Showing posts with label ਉਰਦੂ ਕਹਾਣੀਆਂ. Show all posts
Showing posts with label ਉਰਦੂ ਕਹਾਣੀਆਂ. Show all posts

Sunday, October 31, 2010

ਸਹਾਏ...:: ਸਆਦਤ ਹਸਨ ਮੰਟੋ



ਉਰਦੂ ਕਹਾਣੀ :
ਸਹਾਏ...
ਲੇਖਕ : ਸਆਦਤ ਹਸਨ ਮੰਟੋ
ਅਨੁਵਾਦ : ਮਹਿੰਦਰ ਬੇਦੀ ਜੈਤੋ


'ਇਹ ਨਾ ਕਹੋ ਕਿ ਇਕ ਲੱਖ ਹਿੰਦੂ ਤੇ ਇਕ ਲੱਖ ਮੁਸਲਮਾਨ ਮਰੇ ਨੇ—ਇਹ ਕਹੋ ਕਿ ਦੋ ਲੱਖ ਇਨਸਾਨ ਮਰੇ ਨੇ।...ਤੇ ਇਹ ਏਡੀ ਵੱਡੀ ਟ੍ਰੇਜ਼ਡੀ ਨਹੀਂ ਕਿ ਦੋ ਲੱਖ ਇਨਸਾਨ ਮਰੇ ਨੇ; ਟ੍ਰੇਜ਼ਡੀ ਤਾਂ ਅਸਲ ਵਿਚ ਇਹ ਹੈ ਕਿ ਮਾਰਨ ਤੇ ਮਰਨ ਵਾਲੇ ਕਿਸੇ ਵੀ ਖਾਤੇ ਵਿਚ ਨਹੀਂ ਗਏ। ਲੱਖ ਹਿੰਦੂ ਮਾਰ ਕੇ ਮੁਸਲਮਾਨਾਂ ਨੇ ਇਹ ਸਮਝਿਆ ਹੋਏਗਾ ਕਿ ਹਿੰਦੂ ਧਰਮ ਮਰ ਗਿਆ ਹੈ, ਪਰ ਉਹ ਜਿਉਂਦਾ ਹੈ ਤੇ ਜਿਉਂਦਾ ਰਹੇਗਾ। ਇੰਜ ਹੀ ਲੱਖ ਮੁਸਲਮਾਨਾਂ ਨੂੰ ਕਤਲ ਕਰਕੇ ਹਿੰਦੂਆਂ ਨੇ ਕੱਛਾਂ ਵਜਾਈਆਂ ਹੋਣਗੀਆਂ ਕਿ ਇਸਲਾਮ ਖ਼ਤਮ ਹੋ ਗਿਆ ਹੈ, ਪਰ ਹਕੀਕਤ ਤੁਹਾਡੇ ਸਾਹਮਣੇ ਹੈ ਕਿ ਇਸਲਾਮ ਉਪਰ ਇਕ ਹਲਕੀ-ਜਿਹੀ ਖਰੋਂਚ ਵੀ ਨਹੀਂ ਆਈ। ਉਹ ਲੋਕ ਬੇਵਕੂਫ਼ ਨੇ ਜਿਹੜੇ ਸਮਝਦੇ ਨੇ ਕਿ ਕਿਸੇ ਧਰਮ ਜਾਂ ਮਜ਼ਹਬ ਦਾ ਸ਼ਿਕਾਰ ਕੀਤਾ ਜਾ ਸਕਦਾ ਏ। ਮਜ਼ਹਬ, ਦੀਨ, ਈਮਾਨ, ਧਰਮ, ਯਕੀਨ, ਵਿਸ਼ਵਾਸ...ਇਹ ਜੋ ਕੁਝ ਵੀ ਹੈ, ਸਾਡੇ ਜਿਸਮ ਵਿਚ ਨਹੀਂ, ਰੂਹ ਵਿਚ ਹੁੰਦਾ ਏ...ਸੋ ਛੁਰੇ, ਚਾਕੂ ਜਾਂ ਗੋਲੀ ਨਾਲ ਕਿੰਜ ਫਨਾਹ/ਨਸ਼ਟ ਹੋ ਸਕਦਾ ਏ?''
ਮੁਮਤਾਜ਼ ਉਸ ਦਿਨ ਖਾਸਾ ਭਖਿਆ ਹੋਇਆ ਸੀ। ਅਸੀਂ ਸਿਰਫ ਤਿੰਨ ਸਾਂ, ਜਿਹੜੇ ਉਸ ਨੂੰ ਜਹਾਜ਼  ਚੜ੍ਹਾਉਣ ਆਏ ਸਾਂ। ਉਹ ਅਣਮਿਥੇ ਸਮੇਂ ਲਈ ਸਾਥੋਂ ਵਿੱਛੜ ਕੇ ਪਾਕਿਸਤਾਨ ਜਾ ਰਿਹਾ ਸੀ, ਜਿਸ ਦੇ ਹੋਂਦ ਵਿਚ ਆਉਣ ਬਾਰੇ ਅਸੀਂ ਕਦੀ ਸੁਪਨੇ ਵਿਚ ਵੀ ਨਹੀਂ ਸੀ ਸੋਚਿਆ।
ਅਸੀਂ ਤਿੰਨੇ ਹਿੰਦੂ ਸਾਂ। ਪੱਛਮੀ ਪੰਜਾਬ ਵਿਚ ਸਾਡੇ ਰਿਸ਼ਤੇਦਾਰਾਂ ਦਾ ਬੜਾ ਮਾਲੀ ਤੇ ਜਾਨੀ ਨੁਕਸਾਨ ਹੋਇਆ ਸੀ। ਜੁਗਲ ਨੂੰ ਲਾਹੌਰ ਤੋਂ ਖ਼ਤ ਆਇਆ ਸੀ ਕਿ 'ਫਸਾਦਾਂ ਵਿਚ ਉਸ ਦਾ ਚਾਚਾ ਮਾਰਿਆ ਗਿਆ ਹੈ।' ਉਸ ਨੂੰ ਬੜਾ ਦੁੱਖ ਹੋਇਆ ਸੀ ਤੇ ਇਕ ਦਿਨ ਇਸੇ ਦੁੱਖ ਦੇ ਸਦਮੇਂ ਅਧੀਨ, ਗੱਲਾਂ ਗੱਲਾਂ ਵਿਚ ਹੀ, ਉਸ ਨੇ ਮੁਮਤਾਜ਼ ਨੂੰ ਕਿਹਾ ਸੀ, ''ਮੈਂ ਸੋਚ ਰਿਹਾਂ, ਜੇ ਕਦੀ ਸਾਡੇ ਮੁਹੱਲੇ ਵਿਚ ਫਸਾਦ ਸ਼ੁਰੂ ਹੋ ਪੈਣ ਤਾਂ ਮੈਂ ਕੀ ਕਰਾਂਗਾ?''
ਮੁਮਤਾਜ਼ ਨੇ ਪੁੱਛਿਆ, ''ਕੀ ਕਰੇਂਗਾ...?''
ਜੁਗਲ ਨੇ ਬੜੀ ਸੰਜੀਦਗੀ ਨਾਲ ਉਤਰ ਦਿੱਤਾ, ''ਸੋਚ ਰਿਹਾਂ, ਹੋ ਸਕਦਾ ਏ ਮੈਂ ਤੈਨੂੰ ਮਾਰ ਦਿਆਂ!''
ਇਹ ਸੁਣ ਕੇ ਮੁਮਤਾਜ਼ ਬਿਲਕੁਲ ਚੁੱਪ ਹੋ ਗਿਆ ਸੀ ਤੇ ਉਸ ਦੀ ਇਹ ਚੁੱਪੀ ਲਗਭਗ ਅੱਠ ਦਿਨ ਜਾਰੀ ਰਹੀ ਸੀ...ਤੇ ਅਚਾਨਕ ਉਦੋਂ ਟੁੱਟੀ ਸੀ ਜਦੋਂ ਉਸ ਨੇ ਸਾਨੂੰ ਇਹ ਦੱਸਿਆ ਸੀ ਕਿ 'ਉਹ ਪੌਂਣੇ ਚਾਰ ਵਜੇ ਵਾਲੇ ਸਮੁੰਦਰੀ ਜਹਾਜ਼ ਰਾਹੀਂ ਕਰਾਚੀ ਜਾ ਰਿਹਾ ਹੈ।'
ਸਾਡੇ ਤਿੰਨਾਂ ਵਿਚੋਂ ਕਿਸੇ ਨੇ ਵੀ ਉਸ ਦੇ ਇਸ ਅਚਾਨਕ ਫੈਸਲੇ ਬਾਰੇ ਕੋਈ ਗੱਲ ਨਹੀਂ ਕੀਤੀ। ਜੁਗਲ ਨੂੰ ਇਸ ਗੱਲ ਦਾ ਅਹਿਸਾਸ ਸੀ ਕਿ ਮੁਮਤਾਜ਼ ਦੇ ਜਾਣ ਦਾ ਮੁੱਖ ਕਾਰਣ ਉਸ ਦਾ ਉਹ ਵਾਕ ਸੀ, 'ਸੋਚ ਰਿਹਾਂ, ਹੋ ਸਕਦਾ ਏ ਮੈਂ ਤੈਨੂੰ ਮਾਰ ਦਿਆਂ।' ਸ਼ਾਇਦ ਉਹ ਹੁਣ ਤਕ ਇਹੀ ਸੋਚ ਰਿਹਾ ਸੀ ਕਿ ਕੀ ਉਹ ਉਤੇਜਤ ਹੋ ਕੇ ਮੁਮਤਾਜ਼ ਨੂੰ ਮਾਰ ਸਕਦਾ ਹੈ ਜਾਂ ਨਹੀਂ?...ਉਸ ਮੁਮਤਾਜ਼ ਨੂੰ, ਜਿਹੜਾ ਉਸ ਦਾ ਜਿਗਰੀ ਯਾਰ ਸੀ। ਇਹੀ ਕਾਰਣ ਹੈ ਕਿ ਉਹ ਸਾਡੇ ਤਿੰਨਾਂ ਵਿਚੋਂ ਸਭ ਤੋਂ ਵੱਧ ਦੁੱਖੀ ਤੇ ਚੁੱਪ-ਚੁੱਪ ਨਜ਼ਰ ਆ ਰਿਹਾ ਸੀ, ਪਰ ਅਜੀਬ ਗੱਲ ਇਹ ਹੋਈ ਸੀ ਕਿ ਰਵਾਨਗੀ ਤੋਂ ਕੁਝ ਘੰਟੇ ਪਹਿਲਾਂ ਮੁਮਤਾਜ਼ ਕੁਝ ਵਧੇਰੇ ਹੀ ਗਾਲੜੀ ਹੋ ਗਿਆ ਸੀ।
ਸਵੇਰੇ ਉੱਠਦਿਆਂ ਹੀ ਉਸ ਨੇ ਪੀਣੀ ਸ਼ੁਰੂ ਕਰ ਦਿੱਤੀ ਸੀ। ਸਾਮਾਨ ਵਗ਼ੈਰਾ ਕੁਝ ਇਸ ਤਰ੍ਹਾਂ ਬੰਨ੍ਹਿਆਂ-ਬੰਨ੍ਹਵਾਇਆ ਸੀ ਜਿਵੇਂ ਕਿਤੇ ਸੈਰ-ਸਪਾਟੇ ਲਈ ਜਾ ਰਿਹਾ ਹੋਵੇ। ਆਪ ਹੀ ਗੱਲ ਕਰਦਾ ਸੀ, ਤੇ ਆਪੁ ਹੀ ਹੱਸ ਪੈਂਦਾ ਸੀ...ਜੇ ਕੋਈ ਹੋਰ ਦੇਖਦਾ ਤਾਂ ਸਮਝਦਾ ਕਿ ਉਸ ਬੰਬਈ ਛੱਡਣ ਸਮੇਂ ਅੰਤਾਂ ਦੀ ਖੁਸ਼ੀ ਮਹਿਸੂਸ ਕਰ ਰਿਹਾ ਹੈ, ਪਰ ਅਸੀਂ ਤਿੰਨੇ ਚੰਗੀ ਤਰ੍ਹਾਂ ਜਾਣਦੇ ਸਾਂ ਕਿ ਉਹ ਸਿਰਫ ਆਪਣੇ ਜਜ਼ਬਾਤ ਛਿਪਾਉਣ ਖਾਤਰ...ਤੇ ਸਾਨੂੰ ਤੇ ਆਪਣੇ ਆਪ ਨੂੰ ਧੋਖਾ ਦੇਣ ਖਾਤਰ ਹੀ ਇੰਜ ਕਰ ਰਿਹਾ ਹੈ।
ਮੈਂ ਬਹੁਤ ਚਾਹਿਆ ਕਿ ਉਸ ਨਾਲ ਇਸ ਅਚਾਨਕ ਰਵਾਨਗੀ ਦੇ ਸਬੱਬ ਬਾਰੇ ਗੱਲ ਬਾਤ ਕਰਾਂ ਤੇ ਇਸ਼ਾਰੇ ਨਾਲ ਜੁਗਲ ਨੂੰ ਵੀ ਕਿਹਾ ਕਿ ਉਹ ਗੱਲ ਛੇੜੇ, ਪਰ ਮੁਮਤਾਜ਼ ਨੇ ਸਾਨੂੰ ਕੋਈ ਮੌਕਾ ਨਹੀਂ ਦਿੱਤਾ।
ਜੁਗਲ ਤਿੰਨ ਚਾਰ ਪੈਗ ਪੀ ਕੇ ਹੋਰ ਵੀ ਚੁੱਪ ਹੋ ਗਿਆ ਤੇ ਦੂਜੇ ਕਮਰੇ ਵਿਚ ਜਾ ਕੇ ਪੈ ਗਿਆ। ਮੈਂ ਤੇ ਬ੍ਰਿਜਮੋਹਨ ਉਸ ਦੇ ਨਾਲ ਰਹੇ। ਉਸ ਨੇ ਕਈ ਜਣਿਆਂ ਦਾ ਭੁਗਤਾਨ ਕਰਨਾ ਸੀ—ਡਾਕਟਰ ਦੀਆਂ ਫੀਸਾਂ ਦੇਣੀਆਂ ਸਨ, ਧੋਬੀ ਤੋਂ ਕੱਪੜੇ ਲੈਣੇ ਸਨ।...ਤੇ ਇਹ ਸਾਰੇ ਕੰਮ ਉਸ ਨੇ ਹੱਸਦਿਆਂ-ਖੇਡਦਿਆਂ ਨਬੇੜੇ ਲਏ, ਪਰ ਜਦੋਂ ਨਾਕੇ ਦੇ ਹੋਟਲ ਦੇ ਨਾਲ ਵਾਲੇ ਤੋਂ ਇਕ ਪਾਨ ਲਿਆ ਤਾਂ ਉਸ ਦੀਆਂ ਅੱਖਾਂ ਸਿੱਜਲ ਹੋ ਗਈਆਂ।
ਬ੍ਰਿਜਮੋਨ ਦੇ ਮੋਢੇ ਉੱਤੇ ਹੱਥ ਰੱਖ ਕੇ, ਉੱਥੋਂ ਤੁਰਨ ਲੱਗਿਆਂ, ਉਸ ਨੇ ਧੀਮੀ ਆਵਾਜ਼ ਵਿਚ ਕਿਹਾ, ''ਯਾਦ ਏ ਬ੍ਰਿਜ ਅਜ ਤੋਂ ਦਸ ਸਾਲ ਪਹਿਲਾਂ ਜਦੋਂ ਆਪਣੀ ਹਾਲਤ ਕਾਫੀ ਪਤਲੀ ਹੁੰਦੀ ਸੀ, ਗੋਬਿੰਦ ਨੇ ਆਪਾਂ ਨੂੰ ਇਕ ਰੁਪਈਆ ਉਧਾਰ ਦਿੱਤਾ ਸੀ।''
ਰਸਤੇ ਵਿਚ ਮੁਮਤਾਜ਼ ਚੁੱਪ ਰਿਹਾ, ਪਰ  ਘਰ ਪਹੁੰਚਦਿਆਂ ਹੀ ਉਸ ਨੇ ਗੱਲਾਂ ਦਾ ਨਾ ਖ਼ਤਮ ਹੋਣ ਵਾਲਾ ਸਿਲਸਿਲਾ ਸ਼ੁਰੂ ਕਰ ਦਿੱਤਾ—ਅਜਿਹੀਆਂ ਗੱਲਾਂ ਜਿਹਨਾਂ ਦਾ ਨਾ ਕੋਈ ਸਿਰ ਸੀ, ਨਾ ਪੈਰ—ਪਰ ਉਹ ਕੁਝ ਅਜਿਹੀਆਂ ਅਪਣੱਤ ਭਰੀਆਂ ਗੱਲਾਂ ਕਰ ਰਿਹਾ ਸੀ ਕਿ ਮੈਂ ਤੇ ਬ੍ਰਿਜਮੋਹਨ ਬਰਾਬਰ ਉਹਨਾਂ ਵਿਚ ਹਿੱਸਾ ਲੈਂਦੇ ਰਹੇ ਸਾਂ। ਜਦੋਂ ਰਵਾਨਗੀ ਦਾ ਸਮਾਂ ਨੇੜੇ ਆਇਆ ਤਾਂ ਜੁਗਲ ਵੀ ਸਾਡੇ ਵਿਚ ਸ਼ਾਮਲ ਹੋ ਗਿਆ..ਤੇ ਜਦੋਂ ਟੈਕਸੀ ਬੰਦਰਗਾਹ ਵੱਲ ਤੁਰ ਚੱਲੀ ਤਾਂ ਸਾਰੇ ਖਾਮੋਸ਼ ਹੋ ਗਏ।
ਮੁਮਤਾਜ਼ ਦੀਆਂ ਨਜ਼ਰਾਂ ਬੰਬਈ ਦੇ ਵਿਸ਼ਾਲ ਬਾਜ਼ਾਰਾਂ ਨੂੰ ਅਲਵਿਦਾ ਕਹਿੰਦੀਆਂ ਰਹੀਆਂ। ਇੱਥੋਂ ਤਕ ਕਿ ਟੈਕਸੀ ਆਪਣੀ ਮੰਜ਼ਿਲ ਉੱਤੇ ਪਹੁੰਚ ਗਈ।
ਉੱਥੇ ਬੜੀ ਭੀੜ ਸੀ। ਹਜ਼ਾਰਾਂ ਰਫ਼ੂਜ਼ੀ ਜਾ ਰਹੇ ਸਨ—ਖੁਸ਼ਹਾਲ ਬੜੇ ਘੱਟ ਤੇ ਬਦਹਾਲ ਬੜੇ ਜ਼ਿਆਦਾ। ਅੰਤਾਂ ਦੀ ਭੀੜ ਸੀ, ਪਰ ਮੈਨੂੰ ਇੰਜ ਮਹਿਸੂਸ ਹੋ ਰਿਹਾ ਸੀ ਜਿਵੇਂ ਇਕੱਲਾ ਮੁਮਤਾਜ਼ ਹੀ ਜਾ ਰਿਹਾ ਹੈ। ਸਾਨੂੰ ਛੱਡ ਕੇ ਕਿਸੇ ਅਜਿਹੀ ਥਾਂ ਜਾ ਰਿਹਾ ਹੈ, ਜਿਹੜੀ ਉਸ ਦੀ ਦੇਖੀ-ਭਾਲੀ ਹੋਈ ਨਹੀਂ, ਤੇ ਜਿਹੜੀ ਜਾਣ-ਪਛਾਣ ਹੋ ਜਾਣ ਪਿੱਛੋਂ ਵੀ ਉਸ ਲਈ ਓਪਰੀ ਹੀ ਰਹੇਗੀ...ਪਰ ਇਹ ਮੇਰਾ ਆਪਣਾ ਖ਼ਿਆਲ ਸੀ। ਮੈਂ ਨਹੀਂ ਕਹਿ ਸਕਦਾ ਕਿ ਮੁਮਤਾਜ਼ ਕੀ ਸੋਚ ਰਿਹਾ ਹੈ।
ਜਦੋਂ ਕੈਬਿਨ ਵਿਚ ਸਾਰਾ ਸਾਮਾਨ ਚਲਾ ਗਿਆ ਤਾਂ ਮੁਮਤਾਜ਼ ਸਾਨੂੰ ਅਰਸ਼ੇ (ਡੈਕ) 'ਤੇ ਲੈ ਗਿਆ। ਉਧਰ ਜਿਧਰ ਆਸਮਾਨ ਤੇ ਸਮੁੰਦਰ ਆਪਸ ਵਿਚ ਮਿਲ ਰਹੇ ਸਨ, ਮੁਮਤਾਜ਼ ਖਾਸੀ ਦੇਰ ਤਕ ਉਧਰ ਦੇਖਦਾ ਰਿਹਾ। ਫੇਰ ਉਸ ਨੇ ਜੁਗਲ ਦਾ ਹੱਥ ਆਪਣੇ ਹੱਥ ਵਿਚ ਫੜ ਕੇ ਕਿਹਾ, ''ਇਹ ਸਿਰਫ ਨਜ਼ਰ ਦਾ ਧੋਖਾ ਏ...ਆਸਮਾਨ ਤੇ ਸਮੁੰਦਰ ਦਾ ਆਪਸ ਵਿਚ ਮਿਲਣਾ। ਪਰ ਇਹ ਨਜ਼ਰ ਦਾ ਧੋਖਾ, ਇਹ ਮਿਲਾਪ, ਵੀ ਕਿੰਨਾ ਦਿਲਕਸ਼ ਹੈ।''
ਜੁਗਲ ਚੁੱਪ ਰਿਹਾ। ਸ਼ਾਇਦ ਇਸ ਸਮੇਂ ਵੀ ਉਸ ਦੇ ਦਿਲ ਦਿਮਾਗ਼ ਵਿਚ ਉਸ ਦੀ ਆਖੀ ਹੋਈ ਗੱਲ ਚੁਭ ਰਹੀ ਸੀ। ''ਸੋਚ ਰਿਹਾਂ, ਹੋ ਸਕਦਾ ਏ ਮੈਂ ਤੈਨੂੰ ਮਾਰ ਦਿਆਂ।''
ਮੁਮਤਾਜ਼ ਨੇ ਜਹਾਜ਼ ਦੇ ਬਾਰ ਵਿਚੋਂ ਬਰਾਂਡੀ ਮੰਗਵਾਈ, ਕਿਉਂਕਿ ਉਹ ਸਵੇਰ ਦਾ ਇਹੀ ਪੀ ਰਿਹਾ ਸੀ। ਅਸੀਂ ਚਾਰੇ ਗ਼ਲਾਸ ਹੱਥਾਂ ਵਿਚ ਫੜ੍ਹੀ ਜੰਗਲੇ ਕੋਲ ਖੜ੍ਹੇ ਸਾਂ। ਰਫ਼ੂਜ਼ੀ ਧੜਾਧੜ ਜਹਾਜ਼ ਵਿਚ ਸਵਾਰ ਹੋ ਰਹੇ ਸਨ ਤੇ ਲਗਭਗ ਸ਼ਾਂਤ ਸਮੁੰਦਰ ਉੱਤੇ ਜਲ-ਪੰਛੀ ਉਡਾਰੀਆਂ ਮਾਰ ਰਹੇ ਸਨ।
ਜੁਗਲ ਨੇ ਅਚਾਨਕ ਇਕੋ ਘੁੱਟ ਵਿਚ ਆਪਣਾ ਗ਼ਲਾਸ ਖਾਲੀ ਕਰ ਦਿੱਤਾ ਤੇ ਬੜੀ ਹੀ ਥਿੜਕਦੀ ਜਿਹੀ ਆਵਾਜ਼ ਵਿਚ ਮੁਮਤਾਜ਼ ਨੂੰ ਕਿਹਾ, ''ਮੈਨੂੰ ਮੁਆਫ਼ ਕਰ ਦੇਈਂ ਮੁਮਤਾਜ਼, ਮੇਰਾ ਖ਼ਿਆਲ ਏ ਮੈਂ ਉਸ ਦਿਨ ਤੈਨੂੰ ਦੁੱਖ ਪਹੁੰਚਾਇਆ ਸੀ।''
ਮੁਮਤਾਜ਼ ਨੇ ਕੁਝ ਚਿਰ ਚੁੱਪ ਰਹਿ ਕੇ ਜੁਗਲ ਨੂੰ ਸਵਾਲ ਕੀਤਾ, ''ਜਦ ਤੂੰ ਕਿਹਾ ਸੀ 'ਸੋਚ ਰਿਹਾਂ,  ਹੋ ਸਕਦਾ ਏ ਮੈਂ ਤੈਨੂੰ ਮਾਰ ਦਿਆਂ'...ਕੀ ਵਾਕਈ ਉਦੋਂ ਤੂੰ ਇਹੀ ਸੋਚ ਰਿਹਾ ਸੈਂ...ਦਿਲੋਂ, ਇਮਾਨਦਾਰੀ ਨਾਲ, ਦੱਸੀਂ ਕੀ ਇਸੇ ਨਤੀਜੇ 'ਤੇ ਪਹੁੰਚਿਆ ਸੈਂ ਤੂੰ?''
ਜੁਗਲ ਨੇ ਹਾਂ ਵਿਚ ਸਿਰ ਹਿਲਾ ਦਿੱਤਾ, ''ਪਰ ਮੈਨੂੰ ਅਫ਼ਸੋਸ ਏ!''
''ਤੂੰ ਮੈਨੂੰ ਮਾਰ ਦਿੰਦਾ ਤਾਂ ਤੈਨੂੰ ਇਸ ਤੋਂ ਵੀ ਵੱਧ ਅਫ਼ਸੋਸ ਹੋਣਾ ਸੀ,'' ਮੁਮਤਾਜ਼ ਨੇ ਕਿਸੇ ਦਾਰਸ਼ਨਿਕ ਵਾਂਗ ਕਿਹਾ, ''ਉਸ ਮਨੋਦਸ਼ਾ ਤੋਂ ਬਾਅਦ ਜਦ ਤੂੰ ਗੌਰ ਕਰਦਾ ਕਿ ਤੂੰ ਮੁਮਤਾਜ਼ ਨੂੰ...ਇਕ ਮੁਸਲਮਾਨ ਨੂੰ ਜਾਂ ਇਕ ਦੋਸਤ ਨੂੰ ਨਹੀਂ, ਬਲਕਿ ਇਕ ਇਨਸਾਨ ਨੂੰ ਮਾਰਿਆ ਏ...ਜੇ ਉਹ ਹਰਾਮਜਾਦਾ ਸੀ ਤਾਂ ਤੂੰ ਉਸ ਦੀ ਹਰਾਮਜਾਦਗੀ ਨੂੰ ਨਹੀਂ, ਬਲਕਿ ਖ਼ੁਦ ਉਸ ਨੂੰ ਮਾਰ ਦਿੱਤਾ ਏ।...ਜੇ ਉਹ ਮੁਸਲਮਾਨ ਸੀ ਤਾਂ ਤੂੰ ਮੁਸਲਮਾਨੀਅਤ ਨੂੰ ਨਹੀਂ, ਉਸ ਦੀ ਹਸਤੀ ਨੂੰ ਖ਼ਤਮ ਕਰ ਦਿੱਤਾ ਏ।...ਜੇ ਉਸ ਦੀ ਲਾਸ਼ ਮੁਸਲਮਾਨਾਂ ਦੇ ਹੱਥ ਲੱਗ ਜਾਂਦੀ ਤਾਂ ਕਬਰਸਤਾਨ ਵਿਚ ਇਕ ਕਬਰ ਦਾ ਵਾਧਾ ਹੋ ਜਾਂਦਾ, ਪਰ ਦੁਨੀਆਂ ਵਿਚੋਂ ਇਕ ਇਨਸਾਨ ਘਟ ਜਾਂਦਾ।''
ਕੁਝ ਚਿਰ ਚੁੱਪ ਰਹਿਣ ਪਿੱਛੋਂ ਤੇ ਕੁਝ ਸੋਚ ਕੇ ਉਸ ਨੇ ਫੇਰ ਬੋਲਣਾ ਸ਼ੁਰੂ ਕੀਤਾ, ''ਹੋ ਸਕਦਾ ਹੈ, ਮੇਰੇ ਧਰਮ ਵਾਲੇ ਮੈਨੂੰ ਸ਼ਹੀਦ ਕਹਿੰਦੇ, ਪਰ ਖ਼ੁਦਾ ਦੀ ਸੌਂਹ ਜੇ ਸੰਭਵ ਹੁੰਦਾ ਤਾਂ ਮੈਂ ਕਬਰ ਪਾੜ ਕੇ ਚੀਕਣਾ-ਕੂਕਣਾ ਸ਼ੁਰੂ ਕਰ ਦੇਂਦਾ, 'ਮੈਨੂੰ ਸ਼ਹੀਦ ਦੀ ਇਹ ਪਦਵੀ ਮੰਜ਼ੂਰ ਨਹੀਂ...ਮੈਨੂੰ ਇਹ ਡਿਗਰੀ ਨਹੀਂ ਚਾਹੀਦੀ, ਜਿਸ ਦਾ ਇਮਤਿਹਾਨ ਮੈਂ ਦਿੱਤਾ ਹੀ ਨਹੀਂ'...ਲਾਹੌਰ ਵਿਚ ਤੇਰੇ ਚਾਚੇ ਨੂੰ ਇਕ ਮੁਸਲਮਾਨ ਨੇ ਮਾਰ ਦਿੱਤਾ...ਤੂੰ ਇਹ ਖ਼ਬਰ ਬੰਬਈ ਵਿਚ ਸੁਣੀ ਤੇ ਮੈਨੂੰ ਕਤਲ ਕਰ ਦਿੱਤਾ...ਦੱਸ, ਤੂੰ ਤੇ ਮੈਂ ਕਿਸ ਤਮਗ਼ੇ ਦੇ ਹੱਕਦਾਰ ਹਾਂ?...ਤੇ ਲਾਹੌਰ ਵਿਚ ਤੇਰਾ ਚਾਚਾ ਤੇ ਕਾਤਲ ਕਿਸ ਖਿੱਲਤ ਦੇ ਹੱਕਦਾਰ ਨੇ? ਮਰਨ ਵਾਲੇ ਕੁੱਤੇ ਦੀ ਮੌਤ ਮਰੇ ਤੇ ਮਾਰਨ ਵਾਲਿਆਂ ਨੇ ਬੇਕਾਰ...ਬਿਲਕੁਲ ਬੇਕਾਰ, ਆਪਣੇ ਹੱਥ ਖ਼ੂਨ ਨਾਲ ਰੰਗੇ...''
ਗੱਲਾਂ ਕਰਦਾ ਹੋਇਆ ਮੁਮਤਾਜ਼ ਖਾਸਾ ਭਾਵੁਕ ਹੋ ਗਿਆ ਸੀ ਪਰ ਉਸ ਭਾਵੁਕਤਾ ਵਿਚ ਮੋਹ ਬਰਾਬਰ ਦਾ ਸੀ। ਮੇਰੇ ਦਿਲ ਉੱਤੇ ਖਾਸ ਕਰਕੇ ਉਸ ਦੀ ਉਸ ਗੱਲ ਦਾ ਬੜਾ ਅਸਰ ਹੋਇਆ ਸੀ ਕਿ 'ਮਜ਼ਹਬ, ਦੀਨ, ਈਮਾਨ, ਧਰਮ, ਯਕੀਨ, ਵਿਸ਼ਵਾਸ...ਇਹ ਜੋ ਕੁਝ ਵੀ ਹੈ, ਸਾਡੇ ਜਿਸਮ ਵਿਚ ਨਹੀਂ, ਰੂਹ ਵਿਚ ਹੁੰਦਾ ਏ...ਸੋ ਛੁਰੇ, ਚਾਕੂ ਜਾਂ ਗੋਲੀ ਨਾਲ ਕਿੰਜ ਫਨਾਹ/ਨਸ਼ਟ ਹੋ ਸਕਦੈ?' '' ਅਖ਼ੀਰ ਮੈਂ ਉਸ ਨੂੰ ਕਿਹਾ ਸੀ, ''ਤੂੰ ਬਿਲਕੁਲ ਠੀਕ ਕਹਿ ਰਿਹਾ ਏਂ!''
ਇਹ ਸੁਣ ਕੇ ਮੁਮਤਾਜ਼ ਨੇ ਆਪਣੇ ਵਿਚਾਰਾਂ ਨੂੰ ਟਟੋਲਿਆ ਤੇ ਕੁਝ ਬੇਚੈਨੀ ਨਾਲ ਕਿਹਾ, ''ਨਹੀਂ, ਬਿਲਕੁਲ ਠੀਕ ਨਹੀਂ...ਮੇਰਾ ਮਤਲਬ ਏ ਕਿ ਜੇ ਇਸ ਸਭ ਕੁਝ ਠੀਕ ਏ ਤਾਂ ਸ਼ਾਇਦ ਜੋ ਕੁਝ ਮੈਂ ਕਹਿਣਾ ਚਾਹੁੰਦਾ ਹਾਂ, ਠੀਕ ਤਰੀਕੇ ਨਾਲ ਨਹੀਂ ਕਹਿ ਸਕਿਆ। ਮਜ਼ਹਬ ਤੋਂ ਮੇਰੀ ਮੁਰਾਦ ਇਹ ਮਜ਼ਹਬ ਨਹੀਂ, ਇਹ ਧਰਮ ਨਹੀਂ, ਜਿਸ ਵਿਚ ਅਸੀਂ ਲੋਕ ਨੜ੍ਹਿਨਵੇਂ ਪ੍ਰਤੀਸ਼ਤ ਖੁੱਭੇ ਹੋਏ ਹਾਂ...ਮੇਰਾ ਭਾਵ ਉਸ ਖਾਸ ਚੀਜ਼ ਤੋਂ ਹੈ, ਜੋ ਵੱਖਰੀ ਕਿਸਮ ਦੀ ਹੈਸੀਅਤ ਬਖ਼ਸ਼ਦੀ ਹੈ...ਉਹ ਚੀਜ਼ ਜਿਹੜੀ ਇਨਸਾਨ ਨੂੰ ਅਸਲੀ ਇਨਸਾਨ ਸਾਬਤ ਕਰਦੀ ਹੈ...ਪਰ ਉਹ ਸ਼ੈ ਹੈ ਕੀ?...ਅਫਸੋਸ ਹੈ ਕਿ ਮੈਂ ਉਸ ਨੂੰ ਹਥੇਲੀ ਉਪਰ ਰੱਖ ਕੇ ਨਹੀਂ ਵਿਖਾ ਸਕਦਾ।'' ਇਹ ਕਹਿੰਦਿਆਂ ਹੋਇਆਂ ਅਚਾਨਕ ਉਸ ਦੀਆਂ ਅੱਖਾਂ ਵਿਚ ਇਕ ਚਮਕ ਜਿਹੀ ਆ ਗਈ ਤੇ ਉਸ ਨੇ ਜਿਵੇਂ ਆਪਣੇ ਆਪ ਨੂੰ ਪੁੱਛਣਾ ਸ਼ੁਰੂ ਕੀਤਾ, ''ਪਰ ਉਸ ਵਿਚ ਉਹ ਖਾਸ ਗੱਲ ਸੀ—ਕੱਟੜ ਹਿੰਦੂ ਸੀ...ਪੇਸ਼ਾ ਬੜਾ ਹੀ ਜਲੀਲ, ਪਰ ਇਸ ਦੇ ਬਾਵਜ਼ੂਦ ਉਸ ਦੀ ਰੂਹ ਕਿੰਨੀ ਰੌਸ਼ਨ ਸੀ!''
ਮੈਂ ਪੁੱਛਿਆ, ''ਕਿਸ ਦੀ?''
''ਇਕ ਭੜੂਏ ਦੀ!''
ਅਸੀਂ ਤਿੰਨੇ ਹੈਰਾਨੀ ਨਾਲ ਤ੍ਰਭਕੇ, ਮੁਮਤਾਜ਼ ਦੀ ਆਵਾਜ਼ ਵਿਚ ਕੋਈ ਝਿਜਕ ਨਹੀਂ ਸੀ, ਸੋ ਮੈਂ ਪੁੱਛਿਆ, ''ਭੜੂਏ ਦੀ...?''
ਮੁਮਤਾਜ਼ ਨੇ ਹਾਂ ਵਿਚ ਸਿਰ ਹਿਲਾਇਆ, ''ਮੈਂ ਆਪ ਹੈਰਾਨ ਹਾਂ ਕਿ ਉਹ ਕਿਹੋ-ਜਿਹਾ ਆਦਮੀ ਸੀ ਤੇ ਬਹੁਤੀ ਹੈਰਾਨੀ ਇਸ ਗੱਲ ਦੀ ਹੈ ਕਿ ਉਹ ਆਮ ਭਾਸ਼ਾ ਵਿਚ ਇਕ ਭੜੂਆ ਸੀ...ਔਰਤਾਂ ਦਾ ਦਲਾਲ...ਪਰ ਉਸ ਦੀ ਜਮੀਰ ਬੜੀ ਰੌਸ਼ਨ ਸੀ।''
ਮੁਮਤਾਜ਼ ਕੁਝ ਚਿਰ ਲਈ ਰੁਕਿਆ, ਜਿਵੇਂ ਉਸ ਪੁਰਾਣੀ ਘਟਣਾ ਨੂੰ ਆਪਣੇ ਅੰਦਰੇ-ਅੰਦਰ ਦਹੁਰਾ ਰਿਹਾ ਹੋਵੇ...ਕੁਝ ਪਲ ਬਾਅਦ ਉਸ ਨੇ ਫੇਰ ਬੋਲਣਾ ਸ਼ੁਰੂ ਕੀਤਾ, ''ਉਸ ਦਾ ਪੂਰਾ ਨਾਂ ਮੈਨੂੰ ਯਾਦ ਨਹੀਂ...ਕੁਝ '...ਸਹਾਏ' ਸੀ। ਬਨਾਰਸ ਦਾ ਰਹਿਣ ਵਾਲਾ ਤੇ ਬੜਾ ਹੀ ਸਫਾਈ-ਪਸੰਦ ਸੀ। ਉਹ ਜਗ੍ਹਾ, ਜਿੱਥੇ ਉਹ ਰਹਿੰਦਾ ਸੀ, ਬੜੀ ਛੋਟੀ ਸੀ, ਪਰ ਉਸ ਨੇ ਬੜੇ ਸੁਚੱਜੇ ਢੰਗ ਨਾਲ ਉਸ ਨੂੰ ਵੱਖ-ਵੱਖ ਹਿੱਸਿਆਂ ਵਿਚ ਵੰਡਿਆ ਹੋਇਆ ਸੀ। ਪਰਦਾ-ਦਾਰੀ ਦਾ ਪੂਰਾ ਪ੍ਰਬੰਧ ਸੀ, ਮੰਜੇ ਤੇ ਪਲੰਘ ਨਹੀਂ ਸਨ...ਚਾਦਰਾਂ ਤੇ ਗਿਲਾਫ਼ ਹਮੇਸ਼ਾ ਚਮਕਦੇ ਰਹਿੰਦੇ। ਇਕ ਨੌਕਰ ਵੀ ਸੀ, ਪਰ ਸਫਾਈ ਉਹ ਖ਼ੁਦ ਆਪਣੇ ਹੱਥੀਂ ਕਰਦਾ ਸੀ। ਸਿਰਫ ਸਫਾਈ ਹੀ ਨਹੀਂ, ਹਰ ਕੰਮ...ਫਾਹਾ-ਵੱਢ ਕਦੀ ਨਹੀਂ ਸੀ ਕਰਦਾ। ਥੋਖਾ ਜਾਂ ਫਰੇਬ ਵੀ ਨਹੀਂ ਸੀ ਕਰਦਾ। ਰਾਤ ਬਹੁਤੀ ਹੋ ਗਈ ਹੁੰਦੀ ਤਾਂ ਆਸ ਪਾਸ ਦੇ ਇਲਾਕੇ 'ਚੋਂ ਪਾਣੀ ਰਲੀ ਸ਼ਰਾਬ ਮਿਲਦੀ, ਤੇ ਉਹ ਸਾਫ ਕਹਿ ਦਿੰਦਾ ਸੀ ਕਿ ਸਾਹਬ, ਆਪਣੇ ਪੈਸੇ ਬਰਬਾਦ ਨਾ ਕਰੋ...ਜੇ ਕਿਸੇ ਕੁੜੀ ਬਾਰੇ ਉਸ ਨੂੰ ਕੋਈ ਸ਼ੱਕ ਹੁੰਦਾ ਤਾਂ ਉਹ ਉਸ ਨੂੰ ਛਿਪਾਂਦਾ ਨਹੀਂ ਸੀ। ਹੋਰ ਤਾਂ ਹੋਰ...ਉਸ ਨੇ ਮੈਨੂੰ ਇਹ ਵੀ ਦੱਸ ਦਿੱਤਾ ਸੀ ਕਿ ਪਿਛਲੇ ਤੀਹ ਸਾਲਾਂ ਵਿਚ ਉਸ ਨੇ ਵੀਹ ਹਜ਼ਾਰ ਰੁਪਏ ਕਮਾਏ ਨੇ...ਹਰ ਦਸ ਵਿਚੋਂ ਢਾਈ ਕਮੀਸ਼ਨ ਦੇ ਲੈ ਕੇ...ਉਸ ਨੇ ਸਿਰਫ ਦਸ ਹਜ਼ਾਰ ਹੋਰ ਕਮਾਉਣੇ ਸੀ...ਪਤਾ ਨਹੀਂ, ਸਿਰਫ ਦਸ ਹਜ਼ਾਰ ਹੋਰ ਕਿਉਂ?...ਜ਼ਿਆਦਾ ਕਿਉਂ ਨਹੀਂ?...ਉਸ ਨੇ ਮੈਨੂੰ ਕਿਹਾ ਸੀ ਕਿ ਤੀਹ ਹਜ਼ਾਰ ਰੁਪਏ ਪੂਰੇ ਕਰਕੇ ਉਹ ਵਾਪਸ ਬਨਾਰਸ ਚਲਾ ਜਾਏਗਾ ਤੇ ਬਜਾਜੀ ਦੀ ਦੁਕਾਨ ਕਰ ਲਏਗਾ!...ਮੈਂ ਇਹ ਵੀ ਨਹੀਂ ਪੁੱਛਿਆ ਕਿ ਉਹ ਸਿਰਫ ਬਜਾਜੀ ਦੀ ਦੁਕਾਨ ਕਰਨ ਦਾ ਇੱਛੁਕ ਹੀ ਕਿਉਂ ਸੀ...?''
ਮੈਂ ਇੱਥੋਂ ਤਕ ਸੁਣ ਚੁੱਕਿਆ ਤਾਂ ਮੇਰੇ ਮੂੰਹੋਂ ਨਿਕਲਿਆ, ''ਅਜੀਬ ਆਦਮੀ ਸੀ।''
ਮੁਮਤਾਜ਼ ਨੇ ਆਪਣੀ ਗੱਲ ਜਾਰੀ ਰੱਖੀ, ''ਮੇਰਾ ਖ਼ਿਆਲ ਸੀ ਕਿ ਉਹ ਸਿਰ ਤੋਂ ਪੈਰਾਂ ਤੀਕ ਬਨਾਉਟੀ ਹੈ...ਇਕ ਵੱਡਾ ਫਰਾਡ...ਕੌਣ ਯਕੀਨ ਕਰ ਸਕਦਾ ਹੈ ਕਿ ਉਹ ਉਹਨਾਂ ਸਾਰੀਆਂ ਕੁੜੀਆਂ ਨੂੰ, ਜਿਹੜੀਆਂ ਉਸ ਦੇ ਧੰਦੇ ਵਿਚ ਸ਼ਾਮਲ ਨੇ, ਆਪਣੀਆਂ ਧੀਆਂ ਸਮਝਦਾ ਸੀ। ਇਹ ਗੱਲ ਵੀ ਉਸ ਸਮੇਂ ਮੈਨੂੰ ਹਜ਼ਮ ਨਹੀਂ ਸੀ ਆਈ ਕਿ ਉਸ ਨੇ ਹਰੇਕ ਕੁੜੀ ਦੇ ਨਾਂ ਦਾ ਪੋਸਟ ਆਫਿਸ ਵਿਚ ਸੇਵਿੰਗ ਅਕਾਉਂਟ ਖੋਲ੍ਹਿਆ ਹੋਇਆ ਸੀ ਤੇ ਹਰ ਮਹੀਨੇ ਉਹਨਾਂ ਦੇ ਹਿੱਸੇ ਦੀ ਕੁਲ ਆਮਦਨ ਉੱਥੇ ਜਮ੍ਹਾਂ ਕਰਵਾਂਦਾ ਸੀ...ਤੇ ਇਹ ਗੱਲ ਤਾਂ ਬਿਲਕੁਲ ਹੀ ਵਿਸ਼ਵਾਸ ਕਰਨ ਵਾਲੀ ਨਹੀਂ ਸੀ ਕਿ ਉਸ ਦਸ ਬਾਰਾਂ ਕੁੜੀਆਂ ਦੇ ਖਾਣ-ਪੀਣ ਦਾ ਖਰਚ ਆਪਣੇ ਪੱਲਿਓਂ ਕਰਦਾ ਏ...ਉਸ ਦੀ ਹਰੇਕ ਗੱਲ ਮੈਨੂੰ ਜ਼ਰੂਰਤ ਤੋਂ ਵੱਧ ਬਨਾਉਟੀ ਲੱਗੀ ਸੀ। ਇਕ ਦਿਨ ਮੈਂ ਉਸ ਦੇ ਠਿਕਾਣੇ 'ਤੇ ਗਿਆ ਤਾਂ ਉਸ ਨੇ ਮੈਨੂੰ ਕਿਹਾ, 'ਅਮੀਨਾ ਤੇ ਸਕੀਨਾ ਦੋਵੇਂ ਛੁੱਟੀ 'ਤੇ ਨੇ...ਮੈਂ ਹਰ ਹਫ਼ਤੇ ਉਹਨਾਂ ਦੋਵਾਂ ਨੂੰ ਛੁੱਟੀ ਦੇ ਦਿੰਦਾ ਹਾਂ, ਤਾਂਕਿ ਬਾਹਰ ਜਾ ਕੇ ਕਿਸੇ ਹੋਟਲ ਵਿਚ ਮਾਸ-ਮੱਛੀ ਵਗ਼ੈਰਾ ਖਾ ਆਉਣ...ਏਥੇ ਤਾਂ ਤੁਸੀਂ ਜਾਣਦੇ ਹੀ ਹੋ, ਸਭ ਵੈਸ਼ਨੂੰ ਨੇ...' ਮੈਂ ਇਹ ਸੁਣ ਕੇ ਮਨ ਹੀ ਮਨ ਮੁਸਕਰਾਇਆ ਕਿ ਮੈਨੂੰ ਚਾਰ ਰਿਹੈ...! ਇਕ ਦਿਨ ਉਸ ਨੇ ਮੈਨੂੰ ਦੱਸਿਆ ਕਿ ਅਹਿਮਦਾਬਾਦ ਦੀ ਇਕ ਹਿੰਦੂ ਕੁੜੀ ਦੀ ਸ਼ਾਦੀ ਉਸ ਨੇ ਇਕ ਮੁਸਲਮਾਨ ਗਾਹਕ ਨਾ ਕਰਵਾ ਦਿੱਤਾ ਸੀ, ਲਾਹੌਰ ਤੋਂ ਉਸਦਾ ਖ਼ਤ ਆਇਆ ਏ ਕਿ ਦਾਤਾ ਸਾਹਬ ਦੇ ਦਰਬਾਰ ਵਿਚ ਉਸ ਨੇ ਇਕ ਮੰਨਤ ਮੰਨੀ ਸੀ, ਜਿਹੜੀ ਪੂਰੀ ਹੋ ਗਈ ਏ। ਹੁਣ ਉਸ ਨੇ ਸਹਾਏ ਲਈ ਮੰਨਤ ਮੰਗੀ ਹੈ ਕਿ ਜਲਦੀ ਤੋਂ ਜਲਦੀ ਉਸ ਦੇ ਤੀਹ ਹਜ਼ਾਰ ਰੁਪਏ ਪੂਰੇ ਹੋਣ ਤੇ ਉਹ ਬਨਾਰਸ ਜਾ ਕੇ ਬਜਾਜੀ ਦੀ ਦੁਕਾਨ ਖੋਹਲ ਲਏ।' ਇਹ ਸੁਣ ਕੇ ਮੈਂ ਅੰਦਰੇ-ਅੰਦਰ ਹੱਸਿਆ ਸਾਂ...ਸੋਚਿਆ ਸੀ ਕਿਉਂਕਿ ਮੈਂ ਮੁਸਲਮਾਨ ਹਾਂ, ਇਸ ਲਈ, ਮੈਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਏ।''
ਮੈਂ ਮੁਮਤਾਜ਼ ਤੋਂ ਪੁੱਛਿਆ, ''ਤਾਂ ਕੀ ਤੇਰਾ ਖ਼ਿਆਲ ਗ਼ਲਤ ਸੀ?''
''ਬਿਲਕੁਲ...ਉਸ ਦੀ ਕੱਥਨੀ ਤੇ ਕਰਨੀ ਵਿਚ ਕੋਈ ਫਰਕ ਨਹੀਂ ਸੀ। ਹੋ ਸਕਦਾ ਏ ਉਸ ਦੀ ਨਿੱਜੀ ਜ਼ਿੰਦਗੀ ਵਿਚ ਕਈ ਖ਼ਾਮੀਆਂ ਹੋਣ; ਇਹ ਵੀ ਹੋ ਸਕਦਾ ਹੈ ਕਿ ਉਸ ਤੋਂ ਆਪਣੀ ਜ਼ਿੰਗਦੀ ਵਿਚ ਕਈ ਗ਼ਲਤੀਆਂ ਹੋਈਆਂ ਹੋਣ...ਪਰ ਉਹ ਇਕ ਬੜਾ ਹੀ ਵਧੀਆ ਇਨਸਾਨ ਸੀ!''
ਜੁਗਲ ਨੇ ਸਵਾਲ ਕੀਤਾ, ''ਇਹ ਤੈਨੂੰ ਕਿਸ ਦੱਸਿਆ ਸੀ?''
''ਉਸ ਦੀ ਮੌਤ ਨੇ।'' ਇਹ ਕਹਿ ਕੇ ਮੁਮਤਾਜ਼ ਕੁਝ ਚਿਰ ਲਈ ਚੁੱਪ ਹੋ ਗਿਆ। ਥੋੜ੍ਹੀ ਦੇਰ ਬਾਅਦ ਉਸ ਨੇ ਉਧਰ ਦੇਖਣਾ ਸ਼ੁਰੂ ਕਰ ਦਿੱਤਾ ਜਿੱਧਰ ਆਸਮਾਨ ਤੇ ਸਮੁੰਦਰ ਇਕ ਧੰਦਲੀ ਜਿਹੀ ਗਲਵੱਕੜੀ ਵਿਚ ਲਿਪਟੇ ਹੋਏ ਸਨ, ''ਫਸਾਦ ਸ਼ੁਰੂ  ਹੋ ਚੁੱਕੇ ਸਨ। ਮੈਂ ਸਵੇਰੇ ਭਿੰਡੀ ਬਾਜ਼ਾਰ ਵਿਚੋਂ ਲੰਘ ਰਿਹਾ ਸਾਂ...ਕਰਫ਼ਿਊ ਕਾਰਣ ਬਾਜ਼ਾਰ ਵਿਚ ਲੋਕਾਂ ਦੀ ਆਵੀ-ਜਾਈ ਬੜੀ ਘੱਟ ਸੀ। ਟ੍ਰਾਮਾਂ ਵੀ ਨਹੀਂ ਸਨ ਚੱਲ ਰਹੀਆਂ। ਟੈਕਸੀ ਲੱਭਦਾ ਹੋਇਆ ਜਦੋਂ ਮੈਂ ਜੇ.ਜੇ. ਹਸਪਤਾਲ ਕੋਲ ਪਹੁੰਚਿਆ ਤਾਂ ਇਕ ਆਦਮੀ ਨੂੰ ਇਕ ਵੱਡੇ ਸਾਰੇ ਟੋਕਰੇ ਕੋਲ ਗਠੜੀ ਵਾਂਗ ਪਿਆ ਦੇਖਿਆ। ਮੈਂ ਸੋਚਿਆ, ਕੋਈ ਫੁਟਪਾਥੀ ਮਜ਼ਦੂਰ ਸੁੱਤਾ ਹੋਇਆ ਏ, ਪਰ ਜਦੋਂ  ਪੱਥਰ ਦੇ ਟੁਕੜਿਆਂ ਉੱਤੇ ਖ਼ੂਨ ਦੇ ਲੋਥੜੇ ਦਿਖਾਈ ਦਿੱਤੇ ਤਾਂ ਮੈਂ ਰੁਕ ਗਿਆ। ਵਾਰਦਾਤ ਕਤਲ ਦੀ ਸੀ। ਮੈਂ ਸੋਚਿਆ, ਮੈਨੂੰ ਖਿਸਕ ਜਾਣਾ ਚਾਹੀਦਾ ਏ।...ਪਰ ਲਾਸ਼ ਵਿਚ ਹਰਕਤ ਪੈਦਾ ਹੋਈ ਤਾਂ ਮੈਂ ਰੁਕ ਗਿਆ। ਆਸੇ-ਪਾਸੇ ਕੋਈ ਨਹੀਂ ਸੀ। ਮੈਂ ਝੁਕ ਕੇ ਦੇਖਿਆ; ਮੈਨੂੰ ਸਹਾਏ ਦਾ ਜਾਣਿਆ-ਪਛਾਣਿਆ ਚਿਹਰਾ ਨਜ਼ਰ ਆਇਆ, ਉਹ ਲਹੂ ਨਾਲ ਲਿਬੜਿਆ ਹੋਇਆ। ਮੈਂ ਉਸ ਦੇ ਕੋਲ ਹੀ ਫੁਟਪਾਥ ਉੱਤੇ ਬੈਠ ਗਿਆ ਤੇ ਦੇਖਿਆ ਕਿ ਉਸ ਦੀ ਸਫ਼ੈਦ ਕਮੀਜ਼, ਜਿਹੜੀ ਹਮੇਸ਼ਾ ਬੇਦਾਗ਼ ਹੁੰਦੀ ਸੀ, ਲਹੂ ਨਾਲ ਤਰ ਹੋਈ ਹੋਈ ਸੀ। ਜ਼ਖ਼ਮ ਸ਼ਾਇਦ ਪਸਲੀਆਂ ਕੋਲ ਸੀ। ਉਹ  ਹੌਲੀ-ਹੌਲੀ ਕਰਾਹਾ ਰਿਹਾ ਸੀ। ਮੈਂ ਸਾਵਧਾਨੀ ਨਾਲ ਉਸ ਨੂੰ ਮੋਢੇ ਤੋਂ ਫੜ੍ਹ ਕੇ ਹਲੂਣਿਆਂ, ਜਿਵੇਂ ਕਿਸੇ ਸੁੱਤੇ ਨੂੰ ਜਗਾ ਰਿਹਾ ਹੋਵਾਂ। ਇਕ ਦੋ ਵਾਰੀ ਮੈਂ ਉਸ ਨੂੰ ਉਸ ਦੇ ਅਧੂਰੇ ਨਾਂ ਨਾਲ ਵੀ ਬੁਲਾਇਆ, ਪਰ ਉਸ ਨੇ ਅੱਖਾਂ ਨਹੀਂ ਖੋਲ੍ਹੀਆਂ। ਮੈਂ ਉੱਠ ਦੇ ਜਾਣ ਹੀ ਲੱਗਿਆ ਸਾਂ ਕਿ ਉਸ ਨੇ ਅੱਖਾਂ ਖੋਲ੍ਹੀਆਂ ਤੇ ਦੇਰ ਤੀਕ ਉਹਨਾਂ ਅੱਧ ਖੁੱਲ੍ਹੀਆਂ ਨਾਲ ਇਕ ਟੱਕ ਮੇਰੇ ਵੱਲ ਦੇਖਦਾ ਰਿਹਾ। ਫੇਰ ਉਸ ਦੇ ਸਾਰੇ ਸਰੀਰ ਵਿਚ ਇਕ ਪੀੜ-ਪਰੁੱਚੀ ਕੰਬਣੀ ਛਿੜ ਪਈ ਤੇ ਉਸ ਨੇ ਮੈਨੂੰ ਪਛਾਣਦਿਆਂ ਹੋਇਆਂ ਕਿਹਾ, 'ਤੁਸੀਂ? ਤੁਸੀਂ?'
''ਮੈਂ ਉਪਰ ਥੱਲੇ ਉਸ ਨੂੰ ਬਹੁਤ ਸਾਰੇ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ...ਉਹ ਏਧਰ ਕਿਉਂ ਆਇਆ ਸੀ, ਕਿਸ ਨੇ ਉਸ ਨੂੰ ਜ਼ਖ਼ਮੀ ਕੀਤਾ ਏ ਤੇ ਕਦੋਂ ਦਾ ਫੁਟਪਾਥ ਉੱਤੇ ਪਿਆ ਏ???...ਸਾਹਮਣੇ ਹਸਪਤਾਲ ਏ, ਕੀ ਮੈਂ ਉਹਨਾਂ ਨੂੰ ਖ਼ਬਰ ਕਰ ਦਿਆਂ?
''ਉਸ ਵਿਚ ਬੋਲਣ ਦੀ ਹਿੰਮਤ ਨਹੀਂ ਸੀ। ਜਦੋਂ ਮੈਂ ਸਾਰੇ ਸਵਾਲ ਕਰ ਹਟਿਆ ਤਾਂ ਉਸ ਨੇ ਕਰਾਂਹਦਿਆਂ ਹੋਇਆਂ ਬੜੀ ਮੁਸ਼ਕਿਲ ਨਾਲ ਇਹ ਸ਼ਬਦ ਕਹੇ, 'ਮੇਰੇ ਦਿਨ ਪੂਰੇ ਹੋ ਗਏ ਸੀ...ਭਗਵਾਨ ਨੂੰ ਇਹੀ ਮੰਜ਼ੂਰ ਸੀ!'
'ਭਗਵਾਨ ਨੂੰ ਪਤਾ ਨਹੀਂ ਕੀ ਮੰਜ਼ੂਰ ਸੀ, ਪਰ ਮੈਨੂੰ ਇਹ ਮੰਜ਼ੂਰ ਨਹੀਂ ਸੀ ਕਿ ਮੈਂ ਇਕ ਮੁਸਲਮਾਨ ਹੋ ਕੇ, ਮੁਸਲਮਾਨਾਂ ਦੇ ਇਲਾਕੇ ਵਿਚ ਇਕ ਆਦਮੀ ਨੂੰ, ਜਿਸ ਬਾਰੇ ਮੈਂ ਜਾਣਦਾ ਸਾਂ ਕਿ ਉਹ ਹਿੰਦੂ ਹੈ, ਇਸ ਅਹਿਸਾਸ ਨਾਲ ਮਰਦੇ ਦੇਖਾਂ ਕਿ ਉਸ ਨੂੰ ਮਾਰਨ ਵਾਲਾ ਮੁਸਲਮਾਨ ਸੀ...ਤੇ ਆਖ਼ਰੀ ਵਕਤ ਉਸ ਦੀ ਮੌਤ ਦੇ ਸਿਰਹਾਣੇ, ਜਿਹੜਾ ਆਦਮੀ ਖਲੋਤਾ ਸੀ ਉਹ ਵੀ ਇਕ ਮੁਸਲਮਾਨ ਸੀ...। ਮੈਂ ਡਰਪੋਕ ਨਹੀਂ, ਪਰ ਉਦੋਂ ਮੇਰੀ ਹਾਲਤ ਡਰਪੋਕਾਂ ਨਾਲੋਂ ਵੀ ਵੱਧ ਸੀ...ਇਕ ਜੱਫਾ ਇਸ ਡਰ ਨੇ ਮਾਰਿਆ ਹੋਇਆ ਸੀ ਕਿ ਹੋ ਸਕਦਾ ਹੈ ਮੈਨੂੰ ਹੀ ਫੜ੍ਹ ਲਿਆ ਜਾਵੇ...ਜੇ ਫੜਿਆ ਗਿਆ ਤਾਂ ਪੁੱਛਗਿੱਛ ਤੇ ਧੂ-ਘੜੀਸ ਵੀ ਕੀਤੀ ਜਾਏਗੀ। ਜੇ ਮੈਂ ਇਸ ਨੂੰ ਹਸਪਤਾਲ ਲੈ ਗਿਆ ਤਾਂ ਕੀ ਪਤੈ, ਆਪਣਾ ਬਦਲਾ ਲੈਣ ਖਾਤਰ ਮੈਨੂੰ ਹੀ ਫਸਾ ਦਏ...ਸੋਚੇ, ਮਰਨਾ ਤਾਂ ਹੈ ਹੀ ਕਿਉਂ ਨਾ ਇਸ ਨੂੰ ਨਾਲ ਲੈ ਮਰੀਏ। ਇਸ ਕਿਸਮ ਦੀਆਂ ਗੱਲਾਂ ਸੋਚ ਕੇ ਮੈਂ ਤੁਰਨ ਹੀ ਲੱਗਿਆ ਸਾਂ, ਜਾਂ ਇੰਜ ਕਹਿ ਲਓ ਭੱਜਣ ਲੱਗਿਆ ਸਾਂ ਕਿ ਸਹਾਏ ਨੇ ਮੈਨੂੰ ਬੁਲਾਇਆ...ਮੈਂ ਰੁਕ ਗਿਆ...ਨਾ ਰੁਕਣ ਦੇ ਇਰਾਦੇ ਦੇ ਬਾਵਜ਼ੂਦ ਮੇਰੇ ਪੈਰ ਥਾਵੇਂ ਗੱਡੇ ਗਏ ਸਨ...ਮੈਂ ਉਸ ਵੱਲ ਇਸ ਅੰਦਾਜ਼ ਨਾਲ ਦੇਖਿਆ ਜਿਵੇਂ ਕਹਿ ਰਿਹਾ ਹੋਵਾਂ...ਜਲਦੀ ਕਰੋ ਮੀਆਂ, ਮੈਂ ਜਾਣਾ ਏਂ। ਉਸ ਨੇ ਦਰਦ ਦੀ ਤਕਲੀਫ ਨਾਲ ਦੂਹਰੇ ਹੁੰਦਿਆਂ, ਬੜੀ ਮੁਸ਼ਕਿਲ ਨਾਲ, ਆਪਣੀ ਕਮੀਜ਼ ਦੇ ਬਟਨ ਖੋਲ੍ਹੇ ਤੇ ਅੰਦਰ ਹੱਥ ਪਾਇਆ...ਪਰ ਜਦੋਂ ਕੁਝ ਹੋਰ ਕਰਨ ਦੀ ਹਿੰਮਤ ਜਵਾਬ ਦੇ ਗਈ ਤਾਂ ਮੈਨੂੰ ਕਿਹਾ, 'ਹੇਠਾਂ ਬੰਡੀ ਏ...ਉਸ ਦੀ ਜੇਬ ਵਿਚ ਕੁਝ ਜੇਵਰ ਤੇ ਬਾਰਾਂ ਸੌ ਰੁਪਏ ਨੇ...ਇਹ...ਇਹ...ਸੁਲਤਾਨਾ ਦਾ ਮਾਲ ਏ...ਮੈਂ...ਮੈਂ ਇਕ ਦੋਸਤ ਕੋਲ ਰੱਖਿਆ ਹੋਇਆ ਸੀ...ਅੱਜ ਉਸ...ਉਸ ਨੂੰ ਭੇਜਣਾ ਸੀ...ਕਿਉਂਕਿ...ਕਿਉਂਕਿ ਤੁਸੀਂ ਜਾਣਦੇ ਹੀ ਹੋ, ਖਤਰਾ ਬੜਾ ਵਧ ਗਿਐ ...ਉਸ ਨੂੰ ਦੇ ਦੇਣਾ...ਤੇ ਕਹਿਣਾ, ਫੌਰਨ ਚਲੀ ਜਾਏ...ਪਰ...ਖ਼ਿਆਲ ਰੱਖਣਾ ਇਹ ਉਸਦੀ ਇਮਾਨਤ ਹੈ...!' ''
ਮੁਮਤਾਜ਼ ਚੁੱਪ ਹੋ ਗਿਆ, ਪਰ ਮੈਨੂੰ ਇੰਜ ਮਹਿਸੂਸ ਹੋਇਆ ਜਿਵੇਂ ਇਹ ਉਸ ਦੀ ਆਵਾਜ਼ ਨਹੀਂ, ਸਹਾਏ ਦੀ ਆਵਾਜ਼ ਹੈ...ਜਿਹੜਾ ਜੇ.ਜੇ. ਹਸਪਤਾਲ ਸਾਹਮਣੇ, ਫੁਟਪਾਥ ਉੱਤੇ ਉਪਜੀ ਸੀ ਤੇ ਹੁਣ ਦੂਰ...ਉਧਰ, ਜਿੱਥੇ ਆਸਮਾਨ ਤੇ ਸਮੁੰਦਰ ਇਕ ਧੁੰਦਲੀ ਜਿਹੀ ਸ਼ਾਮ ਵਿਚ ਗਲ਼ੇ ਮਿਲ ਰਹੇ ਸਨ, ਅਲੋਪ ਹੋ ਰਹੀ ਹੈ !
ਜਹਾਜ਼ ਨੇ ਪਹਿਲੀ ਸੀਟੀ ਮਾਰੀ ਤਾਂ ਮੁਮਤਾਜ਼ ਨੇ ਕਿਹਾ, ''ਮੈਂ ਸੁਲਤਾਨਾ ਨੂੰ ਮਿਲਿਆ...ਉਸ ਨੂੰ ਜੇਵਰ ਤੇ ਰੁਪਏ ਦਿੱਤੇ ਤਾਂ ਉਸ ਦੀਆਂ ਅੱਖਾਂ ਭਿੱਜ ਗਈਆਂ...!''
ਜਦੋਂ ਅਸੀਂ ਮੁਮਤਾਜ਼ ਤੋਂ ਵਿਦਾਅ ਲੈ ਕੇ ਹੇਠਾਂ ਉਤਰੇ ਤਾਂ ਉਹ ਡੈਕ ਦੇ ਜੰਗਲੇ ਨੂੰ ਫੜ੍ਹੀ ਖੜ੍ਹਾ ਸੀ...ਉਸ ਦਾ ਸੱਜਾ ਹੱਥ ਹਿੱਲ ਰਿਹਾ ਸੀ...ਮੈਂ ਜੁਗਲ ਨੂੰ ਕਿਹਾ, ''ਕੀ ਤੈਨੂੰ ਇੰਜ ਮਹਿਸੂਸ ਨਹੀਂ ਹੁੰਦਾ ਕਿ ਮੁਮਤਾਜ਼ ਸਹਾਏ ਦੀ ਰੂਹ ਨੂੰ ਬੁਲਾਅ ਰਿਹਾ ਹੈ...ਆਪਣਾ ਹਮਸਫ਼ਰ ਬਣਾਉਣ ਲਈ ?''
ਜੁਗਲ ਨੇ ਸਿਰਫ ਏਨਾ ਕਿਹਾ, ''ਕਾਸ਼, ਮੈਂ ਸਹਾਏ ਦੀ ਰੂਹ ਹੁੰਦਾ !''
      ੦੦੦

Tuesday, November 10, 2009

ਸਿਰਫ ਇਕ ਸਿਗਰੇਟ :: ਲੇਖਕ : ਰਾਜਿੰਦਰ ਸਿੰਘ ਬੇਦੀ




ਆਪਣੀਆਂ ਕਹਾਣੀਆਂ ਰਾਹੇ ਸਦਾ ਅਮਰ ਲੇਖਕ ਰਾਜਿੰਦਰ ਸਿੰਘ ਬੇਦੀ ਨੂੰ ਅੱਜ 11ਨਵੰਬਰ ਨੂੰ ਉਹਨਾਂ ਦੀ ਪੱਚੀਵੀਂ ਬਰਸੀ ਉੱਪਰ ਯਾਦ ਕਰਦਿਆਂ ਆਓ ਉਹਨਾਂ ਦੀ ਕਹਾਣੀ ਸਿਰਫ ਇਕ ਸਿਗਰੇਟ ਦਾ ਪਾਠ ਕਰੀਏ :...
ਅਨੁਵਾਦ : ਮਹਿੰਦਰ ਬੇਦੀ, ਜੈਤੋ । ਸੰਪਰਕ : 94177-30600.


