦਾ ਰਿਹਾ ਕਿ ਜਾਵਾਂ ਕਿ ਨਾ ਜਾਵਾਂ ? ਸਵੇਰੇ ਟੈਕਸੀ ਆਈ ਤਾਂ ਬਹਾਨਾ ਕਰਕੇ ਮੁਆਫ਼ੀ ਮੰਗ ਲਵਾਂਗਾ---ਹਰਜਾਨੇ ਦੇ ਤੌਰ ਤੇ ਸੌ-ਪੰਜਾਹ ਰੁਪਏ ਦੇ ਕੇ ਖਹਿੜਾ ਛੁਡਾਇਆ ਜਾ ਸਕਦਾ ਹੈ।

ਪਰ ਕਿਉਂ ?

ਇਸ ਕਰਕੇ ਕਿ ਹੋ ਸਕਦਾ ਹੈ ਕਿ ਉਹਨਾਂ ਲੋਕਾਂ ਨੇ ਤੈਨੂੰ 'ਸਾਫ' ਕਰਨ ਦਾ ਪ੍ਰੋਗਰਾਮ ਬਣਾ ਲਿਆ ਹੋਏ, ਹੁਣ ਤੱਕ। ਇਹ ਵੀ ਹੋ ਸਕਦਾ ਹੈ ਕਿ ਇਹ ਕੰਮ ਉਹ ਆਪ ਨਾ ਕਰਨ, ਸਵੇਰ ਦੀ ਰਵਾਨਗੀ ਦੀ ਪੁਸ਼ਟੀ ਕਰਕੇ, ਉਹਨਾਂ ਨੇ ਕਿਸੇ ਹੋਰ ਨੂੰ ਫ਼ੋਨ ਕਰ ਦਿੱਤਾ ਹੋਏ। ਹੋ ਸਕਦਾ ਹੈ, ਉਹਨਾਂ ਵਿਚੋਂ ਕੋਈ ਆਪ, ਕਿਸੇ ਵੀਰਾਨ ਜਗ੍ਹਾ ਮੇਰਾ ਇੰਤਜ਼ਾਰ ਕਰ ਰਿਹਾ ਹੋਏ…

ਪਰ ਉਹ ਮਾਰਦੇ ਕਿੰਜ ਨੇ ?

ਇਸ ਨਾਲ ਕੀ ਫਰਕ ਪੈ ਜਾਣਾ ਏਂ---ਪਿਸਤੌਲ ਹੋਏ, ਭਾਵੇਂ ਬੰਦੂਕ ਜਾਂ ਸਟੇਨਗੰਨ। ਮਾਰਿਆ ਤਾਂ ਤੂੰ ਈ ਜਾਏਂਗਾ…ਤੇ ਉਹ ਵੀ ਬਿਲਕੁਲ ਅਜਾਈਂ ਮੌਤ---ਅਜਿਹੀ ਮੌਤ ਜਿਸਦੀ ਕੋਈ ਕਲਪਣਾ ਤਕ ਨਹੀਂ ਕਰ ਸਕਦਾ। ਤੂੰ ਦੇਸ਼ਾਂ-ਵਿਦੇਸ਼ਾਂ ਵਿਚ ਜਾਣਿਆ-ਪਛਾਣਿਆ ਪ੍ਰੈਸ ਰਿਪੋਰਟਰ ਏਂ, ਤੇਰੀ ਆਪਣੀ ਕੋਈ ਤਸਵੀਰ ਨਹੀਂ ਖਿੱਚੇਗਾ, ਉਦੋਂ। ਤੈਨੂੰ ਜਾਣਾ ਨਹੀਂ ਚਾਹੀਦਾ, ਐਵੇਂ ਕਿਸੇ ਝਾੜੀ ਵਿਚ ਢੇਰ ਹੋਇਆ ਲੱਭੇਂਗਾ।

ਇਹ ਤੂੰ ਕੀ ਸੋਚ ਰਿਹੈ ? ਤੂੰ ਜਿਹੜਾ ਪੱਕਾ ਨਾਸਤਕ ਹੁੰਦਾ ਹੋਇਆ ਵੀ ਅੰਦਰ ਕਿਤੋਂ ਆਪਣੇ ਆਪ ਨੂੰ ਉਹਨਾਂ ਲੋਕਾਂ ਵਿਚੋਂ ਹੀ ਸਮਝਦਾ ਹੈਂ---ਤੂੰ ਹੈਂ ਕੌਣ, ਤੂੰ ਇਹ ਵੀ ਫੈਸਲਾ ਨਹੀਂ ਕਰ ਸਕਿਆ ! ਤੂੰ ਜਿਹੜਾ ਹਮੇਸ਼ਾ ਆਪਣਿਆ ਦੇ ਤਾਹਨੇ-ਮਿਹਣੇ ਸੁਣਦਾ ਰਿਹੈਂ ਕਿ ਤੇਰੇ ਮੂੰਹ 'ਤੇ ਨਹੀਂ ਢਿੱਡ 'ਚ ਦਾੜ੍ਹੀ ਹੈ।

ਤੂੰ ਹੀ ਡਰ ਰਿਹੈਂ, ਲਾਹਣਤ ਹੈ ਤੇਰੇ ਉੱਤੇ।

ਨੀਂਦ ਦੀਆਂ ਤਿੰਨ ਗੋਲੀਆਂ ਦਾ ਅਸਰ ਸਵੇਰ ਤਕ ਗਾਇਬ ਹੀ ਰਿਹਾ ਸੀ। ਭਾਰੇ ਸਿਰ ਤੇ ਸੁੱਜੀਆਂ ਜਿਹੀਆਂ ਅੱਖਾਂ ਨਾਲ ਉਸਨੇ ਅਟੈਚੀ ਬੰਦ ਕੀਤਾ। ਸ਼ਾਇਦ ਇਹ ਆਖ਼ਰੀ ਮੁਲਾਕਾਤ ਹੋਏ---ਜੀਜੇ, ਭੈਣ ਤੇ ਉਸਦੇ ਸਹੁਰਿਆਂ ਨਾਲ।

ਭੈਣ ਦੀ ਸੱਸ, ਬੇ-ਜੀ 'ਅੰਮ੍ਰਿਤ ਵੇਲੇ' ਉਠ ਕੇ ਨੇੜੇ ਦੇ ਗੁਰਦੁਆਰੇ ਵਿਚ ਮੱਥਾ ਟੇਕ ਕੇ ਵਾਪਸ ਆ ਗਈ ਸੀ। ਹੁਣ ਉਸਨੇ ਸੁਖਮਣੀ ਸਾਹਿਬ ਦਾ ਪਾਠ ਵੀ ਕਰ ਲਿਆ ਸੀ। ਦੱਬਵੀਂ ਜ਼ੁਬਾਨ ਵਿਚ ਉਸਦੀ ਭੈਣ ਨੂੰ ਕਹਿਣ ਲੱਗੀ, 'ਵਹੁਟੀਏ, ਜੇ ਆਪਣੇ ਵੀ ਨੂੰ ਅੱਜ ਦਾ ਦਿਨ ਰੋਕ ਲਏਂ ਤਾਂ…' ਫੇਰ ਉਸਨੇ ਗੱਲ ਵਿਚਾਲੇ ਹੀ ਛੱਡ ਦਿੱਤੀ, 'ਜੋ ਕਰੇ ਵਾਹਿਗੁਰੂ ਚੰਗਾ ਕਰੇ।'

ਉਸ ਮੱਥਾ ਟੇਕਿਆ। ਉਹਨਾਂ ਹੱਥ ਚੁੱਕ ਕੇ ਅਸ਼ੀਰਵਾਦ ਦਿੱਤਾ, 'ਵਾਹਿਗੁਰੂ ਭਲਾ ਕਰੇ। ਜੁਆਨੀਆਂ ਮਾਣੋ।' ਫੇਰ ਉਹਨਾਂ ਦੂਜੇ ਪਾਸੇ ਮੂੰਹ ਫੇਰ ਲਿਆ---ਜਿਵੇਂ ਕਿਸੇ ਅਣਦੇਖੇ, ਅਣਚਾਹੇ ਪਾਪ ਵਿਚ ਸਾਂਝੀਦਾਰ ਬਣਨ ਵਾਸਤੇ ਤਿਆਰ ਨਹੀਂ ਸਨ ਉਹ।

ਤੁਰਨ ਵੇਲੇ ਰਸਮੀਂ ਜਿਹੀਆਂ ਗੱਲਾਂ ਹੋਈਆਂ। ਨੌਕਰ ਅਟੈਚੀ ਟੈਕਸੀ ਦੀ ਡਿੱਕੀ ਵਿਚ ਰੱਖ ਆਇਆ। ਉਸਨੇ ਹਮੇਸ਼ਾ ਵਾਂਗ ਨੌਕਰ ਨੂੰ ਟਿੱਪ ਦਿੱਤੀ। ਏਨਾ ਥੋੜ੍ਹਾ ਚਿਰ ਰਹਿਣ ਦੀਆਂ ਸ਼ਿਕਾਇਤਾਂ ਵੀ ਕੀਤੀਆਂ ਗਈਆਂ ਤੇ ਅਗਲੀ ਵੇਰ ਜ਼ਿਆਦਾ ਦਿਨ ਠਹਿਰਣ ਦਾ ਵਾਅਦਾ ਵੀ। ਫੇਰ ਸਾਰੇ ਚੁੱਪ ਹੋ ਗਏ, ਜਿਵੇਂ ਕੋਈ ਝੂਠ ਬੋਲਦੇ ਹੋਏ ਫੜੇ ਗਏ ਹੋਣ।

ਜ਼ਿੰਦਗੀ ਵਿਚ ਅਨੇਕਾਂ ਖਤਰਨਾਕ ਸਫ਼ਰ ਸ਼ੁਰੂ ਕਰਨ ਤੋਂ ਪਹਿਲਾਂ ਉਸ ਨਾਸਤਕ ਨੇ ਕਦੀ ਰੱਬ ਦਾ ਨਾਂ ਨਹੀਂ ਸੀ ਲਿਆ। ਉਦੋਂ ਵੀ ਨਹੀਂ ਜਦੋਂ ਉਹ ਕੈਮਰੇ ਨਾਲ 'ਜੰਗ ਸ਼ੂਟ' ਕਰਨ ਵਾਸਤੇ ਉਸ ਮੈਦਾਨੇ-ਜੰਗ ਵਿਚ ਗਿਆ ਸੀ, ਜਿੱਥੇ ਚਾਰੇ ਪਾਸੇ ਮੌਤ ਦਾ ਵਪਾਰ ਹੋ ਰਿਹਾ ਸੀ। ਉਦੋਂ ਵੀ ਨਹੀਂ ਜਦੋਂ ਜ਼ਮੀਨ ਤੋਂ ਹਜ਼ਾਰਾ ਮੀਟਰ ਉਤਾਂਹ ਉੱਡਦਾ ਹੋਇਆ ਹਵਾਈ ਜਹਾਜ਼ ਫੁੱਟਬਾਲ ਵਾਂਗ ਹਵਾ ਵਿਚ ਉੱਛਲਨ ਲੱਗ ਪਿਆ ਸੀ। ਪਰ ਪਤਾ ਨਹੀਂ ਕਿਉਂ ਅੱਜ ਅਚਾਨਕ ਉਸਦੇ ਮੂੰਹੋਂ ਨਿਕਲਿਆ ਸੀ 'ਸਤਿਗੁਰ ਤੇਰੀ ਓਟ।'
***
'ਸਤਿਗੁਰ ਤੇਰੀ ਓਟ' ਇਕਬਾਲ ਵੀ ਬੁੱਲ੍ਹਾਂ ਵਿਚ ਬਰੜਾਇਆ। ਹੁਣ ਉਹ ਫਰੰਟ ਸੀਟ ਉੱਤੇ ਇਕੱਲਾ ਸੀ, ਉਸਦੇ ਨਾਲ ਦਾ ਸਾਥੀ ਸ਼ਹਿਰ ਖਤਮ ਹੋਣ ਸਾਰ, ਕੁਝ ਕਹੇ-ਸੁਣੇ ਬਗ਼ੈਰ ਹੀ, ਗੱਡੀ ਰੁਕਾਅ ਕੇ ਉਤਰ ਗਿਆ ਸੀ। ਕੀ ਇਹ ਗੱਲ ਰਹੱਸਮਈ ਨਹੀਂ ਸੀ ?...ਇਕ ਸ਼ਖ਼ਸ ਜਿਸਨੇ ਸਵੇਰੇ ਮੂੰਹ ਹਨੇਰੇ ਹੀ ਤੁਹਾਡੇ ਨਾਲ ਸਫ਼ਰ ਜਾਰੀ ਕੀਤਾ ਸੀ, ਤੁਸੀਂ ਠੀਕ ਤਰ੍ਹਾਂ ਉਸਦੀ ਸ਼ਕਲ ਵੀ ਨਹੀਂ ਦੇਖ ਸਕੇ ਸੌ, ਤੇ ਉਹ ਕਿਸੇ ਸੁੰਨਸਾਨ ਜਗ੍ਹਾ ਉਤਰ ਗਿਆ ਸੀ ? ਨਾਲੇ ਫੇਰ ਆਪਣੇ ਸਾਥੀ ਨੂੰ ਕੁਝ ਕਹੇ-ਸੁਣੇ ਬਗ਼ੈਰ…ਕੋਈ ਚੁਭਦੀ ਹੋਈ ਸ਼ੈ…ਸ਼ਾਇਦ ਇਕ ਗੋਲੀ ਉਸਨੂੰ ਆਪਣੀ ਰੀੜ੍ਹ ਦੀ ਹੱਡੀ ਕੋਲ ਪਹੁੰਚ ਗਈ ਜਾਪੀ। ਇਕ ਕੈਦੀ ਇਕ ਫਾਇਰੰਗ ਸਕੁਆਇਡ ਸਾਹਮਣੇ ਜਾਂਦਿਆਂ ਹੋਇਆਂ ਮੁਸਕਰਾ ਪਿਆ ਸੀ। ਤਸਵੀਰਾਂ ਵਿਚ ਕੈਦੀਆਂ ਨੂੰ, ਫਾਇਰਿੰਗ ਸਕੁਆਇਡ ਸਾਹਮਣੇ ਅਕਸਰ ਮੁਸਕਰਾਂਉਂਦਿਆਂ ਹੀ ਦੇਖਿਆ ਸੀ ਉਸਨੇ।

ਇਕਬਾਲ ਸਿੰਘ ਨੇ ਐਕਸੀਲੇਟਰ ਉੱਤੇ ਪੈਰ ਧਰਿਆ ਤੇ ਕਾਰ ਹਵਾ ਨਾਲ ਗੱਲਾਂ ਕਰਨ ਲੱਗ ਪਈ। ਚੰਗਾ ਸੀ। ਤੇਜ਼ ਰਫ਼ਤਾਰ ਗੱਡੀ ਉੱਤੇ ਅਸਾਨੀ ਨਾਲ ਨਿਸ਼ਾਨਾ ਨਹੀਂ ਲੱਗ ਸਕਦਾ। ਉਸਦਾ ਧਿਆਨ ਕਿਸੇ ਹੋਰ ਵਿਸ਼ੇ ਵੱਲ ਮੁੜ ਹੀ ਨਹੀਂ ਸੀ ਰਿਹਾ।

ਗੋਲੀ ਹੁਣ ਰੀੜ੍ਹ ਦੀ ਹੱਡੀ ਵਿਚ ਧਸ ਚੁੱਕੀ ਸੀ। ਇਹ ਬੜੀ ਮਾੜੀ ਗੱਲ ਹੋਏਗੀ---ਗੋਲੀ ਖਾਓ, ਮਰ ਜਾਓ ਤੇ ਛੁੱਟੀ ਕਰੋ। ਏਨਾ ਤਾਂ ਠੀਕ ਹੈ ਪਰ…ਜੇ ਗੋਲੀ ਰੀੜ੍ਹ ਦੀ ਹੱਡੀ ਵਿਚ ਵੱਜੇ ਤੇ ਬੰਦਾ ਹਮੇਸ਼ਾ-ਹਮੇਸ਼ਾ ਲਈ ਵਹੀਲ-ਚੇਅਰ ਉੱਤੇ ਜਾ ਬੈਠੇ ਤਾਂ ਬਰਦਾਸ਼ਤ ਨਹੀਂ ਹੋਣਾ। ਇੰਜ ਗੋਲੀ ਖਾਣ ਦੇ ਬਾਵਜੂਦ ਵੀ ਕਈ ਬੰਦੇ ਮੁਰਦਿਆਂ ਨਾਲੋਂ ਭੈੜੇ ਹੋ ਕੇ ਰਹਿ ਜਾਂਦੇ ਨੇ। ਯਾਦ ਰੱਖਣ ਵਾਲੀ ਗੱਲ ਇਹ ਹੈ ਕਿ ਗੋਲੀ ਵੀ ਹਮੇਸ਼ਾ ਸਬਰ ਤੇ ਸੰਤੋਖ ਨਾਲ ਹੀ ਖਾਣੀ ਚਾਹੀਦੀ ਹੈ ਤਾਂ ਕਿ ਅੱਖ ਦੇ ਫੋਰੇ ਵਿਚ ਗੋਲੀ ਅੰਦਰ ਤੇ ਦਮ ਬਾਹਰ ਹੋ ਜਾਵੇ। ਪਰ ਇਕਬਾਲ ਏਨੀ ਤੇਜ਼ ਗੱਡੀ ਦੌੜਾ ਕੇ ਕਿਹੜੀ ਖੇਡ ਖੇਡਣੀ ਚਾਹ ਰਿਹਾ ਏ ?

ਕਾਰ ਦੀ ਰਫ਼ਤਾਰ ਅਚਾਨਕ ਘੱਟ ਹੋ ਗਈ ਤੇ ਬਾਜ਼ਾਰ ਦੇ ਇਕ ਚੁਰਸਤੇ ਕੋਲ ਰੋਕਦਿਆਂ, 'ਕੋਈ ਚਾਹ-ਸ਼ਾਹ, ਬਿਸਕੁਟ-ਬੁਸਕਟ ਸਰ ?'

'ਚਾਹ-ਸ਼ਾਹ' ਤੇ 'ਬਿਸਕੁਟ-ਬੁਸਕਟ' ਕਹਿ ਕੇ ਇਕਬਾਲ ਸ਼ਾਇਦ ਇਹੀ ਦੱਸਣਾ ਚਾਹੁੰਦਾ ਸੀ ਕਿ ਉਹ ਪੱਕਾ ਪੰਜਾਬੀ ਹੈ। ਉਸ ਵਾਂਗ ਹੀ ਪੱਕਾ ਪੰਜਾਬੀ ਤੇ ਹਰੇਕ ਸ਼ਬਦ ਨੂੰ ਜਿਹੜਾ ਖਾਸ ਤੌਰ 'ਤੇ ਖਾਣ-ਪੀਣ ਵਾਲੀਆਂ ਚੀਜ਼ਾਂ ਨਾਲ ਸੰਬੰਧਤ ਹੋਵੇ, ਇਕਹਿਰਾ ਨਹੀਂ ਬੋਲਦਾ---ਜਿਵੇਂ ਚਾਹ-ਸ਼ਾਹ, ਬਿਸਕੁਟ-ਬੁਸਕਟ, ਕੇਕ-ਸ਼ੇਕ, ਦਾਰੂ-ਸ਼ਾਰੂ ਤੇ ਗੋਲੀ-ਗਾਲੀ…ਜਿਵੇਂ ਗੋਲੀ ਵੀ ਇਕੱਲੀ ਨਹੀਂ, ਗਾਲੀ ਨਾਲ ਹੀ ਖਾਣੀ ਠੀਕ ਰਹਿੰਦੀ ਹੋਏ।

ਕੁਝ ਕਹੇ ਸੁਣੇ ਬਗ਼ੈਰ ਉਹ ਉਤਰ ਗਿਆ। ਆਪਣੇ ਆਪ ਨੂੰ ਨਾਰਮਲ ਸਿੱਧ ਕਰਨ ਵਾਸਤੇ, ਲੱਤਾਂ ਨੂੰ ਜ਼ਰਾ ਕੁ ਝਟਕਾ ਦੇ ਕੇ ਸਿੱਧਿਆਂ ਕਰਦਾ ਹੋਇਆ ਮੈਂ ਵੀ ਇਕਬਾਲ ਸਿੰਘ ਦੇ ਪਿੱਛੇ-ਪਿੱਛੇ 'ਸ਼ਾਨੇ ਪੰਜਾਬ ਹੋਟਲ ਐਂਡ ਰੈਸਟੋਰੈਂਟ' ਉਰਫ਼ ਢਾਬੇ ਵਿਚ ਵੜ ਗਿਆ।

ਸ਼ਾਨੇ ਪੰਜਾਬ ਵਿਚ ਇਸ ਸਮੇਂ ਉਸਦੇ ਅੱਧਖੜ ਉਮਰ ਦੇ ਮਾਲਕ ਤੇ ਨਿੱਕੇ ਜਿਹੇ 'ਮੁੰਡੂ' ਦੇ ਸਿਵਾਏ ਹੋਰ ਕੋਈ ਨਹੀਂ ਸੀ। ਮਾਲਕ ਤੇ ਮੁੰਡੂ ਵਿਚ ਉਮਰ ਤੋਂ ਬਿਨਾਂ ਇਕ ਖਾਸ ਫਰਕ ਇਹ ਵੀ ਸੀ ਕਿ ਮਾਲਕ ਨੇ ਲਾਲ ਰੰਗ ਦਾ ਕੱਛਾ ਤੇ ਇਕ ਕਰੋਸ਼ੀਏ ਦੀ ਬੁਣੀ ਜਾਕਟ ਜਿਹੀ ਪਾਈ ਹੋਈ ਸੀ ਤੇ ਮੁੰਡੂ ਦੇ ਤਨ 'ਤੇ ਸਿਰਫ ਕੱਛਾ ਹੀ ਸੀ। ਇਕ ਹੀ ਕਤਾਰ ਵਿਚ ਖੜ੍ਹੇ ਸਨ ਰਾਜਾ ਤੇ ਰੰਕ, ਦੋਹੇਂ।

ਇਕਬਾਲ ਲਈ ਪਾਈਆ ਦੁੱਧ ਵਿਚ ਪੱਤੀ ਤੇ ਉਸ ਲਈ ਕਾਲੀ ਚਾਹ ਬਣਾਵਾਈ ਗਈ। ਮਿੱਠਾ ਘੱਟ---ਯਾਨੀ ਸਿਰਫ ਦੋ ਚਮਚੇ ਪਾਉਣ ਦਾ ਹੁਕਮ ਦਿੱਤਾ ਗਿਆ। ਦੇਖਦਿਆਂ ਦੇਖਦਿਆਂ ਹੀ ਕਈ ਜਣੇ ਹੋਰ ਅੰਦਰ ਆ ਵੜੇ---ਇਕ ਬੱਸ ਆ ਕੇ ਰੁਕੀ ਸੀ, ਡਰਾਈਵਰ ਤੇ ਕੰਡਕਟਰ ਸਵਾਰੀਆਂ ਨੂੰ 'ਬਸ ਦਸ ਮਿੰਟ' ਰੁਕਣ ਦਾ ਹੁਕਮ ਸੁਣਾ ਕੇ ਅੰਦਰ ਆ ਬੈਠੇ ਸਨ। ਚਾਹ ਦਾ ਦੌਰ ਸ਼ੁਰੂ ਹੋ ਗਿਆ---ਪਰ ਕੋਈ ਕਿਸੇ ਨਾਲ ਗੱਲ ਨਹੀਂ ਸੀ ਕਰ ਰਿਹਾ---ਜਿਵੇਂ ਲੋਕ ਸ਼ਾਨੇ ਪੰਜਾਬ ਵਿਚ ਨਹੀਂ, ਗੋਰਿਆਂ ਦੇ ਕਬਰਸਤਾਨ ਵਿਚ ਬੈਠੇ ਹੋਏ ਹੋਣ। ਹਰੇਕ ਸ਼ਖ਼ਸ ਚੁੱਪਚਾਪ ਆਉਂਦਾ, ਚਾਹ-ਸ਼ਾਹ, ਕੇਕ-ਸ਼ੇਕ ਜਾਂ ਪਰਾਂਠਾ-ਸ਼ਰਾਂਠਾ ਖਾਂਦਾ, ਪੈਸੇ ਦਿੰਦਾ ਤੇ ਚੁੱਪਚਾਪ ਆਪਣੀ ਸੀਟ ਉੱਤੇ ਜਾ ਬੈਠਦਾ। ਕਮਾਲ ਦੀ ਗੱਲ ਇਹ ਹੋਈ ਸੀ ਕਿ ਬੱਸ ਤੋਰਨ ਤੋਂ ਪਹਿਲਾਂ ਕੰਡਕਟਰ ਨੂੰ ਇਕ ਵਾਰੀ ਵੀ ਸੀਟੀ ਨਹੀਂ ਸੀ ਵਜਾਉਣੀ ਪਈ---ਹਰ ਬੰਦਾ ਪਹਿਲਾਂ ਹੀ ਆਪਣੀ ਸੀਟ ਉੱਤੇ ਮੌਜ਼ੂਦ ਸੀ। ਉਸਦੇ ਦੇਸ਼ ਦੇ ਲੋਕ ਹੌਲੀ-ਹੌਲੀ ਸਭਿਅਤ ਤੇ ਡਸਿਪਲਨ ਦੇ ਪੁਜਾਰੀ ਹੋ ਰਹੇ ਸਨ, ਤੇ ਉਹ ਡਰ ਰਿਹਾ ਸੀ।

ਸਾਹਮਣੇ 'ਸ਼ੇਰੇ ਪੰਜਾਬ ਹੋਟਲ' ਵਾਲੇ ਨੇ ਜਦੋਂ 'ਸ਼ਾਨੇ ਪੰਜਾਬ' ਦੇ ਸਾਹਮਣੇ ਆਪਣੀ ਗਾਹਕੀ ਕੁਝ ਮੱਠੀ ਦੇਖੀ ਤਾਂ ਦੂਜੀ ਬੱਸ ਦੇ ਮੁਸਾਫ਼ਰਾਂ ਦਾ ਧਿਆਨ ਖਿੱਚਣ ਵਾਸਤੇ ਫਿਲਮੀ ਡਾਇਲਾਗਾਂ ਦੀ ਕੈਸਟ ਲਾ ਦਿੱਤੀ :

'ਤੇਰਾ ਕਿਆ ਹੋਗਾ ਕਾਲੀਆ…' ਘਿਸੀ ਕੈਸਟ ਵਿਚੋਂ ਅਮਜਦ ਖ਼ਾਨ ਦੀ ਤਿੱਖੀ ਆਵਾਜ਼ ਆਈ ਜਿਵੇਂ ਕਿਸੇ ਡੂੰਘੇ ਖੂਹ ਵਿਚੋਂ ਕੋਈ ਦੁਸ਼ਟ ਪ੍ਰੇਤ ਆਦਮਾ ਬੋਲ ਰਹੀ ਹੋਏ।

ਗੁੰਮਸੁੰਮ ਜਿਹੇ ਹੋਏ ਲੋਕ ਕੁਝ ਸ਼ੇਰੇ ਪੰਜਾਬ ਵੱਲ ਤੁਰ ਗਏ ਤੇ ਕੁਝ ਸ਼ਾਨੇ ਪੰਜਾਬ ਵਿਚ ਵੜ ਗਏ। ਦੋਏ ਪਾਸੇ ਪੂਰਬੀਏ ਮੁੰਡੂ ਆਪਣੇ ਰਲਗੱਡ ਜਿਹੇ ਪੰਜਾਬੀ ਲਹਿਜੇ ਵਿਚ---ਆਓ ਜੀ, ਚਾਏ ਗਰਮ, ਠੰਡੀ ਲੱਸੀ, ਅੰਡਾ-ਆਮਲੇਟ, ਆਲੂ-ਪਰਾਂਠਾ ਦੀ ਰਟ ਲਾ ਕੇ ਗਾਹਕ ਬੁਲਾਅ ਰਹੇ ਸਨ। ਗਾਹਕ ਚੁੱਪਚਾਪ ਇਧਰ ਜਾਂ ਉਧਰ ਚਲੇ ਜਾਂਦੇ। ਜਿਵੇਂ ਹਰੇਕ ਸ਼ਖ਼ਸ ਸੋਚ ਰਿਹਾ ਸੀ---'ਤੇਰਾ ਕਿਆ ਹੋਗਾ ਕਾਲੀਆ ?' ਘਿਸੀ ਕੈਸਟ ਵਿਚੋਂ ਫੇਰ ਆਵਾਜ਼ ਆਈ---'ਜੋ ਡਰ ਗਿਆ, ਵੋ ਮਰ ਗਿਆ…ਹਾ-ਹਾ-ਹਾ।' ਲੋਕ ਆਵਾਜ਼ ਨੂੰ ਭਾਵੇਂ ਅਣਸੁਣੀ ਕਰ ਰਹੇ ਸਨ---ਪਰ ਹਰ ਸ਼ਖ਼ਸ ਡਰਿਆ ਹੋਇਆ ਸੀ, ਤੇ ਅੰਦਰੇ-ਅੰਦਰ ਮਰਿਆ ਹੋਇਆ ਸੀ।

'ਚੱਲੀਏ ਸਰ ?'

'ਚੱਲੋ !'

ਇਕਬਾਲ ਨੇ ਕਾਰ ਫੇਰ ਦੌੜਾਅ ਦਿੱਤੀ। ਗਿੱਲੀ ਸੜਕ ਪਿਛਲੀ ਰਾਤ ਪਏ ਮੀਂਹ ਦੀਆਂ ਚੁਗਲੀਆਂ ਕਰ ਰਹੀ ਸੀ। ਯੁਕਲਪਟੱਸ ਦੇ ਰੁੱਖ ਸਿਰ ਝੁਕਾਈ ਖੜ੍ਹੇ ਸਨ---ਸਿਰ ਤੋਂ ਪੈਰਾਂ ਤੀਕ ਹੰਝੂਆਂ ਵਿਚ ਡੁੱਬੇ ਹੋਏ। ਸਮਾਂ ਚੰਗਾ ਹੁੰਦਾ ਤਾਂ ਉਹ ਲਾਜ਼ਮੀ ਰੁਕਦਾ, ਕੁਝ ਚਿਰ ਭਿੱਜੇ ਪੱਤਿਆਂ ਵਾਲੇ ਰੁੱਖਾਂ ਹੇਠ ਬਿਤਾਉਂਦਾ। ਬਰਸਾਤ ਦੇ ਮੌਸਮ ਦੀ ਪਹਿਲੀ ਬਾਰਿਸ਼ ਪਿੱਛੋਂ ਉਠਦੀ ਹੋਈ ਮਿੱਟੀ ਦੀ ਖ਼ੁਸ਼ਬੂ ਨਾਲ ਦਿਮਾਗ਼ ਦੇ ਭੁੱਲੇ-ਵਿਸਰੇ ਕੋਨਿਆਂ ਨੂੰ ਰੁਸ਼ਲਾਉਂਦਾ। ਆਪਣੇ ਦੇਸ਼ ਦੀ ਧਰਤੀ ਨੂੰ ਸੁਰਮੇਂ ਵਾਂਗ ਅੱਖਾਂ ਵਿਚ ਸਜਾਉਂਦਾ---ਪਰ ਹੁਣ ਤਾਂ ਹੰਝੂਆਂ ਧੋਤੇ ਰੁੱਖਾਂ ਤੋਂ ਡਰ ਲੱਗ ਰਿਹਾ ਹੈ। ਧਰਤੀ ਖਾਸੀ ਤਰ ਹੋਈ ਹੋਈ ਸੀ---ਬਾਰਿਸ਼ ਨਾਲ, ਲਹੂ ਨਾਲ। ਬੇ-ਜੀ ਨੇ ਠੀਕ ਹੀ ਆਖਿਆ ਸੀ---'ਲਹੂ ਤਾਂ ਖ਼ੈਰ ਪਾਣੀ ਵਾਂਗ ਵਹਿ ਰਿਹਾ ਜੇ, ਪਰ ਪਾਣੀ ਵੀ ਬੜਾ ਮਹਿੰਗਾ ਹੋ ਗਿਆ ਜੇ ਪੁੱਤਰ।'

ਇਕਬਾਲ ਨੇ ਅਚਾਨਕ ਕੱਚੇ ਲਾਹ ਕੇ ਗੱਡੀ ਰੋਕ ਦਿੱਤੀ, ਕੁਝ ਕਹੇ ਬਗ਼ੈਰ ਹੇਠਾਂ ਉਤਰਿਆ ਤੇ---'ਦੋ ਮਿੰਟ ਸਰ' ਕਹਿੰਦਾ ਹੋਇਆ ਝਾੜੀਆਂ ਦੀ ਓਟ ਵਿਚ ਚਲਾ ਗਿਆ।

ਇਸੇ ਗੱਲ ਦਾ ਤਾਂ ਡਰ ਸੀ, ਇਸੇ ਕਰਕੇ ਤਾਂ ਰਾਤੀਂ ਆਪਣਾ ਪ੍ਰੋਗ਼ਰਾਮ ਨਹੀਂ ਸੀ ਦੱਸਣਾ ਚਾਹੁੰਦਾ ਤੈਨੂੰ।

ਦੂਰ ਸਾਹਮਣੇ ਤਿੰਨ ਚਾਰ ਨੌਜ਼ਵਾਨ ਸਾਈਕਲਾਂ ਤੇ ਆ ਰਹੇ ਸਨ। ਉਹਨਾਂ ਦੇ ਪੱਗਾਂ ਬੰਨ੍ਹੀਆਂ ਹੋਈਆਂ ਸਨ। ਹੱਥ ਵਿਚ ਕੀ ਸੀ ? ਦਿਖਾਈ ਨਹੀਂ ਸੀ ਦੇ ਦਿੱਤਾ। ਸ਼ਾਇਦ ਪਿੱਛੇ ਬੈਠੇ ਬੰਦਿਆਂ ਕੋਲ ਹੋਏ।…ਜਾਂ ਫੇਰ ਹੋ ਸਕਦਾ ਹੈ ਸਾਈਕਲਾਂ ਨਾਲ ਟੰਗੇ ਝੋਲਿਆਂ ਵਿਚ। ਸਾਰੀ ਗੱਲ ਸਪਸ਼ਟ ਹੋ ਚੁੱਕੀ ਸੀ---ਇਕਬਾਲ ਸ਼ਿਕਾਰ ਨੁੰ ਸ਼ਿਕਾਰੀਆਂ ਦੇ ਹਵਾਲੇ ਕਰਕੇ ਆਪ ਟਿਭ ਗਿਆ ਸੀ।

ਅੱਜ ਕਿਸੇ ਕੁਆਰੇ ਗ਼ਮ ਤੋਂ ਬਿਨਾਂ ਹੀ ਖ਼ੁਦਾ ਯਾਦ ਆ ਰਿਹਾ ਸੀ---ਬਿਨਾਂ ਗੱਲੋਂ ਹੀ। ਅੱਜ ਕੱਲ੍ਹ ਸਾਰੇ ਕੰਮ ਬਿਨਾਂ ਗੱਲੋਂ ਹੀ ਹੋ ਰਹੇ ਸਨ। ਕੁਝ ਸੋਚਣ, ਕੁਝ ਬੋਲਣ, ਕੁਝ ਕਰਨ ਦਾ ਮੌਕਾ ਵੀ ਨਹੀਂ ਸੀ ਰਿਹਾ। ਜ਼ਿੰਦਗੀ ਮਜ਼ੇ ਵਿਚ ਬੀਤੀ ਸੀ, ਮੌਤ ਵੀ ਮਜ਼ੇਦਾਰ ਹੀ ਹੋਏਗੀ।

ਸਾਈਕਲ ਸਵਾਰ ਖਾਸੀ ਨੇੜੇ ਆ ਗਏ ਸਨ। ਉਸਨੇ ਕਾਰ ਦੇ ਸ਼ੀਸ਼ਿਆਂ ਉਤਲੇ ਪਰਦੇ ਖਿੱਚ ਕੇ ਅਖ਼ਬਾਰ ਦੇ ਪਿੱਛੇ ਮੂੰਹ ਲਕੋ ਲਿਆ।

ਪਰ ਜਿਹੜੇ ਲੋਕ ਤੇਰੇ ਸਵਾਗਤ ਲਈ ਰਾਤ ਭਰ ਇੰਤਜ਼ਾਰ ਕਰਦੇ ਰਹੇ ਨੇ, ਉਹਨਾਂ ਕੋਲੋਂ ਪਰਦਾ ਕਾਹਦਾ ? ਆਪਣੀ ਬੇਵਕੂਫ਼ੀ ਉੱਤੇ ਉਸਨੂੰ ਖਿਝ ਚੜ੍ਹਨ ਲੱਗੀ। ਮੌਤ ਦੇ ਦੂਤ ਸਾਹਮਣੇ ਸਨ। ਫੇਰ ਉਹਨਾਂ ਟੈਕਸੀ ਦੇ ਐਨ ਕੋਲ ਆ ਕੇ ਕੁਝ ਕਿਹਾ। ਕਿਸੇ ਨੇ ਪਿਸਤੌਲ ਉਸਦੀ ਪੁੜਪੁੜੀ ਨਾਲ ਲਾ ਦਿੱਤੀ। ਸ਼ਾਇਦ ਫੇਰ ਕਿਸੇ ਨੇ ਕਿਹਾ, 'ਓ, ਇੱਥੇ ਨਹੀਂ…ਬਾਲੇ ਦੀ ਟੈਕਸੀ ਕਿਉਂ ਖਰਾਬ ਕਰਦਾ ਏਂ…' ਸ਼ਿਕਾਰ ਬਾਹਰ ਜਾ ਡਿੱਗਿਆ---ਉਹਨਾਂ ਖਿੱਚ ਲਿਆ ਜਾਂ ਸ਼ਾਇਦ ਆਪਣੇ ਆਪ ਭੁੜਕ ਕੇ…ਕੋਈ ਵਿਰੋਧ ਨਹੀਂ, ਕੋਈ ਮਿੰਨਤ-ਤਰਲਾ ਨਹੀਂ। ਕੋਈ ਆਵਾਜ਼ ਨਹੀਂ ਤੇ ਫੇਰ ਇਕ---ਠਾਹ-ਹ---ਤੇ ਫੇਰ ਜਿਵੇਂ ਗੋਡੇ ਨਿਕਲ ਗਏ ਹੋਣ, ਉਹ ਮੂਧੜੇ-ਮੂੰਹ ਜਾ ਪਿਆ, ਢੇਰ ਹੋ ਗਿਆ। ਬਸ, ਏਨੀ ਗੱਲ ਸੀ---ਜ਼ਿੰਦਗੀ ਦੇ ਵਰ੍ਹਿਆਂ ਦੇ ਝੰਜਟ ਤੋਂ ਮੌਤ ਨੇ ਇਕੋ ਪਲ ਮੁਕਤ ਕਰ ਦਿੱਤਾ।

ਅਚਾਨਕ ਉਹ ਤ੍ਰਬਕ ਕੇ ਆਪਣੇ ਆਪ ਵਿਚ ਆ ਗਿਆ। ਇਕਬਾਲ ਝਾੜੀਆਂ ਦੀ ਓਟ ਵਿਚੋਂ ਨਿਕਲਿਆ ਆ ਰਿਹਾ ਸੀ।
'ਰੋਪੜ ਵੱਲੋਂ ਆ ਰਹੇ ਓ ਸਰਦਾਰ ਜੀ ?' ਸਾਈਕਲ ਸਵਾਰਾਂ ਵਿਚੋਂ ਕਿਸੇ ਨੇ ਪੁੱਛਿਆ।
'ਹਾਂ।'
'ਡੀਜ਼ਲ ਦਾ ਟਰੱਕ ਦੇਖਿਆ ਸੀ ?'
'ਦੇਖਿਆ ਸੀ।'
'ਤੇਲ ਵੰਡ ਰਹੇ ਸੀ ?'
'ਸ਼ਾਇਦ।'
'ਚੱਲ ਓਇ ਬੰਤਾ ਸਿਆਂ ਛੇਤੀ ਕਰ, ਛੇਤੀ---ਕਿਤੇ ਮੁੱਕ ਈ ਨਾ ਜਾਏ ਫੇਰ।'
'ਮਾ'ਫ਼ ਕਰਨਾ ਸਾਹਬ ਜੀ, ਢਿੱਡ ਵਿਚ ਲੀਹ ਜਿਹੀ ਉੱਠੀ ਸੀ---ਜਾਪਦਾ ਏ, ਖੱਟੀ ਲੱਸੀ ਤੇ ਚਾਹ ਨੇ ਗੜਬੜ ਕਰ ਦਿੱਤੀ ਏ।'...ਤੇ ਇਕਬਾਲ ਸਿੰਘ ਨੇ ਫੇਰ ਕਾਰ ਸਟਾਰਟ ਕਰ ਲਈ।

ਤਿੰਨੇ ਸਾਈਕਲ ਸਵਾਰ ਬੜੀ ਤੇਜ਼ੀ ਨਾਲ ਪੈਡਲ ਮਾਰਦੇ ਹੋਏ ਸਾਈਕਲਾਂ ਭਜਾਈ ਲਈ ਜਾ ਰਹੇ ਸਨ। ਉਹਨਾਂ ਦੇ ਪਿੱਛੇ ਲਟਕਦੀਆਂ ਹੋਈਆਂ ਖਾਲੀ ਕੇਨੀਆਂ ਅਜੀਬ ਆਵਾਜ਼ ਵਿਚ ਖੜਖੜਾਅ ਰਹੀਆਂ ਸਨ, ਜਿਵੇਂ ਖਾਲਸ ਪੰਜਾਬੀ ਠਹਾਕੇ ਲਾ ਰਹੀਆਂ ਹੋਣ।

ਇਕਬਾਲ ਨੇ ਚੁੱਪ ਨੂੰ ਤੋੜਦਿਆਂ ਹੋਇਆਂ ਪੁੱਛਿਆ, 'ਆਪਣਾ ਬਿਜਨਸ ਕੀ ਏ ਸਰ ?' ਆਮ ਸ਼ਬਦਾਂ ਵਿਚ ਇਸਦੇ ਅਰਥ ਨੇ 'ਤੁਸੀਂ ਕੀ ਕਰਦੇ ਹੋ ?' ਪੰਜਾਬੀ ਲੋਕ ਅਜੀਬ ਹੁੰਦੇ ਨੇ…ਜੇ ਕਿਸੇ ਦੇ ਕੰਮ-ਧੰਦੇ, ਠਿਕਾਣੇ ਤੇ ਰੁਤਬੇ-ਅਹੁਦੇ ਬਾਰੇ ਪੁੱਛਣਾ ਹੋਏ ਤਾਂ ਸਿੱਧਾ ਨਹੀਂ ਪੁੱਛਣਗੇ ਕਿ 'ਤਸੀਂ ਕੀ ਕਰਦੇ ਹੋ ?' ਬਲਿਕੇ ਇਹ ਪੁੱਛਣਗੇ ਕਿ 'ਆਪਾਂ ਕੀ ਕਰਦੇ ਹਾਂ ?' ਤੇ ਜਦ ਆਪਣਾ ਜ਼ਿਕਰ ਕਰਨਗੇ ਤਾਂ ਕਹਿਣਗੇ---'ਓ-ਜੀ, ਕੱਲ੍ਹ ਤੁਹਾਡੇ ਵੱਡੇ ਪੁੱਤਰ ਨੂੰ ਵਲੈਤ ਘੱਲਿਆ ਜੇ। ਤੁਹਾਡੀ ਭਾਬੀ ਰੋਵੇ-ਰੋਵੇ, ਪਾਗਲ ਕਿਤੋਂ ਦੀ। ਤੁਹਾਡਾ ਛੋਟਾ ਮੁੰਡਾ ਤਾਂ ਕੋਲ ਈ ਏ ਸਹੁਰੀ ਦੇ।'

ਹਾਂ, ਤਾਂ ਇਕਬਾਲ ਪੁੱਛ ਰਿਹਾ ਸੀ, ਮੈਂ ਕੀ ਕਰਦਾ ਸਾਂ ? ਕੀ ਉਸਨੂੰ ਦੱਸਣਾ ਠੀਕ ਹੋਏਗਾ ਕਿ ਮੈਂ ਪ੍ਰੈੱਸ ਰਿਪੋਰਟਰ ਹਾਂ ? ਜਿਸ ਨੇ ਹਰੇਕ ਵੱਡੀ ਜੰਗ, ਕਾਲ, ਹੜ੍ਹ, ਭੁਚਾਲ ਤੇ ਮਾਹਾਂਮਾਰੀ ਦੀਆਂ ਤਸਵੀਰਾਂ ਖਿੱਚੀਆਂ ਨੇ। ਖਾਸਾ ਨਾਂ ਖੱਟਿਆ ਏ ਤੇ ਪੈਸਾ ਵੀ ਕਮਾਇਆ ਏ। ਨਹੀਂ ਇਹ ਨਹੀਂ ਦੱਸਣਾ ਚਾਹੀਦਾ, ਖਾਹਮਖਾਹ ਗੜਬੜ ਹੋ ਜਾਏਗੀ। ਸੁਣਿਆ ਏਂ, ਉਹ ਲੋਕ ਮਸ਼ਹੂਰ ਆਦਮੀ ਨੂੰ ਭਾਲਦੇ ਰਹਿੰਦੇ ਨੇ---ਆਪਣੇ ਜ਼ੁਰਮ ਨੂੰ ਵੱਧ ਤੋਂ ਵੱਧ ਪਬਲੀਸਿਟੀ ਦੇਣ ਖਾਤਰ।

ਪਰ ਕੋਈ ਝੂਠ ਘੜਨ ਤੋ ਪਹਿਲਾਂ ਹੀ ਮੂੰਹੋਂ ਨਿੱਕਲ ਗਿਆ, 'ਫ਼ੋਟੇਗ੍ਰਾਫਰ…'

ਇਕਬਾਲ ਨੇ ਪਰਤ ਕੇ ਇੰਜ ਦੇਖਿਆ ਜਿਵੇਂ ਕਹਿ ਰਿਹਾ ਹੋਏ ਕਿ 'ਹੈਂ ਤਾਂ ਫ਼ੋਟੋਗ੍ਰਾਫਰ ਪਰ ਮਾਲ ਖ਼ੂਬ ਮਾਰਿਆ ਲੱਗਦਾ ਜੇ ਬੰਦਿਆ।'

'ਵੀਡੀਓ-ਸ਼ੀਡੀਓ ਦਾ ਕੰਮ ਵੀ ਹੋਏਗਾ ?'

'ਹਾਂ, ਹੈ…'

'ਮੇਰਾ ਜੀਜਾ ਵੀ ਫ਼ੋਟੋਗ੍ਰਾਫੀ ਕਰਦਾ ਜੇ ਜੀ। ਵੀਡੀਓ ਦਾ ਕੰਮ ਖਾਸਾ ਵਧਾਅ ਲਿਐ। ਹਰ ਕਿਸਮ ਦੇ ਸ਼ਾਦੀ-ਵਿਆਹ, ਮੁੰਨਣ, ਨਾਮਕਰਣ---ਅੱਛੀ ਲਾਈਨ ਜੇ।' ਇਕਬਾਲ ਸਿੰਘ ਬੜੇ ਮਾਣ ਨਾਲ ਆਪਣੇ ਭਨੋਈਏ ਬਾਰੇ ਦੱਸ ਰਿਹਾ ਸੀ। ਉਹ 'ਹਾਂ-ਹਾਂ' ਕਰਦਾ ਰਿਹਾ, ਏਸੇ ਵਿਚ ਭਲਾ ਵੀ ਸੀ।

ਫੇਰ ਇਕਬਾਲ ਸਿੰਘ ਨੇ ਆਪਣੇ ਬਾਰੇ ਦੱਸਣਾ ਸ਼ੁਰੂ ਕਰ ਦਿੱਤਾ : 'ਚਾਚਾ ਜੀ, ਤਾਇਆ ਜੀ ਟੈਕਸੀ ਲਾਈਨ ਵਿਚ ਨੇ…ਬਾਪੂ ਜੀ ਪਿੰਡ ਰਹਿੰਦੇ ਨੇ। ਮੈਂ ਬਾਰਾਂ ਜਮਾਤਾਂ ਕੀਤੀਆਂ, ਕਾਲਜ ਵਿਚ ਹੋਰ ਦਿਲ ਨਹੀਂ ਲੱਗਿਆ---ਇਹੋ ਲਾਈਨ ਫੜ੍ਹ ਲਈ। ਪਿਛਲੀ ਫਸਲ 'ਤੇ ਬਾਪੂ ਜੀ ਨੇ ਕੁਝ ਜ਼ਮੀਨ ਤੇ ਇਕ ਮੱਝ ਵੇਚ ਕੇ ਇਹ ਫੀਅਟ ਲੈ ਦਿੱਤੀ। ਕੀ ਬੁਰਾ ਜੇ ਸਰ…ਸਵਾਰੀ ਦੀ ਸਵਾਰੀ ਜੇ, ਤੇ ਕੰਮ ਦਾ ਕੰਮ।' ਇਕਬਾਲ ਸਿੰਘ ਅਜੇ ਤਕ ਉਸ ਉਮਰ ਵਿਚੋਂ ਨਹੀਂ ਸੀ ਨਿਕਲਿਆ, ਜਦ ਮੁੰਡੇ ਕਾਲਜਾਂ ਵਿਚ ਪੜ੍ਹਨ ਨਹੀਂ, ਸੈਰ-ਸਪਾਟਾ ਕਰਨ ਤੇ ਹਵਾ ਪਾਣੀ ਬਦਲਣ ਜਾਂਦੇ ਹਨ।

'ਪਰ ਬਿਜਨਸ ਖਰਾਬ ਹੋ ਰਿਹਾ ਜੇ ਸਰ।'

ਉਹ ਸਿਰਫ ਸੁਣਦਾ ਰਿਹਾ---ਖਾਹਮਖਾਹ ਉਲਟੀਆਂ-ਪੁਲਟੀਆਂ ਗੱਲਾਂ ਵਿਚ ਉਲਝਣ ਦਾ ਫਾਇਦਾ ਵੀ ਕੀ ਸੀ ?

