Wednesday, May 25, 2011

ਮੈਂ ਜਿਊਂਦਾ ਰਹਾਂਗਾ...:: ਲੇਖਕ : ਰਾਮ ਲਾਲ




ਉਰਦੂ ਕਹਾਣੀ :

ਅਨੁਵਾਦ : ਮਹਿੰਦਰ ਬੇਦੀ, ਜੈਤੋ

ਇਹ ਇਕ ਛੋਟਾ ਜਿਹਾ ਹਿਲ ਸਟੇਸ਼ਨ ਹੈ। ਸ਼ਾਮ ਹੁੰਦਿਆਂ ਹੀ ਇਸਦੀ ਸਾਰੀ ਚਹਿਲ-ਪਹਿਲ ਅਲੋਪ ਹੋਣ ਲੱਗ ਪੈਂਦੀ ਹੈ। ਉੱਚੀਆਂ-ਨੀਵੀਆਂ ਪਹਾੜੀਆਂ ਉੱਤੇ ਬਣੇ ਲਕੜੀ ਤੇ ਟੀਨ ਦੀਆਂ ਚਾਦਰਾਂ ਦੇ ਮਕਾਨਾਂ ਦੀਆਂ ਖਿੜਕੀਆਂ ਤੇ ਦਰਵਾਜ਼ੇ ਬੰਦ ਹੋ ਜਾਂਦੇ ਨੇ ਤੇ ਵਾਰੀ-ਵਾਰੀ ਉਹ ਸਾਰੀਆਂ ਧੁੰਦਲੀਆਂ ਤੇ ਟਿਮਟਿਮਾਉਂਦੀਆਂ ਹੋਈਆਂ ਬੱਤੀਆਂ ਵੀ ਬੁਝ ਜਾਂਦੀਆਂ ਨੇ, ਜਿਹਨਾਂ ਕਰਕੇ ਕਈ ਕਈ ਮੀਲ ਦੂਰੋਂ ਇਹਨਾਂ ਪਹਾੜੀਆਂ ਨੂੰ ਪਛਾਣਿਆ ਜਾ ਸਕਦਾ ਹੈ। ਪਰ ਉਸ ਦਿਨ ਉਪਰ ਸ਼ਿਮਲੇ ਵਿਚ ਘੰਟਾ ਭਰ ਬਰਫ਼ਬਾਰੀ ਹੁੰਦੀ ਰਹੀ ਸੀ ਤੇ ਉਸਦੇ ਰੁਕਦਿਆਂ ਹੀ ਤੇਜ਼ ਹਵਾਵਾਂ ਚਲ ਪਈਆਂ ਸਨ। ਲੱਗਦਾ ਹੈ ਕੰਡਾਘਾਟ ਦੇ ਲੋਕਾਂ ਨੂੰ ਹੁਣ ਵਧੇਰੇ ਸਰਦੀ ਦਾ ਆਨੰਦ ਮਾਣਨ ਦੀ ਆਦਤ ਨਹੀਂ ਰਹੀ! ਜ਼ਰਾ ਕੁ ਸਰਦੀ ਦਾ ਅਹਿਸਾਸ ਹੁੰਦਿਆਂ ਹੀ ਉਹ ਆਪੋ-ਆਪਣੇ ਖੁੱਡਿਆਂ ਵਿਚ ਜਾ ਵੜਦੇ ਨੇ। ਪਰ ਰਤਨ ਚੰਦ ਮਧੋਕ ਹੱਡੀਆਂ ਵਿਚ ਵੜਦੀ ਜਾ ਰਹੀ ਠੰਡੀ ਹਵਾ ਦੇ ਵਿਰੁੱਧ ਬਗ਼ਾਵਤ ਦਾ ਝੰਡਾ ਚੁੱਕੀ ਹੌਲੀ-ਹੌਲੀ ਕੱਲਬ ਜਾ ਪਹੁੰਚਿਆ। ਉਹ ਹੋਰ ਸਾਰੇ ਕੰਮ ਭੁੱਲ ਸਕਦਾ ਹੈ, ਪਰ ਸ਼ਾਮ ਨੂੰ ਕੱਲਬ ਜਾਣਾ ਨਹੀਂ ਭੁੱਲਦਾ—ਭਾਵੇਂ ਬਰਫ਼ ਪੈ ਰਹੀ ਹੋਏ ਜਾਂ ਬਰਸਾਤ ਦੀ ਝੜੀ ਲੱਗੀ ਹੋਈ ਹੋਏ! ਅਸਲ ਵਿਚ ਉਸਨੂੰ ਆਪਣੇ ਦੋਸਤਾਂ ਨੂੰ ਨਿਰਾਸ਼ ਕਰਨਾ ਠੀਕ ਨਹੀਂ ਲੱਗਦਾ। ਉਸਨੂੰ ਇਹ ਵੀ ਯਕੀਨ ਹੁੰਦਾ ਹੈ ਕਿ ਕੋਈ ਨਾ ਕੋਈ ਉੱਥੇ ਜ਼ਰੂਰ ਉਡੀਕ ਰਿਹਾ ਹੋਏਗਾ—ਦਯਾ ਕ੍ਰਿਸ਼ਨ ਵੈਸ਼ਨੋਈ, ਸਰਸਵਤੀ ਕੁਮਾਰ ਪਰਮਾਰ, ਹਜੂਰਾ ਸਿੰਘ ਲੋਧੀ ਜਾਂ ਮੁਰਾਦਅਲੀ ਜ਼ਾਕਿਰ! ਉਹਨਾਂ ਤੋਂ ਬਿਨਾਂ ਕਈ ਹੋਰ ਵੀ ਸਨ ਜਿਹੜੇ ਕੰਡਾਘਾਟ, ਸ਼ਿਮਲਾ, ਸੋਲਨ, ਜੁਟੋਗ ਵਗ਼ੈਰਾ ਵਿਚ ਵਕਾਲਤ, ਠੇਕੇਦਾਰੀ, ਸਰਕਾਰੀ ਅਫ਼ਸਰੀ, ਪੈਟ੍ਰੋਲ ਦਾ ਜਾਂ ਕੋਈ ਹੋਰ ਧੰਦਾ ਕਰਦੇ ਨੇ। ਉਹ ਸਾਰੇ ਨਵੇਂ-ਨਵੇਂ ਲੋਕ ਨੇ ਜਿਹੜੇ ਪੁਰਾਣਿਆਂ ਦੇ ਮਰ ਜਾਣ ਕਾਰਨ ਜਾਂ ਉਹਨਾਂ ਦੇ ਕਾਰੋਬਾਰੀ ਜੀਵਨ ਤੋਂ ਸਨਿਆਸ ਲੈ ਲੈਣ ਕਾਰਨ ਉਹਨਾਂ ਦੀ ਜਗ੍ਹਾ ਲੈ ਚੁੱਕੇ ਨੇ। ਉਹ ਪੁਰਾਣੇ ਲੋਕਾਂ ਵਾਂਗ ਮੋਹ-ਪ੍ਰੇਮ ਜਾਂ ਰੱਖ-ਰਖਾਅ ਵਿਚ ਵਿਸ਼ਵਾਸ ਨਹੀਂ ਕਰਦੇ, ਫੇਰ ਵੀ ਮਧੋਕ ਸਾਹਬ ਨੂੰ ਉਹਨਾਂ ਨਾਲ ਮਿਲ ਕੇ ਕਦੀ ਨਿਰਾਸ਼ਾ ਨਹੀਂ ਹੋਈ ਕਿਉਂਕਿ ਉਹ ਇਹਨਾਂ ਦੀ ਬੜੀ ਇੱਜ਼ਤ ਕਰਦੇ ਨੇ। ਜਦੋਂ ਇਹ ਉਹਨਾਂ ਨੂੰ ਚੁਟਕਲੇ ਸੁਣਾ ਰਹੇ ਹੁੰਦੇ ਨੇ, ਖਾਸ ਤੌਰ 'ਤੇ ਸੈਕਸੀ ਚੁਟਕਲਿਆਂ ਉੱਤੇ ਤਾਂ ਉਹ ਖ਼ੂਬ ਦਿਲ ਖੋਲ੍ਹ ਕੇ ਹੱਸਦੇ ਨੇ। ਮਧੋਕ ਸਾਹਬ ਤੋਂ ਉਰਦੂ ਦੇ ਸ਼ਿਅਰ ਸੁਣਨ ਲਈ ਵੀ ਉਹ ਹਰ ਸਮੇਂ ਉਤਸੁਕ ਨਜ਼ਰ ਆਉਂਦੇ ਨੇ। ਇਹਨਾਂ ਨੂੰ ਹਜ਼ਾਰਾਂ ਸ਼ਿਅਰ ਜ਼ੁਬਾਨੀ ਯਾਦ ਨੇ—ਇਕਬਾਲ, ਮੀਰ, ਗ਼ਾਲਿਬ, ਜੋਸ਼, ਜਿਗਰ, ਫ਼ੈਜ, ਹਫੀਜ਼, ਅਖ਼ਤਰ ਸ਼ੀਰਾਨੀ ਵਗ਼ੈਰਾ ਸ਼ਾਇਰਾਂ ਦਾ ਕਲਾਮ ਇਹ ਅਕਸਰ ਉਹਨਾਂ ਨੂੰ ਸੁਣਾਉਂਦੇ ਨੇ। ਸ਼ਿਮਲਾ ਕੋਰਟ ਵਿਚ, ਜਿੱਥੇ ਇਹ ਵਕਾਲਤ ਕਰਦੇ ਨੇ, ਵੀ ਇਹਨਾਂ ਦੇ ਕਈ ਸ਼ਰਧਾਲੂ ਨੇ। ਉਹਨਾਂ ਵਿਚ ਜੱਜ, ਮਜਿਸਟ੍ਰੇਟ, ਵਕੀਲ ਤੇ ਮੁਵਕਿਲ ਤਕ ਸ਼ਾਮਲ ਨੇ। ਆਪਣੇ ਨਿੱਘੇ ਤੇ ਮਿੱਠੇ ਸੁਭਾਅ ਸਦਕਾ ਇਹਨਾਂ ਨੇ ਅਨੇਕਾਂ ਮੁਕੱਦਮੇਂ ਹਸਦਿਆਂ-ਹਸਦਿਆਂ ਜਿੱਤ ਲਏ ਨੇ। ਇਸ ਕਰਕੇ ਹੀ ਅਣਗਿਣਤ ਯਾਰ-ਮਿੱਤਰ ਵੀ ਨੇ ਇਹਨਾਂ ਦੇ। ਇਹਨਾਂ ਨੂੰ ਵੱਡੀ ਤੋਂ ਵੱਡੀ ਮਹਿਫ਼ਿਲ ਵਿਚ ਵੀ, ਮਹਿਫ਼ਿਲ ਦੀ ਜਾਨ ਦਾ ਰੁਤਬਾ ਪ੍ਰਾਪਤ ਹੁੰਦਾ ਹੈ। ਇਹਨਾਂ ਦੀ ਪਚਾਸੀ ਸਾਲ ਦੀ ਉਮਰ ਦਾ ਵਧੇਰੇ ਹਿੱਸਾ ਇਵੇਂ ਹੀ ਹੱਸਦਿਆਂ-ਹਸਾਉਂਦਿਆਂ, ਗਾਉਂਦਿਆਂ-ਗੁਣਗੁਣਾਉਂਦਿਆਂ ਤੇ ਸ਼ਿਅਰ ਸੁਣਾਉਂਦਿਆਂ ਹੀ ਬੀਤਿਆ ਹੈ। ਹਮੇਸ਼ਾ ਹੀ ਇਹਨਾਂ ਦੇ ਬੁੱਲ੍ਹ ਹਿਲ ਰਹੇ ਹੁੰਦੇ ਨੇ—ਜਦੋਂ ਕੋਈ ਆਸ-ਪਾਸ ਨਹੀਂ ਹੁੰਦਾ ਉਦੋਂ ਵੀ ਇਹ ਗੁਣਗੁਣਾ ਰਹੇ ਹੁੰਦੇ ਨੇ। ਇਹ ਕਦੇ ਵੀ ਇਕਾਂਤ ਪਸੰਦ ਨਹੀਂ ਰਹੇ—ਜਦੋਂ ਕਦੀ ਇਕਾਂਤ ਦਾ ਅਹਿਸਾਸ ਹੁੰਦਾ ਹੈ, ਇਹ ਗਾਉਣਾ ਸ਼ੁਰੂ ਕਰ ਦਿੰਦੇ ਨੇ।
ਘਰ ਵਿਚ ਇਹਨਾਂ ਨਾਲ ਇਹਨਾਂ ਦੀ ਬੁੱਢੀ ਪਤਨੀ ਰਹਿੰਦੀ ਹੈ। ਕੋਈ ਹੋਰ ਨਹੀਂ ਮਿਲਦਾ ਤਾਂ ਇਹ ਉਸਨੂੰ ਸੁਣਾਉਣ ਬੈਠ ਜਾਂਦੇ ਨੇ। ਸ਼੍ਰੀਮਤੀ ਮਧੋਕ ਨੇ ਆਪਣੇ ਆਪ ਨੂੰ ਇਹਨਾਂ ਦੇ ਅਨੁਸਾਰ ਢਾਲ ਲਿਆ ਹੈ। ਉਹ ਵੀ ਇਹਨਾਂ ਦੀ ਪੂਰੀ ਸ਼ਰਧਾਲੂ ਹੈ। ਜੋ ਕੁਝ ਵੀ ਇਹ ਉਸਨੂੰ ਸੁਣਾਉਂਦੇ ਨੇ, ਉਹ ਬੜੇ ਧਿਆਨ ਨਾਲ ਸੁਣਦੀ ਰਹਿੰਦੀ ਹੈ। ਇਹਨਾਂ ਨੂੰ ਖੁਸ਼ ਰੱਖਣ ਖਾਤਰ ਹੀ ਸਹੀ। ਮਧੋਕ ਸਾਹਬ ਆਪਣੇ ਨਾਲ ਕਿੰਨੇ ਵੀ ਮਹਿਮਾਨ ਘਰ ਲੈ ਆਉਣ, ਸ਼੍ਰੀਮਤੀ ਮਧੋਕ ਉਹਨਾਂ ਨੂੰ ਦਿਲੋਂ ਜੀ-ਆਇਆਂ ਕਹਿੰਦੀ ਹੈ। ਉਹਨਾਂ ਸਭਨਾਂ ਦੀ ਖਾਤਰ ਕਰਨ ਤੋਂ ਉਸਨੇ ਕਦੀ ਵੀ ਕੰਨੀ ਨਹੀਂ ਬਚਾਈ। ਕੁਝ ਮਹਿਮਾਨ ਵੇਲੇ-ਕੁਵੇਲੇ ਜਾਂ ਕਈ-ਕਈ ਵਾਰੀ ਚਾਹ ਜਾਂ ਕਾਫੀ ਮੰਗਦੇ ਨੇ—ਤੇ ਕਈ-ਕਈ ਤਾਂ ਸਿਰਫ ਸ਼ਰਾਬ ਪੀਣ ਦੀ ਲਲਕ ਨਾਲ ਹੀ ਤੁਰ ਆਉਂਦੇ ਨੇ। ਉਪਰ ਸ਼ਿਮਲੇ ਦੇ ਮੁਸ਼ਾਇਰਿਆਂ ਵਿਚ ਸ਼ਾਮਲ ਹੋਣ ਲਈ ਭਾਰਤ ਤੇ ਪਾਕਿਸਤਾਨ ਦੇ ਕਈ ਸ਼ਾਇਰ ਆਉਂਦੇ ਰਹਿੰਦੇ ਨੇ—ਉਹਨਾਂ ਵਿਚੋਂ ਵਧੇਰੇ ਉੱਥੇ ਜਾਣ ਤੋਂ ਪਹਿਲਾਂ ਜਾਂ ਵਾਪਸੀ ਸਮੇਂ ਮਧੋਕ ਸਾਹਬ ਦੇ ਘਰ ਵੀ ਜ਼ਰੂਰ ਠਹਿਰਦੇ ਨੇ। ਇਸ ਪੂਰੇ ਇਲਾਕੇ ਵਿਚ ਉਹਨਾਂ ਨੂੰ ਸਿਰਫ ਰਤਨ ਚੰਦ ਮਧੋਕ ਹੀ ਇਕ ਅਜਿਹਾ ਆਦਮੀ ਨਜ਼ਰ ਆਉਂਦਾ ਹੈ, ਜਿਹੜਾ ਉਹਨਾਂ ਦੇ ਕਲਾਮ ਉੱਤੇ ਦਿਲ ਖੋਲ੍ਹ ਕੇ ਸਹੀ ਤਰੀਕੇ ਨਾਲ ਦਾਦ ਦੇ ਸਕਦਾ ਹੈ ਤੇ ਜਿਹੜਾ ਉਹਨਾਂ ਨੂੰ ਚਾਲ੍ਹੀ ਪੰਤਾਲੀ ਸਾਲ ਪਹਿਲਾਂ ਦੀਆਂ ਸਾਹਿਤਕ ਮਹਿਫ਼ਿਲਾਂ ਦਾ ਇਹੋ ਜਿਹਾ ਦਿਲਚਸਪ ਅੱਖੀਂ ਡਿੱਠਾ ਹਾਲ ਸੁਣਾ ਸਕਦਾ ਹੈ, ਜਿਸਦਾ ਜ਼ਿਕਰ ਕਿਤਾਬਾਂ ਵਿਚ ਵੀ ਸਰਸਰੀ ਤੌਰ 'ਤੇ ਮਿਲਦਾ ਹੈ। ਸੰਗੀਤ ਦੇ ਰਸੀਆ ਵੀ ਇਸੇ ਖਿੱਚ ਸਦਕਾ ਇੱਥੋਂ ਤਕ ਆ ਪਹੁੰਚਦੇ ਨੇ ਕਿ ਮਧੋਕ ਸਾਹਬ ਕਈ ਵੱਡੇ-ਵੱਡੇ ਸੰਗੀਤਕਾਰਾਂ ਨਾਲ ਵੀ ਰਹਿ ਚੁੱਕੇ ਨੇ—ਦਲੀਪ ਚੰਦ ਬੇਦੀ, ਬਰਕਤ ਅਲੀ ਖ਼ਾਂ, ਮੁਹੰਮਦ ਸ਼ਰੀਫ਼ ਪੁੰਛ ਵਾਲੇ, ਸਿਤਾਰ ਨਵਾਜ਼, ਅਲੀ ਬਖ਼ਸ਼ ਤਬਲਾ ਨਵਾਜ਼, ਅਖ਼ਤਰ ਬਾਈ ਵਗ਼ੈਰਾ ਅਜਿਹੀਆਂ ਹਸਤੀਆਂ ਨੇ ਜਿਹਨਾਂ ਦੀਆਂ ਰਚੀਆਂ ਹੋਈਆਂ ਧੁਨਾਂ ਠੁਮਰੀਆਂ, ਖ਼ਿਆਲ ਬਾਗੇਸ਼ਵਰੀ ਤੇ ਟੱਪੇ ਵਗ਼ੈਰਾ ਘੰਟਿਆਂ ਬੱਧੀ ਸੁਣਾ ਸਕਦੇ ਨੇ। ਇਹ ਅਖ਼ਤਰ ਬੇਗ਼ਮ ਤੇ ਆਗਾ ਹਸ਼ਰ ਕਸ਼ਮੀਰੀ ਦੀ ਸੋਹਬਤ ਵਿਚ ਵੀ ਰਹਿ ਚੁੱਕੇ ਨੇ ਜਿਹਨਾਂ ਦੀਆਂ ਪ੍ਰੇਮ ਕਥਾਵਾਂ ਤੇ ਡਰਾਮੇ ਹੁਣ ਇਤਿਹਾਸ ਦੇ ਪੰਨਿਆਂ ਵਿਚ ਗਵਾਚ ਚੁੱਕੇ ਨੇ। ਉਹਨਾਂ ਨਾਲ ਵੀ ਰਤਨ ਚੰਦ ਮਧੋਕ ਦਾ ਇਕ ਵੱਖਰਾ ਨਾਂ ਸੀ। ਵਰਤਮਾਨ ਸਦੀ ਦੇ ਪਹਿਲੇ ਚਾਰ ਦਹਾਕਿਆਂ ਵਿਚ ਨਿਊ ਅਲਫਰਡ ਥਿਏਟਰੀਕਲ ਕੰਪਨੀ ਦੇ ਇਕ ਮਹੱਤਵਪੂਰਨ ਮੁਲਾਜ਼ਮ ਦੀ ਹੈਸੀਅਤ ਵਜੋਂ ਮਧੋਕ ਸਾਹਬ ਨੇ ਵੀ ਲਾਹੌਰ ਵਿਚ ਕਈ ਡਰਾਮੇ ਪੇਸ਼ ਕੀਤੇ ਸਨ। ਤਿੰਨ ਚਾਰ ਫ਼ਿਲਮਾਂ ਵੀ ਬਣਾਈਆਂ ਸਨ। ਇਹਨਾਂ ਨੇ ਕਲਾ ਤੇ ਸੰਗੀਤ ਦੇ ਮੈਦਾਨ ਵਿਚ ਕਈ ਜਣਿਆ ਨੂੰ ਉਛਾਲ ਕੇ ਆਸਮਾਨ ਤਕ ਪਹੁੰਚਾ ਦਿੱਤਾ ਸੀ। ਮਾਇਆ ਬੈਨਰਜੀ, ਮਹਿਤਾਬ, ਮਾਸਟਰ ਨਿਸਾਰ, ਮਾਸਟਰ ਬਸ਼ੀਰ, ਮਾਣਕ ਲਾਲ ਤੇ ਹੋਰ ਵੀ ਕਈ ਜਣੇ ਕਲਾ ਦੇ ਭਿੰਨ-ਭਿੰਨ ਖੇਤਰਾਂ ਵਿਚ ਤੱਰਕੀ ਕਰਦੇ ਹੋਏ ਪ੍ਰਸਿੱਧੀ ਦੀਆਂ ਸਿਖ਼ਰਾਂ ਤੇ ਪਹੁੰਚ ਗਏ। ਹੁਣ ਤਾਂ ਉਹ ਸਾਰੇ ਹੀ ਰਿਟਾਇਰਡ ਹੋ ਕੇ ਗੁਮਨਾਮ ਵੀ ਹੋ ਚੁੱਕੇ ਨੇ। ਉਹਨਾਂ ਅਣਗਿਣਤ ਹੀਰੋ-ਹੀਰੋਇਨਾਂ, ਨਿਰਦੇਸ਼ਕਾਂ ਤੇ ਫ਼ਿਲਮ ਨਿਰਮਾਤਾਵਾਂ ਦੀ ਕਤਾਰ ਵਿਚ ਇਕ ਇਹਨਾਂ ਦਾ ਛੋਟਾ ਭਰਾ ਵੀ ਸੀ, ਜਿਹੜਾ ਫ਼ਿਲਮੀ ਜਗਤ ਵਿਚ ਮਹਾਕਵੀ ਮਧੋਕ ਦੇ ਨਾਂ ਨਾਲ ਚਮਕਿਆ। ਉਹ ਵੀ ਕਦੇ ਕਦਾਰ, ਦੋ ਚਹੁੰ ਸਾਲਾਂ ਬਾਅਦ, ਅਚਾਨਕ ਇਹਨਾਂ ਨੂੰ ਮਿਲਣ ਆ ਜਾਂਦਾ ਹੈ। ਉਸਦਾ ਯੁੱਗ ਵੀ ਹੁਣ ਸਮਾਪਤ ਹੋ ਚੁੱਕਿਆ ਹੈ। ਪਰ ਉਹ ਜਦੋਂ ਵੀ ਆ ਬਹੁੜਦਾ ਹੈ, ਕਵਿਤਾ ਤੇ ਸੰਗੀਤ ਦੀ ਮਹਿਫ਼ਿਲ ਮੁੜ ਜੰਮ ਜਾਂਦੀ ਹੈ। ਆਸ-ਪਾਸ ਦੇ ਪਹਾੜੀ ਖੇਤਰ ਦੇ ਖਾਸ ਖਾਸ ਲੋਕਾਂ ਨੂੰ ਬੁਲਵਾ ਲਿਆ ਜਾਂਦਾ ਹੈ। ਤੇ ਫੇਰ ਕਈ ਕਈ ਹਫ਼ਤੇ ਰਤਨ ਚੰਦ ਮਧੋਕ ਆਪਣੇ ਭਰਾ ਨਾਲ ਰਲ ਕੇ ਇੰਜ ਬੇਖ਼ੁਦ ਹੋ ਕੇ ਗਾਉਂਦੇ ਰਹਿੰਦੇ ਨੇ, ਜਿਵੇਂ ਉਹਨਾਂ ਦਾ ਜ਼ਮਾਨਾ ਕੋਈ ਖਾਸ ਪਿੱਛੇ ਨਾ ਰਹਿ ਗਿਆ ਹੋਏ। ਅਜੇ ਉਸ ਜ਼ਮਾਨੇ ਦਾ ਅੰਤ ਨਹੀਂ ਹੋਇਆ; ਅਜੇ ਉਸ ਵਿਚ ਪ੍ਰਾਣ ਤੰਤੂ ਬਾਕੀ ਹੈ!
ਮਧੋਕ ਸਾਹਬ ਖ਼ੂਬ ਗਰਮ ਕੱਪੜਿਆਂ ਵਿਚ ਲਿਪਟੇ ਕੱਲਬ ਪਹੁੰਚੇ ਤਾਂ ਉੱਥੇ ਉਹਨਾਂ ਨੂੰ ਸਿਵਾਏ ਦੋ ਬੈਰਿਆਂ ਦੇ ਹੋਰ ਕੋਈ ਨਜ਼ਰ ਨਹੀਂ ਆਇਆ। ਉਹ ਇਕ ਛੋਟੇ ਜਿਹੇ ਕੈਬਿਨ ਵਿਚ ਜਾ ਕੇ ਬੈਠ ਗਏ। ਉਹਨਾਂ ਨੂੰ ਪੂਰਾ ਯਕੀਨ ਸੀ, ਥੋੜ੍ਹੀ ਦੇਰ ਵਿਚ ਹੀ ਕੋਈ ਨਾ ਕੋਈ ਜ਼ਰੂਰ ਆ ਜਾਏਗਾ—ਜੇ ਨਾ ਵੀ ਆਇਆ ਤਾਂ ਵੀ ਉਹ ਇੰਤਜ਼ਾਰ ਜ਼ਰੂਰ ਕਰਨਗੇ। ਉਹਨਾਂ ਆਪਣੀ ਮਨ ਪਸੰਦ ਵਿਸਕੀ ਦਾ ਇਕ ਡਬਲ ਪੈਗ ਮੰਗਵਾ ਲਿਆ ਤੇ ਕੁਝ ਘੁੱਟਾਂ ਪੀ ਕੇ ਅੱਖਾਂ ਬੰਦ ਕਰ ਲਈਆਂ। ਕੁਰਸੀ ਦੀ ਢੋਅ ਉੱਤੇ ਸਿਰ ਟਿਕਾਅ ਲਿਆ ਤੇ ਗੁਣਗੁਣਾਉਣ ਲੱਗ ਪਏ...:
(ਅੱਜ ਉਹਨਾਂ ਨੇ ਮੀਆਂ ਦੀ ਤੋੜੀ ਸ਼ੁਰੂ ਕਰ ਦਿੱਤੀ—ਇਕ ਅਰਸੇ ਬਾਅਦ ਇਹ ਬੋਲ ਉਹਨਾਂ ਦੀ ਜ਼ੁਬਾਨ ਉੱਤੇ ਆਏ ਸਨ।)

ਸਾਈਂ ਅੱਲਾ ਜਾਣੇ ਮੌਲਾ ਜਾਣੇ
ਬਾਰੀਂ ਬਰਸੀਂ ਮੇਰਾ ਰਾਂਝਣ ਆਇਆ
ਮੈਂ ਬੋਲਾਂ ਕਿ ਰੁੱਸਾਂ
ਸਹੇਲੜੀਆਂ ਕੋਲੋਂ ਪੁੱਛਣ ਲੱਗੀ-ਆਂ
ਸਾਈਂ ਅੱਲਾ ਜਾਣੇ ਮੌਲਾ ਜਾਣੇ।