ਸੰਤ ਰਾਮ ਦੀ ਅੱਖ ਖੁੱਲ੍ਹੀ-ਤਾਂ ਸਵੇਰ ਦੇ ਚਾਰ ਵੱਜੇ ਹੋਏ ਸਨ। ਸੌਣ ਤੋਂ ਪਹਿਲਾਂ ਉਹ ਸਾਵਧਾਨੀ ਵਜੋਂ, ਘੜੀ ਨੂੰ ਸਿਰਹਾਣੇ ਹੇਠ ਰੱਖ ਲੈਂਦਾ ਸੀ, ਪਰ ਇਸ ਸਮੇਂ ਉਹ ਉਸਨੂੰ ਆਪਣੇ ਹੇਠੋਂ ਲੱਭੀ, ਤਦੇ ਤਾਂ ਸਾਰੀ ਰਾਤ ਅਨਹਦ-ਨਾਦ ਸੁਣਾਈ ਦਿੰਦਾ ਰਿਹਾ ਸੀ। ਸੁੱਤੇ ਬੰਦੇ ਦੀ ਘੜੀ ਸਿਰਹਾਣੇ ਹੇਠੋਂ ਖਿਸਕ ਜਾਵੇ ਤਾਂ ਉਸਦੀ ਸਾਧਾਰਣ ਜਿਹੀ ਟਿਕ-ਟਿਕ ਵੀ ਚੰਗੇ ਖਾਸੇ ਘੜਿਆਲ ਦੀ ਆਵਾਜ਼ ਬਣ ਜਾਂਦੀ ਹੈ ਤੇ ਅਚੇਤਨ ਦੀਆਂ ਪਰਤਾਂ ਵਿਚ ਘੁਸੜ ਕੇ 'ਅਨਹਦ-ਨਾਦ' ਜਾਪਣ ਲੱਗ ਪੈਂਦੀ ਹੈ...ਤੇ ਆਦਮੀ ਨੂੰ ਖਾਹਮਖਾਹ ਆਪਣੇ ਬ੍ਰਹਮਗਿਆਨੀ ਹੋਣ ਦਾ ਭਰਮ ਹੁੰਦਾ ਰਹਿੰਦਾ ਹੈ।
ਘੜੀ ਦਾ ਰੇਡੀਅਮ, ਬੁੱਢਾ ਹੋ ਜਾਣ ਕਰਕੇ, ਆਪਣੀ ਚਮਕ ਗਵਾਈ ਬੈਠਾ ਸੀ ਪਰ ਵਫਾਦਾਰੀ ਪੱਖੋਂ ਅੱਜ ਵੀ ਸਮੇਂ ਦਾ ਅੰਦਾਜ਼ਾ ਕਰਵਾ ਦੇਂਦਾ ਸੀ। ਇਸ ਸਮੇਂ ਚਾਰ ਵੱਜ ਕੇ ਕੁਝ ਮਿੰਟ ਹੀ ਹੋਏ ਸਨ। ਸੰਤ ਰਾਮ ਨੇ ਹਨੇਰੇ ਵਿਚ ਅੱਖਾਂ ਝਪਕਦਿਆਂ ਹੋਇਆ ਫੇਰ ਘੜੀ ਵੇਖਣ ਦੀ ਕੋਸ਼ਿਸ਼ ਕੀਤੀ। ਇੰਜ ਕਈ ਵਾਰ ਹੁੰਦਾ ਹੈ ਕਿ ਘੜੀ ਦੀ ਚਾਬੀ ਨੂੰ ਅੱਖਾਂ ਸਾਹਵੇਂ, ਐਨ ਬਰਾਬਰ ਕਰਕੇ, ਨਾ ਰੱÎਖਿਆ ਜਾਵੇ ਤਾਂ ਇੰਜ ਲੱਗਦਾ ਹੈ, ਛੇ ਵੱਜ ਗਏ ਹਨ...ਤੁਸੀਂ ਦਾਤਨ-ਕੁਰਲੀ ਕਰਕੇ ਨਹਾ-ਧੋ ਲੈਂਦੇ ਹੋ, ਪੂਜਾ-ਪਾਠ ਵੀ ਕਰ ਕਰਾ ਲੈਂਦੇ ਹੋ, ਤਾਂ ਹੈਰਾਨ ਹੋ ਕੇ ਦੇਖਦੇ ਹੋ ਕਿ ਛੇ ਵੱਜੇ ਹਨ ! ਸੰਤ ਰਾਮ ਨੂੰ ਬੱਤੀ ਜਗਾ ਕੇ ਆਪਣੇ ਤੇ ਆਪਣੇ ਨਾਲ ਵਾਲੇ ਬੈੱਡ-ਰੂਮ ਵਿਚ ਸੁੱਤੇ ਬੱÎਚਿਆਂ ਦੀ ਨੀਂਦ ਖਰਾਬ ਕਰਨ ਦੀ ਲੋੜ ਨਹੀਂ ਪਈ, ਘਰ ਦੇ ਸਾਹਮਣੇ ਹੀ ਪੁਲਿਸ ਚੌਕੀ ਸੀ ਜਿਸ ਦੀ ਗਾਰਦ ਨੇ ਚਾਰ ਵਜਾ ਦਿੱਤੇ ਸਨ। ਉਸਨੇ ਸੋਚਿਆ, ਏਨਾ ਸਵਖ਼ਤੇ ਉੱਠ ਕੇ ਕੀ ਕਰਾਂਗਾ ? ਸੋ ਮੁੜ ਸੌਣ ਦਾ ਯਤਨ ਕੀਤਾ, ਪਰ ਨੀਂਦ ਆਪਣਾ ਪੇਟ ਭਰ ਚੁੱਕੀ ਸੀ ਤੇ ਬੁਢੇਪੇ ਵਿਚ ਤਾਂ ਜੇ ਇਕ ਵਾਰੀ ਜਾਗ ਪਏ, ਤਾਂ ਜਾਗ ਪਏ, ਜਿਵੇਂ ਇਕ ਵਾਰੀ ਸੌÎਂ ਗਏ, ਤਾਂ ਸੌÎਂ ਗਏ। ਉਸਨੇ ਚਾਦਰ ਲਾਹ ਕੇ ਪੁਆਂਦੀ ਵੱਲ ਸੁੱਟ ਦਿੱਤੀ ਤੇ ਇੰਜ ਭੁੜਕ ਕੇ ਬਿਸਤਰੇ 'ਚੋਂ ਨਿਕਲ ਆਇਆ ਜਿਵੇਂ ਤੜਾਕੇ ਨਾਲ ਖੁੰਬ ਜ਼ਮੀਨ 'ਚੋਂ ਬਾਹਰ ਨਿਕਲ ਆਉਂਦੀ ਹੈ।
ਨਾਲ ਵਾਲੇ ਬਿਸਤਰੇ ਉੱਤੇ ਧੋਬਨ ਸੁੱਤੀ ਹੋਈ ਸੀ---ਪਾਸੇ ਪਰਨੇ। ਧੋਬਨ, ਸੰਤ ਰਾਮ ਆਪਣੀ ਪਤਨੀ ਨੂੰ ਕਹਿੰਦਾ ਸੀ। ਉਸਦਾ ਨਾਂਅ ਤਾਂ ਚੰਗਾ ਭਲਾ ਸ਼ਾਂਤੀ ਸੀ, ਪਰ ਸੰਤ ਰਾਮ ਉਸਨੂੰ ਇਸੇ ਨਾਂਅ ਨਾਲ ਬੁਲਾਉਂਦਾ ਸੀ, ਕਿਉਂਕਿ ਉਹ ਲਾਂਡਰੀ ਵਿਚ ਕਪੜੇ ਧੁਆਉਣ ਦੇ ਬੜੀ ਖ਼ਿਲਾਫ ਸੀ। ਘਰ ਵਿਚ ਨੌਕਰ ਚਾਕਰ, ਪ੍ਰਮਾਤਮਾਂ ਦਾ ਦਿੱਤਾ ਸਭ ਕੁਝ ਹੋਣ 'ਤੇ ਵੀ ਉਹ ਰੁਮਾਲ ਤੋਂ ਲੈ ਕੇ ਭਾਰੀਆਂ-ਭਾਰੀਆਂ ਚਾਦਰਾਂ ਤਕ ਘਰੇ ਹੀ ਧੋਂਦੀ। ਜਦੋਂ ਥੱਕ ਜਾਂਦੀ, ਸਾਰਿਆਂ ਨਾਲ ਲੜਦੀ ਤੇ ਲਾਂਡਰੀ ਦੀ ਧੁਆਈ ਨਾਲੋਂ ਵੀ ਮਹਿੰਗੀ ਪੈਂਦੀ। ਫੇਰ ਰਾਤ ਨੂੰ ਸੌਣ ਤੋਂ ਪਹਿਲਾਂ ਉਹ ਹਮੇਸ਼ਾ ਨੱਪਣ-ਘੁੱਟਨ ਦੀ ਫਰਮਾਇਸ਼ ਕੁਝ ਇਸ ਢੰਗ ਨਾਲ ਕਰਦੀ ਕਿ ਫਰਮਾਇਸ਼ ਤੇ ਹੁਕਮ ਵਿਚ ਕੋਈ ਫਰਕ ਹੀ ਨਹੀਂ ਸੀ ਲੱਗਦਾ। ਨੱਪਣ-ਘੁੱਟਨ ਦੀ ਇਸ ਮੁਸੀਬਤ ਤੋਂ ਸੰਤ ਰਾਮ ਤਾਂ ਕੀ, ਧੋਬਨ ਦੇ ਬੱÎਚਿਆਂ ਨੂੰ ਵੀ ਬੜੀ ਚਿੜ ਸੀ। ਕੋਈ ਪੰਜ ਨਹੀਂ ਤਾਂ ਹੱਦ ਦਸ ਮਿੰਟ ਤਕ ਘੁਟਾਅ ਲਏ, ਪਰ ਇਹ ਕੀ ਹੋਇਆ ਕਿ ਘੰਟਾ-ਘੰਟਾ ਬਸ ਕਰਨ ਲਈ ਹੀ ਨਾ ਆਖੇ। ਅਜੀਬ ਤਮਾਸ਼ਾ ਹੁੰਦਾ ਸੀ। ਆਖ਼ਰ ਘੁੱਟਨ ਵਾਲੇ ਨੂੰ ਆਪੇ ਹੀ ਅੱਕ ਕੇ ਹਟ, ਤੇ ਥੱਕ ਕੇ ਲੇਟ ਜਾਣਾ ਪੈਂਦਾ ਸੀ। ਇਕ ਦਿਨ ਵੱਡੀ ਕੁੜੀ ਲਾਡੋ ਨਾਲ ਵੀ ਇਵੇਂ ਹੋਇਆ। ਮਾਂ ਨੂੰ ਨੱਪ ਘੁੱਟ ਕੇ ਉਹ ਅੱਕੀ, ਥੱਕੀ ਪਲੰਘ ਉੱਤੇ ਜਾ ਲੇਟੀ ਤੇ ਬੋਲੀ, ''ਹੁਣ ਤੂੰ ਮੈਨੂੰ ਘੁੱਟ ਦੇਅ, ਮੰਮਾਂ !''
ਨਾਲੇ ਏਸ ਨੱਪਣ-ਘੁੱਟਨ ਦੇ ਕਾਰਜ ਵਿਚ ਇਕ ਹੋਰ ਬੜੀ ਵੱਡੀ ਮੁਸੀਬਤ ਇਹ ਹੁੰਦੀ ਸੀ ਕਿ ਧੋਬਨ ਨੂੰ ਪਤਾ ਹੀ ਨਹੀਂ ਸੀ ਲੱਗਦਾ ਕਿ ਉਸਦੇ ਦਰਦ ਕਿੱਥੇ ਹੁੰਦਾ ਏ---ਜਿੱਥੇ ਹੱਥ ਰੱਖੋ, ਦਰਦ ਹਮੇਸ਼ਾ ਉਸ ਤੋਂ ਥੋੜ੍ਹਾ ਏਧਰ ਜਾਂ ਉਧਰ ਹੁੰਦਾ ਸੀ। ਤੇ ਉਹ ਜਗ੍ਹਾ ਲਭਦੇ-ਲਭਦੇ ਉਹ ਸਾਰਾ ਪਿੰਡਾ ਘੁਟਵਾ ਲੈਂਦੀ ਸੀ। ਕੋਈ ਕਹੇ ਇਹ ਉਸਦੀ ਚਾਲਾਕੀ ਸੀ, ਤਾਂ ਇੰਜ ਨਹੀਂ ਸੀ। ਉਸਨੂੰ ਸੱਚਮੁੱਚ ਪਤਾ ਨਹੀਂ ਸੀ ਲੱਗਦਾ ਤੇ ਆਖ਼ਰੀ ਫੈਸਲਾ ਇਹ ਹੁੰਦਾ ਸੀ ਕਿ ਸਾਰਾ ਪਿੰਡਾ ਹੀ ਦੁਖ ਰਿਹਾ ਹੈ। ਅੱਛਾ...ਧੋਬਨ ਨੂੰ ਘੁਟਵਾਉਣ ਦਾ ਹੀ ਨਹੀਂ ਘੁੱਟਨ ਦਾ ਵੀ ਬੜਾ ਸ਼ੌਕ ਸੀ। ਬਸ ਜ਼ਰਾ ਗੱਲ ਕਰੋ, ਉਹ ਤਿਆਰ ਹੈ। ਭਾਵੇਂ ਇਹ ਕਾਰਜ ਉਸ ਤੋਂ ਕੋਈ ਘੱਟ ਹੀ ਕਰਵਾਉਂਦਾ ਸੀ, ਕਿਉਂਕਿ ਉਸਦਾ ਹੱਥ ਕੀ ਸੀ, ਮਿਸਤਰੀ ਦੀ ਸੰਨ੍ਹੀ ਸੀ, ਜਿਸ ਨਾਲ ਚੰਗੇ-ਭਲੇ ਬੰਦੇ ਦੇ ਨਟ-ਬੋਲਟ 'ਕੱਸੇ' ਜਾਂਦੇ ਸਨ। ਉਸ ਦੀਆਂ ਬਾਹਾਂ ਦਾ ਜੱਫਾ ਨਾ ਸਿਰਫ ਮਰਦਾਨਾ ਬਲਿਕੇ ਪਹਿਲਵਾਨਾ ਕਿਹਾ ਜਾ ਸਕਦਾ ਸੀ। ਇੰਜ ਜਾਪਦਾ ਸੀ, ਜਿਵੇਂ ਉਹ ਕਿਸੇ ਆਦਮੀ ਨੂੰ ਨਾ ਘੁੱਟ ਰਹੀ ਹੋਵੇ, ਬਲਿਕੇ ਕੋਈ ਬੈੱਡ-ਕਵਰ ਨਿਚੋੜ ਰਹੀ ਹੋਵੇ। ਸੰਤ ਰਾਮ ਉਸਦੇ ਧੋਬੀ ਪਟਕੇ ਤੋਂ ਬੜਾ ਚਾਲੂ ਸੀ। ਧੋਬਨ...ਹਾਂ, ਸੰਤ ਰਾਮ ਨੇ ਉਸਦਾ ਇਹ ਨਾਂਅ ਇਸ ਲਈ ਵੀ ਰੱÎਖਿਆ ਸੀ ਕਿ ਬਚਪਨ ਵਿਚ ਉਸਨੇ ਬਾਈਸਕੋਪ ਵਿਚ ਬਾਰਾਂ ਮਣ ਦੀ ਧੋਬਨ ਦੇਖੀ ਹੋਈ ਸੀ, ਜਿਹੜੀ ਅੱਧ ਨੰਗੀ ਹਾਲਤ ਵਿਚ ਵੱਖੀ ਪਰਨੇ ਲੇਟੀ, ਹੱਥ ਵਿਚ ਮੋਰ ਦੇ ਖੰਭਾਂ ਵਾਲੀ ਪੱਖੀ ਫੜ੍ਹੀ ਇਕ ਭਰਪੂਰ ਔਰਤ ਜਾਪਦੀ ਹੁੰਦੀ ਸੀ। ਬਾਈਸਕੋਪ ਵਾਲਾ ਆਪਣੇ ਡੱਬੇ ਉੱਤੇ ਘੁੰਘਰੂ ਵਜਾਉਂਦਾ, ਗਲੀ ਵਿਚ ਆਉਂਦਾ ਤੇ ਹੋਕਰਾ ਲਾਉਂਦਾ, ''ਪੈਰਿਸ ਦੀ ਰਾਤ ਦੇਖ, ਆਪਣੀ ਬਾਰਾਤ ਦੇਖ !'' ਤੇ ਫੇਰ ਟਿਊਨ ਬਦਲ ਕੇ---''ਧੋਬਨ ਦੇਖ, ਬਾਰਾਂ ਮਣ ਦੀ ਗੋਰੀ-ਚਿੱਟੀ...ਆਹਾ ; ਤਨ ਦੀ...ਵਾ'ਵਾ !'' ਤੇ ਸਾਰੇ ਨਿਆਣੇ ਮਾਵਾਂ ਤੋਂ ਇਕ ਇਕ ਪੈਸਾ ਲੈ ਕੇ ਉਸ ਜਾਦੂ ਦੇ ਬਕਸੇ ਵਾਲੇ ਨੂੰ ਦੇ ਕੇ ਆਪਣਾ ਚਿਹਰਾ ਤੇ ਅੱਖਾਂ ਬਾਈਸਕੋਪ ਵਿਚ ਤੁੰਨ ਲੈਂਦੇ ਸਨ ਤੇ ਨਜ਼ਾਰਿਆਂ ਦਾ ਪੂਰਾ-ਪੂਰਾ ਆਨੰਦ ਮਾਣਦੇ ਸਨ। ਪੈਰਿਸ ਦੀ ਰਾਤ, ਬਾਰਾਤ, ਚਿੱਟਾ ਰਿੱਛ, ਸਰਕਸ ਦੇ ਜੋਕਰ ਤੋਂ ਪਿੱਛੋਂ ਜਦੋਂ ਧੋਬਨ ਆਉਂਦੀ ਸੀ, ਤਾਂ ਬੱÎਚਿਆਂ ਨੂੰ ਕੁਝ ਹੋਰ ਚੇਤੇ ਹੀ ਨਹੀਂ ਸੀ ਰਹਿੰਦਾ ; ਉਸ ਸੋਚਦੇ ਕਿ ਧੋਬਨ ਨੂੰ ਇਸ ਬਕਸੇ ਵਿਚ ਕਿਉਂ ਕੈਦ ਕੀਤਾ ਹੋਇਆ ਹੈ ? ਮਹੀਨਾ ਪਹਿਲਾਂ ਵੀ ਉਹ ਇਵੇਂ ਹੀ ਲੇਟੀ ਹੋਈ ਸੀ ਤੇ ਅੱਜ ਵੀ ਲੇਟੀ ਹੋਈ ਹੈ। ਇਕੋ ਪਾਸੇ ਪਈ-ਪਈ ਕੀ ਉਹ ਥੱਕਦੀ ਨਹੀਂ ? ਧੋਬਨ ਅਛੋਪਲੇ ਹੀ ਬੱÎਚਿਆਂ ਨੂੰ ਚੰਗੀ ਲੱਗਣ ਲੱਗ ਪਈ ਸੀ। ਉਸਦੇ ਦਿਮਾਗ ਵਿਚ ਵੀ ਘੁਸੀ ਹੋਈ ਸੀ ਤੇ ਅੱਜ ਕੋਈ ਪੰਦਰਾਂ ਵੀਹ ਵਰ੍ਹਿਆ ਬਾਅਦ ਬਾਹਰ ਨਿਕਲੀ ਸੀ।
ਨਾਲ ਵਾਲੇ ਕਮਰੇ ਵਿਚ , ਸੰਤ ਰਾਮ ਦੀ ਵਿਆਹੀ-ਵਰੀ ਕੁੜੀ ਲਾਡੋ, ਜਿਹੜੀ ਕੱਲ੍ਹ ਹੀ ਆਪਣੇ ਸਹੁਰਿਓਂ ਆਈ ਸੀ, ਸੁੱਤੀ ਹੋਈ ਸੀ ; ਏਨੀ ਗੂੜ੍ਹੀ ਨੀਂਦ---ਜਿਵੇਂ ਇਸ ਦੁਨੀਆਂ ਨਾਲ ਉਸਦਾ ਕੋਈ ਵਾਸਤਾ ਹੀ ਨਾ ਹੋਵੇ। ਉਸਦਾ ਮੂੰਹ ਅੱÎਡਿਆ ਹੋਇਆ ਸੀ, ਕਿਉਂਕਿ ਰਾਤ ਦੇ ਪਹਿਲੇ ਪਹਿਰ ਕਮੀਨੇ ਬਾਬੀ---ਉਸਦੇ ਮੁੰਡੇ---ਨੇ ਉਸਨੂੰ ਸੌਣ ਹੀ ਨਹੀਂ ਸੀ ਦਿੱਤਾ ਤੇ ਜਦੋਂ ਉਸਨੂੰ ਨੀਂਦ ਆਈ, ਤਾਂ ਸਾਹ ਲੈਣ ਲਈ ਵਧ ਹਵਾ ਦੀ ਜ਼ਰੂਤ ਪਈ। ਲਾਡੋ ਜਿਵੇਂ ਵਿਆਹ ਵੇਲੇ, ਛੇ ਵਰ੍ਹੇ ਪਹਿਲਾਂ, ਹੁੰਦੀ ਸੀ, ਹੁਣ ਵੀ ਓਵੇਂ ਲਗਦੀ ਸੀ। ਗੱਲ ਕਰਨ ਵੇਲੇ ਮੂੰਹ ਵਿਚੋਂ ਪਾਣੀ ਦੀਆਂ ਫੁਆਰਾਂ ਸੁਣਨ ਵਾਲੇ ਦੇ ਮੂੰਹ 'ਤੇ ਪੈਂਦੀਆਂ ਸਨ। ਜਿਵੇਂ ਉਹ ਰੁੱਸਦੀ, ਓਵੇਂ ਹੀ ਮੰਨ ਜਾਂਦੀ। ਸੰਤ ਰਾਮ ਤੇ ਧੋਬਨ ਨੂੰ ਇਹੀ ਫਿਕਰ ਸੀ---ਇਹ ਸਾਡੀ ਲੱਲ੍ਹੀ ਕੁੜੀ ਵੱਸੇਗੀ ਕਿਵੇਂ ? ਉਸਨੂੰ ਕੋਈ ਬਾਬੂ ਸੁਭਾਅ ਮੀਆਂ ਮਿਲ ਗਿਆ ਤਾਂ ਮੁਸੀਬਤ ਹੋ ਜਾਵੇਗੀ। ਪਰ ਉਸਨੂੰ ਜਿਹੜਾ ਮੀਆਂ ਮਿਲਿਆ, ਉਸਨੇ ਕੋਈ ਸ਼ਰਤ ਹੀ ਨਹੀਂ ਸੀ ਰੱਖੀ ਤੇ ਨਾ ਹੀ ਹੁਣ ਕੋਈ ਚੂੰ-ਚਰਾਂ ਕਰਦਾ ਹੈ। ਇਧਰ ਇਸ ਘਰ ਵਿਚ ਮਾਂ-ਬਾਪ ਦੀ ਅਣਬਣ, ਉਧਰ ਲਾਡੋ ਦੇ ਸਹੁਰੇ-ਘਰ ਮਾਤਾ-ਪਿਤਾ ਦੇ ਲਾਡ-ਪਿਆਰ ਦੇ ਭੰਡਾਰ ਨੇ ਜਾਂ ਲੋਕੀ ਕੀ ਆਖਣਗੇ ਦੇ ਡਰ ਨੇ, ਪਤੀ-ਪਤਨੀ ਦੋਵਾਂ ਨੂੰ ਇਕ ਮਜ਼ਬੂਤ ਰਿਸ਼ਤੇ ਵਿਚ ਬੰਨ੍ਹਿਆਂ ਹੋਇਆ ਸੀ। ਦਲੇਰ ਦੋਵੇਂ ਏਨੇ ਸਨ ਕਿ ਘਰੇ ਚੂਹਾ ਨਿਕਲ ਆਵੇ ਤਾਂ ਚੀਕ-ਚੀਕ ਕੇ ਇਕ-ਦੂਜੇ ਦੇ ਵਿਚ ਵੜਨ ਲੱਗ ਪੈਂਦੇ ਸਨ। ਸੰਤ ਰਾਮ ਉਸਦੇ ਚਿੜੀ ਜਿੱਡੇ ਦਿਲ ਉੱਤੇ ਬੜਾ ਖੁਸ਼ ਸੀ, ਕਿਉਂਕਿ ਉਹ ਜਾਣਦਾ ਸੀ ਕਿ ਬਹੁਤ ਸਾਰੇ ਨਾਕਾਰਾਤਮਕ ਭਾਵ ਜ਼ਿੰਦਗੀ ਲਈ ਕਿੰਨੇ ਲਾਭਵੰਤ ਹੁੰਦੇ ਨੇ, ਜਿਵੇਂ ਕਿ ਡਰ, ਕੰਜੂਸੀ, ਲੋਕ-ਲੱਜਾ ਵਗੈਰਾ। ਪਰ ਇਹ ਡਰ ਤਾਂ ਅਗਲੀ ਨਸਲ ਵਿਚ ਵੀ ਪਹੁੰਚ ਰਿਹਾ ਸੀ। ਲਾਡੋ ਨਾਲ ਉਸਦਾ ਬਾਲ---ਬਾਬੀ---ਸੁੱਤਾ ਹੋਇਆ ਸੀ ; ਮਾਂ ਦੇ ਗਲੇ ਵਿਚ ਬਾਹਾਂ ਪਾ ਕੇ। ਜਦੋਂਂ ਜ਼ਰਾ ਅੱਖ ਖੁੱਲ੍ਹਦੀ, ਉਸਦੇ ਕੰਨ ਮਸਲ ਲੱਗ ਪੈਂਦਾ। ਪਤਾ ਨਹੀਂ, ਇਹ ਕੀ ਆਦਤ ਸੀ ਉਸਦੀ, ਜਿਸਨੂੰ ਸਿਰਫ ਉਸਦੀ ਮਾਂ ਹੀ ਬਰਦਾਸ਼ਤ ਕਰ ਸਕਦੀ ਸੀ। ਸੰਤ ਰਾਮ ਨੇ ਜਦੋਂ ਵੀ ਕਦੀ ਮੋਹ ਵੱਸ ਹੋ ਕੇ ਆਪਣੇ ਦੋਹਤੇ ਨੂੰ ਨਾਲ ਸੰਵਾਇਆ, ਥੋੜ੍ਹੀ ਦੇਰ ਪਿੱਛੋਂ ਹੀ ਅੱਕ ਕੇ ਚੁੱÎਕਿਆ ਤੇ ਉਸਦੀ ਮਾਂ ਦੇ ਨਾਲ ਜਾ ਪਾਇਆ। ਸੁੱਤੇ ਹੋਏ ਬੱਚੇ ਦੀਆਂ ਬਾਹਾਂ ਦੀ ਗਲਵੱਕੜੀ ਇਕ ਆਮ ਗੱਲ ਸੀ, ਪਰ ਜਦੋਂ ਉਹ ਆਪਣੇ ਲਿਜਲਿਜੇ ਹੱਥਾਂ ਨਾਲ ਕੰਨ ਮਸਲਨ-ਮਰੋੜਨ ਲੱਗਦਾ ਸੀ ਤਾਂ ਅਜੀਬ ਜਿਹੀ ਕੁਤਕੁਤੀ ਹੁੰਦੀ ਸੀ ਜਿਵੇ ਕੋਈ ਕੰਨ ਵਿਚ ਡੱਕੇ ਮਾਰ ਰਿਹਾ ਹੋਵੇ।
ਦੋਵੇਂ ਛੋਟੇ ਬੱਚੇ, ਮੁੰਡਾ ਤੇ ਕੁੜੀ, ਆਪਣੇ ਮਾਮੇ ਕੋਲ ਗੁੜਗਾਂਵ ਗਏ ਹੋਏ ਸਨ। ਉਹਨਾਂ ਦੇ ਖਾਲੀ ਪਏ ਬਿਸਤਰੇ ਛੱਤ ਨੂੰ ਘੂਰ ਰਹੇ ਸਨ। ਵੱਡਾ ਪਾਲ ਇੱਥੇ ਹੀ ਸੀ, ਜਿਸਦੇ ਘੁਰਾੜੇ ਸੁਣਾਈ ਦੇ ਰਹੇ ਸਨ। ਕਿੰਜ ਉਹ ਵਿਹੰਦਿਆਂ- ਵਿਹੰਦਿਆ ਵੱਡਾ ਹੋ ਗਿਆ ਸੀ ਤੇ ਸੰਤ ਰਾਮ ਦੇ ਕਾਬੂ 'ਚੋਂ ਨਿਕਲ ਗਿਆ ਸੀ। ਪਹਿਲਾਂ ਸੰਤ ਰਾਮ ਉਸਨੂੰ ਉਸਦੀ ਗਲਤੀ ਉੱਤੇ ਤਾੜਦਾ ਤਾਂ ਉਹ ਨਿੱਕੇ-ਨਿੱਕੇ ਵਿਰੋਧ ਕਰਦਾ : ਆਪਣੀ ਮਾਂ ਨਾਲ ਲੜਨ ਲੱਗਦਾ, ਚਾਹ ਵਾਲੀ ਪਿਆਲੀ ਚੁੱਕ ਕੇ ਖਿੜਕੀ ਵਿਚੋਂ ਬਾਹਰ ਸੁੱਟ ਦਿੰਦਾ। ਪਰ ਹੁਣ ਉਹ ਪਿਓ ਦੇ ਤਾੜਨ 'ਤੇ ਬਿਲਕੁਲ ਚੁੱਪ ਹੋ ਜਾਂਦਾ ਸੀ। ਇਹ ਗੱਲ ਸੰਤ ਰਾਮ ਨੂੰ ਹੋਰ ਵੀ ਰੜਕਦੀ ਸੀ। ਸੰਤ ਰਾਮ ਚਾਹੁੰਦਾ ਸੀ, ਉਹ ਉਸਦੀ ਗੱਲ ਦਾ ਜਵਾਬ ਦੇਵੇ ਤੇ ਜਦੋਂ ਉਹ ਕਦੀ ਜਵਾਬ ਦਿੰਦਾ ਸੀ ਤਾਂ ਸੰਤ ਰਾਮ ਹੋਰ ਵੀ ਹਿਰਖ ਜਾਂਦਾ ਸੀ। ਉਹ ਚਾਹੁੰਦਾ ਸੀ, ਮੁੰਡਾ ਉਸਦੀ ਗੱਲ ਦਾ ਜਵਾਬ ਦੇਵੇ, ਤੇ ਨਹੀਂ ਵੀ ਚਾਹੁੰਦਾ ਸੀ---ਆਖ਼ਰ ਉਹ ਚਾਹੁੰਦਾ ਕੀ ਸੀ, ਉਹ ਨਹੀਂ ਸੀ ਜਾਣਦਾ ! ਸੰਤ ਰਾਮ ਨੇ ਆਪਣੇ ਪੁੱਤਰ ਪਾਲ ਨੂੰ ਆਪਣੀ ਜ਼ਿੰਦਗੀ ਦੀ ਆਖ਼ਰੀ ਚਪੇੜ ਛੇ ਵਰ੍ਹੇ ਪਹਿਲਾਂ ਮਾਰੀ ਸੀ, ਜਿਹੜੀ ਹੁਣ ਤਕ ਗੂੰਜ ਰਹੀ ਹੈ। ਹੁਣ ਤਾਂ ਉਹ ਉਸ ਤੋਂ ਡਰਨ ਵੀ ਲੱਗ ਪਿਆ ਸੀ। ਅੱਜ ਵੀ ਪਾਲ ਨਿੱਤ ਵਾਂਗ ਹੀ ਰਾਤ ਨੂੰ ਦੋ ਵਜੇ ਆਇਆ ਸੀ---ਡਿਪਲੋਮੇਟ ਦੇ ਦੋ-ਚਾਰ ਪੈਗ ਲਾ ਕੇ। ਵਿਸਕੀ ਦੀ ਅਸਲੀ ਮਹਿਕ ਤਾਂ ਘਰ ਦੇ ਲੋਕਾਂ ਨੇ ਨੀਂਦ ਵਿਚ ਵਿਸਾਰ ਦਿੱਤੀ ਸੀ, ਪਰ ਹੁਣ ਵੀ ਉਸਦੇ ਉਲਟੇ ਸਾਹਾਂ ਵਿਚ ਉਸਦੀ ਬੂ ਬਾਕੀ ਸੀ।
ਪਾਲ ਛੱਬੀ ਸਤਾਈ ਵਰ੍ਹਿਆਂ ਦਾ ਇਕ ਪਤਲੂ ਜਿਹਾ ਨੌਜਵਾਨ ਸੀ। ਅੰਦਰੇ-ਅੰਦਰ ਕੁੜ੍ਹਦੇ ਰਹਿਣ ਕਰਕੇ ਉਸਦੇ ਸਰੀਰ ਉੱਤੇ ਮਾਸ ਨਹੀਂ ਸੀ ਚੜ੍ਹ ਰਿਹਾ। ਇਸ ਦੇ ਬਾਵਜ਼ੂਦ ਚਿਹਰੇ ਦੀ ਬਨਾਵਟ ਤੇ ਮੁੱਛਾਂ ਦੀ ਬਰੀਕ ਜਿਹੀ ਲਕੀਰ ਸਦਕਾ, ਉਹ ਮਰਦ ਦੇ ਰੂਪ ਵਿਚ ਸਵਿਕਾਰ ਕਰ ਲੈਣ ਯੋਗ ਸੀ। ਔਰਤਾਂ ਉਸਨੂੰ ਬੜਾ ਪਸੰਦ ਕਰਦੀਆਂ ਸਨ, ਕਿਉਂਕਿ ਉਹ ਬੱÎਚਿਆਂ ਨੂੰ ਬੜਾ ਪਿਆਰ ਕਰਦਾ ਸੀ। ਉਹ ਸ਼ਾਦੀ ਤਾਂ ਕੀ, ਹਰ ਕਿਸਮ ਦੀ ਜ਼ਿਮੇਂਦਾਰੀ ਤੋਂ ਘਬਰਾਉਂਦਾ ਸੀ। ਪਰ ਉਸਦੇ ਹੁਣ ਤਕ ਕੁਆਰਾ ਰਹਿ ਜਾਣ ਦਾ ਇਕ ਕਾਰਣ ਇਹ ਵੀ ਸੀ ਕਿ ਉਸ ਨਾਲ ਲਿਵ ਲਾਉਣ ਵਾਲੀਆਂ ਜਿੰਨੀਆਂ ਮੁਇਆਰਾਂ ਸਨ, ਸਾਰੀਆਂ ਵਿਆਹੀਆਂ-ਵਰੀਆਂ ਹੋਈਆਂ ਸਨ, ਤੇ ਇਕ-ਦੋ ਬੱÎਚਿਆਂ ਦੀਆਂ ਮਾਵਾਂ ਵੀ ਸਨ, ਜਿੰਨ੍ਹਾਂ ਦੇ ਮਰਦ ਉਹਨਾਂ ਦੇ ਬੱÎਚਿਆਂ ਨੂੰ ਪਿਆਰ ਕਰਨ ਤੇ ਉਹਨਾਂ ਨਾਲ ਖੇਡਣ ਦੇ ਬਜਾਏ ਸਿਰਫ ਉਹਨਾਂ ਦੇ ਸੈਕਸ ਨਾਲ ਖੇਡਦੇ ਸਨ।
ਚਰਿੱਤਰ ਪੱਖੋਂ ਪਾਲ ਉਮੰਗਾਂ-ਉਮੀਦਾ ਨਾਲ ਭਰਪੂਰ ਸੀ ਤੇ ਆਸ਼ਾਵਾਦੀ ਵੀ ਸੀ। ਉਸ ਵਿਚ ਆਤਮ-ਸਨਮਾਨ ਦੀ ਭਾਵਨਾ ਅਥਾਹ ਸੀ। ਇਹ ਆਤਮ-ਸਨਮਾਨ, ਜਿਸ ਸਦਕਾ ਉਸਦੇ ਨੱਕ ਦੇ ਨਥਨੇ ਹਮੇਸ਼ਾ ਫੁੱਲੇ ਰਹਿੰਦੇ ਸਨ ਤੇ ਉਹ ਬੜੇ ਪ੍ਰਭਾਵਸ਼ਾਲੀ ਤਰੀਕੇ ਨਾਲ ਪਾਲ ਆਨੰਦ ਦੇ ਨਾਂਅ ਨਾਲ ਆਪਣੀ ਜਾਣ-ਪਛਾਣ ਕਰਵਾਉਂਦਾ ਹੁੰਦਾ ਸੀ, ਜਿਵੇਂ ਉਹ ਕੋਈ ਪੰ੍ਰਪਰਾ ਹੋਵੇ। ਇਹ ਪੰ੍ਰਪਰਾ ਉਸ ਵਿਚ ਕਿੱਥੋਂ ਆਈ ? ਆਪਣੇ ਪਿਤਾ ਸੰਤ ਰਾਮ ਆਨੰਦ ਤੋਂ ਹੀ ਨਾ...ਜਿਹੜਾ ਇਕ ਬੜੀ ਵੱਡੀ ਐਡਵਰਟਾਇਜ਼ਿੰਗ ਕੰਪਨੀ ਦਾ ਮਾਲਕ ਸੀ ਤੇ ਜਿਸ ਨੇ ਆਪਣੇ ਪੁੱਤਰ ਨੂੰ ਕਿਸੇ ਸ਼ਹਿਜ਼ਾਦੇ ਵਾਂਗ ਪਾਲਿਆ ਸੀ, ਉਸਦੀ ਮਾਂ---ਧੋਬਨ---ਤੋਂ ਚੋਰੀ-ਚੋਰੀ ਖਰਚਣ ਲਈ ਕਾਫੀ ਪੈਸੇ ਦੇ ਦਿੰਦਾ ਸੀ ਤੇ ਇਸੇ ਕਾਰਕੇ ਆਪਣੀ ਪਤਨੀ ਨਾਲ ਸੰਬੰਧ ਖਰਾਬ ਕਰੀ ਰੱਖਦਾ ਸੀ। ਨਾਲੇ ਉਸਨੇ ਪਾਲ ਨੂੰ ਇਕ ਸੁਰੱÎਖਿਅਤ ਛੱਤ ਦਿੱਤੀ ਹੋਈ ਸੀ---ਇਕ ਅਜਿਹੇ ਮਕਾਨ ਦੀ ਛੱਤ, ਜਿਸ ਵਿਚ ਤੀਹ ਬੈੱਡ-ਰੂਮ ਸਨ ਤੇ ਇਕ ਸ਼ਾਨਦਾਰ ਡਰਾਇੰਗ-ਰੂਮ, ਜਿਸ ਵਿਚ ਨਾਮੀਂ ਉਸਤਾਦ ਚਿੱਤਰਕਾਰਾਂ ਦੀਆਂ ਕਲਾ-ਕ੍ਰਿਤਾਂ ਲੱਗੀਆਂ ਹੋਈਆਂ ਸਨ ; ਨਾਲੇ ਦਿਨ ਵਿਚ ਦੋ-ਦੋ ਵਾਰੀ ਬਦਲਨ ਲਈ ਕਪੜੇ। ਇਹ ਸਭ ਕੁਝ ਆਪਣੇ ਪਿਤਾ ਤੋਂ ਲੈ ਕੇ, ਉਹ ਉਸੇ ਨੂੰ ਹੀ ਕਿਉਂ ਭੁੱਲ ਗਿਆ ਸੀ ! ਸਿਰਫ ਇਹੀ ਨਹੀਂ, ਉਸ ਨਾਲ ਨਫ਼ਰਤ ਵੀ ਕਰਨ ਲੱਗ ਪਿਆ ਸੀ ਤੇ ਉਸਦੇ ਲਾਗਿਓਂ ਇੰਜ ਲੰਘ ਜਾਂਦਾ ਸੀ, ਜਿਵੇਂ ਉਹ ਉਸਦਾ ਪਿਓ ਨਹੀਂ ਕੋਈ ਕੁਰਸੀ ਜਾਂ ਮੇਜ਼ ਵਰਗੀ ਸ਼ੈ ਹੋਵੇ। ਜੇ ਸਰਕਾਰ ਨੇ ਕੋਈ ਨਵਾਂ ਕਾਨੂੰਨ ਪਾਸ ਕਰ ਦਿੱਤਾ, ਜਿਸ ਕਾਰਣ ਕੰਪਨੀ ਫੇਲ੍ਹ ਹੋ ਗਈ ਤਾਂ ਇਸ ਵਿਚ ਸੰਤ ਰਾਮ ਦਾ ਕੀ ਦੋਸ਼ ਸੀ ਭਲਾ ? ਜ਼ਿੰਦਗੀ ਵਿਚ ਨਫ਼ਾ ਹੁੰਦਾ ਹੈ, ਤਾਂ ਨੁਕਸਾਨ ਵੀ। ਇਹ ਕੀ ਮਤਲਬ ਹੋਇਆ ਕਿ ਨਫ਼ੇ ਵਿਚ ਤਾਂ ਸਭੋ ਸ਼ਰੀਕ ਹੋ ਜਾਣ ਤੇ ਨੁਕਸਾਨ ਸਮੇਂ ਨਾ ਸਿਰਫ ਵੱਖ ਹੋ ਕੇ ਬੈਠ ਜਾਣ, ਬਲਿਕੇ ਗਾਲ੍ਹਾਂ ਵੀ ਕੱਢਣ ਲੱਗ ਪੈਣ ? ਪਰ ਇਸ ਵਿਚ ਪਾਲ ਦਾ ਬਹੁਤਾ ਕਸੂਰ ਨਹੀਂ ਸੀ। ਅੱਜ ਕੱਲ੍ਹ ਦੇ ਜ਼ਮਾਨੇ ਦਾ ਮੁੰਡਾ ਸੀ ਤੇ ਸਿਰਫ ਉਸੇ ਦੀ ਇੱਜ਼ਤ ਕਰ ਸਕਦਾ ਸੀ, ਜਿਸ ਦੇ ਬੋਝੇ ਵਿਚ ਪੈਸੇ ਹੋਣ, ਜਾਂ ਉਸਦੇ ਮੋਟੇ ਨੋਟ ਕਮਾਉਣ, ਬਿਲਡਿੰਗਾਂ ਖੜ੍ਹੀਆਂ ਕਰਨ ਤੇ ਇਮਪਾਲਾ ਕਾਰ ਖ਼ਰੀਦਨ ਦੀ ਸੰਭਾਵਨਾ ਹੋਵੇ। ਇਕ ਵਾਰੀ ਸੰਤ ਰਾਮ ਦੇ ਸਵਾਲ ਉੱਤੇ ਪਾਲ ਨੇ ਇਹ ਗੱਲ ਕਹਿ ਵੀ ਦਿੱਤੀ ਸੀ, ਜਿਸ ਨਾਲ ਬੁੱਢੇ ਨੂੰ ਬੜੀ ਠੇਸ ਲੱਗੀ ਸੀ। ਉਸਦੇ ਅੰਦਰ ਕੀ-ਕੀ ਟੁੱÎਟਿਆ ਸੀ, ਇਸਦਾ ਉਸਨੂੰ ਆਪ ਨੂੰ ਵੀ ਅੰਦਾਜ਼ਾ ਨਹੀਂ ਸੀ ਹੋਇਆ। ਉਸਦਾ ਕਿੰਨਾ ਦਿਲ ਕੀਤਾ ਸੀ ਕਿ ਉਹ ਕਿਤੇ ਚੋਰੀ-ਸ਼ੋਰੀ ਕਰਕੇ, ਡਾਕਾ-ਸ਼ਾਕਾ ਮਾਰ ਕੇ ਜਾਂ ਬੈਂਕ ਹੋਲਡ-ਅੱਪ ਕਰਕੇ ਲੱਖ ਰੁਪਈਆ ਲੈ ਆਵੇ ਤੇ ਆਪਣੇ ਪੁੱਤਰ ਦੇ ਪੈਰਾਂ ਵਿਚ ਸੁੱਟ ਕੇ ਉਸ ਦੀਆਂ ਤੇ ਉਸਦੀ ਮਾਂ ਦੀਆਂ ਨਜ਼ਰਾਂ ਵਿਚ ਆਪਣਾ ਗਵਾਚਿਆ ਹੋਇਆ ਸਨਮਾਣ ਮੁੜ ਪ੍ਰਾਪਤ ਕਰ ਲਵੇ। ਪਰ ਲੱਖ ਰੁਪਈਆ ਸਿੱਧੇ ਹੱਥੀਂ ਨਹੀਂ, ਕਿਸੇ ਦਾ ਗ਼ਲ ਵੱਢ ਕੇ ਹੀ ਬਣਦਾ ਹੈ...ਜਿਸਦੀ ਹਿੰਮਤ ਸੰਤ ਰਾਮ ਵਿਚ ਨਹੀਂ ਸੀ। ਜਦੋਂ ਘਾਟਾ ਪਿਆ ਤਾਂ ਧੋਬਨ ਜਾਂ ਲਾਡੋ ਜਾਂ ਪਾਲ ਵਿਚੋਂ ਕਿਸੇ ਨੇ ਏਨਾ ਵੀ ਤਾਂ ਨਹੀਂ ਸੀ ਕਿਹਾ---'ਏ ਜੀ ਜਾਂ ਪਾਪਾ ਜੀ, ਕੋਈ ਗੱਲ ਨਹੀਂ, ਇੰਜ ਹੋ ਜਾਂਦਾ ਹੈ। ਤੁਸੀਂ ਦਿਲ ਛੋਟਾ ਕਿਉਂ ਕਰਦੇ ਓ ! ਜਿਵੇਂ ਗਿਆ ਹੈ, ਓਵੇਂ ਫੇਰ ਆ ਜਾਵੇਗਾ।' ਜਿਹੜਾ ਪੈਸੇ ਕਮਾਉਣ ਨਿਕਲਦਾ ਹੈ, ਗੁਆ ਵੀ ਬਹਿੰਦਾ ਹੈ...ਤੇ ਇਹ ਕੋਈ ਜ਼ਰੂਰੀ ਤਾਂ ਨਹੀਂ ਕਿ ਹਰ ਨੁਕਸਾਨ ਝੱਲਣ ਵਾਲਾ ਬੇਵਕੂਫ਼ ਹੁੰਦਾ ਹੈ। ਇਹ ਤਾਂ ਉਹੀ ਗੱਲ ਹੋਈ, ਜਿਵੇਂ ਹਰ ਪੈਸਾ ਕਮਾਉਣ ਵਾਲਾ ਅਕਲਮੰਦ ਹੁੰਦਾ ਹੋਵੇ। ਕਿਉਂ ਸਾਰਿਆਂ ਨੇ ਉਸਨੂੰ ਬੁੱਢਾ ਤੇ ਸਠਿਆਇਆ ਹੋਇਆ ਸਮਝ ਲਿਆ ਸੀ...ਤੇ ਵੀਹ ਵਾਰੀ ਉਸ ਵੱਲ ਦੇਖੇ ਬਿਨਾਂ ਕੋਲੋਂ ਲੰਘ ਜਾਂਦੇ ਸਨ ਤੇ ਇਹ ਸਮਝਣ ਲਈ ਉਸਨੂੰ ਮਜ਼ਬੂਰ ਕਰ ਦਿੱਤਾ ਸੀ ਕਿ ਉਹ ਇਸ ਦੁਨੀਆਂ ਵਿਚ ਇਕੱਲਾ ਹੈ ! ਇਸ ਦਾ ਅਰਥ ਤਾਂ ਇਹੀ ਹੋਇਆ ਨਾ ਕਿ ਜੇ ਉਸਦੀ ਮਾਲੀ ਹਾਲਤ ਫੇਰ ਚੰਗੀ ਹੋ ਜਾਵੇ, ਤਾਂ ਉਹ ਇਹਨਾਂ ਬੀਤੀਆਂ ਹੋਈਆਂ ਸਾਰੀਆਂ ਗੱਲਾਂ ਨੂੰ ਦਿਲ ਵਿਚ ਰੱਖ ਕੇ ਇਕ ਹੰਟਰ ਫੜ੍ਹ ਲਵੇ ਤੇ ਕਿਸੇ ਹਾਏ-ਦਯਾ ਦੇ ਪਹਿਲਾਂ ਪਤਨੀ ਤੇ ਬੱÎਚਿਆਂ ਨੂੰ ਮਾਰ-ਮਾਰ ਕੇ ਨੀਲਾ ਕਰ ਦੇਵੇ। ਨਹੀਂ, ਇਹ ਪਤੀ ਤੇ ਪਿਤਾ ਦਾ ਕਰਤੱਵ ਨਹੀਂ...ਪਰ ਇਹ ਕਿਉਂ ਸਮਝ ਲਿਆ ਜਾਵੇ ਕਿ ਪਤੀ ਤੇ ਪਿਤਾ ਦਾ ਕਰਤੱਵ ਸਿਰਫ ਪਿਆਰ ਦੇਣਾ ਹੈ,ਪਿਆਰ ਚਾਹੁਣਾ ਨਹੀਂ ? ਜਿਵੇਂ ਉਸਨੂੰ ਪਿਆਰ ਦੀ ਲੋੜ ਹੀ ਨਹੀਂ ਹੁੰਦੀ ! ਪਿਆਰ ਦੀ ਲੋੜ ਕਿਸ ਨੂੰ ਨਹੀਂ ਹੁੰਦੀ ? ਇਕ ਸਾਲ ਦੇ ਬੱਚੇ ਨੂੰ ਹੁੰਦੀ ਹੈ ਤਾਂ ਸੌ ਸਾਲ ਦੇ ਬੁੱਢੇ ਨੂੰ ਵੀ। ਹੋਰ ਤਾਂ ਹੋਰ ਆਪਣੇ ਕਾਕਰ ਸਪੇਨਿਗਲ ਜਿੰਮੀ ਨੂੰ ਵੀ ਹੈ, ਜਿਹੜਾ ਇਸ ਸਮੇਂ ਆਪਣੇ ਠਿਕਾਣੇ ਉੱਤੇ ਸੁੱਤਾ ਪਿਆ ਹੋਵੇਗਾ ਤੇ ਕਦੀ-ਕਦਾਰ ਕਿਤੋਂ ਕਿਸੇ ਓਪਰੀ ਆਵਾਜ਼ ਦੇ ਆਉਣ 'ਤੇ ਭੌਂਕ ਪੈਂਦਾ ਹੋਵੇਗਾ। ਕਿੰਜ ਪਿਆਰ ਭਰੀਆਂ ਨਜ਼ਰਾਂ ਉਸ ਦੀਆਂ ਨਜ਼ਰਾਂ ਨਾਲ ਮਿਲ ਦੀਆਂ ਹਨ ਤਾਂ ਪਿਆਰ ਦੇ ਪੈਗ਼ਾਮ ਦੀ ਇਕ ਤਰੰਗ ਉਸਦੇ ਦਿਮਾਗ 'ਚੋਂ ਹੁੰਦੀ ਹੋਈ ਉਸਦੀ ਪੂਛ ਤਕ ਚਲੀ ਜਾਂਦੀ ਹੈ, ਜਿਹੜੀ ਜ਼ੋਰ-ਜ਼ੋਰ ਨਾਲ ਹਿੱਲਣ ਲੱਗਦੀ ਹੈ ਤੇ ਸਾਰੇ ਸਰੀਰ ਨੂੰ ਵੀ ਹਿਲਾਅ ਦੇਂਦੀ ਹੈ। ਜਿਸ ਦਿਨ ਕੋਈ ਉਸਨੂੰ ਇਸ ਨਜ਼ਰ ਨਾਲ ਨਾ ਦੇਖੇ, ਉਹ ਖਾਣਾ ਛੱਡ ਦਿੰਦਾ ਹੈ ਜਿਵੇਂ ਕਹਿ ਰਿਹਾ ਹੋਵੇ---ਮੈਂ ਭੁੱਖਾ ਰਹਿ ਸਕਦਾ ਹਾਂ ਪਰ ਪਿਆਰ ਬਿਨਾਂ ਨਹੀਂ ਰਹਿ ਸਕਦਾ।...ਤੇ ਇਸ ਧੋਬਨ, ਲਾਡੋ ਤੇ ਪਾਲ ਨੇ ਤਾਂ ਉਸਨੂੰ ਜਿੰਮੀ ਦੇ ਬਰਾਬਰ ਵੀ ਨਹੀਂ ਸੀ ਸਮਝਿਆ।
ਸ਼ਾਇਦ ਇਹ ਸਭ ਇਸ ਲਈ ਸੀ ਕਿ ਸੰਤ ਰਾਮ ਨੇ ਜ਼ਿੰਦਗੀ ਵਿਚ ਸਿਰਫ ਦੇਣਾ ਹੀ ਸਿਖਿਆ ਸੀ ਤੇ ਇਹ ਹੁਣ ਉਸਦੀ ਆਦਤ ਬਣ ਚੁੱਕੀ ਸੀ। ਜਦੋਂ ਉਹ ਦਿੰਦਾ ਸੀ, ਜਿਊਂਦਾ ਸੀ। ਕੁਝ ਲੈਣ ਵੇਲੇ ਉਸਦੀ ਰੂਹਾਨੀ ਮੌਤ ਹੋ ਜਾਂਦੀ ਸੀ। ਜਾਪਦਾ ਸੀ, ਉਸਨੂੰ ਕਾਰੋਬਾਰ ਦੇ ਘਾਟੇ ਦਾ ਏਨਾ ਗ਼ਮ ਨਹੀਂ, ਜਿੰਨਾਂ ਇਸ ਗੱਲ ਦਾ ਹੈ ਕਿ ਹੁਣ ਉਹ ਦੇ ਨਹੀਂ ਸਕਦਾ। ਤੇ ਜਦੋਂ ਘਰਵਾਲੇ ਚੁੱਪਚਾਪ ਕੋਲੋਂ ਲੰਘ ਜਾਂਦੇ ਸਨ ਤਾਂ ਉਹ ਉਹਨਾਂ ਦੀ ਚੁੱਪ ਦੇ ਅਜੀਬ, ਪੁੱਠੇ-ਸਿੱਧੇ ਅਰਥ ਕੱਢਣ ਬਹਿ ਜਾਂਦਾ ਸੀ। ਉਹ ਨਹੀਂ ਸੀ ਜਾਣਦਾ ਕਿ ਲੈਣ ਵਾਲਿਆਂ ਨੂੰ ਵੀ ਆਦਤ ਪੈ ਚੁੱਕੀ ਹੁੰਦੀ ਹੈ---ਲੈਣ ਦੀ। ਤੇ ਦਾਤਾ ਲੈਣ ਵਾਲੇ ਦੀ ਸ਼ਖ਼ਸੀਅਤ ਨੂੰ ਕਿੰਨਾਂ ਕੁਚਲ ਸਕਦਾ ਹੈ, ਇਸ ਦਾ ਸੰਤ ਰਾਮ ਨੂੰ ਅੰਦਾਜ਼ਾ ਨਹੀਂ ਸੀ। ਇਸ ਸਿਲਸਿਲੇ ਵਿਚ ਉਹ ਬੜਾ ਅਨਾੜੀ ਸਿੱਧ ਹੋਇਆ ਸੀ। ਉਸਨੇ ਕਈ ਵਾਰੀ ਉਧਾਰ ਚੁੱਕ ਕੇ ਵੀ ਪਤਨੀ ਤੇ ਬੱÎਚਿਆਂ ਨੂੰ ਤੋਹਫੇ ਦਿੱਤੇ ਸਨ, ਜਿਹੜੇ ਉਹਨਾਂ ਲੈ ਕੇ ਰੱਖ ਲਏ ਤੇ ਸ਼ਿਕਰੇ ਵਾਂਗਰ ਅੱਖਾਂ ਦੀਆਂ ਖਿੜਕੀਆਂ ਖੋਹਲੀ ਝਾਕਦੇ ਰਹੇ। ਕਿਸੇ ਨੇ ਸ਼ੁਕਰੀਏ ਦਾ ਇਕ ਸ਼ਬਦ ਵੀ ਨਹੀਂ ਸੀ ਕਿਹਾ ਤੇ ਨਾ ਹੀ ਅਹਿਸਾਨ ਮੰਨਦੀਆਂ ਅੱਖਾਂ ਨਾਲ ਉਸ ਵੱਲ ਤੱÎਕਿਆ ਹੀ ਸੀ। ਸਾਰਿਆਂ ਨੇ ਕਿੰਨੇ ਕਮੀਨੇ ਤੇ ਬੁਜ਼ਦਿਲਾਂ ਵਾਲੇੇ ਢੰਗ ਨਾਲ ਆਪਣੇ ਮੋਹ ਨੂੰ ਰੋਕਿਆ ਹੋਇਆ ਸੀ ਜਾਂ ਸ਼ਾਇਦ ਸੰਤ ਰਾਮ ਨੂੰ ਆਪਣੇ ਘਾਟੇ ਦਾ ਏਨਾ ਅਹਿਸਾਸ ਹੋ ਚੁੱÎਕਿਆ ਸੀ ਕਿ ਘਰਦਿਆਂ ਦੀਆਂ ਨਿਗਾਹਾਂ ਵਿਚ ਉਸਨੂੰ ਆਪਣੇ ਲਈ ਅਪਮਾਨ ਦੇ ਸਿਵਾਏ ਕੁਝ ਹੋਰ ਦਿਖਾਈ ਹੀ ਨਹੀਂ ਸੀ ਦਿੰਦਾ। ਇੰਜ ਲੱਗਦਾ ਸੀ ਕਿ ਹੁਣ ਆਪਣੇ ਲਈ ਨਫ਼ਰਤ ਤੇ ਅਪਮਾਨ ਨੂੰ ਹੀ ਪਸੰਦ ਕਰਨ ਲੱਗਾ ਹੈ ਉਹ, ਤੇ ਉਦੋਂ ਤਕ ਉਸਦੇ ਮਨ ਨੂੰ ਤੱਸਲੀ ਨਹੀ ਹੁੰਦੀ ਜਦੋਂ ਤਕ ਜ਼ਖ਼ਮੀਂ ਨਿਗਾਹਾਂ ਨਾਲ ਕਿਸੇ ਵੱਲ ਵੇਖ ਨਾ ਲਵੇ।
ਧੋਬਨ ਦੀ ਚੌਵੀ ਘੰਟੇ ਦੀ 'ਰੈਗਿੰਗ' ਤੇ ਨਸੀਹਤਾਂ ਦੀ ਸੰਤ ਰਾਮ ਨੂੰ ਏਨੀ ਪ੍ਰਵਾਹ ਨਹੀਂ ਸੀ, ਕਿਉਂਕਿ ਉਹ ਅਨਪੜ੍ਹ ਤੇ ਬੜਬੋਲੀ ਜ਼ਨਾਨੀ ਹੋਣ ਦੇ ਬਾਵਜ਼ੂਦ ਮਿਹਨਤੀ ਬੜੀ ਸੀ ਤੇ ਆਪਣੇ ਸਫਾਈ ਪਸੰਦ ਸੁਭਾਅ ਸਦਕਾ ਬਹੁਤ ਸਾਰੀਆਂ ਕਮੀਆਂ ਪੂਰੀਆਂ ਕਰ ਦਿੰਦੀ ਸੀ। ਪਰ ਇਕ ਰਾਤ ਬੁੱਢੇ ਪਿਆਰ ਦੇ ਛਿਣਾ ਵਿਚ ਉਸਨੇ ਹੋਂਠ ਚੁਰਾ ਲਏ, ਕਿਉਂਕਿ ਸੰਤ ਰਾਮ ਦੇ ਮੂੰਹ ਵਿਚੋਂ ਸਿਗਰੇਟ ਦੀ ਬੋ ਆਉਂਦੀ ਸੀ। ਪਰ ਉਹ ਤਾਂ ਬਚਪਨ ਤੋਂ ਹੀ ਸਿਗਰੇਟ ਪੀਂਦਾ ਸੀ। ਹੁਣ ਸਦੀਆਂ ਪਿੱਛੋਂ ਇਹ ਬੋ ਕੇਹੀ ? ਸ਼ਾਇਦ ਉਹ ਇਸੇ ਘਾਟੇ ਦੀ ਬੋ ਸੀ, ਜਾਂ ਸ਼ਾਇਦ ਧੋਬਨ ਬੁੱਢੀ ਹੋ ਗਈ ਸੀ ; ਤੇ ਠੰਡੀ ਤੇ ਖੁਸ਼ਕ ਵੀ...ਕਿਉਂਕਿ ਇਹ ਜਵਾਨੀ ਤੇ ਉਸਦੀ ਗਰਮੀ ਹੀ ਹੁੰਦੀ ਹੈ, ਜਿਸ ਵਿਚ ਸਾਰੀਆਂ ਬੋਆਂ ਕਾਫ਼ੂਰ ਹੋ ਜਾਂਦੀ ਨੇ ਤੇ ਭੂੰਮੰਡਲ ਦੀਆਂ ਸਾਰੀਆਂ ਖ਼ੁਸ਼ਬੋਈਆਂ ਉੱਤੇ ਭਾਰੂ ਹੋ ਜਾਂਦੀ ਨੇ। ਪਰ ਜੇ ਧੋਬਨ ਠੰਡੀ, ਖੁਸ਼ਕ ਤੇ ਬੁੱਢੀ ਹੋ ਗਈ ਏ, ਤਾਂ ਤੈਂ ਵੀ ਤੇ ਜਵਾਨ ਨਹੀਂ ਰਿਹਾ---ਸੰਤ ਰਾਮਾ। ਕਿਉਂ ਤੈਨੂੰ ਇਸ ਉਮਰ ਵਿਚ ਹੋਂਠਾਂ ਦੀ ਤਲਬ ਲੱਗੀ ? ਬੁੱਢੇ ਤੇ ਬਾਸੀ ਹੋਂਠਾਂ ਦੀ ਤਲਬ, ਜਿੰਨ੍ਹਾਂ ਵਿਚ ਰਸ ਨਾਂਅ ਦੀ ਕੋਈ ਸ਼ੈ ਬਾਕੀ ਨਹੀਂ ਸੀ ਬਚੀ। ਜਿੰਨ੍ਹਾਂ ਉਪਰ ਡੰਗ-ਚੋਭਾਂ ਤੇ ਮਿਹਨੇ-ਤਾਹਨਿਆਂ ਦੇ ਸਿਵਾਏ ਕੁਝ ਵੀ ਨਜ਼ਰ ਨਹੀਂ ਸੀ ਆਉਂਦਾ। ਧੋਬਨ ਵਰਗੀ ਸਿੱਧੀ-ਸਾਦੀ ਤੇ ਭੋਲੀ-ਭਾਲੀ ਜ਼ਨਾਨੀ ਤਾਂ ਇਹ ਵੀ ਨਹੀਂ ਸੀ ਜਾਣਦੀ ਕਿ ਉਹਨਾਂ ਲੋਕਾਂ ਨੂੰ ਲੱਭਦਾ ਹੋਇਆ ਤਾਂ ਉਹ ਰੁਲ-ਖੁਲ ਕੇ ਉਹਨਾਂ ਉਪਰ ਆਪਣੇ ਹੋਂਠ ਜਾ ਰਖਦਾ ਹੈ, ਜਿੰਨ੍ਹਾਂ ਉਪਰ ਸਿਵਾਏ ਦੁਰਗੰਧ ਦੇ ਹੋਰ ਕੁਝ ਨਹੀਂ ਹੁੰਦਾ।
ਜਾਂ ਸ਼ਾਇਦ ਬਾਈਸਕੋਪ ਵਾਲੀ ਧੋਬਨ ਉਪਰ 'ਮੀਨੋਪਾਜ਼' ਆ ਗਿਆ ਸੀ ਤੇ ਉਸਨੇ ਪਾਸਾ ਪਰਤ ਲਿਆ ਸੀ...ਤੇ ਸੇਜ਼ ਤੋਂ ਉੱਠ ਕੇ ਮੋਰਪੰਖੀ ਪੱਖੇ ਨੂੰ ਪਰ੍ਹਾਂ ਸੁੱਟਦੀ ਹੋਈ, ਦੇਖਣ ਵਾਲਿਆਂ ਵੱਲੋਂ ਮੂੰਹ ਮੋੜ ਕੇ ਬੈਠ ਗਈ ਸੀ ਉਹ। ਨਾ ਉਸ ਜਾਦੂ ਦੇ ਡੱਬੇ ਵਾਲਾ ਰਿਹਾ ਸੀ ਤੇ ਨਾ ਹੀ ਦੇਖਣ ਵਾਲੇ ਉਹ ਮਾਸੂਮ-ਭੋਲੇ ਬੱਚੇ। ਜਾਂ ਫੇਰ ਸੰਤ ਰਾਮ ਉਪਰ ਉਹ ਦਸ਼ਾ ਚੱਲ ਰਹੀ ਸੀ ਜਦੋਂ ਜਵਾਨੀ ਇਕ ਵਾਰੀ ਫੇਰ ਪਰਤ ਆਉਂਦੀ ਹੈ ਤੇ ਆਦਮੀ ਕਈ ਵਾਰੀ ਬਦਨਾਮੀ ਤੋਂ ਵਾਲ-ਵਾਲ ਬਚਦਾ ਹੈ। ਪਹਿਲਾਂ ਵਰਗੀ ਤਾਕਤ ਦੇ ਨਾਲ-ਨਾਲ ਅਕਲ ਤੇ ਤਜ਼ੁਰਬਾ ਜੋ ਸ਼ਾਮਲ ਹੋ ਜਾਂਦਾ ਹੈ ਤੇ ਆਦਮੀ ਅਕਲਮੰਦ ਤੇ ਬੁੱਧੀਵਾਨ ਹੋਣ ਦਾ ਭਰਮ ਪਾਲ ਕੇ ਆਪਣੇ ਆਪੇ ਵਿਚ ਵਾਧੂ ਦੀ ਸੜ੍ਹਾਂਦ ਪੈਦਾ ਕਰ ਲੈਂਦਾ ਹੈ ਤੇ ਘੱਟ ਪਾਣੀ ਵਾਲੇ ਚਿੱਕੜ ਦੇ ਚਾਹਲੇ ਵਿਚ ਮੱਝ ਵਾਂਗ ਲੋਟਨੀਆਂ ਲਾਉਣ ਲੱਗ ਪੈਂਦਾ ਹੈ। ਜਾਂ ਸ਼ਾਇਦ ਇਸਦਾ ਕਾਰਣ ਵੀ ਉਹੀ ਘਾਟਾ ਸੀ, ਜਿਹੜਾ ਸੰਤ ਰਾਮ ਨੂੰ ਆਪਣੇ ਕਾਰੋਬਾਰ ਵਿਚ ਪਿਆ ਸੀ ਤੇ ਆਰਥਕ ਰੂਪ ਵਿਚ ਆਪਣੇ ਆਪ ਨੂੰ ਅਸੁਰੱÎਖਿਅਤ ਮਹਿਸੂਸ ਕਰਨ ਦਾ ਅਹਿਸਾਸ, ਪਿਆਰ ਮੁਹੱਬਤ ਵਿਚ ਵੀ ਅਸੁਰੱÎਖਿਅਤ ਹੋਣ ਦੇ ਅਹਿਸਾਸ ਵਿਚ ਬਦਲ ਗਿਆ ਸੀ।
ਲਾਡੋ ਦੀ ਤਾਂ ਖ਼ੈਰ ਕੋਈ ਗੱਲ ਨਹੀਂ ਸੀ, ਉਹ ਤਾਂ ਵਿਆਹੀ-ਵਰੀ ਗਈ ਸੀ ਤੇ ਆਪਣੇ ਘਰ ਜਾ ਵੱਸੀ ਸੀ। ਹੁਣ ਤਾਂ ਉਹ 'ਬਾਬਲ ਦੇ ਵਿਹੜੇ ਦੀ ਚਿੜੀ' ਸੀ, ਜਿਹੜੀ ਕਦੀ-ਕਦੀ, ਆਪਣੇ ਭੁੱਲੇ ਦਾਣੇ, ਚੁਗਣ ਆ ਵੜਦੀ ਸੀ। ਪਰ ਪਾਲ ਤਾਂ ਇੱਥੇ ਹੀ ਸੀ ਤੇ ਉਸਨੇ ਇੱਥੇ ਹੀ ਰਹਿਣਾ ਸੀ---ਇਸ ਘਰ ਵਿਚ, ਇਸੇ ਛੱਤ ਹੇਠ ਜਿੱਥੇ ਉਸਨੇ ਬਹੂ ਨੂੰ ਲਿਆਉਣਾ ਤੇ ਵਸਾਉਣਾ ਸੀ। ਕਿਧਰੇ ਹੋਰ ਘਰ ਲੈ ਲੈਣ ਨਾਲ ਪਿਓ ਦੇ ਘਰ ਦੀ ਛੱਤ ਤਾਂ ਨਹੀਂ ਬਦਲ ਜਾਂਦੀ। ਉਹ ਕਿਉਂ ਕੁਝ ਗੱਲਾਂ ਨਹੀਂ ਸੀ ਸਮਝਦਾ ਜਾਂ ਸਮਝਣਾ ਨਹੀਂ ਸੀ ਚਾਹੁੰਦਾ ? ਕਿਉਂ ਉਸ ਕੋਲ ਆਪਣੇ ਮਾਂ-ਬਾਪ ਜਾਂ ਭੈਣ-ਭਰਾਵਾਂ ਲਈ ਕੁਝ ਮਿੰਟ ਵੀ ਨਹੀਂ ਸਨ ਹੁੰਦੇ ? ਅਮਰੀਕਨ ਫਰਮ ਵਿਚ ਐਗਜ਼ੀਕਿਊਟਿਵ ਲੱਗ ਜਾਣ ਨਾਲ ਕੀ ਉਹ ਰੱਬ ਬਣ ਗਿਆ ਸੀ...? ਕਿਉਂ ਉਹ ਉਸ ਫਰਮ ਦੇ ਜ਼ਰੀਏ ਪ੍ਰਾਈਵੇਟ ਕਾਂਟ੍ਰੇਕਟ ਲੈਣ, ਤੇ ਉਸਨੂੰ ਪੂਰਾ ਕਰਨ ਨੂੰ ਕੋਈ ਦੋਸ਼ ਨਹੀਂ ਸੀ ਸਮਝਦਾ ? ਉਹ ਕਦੀ ਤਾਂ ਪਿਓ ਨਾਲ ਸਲਾਹ ਕਰਦਾ। ਪਿਓ ਉਸ ਤੋਂ ਪੈਸੇ ਤਾਂ ਨਹੀਂ ਸੀ ਮੰਗਦਾ। ਉਹ ਤਾਂ ਸਿਰਫ ਇਹੀ ਚਾਹੁੰਦਾ ਦੀ ਕਿ ਉਸਦਾ ਪੁੱਤਰ ਉਸ ਕੋਲ ਬੈਠੇ। ਦੋਵੇਂ-ਤਿੰਨੇ ਜਿਸਮ ਇਕੱਠੇ ਹੋਣ, ਜਿਹੜੇ ਇਕ-ਦੂਜੇ ਵਿਚੋਂ ਨਿਕਲੇ ਨੇ। ਤਨ ਨਾਲ ਸਿਰਫ ਤਨ ਛੂਹ ਜਾਣ। ਇੰਜ ਨਾ ਵੀ ਹੋਵੇ ਤਾਂ ਅੱਖਾਂ ਤਾਂ ਮਿਲ ਜਾਣ, ਜਿਹੜੀਆਂ ਸਿਰਫ ਪਿਓ 'ਤੇ ਹੀ ਨਹੀਂ, ਵੱਡੇ-ਵਢੇਰਿਆਂ 'ਤੇ ਗਈਆਂ ਨੇ। ਕੋਲ ਬਹਿ ਕੇ ਉਹ ਅੱਜ ਦੀ ਨਵੀਂ ਤਾਲੀਮ ਬਾਰੇ ਗੱਲਾਂ ਕਰਨ, ਜਿਸ ਨਾਲ ਪੁਰਾਣੇ---ਵੱਡੇ ਪੜ੍ਹੇ-ਲਿਖੇ ਆਦਮੀ ਵੀ ਪਿੱਛੇ ਰਹਿ ਗਏ ਸਨ। ਕੁਝ ਉਹਨਾਂ ਦੀ ਦੁਨੀਆਂ ਦਾ ਪਤਾ ਲੱਗੇ, ਕੁਝ ਆਪਣੀ ਦੁਨੀਆਂ ਉਹਨਾਂ ਨੂੰ ਦਿਖਾਈ ਜਾ ਸਕੇ। ਉਸ ਤੋਂ ਸਿਖੀਏ ਤੇ ਉਸਨੂੰ ਦੱਸ ਵੀ ਸਕੀਏ ਕਿ ਸਿਰਫ ਤਾਲੀਮ ਹੀ ਬਸ ਨਹੀਂ, ਤਜ਼ੁਰਬਾ ਵੀ ਜ਼ਰੂਰੀ ਹੈ ਤੇ ਕੁਝ ਹਾਲਾਤਾਂ ਵਿਚ ਜੇਮਸ ਬਾਂਡ ਦੇ ਤਜ਼ੁਰਬੇ ਨਾਲੋਂ ਵੀ ਵੱਡਾ ਹੁੰਦਾ ਹੈ। ਉਹ ਕਦੀ ਕੁਛ ਤਾਂ ਮੰਗੇ...ਹੋਰ ਕੁਛ ਨਹੀਂ, ਤਾਂ ਸਲਾਹ-ਮਸ਼ਵਰਾ ਹੀ ਸਹੀ। ਕਿਉਂ ਉਹ ਇੰਜ ਇਕੱਲਾ ਹੀ ਖ਼ੁਦਮੁਖ਼ਤਿਆਰ ਤੇ ਨਿਰਲੇਪ ਹੋ ਗਿਆ ਹੈ ? ਇਹ ਦਲੀਲ ਕਾਫੀ ਨਹੀਂ ਕਿ 'ਵੱਡਾ ਹੋ ਕੇ ਹੁਣ ਉਹ ਮਾਂ-ਬਾਪ ਉਪਰ ਬੋਝ ਨਹੀਂ ਬਣਨਾ ਚਾਹੁੰਦਾ।' ਬੋਝ ਦੀ ਗੱਲ ਹੈ, ਤਾਂ ਉਹ ਤਾਂ ਹੁਣ ਵੀ ਬੋਝ ਹੈ : ਕਿੰਜ ਕਪੜੇ ਲਾਹ ਕੇ ਧੋਬਨ ਸਾਹਮਣੇ ਸੁੱਟ ਜਾਂਦਾ ਹੈ...ਕਿਉਂਕਿ ਘਰੇ ਕੁਝ ਪੈਸੇ ਦਿੰਦਾ ਹੈ, ਇਸ ਲਈ ਮਾਂ, ਮਾਂ ਨਹੀਂ ਰਹੀ, ਸੱਚਮੁੱਚ ਧੋਬਨ ਬਣ ਗਈ ਹੈ ! ਘਰੇ ਕਈ ਮਹਿਮਾਨ ਆਉਂਦੇ ਹਨ। ਉਹਨਾਂ ਨੂੰ ਏਅਰ ਪੋਰਟ ਤੋਂ ਲੈਣ ਜਾਣਾ ਜਾਂ ਗੱਡੀ ਚੜ੍ਹਾ ਕੇ ਆਉਣਾ ਕੀ ਸਿਰਫ ਮਾਂ-ਬਾਪ ਦਾ ਹੀ ਫਰਜ਼ ਹੈ ? ਹੋਰ ਕੁਝ ਨਹੀਂ ਤਾਂ ਲਾਡੋ ਨੂੰ ਹੀ ਮਿਲਣ ਜਾਂ ਲੈਣ ਚਾਲਾ ਜਾਇਆ ਕਰੇ। ਉਹ ਸਾਡੀ ਧੀ ਹੈ ਤਾਂ ਉਸਦੀ ਵੀ ਤਾਂ ਭੈਣ ਹੈ। ਜੇ ਪਾਲ ਇਹ ਸਾਰੀਆਂ ਹਰਕਤਾਂ ਨਾਸਮਝੀ ਵਿਚ ਕਰਦਾ, ਤਾਂ ਕੋਈ ਗੱਲ ਨਹੀਂ ਸੀ...ਪਰ ਉਹ ਤਾਂ ਬੜਾ ਸਮਝਦਾਰ ਸੀ ਤੇ ਇਕੋ ਪਲ ਵਿਚ ਹਰ ਮਾਮਲੇ ਦੀ ਤੈਹ ਤਕ ਪਹੁੰਚ ਜਾਂਦਾ ਸੀ। ਪਾਰ-ਸਾਲ ਜਦੋਂ ਇਕ ਬੜੇ ਹੀ ਅਮੀਰ ਮਾਂ-ਬਾਪ ਦੀ ਇਕਲੌਤੀ ਧੀ ਨਾਲ ਉਸਦੇ ਰਿਸ਼ਤੇ ਦੀ ਗੱਲ ਤੁਰੀ ਸੀ, ਤਾਂ ਝੱਟ ਇਨਕਾਰ ਕਰ ਦਿੱਤਾ ਸੀ ਉਸਨੇ ਤੇ ਬੋਲਿਆ ਸੀ---'ਦਸ ਸਾਲ ਮੈਨੂੰ ਤੁਹਾਡੇ ਚੱਕਰ ਵਿਚੋਂ ਨਿਕਲਣ 'ਚ ਲੱਗ ਗਏ ਨੇ, ਪਾਪਾ ! ਹੁਣ ਚਾਹੁੰਦੇ ਓ, ਮੈਂ ਹੋਰ ਦਸ ਸਾਲ ਇਸ ਅਮੀਰ ਆਦਮੀ ਦੀ ਇਕਲੌਤੀ ਧੀ ਦੇ ਚੱਕਰ 'ਚੋਂ ਨਿਕਲਣ ਲਈ ਗਾਲ ਦਿਆਂ ?''
ਕਿੰਨੀ ਪਤੇ ਦੀ ਗੱਲ ਕੀਤੀ ਸੀ ! ਸੰਤ ਰਾਮ ਤਾਂ ਇਹ ਸੁਣ ਕੇ ਹੈਰਾਨ ਹੀ ਰਹਿ ਗਿਆ ਸੀ। ਉਸਨੂੰ ਇਸ ਗੱਲ ਦਾ ਮਾਣ ਵੀ ਹੋਇਆ ਸੀ ਕਿ ਉਹ ਮੇਰਾ ਪੁੱਤਰ ਹੋਣ ਦੇ ਨਾਤੇ ਬੜੇ ਸਵੈਮਾਨੀ ਸੁਭਾਅ ਦਾ ਹੈ, ਤੇ ਅਫ਼ਸੋਸ ਵੀ। ਅਫ਼ਸੋਸ ਇਸ ਲਈ ਕਿ ਪਿਓ ਦੇ ਚੱਕਰ ਵਿਚੋਂ ਨਿਕਲਣ ਦਾ ਕੀ ਭਾਵ ਸੀ ? ਕੀ ਪੁੱਤਰ, ਪਿਓ ਦੇ ਚੱਕਰ ਵਿਚੋਂ ਨਿਕਲ ਸਕਦਾ ਹੈ, ਜਾਂ ਪਿਓ, ਪੁੱਤਰ ਦੇ ਚੱਕਰ ਵਿਚੋਂ ? ਕੀ ਮਹਾਦੀਪਾਂ ਵਿਚਕਾਰ ਫਾਸਲਾ ਹੋਣ ਦੇ ਬਾਵਜ਼ੂਦ ਵੀ ਉਹ ਇਕ ਦੂਜੇ ਨਾਲੋਂ ਦੂਰ ਹੁੰਦੇ ਨੇ ? ਆਖ਼ਰ ਕਿਹੜਾ ਉਹ ਅੰਨ੍ਹਾ ਹੈ, ਜਿਸਨੂੰ ਉਹ ਡੋਰ ਦਿਖਾਈ ਨਹੀਂ ਦਿੰਦੀ, ਜਿਹੜੀ ਪਿਓ, ਪੁੱਤਰ ਨਾਲੋਂ ਵਕਤੀ ਤੌਰ 'ਤੇ ਜਾਂ ਹਮੇਸ਼ਾ ਲਈ ਵੱਖ ਹੁੰਦਿਆਂ ਆਪਣੇ ਪਿੱਛੇ ਛੱਡਦਾ, ਤੇ ਛੱਡਦਾ ਹੀ ਚਲਾ ਜਾਂਦਾ ਹੈ ? ਪੁੱਤਰ ਭਾਵੇਂ ਪਿਓ ਦੇ ਚਲੇ ਜਾਣ ਪਿੱਛੋਂ ਇਹੀ ਕਹੇ ਕਿ 'ਮੇਰਾ ਪਿਓ ਨਾਲਾਇਕ ਆਦਮੀ ਸੀ, ਹਜ਼ਾਰਾਂ ਦਾ ਕਰਜ਼ਾ ਮੇਰੇ ਉੱਤੇ ਛੱਡ ਕੇ ਤੁਰਦਾ ਹੋਇਆ।' ਫੇਰ ਵੀ ਸੰਬੰਧ ਤਾਂ ਰਹਿੰਦਾ ਹੀ ਹੈ ਨਾ ? ਨਾਲਾਇਕ ਪਿਓ ਤੇ ਲਾਇਕ ਪੁੱਤਰ ਦਾ ਸੰਬੰਧ। ਮੈਂ ਤਾਂ ਮਰ ਹੀ ਨਹੀਂ ਸਕਦਾ, ਜਦੋਂ ਤਕ ਆਪਣੀ ਔਲਾਦ ਲਈ ਕੁਝ ਛੱਡ ਨਾ ਜਾਵਾਂ। ਇੰਜ ਹੋਇਆ ਤਾਂ ਇਹਨਾਂ ਦੀ ਮਾਂ ਧੋਬਨ ਨੇ ਤਾਂ ਮੈਨੂੰ ਰੱਬ ਦੇ ਘਰ ਵੀ ਨਹੀਂ ਛੱਡਣਾ---ਮੇਰੀ ਰੂਹ ਨੂੰ ਤੌਲੀਏ ਵਾਂਗ ਨਿਚੋੜ ਸੁੱਟੇਗੀ। ਪਰ ਮੇਰੇ ਬਾਪੂ ਜੀ ਨੇ ਮੇਰੇ ਲਈ ਕੀ ਛੱÎਡਿਆ ਸੀ ? ਤਾਂ ਵੀ ਤੇ ਉਹਨਾਂ ਦੀ ਇੱਜ਼ਤ ਮੇਰੇ ਦਿਲ ਵਿਚ ਕਦੀ ਘੱਟ ਨਹੀਂ ਹੋਈ। ਕੀ ਪੈਸਾ ਤੇ ਜਾਇਦਾਦ ਛੱਡ ਕੇ ਜਾਣ ਨਾਲ ਹੀ ਕੋਈ ਪਿਓ, ਪਿਓ ਕਹਾਉਣ ਦਾ ਹੱਕਦਾਰ ਹੁੰਦਾ ਹੈ ? ਇਹ ਤਾਂ ਸਿੱਧੇ ਸਾਦੇ ਹਿਸਾਬ ਦੀ ਗੱਲ ਹੈ---'ਜੇ ਇਕ ਪਿਓ ਕਰਜਾ ਛੱਡ ਕੇ ਮਰਿਆ ਹੋਵੇਗਾ, ਤਾਂ ਹੀ ਤਾਂ ਦੂਜਾ ਪਿਓ ਜਾਇਦਾਦ ਬਣਾ ਸਕਿਆ ਹੋਵੇਗਾ...ਹੈ ਨਾ ?' ਖ਼ੈਰ ਮੇਰਾ ਤਾਂ ਤੁਗਲਕ ਰੋਡ ਉੱਤੇ ਇਕ ਬੰਗਲਾ ਹੈ। ਕੀ ਹੋਇਆ, ਘਾਟੇ ਪਿੱਛੋਂ ਉਸ ਉੱਤੇ ਥੋੜ੍ਹਾ ਕਰਜਾ ਲੈ ਲਿਆ ਸੀ ? ਕੀ ਮੈਂ ਏਨਾ ਹੀ ਗਿਆ ਗੁਜ਼ਰਿਆ ਹਾਂ ਕਿ ਮਰਨ ਤੋਂ ਪਹਿਲਾਂ ਉਸਨੂੰ ਕਰਜਾ-ਮੁਕਤ ਨਹੀਂ ਕਰਵਾ ਸਕਾਂਗਾ ? ਫੇਰ ਪਿੰਡ ਜ਼ਗਦਲ ਵਿਚ ਜ਼ਮੀਨ ਪਈ ਹੈ...ਦੋ ਸੌ ਵਿਘੇ। ਕੁਝ ਵੱÎਡਿਆਂ ਦੀ ਹੈ ਤੇ ਕੁਝ ਮੈਂ ਆਪਣੇ ਪੈਸੇ ਨਾਲ ਬਣਾਈ ਹੈ। ਕੀ ਇਹ ਮੇਰੀ ਹਿੰਮਤ ਨਹੀਂ ਕਿ ਏਨੀ ਵੱਡੀ ਮੁਸੀਬਤ ਆ ਪੈਣ 'ਤੇ ਵੀ ਮੈਂ ਉਸ ਵਿਚੋਂ ਇਕ ਇੰਚ ਨਹੀਂ ਵੇਚੀ ? ਮੈਂ ਇਸ ਲਈ ਨਹੀਂ ਵੇਚੀ, ਤਾਂਕਿ ਮੇਰੇ ਵੱਡੇ-ਵਢੇਰਿਆਂ ਦੀ ਰੂਹ ਨੂੰ ਤਕਲੀਫ ਨਾਲ ਹੋਵੇ ਤੇ ਮੇਰੇ ਬੱਚੇ ਮੈਨੂੰ ਮਿਹਣੇ ਨਾ ਮਾਰਨ। ਫੇਰ ਬੀਮਾ ਹੈ। ਬਹੁਤੀ ਹੀ ਭੀੜ ਪੈ ਗਈ ਤਾਂ ਖ਼ੁਦਕਸ਼ੀ ਕਰਕੇ ਪਤਨੀ ਤੇ ਬੱÎਚਿਆਂ ਨੂੰ ਪੈਸੇ ਦਿਵਾਅ ਜਾਵਾਂਗਾ। ਉਦੋਂ ਹੀ ਸੰਤ ਰਾਮ ਨੂੰ ਆਪਣਾ ਬਾਪੂ ਜੀ ਯਾਦ ਆਇਆ ਤੇ ਉਸਦੀ ਮੌਤ ਦਾ ਸਮਾਂ ਵੀ, ਜਿਸ ਵਿਚ ਦੁੱਖ ਦੀ ਹੱਦ ਸੀ ਤੇ ਉਸੇ ਵਿਚ ਇਕ ਅਜੀਬ ਜਿਹੀ ਰਹੱਸਮਈ ਖ਼ੁਸ਼ੀ ਵੀ ਕਿ ਹੁਣ ਜੋ ਵੀ ਚੰਗਾ-ਮਾੜਾ ਕਰਾਂਗੇ, ਆਪਣਾ ਕਰਾਂਗੇ। ਤੇ ਪਾਲ ਵੱਲੋਂ ਇਸ ਵਿਚਾਰ ਨੇ ਸੰਤ ਰਾਮ ਨੂੰ ਯਕਲਖ਼ਤ ਮੁਕਤ ਕਰ ਦਿੱਤਾ ਸੀ ਕਿ 'ਆਖ਼ਰ ਉਹ ਕਿਹੜਾ ਪੁੱਤਰ ਹੈ, ਜਿਹੜਾ ਆਪਣੇ ਦਿਮਾਗ ਦੇ ਕਿਸੇ ਕੋਨੇ ਵਿਚ ਆਪਣੇ ਦੀ ਪਿਓ ਦੀ ਮੌਤ ਦੀ ਇੱਛਾ ਨਾ ਪਾਲੀ ਬੈਠਾ ਹੋਵੇ ?'
ਸੰਤ ਰਾਮ ਨੂੰ ਇਕ ਅਜੀਬ ਜਿਹੀ ਸ਼ਾਂਤੀ ਮਹਿਸੂਸ ਹੋਈ। ਉਸਨੇ ਨਾਲ ਵਾਲੇ ਕਮਰੇ ਵਿਚ ਆ ਕੇ ਜ਼ੀਰੋ ਪਾਵਰ ਦਾ ਬੱਲਬ ਜਗਾਇਆ ਤੇ ਉਸਦੀ ਮੱਧਮ ਰੌਸ਼ਨੀ ਵਿਚ ਲਾਡੋ, ਉਸਦੇ ਬੱਚੇ, ਪਤਨੀ ਤੇ ਫੇਰ ਪਾਲ ਦਾ ਚਿਹਰਾ ਦੇਖਿਆ ਤੇ ਕੁਝ ਚਿਰ ਖੜ੍ਹਾ ਦੇਖਦਾ ਹੀ ਰਿਹਾ। ਉਹ ਆਪਣੇ ਪੁੱਤਰ ਵਿਚ ਜਿਊਂਦਾ ਰਹੇਗਾ ਤੇ ਫੇਰ ਆਪਣੇ ਪੋਤੇ, ਪੜਪੋਤਿਆਂ ਵਿਚ...
ਉਦੋਂ ਹੀ ਸੰਤ ਰਾਮ ਨੂੰ ਇਕ ਸਿਗਰੇਟ ਪੀਣ ਦੀ ਭਲ ਉੱਠੀ।
ਓਇ ਯਾਰੋ, ਇਹ ਸਿਗਰੇਟ ਵੀ ਕੀ ਚੀਜ਼ ਹੈ ! ਜਿਸ ਨੇ ਵੀ ਇਸਦੀ ਕਾਢ ਕੱਢੀ ਹੈ, ਬਈ ਕਮਾਲ ਹੀ ਕਰ ਛੱਡੀ ਹੈ--- ਜ਼ਿੰਦਗੀ ਦਾ ਇਕ ਨਿੱਕਾ ਜਿਹਾ ਸਾਥੀ, ਜਿਹੜਾ ਤੁਹਾਡੇ ਇਕਾਂਤ ਤੇ ਪਲਾਂ ਵਿਚ ਕਿਸੇ ਸਾਥੀ ਦੀ ਮੌਜ਼ੂਦਗੀ ਦਾ ਅਹਿਸਾਸ ਕਰਵਾਉਂਦਾ ਰਹਿੰਦਾ ਹੈ...ਜਿਸ ਕਰਕੇ ਤੁਸੀਂ ਕਦੀ ਆਪਣੇ ਆਪ ਨੂੰ ਇਕੱਲਾ ਮਹਿਸੂਸ ਨਹੀਂ ਕਰਦੇ। ਬਲਿਕੇ ਸਿਗਰੇਟ ਤਾਂ ਖ਼ੁਦ ਇਕ ਜ਼ਿੰਦਗੀ ਹੈ, ਜਿਸਦਾ ਇਕ ਸਿਰਾ ਜ਼ਿੰਦਗੀ ਵਾਂਗਰ ਹੀ ਹੌਲੀ-ਹੌਲੀ ਸੁਲਗਦਾ ਤੇ ਦੂਜਾ ਮੌਤ ਦੇ ਮੂੰਹ ਜਾਂ ਮੂੰਹ ਨਾਲ ਮੌਤ ਜੋੜੀ ਰੱਖਦਾ ਹੈ। ਇਹ ਤੁਹਾਡੇ ਹਰੇਕ ਸਾਹ ਦੇ ਨਾਲ ਜਿਊਂਦਾ ਤੇ ਮਰਦਾ ਹੋਇਆ ਖ਼ੁਦ ਰਾਖ਼ ਬਣ ਜਾਂਦਾ ਹੈ, ਪਰ ਤੁਹਾਡੇ ਖਿੱਲਰੇ ਹੋਏ ਖ਼ਿਆਲਾਂ ਨੂੰ ਇਕ ਬਿੰਦੂ ਉੱਤੇ ਸਮੇਟ ਲਿਆਉਂਦਾ ਹੈ। ਤੁਸੀਂ ਕੁਝ ਅਜਿਹੇ ਰਹੱਸ ਸਮਝ ਚੁੱਕੇ ਹੁੰਦੇ ਹੋ, ਜਿੰਨ੍ਹਾਂ ਪਿੱਛੋਂ ਹੋਰ ਕੁਝ ਸਮਝਣ ਦੀ ਲੋੜ ਨਹੀਂ ਰਹਿ ਜਾਂਦੀ। ਲੋਕ ਕਹਿੰਦੇ ਨੇ, ਇਸ ਨਾਲ ਕੈਂਸਰ ਹੋ ਜਾਂਦਾ ਹੈ। ਹੁੰਦਾ ਫਿਰੇ। ਜਿਹੜੇ ਲੋਕ ਸਿਗਰੇਟ ਨਹੀਂ ਪੀਂਦੇ, ਉਹ ਕਿਹੜਾ ਲੰਮੀ ਉਮਰ ਦਾ ਪੱਕਾ ਪਟਾ ਲਿਖਵਾ ਕੇ ਲਿਆਏ ਹੁੰਦੇ ਨੇ ? ਦੁਨੀਆਂ ਦੇ ਹਰ ਆਦਮੀ ਨੂੰ ਲਿਜਾਣ ਲਈ ਮੌਤ ਨੂੰ ਕੋਈ ਨਾ ਕੋਈ ਬਹਾਨਾ ਤਾਂ ਬਣਾਉਣਾ ਹੀ ਪੈਣਾ ਹੈ ਨਾ...ਉਹ ਭਾਵੇਂ ਸਿਗਰੇਟ ਦਾ ਬਹਾਨਾ ਹੀ ਕਿਉਂ ਨਾ ਹੋਵੇ ?
ਰਾਤੀਂ ਜਦੋਂ ਸੰਤ ਰਾਮ ਘਰ ਪਰਤਿਆ ਸੀ ਤਾਂ ਸਿਗਰੇਟ ਲਿਆਉਣੇ ਭੁੱਲ ਗਿਆ ਸੀ, ਤੇ ਇਸ ਵੇਲੇ ਸਾਢੇ ਚਾਰ ਵਜੇ ਬਾਜ਼ਾਰ ਬੰਦ ਸੀ।...ਤੇ ਸੰਤ ਰਾਮ ਨੂੰ ਤਲਬ ਲੱਗੀ ਤਾਂ ਵਧਦੀ ਹੀ ਗਈ। ਸਾਹਮਣੇ ਪੁੱਤਰ ਪਾਲ ਦੇ ਸਿਗਰੇਟਾਂ ਦਾ ਪੈਕੇਟ ਪਿਆ ਸੀ, ਜਿਸ ਉਪਰ ਮਾਚਿਸ ਰੱਖੀ ਹੋਈ ਸੀ। ਪਾਲ ਸ਼ਹਿਜ਼ਾਦਾ ਹੋਣ ਕਾਰਣ ਸਟੇਟ ਐਕਸਪ੍ਰੈਸ ਤੋਂ ਘਟ ਸਿਗਰੇਟ ਹੀ ਨਹੀਂ ਸੀ ਪੀਂਦਾ, ਹਾਲਾਂਕਿ ਉਸਦੇ ਪਿਓ ਸੰਤ ਰਾਮ ਲਈ ਚਾਰ ਮਿਨਾਰ ਤੋਂ ਲੈ ਕੇ ਕੈਂਚੀ ਤੇ ਗੋਲਡ ਫਲੈਕ ਤਕ, ਸਭ ਹਲਾਲ ਸਨ। ਸਟੇਟ ਐਕਸਪ੍ਰੈਸ ਪੀ ਲਵਾਂ ? ਕੀ ਲੋੜ ਹੈ ? ਕੀ ਮੈਂ ਛੇ ਵਜੇ ਤਕ ਇੰਤਜ਼ਾਰ ਨਹੀਂ ਕਰ ਸਕਦਾ, ਉਦੋਂ ਤਕ ਪਾਨ-ਬੀੜੀ ਵਾਲੀਆਂ ਦੁਕਾਨਾਂ ਖੁੱਲ੍ਹ ਜਾਣਗੀਆਂ। ਪਰ ਇੰਤਜ਼ਾਰ ਕਰਨ ਦਵੇ ਤਾਂ ਇਹ ਸਿਗਰੇਟ ਨਹੀਂ ਦੁੱਧ ਦਾ ਗਿਲਾਸ ਹੋ ਗਿਆ---ਸੰਤ ਰਾਮ ਦਾ ਹੱਥ ਪੈਕੇਟ ਵੱਲ ਵਧ ਗਿਆ। ਜ਼ੀਰੋ ਪਾਵਰ ਦੇ ਬੱਲਬ ਦੀ ਰੌਸ਼ਨੀ ਵਿਚ ਉਸਨੇ ਦੇਖਿਆ, ਪੈਕੇਟ ਵਿਚ ਸਿਰਫ ਦੋ ਹੀ ਸਿਗਰੇਟ ਸਨ। ਇਕ ਤਾਂ ਪਾਲ ਨੂੰ ਬਾਥਰੂਮ ਲਈ ਚਾਹੀਦਾ ਹੀ ਸੀ, ਤੇ ਦੂਜਾ ? ਕੀ ਪਤਾ ਇਕ ਸਿਗਰੇਟ ਨਾਲ ਨਾ ਸਰਦਾ ਹੋਵੇ ਤੇ ਦੂਜੇ ਦੀ ਵੀ ਲੋੜ ਮਹਿਸੂਸ ਹੁੰਦੀ ਹੋਵੇ---ਉਦੋਂ ਨਹੀਂ ਤਾਂ ਸ਼ੇਵ ਪਿੱਛੋਂ ਸਹੀ ਜਾਂ ਫੇਰ ਨਾਸ਼ਤੇ ਪਿੱਛੋਂ। ਇਸ ਇਲਾਕੇ ਵਿਚ ਸਟੇਟ ਐਕਸਪ੍ਰੈਸ ਕਿੱਥੇ ਮਿਲਦੇ ਸਨ, ਕਿ ਵਰਤ ਲੈਣ ਪਿੱਛੋਂ ਨੌਂ ਦਸ ਵਜੇ ਤਕ ਚੁੱਪਚਾਪ ਥਾਵੇਂ ਰੱਖ ਦਿੱਤੇ ਜਾਣ, ਤਦ ਤਕ ਪਾਲ ਉਠਦਾ ਸੀ। ਰੱਖੇ ਵੀ ਕਿਵੇਂ ਜਾ ਸਕਦੇ ਸਨ, ਕਿਉਂਕਿ ਇਹਨਾਂ ਸਿਗਰੇਟਾਂ ਲਈ ਕਨਾਟਪਲੇਸ ਜਾਣਾ ਤੇ ਆਉਣਾ ਪੈਣਾ ਸੀ, ਜਿਸਦਾ ਅਰਥ ਦੀ ਅੱਧਾ ਗੇਲਨ ਪੈਟ੍ਰੋਲ ਫੂਕ ਦੇਣਾ---ਉਹ ਵੀ ਸਿਰਫ ਇਕ ਸਿਗਰੇਟ ਲਈ ! ਇਸ ਨਾਲੋਂ ਚੰਗਾ ਹੈ, ਛੇ ਸਾਢੇ-ਛੇ ਵੱਜਣ ਦਾ ਇੰਤਜ਼ਾਰ ਕਰ ਲਿਆ ਜਾਵੇ।
ਪਰ ਸਾਹਬੋ, ਸਿਗਰੇਟ ਜਦੋਂ ਬੁਲਾਉਂਦਾ ਹੈ ਤਾਂ ਏਨੀ ਜ਼ੋਰ ਦੀ ਆਵਾਜ਼ ਮਾਰਦਾ ਹੈ ਕਿ ਕੰਨਾਂ ਦੇ ਪਰਦੇ ਪਾੜ ਜਾਂਦੇ ਨੇ। ਇਹ ਆਵਾਜ਼ ਨਾ ਪੀਣ ਵਾਲਿਆਂ ਨੂੰ ਸੁਣਾਈ ਨਹੀਂ ਦਿੰਦੀ, ਉਹਨਾਂ ਦੇ ਕੰਨ ਸੁਰ ਵਿਚ ਜੋ ਨਹੀਂ ਹੁੰਦੇ। ਕਿਉਂ ਨਾ ਭੀਕੂ, ਆਪਣੇ ਨੌਕਰ, ਤੋਂ ਸਿਗਰੇਟ ਮੰਗ ਲਿਆ ਜਾਵੇ ? ਪਰ ਉਹ ਤਾਂ ਬੀੜੀਆਂ ਪੀਂਦਾ ਹੈ ; ਚਲੋ, ਬੀੜੀ ਹੀ ਸਹੀ। ਪਰ ਭੀਕੂ ਨੂੰ ਉਸਦੀ ਕੁੰਭਕਰਨੀ ਨੀਂਦ ਤੋਂ ਜਗਾਉਣ ਦੇ ਅਰਥ ਇਹ ਸਨ ਕਿ ਪੂਰਾ ਪਹਾੜ ਪੁੱਟੋ ਤੇ ਉਸ ਤੋਂ ਇਕ ਕੈਂਕਰ ਲੈਣ ਦੀ ਫਰਮਾਇਸ਼ ਕਰੋ। ਕਿਉਂਕਿ ਭੀਕੂ ਹਮੇਸ਼ਾ ਬੌਂਦਲਿਆ-ਭੰਵਤਰਿਆ 'ਕਾ ਹੁਈ ਗਵਾ...ਕਾ ਹੁਈ ਗਵਾ ?' ਕਰਦਾ ਹੋਇਆ ਉਠਦਾ ਸੀ, ਜਿਸ ਨਾਲ ਘਰ ਦੇ ਸਾਰੇ ਲੋਕ ਜਾਗ ਪੈਂਦੇ ਸਨ। ਇਸ ਕਮੀਨੇ ਦੀ ਨੀਂਦ, ਪੁੱਠੀਆਂ ਆਦਤਾਂ ਕਰਕੇ ਕਦੀ ਪੂਰੀ ਨਹੀਂ ਹੁੰਦੀ। ਹਾਂ ਬਈ, ਬਾਹਰ ਚੌਕੀਦਾਰ ਵੀ ਤਾਂ ਹੈ। ਸੰਤ ਰਾਮ ਨੇ ਬੂਹਾ ਖੋਹਲ ਕੇ ਬਾਹਰਲੀ ਬੱਤੀ ਦੀ ਰੌਸ਼ਨੀ ਵਿਚ ਏਧਰ ਉਧਰ ਤੱÎਕਿਆ, ਚੌਕੀਦਾਰ ਦਾ ਪੱਠਾ ਵੀ ਕਿਧਰੇ ਨਜ਼ਰ ਨਹੀਂ ਸੀ ਆਇਆ। ਪੌਣੇ ਪੰਜ ਵੱਜੇ ਸਨ ਤੇ ਉਹ ਆਪਣੀ ਜਾਚੇ ਪੰਜ ਵਜਾ ਕੇ ਆਪਣੀ ਡਿਊਟੀ ਪੂਰੀ ਕਰਦਾ ਹੋਇਆ ਕਿਸੇ ਚੋਰ ਨਾਲ ਜਾ ਸੁੱਤਾ ਸੀ। ਅਸੀਂ ਲੋਕ ਉਸਨੂੰ ਐਵੇਂ ਹੀ, ਵਾਧੂ ਦੇ ਪੈਸੇ ਦਿੰਦੇ ਹਾਂ---ਏਥੇ ਕਿਹੜਾ ਡਾਕਾ ਪੈਣ ਲੱਗਾ ਹੈ, ਸਾਹਮਣੇ ਹੀ ਤਾਂ ਪੁਲਸ ਚੌਕੀ ਹੈ। ਭੀਕੂ, ਚੌਕੀਦਾਰ ਜਾਂ ਚੌਕੀ ਦੇ ਕਿਸੇ ਸੰਤਰੀ ਤੋਂ ਬੀੜੀ ਮੰਗਣ ਤੋਂ ਚੰਗਾ ਤਾਂ ਇਹੀ ਹੈ ਕਿ ਆਪਣੇ ਪੁੱਤਰ ਦਾ ਸਟੇਟ ਐਕਸਪ੍ਰੈਸ ਪੀਤਾ ਜਾਵੇ। ਉਸਨੂੰ ਬੁਰਾ ਤਾਂ ਲਗੇਗਾ ਹੀ, ਪਰ ਜੋ ਹੋਵੇਗੀ, ਦੇਖੀ ਜਾਏਗੀ।
ਸੋ ਸੰਤ ਰਾਮ ਨੇ ਪੈਕੇਟ ਚੁੱਕ ਲਿਆ ਤੇ ਇਕ ਸਿਗਰੇਟ ਕੱਢ ਕੇ ਸੁਲਗਾ ਲਿਆ। ਪਹਿਲੇ ਕਸ਼ ਵਿਚ ਸੰਤ ਰਾਮ ਦੀ ਬੇਚੈਨੀ ਅੱਧੀ ਰਹਿ ਗਈ, ਦੂਜੇ ਵਿਚ ਚੌਥਾ ਹਿੱਸਾ। ਇਸ ਹਿਸਾਬ ਨਾਲ ਤਾਂ ਤੀਜੇ ਚੌਥੇ ਕਸ਼ ਵਿਚ ਪੂਰੀ ਤਸੱਲੀ ਹੋ ਜਾਣੀ ਚਾਹੀਦੀ ਸੀ, ਪਰ ਸਿਗਰੇਟ ਦਾ ਵੀ ਇਕ ਅਜ਼ੀਬ ਹਿਸਾਬ-ਕਿਤਾਬ ਹੁੰਦਾ ਹੈ, ਜਿਵੇਂ ਬੇਚੈਨੀ ਦਾ ਆਪਣਾ ਲਾਜ਼ਿਕ ਹੈ। ਚੌਥੇ ਕਸ਼ ਪਿੱਛੋਂ ਬੇਚੈਨੀ ਦੇ ਘੱਟ ਹੋਣ ਦੀ ਰਿਫ਼ਤਾਰ ਘਟ ਜਾਂਦੀ ਹੈ ਤੇ ਸਿਗਰੇਟ ਦੇ ਬਲਨ ਦੀ ਵਧ ਜਾਂਦੀ ਹੈ। ਖ਼ੈਰ ਬੜਾ ਮਜ਼ਾ ਆਇਆ। ਸਟੇਟ ਐਕਸਪ੍ਰੈਸ ਐਨਾ ਸਟਰੋਂਗ ਸਿਗਰੇਟ ਤਾਂ ਨਹੀਂ, ਜਿੰਨਾਂ ਚਾਰ ਮੀਨਾਰ, ਪਰ ਠੀਕ ਹੈ।
ਪੂਰਾ ਸਿਗਰੇਟ ਪੀ ਲੈਣ ਪਿੱਛੋਂ ਸੰਤ ਰਾਮ ਨੇ ਮਹਿਸੂਸ ਕੀਤਾ ਕਿ ਉਸਨੇ ਚੰਗਾ ਨਹੀਂ ਕੀਤਾ। ਕੀ ਉਹ ਥੋੜ੍ਹੀ ਦੇਰ ਹੋਰ, ਇਕ ਸਿਗਰੇਟ ਤੋ ਬਿਨਾਂ ਨਹੀਂ ਸੀ ਰਹਿ ਸਕਦਾ ? ਨਹੀਂ, ਜਵਾਨੀ ਵਿਚ ਆਦਮੀ ਆਪਣੇ ਹੋਸ਼ 'ਤੇ ਕਾਬੂ ਰੱਖ ਸਕਦਾ ਹੈ, ਬੁਢੇਪੇ ਵਿਚ ਨਹੀਂ। ਆਖ਼ਰ ਪੁੱਤਰ ਦਾ ਹੀ ਤਾਂ ਸਿਗਰੇਟ ਪੀਤਾ ਹੈ ਨਾ ? ਮੈਨੂੰ ਖੁਸ਼ ਹੋਣਾ ਚਾਹੀਦਾ ਹੈ ਤੇ ਜੇ ਉਹ ਮੇਰਾ ਪੁੱਤਰ ਹੈ, ਤਾਂ ਉਸਨੂੰ ਵੀ। ਕੈਸਾ ਮਜ਼ਾ ਆਇਆ ! ਛੋਟੀ ਚੋਰੀ ਵਿਚ ਬੜਾ ਮਜ਼ਾ ਆਉਂਦਾ ਹੈ। ਉਦੋਂ ਹੀ ਬਾਬੀ ਦੇ ਬਰੜਾਉਣ ਦੀ ਆਵਾਜ਼ ਆਈ---'ਮਾਲੂੰਗਾ, ਮੈਂ ਤੇਲੇ ਮਾਲੂੰਗਾ !' ਉਹ ਸੁਪਨੇ ਵਿਚ ਕਿਸ ਨਾਲ ਲੜ ਰਿਹਾ ਸੀ ? ਲਾਡੋ ਨੇ ਅੱਧੀ ਸੁੱਤੀ, ਅੱਧੀ ਜਾਗੀ ਅਵਸਥਾ ਵਿਚ ਉਸਨੂੰ ਥਾਪੜਨਾ ਸ਼ੁਰੂ ਕਰ ਦਿੱਤਾ---'ਸੌÎਂ ਜਾ, ਬਾਬੀ, ਸੌÎਂ ਜਾ !' ਬਾਬੀ ਸੌÎਂ ਗਿਆ ਤੇ ਉਹ ਵੀ ਸੌÎਂ ਗਈ। ਪਾਲ ਨੂੰ ਕੁਝ ਪਤਾ ਨਹੀਂ ਲੱÎਗਿਆ। ਉਸਦੇ ਘੁਰਾੜੇ ਤਾਂ ਬੰਦ ਹੋ ਚੁੱਕੇ ਸਨ, ਹਾਂ ਨੱਕ ਵਿਚ ਕੋਈ ਚੀਜ਼ ਅੜੀ ਹੋਣ ਕਰਕੇ ਸੀਟੀ ਜਿਹੀ ਵੱਜ ਰਹੀ ਸੀ। ਉਦੋਂ ਹੀ ਅੰਦਰੋਂ ਧੋਬਨ ਦੀ ਆਵਾਜ਼ ਆਈ---''ਸਿਗਰੇਟ ਪੀ ਰਹੇ ਓ ?''
''ਹਾਂ''---ਸੰਤ ਰਾਮ ਨੇ ਉੱਥੋਂ ਹੀ ਕਿਹਾ।
ਜਿਸ ਦੇ ਜਵਾਬ ਵਿਚ ਉਹ ਬੋਲੀ, ''ਸਵੇਰੇ ਸਵੇਰੇ ਈ ਸ਼ੁਰੂ ਹੋ ਜਾਂਦੇ ਓ, ਦਿਨ ਤਾਂ ਚੜ੍ਹ ਲੈਣ ਦਿਆ ਕਰੋ...! ਇੰਜ ਕਾਲਜਾ ਫੂਕਣ ਨਾਲ ਬਿਮਾਰ ਹੋਵੋਗੇ ਕਿ ਨਹੀਂ ਹੋਵੋਗੇ ?''
ਸੰਤ ਰਾਮ ਨੇ ਦਿਲ ਹੀ ਦਿਲ ਵਿਚ ਕਿਹਾ---'ਮੇਰੀ ਬਿਮਾਰੀ ਦੀ ਬੜੀ ਪ੍ਰਵਾਹ ਏ ਤੁਹਾਨੂੰ।' ਇਹ ਘਰ ਵਾਲੇ ਵੀ ਜਦੋਂ ਪ੍ਰਵਾਹ ਕਰਨੀ ਹੁੰਦੀ ਹੈ, ਨਹੀਂ ਕਰਦੇ...ਤੇ ਜਦੋਂ ਨਹੀਂ ਕਰਨੀ ਹੁੰਦੀ, ਤਾਂ ਮੱਲੋਮੱਲੀ ਕਰਨ ਲੱਗ ਪੈਂਦੇ ਨੇ। ਉਸਨੇ ਅੰਦਰਲੇ ਕਮਰੇ ਵੱਲ ਮੂੰਹ ਕਰਕੇ ਸਿਰਫ ਏਨਾ ਕਿਹਾ, ''ਤੂੰ ਸੌÎਂ ਜਾਅ, ਅਜੇ ਸਵਾ ਪੰਜ ਵੱਜੇ ਨੇ।''
ਧੋਬਨ ਦੀ ਆਵਾਜ਼ ਉਸਦੀ ਅੰਗੜਾਈ ਵਿਚੋਂ ਛਣ ਕੇ ਆਈ, ''ਨਹੀਂ, ਮੈਂ ਹੀਟਰ ਲਾਉਣੈ, ਪਾਣੀ ਗਰਮ ਕਰਨੈਂ...ਕਪੜਿਆਂ ਦਾ ਢੇਰ ਲੱÎਗਿਆ ਪਿਐ...।''
ਫੇਰ ਧੋਬਨ ਦੇ ਉੱਠਣ ਦੀ ਆਵਾਜ਼ ਆਈ। ਹਾਂ ਸਾਹਬ, ਜਦੋਂ ਧੋਬਨ ਉੱਠਦੀ ਹੈ, ਤਾਂ ਇਸ ਗੱਲ ਦੀ ਪ੍ਰਵਾਹ ਨਹੀਂ ਕਰਦੀ ਕਿ ਉਸਦੇ ਧੂਮ-ਧੜਾਕੇ ਨਾਲ ਕੋਈ ਡਿਸਟਰਬ ਹੋਏਗਾ। ਉਹ ਬਿਸਤਰੇ ਦੀ ਚਾਦਰ ਝਾੜੇਗੀ ਜਿਵੇਂ ਉਸ ਉੱਤੇ ਰੇਤ ਹੀ ਰੇਤ ਪਈ ਹੋਈ ਹੋਵੇ। ਫੇਰ ਅਲਮਾਰੀ ਦੀ 'ਕੈਂ' ਸੁਣਾਈ ਦੇਵੇਗੀ ਤੇ ਉਸ ਵਿਚੋਂ ਦੁੱਧ ਲਈ ਪੈਸੇ ਨਿਕਲਣਗੇ, ਫੇਰ ਸੈਂਡਲਾਂ ਦੀ 'ਟਿਪ-ਟਿਪ' ਦੀ ਆਵਾਜ਼, ਜਿਹੜੀ ਕਈ ਵਰ੍ਹੇ ਪਹਿਲਾਂ ਬੜੀ ਚੰਗੀ ਲੱਗਦੀ ਹੁੰਦੀ ਸੀ ਤੇ ਦਿਮਾਗ ਵਿਚ ਖੜਮਸਤੀ ਪੈਦਾ ਕਰ ਦੇਂਦੀ ਸੀ, ਹੁਣ ਇੰਜ ਜਾਪਦੀ ਹੈ ਜਿਵੇਂ ਘਣ ਮਾਰ ਰਹੀ ਹੈ।
ਚਾਦਰ ਛੰਡਦਿਆਂ ਹੋਇਆਂ ਧੋਬਨ ਦੀ ਆਵਾਜ਼ ਆਈ, ''ਓ-ਹੋ...ਉਫ਼ ! ਦਿਮਾਗ ਸੜ ਗਿਐ ਸਿਗਰੇਟ ਦੀ ਬੋ ਨਾਲ !''
''ਅੱਛਾ...ਅੱਛਾ,'' ਸੰਤ ਰਾਮ ਨੇ ਕਿਹਾ, ''ਤੈਨੂੰ ਤਾਂ ਹਰ ਵੇਲੇ ਬੋ ਹੀ ਆਉਂਦੀ ਰਹਿੰਦੀ ਏ !''
ਧੋਬਨ ਨੂੰ ਵਾਕਈ ਬੜੀ ਬੋ ਆਉਂਦੀ ਸੀ, ਜਿਹੜੀ ਸ਼ਾਇਦ ਉਮਰ ਦਾ ਲਿਹਾਜ਼ ਸੀ। ਚੌਥੇ ਕਮਰੇ ਵਿਚ ਕੋਈ ਸਿਗਰੇਟ ਪੀਵੇ, ਉਸਨੂੰ ਉੱਥੋਂ ਹੀ ਪਤਾ ਲੱਗ ਜਾਂਦਾ ਸੀ। ਇਵੇਂ ਹੀ ਵਿਸਕੀ, ਸ਼ਰਾਬ ਭਾਵੇਂ ਕਿਸੇ ਨੇ ਚੱਖੀ ਹੀ ਹੋਵੇ, ਉਸਨੂੰ ਬੂ ਆ ਜਾਂਦੀ ਸੀ। ਉਸਦੀ ਕੰਜੂਸੀ ਨੇ ਤੇ ਉਸਦੇ ਨੈਤਿਕ ਰੂਪ ਵਿਚ ਚੰਗਾ ਹੋਣ ਨੇ, ਘਰ ਦੇ ਹੋਰ ਸਾਰੇ ਲੋਕਾਂ ਨੂੰ ਇਕ ਤਰ੍ਹਾਂ ਨਾਲ ਚੋਰ ਬਣਾ ਦਿੱਤਾ ਸੀ। ਸਾਰੇ ਬੇਹਾਲ ਹੋ ਕੇ ਮਾੜੀਆਂ ਹਰਕਤਾਂ ਕਰਦੇ ਤੇ ਫੇਰ ਉਹਨਾਂ ਨੂੰ ਲਕੋਣ ਦੀ ਕੋਸ਼ਿਸ਼ ਕਰਦੇ ਸੀ। ਪਰ ਧੋਬਨ ਤੋਂ ਕੁਝ ਲੁਕਿਆ ਨਹੀਂ ਸੀ ਰਹਿੰਦਾ। ਕਈ ਵਾਰੀ ਇੰਜ ਹੋਇਆ ਕਿ ਤੁਸੀਂ ਬਾਹਰ ਨਿਕਲ ਦੇ ਬਾਲਕੋਨੀ ਵਿਚ ਜਾ ਕੇ ਸਿਗਰੇਟ ਸੁਲਗਾਇਆ, ਪਰ ਜਦੋਂ ਮੁੜ ਕੇ ਦੇਖਿਆ, ਤਾਂ ਧੋਬਨ ਪਿੱਛੇ ਮੌਜ਼ੂਦ ਹੈ। ਸਿਗਰੇਟ ਦਾ ਮਜ਼ਾ ਹੀ ਜਾਂਦਾ ਰਿਹਾ। ਉਸਦੀ ਇਸ ਰੋਕ-ਟੋਕ ਨੇ ਪਾਲ ਵਿਚ ਬਗ਼ਾਵਤ ਦੀ ਭਾਵਨਾ ਪੈਦਾ ਕਰ ਦਿੱਤੀ ਸੀ। ਹੁਣ ਉਹ ਖੁੱਲ੍ਹੇ-ਆਮ ਸਿਗਰੇਟ ਪੀਂਦਾ ਸੀ, ਬਲਿਕੇ ਉਸਨੇ ਸਕਾਚ ਦੀ ਇਕ ਬੋਤਲ ਘਰੇ ਵੀ ਲਿਆ ਰੱਖੀ ਸੀ। ਬਾਹਰੋਂ ਆਉਣ 'ਤੇ ਜਦੋਂ ਉਸਨੂੰ ਮਹਿਸੂਸ ਹੁੰਦਾ ਕਿ ਜ਼ਰਾ ਕੱਚਾ ਹੈ ਤਾਂ ਇਕ ਦੋ ਪੈਗ ਲਾ ਲੈਂਦਾ। ਮਾਂ ਨਾਲ ਉਸਦੀ ਕਈ ਵਾਰੀ ਲੜਾਈ ਹੋਈ ਸੀ। ਧੋਬਨ ਆਖ਼ਰ ਉਸ ਤੋਂ ਹਾਰ ਗਈ ਸੀ। ਉਸਨੇ ਕਿਹਾ ਵੀ ਤਾਂ ਏਨਾ, ''ਮੇਰਾ ਕੀ ਐ, ਜਿਹੜੀ ਆਊਗੀ, ਆਪਣੀ ਕਿਸਮਤ ਨੂੰ ਰੋਊਗੀ ਬੈਠੀ !''
ਸਿਗਰੇਟ...! ਦਰਅਸਲ ਮਰਦ ਤੇ ਔਰਤ ਦੇ ਮੂੰਹ ਦੀ ਬੂ ਨੂੰ ਇਕ ਹੋਣਾ ਚਾਹੀਦਾ ਹੈ, ਵਰਨਾ ਸਭ ਕੁਝ ਤਬਾਹ ਹੋ ਜਾਂਦਾ ਹੈ। ਇਸ ਤਬਾਹੀ ਦੇ ਡਰ ਦੇ ਕਾਰਣ ਹੀ ਸੰਤ ਰਾਮ ਨੇ ਆਪਣੀ ਟਾਈਪਿਸਟ ਡਾਲੀ ਨੂੰ ਪਹਿਲਾਂ ਸਿਗਰੇਟ ਪਿਆ ਲਿਆ ਸੀ।
ਪਾਲ ਉੱÎਠਿਆ ਤਾਂ ਕੀ ਕਹੇਗਾ ? ਉਂਜ ਇਕ ਸਿਗਰੇਟ ਪੀ ਲੈਣ ਦੀ ਤਾਂ ਕੋਈ ਗੱਲ ਨਹੀਂ ਸੀ, ਪਰ ਕਿਸੇ ਦੀ ਨਿੱਤ-ਕਿਰਿਆ ਵਿਚ ਵਿਘਣ ਪੈਣਾ, ਜਾਂ ਕਿਸੇ ਸਵਾਦ ਦੀ ਪੂਰਤੀ ਨਾ ਹੋ ਸਕਣਾ ਮਾੜੀ ਗੱਲ ਹੁੰਦੀ ਹੈ। ਇਹ ਇੰਜ ਹੀ ਹੈ ਜਿਵੇਂ ਦੋ ਪਿਆਰ ਕਰਨ ਵਾਲਿਆਂ ਵਿਚਕਾਰ ਕੋਈ ਤੀਜਾ ਆ ਜਾਵੇ। ਫੇਰ ਪਾਲ ਕਈ ਗੱਲਾਂ ਵਿਚ ਕਿੱਡਾ ਕਮੀਨਾ ਹੈ ! ਇਕ ਵਾਰੀ ਉਸਦੇ ਬੂਟ ਪਾ ਲਏ ਸਨ, ਤਾਂ ਉਸਨੇ ਕਿੰਨੀ ਬੁੜਬੁੜ ਕੀਤੀ ਸੀ ! ਉਸਨੇ ਉਹ ਬੂਟ, ਸੁੱਟ ਦਿੱਤੇ ਸਨ ਤੇ ਕਿਹਾ ਸੀ, ''ਮੇਰੇ ਤੇ ਪਾਪਾ ਦੇ ਪੈਰ ਇਕੋ ਜਿੱਡੇ ਨੇ ਕੋਈ...? ਹੁਣ ਇਹ ਖੁੱਲ੍ਹ ਗਏ ਨੇ ਤੇ ਮੇਰੇ ਕੰਮ ਦੇ ਨਹੀਂ ਰਹੇ !'' ਸੁਣ ਕੇ ਸੰਤ ਰਾਮ ਨੂੰ ਬੜਾ ਦੁੱਖ ਹੋਇਆ ਸੀ। ਇਕ ਵਾਰੀ ਪੁੱਤਰ ਦੇ ਬੂਟ ਪਾ ਲਏ ਤਾਂ ਕੀ ਹੋ ਗਿਆ ? ਵੀਹ ਵਾਰੀ ਉਸਨੇ ਮੇਰੀਆਂ ਚੱਪਲਾਂ ਪਾਈਆਂ ਨੇ, ਮੈਂ ਤਾਂ ਕਦੀ ਕੁਛ ਨਹੀਂ ਕਿਹਾ। ਉਲਟਾ ਮੈਨੂੰ ਖੁਸ਼ੀ ਹੀ ਹੋਈ ਹੈ, ਇਸ ਅਹਿਸਾਸ ਨਾਲ ਕਿ ਮੇਰੇ ਪੁੱਤਰ ਨੇ ਮੇਰੀ ਚੱਪਲ ਪਾਈ ਹੈ। ਤੇ ਵੱÎਡਿਆਂ ਦਾ ਇਹ ਕਹਿਣਾ ਵੀ ਦਿਮਾਗ ਵਿਚ ਆਇਆ ਕਿ ਜਦੋਂ ਪਿਓ ਦੀ ਜੁੱਤੀ ਪੁੱਤ ਦੇ ਮੇਚ ਆਉਣ ਲੱਗ ਪਏ ਤਾਂ ਉਸਨੂੰ ਕੁਝ ਨਹੀਂ ਕਹਿਣਾ ਚਾਹੀਦਾ। ਸੋ ਮੈਂ ਉਦੋਂ ਦਾ ਸਭ ਕੁਝ ਕਹਿਣਾ-ਸੁਣਨਾ ਛੱਡ ਦਿੱਤਾ ਸੀ। ਨਹੀਂ, ਇਕ ਵਾਰੀ ਉਸਨੇ ਕਿਸੇ ਸਮਗਲਰ ਤੋਂ ਅਮਰੀਕੀ ਜਰਕਿਨ ਖ਼ਰੀਦੀ ਸੀ, ਜਿਹੜੀ ਮੈਨੂੰ ਬੜੀ ਚੰਗੀ ਲੱਗੀ ਸੀ। ਪਾਲ ਨੂੰ ਵੀ ਤਾਂ ਜਚੀ ਹੋਏਗੀ, ਤਾਂ ਹੀ ਤਾਂ ਉਸਨੇ ਖ਼ਰੀਦੀ ਸੀ। ਪਰ ਮੈਂ ਹਮੇਸ਼ਾ ਵਾਂਗ ਆਪਣੇ ਬੁਢੇਪੇ ਦੇ ਕਾਰਣ, ਉਸਨੂੰ ਪਾਉਣ ਦੇ ਜਜ਼ਬੇ ਨੂੰ ਰੋਕ ਨਹੀਂ ਸੀ ਸਕਿਆ। ਸੋ ਮੈਂ ਪਾ ਲਈ ਸੀ। ਉਸਦੇ ਰੰਗ ਬੜੇ ਗੂੜ੍ਹੇ ਸਨ ਤੇ ਮੈਨੂੰ ਉਸਨੂੰ ਪਾ ਕੇ ਬੜਾ ਮਜ਼ਾ ਆਇਆ ਸੀ। ਪਰ ਪਹਿਲਾਂ ਤਾਂ ਧੋਬਨ ਨੇ ਮੇਰੇ ਮਜ਼ੇ ਨੂੰ ਕਿਰਕਿਰਾ ਕੀਤਾ---ਉਹ ਮੈਨੂੰ ਦੇਖ ਕੇ ਹੱਸ ਪਈ।
''ਕੀ ਹੋਇਆ ?'' ਮੈਂ ਪੁੱÎਛਿਆ।
ਉਹ ਅੰਦਰੇ ਅੰਦਰ ਆਪਣੀ ਹਾਸੀ ਰੋਕਦੀ ਹੋਈ ਬੋਲੀ, ''ਕੁਛ ਨਹੀਂ...'' ਤੇ ਫੇਰ ਰਹਿ ਵੀ ਨਾ ਸਕੀ ਤੇ ਕਹਿਣ ਲੱਗੀ, ''ਕਿਵੇਂ ਘੁੰਮ ਰਹੇ ਓ...ਜਿਵੇਂ ਦੇਸੀ ਮੁਰਗਾ ਵਲਾਇਤੀ ਮੁਰਗੀ ਦੇ ਇਰਦ-ਗਿਰਦ ਘੁੰਮਦੈ !''
ਇਹ ਜਜ਼ਬਾਤਾਂ ਦਾ ਧੋਬੀ ਪਟਕਾ ਸੀ, ਖ਼ੈਰ।
ਪਰ ਰਹੀ ਸਹੀ ਕਸਰ ਪਾਲ ਨੇ ਪੂਰੀ ਕਰ ਦਿੱਤੀ। ਮੈਂ ਆਪਣਾ ਸ਼ੌਕ ਪੂਰਾ ਕਰਨ ਪਿੱਛੋਂ ਉਸ ਜਰਕਿਨ ਨੂੰ ਸਾਂਭ ਦੇ ਵਾਰਡਰੋਬ ਵਿਚ ਰੱਖ ਦਿੱਤਾ ਸੀ, ਪਰ ਸਵੇਰੇ ਹੀ ਪਾਲ ਜਰਕਿਨ ਨੂੰ ਮੇਰੇ ਕੋਲ ਲੈ ਆਇਆ ਤੇ ਬੋਲਿਆ, ''ਪਾਪਾ, ਤੁਸੀਂ ਹੀ ਇਸਨੂੰ ਪਾ ਲਿਆ ਕਰੋ...''
ਮੈਂ ਅਪਰਾਧੀਆਂ ਵਾਂਗ ਕਿਹਾ, ''ਕਿਉਂ, ਤੂੰ ਨਹੀਂ ਪਾਉਣੀ...?''
''ਇਹ ਮੇਰੇ ਕੰਮ ਦੀ ਨਹੀਂ ਰਹੀ !'' ਉਸ ਕਿਹਾ, ਦੇਖਦੇ ਨਹੀਂ ਤੁਹਾਡਾ ਪੇਟ ਕਿੱਡਾ ਵੱਡਾ ਹੈ, ਇਸਨੂੰ ਪਾਉਣ ਨਾਲ ਐਲਾਸਟਿਕ ਢਿੱਲਾ ਹੋ ਗਿਆ ਏ ਇਸਦਾ !''
ਮੈਨੂੰ ਬੜਾ ਗੁੱਸਾ ਆਇਆ ਤੇ ਮੈਂ ਉਸ ਉੱਤੇ ਵਰ੍ਹ ਹੀ ਪਿਆ। ਮੈਂ ਕਿਹਾ, ''ਮੈਂ ਤੇਰਾ ਬਾਪ ਹਾਂ। ਜਰਕਿਨ ਪਾ ਲਈ ਤੇ ਤੇਰਾ ਨੁਕਸਾਨ ਕਰ ਦਿੱਤਾ ? ਤੂੰ ਸੈਂਕੜੇ ਨਹੀਂ ਹਜ਼ਾਰਾਂ ਵਾਰੀ ਮੇਰਾ ਨੁਕਸਾਨ ਕੀਤਾ ਏ। ਮੈਂ ਕਦੀ ਤੈਨੂੰ ਕੁਛ ਕਿਹਾ ਏ...? ਉਲਟਾ ਮੈਂ ਖੁਸ਼ ਹੀ ਹੋਇਆਂ। ਚੱਲ ਇੰਜ ਕਹਿ ਲੈ ਬਾਹਰੋਂ ਨਾਰਾਜ਼ਗੀ ਦਾ ਸਬੂਤ ਦਿੱਤਾ, ਪਰ ਅੰਦਰੋਂ ਮੈਂ ਕਿੰਨਾਂ ਖੁਸ਼ ਸਾਂ ? ਤੂੰ ਸੈਂਕੜੇ ਵਾਰੀ ਮੇਰੀ ਕਮੀਜ਼, ਮੇਰੇ ਬੂਟ ਪਾ ਕੇ ਗਿਆ ਏਂ। ਮੈਂ ਇਹੀ ਕਿਹੈ...'ਮੇਰੇ ਪੁੱਤਰ ਦੇ ਮੇਰੇ ਕਪੜੇ ਆਉਣ ਲੱਗ ਪਏ ਨੇ', ਤੇ ਤੂੰ ਇੰਜ ਉਸ ਦਿਨ ਦੋ ਘੋੜਿਆਂ ਵਾਲੀ ਬੋਸਕੀ ਦੀ ਕਮੀਜ਼ ਮੇਰੇ ਮੂੰਹ 'ਤੇ ਦੇ ਮਾਰੀ ! ਤੂੰ ਬੜਾ ਕਮੀਨਾ, ਬੜਾ ਬੇਸ਼ਰਮ ਆਦਮੀ ਏਂ !''
ਬਜਾਏ ਇਸ ਦੇ ਕੇ ਪਾਲ ਨੂੰ ਅਫ਼ਸੋਸ ਹੁੰਦਾ ਉਹ ਮੇਰੇ ਨਾਲ ਦਲੀਲ ਬਾਜ਼ੀ ਉੱਤੇ ਉਤਰ ਆਇਆ, ''ਤੁਸੀਂ ਪਾਨ ਖਾਂਦੇ ਓ,'' ਉਹ ਕਹਿਣ ਲੱਗਾ, ''ਤੇ ਉਸਦੀ ਕੋਈ ਨਾ ਕੋਈ ਛਿੱਟ ਉੱਤੇ ਪੈ ਜਾਂਦੀ ਹੈ ; ਕੀ ਫੇਰ ਉਹ ਕਮੀਜ਼ ਮੇਰੇ ਪਾਉਣ ਵਾਲੀ ਰਹਿ ਜਾਂਦੀ ਹੈ ?''
ਉਹਨੀਂ ਦਿਨੀਂ ਵੀ ਲਾਡੋ ਇੱਥੇ ਆਈ ਹੋਈ ਸੀ। ਉਸ ਝਗੜੇ ਵਿਚ ਉਹ ਵੀ ਬਾਹਰ ਆ ਗਈ ਤੇ ਬੋਲੀ, ''ਪਾਪਾ ਬਿਲਕੁਲ ਮੇਰੇ ਵਰਗੇ ਨੇ...!''
ਉਹਨੀਂ ਦਿਨੀਂ ਦੋਵੇਂ ਛੋਟੇ ਵੀ, ਜਿਹੜੇ ਇਸ ਵੇਲੇ ਆਪਣੇ ਮਾਮੇ ਕੋਲ ਗੁੜਗਾਂਵ ਗਏ ਹੋਏ ਸਨ, ਇੱਥੇ ਹੀ ਸਨ। ਛੋਟੀ ਭੀਕੂ ਦੀ ਮਦਦ ਨਾਲ ਬਿਸਤਰੇ ਦੇ ਵੱਟ ਕਢਦੀ ਹੋਈ ਬੋਲੀ, ''ਹਾਂ, ਗੱਲ ਕਰਦੇ ਨੇ, ਤਾਂ ਲਾਡੋ ਦੀਦੀ ਵਾਂਗ ਮੂੰਹ ਦਾ ਫੁਆਰਾ ਸਾਹਮਣੇ ਵਾਲੇ 'ਤੇ ਛੱਡ ਦਿੰਦੇ ਨੇ। ਤਮਾਸ਼ਾ ਉਦੋਂ ਵੇਖਣ ਵਾਲਾ ਹੁੰਦਾ ਹੈ, ਜਦੋਂ ਕਦੀ ਲਾਡੋ-ਦੀਦੀ ਤੇ ਪਾਪਾ ਆਪਸ ਵਿਚ ਗੱਲਾਂ ਕਰ ਰਹੇ ਹੋਣ...!''
ਹੋਰ ਤਾਂ ਹੋਰ ਛੋਟਾ ਦੁਮਨ ਵੀ ਹੱਸ ਰਿਹਾ ਸੀ---ਕੰਜੂਸਾਂ ਵਾਂਗ। ਫੇਫੜੇ ਪੈਦਾਇਸ਼ੀ ਕਮਜ਼ੋਰ ਹੋਣ ਕਾਰਨ ਉਹ ਕਦੀ ਖੁੱਲ੍ਹ ਕੇ ਨਹੀਂ ਸੀ ਹੱਸਦਾ---''ਹੀ-ਹੀ, ਪਾਨ ਖਾਂਦੇ ਨੇ ਤਾਂ ਪਾਪਾ,'' ਉਸਨੇ ਕਿਹਾ---''ਤਾਂ ਕਮੀਜ਼ ਉੱਤੇ ਸਾਹਮਣੇ ਤਾਂ ਡਿਗਦਾ ਈ ਐ, ਪਿੱਠ ਉੱਤੇ ਵੀ ਪਤਾ ਨਹੀਂ ਕਿੰਜ ਜਾ ਪੈਂਦੈ !'' ਸਾਰੇ ਇਹੀ ਸਮਝਦੇ ਸਨ ਕਿ ਮੈਂ ਪਾਨ ਮੂੰਹ ਨਾਲ ਤਾਂ ਖਾਂਦਾ ਹੀ ਨਹੀਂ, ਕਮੀਜ਼ ਨਾਲ ਖਾਂਦਾ ਹਾਂ ! ਇਸ ਉੱਤੇ ਮਜ਼ਾ ਇਹ ਧੋਬਨ ਵੀ ਮੰਚ ਉੱਤੇ ਚੜ੍ਹ ਆਈ। ਮੇਰਾ ਖ਼ਿਆਲ ਸੀ, ਉਹ ਆਪਣਾ ਪੱਖ ਲਵੇਗੀ, ਪਰ ਸਾਹਬ, ਉਸਨੇ ਉਲਟਾ ਧੀਆਂ-ਪੁੱਤਰਾਂ ਦੀ ਹਮਾਇਤ ਸ਼ੁਰੂ ਕਰ ਦਿੱਤੀ---''ਕੀ ਪੁੱਛਦੇ ਹੋ ਇਹਨਾਂ ਦਾ !'' ਉਹ ਬੋਲੀ, ''ਬਿਲਕੁਲ ਬਾਬੀ ਨੇ ਦੂਜੇ ! ਖਾਣਾ ਖਾਣਗੇ ਤਾਂ ਦਾਲ ਕੁੜਤੇ ਤੇ ਡਿੱਗੀ ਹੋਵੇਗੀ, ਲਿਖਣ ਬੈਠਣਗੇ, ਤਾਂ ਸਿਆਹੀ। ਮੈਂ ਇਹਨਾਂ ਦਾ ਕੀ ਕਰਾਂ ? ਪਤਾ ਤਾਂ ਮੈਨੂੰ ਲੱਗਦੈ ਨਾ, ਧੋਂਦੇ-ਧੋਂਦੇ ਜਿਸਦੇ ਹੱਥ ਰਹਿ ਜਾਂਦੇ ਨੇ... ਪਰ ਮੇਰੀ ਕਿਸਮਤ ! ਉਮਰ ਬੀਤ ਗਈ ਏ ਮੇਰੀ ਇਹਨਾਂ ਦੇ ਦਾਗ਼ ਧੋਂਦਿਆਂ...!''
ਸਿਰਫ ਇਕ ਬਾਬੀ ਰਹਿ ਗਿਆ ਸੀ। ਉਸਦੇ ਹੱਥ ਵਿਚ ਇਕ ਛੋਟਾ ਜਿਹਾ ਬਾਂਸ ਦਾ ਡੰਡਾ ਸੀ, ਜਿਸ ਨਾਲ ਉਹ ਕਿਸੇ 'ਬੁੱਢੇ-ਬਾਬੇ' ਨੂੰ ਭਜਾਅ ਰਿਹਾ ਸੀ। ''ਮਾਲੂੰਗਾ !''---ਉਸ ਸ਼ੁੰਨ ਵਿਚ ਕਲਪਿਤ ਦੁਸ਼ਮਣ ਨੂੰ ਸੰਬੋਧਤ ਕਰਦਿਆਂ ਕਿਹਾ। ਮੈਨੂੰ ਇੰਜ ਮਹਿਸੂਸ ਹੋਣ ਲੱਗਾ ਜਿਵੇਂ ਉਸਦਾ ਬੁੱਢਾ ਬਾਬਾ, ਉਸਦਾ ਕਲਪਿਤ ਦੁਸ਼ਮਣ, ਮੈਂ ਹਾਂ। ਫੇਰ ਜਿੰਮੀ ਦੇ ਭੌÎਂਕਣ ਦੀ ਆਵਾਜ਼ ਆਈ, ਜਿਸਨੂੰ ਤੁਸੀਂ ਸੰਯੋਗ ਹੀ ਕਹਿ ਲਵੋ। ਭੀਕੂ ਬਿਜਲੀ ਦਾ ਬਿਲ ਭਰਨ ਚਲਾ ਗਿਆ ਸੀ, ਨਹੀਂ ਤਾਂ ਉਹ ਆਪਣੀ ਮਗਨੀ ਬੋਲੀ ਵਿਚ ਕਹਿੰਦਾ---''ਹਮ ਮੀਆਂ-ਬੀਬੀ ਕਾ ਝਗੜਾ ਮੇਂ ਨਈਂ ਪਰਬ...!'' ਤੇ ਇਹ ਗੱਲ ਹੋਰ ਵੀ ਮੇਰੇ ਖ਼ਿਲਾਫ਼ ਜਾਂਦੀ। ਸਾਰਾ ਘਰ ਮੇਰਾ ਦੁਸ਼ਮਣ ਹੋ ਗਿਆ ਸੀ...ਇੰਜ ਪਹਿਲਾਂ ਤਾਂ ਨਹੀਂ ਸੀ ਹੁੰਦਾ---ਕੁਝ ਵਰ੍ਹੇ ਪਹਿਲਾਂ। ਜਦੋਂ ਦਾ ਮੈਨੂੰ ਕਾਰੋਬਾਰ ਵਿਚ ਘਾਟਾ ਪਿਆ ਹੈ, ਦੂੁਨੀਆਂ ਹੀ ਬਦਲ ਗਈ ਹੈ। ਕਿਸੇ ਨੂੰ ਮੇਰੀ ਗੱਲ ਹੀ ਪਸੰਦ ਨਹੀਂ ਆਉਂਦੀ ਜਾਂ ਸ਼ਾਇਦ ਮੈਂ ਬੁੱਢਾ ਹੋ ਗਿਆ ਹਾਂ ਇਸ ਲਈ ਸਾਰਿਆਂ ਨੂੰ ਮਾੜਾ ਲੱਗਣ ਲੱਗ ਪਿਆ ਹਾਂ। ਮੈਨੂੰ ਇਹਨਾਂ ਦੇ ਸਾਹਮਣਿਓਂ ਟਲ ਜਾਣਾ ਚਾਹੀਦਾ ਹੈ ਜਾਂ ਸ਼ਾਇਦ ਦੁਨੀਆਂ ਤੋਂ ਹੀ ਟਾਲਾ ਵੱਟ ਲੈਣਾ ਚਾਹੀਦਾ ਹੈ...ਪਰ ਮੈਂ ਜਾਵਾਂ, ਤਾਂ ਜਾਵਾਂ ਕਿੱਥੇ...? ਮੈਂ ਇਸ ਘਰ, ਇਹਨਾਂ ਲੋਕਾਂ ਉੱਤੇ ਆਪਣੀ ਜਾਨ ਤਕ ਵਾਰ ਦਿੱਤੀ, ਨਾ ਕਿਸੇ ਕਲੱਬ ਦਾ ਮੈਂਬਰ ਬਣਿਆਂ, ਨਾ ਕਦੀ ਰੇਸ ਕੋਰਸ ਗਿਆ, ਇਹ ਤਾਂ ਇਹ, ਕੋਈ ਪਿਕਚਰ ਵੀ ਢੰਗ ਨਾਲ ਨਹੀਂ ਦੇਖੀ। ਕੰਮ, ਕੰਮ ਤੇ ਹਰ ਵੇਲੇ ਬਸ ਕੰਮ ! ਮੌਜ ਮੇਲੇ ਲਈ ਇਕ ਪਲ ਨਹੀਂ। ਇਸ ਲਈ ਮੈਂ ਮਾਨਸਿਕ ਤੌਰ 'ਤੇ ਬਿਮਾਰ ਹੋ ਗਿਆ ਹਾਂ। ਸ਼ਾਇਦ ਪਾਗਲ। ਪਾਗਲ ਨਹੀਂ ਤਾਂ ਸਨਕੀ ਜ਼ਰੂਰ ਹਾਂ। ਕਦੀ ਪਾਗਲ ਜਾਂ ਸਨਕੀ ਨੂੰ ਵੀ ਪਤਾ ਲੱÎਗਿਆ ਹੈ ਕਿ ਉਹ ਕੀ ਹੈ ? ਉਸਨੂੰ ਤਾਂ ਸਿਰਫ ਦੂਜੇ ਜਾਣੇ ਹਨ। ਕਦੀ ਕਦੀ ਉਹਨਾਂ ਦੀਆਂ ਸ਼ਕਲਾਂ ਵਿਚ ਆਪਣੀ ਸ਼ਕਲ ਦਿਸ ਪੈਂਦੀ ਹੈ। ਨਹੀਂ, ਇਹ ਗੱਲ ਨਹੀਂ। ਰੱਬ ਕਿਸੇ ਨੂੰ ਘਾਟਾ ਨਾ ਪਾਵੇ। ਜਵਾਨੀ ਵਿਚ ਜੋ ਹੋਣਾ ਹੈ, ਹੋ ਜਾਵੇ ਪਰ ਇਸ ਢਲਦੀ, ਆਖ਼ਰੀ ਅਵਸਥਾ ਵਿਚ ਨਹੀਂ, ਜਦ ਬਚਾਅ ਕਰਨ ਦਾ ਸਾਰਾ ਬਲ ਸਮਾਪਤ ਹੋ ਚੁੱÎਕਿਆ ਹੁੰਦਾ ਹੈ। ਬੱÎਚਿਆਂ ਦਾ 'ਫਾਦਰ ਇਮੇਜ਼' ਗਡਮਡ ਹੋ ਜਾਂਦਾ ਹੈ ਤੇ ਪਤਨੀ ਦਾ ਵੀ...
ਪਾਲ ਅੱਠ ਵਜੇ ਉੱÎਠਿਆ। ਉਸਨੂੰ ਉਠਦੇ ਦੇਖ ਕੇ ਸੰਤ ਰਾਮ ਨੂੰ ਇਕ ਧੁੜਧੁੜੀ ਜਿਹੀ ਆਈ। ਡਰ ਦੀ ਇਕ ਨਿਸ਼ਾਨੀ ਇਹ ਵੀ ਹੁੰਦੀ ਹੈ ਕਿ ਆਦਮੀ ਮੂੰਹੋਂ ਜਾਂ ਮਨ ਹੀ ਮਨ ਵਿਚ ਇਹ ਕਹੇ ਕਿ 'ਮੈਂ ਕਿਸੇ ਤੋਂ ਡਰਦਾ ਹਾਂ ਕੋਈ ?' ਵੈਸੇ ਸੰਤ ਰਾਮ ਦਾ ਓਹਲਾ ਮੁੱÎਕਿਆ ਹੋਇਆ ਸੀ ਕਿ ਉਹ ਆਪਣੇ ਪੁੱਤਰ ਤੋਂ ਨਹੀਂ ਡਰਦਾ। ਉਹ ਨਹੀਂ ਚਾਹੁੰਦਾ ਸੀ, ਮਾਮਲੇ ਨੂੰ ਉਸ ਮੋੜ 'ਤੇ ਲੈ ਆਵੇ, ਜਿਸ ਉੱਤੇ ਪੁੱਤਰ ਇਹ ਕਹੇ ਕਿ ਮੈਂ ਇਸ ਘਰ ਵਿਚ ਨਹੀਂ ਰਹਿਣਾ। ਪਾਲ ਤਾਂ ਚਾਹੁੰਦਾ ਸੀ ਕਿ ਕੋਈ ਅਜਿਹਾ ਮੌਕੇ ਮਿਲੇ...ਕੋਈ ਸੁਣੇ, ਤਾਂ ਹੱਸੇ, ਪੁੱਤਰ ਦਾ ਇਕ ਸਿਗਰੇਟ, ਸਿਰਫ ਇਕ ਸਿਗਰੇਟ ਪੀ ਲੈਣ 'ਤੇ ਏਨਾ ਡਰ ਤੇ ਏਨੀ ਦਿਮਾਗੀ ਬੜਬੜ ?
ਚਾਹ ਤੋਂ ਪਹਿਲਾਂ ਪਾਲ ਨੇ ਪਿਤਾ ਵੱਲ ਦੇਖਿਆ ਤੇ ਸਦਾ ਵਾਂਗ ਨਮਸਕਾਰ ਕੀਤੀ, ਜਿਸ ਦੇ ਜਵਾਬ ਵਿਚ ਸੰਤ ਰਾਮ ਨੇ ਸਿਰ ਹਿਲਾ ਦਿੱਤਾ ਤੇ ਨੀਵੀਂ ਪਾ ਲਈ। ਉਹ ਚਾਹੁੰਦਾ ਸੀ ਕਿ ਪਾਲ ਦੂਜੇ ਪਾਸੇ ਦੇਖੇ, ਤਾਂ ਉਹ ਉਸ ਵੱਲ ਦੇਖ ਸਕੇ। ਪਰ ਪਾਲ ਨੇ ਆਪਣਾ ਮੂੰਹ ਉਸੇ ਵੱਲ ਰੱÎਖਿਆ, ਜਿਸ ਕਰਕੇ ਸੰਤ ਰਾਮ ਨੇ ਘਬਰਾ ਕੇ ਆਪਣਾ ਚਿਹਰਾ ਅਖ਼ਬਾਰ ਪਿੱਛੇ ਛਿਪਾ ਲਿਆ। ਫੇਰ ਉਸ ਨੇ ਥੋੜ੍ਹਾ ਕੁ ਅਖ਼ਬਾਰ ਹਟਾਅ ਦੇ ਦੇਖਿਆ ਪਾਲ ਸੜੁਕੇ ਮਾਰ-ਮਾਰ ਕੇ ਚਾਹ ਪੀ ਰਿਹਾ ਸੀ। ਉਸ ਪਿੱਛੋਂ ਉਸਨੇ ਖੜਕੇ ਨਾਲ ਪਿਆਲੀ, ਪਿੱਚਰ ਵਿਚ ਰੱਖੀ। ਫੇਰ ਉਹ ਸਿਗਰੇਟ ਦਾ ਪੈਕੇਟ ਚੁੱਕ ਕੇ ਬਾਥਰੂਮ ਵੱਲ ਤੁਰ ਗਿਆ।
ਹੁਣ ਤਕ ਤਾਂ ਸਭ ਠੀਕ ਠਾਕ ਸੀ...ਪਾਲ ਨੇ ਪੈਕੇਟ ਖੋਹਲ ਕੇ ਨਹੀਂ ਸੀ ਦੇਖਿਆ। ਜਦ ਉਹ ਬਾਥਰੂਮ ਜਾਵੇਗਾ ਤਦ ਉਸਨੂੰ ਪਤਾ ਲਗੇਗਾ। ਤੇ ਸੰਤ ਰਾਮ ਪੁੱਤਰ ਦੇ ਬਾਹਰ ਆਉਣ 'ਤੇ ਉਸਦਾ ਚਿਹਰਾ ਦੇਖਣ ਲਈ ਉਂਜ ਹੀ ਉਧਰ ਦੇਖਦਾ ਰਿਹਾ। ਧੋਬਨ ਨੇ ਕਿਹਾ---''ਨਹਾਉਣਾ ਨਹੀਂ ?'' ਤਾਂ ਉਤਰ ਵਿਚ ਜ਼ਰਾ ਹਿਰਖ ਦੇ ਸੰਤ ਰਾਮ ਨੇ ਜਵਾਬ ਦਿੱਤਾ, ''ਤੈਨੂੰ ਨਹਾਉਣ ਦੀ ਪਈ ਹੈ, ਹੁਣ ਇਕੋ ਵਾਰ ਨਹਾਵਾਂਗਾ !''
ਧੋਬਨ ਨੇ ਹੈਰਾਨੀ ਨਾਲ ਸੰਤ ਰਾਮ ਦੇ ਮੂੰਹ ਵੱਲ ਤੱÎਕਿਆ। ਫੇਰ ਉਸਦੇ ਬਕੜਵਾਹ ਨੂੰ ਹਮੇਸ਼ਾ ਵਾਂਗ ਬੇ-ਲੋੜਾ ਸਮਝ ਦੇ ਨਾਸ਼ਤਾ ਬਣਾਉਣ ਵਿਚ ਰੁੱਝ ਗਈ।
ਥੋੜ੍ਹੀ ਦੇਰ ਬਾਅਦ ਪਾਲ ਬਾਥਰੂਮ ਵਿਚੋਂ ਬਾਹਰ ਆਇਆ, ਉਸਦੇ ਬੁੱਲ੍ਹ ਭਿਚੇ ਹੋਏ ਸਨ ਤੇ ਮੱਥਾ ਵਟਿਆਇਆ ਹੋਇਆ। ਉਹ ਵਾਸ਼ਵੇਸਨ ਵਿਚ ਕਾਹਲੀ-ਕਾਹਲੀ ਆਪਣੇ ਹੱਥ ਧੋ ਰਿਹਾ ਸੀ। ਏਨੀ ਕਾਹਲੀ ਕਾਹਦੀ ਸੀ ? ਕੀ ਕਿਤੇ ਜਾਣ ਦੀ ਕਾਹਲ ਸੀ ਉਸਨੂੰ ? ਸਾਹਮਣੇ ਸ਼ੀਸ਼ੇ ਵਿਚ ਉਸਨੇ ਆਪਣੇ ਚਿਹਰੇ ਨੂੰ ਦੇਖਿਆ। ਮੂੰਹ ਉੱਤੇ ਝੱਗ ਲੱਗੀ ਹੋਈ ਸੀ। ਨਹੀਂ, ਹੱਥ ਧੋਂਦਿਆਂ ਹੋਇਆ ਝੱਗ ਦੇ ਛਿੱਟੇ ਚਿਹਰੇ ਉੱਤੇ ਪੈ ਗਏ ਜਾਪਦੇ ਸਨ। ਕਿਉਂਕਿ ਹੱਥ ਅਜੇ ਵੀ ਝੱਗ ਨਾਲ ਭਰੇ ਹੋਏ ਸਨ, ਇਸ ਲਈ ਉਸਨੇ ਕੁੜਤੇ ਦੀ ਬਾਂਹ ਨਾਲ ਝੱਗ ਦੇ ਛਿੱÎਟਿਆਂ ਨੂੰ ਪੂੰਝ ਦਿੱਤਾ ਤੇ ਫੇਰ ਆਪਣਾ ਚਿਹਰਾ ਦੇਖਣ ਲੱਗਾ। ਉਸਦੀਆਂ ਨਾਸਾਂ ਫੁੱਲੀਆਂ ਹੋਈਆਂ ਸਨ। ਦੂਜਿਆਂ ਵੱਲ ਦੇਖ ਕੇ ਨਾਸਾਂ ਫੁਲਾਉਣਾ ਤਾਂ ਸਮਝ ਵਿਚ ਆਉਂਦਾ ਹੈ, ਪਰ ਆਪਣੇ ਆਪ ਨੂੰ ਦੇਖ ਕੇ ਨਹੀਂ। ਹੱਥ ਧੋਂਦਿਆਂ ਹੋਇਆਂ ਪਾਲ ਨੇ ਪਰਤ ਕੇ ਦੇਖਿਆ ਤਾਂ ਧੋਬਨ ਦੀ ਆਵਾਜ਼ ਸੁਣਾਈ ਦਿੱਤੀ---''ਰਾਤ ਤੂੰ ਫੇਰ ਸ਼ਰਾਬ ਪੀ ਕੇ ਆਇਆ ਸੈਂ ?''
ਪਾਲ ਨੇ ਕੋਈ ਉਤਰ ਨਾ ਦਿੱਤਾ। ਸਿਰਫ ਏਨਾ ਕਿਹਾ, ''ਹਾਂ, ਅੱਜ ਫੇਰ ਪੀ ਕੇ ਆਵਾਂਗਾ।''
ਧੋਬਨ ਤਣ ਗਈ। ਉਹ ਇੰਜ ਦਬਣ ਵਾਲੀ ਥੋੜ੍ਹਾ ਈ ਸੀ। ਉਸਨੇ ਸਾਫ ਕਹਿ ਦਿੱਤਾ, ''ਅੱਜ ਪੀ ਕੇ ਆਇਆ, ਤਾਂ ਮੈਂ ਘਰੇ ਨਹੀਂ ਵੜਨ ਦੇਣਾ !''
ਜਵਾਬ ਵਿਚ ਪਾਲ ਨੇ ਕਿਹਾ, ''ਆਉਣਾ ਕੌਣ ਚਾਹੁੰਦਾ ਏ ਇਸ ਜੇਲ੍ਹਖਾਨੇ ਵਿਚ ? ਮੈਂ ਪਹਿਲਾਂ ਹੀ ਗੋਲਫ ਲਿੰਕਸ ਵਿਚ ਇਕ ਕਮਰਾ ਦੇਖ ਲਿਐ।''
ਫੇਰ ਧੋਬਨ ਦੀ ਕੜਾਕੇਦਾਰ ਆਵਾਜ਼ ਆਈ, ''ਨਿਕਲ ਜਾਹ...ਹੁਣੇ ਨਿਕਲ ਜਾਹ !''ਸੰਤ ਰਾਮ ਦੀ ਤਾਂ ਜਿਵੇਂ ਜਾਨ ਨਿਕਲ ਗਈ ਸੀ...
''ਸ਼ਾਂਤੀ !'' ਉਸ ਨੇ ਕੜਕ ਕੇ ਕਿਹਾ, ''ਕੀ ਬਕ ਰਹੀ ਏਂ ! ਇਹ ਘਰ ਤੇਰਾ ਐ ?''
ਉਸੇ ਪੰਜਚਮ ਸੁਰ ਵਿਚ ਧੋਬਨ ਨੇ ਜਵਾਬ ਦਿੱਤਾ, ''ਹਾਂ, ਮੇਰਾ ਐ ! ਜਾਂਦਾ ਐ ਤਾਂ ਜਾਏ ! ਤੂੰ ਵੀ ਜਾਣਾ ਚਾਹੁੰਦਾ ਏਂ, ਤਾਂ ਜਾਹ ! ਭਲਾ ਹੋਏ ਤੁਹਾਡਾ ਦੋਵਾਂ ਪਿਓ-ਪੁੱਤਾਂ ਦਾ, ਜਿੰਨ੍ਹਾਂ ਜਿਊਂਣਾ ਸਿਖਾਅ ਦਿੱਤਾ !'' ਤੇ ਫੇਰ ਉਹ ਰੋਣ ਲੱਗ ਪਈ।
ਸੰਤ ਰਾਮ ਇਸੇ ਡਰ ਤੋਂ ਡਰਦਾ ਆਇਆ ਸੀ ਕਿ ਅਜਿਹਾ ਮੌਕਾ ਨਾ ਆਵੇ। ਪੁੱਤ ਦੇ ਮਾੜੇ ਲੱਛਣ ਵੇਖ ਕੇ ਉਹ ਅੰਦਰੇ-ਅੰਦਰ ਕੁੜ੍ਹਦਾ ਰਹਿੰਦਾ ਸੀ, ਪਰ ਕੁਝ ਕਹਿ ਨਹੀਂ ਸੀ ਸਕਦਾ। ਇਹ ਕਹਿਣਾ ਤਾਂ ਬੜੀ ਆਸਾਨ ਗੱਲ ਹੁੰਦੀ ਹੈ...'ਚਲਾ ਜਾਅ', ਪਰ ਫੇਰ 'ਵਾਪਸ ਆ ਜਾਅ' ਕਹਿਣਾ ਬੜਾ ਮੁਸ਼ਕਿਲ ਹੋ ਜਾਂਦਾ ਹੈ। ਪਾਲ ਦੇ ਬਾਕੀ ਕੰਮਾਂ ਦੀ ਰਿਫ਼ਤਾਰ ਹੋਰ ਵੀ ਤੇਜ਼ ਹੋ ਗਈ। ਉਹ ਛੇਤੀ ਛੇਤੀ ਸ਼ੇਵ ਬਣਾ ਰਿਹਾ ਸੀ ਤੇ ਆਪਣੀ ਠੋਡੀ ਉੱਤੇ ਅਗਿਣਤ ਕੱਟ ਲਾ ਰਿਹਾ ਸੀ ; ਤੇ ਖ਼ੂਨ ਪੂੰਝ ਰਿਹਾ ਸੀ। ਉਸਨੇ ਮਾਂ ਨੂੰ ਇਹ ਜਵਾਬ ਕਿਉਂ ਦਿੱਤਾ। ਉਹ ਮਾਂ ਨੂੰ ਉਲਟਾ-ਸਿੱਧਾ ਕਹਿੰਦਾ ਸੀ ਤਾਂ ਸੰਤ ਰਾਮ ਨੂੰ ਤਕਲੀਫ ਹੁੰਦੀ ਸੀ ਤੇ ਮਾਂ ਉਸਨੂੰ ਕੁਝ ਕਹਿੰਦੀ ਸੀ ਤਾਂ ਬੜਾ ਦੁੱਖ। ਪਰ ਮਾਂ-ਪੁੱਤ ਦਾ ਰਿਸ਼ਤਾ ਬੜਾ ਸਹਿਜ ਸੀ, ਜਿਸ ਵਿਚ ਉਹ ਇਕ-ਦੂਜੇ ਨੂੰ ਕਹਿ-ਸੁਣ ਕੇ ਫੇਰ ਇਕ ਹੋ ਜਾਂਦੇ ਸਨ। ਪਰ ਅੱਜ ਪਾਲ ਦਾ ਵਤੀਰਾ ਇਹੀ ਸੀ ਕਿ ਉਹ ਜਾਵੇਗਾ ਤੇ ਫੇਰ ਵਾਪਸ ਨਹੀਂ ਆਵੇਗਾ...।
ਆਉਣਾ ਕੌਣ ਚਾਹੁੰਦਾ ਹੈ ਇਸ ਜੇਲ੍ਹਖਾਨੇ ਵਿਚ ?---ਇਸ ਦਾ ਕੀ ਮਤਲਬ ? ਪਾਲ ਕੁਝ ਕਹਿ ਨਹੀਂ ਰਿਹਾ ਸੀ। ਪਰ ਰੰਗ-ਢੰਗ ਤੋਂ ਸਾਫ ਪਤਾ ਲੱਗਦਾ ਸੀ, ਜਿਵੇਂ ਕਹਿ ਰਿਹਾ ਹੋਵੇ, ਇਸ ਘਰ ਵਿਚ ਆਉਣ ਦਾ ਕੀ ਫਾਇਦਾ, ਜਿੱਥੇ ਕੋਈ ਚੀਜ਼ ਆਪਣੀ ਨਾ ਰਹਿ ਸਕੇ---ਬੂਟ, ਨਾ ਜਾਕੇਟ, ਨਾ ਸਿਗਰੇਟ। ਫੇਰ ਪਾਲ ਛੇਤੀ ਛੇਤੀ ਨਹਾਇਆ ਤੇ ਕਪੜੇ ਪਾ ਕੇ ਪਿਓ ਕੋਲੋਂ ਕਾਹਲ ਨਾਲ ਲੰਘ ਗਿਆ। ਸੰਤ ਰਾਮ ਨੇ ਉਸਨੂੰ ਬੁਲਾਉਣ ਦੀ ਕੋਸ਼ਿਸ਼ ਕੀਤੀ, ਪਰ ਉਸਨੇ ਅਣਗੌਲਿਆ ਕਰ ਛੱÎਡਿਆ। ਅਖ਼ਬਾਰ ਵੀ ਚੁੱਕ ਕੇ ਨਹੀਂ ਸੀ ਦੇਖਿਆ ਉਸਨੇ...ਤੇ ਸਟੇਟ ਐਕਸਪ੍ਰੈਸ ਦਾ ਪੈਕੇਟ ਬੜੀ ਨਫ਼ਰਤ ਨਾਲ ਖਿੜਕੀ ਵਿਚੋਂ ਬਾਹਰ ਸੁੱਟਦਾ ਹੋਇਆ ਬਾਹਰ ਨਿਕਲ ਗਿਆ ਸੀ। ਧੋਬਨ ਤਾਂ ਉਸ ਉੱਤੇ ਸੜੀ-ਬਲੀ ਬੈਠੀ ਸੀ, ਇਸ ਲਈ ਉਸਨੇ ਪੁੱਤਰ ਨੂੰ ਨਾਸ਼ਤੇ ਲਈ ਵੀ ਨਹੀਂ ਸੀ ਪੁੱÎਛਿਆ। ਸੰਤ ਰਾਮ ਨੇ ਉਸਨੂੰ ਰੋਕਣ ਦੀ ਕੋਸ਼ਿਸ਼ ਕੀਤੀ, ''ਬੇਟਾ ਨਾਸ਼ਤਾ ਤਾਂ ਕਰ ਲੈ !''
''ਨਹੀਂ !'' ਪਾਲ ਨੇ ਕੋਰਾ ਜਵਾਬ ਦਿੱਤਾ ਤੇ ਬਾਹਲ ਨਿਕਲ ਗਿਆ। ਜਿਸ ਢੰਗ ਨਾਲ ਉਸਨੇ ਦਰਵਾਜ਼ ਬੰਦ ਕੀਤਾ ਸੀ, ਉਸ ਨਾਲ ਰੂਹ ਤਕ ਕੰਬ ਗਈ ਸੀ।
ਪਾਲ ਦੇ ਜਾਂਦਿਆਂ ਹੀ ਧੋਬਨ ਤੇ ਸੰਤ ਰਾਮ ਵਿਚ ਠਣ ਗਈ। ਉਹ ਤਾਂ ਸਿਰਫ ਉਸਨੂੰ ਅੱਜ ਵਾਲੀ ਘਟਨਾ ਲਈ ਹੀ ਲਾਹਣਤ ਪਾਉਣ ਲੱਗਾ ਸੀ, ਪਰ ਧੋਬਨ ਇਕ ਪਾਸੇ ਰੋ ਰਹੀ ਸੀ ਤੇ ਦੂਜੇ ਪਾਸੇ ਸਿਲਵਤਾਂ ਸੁਣਾ ਰਹੀ ਸੀ। ਇਸ ਸਿਲਸਿਲੇ ਵਿਚ ਉਹ ਨਵੇਂ-ਪੁਰਾਣੇ ਸਾਰੇ ਦਫ਼ਤਰ ਖੋਲ੍ਹੀ ਬੈਠੀ ਸੀ। ਉਸਦੀਆਂ ਗੱਲਾਂ ਤੋਂ ਤਾਂ ਇੰਜ ਹੀ ਲੱਗਦਾ ਸੀ ਕਿ ਇਸ ਘਰ ਵਿਚ ਆ ਕੇ ਉਸਨੇ ਕਦੀ ਕੋਈ ਸੁਖ ਨਹੀਂ ਸੀ ਦੇਖਿਆ। ਉਹ ਬੜੀ ਫੁੱਟੀ-ਕਿਸਮਤ ਵਾਲੀ ਸੀ, ਹਾਲਾਂਕਿ ਸੰਤ ਰਾਮ ਸਮਝਦਾ ਸੀ ਕਿ ਇਸ ਦੁਨੀਆਂ ਦਾ ਕੋਈ ਅਜਿਹਾ ਸੁਖ ਨਹੀਂ, ਜਿਹੜਾ ਉਸਨੇ ਪਤਨੀ ਨੂੰ ਨਾ ਦਿੱਤਾ ਹੋਵੇ। ਤੇ ਜੇ ਦੁਖ ਹੀ ਦੇਖਿਆ ਹੈ, ਤਾਂ ਨਾਲ ਉਸਨੇ ਵੀ ਤਾਂ ਦੇਖਿਆ ਹੈ। ਪਰ ਪਤਨੀ ਨਾ ਸਿਰਫ ਆਪਣੀ, ਬਲਿਕੇ ਔਲਾਦ ਦੀ ਵੀ, ਪੂਰੀ ਤਬਾਹੀ ਤੇ ਬਰਬਾਦੀ ਦਾ ਜ਼ਿਮੇਂਵਾਰ ਸੰਤ ਰਾਮ ਨੂੰ ਹੀ ਦੱਸ ਰਹੀ ਸੀ। ਉਹ ਕਹਿ ਰਹੀ ਸੀ---''ਪਹਿਲਾਂ ਯਤੀਮ ਭਰਾ ਭੈਣਾ ਦੇ ਕਾਰਨ ਮੈਨੂੰ ਡਾਂਟਦੇ ਰਹੇ, ਲੜਦੇ-ਝਗਦੇ ਰਹੇ ਮੇਰੇ ਨਾਲ, ਫੇਰ ਦੋਸਤ ਮੇਰੇ 'ਤੇ ਲੱਦ ਦਿੱਤੇ ! ਇਕ ਹੱਥ ਨਾਲ ਬੱਚਾ ਖਿਡਾਅ ਰਹੀ ਹਾਂ ਤੇ ਦੂਜੇ ਨਾਲ ਰੋਟੀਆਂ ਪਕਾ ਰਹੀ ਹਾਂ ਇਹਨਾਂ ਲਗਾੜਿਆਂ ਲਈ ! ਹੁਣ ਕਸਾਈ ਔਲਾਦ ਦੇ ਹਵਾਲੇ ਕਰ ਦਿਤੈ ! ਏਨੀ ਖੁੱਲ੍ਹ ਦੇ ਦਿੱਤੀ, ਪੈਸੇ ਕਪੜੇ ਦੀ, ਕਿ ਸਾਰੇ ਸਾਰੇ ਨਾਲਾਇਕ ਨਿਕਲ ਆਏ, ਤੇ ਹੁਣ ਪੁੱਤ ਦੀ ਇਹ ਹਿੰਮਤ ਕਿ ਤੁਹਾਡੇ ਹੁੰਦਿਆਂ ਹੋਇਆਂ ਮੈਨੂੰ ਅੱਖਾਂ ਵਿਖਾਏ ?''
ਸੰਤ ਰਾਮ ਹਮਲੇ ਦੀ ਬਜਾਏ ਬਚਾਅ ਉੱਤੇ ਉਤਰ ਆਇਆ। ਵਾਕਈ ਇਹ ਕੀ ਸੀ, ਜਿਹੜਾ ਪਤਨੀ ਨੂੰ ਬੱÎਚਿਆਂ ਤੋਂ ਨਹੀਂ ਬਚਾਅ ਸਕਦਾ ਸੀ ਤੇ ਬੱÎਚਿਆਂ ਨੂੰ ਪਤਨੀ ਤੋਂ ? ਤਦ ਤਕ ਲਾਡੋ ਵੀ ਜਾਗ ਪਈ ਤੇ ਅੱਖਾਂ ਮਲਦੀ ਹੋਈ ਇਸ ਘੁਟਨ ਭਰੇ ਦ੍ਰਿਸ਼ ਨੂੰ ਦੇਖਣ ਲੱਗੀ। ਕਾਸ਼ ਉਹ ਥੋੜ੍ਹੀ ਦੇਰ ਪਹਿਲਾਂ ਉੱਠ ਪਈ ਹੁੰਦੀ ਤਾਂ ਆਪਣੇ ਭਰਾ ਨੂੰ ਤਾਂ ਜਾਣ ਤੋਂ ਰੋਕ ਲੈਂਦੀ। ਉਹ ਮੇਰਾ ਪੁੱਤਰ ਹੈ, ਤਾਂ ਉਸਦਾ ਵੀ ਤੇ ਭਰਾ ਹੈ। ਪਰ ਮਾਂ ਨੂੰ ਰੋਂਦਿਆਂ ਦੇਖ ਕੇ ਉਹ ਉਸ ਵੱਲ ਹੋ ਗਈ। ਵਿਖਾਵੇ ਲਈ ਉਸਨੇ ਮਾਂ ਨੂੰ ਹੀ ਚੁੱਪ ਕਰਨ ਲਈ ਕਿਹਾ ਸੀ ਤੇ ਸੰਤ ਰਾਮ ਵੱਲ ਤਾਂ ਸਿਰਫ ਦੇਖਿਆ ਸੀ। ਪਰ ਉਸਦੇ ਦੇਖਣ ਨੇ ਹੀ ਉਹ ਕੁਝ ਕਹਿ ਦਿੱਤਾ ਸੀ, ਜਿਸ ਨਾਲ ਸੰਤ ਰਾਮ ਥਾਵੇਂ ਗੱÎਡਿਆ ਗਿਆ ਸੀ। ਤੇ ਉਸ ਪਿੱਛੋਂ ਉਹ ਬੱਚੇ ਨੂੰ ਸੰਭਾਲਣ ਤੇ ਘਰੇ ਆਪਣੇ ਮੀਆਂ ਨੂੰ ਟੈਲੀਫ਼ੋਨ ਕਰਨ ਲੱਗ ਪਈ ਸੀ ਤਾਂਕਿ ਉਹ ਆ ਕੇ ਉਸਨੂੰ ਲੈ ਜਾਵੇ। ਇਸ ਪਿੱਛੋਂ ਇਕ ਚੁੱਪ ਵਾਪਰ ਗਈ ਸੀ, ਜਿਸ ਵਿਚ ਧੋਬਨ ਦੇ ਸਿਸਕਨ ਦੀ ਆਵਾਜ਼ ਸੁਣਾਈ ਦੇ ਰਹੀ ਸੀ। ਇਹ ਚੁੱਪ...ਲਾਡੋ ਤੇ ਉਸਦਾ ਬੱਚਾ ਵੀ ਸਮਝ ਚੁੱਕੇ ਸਨ ਕਿ ਰੋਜ਼ ਦਾ ਮਾਮਲਾ ਹੈ, ਕਿਹੜਾ ਇਸ ਪਿੱਛੇ ਸਿਰ ਖਪਾਏ ? ਕੀ ਇਹ ਸਿਰਫ ਮੇਰਾ ਹੀ ਮਾਮਲਾ ਸੀ ? ਸੰਤ ਰਾਮ ਨੇ ਸੋਚਿਆ---ਘਰ ਤੇ ਕਿਸੇ ਹੋਰ ਮੈਂਬਰ ਦਾ ਨਹੀਂ ? ਪਾਲ ਤਾਂ ਪਹਿਲਾਂ ਹੀ ਭਰਿਆ-ਪੀਤਾ ਬੈਠਾ ਸੀ---ਮਾਂ ਨਾਲ ਗੱਲ ਕਰਨ ਤੋਂ ਪਹਿਲਾਂ ਹੀ। ਧੋਬਨ ਦੀ ਗੱਲ ਤਾਂ ਸਿਰਫ ਇਕ ਬਹਾਨਾ ਬਣ ਗਈ ਸੀ। ਉਹ ਨਹੀਂ ਸੀ ਚਾਹੁੰਦਾ ਕਿ ਪਾਲ ਨੂੰ ਕੋਈ ਬਹਾਨਾ ਦੇਵੇ, ਉਹਨੇ ਨਹੀਂ ਤਾਂ ਉਸਦੀ ਮਾਂ ਨੇ ਦਿੱਤਾ, ਪਰ ਉਸਨੂੰ ਕੀ ਪਤਾ ਸੀ ਕਿ ਉਹ ਪਹਿਲਾਂ ਹੀ ਸੜਿਆ-ਕੁੜ੍ਹਿਆ ਹੋਇਆ ਹੈ, ਪੈਕੇਟ ਵਿਚ ਸਿਰਫ ਇਕ ਸਿਗਰੇਟ ਦੇਖ ਕੇ।
--- --- ---