'ਜਦੋਂ ਦੀ ਇਹ ਗੜਬੜ ਸ਼ੁਰੂ ਹੋਈ ਜੇ ਜੀ, ਬਿਜਨਸ ਠੱਪ ਹੋ ਗਿਆ ਜੇ। ਸਿਰਫ ਯੂ.ਕੇ. ਤੇ ਦੁਬਈ ਦੇ ਪੈਸੇਂਜਰ ਮਿਲਦੇ ਨੇ। ਬੱਸਾਂ ਤੇ ਟਰੇਨਾਂ ਵਿਚ ਖਤਰਾ ਵਧ ਗਿਐ। ਡਰਦੇ-ਮਾਰੇ ਲੋਕ ਟੈਕਸੀ ਕਰ ਲੈਂਦੇ ਨੇ---ਖਾਸ ਕਰ ਸਾਮਾਨ ਵਾਲੇ।…ਪਰ ਦਿਨੇ ਦਿਨੇ, ਰਾਤ ਨੂੰ ਤਾਂ ਚੋਰ ਵੀ ਡਰਦੇ ਘਰੋਂ ਬਾਹਰ ਨਹੀਂ ਨਿਕਲਦੇ।' ਇਕਬਾਲ ਸਿੰਘ ਇਕ ਵਹਿਸ਼ੀ ਜਿਹਾ ਹਾਸਾ ਹੱਸਿਆ। ਸ਼ਾਇਦ ਬੜੀ ਢਿਠਾਈ ਨਾਲ ਆਉਣ ਵਾਲੇ ਖਤਰੇ ਵੱਲ ਇਸ਼ਾਰਾ ਕਰ ਰਿਹਾ ਸੀ।
***
ਕੁਝ ਚਿਰ ਬਾਅਦ ਉਹ ਆਪਣੇ ਪਿਤਰੀ-ਸ਼ਹਿਰ ਪਹੁੰਚ ਗਿਆ।

'ਉਂਜ ਤਾਂ ਸਭ ਠੀਕ-ਠਾਕ ਏ ਪੁੱਤਰਾ ਪਰ…' ਰਿਸ਼ਤੇਦਾਰੀ ਵਿਚੋਂ ਲੱਗਦੇ ਚਾਚਾ ਜੀ ਘਰ ਪਹੁੰਚਦੇ ਹੀ ਗਲੇ ਨਾਲ ਲਾ ਕੇ ਕਹਿਣ ਲੱਗੇ, ਪਰ ਇਕਬਾਲ ਵੱਲ ਦੇਖ ਕੇ ਚੁੱਪ ਹੋ ਗਏ। ਕੁਝ ਚਿਰ ਪਿੱਛੋਂ ਤਸੱਲੀ ਕਰਕੇ ਕਿ ਇਕਬਾਲ ਕਾਰ ਦਾ ਬੋਨਟ ਖੋਲ੍ਹੀ ਦੂਰ ਖੜ੍ਹਾ ਹੈ ਤੇ ਉਹਨਾਂ ਦੀ ਆਵਾਜ਼ ਉਸ ਤਕ ਨਹੀਂ ਪਹੁੰਚ ਸਕਦੀ, ਬੋਲੇ, 'ਪਰ ਇਕ ਮੁਸ਼ਕਿਲ ਖੜ੍ਹੀ ਹੋ ਗਈ ਏ, ਅੱਜ ਕੱਲ੍ਹ।'

'ਕੀ ਚਾਚਾ ਜੀ ?'

'ਸਵੇਰੇ ਜਦੋਂ ਤੇਰਾ ਛੋਟਾ ਭਰਾ ਤੇ ਮੈਂ ਕੰਮ 'ਤੇ ਜਾਣ ਲਈ ਘਰੋਂ ਨਿਕਲਦੇ ਆਂ ਤਾਂ ਇਹ ਭਰੋਸਾ ਨਹੀਂ ਹੁੰਦਾ ਕਿ ਵਾਪਸ ਪੈਰੀਂ ਚੱਲ ਕੇ ਆਵਾਂਗੇ ਜਾਂ ਲੋਕਾਂ ਦੇ ਮੋਢਿਆਂ 'ਤੇ ? ਬਸ, ਇਹੀ ਇਕ ਤਕਲੀਫ਼ ਹੈ, ਬਾਕੀ ਸਭ ਠੀਕ-ਠਾਕ ਏ।'

ਚਾਚਾ ਗੁਰਾਂ ਦਿੱਤਾ ਖਾਲਸ ਪੰਜਾਬੀ ਹੈ। ਉਹੀ ਪੰਜਾਬੀ ਜਿਹੜਾ ਆਪਣੇ ਪੁੱਤਰ ਨੂੰ ਖ਼ਤ ਲਿਖਦਾ ਹੈ ਤਾਂ ਇਹੀ ਲਿਖਦਾ ਹੈ : 'ਏਥੇ ਸਭ ਖ਼ੈਰੀਅਤ ਹੈ, ਤੇਰੀ ਖ਼ੈਰੀਅਤ ਗੁਰੂ ਮਹਾਰਾਜ ਪਾਸੋਂ ਨੇਕ ਚਾਹੁੰਦੇ ਹਾਂ। ਅੱਗੇ ਸਮਾਚਾਰ ਇਹ ਹੈ ਬਈ ਕਿ ਪਰਸੋਂ ਤੇਰੀ ਮਾਸੀ ਸੁੱਖੀ ਪਰਲੋਕ ਸਿਧਾਰ ਗਈ ਹੈ। ਵਿਚਾਰੀ ਆਪਣੀ ਛੋਟੀ ਬਹੂ ਦੀ ਜੁਦਾਈ ਬਰਦਾਸ਼ਤ ਨਹੀਂ ਕਰ ਸਕੀ, ਜਿਹੜੀ ਉਸਦੇ ਵੱਡੇ ਭਤੀਜੇ ਨਾਲ ਨੱਸ ਗਈ ਹੈ। ਆਪਣੀ ਤੇ ਤੇਰੇ ਚਾਚੇ ਕੀ ਜਿਹੜੀ ਕੰਧ ਸਾਂਝੀ ਸੀ ਨਾ, ਉਹ ਮੀਹਾਂ ਨਾਲ ਢਹਿ ਗਈ ਹੈ।…ਤੇ ਬੂਰੀ ਮਹਿੰ ਨੂੰ ਪਰਸੋਂ ਦਾ ਅਫਾਰਾ ਹੋਇਆ ਪਿਆ ਹੈ।…ਤੇ ਬਾਕੀ ਸਭ ਖ਼ੈਰੀਅਤ ਹੈ।'

'ਤਾਂ ਅੱਜ ਕੱਲ੍ਹ ਆਪਣੇ ਦੇਸ਼ ਵਿਚ ਬਸ ਇਸੇ ਤਰ੍ਹਾਂ ਦੀ ਖ਼ੈਰੀਅਤ ਤਾਂ ਹੈ ਚਾਚਾ ਜੀ…?'

'ਹਾਂ, ਹੈ-ਤਾਂ-ਹੈ ਨਾ ਖ਼ੈਰੀਅਤ---ਸਾਰੇ ਕੰਮ-ਧੰਦੇ ਹੋ ਰਹੇ ਐ…ਸ਼ਾਦੀ-ਵਿਆਹ, ਜਾਪੇ-ਸਿਆਪੇ ਸਾਰੇ ਈ। ਪਰ ਦਿਨੇ ਦਿਨੇ, ਚੁੱਪਚਾਪ---ਜਿਵੇਂ ਹੱਸਣ-ਬੋਲਣ, ਰੋਣ-ਪਿੱਟਣ ਦੀ ਵੀ ਰਾਸ਼ਨਿੰਗ ਹੋ ਗਈ ਹੋਏ। ਪੁੱਤਰ ਵੇਲਾ ਬੜਾ ਖਰਾਬ ਆ ਗਿਐ ਤੇ ਤੂੰ ਵੀ ਕਿੰਨ੍ਹੀ-ਵੇਲੀਂ ਨਿਕਲ ਤੁਰਿਐਂ…ਤੇ ਉਹ ਵੀ 'ਏਸ' ਨਾਲ।'

ਚਾਚੇ ਗੁਰਾਂ ਦਿੱਤੇ ਨੇ ਵੀ 'ਏਸ' ਸ਼ਬਦ ਤੋਂ ਪਰਹੇਜ਼ ਨਹੀਂ ਸੀ ਕੀਤਾ ਹਾਲਾਂਕਿ ਉਸਦੀਆਂ ਦੋਏ ਨੂੰਹਾਂ ਸਿੱਖ ਪਰਵਾਰਾਂ ਵਿਚੋਂ ਨੇ ਤੇ ਜਵਾਈ ਵੀ ਸਿੱਖ ਨੇ।

'ਵੇਲਾ ਈ ਅਜਿਹਾ ਆ ਗਿਐ ਪੁੱਤਰਾ, ਆਪਣੇ ਪਰਛਾਵੇਂ ਤੋਂ ਭੈ ਆਉਣ ਲੱਗ ਪਿਐ। ਤੂੰ ਜ਼ਰਾ ਹੁਸ਼ਿਆਰ ਹੋ ਕੇ ਰਹੀਂ, ਮੈਨੂੰ ਤਾਂ ਡਰ ਲਗਦੈ, ਹਾਂ।'

ਚਾਚਾ ਗੁਰਾਂ ਦਿੱਤਾ ਵੀ ਡਰ ਰਿਹਾ ਹੈ। ਉਸਨੇ ਤਾਂ ਬਚਪਨ ਵਿਚ ਕੁੱਟ-ਕੁੱਟ ਕੇ ਸਾਨੂੰ ਜਪੁਜੀ ਸਾਹਿਬ ਯਾਦ ਕਰਵਾਇਆ ਸੀ। ਜਿਸ ਦੀਆਂ ਕੁਝ ਪੌੜੀਆਂ ਮੈਨੂੰ ਅੱਜ ਤਕ ਯਾਦ ਨੇ।

ਉਸ ਕਰਤਾਰ ਵਿਚ ਯਕੀਨ ਰੱਖਣ ਵਾਲਾ---ਜਿਹੜਾ ਕਰਤਾ ਪੁਰਖੁ ਹੈ, ਨਿਰਭਉ ਹੈ, ਨਿਰਵੈਰੁ ਹੈ, ਅਕਾਲ ਮੂਰਤਿ ਹੈ, ਸੈਭੰ ਹੈ ਯਾਨੀ ਅਮਰ ਮੂਰਤ ਹੈ, ਮੌਤ ਤੇ ਡਰ ਦੋਹਾਂ ਤੋਂ ਬੇਪ੍ਰਵਾਹ ਹੈ---ਚਾਚਾ ਗੁਰਾਂ ਦਿੱਤਾ ਵੀ ਡਰ ਰਿਹਾ ਹੈ ਤੇ ਮੈਨੂੰ ਵੀ ਡਰਾ ਰਿਹਾ ਹੈ।

'ਹਵੇਲੀ ਜਾ ਰਿਹੈਂ ਨਾ…? ਜਰਾ ਸੰਭਲ ਕੇ ਜਾਈਂ। ਵੈਸੇ ਹਰੀ ਸਿੰਘ ਤਾਂ ਠੀਕ ਬੰਦੈ, ਪਰ ਤੂੰ ਤਾਂ ਜਾਣਦੈਂ ਉਹਨਾਂ ਲੋਕਾਂ ਦਾ ਮੁਹੱਲਾ ਐ, ਉਹ ਕੀ ਪਤੈ ਕਦ ਕੀ ਕਰ ਬੈਠਣ ? ਅਜੇ ਪਰਸੋਂ ਦੀ ਗੱਲ ਐ---ਸਕੂਟਰ ਉੱਤੇ ਤਿੰਨ ਬੰਦੇ ਆਏ ਤੇ ਇਕ ਲਾਲੇ ਤੇ ਇਕ ਪੂਰਬੀਏ ਭਈਏ ਨੂੰ ਗੋਲੀ ਮਾਰ ਕੇ ਤੁਰਦੇ ਹੋਏ।'

ਆਉਣ ਵਾਲੀ ਮੌਤ ਦਾ ਸੁਨੇਹਾ ਸੁਣਾ ਕੇ ਚਾਚਾ ਗੁਰਾਂ ਦਿੱਤਾ ਕਾਹਲ ਨਾਲ ਅੰਦਰ ਚਲਾ ਗਿਆ। ਨਾ ਕੋਈ ਲੱਸੀ-ਪਾੜੀ ਪੁੱਛਿਆ, ਨਾ ਹੀ ਰਾਤ ਦੀ ਰੋਟੀ ਦੀ ਸੁਲਾਹ ਮਾਰੀ। ਚਾਚਾ ਤਾਂ ਇਹੋ ਜਿਹਾ ਨਹੀਂ ਸੀ ਹੁੰਦਾ ! ਉਸਦਾ ਦਿਲ ਤਾਂ ਉਸਦੇ ਵਿਹੜੇ ਨਾਲੋਂ ਵੀ ਵੱਡਾ ਸੀ, ਜਿਸ ਵਿਚ ਪੂਰੀ ਬਾਰਾਤ ਦੀਆਂ ਮੰਜੀਆਂ ਡਾਹੀਆਂ ਜਾ ਸਕਦੀਆਂ ਸਨ। ਕਸੂਰ ਚਾਚਾ ਗੁਰਾਂ ਦਿੱਤਾ ਮੱਲਾ ਤੇਰਾ ਨਹੀਂ, ਜ਼ਮਾਨਾ ਹੀ ਅਜਿਹਾ ਆ ਗਿਐ ਸ਼ਾਇਦ !
***
'ਤੇ ਬੇਟਾ ਜੀ ਤੁਸੀਂ ਪਰਸੋਂ ਵਲਾਇਤੋਂ ਪਰਤੇ ਹੋ…ਤਬੀਅਤਾਂ ਪ੍ਰਸੰਨ ਹੋ ਗਈਆਂ, ਤੁਹਾਡੇ ਦਰਸ਼ਨ ਕਰਕੇ।' ਮਾਸਟਰ ਹਰਨਾਮ ਸਿੰਘ ਜੀ ਡਿਊਢੀ ਦੇ ਵੱਡੇ ਦਰਵਾਜ਼ੇ ਕੋਲ ਹੀ ਮੰਜਾ ਡਾਹੀ ਬੈਠੇ ਸਨ। ਮੈਂ ਮਾਸਟਰ ਹਰਨਾਮ ਸਿੰਘ ਹੁਰਾਂ ਦਾ ਮੰਜਾ ਤੇ ਉਹਨਾਂ ਦੇ ਦੋਸਤਾਂ ਦੀਆਂ ਦੋ-ਚਾਰ ਕੁਰਸੀਆਂ ਪਹਿਲੀ ਵੇਰ ਡਿਊਢੀ ਦੇ ਬਾਹਰ, ਚਬੂਤਰੇ ਉਪਰ ਨਹੀਂ, ਬਲਿਕੇ ਦਰਵਾਜ਼ੇ ਵਿਚ ਡੱਠੀਆਂ ਦੇਖੀਆਂ ਸੀ…ਤੇ ਆਪਣੀ ਉਮਰ ਵਿਚ ਪਹਿਲੀ ਵੇਰ ਹੀ ਡਿਊਢੀ ਦਾ ਦਰਵਾਜ਼ਾ ਬੰਦ ਦੇਖਿਆ ਸੀ। ਇੰਜ ਪਹਿਲਾਂ ਕਦੇ ਨਹੀਂ ਸੀ ਹੋਇਆ---ਜਦ ਦੇ ਮਾਸਟਰ ਜੀ ਉਸਦੇ ਪਿਤਰੀ ਪਿੰਡ ਦੇ ਹਾਈ ਸਕੂਲ ਵਿਚੋਂ ਰਿਟਾਇਰ ਹੋਏ ਸਨ, ਆਪਣੀ 'ਮਾਸਟਰਨੀ' ਨਾਲ ਇਸੇ ਹਵੇਲੀ ਵਿਚ ਰਹਿ ਰਹੇ ਸਨ। ਜਦ ਤਕ ਸਾਡੇ ਬਾਪੂ ਜੀ ਜਿਊਂਦੇ ਰਹੇ, ਮਾਸਟਰ ਹੁਰੀਂ ਹਵੇਲੀ ਦੇ ਪਿਛਲੇ ਹਿੱਸੇ ਵਿਚ ਰਹਿੰਦੇ ਰਹੇ। ਉਹਨਾਂ ਦੀ ਮੌਤ ਤੋਂ ਪਿੱਛੋਂ ਸਾਰੇ ਭਰਾਵਾਂ ਨੇ ਹਵੇਲੀ ਮਾਸਟਰ ਜੀ ਦੇ ਹਵਾਲੇ ਕੀਤੀ ਤੇ ਆਪ ਦੂਰ ਸ਼ਹਿਰੀਂ ਜਾ ਕੇ ਬਸਤੀਆਂ ਵਸਾਅ ਲਈਆਂ…ਉਦੋਂ ਹਵੇਲੀ ਨੂੰ ਆਬਾਦ ਰੱਖਣ ਵਾਸਤੇ ਕੋਈ ਤਾਂ ਚਾਹੀਦਾ ਹੀ ਸੀ ਨਾ। ਪਿਓ-ਦਾਦੇ ਦੀ ਉਸ ਹਵੇਲੀ ਦੇ ਜਹਾਜ਼ ਜਿੱਡੇ ਜਿੱਡੇ ਕਮਰਿਆਂ, ਦਲਾਲਾਂ, ਤੇ ਆਸਮਾਨ ਜਿੰਨੀਆਂ ਉੱਚੀਆਂ ਛੱਤਾਂ ਦੀ ਦੇਖ ਭਾਲ ਮਾਸਟਰ ਜੀ ਨੇ ਇਸ ਅਪਣੱਤ ਨਾਲ ਕੀਤੀ ਸੀ ਕਿ ਹਵੇਲੀ ਆਪਣੇ ਮਾਲਕਾਂ ਦੀ ਜੁਦਾਈ ਦਾ ਗ਼ਮ ਭੁੱਲ ਗਈ ਹੋਏਗੀ। ਉਹਨਾਂ ਦਾ ਇਹੀ ਵਤੀਰਾ ਹਵੇਲੀ ਦੇ ਬੱਚਿਆਂ (ਵਾਰਸਾਂ) ਨਾਲ ਵੀ ਰਿਹਾ। ਕੋਈ ਭਰਾ ਉੱਥੇ ਆਉਂਦਾ, ਮਾਸਟਰ ਹਰਨਾਮ ਸਿੰਘ ਆਪਣੀ ਮਾਸਟਰਨੀ ਤਾਂ ਕੀ, ਗਲੀ-ਮੁਹੱਲੇ ਵਾਲਿਆਂ ਦਾ ਟਿਕ ਕੇ ਬਹਿਣਾ ਹਰਾਮ ਕਰ ਦਿੰਦੇ---ਕੋਈ ਠੰਡੀਆਂ ਬੋਤਲਾਂ ਲਿਆ ਰਿਹਾ ਹੈ ਤੇ ਕੋਈ ਗਰਮਾ-ਗਰਮ ਗੁਲਾਬ ਜਾਮਨਾਂ ! ਕਦੀ ਖਾਲਸ ਦੇਸੀ ਘਿਓ ਦੇ ਲੱਡੂਆਂ ਦਾ ਆਡਰ ਦਿੱਤਾ ਜਾ ਰਿਹਾ ਹੁੰਦਾ ਤੇ ਕਦੀ ਸਮੋਸੇ ਮੰਗਵਾਏ ਜਾ ਰਹੇ ਹੁੰਦੇ। ਆਂਢ-ਗੁਆਂਢ ਦੀ ਕੋਈ ਬਹੂ ਉਹਨਾਂ ਦੀ ਰਸੋਈ ਵਿਚ ਬੈਠੀ ਪੂਰੀਆਂ ਕੱਢ ਰਹੀ ਹੁੰਦੀ---ਕਿਉਂ ਮਾਸਟਰਨੀ ਨੁੰ ਹੁਣ ਦਿਨੇ ਵੀ ਘੱਟ ਦਿਸਣ ਲੱਗ ਪਿਆ ਸੀ। ਫੇਰ ਵੀ ਏਨੀ ਖਾਤਰ ਕੀਤੀ ਜਾਂਦੀ ਕਿ ਦੋ ਦਿਨਾਂ ਵਿਚ ਹੀ ਉਹਨਾਂ ਦੇ ਕਿਰਾਏਦਾਰ 'ਨਿਊ ਮੈਡੀਕਲ ਸਟੋਰ' ਵਾਲੇ ਦਾ 'ਪੇਟ ਦੀਆਂ ਦਵਾਈਆਂ' ਦਾ ਸਾਰਾ ਸਟਾਕ ਖਤਮ ਹੋ ਜਾਂਦਾ। ਮਾਸਟਰ ਜੀ ਇਸ ਦਾ ਉਲਾਂਭਾ ਆਪਣੀ ਪ੍ਰਾਹੁਣਾਚਾਰੀ ਨੂੰ ਨਹੀਂ ਬਲਿਕੇ ਵਲਾਇਤ ਵਿਚ ਰਹਿਣ ਕਰਕੇ ਹੋਈ ਮਿਹਦੇ ਦੀ ਕਮਜ਼ੋਰੀ ਨੂੰ ਦਿੰਦੇ---'ਖਾਣ-ਪੀਣ ਨਾਲ ਕੋਈ ਬਿਮਾਰ ਨਹੀਂ ਹੁੰਦਾ ਬੇਟਾ ਜੀ।' ਮਾਸਟਰ ਜੀ ਦੀ ਇਹ ਗੱਲ ਸੈਂਕੜੇ ਵਾਰੀ ਸੁਣੀ ਹੋਣ ਕਰਕੇ ਸਾਰਿਆਂ ਨੂੰ ਜ਼ੁਬਾਨੀ ਯਾਦ ਹੋ ਗਈ ਸੀ।

ਉਸਨੇ ਓਵੇਂ ਹੀ ਮੱਥਾ ਟੇਕਿਆ, ਉਹਨਾਂ ਵੀ ਓਵੇਂ ਹੀ ਪਿਆਰ ਨਾਲ ਗਲੇ ਲਾ ਲਿਆ। ਫੇਰ ਅੰਦਰ ਜਾ ਕੇ ਮਾਸਟਰਨੀ ਨੂੰ ਖਬਰ ਕੀਤੀ ਕਿ 'ਨਿੱਕਾ' ਆਇਆ ਹੈ। ਨਿੱਕਾ---ਯਾਨੀ ਛੋਟਾ। ਉਸ ਉਮਰ ਵਿਚ ਆਪਣੇ ਲਈ ਨਿੱਕਾ ਸੁਣਨਾ ਕਿੰਨਾਂ ਚੰਗਾ ਲੱਗਦਾ ਹੈ !

ਉਹਨਾਂ ਦੀ ਮਾਸਟਰਨੀ, ਜਿਸ ਨੇ ਮਮਤਾ ਦੀ ਕਿਤਾਬ ਤੋਂ ਬਿਨਾਂ ਪੜ੍ਹਾਈ ਦਾ ਇਕ ਅੱਖਰ ਵੀ ਕਦੇ ਨਹੀਂ ਸੀ ਪੜ੍ਹਿਆ---'ਸਦਕੇ ਜਾਵਾਂ, ਜਿਊਂਦੇ ਰਹੋ…' ਅਸ਼ੀਰਵਾਦ ਦੇਣ ਲੱਗ ਪਈ। ਉਵੇਂ ਹੀ ਬਹੂ ਤੇ ਬਾਲ-ਬੱਚੇ ਦੀ ਸੁੱਖ-ਸਾਂਦ ਪੁੱਛੀ ਤੇ ਚਾਹ ਦਾ ਪਾਣੀ ਚੁੱਲ੍ਹੇ ਉੱਤੇ ਰੱਖ ਦਿੱਤਾ।

ਪਰ, ਐਤਕੀ ਮਾਸਟਰ ਹਰਨਾਮ ਸਿੰਘ ਜੀ ਕੁਝ ਗੁੰਮਸੁੰਮ ਜਿਹੇ ਲੱਗ ਰਹੇ ਸਨ, ਜਿਵੇਂ ਉਹਨਾਂ ਦਾ ਇਹ 'ਬੇਟਾ' ਚੋਰੀ ਕਰਕੇ ਘਰ ਲੁਕਣ ਵਾਸਤੇ ਆਇਆ ਹੋਏ---ਮੂੜ੍ਹੇ ਦੀ ਇਕ ਕੁਰਸੀ ਉੱਪਰ ਉਸਨੂੰ ਬਿਠਾਅ ਕੇ ਉਹ ਆਪ ਵੀ ਚੁੱਪਚਾਪ ਜਿਹੇ ਬੈਠ ਗਏ। ਕੁਰਸੀ ਵਰਗੇ ਮੂੜ੍ਹੇ ਉੱਤੇ ਜੰਮੀ ਮਿੱਟੀ ਦੀ ਪਤਲੀ ਤੈਹ ਦੱਸ ਰਹੀ ਸੀ ਕਿ ਉਸ ਉੱਪਰ ਕਈ ਦਿਨਾਂ ਤੋਂ ਕੋਈ ਨਹੀਂ ਸੀ ਬੈਠਿਆ।

ਮਾਸਟਰ ਹਰਨਾਮ ਸਿੰਘ ਨੇ ਏਧਰ-ਉਧਰ ਦੇਖ ਕੇ ਕਿਸੇ ਦੇ ਨੇੜੇ ਨਾ ਹੋਣ ਦੀ ਤਸੱਲੀ ਕਰ ਲਈ ਤਾਂ ਕਹਿਣ ਲੱਗੇ, 'ਅੱਛਾ ਤਾਂ ਤੂੰ ਹਵੇਲੀ ਦਾ ਸੌਦਾ ਕਰਨ ਆਇਆ ਏਂ…ਮੈਨੂੰ ਵੱਡੇ ਨੇ ਲਿਖਿਆ ਸੀ ਕਿ ਕੋਈ ਗਾਹਕ-ਵਾਹਕ ਲੱਭਾਂ। ਠੀਕ ਈ ਏ,ਹੁਣ ਅਸੀਂ ਭਲਾ ਕਿੰਨੇ ਕੁ ਦਿਨਾਂ ਦੇ ਮਹਿਮਾਨ ਆਂ ! ਮੈਂ ਤਾਂ ਚਿਰੋਕਣਾ ਕਹਿੰਦਾ ਪਿਆ ਸਾਂ ਕਿ ਚੰਗੇ ਪੈਸੇ ਵੱਟੇ ਜਾਣਗੇ---ਹਵੇਲੀ ਵੇਚ ਦਿਓ। ਪਰ ਓਦੋਂ ਤੁਸੀਂ ਲੋਕ ਮੰਨੇ ਈ ਨਹੀਂ। ਤੇ ਹੁਣ ਤਾਂ ਤੂੰ ਜਾਣਦਾ ਈ ਏਂ, ਇਹਨਾਂ ਹਵੇਲੀਆਂ ਦੇ ਗਾਹਕ ਕਿੱਥੇ ? ਉਂਜ ਮੈਂ ਆਖਿਆ ਹੋਇਆ ਏ ਦੋ-ਚਾਰ ਵੱਡੇ-ਵੱਡੇ ਦਲਾਲਾਂ ਨੂੰ, ਪਰ ਉਹ ਵੀ ਏਧਰ ਘੱਟ ਈ ਦਿਖਾਈ ਦਿੰਦੇ ਨੇ। ਸੱਚੇ ਨੇ, ਇਸ ਮੁਹੱਲੇ ਵਿਚ ਆਉਂਦੇ ਹੋਏ ਡਰਦੇ ਹੋਣਗੇ 'ਉਹ'।' ਮਾਸਟਰ ਹਰਨਾਮ ਸਿੰਘ ਨੀਵੀਂਆਂ ਅੱਖਾਂ ਕਰੀ ਬੋਲਦੇ ਰਹੇ, 'ਪਰ ਤੇਰੇ ਲਈ ਡਰਨ ਵਾਲੀ ਕੋਈ ਗੱਲ ਨਹੀਂ। ਏਥੇ ਸਭ ਕੁਝ ਠੀਕ-ਠਾਕ ਏ। ਤੂੰ ਚਾਹੇ ਜਿੰਨੀ ਦੇਰ ਮਰਜ਼ੀ ਰਹਿ, ਤੇਰਾ ਆਪਣਾ ਘਰ ਹੈ।'

ਫੇਰ ਉਹ ਰਜਿਸਟਰ ਕੱਢ ਲਿਆਏ ਸਨ, ਜਿਸ ਵਿਚ ਉਸ ਇਕ ਇਕ ਪਾਈ ਦਾ ਹਿਸਾਬ ਸੀ, ਜਿਹੜਾ ਉਹਨਾਂ ਕਿਰਾਏਦਾਰ ਦੁਕਾਨਦਾਰਾਂ ਤੋਂ ਵਸੂਲ ਕੀਤਾ ਸੀ।

'ਮੇਰੀ ਫਿਕਰ ਨਾ ਕਰਿਓ ਬੇਟਾ---ਜਦ ਚਾਹੋ ਮੈਂ ਤੁਹਾਡੀ ਮਾਸਟਰਨੀ ਨੂੰ ਲੈ ਕੇ ਪਿੰਡ ਚਲਾ ਜਾਵਾਂਗਾ। ਕੁਲਤਾਰ ਕੋਲ।' ਮਾਸਟਰ ਜੀ ਨੇ ਆਪਣੀ ਦੁੱਧ-ਚਿੱਟੀ, ਮੱਖਣ ਵਰਗੀ ਮੁਲਾਇਮ ਦਾੜ੍ਹੀ ਦੇ ਬਚੇ-ਖੁਚੇ ਵਾਲਾਂ ਉੱਪਰ ਹੱਥ ਫੇਰਦਿਆਂ ਕਿਹਾ।

ਫੇਰ ਉਹਨਾਂ ਨੇ ਉੱਠ ਕੇ ਡਿਊਢੀ ਦਾ ਕੁੰਡਾ ਅੰਦਰੋਂ ਲਾ ਦਿੱਤਾ ਤੇ ਕੁੰਡੇ ਵਿਚ ਲੋਹੇ ਦੀ ਇਕ ਵੱਡੀ ਸਾਰੀ ਮੇਖ ਅੜਾ ਦਿੱਤੀ। ਮੇਰੇ ਵੱਲ ਪਰਤੇ ਤਾਂ ਕਾਫੀ ਘਬਰਾਏ ਹੋਏ ਸਨ। ਜਿਵੇਂ ਚੋਰੀ ਕਰਦੇ ਫੜ੍ਹੇ ਗਏ ਹੋਣ…'ਡਰ ਵਾਲੀ ਕੋਈ ਗੱਲ ਨਹੀਂ ਪਰ…' ਵਾਕ ਪੂਰਾ ਕਰਨ ਦੀ ਜ਼ਰੂਰਤ ਵੀ ਨਹੀਂ ਸੀ ਰਹੀ।

ਉਸ ਪਿੱਛੋਂ ਚਾਹ ਵਾਲੇ ਗਲਾਸ ਹੱਥਾਂ ਵਿਚ ਫੜ੍ਹੀ ਉਹਨਾਂ ਦੋਹਾਂ ਨੇ ਕੋਈ ਗੱਲ ਨਹੀਂ ਸੀ ਕੀਤੀ, ਕਰਨ ਵਾਸਤੇ ਕੋਈ ਗੱਲ ਹੈ ਹੀ ਨਹੀਂ ਸੀ।

ਜਦੋਂ ਉਸਨੇ ਮਾਸਟਰ ਜੀ ਦੇ ਗੋਡੀਂ ਹੱਥ ਲਾ ਕੇ 'ਪੈਰੀਂ-ਪੈਣਾ' ਕੀਤਾ ਤੇ ਉਹਨਾਂ ਹੱਥ ਚੁੱਕ ਕੇ 'ਗੁਰੂ ਭਲਾ ਕਰੇ' ਦੀ ਅਸੀਸ ਦਿੱਤੀ ਤਾਂ ਮਾਸਟਰਨੀ ਜੀ ਨੇ ਰੋਕਿਆ ਕਿ ਰੋਟੀ ਤਿਆਰ ਹੈ, ਖਾ ਕੇ ਜਾਵੀਂ---ਪਰ ਉਹ ਮੱਥਾ ਟੇਕ ਕੇ ਤੁਰ ਆਇਆ ਕਿਉਂਕਿ ਮਾਸਟਰ ਜੀ ਨੇ ਸਿਫਾਰਸ਼ ਕਰ ਦਿੱਤੀ ਸੀ, 'ਏਸ ਨੂੰ ਜਾਣ ਦੇ ਭਾਗਵਾਨੇ, ਕੰਮ ਵਾਲਾ ਮੁੰਡਾ ਹੈ, ਛੇਤੀ ਪਹੁੰਚਣਾ ਹੋਏਗਾ ਕੰਮ 'ਤੇ, ਤੇ ਏਥੇ ਵੀ ਤਾਂ…'

ਉਹਨਾਂ ਕਾਹਲ ਨਾਲ ਡਿਊਢੀ ਦਾ ਕੁੰਡਾ ਖੋਲ੍ਹਿਆ ਤੇ ਇਹ ਦੇਖ ਕੇ ਕਿ ਗਲੀ ਵਿਚ ਕੋਈ ਓਪਰਾ ਜਾਂ ਗਲਤ ਬੰਦਾ ਤਾਂ ਨਹੀਂ, ਸੁਖ ਦਾ ਸਾਹ ਲਿਆ। ਫੇਰ ਅਚਾਨਕ ਜਿਵੇਂ ਉਹਨਾਂ ਨੂੰ ਕੋਈ ਜ਼ਰੂਰੀ ਗੱਲ ਚੇਤੇ ਆ ਗਈ ਸੀ---ਜਾਂਦੇ ਨੂੰ ਬੁਲਾਇਆ, 'ਜ਼ਰਾ ਰੁਕੀਂ ਤਾਂ ਨਿੱਕਿਆ---ਆਪਣਾ ਸ਼ਗਨ ਤਾਂ ਲੈਂਦਾ ਜਾਹ।' ਮੈਲੀ ਜਿਹੀ ਵਾਸਕਟ ਦੀ ਜੇਬ ਵਿਚੋਂ ਉਹਨਾਂ ਦੋ ਰੁਪਏ ਦਾ ਇਕ ਮੁੜਿਆ-ਤੁੜਿਆ ਨੋਟ ਕੱਢਿਆ, ਖੰਡ ਦੀ ਇਕ ਚੂੰਢੀ ਉਸਦੇ ਮੂੰਹ ਵਿਚ ਪਾਈ ਤੇ ਨੋਟ ਉਸਦੇ ਹੱਥ ਵਿਚ ਫੜਾ ਦਿੱਤਾ। ਇਸ ਹਵੇਲੀ ਦੀ ਜਿਹੜੀ ਸੰਤਾਨ ਉੱਥੇ ਆਉਂਦੀ, ਜਾਣ ਸਮੇਂ ਸਗਨ ਦੇਂਦੇ ਸਨ ਮਾਸਟਰ ਜੀ ਉਸਨੂੰ।

ਉਹ ਇਕ ਵਾਰੀ ਫੇਰ ਝੁਕਿਆ, ਪੈਰੀਂ ਪੈਣਾ ਕਰਨ ਖਾਤਰ…ਪਰ ਉਹਨਾਂ ਉਠਾਲ ਕੇ ਗਲ ਨਾਲ ਲਾ ਲਿਆ, 'ਅੱਛਾ ਬੇਟਾ ਜੀ ਜਾਓ। ਰੱਬ ਰਾਖਾ ਤੁਹਾਡਾ। ਜ਼ਰਾ ਜਲਦੀ ਨਿਕਲ ਜਾਣਾ, ਸੂਰਜ ਦੇ ਛਿਪਾਅ ਤੋਂ ਪਹਿਲਾਂ ਹੀ।'

ਇਕਬਾਲ ਠੀਕ ਹੀ ਕਹਿੰਦਾ ਸੀ---'ਸੂਰਜ ਛਿਪਣ ਤੋਂ ਬਾਅਦ ਅੱਜਕੱਲ੍ਹ ਚੰਦ ਵੀ ਨਹੀਂ ਨਿਕਲਦਾ। ਹੁਣ ਤਾਂ ਜੀ ਚੋਰ ਵੀ ਹਨੇਰੇ ਤੋਂ ਡਰਦੇ ਨੇ।'
***
ਇਕਬਾਲ ਸਿੰਘ ਗੱਡੀ ਬੜੀ ਤੇਜ਼ ਰਫ਼ਤਾਰ ਨਾਲ ਦੌੜਾ ਰਿਹਾ ਹੈ---ਹਾਲਾਂਕਿ ਉਹ ਜਾਣਦਾ ਹੈ ਕਿ ਹਵਾਈ ਅੱਡੇ ਤਕ ਉਹ ਜ਼ਿਆਦਾ ਤੋਂ ਜ਼ਿਆਦਾ ਇਕ ਘੰਟੇ ਵਿਚ ਪਹੁੰਚ ਸਕਦੇ ਸਨ ਤੇ ਹਵਾਈ ਜਹਾਜ਼ ਦੀ ਉਡਾਨ ਵਿਚ ਅਜੇ ਪੰਜ ਘੰਟੇ ਬਾਕੀ ਹਨ।

ਹਵਾਈ ਅੱਡੇ ਤੋਂ ਇਕ ਦੋ ਮੀਲ ਏਧਰ ਹੀ ਇਕਬਾਲ ਨੇ ਟੈਕਸੀ ਰੋਕ ਲਈ---'ਸਾਹਬ ਜੀ, ਏਥੇ ਕੱਪ-ਕੱਪ ਚਾਹ ਈ ਹੋ ਜਾਏ। ਸਰਦਾਰੇ ਪਹਿਲਵਾਨ ਦੀ 'ਲਾਚੀਆਂ ਵਾਲੀ ਚਾਹ' ਦੂਰ ਦੂਰ ਤੀਕ ਮਸ਼ਹੂਰ ਜੇ ਜੀ।' ਕਈ ਦਿਨਾਂ ਤਕ ਨਾਲ ਰਹਿਣ, ਨਾਲ ਨਾਲ ਘੁੰਮਣ-ਫਿਰਨ ਤੇ ਕਈ ਲੋਕਾਂ ਨੂੰ ਮਿਲਨ-ਮਿਲਾਣ ਕਰਕੇ ਇਕਬਾਲ ਸਿੰਘ ਮੇਰੀ ਚਾਹ ਪ੍ਰਤੀ ਖਿੱਚ ਨੂੰ ਪਛਾਣ ਗਿਆ ਸੀ। ਮੈਂ ਸਿਰ ਹਿਲਾਅ ਕੇ ਹਾਂ ਕਹਿ ਦਿੱਤੀ, ਇਹ ਸੋਚ ਕੇ ਕਿ ਭੈ ਨਾਲ ਸ਼ਾਇਦ ਇਹ ਆਖ਼ਰੀ ਸਾਹਮਣਾ ਹੋਏਗਾ। ਇਕਬਾਲ ਸਿੰਘ ਨੇ ਆਦਤ ਅਨੁਸਾਰ ਗੱਡੀ ਦਾ ਬੋਨਟ ਚੁੱਕ ਦਿੱਤਾ, ਰੇਡਏਟਰ ਵਿਚ ਕੁਝ ਤਾਜ਼ਾ ਪਾਣੀ ਪਾਇਆ ਤੇ ਆਪ ਗਾਇਬ ਹੋ ਗਿਆ।

ਇਕਬਾਲ ਦੀ ਇਹ ਆਦਤ ਬੁਰੀ ਸੀ ਕਿ ਕੁਝ ਦੱਸੇ-ਪੁੱਛੇ ਬਿਨਾਂ ਹੀ ਅਲੋਪ ਹੋ ਜਾਂਦਾ ਸੀ। ਸ਼ਾਇਦ ਨੇੜੇ-ਤੇੜੇ ਹੀ ਹੋਏਗਾ ਕਿਤੇ !...ਫੇਰ ਚਾਹ ਆ ਗਈ, ਪਿਆਜ਼ ਤੇ ਹਰੀ ਮਿਰਚ ਦੇ ਪਕੌੜੇ ਵੀ, ਪਰ ਇਕਬਾਲ ਦਾ ਕਿਧਰੇ ਕੋਈ ਪਤਾ ਨਹੀਂ ਸੀ…ਦੇਖਿਆ, ਕਾਰ ਵੀ ਗਾਇਬ ਸੀ।

'ਤੁਸੀਂ ਪੀਓ ਸਾਹਬ ਜੀ---ਡਰਾਈਵਰ ਸਾਹਬ ਵਾਸਤੇ ਫੇਰ ਬਣਾ ਦਿਆਂਗੇ।' ਹਾਈ ਕਲਾਸ ਹੋਸਟਲ ਦੇ ਮੋਟੇ ਮਾਲਕ ਸਰਦਾਰੇ ਪਹਿਲਵਾਨ ਨੇ ਗੱਦੀ ਰੂਪੀ ਲੱਕੜ ਦੇ ਫੱਟੇ ਉੱਤੇ ਬੈਠੇ-ਬੈਠੇ ਹੀ ਕਿਹਾ। ਕੁਝ ਚਿਰ ਬਾਅਦ ਹਾਈ ਕਲਾਸ ਹੋਟਲ ਦਾ ਪ੍ਰੋਪਰਾਈਟਰ ਸਰਦਾਰ ਸਰਦਾਰਾ ਸਿੰਘ ਕੁਝ ਹੋਰ ਗਾਹਕਾਂ ਵਾਸਤੇ ਸਪੈਸ਼ਲ ਚਾਹ ਦਾ ਹੁਕਮ ਦੇ ਕੇ 'ਕਾਰੀਗਰ' ਨੂੰ ਆਈਸ ਬਾਕਸ ਵਿਚੋਂ ਮੱਖਣ ਦੀਆਂ ਟਿੱਕੀਆਂ ਕੱਢ-ਕੱਢ ਦੇਣ ਲੱਗਾ।

ਹੁਣ ਫੇਰ ਉਸਦੇ ਪ੍ਰਾਣ ਖੁਸ਼ਕ ਹੋਣ ਲੱਗ ਪਏ ਸਨ। ਲਗਭਗ ਅੱਧਾ ਘੰਟਾ ਬੀਤ ਚੁੱਕਿਆ ਸੀ, ਪਰ ਇਕਬਾਲ ਸਿੰਘ ਤੇ ਟੈਕਸੀ ਦਾ ਕਿਤੇ ਵੀ ਪਤਾ ਨਹੀਂ ਸੀ। ਡਰਦੇ ਮਾਰੇ ਦੀ ਚਾਹ ਓਵੇਂ ਦੀ ਜਿਵੇਂ ਪਈ ਸੀ। ਹਵਾ ਵਿਚ ਘੂਰਦਾ ਹੋਇਆ ਉਹ ਆਉਣ ਵਾਲੇ ਪਲਾਂ ਬਾਰੇ ਸੋਚਣ ਲੱਗਾ। ਅਚਾਨਕ ਸੜਕ ਉੱਤੇ ਟੈਕਸੀ ਆ ਰਹੀ ਨਜ਼ਰ ਆਈ। ਇਕਬਾਲ ਸਿੰਘ ਨੇ ਹੁਣ ਪੱਗ ਖਾਸੀ ਜਚਾ ਕੇ ਬੰਨ੍ਹੀ ਹੋਈ ਸੀ। ਮੂੰਹ ਵੀ ਧੋਤਾ ਹੋਇਆ ਸੀ---ਏਨੇ ਲੰਮੇ ਸਫ਼ਰ ਵਿਚ ਪਹਿਲੀ ਵੇਰ ਉਸਦੇ ਚਿਹਰੇ ਉੱਤੇ ਰੌਣਕ ਨਜ਼ਰ ਆਈ ਸੀ।

'ਮਾ'ਫ਼ ਕਰਨਾ ਸਰ, ਜ਼ਰਾ ਦੇਰ ਹੋ ਗਈ ਗੁਰਦਵਾਰੇ 'ਚ।'

'ਤਾਂ ਤੂੰ ਗੁਰਦਵਾਰੇ ਚਲਾ ਗਿਆ ਸੈਂ ?'

ਉਸਨੂੰ ਪਤਾ ਸੀ ਨੇੜੇ ਹੀ ਇਕ ਮਸ਼ਹੂਰ ਗੁਰਦਵਾਰਾ ਵੀ ਹੈ।

'ਹਾਂ ਸਰ, ਗੁਰੂ ਘਰ ਗਿਆ ਸਾਂ---ਮੱਥਾ ਟੇਕਣ। ਤੁਰਨ ਵੇਲੇ ਸੁੱਖਿਆ ਜੋ ਸੀ ਕਿ…'

'ਕਿ…ਕੀ ਬਈ ?'

ਬਿੰਦ ਦਾ ਬਿੰਦ ਇਕਬਾਲ ਸਿੰਘ ਨੇ ਕੋਈ ਉਤਰ ਨਹੀਂ ਦਿੱਤਾ।

'ਕੀ ਸੁੱਖਿਆ ਸੀ ਬਈ ਇਕਬਾਲ ਸਿਆਂ ? ਕਿਸੇ ਲਗਨ-ਵਗਨ ਦਾ ਚੱਕਰ ਤਾਂ ਨਹੀਂ ?'

ਇਕਬਾਲ ਸ਼ਰਮਾਅ ਗਿਆ। ਉਸਦੇ ਗੱਲ੍ਹਾਂ ਦੀ ਲਾਲੀ ਉਸਦੀ ਸੱਜਰੀ ਫੁੱਟੀ ਦਾੜ੍ਹੀ ਵਿਚੋਂ ਫੁੱਟ ਨਿਕਲੀ।

'ਨਹੀਂ ਜੀ---ਐਸੀ ਕੋਈ ਗੱਲ ਨਹੀਂ।'

'ਹੋਰ ਫੇਰ ?'

'ਗੱਲ ਇਹ ਸੀ ਸਰ ਕਿ ਇਸ ਟ੍ਰਿਪ 'ਤੇ ਜਾਣ ਤੋਂ ਪਹਿਲਾਂ ਚਾਚੇ ਤੇ ਤਾਏ ਹੁਰਾਂ ਦੋਹਾਂ ਨੇ ਬੜਾ ਮਨ੍ਹਾਂ ਕੀਤਾ ਸੀ। ਏਸੇ ਕਰਕੇ ਉਹ ਉਸ ਰਾਤੀਂ ਮੌਕਾ ਦੇਖਣ ਆਏ ਸਨ। ਤੁਹਾਨੂੰ ਮਿਲ ਲੈਣ ਪਿੱਛੋਂ ਉਹਨਾਂ ਕਿਹਾ ਸੀ, 'ਸਵਾਰੀ ਤਾਂ ਠੀਕ ਏ ਬਾਲੇ ਪੁੱਤਰ…ਪਰ ਕੀ ਪਤੈ ਕਿੱਥੇ-ਕਿੱਥੇ ਘਸੀਟੀ ਫਿਰੇ…ਕੌਣ ਜਾਣਦਾ ਏ ਕਿਹੜਾ ਮੁਹੱਲਾ ਕਿਹੜੀ ਗਲੀ ਕਿਹੋ ਜਿਹੀ ਏ ? ਉਹ ਲੋਕ ਪਤਾ ਨਹੀਂ ਕੀ ਕਰ ਬਹਿਣ ?' '

'ਫੇਰ ਤੂੰ ਕੀ ਕਿਹਾ ਸੀ ਭਲਾ ?'

'ਕੁਝ ਨਹੀਂ, ਬਸ ਮੈਂ ਕਿਹਾ ਸੀ ਸਰ ਕਿ ਏਨਾ ਲੰਮਾ ਟ੍ਰਿਪ ਮੈਨੂੰ ਅੱਜ ਤੀਕ ਕਦੀ ਨਹੀਂ ਮਿਲਿਆ---ਜ਼ਰੂਰ ਜਾਵਾਂਗਾ। ਪਰ ਸਰ, ਹੁਣ ਤੁਹਾਥੋਂ ਕੀ ਲਕੋਅ, ਡਰ ਈ ਲੱਗਦਾ ਰਿਹਾ ਜੇ। ਅੱਜਕੱਲ੍ਹ ਦੇ…।' ਇਕਬਾਲ ਨੇ ਵਾਕ ਅਧੂਰਾ ਛੱਡ ਦਿੱਤਾ। ਸ਼ਾਇਦ ਉਹ ਜਾਣ ਚੁੱਕਿਆ ਸੀ ਕਿ ਗੱਲ ਅੱਗੇ ਵਧਾਈ ਤਾਂ ਉਲਝ ਵੀ ਸਕਦੀ ਹੈ। 'ਉਦੋਂ ਸਰ ਮੈਂ ਸੁਖਣਾ ਸੁੱਖੀ…ਹੇ ਵਾਹਿਗੁਰੂ ਮਹਾਰਾਜ, ਜੇ ਬਾਲਾ ਸਹੀ ਸਲਾਮਤ ਪਰਤ ਆਇਆ ਤਾਂ ਤੇਰੀ ਹਜ਼ੂਰੀ ਵਿਚ ਗਿਆਰਾਂ ਰੁਪਏ ਦਾ ਪ੍ਰਸਾਦ ਚੜ੍ਹਾਏਗਾ।'

ਤੇ ਬਾਲੇ ਨੇ ਲਾਲ ਰੁਮਾਲ ਵਿਚ ਲਪੇਟੇ ਡੂਨੇ ਵਿਚੋਂ ਅਰਦਾਸ ਦਾ ਪ੍ਰਸ਼ਾਦ ਉਸਦੇ ਦੋਏ ਹੱਥਾਂ ਵਿਚ ਫੜਾ ਦਿੱਤਾ। ਹੱਥ ਜਿਹੜੇ ਆਦਤ ਅਨੁਸਾਰ ਆਪ ਮੁਹਾਰੇ ਬੁੱਕ ਦੀ ਸ਼ਕਲ ਵਿਚ ਖੁੱਲ੍ਹੇ ਹੋਏ ਸਨ।

'ਕੋਈ ਗਲਤੀ ਹੋ ਗਈ ਹੋਏ ਤਾਂ ਮੁਆਫ਼ ਕਰ ਦੇਣਾ ਸਰ ਆਪਣਾ ਬੱਚਾ ਸਮਝ ਕੇ। ਸ਼ਾਇਦ ਘਬਰਾਹਟ ਵਿਚ ਕੋਈ ਭੱਲ-ਚੁੱਕ ਹੋ ਗਈ ਹੋਏ।'

ਇਕ ਦੂਜੇ ਦੀਆਂ ਨਜ਼ਰਾਂ ਵਿਚ ਚੋਰ ਬਣੇ ਅਸੀਂ ਇਧਰ ਉਧਰ ਦੇਖਣ ਲੱਗੇ---ਸ਼ਾਇਦ ਉਹਨਾਂ ਪ੍ਰਛਾਵਿਆਂ ਵੱਲ ਜਿਹੜੇ ਸ਼ਾਮ ਢਲਣ ਦੇ ਨਾਲ ਲੰਮੇਂ, ਗੂੜ੍ਹੇ ਤੇ ਡਰਾਵਨੇ ਹੁੰਦੇ ਜਾ ਰਹੇ ਸਨ।

Sunday, May 10, 2009

ਅਰਥੀ :: ਲੇਖਕ : ਬੀਰ ਰਾਜਾ

ਉਰਦੂ ਕਹਾਣੀ : ਅਰਥੀ :: ਲੇਖਕ : ਬੀਰ ਰਾਜਾ
ਅਨੁਵਾਦ : ਮਹਿੰਦਰ ਬੇਦੀ ਜੈਤੋ Í ਮੁਬਾਇਲ : 94177-30600.