ਉਹ ਦੋ ਘੰਟੇ ਤਕ ਲਗਾਤਾਰ ਗਾਉਂਦੇ ਰਹੇ। ਇਸੇ ਦੌਰਾਨ ਤਿੰਨ ਪੈਗ ਹੋਰ ਵੀ ਪੀ ਲਏ ਸਨ ਉਹਨਾਂ ਨੇ। ਦੋਵੇਂ ਬੈਰੇ ਦਰਵਾਜ਼ੇ ਕੋਲ ਖੜ੍ਹੇ ਸੁਣਦੇ ਰਹੇ ਤੇ ਉਹਨਾਂ ਵਲ ਇਕਟਕ ਦੇਖਦੇ ਰਹੇ। ਫੇਰ ਉਹਨਾਂ ਵਿਚੋਂ ਇਕ ਨੇ ਮੌਕਾ ਦੇਖ ਕੇ ਬੜੀ ਸਭਿਅਤਾ ਨਾਲ ਝੁਕ ਕੇ ਕਿਹਾ, “ਹਜੂਰ, ਦਸ ਵੱਜ ਚੁੱਕੇ ਨੇ। ਹੁਣ ਤਾਂ ਕਿਸੇ ਦੇ ਆਉਣ ਦੀ ਕੋਈ ਉਮੀਦ ਨਹੀਂ।”
ਸੁਣ ਕੇ ਮਧੋਕ ਸਾਹਬ ਨੇ ਹੈਰਾਨ ਹੋ ਕੇ ਉਸ ਵਲ ਦੇਖਿਆ। ਫੇਰ ਮੁਸਕੁਰਾ ਪਏ ਤੇ ਹੌਲੀ ਜਿਹੀ ਕੁਰਸੀ ਤੋਂ ਉਠ ਖੜ੍ਹੇ ਹੋਏ। ਮੇਜ਼ ਉੱਤੇ ਲਾਹ ਕੇ ਰੱਖੀ ਹੋਈ ਟੋਪੀ ਨੂੰ ਸਿਰ ਉੱਤੇ ਜਚਾਇਆ। ਓਵਰਕੋਟ ਦੇ ਸਾਰੇ ਬਟਨ ਬੰਦ ਕੀਤੇ। ਮਫ਼ਲਰ ਨੂੰ ਗਰਦਨ ਦੁਆਲੇ ਚੰਗੀ ਤਰ੍ਹਾਂ ਲਪੇਟਿਆ ਤੇ ਸਿਗਾਰ ਸੁਲਗਾ ਕੇ ਬਾਹਰ ਨਿਕਲ ਆਏ।
ਹਵਾ ਕਾਫੀ ਤੇਜ਼ ਚੱਲ ਰਹੀ ਸੀ। ਠਾਰੀ ਵੀ ਵਧ ਗਈ ਸੀ। ਕੋਈ ਦੁਕਾਨ ਖੁੱਲ੍ਹੀ ਸੀ, ਨਾ ਕੋਈ ਮਕਾਨ। ਹਰ ਪਾਸੇ ਚੁੱਪ ਵਰਤੀ ਹੋਈ ਸੀ। ਸਿਰਫ ਬਿਜਲੀ ਦੇ ਖੰਭੇ ਹੀ ਜਗ ਰਹੇ ਸਨ—ਜਿਵੇਂ ਉਹਨਾਂ ਨੂੰ ਹੀ ਉਡੀਕ ਰਹੇ ਹੋਣ ਕਿ ਉਹ ਆਪਣੇ ਘਰ ਜਾਣ ਤਾਂ ਉਹ ਵੀ ਅੱਖਾਂ ਮੀਚ ਕੇ ਸੌਂ ਜਾਣ।
ਮਧੋਕ ਸਾਹਬ ਸੰਭਲ ਸੰਭਲ ਕੇ ਪੈਰ ਧਰਦੇ ਹੋਏ ਇਕ ਪਹਾੜੀ ਦੀ ਢਲਾਣ ਉਤਰ ਕੇ ਦੂਜੀ ਦੀ ਚੜ੍ਹਾਈ ਚੜ੍ਹਨ ਲੱਗ ਪਏ। ਇਸ ਢਲਾਣ ਤੇ ਚੜ੍ਹਾਈ ਦਾ ਸਫ਼ਰ ਕਰਦਿਆਂ ਹੋਇਆਂ ਉਹਨਾਂ ਨੂੰ ਹਮੇਸ਼ਾ ਇੰਜ ਲੱਗਦਾ ਹੈ, ਜਿਵੇਂ ਇਹ ਪਹਾੜੀਆਂ ਦੋ ਭੈਣਾ ਹੋਣ ਜਿਹਨਾਂ ਨੂੰ ਇਕ ਦੂਜੀ ਦੇ ਗੁਆਂਢ ਵਿਚ ਹੀ ਵਿਆਹ ਦਿੱਤਾ ਗਿਆ ਹੋਏ। ਕੱਲਬ ਵਾਲੀ ਪਹਾੜੀ ਨੂੰ ਉਹ ਛੋਟੀ ਭੈਣ ਸਮਝਦੇ ਨੇ ਤੇ ਜਿਸ ਪਹਾੜੀ ਉੱਤੇ ਉਹਨਾਂ ਦਾ ਕਾਟੇਜ ਹੈ, ਉਸਦੀ ਕਲਪਨਾ ਉਹ ਇਸਦੀ ਵੱਡੀ ਭੈਣ ਦੇ ਤੌਰ 'ਤੇ ਕਰਦੇ ਨੇ। ਕਦੀ ਕਦੀ ਉਹ ਮਜ਼ਾਕ ਵਿਚ ਕਹਿ ਵੀ ਦਿੰਦੇ ਨੇ—“ਕੱਲਬ ਵਾਲੀ ਪਹਾੜੀ ਮੇਰੀ ਸਾਲੀ ਏ!”
ਵੱਡੀ ਪਹਾੜੀ ਦੀ ਪਿੱਠ ਉੱਤੇ ਉਹਨਾਂ ਦਾ ਕਾਟੇਜ ਹੈ—ਜਿਸ ਦੇ ਛੇ ਕਮਰੇ, ਇਕ ਲੰਮਾਂ ਵਰਾਂਡਾ ਤੇ ਉਹਨਾਂ ਉੱਤੇ ਟੈਨਿਸ ਕੋਰਟ ਵਰਗੀ ਇਕ ਖੁੱਲ੍ਹੀ, ਸਮਤਲ, ਚੌੜੀ ਛੱਤ ਹੈ। ਉਸਦੇ ਨਾਲ ਦੀ ਸ਼ਿਮਲਾ ਕਾਲਕਾ ਰੋਡ ਲੰਘਦੀ ਹੈ, ਜਿਹੜੀ ਸੱਪ ਵਾਂਗ ਵਲ਼ ਖਾਂਦੀ ਹੋਈ ਕਿਤੋਂ ਤਾਂ ਪਹਾੜੀਆਂ ਦੀ ਓਟ ਵਿਚ ਹੋ ਜਾਂਦੀ ਹੈ ਤੇ ਕਿਤੋਂ ਦਿਖਾਈ ਦੇਣ ਲੱਗ ਪੈਂਦੀ ਹੈ। ਖੱਬੇ ਪਾਸੇ ਇਕ ਡੂੰਘੀ ਢਲਾਣ ਹੈ, ਵਾਦੀਆਂ ਨੇ, ਛੋਟੇ ਛੋਟੇ ਖੇਤ ਨੇ—ਉਹਨਾਂ ਤਕ ਪਹੁਚਣ ਲਈ ਪੌੜੀਆਂ ਹੈਨ। ਖਿਡੌਣਿਆਂ ਵਾਂਗ ਨਜ਼ਰ ਆਉਂਦੇ ਅਣਗਿਣਤ ਛੋਟੇ ਛੋਟੇ, ਰੰਗ-ਬਿਰੰਗੇ ਮਕਾਨ ਤੇ ਉਹਨਾਂ ਤੋਂ ਸੈਂਕੜੇ ਮੀਲ ਦੂਰ ਤਕ ਫੈਲੀਆਂ ਪਹਾੜੀਆਂ ਦੇ ਝੁੰਡ ਆਕਾਸ਼ ਨੂੰ ਛੂੰਹਦੇ ਹੋਏ ਨਜ਼ਰ ਆਉਂਦੇ ਨੇ। ਇਕ ਨਾਲ ਇਕ ਜੁੜੇ ਹੋਏ ਹਰੇ, ਪੀਲੇ ਜਾਂ ਲਾਲ ਪਹਾੜ ਸ਼ਰਮੀਲੇ ਗੱਭਰੂਆਂ ਵਾਂਗ ਆਪਣੀਆਂ ਮਨਪਸੰਦ ਕੁੜੀਆਂ ਵਲ ਚੋਰ ਨਜ਼ਰਾਂ ਨਾਲ ਤੱਕ ਕੇ ਅਚਾਨਕ ਮੂੰਹ ਭੁਆਂ ਕੇ ਖੜ੍ਹੇ ਹੋ ਗਏ ਜਾਪਦੇ ਨੇ।
ਮਧੋਕ ਸਾਹਬ ਆਪਣੇ ਕਾਟੇਜ ਨੇੜੇ ਪਹੁੰਚੇ ਤਾਂ ਉਹਨਾਂ ਨੂੰ ਆਪਣੇ ਕਾਕ ਸਪੇਨੀਅਲ ਰਾਕਸੀ ਦੇ ਭੌਂਕਣ ਦੀ ਆਵਾਜ਼ ਸੁਣਾਈ ਦਿੱਤੀ। ਰਾਕਸੀ ਨੇ ਉਹਨਾਂ ਦੀ ਬੂ ਪਛਾਣ ਲਈ ਸੀ। ਉਹ ਪੌੜੀਆਂ ਉਤਰ ਕੇ ਆਪਣੇ ਛੋਟੇ ਜਿਹੇ ਵਿਹੜੇ ਵਿਚ ਪਹੁੰਚੇ ਤਾਂ ਸ਼੍ਰੀਮਤੀ ਮਧੋਕ ਨੇ ਦਰਵਾਜ਼ਾ ਖੋਲ੍ਹ ਦਿੱਤਾ। ਦਰਵਾਜ਼ਾ ਖੁੱਲ੍ਹਦਿਆਂ ਹੀ ਰਾਕਸੀ ਛਾਲ ਮਾਰ ਕੇ ਬਾਹਰ ਆ ਗਿਆ ਤੇ ਮਧੋਕ ਸਾਹਬ ਦੇ ਉੱਤੇ ਚੜ੍ਹਨ, ਪੈਰਾਂ ਵਿਚ ਲਿਟਣ ਤੇ ਕੂੰ-ਕੂੰ ਦੀਆਂ ਆਵਾਜ਼ਾਂ ਕੱਢਣ ਲੱਗ ਪਿਆ। ਮਧੋਕ ਸਾਹਬ ਨੇ ਝੁਕ ਕੇ ਉਸਨੂੰ ਗੋਦੀ ਵਿਚ ਚੁੱਕ ਲਿਆ ਤੇ ਪਿਆਰ ਕਰਦੇ ਹੋਏ ਅੰਦਰ ਲੰਘ ਗਏ। ਦਰਵਾਜ਼ਾ ਬੰਦ ਕਰਕੇ ਪਿੱਛੇ-ਪਿੱਛੇ ਉਹਨਾਂ ਦੀ ਪਤਨੀ ਵੀ ਆ ਗਈ।
ਰਾਕਸੀ ਨੂੰ ਉਹਨਾਂ ਨੇ ਆਪ ਆਪਣੇ ਹੱਥੀਂ ਇਕ ਸਟੋਰ ਵਿਚ ਬੰਦ ਕੀਤਾ ਤੇ ਬਾਹਰੋਂ ਕੁੰਡਾ ਲਾ ਦਿੱਤਾ। ਰਾਤ ਨੂੰ ਏਡੇ ਛੋਟੇ ਜਾਨਵਰ ਨੂੰ ਖੁੱਲ੍ਹਾ ਛੱਡਣਾ ਖਤਰੇ ਤੋਂ ਖਾਲੀ ਨਹੀਂ ਸੀ—ਕਾਫੀ ਅਰਸਾ ਪਹਿਲਾਂ ਉਹਨਾਂ ਦੇ ਦੋ ਅਜਿਹੇ ਹੀ ਪਿਆਰੇ-ਪਿਆਰੇ ਕੁੱਤੇ ਇਕ ਲੱਕੜਬਗਾ ਚੁੱਕ ਕੇ ਲੈ ਗਿਆ ਸੀ।
ਉਹ ਆਪਣੇ ਕਮਰੇ ਵਿਚ ਪਹੁੰਚੇ ਤਾਂ ਸ਼੍ਰੀਮਤੀ ਮਧੋਕ ਉਹਨਾਂ ਦੇ ਪਲੰਘ ਕੋਲ ਪਈ ਮੇਜ਼ ਉੱਤੇ ਆਮਲੇਟ, ਡਬਲ-ਰੋਟੀ ਦੇ ਦੋ ਸਲਾਈਸ ਤੇ ਟਮੈਟੋ-ਸਾਸ ਵਾਲੀ ਬੋਤਲ ਲਿਆ ਕੇ ਰੱਖ ਚੁੱਕੀ ਸੀ। ਉਸੇ ਮੇਜ਼ ਉੱਤੇ ਕਾਨੂੰਨ ਦੀਆਂ ਕੁਝ ਕਿਤਾਬਾਂ ਤੇ ਸਵੇਰ ਦਾ ਬਾਸੀ ਟ੍ਰਿਬਿਊਨ ਵੀ ਪਿਆ ਹੋਇਆ ਸੀ। ਮਧੋਕ ਸਾਹਬ ਨੇ ਉੱਥੇ ਖੜ੍ਹਿਆਂ-ਖੜ੍ਹਿਆਂ ਹੀ ਓਵਰਕੋਟ ਤੇ ਪੈਂਟ ਲਾਹ ਕੇ ਕੰਧ ਨਾਲ ਟੰਗ ਦਿੱਤੇ। ਉਹਨਾਂ ਦੇ ਸਰੀਰ ਉੱਤੇ ਅਜੇ ਵੀ ਪੂਰੀਆਂ ਬਾਹਾਂ ਦੀ ਜਰਸੀ, ਗਰਮ ਕਮੀਜ਼, ਗਰਮ ਪਾਜਾਮਾ ਤੇ ਗਲ਼ੇ ਦੁਆਲੇ ਮਫ਼ਲਰ ਲਿਪਟਿਆ ਹੋਇਆ ਸੀ। ਉਹ ਪਲੰਘ ਉੱਤੇ ਬੈਠ ਕੇ ਖਾਣਾ ਖਾਣ ਲੱਗ ਪਏ। ਉਹਨਾਂ ਦੀ ਪਤਨੀ ਨਾਲ ਵਾਲੇ ਬਿਸਤਰੇ ਵਿਚ ਰਜਾਈ ਵਿਚ ਵੜ ਕੇ ਬੈਠ ਗਈ ਤੇ ਅਚਾਨਕ ਚੁੱਪ ਹੋਰ ਗੂੜ੍ਹੀ ਹੋ ਗਈ।
ਉਹਨਾਂ ਦੀ ਜ਼ਿੰਦਗੀ ਦੇ ਹਰੇਕ ਦਿਨ ਦੇ ਕੁਝ ਘੰਟੇ ਇਵੇਂ ਚੁੱਪਚਾਪ ਹੀ ਬੀਤਦੇ ਨੇ, ਹਾਲਾਂਕਿ ਉਹ ਦੋਵੇਂ ਜਾਗ ਰਹੇ ਹੁੰਦੇ ਨੇ, ਇਕ ਦੂਜੇ ਦੇ ਕੋਲ ਬੈਠੇ ਹੁੰਦੇ ਨੇ ਤੇ ਇਕ ਦੂਜੇ ਵਲ ਦੇਖ ਵੀ ਰਹੇ ਹੁੰਦੇ ਨੇ। ਪਿਛਲੇ ਪੈਂਠ ਸਾਲ ਦੇ ਗ੍ਰਹਿਸਤੀ ਜੀਵਨ ਵਿਚ ਉਹਨਾਂ ਇਕ ਦੂਜੇ ਨੂੰ ਬੜਾ ਕੁਝ ਕਹਿ ਸੁਣ ਲਿਆ ਹੈ। ਇਕ ਦੂਜੇ ਨਾਲ ਭਾਵੁਕਤਾ ਭਰਿਆ ਪ੍ਰੇਮ ਵੀ ਕਰ ਲਿਆ ਹੈ। ਉਹਨਾਂ ਵਿਚਕਾਰ ਭਾਵੁਕਤਾ ਕਾਰਨ ਜਿਹੜੇ ਮਤਭੇਦ ਪੈਦਾ ਹੁੰਦੇ ਰਹੇ ਨੇ, ਸਮੇਂ ਦੇ ਨਾਲ ਨਾਲ ਉਹ ਵੀ ਹੁਣ ਸਮਾਪਤ ਹੋ ਚੁੱਕੇ ਨੇ। ਉਂਜ ਵੀ ਪਤੀ-ਪਤਨੀ ਦੇ ਬਹੁਤ ਸਾਰੇ ਝਗੜੇ, ਇਸ ਉਮਰ ਵਿਚ ਪਹੁੰਚ ਕੇ, ਆਪਣੇ ਆਪ ਮੁੱਕ ਜਾਂਦੇ ਨੇ—ਜਦੋਂ ਜ਼ਿੰਦਗੀ ਥੱਕ ਜਾਂਦੀ ਹੈ, ਮਨੁੱਖ ਬਿਨਾਂ ਕਿਸੇ ਉਦੇਸ਼ ਦੇ ਤੇ ਬਿਨਾਂ ਕਿਸੇ ਇਰਾਦੇ ਦੇ ਇਕ ਦੂਜੇ ਨਾਲ ਚਿਪਕਿਆ ਰਹਿਣ ਲਈ ਹੀ ਜਿਊਂਦਾ ਰਹਿ ਜਾਂਦਾ ਹੈ! ਉਸਦੀਆਂ ਭਾਵਨਾਵਾਂ ਵਿਚ ਆਪਣੇ ਆਪ ਹੀ ਇਕ ਅਜੀਬ ਜਿਹੀ ਖੜੋਤ ਆ ਜਾਂਦੀ ਹੈ। ਭਾਵਨਾਵਾਂ ਦੇ ਤੂਫ਼ਾਨ ਸ਼ਾਂਤ ਹੋ ਜਾਂਦੇ ਨੇ—ਇਹ ਹੈਰਾਨੀ ਭਰਪੂਰ ਸ਼ਾਂਤੀ ਉਸਦਾ ਟੀਚਾ ਨਹੀਂ ਹੁੰਦੀ, ਇਕ ਪ੍ਰਾਪਤੀ ਹੁੰਦੀ ਹੈ; ਜੀਵਨ ਦੀ ਪ੍ਰਾਪਤੀ!
ਮਧੋਕ ਸਾਹਬ ਨੇ ਆਪਣੇ ਆਪ ਨੂੰ ਬਾਹਰਲੀ ਦੁਨੀਆਂ ਦਾ ਦਿਲਦਾਰ ਬਣਾਈ ਰੱਖਿਆ ਸੀ, ਜਿਹੜੀ ਉਹਨਾਂ ਦੇ ਘਰ ਦੇ ਬਾਹਰਲੇ ਦਰਵਾਜ਼ੇ ਵਿਚੋਂ ਬਾਹਰ ਪੈਰ ਰੱਖਦਿਆਂ ਹੀ ਸ਼ੁਰੂ ਹੋ ਜਾਂਦੀ ਸੀ—ਘਰ ਭਾਵੇਂ ਕਦੀ ਲਾਹੌਰ ਵਿਚ ਸੀ, ਜਾਂ ਰਾਵਲ ਪਿੰਡੀ, ਜਾਂ ਹੁਣ ਕੰਡਾਘਾਟ ਵਿਚ ਹੈ। ਘਰ ਹਰੇਕ ਜਗ੍ਹਾ ਇਕੋ ਕਿਸਮ ਦਾ ਰਿਹਾ ਹੈ—ਜਿਸ ਵਿਚ ਕਮਰੇ ਹੁੰਦੇ ਨੇ,ਕੁਝ ਸਾਮਾਨ ਹੁੰਦਾ ਹੈ, ਪਤਨੀ ਹੁੰਦੀ ਹੈ ਤੇ ਕੁਝ ਬੱਚੇ ਹੁੰਦੇ ਨੇ। ਪਰ ਬਾਹਰ ਤਾਂ ਹਾਸਿਆਂ ਤੇ ਠਹਾਕਿਆਂ, ਖੁਸ਼ੀਆਂ ਦੇ ਖੇੜਿਆਂ, ਰੌਣਕਾਂ, ਕੌਤੁਕਾਂ ਤੇ ਇੱਛਾਵਾਂ ਨਾਲ ਭਰੀ ਇਕ ਵਿਸ਼ਾਲ ਦੁਨੀਆਂ ਹੈ! ਉਸ ਵਿਚ ਅਨੇਕਾਂ ਲੋਕ ਹੁੰਦੇ ਨੇ, ਉਹਨਾਂ ਦੇ ਵੱਖਰੇ-ਵੱਖਰੇ ਸੁਭਾਅ ਹੁੰਦੇ ਨੇ, ਇਸ ਦੇ ਇਲਾਵਾ ਅਨੇਕਾਂ ਛੋਟੇ-ਵੱਡੇ ਸੁੱਖਾਂ ਤੇ ਖੁਸ਼ੀਆਂ ਦੀ ਪ੍ਰਾਪਤੀ ਹੁੰਦੀ ਹੈ। ਕੋਈ ਵੀ ਸੁੱਖ ਰੁਪਏ ਪੈਸੇ ਦੀ ਲੋੜ ਨਾਲੋਂ ਵੱਖਰਾ ਨਹੀਂ ਹੁੰਦਾ। ਮਧੋਕ ਸਾਹਬ ਨੂੰ ਰੁਪਏ-ਪੈਸੇ ਦਾ ਕਦੀ ਘਾਟਾ ਨਹੀਂ ਰਿਹਾ। ਹੁਣ ਵੀ ਕੋਈ ਘਾਟਾ ਨਹੀਂ। ਮਹੀਨੇ ਵਿਚ ਦੋ ਚਾਰ ਮੁਕੱਦਮੇ ਅਜਿਹੇ ਆ ਹੀ ਜਾਂਦੇ ਨੇ, ਜਿਹੜੇ ਮਹੀਨੇ ਭਰ ਦਾ ਖਰਚ ਦੇ ਜਾਂਦੇ ਨੇ। ਰੁਪਏ-ਪੈਸੇ ਨੂੰ ਉਹਨਾਂ ਹਮੇਸ਼ਾ ਹੱਥ ਦੀ ਮੈਲ ਸਮਝਿਆ ਹੈ। ਜਦੋਂ ਵੀ ਉਸਨੂੰ ਲੁਟਾਇਆ, ਜਿਸ ਖਾਤਰ ਵੀ ਲੁਟਾਇਆ—ਕਦੀ ਪਛਤਾਵਾ ਨਹੀਂ ਕੀਤਾ। ਉਹ ਸਮਝਦੇ ਨੇ ਕਿ ਜੇ ਕਿਸੇ ਲੋੜਮੰਦ ਨੇ ਉਹਨਾਂ ਦੇ ਹੱਥੋਂ ਕੁਝ ਲੈ ਕੇ ਜਾਣਾ ਹੈ, ਤਾਂ ਲੈ ਹੀ ਜਾਣਾ ਹੈ। ਕਈ ਵਾਰੀ ਇੰਜ ਵੀ ਹੋਇਆ ਹੈ ਕਿ ਉਹ ਆਪਣੀ ਜ਼ਰੂਰਤ ਦੀ ਕੋਈ ਚੀਜ਼ ਖਰੀਦਨ ਵਾਸਤੇ ਘਰੋਂ ਨਿਕਲੇ ਤੇ ਰਾਹ ਵਿਚ ਕੋਈ ਲੋੜਮੰਦ ਮਿਲ ਗਿਆ ਤੇ ਉਹ ਉਸਨੂੰ ਸਾਰੇ ਪੈਸੇ ਦੇ ਕੇ ਘਰ ਪਰਤ ਆਏ। ਪੂਰੀ ਤਰ੍ਹਾਂ ਸੰਤੁਸ਼ਟ ਤੇ ਮੁਸਕੁਰਾਉਂਦੇ ਹੋਏ ਤੇ ਪਤਨੀ ਨੂੰ ਕਿਹਾ, “ਲੈ ਭਲੀਏ ਲੋਕ, ਜਿਸਦਾ ਹੱਕ ਸੀ, ਆ ਕੇ ਲੈ ਗਿਆ! ਆਪਣਾ ਕੰਮ ਫੇਰ ਕਦੀ ਹੋ ਜਾਏਗਾ।”
ਸ਼੍ਰੀਮਤੀ ਮਧੋਕ ਉਹਨਾਂ ਦਾ ਸੁਭਾਅ ਜਾਣਦੀ ਹੈ, ਕੁਝ ਕਹਿਣ ਸੁਣਨ ਦੀ ਲੋੜ ਹੀ ਮਹਿਸੂਸ ਨਹੀਂ ਕਰਦੀ। ਉਸਨੇ ਆਪਣੇ ਆਪ ਨੂੰ ਸਮਝਾ ਲਿਆ ਹੈ। ਮਧੋਕ ਸਾਹਬ ਨੇ ਜੋ ਕੁਝ ਵੀ ਕੀਤਾ—ਭਾਵੇਂ ਕਿਸੇ ਨਾਲ ਵੀ ਸੰਬੰਧ ਰੱਖੇ, ਬੜੀਆਂ ਮਹਿੰਗੀਆਂ-ਮਹਿੰਗੀਆਂ ਮਹਿਮਾਨ ਨਿਵਾਜ਼ੀਆਂ ਕੀਤੀਆਂ, ਆਪ ਹਫ਼ਤਿਆਂ ਬੱਧੀ ਬਾਹਰ ਰਹੇ ਤੇ ਅਚਾਨਕ ਬਿਨਾਂ ਕਿਸੇ ਨਮੋਸ਼ੀ ਦੇ ਮੁਸਕੁਰਾਉਂਦੇ ਹੋਏ ਘਰ ਪਰਤ ਆਏ ਤਦ ਵੀ ਉਹ ਉਹਨਾਂ ਨੂੰ ਇੰਜ ਸਹਿਜ ਤੇ ਸ਼ਾਂਤ ਹੀ ਮਿਲੀ, ਜਿਵੇਂ ਉਸਦਾ ਪਤੀ ਕਿਧਰੇ ਗਿਆ ਹੀ ਨਾ ਹੋਏ! ਮਧੋਕ ਸਾਹਬ ਵੀ ਆਪਣੀ ਪਤਨੀ ਦੀਆਂ ਇਹਨਾਂ ਭਾਵਨਾਵਾਂ ਨੂੰ ਸਮਝਦੇ ਨੇ। ਉਹਨਾਂ ਨੂੰ ਲੰਮੇ ਸਮੇਂ ਤੋਂ ਚੁੱਪਚਾਪ ਉਸਦੇ ਦੁੱਖ ਭੋਗਦੇ ਰਹਿਣ ਦਾ ਅਹਿਸਾਸ ਵੀ ਹੈ। ਉਹ ਇਹ ਵੀ ਜਾਣੇ ਨੇ ਕਿ ਸ਼੍ਰੀਮਤੀ ਮਧੋਕ ਦੇ ਇਸ ਸਬਰ ਜਾਂ ਸ਼ਾਂਤ ਚੁੱਪ ਪਿੱਛੇ ਅਸੰਖ ਅੱਥਰੂ ਛਿਪੇ ਹੋਏ ਨੇ ਜਿਹੜੇ ਚੁੱਪਚਾਪ ਵਹਿੰਦੇ ਤੇ ਆਪਣੇ ਆਪ ਸੁੱਕ ਜਾਂਦੇ ਨੇ। ਉਹ ਪਤਨੀ ਨੂੰ ਕੁਝ ਨਹੀਂ ਕਹਿੰਦੇ, ਉਸ ਵਲ ਬੜੀ ਹਮਦਰਦੀ ਨਾਲ ਦੇਖਦੇ ਨੇ ਜਾਂ ਕੋਈ ਤਾਣ ਛੇੜ ਦਿੰਦੇ ਨੇ...ਗੌੜ ਸਾਰੰਗ, ਭੈਰਵੀ ਜਾਂ ਮੁਲਤਾਨੀ ਕਾਫੀ, ਜੋ ਵੀ ਉਹਨਾਂ ਪਲਾਂ ਵਿਚ ਸੁੱਝ ਪਏ।
ਖਾਣਾ ਖਾ ਕੇ ਉਹਨਾਂ ਆਪ ਹੀ ਪਲੇਟਾਂ ਪਲੰਘ ਹੇਠ ਰੱਖ ਦਿੱਤੀਆਂ। ਸਿਗਾਰ ਸੁਲਗਾ ਕੇ ਅਖ਼ਬਾਰ ਚੁੱਕ ਲਿਆ। ਪਲੰਘ ਦੀ ਢੋਅ ਨਾਲ ਰੱਖੇ ਸਿਰਹਾਣੇ ਉੱਤੇ ਸਿਰ ਰੱਖ ਕੇ ਪੜ੍ਹਨ ਲੱਗੇ—ਕੋਈ ਵਿਸ਼ੇਸ਼ ਲੇਖ ਉਹ ਆਪ ਹੀ ਜਾਣ-ਬੁੱਝ ਕੇ ਰਾਤ ਨੂੰ ਪੜ੍ਹਨ ਲਈ ਛੱਡ ਦਿੰਦੇ ਨੇ ਤਾਂਕਿ ਪੜ੍ਹਦਿਆਂ-ਪੜ੍ਹਦਿਆਂ ਨੀਂਦ ਆ ਜਾਏ। ਸ਼੍ਰੀਮਤੀ ਮਧੋਕ ਹੀ ਰਾਤ ਨੂੰ ਕਿਸੇ ਵੇਲੇ ਅੱਖ ਖੁੱਲ੍ਹਣ 'ਤੇ ਉਠ ਕੇ ਲਾਈਟ ਆਫ ਕਰ ਦੇਂਦੀ ਹੈ।
ਅਚਾਨਕ ਉਹਨਾਂ ਦੇ ਕੰਨ ਵਿਚ ਪਤਨੀ ਦੀ ਆਵਾਜ਼ ਪਈ। ਉਹ ਰਜਾਈ ਵਿਚੋਂ ਮੂੰਹ ਕੱਢ ਕੇ ਕਹਿ ਰਹੀ ਸੀ, “ਮੈਂ ਤੁਹਾਨੂੰ ਇਹ ਦੱਸਣਾ ਤਾਂ ਭੁੱਲ ਈ ਗਈ, ਬੰਬਈ ਤੋਂ ਪੋਂਟੀ ਦਾ ਖ਼ਤ ਆਇਆ ਏ। ਉਸਨੇ ਤੁਹਾਡਾ ਬੜਾ ਧਨਵਾਦ ਕੀਤਾ ਏ, ਕਿਉਂਕਿ ਤੁਹਡੇ ਵਿਚਾਲੇ ਪੈਣ ਕਰਕੇ ਹੀ ਉਹਨਾਂ ਦਾ ਵਿਆਹ ਪੱਕਾ ਹੋ ਗਿਆ ਏ।”
“ਅੱਛਾ!” ਮਧੋਕ ਸਾਹਬ ਇਹ ਖੁਸ਼ਖਬਰੀ ਸੁਣ ਕੇ ਖਿੜ-ਪੁੜ ਗਏ, “ਤਾਂ ਮਨਮੋਹਨ ਮੰਨ ਈ ਗਿਆ ਆਖ਼ਰ। ਉਹ ਕਿਵੇਂ ਨਾ ਮੰਨਦਾ?—ਨਾ ਮੰਨਦਾ ਤਾਂ ਮੈਂ ਆਪਣੀ ਪੋਤੀ ਦਾ ਵਿਆਹ ਮੱਲੋ-ਜ਼ੋਰੀ ਸੁਰਿੰਦਰ ਨਾਲ ਕਰਵਾ ਦਿੰਦਾ—ਇੱਥੇ ਸੱਦ ਕੇ। ਫੇਰ ਤੂੰ ਦੇਖਦੀ, ਮਨਮੋਹਨ ਉੱਥੇ ਕਨੇਡਾ 'ਚ ਬੈਠਾ ਟੱਪਦਾ ਰਹਿ ਜਾਂਦਾ!”
ਕਹਿ ਕੇ ਉਹ ਆਪੇ ਹੱਸ ਵੀ ਪਏ। ਦੇਰ ਤਕ ਹੱਸਦੇ ਰਹੇ। ਸ਼੍ਰੀਮਤੀ ਮਧੋਕ ਕੁਝ ਨਾ ਬੋਲੀ, ਪਾਸਾ ਪਰਤ ਕੇ ਲੇਟ ਗਈ। ਮਧੋਕ ਸਾਹਬ ਦੀਆਂ ਨਜ਼ਰਾਂ ਅਖ਼ਬਾਰ ਦੀਆਂ ਸਤਰਾਂ ਉਪਰ ਸਨ, ਪਰ ਉਹ ਉਹਨਾਂ ਵਿਚ ਆਪਣੀ ਜਵਾਨ ਪੋਤੀ ਦਾ ਖੂਬਸੂਰਤ ਤੇ ਖਿੜਿਆ ਹੋਇਆ ਚਿਹਰਾ ਦੇਖ ਰਹੇ ਸਨ ਤੇ ਨਿਮ੍ਹਾਂ-ਨਿਮ੍ਹਾਂ ਮੁਸਕੁਰਾ ਰਹੇ ਸਨ।
ਪਿਛਲੇ ਸਾਲ ਪੋਂਟੀ ਨੇ ਉਹਨਾਂ ਨੂੰ ਬੰਬਈ ਤੋਂ ਇਕ ਲੰਮੀ ਚਿੱਠੀ ਲਿਖੀ ਸੀ ਕਿ ਉਹ ਇਕ ਸਪੋਰਟਸ ਮੈਨ ਨਾਲ ਸ਼ਾਦੀ ਕਰਨੀ ਚਾਹੁੰਦੀ ਹੈ। ਜਿਸ ਨਾਲ ਉਸਨੂੰ ਮੁਹੱਬਤ ਹੋ ਗਈ ਸੀ। ਭਾਵੇਂ ਉਹ ਅਜੇ ਪੂਰੇ ਅਠਾਰਾਂ ਸਾਲ ਦੀ ਨਹੀਂ ਸੀ ਹੋਈ, ਤੇ ਉਸਦਾ ਪਿਤਾ ਉਸਨੂੰ ਸੀਨੀਅਰ ਕੈਂਬਰੇਜ ਕਰਵਾ ਲੈਣ ਪਿੱਛੋਂ ਅਗਲੀ ਪੜ੍ਹਾਈ ਲਈ ਆਪਣੇ ਕੋਲ ਕੇਨੈਡਾ ਬੁਲਾ ਲੈਣਾ ਚਾਹੁੰਦਾ ਸੀ। ਉਹ ਉਸਦਾ ਵਿਆਹ ਏਨੀ ਛੋਟੀ ਉਮਰ ਵਿਚ ਕਰ ਦੇਣ ਦੇ ਹੱਕ ਵਿਚ ਨਹੀਂ ਸੀ—ਪਰ ਜਦੋਂ ਪੋਂਟੀ ਨੇ ਆਪਣੇ ਦਾਦਾਜੀ ਨੂੰ ਭਾਵੁਕਤਾ ਭਰੀ ਅਪੀਲ ਕੀਤੀ ਤਾਂ ਮਧੋਕ ਸਾਹਬ ਇਕ ਪੇਸ਼ਾਵਰ ਵਕੀਲ ਵਾਂਗ ਹੀ ਮੁਕੱਦਮੇ ਦੀ ਸਥਿਤੀ ਨੂੰ ਸਮਝ ਕੇ, ਆਪਣੀ ਪੋਤੀ ਦੇ ਹੱਕ ਵਿਚ ਲੜਨ ਲਈ ਤਿਆਰ ਹੋ ਗਏ।
ਪੋਂਟੀ ਨੂੰ ਉਹ ਬੜਾ ਹੀ ਪਿਆਰ ਕਰਦੇ ਸਨ। ਉਹਨਾਂ ਦੇ ਖ਼ਾਨਦਾਨ ਵਿਚ ਉਹ ਪਹਿਲੀ ਕੁੜੀ ਸੀ ਜਿਹੜੀ ਆਲ ਇੰਡੀਆ ਸਕੂਲਜ਼ ਟੂਰਨਾਮੈਂਟ ਵਿਚ ਪਿਛਲੇ ਸਾਲ ਸ਼ਿਮਲੇ ਵਿਚ ਹੋਏ ਬੈਡਮਿੰਟਨ ਦੇ ਮੁਕਾਬਲੇ ਵਿਚ ਚੈਂਪੀਅਨ ਰਹੀ ਸੀ। ਉਸ ਨਾਲ ਉਸਦਾ ਬਵਾਏ-ਫਰੈਂਡ ਸੁਰਿੰਦਰ ਵੀ ਆਇਆ ਸੀ। ਫਾਈਨਲ ਵਿਚ ਦੋਵੇਂ ਪਾਰਟਨਰ ਬਣੇ ਸਨ। ਉਹਨਾਂ ਦੀ ਸਫਲਤਾ ਉੱਤੇ ਮਧੋਕ ਸਾਹਬ ਨੇ ਗੋਇਟੀ ਕੱਲਬ ਵਿਚ ਇਕ ਸ਼ਾਨਦਾਰ ਪਾਰਟੀ ਵੀ ਦਿੱਤੀ ਸੀ, ਜਿਸ ਵਿਚ ਕਈ ਪ੍ਰਮੁੱਖ ਹਸਤੀਆਂ ਸ਼ਾਮਲ ਹੋਈਆਂ ਸਨ। ਉਹ ਏਨੀ ਪ੍ਰਤੀਭਾਸ਼ਾਲੀ ਕੁੜੀ ਨੂੰ ਨਿਰਾਸ਼ ਕਿੰਜ ਕਰ ਸਕਦੇ ਸਨ! ਪੋਂਟੀ ਨੇ ਵੀ ਠੀਕ ਹੀ ਕੀਤਾ ਸੀ ਕਿ ਇਸ ਮੁਹਿੰਮ ਨੂੰ ਸਰ ਕਰਨ ਵਾਸਤੇ ਆਪਣੇ ਦਾਦਾਜੀ ਨੂੰ ਹੀ ਆਪਣਾ ਸਹਾਇਕ ਬਣਾਇਆ ਸੀ...ਤੇ ਮਧੋਕ ਸਾਹਬ ਨੇ ਆਪਣੇ ਪੁੱਤਰ ਨੂੰ ਇਕ ਕਰੜੀ ਜਿਹੀ ਚਿੱਠੀ ਲਿਖੀ ਸੀ। ਉਸਨੇ ਇਤਰਾਜ਼ ਵਿਖਾਇਆ ਤਾਂ ਉਹਨਾਂ ਉਸਨੂੰ ਇਕ ਹੋਰ ਚਿੱਠੀ ਲਿਖੀ ਤੇ ਸ਼ਾਇਦ ਇਹ ਉਸੇ ਦਾ ਅਸਰ ਸੀ ਕਿ ਮਦਨਮੋਹਨ ਨੇ ਆਪਣੀ ਧੀ ਦਾ ਵਿਆਹ ਉਸਦੀ ਪਸੰਦ ਦੇ ਮੁੰਡੇ ਸੁਰਿੰਦਰ ਨਾਲ ਕਰਨਾ ਮੰਨ ਲਿਆ ਸੀ। ਮਧੋਕ ਸਾਹਬ ਨੇ ਅਚਾਨਕ ਹੱਸਦਿਆਂ ਹੋਇਆਂ ਕਿਹਾ, “ਹੁਣ ਮਦਨਮੋਹਨ ਆਪਣਾ ਮੂਵੀ ਕੈਮਰਾ ਚੁੱਕੀ ਧੀ ਦੇ ਵਿਆਹ ਦੀ ਫ਼ਿਲਮ ਬਣਾਉਣ ਲਈ ਬੰਬਈ ਆ ਪਹੁੰਚੇਗਾ। ਕਿਉਂ?”
ਉਹਨਾਂ ਦੇ ਹਾਸੇ ਵਿਚ ਆਪਣੇ ਪੁੱਤਰ ਦੇ ਹਾਰ ਮੰਨ ਜਾਣ 'ਤੇ ਓਹੋ ਜਿਹੀ ਖੁਸ਼ੀ ਹੀ ਸੀ ਜਿਹੋ ਜਿਹੀ ਆਪਣੇ ਮੁਕੱਦਮੇ ਜਿੱਤ ਜਾਣ 'ਤੇ ਹੁੰਦੀ ਸੀ। ਪਰ ਇਸ ਖੁਸ਼ੀ ਵਿਚ ਮੋਹ ਵੀ ਘੁਲਿਆ ਹੋਇਆ ਸੀ—ਜਿਹੜਾ ਪਿਓ-ਧੀ ਦੋਵਾਂ ਲਈ ਹੀ ਸੀ।
ਉਹਨਾਂ ਦੀ ਪਤਨੀ ਨੇ ਕੰਧ ਵਲ ਮੂੰਹ ਕਰਕੇ ਲੇਟਿਆਂ-ਲੇਟਿਆਂ ਹੀ ਉਤਰ ਦਿੱਤਾ, “ਹਾਂ, ਪਹਿਲਾਂ ਤਾਂ ਉਹ ਫ਼ਿਲਮਾਂ ਬਣਾ-ਬਣਾ ਕੇ ਬੜੀਆਂ ਕਮਾਈਆਂ ਕਰ ਰਿਹਾ ਏ!”
ਇਸ ਗੱਲ ਵਿਚ ਮਮਤਾ ਦੀ ਮੂਰਤ ਮਾਂ ਦਾ ਇਕ ਤਿੱਖਾ ਵਿਅੰਗ ਵੀ ਸੀ, ਜਿਹੜੀ ਆਪਣੇ ਪੁੱਤਰ ਦੇ ਪ੍ਰਦੇਸ ਜਾ ਵੱਸਣ ਤੇ ਉੱਥੇ ਉਸਦੇ ਆਰਥਕ ਤੌਰ 'ਤੇ ਸਫਲ ਨਾ ਹੋ ਸਕਣ 'ਤੇ ਦੁਖੀ ਵੀ ਸੀ। ਉੱਥੇ ਉਹ ਆਪਣੀ ਪਤਨੀ ਦੇ ਕਹਿਣ 'ਤੇ ਹੀ ਗਿਆ ਸੀ। ਉਹ ਦੋਵੇਂ ਕਈ ਸਾਲ ਦੇ ਉੱਥੇ ਰਹਿ ਰਹੇ ਸਨ ਤੇ ਉੱਥੋਂ ਦੀ ਸਰਕਾਰ ਤੇ ਟੀ.ਵੀ. ਨਿਗਮ ਲਈ ਡਾਕੂਮੈਂਟਰੀ ਫ਼ਿਲਮਾਂ ਬਣਾਉਂਦੇ ਸਨ। ਜਿਹੜੀਆਂ ਕਦੀ ਵਿਕ ਜਾਂਦੀਆਂ ਸਨ ਤੇ ਕਦੀ ਪਈਆਂ ਰਹਿ ਜਾਂਦੀਆਂ ਸਨ।
ਕੁਝ ਚਿਰ ਚੁੱਪਚਾਪ ਅਖ਼ਬਾਰ ਪੜ੍ਹਦੇ ਰਹਿਣ ਪਿੱਛੋਂ ਅਚਾਨਕ ਮਧੋਕ ਸਾਹਬ ਨੇ ਪੁੱਛਿਆ, “ਸਾਡਾ ਮੰਟੀ ਹੁਣ ਤਕ ਪਾਂਗੀ ਤਾਂ ਪਹੁੰਚ ਚੁੱਕਿਆ ਹੋਏਗਾ?”
“ਨਾ ਪਹੁੰਚਿਆ ਹੋਏਗਾ ਤਾਂ ਕਲ੍ਹ ਸਵੇਰ ਤਕ ਪਹੁੰਚ ਜਾਏਗਾ। ਉਸਨੂੰ ਉੱਥੇ ਪਹੁੰਚਦਿਆਂ ਹੀ ਖ਼ਤ ਪਾ ਦੇਣ ਲਈ ਕਹਿ ਦਿੱਤਾ ਸੀ ਮੈਂ। ਤਿੰਨ ਚਾਰ ਦਿਨਾਂ ਵਿਚ ਖ਼ਤ ਵੀ ਆ ਜਾਏਗਾ।”
“ਪਰ ਉਸ ਨਾਲਾਇਕ ਨੂੰ ਮੈਂ ਕਿੰਨਾ ਰੋਕਿਆ ਸੀ ਬਈ ਅਜੇ ਨਾ ਜਾਹ—ਰੇਡੀਓ ਭਾਰੀ ਸਨੋ-ਫਾਲ ਦੀਆਂ ਚਿਤਾਵਨੀਆਂ ਦੇ ਰਿਹਾ ਏ, ਪਰ ਉਸਨੇ ਮੇਰੀ ਇਕ ਨਹੀਂ ਸੁਣੀ। ਚਲਾ ਗਿਆ!”
“ਨਿਆਣੇ ਆਪਣੇ ਮਾਂ-ਪਿਓ ਨੂੰ ਮਿਲਣ ਲਈ ਬੇਚੈਨ ਹੁੰਦੇ ਨੇ। ਛੁੱਟੀਆਂ ਹੁੰਦਿਆਂ ਹੀ ਹੋਸਟਲਾਂ 'ਚੋਂ ਇੰਜ ਨੱਸਦੇ ਨੇ ਜਿਵੇਂ ਕਿਸੇ ਜੇਲ 'ਚੋਂ ਛੁੱਟੇ ਹੋਣ!”
“ਪਰ ਮੰਟੀ ਤਾਂ ਸਾਡੇ ਨਾਲ ਵੀ ਘੁਲਿਆ ਮਿਲਿਆ ਹੋਇਆ ਏ। ਸਾਡੇ ਕੋਲ ਆ ਕੇ ਵੀ ਤਾਂ ਦੋ ਦੋ ਹਫ਼ਤੇ ਰਹਿ ਜਾਂਦਾ ਏ। ਕੀ ਕਦੀ ਇੰਜ ਵੀ ਹੋਇਆ ਏ ਕਿ ਛੁੱਟੀਆਂ ਪਿੱਛੋਂ ਸਾਨੂੰ ਮਿਲੇ ਬਿਨਾਂ, ਆਪਣੇ ਮਾਂ ਪਿਓ ਕੋਲ ਸਿੱਧਾ ਚਲਾ ਗਿਆ ਹੋਏ?”
ਕੁਝ ਪਲ ਚੁੱਪ ਵਰਤੀ ਰਹੀ। ਫੇਰ ਮਧੋਕ ਸਾਹਬ ਦਾ ਠਹਾਕਾ ਫੇਰ ਗੂੰਜਿਆ।
“ਮੇਰੇ ਨਾਲ ਉਹ ਕਿਸ ਤਰ੍ਹਾਂ ਡਟ ਕੇ ਕੈਰਮ ਖੇਡਦਾ ਏ , ਜਿਵੇਂ ਮੈਨੂੰ ਆਸਾਨੀ ਨਾਲ ਈ ਜਿੱਤ ਲਏਗਾ! ਪਰ ਮੈਂ ਵੀ ਉਸਨੂੰ ਹਰ ਵਾਰੀ ਹਰਾ ਦਿੰਦਾ ਆਂ—ਦੇਖਿਆ ਏ ਨਾ ਤੂੰ?”
“ਤੁਹਾਡਾ ਕੀ ਨਾਂ? ਤੁਸੀਂ ਤਾਂ ਨਿਆਣਿਆਂ ਨਾਲ ਬਿਲਕੁਲ ਨਿਆਣੇ ਈ ਬਣ ਬਹਿੰਦੇ ਓ।” ਸ਼੍ਰੀਮਤੀ ਮਧੋਕ ਦੀ ਆਵਾਜ਼ ਵਿਚ ਬਨਾਉਟੀ ਜਿਹਾ ਗੁੱਸਾ ਵੀ ਸੀ।
“ਹੋਰ ਕੀ ਕਰਾਂ ਫੇਰ? ਆਪਣੇ ਪੋਤੇ-ਪੋਤੀਆਂ ਦੇ ਸਾਹਮਣੇ ਬਿਲਕੁਲ ਬੁੱਢਾ-ਬਾਬਾ ਬਣ ਕੇ ਬੈਠਾ ਰਿਹਾ ਕਰਾਂ?...ਉਹ ਮੇਰੇ ਨੇੜੇ ਵੀ ਢੁੱਕਣਗੇ ਫੇਰ?”
“ਸਰੋਜ ਤਾਂ ਇਹੀ ਚਾਹੁੰਦੀ ਏ,” ਸ਼੍ਰੀਮਤੀ ਮਧੋਕ ਨੇ ਬੇਚੈਨੀ ਜਿਹੀ ਨਾਲ ਪਾਸਾ ਪਰਤਿਦਿਆਂ ਕਿਹਾ, “ਕਿ ਉਸਦੇ ਨਿਆਣੇ ਸਾਡੇ ਲਾਗੇ ਵੀ ਨਾ ਫੜਕਣ। ਕਹਿੰਦੀ ਏ, ਤੁਸੀਂ ਇਹਨਾਂ ਨੂੰ ਵੀ ਆਪਣੇ ਬੱਚਿਆਂ ਵਾਂਗ ਵਿਗਾੜ ਕੇ ਰੱਖ ਦਿਓਗੇ।”
“ਓ ਬਹੂ ਦੀ ਕਿਹੜਾ ਸੁਣਦਾ ਏ? ਮੰਨਦਾ ਵੀ ਏ ਕੋਈ, ਉਸਦੀ? ਬਈ ਸਾਡੇ ਵਿਚ ਕੋਈ ਖਿੱਚ ਹੈ ਤਾਂਹੀਤਾਂ ਉਹਦੇ ਬਾਲ ਸਾਡੇ ਕੋਲ ਆਉਣ ਲਈ ਬੇਚੈਨ ਰਹਿੰਦੇ ਨੇ। ਤੇ ਫੇਰ ਉਸ ਕੋਲ ਇਸ ਗੱਲ ਦਾ ਕੀ ਸਬੂਤ ਏ ਕਿ ਸਾਡੇ ਬੱਚੇ ਵਾਕਈ ਵਿਗੜੇ ਹੋਏ ਨੇ, ਜਾਂ ਬਣੇ ਹੋਏ ਨੇ? ਮੈਂ ਕਦੇ ਵੀ ਆਪਣੇ ਕਿਸੇ ਬੱਚੇ ਨੂੰ ਲੋੜ ਨਾਲੋਂ ਵਧ ਦਬਾਅ ਕੇ ਨਹੀਂ ਰੱਖਿਆ—ਜਿਸ ਆਜ਼ਾਦੀ ਦਾ ਮੈਂ ਆਪ ਇੱਛੁਕ ਆਂ, ਉਹੀ ਮੈਂ ਹਮੇਸ਼ਾ ਉਹਨਾਂ ਨੂੰ ਵੀ ਦਿੱਤੀ ਏ, ਤਾਂਕਿ ਉਹ ਆਪਣੇ ਨੇਚੁਰਲ ਟੇਲੈਂਟ ਦੇ ਬਲ-ਬੂਤੇ ਉੱਤੇ ਅੱਗੇ ਵਧ ਸਕਣ। ਕੀ ਕੋਈ ਕਹਿ ਸਕਦਾ ਏ ਕਿ ਮੇਰਾ ਕੋਈ ਬੱਚਾ ਯੂਨੀਵਰਸਟੀ ਦੀ ਉੱਚ-ਸਿੱਖਿਆ ਤੋਂ ਵਾਂਝਾ ਰਹਿ ਗਿਆ ਏ?...ਮਦਨਮੋਹਨ, ਸ਼ਾਂਤੀ ਸਰੂਪ, ਦਿਨੇਸ਼ ਅੰਮ੍ਰਿਤ, ਸੁਧਾ, ਸਰਨਾ, ਜਾ ਇੰਨੀ? ਸਾਰੇ ਹੀ ਆਪਣੇ ਮਨਪਸੰਦ ਜਾਬਜ਼ ਉਪਰ ਪਹੁੰਚ ਗਏ ਨੇ। ਸਾਡੀਆਂ ਕੁੜੀਆਂ ਨੂੰ ਵੀ ਇਸੇ ਕਰਕੇ ਚੰਗੇ ਘਰ-ਬਾਰ ਮਿਲੇ ਨੇ। ਕੀ ਸਰੋਜ ਇਹ ਕਹਿ ਸਕਦੀ ਏ ਕਿ ਸ਼ਾਂਤੀ ਸਰੂਪ ਦੀ ਫਾਰੇਸਟ ਡਿਪਾਰਟਮੈਂਟ ਦੀ ਸਰਵਿਸ ਮਾਮੂਲੀ ਏ?” ਮਧੋਕ ਸਾਹਬ ਦੀ ਆਵਾਜ਼ ਵਿਚ ਹਲਕੀ ਜਿਹੀ ਕੁਸੈਲ ਘੁਲੀ ਹੋਈ ਸੀ।
ਉਹਨਾਂ ਦੀ ਪਤਨੀ ਨੇ ਉਤਰ ਦਿੱਤਾ, “ਇਹ ਤਾਂ ਉਹ ਨਹੀਂ ਕਹਿ ਸਕਦੀ। ਕਹੇਗੀ ਵੀ ਕਿਵੇਂ? ਉਸਦੇ ਆਪਣੇ ਆਦਮੀ ਨੂੰ ਨੌ ਸੌ ਰੁਪਏ ਤਨਖ਼ਾਹ ਮਿਲਦੀ ਏ! ਹਾਂ, ਉਹ ਤਾਂ ਸਿਰਫ ਇਸ ਗੱਲ 'ਤੇ ਕੁੜ੍ਹਦੀ ਰਹਿੰਦੀ ਏ ਕਿ ਸ਼ਾਂਤੀ ਸਰੂਪ ਨੂੰ ਸ਼ਰਾਬ ਪੀਣ ਦੀ ਲਤ ਤੁਹਾਤੋਂ ਈ ਪਈ ਏ।”
“ਬੜੀ ਮੂਰਖ ਏ ਉਹ, ਜੇ ਉਹ ਇੰਜ ਸੋਚਦੀ ਏ। ਸ਼ਾਂਤੀ ਮੇਰੇ ਨਾਲ ਬੈਠ ਕੇ ਨਾ ਪੀਂਦਾ ਤਾਂ ਕਿਸੇ ਹੋਰ ਨਾਲ ਪੀਂਦਾ। ਮੈਂ ਜਾਣਦਾ ਸਾਂ, ਇਸ ਕਿਸਮ ਦੀ ਸੋਹਬਤ ਤੋਂ ਬਚ ਸਕਣਾ ਬੜਾ ਮੁਸ਼ਕਿਲ ਏ, ਉਸਦੇ ਮਹਿਕਮੇਂ ਵਿਚ। ਹਾਂ ਇਕ ਆਦਤ ਉਸਦੀ ਸੱਚਮੁੱਚ ਬੜੀ ਮਾੜੀ ਹੈ—ਜੂਆ ਖੇਡਣ ਦੀ। ਉਸ ਤੋਂ ਬਾਅਜ ਰੱਖਣ ਲਈ ਮੈਂ ਉਸਨੂੰ ਸਮਝਾਉਂਦਾ ਵੀ ਰਹਿੰਦਾ ਆਂ ਕਿਉਂਕਿ ਜੂਆ ਮੈਨੂੰ ਆਪ ਨੂੰ ਵੀ ਪਸੰਦ ਨਹੀਂ।”
“ਪਰ ਤੁਸੀਂ ਅੱਜ ਤਕ ਜੋ ਵੀ ਕੀਤਾ ਏ—ਕੀ ਉਹ ਕਿਸੇ ਜੂਏ ਨਾਲੋਂ ਘੱਟ ਏ?”
ਮਧੋਕ ਸਾਹਬ ਥੋੜ੍ਹੀ ਦੇਰ ਲਈ ਬਿਲਕੁਲ ਚੁੱਪ ਹੋ ਗਏ। ਅਖ਼ਬਾਰ ਤੋਂ ਨਜ਼ਰਾਂ ਹਟਾਅ ਕੇ ਛੱਤ ਵੱਲ ਦੇਖਣ ਲੱਗ ਪਏ—ਜਿਵੇਂ ਆਪਣੇ ਬੀਤੇ ਹੋਏ ਜੀਵਨ ਦੇ ਪੰਨੇ ਉਲਟ-ਪਲਟ ਰਹੇ ਹੋਣ। ਸ਼੍ਰੀਮਤੀ ਮਧੋਕ ਰਜਾਈ ਵਿਚੋਂ ਮੂੰਹ ਕੱਢੀ, ਅੱਧ ਮਿਚੀਆਂ ਅੱਖਾਂ ਨਾਲ ਉਹਨਾਂ ਵਲ ਦੇਖਦੀ ਰਹੀ। ਫੇਰ ਧੀਮੀ ਆਵਾਜ਼ ਵਿਚ ਬੋਲੀ, “ਇਹ ਤਾਂ ਮੈਂ ਹੀ ਸੀ ਜਿਹੜੀ ਤੁਹਾਡੇ ਹਰੇਕ ਗਲਤ ਪਾਸੇ ਨੂੰ ਪਲਟ ਕੇ ਸਿੱਧਾ ਕਰ ਦੇਂਦੀ ਰਹੀ।”
ਮਧੋਮ ਸਾਹਬ ਫੇਰ ਵੀ ਕੁਝ ਨਾ ਬੋਲੇ ਤਾਂ ਉਸਨੇ ਅੱਗੇ ਕਿਹਾ, “ਆਪਣੀ ਔਲਾਦ ਨੂੰ ਤੁਸੀਂ ਵੱਡੀ ਤੋਂ ਵੱਡੀ ਆਜ਼ਾਦੀ ਦਿੱਤੀ। ਮੈਂ ਕਦੀ ਮਨ੍ਹਾਂ ਨਹੀਂ ਕੀਤਾ। ਪਰ ਜਦੋਂ ਤੁਸੀਂ ਉਹਨਾਂ ਨੂੰ ਆਪਣੇ ਆਪਣੇ ਮਨਪਸੰਦ ਸਾਥੀ ਚੁਣ ਲੈਣ ਤੋਂ ਵੀ ਨਾ ਰੋਕਿਆ ਤਾਂ ਮੈਨੂੰ ਬੜਾ ਧੱਕਾ ਲੱਗਾ। ਆਪਣੇ ਘਰ ਵਿਚ ਮੈਨੂੰ ਵੀ ਤਾਂ ਕੁਝ ਅਧਿਕਾਰ ਹੋਣੇ ਚਾਹੀਦੇ ਸੀ—ਕਿ ਨਹੀਂ? ਮੇਰੇ ਬੇਟੇ ਜਿਹੋ-ਜਿਹੀਆਂ ਵਹੂਟੀਆਂ ਲੈ ਆਏ, ਉਹਨਾਂ ਨਾਲ ਮੇਰਾ ਟਕਰਾ ਨਹੀਂ ਹੋਣਾ ਚਾਹੀਦਾ ਸੀ—ਪਰ ਹੋਇਆ। ਕੀ ਇਹ ਮੇਰੇ ਨਾਲ ਅਨਿਆਂ ਨਹੀਂ ਸੀ? ਇਸ ਉੱਤੇ ਵੀ ਮੈਂ ਤੁਹਾਨੂੰ ਕੁਝ ਨਹੀਂ ਕਿਹਾ। ਮੈਨੂੰ ਹਮੇਸ਼ਾ ਇਹੀ ਲੱਗਦਾ ਰਿਹਾ ਏ ਕਿ ਆਪਣੇ ਘਰ ਮੈਂ ਹੀ ਸਿਰਫ, ਸਿਫ਼ਰ ਹਾਂ—ਬਾਕੀ ਸਭਨਾਂ ਦੀ ਕੁਝ ਨਾ ਕੁਝ ਹਸਤੀ ਹੈ। ਫੇਰ ਵੀ ਮੈਂ ਕਦੀ ਸ਼ਿਕਾਇਤ ਨਹੀਂ ਕੀਤੀ—ਨਹੀਂ ਨਾ ਕੀਤੀ? ਮੈਂ ਆਪਣੀ ਕੋਸ਼ਿਸ਼ ਨਾਲ, ਆਪਣੀ ਅਕਲ ਅਨੁਸਾਰ, ਵਹੂਟੀਆਂ ਨੂੰ ਆਪਣੀ ਮਰਜ਼ੀ ਮੂਜਬ ਢਾਲਣ ਦੀ ਕੋਸ਼ਿਸ਼ ਕੀਤੀ। ਸਰੋਜ ਤੇ ਪ੍ਰਤੀਭਾ ਉੱਤੇ ਅਧਿਕਾਰ ਨਹੀਂ ਜਮਾ ਸਕੀ—ਮੇਰੇ ਪੁੱਤਰਾਂ ਨੂੰ ਹੀ ਮੈਥੋਂ ਖੋਹ ਕੇ ਵੱਖਰੇ ਘਰਾਂ ਵਿਚ ਜਾ ਵੱਸੀਆਂ। ਬਾਹਰਲੇ ਮੁਲਕਾਂ ਵਿਚ ਚਲੀਆਂ ਗਈਆਂ। ਪਰ ਮੈਨੂੰ ਖੁਸ਼ੀ ਏ ਕਿ ਸੁਦੀਪ ਨੂੰ ਮੈਂ ਆਪਣੇ ਰਸਤੇ 'ਤੇ ਲੈ ਆਈ।”
ਸੁਣ ਕੇ ਮਧੋਕ ਸਾਹਬ ਉੱਚੀ-ਉੱਚੀ ਹੱਸ ਪਏ ਤੇ ਗਰਦਨ ਭੁਆਂ ਕੇ ਆਪਣੀ ਪਤਨੀ ਵਲ ਦੇਖਦੇ ਹੋਏ ਬੋਲੇ, “ਤੇ ਆਪਣੀ ਏਸ ਸੁਦੀਪ ਨੂੰ ਘਰ ਲਿਆਉਣ ਲਈ ਤਿਆਰ ਨਹੀਂ ਸੀ ਤੂੰ! ਕਹਿੰਦੀ ਸੀ, ਜੇ ਉਸ ਕੁੜੀ ਨੂੰ ਮੇਰਾ ਪੁੱਤਰ ਬਹੂ ਬਣਾ ਕੇ ਘਰ ਲਿਆਇਆ ਤਾਂ ਮੈਂ ਉਸਨੂੰ ਆਪਣਾ ਦੁੱਧ ਨਹੀਂ ਮੁਆਫ਼ ਕਰਾਂਗੀ।”
“ਤੁਸੀਂ ਤਾਂ ਜਾਣਦੇ ਈ ਓ, ਅੰਮ੍ਰਿਤ ਨੂੰ ਮੈਂ ਕਿੰਨੇ ਚਾਵਾਂ ਨਾਲ ਪਾਲਿਆ ਏ—ਤੇ ਉਸਨੂੰ ਵੀ ਮੇਰੇ ਨਾਲ ਕਿੰਨਾਂ ਪਿਆਰ ਏ! ਅਸਲ ਵਿਚ ਮੈਂ ਡਰ ਰਹੀ ਸਾਂ—ਦੂਜੇ ਧਰਮ ਵਿਚ ਸ਼ਾਦੀ ਕਰਕੇ ਕਿਤੇ ਉਹ ਵੀ ਆਪਣਾ ਧਰਮ ਨਾ ਬਦਲ ਲਏ!”
ਮਧੋਮ ਸਾਹਬ ਪਹਿਲਾਂ ਨਾਲੋਂ ਵੀ ਉੱਚੀ-ਉੱਚੀ ਹੱਸਦੇ ਹੋਏ ਬੋਲੇ, “ਤੂੰ ਸਮਝਦੀ ਸੀ, ਉਹ ਵੀ ਕਿਤੇ ਸਿੱਖ ਨਾ ਬਣ ਜਾਏ! ਬਈ ਵਾਹ! ਵਾਹ! ਭਲੀਏ ਲੋਕੇ ਸਿੱਖ ਧਰਮ ਵੀ ਤਾਂ ਸਾਡਾ ਈ ਏ। ਕੀ ਤੂੰ ਜਪੁਜੀ ਸਾਹਬ ਦਾ ਪਾਠ ਨਹੀਂ ਕਰਦੀ? ਮੇਰੇ ਪਿਤਾ ਜੀ ਤਾਂ ਪੰਥ ਦੇ ਪ੍ਰਚਾਰਕ ਸਨ—ਸਿੱਖ ਧਰਮ ਦੇ ਪ੍ਰਚਾਰ ਲਈ ਰਾਗੀ ਜੱਥਿਆਂ ਨਾਲ ਦੂਰ-ਦੂਰ ਤਕ ਜਾਂਦੇ ਹੁੰਦੇ ਸਨ।...ਤੇ ਮੇਰਾ ਧਰਮ ਤੂੰ ਜਾਣਦੀ ਹੀ ਐਂ, ਮੈਂ ਹਰੇਕ ਧਰਮ ਦਾ ਉਪਾਸਕ ਆਂ। ਲੈ, ਸੁਣੀਂ, ਤੈਨੂੰ ਬੁੱਲ੍ਹੇ ਸ਼ਾਹ ਦੀਆਂ ਕਾਫੀਆਂ ਸੁਣਾਵਾਂ...”
“ਛੱਡੇ—ਮੈਂ ਕਹਿ ਰਹੀ ਸੀ ਸੁਦੀਪ ਮੇਰੀ ਸਭ ਤੋਂ ਚੰਗੀ ਬਹੂ ਸਿੱਧ ਹੋਈ ਏ। ਨਾ ਸਿਰਫ ਉਸਨੇ ਮੈਨੂੰ ਮੁਆਫ਼ ਹੀ ਕਰ ਦਿੱਤਾ,ਬਲਕਿ ਹਮੇਸ਼ਾ ਮੇਰੀ ਇੱਜ਼ਤ ਵੀ ਕੀਤੀ ਏ। ਮੈਂ ਹੋਰ ਚਾਹੁੰਦੀ ਹੀ ਕੀ ਆਂ? ਉਸ ਉੱਤੇ ਮੈਂ ਇਸ ਲਈ ਵੀ ਖੁਸ਼ ਆਂ ਕਿ ਉਸਨੇ ਮੇਰੇ ਪੁੱਤਰ ਦੀ ਜ਼ਿੰਦਗੀ ਵਿਚ ਉੱਚਾ ਉਠਣ ਵਿਚ ਬੜੀ ਮਦਦ ਕੀਤੀ ਏ। ਉਸਨੇ ਉਸਨੂੰ ਐਮ.ਏ. ਕਰ ਲੈਣ ਦੀ ਪ੍ਰੇਰਨਾਂ ਦਿੱਤਾ। ਆਪ ਨੌਕਰੀ ਕਰਕੇ ਉਸਦਾ ਖਰਚਾ ਬਰਦਾਸ਼ਤ ਕੀਤਾ। ਉਸਨੂੰ ਈਰਾਨ ਜਾਣ ਲਈ ਸਕਾਲਰਸ਼ਿਪ ਮਿਲਿਆ ਤਾਂ ਖੁਸ਼ੀ-ਖੁਸ਼ੀ ਉਸਨੂੰ ਵਿਦਾਅ ਕਰ ਦਿੱਤਾ। ਪੂਰਾ ਇਕ ਸਾਲ ਮੇਰੇ ਕੋਲ ਰਹਿ ਕੇ ਬਿਤਾਇਆ। ਉਸਦਾ ਇਹ ਤਿਆਗ ਮੈਂ ਕਦੀ ਨਹੀਂ ਭੁੱਲ ਸਕਦੀ—ਉਸ ਜ਼ਮਾਨੇ ਵਿਚ ਤਾਂ ਉਸਨੇ ਮੇਰਾ ਮਨ ਮੋਹ ਲਿਆ ਸੀ। ਜਦੋਂ ਅੰਮ੍ਰਿਤ ਡੀ.ਲਿਟ ਕਰਕੇ ਉੱਥੇ ਹੀ ਪ੍ਰੋਫ਼ੈਸਰ ਲੱਗ ਗਿਆ ਤਾਂ ਮੈਂ ਸੁਦੀਪ ਨੂੰ ਉਸਦੇ ਕੋਲ ਭੇਜ ਦਿੱਤਾ। ਆਪਣੇ ਆਦਮੀ ਕੋਲ ਰਹਿਣ ਵਾਸਤੇ, ਤੇ ਇਸ ਵਾਸਤੇ ਵੀ ਕਿ ਇਕ ਅੱਧੀ ਡਿਗਰੀ ਉਹ ਆਪ ਵੀ ਕਰ ਲਏ ਉਹਨਾਂ ਦੇ ਬੱਚਿਆਂ ਨੂੰ ਮੈਂ ਖੁਸ਼ੀ-ਖੁਸ਼ੀ ਆਪਣੇ ਕੋਲ ਰੱਖਿਆ।...ਤੇ ਹੁਣ ਸੁੱਖ ਨਾਲ ਉਹਨਾਂ ਦੋਵਾਂ ਕੋਲ ਕਈ ਕਈ ਡਿਗਰੀਆਂ ਨੇ ਤੇ ਆਪਣੇ ਦੇਸ਼ ਵਾਪਸ ਆ ਕੇ ਇਕੋ ਯੂਨੀਵਰਸਟੀ ਵਿਚ ਪੜ੍ਹਾਉਣ ਵੀ ਲੱਗ ਪਏ ਨੇ ਉਹ ਦੋਵੇਂ। ਖ਼ੁਦ ਤਾਂ ਸੁਖੀ ਹੈ ਹੀ ਨੇ, ਸਾਨੂੰ ਵੀ ਸੁੱਖੀ ਕਰ ਦਿੱਤਾ ਏ।”
ਮਧੋਕ ਸਾਹਬ ਉੱਤੇ ਕੁਝ ਤਾਂ ਆਪਣੀ ਪਤਨੀ ਦੀ ਲੰਮੀ ਗੱਲ ਤੇ ਕੁਝ ਵਧ ਗਏ ਨਸ਼ੇ ਦੇ ਪ੍ਰਭਾਵ ਕਾਰਨ ਨੀਂਦ ਭਾਰੂ ਹੋ ਗਈ ਤੇ ਉਹ ਜਾਗੋ ਮੀਚੀ ਜਿਹੀ ਵਿਚ ਬਰੜਾਏ, “ਜਿਹੜੀ ਔਰਤ...ਆਪਣੀ ਗਲਤੀ ਨੂੰ...ਮੰਨ ਲੈਂਦੀ ਏ...ਉਹ ਬੜੀ...ਮਹਾਨ...।”
ਉਹਨਾਂ ਨੂੰ ਨੀਂਦ ਦੀ ਬੁੱਕਲ ਵਿਚ ਗਏ ਦੇਖ ਕੇ, ਸ਼੍ਰੀਮਤੀ ਮਧੋਕ ਵੀ ਬੱਤੀ ਬੰਦ ਕਰਕੇ ਆਪਣੀ ਰਜਾਈ ਵਿਚ ਵੜ ਗਈ ਤੇ ਮਧੋਕ ਸਾਹਬ ਦੇ ਘੁਰਾੜੇ ਸੁਣਨ ਲੱਗੀ। ਉਹ ਹਮੇਸ਼ਾ ਹੀ ਉੱਚੀ-ਉੱਚੀ ਘੁਰਾੜੇ ਮਾਰਦੇ ਨੇ ਤੇ ਉਹਨਾਂ ਨੂੰ ਸੁਣਦੀ, ਸੁਣਦੀ ਹੀ ਉਹ ਵੀ ਸੌਂ ਜਾਂਦੀ ਹੈ।
ਦੋਵਾਂ ਨੂੰ ਸੁੱਤਿਆਂ ਅਜੇ ਅੱਧਾ ਕੁ ਘੰਟਾ ਹੀ ਹੋਇਆ ਹੋਏਗਾ ਕਿ ਅਚਾਨਕ ਕਾਲਬੈਲ ਦੀ ਘੰਟੀ ਗੂੰਜ ਉਠੀ। ਕੁਝ ਜਣਿਆ ਦੀਆਂ ਰਲੀਆਂ ਮਿਲੀਆਂ ਆਵਾਜ਼ਾਂ ਵੀ ਆ ਰਹੀਆਂ ਸਨ। ਦੋਵੇਂ ਜਾਗ ਕੇ ਇਕ ਦੂਜੇ ਨੂੰ ਪੁੱਛਣ ਲੱਗੇ, “ਏਸ ਵੇਲੇ ਕੌਣ ਹੋ ਸਕਦਾ ਏ?”
“ਮੈਨੂੰ ਤਾਂ ਆਪਣੇ ਇੰਨੀ ਦੀ ਆਵਾਜ਼ ਲੱਗਦੀ ਏ।”
“ਤੇ ਮੈਨੂੰ ਆਪਣੇ ਬੇਟੇ ਅੰਮ੍ਰਿਤ ਦੀ...।”
“ਦਰਵਾਜ਼ਾ ਖੋਲ੍ਹਣ ਤੂੰ ਜਾ ਰਹੀ ਏਂ ਕਿ ਮੈਂ ਜਾਵਾਂ?”
“ਤੁਸੀਂ ਪਏ ਰਹੋ, ਮੈਂ ਖੋਲ੍ਹਦੀ ਆਂ।”
ਕੁਝ ਚਿਰ ਪਿੱਛੋਂ ਉਸ ਕਮਰੇ ਵਿਚ ਚਾਰ ਮਰਦ ਦਾਖ਼ਲ ਹੋਏ। ਮੁਸਕੁਰਾਉਂਦੇ ਹੋਏ। ਉਹਨਾਂ ਨੂੰ ਦੇਖ ਕੇ ਮਧੋਕ ਸਾਹਬ ਉਠ ਕੇ ਬੈਠ ਗਏ ਤੇ ਬੋਲੇ, “ਆਓ, ਆਓ ਸਾਹਬੋ...ਤਸ਼ਰੀਫ਼ ਲੈ ਆਓ। ਖੁਸ਼-ਆਮਦੀਦ!!”
“ਪਾਪਾ ਇਹ ਮੇਰੇ ਦੋਸਤ ਨੇ ਮੁਸੱਰਤ ਸਾਹਬ, ਤੇ ਅਹੂਜਾ ਸਾਹਬ...ਮੇਰੇ ਬਨਾਰਸ ਦੇ ਦੋਸਤ!”
“ਓ...ਅੱਛਾ, ਅੱਛਾ! ਬਈ ਬਨਾਰਸ ਵਾਲਿਆਂ ਨੂੰ ਮਿਲਣ ਦੀ ਬੜੀ ਦੇਰ ਦੀ ਇੱਛਾ ਸੀ ਮੇਰੀ। ਇਹ ਤੂੰ ਬੜਾ ਚੰਗਾ ਕੀਤਾ ਜਿਹੜਾ ਇਹਨਾਂ ਨੂੰ ਨਾਲ ਹੀ ਲੈ ਆਇਆ। ਬਨਾਰਸ ਦੇ ਸ਼ਾਇਰਾਂ ਦੀ ਇਕ ਕਿਤਾਬ ਭੇਜੀ ਸੀ ਨਾ ਤੂੰ? ਉਹ ਮੈਨੂੰ ਬੜੀ ਚੰਗੀ ਲੱਗੀ। ਕੁਝ ਲੋਕਾਂ ਦਾ ਕਲਾਮ ਤਾਂ ਮੈਨੂੰ ਜ਼ੁਬਾਨੀ ਯਾਦ ਹੋ ਗਿਆ ਏ...:

ਕਬ ਹਸਾ ਥਾ ਜੋ ਯਹ ਕੇਹਤੇ ਹੋ ਕਿ ਰੋਨਾ ਹੋਗਾ,
ਹੋ ਰਹੇਗਾ ਮੇਰੀ ਕਿਸਮਤ ਮੇਂ ਜੋ ਹੋਣਾ ਹੋਗਾ।
ਇਕ ਤਰਫ਼ ਦੋਸਤ ਕਾ ਇਸਰਾਰ ਕਿ ਆਖੇਂ ਖੋਲੋ,
ਇਕ ਤਰਫ਼ ਮੌਤ ਥਪਕਤੀ ਹੈ ਕਿ ਸੋਨਾ ਹੋਗਾ।
ਸ਼ੌਕ ਸੇ ਆਪ ਨਕਾਬੇ ਰੁਖ਼ ਜੇਬ ਉਲਟੇਂ,
ਹੋ ਰਹੇਗਾ ਜੋ ਮੇਰੀ ਕਿਸਮਤ ਮੇਂ ਹੋਣਾ ਹੋਗਾ।
ਹਮਕੋ ਇਕਬਾਲ ਮੁਸੀਬਤ ਮੇਂ ਮਜ਼ਾ ਮਿਲਤਾ ਹੈ,

ਹਮਤੋ ਯਹ ਸੋਚ ਕੇ ਹਸਤੇ ਹੈਂ ਕਿ ਰੋਣਾ ਹੋਗਾ।”
ਇਕ ਬਜ਼ੁਰਗ ਨਾਲ ਮੁਲਾਕਾਤ ਹੁੰਦਿਆਂ ਹੀ ਉਸਦੇ ਮੂੰਹੋਂ ਫਰ-ਫਰਰ ਸ਼ੇਅਰ ਸੁਣ ਕੇ ਮੁਸੱਰਤ ਤੇ ਅਹੂਜਾ ਦੋਵੇਂ ਦੰਗ ਰਹਿ ਗਏ। ਉਹਨਾਂ ਦੇ ਮੂੰਹੋ ਮੱਲੋਮੱਲੀ ਵਾਹ-ਵਾਹ ਨਿਕਲ ਗਿਆ। ਅੰਮ੍ਰਿਤ ਨੇ ਆਪਣੇ ਪਿਤਾ ਕੋਲ ਬੈਠਦਿਆਂ ਹੋਇਆਂ ਆਪਣੇ ਦੋਸਤਾਂ ਨੂੰ ਬੜੇ ਮਾਣ ਨਾਲ ਦੱਸਿਆ, “ਮੇਰੇ ਪਾਪਾ ਨੂੰ ਹਜ਼ਾਰਾਂ ਸ਼ਿਅਰ ਜ਼ੁਬਾਨੀ ਯਾਦ ਨੇ।”
ਦਰਵਾਜ਼ੇ ਕੋਲ ਸ਼੍ਰੀਮਤੀ ਮਧੋਕ ਆਪਣੇ ਛੋਟੇ ਪੁੱਤਰ ਨਾਲ ਚਿਪਕੀ ਖੜ੍ਹੀ ਸੀ, ਜਿਹੜਾ ਉਸ ਨਾਲੋਂ ਇਕ ਫੁੱਟ ਲੰਮਾਂ ਸੀ। ਉਹ ਬੋਲੀ, “ਵਿਚਾਰਿਆਂ ਦੀ ਆਉਂਦਿਆਂ ਦੀ ਸ਼ਾਇਰੋ-ਸ਼ਾਇਰੀ ਨਾਲ ਖਾਤਰ ਸ਼ੁਰੂ ਕਰ ਦਿੱਤੀ ਏ—ਪਹਿਲਾਂ ਕੁਝ ਖਾ-ਪੀ ਤਾਂ ਲੈਣ ਦੇਂਦੇ!”
ਮਧੋਕ ਸਾਹਬ ਨੇ ਝੱਟ ਕਿਹਾ...:

“ਬਸ ਬੇਤਾਬ ਕਰ ਰੱਖਾ ਥਾ ਜੀ ਨੇ,
ਚਲੇ ਆਏ ਹੈਂ ਮੈਖ਼ਾਨੇ ਮੇਂ ਪੀਣੇ।


ਇਹ ਆਪਣੇ ਰਿੰਦ (ਪਿਅਕੱੜ) ਬਾਪ ਨੂੰ ਮਿਲਣ ਆਏ ਨੇ ਬਈ! ਸ਼ੇਅਰ ਵੀ ਸੁਣਨਗੇ ਤੇ ਕੁਝ ਪੀਣਗੇ ਵੀ।...ਓਧਰ ਮੇਰੀ ਅਲਮਾਰੀ 'ਚ ਦੇਖ ਤਾਂ ਜ਼ਰਾ, ਕੁਝ ਨਾ ਕੁਝ ਜ਼ਰੂਰ ਪਈ ਹੋਏਗੀ।”
ਇੰਨੀ, ਮਾਂ ਦੇ ਕਲਾਵੇ ਵਿਚੋਂ ਨਿਕਲ ਕੇ ਪਿਊ ਕੋਲ ਚਲਾ ਗਿਆ ਤੇ ਉਸਦੇ ਪੈਰੀਂ ਹੱਥ ਲਾ ਕੇ ਬੋਲਿਆ, “ਰਹਿਣ ਦਿਓ ਪਾਪਾ, ਰਸਤੇ 'ਚ ਕਾਫੀ ਪੀ ਲਈ ਏ ਅਸੀਂ—ਚੰਡੀਗੜ੍ਹ, ਕਾਲਕਾ, ਸੋਲਨ, ਹਰੇਕ ਜਗ੍ਹਾ ਥੋੜ੍ਹੀ-ਬਹੁਤੀ ਲਾਉਂਦੇ ਈ ਰਹੇ ਆਂ। ਇਕ ਬੋਤਲ ਤੁਹਾਡੀ ਖਾਤਰ ਵੀ ਲੈ ਆਏ ਆਂ—ਅਹਿ ਲਓ ਫੜੋ।”
“ਤੇ ਫੇਰ ਦੇਰ ਕਿਸ ਗੱਲ ਦੀ ਏ! ਗ਼ਲਾਸ ਲਿਆਓ ਤੇ ਸ਼ੁਰੂ ਹੋ ਜਾਓ ਪੁੱਤਰੋ...”
ਅੰਮ੍ਰਿਤ ਆਪਣੀ ਮਾਂ ਕੋਲ ਜਾ ਕੇ ਬੋਲਿਆ, “ਅੰਮਾਂ ਤੁਹਾਨੂੰ ਸੁਦੀਪ ਤੇ ਬੱਚੇ ਬੜਾ ਯਾਦ ਕਰਦੇ ਨੇ। ਚਾਹੁੰਦੇ ਨੇ, ਇਸ ਵਾਰੀ ਦਸੰਬਰ ਦੀਆਂ ਛੁੱਟੀਆਂ ਵਿਚ ਤੁਸੀਂ ਦੋਵੇਂ ਸਾਡੇ ਕੋਲ ਜ਼ਰੂਰ ਆਓ।”
“ਆਵਾਂਗੇ ਬਈ, ਜ਼ਰੂਰ ਆਵਾਂਗੇ। ਬੱਚਿਆਂ ਨੂੰ ਦੇਖਿਆਂ ਪੂਰਾ ਇਕ ਸਾਲ ਹੋ ਚੱਲਿਆ ਏ। ਮੇਰਾ ਬੜਾ ਜੀਅ ਕਰਦਾ ਏ, ਇਹ ਵੀ ਅਕਸਰ ਯਾਦ ਕਰਦੇ ਰਹਿੰਦੇ ਨੇ। 'ਕੱਲੇ 'ਕੱਲੇ ਦੀਆਂ ਗੱਲਾਂ ਕਰਦੇ ਨੇ...ਖਾਸ ਤੌਰ 'ਤੇ ਬੰਟੀ ਦੀਆਂ ਸ਼ਰਾਰਤਾਂ।” ਆਪਣੇ ਪੋਤੇ ਦੇ ਜ਼ਿਕਰ ਉੱਤੇ ਮਧੋਕ ਸਾਹਬ ਤੁੜਕ ਕੇ ਬੋਲੇ, “ਉਹ! ਓਇ ਉਹ ਤਾਂ ਇਕ ਨੰਬਰ ਦਾ ਕਬੂਤਰ ਮਾਰ ਏ! ਕਬੂਤਰ ਮਾਰ! ਜਦੋਂ ਦੇਖੋ, ਏਅਰ ਗੰਨ ਚੁੱਕੇ ਕੇ ਕਬੂਤਰਾਂ 'ਤੇ ਨਿਸ਼ਾਨੇ ਲਾਉਂਦੇ ਫਿਰਦਾ ਏ।”
“ਅਖ਼ੀਰ ਪੋਤਾ ਕਿਸ ਦਾ ਏ?” ਸ਼੍ਰੀਮਤੀ ਮਧੋਕ ਨੇ ਆਪਣੇ ਪਤੀ ਵਲ ਅਜੀਬ ਜਿਹੀਆਂ ਮਾਣ ਭਰੀਆਂ ਨਜ਼ਰਾਂ ਨਾਲ ਦਖਿਆ। “ਤੁਹਾਡੀਆਂ ਬਹੁਤ ਸਾਰੀਆਂ ਆਦਤਾਂ ਤੁਹਾਡੇ ਪੋਤੇ-ਪੋਤੀਆਂ ਤਕ ਪਹੁੰਚ ਚੁੱਕੀਆਂ ਨੇ।”
“ਮੈਨੂੰ ਇਸ ਗੱਲ ਦਾ ਕੋਈ ਅਫ਼ਸੋਸ ਨਹੀਂ—ਜੇ ਮੇਰੀ ਔਲਾਦ ਤੇ ਔਲਾਦ ਦੀ ਔਲਾਦ ਵਿਚ ਮੇਰੀ ਸਿਆਣਪ, ਮੇਰੀ ਸ਼ਰਾਫ਼ਤ, ਖ਼ੁਦਗਰਜੀ, ਮੱਕਾਰੀ, ਬੁਜਦਿਲੀ ਜਾਂ ਬਹਾਦਰੀ ਦੇ ਕੁਝ ਤੱਤ ਆ ਗਏ ਨੇ। ਇਹੀ ਦੇਖ ਕੇ ਤਾਂ ਮੈਨੂੰ ਦਿਲੀ-ਖੁਸ਼ੀ ਹੁੰਦੀ ਏ ਕਿ ਮੈਂ ਕਿਸੇ ਨਾ ਕਿਸੇ ਰੂਪ ਵਿਚ ਆਪਣੀ ਸੰਤਾਨ ਦੇ ਅੰਦਰ ਹਮੇਸ਼ਾ ਜਿਊਂਦਾ ਰਹਾਂਗਾ!” ਇਹ ਕਹਿ ਕੇ ਉਹ ਉੱਚੀ-ਉੱਚੀ ਹੱਸਣ ਲੱਗ ਪਏ।
ਉਹਨਾਂ ਦੀ ਪਤਨੀ ਬੋਲੀ, “ਅੱਛਾ-ਅੱਛਾ ਤੁਸੀਂ ਇਹ ਸੋਚ-ਸੋਚ ਕੇ ਖੁਸ਼ ਹੁੰਦੇ ਰਹੋ—ਮੈਂ ਜ਼ਰਾ ਬੱਚਿਆਂ ਵਾਸਤੇ ਆਮਲੇਟ ਵਗ਼ੈਰਾ ਬਣਾ ਲਿਆਵਾਂ।”
“ਅੰਮਾਂ, ਤੁਸੀਂ ਬਿਸਤਰੇ 'ਚ ਬਹਿ ਜਾਓ। ਬੜੀ ਠੰਡ ਏ। ਮੈਂ ਆਪੇ ਬਣਾ ਕੇ ਲੈ ਆਵਾਂਗਾ।” ਕਹਿ ਕੇ ਇੰਨੀ ਨੇ ਮੇਜ਼ ਉੱਤੇ ਰੱਖੇ ਗ਼ਲਾਸਾਂ ਵਿਚ ਛੇਤੀ-ਛੇਤੀ ਪੈਗ ਪਾਏ ਤੇ ਆਪਣਾ ਗ਼ਲਾਸ ਚੁੱਕੇ ਕੇ ਕਿਚਨ ਵਿਚ ਚਲਾ ਗਿਆ। ਉਸਦੇ ਪਿੱਛੇ-ਪਿੱਛੇ ਸ਼੍ਰੀਮਤੀ ਮਧੋਕ ਵੀ ਤੁਰ ਗਈ। ਉਹਨਾਂ ਦੇ ਜਾਣ ਪਿੱਛੋਂ ਸਾਰਿਆਂ ਨੇ ਆਪਣੇ-ਆਪਣੇ ਗ਼ਲਾਸ ਚੁੱਕੇ ਤੇ ਮਧੋਕ ਸਾਹਬ ਨੂੰ ਕਿਹਾ, “ਪਾਪਾ, ਤੁਹਾਡੀ ਸਿਹਤ ਦੇ ਨਾਂਅ...”
ਮਧੋਕ ਸਾਹਬ ਨੇ ਮੁਸਕੁਰਾਉਂਦਿਆਂ ਹੋਇਆਂ ਸਭ ਨੂੰ ਸ਼ੁਕਰੀਆ-ਸ਼ੁਕਰੀਆ ਕਿਹਾ ਤੇ ਬੋਲੇ, “ਬਨਾਰਸ ਦਾ ਫ਼ਿਆਜ ਵੀ ਬੜਾ ਜਿੰਦਾ ਦਿਲ ਸ਼ਾਇਰ ਸੀ...ਲਖ਼ਨਊ ਵਾਲਿਆਂ ਵਾਂਗ! ਉਸਦੇ ਕਈ ਅਸ਼ਾਰ ਮੈਂ ਆਪਣੇ ਨੌਜਵਾਨ ਦੋਸਤਾਂ ਨੂੰ ਸੁਣਾਏ ਤਾਂ ਉਹ ਬੜੇ ਖੁਸ਼ ਹੋਏ...:

ਕੰਘੀ ਸੇ ਹਾਥ ਉਠਾ ਕਰ ਸ਼ਬੇ ਵਸਲ ਲੇਟੀਏ,
ਕਬ ਗੇਸੁਓਂ ਸੇ ਆਪ ਕੇ ਹੈਂ ਪੇਚੋ ਖ਼ਮ ਗ਼ਲਤ।
ਚੂੜੀਓਂ ਕਾ ਸ਼ੋਰ ਸੁਨੀਏ ਮੂੰਹ ਕੜੋਂ ਕਾ ਦੇਖੀਏ,
ਆਪ ਕੇ ਜੇਵਰ ਭੀ ਹੈਂ ਐ ਜਾਨ ਹਸਤੇ ਬੋਲਤੇ।
ਉਸ ਪਰੀ ਰੂ ਨੇ ਕਹਾ ਬਾਂਧ ਕੇ ਜੂੜਾ ਸਿਰ ਪਰ,
ਆਜ ਚੋਟੀ ਕੇ ਬਖੇੜੇ ਸੇ ਤੋ ਪੀਛਾ ਛੂਟਾ!”


ਅੰਮ੍ਰਿਤ ਤੇ ਉਸਦੇ ਦੋਵੇਂ ਦੋਸਤ ਹੱਸ-ਹੱਸ ਕੇ ਲੋਟ-ਪੋਟ ਹੋ ਗਏ। ਇਹ ਦੇਖ ਕੇ ਮਧੋਕ ਸਾਹਬ ਜ਼ਰਾ ਹੋਰ ਸਿੱਧੇ ਹੋ ਕੇ ਬੈਠ ਗਏ। ਉਹਨਾਂ ਆਪਣਾ ਖਾਲੀ ਗ਼ਲਾਸ ਅੱਗੇ ਕਰ ਦਿੱਤਾ, ਜਿਸਨੂੰ ਅੰਮ੍ਰਿਤ ਨੇ ਝੱਟ ਭਰ ਦਿੱਤਾ। ਉਹਨਾਂ ਕਿਹਾ, “ਤੁਹਾਡੇ ਬਨਾਰਸ ਨੇ ਗਨੀ ਵੀ ਇਕ ਵਧੀਆ ਸ਼ਾਇਰ ਪੈਦਾ ਕੀਤਾ ਏ...:

ਤੇਰੇ ਦੀਵਾਨੇ ਕਾ ਹੈ ਕੈਸਾ ਮਿਜ਼ਾਜ!”

ਇਹ ਸੁਣਦਿਆਂ ਹੀ ਤਿੰਨੇ ਦੋਸਤ ਇਕੋ ਆਵਾਜ਼ ਵਿਚ ਬੋਲੇ...:

“ਜਬ ਜ਼ਰਾ ਬਦਲੀ ਹਵਾ, ਬਦਲਾ ਮਿਜ਼ਾਜ!”

“ਅੱਛਾ-ਅੱਛਾ, ਤੁਹਾਨੂੰ ਸਾਰਿਆਂ ਨੂੰ ਵੀ ਉਸਦਾ ਕਲਾਮ ਪਸੰਦ ਏ। ਖ਼ੂਬ! ਬਹੁਤ ਅੱਛਾ!”
ਫੇਰ ਮਧੋਕ ਸਾਹਬ ਤੇ ਉਹ ਤਿੰਨੇ ਵਾਰੀ ਨਾਲ ਇਕ ਇਕ ਮਿਸਰਾ ਪੜ੍ਹਨ ਲੱਗੇ...:

“ਸ਼ੇਖ ਜੀ ਸੇ ਝੁਕ ਕਰ ਮਿਲਤਾ ਹੂੰ ਬਹੁਤ”
“ਫਿਰ ਭੀ ਹਜਰਤ ਕਿ ਨਹੀਂ ਮਿਲਤਾ ਮਿਜ਼ਾਜ”
“ਮੇਰੀ ਦੁਨੀਆਂ ਤਕ ਬਦਲ ਦੀ ਆਪ ਨੇ”
“ਆਪ ਕਾ ਲੇਕਿਨ ਨਹੀਂ ਬਦਲਾ ਮਿਜ਼ਾਜ”
“ਹਾਏ ਰੇ ਨਾਜੁਕ ਮਿਜ਼ਾਜੀ ਹੁਸਨ ਕੀ”
“ਇਸ਼ਕ ਨੇ ਦੇਖਾ ਕਿ ਬਸ ਬਦਲਾ ਮਿਜ਼ਾਜ”
“ਦਮ ਮੇਂ ਕੁਛ ਹੈ, ਦਮ ਮੇਂ ਕੁਛ ਹੈ, ਦਮ ਮੇਂ ਕੁਛ”
“ਖ਼ਾਕ ਕੇ ਪੁਤਲੇ ਕਾ ਹੈ ਕੈਸਾ ਮਿਜ਼ਾਜ”
“ਅਬ ਗਨੀ ਕਾ ਹਾਲ ਕੁਛ ਐਸਾ ਨਹੀਂ”
“ਕਹਿਣੇ ਕੋ ਕਹਿਤੇ ਹੈਂ ਹੈ ਅੱਛਾ ਮਿਜ਼ਾਜ”


ਗ਼ਜ਼ਲ ਖਤਮ ਹੋ ਗਈ ਤਾਂ ਸਾਰਿਆਂ ਨੇ ਇਕ ਨਾਰਾਏ-ਮਸਤਾਨਾ ਲਾਇਆ ਤੇ ਆਪਣੇ ਆਪਣੇ ਗ਼ਲਾਸ ਚੁੱਕੇ। ਉਹਨਾਂ ਨੂੰ ਇਸਦੀ ਪ੍ਰਵਾਹ ਨਹੀਂ ਸੀ ਕਿ ਉਹਨਾਂ ਦੀਆਂ ਆਵਾਜ਼ਾਂ ਕਿੰਨੀਆਂ ਉੱਚੀਆਂ ਹੋ ਗਈਆਂ ਨੇ ਜਾਂ ਕਿੰਨੀ ਦੂਰ ਤਕ ਜਾ ਰਹੀਆਂ ਨੇ!
ਇੰਨੀ ਤੇ ਸ਼੍ਰੀਮਤੀ ਮਧੋਕ ਇਕ ਵੱਡੀ ਸਾਰੀ ਟਰੇ ਵਿਚ ਆਂਡੇ, ਡਬਲ-ਰੋਟੀ, ਮੱਖਣ, ਜਾਮ, ਆਚਾਰ, ਸਬਜ਼ੀ ਵਗ਼ੈਰਾ ਲੈ ਆਏ। ਮੇਜ਼ ਉੱਤੋਂ ਕਿਤਾਬਾਂ ਚੁੱਕ ਦਿੱਤੀਆਂ ਗਈਆਂ ਤੇ ਪਲੇਟਾਂ ਸਜ਼ਾ ਦਿੱਤੀਆਂ ਗਈਆਂ। ਮਧੋਕ ਸਾਹਬ ਪਲੰਘ ਤੋਂ ਉਠ ਕੇ ਫਰਸ਼ ਉੱਤੇ ਟਹਿਲਣ ਲੱਗ ਪਏ। ਅਚਾਨਕ ਇੰਨੀ ਦਾ ਮੂਡ ਬਣ ਗਿਆ। ਉਹ ਗੰਭੀਰ ਤੇ ਦਰਦ ਭਿੱਜੀ ਆਵਾਜ਼ ਵਿਚ ਫੈਜ ਦੀ ਇਕ ਤਾਜ਼ਾ ਨਜ਼ਮ ਗਾਉਣ ਲੱਗ ਪਿਆ...:

“ਮੁਝ ਸੇ ਪਹਿਲੀ ਸੀ ਮੁਹੱਬਤ
ਮੇਰੇ ਮਹਿਬੂਬ ਨ ਮਾਂਗ!”