ਸੰਤ ਰਾਮ ਦਫ਼ਤਰ ਗਿਆ ਤਾਂ ਉਸਨੇ ਕਿਸੇ ਦੀ ਦੁਆ ਸਲਾਮ ਦਾ ਜੁਆਬ ਨਾ ਦਿੱਤਾ। ਪਰ ਉਹਨਾਂ ਲੋਕਾਂ ਨੂੰ ਕੀ ਪ੍ਰਵਾਹ ਸੀ ! ''ਅੱਜ ਸਾਹਬ ਦਾ ਮੂਡ ਠੀਕ ਨਹੀਂ !'' ਕਿਸੇ ਨੇ ਕਿਹਾ।
ਫੇਰ ਦੂਜੇ ਪਾਸਿਓਂ ਆਵਾਜ਼ ਆਈ---''ਠੀਕ ਕਿੱਦੇਂ ਹੁੰਦੈ ?''
ਕੈਬਿਨ ਵਿਚ ਵੜਦਿਆਂ ਹੀ ਚਪੜਾਸੀ ਚੰਦੂ ਤੋਂ ਸੰਤ ਰਾਮ ਨੇ ਸਿਗਰੇਟਾਂ ਦਾ ਪੈਕੇਟ ਮੰਗਵਾਇਆ। ਚੰਦੂ ਹਮੇਸ਼ਾ ਪਹਿਲਾਂ ਹੀ ਸਿਗਰੇਟਾਂ ਖਰੀਦ ਕੇ ਰੱਖਦਾ ਸੀ। ਉਹ ਆਪਣੇ ਕੋਲੋਂ ਪੈਸੇ ਲਾ ਆਉਂਦਾ ਸੀ ਤੇ ਜਦੋਂ ਮਾਲਿਕ ਤੋਂ ਮਿਲ ਜਾਂਦੇ ਸਨ ਜੇਬ ਵਿਚ ਪਾ ਲੈਂਦਾ ਸੀ। ਸੰਤ ਰਾਮ ਨੇ ਆਪਣਾ ਕੋਟ ਟੰਗਿਆ। ਪੈਕੇਟ ਉਤਲਾ ਕਾਗਜ਼ ਫਾੜਿਆ, ਸਿਗਰੇਟ ਕੱÎਢਿਆ, ਸੁਲਗਾਇਆ ਤੇ ਕੰਮ ਕਰਨ ਬੈਠ ਗਿਆ। ਪਰ ਅੱਜ ਸੰਤ ਰਾਮ ਦਾ ਮਨ ਕੰਮ ਵਿਚ ਨਹੀਂ ਸੀ ਲੱਗ ਰਿਹਾ। ਇਕ ਵੱਡੇ ਡਰ ਨੇ ਉਸਦੇ ਤਨ ਮਨ ਨੂੰ ਨਿੱਸਲ ਕੀਤਾ ਹੋਇਆ ਸੀ। ਉਸਨੇ ਘੁੰਮਣ ਵਾਲੀ ਕੁਰਸੀ ਉੱਤੇ ਪਿੱਛੇ ਹਟ ਕੇ ਆਪਣੀਆਂ ਲੱਤਾਂ ਮੇਜ਼ ਉੱੇਤੇ ਰੱਖ ਲਈਆਂ ਤੇ ਸਿਗਰੇਟ ਦੇ ਦੋ ਚਾਰ ਲੰਮੇਂ ਸੂਟੇ ਲਾਉਂਦਿਆਂ ਸੋਚਣ ਲੱÎਗਿਆ : ਮੈਂ ਕਿਵੇਂ ਤਬਾਹ ਕਰ ਦਿੱਤਾ ਹੈ ਘਰ ਦੇ ਲੋਕਾਂ ਨੂੰ ? ਪਤਨੀ ਤੇ ਬੱÎਚਿਆਂ ਨੂੰ ? ਮੈਂ ਉਮਰ ਦੇ ਨਾਲ-ਨਾਲ ਪੜ੍ਹਦੇ ਰਹਿਣ ਕਾਰਣ ਅੱਜ-ਕੱਲ੍ਹ ਦੇ ਜ਼ਮਾਨੇ ਦਾ ਹਾਂ। ਮੈਂ ਪਤੀ ਤੇ ਪਿਤਾ ਬਣਨ ਦੇ ਬਜਾਏ ਉਹਨਾਂ ਦਾ ਦੋਸਤ ਬਣਨ ਦੀ ਕੋਸ਼ਿਸ਼ ਕੀਤੀ। ਸ਼ਾਇਦ ਇਹੋ ਕਸੂਰ ਤਾਂ ਨਹੀਂ ਸੀ ਮੇਰਾ ? ਮੈਂ ਧੀ ਨਾਲ ਅਜਿਹੀਆਂ ਗੱਲਾਂ ਕੀਤੀਆਂ, ਜਿਹੜੀਆਂ ਪੁਰਾਣੇ ਖ਼ਿਆਲਾਂ ਦੇ ਪਿਓ ਨਹੀਂ ਕਰ ਸਕਦੇ। ਜਦ ਉਹ ਕਾਲੇਜ ਜਾ ਰਹੀ ਸੀ, ਤਾਂ ਮੈਂ ਕਿਹਾ---''ਉੱਥੇ ਸਾਂਝੀ ਸਿਖਿਆ ਹੈ। ਲਾਡ, ਉੱਥੇ ਕੁੜੀਆਂ ਹੋਣਗੀਆਂ ਤੇ ਮੁੰਡੇ ਵੀ, ਤੇ ਮੁੰਡੇ ਨੇੜੇ ਹੋਣ ਦੀ ਕੋਸ਼ਿਸ਼ ਕਰਣਗੇ। ਅੱਜ ਕੱਲ੍ਹ ਸਾਡੇ ਸਮਾਜ ਵਿਚ ਇਕ ਨਵੀਂ ਚੀਜ਼ ਆ ਗਈ ਹੈ, ਜਿਸਨੂੰ ਗੁੱਡ ਟਾਈਮ ਕਹਿੰਦੇ ਨੇ। ਠੀਕ ਹੈ, ਗੁੱਡ ਟਾਈਮ ਹੈ...ਪਰ ਮਰਦ ਤੇ ਔਰਤ ਵਿਚ ਜਿਹੜਾ ਬੁਨਿਆਦੀ ਫਰਕ ਹੈ, ਉਸਨੂੰ ਤੂੰ ਨਾ ਭੁੱਲੀਂ। ਮਰਦ ਉੱਤੇ ਕੋਈ ਜ਼ਿਮੇਂਵਾਰੀ ਨਹੀਂ, ਸ਼ਰਤ ਇਹ ਕਿ ਉਹ ਆਪਣੀ ਨੈਤਿਕਤਾ, ਆਪਣੀ ਸਭਿਅਤਾ ਨਾਲ ਉਸਨੂੰ ਸਵਿਕਾਰ ਨਾ ਕਰੇ, ਪਰ ਔਰਤ ਉੱਤੇ ਬੜੀ ਵੱਡੀ ਜ਼ਿੰਮੇਂਵਾਰੀ ਹੈ, ਕਿਉਂਕਿ ਬੱਚਾ ਉਸਨੂੰ ਪਾਲਣਾ-ਸੰਭਾਲਣਾ ਪੈਂਦਾ ਹੈ। ਇਸ ਲਈ ਦੁਨੀਆਂ ਭਰ ਦੀਆਂ ਔਰਤਾਂ ਨਾ ਸਿਰਫ ਪੁਰਾਤਨ-ਪੰਥੀ ਨੇ, ਬਲਿਕੇ ਉਹਨਾਂ ਤੋਂ ਆਸ ਕੀਤੀ ਜਾਂਦੀ ਹੈ ਕਿ ਉਹ ਪੁਰਾਤਨ-ਪੰਥੀ ਹੀ ਰਹਿਣ। ਤੇ ਇਹ ਠੀਕ ਵੀ ਹੈ, ਉਸ ਨੂੰ ਕਦੀ ਆਪਣੇ ਆਪ ਨੂੰ ਕਿਸੇ ਅਜਿਹੇ ਮਰਦ ਦੇ ਹਵਾਲੇ ਨਹੀਂ ਕਰਨਾ ਚਾਹੀਦਾ, ਜਿਹੜਾ ਉਸ ਦੀ ਤੇ ਬੱਚੇ ਦੀ ਜ਼ਿਮੇਂਦਾਰੀ ਨੂੰ ਕਬੂਲ ਨਾ ਕਰੇ...।''
ਧੂੰਏਂ ਦੀਆਂ ਬਦਲੀਆਂ ਵਿਚ ਸੰਤ ਰਾਮ ਨੂੰ ਉਸ ਸਮੇਂ ਦਾ ਧੀ ਦਾ ਚਿਹਰਾ ਯਾਦ ਆਇਆ। ਉਹ ਬਿਟਰ-ਬਿਟਰ ਪਿਓ ਵੱਲ ਤੱਕਦੀ ਰਹੀ ਸੀ। ਕੁਝ ਸਮਝ ਰਹੀ ਸੀ ਤੇ ਕੁਝ ਨਹੀਂ ਵੀ। ਸ਼ਾਇਦ ਉਹ ਸੋਚ ਰਹੀ ਸੀ---ਪਾਪਾ ਇਹ ਅੱਜ ਕੀ ਲੈ ਬੈਠੇ ਨੇ ? ਇਸ ਗੱਲ ਨੂੰ ਤਾਂ ਅੱਜ ਦੇ ਜ਼ਮਾਨੇ ਦੀ ਹਰ ਔਰਤ, ਹਰ ਕੁੜੀ ਸਮਝਦੀ ਹੈ। ਪਾਪਾ ਕਿੰਨੇ ਪੁਰਾਣੇ ਵਿਚਾਰਾਂ ਦੇ ਨੇ ! ਜੇ ਮੈਂ ਪੁਰਾਣੇ ਵਿਚਾਰਾਂ ਦਾ ਸਾਂ ਤਾਂ ਰੋਜ਼ ਇਹ ਕਿੱਸੇ ਕਿਉਂ ਸੁਣਦਾ ਹਾਂ ? ਇਹ ਤਾਂ ਇਕ ਅਜਿਹੀ ਗੱਲ ਹੈ ਜਿਹੜੀ ਬੁੱਧ ਦੇ ਜ਼ਮਾਨੇ ਵਿਚ ਵੀ ਕਹੀ ਜਾਂਦੀ ਸੀ ਤੇ ਅੱਜ ਵੀ। ਕੀ ਇਨਸਾਨ ਅਭਿਆਸ ਤੇ ਗਲਤੀ ਤੋਂ ਹੀ ਸਿਖਦਾ ਹੈ ? ਪਰ ਇਸ ਦਾ ਨਤੀਜਾ ਚੰਗਾ ਹੀ ਨਿਕਲਿਆ। ਜਿੱਥੇ ਇਸ ਮੁਹੱਲੇ ਦੇ ਹੋਰ ਬੱÎਚਿਆਂ ਨੇ ਮਾੜੀਆਂ ਵਹਿਵਤਾਂ ਕੀਤੀਆਂ, ਉੱਥੇ ਮੇਰੇ ਬੱÎਚਿਆਂ ਨੇ ਨਹੀਂ, ਘੱÎਟੋਘੱÎਟ ਕੁੜੀਆਂ ਨੇ ਨਹੀਂ...ਇਹ ਉਸੇ ਤਾਲੀਮ ਦਾ ਨਤੀਜਾ ਸੀ, ਜਿਹੜੀ ਮੈਂ ਉਹਨਾਂ ਨੂੰ ਦਿੱਤੀ ਸੀ। ਤਾਂ ਫੇਰ ਇਹ ਤਬਾਹੀ ਕਿਉਂ ? ਪਾਲ ਪੱਚੀ ਸਾਲ ਦਾ ਹੋ ਗਿਆ ਸੀ, ਜਦ ਮੈਂ ਸਿੱਧਾ ਉਸਨੂੰ ਪੁੱÎਛਿਆ ਕਿ ਉਸਨੂੰ ਜ਼ਨਾਨੀ ਦੇ ਸਿਲਸਿਲੇ ਵਿਚ ਕੋਈ ਤਜ਼ਰਬਾ ਹੋਇਆ...?...ਕਿਉਂਕਿ ਪੁੱਤਰ ਹੋਣ ਦੇ ਨਾਲ ਮੇਰਾ ਦੋਸਤ ਵੀ ਸੀ ਉਹ। ਉਸਨੇ ਸਭ ਕੁਝ ਦੱਸ ਦਿੱਤਾ। ਹੁਣ ਮੈਨੂੰ ਇਸ ਗੱਲ ਦੀ ਫਿਕਰ ਪੈ ਗਈ ਕਿ ਇਹ ਤਜ਼ੁਰਬਾ ਕਾਮਯਾਬ ਹੋਇਆ ਕਿ ਨਹੀਂ, ਕਿਉਂਕਿ ਸਰੀਰਕ ਸੰਭੋਗ ਇਕ ਬੜੀ ਵਡੀ ਜ਼ਿਮੇਂਵਾਰੀ ਦੀ ਚੀਜ਼ ਹੈ। ਇਸ ਵਿਚ ਹੋਈ ਕੋਈ ਵੀ ਗਲਤੀ ਪੂਰੀ ਜ਼ਿੰਦਗੀ ਉੱਤੇ ਛਾ ਸਕਦੀ ਹੈ। ਇਸੇ ਲਈ ਤਾਂ ਮਰਦ ਔਰਤ ਦੇ ਵਿਚਕਾਰ ਮੁਹੱਬਤ ਤੇ ਸ਼ਾਦੀ ਰੂਪੀ ਚਾਰਦੀਵਾਰੀ ਦੀ ਸੁਰੱÎਖਿਆ ਲਾਜ਼ਮੀ ਹੈ। ਪਰ ਪਾਲ ਵੀ ਮੇਰੇ ਵੱਲ ਬਿਟਰ-ਬਿਟਰ ਤੱਕਦਾ ਰਿਹਾ ਸੀ ਤੇ ਸ਼ਾਇਦ ਮਨ ਹੀ ਮਨ ਵਿਚ ਹੱਸ ਵੀ ਰਿਹਾ ਸੀ ਤੇ ਸੋਚ ਰਿਹਾ ਸੀ---ਊਂਹ ! ਜ਼ਿਮੇਂਵਾਰੀ...! ਪਾਪਾ ਉੱਨੀਵੀਂ ਸਦੀ ਵਿਚ ਸਾਹ ਲੈ ਰਹੇ ਨੇ ! ਪਰ ਇਹ ਸਪਸ਼ਟ ਸੀ ਕਿ ਬਹੁਤ ਸਾਰੀਆਂ ਗੱਲਾਂ ਉਹ ਨਹੀਂ ਸੀ ਜਾਣਦਾ ਤੇ ਮੈਂ ਉਸਦੇ ਦਿਮਾਗੀ ਜਾਲੇ ਤੇ ਉੱਲੀ ਨੂੰ ਲਾਹ ਕੇ ਉਸਨੂੰ ਇਸ ਕਾਬਿਲ ਬਣਾਇਆ ਸੀ ਕਿ ਉਹ ਇਸ ਦੁਨੀਆਂ ਤੇ ਉਸਦੇ ਹਾਲਾਤ ਦਾ ਮੁਕਾਬਲਾ ਕਰ ਸਕੇ। ਤੇ ਅੱਜ ਉਸੇ ਪੁੱਤਰ ਨੇ ਉਸਦਾ ਇਕ ਸਿਗਰੇਟ ਪੀ ਲੈਣ 'ਤੇ ਮੂੰਹ ਮੋੜ ਲਿਆ ਹੈ ਮੈਥੋਂ !
ਨਹੀਂ, ਹੋ ਸਕਦਾ ਹੈ, ਹਮੇਸ਼ਾ ਵਾਂਗ ਉਹ ਆਪਣੀ ਹੀ ਕਿਸੇ ਧੁਨ ਵਿਚ ਹੋਵੇ ਤੇ ਜਲਦੀ ਘਰੋਂ ਨਿਕਲ ਗਿਆ ਹੋਵੇ। ਫ਼ਰਕ ਇਹੀ ਹੈ ਨਾ ਕਿ ਪਹਿਲਾਂ ਉਹ ਦਸ ਦੇ ਆਸਪਾਸ ਜਾਂਦਾ ਸੀ ਅੱਜ ਸਾਢੇ ਨੌ ਵਜੇ ਨਿਕਲ ਗਿਆ ਸੀ...। ਕੱਲ੍ਹ ਮੇਰੀ ਇਕ ਫਰਮ ਨਾਲ ਲੱਖ ਰੁਪਏ ਦੀ ਡੀਲ ਹੋਣੀ ਹੈ, ਸਭ ਠੀਕ-ਠਾਕ ਹੋ ਜਾਵੇਗਾ। ਜੇ ਪਾਲ ਨਾਰਾਜ਼ ਹੋ ਗਿਆ ਹੈ ਤਾਂ ਮੰਨ ਵੀ ਜਾਵੇਗਾ। ਫੇਰ ਸਾਰੇ ਰਲ ਕੇ ਕੁੱਲੂ ਦੇ ਪਹਾੜ 'ਤੇ ਜਾਣ ਦਾ ਪ੍ਰੋਗ੍ਰਾਮ ਬਣਾਵਾਂਗੇ।
ਪਰ ਇਕ ਸਿਗਰੇਟ...ਸਿਰਫ ਇਕ ਸਿਗਰੇਟ !
ਸੰਤ ਰਾਮ ਦਾ ਖ਼ੂਨ ਵਾਰੀ-ਵਾਰੀ ਉਬਾਲੇ ਖਾਣ ਲੱਗਦਾ ਜਿਵੇਂ ਉਸਨੇ ਪੁੱਤਰ ਨੂੰ ਮੁਆਫ਼ ਨਾ ਕੀਤਾ ਹੋਵੇ। ਪਰ ਜੇ ਪਿਓ, ਪੁੱਤਰ ਨਾਲ ਨਫ਼ਰਤ ਕਰਦਾ ਹੈ ਤਾਂ ਆਪਣੇ ਆਪ ਨਾਲ ਵੀ ਤਾਂ ਨਫ਼ਰਤ ਕਰਦਾ ਹੈ...ਤੇ ਇਸ ਦਾ ਉਲਟ ਇਹ ਵੀ ਤਾਂ ਹੈ ਕਿ ਜੇ ਪੁੱਤਰ, ਪਿਓ ਨੂੰ ਨਫ਼ਰਤ ਕਰਦਾ ਹੈ ਤਾਂ ਉਹ ਵੀ ਆਪਣੇ ਆਪ ਨਾਲ ਨਫ਼ਰਤ ਕਰਦਾ ਹੈ। ਪਾਲ ਦਰਅਸਲ ਪਿਓ ਨਾਲ ਨਫ਼ਰਤ ਸੀ ਨਹੀਂ ਕਰਦਾ, ਖ਼ੁਦ ਆਪਣੇ ਆਪ ਨਾਲ ਕਰਦਾ ਸੀ, ਕਿਉਂਕਿ ਮੁਕਾਬਲੇ ਦੇ ਇਸ ਜ਼ਮਾਨੇ ਵਿਚ ਜਦ ਤਕ ਉਹ ਪਿਓ ਤੋਂ ਅੱਗੇ ਨਹੀਂ ਨਿਕਲ ਜਾਂਦਾ, ਆਪਣੇ ਆਪ ਨੂੰ ਮੁਆਫ਼ ਨਹੀਂ ਕਰ ਸਕਦਾ। ਉਹ ਪਿਓ ਨਾਲ ਮੁਹੱਬਤ ਉਸ ਸਮੇਂ ਕਰ ਸਕੇਗਾ, ਜਦ ਉਸਨੂੰ ਨਾਲਾਇਕ ਤੇ ਬੇਵਕੂਫ਼ ਸਿੱਧ ਕਰ ਦਵੇਗਾ...।
ਸੰਤ ਰਾਮ ਨੇ ਘੰਟੀ ਉੱਤੇ ਹੱਥ ਮਾਰਿਆ ਤੇ ਚੰਦੂ ਨੂੰ ਕਿਹਾ---''ਮਿਸ ਡਾਲੀ ਨੂੰ ਬੁਲਾਓ।''
ਡਾਲੀ ਅੰਦਰ ਆਈ। ਅੱਜ ਉਸਨੇ ਵਾਲਾਂ ਦੇ ਪਫ਼ ਬਣਵਾਏ ਹੋਏ ਸਨ ਤੇ ਤੰਗ ਬਲਾਊਜ਼ ਦੇ ਨਾਲ ਸਫ਼ੈਦ ਰੰਗ ਦੀ ਸਾੜ੍ਹੀ ਬੰਨ੍ਹੀ ਹੋਈ ਸੀ, ਕਿਉਂਕਿ ਸੰਤ ਰਾਮ ਨੂੰ ਸਫ਼ੈਦ ਰੰਗ ਬੜਾ ਪਸੰਦ ਸੀ। ਪਰ ਸੰਤ ਰਾਮ ਨੇ ਢੰਗ ਨਾਲ ਉਸ ਵੱਲ ਨਹੀਂ ਦੇਖਿਆ। ਡਾਲੀ ਜਾਣਦੀ ਸੀ, ਅੱਜ ਕੱਲ੍ਹ ਬਾਸ ਵੱਟੇ-ਵੱਟੇ ਜਿਹੇ ਰਹਿੰਦੇ ਨੇ। ਉਸਨੇ ਵੀ ਕੰਮ ਨਾਲ ਕੰਮ ਰੱਖਣਾ ਸੁਰੂ ਕਰ ਦਿੱਤਾ ਸੀ। ਇਹ ਤਾਂ ਉਸਦੀ ਕ੍ਰਿਪਾ ਸੀ ਕਿ ਇਕ ਬੁੱਢੇ ਆਦਮੀ ਨਾਲ ਗੱਲਾਂ ਕਰ ਲੈਂਦੀ ਸੀ। ਉਹ ਕੰਮ ਕਰਦੀ ਸੀ ਤਾਂ ਤਨਖ਼ਾਹ ਲੈਂਦੀ ਸੀ, ਫਾਲਤੂ ਦਾ ਗੱਪਸ਼ੱਪ ਕੇਹਾ !
ਅੰਦਰ ਆਉਣ ਪਿੱਛੋਂ ਜਦੋਂ ਡਾਲੀ ਨੇ 'ਯਸ ਸਰ' ਕਿਹਾ ਤਾਂ ਸੰਤ ਰਾਮ ਨੇ ਇਕ ਸਰਸਰੀ ਜਿਹੀ ਨਜ਼ਰੇ ਉਸ ਵੱਲ ਤੱÎਕਿਆ ਤੇ ਆਪਣੇ ਆਪ ਨੂੰ ਇਹ ਕਹਿਣ ਤੋਂ ਰੋਕ ਲਿਆ ਕਿ 'ਤੂੰ ਬੜੀ ਖੂਬਸੂਰਤ ਲੱਗ ਰਹੀ ਹੈਂ, ਡਾਲੀ !'
ਪਰ ਇਕ ਪਲ ਲਈ ਉਸਦਾ ਦਿਲ ਜਿਹੜਾ ਹਰੇਕ ਤੋਂ ਛੁਟਕਾਰਾ ਪਾਉਣ ਲਈ ਤੜਫ ਰਿਹਾ ਸੀ, ਡਾਲੀ ਦੇ ਖੂਬਸੂਰਤ ਵਾਲਾਂ ਵਿਚ ਅਟਕ ਗਿਆ। ਇਹ ਔਰਤਾਂ ਵੀ ਖੂਬ ਹੁੰਦੀਆਂ ਹਨ। ਜੇ ਮਰਦ ਦਾ ਦਿਲ ਸਿੱਧੇ ਵਹਿਣ ਵਿਚ ਨਾ ਵਹੇ ਤਾਂ ਉਸਨੂੰ ਲਹਿਰਾਂ ਤੇ ਹਿਚਕੋਲਿਆਂ ਵਿਚ ਡੋਬ ਦਿਓ। ਪਰ ਸੰਤ ਰਾਮ ਨੇ ਛੇਤੀ ਦੇਣੇ ਆਪਣੀਆਂ ਅੱਖਾਂ ਉਹ ਤੂਫ਼ਾਨੀ ਵਹਾਅ ਤੇ ਉਸ ਦੇ ਪਿੱਛੇ ਬਣਦੇ ਭੰਵਰ ਤੋਂ ਹਟਾਅ ਲਈਆਂ ਤੇ ਸੱਜੇ ਪਾਸੇ ਲੱਗੇ ਦਰਾਕਸ਼ਾਸਵ ਦੇ ਕਲੰਡਰ ਨੂੰ ਦੇਖਣ ਲੱਗਾ, ਜਿਵੇਂ ਉਸਨੇ ਕੋਈ ਤਾਰੀਖ਼ ਦੇਖਣੀ ਹੋਵੇ। ਅਜਿਹੀਆਂ ਹਰਕਤਾਂ ਨੂੰ ਔਰਤਾਂ ਖੂਬ ਸਮਝਦੀਆਂ ਹਨ ਤੇ ਆਪਣੀਆਂ ਨਜ਼ਰਾਂ ਆਪਣੇ ਸ਼ਿਕਾਰ ਉੱਤੇ ਗੱਡੀ ਰੱਖਦੀਆਂ ਹਨ। ਮਰਦ ਜਾਣਦਾ ਹੈ ਕਿ ਉਸਨੇ ਔਰਤ ਦੀਆਂ ਅੱਖਾਂ ਵਿਚ ਦੇਖਿਆ, ਤਾਂ ਗਿਆ, ਇਸ ਲਈ ਪਰੇ੍ਹ ਹੋਰ ਪਰੇ੍ਹ ਦੇਖਣ ਤੇ ਬਚਣ ਦੀ ਕੋਸ਼ਿਸ਼ ਕਰਦਾ ਹੈ। ਪਰ ਕਦੋਂ ਤਕ ? ਆਖ਼ਰ ਮਿੰਟ ਦੇ ਸੌਵੇਂ ਹਿੱਸੇ ਵਿਚ ਉਹ ਮਜ਼ਬੂਰੀ ਤੇ ਲਾਚਾਰੀ ਦੀ ਹਾਲਤ ਵਿਚ ਫੇਰ ਦੇਖ ਲੈਂਦਾ ਹੈ ਤੇ ਇਹ ਉਹ ਪਲ ਹੁੰਦਾ ਹੈ, ਜਿਸ ਵਿਚ ਉਸਦੀ ਆਖ਼ਰੀ ਫੜਫੜਾਹਟ ਠੰਡੀ ਹੋ ਜਾਂਦੀ ਹੈ।
ਸੰਤ ਰਾਮ ਨੇ ਡਾਲੀ ਨੂੰ ਪੁੱÎਛਿਆ---''ਪ੍ਰਕਿੰਜ਼ ਕਿੱਥੇ ਹੁੰਦਾ ਏ ਅੱਜਕੱਲ੍ਹ ?''
ਪ੍ਰਕਿੰਜ਼---ਡਾਲੀ ਦਾ ਭਰਾ, ਜਾਨ ਪ੍ਰਕਿੰਜ਼।
''ਇੱਥੇ ਹੀ,'' ਡਾਲੀ ਨੇ ਉਤਰ ਦਿੱਤਾ ਤੇ ਥੋੜ੍ਹਾ ਮੁਸਰਾਉਣ ਦੀ ਕੋਸ਼ਿਸ਼ ਕੀਤੀ। ਉਹ ਸੰਤ ਰਾਮ ਦੇ ਇਸ ਸਵਾਲ ਨੂੰ ਏਧਰ ਉਧਰ ਦੀਆਂ ਗੱਲਾਂ ਵਿਚੋਂ ਸਮਝਦੀ ਸੀ, ਜਿਹੜੀਆਂ ਮਤਲਬ ਉੱਤੇ ਆਉਣ ਤੋਂ ਪਹਿਲਾਂ ਮਰਦ ਹਮੇਸ਼ਾ ਕਰਦਾ ਹੈ। ਪਰ ਉਹ ਪੂਰੀ ਤਰ੍ਹਾਂ ਨਾਲ ਪ੍ਰੋਫੈਸ਼ਨਲਜ਼ ( ਕਰੋਬਾਰੀਆਂ ) ਵਾਲਾ ਵਤੀਰਾ ਧਾਰੀ ਰੱਖਣਾ ਚਾਹੁੰਦੀ ਸੀ। ਆਖ਼ਰ ਕੋਈ ਮਜ਼ਾਕ ਹੈ ?---ਜਦੋਂ ਚਾਹੋ ਬੁਲਾਅ ਲਓ, ਜਦੋਂ ਚਾਹੋ ਝਿੜਕ ਦਿਓ। ਏਨੇ ਦਿਨਾਂ ਤਾਈਂ ਗੱਲ ਹੀ ਨਹੀਂ ਕੀਤੀ। ਦੇਖਿਆ ਤਕ ਨਹੀਂ, ਮੂੰਹ ਭੁੰਆਂ ਕੇ ਲੰਘ ਗਏ ਤੇ ਅੱਜ ਅਚਾਨਕ ਪ੍ਰਕਿੰਜ਼ ਯਾਦ ਆ ਰਿਹਾ ਹੈ।
ਪਰ ਡਾਲੀ ਵੀ ਕਦੋਂ ਤਕ ਕਾਰੋਬਾਰੀ ਬਣੀ ਰਹਿ ਸਕਦੀ ਹੈ ?
ਸੰਤ ਰਾਮ ਨੇ ਡਾਲੀ ਨੂੰ ਭੋਲੇ ਭਾਅ ਹੀ ਸਿਗਰੇਟ ਪੇਸ਼ ਕਰ ਦਿੱਤਾ। ਇਕ ਲਹਿਰ ਜਿਹੀ ਡਾਲੀ ਦੇ ਸਾਰੇ ਸਰੀਰ ਵਿਚ ਦੌੜ ਗਈ, ਜਿਹੜੀ ਉਸਦੇ ਵਾਲਾਂ ਦੇ ਪਫ਼ਾਂ ਨਾਲੋਂ ਵਧੇਰੇ ਬੇਚੈਨ ਸੀ। ਉਸਨੇ ਆਪਣਾ ਵਧਦਾ ਹੋਇਆ ਹੱਥ ਰੋਕ ਦਿੱਤਾ ਤੇ ਬੋਲੀ, ''ਨੋ, ਥੈਂਕਸ !'' ਤੇ ਫੇਰ ਗੁੱਸੇ ਤੇ ਉਲਾਂਭੇ ਕਾਰਣ ਉਸਦੀਆਂ ਛਾਤੀਆਂ ਹੇਠ-ਉੱਤੇ ਹੋਣ ਲੱਗੀਆਂ। ਸੰਤ ਰਾਮ ਨੇ ਉਸਦੀਆਂ ਅੱਖਾਂ ਵਿਚ ਆਪਣੀਆਂ ਅੱਖਾਂ ਗੱਡਦਿਆਂ ਹੋਇਆਂ ਰੋਣ ਹਾਕੀ ਆਵਾਜ਼ ਵਿਚ ਕਿਹਾ, ''ਡਾਲੀ...!''
ਇੰਜ ਜਾਪਦਾ ਸੀ, ਜਿਵੇਂ ਸੰਤ ਰਾਮ ਕਹਿਣਾ ਚਾਹੁੰਦਾ ਹੋਵੇ---ਦੁਨੀਆਂ ਨੇ ਮੇਰੇ ਨਾਲ ਇਹ ਸਭ ਕੀਤਾ, ਘਰਦੇ ਲੋਕਾਂ ਨੇ ਵੀ ਕੀਤਾ। ਇਕ ਤੂੰ ਸੀ, ਜਿਹੜੀ ਮੈਨੂੰ ਇਕ ਮਾਮੂਲੀ ਜਿਹੇ ਰੋਜ਼ਗਾਰ ਖਾਤਰ ਇਕ ਹੁਸੀਨ ਧੋਖੇ ਵਿਚ ਰੱਖ ਸਕਦੀ ਸੈਂ ਤੇ ਤੂੰ ਉਸ ਧੋਖ ਨੂੰ ਜਾਰੀ ਰੱÎਖਿਆ...ਤੇ ਉਹ ਮੈਨੂੰ ਇਕ ਅਜਿਹੀ ਮੁਹੱਬਤ ਲੱਗੀ, ਜਿਹੜੀ ਸੱਚੀ ਮੁਹੱਬਤ ਤੋਂ ਕਿਤੇ ਉੱਚੀ ਹੁੰਦੀ ਹੈ। ਇਸ ਵਿਚ ਉਹੀ ਫਰਕ ਸੀ, ਜਿਹੜਾ ਅਸਲੀ ਬੋਸੇ ( ਪੱਪੀ ) ਤੇ ਚੋਰੀ-ਛਿਪੇ ਦੇ ਬੋਸੇ ਵਿਚ ਹੁੰਦਾ ਹੈ। ਜਿਸ ਵਿਚ ਪਿਛਲਾ ਲੱਖ ਰੁਪਏ ਦਾ ਘਾਟਾ ਤੇ ਹੋਣ ਵਾਲਾ ਦੋ ਲੱਖ ਰੁਪਏ ਨਫ਼ਾ ਬੜੀ ਖੂਬਸੂਰਤੀ ਨਾਲ ਰਲਗਡ ਹੋ ਜਾਂਦੇ ਨੇ...। ਡਾਲੀ ਨੇ ਸੰਤ ਰਾਮ ਵੱਲ ਦੇਖਿਆ, ਵਰਨਾ ਉਹ ਹੋਰ ਵੀ ਬੁੱਢਾ ਹੋ ਜਾਂਦਾ ਤੇ ਉਸਨੂੰ ਇਕੋ ਪਲ ਵਿਚ ਕਈ ਹੋਰ ਘਾਟੇ ਪੈ ਜਾਂਦੇ, ਜਿੰਨ੍ਹਾਂ ਕਾਰਣ ਉਹ ਖ਼ੁਦ ਵੀ ਬੇਰੁਜ਼ਗਾਰ ਹੋ ਜਾਂਦੀ। ਉਸਨੇ ਆਪਣੇ ਗਰਭਸਥਲ ਦੀਆਂ ਤੈਹਾਂ 'ਚੋਂ ਸੋਚਿਆ ਸੀ, ਜਿੱਥੇ ਉਸਦੀ ਮਾਂ ਦੀ ਮਮਤਾ ਵਾਲਾ ਖਾਨਾਂ ਸੀ ਤੇ ਸਾਰੀ ਦੁਨੀਆਂ ਦੇ ਮਰਦਾਂ ਦੀ ਮਾਂ ਦਾ ਰੂਪ-ਸਰੂਪ...ਚਾਹੇ ਉਹ ਜਵਾਨ ਹੋਣ, ਜਾਂ ਬੁੱਢੇ, ਫੇਰ ''ਆਲ ਰਾਈਟ'' ਕਹਿਕੇ ਆਪਣਾ ਹੱਥ ਸਿਗਰੇਟ ਵੱਲ ਵਧਾਅ ਦਿੱਤਾ। ਸੰਤ ਰਾਮ ਨੇ ਲਾਈਟਰ ਬਾਲ ਕੇ ਡਾਲੀ ਦੀ ਸਿਗਰੇਟ ਸੁਲਗਾ ਦਿੱਤੀ। ਡਾਲੀ ਨੇ ਕਸ਼ ਲਾ ਕੇ ਧੂੰਆਂ ਛੱਡਦਿਆਂ ਹੋਇਆਂ ਉਂਜ ਹੀ ਸਿਗਰੇਟ ਵੱਲ ਦੇਖਿਆ। ਫੇਰ ਦੂਜਾ ਕਸ਼ ਲਾਉਣ ਪਿੱਛੋਂ ਉਹ ਆਪਣੀ ਸੀਟ ਤੋਂ ਉੱਠੀ। ਪਿੱਛੇ ਕੈਬਿਨ ਦੇ ਦਰਵਾਜ਼ੇ ਵੱਲ ਦੇਖਦੀ ਹੋਈ ਸੰਤ ਰਾਮ ਵੱਲ ਵਧੀ।
ਉਦੋਂ ਹੀ ਸੰਤ ਰਾਮ ਨੇ ਕਿਹਾ, ''ਪ੍ਰਕਿੰਜ਼ ਸ਼ਾਹਿਰ ਵਿਚ ਹੈ ਤਾਂ ਉਸਨੂੰ ਕਹੋ...''
ਡਾਲੀ ਉੱਥੇ ਹੀ ਰੁਕ ਗਈ ਤੇ ਉਸ ਵੱਲ ਦੇਖਣ ਲੱਗੀ, ਤਾਂਕਿ ਉਹ ਆਪਣੀ ਗੱਲ ਪੂਰੀ ਕਰ ਲਵੇ। ਸੰਤ ਰਾਮ ਨੇ ਕਿਹਾ, ''ਮੈਨੂੰ ਸਟੇਟ ਐਕਸਪ੍ਰੈਸ ਦਾ ਇਕ ਕਾਰਟਨ ਲਿਆ ਦੇਵੇ, ਪੈਸੇ ਫੇਰ ਦਿਆਂਗਾ।''
''ਆਲ ਰਾਈਟ !'' ਡਾਲੀ ਨੇ ਕਿਹਾ ਤੇ ਪਿੱਛੇ ਹਟਦੀ ਹੋਈ ਕੈਬਿਨ ਵਿਚੋਂ ਬਾਹਰ ਨਿਕਲ ਗਈ।
--- --- ---