ਉਸਦਾ ਖ਼ਿਆਲ ਸੀ, ਸਟੇਸ਼ਨ ਹਮੇਸ਼ਾ ਵਰਗਾ ਨਹੀਂ ਹੋਏਗਾ…ਪਰ ਇੰਜ ਉਸਨੂੰ ਲੱਗਿਆ ਨਹੀਂ ਸੀ ! ਉਸਦਾ ਵਿਸ਼ਵਾਸ ਸੀ, ਹਰੇਕ ਜਗ੍ਹਾ ਦੀ ਇਕ ਆਤਮਾ ਹੁੰਦੀ ਹੈ…ਓਹ ਹੁਣ ਓਹੋ-ਜਿਹੀ ਨਹੀਂ ਰਹੀ ਹੋਣੀ, ਪਰ ਸਟੇਸ਼ਨ ਦੀ ਸਮੁੱਚੀ ਦੁਨੀਆਂ ਹਮੇਸ਼ਾ ਵਾਂਗਰ ਹੀ ਸੀ !...ਉਹੀ ਭੀੜ-ਭੜਕਾ, ਉਹੀ ਪਲੇਟ-ਫਾਰਮ ਤੇ ਪੁਲ; ਹਰੇਕ ਪਲੇਟ ਫਾਰਮ ਉੱਤੇ ਖੜ੍ਹੀ ਹੋਈ ਕੋਈ ਨਾ ਕੋਈ ਗੱਡੀ ਜਾਂ ਕਿਸੇ ਗੱਡੀ ਨੂੰ ਉਡੀਕ ਰਹੇ ਲੋਕ ! ਉਹ ਖਾਸ ਕਿਸਮ ਦੀ ਬੋਅ ਵੀ ਸੀ ਜਿਹੜੀ ਸਿਰਫ ਭਾਰਤੀ ਰੇਲਵੇ ਸਨੇਸ਼ਨਾਂ ਉੱਤੇ ਹੀ ਹੁੰਦੀ ਹੈ ਤੇ ਜਿਸ ਕਰਕੇ ਉੱਥੇ ਖੜ੍ਹਾ ਹੋਣਾ ਦੁੱਭਰ ਹੋ ਜਾਂਦਾ ਹੈ। ਕਿੰਨੀ ਅਜੀਬ ਗੱਲ ਸੀ ਕਿ ਜਿਸ ਸਟੇਸ਼ਨ ਉੱਤੇ ਹੱਤਿਆਵਾਂ ਹੋਈਆਂ ਸਨ ਤੇ ਹਿੰਸਾ ਵਾਪਰੀ ਸੀ, ਉਸ ਵਿਚ ਕੋਈ ਫ਼ਰਕ ਨਹੀਂ ਸੀ ਆਇਆ ! ਉਸਨੂੰ ਕੁਝ ਸਰਦਾਰ ਵੀ ਦਿਖਾਈ ਦਿੱਤੇ ਤਾਂ ਦਿਲ ਕੁਝ ਥਾਵੇਂ ਆਇਆ…ਉਂਜ ਗੱਡੀ ਵਿਚ ਹੋ ਰਹੀਆਂ ਬਹਿਸਾਂ ਨੇ ਤਾਂ ਉਸਨੂੰ ਡਰਾ ਹੀ ਦਿੱਤਾ ਸੀ। ਉਹਨਾਂ ਬਹਿਸਾਂ ਵਿਚ ਇਕ ਭਿਆਨਕ ਚੁੱਪ ਛਿਪੀ ਹੋਈ ਸੀ ਜਿਹੜੀ ਉੱਚੀਆਂ ਆਵਾਜ਼ਾਂ ਕਰਕੇ ਪ੍ਰਤੱਖ ਨਹੀਂ ਸੀ ਹੋ ਰਹੀ। ਇਕ ਖ਼ੂੰ-ਖ਼ਾਰ ਦ੍ਰਿਸ਼ ਦੀ ਤਸਵੀਰ ਉਸਦੇ ਮਨ ਉੱਤੇ ਉੱਕਰੀ ਹੋਈ ਸੀ।

ਇਮਾਰਤ 'ਚੋਂ ਬਾਹਰ ਆ ਕੇ ਉਹ ਤੇ ਉਸਦਾ ਪਰਿਵਾਰ ਦੋ ਰਿਕਸ਼ਿਆਂ ਉੱਤੇ ਸਵਾਰ ਹੋਏ ਤੇ ਬਾਹਰ ਸੜਕ ਉੱਤੇ ਆ ਗਏ। ਉਸਨੇ ਇਕ ਨਜ਼ਰ ਸੜਕ ਉੱਤੇ ਮਾਰੀ…ਸਾਹਮਣੇ ਰੰਗ-ਮੰਚ ਦੀ ਇਮਾਰਤ ਪੂਰੇ ਠਾਠ ਨਾਲ ਖੜ੍ਹੀ ਸੀ। ਸ਼ਾਮੀਂ ਹੋਣ ਵਾਲੇ ਨਾਟਕ ਦੇ ਬੈਨਰ ਹਵਾ ਵਿਚ ਲਹਿਰਾ ਰਹੇ ਸਨ।…ਸਕੂਟਰ ਦੇ ਨਾਲ ਬਲਦੇ ਹੋਏ ਨੌਜਵਾਨ ਦੀ ਤਸਵੀਰ ਇਸੇ ਥਾਂ ਦੀ ਸੀ। ਉਸਨੂੰ ਇਸੇ ਗੱਲ ਦਾ ਝੋਰਾ ਲੱਗਿਆ ਹੋਇਆ ਸੀ ਕਿ ਜਦੋਂ ਕੋਈ ਮਾੜੀ ਘਟਨਾ ਵਾਪਰਦੀ ਹੈ ਜਾਂ ਲੋਕ ਕਤਲ ਕੀਤੇ ਜਾਂਦੇ ਹਨ ਤਾਂ ਸਭ ਕੁਝ ਜਿਵੇਂ ਦਾ ਤਿਵੇਂ ਕਿੰਜ ਰਹਿੰਦਾ ਹੈ ? ਸਾਰੇ ਰਸਤੇ ਬਾਊ ਈਸ਼ਵਰ ਦਾਸ ਨੇ ਆਪਣੀ ਪਤਨੀ ਤੇ ਬੱਚਿਆਂ ਨਾਲ ਕੋਈ ਗੱਲ ਨਾ ਕੀਤੀ…ਉਹ ਸੋਚ ਰਿਹਾ ਸੀ, ਕਾਸ਼ ! ਕੁਝ ਤਾਂ ਬਦਲਿਆ ਹੁੰਦਾ ! ਅਜਿਹੇ ਮੌਕਿਆਂ ਉੱਤੇ ਉਹ ਹਮੇਸ਼ਾ ਅੰਦਰੇ-ਅੰਦਰ ਟੁੱਟ-ਭੱਜ ਜਾਂਦਾ ਸੀ। ਬਸਤੀ ਵੀ ਹਮੇਸ਼ਾ ਵਰਗੀ ਹੀ ਦਿਸੀ। ਲੋਕ ਦੁੱਧ ਦੀਆਂ ਬੋਤਲਾਂ, ਅਖ਼ਬਾਰ ਤੇ ਬਰੈੱਡ ਵਗ਼ੈਰਾ ਚੁੱਕੀ ਜਾ ਰਹੇ ਸਨ। ਆਂਡਿਆਂ ਵਾਲੇ ਦੀ ਝੁੱਗੀ ਸਾਹਮਣੇ ਅਖ਼ਬਾਰ ਪੜ੍ਹਨ ਵਾਲਿਆਂ ਦੀ ਭੀੜ ਲੱਗੀ ਹੋਈ ਸੀ। ਡੇਅਰੀ ਦੇ ਅਹਾਤੇ ਵਿਚੋਂ ਦੁੱਧ ਲੈਣ ਆਏ ਲੋਕਾਂ ਦੀਆਂ ਆਵਾਜ਼ਾਂ ਆ ਰਹੀਆਂ ਸਨ।

"ਮੈਂ ਕਿਹਾ ਜੀ ਸਾਡੇ ਵਾਸਤੇ ਵੀ ਦੁੱਧ ਰੱਖ ਲਈਓ…" ਉਸਦੀ ਆਵਾਜ਼ ਸੁਣ ਕੇ ਉੱਥੇ ਖਲਬਲੀ-ਜਿਹੀ ਮੱਚ ਗਈ ਸੀ…ਪਰ ਕਿਸੇ ਨੇ ਉਹਨਾਂ ਨਾਲ ਗੱਲ ਨਹੀਂ ਸੀ ਕੀਤੀ, ਲੋਕ ਉੱਥੋਂ ਖਿਸਕਣ ਲੱਗ ਪਏ ਸਨ ਤੇ ਫੇਰ ਘਰਾਂ ਦੀਆਂ ਖਿੜਕੀਆਂ ਤੇ ਦਰਵਾਜ਼ੇ ਬੰਦ ਹੋਣ ਲੱਗੇ ਸਨ। ਉਹਨਾਂ ਦੀ ਸਮਝ ਵਿਚ ਨਹੀਂ ਆ ਰਿਹਾ ਸੀ ਕਿ ਮਾਮਲਾ ਕੀ ਹੈ ? ਉਹ ਸ਼ੱਕੀ ਜਿਹੀਆਂ ਨਜ਼ਰਾਂ ਨਾਲ ਇਧਰ-ਉਧਰ ਦੇਖਦੇ ਰਹੇ…।

"ਏ ਭਾਈ ਸਾਹਬ, ਅੱਜ ਤੋਂ ਦਿੱਲੀ ਦਾ ਪੇਪਰ ਵੀ ਚਾਲੂ ਕਰ ਦੇਈਓ..."

"ਕਿੱਥੇ ਜੀ ?"

"ਸਾਡੇ ਘਰ, ਹੋਰ ਕਿੱਥੇ ?"

ਹਾਕਰ ਹੈਰਾਨੀ ਨਾਲ ਉਸ ਵੱਲ ਦੇਖਦਾ ਹੋਇਆ ਅੱਗੇ ਤੁਰ ਗਿਆ। ਉਸਨੂੰ ਲੱਗਿਆ ਕਿਤੇ ਨਾ ਕਿਤੇ ਕੋਈ ਫ਼ਰਕ ਜ਼ਰੂਰ ਹੈ। ਸਭ ਕੁਝ ਓਵੇਂ ਨਹੀਂ, ਜਿਵੇਂ ਉਹ ਛੱਡ ਕੇ ਗਏ ਸਨ। ਨਾਲ ਹੀ ਸ਼ੰਕਾ ਵੀ ਹੋਇਆ ਕਿ ਕਿਤੇ ਕੁਝ ਉਹਨਾਂ ਪ੍ਰਤੀ ਹੀ ਤਾਂ ਨਹੀਂ ਬਦਲ ਗਿਆ ? ਉਸਦੀ ਪਤਨੀ ਘਬਰਾਈਆਂ ਜਿਹੀਆਂ ਨਜ਼ਰਾਂ ਨਾਲ ਉਸ ਵੱਲ ਦੇਖ ਕੇ ਪੁੱਛਣ ਲੱਗੀ : "ਗੱਲ ਕੀ ਏ ? ਲੋਕੀ ਸਾਥੋਂ ਕਤਰਾਉਂਦੇ ਕਿਉਂ ਪਏ ਨੇ ?"

ਉਦੋਂ ਹੀ ਉਸਦੀ ਨਜ਼ਰ ਆਪਣੇ ਮਕਾਨ ਉੱਤੇ ਜਾ ਪਈ…ਸਾਹਮਣੇ ਇਕ ਅੱਧ-ਸੜਿਆ, ਲੁੱਟਿਆ-ਖਸੁੱਟਿਆ ਮਕਾਨ ਖੜ੍ਹਾ ਸੀ।…ਤੇ ਖੜ੍ਹਾ ਵੀ ਸ਼ਾਇਦ ਇਸ ਕਰਕੇ ਸੀ ਕਿ ਪੂਰਾ ਸਾੜ ਦਿੱਤੇ ਜਾਣ ਦੇ ਅਰਥ ਹੁੰਦੇ : ਆਸੇ-ਪਾਸੇ ਦੇ ਮਕਾਨਾਂ ਦੀ ਤਬਾਹੀ। ਕਿਸੇ ਘਰ ਵਿਚੋਂ ਕੋਈ ਆਵਾਜ਼ ਨਹੀਂ ਆ ਰਹੀ ਸੀ, ਜਿਵੇਂ ਉੱਥੇ ਕੋਈ ਵੱਸਦਾ ਹੀ ਨਾ ਹੋਵੇ।

ਈਸ਼ਵਰ ਦਾਸ ਭੁੜਕ ਕੇ ਰਿਕਸ਼ੇ ਵਿਚੋਂ ਉਤਰਿਆ ਤੇ ਨੱਸਦਾ ਹੋਇਆ ਮਕਾਨ ਦੇ ਅੰਦਰ ਜਾ ਵੜਿਆ। ਉੱਥੇ ਧੁੰਆਂਖੀਆਂ ਹੋਈਆਂ ਕੱਧਾਂ ਤੋਂ ਬਿਨਾਂ ਕੁਝ ਵੀ ਨਹੀਂ ਸੀ। ਉਹ ਉਸ ਕਮਰੇ ਵੱਲ ਅਹੁਲਿਆ ਜਿਸ ਵਿਚ ਉਸਦੇ ਪਿਤਾ ਜੀ ਦਾ ਮੰਜਾ ਡੱਠਾ ਹੁੰਦਾ ਸੀ, ਇਹ ਕਮਰਾ ਉਹਨਾਂ ਸ਼ਾਇਦ ਇਸੇ ਕਰਕੇ ਚੁਣਿਆ ਸੀ ਕਿ ਇੱਥੇ ਕਿਤਾਬਾਂ ਵਾਲੀਆਂ ਦੋ ਅਲਮਾਰੀਆਂ ਪਈਆਂ ਹੁੰਦੀਆਂ ਸਨ। ਇਹ ਗੱਲ ਅਚਾਨਕ ਹੀ ਉਸਦੀ ਸਮਝ ਵਿਚ ਆ ਗਈ ਸੀ, ਜਿਸਦੀ ਕਦੀ ਉਸਨੇ ਕਲਪਨਾ ਵੀ ਨਹੀਂ ਸੀ ਕੀਤੀ ਤੇ ਏਨੀ ਬਾਰੀਕੀ ਨਾਲ ਸੋਚਣ ਦਾ ਆਦੀ ਵੀ ਨਹੀਂ ਸੀ ਉਹ। ਫੇਰ ਉਸਨੂੰ ਪਛਤਾਵਾ ਜਿਹਾ ਹੋਣ ਲੱਗਾ ਕਿ ਉਹਨਾਂ ਹਿੰਸਕ ਦਿਨਾਂ ਵਿਚ ਉਸਨੇ ਖ਼ਿਆਲ ਕਿਉਂ ਨਹੀਂ ਕੀਤਾ ਕਿ ਉਸਦੇ ਪਿਤਾ ਜੀ ਦੇ ਵੀ ਦਾੜ੍ਹੀ-ਕੇਸ ਹਨ। ਇਹ ਉਹਨਾਂ ਦੇ ਖਾਨਦਾਨ ਦੀ ਰੀਤ ਸੀ ਕਿ ਪਰਿਵਾਰ ਦਾ ਵੱਡਾ ਲੜਕਾ, ਦਾੜ੍ਹੀ-ਕੇਸ ਰੱਖੇਗਾ ਤੇ ਪੱਗ ਬੰਨ੍ਹਿਆਂ ਕਰੇਗਾ---ਈਸ਼ਵਰ ਦਾਸ ਦਾ ਵੱਡਾ ਭਰਾ ਵੀ ਸਰਦਾਰ ਸੀ।

ਉਸਨੁੰ ਲੱਗਿਆ ਪਿਤਾ ਜੀ ਏਥੇ ਕਿਤੇ ਹੀ ਨੇ, ਹੁਣੇ ਸਾਹਮਣੇ ਆ ਖਲੋਣਗੇ। ਵਿਹੜੇ ਵਿਚ ਕੁਝ ਖੜਾਕ ਹੋਇਆ, ਉਸਨੇ ਤੁਰੰਤ ਭੌਂ ਕੇ ਦੇਖਿਆ, ਇਕ ਬਿੱਲੀ ਬਾਹਰ ਵੱਲ ਨੱਸੀ ਜਾ ਰਹੀ ਸੀ। ਉਹ ਉੱਥੇ ਹੀ ਖੜ੍ਹਾ ਰਿਹਾ। ਸ਼ਾਇਦ ਸਮਝ ਗਿਆ ਸੀ, ਉਹ ਹੁਣ ਨਹੀਂ ਰਹੇ ਜਾਂ ਸ਼ਾਇਦ ਸੋਚ ਰਿਹਾ ਸੀ…ਇੱਥੋਂ ਕਿਧਰੇ ਹੋਰ ਚਲੇ ਗਏ ਨੇ ਜਾਂ ਫੇਰ ਉਹ ਕੁਝ ਵੀ ਨਹੀਂ ਸੀ ਸੋਚ ਰਿਹਾ।

ਪਲਾਂ ਵਿਚ ਅਣਗਿਣਤ ਗੱਲਾਂ ਉਸਦੇ ਦਿਮਾਗ ਵਿਚ ਆਈਆਂ ਜਿਹਨਾਂ ਦਾ ਸੰਬੰਧ ਬਚਪਨ ਤੋਂ ਲੈ ਕੇ ਹੁਣ ਤਕ ਉਹਨਾਂ ਨਾਲ ਰਿਹਾ ਸੀ।

"ਪਿਤਾ ਜੀ ਕਿੱਥੇ ਨੇ ?" ਉਦੋਂ ਹੀ ਉਸਦੀ ਪਤਨੀ ਨੇ ਅੰਦਰ ਆ ਕੇ ਪੁੱਛਿਆ।

"ਏਥੇ ਤਾਂ ਹੈ ਨਹੀਂ..."

"ਪਿਤਾ ਜੀ…" ਉਹ ਏਨੇ ਜ਼ੋਰ ਨਾਲ ਕੁਰਲਾਈ ਕਿ ਆਂਢ-ਗੁਆਂਢ ਦੇ ਘਰਾਂ ਦੇ ਦਰਵਾਜ਼ੇ ਖੁੱਲ੍ਹ ਜਾਣ, ਪਰ ਕੋਈ ਵੀ ਦਰਵਾਜ਼ਾ ਨਹੀਂ ਸੀ ਖੁੱਲ੍ਹਿਆ ਤੇ ਨਾ ਹੀ ਕੋਈ ਬਾਹਰ ਆਇਆ ਸੀ, ਜਿਹੜਾ ਲਾਜਵੰਤੀ ਨੂੰ ਦੱਸੇ ਕਿ ਉਸਦਾ ਸਹੁਰਾ ਕਿੱਥੇ ਚਲਾ ਗਿਆ ਸੀ ? ਘਰ ਨੂੰ ਅੱਗ ਕਿਵੇਂ ਲੱਗੀ ਸੀ ? ਸਾਰਾ ਸਾਮਾਨ ਕੌਣ ਚੁੱਕ ਕੇ ਲੈ ਗਿਆ ਸੀ ?---ਤੇ ਏਸ ਸਦਮੇਂ ਨੇ ਉਸਨੂੰ ਹੋਰ ਵੀ ਭੈ-ਭੀਤ ਕਰ ਦਿੱਤਾ।

ਮਾਂ ਨੂੰ ਰੋਂਦਿਆਂ ਦੇਖ ਕੇ ਦੋਏ ਕੁੜੀਆਂ ਵੀ ਉੱਚੀ-ਉੱਚੀ ਰੋਣ ਲੱਗ ਪਈਆਂ…ਉਹ ਉਸਨੂੰ ਚੰਬੜ ਹੀ ਗਈਆਂ ਸਨ। ਤਿੰਨੇ ਜਣੀਆਂ ਰੋਂਦਿਆਂ ਹੋਇਆਂ ਕਦੀ ਜਲੇ ਹੋਏ ਮਕਾਨ ਤੇ ਕਦੇ ਗੁਆਂਢੀਆਂ ਦੇ ਬੰਦ ਬੂਹਿਆਂ ਵੱਲ ਦੇਖ ਲੈਂਦੀਆਂ ਸਨ।

"ਭਗਵਾਨ ਦਾਸਾ…ਓਇ ਭਗਵਾਨ ਦਾਸਾ," ਈਸ਼ਵਰ ਦਾਸ ਲਗਾਤਾਰ ਭਗਵਾਨ ਦਾਸ ਕਾ ਦਰਵਾਜ਼ਾ ਖੜਕਾ ਰਿਹਾ ਸੀ ਤੇ ਉਸਨੂੰ ਹਾਕਾਂ ਮਾਰੀ ਜਾ ਰਿਹਾ ਸੀ। ਉਸ ਦਰਵਾਜ਼ੇ ਦੇ ਬੰਦ ਹੋਣ ਕੇ ਕਈ ਅਰਥ ਹੋ ਸਕਦੇ ਸਨ…ਉਸ ਲਈ ਖੁਸ਼ੀ ਜਾਂ ਚਿੰਤਾ ਭਿੱਜੇ ਅਰਥ। ਜ਼ਿੰਦਗੀ ਵਿਚ ਪਹਿਲੀ ਵਾਰੀ ਉਸਨੇ ਇਕੱਲੇ ਹੋਣ ਦਾ ਡਰ ਮਹਿਸੂਸ ਕੀਤਾ ਸੀ। ਉਸਨੇ ਮਾਯੂਸੀ ਜਿਹੀ ਨਾਲ ਆਸੇ ਪਾਸੇ ਦੇ ਘਰਾਂ ਵਾਲਿਆਂ ਨੂੰ ਵੀ ਆਵਾਜ਼ਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ।

ਇਕੋ ਝਟਕੇ ਨਾਲ ਭਗਵਾਨ ਦਾਸ ਦਾ ਬੂਹਾ ਖੁੱਲ੍ਹਿਆ ਸੀ, ਉਸਦੀਆਂ ਅੱਖਾਂ ਵਿਚੋਂ ਪਰਲ-ਪਰਲ ਹੰਝੂ ਵਗ ਰਹੇ ਸਨ। ਉਹ ਤਾਂ ਬੜੀ ਦੇਰ ਪਹਿਲਾਂ ਬਾਹਰ ਆ ਜਾਣਾ ਚਾਹੁੰਦਾ ਸੀ ਪਰ ਇਕ ਗੱਲ ਨੇ ਉਸਨੂੰ ਰੋਕਿਆ ਹੋਇਆ ਸੀ ਕਿ ਕਿਸ ਮੂੰਹ ਨਾਲ ਈਸ਼ਵਰ ਦਾਸ ਦੇ ਸਾਹਮਣੇ ਹੋਵਾਂਗਾ ! ਬਾਹਰ ਆਉਣ ਤੋਂ ਪਹਿਲਾਂ ਹੀ ਉਸਦੀਆਂ ਭੁੱਬਾਂ ਨਿਕਲ ਗਈਆਂ ਸਨ।

ਉਸਦੇ ਪਿੱਛੇ-ਪਿੱਛੇ ਉਸਦੀ ਪਤਨੀ ਵੀ ਬਾਹਰ ਨਿਕਲ ਆਈ…ਘਬਰਾਹਟ ਤੇ ਭੈ ਦੇ ਰਲਗਡ ਜਿਹੇ ਭਾਵ ਉਸਦੀਆਂ ਅੱਖਾਂ ਵਿਚ ਅਟਕੇ ਹੋਏ ਸਨ। ਇਹ ਹਾਲਤ ਉਸੇ ਦਿਨ ਦੀ ਸੀ ਜਿਸ ਦਿਨ ਸਭ ਕੁਝ ਉਹਨਾਂ ਦੀਆਂ ਅੱਖਾਂ ਸਾਹਮਣੇ ਵਾਪਰਿਆ ਸੀ। ਉਹ ਦੋਸ਼ੀਆਂ ਵਾਂਗ ਉਹਨਾਂ ਦੇ ਰੋਂਦੇ-ਕੁਰਲਾਉਂਦੇ ਪਰਿਵਾਰ ਵੱਲ ਤੱਕਦੀ ਰਹੀ। ਉਸਦੀ ਚੇਤਨਾ ਵਿਚ ਇਕ ਗੱਲ ਲਟਕ ਰਹੀ ਸੀ ਕਿ ਉਸ ਦਿਨ ਈਸ਼ਵਰ ਦਾਸ ਦੇ ਪਿਤਾ ਜੀ ਬਚ ਜਾਂਦੇ, ਜੇ ਉਹ ਆਪਣੇ ਪਤੀ ਨੁੰ ਨਾ ਰੋਕਦੀ…ਪਰ ਉਸ ਦਿਨ ਦਹਿਸ਼ਤ ਸਦਕਾ ਉਸਨੂੰ ਉਸ ਮਰ ਰਹੇ ਬਜ਼ੁਰਗ ਦੀ ਕੁਰਲਾਹਟ ਵੀ ਸੁਣਾਈ ਨਹੀਂ ਸੀ ਦਿੱਤੀ। ਬਸ ਉਹ ਆਵਾਜ਼ਾਂ…ਚਾਕੂ-ਛੁਰੀਆਂ, ਬਰਛੀਆਂ ਤੇ ਡਾਂਗਾਂ ਵਾਂਗ ਉਸਦੀ ਆਤਮਾ ਉੱਤੇ ਵਰ੍ਹਦੀਆਂ ਰਹੀਆਂ ਸਨ ਤੇ ਉਹ ਅੰਦਰੇ-ਅੰਦਰ ਲਹੂ-ਲੁਹਾਨ ਹੋ ਕੇ ਚੀਕਦੀ ਰਹੀ ਸੀ। ਅਚਾਨਕ ਉਹਨਾਂ ਆਵਾਜ਼ਾਂ ਵਿਚ ਉਸਦੇ ਪਤੀ ਦੀ ਆਵਾਜ਼ ਗੂੰਜੀ, 'ਐਸ ਬਜ਼ੁਰਗ ਨੇ ਤੁਹਾਡਾ ਕੀ ਵਿਗਾੜਿਆ ਏ ?' ਉਦੋਂ ਹੀ ਕਿਸੇ ਦੀ ਬਰਛੇ ਵਰਗੀ ਤਿੱਖੀ ਆਵਾਜ਼ ਗੂੰਜੀ, 'ਇਹਨਾਂ ਨੂੰ ਠੀਕ ਤਾਂ ਕਰਨਾ ਈ ਹੋਇਆ---ਦਿਸਦਾ ਨਹੀਂ, ਮੂੰਹ ਵਿਚ ਦੰਦ ਨਹੀਂ ਤੇ ਕਿੱਦਾਂ ਚਪੜ-ਚਪੜ ਕਰਨ ਡਿਹਾ ਏ…।'

'ਤੁਸੀਂ ਸਾਰੇ ਅਗਲੇ ਦੇ ਘਰੇ ਵੜੀ ਫਿਰਦੇ ਓ, ਕੋਈ ਚੰਗੀ ਗੱਲ ਜੇ ਇਹ ? ਬੋਲੇ ਨਾ ਤਾਂ ਹੋਰ ਕੀ ਕਰੇ ? ਹੱਥ ਵਿਚ ਕੁਝ ਆ ਗਿਆ ਤਾਂ ਮਾਰਨ ਤਕ ਜਾਊ।'

'ਏਸ ਹਰਾਮੀ ਨੂੰ ਵੀ ਫੁੰਡ ਸੁੱਟੋ।'

'ਬਦਲਾ ਤਾਂ ਲੈਣਾ ਈ ਹੋਇਆ।'

'ਇਸ ਦਾ ਕਸੂਰ ਤਾਂ ਦੱਸੋ ?'

ਨੱਸ ਕੇ ਉਹ ਇਹਨਾਂ ਆਵਾਜ਼ਾਂ ਵਿਚਕਾਰ ਆ ਖੜ੍ਹੀ ਹੋਈ ਸੀ…ਈਸ਼ਵਰ ਦਾਸ ਦੇ ਪਿਤਾ ਦੀ ਜਾਨ ਬਚਾਉਣ ਖਾਤਰ ਨਹੀਂ, ਬਲਿਕੇ ਆਪਣੇ ਪਤੀ ਦੀ ਫਿਕਰ ਵਿਚ।…ਤੇ ਉਸਦੇ ਪਹੁੰਚਣ ਤੋਂ ਪਹਿਲਾਂ ਹੀ ਉਹ ਸਭ ਕੁਝ ਵਾਪਰ ਗਿਆ ਸੀ।

ਭਗਵਾਨ ਦਾਸ ਦੀ ਪਤਨੀ ਨੇ ਅੱਖਾਂ ਬੰਦ ਕਰ ਲਈਆਂ ਜਿਵੇਂ ਸਭ ਕੁਝ ਹੁਣੇ ਵਾਪਰਿਆ ਹੋਏ। ਅੱਖਾਂ ਖੋਲ੍ਹੇਗੀ ਤਾਂ ਉਹੀ ਵੀਭਤਸ ਦ੍ਰਿਸ਼ ਸਾਹਮਣੇ ਹੋਏਗਾ। ਉਸ ਦਿਨ ਵਾਂਗ ਹੀ ਉਹ ਡਰ ਗਈ ਸੀ ਤੇ ਅੱਖਾਂ ਆਪ ਮੁਹਾਰੇ ਹੀ ਖੁੱਲ੍ਹ ਗਈਆਂ ਸਨ। ਪ੍ਰੇਮਾ ਦੇਵੀ ਦੀਆਂ ਅੱਖਾਂ ਵਿਚੋਂ ਵਗ ਰਹੇ ਪਾਣੀ ਨੂੰ ਦੇਖ ਕੇ ਲਾਜਵੰਤੀ ਤੇ ਉਸਦੀਆਂ ਦੋਹੇਂ ਕੁੜੀਆਂ ਹੋਰ ਉੱਚੀ ਉੱਚੀ ਰੋਣ ਲੱਗ ਪਈਆਂ।

"ਈਸ਼ਵਰ ਦਾਸ ਜੀ ਮੈਂ ਬੜਾ ਸ਼ਰਿਮੰਦਾ ਹਾਂ। ਅਸੀਂ ਕੁਝ ਵੀ ਨਹੀਂ ਕਰ ਸਕੇ, ਬਾਊ ਜੀ ਨੂੰ ਬਚਾਅ ਨਹੀਂ ਸਕੇ।"

ਭਗਵਾਨ ਦਾਸ ਨੇ ਬੜੇ ਧੀਰਜ ਨਾਲ ਇਹ ਗੱਲ ਕਹੀ ਸੀ ਪਰ ਈਸ਼ਵਰ ਦਾਸ ਉੱਤੇ ਕਿਸੇ ਪੈਟਰੌਲ ਭਰੇ ਗੁਬਾਰੇ ਵਾਂਗ ਹੀ ਡਿੱਗੀ ਸੀ ਤੇ ਬਿਨਾਂ ਮਾਚਿਸ ਦੀ ਤੀਲੀ ਤੋਂ ਭੜਕ ਉੱਠੀ ਸੀ। ਭਗਵਾਨ ਦਾਸ ਦੀਆਂ ਗਿੱਲੀਆਂ ਅੱਖਾਂ ਹੇਠਾਂ, ਹੋਰ ਹੇਠਾਂ ਝੁਕ ਗਈਆਂ ਸਨ ਜਿਵੇਂ ਉਹਨਾਂ ਚਾਰ ਦਿਨਾਂ ਵਿਚ ਵਾਪਰੀ ਹਿੰਸਾ ਦਾ ਅਸਲ ਅਪਰਾਧੀ ਉਹੀ ਹੋਵੇ, ਜਦੋਂ ਕਿ ਬਚਾਉਣ ਵਾਲਿਆਂ ਵਿਚ ਉਹ ਸਭ ਤੋਂ ਅੱਗੇ ਸੀ।

"ਇਹ ਹੋ ਕਿੰਜ ਗਿਆ ?"

ਇਸ ਦਾ ਜਵਾਬ ਭਗਵਾਨ ਦਾਸ ਕੋਲ ਨਹੀਂ ਸੀ। ਜਿੰਨਾ ਉਹ ਜਾਣਦਾ ਸੀ, ਉਸ ਨਾਲੋਂ ਕਿਤੇ ਵੱਧ ਈਸ਼ਵਰ ਦਾਸ ਆਪ ਸਮਝਦਾ ਸੀ। ਈਸ਼ਵਰ ਬੱਚਿਆਂ ਵਾਂਗ ਵਿਲਕਣ ਲੱਗਾ---ਉਸਨੂੰ ਯਕੀਨ ਹੀ ਨਹੀਂ ਆ ਰਿਹਾ ਸੀ ਕਿ ਉਸਦੇ ਪਿਤਾ ਜੀ ਵੀ ਮਾਰੇ ਜਾ ਸਕਦੇ ਸਨ। ਉਸਦੇ ਅੰਦਰਲਾ ਉਸਨੂੰ ਫਿਟਕਾਰਾਂ ਪਾਉਣ ਲੱਗਾ, ਮੈਂ ਕਿਉਂ ਗੂੰਗਾ ਦਰਸ਼ਕ ਬਣ ਗਿਆ ਸਾਂ ? ਹਿੰਮਤ ਹਾਰ ਬੈਠਾ ਸਾਂ ਮੈਂ ਜਾਂ ਕੁਝ ਕਰਨ ਯੋਗ ਹੀ ਨਹੀਂ ਸਾਂ ? ਜਦੋਂ ਉਸ ਦੀਆਂ ਅੱਖਾਂ ਸਾਹਮਣੇ ਸੜਕ ਉੱਤੇ ਤੁਰੇ ਜਾ ਰਹੇ ਸਰਦਾਰਾਂ ਨੂੰ ਮਾਰਿਆ ਜਾ ਰਿਹਾ ਸੀ ਤਾਂ ਗੁੱਸੇ ਵਿਚ ਆ ਕੇ ਉਹ ਅੱਗੇ ਵਧਿਆ ਸੀ, ਹਿੰਸਕ ਲੋਕਾਂ ਨੇ ਚੁੱਕ ਕੇ ਉਸਨੂੰ ਭੀੜ ਵੱਲ ਉਛਾਲ ਦਿੱਤਾ ਸੀ। ਉਸਨੇ ਭੀੜ ਵੱਲ ਦੇਖਿਆ ਸੀ, ਪਰ ਸੈਂਕੜੇ ਲੋਕਾਂ ਵਿਚੋਂ ਕੋਈ ਵੀ ਉਸਦੀ ਮਦਦ 'ਤੇ ਨਹੀਂ ਸੀ ਆਇਆ। ਉਹ ਇਸੇ ਗੱਲ ਕਰਕੇ ਡਰ ਗਿਆ ਸੀ। ਮਾਰਨ ਵਾਲੇ ਕੁੱਲ ਵੀ ਕੁ ਸਨ। ਉਸਨੇ ਖਿਝ ਕੇ ਭੀੜ ਵੱਲ ਦੇਖਿਆ ਕੀ ਕਿਸੇ ਦੇ ਮਨ ਵਿਚ ਮਰਨ ਵਾਲਿਆਂ ਦੇ ਪ੍ਰਤੀ ਕੋਈ ਹਮਦਰਦੀ ਨਹੀਂ ? ਉਸਨੂੰ ਏਸ ਗੱਲ ਉੱਤੇ ਵੀ ਹੈਰਾਨੀ ਹੋਈ ਕਿ ਪੂਰੇ ਸੁਰੱਖਿਆ ਪ੍ਰਬੰਧਾਂ ਦੇ ਹੁੰਦਿਆਂ ਹੋਇਆਂ, ਇਹ ਇਕ-ਵੱਲਾ ਤਾਂਡਵ ਨਾਚ ਕਿੰਜ ਹੋ ਰਿਹਾ ਹੈ ?
***
ਭਗਵਾਨ ਦਾਸ ਕਿਸੇ ਅਪਰਾਧੀ ਵਾਂਗ ਹੱਥ ਜੋੜੀ ਖੜ੍ਹਾ ਸੀ---"ਬੜੇ ਯਤਨ ਕੀਤੇ, ਕੋਈ ਪੇਸ਼ ਨਹੀਂ ਗਈ। ਬੜਾ ਕਿਹਾ ਬਈ ਤੇਰੇ ਪਿਤਾ ਜੀ ਨੇ…" ਉਸਦੇ ਟੁੱਟਵੇਂ ਜਿਹੇ ਵਾਕ ਸੁਣ ਕੇ ਈਸ਼ਵਰ ਦਾਸ ਦੀ ਆਵਾਜ਼ ਭਰੜਾਅ ਗਈ। ਉਸਨੇ ਕੁਝ ਕਹਿਣਾ ਚਾਹਿਆ ਪਰ ਸ਼ਬਦ ਉਸਦੇ ਗਲੇ ਵਿਚ ਹੀ ਅਟਕ ਗਏ। ਸਿਸਕੀਆਂ ਸੁਣਾਈ ਦੇਣ ਲੱਗ ਪਈਆਂ। ਭਗਵਾਨ ਦਾਸ ਦੀਆਂ ਗੱਲਾਂ ਨਾਲ ਉਸਦਾ ਦੁੱਖ ਵਧ ਗਿਆ ਸੀ। ਸਾਰੀ ਉਮਰ ਪਿਤਾ ਜੀ ਲਈ ਕੁਝ ਨਾ ਕਰ ਸਕਣ ਦਾ ਬੋਝ ਤਾਂ ਮਨ ਉੱਤੇ ਸੀ ਹੀ, ਇਕ ਹੋਰ ਦੁੱਖ ਵਧ ਗਿਆ ਸੀ ਕਿ ਪਿਤਾ ਜੀ ਉਸਦੇ ਘਰ ਵਿਚ ਹੀ ਮਾਰੇ ਗਏ ਸਨ…ਉਹਨਾਂ ਨਾਲ ਜੁੜੀਆਂ ਯਾਦਾਂ ਦੀ ਕੜੀ ਲੰਮੀ ਹੋਣ ਲੱਗੀ।

ਈਸ਼ਵਰ ਦਾਸ ਨੇ ਚਾਰੇ ਪਾਸੇ ਦੇਖਿਆ…ਬੰਦ ਖਿੜਕੀਆਂ ਪਿੱਛੋਂ ਝਾਕਦੀਆਂ ਅੱਖਾਂ, ਨੇੜੇ ਖੜ੍ਹਾ ਭਗਵਾਨ ਦਾਸ ਤੇ ਉਸਦਾ ਪਰਿਵਾਰ ਤੇ ਉਸਦਾ ਆਪਣਾ ਪਰਿਵਾਰ…ਲੱਗਿਆ, ਹੋਰ ਕਿਤੇ ਕੁਝ ਬਦਲਿਆ ਹੋਵੇ ਜਾਂ ਨਾ, ਪਰ ਬਸਤੀ ਜ਼ਰੂਰ ਬਦਲ ਗਈ ਹੈ।

ਭਗਵਾਨ ਦਾਸ ਈਸ਼ਵਰ ਦਾਸ ਨੂੰ ਛੂਹੰਦਿਆਂ ਹੀ ਭਾਵਕ ਹੋ ਗਿਆ। ਉਸਦੀਆਂ ਅੱਖਾਂ ਵਿਚੋਂ ਫੇਰ ਅੱਥਰੂ ਵਗ ਤੁਰੇ। ਉਹਨਾਂ ਦੀ ਦੋਸਤੀ ਬੜੀ ਪੱਕੀ ਸੀ---ਦੋਏ ਕਿਤਾਬੀ ਕੀੜੇ ਸਨ, ਸਵੇਰ ਦੀ ਸੈਰ ਇਕੱਠੇ ਕਰਦੇ। ਬਾਜ਼ਾਰ ਸੌਦਾ ਪੱਤਾ ਲੈਣ ਜਾਂਦੇ ਤੇ ਇਕੱਠੇ ਦਫ਼ਤਰ ਜਾਂਦੇ---ਉਦੋਂ ਉਹਨਾਂ ਦੀਆਂ ਲੰਮੀਆਂ, ਕਦੇ ਨਾ ਖ਼ਤਮ ਹੋਣ ਵਾਲੀਆਂ, ਬਹਿਸਾਂ ਛਿੜੀਆਂ ਹੁੰਦੀਆਂ। ਉਹ ਸੋਚਦੇ ਸਨ, ਸਾਰੇ ਲੋਕ ਉਹਨਾਂ ਵਾਂਗ ਹੀ ਕਿਉਂ ਨਹੀਂ ਸੋਚਦੇ ? ਪਰ ਉਸ ਸਮੇਂ ਭਗਵਾਨ ਦਾ ਇਹ ਗੱਲ ਨਹੀਂ ਸੋਚ ਰਿਹਾ ਸੀ---ਉਹ ਈਸ਼ਵਰ ਦੇ ਪਿਤਾ ਬਾਰੇ ਸੋਚ ਰਿਹਾ ਸੀ। ਉਸ ਘਟਨਾ ਤੋਂ ਬਾਅਦ ਕੋਈ ਅਜਿਹੀ ਰਾਤ ਨਹੀਂ ਸੀ ਆਈ, ਜਿਹੜੀ ਉਸਨੇ ਸੌਂ ਕੇ ਬਿਤਾਈ ਹੋਏ। ਉਹਨਾਂ ਦੀਆਂ ਸੋਚਾਂ ਵਿਚ ਉਹ ਇਕੱਲਾ ਭਟਕਦਾ ਰਹਿੰਦਾ ਸੀ।

ਉਸ ਦਿਨ ਵਾਲਾ ਹੌਸਲਾ ਵੀ ਉਸ ਵਿਚ ਨਹੀਂ ਸੀ ਰਿਹਾ। ਉਸ ਦਿਨ ਈਸ਼ਵਰ ਦੇ ਪਿਤਾ ਨੂੰ ਬਚਾਉਣ ਦੀ ਬੜੀ ਕੋਸ਼ਿਸ਼ ਕੀਤੀ ਸੀ ਉਸਨੇ ਤੇ ਉਸੇ ਦਿਨ ਉਸਦੀ ਸਮਝ ਵਿਚ ਇਹ ਗੱਲ ਆਈ ਸੀ ਕਿ ਭੀੜ ਦੇ ਜੋਸ਼ ਸਾਹਮਣੇ ਦਲੇਰੀ ਦਿਖਾਉਣ ਦੇ ਨਤੀਜੇ ਕੀ ਹੁੰਦੇ ਹਨ ? ਉਹ ਉਹਨਾਂ ਨਾਲ ਭਿੜ ਵੀ ਜਾਂਦਾ ਤਾਂ ਕੀ ਖੱਟ ਲੈਂਦਾ ? ਮਾਰਨ ਵਾਲ ਪੰਜਾ ਤਾਂ ਕਿਤੇ ਸੀ ਨਹੀਂ ਉੱਥੇ। ਇਕ ਵਾਰੀ ਉਸਦੇ ਮਨ ਵਿਚ ਆਇਆ ਕਿ ਚੀਕ-ਚੀਕ ਕੇ ਉਹਨਾਂ ਨੂੰ ਸਮਝਾਵਾਂ ਪਰ ਉਦੋਂ ਧਮਾਕੇ ਵਰਗੀ ਆਵਾਜ਼ ਗੂੰਜੀ :

"ਦੇਖਦੇ ਕੀ ਪਏ ਓ---ਮਾਰੋ ਸਾਲੇ ਪੰਜਾਬੀ ਨੂੰ।"

"ਕਰ ਦਿਓ ਠੀਕ।"

"ਇਸ ਨੂੰ ਮਾਰ ਧੱਕਾ ਪਰ੍ਹੇ।"

"ਇਹ ਵੀ ਸਾਲਾ ਪੰਜਾਬੀ ਐ।"

ਕੁਝ ਹੱਥਾਂ ਨੇ ਚੁੱਕ ਕੇ ਉਸਨੂੰ ਪਰ੍ਹੇ ਸੁੱਟ ਦਿੱਤਾ। ਪਾਗਲਪਣ ਦੇ ਗਿਲਾਫ਼ ਵਿਚ ਲਿਪਟੀਆਂ ਹੋਈਆਂ ਇਹ ਆਵਾਜ਼ਾਂ ਤਾਂ ਉਹ ਬਰਦਾਸ਼ਤ ਕਰ ਰਿਹਾ ਸੀ ਪਰ ਰਾਮ ਦੇਵ ਦੇ ਮੂੰਹੋਂ ਨਿਕਲਿਆ ਸ਼ਬਦ 'ਪੰਜਾਬੀ' ਉਸਦੇ ਹੌਸਲੇ ਤੋੜ ਗਿਆ। ਉਸਦੇ ਅਰਥ ਕਿੰਨੇ ਛੋਟੇ, ਕਿੰਨੇ ਤੰਗ-ਦਿਲ ਤੇ ਕਿੰਨੇ ਹਿੰਸਕ ਸਨ ! ਜਦੋਂ ਕਿ ਨਾ ਰਾਮ ਦੇਵ ਤੰਗ-ਦਿਲ ਸੀ, ਨਾ ਸੌੜੀ ਸੋਚ ਵਾਲਾ ਤੇ ਨਾ ਹੀ ਹਿੰਸਕ। ਉਹ ਪੜ੍ਹਿਆ-ਲਿਖਿਆ ਅਮਨ-ਪਸੰਦ ਆਦਮੀ ਸੀ। ਉਸਨੂੰ ਲੱਗਿਆ ਜਿਵੇਂ ਤੇਜ ਹਥਿਆਰ ਦੇ ਇਕੋ ਵਾਰ ਨਾਲ ਕਿਸੇ ਨੇ ਉਸਦੀ ਘੰਡੀ ਵੱਢ ਦਿੱਤੀ ਹੋਏ। ਰਾਮ ਦੇਵ ਸੂਬਾਈ ਪ੍ਰੇਮ ਤਾਂ ਕੀ, ਦੇਸ਼ ਪ੍ਰੇਮ ਤੋਂ ਵੀ ਉੱਚਾ ਉੱਠਿਆ ਹੋਇਆ ਸੀ---ਫੇਰ ਇਹ ਸ਼ਬਦ ਉਸਦੇ ਅੰਦਰ ਕਿੱਥੋਂ ਆ ਗਿਆ !

ਉਸ ਸਮੇਂ ਉਸਨੂੰ ਈਸ਼ਵਰ ਦਾਸ ਦੀਆਂ ਗੱਲਾਂ ਯਾਦ ਆਈਆਂ ਸਨ। ਇਕ ਦਿਨ ਅਖ਼ਬਾਰ ਦਾ ਮੁੱਖ ਸਫਾ ਪੰਜਾਬ ਖ਼ਬਰਾਂ ਦੀਆਂ ਨਾਲ ਭਰਿਆ ਹੋਇਆ ਸੀ---ਪੰਜਾਬ 'ਚ ਇਕ ਵਾਰਦਾਤ ਹੋ ਗਈ ਸੀ। ਉਧਰ ਨਾਗਾਲੈਂਡ ਤੇ ਅਸਾਮ ਵਿਚ ਅਨੇਕਾਂ ਲੋਕ ਹਿੰਸਾ ਦਾ ਸ਼ਿਕਾਰ ਹੋਏ ਸਨ ; ਇਹ ਖ਼ਬਰ ਚਾਰ ਕੁ ਲਾਈਨਾ ਦੀ ਸੀ। ਈਸ਼ਵਰ ਦਾਸ ਸੋਚਾਂ ਵਿਚ ਗਵਾਚਿਆ ਹੋਇਆ ਸੀ। ਕਾਫੀ ਦੇਰ ਬਾਅਦ ਬੋਲਿਆ ਕਿ 'ਕਿੰਨੇ ਦੁੱਖ ਦੀ ਗੱਲ ਹੈ ਸਾਡੇ ਤਖ਼ਤਾਂ ਦੀ ਨੀਂਹ, ਟੁਕੜਿਆਂ ਉੱਪਰ ਰੱਖੀ ਗਈ। ਹੁਣ ਏਕਤਾ ਦੇ ਨਾਂ 'ਤੇ ਵੱਖ-ਵੱਖ ਕਰਨ ਦਾ ਕੰਮ ਹੋ ਰਿਹਾ ਹੈ। ਅਸੀਂ ਵੱਖ-ਵੱਖ ਹੋਈਏ ਤੇ ਹੋਈਏ ਵੱਖ ਕਰਨ ਵਾਲਿਆਂ ਦੇ ਪਿੱਛੇ…!'

'ਐਨੇ ਸਾਲ ਇਹਨਾਂ ਵਿਚ ਰਹਿ ਕੇ ਮੈਂ ਆਪਣੇ ਆਪ ਨੂੰ ਇਹਨਾਂ ਵਿਚੋਂ ਸਮਝਦਾ ਰਿਹਾ। ਕੀ ਉਹ ਗਲਤ ਸੀ ?' ਉਹਨਾਂ ਪਲਾਂ ਵਿਚ ਉਸਨੂੰ ਲੱਗਿਆ ਸੀ ਉਹਨਾਂ ਚਿਹਰਿਆਂ ਵਾਲੇ ਹੁੰਦੇ ਹੋਏ ਵੀ ਉਹ---ਉਹ ਨਹੀਂ ਸਨ।

ਕੀ ਇਕ ਮਰਦੇ ਹੋਏ ਆਦਮੀ ਨੂੰ ਮੈਂ ਬਚਾਅ ਨਹੀਂ ਸਕਦਾ ? ਜਦੋਂ ਕਿਸੇ ਨੇ ਠੁੱਡ ਮਾਰ ਕੇ ਉਸਨੂੰ ਵਾਰਨਿੰਗ ਦਿੱਤੀ ਸੀ ਉਦੋਂ ਵੀ ਉਸ ਆਦਮੀ ਦੇ ਮੂੰਹੋਂ ਇਕ ਗਾਲ੍ਹ ਦੇ ਨਾਲ ਉਹੀ ਬਡਰੂਪ ਸ਼ਬਦ ਨਿਕਲਿਆ ਸੀ। ਉਹ ਉੱਠ ਕੇ ਈਸ਼ਵਰ ਦਾਸ ਦੇ ਘਰ ਵੱਲ ਨੱਸ ਤੁਰਿਆ ਸੀ ਪਰ ਰਾਹ ਵਿਚ ਹੀ ਹਿੰਸਕ ਭੀੜ ਨੇ ਉਸਨੂੰ ਚੁੱਕ ਕੇ ਭੌਇੰ 'ਤੇ ਪਟਕ ਦਿੱਤਾ ਸੀ। ਉਸਨੇ ਹੱਥ ਬੰਨ੍ਹ ਕੇ ਸਭ ਦੀ ਮਿੰਨਤ ਜਿਹੀ ਕੀਤੀ ਸੀ ਕਿ ਇਹ ਈਸ਼ਵਰ ਦਾਸ ਦੇ ਪਿਤਾ ਹਨ।

"ਫੇਰ ਇਸਦੇ ਵਾਲ ਕਿਉਂ ਰੱਖੇ ਹੋਏ ਨੇ ?"