ਸਾਰੇ ਬੜੇ ਧਿਆਨ ਨਾਲ ਸੁਣਦੇ ਰਹੇ। ਮਧੋਕ ਸਾਹਬ ਤਾਂ ਹੱਥ ਵਿਚ ਗ਼ਲਾਸ ਚੁੱਕੀ, ਬਿਨਾਂ ਅੱਖਾਂ ਝਪਕਾਇਆਂ ਆਪਣੇ ਛੋਟੇ ਬੇਟੇ ਵਲ ਹੀ ਦੇਖੀ ਜਾ ਰਹੇ ਸਨ; ਮੁਸਕੁਰਾਈ ਜਾ ਰਹੇ ਸਨ। ਸ਼੍ਰੀਮਤੀ ਮਧੋਕ ਚੁੱਪਚਾਪ ਬੈਠੀ, ਉਹਨਾਂ ਸਾਰਿਆਂ ਵਲ ਦੇਖ ਰਹੀ ਸੀ—ਇਹ ਛੋਟੇ ਵੱਡੇ ਸਾਰੇ ਮਰਦ ਹੀ ਬੜੇ ਅਜੀਬ ਹੁੰਦੇ ਨੇ, ਕਿੰਨੇ ਮਸਤ ਹੋਏ ਹੋਏ ਨੇ! ਪਿਊ, ਪੁੱਤਰਾਂ ਤੇ ਪੁੱਤਰਾਂ ਦੇ ਦੋਸਤਾਂ ਦੀਆਂ ਖੁਸ਼ੀਆਂ ਇਕੋ ਜਿਹੀਆਂ ਨੇ! ਸਭਨਾਂ ਦਾ ਉਤਸਾਹ ਇਕੋ ਜਿਹਾ ਏ। ਇਹਨਾਂ ਵਿਚਕਾਰ ਉਮਰ ਦੀ ਕੋਈ ਸੀਮਾ ਨਹੀਂ। ਸਾਰਿਆਂ ਦੇ ਪੈਰਾਂ ਹੇਠ ਇਕੋ ਧਰਤੀ ਹੈ! ਸਾਰਿਆਂ ਦੇ ਸਿਰਾਂ ਉੱਤੇ ਇਕੋ ਆਕਾਸ਼ ਹੈ!
ਉਹਨਾਂ ਸਾਰਿਆਂ ਨੇ ਕਾਫੀ ਚਿਰ ਤਕ ਹੁੱਲੜ੍ਹ ਮਚਾਇਆ—ਕਦੀ ਵਾਰੀ ਵਾਰੀ ਤੇ ਕਦੀ ਇਕੱਠੇ ਮਿਲ ਕੇ ਜੋਸ਼, ਜਿਗਰ, ਇਕਬਾਲ ਤੇ ਹਫ਼ੀਜ਼ ਦੇ ਅਣਿਗਿਣਤ ਆਸ਼ਾਰ ਸੁਣਾਏ।
ਫੇਰ ਅਚਾਨਕ ਮਧੋਕ ਸਾਹਬ ਉੱਤੇ ਭੈਰਵੀ ਦਾ ਮੂਡ ਸਵਾਰ ਹੋ ਗਿਆ, ਉਹਨਾਂ ਨੇ—

“ਹਟੋ ਕਾਹੇ ਕੋ ਝੂਠੀ ਬਣਾਓ ਬਤੀਆਂ
ਵਹੀਂ ਜਾਏ ਰਹੋ ਰਹੇ ਜਹਾਂ ਸਾਰੀ ਰਤੀਆਂ।”


ਗਾਉਣਾ ਸ਼ੁਰੂ ਕਰ ਦਿੱਤਾ ਤਾਂ ਸਾਰੇ ਉਹਨਾਂ ਦੀ ਸੁਰ ਨਾਲ ਸੁਰ ਮੇਲ ਕੇ ਗਾਉਣ ਲੱਗ ਪਏ...ਕੁਝ ਚਿਰ ਪਿੱਛੋਂ ਨੱਚਣ ਲੱਗ ਪਏ—ਇਕ ਦੂਜੇ ਦੇ ਬੁੱਲ੍ਹਾਂ ਨਾਲ ਆਪਣੇ ਗ਼ਲਾਸ ਲਾਉਂਦੇ ਹੋਏ! ਇੰਜ ਲੱਗਦਾ ਸੀ, ਇਸ ਖੁਸ਼ੀ ਦਾ ਕੋਈ ਅੰਤ ਨਹੀਂ ਹੋਏਗਾ। ਜ਼ਿੰਦਗੀ ਜਿਸ ਧੁਰੀ ਉੱਤੇ ਘੁੰਮ ਰਹੀ ਹੈ, ਹਮੇਸ਼ਾ ਘੁੰਮਦੀ ਰਹੇਗੀ। ਨੱਚਣਾ-ਟੱਪਣਾ, ਹੱਸਣਾ-ਗਾਉਣਾ, ਖਾਣਾ-ਪੀਣਾ ਹੀ ਉਸਦਾ ਸਭ ਤੋਂ ਵੱਡਾ ਉਦੇਸ਼ ਹੈ।...ਤੇ ਇਹੀ ਜਿਊਂਦੇ ਰਹਿਣ ਲਈ ਸਭ ਤੋਂ ਜ਼ਰੂਰੀ ਵੀ ਹੈ।
ਇੰਜ ਗਾਉਂਦਿਆਂ-ਗਾਉਂਦਿਆਂ ਤੇ ਨੱਚਦਿਆਂ-ਨੱਚਦਿਆਂ ਰਾਤ ਹੌਲੀ-ਹੌਲੀ ਫੈਲ ਰਹੇ ਸਵੇਰ ਦੇ ਪੱਲੇ ਹੇਠ ਸਰਕਦੀ ਗਈ ਤੇ ਬਿਲਕੁਲ ਅਲੋਪ ਹੋ ਗਈ। ਸ਼੍ਰੀਮਤੀ ਮਧੋਕ ਥੱਕ ਕੇ ਬਿਸਤਰੇ ਵਿਚ ਵੜ ਗਈ। ਇੰਨੀ ਵੀ ਪੈਂਟ ਸਮੇਤ ਆਪਣੀ ਮਾਂ ਦੇ ਨਾਲ ਹੀ ਇਕ ਪਾਸੇ ਲੇਟ ਗਿਆ। ਸ਼੍ਰੀਮਤੀ ਮਧੋਕ ਨੇ ਆਪ ਹੀ ਖਿੱਚ-ਖੁੱਚ ਕੇ ਉਸਦਾ ਕੋਟ ਲਾਇਆ ਤੇ ਜਦੋਂ ਉਹ ਉਸਨੂੰ ਪਲੰਘ ਦੀ ਢੋਅ ਉਪਰ ਟੰਗਣ ਲਗੀ ਤਾਂ ਅਚਾਨਕ ਉਸਦੀ ਜੇਬ ਵਿਚੋਂ ਨਿਕਲ ਕੇ ਪਰਸ ਬਾਹਰ ਡਿੱਗ ਪਿਆ।
ਮਧੋਕ ਸਾਹਬ ਹੁਣ ਤਕ ਟਹਿਲ ਹੀ ਰਹੇ ਸਨ। ਉਹਨਾਂ ਝੁਕ ਕੇ ਪਰਸ ਚੁੱਕਿਆ...ਪਰਸ ਦੀ ਬਾਹਰਲੀ ਪਲਾਸਟਿਕ ਦੀ ਪਾਰਦਰਸ਼ੀ ਜੇਬ ਵਿਚ ਉਹਨਾਂ ਨੂੰ ਇਕ ਸੋਹਣੀ ਜਿਹੀ ਕੁੜੀ ਦੀ ਫ਼ੋਟੋ ਨਜ਼ਰ ਆਈ। ਇਕ ਪਲ ਲਈ ਮਧੋਕ ਸਾਹਬ ਠਿਠਕ ਕੇ ਰਹਿ ਗਏ। ਫੇਰ ਫ਼ੋਟੋ ਨੂੰ ਗੌਰ ਨਾਲ ਦੇਖਦੇ ਹੋਏ ਬੋਲੇ, “ਲੱਗਦਾ ਏ, ਸਾਡੇ ਬੇਟਾ ਜੀ ਅੱਜ ਕਲ੍ਹ ਏਸ ਕੁੜੀ ਨਾਲ ਇਸ਼ਕ ਫੁਰਮਾਅ ਰਹੇ ਨੇ!”
ਉਹਨਾਂ ਦੀ ਆਵਾਜ਼ ਵਿਚ ਉਹੀ ਸਨੇਹ ਭਿੱਜਿਆ ਵਿਅੰਗ ਸੀ, ਜਿਹੜਾ ਅਕਸਰ ਆਪਣੀ ਔਲਾਦ ਦੀਆਂ ਹਰਕਤਾਂ ਉੱਤੇ ਆ ਜਾਂਦਾ ਹੈ। ਇਹ ਸੁਣ ਕੇ ਸ਼੍ਰੀਮਤੀ ਮਧੋਕ ਹੈਰਾਨੀ ਨਾਲ ਤ੍ਰਬਕੀ ਤੇ ਲੇਟਿਆਂ-ਲੇਟਿਆਂ ਹੀ ਗਰਦਨ ਭੁਆਂ ਕੇ ਮਧੋਕ ਸਾਹਬ ਵਲ ਦੇਖਣ ਲੱਗ ਪਈ। ਤੇ ਉਹਨਾਂ ਨੇ ਕਿਹਾ, “ਲੈ ਭਲੀਏ ਲੋਕੇ, ਤੂੰ ਵੀ ਦਰਸ਼ਨ ਕਰ ਲੈ ਆਪਣੀ ਹੋਣ ਵਾਲੀ ਨੂੰਹ ਦੇ!”
ਸ਼੍ਰੀਮਤੀ ਮਧੋਕ ਹੈਰਾਨ ਹੋ ਕੇ ਕਦੀ ਉਸ ਫ਼ੋਟੋ ਵਲ ਦੇਖਦੀ, ਕਦੀ ਆਪਣੇ ਪੁੱਤਰ ਦੇ ਨੀਂਦ ਵਿਚ ਡੁੱਬੇ ਚਿਹਰੇ ਵਲ। ਪਰ ਅੰਮ੍ਰਿਤ ਬੜੀ ਸੰਜੀਦਗੀ ਨਾਲ ਆਪਣੀ ਮਾਂ ਤੇ ਪਿਤਾ ਜੀ ਦੇ ਚਿਹਰੇ ਵਲ ਬੜੀਆਂ ਘੋਖਵੀਆਂ ਜਿਹੀਆਂ ਨਜ਼ਰਾਂ ਨਾਲ ਦੇਖ ਰਿਹਾ ਸੀ।
ਮਧੋਕ ਸਾਹਬ ਹੁਣ ਗਾ ਜਾਂ ਕੁਝ ਗੁਣਗੁਣਾ ਨਹੀਂ ਰਹੇ ਸਨ; ਗੂੜੀ ਚੁੱਪ ਵਿਚ ਲਿਪਟੇ ਅਹਿਲ ਰਹੇ ਸਨ—ਤੇ ਇਕ ਨਵੇਂ, ਬਿਨਾਂ ਸੁਲਗਾਏ ਸਿਗਾਰ ਨੂੰ ਵਾਰੀ-ਵਾਰੀ ਹੋਠਾਂ ਤਕ ਲਿਜਾਅ ਰਹੇ ਸਨ।
ਸ਼੍ਰੀਮਤੀ ਮਧੋਕ ਨੇ ਉਦਾਸ ਜਿਹੀ ਹੋ ਕੇ ਪਰਸ ਸਿਰਹਾਣੇ ਹੇਠ ਰੱਖ ਦਿੱਤਾ ਤੇ ਅੰਮ੍ਰਿਤ ਨੂੰ ਪੁੱਛਿਆ, “ਪਤਾ ਏ, ਇਹ ਕੁੜੀ ਕੌਣ ਏਂ?”
ਅੰਮ੍ਰਿਤ ਨੇ ਖੰਘੂਰਾ ਜਿਹਾ ਮਾਰ ਕੇ ਗਲ਼ਾ ਸਾਫ ਕਰਦਿਆਂ ਹੋਇਆਂ ਕਿਹਾ, “ਅੰਮਾਂ, ਇਸੇ ਕੁੜੀ ਬਾਰੇ ਤਾਂ ਅਸੀਂ ਤੁਹਾਡੇ ਨਾਲ ਗੱਲ ਕਰਨ ਆਏ ਆਂ—ਇੰਨੀ ਮੈਨੂੰ ਬੁਲਾ ਕੇ ਲਿਆਇਆ ਏ। ਤੁਸੀਂ ਪਛਾਣਿਆ ਨਹੀਂ ਇਸਨੂੰ?—ਪੰਮੀ ਏਂ। ਇੰਨੀ ਨਾਲ ਯੂਨੀਵਰਸਟੀ ਵਿਚ ਪੜ੍ਹਦੀ ਰਹੀ ਏ। ਅੰਮਾਂ! ਤੁਸੀਂ ਇਸਦੇ ਪਾਪਾ ਨੂੰ ਵੀ ਚੰਗੀ ਤਰ੍ਹਾਂ ਜਾਣਦੇ ਓ। ਪਰ ਜੇ ਤੁਸੀਂ ਮੇਰੇ ਮੂੰਹੋਂ ਉਹਨਾਂ ਦਾ ਨਾਂ ਸੁਣ ਕੇ ਨਾਰਾਜ਼ ਨਾ ਹੋਵੋਂ ਤਾਂ ਦੱਸਾਂ?”
ਪਤੀ ਪਤਨੀ ਦੋਵਾਂ ਨੇ ਆਪਣੇ ਪੁੱਤਰ ਵਲ ਸਵਾਲੀਆ ਨਜ਼ਰਾਂ ਨਾਲ ਤੱਕਿਆ ਤੇ ਕੁਝ ਚਿਰ ਚੁੱਪਚਾਪ ਤੱਕਦੇ ਰਹੇ—ਇਸ ਕਰਕੇ ਅੰਮ੍ਰਿਤ ਦਾ ਹੌਸਲਾ ਨਾ ਪਿਆ ਕਿ ਅੱਗੇ ਕੁਝ ਕਹੇ। ਅਚਾਨਕ ਮਧੋਕ ਸਾਹਬ ਬੋਲੇ, “ਮੈਂ ਸਮਝ ਗਿਆ। ਉਹ, ਉਹੀ ਤਸੀਲਦਾਰ ਤਾਂ ਨਹੀਂ, ਜਿਸ ਨਾਲ ਇਸ ਕਾਟੇਜ ਦੀ ਅਲਾਟਮੈਂਟ ਸਮੇਂ ਸਾਡਾ ਝਗੜਾ ਹੋਇਆ ਸੀ?”
ਹੁਣ ਸ਼੍ਰੀਮਤੀ ਮਧੋਕ ਵੀ ਚੁੱਪ ਨਾ ਰਹਿ ਸਕੀ, ਬੋਲੀ, “ਸਿਰਫ ਝਗੜਾ ਹੀ ਕਿਉਂ...ਉਹ ਤਾਂ ਤੁਹਾਨੂੰ ਜੇਲ ਭਿਜਵਾ ਦੇਣ ਉੱਤੇ ਤੁਲ ਗਿਆ ਸੀ, ਪਰ ਉਸਦਾ ਵੱਸ ਹੀ ਨਹੀਂ ਸੀ ਚੱਲਿਆ ਕੋਈ।”
ਕਈ ਪਲ ਮਧੋਕ ਸਾਹਬ ਆਪਣੀ ਜਗ੍ਹਾ ਸਿਲ-ਪੱਥਰ ਹੋਏ ਖੜ੍ਹੇ ਰਹੇ, ਜਿਵੇਂ ਪੁਰਾਣੀਆਂ ਸੋਚਾਂ ਵਿਚ ਗਵਾਚ ਗਏ ਹੋਣ। ਫੇਰ ਉਹਨਾਂ ਨੇ ਹੱਥ ਵਿਚ ਫੜਿਆ ਗ਼ਲਾਸ ਮੂੰਹ ਨਾਲ ਲਾ ਲਿਆ ਤੇ ਉਦੋਂ ਤਕ ਨਹੀਂ ਹਟਾਇਆ, ਜਦੋਂ ਤਕ ਉਸ ਵਿਚਲੀ ਆਖ਼ਰੀ ਬੂੰਦ ਵੀ ਹਲਕ ਤੋਂ ਹੇਠਾਂ ਨਹੀਂ ਉਤਰ ਗਈ। ਅਚਾਨਕ ਉਸੇ ਵੇਲੇ ਕਮਰੇ ਵਿਚ ਸ਼੍ਰੀਮਤੀ ਮਧੋਕ ਦੀਆਂ ਸਿਸਕੀਆਂ ਗੂੰਜਣ ਲੱਗੀਆਂ। ਸਾਰੇ ਜਣੇ ਹੈਰਾਨ ਹੋ ਕੇ ਉਸ ਵਲ ਦੇਖਣ ਲੱਗ ਪਏ। ਉਹ ਪਲੰਘ ਉੱਤੇ ਬੈਠੀ ਰੋ ਰਹੀ ਸੀ। ਉਸੇ ਪਲੰਘ ਉੱਤੇ ਇੰਨੀ ਬੇਸੁੱਧ ਪਿਆ ਸੀ।
“ਮੈਨੂੰ ਕਰਮਾਂ ਸੜੀ ਨੂੰ ਕੋਈ ਪੁੱਛਦਾ ਤਕ ਨਹੀਂ...ਕੀ ਮੈਂ ਉਸ ਦੁਸ਼ਮਣ ਦੀ ਕੁੜੀ ਨਾਲੋਂ ਸੋਹਣੀ ਕੁੜੀ ਲੱਭ ਕੇ ਨਹੀਂ ਲਿਆ ਸਕਦੀ ਸੀ? ਲੋਕ ਰਿਸ਼ਤੇ ਲੈ ਕੇ ਮੇਰੇ ਅੱਗੇ-ਪਿੱਛੇ ਤੁਰੇ ਫਿਰਦੇ ਨੇ। ਉਸ ਨਾਲੋਂ ਇਕ ਤੋਂ ਇਕ ਸੋਹਣੀ ਕੁੜੀ ਪਈ ਏ...ਪੜ੍ਹੀ-ਲਿਖੀ ਤੇ ਸੁਸ਼ੀਲ...”
ਮਾਂ ਦੀਆਂ ਸਿਸਕੀਆਂ ਕਾਰਨ ਇੰਨੀ ਦੀ ਨੀਂਦ ਟੁੱਟ ਗਈ ਸੀ। ਪਰ ਉਸ ਅੱਖਾਂ ਬੰਦ ਕਰੀ, ਮਾਂ ਨੂੰ ਜੱਫੀ ਪਾ ਕੇ ਕਿਹਾ ਹੈ, “ਅੰਮਾ, ਮੇਰੀ ਪਿਆਰੀ ਅੰਮਾਂ! ਸੌਂ ਜਾ ਹੁਣ। ਸਵੇਰੇ ਗੱਲ ਕਰਾਂਗੇ। ਐਵੇਂ ਪ੍ਰੇਸ਼ਾਨ ਨਾ ਹੋ!”
ਸੁਣ ਕੇ ਉਸਦੀ ਮਾਂ ਨੇ ਅੱਥਰੂ ਪੂੰਝ ਲਏ ਤੇ ਕਿਹਾ ਹੈ, “ਮੈਂ ਕਿਉਂ ਪ੍ਰੇਸ਼ਾਨ ਹੋਵਾਂਗੀ—ਹੁਣ ਪ੍ਰੇਸ਼ਾਨ ਹੋਣ ਦੀ ਤਾਂ ਤੇਰੇ ਪਿਓ ਦੀ ਵਾਰੀ ਆਈ ਏ। ਦੇਖਦੀ ਆਂ, ਹੁਣ ਕੀ ਫ਼ੈਸਲਾ ਕਰਦੇ ਨੇ ਇਹ!” ਕਹਿ ਕੇ ਉਸਨੇ ਮਧੋਕ ਸਾਹਬ ਵਲ ਸਵਾਲੀਆ ਨਜ਼ਰਾਂ ਨਾਲ ਤੱਕਿਆ ਤੇ ਕਈ ਪਲ, ਅੱਖਾਂ ਝਪਕਾਏ ਬਿਨਾਂ ਦੇਖਦੀ ਰਹੀ। ਪਰ ਮਧੋਕ ਸਾਹਬ ਨੇ ਕੋਈ ਜਵਾਬ ਨਾ ਦਿੱਤਾ—ਵਰਾਂਡੇ ਵਿਚ ਜਾ ਕੇ ਆਰਾਮ ਕੁਰਸੀ ਉੱਤੇ ਬੈਠ ਗਏ।
ਸਵੇਰ ਹੋਣ ਵਿਚ ਬਹੁਤੀ ਦੇਰ ਨਹੀਂ ਸੀ ਹੁਣ। ਪਹੁ-ਫੁਟ ਚੱਲੀ ਸੀ। ਤਾਜ਼ੀ ਠੰਡੀ ਹਵਾ ਵਗ ਰਹੀ ਸੀ। ਚਿੜੀਆਂ ਵੀ ਬੋਲਣ ਲੱਗ ਪਈਆਂ ਸਨ। ਸਟੋਰ ਵਿਚ ਸਾਰੀ ਰਾਤ ਦਾ ਬੰਦ ਰਾਕਸੀ ਬਾਹਰ ਨਿਕਲਣ ਲਈ ਬੇਚੈਨ ਹੋ ਉਠਿਆ ਸੀ—ਵਾਰੀ ਵਾਰੀ ਪੰਜਿਆਂ ਨਾਲ ਦਰਵਾਜ਼ਾ ਖੁਰਚ ਰਿਹਾ ਸੀ ਤੇ ਕੂੰ ਕੂੰ ਦੀਆਂ ਖੁਸ਼ਾਮਦ ਭਰੀਆਂ ਆਵਾਜ਼ਾਂ ਕੱਢ ਰਿਹਾ ਸੀ।
ਅੱਠ ਵੱਜਦਿਆਂ-ਵੱਜਦਿਆਂ ਸ਼੍ਰੀਮਤੀ ਮਧੋਕ ਨੇ ਸਾਰਿਆਂ ਲਈ ਨਾਸ਼ਤਾ ਤਿਆਰ ਕਰ ਲਿਆਂਦਾ, ਕਿਉਂਕਿ ਬੱਚੇ ਨੌ ਵਜੇ ਤਕ ਵਾਪਸ ਚਲੇ ਜਾਣਾ ਚਾਹੁੰਦੇ ਸਨ। ਮਾਂ ਤੇ ਪਿਤਾ ਦੇ ਵਾਰੀ-ਵਾਰੀ ਕਹਿਣ 'ਤੇ ਵੀ ਇਕ ਦਿਨ ਰੁਕਣ ਲਈ ਤਿਆਰ ਨਹੀਂ ਸਨ। ਅੰਮ੍ਰਿਤ ਨੇ ਇਕ ਕਾਲਜ ਦੇ ਸੈਮੀਨਾਰ ਵਿਚ ਸ਼ਾਮਲ ਹੋਣ ਲਈ ਅੱਜ ਸ਼ਾਮ ਤਕ ਜਲੰਧਰ ਪਹੁੰਚਣਾ ਸੀ। ਇੰਨੀ ਦਾ ਬਾਸ ਅੱਜ ਦੁਪਹਿਰ ਦੇ ਜਹਾਜ਼ ਰਾਹੀਂ ਦਿੱਲੀ ਤੋਂ ਆ ਰਿਹਾ ਸੀ। ਉਹਨਾਂ ਦੇ ਨਾਲ ਹੀ ਉਹਨਾਂ ਦੇ ਦੋਵੇਂ ਦੋਸਤ ਮੁਸੱਰਤ ਤੇ ਅਹੂਜਾ ਵੀ ਜਾ ਰਹੇ ਸਨ।
ਸਾਰੇ ਵਰਾਂਡੇ ਵਿਚ ਲੱਗੇ ਇਸ ਸ਼ੀਸ਼ੇ ਸਾਹਮਣੇ ਖੜ੍ਹੇ ਸ਼ੇਵ ਕਰ ਰਹੇ ਸਨ। ਮਧੋਕ ਸਾਹਬ ਨੇ ਉਹਨਾਂ ਦੇ ਨਹਾਉਣ ਲਈ ਪਾਣੀ ਵੀ ਗਰਮ ਕਰ ਦਿੱਤਾ ਸੀ ਤਾਂਕਿ ਰਾਤ ਦੇ ਜਾਗਰਾਤੇ ਦੀ ਥਕਾਣ ਤੇ ਆਲਸ ਦੂਰ ਹੋ ਜਾਏ। ਉਹ ਆਪ ਹੁਣ ਤਕ ਚਾਰ ਵਾਰੀ ਚਾਹ ਪੀ ਚੁੱਕੇ ਸਨ ਤੇ ਸਿਗਾਰ ਤੇ ਸਿਗਾਰ ਫੂਕੀ ਜਾ ਰਹੇ ਸਨ।
ਰਾਤ ਦੀ ਹਲਚਲ ਪਿੱਛੋਂ ਉਸ ਘਰ ਵਿਚ ਹੁਣ ਤਕ ਇਕ ਅਜੀਬ ਜਿਹੀ ਚੁੱਪ ਛਾਈ ਹੋਈ ਸੀ। ਉਸ ਚੁੱਪ ਦੇ ਆਸਾਰ ਹਰੇਕ ਚਿਹਰੇ ਉੱਤੇ ਚਿਪਕੇ ਹੋਏ ਸਨ। ਇੰਜ ਲੱਗਦਾ ਸੀ, ਹਾਸੇ ਤੇ ਖੁਸ਼ੀਆਂ ਜਿਹੜੇ ਅਚਾਨਕ ਵਿਦਾਅ ਹੋ ਗਏ ਸਨ ਉਹਨਾਂ ਦੇ ਪਰਤ ਆਉਣ ਦੀ ਕੋਈ ਉਮੀਦ ਨਹੀਂ ਸੀ। ਸ਼੍ਰੀਮਤੀ ਮਧੋਕ ਵੀ ਬੇਹੱਦ ਚੁੱਪ-ਚੁੱਪ ਸੀ, ਪਰ ਉਸਦੇ ਚਿਹਰੇ ਉੱਤੇ ਫਤਹਿ ਦੀ ਚਮਕ ਵੀ ਸੀ—ਜਦੋਂ ਉਹ ਆਪਣੇ ਪਤੀ ਵਲ ਦੇਖਦੀ, ਉਸਦੀਆਂ ਅੱਖਾਂ ਵਿਚ ਛਿਪਿਆ ਵਿਅੰਗ ਸਾਫ ਨਜ਼ਰ ਆਉਣ ਲੱਗ ਪੈਂਦਾ। ਅਖ਼ੀਰ ਉਹ ਆਪਣੀ ਤੇ ਆਲੇ-ਦੁਆਲੇ ਪਸਰੀ ਹੋਈ ਚੁੱਪ ਤੋਂ ਅੱਕ ਕੇ ਅਹੂਜਾ ਨੂੰ ਪੁੱਛਣ ਲੱਗੇ, “ਤੁਸੀਂ ਸ਼ਾਇਦ ਮੁਲਤਾਨ ਦੇ ਰਹਿਣ ਵਾਲੇ ਓ?”
“ਹਾਂ-ਜੀ! ਪਰ ਤੁਸੀਂ ਕਿੰਜ ਪਛਾਣਿਆ?”
ਉਹ ਮੁਸਕੁਰਾ ਕੇ ਬੋਲੇ, “ਤੁਹਾਡੀ ਬੋਲੀ ਤੋਂ। ਮੁਲਤਾਨੀਆਂ ਦੀ ਬੋਲ-ਚਾਲ ਉਹਨਾਂ ਨੂੰ ਬਹੁਤੀ ਦੇਰ ਤਕ ਗੁੱਝਾ ਨਹੀਂ ਰਹਿਣ ਦੇਂਦੀ। ਉਹਨਾਂ ਦਾ ਕੁਝ ਸ਼ਬਦਾਂ ਦਾ ਉਚਾਰਣ ਹੀ ਉਹਨਾਂ ਦੇ ਮੁਲਤਾਨੀ ਹੋਣ ਦੀ ਚੁਗਲੀ ਕਰ ਦੇਂਦਾ ਏ ਜਿਵੇਂ ਉਹ 'ਘੋੜੀ' ਨੂੰ 'ਘੋਰੀ' ਹੀ ਕਹਿਣਗੇ। ਤੇ 'ਘੜੀ' ਨੂੰ 'ਘਰੀ' ਹੀ—ਤੁਸੀਂ ਵੀ ਹੁਣੇ ਅੰਮ੍ਰਿਤ ਨਾਲ ਆਪਣੀ 'ਘਰੀ' ਬਾਰੇ ਕੋਈ ਗੱਲ ਕੀਤੀ ਸੀ ਨਾ?”
ਅਹੂਜਾ ਕੱਚਾ ਜਿਹਾ ਹਾਸਾ ਹੱਸਿਆ। ਮਧੋਮ ਸਾਹਬ ਨੇ ਕਿਹਾ, “ਜਦੋਂ ਮੈਂ ਲਾਹੌਰ ਰਹਿੰਦਾ ਸਾਂ, ਸਾਡੇ ਮੁਹੱਲੇ ਸੰਤ ਨਗਰ 'ਚ ਕਈ ਮੁਲਤਾਨੀ ਵੀ ਰਹਿੰਦੇ ਸਨ। ਆਪਣੀ ਮੁਲਤਾਨੀ ਬੋਲੀ ਵਿਚ ਹੀ ਉਹ ਰਾਮ ਲੀਲਾ ਕਰਦੇ ਹੁੰਦੇ ਸਨ। ਉਹਨਾਂ ਦੀ ਬੋਲੀ ਸੁਣ ਕੇ ਸਾਨੂੰ ਬੜਾ ਮਜ਼ਾ ਆਉਂਦਾ। ਜਿਵੇਂ ਰਾਮ ਕਹਿੰਦਾ, 'ਰਾਵਣਾ, ਓ ਰਾਵਣਾ—ਮੈਂਢੀ ਸੀਤਾ ਬਲਾ ਡੇ, ਨਹੀਂ ਤਾਂ ਮੈਂ ਭਿੜ ਪੁ ਸਾਂਈ' ਅੱਗੋਂ ਰਾਵਣ ਕਹਿੰਦਾ, 'ਵੰਝ ਵੰਝ ਓਇ ਰਾਮ ਦਾ ਪੁੱਤਰਾ, ਬਊਂ ਸ਼ੇਖੀ ਨਾ ਪਿਆ ਡਿਖਾ। ਤੈਂ ਜਏ ਛੋਰ ਮੇਂ ਕਈ ਡਿੱਠੇ ਹਿਨ। ਹਿੰਮਤ ਹੈ-ਈ ਤਾਂ ਤੀਰ-ਕਮਾਨ ਚਾ। ਮੈਂ ਵੀ ਆਪਣੇ ਹਥਿਆਰ ਲਭੇਨਾ! ਪਰ ਜ਼ਰਾ ਖਲੋ ਵੰਝ। ਹੁੱਕੇ ਦਾ ਹਿਕ ਦਮ ਮਾਰ ਘਿਨਾਂ। ਇਸ ਬਗ਼ੈਰ ਗੱਲ ਕਰੁਨ ਦਾ ਸਵਾਦ ਈ ਨੀ ਪਿਆ ਆਂਦਾ'।”
ਖਾਸਲ ਨਾਟਕੀ ਅੰਦਾਜ਼ ਵਿਚ ਵਾਰਤਾਲਾਪ ਸੁਣਾ ਕੇ ਮਧੋਕ ਸਾਹਬ ਨੇ ਹਰੇਕ ਨੂੰ ਹਸਾ ਦਿੱਤਾ। ਹੋਰ ਤਾਂ ਹੋਰ ਸ਼੍ਰੀਮਤੀ ਮਧੋਕ ਵੀ ਹੱਸਦੀ ਹੋਈ ਕਿਚਨ ਵਿਚੋਂ ਬਾਹਰ ਆਈ। ਆਪਣੀ ਮਾਂ ਨੂੰ ਖਿੜ-ਖਿੜ ਹੱਸਦਿਆਂ ਦੇਖ ਕੇ ਆਪਣੇ ਮੂੰਹ ਉੱਤੇ ਲੱਗਿਆ ਹੋਇਆ ਸਾਬਨ ਪੂੰਝਦਾ ਹੋਇਆ ਇੰਨੀ ਉਸ ਕੋਲ ਚਲਾ ਗਿਆ ਤੇ ਉਸਨੂੰ ਜੱਫੀ ਪਾ ਕੇ ਬੋਲਿਆ, “ਅੰਮਾਂ ਤੂੰ ਇਸੇ ਤਰ੍ਹਾਂ ਹੱਸਦਿਆਂ-ਹੱਸਦਿਆਂ ਮੇਰੀ ਵਹੁਟੀ ਦਾ ਸਵਾਗਤ ਕਰੇਂਗੀ ਨਾ? ਯਕੀਨ ਮੰਨ, ਉਹ ਆਪਣੇ ਡੈਡੀ ਵਰਗੀ ਬਿਲਕੁਲ ਵੀ ਨਹੀਂ...ਮੈਂ ਪੂਰੇ ਵਿਸ਼ਵਾਸ ਨਾਲ ਕਹਿ ਸਕਦਾ ਆਂ ਕਿ ਪੰਮੀ ਨੂੰ ਤੂੰ ਹਮੇਸ਼ਾ ਆਪਣੀ ਹਿੱਕ ਨਾਲ ਲਾ ਕੇ ਰੱਖਿਆ ਕਰੇਂਗੀ।”
ਸ਼੍ਰੀਮਤੀ ਮਧੋਕ ਨੇ ਆਪਣੇ-ਆਪ ਨੂੰ ਆਪਣੇ ਪੁੱਤਰ ਦੀਆਂ ਮਜ਼ਬੂਤ ਬਾਹਾਂ ਦੇ ਘੇਰੇ ਵਿਚੋਂ ਛੁਡਾਉਂਦਿਆਂ ਹੋਇਆਂ ਕਿਹਾ, “ਚਲ-ਚਲ, ਮੈਨੂੰ ਮੂਰਖ ਨਾ ਬਣਾ! ਤੂੰ ਹੀ ਉਸਨੂੰ ਹਿੱਕ ਨਾਲ ਲਾ ਕੇ ਚੁੰਮੀਂ-ਚੱਟੀਂ...ਵਧੇਰੇ ਖੁਸ਼ਾਮਦ ਨਾ ਕਰ ਪਿਆ।”
ਕਹਿ ਕੇ ਉਹ ਰਸੋਈ ਵਿਚ ਚਲੀ ਗਈ। ਮਧੋਮ ਸਾਹਬ ਉਸਦੀ ਗੱਲ ਉੱਤੇ ਉੱਚੀ-ਉੱਚੀ ਹੱਸਣ ਲੱਗ ਪਏ ਤੇ ਉਹਨਾਂ ਦੇ ਦੰਦਾਂ ਵਿਚ ਨੱਪਿਆ ਸਿਗਾਰ ਹੇਠਾਂ ਡਿੱਗ ਪਿਆ। ਜਿਸਨੂੰ ਚੁੱਕਦੇ ਹੋਏ ਉਹ ਬੋਲੇ, “ਓ ਭਲੀਏ ਲੋਕੇ, ਕਿਹੜਾ ਮਰਦ ਆਪਣੀ ਔਰਤ ਨੂੰ ਚੁੰਮਦਾ ਚੱਟਦਾ ਨਹੀਂ ਆਇਆ—ਇਹ ਕੋਈ ਨਵੀਂ ਗੱਲ ਥੋੜ੍ਹਾ ਈ ਹੋਏਗੀ!”
ਸਾਰਿਆਂ ਨੂੰ ਇੰਜ ਲੱਗਿਆ ਜਿਵੇਂ ਮਧੋਮ ਸਾਹਬ ਨੇ ਆਪਣੇ ਸਦਮੇਂ ਉਪਰ ਕਾਬੂ ਪਾ ਲਿਆ ਹੈ।
ਨਾਸ਼ਤੇ ਤੋਂ ਵਿਹਲੇ ਹੋ ਕੇ ਬੱਚੇ ਸੜਕ ਉੱਤੇ ਖੜ੍ਹੀ ਆਪਣੀ ਮੋਟਰ ਵਿਚ ਜਾ ਬੈਠੇ। ਮਧੋਕ ਸਾਹਬ ਵੀ ਆਪਣੀ ਪਤਨੀ ਨੂੰ ਨਾਲ ਲੈ ਕੇ ਉਹਨਾਂ ਨੂੰ ਵਿਦਾਅ ਕਰਨ ਲਈ ਸੜਕ ਤਕ ਗਏ। ਹਰੇਕ ਬੱਚੇ ਵਲ ਉਹਨਾਂ ਮੋਹ ਭਿੱਜੀ ਮੁਸਕਾਨ ਨਾਲ ਤੱਕਿਆ। ਜਦੋਂ ਸ਼੍ਰੀਮਤੀ ਮਧੋਕ ਨੇ ਕਾਰ ਦੀ ਖਿੜਕੀ ਵਿਚੋਂ ਬਾਹਰ ਨਿਕਲੇ ਇੰਨੀ ਦੇ ਸਿਰ ਨੂੰ ਚੁੰਮਿਆਂ ਤਾਂ ਇੰਨੀ ਨੇ ਅੱਖਾਂ ਭਰ ਕੇ ਬੜੇ ਭੋਲੇਪਨ ਨਾਲ ਕਿਹਾ, “ਮੇਰੀ ਸ਼ਾਦੀ ਦੀ ਪਾਰਟੀ ਵਿਚ ਪਾਪਾ ਨੂੰ ਨਾਲ ਲਿਆਵੀਂ ਅੰਮਾਂ—ਲੈ ਆਏਂਗੀ ਨਾ ਇਹਨਾਂ ਨੂੰ?”
ਤੇ ਉਸਨੇ ਤੁਰੰਤ ਕਾਰ ਤੋਰ ਲਈ। ਸ਼੍ਰੀਮਤੀ ਮਧੋਕ ਨੇ ਪਲਕਾਂ ਹੇਠੋਂ ਖਿਸਕ ਚੱਲੇ ਹੰਝੂਆਂ ਨੂੰ ਪੂੰਝਿਆ। ਮਧੋਕ ਸਾਹਬ ਹੁਣ ਤਕ ਮੁਸਕੁਰਾ ਰਹੇ ਸਨ ਤੇ ਕਾਰ ਨੂੰ ਇਕ ਮੋੜ ਮੁੜਦਿਆਂ ਦੇਖ ਰਹੇ ਸਨ। ਜਦੋਂ ਕਾਰ ਨਜ਼ਰਾਂ ਤੋਂ ਓਹਲੇ ਹੋ ਗਈ, ਉਹ ਆਪਣੇ ਕਾਟੇਜ ਵਿਚ ਜਾਣ ਲਈ ਪੌੜੀਆਂ ਉਤਰਨ ਲੱਗ ਪਏ। ਪੌੜੀਆਂ ਵਿਚ ਅਖ਼ਬਾਰ ਵਾਲਾ ਤਾਜ਼ਾ ਟ੍ਰਿਬਿਊਨ, ਲਾਈਫ਼ ਤੇ ਲਿੰਕ ਆਦਿ ਸੁੱਟ ਗਿਆ ਸੀ। ਮਧੋਕ ਸਾਹਬ ਝੁਕ ਕੇ ਉਹਨਾਂ ਨੂੰ ਚੁੱਕਣ ਲੱਗ ਪਏ। ਲਾਈਫ਼ ਦੇ ਟਾਈਟਲ ਪੇਜ ਉੱਤੇ ਇਕ ਦਿਲਕਸ਼ ਕੁੜੀ ਦੀ ਤਸਵੀਰ ਛਪੀ ਹੋਈ ਸੀ। ਉਹ ਉਸਨੂੰ ਆਪਣੀ ਪਤਨੀ ਨੂੰ ਦਿਖਾਉਂਦੇ ਹੋਏ ਬੋਲੇ, “ਕਿਉਂ ਭਲੀਏ ਲੋਕੇ, ਤੇਰੀ ਹੋਣ ਵਾਲੀ ਨੂੰਹ ਤਾਂ ਇਸ ਨਾਲੋਂ ਵੀ ਸੋਹਣੀ ਏ ਨਾ?”
ਉਹ ਉਹਨਾਂ ਨੂੰ ਕੋਈ ਉਤਰ ਨਾ ਦੇ ਸਕੀ। ਬਸ ਉਹਨਾਂ ਦੀ ਬਾਂਹ ਫੜ ਕੇ ਸਹਾਰਾ ਦੇਂਦੀ ਹੋਈ ਪੌੜੀਆਂ ਉਤਰਣ ਲੱਗੀ।
-------------------------------------------------------------

Tuesday, April 19, 2011

ਦੁੰਬੇ ! :: ਗੁਲਜ਼ਾਰ




ਇਕ ਵਿਸ਼ੇਸ਼ ਲਿਖਤ :

ਦੁੰਬੇ !
ਲੇਖਕ : ਗੁਲਜ਼ਾਰ


ਹਿੰਦੀ ਤੋਂ ਅਨੁਵਾਦ : ਮਹਿੰਦਰ ਬੇਦੀ, ਜੈਤੋ


ਸੁਚੀਤਗੜ੍ਹ,  ਇਕ ਛੋਟਾ-ਜਿਹਾ ਪਿੰਡ ਹੈ—ਇਸ ਪਾਸੇ; ਹਿੰਦੁਸਤਾਨ ਵਿਚ। ਸਿਆਲਕੋਟ ਇਕ ਵੱਡੀ ਜਗ੍ਹਾ ਹੈ—ਉਸ ਪਾਸੇ; ਪਾਕਿਸਤਾਨ ਵਿਚ।
ਕੈਪਟਨ ਸ਼ਾਹੀਨ, ਇਕ ਹੈਂਡਸਮ ਰਿਟਾਇਰਡ ਫ਼ੌਜੀ ਨੇ—ਨਿਊਯਾਰਕ ਵਿਚ। 'ਕਸ਼ਮੀਰ' ਨਾਂ ਦਾ ਇਕ ਰੈਸਟੋਰੈਂਟ ਚਲਾਉਂਦੇ ਨੇ। ਉਹਨਾਂ ਦੇ ਦਫ਼ਤਰ ਦੀ ਸ਼ਕਲ ਮੁਹਾਜ਼ ਦੇ ਕਿਸੇ 'ਬੰਕਰ' ਵਰਗੀ ਲੱਗਦੀ ਹੈ। ਛੱਤ 'ਤੇ ਵੀ ਪਲਾਸਟਿਕ ਦੀਆਂ ਹਰੀਆਂ ਪੱਤੀਆਂ ਦੀ ਬਣਵਾਈ ਹੋਈ ਜਾਲੀ ਲਾ ਰੱਖੀ ਹੈ। ਇਕ ਪਾਸੇ ਬਹੁਤ ਸਾਰੀਆਂ ਟੋਪੀਆਂ ਟੰਗੀਆਂ ਹੋਈਆਂ ਨੇ—ਫੌਜੀ ਬੂਟ ਰੱਖੇ ਨੇ ਤੇ ਇਕ ਵਰਦੀ ਵੀ ਟੰਗੀ ਹੋਈ ਹੈ।
ਅਮਜਦ ਇਸਲਾਮ 'ਅਮਜਦ' ਨੇ ਦੁਪਹਿਰ ਦੇ ਖਾਣੇ ਦਾ ਸੱਦਾ ਦਿੱਤਾ ਸੀ...ਤੇ ਵਕੀਲ ਅੰਸਾਰੀ ਆ ਕੇ ਮੈਨੂੰ ਉੱਥੇ ਲੈ ਗਏ ਸਨ। ਉਹ ਉਸ ਪਾਸੇ ਦੇ ਨੇ, ਪਰ ਇਸ ਪਾਸੇ ਦੀਆਂ ਸਾਰੀਆਂ ਉਰਦੂ ਹਸਤੀਆਂ ਤੇ ਲੇਖਕਾਂ-ਸ਼ਾਇਰਾਂ ਨੂੰ ਆਪਣੇ ਉੱਥੇ ਆਉਣ ਦਾ ਸੱਦਾ ਤੇ ਆਪਣੇ ਉਰਦੂ ਦੇ ਸ਼ੌਕ ਨੂੰ ਥਾਪੜਾ ਦੇਂਦੇ ਰਹਿੰਦੇ ਨੇ।
'ਜਸ਼ਨੇ ਗੋਪੀ ਚੰਦ ਨਾਰੰਗ', ਅਮਰੀਕਾ ਵਿਚ ਕਈ ਜਗ੍ਹਾ ਮਨਾ ਚੁੱਕੇ ਨੇ। ਆਪਣਾ ਇਕ ਹੋਟਲ ਹੈ, ਉਹਨਾਂ ਦਾ। ਉਹੀ ਰੋਜ਼ਗਾਰ ਦਾ ਜ਼ਰੀਆ ਹੈ। ਸਰਦਾਰ ਜਾਫ਼ਰੀ, ਇਸ ਪਾਸੇ ਦੇ, ਤੇ ਅਹਿਮਦ ਫ਼ਰਾਜ ਉਸ ਪਾਸੇ ਦੇ, ਅਕਸਰ ਉਹਨਾਂ ਦੇ ਘਰ ਹੀ ਠਹਿਰਦੇ ਨੇ। ਵਕੀਲ ਅੰਸਾਰੀ ਦਾ ਦਿਲ ਲੱਗਾ ਵਾਕ ਹੈ, “ਜ਼ਿੰਦਗੀ ਤਿੱਤਰ-ਬਟੇਰਾ ਬਣ ਕੇ ਰਹਿ ਗਈ ਏ-ਜੀ।” ਜਾਂ ਕਦੀ-ਕਦੀ, “ਅਸੀਂ ਲੋਕ ਤਾਂ ਜੀ, ਤਿੱਤਰ-ਬਟੇਰੇ ਬਣ ਗਏ ਆਂ।” ਬੜੀ ਖਰੀ ਗੱਲ ਹੈ। ਪਹਿਲਾਂ ਕਦੀ ਸੁਣੀ ਜਾਂ ਪੜ੍ਹੀ ਨਹੀਂ—ਨਾ ਇਸ ਪਾਸੇ, ਨਾ ਉਸ ਪਾਸੇ।
ਕੈਪਟਨ ਸ਼ਾਹੀਨ ਦੇ ਰੈਸਟੋਰੈਂਟ ਵਿਚ ਖਾਣਾ ਖਾਂਦਿਆਂ ਹੋਇਆਂ ਅਮਜਦ ਭਾਈ ਨੇ ਕਿਹਾ, “ਨਿਊਯਾਰਕ 'ਚ ਜੇ ਈਸਟਰਨ ਖਾਣਾ, ਖਾਣਾ ਹੋਏ ਤਾਂ ਇਸ ਨਾਲੋਂ ਬਿਹਤਰ ਜਗ੍ਹਾ ਹੋਰ ਕੋਈ ਨਹੀਂ ਮਿਲ ਸਕਦੀ।” ਜਦੋਂ ਹਿੰਦੁਸਤਾਨੀ ਖਾਣਾ ਕਹਿਣਾ ਹੋਏ ਜਾਂ ਪਾਕਿਸਤਾਨੀ ਤਾਂ ਅਮਜਦ ਭਾਈ ਬੜੀ ਸੋਚ-ਵਿਚਾਰ ਤੋਂ ਕੰਮ ਲੈਂਦੇ ਨੇ ਤੇ ਉਸਨੂੰ ਪੰਜਾਬੀ ਵੀ ਨਹੀਂ—'ਈਸਟਰਨ' ਕਹਿੰਦੇ ਨੇ। ਤੇ ਕਸ਼ਮੀਰ ਦਾ ਤਾਂ ਨਾਂਅ ਵੀ ਨਹੀਂ ਲੈਂਦੇ।
ਪਰ ਕੈਪਟਨ ਸ਼ਾਹੀਨ, ਫ਼ੌਜੀਆਂ ਵਾਂਗ ਹੀ ਬੜੇ ਦਿਲਦਾਰ ਆਦਮੀ ਨੇ। ਹੱਸ ਕੇ ਕਹਿੰਦੇ ਨੇ, “ਓ-ਜੀ ਕਸ਼ਮੀਰ 'ਤੇ ਤਾਂ ਦੋਵੇਂ ਈ ਆਪਣਾ ਹੱਕ ਸਮਝਦੇ ਨੇ-ਜੀ—ਇਸ ਲਈ ਸਾਡਾ ਰੈਸਟੋਰੈਂਟ ਬੜਾ ਅੱਛਾ ਚੱਲ ਰਿਹਾ ਏ।”
ਫ਼ੌਜ ਵਿਚੋਂ ਕਿਸੇ ਗੱਲ 'ਤੇ ਨਾਰਾਜ਼ ਹੋ ਕੇ ਅਸਤੀਫਾ ਦੇ ਦਿੱਤਾ ਸੀ। ਪਰ ਫ਼ੌਜੀ ਹੋਣ ਦਾ ਮਾਣ ਹੁਣ ਵੀ ਓਵੇਂ ਦੀ ਜਿਵੇਂ ਹੈ। ਕਹਿੰਦੇ ਨੇ, “ਇਕ ਮਹੀਨਾ ਹੋਰ ਠਹਿਰ ਜਾਂਦਾ ਤਾਂ 'ਮੇਜਰ' ਬਣ ਕੇ ਰਿਟਾਇਰਡ ਹੁੰਦਾ, ਪਰ ਜੀ ਆਪਾਂ-ਨੂੰ ਨਾਂਅ ਦੇ ਨਾਲ ਕੈਪਟਨ ਅਖਵਾਉਣਾ ਵਧੇਰੇ ਚੰਗਾ ਲੱਗਦਾ ਸੀ।”
ਸਨ 1971 ਦੀ ਜੰਗ ਵਿਚ ਹਿੱਸਾ ਲਿਆ ਸੀ ਤੇ ਦੱਸ ਰਹੇ ਸਨ ਕਿ ਉਸ ਜੰਗ ਵਿਚ 'ਸਾਰਾ ਐਕਸ਼ਨ ਬੰਗਾਲ ਵੱਲ ਈ ਹੋਇਆ ਸੀ। ਪੰਜਾਬ ਵੱਲ ਛੋਟੀਆਂ-ਮੋਟੀਆਂ ਝੜਪਾਂ ਹੋਈਆਂ।' ਤੇ ਓਦੋਂ ਉਹ 'ਸਿਆਲਕੋਟ ਸੈਕਸ਼ਨ' ਦੇ ਇਕ ਮੋਰਚੇ ਉੱਤੇ ਇਕ ਐਕਸ਼ਨ ਵਿਚ ਸ਼ਾਮਲ ਸਨ।
ਹੁਣ ਹਲਕੀ ਜਿਹੀ ਦਾੜ੍ਹੀ ਰੱਖ ਲਈ ਹੈ ਤੇ ਗੱਲ ਕਰਦੇ ਹੋਏ ਮੁੱਛਾਂ ਉੱਤੇ ਵਾਰ-ਵਾਰ ਹੱਥ ਫੇਰਦੇ ਰਹਿੰਦੇ ਨੇ। ਮੈਂ ਪੁੱਛਿਆ ਸੀ ਕਿ 'ਉਹ ਕਿਹੜਾ ਜਜ਼ਬਾ ਹੁੰਦਾ ਏ, ਜਿਹੜਾ ਆਦਮੀ ਨੂੰ ਸੋਲਜਰ ਬਣਾਉਂਦਾ ਏ?'
“ਉਹ ਜੀ ਜਿਹੜੀ ਇਕ ਠੁੱਕ ਵਾਲੀ ਗੱਲ ਹੁੰਦੀ ਏ—ਵਰਦੀ ਦੀ ਸ਼ਾਨ, ਤੇ ਰੁਤਬੇ ਦੀ ਟੋਪੀ, ਇਕ ਸ਼ਖ਼ਸੀਅਤ ਬਣਾ ਦੇਂਦੀ ਏ ਆਦਮੀ ਨੂੰ ਜੀ।...ਤੇ ਉਸਦੇ ਇਲਾਵਾ ਮਰਨ-ਮਾਰਨ ਦੀ ਕੋਈ ਤਮੰਨਾ ਨਹੀਂ ਹੁੰਦੀ।” ਤੇ ਫੇਰ ਖ਼ੁਦ ਹੀ ਹੱਸ ਪਏ, “ਸਾਡੀ ਲੜਾਈ ਵੀ ਕੋਈ ਲੜਾਈ ਹੁੰਦੀ ਏ? ਹਿੰਦੁਸਤਾਨ, ਪਾਕਿਸਤਾਨ ਦੀ ਲੜਾਈ! ਐਵਈਂ ਸਕੂਲ ਦੇ ਬੱਚਿਆਂ ਵਾਂਗ ਲੜਦੇ ਰਹਿੰਦੇ ਨੇ। ਇਸਦੀ ਬਾਂਹ ਮਰੋੜ, ਉਸਦੇ ਗੋਡਾ ਮਾਰ; ਇਸਦੀ ਸਲੇਟੀ ਖੋਹ, ਉਸਦੀ ਫੱਟੀ ਤੋੜ; ਕਦੀ ਨਿੱਭ ਚੁਭੋ ਦਿੱਤੀ, ਕਦੀ ਚੋਭਾ ਲੈ ਲਿਆ ਜੀ; ਸਿਆਹੀ ਡੋਲ੍ਹ ਦਿੱਤੀ ਜੀ। ਯਾਦ ਏ ਸਕੂਲ ਵਿਚ ਹੁੰਦੇ ਸਾਂ ਤਾਂ ਦੁੰਬਿਆਂ ਦੀ ਲੜਾਈ ਵੇਖਣ ਜਾਂਦੇ ਹੁੰਦੇ ਸਾਂ। ਤੁਸੀਂ ਵੀ ਜਾਂਦੇ ਹੋਵੋਗੇ!”
ਉਹ ਬੜੇ 'ਡਾਊਨ ਟੂ ਅਰਥ' ਇਨਸਾਨ ਲੱਗੇ। ਲਹਿਜੇ ਵਿਚ ਕਮਾਲ ਦੀ ਈਮਾਨਦਾਰੀ ਸੀ। ਮੈਂ ਕੁਛ ਪੁੱਛਿਆ ਜਿਸ ਦੇ ਜਵਾਬ 'ਚ ਕਹਿਣ ਲੱਗੇ, “ਫ਼ੌਜੀ ਨੂੰ ਵੀ ਪਹਿਲੋਂ-ਪਹਿਲ ਡਰ ਜ਼ਰੂਰ ਲੱਗਦਾ ਏ। ਪਰ ਤਿੰਨ ਚਾਰ ਗੋਲੀਆਂ ਚਲਾ ਲੈਣ ਪਿੱਛੋਂ ਖ਼ੁਸ਼ਬੂ ਉਡਦੀ ਏ। ਫਰੰਟ 'ਤੇ ਗੋਲੀਆਂ ਚਲਾਉਂਦਿਆਂ ਹੋਇਆਂ ਉਸੇ ਦਾ ਨਸ਼ਾ ਹੋ ਜਾਂਦਾ ਏ। ਥੋੜ੍ਹੀ ਦੇਰ ਗੋਲੀਆਂ ਨਾ ਚੱਲਣ ਤਾਂ ਕਦੀ-ਕਦੀ ਨਸ਼ਾ ਟੁੱਟਣ ਵੀ ਲੱਗ ਪੈਂਦਾ ਏ। ਕਿਸੇ ਦੇ ਲੱਗਣੀ-ਲਗਾਉਣੀ ਜ਼ਰੂਰੀ ਨਹੀਂ ਹੁੰਦੀ!” ਫੇਰ ਬੋਲੇ, “ਆਦਮੀ ਖ਼ੌਫ਼ ਦਾ ਸਿਆਣੂ ਹੋ ਜਾਵੇ ਤਾਂ ਖ਼ੌਫ਼ ਨਹੀਂ ਰਹਿੰਦਾ।”
ਮੈਨੂੰ ਲੱਗਿਆ ਜਿਵੇਂ ਕਹਿ ਰਹੇ ਸਨ—ਫਰੰਟ 'ਤੇ ਮੌਤ ਦੇ ਸਿਆਣੂ ਹੋ ਜਾਣ ਵਾਲੀ ਗੱਲ ਹੈ—ਆ ਜਾਏਗੀ, ਜਦੋਂ ਆਉਣਾ ਹੋਏਗਾ।
ਉਹ ਦੱਸ ਰਹੇ ਸਨ, “ਸ਼ੁਰੂ-ਸ਼ੁਰੂ ਵਿਚ ਜਦੋਂ ਟਰੇਨਿੰਗ ਹੁੰਦੀ ਏ...ਤੇ ਜ਼ਮੀਨ 'ਤੇ ਲੇਟ ਕੇ ਘਿਸੜਦਿਆਂ ਦੀਆਂ ਕੁਹਣੀਆਂ-ਗੋਡੇ ਰਗੜੇ ਜਾਂਦੇ ਨੇ, ਤਾਂ ਕਈ ਵਾਰ ਖ਼ਿਆਲ ਆਉਂਦਾ ਏ ਕਿ ਅਹਿ ਨੌਕਰੀ ਜਾਰੀ ਰੱਖੀਏ ਜਾਂ ਛੱਡ ਦੇਈਏ...
“...ਪਰ ਜਦੋਂ ਕਿਸੇ ਗ਼ਲਤੀ 'ਤੇ ਆਪਣਾ 'ਬ੍ਰਿਗੇਡਰ' ਤੁਹਾਨੂੰ ਚੀਕ ਕੇ ਖੜ੍ਹਾ ਕਰਦਾ ਏ ਤੇ ਪੁੱਛਦਾ ਏ,'ਕੁੱਥੋਂ ਦਾ ਐਂ ਓਇ ਜਵਾਨ?...ਰਤਾ ਜ਼ੋਰ ਨਾਲ ਬੋਲ!' ਤਾਂ ਸਾਹਬ ਯਕੀਨ ਮੰਨਿਓਂ ਆਪਣੇ ਪਿੰਡ, ਜਾਂ ਇਲਾਕੇ ਦਾ ਨਾਂਅ ਮੂੰਹੋਂ ਨਹੀਂ ਨਿਕਲਦਾ।...ਬੜੀ ਸ਼ਰਮਿੰਦਗੀ ਮਹਿਸੂਸ ਹੁੰਦੀ ਏ!”
ਸ਼ਾਇਦ ਇਹੋ ਗੱਲ ਅੱਗੇ ਚੱਲ ਕੇ ਫ਼ੌਜੀ ਲਈ ਆਪਣੇ ਮੁਲਕ ਦੀ ਇੱਜ਼ਤ ਬਣ ਜਾਂਦੀ ਹੈ।
ਕੈਪਟਨ ਸ਼ਾਹੀਨ ਨੇ ਦੱਸਿਆ, “ਸੁਚੀਤਗੜ੍ਹ ਇਕ ਛੋਟਾ ਜਿਹਾ ਪਿੰਡ ਏ, ਉਸ ਪਾਸੇ! ਗਿਣੇ-ਚੁਣੇ ਘਰਾਂ ਦਾ। ਕੁਛ ਤਾਂ ਪਹਿਲਾਂ ਈ ਖਾਲੀ ਹੋ ਚੁੱਕਿਆ ਸੀ ਕਿਉਂਕਿ ਮੁਹਾਜ਼ ਦੇ ਬੜਾ ਲਾਗੇ ਸੀ, ਕੁਛ ਸਾਡੇ ਪਹੁੰਚਣ 'ਤੇ ਖਾਲੀ ਹੋ ਗਿਆ। ਇਕ ਇਕ ਘਰ ਦਾ ਮੁਆਇਨਾ ਕਰ ਲੈਣਾ ਜ਼ਰੂਰੀ ਸੀ। ਕਿਉਂਕਿ ਕੋਈ ਵੀ ਇਲਾਕਾ ਬਿਨਾਂ ਕਿਸੇ ਮੁਕਾਬਲੇ ਦੇ ਫ਼ਤਹਿ ਹੋ ਜਾਵੇ ਤਾਂ ਉਸ ਵਿਚ ਦੁਸ਼ਮਣ ਦੀ ਕਿਸੇ ਚਾਲ ਦਾ ਸ਼ੱਕ ਹੋਣ ਲੱਗਦਾ ਏ।”
ਕੈਪਟਨ ਸ਼ਾਹੀਨ ਦਾ ਕਹਿਣਾ ਇਹ ਵੀ ਸੀ ਕਿ, ਇਸ ਪਾਸੇ ਤੇ ਉਸ ਪਾਸੇ ਦੇ ਲੋਕਾਂ ਤੇ ਫ਼ੋਜੀਆਂ ਦੇ ਮਿਜਾਜ਼ ਵਿਚ ਵੀ ਕਾਫ਼ੀ ਫ਼ਰਕ ਹੈ—“ਹੈ ਉਹੀ ਪੰਜਾਬ, ਪਰ ਇਸ ਪਾਸੇ ਦੇ ਫ਼ੌਜੀ ਵੀ ਤੇ ਲੋਕ ਵੀ ਅਗ੍ਰੇਸਿਵ ਨੇ...ਤੇ ਉਸ ਪਾਸੇ ਦੇ ਲੋਕ ਜ਼ਰਾ ਠੰਡੇ ਸੁਭਾਅ ਦੇ ਨੇ। ਇਸ ਪਾਸੇ ਦੀ ਖੇਤੀਬਾੜੀ ਤੇ ਖ਼ੂਹ, ਸਰਹੱਦ ਦੀ ਲਕੀਰ ਤਕ ਆਂਦੇ ਨੇ। ਸਾਡੇ ਇਸ ਪਾਸੇ ਦੇ ਬਾਰਡਰ ਤੋਂ ਦੋ ਤਿੰਨ ਸੌ ਗਜ ਛੱਡ ਕੇ ਚੌਂਕੀਆਂ ਬਣਾਦੇ ਨੇ, ਤੇ ਘਰ ਵਸਾਂਦੇ ਨੇ, ਅਜਿਹੀ ਜਗਾਹ 'ਤੇ ਇੰਜ ਵੀ ਹੁੰਦਾ ਏ ਕਿ ਦੋਵੇ ਪਾਸੇ ਪੰਜ-ਪੰਜ ਸੱਤ-ਸੱਤ ਸਿਪਾਹੀਆਂ ਦੇ ਛੋਟੇ-ਛੋਟੇ ਦਸਤੇ ਗਸ਼ਤ ਕਰਦੇ ਰਹਿੰਦੇ ਨੇ। ਤੇ ਅਕਸਰ ਏਨੇ ਨੇੜੇ ਹੁੰਦੇ ਨੇ ਕਿ ਇਕ ਦੂਜੇ ਦਾ ਸਿਗਰਟ ਵੀ ਸੁਲਗਾ ਸਕਦੇ ਨੇ।”
ਇਸ ਪਾਸੇ ਦੇ ਫ਼ੌਜੀ ਅਮੂਮਨ (ਆਮ ਤੌਰ 'ਤੇ) ਪੰਜਾਬੀ ਹੁੰਦੇ ਨੇ ਤੇ ਉਸ ਪਾਸੇ ਅਕਸਰ ਗ਼ੈਰ-ਪੰਜਾਬੀ ਨਜ਼ਰ ਆਉਂਦੇ ਨੇ। ਪਰ ਇਸ ਪਾਸੇ ਵਾਲੇ ਬੁਲਾ ਵੀ ਲੈਂਦੇ ਨੇ। 'ਕਿਉਂ, ਭਾਅ ਕੁੱਥੂੰ ਦਾ ਏਂ?'
“ਕੋਈ ਮਦਰਾਸੀ ਹੋਏ ਤਾਂ ਅੰਗਰੇਜ਼ੀ 'ਚ ਜਵਾਬ ਦੇਂਦਾ ਏ, ਵਰਨਾ ਆਮ ਤੌਰ 'ਤੇ ਉਰਦੂ ਨੁਮਾ ਹਿੰਦੀ ਈ ਸੁਣਾਈ ਦੇਂਦੀ ਏ। ਸੁਜੀਤਗੜ੍ਹ ਫ਼ਤਹਿ ਕਰਨ ਪਿੱਛੋਂ ਮੈਂ ਚਾਰ ਪੰਜ ਸਿਪਾਹੀਆਂ ਨੂੰ ਨਾਲ ਲੈ ਕੇ ਘਰਾਂ ਦੀ ਤਲਾਸ਼ੀ ਲੈ ਰਿਹਾ ਸਾਂ ਕਿ ਇਕ ਕੋਠੜੀ ਦਾ ਦਰਵਾਜ਼ਾ ਧਰੀਕਿਆ ਤਾਂ ਸਹਿਮਿਆਂ ਹੋਇਆ ਇਕ ਮੁੰਡਾ ਕੋਨੇ ਵਿਚ ਦੁਬਕਿਆ ਬੈਠਾ ਨਜ਼ਰ ਆਇਆ। ਸਿਪਾਹੀਆਂ ਨੇ ਭੌਂ ਕੇ ਮੈਨੂੰ ਆਵਾਜ਼ ਦਿੱਤੀ, 'ਸਰ ਜੀ!'
“ਮੈਂ ਆਇਆ ਤਾਂ ਅਚਾਨਕ ਹੀ ਉਹ ਮੁੰਡਾ ਉਠਿਆ ਤੇ ਮੇਰੇ ਨਾਲ ਲਿਪਟ ਗਿਆ—ਸਿਪਾਹੀਆਂ ਨੇ ਵੱਖ ਕੀਤਾ ਉਸ ਨੂੰ...ਤੇ ਮੈਨੂੰ ਸਮਝ ਨਹੀਂ ਆਇਆ, ਕੀ ਕਰਾਂ?
“ਉਸਦੇ ਮਾਂ-ਬਾਪ ਬਾਰੇ ਪੁੱਛਿਆ ਤਾਂ ਕੋਈ ਜਵਾਬ ਨਹੀਂ ਦੇ ਸਕਿਆ। ਬੜਾ ਡਰਿਆ ਹੋਇਆ ਸੀ। । ਕੰਬ ਰਿਹਾ ਸੀ। ਮੈਂ ਉਸਨੂੰ ਨੱਠ ਜਾਣ ਲਈ ਵੀ ਕਿਹਾ, ਪਰ ਉਹ ਨਹੀਂ ਗਿਆ, ਮੈਂ ਉਸਨੂੰ ਜੀਪ ਵਿਚ ਬਿਠਾਅ ਕੇ ਪਿਛਲੀ ਚੌਕੀ ਤਕ ਲੈ ਆਇਆ। ਰੋਟੀ-ਸ਼ੋਟੀ ਦਿੱਤੀ ਤੇ ਇਕ ਕੋਨੇ 'ਚ ਬਿਸਤਰਾ ਲਾ ਕੇ ਸੌਂ ਜਾਣ ਲਈ ਕਹਿ ਦਿੱਤਾ। ਜਵਾਨਾਂ ਨੂੰ ਕਹਿ ਦਿੱਤਾ, ਕਿਸੇ ਨਾਲ ਜ਼ਿਕਰ ਨਾ ਕਰਨਾ। ਉਸੂਲਨ ਉਹ ਸਾਡਾ ਪ੍ਰਿਜ਼ਨਰ ਆੱਫ ਵਾੱਰ ਸੀ ਤੇ ਮੇਰਾ ਫ਼ਰਜ਼ ਬਣਦਾ ਸੀ ਕਿ ਹੈਡ-ਕਵਾਰਟਰ' 'ਚ ਖ਼ਬਰ ਕਰ ਦਿਆਂ ਤੇ ਦੂਜੇ 'ਪ੍ਰਿਜ਼ਨਰ' ਦੇ ਨਾਲ ਉਸਨੂੰ ਜੇਲ੍ਹ 'ਚ ਡੱਕ ਦਿਆਂ।
“ਪਤਾ ਨਹੀਂ ਕਿਉਂ ਉਸਦੀਆਂ ਮਾਸੂਮ-ਜਿਹੀਆਂ ਅੱਖਾਂ ਵੇਖ ਕੇ ਜੀਅ ਨਹੀਂ ਕੀਤਾ ਕਿ ਉਹ ਇਸ ਤਰ੍ਹਾਂ ਦੀ ਆਫ਼ਤ 'ਚੋਂ ਲੰਘੇ।
“ਅਗਲੇ ਦਿਨ ਦਫ਼ਤਰ ਦੇ ਸਮੇਂ ਮੈਂ ਆਪਣੇ ਬਿੱਲੇ-ਸ਼ਿੱਲੇ ਲਾਹ ਕੇ ਉਸੇ ਬਾਰਡਰ ਵਾਲੇ ਪਿੰਡ ਗਸ਼ਤ ਕਰਨ ਚਲਾ ਗਿਆ। ਪਿੰਡ ਤੋਂ ਜ਼ਰਾ ਹਟ ਕੇ ਇਕ ਖੇਤ ਸੀ। ਦੂਰ 'ਟਿਊਬਵੈੱਲ' 'ਤੇ ਇਕ ਬਜ਼ੁਰਗ ਸਰਦਾਰ ਨੂੰ ਮੂੰਹ-ਹੱਥ ਧੋਂਦਿਆਂ ਵੇਖਿਆ ਤਾਂ ਆਵਾਜ਼ ਮਾਰੀ, 'ਸਰਦਾਰ ਜੀ, ਓਇ ਏਧਰ ਆਓ!' ਹੱਥ ਦੇ ਇਸ਼ਾਰੇ ਨਾਲ ਕੋਲ ਬੁਲਾਇਆ ਤਾਂ ਉਹ ਆਪਣੀ ਪੱਗ ਦੇ ਲੜ ਨਾਲ ਮੂੰਹ ਪੂੰਝਦਾ ਹੋਇਆ ਆਇਆ, ਮੈਂ ਪੁੱਛਿਆ, 'ਤੁਸੀਂ ਗਏ ਨਹੀਂ?'
“ਬੜੀ ਹੈਰਾਨੀ ਨਾਲ ਉਸਨੇ ਪੁੱਛਿਆ, 'ਕਿੱਥੇ?'
“'ਸਾਰੇ ਪਿੰਡ ਛੱਡ ਕੇ ਚਲੇ ਗਏ ਆ। ਤੁਸੀਂ ਕਿਉਂ ਨਹੀਂ ਗਏ?'
“ਉਸਨੇ ਹੱਥ ਚੁੱਕ ਕੇ ਮਿਹਣਾ ਜਿਹਾ ਮਾਰਿਆ।
“'ਲੈ! ਪਿੰਡ ਤਾਂ ਉਸ ਪਾਸੇ ਛੱਡ ਆਇਆ ਸਾਂ, ਤੇਰੇ ਪਾਸੇ! ਹੁਣ ਖੇਤ ਤੂੰ ਲੈਣ ਆਇਆ ਐਂ ਕਿ?'
“ਸਰਦਾਰ ਗੁੱਸੇ ਵਿਚ ਲੱਗ ਰਿਹਾ ਸੀ। ਮੈਂ ਠੰਡਾ ਕਰਨ ਦੀ ਕੋਸ਼ਿਸ਼ ਕੀਤੀ ਕਿ, 'ਸੁਚੀਤਗੜ੍ਹ ਤੋਂ ਸੱਤ-ਅੱਠ ਵਰ੍ਹਿਆਂ ਦਾ ਇਕ ਮੁੰਡਾ ਉਸ ਪਾਸੇ ਆ ਗਿਆ ਏ। ਉਸਦੇ ਮਾਂ-ਬਾਪ ਸ਼ਾਇਦ ਪਿੰਡ ਛੱਡ ਕੇ ਚਲੇ ਗਏ ਨੇ।'
“'ਫੇਰ?'
“'ਉਸਨੂੰ ਲੈ ਆਵਾਂ ਤਾਂ ਉਸਦੇ ਮਾਂ-ਬਾਪ ਕੋਲ ਪਹੁੰਚਾ ਦਿਓਗੇ?'
“ਸਰਦਾਰ ਸੋਚੀਂ ਪੈ ਗਿਆ। ਬੜੀ ਦੇਰ ਬਾਅਦ, ਉਸਨੇ ਸਿਰ ਹਿਲਾਇਆ, 'ਠੀਕ ਐ।'
“ਮੈਂ ਕਿਹਾ, 'ਸ਼ਾਮ ਨੂੰ ਪੰਜ ਵਜੇ ਆ ਜਾਣਾ। ਮੈਂ ਲੈ ਕੇ ਆਵਾਂਗਾ ਉਸਨੂੰ।'”
ਕੈਪਟਨ ਸ਼ਾਹੀਨ ਨੇ ਕਿਹਾ, “ਪੀਲੇ ਪੀਲੇ ਦੰਦਾਂ ਦੀ ਅਜਿਹੀ ਹਾਸੀ ਮੈਂ ਪਹਿਲਾਂ ਕਦੀ ਨਹੀਂ ਸੀ ਦੇਖੀ।” ਸਰਦਾਰ ਨੇ ਹੱਸ ਕੇ ਕਿਹਾ, 'ਉਸਨੂੰ ਛੱਡ ਦੇ ਮੈਨੂੰ ਲੈ ਚੱਲ। ਮੇਰਾ ਪਿੰਡ ਉਸ ਪਾਸੇ ਆ। ਸਿਆਲਕੋਟ ਤੋਂ ਅੱਗੇ। ਛਜਰਾ!' ਤੇ ਝੂੰਮਦਾ ਹੋਇਆ ਵਾਪਸ ਚਲਾ ਗਿਆ। ਪਿੰਡ ਦੇ ਨਾਂਅ 'ਤੇ ਹੀ ਮਸਤ ਹੋ ਗਿਆ ਜਾਪਦਾ ਸੀ।
“ਉਸ ਸ਼ਾਮ ਮੈਂ ਜਾ ਨਹੀਂ ਸੀ ਸਕਿਆ। ਸਾਡਾ ਕਮਾਂਡਰ ਦੌਰੇ 'ਤੇ ਆ ਗਿਆ ਸੀ ਤੇ ਉਸ ਮੁੰਡੇ ਨੂੰ ਲਕੋਅ ਕੇ ਰੱਖਣ ਕਰਕੇ, ਸਮਝੌ, ਬਸ, ਜਾਨ ਹੀ ਨਿਕਲ ਗਈ ਸੀ ਸਾਡੀ। ਖੁਆ-ਪਿਆ ਕੇ ਉਸਨੂੰ ਕੰਟ੍ਰੋਲ-ਰੂਮ ਦੀ ਪਰਛੱਤੀ 'ਤੇ ਲਕੋਅ ਰੱਖਿਆ ਸੀ। ਕਾਹਲ ਨਾਲ ਕੱਢਿਆ ਤੇ ਪਿੱਛੇ ਟੱਟੀ ਵਿਚ ਲੁਕਾਅ ਦਿੱਤਾ। ਕੰਮਾਂਡਰ ਜਦੋਂ ਕੰਟਰੋਲ-ਰੂਮ 'ਚ ਆਇਆ ਤਾਂ ਉੱਥੋਂ ਕੱਢ ਕੇ ਸਟੋਰ ਰੂਮ ਦੀਆਂ ਬੋਰੀਆਂ ਪਿੱਛੇ ਲੁਕਾਅ ਦਿੱਤਾ। ਸਾਰਿਆਂ ਦੀ ਜਾਨ 'ਤੇ ਬਣੀ ਹੋਈ ਸੀ, ਕਿਉਂਕਿ ਕਾਨੂੰਨਨ ਇਹ ਸਰਾਸਰ ਜੁਰਮ ਸੀ ਤੇ ਪਤਾ ਲੱਗ ਜਾਣ 'ਤੇ ਸਾਡੇ ਵਿਚੋਂ ਕਈ ਅਫ਼ਸਰ ਸਸਪੈਂਡ ਕੀਤੇ ਜਾ ਸਕਦੇ ਸੀ। ਇਕ ਵਾਰੀ ਤਾਂ ਜੀਅ ਚਾਹਿਆ ਦੋ ਸਿਪਾਹੀਆਂ ਨੂੰ ਕਹਾਂ ਕਿ ਇਕ ਬੋਰੀ 'ਚ ਪਾ ਕੇ, ਸਰਦਾਰ ਦੇ ਖੇਤ 'ਚ ਸੁੱਟ ਆਉਣ। ਜਦੋਂ ਤਕ ਕਮਾਂਡਰ ਰਿਹਾ, ਸਾਡੀ ਜਾਨ 'ਤੇ ਬਣੀ ਰਹੀ।
“ਬੰਗਲਾ ਦੇਸ਼ ਦੇ ਐਕਸ਼ਨ ਦੀਆਂ ਖ਼ਬਰਾਂ ਆ ਰਹੀਆਂ ਸਨ। ਜਿਹੜੀਆਂ ਅਤਿ ਨਿਰਾਸ਼ਾ ਭਰੀਆਂ ਸਨ। ਭਾਰਤੀ ਫ਼ੌਜਾਂ ਮੁਕਤੀ ਵਾਹਿਨੀ ਦਾ ਸਾਥ ਦੇ ਰਹੀਆਂ ਸਨ ਤੇ ਯਾਹੀਯਾ ਖ਼ਾਨ...ਖ਼ੈਰ ਛੱਡੋ।” ਉਹ ਚੁੱਪ ਹੋ ਗਏ।
ਕੁਝ ਪਲ ਚੁੱਪ ਵਿਚ ਬੀਤੇ, ਕੈਪਟਨ ਦੀਆਂ ਅੱਖਾਂ ਸਿੱਜਲ ਹੋਣ ਲੱਗੀਆਂ। ਬੋਲੇ...:
“ਅਗਲੇ ਦਿਨ ਵੀ ਫ਼ੌਜੀ ਟੁਕੜੀਆਂ ਦੀ ਬੜੀ ਮੋਮੈਂਟ ਰਹੀ। ਸਾਰਾ ਦਿਨ ਨਿਕਲ ਗਿਆ। ਸ਼ਾਮ ਦਾ ਵੇਲਾ ਸੀ ਤੇ ਸੂਰਜ ਡੁੱਬਣ ਵਾਲਾ ਸੀ ਜਦੋਂ ਉਸ ਮੁੰਡੇ ਨੂੰ ਨਾਲ ਲੈ ਕੇ ਬਾਰਡਰ ਲਾਈਨ 'ਤੇ ਪਹੁੰਚਿਆ। ਮੈਨੂੰ ਹੈਰਾਨੀ ਹੋਈ। ਸਰਦਾਰ ਮੇਰੀ ਉਡੀਕ ਕਰ ਰਿਹਾ ਸੀ। ਚਾਰ ਪੰਜ ਸਿਪਾਹੀਆਂ ਦੀ ਇਕ ਟੁਕੜੀ ਵੀ ਉਸਦੇ ਨਾਲ ਸੀ। ਉਸੇ ਵਿਚੋਂ ਇਕ ਨੇ ਪੁੱਛਿਆ, 'ਕੈਪਟਲ ਓ ਕਿ ਮੇਜਰ?' ਫਰੰਟ 'ਤੇ ਸਾਡੇ ਫੀਤੇ ਨਹੀਂ ਲੱਗੇ ਹੁੰਦੇ, ਫੇਰ ਵੀ ਕੋਈ ਵੱਡਾ ਅਫ਼ਸਰ ਹੋਏ ਤਾਂ ਪਛਾਣਿਆਂ ਜਾਂਦਾ ਏ। ਉਹ ਵੀ ਕੋਈ ਕੈਪਟਨ, ਮੇਜਰ ਹੀ ਸੀ। ਮੈਂ ਅੱਗੇ ਵਧ ਕੇ ਹੱਥ ਮਿਲਾਇਆ। ਤੇ ਮੁੰਡੇ ਨੂੰ ਉਹਨਾਂ ਦੇ ਹਵਾਲੇ ਕੀਤਾ।”
“ਅਫ਼ਸਰ ਨੇ ਜ਼ਰਾ ਸਖ਼ਤੀ ਨਾਲ ਪੁੱਛਿਆ, 'ਕਿਓਂ ਓਇ? ਕਿੱਥੋਂ ਦਾ ਏਂ? ਮਾਂ-ਬਾਪ ਕਿੱਥੇ ਨੇ ਤੇਰੇ?'
“ਮੁੰਡਾ ਫੇਰ ਸਹਿਮ ਗਿਆ ਸੀ। ਅੱਖਾਂ ਚੁੱਕ ਕੇ ਮੇਰੇ ਵੱਲ ਦੇਖਿਆ ਤੇ ਬੋਲਿਆ, 'ਚਾਚਾ, ਮੈਂ ਇੱਥੋਂ ਦਾ ਨਹੀਂ, ਉਸ ਪਾਸੇ ਦਾ ਆਂ!'
“ਉਸਨੇ ਸਾਡੇ ਵੱਲ ਇਸ਼ਾਰਾ ਕੀਤਾ, 'ਸਿਆਲਕੋਟ ਤੋਂ ਅੱਗੇ, ਛਜਰਾ ਦਾ!'
“ਸਾਰੇ ਹੈਰਾਨ ਰਹਿ ਗਏ।
“ਮੈਂ ਸਰਦਾਰ ਵੱਲ ਦੇਖਿਆ। ਉਸਦੇ ਪੀਲੇ-ਪੀਲੇ ਦੰਦ ਨਿਕਲ ਆਏ। ਉਸਨੇ ਅੱਗੇ ਵਧ ਕੇ ਉਸਦੇ ਸਿਰ 'ਤੇ ਹੱਥ ਰੱਖ ਦਿੱਤਾ। ਤੇ ਛਲਨੀ ਬਣੀਆਂ ਅੱਖਾਂ ਨਾਲ ਪੁੱਛਿਆ, 'ਅੱਛਾ? ਛਜਰਾ ਦਾ ਐਂ ਤੂੰ?'
“ਮੈਂ ਕੜਕ ਕੇ ਪੁੱਛਿਆ, 'ਤਾਂ ਏਥੇ ਕੀ ਕਰ ਰਿਹਾ ਸੈਂ?'
“ਮੁੰਡੇ ਦਾ ਰੋਣ ਨਿਕਲ ਗਿਆ, ਬੋਲਿਆ, 'ਸਕੂਲੋਂ ਭੱਜ ਕੇ ਆਇਆ ਸੀ, ਲੜਾਈ ਵੇਖਣ!'”
ਕੈਪਟਲ ਸ਼ਾਹੀਨ ਕਹਿ ਰਹੇ ਸਨ।
“ਯਕੀਨ ਮੰਨਣਾ, ਅਸੀਂ ਦੋਵੇਂ ਫ਼ੌਜੀ ਉਸਦੇ ਸਾਹਵੇਂ, ਦੋ ਬੇਵਕੂਫ ਮਾਸਟਰਾਂ ਵਾਂਗ ਖੜ੍ਹੇ ਸਾਂ।...ਤੇ ਸਾਡੀਆਂ ਸ਼ਕਲਾਂ ਦੁੰਬਿਆਂ ਵਰਗੀਆਂ ਲੱਗ ਰਹੀਆਂ ਸਨ।”
-----------------------