ਸੰਤ ਰਾਮ ਘਰ ਪਹੁੰਚਿਆ, ਤਾਂ ਕਾਰਟਨ ਦੀ ਕਿਲੇ ਬੰਦੀ ਦੇ ਬਾਵਜ਼ੂਦ ਵੀ ਡਰ ਰਿਹਾ ਸੀ। ਇਕ ਨਹੀਂ, ਵੀਹ ਸੰਸਿਆਂ ਵਿਚ ਘਿਰਿਆ ਹੋਇਆ ਸੀ, ਜਿੰਨ੍ਹਾਂ ਬਾਰੇ ਉਹ ਧੋਬਨ ਜਾਂ ਲਾਡੋ ਨਾਲ ਵੀ ਗੱਲ ਨਹੀਂ ਸੀ ਕਰ ਸਕਦਾ। ਉਸਦੇ ਪਹੁੰਚਣ ਤੋਂ ਥੋੜ੍ਹੀ ਦੇਰ ਬਾਅਦ ਹੀ ਪਾਲ ਆ ਗਿਆ। ਸੰਤ ਰਾਮ ਦੇ ਅੰਦਰ ਜਿਹੜੀ ਕੰਬਣੀ ਛਿੜੀ ਹੋਈ ਸੀ, ਬੰਦ ਹੋ ਗਈ ਬਲਿਕੇ ਉਸਨੂੰ ਅਜ਼ੀਬ ਤਰ੍ਹਾਂ ਦੀ ਸ਼ਾਂਤੀ, ਨਰਮੀ ਤੇ ਨਿੱਘ ਦਾ ਅਹਿਸਾਸ ਹੋਣ ਲੱਗਾ, ਜਿਵੇਂ ਸਰਦੀਆਂ ਵਿਚ ਕਿਸੇ ਨੇ ਕਮਰੇ ਅੰਦਰ ਅੰਗੀਠੀ ਬਾਲ ਦਿੱਤੀ ਹੋਵੇ। ਪਰ ਫੇਰ ਉਹ ਡਰ ਉਸਦੇ ਤਨ ਦੇ ਨਾਲ ਨਾਲ ਮਨ ਉੱਤੇ ਵੀ ਭਾਰੂ ਹੋਣ ਲੱਗਾ---ਕਿਤੇ ਉਹ ਆਪਣੇ ਕਪੜੇ ਵਗੈਰਾ ਤਾਂ ਨਹੀਂ ਸੀ ਲੈਣ ਆਇਆ, ਗੋਲਫ ਲਿੰਕਸ ਦੇ ਕਮਰੇ ਵਿਚ ਜਾਣ ਲਈ...? ਪਰ ਇਸ ਦੇ ਤਾਂ ਕੋਈ ਆਸਾਰ ਨਜ਼ਰ ਨਹੀਂ ਸਨ ਆ ਰਹੇ। ਫੇਰ ਅੱਜ ਉਹ ਜਲਦੀ ਕਿਉਂ ਆ ਗਿਆ ਹੈ ? ਪਹਿਲਾਂ ਤਾਂ ਕਦੀ ਨਹੀਂ ਸੀ ਆਇਆ, ਰਾਤ ਦੇ ਇਕ ਦੋ ਵਜੇ ਤੋ ਪਹਿਲਾਂ !
ਕੀ ਉਹ 'ਲਾਇਕ ਪੁੱਤਰ' ਬਣ ਗਿਆ ਸੀ ? ਪਰ ਲਾਇਕ ਪੁੱਤਰ ਹੋਣ ਦੇ ਬਾਵਜ਼ੂਦ ਉਹ ਚੁੱਪ ਕਿਉਂ ਸੀ ? ਉਹ ਲਾਡੋ ਨਾਲ ਗੱਲ ਕਰ ਸਕਦਾ ਸੀ। ਹੋਰ ਨਹੀਂ ਤਾਂ ਬਾਬੀ ਨਾਲ ਖੇਡ ਸਕਦਾ ਸੀ। ਕਮੀਨਾ ! ਕਿੰਨੀ ਆਕੜ ਨਾਲ ਭਰਿਆ ਹੋਇਆ ਸੀ ਉਸਦਾ ਸੀਨਾ ! ਪਰ ਪਾਲ ਨੇ ਕਪੜੇ ਇਕੱਠੇ ਨਹੀਂ ਕੀਤੇ। ਇਕ ਦੋ ਮਿੰਟਾਂ ਲਈ ਆਪਣੇ ਕਮਰੇ ਵਿਚ ਗਿਆ ਤੇ ਫੇਰ ਬਾਹਰ ਆਉਂਦਾ ਹੋਇਆ ਪਿਓ ਵਲ ਆਇਆ ਤੇ ਜੇਬ ਵਿਚੋਂ ਇਕ ਸਿਗਰੇਟ ਪੈਕੇਟ ਕੱਢ ਕੇ ਪਾਪਾ ਨੂੰ ਪੇਸ਼ ਕਰ ਦਿੱਤਾ। ਸੰਤ ਰਾਮ ਨੇ ਦੇਖਿਆ ਤੇ ਪੁੱÎਛਿਆ, ''ਇਹ ਕੀ ?''
''ਰਸ਼ੀਅਨ ਸੋਬਰਾਇਨ।''
ਰਸ਼ੀਅਨ ਸੋਬਰਾਇਨ ਸਿਗਰੇਟ...ਤੇ ਪੂਰਾ ਪੈਕੇਟ ! ਖ਼ੂਨ ਸੰਤ ਰਾਮ ਦੇ ਕੰਨਾ ਤੇ ਅੱਖਾਂ ਤਕ ਆਉਣ ਲੱਗਾ। ਇਕ ਸਿਗਰੇਟ ਕੀ ਪੀ ਲਈ ਹੈ ਇਸਦੀ, ਉਸ ਬਦਲੇ ਪੂਰਾ ਪੈਕੇਟ ਲਿਆ ਕੇ ਦੇ ਰਿਹਾ ਹੈ ! ਜੁੱਤੀ ਮਾਰ ਰਿਹਾ ਹੈ, ਆਪਣੇ ਢੰਗ ਨਾਲ ! ਸੰਤ ਰਾਮ ਨੇ ਪੈਕੇਟ ਚੁੱÎਕਿਆ ਤੇ ਪੂਰੇ ਜ਼ੋਰ ਨਾਲ ਪਾਲ ਦੇ ਮੂੰਹ ਉੱਤੇ ਮਾਰਿਆ।
''ਲੁੱਚੇ ! ਸ਼ੋਹਦੇ ! ਹਰਾਮੀ !'' ਸੰਤ ਰਾਮ ਕਹਿ ਰਿਹਾ ਸੀ, ''ਕੀ ਸਮਝਦਾ ਏਂ ਤੂੰ, ਮੈਂ ਆਪਣੇ ਲਈ ਸਿਗਰੇਟ ਵੀ ਨਹੀਂ ਖਰੀਦ ਸਕਦਾ ? ਤੈਨੂੰ ਖਰੀਦ ਕੇ ਨਹੀਂ ਦੇ ਸਕਦਾ ? ਏਨਾ ਤਾਂ ਨਹੀਂ ਮਰਿਆਂ ਮੈਂ ਅਜੇ, ਜਿੰਨਾਂ ਤੂੰ ਸਮਝਦਾ ਏਂ ! ਅਜੇ ਤਾਂ ਤੇਰੇ ਵਰਗੇ ਸੌ ਕਮੀਨਿਆਂ ਨੂੰ ਖਰੀਦ ਕੇ ਜੇਬ ਵਿਚ ਰੱਖ ਸਕਦਾਂ...ਬਸਟਰਡ !''
ਪਾਲ ਦੀ ਕੁਝ ਸਮਝ ਵਿਚ ਨਹੀਂ ਸੀ ਆ ਰਿਹਾ। ਉਸਨੇ ਆਪਣਾ ਹੱਥ ਬੁੱਲ੍ਹ ਉੱਤੇ ਰੱਖ ਲਿਆ, ਜਿਸ ਉੱਤੇ ਪੈਕੇਟ ਵੱਜਣ ਨਾਲ ਡੂੰਘ ਜਿਹਾ ਪੈ ਗਿਆ ਸੀ ਤੇ ਖ਼ੂਨ ਸਿੰਮਣ ਲੱਗ ਪਿਆ ਸੀ। ਉਸਨੇ ਕਿਹਾ ਵੀ ਤਾਂ ਸਿਰਫ ਏਨਾ, ''ਪਾਪਾ...!''
ਲਾਡੋ ਬੈੱਡ-ਰੂਮ ਵਿਚੋਂ ਦੌੜਦੀ ਹੋਈ ਆਈ ਤੇ ਉਸਨੇ ਵੀ ਬਸ ਏਨਾ ਹੀ ਕਿਹਾ, ''ਪਾਪਾ !''
ਫੇਰ ਧੋਬਨ ਵੜਦੀ ਹੋਈ ਬੋਲੀ, ''ਕੀ ਹੋਇਆ ਜੀ ?''
ਸੰਤ ਰਾਮ ਨੇ ਉਸਨੂੰ ਪਿੱਛੇ ਧਰੀਕਦਿਆਂ ਹੋਇਆਂ ਕਿਹਾ, ''ਮੈਨੂੰ ਇਸ ਪਿੱਲੇ ਨਾਲ ਆਪਣਾ ਹਿਸਾਬ ਬਰਾਬਰ ਕਰ ਲੈਣ ਦੇਅ ! ਬੜੀ ਦੇਰ ਹੋ ਗਈ ਇਸਦੀ ਠੁਕਾਈ ਹੋਇਆਂ...!'' ਫੇਰ ਆਪਣੇ ਪੁੱਤਰ ਦੇ ਚਿਹਰੇ 'ਤੇ ਸਿੰਮਦੇ ਹੋਏ ਖ਼ੂਨ ਨੂੰ ਦੇਖ ਕੇ ਸੰਤ ਰਾਮ ਹੋਰ ਵੀ ਡਰ ਗਿਆ ਸੀ, ਠਠੇਂਬਰ ਗਿਆ ਸੀ, ਕਿਉਂਕਿ ਪੁੱਤਰ ਦਾ ਖ਼ੂਨ ਦੇਖਣਾ ਕੋਈ ਆਸਾਨ ਗੱਲ ਨਹੀਂ ਹੁੰਦੀ। ਦੇਖਣ ਵਲੇ ਲਈ ਤਾਂ ਇਹ ਸਿਰਫ ਖ਼ੂਨ ਹੁੰਦਾ ਹੈ, ਪਰ ਖ਼ੂਨ ਉਸਦਾ ਹੁੰਦਾ ਹੈ, ਜਿਸਦਾ ਉਹ ਖ਼ੂਨ ਹੈ...ਪਰ ਅੱਗੇ ਵਧ ਕੇ, ਮੂੰਹ ਵਿਚੋਂ ਝੱਗ ਸੁੱਟਦਾ ਹੋਇਆ, ਸੰਤ ਰਾਮ ਕਹਿ ਰਿਹਾ ਸੀ, ''ਮੈਂ ਤੈਨੂੰ ਜਾਨੋਂ ਮਾਰ ਦਿਆਂਗਾ ਅੱਜ ! ਛੱਡ ਦੇਅ...ਛੱਡ ਦੇਅ ਮੈਨੂੰ...! ਇਹ ਵੀ ਇਕ ਮਿਸਾਲ ਹੋ ਜਾਣ ਦੇਅ ! ਪੁੱਤਰ, ਪਿਓ ਨੂੰ ਕਤਲ ਕਰਦੇ ਆਏ ਨੇ, ਅੱਜ ਪਿਓ ਨੂੰ ਪੁੱਤਰ ਦਾ ਖ਼ੂਨ ਕਰ ਲੈਣ ਦੇਅ ! ਮਾਦਰ...ਮੈਂ ਤੈਨੂੂੰ ਕੀ ਨਹੀਂ ਦਿੱਤਾ ? ਤੂੰ ਬਾਹਰ ਪੰਜਾਬ ਪੜ੍ਹਨ ਲਈ ਗਿਆ, ਤਾਂ ਚਾਰ ਸੌ ਰੁਪਏ ਮਹੀਨਾ ਭੇਜਦਾ ਰਿਹਾ। ਫੇਰ ਤੂੰ ਉੱਥੋਂ ਭੱਜ ਆਇਆ ਤੇ ਮੇਰੇ ਦੋਸਤ ਨੇ ਤੈਨੂੰ ਦੋ ਸਾਲ ਆਪਣੇ ਕੋਲ ਰੱÎਖਿਆ ਤੇ ਤੈਨੂੰ ਟ੍ਰੇਨਿੰਗ ਦਿੱਤੀ। ਮੇਰੇ ਕਰਕੇ ਤੈਨੂੰ ਆਪਣੇ ਕੋਲ ਰੱÎਖਿਆ, ਨਹੀਂ ਤਾਂ ਤੈਨੂੰ ਕੌਣ ਪੁੱਛਦਾ ਹੈ---ਚੀਥੜੇ ਨੂੰ...! ਤੇ ਫੇਰ ਵੀ ਪੈਸੇ ਭੇਜਦਾ ਰਿਹਾ ਕਿ ਮੇਰੇ ਬੇਟੇ ਨੂੰ ਤਕਲੀਫ ਨਾ ਹੋਵੇ। ਤੇ ਤੂੰ ਉਹਨਾਂ ਨਾਲ ਹੋਟਲਾਂ ਤੇ ਰੇਸਟੋਰੇਂਟਾਂ ਵਿਚ ਜਾਂਦਾ ਰਿਹਾ, ਹਰ ਕਿਸਮ ਦੀਆਂ ਬਦਮਾਸ਼ੀਆਂ ਕਰਦਾ ਰਿਹਾ। ਤੇਰੇ ਆਪਣੇ ਬਕਣ ਦੇ ਮੁਤਾਬਿਕ ਤੇਰੇ ਆਪਣੇ ਦੋਸਤ ਤੈਨੂੰ ਸ਼ਹਿਜ਼ਾਦਾ ਕਹਿੰਦੇ ਸੀ, ਕਿਉਂਕਿ ਤੂੰ ਪਿਓ ਦੇ ਮਾਲ 'ਤੇ ਐਸ਼ ਕਰਦਾ ਸੈਂ। ਫੇਰ ਤੂੰ ਬੀ.ਏ. ਵਿਚੋਂ ਕੰਪਾਰਟਮੈਂਟ ਲਈ ਤੇ ਡਿਗਰੀ ਪੂਰੀ ਨਹੀਂ ਕਰ ਸਕਿਆ ਕਿਉਂਕਿ ਹਿੰਦੀ ਵਿਚੋਂ ਫੇਲ੍ਹ ਜੋ ਗਿਆ ਸੈਂ। ਹਿੰਦੀ 'ਚੋਂ ਵੀ ਕੋਈ ਫੇਲ੍ਹ ਹੋਣ ਵਾਲੀ ਗੱਲ ਸੀ ਭਲਾ ? ਮੈਂ ਤੇਰੀਆਂ ਕਿੰਨੀਆਂ ਮਿੰਨਤਾਂ ਕੀਤੀਆਂ ਕਿ ਇਕ ਵਿਸ਼ਾ ਹੈ, ਪਾਸ ਕਰ ਲੈ, ਪਰ ਤੈਨੂੰ ਉਸ ਨਾਲ ਚਿੜ ਹੋ ਗਈ। ਫੇਰ ਵੀ ਮੈਂ ਤੈਨੂੰ ਕੁਛ ਨਹੀਂ ਕਿਹਾ। ਛੱਬੀ ਸਾਲ ਦੀ ਉਮਰ ਤਕ ਤੈਨੂੰ ਘਰ ਰੱÎਖਿਆ ਤੇ ਰੋਟੀਆਂ ਖੁਆਉਂਦਾ ਰਿਹਾ। ਹੁੰਦਾ ਕਿਸੇ ਬਾਹਰਲੇ ਮੁਲਕ ਵਿਚ, ਤਾਂ ਅਠਾਰਵਾਂ ਲੰਘਦਿਆਂ ਹੀ ਪਿਓ, ਚਿੱਤੜਾਂ 'ਤੇ ਲੱਤ ਮਾਰਦਾ ਤੇ ਬਾਹਰ ਕੱਢ ਦੇਂਦਾ। ਇਹ ਆਪਣਾ ਮੁਲਕ ਹੀ ਹੈ, ਜਿਸ ਵਿਚ ਹਰ ਕਿਸਮ ਦੀ ਚੂਤੀਆ-ਪੰਥੀ ਚੱਲਦੀ ਹੈ...! ਜਦ ਤੇਰੀ ਜੇਬ ਵਿਚ ਪੈਸੇ ਨਹੀਂ ਹੁੰਦੇ ਸੀ, ਤਾਂ ਮੈਂ ਤੇਰੀ ਮਾਂ ਤੋਂ ਚੋਰੀਓਂ ਦਸ-ਵੀਹ ਰੁਪਏ ਪਾ ਦੇਂਦਾ ਸਾਂ ਤੇ ਅੱਜ ਇਹ ਉਸੇ ਦੇ ਕਾਰਣ ਹੈ ਕਿ ਇਹ ਮੈਨੂੰ ਅੱਖਾਂ ਦਿਖਾਉਂਦੀ ਹੈ ਤੇ ਕਹਿੰਦੀ ਹੈ---ਮੈਂ ਆਪਣੀ ਔਲਾਦ ਨੂੰ ਤਬਾਹ-ਬਰਬਾਦ ਕਰ ਦਿੱਤਾ ਹੈ...! ਤੇਰੇ ਕਾਰਣ ਮੈਂ ਆਪਣੀ ਜ਼ਿੰਦਗੀ ਬਰਬਾਦ ਕਰ ਲਈ ! ਇਹ ਤੈਂ ਹੀ ਕਿਹਾ ਸੀ ਨਾ ਕਿ ਮੇਰੀ ਮਾਂ ਜਿਸ ਕਿਸਮ ਦੀ ਔਰਤ ਹੈ, ਇਸ ਨਾਲੋਂ ਚੰਗਾ ਤਾਂ ਮੇਰਾ ਪਿਓ ਕੋਈ ਰਖੈਲ ਰੱਖ ਲਏ...! ਬੋਲ ਨਹੀਂ ਸੀ ਕਿਹਾ ਤੂੰ ? ਜਿਹੜਾ ਪੁੱਤਰ ਮਾਂ ਬਾਰੇ ਇਹ ਕਹਿ ਸਕਦਾ ਹੈ, ਉਹ ਪਿਓ ਬਾਰੇ ਕੀ ਨਹੀਂ ਕਹਿੰਦਾ ਹੋਣਾ ? ਰੋਜ਼ ਤੂੰ ਮਾਂ ਦੀ ਨਕਦਰੀ ਕਰਦਾ ਹੋਇਆ ਨਿਕਾਲ ਜਾਂਦਾ ਹੈਂ, ਉਹ ਬੇਇੱਜ਼ਤੀ ਕਿਸਦੀ ਹੁੰਦੀ ਏ ? ਉਹ ਗਾਲ੍ਹਾਂ ਕੱਢਦੀ ਹੈ, ਗਾਲ੍ਹਾਂ ਕਿਸ ਨੂੰ ਸੁਣਨੀਆਂ ਪੈਂਦੀਆਂ ਨੇ...? ਕੀ ਇਸ ਘਰ ਦਾ ਕੋਈ ਮਾਲਿਕ ਨਹੀਂ ? ਕੋਈ ਪਿਓ ਨਹੀਂ ? ਕੀ ਹੋਇਆ ਜੇ ਇਕ ਵਾਰੀ, ਜ਼ਿੰਦਗੀ ਵਿਚ ਸਿਰਫ ਇਕ ਵਾਰੀ ਘਾਟਾ ਪੈ ਗਿਆ...! ਮੈਂ ਲੱਖਾਂ ਰੁਪਏ ਕਮਾਏ ਨੇ, ਲੱਖਾਂ ਗੰਵਾਏ ਨੇ ਅੱਜ ਹੀ ਲੱਖ ਰੁਪਏ ਦਾ ਕੰਟਰੇਕਟ ਕੀਤਾ ਏ, ਜਿਸ ਵਿਚੋਂ ਬਹੁਤੇ ਨਹੀਂ ਤਾਂ ਤੀਹ, ਬੱਤੀ ਹਜ਼ਾਰ ਬਚ ਜਾਣਗੇ। ਤਦ ਤਾਂ ਤੇਰੀ ਮਾਂ ਵੀ ਖੁਸ਼ ਹੋਵੇਗੀ ਤੇ ਇਹ ਲਾਡੋ ਵੀ, ਜਿਹੜੀ ਉਸ ਦਿਨ ਪਾਪਾ ਦੇ ਬਜਾਏ ਮੈਨੂੰ ਅੰਕਲ ਕਹਿ ਰਹੀ ਸੀ, ਤੇ ਤੂੰ ਵੀ ਖੁਸ਼ ਹੋਵੇਂਗਾ ਤੇ ਮਾਣ ਨਾਲ ਮੇਰਾ ਨਾਂਅ ਲਵੇਂਗਾ ਤੇ ਮੇਰੇ ਕੋਲ ਬੈਠ ਕੇ 'ਹਿੜ-ਹਿੜ' ਕਰੇਂਗਾ ਤੇ ਗੱਲਾਂ-ਬਾਤਾਂ ਕਰਨ ਦੀ ਕੋਸ਼ਿਸ਼ ਕਰੇਂਗਾ। ਪਰ ਮੈਂ...ਮੈਂ ਤੁਹਾਨੂੰ ਸਾਰਿਆਂ ਨੂੰ ਸਮਝ ਗਿਆ ਹਾਂ। ਮੂੰਹ ਤਕ ਨਹੀਂ ਲਾਵਾਂਗਾ ਕਿਸੇ ਨੂੰ...!''
ਪਾਲ ਦੇ ਬੁੱਲ੍ਹ ਫਰਕਣ ਲੱਗੇ...ਉਸਨੇ ਡਰਦਿਆਂ-ਡਰਦਿਆਂ ਕਿਹਾ ਵੀ ਤਾਂ ਸਿਰਫ ਏਨਾ, ''ਪਰ...ਪਾਪਾ ਮੈਂ ਕੀਤਾ ਕੀ ਏ ?''
''ਤੂੰ...?'' ਸੰਤ ਰਾਮ ਹੋਰ ਉੱਚੀ ਆਵਾਜ਼ ਵਿਚ ਕੂਕਿਆ, ''ਤੂੰ ਮੈਨੂੰ ਉਹ ਗਾਲ੍ਹ ਕੱਢੀ ਏ, ਜਿਹੜੀ ਕਿਸੇ ਨੇ ਨਹੀਂ ਕੱਢੀ...ਕਿਸੇ ਦੀ ਹਿੰਮਤ ਹੀ ਨਹੀਂ ਪਈ ! ਸਾਰੇ ਜਾਣਦੇ ਨੇ ਕਿ ਮੈਂ ਖ਼ਾਲੀ ਹੱਥੀਂ ਵੀ ਉਹਨਾਂ ਦੀਆਂ ਬੋਟੀਆਂ ਉਡਾਅ ਦਿਆਂਗਾ ! ਤੇਰੀ ਇਹ ਹਿੰਮਤ ਕਿ ਇਕ ਸਿਗਰੇਟ ਪੀ ਲੈਣ 'ਤੇ ਤੂੰ ਪੂਰਾ ਪੈਕੇਟ ਮੇਰੇ ਮੂੰਹ 'ਤੇ ਮਾਰੇਂ ?''
''ਇਕ ਸਿਗਰੇਟ ?'' ਪਾਲ ਨੇ ਕਿਹਾ।
''ਹਾਂ !'' ਸੰਤ ਰਾਮ ਨੇ ਕਿਹਾ, ''ਤੈਨੂੰ ਪਤਾ ਲੱਗ ਗਿਆ ਨਾ, ਮੈਂ ਤੇਰੀ ਇਕ ਸਟੇਟ ਐਕਸਪ੍ਰੈਸ ਸਵੇਰੇ ਪੀ ਲਈ ਸੀ...?''
''ਨਹੀਂ...ਮੈਨੂੰ ਤਾਂ ਕੁਝ ਨਹੀਂ ਪਤਾ !''
ਇਸ ਤੋਂ ਪਹਿਲਾਂ ਕਿ ਸੰਤ ਰਾਮ ਜਿਹੜਾ ਕੰਬ ਰਿਹਾ ਸੀ ਹੇਠਾਂ ਡਿੱਗ ਪੈਂਦਾ, ਪੁੱਤਰ ਨੇ ਅੱਗੇ ਵਧ ਕੇ ਉਸਨੂੰ ਬਾਹਾਂ ਵਿਚ ਬੋਚ ਲਿਆ ਤੇ ਜੱਫੀ ਪਾ ਕੇ ਫੁੱਟ ਫੁੱਟ ਕੇ ਰੋਣ ਲੱਗ ਪਿਆ ਤੇ ਕਹਿਣ ਲੱਗਾ, ''ਮਾਫ਼ ਕਰ ਦਿਓ...ਮੈਨੂੰ ਮਾਫ਼ ਕਰ ਦਿਓ ਪਾਪਾ !''
--- --- ---