ਭਗਵਾਨ ਦਾਸ ਨੇ ਆਸ-ਪੜੋਸ ਅੱਗੇ ਵਾਸਤੇ ਪਾਏ, ਪਰ ਕੋਈ ਹਿੱਕ ਥਾਪੜ ਕੇ ਅੱਗੇ ਨਹੀਂ ਸੀ ਆਇਆ। ਉਦੋਂ ਉਸ ਕੋਲ ਚੀਕਣ-ਕੂਕਣ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਸੀ ਰਿਹਾ ਤੇ ਉਹ ਚੀਕਦਾ ਹੋਇਆ ਬੇਹੋਸ਼ ਹੋ ਗਿਆ ਸੀ।
***
ਕੁਝ ਦਿਨ ਪਹਿਲਾਂ ਈਸ਼ਵਰ ਬਾਬੂ ਆਪਣੇ ਪਰਿਵਾਰ ਸਮੇਤ ਦੱਖਣ ਦੀ ਯਾਤਰਾ 'ਤੇ ਗਏ ਸਨ---ਬੁਲਾਇਆ ਤਾਂ ਪਿਤਾ ਜੀ ਨੂੰ ਵੀ ਯਾਤਰਾ ਲਈ ਸੀ, ਪਰ ਮੰਨੇ ਨਹੀਂ ਸਨ ਤੇ ਪਿੱਛੇ ਘਰ ਦੀ ਰੱਖਵਾਲੀ ਲਈ ਰਹਿ ਪਏ ਸਨ। ਉਹਨਾਂ ਦੀ ਦੇਖਭਾਲ ਦੀ ਜਿੰਮੇਂਵਾਰੀ ਭਗਵਾਨ ਦਾਸ ਤੇ ਉਸ ਦੇ ਪਰਿਵਾਰ ਨੇ ਲੈ ਲਈ ਸੀ। ਉਹ ਸਵੇਰੇ ਸਵਖਤੇ ਉੱਠ ਕੇ ਖੂੰਡੀ ਟੇਕਦੇ ਹੋਏ ਬਸਤੀ ਵਿਚੋਂ ਬਾਹਰ ਨਿਕਲ ਜਾਂਦੇ। ਰਸਤੇ ਵਿਚ ਜੋ ਵੀ ਮਿਲਦਾ ਸਿਰ ਨਿਵਾਅ ਕੇ ਸਤਿਕਾਰ ਕਰਦੇ। ਵਾਪਸ ਆ ਕੇ ਆਰਾਮ ਕੁਰਸੀ ਉੱਤੇ ਬੈਠ ਜਾਂਦੇ। ਕਿਤਾਬ ਪੜ੍ਹਦੇ, ਆਪਣੀਆਂ ਸੋਚਾਂ ਵਿਚ ਮਸਤ ਹੁੰਦੇ ਜਾਂ ਉਂਘ ਰਹੇ ਹੁੰਦੇ।

ਪ੍ਰਧਾਨ ਮੰਤਰੀ ਦੀ ਹੱਤਿਆ ਤੋਂ ਬਾਅਦ ਬਸਤੀ ਵਿਚ, ਹੋਰਨਾਂ ਨਗਰਾਂ ਜਾਂ ਇਲਾਕਿਆਂ ਵਾਂਗ ਕੋਈ ਮਾੜੀ ਘਟਨਾ ਨਹੀਂ ਹੋਈ---ਉਂਜ ਵੀ ਇੱਥੇ ਕੋਈ ਸਿੱਖ ਪਰਿਵਾਰ ਨਹੀਂ ਸੀ। ਲੋਕਾਂ ਨੇ ਪਹਿਲੀ ਵਾਰ ਇਕ ਦਾੜ੍ਹੀ ਦੇਸ ਧਾਰੀ ਬੰਦਾ ਦੇਖਿਆ ਤੇ ਉਹ ਵੀ ਈਸ਼ਵਰ ਦਾਸ ਦਾ ਪਿਤਾ ਸੀ ਜਿਸ ਦੇ ਪ੍ਰਤੀ ਕਿਸੇ ਦੇ ਮਨ ਵਿਚ ਕੋਈ ਮੰਦੀ ਭਾਵਨਾਂ ਨਹੀਂ ਸੀ ਉੱਠੀ।

ਉਂਜ ਬਸਤੀ ਵਿਚ ਅਫਵਾਹਾਂ ਅੱਗ ਤੇ ਫੂਸ ਨਾਲ ਲੈ ਕੇ ਆਉਂਦੀਆਂ ਸਨ---ਜਿਹਨਾਂ ਨੂੰ ਸੁਣ ਕੇ ਕਦੇ ਕਦੇ ਕੋਈ ਜੋਸ਼ ਵਿਚ ਚੀਕਣ ਵੀ ਲੱਗ ਪੈਂਦਾ ਸੀ। ਹਵਾਵਾਂ ਤਪ ਜਾਂਦੀਆਂ ਸਨ ਤੇ ਚਿਹਰੇ ਕੱਸੇ ਜਾਂਦੇ ਸਨ। ਸ਼ਹਿਰ ਵਿਚ ਹੋ ਰਹੀਆਂ ਵਾਰਦਾਤਾਂ ਉੱਤੇ ਭਗਵਾਨ ਦਾਸ ਹੈਰਾਨ ਹੁੰਦਾ ਕਿ ਲੁੱਟ-ਮਾਰ, ਸਾੜ-ਫੂਕ ਤੇ ਹੱਤਿਆਵਾਂ ਕਿੰਜ ਹੋ ਰਹੀਆਂ ਹਨ ? ਸੰਤਾਲੀ ਦੀ ਵੰਡ ਸਮੇਂ ਸਭ ਕੁਝ ਦੋ ਤਰਫਾ ਹੁੰਦਾ ਸੀ, ਨਾ ਸੁਰੱਖਿਆ ਪ੍ਰਬੰਧ ਸਨ ਤੇ ਨਾ ਹੀ ਪੁਲਿਸ। ਹੁਣ ਪੁਲਿਸ ਵੀ ਹੈ, ਸਰਕਾਰ ਵੀ ਹੈ ਹਰੇਕ ਕਿਸਮ ਦੇ ਸੁਰੱਖਿਆ ਪ੍ਰਬੰਧ ਵੀ ਹੋ ਸਕਦੇ ਹਨ, ਫੇਰ ਵੀ ਸਭ ਕੁਝ ਹੋ ਰਿਹਾ ਹੈ…ਤੇ ਉਹ ਵੀ ਇਕ ਤਰਫਾ !

ਅਖ਼ਬਾਰ, ਟੈਲੀਵੀਜ਼ਨ ਤੇ ਰੇਡੀਓ, ਸਭ ਸੋਗ ਵਿਚ ਡੁੱਬੇ ਹੋਏ ਸਨ। ਜਦੋਂ ਮਾਰਕਾਟ ਦਾ ਪਹਿਲਾ ਸਮਾਚਾਰ ਆਇਆ ਸੀ, ਲੋਕ ਡੌਰ-ਭੌਰ ਜਿਹੇ ਹੋ ਗਏ ਸਨ। ਦਿਮਾਗ਼ ਉੱਤੇ ਸੋਗ ਭਾਰੂ ਸੀ, ਕੋਈ ਹੋਰ ਕੁਝ ਸੋਚ ਹੀ ਨਹੀਂ ਰਿਹਾ ਤੇ ਜਿਸ ਦਿਨ ਈਸ਼ਵਰ ਦੇ ਪਿਤਾ ਦੀ ਹੱਤਿਆ ਹੋਈ ਸੀ, ਭਗਵਾਨ ਦਾਸ ਬਾਰੀ ਕੋਲ ਖੜ੍ਹਾ ਬਾਹਰ ਘੁੰਮ ਰਹੇ ਸਿਪਾਹੀਆਂ ਦੀਆਂ ਗੱਲਾਂ ਸੁਣ ਰਿਹਾ ਸੀ। ਉਦੋਂ ਹੀ ਉਸਨੂੰ ਤੂਫ਼ਾਨ ਵਾਂਗ ਵਧਦਾ ਆ ਰਿਹਾ ਰੌਲਾ ਜਿਹਾ ਸੁਣਾਈ ਦਿੱਤਾ, ਉਸਨੇ ਤ੍ਰਬਕ ਕੇ ਇਧਰ ਉਧਰ ਦੇਖਿਆ। ਸੈਂਕੜੇ ਲੋਕਾਂ ਦੀ ਹਿੰਸਕ ਭੀੜ, ਚੀਕਦੀ-ਕੂਕਦੀ ਆ ਰਹੀ ਸੀ---ਡਾਂਗਾਂ, ਬਰਛੇ ਤੇ ਹੋਰ ਹਥਿਆਰ ਖਾਸੇ ਨੇੜੇ ਆ ਗਏ ਸਨ।

"ਅਹਿ ਕੀ ? ਈਸ਼ਵਰ ਦੇ ਬਾਬੂ ਜੀ---" ਤੇ ਉਹ ਕੂਕਦਾ ਹੋਇਆ ਕਮਰੇ ਵਿਚੋਂ ਬਾਹਰ ਨਿਕਲਿਆ ਸੀ।

"ਰਸਤਾ ਛੱਡ ਦੇਅ," ਉਹ ਕੜਕਿਆ। ਉਸ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਸ ਦੀ ਪਤਨੀ ਵੀ ਕਦੀ ਉਸਦਾ ਰਸਤਾ ਰੋਕ ਸਕਦੀ ਹੈ। ਕਿਸੇ ਦੀ ਬਿਪਤਾ ਸਮੇਂ ਐਸਾ ਨੀਚ ਕਰਮ ਕਰ ਸਕਦੀ ਹੈ ! ਉਸਨੂੰ ਯਕੀਨ ਨਹੀਂ ਸੀ ਆ ਰਿਹਾ, ਪਰ ਉਸਦੀ ਪਤਨੀ ਉਸਨੂੰ ਜੱਫਾ ਪਾਈ ਖੜ੍ਹੀ ਥਰ-ਥਰ ਕੰਬ ਰਹੀ ਸੀ।

"ਪੇਪਰ ਨਹੀਂ ਪੜ੍ਹਿਆ ਤੁਸੀਂ ?"

ਅਚਾਨਕ ਸਭ ਕੁਝ ਉਸਦੀ ਸਮਝ ਵਿਚ ਆ ਗਿਆ ਤੇ ਉਸਨੂੰ ਇਸ ਗੱਲ ਦਾ ਅਫਸੋਸ ਵੀ ਹੋਇਆ ਕਿ ਗਰਮ ਹਵਾਵਾਂ ਨੇ ਉਹਨਾਂ ਦੇ ਘਰ ਨੂੰ ਏਨਾ ਕਮਜ਼ੋਰ ਕਰ ਦਿੱਤਾ ਹੈ ਤੇ ਉਸਨੂੰ ਪਤਾ ਵੀ ਨਹੀਂ !

"ਸੰਕਟ ਵਿਚ ਦੂਸਰਿਆਂ ਦੀ ਮਦਦ ਕਰਨੀ ਚਾਹੀਦੀ ਐ।"

"ਪਰ ਭੀੜ ਦਾ ਮੁਕਾਬਲਾ ਨਹੀਂ।"

ਭੀੜ ਦੇ ਨਾਅਰੇ ਉਸਦੇ ਕੰਨਾਂ ਵਿਚ ਰਿੱਝਦੇ ਹੋਏ ਲਾਵੇ ਵਾਂਗ ਪੈ ਰਹੇ ਸਨ।

"ਖ਼ੂਨ ਦਾ ਬਦਲਾ…" ਉਸਨੂੰ ਹੈਰਾਨੀ ਹੋਈ ਕਿ ਦਿੱਲੀ ਵਿਚ ਇਹ ਆਵਾਜ਼ ਭੀੜ ਦੇ ਮੂੰਹ ਵਿਚ ਕਿਸ ਨੇ ਪਾ ਦਿੱਤੀ ਹੈ ?

"ਤੋੜ ਦਿਓ ਦਰਵਾਜ਼ਾ…"

"ਮਾਰੋ…"

ਸ਼ਬਦ ਮਾਰੋ ਇਕ ਖੰਜਰ ਵਾਂਗ ਹੀ ਉਸਦੀ ਹਸਤੀ ਵਿਚ ਪੁਰ ਗਿਆ ਸੀ। ਉਸਨੇ ਪਤਨੀ ਨੂੰ ਧਰੀਕ ਕੇ ਪਰ੍ਹਾਂ ਸੁੱਟਿਆ ਤੇ ਬਾਹਰ ਵੱਲ ਨੱਸ ਪਿਆ। ਉੱਥੇ ਉਸਦੀ ਸੁਣਨ ਵਾਲਾ ਕੋਈ ਨਹੀਂ ਸੀ। ਲੋਕ ਦੂਜੀ ਧਿਰ ਦੀਆਂ ਆਵਾਜ਼ਾਂ ਸੁਣ ਰਹੇ ਸਨ। ਦੇਖਦੇ ਹੀ ਦੇਖਦੇ ਈਸ਼ਵਰ ਦਾਸ ਦਾ ਘਰ ਲੁੱਟ ਲਿਆ ਗਿਆ। ਉਹ ਬੇਵੱਸੀ ਹੱਥੋਂ ਪ੍ਰੇਸ਼ਾਨ ਹੋ ਕੇ ਚੀਕਦਾ ਰਿਹਾ। ਜਦੋਂ ਅੱਗੇ ਵਧਨ ਦੀ ਕੋਸ਼ਿਸ਼ ਕਰਦਾ, ਭੀੜ ਉਸਨੂੰ ਧਕੇਲ ਕੇ ਪਿਛਾਂਹ ਸੁੱਟ ਦਿੰਦੀ। ਕਿਤੋਂ ਪੈਟਰੋਲ ਦਾ ਗੁਬਾਰਾ ਈਸ਼ਵਰ ਦੇ ਪਿਤਾ ਉੱਤੇ ਡਿੱਗਿਆ, ਜਦੋਂ ਤਕ ਭਗਵਾਨ ਦਾਸ ਨੂੰ ਸਮਝ ਆਈ ਕਿ ਕੀ ਹੋ ਗਿਆ ਹੈ…ਉਹ ਧੂੰ-ਧੂੰ ਕਰਦੇ ਲਾਂਬੂਆਂ ਵਿਚ ਤੜਫਦੇ ਨਜ਼ਰ ਆਏ। ਭੀੜ ਖੁਸ਼ੀ ਨਾਲ ਹਿੰਸਕ ਨਾਚ ਨੱਚ ਰਹੀ ਸੀ।
***
ਭਗਵਾਨ ਦਾਸ ਦੇ ਘਰੋਂ, ਈਸ਼ਵਰ ਦਾਸ ਹੁਰਾਂ ਲਈ ਚਾਹ ਆ ਗਈ। ਦੇਖਦਿਆਂ ਹੀ ਲਾਜਵੰਤੀ ਕੂਕੀ, "ਕੋਈ ਕਿਸੇ ਚੀਜ਼ ਨੂੰ ਹੱਥ ਨਹੀਂ ਲਾਏਗਾ…ਅਜੇ ਉਹਨਾਂ ਦਾ ਅੰਤਮ ਸੰਸਕਾਰ ਨਹੀਂ ਹੋਇਆ। ਪਹਿਲਾਂ ਅਰਥੀ ਉੱਠੇਗੀ।"

"ਇਹ ਕਿਵੇਂ ਹੋ ਸਕਦਾ ਏ ?" ਈਸ਼ਵਰ ਦਾਸ ਲਾਜਵੰਤੀ ਦੀ ਗੱਲ ਸੁਣ ਕੇ ਤ੍ਰਬਕਿਆ ਤੇ ਰੋਣਾ ਭੁੱਲ ਗਿਆ। ਜਦੋਂ ਸਭ ਕੁਝ ਖਤਮ ਹੋ ਗਿਆ ਸੀ ਤਾਂ ਇਸ ਦੇ ਕੀ ਅਰਥ ਸਨ ?

"ਕਿਉਂ ਨਹੀਂ ਹੋ ਸਕਦਾ ?"

"ਭਾਬੀ ਸਭ ਕੁਝ ਤਾਂ ਰਾਖ ਹੋ ਗਿਆ, ਅਰਥੀ ਕਾਸ ਦੀ ਉੱਠੇਗੀ ?"

"ਜੋ ਹੈ, ਉਸੇ ਦੀ ਉੱਠੇਗੀ।"

ਅਜਿਹਾ ਨਾ ਕਦੇ ਕਿਸੇ ਨੇ ਦੇਖਿਆ ਸੀ ਤੇ ਨਾ ਹੀ ਸੁਣਿਆ ਸੀ। ਲਾਜਵੰਤੀ ਜਿਹਨਾਂ ਸੰਸਕਾਰਾਂ ਦੀ ਮੰਗ ਕਰ ਰਹੀ ਸੀ, ਉਹਨਾਂ ਨੂੰ ਪੂਰੇ ਕਰਨ ਲਈ ਆਸ-ਪੜੋਸ ਦੇ ਸਹਿਯੋਗ ਦੀ ਲੋੜ ਹੁੰਦੀ ਹੈ ਤੇ ਇਹ ਗੱਲ ਦਰਵਾਜ਼ਿਆਂ ਪਿੱਛੇ ਪਤਾ ਨਹੀਂ ਕਿੰਜ ਪਹੁੰਚ ਗਈ ਕਿ ਦਰਵਾਜ਼ੇ ਖੁੱਲ੍ਹਣ ਲੱਗ ਪਏ। ਆਪੋ ਵਿਚ ਗੱਲਾਂ ਹੋਣ ਲੱਗੀਆਂ। ਹਰੇਕ ਉੱਥੇ ਪਹੁੰਚਣਾ ਚਾਹੁੰਦਾ ਸੀ, ਪਰ ਉਹ ਇਕ ਅਪਰਾਧ ਭਾਵਨਾ ਹੇਠ ਦੱਬੇ ਹੋਏ ਸਨ ਤੇ ਚਾਹੁੰਦੇ ਹੋਏ ਵੀ ਬਾਹਰ ਨਹੀਂ ਸਨ ਨਿਕਲ ਰਹੇ।

ਦੁਹੱਥੜੀਂ ਪਿੱਟ-ਪਿੱਟ ਰੋਂਦੀ ਤੇ ਧਰਤੀ 'ਤੇ ਸਿਰ ਮਾਰ-ਮਾਰ ਵੈਣ ਪਾਉਂਦੀ ਲਾਜਵੰਤੀ ਨੂੰ ਦੇਖ ਕੇ ਲੋਕਾਂ ਦੇ ਦਿਲ ਹਿੱਲ ਗਏ। ਹੌਲੀ-ਹੌਲੀ ਆਸ-ਪੜੋਸ ਦੀਆਂ ਔਰਤਾਂ ਵੀ ਸਿਆਪੇ ਵਿਚ ਸ਼ਾਮਿਲ ਹੋਣ ਲੱਗੀਆਂ। ਦੇਖਦਿਆਂ ਦੇਖਦਿਆਂ ਪੂਰਾ ਇਕੱਠ ਹੋ ਗਿਆ। ਜਿੱਧਰੋਂ ਉਸ ਦਿਨ ਫਸਾਦੀ ਆਏ ਸਨ, ਉੱਧਰੋਂ ਵੀ ਲੋਕ ਆ ਰਹੇ ਸਨ। ਹਰੇਕ ਆਉਂਦਾ ਹੀ ਸਵਾਲ ਪੁੱਛਦਾ, "ਅਰਥੀ ਕਿਸ ਦੀ ਉੱਠੇਗੀ ?" ਤੇ ਇਸ ਸਵਾਲ ਦਾ ਜਵਾਬ ਉੱਥੇ ਕਿਸੇ ਕੋਲ ਵੀ ਨਹੀਂ ਸੀ। ਅਕਸਰ ਕਿਸੇ ਦੇ ਮੂੰਹੋਂ ਨਿਕਲ ਜਾਂਦਾ, "ਇਹ ਅਰਥੀ ਵੀ ਆਪਣੇ ਆਪ ਵਿਚ ਇਕ ਵੱਖਰੀ ਮਿਸਾਲ ਹੋਵੇਗੀ।"

ਬਾਊ ਈਸ਼ਵਰ ਦਾਸ ਨਾ ਸਿਰਫ ਬੰਦ ਦਰਵਾਜ਼ਿਆਂ ਦੇ ਖੁੱਲ੍ਹ ਜਾਣ ਉੱਤੇ ਹੈਰਾਨ ਸੀ ਬਲਿਕੇ ਇਸ ਗੱਲ ਉੱਤੇ ਵੀ ਹੈਰਾਨ ਸੀ ਕਿ ਉਹਨਾਂ ਦੇ ਘਰੋਂ ਲੁੱਟੀਆਂ ਗਈਆਂ ਚੀਜ਼ਾਂ ਦਾ ਢੇਰ ਲੱਗ ਗਿਆ ਸੀ। ਲੋਕ ਸਾਮਾਨ ਰੱਖਦੇ, ਥੋੜ੍ਹੀ ਜਿਹੀ ਸਫਾਈ ਪੇਸ਼ ਕਰਦੇ ਤੇ ਭੀੜ ਵਿਚ ਰਲ ਜਾਂਦੇ।

"ਭਾਈ ਸਾਹਬ ਇਹ ਕਿਸ ਦੀ ਅਰਥੀ ਐ ?"

ਈਸ਼ਵਰ ਦਾਸ ਨੇ ਸੋਚਿਆ ਕਹਿ ਦੇਵਾਂ ਇਹ ਮੇਰੇ ਪਿਓ ਦੀ ਅਰਥੀ ਹੈ। ਉਦੋਂ ਹੀ ਦਿਲ ਨੇ ਕਿਹਾ, 'ਇਹ ਅਰਥੀ ਤੇਰੇ ਪਿਤਾ ਜੀ ਦੀ ਨਹੀਂ।…' ਤਾਂ ਫੇਰ ਕਿਸ ਦੀ ਅਰਥੀ ਸੀ ਇਹ ? ਉਸਨੂੰ ਲੱਗਿਆ ਜਿਵੇਂ ਇਹ ਉਹਨਾਂ ਆਦਰਸ਼ਾਂ ਦੀ ਅਰਥੀ ਹੋਏ ਜਿਹਨਾਂ ਵਿਚ ਉਸਦੇ ਪਿਤਾ ਜੀ ਦਾ ਵਿਸ਼ਵਾਸ ਸੀ। 'ਨਹੀਂ---ਇਕ ਕਿਵੇਂ ਹੋ ਸਕਦਾ ਹੈ…ਉਹ ਸਾਰੀ ਜ਼ਿੰਦਗੀ ਆਪਣੇ ਆਦਰਸ਼ਾਂ ਦੀ ਖਾਤਰ ਜਿਊਂਦੇ ਰਹੇ ਹਨ।' ਮਨ ਵਿਚ ਆਇਆ ਚੀਕ-ਚੀਕ ਕੇ ਕਹੇ, 'ਇਹ ਅਰਥੀ ਉਹਨਾਂ ਲੋਕਾਂ ਦੀ ਹੈ ਜੋ ਜਿਊਂਦੇ ਹਨ, ਪਰ ਇੱਥੋਂ ਬੜੀ ਦੂਰ ਹਨ'…ਪਰ ਚੀਕਣਾ ਵੀ ਤਾਂ ਉਸਦੇ ਪਿਤਾ ਜੀ ਦੇ ਅਸੂਲਾਂ ਵਿਚ ਸ਼ਾਮਿਲ ਨਹੀਂ ਸੀ।

ਫੇਰ ਉਸਨੂੰ ਆਪਣੇ ਪਿਤਾ ਦੀ ਯਾਦ ਸਤਾਉਣ ਲੱਗ ਪਈ। ਯਾਦਾਂ ਦੇ ਗਲੋਟੇ ਵਿਚੋਂ ਸੋਚਾਂ ਦਾ ਤੰਦ ਉਧੜਨਾ ਸ਼ੁਰੂ ਹੋ ਗਿਆ। ਕਈ ਸਾਲ ਪਹਿਲਾਂ ਜਦੋਂ ਪੰਜਾਬ ਦਾ ਇਕੋ ਇਕ ਪ੍ਰਗਤੀਸ਼ੀਲ ਦੈਨਿਕ ਅਖ਼ਬਾਰ ਬੰਦ ਕਰ ਦਿੱਤਾ ਗਿਆ ਸੀ ਤਾਂ ਉਹ ਕਈ ਦਿਨ ਬੇਚੈਨ ਰਹੇ ਸਨ। ਦੂਜੇ ਦੈਨਿਕ ਅਖ਼ਬਾਰ ਉਹਨਾਂ ਦੇ ਹੱਥੋਂ ਛੁੱਟ ਜਾਂਦੇ ਸਨ ਤੇ ਉਹ ਬੜੇ ਦੁੱਖ ਨਾਲ ਆਖਦੇ ਹੁੰਦੇ ਸਨ, 'ਹੁਣ ਪੰਜਾਬ ਦੀ ਪ੍ਰੈਸ ਫਿਰਕਾਪ੍ਰਸਤਾਂ ਦੇ ਹੱਥ ਵਿਚ ਚਲੀ ਗਈ ਹੈ…ਹੈਰਾਨੀ ਹੈ ਕਿ ਇਹ ਜ਼ਹਿਰ ਸਰਕਾਰੀ ਵਿਗਿਆਪਨਾਂ ਨਾਲ ਭਰੇ ਹੋਏ ਨੇ'…ਕਹਿ ਕੇ ਉਹ ਆਉਣ ਵਾਲੇ ਦਿਨਾਂ ਵੱਲ ਸੰਕੇਤ ਕਰਦੇ।

ਪਹਿਲੀ ਮਰਦਮ ਸ਼ੁਮਾਰੀ ਸਮੇਂ ਘਰ ਵਿਚ ਝਗੜਾ ਹੋ ਗਿਆ ਸੀ, ਉਹਨਾਂ ਕਿਹਾ ਸੀ, 'ਸਾਡੀ ਮਾਤ ਭਾਸ਼ਾ ਪੰਜਾਬੀ ਹੈ, ਹਿੰਦੀ ਤਾਂ ਰਾਸ਼ਟਰੀ ਭਾਸ਼ਾ ਹੈ।' ਪ੍ਰਵਾਰ ਦਾ ਕੋਈ ਮੈਂਬਰ ਪੰਜਾਬੀ ਲਿਖਵਾਉਣ ਲਈ ਤਿਆਰ ਨਾ ਹੋਇਆ ਤਾਂ ਉਹਨਾਂ ਲਲਕਾਰ ਕੇ ਪੁੱਛਿਆ, 'ਚੱਜ ਨਾਲ ਹਿੰਦੀ ਬੋਲਣੀ ਆਉਂਦੀ ਜੇ ਕਿਸੇ ਨੂੰ ?' ਸਾਡੇ ਪਰਿਵਾਰ ਨੂੰ ਕੀ, ਸੂਬੇ ਵਿਚ ਬੜੇ ਥੋੜ੍ਹੇ ਲੋਕਾਂ ਨੂੰ ਹਿੰਦੀ ਬੋਲਣੀ ਆਉਂਦੀ ਸੀ---ਹਿੰਦੀ ਦਾ ਪ੍ਰਚਾਰ ਵੀ ਉਰਦੂ ਵਿਚ ਕੀਤਾ ਜਾਂਦਾ ਸੀ।

ਪਹਿਲੀਆਂ ਚੋਣਾ ਤੋਂ ਬਾਅਦ ਉਹਨਾਂ ਕਿਹਾ ਸੀ, 'ਸ਼ੁਰੂਆਤ ਹੀ ਗ਼ਲਤ ਹੈ। ਜੇ ਲੋਕ ਜਾਤ, ਵਰਗ, ਧਰਮ ਤੇ ਇਲਾਕੇ ਦੀ ਓਟ ਲੈ ਕੇ ਚੋਣ ਲੜਨਗੇ ਤਾਂ ਤੇ ਅਸੀਂ ਤਿੰਨ ਚਾਰ ਇਲੈਕਸ਼ਨਾਂ ਬਾਅਦ ਹੋਰ ਵੀ ਦੂਰ ਹੋ ਜਾਵਾਂਗੇ…।'

"ਭਾਈ ਸਾਹਬ ਕਿਸ ਦੀ ਅਰਥੀ ਹੈ ?"

ਉਹ ਤ੍ਰਬਕ ਕੇ ਪੁੱਛਣ ਵਾਲੇ ਦੇ ਮੂੰਹ ਵੱਲ ਤੱਕਣ ਲੱਗਾ, ਪਰ ਮੂੰਹੋਂ ਕੁਝ ਨਹੀਂ ਬੋਲਿਆ। ਉਸਨੇ ਫੁੱਲਾਂ ਲੱਦੀ ਅਰਥੀ ਵੱਲ ਦੇਖਿਆ…ਕਮਰੇ ਵਿਚਲੀ ਬਚੀ-ਖੁਚੀ ਸਵਾਹ ਨੂੰ ਇਕੱਠਾ ਕਰਕੇ ਅਰਥੀ ਦਾ ਰੂਪ ਦੇ ਦਿੱਤਾ ਗਿਆ ਸੀ। ਉਸਦੇ ਜੀਅ ਵਿਚ ਆਇਆ ਕਹਿ ਦਏ, ਫੁੱਲਾਂ ਦੀ ਅਰਥੀ ਹੈ।
***
ਭਗਵਾਨ ਦਾਸ ਭੀੜ ਵੱਲ ਵੇਖਦਾ ਹੋਇਆ ਉਹਨਾਂ ਚਿਹਰਿਆਂ ਨੂੰ ਪਛਾਣਨ ਦੀ ਕੋਸ਼ਿਸ਼ ਕਰ ਰਿਹਾ ਸੀ ਜਿਹੜੇ ਉਸ ਦਿਨ ਖ਼ੂੰ-ਖ਼ਾਰ, ਹਿੰਸਕ ਤੇ ਖਰੂਦੀ ਹੋਏ ਹੋਏ ਸਨ ਤੇ ਕੁਝ ਵੀ ਸੁਣਨ ਲਈ ਤਿਆਰ ਨਹੀਂ ਸਨ। ਭੀੜ ਦੇ ਮਨੋਵਿਗਿਆਨ ਨੂੰ ਸਮਝਣ ਵਾਲਾ ਭਗਵਾਨ ਦਾਸ ਅੱਜ ਦੀ ਭੀੜ ਦੇ ਬਦਲੇ ਹੋਏ ਚਿਹਰੇ ਨੂੰ ਦੇਖ ਕੇ ਵੀ ਪ੍ਰੇਸ਼ਾਨ ਹੋ ਗਿਆ ਸੀ। ਇਕ ਰੌ ਹੈ ਜਿਸ ਵਿਚ ਸਭ ਵਹਿ ਜਾਂਦੇ ਹਨ। ਅੱਜ ਭੜਕਾਉਣ ਤੇ ਉਕਸਾਉਣ ਵਾਲਾ ਕੋਈ ਨਹੀਂ ਸੀ। ਕੋਈ ਯਕੀਨ ਕਰ ਸਕਦਾ ਹੈ ਕਿ ਇਹ ਉਹੀ ਲੋਕ ਹਨ ! ਉਸਨੇ ਭਰਤ ਮੁਨੀ ਵੱਲ ਦੇਖਿਆ, ਜਿਸ ਦੇ ਮੱਥੇ 'ਤੇ ਅੱਜ ਵੀ ਪੱਟੀ ਬੱਧੀ ਹੋਈ ਸੀ। ਉਹ ਹਮੇਸ਼ਾ ਕਹਿੰਦਾ ਹੁੰਦਾ ਸੀ ਕਿ 'ਇਹ ਸਰਕਾਰ ਦੀਆਂ ਆਪਣੀਆਂ ਚਾਲਾਂ ਨੇ ਜਿਹੜੀਆਂ ਫਿਰਕਾਪ੍ਰਸਤੀ ਤੇ ਭੇਦਭਾਵ ਨੂੰ ਉਕਸਾਉਂਦੀਆਂ ਨੇ। ਜਦੋਂ ਸਰਕਾਰ ਸੰਪਰਦਾਇਕ ਭਾਵਨਾ ਦੇ ਨਾਂ 'ਤੇ ਘੱਟ ਗਿਣਤੀ ਦੇ ਲੋਕਾਂ ਨੂੰ ਖੁਸ਼ ਕਰਕੇ ਵੋਟਾਂ ਬਟੋਰਨ ਦੀ ਨੀਤੀ 'ਤੇ ਚਲਦੀ ਏ…ਤਾਂ ਵੱਧ ਗਿਣਤੀ ਦੇ ਲੋਕਾਂ ਦੇ ਦਿਲਾਂ ਵਿਚ ਇਹ ਬੀਜ ਵੀ ਪੌਂਦੀ ਰਹਿੰਦੀ ਏ ਕਿ ਉਹਨਾਂ ਨਾਲ ਬੇਇਨਸਾਫੀ ਹੋ ਰਹੀ ਹੈ। ਹੁਣ ਉਹਨਾਂ ਦੇ ਪਰਾਂ ਹੇਠੋਂ ਘੱਟ ਗਿਣਤੀ ਵਾਲੇ ਨਿਕਲਦੇ ਜਾ ਰਹੇ ਨੇ ਸੋ ਉਹ ਇਕ ਅਜਿਹੀ ਚਾਲ ਚੱਲ ਰਹੀ ਹੈ ਕਿ ਵੱਧ ਗਿਣਤੀ ਵਾਲੇ ਉਸਦੇ ਪਿੱਛੇ ਲੱਗ ਤੁਰਨ…।'

ਉਸ ਦਿਨ ਸਭ ਤੋਂ ਪਹਿਲੀ ਡਾਂਗ ਉਸੇ ਦੇ ਵੱਜੀ ਸੀ। ਉਸਨੇ ਵੀ ਸਭ ਨੂੰ ਲਲਕਾਰਿਆ ਸੀ ਕਿ ਇਸ ਨਿਰਦੋਸ਼ ਨੇ ਤੁਹਾਡਾ ਕੀ ਵਿਗਾੜਿਆ ਹੈ ?

ਇਕ ਪਾਸੇ ਰਾਮ ਦੇਵ ਖੜ੍ਹਾ ਸੀ। ਉਹ ਉਸ ਦਿਨ ਪਿੱਛੋਂ ਹਰ ਰੋਜ਼ ਉਸ ਤੋਂ ਮੁਆਫੀ ਮੰਗਣ ਆਉਂਦਾ ਤੇ ਇਕੋ ਗੱਲ ਕਹਿੰਦਾ, 'ਪਤਾ ਨਹੀਂ ਉਸ ਦਿਨ ਮੈਨੂੰ ਕੀ ਹੋ ਗਿਆ ਸੀ---ਪੂਰੇ ਤਿੰਨ ਦਿਨ, ਤਿੰਨ ਰਾਤਾਂ ਟੈਲੀਵੀਜ਼ਨ ਦੇਖਦਾ ਰਿਹਾ ਤੇ ਜਦੋਂ ਘਰੋਂ ਬਾਹਰ ਨਿਕਲਿਆ ਤਾਂ ਭੀੜ ਦੇ ਉਬਾਲ ਵਿਚ ਵਹਿ ਗਿਆ।

ਸ਼ਾਸਤਰੀ ਜੀ ਇਕ ਕੋਨੇ ਵਿਚ ਖੜ੍ਹੇ ਅੱਜ ਵੀ ਲੋਕਾਂ ਨੂੰ ਸਮਝਾ ਰਹੇ ਸਨ, ਉਸ ਦਿਨ ਵੀ ਲੋਕਾਂ ਨੂੰ ਸਮਝਾਉਣ ਦੇ ਚੱਕਰ ਵਿਚ ਐਨਕ ਤੁੜਵਾ ਬੈਠੇ ਸਨ। ਅੱਜ ਵੀ ਦੁਖੀ ਤੇ ਅਫ਼ਸੋਸ ਗਰੱਸੇ ਦਿਸ ਰਹੇ ਸਨ, "ਜਦੋਂ ਅਸੀਂ ਆਪ ਹੀ ਜਾਤਾਂ-ਪਾਤਾਂ ਵਿਚ ਵੰਡੇ ਹੋਏ ਹਾਂ ਤਾਂ ਦੂਜੇ ਸਾਡੇ ਨਾਲ ਮਿਲ ਕੇ ਕਿਵੇਂ ਰਹਿ ਸਕਦੇ ਨੇ---" ਅੱਜ ਲੋਕ ਉਹਨਾਂ ਦੀਆਂ ਗੱਲਾਂ ਸੁਣ ਰਹੇ ਸਨ, ਕੋਈ ਉਹਨਾਂ ਨੂੰ ਝਾੜ ਨਹੀਂ ਸੀ ਪਾ ਰਿਹਾ। ਭੀੜ ਵਿਚੋਂ ਕੋਈ ਵਾਕ ਅਜਿਹਾ ਵੀ ਸੁਣਾਈ ਦੇ ਜਾਂਦਾ ਜਿਹੜਾ ਬਰਛੇ ਵਾਂਗ ਵਿੰਨ੍ਹਦਾ ਚਲਾ ਜਾਂਦਾ। ਭਗਵਾਨ ਦਾਸ ਦੇ ਮਨ ਵਿਚ ਆਇਆ ਅਜਿਹੀਆਂ ਆਵਾਜ਼ਾਂ ਦਾ ਵਿਰੋਧ ਕਰੇ, ਪਰ ਮਾਤਮੀ ਮਾਹੌਲ ਵਿਚ ਇੰਜ ਕਰਨਾ ਉਸਦੇ ਵੱਸ ਦੀ ਗੱਲ ਨਹੀਂ ਸੀ। ਇਕ ਗੱਲ ਦੀ ਤਸੱਲੀ ਜਿਹੀ ਹੋਈ ਸੀ ਕਿ ਚੰਗੀਆਂ ਆਵਾਜ਼ਾਂ ਹੀ ਵਧੇਰੇ ਸੁਣਾਈ ਦੇ ਰਹੀਆਂ ਸਨ। ਉਹ ਇਸ ਗੱਲ ਉੱਤੇ ਵੀ ਹੈਰਾਨ ਸੀ ਕਿ ਕੋਈ ਕਿਸੇ ਨੂੰ ਸੱਦਣ ਨਹੀਂ ਸੀ ਗਿਆ, ਨਾ ਹੀ ਕਿਸੇ ਨੂੰ ਸੁਨੇਹਾ ਭੇਜਿਆ ਗਿਆ ਸੀ। ਫੇਰ ਵੀ ਉਸਦੇ ਤੇ ਈਸ਼ਵਰ ਦਾਸ ਦੇ ਦਫ਼ਤਰ ਦੇ ਲੋਕ ਆਣ ਪਹੁੰਚੇ ਸਨ। ਅੱਜ ਸਾਰੇ ਹਰ ਰੋਜ਼ ਵਾਂਗ ਖ਼ਬਰਾਂ ਦੀ ਜੁਗਾਲੀ ਵੀ ਨਹੀਂ ਸੀ ਕਰ ਰਹੇ। ਹਰੇਕ ਬੰਦਾ ਜ਼ਰਾ ਵੱਖਰੀਆਂ ਗੱਲਾਂ ਕਰ ਰਿਹਾ ਸੀ।

ਹਜ਼ੂਰ ਸਿੰਘ, ਸੰਤੋਖ ਸਿੰਘ, ਤੇਜਪਾਲ ਸਿੰਘ, ਸਰਦਾਰ ਨਰੂਲਾ, ਕ੍ਰਿਪਾਲ ਸਿੰਘ, ਪ੍ਰੀਤਮ ਸਿੰਘ, ਗੁਰਵਿੰਦਰ ਸਿੰਘ ਤੇ ਹੋਰ ਸਾਰੇ ਸਿਰ ਝੁਕਾਈ ਖੜ੍ਹੇ ਸਨ। ਕੋਈ ਹੋਰ ਮੌਕਾ ਹੁੰਦਾ ਤਾਂ ਹਜ਼ੂਰ ਸਿੰਘ ਨੇ ਹਸਾ-ਹਸਾ ਕੇ ਢਿੱਡੀਂ ਵੱਟ ਪੁਆਏ ਹੁੰਦੇ। ਹਜ਼ੂਰ ਸਿੰਘ ਉੱਥੇ ਹੀ ਸੀ, ਪਰ ਉੱਥੇ ਹੈ ਨਹੀਂ ਸੀ---ਉਹ ਕਦੀ ਈਸ਼ਵਰ ਵੱਲ ਤੇ ਕਦੇ ਭੀੜ ਵੱਲ ਦੇਖਦਾ ਤੇ ਫੇਰ ਪਤਾ ਨਹੀਂ ਕਿੱਥੇ ਗਵਾਚ ਜਾਂਦਾ ਸੀ---ਉਸਦੀਆਂ ਅੱਖਾਂ ਭਰ ਆਉਂਦੀਆਂ ਸਨ। ਕੁਝ ਦਿਨਾਂ ਵਿਚ ਹੀ ਉਸਦੇ ਕੱਪੜੇ ਕਿਸੇ ਹੋਰ ਦੇ ਕੱਪੜੇ ਲੱਗਣ ਲੱਗ ਪਏ ਸਨ। ਉਹ ਹੱਸਣ ਹਾਉਣ ਵਾਲਾ ਮਿਹਨਤੀ ਆਦਮੀ ਕਿੱਦਾਂ ਅੰਦਰੇ ਅੰਦਰ ਖੁਰ ਰਿਹਾ ਸੀ---ਉਸਦਾ ਵੱਡਾ ਲੜਕਾ ਸਕੂਟਰ 'ਤੇ ਗਿਆ ਸੀ ਤੇ ਫੇਰ ਘਰ ਵਾਪਸ ਨਹੀਂ ਸੀ ਆਇਆ। ਉਹ ਤੇ ਸਕੂਟਰ ਇਕੋ ਅੱਗ ਦੇ ਸ਼ਿਕਾਰ ਹੋ ਗਏ ਸਨ, ਚਾਰ ਪੰਜ ਦਿਨ ਪਹਿਲਾਂ ਹੀ ਹਜ਼ੂਰ ਸਿੰਘ ਨੇ ਭਗਵਾਨ ਦਾਸ ਨੂੰ ਪੁੱਛਿਆ ਸੀ, "ਸਾਡਾ ਕਸੂਰ ਕੀ ਹੈ ? ਹੋਰਾਂ ਦੀ ਸਜਾ ਸਾਨੂੰ ਕਿਉਂ ਮਿਲ ਰਹੀ ਹੈ ? ਸਿਰਫ ਏਸ ਕਰਕੇ ਕਿ ਸਾਡੇ ਕੇਸ ਰੱਖੇ ਹੋਏ ਨੇ ? ਹੋਰ ਅਸੀਂ ਕਿੱਥੇ ਜਾਈਏ, ਕਿੰਜ ਜਾਈਏ---ਕਿਊਂ ਜਾਈਏ---ਕੀ ਇੱਥੇ ਸਾਨੂੰ ਇੰਜ ਈ ਰਹਿਣਾ ਪਏਗਾ ?"

ਉਸਨੂੰ ਦੇਖ ਕੇ ਭਗਵਾਨ ਦਾਸ ਦੀਆਂ ਅੱਖਾਂ ਭਰ ਆਈਆਂ, ਉਸਦੇ ਮੁੰਡੇ ਦਾ ਮੁਸਕਰਾਉਂਦਾ ਹੋਇਆ ਚਿਹਰਾ ਉਸ ਦੀਆਂ ਅੱਖਾਂ ਸਾਹਮਣੇ ਘੁੰਮਣ ਲੱਗਾ। ਜਦੋਂ ਉਸਨੇ ਪ੍ਰੀਤਮ ਸਿੰਘ ਵੱਲ ਦੇਖਿਆ ਤਾਂ ਉਸਦਾ ਮਨ ਹੋਰ ਵੀ ਉਦਾਸ ਹੋ ਗਿਆ। ਉਸਦੇ ਪਰਿਵਾਰ ਵਿਚ ਉਸਦੀ ਪਤਨੀ ਦੇ ਸਿਵਾਏ ਕੋਈ ਨਹੀਂ ਸੀ ਬਚਿਆ---ਪਿਤਾ ਕਾਨ੍ਹਪੁਰ ਸਾਮਾਨ ਲੈਣ ਗਏ ਸਨ, ਵਾਪਸ ਨਹੀਂ ਮੁੜੇ। ਘਰ ਦਾ ਹੋਰ ਕੋਈ ਜੀਅ ਨਹੀਂ ਬਚਿਆ---ਦੁਕਾਨ ਲੁੱਟ ਦੀ ਨਜ਼ਰ ਹੋ ਗਈ।

ਜਗਦੇਵ ਸਿੰਘ, ਜਸਵੰਤ ਸਿੰਘ ਤੇ ਕਈ ਹੋਰ ਇਸ ਦੁਨੀਆਂ ਵਿਚ ਨਹੀਂ ਸੀ ਰਹੇ। ਚਾਰ ਦਿਨਾਂ ਵਿਚ ਹੀ ਉਹ ਸਭ ਕੁਝ ਨਹੀਂ ਸੀ ਰਿਹਾ, ਜੋ ਪਹਿਲਾਂ ਹੁੰਦਾ ਸੀ। ਆਪਣੀ ਹੀ ਜਗ੍ਹਾ ਵਿਚ ਆਦਮੀ ਬਿਗਾਨਾ ਹੋ ਗਿਆ ਸੀ। ਆਪਣੇ ਕਾਰਨ ਨਹੀਂ ਦੂਜਿਆਂ ਦੇ ਕਾਰਨ। ਕਿੱਡੀ ਮਜ਼ਾਕ ਵਾਲੀ ਗੱਲ ਹੈ ਕਿ ਆਦਮੀ ਆਪਣੇ ਆਪ ਨੂੰ ਪਹਿਚਾਣ ਤੋਂ ਡਰ ਮਹਿਸੂਸ ਕਰ ਰਿਹਾ ਹੈ।

ਜਦੋਂ ਕਿਸੇ ਨੇ ਕਿਹਾ ਸੀ ਕਿ ਜਿੰਮੇਵਾਰ ਤਾਂ ਇਹ ਆਪ ਹੀ ਹਨ ਤਾਂ ਈਸ਼ਵਰ ਦਾਸ ਚੀਕ ਪਿਆ ਸੀ---"ਇਹ ਕਿੰਜ ਜਿੰਮੇਵਾਰ ਨੇ ?" ਫੇਰ ਉਸਦੀ ਆਵਾਜ਼ ਭਰੜਾਅ ਗਈ ਸੀ, ਉਸਦੇ ਮੂੰਹੋਂ ਸਿਰਫ ਏਨਾ ਹੀ ਨਿਕਲਿਆ ਸੀ, "ਅਸੀਂ ਉਹਨਾਂ ਉੱਤੇ ਕਿਉਂ ਯਕੀਨ ਕਰਦੇ ਹਾਂ ਜੋ ਹਵਾ ਦੇ ਰੁਖ਼ ਅਨੁਸਾਰ ਬੋਲਦੇ ਨੇ ? ਕੀ ਮੇਰੇ ਪਿਤਾ ਨੂੰ ਉਹਨਾਂ ਨੇ ਮਾਰਿਆ ਹੈ, ਜਿਹਨਾਂ ਨੇ ਉਹਨਾਂ ਦੀ ਹੱਤਿਆ ਕੀਤੀ ਹੈ ? ਇਹ ਸੱਚ ਨਹੀਂ ।"

ਉਹ ਹਜ਼ੂਰਾ ਸਿੰਘ ਕੋਲ ਜਾ ਕੇ ਖੜ੍ਹਾ ਹੋ ਗਿਆ।

ਪ੍ਰੀਤਮ ਸਿੰਘ ਤੇ ਹਜ਼ੂਰਾ ਸਿੰਘ ਦੀਆਂ ਘਰਵਾਲੀਆਂ ਉਸਦੀ ਜ਼ਨਾਨੀ ਕੋਲ ਬੈਠੀਆਂ ਰੋ ਰਹੀਆਂ ਸਨ। ਉਹਨਾਂ ਤਿੰਨਾਂ ਤੀਵੀਆਂ ਦੀ ਆਵਾਜ਼ ਹੀ ਨਹੀਂ, ਸਾਰੀਆਂ ਵੈਣ ਪਾ ਰਹੀਆਂ ਤੀਵੀਆਂ ਦੀ ਆਵਾਜ਼ ਇਕੋ ਜਿਹੀ ਲੱਗੀ ਸੀ, ਉਸਨੂੰ।
***
ਅਰਥੀ ਚੁੱਕੀ ਗਈ ਤਾਂ ਸਾਰੇ ਪਾਸੇ ਇਕ ਭਗਦੜ ਤੇ ਰੌਲਾ ਜਿਹਾ ਮੱਚ ਗਿਆ। ਹਰੇਕ ਦਿਸ਼ਾ ਵੱਲੋਂ ਲੋਕ ਨੱਸੇ ਆ ਰਹੇ ਸਨ। ਸੜਕ ਦੇ ਦੋਹੇਂ ਪਾਸੀਂ ਸੈਂਕੜੇ ਲੋਕ ਖੜ੍ਹੇ ਸਨ। ਅਰਥੀ ਦੇ ਮਗਰ ਭੀੜ ਵਧਦੀ ਹੀ ਜਾ ਰਹੀ ਸੀ।

"ਕਿਸਦੀ ਅਰਥੀ ਹੈ ?"

"ਮਿੱਟੀ ਕਿੱਥੇ ਹੈ ?"

"ਜਿਸਦੀ ਅਰਥੀ ਹੈ, ਉਸਦਾ ਸਰੀਰ ਕਿੱਥੇ ਹੈ ?"

ਲੋਕ ਆਉਣ ਸਾਰ ਇਸੇ ਕਿਸਮ ਦੇ ਸਵਾਲ ਪੁੱਛਦੇ। ਜਦੋਂ ਪਤਾ ਲੱਗਦਾ ਅਰਥੀ ਨੂੰ ਮੋਢਾ ਦੇਣ ਲਈ ਅਗਾਂਹ ਵਧ ਜਾਂਦੇ ਤੇ ਉਤਰ ਦੇਣ ਵਾਲਿਆਂ ਵਿਚ ਸ਼ਾਮਲ ਹੋ ਜਾਂਦੇ ਜਾਂ ਆਪਣੇ ਦਿਲ ਦੀਆਂ ਗੱਲਾਂ ਉੱਚੀਆਂ ਆਵਾਜਾਂ ਵਿਚ ਕਰਨ ਲੱਗ ਪੈਂਦੇ। ਕੁਝ ਜਜ਼ਬਾਤੀ ਹੋ ਕੇ ਲੀਡਰਾਂ ਨੂੰ ਗਾਲ੍ਹਾਂ ਦੇਣ ਲੱਗ ਪੈਂਦੇ। ਆਵਾਜ਼ ਦੇ ਇਸ ਜੰਗਲ ਵਿਚ ਇਕ ਆਵਾਜ਼ ਨੂੰ ਦੂਜੀ ਨਾਲੋਂ ਨਿਖੇੜ ਕੇ ਸੁਣਨਾ ਜਾਂ ਸਮਝਣਾ ਸੰਭਵ ਨਹੀਂ ਸੀ। ਨਾ ਹੀ ਇਹ ਪਤਾ ਲਾਇਆ ਜਾ ਸਕਦਾ ਸੀ ਕਿ ਕਿਹੜੀ ਆਵਾਜ਼ ਕਿਸ ਪਸਿਓਂ ਆ ਰਹੀ ਹੈ---ਸਿਰਫ ਅੰਦਾਜ਼ਾ ਹੀ ਲਾਇਆ ਜਾ ਸਕਦਾ ਸੀ ਕਿ ਬੋਲਣ ਵਾਲਾ ਕਿਸ ਰੌ ਵਿਚ ਹੈ।

"ਸਭ ਕੁਝ ਏਨੀ ਛੇਤੀ ਕਿਵੇਂ ਵਾਪਰ ਸਕਦਾ ਐ ? ਕੀ ਇਸ ਲਈ ਹਾਲਾਤ ਬੜੀ ਪਹਿਲਾਂ ਨਹੀਂ ਤਿਆਰ ਹੋ ਗਏ ਸਨ।"

"ਮਾਮਲੇ ਨੂੰ ਲਮਕਾਉਣਾ ਹੀ ਅਸਲ ਕਾਰਨ ਹੈ।"

"ਸਾਰੇ ਝਗੜੇ ਪਾਵਰ ਹਥਿਆਉਣ ਦੇ ਨੇ ਜੀ।"

"ਅਸੀਂ ਮੁਫ਼ਤ ਵਿਚ ਬੇਵਕੂਫ਼ ਬਣ ਗਏ---ਜਿਵੇਂ ਲੜਾਈ ਸਾਡੀ ਆਪਣੀ ਹੋਵੇ।"

"ਉਹ ਸਾਨੂੰ ਵੱਖ-ਵੱਖ ਕਰਨਾ ਚਾਹੁੰਦੇ ਨੇ।"

ਇਹ ਉਹੀ ਲੋਕ ਸਨ ਜਿਹੜੇ ਪਹਿਲਾਂ ਕਿਸੇ ਦੂਸਰੀ ਬੋਲੀ ਵਿਚ ਗੱਲਾਂ ਕਰ ਰਹੇ ਸਨ ਤੇ ਅੱਜ ਬਿਲਕੁਲ ਵੱਖਰੀ ਭਾਸ਼ਾ ਬੋਲ ਰਹੇ ਸਨ।

ਜਦੋਂ ਕਿਸੇ ਨੇ ਕਿਹਾ ਕਿ ਉਹ ਵੱਖਵਾਦੀ ਹਨ ਤਾਂ ਹੀ ਇਹ ਸਭ ਕੁਝ ਹੋਇਆ ਹੈ, ਨਾਲੇ ਇਹਨਾਂ ਵੀ ਹੱਤਿਆਵਾਂ ਕੀਤੀ ਹਨ।

"ਇਹ ਝੂਠ ਹੈ," ਸ਼ਾਸਤਰੀ ਜੀ ਥਰ-ਥਰ ਕੰਬਣ ਲੱਗੇ। ਕੋਈ ਗੱਲ ਉਹਨਾਂ ਦੇ ਅੰਦਰ ਸੀ, ਭੜਕ ਉਠੀ, "ਫੇਰ ਤਾਂ ਆਪਣੇ ਦੋ ਸੂਬਿਆਂ ਨੂੰ ਛੱਡ ਕੇ ਸਾਰੇ ਹੀ ਵੱਖਵਾਦੀ ਹੋਏ। ਸਾਡੇ ਇਹ ਸੂਬੇ ਵੀ ਤਾਂ ਜਾਤੀਵਾਦ ਵਿਚ ਏਨੇ ਉਲਝੇ ਹੋਏ ਨੇ ਕਿ ਸਾਡਾ ਹੱਕ ਹੀ ਨਹੀਂ ਬਣਦਾ ਕਿਸੇ ਨੂੰ ਨਸੀਹਤਾਂ ਦੇਈਏ। ਸਬਕ ਸਿਖਾਈਏ।" ਸ਼ਾਸਤਰੀ ਜੀ ਦੇ ਬਿਨਾਂ ਇਹੀ ਗੱਲ ਕਿਸੇ ਨੇ ਹੋਰ ਕਹੀ ਹੁੰਦੀ ਤਾਂ ਕੁੱਟ ਖਾ ਲੈਣੀ ਸੀ।

ਉਦੋਂ ਹੀ ਪੁਲਿਸ ਤੇ ਉਸਦੇ ਅਧਿਕਾਰੀਆਂ ਦੀਆਂ ਜੀਪਾਂ ਆ ਗਈਆਂ, ਦੇਖਦਿਆਂ ਹੀ ਦੇਖਦਿਆਂ ਇਕੱਠ ਦਾ ਰੋਸ ਵਧਣ ਲੱਗਾ।

"ਕਿਸਦੀ ਅਰਥੀ ਹੈ ?"