Wednesday, April 6, 2011

ਮੀਂਗਣਾਂ ਗਿਣਨ ਵਾਲਾ ਪੰਡਤ : ਰਾਮ ਸਰੂਪ ਅਣਖੀ :: ਪ੍ਰੇਮ ਪ੍ਰਕਾਸ਼



ਲੇਖਕ :: ਪ੍ਰੇਮ ਪ੍ਰਕਾਸ਼  

ਪਤਾ : 593 ਮੋਤਾ ਸਿੰਘ ਨਗਰ ,ਜਲੰਧਰ   144001-ਪੰਜਾਬ -ਭਾਰਤ  ...
ਫੋਨ : 0181-2231941; ਮੋਬਾਇਲ : 94632-20319.

ਪੋਸਟਿੰਗ : ਮਹਿੰਦਰ ਬੇਦੀ ਜੈਤੋ



ਪੰਜਾਬੀ ਦਾ ਬਹੁਤੇ ਪਾਠਕਾਂ ਵਾਲਾ ਨਾਵਲਕਾਰ ਰਾਮ ਸਰੂਪ ਅਣਖੀ ਮੇਰੇ ਦੋਸਤਾਂ ਦੇ ਘੇਰੇ 'ਚ ਦੂਰ ਦੇ ਦਾਇਰੇ 'ਚ ਸੀ। ਨੇੜੇ ਤਾਂ ਨਾ ਹੋ ਸਕਿਆ ਕਿ ਮੇਰੇ ਤੇ ਉਹਦੇ ਸੁਭਾਵਾਂ ਤੇ ਸੋਚਾਂ 'ਚ ਕਾਫੀ ਫਾਸਲਾ ਸੀ। ਸਾਹਿਤਕਾਰੀ ਦੇ ਸ਼ੁਰੂ ਦੇ ਦਿਨਾਂ 'ਚ ਮੇਰੇ ਮਨ 'ਚ ਅਣਖੀ ਦੀ ਸ਼ਖਸੀਅਤ ਨਾ ਚੰਗੀ ਸੀ ਤੇ ਨਾ ਮਾੜੀ। ਅਸਲ 'ਚ ਮੈਨੂੰ ਉਹ ਗੌਲ਼ਿਆ ਜਾਣ ਵਾਲਾ ਲੇਖਕ ਲੱਗਦਾ ਹੀ ਨਹੀਂ ਸੀ। ਅਸੀਂ ਆਮ ਜਿਹੇ ਦੋਸਤਾਂ ਵਾਂਗ ਮਿਲਦੇ ਸੀ, ਜਿਵੇਂ ਪੰਜਾਬੀ ਦੇ ਏਸ ਨਿੱਕੇ ਜਿਹੇ ਘੇਰੇ 'ਚ ਅਸੀਂ ਥੋੜੇ ਜਿਹੇ ਤਾਂ ਹਾਂ।
ਅਣਖੀ ਦੇ ਤੁਰ ਜਾਣ ਤੋਂ ਪਹਿਲਾਂ ਦੇ ਕੁਝ ਸਾਲਾਂ 'ਚ ਸਾਡੇ ਵਿਚਕਾਰ ਕਾਫੀ ਨੇੜਤਾ ਆ ਗਈ ਸੀ। ਅਸੀਂ ਇਕ ਦੂਜੇ ਨੂੰ ਜਾਨਣ ਲੱਗ ਪਏ ਸੀ। ਤੇ ਹੁਣ ਉਹਦੇ ਤੁਰ ਜਾਣ ਦੇ ਮਹੀਨਾ ਕੁ ਬਾਅਦ ਮੈਂ ਉਹਦਾ ਵਿਅਕਤੀ ਚਿਤਰ ਲਿਖਣ ਲੱਗਿਆ ਤਾਂ ਮੇਰੇ ਸਾਹਮਣੇ ਉਹਦੇ ਮਾੜੇ ਪਹਿਲੂ ਬਹੁਤੇ ਉਜਾਗਰ ਹੋਏ। ਮੈਂ ਲਿਖਣੋਂ ਰੁਕ ਗਿਆ। ਸੋਚਾਂ ਕਿ ਮੈਂ ਪਿਛਲੇ ਛੇ ਕੁ ਵਰ੍ਹਿਆਂ ਤੋਂ ਕਿਸੇ ਵੀ ਲੇਖਕ ਤੇ ਉਹਦੀ ਰਚਨਾ ਨੂੰ ਮਾੜਾ ਨਾ ਲਿਖਣ ਦਾ ਫੈਸਲਾ ਕੀਤਾ ਹੋਇਆ ਏ। ਫੇਰ ਮੈਂ ਅਣਖੀ ਨੂੰ ਮਾੜਾ ਕਿਉਂ ਲਿਖਾਂ?
ਫੇਰ ਪੰਦਰਾਂ ਕੁ ਦਿਨਾਂ ਬਾਅਦ ਖਿਆਲ ਆਇਆ ਕਿ ਜੇ ਅਣਖੀ ਹਜ਼ਾਰਾਂ ਪਾਠਕਾਂ ਦਾ ਨਾਇਕ ਏ ਤੇ ਜੇ ਉਹ ਸਿਰਫ ਘਰਦਿਆਂ ਦਾ ਹੀ ਨਹੀਂ, ਸਗੋਂ ਸਾਰੇ ਪੰਜਾਬੀਆਂ ਦਾ ਏ ਤਾਂ ਉਹਦਾ ਨਿੱਜ ਵੀ ਸਭ ਲਈ ਏ। ਸਾਰੇ ਪੰਜਾਬੀ ਭਾਈਚਾਰੇ ਦਾ ਏ। ਉਹਦੇ ਬਾਰੇ ਚੰਗੀਆਂ ਮਾੜੀਆਂ ਸਾਰੀਆਂ ਗੱਲਾਂ ਦੱਸਣੀਆਂ ਤੇ ਲਿਖਣੀਆਂ ਚਾਹੀਦੀਆਂ ਨੇ।
1970 'ਚ ਜਦ ਮੈਂ 'ਲਕੀਰ' ਕੱਢਿਆ ਤਾਂ ਰਾਮ ਸਰੂਪ ਅਣਖੀ ਇਕ ਸ਼ਾਮ ਮੇਰੇ ਆਦਰਸ਼ ਨਗਰ ਵਾਲੇ ਕਿਰਾਏ ਦੇ ਘਰ 'ਚ ਆ ਗਿਆ। ਆਪਣੇ ਸੰਸਕਾਰਾਂ ਦੇ ਹਿਸਾਬ ਨਾਲ ਮੈਂ ਉਹਨੂੰ ਆਦਰ ਮਾਣ ਨਾਲ ਰਾਤ ਰੱਖ ਲਿਆ। ਰਾਤ ਨੂੰ ਦੇਰ ਤਕ ਗੱਲਾਂ ਕਰਦਿਆਂ ਮੈਨੂੰ ਲੱਗਿਆ ਕਿ ਬਰਨਾਲੇ ਦੇ ਪੇਂਡੂ ਮਾਹੌਲ ਦੀ ਸੋਚ ਵਾਲਾ ਇਹ ਸਿੱਧਾ ਤੇ ਸਧਾਰਨ ਜਿਹਾ ਬੰਦਾ ਏ। ਮੈਂ ਉਹਨਾਂ ਦਿਨਾਂ 'ਚ ਨਕਸਲੀ ਲਹਿਰ 'ਚ ਹਮਦਰਦਾਂ ਵਾਂਗ ਸਰਗਰਮ ਸੀ। ਬਹੁਤੇ ਨੌਜਵਾਨ ਕ੍ਰਾਂਤੀ ਦੀ ਅੱਗ 'ਚ ਮੱਚ ਰਹੇ ਸੀ। ਮੈਂ ਸਾਹਿਤਕਾਰਾਂ ਦੀ ਵਿੰਗੀ ਜਿਹੀ ਹਓਮੈ ਕਰ ਕੇ ਆਪਣੇ ਵਰਗਾ ਕਹਾਣੀਕਾਰ ਕਿਸੇ ਨੂੰ ਸਮਝਦਾ ਹੀ ਨਹੀਂ ਸੀ। ਜਦ ਮੈਂ ਅਣਖੀ ਨੂੰ ਪੁੱਛਿਆ ਕਿ ਤੂੰ ਕਿਉਂ ਲਿਖਦੈਂ, ਤਾਂ ਉਹ ਕਹਿੰਦਾ, ''ਬਸ, ਮਾੜੀ ਮੋਟੀ ਸ਼ੁਹਰਤ ਹੋ ਜਾਂਦੀ ਐ। ਚਾਰ ਪੈਸੇ ਮਿਲ ਜਾਂਦੇ ਨੇ।''
ਅਣਖੀ ਦੀ ਗੱਲ ਸੁਣ ਕੇ ਮੈਨੂੰ ਕਹਾਣੀਕਾਰ ਦੇਵਿੰਦਰ ਯਾਦ ਆ ਗਿਆ। ਉਹ ਉਹਨਾਂ ਦਿਨਾਂ 'ਚ ਰੇਡਿਓ ਸਟੇਸ਼ਨ, ਜਲੰਧਰ 'ਤੇ ਪ੍ਰੋਡਿਓਸਰ ਜਾਂ ਪੈਕਸ ਸੀ। ਉਹ ਜਦ ਵੀ ਮਿਲਦਾ, ਮੈਨੂੰ ਕਹਿੰਦਾ, ''ਖੰਨਵੀ ਯਾਰ ਰੇਡਿਓ ਵਾਸਤੇ ਵੀ ਕੁਝ ਲਿਖ ਦਿਆ ਕਰ। ਚਾਰ ਪੈਸੇ ਈ ਮਿਲ ਜਾਂਦੇ ਨੇ। ਬੱਚਿਆਂ ਦੇ ਬੂਟ ਸ਼ੂਟ ਆ ਜਾਂਦੇ ਨੇ।''...ਮੈਂ ਉਹਦੀ ਏਸ ਬੂਟ ਸ਼ੂਟ ਵਾਲੀ ਗੱਲ ਦਾ ਮਖੌਲ ਉਡਾਇਆ ਕਰਦਾ ਸੀ। ਸੋ, ਮੈਨੂੰ ਅਣਖੀ ਤੇ ਦੇਵਿੰਦਰ ਇੱਕੋ ਜਿਹੀ ਸੋਚ ਵਾਲੇ ਗਰੀਬੜੇ ਤੇ ਹੌਲੇ ਲੇਖਕ ਲੱਗੇ। ਉਹਨਾਂ ਦਿਨਾਂ 'ਚ ਅਣਖੀ ਆਮ ਜਿਹੇ ਅਖਬਾਰਾਂ ਤੇ ਆਮ ਜਿਹੇ ਰਸਾਲਿਆਂ 'ਚ ਛਪਦਾ ਹੁੰਦਾ ਸੀ। ਮੈਨੂੰ ਉਹਦੀ ਲਿਖਤ ਸਧਾਰਨ ਸੋਚ ਤੇ ਸ਼ੈਲੀ ਵਾਲੀ ਲੱਗਦੀ। ਕਿਤੇ ਗਹਿਰਾਈ ਨਹੀਂ ਸੀ ਲੱਭਦੀ। ਉਹ ਕਵਿਤਾ ਵੀ ਲਿਖਦਾ ਸੀ। ਉਹ ਵੀ ਆਮ ਜਿਹੀ।
ਮੈਂ ਵੀ ਖੰਨੇ ਵਰਗੇ ਛੋਟੇ ਸ਼ਹਿਰ ਦਾ ਬੰਦਾ ਸੀ। ਮੈਨੂੰ ਵੀ ਮਹਿਮਾਨ ਨਵਾਜ਼ੀ ਦਾ ਖਿਆਲ ਸੀ। ਏਸ ਲਈ ਮੈਂ ਅਣਖੀ ਦੀ ਕਿਸੇ ਵੀ ਗੱਲ ਦਾ ਚੁਭਵਾਂ ਜਵਾਬ ਨਹੀਂ ਦਿੱਤਾ। ਜੇ ਕੋਈ ਸ਼ਹਿਰ ਦਾ ਬੰਦਾ ਹੁੰਦਾ ਤਾਂ ਮੈਂ ਚੋਭਾਂ ਮਾਰ ਕੇ ਈ ਭਜਾ ਦੇਂਦਾ।
ਮੈਨੂੰ ਅਣਖੀ ਦੇ ਕਵੀ ਹੋਣ ਬਾਰੇ ਉਦੋਂ ਪਤਾ ਲੱਗਿਆ, ਜਦ ਉਹ ਬਹੁਤ ਸ਼ੁਰੂ ਦੇ ਦਿਨਾਂ 'ਚ ਪਟਿਆਲੇ ਦੀ ਸਰਕਾਰੀ ਲਾਇਬ੍ਰੇਰੀ 'ਚ ਹੋਏ ਸਾਹਿਤਕ ਸਮਾਗਮ ਦੇ ਵਿਚਕਾਰ ਬਾਹਰ ਲਾਅਨ 'ਚ ਮੇਰੇ ਕੋਲ ਆ ਬੈਠਿਆ ਸੀ। ਉਹਨੇ ਮੈਨੂੰ ਆਪਣੀ ਕਵਿਤਾ ਸੁਣਾਈ। ਫੇਰ ਅਸੀਂ ਲੁੱਚੀਆਂ ਬੋਲੀਆਂ ਦੀਆਂ ਗੱਲਾਂ ਕਰਨ ਲੱਗੇ ਤਾਂ ਉਹਨੇ ਖਜ਼ਾਨਾ ਈ ਲੁਟਾਓਣਾ ਸ਼ੁਰੂ ਕਰ ਦਿੱਤਾ। ਇਕ ਲੰਮੀ ਬੋਲੀ...'ਪਤੀਲਾ ਭਰਿਆ… ...ਵਿਚ ਸਿੱਟੀ ਨੂਣ ਦੀ ਡਲੀ'...ਵਾਲੀ ਮੈਂ ਉਹਦੇ ਹੱਥੋਂ ਆਪਣੀ ਡਾਇਰੀ 'ਚ ਲਿਖਵਾ ਲਈ।
ਉਹਦੀਆਂ ਕਈ ਕਿਤਾਬਾਂ ਛਪ ਚੁੱਕੀਆਂ ਸਨ, ਪਰ ਉਹਦੀ ਪਛਾਣ ਨਹੀਂ ਸੀ ਬਣੀ। ਪਛਾਣ ਉਦੋਂ ਬਣੀ ਜਦ ਕਿੰਨੇ ਈ ਵਰ੍ਹਿਆਂ ਬਾਅਦ ਜਸਵੰਤ ਸਿੰਘ ਵਿਰਦੀ ਤੇ ਰਾਮ ਸਰੂਪ ਅਣਖੀ ਹਿੰਦੀ ਦੇ ਨਵੀਂ ਕਹਾਣੀ ਦੇ ਇਕ ਚੰਗੇ ਗਰੁੱਪ ਦੇ ਲੀਡਰ ਕਮਲੇਸ਼ਵਰ ਦੀ ਸਮਾਨਾਂਤਰ ਕਹਾਣੀ ਨਾਂ ਦੇ ਕਿਸੇ ਗਰੁੱਪ 'ਚ ਸ਼ਾਮਲ ਹੋ ਗਏ। ਜੀਹਦੇ ਨਾਲ ਇਹਨਾਂ ਦੋਹਾਂ ਲੇਖਕਾਂ ਦੀਆਂ ਕਹਾਣੀਆਂ ਦੇ ਹਿੰਦੀ ਅਨੁਵਾਦ ਧੜਾਧੜ ਹਿੰਦੀ ਦੇ ਉਹਨਾਂ ਪਰਚਿਆਂ 'ਚ ਛਪਣ ਲੱਗੇ, ਜਿਨਾਂ ਦੇ ਸੰਪਾਦਕ ਕਮਲੇਸ਼ਵਰ ਆਪ ਤੇ ਜਾਂ ਉਹਦੇ ਗਰੁੱਪ ਦਾ ਕੋਈ ਕਹਾਣੀਕਾਰ ਸੀ। ਨੌਂ ਦਸ ਕੁ ਸਾਲ ਚੱਲੇ ਏਸ ਸਿਲਸਿਲੇ ਤੋਂ ਹਿੰਦੀ ਵਾਲਿਆਂ ਅਤੇ ਵਿਰਦੀ ਤੇ ਅਣਖੀ ਨੂੰ ਆਪਣੇ ਆਪ ਨੂੰ ਇਹ ਲੱਗਣ ਲੱਗ ਪਿਆ ਸੀ ਕਿ ਉਹੀ ਦੋ ਜਣੇ ਸਾਰੇ ਭਾਰਤ ਵਾਸਤੇ ਪੰਜਾਬੀ ਕਹਾਣੀ ਦੀ ਨੁਮਾਇੰਦਗੀ ਕਰਦੇ ਨੇ। ਹਿੰਦੀ ਵਾਲੇ ਵੀ ਇਹੀ ਸਮਝਦੇ ਰਹੇ ਕਿ ਪੰਜਾਬੀ ਕਹਾਣੀ ਇਹੋ ਈ ਏ। ਜਦਕਿ ਸਚਾਈ ਇਹ ਸੀ ਕਿ ਵਿਰਦੀ ਦੀ ਪੁੱਛ ਪੰਜ ਛੇ ਕਹਾਣੀਆਂ ਕਰ ਕੇ ਥੋੜੀ ਜਿਹੀ ਪਈ ਹੋਈ ਸੀ, ਪਰ ਅਣਖੀ ਸਿਰਫ ਆਪਣੇ ਬਰਨਾਲੇ ਦੇ ਇਲਾਕੇ ਤਕ ਸੀਮਤ ਸੀ।
ਅਣਖੀ ਆਪਣੀ ਹੈਸੀਅਤ ਨੂੰ ਪੰਜਾਬੀ 'ਚ ਫੈਲਾਓਣ ਵਾਸਤੇ ਅਖ਼ਬਾਰਾਂ ਤੇ ਸਾਹਿਤਕ ਪਰਚਿਆਂ ਦੇ ਸੰਪਾਦਕਾਂ ਨੂੰ ਮਿਲਦਾ ਰਹਿੰਦਾ ਸੀ। ਏਸ ਸੰਪਰਕ ਲਈ ਉਹ ਅਖਬਾਰਾਂ 'ਚ ਲੇਖ ਵੀ ਲਿਖਦਾ ਸੀ। ਉਹ ਆਪਣੇ ਅਖਬਾਰਾਂ ਦੇ ਏਸ ਸਿਲਸਿਲੇ 'ਚ 'ਮੈਂ ਤਾਂ ਬੋਲੂੰਗੀ' ਨਾਂ ਦੇ ਕਾਲਮ ਲਈ ਸਾਹਿਤਕਾਰਾਂ ਦੀਆਂ ਪਤਨੀਆਂ ਨਾਲ ਇੰਟਰਵਿਊ ਕਰਦਾ ਰਹਿੰਦਾ ਸੀ। ਉਹ ਮੇਰੇ ਘਰ ਵੀ ਆਇਆ, ਜਦ ਮੈਂ ਦਫਤਰ ਗਿਆ ਹੋਇਆ ਸੀ। ਫੇਰ ਉਹ 'ਸਾਡੇ ਕਹਾਣੀਕਾਰ' ਨਾਂ ਦੇ ਕਾਲਮ ਲਈ ਲੇਖਕਾਂ ਬਾਰੇ ਲਿਖਦਾ ਰਹਿੰਦਾ ਸੀ। ਜਦ ਉਹਨੇ ਮੇਰੇ ਬਾਰੇ ਲਿਖਿਆ ਤਾਂ ਮੈਨੂੰ ਲੱਗਿਆ ਕਿ ਏਸ ਬੰਦੇ ਨੇ ਨਾ ਮੇਰੀਆਂ ਕਹਾਣੀਆਂ ਪੜ੍ਹੀਆਂ ਨੇ ਤੇ ਨਾ ਈ ਉਹਨਾਂ ਨੂੰ ਸਮਝਿਆ ਏ। ਬਸ ਵਿਸ਼ੇਸ਼ਣਾਂ ਦੇ ਆਸਰੇ ਤੇ ਇੰਟਰਵਿਊ ਕਰ ਕੇ ਏਡਾ ਲੇਖ ਲਿਖ ਦਿੱਤਾ ਏ। ਅਜਿਹੇ ਲੇਖਾਂ ਤੋਂ ਉਹਨੂੰ ਉਦੋਂ ਪੰਜਾਹ ਜਾਂ ਸੱਠ ਰੁਪਏ ਮਿਲਦੇ ਹੋਣਗੇ। ਜਿਨ੍ਹਾਂ ਨਾਲ ਉਹਦੀ ਸ਼ੁਹਰਤ ਤੇ ਚਾਰ ਪੈਸਿਆਂ ਦੀ ਭੁੱਖ ਜ਼ਰੂਰ ਪੂਰੀ ਹੁੰਦੀ ਹੋਵੇਗੀ।
ਫੇਰ ਜਦ ਅਣਖੀ ਨੂੰ ਉਹਦੇ ਨਾਵਲ 'ਕੋਠੇ ਖੜਕ ਸਿੰਘ' 'ਤੇ ਸਾਹਿਤ ਅਕਾਦਮੀ ਦਾ ਐਵਾਰਡ ਮਿਲਿਆ ਤਾਂ ਮੈਨੂੰ ਬੜੀ ਜਲਣ ਹੋਈ। ਪਰ ਮੈਂ ਇਹ ਮੰਨਦਾ ਸੀ ਕਿ ਅਣਖੀ ਏਨਾ ਜੁਗਾੜੀ ਨਹੀਂ ਕਿ ਦਿੱਲੀ ਦੇ ਸਾਹਿਤਕ ਲੀਡਰਾਂ ਤਕ ਪਹੁੰਚ ਕਰ ਸਕਿਆ ਹੋਵੇ। ਇਹਦੇ ਪਿੱਛੇ ਉਹਦੇ ਨਾਵਲ ਦੇ ਗੁਣ ਵੀ ਹੋ ਸਕਦੇ ਨੇ ਤੇ ਤੀਰ ਤੁੱਕਾ ਵੀ। ਫੇਰ ਉਹਨੇ ਅੱਗਾ ਪਿੱਛਾ ਦੇਖੇ ਬਿਨਾਂ ਨਾਵਲ ਤੇ ਨਾਵਲ ਲਿਖਣੇ ਸ਼ੁਰੂ ਕਰ ਦਿੱਤੇ। ਜਿਹੜੇ ਪੜ੍ਹੇ ਤੇ ਵਿਕਣ ਲੱਗ ਪਏ। ਫੇਰ ਉਹਨੂੰ ਸ਼ੁਹਰਤ ਵੀ ਬੜੀ ਮਿਲੀ ਤੇ ਪੈਸਾ ਵੀ। ਉਹ ਰਿਟਾਇਰ ਹੋਇਆ ਤਾਂ ਬਰਨਾਲੇ ਵੱਡਾ ਫੰਕਸ਼ਨ ਹੋਇਆ। ਉਹ ਸੱਤਰਾਂ ਜਾਂ ਪੰਝੱਤਰਾਂ ਦਾ ਹੋਇਆ ਤਾਂ ਵੀ ਫੰਕਸ਼ਨ ਕੀਤਾ ਬਰਨਾਲੇ ਵਾਲਿਆਂ ਨੇ। ਇਹ ਪਿੰਡਾਂ ਦੇ ਇਲਾਕੇ ਦੀ ਚੰਗੀ ਰੀਤ ਏ ਕਿ ਜਦ ਵੀ ਉਥੋਂ ਕੋਈ ਭਲਵਾਨ ਉੱਠਦਾ ਏ ਤਾਂ ਉਹਨੂੰ ਆਪਣਾ ਸਮਝ ਕੇ ਵਡਿਆਉਂਦੇ ਤੇ ਸਹਾਇਤਾ ਦੇ ਥਾਪੜੇ ਦੇਂਦੇ ਨੇ।
ਏਸ ਦੌਰਾਨ 'ਚ ਜਸਵੰਤ ਸਿੰਘ ਵਿਰਦੀ ਨੇ ਛੇ ਸੌ ਕਹਾਣੀਆਂ ਲਿਖੀਆਂ ਤੇ ਅਣਖੀ ਨੇ ਲੱਗਭਗ ਚਾਰ ਸੌ। ਜਿਨ੍ਹਾਂ ਵਿਚੋਂ ਢਾਈ ਸੌ ਹਿੰਦੀ ਦੇ ਪਰਚਿਆਂ 'ਚ ਛਪ ਚੁੱਕੀਆਂ ਨੇ। ਪਰ ਪੰਜਾਬੀ 'ਚ ਇਹਨਾਂ ਦੋਹਾਂ ਕਹਾਣੀਕਾਰਾਂ ਨੂੰ ਕਹਾਣੀ ਦੀ ਵਿਧਾ 'ਚ ਏਨੀ ਵਡਿਆਈ ਨਹੀਂ ਮਿਲੀ।
ਮੈਂ ਅਣਖੀ ਦੀਆਂ ਕੁਝ ਕਹਾਣੀਆਂ ਪੜ੍ਹੀਆਂ ਸਨ। ਮੈਨੂੰ ਲੱਗਦਾ ਕਿ ਇਹਦੇ 'ਚ ਇਕ ਵੱਡਾ ਗੁਣ ਸਾਦਗੀ ਏ। ਉਹ ਆਮ ਜਿਹੇ ਸੁਣੇ ਕਿੱਸਿਆਂ ਨੂੰ ਲਿਖ ਦੇਂਦਾ ਏ। ਪਰ ਮੈਂ ਉਹਦਾ ਕੋਈ ਨਾਵਲ ਨਹੀਂ ਸੀ ਪੜ੍ਹਿਆ। ਜਦ ਮੈਂ ਲੋਕਗੀਤ ਪ੍ਰਕਾਸ਼ਨ ਲਈ ਪ੍ਰਤੀਨਿਧ ਕਹਾਣੀਆਂ ਦਾ ਸੰਗ੍ਰਹਿ ਤਿਆਰ ਕਰ ਰਿਹਾ ਸੀ ਤਾਂ ਮੈਨੂੰ ਅਣਖੀ ਦਾ ਖਿਆਲ ਆਇਆ। ਮੈਂ ਉਹਨੂੰ ਉਹਦੀਆਂ ਕੁਝ ਚੰਗੀਆਂ ਕਹਾਣੀਆਂ ਦੇ ਨਾਂ ਪੁੱਛੇ। ਉਹਨੇ ਆਪਣੀਆਂ ਚੋਣਵੀਆਂ ਕਹਾਣੀਆਂ ਦੀ ਪੁਸਤਕ 'ਚਿੱਟੀ ਕਬੂਤਰੀ' ਭੇਜ ਦਿੱਤੀ। ਮੈਂ ਸੱਠ ਕੁ ਕਹਾਣੀਆਂ ਪੜ੍ਹੀਆਂ, ਪਰ ਕੋਈ ਜਚੀ ਨਾ। ਅੰਤ ਨੂੰ ਸਾਢੇ ਚਾਰ ਸੌ ਕਹਾਣੀ ਲਿਖਣ ਵਾਲੇ ਤੇ ਆਪਣੇ ਨਾਵਲ 'ਕੋਠੇ ਖੜਕ ਸਿੰਘ' 'ਤੇ ਸਾਹਿਤਯ ਅਕਾਦਮੀ ਐਵਾਰਡ ਲੈਣ ਵਾਲੇ ਲੇਖਕ ਦੀ ਉਹ ਕਹਾਣੀ ਲੈ ਲਈ, ਜਿਹੜੀ ਉਹਨੇ ਆਪਣੀ ਪਤਨੀ ਦੇ ਗੁਜ਼ਰਨ 'ਤੇ 'ਔਰਤ ਦੇ ਵਿਗੋਚੇ ਦੇ ਦਰਦ' ਬਾਰੇ ਲਿਖੀ ਸੀ।
ਉਹਦੀਆਂ ਕਹਾਣੀਆਂ ਪੜ੍ਹ ਕੇ ਮੈਨੂੰ ਏਸ ਗੱਲ ਨੇ ਹੈਰਾਨ ਕੀਤਾ ਕਿ ਉਹਦਾ ਇਕ ਵੀ ਪਾਤਰ ਬ੍ਰਾਹਮਣ ਨਹੀਂ ਸੀ, ਜਿਹੜਾ ਹਿੰਦੂ ਸੰਸਕਾਰਾਂ ਤੇ ਸ਼ਾਸਤਰਾਂ ਬਾਰੇ ਥੋੜ੍ਹਾ ਬਹੁਤਾ ਵੀ ਜਾਣਦਾ ਹੁੰਦਾ। ਕਿਸੇ ਕਰਮਕਾਂਡੀ ਬ੍ਰਾਹਮਣ ਪਾਤਰ ਦੇ ਹੋਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਹਾਂ, ਉਂਜ ਅਜਿਹੇ ਪਾਤਰ ਮਿਲੇ, ਜਿਨ੍ਹਾਂ ਨੂੰ ਪਿੰਡ ਦੇ ਲੋਕ 'ਬਾਹਮਣ' ਕਹਿੰਦੇ ਨੇ ਤੇ ਜਿਹੜੇ ਜੱਟਾਂ ਤੇ ਹੋਰ ਖੱਤਰੀਆਂ ਬਾਣੀਆਂ ਦੇ ਘਰੋਂ ਹੰਧੇ ਲੈਂਦੇ ਤੇ ਸ਼ਰਾਧ ਖਾਂਦੇ ਨੇ। ਉਹ ਪਾਤਰ ਗਰੀਬ ਜੱਟਾਂ ਵਰਗੇ ਨੇ। ਉਂਜ ਵੀ ਪੰਜਾਬ 'ਚ ਸਿੱਖ ਧਰਮ ਤੇ ਆਰੀਆ ਸਮਾਜ ਦੇ ਪਰਚਾਰ ਕਰ ਕੇ ਬ੍ਰਾਹਮਣ ਉੱਚੀ ਜਾਤ ਨਹੀਂ ਰਹੀ। ਉਹਨੂੰ ਜੱਟ ਜ਼ਲੀਲ ਕਰਨ ਲਈ 'ਮੰਗ-ਖਾਣੀ ਜਾਤ' ਕਹਿਣ ਲੱਗ ਪਏ ਨੇ। ਮੈਂ ਕਿਸੇ ਨੂੰ ਕਹਿ ਕੇ ਇੰਟਰਵਿਊ 'ਚ ਅਣਖੀ ਕੋਲੋਂ ਇਹ ਸਵਾਲ ਪੁੱਛਿਆ ਤਾਂ ਉਹ ਕਹਿੰਦਾ ਕਿ ਉਹਦੇ ਬ੍ਰਾਹਮਣ ਪਾਤਰ ਵੀ ਜੱਟ ਸੱਭਿਆਚਾਰ ਵਾਲੇ ਨੇ। ਉਹਨਾਂ ਦਾ ਆਪਣਾ ਕੋਈ ਜੁਦਾ ਸੱਭਿਆਚਾਰ ਨਹੀਂ। ਮੈਂ ਅਣਖੀ ਦੇ ਬਾਪ ਦੀ ਫੋਟੋ ਦੇਖੀ ਤਾਂ ਉਹ ਬੇਹੱਦ ਗਰੀਬੜਾ ਜਿਹਾ ਬ੍ਰਾਹਮਣ ਦਿਸਦਾ ਸੀ। ਮਾਲਵੇ ਦੇ ਇਲਾਕੇ 'ਚ ਬਹੁਤੀਆਂ ਜ਼ਮੀਨਾਂ ਵਾਲੇ ਜੱਟ ਮਾਮਲਾ ਤਾਰਨ ਤੋਂ ਡਰਦੇ ਬਰਾਨੀ ਜ਼ਮੀਨ ਬ੍ਰਾਹਮਣ ਨੂੰ ਦਾਨ ਕਰ ਦੇਂਦੇ ਸੀ। ਜਿਸ 'ਤੇ ਮਾਮਲਾ ਨਹੀਂ ਸੀ ਲੱਗਦਾ।
 ਇਕ ਟੀ. ਵੀ. ਇੰਟਰਵਿਊ 'ਚ ਅਣਖੀ ਆਤਮ ਵਿਸ਼ਵਾਸ ਨਾਲ ਭਰਿਆ ਆਪਣੇ ਪੂਰੇ ਜਲੌਅ 'ਚ ਬੋਲਦਾ ਸੀ। ਉਹ ਬੋਲਣ ਵੇਲੇ ਝਿਜਕਦਾ ਨਹੀਂ ਸੀ। ਏਸੇ ਲਈ ਉਹਨੇ ਕਿਹਾ ਸੀ ਕਿ ਆਦਮੀ ਤੀਵੀਂ ਦੇ ਵਿਚਕਾਰ ਸਿਰਫ ਸੈਕਸ ਦਾ ਰਿਸ਼ਤਾ ਹੁੰਦਾ ਏ। ਇਹ ਪਿਆਰ ਪਿਊਰ ਕੁਝ ਨਹੀਂ ਹੁੰਦਾ। ਮਾਨਾਂ ਸਨਮਾਨਾਂ ਬਾਰੇ ਬੋਲਦਿਆਂ ਉਹਨੇ ਲੋਈ ਦੇਣ ਵਾਲਿਆਂ ਦੀ ਨਿੰਦਿਆ ਕਰਦਿਆਂ ਕਿਹਾ ਸੀ ਕਿ ਮੇਰਾ ਘਰ ਭਰ ਗਿਐ ਲੋਈਆਂ ਨਾਲ। ਹੁਣ ਮੇਰਾ ਦਿਲ ਕਰਦੈ ਬਈ ਇਹ ਲੋਈਆਂ ਦੇਣ ਵਾਲਿਆਂ ਦੀ ਮੌਤ ਵੇਲੇ ਉੱਤੇ ਪਾ ਆਇਆ ਕਰਾਂ। ਇਹ ਸ਼ੀਲਡਾਂ, ਟਊਏ ਜਿਹੇ ਮੈਂ ਚੁਲ੍ਹੇ 'ਚ ਪਾ ਕੇ ਫੂਕ ਦੇਂਦਾ ਹਾਂ। ਮੈਨੂੰ ਤਾਂ ਪੈਸਿਆਂ ਵਾਲਾ ਸਨਮਾਨ ਹੀ ਚੰਗਾ ਲੱਗਦਾ ਹੈ।
ਆਪਣੀ ਏਸੇ ਭੁੱਖ ਦੀ ਪੂਰਤੀ ਲਈ ਉਹਨੇ ਪਹਿਲਾਂ ਆਪਣੀ ਰਿਟਾਇਰਮੈਂਟ ਦਾ ਦਿਨ ਤੇ ਫੇਰ ਆਪਣਾ 75ਵਾਂ ਜਨਮ ਦਿਨ ਬਹੁਤ ਭਾਰੀ ਕੱਠ ਕਰਾ ਕੇ ਮਨਾਇਆ। ਉਹ ਆਪਣੇ ਪਰਚੇ ਵਾਸਤੇ ਏਨੇ ਪੈਸੇ ਕੱਠੇ ਕਰ ਲੈਂਦਾ ਸੀ ਕਿ ਉਹਦਾ ਮੋਟੇ ਵਿਆਜ 'ਤੇ ਦਿੱਤਾ ਸਵਾ ਦੋ ਲੱਖ ਰੁਪਿਆ ਲੈ ਕੇ ਕੋਈ ਬੰਦਾ ਨੱਠ ਗਿਆ ਸੀ। ਉਹ ਸਾਧਾਂ ਤੇ ਮਹੰਤਾਂ ਕੋਲੋਂ ਵੀ ਪੈਸਾ ਮੰਗ ਲਿਆਉਂਦਾ ਸੀ। ਉਹ ਪੈਸੇ ਮੰਗਣ ਲੱਗਿਆਂ ਕਿਸੇ ਤੋਂ ਸ਼ਰਮ ਨਹੀਂ ਸੀ ਕਰਦਾ। ਮੈਨੂੰ ਮੋਹਨ ਭੰਡਾਰੀ ਨੇ ਦੱਸਿਆ ਕਿ ਇਕ ਵਾਰ ਮੈਂ ਉਹਦਾ ਪਰਚਾ ਨਾ ਮਿਲਣ ਦੀ ਸ਼ਿਕਾਇਤ ਕੀਤੀ ਤਾਂ ਕਹਿੰਦਾ ਕਿ ਚੰਦਾ ਭੇਜ ਦਿਓ, ਪਰਚਾ ਮਿਲ ਜਾਊਗਾ। ਅਸਲ 'ਚ ਅਣਖੀ ਸਾਡੀ ਓਸ ਪੁਰਾਣੀ ਪੀੜ੍ਹੀ ਦੀ ਮਾਨਸਿਕਤਾ ਵਾਲਾ ਬੰਦਾ ਸੀ, ਜਿਹੜੀ ਸਾਰੀ ਉਮਰ ਭੁੱਖ ਨੰਗ ਨਾਲ ਹੀ ਲੜਦੀ ਰਹੀ। ਹਾਲਾਂ ਕਿ ਉਹਨੇ ਨਵੀਂ ਕਾਰ ਲੈ ਲਈ ਸੀ, ਪਰ ਦਿਲ ਦੀ ਗਰੀਬੀ ਨਹੀਂ ਸੀ ਗਈ।
ਅਣਖੀ ਅਖੀਰਲੀ ਉਮਰ 'ਚ ਮੇਰੇ ਘਰ ਦੋ ਰਾਤਾਂ ਰਹਿ ਕੇ ਗਿਆ। ਜਨਾਨੀਆਂ ਦੀਆਂ ਗੱਲਾਂ ਕਰਨ 'ਚ ਬਦਨਾਮ ਹੋਣ ਕਰ ਕੇ ਉਹ ਰਾਤ ਨੂੰ ਮੇਰੇ ਨਾਲ ਇਹ ਗੱਲਾਂ ਕਰਦਾ ਰਿਹਾ। ਮੈਂ ਉਹਨੂੰ ਬਲਿਊ ਫਿਲਮ ਵਿਖਾਈ। ਉਹ ਬਾਗੋ ਬਾਗ ਹੋ ਗਿਆ। ਜਾ ਕੇ ਉਹਨੇ ਮੈਨੂੰ ਫੋਨ ਕੀਤਾ, ''ਤੈਂ ਇਕ ਰਾਤ 'ਚ ਹੀ ਮੈਨੂੰ ਜਵਾਨ ਕਰ 'ਤਾ। ਹੁਣ ਤਾਂ ਜਦ ਕਮਜ਼ੋਰੀ ਮਹਿਸੂਸ ਹੋਈ ਤਾਂ ਮੈਂ ਤੇਰੇ ਕੋਲ ਆ ਜਾਇਆ ਕਰੂੰਗਾ।''
ਉਹ ਮੈਨੂੰ ਮਿਲਣ ਹਿੰਦ ਸਮਾਚਾਰ ਦੇ ਦਫਤਰ 'ਚ ਕਈ ਵਾਰ ਆਇਆ। ਮੈਨੂੰ ਕਿਸੇ ਸਾਹਿਤਕਾਰ ਦਾ ਅਖਬਾਰ ਦੇ ਦਫਤਰ 'ਚ ਆਓਣਾ ਚੰਗਾ ਨਹੀਂ ਸੀ ਲੱਗਦਾ। ਮੈਂ ਇਕ ਵਾਰ ਉਹਨੂੰ ਖੁਸ਼ ਕਰਨ ਨੂੰ ਇਕ ਲਿਫਾਫਾ ਫੜਾ ਕੇ ਕਿਹਾ, ''ਇਹਨੂੰ ਝੋਲੇ 'ਚ ਲਕੋ ਲੈ। ਇਹ ਬੜੇ ਸਿਆਣੇ ਹਕੀਮ ਦਾ ਤਿਆਰ ਕੀਤਾ ਨੁਸਖਾ ਏ।...ਅਸਲ 'ਚ ਇਕ ਇਸ਼ਤਿਹਾਰ ਮਾਲਵੇ ਦੇ ਇਲਾਕੇ ਤੋਂ ਕਿਸੇ ਹਕੀਮ ਜੀ ਦਾ ਛਪਦਾ ਸੀ। ਉਹ ਹਕੀਮ ਦੂਜੇ ਤੀਜੇ ਮਹੀਨੇ ਹਿੰਦ ਸਮਾਚਾਰ ਦੇ ਦਫਤਰ 'ਚ ਆ ਕੇ ਉਰਦੂ ਡੈਸਕ ਦੇ ਪਿਛਲੇ ਪਾਸੇ ਕਾਤਿਬ ਸਾਹਿਬਾਨ ਦੇ ਨਾਲ ਬੈਠ ਕੇ ਗੱਲਾਂ ਕਰਦਾ ਰਹਿੰਦਾ ਸੀ। ਉਰਦੂ ਦੇ ਸਾਰੇ ਐਡੀਟਰ ਤੇ ਕਾਤਿਬ ਪੰਜਾਹੋਂ ਟੱਪੇ ਹੋਏ ਸਨ। ਸਭ ਨੂੰ ਉਹਦੀ ਦਵਾਈ ਦੀ ਲੋੜ ਸੀ। ਓਸ ਹਕੀਮ ਦੇ ਇਸ਼ਤਿਹਾਰ 'ਚ ਤਿੰਨ ਕੋਰਸਾਂ ਦਾ ਜ਼ਿਕਰ ਹੁੰਦਾ ਸੀ। ਚਾਂਦੀ ਵਾਲਾ, ਸੋਨੇ ਵਾਲਾ ਤੇ ਹੀਰੇ ਮੋਤੀਆਂ ਵਾਲਾ। ਅਸੀਂ ਮਖੌਲ 'ਚ ਪੁੱਛਦੇ ਕਿ ਇਹਨਾਂ ਦੇ ਕੰਮ 'ਚ ਕੀ ਫਰਕ ਏ? ਹਕੀਮ ਵੀ ਮਖੌਲ 'ਚ ਗੱਲਾਂ ਕਰਦਾ ਰਹਿੰਦਾ। ਇਕ ਵਾਰ ਉਹ ਸੱਚੀਂ ਮੁੱਚੀਂ ਆਪਣੇ ਝੋਲੇ 'ਚ ਕੋਰਸਾਂ ਦੀਆਂ ਪੁੜੀਆਂ ਲੈ ਆਇਆ ਤੇ ਪ੍ਰਸ਼ਾਦ ਵਜੋਂ ਸਭ ਨੂੰ ਇਕ-ਇਕ ਪੁੜੀ ਚਾਂਦੀ ਜਾਂ ਸੋਨੇ ਵਾਲੇ ਕੋਰਸ ਦੀ ਦਿੱਤੀ। ਅਣਖੀ ਨੂੰ ਮੈਂ ਉਹੀ ਸੋਨੇ ਵਾਲਾ ਕੋਰਸ ਦੇ ਦਿੱਤਾ ਸੀ। ਉਹਨੇ ਮਲਕ ਦੇਣੀ ਆਪਣੇ ਝੋਲੇ 'ਚ ਪਾ ਲਿਆ। ਹੁਣ ਸਾਡੇ ਵਿਚਕਾਰ ਓਸ ਕੋਰਸ ਦੇ ਅਸਰ ਬਾਰੇ ਮਖੌਲ ਕਈ ਸਾਲ ਚੱਲਦਾ ਰਿਹਾ।
ਉਹਨੂੰ ਆਪਣੇ ਨਵੇਂ ਵਿਆਹ ਦੇ ਸੁਖ ਦਾ ਵੀ ਅਹਿਸਾਸ ਸੀ ਤੇ ਪਛਤਾਵਾ ਵੀ ਸੀ। ਉਹਨੂੰ ਲੱਗਾ ਸੀ ਕਿ ਐਵੇਂ ਪੰਗਾ ਲੈ ਹੋ ਗਿਆ। ਸ਼ਾਇਦ ਉਹ ਧੀਆਂ ਦੀ ਕਬੀਲਦਾਰੀ ਤੋਂ ਦੁਖੀ ਸੀ। ਇਕ ਵਾਰੀ ਮੈਂ ਉਹਦੇ ਘਰ ਫੋਨ ਕੀਤਾ ਤਾਂ ਉਹਦੀ ਬੇਟੀ ਨੇ ਰਿਸੀਵਰ ਚੱਕ ਲਿਆ। ਉਹ ਐਮ.ਏ. ਤੇ ਮਾਸ ਕਮਿਊਨੀਕੇਸ਼ਨ ਦਾ ਕੋਰਸ ਤੇ ਬੀਐਡ ਕਰ ਕੇ ਘਰ ਹੀ ਬੈਠੀ ਸੀ। ਜਦ ਮੈਂ ਪੁੱਛਿਆ ਕਿ ਕੋਈ ਕੰਮ ਕਿਉਂ ਨਹੀਂ ਕਰਦੀ ਤਾਂ ਉਹਦਾ ਜਵਾਬ ਸੀ ਕਿ ਭਾਪਾ ਜੀ ਕਰਨ ਨਹੀਂ ਦੇਂਦੇ। ਮੈਂ ਉਹਨੂੰ ਜਲੰਧਰ ਬੁਲਾ ਕੇ ਕਿਸੇ ਅਖਬਾਰ ਦੇ ਨਿਊਜ਼ ਡੈਸਕ 'ਤੇ ਬਹਾਣਾ ਚਾਹੁੰਦਾ ਸੀ। ਜਿਥੇ ਕੰਮ ਕਰ ਕੇ ਭਾਵੇਂ ਬਹੁਤਾ ਪੈਸਾ ਨਾ ਮਿਲੇ, ਪਰ ਜ਼ਿੰਦਗੀ ਦਾ ਤਜਰਬਾ ਜ਼ਰੂਰ ਮਿਲੇ। ਇਹ ਬੜੀ  ਕੀਮਤੀ ਚੀਜ਼ ਹੁੰਦੀ ਏ। ਉਹਦਾ ਉਹੀ ਇਕ ਜਵਾਬ ਕਿ ਭਾਪਾ ਜੀ ਕੁਸ਼ ਕਰਨ ਏ ਨਹੀਂ ਦੇਂਦੇ। ਮੈਂ ਕਿਹਾ ਕਿ ਤੂੰ ਬਰਨਾਲੇ ਬੂਟਾ ਸਿੰਘ ਚੌਹਾਨ ਦੇ ਅਖਬਾਰੀ ਦਫਤਰ ਜਾ ਕੇ ਖਬਰਾਂ ਠੀਕ ਕਰਨ ਦਾ ਕੰਮ ਹੀ ਕਰਨ ਲੱਗ ਜਾਹ। ਤਾਂ ਉਹ ਚੁੱਪ ਹੀ ਕਰ ਗਈ। ਪੁੱਛਣ ਤੇ ਫੇਰ ਕਿਹਾ ਕਿ ਭਾਪਾ ਜੀ ਘਰੋਂ ਹੀ ਨਹੀਂ ਜਾਣ ਦੇਂਦੇ।
ਅਸਲ 'ਚ ਅਣਖੀ ਪੱਛੜੇ ਇਲਾਕੇ ਦਾ ਪੱਛੜੀ ਸੋਚ ਵਾਲਾ ਬੰਦਾ ਈ ਸੀ। ਉਹਦਾ ਹਰੇਕ ਵਿਹਾਰ ਪੇਂਡੂ ਤੇ ਅਣਪੜ੍ਹਾਂ ਵਾਲਾ ਸੀ। ਜਦ ਉਹਨੇ ਮੈਨੂੰ ਪੇਸ਼ਾਬ 'ਚ ਰੁਕਾਵਟ ਦੀ ਗੱਲ ਦੱਸੀ ਤਾਂ ਮੈਂ ਉਹਨੂੰ ਪ੍ਰੋਸਟ੍ਰੇਟ ਗਲੈਂਡ ਦਾ ਔਪ੍ਰੇਸ਼ਨ ਕਰਾਓਣ ਦਾ ਆਪਣਾ ਅਨੁਭਵ ਦੱਸਿਆ। ਉਹ ਬਰਨਾਲੇ ਦੇ ਹਕੀਮਾਂ ਤੇ ਡਾਕਟਰਾਂ ਤੋਂ ਗੋਲੀਆਂ ਲੈ ਕੇ ਵਕਤ ਟਪਾਉਂਦਾ ਰਿਹਾ। ਜਦ ਹਾਲਤ ਜ਼ਿਆਦਾ ਖਰਾਬ ਹੋ ਗਈ ਤਾਂ ਮੇਰੇ ਕਹਿਣ 'ਤੇ ਔਪ੍ਰੇਸ਼ਨ ਕਰਾਓਣ ਨੂੰ ਤਿਆਰ ਹੋ ਗਿਆ। ਮੈਂ ਕਿਹਾ ਕਿ ਅਪ੍ਰੇਸ਼ਨ ਲੁਧਿਆਣੇ ਜਾਂ ਪਟਿਆਲੇ ਤੋਂ ਕਰਾਈਂ। ਪਰ ਉਹ ਇਹ ਕਹਿ ਕੇ ਬਰਨਾਲੇ ਦੇ ਹਸਪਤਾਲ ਚਲਿਆ ਗਿਆ ਕਿ ਏਥੇ ਵੀ ਡਾਕਟਰ ਲੁਧਿਆਣੇ ਤੋਂ ਈ ਆਉਂਦਾ ਹੈ। ਜਿਸ ਦਾ ਨਤੀਜਾ ਇਹ ਹੋਇਆ ਕਿ ਉਹਨੂੰ ਤਿੰਨ ਮਹੀਨੇ ਪੇਸ਼ਾਬ ਜਲਣ ਨਾਲ ਆਉਂਦਾ ਰਿਹਾ। ਉਹ ਪਹਿਲਾਂ ਅੰਗ੍ਰੇਜ਼ੀ ਦਵਾਈਆਂ ਤੇ ਫੇਰ ਦੇਸੀ ਤੇ ਹੋਮਿਓਪੈਥੀ ਦੀਆਂ ਗੋਲੀਆਂ ਖਾ ਕੇ ਗੁਜ਼ਾਰਾ ਕਰਦਾ ਰਿਹਾ। ਤਕਲੀਫ ਫੇਰ ਵੀ ਰਹੀ।
ਫੇਰ ਉਹਨੇ ਮੈਨੂੰ ਦੱਸਿਆ ਕਿ ਉਹਦੇ ਦਰਦ ਜਿਹਾ ਹੁੰਦਾ ਰਹਿੰਦਾ ਏ, ਕਦੇ ਪੇਟ 'ਚ ਤੇ ਕਦੇ ਵੱਖੀ ਵਿਚ ਨੂੰ। ਇਹ ਪਤਾ ਨਹੀਂ ਕਾਹਦਾ ਏ। ਮੈਂ ਕਿਹਾ ਕਿ ਇਹਦੇ ਲਈ ਤਾਂ ਸੀ. ਟੀ. ਸਕੈਨ ਕਰਾਓਣਾ ਪੈਂਦਾ ਏ। ਕਰਾ ਕੇ ਪਤਾ ਕਰ ਲੈ। ਪਰ ਏਸ ਤੋਂ ਮੈਂ ਵੀ ਡਰਦਾ ਹਾਂ। ਪਤਾ ਨਹੀਂ ਇਹ ਕਿਥੇ-ਕਿਥੇ ਕਿਸੇ ਬਿਮਾਰੀ ਦੀ ਸੂਚਨਾ ਦੇ ਦੇਵੇ। ਮੈਂ ਉਹਨੂੰ ਕਿਹਾ ਕਿ ਇਹ ਟੈਸਟ ਤਾਂ ਬੇਸ਼ਕ ਨਾ ਕਰਾ, ਪਰ ਕਿਸੇ ਸਿਆਣੇ ਡਾਕਟਰ ਤੋਂ ਚੈਕ-ਅੱਪ ਜ਼ਰੂਰ ਕਰਾ ਲੈ। ਪਰ ਉਹ ਪੇਂਡੂ ਮਾਨਸਿਕਤਾ ਦਾ ਬੰਦਾ ਕਿਸੇ ਡਾਕਟਰ ਕੋਲ ਜਾਣ ਦੀ ਬਜਾਏ ਬਰਨਾਲੇ ਦੇ ਕਿਸੇ ਹਕੀਮ ਜਾਂ ਹੋਮਿਓਪੈਥ ਦੀਆਂ ਸਸਤੀਆਂ ਗੋਲੀਆਂ ਖਾਣਾ ਪਸੰਦ ਕਰਦਾ ਸੀ।
 ਅਣਖੀ ਨੇ ਮੈਨੂੰ ਇਕ ਵਾਰ ਰਾਤ ਨੂੰ ਗੱਲਾਂ ਕਰਦੇ ਨੇ ਦੱਸਿਆ ਕਿ ਉਹਤੋਂ ਕਿਸੇ ਦੀ ਚੁਭਵੀਂ ਕਹੀ ਗੱਲ ਭੁੱਲਦੀ ਹੀ ਨਹੀਂ। ਉਹ ਕਦੇ ਨਾ ਕਦੇ ਬਦਲਾ ਲੈਣ ਦਾ ਮੌਕਾ ਲੱਭਦਾ ਏ।...ਉਹ ਆਪਣੇ ਪਰਚੇ 'ਕਹਾਣੀ ਪੰਜਾਬ' 'ਚ ਅਜਿਹੀਆਂ ਚਿੱਠੀਆਂ ਛਾਪਦਾ ਰਹਿੰਦਾ ਸੀ, ਜਿਨ੍ਹਾਂ ਦਾ ਪਰਚੇ ਦੇ ਮੈਟਰ ਨਾਲ ਕੋਈ ਸੰਬੰਧ ਹੀ ਨਹੀਂ ਸੀ ਹੁੰਦਾ। ਜਿਵੇਂ ਉਹਦੇ ਨਾਵਲ ਪੜ੍ਹ ਕੇ ਆਈ ਕਿਸੇ ਪਾਠਕ ਦੀ ਚਿੱਠੀ। ਜਦ ਉਹਦੇ ਨਾਲ ਗੁਰਬਚਨ ਸਿੰਘ ਭੁੱਲਰ ਕੰਮ ਕਰਦਾ ਸੀ ਤਾਂ ਉਹ ਵੀ ਅਜਿਹੀਆਂ ਚਿੱਠੀਆਂ ਛਪਵਾਂਦਾ ਰਹਿੰਦਾ ਸੀ। ਇਕ ਵਾਰ ਉਹਨੇ ਮੇਰੀ ਇਕ ਚਿੱਠੀ ਛਪਵਾ ਲਈ, ਜਿਹੜੀ ਕੋਈ ਵੀਹ ਪੱਚੀ ਸਾਲ ਪਹਿਲਾਂ ਮੈਂ ਉਹਦੀ ਕਹਾਣੀ ਦੀ ਤਾਰੀਫ 'ਚ ਲਿਖੀ ਸੀ।
ਇਵੇਂ ਅਣਖੀ ਨੇ ਇਕ ਵਾਰ ਸਾਡੇ ਹਾਣ ਦੇ ਇਕ ਲੇਖਕ, ਜਿਹੜਾ ਕਦੇ ਮੇਰਾ ਵੀ ਦੋਸਤ ਸੀ ਪਰ ਹੁਣ ਵਿੱਟਰਿਆ ਹੋਇਆ ਸੀ, ਦੀ ਚਿੱਠੀ ਛਾਪ ਦਿੱਤੀ। ਜਿਹੜੀ ਉਹਨੇ ਸੜ ਕੇ ਮੇਰੇ ਖਿਲਾਫ ਲਿਖੀ ਸੀ। ਜਦ ਮੈਂ ਅਣਖੀ ਨੂੰ ਫੋਨ ਕੀਤਾ ਤਾਂ ਉਹ ਮੇਰੇ ਪੁੱਛਣ ਤੋਂ ਪਹਿਲਾਂ ਆਪ ਈ ਕਹਿਣ ਲੱਗ ਪਿਆ, ''ਪ੍ਰੇਮ ਪ੍ਰਕਾਸ਼ ਤੂੰ ਵੱਡਾ ਸਾਹਿਤਕਾਰ ਹੈਂ। ਗੁੱਸਾ ਨਾ ਕਰੀਂ। ਕੁੱਤੇ ਭੌਂਕਦੇ ਈ ਰਹਿੰਦੇ ਨੇ, ਹਾਥੀ ਚੱਲਦੇ ਰਹਿੰਦੇ ਨੇ।''
ਮੈਨੂੰ ਬੜਾ ਬੁਰਾ ਲੱਗਿਆ ਕਿ ਉਹਨੇ ਮੇਰੀ ਤਾਂ ਨਿੰਦਿਆ ਕਰ ਦਿੱਤੀ, ਹੁਣ ਆਪਣੇ ਦੋਸਤ ਨੂੰ ਕੁੱਤਾ ਕਹਿੰਦਾ ਏ। ਮੈਂ ਕਿਹਾ,'' ਪਰ ਇਹ ਕੁੱਤਾ ਤੇਰੇ ਵਿਹੜੇ 'ਚ ਖੜ੍ਹ ਕੇ ਕਾਹਤੇ ਭੌਂਕਦੈ?''
ਫੇਰ ਉਹਨੇ 'ਗੁਸਤਾਖੀ ਮੁਆਫ' 'ਚ ਮੇਰੇ ਬਾਰੇ ਕੋਈ ਲਤੀਫਾ ਛਾਪ ਦਿੱਤਾ। ਮੈਨੂੰ ਅਜਿਹੀਆਂ ਗੱਲਾਂ ਬੁਰੀਆਂ ਨਹੀਂ ਲੱਗਦੀਆਂ। ਮੈਂ ਕਹਿੰਦਾ ਹੁੰਦਾ ਹਾਂ ਕਿ ਇਹ ਨੋਕ ਝੋਂਕ ਸਾਹਿਤਕਾਰਾਂ 'ਚ ਚੱਲਦੀ ਰਹਿਣੀ ਚਾਹੀਦੀ ਏ। ਇਹ ਜ਼ਿੰਦਗੀ ਦਾ ਨੂਣ ਮਿਰਚ ਏ। ਓਸ ਲਤੀਫੇ ਦੇ ਬਾਅਦ ਮੈਂ ਐਂਵੇਂ ਹਾਲ ਚਾਲ ਪੁੱਛਣ ਲਈ ਅਣਖੀ ਨੂੰ ਫੋਨ ਕੀਤਾ ਤਾਂ ਉਹ ਫੇਰ ਆਪ ਈ ਬੋਲ ਪਿਆ। ਕਹਿੰਦਾ, ''ਇਹ ਜਿਹੜਾ ਚੁਟਕਲਾ ਜਿਹਾ ਮੈਂ ਛਾਪਿਆ ਏ। ਉਹ ਮੈਨੂੰ ਜਿੰਦਰ ਨੇ ਲਿਖਾਇਆ ਸੀ।''
ਉਹਦੀ ਗੱਲ 'ਤੇ ਮੈਂ ਦਿਲ 'ਚ ਹੱਸਿਆ ਕਿ ਦੇਖੋ, ਉਹ ਪਹਿਲਾਂ ਬੜ੍ਹਕ ਮਾਰਦਾ ਏ ਕਿ ਉਹ ਢੱਠਾ ਏ। ਫੇਰ ਮੋਕ ਮਾਰਦਾ ਏ ਕਿ ਗਊ ਦਾ ਜਾਇਆ ਏ। ਇਹ ਪੱਤਰਕਾਰ ਬਣੀ ਫਿਰਦਾ ਏ, ਪਰ ਇਹਨੂੰ ਏਨਾ ਨਹੀਂ ਪਤਾ ਕਿ ਪੱਤਰਕਾਰ ਦੀ ਖਬਰ ਦਾ ਸਰੋਤ ਤਾਂ ਸੁਪਰੀਮ ਕੋਰਟ ਵੀ ਨਹੀਂ ਪੁੱਛ ਸਕਦੀ।...ਮੈਨੂੰ ਲੱਗਿਆ ਕਿ ਉਹ ਮੈਥੋਂ ਆਪਣੇ ਖਿਲਾਫ 'ਲਕੀਰ' 'ਚ ਛਪੀਆਂ ਟਿੱਚਰਾਂ ਦਾ ਬਦਲਾ ਲੈ ਰਿਹਾ ਏ। ਏਸ ਲਤੀਫੇ ਨਾਲ ਉਹ ਆਪ ਤਾਂ ਬੇਕਸੂਰਾ ਬਣਦਾ ਏ ਤੇ ਇਹ ਵੀ ਚਾਹੁੰਦਾ ਏ ਕਿ ਮੈਂ ਜਿੰਦਰ ਨੂੰ ਘੂਰਾਂ। ਸਾਡੇ ਵਿਚਕਾਰ ਦੁਸ਼ਮਣੀ ਪੈਦਾ ਹੋ ਜਾਵੇ।...ਇਹ ਬੰਦੇ ਦੇ ਕਪਟੀ ਹੋਣ ਦੀ ਨਿਸ਼ਾਨੀ ਸੀ। ਜਿਹੜੀ ਮੈਂ ਆਈ ਗਈ ਕਰ ਦਿੱਤੀ। ਮੈਂ ਉਹਨੂੰ ਕਹਿੰਦਾ ਹੁੰਦਾ ਸੀ ਕਿ ਬ੍ਰਾਹਮਣ ਚਾਹੇ ਅਣਪੜ੍ਹ ਮੀਂਗਣਾਂ ਗਿਣਨ ਵਾਲਾ ਹੋਵੇ, ਕਾਲਾ ਹੋਵੇ, ਅਸੀਂ ਤਾਂ ਵੀ ਉਹਦੇ ਪੈਰੀਂ ਹੱਥ ਲਾਓਣਾ ਏ। ਇਹ ਸੁਣ ਕੇ ਪਤਾ ਨਹੀਂ ਉਹ ਮੀਸਣਾ ਖੁਸ਼ ਹੁੰਦਾ ਜਾਂ ਦੁਖੀ!
ਕਈ ਸਾਲ ਪਹਿਲਾਂ ਮੈਨੂੰ ਬੂਟਾ ਸਿੰਘ ਚੌਹਾਨ ਨੇ ਬਰਨਾਲੇ ਰੂਬਰੂ ਲਈ ਸੱਦਿਆ। ਜਾ ਕੇ ਪਤਾ ਲੱਗਿਆ ਕਿ ਉਥੇ ਵੀ ਹੋਰਾਂ ਸ਼ਹਿਰਾਂ ਵਾਂਗੂੰ ਲੇਖਕ ਦੋ ਧੜਿਆਂ 'ਚ ਵੰਡੇ ਹੋਏ ਨੇ। ਅਣਖੀ ਮੇਰੇ ਫੰਕਸ਼ਨ 'ਚ ਆਇਆ। ਸ਼ਾਮ ਤਕ ਉਹ ਚੌਹਾਨ ਦੇ ਦਫਤਰ ਵਾਲੇ ਚੁਬਾਰੇ 'ਚ ਬੈਠਾ ਸ਼ਰਾਬ ਪੀਂਦਾ ਰਿਹਾ। ਜਾਣ ਲੱਗਿਆ ਤਾਂ ਕਹਿੰਦਾ, ''ਸਵੇਰ ਨੂੰ ਪ੍ਰੇਮ ਨਾਸ਼ਤਾ ਸਾਡੇ ਘਰ ਖਾ ਲਈਂ।...ਮੈਂ ਰਾਤ ਚੌਹਾਨ ਦੇ ਘਰ ਰਿਹਾ। ਸਵੇਰੇ ਤਿਆਰ ਹੋ ਕੇ ਚੌਹਾਨ ਕਹਿੰਦਾ, ''ਚਲੋ, ਆਪਾਂ ਨਾਸ਼ਤਾ ਅਣਖੀ ਦੇ ਕਰ ਕੇ ਉਧਰੋਂ ਉਧਰੀਂ ਚਲੇ ਜਾਵਾਂਗੇ ਜਲੰਧਰ ਨੂੰ।''
ਰਾਹ 'ਚ ਉਹਨੇ ਅਣਖੀ ਦੇ ਘਰ ਫੋਨ ਕਰ ਕੇ ਕਿਹਾ ਕਿ ਚਾਹ ਧਰ ਲਓ, ਅਸੀਂ ਆ ਰਹੇ ਹਾਂ। ਉਧਰੋਂ ਅਣਖੀ ਦੀ ਤੀਵੀਂ ਦਾ ਜਵਾਬ ਆਇਆ ਕਿ ਉਹ ਤਾਂ ਸਵੇਰੇ  ਈ ਚੰਡੀਗੜ੍ਹ ਨੂੰ ਚਲੇ ਗਏ ਨੇ।...ਇਹ ਗੱਲ ਸੁਣ ਕੇ ਮੈਨੂੰ ਕੋਈ ਹੈਰਾਨੀ ਨਾ ਹੋਈ। ਮੈਨੂੰ ਜਸਵੰਤ ਸਿੰਘ ਵਿਰਦੀ ਦੀ ਯਾਦ ਆਈ, ਜਿਹੜਾ ਘਰ ਬੈਠਾ ਹੁੰਦਾ ਸੀ ਤੇ ਉਹ ਆਪਣੇ ਛੋਟੇ ਭਾਈ ਤੋਂ ਕਹਾ ਦੇਂਦਾ ਸੀ ਕਿ ਭਾਅ ਜੀ ਤਾਂ ਘਰ ਨਹੀਂ। ਅਸੀਂ ਤਾਕੀ ਵਿਚੀਂ ਵਿਰਦੀ ਨੂੰ ਦੇਖ ਲੈਂਦੇ ਸੀ।
ਮੀਂਗਣਾਂ ਗਿਣਨ ਵਾਲਾ ਓਸ ਪੰਡਤ ਨੂੰ ਕਹਿੰਦੇ ਨੇ, ਜਿਹੜਾ ਕੋਰਾ ਅਣਪੜ੍ਹ ਹੋਵੇ ਤੇ ਪਿੰਡ ਦੇ ਲੋਕਾਂ ਨੂੰ ਤਿਥਾਂ ਆਪਣੀ ਬੱਕਰੀ ਦੀਆਂ ਮੀਂਗਣਾਂ ਗਿਣ ਕੇ ਦੱਸਦਾ ਹੋਵੇ। ਕਹਿੰਦੇ ਨੇ ਇਕ ਵਾਰੀ ਉਹਦੇ ਘੜੇ ਦਾ ਚੱਪਣ ਲਹਿ ਗਿਆ। ਬੱਕਰੀ ਨੇ ਘੜੇ 'ਚ ਮੀਂਗਣਾਂ ਦੀ ਬੁੱਕ ਭਰ ਦਿੱਤੀ। ਜਦ ਕਿਸੇ ਨੇ ਆ ਕੇ ਪੰਡਤ ਜੀ ਤੋਂ ਤਿਥ ਪੁੱਛੀ ਤਾਂ ਉਹ ਮੀਂਗਣਾ ਦਾ ਬੁੱਕ ਭਰ ਕੇ ਕਹਿੰਦਾ ਕਿ ਜਜਮਾਨ, ਅੱਜ ਤਾਂ ਤਿਥ ਬੇਅੰਤ ਐ।
ਮੈਂ ਅਣਖੀ ਕੋਲੋਂ ਅਕਸਰ ਫੋਨ ਕਰ ਕੇ ਉਹਦੀ ਸਿਹਤ ਬਾਰੇ ਪੁੱਛਦਾ ਰਹਿੰਦਾ ਸੀ। ਇਕ ਤਾਂ ਉਹਨੂੰ ਪਿਸ਼ਾਬ ਕਰਦਿਆਂ ਜਲਣ ਦੀ ਸ਼ਿਕਾਇਤ ਪੂਰੀ ਤਰ੍ਹਾਂ ਖਤਮ ਨਹੀਂ ਸੀ ਹੋਈ। ਫੇਰ ਉਹਨੇ ਇਕ ਦਿਨ ਮੈਨੂੰ ਦੱਸਿਆ, ''ਯਾਰ, ਮੇਰੇ ਦਰਦ ਜਿਹਾ ਹੁੰਦਾ ਰਹਿੰਦਾ ਐ। ਕਦੇ ਉਹ ਢਿੱਡ ਦੇ ਖੱਬੇ ਸੱਜੇ ਹੁੰਦਾ ਏ ਤੇ ਕਦੇ ਬੱਖੀ 'ਚ ਨੂੰ।''
ਅਜਿਹੀਆਂ ਸ਼ਿਕਾਇਤਾਂ ਸਭ ਬੁੜ੍ਹਿਆਂ ਨੂੰ ਹੁੰਦੀਆਂ ਰਹਿੰਦੀਆਂ ਨੇ। ਉਹ ਇਹਨੂੰ ਭਾਣਾ ਮੰਨ ਕੇ ਤੇ ਫੱਕੀ ਫੁੱਕੀ ਲੈ ਕੇ ਸਾਰੀ ਜਾਂਦੇ ਨੇ। ਜਦ ਅਣਖੀ ਏਸ ਜਹਾਨੋਂ ਤੁਰ ਗਿਆ ਤਾਂ ਹੈਰਾਨੀ ਹੋਈ ਕਿ ਏਡੀ ਛੇਤੀ ਤੇ ਕਾਹਲ ਨਾਲ ਕਿਉਂ ਚਲਿਆ ਗਿਆ।
ਅਣਖੀ ਦੇ ਗੁਜ਼ਰਨ 'ਤੇ ਜਿਹੜੀਆਂ ਖਬਰਾਂ ਤੇ ਇਸ਼ਤਿਹਾਰ ਛਪੇ, ਉਹਨਾਂ ਤੋਂ ਲੱਗਦਾ ਸੀ ਕਿ ਮਰਨ ਵਾਲਾ ਆਪਣੀਆਂ ਰਸਮਾਂ 'ਤੇ ਪੈਸਾ ਖਰਚ ਕਰਨਾ ਨਹੀਂ ਸੀ ਚਾਹੁੰਦਾ। ਬਲਕਿ ਇਹ ਚਾਹੁੰਦਾ ਸੀ ਕਿ ਉਹਦੇ ਮਰਨ 'ਤੇ ਲੋਕਾਂ ਦਾ ਭਾਰੀ ਕੱਠ ਹੋਵੇ ਤੇ ਉਹਦੇ ਗੁਣ ਗਾਏ ਜਾਣ। ਏਸ ਨਾਲ ਮੈਨੂੰ ਲਾਲ ਸਿੰਘ ਦਿਲ ਦੀ ਆਖਰੀ ਸਮੇਂ ਦੀ ਗੱਲ ਯਾਦ ਆ ਗਈ। ਉਹ ਕਹਿੰਦਾ ਹੁੰਦਾ ਸੀ ਕਿ ਉਹਦੇ ਮਰਨ 'ਤੇ ਉਹਨੂੰ ਏਸ ਘਰ ਦੇ ਵਿਹੜੇ 'ਚ ਦਫਨ ਕੀਤਾ ਜਾਵੇ। ਹਰ ਸਾਲ ਉਹਦੇ ਮਜ਼ਾਰ 'ਤੇ ਮੇਲਾ ਲੱਗੇ। ਕੱਵਾਲੀਆਂ ਹੋਣ।
ਇਹ ਅਮਰ ਹੋਣ ਦੀ ਖਾਹਿਸ਼ ਸਾਹਿਤਕਾਰ ਦਾ ਮਰਨ 'ਤੇ ਵੀ ਖਹਿੜਾ ਨਹੀਂ ਛੱਡਦੀ।