ਅਗਲੇ ਦਿਨ ਸੰਤ ਰਾਮ ਨਿੱਤ ਵਾਂਗ ਹੀ ਸਵੇਰੇ ਚਾਰ ਵਜੇ ਉੱਠ ਪਿਆ ਸੀ। ਉਸਨੂੰ ਫੇਰ ਸਿਗਰੇਟ ਦੀ ਤਲਬ ਲੱਗੀ। ਧੋਬਨ ਨੂੰ ਡਿਸਟਰਬ ਕੀਤੇ ਬਗ਼ੈਰ ਉਹ ਨਾਲ ਵਾਲੇ ਕਮਰੇ ਵਿਚ ਚਲਾ ਗਿਆ, ਜਿੱਥੇ ਪਾਲ, ਲਾਡੋ ਤੇ ਉਸਦਾ ਬੱਚਾ ਸੁੱਤੇ ਹੋਏ ਸਨ। ਸੰਤ ਰਾਮ ਨੇ ਜ਼ੀਰੋ ਪਾਵਰ ਦਾ ਬੱਲਬ ਜਗਾਇਆ ਤੇ ਉਹਨਾਂ ਵੱਲ ਤੱਕਣ ਲੱÎਗਿਆ। ਹਲਕੀ, ਮੱਧਮ ਜਿਹੀ ਪੀਲੀ ਰੌਸ਼ਨੀ ਵਿਚ ਸਾਰੇ ਫ਼ਰਿਸ਼ਤਿਆਂ ਵਰਗੇ ਲੱਗ ਰਹੇ ਸਨ, ਇਕ ਨਾਲੋਂ ਇਕ ਹੁਸੀਨ, ਸੁੰਦਰ ਤੇ ਖੁਸ਼ਬੂਦਾਰ। ਅੱਜ ਬਾਬੀ ਦੀਆਂ ਬਾਹਾਂ ਮਾਂ ਦੇ ਗ਼ਲੇ ਵਿਚ ਨਹੀਂ ਸਨ। ਉਹ ਬੇਫ਼ਿਕਰੀ ਨਾਲ ਚੌੜਾ ਹੋ ਕੇ ਸੁੱਤਾ ਹੋਇਆ ਸੀ।
ਸੰਤ ਰਾਮ ਨੇ ਸੋਚਿਆ ਕਾਲੇਜ ਭੇਜਣ ਤੋਂ ਪਹਿਲਾਂ ਮੈਂ ਇਸ ਬੱਚੀ ਨੂੰ ਲੈਕਚਰ ਦਿੱਤਾ ਸੀ। ਪਰ ਜੇ ਇਹ ਕੋਈ ਊਚ-ਨੀਚ ਕਰ ਬਹਿੰਦੀ, ਤਾਂ ਕੀ ਮੈਂ ਇਸਨੂੰ ਸੜਕ ਉੱਤੇ ਸੁੱਟ ਦੇਂਦਾ ? ਪਾਲ ਦਾ ਤਜ਼ੁਰਬਾ ਫੇਲ੍ਹ ਹੁੰਦਾ, ਤਾਂ ਮੈਂ ਉਸਨੂੰ ਜ਼ਿੰਦਗੀ ਦੀ ਖੇਡ ਖੇਡਣ ਨਹੀਂ ਸੀ ਸਿਖਾਉਣਾ ? ਇਹ ਨੈਤਿਕਤਾ...ਇਹ ਸੰਸਕ੍ਰਿਤੀ, ਸਭ ਵਾਧੂ ਦੀਆਂ ਗੱਲਾਂ ਨੇ। ਇਹ ਤੇ ਹੋਰ ਬਾਹਰਲੇ ਸਾਰੇ ਬੱਚੇ, ਖੇਡਦੇ ਨੇ, ਡਿੱਗਦੇ ਨੇ, ਫੇਰ ਉੱਠ ਕੇ ਖੇਡਣ ਲੱਗ ਪੈਂਦੇ ਨੇ।...ਧੋਬਨ....? ਧੋਬਨ ਬੇਵਕੂਫ਼ ਹੈ, ਉਹ ਸਿਵਾਏ ਕਪੜੇ ਧੋਣ ਦੇ ਹੋਰ ਕੁਝ ਨਹੀਂ ਜਾਣਦੀ...
ਸੰਤ ਰਾਮ ਨੇ ਸਟੇਟ ਐਕਸਪ੍ਰੈਸ ਦਾ ਕਾਰਟਨ ਕੱÎਢਿਆ ਤੇ ਉਸਨੂੰ ਪੁੱਤਰ ਦੇ ਸਿਰਹਾਣੇ ਰੱਖ ਦਿੱਤਾ। ਜਿਹੜਾ ਰਾਤ ਉਸ ਕਲੇਸ਼ ਕਰਕੇ ਉਹ ਆਪਣੇ ਬੱਚੇ ਨੂੰ ਨਹੀਂ ਸੀ ਦੇ ਸਕਿਆ। ਚੱਲੋ ਇਹ ਤਾਂ ਹੋਰ ਵੀ ਚੰਗਾ ਹੋਇਆ, ਅਚਾਨਕ ਪੂਰਾ ਭਰਿਆ ਕਾਰਟਨ ਵੇਖ ਕੇ ਕਿੰਨਾਂ ਖੁਸ਼ ਹੋਵੇਗਾ ਉਹ...! ਫੇਰ ਸੰਤ ਰਾਮ ਨੇ ਪੁੱਤਰ ਦੇ ਦਿੱਤੇ ਹੋਏ ਰਸ਼ੀਅਨ ਸੋਬਰਾਇਨ ਦੇ ਪੈਕੇਟ ਵਿਚੋਂ ਇਕ ਸਿਗਰੇਟ ਕੱÎਢਿਆ, ਉਸਨੂੰ ਸੁਲਗਾਇਆ ਤੇ ਧੂੰਏਂ ਦੇ ਵੱਡੇ-ਵੱਡੇ ਬੱਦਲ ਛੱਡੇ। ਜ਼ੀਰੋ ਪਾਵਰ ਦੇ ਬੱਲਬ ਦੀ ਰੌਸ਼ਨੀ ਪਹਿਲਾਂ ਹੀ ਕਿੰਨੀ ਕੁ ਸੀ, ਇਸ ਧੂੰਏਂ ਨੇ ਹੋਰ ਵੀ ਧੂੰਦਲਾ ਦਿੱਤੀ...ਤੇ ਬੱਚੇ ਫ਼ਰਿਸ਼ਤਿਆਂ ਨਾਲੋਂ ਵੀ ਵੱਧੇਰੇ ਹੁਸੀਨ ਲੱਗਣ ਲੱਗ ਪਏ। ਸੰਤ ਰਾਮ ਦਾ ਦਿਲ ਕੀਤਾ ਉਹ ਅੱਗੇ ਵਧ ਕੇ ਪਾਲ ਦਾ ਮੂੰਹ ਚੁੰਮ ਲਵੇ...ਪਰ ਕਹਿੰਦੇ ਨੇ, ਸੁੱਤੇ ਬੱਚੇ ਦਾ ਮੂੰਹ ਨਹੀਂ ਚੁੰਮਣਾ ਚਾਹੀਦਾ। ਪਤਾ ਨਹੀਂ ਕਿਉਂ ! ਉਸ ਸਮੇਂ ਤਾਂ ਸੰਤ ਰਾਮ ਨੇ ਇਹੀ ਸੋਚਿਆ ਕਿ ਜੇ ਉਸਨੇ ਇੰਜ ਕੀਤਾ ਤਾਂ ਉਹ ਜਾਗ ਪਏਗਾ...।
ਸੋਬਰਾਇਨ ਦੇ ਚੌਥੇ ਕਸ਼ ਵਿਚ ਕੋਈ ਨਸ਼ਾ ਸੀ ਜਾਂ ਸ਼ਾਇਦ ਸੰਤ ਰਾਮ ਦੀਆਂ ਅੱਖਾਂ ਨੂੰ ਪੁੱਤਰ ਦੇ ਦੀਦ ਦੀ ਸ਼ਰਾਬ ਚੜ੍ਹ ਗਈ ਸੀ। ਉਸਨੇ ਧੂੰਆਂ ਸਾਫ ਕਰਦਿਆਂ ਹੋਇਆਂ ਇਕ ਵਾਰੀ ਫੇਰ ਸਾਰਿਆਂ ਵੱਲ ਤੱÎਕਿਆ ਤੇ ਫੇਰ ਪ੍ਰਾਰਥਨਾਂ ਲਈ, ਪੂਜਾ ਵਾਲੇ ਕਮਰੇ ਵਿਚ ਚਲਾ ਗਿਆ।
24.10.2007. ਈ. ਮੇਲ ਦੇਸ਼ ਦੇਵਕ ।

ਬੇਦੀ ਡੈਂਟਲ ਹੈਲਥ ਸੈਂਟਰ, ਬਾਜਾ ਰੋਡ, ਜੈਤੋ-151202. ( ਪੰਜਾਬ )
ਮੋਬਾਇਲ ਨੰ : 94177-30600.
e-mail : mpbedijaitu@yahoo.co.in

Wednesday, June 10, 2009

ਅੰਤਿਮ ਪਾਠ :: ਲੇਖਕ :ਜੋਗਿੰਦਰ ਪਾਲ

ਉਰਦੂ ਕਹਾਣੀ : ਅੰਤਿਮ ਪਾਠ :: ਲੇਖਕ : ਜੋਗਿੰਦਰ ਪਾਲ
ਅਨੁਵਾਦ : ਮਹਿੰਦਰ ਬੇਦੀ ਜੈਤੋ Í ਮੁਬਾਇਲ : 94177-30600.


ਕਿੱਕ ਵੱਜਦਿਆਂ ਹੀ ਮੋਟਰ ਸਾਈਕਲ ਨੇ ਦਹਾੜ-ਦਹਾੜ ਕੇ ਧੂੰਆਂ ਛੱਡਣਾ ਸ਼ੁਰੂ ਕਰ ਦਿੱਤਾ…ਉਹ ਅਜੇ ਨਿੱਠ ਕੇ ਬੈਠਾ ਵੀ ਨਹੀਂ ਸੀ ਕਿ ਯਕਦਮ ਭੁੜਕੀ ਤੇ ਹਵਾ ਨਾਲ ਗੱਲਾਂ ਕਰਨ ਲੱਗ ਪਈ :

"ਚੱਲਣ ਤੋਂ ਪਹਿਲਾਂ ਬੈਠ ਤਾਂ ਲੈਣ ਦਿਆ ਕਰ ਠੀਕ ਹੋ ਕੇ…।" ਸੰਤੇ ਨੇ ਜ਼ਰਾ ਕੁਸੈਲ ਜਿਹੀ ਨਾਲ ਕਿਹਾ।

"ਬੈਠ ਗਿਆ ਸੰਤਿਆ, ਤਾਂ ਪਹੁੰਚੇਗਾ ਕਿੱਦਾਂ ?"

ਸੰਤੇ ਦਾ ਇਕ ਹੱਥ ਅਜੇ ਤੀਕ ਆਪਣੀ ਪੱਗ ਉੱਤੇ ਸੀ। "ਉਸ ਕਿਹਾ, "ਕਿਸੇ ਦੀ ਮੌਤ ਆ ਜਾਏ ਬੰਤਿਆ, ਤਾਂ ਯਮਰਾਜ ਬੈਠਾ-ਬੈਠਾ ਈ ਜਾ ਪਹੁੰਚਦਾ ਏ, ਸਿੱਧਾ।"

ਤੇ ਬੰਤਾ ਉਸਨੂੰ ਹੱਸ-ਹੱਸ ਦੱਸਣ ਲੱਗ ਪਿਆ ਕਿ ਸਿੱਧਾ ਰਸਤਾ ਏ, ਪਹੂ ਫੁੱਟਣ ਤੋਂ ਪਹਿਲਾਂ ਹੀ ਜਾ ਪਹੁੰਚਾਂਗੇ।

ਅਚਾਨਕ ਸੰਤੇ ਦੀ ਨਿਗਾਹ ਬੰਤੇ ਦੇ ਮੋਢੇ ਉੱਤੇ ਟੰਗੀ ਉਸਦੀ ਸਟੇਨਗਨ ਉੱਤੇ ਆ ਪਈ, ਜਿਸਦੀ ਨਾਲੀ ਦਾ ਮੂੰਹ ਉਸਦੀ ਛਾਤੀ ਵੱਲ ਹੋਇਆ ਹੋਇਆ ਸੀ---ਉਸਨੇ ਘਬਰਾਅ ਕੇ ਕਾਹਲ ਨਾਲ ਗਨ ਦੇ ਬਜਾਏ, ਕੁੜਤੇ ਦੇ ਅੰਦਰੇ-ਅੰਦਰ, ਆਪਣੀ ਪੁਜੀਸ਼ਨ ਬਦਲ ਲਈ…ਪਰ ਬੰਤੇ ਦੀ ਗਨ ਦਾ ਮੂੰਹ ਓਵੇਂ ਦੀ ਜਿਵੇਂ ਆਪਣੀ ਛਾਤੀ ਵੱਲ ਉੱਠਿਆ ਦੇਖ ਕੇ, ਰਤਾ ਪ੍ਰੇਸ਼ਾਨੀ ਜਿਹੀ ਨਾਲ ਕਿਹਾ ਕਿ 'ਇਸ ਮਾਂ ਨੂੰ ਮੇਰੀ ਛਾਤੀ ਵੱਲ ਕਿਉਂ ਕੀਤਾ ਹੋਇਆ ਏ ?'