"ਕਿਸ ਨੂੰ ਮੋਢਾ ਦੇ ਰਹੇ ਓ ?"

ਇਹੀ ਸਵਾਲ ਸੁਣਦੇ ਸੁਣਦੇ ਸਾਰੇ ਤੰਗ ਆ ਗਏ ਸਨ। ਫੇਰ ਵੀ ਇਹਨਾਂ ਦੇ ਜਵਾਬ ਉਹਨਾਂ ਦੇ ਅੰਦਰਲੀ ਕਿਸੇ ਖਾਸ ਪਰਤ ਨੂੰ ਛੂਹ ਲੈਂਦੇ ਸਨ। ਪੂਰੀ ਗੱਲ ਭਾਵੇਂ ਕਿਸੇ ਦੀ ਸਮਝ ਵਿਚ ਆਈ ਸੀ ਜਾਂ ਨਹੀਂ, ਫੇਰ ਵੀ ਦੂਜੇ ਨੂੰ ਕੁਝ ਨਾ ਕੁਝ ਤਾਂ ਦੱਸ ਹੀ ਦਿੱਤਾ ਜਾਂਦਾ ਸੀ। ਪਰ ਹੁਣ ਵਿਚਾਲੇ ਕਾਨੂੰਨ ਵਿਵਸਥਾ ਤੇ ਪਤਾ ਨਹੀਂ ਕੀ ਕੀ ਆ ਪਹੁੰਚਿਆ ਸੀ।

"ਦਸਦੇ ਕਿਉਂ ਨਹੀਂ, ਕਿਸ ਦੀ ਅਰਥੀ ਹੈ ਇਹ ?"

"ਐਨੇ ਲੋਕ ਕਿਉਂ ਇਸਦੇ ਨਾਲ ਨੇ ?"

"ਜਲਦੀ ਦੱਸੋ, ਕਿਸ ਦੀ ਅਰਥੀ ਹੈ ?"

"ਅਸਾਡੀ ਹੈ---ਅਸਾਂ ਸਾਰਿਆਂ ਦੀ।"

"ਨਹੀਂ, ਇਹ ਸਾਡੀ ਅਰਥੀ ਨਹੀਂ, ਉਹਨਾਂ ਦੀ ਹੈ ਜੋ ਦਿਖਾਈ ਨਹੀਂ ਦਿੰਦੇ।"

"ਉਹ ਕੌਣ ਨੇ ?"

"ਸੁਣੋ ਬਈ, ਇਹ, ਇਹੀ ਨਹੀਂ ਜਾਦੇ ਕਿ ਉਹ ਕੌਣ ਨੇ ?"

"ਜਾਣਦੇ ਨਹੀਂ, ਇਹਨਾਂ ਗੱਲਾਂ ਨਾਲ ਸ਼ਾਂਤੀ ਭੰਗ ਹੁੰਦੀ ਏ, ਲੋਕ ਭੜਕ ਉੱਠਦੇ ਨੇ ?"

"ਸਾਰਾ ਸ਼ਹਿਰ ਤਾਂ ਅਰਥੀ ਦੇ ਨਾਲ ਐ---ਭੜਕੂਗਾ ਕੌਣ ?"

"ਉਹਨਾਂ ਚਾਰ ਦਿਨਾਂ ਵਿਚ ਕਿੱਥੇ ਸੀ ਤੁਸੀਂ ਲੋਕ ?"

"ਦਿਖਾਈ ਦਿੰਦੇ ਤਾਂ ਇਹ ਅਰਥੀ ਵੀ ਨਾ ਹੁੰਦੀ ਅੱਜ…"

"ਜਾਂਚ ਈ ਕਰਵਾਉਣ ਆ ਜਾਂਦੇ…"

ਬਾਬੂ ਈਸ਼ਵਰ ਦਾਸ ਚੁੱਪਚਾਪ ਭੀੜ ਵਿਚਾਲੇ ਘਿਰਿਆ ਤੁਰਦਾ ਜਾ ਰਿਹਾ ਸੀ। ਅਰਥੀ ਮਰਗ ਆਈ ਭੀੜ ਦੀਆਂ ਗੱਲਾਂ ਸੁਣ ਸੁਣ ਕੇ ਉਸ ਦੀਆਂ ਸੋਚਾਂ ਨੇ ਨਵਾਂ ਮੋੜ ਲਿਆ। ਉਸ ਨੂੰ ਇਹ ਅਹਿਸਾਸ ਵੀ ਨਹੀਂ ਸੀ ਰਿਹਾ ਕੇ ਉਹ ਆਪਣੇ ਪਿਤਾ ਦੀ ਅਰਥੀ ਨਾਲ ਜਾ ਰਿਹਾ ਹੈ। ਜਦੋਂ ਅੰਤਮ ਯਾਤਰਾ ਸ਼ੁਰੂ ਹੋਣ ਲੱਗੀ ਸੀ, ਉਸਨੇ ਹੱਥ ਜੋੜ ਕੇ ਸਾਰੇ ਸਰਦਾਰ ਮਿੱਤਰਾਂ ਨੂੰ ਬੇਨਤੀ ਕੀਤੀ ਸੀ ਕਿ ਉਹ ਅਰਥੀ ਨਾਲ ਨਾ ਜਾਣ, ਘਰੋ-ਘਰੀਂ ਪਰਤ ਜਾਣ। ਪਰ ਸੁਣਦਿਆਂ ਹੀ ਲੋਕ ਸਰਦਾਰਾਂ ਦੇ ਇਰਦ-ਗਿਰਦ ਇਕੱਠੇ ਹੋ ਗਏ ਸਨ। ਚਾਰੇ ਪਾਸੇ ਇਕ ਤੂਫ਼ਾਨ ਜਿਹਾ ਉੱਠ ਖੜ੍ਹਾ ਹੋਇਆ ਸੀ---'ਨਹੀਂ, ਸਾਰੇ ਸਾਡੇ ਨਾਲ ਜਾਣਗੇ।' ਈਸ਼ਵਰ ਬਾਬੂ ਦੀਆਂ ਅੱਖਾਂ ਭਰ ਆਈਆਂ ਸਨ, ਹੰਝੂ ਵਹਿ ਤੁਰੇ ਸਨ ਤੇ ਮੂੰਹੋ ਇਕ ਸ਼ਬਦ ਵੀ ਨਹੀਂ ਸੀ ਨਿਕਲਿਆ। ਉਸਨੇ ਸੋਚਿਆ ਸੀ, ਕਿਤੇ ਕੋਈ ਐਸੀ-ਵੈਸੀ ਘਟਨਾ ਨਾ ਵਾਪਰ ਜਾਏ---'ਇਕੱਠ ਦਾ ਕੀ ਪਤਾ ਲੱਗਦੈ, ਇਕੋ ਨਾਅਰੇ ਨਾਲ ਭੂਸਰ ਜਾਂਦੇ।' ਉਸਨੂੰ ਇਸ ਗੱਲ ਦਾ ਅਹਿਸਾਸ ਵੀ ਹੋਇਆ ਕਿ ਪਤਨੀ ਦੇ ਅੰਧ-ਵਿਸ਼ਵਾਸ ਦੇ ਸਾਹਮਣੇ ਉਸਨੂੰ ਝੁਕਣਾ ਨਹੀਂ ਸੀ ਚਾਹੀਦਾ। ਇਹਨਾਂ ਸੋਚਾਂ ਵਿਚਕਾਰ ਘਿਰਿਆ ਉਹ ਤੁਰਦਾ ਜਾ ਰਿਹਾ ਸੀ ਤੇ ਕਈ ਗੱਲਾਂ ਬਾਰੇ ਸਪਸ਼ਟ ਵੀ ਹੋ ਗਿਆ ਸੀ ਕਿ ਲੋਕ ਖ਼ੂੰ-ਖਾਰ ਕਿੰਜ ਹੋ ਜਾਂਦੇ ਹਨ ? ਉਹਨਾਂ ਨੂੰ ਕੋਈ ਭੜਕਾਉਂਦਾ ਕਿਵੇਂ ਹੈ ? ਕੋਈ ਹੈ ਜੋ ਇਹਨਾਂ ਵਿਚ ਰਲ ਕੇ ਇਹਨਾਂ ਨੂੰ ਹੋਰ ਦਾ ਹੋਰ ਬਣਾ ਦਿੰਦਾ ਹੈ। ਕੱਲ੍ਹ ਫੇਰ ਇਹਨਾਂ ਨੂੰ ਵਰਗਲਾਅ ਕੇ, ਬਹਿਕਾਅ ਕੇ ਦੂਜੇ ਪਾਸੇ ਲੈ ਜਾਇਆ ਜਾ ਸਕਦਾ ਹੈ। ਕੀ ਇਹ ਹਮੇਸ਼ਾ ਇੰਜ ਨਹੀਂ ਰਹਿ ਸਕਦੇ ?

ਪੁਲਿਸ ਅਧਿਕਾਰੀਆਂ ਦੀਆਂ ਆਵਾਜ਼ਾਂ ਨੇ ਉਸ ਨੂੰ ਇਹਨਾਂ ਸੋਚਾਂ ਵਿਚੋਂ ਬਾਹਰ ਘਸੀਟ ਲਿਆ ਸੀ ਤੇ ਉਹ ਭੀੜ ਨੂੰ ਚੀਰਦਾ ਹੋਇਆ ਅੱਗੇ ਵਧਣ ਲੱਗਾ ਸੀ। ਭੀੜ ਬੇਕਾਬੂ ਹੋ ਕੇ ਨਾਅਰੇ ਲਾਉਣ ਲੱਗ ਪਈ ਸੀ। ਉਹ ਫੇਰ ਡਰਨ ਲੱਗਾ, ਕਿਤੇ ਕੁਝ ਹੋ ਹੀ ਨਾ ਜਾਏ। ਉਸਨੇ ਇਕ ਵਾਰੀ ਉਤੇਜਤ ਭੀੜ ਵੱਲ ਦੇਖਿਆ, ਜਿਹੜੀ ਇਕੋ ਹੱਲੇ ਨਾਲ ਪੁਲਿਸ ਤੇ ਉਸਦੇ ਅਧਿਕਾਰੀਆਂ ਨੂੰ ਭਸਮ ਕਰ ਸਕਦੀ ਸੀ। ਉਸਦੀ ਸਮਝ ਵਿਚ ਇਕ ਗੱਲ ਹੋਰ ਆ ਗਈ ਸੀ ਕਿ ਜਦੋਂ ਅਖ਼ਬਾਰ ਦੇ ਮੁੱਖ ਪੰਨਿਆਂ ਉੱਤੇ ਹੋਰ ਵਿਸ਼ਿਆਂ ਨੂੰ ਛੱਡ ਕੇ ਸਿਰਫ ਪੰਜਾਬ ਹੀ ਹੋਏਗਾ ਤਾਂ ਅਜਿਹੀ ਭੀੜ ਹਰ ਜਗਾਹ ਭੜਕਾਈ ਜਾ ਸਕੇਗੀ। ਪਰ ਉਸਦੀ ਸਮਝ ਵਿਚ ਨਹੀਂ ਆ ਰਿਹਾ ਸੀ ਕਿ ਲੋਕ ਇਹ ਕਿੰਜ ਸਮਝ ਸਕਦੇ ਨੇ ਕਿ ਇਹਨਾਂ ਅਖ਼ਬਾਰਾਂ ਲਈ ਵੀ ਕੋਈ ਖ਼ਬਰਾਂ ਤਿਆਰ ਕਰ ਰਿਹਾ ਹੈ।

"ਇਹ ਅਰਥੀ ਤੁਹਾਡੇ ਪਿਤਾ ਜੀ ਦੀ ਹੈ ?"

"ਨਹੀਂ।"

"ਫੇਰ ਕਿਸਦੀ ਹੈ ?"

"ਇਹੀ ਮੈਂ ਸੋਚ ਰਿਹਾਂ ਕਿ ਇਹ ਅਰਥੀ ਕਿਸ ਦੀ ਹੈ ?"

ਉਹ ਫੇਰ ਸੋਚਾਂ ਵਿਚ ਗਵਾਚ ਗਿਆ। ਕਾਫੀ ਕੁਝ ਉਸਦੀ ਸਮਝ ਵਿਚ ਆ ਚੁੱਕਿਆ ਸੀ।

ਉਸਨੇ ਅਧਿਕਾਰੀਆਂ ਵੱਲ ਦੇਖਿਆ---ਪਰ ਇਸ ਤੋਂ ਪਹਿਲਾਂ ਕਿ ਉਹ ਕੁਝ ਕਹਿੰਦਾ, ਜੀਪਾਂ ਉੱਥੋਂ ਜਾ ਚੁੱਕੀਆਂ ਸਨ।

ਮਜਲਸ ਖਾਸੀ ਦੂਰ ਨਿਕਲ ਗਈ ਸੀ। ਉਦੋਂ ਹੀ ਭਗਵਾਨ ਦਾਸ ਨੇ ਉਸਦੇ ਮੋਢੇ ਉੱਤੇ ਹੱਥ ਰੱਖਿਆ। ਭਗਵਾਨ ਦਾਸ ਦੀਆਂ ਅੱਖਾਂ ਵਿਚੋਂ ਕਿਰਦੇ ਹੰਝੂ ਹਜ਼ੁਰਾ ਸਿੰਘ ਨੇ ਆਪਣੇ ਰੁਮਾਲ ਵਿਚ ਸਮੇਟ ਲਏ---ਉਹ ਆਪ ਵੀ ਸਿਸਕ ਰਿਹਾ ਸੀ।

"ਕਿਉਂ ਰੋ ਰਹੇ ਓ ?"

"ਅਸੀਂ ਸੋਚ ਰਹੇ ਹਾਂ---ਇਹ ਅਰਥੀ ਕਿਸਦੀ ਹੈ ?" ਇਕੱਠਿਆਂ ਦੇ ਮੂੰਹੋਂ ਨਿਕਲਿਆ ਸੀ। ਫੇਰ ਦੋਹਾਂ ਨੇ ਹੇਠਾਂ ਡਿੱਗੇ ਫੁੱਲ ਚੁੱਕ ਕੇ ਈਸ਼ਵਰ ਦੀ ਹਥੇਲੀ ਉੱਤੇ ਰੱਖ ਦਿੱਤੇ ਸਨ।

Wednesday, April 22, 2009

ਚੌਕ ਵਿਚ ਦਿਸਦਾ ਸ਼ਹਿਰ :: ਲੇਖਕ : ਬਲਦੇਵ ਸਿੰਘ


ਪੰਜਾਬੀ ਕਹਾਣੀ : ਚੌਕ ਵਿਚ ਦਿਸਦਾ ਸ਼ਹਿਰ... :: ਲੇਖਕ : ਬਲਦੇਵ ਸਿੰਘ : ਸੰਪਰਕ :- 98147-83069.
ਪੋਸਟਿੰਗ : ਮਹਿੰਦਰ ਬੇਦੀ ਜੈਤੋ Í ਮੁਬਾਇਲ : 94177-30600.


ਆਪਣੇ ਨਗਰ ਦੀ ਹੱਦ 'ਤੇ ਆ ਕੇ, ਅਚਾਨਕ ਉਹਦੇ ਪੈਰ ਰੁਕ ਗਏ। ਜਿਵੇਂ ਅੰਗਿਆਰਾਂ 'ਤੇ ਪੈਰ ਰੱਖਣੋਂ ਤ੍ਰਹਿ ਜਾਂਦਾ ਹੈ। ਜਿਵੇਂ ਕੋਈ ਵਰ੍ਹਿਆਂ ਬਾਅਦ ਪਰਤਿਆ, ਆਪਣੇ ਘਰ ਦੀਆਂ ਬਰੂਹਾਂ ਲੰਘਣੋਂ ਝਿਜਕ ਜਾਂਦਾ। ਆਪਣਿਆਂ ਦੇ ਸਨਮੁੱਖ ਕਿਵੇਂ ਹੋਵੇਗਾ ਉਹ ? ਮਨ ਦੀ ਸਹਿਜ ਅਵਸਥਾ ਉਲਾਰ ਹੋ ਜਾਂਦੀ ਹੈ। ਭਾਵੁਕਤਾ-ਵਸ ਅੱਖਾਂ ਦੇ ਸਮੁੰਦਰ ਛਲਕਦੇ ਹਨ। ਗਲ ਭਰ ਆਉਂਦਾ ਹੈ।

ਅਜਿਹੇ ਮਨੋਵੇਗ ਵਿਚ ਹੀ, ਉਸਨੇ ਆਪਣੇ ਵਤਨ ਦੀ ਮਿੱਟੀ ਨੂੰ ਚੁੰਮ ਕੇ ਮੱਥੇ ਨਾਲ ਲਾਇਆ। ਜਿਸ ਦੀ ਮਹਿਕ ਲਈ ਉਹ ਸਦੀਆਂ ਤੋਂ ਤਰਸ ਰਿਹਾ ਸੀ। ਪਰ ਹੈਰਾਨ ਹੋਇਆ…ਮਿੱਟੀ ਦੀ ਮਹਿਕ ਵਿਚੋਂ ਇਹ ਕੇਹੀ ਸੜਿਆਂਦ ਆ ਰਹੀ ਹੈ ?

ਸ਼ਾਹਮਾਰਗ ਦੇ ਦੋਹੀਂ ਪਾਸੀਂ ਦੇਖਿਆ…ਬ੍ਰਿਛਾਂ ਦੇ ਉਦਾਸ ਝੁੰਡ ਸਿਰ ਝੁਕਾਈ ਖੜ੍ਹੇ ਹਨ। ਟਾਹਣੀਆਂ ਰੁੰਡ ਮਰੁੰਡ ਹਨ। ਦਰਖ਼ਤਾਂ ਦੇ ਪੀਲੇ ਹੋਏ ਪੱਤੇ, ਬੀਮਾਰਾਂ ਵਾਂਗ ਸੋਗ 'ਚ ਡੁੱਬੇ ਹੋਏ ਹਨ। ਪੌਣ, ਥੱਕੀ-ਹਾਰੀ ਕਿਸੇ ਬੇਵਾ ਵਾਂਗ, ਹੌਲੀ ਹੌਲੀ ਸਿਸਕ ਰਹੀ ਹੈ। ਇਹ ਉਹੀ ਨਗਰ ਹੈ ? ਭੈ-ਭੀਤ ਹੋ ਕੇ ਉਹਨੇ ਇਧਰ ਉਧਰ ਦੇਖਿਆ, ਦੂਰ ਤੀਕਰ ਦਮ ਘੋਟੂ ਧੂੰਆਂ ਅਸਮਾਨ ਵੱਲ ਉੱਡ ਰਿਹਾ ਪ੍ਰਤੀਤ ਹੁੰਦਾ ਹੈ। ਸ਼ਾਇਦ, ਨਗਰ ਦੇ ਗਰਭ ਵਿਚ ਕੋਈ ਜੁਆਲਾ-ਮੁਖੀ ਪਿਘਲ ਰਿਹਾ ਹੈ, ਉਸ ਨੂੰ ਜਾਪਿਆ।

ਪ੍ਰਵਾਸੀ ਜੂਨ ਹੰਢਾ ਕੇ, ਵਰ੍ਹਿਆਂ ਬਾਅਦ ਉਹ ਪਰਤਿਆ ਹੈ। ਇਕ ਆਸ ਨਾਲ, ਇਹ ਧਰਤੀ ਆਪਣੀਆਂ ਬਾਹਾਂ ਖੋਲ੍ਹ ਕੇ, ਮਾਂ ਵਾਂਗ, ਉਸਨੂੰ ਆਪਣੀ ਗਲਵੱਕੜੀ ਵਿਚ ਲੈ ਲਏਗੀ। ਇਸ ਨਗਰ ਦੀਆਂ ਗਲੀਆਂ, ਬਾਜ਼ਾਰ ਸਕੇ ਭੈਣ-ਭਰਾਵਾਂ ਵਾਂਗ, ਉਸਦਾ ਸਵਾਗਤ ਕਰਨਗੇ ਤੇ ਇਹ ਨਗਰ ਇਕ ਪਿਉ ਵਾਂਗ, ਉਸਦੇ ਸਿਰ 'ਤੇ ਆਪਣਾ ਹੱਥ ਰੱਖੇਗਾ।

ਪਰ ਮਨ ਵਿਚ ਬੀਜੇ ਚਾਅ ਕਰੰਡ ਹੋ ਗਏ। ਇਹ ਕੇਹਾ ਛਲਾਵਾ ਹੈ ? ਧੁੱਪਾਂ ਨਿੱਘ ਨਹੀਂ ਦੇਂਦੀਆਂ। ਛਾਵਾਂ ਵਿਚੋਂ ਸੇਕ ਆਉਂਦਾ ਹੈ। ਜਿਨ੍ਹਾਂ ਬੁੱਢੇ ਬ੍ਰਿਛਾਂ 'ਤੇ ਚੜ੍ਹ ਕੇ ਉਹ ਖੇਡਿਆ ਕਰਦਾ ਸੀ, ਅੱਜ ਜਾਂ ਉਸ ਨੂੰ ਪਹਿਚਾਣਦੇ ਨਹੀਂ ਜਾਂ ਉਸ ਦੇ ਮੁੜ ਘਰ ਆਉਣ ਦੀਆਂ ਉਡੀਕਾਂ ਵਿਚ ਸੜ ਸੁੱਕ ਗਏ ਨੇ। ਸਮੇਂ ਗੁਜ਼ਰ ਗਏ ਹਨ, ਨਵੀਆਂ ਕਰੂੰਬਲਾਂ ਨਹੀਂ ਫੁੱਟਦੀਆਂ…ਟਾਹਣੀਆਂ 'ਤੇ ਫੁੱਲ ਨਹੀਂ ਖਿੜਦੇ।

ਮਨ ਅੰਦਰ ਚੁਭਨ ਜਿਹੀ ਮਹਿਸੂਸ ਹੋਈ। ਕੀ ਉਹ, ਇਸ ਨਗਰ ਲਈ ਅਜਨਬੀ ਹੋ ਗਿਆ ਹੈ ? ਜਦੋਂ ਮੈਂ ਇਸ ਦੀਆਂ ਦਹਿਲੀਜ਼ਾਂ 'ਤੇ ਦਸਤਕ ਦਿੱਤੀ ਤਾਂ ਮੈਨੂੰ ਜੀਅ ਆਇਆਂ ਕਹਿਣ ਲਈ ਕੋਈ ਨਹੀਂ ਆਇਆ।

ਆਪਣੇ ਮਨ ਅੰਦਰ, ਉਹਦੇ ਅਜਿਹੇ ਵਿਚਾਰਾਂ ਲਈ, ਉਸਨੂੰ ਆਪਣੇ ਆਪ 'ਤੇ ਗਿਲਾਨੀ ਆਈ। ਇਹ ਆਪਣਿਆਂ ਦੇ ਮੋਹ ਦਾ ਤ੍ਰਿਸਕਾਰ ਸੀ। ਇਹ ਆਪਣੇ ਵਤਨ ਦੀ ਮਿੱਟੀ ਦੀ ਤੌਹੀਨ ਸੀ। ਉਮਡਦੇ ਪਿਆਰ ਨਾਲ ਉਹ ਨਗਰ ਵੱਲ ਅਗਾਂਹ ਤੁਰਿਆ ਤਾਂ ਅਚਾਨਕ, ਸਾਵੀਆਂ ਟੋਪੀਆਂ, ਕਾਲੇ ਚਿਹਰਿਆਂ ਤੇ ਸੰਗੀਨਾਂ ਦੀ ਵਾੜ ਉਹਦੇ ਮੂਹਰੇ ਉੱਗ ਖਲੋਤੀ :

---ਕੌਣ ਹੈ ?
---ਕਿਥੋਂ ਆਇਆ ਹੈ ?
---ਕਿਥੇ ਜਾਣਾ ਹੈ ?
---ਕਿਉਂ ਆਇਆ ਹੈ ?

ਐਕਸਰੇ ਵਰਗੀਆਂ ਨਜ਼ਰਾਂ ਉਸ ਵਿਚੋਂ ਦੀ ਆਰ ਪਾਰ ਹੋਈਆਂ, ਤਾਂ ਉਸ ਨੇ ਮਹਿਸੂਸ ਕੀਤਾ---ਜਿਵੇਂ, ਉਸ ਨੂੰ ਚੀਰਿਆ ਰਿਹਾ ਹੈ। ਆਪਣੇ ਹੀ ਘਰ ਵਿਚ, ਆਪਣਿਆਂ ਦੇ ਸਾਹਮਣੇ, ਅਲਫ਼ ਨੰਗਾ ਕਰ ਦਿੱਤਾ ਗਿਆ ਹੈ। ਉਸਦਾ ਨਾਂ, ਵਲਦੀਅਤ, ਟਿਕਾਣਾ, ਕਿੱਤਾ, ਧਰਮ, ਸਭ ਕੁਝ ਨੋਟ ਕਰ ਲਿਆ ਗਿਆ ਹੈ, ਜਿਵੇਂ ਕਿਸੇ ਠਾਣੇ ਵਿਚ ਕਿਸੇ ਮੁਜਰਮ ਜਾਂ ਦਸ-ਨੰਬਰੀਏ ਬਦਮਾਸ਼ ਦਾ ਹੁਲੀਆ ਦਰਜ ਕੀਤਾ ਜਾਂਦਾ ਹੈ।

…ਸਾਵੀਆਂ ਟੋਪੀਆਂ ਤੇ ਸੰਗੀਨਾਂ ਉਸ ਨੂੰ ਨਗਰ ਵਿਚ ਪ੍ਰਵੇਸ਼ ਕਰਨ ਦਾ ਪਾਸ ਦਿੰਦੀਆਂ ਹਨ। ਆਤਮਾ ਨੇ ਵਿਦਰੋਹ ਕੀਤਾ---ਇਹ ਤਾਂ ਹੱਤਕ ਹੈ। ਆਪਣੀ ਮਾਂ ਦੀ ਗਲਵੱਕੜੀ ਵਿਚ ਜਾਣ ਲਈ, ਪੜੋਸੀਆਂ ਤੋਂ ਆਦੇਸ਼ ਲੈਣਾ ਹੋਵੇਗਾ ?

ਅਜਿਹੀ ਮਨੋਦਸ਼ਾ ਤੇ ਥਿੜਕਦੇ ਹੋਏ ਦਿਲ ਨਾਲ ਉਹ ਆਪਣੇ ਨਗਰ ਵਿਚ ਡਰਦਾ ਡਰਦਾ ਸ਼ਾਮਿਲ ਹੋਇਆ।…ਹੈਂਅ…! ਸਭ ਕੁਝ ਓਪਰਾ…ਤੇ ਬੇਪਛਾਣ। ਹਰ ਮੋੜ, ਹਰ ਚੌਕ, ਹਰ ਮੁੱਹਲਾ ਹਰ ਗਲੀ ਉਸ ਨੂੰ ਇਕ ਸ਼ੱਕ ਨਾਲ ਵੇਖਦੇ ਹਨ। ਕੁੱਤਿਆਂ ਵਾਂਗੂੰ ਉਸ ਨੂੰ ਸੁੰਘਣੇ ਹਨ ਤੇ ਕੁਝ ਪਰ੍ਹਾਂ ਜਾ ਕੇ ਬਦ-ਤਮੀਜੀ ਕਰਦੇ ਹਨ।

…ਲੋਕ ਹਰਲ ਹਰਲ ਕਰਦੇ, ਇਧਰ ਉਧਰ ਭੱਜ ਰਹੇ ਹਨ। ਕਿਸੇ ਵੱਡੇ ਰੇਲਵੇ ਸਟੇਸ਼ਨ ਦੇ ਪਲੈਟਫਾਰਮ ਜਿਹਾ ਸ਼ੋਰ ਹੈ।…ਕਾਰਾਂ ਦੇ ਹਾਰਨ, ਰਿਕਸ਼ਿਆਂ ਦੀਆਂ ਘੰਟੀਆਂ, ਲਾਲ ਟੋਪੀਆਂ ਦੀਆਂ ਵਿਸਲਾਂ, ਰੇੜ੍ਹਿਆਂ ਦੀ ਖਟ ਖਟ, ਰੇਲਵੇ ਇੰਜਣਾਂ ਦੀ ਦਹਾੜ। ਹਰ ਕੋਈ ਇਕ ਦੂਜੇ ਵਿਚ ਵੱਜ ਰਿਹਾ ਹੈ, ਉਲਝ ਰਿਹਾ ਹੈ, ਲੜ ਰਿਹਾ ਹੈ, ਹੱਥੋਪਾਈ ਹੋ ਰਿਹਾ ਹੈ। ਹਰ ਕੋਈ ਪਾਗਲ ਜਾਪਦਾ ਹੈ। ਕਾਹਲ ਵਿਚ ਹੈ, ਜਿਵੇਂ ਕਿਧਰੇ ਅੱਗ ਲੱਗੀ ਹੈ, ਤੇ ਉਸ ਨੇ ਬੁਝਉਣ ਜਾਣਾ ਹੈ।

ਅਚਾਨਕ ਉਸ ਦੀਆਂ ਅੱਖਾਂ ਸੁੰਗੜੀਆਂ, ਫੈਲੀਆਂ…ਤੇ ਫਿਰ ਫੈਲੀਆਂ ਦੀਆਂ ਫੈਲੀਆਂ ਰਹਿ ਗਈਆਂ।

ਅੱਗੇ ਚੌਕ ਵਿਚ ਇਕ ਦੋ ਪੈਰਾਂ ਵਾਲੇ ਜੀਵ ਦੀ ਲਾਸ਼ ਪਈ ਹੈ।

ਭੀੜ, ਇਕ ਦੂਜੇ ਵਲ ਦੇਖੇ ਬਿਨਾਂ, ਪਹਿਚਾਣੇ ਬਿਨਾਂ, ਇਕ ਦੂਸਰੇ ਦੇ ਮੋਢਿਆਂ ਉਪਰੋਂ ਦੀ ਝਾਕਦੀ ਹੈ। ਉਹਨਾਂ ਨਾਲ ਘਸਰਦੀ ਹੈ। ਹਰ ਨਿਗਾਹ, ਦੂਸਰੀ ਨਿਗਾਹ ਨੂੰ ਸ਼ੱਕ ਨਾਲ ਦੇਖਦੀ ਹੈ ; ਕਤਲ ਦੀ ਬੂਅ ਸੁੰਘਦੀ ਹੈ ; ਤੇ ਸਹਿਮ ਨਾਲ ਸਲ੍ਹਾਬੀ ਹਵਾ ਵਿਚ ਅਫਵਾਹਾਂ ਦਾ ਘੁਸਰ-ਮੁਸਰ ਉਭਰਦੀ ਹੈ।

ਕੌਣ ਹੈ ?
ਪਤਾ ਨਹੀਂ ?
ਹਿੰਦੂ ਹੈ ?
ਹਿੰਦੂ ਨਹੀਂ ਹੈ।
ਸਿੱਖ ਹੈ ?
ਸਿੱਖ ਵਰਗਾ ਤਾਂ ਲਗਦਾ ਨਹੀਂ।
ਮੁਸਲਮਾਨ ਹੈ ?
ਅਤਿਵਾਦੀ ਹੈ ?

ਅਫ਼ਵਾਹਾਂ ਦੀ ਧੁੰਦ ਹੋਰ ਸੰਘਣੀ ਹੋ ਜਾਂਦੀ ਹੈ। ਭੀੜ ਦੀਆਂ ਅੱਖਾਂ ਵਿੱਚ ਸਹਿਮੀ ਜਿਹੀ ਉਤੇਜਨਾ ਹੈ।

ਉਸ ਨੇ ਦੇਖਿਆ, ਇਕ ਪਾਸੇ ਸਾਵੀਆਂ ਟੋਪੀਆਂ ਦੀ ਕੰਧ ਮੱਥੇ 'ਚ ਸੰਗੀਨਾਂ ਦੀ ਤਿਉੜੀ ਪਾਈ ਖੜੀ ਹੈ।

ਜਦੋਂ ਉਹ ਘੂਰਦੀਆਂ ਅੱਖਾਂ ਉਸ ਵਲ ਉਠੀਆਂ ਤਾਂ ਉਹ ਚੌਕ ਤੋਂ ਇਕ ਪਾਸੇ ਵੱਲ ਖਿਸਕਣ ਲੱਗਾ। ਉਥੇ ਸੜਕ ਕਿਨਾਰੇ ਇਕ ਕੁੱਤੇ ਦੀ ਲਾਸ਼ ਪਈ ਸੀ। ਸ਼ਾਇਦ ਕੋਈ ਵਾਹਨ ਕੁਚਲ ਗਿਆ ਹੈ। ਕੁੱਤੇ ਦੇ ਗਲ ਵਿਚ ਪਟਾ ਹੈ। ਨਗਰ ਦਾ ਇਕ ਕਾਲਾ ਕੋਟ ਇਸ ਦਾ ਮਾਲਕ ਹੋਣ ਦਾ ਦਾਅਵਾ ਕਰ ਰਿਹਾ ਹੈ। ਸਬੱਬ ਨਾਲ ਹਾਦਸੇ ਵੇਲੇ ਉਸ ਨੇ ਵਾਹਨ ਦਾ ਨੰਬਰ ਨੋਟ ਕਰ ਲਿਆ ਸੀ ਤੇ ਹੁਣ ਹਰਜਾਨੇ ਲਈ ਨਗਰ ਦੇ ਵੱਡੇ ਹਾਕਮ ਕੋਲ ਸ਼ਿਕਾਇਤ ਕਰਨ ਦੀ ਉਸਨੇ ਧਮਕੀ ਦਿੱਤੀ ਹੈ। ਦੋ ਪੈਰਾਂ ਵਾਲੇ ਜੀਵ ਨੂੰ ਤਾਂ ਕੋਈ ਅਣਪਛਾਤਾ ਮਨੁੱਖ ਹੀ ਮਾਰ ਗਿਆ ਹੈ। ਤਫਤੀਸ਼ ਨਹੀਂ ਹੋ ਸਕਦੀ। ਇਸ ਲਈ, ਦੋ ਪੈਰਾਂ ਵਾਲੇ ਜੀਵ ਦੀ ਲਾਸ਼ ਨੂੰ ਲਾਵਾਰਿਸ ਕਰਾਰ ਦੇ ਦਿੱਤਾ ਗਿਆ ਹੈ। ਉਧਰ, ਕਾਲੇ ਕੋਟ ਤੋਂ ਡਰਦਿਆਂ, ਕੁੱਤੇ ਦੇ ਕਾਤਲਾਂ ਦੀ ਖੋਜ ਦਾ ਹੁਕਮ ਜਾਰੀ ਹੋ ਗਿਆ ਹੈ।

ਕੁਝ ਪਲ ਖੜ੍ਹਾ, ਉਹ ਦੋਹਾਂ ਲਾਸ਼ਾਂ ਵੱਲ ਤੱਕਦਾ ਰਿਹਾ, ਫਿਰ ਉਸਨੇ ਦੇਖਿਆ, ਚੌਕ ਦੀ ਭੀੜ ਗਲੀਆਂ ਬਜ਼ਾਰਾਂ ਵੱਲ ਵਹਿਣ ਲੱਗੀ ਹੈ; ਜਿਵੇਂਇਕ ਥਾਂ ਇਕੱਠਾ ਹੋਇਆ ਗੰਦਾ ਪਾਣੀ ਨੀਵੇਂ ਛੱਪੜ ਵੱਲ ਤੁਰ ਪੈਂਦਾ ਹੈ।

ਕੁਰਬਲ ਕੁਰਬਲ ਕਰਦੇ ਕੀੜਿਆਂ ਵਾਂਗ, ਸੁਰਲ ਸੁਰਲ ਕਰਦੇ ਲੋਕਾਂ ਵਿਚ ਉਹ ਅਗਾਂਹ ਜਾਣੋਂ ਡਰ ਗਿਆ, ਜਿਵੇਂ ਮੱਚਦੀ ਅੱਗ ਵਿਚ ਪ੍ਰਵੇਸ਼ ਕਰਨ ਤੋਂ ਉਹ ਝਿਜਕਦਾ ਹੋਵੇ।

ਉਸਨੇ ਦੇਖਿਆ, ਨਗਰ ਦੇ ਵਿਚਕਾਰ ਕੂੜੇ ਦਾ ਢੇਰ ਹੈ। ਛੋਟੀਆਂ ਛੋਟੀਆਂ ਹੱਥ ਗੱਡੀਆਂ ਆ ਰਹੀਆਂ ਹਨ। ਕੂੜੇ ਦੀਆਂ ਉਲਟੀਆਂ ਕਰਦੀਆਂ ਹਨ। ਫਿਰ ਕੂੜਾ ਖਾਣ ਚਲੀਆਂ ਜਾਂਦੀਆਂ ਹਨ। ਤਿੱਖੀ, ਖੱਟੀ ਬੂਅ ਆ ਰਹੀ ਹੈ। ਉਸ ਨੇ ਆਪਣਾ ਨੱਕ ਬੰਦ ਕਰਨਾ ਚਾਹਿਆ, ਪਰ ਇਹ ਕੀ ਵੇਖਦਾ ਹੈ ? ਕੂੜੇ ਦੇ ਢੇਰ 'ਤੇ ਕੁਝ ਨੰਗ-ਧੜੰਗੇ, ਕਾਲੇ ਕਲੂਟੇ, ਵੀਹਵੀਂ ਸਦੀ ਦੇ ਬਾਲ, ਗੁਥਮਗੁੱਥਾ ਹੋ ਰਹੇ ਹਨ। ਪਲਾਸਟਿਕ ਦੇ ਲਿਫ਼ਾਫ਼ੇ, ਕਾਗਜ਼ਾਂ ਦੇ ਟੁਕੜੇ, ਟੁੱਟੇ ਕੱਚ ਦੀਆਂ ਕਿਰਚਾਂ ਦਾ ਖ਼ਜਾਨਾ ਉਹ ਫਰੋਲ ਰਹੇ ਹਨ। ਅਨੀਮੀਆ ਕਾਰਨ ਸੁੱਜੇ ਪੈਰ, ਬੇਢੰਗੇ ਵਧੇ ਪੇਟ ਤੇ ਵਗਦੇ ਨੱਕ ਲਈ, ਉਹ ਹੱਸ ਰਹੇ ਹਨ। ਨਾ ਉਹਨਾਂ ਨੂੰ ਚੌਕ ਵਿਚ ਪਈ ਲਾਸ਼ ਦਾ ਫ਼ਿਕਰ ਹੈ, ਨਾ ਉਹਨਾਂ ਨੂੰ ਸਾਵੀਆਂ ਟੋਪੀਆਂ ਤੋਂ ਡਰ ਆਉਂਦਾ ਹੈ। ਲੱਗਦਾ ਹੈ, ਇਹ ਨਿੱਕੇ ਬਾਲ ਕੂੜੇ ਦੇ ਢੇਰ ਵਿਚੋਂ ਇੱਕੀਵੀਂ ਸਦੀ ਦੇ ਨਕਸ਼ ਤਰਾਸ਼ਣ ਵਿਚ ਰੁੱਝੇ ਹੋਏ ਹਨ। ਠੀਕ, ਕੂੜੇ ਦੇ ਢੇਰ ਦੇ ਉਧਰ ਵਲ ਉਸਦੀ ਨਿਗਾਹ ਉੱਠੀ। ਇਕ ਪੋਸਟਰ ਪੜ੍ਹਦਿਆਂ ਉਹਦੇ ਬੁੱਲ੍ਹਾਂ 'ਤੇ ਮੁਸਕਰਾਹਟ ਫੈਲ ਗਈ।

'ਸਫੇਦ ਚਮਕਾਰ…ਬਾਰ ਬਾਰ…।…ਲਗਾਤਾਰ।'

ਬਦਬੂ ਭਰੀ ਧੂੜ, ਚੁਫੇਰੇ ਫੈਲੀ ਹੋਈ ਹੈ। ਮੁਖ ਸੜਕ 'ਤੇ, ਬਜ਼ਾਰਾਂ ਵਿਚ, ਗਲੀਆਂ ਵਿਚ, ਘਰਾਂ ਦੀਆਂ ਕੰਧਾਂ 'ਤੇ, ਬ੍ਰਿਛਾਂ ਤੇ, ਫੁੱਲਾਂ 'ਤੇ, ਪੀਲੇ ਪੱਤਿਆਂ 'ਤੇ, ਨਗਰ ਵਾਸੀਆਂ ਦੇ ਮਨਾਂ ਅੰਦਰ ਜੰਮ ਰਹੀ ਹੈ, ਬਾਰ ਬਾਰ…ਲਗਾਤਾਰ।

ਉਹ ਪ੍ਰੇਸ਼ਾਨ ਹੋ ਉਠਿਆ, ਇਹ ਕਿਹੇ ਮਕਾਨ ? ਆਪਣਿਆਂ ਨੂੰ ਜੀਅ ਆਇਆਂ ਨਹੀ ਆਖਦੇ। ਇਹ ਕਿਹੀ ਧਰਤੀ ਹੈ ? ਪੈਰਾਂ ਹੇਠੋਂ ਫਿਸਲਦੀ ਜਾ ਰਹੀ ਹੈ ; ਇਹ ਕੇਹਾ ਅਸਮਾਨ ਹੈ ? ਪਰ ਪਲ ਦੂਰ, ਹੋਰ ਦੂਰ, ਹੁੰਦਾ ਜਾ ਰਿਹਾ ਹੈ।

ਉਦਾਸ ਤੇ ਨਿਰਾਦਰਿਆ ਜਿਹਾ, ਉਹ ਨਗਰ ਦੀ ਇਕ ਪਾਰਕ ਵਿਚ ਆ ਖਲੋਤਾ। ਸੋਚਿਆ, ਕਿਸੇ ਬੈਂਚ ਉਪਰ ਬੈਠ ਕੇ ਆਰਾਮ ਕਰੇਗਾ। ਉਥਲ ਪੁਥਲ ਹੋਏ ਮਨ ਨੂੰ ਸ਼ਾਂਤ ਕਰੇਗਾ। ਪਰ ਪਾਰਕ ਵਿਚ ਖਲੋਤੇ ਬੁੱਤਾਂ ਵੱਲ ਵੇਖ ਕੇ, ਉਹ ਹੋਰ ਵੀ ਪ੍ਰੇਸ਼ਾਨ ਹੋ ਉਠਿਆ। ਕੋਈ ਰਾਜਨੀਤਕ ਨੇਤਾ ਹੈ। ਕੋਈ ਸਮਾਜ ਸੁਧਾਰਕ ਹੈ। ਕਿਸੇ ਨੇ ਯੁੱਧ ਵਿਚ ਨਾਮਣਾ ਖੱਟਿਆ ਹੈ। ਇਹਨਾਂ ਸਾਰਿਆਂ ਨੇ ਕਦੇ, ਇਸ ਮੁਲਕ ਲਈ ਮਹਾਨ ਕੁਰਬਾਨੀਆਂ ਕੀਤੀਆਂ ਸਨ। ਇਹਨਾਂ ਦੀਆਂ ਅੱਖਾਂ, ਜਿਹਨਾਂ ਵਿਚ ਕਦੇ ਕੁਰਬਾਨੀ ਦਾ ਨੂਰ ਡਲ੍ਹਕਦਾ ਸੀ, ਅੱਜ ਬਦਬੂ ਮਾਰਦੀ ਧੂੜ ਨੇ ਨਿਰਜਿੰਦ ਬਣਾ ਦਿੱਤੀਆਂ ਹਨ। ਇਹਨਾਂ ਦਾ ਲਹੂ, ਜਿਹੜਾ ਕਦੇ ਜੋਸ਼ ਵਿਚ ਉਬਾਲੇ ਖਾਂਦਾ ਸੀ, ਅੱਜ ਪਹਾੜਾਂ ਦੀਆਂ ਉੱਚੀਆਂ ਚੋਟੀਆਂ 'ਤੇ ਪਈ ਬਰਫ਼ ਵਾਂਗ, ਪੱਥਰਾਂ ਤੇ ਤਾਂਬੇ ਦੀਆਂ ਨਾੜਾਂ ਵਿਚ ਜੰਮ ਗਿਆ ਹੈ।

ਸਾਰੇ ਦੇ ਸਾਰੇ ਬੁੱਤ ਨੀਵੀਆਂ ਪਾਈ ਸ਼ਰਮਸਾਰ ਹੋਏ ਖੜ੍ਹੇ ਹਨ। ਕਿਸੇ ਦਾ ਸਿਰ ਧੜ ਨਾਲੋਂ ਵੱਖ ਕਰ ਦਿੱਤਾ ਗਿਆ ਹੈ। ਕਿਸੇ ਦੇ ਚਿਹਰੇ ਉਪਰ ਲੁੱਕ ਮਲੀ ਹੋਈ ਹੈ। ਕਿਸੇ ਦੇ ਹੱਥ ਕੱਟੇ ਹੋਏ ਹਨ। ਕਿਸੇ ਦੀਆਂ ਬਹਾਦਰੀਆਂ 'ਤੇ ਕਿੰਤੂ ਕੀਤਾ ਹੋਇਆ ਹੈ। ਕਿਸੇ ਦੇ ਨਾਮ ਥੱਲੇ ਅਪਮਾਨ ਭਰੇ ਸ਼ਬਦ ਲਿਖੇ ਹੋਏ ਹਨ।

ਇਸ ਦੇਸ਼ ਵੱਲੋਂ, ਇਹਨਾਂ ਮਹਾਂਪੁਰਸ਼ਾਂ ਨੂੰ ਇਹ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ ਹਨ।

ਉਸ ਦੀਆਂ ਅੱਖਾਂ ਵਿਚ ਨਮੀ ਆ ਗਈ ਤੇ ਚਿਹਰੇ ਉਪਰ ਉਦਾਸ ਮੁਸਕਰਾਹਟ ਉੱਭਰ ਆਈ।

ਅਚਾਨਕ ਉਹ ਡਰ ਗਿਆ। ਲੋਕ ਅੰਨ੍ਹੇਵਾਹ ਦੌੜਨ ਲੱਗੇ ਹਨ। ਚੁਫੇਰੇ ਭਗਦੜ ਮਚ ਗਈ ਹੈ। ਫ਼ਿਜ਼ਾ ਵਿਚ ਭਿਆਨਕ ਕੁਰਲਾਹਟ ਹੈ। ਦੁਕਾਨਾਂ ਦੇ ਸ਼ਟਰ ਹੇਠਾਂ ਡਿੱਗਣੇ ਸ਼ੁਰੂ ਹੋ ਗਏ ਹਨ। ਹਰ ਕੋਈ ਆਪਣੀਆਂ ਆਪਣੀਆਂ ਕੰਧਾਂ ਦੀ ਹਿਫ਼ਾਜਤ ਵੱਲ ਭੱਜਿਆ ਜਾ ਰਿਹਾ ਹੈ।

ਬਾਜ਼ਾਰ ਵਿਚ ਸਟੇਨਗੰਨਾਂ ਨੇ ਮੌਤ ਦੀ ਉਲਟੀ ਕੀਤੀ ਹੈ।

ਬੁੱਤਾਂ ਦੀ ਓਟ ਲੈਂਦਿਆਂ, ਉਸ ਨੇ ਦੇਖਿਆ, ਵੇਲੇ ਦਾ ਪ੍ਰਬੰਧ, ਗੂੰਗਾ, ਬੋਲਾ ਤੇ ਅੰਨ੍ਹਾਂ ਹੋਣ ਦਾ ਨਾਟਕ ਕਰਦਾ ਹੈ। ਸਾਵੀਆਂ ਟੋਪੀਆਂ ਨੇ ਕੰਨਾਂ ਵਿਚ ਸਿੱਕਾ ਢਾਲ ਲਿਆ ਹੈ। ਸੰਗੀਨਾਂ ਦੀਆਂ ਅੱਖਾਂ ਵਿਚ ਕਾਲਾ ਮੋਤੀਆ ਉਤਰ ਆਇਆ ਹੈ।

ਜਾਪਿਆ, ਇਹਨਾਂ ਵਿਚਕਾਰ ਇਕ ਸੰਧੀ ਹੈ। ਜਦੋਂ ਇਹ ਹੁੰਦੇ ਹਨ, ਤਾਂ ਉਹ ਨਹੀਂ ਹੁੰਦੇ। ਤੇ ਜਦੋਂ ਉਹ ਹੁੰਦੇ ਹਨ ਤਾਂ ਇਹ ਨਹੀਂ ਹੁੰਦੇ।

ਜਦੋਂ ਖਤਰਾ ਟਲ ਗਿਆ ਤਾਂ ਟੋਪੀਆਂ ਤੇ ਬੂਟ ਹਰਕਤ ਵਿਚ ਆ ਗਏ। ਵਾਇਰਲੈਸਾਂ 'ਤੇ ਸੰਦੇਸ਼ ਭੇਜੇ ਜਾਣ ਲੱਗੇ। ਜੰਗ ਖਾਧੀ ਸਰਕਾਰੀ ਮਸ਼ੀਨਰੀ ਹਰਕਤ ਵਿਚ ਆ ਗਈ ਹੈ। ਹੋਰ ਫੋਰਸ ਮੰਗਵਾਈ ਜਾ ਰਹੀ ਹੈ। ਹੇਠਾਂ ਤੋਂ ਉਪਰ, ਉਪਰ ਤੋਂ ਹੇਠਾਂ ਤਕ ਸੰਦੇਸ਼ ਆਉਣ ਲੱਗੇ ਹਨ, ਜਾਣ ਲੱਗੇ ਹਨ। ਇਲਾਕੇ ਦੀ ਨਾਕਾਬੰਦੀ ਕਰ ਲਈ ਗਈ ਹੈ। ਦਰਖ਼ਤਾਂ ਦੇ ਪੀਲੇ ਪੱਤੇ ਵੀ ਡਿੱਗਦੇ ਹਨ ਤਾਂ ਛਾਣ ਬੀਣ ਹੁੰਦੀ ਹੈ। ਮੁਹੱਲਿਆਂ ਤੇ ਘਰਾਂ ਦੀ ਤਲਾਸ਼ੀ ਲਈ ਜਾ ਰਹੀ ਹੈ। ਸ਼ੱਕ ਵਿਚ ਹੋਰਾਂ ਦੇ ਨਾਲ ਨਾਲ ਉਸ ਅਜਨਬੀ ਨੂੰ ਵੀ ਹਿਰਾਸਤ ਵਿਚ ਲੈ ਲਿਆ ਗਿਆ ਹੈ।