ਅਪ੍ਰੈਲ, 2010
* * * *

Sunday, January 30, 2011

ਥੰਮੀਆਂ/ ਪ੍ਰੇਮ ਪ੍ਰਕਾਸ਼




ਥੰਮੀਆਂ/ ਪ੍ਰੇਮ ਪ੍ਰਕਾਸ਼
ਸੰਪਰਕ :- 94632-20319


   ਪੋਸਟਿੰਗ : ਮਹਿੰਦਰ ਬੇਦੀ ਜੈਤੋ
ਸੰਪਰਕ :- 94177-30600

ਚੰਡੀਗੜ੍ਹ ਦੇ ਵੀਹ ਸੈਕਟਰ ਦੇ ਵੱਡੇ ਪਲਾਟ 'ਚ ਬਣੇ ਏਸ ਛੋਟੇ ਮਕਾਨ ਜਿਹੇ ਦੀ ਛੱਤ 'ਤੇ ਕੰਧ ਦੇ ਉਹਲੇ ਮਾਲਿਸ਼ ਕਰਦਾ ਮੈਂ ਧੁੱਪ ਸੇਕ ਰਿਹਾ ਤੇ ਬੀਤੀ ਜ਼ਿੰਦਗੀ ਤੇ ਆਓਣ ਵਾਲੀ ਮੌਤ ਬਾਰੇ ਸੋਚ ਰਿਹਾ ਹਾਂ। ਮੈਨੂੰ ਹੈਰਾਨੀ ਹੁੰਦੀ ਏ ਕਿ ਮੈਂ ਏਥੋਂ ਦੇ ਚੀਪੜ ਲੇਖਕ ਭਾਨ ਚੰਦ ਤੇ ਆਪਣੇ ਪਿੰਡ ਵਰ੍ਹਿਆਂ ਪਹਿਲਾਂ ਰਲ਼ੇ ਸਾਂਝੀ ਰਾਂਝੂ 'ਝੰਡੀ ਵਾਲੇ' ਬਾਰੇ ਇੱਕੋ ਵਾਰ ਕਿਉਂ ਸੋਚਦਾ ਹਾਂ? ਦੋਹਾਂ ਦਾ ਆਪੋ 'ਚ ਕੀ ਮੇਲ? ਕਿਥੇ ਲੇਖਕ ਭਾਨ ਚੰਦ ਸ਼ਹਿਰੀ ਖਚਰ-ਵਿੱਦਿਆ ਨਾਲ ਜੀ ਕੇ ਖੁਸ਼ਹਾਲੀ 'ਚ ਮਰ ਗਿਆ ਤੇ ਕਿੱਥੇ ਭੇਡਾਂ ਬੱਕਰੀਆਂ ਚਾਰਦਾ ਰਾਂਝੂ ਖੇਤੀ ਬਾੜੀ ਦੀ ਮਜ਼ਦੂਰੀ ਕਰਦਾ ਅੰਨ੍ਹਾ ਹੋ ਕੇ ਮਰ ਗਿਆ। ਅੰਬਰਸਰ ਜ਼ਿਲ੍ਹੇ ਦਾ ਉਹ ਮਜ੍ਹਬੀ ਹਵਾ 'ਚ ਉੱਡ ਕੇ ਆਏ ਬੀਅ ਵਾਂਗ ਜ਼ਿਲ੍ਹਾ ਪਟਿਆਲੇ ਦੇ ਸਾਡੇ ਪਿੰਡ ਆ ਗਿਆ ਸੀ। ਉਹ ਮਜ੍ਹਬੀ ਸੀ, ਬਾਲਮੀਕੀ ਸੀ ਜਾਂ ਈਸਾਈ? ਸਾਨੂੰ ਉਹਦੇ ਮਰਨ ਤਕ ਪਤਾ ਨਹੀਂ ਸੀ ਚੱਲਿਆ। ਉਹ ਗੱਲਾਂ ਕਰਦਾ ਰੱਬ-ਰੱਬ ਕਰਦਾ ਸੀ। ਇਤਫਾਕ ਨਾਲ ਦੋ ਸਾਲਾਂ ਲਈ ਮੇਰੇ ਵੱਡੇ ਭਾਈ ਨਾਲ ਵੀ ਦੂਜੇ ਪਿੰਡ ਦਾ ਬਾਲਮੀਕੀ ਰਾਮ ਲਾਲ ਰਲ਼ਿਆ ਹੋਇਆ ਸੀ। ਦੋਵੇਂ ਕਾਲੇ ਤੇ ਦੋਵੇਂ ਛੇ ਫੁਟੇ। ਦੋਵੇਂ ਵਿਹਲੇ ਸਮੇਂ 'ਚ ਬਾਹਰ ਬਿੱਲਿਆਂ, ਸੈਹਾਂ, ਗੋਹਾਂ ਤੇ ਤਿੱਤਰਾਂ ਦਾ ਸ਼ਿਕਾਰ ਕਰ ਕੇ ਰਾਤ ਨੂੰ ਖੂਹ 'ਤੇ ਪਕਾ ਕੇ ਦਾਰੂ ਪੀਂਦੇ ਖਾਂਦੇ ਅਜੀਬ ਕਿਸਮ ਦੀਆਂ ਗਿੱਦੜਾਂ ਵਰਗੀਆਂ ਚੀਕਾਂ ਮਾਰਦੇ ਹੁੰਦੇ ਸੀ। ਦੀਵਾਲੀ ਵਸਾਖੀ ਰਾਂਝੂ ਰਾਮ ਲਾਲ ਦੇ ਪਿੰਡ ਮਨਾਂਉਂਦਾ ਸੀ। ਉਹ ਸੂਰ ਮਾਰਦੇ। ਦਾਰੂ ਪੀਂਦੇ ਮਾਸ ਭੁੰਨਦੇ ਪਕਾਉਂਦੇ। ਰਾਤ ਨੂੰ ਭਾਂਤ-ਭਾਂਤ ਦੀਆਂ ਚੀਕਾਂ ਮਾਰਦੇ। ਰਾਮ ਲਾਲ ਦਾ ਪਿਓ ਵੀ ਵਿਚੇ ਨੱਚਦਾ ਕਮਲਾ ਹੋ ਕੇ ਮੰਜੇ 'ਤੇ ਡਿਗ ਪੈਂਦਾ ਸੀ।
ਪਰ ਭਾਨ ਚੰਦ ਤਾਂ ਕਿਸੇ ਵਿਚਲੀ ਖਚਰੀ ਜਾਤ ਦਾ ਸੀ। ਸੈਕਟਰੀਏਟ 'ਚ ਉਹ ਮੇਰੇ ਨਾਲ ਕਲਰਕ ਭਰਤੀ ਹੋਇਆ ਸੀ। ਮੈਂ ਸਾਈਕਲ 'ਤੇ ਜਾਂਦਾ ਸੀ ਤੇ ਉਹ ਸੜਕ 'ਤੇ ਰੋਟੀ ਫੜੀ ਖੜ੍ਹਾ ਦੰਦ ਕੱਢਦਾ ਮੈਨੂੰ ਰੋਕ ਲੈਂਦਾ। ਸਾਈਕਲ ਆਪ ਚਲਾ ਕੇ ਮੈਨੂੰ ਪਿੱਛੇ ਬਹਾ ਕੇ ਲੈ ਜਾਂਦਾ ਸੀ। ਮੈਂ ਮਾਮੂਲੀ ਜਿਹੇ ਕਮਰੇ 'ਚ ਰਹਿੰਦਾ ਸੀ ਤੇ ਉਹ ਬਰਸਾਤੀ 'ਚ। ਮੈਂ ਢਾਬੇ 'ਚ ਰੋਟੀ ਖਾਂਦਾ ਸੀ ਤੇ ਉਹ ਬਰਸਾਤੀ ਦੇ ਬਾਹਰ ਬਣਾਏ ਚੁਲ੍ਹੇ 'ਤੇ ਆਪ ਪਕਾਉਂਦਾ ਸੀ। ਦਫਤਰ 'ਚ ਰੋਟੀਆਂ ਤਿੰਨ ਲਿਆਉਂਦਾ ਤੇ ਉੱਤੇ ਚਟਣੀ। ਉਹ ਜੀਹਨੂੰ ਚਟਣੀ ਦੇਂਦਾ, ਉਹਦੀ ਸਬਜ਼ੀ ਦੀ ਕੌਲੀ 'ਚ ਦੋ ਬੁਰਕੀਆਂ ਲਾ ਲੈਂਦਾ ਸੀ। ਕਦੇ ਚਟਣੀ ਵੀ ਨਾ ਲਿਅਉਂਦਾ। ਰੋਟੀਆਂ ਖੋਲ੍ਹਦਾ ਤੇ ਆਖਦਾ, ''ਹੈ ਸਾਲੀ ਪੂਰਬਣ, ਵਿਚ ਸਬਜ਼ੀ ਪਾਈ ਈ ਨਹੀਂ। ਆਲੂਆਂ ਦੀ ਮੈਂ ਕਹਿ ਕੇ ਬਣਵਾਈ ਸੀ।''...ਫੇਰ ਕਈਆਂ ਦੀਆਂ ਸਬਜ਼ੀਆਂ ਦਾ ਸੁਆਦ ਦੇਖਦਾ। ਸ਼ਾਮ ਨੂੰ ਉਹ ਵਾਰੀ-ਵਾਰੀ ਦੋਸਤਾਂ ਦੇ ਘਰ ਜਾਂਦਾ। ਰੋਟੀ ਖਾਣ ਵੇਲੇ ਜੇ ਦੋਸਤ ਨਹੀਂ ਤਾਂ ਉਹਦੀ ਪਤਨੀ ਪੁੱਛ ਈ ਲੈਂਦੀ। 'ਚਲ ਖਾ ਈ ਲੈਂਦੇ ਆਂ ਦੋ ਰੋਟੀਆਂ' ਆਖਦਾ ਉਹ ਚਾਰ ਖਾ ਜਾਂਦਾ।
ਇਕ ਰਾਤ ਵੇਲੇ ਮੈਂ ਉਹਨੂੰ ਅਰੋਮਾ ਹੋਟਲ ਦੇ ਸੜਕ ਵਾਲੇ ਪਾਸੇ ਮੰਗਤਿਆਂ ਦੀ ਕਤਾਰ 'ਚ ਬੈਠਿਆਂ ਦੇਖਿਆ। ਉਹਨੇ ਮੂੰਹ ਸਿਰ ਮੈਲ਼ੇ ਕੱਪੜੇ ਨਾਲ ਢਕਿਆ ਹੋਇਆ ਸੀ। ਜਦ ਉਹ ਹੱਥਾਂ ਤੇ ਰੱਖੀਆਂ ਦੋ ਰੋਟੀਆਂ ਉੱਪਰ ਦਾਲ ਲੈ ਰਿਹਾ ਸੀ। ਉਹ ਦਾਲ ਡੁਲ੍ਹਣ ਨਹੀਂ ਸੀ ਦੇਂਦਾ। ਮੈਂ ਉਹਨੂੰ ਦੂਜੇ ਖੂੰਜਿਓਂ ਚੰਗੀ ਤਰ੍ਹਾਂ ਦੇਖਿਆ। ਪਰ ਦੱਸਿਆ ਕਿਸੇ ਨੂੰ ਨਾ। ਫੇਰ ਇਕ ਦਿਨ ਉਹਨੂੰ ਦੂਜੀ ਵਾਰ ਲਾਈਨ 'ਚ ਲੱਗਦਿਆਂ ਦੇਖਿਆ। ਦੋ ਰੋਟੀਆਂ ਨਾਲ ਬੰਦੇ ਦਾ ਰੱਜ ਨਹੀਂ ਹੁੰਦਾ।
ਜਦ ਉਹਦਾ ਵਿਆਹ ਹੋਇਆ ਤਾਂ ਮਾਲਕ ਮਕਾਨ ਨੇ ਉਹਨੂੰ ਥੋੜ੍ਹੇ ਕਿਰਾਏ ਤੇ ਕਮਰਾ ਰਸੋਈ ਦੇ ਦਿੱਤੀ। ਫੇਰ ਵੇਖੋ ਰੱਬ ਦੇ ਰੰਗ ਪੰਦਰਾ ਵਰ੍ਹਿਆਂ 'ਚ ਈ ਉਹ ਤੇ ਉਹਦੀ ਨੌਕਰ ਪਤਨੀ ਨੇ ਉਹ ਫਲੈਟ ਈ ਖਰੀਦ ਲਿਆ। ਲੁੱਟ ਲਿਆ ਮਾਲਕ ਨੂੰ ਉਹਦਾ ਪੁੱਤ ਬਣ ਕੇ। ਉਹ ਸ਼ੁਰੂ ਤੋਂ ਈ ਮਾਲਕ ਨੂੰ 'ਪਿਤਾ ਜੀ' ਕਹਿੰਦਾ ਹੁੰਦਾ ਸੀ।
ਪਰ ਰਾਂਝੂ ਨੂੰ ਅਜਿਹਾ ਕੋਈ ਗੁਰ ਨਹੀਂ ਸੀ ਆਉਂਦਾ। ਉਹ ਜਵਾਨੀ 'ਚ ਆਪਣੇ ਪਿੰਡ ਦੇ ਸਰਦਾਰਾਂ ਦੇ ਨੌਕਰ ਰਿਹਾ। ਬੁੱਢਾ ਹੋਣ ਲੱਗਿਆ ਤਾਂ ਸਾਡੇ ਪਿੰਡ ਆ ਗਿਆ। ਗੁੱਸਾ ਏਸ ਗੱਲ ਦਾ ਕਿ ਸਰਦਾਰਾਂ ਨੇ ਜਿਹੜੀ ਤੀਵੀਂ ਉਹਦੇ ਘਰ ਵਸਾਈ ਸੀ, ਉਹ ਆਪ ਈ ਕਿਸੇ ਹੋਰ ਕੋਲ ਵੇਚ ਦਿੱਤੀ ਸੀ। ...ਜਦ ਸਾਡੇ ਕੋਲ ਆਏ ਦੀਆਂ ਅੱਖਾਂ 'ਚ ਮੋਤੀਆਂ ਉੱਤਰਿਆ ਤਾਂ ਅਸੀਂ ਆਪਰੇਸ਼ਨ ਕਰਾ ਦਿੱਤਾ ਸੀ। ਉਹਦੇ ਬਣਦੇ ਪੈਸੇ ਅਮਲੋਹ ਦੇ ਡਾਕਖਾਨੇ 'ਚ ਜਮ੍ਹਾ ਕਰਵਾ ਕੇ ਖਾਤਾ ਖੁਲ੍ਹਾ ਦਿੱਤਾ ਸੀ। ਪਤਾ ਆਪਣੇ ਘਰ ਦਾ ਲਿਖਵਾਓਣਾ ਪਿਆ ਸੀ। ਉਹ ਆਪਣਾ ਸਮਾਨ ਖੂਹ ਵਾਲੇ ਡੰਗਰਾਂ ਦੇ ਕੋਠੇ 'ਚ ਆਪਣੇ ਚੁਲ੍ਹੇ ਦੇ ਆਲੇ ਦੁਆਲੇ ਗੱਡੀਆਂ ਕਿੱਲੀਆਂ 'ਤੇ ਟੰਗ ਦੇਂਦਾ ਸੀ। ਉਹਨੂੰ ਸਰਦਾਰਾਂ ਦੀ ਫਾਰਗਖਤੀ ਦੇਣ ਵਾਲੀ ਗੱਲ ਹੁਣ ਵੀ ਲੜਦੀ ਸੀ। ਬਾਪੂ ਕਹਿੰਦਾ ਹੁੰਦਾ ਸੀ ਕਿ ਇਹਨਾਂ ਨੂੰ ਗੁੱਸਾ ਨਹੀਂ ਆਉਂਦਾ, ਗੁੱਸੀ ਆਉਂਦੀ ਐ, ਜਿਹੜੀ ਚੜ੍ਹ ਕੇ ਉੱਤਰਦੀ ਨਹੀਂ।
ਪਰ ਲੇਖਕ ਨੂੰ ਫਾਰਗਖਤੀ ਕੋਈ ਦੇ ਈ ਨਹੀਂ ਸੀ ਸਕਦਾ। ਉਹ ਝੱਟ ਬੰਦੇ ਦੀਆਂ ਲੱਤਾਂ ਘੁੱਟਣ ਲੱਗ ਪੈਂਦਾ ਸੀ।  ਏਸ ਕਸਬ ਨਾਲ ਉਹ ਦੋ ਪੈੱਗ ਵੀ ਰੋਜ਼ ਪੀਂਦਾ ਸੀ। ਨਾਲੇ ਸਲੂਣਾ ਮਾਲ ਮੁਫਤ। ਉਹ ਸ਼ਾਮ ਦੇ ਪੀਣ ਵੇਲ਼ੇ ਆਪ ਕਿਤੋਂ ਚਾਰ ਪਊਏ ਲੈ ਆਉਂਦਾ। ਯਾਰਾਂ ਨੂੰ ਵੇਚ ਕੇ ਆਪਣੇ ਹਿੱਸੇ ਦੀ ਕਮਾਈ ਕਰ ਲੈਂਦਾ। ਫੇਰ ਨਾਲ ਫਿਰਨ ਦਾ ਹੱਕਦਾਰ ਬਣ ਜਾਂਦਾ। ਉਹ ਆਪਣੇ ਝੋਲੇ 'ਚ ਨੀਲੀਆਂ ਕੈਸਟਾਂ ਤੇ ਸੀ.ਡੀਆਂ ਰੱਖਦਾ, ਕਿਰਾਏ 'ਤੇ ਦੇਣ ਲਈ।
ਜਦ ਉਹ ਮੇਰੇ ਨਾਲ ਈ ਰੀਟਾਇਰ ਹੋਇਆ ਤਾਂ ਉਹ ਇਕ ਜਨਰਲ ਸਟੋਰ 'ਤੇ ਸੇਲਜ਼ਮੈਨ ਲੱਗ ਗਿਆ ਸੀ। ਜਦ ਬੀਮਾਰੀਆਂ ਨੇ ਦੱਬਿਆ ਤੇ ਨਿਗਾਹ ਅੱਧੀ ਰਹਿ ਗਈ ਤਾਂ ਘਰ ਬਹਿਣਾ ਪਿਆ, ਪੈਨਸ਼ਨ 'ਤੇ। ਫੇਰ ਉਹਦਾ ਨਾ ਅਖਬਾਰਾਂ 'ਚ ਲੇਖ ਛਪਦਾ ਸੀ ਤੇ ਨਾ ਈ ਫੋਟੋ। ਉਹਨੂੰ ਨਾ ਕੋਈ ਯਾਰ ਬੇਲੀ ਮਿਲਣ ਆਉਂਦਾ ਸੀ। ਉਹ ਆਪ ਕਿਸੇ ਨੂੰ ਫੋਨ ਕਰਦਾ ਨਹੀਂ ਸੀ ਤੇ ਕਿਸੇ ਦਾ ਆਉਂਦਾ ਨਹੀਂ ਸੀ। ਪਰ ਉਦੋਂ ਉਹ ਦੋ ਫਲੈਟਾਂ ਤੇ ਇਕ ਪੌੜੀਆਂ ਥੱਲੇ ਦੀ ਨਿੱਕੀ ਜਿਹੀ ਦੁਕਾਨ ਦਾ ਮਾਲਕ ਸੀ।
ਪਰ ਰਾਂਝੂ ਅਜਿਹੀ ਅਵਸਥਾ 'ਚ ਲੰਮੀ ਸੋਟੀ 'ਤੇ ਗੋਟੇ ਵਾਲੀ ਲਾਲ ਚੁੰਨੀ ਬਨ੍ਹ ਕੇ ਤੇ ਮੇਰੇ ਦਿੱਤੇ ਖੱਦਰ ਦੇ ਸ਼ੋਲਡਰ ਬੈਗ 'ਚ ਕੱਪੜੇ ਤੁੰਨ ਕੇ ਮੰਗਣ ਤੁਰ ਪਿਆ ਸੀ। ਉਹ ਨਾਲ ਦੇ ਪਿੰਡ ਸਲਿਆਨੀ ਦੇ ਗੁਰਦਵਾਰੇ ਗਿਆ। ਜਵਾਬ ਮਿਲ ਗਿਆ ਤਾਂ ਘਰ ਆ ਕੇ ਆਲ਼ੇ 'ਚੋਂ ਕੌਲਾ ਲਾਹ ਰੋਟੀ ਦੀ ਅਵਾਜ ਦੇ ਦਿੱਤੀ। ਰਾਤ ਨੂੰ ਖੂਹ 'ਤੇ ਜਾ ਪਿਆ।...ਫੇਰ ਉਹ ਇਕ ਦਿਨ ਨਾਲ ਦੇ ਪਿੰਡ ਸੌਂਟੀ ਦੇ ਇਤਿਹਾਸਕ ਗੁਰਦਵਾਰੇ ਗਿਆ ਤਾਂ ਉਹਨੂੰ ਰੋਟੀ ਤਾਂ ਖਵਾ ਦਿੱਤੀ ਗਈ, ਪਰ ਰੈਣ ਬਸੇਰੇ ਲਈ ਥਾਂ ਨਾ ਮਿਲੀ। ਕਮਰੇ ਰਾਗੀਆਂ ਢਾਡੀਆਂ ਲਈ ਸਨ। ਫੇਰ ਗੀਤਾ ਮੰਦਰ ਗਿਆ ਤਾਂ ਉਥੇ ਦੇ ਪੁਜਾਰੀ ਨੇ ਨਾ ਰੋਟੀ ਦਿੱਤੀ ਤੇ ਨਾ ਈ ਰੈਣ ਬਸੇਰਾ। ਉਹ ਰੋਟੀ ਤਾਂ ਘਰਾਂ 'ਤੋਂ ਮੰਗ ਕੇ ਖਾ ਲੈਂਦਾ ਤੇ ਰਾਤ ਨੂੰ ਪੈ ਕਿਸੇ ਦੇ ਬਣਦੇ ਮਕਾਨ ਦੇ ਬਰਾਂਡੇ 'ਚ ਜਾਂਦਾ। ਜਦ ਬਰਾਂਡੇ 'ਚ ਪਲਸਤਰ ਹੋਣ ਲੱਗ ਪਿਆ ਤਾਂ ਉਹਨੇ ਆਪਣੀ ਜੁੱਲੀ ਚੁੱਕੀ ਤੇ ਨਾਲ ਦੇ ਪਿੰਡ ਕੁੰਭੜੇ ਦੇ ਪੱਕੀ ਸੜਕ ਨੂੰ ਲੱਗਦੀ ਨਿੱਕੀ ਸੜਕ ਦੇ ਸਿਰੇ 'ਤੇ ਬਣੇ ਮਜ਼ਾਰ 'ਚ ਜਾ ਬੈਠਿਆ।
ਉਹ ਮਜ਼ਾਰ ਸਾਲ ਕੁ ਪਹਿਲਾਂ ਕਿਸੇ ਨੇ ਮੁੜ-ਆਬਾਦ ਕੀਤਾ ਸੀ। ਮਕਬਰੇ ਦੇ ਦੁਆਲੇ ਚਾਰਦੀਵਾਰੀ ਕਰਾ ਕੇ ਕਲੀ ਕਰਵਾ ਲਈ ਗਈ ਸੀ। ਤੇ ਨਾਲ ਮਜੌਰ ਦੇ ਬਹਿਣ ਲਈ ਕੋਠਾ। ਮਜੌਰ ਨੇ ਕਿਹਾ, ''ਬਿਸਮਿੱਲਾ ਆ ਜਾ। ਰੱਬ ਪੱਥਰ 'ਚ ਪਏ ਕੀੜੇ ਨੂੰ ਵੀ ਰਿਜ਼ਕ ਦੇਂਦੈ। ਜਿਥੇ ਮੈਨੂੰ ਮਿਲੂ, ਓਥੇ ਤੈਨੂੰ ਵੀ ਲੁਕਮਾ ਮਿਲੀ ਜਾਊ।''
ਰਾਂਝੂ ਨੇ ਸਿਰ ਦੇ ਵਾਲ ਮੁਨਾ ਦਿੱਤੇ। ਝੰਡੀ ਤੋਂ ਲਾਲ ਕੱਪੜਾ ਲਾਹ ਸਿੱਟਿਆ। ਬਹਿ ਕੇ ਅੱਲਾ-ਅੱਲਾ ਕਰਨ ਲੱਗ ਪਿਆ। ਉਹ ਦੋਵੇਂ ਮਜ਼ਾਰ 'ਤੇ ਪਈ ਚਾਦਰ ਝਾੜਦੇ, ਚਰਾਗੀ ਜਗਾਉਂਦੇ ਤੇ ਲੋਬਾਨ ਬਾਲ ਕੇ ਚਾਰੇ ਪਾਸੇ ਧੂੰਆਂ ਦੇਂਦੇ। ਮੰਡੀ ਤੋਂ ਅਮਲੋਹ ਨੂੰ ਜਾਂਦੀ ਪੱਕੀ ਸੜਕ 'ਤੇ ਜਾਂਦੇ ਟਰੱਕਾਂ ਵਾਲੇ ਮੱਥਾ ਟੇਕ ਜਾਂਦੇ। ਕਦੇ ਮੰਡੀ ਦੇ ਕਾਰਖਾਨੇਦਾਰ ਆ ਕੇ ਰਕਮਾਂ ਚੜ੍ਹਾ ਜਾਂਦੇ। ਇਕ ਨੇ ਨਲਕਾ ਲਵਾ ਦਿੱਤਾ। ਤੇ ਠੰਢ ਦੇ ਆਓਣ ਤੋਂ ਪਹਿਲਾਂ ਕੋਠੇ ਦੇ ਦਰਵਾਜਾ ਤੇ ਤਾਕੀਆਂ ਲਵਾ ਦਿੱਤੀਆਂ। ਮਜੌਰ ਦੁਆਲੇ ਦੀਆਂ ਟਾਹਲੀਆਂ ਦੇ ਡੱਕੇ ਚੁਗ ਕੇ ਅੱਗ ਬਾਲਦਾ ਤੇ ਮੰਡੀ ਤੋਂ ਹਲਾਲ ਲਿਆ ਕੇ ਰੱਬ ਦੇ ਦੋਵੇਂ ਜੀਅ ਵੰਡ ਕੇ ਖਾ ਕੇ ਸੌਂ ਜਾਂਦੇ। ਜਦ ਰਾਂਝੂ ਮਰ ਗਿਆ ਤਾਂ ਉਹਨੂੰ ਵੀ ਉਥੇ ਈ ਪੀਰ ਦੀ ਕਬਰ ਕੋਲ ਦਫਨ ਕਰ ਦਿੱਤਾ ਗਿਆ।
ਇਹ ਸਾਰੀਆਂ ਗੱਲਾਂ ਮੈਨੂੰ ਮੇਰੇ ਭਾਈ ਨੇ ਦੱਸੀਆ, ਜਦ ਮੈਂ ਪਿੰਡ ਗਿਆ। ਮੈਂ ਉਹਨੂੰ ਪੁੱਛਿਆ ਕਿ ਬਾਪੂ ਰਾਂਝੂ ਦੀ ਸਰਕਾਰੀ ਪੈਨਸ਼ਨ ਲਵਾਣ ਲਈ ਫਿਰਦਾ ਰਿਹਾ ਸੀ? ਉਹਨੇ ਦੱਸਿਆ ਕਿ ਅਫਸਰ ਮੰਨੇ ਨਹੀਂ। ਕਹਿੰਦੇ ਬਈ ਇਹਦੇ ਪੱਕੇ ਪਿੰਡ ਤੇ ਪੱਕੇ ਪਤੇ 'ਤੇ ਮਿਲ ਸਕਦੀ ਐ, ਤੁਰਦੇ ਫਿਰਦੇ ਦੀ ਨਹੀਂ। ਉਹ ਪਿੰਡ ਨਾ ਜਾਣ ਦੀ ਸੌਂਹ ਖਾ ਕੇ ਆਇਆ ਸੀ। ਉਹ ਵੀ ਪੱਕੀ ਜਾਤ ਦਾ ਸੀ।
ਦੂਜੇ ਦਿਨ ਮੈਂ ਛੋਟੇ ਭਾਈ ਦੇ ਮੋਟਰ ਸਾਈਕਲ 'ਤੇ ਓਸ ਮਜ਼ਾਰ 'ਤੇ ਗਿਆ। ਕੋਠੇ ਅੰਦਰ ਵਿਚਕਾਰਲੇ ਕੱਦ, ਸਿਰ 'ਤੇ ਨਿੱਕੀ ਜਿਹੀ ਟੋਪੀ, ਮੋਢਿਆਂ 'ਤੇ ਹਰਾ ਤੌਲਿਆ ਤੇ ਤੇੜ ਚਾਰਖਾਨਾ ਤੰਬਾ ਲਾਈ ਮਜੌਰ ਬੈਠਾ ਸੀ। ਮੈਂ ਵੀ ਸਲਾਮ ਕਰ ਕੇ ਕੋਲ ਬਹਿ ਗਿਆ। ਗੱਲਾਂ 'ਚ ਮਜੌਰ ਉਸਮਾਨ ਮੁਹੰਮਦ ਨੇ ਆਪਣੇ ਬਾਰੇ ਦੱਸਿਆ ਕਿ ਹੱਲਿਆਂ ਵੇਲ਼ੇ ਉਹ ਭੱਜ ਕੇ ਸਰਹੰਦ ਦੇ ਮੁਜੱਦਦ ਅਲਿਫ ਸਾਨੀ ਦੇ ਰੌਜ਼ਾ ਸ਼ਰੀਫ ਦੀ ਚਾਰਦੀਵਾਰੀ 'ਚ ਲੱਗੇ ਕੈਂਪ 'ਚ ਰਹਿੰਦਾ ਹੋਇਆ ਖਾਦਮਾਂ 'ਚ ਸ਼ਾਮਲ ਹੋ ਗਿਆ ਸੀ। ਵੀਹ ਸਾਲਾਂ ਦੀ ਖਿਦਮਤ ਦੇ ਬਾਅਦ ਇਕ ਰਾਤ ਨੂੰ ਉਹਨੂੰ ਸੁਫਨਾ ਆਇਆ। ਉਹਨੂੰ ਚਿੱਟੇ ਘੋੜੇ 'ਤੇ ਚਿੱਟੇ ਕੱਪੜਿਆਂ ਵਾਲੇ ਅਸਵਾਰ ਨੇ ਕਿਹਾ ਕਿ 'ਐ ਖਾਦਮ ਉਸਮਾਨ ਤੇਰੀਆਂ ਖਿਦਮਤਾਂ ਮਨਜ਼ੂਰ ਹੋਈਆਂ। ਤੇਰਾ ਠਿਕਾਣਾ ਹੁਣ ਇਹ ਨਹੀਂ। ਕਿਤੇ ਹੋਰ ਏ। ਉੱਠ ਤੁਰ ਪੈ, ਉਹ ਤੈਨੂੰ ਰਾਤ ਤਕ ਲੱਭ ਜਾਵੇਗਾ।'...ਮੈਂ ਨਾ ਅਨਾਜ ਦਾ ਦਾਣਾ ਖਾਧਾ। ਨਾ ਪਾਣੀ ਦੀ ਬੂੰਦ ਪੀਤੀ। ਰਾਤ ਭਰ ਜਾਗਦਾ ਰਿਹਾ। ਸਵੇਰੇ ਮੂੰਹਨ੍ਹੇਰੇ ਉਹ ਔਖਾ ਫੈਸਲਾ ਕਰ ਕੇ ਤੁਰਿਆ ਤਾਂ ਦੁਪਹਿਰ ਹੁੰਦੀ ਨੂੰ ਸੂਫੀ ਦਰਵੇਸ਼ ਹਜ਼ਰਤ ਕੁਵੱਲੇ ਸ਼ਾਹ ਦੇ ਏਸ ਮਕਬਰੇ 'ਤੇ ਆ ਗਿਆ। ਬੇਚੈਨ ਦਿਲ ਟਿਕ ਗਿਆ। ਅੱਖਾਂ ਅੱਗਿਉਂ ਧੁੰਦ ਹਟ ਗਈ। ਚਾਨਣ ਹੋ ਗਿਆ।
ਫੇਰ ਇਹ ਚਾਰਦੀਵਾਰੀ ਬਣੀ, ਕਲੀਆਂ ਹੋਈਆਂ ਤੇ ਇਹ ਰੌਣਕਾਂ ਮਿਹਰਾਂ। ਫੇਰ ਇਹ ਸੂਫੀ ਦਰਵੇਸ਼ ਖਿਦਮਤਗਾਰ ਰਾਂਝੂ ਸ਼ਾਹ ਆ ਗਿਆ। ਬੱਸ, ਫੇਰ ਅੱਲਾ ਦੀਆਂ ਮਿਹਰਾਂ ਈ ਮਿਹਰਾਂ ਬਰਸੀਆਂ। ਸਭ ਦਾ ਆਪਣਾ-ਆਪਣਾ ਨਸੀਬਾ। ਇਹਨਾਂ ਥੰਮੀਆਂ ਸਦਕਾ ਹੀ  ਸਾਡੇ ਵਰਗੇ ਗੁਨਾਹਗਾਰਾਂ ਦੇ ਪਾਰ ਉਤਾਰੇ ਹੋ ਜਾਂਦੇ ਨੇ। ਜਿਨ੍ਹਾਂ ਖਿਦਮਤਾਂ ਕੀਤੀਆਂ। ਉਹਨਾਂ ਨੇ ਸਕੂਨ ਪਾਇਆ। ਯਾ ਮੇਰੇ ਮੌਲਾ, ਸਭ ਨੂੰ ਸਕੂਨ ਬਖਸ਼ੀਂ।
ਮੈਨੂੰ ਰਾਂਝੂ ਦੀ ਡਾਕਖਾਨੇ ਵਾਲੀ ਪਾਸ ਬੁੱਕ ਦੇ ਤਿੰਨ ਹਜ਼ਾਰ ਰੁਪਿਆਂ ਦਾ ਖਿਆਲ ਆਇਆ। ਉਸਮਾਨ ਅੱਲਾ ਨੇ ਦੱਸਿਆ ਕਿ ਉਹਨੇ ਰਾਂਝੂ ਦਾ ਝੋਲਾ ਵੀ ਨਾਲ ਈ ਦਫਨ ਕਰ ਦਿੱਤਾ ਸੀ। ਮੈਂ ਇਹ ਸੋਚ ਕੇ ਤੁਰਿਆ ਸੀ ਕਿ ਉਹਦੇ ਪੈਸੇ ਕਢਵਾ ਕੇ ਮੈਂ ਉਹਨੂੰ ਕਿਸੇ ਬਿਰਧ ਆਸ਼ਰਮ 'ਚ ਦਾਖਲ ਕਰਾ ਦੇਵਾਂਗਾ। ਪਰ ਉਹ ਤਾਂ ਹੁਣ ਕਬਰ 'ਚ ਪਿਆ ਸੀ। ਮੈਂ ਅਮਲੋਹ ਜਾ ਕੇ ਡਾਕ ਬਾਬੂ ਨੂੰ ਮਿਲ ਕੇ ਤਿੰਨ ਹਜ਼ਾਰ ਦੀ ਰਕਮ ਕਢਵਾ ਲਈ। ਵਿਆਜ ਬਾਬੂ ਨੇ ਰੱਖ ਲਿਆ। ਉਹ ਪੈਸੇ ਲੈ ਕੇ ਮੈਂ ਮੁਤਵੱਲੀ ਮੁਹੰਮਦ ਉਸਮਾਨ ਕੋਲ ਆਇਆ। ਅਸੀਂ ਤਿੰਨਾਂ ਦਿਨਾਂ 'ਚ ਰਾਂਝੂ ਦੀ ਕਬਰ ਪੱਕੀ ਕਰਾਈ। ਦੋਹਾਂ ਮਜ਼ਾਰਾਂ 'ਤੇ ਕਤਬੇ ਲਿਖਵਾ ਕੇ ਲਾਏ। ਝੰਡੀਆਂ ਲਾਈਆਂ, ਵੱਡੀ ਦੇਗ਼ 'ਚ ਚੌਲ ਪਕਾਏ ਤੇ ਮੱਥਾ ਟੇਕਣ ਵਾਲਿਆਂ ਨੂੰ ਨਿਆਜ਼ ਵੰਡੀ। ਇਹ ਝੰਡੀਆਂ ਦੇਖ ਕੇ ਪਿੰਡ ਡਡਹੇੜੀ ਦੇ ਮਰਾਸੀਆਂ ਦੇ ਮੁੰਡਿਆਂ ਦਾ ਕੱਵਾਲੀ ਦਾ ਗਰੁੱਪ ਆਪੇ ਆ ਗਿਆ। ਉਹਨਾਂ ਖੂਬ ਬੁਲ੍ਹਾ ਤੇ ਸ਼ਾਹ ਹੁਸੈਨ ਦਾ ਕਲਾਮ ਗਾ ਕੇ ਰੰਗ ਬਨ੍ਹ ਦਿੱਤਾ। ਅਸੀਂ ਉਹਨਾਂ ਦੀ ਵੀ ਸੇਵਾ ਕਰ ਦਿੱਤੀ। ਮੈਂ ਤਾਂ ਰਾਂਝੂ ਦੇ ਪੈਸੇ ਖਰਚ ਕਰ ਦਿੱਤੇ, ਪਰ ਮਜੌਰ 'ਤੇ ਅੱਲਾ ਦੀ ਚੋਖੀ ਮਿਹਰ ਹੋ ਗਈ ਉਹਦੇ ਕੋਲ ਦੂਣੇ ਤੀਣੇ ਹੋ ਗਏ।
ਹੁਣ ਇਹ ਪਹਿਲਾਂ ਵਾਲਾ ਕੁਵੱਲੇ ਸ਼ਾਹ ਦਾ ਤਕੀਆ ਨਹੀਂ ਸੀ ਰਿਹਾ, ਬਲਕਿ ਸੂਫੀ ਪੀਰ ਦਸਤਗੀਰ ਹਜ਼ਰਤ ਕੁਵੱਲੇ ਸ਼ਾਹ ਦਾ ਰੌਜ਼ਾ ਸ਼ਰੀਫ ਹੋ ਗਿਆ ਸੀ। ਜਿਹੜਾ ਸਿਰਫ ਮੁਸਲਮਾਨਾਂ ਲਈ ਹੀ ਨਹੀਂ, ਬਲਕਿ ਹਿੰਦੂਆਂ ਸਿੱਖਾਂ ਲਈ ਵੀ ਕਰਨੀ ਵਾਲਾ ਪਹੁੰਚਿਆ ਪੀਰ ਬਣ ਗਿਆ ਸੀ। ਮੁਤਵੱਲੀ ਉਸਮਾਨ ਨੇ ਮੈਨੂੰ ਦਰਵੇਸ਼ ਰਾਂਝੂ ਦੇ ਆਓਣ ਤੇ ਮਰਨ ਬਾਰੇ ਕਈ ਕਰਾਮਾਤੀ ਗੱਲਾਂ ਦੱਸੀਆਂ ਤੇ ਕਿਹਾ ਕਿ ਉਹ ਬੜੇ ਗੁੱਝੇ ਇਲਮਾਂ ਵਾਲਾ ਦਰਵੇਸ਼ ਸੀ। ਇਹ ਜੋ ਕੁਝ ਹੈ, ਸਭ ਉਹਦੇ ਕਦਮਾਂ ਦਾ ਸਦਕਾ ਏ। ਆਪਾਂ ਕੀਹਦੇ ਪਾਣੀਹਾਰ ਆਂ। ਇਹ ਪੀਰ ਦਸਤਗੀਰ ਦੇ ਇਸ਼ਾਰੇ 'ਤੇ ਹੋ ਰਿਹਾ ਏ। ਇਹੀ ਲੋਕ ਨੇ ਜਿਨ੍ਹਾਂ ਦੇ ਆਸਰੇ ਇਹ ਧਰਤੀ, ਇਹ ਅਸਮਾਨ ਖੜ੍ਹੇ ਨੇ। ਇਹ ਅਸਮਾਨ ਦੇ ਹੇਠਾਂ ਦੀਆਂ ਥੰਮੀਆਂ ਨੇ। ਨਹੀਂ ਤਾਂ ਅਸਮਾਨ ਨਾ ਗਿਰ ਪੈਂਦਾ ਸਾਡੇ ਐਨੇ ਪਾਪੀਆਂ ਉੱਤੇ। ਕਿਆਮਤ ਦਾ ਦਿਨ ਨਾ ਆ ਜਾਂਦਾ!... ਅੱਲਾਹ, ਅਸੀਂ ਗੁਨਾਹਗਾਰ ਬੰਦੇ, ਪਨਾਹ ਮੰਗਦੇ ਹਾਂ, ਇਹਨਾਂ ਥੰਮੀਆਂ ਦੀ।
ਪਰ ਮੇਰੇ ਯਾਰ ਲੇਖਕ ਦੀ ਮੌਤ ਏਸ ਤੋਂ ਵੱਖਰੀ ਤਰ੍ਹਾਂ ਹੋਈ। ਉਹ ਅੰਤ ਤਕ ਆਪਣੇ ਖਰੀਦੇ ਨਿੱਕੇ ਫਲੈਟ 'ਚ ਹੀ ਰਿਹਾ। ਉਹਦੇ ਮੁੰਡੇ ਨੇ ਇੰਡਸਟਰੀਅਲ ਏਰੀਆ 'ਚ ਫੈਕਟਰੀ ਤੇ ਰਿਹਾਇਸ਼ੀ ਇਲਾਕੇ 'ਚ ਕੋਠੀ ਪਾ ਲਈ ਸੀ। ਉਹ ਆਪਣੇ ਪਹਿਲੇ ਬੱਚੇ ਵੇਲ਼ੇ ਆਪਣੀ ਮਾਂ ਨੂੰ ਵੀ ਉਥੇ ਲੈ ਗਿਆ ਸੀ। ਲੇਖਕ ਏਸ ਗੱਲ 'ਤੇ ਅੜ ਗਿਆ ਸੀ ਉਹਨੇ ਤਾਂ ਏਸੇ ਫਲੈਟ 'ਚ ਮਰਨਾ ਏ। ਅੰਤਲੀ ਉਮਰੇ ਉਹਨੂੰ ਗਲੇ ਦਾ ਕੈਂਸਰ ਹੋ ਗਿਆ ਸੀ। ਉਹ ਹੋਮੋਪੈਥੀ ਦੀਆਂ ਗੋਲੀਆਂ ਖਾਂਦਾ ਰਿਹਾ ਸੀ। ਕਹਿੰਦਾ, ਜੇ ਮਰਨਾ ਈ ਏ ਤਾਂ ਟੱਬਰ ਨੂੰ ਨੰਗ ਕਿਉਂ ਕਰਾਂ। ਉਹ ਤਾਂ ਪੈਸਾ ਖਰਚਣ ਤੇ ਖੁਸ਼ੀਆਂ ਮਾਨਣ।
ਉਹਨੇ ਅਖਬਾਰਾਂ 'ਚ ਛਪੀਆਂ ਆਪਣੀਆਂ ਸਾਰੀਆਂ ਲਿਖਤਾਂ ਦੀਆਂ ਫਾਈਲਾਂ ਕੱਪੜੇ ਦੀ ਗੰਢ 'ਚ ਭਰ ਕੇ ਇਕ ਪਾਸੇ ਰੱਖ ਦਿੱਤੀਆਂ ਸਨ। ਉਹ ਸਭ ਕੁਝ ਰੱਦੀ ਨਹੀਂ ਸੀ। ਕੁਝ ਲੇਖ ਚੰਗੇ ਤੇ ਦਿਲਚਸਪ ਲੱਗਦੇ ਸਨ। ਕਦੇ ਮੈਂ ਦਾਦ ਦੇ ਦੇਂਦਾ ਸੀ। ਉਹਦੀ ਸਰਾਹਣਾ ਦੀਆਂ ਚਿੱਠੀਆਂ ਛਪਦੀਆਂ ਸਨ। ਉਹਦਾ ਸਨਮਾਨ ਵੀ ਕਈ ਨਿੱਕੀਆਂ ਮੋਟੀਆਂ ਸੰਸਾਥਾਂ ਨੇ ਕੀਤਾ ਸੀ। ਫੇਰ ਵੀ ਪਤਾ ਨਹੀਂ ਕਿਉਂ, ਸਾਹਿਤਕਾਰ ਉਹਨੂੰ ਲੇਖਕ ਨਹੀਂ ਸਨ ਮੰਨਦੇ। ਅਖਬਾਰੀ ਪੱਤਰਕਾਰ ਕਹਿ ਛੱਡਦੇ ਸਨ।
ਆਖਰੀ ਦਿਨ ਰਾਤ ਨੂੰ ਉਹਦੇ ਗਵਾਂਢੀਆਂ ਨੇ ਉਹਦੇ ਪੁੱਤਰ ਨੂੰ ਫੋਨ ਕੀਤਾ ਸੀ ਕਿ ਆ ਜਾਓ। ਮਾਂ ਪੁੱਤ ਆਏ ਤਾਂ ਗੱਲ ਮੁੱਕ ਚੁੱਕੀ ਸੀ। ਮਰਨ ਵਾਲੇ ਦੇ ਸਰ੍ਹਾਣੇ ਹੇਠੋਂ ਇਕ ਕਾਗਜ਼ 'ਤੇ ਲਿਖੀ ਵਸੀਅਤ ਮਿਲੀ। ਜਿਸ 'ਤੇ ਲਿਖਿਆ ਸੀ ਕਿ ਉਹਨੂੰ ਬਿਜਲੀ ਵਾਲੇ ਸ਼ਮਸ਼ਾਨ 'ਚ ਲਿਜਾਇਆ ਜਾਵੇ। ਫੁੱਲ ਕਿਸੇ ਨੇੜੇ ਦੇ ਵਗਦੇ ਪਾਣੀ 'ਚ ਪਾ ਦਿੱਤੇ ਜਾਣ। ਚੌਥੇ ਦਿਨ ਉਠਾਲਾ ਕਰ ਕੇ ਆਪਣੇ ਕੰਮਾਂ 'ਤੇ ਜਾਇਓ। ਮੇਰੀ ਕੋਈ ਕਿਰਿਆ ਦੀ ਰਸਮ ਨਾ ਕੀਤੀ ਜਾਵੇ, ਨਾ ਬ੍ਰਾਹਮਣਾਂ ਨੂੰ ਦਾਨ ਪੁੰਨ। ਰੋਟੀ ਵੀ ਨਾ ਖਵਾਈ ਜਾਵੇ।...ਓਸੇ ਵਰਕੇ ਦੇ ਹੇਠਾਂ ਉਹ ਰਕਮਾਂ ਲਿਖੀਆਂ ਹੋਈਆਂ ਸਨ, ਜਿਹੜੀਆਂ ਉਹਨੇ ਕਿਸੇ ਤੋਂ ਲੈਣੀਆਂ ਸਨ। ਸ਼ਾਇਦ ਨੀਲੀਆਂ ਫਿਲਮਾਂ ਦੇ ਕਿਰਾਏ ਵਜੋਂ।
ਪਰ ਉਹਦੇ ਕਾਰਖਾਨੇਦਾਰ ਬੇਟੇ ਨੇ ਸਾਰੀਆਂ ਰਸਮਾਂ ਕੀਤੀਆਂ। ਏਥੇ ਤਕ ਕਿ ਜਿਹੜੇ ਅਰੋਮਾ ਹੋਟਲ ਦੀ ਕੰਧ ਕੋਲ ਮੰਗਤਿਆਂ ਦੀ ਕਤਾਰ 'ਚ ਬਹਿ ਕੇ ਮਰਨ ਵਾਲਾ ਰੋਟੀ ਖਾਂਦਾ ਹੁੰਦਾ ਸੀ, ਓਸੇ ਦੇ ਅੰਦਰ ਉਹਦੀ ਬਰਸੀ ਮਨਾਈ ਗਈ। ਜੀਹਦੇ ਵਿਚ ਵਿਸਕੀ ਚੱਲੀ ਤੇ ਹਰ ਕਿਸਮ ਦਾ ਨਾਨਵੈਜ। ਉਹਨੇ ਲੇਖਕ ਦੋਸਤਾਂ ਨੂੰ ਵੀ ਬੁਲਾਇਆ ਸੀ। ਮੈਂ ਵੀ ਗਿਆ ਸੀ। ਮੈਂ, ਜਿਹੜਾ ਉਹਨੂੰ ਆਮ ਜਿਹਾ ਤੇ ਅਖਬਾਰਾਂ 'ਚ ਛਪਣ ਵਾਲਾ ਲੇਖਕ ਸਮਝਦਾ ਸੀ, ਸਟੇਜ 'ਤੇ ਜਾ ਕੇ ਉਹਦੀਆਂ ਲਿਖਤਾਂ ਦੀ ਤਾਰੀਫ ਕੀਤੀ ਸੀ। ਮਰਨ ਵਾਲੇ ਨਾਲ ਦੋਸਤੀ ਦਾ ਦਮ ਭਰਿਆ ਸੀ। ਜਾਂਦਿਆਂ ਉਹਦੀਆਂ ਛਪੀਆਂ ਨਵੀਆਂ ਕਿਤਾਬਾਂ ਦਾ ਸੈਟ ਲੈ ਕੇ ਝੂਮਦਾ ਘਰ ਆਇਆ ਸੀ।  
ਉਹਦੇ ਪੁੱਤਰ ਨੇ ਐਲਾਨ ਕੀਤਾ ਸੀ ਕਿ ਉਹ ਆਪਣੇ ਨੇਕ ਪਿਤਾ ਦੀ ਯਾਦ 'ਚ ਹਰ ਸਾਲ ਬਰਸੀ ਵਾਲੇ ਦਿਨ ਲੇਖਕਾਂ ਨੂੰ ਕੱਠਿਆਂ ਕਰ ਕੇ ਸਮਾਗਮ ਕੀਤਾ ਜਾਵੇਗਾ। ਫੇਰ ਕੋਈ ਧਰਮ ਕਰਮ ਦਾ ਕੰਮ ਕਰੇਗਾ।...ਬੇਘਰ ਗਰੀਬ ਲੋਕਾਂ ਨੂੰ ਇਕ ਹਫਤਾ ਰੋਜ਼ ਰੋਟੀ ਖਵਾਇਆ ਕਰੇਗਾ। ਸਾਡਾ ਵੀ ਧਰਮ ਬਣਦਾ ਏ, ਭੁੱਖਿਆਂ ਦੇ ਢਿੱਡ ਭਰਨ ਦਾ।...
ਏਸ ਪਵਿੱਤਰ ਕੰਮ ਲਈ ਉਹਨੇ ਦੋਵੇਂ ਫਲੈਟ ਤੇ ਦੁਕਾਨ ਵੇਚ ਦਿੱਤੀ। ਆਪਣੀ ਕੋਠੀ 'ਚ ਉਹਦੀ ਫੋਟੋ ਵੱਡੀ ਕਰ ਕੇ ਲਵਾ ਲਈ। ਜੀਹਦੇ ਉਤੇ ਰੋਜ਼ ਫੁੱਲਾਂ ਦਾ ਹਾਰ ਉਹਦੀ ਮਾਤਾ ਚੜ੍ਹਾਉਂਦੀ ਏ।
ਮੈਂ ਜਦ ਵੀ ਪਿੰਡ ਜਾਂਦਾ ਹਾਂ, ਰਾਂਝੂ...ਨਹੀਂ, ਸੂਫੀ ਦਰਵੇਸ਼ ਰਾਂਝੂ ਸ਼ਾਹ ਦੇ ਮਜ਼ਾਰ 'ਤੇ ਜਾਂਦਾ ਹਾਂ। ਮੁਤਵੱਲੀ ਮੁਹੰਮਦ ਉਸਮਾਨ ਨੂੰ ਮਿਲਦਾ ਹਾਂ। ਉਹਦੀ ਸੁਰਮੇ ਵਾਲੀ ਅੱਖ ਤੇ ਮੂੰਹ 'ਤੇ ਫਿਰਦੇ ਹਰੇ ਰੰਗ ਦੇ ਤੌਲੀਏ ਨਾਲ ਪੂੰਝੇ ਹੋਏ ਨੂਰਾਨੀ ਚਿਹਰੇ ਨੂੰ ਦੇਖਦਾ ਹਾਂ। ਅੱਲਾ ਨੂੰ ਪਿਆਰੇ ਹੋਏ ਹਜ਼ਰਤਾਂ, ਸ਼ਾਹਾਂ ਤੇ ਸੂਫੀ ਦਰਵੇਸ਼ਾਂ ਦੀਆਂ ਗੱਲਾਂ ਸੁਣਦਾ ਹਾਂ। ਘਰ ਮੁੜਦਾ ਹੋਇਆ ਆਪਣੇ ਆਪ 'ਚ ਵੜਿਆ ਕੋਈ ਦਰਵੇਸ਼ ਮਹਿਸੂਸ ਕਰਦਾ ਹਾਂ।
ਹੁਣ ਮੈਂ ਧੁੱਪੇ ਬੈਠਾ ਹੱਸਦਾ ਹਾਂ ਕਿ ਪਹਿਲਾਂ ਦੋ ਜਣਿਆਂ ਬਾਰੇ ਕੱਠਾ ਸੋਚਦਾ ਸੀ, ਹੁਣ ਤਿੰਨ ਜਣੇ ਹੋ ਗਏ ਨੇ। ਵਿਚ ਮੁਹੰਮਦ ਉਸਮਾਨ ਮੁਤਵੱਲੀ ਜੁ ਰਲ਼ ਗਿਆ ਏ।