ਬੰਤੇ ਨੇ ਆਪਣਾ ਸੱਜਾ ਹੱਥ ਮੋਟਰ ਸਾਈਕਲ ਦੇ ਹੈਂਡਲ ਤੋਂ ਚੁੱਕ ਕੇ ਗਨ ਦੀ ਨਾਲੀ ਦਾ ਮੂੰਹ ਆਪਣੇ ਅੱਗੇ ਵੱਲ ਕਰ ਲਿਆ :

"ਡਰਦਾ ਕਿਉਂ ਪਿਐਂ ਸੰਤਿਆ, ਮਾਵਾਂ ਡੈਣਾ ਵੀ ਹੋਣ ਤਾਂ ਵੀ ਆਪਣੀ ਔਲਾਦ ਨੂੰ ਨਹੀਂ ਖਾਂਦੀਆਂ।"

ਸੰਤੇ ਨੇ ਲਿੱਸੀ-ਜਿਹੀ ਆਵਾਜ਼ ਵਿਚ ਉਸਨੂੰ ਦੱਸਿਆ ਕਿ 'ਡੈਣਾ ਬੇ-ਔਲਾਦ ਹੁੰਦੀਆਂ ਨੇ। ਉਹ ਮਾਵਾਂ ਹੋਣ, ਤਾਂ ਡੈਣਾ ਕਿੰਜ ਹੋ ਸਕਦੀਆਂ ਨੇ ?' ਉਸਨੇ ਸੁਣਿਆ ਸੀ ਕਿ ਉਸਦੇ ਜਨਮ ਸਮੇਂ ਜਾਂ ਤਾਂ ਉਸਨੂੰ ਬਚਾਇਆ ਜਾ ਸਕਦਾ ਸੀ, ਜਾਂ ਫੇਰ ਉਸਦੀ ਮਾਂ ਨੂੰ, ਤੇ ਉਸਦੀ ਮਾਂ ਨੇ ਹੱਥ ਜੋੜ-ਜੋੜ ਕੇ ਇਹ ਫਰਿਆਦ ਕਰਦਿਆਂ ਹੋਇਆਂ ਪ੍ਰਾਣ ਤਿਆਗ ਦਿੱਤੇ ਸਨ, ਕਿ 'ਮੇਰੀ ਫਿਕਰ ਨਾ ਕਰੋ, ਕਿਸੇ ਤਰ੍ਹਾਂ ਮੇਰੇ ਬੱਚੇ ਨੂੰ ਬਚਾਅ ਲਓ।' ਆਪਣੀ ਮਾਂ ਵੱਲ ਧਿਆਨ ਜਾਂਦਿਆਂ ਹੀ ਛੇ ਫੁੱਟਾ ਸੰਤਾ, ਅੰਦਰੇ-ਅੰਦਰ, ਨਿੱਕਾ ਜਿਹਾ ਬਾਲ ਬਣ ਗਿਆ ਤੇ ਨਿੱਕੇ-ਨਿੱਕੇ ਹੱਥ-ਪੈਰ ਮਾਰਦਾ ਹੋਇਆ ਉੱਚੀ ਉੱਚੀ ਰੋਣ ਲੱਗ ਪਿਆ, ਜਾਂ ਫੇਰ ਮਾਂ ਦੇ ਹੱਥਾਂ ਵਿਚ ਉੱਛਲ-ਉੱਛਲ ਹੱਸਣ ਲੱਗ ਪਿਆ---ਨਹੀਂ, ਉਹਨੂੰ ਆਪਣੀ ਮਾਂ ਦੀ ਸ਼ਕਲ ਜਾਂ ਮੁਹਾਂਦਰਾ ਉੱਕਾ ਹੀ ਚੇਤਾ ਨਹੀਂ ਸੀ, ਚੇਤੇ ਹੁੰਦਾ ਵੀ ਕਿੰਜ ? ਘਰੇ ਉਸਦੀ ਕੋਈ ਤਸਵੀਰ ਹੀ ਨਹੀਂ ਸੀ। ਉਹ ਆਪਣੇ ਬਾਪੂ ਤੋਂ ਸਮਝਣ ਦੀ ਕੋਸ਼ਿਸ਼ ਕਰਦਾ ਪਰ ਹਰ ਵਾਰੀ ਆਪਣੇ ਬਾਪੂ ਦੇ ਇਕ ਵੱਖੋ ਵੱਖਰੇ ਬਿਆਨਾਂ ਸਦਕਾ, ਉਸਦੀ ਮਾਂ ਦੀ ਇਕ ਨਵੀਂ ਨੁਹਾਰ ਬਣ ਜਾਂਦੀ।

"ਹਦ ਏ ਬਾਪੂ ! ਤੇਰੀਆਂ ਗੱਲਾਂ ਸੁਣ-ਸੁਣ ਕੇ ਤਾਂ ਭਾਬੋ ਹਰ ਵਾਰੀ ਹੋਰ ਦੀ ਹੋਰ ਈ ਲੱਗਣ ਲੱਗ ਪੈਂਦੀ ਆ"

"ਤੈਨੂੰ ਕੀ ਦੱਸਾਂ ਪੁੱਤਰਾ !" ਉਸਦਾ ਰੰਡਾ-ਪਿਓ ਉਸਨੂੰ ਉਤਰ ਦੇਂਦਾ ਕਿ 'ਉਸਦੀ ਭਾਬੋ ਇਕ ਅਜੀਬ ਸ਼ੈ ਸੀ। ਜਿਹੜੀ ਔਰਤ ਵੀ ਸੋਚ ਲਓ, ਉਹ ਉਹੋ ਜਿਹੀ ਲੱਗਣ ਲੱਗ ਪੈਂਦੀ ਸੀ।'

ਸੋ ਸੁਣਦਿਆਂ-ਸੁਣਦਿਆਂ ਸੰਤੇ ਨੂੰ ਵੀ ਹਰੇਕ ਔਰਤ ਆਪਣੀ ਮਾਂ ਹੀ ਲੱਗਣ ਲੱਗ ਪਈ ਸੀ---ਇੱਥੋਂ ਤਕ ਕਿ ਆਪਣੇ ਪਤਨੀ ਨੂੰ ਗਲ ਲਾਉਣ ਲੱਗਿਆਂ ਵੀ ਕਈ ਵਾਰੀ ਉਹ ਇੰਜ ਬਿਲਕ-ਬਿਲਕ ਕੇ ਰੋਣ ਲੱਗ ਪੈਂਦਾ ਸੀ, ਜਿਵੇਂ ਆਪਣੀ ਗਵਾਚੀ ਹੋਈ ਮਾਂ ਦੀਆਂ ਛਾਤੀਆਂ 'ਤੇ ਆਪਣਾ ਅੱਡਿਆ ਹੋਇਆ ਮੂੰਹ ਰੱਖਿਆ ਹੋਇਆ ਹੋਵੇ।

ਗੱਡੀ ਸਿੱਧੀ ਸੜਕ 'ਤੇ ਸਰਪਟ ਦੌੜੀ ਜਾ ਰਹੀ ਸੀ ਕਿ ਬੰਤੇ ਨੇ ਅਚਾਨਕ ਅੱਗੋਂ ਆਪਣੇ ਸਾਥੀ ਨੂੰ ਆਵਾਜ਼ ਮਾਰੀ ਤੇ ਕੋਈ ਉਤਰ ਨਾ ਮਿਲਣ ਤੇ ਹੋਰ ਉੱਚੀ ਕੂਕਿਆ, "ਓਇ ਸੰਤਿਆ!---"

"ਹਾਂ ? -ਹ-ਹਾਂ---!"

"ਸੌਂ ਗਿਆ ਸੈਂ ?---ਹੁਣੇ ਏਥੇ ਰੋ ਕੌਣ ਰਿਹਾ ਸੀ ?"

"ਹੋਰ ਕੋਈ ਨਹੀਂ, ਤਾਂ ਮੈਂ ਈ ਰੋ ਰਿਹਾ ਹੋਵਾਂਗਾ।"

"ਪਰ ਤੂੰ ਤਾਂ ਸੌਂ ਰਿਹਾ ਸੈਂ, ਸੰਤ ਸਿਆਂ !"

"ਤਾਂ ਕੀ ਸੁਪਨਿਆਂ 'ਚ ਰੋਣ ਵਾਸਤੇ ਵੀ ਤੇਰੇ ਹੁਕਮ ਦੀ ਲੋੜ ਪਿਆ ਕਰੇਗੀ ਹੁਣ ?"

ਬੰਤਾ ਚਿੜ ਗਿਆ ਤੇ ਕਹਿਣ ਲੱਗਾ ਕਿ 'ਮੈਨੂੰ ਕੀ ? ਸੁਪਨਿਆਂ ਵਿਚ ਰੋ ਭਾਵੇਂ ਦੀ ਜਾਗਦਾ ਹੋਇਆ---ਮੈਂ ਤਾਂ ਉਜ ਈ ਪੁੱਛ ਰਿਹਾ ਸਾਂ ਬਈ ਏਥੇ ਰੋ ਕੌਣ ਰਿਹਾ ਸੀ ?'

ਓਦੋਂ ਹੀ ਮੋਟਰ ਸਾਈਕਲ ਨੇ ਪਟਾਖ਼ਾ ਜਿਹਾ ਮਾਰਿਆ ਤੇ ਸੰਤੇ ਨੂੰ ਲੱਗਿਆ ਕਿ ਉਸਦੇ ਕੁੜਤੇ ਦੇ ਹੇਠ ਉਸਦੀ ਗਨ ਆਪਣੇ ਆਪ ਚੱਲ ਗਈ ਹੈ ਤੇ ਉਹ ਠਠੰਬਰ ਗਿਆ---

"ਮੈਨੂੰ ਲੱਗਿਆ, ਮੇਰੀ ਗਨ ਚੱਲ ਗਈ ਏ।" ਉਹ ਆਪਣੇ ਉੱਖੜੇ ਹੋਏ ਸਾਹਾਂ ਨੂੰ ਕਾਬੂ ਕਰਨ ਲੱਗਾ।

"ਗਨਾਂ ਆਪਣੇ ਆਪ ਥੋੜ੍ਹਾ ਈ ਚਲਦੀਆਂ ਨੇ ਕਮਲਿਆ !"

"ਕੁਝ ਵੀ ਕਹਿ ਲੈ ਸਾਊਆ, ਚੱਲਦੀਆਂ ਤਾਂ ਆਪਣੇ ਈ ਨੇ।" ਸੰਤਾ ਜ਼ਰਾ ਰੁਕਿਆ ਕਿ ਆਪਣੇ ਸਾਥੀ ਨੂੰ ਕਿੰਜ ਸਮਝਾਵੇ ਤੇ ਫੇਰ ਉਸੇ ਨੂੰ ਪੁੱਛਣ ਲੱਗਾ, "ਸੱਚ-ਸੱਚ ਦੱਸ, ਕੀ ਅਸੀਂ ਆਪਣੀ ਮਰਜ਼ੀ ਨਾਲ ਗਨਾਂ ਚਲਾਉਣ ਨਿਕਲ ਪਏ ਆਂ ?"

"ਤੂੰ ਬੜਾ ਗੁੱਝਾ ਬੰਦਾ ਐਂ, ਓਇ ਸੰਤ ਸਿਆਂ," ਬੰਤਾ ਕਹਿਣ ਲੱਗਾ---

"ਏਸੇ ਲਈ ਕਿਸੇ ਕੰਮ ਦਾ ਨਹੀਂ। ਸਿੱਧੀ ਗੱਲ ਏ, ਜੱਲਾਦ, ਹੁਕਮ ਅਦੂਲੀ ਕਰੇਗਾ, ਤਾਂ ਖ਼ੁਦ ਫਾਂਸੀ ਚੜ੍ਹੇਗਾ।"

"ਹਾਂ, ਬੰਤਿਆ, ਏਸੇ ਲਈ ਮੈਂ ਕਹਿਣੈ, ਤੂੰ ਮੈਂ ਕੌਣ ਆਂ ਜੋ ਵਾਹੇਗੁਰੂ ਦੀ ਮਰਜ਼ੀ ਨੂੰ ਟਾਲ ਜਾਈਏ ?" ਪ੍ਰੇਸ਼ਾਨ ਜਿਹਾ ਹੋ ਕੇ ਉਹ ਸੁਭਾਅ ਅਨੁਸਾਰ ਆਪਣੀ ਦਾੜ੍ਹੀ ਖੁਰਕਣ ਲੱਗ ਪਿਆ ਸੀ। ਤੇ ਫੇਰ ਜਿਵੇਂ ਆਪਣੇ ਆਪ ਨੂੰ ਹੀ ਸਮਝਾਉਣ ਖਾਤਰ ਗੱਲ ਨੂੰ ਇੰਜ ਮੋੜਿਆ ਸੀ ਕਿ 'ਆਪਣੀ ਗਨ ਦਾ ਮੂੰਹ ਖੋਲ੍ਹਦਿਆਂ ਹੋਇਆਂ ਮੈਨੂੰ ਤਾਂ ਪਤਾ ਹੁੰਦਾ ਏ, ਮੇਰੀ ਆਪਣੀ ਕੋਈ ਇੱਛਾ ਨਹੀਂ, ਜਿਵੇਂ ਮੇਰੀ ਗਨ ਦੀ ਇੱਛਾ ਹੀ ਮੇਰੀ ਇੱਛਾ ਬਣ ਗਈ ਹੈ।'

"ਤੇਰੇ ਬੱਚੇ ਜਿਊਂਦੇ ਰਹਿਣ," ਬੰਤੇ ਨੇ ਖੁਸ਼ ਹੋ ਕੇ ਕਿਹਾ, "ਤੂੰ ਮੈਨੂੰ ਸੁਰਖਰੂ ਕਰ ਦਿੱਤੈ, ਨਹੀਂ ਤਾਂ ਮੈਂ ਤਾਂ ਸਮਝਦਾ ਸਾਂ, ਜਿਹਨਾਂ ਨੂੰ ਮਾਰਨਾਂ, ਮੈਂ ਈ ਮਾਰਨਾਂ ਵਾਂ।"

ਪਰ ਉਸਦੀ ਗੱਲ ਸੁਣ ਕੇ ਸੰਤੇ ਨੇ ਇਹ ਸ਼ੰਕਾ ਪ੍ਰਗਟ ਕੀਤੀ ਕਿ 'ਜੇ ਕਿਤੇ ਸਾਡੀਆਂ ਬੰਦੂਕਾਂ ਨੇ ਸਾਡੇ ਹੀ ਬੱਚਿਆਂ ਵੱਲ ਆਪਣੇ ਮੂੰਹ ਭੁਆਂ ਲਏ ਫੇਰ ?'

"ਅਹਿ ਕਿਵੇਂ ਹੋ ਸਕਦੈ ?" ਬੰਤੇ ਨੇ ਭੰਵਤਰ ਕੇ ਮੋਟਰ ਸਾਈਕਲ ਦੀ ਗਤੀ ਹੋਰ ਵਧਾ ਦਿੱਤੀ, "ਤੂੰ ਬੜਾ ਔਖਾ ਆਦਮੀ ਏਂ ਓਇ !"

ਔਖੇ ਆਦਮੀ ਨੇ ਉਤਰ ਵਿਚ ਏਡਾ ਉੱਚਾ ਠਹਾਕਾ ਲਾਇਆ ਕਿ ਸੜਕ ਦੇ ਦੋਹੇਂ ਪਾਸੇ ਹਨੇਰੇ ਰੁੱਖਾਂ ਦੀਆਂ ਟਾਹਣੀਆਂ ਉੱਤੇ ਸੁੱਤੇ ਹੋਏ ਪਰਿੰਦੇ, ਆਪਣੇ ਖੰਭ ਫੜਫੜਾਉਣ ਲੱਗ ਪਏ।

ਠਹਾਕੇ ਪਿੱਛੋਂ ਸੰਤਾ ਹਲਕਾ ਜਿਹਾ ਹੋ ਗਿਆ ਤੇ ਬੜੀ ਸ਼ਰਧਾ ਨਾਲ ਜਪੁਜੀ ਸਾਹਿਬ ਦੀ ਅਠਾਰ੍ਹਵੀਂ ਪੌੜੀ ਉੱਚੀ-ਉੱਚੀ ਪੜ੍ਹਨ ਲੱਗਾ :

"ਅਸੰਖ ਮੂਰਖ, ਅੰਧ ਘੋਰ ।
ਅਸੰਖ ਚੋਰ ਹਰਾਮਖੋਰ ।
ਅਸੰਖ ਅਮਰ ਕਰਿ ਜਾਹਿ ਜੋਰ।
ਅਸੰਖ ਗਲਵਢ ਹਤਿਆ ਕਮਾਹਿ---"

"ਸੰਤਿਆ---" ਬੰਤੇ ਨੇ ਪਤਾ ਨਹੀਂ ਕੀ ਕਹਿਣ ਲਈ ਮੂੰਹ ਖੋਲ੍ਹਿਆ, ਪਰ ਇਸ ਡਰ ਨਾਲ ਕਿ ਗੁਰਬਾਣੀ ਜਪਦੇ ਬੰਦੇ ਨੂੰ ਟੋਕਣਾ ਪਾਪ ਹੁੰਦਾ ਹੈ, ਉਹ ਸਤਿਨਾਮ ਵਾਹਿਗੁਰੂ ਕਹਿ ਕੇ ਚੁੱਪ ਹੋ ਗਿਆ।

"ਅਸੰਖ ਪਾਪੀ ਪਾਪੁ ਕਰ ਜਾਹਿ ।।
ਅਸੰਖ ਕੁੜਿਆਰ ਕੂੜੇ ਫਿਰਾਹਿ ।
ਅਸੰਖ ਮਲੇਛ ਮਲੁ ਭਖਿ ਖਾਹਿ ।
ਅਸੰਖ ਨਿੰਦਕ ਸਿਰਿ ਕਰਹਿ ਭਾਰੁ ।
ਨਾਨਕ ਨੀਚੁ ਕਹੈ ਵੀਚਾਰੂ ।
ਵਾਰਿਆ ਨ ਜਾਵਾ ਏਕ ਵਾਰ ।
ਜੋ ਤੁਧੁ ਭਾਵੈ ਸਾਈ ਭਲੀ ਕਾਰ ।
ਤੂ ਸਦਾ ਸਲਾਮਤਿ ਨਿਰੰਕਾਰ ।"

"ਸਤਿਨਾਮ ਸਿਰੀ ਵਾਹਿਗੁਰੂ !"

"ਬੰਤਿਆ, ਸੱਚਾ ਪਾਦਸ਼ਾਹ ਸਾਨੂੰ ਜ਼ਰੂਰ ਬਖ਼ਸ਼ ਦਏਗਾ।"

"ਪਰ ਅਸੀਂ ਕੀਤਾ ਕੀ ਏ ਸੰਤਿਆ ?"

ਸੰਤੇ ਨੂੰ ਬੰਤੇ ਤੇ ਤਰਸ ਆਉਣ ਲੱਗ ਪਿਆ ਕਿ ਵਿਚਾਰਾ ਆਪਣਾ ਦੁੱਖ ਵੀ ਨਹੀਂ ਸਮਝ ਰਿਹਾ। ਉਹ ਮਨ ਹੀ ਮਨ ਵਿਚ ਪ੍ਰਾਰਥਨਾਂ ਕਰਨ ਲੱਗਾ ਕਿ ਸੱਚੇ ਪਾਦਸ਼ਾਹ ਉਹਨਾਂ ਦੋਹਾਂ ਨੂੰ ਬਖ਼ਸ਼ ਦੇ, ਕਿ ਉਹ ਮਾੜੇ ਕੰਮ ਤਾਂ ਜ਼ਰੂਰ ਕਰਦੇ ਨੇ ਪਰ ਸੱਚਾ ਪਾਦਸ਼ਾਹ ਤਾਂ ਜਾਣਾ ਹੀ ਹੈ ਕਿ ਉਹ ਮਾੜੇ ਬੰਦੇ ਨਹੀਂ---ਤੂੰ ਨਹੀਂ ਵੀ ਜਾਣਦਾ ਸੱਚੇ ਪਾਦਸ਼ਾਹ, ਫੇਰ ਵੀ ਬਖ਼ਸ਼ ਦੇਅ। ਤੇਰੀ ਬਖ਼ਸ਼ਿਸ਼ ਬੇਹਿਸਾਬ ਹੈ---ਉਹ ਦੋਹੇਂ ਹੱਥ ਜੋੜ ਕੇ ਸਿਰ ਝੁਕਾ ਰਿਹਾ ਸੀ ਕਿ ਬੰਤੇ ਨੇ ਮੋਟਰ ਸਾਈਕਲ ਦੀ ਗਤੀ ਹੋਰ ਤੇਜ਼ ਕਰ ਦਿੱਤੀ ਤੇ ਉਹ ਝਟਕਾ ਖਾ ਕੇ ਡਿੱਗਣੋਂ ਮਸਾਂ ਹੀ ਬਚਿਆ, "ਤੂੰ ਮੈਨੂੰ ਲੈ ਡੁੱਬੇਂਗਾ।"

"ਨਹੀਂ, ਸੰਤਿਆ ਤੇਰੇ ਕਰਕੇ ਮੈਂ ਵੀ ਤਰ ਜਾਵਾਂਗਾ।"

ਸੰਤਾ ਸੋਚਣ ਲੱਗਿਆ ਕਿ ਉਸਦਾ ਯਾਰ ਬੰਤਾ ਉੱਪਰੋਂ ਸੰਘੜੇ ਵਾਂਗਰ ਕੰਡੇਦਾਰ ਤੇ ਕਾਲਾ ਹੈ ਪਰ ਉਸਨੂੰ ਜ਼ਰਾ ਛਿੱਲ ਲਿਆ ਜਾਏ ਤਾਂ ਸੰਘਾੜੇ ਵਾਂਗ ਹੀ ਮਿਠਾਸ ਤੇ ਚਿੱਟੀ ਦੁੱਧ ਗਿਰੀ ਨਿਕਲ ਆਉਂਦੀ ਏ, ਜਿਸ ਨੂੰ ਖਾ ਲੈਣ ਪਿੱਛੋਂ ਵੀ ਉਸਦਾ ਸਵਾਦ ਮੂੰਹ ਵਿਚੋਂ ਨਹੀਂ ਜਾਂਦਾ। ਉਸਦੀ ਨਾਨੀ ਉਸਦੇ ਸਾਹਮਣੇ ਸੰਘਾੜਿਆਂ ਦੇ ਢੇਰ ਲਾ ਦੇਂਦੀ ਸੀ---'ਖਾਹ ਪੁੱਤਰ, ਖ਼ੂਬ ਢਿੱਡ ਭਰ ਕੇ ਖਾਹ !' ਨਾਨੀ ਨੇ ਉਸਨੂੰ ਦੱਸਿਆ ਸੀ ਕਿ 'ਉਸਦੀ ਮਾਂ ਵੀ ਸੰਘਾੜੇ ਖਾਂਦੀ, ਕਦੀ ਨਹੀਂ ਸੀ ਰੱਜਦੀ।---ਪੁੱਤਰ, ਕੱਲ੍ਹ ਤੂੰ ਧੁੱਪ 'ਚ ਵਾਲ ਖੋਲ੍ਹ ਕੇ ਬੈਠਾ ਸੰਘਾੜੇ ਖਾ ਰਿਹਾ ਸੀ, ਮੈਨੂੰ ਲੱਗਿਆ, ਸਾਕਸ਼ਾਤ ਮੇਰੀ ਅਮਰਕੌਰ ਆ ਗਈ ਏ'---ਨਾਨੀ ਨੇ ਉਸਨੂੰ ਘੁੱਟ ਕੇ ਜੱਫੀ ਪਾ ਲਈ ਸੀ ਤੇ ਉਸਨੂੰ ਇਕ ਮਾਸੂਮ ਜਿਹਾ ਖ਼ਿਆਲ ਆਇਆ ਕਿ 'ਕੀ ਪਤਾ---ਹਾਂ, ਕੀ ਪਤੈ, ਕਿ ਉਸਨੂੰ ਜਨਮ ਦੇਂਦੀ ਹੋਈ ਭਾਬੋ ਇਸੇ ਲਈ ਮਰੀ ਹੋਏ ਕਿ ਉਸਦੀ ਜਾਨ ਉਸ ਵਿਚ ਆ ਪਏ---' ਉਹ ਸ਼ੀਸ਼ੇ ਸਾਹਮਣੇ ਖਲੋ ਕੇ ਆਪਣੇ ਆਪ ਨੂੰ ਇਕ ਭਰਪੂਰ ਔਰਤ ਦੇ ਰੂਪ ਵਿਚ ਦੇਖਣ ਲੱਗਦਾ---'ਤਾਂ ਇਹ ਹੈ ਮੇਰੀ ਭਾਬੋ ! ਭਾਬੋ !'---ਰਾਤ ਨੂੰ ਨਾਨੀ ਉਸਨੂੰ ਜੱਫੀ ਪਾ ਕੇ ਸੌਂਦੀ, ਜਿਵੇਂ ਬੁੱਢੀ ਨੂੰ ਡਰ ਹੋਏ ਕਿ ਉਹ ਆਪਣੇ ਸੁਪਨਿਆਂ ਵਿਚ ਖੇਡਦਾ-ਖੇਡਦਾ ਹੀ ਕਿਸੇ ਪਾਸ ਨਿਕਲ ਜਾਏਗਾ, ਗਵਾਚ ਜਾਏਗਾ, ਹਾਲਾਂਕਿ ਸੁੱਤੇ ਹੋਏ ਦੀ ਉਸਦੀ ਸਾਰੀ ਸਾਰੀ ਦੁਨੀਆਂ ਉਸੇ ਮੰਜੇ ਉੱਤੇ ਸਿਮਟ ਆਈ ਹੁੰਦੀ ਸੀ ਤੇ ਉਹ ਆਪ ਹੀ ਆਪਣੀ ਮਾਂ ਬਣਿਆ, ਆਪ ਹੀ ਮਾਂ ਦੇ ਹੱਥਾਂ ਵਿਚ ਉੱਛਲ-ਉੱਛਲ ਬੇਕਾਬੂ ਹੁੰਦਾ ਰਹਿੰਦਾ ਸੀ ਤੇ ਖਿੜਖਿੜ ਹੱਸੀ ਜਾ ਰਿਹਾ ਹੁੰਦਾ ਸੀ।

"ਸੰਤਿਆ !---ਓਇ ਸੰਤਿਆ !---"

"ਹਾਂ---ਆਂ !"

"ਫੇਰ ਸੌਂ ਗਿਆ ਸੈਂ ?" ਬੰਤਾ ਹੱਸਿਆ, "ਹੁਣੇ-ਹੁਣੇ ਐਥੇ ਹੱਸ ਕੌਣ ਰਿਹਾ ਸੀ ?"

ਸੰਤੇ ਨੇ ਉਤਰ ਦਿੱਤਾ, "ਜੇ ਤੂੰ ਨਹੀਂ ਹੱਸਿਆ ਤਾਂ ਮੈਂ ਹੀ ਹੱਸ ਰਿਹਾ ਹੋਵਾਂਗਾ, ਹੋਰ ਐਥੇ ਹੈ ਕੌਣ ?"

"ਨਹੀਂ ਸੰਤਿਆ," ਉਹ ਬੜੀ ਗੰਭੀਰਤਾ ਨਾਲ ਉਸਨੂੰ ਪੁੱਛਣ ਲੱਗਾ, "ਕੀ ਪਤਾ ਕੋਈ ਛਲੇਡਾ ਸਾਡੇ ਪਿੱਛੇ ਲੱਗ ਗਿਆ ਹੋਏ ?"

"ਛਲੇਡਾ ਪਿੱਛੇ ਨਹੀ ਲੱਗਦਾ," ਸੰਤਾ ਬੰਤੇ ਨੂੰ ਦੱਸਣ ਲੱਗਾ, "ਲੋਕ ਹੀ ਉਸਦੇ ਪਿੱਛੇ ਲੱਗ ਜਾਂਦੇ ਨੇ।" ਉਹ ਹੈਰਾਨ ਸੀ ਕਿ ਇਹ ਪੱਕਾ ਰਸਤਾ ਖਤਮ ਕਿਉਂ ਨਹੀਂ ਸੀ ਹੋ ਰਿਹਾ ! ਉਹਨਾਂ ਇਸ ਰਸਤੇ 'ਤੇ ਸਿੱਧੇ ਹੀ ਜਾਣਾ ਸੀ। ਕੁਝ ਕੋਹ ਅੱਗੇ ਜਾ ਕੇ ਤਾਰਕੋਲ ਦੀ ਸੜਕ ਵਿਚੋਂ ਹੀ ਉਹ ਸਿੱਧਾ ਕੱਚਾ ਰਸਤਾ ਸ਼ੁਰੂ ਹੋਣਾ ਸੀ। ਜਿਸ ਉੱਤੇ ਸਿੱਧੇ ਜਾ ਕੇ ਸਹਿਜੇ ਹੀ ਉਹਨਾਂ ਉਸ ਪਿੰਡ ਪਹੁੰਚ ਜਾਣਾ ਸੀ। ਤੇ ਉਹਨਾਂ ਦੋਹਾਂ ਨੇ ਇੱਥੋਂ ਦੇ ਨੰਬਰਦਾਰ ਦੇ ਪੂਰੇ ਪੂਰੇ ਕੁਣਬੇ ਨੂੰ ਆਪਣੀਆਂ ਸਨੇਟਗਨਾਂ ਦੀਆਂ ਗੋਲੀਆਂ ਨਾਲ ਫੁੰਡ ਸੁੱਟਣਾ ਸੀ। ਸੰਤਾ ਬੰਤੇ ਨੂੰ ਪੁੱਛਣਾ ਚਾਹੁੰਦਾ ਸੀ ਕਿ 'ਕੀ ਨੰਬਰਦਾਰ ਗਰੀਬ ਦਾ ਪੱਤਾ ਕੱਟਣਾ ਜ਼ਰੂਰੀ ਹੈ ? ਉਹ ਉਸਦੇ ਸਾਰੇ ਕੁਣਬੇ ਦਾ ਮਲੀਆ ਮੇਟ ਕਰਨ ਜਾ ਰਹੇ ਨੇ, ਪਰ ਕਿਉਂ ? ਉਸ ਵਿਚਾਰੇ ਨੇ ਉਹਨਾਂ ਦਾ ਕੀ ਵਿਗਾੜਿਆ ਹੈ ?

ਇਸੇ ਦੌਰਾਨ ਮੋਟਰ ਸਾਈਕਲ ਵਿਚ ਬੁੱਢੇ ਕੁੱਤੇ ਨੂੰ ਦੜਦੀ ਹੋਈ ਅੱਗੇ ਲੰਘ ਗਈ।

"ਸੰਭਲ ਕੇ ਬੰਤਿਆ, ਖਾਹਮਖਾਹ ਬੇ-ਜ਼ੁਬਾਨ ਦੀ ਜਾਨ ਲੈ ਲਈ ਆ।"

"ਜਾਨ ਪਿਆਰੀ ਸੀ ਤਾਂ ਸੜਕ ਦੇ ਵਿਚਕਾਰ, ਰਸਤਾ ਕਿਉਂ ਰੋਕੀ ਖੜ੍ਹਾ ਸੀ ?"

ਸੰਤੇ ਦੀ ਸਮਝ ਵਿਚ ਆਉਣ ਲੱਗਾ ਕਿ ਯਾਰ-ਮਿੱਤਰ ਉਸਨੂੰ ਦੂਰੋਂ ਆਉਂਦਾ ਦੇਖ ਕੇ ਹੀ ਏਧਰ-ਉੱਧਰ ਕਿਉਂ ਹੋ ਜਾਂਦੇ ਨੇ। ਜਾਣਦੇ ਨੇ, ਸਪੀਡ ਵਿਚ ਅੰਨ੍ਹੇਵਾਹ ਭਜਾਈ ਤੁਰਿਆ ਆ ਰਿਹਾ ਹੈ। ਉਸਦਾ ਰਸਤਾ ਖਾਲੀ ਹੀ ਛੱਡ ਦਿਓ, ਜਿੱਥੇ ਜਾਣਾ ਏਂ ਜਾਵੇ ਪਿਆ, ਸਾਨੂੰ ਕੀ ?---ਹੋਰ ਤਾਂ ਹੋਰ ਉਸਦਾ ਜਿਗਰੀ ਯਾਰ ਬਚਨਾ ਵੀ ਹੁਣ ਉਸ ਤੋਂ ਕੰਨੀ ਬਚਾਉਣ ਲੱਗ ਪਿਆ ਸੀ। ਇਕ ਜ਼ਮਾਨਾ ਹੁੰਦਾ ਸੀ ਕਿ ਰੋਜ਼ ਦੇ ਖਾਧੇ-ਪੀਤੇ ਬਾਰੇ ਵੀ, ਸਿਰ ਜੋੜ ਕੇ, ਇੰਜ ਗੱਲਾਂ ਕੀਤੀਆਂ ਜਾਂਦੀਆਂ ਸਨ ਜਿਵੇ ਕੋਈ ਆਪਣੇ ਗੂੜ੍ਹੇ ਭੇਦ ਉਗਲ ਕੇ ਮਨ ਨੂੰ ਚੈਨ ਆ ਰਿਹਾ ਹੋਏ।

"ਓਇ ਬਚਨਿਆਂ !"
"ਹਾਂ, ਬਈ ਸੰਤਿਆ !"
"ਪਤਾ ਈ ਫੇਰ ਕੀ ਹੋਇਆ ?"
"ਬਚਨੇ ਦੇ ਕੰਨ ਖੜ੍ਹੇ ਹੋ ਜਾਂਦੇ, ਕੀ ਹੋਇਆ ?"
"ਫੇਰ ਮੈਂ ਮੱਖਨ ਵਾਲੀ ਲੱਸੀ ਦੇ ਦੋ ਵੱਡੇ ਗਲਾਸ ਚੜ੍ਹਾ ਗਿਆ।
"ਅੱਛਾ ?
"ਹਾਂ, ਫੇਰ ਵੀ ਜੀਅ ਨਾ ਭਰਿਆ ਤਾਂ ਭਰਿਆ ਤਾਂ ਮੈਂ ਚਾਚੀ ਦਾ ਹਿੱਸਾ ਵੀ ਚੋਰੀਓਂ ਅੰਦਰ ਰੋੜ੍ਹ ਲਿਆ---"
"ਅੱਛਾ !" ਉਸਨੇ ਪੁੱਛਿਆ, "ਫੇਰ ਤਾਂ ਚਾਚੀ ਭੁੱਖੀ ਰਹਿ ਗਈ ਹੋਊ ?"
"ਨਹੀਂ...ਚਾਚੀ, ਚਾਚੇ ਦੇ ਮਾਲ ਤੇ ਹੱਥ ਸਾਫ ਕਰ ਲੈਂਦੀ ਆ।"
"ਹਾ-ਹਾ-ਹਾ !---"
ਉਹਨਾਂ ਦੋਹਾਂ ਦੇ ਠਹਾਕੇ ਇੰਜ ਘੁਲਮਿਲ ਜਾਂਦੇ ਜਿਵੇਂ ਦੋਹਾਂ ਦੇ ਬਜਾਏ ਕੋਈ ਇਕੋ ਠਹਾਕੇ ਲਾ ਰਿਹਾ ਹੋਏ।

"ਹਾਏ ਏਨੀ ਧੁੱਪ ਵਿਚ ਬੱਦਲ ਕਿੱਥੇ ਗੱਜਣ ਪਿਆ ਏ ਨੀਂ ?" ਉਸਦੀ ਚਾਚੀ ਦੌੜ ਕੇ ਵਿਹੜੇ ਵਿਚ ਆਉਂਦੀ, "ਕਿਧਰੇ ਮੇਰੇ ਦਾਣੇ ਨਾ ਭਿੱਜ ਜਾਣ।" ਤੇ ਉੱਥੇ ਉਹਨਾਂ ਦੋਹਾਂ ਨੂੰ ਹਾਸਿਆਂ ਦੇ ਠਹਾਕੇ ਲਾਉਂਦਿਆਂ ਦੇਖਦੀ ਤਾਂ ਹਿਰਖ ਜਾਂਦੀ, "ਐਨੇ ਜ਼ੋਰ ਨਾਲ ਹੱਸੋਗੇ ਗਰਕ ਜਾਣਿਓਂ ਤਾਂ ਰਸਤਾ ਭੁੱਲ ਜਾਓਗੇ।"

ਉਹ ਦੋਹੇਂ ਹੋਰ ਉੱਚੀ ਉੱਚੀ ਹਸ ਕੇ ਚਾਚੀ ਨੂੰ ਦੱਸਦੇ ਕਿ ਅਸੀਂ ਕਿਤੇ ਜਾਣਾ ਈ ਨਹੀਂ, ਫੇਰ ਰਸਤਾ ਕਿੰਜ ਭੁੱਲ ਜਾਵਾਂਗੇ ?

"ਓਇ ਪਾਗਲ ਦਿਆ ਪੁੱਤਰਾ," ਬੰਤਾ ਬੈਠਾ-ਬੈਠਾ ਤ੍ਰਬਕਿਆ ਤੇ ਸੰਤੇ ਨੂੰ ਪੁੱਛਣ ਲੱਗਾ, "ਯਕਦਮ ਠਹਾਕੇ ਕਿਉਂ ਲਾਉਣ ਲੱਗ ਪਿਐਂ ?" ਤੇ ਫੇਰ ਸੰਤੇ ਦਾ ਕੋਈ ਜਵਾਬ ਸੁਣੇ ਬਿਨਾਂ ਉਸਨੇ ਵੀ ਹੱਸਣਾ ਸ਼ੁਰੂ ਕਰ ਦਿੱਤਾ ਤੇ ਸੋਚਣ ਲੱਗਿਆ ਕਿ 'ਕੁਛ ਵੀ ਕਹਿ ਲਓ, ਅਸਲ ਮਜ਼ਾ ਤਾਂ ਬਿਨਾਂ ਗੱਲੋਂ ਠਹਾਕਾ ਮਾਰ ਕੇ ਹੱਸਣ ਦਾ ਈ ਆਉਂਦਾ ਏ।'

ਉਹਨਾਂ ਦੇ ਠਹਾਕੇ ਠਾ-ਠਾ ਗੋਲੀਆਂ ਵਾਂਗ ਵਰ੍ਹਦੇ ਮੋਟਰ ਸਾਈਕਲ ਦੀ ਰੌਸ਼ਨੀ ਦੀ ਲਕੀਰ ਤੋਂ ਅੱਗੇ ਨਿਕਲ ਗਏ ਤੇ ਪਹੁ ਫੁੱਟਦਿਆਂ-ਫੁੱਟਦਿਆਂ ਫੇਰ ਭੈਅ ਸਦਕਾ ਆਸਪਾਸ ਦੇ ਜੰਗਲ ਵਿਚ ਛਿਪ ਗਏ।

'"ਬੰਤਿਆ, ਮੈਨੂੰ ਲਗਦੈ, ਅਸੀਂ ਰਸਤਾ ਭੁੱਲ ਗਏ ਆਂ," ਸੰਤੇ ਨੂੰ ਉਸਦੀ ਗਨ ਫੇਰ ਚੁਭਣ ਲੱਗ ਪਈ ਤੇ ਉਸਨੇ ਕਪੜਿਆਂ ਹੇਠ ਹੱਥ ਪਾ ਕੇ ਉਸਨੂੰ ਪਿੱਠ ਪਿੱਛੇ ਦਰੁਸਤ ਕੀਤਾ, "ਹਾਲੇ ਤਕ ਕੱਚਾ ਰਸਤਾ ਈ ਨਹੀਂ ਆਇਆ।"

ਬੰਤੇ ਨੇ ਉਸਨੂੰ ਉਤਰ ਦਿੱਤਾ ਕਿ 'ਆ ਜਾਏਗਾ, ਸੜਕ ਤਾਂ ਅਜੇ ਸਿੱਧੀ ਓ ਤੁਰੀ ਜਾਂਦੀ ਐ।'

ਪਰ ਸੰਤੇ ਨੂੰ ਡਰ ਸੀ ਕਿ ਭੁੱਲ-ਭੱਟਕ ਜਾਏ ਤਾਂ ਬੰਦਾ ਸਿੱਧਾ ਰਸਤੇ ਤੇ ਵੀ ਭੱਟਕ ਜਾਂਦਾ ਏ। ਉਹ ਸੋਚ ਰਿਹਾ ਸੀ, ਉਹ ਤਾਂ ਇਹਨਾਂ ਭਲੇ ਲੋਕਾਂ ਦੀ ਟੋਲੀ ਵਿਚ ਇਸ ਲਈ ਸ਼ਾਮਲ ਹੋਇਆ ਸੀ ਕਿ ਦਸ ਭਰਾ ਇਕੋ ਗੱਲ ਕਰ ਰਹੇ ਨੇ, ਝੂਠ ਥੋੜ੍ਹਾ ਈ ਬੋਲ ਰਹੇ ਹੋਣਗੇ। ਸੋ ਜਦੋਂ ਉਹਨਾਂ ਨੇ ਜੈਕਾਰਾ ਛੱਡਿਆ, 'ਜੋ ਬੋਲੇ ਸੋ ਨਿਹਾਲ', ਉਹ ਸਭ ਤੋਂ ਉੱਚੀ ਆਵਾਜ਼ ਵਿਚ ਬੋਲ ਪਿਆ, 'ਸਤਸਿਰੀ ਅਕਾਲ !' ਪਰ ਇਸ ਜੈਕਾਰੇ ਦਾ ਭਾਵ ਤਾਂ ਇਹ ਹੈ ਕਿ ਸਭ ਦਾ ਭਲਾ ਮੰਗੋ, ਸਾਰਿਆਂ ਦੇ ਦੁਖ ਨੂੰ ਆਪਣਾ ਦੁੱਖ ਸਮਝੋ, ਸੱਚੇ ਪਾਦਸ਼ਾਹ ਨੂੰ ਮੰਨਣ ਵਾਲਿਆਂ ਵਿਚ ਕੋਈ ਨਹੀਂ ਜੋ ਗੈਰ ਹੋਏ, ਜਿਹਨਾਂ ਨੂੰ ਤੁਸੀਂ ਨਹੀਂ ਜਾਣਦੇ ਉਹ ਵੀ ਤੁਹਾਡੇ ਆਪਣੇ ਨੇ। ਸੰਤੇ ਨੇ ਆਪਣੇ ਦੋਹੇਂ ਹੱਥ ਜੋੜ ਕੇ ਅੱਖਾਂ ਮੀਚ ਲਈਆਂ ਤੇ ਲਹਿਰਾ-ਲਹਿਰਾ ਕੇ ਜੈਕਾਰੇ ਛੱਡਣ ਲੱਗਿਆ, 'ਜੋ ਬੋਲੇ ਸੋ ਨਿਹਾਲ, ਸਤਸਿਰੀ ਅਕਾਲ !'

"ਸਬਰ ਕਰ ਸੰਤਿਆ," ਬੰਤੇ ਨੇ ਹੱਸ ਕੇ ਉਸਨੂੰ ਕਿਹਾ, "ਪਹਿਲਾਂ ਨੰਬਰਦਾਰ ਦਾ ਅਤਾ-ਪਤਾ ਤਾਂ ਲੱਗ ਲੈਣ ਦੇ।"

"ਨਹੀਂ ਬੰਤਿਆ, ਜ਼ਰਾ ਗੌਰ ਕਰ---"

"ਓਇ ਪਹਿਲਾਂ ਜੋ ਕਰਨੈਂ ਕਰ ਲਈਏ, ਫੇਰ ਗੌਰ ਕਰਾਂਗੇ।"

ਪਰ ਸੰਤੇ ਨੇ ਮੂੰਹ ਵਿਚ ਆਈ ਹੋਈ ਇਹ ਗੱਲ ਉਗਲ ਹੀ ਦਿੱਤੀ ਕਿ 'ਥੋਡੇ ਟੋਲੇ ਵਿਚ ਸ਼ਾਮਲ ਹੋਣ ਤੋਂ ਪਹਿਲਾਂ ਸਾਰੇ ਲੋਕ ਮੈਨੂੰ ਆਪਣੇ ਹੀ ਲੱਗਦੇ ਸੀ, ਪਰ ਹੁਣ---'

"ਏਸ ਫਾਨੀ ਦੁਨੀਆਂ 'ਚ ਕਿਸੇ ਦਾ ਆਪਣਾ ਕੌਣ ਏਂ ? ਤੂੰ ਆਪਣੀ ਖੈਰ ਮੰਗ।"

"ਆਪਣੀ ਖੈਰ ਸਵਾਹ ਤੇ ਖੇਹ ਮੰਗਾਂ, ਬੰਤਿਆ"---ਸੰਤੇ ਦੀ ਆਵਾਜ਼ ਗੁੱਸੇ ਤੇ ਦੁੱਖ ਵਿਚ ਭਿੱਜੀ ਹੋਈ ਸੀ, "ਜਿਹਨਾਂ ਖਾਲਸੇ ਪੁੱਤਰਾਂ ਵਾਸਤੇ ਖੈਰ ਮੰਗਣੀ ਚਾਹੁੰਦਾਂ, ਹੈਂ, ਉਹ ਵੀ ਗੈਰ ਬਣ ਗਏ ਨੇ।" ਉਹ ਸਿਰ ਮਾਰ ਰਿਹਾ ਸੀ ਕਿ 'ਇਹ ਵੀ ਕੋਈ ਜ਼ਿੰਦਗੀ ਹੈ, ਆਪਣੇ ਹੀ ਲੋਕ ਏਨੇ ਗੈਰ ਹੋ ਗਏ ਨੇ, ਕੋਈ ਰਤਾ ਸਮਝਾਉਣ-ਬੁਝਾਉਣ ਲਈ ਵੀ ਅੱਗੇ ਨਹੀਂ ਆਉਂਦਾ ਪਿਆ।'

"ਓਇ ਐਨਾ ਦੁਖੀ ਕਿਉਂ ਹੁੰਦਾ ਪਿਐਂ ਸੰਤਿਆਂ ?"

"ਦੁਖੀ ਹੋਣ ਵਾਲੀ ਗੱਲ ਜੋ ਹੋਈ। ਮੇਰਾ ਯਾਰ ਬਚਨਾ ਵੀ ਡਰਦਾ ਏ ਕਿ ਸੰਤੇ ਨੂੰ ਸਮਝਾਇਆ ਤਾਂ ਉਹ ਗੋਲੀ ਮਾਰ ਦਏਗਾ। ਪੁੱਛੋ ਮੈਂ ਕੋਈ ਰਾਕਸ਼ ਆਂ---ਓਹੋਈ ਤੇਰਾ ਯਾਰ ਸੰਤਾਂ ਆਂ ਯਾਰਾ। ਥੋੜ੍ਹਾ ਭੁੱਲ-ਭੱਟਕ ਗਿਆਂ ਤਾਂ ਪਿਆਰ ਨਾਲ ਰਾਹ ਤੇ ਲੈ ਆ---ਪਰ ਤੂੰ ਠੀਕ ਕਹਿਣਾ ਐਂ ਬੰਤਿਆ, ਏਸ ਫਾਨੀ ਸੰਸਾਰ ਵਿਚ ਕੋਈ ਕਿਸੇ ਦਾ ਨਹੀਂ।" ਮੋਟਰ ਸਾਈਕਲ ਕਿਸੇ ਟੋਏ ਵਿਚੋਂ ਲੰਘੀ ਤਾਂ ਉਹ ਸੰਭਲ ਕੇ ਆਪਣੀ ਪੱਗ ਸੰਭਾਲਣ ਲੱਗਾ, "ਤੂੰ ਵੀ ਤੇ ਕੋਈ ਗੈਰ ਨਹੀਂ ਬੰਤਿਆ, ਤੂੰ ਹੀ ਕੋਈ ਰਾਹ ਲੱਭ ਦੇ ਵੀਰਾ !"

"ਰਾਹ ਤੇ ਲੱਭ ਪਈ ਏ ਸ਼ੇਰਾ !" ਬੰਤੇ ਨੇ ਉਸਨੂੰ ਬੜੀ ਟੁਣਕਵੀਂ ਆਵਾਜ਼ ਵਿਚ ਦੱਸਿਆ ਕਿ ਅਗਲਾ ਕੱਚਾ ਰਾਹ ਕੁਝ ਹੀ ਗਜ ਤੇ ਸ਼ੁਰੂ ਹੋ ਰਿਹਾ ਹੈ।

ਸੰਤਾ ਵੀ ਹੁਣ ਸਭ ਕੁਝ ਭੁੱਲ ਕੇ ਚੁੱਪ ਹੋ ਗਿਆ ਸੀ ਕਿ ਚਲੋ ਰਾਹ ਤਾਂ ਮਿਲੀ। ਉਸਦੀ ਛੋਹਰ ਅਵਸਥਾ ਵਿਚ ਉਸਦਾ ਬਾਪੂ ਰੋਜ਼ ਘਰ ਦੇਰ ਨਾਲ ਆਉਂਦਾ ਹੁੰਦਾ ਸੀ। ਇਕ ਵਾਰੀ ਉਹ ਦੂਜੇ ਦਿਨ ਸਵੇਰ ਤਕ ਵੀ ਘਰ ਨਾ ਆਇਆ ਤਾਂ ਸੰਤਾ ਰੋਣ ਲੱਗ ਪਿਆ। ਉਸਦੀ ਨਾਨੀ ਉਸਨੂੰ ਛਾਤੀ ਨਾਲ ਲਾ ਕੇ ਸਮਝਾਉਣ ਲੱਗੀ, 'ਰੋਂਦਾ ਕਿਉਂ ਐ ? ਤੇਰਾ ਪਿਓ ਰਸਤਾ ਭੁੱਲ ਗਿਆ ਹੋਊਗਾ। ਜਾਹ ਹੱਥ ਜੋੜ ਕੇ ਸੱਚੇ ਪਾਦਸ਼ਾਹ ਦੇ ਹਜ਼ੂਰ ਵਿਚ ਖੜ੍ਹਾ ਹੋ ਜਾ ਤੇ ਅਰਦਾਸ ਕਰ ਕਿ ਉਹ ਤੇਰੇ ਪਿਓ ਨੂੰ ਘਰ ਦੇ ਰਸਤੇ ਲਾ ਦਏ।' ਨਾਨੀ ਉਸ ਨੂੰ ਕੋਲ ਬਿਠਾਅ ਕੇ ਅਕਸਰ ਘੰਟਿਆਂ ਬੱਧੀ ਸਮਝਾਉਂਦੀ ਹੁੰਦੀ ਸੀ ਕਿ 'ਹਮੇਸ਼ਾ ਸਿੱਧੇ ਰਸਤੇ ਚੱਲੋ, ਸਿੱਧਾ ਰਸਤਾ ਸਿੱਧਾ ਬੈਕੁੰਠ ਨੂੰ ਜਾਂਦਾ ਹੈ।'

"ਸਿੱਧਾ ਰਸਤਾ ਸਿੱਧਾ ਬੈਕੁੰਠ ਨੂੰ ਜਾਂਦਾ ਏ, ਬੰਤਿਆ।" ਉਸਨੇ ਨਾਨੀ ਵਾਂਗਰ ਹੀ ਆਪਣੇ ਸਾਥੀ ਨੂੰ ਸਮਝਾਇਆ।

"ਹਾਂ, ਤਿਆਰ ਹੋ ਜਾ ਸ਼ੇਰਾ ! ਲੰਬਰਦਾਰ ਕੇ ਸਾਰੇ ਕੁਣਬੇ ਨੂੰ ਅਸਾਂ ਓਧਰ ਈ ਭੇਜ ਦੇਣੈ।"

ਪਰ ਬੈਕੁੰਠ ਦੀ ਕਲਪਨਾ ਦੇ ਨਾਲ ਹੀ ਸੰਤਾ ਆਪਣੀ ਮਾਂ ਕੋਲ ਜਾ ਪਹੁੰਚਿਆ ਸੀ, ਜਿਹੜੀ ਸੱਚੇ ਪਾਦਸ਼ਾਹ ਦੇ ਮਹਿਲਾਂ ਵਿਚ ਉਸਦੇ ਜੂਠੇ ਭਾਂਡਿਆਂ ਦਾ ਇਕ ਵੱਡਾ ਸਾਰਾ ਢੇਰ ਮਾਂਜੀ ਜਾ ਰਹੀ ਸੀ। ਸੰਤੇ ਨੂੰ ਸੱਚੇ ਪਾਦਸ਼ਾਹ ਤੇ ਗੁੱਸਾ ਆ ਰਿਹਾ ਸੀ ਕਿ ਹਰ ਰੋਜ਼ ਖਾਹਮਖਾਹ ਦੇਵੀ-ਦੇਵਤਿਆਂ ਦਾ ਲੰਗਰ ਖੋਲ੍ਹੀ ਰੱਖਦਾ ਏ।

"ਨਹੀਂ ਪੁੱਤਰ ਸੰਤਿਆ, ਐਸੇ ਬੋਲ ਬੋਲਨਾਂ ਪਾਪਾ ਏ। ਮੇਰੇ ਤੇ ਧੰਨਭਾਗ ਐ ਕਿ ਮਹਾਪੁਰਖਾਂ ਦੇ ਜੂਠੇ ਬਰਤਨ ਚਮਕਾਉਣ ਦਾ ਕੰਮ ਕਰਦੀ ਆਂ।"

"ਪਰ ਭਾਬੋ---"

"ਨਹੀਂ, ਭਾਬੋ ਦਿਆ ਪੁੱਤਰਾ, ਬਰਤਨ ਭਾਂਡੇ ਨਾ ਚਮਕਣ ਤਾਂ ਭੁੱਖਿਆਂ ਦੀ ਭੁੱਖ ਮਰ ਜਾਂਦੀ ਐ।"

ਸੰਤਾ ਆਪਣੀ ਸਵਰਗੀ ਮਾਂ ਦੇ ਨਾਲ ਜੁੜ ਕੇ ਬੈਠਾ ਹੈ ਤੇ ਬਿਲਕੁਲ ਜੁੜ ਕੇ ਵੀ ਹੋਰ ਉਸ ਵੱਲ ਸਰਕਦਾ ਜਾ ਰਿਹਾ ਹੈ ਤੇ ਸਰਕਦਾ-ਸਰਕਦਾ ਉਸਦੇ ਐਨ ਦਿਲ ਵਿਚ ਜਾ ਵੜਿਆ ਤੇ ਏਥੋਂ ਉਹ ਆਪਣੀ ਮਾਂ ਦੀ ਕੁੱਖ ਵਿਚ ਉਤਰ ਗਿਆ ਹੈ ਤੇ ਕੁੱਖ 'ਚੋਂ ਜਨਮ ਲੈਂਦਾ ਹੋਇਆ ਰੋਣ ਲੱਗ ਪਿਆ ਹੈ।

"ਸੰਤਿਆ, ਓਇ ਸੰਤਿਆ !---"

"ਹਾਂ-ਆਂ---!"

"ਹੁਣੇ ਏਥੇ ਰੋ ਕੌਣ ਰਿਹਾ ਸੀ ?"

ਪਰ ਸੰਤਾ ਤਾਂ ਹਾਲੇ ਤਕ ਵਿਲਕੀ ਜਾ ਰਿਹਾ ਸੀ, ਕਿਉਂਕਿ ਪੈਦਾ ਹੁੰਦਿਆਂ ਹੀ ਉਸਦੀ ਮਾਂ ਮਰ ਗਈ ਸੀ।

ਆਸੇ-ਪਾਸੇ ਦੇ ਜੰਗਲ ਵਿਚ ਛੁਪੀ ਹੋਈ ਪਹੁ, ਹੁਣ ਆਪਣੀ ਉਤਸੁਕਤਾ ਹੱਥੋਂ ਬੇਵੱਸ ਹੋ ਕੇ ਰੁੱਖਾਂ ਪਿੱਛੋਂ ਬਾਹਰ ਨਿਕਲ ਆਈ ਸੀ ਤੇ ਉਹਨਾਂ ਦੇ ਇਰਾਦਿਆਂ ਨੂੰ ਤਾੜ ਕੇ ਉਹਨਾਂ ਦੀ ਮੋਟਰ ਸਾਈਕਲ ਦੇ ਅੱਗੇ-ਅੱਗੇ ਦੌੜਨ ਲੱਗ ਪਈ ਸੀ ਕਿ ਉਹਨਾਂ ਤੋਂ ਪਹਿਲਾਂ ਪਿੰਡ ਵਿਚ ਜਾ ਕੇ ਨੰਬਰਦਾਰ ਨੂੰ ਖਬਰਦਾਰ ਕਰ ਦਏ। ਤੇ ਮੋਟਰ ਸਾਈਕਲ ਏਨੀ ਤੇਜ਼ ਰਫ਼ਤਾਰ ਨਾਲ ਦੌੜ ਰਹੀ ਸੀ ਕਿ ਲੱਗਦਾ ਸੀ ਜਿਵੇਂ ਸਵਾਰਾਂ ਨੂੰ ਕਿਤੇ ਪਹੁੰਚਾਉਣਾ ਨਾ ਹੋਵੇ, ਬਸ ਪਹੁ ਦਾ ਪਿੱਛਾ ਕਰਨ ਲਈ ਹੀ ਅੰਨ੍ਹੇ ਵਾਹ ਦੌੜ ਰਹੀ ਹੋਏ।

"ਬੰਤਿਆ !" ਕੱਚੇ ਰਸਤੇ ਉੱਤੇ ਦੌੜਦੀ ਹੋਈ ਗੱਡੀ ਬੜੀ ਧੂੜ ਉਡਾਉਣ ਲੱਗੀ, ਇਸ ਲਈ ਸੰਤਾ ਆਪਣੀ ਪੱਗ ਦਾ ਲੜ ਮੂੰਹ ਅੱਗੇ ਕਰਨ ਲਈ ਜ਼ਰਾ ਰੁਕਿਆ, "ਲੰਬਰਦਾਰ ਨੇ ਸਾਡਾ ਕੀ ਵਿਗਾੜਿਆ ਏ ?"

"ਓਇ ਸੰਤਿਆ, ਓਹ ਵਿਚਾਰਾ ਸਾਡਾ ਕੀ ਵਿਗਾੜ ਸਕਦਾ ਈ ?"

ਪਰ ਸੰਤੇ ਦੀ ਉਲਝਣ ਵਧਦੀ ਹੀ ਜਾ ਰਹੀ ਸੀ ਕਿ ਉਹ ਨੰਬਰਦਾਰ ਦਾ ਸਫਾਇਆ ਕਰਨ ਕਿਉਂ ਜਾ ਰਹੇ ਨੇ, "ਨਹੀਂ ਬੰਤਿਆ, ਜ਼ਰਾ ਗੌਰ ਕਰ---"

"ਤੂੰ ਗੌਰ ਬੜਾ ਕਰਦਾ ਏਂ, ਏਸੇ ਕਰਕੇ ਤੇਰੇ ਕੋਲੋਂ ਕੁਝ ਹੋਰ ਨਹੀਂ ਹੁੰਦਾ।" ਬੰਤੇ ਨੁੰ ਆਪਣੇ ਸਾਹਮਣੇ ਸਵੇਰ ਦੇ ਕੁਝ ਪੰਛੀ ਉਡਦੇ ਹੋਏ ਦਿਖਾਈ ਦਿੱਤੇ ਤਾਂ ਉਸਨੂੰ ਪਤਾ ਨਹੀਂ ਕੀ ਸੁੱਝੀ ਕਿ ਉਸਨੇ ਖੱਬੇ ਹੱਥ ਨਾਲ ਮੋਟਰ ਸਾਈਕਲ ਸੰਭਾਲਦਿਆਂ, ਸੱਜੇ ਹੱਥ ਨਾਲ ਗਨ ਲਾਹ ਕੇ---'ਡਸ-ਠਾਹ-ਤੜ-ੜ-ੜ !' ਦੇਖਦੇ ਹੀ ਦੇਖਦੇ ਕਈ ਪੰਛੀ ਫੁੰਡ ਸੁੱਟੇ ਤੇ ਮੋਟਰ ਸਾਈਕਲ ਧੂੜ ਉਡਾਉਂਦੀ ਹੋਈ ਅੱਗੇ ਲੰਘ ਗਈ।

"ਇਹਨਾਂ ਨੂੰ ਕਿਉਂ ਫੁੰਡ ਛੱਡਿਆ ਬਸੰਤਿਆ ?"

ਬੰਤੇ ਨੇ ਜੈਤੂ ਠਹਾਕੇ ਲਾਉਂਦਿਆਂ ਦੱਸਿਆ ਕਿ ਬਸ ਜ਼ਰਾ ਨਿਸ਼ਾਨਾ ਸੋਧਣ ਲਈ, ਹੋਰ ਕਿਸ ਲਈ ?

"ਨਹੀਂ ਰਤਾ ਸਮਝ-ਸੋਚ ਕੇ ਜਵਾਬ ਦੇਅ।"

ਬੰਤਾ ਉਸਨੂੰ ਚਿਤਾਵਨੀ ਦੇਣਾ ਚਾਹੁੰਦਾ ਸੀ ਕਿ 'ਜ਼ਿਆਦਾ ਸਮਝਣ-ਸੋਚਣ ਵਾਲੇ ਹੀ ਸਭ ਤੋਂ ਪਹਿਲਾਂ ਨਿਸ਼ਾਨੇ ਦੀ ਜੱਦ ਤੇ ਆਉਂਦੇ ਨੇ।' ਉਸਨੇ ਸਿਰ ਭੁਆਂ ਕੇ ਆਪਣੀ ਗੱਲ ਕਹਿਣੀ ਚਾਹੀ ਪਰ ਮੋਟਰ ਸਾਈਕਲ ਦੀ ਅਤਿ ਤੇਜ਼ ਰਫ਼ਤਾਰ ਕਰਕੇ ਅੱਗੇ ਹੀ ਦੇਖਦਾ ਰਿਹਾ।

"ਇਹ ਲੰਬਰਦਾਰ ਵੀ ਤੇਰੇ ਵਾਂਗਰ ਬੜਾ ਸਮਝਦਾਰ ਈ ਸੰਤਿਆ, ਏਸੇ ਲਈ ਤੈਂ ਉਹਨੂੰ ਗੋਲੀ ਨਾਲ ਉਡਾਣ ਜਾ ਰਿਹੈਂ।"

ਪਰ ਸੰਤਾ ਸੋਚ ਰਿਹਾ ਸੀ ਕਿ ਨੰਬਰਦਾਰ ਉਸਦੇ ਨਾਨੇ ਵਾਂਗ ਗੁਰੂ ਦਾ ਸਿੱਖ ਬੰਦਾ ਏ। ਏਨਾ ਸੱਜਨ ਪੁਰਸ਼ ਏ ਕਿ ਉਸ ਦੇ ਸਾਹਮਣੇ ਹੱਥ ਜੋੜ ਕੇ ਖੜ੍ਹੇ ਹੋਣ ਨੂੰ ਜੀਅ ਕਰਦਾ ਏ। ਬਸ ਉਸਦਾ ਦੋਸ਼ ਇਹੀ ਹੈ ਕਿ ਆਪਣੇ ਸਾਰੇ ਕੰਮ ਛੱਡ ਕੇ ਵਿਗੜਿਆਂ ਹੋਇਆਂ ਨੂੰ ਸਮਝਾਉਂਦਾ ਰਹਿੰਦਾ ਹੈ। ਉਸ ਦਾ ਨਾਨਾ ਤੇ ਨਾਨੀ ਵੀ ਤਾਂ ਹਰ ਵੇਲੇ ਉਸਨੂੰ ਸਮਝਾਉਂਦੇ ਰਹਿੰਦੇ ਸੀ, ਸਾਰਿਆਂ ਨੂੰ ਬੜੇ ਚਾਅ ਨਾਲ ਸਮਝਾਉਂਦੇ ਸੀ। ਉਹਨਾਂ ਦੇ ਰਸਤੇ ਤੋਂ ਲੰਘ ਕੇ ਹਰੇਕ ਨੂੰ ਛਾਨਣੀ 'ਚੋਂ ਛਣੇ ਜਾਣ ਵਰਗਾ ਅਹਿਸਾਸ ਹੁੰਦਾ, ਜਿਵੇਂ ਸਾਰਾ ਕੂੜ ਛਣ ਗਿਆ ਹੋਵੇ। ਉਹਨਾਂ ਦੀਆਂ ਗੱਲਾਂ ਸੁਣ ਸੁਣ ਕੇ ਮੈਂ ਤਾਂ ਛੋਹਰ ਅਵਸਥਾ ਵਿਚ ਹੀ ਭਗਵਾਂ ਚੋਲਾ ਪਾ ਲੈਣ ਦੀ ਧਾਰ ਲਈ ਸੀ। ਅੱਜ ਜੇ ਉਹ ਜਿਊਂਦੇ ਹੁੰਦੇ ਤਾਂ ਕੀ ਮੈਂ ਉਹਨਾਂ ਨੂੰ ਵੀ ਆਪਣੀਆਂ ਗੋਲੀਆਂ ਨਾਲ ਫੁੰਡ ਸੁੱਟਦਾ ?