ਲੰਘ ਗਏ ਸੱਪ ਦੀ ਲਕੀਰ ਨੂੰ ਪਿੱਟਦਿਆਂ ਧਰਤੀ ਤੇ ਨੀਲ ਉਭਰ ਆਏ ਹਨ। ਨਗਰ ਦਾ ਚੌਕ, ਬਾਜ਼ਾਰ ਖ਼ਾਲੀ ਹੋ ਗਏ ਹਨ। ਹਾਲਾਤ ਮਾਮੂਲ 'ਤੇ ਨਹੀਂ ਹਨ।

ਹਿਰਾਸਤ ਵਿਚ ਬੈਠਿਆਂ ਹੀ ਉਸਨੇ ਸੁਣਿਆਂ, ਧਾਰਮਿਕ ਗ੍ਰੰਥਾਂ ਦਾ ਜਲੂਸ ਬਾਜ਼ਾਰ ਵਿਚ ਫੁੰਕਾਰੇ ਮਾਰ ਰਿਹਾ ਹੈ। ਮਰਿਆਦਾ ਦੇ ਸੱਪਾਂ ਨੇ ਨਗਰ ਨੂੰ ਡੰਗ ਲਿਆ ਹੈ ਤੇ ਜ਼ਹਿਰ ਹੌਲੀ ਹੌਲੀ ਫੈਲਦਾ ਜਾ ਰਿਹਾ ਹੈ। ਸੰਗੀਨਾਂ ਦੀ ਸ਼ਹਿ 'ਤੇ ਗਿੱਦੜਾਂ ਨੇ ਸ਼ੇਰਾਂ ਦੇ ਮੁਖੌਟੇ ਪਹਿਨ ਕੇ ਸੁੰਨੇ ਹੋਏ ਬਾਜ਼ਾਰ ਤੋਂ ਸਲਾਮੀ ਲਈ। ਆਦਮ-ਬੋ, ਆਦਮ-ਬੋ ਦਾ ਕੁਰਲਾਹਟ ਲਹੂ ਦੀ ਲਾਲੀ ਚੂਸ ਗਿਆ। ਭੇਡਾਂ, ਬਕਰੀਆਂ ਤੇ ਖਰਗੋਸ਼ਾਂ ਦੀ ਫਸਲ ਸੜ ਰਹੇ ਪੁਰਾਣੇ ਟਾਇਰਾਂ ਦੀ ਅੱਗ ਵਿਚ ਝੁਲਸ ਗਈ।

ਬੇਨਿਯਮੇ, ਪਖੰਡੀ ਸੈਕਲਰਇਜ਼ਮ ਦੇ ਨਾਅਰੇ ਬਾਜ਼ਾਰਾਂ ਵਿਚ ਹਵਾਂਕਣ ਲੱਗੇ। ਬੇਰੁਜ਼ਗਾਰੀ ਨੇ ਅੱਤਵਾਦ ਦਾ ਚੋਲਾ ਪਹਿਨਿਆ ਤੇ ਹਨੇਰੀਆਂ ਤੰਗ ਗਲੀਆਂ ਵੱਲ ਭੱਜ ਤੁਰੀ। ਫ਼ਿਰਕਾਪ੍ਰਸਤੀ ਤਾਂਡਵ ਨਾਚ ਨੱਚਣ ਲੱਗੀ ਤੇ ਉਸ ਨੇ ਹਾਕਮਾਂ ਲਈ ਵੋਟ ਬੈਂਕਾਂ ਦੇ ਖਾਤੇ ਖੋਹਲਣ ਦਾ ਐਲਾਨ ਕੀਤਾ।

ਰੋਹ ਵਿਚ ਆਈ ਤੇ ਭੜਕੀ ਹੋਈ ਭੀੜ ਵਿਚ ਉਹ ਨੌਜਵਾਨ ਵੀ ਹਨ, ਜਿਨ੍ਹਾਂ ਦੀਆਂ ਕੱਛਾਂ ਵਿਚ ਡਿਗਰੀਆਂ ਹਨ। ਉਹ ਵੀ ਹਨ, ਜਿਹੜੇ ਕਲ੍ਹ ਖੇਤਾਂ ਦੇ ਮਾਲਕ ਸਨ, ਪਰ ਅੱਜ ਬੇਜ਼ਮੀਨੇ ਹੋਏ ਸੜਕਾਂ 'ਤੇ ਭਟਕ ਰਹੇ ਹਨ। ਨੌਕਰੀਆਂ ਨਹੀਂ ਹਨ, ਕੰਮ ਨਹੀਂ ਹੈ। ਰੋਟੀ ਨਹੀਂ ਹੈ। ਭੀੜ ਉਤੇਜਿਤ ਹੋਣ ਲੱਗੀ ਤਾਂ, ਕਰਫਿਊ ਦਾ ਵੱਡਾ ਜਬਾੜਾ ਖੁੱਲ੍ਹਿਆ ਤੇ ਉਸ ਅੰਦਰ ਭੀੜਾਂ…ਰੌਣਕਾਂ…ਜਲਸੇ…ਸਬਜ਼ੀਆਂ…ਦੁੱਧ…ਦਵਾਈਆਂ…ਆਸਾਂ, ਉਮੀਦਾਂ…ਸੁਪਨੇ…ਲੋਕਾਂ ਦੇ ਮਨ ਦਾ ਅਕਰੋਸ਼ ਸਭ ਬੰਦ ਹੋ ਗਏ ਤੇ ਕਰਫਿਊ ਕਿਸੇ ਆਫ਼ਰੇ ਪਸ਼ੂ ਵਾਂਗ ਉਸਲਵੱਟੇ ਲੈਣ ਲੱਗਾ।

ਸ਼ਾਂਤ ਸਥਿਤੀ ਲਈ, ਹਾਕਮਾਂ ਕੋਲ ਅਜਿਹੇ ਬੜੇ ਸਾਧਨ ਹਨ।

ਸਮੁੱਚਾ ਨਗਰ, ਮਕਾਨਾਂ ਦਾ ਕਬਰਸਤਾਨ ਬਣ ਗਿਆ। ਕੇਵਲ ਸਾਵੀਆਂ ਟੋਪੀਆਂ ਜਾਗਦੀਆਂ ਹਨ। ਬੂਟ ਜਾਗਦੇ ਹਨ। ਬੰਦੂਕਾਂ ਜਾਗਦੀਆਂ ਹਨ। ਚੌਕ ਵਿਚ ਪਈ ਲਾਸ਼ ਦੀ ਲਗਾਤਾਰ ਰਖਵਾਲੀ ਕੀਤੀ ਜਾ ਰਹੀ ਹੈ। ਜਦੋਂ ਇਹ ਮਨੂੱਖ ਲਾਸ਼ ਨਹੀਂ ਸੀ ਬਣਿਆ, ਉਦੋਂ ਇਸ ਦੀ ਹਿਫ਼ਾਜਤ ਕਰਨ ਵਾਲਾ ਕੋਈ ਨਹੀਂ ਸੀ।

ਸੰਗੀਨਾਂ ਦੇ ਪਹਿਰੇ ਵਿਚ ਘਿਰਿਆ, ਉਹ ਸੋਚ ਰਿਹਾ ਹੈ, ਆਪਣੀ ਰਖਵਾਲੀ ਕਰਾਉਣ ਲਈ ਹਰੇਕ ਨੂੰ ਚੌਕ ਜਾਂ ਬਾਜ਼ਾਰ ਵਿਚ ਮਰਨਾ ਪੈਣਾ ਹੈ। ਜਿਹੜੀ ਬਸ 'ਤੇ ਸਫ਼ਰ ਕਰਕੇ ਇਸ ਨਗਰ ਤੱਕ ਪਹੁੰਚਿਆ ਸੀ, ਉਸ ਵਿਚ ਲਿਖਿਆ ਸੀ, 'ਸਵਾਰੀ ਆਪਣੇ ਸਾਮਾਨ ਤੇ ਆਪਣੀ ਜਾਨ ਦੀ ਖ਼ੁਦ ਜੁੰਮੇਵਰ ਹੈ।'

ਹਨੇਰੀ ਰਾਤ ਜਿਹਾ ਹੀ, ਉਦਾਸ ਕਾਲਾ ਦਿਨ ਚੜ੍ਹਿਆ। ਇਕ ਭਿਆਨ ਆਵਾਜ਼ ਨਾਲ ਕਰਫਿਊ ਦੇ ਆਫ਼ਰੇ ਪਸ਼ੂ ਨੇ ਸਾਰਾ ਕੁਝ ਜਿਉਂ ਦਾ ਤਿਉਂ ਉਗਲ ਦਿੱਤਾ। ਜਿਵੇਂ ਕੋਈ ਸ਼ਰਾਬੀ ਖਾਧਾ ਪੀਤਾ, ਅਣਪਚਿਆ ਬਾਹਰ ਕੱਢਦਾ ਹੈ।

ਅਖ਼ਬਾਰਾਂ ਵਿਚੋਂ, ਕੂੜੇ ਦੇ ਢੇਰ ਜਿਹੀ ਸੜਿਆਂਦ ਮਾਰਦੀ ਹੈ। ਸੁਰਖ਼ੀਆਂ ਡੰਗ ਮਾਰਦੀਆਂ ਹਨ। ਕਿੰਨੇ ਫੜੇ ਗਏ, ਕਿੰਨੇ ਮਾਰੇ ਗਏ, ਕਿੰਨੀਆਂ ਸੰਧੀਆਂ ਹੋਣ ਜਾ ਰਹੀਆਂ ਹਨ।…ਖੋਹਾਂ---ਬੈਂਕ ਡਕੈਤੀਆਂ---ਪੁਲਿਸ ਮੁਕਾਬਲੇ।

'ਗ਼ੈਰ ਸਰਕਾਰੀ ਸੂਤਰਾਂ ਤੋਂ ਪਤਾ ਲੱਗਿਆ ਹੈ, ਕੱਲ ਬਾਜ਼ਾਰ ਵਿਚ, ਸਟੇਨਗੰਨਾਂ ਨੇ ਮੌਤ ਦੀ ਵਾਛੜ ਕੀਤੀ ਸੀ---ਉਹ ਨਗਰ ਦੀਆਂ ਉੱਚੀਆਂ ਕੰਧਾਂ ਦੀ ਸ਼ਹਿ 'ਤੇ ਆਈਆਂ ਸਨ। ਫੇਰ ਉਹਨਾਂ ਦੀ ਹਿਫ਼ਾਜਤ ਵਿਚ ਹੀ ਚਲੀਆਂ ਗਈਆਂ ਸਨ। ਉੱਚ ਪੱਧਰੀ ਜਾਂਚ ਹੋ ਰਹੀ ਹੈ। ਜਲਦੀ ਜਲਦੀ ਹੀ ਤੱਥ ਸਾਹਮਣੇ ਆ ਜਾਣਗੇ।'

ਰੋਹ ਵਿਚ ਆਈਆਂ ਉੱਚੀਆਂ ਕੰਧਾਂ ਨੇ ਹੰਗਾਮੀ ਮੀਟਿੰਗ ਕੀਤੀ ਤੇ ਰੋਸ ਕਰਨ ਲਈ ਚੌਕ ਵੱਲ ਤੁਰ ਪਈਆਂ।

ਨਗਰ ਦੇ ਹਾਕਮਾਂ ਨੂੰ ਕੁਰਸੀਆਂ ਹੇਠ ਭੁਚਾਲ ਮਹਿਸੂਸ ਹੋਇਆ। ਭੱਜ ਨੱਠ ਹੋਣ ਲੱਗੀ। ਅਖ਼ਬਾਰਾਂ ਤੋਂ ਮਾਫ਼ੀਨਾਮੇ ਦੇ ਹਲਫ਼ੀਆ ਬਿਆਨ ਲਏ ਜਾਣ ਲੱਗੇ। ਉੱਚੀਆਂ ਕੰਧਾਂ ਦੀ ਤਿਊੜੀ ਹੌਲੀ ਹੌਲੀ ਤਿਲਕ ਦਾ ਰੂਪ ਵਟਾਉਣ ਲੱਗੀ।

ਹੁਣ, ਚੌਕ ਵਿਚ ਪਈ ਲਾਸ਼ ਦੇ ਦੁਆਲੇ, ਉਹਨਾਂ ਇਕ ਸ਼ੋਕ ਸਭਾ ਤੇ ਜਸ਼ਨ ਮਨਾਉਣ ਦਾ ਆਯੋਜਨ ਕੀਤਾ। ਭਾਸ਼ਣ ਹੋਏ। ਵਿਸਫੋਟਕ ਸਥਿਤੀ ਤੇ ਚਿੰਤਾ ਪ੍ਰਗਟ ਕੀਤੀ ਗਈ। ਸ਼ਾਂਤੀ ਭੰਗ ਕਰਨ ਵਾਲਿਆਂ ਨੂੰ ਸਬਕ ਸਿਖਾਉਣ ਦੇ ਸੰਕਲਪ ਲਏ ਗਏ ਤੇ ਅੰਤ ਵਿਚ 'ਸਾਰੇ ਜਹਾਂ ਸੇ ਅੱਛਾ ਹਿੰਦੋਸਤਾਂ ਹਮਾਰਾ…' ਗੀਤ ਗਾਇਆ ਜਾਣ ਲੱਗਾ।

ਪਰ, ਚੌਕ ਵਿਚ ਅਚਾਨਕ ਰੌਲਾ ਪੈ ਗਿਆ। ਗੀਤ ਭੰਗ ਹੋ ਗਿਆ। 'ਨਗਰ ਦੀ ਭੁੱਖ, ਟਿੱਡੀ ਦਲ ਵਾਂਗ ਚੌਕ ਵੱਲ ਵਧਦੀ ਆ ਰਹੀ ਹੈ।' ਕਿਸੇ ਸ਼ੁਭਚਿੰਤਕ ਨੇ ਖ਼ਬਰਦਾਰ ਕੀਤਾ।

ਕਾਲੇ ਕਲੂਟੇ ਮੂੰਹ---ਖਿਲਰੇ ਵਾਲ---ਲੀਰਾਂ ਹੋਏ ਕਪੜ੍ਹੇ, ਲਮਕਦੀਆਂ ਛਾਤੀਆਂ---ਨਿਰਜੋਤ ਅੱਖਾਂ ਦਾ ਇਕ ਵਾ-ਵਰੋਲਾ ਉਠਿਆ ਤੇ ਪੂਰੇ ਚੌਕ ਨੂੰ ਆਪਣੀ ਲਪੇਟ ਵਿਚ ਲੈ ਲਿਆ।

'ਅਸੀਂ ਇਸ ਨਗਰ ਦਾ ਅੱਜ ਹਾਂ ?'

'ਅਸੀਂ ਇਸ ਨਗਰ ਦਾ ਕਲ੍ਹ ਸਾਂ ।'

'ਅਸੀਂ ਇਸ ਨਗਰ ਦਾ ਭਲਕ ਹਾਂ।'

ਉੱਚੀਆਂ ਕੰਧਾਂ ਦੇ ਚਿਹਰਿਆਂ 'ਤੇ ਘ੍ਰਿਣਾ ਉਭਰੀ। ਸਾਵੀਆਂ ਟੋਪੀਆਂ ਵੱਲ ਆਦੇਸ਼ ਉਠੇ, ਬੂਟ ਖੜਕੇ ਤੇ ਸੰਗੀਨਾਂ ਨੇ ਭੁੱਖ ਨੂੰ ਹੋਰ ਅੱਗੇ ਵਧਣੋਂ ਰੋਕ ਲਿਆ।

ਅੱਧ ਵਿਚਕਾਰੋਂ ਟੁੱਟਾ ਗੀਤ---'ਸਾਰੇ ਜਹਾਂ ਸੇ ਅੱਛਾ ਹਿੰਦੋਸਤਾਂ…' ਪੂਰਾ ਕੀਤਾ ਗਿਆ।

'ਅਸੀਂ ਇਹਨਾਂ ਬੱਚਿਆਂ ਦੇ ਬਾਪ ਲੱਭਣ ਆਏ ਹਾਂ।' ਗੀਤ ਖ਼ਤਮ ਹੁੰਦਿਆਂ ਹੀ, ਆਪਣੀਆਂ ਉਂਗਲੀਆਂ ਨਾਲ ਲਾਏ ਨਿੱਕੇ ਬਾਲਾਂ ਵੱਲ ਤੱਕ ਕੇ ਭੁੱਖੀਆਂ ਅੱਖਾਂ ਨੇ ਤਰਲਾ ਕੀਤਾ।

ਦੋ ਲੱਤਾਂ ਤੇ ਖੜ੍ਹੇ ਕਾਨੂੰਨ ਨੇ ਕਮੰਧਾਂ ਦੀ ਸ਼ਹਿ ਤੇ ਡੰਡਾ ਦਿਖਾਇਆ ਤੇ ਗਰਜਿਆ, 'ਇਸ ਤੋਂ ਅੱਗੇ ਜਾਣ ਦੀ ਮਨਾਹੀ ਹੈ।'…'ਬੱਚਿਆਂ ਦੇ ਬਾਪ ਆਪਣੀਆਂ ਕੁੱਲੀਆਂ ਵਿਚੋਂ ਲੱਭੋ।'

'ਨਹੀਂ ਉਹ ਤਾਂ ਇਸ ਨਗਰ ਵੱਲੋਂ ਹੀ ਆਉਂਦੇ ਹਨ।' ਲਮਕਦੀਆਂ ਛਾਤੀਆਂ ਨੇ ਜਿਰਾਹ ਕੀਤੀ।

'ਬੋਲਣ 'ਤੇ ਜ਼ੁਬਾਨ ਕੱਟ ਦੇਣ ਦੀ ਸਜ਼ਾ ਹੈ।' ਕਾਨੂੰਨ ਨੇ ਡਰਾਵੇ ਦਾ ਡੰਗ ਮਾਰਿਆ।

'ਤੂੰ ਹੀ ਏਂ, ਮੇਰੇ ਬੱਚਿਆਂ ਦਾ ਬਾਪ।' ਲੀਰਾਂ ਹੋਏ ਕਪੜਿਆਂ ਨੇ ਉਸਨੂੰ ਪਹਿਚਾਣ ਲਿਆ।

'ਜਦੋਂ ਤੂੰ ਭੁੱਖਾ ਸੈਂ---ਤਾਂ ਸਾਡੇ ਨਾਲ ਹੀ ਰਹਿੰਦਾ ਸੈਂ। ਸਾਡੇ ਦੁੱਖਾਂ ਸੁੱਖਾਂ ਦਾ ਭਾਈਵਾਲ। ਸਾਡੀਆਂ ਇਜ਼ੱਤਾਂ ਦਾ ਸਾਂਝੀ। ਅੱਜ ਜੇ ਪੇਟ ਵਿਚ ਰੋਟੀਆਂ ਹਨ ਤਾਂ ਸਾਨੂੰ ਪਹਿਚਾਣਦਾ ਵੀ ਨਹੀਂ। ਇਹਨਾਂ ਲਮਕਦੀਆਂ ਛਾਤੀਆਂ ਵਿਚੋਂ ਹੀ ਤੂੰ ਦੁੱਧ ਚੁੰਘਿਆ ਏ। ਅਸੀਂ ਤੇਰੀਆਂ ਮਾਵਾਂ ਹਾਂ। ਇਹ ਤੇਰੇ ਬੱਚੇਹਨ।'

ਸਾਵੀਆਂ ਟੋਪੀਆਂ ਨੇ ਸ਼ਰਮ ਨਾਲ ਨੀਵੀਂ ਪਾ ਲਈ। ਪਰ ਉੱਚੀਆਂ ਕੰਧਾਂ ਤੋਂ ਡਰਦਿਆਂ, ਮਜਬੂਰ ਸੰਗੀਨਾਂ ਹਰਕਤ ਵਿਚ ਆਈਆਂ---ਤੇ ਭੁੱਖੀਆਂ ਅੱਖਾਂ ਰੋਹ ਨਾਲ ਬੋਲੀਆਂ---

'ਅੱਜ ਤੇਰੇ ਵਰਦੀ ਪਾਈ ਏ।'

'ਕੱਲ੍ਹ ਤੂੰ ਕਾਲਾ ਕੋਟ ਪਾ ਕੇ ਆਇਆ ਸੀ।'

'ਪਰਸੋਂ ਤੇਰੇ ਸੋਨੇ ਦੇ ਦੰਦ ਚਮਕਦੇ ਸਨ।'

'ਉਸ ਤੋਂ ਪਹਿਲਾਂ ਤੂੰ ਤਿਲਕ ਲਾ ਕੇ ਆਇਆ ਸੀ।'

'ਉਸ ਤੋਂ ਪਹਿਲਾਂ ਤੇਰੇ ਦਸਤਾਰ ਸਜਾਈ ਸੀ।'

'ਉਸ ਤੋਂ ਪਹਿਲਾਂ, ਉਸ ਤੋਂ ਪਹਿਲਾਂ, ਉਸ ਤੋਂ ਪਹਿਲਾਂ…।'

ਤੁਫ਼ਾਨੀ ਲਹਿਰਾਂ ਨਾਲ ਡਗਮਗਾਉਂਦੇ ਜਹਾਜ਼ ਵਾਂਗ ਕੰਧਾਂ ਕੰਬੀਆਂ ਤੇ ਡਰ ਕੇ ਅਚਾਨਕ ਪਿੱਛੇ ਭੱਜਣ ਲੱਗੀਆਂ। ਆਪਸ ਵਿਚ ਟਕਰਾਈਆਂ ਤੇ ਢਹਿੰਦੀਆਂ, ਉਠਦੀਆਂ ਆਪਣੇ ਤੋਂ ਉੱਚੀਆਂ ਕੰਧਾਂ ਦੇ ਪੈਰੀਂ ਜਾ ਵਿਛੀਆਂ।

ਹੁਣ ਉਹ ਸੁਰੱਖਿਅਤ ਹਨ।

ਚੌਕ ਵਿਚ, ਭੁੱਖੀ ਭੀੜ ਅਸਮਤ ਲੁਟਾਈ ਖੜ੍ਹੀ ਹੈ।

ਸਾਵੀਆਂ ਟੋਪੀਆਂ, ਬੂਟਾਂ ਤੇ ਸੰਗੀਨਾਂ ਨੇ ਆਪਣੀ ਹੱਤਕ ਮਹਿਸੂਸ ਕੀਤੀ। ਵਕਾਰ ਦੀ ਗੱਲ ਸੀ। ਉੱਚੀਆਂ ਕੰਧਾਂ ਦਾ ਉਲ੍ਹਾਮਾ ਬੜਾ ਮਹਿੰਗਾ ਪੈਣਾ ਸੀ। ਸੰਗੀਨਾਂ ਭੁੱਖੀ ਭੀੜ ਦਾ ਪੋਸਟ-ਮਾਰਟਮ ਕਰਨ ਲੱਗੀਆਂ। ਚੀਕ ਚਿਹਾੜਾ ਮਚਿਆ ਤਾਂ ਮਹਿਸੂਸ ਹੋਇਆ ਜਿਵੇਂ ਇਕ ਪੁੱਤਰ ਆਪਣੀ ਮਾਂ ਨਾਲ ਬਲਾਤਕਾਰ ਕਰ ਰਿਹਾ ਹੋਵੇ। ਅੰਬਰ ਵੱਲ ਸੰਧੂਰੀ ਧੂੜ ਉੱਡੀ। ਬੱਚੇ ਮਾਂਵਾਂ ਨੂੰ ਪੁਕਾਰਨ ਲੱਗੇ ਤੇ ਸੰਗੀਨਾਂ ਤੋਂ ਡਰਦੇ ਭੁੱਖੇ ਢਿੱਡੀ ਔੜ ਮਾਰੀਆਂ ਫ਼ਸਲਾਂ ਵੱਲ ਭੱਜਣ ਲੱਗੇ।

ਪਹਿਲਾਂ ਉਹਨਾਂ ਕੋਲ ਬਾਪੂ ਨਹੀਂ ਸਨ। ਹੁਣ ਉਹਨਾਂ ਕੋਲ ਮਾਂਵਾਂ ਨਹੀਂ ਹਨ।

ਬੱਚੇ ਲਾਵਾਰਿਸ ਹਨ।

ਇਹ ਇਸ ਨਗਰ ਦੀ ਹੋਣੀ ਹੈ। ਨਗਰ ਦੇ ਭਵਿੱਖ ਨੂੰ ਤੇ ਹਾਕਮਾਂ ਨੂੰ ਹਰਾਮੀ ਹੋਣ ਦਾ ਸਰਾਪ ਮਿਲਿਆ ਹੋਇਆ ਹੈ।

ਪਾਰਕ ਵਿਚ ਖੜ੍ਹੇ ਬੁੱਤ, ਇਕ ਦੂਸਰੇ ਉਪਰ ਤੁਹਮਤਾਂ ਦੀ ਵਾਛੜ ਕਰਨ ਲੱਗੇ।…ਤੇ…'ਅਸੀਂ ਇਸ ਦੇਸ਼ ਲਈ ਕੁਰਬਾਨ ਹੋਏ ਹਾਂ।' ਸੋਚ ਕੇ ਪ੍ਰਾਸ਼ਚਿਤ ਕਰਨ ਲੱਗੇ।

***
ਰਾਤ ਦੇ ਹਨੇਰੇ ਵਿਚ, ਉਹ ਸੰਗੀਨਾਂ ਦੀ ਹਿਰਾਸਤ ਵਿਚੋਂ ਭੱਜ ਨਿਕਲਿਆ। ਪਰ ਬਾਹਾਰ ਫਿਰਦੀਆਂ ਕੁਝ ਅਵਾਰਾ ਸੰਗੀਨਾਂ ਨੇ ਉਸ ਨੂੰ ਘੇਰ ਲਿਆ। 'ਤੂੰ ਟਾਊਟ ਹੈਂ।' ਉਧਰ ਵੀ ਮੌਤ ਹੈ, ਇਧਰ ਵੀ ਮੌਤ ਹੈ। ਆਪਣੇ ਜਾਣੇ ਪਹਿਚਾਣੇ ਨਗਰ ਦੀਆਂ ਗਲੀਆਂ ਵਿਚੋਂ ਦੀ, ਮੁਹੱਲਿਆਂ ਵਿਚੋਂ ਦੀ, ਬਜ਼ਾਰਾਂ ਵਿਚੋਂ ਦੀ, ਉਹ ਅੰਨ੍ਹੇ ਵਾਹ ਦੌੜਿਆ, ਮੌਤ ਦੀ ਭਿਆਨਕ ਵਾਦੀ ਵਿਚੋਂ ਨਿਕਲਣ ਲਈ। ਫੜ ਲਓ, ਫੜ ਲਓ, ਫੜ ਲਓ, ਮਾਰੋ, ਮਾਰ ਦਿਓ…ਦੀਆਂ ਆਵਾਜ਼ਾਂ ਪ੍ਰਛਾਵਿਆਂ ਵਾਂਗ ਉਸ ਦੇ ਨਾਲ ਚਿੰਬੜ ਗਈਆਂ।

ਉਸ ਚੌਕ ਵਿਚ ਜਿੱਥੇ, ਪਹਿਲਾਂ ਵੀ ਇਕ ਲਾਵਾਰਸ ਲਾਸ਼ ਪਈ ਸੀ, ਉਸ ਨੂੰ ਘੇਰ ਲਿਆ ਗਿਆ। ਨੋਚਿਆ ਗਿਆ, ਤੋੜਿਆ ਗਿਆ ਤੇ ਪੈਰਾਂ ਹੇਠ ਲਿਤਾੜਿਆ ਗਿਆ।

ਜਦੋਂ ਉਹ ਨੀਮ-ਬੇਹੋਸ਼ੀ ਦੀ ਅਵਸਥਾ ਤੋਂ ਅਗਾਂਹ ਵੱਲ ਪਲ ਪਲ ਵਧ ਰਿਹਾ ਸੀ ਤਾਂ ਨਗਰ ਦਾ ਸਰਕਾਰੀ ਧੂਤੂ ਐਲਾਨ ਕਰਦਾ ਲੰਘਿਆ :

'ਹਰ ਪ੍ਰਾਣੀ ਦੀ ਜਾਨ ਤੇ ਮਾਲ ਦੀ ਰਖਸ਼ਾ ਕਰਨਾ ਸਾਡਾ ਧਰਮ ਹੈ।'

'ਜਲਦੀ ਹੀ ਅਮਨ ਮਾਰਚਾਂ ਦਾ ਆਯੋਜਨ ਕੀਤਾ ਜਾਏਗਾ।'

ਨਗਰ ਵਾਸੀਆਂ ਨੂੰ ਜਨ ਸੰਪਰਕ ਮੁਹਿੰਮਾਂ ਤੇ ਲੋਕ ਸ਼ਕਤੀ ਸਮਾਗਮਾਂ ਵਿੱਚ ਸ਼ਾਮਲ ਹੋ ਕੇ ਦੇਸ਼ ਦੇ ਵਿਕਾਸ ਵਿਚ ਹਿੱਸਾ ਪਾਉਣਾ ਚਾਹੀਦਾ ਹੈ।'

ਚਾਂਭਲੀ ਭੀੜ ਨੇ ਤਾਂਡਵ ਨਾਚ ਨੱਚਿਆ। ਉਹ ਅਰਧ ਚੇਤਨ ਮਨ ਨਾਲ ਸੋਚਣ ਲੱਗਾ : 'ਪਹਿਲਾਂ ਅਮਨ ਭੰਗ ਹੋਣਾ ਚਾਹੀਦਾ ਹੈ, ਫਿਰ ਅਮਨ ਮਾਰਚਾਂ ਦਾ ਆਯੋਜਨ ਹੋਣਾ ਚਾਹੀਦਾ ਹੈ। ਪਹਿਲਾਂ ਵਿਕਾਸ ਰੁਕਣਾ ਚਾਹੀਦਾ ਹੈ, ਫਿਰ ਵਿਕਾਸ ਕਮੇਟੀਆਂ ਬਨਣੀਆਂ ਚਾਹੀਦੀਆਂ ਹਨ। ਪਹਿਲਾਂ ਜ਼ਖ਼ਮ ਲਾਉਣੇ ਚਹੀਦੇ ਹਨ, ਫਿਰਕ ਮਲ੍ਹਮ ਕਹਿ ਕੇ ਉਹਨਾਂ ਉਪਰ ਲੁਣ ਭੁੱਕਣਾ ਚਾਹੀਦਾ ਹੈ।…ਆਓ ਕਾਨੂੰਨ ਤੋੜੋ…ਤੇ ਫਿਰ ਸਾਡੀਆਂ ਦੁਕਾਨਾਂ ਤੇ ਆ ਕੇ ਸਜ਼ਾ ਖਰੀਦੋ…।'

ਸਾਵੀਆਂ ਟੋਪੀਆਂ ਤੇ ਸੰਗੀਨਾਂ ਸਭ ਕੁਝ ਵੇਖ ਕੇ, ਨਾ ਵੇਖਣ ਦਾ ਅਭਿਨੇ ਕਰਦੀਆਂ ਰਹੀਆਂ।

ਚੌਕ ਵਿਚ ਪਈ ਲਾਸ਼, ਬੇਸੁਧ ਹੋਏ ਨਗਰ ਵਾਸੀਆਂ ਵੱਲ ਹੌਲੀ ਹੌਲੀ ਸਰਕਣ ਲੱਗੀ, 'ਨਗਰ ਦੀ ਹੱਦ 'ਤੇ ਕੋਈ ਉਪੱਦਰ ਹੋ ਗਿਆ ਹੈ। ਸੈਂਕੜੇ ਲੋਕ ਮਾਰੇ ਗਏ ਨੇ। ਨਗਰ ਦੇ ਹਾਕਮ ਹਮਦਰਦੀ ਦੇ ਸੰਦੇਸ਼ ਭੇਜ ਰਹੇ ਨੇ। ਮਨੁੱਖੀ ਅਧਿਕਾਰਾਂ ਦੀਆਂ ਸੰਸਥਾਵਾਂ, ਹਰਕਤ ਵਿਚ ਆ ਰਹੀਆਂ ਨੇ। ਚੰਗਾ ਹੋਵੇ ਤੂੰ ਇੱਥੋਂ ਭੱਜ ਜਾਵੇਂ, ਉਹਨਾਂ ਨੇ ਇਸ ਕਾਂਡ ਦਾ ਦੋਸ਼ੀ, ਤੈਨੂੰ ਸਾਬਤ ਕਰ ਦੇਣੈ…।' ਲਾਸ਼ ਬੇਸੁੱਧ ਆਦਮੀ ਨੂੰ ਝੰਜੋੜਨ ਲੱਗੀ।

'…ਪਰ ਮੈਂ ਤਾਂ ਏਥੇ ਪਿਆ ਵਾਂ। ਸਰਹੱਦ 'ਤੇ ਵਾਰਦਾਤ ਕਿਵੇਂ ਕਰ ਸਕਦਾ ਹਾਂ ?' ਪੀੜਾਂ ਸਹਾਰਦਾ ਉਹ ਬੜੀ ਔਖ ਨਾਲ ਬੋਲਿਆ, 'ਏਸ ਮੁਲਕ ਵਿਚ ਇਹੀ ਰਿਵਾਜ ਐ, ਤੂੰ ਚਲਿਆ ਜਾ ਏਥੋਂ।'

ਉਹ ਉਠਿਆ ਤੇ ਨਗਰ ਤੋਂ ਬਾਹਰ ਜਾਣ ਵਾਲੇ ਮਾਰਗ ਵੱਲ ਲੜਖੜਾਉਂਦਾ ਹੋਇਆ ਤੁਰ ਪਿਆ।

ਸਾਵੀਆਂ ਟੋਪੀਆਂ ਤੇ ਸੰਗੀਨਾਂ ਫਿਰ ਘੇਰਦੀਆਂ ਹਨ।

'ਨਗਰ ਵਿਚੋਂ ਕੋਈ ਬਾਹਰ ਨਹੀਂ ਜਾ ਸਕਦਾ।'

'ਮੈਂ ਇਸ ਨਗਰ ਦੀ ਆਤਮਾ ਹਾਂ।' ਉਹ ਸਫ਼ਾਈ ਦਿੰਦਾ ਹੈ। ਉਹ ਆਪਣਾ ਸ਼ਨਾਖ਼ਤੀ ਕਾਰਡ ਵਿਖਾਉਂਦਾ ਹੈ। ਤੇ ਆਖਦਾ ਹੈ, 'ਮੈਂ ਜਾ ਰਿਹਾ ਹਾਂ, ਮ੍ਰਿਤ ਸ਼ਰੀਰ ਵਿਚ ਆਤਮਾ ਨਹੀਂ ਰਹਿ ਸਕਦੀ।'

ਪਰ ਕੁਝ ਹੀ ਦੂਰ ਜਾ ਕੇ ਉਹ ਸੋਚਣ ਲੱਗਾ, 'ਇਹ ਤਾਂ ਮਿਹਣਾ ਹੋਵੇਗਾ। ਇਕ ਮਨੁੱਖ ਦੀ ਭਾਂਜ ਹੋਏਗੀ, ਆਪਣਿਆਂ ਦੇ ਮੱਥੇ 'ਤੇ ਕਲੰਕ ਹੋਏਗਾ। ਇਹ ਨਗਰ ਕਿਸੇ ਦੇ ਪਿਉ ਦੀ ਜਾਗੀਰ ਨਹੀਂ ਹੈ। ਇਸ ਲਈ ਮੇਰੇ ਪੁਰਖਿਆਂ ਨੇ ਵੀ ਕੁਰਬਾਨੀਆਂ ਦਿੱਤੀਆਂ ਹਨ। ਇਸ ਦੀਆਂ ਜ਼ੰਜੀਰਾਂ ਤੋੜਨ ਲਈ ਸਾਡਾ ਵੀ ਲਹੂ ਡੁੱਲਿਆ ਹੈ। ਮੇਰਾ ਵੀ ਇੱਥੇ ਰਹਿਣ ਦਾ ਦੂਸਰਿਆਂ ਜਿੰਨਾ ਅਧਿਕਾਰ ਹੈ।

'…ਮੈਂ ਬੁੱਤਾਂ ਦੇ ਧੜਾਂ 'ਤੇ ਸਿਰ ਰੱਖਾਂਗਾ। ਉਹਨਾਂ ਦੇ ਚਿਹਰਿਆਂ 'ਤੇ ਮਲੀ ਲੁੱਕ ਪੂੰਝਾਂਗਾ। ਲਾਵਾਰਸ ਬੱਚਿਆਂ ਦੇ ਬਾਪ ਲੱਭਾਂਗਾ। ਲਾਸ਼ ਦੇ ਕਾਤਲਾਂ ਦੀ ਪਹਿਚਾਣ ਕਰਾਂਗਾ।'

ਤੇ ਉਹ ਸਾਵੀਆਂ ਟੋਪੀਆਂ ਤੇ ਸੰਗੀਨਾਂ ਕੋਲੋਂ ਦੀ ਲੰਘ ਕੇ ਨਗਰ ਵੱਲ ਵਾਪਿਸ ਪਰਤ ਪਿਆ। ਕਮਜ਼ੋਰ ਨਜ਼ਰ ਵਾਲੀ ਬੁੱਢੀ ਮਾਂ ਦੇ ਹੌਲੀ ਹੌਲੀ ਪਛਾਨਣ ਤੋਂ ਬਾਅਦ, ਆਪਣੇ ਪੁੱਤਰ ਨੂੰ ਪਿਆਰ ਦੇਣ ਲਈ, ਉੱ ਠੇ ਕੰਬਦੇ ਹੱਥਾਂ ਵਾਂਗ, ਨਗਰ ਦੀਆਂ ਬਾਹਵਾਂ ਉੱ ਠੀਆਂ ਤੇ ਖੁਸ਼ੀ ਵਿਚ ਅੱਖਾਂ ਛਲਕ ਪਈਆਂ।

ਸੰਪਰਕ : 19/274, ਕਰਿਸ਼ਨਾ ਨਗਰ,
ਮੋਗਾ-142001.

Thursday, April 2, 2009

ਗੁਮਨਾਮ :: ਲੇਖਕ : ਬੀਰ ਰਾਜਾ

ਉਰਦੂ ਕਹਾਣੀ : ਗੁਮਨਾਮ... :: ਲੇਖਕ : ਬੀਰ ਰਾਜਾ
ਅਨੁਵਾਦ : ਮਹਿੰਦਰ ਬੇਦੀ ਜੈਤੋ Í ਮੁਬਾਇਲ : 94177-30600.


ਦਰਸ਼ਨੀ ਗੁਰੂਦੁਆਰੇ ਦੀ ਸਫ਼ੈਦ ਇਮਾਰਤ ਦਿਖਾਈ ਦਿੱਤੀ। ਉਹੀ ਇਮਾਰਤ ਸੀ। ਬਿਲਕੁਲ ਉਹੀ---ਲਿਸ਼ਕਦਾ ਹੋਇਆ ਗੋਲ ਸੁਨਹਿਰੀ ਕਲਸ਼, ਆਸਮਾਨ ਨੂੰ ਛੂੰਹਦਾ ਹੋਇਆ ਨਿਸ਼ਾਨ ਸਾਹਿਬ। ਚਾਰੇ ਪਾਸੇ ਫੈਲੇ ਖੇਤਾਂ ਤੇ ਦਰਖ਼ਤਾਂ ਦੇ ਵਿਚਕਾਰ ਕਿਸੇ ਜਾਦੂ ਮਹਿਲ ਵਾਂਗ ਘਿਰਿਆ ਹੋਇਆ…ਇਮਾਰਤ ਨੂੰ ਦੇਖਦਿਆਂ ਹੀ ਜਿਹੜੀ ਪਹਿਲੀ ਗੱਲ ਮਨ ਵਿਚ ਆਉਂਦੀ ਸੀ, ਉਹ ਸੀ ਕਿ ਇੱਥੇ ਮੀਲਾਂ ਤੱਕ ਆਬਾਦੀ ਨਹੀਂ, ਫੇਰ ਏਨੀ ਵੱਡੀ ਇਮਾਰਤ ਕਿੰਜ ਤਾਮੀਰ ਹੋਈ ਹੋਵੇਗੀ !

ਸਭ ਕੁਝ ਉਹੀ ਹੁੰਦਾ ਹੋਇਆ ਵੀ ਪਹਿਲਾਂ ਨਾਲੋਂ ਬਦਲਿਆ ਜਿਹਾ ਮਹਿਸੂਸ ਹੋਇਆ---ਸ਼ਾਇਦ ਨਵੀਂ ਸੜਕ ਰਾਹੀਂ ਛੇਤੀ ਪਹੁੰਚ ਜਾਣ ਕਰਕੇ। ਪਰ ਫੇਰ ਇਕ ਵਾਰੀ ਸਭ ਕੁਝ ਪਿਛਲੀ ਵਾਰੀ ਵਰਗਾ ਹੀ ਦਿਖਾਈ ਦੇਣ ਲੱਗਿਆ। ਕੁਝ ਬਾਬੇ ਦੀ ਬਾਣੀ ਗਾਉਣ ਲੱਗ ਪਏ...ਕੁਝ ਪੁਲ, ਨਵੀਂ ਸੜਕ ਤੇ ਬੰਨ੍ਹ ਦੀਆਂ ਤਾਰੀਫ਼ਾਂ ਕਰਨ ਲੱਗੇ। ਸਾਹਮਣੇ ਦਰਿਆ ਸੀ ਤੇ ਪੁਲ ਵੀ। ਹਵੇਲੀਆਂ ਵੀ ਦਿਖਾਈ ਦਿੱਤੀਆਂ, ਜਿਹਨਾਂ ਨੂੰ ਦਰਖ਼ਤਾਂ ਨੇ ਆਪਣੀ ਓਟ ਵਿਚ ਲਿਆ ਹੋਇਆ ਸੀ। ਉਹਨਾਂ ਦੇ ਪਿੱਛੇ ਬਣੀਆ ਝੁੱਗੀਆਂ ਦਿਖਾਈ ਨਹੀਂ ਦਿੱਤੀਆਂ ਸਨ…ਕੁਦਰਤ ਵੀ ਉਹਨਾਂ ਨੂੰ ਹਮੇਸ਼ਾ ਢੱਕੀ ਰੱਖਣਾ ਚਾਹੁੰਦੀ ਹੈ ਸ਼ਾਇਦ !...ਬੱਸ, ਪੁਲ ਉੱਤੇ ਰੁਕੀ। ਮੈਂ ਆਪਣਾ ਝੋਲਾ ਤੇ ਕੈਮਰਾ ਚੁੱਕਿਆ ਤੇ ਹੇਠਾਂ ਉਤਰ ਗਿਆ। ਹੁਣ ਮੈਂ ਪੁਲ ਦੇ ਬਨੇਰੇ ਕੋਲ ਖੜ੍ਹਾ ਸਾਂ…ਹੇਠਾਂ ਵਗਦੇ ਪਾਣੀ ਵੱਲ ਝਾਕਦਾ ਹੋਇਆ। ਜਲ ਉਹੀ ਸੀ, ਪਰ ਅੱਜ ਬੜਾ ਸ਼ਾਂਤ ਸੀ। ਸਿਰਫ਼ ਪੁਲ ਦੇ ਖੰਭਿਆਂ ਨਾਲ ਟਕਰਾਉਣ ਦਾ ਸ਼ੋਰ ਹੀ ਇਹ ਅਹਿਸਾਸ ਕਰਵਾ ਰਿਹਾ ਸੀ ਕਿ ਦਰਿਆ ਖ਼ਤਰਨਾਕ ਵੀ ਹੁੰਦੇ ਨੇ। ਕਿਸੇ ਦੀ ਉੱਚੀ, ਤਿੱਖੀ ਆਵਾਜ਼ ਸੁਣਾਈ ਦਿੱਤੀ। ਕੋਈ ਗਾਲ੍ਹਾਂ ਬਕਦਾ ਤੇ ਡਰਾਈਵਰ ਨੂੰ ਇਸ਼ਾਰੇ ਕਰਦਾ ਹੋਇਆ ਦੌੜਿਆ ਆ ਰਿਹਾ ਸੀ। ਡਰਾਈਵਰ ਵੀ ਗਾਲ੍ਹਾਂ ਦੇਂਦਾ, ਹਾਰਨ ਵਜਾ ਰਿਹਾ ਸੀ। ਉਹ ਭੱਜਦਾ-ਭੱਜਦਾ ਰੁਕ ਗਿਆ ਤੇ ਇਕ ਹਲਕੀ ਜਿਹੀ ਆਵਾਜ਼ ਦੇ ਨਾਲ ਥਾਵੇਂ ਜਾਮ ਹੋ ਗਿਆ। ਉਹ ਮੈਨੂੰ ਦੇਖ ਚੁੱਕਿਆ ਸੀ। ਅੱਜ ਉਸਦੀਆਂ ਅੱਖਾਂ ਬੰਦ ਨਹੀਂ ਸਨ ਹੋਈਆਂ…ਪੂਰੀਆਂ ਖੁੱਲ੍ਹੀਆਂ ਹੋਈਆਂ ਸਨ ਤੇ ਹੈਰਾਨੀ ਨਾਲ ਭਰੀਆਂ ਚਮਕ ਰਹੀਆਂ ਸਨ…

"ਤੂੰ ਚੱਲਣਾ ਏਂ ਕਿ ਨਹੀਂ ਕੰਜਰਾ ?" ਕੰਡਕਟਰ ਗਾਲ੍ਹਾਂ ਕੱਢ ਰਿਹਾ ਸੀ।

"ਨਹੀਂ ਜਾਣਾ ਬਾਦਸ਼ਾਹੋ…ਦੌੜੌ..."

"ਪੁੱਤ ਦਿਨੇਂ ਈ ਚੜ੍ਹਾਈ ਫਿਰਦੈਂ, ਅੱਜ ?"