Tuesday, November 16, 2010

ਯਾਰ...:: ਲੇਖਕਾ : ਇਸਮਤ ਚੁਗ਼ਤਾਈ



ਉਰਦੂ ਕਹਾਣੀ :
ਯਾਰ...
ਲੇਖਕਾ : ਇਸਮਤ ਚੁਗ਼ਤਾਈ
ਅਨੁਵਾਦ : ਮਹਿੰਦਰ ਬੇਦੀ, ਜੈਤੋ



ਜਦੋਂ ਅਕਬਰ ਨੇ ਫਰੀਦਾ ਨੂੰ ਰਿਆਜ਼ ਨਾਲ ਮਿਲਵਾਇਆ ਸੀ, ਉਹਨਾਂ ਦੀ ਨਵੀਂ-ਨਵੀਂ ਸ਼ਾਦੀ ਹੋਈ ਸੀ। ਰਿਆਜ਼ ਭੋਲੀ-ਭਾਲੀ ਸੂਰਤ ਵਾਲਾ ਚੁੱਪੂ ਜਿਹਾ ਮੁੰਡਾ ਸੀ।
“ਅਸੀਂ ਦੋਵੇਂ ਇਕੋ ਗਲੀ ਵਿਚ ਗੋਲੀਆਂ ਤੇ ਕਬੱਡੀ ਖੇਡਦੇ ਵੱਡੇ ਹੋਏ ਸਾਂ। ਸਬੱਬ ਨਾਲ ਕਾਲਜ ਵਿਚ ਵੀ ਸਾਥ ਨਹੀਂ ਸੀ ਛੁੱਟਿਆ...ਫੇਰ ਇਹ ਵੀ ਬੰਬਈ ਆ ਗਿਆ; ਕਿੰਨਾਂ ਅਜੀਬ ਇਤਫ਼ਾਕ ਐ!” ਅਕਬਰ ਨੇ ਕਿਹਾ ਸੀ, “ਬਸ, ਜ਼ਰਾ ਬੋਰਿੰਗ ਜਿਹਾ ਬੰਦਾ ਏ।” ਤੇ ਇਹ ਵਾਕ ਵੀ ਨਾਲ ਹੀ ਜੋੜ ਦਿੱਤਾ ਸੀ।
ਸ਼ੁਰੂ-ਸ਼ੁਰੂ ਵਿਚ ਤਿੰਨੇ ਲਗਭਗ ਇਕੱਠੇ ਹੀ ਨਜ਼ਰ ਆਉਂਦੇ—ਸਿਨੇਮੇ ਦੀਆਂ ਤਿੰਨ ਟਿਕਟਾਂ ਖਰੀਦੀਆਂ ਜਾਂਦੀਆਂ; ਹੋਟਲ ਵਿਚ ਤਿੰਨ ਸੀਟਾਂ ਰਿਜ਼ਰਵ ਕਰਵਾਈਆਂ ਜਾਂਦੀਆਂ। ਰਿਆਜ਼ ਦਾ ਨਾਲ ਹੋਣਾ ਵੀ ਜ਼ਰੂਰੀ ਸਮਝਿਆ ਜਾਂਦਾ ਸੀ। ਫੇਰ ਜਿਵੇਂ-ਜਿਵੇਂ ਸ਼ਾਦੀ ਪੁਰਾਣੀ ਹੁੰਦੀ ਗਈ ਤੇ ਅਕਬਰ ਦੇ ਰੁਝੇਵੇਂ ਵਧਦੇ ਗਏ—ਫਰੀਦਾ ਤੇ ਰਿਆਜ਼ ਦਾ ਸਾਥ ਵਧਦਾ ਗਿਆ। ਅਕਬਰ ਤਾਂ ਨਵੇਂ ਦੋਸਤਾਂ ਤੇ ਨਵੇਂ ਰੁਝੇਵਿਆਂ ਕਾਰਨ ਦੇਰ ਨਾਲ ਆਉਂਦੇ—ਰਿਆਜ਼ ਸਿੱਧਾ ਦਫ਼ਤਰੋਂ ਘਰ ਆ ਜਾਂਦਾ। ਚਾਹ ਪੀ ਕੇ ਅਖ਼ਬਾਰ ਜਾਂ ਕੋਈ ਮੈਗਜ਼ੀਨ ਦੇਖਦਾ, ਕਦੀ ਦੋਵੇਂ ਕੈਰਮ ਜਾਂ ਤਾਸ਼ ਖੇਡਣ ਲੱਗਦੇ, ਕਦੀ ਕਿਸੇ ਸਹੇਲੀ ਨੂੰ ਮਿਲਣ ਜਾਣਾ ਹੁੰਦਾ ਤੇ ਅਕਬਰ ਨੇ ਦੇਰ ਨਾਲ ਆਉਣਾ ਹੁੰਦਾ ਤਾਂ ਉਹ ਰਿਆਜ਼ ਨੂੰ ਨਾਲ ਲੈ ਜਾਂਦੀ। ਅਕਬਰ ਤਾਂ ਕਦੀ ਕਦੀ ਔਰਤਾਂ ਦੀਆਂ ਬੇਅਰਥ ਗੱਲਾਂ ਤੋਂ ਉਕਤਾ ਕੇ ਟਲ ਵੀ ਆਉਂਦੇ, “ਤੂੰ ਰਿਆਜ਼ ਨਾਲ ਵਾਪਸ ਆ ਜਾਵੀਂ।”
ਤੇ ਉਹ ਰਿਆਜ਼ ਨਾਲ ਵਾਪਸ ਆ ਜਾਂਦੀ।
ਸ਼ਾਦੀ ਪੁਰਾਣੀ ਹੁੰਦੀ ਗਈ, ਪਰ ਰਿਆਜ਼ ਦਾ ਮਹੱਤਵ ਦਿਨੋਂ-ਦਿਨ ਵਧਦਾ ਗਿਆ। ਫਰੀਦਾ ਨੇ ਜਾਣੇ-ਅਣਜਾਣੇ ਵਿਚ ਹੀ ਪਤੀ ਵਾਲੇ ਸਾਰੇ ਉਪਰਲੇ ਕੰਮ ਰਿਆਜ਼ ਤੋਂ ਲੈਣੇ ਸ਼ੁਰੂ ਕਰ ਦਿੱਤੇ ਸਨ—ਨੌਕਰਾਂ ਦੀ ਮੁਰੰਮਤ; ਰਾਸ਼ਨ ਕਾਰਡ ਬਣਵਾਉਣਾ; ਸ਼ਾਪਿੰਗ ਲਈ ਨਾਲ-ਨਾਲ ਧੱਕੇ ਖਾਣਾ; ਛੋਟੇ-ਛੋਟੇ ਖ਼ਤ ਲਿਖਣਾ; ਬੈਂਕ ਵਿਚ ਰੁਪਏ ਜਮ੍ਹਾਂ ਕਰਵਾ ਆਉਣਾ ਜਾਂ ਕਢਵਾ ਲਿਆਉਣਾ ਤੇ ਹੋਰ ਨਿੱਕੇ-ਮੋਟੇ ਕੰਮ ਕਰਨੇ।
ਇੱਥੋਂ ਤਕ ਕਿ ਜਦੋਂ ਫਰੀਦਾ ਦਾ 'ਮਿਸ ਕੈਰੇਜ਼' ਹੋਇਆ ਤਾਂ ਖੁਸ਼ਕਿਸਮਤੀ ਨਾਲ ਰਿਆਜ਼ ਦਫ਼ਤਰ ਵਿਚ ਮਿਲ ਗਿਆ, ਉਸਨੇ ਆ ਕੇ ਹਸਪਤਾਲ ਪਹੁੰਚਾਇਆ। ਉਸ ਦਿਨ ਅਕਬਰ ਦੇ ਕਿਸੇ ਅਫ਼ਸਰ ਦੀ ਵਿਦਾਇਗੀ ਪਾਰਟੀ ਸੀ। ਜਦੋਂ ਉਹ ਉੱਥੋਂ ਰਾਤ ਦੇ ਦੋ ਵਜੇ ਘਰ ਪਹੁੰਚੇ ਤਾਂ ਬੇਗ਼ਮ ਦੀ ਬਦਹਾਲੀ ਦਾ ਪਤਾ ਲੱਗਿਆ। ਪਰ ਸਵੇਰ ਦੀ ਉਡੀਕ ਕਰਨੀ ਪਈ ਸੀ। ਅਫ਼ਸਰ ਨੂੰ ਸਟੇਸ਼ਨ ਤੋਂ ਵਿਦਾ ਕਰਕੇ ਜਦੋਂ ਉਹ ਹਸਪਤਾਲ ਪਹੁੰਚੇ ਤਾਂ ਰਿਆਜ਼ ਦੀ ਉੱਜੜੀ ਸੂਰਤ ਦੇਖ ਕੇ ਉਹਨਾਂ ਦਾ ਰੰਗ ਵੀ ਉੱਡ ਗਿਆ। ਉਹ ਸਾਰੀ ਰਾਤ ਬੈਂਚ ਉੱਤੇ ਬੈਠਾ ਉਂਘਦਾ ਰਿਹਾ ਸੀ...ਅਕਬਰ ਨੇ ਉਸਨੂੰ ਜਬਰਦਸਤੀ ਆਰਾਮ ਕਰਨ ਲਈ ਭੇਜ ਦਿੱਤਾ।
ਉਹਨਾਂ ਨੂੰ ਰੋਜ਼ ਹਸਪਤਾਲ ਜਾਣ ਦੀ ਵਿਹਲ ਨਹੀਂ ਸੀ, ਇਸ ਲਈ ਉਹ ਰਿਆਜ਼ ਨੂੰ ਫ਼ੋਨ ਕਰਕੇ ਦਵਾਈਆਂ ਵਗ਼ੈਰਾ ਖ਼ਰੀਦ ਕੇ ਦੇ ਆਉਣ ਦੀ ਹਦਾਇਤ ਕਰ ਦੇਂਦੇ। ਹਸੀਨ ਇਤਫ਼ਾਕ ਕਹੋ ਜਾਂ ਕਿਸਮਤ ਜਦੋਂ ਉਹ ਠੀਕ ਹੋਈ ਤੇ ਉਸਨੂੰ ਹਸਪਤਾਲੋਂ ਘਰ ਲੈ ਆਉਣ ਲਈ ਮੋਟਰ ਲੈ ਕੇ ਪਹੁੰਚੇ ਤਾਂ ਪਤਾ ਲੱਗਿਆ ਕਿ ਉਹ ਸਵੇਰੇ ਹੀ ਰਿਆਜ਼ ਨਾਲ ਘਰ ਜਾ ਚੁੱਕੀ ਹੈ। ਰਿਆਜ਼ ਨੇ ਦਫ਼ਤਰੋਂ ਛੁੱਟੀ ਲੈ ਲਈ ਸੀ। ਸ਼ਾਮੀਂ ਜਦੋਂ ਅਕਬਰ ਦਫ਼ਤਰੋਂ ਘਰ ਆਏ ਤਾਂ ਰਿਆਜ਼ ਘਰ ਸੰਭਾਲੀ ਬੈਠਾ ਸੀ।
ਫੇਰ ਦਿਨ ਲੰਘਦੇ ਗਏ। ਅਕਬਰ ਦੀ ਬੇਧਿਆਨੀ ਤੇ ਲਾਪ੍ਰਵਾਹੀ ਕਰਕੇ ਕੁਝ ਹੋਰ ਜ਼ਿੰਮੇਵਾਰੀਆਂ ਵੀ ਰਿਆਜ਼ ਦੇ ਮੋਢੇ 'ਤੇ ਆ ਗਈਆਂ। ਉਹ ਅਜੇ ਤਕ ਛੜਾ ਜੋ ਸੀ। ਇਕ ਦੋ ਜਣਿਆਂ ਨੇ ਰਿਸ਼ਤੇ ਦੀ ਗੱਲ ਤੋਰੀ ਵੀ, ਪਰ ਉਹ ਟਾਲ ਗਿਆ ਸੀ, “ਬਈ ਆਪਾਂ ਨੂੰ ਇਹਨਾਂ ਘਰ ਗ੍ਰਹਿਸਤੀ ਦੇ ਚੱਕਰਾਂ ਤੋਂ ਡਰ ਲੱਗਦੈ।” ਤੇ ਗੱਲ ਆਈ ਗਈ ਹੋ ਗਈ ਸੀ। ਅਕਬਰ ਤਾਂ ਹਮੇਸ਼ਾ ਉਸਨੂੰ ਇਹੀ ਨਸੀਹਤ ਕਰਦੇ, “ਮੀਆਂ ਏਸ ਚੱਕਰ 'ਚ ਨਾ ਫਸੀਂ, ਕਿਸੇ ਕੰਮ ਦਾ ਨਹੀਂ ਰਹਿਣਾ। ਆਪਣੀ ਜਿਹੜੀ ਗੱਤ ਹੈ, ਉਹ ਤੂੰ ਵੇਖ ਈ ਰਿਹੈਂ—ਵਿਆਹ ਝੰਜਟ ਈ ਐ ਨਿਰਾ।”
ਫੇਰ ਬਾਲ-ਬੱਚੇ ਹੋਏ। ਅਕਬਰ ਤਾਂ ਬੱਚਿਆਂ ਦੀ 'ਚਿਆਂ-ਪਿਆਂ' ਤੋਂ ਘਬਰਾ ਕੇ ਕੱਲਬ ਚਲੇ ਜਾਂਦੇ ਜਾਂ ਕਿਸੇ ਯਾਰ ਦੋਸਤ ਨਾਲ ਪੀਣ-ਪਿਆਉਣ ਦਾ ਪ੍ਰੋਗਰਾਮ ਬਣਾ ਬਹਿੰਦੇ, ਰਿਆਜ਼ ਦਫ਼ਤਰੋਂ ਸਿੱਧਾ ਉਹਨਾਂ ਦੇ ਘਰ ਚਲਾ ਜਾਂਦਾ। ਬੱਚਿਆਂ ਨਾਲ ਖੇਡਦਾ, ਰੋਂਦੇ ਨਿਆਣੇ ਨੂੰ ਸ਼ਹਿਦ ਚਟਾਉਂਦਾ, ਗਰਾਈਪ ਵਾਟਰ ਦੇ ਦਿੰਦਾ—ਫਰੀਦਾ ਨੂੰ ਅਜਿਹੇ ਪੁੱਠੇ ਸਿੱਧੇ ਕੰਮ ਲੈਣ ਵਿਚ ਬੜਾ ਮਜ਼ਾ ਆਉਂਦਾ ਸੀ। ਉਹ ਬੜੇ ਬੇਤੁਕੇ ਢੰਗ ਨਾਲ ਬੱਚਿਆਂ ਦੇ ਨੇਪਕਿਨ ਬਦਲਦਾ ਜਾਂ ਨੁਹਾਉਣ ਵੇਲੇ ਪਾਣੀ ਪਾਉਂਦਾ ਤਾਂ ਉਹ ਹੱਸ-ਹੱਸ ਕੇ ਲੋਟਪੋਟ ਹੋ ਜਾਂਦੀ...ਪਹਿਲਾਂ-ਪਹਿਲਾਂ ਉਸਨੂੰ ਬੜੀ ਘਬਰਾਹਟ ਹੁੰਦੀ ਸੀ ਤੇ ਉਹ ਸਿਰ ਤੋਂ ਪੈਰਾਂ ਤੀਕ ਆਪ ਵੀ ਭਿੱਜ ਜਾਂਦਾ ਸੀ, ਪਰ ਫਰੀਦਾ ਮੰਨ੍ਹਾਂ ਕਰਦੀ ਤਾਂ ਕਹਿੰਦਾ, “ਕੋਈ ਗੱਲ ਨਹੀਂ।”
“ਵੈਸੇ ਚੰਗਾ ਏ...ਤੂੰ ਇਹ ਕੰਮ ਸਿੱਖ ਲਏਂ ਤਾਂ ਤੇਰੀ ਬੀਵੀ ਨੂੰ ਮੌਜਾਂ ਹੋ ਜਾਣਗੀਆਂ।” ਫਰੀਦਾ ਹੱਸਣ ਲੱਗਦੀ ਤੇ ਰਿਆਜ਼ ਵੀ ਹੱਸ ਪੈਂਦਾ। ਕਦੀ ਕੋਈ ਬੱਚਾ ਬਿਨਾਂ ਕਾਰਨ ਹੀ ਰੋਣ ਲੱਗਦਾ, ਫਰੀਦਾ ਕਿਸੇ ਹੋਰ ਕੰਮ ਵਿਚ ਰੁੱਝੀ ਹੁੰਦੀ ਤਾਂ ਰਿਆਜ਼ ਨੂੰ ਡਾਂਟ ਦੇਂਦੀ, “ਓਇ ਹੋਇ ਕੇਹੇ ਬੇਹੂਦਾ ਮਰਦ ਓ-ਜੀ, ਬੱਚਾ ਰੋ ਰਿਹੈ, ਜ਼ਰਾ ਵਰਾਅ ਵੀ ਲਓ ਨਾ।”
“ਉੱਲੂ ਦੀ ਔਲਾਦ ਚੁੱਪ ਈ ਨਹੀਂ ਕਰਦਾ ਪਿਆ।”
“ਤੇ ਟੁੱਟੇ ਹੱਥਾਂ ਨਾਲ ਚੁੱਕਿਆ ਨਹੀਂ ਜਾਂਦਾ?”
ਤੇ ਉਹ ਬੱਚੇ ਨੂੰ ਚੁੱਕ ਕੇ ਉਸਨੂੰ ਵਰਾਉਣ ਖਾਤਰ ਬਾਂਦਰਾਂ ਵਾਂਗਰ ਅਜੀਬ-ਅਜੀਬ ਹਰਕਤਾਂ ਕਰਨ ਲੱਗ ਪੈਂਦਾ...ਬੱਚਾ ਵਿਰ ਜਾਂਦਾ।
ਜਿਵੇਂ-ਜਿਵੇਂ ਬੱਚੇ ਵੱਡੇ ਹੋਏ ਰਿਆਜ਼ ਦੀਆਂ ਜ਼ਿੰਮੇਵਾਰੀਆਂ ਵੀ ਵਧ ਗਈਆਂ। ਉਹਨਾਂ ਨੂੰ ਕਿਸ ਸਕੂਲ ਵਿਚ ਦਾਖ਼ਲ ਕਰਵਾਉਣਾ ਹੈ? ਓਵਨ ਰਿਆਜ਼ ਦੇ ਕਿਸ ਦੋਸਤ ਰਾਹੀਂ ਸਸਤਾ ਮਿਲ ਸਕਦਾ ਹੈ? ਖੰਡ ਬਲੈਕ ਵਿਚ ਲਿਆਉਣੀ ਪੈਂਦੀ ਤਾਂ ਫਰੀਦਾ ਤੇ ਫਰੀਦਾ ਦੀਆਂ ਸਾਰੀਆਂ ਸਹੇਲੀਆਂ ਲਈ ਰਿਆਜ਼ ਹੀ ਪ੍ਰਬੰਧ ਕਰੇ। ਖ਼ੁਦ ਅਕਬਰ ਇਹਨਾਂ ਕੰਮਾਂ ਤੋਂ ਜੀਅ ਚੁਰਾਉਂਦੇ ਸਨ। ਕਦੀ ਕੋਈ ਅਜਿਹੀ ਫ਼ਿਲਮ ਲੱਗਦੀ, ਜਿਸ ਵਿਚ ਅਕਬਰ ਦੀ ਦਿਲਚਸਪੀ ਨਾ ਹੁੰਦੀ ਤਾਂ ਉਹ ਖ਼ੁਦ ਕਹਿ ਦੇਂਦੇ, “ਤੁਸੀਂ ਰਿਆਜ਼ ਨਾਲ ਜਾ ਕੇ ਦੇਖ ਆਇਓ, ਮੈਨੂੰ ਅਜਿਹੀਆਂ ਫ਼ਿਲਮਾਂ ਚੰਗੀਆਂ ਨਹੀਂ ਲੱਗਦੀਆਂ।”
ਅਕਬਰ ਦੀ ਵਧੇਰੇ ਦਿਲਚਸਪੀ ਪੀਣ-ਪਿਆਉਣ ਵੱਲ ਹੁੰਦੀ ਜਾ ਰਹੀ ਸੀ।
ਸਪਸ਼ਟ ਹੈ ਇਸ ਹਾਲ ਵਿਚ ਰਿਆਜ਼ ਰਾਤ ਦਾ ਖਾਣਾ ਵੀ ਇੱਥੇ ਹੀ ਖਾਣ ਲੱਗਿਆ। ਫਰੀਦਾ ਉਸ ਨਾਲ ਬੱਚਿਆਂ ਨੂੰ ਸੈਰ ਕਰਵਾਉਣ ਲੈ ਜਾਂਦੀ, ਸਰਕਸ ਦਿਖਾ ਲਿਆਉਂਦੀ, ਸ਼ਾਮੀਂ ਦੋਵੇਂ ਰਲ ਕੇ ਬੱਚਿਆਂ ਨਾਲ ਖੇਡਦੇ। ਫੇਰ ਪਿਆਰ-ਪੁਚਕਾਰ ਕੇ ਕੱਪੜੇ ਬਦਲਦੇ ਤੇ ਸੰਵਾਅ ਦੇਂਦੇ। ਅਕਬਰ ਨੂੰ ਇਹਨਾਂ ਝੰਜਟਾਂ ਲਈ ਬਿਲਕੁਲ ਵਿਹਲ ਨਹੀਂ ਸੀ। ਬੱਚੇ ਵੀ ਪਿਓ ਨਾਲ ਨਹੀਂ ਸਨ ਖੁੱਲ੍ਹ ਸਕੇ—ਰਿਆਜ਼ ਦੇ ਮੋਢੇ 'ਤੇ ਚੱੜ੍ਹ ਕੇ 'ਅੰਕਲ ਅੰਕਲ' ਕਰਦੇ ਰਹਿੰਦੇ, ਖਰਚਣ ਲਈ ਪੈਸੇ ਮੰਗਦੇ, ਨਵੀਆਂ-ਨਵੀਆਂ ਫਰਮਾਇਸ਼ਾਂ ਕਰਦੇ, ਅਕਬਰ ਤਾਂ ਫਰੀਦਾ ਨੂੰ ਬੱਸ ਘਰ ਦਾ ਖਰਚਾ ਦੇ ਦੇਂਦੇ ਸਨ। ਉਹਨਾਂ ਨੂੰ ਤੋਹਫ਼ੇ ਦੇਣ ਦੀ ਲੋੜ ਵੀ ਕੀ ਸੀ? ਇਹ ਬੱਚੇ ਵੀ ਤਾੜ ਗਏ ਸਨ।
ਹਨੇਰੀ ਆਵੇ, ਮੀਂਹ ਆਵੇ ਰਿਆਜ਼ ਦੇ ਆਉਣ ਵਿਚ ਨਾਗਾ ਨਹੀਂ ਸੀ ਪੈਂਦਾ—ਜੇ ਕਿਸੇ ਦਿਨ, ਕਿਸੇ ਕਾਰਨ ਕਰਕੇ, ਉਹ ਨਾ ਆਉਂਦਾ ਤਾਂ ਸਾਰਾ ਘਰ ਪ੍ਰੇਸ਼ਾਨ ਹੋ ਜਾਂਦਾ। ਫਰੀਦਾ ਡੌਰ-ਭੌਰ ਜਿਹੀ ਹੋਈ ਫਿਰਦੀ, ਸਾਰੇ ਪ੍ਰੋਗਰਾਮ ਉਲਟੇ-ਪੁਲਟੇ ਹੋ ਜਾਂਦੇ। 'ਖ਼ੁਦਾ ਜਾਣੇ ਰਿਆਜ਼ ਨੂੰ ਕੀ ਹੋ ਗਿਐ...ਕਿਤੇ ਬਿਮਾਰ ਤਾਂ ਨੀਂ ਹੋ ਗਿਆ? ਕੋਈ ਐਕਸੀਡੈਂਟ ਤਾਂ ਨਹੀਂ ਹੋ ਗਿਆ?' ਸੋਚਦੀ ਰਹਿੰਦੀ। ਕਦੀ ਨੌਕਰ ਨੂੰ ਉਸ ਵੱਲ ਦੌੜਾਂਦੀ, ਕਦੀ ਗੁਆਂਢੀਆਂ ਦੇ ਘਰੋਂ ਫ਼ੋਨ ਕਰਦੀ—ਜੇ ਬਦਕਿਸਮਤੀ ਨਾਲ ਰਿਆਜ਼ ਕਿਸੇ ਦੋਸਤ ਨਾਲ ਸਿਨੇਮਾ ਦੇਖਣ ਚਲਾ ਗਿਆ ਹੁੰਦਾ ਤਾਂ ਦੂਜੇ ਦਿਨ ਉਸਦੀ ਸ਼ਾਮਤ ਆ ਜਾਂਦੀ।
“ਕਿੱਥੇ ਮਰ ਗਿਆ ਸੈਂ, ਜਲੀਲ ਆਦਮੀ! ਮੈਨੂੰ ਫ਼ੋਨ ਹੀ ਕਰ ਦਿੱਤਾ ਹੁੰਦਾ ਤਾਂ ਮੈਂ ਏਨੀ ਪ੍ਰੇਸ਼ਾਨ ਤਾਂ ਨਾ ਹੁੰਦੀ। ਫ਼ਿਲਮ ਦੀਆਂ ਟਿਕਟਾਂ ਮੰਗਵਾਈਆਂ ਸਨ, ਬੜੀ ਮੁਸ਼ਕਿਲ ਨਾਲ ਵਾਪਸ ਹੋਈਆਂ ਨੇ...ਜੇ ਨਾ ਹੁੰਦੀਆਂ ਤਾਂ ਤੈਨੂੰ ਪੈਸੇ ਭਰਨੇ ਪੈਣੇ ਸੀ।”
ਬੱਚੇ ਵੀ ਪਿੱਛੇ ਪੈ ਜਾਂਦੇ—'ਅਸੀਂ ਤੁਹਾਡੇ ਨਾਲ ਨਹੀਂ ਬੋਲਣਾ, ਤੁਸੀਂ ਕਲ੍ਹ ਆਏ ਕਿਉਂ ਨਹੀਂ?' ਜੁਰਮਾਨਾ ਵਸੂਲ ਕਰਕੇ ਸੁਲਾਹ ਹੁੰਦੀ ਤੇ ਉਹ ਪੂਰੀ ਪਾਬੰਦੀ ਨਾਲ ਫੇਰ ਆਉਣ ਲੱਗ ਪੈਂਦਾ।
ਜੇ ਕਦੀ ਰਿਆਜ਼ ਦੀ ਤਬੀਅਤ ਖ਼ਰਾਬ ਹੋ ਜਾਂਦੀ ਤਾਂ ਫਰੀਦਾ ਬੱਚਿਆਂ ਨੂੰ ਨਾਲ ਲੈ ਕੇ ਉਸ ਦੇ ਘਰ ਉੱਤੇ ਧਾਵਾ ਬੋਲ ਦੇਂਦੀ। ਉਸਦੀ ਸੇਵਾ ਘੱਟ, ਆਪਣੀ ਜ਼ਿਆਦਾ ਕਰਵਾਉਂਦੀ। ਇਹਨਾਂ ਝਗੜਿਆਂ ਤੋਂ ਜਾਨ ਬਚਾਉਣ ਖਾਤਰ ਰਿਆਜ਼ ਬਿਮਾਰ ਹੁੰਦਿਆਂ ਹੀ ਉਹਨਾਂ ਦੇ ਘਰ ਆਣ ਲੇਟਦਾ।
ਤੇ ਫੇਰ ਇੰਜ ਹੋਣ ਲੱਗਿਆ ਕਿ ਜੇ ਕਿਸੇ ਦਿਨ ਅਕਬਰ ਗਲਤੀ ਨਾਲ ਛੇਤੀ ਘਰ ਆ ਜਾਂਦੇ ਤਾਂ ਬੀਵੀ ਬੱਚੇ ਸਾਰੇ ਹੀ ਘਬਰਾ ਜਾਂਦੇ ਕਿ 'ਇਹਨਾਂ ਉੱਤੇ ਕਿਹੜੀ ਮੁਸੀਬਤ ਆਣ ਪਈ ਹੈ ਬਈ ਏਨੀ ਛੇਤੀ ਘਰ ਆਉਣਾ ਪੈ ਗਿਐ?' ਫਰੀਦਾ ਤੇ ਰਿਆਜ਼ ਦਾ ਪ੍ਰੋਗਰਾਮ ਉਲਟ-ਪੁਲਟ ਹੋ ਜਾਂਦਾ—ਸਿਨੇਮੇ ਦੇ ਦੋ ਟਿਕਟ ਮੰਗਵਾਏ ਹੁੰਦੇ, ਤੀਜਾ ਕਿਸੇ ਹੋਰ ਨੰਬਰ ਦਾ ਮਿਲਦਾ ਤੇ ਯਕੀਨਨ ਰਿਆਜ਼ ਨੂੰ ਅਲੱਗ ਬੈਠਣਾ ਪੈਂਦਾ। ਮਾਰੇ ਸ਼ਰਮਿੰਦਗੀ ਦੇ ਮਜ਼ਾ ਕਿਰਕਿਰਾ ਹੁੰਦਾ ਸੋ ਵੱਖਰਾ ਕਿ ਰੋਜ਼ ਤਾਂ ਜਿੱਥੇ ਚਾਹੇ ਉਸ ਨੂੰ ਘਸੀਟ ਕੇ ਲੈ ਜਾਂਦੀ ਹੈ, ਇਕ ਦਿਨ ਪਤੀ ਆ ਟਪਕੇ ਤਾਂ ਉਸ ਗਰੀਬ ਨੂੰ ਦੁੱਧ 'ਚੋਂ ਮੱਖੀ ਵਾਂਗ ਕੱਢ ਕੇ ਪਰ੍ਹਾਂ ਸੁੱਟ ਦਿੱਤਾ ਗਿਆ।
ਖਾਣੇ ਦੀ ਮੇਜ਼ ਉੱਤੇ ਵੀ ਸਭ ਗੜਬੜ ਹੋ ਜਾਂਦਾ—ਅਕਸਰ, ਅਕਬਰ ਲਈ ਮੇਜ਼ ਉੱਤੇ ਪਲੇਟ ਲਾਈ ਹੀ ਨਹੀਂ ਸੀ ਜਾਂਦੀ। ਰਾਤੀਂ ਦੋ ਢਾਈ ਵਜਾ ਕੇ ਆਉਂਦੇ ਤਾਂ ਆਪਣੇ ਕਮਰੇ ਵਿਚ ਹੀ ਖਾਣੇ ਵਾਲੀ ਟਰੇ ਮੰਗਵਾ ਲੈਂਦੇ। ਜਿਸ ਦਿਨ ਉਹ ਜਲਦੀ ਆ ਜਾਂਦੇ, ਇੰਜ ਲੱਗਦਾ ਕੋਈ ਮਹਿਮਾਨ ਬੇਮੌਕੇ ਆ ਵੜਿਆ ਹੈ। ਜਲਦੀ-ਜਲਦੀ ਉਹਨਾਂ ਲਈ ਜਗ੍ਹਾ ਬਣਾਈ ਜਾਂਦੀ—ਰਿਆਜ਼ ਜਿਹੜਾ ਆਮ ਕਰਕੇ ਫਰੀਦਾ ਦੇ ਨੇੜੇ ਹੀ ਬੈਠਦਾ ਹੁੰਦਾ ਸੀ ਤਾਂਕਿ ਬੱਚਿਆਂ ਨੂੰ ਖਾਣਾ ਦੇਣ ਵਿਚ ਉਸਦੀ ਮਦਦ ਕੀਤੀ ਜਾ ਸਕੇ, ਆਖ਼ਰੀ ਕੁਰਸੀ ਉੱਤੇ, ਦੂਰ ਜਾ ਬੈਠਦਾ। ਬੱਚੇ ਹੈਰਾਨੀ ਨਾਲ ਉਸ ਤਬਦੀਲੀ ਨੂੰ ਵੇਖਦੇ। ਫਰੀਦਾ ਨੂੰ ਬੜੀ ਪ੍ਰੇਸ਼ਾਨੀ ਹੁੰਦੀ ਕਿ ਅਕਬਰ ਬਿਲਕੁਲ ਓਪਰਿਆਂ ਵਾਂਗ ਖਾਂਦੇ ਰਹਿੰਦੇ ਸਨ ਤੇ ਫਰੀਦਾ ਨੂੰ ਇਕੱਲਿਆਂ ਹੀ ਬੱਚਿਆਂ ਨੂੰ ਸੰਭਾਲਨਾ ਪੈਂਦਾ ਸੀ। ਜੇ ਅਕਬਰ ਕੁਝ ਮਦਦ ਕਰਨ ਦੀ ਕੋਸ਼ਿਸ਼ ਕਰਦੇ ਤਾਂ ਹੋਰ ਗੜਬੜ ਹੋ ਜਾਂਦੀ—
“ਓ-ਹੋ! ਏਨੇ ਚਾਵਲ ਇਸ ਦੀ ਪਲੇਟ ਵਿਚ ਪਾ ਦਿੱਤੇ...ਮਾਰੋਗੇ ਕੰਬਖਤ ਨੂੰ। ਉਂਜ ਈ ਇਹਨੂੰ ਖੰਘ ਲੱਗੀ ਹੋਈ ਏ। ਨਾ, ਦਹੀਂ ਨਾ ਦਿਓ। ਓ-ਹੋ ਇਹ ਚਟਨੀ ਤਾਂ ਬੱਚਿਆਂ ਲਈ ਸੀ—ਤੁਸਾਂ ਖ਼ਤਮ ਕਰ ਦਿੱਤੀ।” ਤੇ ਅਕਬਰ ਦੋਸ਼ੀ ਬਣਿਆਂ ਬੈਠਾ ਰਹਿ ਜਾਂਦਾ।
“ਰਿਆਜ਼ ਬੈਠੇ-ਬੈਠੇ ਖ਼ੁਦ ਠੂੰਸ ਰਹੇ ਓ, ਏਨਾ ਨਹੀਂ ਹੁੰਦਾ ਬਈ ਬੱਚਿਆਂ ਨੂੰ ਵੀ ਖੁਆ ਦਿਆਂ। ਮੇਰੇ ਦੋ ਹੱਥ ਨੇ, ਕੀ ਕੀ ਕਰਾਂ?” ਉਹ ਘੁਰਕਦੀ ਤੇ ਬਿੰਦ ਵਿਚ ਹੀ ਰਿਆਜ਼ ਸਾਰੀ ਮੇਜ਼ ਦਾ ਚਾਰਜ ਸਾਂਭ ਲੈਂਦਾ। ਬੜੇ ਹੀ ਹਿਸਾਬ-ਕਿਤਾਬ ਨਾਲ ਉਹ ਖਾਣਾ ਵਰਤਾਉਂਦਾ—ਕਿਸ ਨੂੰ ਕਿਹੜੀ ਬੋਟੀ ਪਸੰਦ ਹੈ, ਅੱਜ ਕਿਸ ਦੀ ਗੁਰਦੇ ਦੀ ਵਾਰੀ ਹੈ, ਕਿਸ ਦੀ ਹੱਡੀ ਦੀ ਵਾਰੀ ਹੈ, ਰਾਇਤਾ ਕਿਸ ਨੂੰ ਮਿਲੇਗਾ, ਕਿਸ ਨੂੰ ਸੂਪ...ਤੇ ਨਾਲੇ ਕਿਸ ਨੂੰ ਧਮਕਾਉਂਣਾ ਹੈ, ਕਿਸ ਨੂੰ ਪੁਚਕਾਰਨਾਂ ਹੈ, ਕਿਸ ਨੂੰ ਜ਼ਰਾ ਵੀ ਘੂਰਿਆ ਗਿਆ ਤਾਂ ਸਾਰੀ ਮੇਜ਼ ਉਲਟ ਦਏਗਾ, ਕਿਹੜਾ ਘੂਰੇ ਬਿਨਾਂ ਭੁੱਖਾ-ਰੋਂਦਾ ਰਹਿ ਜਾਏਗਾ।
ਨਾਲੇ ਉਹ ਚੁਟਕਲੇ ਤੇ ਹਾਸਾ ਮਜ਼ਾਕ—ਰੋਟੀ ਦੀ ਕਹਾਣੀ; ਬੋਟੀ ਦਾ ਕਿੱਸਾ। ਮਿਰਚਾਂ ਦੇ ਚਟਪਟੇ ਚੁਟਕਲੇ—ਅਕਬਰ ਕਦ ਜਾਣਦੇ ਸਨ? ਉਹ ਤਾਂ ਰਿਆਜ਼ ਨੂੰ ਹੀ ਆਉਂਦੇ ਸਨ। ਉਹ ਉਹਨਾਂ ਦਾ ਨਿੱਜੀ ਚੁਹਲ-ਮਜ਼ਾਕ ਜਿਹੜਾ ਬਾਹਰ ਵਾਲੇ ਨਹੀਂ ਸਮਝ ਸਕਦੇ ਸਨ—ਤੇ ਅਕਬਰ ਬਾਹਰ ਵਾਲੇ ਹੀ ਸਨ; ਲੂੰਬੜੀ ਦੀ ਦਾਅਵਤ ਵਿਚ ਸਾਰਖ ਵਾਂਗ ਚੁੱਪ-ਗੜੁੱਪ ਤੇ ਉਕਤਾਏ ਹੋਏ, ਖਾਣਾ ਜ਼ਹਿਰ ਮਾਰ ਕਰਦੇ ਰਹਿੰਦੇ।

ਅਕਬਰ ਦਿੱਲੀ ਨਹੀਂ ਜਾ ਸਕਦੇ ਸਨ। ਛੁੱਟੀਆਂ ਤਾਂ ਸਨ, ਪਰ ਉਹਨੀਂ ਦਿਨੀ ਕ੍ਰਿਕਟ ਮੈਚ ਸ਼ੁਰੂ ਹੋ ਰਹੇ ਸਨ, ਤੇ ਉਹ ਮੈਚਾਂ ਦੇ ਦੀਵਾਨੇ ਸਨ। ਕਦੀ ਰਿਆਜ਼ ਵੀ ਇਹਨਾਂ ਮੈਚਾਂ ਦਾ ਦੀਵਾਨਾ ਹੁੰਦਾ ਹੁੰਦਾ ਸੀ ਪਰ ਕਿਉਂਕਿ ਫਰੀਦਾ ਨੂੰ ਉਹਨਾਂ ਉੱਤੇ ਖਿਝ ਚੜ੍ਹਦੀ ਸੀ, ਸੋ ਉਸ ਨੇ ਕਹਿ-ਕਹਿ ਕੇ ਦਿਲਚਸਪੀ ਮੁਕਾਅ ਦਿੱਤੀ ਸੀ। ਮੈਚ ਆਉਂਦਾ ਤਾਂ ਉਸ ਨੂੰ ਇੰਜ ਮਹਿਸੂਸ ਹੁੰਦਾ—ਉਸ ਦੀ ਜਾਨ ਉਪਰ ਸੌਕਣ ਆਣ ਬੈਠੀ ਹੈ। ਇਸ ਲਈ ਉਸ ਨੇ ਅਜੀਬ-ਅਜੀਬ ਚਾਲਾਂ ਚੱਲ ਕੇ ਰਿਆਜ਼ ਦੀ ਇਹ ਮੈਚ ਵੇਖਣ ਦੀ ਆਦਤ ਛੁਡਵਾਈ—ਉਹ ਉਹਨੀਂ ਦਿਨੀ ਪਿਕਨਿਕ ਦੇ ਪ੍ਰੋਗਰਾਮ ਬਣਾ ਲੈਂਦੀ, ਸਿਨੇਮੇ ਦੇ ਟਿਕਟ ਮੰਗਵਾ ਲੈਂਦੀ, ਹਰ ਵੇਲੇ ਮੈਚ ਦੀਆਂ ਬੁਰਾਈਆਂ ਕਰਦੀ ਰਹਿੰਦੀ। ਡੈਂਟਿਸਟ ਤੋਂ ਸਮਾਂ ਲੈ ਲੈਂਦੀ...ਬਗ਼ੈਰ ਰੜਕਿਆਂ ਰਿਆਜ਼ ਦੀ ਦਿਲਚਸਪੀ ਖ਼ਤਮ ਹੋ ਗਈ। ਹਾਂ, ਤੈਰਾਕੀ ਦਾ ਸ਼ੌਕ ਕਾਇਮ ਰਿਹਾ। ਹਾਲਾਂਕਿ ਫਰੀਦਾ ਨੂੰ ਪਾਣੀ ਤੋਂ ਡਰ ਲੱਗਦਾ ਸੀ, ਪਰ ਉਹ ਬੱਚਿਆਂ ਨਾਲ ਜਾਂਦੀ। ਰਿਆਜ਼ ਬੱਚਿਆਂ ਨੂੰ ਤੈਰਨਾ ਸਿਖਾਉਂਦਾ ਤੇ ਉਹ ਕਿਨਾਰੇ 'ਤੇ ਬੈਠੀ ਸਵੈਟਰ ਬੁਣਦੀ ਰਹਿੰਦੀ।
ਸ਼ੁਰੂ ਸ਼ੁਰੂ ਵਿਚ ਉਸ ਨੇ ਅਕਬਰ ਲਈ ਸਵੈਟਰ ਬੁਣੇ, ਪਰ ਉਹਨਾਂ ਨੇ ਉਹ ਸਵੈਟਰ ਖਾਸ ਤੌਰ 'ਤੇ ਆਪਣੇ ਉਹਨਾਂ ਦੋਸਤਾਂ ਨੂੰ ਦੇ ਦਿੱਤੇ ਜਿਹੜੇ ਫਰੀਦਾ ਨੂੰ ਜ਼ਹਿਰ ਲੱਗਦੇ ਸਨ। ਰਿਆਜ਼ ਨੇ ਵੀਹ ਵੀਹ ਸਾਲ ਪੁਰਾਣੀਆਂ ਚੀਜ਼ਾਂ ਵੀ ਸੰਭਾਲ ਕੇ ਰੱਖੀਆਂ ਹੋਈਆਂ ਸਨ। ਹਰ ਸਾਲ ਉਹ ਇਕ ਨਵੇਂ ਸਵੈਟਰ ਦੇ ਨਾਲ ਪੁਰਾਣੇ ਸਵੈਟਰ ਦੀ ਮੁਰੰਮਤ ਵੀ ਕਰ ਦੇਂਦੀ।
ਇਸ ਦੇ ਬਾਵਜ਼ੂਦ ਵੀ ਅਕਬਰ ਤੇ ਫਰੀਦਾ ਮੀਆਂ-ਬੀਵੀ ਸਨ। ਉਹਨਾਂ ਦੇ ਬੱਚੇ ਹੋਏ ਸਨ; ਉਹ ਇਕੋ ਘਰ ਵਿਚ, ਇਕੋ ਕਮਰੇ ਵਿਚ ਰਹਿੰਦੇ ਸਨ। ਉਹਨਾਂ ਦੇ ਪਲੰਘ ਵਿਚਕਾਰ ਸਿਰਫ ਢਾਈ ਫੁੱਟ ਦਾ ਫਾਸਲਾ ਸੀ। ਸਪਸ਼ਟ ਹੈ ਬੱਚਿਆਂ ਨੂੰ ਲੈ ਕੇ ਫਰੀਦਾ ਦੇ ਇਕੱਲੇ ਦਿੱਲੀ ਜਾਣ ਦਾ ਸਵਾਲ ਹੀ ਨਹੀਂ ਸੀ ਪੈਦਾ ਹੁੰਦਾ—ਮਜ਼ਬੂਰਨ ਰਿਆਜ਼ ਦਾ ਟਿਕਟ ਵੀ ਖਰੀਦਿਆ ਗਿਆ।
ਫਰੀਦਾ ਆਪਣੇ ਭਰਾ ਦੇ ਘਰ ਠਹਿਰੀ। ਭਰਾ ਦੇ ਭਾਬੀ ਮੇਰਠ ਕਿਸੇ ਦੋਸਤ ਦੀ ਸ਼ਾਦੀ ਵਿਚ ਗਏ ਹੋਏ ਸਨ ਤੇ ਘਰੇ ਆਪਣੇ ਦੋਵਾਂ ਬੱਚਿਆਂ ਨੂੰ ਛੱਡ ਗਏ ਸਨ। ਦਿੱਲੀ ਵਿਚ ਖ਼ੂਬ ਮਜ਼ੇ ਕੀਤੇ, ਖ਼ੂਬ ਸੈਰਾਂ ਕੀਤੀਆਂ। ਪਿੱਛਲੀ ਵਾਰੀ ਅਕਬਰ ਨਾਲ ਆਈ ਸੀ...ਉਹਨਾਂ ਨੂੰ ਬਾਹਰ ਜਾਣ ਤੋਂ ਬੜੀ ਘਬਰਾਹਟ ਹੁੰਦੀ ਸੀ। ਹੋਟਲ ਵਿਚ ਠਹਿਰੇ ਸਨ। ਸ਼ਾਮ ਹੁੰਦਿਆਂ ਹੀ ਲੋਕ ਸ਼ੁਗਲ ਲਈ ਆਣ ਜੁੜਦੇ, ਬੜੀ ਚਹਿਲ-ਪਹਿਲ ਰਹਿੰਦੀ—ਪਰ ਬੱਚੇ ਨਾਲ ਨਹੀਂ ਸਨ; ਉਹ ਉਹਨਾਂ ਨੂੰ ਰਿਆਜ਼ ਕੋਲ ਛੱਡ ਗਈ ਸੀ। ਬਿਲਕੁਲ ਨਵੇਂ ਹਨੀਮੂਨ ਵਰਗਾ ਮਜ਼ਾ ਆ ਗਿਆ ਸੀ। ਪਰ ਕਦੀ-ਕਦੀ ਬੱਚਿਆਂ ਦੀ ਯਾਦ ਆ ਕੇ ਮਜ਼ਾ ਕਿਰਕਿਰਾ ਕਰ ਦੇਂਦੀ ਸੀ—ਪਰ ਇਸ ਵਾਰੀ ਬੱਚੇ ਨਾਲ ਸਨ, ਅਕਬਰ ਦੀ ਗ਼ੈਰ-ਹਾਜ਼ਰੀ ਉਸ ਨੇ ਵਾਰੀ-ਵਾਰੀ ਮਹਿਸੂਸ ਕੀਤੀ...ਪਰ ਹੁਣ ਤਾਂ ਕੁਝ ਆਦਤ ਜਿਹੀ ਪੈ ਗਈ ਸੀ।
ਰਿਆਜ਼ ਨੇ ਖ਼ੂਬ ਸੈਰ ਕਰਵਾਈ, ਤਸਵੀਰਾਂ ਖਿੱਚੀਆਂ, ਫਰੀਦਾ ਦੀਆਂ, ਖਿੜ-ਖਿੜ ਹੱਸਦੇ ਹੋਏ ਬੱਚਿਆਂ ਦੀਆਂ। ਕਦੀ ਫਰੀਦਾ ਕਹਿੰਦੀ, “ਰਿਆਜ਼ ਤੂੰ ਵੀ ਆ ਜਾ...ਕਿਸੇ ਨੂੰ ਕਹਿ ਬਟਨ ਦਬਾ ਦਏ।” ਤੇ ਰਿਆਜ਼ ਵੀ ਫਰੀਦਾ ਦੇ ਨੇੜੇ ਆਣ ਖੜ੍ਹਾ ਹੁੰਦਾ—ਆਸੇ ਪਾਸੇ ਬੱਚੇ ਹੁੰਦੇ।
ਭਰਾ ਦੇ ਬੱਚੇ ਮਨੂੰ ਤੇ ਸ਼ਹੀਨਾ ਜਿਹੜੇ ਪਹਿਲੀ ਵਾਰੀ ਫਰੀਦਾ ਦੇ ਬੱਚਿਆਂ ਨੂੰ ਮਿਲੇ ਸਨ, ਰਿਆਜ਼ ਨੂੰ ਅੰਕਲ ਕਹਿੰਦੇ ਸਨ ਤੇ ਬੜੇ ਘੁਲ-ਮਿਲ ਗਏ ਸਨ। ਪਰ ਇਕ ਦਿਨ ਸ਼ਹੀਨਾ ਨੇ ਬੜੀ ਹੈਰਾਨੀ ਨਾਲ ਪੁੱਛਿਆ, “ਤੁਸੀਂ ਆਪਣੇ ਡੈਡੀ ਨੂੰ ਅੰਕਲ ਕਿਉਂ ਕਹਿੰਦੇ ਓ?”
“ਕਿਸ ਨੂੰ?”
“ਅੰਕਲ ਰਿਆਜ਼ ਨੂੰ...”
“ਸਿੱਲੀ...ਅੰਕਲ ਰਿਆਜ਼, ਸਾਡੇ ਅੰਕਲ ਨੇ।”
“ਅੱਛਾ! ਇਹ ਤੁਹਾਡੇ ਡੈਡੀ ਨਹੀਂ?” ਸ਼ਹੀਨਾ ਨੇ ਭੋਲੇ ਪਨ ਨਾਲ ਪੁੱਛਿਆ ਤੇ ਬੱਚਿਆਂ ਨੇ ਉਸ ਦਾ ਬੜਾ ਮਜ਼ਾਕ ਉਡਾਇਆ—“ਅੰਕਲ ਇਹ ਤੁਹਾਨੂੰ ਸਾਡੇ ਡੈਡੀ ਸਮਝਦੀ ਏ...ਉੱਲੂ ਕਿਤੋਂ ਦੀ।”
ਰਿਆਜ਼ ਕੱਚਾ ਜਿਹਾ ਹੋ ਕੇ, ਕੱਚਾ-ਜਿਹਾ ਹਾਸਾ, ਹੱਸਿਆ, ਫਰੀਦਾ ਦਾ ਵੀ ਹਾਸਾ ਨਿਕਲ ਗਿਆ।
“ਤਾਂ ਕੀ ਤੂੰ ਮੇਰੀ ਬੇਟੀ ਨਹੀਂ?” ਰਿਆਜ਼ ਨੇ ਕਿਹਾ।
“ਪਰ...” ਬੱਚੀ ਦੀ ਸਮਝ ਵਿਚ ਨਹੀਂ ਸੀ ਆ ਰਿਹਾ ਕਿ ਆਪਣੀ ਗੱਲ ਕਿੰਜ ਸਮਝਾਵੇ।
“ਜਾਹ ਭੰਗਣੇ ਤੂੰ ਮੇਰੀ ਬੇਟੀ ਨਹੀਂ...ਹੁਣ ਮੰਗੀ ਫੇਰ ਚਾਕਲੇਟ।”
“ਊਂ...ਬੇਟੀ ਤਾਂ ਹਾਂ ਤੁਹਾਡੀ।” ਬੱਚੀ ਉਸ ਦੇ ਗਲ਼ ਨਾਲ ਝੂਟ ਗਈ ਸੀ।

ਫਰੀਦਾ ਦੀ ਸਹੇਲੀ ਨੇ ਖਾਣੇ ਦਾ ਸੱਦਾ ਦਿੱਤਾ, “ਬੱਚਿਆਂ ਦਾ ਕੀ ਕੀਤਾ ਜਾਏ!”
“ਕੱਲ੍ਹ ਅਲਮ-ਸਲਮ ਖਾਣ ਨਾਲ ਗਲ਼ਾ ਦਰਦ ਹੋ ਰਿਹੈ...ਤੂੰ ਚਲੀ ਜਾਵੀਂ ਮੈਂ, ਬੱਚਿਆਂ ਨੂੰ ਸੰਭਾਲ ਲਵਾਂਗਾ—” ਰਿਆਜ਼ ਨੇ ਚਿੰਤਾ ਹੀ ਮੁਕਾਅ ਦਿੱਤੀ। ਫਰੀਦਾ ਖੁਸ਼-ਖੁਸ਼ ਤਿਆਰ ਹੋਈ, ਪਰ ਜਾਣ ਤੋਂ ਪਹਿਲਾਂ ਉਸ ਨੂੰ ਗਰਾਰੇ ਕਰਨ ਲਈ ਗਰਮ ਪਾਣੀ ਦੇ ਗਈ, ਪੈਂਸਲੀਨ ਦੀਆਂ ਗੋਲੀਆਂ ਚੂਸਣ ਦੀ ਹਦਾਇਤ ਕੀਤੀ, ਬੱਚਿਆਂ ਬਾਰੇ ਕੁਝ ਹਦਾਇਤਾਂ ਦਿੱਤੀਆਂ ਤੇ ਬਣ-ਠਣ ਕੇ ਚਲੀ ਗਈ।
“ਉਫ਼...ਇਹ ਪੀਲੀਏ ਮਾਰੀ ਸਾੜੀ ਦੇਖ-ਦੇਖ ਬੜੀ ਖਿਝ ਚੜ੍ਹਦੀ ਏ। ਖ਼ੁਦਾ ਦੀ ਸਹੁੰ ਏਂ, ਕਿਸੇ ਦਿਨ ਇਸ ਨੂੰ ਭੱਠੀ 'ਚ ਪਾ ਦਿਆਂਗਾ।” ਪਲੰਘ ਉੱਤੇ ਪਏ ਰਿਆਜ਼ ਨੇ ਕਿਹਾ ਸੀ।
“ਊਂ-ਹ, ਤੁਸੀਂ ਕੌਣ ਹੁੰਦੇ ਓ-ਜੀ...” ਉਸ ਨੇ ਟਾਲਨਾਂ ਚਾਹਿਆ ਪਰ ਆਦਮ ਕੱਦ ਸ਼ੀਸ਼ੇ ਵਿਚ ਦੇਖਿਆ ਤਾਂ ਇੰਜ ਲੱਗਿਆ ਰਿਆਜ਼ ਠੀਕ ਹੀ ਕਹਿੰਦਾ ਹੈ ਤੇ ਸਾੜ੍ਹੀ ਬਦਲ ਲਈ।
ਪਾਰਟੀ ਸ਼ਾਨਦਾਰ ਸੀ। ਸਾਰਿਆਂ ਨੇ ਉਸ ਦੇ ਪਤੀ ਬਾਰੇ ਪੁੱਛਿਆ। ਇਹ ਦੱਸਦਿਆਂ ਹੋਇਆਂ ਉਸ ਨੂੰ ਆਪਣੀ ਹੱਤਕ ਜਿਹੀ ਮਹਿਸੂਸ ਹੋਈ ਕਿ ਉਹ ਮੈਚ ਕਰਕੇ ਨਹੀਂ ਆਏ...ਕਿਸੇ ਨੂੰ ਕੁਝ ਦੱਸਿਆ, ਕਿਸੇ ਨੂੰ ਕੁਝ; ਗੱਲ ਟਾਲ ਗਈ।
“ਬੱਚਿਆਂ ਨੂੰ ਰਿਆਜ਼ ਕੋਲ ਛੱਡ ਆਈ ਆਂ, ਪ੍ਰੇਸ਼ਾਨ ਕਰਦੇ ਹੋਣਗੇ।” ਸਹੇਲੀ ਨੇ ਰੁਕਣ ਲਈ ਜ਼ੋਰ ਦਿੱਤਾ ਤਾਂ ਫਰੀਦਾ ਨੇ ਕਿਹਾ।
“ਬਈ ਬੜੀ ਖ਼ੂਬ ਓ, ਮੀਆਂ ਤੋਂ ਬੱਚੇ ਪਲਵਾਂਦੀ ਓ...” ਸਹੇਲੀ ਦੇ ਮੀਆਂ ਨੇ ਸ਼ਿਕਾਇਤ ਰੂਪੀ ਮਜ਼ਾਕ ਕੀਤਾ।
“ਪਰ ਮੇਰੇ ਮੀਆਂ ਤਾਂ ਬੰਬਈ ਵਿਚ ਨੇ।”
“ਤੁਸੀਂ ਤਾਂ ਕਹਿ ਰਹੇ ਸੀ ਕਿ ਬੱਚੇ ਰਿਆਜ਼ ਕੋਲ ਛੱਡ ਆਏ ਓ...”
“ਓਏ-ਹੋਏ, ਬਈ ਡਾਰਲਿੰਗ...ਹਾਓ-ਸਿੱਲੀ, ਫਿੱਦੀ ਦੇ ਹਸਬੈਂਡ ਦਾ ਨਾਂ ਤਾਂ ਅਕਬਰ ਏ।” ਸਹੇਲੀ ਨੇ ਗੱਲ ਸੁਲਝਾ ਦਿੱਤੀ।
“ਔਹ...ਤੇ ਰਿਆਜ਼—?”
“ਅਕਬਰ ਦੇ ਬਚਪਨ ਦੇ ਦੋਸਤ...ਬਲਕਿ ਭਰਾ ਹੀ ਸਮਝੋ।”
“ਬਲਕਿ ਅਕਬਰ ਹੀ ਸਮਝ ਲਓ ਤਾਂ ਕੀ ਹਰਜ਼ ਏ?” ਇਕ ਜ਼ੋਰਦਾਰ ਠਹਾਕਾ ਗੂੰਜਿਆ।
ਫਰੀਦਾ ਨੂੰ ਅਚਵੀ ਜਿਹੀ ਮਹਿਸੂਸ ਹੋਈ। ਕਿੰਨੇ ਚੀਪ ਨੇ ਇਹ ਲੋਕ...ਊਂਹ, ਲਾਹਨਤ ਏ! ਇਹਨਾਂ ਨੂੰ ਕੌਣ ਸਮਝਾਏ। ਕਈ ਵਾਰੀ ਲੋਕਾਂ ਨੇ ਗਲਤੀ ਨਾਲ ਰਿਆਜ਼ ਨੂੰ ਉਸ ਦਾ ਪਤੀ ਸਮਝ ਲਿਆ ਸੀ, ਉਸ ਨੂੰ ਬੁਰਾ ਨਹੀਂ ਸੀ ਲੱਗਿਆ...ਹਾਂ, ਉਹ ਲੋਕ ਮੂਰਖ ਜ਼ਰੂਰ ਲੱਗੇ ਸਨ। ਕੀ ਹੁੰਦਾ ਏ ਅਜਿਹੀਆਂ ਗੱਲਾਂ ਨਾਲ, ਕੀ ਵਿਗੜਦਾ ਹੈ—ਪਰ ਗੱਲ ਜ਼ਿਆਦਾ ਸੁਲਝਦੀ ਮਹਿਸੂਸ ਨਾ ਹੋਈ ਤਾਂ ਸਹੇਲੀ ਨੇ ਕਿਹਾ, “ਰਿਆਜ਼ ਦੀ ਸ਼ਾਦੀ ਜ਼ੀਨਤ ਨਾਲ ਕਿਉਂ ਨਹੀਂ ਕਰਵਾ ਦੇਂਦੀ?”
“ਬਈ ਕਿੰਨੀ ਵਾਰੀ ਕਹਿ ਚੁੱਕੀ ਆਂ ਕੰਬਖ਼ਤ ਨੂੰ, ਸੁਣਦਾ ਈ ਨਹੀਂ। ਮਜ਼ਾਕ ਵਿਚ ਟਾਲ ਜਾਂਦੈ।”
“ਤੂੰ ਜ਼ੋਰ ਪਾ ਕੇ ਕਹੇਂਗੀ ਤਾਂ ਉਹ ਜ਼ਰੂਰ ਮੰਨ ਜਾਏਗਾ...”
“ਤਾਂ ਤੇਰਾ ਮਤਲਬ ਏ ਮੈਂ ਉਸ ਨੂੰ ਕਿਹਾ ਹੀ ਨਹੀਂ?” ਫਰੀਦਾ ਹਿਰਖ ਗਈ।
“ਨਹੀਂ ਜ਼ਰਾ ਜ਼ੋਰ ਦੇ ਕਹਿ ਨਾ...”
“ਮੈਂ ਕਿੰਜ ਜ਼ੋਰ ਦੇ ਕੇ ਕਹਾਂ...ਕੋਈ ਬੱਚਾ ਏ ਕਿ ਢਾਹ ਕੇ ਦੁਆਈ ਪਿਲਾਅ ਦਿਆਂ।” ਉਹ ਹੋਰ ਹਿਰਖ ਗਈ।
“ਓ-ਹੋ, ਇਸ 'ਚ ਹਿਰਖਣ ਵਾਲੀ ਕਿਹੜੀ ਗੱਲ ਏ?”
''ਮੈਂ ਕਿਉਂ ਹਿਰਖਣ ਲੱਗੀ...” ਫਰੀਦਾ ਨੇ ਲਾਲ ਪੀਲੀ ਹੁੰਦਿਆਂ ਕਿਹਾ।
“ਚੱਲ ਛੱਡ ਪਰ੍ਹਾਂ...” ਸਹੇਲੀ ਆਪਣੀ ਜਾਨ ਛੁਡਾ ਕੇ ਨੱਸੀ। ਫਰੀਦਾ ਛਿੱਥੀ ਜਿਹੀ ਹੋ ਗਈ। ਲੋਕ ਸਮਝਦੇ ਨੇ ਉਹ ਰਿਆਜ਼ ਦੀ ਸ਼ਾਦੀ ਨਹੀਂ ਹੋਣ ਦੇਂਦੀ...ਉਸ ਨੂੰ ਰਿਆਜ਼ ਉੱਤੇ ਗੁੱਸਾ ਆਉਣ ਲੱਗ ਪਿਆ। ਉਸ ਨੇ ਕਿੰਨੀ ਵਾਰੀ ਕਿਹਾ ਹੈ ਕਿ ਕੰਬਖ਼ਤ ਸ਼ਾਦੀ ਕਿਉਂ ਨਹੀਂ ਕਰਵਾਂਦਾ, ਹਮੇਸ਼ਾ ਟਾਲ ਦੇਂਦਾ ਏ।
“ਚੱਲ ਛੱਡ, ਦਫਾ ਕਰ ਪਰ੍ਹਾਂ...ਕੀ ਮੂਰਖਾਂ ਵਾਲੀਆਂ ਗੱਲਾਂ ਕਰਦੀ ਪਈ ਏਂ...ਬਈ ਮੈਂ ਝੰਜਟ 'ਚ ਨਹੀਂ ਪੈਣਾ ਚਾਹੁੰਦਾ...'' ਤੇ ਉਹ ਬੱਚਿਆਂ ਨਾਲ ਰਲ ਕੇ ਹੋਰ ਉਧਮ ਮਚਾਉਣ ਲੱਗ ਪੈਂਦਾ, ਕਦੀ ਝਿੜਕ-ਝਿੜਕ ਕੇ ਉਹਨਾਂ ਨੂੰ ਹੋਮ ਵਰਕ ਕਰਵਾਉਣ ਲੱਗ ਪੈਂਦਾ। ਉਹਨਾਂ ਦੀਆਂ ਰਿਪੋਰਟਾਂ ਉੱਤੇ ਗੌਰ ਕਰਨਾ, ਉਹਨਾਂ ਦੇ ਟੀਚਰਾਂ ਨੂੰ ਮਿਲਣਾ—ਇਹ ਵਿਚਾਰੇ ਅਕਬਰ ਦੇ ਵੱਸ ਦਾ ਰੋਗ ਨਹੀਂ ਸੀ। ਉਹ ਤਾਂ ਬਿਨਾਂ ਦੇਖੇ ਦਸਤਖ਼ਤ ਕਰ ਦੇਂਦੇ ਸਨ ਤੇ ਕਹਿੰਦੇ ਸਨ, “ਰਿਆਜ਼ ਜ਼ਰਾ ਤੂੰ ਹੀ ਗੌਰ ਕਰ ਲਵੀਂ, ਆਪਣੇ ਵੱਸ ਤੋਂ ਤਾਂ ਬਾਹਰ ਦੀਆਂ ਗੱਲਾਂ ਨੇ।”