"ਨਹੀਂ, ਬੰਤਿਆ, ਚੱਲ ਮੁੜ ਚੱਲੀਏ। ਮੈਂ ਲੰਬਰਦਾਰ 'ਤੇ ਹੱਥ ਨਹੀਂ ਚੁੱਕ ਸਕਦਾ।"

"ਕੋਈ ਚਿੰਤਾ ਨਹੀਂ ਮੂਰਖਾ," ਬੰਤੇ ਨੇ ਹੱਸ ਕੇ ਕਿਹਾ, "ਤੂੰ ਏਧਰ-ਉਧਰ ਨਿਗਾਹ ਰੱਖ ਲਵੀਂ। ਮੈਂ ਆਪੁ, 'ਕੱਲਾ ਓ ਕੰਮ ਨਿਬੇੜ ਲਵਾਂਗਾ। ਪੰਜ ਤਾਂ ਜਣੇ ਨੇ---ਲੰਬਰਦਾਰ, ਓਹਦੀ ਜ਼ਨਾਨੀ, ਪੂੱਤ, ਨੂੰਹ, ਪੋਤੀ---ਤੇ ਬਸ !"

ਸੰਤੇ ਨੇ ਉਹਨੂੰ ਚੇਤਾ ਕਰਾਇਆ ਕਿ ਨੰਬਰਦਾਰ ਦੀ ਬਹੂ ਦੇ ਪੇਟ 'ਚ ਵੀ ਇਕ ਜੀਵ ਪਲ ਰਿਹਾ ਹੈ।

"ਓਹਨੂੰ ਛੱਡ, ਉਹ ਆਪਣੀ ਮਾਂ ਦੇ ਪੇਟ 'ਚ ਈ ਰੋ-ਰੋ ਕੇ ਮਰ ਜਾਏਗਾ।"

"ਧਰਮ ਨਾਲ, ਤੂੰ ਬੜਾ ਜਾਲਮ ਬੰਦਾ ਏਂ ਬੰਤਿਆ।"

"ਅਸੀਂ ਜਾਲਮ ਕਿਉਂ ਆਂ ਬਈ ? ਅਸੀਂ ਤਾਂ ਰੱਬ ਦੀ ਰਜ਼ਾ ਦਾ ਪਾਲਣ ਕਰਨ ਜਾ ਰਹੇ ਆਂ।"

ਸੰਤੇ ਨੇ ਜਦੋਂ ਬੰਤੇ ਤੋਂ ਪੁੱਛਿਆ, 'ਉਹ ਕਿਵੇਂ ?' ਤਾਂ ਬੰਤੇ ਨੇ ਉਸਨੂੰ ਦੱਸਿਆ, 'ਇੰਜ ਕਿ ਜੋ ਸਾਰੇ ਟੋਲੇ ਦੀ ਇੱਛਾ, ਉਹੀ ਰੱਬ ਦੀ ਇੱਛਾ।' ਇਸ ਤੇ ਸੰਤੇ ਨੇ ਇਤਰਾਜ਼ ਕੀਤਾ ਕਿ 'ਰੱਬ ਤਾਂ ਸਾਰਿਆਂ ਦਾ ਰਾਖਾ ਏ। ਉਹ ਕਿਸੇ ਨੂੰ ਮਾਰਨ ਦੀ ਇੱਛਾ ਕਿਵੇਂ ਕਰ ਸਕਦਾ ਏ ?' ਬੰਤਾ ਹਿਰਖ ਗਿਆ ਤੇ ਬੋਲਿਆ ਕਿ 'ਹੁਣ ਆਪਣਾ ਇਹ ਕੀਰਤਨ ਬੰਦ ਕਰ ਤੇ ਚੁੱਪ-ਚਾਪ ਹੁਕਮ ਦਾ ਪਾਲਣ ਕਰ, ਨਹੀਂ ਤਾਂ ਤੂੰ ਜਾਣਦਾ ਈ ਏਂ, ਕੀ ਨਤੀਜਾ ਹੋਏਗਾ ?'

ਸੰਤਾ ਵਾਕਈ ਡਰ ਗਿਆ ਪਰ ਕੁਝ ਇਸ ਤਰ੍ਹਾਂ ਕਿ ਉਸਨੂੰ ਪਤਾ ਹੀ ਨਹੀਂ ਲੱਗਿਆ ਕਿ ਉਹ ਡਰ ਗਿਆ ਏ, ਵਰਨਾ ਉਹ ਆਪਣੇ ਆਪ ਨੂੰ ਤਾੜ-ਝਾੜ ਕੇ ਸਿੱਧਾ ਕਰ ਲੈਂਦਾ। ਕੁਝ ਚਿਰ ਉਹ ਦੋਹੇਂ ਚੁੱਪ ਰਹੇ। ਇਸੇ ਦੌਰਾਨ ਉਹਨਾਂ ਦੀ ਮੋਟਰ ਸਾਈਕਲ ਧੂੜ ਉਡਾਉਂਦੀ ਹੋਈ ਇਕ ਗੁਰਦਵਾਰੇ ਦੇ ਅਗਿਓਂ ਲੰਘੀ ਜਿਹੜਾ ਨੰਬਰਦਾਰ ਦੇ ਪਿੰਡ ਤੋਂ ਜ਼ਰਾ ਫਾਸਲੇ 'ਤੇ ਸੀ। ਗੁਰਦਵਾਰੇ ਵਿਚ ਕੀਰਤਨ ਹੋ ਰਿਹਾ ਸੀ :

'ਪਹੂ ਫਟੀ ਤੇ ਚਾਨਣ ਹੋਇਆ---ਪਹੂ ਫਟੀ ਤੇ ਚਾਨਣ ਹੋਇਆ---'

ਆਪਣੇ ਆਸੇ-ਪਾਸੇ ਫੈਲੇ ਹਲਕੇ ਚਾਨਣ ਵਿਚ ਸੰਤੇ ਨੂੰ ਅਚਾਨਕ ਪਤਾ ਨਹੀਂ ਕੀ ਨਜ਼ਰ ਆਇਆ ਕਿ ਉਹ ਫੇਰ ਤਣ ਕੇ ਬੈਠ ਗਿਆ ਤੇ ਬੰਤੇ ਨੂੰ ਸੁਣਾ ਕੇ ਸਾਫ-ਸਾਫ ਕਹਿਣ ਲੱਗਾ ਕਿ ਉਹ ਨੰਬਰਦਾਰ ਦਾ ਵਾਲ ਵੀ ਵਿੰਗਾ ਨਹੀਂ ਹੋਣ ਦਏਗਾ।

ਬੰਤੇ ਦੇ ਕੰਨ ਲੰਮੇ ਹੋ ਕੇ ਸੰਤੇ ਦੀ ਦਾੜ੍ਹੀ ਛੁਹਣ ਲੱਗੇ ਤੇ ਉਸਨੇ ਐਤਕੀ ਬੜੀ ਗੁਸੈਲੀ ਆਵਾਜ਼ ਵਿਚ ਜਵਾਬ ਦਿੱਤਾ, "ਸੁਣ ਓਇ ਜ਼ਨਾਨਿਆਂ, ਆਪਣੀ ਬਕਵਾਸ ਬੰਦ ਕਰ, ਨਹੀਂ ਤਾਂ ਲੰਬਰਦਾਰ ਤੋਂ ਪਹਿਲਾਂ ਮੈਨੂੰ ਤੇਰਾ ਮੰਤਰ ਪੜ੍ਹਨਾ ਪੈ ਜਾਣੈ।"

ਬੰਤੇ ਦੀ ਕੌੜ ਨੇ ਸੰਤੇ ਦਾ ਪਾਰਾ ਯਕਦਮ ਸੱਤਵੇਂ ਆਸਮਾਨ ਤੇ ਚੜ੍ਹਾ ਦਿੱਤਾ। ਉਸਦੀ ਮੱਤ ਈ ਮਾਰੀ ਗਈ ਤੇ ਉਸਨੇ ਅੱਗਾ-ਪਿੱਛਾ ਵਿਚਾਰੇ ਬਿਨਾਂ, ਆਪਣੀ ਗਨ ਲਾਹੀ ਤੇ ਬੰਤੇ ਉੱਤੇ ਪਿੱਛੋਂ ਹੀ ਫਾਇਰਿੰਗ ਸ਼ੁਰੂ ਕਰ ਦਿੱਤੀ ਤੇ ਉਹ ਦੋਹੇਂ ਉੱਡੀ ਜਾ ਰਹੀ ਗੱਡੀ ਤੇ ਹੀ ਗੁੱਥਮ-ਗੁੱਥਾ ਹੋ ਗਏ ਤੇ ਭੋਇੰ ਡਿੱਗ ਪਏ ਤੇ ਉਹਨਾਂ ਨੂੰ ਆਪੋ ਆਪਣੀ ਜਗ੍ਹਾ ਤੋਂ ਹਿੱਲਣ ਤੋਂ ਆਹਰੀ ਵੇਖ ਕੇ ਐਨ ਉਸੇ ਸਮੇਂ ਕਿਸੇ ਰੁੱਖ ਤੇ ਬੈਠੇ ਬਾਂਦਰ ਨੂੰ ਪਤਾ ਨਹੀਂ ਕੀ ਸੁੱਝੀ ਕਿ ਉਹ ਰੁੱਖ ਤੋਂ ਉਤਰਿਆ ਤੇ ਉਹਨਾਂ ਦੀਆਂ ਬੰਦੂਕਾਂ ਨੂੰ ਕੱਚੇ ਰਸਤੇ ਤੋਂ ਚੁੱਕ ਕੇ, ਕਿਸੇ ਭੂਤ-ਪ੍ਰੇਤ ਵਾਂਗ ਅਛੋਪਲੇ ਹੀ ਤੁਰਦਾ ਹੋਇਆ ਸੰਘਣੇ ਜੰਗਲ ਵਿਚ ਗਾਇਬ ਹੋ ਗਿਆ।

"ਨਹੀਂ, ਬੰਤਿਆ ਨਹੀਂ !---"

ਸੰਤਾ ਆਪਣੀਆਂ ਟੁੱਟੀਆਂ-ਭੱਜੀਆਂ ਹੱਡੀਆਂ ਨਾਲ ਆਪਣੇ ਸਾਥੀ ਵੱਲ ਘਿਸਟਨ ਦੀ ਕੋਸ਼ਿਸ਼ ਕਰ ਰਿਹਾ ਸੀ ਤੇ ਹੁਣ ਵੀ ਉਸਨੂੰ ਸਮਝਾ ਰਿਹਾ ਸੀ ਕਿ ਉਹ ਸਿੱਧੇ ਰਸਤੇ ਨਹੀਂ---"ਰੱਬ ਤਾਂ ਇਕੋ ਹੀ ਰੱਬ ਏ ਬੰਤਿਆ, ਇਕ ਹੀ ਸਭ ਤੋਂ ਵੱਡਾ ਰੱਬ, ਸਾਰੀ ਦਾ ਦੁਨੀਆਂ ਦਾ ਰੱਬ---ਨਹੀਂ, ਬੋਲ ਨਾ, ਬਸ ਗੌਰ ਕਰ---"

ਤੇ ਜਦੋਂ ਗੌਰ ਕਰਦੇ ਕਰਦੇ ਬੰਤੇ ਦੇ ਦਮਾਂ ਦੀ ਡੋਰ ਟੁੱਟਣ ਲੱਗੀ ਤਾਂ ਸੰਤੇ ਨੇ ਬੜੀ ਮੁਸ਼ਕਲ ਨਾਲ ਆਪਣੇ ਉੱਖੜੇ ਹੋਏ ਸਾਹਾਂ ਨੂੰ ਸਮੇਟਦਿਆਂ ਉਸਦੇ ਕੰਨ ਵਿਚ ਇਹ ਗੱਲ ਫੂਕ ਦਿੱਤੀ---"ਬੰਤਿਆ, ਬਹੁਤ ਸਾਰੇ ਰੱਬਾਂ ਨੇ ਤਾਂ ਆਦਮ ਜਾਤ ਨੂੰ ਉਲਟੀ ਰਹੇ ਪਾਇਆ ਹੋਇਆ ਏ !"

Thursday, April 2, 2009

ਗੁਮਨਾਮ :: ਲੇਖਕ : ਬੀਰ ਰਾਜਾ

ਉਰਦੂ ਕਹਾਣੀ : ਗੁਮਨਾਮ... :: ਲੇਖਕ : ਬੀਰ ਰਾਜਾ
ਅਨੁਵਾਦ : ਮਹਿੰਦਰ ਬੇਦੀ ਜੈਤੋ Í ਮੁਬਾਇਲ : 94177-30600.


ਦਰਸ਼ਨੀ ਗੁਰੂਦੁਆਰੇ ਦੀ ਸਫ਼ੈਦ ਇਮਾਰਤ ਦਿਖਾਈ ਦਿੱਤੀ। ਉਹੀ ਇਮਾਰਤ ਸੀ। ਬਿਲਕੁਲ ਉਹੀ---ਲਿਸ਼ਕਦਾ ਹੋਇਆ ਗੋਲ ਸੁਨਹਿਰੀ ਕਲਸ਼, ਆਸਮਾਨ ਨੂੰ ਛੂੰਹਦਾ ਹੋਇਆ ਨਿਸ਼ਾਨ ਸਾਹਿਬ। ਚਾਰੇ ਪਾਸੇ ਫੈਲੇ ਖੇਤਾਂ ਤੇ ਦਰਖ਼ਤਾਂ ਦੇ ਵਿਚਕਾਰ ਕਿਸੇ ਜਾਦੂ ਮਹਿਲ ਵਾਂਗ ਘਿਰਿਆ ਹੋਇਆ…ਇਮਾਰਤ ਨੂੰ ਦੇਖਦਿਆਂ ਹੀ ਜਿਹੜੀ ਪਹਿਲੀ ਗੱਲ ਮਨ ਵਿਚ ਆਉਂਦੀ ਸੀ, ਉਹ ਸੀ ਕਿ ਇੱਥੇ ਮੀਲਾਂ ਤੱਕ ਆਬਾਦੀ ਨਹੀਂ, ਫੇਰ ਏਨੀ ਵੱਡੀ ਇਮਾਰਤ ਕਿੰਜ ਤਾਮੀਰ ਹੋਈ ਹੋਵੇਗੀ !

ਸਭ ਕੁਝ ਉਹੀ ਹੁੰਦਾ ਹੋਇਆ ਵੀ ਪਹਿਲਾਂ ਨਾਲੋਂ ਬਦਲਿਆ ਜਿਹਾ ਮਹਿਸੂਸ ਹੋਇਆ---ਸ਼ਾਇਦ ਨਵੀਂ ਸੜਕ ਰਾਹੀਂ ਛੇਤੀ ਪਹੁੰਚ ਜਾਣ ਕਰਕੇ। ਪਰ ਫੇਰ ਇਕ ਵਾਰੀ ਸਭ ਕੁਝ ਪਿਛਲੀ ਵਾਰੀ ਵਰਗਾ ਹੀ ਦਿਖਾਈ ਦੇਣ ਲੱਗਿਆ। ਕੁਝ ਬਾਬੇ ਦੀ ਬਾਣੀ ਗਾਉਣ ਲੱਗ ਪਏ...ਕੁਝ ਪੁਲ, ਨਵੀਂ ਸੜਕ ਤੇ ਬੰਨ੍ਹ ਦੀਆਂ ਤਾਰੀਫ਼ਾਂ ਕਰਨ ਲੱਗੇ। ਸਾਹਮਣੇ ਦਰਿਆ ਸੀ ਤੇ ਪੁਲ ਵੀ। ਹਵੇਲੀਆਂ ਵੀ ਦਿਖਾਈ ਦਿੱਤੀਆਂ, ਜਿਹਨਾਂ ਨੂੰ ਦਰਖ਼ਤਾਂ ਨੇ ਆਪਣੀ ਓਟ ਵਿਚ ਲਿਆ ਹੋਇਆ ਸੀ। ਉਹਨਾਂ ਦੇ ਪਿੱਛੇ ਬਣੀਆ ਝੁੱਗੀਆਂ ਦਿਖਾਈ ਨਹੀਂ ਦਿੱਤੀਆਂ ਸਨ…ਕੁਦਰਤ ਵੀ ਉਹਨਾਂ ਨੂੰ ਹਮੇਸ਼ਾ ਢੱਕੀ ਰੱਖਣਾ ਚਾਹੁੰਦੀ ਹੈ ਸ਼ਾਇਦ !...ਬੱਸ, ਪੁਲ ਉੱਤੇ ਰੁਕੀ। ਮੈਂ ਆਪਣਾ ਝੋਲਾ ਤੇ ਕੈਮਰਾ ਚੁੱਕਿਆ ਤੇ ਹੇਠਾਂ ਉਤਰ ਗਿਆ। ਹੁਣ ਮੈਂ ਪੁਲ ਦੇ ਬਨੇਰੇ ਕੋਲ ਖੜ੍ਹਾ ਸਾਂ…ਹੇਠਾਂ ਵਗਦੇ ਪਾਣੀ ਵੱਲ ਝਾਕਦਾ ਹੋਇਆ। ਜਲ ਉਹੀ ਸੀ, ਪਰ ਅੱਜ ਬੜਾ ਸ਼ਾਂਤ ਸੀ। ਸਿਰਫ਼ ਪੁਲ ਦੇ ਖੰਭਿਆਂ ਨਾਲ ਟਕਰਾਉਣ ਦਾ ਸ਼ੋਰ ਹੀ ਇਹ ਅਹਿਸਾਸ ਕਰਵਾ ਰਿਹਾ ਸੀ ਕਿ ਦਰਿਆ ਖ਼ਤਰਨਾਕ ਵੀ ਹੁੰਦੇ ਨੇ। ਕਿਸੇ ਦੀ ਉੱਚੀ, ਤਿੱਖੀ ਆਵਾਜ਼ ਸੁਣਾਈ ਦਿੱਤੀ। ਕੋਈ ਗਾਲ੍ਹਾਂ ਬਕਦਾ ਤੇ ਡਰਾਈਵਰ ਨੂੰ ਇਸ਼ਾਰੇ ਕਰਦਾ ਹੋਇਆ ਦੌੜਿਆ ਆ ਰਿਹਾ ਸੀ। ਡਰਾਈਵਰ ਵੀ ਗਾਲ੍ਹਾਂ ਦੇਂਦਾ, ਹਾਰਨ ਵਜਾ ਰਿਹਾ ਸੀ। ਉਹ ਭੱਜਦਾ-ਭੱਜਦਾ ਰੁਕ ਗਿਆ ਤੇ ਇਕ ਹਲਕੀ ਜਿਹੀ ਆਵਾਜ਼ ਦੇ ਨਾਲ ਥਾਵੇਂ ਜਾਮ ਹੋ ਗਿਆ। ਉਹ ਮੈਨੂੰ ਦੇਖ ਚੁੱਕਿਆ ਸੀ। ਅੱਜ ਉਸਦੀਆਂ ਅੱਖਾਂ ਬੰਦ ਨਹੀਂ ਸਨ ਹੋਈਆਂ…ਪੂਰੀਆਂ ਖੁੱਲ੍ਹੀਆਂ ਹੋਈਆਂ ਸਨ ਤੇ ਹੈਰਾਨੀ ਨਾਲ ਭਰੀਆਂ ਚਮਕ ਰਹੀਆਂ ਸਨ…

"ਤੂੰ ਚੱਲਣਾ ਏਂ ਕਿ ਨਹੀਂ ਕੰਜਰਾ ?" ਕੰਡਕਟਰ ਗਾਲ੍ਹਾਂ ਕੱਢ ਰਿਹਾ ਸੀ।

"ਨਹੀਂ ਜਾਣਾ ਬਾਦਸ਼ਾਹੋ…ਦੌੜੌ..."

"ਪੁੱਤ ਦਿਨੇਂ ਈ ਚੜ੍ਹਾਈ ਫਿਰਦੈਂ, ਅੱਜ ?"

ਸਵਾਰੀਆਂ ਹੱਸ ਰਹੀਆਂ ਸਨ। ਡਰਾਈਵਰ ਹਾਰਨ ਵਜਾਉਂਦਾ ਬੱਸ ਲੈ ਉੱਡਿਆ ਜਿਵੇਂ ਉਸਨੇ ਸਿਰਫ਼ ਮੈਨੂੰ ਫ਼ੌਜੀ ਨਾਲ ਮਿਲਾਉਣ ਖਤਾਰ ਹੀ ਬੱਸ ਰੋਕੀ ਹੋਵੇ। ਉਸ ਲਈ ਮੇਰਾ ਸਾਹਮਣੇ ਹੋਣਾ ਕਿਸੇ ਚਮਤਕਾਰ ਨਾਲੋਂ ਘੱਟ ਨਹੀਂ ਸੀ। ਮੈਂ ਉਹਨਾਂ ਵਿਚੋਂ ਵੀ ਨਹੀਂ ਸਾਂ ਜਿਹੜੇ ਕਦੀ, ਯੱਗ ਵਾਲੇ ਦਿਨਾਂ ਵਿਚ ਹੀ ਉੱਥੇ ਆ ਜਾਂਦੇ ਹੋਣ। ਇਕ ਕਾਹਲੀ ਹਲਚਲ ਉਸਦੀਆਂ ਅੱਖਾਂ ਵਿਚ ਸੀ। ਉਸਦੀ ਸਮਝ ਵਿਚ ਨਹੀਂ ਆ ਰਿਹਾ ਸੀ ਕਿ ਮੈਨੂੰ ਕਿੰਜ ਸੰਬੋਧਨ ਕਰੇ। ਅਚਾਨਕ ਉਹ ਤ੍ਰਬਕਿਆ ਤੇ ਮੇਰੇ ਪੈਰੀਂ ਹੱਥ ਲਾਉਣ ਲਈ ਝੁਕਿਆ। ਉਦੋਂ ਹੀ ਉਸਨੂੰ ਕੁਝ ਯਾਦ ਆ ਗਿਆ…ਝਿਜਕਿਆ, ਝੁਕੇ ਹੋਏ ਹੱਥ ਵਾਪਸ ਚਲੇ ਗਏ।

ਮੈਂ ਆਪਣਾ ਹੱਥ ਵਧਾ ਦਿੱਤਾ, ਜਿਸਨੂੰ ਉਸਨੇ ਤੁਰੰਤ ਦਬੋਚ ਲਿਆ, ਜਿਵੇਂ ਉਸਨੂੰ ਇਸੇ ਦੀ ਲੋੜ ਸੀ। ਉਸਦੀਆਂ ਅੱਖਾਂ ਵਿਚ ਚਮਕ ਖਿੜ ਗਈ, ਜਿਹੜੀ ਕਿਸੇ ਸ਼ੰਕੇ ਦੇ ਖ਼ਤਮ ਹੋਣ ਸਾਰ ਆਪ-ਮੁਹਾਰੇ ਹੀ ਖਿੜ-ਪੁੜ ਜਾਂਦੀ ਹੈ। ਚਿਹਰਾ ਭਖਣ ਲੱਗਾ, ਉਹ ਸਾਰੀ ਖਿਸਿਆਹਟ ਰਫ਼ੂਚੱਕਰ ਹੋ ਗਈ ਜਿਹੜੀ ਉਸਦੇ ਚਿਹਰੇ ਉੱਤੇ ਹੁਣੇ ਹੁਣੇ ਦਿਖਾਈ ਦਿੱਤੀ ਸੀ। ਪੈਰਾਂ ਵੱਲ ਹੱਥ ਵਧਾਉਂਦਾ ਹੋਇਆ ਉਹ ਕਿਧਰੇ ਗਵਾਚ ਗਿਆ ਸੀ। ਬੜੀ ਪਿੱਛੇ ਕਿਸੇ ਗੱਲ ਨੂੰ ਯਾਦ ਕਰਦਾ ਹੋਇਆ, ਉਹ ਉਹੀ ਹੈ। ਇਸਦਾ ਅੰਦਾਜ਼ਾ ਉਦੋਂ ਹੀ ਲੱਗ ਗਿਆ ਸੀ ਜਦੋਂ ਉਸਦੇ ਹੱਥ ਰੁਕੇ ਸਨ। ਮੈਂ ਵੀ ਉਸੇ ਧੂੜ ਭਰੀ ਸੜਕ ਉੱਤੇ ਸਾਂ।…ਪੰਜ ਸਾਲ ਪਹਿਲਾਂ, ਉਹ ਮੇਰੇ ਨਾਲ ਨਾਲ ਤੁਰ ਰਿਹਾ ਸੀ…ਉਸਦੀਆਂ ਗੱਪਾਂ ਸੁਣਦਿਆਂ, ਖੇਤਾਂ ਵਿਚ ਕੰਮ ਕਰਦੇ ਲੋਕਾਂ, ਸੜਕ ਉੱਤੇ ਤੁਰੇ ਜਾਂਦੇ ਕਿਸਾਨਾਂ ਦੀਆਂ ਗੱਲਾਂ ਸੁਣਦਿਆਂ, ਮੈਂ ਸੋਚਿਆ ਸੀ ਕਿ 'ਘੱਟੋ-ਘੱਟ ਇਹਨਾਂ ਕੋਲ ਏਨਾ ਸਮਾਂ ਤਾਂ ਹੈ ਕਿ ਘੰਟਿਆਂ ਬੱਧੀ ਗੱਲਾਂ ਤਾਂ ਕਰ ਸਕਦੇ ਨੇ…'

ਉਸ ਦਿਨ ਅਸੀਂ ਤੜਕੇ ਹੀ ਇੱਥੇ ਪਹੁੰਚੇ ਸਾਂ। ਮੇਰੇ ਸਹੁਰਿਆਂ ਦੀ ਇਹ ਸੁੱਖਣਾ ਤੇ ਰੀਤ ਸੀ ਕਿ ਉਹ ਆਪਣੇ ਹਰ ਜਵਾਈ ਨੂੰ ਇੱਥੇ ਲੈ ਕੇ ਆਉਣਗੇ ਤੇ ਗੁਰੂ ਦੇ ਦਰਬਾਰ ਵਿਚ ਮੱਥਾ ਟਿਕਾਉਣਗੇ। ਸਿਰਫ਼ ਮੈਂ ਹੀ ਇੱਥੇ ਨਹੀਂ ਸਾਂ ਆਇਆ ਤੇ ਮੇਰੇ ਮਾਰਕਸਵਾਦੀ ਵਿਚਾਰਾਂ ਸਦਕਾ ਉਹਨਾਂ ਦਾ ਮੈਨੂੰ ਕੁਝ ਕਹਿਣ ਦਾ ਹੌਸਲਾ ਵੀ ਨਹੀਂ ਸੀ ਹੋਇਆ। ਸ਼ਾਦੀ ਦੇ ਵੀਹ ਵਰ੍ਹਿਆਂ ਬਾਅਦ ਉਹਨਾਂ ਦੀ ਮੁਰਾਦ ਪੂਰੀ ਹੋਈ। ਕਦੀ ਉਹ ਇੱਥੋਂ ਦੇ ਹਾਕਮ ਹੁੰਦੇ ਸਨ, ਪੱਕੀਆਂ ਹਵੇਲੀਆਂ ਵਾਲੇ, ਹੁਣ ਹਵੇਲੀਆਂ ਵਿਚ ਕੋਈ ਨਹੀਂ ਰਹਿੰਦਾ। ਸਾਰੇ ਸ਼ਹਿਰ ਜਾ ਕੇ ਵੱਸ ਗਏ ਨੇ। ਸਿਰਫ਼ ਇਕ ਪਰਿਵਾਰ ਰਹਿੰਦਾ ਹੈ, ਉਹ ਵੀ ਆਪਣੇ ਫ਼ਾਰਮ ਵਿਚ।

ਇੱਥੇ ਪਹੁੰਚਦਿਆਂ ਹੀ ਲੋਕਾਂ ਦੀ ਇਕ ਕਤਾਰ ਦਿਖਾਈ ਦਿੱਤੀ ਸੀ। ਸਾਰੇ ਵਾਰੀ-ਵਾਰੀ ਸਾਡੇ ਸਾਰਿਆਂ ਦੇ ਪੈਰ ਛੁਹਣ ਲੱਗੇ। ਮੇਰੀ ਸੱਸ ਪੈਰ ਛੂਹਣ ਵਾਲੇ ਨੂੰ ਕੁਝ ਰੁਪਈਏ ਦੇਂਦੀ, ਉਹਨਾਂ ਦੀ ਰਾਜੀ-ਖੁਸ਼ੀ ਪੁੱਛਦੀ, ਵਿਚ ਵਿਚ ਕਦੀ ਕਦੀ ਕਿਸੇ ਦਾ ਨਾਂਅ ਵੀ ਲੈ ਲੈਂਦੀ।

ਜਦੋਂ ਪਹਿਲਾ ਆਦਮੀ ਮੇਰੇ ਪੈਰ ਛੂਹਣ ਲਈ ਝੁਕਿਆ ਸੀ ਤਾਂ ਮੈਂ ਤਾੜ ਦਿੱਤਾ ਸੀ ਕਿ 'ਖ਼ਬਰਦਾਰ ਜੇ ਕਿਸੇ ਨੇ ਮੇਰੇ ਪੈਰੀਂ ਲਾਏ।'

"ਲਾ ਪੈਰੀਂ ਹੱਥ, ਕੁੱਤਿਆ ਜਵਾਈ ਏ ਸਾਡਾ। ਨਹੀਂ ਤਾਂ ਛਿੱਤਰੌਲ ਹੋਵੇਗੀ।" ਕਿਸੇ ਨੇ ਲਲਕਰਿਆ ਸੀ, ਉਸਨੂੰ।

ਮੈਂ ਸਖ਼ਤੀ ਨਾਲ ਫ਼ੌਜੀ ਦੀ ਬਾਂਹ ਫੜ੍ਹ ਲਈ ਸੀ---ਕਤਾਰ ਵਿਚ ਚੁੱਪ ਵਾਪਰ ਗਈ ਸੀ, ਸਾਰੇ ਸਹਿਮ ਗਏ ਸਨ ਤੇ ਫ਼ੌਜੀ ਵੱਲ ਦੇਖਣ ਲੱਗ ਪਏ ਸਨ…

ਇਹ ਇਕ ਅਣਹੋਣੀ ਸੀ ਉਹਨਾਂ ਲਈ…ਪਰ ਮੇਰੇ ਲਈ ਨਹੀਂ।

"ਓਹ ਕੁੱਤਿਆ…"
"… … …"
"ਆਪਣੀ ਇਸ ਪਰਜਾ 'ਤੇ ਵੀ ਨਜ਼ਰੇ-ਮਿਹਰ ਕਰੋ, ਤੇ ਉਹਨਾਂ 'ਤੇ ਵੀ…।" ਮੇਰਾ ਇਸ਼ਾਰਾ ਵਹਿੰਦੇ ਹੋਏ ਦਰਿਆ ਤੇ ਦਰਸ਼ਨੀ ਗੁਰੂਦੁਆਰੇ ਵੱਲ ਸੀ।

ਮੇਰੀਆਂ ਗੱਲਾਂ ਕਿਸੇ ਨੂੰ ਚੰਗੀਆਂ ਨਹੀਂ ਸੀ ਲੱਗੀਆਂ…ਗੁਰੂਦੁਆਰੇ ਦੇ ਪ੍ਰਬੰਧਕਾਂ ਨੂੰ ਵੀ ਨਹੀਂ। ਉਹ ਵੀ ਉਹਨਾਂ 'ਤੇ ਚਿੜੇ ਹੋਏ ਸਨ। ਮੇਰੀ ਪਤਨੀ ਨੂੰ ਵੀ ਮੇਰੀ ਗੱਲ ਬੁਰੀ ਲੱਗੀ ਸੀ ਤੇ ਉਸਨੇ ਤੁੜਕ ਕੇ ਕਿਹਾ ਕਿ 'ਤੁਸੀਂ ਹਰ ਜਗ੍ਹਾ ਆਪਣੀ ਲੀਡਰੀ ਚਲਾਂਦੇ ਓ। ਹੁਣ ਇਹ ਲੋਕ ਸਾਡੇ ਸਾਹਮਣੇ ਵੀ ਮੂੰਹ ਖੋਹਲਣਗੇ'…'ਸਾਡੇ' ਸ਼ਬਦ ਵਿਚ ਉਸਨੇ ਮੈਨੂੰ ਸ਼ਾਮਿਲ ਨਹੀਂ ਸੀ ਕੀਤਾ…ਉਹ ਵੀਹ ਵਰ੍ਹਿਆਂ ਬਾਅਦ ਵੀ ਉਹਨਾਂ ਦੀ ਸੀ, ਯਾਨੀ ਆਪਣੇ ਵਰਗ ਦੀ…

"ਕੁਛ ਨਹੀਂ ਹੋਵੇਗਾ…ਸਿਰਫ਼ ਤੁਸੀਂ ਇੱਥੇ ਇੰਜ ਨਹੀਂ ਆ ਸਕੋਗੇ।" ਮੇਰੀ ਇਹ ਗੱਲ ਕਿੱਲ ਵਾਂਗ ਚੁਭੀ ਸੀ, ਉਹਨਾਂ ਨੂੰ। ਉਸਨੇ ਮੂੰਹ ਫੁਲਾ ਲਿਆ…ਸ਼ਾਇਦ ਉਸ ਵਿਚ ਉਹ ਵਿਹੂ ਵੀ ਸ਼ਾਮਿਲ ਸੀ ਜਿਹੜੀ ਮੇਰੇ ਨਾਲ ਵੱਝ ਜਾਣ ਪਿੱਛੋਂ ਉਹ ਅੰਦਰੇ-ਅੰਦਰ ਘੋਲਦੀ ਰਹਿੰਦੀ ਸੀ। ਉਸ ਦਿਨ ਪਹੁੰਚਦਿਆਂ ਹੀ ਬੱਚੇ ਤਾਂ ਕਾਰ ਲੈ ਕੇ ਉੱਧਰ ਚਲੇ ਗਏ ਸਨ, ਜਿੱਧਰ ਧਰਤੀ ਉੱਤੇ ਦੂਰ-ਦੂਰ ਤੱਕ ਪਾਣੀ ਖੜ੍ਹਾ ਸੀ, ਜਿਹੜਾ ਆਏ ਸਾਲ ਹੜ੍ਹ ਪਿੱਛੋਂ ਇੱਥੇ ਜਮ੍ਹਾਂ ਹੋ ਜਾਂਦਾ ਸੀ ਤੇ ਉਸਦੇ ਪੂਰੀ ਤਰ੍ਹਾਂ ਸੁੱਕਣ ਤੋਂ ਪਹਿਲਾਂ ਹੀ ਹੜ੍ਹ ਫੇਰ ਆ ਜਾਂਦਾ ਸੀ। ਉਸ ਪਾਣੀ ਉੱਤੇ ਪ੍ਰਵਾਸੀ ਪਰਿੰਦੇ ਹਰ ਸਾਲ ਆਪਣਾ ਅਧਿਕਾਰ ਜਮਾ ਲੈਂਦੇ ਸਨ…ਪਾਣੀ ਉਪਰ ਕਲੋਲਾਂ ਕਰਦੇ, ਸੈਂਕੜੇ-ਹਜ਼ਾਰਾਂ ਪਰਿੰਦੇ ਬੜੇ ਸੁੰਦਰ ਲੱਗਦੇ। ਜਿਹੜਾ ਵੀ ਇੱਥੇ ਆਉਂਦਾ, ਸਭ ਤੋਂ ਪਹਿਲਾਂ ਉੱਧਰ ਹੀ ਨੱਠਦਾ…ਕਿਸੇ ਕੋਲ ਇਹ ਗੱਲ ਸੋਚਣ ਦੀ ਫ਼ੁਰਸਤ ਨਹੀਂ ਸੀ ਹੁੰਦੀ ਕਿ ਉਸ ਧਰਤੀ ਦੇ ਕਿਸਾਨਾਂ ਦਾ ਕੀ ਬਣਿਆ ਹੋਵੇਗਾ ਜਾਂ ਉਹ ਕਿੱਥੇ ਪ੍ਰਵਾਸ ਕਰ ਗਏ ਸਨ ?

ਮੇਰੇ ਛੋਟੇ ਮੁੰਡੇ ਦੇ ਸਿਰ ਵਿਚ ਸੱਟ ਲੱਗੀ ਸੀ…ਮੈਨੂੰ ਕਾਰ ਦੀ ਜ਼ਰੂਰਤ ਸੀ, ਕਾਰ ਹੈ ਨਹੀਂ ਸੀ…ਦਵਾਈ ਦਸ ਕੋਹ ਤੋਂ ਉਰੇ ਨਹੀਂ ਸੀ ਮਿਲਣੀ, ਫ਼ੌਜੀ ਨੇ ਕੁਝ ਪੱਤਿਆਂ ਦਾ ਰਸ ਨਿਚੋੜ ਕੇ ਜ਼ਖ਼ਮ ਉੱਤੇ ਪਾ ਦਿੱਤਾ।

"ਫਿਕਰ ਨਾ ਕਰੋ ਜੀ, ਬਿਲਕੁਲ ਠੀਕ-ਠਾਕ ਹੋ ਜਾਊਗਾ।"

ਮੈਂ ਦਵਾਈ ਲੈ ਆਉਣ ਖਾਤਰ ਪੈਦਲ ਹੀ ਤੁਰ ਪਿਆ। ਥੋੜ੍ਹੀ ਦੂਰ ਜਾਣ ਪਿੱਛੋਂ ਮਹਿਸੂਸ ਹੋਇਆ ਕਿ ਕੋਈ ਮੇਰੇ ਪਿੱਛੇ ਪਿੱਛੇ ਆ ਰਿਹਾ ਹੈ। ਪਿੱਛੇ ਫ਼ੌਜੀ ਸੀ, ਉਹ ਰੁਕ ਗਿਆ ਤੇ ਉਸਨੇ ਅੱਖਾਂ ਮੀਚ ਲਈਆਂ। ਤਣ ਕੇ ਖੜ੍ਹਾ ਹੋ ਗਿਆ…ਐਨ ਉਹਨਾਂ ਬੁੱਤਾਂ ਵਾਂਗ ਜਿਹੜੇ ਸ਼ਹਿਰਾਂ ਵਿਚ ਸੜਕਾਂ ਦੇ ਚੌਕਾਂ ਵਿਚ ਖੜ੍ਹੇ ਹੁੰਦੇ ਨੇ, ਪਰ ਪਿੰਡਾਂ ਵਿਚ ਬੁੱਤ ਨਹੀਂ ਹੁੰਦੇ ਸਿਰਫ ਲੋਕ ਹੁੰਦੇ ਨੇ ਜਿਹਨਾਂ ਦੇ ਬੁੱਤ ਕਦੀ ਨਹੀਂ ਬਣਦੇ।

"ਚੱਲਣਾ ਏਂ ਤਾਂ ਭਰਾ, ਮੇਰੇ ਨਾਲ-ਨਾਲ ਚੱਲ ਫੇਰ।" ਉਹ ਨੇੜੇ ਨਹੀਂ ਆਇਆ। ਇਕ ਝਿਜਕ, ਡਰ ਤੇ ਹੈਰਾਨੀ ਉਸਦੇ ਚਿਹਰੇ ਉੱਪਰ ਸੀ, ਜਿਸਨੂੰ ਉਸਦੀਆਂ ਬੰਦ ਅੱਖਾਂ ਵੀ ਨਹੀਂ ਸੀ ਛਿਪਾ ਸਕੀਆਂ।

"ਯਾਰ ਪੈਂਡਾ ਲੰਮਾਂ ਏਂ, ਕੁਝ ਗੱਪਸ਼ੱਪ ਈ ਹੋ ਜਾਏਗਾ।" ਮੈਂ ਜਾਣਦਾ ਸੀ, ਮੇਰੇ ਪਿੱਛੇ ਆਉਣ ਵਿਚ ਇਕ ਕਸ਼ਿਸ਼ ਸੀ…ਝਿਜਕ ਵੀ ਸੀ ਤੇ ਉਸ ਝਿਜਕ ਵਿਚ, ਇਕ ਡਰ ਵੀ ਸ਼ਾਮਿਲ ਸੀ…ਤਕੜੀ ਸਜ਼ਾ ਦਾ ਡਰ।

ਝਿਜਕ ਕੁਝ ਘੱਟ ਜ਼ਰੂਰ ਹੋਈ ਪਰ ਵਿਚਕਾਰਲਾ ਫ਼ਾਸਲਾ ਓਵੇਂ ਦੀ ਜਿਵੇਂ ਰਿਹਾ। ਇਹ ਫ਼ਾਸਲਾ ਅੱਜ ਦਾ ਨਹੀਂ ਸੀ, ਸੈਂਕੜੇ ਵਰ੍ਹਿਆਂ ਦਾ ਸੀ ਜਦੋਂ ਦੇ ਉਸਦੇ ਪੁਰਖ਼ੇ ਮੇਰੇ ਸਹੁਰਿਆਂ ਦੇ ਪੁਰਖ਼ਿਆਂ ਦੀ ਸੇਵਾ ਤੇ ਰਾਖੀ ਕਰ ਰਹੇ ਹਨ। ਸ਼ਾਇਦ ਇਸ ਤੋਂ ਵੀ ਪੁਰਾਣਾ ਜਦ ਕਿਸੇ ਜਾਬਰ ਨੇ ਉਹਨਾਂ ਤੋਂ ਉਹਨਾਂ ਦੀ ਧਰਤੀ ਖੋਹੀ ਹੋਵੇਗੀ। ਉਸ ਫ਼ਾਸਲੇ ਨੂੰ ਖ਼ਤਮ ਕਰਨ ਲਈ ਉਹਨਾਂ ਵਿਚ ਕੁਝ ਭਰਨਾ ਜ਼ਰੂਰੀ ਸੀ।

ਮੈਨੂੰ ਸ਼ੁਰੂ ਦੇ ਉਹ ਦਿਨ ਯਾਦ ਆ ਗਏ ਜਦ ਦੂਸਰਿਆਂ ਨੂੰ ਬਦਲਣ ਖ਼ਾਤਰ, ਦੀਵਾਨਗੀ ਦੀਆਂ ਹੱਦਾਂ ਨੂੰ ਪਾਰ ਕਰਦਾ ਹੋਇਆ, ਇਕ ਜਨੂੰਨ ਮੇਰੇ ਸਿਰ ਉੱਤੇ ਸਵਾਰ ਹੋ ਜਾਂਦਾ ਹੁੰਦਾ ਸੀ। ਹੁਣ ਨਾ ਉਹ ਦਿਨ ਸਨ, ਨਾ ਹੀ ਉਹ ਮਾਹੌਲ। ਨਾ ਹੀ ਉਹ ਉਤਸ਼ਾਹ ਤੇ ਲਗਨ ਰਹਿ ਗਈ ਸੀ, ਮੇਰੇ ਵਿਚ। ਉਸ ਜਨੂੰਨ ਤੇ ਜ਼ਿਦ ਦੀ ਦੁਨੀਆਂ ਤੋਂ ਕਿੰਨਾ ਦੂਰ ਨਿਕਲ ਆਇਆ ਸਾਂ ਮੈਂ…ਜਿੱਥੇ ਅੱਜ ਸਾਂ, ਇੰਜ ਕਿੰਜ ਆ ਪਹੁੰਚਿਆ ਹਾਂ ਮੈਂ ?

ਇਸ ਸਵਾਲ ਤੇ ਇਸਦੇ ਜਵਾਬ ਤੋਂ ਬਚਨਾ ਚਾਹੁੰਦਾ ਹੋਇਆ ਮੈਂ ਸੀਟੀ ਵਜਾਉਣ ਲੱਗ ਪਿਆ। ਸੀਟੀ ਅਜਿਹੇ ਪਲਾਂ ਵਿਚ ਆਪਣੇ ਆਪ ਹੀ ਵੱਜਣ ਲੱਗਦੀ ਹੈ…ਜਦ ਮੈਂ ਬਚਨਾ ਚਾਹੁੰਦਾ ਹਾਂ, ਦੂਸਰਿਆਂ ਤੋਂ ਨਹੀਂ, ਖ਼ੁਦ ਆਪਣੇ ਆਪ ਤੋਂ। ਮੈਂ ਤੁਰੰਤ ਇਕ ਜਨੂੰਨ ਆਪਣੇ ਉੱਪਰ ਤਾਣ ਲਿਆ, ਤੇ ਪੁਰਾਣੇ ਦਿਨਾਂ ਵਿਚ ਪਹੁੰਚ ਗਿਆ…ਕਿਤੇ ਮੇਰੀ ਉਹ ਤਾਕਤ ਖ਼ਤਮ ਤਾਂ ਨਹੀਂ ਹੋ ਰਹੀ…

…ਤੇ ਮੇਰਾ ਖੇਲ ਸ਼ੁਰੂ ਹੋ ਗਿਆ ਸੀ। ਮੈਂ ਉਸਨੂੰ ਬੁਲਾਇਆ, "ਓ ਭਰਾ, ਜ਼ਰਾ ਨੇੜੇ ਆ।" ਉਹ ਸੱਜਿਓਂ ਕੁਝ ਖੱਬੇ ਜ਼ਰੂਰ ਹੋਇਆ ਪਰ ਦੂਰੀ ਘੱਟ ਨਹੀਂ ਹੋਈ। "ਕਿੰਨੇ ਨਿਆਣੇ ਨੇ ਤੇਰੇ ?", "ਦੋ...", "ਕਮਾਲ ਐ, ਤੇਰੇ ਵੀ ਦੋ ਤੇ ਮੇਰੇ ਵੀ ਦੋ…ਤੇ ਪਿੰਡ ਦੀਆਂ ਕੰਧਾਂ 'ਤੇ ਵੀ ਦੋ ਮੂਰਤਾਂ ਬਣੀਆ ਹੋਈਆਂ ਨੇ।…ਮਾਚਿਸ ਹੈ ਤੇਰੇ ਕੋਲ ?...ਲੈ ਤੂੰ ਵੀ ਲਾ ਲੈ ਯਾਰ।" ਉਸਨੇ ਸਿਗਰੇਟ ਸੁਲਗਾਇਆ ਜ਼ਰੂਰ ਪਰ ਚੁੱਪਚਾਪ ਮਸਲ ਕੇ ਬੁਝਾ ਦਿੱਤਾ ਤੇ ਕੰਨ 'ਚ ਟੁੰਗ ਲਿਆ। ਸਿਗਰੇਟ ਪੀਣਾ ਹਕਮਾਂ ਦੀ ਨਜ਼ਰ ਵਿਚ ਬੇਅਦਬੀ ਸੀ। "ਓਇ ਆਪਣੇ ਦੋਹਾਂ ਦੇ ਸਿਗਰੇਟ ਬੁਝ ਗਏ।" ਏਨਾ ਸੁਣਦਿਆਂ ਹੀ ਉਹ ਹੱਸ ਪਿਆ।

"ਮੈਂ ਵੀ ਤੇਰੇ ਵਰਗਾ ਬੰਦਾ ਆਂ…ਤੇਰੇ ਵਾਂਗਰ ਪੈਦਾ ਹੋਇਆ ਸਾਂ, ਫੇਰ ਤੂੰ ਇਹ ਤਮਾਸ਼ਾ ਕਿਉਂ ਕਰ ਰਿਹੈਂ ?"

'ਖੀਂ-ਖੀਂ' ਕਰਦਾ ਹੋਇਆ ਉਹ ਜ਼ਰਾ ਕੁ ਹੋਰ ਖੱਬੇ ਖਿਸਕ ਗਿਆ। ਮੈਂ ਵੀ ਉਸਦੇ ਨਾਲ ਚਿਪਕ ਗਿਆ। ਉਹ ਟੋਏ ਵਿਚ ਡਿੱਗਿਆ, ਨਾਲ ਮੈਂ ਵੀ ਸਾਂ।

"ਦੂਰ ਰਹੋ ਜੀ, ਸੌਂਹ ਰੱਬ ਦੀ, ਅਸੀਂ ਕਮੀਨ ਹੁੰਦੇ ਆਂ ਜੀ..."

"ਜਦੋਂ ਅੱਜ ਤੀਕ ਪੈਰ ਛੂਹਣ ਨਾਲ ਕੁਝ ਨਹੀਂ ਵਿਗੜਿਆ ਕਿਸੇ ਦਾ, ਫੇਰ ਹੱਥ ਛੂਹ ਜਾਣ ਨਾਲ ਕੀ ਹੋ ਜਾਏਗਾ ?"

ਮੈਨੂੰ ਲੱਗਿਆ ਉਹ ਹਜ਼ਾਰਾਂ ਵਰ੍ਹਿਆਂ ਦਾ ਪਾੜਾ ਪੂਰ ਕੇ ਮੇਰੇ ਕੋਲ ਆਣ ਖੜ੍ਹਾ ਹੋਇਆ ਹੈ…ਤੇ ਪੁੱਛ ਰਿਹਾ ਹੈ ਕਿ ਮੈਂ ਅੱਜ ਤੱਕ ਕਿੱਥੇ ਗਵਾਚਿਆ ਰਿਹਾਂ ? ਮੈਨੂੰ ਲੱਗਿਆ, ਸੱਚਮੁੱਚ ਮੈਂ ਗਵਾਚਿਆ ਹੀ ਰਿਹਾ ਹਾਂ। ਮੈਂ ਆਪਣੇ ਆਪ ਨੂੰ ਉਸ ਨਾਲੋਂ ਛੋਟਾ ਮਹਿਸੂਸ ਕੀਤਾ। ਉਸਨੇ ਮੈਨੂੰ ਉਪਰੋਂ ਹੇਠਾਂ ਤੱਕ ਦੇਖਿਆ ਤੇ ਕੁਝ ਸੋਚਣ ਲੱਗਾ। ਅਚਾਨਕ ਉਹ ਮੁਸਕਰਾਇਆ। ਉਸਨੇ ਆਪਣੇ ਤੇ ਮੇਰੇ ਕੱਪੜਿਆਂ ਦੀ ਧੂੜ ਝਾੜੀ…ਮੇਰੀ ਦਲੀਲ ਕੰਮ ਕਰ ਗਈ ਸੀ। ਉਸਦੇ ਚਿਹਰੇ ਤੇ ਅੱਖਾਂ ਦੀ ਚਮਕ ਵਿਚ ਕੋਈ ਨਵੀਂ ਚੀਜ਼ ਸ਼ਾਮਿਲ ਹੋ ਚੁੱਕੀ ਸੀ।

"ਹੋ ਜਾਏ ਫੇਰ ਸੂਟਾ…ਤੁਸੀਂ ਵੀ ਕੀ ਯਾਦ ਕਰੋਗੇ ਜੀ…"

ਹੁਣ ਅਸੀਂ ਨਾਲ ਨਾਲ ਤੁਰ ਰਹੇ ਸਾਂ। ਸੂਟੇ ਤੇ ਸੂਟਾ ਲਾਉਂਦਾ ਹੋਇਆ ਉਹ ਉਸ ਭੋਲੇ ਬੱਚੇ ਵਰਗਾ ਲੱਗ ਰਿਹਾ ਸੀ ਜਿਸਨੂੰ ਪਹਿਲੀ ਵੇਰ ਖੁੱਲ੍ਹੀ ਛੁੱਟੀ ਮਿਲੀ ਹੋਵੇ। ਮੈਂ ਉਸਨੂੰ ਦੂਜਾ ਸਿਗਰੇਟ ਦਿੱਤਾ ਤੇ ਨਾਲ ਹੀ ਪੈਕੇਟ ਵੀ ਫੜਾ ਦਿੱਤਾ।

"ਮਜ਼ਾ ਆ ਗਿਆ।"

ਹੁਣ ਮੇਰਾ ਖੇਲ ਸਮਾਪਤ ਹੋ ਚੁੱਕਿਆ ਸੀ---ਮੈਂ ਉਸ ਨਾਲ, ਉਸਦੇ ਮਨ ਨਾਲ, ਜੁੜਨ ਲੱਗ ਪਿਆ ਸਾਂ ਜਿਸ ਤਰ੍ਹਾਂ ਸ਼ੁਰੂ ਦੇ ਦਿਨਾਂ ਵਿਚ ਲੋਕਾਂ ਨਾਲ ਜੁੜਦਾ ਹੁੰਦਾ ਸਾਂ।

"ਗੰਨਾਂ ਚੂਪੋਗੇ ?"

ਮੈਂ ਤ੍ਰਬਕਿਆ ਤੇ ਤੁਰੰਤ ਕਿਤੋਂ ਪਰਤ ਆਇਆ। ਮੇਰੇ ਸਾਹਮਣੇ ਦੂਰ ਦੂਰ ਤੱਕ ਫੈਲੇ ਹੋਏ ਖੇਤ ਸਨ, ਦਰਖ਼ਤ ਸਨ, ਖੜ੍ਹੀਆਂ ਫਸਲਾਂ ਸਨ, ਸਰੋਂ ਉੱਤੇ ਥਿਰਕਦੀਆਂ ਤਿੱਤਲੀਆਂ ਸਨ। ਸਭ ਕੁਝ ਸੀ ਪਰ ਇਹ ਸਭ ਸਿਰਫ਼ ਇਕ ਦ੍ਰਿਸ਼ ਨਹੀਂ ਸੀ, ਇਕ ਦੂਸਰੀ ਹੀ ਤਸਵੀਰ ਸੀ। ਉੱਥੋਂ ਆਉਣ ਦਾ ਕਾਰਨ ਸਿਰਫ਼ ਦਵਈ ਹੀ ਨਹੀਂ ਸੀ…ਉਹਨਾਂ ਦੀ ਦੁਨੀਆਂ ਤੋਂ ਭੱਜ ਕੇ ਕੁਦਰਤ ਦੀ ਅਨੋਖੀ ਖ਼ੂਬਸੂਰਤੀ ਦਾ ਆਨੰਦ ਮਾਣਨਾ ਵੀ ਸੀ।

ਹੁਣ ਉਸ ਵਿਚ ਇਕ ਅਦਭੁਤ ਭੁੱਖ ਤੇ ਸਾਹਸ ਜਾਗ ਪਿਆ ਸੀ। ਖੇਤਾਂ ਵਿਚੋਂ ਗੰਨੇ, ਮੂਲੀਆਂ, ਗਾਜਰਾਂ ਤੇ ਪਤਾ ਨਹੀਂ ਕੀ ਕੀ ਤੋੜਦਾ ਰਿਹਾ। ਰਸਤੇ ਵਿਚ ਜਿਹੜਾ ਵੀ ਮਿਲਦਾ, ਰੋਕ ਕੇ ਦੱਸਦਾ ਕਿ ਮੈਂ ਉਹੀ ਜਵਾਈ ਹਾਂ ਜਿਹੜਾ ਅੱਜ ਤੱਕ ਇੱਥੇ ਨਹੀਂ ਸੀ ਆਇਆ। ਮੈਂ ਉਹਨਾਂ ਵਿਚ ਨਾਸਤਿਕ ਦੇ ਨਾਂਅ ਨਾਲ ਮਸ਼ਹੂਰ ਸਾਂ। ਪਿੰਡ ਦੇ ਕਿਸਾਨਾਂ ਦੀ ਬੋਲੀ ਤੇ ਉਹਨਾਂ ਦੇ ਸਵਾਲਾਂ ਦੇ ਜਵਾਬ ਦੇਂਦਾ ਥੱਕ ਜਾਂਦਾ। ਪਿੰਡਾਂ ਵਾਲੇ ਦੂਜਿਆਂ ਨੂੰ ਅੰਦਰ ਤੱਕ ਤਾੜ ਲੈਂਦੇ ਨੇ, ਇਸੇ ਡਰ ਸਦਕਾ ਥੋੜ੍ਹਾ ਬੇਚੈਨ ਹੋ ਜਾਂਦਾ ਸਾਂ। ਪਹਿਲਾਂ ਪਹਿਲਾਂ ਇੰਜ ਲੱਗਦਾ ਹੁੰਦਾ ਸੀ ਕਿ ਜਦ ਇਹ ਸਾਰੇ ਸਾਡੇ ਲਈ ਏਨੇ ਅਜਨਬੀ ਨੇ ਤੇ ਖਿਝ ਦਾ ਕਾਰਨ ਵੀ ਬਣ ਜਾਂਦੇ ਨੇ ਤਾਂ ਇਹ ਸਾਡੇ ਨੇੜੇ ਕਿੰਜ ਆ ਸਕਦੇ ਨੇ ?