ਸਵਾਰੀਆਂ ਹੱਸ ਰਹੀਆਂ ਸਨ। ਡਰਾਈਵਰ ਹਾਰਨ ਵਜਾਉਂਦਾ ਬੱਸ ਲੈ ਉੱਡਿਆ ਜਿਵੇਂ ਉਸਨੇ ਸਿਰਫ਼ ਮੈਨੂੰ ਫ਼ੌਜੀ ਨਾਲ ਮਿਲਾਉਣ ਖਤਾਰ ਹੀ ਬੱਸ ਰੋਕੀ ਹੋਵੇ। ਉਸ ਲਈ ਮੇਰਾ ਸਾਹਮਣੇ ਹੋਣਾ ਕਿਸੇ ਚਮਤਕਾਰ ਨਾਲੋਂ ਘੱਟ ਨਹੀਂ ਸੀ। ਮੈਂ ਉਹਨਾਂ ਵਿਚੋਂ ਵੀ ਨਹੀਂ ਸਾਂ ਜਿਹੜੇ ਕਦੀ, ਯੱਗ ਵਾਲੇ ਦਿਨਾਂ ਵਿਚ ਹੀ ਉੱਥੇ ਆ ਜਾਂਦੇ ਹੋਣ। ਇਕ ਕਾਹਲੀ ਹਲਚਲ ਉਸਦੀਆਂ ਅੱਖਾਂ ਵਿਚ ਸੀ। ਉਸਦੀ ਸਮਝ ਵਿਚ ਨਹੀਂ ਆ ਰਿਹਾ ਸੀ ਕਿ ਮੈਨੂੰ ਕਿੰਜ ਸੰਬੋਧਨ ਕਰੇ। ਅਚਾਨਕ ਉਹ ਤ੍ਰਬਕਿਆ ਤੇ ਮੇਰੇ ਪੈਰੀਂ ਹੱਥ ਲਾਉਣ ਲਈ ਝੁਕਿਆ। ਉਦੋਂ ਹੀ ਉਸਨੂੰ ਕੁਝ ਯਾਦ ਆ ਗਿਆ…ਝਿਜਕਿਆ, ਝੁਕੇ ਹੋਏ ਹੱਥ ਵਾਪਸ ਚਲੇ ਗਏ।

ਮੈਂ ਆਪਣਾ ਹੱਥ ਵਧਾ ਦਿੱਤਾ, ਜਿਸਨੂੰ ਉਸਨੇ ਤੁਰੰਤ ਦਬੋਚ ਲਿਆ, ਜਿਵੇਂ ਉਸਨੂੰ ਇਸੇ ਦੀ ਲੋੜ ਸੀ। ਉਸਦੀਆਂ ਅੱਖਾਂ ਵਿਚ ਚਮਕ ਖਿੜ ਗਈ, ਜਿਹੜੀ ਕਿਸੇ ਸ਼ੰਕੇ ਦੇ ਖ਼ਤਮ ਹੋਣ ਸਾਰ ਆਪ-ਮੁਹਾਰੇ ਹੀ ਖਿੜ-ਪੁੜ ਜਾਂਦੀ ਹੈ। ਚਿਹਰਾ ਭਖਣ ਲੱਗਾ, ਉਹ ਸਾਰੀ ਖਿਸਿਆਹਟ ਰਫ਼ੂਚੱਕਰ ਹੋ ਗਈ ਜਿਹੜੀ ਉਸਦੇ ਚਿਹਰੇ ਉੱਤੇ ਹੁਣੇ ਹੁਣੇ ਦਿਖਾਈ ਦਿੱਤੀ ਸੀ। ਪੈਰਾਂ ਵੱਲ ਹੱਥ ਵਧਾਉਂਦਾ ਹੋਇਆ ਉਹ ਕਿਧਰੇ ਗਵਾਚ ਗਿਆ ਸੀ। ਬੜੀ ਪਿੱਛੇ ਕਿਸੇ ਗੱਲ ਨੂੰ ਯਾਦ ਕਰਦਾ ਹੋਇਆ, ਉਹ ਉਹੀ ਹੈ। ਇਸਦਾ ਅੰਦਾਜ਼ਾ ਉਦੋਂ ਹੀ ਲੱਗ ਗਿਆ ਸੀ ਜਦੋਂ ਉਸਦੇ ਹੱਥ ਰੁਕੇ ਸਨ। ਮੈਂ ਵੀ ਉਸੇ ਧੂੜ ਭਰੀ ਸੜਕ ਉੱਤੇ ਸਾਂ।…ਪੰਜ ਸਾਲ ਪਹਿਲਾਂ, ਉਹ ਮੇਰੇ ਨਾਲ ਨਾਲ ਤੁਰ ਰਿਹਾ ਸੀ…ਉਸਦੀਆਂ ਗੱਪਾਂ ਸੁਣਦਿਆਂ, ਖੇਤਾਂ ਵਿਚ ਕੰਮ ਕਰਦੇ ਲੋਕਾਂ, ਸੜਕ ਉੱਤੇ ਤੁਰੇ ਜਾਂਦੇ ਕਿਸਾਨਾਂ ਦੀਆਂ ਗੱਲਾਂ ਸੁਣਦਿਆਂ, ਮੈਂ ਸੋਚਿਆ ਸੀ ਕਿ 'ਘੱਟੋ-ਘੱਟ ਇਹਨਾਂ ਕੋਲ ਏਨਾ ਸਮਾਂ ਤਾਂ ਹੈ ਕਿ ਘੰਟਿਆਂ ਬੱਧੀ ਗੱਲਾਂ ਤਾਂ ਕਰ ਸਕਦੇ ਨੇ…'

ਉਸ ਦਿਨ ਅਸੀਂ ਤੜਕੇ ਹੀ ਇੱਥੇ ਪਹੁੰਚੇ ਸਾਂ। ਮੇਰੇ ਸਹੁਰਿਆਂ ਦੀ ਇਹ ਸੁੱਖਣਾ ਤੇ ਰੀਤ ਸੀ ਕਿ ਉਹ ਆਪਣੇ ਹਰ ਜਵਾਈ ਨੂੰ ਇੱਥੇ ਲੈ ਕੇ ਆਉਣਗੇ ਤੇ ਗੁਰੂ ਦੇ ਦਰਬਾਰ ਵਿਚ ਮੱਥਾ ਟਿਕਾਉਣਗੇ। ਸਿਰਫ਼ ਮੈਂ ਹੀ ਇੱਥੇ ਨਹੀਂ ਸਾਂ ਆਇਆ ਤੇ ਮੇਰੇ ਮਾਰਕਸਵਾਦੀ ਵਿਚਾਰਾਂ ਸਦਕਾ ਉਹਨਾਂ ਦਾ ਮੈਨੂੰ ਕੁਝ ਕਹਿਣ ਦਾ ਹੌਸਲਾ ਵੀ ਨਹੀਂ ਸੀ ਹੋਇਆ। ਸ਼ਾਦੀ ਦੇ ਵੀਹ ਵਰ੍ਹਿਆਂ ਬਾਅਦ ਉਹਨਾਂ ਦੀ ਮੁਰਾਦ ਪੂਰੀ ਹੋਈ। ਕਦੀ ਉਹ ਇੱਥੋਂ ਦੇ ਹਾਕਮ ਹੁੰਦੇ ਸਨ, ਪੱਕੀਆਂ ਹਵੇਲੀਆਂ ਵਾਲੇ, ਹੁਣ ਹਵੇਲੀਆਂ ਵਿਚ ਕੋਈ ਨਹੀਂ ਰਹਿੰਦਾ। ਸਾਰੇ ਸ਼ਹਿਰ ਜਾ ਕੇ ਵੱਸ ਗਏ ਨੇ। ਸਿਰਫ਼ ਇਕ ਪਰਿਵਾਰ ਰਹਿੰਦਾ ਹੈ, ਉਹ ਵੀ ਆਪਣੇ ਫ਼ਾਰਮ ਵਿਚ।

ਇੱਥੇ ਪਹੁੰਚਦਿਆਂ ਹੀ ਲੋਕਾਂ ਦੀ ਇਕ ਕਤਾਰ ਦਿਖਾਈ ਦਿੱਤੀ ਸੀ। ਸਾਰੇ ਵਾਰੀ-ਵਾਰੀ ਸਾਡੇ ਸਾਰਿਆਂ ਦੇ ਪੈਰ ਛੁਹਣ ਲੱਗੇ। ਮੇਰੀ ਸੱਸ ਪੈਰ ਛੂਹਣ ਵਾਲੇ ਨੂੰ ਕੁਝ ਰੁਪਈਏ ਦੇਂਦੀ, ਉਹਨਾਂ ਦੀ ਰਾਜੀ-ਖੁਸ਼ੀ ਪੁੱਛਦੀ, ਵਿਚ ਵਿਚ ਕਦੀ ਕਦੀ ਕਿਸੇ ਦਾ ਨਾਂਅ ਵੀ ਲੈ ਲੈਂਦੀ।

ਜਦੋਂ ਪਹਿਲਾ ਆਦਮੀ ਮੇਰੇ ਪੈਰ ਛੂਹਣ ਲਈ ਝੁਕਿਆ ਸੀ ਤਾਂ ਮੈਂ ਤਾੜ ਦਿੱਤਾ ਸੀ ਕਿ 'ਖ਼ਬਰਦਾਰ ਜੇ ਕਿਸੇ ਨੇ ਮੇਰੇ ਪੈਰੀਂ ਲਾਏ।'

"ਲਾ ਪੈਰੀਂ ਹੱਥ, ਕੁੱਤਿਆ ਜਵਾਈ ਏ ਸਾਡਾ। ਨਹੀਂ ਤਾਂ ਛਿੱਤਰੌਲ ਹੋਵੇਗੀ।" ਕਿਸੇ ਨੇ ਲਲਕਰਿਆ ਸੀ, ਉਸਨੂੰ।

ਮੈਂ ਸਖ਼ਤੀ ਨਾਲ ਫ਼ੌਜੀ ਦੀ ਬਾਂਹ ਫੜ੍ਹ ਲਈ ਸੀ---ਕਤਾਰ ਵਿਚ ਚੁੱਪ ਵਾਪਰ ਗਈ ਸੀ, ਸਾਰੇ ਸਹਿਮ ਗਏ ਸਨ ਤੇ ਫ਼ੌਜੀ ਵੱਲ ਦੇਖਣ ਲੱਗ ਪਏ ਸਨ…

ਇਹ ਇਕ ਅਣਹੋਣੀ ਸੀ ਉਹਨਾਂ ਲਈ…ਪਰ ਮੇਰੇ ਲਈ ਨਹੀਂ।

"ਓਹ ਕੁੱਤਿਆ…"
"… … …"
"ਆਪਣੀ ਇਸ ਪਰਜਾ 'ਤੇ ਵੀ ਨਜ਼ਰੇ-ਮਿਹਰ ਕਰੋ, ਤੇ ਉਹਨਾਂ 'ਤੇ ਵੀ…।" ਮੇਰਾ ਇਸ਼ਾਰਾ ਵਹਿੰਦੇ ਹੋਏ ਦਰਿਆ ਤੇ ਦਰਸ਼ਨੀ ਗੁਰੂਦੁਆਰੇ ਵੱਲ ਸੀ।

ਮੇਰੀਆਂ ਗੱਲਾਂ ਕਿਸੇ ਨੂੰ ਚੰਗੀਆਂ ਨਹੀਂ ਸੀ ਲੱਗੀਆਂ…ਗੁਰੂਦੁਆਰੇ ਦੇ ਪ੍ਰਬੰਧਕਾਂ ਨੂੰ ਵੀ ਨਹੀਂ। ਉਹ ਵੀ ਉਹਨਾਂ 'ਤੇ ਚਿੜੇ ਹੋਏ ਸਨ। ਮੇਰੀ ਪਤਨੀ ਨੂੰ ਵੀ ਮੇਰੀ ਗੱਲ ਬੁਰੀ ਲੱਗੀ ਸੀ ਤੇ ਉਸਨੇ ਤੁੜਕ ਕੇ ਕਿਹਾ ਕਿ 'ਤੁਸੀਂ ਹਰ ਜਗ੍ਹਾ ਆਪਣੀ ਲੀਡਰੀ ਚਲਾਂਦੇ ਓ। ਹੁਣ ਇਹ ਲੋਕ ਸਾਡੇ ਸਾਹਮਣੇ ਵੀ ਮੂੰਹ ਖੋਹਲਣਗੇ'…'ਸਾਡੇ' ਸ਼ਬਦ ਵਿਚ ਉਸਨੇ ਮੈਨੂੰ ਸ਼ਾਮਿਲ ਨਹੀਂ ਸੀ ਕੀਤਾ…ਉਹ ਵੀਹ ਵਰ੍ਹਿਆਂ ਬਾਅਦ ਵੀ ਉਹਨਾਂ ਦੀ ਸੀ, ਯਾਨੀ ਆਪਣੇ ਵਰਗ ਦੀ…

"ਕੁਛ ਨਹੀਂ ਹੋਵੇਗਾ…ਸਿਰਫ਼ ਤੁਸੀਂ ਇੱਥੇ ਇੰਜ ਨਹੀਂ ਆ ਸਕੋਗੇ।" ਮੇਰੀ ਇਹ ਗੱਲ ਕਿੱਲ ਵਾਂਗ ਚੁਭੀ ਸੀ, ਉਹਨਾਂ ਨੂੰ। ਉਸਨੇ ਮੂੰਹ ਫੁਲਾ ਲਿਆ…ਸ਼ਾਇਦ ਉਸ ਵਿਚ ਉਹ ਵਿਹੂ ਵੀ ਸ਼ਾਮਿਲ ਸੀ ਜਿਹੜੀ ਮੇਰੇ ਨਾਲ ਵੱਝ ਜਾਣ ਪਿੱਛੋਂ ਉਹ ਅੰਦਰੇ-ਅੰਦਰ ਘੋਲਦੀ ਰਹਿੰਦੀ ਸੀ। ਉਸ ਦਿਨ ਪਹੁੰਚਦਿਆਂ ਹੀ ਬੱਚੇ ਤਾਂ ਕਾਰ ਲੈ ਕੇ ਉੱਧਰ ਚਲੇ ਗਏ ਸਨ, ਜਿੱਧਰ ਧਰਤੀ ਉੱਤੇ ਦੂਰ-ਦੂਰ ਤੱਕ ਪਾਣੀ ਖੜ੍ਹਾ ਸੀ, ਜਿਹੜਾ ਆਏ ਸਾਲ ਹੜ੍ਹ ਪਿੱਛੋਂ ਇੱਥੇ ਜਮ੍ਹਾਂ ਹੋ ਜਾਂਦਾ ਸੀ ਤੇ ਉਸਦੇ ਪੂਰੀ ਤਰ੍ਹਾਂ ਸੁੱਕਣ ਤੋਂ ਪਹਿਲਾਂ ਹੀ ਹੜ੍ਹ ਫੇਰ ਆ ਜਾਂਦਾ ਸੀ। ਉਸ ਪਾਣੀ ਉੱਤੇ ਪ੍ਰਵਾਸੀ ਪਰਿੰਦੇ ਹਰ ਸਾਲ ਆਪਣਾ ਅਧਿਕਾਰ ਜਮਾ ਲੈਂਦੇ ਸਨ…ਪਾਣੀ ਉਪਰ ਕਲੋਲਾਂ ਕਰਦੇ, ਸੈਂਕੜੇ-ਹਜ਼ਾਰਾਂ ਪਰਿੰਦੇ ਬੜੇ ਸੁੰਦਰ ਲੱਗਦੇ। ਜਿਹੜਾ ਵੀ ਇੱਥੇ ਆਉਂਦਾ, ਸਭ ਤੋਂ ਪਹਿਲਾਂ ਉੱਧਰ ਹੀ ਨੱਠਦਾ…ਕਿਸੇ ਕੋਲ ਇਹ ਗੱਲ ਸੋਚਣ ਦੀ ਫ਼ੁਰਸਤ ਨਹੀਂ ਸੀ ਹੁੰਦੀ ਕਿ ਉਸ ਧਰਤੀ ਦੇ ਕਿਸਾਨਾਂ ਦਾ ਕੀ ਬਣਿਆ ਹੋਵੇਗਾ ਜਾਂ ਉਹ ਕਿੱਥੇ ਪ੍ਰਵਾਸ ਕਰ ਗਏ ਸਨ ?

ਮੇਰੇ ਛੋਟੇ ਮੁੰਡੇ ਦੇ ਸਿਰ ਵਿਚ ਸੱਟ ਲੱਗੀ ਸੀ…ਮੈਨੂੰ ਕਾਰ ਦੀ ਜ਼ਰੂਰਤ ਸੀ, ਕਾਰ ਹੈ ਨਹੀਂ ਸੀ…ਦਵਾਈ ਦਸ ਕੋਹ ਤੋਂ ਉਰੇ ਨਹੀਂ ਸੀ ਮਿਲਣੀ, ਫ਼ੌਜੀ ਨੇ ਕੁਝ ਪੱਤਿਆਂ ਦਾ ਰਸ ਨਿਚੋੜ ਕੇ ਜ਼ਖ਼ਮ ਉੱਤੇ ਪਾ ਦਿੱਤਾ।

"ਫਿਕਰ ਨਾ ਕਰੋ ਜੀ, ਬਿਲਕੁਲ ਠੀਕ-ਠਾਕ ਹੋ ਜਾਊਗਾ।"

ਮੈਂ ਦਵਾਈ ਲੈ ਆਉਣ ਖਾਤਰ ਪੈਦਲ ਹੀ ਤੁਰ ਪਿਆ। ਥੋੜ੍ਹੀ ਦੂਰ ਜਾਣ ਪਿੱਛੋਂ ਮਹਿਸੂਸ ਹੋਇਆ ਕਿ ਕੋਈ ਮੇਰੇ ਪਿੱਛੇ ਪਿੱਛੇ ਆ ਰਿਹਾ ਹੈ। ਪਿੱਛੇ ਫ਼ੌਜੀ ਸੀ, ਉਹ ਰੁਕ ਗਿਆ ਤੇ ਉਸਨੇ ਅੱਖਾਂ ਮੀਚ ਲਈਆਂ। ਤਣ ਕੇ ਖੜ੍ਹਾ ਹੋ ਗਿਆ…ਐਨ ਉਹਨਾਂ ਬੁੱਤਾਂ ਵਾਂਗ ਜਿਹੜੇ ਸ਼ਹਿਰਾਂ ਵਿਚ ਸੜਕਾਂ ਦੇ ਚੌਕਾਂ ਵਿਚ ਖੜ੍ਹੇ ਹੁੰਦੇ ਨੇ, ਪਰ ਪਿੰਡਾਂ ਵਿਚ ਬੁੱਤ ਨਹੀਂ ਹੁੰਦੇ ਸਿਰਫ ਲੋਕ ਹੁੰਦੇ ਨੇ ਜਿਹਨਾਂ ਦੇ ਬੁੱਤ ਕਦੀ ਨਹੀਂ ਬਣਦੇ।

"ਚੱਲਣਾ ਏਂ ਤਾਂ ਭਰਾ, ਮੇਰੇ ਨਾਲ-ਨਾਲ ਚੱਲ ਫੇਰ।" ਉਹ ਨੇੜੇ ਨਹੀਂ ਆਇਆ। ਇਕ ਝਿਜਕ, ਡਰ ਤੇ ਹੈਰਾਨੀ ਉਸਦੇ ਚਿਹਰੇ ਉੱਪਰ ਸੀ, ਜਿਸਨੂੰ ਉਸਦੀਆਂ ਬੰਦ ਅੱਖਾਂ ਵੀ ਨਹੀਂ ਸੀ ਛਿਪਾ ਸਕੀਆਂ।

"ਯਾਰ ਪੈਂਡਾ ਲੰਮਾਂ ਏਂ, ਕੁਝ ਗੱਪਸ਼ੱਪ ਈ ਹੋ ਜਾਏਗਾ।" ਮੈਂ ਜਾਣਦਾ ਸੀ, ਮੇਰੇ ਪਿੱਛੇ ਆਉਣ ਵਿਚ ਇਕ ਕਸ਼ਿਸ਼ ਸੀ…ਝਿਜਕ ਵੀ ਸੀ ਤੇ ਉਸ ਝਿਜਕ ਵਿਚ, ਇਕ ਡਰ ਵੀ ਸ਼ਾਮਿਲ ਸੀ…ਤਕੜੀ ਸਜ਼ਾ ਦਾ ਡਰ।

ਝਿਜਕ ਕੁਝ ਘੱਟ ਜ਼ਰੂਰ ਹੋਈ ਪਰ ਵਿਚਕਾਰਲਾ ਫ਼ਾਸਲਾ ਓਵੇਂ ਦੀ ਜਿਵੇਂ ਰਿਹਾ। ਇਹ ਫ਼ਾਸਲਾ ਅੱਜ ਦਾ ਨਹੀਂ ਸੀ, ਸੈਂਕੜੇ ਵਰ੍ਹਿਆਂ ਦਾ ਸੀ ਜਦੋਂ ਦੇ ਉਸਦੇ ਪੁਰਖ਼ੇ ਮੇਰੇ ਸਹੁਰਿਆਂ ਦੇ ਪੁਰਖ਼ਿਆਂ ਦੀ ਸੇਵਾ ਤੇ ਰਾਖੀ ਕਰ ਰਹੇ ਹਨ। ਸ਼ਾਇਦ ਇਸ ਤੋਂ ਵੀ ਪੁਰਾਣਾ ਜਦ ਕਿਸੇ ਜਾਬਰ ਨੇ ਉਹਨਾਂ ਤੋਂ ਉਹਨਾਂ ਦੀ ਧਰਤੀ ਖੋਹੀ ਹੋਵੇਗੀ। ਉਸ ਫ਼ਾਸਲੇ ਨੂੰ ਖ਼ਤਮ ਕਰਨ ਲਈ ਉਹਨਾਂ ਵਿਚ ਕੁਝ ਭਰਨਾ ਜ਼ਰੂਰੀ ਸੀ।

ਮੈਨੂੰ ਸ਼ੁਰੂ ਦੇ ਉਹ ਦਿਨ ਯਾਦ ਆ ਗਏ ਜਦ ਦੂਸਰਿਆਂ ਨੂੰ ਬਦਲਣ ਖ਼ਾਤਰ, ਦੀਵਾਨਗੀ ਦੀਆਂ ਹੱਦਾਂ ਨੂੰ ਪਾਰ ਕਰਦਾ ਹੋਇਆ, ਇਕ ਜਨੂੰਨ ਮੇਰੇ ਸਿਰ ਉੱਤੇ ਸਵਾਰ ਹੋ ਜਾਂਦਾ ਹੁੰਦਾ ਸੀ। ਹੁਣ ਨਾ ਉਹ ਦਿਨ ਸਨ, ਨਾ ਹੀ ਉਹ ਮਾਹੌਲ। ਨਾ ਹੀ ਉਹ ਉਤਸ਼ਾਹ ਤੇ ਲਗਨ ਰਹਿ ਗਈ ਸੀ, ਮੇਰੇ ਵਿਚ। ਉਸ ਜਨੂੰਨ ਤੇ ਜ਼ਿਦ ਦੀ ਦੁਨੀਆਂ ਤੋਂ ਕਿੰਨਾ ਦੂਰ ਨਿਕਲ ਆਇਆ ਸਾਂ ਮੈਂ…ਜਿੱਥੇ ਅੱਜ ਸਾਂ, ਇੰਜ ਕਿੰਜ ਆ ਪਹੁੰਚਿਆ ਹਾਂ ਮੈਂ ?

ਇਸ ਸਵਾਲ ਤੇ ਇਸਦੇ ਜਵਾਬ ਤੋਂ ਬਚਨਾ ਚਾਹੁੰਦਾ ਹੋਇਆ ਮੈਂ ਸੀਟੀ ਵਜਾਉਣ ਲੱਗ ਪਿਆ। ਸੀਟੀ ਅਜਿਹੇ ਪਲਾਂ ਵਿਚ ਆਪਣੇ ਆਪ ਹੀ ਵੱਜਣ ਲੱਗਦੀ ਹੈ…ਜਦ ਮੈਂ ਬਚਨਾ ਚਾਹੁੰਦਾ ਹਾਂ, ਦੂਸਰਿਆਂ ਤੋਂ ਨਹੀਂ, ਖ਼ੁਦ ਆਪਣੇ ਆਪ ਤੋਂ। ਮੈਂ ਤੁਰੰਤ ਇਕ ਜਨੂੰਨ ਆਪਣੇ ਉੱਪਰ ਤਾਣ ਲਿਆ, ਤੇ ਪੁਰਾਣੇ ਦਿਨਾਂ ਵਿਚ ਪਹੁੰਚ ਗਿਆ…ਕਿਤੇ ਮੇਰੀ ਉਹ ਤਾਕਤ ਖ਼ਤਮ ਤਾਂ ਨਹੀਂ ਹੋ ਰਹੀ…

…ਤੇ ਮੇਰਾ ਖੇਲ ਸ਼ੁਰੂ ਹੋ ਗਿਆ ਸੀ। ਮੈਂ ਉਸਨੂੰ ਬੁਲਾਇਆ, "ਓ ਭਰਾ, ਜ਼ਰਾ ਨੇੜੇ ਆ।" ਉਹ ਸੱਜਿਓਂ ਕੁਝ ਖੱਬੇ ਜ਼ਰੂਰ ਹੋਇਆ ਪਰ ਦੂਰੀ ਘੱਟ ਨਹੀਂ ਹੋਈ। "ਕਿੰਨੇ ਨਿਆਣੇ ਨੇ ਤੇਰੇ ?", "ਦੋ...", "ਕਮਾਲ ਐ, ਤੇਰੇ ਵੀ ਦੋ ਤੇ ਮੇਰੇ ਵੀ ਦੋ…ਤੇ ਪਿੰਡ ਦੀਆਂ ਕੰਧਾਂ 'ਤੇ ਵੀ ਦੋ ਮੂਰਤਾਂ ਬਣੀਆ ਹੋਈਆਂ ਨੇ।…ਮਾਚਿਸ ਹੈ ਤੇਰੇ ਕੋਲ ?...ਲੈ ਤੂੰ ਵੀ ਲਾ ਲੈ ਯਾਰ।" ਉਸਨੇ ਸਿਗਰੇਟ ਸੁਲਗਾਇਆ ਜ਼ਰੂਰ ਪਰ ਚੁੱਪਚਾਪ ਮਸਲ ਕੇ ਬੁਝਾ ਦਿੱਤਾ ਤੇ ਕੰਨ 'ਚ ਟੁੰਗ ਲਿਆ। ਸਿਗਰੇਟ ਪੀਣਾ ਹਕਮਾਂ ਦੀ ਨਜ਼ਰ ਵਿਚ ਬੇਅਦਬੀ ਸੀ। "ਓਇ ਆਪਣੇ ਦੋਹਾਂ ਦੇ ਸਿਗਰੇਟ ਬੁਝ ਗਏ।" ਏਨਾ ਸੁਣਦਿਆਂ ਹੀ ਉਹ ਹੱਸ ਪਿਆ।

"ਮੈਂ ਵੀ ਤੇਰੇ ਵਰਗਾ ਬੰਦਾ ਆਂ…ਤੇਰੇ ਵਾਂਗਰ ਪੈਦਾ ਹੋਇਆ ਸਾਂ, ਫੇਰ ਤੂੰ ਇਹ ਤਮਾਸ਼ਾ ਕਿਉਂ ਕਰ ਰਿਹੈਂ ?"

'ਖੀਂ-ਖੀਂ' ਕਰਦਾ ਹੋਇਆ ਉਹ ਜ਼ਰਾ ਕੁ ਹੋਰ ਖੱਬੇ ਖਿਸਕ ਗਿਆ। ਮੈਂ ਵੀ ਉਸਦੇ ਨਾਲ ਚਿਪਕ ਗਿਆ। ਉਹ ਟੋਏ ਵਿਚ ਡਿੱਗਿਆ, ਨਾਲ ਮੈਂ ਵੀ ਸਾਂ।

"ਦੂਰ ਰਹੋ ਜੀ, ਸੌਂਹ ਰੱਬ ਦੀ, ਅਸੀਂ ਕਮੀਨ ਹੁੰਦੇ ਆਂ ਜੀ..."

"ਜਦੋਂ ਅੱਜ ਤੀਕ ਪੈਰ ਛੂਹਣ ਨਾਲ ਕੁਝ ਨਹੀਂ ਵਿਗੜਿਆ ਕਿਸੇ ਦਾ, ਫੇਰ ਹੱਥ ਛੂਹ ਜਾਣ ਨਾਲ ਕੀ ਹੋ ਜਾਏਗਾ ?"

ਮੈਨੂੰ ਲੱਗਿਆ ਉਹ ਹਜ਼ਾਰਾਂ ਵਰ੍ਹਿਆਂ ਦਾ ਪਾੜਾ ਪੂਰ ਕੇ ਮੇਰੇ ਕੋਲ ਆਣ ਖੜ੍ਹਾ ਹੋਇਆ ਹੈ…ਤੇ ਪੁੱਛ ਰਿਹਾ ਹੈ ਕਿ ਮੈਂ ਅੱਜ ਤੱਕ ਕਿੱਥੇ ਗਵਾਚਿਆ ਰਿਹਾਂ ? ਮੈਨੂੰ ਲੱਗਿਆ, ਸੱਚਮੁੱਚ ਮੈਂ ਗਵਾਚਿਆ ਹੀ ਰਿਹਾ ਹਾਂ। ਮੈਂ ਆਪਣੇ ਆਪ ਨੂੰ ਉਸ ਨਾਲੋਂ ਛੋਟਾ ਮਹਿਸੂਸ ਕੀਤਾ। ਉਸਨੇ ਮੈਨੂੰ ਉਪਰੋਂ ਹੇਠਾਂ ਤੱਕ ਦੇਖਿਆ ਤੇ ਕੁਝ ਸੋਚਣ ਲੱਗਾ। ਅਚਾਨਕ ਉਹ ਮੁਸਕਰਾਇਆ। ਉਸਨੇ ਆਪਣੇ ਤੇ ਮੇਰੇ ਕੱਪੜਿਆਂ ਦੀ ਧੂੜ ਝਾੜੀ…ਮੇਰੀ ਦਲੀਲ ਕੰਮ ਕਰ ਗਈ ਸੀ। ਉਸਦੇ ਚਿਹਰੇ ਤੇ ਅੱਖਾਂ ਦੀ ਚਮਕ ਵਿਚ ਕੋਈ ਨਵੀਂ ਚੀਜ਼ ਸ਼ਾਮਿਲ ਹੋ ਚੁੱਕੀ ਸੀ।

"ਹੋ ਜਾਏ ਫੇਰ ਸੂਟਾ…ਤੁਸੀਂ ਵੀ ਕੀ ਯਾਦ ਕਰੋਗੇ ਜੀ…"

ਹੁਣ ਅਸੀਂ ਨਾਲ ਨਾਲ ਤੁਰ ਰਹੇ ਸਾਂ। ਸੂਟੇ ਤੇ ਸੂਟਾ ਲਾਉਂਦਾ ਹੋਇਆ ਉਹ ਉਸ ਭੋਲੇ ਬੱਚੇ ਵਰਗਾ ਲੱਗ ਰਿਹਾ ਸੀ ਜਿਸਨੂੰ ਪਹਿਲੀ ਵੇਰ ਖੁੱਲ੍ਹੀ ਛੁੱਟੀ ਮਿਲੀ ਹੋਵੇ। ਮੈਂ ਉਸਨੂੰ ਦੂਜਾ ਸਿਗਰੇਟ ਦਿੱਤਾ ਤੇ ਨਾਲ ਹੀ ਪੈਕੇਟ ਵੀ ਫੜਾ ਦਿੱਤਾ।

"ਮਜ਼ਾ ਆ ਗਿਆ।"

ਹੁਣ ਮੇਰਾ ਖੇਲ ਸਮਾਪਤ ਹੋ ਚੁੱਕਿਆ ਸੀ---ਮੈਂ ਉਸ ਨਾਲ, ਉਸਦੇ ਮਨ ਨਾਲ, ਜੁੜਨ ਲੱਗ ਪਿਆ ਸਾਂ ਜਿਸ ਤਰ੍ਹਾਂ ਸ਼ੁਰੂ ਦੇ ਦਿਨਾਂ ਵਿਚ ਲੋਕਾਂ ਨਾਲ ਜੁੜਦਾ ਹੁੰਦਾ ਸਾਂ।

"ਗੰਨਾਂ ਚੂਪੋਗੇ ?"

ਮੈਂ ਤ੍ਰਬਕਿਆ ਤੇ ਤੁਰੰਤ ਕਿਤੋਂ ਪਰਤ ਆਇਆ। ਮੇਰੇ ਸਾਹਮਣੇ ਦੂਰ ਦੂਰ ਤੱਕ ਫੈਲੇ ਹੋਏ ਖੇਤ ਸਨ, ਦਰਖ਼ਤ ਸਨ, ਖੜ੍ਹੀਆਂ ਫਸਲਾਂ ਸਨ, ਸਰੋਂ ਉੱਤੇ ਥਿਰਕਦੀਆਂ ਤਿੱਤਲੀਆਂ ਸਨ। ਸਭ ਕੁਝ ਸੀ ਪਰ ਇਹ ਸਭ ਸਿਰਫ਼ ਇਕ ਦ੍ਰਿਸ਼ ਨਹੀਂ ਸੀ, ਇਕ ਦੂਸਰੀ ਹੀ ਤਸਵੀਰ ਸੀ। ਉੱਥੋਂ ਆਉਣ ਦਾ ਕਾਰਨ ਸਿਰਫ਼ ਦਵਈ ਹੀ ਨਹੀਂ ਸੀ…ਉਹਨਾਂ ਦੀ ਦੁਨੀਆਂ ਤੋਂ ਭੱਜ ਕੇ ਕੁਦਰਤ ਦੀ ਅਨੋਖੀ ਖ਼ੂਬਸੂਰਤੀ ਦਾ ਆਨੰਦ ਮਾਣਨਾ ਵੀ ਸੀ।

ਹੁਣ ਉਸ ਵਿਚ ਇਕ ਅਦਭੁਤ ਭੁੱਖ ਤੇ ਸਾਹਸ ਜਾਗ ਪਿਆ ਸੀ। ਖੇਤਾਂ ਵਿਚੋਂ ਗੰਨੇ, ਮੂਲੀਆਂ, ਗਾਜਰਾਂ ਤੇ ਪਤਾ ਨਹੀਂ ਕੀ ਕੀ ਤੋੜਦਾ ਰਿਹਾ। ਰਸਤੇ ਵਿਚ ਜਿਹੜਾ ਵੀ ਮਿਲਦਾ, ਰੋਕ ਕੇ ਦੱਸਦਾ ਕਿ ਮੈਂ ਉਹੀ ਜਵਾਈ ਹਾਂ ਜਿਹੜਾ ਅੱਜ ਤੱਕ ਇੱਥੇ ਨਹੀਂ ਸੀ ਆਇਆ। ਮੈਂ ਉਹਨਾਂ ਵਿਚ ਨਾਸਤਿਕ ਦੇ ਨਾਂਅ ਨਾਲ ਮਸ਼ਹੂਰ ਸਾਂ। ਪਿੰਡ ਦੇ ਕਿਸਾਨਾਂ ਦੀ ਬੋਲੀ ਤੇ ਉਹਨਾਂ ਦੇ ਸਵਾਲਾਂ ਦੇ ਜਵਾਬ ਦੇਂਦਾ ਥੱਕ ਜਾਂਦਾ। ਪਿੰਡਾਂ ਵਾਲੇ ਦੂਜਿਆਂ ਨੂੰ ਅੰਦਰ ਤੱਕ ਤਾੜ ਲੈਂਦੇ ਨੇ, ਇਸੇ ਡਰ ਸਦਕਾ ਥੋੜ੍ਹਾ ਬੇਚੈਨ ਹੋ ਜਾਂਦਾ ਸਾਂ। ਪਹਿਲਾਂ ਪਹਿਲਾਂ ਇੰਜ ਲੱਗਦਾ ਹੁੰਦਾ ਸੀ ਕਿ ਜਦ ਇਹ ਸਾਰੇ ਸਾਡੇ ਲਈ ਏਨੇ ਅਜਨਬੀ ਨੇ ਤੇ ਖਿਝ ਦਾ ਕਾਰਨ ਵੀ ਬਣ ਜਾਂਦੇ ਨੇ ਤਾਂ ਇਹ ਸਾਡੇ ਨੇੜੇ ਕਿੰਜ ਆ ਸਕਦੇ ਨੇ ?

"ਦੇਖੋ ਹਜ਼ੂਰ…ਜਿੱਥੋਂ ਤਾਈਂ ਨਜ਼ਰ ਜਾਂਦੀ ਐ, ਇਕੋ ਵਾਰੀ ਦੇਖ ਲਓ, ਸਾਰੀ ਧਰਤੀ ਕਦੀ ਹਾਕਮਾਂ ਦੀ ਹੁੰਦੀ ਸੀ, ਹੁਣ ਨਹੀਂ ਰਹੀ…ਜਿਹੜੀ ਹੈ, ਉਹ ਵੀ ਘੱਟ ਨਹੀਂ। ਆਉਣ ਵਾਲੀਆਂ ਪੁਸ਼ਤਾਂ ਵੀ ਖ਼ਤਮ ਨਹੀਂ ਕਰ ਸਕਦੀਆਂ…ਬੜੇ ਦੂਰ ਅੰਦੇਸ਼ ਲੋਕ ਨੇ ਹਾਕਮ…" ਜਿਹੜੀਆਂ ਗੱਲਾਂ ਸਹੁਰਿਆਂ ਤੇ ਪਤਨੀ ਤੋਂ ਕਦੀ ਪਤਾ ਨਹੀਂ ਸੀ ਲੱਗੀਆਂ, ਉਹ ਦੱਸਣ ਲੱਗਾ। ਚਾਰ ਪੰਜ ਸੌ ਵਰ੍ਹੇ ਪਹਿਲਾਂ ਉੱਥੇ ਹਾਕਮਾਂ ਦਾ ਵੱਡਾ ਕਾਰੋਬਾਰ ਤੇ ਜ਼ਿਮੀਂਦਾਰਾ ਸੀ। ਮੱਧ ਏਸ਼ੀਆ ਤੋਂ ਤਿਜਾਰਤ ਦਾ ਇਹੀ ਮਾਰਗ ਹੁੰਦਾ ਸੀ, ਕਦੀ। ਦਰਬਾਰ ਵਿਚ ਰਸੂਖ਼ ਵਾਲੇ ਲੋਕ, ਚਾਰ ਸੌ ਸਾਲ ਪਹਿਲਾਂ ਸੱਠ ਮੀਲ ਦੂਰ, ਇਸ ਸ਼ਹਿਰ ਦੇ ਜਨਮ ਦੇ ਨਾਲ ਹੀ, ਹਾਕਮ ਉੱਥੇ ਆ ਵੱਸੇ ਸਨ।...ਉਹਨਾਂ ਦੀਆਂ ਹਵੇਲੀਆਂ ਨਾਲ ਈ ਇਹ ਧਰਤੀ ਆਬਾਦ ਹੋਈ। ਅੰਗਰੇਜ਼ੀ ਰਾਜ ਵਿਚ ਉਹ ਵੱਡੇ ਵੱਡੇ ਸ਼ਹਿਰਾਂ ਵਿਚ ਚਲੇ ਗਏ। ਉਹਨਾਂ ਦਾ ਵਪਾਰ ਨਵੇਂ ਦੇਸ਼ਾਂ ਤਕ ਫੈਲ ਗਿਆ। ਉਹਨਾਂ ਕਈ ਅਧੁਨਿਕ ਧੰਦੇ ਤੋਰ ਲਏ। ਸਮਾਂ ਲੰਘਣ ਦੇ ਨਾਲ ਨਾਲ ਉਹਨਾਂ ਦੀਆਂ ਹਵੇਲੀਆਂ ਵੀਰਾਨ ਹੋਣ ਲੱਗੀਆਂ। ਪੱਕੀਆਂ ਹਵੇਲੀਆਂ ਵਾਲਾ ਪਿੰਡ, ਖੰਡਰ ਬਣ ਗਿਆ।

ਮੈਂ ਉਸ ਵੱਲ ਦੇਖਿਆ। ਉਹ ਬੈਠਾ ਤਾਂ ਕੰਡਿਆਲੀ ਕਿੱਕਰ ਦੀ ਛਾਂ ਹੇਠ ਸੀ, ਪਰ ਸੀ ਉਸ ਇਤਿਹਾਸ ਵਿਚ ਜਿਸਨੂੰ ਕੱਚੀਆਂ ਝੌਂਪੜੀਆਂ ਵਿਚ ਰਹਿਣ ਵਾਲੇ ਆਪਣੇ ਵੱਡੇ-ਵਡੇਰਿਆਂ ਤੋਂ ਸੁਣਦੇ ਆ ਰਹੇ ਹਨ। ਠੰਡੀ ਹਵਾ ਦੀ ਠਾਰੀ ਕਿੱਕਰ ਦੀਆਂ ਸੂਲਾਂ ਵਾਂਗ ਚੁਭ ਰਹੀ ਸੀ, ਪਰ ਸਾਨੂੰ ਉਸਦਾ ਅਹਿਸਾਸ ਨਹੀਂ ਸੀ।

"ਸਾਡੇ ਹਾਕਮ ਕਦੀ ਬੇਰਹਿਮ ਨਹੀਂ ਰਹੇ, ਹੱਥ ਜੋੜ ਕੇ ਗੱਲਾਂ ਕਰਨ ਵਾਲੇ। ਹੁਣ ਉਹ ਗੱਲਾਂ ਨਹੀਂ ਰਹੀਆਂ। ਖ਼ੂਨ ਤਾਂ ਉਹੀ ਐ ਜੀ ਹਜ਼ੂਰ। ਵਿਆਹ-ਸ਼ਾਦੀਆਂ ਵਿਚ ਦਿਲ ਖੋਲ੍ਹ ਕੇ ਦਿੰਦੇ ਨੇ ਸਾਨੂੰ…ਇਹ ਨਾ ਹੋਣ ਤਾਂ ਅਸੀਂ ਭੁੱਖੇ ਮਰ ਜਾਈਏ…" ਉਸ ਸਵੇਰ ਉੱਥੇ ਪਹੁੰਚਦਿਆਂ ਹੀ ਜਦ ਕਾਰਾਂ ਹਵੇਲੀਆਂ ਦੇ ਸਾਹਮਣੇ ਰੁਕੀਆਂ ਸਨ ਤਾਂ ਸਭ ਕਿਸੇ ਸੁਪਨ-ਲੋਕ ਵਰਗਾ ਲੱਗਿਆ ਸੀ। ਇਕ ਅਜਿਹੀ ਹਕੀਕਤ ਜਿਸਨੂੰ ਦੇਖ ਕੇ ਵੀ ਸੁਪਨੇ ਦਾ ਗੁਮਾਨ ਹੋਵੇ। ਲਾਲ ਛੋਟੀਆਂ, ਪੱਕੀਆਂ ਇੱਟਾਂ ਦੀਆਂ ਬਣੀਆ ਦੋ ਮੰਜ਼ਿਲਾ ਹਵੇਲੀਆਂ ਜਿਹਨਾਂ ਦੇ ਵੱਡੇ ਵੱਡੇ ਫਾਟਕਾਂ ਵਿਚ ਕਦੀ ਊਠ, ਹਾਥੀ ਤੇ ਘੋੜੇ ਸਮਾਅ ਜਾਂਦੇ ਹੋਣਗੇ। ਖੰਡਰ ਬਣੀਆ ਖੜ੍ਹੀਆਂ ਸਨ। ਕਿਸੇ ਇਕ ਹਵੇਲੀ ਵਿਚ ਵੀ ਜ਼ਿੰਦਗੀ ਦੇ ਆਸਾਰ ਨਹੀਂ ਸਨ। ਇੱਟਾਂ ਦੇ ਢੇਰ, ਢੱਠਾ ਹੋਇਆ ਮਲਬਾ, ਦਰਵਾਜ਼ੇ, ਬੁਰਜੀਆਂ ਤੇ ਦੂਰ ਦੂਰ ਤੱਕ ਫੈਲੇ ਖੇਤ। ਖੁੱਲ੍ਹੀਆਂ ਅੱਖਾਂ ਨਾਲ ਆਸਮਾਨ ਦੀ ਨੀਲੀ ਛੱਤ ਹੇਠ ਇਹ ਸਭ ਕੁਝ ਦੇਖਣਾ ਕਿਸੇ ਤਿਲਸਮ ਨਾਲੋਂ ਘੱਟ ਨਹੀਂ ਸੀ, ਜਿਵੇਂ ਕਿਸੇ ਗਵਾਚੀ ਦੁਨੀਆਂ ਦੀ ਕੋਈ ਯਾਦਗਾਰ। ਸਮੇਂ ਨਾਲੋਂ ਕਿੰਨਾ ਅੱਗੇ ਤੇ ਵਿਕਸਿਤ ਹੋਣਗੇ, ਇਹਨਾਂ ਹਵੇਲੀਆਂ ਦੇ ਲੋਕ…ਉਦੋਂ ਵੀ ਅੱਗੇ ਤੇ ਅੱਜ ਵੀ ਅੱਗੇ। ਨਹੀਂ ਤਾਂ ਇਹਨਾਂ ਹਵੇਲੀਆਂ ਵਿਚ ਹੁੰਦੇ। ਉਹਨਾਂ ਦਾ ਮੋਹ ਕੁਝ ਹੋਰ ਹੈ, ਨਾ ਧਰਤੀ ਨਾ ਹਵੇਲੀਆਂ…ਬੁੱਢੀ ਬੇਬੇ ਸਾਰਿਆਂ ਨੂੰ ਦੱਸ ਰਹੀ ਸੀ ਕਿ 'ਜਦੋਂ ਉਹ ਵਿਆਹੀ ਆਈ ਸੀ, ਉਸਨੂੰ ਸਭ ਤੋਂ ਪਹਿਲਾਂ ਹਵੇਲੀਆਂ ਦਿਖਾਉਣ ਲਿਆਂਦਾ ਗਿਆ ਸੀ…ਤੇ ਇੱਥੇ ਹੀ ਰਾਤ ਪੈ ਗਈ ਸੀ…' ਤੇ ਉਹ ਕਿਸੇ ਨੱਪੇ ਹੋਏ ਖ਼ਜ਼ਾਨੇ ਦੀਆਂ ਗੱਲਾਂ ਵੀ ਕਰ ਰਹੀ ਸੀ।

ਫ਼ੌਜੀ ਦੀਆਂ ਗੱਲਾਂ ਸੁਣਨ ਪਿੱਛੋਂ ਲੱਗਿਆ ਸੀ ਕਿ ਹਵੇਲੀਆਂ ਦੇ ਵਾਸੀ ਦੂਰ-ਅੰਦੇਸ਼ ਤਾਂ ਸੀ ਹੀ, ਚੁਸਤ ਵੀ ਬੜੇ ਸੀ। ਉਹਨਾਂ ਆਪਣੀ ਧਰਤੀ ਦੀ ਸੀਮਾ ਉੱਤੇ ਪਿੰਡ ਵਸਾਏ…ਸਿਰਫ਼ ਆਪਣੀ ਹਿਫ਼ਾਜ਼ਤ ਲਈ, ਨਾਕਾਬੰਦੀ ਵਜੋਂ।
***
ਬਾਜ਼ਾਰ ਵਿਚ ਭਰਪੂਰ ਰੌਣਕ ਦਿਖਾਈ ਦਿੱਤੀ। ਜ਼ਰੂਰਤ ਦੀਆਂ ਚੀਜ਼ਾਂ, ਟ੍ਰੈਕਟਰ, ਵਰਕਸ਼ਾਪ, ਕੱਪੜੇ ਦੀਆਂ ਦੁਕਾਨਾਂ, ਪੱਠੇ ਕੁਤਰਨ ਵਾਲੀਆਂ ਮਸ਼ੀਨਾ, ਖੇਤੀ ਦੇ ਸੰਦਾਂ ਦੀਆਂ ਦੁਕਾਨਾਂ, ਹਲਵਾਈ, ਚਾਹ ਦੇ ਸਟਾਲ, ਹਕੀਮ ਤੇ ਡਾਕਟਰ, ਸਾਰੇ ਹੀ ਸਨ ਉਸ ਬਾਜ਼ਾਰ ਵਿਚ। ਪਰ ਇਹ ਸਾਰੇ ਉੱਥੇ ਨਹੀਂ ਸਨ, ਉੱਥੇ ਸਨ ਸਿਰਫ਼ ਹਵੇਲੀਆਂ ਜਿਹਨਾਂ ਦੀ ਸੁਰੱਖਿਆ ਤੇ ਰਖਵਾਲੀ ਲਈ ਕਦੀ ਅਜਿਹੇ ਪਿੰਡ ਵਜੂਦ ਵਿਚ ਆਏ ਹੋਣਗੇ। ਪਿੰਡ ਵਿਚ ਜ਼ਿੰਦਗੀ ਸਿਰਫ਼ ਇਸ ਲਈ ਨਜ਼ਰ ਆਉਂਦੀ ਸੀ ਕਿ ਉੱਥੋਂ ਦੇ ਲੋਕ ਕਿਸੇ ਬਖ਼ਸ਼ੀਸ਼ ਉੱਤੇ ਨਹੀਂ ਬਲਿਕੇ ਆਪਣੀ ਮਿਹਨਤ ਦੇ ਬੂਤੇ ਜਿਊਂ ਰਹੇ ਸਨ।

ਦਵਾਈ ਖਰੀਦਿਆਂ ਹੋਇਆਂ ਅਜਿਹੀਆਂ ਗੱਲਾਂ ਦਾ ਧਿਆਨ ਆਉਣਾ ਮੇਰੀ ਆਦਤ ਦੇ ਮੁਤਾਬਕ ਸੀ। ਨਾਲ ਹੀ ਦਵਾਈ ਦੀ ਕੌੜੀ ਗੋਲੀ ਵਾਂਗ ਇਹ ਗੱਲ ਮਨ ਵਿਚ ਕੁਸੈਲ ਭਰ ਗਈ ਕਿ ਬੀਮਾਰੀ ਵਿਚ ਫ਼ੌਜੀ ਦੇ ਪਿੰਡ ਦੇ ਲੋਕ ਕੀ ਕਰਦੇ ਹੋਣਗੇ ? ਗੁਰੂਦੁਆਰੇ ਦੀ ਡਿਸਪੈਂਸਰੀ ਸਿਰਫ਼ ਯੱਗ ਦੇ ਦਿਨਾਂ ਵਿਚ ਖੁੱਲ੍ਹਦੀ ਹੈ। ਇਸ ਗੱਲ ਉੱਤੇ ਸ਼ਰਮ ਮਹਿਸੂਸ ਹੋਈ ਕਿ ਹਵੇਲੀਆਂ ਦੇਖਦੇ ਹੋਏ ਝੌਂਪੜੀਆਂ ਤੇ ਉਹਨਾਂ ਨਾਲ ਜੁੜੇ ਇਤਿਹਾਸ ਦਾ ਧਿਆਨ ਕਿਉਂ ਨਹੀਂ ਆਇਆ ? ਸਦੀਆਂ ਬਾਅਦ ਵੀ ਇਹਨਾਂ ਦੀ ਹਾਲਤ ਕਿਉਂ ਨਹੀਂ ਬਦਲੀ ? ਹਰ ਦਿਸ਼ਾ ਤੇ ਦਸ਼ਾ ਪੱਖੋਂ, ਏਨੇ ਓਹਲੇ ਤੇ ਪੋਲੇ ਕਿੰਜ ਰਹਿ ਗਏ ਸਨ ਇਹ ਲੋਕ ? ਕੀ ਅੱਜ ਵੀ ਸਮਾਂ ਇਹਨਾਂ ਨੂੰ ਖ਼ਿਦਮਤਗਾਰ ਹੀ ਸਮਝਦਾ ਹੈ ? ਜਿੱਧਰ ਧਿਆਨ ਪਹਿਲਾਂ ਦੇਣਾ ਚਾਹੀਦਾ ਸੀ, ਕਿਉਂ ਨਹੀਂ ਸੀ ਦਿੱਤਾ ਗਿਆ ? ਹਵੇਲੀਆਂ ਨੂੰ ਦੇਖਣ ਵਾਲੇ, ਝੌਂਪੜੀਆਂ, ਗਾਵਾਂ, ਮੱਝਾਂ, ਬੱਕਰੀਆਂ, ਸੂਰ, ਮੁਰਗੀਆਂ, ਭੌਂਕਦੇ ਕੁੱਤੇ, ਗੋਹੇ ਤੇ ਚਿੱਕੜ ਦੀ ਬੂ ਵਿਚ ਸਭ ਕੁਝ ਦੇਖਦੇ ਹੋਏ ਵੀ ਕੋਈ ਇਹ ਮਹਿਸੂਸ ਕਿਉਂ ਨਹੀਂ ਕਰ ਸਕਿਆ ਸੀ ?

ਪਿਛਲੇ ਸਮੇਂ ਵਿਚ ਦਿੱਤੀ ਗਈ ਸਰਕਾਰੀ ਸਹਾਇਤਾ ਤੇ ਰਾਹਤ ਕਾਰਜਾਂ ਦੀਆਂ ਕਾਰਗੁਜ਼ਾਰੀਆਂ ਦੀ ਨੁਮਾਇਸ਼ ਕਰਨ ਲਈ ਫ਼ੌਜੀ ਦੇ ਪਿੰਡ ਵਿਚ ਕੋਈ ਪੱਕੀ ਜਗ੍ਹਾ ਨਹੀਂ ਹੋਣੀ। ਤਦੇ ਤਾਂ ਗੁਰੂਦੁਆਰੇ ਦੀ ਕੰਧ ਉੱਪਰ ਉਹ ਪੱਥਰ ਲੱਗਿਆ ਸੀ ਜਿਸ ਵਿਚ ਤਿੰਨ ਮੰਤਰੀਆਂ ਦੇ ਨਾਂਅ ਖੁਦੇ ਸਨ, ਜਿਹੜੇ ਉੱਥੇ ਹਰੀਜਨ ਉਦਾਰ ਲਈ ਆਏ ਸਨ। ਪੱਥਰ ਹੇਠ ਗੁਰੂਦੁਆਰੇ ਦਾ ਕੁੜਾ ਪਿਆ ਸੀ।

ਆਪਣੀ ਉਦਾਸੀਨਤਾ ਉੱਪਰ ਦੁੱਖ ਹੋਇਆ। ਮਾਮੂਲੀ ਸੌਖਾਂ ਤੇ ਆਰਾਮ ਪ੍ਰਾਪਤ ਹੁੰਦਿਆਂ ਹੀ ਅਸੀਂ ਦੂਜਿਆਂ ਨੂੰ ਕਿਉਂ ਭੁੱਲ ਜਾਂਦੇ ਹਾਂ ? ਆਪਣੀ ਉਂਗਲ ਵਿਚੋਂ ਖ਼ੂਨ ਟਪਕਣ 'ਤੇ ਹੀ ਪੀੜ ਕਿਉਂ ਹੁੰਦੀ ਹੈ…ਕੀ ਮੈਂ ਵੀ ਇਸੇ ਬਿਮਾਰੀ ਦਾ ਸ਼ਿਕਾਰ ਹੋ ਚੁੱਕਿਆ ਹਾਂ ?