ਇਕ ਦਿਨ ਰਿਆਜ਼ ਬੜੇ ਗੁੱਸੇ ਵਿਚ ਬਾਹਰੋਂ ਆਇਆ ਸੀ ਤੇ ਫਰੀਦਾ ਨੂੰ ਡਾਂਟਣ ਲੱਗ ਪਿਆ ਸੀ, “ਕੁਝ ਹੋਸ਼ ਵੀ ਏ, ਸਾਹਬਜ਼ਾਦੀ ਦੇ ਹੁਣੇ ਤੋਂ ਖੰਭ ਨਿਕਲਣ ਲੱਗ ਪਏ ਨੇ...ਪਤਾ ਨਹੀਂ ਕਿਹੜੇ ਮੁੰਡਿਆਂ ਨਾਲ ਤੁਰੀ ਫਿਰਦੀ ਸੀ, ਖ਼ੁਦਾ ਦੀ ਸੌਂਹ ਮੇਰਾ ਪਾਰਾ ਚੜ੍ਹ ਚੱਲਿਆ ਸੀ...”
“ਮੇਰੇ ਤਾਂ ਆਖੇ ਹੀ ਨਹੀਂ ਲੱਗਦੀ...” ਫਰੀਦਾ ਨੇ ਰੁਹਾਂਸੀ ਹੋ ਕੇ ਕਿਹਾ ਸੀ।
“ਆਖੇ ਨਹੀਂ ਲੱਗਦੀ ਤਾਂ ਘੜ ਦੇ ਚੁੜੈਲ ਨੂੰ...ਨਹੀਂ ਤਾਂ ਮੈਂ ਘੜ ਦੇਣਾ ਏਂ।”
“ਕੁੱਟਣ ਮਾਰਨ ਨਾਲ ਕੀ ਹੋਏਗਾ...?” ਫੇਰ ਦੋਵੇਂ ਜਣੇ ਬੱਚਿਆਂ ਦੀ ਸਾਈਕਾਲੋਜ਼ੀ ਬਾਰੇ ਸੋਚ-ਸੋਚ ਕੇ ਪ੍ਰੇਸ਼ਾਨ ਹੁੰਦੇ ਰਹੇ। ਦੋਵਾਂ ਵਿਚੋਂ ਕਿਸੇ ਨੂੰ ਵੀ ਖ਼ਿਆਲ ਨਹੀਂ ਸੀ ਆਇਆ ਕਿ ਇਸ ਮਾਮਲੇ ਵਿਚ ਅਕਬਰ ਦੀ ਰਾਏ ਵੀ ਲੈਣੀ ਚਾਹੀਦੀ ਹੈ। ਕੀ ਫਾਇਦਾ ਸੀ...ਵਾਧੂ ਪ੍ਰੇਸ਼ਾਨ ਹੋ ਜਾਣਗੇ। ਉਹਨਾਂ ਦੀ ਸ਼ਰਾਬ ਪੀਣ ਦੀ ਆਦਤ ਏਨੀ ਵਧ ਗਈ ਸੀ ਕਿ ਜ਼ਰਾ ਜਿੰਨੀ ਗੱਲ ਉੱਤੇ ਪ੍ਰੇਸ਼ਾਨ ਹੋ ਜਾਂਦੇ ਸਨ ਤੇ ਫੇਰ ਸਭ ਦੀ ਜ਼ਿੰਦਗੀ ਹਰਾਮ ਹੋਣ ਲੱਗਦੀ ਸੀ।

ਦਿੱਲੀ ਦੀ ਸੈਰ ਹੋ ਚੁੱਕੀ ਸੀ। ਬੱਚਿਆਂ ਦੀਆਂ ਛੁੱਟੀਆਂ ਵੀ ਖ਼ਤਮ ਹੋ ਰਹੀਆਂ। ਫਰੀਦਾ ਨੂੰ ਭਰਾ-ਭਰਜਾਈ ਦੀ ਉਡੀਕ ਸੀ ਕਿ ਆ ਜਾਣ ਤਾਂ ਉਹਨਾਂ ਨੂੰ ਮਿਲ ਕੇ ਚੱਲੀਏ।
“ਅਕਬਰ ਨਹੀਂ ਆਏ—?” ਉਹਨਾਂ ਆਉਂਦਿਆਂ ਹੀ ਹੈਰਾਨੀ ਨਾਲ ਪੁੱਛਿਆ।
“ਨਹੀਂ, ਕੋਈ ਕੰਮ ਸੀ—?” ਫਰੀਦ ਸੁਤੇ ਸੁਭਾਅ ਬੋਲ ਗਈ।
“ਤੇ ਅਹਿ ਬਾਹਰ ਕਮਰੇ 'ਚ ਕੌਣ ਰਹਿ ਰਿਹੈ—?”
“ਰਿਆਜ਼।” ਫਰੀਦਾ ਨੇ ਲਾਪ੍ਰਵਾਹੀ ਨਾਲ ਕਿਹਾ, ਪਰ ਉਸ ਨੂੰ ਡਰ ਲੱਗਣ ਲੱਗ ਪਿਆ।
“ਰਿਆਜ਼...ਯਾਨੀ ਉਹ ਤੇਰੇ ਨਾਲ ਏਥੇ ਵੀ ਆਇਐ?”
“ਹਾਂ...ਪਰ—” ਫਰੀਦਾ ਉਹਨਾਂ ਦੇ ਪੁੱਛਣ ਢੰਗ ਕਰਕੇ ਸਹਿਮ ਗਈ।
“ਮੈਂ ਇਹਨਾਂ ਹਰਕਤਾਂ ਨੂੰ ਕਤਈ ਬਰਦਾਸ਼ਤ ਨਹੀਂ ਕਰ ਸਕਦਾ¸” ਉਹ ਭੜਕੇ।
“ਓ-ਹੋ ਬਈ, ਜਾਣ ਵੀ ਦਿਓ।” ਭਾਬੀ ਨੇ ਸਮਝਾਇਆ, “ਬਾਹਰ ਆਵਾਜ਼ ਜਾਏਗੀ।”
“ਆਵਾਜ਼ ਜਾਏਗੀ ਤਾਂ ਜਾਣ ਦੇਅ...ਮੈਂ ਕਿਸੇ ਹਲਾਲਜਾਦੇ ਤੋਂ ਡਰਦਾ ਵਾਂ? ਸ਼ਰਮ ਨਹੀਂ ਆਉਂਦੀ, ਹੁਣ ਤਾਂ ਧੀ ਜਵਾਨ ਹੋ ਗਈ ਏ...ਤੇਰੇ ਇਹ ਗੁਣ ਵੇਖ ਕੇ ਉਹ ਕੀ ਸਿਖੇਗੀ? ਤੂੰ ਅਕਬਰ ਦੀਆਂ ਅੱਖਾਂ 'ਚ ਘੱਟਾ ਪਾ ਰਹੀ ਏਂ, ਪਰ ਮੈਨੂੰ ਉੱਲੂ ਨਹੀਂ ਬਣਾ ਸਕਦੀ—ਸਾਰੀ ਦੁਨੀਆਂ ਤੇਰੇ ਜੰਮਣ ਤੇ ਥੁੱਕ ਰਹੀ ਏ।”
ਮੇਰੇ ਜੰਮਣ 'ਤੇ ਥੁੱਕ ਰਹੀ ਏ?' ਫਰੀਦਾ ਨੇ ਸੋਚਿਆ।
“ਅਕਬਰ ਵਰਗਾ ਬੇਸ਼ਰਮ ਬੰਦਾ ਮੈਂ ਅੱਜ ਤਾਈਂ ਨਹੀਂ ਵੇਖਿਆ...ਕੀ ਉਸ ਨੂੰ ਕੁਝ ਦਿਖਾਈ ਨਹੀਂ ਦਿੰਦਾ?”
'ਕੀ ਦਿਖਾਈ ਨਹੀਂ ਦਿੰਦਾ—?' ਫਰੀਦਾ ਫੇਰ ਸੋਚਦੀ ਹੈ।
“ਪਰ ਤੇਰੀ ਇਹ ਹਿੰਮਤ ਕਿ ਤੂੰ ਮੇਰੇ ਘਰ 'ਚ ਗੰਦ ਪਾਉਣ ਡਈ ਏਂ...”
'ਗੰਦ—?' ਇਹ ਸੋਚ ਦੇ ਫਰੀਦਾ ਦਾ ਮੂੰਹ ਲਾਲ ਹੋ ਗਿਆ।
“...ਆਪਣੇ ਯਾਰ ਨੂੰ ਨਾਲ ਲਈ ਫਿਰਦੀ ਏਂ...” ਭਾਬੀ ਨੇ ਬੜਾ ਹੀ ਰੋਕਿਆ ਪਰ ਉਹ ਕਹਿ ਹੀ ਗਏ।
'ਯਾਰ!' ਫਰੀਦਾ ਦਾ ਦਿਲ ਕੀਤਾ ਉੱਚੀ-ਉੱਚੀ ਠਹਾਕੇ ਲਾਏ—ਰਿਆਜ਼ ਉਸ ਦਾ ਯਾਰ ਹੈ। ਪਰ ਠਹਾਕਾ ਉਸ ਦੇ ਗਲ਼ੇ ਵਿਚ ਹੀ ਕਿਤੇ ਅਟਕ ਕੇ ਰਹਿ ਗਿਆ; ਵੀਹ ਵਰ੍ਹੇ, ਪਲਾਂ-ਛਿਣਾ ਵਿਚ ਅੱਖਾਂ ਸਾਹਮਣਿਓਂ ਲੰਘ ਗਏ। ਯਾਰ! ਦੁਨੀਆਂ ਦੀਆਂ ਨਜ਼ਰਾਂ ਵਿਚ ਰਿਆਜ਼ ਉਸ ਦਾ ਯਾਰ ਨਹੀਂ ਸੀ, ਤਾਂ ਕੌਣ ਸੀ?...ਤੇ ਉਹ ਚੁੱਪਚਾਪ ਉੱਠ ਕੇ ਸਾਮਾਨ ਬੰਨ੍ਹਣ ਲੱਗ ਪਈ।
     ੦੦੦

Sunday, October 31, 2010

ਸਹਾਏ...:: ਸਆਦਤ ਹਸਨ ਮੰਟੋ



ਉਰਦੂ ਕਹਾਣੀ :
ਸਹਾਏ...
ਲੇਖਕ : ਸਆਦਤ ਹਸਨ ਮੰਟੋ
ਅਨੁਵਾਦ : ਮਹਿੰਦਰ ਬੇਦੀ ਜੈਤੋ


'ਇਹ ਨਾ ਕਹੋ ਕਿ ਇਕ ਲੱਖ ਹਿੰਦੂ ਤੇ ਇਕ ਲੱਖ ਮੁਸਲਮਾਨ ਮਰੇ ਨੇ—ਇਹ ਕਹੋ ਕਿ ਦੋ ਲੱਖ ਇਨਸਾਨ ਮਰੇ ਨੇ।...ਤੇ ਇਹ ਏਡੀ ਵੱਡੀ ਟ੍ਰੇਜ਼ਡੀ ਨਹੀਂ ਕਿ ਦੋ ਲੱਖ ਇਨਸਾਨ ਮਰੇ ਨੇ; ਟ੍ਰੇਜ਼ਡੀ ਤਾਂ ਅਸਲ ਵਿਚ ਇਹ ਹੈ ਕਿ ਮਾਰਨ ਤੇ ਮਰਨ ਵਾਲੇ ਕਿਸੇ ਵੀ ਖਾਤੇ ਵਿਚ ਨਹੀਂ ਗਏ। ਲੱਖ ਹਿੰਦੂ ਮਾਰ ਕੇ ਮੁਸਲਮਾਨਾਂ ਨੇ ਇਹ ਸਮਝਿਆ ਹੋਏਗਾ ਕਿ ਹਿੰਦੂ ਧਰਮ ਮਰ ਗਿਆ ਹੈ, ਪਰ ਉਹ ਜਿਉਂਦਾ ਹੈ ਤੇ ਜਿਉਂਦਾ ਰਹੇਗਾ। ਇੰਜ ਹੀ ਲੱਖ ਮੁਸਲਮਾਨਾਂ ਨੂੰ ਕਤਲ ਕਰਕੇ ਹਿੰਦੂਆਂ ਨੇ ਕੱਛਾਂ ਵਜਾਈਆਂ ਹੋਣਗੀਆਂ ਕਿ ਇਸਲਾਮ ਖ਼ਤਮ ਹੋ ਗਿਆ ਹੈ, ਪਰ ਹਕੀਕਤ ਤੁਹਾਡੇ ਸਾਹਮਣੇ ਹੈ ਕਿ ਇਸਲਾਮ ਉਪਰ ਇਕ ਹਲਕੀ-ਜਿਹੀ ਖਰੋਂਚ ਵੀ ਨਹੀਂ ਆਈ। ਉਹ ਲੋਕ ਬੇਵਕੂਫ਼ ਨੇ ਜਿਹੜੇ ਸਮਝਦੇ ਨੇ ਕਿ ਕਿਸੇ ਧਰਮ ਜਾਂ ਮਜ਼ਹਬ ਦਾ ਸ਼ਿਕਾਰ ਕੀਤਾ ਜਾ ਸਕਦਾ ਏ। ਮਜ਼ਹਬ, ਦੀਨ, ਈਮਾਨ, ਧਰਮ, ਯਕੀਨ, ਵਿਸ਼ਵਾਸ...ਇਹ ਜੋ ਕੁਝ ਵੀ ਹੈ, ਸਾਡੇ ਜਿਸਮ ਵਿਚ ਨਹੀਂ, ਰੂਹ ਵਿਚ ਹੁੰਦਾ ਏ...ਸੋ ਛੁਰੇ, ਚਾਕੂ ਜਾਂ ਗੋਲੀ ਨਾਲ ਕਿੰਜ ਫਨਾਹ/ਨਸ਼ਟ ਹੋ ਸਕਦਾ ਏ?''
ਮੁਮਤਾਜ਼ ਉਸ ਦਿਨ ਖਾਸਾ ਭਖਿਆ ਹੋਇਆ ਸੀ। ਅਸੀਂ ਸਿਰਫ ਤਿੰਨ ਸਾਂ, ਜਿਹੜੇ ਉਸ ਨੂੰ ਜਹਾਜ਼  ਚੜ੍ਹਾਉਣ ਆਏ ਸਾਂ। ਉਹ ਅਣਮਿਥੇ ਸਮੇਂ ਲਈ ਸਾਥੋਂ ਵਿੱਛੜ ਕੇ ਪਾਕਿਸਤਾਨ ਜਾ ਰਿਹਾ ਸੀ, ਜਿਸ ਦੇ ਹੋਂਦ ਵਿਚ ਆਉਣ ਬਾਰੇ ਅਸੀਂ ਕਦੀ ਸੁਪਨੇ ਵਿਚ ਵੀ ਨਹੀਂ ਸੀ ਸੋਚਿਆ।
ਅਸੀਂ ਤਿੰਨੇ ਹਿੰਦੂ ਸਾਂ। ਪੱਛਮੀ ਪੰਜਾਬ ਵਿਚ ਸਾਡੇ ਰਿਸ਼ਤੇਦਾਰਾਂ ਦਾ ਬੜਾ ਮਾਲੀ ਤੇ ਜਾਨੀ ਨੁਕਸਾਨ ਹੋਇਆ ਸੀ। ਜੁਗਲ ਨੂੰ ਲਾਹੌਰ ਤੋਂ ਖ਼ਤ ਆਇਆ ਸੀ ਕਿ 'ਫਸਾਦਾਂ ਵਿਚ ਉਸ ਦਾ ਚਾਚਾ ਮਾਰਿਆ ਗਿਆ ਹੈ।' ਉਸ ਨੂੰ ਬੜਾ ਦੁੱਖ ਹੋਇਆ ਸੀ ਤੇ ਇਕ ਦਿਨ ਇਸੇ ਦੁੱਖ ਦੇ ਸਦਮੇਂ ਅਧੀਨ, ਗੱਲਾਂ ਗੱਲਾਂ ਵਿਚ ਹੀ, ਉਸ ਨੇ ਮੁਮਤਾਜ਼ ਨੂੰ ਕਿਹਾ ਸੀ, ''ਮੈਂ ਸੋਚ ਰਿਹਾਂ, ਜੇ ਕਦੀ ਸਾਡੇ ਮੁਹੱਲੇ ਵਿਚ ਫਸਾਦ ਸ਼ੁਰੂ ਹੋ ਪੈਣ ਤਾਂ ਮੈਂ ਕੀ ਕਰਾਂਗਾ?''
ਮੁਮਤਾਜ਼ ਨੇ ਪੁੱਛਿਆ, ''ਕੀ ਕਰੇਂਗਾ...?''
ਜੁਗਲ ਨੇ ਬੜੀ ਸੰਜੀਦਗੀ ਨਾਲ ਉਤਰ ਦਿੱਤਾ, ''ਸੋਚ ਰਿਹਾਂ, ਹੋ ਸਕਦਾ ਏ ਮੈਂ ਤੈਨੂੰ ਮਾਰ ਦਿਆਂ!''
ਇਹ ਸੁਣ ਕੇ ਮੁਮਤਾਜ਼ ਬਿਲਕੁਲ ਚੁੱਪ ਹੋ ਗਿਆ ਸੀ ਤੇ ਉਸ ਦੀ ਇਹ ਚੁੱਪੀ ਲਗਭਗ ਅੱਠ ਦਿਨ ਜਾਰੀ ਰਹੀ ਸੀ...ਤੇ ਅਚਾਨਕ ਉਦੋਂ ਟੁੱਟੀ ਸੀ ਜਦੋਂ ਉਸ ਨੇ ਸਾਨੂੰ ਇਹ ਦੱਸਿਆ ਸੀ ਕਿ 'ਉਹ ਪੌਂਣੇ ਚਾਰ ਵਜੇ ਵਾਲੇ ਸਮੁੰਦਰੀ ਜਹਾਜ਼ ਰਾਹੀਂ ਕਰਾਚੀ ਜਾ ਰਿਹਾ ਹੈ।'
ਸਾਡੇ ਤਿੰਨਾਂ ਵਿਚੋਂ ਕਿਸੇ ਨੇ ਵੀ ਉਸ ਦੇ ਇਸ ਅਚਾਨਕ ਫੈਸਲੇ ਬਾਰੇ ਕੋਈ ਗੱਲ ਨਹੀਂ ਕੀਤੀ। ਜੁਗਲ ਨੂੰ ਇਸ ਗੱਲ ਦਾ ਅਹਿਸਾਸ ਸੀ ਕਿ ਮੁਮਤਾਜ਼ ਦੇ ਜਾਣ ਦਾ ਮੁੱਖ ਕਾਰਣ ਉਸ ਦਾ ਉਹ ਵਾਕ ਸੀ, 'ਸੋਚ ਰਿਹਾਂ, ਹੋ ਸਕਦਾ ਏ ਮੈਂ ਤੈਨੂੰ ਮਾਰ ਦਿਆਂ।' ਸ਼ਾਇਦ ਉਹ ਹੁਣ ਤਕ ਇਹੀ ਸੋਚ ਰਿਹਾ ਸੀ ਕਿ ਕੀ ਉਹ ਉਤੇਜਤ ਹੋ ਕੇ ਮੁਮਤਾਜ਼ ਨੂੰ ਮਾਰ ਸਕਦਾ ਹੈ ਜਾਂ ਨਹੀਂ?...ਉਸ ਮੁਮਤਾਜ਼ ਨੂੰ, ਜਿਹੜਾ ਉਸ ਦਾ ਜਿਗਰੀ ਯਾਰ ਸੀ। ਇਹੀ ਕਾਰਣ ਹੈ ਕਿ ਉਹ ਸਾਡੇ ਤਿੰਨਾਂ ਵਿਚੋਂ ਸਭ ਤੋਂ ਵੱਧ ਦੁੱਖੀ ਤੇ ਚੁੱਪ-ਚੁੱਪ ਨਜ਼ਰ ਆ ਰਿਹਾ ਸੀ, ਪਰ ਅਜੀਬ ਗੱਲ ਇਹ ਹੋਈ ਸੀ ਕਿ ਰਵਾਨਗੀ ਤੋਂ ਕੁਝ ਘੰਟੇ ਪਹਿਲਾਂ ਮੁਮਤਾਜ਼ ਕੁਝ ਵਧੇਰੇ ਹੀ ਗਾਲੜੀ ਹੋ ਗਿਆ ਸੀ।
ਸਵੇਰੇ ਉੱਠਦਿਆਂ ਹੀ ਉਸ ਨੇ ਪੀਣੀ ਸ਼ੁਰੂ ਕਰ ਦਿੱਤੀ ਸੀ। ਸਾਮਾਨ ਵਗ਼ੈਰਾ ਕੁਝ ਇਸ ਤਰ੍ਹਾਂ ਬੰਨ੍ਹਿਆਂ-ਬੰਨ੍ਹਵਾਇਆ ਸੀ ਜਿਵੇਂ ਕਿਤੇ ਸੈਰ-ਸਪਾਟੇ ਲਈ ਜਾ ਰਿਹਾ ਹੋਵੇ। ਆਪ ਹੀ ਗੱਲ ਕਰਦਾ ਸੀ, ਤੇ ਆਪੁ ਹੀ ਹੱਸ ਪੈਂਦਾ ਸੀ...ਜੇ ਕੋਈ ਹੋਰ ਦੇਖਦਾ ਤਾਂ ਸਮਝਦਾ ਕਿ ਉਸ ਬੰਬਈ ਛੱਡਣ ਸਮੇਂ ਅੰਤਾਂ ਦੀ ਖੁਸ਼ੀ ਮਹਿਸੂਸ ਕਰ ਰਿਹਾ ਹੈ, ਪਰ ਅਸੀਂ ਤਿੰਨੇ ਚੰਗੀ ਤਰ੍ਹਾਂ ਜਾਣਦੇ ਸਾਂ ਕਿ ਉਹ ਸਿਰਫ ਆਪਣੇ ਜਜ਼ਬਾਤ ਛਿਪਾਉਣ ਖਾਤਰ...ਤੇ ਸਾਨੂੰ ਤੇ ਆਪਣੇ ਆਪ ਨੂੰ ਧੋਖਾ ਦੇਣ ਖਾਤਰ ਹੀ ਇੰਜ ਕਰ ਰਿਹਾ ਹੈ।
ਮੈਂ ਬਹੁਤ ਚਾਹਿਆ ਕਿ ਉਸ ਨਾਲ ਇਸ ਅਚਾਨਕ ਰਵਾਨਗੀ ਦੇ ਸਬੱਬ ਬਾਰੇ ਗੱਲ ਬਾਤ ਕਰਾਂ ਤੇ ਇਸ਼ਾਰੇ ਨਾਲ ਜੁਗਲ ਨੂੰ ਵੀ ਕਿਹਾ ਕਿ ਉਹ ਗੱਲ ਛੇੜੇ, ਪਰ ਮੁਮਤਾਜ਼ ਨੇ ਸਾਨੂੰ ਕੋਈ ਮੌਕਾ ਨਹੀਂ ਦਿੱਤਾ।
ਜੁਗਲ ਤਿੰਨ ਚਾਰ ਪੈਗ ਪੀ ਕੇ ਹੋਰ ਵੀ ਚੁੱਪ ਹੋ ਗਿਆ ਤੇ ਦੂਜੇ ਕਮਰੇ ਵਿਚ ਜਾ ਕੇ ਪੈ ਗਿਆ। ਮੈਂ ਤੇ ਬ੍ਰਿਜਮੋਹਨ ਉਸ ਦੇ ਨਾਲ ਰਹੇ। ਉਸ ਨੇ ਕਈ ਜਣਿਆਂ ਦਾ ਭੁਗਤਾਨ ਕਰਨਾ ਸੀ—ਡਾਕਟਰ ਦੀਆਂ ਫੀਸਾਂ ਦੇਣੀਆਂ ਸਨ, ਧੋਬੀ ਤੋਂ ਕੱਪੜੇ ਲੈਣੇ ਸਨ।...ਤੇ ਇਹ ਸਾਰੇ ਕੰਮ ਉਸ ਨੇ ਹੱਸਦਿਆਂ-ਖੇਡਦਿਆਂ ਨਬੇੜੇ ਲਏ, ਪਰ ਜਦੋਂ ਨਾਕੇ ਦੇ ਹੋਟਲ ਦੇ ਨਾਲ ਵਾਲੇ ਤੋਂ ਇਕ ਪਾਨ ਲਿਆ ਤਾਂ ਉਸ ਦੀਆਂ ਅੱਖਾਂ ਸਿੱਜਲ ਹੋ ਗਈਆਂ।
ਬ੍ਰਿਜਮੋਨ ਦੇ ਮੋਢੇ ਉੱਤੇ ਹੱਥ ਰੱਖ ਕੇ, ਉੱਥੋਂ ਤੁਰਨ ਲੱਗਿਆਂ, ਉਸ ਨੇ ਧੀਮੀ ਆਵਾਜ਼ ਵਿਚ ਕਿਹਾ, ''ਯਾਦ ਏ ਬ੍ਰਿਜ ਅਜ ਤੋਂ ਦਸ ਸਾਲ ਪਹਿਲਾਂ ਜਦੋਂ ਆਪਣੀ ਹਾਲਤ ਕਾਫੀ ਪਤਲੀ ਹੁੰਦੀ ਸੀ, ਗੋਬਿੰਦ ਨੇ ਆਪਾਂ ਨੂੰ ਇਕ ਰੁਪਈਆ ਉਧਾਰ ਦਿੱਤਾ ਸੀ।''
ਰਸਤੇ ਵਿਚ ਮੁਮਤਾਜ਼ ਚੁੱਪ ਰਿਹਾ, ਪਰ  ਘਰ ਪਹੁੰਚਦਿਆਂ ਹੀ ਉਸ ਨੇ ਗੱਲਾਂ ਦਾ ਨਾ ਖ਼ਤਮ ਹੋਣ ਵਾਲਾ ਸਿਲਸਿਲਾ ਸ਼ੁਰੂ ਕਰ ਦਿੱਤਾ—ਅਜਿਹੀਆਂ ਗੱਲਾਂ ਜਿਹਨਾਂ ਦਾ ਨਾ ਕੋਈ ਸਿਰ ਸੀ, ਨਾ ਪੈਰ—ਪਰ ਉਹ ਕੁਝ ਅਜਿਹੀਆਂ ਅਪਣੱਤ ਭਰੀਆਂ ਗੱਲਾਂ ਕਰ ਰਿਹਾ ਸੀ ਕਿ ਮੈਂ ਤੇ ਬ੍ਰਿਜਮੋਹਨ ਬਰਾਬਰ ਉਹਨਾਂ ਵਿਚ ਹਿੱਸਾ ਲੈਂਦੇ ਰਹੇ ਸਾਂ। ਜਦੋਂ ਰਵਾਨਗੀ ਦਾ ਸਮਾਂ ਨੇੜੇ ਆਇਆ ਤਾਂ ਜੁਗਲ ਵੀ ਸਾਡੇ ਵਿਚ ਸ਼ਾਮਲ ਹੋ ਗਿਆ..ਤੇ ਜਦੋਂ ਟੈਕਸੀ ਬੰਦਰਗਾਹ ਵੱਲ ਤੁਰ ਚੱਲੀ ਤਾਂ ਸਾਰੇ ਖਾਮੋਸ਼ ਹੋ ਗਏ।
ਮੁਮਤਾਜ਼ ਦੀਆਂ ਨਜ਼ਰਾਂ ਬੰਬਈ ਦੇ ਵਿਸ਼ਾਲ ਬਾਜ਼ਾਰਾਂ ਨੂੰ ਅਲਵਿਦਾ ਕਹਿੰਦੀਆਂ ਰਹੀਆਂ। ਇੱਥੋਂ ਤਕ ਕਿ ਟੈਕਸੀ ਆਪਣੀ ਮੰਜ਼ਿਲ ਉੱਤੇ ਪਹੁੰਚ ਗਈ।
ਉੱਥੇ ਬੜੀ ਭੀੜ ਸੀ। ਹਜ਼ਾਰਾਂ ਰਫ਼ੂਜ਼ੀ ਜਾ ਰਹੇ ਸਨ—ਖੁਸ਼ਹਾਲ ਬੜੇ ਘੱਟ ਤੇ ਬਦਹਾਲ ਬੜੇ ਜ਼ਿਆਦਾ। ਅੰਤਾਂ ਦੀ ਭੀੜ ਸੀ, ਪਰ ਮੈਨੂੰ ਇੰਜ ਮਹਿਸੂਸ ਹੋ ਰਿਹਾ ਸੀ ਜਿਵੇਂ ਇਕੱਲਾ ਮੁਮਤਾਜ਼ ਹੀ ਜਾ ਰਿਹਾ ਹੈ। ਸਾਨੂੰ ਛੱਡ ਕੇ ਕਿਸੇ ਅਜਿਹੀ ਥਾਂ ਜਾ ਰਿਹਾ ਹੈ, ਜਿਹੜੀ ਉਸ ਦੀ ਦੇਖੀ-ਭਾਲੀ ਹੋਈ ਨਹੀਂ, ਤੇ ਜਿਹੜੀ ਜਾਣ-ਪਛਾਣ ਹੋ ਜਾਣ ਪਿੱਛੋਂ ਵੀ ਉਸ ਲਈ ਓਪਰੀ ਹੀ ਰਹੇਗੀ...ਪਰ ਇਹ ਮੇਰਾ ਆਪਣਾ ਖ਼ਿਆਲ ਸੀ। ਮੈਂ ਨਹੀਂ ਕਹਿ ਸਕਦਾ ਕਿ ਮੁਮਤਾਜ਼ ਕੀ ਸੋਚ ਰਿਹਾ ਹੈ।
ਜਦੋਂ ਕੈਬਿਨ ਵਿਚ ਸਾਰਾ ਸਾਮਾਨ ਚਲਾ ਗਿਆ ਤਾਂ ਮੁਮਤਾਜ਼ ਸਾਨੂੰ ਅਰਸ਼ੇ (ਡੈਕ) 'ਤੇ ਲੈ ਗਿਆ। ਉਧਰ ਜਿਧਰ ਆਸਮਾਨ ਤੇ ਸਮੁੰਦਰ ਆਪਸ ਵਿਚ ਮਿਲ ਰਹੇ ਸਨ, ਮੁਮਤਾਜ਼ ਖਾਸੀ ਦੇਰ ਤਕ ਉਧਰ ਦੇਖਦਾ ਰਿਹਾ। ਫੇਰ ਉਸ ਨੇ ਜੁਗਲ ਦਾ ਹੱਥ ਆਪਣੇ ਹੱਥ ਵਿਚ ਫੜ ਕੇ ਕਿਹਾ, ''ਇਹ ਸਿਰਫ ਨਜ਼ਰ ਦਾ ਧੋਖਾ ਏ...ਆਸਮਾਨ ਤੇ ਸਮੁੰਦਰ ਦਾ ਆਪਸ ਵਿਚ ਮਿਲਣਾ। ਪਰ ਇਹ ਨਜ਼ਰ ਦਾ ਧੋਖਾ, ਇਹ ਮਿਲਾਪ, ਵੀ ਕਿੰਨਾ ਦਿਲਕਸ਼ ਹੈ।''
ਜੁਗਲ ਚੁੱਪ ਰਿਹਾ। ਸ਼ਾਇਦ ਇਸ ਸਮੇਂ ਵੀ ਉਸ ਦੇ ਦਿਲ ਦਿਮਾਗ਼ ਵਿਚ ਉਸ ਦੀ ਆਖੀ ਹੋਈ ਗੱਲ ਚੁਭ ਰਹੀ ਸੀ। ''ਸੋਚ ਰਿਹਾਂ, ਹੋ ਸਕਦਾ ਏ ਮੈਂ ਤੈਨੂੰ ਮਾਰ ਦਿਆਂ।''
ਮੁਮਤਾਜ਼ ਨੇ ਜਹਾਜ਼ ਦੇ ਬਾਰ ਵਿਚੋਂ ਬਰਾਂਡੀ ਮੰਗਵਾਈ, ਕਿਉਂਕਿ ਉਹ ਸਵੇਰ ਦਾ ਇਹੀ ਪੀ ਰਿਹਾ ਸੀ। ਅਸੀਂ ਚਾਰੇ ਗ਼ਲਾਸ ਹੱਥਾਂ ਵਿਚ ਫੜ੍ਹੀ ਜੰਗਲੇ ਕੋਲ ਖੜ੍ਹੇ ਸਾਂ। ਰਫ਼ੂਜ਼ੀ ਧੜਾਧੜ ਜਹਾਜ਼ ਵਿਚ ਸਵਾਰ ਹੋ ਰਹੇ ਸਨ ਤੇ ਲਗਭਗ ਸ਼ਾਂਤ ਸਮੁੰਦਰ ਉੱਤੇ ਜਲ-ਪੰਛੀ ਉਡਾਰੀਆਂ ਮਾਰ ਰਹੇ ਸਨ।
ਜੁਗਲ ਨੇ ਅਚਾਨਕ ਇਕੋ ਘੁੱਟ ਵਿਚ ਆਪਣਾ ਗ਼ਲਾਸ ਖਾਲੀ ਕਰ ਦਿੱਤਾ ਤੇ ਬੜੀ ਹੀ ਥਿੜਕਦੀ ਜਿਹੀ ਆਵਾਜ਼ ਵਿਚ ਮੁਮਤਾਜ਼ ਨੂੰ ਕਿਹਾ, ''ਮੈਨੂੰ ਮੁਆਫ਼ ਕਰ ਦੇਈਂ ਮੁਮਤਾਜ਼, ਮੇਰਾ ਖ਼ਿਆਲ ਏ ਮੈਂ ਉਸ ਦਿਨ ਤੈਨੂੰ ਦੁੱਖ ਪਹੁੰਚਾਇਆ ਸੀ।''
ਮੁਮਤਾਜ਼ ਨੇ ਕੁਝ ਚਿਰ ਚੁੱਪ ਰਹਿ ਕੇ ਜੁਗਲ ਨੂੰ ਸਵਾਲ ਕੀਤਾ, ''ਜਦ ਤੂੰ ਕਿਹਾ ਸੀ 'ਸੋਚ ਰਿਹਾਂ,  ਹੋ ਸਕਦਾ ਏ ਮੈਂ ਤੈਨੂੰ ਮਾਰ ਦਿਆਂ'...ਕੀ ਵਾਕਈ ਉਦੋਂ ਤੂੰ ਇਹੀ ਸੋਚ ਰਿਹਾ ਸੈਂ...ਦਿਲੋਂ, ਇਮਾਨਦਾਰੀ ਨਾਲ, ਦੱਸੀਂ ਕੀ ਇਸੇ ਨਤੀਜੇ 'ਤੇ ਪਹੁੰਚਿਆ ਸੈਂ ਤੂੰ?''
ਜੁਗਲ ਨੇ ਹਾਂ ਵਿਚ ਸਿਰ ਹਿਲਾ ਦਿੱਤਾ, ''ਪਰ ਮੈਨੂੰ ਅਫ਼ਸੋਸ ਏ!''
''ਤੂੰ ਮੈਨੂੰ ਮਾਰ ਦਿੰਦਾ ਤਾਂ ਤੈਨੂੰ ਇਸ ਤੋਂ ਵੀ ਵੱਧ ਅਫ਼ਸੋਸ ਹੋਣਾ ਸੀ,'' ਮੁਮਤਾਜ਼ ਨੇ ਕਿਸੇ ਦਾਰਸ਼ਨਿਕ ਵਾਂਗ ਕਿਹਾ, ''ਉਸ ਮਨੋਦਸ਼ਾ ਤੋਂ ਬਾਅਦ ਜਦ ਤੂੰ ਗੌਰ ਕਰਦਾ ਕਿ ਤੂੰ ਮੁਮਤਾਜ਼ ਨੂੰ...ਇਕ ਮੁਸਲਮਾਨ ਨੂੰ ਜਾਂ ਇਕ ਦੋਸਤ ਨੂੰ ਨਹੀਂ, ਬਲਕਿ ਇਕ ਇਨਸਾਨ ਨੂੰ ਮਾਰਿਆ ਏ...ਜੇ ਉਹ ਹਰਾਮਜਾਦਾ ਸੀ ਤਾਂ ਤੂੰ ਉਸ ਦੀ ਹਰਾਮਜਾਦਗੀ ਨੂੰ ਨਹੀਂ, ਬਲਕਿ ਖ਼ੁਦ ਉਸ ਨੂੰ ਮਾਰ ਦਿੱਤਾ ਏ।...ਜੇ ਉਹ ਮੁਸਲਮਾਨ ਸੀ ਤਾਂ ਤੂੰ ਮੁਸਲਮਾਨੀਅਤ ਨੂੰ ਨਹੀਂ, ਉਸ ਦੀ ਹਸਤੀ ਨੂੰ ਖ਼ਤਮ ਕਰ ਦਿੱਤਾ ਏ।...ਜੇ ਉਸ ਦੀ ਲਾਸ਼ ਮੁਸਲਮਾਨਾਂ ਦੇ ਹੱਥ ਲੱਗ ਜਾਂਦੀ ਤਾਂ ਕਬਰਸਤਾਨ ਵਿਚ ਇਕ ਕਬਰ ਦਾ ਵਾਧਾ ਹੋ ਜਾਂਦਾ, ਪਰ ਦੁਨੀਆਂ ਵਿਚੋਂ ਇਕ ਇਨਸਾਨ ਘਟ ਜਾਂਦਾ।''
ਕੁਝ ਚਿਰ ਚੁੱਪ ਰਹਿਣ ਪਿੱਛੋਂ ਤੇ ਕੁਝ ਸੋਚ ਕੇ ਉਸ ਨੇ ਫੇਰ ਬੋਲਣਾ ਸ਼ੁਰੂ ਕੀਤਾ, ''ਹੋ ਸਕਦਾ ਹੈ, ਮੇਰੇ ਧਰਮ ਵਾਲੇ ਮੈਨੂੰ ਸ਼ਹੀਦ ਕਹਿੰਦੇ, ਪਰ ਖ਼ੁਦਾ ਦੀ ਸੌਂਹ ਜੇ ਸੰਭਵ ਹੁੰਦਾ ਤਾਂ ਮੈਂ ਕਬਰ ਪਾੜ ਕੇ ਚੀਕਣਾ-ਕੂਕਣਾ ਸ਼ੁਰੂ ਕਰ ਦੇਂਦਾ, 'ਮੈਨੂੰ ਸ਼ਹੀਦ ਦੀ ਇਹ ਪਦਵੀ ਮੰਜ਼ੂਰ ਨਹੀਂ...ਮੈਨੂੰ ਇਹ ਡਿਗਰੀ ਨਹੀਂ ਚਾਹੀਦੀ, ਜਿਸ ਦਾ ਇਮਤਿਹਾਨ ਮੈਂ ਦਿੱਤਾ ਹੀ ਨਹੀਂ'...ਲਾਹੌਰ ਵਿਚ ਤੇਰੇ ਚਾਚੇ ਨੂੰ ਇਕ ਮੁਸਲਮਾਨ ਨੇ ਮਾਰ ਦਿੱਤਾ...ਤੂੰ ਇਹ ਖ਼ਬਰ ਬੰਬਈ ਵਿਚ ਸੁਣੀ ਤੇ ਮੈਨੂੰ ਕਤਲ ਕਰ ਦਿੱਤਾ...ਦੱਸ, ਤੂੰ ਤੇ ਮੈਂ ਕਿਸ ਤਮਗ਼ੇ ਦੇ ਹੱਕਦਾਰ ਹਾਂ?...ਤੇ ਲਾਹੌਰ ਵਿਚ ਤੇਰਾ ਚਾਚਾ ਤੇ ਕਾਤਲ ਕਿਸ ਖਿੱਲਤ ਦੇ ਹੱਕਦਾਰ ਨੇ? ਮਰਨ ਵਾਲੇ ਕੁੱਤੇ ਦੀ ਮੌਤ ਮਰੇ ਤੇ ਮਾਰਨ ਵਾਲਿਆਂ ਨੇ ਬੇਕਾਰ...ਬਿਲਕੁਲ ਬੇਕਾਰ, ਆਪਣੇ ਹੱਥ ਖ਼ੂਨ ਨਾਲ ਰੰਗੇ...''
ਗੱਲਾਂ ਕਰਦਾ ਹੋਇਆ ਮੁਮਤਾਜ਼ ਖਾਸਾ ਭਾਵੁਕ ਹੋ ਗਿਆ ਸੀ ਪਰ ਉਸ ਭਾਵੁਕਤਾ ਵਿਚ ਮੋਹ ਬਰਾਬਰ ਦਾ ਸੀ। ਮੇਰੇ ਦਿਲ ਉੱਤੇ ਖਾਸ ਕਰਕੇ ਉਸ ਦੀ ਉਸ ਗੱਲ ਦਾ ਬੜਾ ਅਸਰ ਹੋਇਆ ਸੀ ਕਿ 'ਮਜ਼ਹਬ, ਦੀਨ, ਈਮਾਨ, ਧਰਮ, ਯਕੀਨ, ਵਿਸ਼ਵਾਸ...ਇਹ ਜੋ ਕੁਝ ਵੀ ਹੈ, ਸਾਡੇ ਜਿਸਮ ਵਿਚ ਨਹੀਂ, ਰੂਹ ਵਿਚ ਹੁੰਦਾ ਏ...ਸੋ ਛੁਰੇ, ਚਾਕੂ ਜਾਂ ਗੋਲੀ ਨਾਲ ਕਿੰਜ ਫਨਾਹ/ਨਸ਼ਟ ਹੋ ਸਕਦੈ?' '' ਅਖ਼ੀਰ ਮੈਂ ਉਸ ਨੂੰ ਕਿਹਾ ਸੀ, ''ਤੂੰ ਬਿਲਕੁਲ ਠੀਕ ਕਹਿ ਰਿਹਾ ਏਂ!''
ਇਹ ਸੁਣ ਕੇ ਮੁਮਤਾਜ਼ ਨੇ ਆਪਣੇ ਵਿਚਾਰਾਂ ਨੂੰ ਟਟੋਲਿਆ ਤੇ ਕੁਝ ਬੇਚੈਨੀ ਨਾਲ ਕਿਹਾ, ''ਨਹੀਂ, ਬਿਲਕੁਲ ਠੀਕ ਨਹੀਂ...ਮੇਰਾ ਮਤਲਬ ਏ ਕਿ ਜੇ ਇਸ ਸਭ ਕੁਝ ਠੀਕ ਏ ਤਾਂ ਸ਼ਾਇਦ ਜੋ ਕੁਝ ਮੈਂ ਕਹਿਣਾ ਚਾਹੁੰਦਾ ਹਾਂ, ਠੀਕ ਤਰੀਕੇ ਨਾਲ ਨਹੀਂ ਕਹਿ ਸਕਿਆ। ਮਜ਼ਹਬ ਤੋਂ ਮੇਰੀ ਮੁਰਾਦ ਇਹ ਮਜ਼ਹਬ ਨਹੀਂ, ਇਹ ਧਰਮ ਨਹੀਂ, ਜਿਸ ਵਿਚ ਅਸੀਂ ਲੋਕ ਨੜ੍ਹਿਨਵੇਂ ਪ੍ਰਤੀਸ਼ਤ ਖੁੱਭੇ ਹੋਏ ਹਾਂ...ਮੇਰਾ ਭਾਵ ਉਸ ਖਾਸ ਚੀਜ਼ ਤੋਂ ਹੈ, ਜੋ ਵੱਖਰੀ ਕਿਸਮ ਦੀ ਹੈਸੀਅਤ ਬਖ਼ਸ਼ਦੀ ਹੈ...ਉਹ ਚੀਜ਼ ਜਿਹੜੀ ਇਨਸਾਨ ਨੂੰ ਅਸਲੀ ਇਨਸਾਨ ਸਾਬਤ ਕਰਦੀ ਹੈ...ਪਰ ਉਹ ਸ਼ੈ ਹੈ ਕੀ?...ਅਫਸੋਸ ਹੈ ਕਿ ਮੈਂ ਉਸ ਨੂੰ ਹਥੇਲੀ ਉਪਰ ਰੱਖ ਕੇ ਨਹੀਂ ਵਿਖਾ ਸਕਦਾ।'' ਇਹ ਕਹਿੰਦਿਆਂ ਹੋਇਆਂ ਅਚਾਨਕ ਉਸ ਦੀਆਂ ਅੱਖਾਂ ਵਿਚ ਇਕ ਚਮਕ ਜਿਹੀ ਆ ਗਈ ਤੇ ਉਸ ਨੇ ਜਿਵੇਂ ਆਪਣੇ ਆਪ ਨੂੰ ਪੁੱਛਣਾ ਸ਼ੁਰੂ ਕੀਤਾ, ''ਪਰ ਉਸ ਵਿਚ ਉਹ ਖਾਸ ਗੱਲ ਸੀ—ਕੱਟੜ ਹਿੰਦੂ ਸੀ...ਪੇਸ਼ਾ ਬੜਾ ਹੀ ਜਲੀਲ, ਪਰ ਇਸ ਦੇ ਬਾਵਜ਼ੂਦ ਉਸ ਦੀ ਰੂਹ ਕਿੰਨੀ ਰੌਸ਼ਨ ਸੀ!''
ਮੈਂ ਪੁੱਛਿਆ, ''ਕਿਸ ਦੀ?''
''ਇਕ ਭੜੂਏ ਦੀ!''
ਅਸੀਂ ਤਿੰਨੇ ਹੈਰਾਨੀ ਨਾਲ ਤ੍ਰਭਕੇ, ਮੁਮਤਾਜ਼ ਦੀ ਆਵਾਜ਼ ਵਿਚ ਕੋਈ ਝਿਜਕ ਨਹੀਂ ਸੀ, ਸੋ ਮੈਂ ਪੁੱਛਿਆ, ''ਭੜੂਏ ਦੀ...?''
ਮੁਮਤਾਜ਼ ਨੇ ਹਾਂ ਵਿਚ ਸਿਰ ਹਿਲਾਇਆ, ''ਮੈਂ ਆਪ ਹੈਰਾਨ ਹਾਂ ਕਿ ਉਹ ਕਿਹੋ-ਜਿਹਾ ਆਦਮੀ ਸੀ ਤੇ ਬਹੁਤੀ ਹੈਰਾਨੀ ਇਸ ਗੱਲ ਦੀ ਹੈ ਕਿ ਉਹ ਆਮ ਭਾਸ਼ਾ ਵਿਚ ਇਕ ਭੜੂਆ ਸੀ...ਔਰਤਾਂ ਦਾ ਦਲਾਲ...ਪਰ ਉਸ ਦੀ ਜਮੀਰ ਬੜੀ ਰੌਸ਼ਨ ਸੀ।''
ਮੁਮਤਾਜ਼ ਕੁਝ ਚਿਰ ਲਈ ਰੁਕਿਆ, ਜਿਵੇਂ ਉਸ ਪੁਰਾਣੀ ਘਟਣਾ ਨੂੰ ਆਪਣੇ ਅੰਦਰੇ-ਅੰਦਰ ਦਹੁਰਾ ਰਿਹਾ ਹੋਵੇ...ਕੁਝ ਪਲ ਬਾਅਦ ਉਸ ਨੇ ਫੇਰ ਬੋਲਣਾ ਸ਼ੁਰੂ ਕੀਤਾ, ''ਉਸ ਦਾ ਪੂਰਾ ਨਾਂ ਮੈਨੂੰ ਯਾਦ ਨਹੀਂ...ਕੁਝ '...ਸਹਾਏ' ਸੀ। ਬਨਾਰਸ ਦਾ ਰਹਿਣ ਵਾਲਾ ਤੇ ਬੜਾ ਹੀ ਸਫਾਈ-ਪਸੰਦ ਸੀ। ਉਹ ਜਗ੍ਹਾ, ਜਿੱਥੇ ਉਹ ਰਹਿੰਦਾ ਸੀ, ਬੜੀ ਛੋਟੀ ਸੀ, ਪਰ ਉਸ ਨੇ ਬੜੇ ਸੁਚੱਜੇ ਢੰਗ ਨਾਲ ਉਸ ਨੂੰ ਵੱਖ-ਵੱਖ ਹਿੱਸਿਆਂ ਵਿਚ ਵੰਡਿਆ ਹੋਇਆ ਸੀ। ਪਰਦਾ-ਦਾਰੀ ਦਾ ਪੂਰਾ ਪ੍ਰਬੰਧ ਸੀ, ਮੰਜੇ ਤੇ ਪਲੰਘ ਨਹੀਂ ਸਨ...ਚਾਦਰਾਂ ਤੇ ਗਿਲਾਫ਼ ਹਮੇਸ਼ਾ ਚਮਕਦੇ ਰਹਿੰਦੇ। ਇਕ ਨੌਕਰ ਵੀ ਸੀ, ਪਰ ਸਫਾਈ ਉਹ ਖ਼ੁਦ ਆਪਣੇ ਹੱਥੀਂ ਕਰਦਾ ਸੀ। ਸਿਰਫ ਸਫਾਈ ਹੀ ਨਹੀਂ, ਹਰ ਕੰਮ...ਫਾਹਾ-ਵੱਢ ਕਦੀ ਨਹੀਂ ਸੀ ਕਰਦਾ। ਥੋਖਾ ਜਾਂ ਫਰੇਬ ਵੀ ਨਹੀਂ ਸੀ ਕਰਦਾ। ਰਾਤ ਬਹੁਤੀ ਹੋ ਗਈ ਹੁੰਦੀ ਤਾਂ ਆਸ ਪਾਸ ਦੇ ਇਲਾਕੇ 'ਚੋਂ ਪਾਣੀ ਰਲੀ ਸ਼ਰਾਬ ਮਿਲਦੀ, ਤੇ ਉਹ ਸਾਫ ਕਹਿ ਦਿੰਦਾ ਸੀ ਕਿ ਸਾਹਬ, ਆਪਣੇ ਪੈਸੇ ਬਰਬਾਦ ਨਾ ਕਰੋ...ਜੇ ਕਿਸੇ ਕੁੜੀ ਬਾਰੇ ਉਸ ਨੂੰ ਕੋਈ ਸ਼ੱਕ ਹੁੰਦਾ ਤਾਂ ਉਹ ਉਸ ਨੂੰ ਛਿਪਾਂਦਾ ਨਹੀਂ ਸੀ। ਹੋਰ ਤਾਂ ਹੋਰ...ਉਸ ਨੇ ਮੈਨੂੰ ਇਹ ਵੀ ਦੱਸ ਦਿੱਤਾ ਸੀ ਕਿ ਪਿਛਲੇ ਤੀਹ ਸਾਲਾਂ ਵਿਚ ਉਸ ਨੇ ਵੀਹ ਹਜ਼ਾਰ ਰੁਪਏ ਕਮਾਏ ਨੇ...ਹਰ ਦਸ ਵਿਚੋਂ ਢਾਈ ਕਮੀਸ਼ਨ ਦੇ ਲੈ ਕੇ...ਉਸ ਨੇ ਸਿਰਫ ਦਸ ਹਜ਼ਾਰ ਹੋਰ ਕਮਾਉਣੇ ਸੀ...ਪਤਾ ਨਹੀਂ, ਸਿਰਫ ਦਸ ਹਜ਼ਾਰ ਹੋਰ ਕਿਉਂ?...ਜ਼ਿਆਦਾ ਕਿਉਂ ਨਹੀਂ?...ਉਸ ਨੇ ਮੈਨੂੰ ਕਿਹਾ ਸੀ ਕਿ ਤੀਹ ਹਜ਼ਾਰ ਰੁਪਏ ਪੂਰੇ ਕਰਕੇ ਉਹ ਵਾਪਸ ਬਨਾਰਸ ਚਲਾ ਜਾਏਗਾ ਤੇ ਬਜਾਜੀ ਦੀ ਦੁਕਾਨ ਕਰ ਲਏਗਾ!...ਮੈਂ ਇਹ ਵੀ ਨਹੀਂ ਪੁੱਛਿਆ ਕਿ ਉਹ ਸਿਰਫ ਬਜਾਜੀ ਦੀ ਦੁਕਾਨ ਕਰਨ ਦਾ ਇੱਛੁਕ ਹੀ ਕਿਉਂ ਸੀ...?''
ਮੈਂ ਇੱਥੋਂ ਤਕ ਸੁਣ ਚੁੱਕਿਆ ਤਾਂ ਮੇਰੇ ਮੂੰਹੋਂ ਨਿਕਲਿਆ, ''ਅਜੀਬ ਆਦਮੀ ਸੀ।''
ਮੁਮਤਾਜ਼ ਨੇ ਆਪਣੀ ਗੱਲ ਜਾਰੀ ਰੱਖੀ, ''ਮੇਰਾ ਖ਼ਿਆਲ ਸੀ ਕਿ ਉਹ ਸਿਰ ਤੋਂ ਪੈਰਾਂ ਤੀਕ ਬਨਾਉਟੀ ਹੈ...ਇਕ ਵੱਡਾ ਫਰਾਡ...ਕੌਣ ਯਕੀਨ ਕਰ ਸਕਦਾ ਹੈ ਕਿ ਉਹ ਉਹਨਾਂ ਸਾਰੀਆਂ ਕੁੜੀਆਂ ਨੂੰ, ਜਿਹੜੀਆਂ ਉਸ ਦੇ ਧੰਦੇ ਵਿਚ ਸ਼ਾਮਲ ਨੇ, ਆਪਣੀਆਂ ਧੀਆਂ ਸਮਝਦਾ ਸੀ। ਇਹ ਗੱਲ ਵੀ ਉਸ ਸਮੇਂ ਮੈਨੂੰ ਹਜ਼ਮ ਨਹੀਂ ਸੀ ਆਈ ਕਿ ਉਸ ਨੇ ਹਰੇਕ ਕੁੜੀ ਦੇ ਨਾਂ ਦਾ ਪੋਸਟ ਆਫਿਸ ਵਿਚ ਸੇਵਿੰਗ ਅਕਾਉਂਟ ਖੋਲ੍ਹਿਆ ਹੋਇਆ ਸੀ ਤੇ ਹਰ ਮਹੀਨੇ ਉਹਨਾਂ ਦੇ ਹਿੱਸੇ ਦੀ ਕੁਲ ਆਮਦਨ ਉੱਥੇ ਜਮ੍ਹਾਂ ਕਰਵਾਂਦਾ ਸੀ...ਤੇ ਇਹ ਗੱਲ ਤਾਂ ਬਿਲਕੁਲ ਹੀ ਵਿਸ਼ਵਾਸ ਕਰਨ ਵਾਲੀ ਨਹੀਂ ਸੀ ਕਿ ਉਸ ਦਸ ਬਾਰਾਂ ਕੁੜੀਆਂ ਦੇ ਖਾਣ-ਪੀਣ ਦਾ ਖਰਚ ਆਪਣੇ ਪੱਲਿਓਂ ਕਰਦਾ ਏ...ਉਸ ਦੀ ਹਰੇਕ ਗੱਲ ਮੈਨੂੰ ਜ਼ਰੂਰਤ ਤੋਂ ਵੱਧ ਬਨਾਉਟੀ ਲੱਗੀ ਸੀ। ਇਕ ਦਿਨ ਮੈਂ ਉਸ ਦੇ ਠਿਕਾਣੇ 'ਤੇ ਗਿਆ ਤਾਂ ਉਸ ਨੇ ਮੈਨੂੰ ਕਿਹਾ, 'ਅਮੀਨਾ ਤੇ ਸਕੀਨਾ ਦੋਵੇਂ ਛੁੱਟੀ 'ਤੇ ਨੇ...ਮੈਂ ਹਰ ਹਫ਼ਤੇ ਉਹਨਾਂ ਦੋਵਾਂ ਨੂੰ ਛੁੱਟੀ ਦੇ ਦਿੰਦਾ ਹਾਂ, ਤਾਂਕਿ ਬਾਹਰ ਜਾ ਕੇ ਕਿਸੇ ਹੋਟਲ ਵਿਚ ਮਾਸ-ਮੱਛੀ ਵਗ਼ੈਰਾ ਖਾ ਆਉਣ...ਏਥੇ ਤਾਂ ਤੁਸੀਂ ਜਾਣਦੇ ਹੀ ਹੋ, ਸਭ ਵੈਸ਼ਨੂੰ ਨੇ...' ਮੈਂ ਇਹ ਸੁਣ ਕੇ ਮਨ ਹੀ ਮਨ ਮੁਸਕਰਾਇਆ ਕਿ ਮੈਨੂੰ ਚਾਰ ਰਿਹੈ...! ਇਕ ਦਿਨ ਉਸ ਨੇ ਮੈਨੂੰ ਦੱਸਿਆ ਕਿ ਅਹਿਮਦਾਬਾਦ ਦੀ ਇਕ ਹਿੰਦੂ ਕੁੜੀ ਦੀ ਸ਼ਾਦੀ ਉਸ ਨੇ ਇਕ ਮੁਸਲਮਾਨ ਗਾਹਕ ਨਾ ਕਰਵਾ ਦਿੱਤਾ ਸੀ, ਲਾਹੌਰ ਤੋਂ ਉਸਦਾ ਖ਼ਤ ਆਇਆ ਏ ਕਿ ਦਾਤਾ ਸਾਹਬ ਦੇ ਦਰਬਾਰ ਵਿਚ ਉਸ ਨੇ ਇਕ ਮੰਨਤ ਮੰਨੀ ਸੀ, ਜਿਹੜੀ ਪੂਰੀ ਹੋ ਗਈ ਏ। ਹੁਣ ਉਸ ਨੇ ਸਹਾਏ ਲਈ ਮੰਨਤ ਮੰਗੀ ਹੈ ਕਿ ਜਲਦੀ ਤੋਂ ਜਲਦੀ ਉਸ ਦੇ ਤੀਹ ਹਜ਼ਾਰ ਰੁਪਏ ਪੂਰੇ ਹੋਣ ਤੇ ਉਹ ਬਨਾਰਸ ਜਾ ਕੇ ਬਜਾਜੀ ਦੀ ਦੁਕਾਨ ਖੋਹਲ ਲਏ।' ਇਹ ਸੁਣ ਕੇ ਮੈਂ ਅੰਦਰੇ-ਅੰਦਰ ਹੱਸਿਆ ਸਾਂ...ਸੋਚਿਆ ਸੀ ਕਿਉਂਕਿ ਮੈਂ ਮੁਸਲਮਾਨ ਹਾਂ, ਇਸ ਲਈ, ਮੈਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਏ।''
ਮੈਂ ਮੁਮਤਾਜ਼ ਤੋਂ ਪੁੱਛਿਆ, ''ਤਾਂ ਕੀ ਤੇਰਾ ਖ਼ਿਆਲ ਗ਼ਲਤ ਸੀ?''
''ਬਿਲਕੁਲ...ਉਸ ਦੀ ਕੱਥਨੀ ਤੇ ਕਰਨੀ ਵਿਚ ਕੋਈ ਫਰਕ ਨਹੀਂ ਸੀ। ਹੋ ਸਕਦਾ ਏ ਉਸ ਦੀ ਨਿੱਜੀ ਜ਼ਿੰਦਗੀ ਵਿਚ ਕਈ ਖ਼ਾਮੀਆਂ ਹੋਣ; ਇਹ ਵੀ ਹੋ ਸਕਦਾ ਹੈ ਕਿ ਉਸ ਤੋਂ ਆਪਣੀ ਜ਼ਿੰਗਦੀ ਵਿਚ ਕਈ ਗ਼ਲਤੀਆਂ ਹੋਈਆਂ ਹੋਣ...ਪਰ ਉਹ ਇਕ ਬੜਾ ਹੀ ਵਧੀਆ ਇਨਸਾਨ ਸੀ!''
ਜੁਗਲ ਨੇ ਸਵਾਲ ਕੀਤਾ, ''ਇਹ ਤੈਨੂੰ ਕਿਸ ਦੱਸਿਆ ਸੀ?''
''ਉਸ ਦੀ ਮੌਤ ਨੇ।'' ਇਹ ਕਹਿ ਕੇ ਮੁਮਤਾਜ਼ ਕੁਝ ਚਿਰ ਲਈ ਚੁੱਪ ਹੋ ਗਿਆ। ਥੋੜ੍ਹੀ ਦੇਰ ਬਾਅਦ ਉਸ ਨੇ ਉਧਰ ਦੇਖਣਾ ਸ਼ੁਰੂ ਕਰ ਦਿੱਤਾ ਜਿੱਧਰ ਆਸਮਾਨ ਤੇ ਸਮੁੰਦਰ ਇਕ ਧੰਦਲੀ ਜਿਹੀ ਗਲਵੱਕੜੀ ਵਿਚ ਲਿਪਟੇ ਹੋਏ ਸਨ, ''ਫਸਾਦ ਸ਼ੁਰੂ  ਹੋ ਚੁੱਕੇ ਸਨ। ਮੈਂ ਸਵੇਰੇ ਭਿੰਡੀ ਬਾਜ਼ਾਰ ਵਿਚੋਂ ਲੰਘ ਰਿਹਾ ਸਾਂ...ਕਰਫ਼ਿਊ ਕਾਰਣ ਬਾਜ਼ਾਰ ਵਿਚ ਲੋਕਾਂ ਦੀ ਆਵੀ-ਜਾਈ ਬੜੀ ਘੱਟ ਸੀ। ਟ੍ਰਾਮਾਂ ਵੀ ਨਹੀਂ ਸਨ ਚੱਲ ਰਹੀਆਂ। ਟੈਕਸੀ ਲੱਭਦਾ ਹੋਇਆ ਜਦੋਂ ਮੈਂ ਜੇ.ਜੇ. ਹਸਪਤਾਲ ਕੋਲ ਪਹੁੰਚਿਆ ਤਾਂ ਇਕ ਆਦਮੀ ਨੂੰ ਇਕ ਵੱਡੇ ਸਾਰੇ ਟੋਕਰੇ ਕੋਲ ਗਠੜੀ ਵਾਂਗ ਪਿਆ ਦੇਖਿਆ। ਮੈਂ ਸੋਚਿਆ, ਕੋਈ ਫੁਟਪਾਥੀ ਮਜ਼ਦੂਰ ਸੁੱਤਾ ਹੋਇਆ ਏ, ਪਰ ਜਦੋਂ  ਪੱਥਰ ਦੇ ਟੁਕੜਿਆਂ ਉੱਤੇ ਖ਼ੂਨ ਦੇ ਲੋਥੜੇ ਦਿਖਾਈ ਦਿੱਤੇ ਤਾਂ ਮੈਂ ਰੁਕ ਗਿਆ। ਵਾਰਦਾਤ ਕਤਲ ਦੀ ਸੀ। ਮੈਂ ਸੋਚਿਆ, ਮੈਨੂੰ ਖਿਸਕ ਜਾਣਾ ਚਾਹੀਦਾ ਏ।...ਪਰ ਲਾਸ਼ ਵਿਚ ਹਰਕਤ ਪੈਦਾ ਹੋਈ ਤਾਂ ਮੈਂ ਰੁਕ ਗਿਆ। ਆਸੇ-ਪਾਸੇ ਕੋਈ ਨਹੀਂ ਸੀ। ਮੈਂ ਝੁਕ ਕੇ ਦੇਖਿਆ; ਮੈਨੂੰ ਸਹਾਏ ਦਾ ਜਾਣਿਆ-ਪਛਾਣਿਆ ਚਿਹਰਾ ਨਜ਼ਰ ਆਇਆ, ਉਹ ਲਹੂ ਨਾਲ ਲਿਬੜਿਆ ਹੋਇਆ। ਮੈਂ ਉਸ ਦੇ ਕੋਲ ਹੀ ਫੁਟਪਾਥ ਉੱਤੇ ਬੈਠ ਗਿਆ ਤੇ ਦੇਖਿਆ ਕਿ ਉਸ ਦੀ ਸਫ਼ੈਦ ਕਮੀਜ਼, ਜਿਹੜੀ ਹਮੇਸ਼ਾ ਬੇਦਾਗ਼ ਹੁੰਦੀ ਸੀ, ਲਹੂ ਨਾਲ ਤਰ ਹੋਈ ਹੋਈ ਸੀ। ਜ਼ਖ਼ਮ ਸ਼ਾਇਦ ਪਸਲੀਆਂ ਕੋਲ ਸੀ। ਉਹ  ਹੌਲੀ-ਹੌਲੀ ਕਰਾਹਾ ਰਿਹਾ ਸੀ। ਮੈਂ ਸਾਵਧਾਨੀ ਨਾਲ ਉਸ ਨੂੰ ਮੋਢੇ ਤੋਂ ਫੜ੍ਹ ਕੇ ਹਲੂਣਿਆਂ, ਜਿਵੇਂ ਕਿਸੇ ਸੁੱਤੇ ਨੂੰ ਜਗਾ ਰਿਹਾ ਹੋਵਾਂ। ਇਕ ਦੋ ਵਾਰੀ ਮੈਂ ਉਸ ਨੂੰ ਉਸ ਦੇ ਅਧੂਰੇ ਨਾਂ ਨਾਲ ਵੀ ਬੁਲਾਇਆ, ਪਰ ਉਸ ਨੇ ਅੱਖਾਂ ਨਹੀਂ ਖੋਲ੍ਹੀਆਂ। ਮੈਂ ਉੱਠ ਦੇ ਜਾਣ ਹੀ ਲੱਗਿਆ ਸਾਂ ਕਿ ਉਸ ਨੇ ਅੱਖਾਂ ਖੋਲ੍ਹੀਆਂ ਤੇ ਦੇਰ ਤੀਕ ਉਹਨਾਂ ਅੱਧ ਖੁੱਲ੍ਹੀਆਂ ਨਾਲ ਇਕ ਟੱਕ ਮੇਰੇ ਵੱਲ ਦੇਖਦਾ ਰਿਹਾ। ਫੇਰ ਉਸ ਦੇ ਸਾਰੇ ਸਰੀਰ ਵਿਚ ਇਕ ਪੀੜ-ਪਰੁੱਚੀ ਕੰਬਣੀ ਛਿੜ ਪਈ ਤੇ ਉਸ ਨੇ ਮੈਨੂੰ ਪਛਾਣਦਿਆਂ ਹੋਇਆਂ ਕਿਹਾ, 'ਤੁਸੀਂ? ਤੁਸੀਂ?'
''ਮੈਂ ਉਪਰ ਥੱਲੇ ਉਸ ਨੂੰ ਬਹੁਤ ਸਾਰੇ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ...ਉਹ ਏਧਰ ਕਿਉਂ ਆਇਆ ਸੀ, ਕਿਸ ਨੇ ਉਸ ਨੂੰ ਜ਼ਖ਼ਮੀ ਕੀਤਾ ਏ ਤੇ ਕਦੋਂ ਦਾ ਫੁਟਪਾਥ ਉੱਤੇ ਪਿਆ ਏ???...ਸਾਹਮਣੇ ਹਸਪਤਾਲ ਏ, ਕੀ ਮੈਂ ਉਹਨਾਂ ਨੂੰ ਖ਼ਬਰ ਕਰ ਦਿਆਂ?
''ਉਸ ਵਿਚ ਬੋਲਣ ਦੀ ਹਿੰਮਤ ਨਹੀਂ ਸੀ। ਜਦੋਂ ਮੈਂ ਸਾਰੇ ਸਵਾਲ ਕਰ ਹਟਿਆ ਤਾਂ ਉਸ ਨੇ ਕਰਾਂਹਦਿਆਂ ਹੋਇਆਂ ਬੜੀ ਮੁਸ਼ਕਿਲ ਨਾਲ ਇਹ ਸ਼ਬਦ ਕਹੇ, 'ਮੇਰੇ ਦਿਨ ਪੂਰੇ ਹੋ ਗਏ ਸੀ...ਭਗਵਾਨ ਨੂੰ ਇਹੀ ਮੰਜ਼ੂਰ ਸੀ!'
'ਭਗਵਾਨ ਨੂੰ ਪਤਾ ਨਹੀਂ ਕੀ ਮੰਜ਼ੂਰ ਸੀ, ਪਰ ਮੈਨੂੰ ਇਹ ਮੰਜ਼ੂਰ ਨਹੀਂ ਸੀ ਕਿ ਮੈਂ ਇਕ ਮੁਸਲਮਾਨ ਹੋ ਕੇ, ਮੁਸਲਮਾਨਾਂ ਦੇ ਇਲਾਕੇ ਵਿਚ ਇਕ ਆਦਮੀ ਨੂੰ, ਜਿਸ ਬਾਰੇ ਮੈਂ ਜਾਣਦਾ ਸਾਂ ਕਿ ਉਹ ਹਿੰਦੂ ਹੈ, ਇਸ ਅਹਿਸਾਸ ਨਾਲ ਮਰਦੇ ਦੇਖਾਂ ਕਿ ਉਸ ਨੂੰ ਮਾਰਨ ਵਾਲਾ ਮੁਸਲਮਾਨ ਸੀ...ਤੇ ਆਖ਼ਰੀ ਵਕਤ ਉਸ ਦੀ ਮੌਤ ਦੇ ਸਿਰਹਾਣੇ, ਜਿਹੜਾ ਆਦਮੀ ਖਲੋਤਾ ਸੀ ਉਹ ਵੀ ਇਕ ਮੁਸਲਮਾਨ ਸੀ...। ਮੈਂ ਡਰਪੋਕ ਨਹੀਂ, ਪਰ ਉਦੋਂ ਮੇਰੀ ਹਾਲਤ ਡਰਪੋਕਾਂ ਨਾਲੋਂ ਵੀ ਵੱਧ ਸੀ...ਇਕ ਜੱਫਾ ਇਸ ਡਰ ਨੇ ਮਾਰਿਆ ਹੋਇਆ ਸੀ ਕਿ ਹੋ ਸਕਦਾ ਹੈ ਮੈਨੂੰ ਹੀ ਫੜ੍ਹ ਲਿਆ ਜਾਵੇ...ਜੇ ਫੜਿਆ ਗਿਆ ਤਾਂ ਪੁੱਛਗਿੱਛ ਤੇ ਧੂ-ਘੜੀਸ ਵੀ ਕੀਤੀ ਜਾਏਗੀ। ਜੇ ਮੈਂ ਇਸ ਨੂੰ ਹਸਪਤਾਲ ਲੈ ਗਿਆ ਤਾਂ ਕੀ ਪਤੈ, ਆਪਣਾ ਬਦਲਾ ਲੈਣ ਖਾਤਰ ਮੈਨੂੰ ਹੀ ਫਸਾ ਦਏ...ਸੋਚੇ, ਮਰਨਾ ਤਾਂ ਹੈ ਹੀ ਕਿਉਂ ਨਾ ਇਸ ਨੂੰ ਨਾਲ ਲੈ ਮਰੀਏ। ਇਸ ਕਿਸਮ ਦੀਆਂ ਗੱਲਾਂ ਸੋਚ ਕੇ ਮੈਂ ਤੁਰਨ ਹੀ ਲੱਗਿਆ ਸਾਂ, ਜਾਂ ਇੰਜ ਕਹਿ ਲਓ ਭੱਜਣ ਲੱਗਿਆ ਸਾਂ ਕਿ ਸਹਾਏ ਨੇ ਮੈਨੂੰ ਬੁਲਾਇਆ...ਮੈਂ ਰੁਕ ਗਿਆ...ਨਾ ਰੁਕਣ ਦੇ ਇਰਾਦੇ ਦੇ ਬਾਵਜ਼ੂਦ ਮੇਰੇ ਪੈਰ ਥਾਵੇਂ ਗੱਡੇ ਗਏ ਸਨ...ਮੈਂ ਉਸ ਵੱਲ ਇਸ ਅੰਦਾਜ਼ ਨਾਲ ਦੇਖਿਆ ਜਿਵੇਂ ਕਹਿ ਰਿਹਾ ਹੋਵਾਂ...ਜਲਦੀ ਕਰੋ ਮੀਆਂ, ਮੈਂ ਜਾਣਾ ਏਂ। ਉਸ ਨੇ ਦਰਦ ਦੀ ਤਕਲੀਫ ਨਾਲ ਦੂਹਰੇ ਹੁੰਦਿਆਂ, ਬੜੀ ਮੁਸ਼ਕਿਲ ਨਾਲ, ਆਪਣੀ ਕਮੀਜ਼ ਦੇ ਬਟਨ ਖੋਲ੍ਹੇ ਤੇ ਅੰਦਰ ਹੱਥ ਪਾਇਆ...ਪਰ ਜਦੋਂ ਕੁਝ ਹੋਰ ਕਰਨ ਦੀ ਹਿੰਮਤ ਜਵਾਬ ਦੇ ਗਈ ਤਾਂ ਮੈਨੂੰ ਕਿਹਾ, 'ਹੇਠਾਂ ਬੰਡੀ ਏ...ਉਸ ਦੀ ਜੇਬ ਵਿਚ ਕੁਝ ਜੇਵਰ ਤੇ ਬਾਰਾਂ ਸੌ ਰੁਪਏ ਨੇ...ਇਹ...ਇਹ...ਸੁਲਤਾਨਾ ਦਾ ਮਾਲ ਏ...ਮੈਂ...ਮੈਂ ਇਕ ਦੋਸਤ ਕੋਲ ਰੱਖਿਆ ਹੋਇਆ ਸੀ...ਅੱਜ ਉਸ...ਉਸ ਨੂੰ ਭੇਜਣਾ ਸੀ...ਕਿਉਂਕਿ...ਕਿਉਂਕਿ ਤੁਸੀਂ ਜਾਣਦੇ ਹੀ ਹੋ, ਖਤਰਾ ਬੜਾ ਵਧ ਗਿਐ ...ਉਸ ਨੂੰ ਦੇ ਦੇਣਾ...ਤੇ ਕਹਿਣਾ, ਫੌਰਨ ਚਲੀ ਜਾਏ...ਪਰ...ਖ਼ਿਆਲ ਰੱਖਣਾ ਇਹ ਉਸਦੀ ਇਮਾਨਤ ਹੈ...!' ''
ਮੁਮਤਾਜ਼ ਚੁੱਪ ਹੋ ਗਿਆ, ਪਰ ਮੈਨੂੰ ਇੰਜ ਮਹਿਸੂਸ ਹੋਇਆ ਜਿਵੇਂ ਇਹ ਉਸ ਦੀ ਆਵਾਜ਼ ਨਹੀਂ, ਸਹਾਏ ਦੀ ਆਵਾਜ਼ ਹੈ...ਜਿਹੜਾ ਜੇ.ਜੇ. ਹਸਪਤਾਲ ਸਾਹਮਣੇ, ਫੁਟਪਾਥ ਉੱਤੇ ਉਪਜੀ ਸੀ ਤੇ ਹੁਣ ਦੂਰ...ਉਧਰ, ਜਿੱਥੇ ਆਸਮਾਨ ਤੇ ਸਮੁੰਦਰ ਇਕ ਧੁੰਦਲੀ ਜਿਹੀ ਸ਼ਾਮ ਵਿਚ ਗਲ਼ੇ ਮਿਲ ਰਹੇ ਸਨ, ਅਲੋਪ ਹੋ ਰਹੀ ਹੈ !
ਜਹਾਜ਼ ਨੇ ਪਹਿਲੀ ਸੀਟੀ ਮਾਰੀ ਤਾਂ ਮੁਮਤਾਜ਼ ਨੇ ਕਿਹਾ, ''ਮੈਂ ਸੁਲਤਾਨਾ ਨੂੰ ਮਿਲਿਆ...ਉਸ ਨੂੰ ਜੇਵਰ ਤੇ ਰੁਪਏ ਦਿੱਤੇ ਤਾਂ ਉਸ ਦੀਆਂ ਅੱਖਾਂ ਭਿੱਜ ਗਈਆਂ...!''
ਜਦੋਂ ਅਸੀਂ ਮੁਮਤਾਜ਼ ਤੋਂ ਵਿਦਾਅ ਲੈ ਕੇ ਹੇਠਾਂ ਉਤਰੇ ਤਾਂ ਉਹ ਡੈਕ ਦੇ ਜੰਗਲੇ ਨੂੰ ਫੜ੍ਹੀ ਖੜ੍ਹਾ ਸੀ...ਉਸ ਦਾ ਸੱਜਾ ਹੱਥ ਹਿੱਲ ਰਿਹਾ ਸੀ...ਮੈਂ ਜੁਗਲ ਨੂੰ ਕਿਹਾ, ''ਕੀ ਤੈਨੂੰ ਇੰਜ ਮਹਿਸੂਸ ਨਹੀਂ ਹੁੰਦਾ ਕਿ ਮੁਮਤਾਜ਼ ਸਹਾਏ ਦੀ ਰੂਹ ਨੂੰ ਬੁਲਾਅ ਰਿਹਾ ਹੈ...ਆਪਣਾ ਹਮਸਫ਼ਰ ਬਣਾਉਣ ਲਈ ?''
ਜੁਗਲ ਨੇ ਸਿਰਫ ਏਨਾ ਕਿਹਾ, ''ਕਾਸ਼, ਮੈਂ ਸਹਾਏ ਦੀ ਰੂਹ ਹੁੰਦਾ !''
      ੦੦੦