"ਦੇਖੋ ਹਜ਼ੂਰ…ਜਿੱਥੋਂ ਤਾਈਂ ਨਜ਼ਰ ਜਾਂਦੀ ਐ, ਇਕੋ ਵਾਰੀ ਦੇਖ ਲਓ, ਸਾਰੀ ਧਰਤੀ ਕਦੀ ਹਾਕਮਾਂ ਦੀ ਹੁੰਦੀ ਸੀ, ਹੁਣ ਨਹੀਂ ਰਹੀ…ਜਿਹੜੀ ਹੈ, ਉਹ ਵੀ ਘੱਟ ਨਹੀਂ। ਆਉਣ ਵਾਲੀਆਂ ਪੁਸ਼ਤਾਂ ਵੀ ਖ਼ਤਮ ਨਹੀਂ ਕਰ ਸਕਦੀਆਂ…ਬੜੇ ਦੂਰ ਅੰਦੇਸ਼ ਲੋਕ ਨੇ ਹਾਕਮ…" ਜਿਹੜੀਆਂ ਗੱਲਾਂ ਸਹੁਰਿਆਂ ਤੇ ਪਤਨੀ ਤੋਂ ਕਦੀ ਪਤਾ ਨਹੀਂ ਸੀ ਲੱਗੀਆਂ, ਉਹ ਦੱਸਣ ਲੱਗਾ। ਚਾਰ ਪੰਜ ਸੌ ਵਰ੍ਹੇ ਪਹਿਲਾਂ ਉੱਥੇ ਹਾਕਮਾਂ ਦਾ ਵੱਡਾ ਕਾਰੋਬਾਰ ਤੇ ਜ਼ਿਮੀਂਦਾਰਾ ਸੀ। ਮੱਧ ਏਸ਼ੀਆ ਤੋਂ ਤਿਜਾਰਤ ਦਾ ਇਹੀ ਮਾਰਗ ਹੁੰਦਾ ਸੀ, ਕਦੀ। ਦਰਬਾਰ ਵਿਚ ਰਸੂਖ਼ ਵਾਲੇ ਲੋਕ, ਚਾਰ ਸੌ ਸਾਲ ਪਹਿਲਾਂ ਸੱਠ ਮੀਲ ਦੂਰ, ਇਸ ਸ਼ਹਿਰ ਦੇ ਜਨਮ ਦੇ ਨਾਲ ਹੀ, ਹਾਕਮ ਉੱਥੇ ਆ ਵੱਸੇ ਸਨ।...ਉਹਨਾਂ ਦੀਆਂ ਹਵੇਲੀਆਂ ਨਾਲ ਈ ਇਹ ਧਰਤੀ ਆਬਾਦ ਹੋਈ। ਅੰਗਰੇਜ਼ੀ ਰਾਜ ਵਿਚ ਉਹ ਵੱਡੇ ਵੱਡੇ ਸ਼ਹਿਰਾਂ ਵਿਚ ਚਲੇ ਗਏ। ਉਹਨਾਂ ਦਾ ਵਪਾਰ ਨਵੇਂ ਦੇਸ਼ਾਂ ਤਕ ਫੈਲ ਗਿਆ। ਉਹਨਾਂ ਕਈ ਅਧੁਨਿਕ ਧੰਦੇ ਤੋਰ ਲਏ। ਸਮਾਂ ਲੰਘਣ ਦੇ ਨਾਲ ਨਾਲ ਉਹਨਾਂ ਦੀਆਂ ਹਵੇਲੀਆਂ ਵੀਰਾਨ ਹੋਣ ਲੱਗੀਆਂ। ਪੱਕੀਆਂ ਹਵੇਲੀਆਂ ਵਾਲਾ ਪਿੰਡ, ਖੰਡਰ ਬਣ ਗਿਆ।

ਮੈਂ ਉਸ ਵੱਲ ਦੇਖਿਆ। ਉਹ ਬੈਠਾ ਤਾਂ ਕੰਡਿਆਲੀ ਕਿੱਕਰ ਦੀ ਛਾਂ ਹੇਠ ਸੀ, ਪਰ ਸੀ ਉਸ ਇਤਿਹਾਸ ਵਿਚ ਜਿਸਨੂੰ ਕੱਚੀਆਂ ਝੌਂਪੜੀਆਂ ਵਿਚ ਰਹਿਣ ਵਾਲੇ ਆਪਣੇ ਵੱਡੇ-ਵਡੇਰਿਆਂ ਤੋਂ ਸੁਣਦੇ ਆ ਰਹੇ ਹਨ। ਠੰਡੀ ਹਵਾ ਦੀ ਠਾਰੀ ਕਿੱਕਰ ਦੀਆਂ ਸੂਲਾਂ ਵਾਂਗ ਚੁਭ ਰਹੀ ਸੀ, ਪਰ ਸਾਨੂੰ ਉਸਦਾ ਅਹਿਸਾਸ ਨਹੀਂ ਸੀ।

"ਸਾਡੇ ਹਾਕਮ ਕਦੀ ਬੇਰਹਿਮ ਨਹੀਂ ਰਹੇ, ਹੱਥ ਜੋੜ ਕੇ ਗੱਲਾਂ ਕਰਨ ਵਾਲੇ। ਹੁਣ ਉਹ ਗੱਲਾਂ ਨਹੀਂ ਰਹੀਆਂ। ਖ਼ੂਨ ਤਾਂ ਉਹੀ ਐ ਜੀ ਹਜ਼ੂਰ। ਵਿਆਹ-ਸ਼ਾਦੀਆਂ ਵਿਚ ਦਿਲ ਖੋਲ੍ਹ ਕੇ ਦਿੰਦੇ ਨੇ ਸਾਨੂੰ…ਇਹ ਨਾ ਹੋਣ ਤਾਂ ਅਸੀਂ ਭੁੱਖੇ ਮਰ ਜਾਈਏ…" ਉਸ ਸਵੇਰ ਉੱਥੇ ਪਹੁੰਚਦਿਆਂ ਹੀ ਜਦ ਕਾਰਾਂ ਹਵੇਲੀਆਂ ਦੇ ਸਾਹਮਣੇ ਰੁਕੀਆਂ ਸਨ ਤਾਂ ਸਭ ਕਿਸੇ ਸੁਪਨ-ਲੋਕ ਵਰਗਾ ਲੱਗਿਆ ਸੀ। ਇਕ ਅਜਿਹੀ ਹਕੀਕਤ ਜਿਸਨੂੰ ਦੇਖ ਕੇ ਵੀ ਸੁਪਨੇ ਦਾ ਗੁਮਾਨ ਹੋਵੇ। ਲਾਲ ਛੋਟੀਆਂ, ਪੱਕੀਆਂ ਇੱਟਾਂ ਦੀਆਂ ਬਣੀਆ ਦੋ ਮੰਜ਼ਿਲਾ ਹਵੇਲੀਆਂ ਜਿਹਨਾਂ ਦੇ ਵੱਡੇ ਵੱਡੇ ਫਾਟਕਾਂ ਵਿਚ ਕਦੀ ਊਠ, ਹਾਥੀ ਤੇ ਘੋੜੇ ਸਮਾਅ ਜਾਂਦੇ ਹੋਣਗੇ। ਖੰਡਰ ਬਣੀਆ ਖੜ੍ਹੀਆਂ ਸਨ। ਕਿਸੇ ਇਕ ਹਵੇਲੀ ਵਿਚ ਵੀ ਜ਼ਿੰਦਗੀ ਦੇ ਆਸਾਰ ਨਹੀਂ ਸਨ। ਇੱਟਾਂ ਦੇ ਢੇਰ, ਢੱਠਾ ਹੋਇਆ ਮਲਬਾ, ਦਰਵਾਜ਼ੇ, ਬੁਰਜੀਆਂ ਤੇ ਦੂਰ ਦੂਰ ਤੱਕ ਫੈਲੇ ਖੇਤ। ਖੁੱਲ੍ਹੀਆਂ ਅੱਖਾਂ ਨਾਲ ਆਸਮਾਨ ਦੀ ਨੀਲੀ ਛੱਤ ਹੇਠ ਇਹ ਸਭ ਕੁਝ ਦੇਖਣਾ ਕਿਸੇ ਤਿਲਸਮ ਨਾਲੋਂ ਘੱਟ ਨਹੀਂ ਸੀ, ਜਿਵੇਂ ਕਿਸੇ ਗਵਾਚੀ ਦੁਨੀਆਂ ਦੀ ਕੋਈ ਯਾਦਗਾਰ। ਸਮੇਂ ਨਾਲੋਂ ਕਿੰਨਾ ਅੱਗੇ ਤੇ ਵਿਕਸਿਤ ਹੋਣਗੇ, ਇਹਨਾਂ ਹਵੇਲੀਆਂ ਦੇ ਲੋਕ…ਉਦੋਂ ਵੀ ਅੱਗੇ ਤੇ ਅੱਜ ਵੀ ਅੱਗੇ। ਨਹੀਂ ਤਾਂ ਇਹਨਾਂ ਹਵੇਲੀਆਂ ਵਿਚ ਹੁੰਦੇ। ਉਹਨਾਂ ਦਾ ਮੋਹ ਕੁਝ ਹੋਰ ਹੈ, ਨਾ ਧਰਤੀ ਨਾ ਹਵੇਲੀਆਂ…ਬੁੱਢੀ ਬੇਬੇ ਸਾਰਿਆਂ ਨੂੰ ਦੱਸ ਰਹੀ ਸੀ ਕਿ 'ਜਦੋਂ ਉਹ ਵਿਆਹੀ ਆਈ ਸੀ, ਉਸਨੂੰ ਸਭ ਤੋਂ ਪਹਿਲਾਂ ਹਵੇਲੀਆਂ ਦਿਖਾਉਣ ਲਿਆਂਦਾ ਗਿਆ ਸੀ…ਤੇ ਇੱਥੇ ਹੀ ਰਾਤ ਪੈ ਗਈ ਸੀ…' ਤੇ ਉਹ ਕਿਸੇ ਨੱਪੇ ਹੋਏ ਖ਼ਜ਼ਾਨੇ ਦੀਆਂ ਗੱਲਾਂ ਵੀ ਕਰ ਰਹੀ ਸੀ।

ਫ਼ੌਜੀ ਦੀਆਂ ਗੱਲਾਂ ਸੁਣਨ ਪਿੱਛੋਂ ਲੱਗਿਆ ਸੀ ਕਿ ਹਵੇਲੀਆਂ ਦੇ ਵਾਸੀ ਦੂਰ-ਅੰਦੇਸ਼ ਤਾਂ ਸੀ ਹੀ, ਚੁਸਤ ਵੀ ਬੜੇ ਸੀ। ਉਹਨਾਂ ਆਪਣੀ ਧਰਤੀ ਦੀ ਸੀਮਾ ਉੱਤੇ ਪਿੰਡ ਵਸਾਏ…ਸਿਰਫ਼ ਆਪਣੀ ਹਿਫ਼ਾਜ਼ਤ ਲਈ, ਨਾਕਾਬੰਦੀ ਵਜੋਂ।
***
ਬਾਜ਼ਾਰ ਵਿਚ ਭਰਪੂਰ ਰੌਣਕ ਦਿਖਾਈ ਦਿੱਤੀ। ਜ਼ਰੂਰਤ ਦੀਆਂ ਚੀਜ਼ਾਂ, ਟ੍ਰੈਕਟਰ, ਵਰਕਸ਼ਾਪ, ਕੱਪੜੇ ਦੀਆਂ ਦੁਕਾਨਾਂ, ਪੱਠੇ ਕੁਤਰਨ ਵਾਲੀਆਂ ਮਸ਼ੀਨਾ, ਖੇਤੀ ਦੇ ਸੰਦਾਂ ਦੀਆਂ ਦੁਕਾਨਾਂ, ਹਲਵਾਈ, ਚਾਹ ਦੇ ਸਟਾਲ, ਹਕੀਮ ਤੇ ਡਾਕਟਰ, ਸਾਰੇ ਹੀ ਸਨ ਉਸ ਬਾਜ਼ਾਰ ਵਿਚ। ਪਰ ਇਹ ਸਾਰੇ ਉੱਥੇ ਨਹੀਂ ਸਨ, ਉੱਥੇ ਸਨ ਸਿਰਫ਼ ਹਵੇਲੀਆਂ ਜਿਹਨਾਂ ਦੀ ਸੁਰੱਖਿਆ ਤੇ ਰਖਵਾਲੀ ਲਈ ਕਦੀ ਅਜਿਹੇ ਪਿੰਡ ਵਜੂਦ ਵਿਚ ਆਏ ਹੋਣਗੇ। ਪਿੰਡ ਵਿਚ ਜ਼ਿੰਦਗੀ ਸਿਰਫ਼ ਇਸ ਲਈ ਨਜ਼ਰ ਆਉਂਦੀ ਸੀ ਕਿ ਉੱਥੋਂ ਦੇ ਲੋਕ ਕਿਸੇ ਬਖ਼ਸ਼ੀਸ਼ ਉੱਤੇ ਨਹੀਂ ਬਲਿਕੇ ਆਪਣੀ ਮਿਹਨਤ ਦੇ ਬੂਤੇ ਜਿਊਂ ਰਹੇ ਸਨ।

ਦਵਾਈ ਖਰੀਦਿਆਂ ਹੋਇਆਂ ਅਜਿਹੀਆਂ ਗੱਲਾਂ ਦਾ ਧਿਆਨ ਆਉਣਾ ਮੇਰੀ ਆਦਤ ਦੇ ਮੁਤਾਬਕ ਸੀ। ਨਾਲ ਹੀ ਦਵਾਈ ਦੀ ਕੌੜੀ ਗੋਲੀ ਵਾਂਗ ਇਹ ਗੱਲ ਮਨ ਵਿਚ ਕੁਸੈਲ ਭਰ ਗਈ ਕਿ ਬੀਮਾਰੀ ਵਿਚ ਫ਼ੌਜੀ ਦੇ ਪਿੰਡ ਦੇ ਲੋਕ ਕੀ ਕਰਦੇ ਹੋਣਗੇ ? ਗੁਰੂਦੁਆਰੇ ਦੀ ਡਿਸਪੈਂਸਰੀ ਸਿਰਫ਼ ਯੱਗ ਦੇ ਦਿਨਾਂ ਵਿਚ ਖੁੱਲ੍ਹਦੀ ਹੈ। ਇਸ ਗੱਲ ਉੱਤੇ ਸ਼ਰਮ ਮਹਿਸੂਸ ਹੋਈ ਕਿ ਹਵੇਲੀਆਂ ਦੇਖਦੇ ਹੋਏ ਝੌਂਪੜੀਆਂ ਤੇ ਉਹਨਾਂ ਨਾਲ ਜੁੜੇ ਇਤਿਹਾਸ ਦਾ ਧਿਆਨ ਕਿਉਂ ਨਹੀਂ ਆਇਆ ? ਸਦੀਆਂ ਬਾਅਦ ਵੀ ਇਹਨਾਂ ਦੀ ਹਾਲਤ ਕਿਉਂ ਨਹੀਂ ਬਦਲੀ ? ਹਰ ਦਿਸ਼ਾ ਤੇ ਦਸ਼ਾ ਪੱਖੋਂ, ਏਨੇ ਓਹਲੇ ਤੇ ਪੋਲੇ ਕਿੰਜ ਰਹਿ ਗਏ ਸਨ ਇਹ ਲੋਕ ? ਕੀ ਅੱਜ ਵੀ ਸਮਾਂ ਇਹਨਾਂ ਨੂੰ ਖ਼ਿਦਮਤਗਾਰ ਹੀ ਸਮਝਦਾ ਹੈ ? ਜਿੱਧਰ ਧਿਆਨ ਪਹਿਲਾਂ ਦੇਣਾ ਚਾਹੀਦਾ ਸੀ, ਕਿਉਂ ਨਹੀਂ ਸੀ ਦਿੱਤਾ ਗਿਆ ? ਹਵੇਲੀਆਂ ਨੂੰ ਦੇਖਣ ਵਾਲੇ, ਝੌਂਪੜੀਆਂ, ਗਾਵਾਂ, ਮੱਝਾਂ, ਬੱਕਰੀਆਂ, ਸੂਰ, ਮੁਰਗੀਆਂ, ਭੌਂਕਦੇ ਕੁੱਤੇ, ਗੋਹੇ ਤੇ ਚਿੱਕੜ ਦੀ ਬੂ ਵਿਚ ਸਭ ਕੁਝ ਦੇਖਦੇ ਹੋਏ ਵੀ ਕੋਈ ਇਹ ਮਹਿਸੂਸ ਕਿਉਂ ਨਹੀਂ ਕਰ ਸਕਿਆ ਸੀ ?

ਪਿਛਲੇ ਸਮੇਂ ਵਿਚ ਦਿੱਤੀ ਗਈ ਸਰਕਾਰੀ ਸਹਾਇਤਾ ਤੇ ਰਾਹਤ ਕਾਰਜਾਂ ਦੀਆਂ ਕਾਰਗੁਜ਼ਾਰੀਆਂ ਦੀ ਨੁਮਾਇਸ਼ ਕਰਨ ਲਈ ਫ਼ੌਜੀ ਦੇ ਪਿੰਡ ਵਿਚ ਕੋਈ ਪੱਕੀ ਜਗ੍ਹਾ ਨਹੀਂ ਹੋਣੀ। ਤਦੇ ਤਾਂ ਗੁਰੂਦੁਆਰੇ ਦੀ ਕੰਧ ਉੱਪਰ ਉਹ ਪੱਥਰ ਲੱਗਿਆ ਸੀ ਜਿਸ ਵਿਚ ਤਿੰਨ ਮੰਤਰੀਆਂ ਦੇ ਨਾਂਅ ਖੁਦੇ ਸਨ, ਜਿਹੜੇ ਉੱਥੇ ਹਰੀਜਨ ਉਦਾਰ ਲਈ ਆਏ ਸਨ। ਪੱਥਰ ਹੇਠ ਗੁਰੂਦੁਆਰੇ ਦਾ ਕੁੜਾ ਪਿਆ ਸੀ।

ਆਪਣੀ ਉਦਾਸੀਨਤਾ ਉੱਪਰ ਦੁੱਖ ਹੋਇਆ। ਮਾਮੂਲੀ ਸੌਖਾਂ ਤੇ ਆਰਾਮ ਪ੍ਰਾਪਤ ਹੁੰਦਿਆਂ ਹੀ ਅਸੀਂ ਦੂਜਿਆਂ ਨੂੰ ਕਿਉਂ ਭੁੱਲ ਜਾਂਦੇ ਹਾਂ ? ਆਪਣੀ ਉਂਗਲ ਵਿਚੋਂ ਖ਼ੂਨ ਟਪਕਣ 'ਤੇ ਹੀ ਪੀੜ ਕਿਉਂ ਹੁੰਦੀ ਹੈ…ਕੀ ਮੈਂ ਵੀ ਇਸੇ ਬਿਮਾਰੀ ਦਾ ਸ਼ਿਕਾਰ ਹੋ ਚੁੱਕਿਆ ਹਾਂ ?

ਆਮ ਬਿਮਾਰੀਆਂ ਵਿਚ ਕੰਮ ਆਉਣ ਵਾਲੀਆਂ ਦਵਾਈਆਂ ਦਾ ਬੰਡਲ ਖਰੀਦ ਕੇ ਉਸਨੂੰ ਫੜਾ ਦਿੱਤਾ। ਉਸ ਨਾਲ ਉਹ ਏਨਾ ਭਾਵੁਕ ਹੋਇਆ ਕਿ ਉਸਦੀਆਂ ਅੱਖਾਂ ਸਿੱਜਲ ਹੋ ਗਈਆਂ। ਪਹਿਲੀ ਵਾਰ ਉਸਨੂੰ ਭੀਖ ਤੇ ਦੋਸਤੀ ਦੇ ਜਜ਼ਬੇ ਵਿਚ ਫ਼ਰਕ ਦਾ ਅਹਿਸਾਸ ਹੋਇਆ ਸੀ ਸ਼ਾਇਦ ! ਸਟਾਲ ਉੱਤੇ ਪਕੌੜੇ ਖਾਂਦਾ ਹੋਇਆ ਉਹ ਵਾਰੀ ਵਾਰੀ ਮੇਰੇ ਵੱਲ ਦੇਖ ਲੈਂਦਾ ਸੀ ਤੇ ਫੇਰ ਪਕੌੜਿਆਂ ਉੱਪਰ ਟੁੱਟ ਪੈਂਦਾ ਸੀ। ਕਦੀ ਫੇਰ ਝਿਜਕ ਕੇ ਰੁਕ ਜਾਂਦਾ ਸੀ। ਉਸਦੇ ਅੰਦਰਲੇ ਡਰ ਨੂੰ ਮੈਂ ਸਮਝ ਰਿਹਾ ਸਾਂ। ਮੇਰੇ ਨਾਲ ਖਾਣਾ ਉਸਦੇ ਨਾਸ਼ ਦਾ ਕਾਰਨ ਵੀ ਬਣ ਸਕਦਾ ਸੀ। ਪਕੌੜਿਆਂ ਤੇ ਜਲੇਬੀਆਂ ਦੀ ਵੀ ਆਪਣੀ ਵੱਖਰੀ ਲਾਲਸਾ ਹੁੰਦੀ ਹੈ, ਜਿਹੜੀ ਮੈਂ ਉਹਨਾਂ ਦਿਨਾਂ ਵਿਚ ਚੱਖੀ ਹੈ, ਜਦ ਦੋ ਦੋ ਦਿਨ ਖਾਣ ਲਈ ਕੁਝ ਨਹੀਂ ਸੀ ਮਿਲਦਾ।

ਸਾਡੇ ਆਲੇ ਦੁਆਲੇ ਖੁਸਰ-ਫੁਸਰ ਹੋ ਰਹੀ ਸੀ। ਸਾਰੇ ਫ਼ੌਜੀ ਉੱਪਰ ਤਾਅਨੇ ਕੱਸ ਰਹੇ ਸਨ। ਕੋਈ ਉਸ ਉੱਤੇ ਤਰਸ ਖਾ ਰਿਹਾ ਸੀ।

"ਡਰ ਨਾ, ਕਿਸੇ ਸਾਲੇ ਦੀ ਹਿੰਮਤ ਨਹੀਂ ਤੈਨੂੰ ਕੁਛ ਆਖੇ। ਉਹ ਸਾਰੇ ਇੱਥੇ ਹੀ ਆ ਕੇ ਸੁੱਚਮ ਦਿਖਾਉਂਦੇ ਨੇ। ਹੋਟਲਾਂ ਵਿਚ ਸਭ ਦੇ ਹੱਥ ਦਾ ਬਣਿਆ ਖਾ ਲੈਂਦੇ ਨੇ।"

"ਕੀ ?"

ਪਕੌੜਾ ਉਸਦੇ ਹੱਥੋਂ ਡਿੱਗ ਪਿਆ। ਉਸਦਾ ਮੂੰਹ ਖੁੱਲ੍ਹਾ ਰਹਿ ਗਿਆ। ਉਸਨੇ ਅਵਿਸ਼ਵਾਸ ਤੇ ਹੈਰਾਨੀ ਨਾਲ ਮੇਰੇ ਮੂੰਹ ਵੱਲ ਤੱਕਿਆ। ਮੇਰੇ ਮੂੰਹੋਂ ਹਾਕਮਾਂ ਲਈ ਗਾਲ੍ਹਾਂ ਸੁਣਨਾ ਉਸ ਲਈ ਕਿਸੇ ਹੋਰ ਦੁਨੀਆਂ ਦੀ ਗੱਲ ਸੀ। ਉਸਨੇ ਮੇਰੇ ਦੋਹੇਂ ਹੱਥ ਆਪਣੇ ਹੱਥਾਂ ਵਿਚ ਜਕੜ ਲਏ।

"ਤੇਰੀ ਝੌਂਪੜੀ ਕੱਚੀ ਐ ਜਾਂ ਪੱਕੀ ?"

"ਆਪਣੀ ਕਿਸਮਤ ਈ ਕਾਣੀ ਐਂ ਜੀ।"

"ਓਹ ਕਿਉਂ ਬਈ ?"

ਉਹ ਚੁੱਪ ਸੀ। ਉਸਦਾ ਚਿਹਰਾ ਬੁਝ ਗਿਆ। ਅੱਖਾਂ ਬੰਦ ਹੋ ਗਈਆਂ। ਪਰ ਉਸਦੀ ਪਕੜ ਪਹਿਲਾਂ ਨਾਲੋਂ ਵੱਧ ਮਜ਼ਬੂਤ ਹੋ ਗਈ। ਗਰਮਜੋਸ਼ੀ ਨਾਲ ਭਰਪੂਰ।

"ਉਹਨਾਂ ਦੀ ਭੀਖ ਤੈਨੂੰ ਮਿਹਰ ਤੇ ਇਨਾਮ ਲੱਗ ਰਹੀ ਏ। ਜਿਹੜੀ ਗ਼ਲਤੀ ਕਿਸੇ ਮਜ਼ਬੂਰੀ ਵਿਚ ਤੇਰੇ ਬਜ਼ੁਰਗਾਂ ਨੇ ਕੀਤੀ ਹੋਵੇਗੀ, ਕੀ ਉਹ ਰੀਤ ਮੰਨੀ ਜਾਵੇਗੀ ? ਕਦੀ ਉਹਨਾਂ ਨੂੰ ਵੀ ਇਹ ਜ਼ਮੀਨਾਂ ਕਿਸੇ ਵੱਡੇ ਹਾਕਮ ਨੂੰ ਖੁਸ਼ ਕਰਕੇ ਭੀਖ ਵਿਚ ਮਿਲੀਆਂ ਹੋਣਗੀਆਂ। ਕੀ ਪਤਾ ਇਸ ਲਈ ਉਹਨਾਂ ਕੀ ਕੀ ਨੀਚ ਕਰਮ ਕੀਤੇ ਹੋਣਗੇ…"

ਤੁਰਦਿਆਂ ਤੁਰਦਿਆਂ ਉਸਦੀਆਂ ਨਜ਼ਰਾਂ ਦੂਰ ਖੇਤਾਂ ਵਿਚਲੇ ਤਿੰਨ ਚਾਰ ਮਿੱਟੀ ਦੇ ਉੱਚੇ ਟਿੱਬਿਆਂ ਉੱਤੇ ਟਿੱਕ ਗਈਆਂ। ਡੁੱਬਦਾ ਸੂਰਜ ਹਰ ਚੀਜ਼ ਉੱਤੇ ਲਾਲ-ਸੁਨਹਿਰੀ ਰੰਗ ਬਰੂਰ ਰਿਹਾ ਸੀ। ਫ਼ੌਜੀ ਦਾ ਚਿਹਰਾ, ਖੇਤ, ਦਰਖ਼ਤ, ਆਕਾਸ਼ ਸਾਰੇ ਉਸੇ ਰੰਗ ਵਿਚ ਦਹਿਕ ਰਹੇ ਸਨ।

"ਤੇਰੀ ਜਗ੍ਹਾ ਜੇ ਮੈਂ ਹੁੰਦਾ ਤਾਂ, ਉਹਨਾਂ ਦੀਆਂ ਹਵੇਲੀਆਂ ਦੀਆਂ ਇੱਟਾਂ ਨਾਲ, ਆਪਣਾ ਪੱਕਾ ਘਰ ਬਣਾ ਲੈਂਦਾ।"

ਉਹ ਅਟਕ ਕੇ ਖੁਸ਼ੀ ਨਾਲ ਮੇਰੇ ਵੱਲ ਦੇਖਣ ਲੱਗ ਪਿਆ, ਜਿਵੇਂ ਲੰਮੀ ਯਾਤਰਾ ਤੋਂ ਬਾਅਦ ਉਸਨੇ ਕੋਈ ਪੜਾਅ ਦੇਖਿਆ ਹੋਵੇ, ਮੇਰੇ ਚਿਹਰੇ ਉੱਤੇ। ਪਰ ਮੈਂ ਤਿਲ੍ਹਕ ਕੇ ਬਹੁਤ ਦੂਰ ਜਾ ਨਿਕਲਿਆ ਸਾਂ। ਜਦ ਮੈਂ ਬਾਰ੍ਹਾਂ ਸਾਲ ਦਾ ਸਾਂ, ਆਪਣੀ ਤੜਪ ਸਦਕਾ ਛੋਟੀ ਉਮਰ ਵਿਚ ਹੀ ਰਾਜਨੀਤੀ ਵਿਚ ਕੁੱਦ ਪਿਆ ਸਾਂ। ਇਸ ਦੁਨੀਆਂ ਨੂੰ ਬਦਲਣ ਖਾਤਰ।

ਉਸ ਦੁਨੀਆਂ ਨਾਲੋਂ ਕੱਟ ਕੇ ਕਿਸ ਨੇ ਮੈਨੂੰ ਵੱਖ ਕੀਤਾ ਹੈ ? ਇਸ ਦਾ ਜਵਾਬ ਮੁਸ਼ਕਿਲ ਸੀ। ਸ਼ੁਰੂਆਤ ਓਹਨੀਂ ਦਿਨੀਂ ਹੋਈ ਜਦ ਸਾਰੇ ਚੁਣ ਕੇ ਉੱਪਰ ਚਲੇ ਗਏ। ਖਤਰੇ ਖ਼ਤਮ ਹੋ ਗਏ…ਮੇਰੀ ਆਵਾਜ਼ ਜਿਹੜੀ ਸੱਤਾ ਤੇ ਅਨਿਆਂ ਦਾ ਵਿਰੋਧ ਕਰਦੀ ਸੀ, ਹੁਣ ਆਪਣਿਆਂ ਦਾ ਵਿਰੋਧ ਕਰਨ ਲੱਗ ਪਈ। ਆਪਣੀ ਦੁਨੀਆਂ ਵਿਚ ਹੀ ਅਸੀਂ ਓਪਰੇ-ਪਰਾਏ ਹੋ ਗਏ ਸਾਂ।
*** ਉਹੀ ਫ਼ੌਜੀ ਅੱਜ ਸਾਹਮਣੇ ਸੀ।

ਅੱਖਾਂ ਵਿਚ ਚੀਤੇ ਵਰਗੀ ਚਮਕ, ਮਜ਼ਬੂਤ ਹੱਥ ਵਿਚ ਮਦਾਰੀਆਂ ਵਾਂਗਰ ਡੰਡਾ। ਕਮੀਜ਼ ਪਤਲੂਨ, ਪੈਰਾਂ ਵਿਚ ਬੂਟ।

"ਪੁਲ ਪਿਛਲੇ ਸਾਲ ਬਣਿਆ ਐਂ ਜੀ…ਬੰਨ੍ਹ ਚਾਰ ਸਾਲ ਪਹਿਲਾਂ ਖੜ੍ਹਾ ਹੋ ਗਿਆ ਸੀ।" ਉਹ ਪਿਛਲੇ ਸਾਲਾਂ ਵਿਚ ਹੋਏ ਪਰਿਵਰਤਨ ਗਿਣਾਉਣ ਲੱਗਾ।

ਬੰਨ੍ਹ ਤੋਂ ਅੱਗੇ ਸੜਕ ਤੋਂ ਪਿੱਛੇ ਦੂਰ ਤੱਕ ਫੈਲੇ ਪਾਣੀ ਉੱਪਰ ਪਰਿੰਦੇ ਹੀ ਪਰਿੰਦੇ ਸਨ…ਅਕਾਸ਼ ਵਿਚ ਉੱਡਦੇ ਹੋਏ ਪਰਿੰਦੇ, ਪਰਿੰਦਿਆਂ ਨਾਲ ਢੱਕੇ ਦਰਖ਼ਤ, ਪਾਣੀ ਉੱਪਰ ਤੈਰਦੇ ਪਰਿੰਦੇ।

ਅਸੀਂ ਬੰਨ੍ਹ ਉੱਤੇ ਰੁਕ ਗਏ। ਪੱਥਰਾਂ ਨੇ ਉਸ ਧਾਰ ਨੂੰ ਰੋਕ ਦਿੱਤਾ ਸੀ ਜਿਹੜੀ ਕਦੀ ਇਕ ਖ਼ੂੰਖ਼ਾਰ ਦਰਿਆ ਵਾਂਗ ਵਹਿੰਦੀ ਪਿੰਡਾਂ ਦੇ ਪਿੰਡ ਤਬਾਹ ਕਰ ਜਾਂਦੀ ਸੀ। ਧਾਰ ਝੀਲ ਬਣ ਚੁੱਕੀ ਸੀ। ਕਿੰਨਾਂ ਸੱਚ ਕਿਹਾ ਸੀ ਮੇਰੀ ਕਹਾਣੀ ਦੇ ਇਕ ਪਾਤਰ ਨੇ ਕਿ 'ਇਹ ਧਾਰ ਇਕ ਦਿਨ ਝੀਲ ਬਣ ਜਾਏਗੀ।'

ਅੱਜ ਉਸੇ ਝੀਲ ਨੂੰ ਦੇਖਣਾ ਇਕ ਬੜੀ ਵੱਡੀ ਗੱਲ ਸੀ ਮੇਰੇ ਲਈ। ਪਾਣੀ ਉੱਪਰ ਤੈਰਦੇ ਪਰਿੰਦੇ, ਸਮਾਧੀ ਲਾਈ ਬੈਠੇ ਬਗਲੇ, ਗੁਰੂਦੁਆਰੇ ਦੀ ਇਮਾਰਤ ਦਾ ਡੋਲਦਾ ਹੋਇਆ ਅਕਸ, ਦਰਖ਼ਤਾਂ ਦੀ ਛਾਂ, ਹਵੇਲੀਆਂ ਤੇ ਹੋਰ ਚੀਜ਼ਾਂ ਦੇ ਪ੍ਰਤੀਬਿੰਬ ਡੋਲ ਰਹੇ ਸਨ, ਪਰ ਮੈਂ ਕਿਤੇ ਹੋਰ ਸਾਂ।

"ਕੁਛ ਕਿਹੈ, ਤੁਸੀਂ ?"

ਮੈਂ ਸ਼ਾਇਦ ਬੜਬੜਾਇਆ ਸਾਂ, "ਹਾਂ, ਇੱਥੇ ਤਾਂ ਸਭ ਕੁਛ ਬਦਲ ਗਿਐ।"

…ਮੈਂ ਵਾਪਸ ਪਰਤ ਆਇਆ। ਜਿੱਥੇ ਪਹਿਲਾਂ ਕੋਈ ਆਦਮੀ ਦਿਖਾਈ ਨਹੀਂ ਦਿੰਦਾ ਸੀ, ਉੱਥੇ ਵੀ ਜ਼ਿੰਦਗੀ ਦੇ ਆਸਾਰ ਦਿਖਾਈ ਦੇ ਰਹੇ ਸਨ।

ਮੈਂ ਉੱਥੇ ਕਦੀ ਨਾ ਆਉਂਦਾ। ਕੱਲ੍ਹ ਮੇਰੇ ਸਹੁਰੇ ਨੇ ਦੱਸਿਆ ਕਿ ਬੰਨ੍ਹ ਬਣਨ ਪਿੱਛੋਂ ਪਾਣੀ ਦੀ ਧਾਰ ਝੀਲ ਬਣ ਗਈ ਹੈ। ਉਜਾੜ ਜਗ੍ਹਾ ਇਕ ਉਦਯੋਗਿਕ ਕੇਂਦਰ ਬਣ ਗਿਆ ਹੈ। ਏਨੀ ਕੁ ਗੱਲ ਸੁਣਨ ਪਿੱਛੋਂ ਮੈਂ ਸਾਰੀ ਰਾਤ ਸੌਂ ਨਹੀਂ ਸੀ ਸਕਿਆ, ਸਵੇਰੇ ਪਹਿਲੀ ਬੱਸੇ ਇੱਥੇ ਪਹੁੰਚ ਗਿਆ ਸਾਂ। ਪਿਛਲੀ ਵੇਰ ਇੱਥੋਂ ਜਾਣ ਪਿੱਛੋਂ ਮੈਂ ਦੋ ਕਹਾਣੀਆਂ ਲਿਖੀਆਂ ਸਨ। ਇਕ ਕਹਾਣੀ ਇੱਥੋਂ ਦੀ ਖ਼ੂੰਖ਼ਾਰ ਧਾਰ ਉੱਪਰ ਸੀ, ਜਿਸਦੀ ਤੇਜ਼ ਮਾਰ ਸਦਕਾ ਛੋਟੇ ਛੋਟੇ ਕਿਸਾਨਾਂ ਦੀਆਂ ਜ਼ਮੀਨਾਂ, ਰੇਤਲੀਆਂ ਤੇ ਬੰਜਰ ਹੋ ਚੁੱਕੀਆਂ ਸਨ। ਸਾਰੇ ਆਪਣੀ ਧਰਤੀ ਵੇਚ ਕੇ ਇਕ ਅਮੀਰ ਕਿਸਾਨ ਦੇ ਜਾਲ ਵਿਚ ਫਸ ਰਹੇ ਸਨ। ਉਸ ਕਹਾਣੀ ਵਿਚ ਇਕ ਕੁੜੀ ਨੇ ਗੁੱਸੇ ਵਿਚ ਕਿਹਾ ਸੀ ਕਿ 'ਹੁਣ ਇੱਥੋਂ ਪਾਣੀ ਖ਼ਤਮ ਨਹੀਂ ਹੋ ਸਕਦਾ…ਇੱਥੇ ਝੀਲ ਬਣੇਗੀ ਤੇ ਸਾਡੇ ਜਾਨਵਰ ਇੱਥੇ ਪਾਣੀ ਪੀਆ ਕਰਨਗੇ…।'

ਦੂਜੀ ਕਹਾਣੀ ਹਵੇਲੀਆਂ ਦੇ ਹਾਕਮਾਂ ਉੱਤੇ ਸੀ, ਜਿਸਦੇ ਅੰਤ ਵਿਚ ਮੈਂ ਕਿਹਾ ਸੀ ਕਿ 'ਜੇ ਉਹਨਾਂ ਨੂੰ ਪਤਾ ਲੱਗ ਜਾਏ ਕਿ ਇੱਥੇ ਪਰਤ ਆਉਣ ਦਾ ਉਹਨਾਂ ਨੂੰ ਸ਼ਹਿਰ ਨਾਲੋਂ ਵੱਧ ਲਾਭ ਹੋਏਗਾ ਤਾਂ ਉਹ ਫੇਰ ਇੱਥੇ ਪਰਤ ਆਉਣਗੇ…ਪਰ ਉਹ ਹਵੇਲੀਆਂ ਵਿਚ ਨਾ ਰਹਿ ਕੇ ਆਧੁਨਿਕ ਮਕਾਨਾਂ ਵਿਚ ਰਹਿਣਗੇ…'

ਹੁਣ ਅਸੀਂ ਦੋਹੇਂ ਕਿਸ਼ਤੀ ਵਿਚ ਸਾਂ। ਸਰਕਦੀ ਹੋਈ ਕਿਸ਼ਤੀ ਸਾਨੂੰ ਉੱਥੇ ਲੈ ਗਈ ਜਿੱਥੇ ਅਸੀਂ ਉਤਰਨਾ ਸੀ। ਪਿਛਲੀ ਵਾਰੀ ਉੱਥੇ ਕਿਸ਼ਤੀਆਂ ਦਾ ਪੁਲ ਹੁੰਦਾ ਸੀ। ਹੁਣ ਨਾ ਪੁਲ ਸੀ, ਨਾ ਧਾਰ। ਪੁਲ ਦੀਆਂ ਕਿਸ਼ਤੀਆਂ ਰੇਤ ਵਿਚ ਧਸੀਆਂ ਪਈਆਂ ਸਨ। ਫੱਟੇ ਉੱਖੜੇ, ਖਿੱਲਰੇ ਪਏ ਸਨ। ਕਿਨਾਰੇ ਦੇ ਨਾਲ ਨਾਲ ਟੁੱਟੀਆਂ ਟਾਹਣੀਆਂ, ਕਿਸੇ ਬੱਚੇ ਦਾ ਖਿਡੌਣਾ, ਰਬੜ ਦੀ ਚੱਪਲ…ਨਿੱਕੀਆਂ ਨਿੱਕੀਆਂ ਲਹਿਰਾਂ ਵਿਚ ਟੁੱਭੀਆਂ ਲਾ ਰਹੇ ਸਨ।

"ਛੇਤੀ ਕਰੋ ਜੀ, ਕੁਸ਼ ਦਿਖਾਉਣਾ ਐਂ।" ਉਸਦੀ ਬੜਬੜਾਹਟ ਵਿਚ ਕੋਈ ਹਲਚਲ ਮਚਲ ਰਹੀ ਸੀ।

ਮੈਂ ਉਸ ਵੱਲ ਤੱਕਣ ਲੱਗ ਪਿਆ।

"ਮੈਂ ਚਿੱਠੀਆਂ ਪਾਈਆਂ, ਤੁਸੀਂ ਜਵਾਬ ਨਹੀਂ ਦਿੱਤਾ ?"

"ਚਿੱਠੀਆਂ ?" ਮੈਂ ਤ੍ਰਬਕਿਆ। ਉਹ ਗੱਲ ਮੈਨੂੰ ਅੰਦਰ ਤੱਕ ਛੂਹ ਗਈ। ਮੈਨੂੰ ਉਸਦੀ ਇਕ ਵੀ ਚਿੱਠੀ ਨਹੀਂ ਸੀ ਮਿਲੀ। ਮੈਂ ਕਾਹਲ ਨਾਲ ਉਸਦੇ ਨਾਲ ਨਾਲ ਤੁਰਨ ਲੱਗਾ। ਅੰਦਰ ਇਕ ਹੈਰਾਨੀ ਭਰ ਗਈ। ਪਤਾ ਨਹੀਂ ਹੁਣ ਕੀ ਦੇਖਣ ਜਾ ਰਿਹਾ ਹਾਂ ਮੈਂ ! ਸਾਹਮਣੇ ਸੜਕਾਂ ਦਾ ਜਾਲ, ਬਾਜ਼ਾਰ, ਦੁਕਾਨਾਂ, ਚਾਹ ਦੇ ਸਟਾਲ, ਅਖ਼ਬਾਰ ਵੇਚਦੇ ਹਾਕਰ, ਦੌੜਦੇ ਹੋਏ ਟਰੱਕ, ਜੀਪਾਂ, ਟੈਕਸੀਆਂ, ਟਰੈਕਟਰ, ਬੱਸਾਂ ਦਾ ਅੱਡਾ, ਖੜ੍ਹੀਆਂ ਬੱਸਾਂ ਗਿਰਦ ਮੰਡਲਾਉਂਦੇ ਛਾਪੜੀਆਂ ਵਾਲੇ। ਸਾਈਕਲ ਪਿੱਛੇ ਦੋ ਡਰੰਮ ਬੰਨ੍ਹ ਕੇ ਡੀਜ਼ਲ ਵੇਚਦਾ ਹੋਇਆ ਆਦਮੀ…ਇਕ ਉੱਚੇ ਬੋਰਡ ਉੱਪਰ ਉਹਨਾਂ ਉਦਯੋਗਾਂ ਦੀ ਸੂਚੀ ਸੀ ਜਿਹੜੇ ਇੱਥੇ ਲਾਏ ਜਾ ਰਹੇ ਸਨ। ਤੀਰ ਦਾ ਨਿਸ਼ਾਨ ਉੱਧਰ ਸੰਕੇਤ ਕਰ ਰਿਹਾ ਸੀ, ਜਿੱਧਰ ਫੈਕਟਰੀਆਂ ਦੇ ਸ਼ੈੱਡ ਉੱਚੇ ਉੱਠ ਰਹੇ ਸਨ। ਉੱਧਰ ਚਹਿਲ-ਪਹਿਲ ਤੇ ਸ਼ੋਰ ਵੀ ਸੀ। ਗਤੀ ਸੀ। ਇੱਥੇ ਸਭ ਬਦਲ ਜਾਏਗਾ, ਚਿਮਨੀਆਂ 'ਚੋਂ ਧੂੰਆਂ ਉੱਠੇਗਾ। ਉਹ ਸਭ ਇੱਥੇ ਵੀ ਹੋਏਗਾ ਜਿਹੜਾ ਇੱਥੋਂ ਦੀ ਧੂੜ ਤੋਂ ਅਜੇ ਦੂਰ ਹੈ। ਇਕ ਨਵੀ ਤਰ੍ਹਾਂ ਦਾ ਫ਼ਰੇਬ ਇੱਥੇ ਵੀ ਹਾਵੀ ਹੋ ਜਾਵੇਗਾ।

ਦੋ ਕਾਰਾਂ ਧੂੜ ਉਡਾਉਂਦੀਆਂ ਹੋਈਆਂ ਕੋਲੋਂ ਲੰਘ ਗਈਆਂ। ਉਹਨਾਂ ਦੇ ਪਿੱਛੇ ਕਿਸੇ ਪੁਲਿਸ ਅਫ਼ਸਰ ਦੀ ਜੀਪ ਵੀ ਫੁਰੱਰ ਕਰਦੀ ਨਿਕਲੀ।

"ਆਪਣੀਆਂ ਮੌਜਾਂ ਨੇ ਹੁਣ। ਕਈ ਵਾਰ ਕਾਰ ਦੀ ਸੈਰ ਵੀ ਕੀਤੀ ਐ ਜੀ।"

ਫ਼ੈਕਟਰੀਆਂ ਦੇ ਸਾਰੇ ਵੱਡੇ ਪਲਾਟ ਹਾਕਮਾਂ ਦੇ ਪਰਿਵਾਰਾਂ ਨੇ ਖ਼ਰੀਦ ਲਏ ਸਨ। ਜ਼ਮੀਨਾਂ ਸਸਤੀਆਂ ਵਿਕੀਆਂ ਸਨ। ਇਮਾਰਤ ਤੇ ਮਸ਼ੀਨਰੀ ਲਈ ਸਹਾਇਤਾ ਵਜੋਂ ਬਿਨਾਂ ਵਿਆਜ਼ ਦਾ ਕਰਜਾ ਮਿਲ ਜਾਣਾ ਸੀ। ਬਿਜਲੀ ਤੇ ਹੋਰ ਸੁਵਿਧਾਵਾਂ ਸਰਹੱਦੀ ਏਰੀਆ ਹੋਣ ਕਰਕੇ ਦੂਜੀਆਂ ਜਗਾਹਾਂ ਨਾਲੋਂ ਵੱਧ ਤੇ ਸਸਤੀਆਂ ਸਨ।

ਹੈਰਾਨ ਕਰ ਦੇਣ ਵਾਲੀ ਗੱਲ ਇਹ ਸੀ ਕਿ ਇੰਡਸਟ੍ਰੀਅਲ ਏਰੀਏ ਦੇ ਸਾਰੇ ਪਲਾਟ ਹਾਕਮਾਂ ਦੀ ਜ਼ਮੀਨ ਦੀ ਹੱਦ ਤੋਂ ਬਾਹਰ ਸਨ---ਇਸ ਦਾ ਇਹੋ ਅਰਥ ਸੀ ਕਿ ਬਾਅਦ ਵਿਚ ਉਹਨਾਂ ਦੀਆਂ ਜ਼ਮੀਨਾਂ ਮਹਿੰਗੇ ਭਾਅ ਵਿਕਣਗੀਆਂ। ਹਵੇਲੀਆਂ ਨੂੰ ਦੇਖ ਕੇ ਉਹ ਰੋਮਾਂਚ ਨਹੀਂ ਹੋਇਆ ਜਿਹੜਾ ਪਿੱਛਲੀ ਵਾਰੀ ਭਾਰੂ ਹੋਇਆ ਸੀ। ਉਹਨਾਂ ਵਿਚ ਇਸ ਵਾਰੀ ਜ਼ਿੰਦਗੀ ਸੀ। ਮੁਰੰਮਤ ਦੀਆਂ ਟਾਕੀਆਂ ਹਰੇਕ ਕੰਧ-ਕੌਲੇ ਉੱਤੇ ਨਜ਼ਰ ਆਈਆਂ ਸਨ। ਛੋਟੀਆਂ ਇੱਟਾਂ ਵਿਚ ਵੱਡੀਆਂ ਇੱਟਾਂ ਫੋੜਿਆਂ ਵਾਂਗ ਦਿਖਾਈ ਦਿੱਤੀਆਂ। ਹਰੇਕ ਹਵੇਲੀ ਉੱਪਰ ਟੀ.ਵੀ. ਦਾ ਉੱਚਾ ਐਂਟੀਨਾ ਕਾਵਾਂ ਦੀ ਸਭਾ ਬਣਿਆ ਹੋਇਆ ਸੀ। ਹਰ ਹਵੇਲੀ ਵਿਚੋਂ ਆਉਂਦੀਆਂ ਫ਼ਿਲਮੀ ਗਾਣਿਆਂ ਦੀਆਂ ਆਵਾਜ਼ਾਂ ਦੂਰੋਂ ਹੀ ਸੁਣੀਆ ਜਾ ਸਕਦੀਆਂ ਸਨ। ਠੇਕੇਦਾਰਾਂ ਦੇ ਕਰਮਚਾਰੀ, ਵੱਡੇ ਬਾਬੂ, ਛੋਟੇ ਇੰਜਨੀਅਰ ਆਦਿ ਹਵੇਲੀਆਂ ਵਿਚ ਵੱਸ ਚੁੱਕੇ ਸਨ। ਹੁਣ ਅਸੀਂ ਉੱਥੇ ਸਾਂ, ਜਿੱਥੇ ਮੈਨੂੰ ਲਿਆਉਣ ਲਈ ਉਹ ਝੱਲਾ ਹੋਇਆ ਹੋਇਆ ਸੀ।

ਜੋ ਮੇਰੀਆਂ ਅੱਖਾਂ ਸਾਹਮਣੇ ਸੀ ਉਸ ਉੱਤੇ ਯਕੀਨ ਨਹੀਂ ਸੀ ਹੋ ਰਿਹਾ। ਪਰ ਸੱਚ ਇਕ ਠੋਕ ਹਕੀਕਤ ਵਾਂਗਰ ਅੱਖਾ ਸਾਹਮਣੇ ਸੀ। ਤੈਸ਼ ਤੇ ਕਰੋਧ ਵਿਚ ਕਹੀ ਹੋਈ ਗੱਲ, ਇਕ ਸ਼ਕਲ ਅਖ਼ਤਿਆਰ ਕਰ ਚੁੱਕੀ ਸੀ। ਜਿਸ ਪਿੱਛੇ ਕੁਝ ਕਰ ਦੇਣ ਦੀ ਅੱਗ ਵੀ ਦਿਖਾਈ ਦਿੱਤੀ। ਇਕ ਡੂੰਘੇ ਅਸਰ ਵਾਂਗ, ਸਾਰੀਆਂ ਝੌਂਪੜੀਆਂ ਹਵੇਲੀਆਂ ਦੀਆਂ ਛੋਟੀਆਂ ਇੱਟਾਂ ਨਾਲ ਪੱਕੇ ਕਮਰਿਆਂ ਵਿਚ ਬਦਲ ਚੁੱਕੀਆਂ ਸਨ।

"ਕੁਸ਼ ਯਾਦ ਆਇਆ ? ਖੁਸ਼ੀ ਵਿਚ ਉਸਦੀਆਂ ਅੱਖਾਂ ਛਲਛਲ ਕਰਨ ਲੱਗੀਆਂ। ਸਾਰਿਆਂ ਨੇ ਇਕ ਦੀਵਾਨੀ ਖੁਸ਼ੀ ਨਾਲ ਮੈਨੂੰ ਘੇਰ ਲਿਆ। ਮੈਂ ਉਹਨਾਂ ਵਿਚ ਉਹਨਾਂ ਦੇ ਕਿਸੇ ਘਰ ਤੇ ਆਦਮੀ ਵਾਂਗ ਆਪਣਾ ਤੇ ਜਾਣਿਆ ਮਾਣਿਆ ਸਾਂ। ਹਮੇਸ਼ਾ ਉਹਨਾਂ ਵਿਚ ਰਹਿਣ ਵਾਲਾ।

ਸਾਡੇ ਵਿਚਾਰਾਂ ਦੀ ਇਕ ਛੋਟੀ ਜਿਹੀ ਲੌ ਨੇ ਇਸ ਗੁਮਨਾਮ ਪਿੰਡ ਨੂੰ ਬਦਲ ਕੇ ਹਵੇਲੀਆਂ ਨਾਲੋਂ ਵੱਖ ਕਰ ਦਿੱਤਾ। ਉਹ ਪਾੜਾ ਜਿਹੜਾ ਸਮਾਂ ਨਹੀਂ ਪੈਦਾ ਕਰ ਸਕਿਆ, ਇਕ ਛੋਟੀ ਜਿਹੀ ਚੰਗਿਆੜੀ ਨੇ ਪੈਦਾ ਕਰ ਦਿੱਤਾ ਸੀ। ਫੇਰ ਸਾਡੇ ਵਿਚਾਰ ਅਜਿਹੇ ਲੋਕਾਂ ਦੇ ਦਿਲ ਦੀ ਧੜਕਨ ਕਿਉਂ ਨਹੀਂ ਬਣ ਸਕੇ ?

ਮੈਨੂੰ ਲੱਗਿਆ ਇਹ ਪਿੰਡ ਸਾਡਾ ਹੈ। ਇਸ ਦਾ ਜਨਮ ਸਾਡੇ ਵਿਚਾਰਾਂ ਦੀ ਸ਼ਕਤੀ ਨਾਲ ਹੋਇਆ ਹੈ। ਹੁਣ ਇਹ ਕਿਤੇ ਵੀ ਹੋਣ, ਲੜ ਸਕਦੇ ਨੇ ਭਾਵੇਂ ਇਹਨਾਂ ਦੀਆਂ ਝੌਂਪੜੀਆਂ ਹੀ ਕਿਉਂ ਨਾ ਢਾਹ ਦਿੱਤੀਆਂ ਜਾਣ…

"ਤੁਹਾਡੇ ਬਾਰੂਦ ਨੇ ਮਸਾਲੇ ਦਾ ਕੰਮ ਕੀਤੈ ਜੀ।" ਉਸਨੇ ਠੇਠ ਪੰਜਾਬੀ ਵਿਚ ਕਿਹਾ, ਪਰ ਅਰਥ ਉਹੀ ਸਨ ਜੋ ਮੈਂ ਮਹਿਸੂਸ ਕਰ ਰਿਹਾ ਸਾਂ।

"ਮਕਾਨ ਵੱਡੀਆਂ ਇੱਟਾਂ ਦੇ ਕਿਉਂ ਨਹੀਂ ਬਣੇ?"

"ਵੱਡੀਆਂ ਇੱਟਾਂ…?"

"ਹੁਣ ਉਹਨਾਂ ਨੂੰ ਛੋਟੀਆਂ ਇੱਟਾਂ ਦੀ ਜ਼ਰੂਰਤ ਨਹੀਂ…ਦੇਖਦੇ ਨਹੀਂ, ਹਵੇਲੀਆਂ ਦੀ ਮੁਰੰਮਤ ਵੀ ਵੱਡੀਆਂ ਇੱਟਾਂ ਨਾਲ ਹੋ ਰਹੀ ਐ..."

ਮੇਰੀ ਗੱਲ ਦੇ ਨਾਲ ਹੀ ਉਹ ਕੋਈ ਸੰਕੇਤ ਵੀ ਲੈ ਗਏ। ਉੱਥੇ ਆਪੋ ਵਿਚ ਖੁਸਰ ਫੁਸਰ ਹੋਣ ਲੱਗੀ।ਅਸਲ ਵਿਚ ਇਹ ਗੱਲ ਮੈਂ ਇਕ ਉਦਾਸੀਨਤਾ ਵਿਚ ਡੁੱਬ ਕੇ ਕਹੀ ਸੀ। ਵਾਰੀ ਵਾਰੀ ਮੇਰੀ ਨਿਗਾਹ ਪੂਰੇ ਪਿੰਡ ਉੱਤੇ ਟਿੱਕ ਜਾਂਦੀ। ਇਕ ਮਾਣ ਨਾਲ ਮੇਰਾ ਅੰਦਰ-ਬਾਹਰ ਭਰ ਜਾਂਦਾ ਤੇ ਮੈਂ ਭਖ਼ ਉਠਦਾ। ਪਿਛਲਾ ਜੋਸ਼ ਫੇਰ ਪਰਤ ਆਇਆ। ਅਜੇ ਲੋਹੇ ਨੂੰ ਹੋਰ ਗਰਮ ਕਰਨ ਦੀ ਲੋੜ ਹੈ…ਮੈਂ ਉਸਨੂੰ ਗਰਮ ਕਰਨਾ ਸ਼ੁਰੂ ਕਰ ਦਿੱਤਾ। ਸਾਰਾ ਦਿਨ ਉਹ ਮੇਰੇ ਨਾਲ ਚਿਪਕਿਆ, ਮੇਰੀਆਂ ਗੱਲਾਂ ਸੁਣਦਾ ਰਿਹਾ।
***
ਇਕ ਕਾਰ ਮੈਨੂੰ ਲੱਭਦੀ ਫਿਰ ਰਹੀ ਸੀ। ਉਹਨਾਂ ਨੂੰ ਮੇਰੇ ਆਉਣ ਦੀ ਖ਼ਬਰ ਮਿਲ ਚੁੱਕੀ ਸੀ। ਉਹ ਜਾਣਦੇ ਸਨ ਮੈਂ ਕਈ ਵਰ੍ਹੇ ਮਜ਼ਦੂਰਾਂ ਵਿਚ ਬਿਤਾਏ ਨੇ ਤੇ ਕਈ ਵਾਰੀ ਅੰਦਰ ਵੀ ਹੋਇਆ ਹਾਂ। ਉਹ ਕਿਉਂ ਮੈਨੂੰ ਲੱਭ ਰਹੇ ਨੇ, ਮੈਂ ਇਹ ਵੀ ਸਮਝਦਾ ਹਾਂ।

ਉਹ ਦੋ ਸਾਲ ਪਹਿਲਾਂ ਇੱਥੇ ਆਏ ਸਨ। ਖ਼ੂਬ ਦਾਨ ਕੀਤਾ। ਲੰਗਰ ਲਈ ਗੁਰੂਦੁਆਰੇ ਦੇ ਭੰਡਾਰੇ ਭਰ ਦਿੱਤੇ। ਫ਼ੌਜੀ ਦੇ ਪਿੰਡ ਵਿਚ ਕੰਬਲ ਤੇ ਕੱਪੜੇ ਵੰਡੇ। ਹਸਪਤਾਲ ਤੇ ਸਕੂਲ ਦੇ ਉਦਘਾਟਨ ਲਈ ਮੰਤਰੀ ਜੀ ਬੁਲਾਏ। ਉਹਨਾਂ ਆਉਂਦਿਆਂ ਹੀ ਇਸ ਨਿੱਸਲ ਹੋਏ ਇਲਾਕੇ ਵਿਚ ਹਿੱਲ-ਜੁੱਲ ਪੈਦਾ ਕਰ ਦਿੱਤੀ ਸੀ।

ਉਹ ਆਪਸ ਵਿਚ ਖ਼ੂਬ ਲੜਦੇ ਹਨ, ਪਰ ਜਦੋਂ ਆਪਣੀਆਂ ਜ਼ਮੀਨਾਂ 'ਤੇ ਆਉਂਦੇ ਹਨ ਤਾਂ ਇਕ ਮੁੱਠ ਹੁੰਦੇ ਹਨ ਤੇ ਪਹਿਲਾਂ ਨਾਲੋਂ ਵਧੇਰੇ ਨੇਕ ਤੇ ਸਾਊ ਬਣ ਕੇ ਆਉਂਦੇ ਹਨ। ਇਸ ਵਾਰੀ ਉਹ ਪਰਤਨ ਲਈ ਨਹੀਂ ਬਲਿਕੇ ਆਪਣੀਆਂ ਜੜਾਂ ਹਰੀਆਂ ਭਰੀਆਂ ਕਰਨ ਲਈ ਆਏ ਸਨ। ਉਹਨਾਂ ਨੇ ਆਉਂਦਿਆਂ ਹੀ ਇਕ ਅਜਿਹੀ ਦੁਨੀਆਂ ਬਣਾ ਦਿੱਤੀ ਜਿੱਥੇ ਉਹਨਾਂ ਦੇ ਸਾਰੇ ਕੰਮ ਆਪਣੇ ਆਪ ਹੋ ਗਏ। ਉਹ ਸ਼ੁਰੂ ਤੋਂ ਹੀ ਹਰ ਜਗ੍ਹਾ ਮੌਜ਼ੂਦ ਹਨ…ਬੜਾ ਪਹਿਲਾਂ ਤੋਂ। ਹਰ ਛੋਟਾ ਆਦਮੀ ਉਹਨਾਂ ਦਾ ਹੁਕਮ ਮੰਨਣ ਲਈ ਤਿਆਰ ਰਹਿੰਦਾ ਹੈ। ਫ਼ੌਜੀ ਦੇ ਪਿੰਡ ਦੇ ਲੋਕਾਂ ਨੇ ਖੁਸ਼ੀ ਖੁਸ਼ੀ ਸਟਾਂਪ ਲੱਗੇ ਕਾਗਜ਼ ਉੱਤੇ ਇਕ ਇਕ ਰੁਪਏ ਦੀ ਕਿਰਾਏਦਾਰੀ ਦੇ ਇਕਰਾਰ ਨਾਮੇ ਕਰ ਲਏ ਸਨ। ਬਿਨਾਂ ਕਿਸੇ ਝਗੜੇ, ਕਚਿਹਰੀ ਦੇ ਉਹ ਆਪਣੀਆਂ ਜ਼ਮੀਨਾਂ ਪ੍ਰਾਪਤ ਕਰ ਚੁੱਕੇ ਸਨ। ਉਦਯੋਗਿਕ ਨਗਰ ਦੇ ਉਦਘਾਟਨ ਵਾਲੇ ਦਿਨ ਜਦੋਂ ਕਰਮਚਾਰੀਆਂ ਦੀ ਫ਼ੌਜ ਨੇ ਉਜਾੜ ਹਵੇਲੀਆਂ ਦੀ ਸਫ਼ਈ ਸ਼ੁਰੂ ਕਰ ਦਿੱਤੀ ਸੀ, ਤਦ ਇਲਾਕੇ ਦੇ ਲੋਕਾਂ ਨੂੰ ਪਤਾ ਲੱਗਿਆ ਸੀ ਕਿ ਕੀ ਹੋਣ ਵਾਲਾ ਹੈ।
***
ਸਵੇਰੇ ਅਸੀਂ ਬੱਸ ਸਟੈਂਡ ਉੱਤੇ ਸਾਂ।

ਉਸਨੇ ਮੈਨੂੰ ਬੱਸ ਨਹੀਂ ਸੀ ਚੜ੍ਹਨ ਦਿੱਤਾ। ਇਹ ਸੁਣ ਕੇ ਉਹ ਹੈਰਾਨ ਸੀ ਕਿ ਕੁਝ ਵਰ੍ਹਿਆਂ ਵਿਚ ਇੱਥੋਂ ਦੀ ਸੈਂਕੜੇ ਵਰ੍ਹੇ ਪੁਰਾਣੀ ਜ਼ਿੰਦਗੀ ਕਿੰਜ ਬਦਲ ਜਾਏਗੀ। ਉਹ ਖਾਸਾ ਉਲਝ ਚੁੱਕਿਆ ਸੀ…ਹਰ ਗੱਲ ਨੂੰ ਸੁਲਝਾ ਲੈਣ ਉੱਤੇ ਅੜਿੰਗ ਸੀ। ਇਹ ਮੇਰੀ ਉਲਝਣ ਵੀ ਸੀ ਕਿ ਕੁਝ ਵਰ੍ਹਿਆਂ ਵਿਚ ਇੱਥੇ ਏਨੇ ਝੰਡੇ, ਦਫ਼ਤਰ ਤੇ ਨਾਅਰੇ ਆ ਜਾਣਗੇ ਤੇ ਫ਼ੌਜੀ ਵੀ ਇਸ ਗੋਰਖ਼ ਧੰਦੇ ਵਿਚ ਫਸ ਜਾਵੇਗਾ…

ਉਸਨੂੰ ਫ਼ੈਕਟਰੀਆਂ ਵਿਚ ਮਜ਼ਦੂਰ ਸਪਲਾਈ ਕਰਨ ਦਾ ਕੰਮ ਸੌਂਪਿਆ ਸੀ, ਹਾਕਮਾਂ ਨੇ। ਜਿਸਦੇ ਬਦਲੇ ਪ੍ਰਤੀ ਮਜ਼ਦੂਰ ਉਸਨੂੰ ਕੁਝ ਰੁਪਏ ਮਿਲਣੇ ਸਨ। ਉਸਨੇ ਗਰੀਬ ਕਿਸਾਨਾਂ ਤੇ ਮਜ਼ਦੂਰਾਂ ਦੀ ਇਕ ਫ਼ੌਜ ਤਿਆਰ ਕਰ ਲਈ ਸੀ। ਭਰਤੀ ਪਿੱਛੋਂ ਉਹਨਾਂ ਨੂੰ ਵਰਦੀ ਤੇ ਬੰਦੂਕ ਮਿਲ ਜਾਵੇਗੀ ਤੇ ਫੇਰ ਉਹ ਕਿਸੇ ਇਕ ਫਾਟਕ ਦੇ ਪਹਿਰੇਦਾਰ ਬਣ ਜਾਣਗੇ।

"ਇਹ ਗਲਤ ਕਿਵੇਂ ਐਂ ਜੀ ?"

"ਗ਼ਲਤ ਨਹੀਂ। ਢਿੱਡ ਤਾਂ ਭਰਨਾਂ ਈ ਏ, ਸੋ ਕੁਛ ਕਰਨਾ ਵੀ ਹੈ। ਪਰ ਹੋਵੇਗੀ ਤਾਂ ਇਹ ਵੀ ਰਾਖੀ ਹੀ…ਪਹਿਲਾਂ ਹਵੇਲੀਆਂ ਦੀ ਹੁੰਦੀ ਸੀ, ਹੁਣ ਮਿੱਲਾਂ ਦੀ ਹੋਵੇਗੀ।"

"ਕੀ…?" ਉਸਦੀਆਂ ਅੱਖਾਂ ਸੁਲਗਣ ਲੱਗੀਆਂ। "ਰਾਖੀ ਨਹੀਂ ਕਰਨੀ ਅਸਾਂ।"

"ਜੇ ਤੁਸੀਂ ਸਾਰੇ ਇਕ ਮੁੱਠ ਹੋ ਜਾਓ ਤੇ ਸੰਗਠਨ ਬਣਾ ਲਓ ਤਾਂ ਹੀ ਤੁਹਾਡੀ ਕੋਈ ਤਾਕਤ ਹੋ ਸਕਦੀ ਹੈ। ਉਹ ਤੁਹਾਨੂੰ ਲਾਲਚ ਦੇਣਗੇ, ਤੋੜਨ-ਪਾੜਨਗੇ, ਖਰੀਦਣਗੇ…ਈਮਾਨਦਾਰ ਰਹੇ ਤਾਂ ਭੁੱਖ, ਪਿਆਸ ਤੇ ਜ਼ੁਲਮ…ਬੇਈਮਾਨ ਹੋ ਗਏ ਤਾਂ ਮੌਜਾਂ ਤੇ ਧਨ ਮਿਲੇਗਾ..."

"ਪੱਲੇ ਕੁਸ਼ ਨਹੀਂ ਪੈ ਰਿਹਾ।"

ਪਹਿਲੀ ਬੱਸ ਪਿੱਛੋਂ ਦੂਜੀ, ਤੀਜੀ ਤੇ ਚੌਥੀ, ਕਈ ਬੱਸਾਂ ਲੰਘ ਗਈਆਂ। ਹੁਣ ਸਾਹਮਣੇ ਆਖ਼ਰੀ ਬੱਸ ਸੀ। ਮੈਂ ਚੜ੍ਹ ਗਿਆ।

"ਰੁਕ ਜਾਓ। ਅਜੇ ਬੜਾ ਕੁਸ਼ ਪੁੱਛਣਾ ਐਂ ਜੀ। ਮੈਂ ਹੁਣ ਚੁੱਪ ਨਹੀਂ ਰਹਿ ਸਕਦਾ…ਪਰ ਦੇਖਾਂ ਕਿਸ ਵੱਲ ?" ਉਸ ਨੇ ਗਰਮਜੋਸ਼ੀ ਨਾਲ ਮੇਰਾ ਹੱਥ ਫੜ੍ਹ ਲਿਆ। ਮੇਰੇ ਮਨ ਵਿਚ ਆਇਆ, ਰੁਕ ਕੇ ਇਸਨੂੰ ਨਾਲ ਲੈ ਜਾ ਕੇ ਆਪਣੇ ਪੁਰਾਣੇ ਸਾਥੀਆਂ ਦੇ ਹਵਾਲੇ ਕਰ ਦੇਵਾਂ। ਨਹੀਂ ਤਾਂ ਉੱਥੇ ਹੀ ਕੋਈ ਚਲਾਕ ਇਸਨੂੰ ਖ਼ਤਮ ਨਾ ਕਰ ਦੇਵੇ। ਕਿਸ ਕੋਲ ਜਾਵਾਂ ? ਇਕ ਅਰਸੇ ਤੋਂ ਉਹਨਾਂ ਕੋਲ ਅਜਿਹੀਆਂ ਗੱਲਾਂ ਲਈ ਫ਼ੁਰਸਤ ਹੀ ਨਹੀਂ। ਉਹ ਤਾਂ ਆਪਸੀ ਲੜਾਈ ਵਿਚ ਵਿਆਸਤ ਹਨ…ਇਕ ਦਲ ਦੇ ਕਈ ਦਲ। ਉਹਨਾਂ ਵਿਚ ਵੀ ਗੁੱਟ। ਮੈਨੂੰ ਆਪਣੇ ਬਹੁਤ ਸਾਰੇ ਸਾਥੀਆਂ ਦੇ ਵਹੇ ਲਹੂ ਦੀ ਯਾਦ ਆਈ…ਕਿੱਥੇ ਗਈਆਂ ਉਹਨਾਂ ਦੀਆਂ ਕੁਰਬਾਨੀਆਂ ? ਫੇਰ ਕੌਣ ਕਰੇਗਾ ਫ਼ੌਜੀ ਦੀ ਮਦਦ ? ਜੇ ਹੁਣ ਫ਼ੌਜੀ ਵਰਗੇ ਲੋਕ ਕਿਸੇ ਪਰਿਵਰਤਨ ਲਈ ਉੱਪਰ ਬੈਠਿਆਂ ਵੱਲ ਦੇਖਣ ਤਾਂ ਇਸ ਵਿਚ ਉਹਨਾਂ ਦਾ ਕੀ ਕਸੂਰ ?

ਬੱਸ ਚੱਲ ਪਈ। ਮੈਂ ਪਛਤਾਵੇ ਤੇ ਉਦਾਸੀ ਵਿਚ ਭੌਂ ਕੇ ਪਿੱਛੇ ਦੇਖਿਆ। ਦੂਰ ਖੇਤਾਂ ਵਿਚ ਉੱਚੇ ਟਿੱਬਿਆਂ ਨੂੰ ਬੁਲਡੋਜ਼ਰ ਕੱਟ ਰਹੇ ਸਨ। ਪਿੰਡ, ਹਵੇਲੀਆਂ ਤੇ ਹੋਰ ਸਭ ਬੱਸ ਦੀ ਉਡਾਈ ਧੂੜ ਵਿਚ ਧੁੰਦਲਾ ਦਿਖਾਈ ਦਿੱਤਾ। ਫ਼ੌਜੀ ਬੱਸ ਦੇ ਪਿੱਛੇ ਪਿੱਛੇ ਚੀਕਦਾ ਹੋਇਆ ਦੌੜ ਰਿਹਾ ਸੀ। "ਅਜੇ ਬਹੁਤ ਕੁਸ਼ ਪੁੱਛਣਾ ਐਂ ਜੀ…" ਜ਼ਰੂਰ ਕੋਈ ਗੁੱਥੀ ਉਸਦੇ ਅੰਦਰ ਉਲਝੀ ਰਹਿ ਗਈ ਸੀ।