ਆਮ ਬਿਮਾਰੀਆਂ ਵਿਚ ਕੰਮ ਆਉਣ ਵਾਲੀਆਂ ਦਵਾਈਆਂ ਦਾ ਬੰਡਲ ਖਰੀਦ ਕੇ ਉਸਨੂੰ ਫੜਾ ਦਿੱਤਾ। ਉਸ ਨਾਲ ਉਹ ਏਨਾ ਭਾਵੁਕ ਹੋਇਆ ਕਿ ਉਸਦੀਆਂ ਅੱਖਾਂ ਸਿੱਜਲ ਹੋ ਗਈਆਂ। ਪਹਿਲੀ ਵਾਰ ਉਸਨੂੰ ਭੀਖ ਤੇ ਦੋਸਤੀ ਦੇ ਜਜ਼ਬੇ ਵਿਚ ਫ਼ਰਕ ਦਾ ਅਹਿਸਾਸ ਹੋਇਆ ਸੀ ਸ਼ਾਇਦ ! ਸਟਾਲ ਉੱਤੇ ਪਕੌੜੇ ਖਾਂਦਾ ਹੋਇਆ ਉਹ ਵਾਰੀ ਵਾਰੀ ਮੇਰੇ ਵੱਲ ਦੇਖ ਲੈਂਦਾ ਸੀ ਤੇ ਫੇਰ ਪਕੌੜਿਆਂ ਉੱਪਰ ਟੁੱਟ ਪੈਂਦਾ ਸੀ। ਕਦੀ ਫੇਰ ਝਿਜਕ ਕੇ ਰੁਕ ਜਾਂਦਾ ਸੀ। ਉਸਦੇ ਅੰਦਰਲੇ ਡਰ ਨੂੰ ਮੈਂ ਸਮਝ ਰਿਹਾ ਸਾਂ। ਮੇਰੇ ਨਾਲ ਖਾਣਾ ਉਸਦੇ ਨਾਸ਼ ਦਾ ਕਾਰਨ ਵੀ ਬਣ ਸਕਦਾ ਸੀ। ਪਕੌੜਿਆਂ ਤੇ ਜਲੇਬੀਆਂ ਦੀ ਵੀ ਆਪਣੀ ਵੱਖਰੀ ਲਾਲਸਾ ਹੁੰਦੀ ਹੈ, ਜਿਹੜੀ ਮੈਂ ਉਹਨਾਂ ਦਿਨਾਂ ਵਿਚ ਚੱਖੀ ਹੈ, ਜਦ ਦੋ ਦੋ ਦਿਨ ਖਾਣ ਲਈ ਕੁਝ ਨਹੀਂ ਸੀ ਮਿਲਦਾ।

ਸਾਡੇ ਆਲੇ ਦੁਆਲੇ ਖੁਸਰ-ਫੁਸਰ ਹੋ ਰਹੀ ਸੀ। ਸਾਰੇ ਫ਼ੌਜੀ ਉੱਪਰ ਤਾਅਨੇ ਕੱਸ ਰਹੇ ਸਨ। ਕੋਈ ਉਸ ਉੱਤੇ ਤਰਸ ਖਾ ਰਿਹਾ ਸੀ।

"ਡਰ ਨਾ, ਕਿਸੇ ਸਾਲੇ ਦੀ ਹਿੰਮਤ ਨਹੀਂ ਤੈਨੂੰ ਕੁਛ ਆਖੇ। ਉਹ ਸਾਰੇ ਇੱਥੇ ਹੀ ਆ ਕੇ ਸੁੱਚਮ ਦਿਖਾਉਂਦੇ ਨੇ। ਹੋਟਲਾਂ ਵਿਚ ਸਭ ਦੇ ਹੱਥ ਦਾ ਬਣਿਆ ਖਾ ਲੈਂਦੇ ਨੇ।"

"ਕੀ ?"

ਪਕੌੜਾ ਉਸਦੇ ਹੱਥੋਂ ਡਿੱਗ ਪਿਆ। ਉਸਦਾ ਮੂੰਹ ਖੁੱਲ੍ਹਾ ਰਹਿ ਗਿਆ। ਉਸਨੇ ਅਵਿਸ਼ਵਾਸ ਤੇ ਹੈਰਾਨੀ ਨਾਲ ਮੇਰੇ ਮੂੰਹ ਵੱਲ ਤੱਕਿਆ। ਮੇਰੇ ਮੂੰਹੋਂ ਹਾਕਮਾਂ ਲਈ ਗਾਲ੍ਹਾਂ ਸੁਣਨਾ ਉਸ ਲਈ ਕਿਸੇ ਹੋਰ ਦੁਨੀਆਂ ਦੀ ਗੱਲ ਸੀ। ਉਸਨੇ ਮੇਰੇ ਦੋਹੇਂ ਹੱਥ ਆਪਣੇ ਹੱਥਾਂ ਵਿਚ ਜਕੜ ਲਏ।

"ਤੇਰੀ ਝੌਂਪੜੀ ਕੱਚੀ ਐ ਜਾਂ ਪੱਕੀ ?"

"ਆਪਣੀ ਕਿਸਮਤ ਈ ਕਾਣੀ ਐਂ ਜੀ।"

"ਓਹ ਕਿਉਂ ਬਈ ?"

ਉਹ ਚੁੱਪ ਸੀ। ਉਸਦਾ ਚਿਹਰਾ ਬੁਝ ਗਿਆ। ਅੱਖਾਂ ਬੰਦ ਹੋ ਗਈਆਂ। ਪਰ ਉਸਦੀ ਪਕੜ ਪਹਿਲਾਂ ਨਾਲੋਂ ਵੱਧ ਮਜ਼ਬੂਤ ਹੋ ਗਈ। ਗਰਮਜੋਸ਼ੀ ਨਾਲ ਭਰਪੂਰ।

"ਉਹਨਾਂ ਦੀ ਭੀਖ ਤੈਨੂੰ ਮਿਹਰ ਤੇ ਇਨਾਮ ਲੱਗ ਰਹੀ ਏ। ਜਿਹੜੀ ਗ਼ਲਤੀ ਕਿਸੇ ਮਜ਼ਬੂਰੀ ਵਿਚ ਤੇਰੇ ਬਜ਼ੁਰਗਾਂ ਨੇ ਕੀਤੀ ਹੋਵੇਗੀ, ਕੀ ਉਹ ਰੀਤ ਮੰਨੀ ਜਾਵੇਗੀ ? ਕਦੀ ਉਹਨਾਂ ਨੂੰ ਵੀ ਇਹ ਜ਼ਮੀਨਾਂ ਕਿਸੇ ਵੱਡੇ ਹਾਕਮ ਨੂੰ ਖੁਸ਼ ਕਰਕੇ ਭੀਖ ਵਿਚ ਮਿਲੀਆਂ ਹੋਣਗੀਆਂ। ਕੀ ਪਤਾ ਇਸ ਲਈ ਉਹਨਾਂ ਕੀ ਕੀ ਨੀਚ ਕਰਮ ਕੀਤੇ ਹੋਣਗੇ…"

ਤੁਰਦਿਆਂ ਤੁਰਦਿਆਂ ਉਸਦੀਆਂ ਨਜ਼ਰਾਂ ਦੂਰ ਖੇਤਾਂ ਵਿਚਲੇ ਤਿੰਨ ਚਾਰ ਮਿੱਟੀ ਦੇ ਉੱਚੇ ਟਿੱਬਿਆਂ ਉੱਤੇ ਟਿੱਕ ਗਈਆਂ। ਡੁੱਬਦਾ ਸੂਰਜ ਹਰ ਚੀਜ਼ ਉੱਤੇ ਲਾਲ-ਸੁਨਹਿਰੀ ਰੰਗ ਬਰੂਰ ਰਿਹਾ ਸੀ। ਫ਼ੌਜੀ ਦਾ ਚਿਹਰਾ, ਖੇਤ, ਦਰਖ਼ਤ, ਆਕਾਸ਼ ਸਾਰੇ ਉਸੇ ਰੰਗ ਵਿਚ ਦਹਿਕ ਰਹੇ ਸਨ।

"ਤੇਰੀ ਜਗ੍ਹਾ ਜੇ ਮੈਂ ਹੁੰਦਾ ਤਾਂ, ਉਹਨਾਂ ਦੀਆਂ ਹਵੇਲੀਆਂ ਦੀਆਂ ਇੱਟਾਂ ਨਾਲ, ਆਪਣਾ ਪੱਕਾ ਘਰ ਬਣਾ ਲੈਂਦਾ।"

ਉਹ ਅਟਕ ਕੇ ਖੁਸ਼ੀ ਨਾਲ ਮੇਰੇ ਵੱਲ ਦੇਖਣ ਲੱਗ ਪਿਆ, ਜਿਵੇਂ ਲੰਮੀ ਯਾਤਰਾ ਤੋਂ ਬਾਅਦ ਉਸਨੇ ਕੋਈ ਪੜਾਅ ਦੇਖਿਆ ਹੋਵੇ, ਮੇਰੇ ਚਿਹਰੇ ਉੱਤੇ। ਪਰ ਮੈਂ ਤਿਲ੍ਹਕ ਕੇ ਬਹੁਤ ਦੂਰ ਜਾ ਨਿਕਲਿਆ ਸਾਂ। ਜਦ ਮੈਂ ਬਾਰ੍ਹਾਂ ਸਾਲ ਦਾ ਸਾਂ, ਆਪਣੀ ਤੜਪ ਸਦਕਾ ਛੋਟੀ ਉਮਰ ਵਿਚ ਹੀ ਰਾਜਨੀਤੀ ਵਿਚ ਕੁੱਦ ਪਿਆ ਸਾਂ। ਇਸ ਦੁਨੀਆਂ ਨੂੰ ਬਦਲਣ ਖਾਤਰ।

ਉਸ ਦੁਨੀਆਂ ਨਾਲੋਂ ਕੱਟ ਕੇ ਕਿਸ ਨੇ ਮੈਨੂੰ ਵੱਖ ਕੀਤਾ ਹੈ ? ਇਸ ਦਾ ਜਵਾਬ ਮੁਸ਼ਕਿਲ ਸੀ। ਸ਼ੁਰੂਆਤ ਓਹਨੀਂ ਦਿਨੀਂ ਹੋਈ ਜਦ ਸਾਰੇ ਚੁਣ ਕੇ ਉੱਪਰ ਚਲੇ ਗਏ। ਖਤਰੇ ਖ਼ਤਮ ਹੋ ਗਏ…ਮੇਰੀ ਆਵਾਜ਼ ਜਿਹੜੀ ਸੱਤਾ ਤੇ ਅਨਿਆਂ ਦਾ ਵਿਰੋਧ ਕਰਦੀ ਸੀ, ਹੁਣ ਆਪਣਿਆਂ ਦਾ ਵਿਰੋਧ ਕਰਨ ਲੱਗ ਪਈ। ਆਪਣੀ ਦੁਨੀਆਂ ਵਿਚ ਹੀ ਅਸੀਂ ਓਪਰੇ-ਪਰਾਏ ਹੋ ਗਏ ਸਾਂ।
*** ਉਹੀ ਫ਼ੌਜੀ ਅੱਜ ਸਾਹਮਣੇ ਸੀ।

ਅੱਖਾਂ ਵਿਚ ਚੀਤੇ ਵਰਗੀ ਚਮਕ, ਮਜ਼ਬੂਤ ਹੱਥ ਵਿਚ ਮਦਾਰੀਆਂ ਵਾਂਗਰ ਡੰਡਾ। ਕਮੀਜ਼ ਪਤਲੂਨ, ਪੈਰਾਂ ਵਿਚ ਬੂਟ।

"ਪੁਲ ਪਿਛਲੇ ਸਾਲ ਬਣਿਆ ਐਂ ਜੀ…ਬੰਨ੍ਹ ਚਾਰ ਸਾਲ ਪਹਿਲਾਂ ਖੜ੍ਹਾ ਹੋ ਗਿਆ ਸੀ।" ਉਹ ਪਿਛਲੇ ਸਾਲਾਂ ਵਿਚ ਹੋਏ ਪਰਿਵਰਤਨ ਗਿਣਾਉਣ ਲੱਗਾ।

ਬੰਨ੍ਹ ਤੋਂ ਅੱਗੇ ਸੜਕ ਤੋਂ ਪਿੱਛੇ ਦੂਰ ਤੱਕ ਫੈਲੇ ਪਾਣੀ ਉੱਪਰ ਪਰਿੰਦੇ ਹੀ ਪਰਿੰਦੇ ਸਨ…ਅਕਾਸ਼ ਵਿਚ ਉੱਡਦੇ ਹੋਏ ਪਰਿੰਦੇ, ਪਰਿੰਦਿਆਂ ਨਾਲ ਢੱਕੇ ਦਰਖ਼ਤ, ਪਾਣੀ ਉੱਪਰ ਤੈਰਦੇ ਪਰਿੰਦੇ।

ਅਸੀਂ ਬੰਨ੍ਹ ਉੱਤੇ ਰੁਕ ਗਏ। ਪੱਥਰਾਂ ਨੇ ਉਸ ਧਾਰ ਨੂੰ ਰੋਕ ਦਿੱਤਾ ਸੀ ਜਿਹੜੀ ਕਦੀ ਇਕ ਖ਼ੂੰਖ਼ਾਰ ਦਰਿਆ ਵਾਂਗ ਵਹਿੰਦੀ ਪਿੰਡਾਂ ਦੇ ਪਿੰਡ ਤਬਾਹ ਕਰ ਜਾਂਦੀ ਸੀ। ਧਾਰ ਝੀਲ ਬਣ ਚੁੱਕੀ ਸੀ। ਕਿੰਨਾਂ ਸੱਚ ਕਿਹਾ ਸੀ ਮੇਰੀ ਕਹਾਣੀ ਦੇ ਇਕ ਪਾਤਰ ਨੇ ਕਿ 'ਇਹ ਧਾਰ ਇਕ ਦਿਨ ਝੀਲ ਬਣ ਜਾਏਗੀ।'

ਅੱਜ ਉਸੇ ਝੀਲ ਨੂੰ ਦੇਖਣਾ ਇਕ ਬੜੀ ਵੱਡੀ ਗੱਲ ਸੀ ਮੇਰੇ ਲਈ। ਪਾਣੀ ਉੱਪਰ ਤੈਰਦੇ ਪਰਿੰਦੇ, ਸਮਾਧੀ ਲਾਈ ਬੈਠੇ ਬਗਲੇ, ਗੁਰੂਦੁਆਰੇ ਦੀ ਇਮਾਰਤ ਦਾ ਡੋਲਦਾ ਹੋਇਆ ਅਕਸ, ਦਰਖ਼ਤਾਂ ਦੀ ਛਾਂ, ਹਵੇਲੀਆਂ ਤੇ ਹੋਰ ਚੀਜ਼ਾਂ ਦੇ ਪ੍ਰਤੀਬਿੰਬ ਡੋਲ ਰਹੇ ਸਨ, ਪਰ ਮੈਂ ਕਿਤੇ ਹੋਰ ਸਾਂ।

"ਕੁਛ ਕਿਹੈ, ਤੁਸੀਂ ?"

ਮੈਂ ਸ਼ਾਇਦ ਬੜਬੜਾਇਆ ਸਾਂ, "ਹਾਂ, ਇੱਥੇ ਤਾਂ ਸਭ ਕੁਛ ਬਦਲ ਗਿਐ।"

…ਮੈਂ ਵਾਪਸ ਪਰਤ ਆਇਆ। ਜਿੱਥੇ ਪਹਿਲਾਂ ਕੋਈ ਆਦਮੀ ਦਿਖਾਈ ਨਹੀਂ ਦਿੰਦਾ ਸੀ, ਉੱਥੇ ਵੀ ਜ਼ਿੰਦਗੀ ਦੇ ਆਸਾਰ ਦਿਖਾਈ ਦੇ ਰਹੇ ਸਨ।

ਮੈਂ ਉੱਥੇ ਕਦੀ ਨਾ ਆਉਂਦਾ। ਕੱਲ੍ਹ ਮੇਰੇ ਸਹੁਰੇ ਨੇ ਦੱਸਿਆ ਕਿ ਬੰਨ੍ਹ ਬਣਨ ਪਿੱਛੋਂ ਪਾਣੀ ਦੀ ਧਾਰ ਝੀਲ ਬਣ ਗਈ ਹੈ। ਉਜਾੜ ਜਗ੍ਹਾ ਇਕ ਉਦਯੋਗਿਕ ਕੇਂਦਰ ਬਣ ਗਿਆ ਹੈ। ਏਨੀ ਕੁ ਗੱਲ ਸੁਣਨ ਪਿੱਛੋਂ ਮੈਂ ਸਾਰੀ ਰਾਤ ਸੌਂ ਨਹੀਂ ਸੀ ਸਕਿਆ, ਸਵੇਰੇ ਪਹਿਲੀ ਬੱਸੇ ਇੱਥੇ ਪਹੁੰਚ ਗਿਆ ਸਾਂ। ਪਿਛਲੀ ਵੇਰ ਇੱਥੋਂ ਜਾਣ ਪਿੱਛੋਂ ਮੈਂ ਦੋ ਕਹਾਣੀਆਂ ਲਿਖੀਆਂ ਸਨ। ਇਕ ਕਹਾਣੀ ਇੱਥੋਂ ਦੀ ਖ਼ੂੰਖ਼ਾਰ ਧਾਰ ਉੱਪਰ ਸੀ, ਜਿਸਦੀ ਤੇਜ਼ ਮਾਰ ਸਦਕਾ ਛੋਟੇ ਛੋਟੇ ਕਿਸਾਨਾਂ ਦੀਆਂ ਜ਼ਮੀਨਾਂ, ਰੇਤਲੀਆਂ ਤੇ ਬੰਜਰ ਹੋ ਚੁੱਕੀਆਂ ਸਨ। ਸਾਰੇ ਆਪਣੀ ਧਰਤੀ ਵੇਚ ਕੇ ਇਕ ਅਮੀਰ ਕਿਸਾਨ ਦੇ ਜਾਲ ਵਿਚ ਫਸ ਰਹੇ ਸਨ। ਉਸ ਕਹਾਣੀ ਵਿਚ ਇਕ ਕੁੜੀ ਨੇ ਗੁੱਸੇ ਵਿਚ ਕਿਹਾ ਸੀ ਕਿ 'ਹੁਣ ਇੱਥੋਂ ਪਾਣੀ ਖ਼ਤਮ ਨਹੀਂ ਹੋ ਸਕਦਾ…ਇੱਥੇ ਝੀਲ ਬਣੇਗੀ ਤੇ ਸਾਡੇ ਜਾਨਵਰ ਇੱਥੇ ਪਾਣੀ ਪੀਆ ਕਰਨਗੇ…।'

ਦੂਜੀ ਕਹਾਣੀ ਹਵੇਲੀਆਂ ਦੇ ਹਾਕਮਾਂ ਉੱਤੇ ਸੀ, ਜਿਸਦੇ ਅੰਤ ਵਿਚ ਮੈਂ ਕਿਹਾ ਸੀ ਕਿ 'ਜੇ ਉਹਨਾਂ ਨੂੰ ਪਤਾ ਲੱਗ ਜਾਏ ਕਿ ਇੱਥੇ ਪਰਤ ਆਉਣ ਦਾ ਉਹਨਾਂ ਨੂੰ ਸ਼ਹਿਰ ਨਾਲੋਂ ਵੱਧ ਲਾਭ ਹੋਏਗਾ ਤਾਂ ਉਹ ਫੇਰ ਇੱਥੇ ਪਰਤ ਆਉਣਗੇ…ਪਰ ਉਹ ਹਵੇਲੀਆਂ ਵਿਚ ਨਾ ਰਹਿ ਕੇ ਆਧੁਨਿਕ ਮਕਾਨਾਂ ਵਿਚ ਰਹਿਣਗੇ…'

ਹੁਣ ਅਸੀਂ ਦੋਹੇਂ ਕਿਸ਼ਤੀ ਵਿਚ ਸਾਂ। ਸਰਕਦੀ ਹੋਈ ਕਿਸ਼ਤੀ ਸਾਨੂੰ ਉੱਥੇ ਲੈ ਗਈ ਜਿੱਥੇ ਅਸੀਂ ਉਤਰਨਾ ਸੀ। ਪਿਛਲੀ ਵਾਰੀ ਉੱਥੇ ਕਿਸ਼ਤੀਆਂ ਦਾ ਪੁਲ ਹੁੰਦਾ ਸੀ। ਹੁਣ ਨਾ ਪੁਲ ਸੀ, ਨਾ ਧਾਰ। ਪੁਲ ਦੀਆਂ ਕਿਸ਼ਤੀਆਂ ਰੇਤ ਵਿਚ ਧਸੀਆਂ ਪਈਆਂ ਸਨ। ਫੱਟੇ ਉੱਖੜੇ, ਖਿੱਲਰੇ ਪਏ ਸਨ। ਕਿਨਾਰੇ ਦੇ ਨਾਲ ਨਾਲ ਟੁੱਟੀਆਂ ਟਾਹਣੀਆਂ, ਕਿਸੇ ਬੱਚੇ ਦਾ ਖਿਡੌਣਾ, ਰਬੜ ਦੀ ਚੱਪਲ…ਨਿੱਕੀਆਂ ਨਿੱਕੀਆਂ ਲਹਿਰਾਂ ਵਿਚ ਟੁੱਭੀਆਂ ਲਾ ਰਹੇ ਸਨ।

"ਛੇਤੀ ਕਰੋ ਜੀ, ਕੁਸ਼ ਦਿਖਾਉਣਾ ਐਂ।" ਉਸਦੀ ਬੜਬੜਾਹਟ ਵਿਚ ਕੋਈ ਹਲਚਲ ਮਚਲ ਰਹੀ ਸੀ।

ਮੈਂ ਉਸ ਵੱਲ ਤੱਕਣ ਲੱਗ ਪਿਆ।

"ਮੈਂ ਚਿੱਠੀਆਂ ਪਾਈਆਂ, ਤੁਸੀਂ ਜਵਾਬ ਨਹੀਂ ਦਿੱਤਾ ?"

"ਚਿੱਠੀਆਂ ?" ਮੈਂ ਤ੍ਰਬਕਿਆ। ਉਹ ਗੱਲ ਮੈਨੂੰ ਅੰਦਰ ਤੱਕ ਛੂਹ ਗਈ। ਮੈਨੂੰ ਉਸਦੀ ਇਕ ਵੀ ਚਿੱਠੀ ਨਹੀਂ ਸੀ ਮਿਲੀ। ਮੈਂ ਕਾਹਲ ਨਾਲ ਉਸਦੇ ਨਾਲ ਨਾਲ ਤੁਰਨ ਲੱਗਾ। ਅੰਦਰ ਇਕ ਹੈਰਾਨੀ ਭਰ ਗਈ। ਪਤਾ ਨਹੀਂ ਹੁਣ ਕੀ ਦੇਖਣ ਜਾ ਰਿਹਾ ਹਾਂ ਮੈਂ ! ਸਾਹਮਣੇ ਸੜਕਾਂ ਦਾ ਜਾਲ, ਬਾਜ਼ਾਰ, ਦੁਕਾਨਾਂ, ਚਾਹ ਦੇ ਸਟਾਲ, ਅਖ਼ਬਾਰ ਵੇਚਦੇ ਹਾਕਰ, ਦੌੜਦੇ ਹੋਏ ਟਰੱਕ, ਜੀਪਾਂ, ਟੈਕਸੀਆਂ, ਟਰੈਕਟਰ, ਬੱਸਾਂ ਦਾ ਅੱਡਾ, ਖੜ੍ਹੀਆਂ ਬੱਸਾਂ ਗਿਰਦ ਮੰਡਲਾਉਂਦੇ ਛਾਪੜੀਆਂ ਵਾਲੇ। ਸਾਈਕਲ ਪਿੱਛੇ ਦੋ ਡਰੰਮ ਬੰਨ੍ਹ ਕੇ ਡੀਜ਼ਲ ਵੇਚਦਾ ਹੋਇਆ ਆਦਮੀ…ਇਕ ਉੱਚੇ ਬੋਰਡ ਉੱਪਰ ਉਹਨਾਂ ਉਦਯੋਗਾਂ ਦੀ ਸੂਚੀ ਸੀ ਜਿਹੜੇ ਇੱਥੇ ਲਾਏ ਜਾ ਰਹੇ ਸਨ। ਤੀਰ ਦਾ ਨਿਸ਼ਾਨ ਉੱਧਰ ਸੰਕੇਤ ਕਰ ਰਿਹਾ ਸੀ, ਜਿੱਧਰ ਫੈਕਟਰੀਆਂ ਦੇ ਸ਼ੈੱਡ ਉੱਚੇ ਉੱਠ ਰਹੇ ਸਨ। ਉੱਧਰ ਚਹਿਲ-ਪਹਿਲ ਤੇ ਸ਼ੋਰ ਵੀ ਸੀ। ਗਤੀ ਸੀ। ਇੱਥੇ ਸਭ ਬਦਲ ਜਾਏਗਾ, ਚਿਮਨੀਆਂ 'ਚੋਂ ਧੂੰਆਂ ਉੱਠੇਗਾ। ਉਹ ਸਭ ਇੱਥੇ ਵੀ ਹੋਏਗਾ ਜਿਹੜਾ ਇੱਥੋਂ ਦੀ ਧੂੜ ਤੋਂ ਅਜੇ ਦੂਰ ਹੈ। ਇਕ ਨਵੀ ਤਰ੍ਹਾਂ ਦਾ ਫ਼ਰੇਬ ਇੱਥੇ ਵੀ ਹਾਵੀ ਹੋ ਜਾਵੇਗਾ।

ਦੋ ਕਾਰਾਂ ਧੂੜ ਉਡਾਉਂਦੀਆਂ ਹੋਈਆਂ ਕੋਲੋਂ ਲੰਘ ਗਈਆਂ। ਉਹਨਾਂ ਦੇ ਪਿੱਛੇ ਕਿਸੇ ਪੁਲਿਸ ਅਫ਼ਸਰ ਦੀ ਜੀਪ ਵੀ ਫੁਰੱਰ ਕਰਦੀ ਨਿਕਲੀ।

"ਆਪਣੀਆਂ ਮੌਜਾਂ ਨੇ ਹੁਣ। ਕਈ ਵਾਰ ਕਾਰ ਦੀ ਸੈਰ ਵੀ ਕੀਤੀ ਐ ਜੀ।"

ਫ਼ੈਕਟਰੀਆਂ ਦੇ ਸਾਰੇ ਵੱਡੇ ਪਲਾਟ ਹਾਕਮਾਂ ਦੇ ਪਰਿਵਾਰਾਂ ਨੇ ਖ਼ਰੀਦ ਲਏ ਸਨ। ਜ਼ਮੀਨਾਂ ਸਸਤੀਆਂ ਵਿਕੀਆਂ ਸਨ। ਇਮਾਰਤ ਤੇ ਮਸ਼ੀਨਰੀ ਲਈ ਸਹਾਇਤਾ ਵਜੋਂ ਬਿਨਾਂ ਵਿਆਜ਼ ਦਾ ਕਰਜਾ ਮਿਲ ਜਾਣਾ ਸੀ। ਬਿਜਲੀ ਤੇ ਹੋਰ ਸੁਵਿਧਾਵਾਂ ਸਰਹੱਦੀ ਏਰੀਆ ਹੋਣ ਕਰਕੇ ਦੂਜੀਆਂ ਜਗਾਹਾਂ ਨਾਲੋਂ ਵੱਧ ਤੇ ਸਸਤੀਆਂ ਸਨ।

ਹੈਰਾਨ ਕਰ ਦੇਣ ਵਾਲੀ ਗੱਲ ਇਹ ਸੀ ਕਿ ਇੰਡਸਟ੍ਰੀਅਲ ਏਰੀਏ ਦੇ ਸਾਰੇ ਪਲਾਟ ਹਾਕਮਾਂ ਦੀ ਜ਼ਮੀਨ ਦੀ ਹੱਦ ਤੋਂ ਬਾਹਰ ਸਨ---ਇਸ ਦਾ ਇਹੋ ਅਰਥ ਸੀ ਕਿ ਬਾਅਦ ਵਿਚ ਉਹਨਾਂ ਦੀਆਂ ਜ਼ਮੀਨਾਂ ਮਹਿੰਗੇ ਭਾਅ ਵਿਕਣਗੀਆਂ। ਹਵੇਲੀਆਂ ਨੂੰ ਦੇਖ ਕੇ ਉਹ ਰੋਮਾਂਚ ਨਹੀਂ ਹੋਇਆ ਜਿਹੜਾ ਪਿੱਛਲੀ ਵਾਰੀ ਭਾਰੂ ਹੋਇਆ ਸੀ। ਉਹਨਾਂ ਵਿਚ ਇਸ ਵਾਰੀ ਜ਼ਿੰਦਗੀ ਸੀ। ਮੁਰੰਮਤ ਦੀਆਂ ਟਾਕੀਆਂ ਹਰੇਕ ਕੰਧ-ਕੌਲੇ ਉੱਤੇ ਨਜ਼ਰ ਆਈਆਂ ਸਨ। ਛੋਟੀਆਂ ਇੱਟਾਂ ਵਿਚ ਵੱਡੀਆਂ ਇੱਟਾਂ ਫੋੜਿਆਂ ਵਾਂਗ ਦਿਖਾਈ ਦਿੱਤੀਆਂ। ਹਰੇਕ ਹਵੇਲੀ ਉੱਪਰ ਟੀ.ਵੀ. ਦਾ ਉੱਚਾ ਐਂਟੀਨਾ ਕਾਵਾਂ ਦੀ ਸਭਾ ਬਣਿਆ ਹੋਇਆ ਸੀ। ਹਰ ਹਵੇਲੀ ਵਿਚੋਂ ਆਉਂਦੀਆਂ ਫ਼ਿਲਮੀ ਗਾਣਿਆਂ ਦੀਆਂ ਆਵਾਜ਼ਾਂ ਦੂਰੋਂ ਹੀ ਸੁਣੀਆ ਜਾ ਸਕਦੀਆਂ ਸਨ। ਠੇਕੇਦਾਰਾਂ ਦੇ ਕਰਮਚਾਰੀ, ਵੱਡੇ ਬਾਬੂ, ਛੋਟੇ ਇੰਜਨੀਅਰ ਆਦਿ ਹਵੇਲੀਆਂ ਵਿਚ ਵੱਸ ਚੁੱਕੇ ਸਨ। ਹੁਣ ਅਸੀਂ ਉੱਥੇ ਸਾਂ, ਜਿੱਥੇ ਮੈਨੂੰ ਲਿਆਉਣ ਲਈ ਉਹ ਝੱਲਾ ਹੋਇਆ ਹੋਇਆ ਸੀ।

ਜੋ ਮੇਰੀਆਂ ਅੱਖਾਂ ਸਾਹਮਣੇ ਸੀ ਉਸ ਉੱਤੇ ਯਕੀਨ ਨਹੀਂ ਸੀ ਹੋ ਰਿਹਾ। ਪਰ ਸੱਚ ਇਕ ਠੋਕ ਹਕੀਕਤ ਵਾਂਗਰ ਅੱਖਾ ਸਾਹਮਣੇ ਸੀ। ਤੈਸ਼ ਤੇ ਕਰੋਧ ਵਿਚ ਕਹੀ ਹੋਈ ਗੱਲ, ਇਕ ਸ਼ਕਲ ਅਖ਼ਤਿਆਰ ਕਰ ਚੁੱਕੀ ਸੀ। ਜਿਸ ਪਿੱਛੇ ਕੁਝ ਕਰ ਦੇਣ ਦੀ ਅੱਗ ਵੀ ਦਿਖਾਈ ਦਿੱਤੀ। ਇਕ ਡੂੰਘੇ ਅਸਰ ਵਾਂਗ, ਸਾਰੀਆਂ ਝੌਂਪੜੀਆਂ ਹਵੇਲੀਆਂ ਦੀਆਂ ਛੋਟੀਆਂ ਇੱਟਾਂ ਨਾਲ ਪੱਕੇ ਕਮਰਿਆਂ ਵਿਚ ਬਦਲ ਚੁੱਕੀਆਂ ਸਨ।

"ਕੁਸ਼ ਯਾਦ ਆਇਆ ? ਖੁਸ਼ੀ ਵਿਚ ਉਸਦੀਆਂ ਅੱਖਾਂ ਛਲਛਲ ਕਰਨ ਲੱਗੀਆਂ। ਸਾਰਿਆਂ ਨੇ ਇਕ ਦੀਵਾਨੀ ਖੁਸ਼ੀ ਨਾਲ ਮੈਨੂੰ ਘੇਰ ਲਿਆ। ਮੈਂ ਉਹਨਾਂ ਵਿਚ ਉਹਨਾਂ ਦੇ ਕਿਸੇ ਘਰ ਤੇ ਆਦਮੀ ਵਾਂਗ ਆਪਣਾ ਤੇ ਜਾਣਿਆ ਮਾਣਿਆ ਸਾਂ। ਹਮੇਸ਼ਾ ਉਹਨਾਂ ਵਿਚ ਰਹਿਣ ਵਾਲਾ।

ਸਾਡੇ ਵਿਚਾਰਾਂ ਦੀ ਇਕ ਛੋਟੀ ਜਿਹੀ ਲੌ ਨੇ ਇਸ ਗੁਮਨਾਮ ਪਿੰਡ ਨੂੰ ਬਦਲ ਕੇ ਹਵੇਲੀਆਂ ਨਾਲੋਂ ਵੱਖ ਕਰ ਦਿੱਤਾ। ਉਹ ਪਾੜਾ ਜਿਹੜਾ ਸਮਾਂ ਨਹੀਂ ਪੈਦਾ ਕਰ ਸਕਿਆ, ਇਕ ਛੋਟੀ ਜਿਹੀ ਚੰਗਿਆੜੀ ਨੇ ਪੈਦਾ ਕਰ ਦਿੱਤਾ ਸੀ। ਫੇਰ ਸਾਡੇ ਵਿਚਾਰ ਅਜਿਹੇ ਲੋਕਾਂ ਦੇ ਦਿਲ ਦੀ ਧੜਕਨ ਕਿਉਂ ਨਹੀਂ ਬਣ ਸਕੇ ?

ਮੈਨੂੰ ਲੱਗਿਆ ਇਹ ਪਿੰਡ ਸਾਡਾ ਹੈ। ਇਸ ਦਾ ਜਨਮ ਸਾਡੇ ਵਿਚਾਰਾਂ ਦੀ ਸ਼ਕਤੀ ਨਾਲ ਹੋਇਆ ਹੈ। ਹੁਣ ਇਹ ਕਿਤੇ ਵੀ ਹੋਣ, ਲੜ ਸਕਦੇ ਨੇ ਭਾਵੇਂ ਇਹਨਾਂ ਦੀਆਂ ਝੌਂਪੜੀਆਂ ਹੀ ਕਿਉਂ ਨਾ ਢਾਹ ਦਿੱਤੀਆਂ ਜਾਣ…

"ਤੁਹਾਡੇ ਬਾਰੂਦ ਨੇ ਮਸਾਲੇ ਦਾ ਕੰਮ ਕੀਤੈ ਜੀ।" ਉਸਨੇ ਠੇਠ ਪੰਜਾਬੀ ਵਿਚ ਕਿਹਾ, ਪਰ ਅਰਥ ਉਹੀ ਸਨ ਜੋ ਮੈਂ ਮਹਿਸੂਸ ਕਰ ਰਿਹਾ ਸਾਂ।

"ਮਕਾਨ ਵੱਡੀਆਂ ਇੱਟਾਂ ਦੇ ਕਿਉਂ ਨਹੀਂ ਬਣੇ?"

"ਵੱਡੀਆਂ ਇੱਟਾਂ…?"

"ਹੁਣ ਉਹਨਾਂ ਨੂੰ ਛੋਟੀਆਂ ਇੱਟਾਂ ਦੀ ਜ਼ਰੂਰਤ ਨਹੀਂ…ਦੇਖਦੇ ਨਹੀਂ, ਹਵੇਲੀਆਂ ਦੀ ਮੁਰੰਮਤ ਵੀ ਵੱਡੀਆਂ ਇੱਟਾਂ ਨਾਲ ਹੋ ਰਹੀ ਐ..."

ਮੇਰੀ ਗੱਲ ਦੇ ਨਾਲ ਹੀ ਉਹ ਕੋਈ ਸੰਕੇਤ ਵੀ ਲੈ ਗਏ। ਉੱਥੇ ਆਪੋ ਵਿਚ ਖੁਸਰ ਫੁਸਰ ਹੋਣ ਲੱਗੀ।ਅਸਲ ਵਿਚ ਇਹ ਗੱਲ ਮੈਂ ਇਕ ਉਦਾਸੀਨਤਾ ਵਿਚ ਡੁੱਬ ਕੇ ਕਹੀ ਸੀ। ਵਾਰੀ ਵਾਰੀ ਮੇਰੀ ਨਿਗਾਹ ਪੂਰੇ ਪਿੰਡ ਉੱਤੇ ਟਿੱਕ ਜਾਂਦੀ। ਇਕ ਮਾਣ ਨਾਲ ਮੇਰਾ ਅੰਦਰ-ਬਾਹਰ ਭਰ ਜਾਂਦਾ ਤੇ ਮੈਂ ਭਖ਼ ਉਠਦਾ। ਪਿਛਲਾ ਜੋਸ਼ ਫੇਰ ਪਰਤ ਆਇਆ। ਅਜੇ ਲੋਹੇ ਨੂੰ ਹੋਰ ਗਰਮ ਕਰਨ ਦੀ ਲੋੜ ਹੈ…ਮੈਂ ਉਸਨੂੰ ਗਰਮ ਕਰਨਾ ਸ਼ੁਰੂ ਕਰ ਦਿੱਤਾ। ਸਾਰਾ ਦਿਨ ਉਹ ਮੇਰੇ ਨਾਲ ਚਿਪਕਿਆ, ਮੇਰੀਆਂ ਗੱਲਾਂ ਸੁਣਦਾ ਰਿਹਾ।
***
ਇਕ ਕਾਰ ਮੈਨੂੰ ਲੱਭਦੀ ਫਿਰ ਰਹੀ ਸੀ। ਉਹਨਾਂ ਨੂੰ ਮੇਰੇ ਆਉਣ ਦੀ ਖ਼ਬਰ ਮਿਲ ਚੁੱਕੀ ਸੀ। ਉਹ ਜਾਣਦੇ ਸਨ ਮੈਂ ਕਈ ਵਰ੍ਹੇ ਮਜ਼ਦੂਰਾਂ ਵਿਚ ਬਿਤਾਏ ਨੇ ਤੇ ਕਈ ਵਾਰੀ ਅੰਦਰ ਵੀ ਹੋਇਆ ਹਾਂ। ਉਹ ਕਿਉਂ ਮੈਨੂੰ ਲੱਭ ਰਹੇ ਨੇ, ਮੈਂ ਇਹ ਵੀ ਸਮਝਦਾ ਹਾਂ।

ਉਹ ਦੋ ਸਾਲ ਪਹਿਲਾਂ ਇੱਥੇ ਆਏ ਸਨ। ਖ਼ੂਬ ਦਾਨ ਕੀਤਾ। ਲੰਗਰ ਲਈ ਗੁਰੂਦੁਆਰੇ ਦੇ ਭੰਡਾਰੇ ਭਰ ਦਿੱਤੇ। ਫ਼ੌਜੀ ਦੇ ਪਿੰਡ ਵਿਚ ਕੰਬਲ ਤੇ ਕੱਪੜੇ ਵੰਡੇ। ਹਸਪਤਾਲ ਤੇ ਸਕੂਲ ਦੇ ਉਦਘਾਟਨ ਲਈ ਮੰਤਰੀ ਜੀ ਬੁਲਾਏ। ਉਹਨਾਂ ਆਉਂਦਿਆਂ ਹੀ ਇਸ ਨਿੱਸਲ ਹੋਏ ਇਲਾਕੇ ਵਿਚ ਹਿੱਲ-ਜੁੱਲ ਪੈਦਾ ਕਰ ਦਿੱਤੀ ਸੀ।

ਉਹ ਆਪਸ ਵਿਚ ਖ਼ੂਬ ਲੜਦੇ ਹਨ, ਪਰ ਜਦੋਂ ਆਪਣੀਆਂ ਜ਼ਮੀਨਾਂ 'ਤੇ ਆਉਂਦੇ ਹਨ ਤਾਂ ਇਕ ਮੁੱਠ ਹੁੰਦੇ ਹਨ ਤੇ ਪਹਿਲਾਂ ਨਾਲੋਂ ਵਧੇਰੇ ਨੇਕ ਤੇ ਸਾਊ ਬਣ ਕੇ ਆਉਂਦੇ ਹਨ। ਇਸ ਵਾਰੀ ਉਹ ਪਰਤਨ ਲਈ ਨਹੀਂ ਬਲਿਕੇ ਆਪਣੀਆਂ ਜੜਾਂ ਹਰੀਆਂ ਭਰੀਆਂ ਕਰਨ ਲਈ ਆਏ ਸਨ। ਉਹਨਾਂ ਨੇ ਆਉਂਦਿਆਂ ਹੀ ਇਕ ਅਜਿਹੀ ਦੁਨੀਆਂ ਬਣਾ ਦਿੱਤੀ ਜਿੱਥੇ ਉਹਨਾਂ ਦੇ ਸਾਰੇ ਕੰਮ ਆਪਣੇ ਆਪ ਹੋ ਗਏ। ਉਹ ਸ਼ੁਰੂ ਤੋਂ ਹੀ ਹਰ ਜਗ੍ਹਾ ਮੌਜ਼ੂਦ ਹਨ…ਬੜਾ ਪਹਿਲਾਂ ਤੋਂ। ਹਰ ਛੋਟਾ ਆਦਮੀ ਉਹਨਾਂ ਦਾ ਹੁਕਮ ਮੰਨਣ ਲਈ ਤਿਆਰ ਰਹਿੰਦਾ ਹੈ। ਫ਼ੌਜੀ ਦੇ ਪਿੰਡ ਦੇ ਲੋਕਾਂ ਨੇ ਖੁਸ਼ੀ ਖੁਸ਼ੀ ਸਟਾਂਪ ਲੱਗੇ ਕਾਗਜ਼ ਉੱਤੇ ਇਕ ਇਕ ਰੁਪਏ ਦੀ ਕਿਰਾਏਦਾਰੀ ਦੇ ਇਕਰਾਰ ਨਾਮੇ ਕਰ ਲਏ ਸਨ। ਬਿਨਾਂ ਕਿਸੇ ਝਗੜੇ, ਕਚਿਹਰੀ ਦੇ ਉਹ ਆਪਣੀਆਂ ਜ਼ਮੀਨਾਂ ਪ੍ਰਾਪਤ ਕਰ ਚੁੱਕੇ ਸਨ। ਉਦਯੋਗਿਕ ਨਗਰ ਦੇ ਉਦਘਾਟਨ ਵਾਲੇ ਦਿਨ ਜਦੋਂ ਕਰਮਚਾਰੀਆਂ ਦੀ ਫ਼ੌਜ ਨੇ ਉਜਾੜ ਹਵੇਲੀਆਂ ਦੀ ਸਫ਼ਈ ਸ਼ੁਰੂ ਕਰ ਦਿੱਤੀ ਸੀ, ਤਦ ਇਲਾਕੇ ਦੇ ਲੋਕਾਂ ਨੂੰ ਪਤਾ ਲੱਗਿਆ ਸੀ ਕਿ ਕੀ ਹੋਣ ਵਾਲਾ ਹੈ।
***
ਸਵੇਰੇ ਅਸੀਂ ਬੱਸ ਸਟੈਂਡ ਉੱਤੇ ਸਾਂ।

ਉਸਨੇ ਮੈਨੂੰ ਬੱਸ ਨਹੀਂ ਸੀ ਚੜ੍ਹਨ ਦਿੱਤਾ। ਇਹ ਸੁਣ ਕੇ ਉਹ ਹੈਰਾਨ ਸੀ ਕਿ ਕੁਝ ਵਰ੍ਹਿਆਂ ਵਿਚ ਇੱਥੋਂ ਦੀ ਸੈਂਕੜੇ ਵਰ੍ਹੇ ਪੁਰਾਣੀ ਜ਼ਿੰਦਗੀ ਕਿੰਜ ਬਦਲ ਜਾਏਗੀ। ਉਹ ਖਾਸਾ ਉਲਝ ਚੁੱਕਿਆ ਸੀ…ਹਰ ਗੱਲ ਨੂੰ ਸੁਲਝਾ ਲੈਣ ਉੱਤੇ ਅੜਿੰਗ ਸੀ। ਇਹ ਮੇਰੀ ਉਲਝਣ ਵੀ ਸੀ ਕਿ ਕੁਝ ਵਰ੍ਹਿਆਂ ਵਿਚ ਇੱਥੇ ਏਨੇ ਝੰਡੇ, ਦਫ਼ਤਰ ਤੇ ਨਾਅਰੇ ਆ ਜਾਣਗੇ ਤੇ ਫ਼ੌਜੀ ਵੀ ਇਸ ਗੋਰਖ਼ ਧੰਦੇ ਵਿਚ ਫਸ ਜਾਵੇਗਾ…

ਉਸਨੂੰ ਫ਼ੈਕਟਰੀਆਂ ਵਿਚ ਮਜ਼ਦੂਰ ਸਪਲਾਈ ਕਰਨ ਦਾ ਕੰਮ ਸੌਂਪਿਆ ਸੀ, ਹਾਕਮਾਂ ਨੇ। ਜਿਸਦੇ ਬਦਲੇ ਪ੍ਰਤੀ ਮਜ਼ਦੂਰ ਉਸਨੂੰ ਕੁਝ ਰੁਪਏ ਮਿਲਣੇ ਸਨ। ਉਸਨੇ ਗਰੀਬ ਕਿਸਾਨਾਂ ਤੇ ਮਜ਼ਦੂਰਾਂ ਦੀ ਇਕ ਫ਼ੌਜ ਤਿਆਰ ਕਰ ਲਈ ਸੀ। ਭਰਤੀ ਪਿੱਛੋਂ ਉਹਨਾਂ ਨੂੰ ਵਰਦੀ ਤੇ ਬੰਦੂਕ ਮਿਲ ਜਾਵੇਗੀ ਤੇ ਫੇਰ ਉਹ ਕਿਸੇ ਇਕ ਫਾਟਕ ਦੇ ਪਹਿਰੇਦਾਰ ਬਣ ਜਾਣਗੇ।

"ਇਹ ਗਲਤ ਕਿਵੇਂ ਐਂ ਜੀ ?"

"ਗ਼ਲਤ ਨਹੀਂ। ਢਿੱਡ ਤਾਂ ਭਰਨਾਂ ਈ ਏ, ਸੋ ਕੁਛ ਕਰਨਾ ਵੀ ਹੈ। ਪਰ ਹੋਵੇਗੀ ਤਾਂ ਇਹ ਵੀ ਰਾਖੀ ਹੀ…ਪਹਿਲਾਂ ਹਵੇਲੀਆਂ ਦੀ ਹੁੰਦੀ ਸੀ, ਹੁਣ ਮਿੱਲਾਂ ਦੀ ਹੋਵੇਗੀ।"

"ਕੀ…?" ਉਸਦੀਆਂ ਅੱਖਾਂ ਸੁਲਗਣ ਲੱਗੀਆਂ। "ਰਾਖੀ ਨਹੀਂ ਕਰਨੀ ਅਸਾਂ।"

"ਜੇ ਤੁਸੀਂ ਸਾਰੇ ਇਕ ਮੁੱਠ ਹੋ ਜਾਓ ਤੇ ਸੰਗਠਨ ਬਣਾ ਲਓ ਤਾਂ ਹੀ ਤੁਹਾਡੀ ਕੋਈ ਤਾਕਤ ਹੋ ਸਕਦੀ ਹੈ। ਉਹ ਤੁਹਾਨੂੰ ਲਾਲਚ ਦੇਣਗੇ, ਤੋੜਨ-ਪਾੜਨਗੇ, ਖਰੀਦਣਗੇ…ਈਮਾਨਦਾਰ ਰਹੇ ਤਾਂ ਭੁੱਖ, ਪਿਆਸ ਤੇ ਜ਼ੁਲਮ…ਬੇਈਮਾਨ ਹੋ ਗਏ ਤਾਂ ਮੌਜਾਂ ਤੇ ਧਨ ਮਿਲੇਗਾ..."

"ਪੱਲੇ ਕੁਸ਼ ਨਹੀਂ ਪੈ ਰਿਹਾ।"

ਪਹਿਲੀ ਬੱਸ ਪਿੱਛੋਂ ਦੂਜੀ, ਤੀਜੀ ਤੇ ਚੌਥੀ, ਕਈ ਬੱਸਾਂ ਲੰਘ ਗਈਆਂ। ਹੁਣ ਸਾਹਮਣੇ ਆਖ਼ਰੀ ਬੱਸ ਸੀ। ਮੈਂ ਚੜ੍ਹ ਗਿਆ।

"ਰੁਕ ਜਾਓ। ਅਜੇ ਬੜਾ ਕੁਸ਼ ਪੁੱਛਣਾ ਐਂ ਜੀ। ਮੈਂ ਹੁਣ ਚੁੱਪ ਨਹੀਂ ਰਹਿ ਸਕਦਾ…ਪਰ ਦੇਖਾਂ ਕਿਸ ਵੱਲ ?" ਉਸ ਨੇ ਗਰਮਜੋਸ਼ੀ ਨਾਲ ਮੇਰਾ ਹੱਥ ਫੜ੍ਹ ਲਿਆ। ਮੇਰੇ ਮਨ ਵਿਚ ਆਇਆ, ਰੁਕ ਕੇ ਇਸਨੂੰ ਨਾਲ ਲੈ ਜਾ ਕੇ ਆਪਣੇ ਪੁਰਾਣੇ ਸਾਥੀਆਂ ਦੇ ਹਵਾਲੇ ਕਰ ਦੇਵਾਂ। ਨਹੀਂ ਤਾਂ ਉੱਥੇ ਹੀ ਕੋਈ ਚਲਾਕ ਇਸਨੂੰ ਖ਼ਤਮ ਨਾ ਕਰ ਦੇਵੇ। ਕਿਸ ਕੋਲ ਜਾਵਾਂ ? ਇਕ ਅਰਸੇ ਤੋਂ ਉਹਨਾਂ ਕੋਲ ਅਜਿਹੀਆਂ ਗੱਲਾਂ ਲਈ ਫ਼ੁਰਸਤ ਹੀ ਨਹੀਂ। ਉਹ ਤਾਂ ਆਪਸੀ ਲੜਾਈ ਵਿਚ ਵਿਆਸਤ ਹਨ…ਇਕ ਦਲ ਦੇ ਕਈ ਦਲ। ਉਹਨਾਂ ਵਿਚ ਵੀ ਗੁੱਟ। ਮੈਨੂੰ ਆਪਣੇ ਬਹੁਤ ਸਾਰੇ ਸਾਥੀਆਂ ਦੇ ਵਹੇ ਲਹੂ ਦੀ ਯਾਦ ਆਈ…ਕਿੱਥੇ ਗਈਆਂ ਉਹਨਾਂ ਦੀਆਂ ਕੁਰਬਾਨੀਆਂ ? ਫੇਰ ਕੌਣ ਕਰੇਗਾ ਫ਼ੌਜੀ ਦੀ ਮਦਦ ? ਜੇ ਹੁਣ ਫ਼ੌਜੀ ਵਰਗੇ ਲੋਕ ਕਿਸੇ ਪਰਿਵਰਤਨ ਲਈ ਉੱਪਰ ਬੈਠਿਆਂ ਵੱਲ ਦੇਖਣ ਤਾਂ ਇਸ ਵਿਚ ਉਹਨਾਂ ਦਾ ਕੀ ਕਸੂਰ ?

ਬੱਸ ਚੱਲ ਪਈ। ਮੈਂ ਪਛਤਾਵੇ ਤੇ ਉਦਾਸੀ ਵਿਚ ਭੌਂ ਕੇ ਪਿੱਛੇ ਦੇਖਿਆ। ਦੂਰ ਖੇਤਾਂ ਵਿਚ ਉੱਚੇ ਟਿੱਬਿਆਂ ਨੂੰ ਬੁਲਡੋਜ਼ਰ ਕੱਟ ਰਹੇ ਸਨ। ਪਿੰਡ, ਹਵੇਲੀਆਂ ਤੇ ਹੋਰ ਸਭ ਬੱਸ ਦੀ ਉਡਾਈ ਧੂੜ ਵਿਚ ਧੁੰਦਲਾ ਦਿਖਾਈ ਦਿੱਤਾ। ਫ਼ੌਜੀ ਬੱਸ ਦੇ ਪਿੱਛੇ ਪਿੱਛੇ ਚੀਕਦਾ ਹੋਇਆ ਦੌੜ ਰਿਹਾ ਸੀ। "ਅਜੇ ਬਹੁਤ ਕੁਸ਼ ਪੁੱਛਣਾ ਐਂ ਜੀ…" ਜ਼ਰੂਰ ਕੋਈ ਗੁੱਥੀ ਉਸਦੇ ਅੰਦਰ ਉਲਝੀ ਰਹਿ ਗਈ ਸੀ।