Monday, October 4, 2010

ਸਵਾਲੀਆ ਗੂੰਜ...:: ਲੇਖਕ : ਮ.ਅ. ਖ਼ਾਨ

ਪਾਕਿਸਤਾਨੀ ਉਰਦੂ ਕਹਾਣੀ :
ਸਵਾਲੀਆ ਗੂੰਜ...
ਲੇਖਕ : ਮ.ਅ. ਖ਼ਾਨ
ਅਨੁ : ਮਹਿੰਦਰ ਬੇਦੀ, ਜੈਤੋ


ਉਹ ਕਮਰੇ 'ਚ ਦਾਖਲ ਹੋਇਆ ਤਾਂ ਉਸਦਾ ਚਿਹਰਾ ਖਿੜਿਆ ਹੋਇਆ ਸੀ। ਕਾਹਲ ਨਾਲ, ਨਾਲ ਵਾਲੇ ਮੰਜੇ ਉੱਤੇ ਆ ਬੈਠਿਆ। ਲੱਤ ਉੱਤੇ ਲੱਤ ਰੱਖ ਲਈ, ਮੁੱਛਾਂ ਉੱਤੇ ਹੱਥ ਫੇਰਿਆ ਤੇ ਪੁਰਾਣੀ ਚਿੱਟੀ ਪੱਗ ਲਾਹ ਕੇ ਸਿਰਹਾਣੇ ਵੱਲ ਰੱਖ ਦਿੱਤੀ। ਮੈਲੇ ਕੱਪੜਿਆਂ ਵਾਲੇ ਉਸ ਬਜ਼ੁਰਗ ਦੇ ਹੱਥ ਵਿਚ ਫੜ੍ਹੀ ਹੋਈ ਮਾਲਾ ਦੇ ਮਣਕੇ ਵੀ, ਉਸਦੇ ਸਿਰ ਦੇ ਵਾਲਾਂ ਜਿੰਨੇ ਸਫੇਦ ਸਨ। ਦਾੜ੍ਹੀ ਖਾਸੀ ਲੰਮੀ ਸੀ ਤੇ ਉਸਦੀਆਂ ਮੁੱਛਾਂ ਨੂੰ ਦੇਖ ਕੇ, ਇਹ ਭੁਲੇਖਾ ਪੈਂਦਾ ਸੀ ਕਿ ਨੱਕ ਦੇ ਦੋਏ ਪਾਸੇ ਚਮੇਲੀ ਦੇ ਦੋ ਫੁੱਲ ਟੁੰਗੇ ਹੋਏ ਨੇ। ਉਸਨੇ ਬੜੇ ਮਾਣ ਨਾਲ ਸਿਰ ਚੁੱਕ ਕੇ ਇਧਰ ਉਧਰ ਦੇਖਿਆ—ਫੇਰ ਉਸਦੀਆਂ ਨਜ਼ਰਾਂ ਮੇਰੇ ਉੱਤੇ ਟਿਕ ਗਈਆਂ, ਚਿਹਰੇ ਉੱਤੇ ਨਫ਼ਰਤ ਦੇ ਆਸਾਰ ਪੈਦਾ ਹੋ ਗਏ, ਅੱਖਾਂ ਵਿਚ ਕੁਸੈਲ ਘੁਲ ਗਈ। ਅਚਾਨਕ ਉਸਨੇ ਜ਼ਮੀਨ ਉਪਰ ਥੁੱਕਿਆ ਤੇ ਮੂੰਹ ਦੂਜੇ ਪਾਸੇ ਕਰ ਲਿਆ।
ਹਾਲਤ ਮੇਰੀ ਵੀ ਕੁਝ ਅਜੀਬ ਸੀ—ਭਾਵੇਂ ਖਾਣਾ ਵਗ਼ੈਰਾ ਤਾਂ ਕੱਲ੍ਹ ਦਾ ਹੀ ਸਮੇਂ ਸਿਰ ਮਿਲ ਰਿਹਾ ਸੀ। ਪਰ ਇਸ ਅਲਾਣੇ ਮੰਜੇ ਉੱਤੇ ਰਾਤ ਬੜੀ ਮੁਸ਼ਕਲ ਨਾਲ ਬੀਤੀ ਸੀ। ਇਸ ਕਮਰੇ ਵਿਚ ਨਾ ਰੋਸ਼ਨੀ ਸੀ, ਨਾ ਪਾਣੀ ਤੇ ਨਾ ਹੀ ਨਿੱਘ ਪ੍ਰਾਪਤ ਕਰਨ ਦਾ ਕੋਈ ਸਾਧਨ। ਉਂਜ ਰਾਤ ਮੇਰੇ ਨਾਲ ਹਮਦਰਦੀ ਭਰਿਆ ਸਲੂਕ ਕਰਦਾ ਹੋਇਆ ਚੌਧਰੀ, ਦੋ ਕੰਬਲ ਜ਼ਰੂਰ ਸੁੱਟ ਗਿਆ ਸੀ। ਲੱਖ ਕੋਸ਼ਿਸ਼ ਕਰਨ ਦੇ ਬਾਵਜੂਦ ਮੈਨੂੰ ਆਪਣੇ ਕਿਸੇ ਮਿੱਤਰ-ਪਿਆਰੇ ਨੂੰ ਮਿਲਣ ਦੀ ਇਜਾਜ਼ਤ ਨਹੀਂ ਸੀ ਦਿੱਤੀ ਗਈ। ਹਰੇਕ ਗੱਲ ਦਾ ਚੌਧਰੀ ਤਾਕਤ ਦੀਨ ਇਕੋ ਜੁਆਬ ਦੇਂਦਾ...:
''ਯਾਰੋ, ਕਿਉਂ ਮੇਰੀ ਨੌਕਰੀ ਦੇ ਪਿੱਛੇ ਪਏ ਹੋਏ ਓ?''
ਚੌਧਰੀ ਆਪਣੀ ਡਿਊਟੀ ਅਨੁਸਾਰ ਖਾਣਾ ਚੈਕ ਕਰਕੇ ਮੇਰੇ ਸਪੁਰਦ ਕਰ ਦਿੰਦਾ। ਉਸਦੀ ਚੈਕਿੰਗ ਬੜੀ ਨਿਰਾਲੀ ਸੀ—ਪਹਿਲਾਂ ਟਿਫ਼ਨ ਨੂੰ ਉਤੋਂ-ਹੇਠਾਂ ਤਕ ਦੇਖਦਾ, ਚੌਲਾਂ ਨੂੰ ਫਰੋਲ-ਫਰੋਲ ਦੇਖਦਾ, ਰੋਟੀਆਂ ਦੇ ਚੱਪੇ ਕਰ ਦਿੰਦਾ। ਸ਼ਾਮ ਦੇ ਖਾਣੇ ਵੇਲੇ ਮੈਥੋਂ ਰਿਹਾ ਨਾ ਗਿਆ। ਮੈਂ ਪੁੱਛਿਆ,''ਕਿਉਂ ਜਨਾਬ...ਖਾਣੇ ਵਿਚ ਕੋਈ ਰਾਕਟ ਜਾਂ ਐਟਮ ਬੰਬ ਛੁਪਿਆ ਹੋਣ ਦੀ ਇਤਲਾਹ ਮਿਲੀ ਹੈ ਕਿ...!''
ਓ ਬਈ, ਤੁਹਾਡੀ ਕੋਈ ਪਰਚੀ ਵੀ ਬਾਹਰੋਂ ਅੰਦਰ ਜਾਂ ਅੰਦਰੋਂ ਬਾਹਰ ਪਹੁੰਚ ਗਈ ਤਾਂ ਸਾਡੇ ਲਈ ਐਟਮ ਬੰਬ ਵਰਗੀ ਹੀ ਸਮਝੋ...''
ਦਰਅਸਲ ਇਹ ਮੁਸੀਬਤ ਇੰਜ ਸ਼ੁਰੂ ਹੋਈ ਸੀ ਕਿ ਸਾਨੂੰ ਸ਼ੌਕ ਉਠਿਆ ਸੀ ਹੱਕ ਪ੍ਰਾਪਤ ਕਰਨ ਦਾ—ਤੇ ਹੱਕ ਵੀ ਕਿਹੜੇ...ਸਿਆਸੀ, ਸਮਾਜੀ, ਸਭਿਆਚਾਰਕ ਤੇ ਜਮਹੂਰੀ। ਗੱਲ ਕੀ ਅਸੀਂ, ਸਾਰੇ ਹੱਕਾਂ ਦੀ ਗੱਲ ਕਰਨੀ ਚਾਹੁੰਦੇ ਸਾਂ ਤੇ ਉਹ ਕਿਸੇ ਇਕ ਨਾਅਰੇ ਵਿਚ ਫਿੱਟ ਨਹੀਂ ਸਨ ਬੈਠ ਰਹੇ। ਯਾਰਾਂ ਦੋਸਤਾਂ ਨੇ ਜੋਸ਼ ਦਿਵਾਇਆ ਤੇ ਆਪਾਂ ਆਪਣਾ ਫ਼ਰਜ਼ ਪੂਰਾ ਕਰਨ ਦਾ ਫ਼ੈਸਲਾ ਕਰ ਲਿਆ—ਅੰਦਰ ਖਾਤੇ ਦੀਆਂ ਖ਼ਬਰਾਂ ਤੇ ਹੋਰ ਮਸਾਲਾ ਤਾਂ ਹੈ ਹੀ ਸੀ—ਰਾਤੋ ਰਾਤ ਆਰਟੀਕਲ ਲਿਖ ਕੇ ਛਾਪ ਦਿੱਤਾ। ਦੂਜੇ ਦਿਨ ਸਵੇਰੇ ਹੀ 'ਪ੍ਰੋਗਰੈਸ' ਦੇ ਨਾਂ ਹੇਠ ਮਜ਼ਦੂਰ ਭਰਾਵਾਂ ਵਿਚ ਪਰਚਾ ਵੰਡ ਦਿੱਤਾ ਗਿਆ। ਉਸ ਵਿਚ ਪ੍ਰੋਗਰੈਸਿਵ ਵਰਕਰਜ਼ ਯੂਨੀਅਨ ਦੇ ਨੁਮਾਇੰਦੇ ਤੇ ਪਤਰਕਾਰ ਵਜੋਂ, ਬੋਰਡ ਆਫ ਡਾਇਰੈਕਟਰਜ਼ ਦੀ ਮੀਟਿੰਗ ਦੇ ਡਾਕੂਮੈਂਟਰੀ ਸਬੂਤ ਪੇਸ਼ ਕੀਤੇ ਗਏ—ਜਿਸ ਵਿਚ ਫ਼ੈਸਲਾ ਕੀਤਾ ਗਿਆ ਸੀ ਕਿ ਕਿਸੇ ਨੂੰ ਵੀ ਪੰਜ ਸਾਲ ਤੱਕ ਤਰੱਕੀ ਨਹੀਂ ਦਿੱਤੀ ਜਾਏਗੀ, ਦੋ ਸਾਲ ਦੇ ਅੰਦਰ ਅੰਦਰ ਪੰਜ ਹਜਾਰ ਵਰਕਰਾਂ ਦੀ ਛੁੱਟੀ ਕੀਤੀ ਜਾਏਗੀ ਤੇ ਪ੍ਰੋਗਰੈਸਿਵ ਵਰਕਰਜ਼ ਯੂਨੀਅਨ ਦੇ ਮੁਕਾਬਲੇ ਲਈ, ਪਾਕਿਸਤਾਨ ਸਟੀਲ ਲੇਬਰ ਯੂਨੀਅਨ ਬਣਾਈ ਜਾਏਗੀ। ਜਿਸ ਨੂੰ ਇਕ ਸਾਲ ਦੇ ਅੰਦਰ ਅੰਦਰ ਹੁਕਮਰਾਨ ਪਾਰਟੀ ਤੇ ਪ੍ਰਬੰਧਕ ਮਸ਼ੀਨਰੀ ਦੀ ਮਦਦ ਨਾਲ ਆਪਣੇ ਪੈਰਾਂ ਉੱਤੇ ਖੜ੍ਹਾ ਕਰ ਦਿੱਤਾ ਜਾਏਗਾ।
ਬਸ ਫੇਰ ਕੀ ਸੀ, ਇਹਨਾਂ ਗੁਪਤ ਗੱਲਾਂ ਦੇ ਛਪਣ ਦੀ ਦੇਰ ਸੀ, ਹਕੂਮਤ ਸਿੰਧ ਦੇ ਟੈਲੀਫ਼ੋਨ ਖੜਕਣ ਲੱਗੇ। ਸਟੀਲ ਮਿਲਜ਼ ਦੇ ਡਾਇਰੈਕਟਰ ਜਨਰਲ ਬਰਗੇਡੀਅਰ ਮੁਸ਼ਤਾਕ ਅਜੀਜ਼ ਨੇ ਖਾਸ ਤੌਰ 'ਤੇ ਸਬੰਧਤ ਥਾਨੇ ਦੇ ਥਾਣੇਦਾਰ ਚੌਧਰੀ ਤਾਕਤ ਦੀਨ ਨੂੰ ਆਪਣੇ ਏਅਰ ਕੰਡੀਸ਼ਨ ਆਫ਼ਿਸ ਵਿਚ ਬੁਲਾਇਆ ਤੇ ਹੁਕਮ ਨਾਦਰਸ਼ਾਹੀ ਸੁਣਾ ਦਿੱਤਾ...:
''ਇਲਿਆਸ ਨੂੰ ਅੰਦਰ ਬੰਦ ਕਰ ਦਿਓ।''
''ਜੀ, ਸਾਹਬ!'' ਚੌਧਰੀ ਨੇ ਅੱਡੀਆਂ ਵਜਾਈਆਂ।
ਹੁਕਮ ਤਾਂ ਬਿਨਾਂ ਪੁੱਛਿਆਂ ਹੀ ਮੰਨਿਆਂ ਜਾਣਾ ਸੀ ਕਿਉਂਕਿ ਇਹ ਥਾਣਾ, ਸਟੀਲ ਮਿਲਜ਼ ਦੇ 'ਹਾਤੇ ਵਿਚ ਖਾਸ ਬਰਗੇਡੀਅਰ ਸਾਹਬ ਦੇ ਕਹਿਣ 'ਤੇ ਹੀ ਬਣਾਇਆ ਗਿਆ ਸੀ ਤੇ ਇੰਜ ਇਸਦੇ ਅਮਲੇ ਦੀ, ਇਸ ਨਾਦਰਸ਼ਾਹੀ ਹੁਕਮ ਨੂੰ ਨਾ ਮੰਨਣ ਦੀ ਹਿੰਮਤ ਕਿਵੇਂ ਹੋ ਸਕਦੀ ਸੀ।
ਤੇ ਇਹ ਸਨ ਉਹ ਹਾਲਾਤ ਜਿਹਨਾਂ ਦੇ ਨਤੀਜੇ ਵਜੋਂ ਮੈਂ ਕੱਲ੍ਹ ਦਾ ਇਸ ਕਮਰੇ ਵਿਚ ਬੰਦ ਸਾਂ। ਰਾਤ ਭਰ ਕਈ ਸਵਾਲ ਪ੍ਰੇਸ਼ਾਨ ਕਰਦੇ ਰਹੇ ਸਨ, ਕੀ ਮੇਰੇ ਖਿਲਾਫ਼ ਕੋਈ ਕੇਸ ਬਣਾਇਆ ਗਿਆ ਹੈ? ਕੀ ਯਾਰ-ਦੋਸਤ ਜਮਾਨਤ ਕਰਵਾ ਲੈਣਗੇ? ਜਾਂ ਫੇਰ ਕੋਈ ਜਲਸਾ, ਜਲੂਸ ਕੱਢਿਆ ਜਾਏਗਾ? ਪੁਲਿਸ ਵਾਲੇ ਕੁਝ ਵੀ ਨਹੀਂ ਸਨ ਦੱਸ ਰਹੇ...ਤੇ ਜਦੋਂ ਅੱਜ ਸਵੇਰੇ ਏ. ਐਸ. ਆਈ. ਅੱਲਾ ਦੀਨ ਸ਼ਾਹ ਤੋਂ 'ਨਵਾਏ ਵਕਤ' ਅਖ਼ਬਾਰ ਲੈ ਕੇ ਦੇਖਿਆ ਤਾਂ ਅੰਦਰਲੇ ਸਫੇ ਉੱਤੇ ਛਪੀ ਇਕ ਨਿੱਕੀ ਜਿਹੀ ਖ਼ਬਰ ਨੇ ਮੈਨੂੰ ਕੁਝ ਵਧੇਰੇ ਹੀ ਪ੍ਰੇਸ਼ਾਨ ਕਰ ਦਿੱਤਾ। ਖ਼ਬਰ ਵਿਚ ਮੇਰਾ ਨਾਂ ਤਾਂ ਨਹੀਂ ਸੀ ਛਾਪਿਆ ਗਿਆ, ਪ੍ਰੋਗਰੈਸਿਵ ਵਰਕਰਜ਼ ਯੂਨੀਅਨ ਦੇ ਸਕੱਤਰ, ਲੇਖਕ ਤੇ ਪ੍ਰਕਾਸ਼ਕ ਨੂੰ ਅਸਿੱਧੇ ਤੌਰ ਤੇ ਕਮਿਊਨਿਸਟ, ਕਾਫ਼ਰ ਤੇ ਰੂਸੀ ਏਜੰਟ ਆਖਿਆ ਗਿਆ ਸੀ। ਜਿਹੜਾ ਸਟੀਜ ਮਿਲਜ਼ ਨੂੰ ਫੇਲ੍ਹ ਕਰਨ ਵਾਸਤੇ, ਮਜ਼ਦੂਰਾਂ ਨੂੰ ਭੜਕਾਉਣਾ ਚਾਹੁੰਦਾ ਸੀ। ਇਸ ਖ਼ਬਰ ਦੇ ਸਿੱਟੇ ਕੀ ਹੋ ਸਕਦੇ ਸਨ—ਇਹ ਗੱਲ ਮੈਂ ਚੰਗੀ ਤਰ੍ਹਾਂ ਜਾਣਦਾ ਸਾਂ। ਇਹੀ ਕਾਰਨ ਸੀ ਕਿ ਮੇਰੀ ਭੁੱਖ, ਪਿਆਸ ਹੀ ਮਰ ਗਈ ਸੀ। ਇਹ ਸਹੀ ਹੈ ਕਿ ਮੈਂ ਮਜ਼ਦੂਰਾਂ ਦੇ ਹੱਕਾਂ ਖਾਤਰ ਹਰ ਤਰ੍ਹਾਂ ਦੀ ਕੁਰਬਾਨੀ ਦੇਣ ਲਈ ਤਿਆਰ ਸਾਂ—ਪਰ ਖ਼ੁਦਾ ਗਵਾਹ ਹੈ, ਮੈਂ ਅੱਜ ਤੱਕ ਕਿਸੇ ਰੂਸੀ ਬੰਦੇ ਦੀ ਸ਼ਕਲ ਤੱਕ ਨਹੀਂ ਦੇਖੀ...ਤੇ ਨਾ ਹੀ ਮੈਂ ਜਾਣਦਾ ਹਾਂ ਕਿ ਕਮਿਊਨਿਸਟ ਕਾਫ਼ਰ ਕਿਵੇਂ ਬਣ ਜਾਂਦਾ ਹੈ! ਜਾਂ ਹਰ ਮਜ਼ਦੂਰ ਜਿਹੜਾ ਆਪਣੇ ਹੱਕ ਦੀ ਗੱਲ ਕਰਦਾ ਹੈ, ਕਮਿਊਨਿਸਟ ਕਿਵੇਂ ਹੋ ਜਾਂਦਾ ਹੈ!!
ਪਿਆਸ, ਇਕਾਂਤ, ਬੇਆਰਾਮੀ ਤੇ ਦਹਿਸ਼ਤ ਨੇ ਰਲ-ਮਿਲ ਕੇ ਵਾਕਈ ਮੇਰੀ ਜਾਨ ਸੁਕਾਅ ਦਿੱਤੀ ਸੀ...ਉਤੋਂ ਸੋਨੇ 'ਤੇ ਸੁਹਾਗਾ ਕਿ ਬੁੱਢੇ ਨੇ ਮੇਰੇ ਵੱਲ ਨਫ਼ਰਤ ਨਾਲ ਤੱਕਿਆ, ਜ਼ਮੀਨ 'ਤੇ ਥੁੱਕਿਆ ਤੇ ਮੂੰਹ ਦੂਜੇ ਪਾਸੇ ਕਰ ਲਿਆ। ਪਰ ਫੇਰ ਇਹ ਸੋਚ ਕੇ ਦਿਲ ਨੂੰ ਤਸੱਲੀ ਦਿੱਤੀ ਕਿ ਚਲੋ, ਕੋਈ ਸਾਥੀ ਤਾਂ ਆਇਆ...ਵਰਨਾ ਕੱਲ੍ਹ ਦਾ ਇਕੱਲਾ ਹੀ ਪਿਆ ਹੋਇਆ ਸਾਂ।
ਕਮਰੇ ਦਾ ਦਰਵਾਜ਼ਾ ਬੰਦ ਸੀ। ਸਮਾਂ ਬੀਤਦਾ ਰਿਹਾ ਤੇ ਫੇਰ ਸ਼ਾਮ ਵੀ ਹੋ ਗਈ। ਬੁੱਢਾ ਇਕ ਦੋ ਵਾਰੀ ਬਾਹਰ ਗਿਆ ਤੇ ਫੇਰ ਵਾਪਸ ਆ ਗਿਆ। ਦਰਵਾਜ਼ਾ ਲਾਕ ਨਹੀਂ ਸੀ, ਪਰ ਬਾਹਰ ਵਰਾਂਡੇ ਵਿਚ ਹਰ ਵੇਲੇ ਕੋਈ ਨਾ ਕੋਈ ਪੁਲਿਸ ਮੈਨ ਬੈਠਾ ਹੁੰਦਾ ਸੀ। ਸ਼ਾਮੀਂ ਮੇਰੇ ਦੋਸਤ-ਯਾਰ ਖਾਣਾ ਲੈ ਕੇ ਆਏ ਤਾਂ ਮਜ਼ਾਰ ਦੇ ਮਜ਼ਾਵਰ (ਰਾਖੇ) ਵਾਂਗ ਬੈਠੇ ਪੁਲਿਸ ਵਾਲੇ ਨੇ ਇੰਜ ਮੇਰੇ ਸਾਹਮਣੇ ਲਿਆ ਸੁੱਟਿਆ ਜਿਵੇਂ ਹਾਤਮਤਾਈ ਦੀ ਕਬਰ ਉੱਤੇ ਲੱਤ ਮਾਰ ਰਿਹਾ ਹੋਏ। ਹੁਣ ਜਦੋਂ ਮੈਂ ਖਾਣਾ ਸ਼ੁਰੂ ਕੀਤਾ ਤਾਂ ਬਾਬਾ ਜਾਨੀ ਹੁਰਾਂ ਨੂੰ ਵੀ ਅਪੀਲ ਕੀਤੀ ਕਿ ਮੇਰੇ ਨਾਲ ਖਾਣੇ ਵਿਚ ਹਿੱਸਾ ਵੰਡਾਉਣ...
ਬਾਬੇ ਹੁਰਾਂ ਪਹਿਲਾਂ ਤਾਂ ਨਾਂਹ-ਨੁੱਕਰ ਕੀਤੀ—ਪਰ ਮੇਰੇ ਵਾਰੀ-ਵਾਰੀ ਅਰਜ਼ ਕਰਨ ਉੱਤੇ, ਮਜ਼ਬੂਰ ਹੋ ਕੇ ਕੁਝ ਬੁਰਕੀਆਂ ਲਾ ਹੀ ਲਈਆਂ। ਉਂਜ ਤਾਂ ਮੈਂ ਪਹਿਲਾਂ ਵੀ ਉਸ ਮਰਦ-ਦਰਵੇਸ਼ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਉਸਨੇ ਲਿਫਟ ਹੀ ਨਹੀਂ ਸੀ ਦਿੱਤੀ—ਤੇ ਜਦੋਂ ਉਸਨੇ ਮੇਰਾ ਲੂਨ ਖਾ ਲਿਆ ਸੀ ਤਾਂ ਭੱਜ ਕੇ ਕਿੱਥੇ ਜਾਂਦਾ, ਵਿਚਾਰਾ? ਜਦੋਂ ਗੱਲਾਂ ਬਾਤਾਂ ਸ਼ੁਰੂ ਹੋਈਆਂ ਤਾਂ ਬਾਬਾ ਜੀ ਨੇ ਦੱਸਿਆ ਕਿ ਉਹ ਪਿੰਡ ਗੋਠ ਦੇ ਹਾਰੀ (ਸੀਰੀ ਕਿਸਾਨ) ਹਨ, ਪਰ ਉਹਨਾਂ ਦੀ ਆਪਣੀ ਥੋੜ੍ਹੀ ਜਿਹੀ ਜ਼ਮੀਨ ਵੀ ਹੈ। ਰਾਤ ਬਾਬੇ ਦੀ ਜ਼ਮੀਨ ਵਿਚੋਂ ਕਿਸੇ ਨੇ ਅੱਧੀ ਫਸਲ ਕੱਟ ਲਈ ਸੀ ਤੇ ਜਦੋਂ ਸਵੇਰ ਦੀ ਨਮਾਜ਼ ਪਿੱਛੋਂ ਉਹ ਆਪਣੇ ਖੇਤ ਵੱਲ ਗੇੜਾ ਮਾਰਨ ਗਿਆ ਸੀ ਤਾਂ ਪਿੱਟ ਉਠਿਆ ਸੀ।
'ਇਹ ਕੰਮ ਸਾਈਂ, ਵਡੇਰੇ ਤੋਂ ਬਿਨਾਂ ਕਿਸੇ ਹੋਰ ਦਾ ਨਹੀਂ ਹੋ ਸਕਦਾ...' ਬਾਬੇ ਅੱਲਾ ਰੱਖੇ ਦੇ ਦਿਮਾਗ਼ ਵਿਚ ਇਹ ਗੱਲ ਗੂੰਜਣ ਲੱਗੀ...ਹਿਰਖ ਤੇ ਅਕਲ ਨੇ ਰਲ ਕੇ ਸਾਂਝਾ ਫ਼ੈਸਲਾ ਕੀਤਾ ਕਿ ਨੇੜੇ ਦੇ ਥਾਨੇ ਵਿਚ ਰਿਪੋਰਟ ਦਰਜ ਕਰਵਾਉਣੀ ਚਾਹੀਦੀ ਹੈ ਤੇ ਇੰਜ ਬਾਬੇ ਹੁਰੀਂ ਸਵੇਰ ਦੇ ਰਿਪੋਰਟ ਦਰਜ ਕਰਵਾਉਣ ਆਏ ਹੋਏ ਹਨ। ਜਿਉਂ ਜਿਉਂ ਸਮਾਂ ਬੀਤਦਾ ਰਿਹਾ, ਬਾਬੇ ਦਾ ਖਿੜਿਆ ਹੋਇਆ ਚਿਹਰਾ ਮੁਰਝਉਂਦਾ ਗਿਆ। ਸ਼ਾਇਦ ਇਸੇ ਕਰਕੇ ਉਹ ਮੇਰੇ ਨਾਲ ਖਾਣੇ ਵਿਚ ਸ਼ਾਮਲ ਹੋ ਗਿਆ ਸੀ।
ਪੂਰੀ ਗੱਲ ਦਸਦਿਆਂ ਬਾਬੇ ਹੁਰਾਂ ਨੇ ਕਿਹਾ ਕਿ ਹੁਣ ਤਾਂ ਉਹਨਾਂ ਦਾ ਜੀਅ ਆਪਣੀ ਅਕਲ ਉੱਤੇ ਮਾਤਮ ਕਰਨ ਨੂੰ ਕਰ ਰਿਹਾ ਹੈ। ਪਹਿਲਾਂ ਪੁਲਿਸ ਵਾਲਿਆਂ ਨੇ ਕਿਹਾ ਸੀ—''ਬੈਠੋ ਬਾਬਾ ਜੀ, ਰਿਪੋ'ਟ ਲਿਖਣ ਵਾਲਾ ਕਰਾਚੀ ਸ਼ਹਿਰ ਗਿਆ ਹੋਇਐ, ਆਉਂਦਾ ਈ ਹੋਏਗਾ...ਆ ਜਾਏ ਤਾਂ ਰਿਪੋ'ਟ ਲਿਖਵਾ ਦੇਣਾ।'' ਦੂਜੀ ਵਾਰੀ ਕਿਹਾ, ''ਅਸੀਂ ਸਾਰੀ ਗੱਲ ਸੁਣ ਲਈ ਹੈ,ਤੁਸੀਂ ਨਾਲ ਵਾਲੇ ਕਮਰੇ ਵਿਚ ਤਸ਼ਰੀਫ ਰੱਖੋ...ਪਰ ਨਾਲ ਦੇ ਬੰਦੇ ਨਾਲ ਕੋਈ ਗੱਲ ਨਾ ਕਰਨਾ। ਉਹ ਬੜਾ ਖਤਰਨਾਕ ਆਦਮੀ ਹੈ, ਕਾਫਰ ਹੈ, ਕਮਿਊਨਿਸਟ ਹੈ। ਫਿਕਰ ਨਾ ਕਰੋ ਅਸੀਂ ਸਿਪਾਹੀ ਗੋਠ ਭੇਜ ਦਿੱਤੇ ਨੇ, ਇਨਕਵਾਰੀ ਕਰਕੇ ਆਉਂਦੇ ਹੀ ਹੋਣਗੇ। ...ਤੇ ਯਕੀਨਨ ਚੋਰ ਨੂੰ ਵੀ ਫੜ੍ਹ ਲਿਆਉਣਗੇ...'' ਤੀਜੀ ਵਾਰੀ ਜਦੋਂ ਬਾਬੇ ਨੇ ਪੁੱਛਿਆ ਤਾਂ ਕੁਰਖ਼ਤ ਆਵਾਜ਼ ਵਿਚ ਕਿਹਾ ਗਿਆ,''ਆਰਾਮ ਨਾਲ ਬਹਿ ਜਾ ਯਾਰ, ਬੁੜਿਆ—ਕੋਈ ਤਕਲੀਫ਼ ਐ ਤੈਨੂੰ ਇੱਥੇ? ਤੇਰੇ ਕੰਮ 'ਚ ਈ ਤਾਂ ਭੱਜੇ ਫਿਰਦੇ ਆਂ ਅਸੀਂ।''
ਹੁਣ ਮੈਂ ਅੰਦਾਜ਼ਾ ਲਾਇਆ ਕਿ ਇਹ ਸ਼ਰੀਫ ਆਦਮੀ ਠੱਗਾਂ ਦੇ ਹੱਥੇ ਚੜ੍ਹ ਗਿਆ ਹੈ। ਜਦ ਤਕ ਇਸਦੀ ਜੇਬ ਹੌਲੀ ਨਹੀਂ ਹੋਏਗੀ, ਤਦ ਤਕ ਇਸਦਾ 'ਪਿੰਡ' ਨਹੀਂ ਛੁੱਟਣ ਵਾਲਾ। ਮੈਨੂੰ ਉਸਦੀ ਸਾਦਗੀ ਉੱਤੇ ਹਾਸਾ ਆਇਆ ਤੇ ਗੁੱਸਾ ਵੀ। ...ਤੇ ਜਦੋਂ ਮੈਂ ਪੁੱਛਿਆ ਕਿ ਉਹ ਮੇਰੇ ਨਾਲ ਗੱਲ ਕਿਉਂ ਨਹੀਂ ਸੀ ਕਰਨਾ ਚਾਹੁੰਦਾ, ਤੇ ਅਜਿਹਾ ਰੁੱਖਾ ਸਲੂਕ ਕਿਉਂ ਕਰ ਰਿਹਾ ਸੀ ਤਾਂ ਉਸਨੇ ਦੱਸਿਆ ਕਿ ਉਹ ਸ਼ਬਦ 'ਕਮਿਊਨਿਸਟ' ਦੇ ਅਰਥ ਤਾਂ ਨਹੀਂ ਸੀ ਸਮਝ ਸਕਿਆ ਪਰ 'ਕਾਫ਼ਰ' ਸ਼ਬਦ ਦੇ ਅਰਥਾਂ ਨੂੰ ਚੰਗੀ ਤਰ੍ਹਾਂ ਸਮਝਦਾ ਹੈ। ਦੂਜਾ ਇਹ ਕਿ ਮੈਂ ਕੋਈ ਆਮ ਕਾਫ਼ਰ ਨਹੀਂ...ਚੋਰ-ਉੱਚਕਾ ਜਾਂ ਕਾਤਲ-ਲਫੰਗਾ ਹੀ ਹੋਵਾਂਗਾ ਕੋਈ, ਤਾਂ ਹੀ ਤਾਂ ਥਾਨੇ ਵਿਚ ਬੰਦ ਕੀਤਾ ਹੋਇਆ ਹਾਂ। ਭਲਾ ਕਿਸੇ ਸ਼ਰੀਫ ਆਦਮੀ ਨੂੰ ਪੁਲਿਸ ਕਿਵੇਂ ਬੰਦ ਕਰ ਸਕਦੀ ਹੈ? ਉਸਦੇ ਹਾਲਾਤ ਸੁਣ ਕੇ ਮੈਂ ਉਸਨੂੰ ਤੱਸਲੀ ਦਿੱਤੀ, ਤੇ ਰਾਏ ਵੀ ਕਿ ਉਹ ਫਸਲ ਦੀ ਫਿਰਕ ਛੱਡ ਕੇ ਘਰ ਜਾਣ ਦੀ ਫਿਕਰ ਕਰੇ...ਮੈਂ ਉਸਨੂੰ ਆਪਣੀ ਸ਼ੰਕਾ ਬਾਰੇ ਵੀ ਦੱਸਿਆ।
ਉਦੋਂ ਉਸ ਮਰਦ-ਬਜ਼ੁਰਗ ਦੇ ਦਿਲ ਵਿਚ ਪਤਾ ਨਹੀਂ ਕੀ ਆਇਆ ਕਿ ਉਸਨੇ ਉੱਚੀ-ਉੱਚੀ, ਪੁਲਿਸ ਵਾਲਿਆਂ ਨੂੰ ਆਵਾਜ਼ਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਜਦੋਂ ਅੱਲਾ ਦੀਨ ਸ਼ਾਹ ਅੰਦਰ ਆਇਆ ਤਾਂ ਬਾਬੇ ਨੇ ਕਿਹਾ, ''ਮੈਂ ਕੋਈ ਰਿਪੋਟ ਨਹੀਂ ਲਿਖਵਾਉਣਾ ਚਾਹੁੰਦਾ, ਆਪਣੇ ਘਰ ਜਾਣਾ ਚਾਹੁੰਦਾ ਹਾਂ,'' ਸੁਣ ਕੇ ਸ਼ਾਹ ਜੀ ਬਾਹਰ ਚਲੇ ਗਏ। ਕੁਝ ਹੀ ਮਿੰਟਾਂ ਪਿੱਛੋਂ ਫੇਰ ਅੰਦਰ ਆਏ ਤੇ ਬਾਬੇ ਅੱਲਾ ਰੱਖੇ ਨੂੰ ਆਪਣੇ ਨਾਲ ਲੈ ਗਏ। ਥੋੜ੍ਹੀ ਦੇਰ ਬਾਅਦ ਹੀ, ਨਾਲ ਵਾਲੇ ਕਮਰੇ ਵਿਚੋਂ ਥੱਪੜਾਂ, ਮੁੱਕੀਆਂ ਤੇ ਗਾਲ੍ਹ-ਮੰਦੇ ਦੀਆਂ ਆਵਾਜ਼ਾਂ ਆਉਣ ਲੱਗੀਆਂ। ਫੇਰ ਮੇਰੇ ਵਾਲੇ ਕਮਰੇ ਦਾ ਦਰਵਾਜ਼ਾ 'ਫਾੜ' ਕਰਦਾ ਖੁੱਲ੍ਹਿਆ ਤੇ ਬਾਬੇ ਹੁਰੀਂ 'ਧੜਾਮ' ਕਰਕੇ ਫ਼ਰਸ਼ ਉੱਤੇ ਆਣ ਡਿੱਗੇ। ਮੈਂ ਉਹਨਾਂ ਨੂੰ ਚੁੱਕਿਆ ਤੇ ਮੰਜੇ ਉੱਤੇ ਬਿਠਾਅ ਦਿੱਤਾ। ਬਾਬੇ ਦੀਆਂ ਅੱਖਾਂ ਵਿਚੋਂ ਅੱਥਰੂ ਵਗ ਰਹੇ ਸਨ...ਸ਼ਾਇਦ ਚੌਧਰੀ ਤਾਕਤ ਦੀਨ ਨੇ ਆਪਣੀ ਤਾਕਤ ਦਾ ਵਿਖਾਵਾ ਕੀਤਾ ਸੀ। ਕਾਫੀ ਦੇਰ ਤੱਕ ਉਹ ਚੁੱਪਚਾਪ ਹੰਝੂ ਵਹਾਉਂਦੇ ਰਹੇ। ਜਦੋਂ ਕੁਝ ਸ਼ਾਂਤ ਹੋਏ ਤਾਂ ਮੈਂ ਡਰਦਿਆਂ-ਡਰਦਿਆਂ ਗੱਲ ਪੁੱਛੀ। ਉਹਨਾਂ ਦੱਸਿਆ..:
'ਪਹਿਲਾਂ ਤਾਂ ਪੁਲਿਸ ਵਾਲਿਆਂ ਨੇ ਮੈਨੂੰ ਗਾਲ੍ਹਾਂ ਕੱਢੀਆਂ ਕਿ ਮੈਂ ਇਕ ਕਾਫਰ ਨਾਲ, ਜਿਹੜਾ ਕਿ ਖ਼ੁਦਾ ਰਸੂਲ, ਮੁਸਲਮਾਨ ਤੇ ਪਾਕਿਸਤਾਨ ਦਾ ਦੁਸ਼ਮਨ ਏਂ, ਗੱਲ ਕਿਉਂ ਕੀਤੀ? ਫੇਰ ਉਹਨਾਂ ਕਿਹਾ ਕਿ ਤੇਰਾ ਕੋਈ ਮਾਲ-ਮੂਲ, ਫਸਲ-ਫੁਸਲ ਚੋਰੀ ਨਹੀਂ ਹੋਇਆ...ਤੂੰ ਖਾਹਮ-ਖਾਹ ਗੋਠ ਦੇ ਵਡੇਰੇ, ਸਾਈਂ ਮੁਹੰਮਦ ਰਸੂਲ ਨੂੰ ਹਿਰਾਸ ਕਰਨ ਖਾਤਰ ਥਾਨੇ ਆਇਐਂ। ਵਡੇਰੇ ਸਾਈਂ ਨੇ ਦੱਸਿਆ ਏ...ਬਈ ਇਹ ਹਾਰੀ ਨਾ ਆਪ ਕੰਮ ਕਰਦਾ ਏ ਤੇ ਨਾ ਹੀ ਕਿਸੇ ਨੂੰ ਆਰਾਮ ਨਾਲ ਜਿਉਂਦਿਆਂ ਵੇਖ ਜਰਦਾ ਏ। ਸਾਈਂ ਨੇ ਕਿੰਨੀ ਵਾਰੀ ਕਿਹਾ ਏ ਤੈਨੂੰ ਬਈ ਇਸ ਨਿੱਕੇ ਜਿਹੇ ਜ਼ਮੀਨ ਦੇ ਟੁਕੜੇ ਨਾਲ ਤੇਰਾ ਕੁਝ ਨਹੀਂ ਬਣਨਾ, ਅੱਲਾ ਰੱਖਿਆ ਇਹ ਜ਼ਮੀਨ ਵੀ ਸਾਈਂ ਦੀ ਜ਼ਮੀਨ ਨਾਲ ਰਲਾ ਦੇ...ਪਰ ਤੂੰ ਮੰਨਿਆਂ ਈ ਨਹੀਂ। ਪੁਲਸ ਸਵੇਰ ਦੀ ਤੇਰੇ ਕੰਮ ਪਿੱਛੇ ਧੱਕੇ ਖਾਂਦੀ ਫਿਰਦੀ ਐ, ਇਸਦੀ ਫੀਸ ਪੰਜਾਹ ਰੁਪਏ ਕੱਢ ਤਾਂ ਤੈਨੂੰ ਛੱਡ ਦੇਨੇ ਆਂ...ਨਹੀਂ ਤਾਂ ਫਰਾਡ ਦੇ ਜੁਰਮ 'ਚ ਜੇਲ ਜਾਏਂਗਾ।''
ਤੇ ਮੇਰੇ ਪੁੱਛਣ ਉੱਤੇ ਉਸ ਬਜ਼ੁਰਗ ਨੇ ਇਹ ਵੀ ਦੱਸਿਆ ਕਿ ਪੁਲਿਸ ਨੇ ਉਸਨੂੰ ਕੁਟਿਆ-ਮਾਰਿਆ ਵੀ ਹੈ। 'ਇਹ ਵੀ ਸੱਚ ਹੈ ਕਿ ਸਾਈਂ ਮੇਰੀ ਜ਼ਮੀਨ ਖਰੀਦਨ ਦੀ ਕਈ ਵਾਰੀ ਕੋਸ਼ਿਸ਼ ਕਰ ਚੁੱਕਿਆ ਹੈ। ਹਰ ਵਾਰੀ ਮੈਂ ਇਨਕਾਰ ਕਰ ਦਿੱਤਾ। ਜ਼ਮੀਨ ਦਾ ਇਹ ਟੁਕੜਾ ਮੇਰੇ ਪੁਰਖਿਆਂ ਦੀ ਨਿਸ਼ਾਨੀ ਹੈ ਤੇ ਮੇਰੇ ਮਨ ਦੀ ਸ਼ਾਂਤੀ ਕਿ ਚਲੋ ਹੋਰ ਹਾਰੀਆਂ ਵਾਂਗ ਮੈਂ ਬੇਜ਼ਮੀਨਾ ਤਾਂ ਨਹੀਂ...ਭਾਵੇਂ ਥੋੜ੍ਹੀ ਜਿਹੀ ਜ਼ਮੀਨ ਦਾ ਹੀ ਸਹੀ, ਮੈਂ ਮਾਲਕ ਤਾਂ ਹਾਂ'। ਉਸਨੇ ਕਿਹਾ, 'ਹੁਣ ਤਾਂ ਪਰਤੱਖ ਹੋ ਗਿਆ ਹੈ ਕਿ ਇਹ ਸਾਜ਼ਿਸ਼ ਵਡੇਰੇ ਸਾਈਂ ਦੀ ਹੀ ਹੈ ਤਾਂ ਕਿ ਮੈਂ ਤੰਗ ਆ ਕੇ ਜ਼ਮੀਨ ਉਸਨੂੰ ਵੇਚ ਦਿਆਂ।'
ਮੈਂ ਉਸਨੂੰ ਕੀ ਸਲਾਹ ਦੇਂਦਾ? ਜੇ ਉਹ ਜ਼ਮੀਨ ਵੇਚਦਾ ਹੈ ਤਾਂ ਉਸਦਾ ਆਪਣਾ ਠਿਕਾਣਾ ਨਹੀਂ ਰਹਿੰਦਾ; ਜੇ ਨਹੀਂ ਵੇਚਦਾ ਤਾਂ ਹਮੇਸ਼ਾ ਲਈ ਵਡੇਰੇ ਸਾਈਂ ਤੇ ਪੁਲਿਸ ਵਾਲਿਆਂ ਦੀਆਂ ਵਧੀਕੀਆਂ ਉਸਦੀ ਕਿਸਮਤ ਬਣ ਜਾਣੀਆਂ ਸਨ। ਮੈਂ ਉਸ ਮਰਦ-ਮਜ਼ਲੂਮ ਤੋਂ ਪੁੱਛਿਆ ਕਿ ਹੁਣ, ਫੇਰ ਤੁਹਾਡਾ ਕੀ ਵਿਚਾਰ ਹੈ?
ਉਸਨੇ ਜਵਾਬ ਦਿੱਤਾ ਕਿ ਉਸਦੇ ਸਾਹਮਣੇ ਤਾਂ ਹੁਣ ਸਿਰਫ ਹਨੇਰਾ ਹੀ ਹਨੇਰਾ ਹੈ। ਉਸਦੀ ਬੁੱਢੀ ਬੀਵੀ, ਉਸਦੀ ਜਵਾਨ ਧੀ ਘਰ ਬੈਠੀਆਂ ਰੋ ਰਹੀਆਂ ਹੋਣਗੀਆਂ ਕਿ ਬੁੱਢਾ ਥਾਨੇ ਰਿਪੋਰਟ ਕਰਨ ਗਿਆ ਸੀ ਅਜੇ ਤੱਕ ਵਾਪਸ ਨਹੀਂ ਆਇਆ। ਉਸਦੇ ਪੱਲੇ ਸਿਰਫ ਦਸ ਰੁਪਏ ਸਨ ਜਿਹੜੇ ਚੌਧਰੀ ਤਾਕਤ ਦੀਨ ਨੂੰ ਕਿਸੇ ਵੀ ਤਰ੍ਹਾਂ ਸੰਤੁਸ਼ਟ ਜਾਂ ਰਾਜ਼ੀ ਨਹੀਂ ਸਨ ਕਰ ਸਕਦੇ। ਮੈਂ ਬੁੱਢੇ ਨੂੰ ਤਸੱਲੀ ਦਿੱਤੀ ਤੇ ਸਲਾਹ ਵੀ...ਕਿ ਜਦੋਂ ਸਵੇਰੇ ਮੇਰੇ ਦੋਸਤ ਯਾਰ ਖਾਣਾ ਦੇਣ ਆਉਣ, ਤੂੰ ਕਿਸੇ ਤਰ੍ਹਾਂ ਉਹਨਾਂ ਨੂੰ ਮਿਲ ਕੇ ਕਹੀਂ ਇਲਿਆਸ ਨੂੰ ਪੰਜਾਹ ਰੁਪਈਏ ਚਾਹੀਦੇ ਹਨ।
ਦੂਜੇ ਦਿਨ ਜਦੋਂ ਖਾਣਾ ਆਇਆ ਤਾਂ ਬੁੱਢਾ ਭਾਂਡੇ ਵਾਪਸ ਕਰਨ ਦੇ ਬਹਾਨੇ ਬਾਹਰ ਚਲਾ ਗਿਆ—ਉਸਨੂੰ ਕਮਰੇ ਵਿਚੋਂ ਬਾਹਰ ਜਾਣ ਦੀ ਇਜਾਜ਼ਤ ਸੀ ਅਜੇ। ਉਸਨੇ ਉਹਨਾਂ ਨੂੰ ਮੇਰਾ ਸੁਨੇਹਾਂ ਦੇ ਦਿੱਤਾ ਤੇ ਉਹਨਾਂ ਨੇ ਸ਼ਾਮ ਦੀ ਰੋਟੀ ਨਾਲ (ਰੋਟੀਆਂ ਵਿਚਕਾਰ ਲਕੋਅ ਕੇ) ਪੰਜਾਹ ਦੀ 'ਪਰਚੀ' ਭੇਜ ਦਿੱਤੀ। ਚੰਗੇ ਭਾਗਾਂ ਨੂੰ ਚੌਧਰੀ ਨੇ ਖਾਣਾ ਚੈਕ ਨਹੀਂ ਸੀ ਕੀਤਾ, ਇੰਜ ਉਸ ਪਰਚੀ ਵੱਟੇ ਬਾਬੇ ਅੱਲਾ ਰੱਖੇ ਦੀ ਜਾਨ ਛੁੱਟੀ।
ਮਜ਼ੇ ਵਾਲੀ ਗੱਲ ਇਹ ਸੀ ਕਿ ਜਦੋਂ ਮੈਂ ਚੌਧਰੀ ਹੁਰਾਂ ਨੂੰ ਇਹ ਦੱਸਿਆ ਕਿ ਰਕਮ ਕਿਸ ਤਰ੍ਹਾਂ ਸਾਡੇ ਤੱਕ ਪਹੁੰਚੀ ਸੀ ਤਾਂ ਉਸਨੇ ਮੂੱਛਾਂ ਉੱਤੇ ਹੱਥ ਫੇਰਦਿਆਂ ਕਿਹਾ ਸੀ...:
''ਇਹੋ ਜਿਹੀਆਂ ਪਰਚੀਆਂ ਜਿੰਨੀਆਂ ਚਾਹੋ ਮੰਗਵਾਓ ਜੀ...ਪਰ ਕੋਈ ਸਿਆਸੀ ਪਰਚੀ ਨਹੀਂ ਮੰਗਵਾਉਣੀ, ਨਹੀਂ ਤੇ ਅਸੀਂ ਤੁਹਾਡੇ ਨਾਲ ਨਾਰਾਜ਼ ਹੋ ਜਾਵਾਂਗੇ।''
ਮੈਂ ਉਂਜ ਤਾਂ ਚੌਧਰੀ ਤਾਕਤ ਦੀਨ ਦੀ ਗੱਲ ਸੁਣ ਰਿਹਾ ਸਾਂ ਪਰ ਅਸਲ ਵਿਚ ਉਸਨਾਂ ਸ਼ਬਦਾਂ ਉੱਤੇ ਗੌਰ ਕਰ ਰਿਹਾ ਸਾਂ, ਜਿਹੜੇ ਜਾਂਦਾ ਹੋਇਆ ਬੁੱਢਾ ਅੱਲਾ ਰੱਖਾ ਬੜਬੜਾ ਰਿਹਾ ਸੀ।
'ਇਹਨਾਂ ਇਸਲਾਮੀ ਕਾਨੂੰਨਾਂ ਦੇ ਰਾਖਿਆਂ ਨਾਲੋਂ ਤਾਂ ਇਹ ਮੁੰਨੇ-ਮੂੰਹਾਂ ਵਾਲੇ ਕਾਫ਼ਰ ਤੇ ਕਮਿਊਨਿਸਟ ਈ ਚੰਗੇ ਐ।''
ਸਾਹਮਣੇ ਪਈ ਚਿੱਟੇ ਮਣਕਿਆਂ ਦੀ ਮਾਲਾ ਮੇਰਾ ਮੂੰਹ ਚਿੜਾਅ ਰਹੀ ਸੀ ਜਿਸਨੂੰ ਬਾਬੇ ਹੁਰੀਂ ਇੱਥੇ ਹੀ ਭੁੱਲ ਗਏ ਸਨ। ਤੇ ਮੇਰੇ ਦਿਮਾਗ਼ ਵਿਚ ਇਕ ਸਵਾਲੀਆ ਗੂੰਜ, ਗੂੰਜ ਰਹੀ ਸੀ...
ਇਕ ਨਮਾਜੀ ਤੇ ਸਿੱਧੇ ਸਾਧੇ ਮੁਸਲਮਾਨ ਨੂੰ ਸ਼ਬਦ ਕਮਿਉਨਿਸਟ ਕਿਸ ਨੇ ਸਿਖਾ ਦਿੱਤਾ?...ਮੈਂ ਕਿ ਚੌਧਰੀ ਤਾਕਤ ਦੀਨ ਨੇ? ਜਿੱਥੋਂ ਤੱਕ ਮੈਨੂੰ ਯਾਦ ਹੈ, ਮੈਂ ਤਾਂ ਇਕ ਵਾਰੀ ਵੀ ਆਪਣੇ ਮੂੰਹੋਂ ਇਹ ਸ਼ਬਦ ਨਹੀਂ ਸੀ ਬੋਲਿਆ।
***********